ਲੇਖ
ਕੈਨੇਡੀਅਨ ਪੰਜਾਬੀ ਸਾਹਿਤਕਾਰਾਂ ਵਿੱਚੋਂ ਕਸ਼ਮੀਰਾ ਸਿੰਘ ਚਮਨ ਨੂੰ ਸਭ ਤੋਂ ਵੱਧ ਸਰਲ ਗ਼ਜ਼ਲਾਂ ਲਿਖਣ ਵਾਲੇ ਗ਼ਜ਼ਲਗੋ ਵਜੋਂ ਸਵੀਕਾਰਿਆ ਜਾਣਾ ਚਾਹੀਦਾ ਹੈ। ਗ਼ਜ਼ਲ ਲਿਖਣ ਵੇਲੇ ਚਮਨ ਗੁੰਝਲਦਾਰ ਵਿਸ਼ਿਆਂ ਜਾਂ ਸਮੱਸਿਆਵਾਂ ਦੀ ਪੇਸ਼ਕਾਰੀ ਕਰਨ ਦੇ ਝਮੇਲਿਆਂ ਵਿੱਚ ਨਹੀਂ ਪੈਂਦਾ। ਸਾਧਾਰਨ ਆਦਮੀ ਦੀ ਜ਼ਿੰਦਗੀ ਨਾਲ ਸਬੰਧਤ ਕੋਈ ਵੀ ਮਸਲਾ, ਕੋਈ ਵੀ ਤਲਖ ਹਕੀਕਤ, ਕੋਈ ਵੀ ਘਟਨਾ ਉਸਦੀ ਗ਼ਜ਼ਲ ਦੇ ਸ਼ਿਅਰ ਦਾ ਹਿੱਸਾ ਬਣ ਸਕਦੀ ਹੈ। ਉਸਦੀ ਗ਼ਜ਼ਲ ਦਾ ਸੁਭਾਅ ਦਰਿਆ ਦੇ ਪਾਣੀ ਵਰਗਾ ਹੈ। ਉਸ ਦੀਆਂ ਗ਼ਜ਼ਲਾਂ ਵਿੱਚ ਦਰਿਆ ਦੇ ਪਾਣੀ ਵਰਗੀ ਰਵਾਨੀ ਹੈ। ਇਸ ਦਰਿਆ ਦੇ ਕੰਢਿਆਂ ਨਾਲ ਜੋ ਵੀ ਚੀਜ਼ ਟਕਰਾ ਗਈ ਉਹ ਚਮਨ ਦੀਆਂ ਗ਼ਜ਼ਲਾਂ ਦੇ ਸ਼ਿਅਰਾਂ ਦਾ ਹਿੱਸਾ ਬਣ ਗਈ। ਉਸ ਦੀਆਂ ਗ਼ਜ਼ਲਾਂ ਦੇ ਸ਼ਿਅਰਾਂ ਵਿੱਚ ਕਿਤੇ ਵੀ ਕੋਈ ਉਚੇਚ ਨਾਲ ਆਖੀ ਹੋਈ ਕਿਸੇ ਗੱਲ ਦਾ ਭੁਲੇਖਾ ਨਹੀਂ ਪੈਂਦਾ।
----
ਇੱਕ ਲੰਬੇ ਸਮੇਂ ਤੋਂ ਗ਼ਜ਼ਲ ਖੇਤਰ ਵਿੱਚ ਸਰਗਰਮ ਕਸ਼ਮੀਰਾ ਸਿੰਘ ਚਮਨ 3,000 ਤੋਂ ਵੀ ਵੱਧ ਗ਼ਜ਼ਲਾਂ ਲਿਖ ਚੁੱਕਾ ਹੈ। ਉਸ ਦੀਆਂ ਚੋਣਵੀਆਂ ਗ਼ਜ਼ਲਾਂ ਦਾ ਸੰਗ੍ਰਹਿ ‘ਕਸ਼ਮੀਰਾ ਸਿੰਘ ਚਮਨ ਦੀਆਂ ਚੋਣਵੀਆਂ ਗ਼ਜ਼ਲਾਂ’ (2007) ਵਿੱਚ ਸ਼ਮਸ਼ੇਰ ਸਿੰਘ ਸੰਧੂ ਦੀ ਸੰਪਾਦਨਾ ਹੇਠ ਪ੍ਰਕਾਸ਼ਿਤ ਹੋਇਆ ਸੀ।
ਕਸ਼ਮੀਰਾ ਸਿੰਘ ਚਮਨ ਦੀਆਂ ਗ਼ਜ਼ਲਾਂ ਦੀ ਗੱਲ ਉਸਦੇ ਇਸ ਸ਼ਿਅਰ ਨਾਲ ਸ਼ੁਰੂ ਕੀਤੀ ਜਾ ਸਕਦੀ ਹੈ। ਜੋ ਉਸਦੇ ਗ਼ਜ਼ਲ ਲਿਖਣ ਦੇ ਉਦੇਸ਼ ਨੂੰ ਰੂਪਮਾਨ ਕਰਦਾ ਹੈ:
ਮੈਂ ਸਦਾ ਆਪਣੇ ਲਹੂ ਵਿੱਚ ਡੁੱਬ ਕੇ ਲਿਖੀ ਗ਼ਜ਼ਲ
ਹੈ ਨਿਰਾ ਅਣਜਾਣ ਜੋ ਕੋਈ ਕਦਰ ਨਈਂ ਜਾਣਦਾ
----
ਕਸ਼ਮੀਰਾ ਸਿੰਘ ਚਮਨ ਇੱਕ ਮਨੁੱਖਵਾਦੀ ਸ਼ਾਇਰ ਹੈ। ਸਾਧਾਰਣ ਆਦਮੀ ਜਿਸ ਤਰ੍ਹਾਂ ਦੀਆਂ ਤਲਖੀਆਂ ‘ਚੋਂ ਹਰ ਰੋਜ਼ ਲੰਘਦਾ ਹੈ, ਚਮਨ ਦੀਆਂ ਗ਼ਜ਼ਲਾਂ ਦੇ ਸ਼ਿਅਰ ਉਨ੍ਹਾਂ ਤਲਖ਼ੀਆਂ ਨੂੰ ਹੀ ਬਿਆਨ ਕਰਦੇ ਹਨ। ਉਸ ਦੀਆਂ ਗ਼ਜ਼ਲਾਂ ਦੇ ਸ਼ਿਅਰ ਸਮੁੱਚੀ ਮਾਨਵਤਾ ਲਈ ਸ਼ਾਂਤੀ ਅਤੇ ਖੁਸ਼ਹਾਲੀ ਮੰਗਦੇ ਹਨ। ਉਹ ਦੱਬੇ-ਕੁਚਲੇ ਲੋਕਾਂ ਦਾ ਸਾਥੀ ਹੈ। ਉਹ ਧਾਰਮਿਕ ਕੱਟੜਵਾਦੀ ਠੱਗਾਂ, ਕਾਤਲਾਂ, ਬਹੁਰੂਪੀਆਂ ਦਾ ਆਲੋਚਕ ਹੈ। ਅਜਿਹੇ ਮੁਖੌਟਾਧਾਰੀ ਲੋਕਾਂ ਬਾਰੇ ਉਸਦਾ ਇਹ ਖੂਬਸੂਰਤ ਸ਼ਿਅਰ ਦੇਖੋ:
ਧਰਮ ਦਾ ਪਹਿਨਕੇ ਬੁਰਕਾ ਕਰੇ ਜੋ ਰਾਕਸ਼ੀ ਕਾਰੇ
ਬਣੇ ਬਹਿਰੂਪੀਆ ਉਹ ਕੌਮ ਦੇ ਸਨਮਾਨ ਦਾ ਦੁਸ਼ਮਣ
----
ਪੰਜਾਬੀ ਸਮਾਜ ਵਿੱਚ ਕੁਝ ਲੋਕਾਂ ਵੱਲੋਂ ਧੀਆਂ ਦਾ ਨਿਰਾਦਰ ਕੀਤਾ ਜਾਂਦਾ ਹੈ। ਇੱਥੋਂ ਤੱਕ ਕਿ ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ। ਦਾਜ ਦੇ ਭੁੱਖੇ ਕੁਝ ਲੋਕ ਆਪਣੀਆਂ ਨੂੰਹਾਂ ਨੂੰ ਬਹੁਤ ਤੰਗ ਕਰਦੇ ਹਨ; ਇੱਥੋਂ ਤੱਕ ਕਿ ਨੂੰਹਾਂ ਦਾ ਕਤਲ ਕਰਨ ਵਿੱਚ ਵੀ ਕੋਈ ਹਿਚਕਚਾਹਟ ਮਹਿਸੂਸ ਨਹੀਂ ਕਰਦੇ। ਪਰਿਵਾਰ ਵਿੱਚ ਧੀਆਂ ਦੀ ਅਹਿਮੀਅਤ ਬਾਰੇ ਗੱਲ ਕਰਦਾ ਹੋਇਆ ਕਸ਼ਮੀਰਾ ਸਿੰਘ ਚਮਨ ਅਜਿਹੇ ਲੋਕਾਂ ਦੀ ਸਖ਼ਤ ਨਿੰਦਾ ਕਰਦਾ ਹੈ ਜੋ ਧੀਆਂ ਦਾ ਨਿਰਾਦਰ ਕਰਦੇ ਹਨ ਅਤੇ ਉਨ੍ਹਾਂ ਉੱਤੇ ਅਤਿਆਚਾਰ ਕਰਦੇ ਹਨ। ਇਨ੍ਹਾਂ ਵਿਸਿ਼ਆਂ ਬਾਰੇ ਚਮਨ ਦੇ ਕੁਝ ਖ਼ੂਬਸੂਰਤ ਸ਼ੇਅਰ ਦੇਖੋ - ਜਿਨ੍ਹਾਂ ਵਿੱਚ ਉਹ ਬੜੀ ਸਰਲ ਅਤੇ ਸਪੱਸ਼ਟ ਭਾਸ਼ਾ ਵਿੱਚ ਗੱਲ ਕਹਿੰਦਾ ਹੈ। ਅਜਿਹੇ ਖ਼ੂਬਸੂਰਤ ਸ਼ੇਅਰ ਲਿਖਕੇ ਉਹ ਇੱਕ ਚੇਤੰਨ ਸ਼ਾਇਰ ਹੋਣ ਦਾ ਪ੍ਰਭਾਵ ਦਿੰਦਾ ਹੈ:
1.
ਕੋਈ ਮਜਬੂਰ ਧੀ ਜਾਂ ਭੈਣ ਨੂੰ ਨੰਗਿਆਂ ਨਚਾਵੇ ਨਾ
ਜ਼ਰਾ ਆਪਣੀ ਜੇ ਧੀ ਜਾਂ ਭੈਣ ਦੀ ਉਸਨੂੰ ਸ਼ਰਮ ਹੋਵੇ
2.
ਰੱਖੀ ਹੈ ਪੱਤ ਘਰਾਂ ਦੀ ਧੀਆਂ ਦੁਲਾਰੀਆਂ ਨੇ
ਤਾਂਹੀਓਂ ਤਾਂ ਪੁੱਤਰਾਂ ਤੋਂ ਵਧਕੇ ਪਿਆਰੀਆਂ ਨੇ
3.
ਧੀਆਂ ਨੂੰ ਪਾਲਦੇ ਨੇ ਪੁੱਤਰਾਂ ਦੇ ਵਾਂਗ ਮਾਪੇ
ਮਾਂ ਬਾਪ ਨੂੰ ਕਦੇ ਵੀ ਹੁੰਦੀਆਂ ਨਾ ਭਾਰੀਆਂ ਨੇ
4.
ਸਹੁਰੇ ਘਰੀਂ ਧੀਆਂ ਦਾ ਕਰਦੇ ਨੇ ਜੋ ਨਿਰਾਦਰ
ਸੱਸਾਂ ਤੇ ਸਹੁਰਿਆਂ ਨੂੰ ਪੁੱਠੀਆਂ ਬਿਮਾਰੀਆਂ ਨੇ
----
ਚੇਤੰਨ ਲੇਖਕ ਸਦਾ ਹੀ ਮਿਹਨਤਕਸ਼ ਲੋਕਾਂ ਦਾ ਪੱਖ ਪੂਰਦਾ ਹੈ। ਉਨ੍ਹਾਂ ਦੇ ਦੁੱਖਾਂ ਦਰਦਾਂ ਦੀ ਗੱਲ ਕਰਦਾ ਹੈ। ਉਨ੍ਹਾਂ ਦੀਆਂ ਇਛਾਵਾਂ, ਉਮੰਗਾਂ ਦੀ ਗੱਲ ਕਰਦਾ ਹੈ। ਕਸ਼ਮੀਰਾ ਸਿੰਘ ਚਮਨ ਵੀ ਕੈਨੇਡਾ ਦੇ ਅਜਿਹੇ ਚੇਤੰਨ ਪੰਜਾਬੀ ਲੇਖਕਾਂ ਵਿੱਚੋਂ ਹੀ ਹੈ ਜੋ ਕਿਰਤੀਆਂ ਦੀ ਜ਼ਿੰਦਗੀ ਵਿੱਚ ਸੁੱਖ ਅਤੇ ਖੁਸ਼ਹਾਲੀ ਦੇਖਣੀ ਚਾਹੁੰਦਾ ਹੈ; ਤਾਂ ਹੀ ਤਾਂ ਉਹ ਅਜਿਹੇ ਸ਼ਿਅਰ ਲਿਖਦਾ ਹੈ:
ਗਰੀਬਾਂ ਕਿਰਤੀਆਂ ਦੇ ਪੈਰ ਨੰਗੇ ਸੜਣ ਜਿਸ ਉੱਤੇ
ਕੁਈ ਧਰਤੀ ‘ਚਮਨ’ ਏਦਾਂ ਕਿਤੇ ਵੀ ਨਾ ਗਰਮ ਹੋਵੇ
-----
ਲੋਕ-ਏਕਤਾ ਇੱਕ ਹੋਰ ਅਜਿਹਾ ਵਿਸ਼ਾ ਹੈ ਜਿਸ ਬਾਰੇ ਕਸ਼ਮੀਰਾ ਸਿੰਘ ਚਮਨ ਬਹੁਤ ਗੰਭੀਰ ਹੈ। ਧਰਮ, ਜ਼ਾਤ-ਪਾਤ, ਨਸਲ ਦੇ ਨਾਮ ਉੱਤੇ ਲੋਕਾਂ ਵਿੱਚ ਵੰਡੀਆਂ ਪਾਣ ਵਾਲੇ ਲੋਕਾਂ ਨੂੰ ਚਮਨ ਗ਼ੈਰ-ਮਾਨਵੀ ਮਾਨਸਿਕਤਾ ਵਾਲੇ ਜੀਵ ਸਮਝਦਾ ਹੈ। ਉਸ ਲਈ ਸਿੱਖ, ਹਿੰਦੂ, ਮੁਸਲਿਮ, ਈਸਾਈ, ਯਹੂਦੀ, ਜੈਨੀ, ਬੋਧੀ - ਸਭ ਇੱਕੋ ਜਿਹੇ ਹਨ। ਕਸ਼ਮੀਰਾ ਸਿੰਘ ਚਮਨ ਦੀਆਂ ਗ਼ਜ਼ਲਾਂ ਦੇ ਇਹ ਸ਼ਿਅਰ ਉਸਦੀਆਂ ਗ਼ਜ਼ਲਾਂ ਦੇ ਮਾਨਵਵਾਦੀ ਪੱਖ ਨੂੰ ਬੜੇ ਗੂੜ੍ਹੇ ਰੰਗ ਵਿੱਚ ਉਭਾਰਦੇ ਹਨ:
1.
ਨਾਨਕ ਫਰੀਦ ਵਾਰਸ ਵੰਡੇ ਗਏ ਨਾ ਫਿਰ ਵੀ
ਦੁਸ਼ਮਣ ਮਨੁੱਖਤਾ ਦੇ ਖ਼ੁਦ ਸ਼ਰਮਸਾਰ ਹੋਏ
2.
ਸੁਹਣੇ ਪੰਜਾਬ ਦੇ ਦੋ ਟੋਟੇ ਜਦੋਂ ਸੀ ਹੋਏ
ਸਤਲੁਜ ਬਿਆਸ ਰਾਵੀ ਜਿਹਲਮ ਚਨਾਬ ਰੋਏ
3.
ਉਸ ਧਰਤੀ ਦੀ ਹਿੱਕ ਤੇ ਕੋਈ ਬੀਜ ਜ਼ਹਿਰ ਦੇ ਬੀਜ ਗਿਆ
ਪਾਈ ਸੀ ਗਲਵਕੜੀ ਜਿੱਥੇ ਇੱਕ ਦੂਜੇ ਨੂੰ ਯਾਰਾਂ ਨੇ
4.
ਚਮਨ ਮਹਿਕਾਨ ਦਾ ਹੀਲਾ ਕਰਾਂਗਾ ਆਖਰੀ ਦਮਤਕ
ਮਰਾਂਗਾ ਲੋਕਤਾ ਬਦਲੇ ਇਹੋ ਹੈ ਫੈਸਲਾ ਮੇਰਾ
----
ਭ੍ਰਿਸ਼ਟ ਰਾਜਨੀਤੀਵਾਨਾਂ ਨੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਜੰਗ ਦੇ ਭਾਂਬੜ ਬਾਲ ਦਿੱਤੇ ਹਨ। ਤੰਗ ਦਿਲੀ, ਨਿੱਜੀ ਮੁਫ਼ਾਦ ਅਤੇ ਹੈਂਕੜ ਹੀ ਅਜਿਹੇ ਰਾਜਨੀਤੀਵਾਨਾਂ ਦੀ ਰਾਜਨੀਤੀ ਦੇ ਅਸੂਲ ਹਨ। ਉਨ੍ਹਾਂ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਕਿ ਉਨ੍ਹਾਂ ਦੀ ਹਉਮੈ ਕਾਰਨ ਕਿੰਨੇ ਹੱਸਦੇ-ਵੱਸਦੇ ਘਰ ਤਬਾਹ ਹੁੰਦੇ ਹਨ, ਕਿੰਨੇ ਬੱਚਿਆਂ ਦੇ ਪਿਓਆਂ ਨੇ ਕਦੀ ਵੀ ਘਰ ਨਹੀਂ ਮੁੜਨਾ, ਕਿੰਨੇ ਘਰਾਂ ‘ਚ ਮੁੜ ਕਦੀ ਕਿਸੇ ਨੇ ਨਹੀਂ ਹੱਸਣਾ। ਭ੍ਰਿਸ਼ਟ ਜੰਗਬਾਜ਼ ਸਿਆਸੀ ਰਹਿਨੁਮਾਵਾਂ ਦੇ ਮੁਖੌਟੇ ਉਤਾਰ ਰਹੇ ਕਸ਼ਮੀਰਾ ਸਿੰਘ ਚਮਨ ਦੇ ਸ਼ਿਅਰ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਉਹ ਵਿਸ਼ਵ ਰਾਜਨੀਤੀ ਦੇ ਇਸ ਪੱਖ ਨੂੰ ਵੀ ਬੜੀ ਗਹਿਰਾਈ ਨਾਲ ਸਮਝਦਾ ਹੈ:
1.
ਪੈ ਗਏ ਨੇ ਔਝੜੇ ਲੋਭੀ ਸਿਆਸੀ ਰਹਿਨੁਮਾ
ਹਰ ਕਿਸੇ ਦੀ ਆਤਮਾ ਬੀਮਾਰ ਬਣਦੀ ਜਾ ਰਹੀ
2.
ਬੰਬ ਤੋਪਾਂ ਰਾਕਟਾਂ ਟੈਂਕਾਂ ਨੇ ਮੱਲਿਆ ਧਰਤ ਨੂੰ
ਅੱਗ ਤੇ ਬਾਰੂਦ ਦਾ ਭੰਡਾਰ ਬਣਦੀ ਜਾ ਰਹੀ
----
ਮਨੁੱਖ ਦੀ ਅੱਖ ਵਿੱਚ ਡਾਲਰ ਹੀ ਸਭ ਕੁਝ ਬਣ ਜਾਣ ਕਾਰਨ ਸਭਿਆਚਾਰਕ / ਸਮਾਜਿਕ ਕਦਰਾਂ-ਕੀਮਤਾਂ ਵਿੱਚ ਬਹੁਤ ਗਿਰਾਵਟ ਆ ਰਹੀ ਹੈ। ਫੈਸ਼ਨ ਅਤੇ ਦਿਖਾਵੇ ਦੇ ਨਾਮ ਹੇਠ ਜ਼ਿੰਦਗੀ ਦੇ ਹਰ ਖੇਤਰ ਵਿੱਚ ਹੀ ਅਸ਼ਲੀਲਤਾ ਦਾ ਬੋਲਬਾਲਾ ਹੋ ਰਿਹਾ ਹੈ। ‘ਅਸ਼ਲੀਲਤਾ’ ਹੀ ਅਜੋਕੇ ਸਮਿਆਂ ਦਾ ਸਭ ਤੋਂ ਵਿਕਾਊ ਸ਼ਬਦ ਬਣ ਚੁੱਕਾ ਹੈ। ਮਾਨਵੀ ਕਦਰਾਂ-ਕੀਮਤਾਂ ਵਿੱਚ ਆ ਰਹੀ ਅਜਿਹੀ ਗਿਰਾਵਟ ਤੋਂ ਚਮਨ ਚਿੰਤਤ ਹੈ। ਉਹ ਸਮਝਦਾ ਹੈ ਕਿ ਅਜਿਹੇ ਭ੍ਰਿਸ਼ਟਾਚਾਰ ਲਈ ਮਰਦ ਅਤੇ ਔਰਤਾਂ ਦੋਨੋਂ ਹੀ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ:
1.
ਲੈ ਗਿਆ ਸਭ ਰੋੜ੍ਹ ਕੇ ਫੈਸ਼ਨ ਦਾ ਹੜ੍ਹ
ਡੁੱਬੀਆਂ ਮਰਦਾਂ ਸਣੇ ਕੁਲ ਨਾਰੀਆਂ
2.
ਮਾਨਵੀ ਕਦਰਾਂ ਦੀ ਹੇਠੀ ਹੋ ਰਹੀ
ਮਾਰਦੀ ਅਸ਼ਲੀਲਤਾ ਕਿਲਕਾਰੀਆਂ
----
ਪੰਜਾਬੀ ਲੇਖਕਾਂ ਵਿੱਚ ਸ਼ਰਾਬ ਪੀਣ ਦੀ ਆਦਤ ਏਨੀ ਵੱਧ ਚੁੱਕੀ ਹੈ ਕਿ ਉਹ ਸਮਝਦੇ ਹਨ ਕਿ ਸ਼ਰਾਬ ਪੀਣ ਦੇ ਬਿਨ੍ਹਾਂ ਸਾਹਿਤ ਦੀ ਗੱਲ ਕੀਤੀ ਹੀ ਨਹੀਂ ਜਾ ਸਕਦੀ। ਕਈ ਲੇਖਕਾਂ ਦੀ ਸ਼ਰਾਬ ਪੀਣ ਦੀ ਭੈੜੀ ਆਦਤ ਕਾਰਨ ਹੀ ਉਨ੍ਹਾਂ ਦੇ ਘਰ ਵੀ ਉੱਜੜੇ ਹਨ। ਕਿਉਂਕਿ ਜ਼ਿਆਦਾ ਸ਼ਰਾਬ ਪੀਣ ਕਾਰਨ ਉਨ੍ਹਾਂ ਦਾ ਮਾਨਸਿਕ ਸੰਤੁਲਿਨ ਵਿਗੜ ਜਾਣ ਕਾਰਨ ਉਹ ਆਪਣੀਆਂ ਪਤਨੀਆਂ ਦੀ ਮਾਰ-ਕੁਟਾਈ ਕਰਦੇ ਸਨ। ਕੈਨੇਡਾ ਵਰਗੇ ਵਿਕਸਤ ਦੇਸ਼ ਵਿੱਚ ਕੋਈ ਵੀ ਔਰਤ ਮਰਦ ਵੱਲੋਂ ਦਿਖਾਇਆ ਗਿਆ ਅਜਿਹਾ ਵਤੀਰਾ ਸਵੀਕਾਰ ਕਰਨ ਲਈ ਤਿਆਰ ਨਹੀਂ। ਕਿਉਂਕਿ ਕੈਨੇਡਾ ਦਾ ਕਾਨੂੰਨ ਵੀ ਪਤੀਆਂ ਵੱਲੋਂ ਹਿੰਸਾ ਦਾ ਸ਼ਿਕਾਰ ਹੋਈਆਂ ਪਤਨੀਆਂ ਦੀ ਰਾਖੀ ਕਰਦਾ ਹੈ। ਅਜਿਹੇ ਸ਼ਰਾਬੀ ਸਾਹਿਤਕਾਰਾਂ ਦੀਆਂ ਸਾਹਿਤਕ-ਮਹਿਫ਼ਲਾਂ ਬਾਰੇ ਵੀ ਚਮਨ ਦੇ ਇਹ ਸ਼ਿਅਰ ਕਾਫੀ ਦਿਲਚਸਪੀ ਭਰਪੂਰ ਹਨ:
1.
ਸੁਣਕੇ ਰੌਲਾ ਰੱਪਾ ਉਸਨੇ ਸਾਹਿਤਕਾਰਾਂ ਦਾ
ਇਸ ਮਹਿਫ਼ਲ ਨੂੰ ਸਮਝ ਲਿਆ ਮੈਖ਼ਾਨਾ ਯਾਰਾਂ ਦਾ
2.
ਅੰਦਰ ਵੜਿਆਂ ਮੈਨੂੰ ਸਾਰੇ ਸੱਜਣ ਠੱਗ ਦਿਸੇ
ਵੇਖਣ ਨੂੰ ਤਾਂ ਜਾਪ ਰਿਹਾ ਸੀ ਘਰ ਸਰਦਾਰਾਂ ਦਾ
----
ਕਿਸੇ ਵੀ ਖੇਤਰ ਵਿੱਚ ਤਰੱਕੀ ਕਰਨ ਲਈ ਜ਼ਰੂਰੀ ਹੁੰਦਾ ਹੈ ਕਿ ਸਮੇਂ ਦੀ ਨਬਜ਼ ਨੂੰ ਸਮਝਿਆ ਜਾਵੇ। ਸਮਾਜਿਕ, ਸਭਿਆਚਾਰਕ, ਰਾਜਨੀਤਿਕ, ਵਿੱਦਿਅਕ ਖੇਤਰਾਂ ਵਿੱਚ ਵਾਪਰ ਰਹੀਆਂ ਤਬਦੀਲੀਆਂ ਅਨੁਸਾਰ ਤੁਸੀਂ ਆਪਣੀ ਸੋਚ ਵਿੱਚ ਤਬਦੀਲੀਆਂ ਨਹੀਂ ਕਰਦੇ ਤਾਂ ਤੁਸੀਂ ਆਪਣੇ ਚੌਗਿਰਦੇ ਲਈ ਓਪਰੇ ਬਣ ਜਾਵੋਗੇ। ਕਸ਼ਮੀਰਾ ਸਿੰਘ ਚਮਨ ਦਾ ਇਹ ਸ਼ਿਅਰ ਜ਼ਿੰਦਗੀ ਦੇ ਇਸ ਭੇਦ ਨੂੰ ਬੜੀ ਹੀ ਖ਼ੂਬਸੂਰਤੀ ਨਾਲ ਪੇਸ਼ ਕਰ ਰਿਹਾ ਹੈ:
ਸਮੇਂ ਦੇ ਨਾਲ ਜੇ ਨੱਚੇ ਸਮੇਂ ਦੇ ਨਾਲ ਜੇ ਗਾਏਂ
ਸਮਾਂ ਸੰਗੀਤ ਬਣਕੇ ਨਾਲ ਤੇਰੇ ਤਾਲ ਦੇਵੇਗਾ
----
ਸਾਡੇ ਸਮਾਜ ਵਿੱਚ ਦੋਗਲਾਪਣ ਬਹੁਤ ਵੱਧ ਰਿਹਾ ਹੈ। ਗੁਰਦੁਆਰਿਆਂ ‘ਚ ਕੀਰਤਨ ਕਰ ਰਹੇ ਰਾਗੀ ਅਜਿਹੇ ਸ਼ਬਦ ਬਾਰ ਬਾਰ ਪੜ੍ਹਦੇ ਹਨ ਜਿਨ੍ਹਾਂ ਵਿੱਚ ਇਹ ਨਸੀਹਤ ਦਿੱਤੀ ਗਈ ਹੁੰਦੀ ਹੈ ਕਿ ਮਨੁੱਖ ਨੂੰ ਮਾਇਆ ਪਿੱਛੇ ਦੌੜਣਾ ਨਹੀਂ ਚਾਹੀਦਾ; ਜਦੋਂ ਕਿ ਉਹ ਆਪ ਆਪਣਾ ਧਿਆਨ ਡਾਲਰਾਂ ਦੀਆਂ ਪੰਡਾਂ ਬੰਨ੍ਹਣ ਵਿੱਚ ਹੀ ਰੱਖਦੇ ਹਨ। ਨਿੱਤ ਅਖਬਾਰਾਂ ਵਿੱਚ ਖਬਰਾਂ ਛਪ ਰਹੀਆ ਹਨ ਕਿ ਧਰਮ ਪ੍ਰਚਾਰ ਕਮੇਟੀਆਂ ਦੇ ਨੁਮਾਇੰਦੇ ਲੋਕਾਂ ਵਿੱਚ ਪ੍ਰਚਾਰ ਕਰਦੇ ਨਹੀਂ ਥੱਕਦੇ ਕਿ ਨਸ਼ਿਆਂ ਦਾ ਸੇਵਨ ਤੁਹਾਡਾ ਜੀਵਨ ਤਬਾਹ ਕਰ ਦੇਵੇਗਾ - ਪਰ ਆਪ ਸ਼ਰਾਬ ਦੇ ਰੱਜੇ ਹੋਏ ਸੜਕਾਂ ਉਤੇ ਡਿੱਗੇ ਹੋਏ ਮਿਲਦੇ ਹਨ। ਚਮਨ ਦਾ ਇਹ ਸ਼ੇਅਰ ਵੀ ਦੇਖੋ ਜਿਸ ਵਿੱਚ ਸ਼ਰਾਬੀ ਮੁਲਾਣਿਆਂ ਦਾ ਚਰਚਾ ਛੇੜਿਆ ਗਿਆ ਹੈ:
ਬੜੀ ਹੈਰਾਨਗੀ ਹੋਈ ਉਹ ਜਦ ਵੜਿਆ ਮੈਖ਼ਾਨੇ ਵਿੱਚ
ਜੋ ਦੇਂਦਾ ਬਾਂਗ ਸੀ ਮੁੱਲਾਂ ਸਦਾ ਚੜ੍ਹਕੇ ਮੁਨਾਰੇ ਤੇ
----
ਬਹੁਤ ਸਾਰੇ ਲੇਖਕਾਂ ਨੂੰ ਕਲਮ ਦੀ ਸ਼ਕਤੀ ਦਾ ਅਹਿਸਾਸ ਨਹੀਂ ਹੁੰਦਾ। ਇਸੇ ਕਰਕੇ ਉਨ੍ਹਾਂ ਦੀਆਂ ਲਿਖਤਾਂ ਦਿਸ਼ਾਹੀਣ ਹੁੰਦੀਆਂ ਹਨ। ਅਜਿਹੀਆਂ ਲਿਖਤਾਂ ਲਿਖਣ ਵੇਲੇ ਉਹ ਆਪਣਾ ਸਮਾਂ ਤਾਂ ਜਾਇਆ ਕਰਦੇ ਹੀ ਹਨ; ਪਰ ਇਸਦੇ ਨਾਲ ਹੀ ਉਨ੍ਹਾਂ ਪਾਠਕਾਂ ਦਾ ਸਮਾਂ ਵੀ ਜਾਇਆ ਕਰਦੇ ਹਨ ਜੋ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਹਨ। ਕਿਉਂਕਿ ਅਜਿਹੀਆਂ ਲਿਖਤਾਂ ਪੜ੍ਹਣ ਤੋਂ ਬਾਹਦ ਪਾਠਕ ਦੀ ਮਾਨਸਿਕਤਾ ਉੱਤੇ ਕਿਸੇ ਤਰ੍ਹਾਂ ਦਾ ਵੀ ਕੋਈ ਚੰਗਾ ਅਸਰ ਨਹੀਂ ਹੁੰਦਾ ਅਤੇ ਉਹ ਚੁੱਪ ਚਾਪ ਬਿਸਤਰੇ ਵਿੱਚ ਵੜ੍ਹ ਕੇ ਘੁਰਾੜੇ ਮਾਰਨ ਲੱਗ ਜਾਂਦਾ ਹੈ। ਕਲਮ ਦੀ ਸ਼ਕਤੀ ਅਤੇ ਸਮਰੱਥਾ ਬਾਰੇ ਚੇਤਨਾ ਪੈਦਾ ਕਰਦੇ ਕਸ਼ਮੀਰਾ ਸਿੰਘ ਚਮਨ ਦੇ ਇਹ ਸ਼ਿਅਰ ਪੜ੍ਹਨਯੋਗ ਹਨ:
1.
ਆ ਗਈ ਹੋਵੇ ਜਿਨ੍ਹਾਂ ਦੇ ਪਾਸ ਸ਼ਕਤੀ ਕਲਮ ਦੀ
ਰੱਖ ਦੇਂਦੇ ਬਦਲਕੇ ਸ਼ਾਇਰ ਨੁਹਾਰਾਂ ਦੋਸਤੋ
2.
ਕਲਮ ਦੀ ਸ਼ਕਤੀ ਉਭਾਰੇ ਸੱਚ ਦੀ ਤਸਵੀਰ ਨੂੰ
ਜੱਗ ਤੇ ਉੱਚਾ ਹੈ ਰੁਤਬਾ ਕਲਮ ਤੇ ਫਨਕਾਰ ਦਾ
3.
ਜੀਵਨ ਦਾ ਕੀ ਉਦੇਸ਼ ਹੈ ਮੂਰਖ ਨੂੰ ਕੀ ਪਤੈ
ਕਰਦਾ ਸਦਾ ਬਿਆਨ ਜੋ ਗੱਲਾਂ ਨਕਾਰੀਆਂ
----
ਪਰਵਾਸੀ ਪੰਜਾਬੀਆਂ ਦੀ ਇੱਕ ਵੱਡੀ ਸਮੱਸਿਆ ਹੈ ਬੱਚਿਆਂ ਦਾ ਭੈੜੀਆਂ ਆਦਤਾਂ ਵਿੱਚ ਪੈੇ ਜਾਣਾ। ਪੰਜਾਬੀਆਂ ਦੇ ਬੱਚੇ ਹਰ ਤਰ੍ਹਾਂ ਦੇ ਨਸ਼ਿਆਂ ਦੀ ਵਰਤੋਂ ਕਰ ਰਹੇ ਹਨ, ਨਸ਼ਿਆਂ ਦੀ ਸਮਗਲਿੰਗ ਕਰ ਰਹੇ ਹਨ ਅਤੇ ਗੈਂਗਸਟਰ ਬਣ ਕੇ ਇੱਕ ਦੂਜੇ ਦੇ ਕਤਲ ਕਰ ਰਹੇ ਹਨ। ਪੱਛਮ ਵਿੱਚ ਜ਼ਿੰਦਗੀ ਏਨੀ ਰੁਝੇਵਿਆਂ ਭਰੀ ਹੈ ਕਿ ਮਾਪੇ ਘਰਾਂ ਦੇ ਖਰਚੇ ਤੋਰਨ ਲਈ ਆਪਣੇ ਰੋਜ਼ਗਾਰ ਦੇ ਕੰਮਾਂ ਵਿੱਚ ਰੁੱਝੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਨ੍ਹਾਂ ਦੇ ਬੱਚੇ ਕੀ ਕਰ ਰਹੇ ਹਨ। ਉਨ੍ਹਾਂ ਨੂੰ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਬੱਚੇ ਕਿਸੇ ਮੁਸੀਬਤ ਵਿੱਚ ਫਸ ਜਾਂਦੇ ਹਨ ਅਤੇ ਪੁਲਿਸ ਉਨ੍ਹਾਂ ਦੇ ਦਰਵਾਜ਼ਿਆਂ ਉੱਤੇ ਦਸਤਕ ਦੇ ਰਹੀ ਹੁੰਦੀ ਹੈ। ਉਦੋਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਕੈਨੇਡੀਅਨ ਪੰਜਾਬੀਆਂ ਦੀਆਂ ਸਭਿਆਚਾਰਕ ਸਮੱਸਿਆਵਾਂ ਨੂੰ ਸਮਝਦਾ ਹੋਇਆ ਕਸ਼ਮੀਰਾ ਸਿੰਘ ਚਮਨ ਪੰਜਾਬੀ ਮਾਪਿਆਂ ਨੂੰ ਇਸ ਗੱਲ ਦੀ ਚੇਤਾਵਨੀ ਦੇਣੀ ਆਪਣਾ ਫ਼ਰਜ਼ ਸਮਝਦਾ ਹੈ ਕਿ ਬੱਚਿਆਂ ਦੀ ਜ਼ਿੰਦਗੀ ਨੂੰ ਦਾਅ ਉੱਤੇ ਲਗਾ ਕੇ ਜੇਕਰ ਉਨ੍ਹਾਂ ਨੇ ਡਾਲਰਾਂ ਦੇ ਢੇਰ ਲਗਾ ਵੀ ਲਏ ਤਾਂ ਉਸਦਾ ਕੀ ਲਾਭ? ਚਮਨ ਦਾ ਇਹ ਸ਼ਿਅਰ ਥੋੜੇ ਸ਼ਬਦਾਂ ਵਿੱਚ ਵੱਡੀ ਗੱਲ ਕਹਿ ਜਾਂਦਾ ਹੈ:
ਜੇ ਕੁਰਾਹੇ ਪੈ ਗਈ ਇਹ ਆਪਣੀ ਸੰਤਾਨ ਹੀ
ਫਿਰ ਕਮਾਏ ਕੰਮ ਨਾ ਆਵਣਗੇ ਡਾਲੇ ਦੋਸਤੋ
----
ਪਿਆਰ ਦੇ ਬੋਲੇ ਦੋ ਬੋਲਾਂ ਦੀ ਕੀਮਤ ਕਈ ਵੇਰੀ ਏਨੀ ਵੱਡੀ ਹੁੰਦੀ ਹੈ ਕਿ ਉਹ ਵੱਡੀਆਂ ਵੱਡੀਆਂ ਸਮੱਸਿਆਵਾਂ ਹੱਲ ਕਰ ਦਿੰਦੇ ਹਨ; ਜਦੋਂ ਕਿ ਅਗਿਆਨਤਾ ਭਰਿਆ ਬੋਲਿਆ ਇੱਕ ਹੀ ਸ਼ਬਦ ਮਹਾਂਭਾਰਤ ਦੀ ਜੰਗ ਛੇੜ ਦਿੰਦਾ ਹੈ। ਸ਼ਬਦਾਂ ਦੀ ਤਾਕਤ ਕਈ ਵੇਰੀ ਤਲਵਾਰ ਨਾਲੋਂ ਵੀ ਵੱਧ ਹੁੰਦੀ ਹੈ। ਤਲਵਾਰ ਦੇ ਲੱਗੇ ਫੱਟ ਤਾਂ ਕਈ ਵਾਰੀ ਭਰ ਜਾਂਦੇ ਹਨ; ਪਰ ਸ਼ਬਦਾਂ ਦੇ ਦਿੱਤੇ ਫੱਟ ਕਈ ਵੇਰੀ ਉਮਰ ਭਰ ਨਹੀਂ ਭਰਦੇ। ਇਸ ਲਈ ਚਮਨ ਸਲਾਹ ਦਿੰਦਾ ਹੈ ਕਿ ਕੋਈ ਕੌੜੇ ਬੋਲ ਵੀ ਬੋਲਦਾ ਹੈ ਤਾਂ ਚੁੱਪ ਕਰ ਰਹੋ। ਕਿਉਂਕਿ ਪਲ ਭਰ ਦੀ ਤੁਹਾਡੀ ਚੁੱਪ ਤੁਹਾਨੂੰ ਵੱਡੀਆਂ ਮੁਸੀਬਤਾਂ ਤੋਂ ਬਚਾ ਲੈਂਦੀ ਹੈ ਅਤੇ ਕੌੜੇ ਬੋਲ ਬੋਲਣ ਵਾਲਾ ਵਿਅਕਤੀ ਵੀ ਗੁੱਸਾ ਉਤਰ ਜਾਣ ਤੋਂ ਬਾਅਦ ਪਛਤਾਵਾ ਮਹਿਸੂਸ ਕਰਦਾ ਹੈ। ਕਸ਼ਮੀਰਾ ਸਿੰਘ ਚਮਨ ਦੇ ਸ਼ਿਅਰ ਜ਼ਿੰਦਗੀ ਦੀ ਇਸ ਸੱਚਾਈ ਨੂੰ ਬੜੀ ਖ਼ੂਬਸੂਰਤੀ ਨਾਲ ਬਿਆਨ ਕਰਦੇ ਹਨ:
1.
ਸਬਰ ਦੇ ਨਾਲ ਸਹਿ ਲਈਏ ਕਸੈਲੇ ਬੋਲ ਲੋਕਾਂ ਦੇ
ਸੁਰੀਲੇ ਬੋਲ ਦੋ ਕਹਿਕੇ ਕਿਸੇ ਦਾ ਦਿਲ ਚੁਰਾ ਲਈਏ
2.
ਇਸ ਜ਼ਿੰਦਗੀ ਦੇ ਸਾਰੇ ਸ਼ਿਕਵੇ ਮਿਟਾ ਲਏ ਮੈਂ
ਧਰਤੀ ਦੇ ਲੋਕ ਸਾਰੇ ਆਪਣੇ ਬਣਾ ਲਏ ਮੈਂ
3.
ਮਹਿਕ ਵੰਡੇਗੀ ਮੁਹੱਬਤ ਆਸ ਨਾ ਛੱਡੀਂ ਅਜੇ
ਹੋਸ਼ ਆਵੇਗੀ ਮਿਰੇ ਦਿਲਬਰ ਨੂੰ ਸ਼ਾਇਦ ਦਿਨਢਲੇ
----
ਮਨੁੱਖ ਨੂੰ ਜ਼ਿੰਦਗੀ ਵਿੱਚ ਹੋਰ ਹਰ ਚੀਜ਼ ਦੁਬਾਰਾ ਮਿਲ ਸਕਦੀ ਹੈ; ਪਰ ਉਸਨੂੰ ਮਾਂ ਦੁਬਾਰਾ ਨਹੀਂ ਮਿਲ ਸਕਦੀ। ਇਸੇ ਲਈ ਮਨੁੱਖ ਹੋਰ ਹਰ ਗੱਲ ਨੂੰ ਭੁੱਲ ਸਕਦਾ ਹੈ; ਪਰ ਉਹ ਆਪਣੀ ਮਾਂ ਨੂੰ ਕਦੀ ਨਹੀਂ ਭੁੱਲਦਾ। ਜ਼ਿੰਦਗੀ ਦੀ ਇਸ ਸਚਾਈ ਬਾਰੇ ਵੀ ਚਮਨ ਦਾ ਇੱਕ ਸ਼ਿਅਰ ਹਾਜ਼ਰ ਹੈ:
ਮਾਂ ਜਨਨੀ ਨਾ ਲਭਦੀ ਮੁੜਕੇ ਤੇਰੇ ਜੈਸੀ ਹੋਰ ਨਾ ਕੋਈ
ਮੈਨੂੰ ਪੁੱਤਰ ਆਖਣ ਭਾਵੇਂ ਮਾਵਾਂ ਲੱਖ ਹਜ਼ਾਰ ਨੀ ਮਾਏਂ
----
‘ਕਸ਼ਮੀਰਾ ਸਿੰਘ ਚਮਨ ਦੀਆਂ ਚੋਣਵੀਆਂ ਗ਼ਜ਼ਲਾਂ’ ਪੁਸਤਕ ਵਿੱਚ ਚਮਨ ਨੇ ਕੁਝ ਹੋਰ ਵਿਸ਼ਿਆਂ ਬਾਰੇ ਵੀ ਗ਼ਜ਼ਲਾਂ ਲਿਖੀਆਂ ਹਨ। ਕੁਝ ਲੋਕਾਂ ਦੀ ਮਾਨਸਿਕਤਾ ਅਜਿਹੀ ਹੁੰਦੀ ਹੈ ਕਿ ਉਹ ਦੂਜਿਆਂ ਨਾਲ ਹਰ ਗੱਲ ਵਿੱਚ ਈਰਖਾ ਕਰੀ ਜਾਂਦੇ ਹਨ ਅਤੇ ਉਨ੍ਹਾਂ ਦੇ ਨੁਕਸ ਕੱਢਣ ਵਿੱਚ ਹੀ ਆਪਣੀ ਸ਼ਕਤੀ ਜਾਇਆ ਕਰਦੇ ਰਹਿੰਦੇ ਹਨ। ਅਜਿਹੇ ਲੋਕ ਆਪਣੇ ਅੰਦਰ ਝਾਤੀ ਮਾਰਨ ਦੀ ਕਦੀ ਕੋਸ਼ਿਸ਼ ਨਹੀਂ ਕਰਦੇ ਕਿ ਉਨ੍ਹਾਂ ਦੀ ਆਪਣੀ ਕੀ ਔਕਾਤ ਹੈ? ਚਮਨ ਅਜਿਹੇ ਮਾਨਸਿਕ ਤੌਰ ਤੇ ਬੀਮਾਰ ਲੋਕਾਂ ਨੂੰ ਵੀ ਆਪਣੇ ਸ਼ਿਅਰਾਂ ਦਾ ਵਿਸ਼ਾ ਬਣਾਉਂਦਾ ਹੈ:
1.
ਕਿਸ ਲਈ ਤੂੰ ਦੂਜਿਆਂ ਦੇ ਐਬ ਫੋਲੀ ਜਾ ਰਿਹੈਂ
ਆਪਣੀ ਬੁੱਕਲ ‘ਚ ਵੀ ਤਾਂ ਆਪ ਝਾਤੀ ਮਾਰ ਤੂੰ
2.
ਸੜ ਰਹੇ ਜੋ ਲੋਕ ਭੈੜੇ ਈਰਖਾ ਦੀ ਅੱਗ ਵਿੱਚ
ਸਿੱਖਣਾ ਕੀ ਵਲ ਉਨ੍ਹਾਂ ਨੇ ਜ਼ਿੰਦਗੀ ਮਹਿਕਾਣ ਦਾ
----
ਜ਼ਿੰਦਗੀ ਵਿੱਚ ਕਾਮਿਯਾਬ ਵੀ ਉਹੀ ਲੋਕ ਹੁੰਦੇ ਹਨ ਜੋ ਦੂਜਿਆਂ ਦੀਆਂ ਪ੍ਰਾਪਤੀਆਂ ਵੇਖਕੇ ਈਰਖਾ ਕਰੀ ਜਾਣ ਦੀ ਥਾਂ ਹਰ ਮੁਸੀਬਤ ਦਾ ਸਾਹਮਣਾ ਕਰਦੇ ਹੋਏ ਦ੍ਰਿੜਤਾ ਨਾਲ ਆਪਣੀ ਮੰਜ਼ਿਲ ਵੱਲ ਵੱਧਦੇ ਜਾਂਦੇ ਹਨ। ਅਜਿਹੇ ਦ੍ਰਿੜ ਇਰਾਦੇ ਵਾਲੇ ਲੋਕਾਂ ਦੀ ਹੀ ਕਸ਼ਮੀਰਾ ਸਿੰਘ ਚਮਨ ਤਾਰੀਫ ਕਰ ਰਿਹਾ ਹੈ, ਜਦੋਂ ਉਹ ਕਹਿੰਦਾ ਹੈ:
1.
ਤੂੰ ਵੀ ਉਸਾਰ ਸਕਦੈਂ ਮੀਨਾਰ ਜ਼ਿੰਦਗੀ ਦੇ
ਪਰ ਕੰਧ ਹੌਂਸਲੇ ਦੀ ਕੋਈ ਹਿਲਾ ਨ ਬੈਠੀਂ
2.
ਹੈ ਮਾਣ ਜਿਸ ਨੂੰ ਹੁੰਦਾ ਆਪਣੇ ਪਰਾਂ ਦੇ ਉੱਤੇ
ਅਰਸ਼ਾਂ ਨੂੰ ਪਾਰ ਕਰਦੈ ਉਡਕੇ ਉਕਾਬ ਯਾਰਾ
----
ਕਸ਼ਮੀਰਾ ਸਿੰਘ ਚਮਨ ਇੱਕ ਮਾਨਵਵਾਦੀ, ਸੰਵੇਦਨਸ਼ੀਲ ਅਤੇ ਚੇਤੰਨ ਕੈਨੇਡੀਅਨ ਪੰਜਾਬੀ ਲੇਖਕ ਹੈ। ਉਸਦੀਆਂ ਗ਼ਜ਼ਲਾਂ ਆਮ ਆਦਮੀ ਦੀਆਂ ਸਮੱਸਿਆਵਾਂ ਬੜੀ ਸਰਲ ਭਾਸ਼ਾ ਵਿੱਚ ਪੇਸ਼ ਕਰਦੀਆਂ ਹਨ। ਉਸਦੀਆਂ ਗ਼ਜ਼ਲਾਂ ਰੂਪਕ ਪੱਖੋਂ ਵੀ ਉੱਤਮ ਹਨ ਅਤੇ ਵਿਸ਼ੇ ਪੱਖੋਂ ਵੀ। ‘ਕਸ਼ਮੀਰਾ ਸਿੰਘ ਚਮਨ ਦੀਆਂ ਚੋਣਵੀਆਂ ਗ਼ਜ਼ਲਾਂ’ ਪੁਸਤਕ ਪ੍ਰਕਾਸ਼ਿਤ ਹੋਣ ਨਾਲ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਇਸ ਗ਼ਜ਼ਲ ਸੰਗ੍ਰਹਿ ਵਿੱਚ ਰੂਪਕ ਪੱਖ ਤੋਂ ਅਤੇ ਤੱਤ ਦੇ ਪੱਖ ਤੋਂ ਬਹੁਤ ਸਾਰੀਆਂ ਖ਼ੂਬਸੂਰਤ ਗ਼ਜ਼ਲਾਂ ਪੜ੍ਹਣ ਨੂੰ ਮਿਲਦੀਆਂ ਹਨ।
----
ਪਿਛਲੇ ਤਕਰੀਬਨ ਚਾਰ ਦਹਾਕਿਆਂ ਤੋਂ ਪਰਵਾਸ ਵਿੱਚ ਰਹਿਣ ਦੇ ਬਾਵਜੂਦ, ਕਸ਼ਮੀਰਾ ਸਿੰਘ ਚਮਨ ਦਾ ਪੰਜਾਬੀ ਬੋਲੀ, ਪੰਜਾਬੀ ਵਿਰਸੇ ਅਤੇ ਪੰਜਾਬੀ ਸਭਿਆਚਾਰ ਨਾਲ ਮੋਹ ਖ਼ਤਮ ਨਹੀਂ ਹੋਇਆ। ਇਸ ਗੱਲ ਦਾ ਇਜ਼ਹਾਰ ਕਰਦੇ ਉਸਦੇ ਇੱਕ ਸ਼ਿਅਰ ਨਾਲ ਹੀ ਚਮਨ ਦੀਆਂ ਗ਼ਜ਼ਲਾਂ ਬਾਰੇ ਚਰਚਾ ਇੱਥੇ ਹੀ ਖ਼ਤਮ ਕਰਦਾ ਹਾਂ:
ਮਾਂ ਦੇ ਸਮਾਨ ਜਾਣ ਕੇ ਬੋਲੀ ਮੈਂ ਆਪਣੀ
ਕਦਮਾਂ ‘ਚ ਸੀਸ ਏਸ ਦੇ ਧਰਦਾ ਰਿਹਾ ਹਾਂ ਮੈਂ
No comments:
Post a Comment