ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ
ਕੈਨੇਡਾ ਦੇ 57 ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਸਮੀਖਿਆ ਦੀ ਕਿਤਾਬ 'ਕੈਨੇਡੀਅਨ ਪੰਜਾਬੀ ਸਾਹਿਤ' ਨੂੰ ਖ਼ਰੀਦਣ ਲਈ ਬਲੌਗ 'ਤੇ ਦਿੱਤੇ ਐਡਰੈਸ 'ਤੇ ਈਮੇਲ ਕਰੋ। ਸ਼ੁਕਰੀਆ।

ਤੁਹਾਡੇ ਧਿਆਨ ਹਿੱਤ - ਜ਼ਰੂਰੀ ਸੂਚਨਾ

ਸੂਚਨਾ: ਪ੍ਰਕਾਸ਼ਕ ਦੀ ਤਲਾਸ਼ :

ਆਪਣੀ ਹੁਣੇ ਇੰਡੀਆ ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ)’ ਨੂੰ ਮੈਂ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਕੈਨੇਡਾ ਵਿੱਚ ‘‘Canadian Punjabi Literature (Commentary)’’ ਨਾਮ ਦੀ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਨਾ ਚਾਹੁੰਦਾ ਹਾਂ। ਮੈਂ ਕਿਸੀ ਵਧੀਆ ਕੈਨੇਡੀਅਨ ਪ੍ਰਕਾਸ਼ਕ ਦੀ ਤਲਾਸ਼ ਕਰ ਰਿਹਾ ਹਾਂ। ਜੇਕਰ ਤੁਸੀਂ ਕਿਸੀ ਅਜਿਹੇ ਵਧੀਆ ਕੈਨੇਡੀਅਨ ਪ੍ਰਕਾਸ਼ਕ ਦਾ ਨਾਮ ਜਾਣਦੇ ਹੋ ਜੋ ਮੇਰੀ ਪੁਸਤਕ ਪ੍ਰਕਾਸ਼ਿਤ ਕਰ ਸਕਦਾ ਹੋਵੇ ਤਾਂ ਮੈਂ ਉਸ ਪ੍ਰਕਾਸ਼ਕ ਦਾ ਨਾਮ ਜਾਨਣਾ ਚਾਹਾਂਗਾ।

Sukhinder

Editor: SANVAD

Box 67089, 2300 Yonge St.

Toronto ON M4P 1E0

Tel. (416) 858-7077

Email: poet_sukhinder@hotmail.com

http://www.canadianpunjabiliterature.blogspot.com/



Friday, July 31, 2009

ਸੁਖਿੰਦਰ - ਲੇਖ

ਜ਼ਾਤ-ਪਾਤ ਦੀ ਹੈਂਕੜ ਤੋੜਦਾ ਰੰਗ-ਮੰਚ ਹਰਕੰਵਲਜੀਤ ਸਾਹਿਲ

ਲੇਖ

ਰੰਗ-ਮੰਚ ਵਿਚਾਰਾਂ ਦੇ ਸੰਚਾਰ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਹੈ; ਕਿਉਂਕਿ ਇਹ ਮਾਧਿਅਮ ਅਨੇਕਾਂ ਸੰਚਾਰ ਵਿਧੀਆਂ ਦਾ ਇੱਕ ਭਰਵਾਂ ਸੁਮੇਲ ਬਣ ਕੇ ਆਪਣਾ ਕਾਰਜ ਕਰਦਾ ਹੈਇਸ ਕਾਰਜ ਨੂੰ ਅਰਥ ਭਰਪੂਰ ਬਣਾਉਣ ਲਈ ਅਨੇਕਾਂ ਭਾਸ਼ਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ: ਸ਼ਬਦਾਂ ਦੀ ਭਾਸ਼ਾ, ਸੰਗੀਤ ਦੀ ਭਾਸ਼ਾ, ਰੰਗਾਂ ਦੀ ਭਾਸ਼ਾ, ਨ੍ਰਿਤ ਦੀ ਭਾਸ਼ਾ ਅਤੇ ਤਕਨਾਲੋਜੀ ਗਿਆਨ-ਵਿਗਿਆਨ ਦੀ ਭਾਸ਼ਾ

----

ਵਿਚਾਰਾਂ ਨੂੰ ਅਰਥ ਭਰਪੂਰ ਅਤੇ ਬਹੁ-ਦਿਸ਼ਾਵੀ ਬਣਾਉਣ ਲਈ ਸ਼ਬਦਾਂ ਦੀ ਵਰਤੋਂ ਕਰਨ ਦੇ ਨਾਲ ਨਾਲ, ਮਨੁੱਖੀ ਸਰੀਰ ਦੀਆਂ ਹਰਕਤਾਂ ਅਤੇ ਚਿਹਰੇ ਉੱਤੇ ਪੈਦਾ ਹੁੰਦੇ ਪ੍ਰਭਾਵਾਂ ਦੀ ਵੀ ਵਰਤੋਂ ਕੀਤੀ ਜਾਂਦੀ ਹੈਮਨੁੱਖੀ ਭਾਵਨਾਵਾਂ ਦਾ ਸੰਚਾਰ ਕਰਦਿਆਂ ਸ਼ਬਦ ਅਧੂਰੇ ਰਹਿ ਜਾਂਦੇ ਹਨ; ਇਸ ਅਧੂਰੇਪਨ ਨੂੰ ਸੰਪੂਰਨਤਾ ਤੱਕ ਪਹੁੰਚਾਉਣ ਲਈ ਸ਼ਬਦਾਂ ਵਿਚਾਲੇ ਪੈਦਾ ਕੀਤਾ ਗਿਆ ਵਕਫ਼ਾ ਮੱਦਦ ਕਰਦਾ ਹੈ

----

ਕੈਨੇਡੀਅਨ ਪੰਜਾਬੀ ਰੰਗਮੰਚਕਰਮੀ ਹਰਕੰਵਲਜੀਤ ਸਾਹਿਲ ਨੇ ਪਰਵਾਸੀ ਪੰਜਾਬੀਆਂ ਨੂੰ ਜ਼ਾਤ-ਪਾਤ ਦੀ ਮਾਨਸਿਕ ਬੀਮਾਰੀ ਕਾਰਨ ਪੇਸ਼ ਆ ਰਹੀਆਂ ਸਮਾਜਿਕ ਅਤੇ ਸਭਿਆਚਾਰਕ ਸਮੱਸਿਆਵਾਂ ਬਾਰੇ ਲੋਕ-ਚੇਤਨਾ ਪੈਦਾ ਕਰਨ ਲਈ 2001 ਵਿੱਚ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾਨਾਮ ਦਾ ਇੱਕ ਨਾਟਕ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਸੀ

----

ਭਾਰਤੀ ਮੂਲ ਦੇ ਲੋਕਾਂ ਵਿੱਚ ਜ਼ਾਤ-ਪਾਤ ਦਾ ਹੰਕਾਰ ਸਦੀਆਂ ਤੋਂ ਮਨੁੱਖੀ ਤਬਾਹੀ ਮਚਾਉਂਦਾ ਆ ਰਿਹਾ ਹੈ ਭਾਰਤੀ ਮੂਲ ਦੇ ਲੋਕ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਚਲੇ ਜਾਣ ਇਸ ਭਿਆਨਕ ਮਾਨਸਿਕ ਬੀਮਾਰੀ ਦੇ ਕੀਟਾਣੂੰ ਉਨ੍ਹਾਂ ਦੀ ਮਾਨਸਿਕਤਾ ਵਿੱਚ ਉਨ੍ਹਾਂ ਦੇ ਨਾਲ ਹੀ ਜਾਂਦੇ ਹਨਪਰਵਾਸੀ ਪੰਜਾਬੀਆਂ / ਭਾਰਤੀਆਂ ਦੀ ਮਾਨਸਿਕਤਾ ਦਾ ਅਨਿੱਖੜਵਾਂ ਹਿੱਸਾ ਬਣ ਚੁੱਕੀ ਇਸ ਬੀਮਾਰੀ ਦੇ ਨਤੀਜੇ ਪਰਵਾਸ ਵਿੱਚ ਜੰਮੇ, ਪਲੇ ਬੱਚਿਆਂ ਨੂੰ ਭੁਗਤਣੇ ਪੈਂਦੇ ਹਨਪੱਛਮੀ ਸਭਿਆਚਾਰਕ ਮਾਹੌਲ ਵਿੱਚ ਪਲ ਕੇ ਵੱਡੇ ਹੋਏ ਪਰਵਾਸੀ ਪੰਜਾਬੀ / ਭਾਰਤੀ ਮੂਲ ਦੇ ਬੱਚਿਆਂ ਲਈ ਇਹ ਗੱਲ ਸਮਝਣੀ ਮੁਸ਼ਕਿਲ ਹੋ ਜਾਂਦੀ ਹੈ ਕਿ ਇਹ ਜ਼ਾਤ-ਪਾਤ ਕੀ ਹੁੰਦੀ ਹੈ? ਭਾਰਤੀ / ਪੰਜਾਬੀ ਮੂਲ ਦੇ ਪਰਵਾਸੀ ਲੋਕ ਜਦੋਂ ਇੱਕ ਦੂਜੇ ਨਾਲ ਜ਼ਾਤ-ਪਾਤ ਦੇ ਆਧਾਰ ਉੱਤੇ ਵਿਤਕਰੇ ਕਰਦੇ ਹਨ ਤਾਂ ਪੱਛਮੀ ਸਭਿਆਚਾਰਕ ਮਾਹੌਲ ਵਿੱਚ ਪਲੇ ਉਨ੍ਹਾਂ ਦੇ ਬੱਚਿਆਂ ਨੂੰ ਅਹਿਸਾਸ ਹੁੰਦਾ ਹੈ ਕਿ ਪੱਛਮੀ ਦੇਸ਼ਾਂ ਦੇ ਸਮਾਜ ਵਿੱਚ ਨਿੱਕੀ ਨਿੱਕੀ ਗੱਲ ਉੱਤੇ ਵਿਤਕਰੇ ਦੀ ਸਿ਼ਕਾਇਤ ਕਰਨ ਵਾਲੇ ਉਨ੍ਹਾਂ ਦੇ ਮਾਪੇ ਆਪ ਸਭ ਤੋਂ ਵੱਡੇ ਨਸਲਵਾਦੀ ਹਨ; ਜਿਸ ਗੱਲ ਦਾ ਉਨ੍ਹਾਂ ਨੂੰ ਅਹਿਸਾਸ ਤੱਕ ਵੀ ਨਹੀਂ

----

ਜ਼ਾਤ-ਪਾਤ ਦੀ ਹੈਂਕੜ ਕਾਰਨ ਹੱਸਦੇ-ਵੱਸਦੇ ਘਰ ਉੱਜੜ ਜਾਂਦੇ ਹਨ; ਜ਼ਾਤ-ਪਾਤ ਦੇ ਘੁਮੰਡ ਕਾਰਨ ਭਾਰਤੀ / ਪੰਜਾਬੀ ਪਰਵਾਸੀ ਆਪਣੀਆਂ ਹੀ ਪਤਨੀਆਂ, ਧੀਆਂ, ਨੂੰਹਾਂ ਅਤੇ ਭੈਣਾਂ ਦੇ ਕਤਲ ਕਰ ਦਿੰਦੇ ਹਨਇਸ ਬੀਮਾਰੀ ਦੇ ਕੀਟਾਣੂੰ ਭਾਰਤੀ / ਪੰਜਾਬੀ ਮੂਲ ਦੇ ਪਰਵਾਸੀਆਂ ਦੀ ਮਾਨਸਿਕਤਾ ਨੂੰ ਇਸ ਹੱਦ ਤੱਕ ਪ੍ਰਭਾਵਿਤ ਕਰ ਰਹੇ ਹਨ ਕਿ ਸੈਂਕੜੇ ਸਾਲਾਂ ਦੇ ਅਣਥੱਕ ਯਤਨਾਂ ਦੇ ਬਾਵਜ਼ੂਦ ਇਸ ਬੀਮਾਰੀ ਦਾ ਅੱਜ ਤੱਕ ਕੋਈ ਸਥਾਈ ਇਲਾਜ ਨਹੀਂ ਲੱਭਿਆ ਜਾ ਸਕਿਆਸਮਾਜ ਦੇ ਕੁਝ ਹਿੱਸੇ ਨੂੰ ਸਦੀਵੀ ਰੂਪ ਵਿੱਚ ਗੁਲਾਮੀ ਦੀਆਂ ਜੜ੍ਹਾਂ ਵਿੱਚ ਜਕੜੀ ਰੱਖਣ ਲਈ, ਉਨ੍ਹਾਂ ਅੰਦਰ ਨੀਂਵੇਂਪਣ ਦਾ ਅਹਿਸਾਸ ਪੈਦਾ ਕਰੀ ਰੱਖਣ ਲਈ, ਉਨ੍ਹਾਂ ਨੂੰ ਹਰ ਤਰ੍ਹਾਂ ਦੇ ਮਨੁੱਖੀ ਅਧਿਕਾਰਾਂ ਤੋਂ ਵਾਂਝਿਆਂ ਕਰੀ ਰੱਖਣ ਲਈ, ਭਾਰਤੀ ਸਮਾਜ ਸ਼ਾਸ਼ਤਰੀਆਂ, ਧਾਰਮਿਕ ਰਹਿਨੁਮਾਵਾਂ, ਅਰਥ ਸ਼ਾਸ਼ਤਰੀਆਂ ਅਤੇ ਰਾਜਨੀਤੀਵਾਨਾਂ ਦੀ ਚੰਡਾਲ ਚੌਕੜੀ ਨੇ ਇੱਕ ਅਜਿਹੀ ਸਾਜ਼ਿਸ਼ ਰਚੀ ਕਿ ਮਨੁੱਖੀ ਇਤਿਹਾਸ ਵਿੱਚ ਇਸ ਤਰ੍ਹਾਂ ਦੀ ਕੋਈ ਹੋਰ ਉਦਾਹਰਣ ਲੱਭਣੀ ਮੁਸ਼ਕਿਲ ਹੈ

----

ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾਨਾਟਕ ਵਿੱਚ ਹਰਕੰਵਲਜੀਤ ਸਾਹਿਲ ਜ਼ਾਤ-ਪਾਤ ਦੀ ਬੀਮਾਰੀ ਦੇ ਕੀਟਾਣੂੰਆਂ ਦੇ ਮਨੁੱਖੀ ਮਾਨਸਿਕਤਾ ਉੱਤੇ ਪੈਣ ਵਾਲੇ ਪ੍ਰਭਾਵਾਂ ਕਾਰਨ ਨਿਕਲ ਰਹੇ ਨਤੀਜਿਆਂ ਦੀ ਜਾਣਕਾਰੀ ਨਾਟਕ ਦੇ ਮੁੱਢਲੇ ਵਾਰਤਾਲਾਪ ਵਿੱਚ ਹੀ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:

ਬੀਵੀ: ਨਾਂਅ, ਗੁੱਸੇ ਚ ਆਵਾਂ ਨਾ. ਅੱਗੇ ਤੁਸਾਂ ਆਪਣੀ ਭੈਣ ਦਾ ਘਰ ਉਜਾੜਿਆ ਹੈ ਤੇ ਹੁਣ ਆਪਣੀ ਬੇਟੀ ਦੀ ਜ਼ਿੰਦਗੀ ਬਰਬਾਦ ਕਰਨ ਤੇ ਤੁਲੇ ਹੋਏ ਹੋਮੈਂ ਆਖ ਦੇਂਦੀ ਹਾਂ ਪਈ ਮੈਂ ਇੰਝ ਨਹੀਂ ਜੇ ਹੋਣ ਦੇਣਾ, ਆਪਣੇ ਜੀਂਦੇ ਜੀਅ

----

ਜ਼ਾਤ-ਪਾਤ ਦੀ ਹੈਂਕੜ ਮਰਦਾਵੀਂ ਸੋਚ ਵਿੱਚ ਹੀ ਵਧੇਰੇ ਹੈਉਹ ਹਰ ਹਾਲਤ ਵਿੱਚ ਆਪਣੀ ਇਹ ਹੈਂਕੜ ਕਾਇਮ ਰੱਖਣੀ ਚਾਹੁੰਦੇ ਹਨਉਨ੍ਹਾਂ ਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਹੁੰਦੀ ਕਿ ਉਨ੍ਹਾਂ ਦੇ ਇਸ ਤਰ੍ਹਾਂ ਕਰਨ ਨਾਲ ਹੋਰਨਾਂ ਲੋਕਾਂ ਦੀ ਜ਼ਿੰਦਗੀ ਵਿੱਚ ਮੁਸੀਬਤਾਂ ਪੈਦਾ ਹੋ ਜਾਣਗੀਆਂਇਸ ਨਾਟਕ ਦਾ ਇੱਕ ਵਾਰਤਾਲਾਪ ਇਸ ਤੱਥ ਨੂੰ ਹੋਰ ਵਧੇਰੇ ਸਪੱਸ਼ਟ ਕਰਦਾ ਹੈ:

ਬੀਵੀ: ਤੁਸੀਂ ਬੇਵੀ ਦੀ ਜ਼ਿੰਦਗੀ ਚ ਦਖ਼ਲ ਅੰਦਾਜ਼ੀ ਬੰਦ ਕਰੋ ਜੀਤੁਸੀਂ ਠੇਕਾ ਨਹੀਂ ਲੈ ਰੱਖਿਆ ਹਰ ਇੱਕ ਜੀਅ ਦੀ ਜ਼ਿੰਦਗੀ ਨੂੰ ਆਪਣੀ ਮਰਜ਼ੀ ਨਾਲ ਚਲਾਉਣ ਦਾ - ਨਾਲੇ ਬੇਵੀ ਹੁਣ ਸਿਆਣੀ ਹੋ ਗਈ ਹੈਨਿਆਣੀ ਨਹੀਂ ਰਹੀ

ਯੋਗਾ ਸਿੰਘ: ਹੂੰ - ਸਿਆਣੀ ਹੋ ਗਈ ਆ, ਓ ਮੈਂ ਵੱਢ ਕੇ ਰੱਖ ਦਿਆਂਗਾ ਵੱਡੀ ਸਿਆਣੀ ਨੂੰ - ਅਖੇ ਹੁਣ ਉਹ ਨਿਆਣੀ ਨਹੀਂ ਰਹੀਜੰਮ ਉੱਗਿਆ ਨਹੀਂ ਤੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਨੇਓ ਮੈਂ ਜੱਟ ਦਾ ਪੁੱਤ ਹੋ ਕੇ ਨੀਵੀਂ ਜ਼ਾਤ ਚ ਧੀ ਦੇ ਕੇ ਆਪਣਾ ਨੱਕ ਵਢਾ ਲਵਾਂ- !

ਬੀਵੀ: ਐ-ਹੈ-ਹੈ-ਹੈ (ਸਾਂਗ ਲਗਾ ਕੇ) ਨੱਕ ਵਢਾ ਲਵਾਂ - ਨਾ ਉਂਝ ਤਾਂ ਤੁਸੀਂ ਕਹਿੰਦੇ ਫਿਰਦੇ ਹੋ ਪਈ ਸਾਰੇ ਬੰਦੇ ਬਰਾਬਰ ਨੇ ਤੇ ਹੁਣ ਤੁਸੀਂ ਨੀਂਵੀਂ ਜ਼ਾਤ ਤੇ ਉੱਚੀ ਜ਼ਾਤ ਦਾ ਰੌਲਾ ਪਾਇਆ ਹੋਇਆ - ਨਾਂ ਮੈਂ ਪੁੱਛਦੀ ਆਂ ਜਦੋਂ ਤੁਸੀਂ ਮੈਨੂੰ ਪਹਿਲੀ ਵਾਰ ਮਿਲੇ ਸਉ ਲੋਕਲ ਬੱਸ ਵਿੱਚ ਸਫ਼ਰ ਕਰਦਿਆਂ - ਮੇਰੇ ਚੂੰਢੀ ਵੱਢੀ ਸੀ, ਉਦੋਂ ਸੋਚਿਆ ਸੀ ਪਈ ਮੇਰੀ ਜ਼ਾਤ ਕਿਹੜੀ ਹੈ? ਇਹ ਤਾਂ ਕੁਦਰਤੀ ਹੀ ਆਪਣੀ ਜ਼ਾਤ ਇੱਕੋ ਨਿਕਲ ਆਈ। - ਨਾ ਮੈਂ ਪੁੱਛਦੀ ਆਂ, ਮੈਨੂੰ ਇਹ ਦੱਸੋ ਪਈ ਭਲਾ ਮੁੰਡੇ ਵਿੱਚ ਨੁਕਸ ਕੀ ਐਪੜ੍ਹਿਆ ਲਿਖਿਆ ਏ, ਕਮਾਊ ਏ, ਸਾਊ ਏ ਸੋਹਣਾ ਏ ਸਨੁੱਖਾ ਏ ਤੇ ਨਾਲੇ ਆਪਣੀ ਧੀ ਨਾਲ ਜੱਚਦਾ ਏਤੁਸੀਂ ਦੱਸੋ, ਹੋਰ ਸਾਨੂੰ ਚਾਹੀਦਾ ਕੀ ਏ

----

ਨਾਟਕ ਦਾ ਇਹ ਵਾਰਤਾਲਾਪ ਪਰਵਾਸੀ ਪੰਜਾਬੀਆਂ ਦੀ ਮਾਨਸਿਕਤਾ ਦਾ ਇੱਕ ਹੋਰ ਪੱਖ ਵੀ ਉਜਾਗਰ ਕਰਦਾ ਹੈ: ਦੋਗਲਾਪਣਸਮਾਜ ਵਿੱਚ ਵਿਚਰਦਿਆਂ ਇਹ ਲੋਕ ਆਪਣੇ ਚਿਹਰਿਆਂ ਉੱਤੇ ਸਾਂਝੀਵਾਲਤਾਅਤੇ ਮਨੁੱਖੀ ਬਰਾਬਰਤਾਦਾ ਮੁਖੌਟਾ ਪਾਈ ਰੱਖਦੇ ਹਨ; ਪਰ ਨਿੱਜੀ ਜ਼ਿੰਦਗੀ ਦੇ ਫੈਸਲੇ ਲੈਣ ਲੱਗਿਆਂ ਇਨ੍ਹਾਂ ਉੱਤੇ ਜ਼ਾਤ-ਪਾਤ ਦਾ ਭੂਤ ਸਵਾਰ ਹੋ ਜਾਂਦਾ ਹੈਅਜਿਹੀ ਮਾਨਸਿਕਤਾ ਦਾ ਦਿਖਾਵਾ ਉਹ ਲੋਕ ਵੀ ਕਰਦੇ ਹਨ ਜੋ ਕਿ ਆਪਣੇ ਆਪਨੂੰ ਅਗਾਂਹਵਧੂ ਵਿਚਾਰਾਂ ਦੇ ਧਾਰਣੀ ਕਹਿੰਦੇ ਹਨਅਜਿਹੇ ਲੋਕ ਗੁਰਦੁਆਰਿਆਂ, ਮੰਦਰਾਂ, ਮਸਜਿਦਾਂ, ਗਿਰਜਿਆਂ, ਸਾਹਿਤ ਸਭਾਵਾਂ, ਸਭਿਆਚਾਰਕ ਅਤੇ ਸਮਾਜਿਕ ਇਕੱਠਾਂ ਵਿੱਚ ਖੜ੍ਹੇ ਹੋ ਕੇ ਕੈਨੇਡੀਅਨ ਸਮਾਜ ਅੰਦਰ ਹੋ ਰਹੇ ਵਿਤਕਰੇ ਅਤੇ ਨਸਲਵਾਦ ਦੀਆਂ ਗੱਲਾਂ ਤਾਂ ਕਰਦੇ ਹਨ ਪਰ ਉਨ੍ਹਾਂ ਨੂੰ ਇਸ ਗੱਲ ਬਾਰੇ ਸੋਚਣ ਦਾ ਕਦੀ ਮੌਕਾ ਨਹੀਂ ਮਿਲਦਾ ਕਿ ਉਹ ਆਪਣੀ ਨਿੱਜੀ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਦਾ ਵਿਤਕਰਾ ਕਰ ਰਹੇ ਹਨ

----

ਪਰਵਾਸੀ ਪੰਜਾਬੀ ਇਹ ਮਹਿਸੂਸ ਨਹੀਂ ਕਰਦੇ ਕਿ ਰੂੜੀਵਾਦੀ ਕਦਰਾਂ-ਕੀਮਤਾਂ ਦਾ ਜੋ ਕੂੜਾ-ਕਰਕਟ ਉਹ ਆਪਣੀ ਮਾਨਸਿਕਤਾ ਵਿੱਚ ਅਜੇ ਵੀ ਚੁੱਕੀ ਫਿਰਦੇ ਹਨ ਪੱਛਮੀ ਦੇਸ਼ਾਂ ਦੇ ਵਿਕਸਤ ਸਭਿਆਚਾਰਕ / ਸਮਾਜਿਕ ਮਾਹੌਲ ਵਿੱਚ ਉਨ੍ਹਾਂ ਲਈ ਰੌਜ਼ਾਨਾ ਜ਼ਿੰਦਗੀ ਵਿੱਚ ਕਿਸੇ ਤਰ੍ਹਾਂ ਵੀ ਸਹਾਈ ਨਹੀਂ ਹੋ ਸਕਦਾ; ਬਲਕਿ ਉਨ੍ਹਾਂ ਦੀ ਪਰਿਵਾਰਕ ਜ਼ਿੰਦਗੀ ਲਈ ਨਿੱਤ ਨਵੀਆਂ ਉਲਝਣਾਂ ਪੈਦਾ ਕਰੇਗਾਆਪਣੇ ਮਾਪਿਆਂ ਦੀ ਅਜਿਹੀ ਮਾਨਸਿਕਤਾ ਬਾਰੇ ਬੱਚੇ ਕਿਵੇਂ ਸੋਚਦੇ ਹਨ ਉਸਦਾ ਅੰਦਾਜ਼ਾ ਇਸ ਨਾਟਕ ਵਿਚਲੇ ਇਸ ਵਾਰਤਾਲਾਪ ਤੋਂ ਲਗਾਇਆ ਜਾ ਸਕਦਾ ਹੈ:

ਬੇਵੀ: ਪਤਾ ਨਹੀਂ, ਪਹਿਲਾਂ ਤਾ ਪਾਪਾ ਨੂੰ ਕੋਈ ਵੀ ਇਤਰਾਜ਼ ਜਿਹਾ ਲਗਦਾ - ਹੈ ਨਹੀਂ ਸੀ ਜਦ ਮੰਮੀ ਨੇ ਉਹਨਾਂ ਨਾਲ ਪਹਿਲਾਂ ਪਹਿਲਾਂ ਗੱਲ ਕੀਤੀ ਸੀਪਰ ਜਦ ਤੋਂ ਤੁਹਾਡੇ ਘਰਦਿਆਂ ਦੀ ਬੈਕਗਰਾਉਂਡ ਦਾ ਪਤਾ ਲੱਗਾ ਹੈ, ਉਦੋਂ ਤੋਂ ਹੀ ਬੱਸ ਦੀਵਾਰ ਜਿਹੀ ਬਣ ਕੇ ਰਹਿ ਗਏ ਹਨਕਹਿੰਦੇ ਨੇ ਇੱਜ਼ਤ ਨਹੀਂ ਰਹਿੰਦੀ - ਬਰਾਦਰੀ ਚ ਨੱਕ ਵੱਢਿਆ ਜਾਂਦਾ ਹੈ.

ਕਿਸ਼ਨ: ਹੂੰ - ਹੱਡ ਮਾਸ ਦਾ ਨੱਕ ਨਾ ਹੋਇਆ ਰਬੜ ਦਾ ਹੋ ਗਿਆ, ਕਦੀ ਲਹਿ ਗਿਆ ਤੇ ਕਦੀ ਰਹਿ ਗਿਆਵੀਹ ਸਾਲ ਹੋ ਗਏ ਨੇ ਤੇਰੇ ਪਾਪਾ ਨੂੰ ਕਨੇਡਾ ਚ ਰਹਿੰਦਿਆਂ ਪਰ ਰੂੜੀ ਦੀਆਂ ਪੰਡਾਂ ਬਾਰਾਂ ਹਜ਼ਾਰ ਮੀਲ ਦੂਰ, ਧਰਤੀ ਦੇ ਇਸ ਪਾਰ ਵੀ ਸਿਰ ਤੇ ਨਾਲ ਹੀ ਚੁੱਕੀ ਲਿਆਏ ਹਨਉਹੀ ਗਲ ਸੜ ਚੁੱਕੀ ਸੋਚ

ਬੇਵੀ: ਹੂੰ - (ਸਿਰਫ਼ ਹੂੰ ਕਹਿੰਦੀ ਹੈ ਨਫ਼ਰਤ ਨਾਲ ਤੇ ਨਰਾਜ਼ਗੀ ਨਾਲ)

ਕਿਸ਼ਨ: ਪਰ ਮੈਨੂੰ ਹੈਰਾਨੀ ਤਾਂ ਇਸ ਗੱਲ ਦੀ ਹੈ ਪਈ ਤੇਰੇ ਪਾਪਾ ਆਪਣੇ ਆਪ ਨੂੰ ਇੱਕ ਅਗਾਂਹਵਧੂ ਲੇਖਕ ਵੀ ਕਹਾਉਂਦੇ ਹਨ

----

ਬੱਚੇ ਆਪਣੇ ਮਾਪਿਆਂ ਦੇ ਦੋਗਲੇਪਣ ਨੂੰ ਨਫ਼ਰਤ ਕਰਦੇ ਹਨਮਾਪਿਆਂ ਦਾ ਅਜਿਹਾ ਦੋਗਲਾਪਣ ਉਨ੍ਹਾਂ ਦੇ ਆਪਣੇ ਹੀ ਬੱਚਿਆਂ ਨਾਲ ਬਣੇ ਸਬੰਧਾਂ ਦਰਮਿਆਨ ਇੱਕ ਦੀਵਾਰ ਬਣਕੇ ਖੜ੍ਹੋ ਜਾਂਦਾ ਹੈਮਾਪਿਆਂ ਦੀ ਹੌਲੀ ਹੌਲੀ ਆਪਣੇ ਹੀ ਬੱਚਿਆਂ ਨਾਲ ਬੇਗਾਨਗੀ ਪੈਦਾ ਹੋ ਜਾਂਦੀ ਹੈਕੁਝ ਸਮੇਂ ਬਾਹਦ ਇਹੀ ਬੇਗਾਨਗੀ ਇੱਕ ਦੂਜੇ ਲਈ ਨਫ਼ਰਤ ਦਾ ਰੂਪ ਵਟਾ ਲੈਂਦੀ ਹੈਇਨ੍ਹਾਂ ਵਿਚਾਰਾਂ ਦੀ ਹੀ ਪੁਸ਼ਟੀ ਕਰ ਰਿਹਾ ਹੈ, ਇਸ ਨਾਟਕ ਵਿਚਲਾ ਇਹ ਵਾਰਤਾਲਾਪ:

ਕਿਸ਼ਨ: (ਸੋਚਦਿਆਂ ਹੋਇਆਂ) ਹੂੰ - ਇਕ ਸੱਚੇ ਇਨਸਾਨ ਦੀ ਕਹਿਣੀ ਤੇ ਕਰਨੀ ਵਿੱਚ ਫਰਕ ਨਹੀਂ ਹੁੰਦਾ - ਜਦ ਤੱਕ ਬੰਦਾ ਸੱਚ ਤੇ ਨਹੀਂ ਖਲੋਂਦਾ - ਸਚਾਈ ਤੇ ਪਹਿਰਾ ਨਹੀਂ ਦਿੰਦਾ, ਉਹ ਜੋ ਮਰਜ਼ੀ ਪਿਆ ਕਹੀ ਜਾਵੇ ਜਾਂ ਲਿਖੀ ਜਾਵੇ, ਕੁਝ ਅਰਥ ਨਹੀਂ ਰੱਖਦਾਪਰਖ ਤਾਂ ਅਮਲਾਂ ਤੋਂ ਹੀ ਹੁੰਦੀ ਹੈ - ਸ਼ੁਭ ਕਰਮਾਂ ਬਾਝਹੋਂ ਦੋਨੋਂ ਰੋਈ-

ਬੇਵੀ: (ਉਸੇ ਅੰਦਾਜ਼ ਚ) ਹਾਂ, ਸੱਚ ਦਾ ਮਾਰਗ ਔਖਾ ਹੈਬਹੁਤ ਕੁਝ ਦੇਣਾ ਪੈਂਦਾ ਹੈਸੱਚੇ ਮਾਰਗ ਚਲਦਿਆਂ - ਉਸਤਤ ਐਵੇਂ ਨਹੀਂ ਝੋਲੀ ਪੈ ਜਾਂਦੀਮੇਰੇ ਪਾਪਾ ਅਸਲ ਵਿੱਚ ਇਕ ਸੈਲਫਿਸ਼ ਇਨਸਾਨ ਤੋਂ ਵੱਧ ਕੇ ਹੋਰ ਕੁਝ ਵੀ ਨਹੀਂਜਦ ਆਪਣੇ ਹਿੱਤ ਵਿਚ ਗੱਲ ਕੀਤੀ ਜਾਂਦੀ ਸੀ ਤਾਂ ਲਵ-ਮੈਰਿਜ ਦੇ ਹੱਕ ਵਿੱਚ ਸਨ ਤੇ ਜਦ ਹੁਣ ਆਪਣੀ ਹਉਮੈ ਭੁਰਦੀ ਹੈ ਤਾਂ ਸਾਡੇ ਪਿਆਰ ਦੇ ਵਿਰੁੱਧਉਂਝ ਦਾਜ ਦੇ ਵਿਰੁੱਧ ਬੋਲਣਾ ਤੇ ਲਿਖਣਾ ਪਰ ਜਦ ਆਪਣਾ ਵਿਆਹ ਕਰਵਾਇਆ ਤਾਂ ਚੁੱਪ-ਚਾਪ ਸਭ ਕੁਝ ਲੈ ਦੇ ਲਿਆ ਚੰਗਾ ਨਾਮ ਤੇ ਜਸ ਖੱਟਣ ਲਈ ਸਾਹਿਤ ਸਭਾ ਚ ਜਾ ਕੇ ਔਰਤਾਂ ਦੀ ਗੱਲ ਕਰਨੀ (ਰੋ ਕੇ ਬੋਲਦੀ ਹੈ) ਤੇ ਘਰ ਵਿੱਚ - ਘਰ ਵਿੱਚ ਜੋ ਕੁਝ ਮੇਰੀ ਮੰਮੀ ਨਾਲ ਹੁੰਦਾ ਹੈ ਮੈਂ ਹੀ ਜਾਣਦੀ ਹਾਂ

----

ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਯੋਰਪ ਦੇ ਹੋਰਨਾਂ ਦੇਸ਼ਾਂ ਵਿੱਚ ਰਹਿ ਰਹੇ ਪਰਵਾਸੀ ਪੰਜਾਬੀਆਂ ਲਈ ਬੱਚਿਆਂ ਦੇ ਵਿਆਹਾਂ ਦਾ ਮਸਲਾ ਇੱਕ ਵੱਡੀ ਸਮੱਸਿਆ ਹੈਜ਼ਾਤ-ਪਾਤ ਦੀ ਹੈਂਕੜ ਅਤੇ ਧਰਮ, ਰੰਗ, ਨਸਲ ਦੇ ਵਿਤਕਰਿਆਂ ਕਾਰਨ ਅਨੇਕਾਂ ਪਰਵਾਸੀ ਪੰਜਾਬੀ ਮਾਪੇ ਆਪਣੀਆਂ ਹੀ ਧੀਆਂ ਦੇ ਕਤਲ ਕਰ ਰਹੇ ਹਨ - ਸਿਰਫ ਇਸ ਲਈ ਕਿ ਵਿਆਹਾਂ ਦੇ ਮੁਆਮਲੇ ਵਿੱਚ ਧੀਆਂ ਆਪਣੀ ਮਨ-ਮਰਜ਼ੀ ਕਰਨਾ ਚਾਹੁੰਦੀਆ ਸਨ; ਪਰ ਅਜਿਹਾ ਕਰਨ ਨਾਲ ਮਾਪਿਆਂ ਦਾ ਨੱਕ ਵੱਢਿਆ ਗਿਆ ਸੀਉਹ ਸਮਾਜ ਵਿੱਚ ਆਪਣਾ ਮੂੰਹ ਦਿਖਾਣ ਜੋਗੇ ਨਹੀਂ ਰਹਿ ਗਏ ਸਨਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾਨਾਟਕ ਦੇ ਕੁਝ ਮਰਦ ਪਾਤਰ ਵੀ ਅਜਿਹੀ ਹੀ ਸੋਚ ਰੱਖਦੇ ਹਨ:

ਯੋਗਾ ਸਿੰਘ: ਹੱਲ ਹੈ ਪ੍ਰੀਤਮ ਸਿਆਂ; ਹੱਲ ਹੈਇੱਕ ਵਾਰ ਇੰਡੀਆ ਪਹੁੰਚ ਗਈ ਤਾਂ ਸਮੱਸਿਆ ਦਾ ਹੱਲ ਆਪੇ ਹੋ ਜਾਊਨਾ ਰਹੇਗਾ ਬਾਂਸ ਤੇ ਨਾ ਵੱਜੂਗੀ ਬਾਂਸਰੀ

ਪ੍ਰੀਤਮ: ਬਾਈ ਸਿਹਾਂ, ਮੈਂ ਤੇਰਾ ਮਤਲਬ ਨਹੀਂ ਸਮਝਿਆ -

ਯੋਗਾ ਸਿੰਘ: ਮਤਲਬ ਬੜਾ ਸਿੱਧਾ ਹੈ ਪ੍ਰੀਤਮ ਸਿਆਂ, ਤੂੰ ਤਾਂ ਆਪਣਾ ਯਾਰ ਐਂ - ਤੇ ਤੈਥੋਂ ਕਾਅਦਾ ਲੋਕੋ - ਉਏ ਇਕ ਵਾਰੀ ਇੰਡੀਆ ਪਹੁੰਚ ਗਈ ਨਾ, ਮੈਂ ਤਾਂ ਇਹਦੀ (ਹੌਲੀ ਆਵਾਜ਼ ਵਿੱਚ ਪ੍ਰੀਤਮ ਸਿੰਘ ਦੇ ਨੇੜੇ ਹੋ ਕੇ ਉਸ ਦੇ ਕੰਨ ਵਿੱਚ ਕਹਿੰਦਾ ਹੈ) ਧੌਣ ਵਢਾ ਦੇਣੀ ਆ - ਮੈਨੂੰ ਇੱਜ਼ਤ ਪਿਆਰੀ ਆ ਇੱਜ਼ਤ

ਪ੍ਰੀਤਮ ਸਿੰਘ: ਹੂੰ (ਹੈਰਾਨੀ ਨਾਲ ਤ੍ਰਬਕ ਕੇ ਜਿਵੇਂ ਕੋਈ ਝਟਕਾ ਲੱਗਾ ਹੁੰਦਾ ਹੈ ਤੇ ਨਸ਼ਾ ਲਹਿ ਗਿਆ ਹੁੰਦਾ ਹੈ) ਉਏ ਤੂੰ ਬੇਵੀ ਨੂੰ ਜਾਨੋਂ ਮਾਰ ਦੇਵੇਂਗਾ

ਯੋਗਾ ਸਿੰਘ: (ਡਰਿੰਕ ਇੱਕੋ ਡੀਕ ਚ ਖਤਮ ਕਰਦਾ ਹੈ ਤੇ ਗਲਾਸ ਨੂੰ ਮੇਜ਼ ਤ ਪਟਕਾ ਕੇ ਰੱਖਦਾ ਹੈ) ਹਾਂ ਹਾਂ - ਹਾਂ ਮੈਂ ਇਸ ਬੇਜ਼ਤੀ ਦੀ ਜ਼ਿੰਦਗੀ ਨਾਲੋਂ ਉਸ ਨੂੰ ਜਾਨੋਂ ਮਾਰ ਦੇਣਾ ਬੇਹਤਰ ਸਮਝਦਾ ਹਾਂ

----

ਜਿਨ੍ਹਾਂ ਹਾਲਤਾਂ ਵਿੱਚ ਪਰਵਾਸੀ ਪੰਜਾਬੀ ਮਾਪੇ ਧੀਆਂ ਨੂੰ ਕਤਲ ਕਰਨ ਦੀ ਨੌਬਤ ਤੱਕ ਨਹੀਂ ਪਹੁੰਚਦੇ, ਉਨ੍ਹਾਂ ਹਾਲਤਾਂ ਵਿੱਚ ਉਹ ਧੀਆਂ ਉੱਤੇ ਅਨੇਕਾਂ ਤਰ੍ਹਾਂ ਦੀਆ ਬੰਦਿਸ਼ਾਂ ਲਗਾਉਂਦੇ ਹਨ ਅਤੇ ਉਨ੍ਹਾਂ ਦੀ ਸਰੀਰਕ ਮਾਰ-ਕੁੱਟ ਵੀ ਕੀਤੀ ਜਾਂਦੀ ਹੈਪਰਵਾਸੀ ਪੰਜਾਬੀ ਨੌਜਵਾਨ ਔਰਤਾਂ ਨਾਲ ਹੁੰਦੇ ਅਜਿਹੇ ਦੁਰ-ਵਿਵਹਾਰ ਬਾਰੇ ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਵਿੱਚ ਕਾਫੀ ਪੰਜਾਬੀ ਸਾਹਿਤ ਰਚਿਆ ਗਿਆ ਹੈਇਹ ਮਸਲਾ ਕੈਨੇਡਾ ਦੀ ਪਾਰਲੀਮੈਂਟ ਵਿੱਚ ਪੰਜਾਬੀ ਮੂਲ ਦੇ ਪਾਰਲੀਮੈਂਟ ਮੈਂਬਰਾਂ ਵੱਲੋਂ ਵੀ ਉਠਾਇਆ ਜਾਂਦਾ ਰਿਹਾ ਹੈਪਰ ਸਮੁੱਚੀ ਪਰਵਾਸੀ ਪੰਜਾਬੀ ਕਮਿਊਨਿਟੀ ਵੱਲੋਂ ਇਸ ਸਮੱਸਿਆ ਦੀ ਗੰਭੀਰਤਾ ਨੂੰ ਅਜੇ ਤੀਕ ਸਮਝਿਆ ਨਹੀਂ ਗਿਆ

----

ਪਰਵਾਸੀ ਪੰਜਾਬੀਆਂ ਦੀਆਂ ਅਨੇਕਾਂ ਸਮਾਜਿਕ / ਸਭਿਆਚਾਰਕ ਸਮੱਸਿਆਵਾਂ ਦੇ ਓਨੀ ਦੇਰ ਤੱਕ ਹੱਲ ਨਹੀਂ ਲੱਭੇ ਜਾ ਸਕਦੇ ਜਿੰਨੀ ਦੇਰ ਤੱਕ ਪਰਵਾਸੀ ਪੰਜਾਬੀ ਮਰਦਾਂ ਦੀ ਸੋਚ ਵਿੱਚ ਤਬਦੀਲੀ ਨਹੀਂ ਆਉਂਦੀ; ਜਦੋਂ ਤੱਕ ਪਰਵਾਸੀ ਪੰਜਾਬੀ ਮਰਦ ਔਰਤ ਨੂੰ ਬਰਾਬਰੀ ਦਾ ਦਰਜਾ ਨਹੀਂ ਦਿੰਦੇ

ਮਰਦ-ਔਰਤ ਦੀ ਬਰਾਬਰੀ ਦਾ ਮਤਲਬ ਹੈ ਕਿ ਔਰਤ ਵੀ ਮਰਦ ਦੇ ਬਰਾਬਰ ਸਾਹਿਤਕ / ਸਮਾਜਿਕ / ਸਭਿਆਚਾਰਕ / ਰਾਜਨੀਤਿਕ / ਆਰਥਿਕ ਸੰਸਥਾਵਾਂ ਵਿੱਚ ਹਿੱਸਾ ਲਵੇਜਿੱਥੇ ਔਰਤ ਦੀ ਰੌਜ਼ਾਨਾ ਨੂੰ ਜ਼ਿੰਦਗੀ ਪ੍ਰਭਾਵਤ ਕਰਨ ਵਾਲੀਆਂ ਕਦਰਾਂ-ਕੀਮਤਾਂ ਦਾ ਲੇਖਾ-ਜੋਖਾ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਹੈਇਸ ਨੁਕਤੇ ਉੱਤੇ ਆ ਕੇ ਵੀ ਕਈ ਵਾਰੀ ਸਥਿਤੀ ਬੜੀ ਹਾਸੋਹੀਣੀ ਹੋ ਜਾਂਦੀ ਹੈਮਰਦ ਹੋਰਨਾਂ ਲੋਕਾਂ ਦੇ ਘਰਾਂ ਦੀਆਂ ਔਰਤਾਂ ਨੂੰ ਅਜਿਹੀਆਂ ਸੰਸਥਾਵਾਂ ਵਿੱਚ ਸ਼ਮੂਲੀਅਤ ਕਰਨ ਦੀ ਇਜਾਜ਼ਤ ਦੇਣ ਲਈ ਤਿਆਰ ਹੋ ਜਾਂਦੇ ਹਨ - ਪਰ ਆਪਣੇ ਘਰ ਦੀਆਂ ਔਰਤਾਂ ਨੂੰ ਅਜਿਹੀ ਇਜਾਜ਼ਤ ਦੇਣ ਦੇ ਹੱਕ ਵਿੱਚ ਨਹੀਂ ਹੁੰਦੇਕਿਉਂਕਿ ਉਨ੍ਹਾਂ ਦੇ ਆਪਣੇ ਘਰਾਂ ਵਿੱਚ ਵਾਪਰਦੀਆਂ ਮਾੜੀਆਂ ਗੱਲਾਂ ਦਾ ਜਨਤਕ ਇਕੱਠ ਵਿੱਚ ਚਰਚਾ ਦਾ ਵਿਸ਼ਾ ਬਣ ਜਾਣ ਦਾ ਡਰ ਪੈਦਾ ਹੋ ਜਾਂਦਾ ਹੈਮਰਦਾਵੀਂ ਸੋਚ ਦਾ ਦੋਗਲਾਪਣ ਦਿਖਾਣ ਲਈ ਇਸ ਨਾਟਕ ਵਿੱਚ ਪੇਸ਼ ਕੀਤਾ ਗਿਆ ਇੱਕ ਨਾਟਕੀ ਦ੍ਰਿਸ਼ ਪੇਸ਼ ਹੈ:

ਯੋਗਾ ਸਿੰਘ: (ਥੋੜ੍ਹਾ ਗੁੱਸੇ ਤੇ ਹੈਰਾਨੀ ਨਾਲ ਦੇਖਦਾ ਹੋਇਆ ਬੋਲਦਾ ਹੈ) ਉਏ ਏਥੇ ਕੀ ਕਰਨ ਆਈ ਏਂ - ਤੂੰ ਘਰ ਚੱਲ, ਐਵੇਂ ਬੰਦਿਆਂ ਦੀਆਂ ਬੈਠਕਾਂ ਚ ਨਹੀਂ ਆਈਦਾ ਹੁੰਦਾ - ਬੁੜੀਆਂ ਦਾ ਕੰਮ ਹੈ ਘਰੇ ਬੈਠਣ, ਚੱਲ-ਚੱਲ, ਘਰੇ ਚੱਲ-

ਬਜ਼ੁਰਗ: ਯੋਗਾ ਸਿਹਾਂ ਹੁਣੇ ਤਾਂ ਤੂੰ ਕਹਿ ਰਿਹਾ ਸੀ ਪਈ ਔਰਤਾਂ ਨੂੰ ਵੀ ਇਥੇ ਆਉਣਾ ਚਾਹੀਦਾ ਹੈ

ਯੋਗਾ ਸਿੰਘ: ਬਾਬਾ ਜੀ ਮੈਂ ਕੋਈ ਆਪਣੀ ਘਰਵਾਲੀ ਦੀ ਗੱਲ ਤਾਂ ਨਹੀਂ ਸੀ ਕਰ ਰਿਹਾਮੇਰਾ ਮਤਲਬ ਹੋਰ ਐ- (ਗ਼ਲਤੀ ਮਹਿਸੂਸ ਕਰਦੇ ਹੋਏ ਕਿ ਮੈਂ ਕੀ ਬੋਲ ਗਿਆ ਹਾਂ) ਬਾਬਾ ਜੀ ਤੁਸੀਂ ਤਾਂ ਆਪ ਸਿਆਣੇ ਹੋਔਰਤ ਤਾਂ ਘਰ ਦੀ ਇੱਜ਼ਤ ਹੁੰਦੀ ਹੈਨਾਲੇ ਮੈਂ ਨਹੀਂ ਚਾਹੁੰਦਾ, ਸਾਡੀ ਸਾਹਿਤ ਸਭਾ ਦੀ ਕਾਰਵਾਈ ਚ ਕੋਈ ਵਿਘਨ ਪਵੇ, ਆਪਾਂ ਅਜੇ ਬਹੁਤ ਸਾਰੇ ਕੰਮ ਪੂਰੇ ਕਰਨੇ ਹਨ

ਬਜ਼ੁਰਗ: ਯਾਨੀ ਤੇਰਾ ਮਤਲਬ ਹੈ ਕਿ ਦੂਸਰਿਆਂ ਦੀਆਂ ਤੀਵੀਆਂ ਤਾਂ ਸਭਾ ਚ ਆ ਜਾਣ, ਪਰ ਤੇਰੇ ਘਰ ਦੀਆਂ ਔਰਤਾਂ ਏਥੇ ਨਾ ਆ ਸਕਣ, ਘਰ ਵਿੱਚ ਇੱਜ਼ਤਾਂ ਬਣ ਕੇ ਸਜੀਆਂ ਰਹਿਣਨਾ ਬਈ- ਅੱਜ ਤਾਂ ਬੀਬਾ ਜੀ ਏਥੇ ਬੈਠਣਗੇ ਤੇ ਆਪਣੀ ਗੱਲ ਵੀ ਦੱਸਣਗੇਪ੍ਰਧਾਨ ਸਾਹਿਬ ਤੇ ਸੈਕਟਰੀ ਜੀ ਦੀ ਇਜਾਜ਼ਤ ਪਹਿਲਾਂ ਹੀ ਲੈ ਲਈ ਗਈ ਹੈ ਇਸ ਮਾਮਲੇ ਵਿੱਚ - ਵੈਸੇ ਵੀ ਇਹ ਇਕ ਜਨਤਕ ਜੱਥੇਬੰਦੀ ਹੈ, ਕਿਸੇ ਕਾਰਪੋਰੇਸ਼ਨ ਡਾਇਰੈਕਟੋਰੇਟ ਜਨਰਲ ਦੀ ਮੀਟਿੰਗ ਨਹੀਂ ਕਿ ਜਨ ਸਾਧਾਰਨ ਆ ਕੇ ਗੱਲ ਹੀ ਨਹੀਂ ਕਰ ਸਕਦਾ

ਪ੍ਰਧਾਨ: (ਬੀਵੀ ਨੂੰ ਮੁਖਾਤਿਬ ਹੋ ਕੇ) ਹਾਂ ਬੀਬਾ ਜੀ, ਤੁਸੀਂ ਹੀ ਸ਼ੁਰੂ ਕਰੋ

ਬੀਵੀ: ਮੈਂ ਤਾਂ ਜੀ, ਏਥੇ ਆਉਣਾ ਨਹੀਂ ਸੀ ਚਾਹੁੰਦੀਪਰ ਜਦੋਂ ਕੁੜੀ ਨੇ ਖ਼ੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੋਈ ਚਾਰਾ ਬਾਕੀ ਨਹੀਂ ਰਿਹਾ - ਤੁਹਾਡਾ ਸਭ ਦਾ ਸ਼ੁਕਰ ਹੈ ਜੋ ਤੁਸੀਂ ਮੇਰੀ ਨਿਮਾਣੀ ਦੀ ਸੁਣ ਰਹੇ ਹੋ

ਪ੍ਰਧਾਨ: ਸ਼ੁਕਰਾਨੇ ਵਾਲੀ ਬੀਬਾ ਜੀ ਕੋਈ ਗੱਲ ਨਹੀਂ ਹੈਦੁੱਖ-ਸੁੱਖ ਵੇਲੇ ਭਾਈਚਾਰਾ ਹੀ ਤਾਂ ਕੰਮ ਆਉਂਦਾ ਹੈ

ਬੀਵੀ: (ਰੋਂਦੀ ਹੋਈ ਆਵਾਜ਼ ਚ) ਮੈਂ ਆਪਣੀ ਤਾਂ ਉਮਰ ਕੱਢ ਲਈ ਹੈ ਰੋ ਕੁਰਲਾ ਕੇਆਪਣੀ ਦੀ ਤਾਂ ਮੈਨੂੰ ਕੋਈ ਪ੍ਰਵਾਹ ਨਹੀਂ ਪਰ ਹੁਣ ਧੀ ਦੀ ਜ਼ਿੰਦਗੀ ਬਰਬਾਦ ਹੁੰਦੀ ਨਹੀਂ ਦੇਖ ਸਕਦੀ

ਨਾਟਕ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾਵਿੱਚ ਹਰਕੰਵਲਜੀਤ ਸਾਹਿਲ ਨੇ ਹੋਰ ਵੀ ਕੁਝ ਵਿਸ਼ਿਆਂ ਨੂੰ ਆਪਣੀ ਚਰਚਾ ਦਾ ਵਿਸ਼ਾ ਬਣਾਇਆ ਹੈਜਿਵੇਂ ਕਿ ਪਰਵਾਸੀ ਪੰਜਾਬੀਆਂ ਵੱਲੋਂ ਆਪਣੀਆਂ ਪਤਨੀਆਂ ਦੀ ਕੁੱਟਮਾਰ, ਨਸਲਵਾਦ ਦੀ ਸਮੱਸਿਆ, ਮੁਖੌਟਾਧਾਰੀ ਅਗਾਂਹਵਧੂ ਲੇਖਕਾਂ ਦਾ ਸਮਾਜਿਕ ਕਿਰਦਾਰ, ਮਨੁੱਖੀ ਅਧਿਕਾਰਾਂ ਦਾ ਮਸਲਾ, ਕੰਮਾਂ ਉੱਤੇ ਰੰਗ, ਨਸਲ ਦੇ ਆਧਾਰ ਉੱਤੇ ਹੁੰਦਾ ਵਿਤਕਰਾ ਆਦਿ; ਪਰ ਨਾਟਕਕਾਰ ਦਾ ਸਾਰਾ ਧਿਆਨ ਨਾਟਕ ਵਿਚਲੀ ਮੂਲ ਸਮੱਸਿਆ ਉੱਤੇ ਹੀ ਕੇਂਦਰਤ ਰਹਿੰਦਾ ਹੈਕਿਉਂਕਿ ਜ਼ਾਤ-ਪਾਤ ਦੀ ਹੈਂਕੜ ਹੀ ਬਾਕੀ ਸਾਰੀਆਂ ਸਮਾਜਿਕ / ਸਭਿਆਚਾਰਕ ਸਮੱਸਿਆਵਾਂ ਦੇ ਉਤਪੰਨ ਹੋਣ ਲਈ ਜ਼ਿੰਮੇਵਾਰ ਬਣਦੀ ਹੈ

----

ਜ਼ਾਤ-ਪਾਤ ਦੀ ਸਮੱਸਿਆ ਮਹਿਜ਼ ਵਿਆਹਾਂ ਵੇਲੇ ਹੀ ਖਤਰਨਾਕ ਰੂਪ ਨਹੀਂ ਧਾਰਦੀ; ਬਲਕਿ ਜ਼ਾਤ-ਪਾਤ ਦੀ ਹੈਂਕੜ ਨਾਲ ਭਰੇ ਅਨੇਕਾਂ ਪਰਵਾਸੀ ਪੰਜਾਬੀ ਲੇਖਕ, ਸਭਿਆਚਾਰਕ ਕਾਮੇ, ਰਾਜਨੀਤੀਵਾਨ, ਧਾਰਮਿਕ ਚੌਧਰੀ ਅਤੇ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਵਾਲੇ ਅਹੁਦਿਆਂ ਉੱਤੇ ਬਿਰਾਜਮਾਨ ਹੋਏ ਲੋਕ ਵੀ ਆਪਣਾ ਜ਼ਾਤ-ਪਾਤ ਆਧਾਰਤ ਵਿਤਕਰੇ ਵਾਲਾ ਵਰਤਾਓ ਕਰਨਾ ਜਾਰੀ ਰੱਖਦੇ ਹਨ

----

ਹਰਕੰਵਲਜੀਤ ਸਾਹਿਲ ਨੇ ਇਸੁ ਗਰਬ ਤੇ ਚਲਹਿ ਬਹੁਤੁ ਵਿਤਕਰਾਨਾਟਕ ਨੂੰ ਪੁਸਤਕ ਰੂਪ ਵਿੱਚ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਇਹ ਨਾਟਕ ਲੋਕਾਂ ਸਾਹਮਣੇ ਪੇਸ਼ ਵੀ ਕੀਤਾ ਸੀਪਰਵਾਸੀ ਪੰਜਾਬੀਆਂ ਸਾਹਮਣੇ ਪੇਸ਼ ਇੱਕ ਅਹਿਮ ਸਮੱਸਿਆ ਨੂੰ ਸਾਹਿਤ ਦੇ ਇੱਕ ਰੂਪ ਵਜੋਂ ਪੁਸਤਕ ਰੂਪ ਵਿੱਚ ਪ੍ਰਕਾਸ਼ਿਤ ਕਰਕੇ ਹਰਕੰਵਲਜੀਤ ਸਾਹਿਲ ਨੇ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਜ਼ਿਕਰਯੋਗ ਵਾਧਾ ਕੀਤਾ ਹੈ

ਇਸ ਪੁਸਤਕ ਦੇ ਪ੍ਰਕਾਸ਼ਿਤ ਹੋਣ ਨਾਲ ਹਰਕੰਵਲਜੀਤ ਸਾਹਿਲ ਕੈਨੇਡੀਅਨ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਇੱਕ ਚੇਤੰਨ, ਅਗਾਂਹਵਧੂ ਅਤੇ ਜਿੰਮੇਵਾਰ ਰੰਗਕਰਮੀ ਵਜੋਂ ਆਪਣੀ ਪਹਿਚਾਣ ਬਣਾਉਣ ਵਿੱਚ ਕਾਮਯਾਬ ਹੋਇਆ ਹੈ


No comments: