ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ
ਕੈਨੇਡਾ ਦੇ 57 ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਸਮੀਖਿਆ ਦੀ ਕਿਤਾਬ 'ਕੈਨੇਡੀਅਨ ਪੰਜਾਬੀ ਸਾਹਿਤ' ਨੂੰ ਖ਼ਰੀਦਣ ਲਈ ਬਲੌਗ 'ਤੇ ਦਿੱਤੇ ਐਡਰੈਸ 'ਤੇ ਈਮੇਲ ਕਰੋ। ਸ਼ੁਕਰੀਆ।

ਤੁਹਾਡੇ ਧਿਆਨ ਹਿੱਤ - ਜ਼ਰੂਰੀ ਸੂਚਨਾ

ਸੂਚਨਾ: ਪ੍ਰਕਾਸ਼ਕ ਦੀ ਤਲਾਸ਼ :

ਆਪਣੀ ਹੁਣੇ ਇੰਡੀਆ ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ)’ ਨੂੰ ਮੈਂ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਕੈਨੇਡਾ ਵਿੱਚ ‘‘Canadian Punjabi Literature (Commentary)’’ ਨਾਮ ਦੀ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਨਾ ਚਾਹੁੰਦਾ ਹਾਂ। ਮੈਂ ਕਿਸੀ ਵਧੀਆ ਕੈਨੇਡੀਅਨ ਪ੍ਰਕਾਸ਼ਕ ਦੀ ਤਲਾਸ਼ ਕਰ ਰਿਹਾ ਹਾਂ। ਜੇਕਰ ਤੁਸੀਂ ਕਿਸੀ ਅਜਿਹੇ ਵਧੀਆ ਕੈਨੇਡੀਅਨ ਪ੍ਰਕਾਸ਼ਕ ਦਾ ਨਾਮ ਜਾਣਦੇ ਹੋ ਜੋ ਮੇਰੀ ਪੁਸਤਕ ਪ੍ਰਕਾਸ਼ਿਤ ਕਰ ਸਕਦਾ ਹੋਵੇ ਤਾਂ ਮੈਂ ਉਸ ਪ੍ਰਕਾਸ਼ਕ ਦਾ ਨਾਮ ਜਾਨਣਾ ਚਾਹਾਂਗਾ।

Sukhinder

Editor: SANVAD

Box 67089, 2300 Yonge St.

Toronto ON M4P 1E0

Tel. (416) 858-7077

Email: poet_sukhinder@hotmail.com

http://www.canadianpunjabiliterature.blogspot.com/Friday, July 31, 2009

ਸੁਖਿੰਦਰ - ਲੇਖ

ਜ਼ਾਤ-ਪਾਤ ਦੀ ਹੈਂਕੜ ਤੋੜਦਾ ਰੰਗ-ਮੰਚ ਹਰਕੰਵਲਜੀਤ ਸਾਹਿਲ

ਲੇਖ

ਰੰਗ-ਮੰਚ ਵਿਚਾਰਾਂ ਦੇ ਸੰਚਾਰ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਹੈ; ਕਿਉਂਕਿ ਇਹ ਮਾਧਿਅਮ ਅਨੇਕਾਂ ਸੰਚਾਰ ਵਿਧੀਆਂ ਦਾ ਇੱਕ ਭਰਵਾਂ ਸੁਮੇਲ ਬਣ ਕੇ ਆਪਣਾ ਕਾਰਜ ਕਰਦਾ ਹੈਇਸ ਕਾਰਜ ਨੂੰ ਅਰਥ ਭਰਪੂਰ ਬਣਾਉਣ ਲਈ ਅਨੇਕਾਂ ਭਾਸ਼ਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ: ਸ਼ਬਦਾਂ ਦੀ ਭਾਸ਼ਾ, ਸੰਗੀਤ ਦੀ ਭਾਸ਼ਾ, ਰੰਗਾਂ ਦੀ ਭਾਸ਼ਾ, ਨ੍ਰਿਤ ਦੀ ਭਾਸ਼ਾ ਅਤੇ ਤਕਨਾਲੋਜੀ ਗਿਆਨ-ਵਿਗਿਆਨ ਦੀ ਭਾਸ਼ਾ

----

ਵਿਚਾਰਾਂ ਨੂੰ ਅਰਥ ਭਰਪੂਰ ਅਤੇ ਬਹੁ-ਦਿਸ਼ਾਵੀ ਬਣਾਉਣ ਲਈ ਸ਼ਬਦਾਂ ਦੀ ਵਰਤੋਂ ਕਰਨ ਦੇ ਨਾਲ ਨਾਲ, ਮਨੁੱਖੀ ਸਰੀਰ ਦੀਆਂ ਹਰਕਤਾਂ ਅਤੇ ਚਿਹਰੇ ਉੱਤੇ ਪੈਦਾ ਹੁੰਦੇ ਪ੍ਰਭਾਵਾਂ ਦੀ ਵੀ ਵਰਤੋਂ ਕੀਤੀ ਜਾਂਦੀ ਹੈਮਨੁੱਖੀ ਭਾਵਨਾਵਾਂ ਦਾ ਸੰਚਾਰ ਕਰਦਿਆਂ ਸ਼ਬਦ ਅਧੂਰੇ ਰਹਿ ਜਾਂਦੇ ਹਨ; ਇਸ ਅਧੂਰੇਪਨ ਨੂੰ ਸੰਪੂਰਨਤਾ ਤੱਕ ਪਹੁੰਚਾਉਣ ਲਈ ਸ਼ਬਦਾਂ ਵਿਚਾਲੇ ਪੈਦਾ ਕੀਤਾ ਗਿਆ ਵਕਫ਼ਾ ਮੱਦਦ ਕਰਦਾ ਹੈ

----

ਕੈਨੇਡੀਅਨ ਪੰਜਾਬੀ ਰੰਗਮੰਚਕਰਮੀ ਹਰਕੰਵਲਜੀਤ ਸਾਹਿਲ ਨੇ ਪਰਵਾਸੀ ਪੰਜਾਬੀਆਂ ਨੂੰ ਜ਼ਾਤ-ਪਾਤ ਦੀ ਮਾਨਸਿਕ ਬੀਮਾਰੀ ਕਾਰਨ ਪੇਸ਼ ਆ ਰਹੀਆਂ ਸਮਾਜਿਕ ਅਤੇ ਸਭਿਆਚਾਰਕ ਸਮੱਸਿਆਵਾਂ ਬਾਰੇ ਲੋਕ-ਚੇਤਨਾ ਪੈਦਾ ਕਰਨ ਲਈ 2001 ਵਿੱਚ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾਨਾਮ ਦਾ ਇੱਕ ਨਾਟਕ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਸੀ

----

ਭਾਰਤੀ ਮੂਲ ਦੇ ਲੋਕਾਂ ਵਿੱਚ ਜ਼ਾਤ-ਪਾਤ ਦਾ ਹੰਕਾਰ ਸਦੀਆਂ ਤੋਂ ਮਨੁੱਖੀ ਤਬਾਹੀ ਮਚਾਉਂਦਾ ਆ ਰਿਹਾ ਹੈ ਭਾਰਤੀ ਮੂਲ ਦੇ ਲੋਕ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਚਲੇ ਜਾਣ ਇਸ ਭਿਆਨਕ ਮਾਨਸਿਕ ਬੀਮਾਰੀ ਦੇ ਕੀਟਾਣੂੰ ਉਨ੍ਹਾਂ ਦੀ ਮਾਨਸਿਕਤਾ ਵਿੱਚ ਉਨ੍ਹਾਂ ਦੇ ਨਾਲ ਹੀ ਜਾਂਦੇ ਹਨਪਰਵਾਸੀ ਪੰਜਾਬੀਆਂ / ਭਾਰਤੀਆਂ ਦੀ ਮਾਨਸਿਕਤਾ ਦਾ ਅਨਿੱਖੜਵਾਂ ਹਿੱਸਾ ਬਣ ਚੁੱਕੀ ਇਸ ਬੀਮਾਰੀ ਦੇ ਨਤੀਜੇ ਪਰਵਾਸ ਵਿੱਚ ਜੰਮੇ, ਪਲੇ ਬੱਚਿਆਂ ਨੂੰ ਭੁਗਤਣੇ ਪੈਂਦੇ ਹਨਪੱਛਮੀ ਸਭਿਆਚਾਰਕ ਮਾਹੌਲ ਵਿੱਚ ਪਲ ਕੇ ਵੱਡੇ ਹੋਏ ਪਰਵਾਸੀ ਪੰਜਾਬੀ / ਭਾਰਤੀ ਮੂਲ ਦੇ ਬੱਚਿਆਂ ਲਈ ਇਹ ਗੱਲ ਸਮਝਣੀ ਮੁਸ਼ਕਿਲ ਹੋ ਜਾਂਦੀ ਹੈ ਕਿ ਇਹ ਜ਼ਾਤ-ਪਾਤ ਕੀ ਹੁੰਦੀ ਹੈ? ਭਾਰਤੀ / ਪੰਜਾਬੀ ਮੂਲ ਦੇ ਪਰਵਾਸੀ ਲੋਕ ਜਦੋਂ ਇੱਕ ਦੂਜੇ ਨਾਲ ਜ਼ਾਤ-ਪਾਤ ਦੇ ਆਧਾਰ ਉੱਤੇ ਵਿਤਕਰੇ ਕਰਦੇ ਹਨ ਤਾਂ ਪੱਛਮੀ ਸਭਿਆਚਾਰਕ ਮਾਹੌਲ ਵਿੱਚ ਪਲੇ ਉਨ੍ਹਾਂ ਦੇ ਬੱਚਿਆਂ ਨੂੰ ਅਹਿਸਾਸ ਹੁੰਦਾ ਹੈ ਕਿ ਪੱਛਮੀ ਦੇਸ਼ਾਂ ਦੇ ਸਮਾਜ ਵਿੱਚ ਨਿੱਕੀ ਨਿੱਕੀ ਗੱਲ ਉੱਤੇ ਵਿਤਕਰੇ ਦੀ ਸਿ਼ਕਾਇਤ ਕਰਨ ਵਾਲੇ ਉਨ੍ਹਾਂ ਦੇ ਮਾਪੇ ਆਪ ਸਭ ਤੋਂ ਵੱਡੇ ਨਸਲਵਾਦੀ ਹਨ; ਜਿਸ ਗੱਲ ਦਾ ਉਨ੍ਹਾਂ ਨੂੰ ਅਹਿਸਾਸ ਤੱਕ ਵੀ ਨਹੀਂ

----

ਜ਼ਾਤ-ਪਾਤ ਦੀ ਹੈਂਕੜ ਕਾਰਨ ਹੱਸਦੇ-ਵੱਸਦੇ ਘਰ ਉੱਜੜ ਜਾਂਦੇ ਹਨ; ਜ਼ਾਤ-ਪਾਤ ਦੇ ਘੁਮੰਡ ਕਾਰਨ ਭਾਰਤੀ / ਪੰਜਾਬੀ ਪਰਵਾਸੀ ਆਪਣੀਆਂ ਹੀ ਪਤਨੀਆਂ, ਧੀਆਂ, ਨੂੰਹਾਂ ਅਤੇ ਭੈਣਾਂ ਦੇ ਕਤਲ ਕਰ ਦਿੰਦੇ ਹਨਇਸ ਬੀਮਾਰੀ ਦੇ ਕੀਟਾਣੂੰ ਭਾਰਤੀ / ਪੰਜਾਬੀ ਮੂਲ ਦੇ ਪਰਵਾਸੀਆਂ ਦੀ ਮਾਨਸਿਕਤਾ ਨੂੰ ਇਸ ਹੱਦ ਤੱਕ ਪ੍ਰਭਾਵਿਤ ਕਰ ਰਹੇ ਹਨ ਕਿ ਸੈਂਕੜੇ ਸਾਲਾਂ ਦੇ ਅਣਥੱਕ ਯਤਨਾਂ ਦੇ ਬਾਵਜ਼ੂਦ ਇਸ ਬੀਮਾਰੀ ਦਾ ਅੱਜ ਤੱਕ ਕੋਈ ਸਥਾਈ ਇਲਾਜ ਨਹੀਂ ਲੱਭਿਆ ਜਾ ਸਕਿਆਸਮਾਜ ਦੇ ਕੁਝ ਹਿੱਸੇ ਨੂੰ ਸਦੀਵੀ ਰੂਪ ਵਿੱਚ ਗੁਲਾਮੀ ਦੀਆਂ ਜੜ੍ਹਾਂ ਵਿੱਚ ਜਕੜੀ ਰੱਖਣ ਲਈ, ਉਨ੍ਹਾਂ ਅੰਦਰ ਨੀਂਵੇਂਪਣ ਦਾ ਅਹਿਸਾਸ ਪੈਦਾ ਕਰੀ ਰੱਖਣ ਲਈ, ਉਨ੍ਹਾਂ ਨੂੰ ਹਰ ਤਰ੍ਹਾਂ ਦੇ ਮਨੁੱਖੀ ਅਧਿਕਾਰਾਂ ਤੋਂ ਵਾਂਝਿਆਂ ਕਰੀ ਰੱਖਣ ਲਈ, ਭਾਰਤੀ ਸਮਾਜ ਸ਼ਾਸ਼ਤਰੀਆਂ, ਧਾਰਮਿਕ ਰਹਿਨੁਮਾਵਾਂ, ਅਰਥ ਸ਼ਾਸ਼ਤਰੀਆਂ ਅਤੇ ਰਾਜਨੀਤੀਵਾਨਾਂ ਦੀ ਚੰਡਾਲ ਚੌਕੜੀ ਨੇ ਇੱਕ ਅਜਿਹੀ ਸਾਜ਼ਿਸ਼ ਰਚੀ ਕਿ ਮਨੁੱਖੀ ਇਤਿਹਾਸ ਵਿੱਚ ਇਸ ਤਰ੍ਹਾਂ ਦੀ ਕੋਈ ਹੋਰ ਉਦਾਹਰਣ ਲੱਭਣੀ ਮੁਸ਼ਕਿਲ ਹੈ

----

ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾਨਾਟਕ ਵਿੱਚ ਹਰਕੰਵਲਜੀਤ ਸਾਹਿਲ ਜ਼ਾਤ-ਪਾਤ ਦੀ ਬੀਮਾਰੀ ਦੇ ਕੀਟਾਣੂੰਆਂ ਦੇ ਮਨੁੱਖੀ ਮਾਨਸਿਕਤਾ ਉੱਤੇ ਪੈਣ ਵਾਲੇ ਪ੍ਰਭਾਵਾਂ ਕਾਰਨ ਨਿਕਲ ਰਹੇ ਨਤੀਜਿਆਂ ਦੀ ਜਾਣਕਾਰੀ ਨਾਟਕ ਦੇ ਮੁੱਢਲੇ ਵਾਰਤਾਲਾਪ ਵਿੱਚ ਹੀ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:

ਬੀਵੀ: ਨਾਂਅ, ਗੁੱਸੇ ਚ ਆਵਾਂ ਨਾ. ਅੱਗੇ ਤੁਸਾਂ ਆਪਣੀ ਭੈਣ ਦਾ ਘਰ ਉਜਾੜਿਆ ਹੈ ਤੇ ਹੁਣ ਆਪਣੀ ਬੇਟੀ ਦੀ ਜ਼ਿੰਦਗੀ ਬਰਬਾਦ ਕਰਨ ਤੇ ਤੁਲੇ ਹੋਏ ਹੋਮੈਂ ਆਖ ਦੇਂਦੀ ਹਾਂ ਪਈ ਮੈਂ ਇੰਝ ਨਹੀਂ ਜੇ ਹੋਣ ਦੇਣਾ, ਆਪਣੇ ਜੀਂਦੇ ਜੀਅ

----

ਜ਼ਾਤ-ਪਾਤ ਦੀ ਹੈਂਕੜ ਮਰਦਾਵੀਂ ਸੋਚ ਵਿੱਚ ਹੀ ਵਧੇਰੇ ਹੈਉਹ ਹਰ ਹਾਲਤ ਵਿੱਚ ਆਪਣੀ ਇਹ ਹੈਂਕੜ ਕਾਇਮ ਰੱਖਣੀ ਚਾਹੁੰਦੇ ਹਨਉਨ੍ਹਾਂ ਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਹੁੰਦੀ ਕਿ ਉਨ੍ਹਾਂ ਦੇ ਇਸ ਤਰ੍ਹਾਂ ਕਰਨ ਨਾਲ ਹੋਰਨਾਂ ਲੋਕਾਂ ਦੀ ਜ਼ਿੰਦਗੀ ਵਿੱਚ ਮੁਸੀਬਤਾਂ ਪੈਦਾ ਹੋ ਜਾਣਗੀਆਂਇਸ ਨਾਟਕ ਦਾ ਇੱਕ ਵਾਰਤਾਲਾਪ ਇਸ ਤੱਥ ਨੂੰ ਹੋਰ ਵਧੇਰੇ ਸਪੱਸ਼ਟ ਕਰਦਾ ਹੈ:

ਬੀਵੀ: ਤੁਸੀਂ ਬੇਵੀ ਦੀ ਜ਼ਿੰਦਗੀ ਚ ਦਖ਼ਲ ਅੰਦਾਜ਼ੀ ਬੰਦ ਕਰੋ ਜੀਤੁਸੀਂ ਠੇਕਾ ਨਹੀਂ ਲੈ ਰੱਖਿਆ ਹਰ ਇੱਕ ਜੀਅ ਦੀ ਜ਼ਿੰਦਗੀ ਨੂੰ ਆਪਣੀ ਮਰਜ਼ੀ ਨਾਲ ਚਲਾਉਣ ਦਾ - ਨਾਲੇ ਬੇਵੀ ਹੁਣ ਸਿਆਣੀ ਹੋ ਗਈ ਹੈਨਿਆਣੀ ਨਹੀਂ ਰਹੀ

ਯੋਗਾ ਸਿੰਘ: ਹੂੰ - ਸਿਆਣੀ ਹੋ ਗਈ ਆ, ਓ ਮੈਂ ਵੱਢ ਕੇ ਰੱਖ ਦਿਆਂਗਾ ਵੱਡੀ ਸਿਆਣੀ ਨੂੰ - ਅਖੇ ਹੁਣ ਉਹ ਨਿਆਣੀ ਨਹੀਂ ਰਹੀਜੰਮ ਉੱਗਿਆ ਨਹੀਂ ਤੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਨੇਓ ਮੈਂ ਜੱਟ ਦਾ ਪੁੱਤ ਹੋ ਕੇ ਨੀਵੀਂ ਜ਼ਾਤ ਚ ਧੀ ਦੇ ਕੇ ਆਪਣਾ ਨੱਕ ਵਢਾ ਲਵਾਂ- !

ਬੀਵੀ: ਐ-ਹੈ-ਹੈ-ਹੈ (ਸਾਂਗ ਲਗਾ ਕੇ) ਨੱਕ ਵਢਾ ਲਵਾਂ - ਨਾ ਉਂਝ ਤਾਂ ਤੁਸੀਂ ਕਹਿੰਦੇ ਫਿਰਦੇ ਹੋ ਪਈ ਸਾਰੇ ਬੰਦੇ ਬਰਾਬਰ ਨੇ ਤੇ ਹੁਣ ਤੁਸੀਂ ਨੀਂਵੀਂ ਜ਼ਾਤ ਤੇ ਉੱਚੀ ਜ਼ਾਤ ਦਾ ਰੌਲਾ ਪਾਇਆ ਹੋਇਆ - ਨਾਂ ਮੈਂ ਪੁੱਛਦੀ ਆਂ ਜਦੋਂ ਤੁਸੀਂ ਮੈਨੂੰ ਪਹਿਲੀ ਵਾਰ ਮਿਲੇ ਸਉ ਲੋਕਲ ਬੱਸ ਵਿੱਚ ਸਫ਼ਰ ਕਰਦਿਆਂ - ਮੇਰੇ ਚੂੰਢੀ ਵੱਢੀ ਸੀ, ਉਦੋਂ ਸੋਚਿਆ ਸੀ ਪਈ ਮੇਰੀ ਜ਼ਾਤ ਕਿਹੜੀ ਹੈ? ਇਹ ਤਾਂ ਕੁਦਰਤੀ ਹੀ ਆਪਣੀ ਜ਼ਾਤ ਇੱਕੋ ਨਿਕਲ ਆਈ। - ਨਾ ਮੈਂ ਪੁੱਛਦੀ ਆਂ, ਮੈਨੂੰ ਇਹ ਦੱਸੋ ਪਈ ਭਲਾ ਮੁੰਡੇ ਵਿੱਚ ਨੁਕਸ ਕੀ ਐਪੜ੍ਹਿਆ ਲਿਖਿਆ ਏ, ਕਮਾਊ ਏ, ਸਾਊ ਏ ਸੋਹਣਾ ਏ ਸਨੁੱਖਾ ਏ ਤੇ ਨਾਲੇ ਆਪਣੀ ਧੀ ਨਾਲ ਜੱਚਦਾ ਏਤੁਸੀਂ ਦੱਸੋ, ਹੋਰ ਸਾਨੂੰ ਚਾਹੀਦਾ ਕੀ ਏ

----

ਨਾਟਕ ਦਾ ਇਹ ਵਾਰਤਾਲਾਪ ਪਰਵਾਸੀ ਪੰਜਾਬੀਆਂ ਦੀ ਮਾਨਸਿਕਤਾ ਦਾ ਇੱਕ ਹੋਰ ਪੱਖ ਵੀ ਉਜਾਗਰ ਕਰਦਾ ਹੈ: ਦੋਗਲਾਪਣਸਮਾਜ ਵਿੱਚ ਵਿਚਰਦਿਆਂ ਇਹ ਲੋਕ ਆਪਣੇ ਚਿਹਰਿਆਂ ਉੱਤੇ ਸਾਂਝੀਵਾਲਤਾਅਤੇ ਮਨੁੱਖੀ ਬਰਾਬਰਤਾਦਾ ਮੁਖੌਟਾ ਪਾਈ ਰੱਖਦੇ ਹਨ; ਪਰ ਨਿੱਜੀ ਜ਼ਿੰਦਗੀ ਦੇ ਫੈਸਲੇ ਲੈਣ ਲੱਗਿਆਂ ਇਨ੍ਹਾਂ ਉੱਤੇ ਜ਼ਾਤ-ਪਾਤ ਦਾ ਭੂਤ ਸਵਾਰ ਹੋ ਜਾਂਦਾ ਹੈਅਜਿਹੀ ਮਾਨਸਿਕਤਾ ਦਾ ਦਿਖਾਵਾ ਉਹ ਲੋਕ ਵੀ ਕਰਦੇ ਹਨ ਜੋ ਕਿ ਆਪਣੇ ਆਪਨੂੰ ਅਗਾਂਹਵਧੂ ਵਿਚਾਰਾਂ ਦੇ ਧਾਰਣੀ ਕਹਿੰਦੇ ਹਨਅਜਿਹੇ ਲੋਕ ਗੁਰਦੁਆਰਿਆਂ, ਮੰਦਰਾਂ, ਮਸਜਿਦਾਂ, ਗਿਰਜਿਆਂ, ਸਾਹਿਤ ਸਭਾਵਾਂ, ਸਭਿਆਚਾਰਕ ਅਤੇ ਸਮਾਜਿਕ ਇਕੱਠਾਂ ਵਿੱਚ ਖੜ੍ਹੇ ਹੋ ਕੇ ਕੈਨੇਡੀਅਨ ਸਮਾਜ ਅੰਦਰ ਹੋ ਰਹੇ ਵਿਤਕਰੇ ਅਤੇ ਨਸਲਵਾਦ ਦੀਆਂ ਗੱਲਾਂ ਤਾਂ ਕਰਦੇ ਹਨ ਪਰ ਉਨ੍ਹਾਂ ਨੂੰ ਇਸ ਗੱਲ ਬਾਰੇ ਸੋਚਣ ਦਾ ਕਦੀ ਮੌਕਾ ਨਹੀਂ ਮਿਲਦਾ ਕਿ ਉਹ ਆਪਣੀ ਨਿੱਜੀ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਦਾ ਵਿਤਕਰਾ ਕਰ ਰਹੇ ਹਨ

----

ਪਰਵਾਸੀ ਪੰਜਾਬੀ ਇਹ ਮਹਿਸੂਸ ਨਹੀਂ ਕਰਦੇ ਕਿ ਰੂੜੀਵਾਦੀ ਕਦਰਾਂ-ਕੀਮਤਾਂ ਦਾ ਜੋ ਕੂੜਾ-ਕਰਕਟ ਉਹ ਆਪਣੀ ਮਾਨਸਿਕਤਾ ਵਿੱਚ ਅਜੇ ਵੀ ਚੁੱਕੀ ਫਿਰਦੇ ਹਨ ਪੱਛਮੀ ਦੇਸ਼ਾਂ ਦੇ ਵਿਕਸਤ ਸਭਿਆਚਾਰਕ / ਸਮਾਜਿਕ ਮਾਹੌਲ ਵਿੱਚ ਉਨ੍ਹਾਂ ਲਈ ਰੌਜ਼ਾਨਾ ਜ਼ਿੰਦਗੀ ਵਿੱਚ ਕਿਸੇ ਤਰ੍ਹਾਂ ਵੀ ਸਹਾਈ ਨਹੀਂ ਹੋ ਸਕਦਾ; ਬਲਕਿ ਉਨ੍ਹਾਂ ਦੀ ਪਰਿਵਾਰਕ ਜ਼ਿੰਦਗੀ ਲਈ ਨਿੱਤ ਨਵੀਆਂ ਉਲਝਣਾਂ ਪੈਦਾ ਕਰੇਗਾਆਪਣੇ ਮਾਪਿਆਂ ਦੀ ਅਜਿਹੀ ਮਾਨਸਿਕਤਾ ਬਾਰੇ ਬੱਚੇ ਕਿਵੇਂ ਸੋਚਦੇ ਹਨ ਉਸਦਾ ਅੰਦਾਜ਼ਾ ਇਸ ਨਾਟਕ ਵਿਚਲੇ ਇਸ ਵਾਰਤਾਲਾਪ ਤੋਂ ਲਗਾਇਆ ਜਾ ਸਕਦਾ ਹੈ:

ਬੇਵੀ: ਪਤਾ ਨਹੀਂ, ਪਹਿਲਾਂ ਤਾ ਪਾਪਾ ਨੂੰ ਕੋਈ ਵੀ ਇਤਰਾਜ਼ ਜਿਹਾ ਲਗਦਾ - ਹੈ ਨਹੀਂ ਸੀ ਜਦ ਮੰਮੀ ਨੇ ਉਹਨਾਂ ਨਾਲ ਪਹਿਲਾਂ ਪਹਿਲਾਂ ਗੱਲ ਕੀਤੀ ਸੀਪਰ ਜਦ ਤੋਂ ਤੁਹਾਡੇ ਘਰਦਿਆਂ ਦੀ ਬੈਕਗਰਾਉਂਡ ਦਾ ਪਤਾ ਲੱਗਾ ਹੈ, ਉਦੋਂ ਤੋਂ ਹੀ ਬੱਸ ਦੀਵਾਰ ਜਿਹੀ ਬਣ ਕੇ ਰਹਿ ਗਏ ਹਨਕਹਿੰਦੇ ਨੇ ਇੱਜ਼ਤ ਨਹੀਂ ਰਹਿੰਦੀ - ਬਰਾਦਰੀ ਚ ਨੱਕ ਵੱਢਿਆ ਜਾਂਦਾ ਹੈ.

ਕਿਸ਼ਨ: ਹੂੰ - ਹੱਡ ਮਾਸ ਦਾ ਨੱਕ ਨਾ ਹੋਇਆ ਰਬੜ ਦਾ ਹੋ ਗਿਆ, ਕਦੀ ਲਹਿ ਗਿਆ ਤੇ ਕਦੀ ਰਹਿ ਗਿਆਵੀਹ ਸਾਲ ਹੋ ਗਏ ਨੇ ਤੇਰੇ ਪਾਪਾ ਨੂੰ ਕਨੇਡਾ ਚ ਰਹਿੰਦਿਆਂ ਪਰ ਰੂੜੀ ਦੀਆਂ ਪੰਡਾਂ ਬਾਰਾਂ ਹਜ਼ਾਰ ਮੀਲ ਦੂਰ, ਧਰਤੀ ਦੇ ਇਸ ਪਾਰ ਵੀ ਸਿਰ ਤੇ ਨਾਲ ਹੀ ਚੁੱਕੀ ਲਿਆਏ ਹਨਉਹੀ ਗਲ ਸੜ ਚੁੱਕੀ ਸੋਚ

ਬੇਵੀ: ਹੂੰ - (ਸਿਰਫ਼ ਹੂੰ ਕਹਿੰਦੀ ਹੈ ਨਫ਼ਰਤ ਨਾਲ ਤੇ ਨਰਾਜ਼ਗੀ ਨਾਲ)

ਕਿਸ਼ਨ: ਪਰ ਮੈਨੂੰ ਹੈਰਾਨੀ ਤਾਂ ਇਸ ਗੱਲ ਦੀ ਹੈ ਪਈ ਤੇਰੇ ਪਾਪਾ ਆਪਣੇ ਆਪ ਨੂੰ ਇੱਕ ਅਗਾਂਹਵਧੂ ਲੇਖਕ ਵੀ ਕਹਾਉਂਦੇ ਹਨ

----

ਬੱਚੇ ਆਪਣੇ ਮਾਪਿਆਂ ਦੇ ਦੋਗਲੇਪਣ ਨੂੰ ਨਫ਼ਰਤ ਕਰਦੇ ਹਨਮਾਪਿਆਂ ਦਾ ਅਜਿਹਾ ਦੋਗਲਾਪਣ ਉਨ੍ਹਾਂ ਦੇ ਆਪਣੇ ਹੀ ਬੱਚਿਆਂ ਨਾਲ ਬਣੇ ਸਬੰਧਾਂ ਦਰਮਿਆਨ ਇੱਕ ਦੀਵਾਰ ਬਣਕੇ ਖੜ੍ਹੋ ਜਾਂਦਾ ਹੈਮਾਪਿਆਂ ਦੀ ਹੌਲੀ ਹੌਲੀ ਆਪਣੇ ਹੀ ਬੱਚਿਆਂ ਨਾਲ ਬੇਗਾਨਗੀ ਪੈਦਾ ਹੋ ਜਾਂਦੀ ਹੈਕੁਝ ਸਮੇਂ ਬਾਹਦ ਇਹੀ ਬੇਗਾਨਗੀ ਇੱਕ ਦੂਜੇ ਲਈ ਨਫ਼ਰਤ ਦਾ ਰੂਪ ਵਟਾ ਲੈਂਦੀ ਹੈਇਨ੍ਹਾਂ ਵਿਚਾਰਾਂ ਦੀ ਹੀ ਪੁਸ਼ਟੀ ਕਰ ਰਿਹਾ ਹੈ, ਇਸ ਨਾਟਕ ਵਿਚਲਾ ਇਹ ਵਾਰਤਾਲਾਪ:

ਕਿਸ਼ਨ: (ਸੋਚਦਿਆਂ ਹੋਇਆਂ) ਹੂੰ - ਇਕ ਸੱਚੇ ਇਨਸਾਨ ਦੀ ਕਹਿਣੀ ਤੇ ਕਰਨੀ ਵਿੱਚ ਫਰਕ ਨਹੀਂ ਹੁੰਦਾ - ਜਦ ਤੱਕ ਬੰਦਾ ਸੱਚ ਤੇ ਨਹੀਂ ਖਲੋਂਦਾ - ਸਚਾਈ ਤੇ ਪਹਿਰਾ ਨਹੀਂ ਦਿੰਦਾ, ਉਹ ਜੋ ਮਰਜ਼ੀ ਪਿਆ ਕਹੀ ਜਾਵੇ ਜਾਂ ਲਿਖੀ ਜਾਵੇ, ਕੁਝ ਅਰਥ ਨਹੀਂ ਰੱਖਦਾਪਰਖ ਤਾਂ ਅਮਲਾਂ ਤੋਂ ਹੀ ਹੁੰਦੀ ਹੈ - ਸ਼ੁਭ ਕਰਮਾਂ ਬਾਝਹੋਂ ਦੋਨੋਂ ਰੋਈ-

ਬੇਵੀ: (ਉਸੇ ਅੰਦਾਜ਼ ਚ) ਹਾਂ, ਸੱਚ ਦਾ ਮਾਰਗ ਔਖਾ ਹੈਬਹੁਤ ਕੁਝ ਦੇਣਾ ਪੈਂਦਾ ਹੈਸੱਚੇ ਮਾਰਗ ਚਲਦਿਆਂ - ਉਸਤਤ ਐਵੇਂ ਨਹੀਂ ਝੋਲੀ ਪੈ ਜਾਂਦੀਮੇਰੇ ਪਾਪਾ ਅਸਲ ਵਿੱਚ ਇਕ ਸੈਲਫਿਸ਼ ਇਨਸਾਨ ਤੋਂ ਵੱਧ ਕੇ ਹੋਰ ਕੁਝ ਵੀ ਨਹੀਂਜਦ ਆਪਣੇ ਹਿੱਤ ਵਿਚ ਗੱਲ ਕੀਤੀ ਜਾਂਦੀ ਸੀ ਤਾਂ ਲਵ-ਮੈਰਿਜ ਦੇ ਹੱਕ ਵਿੱਚ ਸਨ ਤੇ ਜਦ ਹੁਣ ਆਪਣੀ ਹਉਮੈ ਭੁਰਦੀ ਹੈ ਤਾਂ ਸਾਡੇ ਪਿਆਰ ਦੇ ਵਿਰੁੱਧਉਂਝ ਦਾਜ ਦੇ ਵਿਰੁੱਧ ਬੋਲਣਾ ਤੇ ਲਿਖਣਾ ਪਰ ਜਦ ਆਪਣਾ ਵਿਆਹ ਕਰਵਾਇਆ ਤਾਂ ਚੁੱਪ-ਚਾਪ ਸਭ ਕੁਝ ਲੈ ਦੇ ਲਿਆ ਚੰਗਾ ਨਾਮ ਤੇ ਜਸ ਖੱਟਣ ਲਈ ਸਾਹਿਤ ਸਭਾ ਚ ਜਾ ਕੇ ਔਰਤਾਂ ਦੀ ਗੱਲ ਕਰਨੀ (ਰੋ ਕੇ ਬੋਲਦੀ ਹੈ) ਤੇ ਘਰ ਵਿੱਚ - ਘਰ ਵਿੱਚ ਜੋ ਕੁਝ ਮੇਰੀ ਮੰਮੀ ਨਾਲ ਹੁੰਦਾ ਹੈ ਮੈਂ ਹੀ ਜਾਣਦੀ ਹਾਂ

----

ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਯੋਰਪ ਦੇ ਹੋਰਨਾਂ ਦੇਸ਼ਾਂ ਵਿੱਚ ਰਹਿ ਰਹੇ ਪਰਵਾਸੀ ਪੰਜਾਬੀਆਂ ਲਈ ਬੱਚਿਆਂ ਦੇ ਵਿਆਹਾਂ ਦਾ ਮਸਲਾ ਇੱਕ ਵੱਡੀ ਸਮੱਸਿਆ ਹੈਜ਼ਾਤ-ਪਾਤ ਦੀ ਹੈਂਕੜ ਅਤੇ ਧਰਮ, ਰੰਗ, ਨਸਲ ਦੇ ਵਿਤਕਰਿਆਂ ਕਾਰਨ ਅਨੇਕਾਂ ਪਰਵਾਸੀ ਪੰਜਾਬੀ ਮਾਪੇ ਆਪਣੀਆਂ ਹੀ ਧੀਆਂ ਦੇ ਕਤਲ ਕਰ ਰਹੇ ਹਨ - ਸਿਰਫ ਇਸ ਲਈ ਕਿ ਵਿਆਹਾਂ ਦੇ ਮੁਆਮਲੇ ਵਿੱਚ ਧੀਆਂ ਆਪਣੀ ਮਨ-ਮਰਜ਼ੀ ਕਰਨਾ ਚਾਹੁੰਦੀਆ ਸਨ; ਪਰ ਅਜਿਹਾ ਕਰਨ ਨਾਲ ਮਾਪਿਆਂ ਦਾ ਨੱਕ ਵੱਢਿਆ ਗਿਆ ਸੀਉਹ ਸਮਾਜ ਵਿੱਚ ਆਪਣਾ ਮੂੰਹ ਦਿਖਾਣ ਜੋਗੇ ਨਹੀਂ ਰਹਿ ਗਏ ਸਨਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾਨਾਟਕ ਦੇ ਕੁਝ ਮਰਦ ਪਾਤਰ ਵੀ ਅਜਿਹੀ ਹੀ ਸੋਚ ਰੱਖਦੇ ਹਨ:

ਯੋਗਾ ਸਿੰਘ: ਹੱਲ ਹੈ ਪ੍ਰੀਤਮ ਸਿਆਂ; ਹੱਲ ਹੈਇੱਕ ਵਾਰ ਇੰਡੀਆ ਪਹੁੰਚ ਗਈ ਤਾਂ ਸਮੱਸਿਆ ਦਾ ਹੱਲ ਆਪੇ ਹੋ ਜਾਊਨਾ ਰਹੇਗਾ ਬਾਂਸ ਤੇ ਨਾ ਵੱਜੂਗੀ ਬਾਂਸਰੀ

ਪ੍ਰੀਤਮ: ਬਾਈ ਸਿਹਾਂ, ਮੈਂ ਤੇਰਾ ਮਤਲਬ ਨਹੀਂ ਸਮਝਿਆ -

ਯੋਗਾ ਸਿੰਘ: ਮਤਲਬ ਬੜਾ ਸਿੱਧਾ ਹੈ ਪ੍ਰੀਤਮ ਸਿਆਂ, ਤੂੰ ਤਾਂ ਆਪਣਾ ਯਾਰ ਐਂ - ਤੇ ਤੈਥੋਂ ਕਾਅਦਾ ਲੋਕੋ - ਉਏ ਇਕ ਵਾਰੀ ਇੰਡੀਆ ਪਹੁੰਚ ਗਈ ਨਾ, ਮੈਂ ਤਾਂ ਇਹਦੀ (ਹੌਲੀ ਆਵਾਜ਼ ਵਿੱਚ ਪ੍ਰੀਤਮ ਸਿੰਘ ਦੇ ਨੇੜੇ ਹੋ ਕੇ ਉਸ ਦੇ ਕੰਨ ਵਿੱਚ ਕਹਿੰਦਾ ਹੈ) ਧੌਣ ਵਢਾ ਦੇਣੀ ਆ - ਮੈਨੂੰ ਇੱਜ਼ਤ ਪਿਆਰੀ ਆ ਇੱਜ਼ਤ

ਪ੍ਰੀਤਮ ਸਿੰਘ: ਹੂੰ (ਹੈਰਾਨੀ ਨਾਲ ਤ੍ਰਬਕ ਕੇ ਜਿਵੇਂ ਕੋਈ ਝਟਕਾ ਲੱਗਾ ਹੁੰਦਾ ਹੈ ਤੇ ਨਸ਼ਾ ਲਹਿ ਗਿਆ ਹੁੰਦਾ ਹੈ) ਉਏ ਤੂੰ ਬੇਵੀ ਨੂੰ ਜਾਨੋਂ ਮਾਰ ਦੇਵੇਂਗਾ

ਯੋਗਾ ਸਿੰਘ: (ਡਰਿੰਕ ਇੱਕੋ ਡੀਕ ਚ ਖਤਮ ਕਰਦਾ ਹੈ ਤੇ ਗਲਾਸ ਨੂੰ ਮੇਜ਼ ਤ ਪਟਕਾ ਕੇ ਰੱਖਦਾ ਹੈ) ਹਾਂ ਹਾਂ - ਹਾਂ ਮੈਂ ਇਸ ਬੇਜ਼ਤੀ ਦੀ ਜ਼ਿੰਦਗੀ ਨਾਲੋਂ ਉਸ ਨੂੰ ਜਾਨੋਂ ਮਾਰ ਦੇਣਾ ਬੇਹਤਰ ਸਮਝਦਾ ਹਾਂ

----

ਜਿਨ੍ਹਾਂ ਹਾਲਤਾਂ ਵਿੱਚ ਪਰਵਾਸੀ ਪੰਜਾਬੀ ਮਾਪੇ ਧੀਆਂ ਨੂੰ ਕਤਲ ਕਰਨ ਦੀ ਨੌਬਤ ਤੱਕ ਨਹੀਂ ਪਹੁੰਚਦੇ, ਉਨ੍ਹਾਂ ਹਾਲਤਾਂ ਵਿੱਚ ਉਹ ਧੀਆਂ ਉੱਤੇ ਅਨੇਕਾਂ ਤਰ੍ਹਾਂ ਦੀਆ ਬੰਦਿਸ਼ਾਂ ਲਗਾਉਂਦੇ ਹਨ ਅਤੇ ਉਨ੍ਹਾਂ ਦੀ ਸਰੀਰਕ ਮਾਰ-ਕੁੱਟ ਵੀ ਕੀਤੀ ਜਾਂਦੀ ਹੈਪਰਵਾਸੀ ਪੰਜਾਬੀ ਨੌਜਵਾਨ ਔਰਤਾਂ ਨਾਲ ਹੁੰਦੇ ਅਜਿਹੇ ਦੁਰ-ਵਿਵਹਾਰ ਬਾਰੇ ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਵਿੱਚ ਕਾਫੀ ਪੰਜਾਬੀ ਸਾਹਿਤ ਰਚਿਆ ਗਿਆ ਹੈਇਹ ਮਸਲਾ ਕੈਨੇਡਾ ਦੀ ਪਾਰਲੀਮੈਂਟ ਵਿੱਚ ਪੰਜਾਬੀ ਮੂਲ ਦੇ ਪਾਰਲੀਮੈਂਟ ਮੈਂਬਰਾਂ ਵੱਲੋਂ ਵੀ ਉਠਾਇਆ ਜਾਂਦਾ ਰਿਹਾ ਹੈਪਰ ਸਮੁੱਚੀ ਪਰਵਾਸੀ ਪੰਜਾਬੀ ਕਮਿਊਨਿਟੀ ਵੱਲੋਂ ਇਸ ਸਮੱਸਿਆ ਦੀ ਗੰਭੀਰਤਾ ਨੂੰ ਅਜੇ ਤੀਕ ਸਮਝਿਆ ਨਹੀਂ ਗਿਆ

----

ਪਰਵਾਸੀ ਪੰਜਾਬੀਆਂ ਦੀਆਂ ਅਨੇਕਾਂ ਸਮਾਜਿਕ / ਸਭਿਆਚਾਰਕ ਸਮੱਸਿਆਵਾਂ ਦੇ ਓਨੀ ਦੇਰ ਤੱਕ ਹੱਲ ਨਹੀਂ ਲੱਭੇ ਜਾ ਸਕਦੇ ਜਿੰਨੀ ਦੇਰ ਤੱਕ ਪਰਵਾਸੀ ਪੰਜਾਬੀ ਮਰਦਾਂ ਦੀ ਸੋਚ ਵਿੱਚ ਤਬਦੀਲੀ ਨਹੀਂ ਆਉਂਦੀ; ਜਦੋਂ ਤੱਕ ਪਰਵਾਸੀ ਪੰਜਾਬੀ ਮਰਦ ਔਰਤ ਨੂੰ ਬਰਾਬਰੀ ਦਾ ਦਰਜਾ ਨਹੀਂ ਦਿੰਦੇ

ਮਰਦ-ਔਰਤ ਦੀ ਬਰਾਬਰੀ ਦਾ ਮਤਲਬ ਹੈ ਕਿ ਔਰਤ ਵੀ ਮਰਦ ਦੇ ਬਰਾਬਰ ਸਾਹਿਤਕ / ਸਮਾਜਿਕ / ਸਭਿਆਚਾਰਕ / ਰਾਜਨੀਤਿਕ / ਆਰਥਿਕ ਸੰਸਥਾਵਾਂ ਵਿੱਚ ਹਿੱਸਾ ਲਵੇਜਿੱਥੇ ਔਰਤ ਦੀ ਰੌਜ਼ਾਨਾ ਨੂੰ ਜ਼ਿੰਦਗੀ ਪ੍ਰਭਾਵਤ ਕਰਨ ਵਾਲੀਆਂ ਕਦਰਾਂ-ਕੀਮਤਾਂ ਦਾ ਲੇਖਾ-ਜੋਖਾ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਹੈਇਸ ਨੁਕਤੇ ਉੱਤੇ ਆ ਕੇ ਵੀ ਕਈ ਵਾਰੀ ਸਥਿਤੀ ਬੜੀ ਹਾਸੋਹੀਣੀ ਹੋ ਜਾਂਦੀ ਹੈਮਰਦ ਹੋਰਨਾਂ ਲੋਕਾਂ ਦੇ ਘਰਾਂ ਦੀਆਂ ਔਰਤਾਂ ਨੂੰ ਅਜਿਹੀਆਂ ਸੰਸਥਾਵਾਂ ਵਿੱਚ ਸ਼ਮੂਲੀਅਤ ਕਰਨ ਦੀ ਇਜਾਜ਼ਤ ਦੇਣ ਲਈ ਤਿਆਰ ਹੋ ਜਾਂਦੇ ਹਨ - ਪਰ ਆਪਣੇ ਘਰ ਦੀਆਂ ਔਰਤਾਂ ਨੂੰ ਅਜਿਹੀ ਇਜਾਜ਼ਤ ਦੇਣ ਦੇ ਹੱਕ ਵਿੱਚ ਨਹੀਂ ਹੁੰਦੇਕਿਉਂਕਿ ਉਨ੍ਹਾਂ ਦੇ ਆਪਣੇ ਘਰਾਂ ਵਿੱਚ ਵਾਪਰਦੀਆਂ ਮਾੜੀਆਂ ਗੱਲਾਂ ਦਾ ਜਨਤਕ ਇਕੱਠ ਵਿੱਚ ਚਰਚਾ ਦਾ ਵਿਸ਼ਾ ਬਣ ਜਾਣ ਦਾ ਡਰ ਪੈਦਾ ਹੋ ਜਾਂਦਾ ਹੈਮਰਦਾਵੀਂ ਸੋਚ ਦਾ ਦੋਗਲਾਪਣ ਦਿਖਾਣ ਲਈ ਇਸ ਨਾਟਕ ਵਿੱਚ ਪੇਸ਼ ਕੀਤਾ ਗਿਆ ਇੱਕ ਨਾਟਕੀ ਦ੍ਰਿਸ਼ ਪੇਸ਼ ਹੈ:

ਯੋਗਾ ਸਿੰਘ: (ਥੋੜ੍ਹਾ ਗੁੱਸੇ ਤੇ ਹੈਰਾਨੀ ਨਾਲ ਦੇਖਦਾ ਹੋਇਆ ਬੋਲਦਾ ਹੈ) ਉਏ ਏਥੇ ਕੀ ਕਰਨ ਆਈ ਏਂ - ਤੂੰ ਘਰ ਚੱਲ, ਐਵੇਂ ਬੰਦਿਆਂ ਦੀਆਂ ਬੈਠਕਾਂ ਚ ਨਹੀਂ ਆਈਦਾ ਹੁੰਦਾ - ਬੁੜੀਆਂ ਦਾ ਕੰਮ ਹੈ ਘਰੇ ਬੈਠਣ, ਚੱਲ-ਚੱਲ, ਘਰੇ ਚੱਲ-

ਬਜ਼ੁਰਗ: ਯੋਗਾ ਸਿਹਾਂ ਹੁਣੇ ਤਾਂ ਤੂੰ ਕਹਿ ਰਿਹਾ ਸੀ ਪਈ ਔਰਤਾਂ ਨੂੰ ਵੀ ਇਥੇ ਆਉਣਾ ਚਾਹੀਦਾ ਹੈ

ਯੋਗਾ ਸਿੰਘ: ਬਾਬਾ ਜੀ ਮੈਂ ਕੋਈ ਆਪਣੀ ਘਰਵਾਲੀ ਦੀ ਗੱਲ ਤਾਂ ਨਹੀਂ ਸੀ ਕਰ ਰਿਹਾਮੇਰਾ ਮਤਲਬ ਹੋਰ ਐ- (ਗ਼ਲਤੀ ਮਹਿਸੂਸ ਕਰਦੇ ਹੋਏ ਕਿ ਮੈਂ ਕੀ ਬੋਲ ਗਿਆ ਹਾਂ) ਬਾਬਾ ਜੀ ਤੁਸੀਂ ਤਾਂ ਆਪ ਸਿਆਣੇ ਹੋਔਰਤ ਤਾਂ ਘਰ ਦੀ ਇੱਜ਼ਤ ਹੁੰਦੀ ਹੈਨਾਲੇ ਮੈਂ ਨਹੀਂ ਚਾਹੁੰਦਾ, ਸਾਡੀ ਸਾਹਿਤ ਸਭਾ ਦੀ ਕਾਰਵਾਈ ਚ ਕੋਈ ਵਿਘਨ ਪਵੇ, ਆਪਾਂ ਅਜੇ ਬਹੁਤ ਸਾਰੇ ਕੰਮ ਪੂਰੇ ਕਰਨੇ ਹਨ

ਬਜ਼ੁਰਗ: ਯਾਨੀ ਤੇਰਾ ਮਤਲਬ ਹੈ ਕਿ ਦੂਸਰਿਆਂ ਦੀਆਂ ਤੀਵੀਆਂ ਤਾਂ ਸਭਾ ਚ ਆ ਜਾਣ, ਪਰ ਤੇਰੇ ਘਰ ਦੀਆਂ ਔਰਤਾਂ ਏਥੇ ਨਾ ਆ ਸਕਣ, ਘਰ ਵਿੱਚ ਇੱਜ਼ਤਾਂ ਬਣ ਕੇ ਸਜੀਆਂ ਰਹਿਣਨਾ ਬਈ- ਅੱਜ ਤਾਂ ਬੀਬਾ ਜੀ ਏਥੇ ਬੈਠਣਗੇ ਤੇ ਆਪਣੀ ਗੱਲ ਵੀ ਦੱਸਣਗੇਪ੍ਰਧਾਨ ਸਾਹਿਬ ਤੇ ਸੈਕਟਰੀ ਜੀ ਦੀ ਇਜਾਜ਼ਤ ਪਹਿਲਾਂ ਹੀ ਲੈ ਲਈ ਗਈ ਹੈ ਇਸ ਮਾਮਲੇ ਵਿੱਚ - ਵੈਸੇ ਵੀ ਇਹ ਇਕ ਜਨਤਕ ਜੱਥੇਬੰਦੀ ਹੈ, ਕਿਸੇ ਕਾਰਪੋਰੇਸ਼ਨ ਡਾਇਰੈਕਟੋਰੇਟ ਜਨਰਲ ਦੀ ਮੀਟਿੰਗ ਨਹੀਂ ਕਿ ਜਨ ਸਾਧਾਰਨ ਆ ਕੇ ਗੱਲ ਹੀ ਨਹੀਂ ਕਰ ਸਕਦਾ

ਪ੍ਰਧਾਨ: (ਬੀਵੀ ਨੂੰ ਮੁਖਾਤਿਬ ਹੋ ਕੇ) ਹਾਂ ਬੀਬਾ ਜੀ, ਤੁਸੀਂ ਹੀ ਸ਼ੁਰੂ ਕਰੋ

ਬੀਵੀ: ਮੈਂ ਤਾਂ ਜੀ, ਏਥੇ ਆਉਣਾ ਨਹੀਂ ਸੀ ਚਾਹੁੰਦੀਪਰ ਜਦੋਂ ਕੁੜੀ ਨੇ ਖ਼ੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੋਈ ਚਾਰਾ ਬਾਕੀ ਨਹੀਂ ਰਿਹਾ - ਤੁਹਾਡਾ ਸਭ ਦਾ ਸ਼ੁਕਰ ਹੈ ਜੋ ਤੁਸੀਂ ਮੇਰੀ ਨਿਮਾਣੀ ਦੀ ਸੁਣ ਰਹੇ ਹੋ

ਪ੍ਰਧਾਨ: ਸ਼ੁਕਰਾਨੇ ਵਾਲੀ ਬੀਬਾ ਜੀ ਕੋਈ ਗੱਲ ਨਹੀਂ ਹੈਦੁੱਖ-ਸੁੱਖ ਵੇਲੇ ਭਾਈਚਾਰਾ ਹੀ ਤਾਂ ਕੰਮ ਆਉਂਦਾ ਹੈ

ਬੀਵੀ: (ਰੋਂਦੀ ਹੋਈ ਆਵਾਜ਼ ਚ) ਮੈਂ ਆਪਣੀ ਤਾਂ ਉਮਰ ਕੱਢ ਲਈ ਹੈ ਰੋ ਕੁਰਲਾ ਕੇਆਪਣੀ ਦੀ ਤਾਂ ਮੈਨੂੰ ਕੋਈ ਪ੍ਰਵਾਹ ਨਹੀਂ ਪਰ ਹੁਣ ਧੀ ਦੀ ਜ਼ਿੰਦਗੀ ਬਰਬਾਦ ਹੁੰਦੀ ਨਹੀਂ ਦੇਖ ਸਕਦੀ

ਨਾਟਕ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾਵਿੱਚ ਹਰਕੰਵਲਜੀਤ ਸਾਹਿਲ ਨੇ ਹੋਰ ਵੀ ਕੁਝ ਵਿਸ਼ਿਆਂ ਨੂੰ ਆਪਣੀ ਚਰਚਾ ਦਾ ਵਿਸ਼ਾ ਬਣਾਇਆ ਹੈਜਿਵੇਂ ਕਿ ਪਰਵਾਸੀ ਪੰਜਾਬੀਆਂ ਵੱਲੋਂ ਆਪਣੀਆਂ ਪਤਨੀਆਂ ਦੀ ਕੁੱਟਮਾਰ, ਨਸਲਵਾਦ ਦੀ ਸਮੱਸਿਆ, ਮੁਖੌਟਾਧਾਰੀ ਅਗਾਂਹਵਧੂ ਲੇਖਕਾਂ ਦਾ ਸਮਾਜਿਕ ਕਿਰਦਾਰ, ਮਨੁੱਖੀ ਅਧਿਕਾਰਾਂ ਦਾ ਮਸਲਾ, ਕੰਮਾਂ ਉੱਤੇ ਰੰਗ, ਨਸਲ ਦੇ ਆਧਾਰ ਉੱਤੇ ਹੁੰਦਾ ਵਿਤਕਰਾ ਆਦਿ; ਪਰ ਨਾਟਕਕਾਰ ਦਾ ਸਾਰਾ ਧਿਆਨ ਨਾਟਕ ਵਿਚਲੀ ਮੂਲ ਸਮੱਸਿਆ ਉੱਤੇ ਹੀ ਕੇਂਦਰਤ ਰਹਿੰਦਾ ਹੈਕਿਉਂਕਿ ਜ਼ਾਤ-ਪਾਤ ਦੀ ਹੈਂਕੜ ਹੀ ਬਾਕੀ ਸਾਰੀਆਂ ਸਮਾਜਿਕ / ਸਭਿਆਚਾਰਕ ਸਮੱਸਿਆਵਾਂ ਦੇ ਉਤਪੰਨ ਹੋਣ ਲਈ ਜ਼ਿੰਮੇਵਾਰ ਬਣਦੀ ਹੈ

----

ਜ਼ਾਤ-ਪਾਤ ਦੀ ਸਮੱਸਿਆ ਮਹਿਜ਼ ਵਿਆਹਾਂ ਵੇਲੇ ਹੀ ਖਤਰਨਾਕ ਰੂਪ ਨਹੀਂ ਧਾਰਦੀ; ਬਲਕਿ ਜ਼ਾਤ-ਪਾਤ ਦੀ ਹੈਂਕੜ ਨਾਲ ਭਰੇ ਅਨੇਕਾਂ ਪਰਵਾਸੀ ਪੰਜਾਬੀ ਲੇਖਕ, ਸਭਿਆਚਾਰਕ ਕਾਮੇ, ਰਾਜਨੀਤੀਵਾਨ, ਧਾਰਮਿਕ ਚੌਧਰੀ ਅਤੇ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਵਾਲੇ ਅਹੁਦਿਆਂ ਉੱਤੇ ਬਿਰਾਜਮਾਨ ਹੋਏ ਲੋਕ ਵੀ ਆਪਣਾ ਜ਼ਾਤ-ਪਾਤ ਆਧਾਰਤ ਵਿਤਕਰੇ ਵਾਲਾ ਵਰਤਾਓ ਕਰਨਾ ਜਾਰੀ ਰੱਖਦੇ ਹਨ

----

ਹਰਕੰਵਲਜੀਤ ਸਾਹਿਲ ਨੇ ਇਸੁ ਗਰਬ ਤੇ ਚਲਹਿ ਬਹੁਤੁ ਵਿਤਕਰਾਨਾਟਕ ਨੂੰ ਪੁਸਤਕ ਰੂਪ ਵਿੱਚ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਇਹ ਨਾਟਕ ਲੋਕਾਂ ਸਾਹਮਣੇ ਪੇਸ਼ ਵੀ ਕੀਤਾ ਸੀਪਰਵਾਸੀ ਪੰਜਾਬੀਆਂ ਸਾਹਮਣੇ ਪੇਸ਼ ਇੱਕ ਅਹਿਮ ਸਮੱਸਿਆ ਨੂੰ ਸਾਹਿਤ ਦੇ ਇੱਕ ਰੂਪ ਵਜੋਂ ਪੁਸਤਕ ਰੂਪ ਵਿੱਚ ਪ੍ਰਕਾਸ਼ਿਤ ਕਰਕੇ ਹਰਕੰਵਲਜੀਤ ਸਾਹਿਲ ਨੇ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਜ਼ਿਕਰਯੋਗ ਵਾਧਾ ਕੀਤਾ ਹੈ

ਇਸ ਪੁਸਤਕ ਦੇ ਪ੍ਰਕਾਸ਼ਿਤ ਹੋਣ ਨਾਲ ਹਰਕੰਵਲਜੀਤ ਸਾਹਿਲ ਕੈਨੇਡੀਅਨ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਇੱਕ ਚੇਤੰਨ, ਅਗਾਂਹਵਧੂ ਅਤੇ ਜਿੰਮੇਵਾਰ ਰੰਗਕਰਮੀ ਵਜੋਂ ਆਪਣੀ ਪਹਿਚਾਣ ਬਣਾਉਣ ਵਿੱਚ ਕਾਮਯਾਬ ਹੋਇਆ ਹੈ


Wednesday, July 22, 2009

ਸੁਖਿੰਦਰ - ਲੇਖ

ਸਰਲਤਾ ਦਾ ਮੋਹੀ ਗ਼ਜ਼ਲਗੋ ਕਸ਼ਮੀਰਾ ਸਿੰਘ ਚਮਨ

ਲੇਖ

ਕੈਨੇਡੀਅਨ ਪੰਜਾਬੀ ਸਾਹਿਤਕਾਰਾਂ ਵਿੱਚੋਂ ਕਸ਼ਮੀਰਾ ਸਿੰਘ ਚਮਨ ਨੂੰ ਸਭ ਤੋਂ ਵੱਧ ਸਰਲ ਗ਼ਜ਼ਲਾਂ ਲਿਖਣ ਵਾਲੇ ਗ਼ਜ਼ਲਗੋ ਵਜੋਂ ਸਵੀਕਾਰਿਆ ਜਾਣਾ ਚਾਹੀਦਾ ਹੈਗ਼ਜ਼ਲ ਲਿਖਣ ਵੇਲੇ ਚਮਨ ਗੁੰਝਲਦਾਰ ਵਿਸ਼ਿਆਂ ਜਾਂ ਸਮੱਸਿਆਵਾਂ ਦੀ ਪੇਸ਼ਕਾਰੀ ਕਰਨ ਦੇ ਝਮੇਲਿਆਂ ਵਿੱਚ ਨਹੀਂ ਪੈਂਦਾਸਾਧਾਰਨ ਆਦਮੀ ਦੀ ਜ਼ਿੰਦਗੀ ਨਾਲ ਸਬੰਧਤ ਕੋਈ ਵੀ ਮਸਲਾ, ਕੋਈ ਵੀ ਤਲਖ ਹਕੀਕਤ, ਕੋਈ ਵੀ ਘਟਨਾ ਉਸਦੀ ਗ਼ਜ਼ਲ ਦੇ ਸ਼ਿਅਰ ਦਾ ਹਿੱਸਾ ਬਣ ਸਕਦੀ ਹੈਉਸਦੀ ਗ਼ਜ਼ਲ ਦਾ ਸੁਭਾਅ ਦਰਿਆ ਦੇ ਪਾਣੀ ਵਰਗਾ ਹੈਉਸ ਦੀਆਂ ਗ਼ਜ਼ਲਾਂ ਵਿੱਚ ਦਰਿਆ ਦੇ ਪਾਣੀ ਵਰਗੀ ਰਵਾਨੀ ਹੈਇਸ ਦਰਿਆ ਦੇ ਕੰਢਿਆਂ ਨਾਲ ਜੋ ਵੀ ਚੀਜ਼ ਟਕਰਾ ਗਈ ਉਹ ਚਮਨ ਦੀਆਂ ਗ਼ਜ਼ਲਾਂ ਦੇ ਸ਼ਿਅਰਾਂ ਦਾ ਹਿੱਸਾ ਬਣ ਗਈਉਸ ਦੀਆਂ ਗ਼ਜ਼ਲਾਂ ਦੇ ਸ਼ਿਅਰਾਂ ਵਿੱਚ ਕਿਤੇ ਵੀ ਕੋਈ ਉਚੇਚ ਨਾਲ ਆਖੀ ਹੋਈ ਕਿਸੇ ਗੱਲ ਦਾ ਭੁਲੇਖਾ ਨਹੀਂ ਪੈਂਦਾ

----

ਇੱਕ ਲੰਬੇ ਸਮੇਂ ਤੋਂ ਗ਼ਜ਼ਲ ਖੇਤਰ ਵਿੱਚ ਸਰਗਰਮ ਕਸ਼ਮੀਰਾ ਸਿੰਘ ਚਮਨ 3,000 ਤੋਂ ਵੀ ਵੱਧ ਗ਼ਜ਼ਲਾਂ ਲਿਖ ਚੁੱਕਾ ਹੈ ਉਸ ਦੀਆਂ ਚੋਣਵੀਆਂ ਗ਼ਜ਼ਲਾਂ ਦਾ ਸੰਗ੍ਰਹਿ ਕਸ਼ਮੀਰਾ ਸਿੰਘ ਚਮਨ ਦੀਆਂ ਚੋਣਵੀਆਂ ਗ਼ਜ਼ਲਾਂ’ (2007) ਵਿੱਚ ਸ਼ਮਸ਼ੇਰ ਸਿੰਘ ਸੰਧੂ ਦੀ ਸੰਪਾਦਨਾ ਹੇਠ ਪ੍ਰਕਾਸ਼ਿਤ ਹੋਇਆ ਸੀ

ਕਸ਼ਮੀਰਾ ਸਿੰਘ ਚਮਨ ਦੀਆਂ ਗ਼ਜ਼ਲਾਂ ਦੀ ਗੱਲ ਉਸਦੇ ਇਸ ਸ਼ਿਅਰ ਨਾਲ ਸ਼ੁਰੂ ਕੀਤੀ ਜਾ ਸਕਦੀ ਹੈਜੋ ਉਸਦੇ ਗ਼ਜ਼ਲ ਲਿਖਣ ਦੇ ਉਦੇਸ਼ ਨੂੰ ਰੂਪਮਾਨ ਕਰਦਾ ਹੈ:

ਮੈਂ ਸਦਾ ਆਪਣੇ ਲਹੂ ਵਿੱਚ ਡੁੱਬ ਕੇ ਲਿਖੀ ਗ਼ਜ਼ਲ

ਹੈ ਨਿਰਾ ਅਣਜਾਣ ਜੋ ਕੋਈ ਕਦਰ ਨਈਂ ਜਾਣਦਾ

----

ਕਸ਼ਮੀਰਾ ਸਿੰਘ ਚਮਨ ਇੱਕ ਮਨੁੱਖਵਾਦੀ ਸ਼ਾਇਰ ਹੈਸਾਧਾਰਣ ਆਦਮੀ ਜਿਸ ਤਰ੍ਹਾਂ ਦੀਆਂ ਤਲਖੀਆਂ ਚੋਂ ਹਰ ਰੋਜ਼ ਲੰਘਦਾ ਹੈ, ਚਮਨ ਦੀਆਂ ਗ਼ਜ਼ਲਾਂ ਦੇ ਸ਼ਿਅਰ ਉਨ੍ਹਾਂ ਤਲਖ਼ੀਆਂ ਨੂੰ ਹੀ ਬਿਆਨ ਕਰਦੇ ਹਨਉਸ ਦੀਆਂ ਗ਼ਜ਼ਲਾਂ ਦੇ ਸ਼ਿਅਰ ਸਮੁੱਚੀ ਮਾਨਵਤਾ ਲਈ ਸ਼ਾਂਤੀ ਅਤੇ ਖੁਸ਼ਹਾਲੀ ਮੰਗਦੇ ਹਨਉਹ ਦੱਬੇ-ਕੁਚਲੇ ਲੋਕਾਂ ਦਾ ਸਾਥੀ ਹੈਉਹ ਧਾਰਮਿਕ ਕੱਟੜਵਾਦੀ ਠੱਗਾਂ, ਕਾਤਲਾਂ, ਬਹੁਰੂਪੀਆਂ ਦਾ ਆਲੋਚਕ ਹੈਅਜਿਹੇ ਮੁਖੌਟਾਧਾਰੀ ਲੋਕਾਂ ਬਾਰੇ ਉਸਦਾ ਇਹ ਖੂਬਸੂਰਤ ਸ਼ਿਅਰ ਦੇਖੋ:

ਧਰਮ ਦਾ ਪਹਿਨਕੇ ਬੁਰਕਾ ਕਰੇ ਜੋ ਰਾਕਸ਼ੀ ਕਾਰੇ

ਬਣੇ ਬਹਿਰੂਪੀਆ ਉਹ ਕੌਮ ਦੇ ਸਨਮਾਨ ਦਾ ਦੁਸ਼ਮਣ

----

ਪੰਜਾਬੀ ਸਮਾਜ ਵਿੱਚ ਕੁਝ ਲੋਕਾਂ ਵੱਲੋਂ ਧੀਆਂ ਦਾ ਨਿਰਾਦਰ ਕੀਤਾ ਜਾਂਦਾ ਹੈਇੱਥੋਂ ਤੱਕ ਕਿ ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈਦਾਜ ਦੇ ਭੁੱਖੇ ਕੁਝ ਲੋਕ ਆਪਣੀਆਂ ਨੂੰਹਾਂ ਨੂੰ ਬਹੁਤ ਤੰਗ ਕਰਦੇ ਹਨ; ਇੱਥੋਂ ਤੱਕ ਕਿ ਨੂੰਹਾਂ ਦਾ ਕਤਲ ਕਰਨ ਵਿੱਚ ਵੀ ਕੋਈ ਹਿਚਕਚਾਹਟ ਮਹਿਸੂਸ ਨਹੀਂ ਕਰਦੇਪਰਿਵਾਰ ਵਿੱਚ ਧੀਆਂ ਦੀ ਅਹਿਮੀਅਤ ਬਾਰੇ ਗੱਲ ਕਰਦਾ ਹੋਇਆ ਕਸ਼ਮੀਰਾ ਸਿੰਘ ਚਮਨ ਅਜਿਹੇ ਲੋਕਾਂ ਦੀ ਸਖ਼ਤ ਨਿੰਦਾ ਕਰਦਾ ਹੈ ਜੋ ਧੀਆਂ ਦਾ ਨਿਰਾਦਰ ਕਰਦੇ ਹਨ ਅਤੇ ਉਨ੍ਹਾਂ ਉੱਤੇ ਅਤਿਆਚਾਰ ਕਰਦੇ ਹਨਇਨ੍ਹਾਂ ਵਿਸਿ਼ਆਂ ਬਾਰੇ ਚਮਨ ਦੇ ਕੁਝ ਖ਼ੂਬਸੂਰਤ ਸ਼ੇਅਰ ਦੇਖੋ - ਜਿਨ੍ਹਾਂ ਵਿੱਚ ਉਹ ਬੜੀ ਸਰਲ ਅਤੇ ਸਪੱਸ਼ਟ ਭਾਸ਼ਾ ਵਿੱਚ ਗੱਲ ਕਹਿੰਦਾ ਹੈਅਜਿਹੇ ਖ਼ੂਬਸੂਰਤ ਸ਼ੇਅਰ ਲਿਖਕੇ ਉਹ ਇੱਕ ਚੇਤੰਨ ਸ਼ਾਇਰ ਹੋਣ ਦਾ ਪ੍ਰਭਾਵ ਦਿੰਦਾ ਹੈ:

1.

ਕੋਈ ਮਜਬੂਰ ਧੀ ਜਾਂ ਭੈਣ ਨੂੰ ਨੰਗਿਆਂ ਨਚਾਵੇ ਨਾ

ਜ਼ਰਾ ਆਪਣੀ ਜੇ ਧੀ ਜਾਂ ਭੈਣ ਦੀ ਉਸਨੂੰ ਸ਼ਰਮ ਹੋਵੇ

2.

ਰੱਖੀ ਹੈ ਪੱਤ ਘਰਾਂ ਦੀ ਧੀਆਂ ਦੁਲਾਰੀਆਂ ਨੇ

ਤਾਂਹੀਓਂ ਤਾਂ ਪੁੱਤਰਾਂ ਤੋਂ ਵਧਕੇ ਪਿਆਰੀਆਂ ਨੇ

3.

ਧੀਆਂ ਨੂੰ ਪਾਲਦੇ ਨੇ ਪੁੱਤਰਾਂ ਦੇ ਵਾਂਗ ਮਾਪੇ

ਮਾਂ ਬਾਪ ਨੂੰ ਕਦੇ ਵੀ ਹੁੰਦੀਆਂ ਨਾ ਭਾਰੀਆਂ ਨੇ

4.

ਸਹੁਰੇ ਘਰੀਂ ਧੀਆਂ ਦਾ ਕਰਦੇ ਨੇ ਜੋ ਨਿਰਾਦਰ

ਸੱਸਾਂ ਤੇ ਸਹੁਰਿਆਂ ਨੂੰ ਪੁੱਠੀਆਂ ਬਿਮਾਰੀਆਂ ਨੇ

----

ਚੇਤੰਨ ਲੇਖਕ ਸਦਾ ਹੀ ਮਿਹਨਤਕਸ਼ ਲੋਕਾਂ ਦਾ ਪੱਖ ਪੂਰਦਾ ਹੈਉਨ੍ਹਾਂ ਦੇ ਦੁੱਖਾਂ ਦਰਦਾਂ ਦੀ ਗੱਲ ਕਰਦਾ ਹੈਉਨ੍ਹਾਂ ਦੀਆਂ ਇਛਾਵਾਂ, ਉਮੰਗਾਂ ਦੀ ਗੱਲ ਕਰਦਾ ਹੈ ਕਸ਼ਮੀਰਾ ਸਿੰਘ ਚਮਨ ਵੀ ਕੈਨੇਡਾ ਦੇ ਅਜਿਹੇ ਚੇਤੰਨ ਪੰਜਾਬੀ ਲੇਖਕਾਂ ਵਿੱਚੋਂ ਹੀ ਹੈ ਜੋ ਕਿਰਤੀਆਂ ਦੀ ਜ਼ਿੰਦਗੀ ਵਿੱਚ ਸੁੱਖ ਅਤੇ ਖੁਸ਼ਹਾਲੀ ਦੇਖਣੀ ਚਾਹੁੰਦਾ ਹੈ; ਤਾਂ ਹੀ ਤਾਂ ਉਹ ਅਜਿਹੇ ਸ਼ਿਅਰ ਲਿਖਦਾ ਹੈ:

ਗਰੀਬਾਂ ਕਿਰਤੀਆਂ ਦੇ ਪੈਰ ਨੰਗੇ ਸੜਣ ਜਿਸ ਉੱਤੇ

ਕੁਈ ਧਰਤੀ ਚਮਨਏਦਾਂ ਕਿਤੇ ਵੀ ਨਾ ਗਰਮ ਹੋਵੇ

-----

ਲੋਕ-ਏਕਤਾ ਇੱਕ ਹੋਰ ਅਜਿਹਾ ਵਿਸ਼ਾ ਹੈ ਜਿਸ ਬਾਰੇ ਕਸ਼ਮੀਰਾ ਸਿੰਘ ਚਮਨ ਬਹੁਤ ਗੰਭੀਰ ਹੈਧਰਮ, ਜ਼ਾਤ-ਪਾਤ, ਨਸਲ ਦੇ ਨਾਮ ਉੱਤੇ ਲੋਕਾਂ ਵਿੱਚ ਵੰਡੀਆਂ ਪਾਣ ਵਾਲੇ ਲੋਕਾਂ ਨੂੰ ਚਮਨ ਗ਼ੈਰ-ਮਾਨਵੀ ਮਾਨਸਿਕਤਾ ਵਾਲੇ ਜੀਵ ਸਮਝਦਾ ਹੈਉਸ ਲਈ ਸਿੱਖ, ਹਿੰਦੂ, ਮੁਸਲਿਮ, ਈਸਾਈ, ਯਹੂਦੀ, ਜੈਨੀ, ਬੋਧੀ - ਸਭ ਇੱਕੋ ਜਿਹੇ ਹਨਕਸ਼ਮੀਰਾ ਸਿੰਘ ਚਮਨ ਦੀਆਂ ਗ਼ਜ਼ਲਾਂ ਦੇ ਇਹ ਸ਼ਿਅਰ ਉਸਦੀਆਂ ਗ਼ਜ਼ਲਾਂ ਦੇ ਮਾਨਵਵਾਦੀ ਪੱਖ ਨੂੰ ਬੜੇ ਗੂੜ੍ਹੇ ਰੰਗ ਵਿੱਚ ਉਭਾਰਦੇ ਹਨ:

1.

ਨਾਨਕ ਫਰੀਦ ਵਾਰਸ ਵੰਡੇ ਗਏ ਨਾ ਫਿਰ ਵੀ

ਦੁਸ਼ਮਣ ਮਨੁੱਖਤਾ ਦੇ ਖ਼ੁਦ ਸ਼ਰਮਸਾਰ ਹੋਏ

2.

ਸੁਹਣੇ ਪੰਜਾਬ ਦੇ ਦੋ ਟੋਟੇ ਜਦੋਂ ਸੀ ਹੋਏ

ਸਤਲੁਜ ਬਿਆਸ ਰਾਵੀ ਜਿਹਲਮ ਚਨਾਬ ਰੋਏ

3.

ਉਸ ਧਰਤੀ ਦੀ ਹਿੱਕ ਤੇ ਕੋਈ ਬੀਜ ਜ਼ਹਿਰ ਦੇ ਬੀਜ ਗਿਆ

ਪਾਈ ਸੀ ਗਲਵਕੜੀ ਜਿੱਥੇ ਇੱਕ ਦੂਜੇ ਨੂੰ ਯਾਰਾਂ ਨੇ

4.

ਚਮਨ ਮਹਿਕਾਨ ਦਾ ਹੀਲਾ ਕਰਾਂਗਾ ਆਖਰੀ ਦਮਤਕ

ਮਰਾਂਗਾ ਲੋਕਤਾ ਬਦਲੇ ਇਹੋ ਹੈ ਫੈਸਲਾ ਮੇਰਾ

----

ਭ੍ਰਿਸ਼ਟ ਰਾਜਨੀਤੀਵਾਨਾਂ ਨੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਜੰਗ ਦੇ ਭਾਂਬੜ ਬਾਲ ਦਿੱਤੇ ਹਨਤੰਗ ਦਿਲੀ, ਨਿੱਜੀ ਮੁਫ਼ਾਦ ਅਤੇ ਹੈਂਕੜ ਹੀ ਅਜਿਹੇ ਰਾਜਨੀਤੀਵਾਨਾਂ ਦੀ ਰਾਜਨੀਤੀ ਦੇ ਅਸੂਲ ਹਨਉਨ੍ਹਾਂ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਕਿ ਉਨ੍ਹਾਂ ਦੀ ਹਉਮੈ ਕਾਰਨ ਕਿੰਨੇ ਹੱਸਦੇ-ਵੱਸਦੇ ਘਰ ਤਬਾਹ ਹੁੰਦੇ ਹਨ, ਕਿੰਨੇ ਬੱਚਿਆਂ ਦੇ ਪਿਓਆਂ ਨੇ ਕਦੀ ਵੀ ਘਰ ਨਹੀਂ ਮੁੜਨਾ, ਕਿੰਨੇ ਘਰਾਂ ਚ ਮੁੜ ਕਦੀ ਕਿਸੇ ਨੇ ਨਹੀਂ ਹੱਸਣਾ ਭ੍ਰਿਸ਼ਟ ਜੰਗਬਾਜ਼ ਸਿਆਸੀ ਰਹਿਨੁਮਾਵਾਂ ਦੇ ਮੁਖੌਟੇ ਉਤਾਰ ਰਹੇ ਕਸ਼ਮੀਰਾ ਸਿੰਘ ਚਮਨ ਦੇ ਸ਼ਿਅਰ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਉਹ ਵਿਸ਼ਵ ਰਾਜਨੀਤੀ ਦੇ ਇਸ ਪੱਖ ਨੂੰ ਵੀ ਬੜੀ ਗਹਿਰਾਈ ਨਾਲ ਸਮਝਦਾ ਹੈ:

1.

ਪੈ ਗਏ ਨੇ ਔਝੜੇ ਲੋਭੀ ਸਿਆਸੀ ਰਹਿਨੁਮਾ

ਹਰ ਕਿਸੇ ਦੀ ਆਤਮਾ ਬੀਮਾਰ ਬਣਦੀ ਜਾ ਰਹੀ

2.

ਬੰਬ ਤੋਪਾਂ ਰਾਕਟਾਂ ਟੈਂਕਾਂ ਨੇ ਮੱਲਿਆ ਧਰਤ ਨੂੰ

ਅੱਗ ਤੇ ਬਾਰੂਦ ਦਾ ਭੰਡਾਰ ਬਣਦੀ ਜਾ ਰਹੀ

----

ਮਨੁੱਖ ਦੀ ਅੱਖ ਵਿੱਚ ਡਾਲਰ ਹੀ ਸਭ ਕੁਝ ਬਣ ਜਾਣ ਕਾਰਨ ਸਭਿਆਚਾਰਕ / ਸਮਾਜਿਕ ਕਦਰਾਂ-ਕੀਮਤਾਂ ਵਿੱਚ ਬਹੁਤ ਗਿਰਾਵਟ ਆ ਰਹੀ ਹੈਫੈਸ਼ਨ ਅਤੇ ਦਿਖਾਵੇ ਦੇ ਨਾਮ ਹੇਠ ਜ਼ਿੰਦਗੀ ਦੇ ਹਰ ਖੇਤਰ ਵਿੱਚ ਹੀ ਅਸ਼ਲੀਲਤਾ ਦਾ ਬੋਲਬਾਲਾ ਹੋ ਰਿਹਾ ਹੈਅਸ਼ਲੀਲਤਾਹੀ ਅਜੋਕੇ ਸਮਿਆਂ ਦਾ ਸਭ ਤੋਂ ਵਿਕਾਊ ਸ਼ਬਦ ਬਣ ਚੁੱਕਾ ਹੈਮਾਨਵੀ ਕਦਰਾਂ-ਕੀਮਤਾਂ ਵਿੱਚ ਆ ਰਹੀ ਅਜਿਹੀ ਗਿਰਾਵਟ ਤੋਂ ਚਮਨ ਚਿੰਤਤ ਹੈਉਹ ਸਮਝਦਾ ਹੈ ਕਿ ਅਜਿਹੇ ਭ੍ਰਿਸ਼ਟਾਚਾਰ ਲਈ ਮਰਦ ਅਤੇ ਔਰਤਾਂ ਦੋਨੋਂ ਹੀ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ:

1.

ਲੈ ਗਿਆ ਸਭ ਰੋੜ੍ਹ ਕੇ ਫੈਸ਼ਨ ਦਾ ਹੜ੍ਹ

ਡੁੱਬੀਆਂ ਮਰਦਾਂ ਸਣੇ ਕੁਲ ਨਾਰੀਆਂ

2.

ਮਾਨਵੀ ਕਦਰਾਂ ਦੀ ਹੇਠੀ ਹੋ ਰਹੀ

ਮਾਰਦੀ ਅਸ਼ਲੀਲਤਾ ਕਿਲਕਾਰੀਆਂ

----

ਪੰਜਾਬੀ ਲੇਖਕਾਂ ਵਿੱਚ ਸ਼ਰਾਬ ਪੀਣ ਦੀ ਆਦਤ ਏਨੀ ਵੱਧ ਚੁੱਕੀ ਹੈ ਕਿ ਉਹ ਸਮਝਦੇ ਹਨ ਕਿ ਸ਼ਰਾਬ ਪੀਣ ਦੇ ਬਿਨ੍ਹਾਂ ਸਾਹਿਤ ਦੀ ਗੱਲ ਕੀਤੀ ਹੀ ਨਹੀਂ ਜਾ ਸਕਦੀਕਈ ਲੇਖਕਾਂ ਦੀ ਸ਼ਰਾਬ ਪੀਣ ਦੀ ਭੈੜੀ ਆਦਤ ਕਾਰਨ ਹੀ ਉਨ੍ਹਾਂ ਦੇ ਘਰ ਵੀ ਉੱਜੜੇ ਹਨਕਿਉਂਕਿ ਜ਼ਿਆਦਾ ਸ਼ਰਾਬ ਪੀਣ ਕਾਰਨ ਉਨ੍ਹਾਂ ਦਾ ਮਾਨਸਿਕ ਸੰਤੁਲਿਨ ਵਿਗੜ ਜਾਣ ਕਾਰਨ ਉਹ ਆਪਣੀਆਂ ਪਤਨੀਆਂ ਦੀ ਮਾਰ-ਕੁਟਾਈ ਕਰਦੇ ਸਨਕੈਨੇਡਾ ਵਰਗੇ ਵਿਕਸਤ ਦੇਸ਼ ਵਿੱਚ ਕੋਈ ਵੀ ਔਰਤ ਮਰਦ ਵੱਲੋਂ ਦਿਖਾਇਆ ਗਿਆ ਅਜਿਹਾ ਵਤੀਰਾ ਸਵੀਕਾਰ ਕਰਨ ਲਈ ਤਿਆਰ ਨਹੀਂਕਿਉਂਕਿ ਕੈਨੇਡਾ ਦਾ ਕਾਨੂੰਨ ਵੀ ਪਤੀਆਂ ਵੱਲੋਂ ਹਿੰਸਾ ਦਾ ਸ਼ਿਕਾਰ ਹੋਈਆਂ ਪਤਨੀਆਂ ਦੀ ਰਾਖੀ ਕਰਦਾ ਹੈਅਜਿਹੇ ਸ਼ਰਾਬੀ ਸਾਹਿਤਕਾਰਾਂ ਦੀਆਂ ਸਾਹਿਤਕ-ਮਹਿਫ਼ਲਾਂ ਬਾਰੇ ਵੀ ਚਮਨ ਦੇ ਇਹ ਸ਼ਿਅਰ ਕਾਫੀ ਦਿਲਚਸਪੀ ਭਰਪੂਰ ਹਨ:

1.

ਸੁਣਕੇ ਰੌਲਾ ਰੱਪਾ ਉਸਨੇ ਸਾਹਿਤਕਾਰਾਂ ਦਾ

ਇਸ ਮਹਿਫ਼ਲ ਨੂੰ ਸਮਝ ਲਿਆ ਮੈਖ਼ਾਨਾ ਯਾਰਾਂ ਦਾ

2.

ਅੰਦਰ ਵੜਿਆਂ ਮੈਨੂੰ ਸਾਰੇ ਸੱਜਣ ਠੱਗ ਦਿਸੇ

ਵੇਖਣ ਨੂੰ ਤਾਂ ਜਾਪ ਰਿਹਾ ਸੀ ਘਰ ਸਰਦਾਰਾਂ ਦਾ

----

ਕਿਸੇ ਵੀ ਖੇਤਰ ਵਿੱਚ ਤਰੱਕੀ ਕਰਨ ਲਈ ਜ਼ਰੂਰੀ ਹੁੰਦਾ ਹੈ ਕਿ ਸਮੇਂ ਦੀ ਨਬਜ਼ ਨੂੰ ਸਮਝਿਆ ਜਾਵੇਸਮਾਜਿਕ, ਸਭਿਆਚਾਰਕ, ਰਾਜਨੀਤਿਕ, ਵਿੱਦਿਅਕ ਖੇਤਰਾਂ ਵਿੱਚ ਵਾਪਰ ਰਹੀਆਂ ਤਬਦੀਲੀਆਂ ਅਨੁਸਾਰ ਤੁਸੀਂ ਆਪਣੀ ਸੋਚ ਵਿੱਚ ਤਬਦੀਲੀਆਂ ਨਹੀਂ ਕਰਦੇ ਤਾਂ ਤੁਸੀਂ ਆਪਣੇ ਚੌਗਿਰਦੇ ਲਈ ਓਪਰੇ ਬਣ ਜਾਵੋਗੇ ਕਸ਼ਮੀਰਾ ਸਿੰਘ ਚਮਨ ਦਾ ਇਹ ਸ਼ਿਅਰ ਜ਼ਿੰਦਗੀ ਦੇ ਇਸ ਭੇਦ ਨੂੰ ਬੜੀ ਹੀ ਖ਼ੂਬਸੂਰਤੀ ਨਾਲ ਪੇਸ਼ ਕਰ ਰਿਹਾ ਹੈ:

ਸਮੇਂ ਦੇ ਨਾਲ ਜੇ ਨੱਚੇ ਸਮੇਂ ਦੇ ਨਾਲ ਜੇ ਗਾਏਂ

ਸਮਾਂ ਸੰਗੀਤ ਬਣਕੇ ਨਾਲ ਤੇਰੇ ਤਾਲ ਦੇਵੇਗਾ

----

ਸਾਡੇ ਸਮਾਜ ਵਿੱਚ ਦੋਗਲਾਪਣ ਬਹੁਤ ਵੱਧ ਰਿਹਾ ਹੈਗੁਰਦੁਆਰਿਆਂ ਚ ਕੀਰਤਨ ਕਰ ਰਹੇ ਰਾਗੀ ਅਜਿਹੇ ਸ਼ਬਦ ਬਾਰ ਬਾਰ ਪੜ੍ਹਦੇ ਹਨ ਜਿਨ੍ਹਾਂ ਵਿੱਚ ਇਹ ਨਸੀਹਤ ਦਿੱਤੀ ਗਈ ਹੁੰਦੀ ਹੈ ਕਿ ਮਨੁੱਖ ਨੂੰ ਮਾਇਆ ਪਿੱਛੇ ਦੌੜਣਾ ਨਹੀਂ ਚਾਹੀਦਾ; ਜਦੋਂ ਕਿ ਉਹ ਆਪ ਆਪਣਾ ਧਿਆਨ ਡਾਲਰਾਂ ਦੀਆਂ ਪੰਡਾਂ ਬੰਨ੍ਹਣ ਵਿੱਚ ਹੀ ਰੱਖਦੇ ਹਨਨਿੱਤ ਅਖਬਾਰਾਂ ਵਿੱਚ ਖਬਰਾਂ ਛਪ ਰਹੀਆ ਹਨ ਕਿ ਧਰਮ ਪ੍ਰਚਾਰ ਕਮੇਟੀਆਂ ਦੇ ਨੁਮਾਇੰਦੇ ਲੋਕਾਂ ਵਿੱਚ ਪ੍ਰਚਾਰ ਕਰਦੇ ਨਹੀਂ ਥੱਕਦੇ ਕਿ ਨਸ਼ਿਆਂ ਦਾ ਸੇਵਨ ਤੁਹਾਡਾ ਜੀਵਨ ਤਬਾਹ ਕਰ ਦੇਵੇਗਾ - ਪਰ ਆਪ ਸ਼ਰਾਬ ਦੇ ਰੱਜੇ ਹੋਏ ਸੜਕਾਂ ਉਤੇ ਡਿੱਗੇ ਹੋਏ ਮਿਲਦੇ ਹਨਚਮਨ ਦਾ ਇਹ ਸ਼ੇਅਰ ਵੀ ਦੇਖੋ ਜਿਸ ਵਿੱਚ ਸ਼ਰਾਬੀ ਮੁਲਾਣਿਆਂ ਦਾ ਚਰਚਾ ਛੇੜਿਆ ਗਿਆ ਹੈ:

ਬੜੀ ਹੈਰਾਨਗੀ ਹੋਈ ਉਹ ਜਦ ਵੜਿਆ ਮੈਖ਼ਾਨੇ ਵਿੱਚ

ਜੋ ਦੇਂਦਾ ਬਾਂਗ ਸੀ ਮੁੱਲਾਂ ਸਦਾ ਚੜ੍ਹਕੇ ਮੁਨਾਰੇ ਤੇ

----

ਬਹੁਤ ਸਾਰੇ ਲੇਖਕਾਂ ਨੂੰ ਕਲਮ ਦੀ ਸ਼ਕਤੀ ਦਾ ਅਹਿਸਾਸ ਨਹੀਂ ਹੁੰਦਾਇਸੇ ਕਰਕੇ ਉਨ੍ਹਾਂ ਦੀਆਂ ਲਿਖਤਾਂ ਦਿਸ਼ਾਹੀਣ ਹੁੰਦੀਆਂ ਹਨਅਜਿਹੀਆਂ ਲਿਖਤਾਂ ਲਿਖਣ ਵੇਲੇ ਉਹ ਆਪਣਾ ਸਮਾਂ ਤਾਂ ਜਾਇਆ ਕਰਦੇ ਹੀ ਹਨ; ਪਰ ਇਸਦੇ ਨਾਲ ਹੀ ਉਨ੍ਹਾਂ ਪਾਠਕਾਂ ਦਾ ਸਮਾਂ ਵੀ ਜਾਇਆ ਕਰਦੇ ਹਨ ਜੋ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਹਨਕਿਉਂਕਿ ਅਜਿਹੀਆਂ ਲਿਖਤਾਂ ਪੜ੍ਹਣ ਤੋਂ ਬਾਹਦ ਪਾਠਕ ਦੀ ਮਾਨਸਿਕਤਾ ਉੱਤੇ ਕਿਸੇ ਤਰ੍ਹਾਂ ਦਾ ਵੀ ਕੋਈ ਚੰਗਾ ਅਸਰ ਨਹੀਂ ਹੁੰਦਾ ਅਤੇ ਉਹ ਚੁੱਪ ਚਾਪ ਬਿਸਤਰੇ ਵਿੱਚ ਵੜ੍ਹ ਕੇ ਘੁਰਾੜੇ ਮਾਰਨ ਲੱਗ ਜਾਂਦਾ ਹੈਕਲਮ ਦੀ ਸ਼ਕਤੀ ਅਤੇ ਸਮਰੱਥਾ ਬਾਰੇ ਚੇਤਨਾ ਪੈਦਾ ਕਰਦੇ ਕਸ਼ਮੀਰਾ ਸਿੰਘ ਚਮਨ ਦੇ ਇਹ ਸ਼ਿਅਰ ਪੜ੍ਹਨਯੋਗ ਹਨ:

1.

ਆ ਗਈ ਹੋਵੇ ਜਿਨ੍ਹਾਂ ਦੇ ਪਾਸ ਸ਼ਕਤੀ ਕਲਮ ਦੀ

ਰੱਖ ਦੇਂਦੇ ਬਦਲਕੇ ਸ਼ਾਇਰ ਨੁਹਾਰਾਂ ਦੋਸਤੋ

2.

ਕਲਮ ਦੀ ਸ਼ਕਤੀ ਉਭਾਰੇ ਸੱਚ ਦੀ ਤਸਵੀਰ ਨੂੰ

ਜੱਗ ਤੇ ਉੱਚਾ ਹੈ ਰੁਤਬਾ ਕਲਮ ਤੇ ਫਨਕਾਰ ਦਾ

3.

ਜੀਵਨ ਦਾ ਕੀ ਉਦੇਸ਼ ਹੈ ਮੂਰਖ ਨੂੰ ਕੀ ਪਤੈ

ਕਰਦਾ ਸਦਾ ਬਿਆਨ ਜੋ ਗੱਲਾਂ ਨਕਾਰੀਆਂ

----

ਪਰਵਾਸੀ ਪੰਜਾਬੀਆਂ ਦੀ ਇੱਕ ਵੱਡੀ ਸਮੱਸਿਆ ਹੈ ਬੱਚਿਆਂ ਦਾ ਭੈੜੀਆਂ ਆਦਤਾਂ ਵਿੱਚ ਪੈੇ ਜਾਣਾਪੰਜਾਬੀਆਂ ਦੇ ਬੱਚੇ ਹਰ ਤਰ੍ਹਾਂ ਦੇ ਨਸ਼ਿਆਂ ਦੀ ਵਰਤੋਂ ਕਰ ਰਹੇ ਹਨ, ਨਸ਼ਿਆਂ ਦੀ ਸਮਗਲਿੰਗ ਕਰ ਰਹੇ ਹਨ ਅਤੇ ਗੈਂਗਸਟਰ ਬਣ ਕੇ ਇੱਕ ਦੂਜੇ ਦੇ ਕਤਲ ਕਰ ਰਹੇ ਹਨਪੱਛਮ ਵਿੱਚ ਜ਼ਿੰਦਗੀ ਏਨੀ ਰੁਝੇਵਿਆਂ ਭਰੀ ਹੈ ਕਿ ਮਾਪੇ ਘਰਾਂ ਦੇ ਖਰਚੇ ਤੋਰਨ ਲਈ ਆਪਣੇ ਰੋਜ਼ਗਾਰ ਦੇ ਕੰਮਾਂ ਵਿੱਚ ਰੁੱਝੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਨ੍ਹਾਂ ਦੇ ਬੱਚੇ ਕੀ ਕਰ ਰਹੇ ਹਨਉਨ੍ਹਾਂ ਨੂੰ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਬੱਚੇ ਕਿਸੇ ਮੁਸੀਬਤ ਵਿੱਚ ਫਸ ਜਾਂਦੇ ਹਨ ਅਤੇ ਪੁਲਿਸ ਉਨ੍ਹਾਂ ਦੇ ਦਰਵਾਜ਼ਿਆਂ ਉੱਤੇ ਦਸਤਕ ਦੇ ਰਹੀ ਹੁੰਦੀ ਹੈਉਦੋਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈਕੈਨੇਡੀਅਨ ਪੰਜਾਬੀਆਂ ਦੀਆਂ ਸਭਿਆਚਾਰਕ ਸਮੱਸਿਆਵਾਂ ਨੂੰ ਸਮਝਦਾ ਹੋਇਆ ਕਸ਼ਮੀਰਾ ਸਿੰਘ ਚਮਨ ਪੰਜਾਬੀ ਮਾਪਿਆਂ ਨੂੰ ਇਸ ਗੱਲ ਦੀ ਚੇਤਾਵਨੀ ਦੇਣੀ ਆਪਣਾ ਫ਼ਰਜ਼ ਸਮਝਦਾ ਹੈ ਕਿ ਬੱਚਿਆਂ ਦੀ ਜ਼ਿੰਦਗੀ ਨੂੰ ਦਾਅ ਉੱਤੇ ਲਗਾ ਕੇ ਜੇਕਰ ਉਨ੍ਹਾਂ ਨੇ ਡਾਲਰਾਂ ਦੇ ਢੇਰ ਲਗਾ ਵੀ ਲਏ ਤਾਂ ਉਸਦਾ ਕੀ ਲਾਭ? ਚਮਨ ਦਾ ਇਹ ਸ਼ਿਅਰ ਥੋੜੇ ਸ਼ਬਦਾਂ ਵਿੱਚ ਵੱਡੀ ਗੱਲ ਕਹਿ ਜਾਂਦਾ ਹੈ:

ਜੇ ਕੁਰਾਹੇ ਪੈ ਗਈ ਇਹ ਆਪਣੀ ਸੰਤਾਨ ਹੀ

ਫਿਰ ਕਮਾਏ ਕੰਮ ਨਾ ਆਵਣਗੇ ਡਾਲੇ ਦੋਸਤੋ

----

ਪਿਆਰ ਦੇ ਬੋਲੇ ਦੋ ਬੋਲਾਂ ਦੀ ਕੀਮਤ ਕਈ ਵੇਰੀ ਏਨੀ ਵੱਡੀ ਹੁੰਦੀ ਹੈ ਕਿ ਉਹ ਵੱਡੀਆਂ ਵੱਡੀਆਂ ਸਮੱਸਿਆਵਾਂ ਹੱਲ ਕਰ ਦਿੰਦੇ ਹਨ; ਜਦੋਂ ਕਿ ਅਗਿਆਨਤਾ ਭਰਿਆ ਬੋਲਿਆ ਇੱਕ ਹੀ ਸ਼ਬਦ ਮਹਾਂਭਾਰਤ ਦੀ ਜੰਗ ਛੇੜ ਦਿੰਦਾ ਹੈਸ਼ਬਦਾਂ ਦੀ ਤਾਕਤ ਕਈ ਵੇਰੀ ਤਲਵਾਰ ਨਾਲੋਂ ਵੀ ਵੱਧ ਹੁੰਦੀ ਹੈਤਲਵਾਰ ਦੇ ਲੱਗੇ ਫੱਟ ਤਾਂ ਕਈ ਵਾਰੀ ਭਰ ਜਾਂਦੇ ਹਨ; ਪਰ ਸ਼ਬਦਾਂ ਦੇ ਦਿੱਤੇ ਫੱਟ ਕਈ ਵੇਰੀ ਉਮਰ ਭਰ ਨਹੀਂ ਭਰਦੇਇਸ ਲਈ ਚਮਨ ਸਲਾਹ ਦਿੰਦਾ ਹੈ ਕਿ ਕੋਈ ਕੌੜੇ ਬੋਲ ਵੀ ਬੋਲਦਾ ਹੈ ਤਾਂ ਚੁੱਪ ਕਰ ਰਹੋਕਿਉਂਕਿ ਪਲ ਭਰ ਦੀ ਤੁਹਾਡੀ ਚੁੱਪ ਤੁਹਾਨੂੰ ਵੱਡੀਆਂ ਮੁਸੀਬਤਾਂ ਤੋਂ ਬਚਾ ਲੈਂਦੀ ਹੈ ਅਤੇ ਕੌੜੇ ਬੋਲ ਬੋਲਣ ਵਾਲਾ ਵਿਅਕਤੀ ਵੀ ਗੁੱਸਾ ਉਤਰ ਜਾਣ ਤੋਂ ਬਾਅਦ ਪਛਤਾਵਾ ਮਹਿਸੂਸ ਕਰਦਾ ਹੈ ਕਸ਼ਮੀਰਾ ਸਿੰਘ ਚਮਨ ਦੇ ਸ਼ਿਅਰ ਜ਼ਿੰਦਗੀ ਦੀ ਇਸ ਸੱਚਾਈ ਨੂੰ ਬੜੀ ਖ਼ੂਬਸੂਰਤੀ ਨਾਲ ਬਿਆਨ ਕਰਦੇ ਹਨ:

1.

ਸਬਰ ਦੇ ਨਾਲ ਸਹਿ ਲਈਏ ਕਸੈਲੇ ਬੋਲ ਲੋਕਾਂ ਦੇ

ਸੁਰੀਲੇ ਬੋਲ ਦੋ ਕਹਿਕੇ ਕਿਸੇ ਦਾ ਦਿਲ ਚੁਰਾ ਲਈਏ

2.

ਇਸ ਜ਼ਿੰਦਗੀ ਦੇ ਸਾਰੇ ਸ਼ਿਕਵੇ ਮਿਟਾ ਲਏ ਮੈਂ

ਧਰਤੀ ਦੇ ਲੋਕ ਸਾਰੇ ਆਪਣੇ ਬਣਾ ਲਏ ਮੈਂ

3.

ਮਹਿਕ ਵੰਡੇਗੀ ਮੁਹੱਬਤ ਆਸ ਨਾ ਛੱਡੀਂ ਅਜੇ

ਹੋਸ਼ ਆਵੇਗੀ ਮਿਰੇ ਦਿਲਬਰ ਨੂੰ ਸ਼ਾਇਦ ਦਿਨਢਲੇ

----

ਮਨੁੱਖ ਨੂੰ ਜ਼ਿੰਦਗੀ ਵਿੱਚ ਹੋਰ ਹਰ ਚੀਜ਼ ਦੁਬਾਰਾ ਮਿਲ ਸਕਦੀ ਹੈ; ਪਰ ਉਸਨੂੰ ਮਾਂ ਦੁਬਾਰਾ ਨਹੀਂ ਮਿਲ ਸਕਦੀਇਸੇ ਲਈ ਮਨੁੱਖ ਹੋਰ ਹਰ ਗੱਲ ਨੂੰ ਭੁੱਲ ਸਕਦਾ ਹੈ; ਪਰ ਉਹ ਆਪਣੀ ਮਾਂ ਨੂੰ ਕਦੀ ਨਹੀਂ ਭੁੱਲਦਾਜ਼ਿੰਦਗੀ ਦੀ ਇਸ ਸਚਾਈ ਬਾਰੇ ਵੀ ਚਮਨ ਦਾ ਇੱਕ ਸ਼ਿਅਰ ਹਾਜ਼ਰ ਹੈ:

ਮਾਂ ਜਨਨੀ ਨਾ ਲਭਦੀ ਮੁੜਕੇ ਤੇਰੇ ਜੈਸੀ ਹੋਰ ਨਾ ਕੋਈ

ਮੈਨੂੰ ਪੁੱਤਰ ਆਖਣ ਭਾਵੇਂ ਮਾਵਾਂ ਲੱਖ ਹਜ਼ਾਰ ਨੀ ਮਾਏਂ

----

ਕਸ਼ਮੀਰਾ ਸਿੰਘ ਚਮਨ ਦੀਆਂ ਚੋਣਵੀਆਂ ਗ਼ਜ਼ਲਾਂਪੁਸਤਕ ਵਿੱਚ ਚਮਨ ਨੇ ਕੁਝ ਹੋਰ ਵਿਸ਼ਿਆਂ ਬਾਰੇ ਵੀ ਗ਼ਜ਼ਲਾਂ ਲਿਖੀਆਂ ਹਨਕੁਝ ਲੋਕਾਂ ਦੀ ਮਾਨਸਿਕਤਾ ਅਜਿਹੀ ਹੁੰਦੀ ਹੈ ਕਿ ਉਹ ਦੂਜਿਆਂ ਨਾਲ ਹਰ ਗੱਲ ਵਿੱਚ ਈਰਖਾ ਕਰੀ ਜਾਂਦੇ ਹਨ ਅਤੇ ਉਨ੍ਹਾਂ ਦੇ ਨੁਕਸ ਕੱਢਣ ਵਿੱਚ ਹੀ ਆਪਣੀ ਸ਼ਕਤੀ ਜਾਇਆ ਕਰਦੇ ਰਹਿੰਦੇ ਹਨਅਜਿਹੇ ਲੋਕ ਆਪਣੇ ਅੰਦਰ ਝਾਤੀ ਮਾਰਨ ਦੀ ਕਦੀ ਕੋਸ਼ਿਸ਼ ਨਹੀਂ ਕਰਦੇ ਕਿ ਉਨ੍ਹਾਂ ਦੀ ਆਪਣੀ ਕੀ ਔਕਾਤ ਹੈ? ਚਮਨ ਅਜਿਹੇ ਮਾਨਸਿਕ ਤੌਰ ਤੇ ਬੀਮਾਰ ਲੋਕਾਂ ਨੂੰ ਵੀ ਆਪਣੇ ਸ਼ਿਅਰਾਂ ਦਾ ਵਿਸ਼ਾ ਬਣਾਉਂਦਾ ਹੈ:

1.

ਕਿਸ ਲਈ ਤੂੰ ਦੂਜਿਆਂ ਦੇ ਐਬ ਫੋਲੀ ਜਾ ਰਿਹੈਂ

ਆਪਣੀ ਬੁੱਕਲ ਚ ਵੀ ਤਾਂ ਆਪ ਝਾਤੀ ਮਾਰ ਤੂੰ

2.

ਸੜ ਰਹੇ ਜੋ ਲੋਕ ਭੈੜੇ ਈਰਖਾ ਦੀ ਅੱਗ ਵਿੱਚ

ਸਿੱਖਣਾ ਕੀ ਵਲ ਉਨ੍ਹਾਂ ਨੇ ਜ਼ਿੰਦਗੀ ਮਹਿਕਾਣ ਦਾ

----

ਜ਼ਿੰਦਗੀ ਵਿੱਚ ਕਾਮਿਯਾਬ ਵੀ ਉਹੀ ਲੋਕ ਹੁੰਦੇ ਹਨ ਜੋ ਦੂਜਿਆਂ ਦੀਆਂ ਪ੍ਰਾਪਤੀਆਂ ਵੇਖਕੇ ਈਰਖਾ ਕਰੀ ਜਾਣ ਦੀ ਥਾਂ ਹਰ ਮੁਸੀਬਤ ਦਾ ਸਾਹਮਣਾ ਕਰਦੇ ਹੋਏ ਦ੍ਰਿੜਤਾ ਨਾਲ ਆਪਣੀ ਮੰਜ਼ਿਲ ਵੱਲ ਵੱਧਦੇ ਜਾਂਦੇ ਹਨਅਜਿਹੇ ਦ੍ਰਿੜ ਇਰਾਦੇ ਵਾਲੇ ਲੋਕਾਂ ਦੀ ਹੀ ਕਸ਼ਮੀਰਾ ਸਿੰਘ ਚਮਨ ਤਾਰੀਫ ਕਰ ਰਿਹਾ ਹੈ, ਜਦੋਂ ਉਹ ਕਹਿੰਦਾ ਹੈ:

1.

ਤੂੰ ਵੀ ਉਸਾਰ ਸਕਦੈਂ ਮੀਨਾਰ ਜ਼ਿੰਦਗੀ ਦੇ

ਪਰ ਕੰਧ ਹੌਂਸਲੇ ਦੀ ਕੋਈ ਹਿਲਾ ਨ ਬੈਠੀਂ

2.

ਹੈ ਮਾਣ ਜਿਸ ਨੂੰ ਹੁੰਦਾ ਆਪਣੇ ਪਰਾਂ ਦੇ ਉੱਤੇ

ਅਰਸ਼ਾਂ ਨੂੰ ਪਾਰ ਕਰਦੈ ਉਡਕੇ ਉਕਾਬ ਯਾਰਾ

----

ਕਸ਼ਮੀਰਾ ਸਿੰਘ ਚਮਨ ਇੱਕ ਮਾਨਵਵਾਦੀ, ਸੰਵੇਦਨਸ਼ੀਲ ਅਤੇ ਚੇਤੰਨ ਕੈਨੇਡੀਅਨ ਪੰਜਾਬੀ ਲੇਖਕ ਹੈਉਸਦੀਆਂ ਗ਼ਜ਼ਲਾਂ ਆਮ ਆਦਮੀ ਦੀਆਂ ਸਮੱਸਿਆਵਾਂ ਬੜੀ ਸਰਲ ਭਾਸ਼ਾ ਵਿੱਚ ਪੇਸ਼ ਕਰਦੀਆਂ ਹਨਉਸਦੀਆਂ ਗ਼ਜ਼ਲਾਂ ਰੂਪਕ ਪੱਖੋਂ ਵੀ ਉੱਤਮ ਹਨ ਅਤੇ ਵਿਸ਼ੇ ਪੱਖੋਂ ਵੀਕਸ਼ਮੀਰਾ ਸਿੰਘ ਚਮਨ ਦੀਆਂ ਚੋਣਵੀਆਂ ਗ਼ਜ਼ਲਾਂਪੁਸਤਕ ਪ੍ਰਕਾਸ਼ਿਤ ਹੋਣ ਨਾਲ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈਇਸ ਗ਼ਜ਼ਲ ਸੰਗ੍ਰਹਿ ਵਿੱਚ ਰੂਪਕ ਪੱਖ ਤੋਂ ਅਤੇ ਤੱਤ ਦੇ ਪੱਖ ਤੋਂ ਬਹੁਤ ਸਾਰੀਆਂ ਖ਼ੂਬਸੂਰਤ ਗ਼ਜ਼ਲਾਂ ਪੜ੍ਹਣ ਨੂੰ ਮਿਲਦੀਆਂ ਹਨ

----

ਪਿਛਲੇ ਤਕਰੀਬਨ ਚਾਰ ਦਹਾਕਿਆਂ ਤੋਂ ਪਰਵਾਸ ਵਿੱਚ ਰਹਿਣ ਦੇ ਬਾਵਜੂਦ, ਕਸ਼ਮੀਰਾ ਸਿੰਘ ਚਮਨ ਦਾ ਪੰਜਾਬੀ ਬੋਲੀ, ਪੰਜਾਬੀ ਵਿਰਸੇ ਅਤੇ ਪੰਜਾਬੀ ਸਭਿਆਚਾਰ ਨਾਲ ਮੋਹ ਖ਼ਤਮ ਨਹੀਂ ਹੋਇਆਇਸ ਗੱਲ ਦਾ ਇਜ਼ਹਾਰ ਕਰਦੇ ਉਸਦੇ ਇੱਕ ਸ਼ਿਅਰ ਨਾਲ ਹੀ ਚਮਨ ਦੀਆਂ ਗ਼ਜ਼ਲਾਂ ਬਾਰੇ ਚਰਚਾ ਇੱਥੇ ਹੀ ਖ਼ਤਮ ਕਰਦਾ ਹਾਂ:

ਮਾਂ ਦੇ ਸਮਾਨ ਜਾਣ ਕੇ ਬੋਲੀ ਮੈਂ ਆਪਣੀ

ਕਦਮਾਂ ਚ ਸੀਸ ਏਸ ਦੇ ਧਰਦਾ ਰਿਹਾ ਹਾਂ ਮੈਂ


Monday, July 13, 2009

ਸੁਖਿੰਦਰ - ਲੇਖ

ਸਾਧਾਰਣ ਮਨੁੱਖ ਦੀਆਂ ਸਾਧਾਰਣ ਸਮੱਸਿਆਵਾਂ ਪੇਸ਼ ਕਰਦੀਆਂ ਕਹਾਣੀਆਂ ਇਕਬਾਲ ਅਰਪਨ

ਲੇਖ

ਕੈਨੇਡੀਅਨ ਪੰਜਾਬੀ ਸਾਹਿਤਕਾਰ ਇਕਬਾਲ ਅਰਪਨ ਨੂੰ ਕਈ ਮਹਾਂਦੀਪਾਂ ਅਤੇ ਅਨੇਕਾਂ ਦੇਸ਼ਾਂ ਵਿੱਚ ਰਹਿਣ ਦਾ ਮੌਕਾ ਮਿਲਿਆਇਸੇ ਕਰਕੇ ਉਸ ਦੀਆਂ ਕਹਾਣੀਆਂ ਵਿੱਚੋਂ ਅਨੇਕਾਂ ਸਭਿਆਚਾਰਾਂ ਦੀ ਖ਼ੁਸ਼ਬੋ ਆਉਂਦੀ ਹੈ ਇਕਬਾਲ ਅਰਪਨ ਨੇ 2006 ਵਿੱਚ ਆਪਣਾ ਕਹਾਣੀ ਸੰਗ੍ਰਹਿ ਚਾਨਣ ਦੇ ਵਣਜਾਰੇਪ੍ਰਕਾਸ਼ਿਤ ਕੀਤਾਇਸ ਕਹਾਣੀ ਸੰਗ੍ਰਹਿ ਵਿੱਚ ਸਿਰਫ਼ ਦਸ ਕਹਾਣੀਆਂ ਹਨ; ਪਰ ਹਰ ਕਹਾਣੀ ਕਿਸੇ ਨਵੀਂ ਸਮੱਸਿਆ ਨੂੰ ਪੇਸ਼ ਕਰਦੀ ਹੈਇਹ ਸਮੱਸਿਆਵਾਂ ਰਾਜਨੀਤਿਕ, ਧਾਰਮਿਕ, ਸਭਿਆਚਾਰਕ, ਸਮਾਜਿਕ, ਵਿੱਦਿਅਕ ਅਤੇ ਪ੍ਰਵਾਰਕ ਖੇਤਰ ਨਾਲ ਸਬੰਧਤ ਹਨਇਹ ਸਮੱਸਿਆਵਾਂ ਭਾਵੇਂ ਦੇਖਣ ਵਿੱਚ ਸਾਧਾਰਣ ਕਿਸਮ ਦੀਆਂ ਜਾਪਦੀਆਂ ਹਨ ਪਰ ਇਨ੍ਹਾਂ ਸਮੱਸਿਆਵਾਂ ਵੱਲੋਂ ਅਣਗਹਿਲੀ ਵਰਤਣ ਨਾਲ ਇਹ ਸਮੱਸਿਆਵਾਂ ਵੱਡੀ ਤਬਾਹੀ ਦਾ ਕਾਰਨ ਬਣਦੀਆਂ ਹਨ

----

ਚਾਨਣ ਦੇ ਵਣਜਾਰੇਕਹਾਣੀ ਸੰਗ੍ਰਹਿ ਬਾਰੇ ਚਰਚਾ ਇਸ ਕਹਾਣੀ-ਸੰਗ੍ਰਹਿ ਦੀ ਕਹਾਣੀ ਚਾਨਣ ਦੇ ਵਣਜਾਰੇਨਾਲ ਹੀ ਸ਼ੁਰੂ ਕੀਤਾ ਜਾ ਸਕਦਾ ਹੈਇਹ ਕਹਾਣੀ ਸਾਹਿਤ, ਸਾਹਿਤਕਾਰ ਅਤੇ ਸਾਹਿਤਕ ਸਭਿਆਚਾਰ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਨੂੰ ਬੜੀ ਖੂਬਸੂਰਤੀ ਨਾਲ ਪੇਸ਼ ਕਰਦੀ ਹੈਕੈਨੇਡਾ ਦੇ ਕਿਸੇ ਹੋਰ ਪੰਜਾਬੀ ਕਹਾਣੀਕਾਰ ਨੇ ਸ਼ਾਇਦ ਹੀ ਇਸ ਸਮੱਸਿਆ ਨੂੰ ਆਪਣੀਆਂ ਕਹਾਣੀਆਂ ਦਾ ਵਿਸ਼ਾ ਬਣਾਇਆ ਹੋਵੇਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਇੱਕ ਚੇਤੰਨ ਲੇਖਕ ਲਈ ਸਾਹਿਤ ਦੀ ਰਚਨਾ ਕਰਨੀ ਇੱਕ ਚੁਣੌਤੀ ਭਰਿਆ ਕੰਮ ਹੁੰਦਾ ਹੈਇੱਕ ਚੇਤੰਨ ਲੇਖਕ ਆਪਣੀਆਂ ਰਚਨਾਵਾਂ ਵਿੱਚ ਸੱਚ ਬਿਆਨਣ ਵੇਲੇ ਇਸ ਗੱਲ ਤੋਂ ਵੀ ਭਲੀਭਾਂਤ ਜਾਣੂੰ ਹੁੰਦਾ ਹੈ ਕਿ ਉਹ ਅਜਿਹਾ ਕਰਕੇ ਅਨੇਕਾਂ ਕਿਸਮ ਦੇ ਖਤਰਿਆਂ ਨੂੰ ਆਵਾਜ਼ਾਂ ਮਾਰ ਰਿਹਾ ਹੈਜਿਨ੍ਹਾਂ ਖਤਰਿਆਂ ਵਿੱਚ ਉਸ ਦੀ ਜਾਨ ਉੱਤੇ ਹੋਣ ਵਾਲੇ ਕਾਤਲਾਨਾ ਹਮਲਿਆਂ ਦਾ ਖਤਰਾ ਵੀ ਸ਼ਾਮਿਲ ਹੁੰਦਾ ਹੈਕੁਝ ਗਿਣਤੀ ਦੇ ਹੀ ਪੰਜਾਬੀ ਲੇਖਕ ਹਨ ਜੋ ਆਪਣੀਆਂ ਲਿਖਤਾਂ ਤੋਂ ਹੋਈ ਕਮਾਈ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨਪਰ ਇਨ੍ਹਾਂ ਲੇਖਕਾਂ ਦੀਆਂ ਲਿਖੀਆਂ ਪੁਸਤਕਾਂ ਤੋਂ ਹੁੰਦੀ ਕਮਾਈ ਸਦਕਾ ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਕ ਅਮੀਰਾਂ ਵਾਲੀ ਜ਼ਿੰਦਗੀ ਜਿਉਂ ਰਹੇ ਹਨਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਕ ਲੇਖਕਾਂ ਦੀ ਮਿਹਨਤ ਨਾਲ ਕੀਤੀ ਕਮਾਈ ਨੂੰ ਲੁੱਟਦੇ ਹਨ ਅਤੇ ਲੇਖਕਾਂ ਉੱਤੇ ਅਹਿਸਾਨ ਕਰਦੇ ਹਨ ਕਿ ਉਹ ਉਨ੍ਹਾਂ ਦੀਆਂ ਪੁਸਤਕਾਂ ਪ੍ਰਕਾਸ਼ਿਤ ਕਰ ਰਹੇ ਹਨਇੰਡੀਆ ਦੇ ਅਨੇਕਾਂ ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਕ ਬਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ ਲੇਖਕਾਂ ਦੇ ਹਜ਼ਾਰਾਂ ਡਾਲਰ ਹੜੱਪ ਜਾਣ ਤੋਂ ਬਾਹਦ ਵੀ ਉਨ੍ਹਾਂ ਨੂੰ ਪੁਸਤਕਾਂ ਛਾਪ ਕੇ ਨਹੀਂ ਦਿੰਦੇ ਜੇਕਰ ਪ੍ਰਵਾਸੀ ਪੰਜਾਬੀ ਲੇਖਕ ਇਨ੍ਹਾਂ ਪ੍ਰਕਾਸ਼ਕਾਂ ਨੂੰ ਫੋਨ ਕਰਦੇ ਹਨ ਤਾਂ ਇਹ ਗ਼ੈਰ-ਜਿੰਮੇਵਾਰ ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਕ ਮਹੀਨਾ ਮਹੀਨਾ ਉਨ੍ਹਾਂ ਦੇ ਫੋਨ ਦਾ ਕੋਈ ਜਵਾਬ ਹੀ ਨਹੀਂ ਦਿੰਦੇ ਅਤੇ ਤਿੰਨ ਤਿੰਨ ਮਹੀਨਿਆਂ ਤੱਕ ਈਮੇਲਾਂ ਦਾ ਜਵਾਬ ਤੱਕ ਨਹੀਂ ਦਿੰਦੇਇੰਡੀਆ ਦੀ ਸਰਕਾਰ ਨੂੰ ਇਸ ਸਮੱਸਿਆ ਨੂੰ ਵੀ ਐਨ.ਆਰ.ਈ. ਦੀ ਸਮੱਸਿਆ ਵਿੱਚ ਸ਼ਾਮਿਲ ਕਰ ਲੈਣਾ ਚਾਹੀਦਾ ਹੈਵਿਸ਼ਵ ਪੰਜਾਬੀ ਕਾਨਫਰੰਸਾਂ ਵਿੱਚ ਵੀ ਇੰਡੀਆ ਦੇ ਪੰਜਾਬੀ ਪੁਸਤਕਾਂ ਪ੍ਰਕਾਸ਼ਿਤ ਕਰਨ ਵਾਲੇ ਅਜਿਹੇ ਠੱਗ ਪ੍ਰਕਾਸ਼ਕਾਂ ਬਾਰੇ ਚਰਚਾ ਛੇੜਿਆ ਜਾਣਾ ਚਾਹੀਦਾ ਹੈ ਤਾਂ ਜੁ ਉਨ੍ਹਾਂ ਵੱਲੋਂ ਮਚਾਈ ਜਾ ਰਹੀ ਅਜਿਹੀ ਠੱਗੀ ਨੂੰ ਠੱਲ੍ਹ ਪਾਈ ਜਾ ਸਕੇ

----

ਇੱਕ ਚੇਤੰਨ, ਸੰਵੇਦਨਸ਼ੀਲ ਅਤੇ ਜਾਗਰੂਕ ਲੇਖਕ ਨੂੰ ਅਨੇਕਾਂ ਪਹਿਲੂਆਂ ਤੋਂ ਸੰਘਰਸ਼ ਕਰਨਾ ਪੈਂਦਾ ਹੈਅਜੋਕੇ ਸਮਿਆਂ ਵਿੱਚ ਜਦੋਂ ਕਿ ਜ਼ਿੰਦਗੀ ਦੇ ਹਰ ਖੇਤਰ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ, ਇੱਕ ਚੇਤੰਨ ਲੇਖਕ ਲਈ ਸਭ ਤੋਂ ਵੱਡੀ ਚੁਣੌਤੀ ਉਨ੍ਹਾਂ ਭ੍ਰਿਸ਼ਟ ਹੋ ਚੁੱਕੇ ਲੇਖਕਾਂ ਦਾ ਹੀ ਮੁਕਾਬਲਾ ਕਰਨਾ ਹੁੰਦਾ ਹੈ ਜੋ ਕਿ ਨਿੱਜੀ ਮੁਫਾਦਾਂ ਖਾਤਰ ਭ੍ਰਿਸ਼ਟਾਚਾਰ ਫੈਲਾਉਣ ਵਾਲੀਆਂ ਸ਼ਕਤੀਆਂ ਦੇ ਹੱਥਠੋਕੇ ਬਣ ਕੇ ਸਾਹਿਤਕ-ਭ੍ਰਿਸ਼ਟਾਚਾਰ ਫੈਲਾਉਂਦੇ ਹਨਅਜਿਹੇ ਭ੍ਰਿਸ਼ਟ ਲੇਖਕਾਂ ਨੂੰ ਲੇਖਕ ਕਹਿਣ ਨਾਲੋਂ ਦਲਾਲ ਜਾਂ ਦੱਲੇ ਕਹਿਣਾ ਵਧੇਰੇ ਯੋਗ ਰਹੇਗਾਅਜਿਹੇ ਭ੍ਰਿਸ਼ਟ ਹੋ ਚੁੱਕੇ ਲੇਖਕ ਨ ਸਿਰਫ ਭ੍ਰਿਸ਼ਟ ਰਾਜਨੀਤੀਵਾਨਾਂ, ਭ੍ਰਿਸ਼ਟ ਧਾਰਮਿਕ ਆਗੂਆਂ, ਭ੍ਰਿਸ਼ਟ ਸਭਿਆਚਾਰਕ/ਸਾਹਿਤਕ ਲੰਬੜਦਾਰਾਂ ਦੀ ਚਾਪਲੂਸੀ ਕਰਕੇ ਉੱਚੀਆਂ ਪਦਵੀਆਂ ਉੱਤੇ ਸੁਸ਼ੋਭਿਤ ਹੁੰਦੇ ਹਨ ਬਲਕਿ ਅਜਿਹੇ ਭ੍ਰਿਸ਼ਟ ਲੇਖਕ ਚੇਤੰਨ ਅਤੇ ਈਮਾਨਦਾਰ ਲੇਖਕਾਂ ਦੇ ਰਾਹ ਵਿੱਚ ਹਰ ਤਰ੍ਹਾਂ ਦੇ ਕੰਡੇ ਵੀ ਖਿਲਾਰਦੇ ਹਨਚਾਨਣ ਦੇ ਵਣਜਾਰੇਕਹਾਣੀ ਦਾ ਪਾਤਰ ਜਸਵੰਤ ਵੀ ਕੁਝ ਇਸ ਤਰ੍ਹਾਂ ਹੀ ਸੋਚਦਾ ਹੈ:

ਉਸ ਨੂੰ ਸਭ ਪਤਾ ਸੀ ਕਿ ਇਨਾਮ ਸਨਮਾਨ ਭੱਜ-ਦੌੜ ਨਾਲ ਹੀ ਮਿਲਦੇ ਹਨਏਥੋਂ ਤੱਕ ਕਿ ਕੋਰਸਾਂ ਵਿੱਚ ਲੱਗੀਆਂ ਕਾਫ਼ੀ ਕਿਤਾਬਾਂ ਵੀ ਭੱਜ ਦੌੜ ਦਾ ਨਤੀਜਾ ਹੁੰਦੀਆਂ ਹਨਪਰ ਇਸ ਗੱਲ ਤੇ ਉਹ ਪੂਰੀ ਤਰ੍ਹਾਂ ਸਹਿਮਤ ਸੀ ਕਿ ਜੇ ਕੋਈ ਸਨਮਾਨ ਕਰਨ ਵਾਲੀ ਸੰਸਥਾ ਉਸਦੇ ਘਰ ਚੱਲ ਕੇ ਆਵੇਗੀ ਤਾਂ ਉਹ ਉਸਦਾ ਸੁਆਗਤ ਕਰੇਗਾਪਰ ਸਨਮਾਨ ਲੈਣ ਲਈ ਉਹ ਕੋਈ ਤਿਗੜਮ ਨਹੀਂ ਲੜਾਵੇਗਾਸ਼ਾਇਦ ਇਸ ਲਈ ਹੁਣ ਤੱਕ ਉਸਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਨਹੀਂ ਸੀ ਮਿਲਿਆਉਹ ਅਜਿਹੇ ਸਾਹਿਤਕਾਰਾਂ ਨੂੰ ਵੀ ਜਾਣਦਾ ਸੀ ਜੋ ਆਪਣੀ ਪਦਵੀ ਤੇ ਰਸੂਖ ਸਦਕਾ ਨਾ ਕੇਵਲ ਢੇਰ ਪੁਰਸਕਾਰ ਬਟੋਰ ਚੁੱਕੇ ਸਨ ਬਲਕਿ ਆਏ ਸਾਲ ਹਵਾਈ ਜਹਾਜ਼ਾਂ ਵਿਚ ਝੂਟੇ ਲੈਂਦੇ ਤੇ ਵਿਦੇਸ਼ਾਂ ਦੀ ਸੈਰ ਕਰਦੇਬਦੇਸ਼ਾਂ ਵਿਚ ਉਹਨਾਂ ਦੇ ਚੇਲੇ ਚਪਟੇ ਉਹਨਾਂ ਦੇ ਨਾਂ ਦੀ ਡੁਗਡੁਗੀ ਵਜਾਉਂਦੇ ਨਾ ਥੱਕਦੇ

----

ਇਸ ਕਹਾਣੀ ਵਿੱਚ ਪੰਜਾਬੀ ਪੁਸਤਕਾਂ ਦੇ ਭ੍ਰਿਸ਼ਟ ਪ੍ਰਕਾਸ਼ਕਾਂ ਦੇ ਚਿਹਰਿਆਂ ਉੱਤੋਂ ਮੁਖੌਟੇ ਉਤਾਰਨ ਦੇ ਨਾਲ ਨਾਲ ਭ੍ਰਿਸ਼ਟ ਸਭਿਆਚਾਰਕ ਵਿਉਪਾਰੀਆਂ ਦੇ ਚਿਹਰੇ ਵੀ ਨੰਗੇ ਕੀਤੇ ਗਏ ਹਨ ਜੋ ਕਿ ਪੰਜਾਬੀ ਸਭਿਆਚਾਰ ਵਿੱਚ ਲੱਚਰਵਾਦ ਨੂੰ ਉਤਸਾਹਤ ਕਰਨ ਦਾ ਕੋਈ ਮੌਕਾ ਹੱਥੋਂ ਨਹੀਂ ਗੰਵਾਉਂਦੇ:

ਸ਼ਾਮ ਦੇ ਸਮਾਗਮ ਲਈ ਇਕ ਹਾਲ ਦਾ ਪ੍ਰਬੰਧ ਕੀਤਾ ਹੋਇਆ ਸੀ7 ਵਜੇ ਸਮਾਗਮ ਸ਼ੁਰੂ ਹੋਇਆਪ੍ਰਧਾਨਗੀ ਮੰਡਲ ਵਿਚ ਗੁਰਬਚਨ, ‘ਕਿਰਤੀਅਤੇ ਤਿੰਨ ਦਿੱਲੀ ਦੇ ਵਪਾਰੀ ਸੱਜਣ ਬੈਠੇ ਹੋਏ ਸਨਇੱਕ ਕੱਪੜੇ ਦਾ ਵਪਾਰੀ, ਇੱਕ ਕਾਰਾਂ ਦਾ ਵਪਾਰੀ ਅਤੇ ਇਕ ਮਕਾਨ ਬਣਾਉਣ ਦਾ ਠੇਕੇਦਾਰਪੂਰੇ ਦਾ ਪੂਰਾ ਹਾਲ ਮਹਿਮਾਨਾਂ ਨਾਲ ਭਰਿਆ ਹੋਇਆ ਸੀਬਹੁਤੇ ਆਦਮੀ ਤੇ ਔਰਤਾਂ ਆਪਣੇ ਕੱਪੜੇ ਅਤੇ ਗਹਿਣਿਆਂ ਦੀ ਨੁਮਾਇਸ਼ ਕਰਨ ਵਿਚ ਮਸਰੂਫ ਸਨਸਮਾਗਮ ਦੀ ਸ਼ੁਰੂਆਤ ਇਕ ਲੱਚਰ ਗਾਣੇ ਨਾਲ ਹੋਈਇਕ ਨੌਜਵਾਨ ਨੇ ਨੱਚ ਨੱਚ ਕੇ ਇਹ ਗਾਣਾ ਗਾਇਆ:

ਮੈਂ ਕੋਈ ਕੱਚਾ ਆਸ਼ਕ ਨੀ, ਸੋਹਣੀਏਂ ਖਾ ਕੇ ਜੁੱਤੀਆਂ ਡਰਜੂੰ

ਮੈਂ ਤਾਂ ਪੱਕਾ ਆਸ਼ਕ ਹਾਂ, ਲਾ ਕੇ ਬਾਜੀ ਜਾਨ ਦੀ ਮਰਜੂੰ...

ਗਾਣਾ ਖ਼ਤਮ ਹੋਇਆ ਤਾਂ ਉਸਨੂੰ ਭਰਪੂਰ ਦਾਦ ਮਿਲੀ ਤੇ ਰੁਪਈਆਂ ਦਾ ਢੇਰ ਲੱਗ ਗਿਆਵਪਾਰੀ ਵੀਰਾਂ ਨੇ ਪੰਜ ਪੰਜ ਸੌ ਰੁਪੈ ਦੇ ਨੋਟ ਭੇਂਟ ਕੀਤੇਐਸੇ ਮੌਕਿਆਂ ਤੇ ਸਰਮਾਏਦਾਰ ਆਪਣੀ ਅਮੀਰੀ ਦੀ ਖੁੱਲ੍ਹ ਕੇ ਨੁਮਾਇਸ਼ ਕਰਦੈ

ਇਸੇ ਤਰ੍ਹਾਂ ਇਕ ਬੀਬੀ ਨੇ ਵੀ ਲੱਚਰ ਗੀਤ ਗਾ ਕੇ ਕਾਫ਼ੀ ਮਾਇਆ ਸਾਂਭ ਲਈ

ਦੋਵਾਂ ਨੂੰ ਬੁੱਕ ਕਰਨ ਦੇ ਵੱਖਰੇ ਪੈਸੇ ਮਿਲੇ ਹੋਣਗੇ

----

ਇਹ ਕਹਾਣੀ ਪੰਜਾਬੀ ਸਾਹਿਤਕਾਰਾਂ ਦੀ ਇੱਕ ਹੋਰ ਸਮੱਸਿਆ ਵੱਲ ਵੀ ਧਿਆਨ ਦੁਆਉਂਦੀ ਹੈਪੰਜਾਬੀ ਸਾਹਿਤਕਾਰਾਂ ਨੂੰ ਆਪਣੀ ਜੇਬ ਵਿੱਚੋਂ ਹੀ ਪੈਸੇ ਖਰਚਕੇ ਆਪਣੀਆਂ ਕਿਤਾਬਾਂ ਛਪਵਾਣੀਆਂ ਪੈਂਦੀਆਂ ਹਨ; ਪ੍ਰਕਾਸ਼ਕ ਘੱਟ ਵੱਧ ਹੀ ਲੇਖਕਾਂ ਨੂੰ ਰੋਇਲਟੀ ਦਿੰਦੇ ਹਨਅਨੇਕਾਂ ਹਾਲਤਾਂ ਵਿੱਚ ਪੰਜਾਬੀ ਪੁਸਤਕਾਂ ਦੇ ਭ੍ਰਿਸ਼ਟ ਪ੍ਰਕਾਸ਼ਕ ਲੇਖਕਾਂ ਕੋਲੋਂ ਪੈਸੇ ਲੈ ਕੇ ਵੀ ਉਨ੍ਹਾਂ ਦੀਆਂ ਪੁਸਤਕਾਂ ਪ੍ਰਕਾਸ਼ਤ ਨਹੀਂ ਕਰਦੇਹਜ਼ਾਰਾਂ ਘੰਟੇ ਪੁਸਤਕ ਛਪਵਾਉਣ ਉੱਤੇ ਲਗਾਕੇ ਅਤੇ ਕੋਲੋਂ ਪੈਸੇ ਖਰਚਕੇ ਪੁਸਤਕ ਛਪਵਾਉਣ ਤੋਂ ਬਾਹਦ ਜੇਕਰ ਕਦੀ ਕਿਸੇ ਲੇਖਕ ਨੂੰ ਕੋਈ ਸਨਮਾਨ ਵੀ ਮਿਲ ਜਾਂਦਾ ਹੈ ਤਾਂ ਉਸ ਨੂੰ ਇੱਕ ਲੱਕੜ ਜਾਂ ਧਾਤ ਦਾ ਬਣਿਆ ਮੋਮੈਂਟੋ ਫੜਾ ਦਿੱਤਾ ਜਾਂਦਾ ਹੈਇਸ ਮੋਮੈਂਟੋ ਦਾ ਉਹ ਕੀ ਕਰੇ? ਜ਼ਿੰਦਗੀ ਜਿਊਣ ਲਈ ਤਾਂ ਉਸ ਨੂੰ ਆਰਥਿਕ ਵਸੀਲਿਆਂ ਦੀ ਲੋੜ ਹੈ ਅਤੇ ਇਸ ਮੋਮੈਂਟੋ ਦੀ ਤਾਂ ਕੋਈ ਆਰਥਿਕ ਕੀਮਤ ਨਹੀਂ? ‘ਚਾਨਣ ਦੇ ਵਣਜਾਰੇਕਹਾਣੀ ਦੀਆਂ ਆਖਰੀ ਸਤਰਾਂ ਸਾਹਿਤਕ ਸਭਿਆਚਾਰ ਨਾਲ ਸਬੰਧਤ ਇਸ ਸਮੱਸਿਆ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਪੇਸ਼ ਕਰਦੀਆਂ ਹਨ:

ਫਿਰ ਉਹ ਪਲੇਕ ਬਾਰੇ ਸੋਚਣ ਲੱਗਾਉਸ ਨੂੰ ਪਹਿਲਾਂ ਵੀ ਬਹੁਤ ਸਾਰੀਆਂ ਪਲੇਕਾਂ ਮਿਲੀਆਂ ਸਨਰੱਖਣ ਨੂੰ ਕੋਈ ਥਾਂ ਨਹੀਂ ਸੀਉਸ ਨੇ ਬੋਰੀ ਵਿੱਚ ਪਾ ਕੇ ਰੱਖ ਦਿੱਤੀਆਂ ਸਨਉਹ ਇਨ੍ਹਾਂ ਪਲੇਕਾਂ ਤੋਂ ਤੰਗ ਆ ਚੁੱਕਾ ਸੀਇਕ ਦਿਨ ਸਤੇ ਹੋਏ ਨੇ, ਉਸ ਨੇ ਪਲੇਕਾਂ ਦੇ ਟੁਕੜੇ ਟੁਕੜੇ ਕਰ ਦਿੱਤੇ ਤੇ ਗੁਰਮੀਤ ਨੂੰ ਕਿਹਾ ਕਿ ਇਨ੍ਹਾਂ ਲੱਕੜਾਂ ਨੂੰ ਬਾਲਣ ਦੀ ਥਾਂ ਤੇ ਵਰਤ ਲਵੇਇਸੇ ਤਰ੍ਹਾਂ ਹੀ ਹੋਇਆਪਰ ਸੱਜਰੀ ਮਿਲੀ ਖ਼ੂਬਸੂਰਤ ਪਾਰਦਰਸ਼ੀ ਸ਼ੀਸ਼ੇ ਦੀ ਪਲੇਕ ਦਾ ਉਹ ਕੀ ਕਰੇਗਾ? ਇਸ ਦਾ ਬਾਲਣ ਵੀ ਨਹੀਂ ਬਣ ਸਕਦਾ...ਕੁਝ ਦੇਰ ਪਿੱਛੋਂ ਉਸ ਨੇ ਸ਼ੀਸ਼ੇ ਦੀ ਪਲੇਕ ਸੂਟਕੇਸ ਚੋਂ ਕੱਢੀ ਤੇ ਚਲਦੀ ਗੱਡੀ ਦੀ ਖਿੜਕੀ ਵਿਚੋਂ ਬਾਹਰ ਵਗਾਹ ਮਾਰੀ...

----

ਕਈ ਵਾਰੀ ਸਮੱਸਿਆਵਾਂ ਬੜੀਆਂ ਗੁੰਝਲਦਾਰ ਹੁੰਦੀਆ ਹਨ1978 ਤੋਂ ਲੈ ਕੇ ਤਕਰੀਬਨ 1995 ਤੱਕ ਪੰਜਾਬੀ ਭਾਈਚਾਰੇ ਨੂੰ ਬਹੁਤ ਔਖੀਆਂ ਘੜੀਆਂ ਵਿੱਚੋਂ ਲੰਘਣਾ ਪਿਆ ਹੈਇਸ ਸਮੇਂ ਦੌਰਾਨ ਜਿੱਥੇ ਇੱਕ ਪਾਸੇ ਸਿੱਖ ਖਾਲਿਸਤਾਨੀ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਨੇ ਹਜ਼ਾਰਾਂ ਬੇਗੁਨਾਹ, ਮਾਸੂਮ ਲੋਕਾਂ ਦੇ ਖ਼ੂਨ ਨਾਲ ਹੌਲੀ ਖੇਡੀ ਉੱਥੇ ਹੀ ਖਾਲਿਸਤਾਨੀ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਨੂੰ ਕਾਬੂ ਕਰਨ ਦੇ ਨਾਮ ਹੇਠ ਪੁਲਿਸ ਨੇ ਹਜ਼ਾਰਾਂ ਹੀ ਬੇਗੁਨਾਹ ਲੋਕਾਂ ਦਾ ਕਤਲ ਕਰ ਦਿੱਤਾਇਸ ਸਮੇਂ ਦੌਰਾਨ ਹੀ ਇੰਡੀਆ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਹੋ ਗਿਆਨਤੀਜੇ ਵਜੋਂ ਇੰਡੀਆ ਦੇ ਵੱਡੇ ਵੱਡੇ ਸ਼ਹਿਰਾਂ ਵਿੱਚ ਗੁੰਡਿਆਂ ਨੇ ਸਿੱਖਾ ਦਾ ਕਤਲ ਕਰਨਾ ਸ਼ੁਰੂ ਕਰ ਦਿੱਤਾਕਿਉਂਕਿ ਇੰਦਰਾ ਗਾਂਧੀ ਨੂੰ ਕਤਲ ਕਰਨ ਵਾਲੇ ਸਿੱਖ ਧਰਮ ਨੂੰ ਮੰਨਣ ਵਾਲੇ ਸਨਇੰਡੀਆ ਵਿੱਚ ਕਾਨੂੰਨ ਦੀ ਰਾਖੀ ਕਰਨ ਵਾਲੇ ਲੋਕਾਂ ਨੇ ਗੁੰਡਿਆਂ ਨੂੰ ਨ ਸਿਰਫ ਕੁਝ ਦਿਨਾਂ ਲਈ ਬਿਨ੍ਹਾਂ ਕਿਸੀ ਡਰ ਦੇ ਆਪਣਾ ਕਤਲੇਆਮ ਕਰਨ ਦੀ ਪੂਰੀ ਖੁੱਲ੍ਹ ਦੇਈ ਰੱਖੀ; ਬਲਕਿ ਏਨੇ ਵਰ੍ਹੇ ਲੰਘ ਜਾਣ ਤੋਂ ਬਾਹਦ ਵੀ ਇੰਡੀਆ ਦੀਆਂ ਅਦਾਲਤਾਂ ਨੇ ਇੱਕ ਵੀ ਗੁਨਾਹਗਾਰ ਨੂੰ ਇਸ ਕਤਲੇਆਮ ਵਿੱਚ ਹਿੱਸਾ ਲੈਣ ਦੀ ਸਜ਼ਾ ਨਹੀਂ ਦਿੱਤੀਪੰਜਾਬੀ ਕਮਿਊਨਿਟੀ/ਸਿੱਖ ਕਮਿਊਨਿਟੀ ਨਾਲ ਵਾਪਰੀ ਇਸ ਤ੍ਰਾਸਦੀ ਲਈ ਇਸ ਤਰ੍ਹਾਂ ਧਾਰਮਿਕ ਆਗੂ, ਪੁਲਿਸ ਅਤੇ ਇੰਡੀਆ ਦੀ ਸਰਕਾਰ ਬਰਾਬਰ ਦੇ ਜਿੰਮੇਵਾਰ ਹਨਉੱਲੂ ਦਾ ਪੱਠਾਕਹਾਣੀ ਵਿੱਚ ਕਰਮ ਇਸ ਸਮੱਸਿਆ ਬਾਰੇ ਬੜੇ ਸੰਤੁਲਿਤ ਵਿਚਾਰ ਪੇਸ਼ ਕਰਦਾ ਹੈ:

ਮੈਂ ਇਹ ਮੰਨਦਾ ਹਾਂ ਕਿ ਪੰਜਾਬ ਵਿੱਚ ਜੋ ਕੁਝ ਵੀ ਹੋਇਆ, ਬਹੁਤ ਮਾੜਾ ਹੋਇਆਪੁਲਿਸ ਨੇ ਬਹੁਤ ਵਧੀਕੀਆਂ ਕੀਤੀਆਂਕਾਨੂੰਨ ਆਪਣੇ ਹੱਥਾਂ ਚ ਲੈ ਕੇ ਬੇਦੋਸ਼ਿਆਂ ਤੇ ਜ਼ੁਲਮ ਕੀਤਾਪਰ ਇਸਦੇ ਨਾਲ ਹੀ ਜਿਹੜਾ ਮਾਸੂਮ ਲੋਕਾਂ ਦਾ ਕਤਲੇਆਮ ਹੋਇਆ, ਉਹ ਸਾਡੇ ਲਈ ਬਹੁਤ ਸ਼ਰਮ ਦੀ ਗੱਲ ਹੈਕਿਸੇ ਨੂੰ ਰੇਲ ਦੇ ਡੱਬੇ ਅੰਦਰ ਮਾਰ ਦਿਉ...ਬੱਸ ਚੋਂ ਲਾਹ ਕੇ ਮਾਰ ਦਿਉ...ਪੀਟਰ...ਬੇਦੋਸਿ਼ਆਂ ਦਾ ਖ਼ੂਨ ਕਰਨਾ ਸਿੱਖ ਧਰਮ ਦੀ ਰੀਤ ਨਹੀਂਪਰ ਸਾਰਾ ਦੋਸ਼ ਇਕੱਲੇ ਸਿੱਖਾਂ ਦੇ ਸਿਰ ਮੜ੍ਹਨਾ ਸਰਾਸਰ ਗਲਤ ਹੈ...ਮੇਰਾ ਅਹਿਮ ਸੁਆਲ ਹੈ ਕਿ ਚੁਰਾਸੀ ਦੇ ਦੰਗਿਆਂ ਦੀ ਜਿੰਮੇਵਾਰੀ ਉਸ ਸਮੇਂ ਦੀ ਸਰਕਾਰ ਦੇ ਸਿਰ ਤੇ ਹੈਸਰਕਾਰ ਚਾਹੁੰਦੀ ਤਾਂ ਹਾਲਾਤ ਨੂੰ ਕਾਬੂ ਚ ਰੱਖ ਸਕਦੀ ਸੀਇਸ ਦੇ ਨਾਲ ਹੀ ਜੇ ਸਰਕਾਰ ਚੁਰਾਸੀ ਵਿਚ ਹੋਏ ਦੰਗਿਆਂ ਦੇ ਦੋਸ਼ੀਆਂ ਨੂੰ ਸਹੀ ਸਜ਼ਾਵਾਂ ਦਿੰਦੀ ਤਾਂ ਪੰਜਾਬ ਵਿੱਚ ਅਜੇਹੀ ਅੱਗ ਸ਼ਾਇਦ ਨਾ ਭੜਕਦੀਤੀਲੀ ਤਾਂ ਸਰਕਾਰ ਨੇ ਆਪਣੇ ਹੱਥੀਂ ਲਾਈਏਥੇ ਹੀ ਬੱਸ ਨਹੀਂ, ਫਿਰ ਅਮਨ ਅਮਾਨ ਰੱਖਣ ਦੇ ਬਹਾਨੇ ਪੰਜਾਬ ਨੂੰ ਪੁਲਸ ਤੇ ਸੀ.ਆਰ.ਪੀ. ਦੇ ਹਵਾਲੇ ਕਰ ਦਿੱਤਾਜਦੋਂ ਦਿਲ ਕੀਤਾ, ਪੁਲਸ ਮੁਕਾਬਲਾ ਦਿਖਾ ਕੇ ਗੱਭਰੂਆਂ ਨੂੰ ਦਿਨ ਦਿਹਾੜੇ ਗੋਲੀਆਂ ਨਾਲ ਭੁੰਨ ਦਿੱਤਾਕੀ ਇਸ ਤਰੀਕੇ ਨਾਲ ਪੰਜਾਬ ਵਿਚ ਅਮਨ ਅਮਾਨ ਹੋ ਸਕਦਾ ਸੀਹਕੂਮਤ ਉਹ ਨਹੀਂ ਹੁੰਦੀ ਜੋ ਲੋਕਾਂ ਤੇ ਜ਼ੁਲਮ ਕਰੇ...ਗੁੰਡਾਗਰਦੀ ਕਰੇ...ਧੱਕੇ ਨਾਲ ਰਾਜ ਕਰੇਹਕੂਮਤ ਉਹ ਹੁੰਦੀ ਹੈ ਜੋ ਲੋਕਾਂ ਦੇ ਦਿਲਾਂ ਤੇ ਰਾਜ ਕਰੇ

----

ਪਿਛਲੇ ਕੁਝ ਦਹਾਕਿਆਂ ਦੌਰਾਨ ਰਾਜਨੀਤੀ ਵਿੱਚ ਜਿਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਫੈਲਿਆ ਹੈ; ਉਸ ਨੇ ਜ਼ਿੰਦਗੀ ਦੇ ਅਨੇਕਾਂ ਹੋਰ ਪਹਿਲੂਆਂ ਨੂੰ ਵੀ ਗੰਦਲਾ ਕਰ ਦਿੱਤਾ ਹੈਕੈਨੇਡਾ ਵਿੱਚ ਰਹਿ ਰਹੇ ਪੰਜਾਬੀ ਮੂਲ ਦੇ ਲੋਕ ਪਿਛੇ ਛੱਡਕੇ ਆਏ ਆਪਣੀ ਮਾਤ-ਭੂਮੀ ਇੰਡੀਆ ਦੇ ਪ੍ਰਾਂਤ ਪੰਜਾਬ ਵਿੱਚ ਫੈਲ ਰਹੇ ਰਾਜਨੀਤਿਕ ਭ੍ਰਿਸ਼ਟਾਚਾਰ ਤੋਂ ਬਹੁਤ ਚਿੰਤਤ ਹਨਕਿਉਂਕਿ ਪੰਜਾਬ ਵਿੱਚ ਫੈਲ ਰਿਹਾ ਰਾਜਨੀਤਿਕ ਭ੍ਰਿਸ਼ਟਾਚਾਰ ਕਿਸੇ-ਨ-ਕਿਸੇ ਤਰ੍ਹਾਂ ਉਨ੍ਹਾਂ ਨੂੰ ਕੈਨੇਡਾ ਵਿੱਚ ਰਹਿੰਦਿਆਂ ਵੀ ਪ੍ਰਭਾਵਤ ਕਰਦਾ ਹੈਕੈਨੇਡਾ ਵਿੱਚ ਪ੍ਰਵਾਸ ਕਰ ਗਏ ਪੰਜਾਬੀਆਂ ਦੇ ਪ੍ਰਵਾਰਾਂ ਦੇ ਅਨੇਕਾਂ ਮੈਂਬਰ ਇੰਡੀਆ ਵਿੱਚ ਰਹਿੰਦੇ ਹਨ ਅਤੇ ਅਨੇਕਾਂ ਪ੍ਰਵਾਸੀ ਪੰਜਾਬੀਆਂ ਦੀ ਇੰਡੀਆ ਵਿੱਚ ਅਨੇਕਾਂ ਤਰ੍ਹਾਂ ਦੀ ਜਾਇਦਾਦ ਵੀ ਹੈਪ੍ਰਵਾਰ ਦੇ ਪਿਛੇ ਰਹਿ ਗਏ ਮੈਂਬਰਾਂ ਨੂੰ ਜਦੋਂ ਪੰਜਾਬ ਵਿੱਚ ਫੈਲ ਰਹੇ ਰਾਜਨੀਤਿਕ ਭ੍ਰਿਸ਼ਟਾਚਾਰ ਦੇ ਮਾਰੂ ਪ੍ਰਭਾਵਾਂ ਚੋਂ ਲੰਘਣਾ ਪੈਂਦਾ ਹੈ ਤਾਂ ਉਸਦਾ ਅਸਰ ਉਨ੍ਹਾਂ ਦੇ ਕੈਨੇਡਾ ਰਹਿ ਰਹੇ ਰਿਸ਼ਤੇਦਾਰਾਂ ਉੱਤੇ ਵੀ ਹੁੰਦਾ ਹੈਅਨੇਕਾਂ ਹਾਲਤਾਂ ਵਿੱਚ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਵਿੱਚ ਰਹਿ ਗਏ ਰਿਸ਼ਤੇਦਾਰਾਂ ਦੇ ਮਸਲੇ ਹੱਲ ਕਰਨ ਲਈ ਹਜ਼ਾਰਾਂ ਡਾਲਰ ਭੇਜਣੇ ਪੈਂਦੇ ਹਨਪੰਜਾਬ ਵਿੱਚ ਫੈਲ ਰਹੇ ਭ੍ਰਿਸ਼ਟਾਚਾਰ ਬਾਰੇ ਕਹਾਣੀ ਉੱਲੂ ਦਾ ਪੱਠਾਦਾ ਪਾਤਰ ਕਰਮ ਆਪਣੇ ਵਿਚਾਰ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:

ਇਹ ਬੰਦਾ ਪੰਜਾਬ ਚ ਬਿਤਾਏ ਚੰਗੇ ਦਿਨਾਂ ਦੀਆਂ ਯਾਦਾਂ ਆਪਣੇ ਧੁਰ ਅੰਦਰ ਸੰਭਾਲੀ ਫਿਰਦੈਪਰ ਜੇ ਕਿਧਰੇ ਹੁਣ ਪੰਜਾਬ ਜਾਵੇ ਤਾਂ ਵਿਚਾਰੇ ਦਾ ਦਿਲ ਟੁੱਟ ਜਾਵੇਸਾਡੇ ਸੁਆਰਥੀ ਸਿਆਸਤਦਾਨਾਂ ਦੀ ਜਾਨ ਨੂੰ ਰੋਵੇਜਿਨ੍ਹਾਂ ਨੇ ਪੰਜਾਬ ਨੂੰ ਛਾਂਗ ਕੇ ਰੁੰਡ ਮਰੁੰਡ ਕਰ ਦਿੱਤਾ ਤੇ ਰਹਿੰਦ-ਖੂੰਹਦ ਨੂੰ ਵੀ ਨਰਕ ਬਣਾ ਦਿੱਤਾਕਾਂਗਰਸ ਹੋਵੇ ਜਾਂ ਅਕਾਲੀ ਦਲ, ਬੀਜੇਪੀ ਹੋਵੇ ਜਾਂ ਜਨਤਾ ਦਲ, ਲੋਕਾਂ ਦਾ ਭਲਾ ਕਿਸੇ ਨੇ ਵੀ ਨਹੀਂ ਕੀਤਾ...ਲੋਕਾਂ ਨਾਲ ਕਿਸੇ ਨੂੰ ਵੀ ਪਿਆਰ ਨਹੀਂ...ਪਿਆਰ ਹੈ ਤਾਂ ਬਸ ਇਕ ਕੁਰਸੀ ਨਾਲ...

----

ਭ੍ਰਿਸ਼ਟਾਚਾਰ ਦੇ ਹੋਰ ਵੀ ਅਨੇਕਾਂ ਰੂਪ ਹੁੰਦੇ ਹਨਇਨ੍ਹਾਂ ਵਿੱਚੋਂ ਇੱਕ ਬਹੁ-ਚਰਚਿਤ ਰੂਪ ਹੈ ਕਿਸੇ ਨਾ ਕਿਸੇ ਢੰਗ ਨਾਲ ਕੈਨੇਡਾ ਪਹੁੰਚਣਾਕੈਨੇਡਾ ਪਹੁੰਚਣ ਅਤੇ ਇੱਥੋਂ ਦੀ ਇਮੀਗਰੇਸ਼ਨ ਪ੍ਰਾਪਤ ਕਰਨ ਲਈ ਜਿੱਥੇ ਇੱਕ ਪਾਸੇ ਭ੍ਰਿਸ਼ਟ ਤਰੀਕੇ ਵਰਤਣ ਵਾਲਿਆਂ ਵਿੱਚ ਰਾਗੀ, ਢਾਡੀ, ਗ੍ਰੰਥੀ, ਪੰਡਤ, ਪਾਦਰੀ, ਮੁੱਲਾਂ, ਖਿਡਾਰੀ, ਪੱਤਰਕਾਰ, ਲੇਖਕ, ਰਾਜੀਨੀਤੀਵਾਨ, ਡਾਕਟਰ, ਨਰਸਾਂ, ਵਿਉਪਾਰੀ ਸ਼ਾਮਿਲ ਹਨ: ਉੱਥੇ ਕੈਨੇਡਾ ਦੀ ਇਮੀਗਰੇਸ਼ਨ ਪ੍ਰਾਪਤ ਕਰਨ ਲਈ ਝੂਠੇ ਵਿਆਹ ਕੀਤੇ ਜਾ ਰਹੇ ਹਨਇਨ੍ਹਾਂ ਝੂਠੇ ਵਿਆਹਾਂ ਵਿੱਚ ਲੋਕ ਆਪਣੀਆਂ ਭੈਣਾਂ, ਚਾਚੀਆਂ, ਤਾਈਆਂ ਜਾਂ ਭਰਾਵਾਂ, ਚਾਚਿਆਂ, ਤਾਇਆਂ ਨਾਲ ਵਿਆਹ ਕਰਨ ਤੋਂ ਵੀ ਝਿਜਕ ਮਹਿਸੂਸ ਨਹੀਂ ਕਰਦੇਲੋਕ ਆਪਣੀਆਂ ਪਤਨੀਆਂ ਨੂੰ ਤਲਾਕ ਦੇ ਕੇ ਉਨ੍ਹਾਂ ਤੋਂ ਆਪਣੇ ਰਿਸ਼ਤੇਦਾਰ ਸਪਾਂਸਰ ਕਰਵਾ ਰਹੇ ਹਨਲੋਕ ਕੈਨੇਡਾ ਦੀ ਇਮੀਗਰੇਸ਼ਨ ਪ੍ਰਾਪਤ ਕਰਨ ਲਈ ਲੈਜ਼ਬੀਅਨ ਅਤੇ ਹੋਮੋਸੈਕਸੂਅਲ ਬਣ ਕੇ ਵਿਆਹ ਕਰ ਰਹੇ ਹਨਇਮੀਗਰੇਸ਼ਨ ਪ੍ਰਾਪਤ ਕਰਨ ਦੇ ਇਛਕ ਲੋਕਾਂ ਨੂੰ ਇਮੀਗਰੇਸ਼ਨ ਏਜੰਟਾਂ ਵੱਲੋਂ ਆਪਣੇ ਨਾਲ ਮਿਲਾਏ ਹੋਏ ਕਹਾਣੀ ਲੇਖਕ ਮੂੰਹ ਮੰਗੀ ਕੀਮਤ ਲੇ ਕੇ ਅਜਿਹੀਆਂ ਮਨਘੜਤ ਪਰ ਮੰਨਣਯੋਗ ਕਹਾਣੀਆਂ ਲਿਖ ਕੇ ਦਿੰਦੇ ਹਨ ਕਿ ਇਮੀਗਰੇਸ਼ਨ ਅਫਸਰਾਂ ਲਈ ਵੀ ਇਹ ਫੈਸਲਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਕੈਨੇਡਾ ਦੀ ਇਮੀਗਰੇਸ਼ਨ ਪ੍ਰਾਪਤ ਕਰਨ ਦੀ ਦਰਖਾਸਤ ਦੇਣ ਵਾਲਾ ਵਿਅਕਤੀ ਸਰਕਾਰ ਨੂੰ ਭੇਜੀ ਗਈ ਆਪਣੀ ਜ਼ਿੰਦਗੀ ਦੀ ਕਹਾਣੀ ਵਿੱਚ ਕਿੰਨਾ ਸੱਚ ਬੋਲ ਰਿਹਾ ਹੈ ਅਤੇ ਕਿੰਨਾ ਝੂਠਇਸ ਦੀ ਇੱਕ ਮਿਸਾਲ ਕਹਾਣੀ ਸਿਆਸੀ ਪਨਾਹਵਿੱਚ ਕੁਝ ਇਸ ਤਰ੍ਹਾਂ ਪੇਸ਼ ਕੀਤੀ ਗਈ ਹੈ:

ਇਜਾਜ਼ ਅਹਿਮਦ ਆਪਣੀ ਕਹਾਣੀ ਲੈ ਕੇ ਗੁਰਮੁੱਖ ਸਿੰਘ ਹੋਰਾਂ ਕੋਲ ਗਿਆਗੁਰਮੁੱਖ ਸਿੰਘ ਨੇ ਕਹਾਣੀ ਪੜ੍ਹੀਕਹਾਣੀ ਪੜ੍ਹ ਕੇ ਮੁੱਛਾਂ ਨੂੰ ਵੱਟ ਦਿੱਤਾ, ਮੱਥੇ ਤੇ ਹੱਥ ਮਾਰਿਆ ਤੇ ਨਾਲ ਹੀ ਆਖਿਆ: ਇਹ ਵੀ ਕੋਈ ਕਹਾਣੀ ਹੈ? ਐਸੀ ਹਲਕੀ ਫੁਲਕੀ ਕਹਾਣੀ ਨਾਲ ਤੁਹਾਡਾ ਕੇਸ ਨਹੀਂ ਹੋ ਸਕਦਾਜ਼ੁਲਮ ਦਖਾਉਣਾ ਸੀ ਜਨਾਬ ਜ਼ੁਲਮ! ਉਹ ਜੁਲਮ ਨੂੰ ਪੜ੍ਹ ਕੇ ਇਮੀਗਰੇਸ਼ਨ ਵਾਲਿਆਂ ਦਾ ਦਿਲ ਕੰਬ ਉੱਠੇਸਰੀਰ ਦੇ ਲੂੰ ਕੰਡੇ ਖੜ੍ਹੇ ਹੋ ਜਾਣਦਿਲ ਚੋਂ ਆਪਣੇ ਆਪ ਹਮਦਰਦੀ ਦਾ ਚਸ਼ਮਾ ਫੁੱਟ ਪਵੇਪਹਿਲਾਂ ਤਾਂ ਇਸ ਤਰ੍ਹਾਂ ਦੀ ਕਹਾਣੀ ਨਾਲ ਵੀ ਕੰਮ ਬਣ ਜਾਂਦਾ ਸੀ ਪਰ ਹੁਣ ਇਮੀਗਰੇਸ਼ਨ ਦਾ ਰਵੱਈਆ ਕਾਫ਼ੀ ਸਖ਼ਤ ਹੋ ਗਿਆ ਹੈਇਸ ਲਈ ਤੁਹਾਡੇ ਤੇ ਤੁਹਾਡੇ ਪਰਿਵਾਰ ਦੇ ਸਰੀਰ ਤੇ ਜਿੰਨੇ ਵੀ ਸੱਟਾਂ ਫੇਟਾਂ ਦੇ ਨਿਸ਼ਾਨ ਹਨ, ਉਹਨਾਂ ਨੂੰ ਪੁਲਿਸ ਦਾ ਤਸ਼ੱਦਦ ਦਖਾਉਹੋ ਸਕੇ ਤਾਂ ਅਜੇਹੇ ਨਿਸ਼ਾਨ ਪੈਦਾ ਕਰੋਅੱਜ ਕੱਲ੍ਹ ਦੰਦ ਹਿੱਲਣ ਨਾਲ ਕੁਝ ਨਹੀਂ ਬਣਦਾ ਭਾਈ ਜਾਨ-ਦੰਦ ਤੁੜਵਾਉਇਸ ਕਹਾਣੀ ਨੂੰ ਨਵੇਂ ਸਿਰੇ ਤੋਂ ਲਿਖਵਾਉਗੁਲਾਮ ਰਸੂਲ ਨੂੰ ਇਸ ਪਤੇ ਤੇ ਮਿਲ ਲਵੋਉਹ ਤੁਹਾਡੀ ਮੱਦਦ ਕਰੇਗਾ ਤੇ ਸਹੀ ਕਹਾਣੀ ਬਣਾ ਦੇਵੇਗਾ...ਉਸ ਤੋਂ ਪਿੱਛੋਂ ਅਸੀਂ ਹਾਜ਼ਰ ਹਾਂ...

----

ਚਾਨਣ ਦੇ ਵਣਜਾਰੇਕਹਾਣੀ ਸੰਗ੍ਰਹਿ ਵਿੱਚ ਇੱਕ ਅਜਿਹੀ ਸਮੱਸਿਆ ਦਾ ਵੀ ਚਰਚਾ ਕੀਤਾ ਗਿਆ ਹੈ, ਜਿਸ ਦਾ ਸਾਹਮਣਾ ਕੈਨੇਡਾ ਵਿੱਚ ਪ੍ਰਵਾਸ ਕਰਕੇ ਆਏ ਅਨੇਕਾਂ ਸਭਿਆਚਾਰਾਂ ਦੇ ਲੋਕਾਂ ਨੂੰ ਕਰਨਾ ਪੈਂਦਾ ਹੈਉਹ ਸਮੱਸਿਆ ਹੈ: ਨਸਲਵਾਦ ਦੀ ਸਮੱਸਿਆਭਾਵੇਂ ਕਿ ਇਹ ਸਮੱਸਿਆ ਹੌਲੀ ਹੌਲੀ ਘੱਟਦੀ ਜਾ ਰਹੀ ਹੈ - ਸਰਕਾਰੀ ਅਤੇ ਗ਼ੈਰ ਸਰਕਾਰੀ ਤੌਰ ਉੱਤੇ ਵੀ; ਕਿਤੇ ਸਪੱਸ਼ਟ ਰੂਪ ਵਿੱਚ ਅਤੇ ਕਿਤੇ ਲੁਕੀ ਹੋਈਇਸ ਦੀ ਇੱਕ ਉਦਾਹਰਣ ਕਹਾਣੀ ਅੰਦਰ ਦੇ ਜ਼ਖ਼ਮਵਿੱਚ ਵੀ ਪੇਸ਼ ਕੀਤੀ ਗਈ ਹੈ:

ਤੁਸੀਂ ਪਾਕੀ ਲੋਕ ਆਪਣੇ ਆਪ ਨੂੰ ਸਮਝਦੇ ਕੀ ਹੋ...ਆਪਣੇ ਮੁਲਕ ਵਿੱਚ ਵਾਪਸ ਕਿਉਂ ਨਹੀਂ ਚਲੇ ਜਾਂਦੇ...ਤੁਹਾਨੂੰ ਤਾਂ ਠੀਕ ਢੰਗ ਨਾਲ ਗੱਲ ਵੀ ਨਹੀਂ ਕਰਨੀ ਆਉਂਦੀ...ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਸਵਾਰੀ ਦੀ ਇੱਜ਼ਤ ਕਿਵੇਂ ਕਰਨੀ ਹੈ...ਗੁਰਤੇਜ ਨੂੰ ਲੱਗਿਆ ਜਿਵੇਂ ਸਚਮੁੱਚ ਉਸ ਦੇ ਕਿਸੇ ਨੇ ਜ਼ੋਰ ਦਾ ਘਸੁੰਨ ਕੱਢ ਮਾਰਿਆ ਹੋਵੇਉਹ ਤਾਂ ਜਿਵੇਂ ਸੁੰਨ ਹੋ ਕੇ ਰਹਿ ਗਿਆਕਮਾਲ ਹੈਮੈਂ ਇਸ ਨੂੰ ਕੀ ਅਜਿਹਾ ਕਹਿ ਦਿੱਤਾ ਜਿਸ ਨਾਲ ਏਨੀ ਲੋਹੀ ਲਾਖੀ ਹੋ ਗਈਮੈਂ 25 ਵਰ੍ਹੇ ਪਹਿਲਾਂ ਯੁਗਾਂਡਾ ਛੱਡ ਕੇ ਇਸ ਦੇਸ਼ ਵਿਚ ਆਇਆ ਸੀਹੁਣ ਪੂਰੇ 22 ਸਾਲਾਂ ਤੋਂ ਟੈਕਸੀ ਚਲਾ ਰਿਹਾ ਹਾਂਹੱਡ ਭੰਨਵੀਂ ਮਿਹਨਤ ਕਰਕੇ ਆਪਣਾ ਘਰ ਬਣਾਇਆ ਹੈਬੱਚੇ ਪੜ੍ਹਦੇ ਹਨਗੁਰਤੇਜ ਤੋਂ ਗੈਰੀ ਬਣਿਆ ਹਾਂਤੇ ਹੁਣ ਇਹ ਮੈਨੂੰ ਪਾਕੀ ਕਹਿ ਰਹੀ ਹੈਕਹਿੰਦੀ ਹੈ ਕਿ ਮੈਂ ਆਪਣੇ ਦੇਸ਼ ਵਿੱਚ ਚਲਿਆ ਜਾਵਾਂਕਿਹੜੇ ਦੇਸ਼ ਵਿੱਚ? ਯੁਗਾਂਡਾ - ਜਿਸ ਨੂੰ ਮੈਂ ਹਮੇਸ਼ਾ ਲਈ ਛੱਡ ਚੁੱਕਾ ਹਾਂਛੱਡਣਾ ਤਾਂ ਯੁਗਾਂਡਾ ਵੀ ਨਹੀਂ ਸੀ ਚਾਹੁੰਦਾਪਰ ਈਦੀ ਅਮੀਨ ਨੇ ਛੁਡਵਾ ਦਿੱਤਾਭਾਰਤ ਮੈਂ ਅੱਜ ਤੱਕ ਦੇਖਿਆ ਨਹੀਂਹੁਣ ਤਾਂ ਕੈਨੇਡਾ ਹੀ ਮੇਰਾ ਦੇਸ਼ ਹੈਨਾਲੇ ਕੈਨੇਡਾ ਕਿਹੜਾ ਕਿਸੇ ਇਕ ਨਸਲ ਦੀ ਮਲਕੀਅਤ ਹੈਇਹ ਤਾਂ ਸਾਡੇ ਸਾਰਿਆਂ ਦਾ ਸਾਂਝਾ ਦੇਸ਼ ਹੈ

----

ਚਾਨਣ ਦੇ ਵਣਜਾਰੇਕਹਾਣੀ ਸੰਗ੍ਰਹਿ ਵਿੱਚ ਭਾਵੇਂ ਕਿ ਇਕਬਾਲ ਅਰਪਨ ਨੇ ਅਨੇਕਾਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਹੈ; ਪਰ ਮੈਂ ਇਸ ਪੁਸਤਕ ਬਾਰੇ ਆਪਣੀ ਗੱਲ ਖਤਮ ਕਰਨ ਤੋਂ ਪਹਿਲਾਂ ਇਨ੍ਹਾਂ ਕਹਾਣੀਆਂ ਵਿੱਚ ਪੇਸ਼ ਕੀਤੀਆਂ ਗਈਆਂ ਦੋ ਸਮੱਸਿਆਵਾਂ ਦਾ ਜਿ਼ਕਰ ਕਰਨਾ ਚਾਹਾਂਗਾ

ਭਾਰਤੀ/ਪਾਕਿਸਤਾਨੀ ਮੂਲ ਦੇ ਲੋਕ ਕੈਨੇਡਾ ਵਿੱਚ ਪ੍ਰਵਾਸ ਕਰਨ ਵੇਲੇ ਆਪਣੀਆਂ ਮਾੜੀਆਂ ਸਭਿਆਚਾਰਕ/ਸਮਾਜਕ ਆਦਤਾਂ ਵੀ ਆਪਣੇ ਨਾਲ ਹੀ ਲੈ ਕੇ ਆਉਂਦੇ ਹਨਕੈਨੇਡਾ ਦਾ ਕਾਨੂੰਨ ਜਿਸ ਹੱਦ ਤੱਕ ਔਰਤਾਂ ਦੇ ਹੱਕਾਂ ਦੀ ਰਾਖੀ ਕਰਦਾ ਹੈ, ਉਸ ਤਰ੍ਹਾਂ ਦੇ ਹੱਕ ਔਰਤਾਂ ਨੂੰ ਇੰਡੀਆ/ਪਾਕਿਸਤਾਨ ਵਰਗੇ ਦੇਸ਼ਾਂ ਵਿੱਚ ਪ੍ਰਾਪਤ ਨਹੀਂਉਨ੍ਹਾਂ ਦੇਸ਼ਾਂ ਵਿੱਚ ਮਰਦ ਔਰਤ ਉੱਤੇ ਜਿੰਨੇ ਮਰਜ਼ੀ ਅਤਿਆਚਾਰ ਕਰੀ ਜਾਵੇ, ਕਾਨੂੰਨ ਔਰਤ ਦੀ ਰਾਖੀ ਨਹੀਂ ਕਰਦਾਅਨੇਕਾਂ ਔਰਤਾਂ ਉਮਰ ਭਰ ਆਪਣੇ ਮਰਦਾਂ ਦਾ ਅਤਿਆਚਾਰ ਸਹਿੰਦੀਆਂ ਰਹਿੰਦੀਆਂ ਹਨ; ਪਰ ਉਸ ਬਾਰੇ ਆਪਣੀ ਆਵਾਜ਼ ਨਹੀਂ ਉਠਾਉਂਦੀਆਂਕਿਉਂਕਿ ਉਨ੍ਹਾਂ ਨੂੰ ਯਕੀਨ ਹੁੰਦਾ ਹੈ ਕਿ ਉਨ੍ਹਾਂ ਦੀ ਗੱਲ ਵਿੱਚ ਕਿਸੀ ਨੇ ਵਿਸ਼ਵਾਸ ਨਹੀਂ ਕਰਨਾਪਰ ਕੈਨੇਡਾ ਵਿੱਚ ਔਰਤਾਂ ਨੂੰ ਕਾਨੂੰਨੀ ਤੌਰ ਉੱਤੇ ਆਪਣੇ ਹੱਕਾਂ ਦੀ ਰਾਖੀ ਕਰਨ ਲਈ ਮਿਲਣ ਵਾਲੀ ਕਾਨੂੰਨੀ ਸਹਾਇਤਾ ਬਾਰੇ ਚੇਤਨਾ ਪੈਦਾ ਕਰਨ ਵਾਲੀਆਂ ਅਨੇਕਾਂ ਸੰਸਥਾਵਾਂ ਕੰਮ ਕਰਦੀਆਂ ਹਨਕੋਈ ਵੀ ਮਰਦ ਜੇਕਰ ਕਿਸੀ ਔਰਤ ਉੱਤੇ, ਭਾਵੇਂ ਉਹ ਉਸ ਦੀ ਪਤਨੀ / ਮਾਂ / ਭੈਣ / ਦੋਸਤ / ਧੀ ਹੀ ਕਿਉਂ ਨ ਹੋਵੇ, ਜੇਕਰ ਅੱਤਿਆਚਾਰ ਕਰਦਾ ਹੈ ਤਾਂ ਉਹ ਔਰਤ ਪੁਲਿਸ ਨੂੰ ਬੁਲਾ ਸਕਦੀ ਹੈ ਅਤੇ ਜ਼ੁਲਮ ਕਰਨ ਵਾਲੇ ਮਰਦ ਨੂੰ ਗ੍ਰਿਫਤਾਰ ਕਰਵਾ ਸਕਦੀ ਹੈਜਿਹੜੇ ਮਰਦ ਆਪਣੀਆਂ ਅਜਿਹੀਆਂ ਮਾੜੀਆਂ ਆਦਤਾਂ ਛੱਡਣ ਲਈ ਤਿਆਰ ਨਹੀਂ ਹੁੰਦੇ ਉਨ੍ਹਾਂ ਦੀ ਨ ਸਿਰਫ ਪ੍ਰਵਾਰਕ ਜ਼ਿੰਦਗੀ ਨਰਕ ਬਣ ਕੇ ਰਹਿ ਜਾਂਦੀ ਹੈਬਲਕਿ ਅਨੇਕਾਂ ਹਾਲਤਾਂ ਵਿੱਚ ਉਨ੍ਹਾਂ ਦੇ ਪ੍ਰਵਾਰ ਦੀਆਂ ਔਰਤਾਂ ਉਨ੍ਹਾਂ ਨੂੰ ਸਦਾ ਲਈ ਅਲਵਿਦਾ ਕਹਿ ਕੇ ਘਰੋਂ ਚਲੀਆਂ ਜਾਂਦੀਆਂ ਹਨਪ੍ਰਵਾਸੀ ਪੰਜਾਬੀਆਂ ਦੇ ਵੱਡੀ ਗਿਣਤੀ ਵਿੱਚ ਹੋ ਰਹੇ ਤਲਾਕਾਂ ਦਾ ਕਾਰਨ ਵੀ ਮਰਦਾਂ ਦੀਆਂ ਅਜਿਹੀਆਂ ਮਾੜੀਆਂ ਆਦਤਾਂ ਹਨਜਿਨ੍ਹਾਂ ਵਿੱਚ ਸਭ ਤੋਂ ਮਾੜੀ ਆਦਤ ਉਨ੍ਹਾਂ ਦਾ ਹਰ ਸਮੇਂ ਸ਼ਰਾਬੀ ਹੋਣਾ ਹੈ ਅਤੇ ਇਸ ਨਸ਼ੇ ਦੀ ਹਾਲਤ ਵਿੱਚ ਆਪਣੀਆਂ ਪਤਨੀਆਂ ਉੱਤੇ ਹਿੰਸਾਤਮਕ ਹਮਲੇ ਕਰਨਾ ਹੈ

ਹਨ੍ਹੇਰੇ ਕਹਾਣੀ ਇਸ ਸਮੱਸਿਆ ਨੂੰ ਬੜੀ ਖ਼ੂਬਸੂਰਤੀ ਨਾਲ ਪੇਸ਼ ਕਰਦੀ ਹੈ:

-----

ਸ਼ਿੰਦਾ ਆਪੇ ਚੋਂ ਬਾਹਰ ਹੋ ਗਿਆਰਾਣੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਨਾਲੇ ਉੱਚੀ ਉੱਚੀ ਬੋਲੀ ਜਾਵੇ...ਮੁੰਡੇ ਨੂੰ ਤੂੰ ਚਮਲਾਇਆਪੁਚ ਪੁਚ ਕਰਕੇ ਸਿਰ ਚੜ੍ਹਾਇਆ...ਹੱਥਾ ਪਾਈ ਕਰਦਿਆਂ ਸ਼ਿੰਦੇ ਨੇ ਰਾਣੀ ਨੂੰ ਜ਼ੋਰ ਨਾਲ ਧੱਕਾ ਮਾਰਿਆ ਤੇ ਰਾਣੀ ਦਾ ਸਿਰ ਡਾਇਨਿੰਗ ਟੇਬਲ ਦੇ ਕੋਨੇ ਨਾਲ ਜਾ ਟਕਰਾਇਆਉਹ ਧੜੈਂ ਕਰਕੇ ਫਲੋਰ ਤੇ ਡਿੱਗ ਪਈ ਅਤੇ ਉਸ ਦੇ ਸਿਰ ਚੋਂ ਖ਼ੂਨ ਵਹਿਣ ਲੱਗਾਘਰ ਵਿੱਚ ਪ੍ਰੀਤੀ ਹੀ ਸੀਉਹ ਧਾਹਾਂ ਮਾਰ ਕੇ ਰੋਣ ਲੱਗੀਕੁਝ ਦੇਰ ਪਿਛੋਂ ਬਿੱਟੂ ਵੀ ਬਾਹਰੋਂ ਆ ਗਿਆਜਦੋਂ ਬਿੱਟੂ ਨੇ ਮਾਂ ਨੂੰ ਲਹੂ ਲੁਹਾਣ ਹੋਏ ਦੇਖਿਆ ਤਾਂ ਸ਼ਿੰਦੇ ਨੂੰ ਕਹਿਣ ਲੱਗਾ...ਡੈਡ, ਇਹ ਕੀ ਹੋਇਆ.” “ਹੋਇਆ ਤੇਰੀ ਮਾਂ ਦਾ ਸਿਰਸ਼ਿੰਦੇ ਨੇ ਅੱਗਿਉਂ ਉੱਤਰ ਦਿੱਤਾ। ਬਿੱਟੂ ਤੋਂ ਬਰਦਾਸ਼ਤ ਨਾ ਹੋਇਆ। ਉਸ ਨੇ ਪੁਲਿਸ ਨੂੰ ਫੋਨ ਕਰ ਦਿੱਤਾਝੱਟ ਪੁਲਿਸ ਦੀ ਗੱਡੀ ਆ ਗਈਰਾਣੀ ਦੇ ਸਿਰ ਚੋਂ ਅਜੇ ਵੀ ਖੂ਼ਨ ਵਹਿ ਰਿਹਾ ਸੀਸ਼ਿੰਦੇ ਦੀਆਂ ਅੱਖਾਂ ਲਾਲ ਤੇ ਮੂੰਹ ਚੋਂ ਸ਼ਰਾਬ ਦੀ ਬਦਬੂ ਆ ਰਹੀ ਸੀਉਸ ਤੋਂ ਠੀਕ ਤਰ੍ਹਾਂ ਤੁਰਿਆ ਵੀ ਨਹੀਂ ਸੀ ਜਾਂਦਾਪੁਲਿਸ ਅਧਿਕਾਰੀ ਨੇ ਰਿਪੋਰਟ ਲਿਖੀ ਤੇ ਸ਼ਿੰਦੇ ਤੇ ਮਾਰ ਕੁਟਾਈ ਦਾ ਚਾਰਜ ਲਾ ਕੇ ਹਵਾਲਤ ਵਿੱਚ ਬੰਦ ਕਰ ਦਿੱਤਾਜਦੋਂ ਸਿ਼ੰਦਾ ਕਚਹਿਰੀ ਵਿੱਚ ਪੇਸ਼ ਹੋਇਆ ਤਾਂ ਜੱਜ ਨੇ ਆਦੇਸ਼ ਦਿੱਤਾ ਕਿ ਜਿੰਨੀ ਦੇਰ ਤੱਕ ਕੇਸ ਦਾ ਫੈਸਲਾ ਨਹੀਂ ਹੁੰਦਾ, ਸ਼ਿੰਦਾ ਆਪਣੇ ਘਰ ਨਹੀਂ ਜਾ ਸਕਦਾ ਅਤੇ ਨਾ ਹੀ ਪਰਿਵਾਰ ਦੇ ਕਿਸੇ ਮੈਂਬਰ ਨਾਲ ਕਿਸੇ ਕਿਸਮ ਦਾ ਸੰਪਰਕ ਕਰ ਸਕਦਾ ਹੈ

-----

ਪ੍ਰਵਾਸੀ ਪੰਜਾਬੀਆਂ ਨੂੰ ਕੈਨੇਡਾ ਆ ਕੇ ਇੱਕ ਹੋਰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈਕੈਨੇਡਾ ਦਾ ਕਾਨੂੰਨ ਬੱਚਿਆਂ ਨੂੰ ਵੀ ਕਾਫੀ ਆਜ਼ਾਦੀ ਦਿੰਦਾ ਹੈਨ ਹੀ ਮਾਪੇ ਅਤੇ ਨਾ ਹੀ ਅਧਿਆਪਕ ਬੱਚਿਆਂ ਨੂੰ ਝਿੜਕ ਸਕਦੇ ਹਨ ਅਤੇ ਨਾ ਹੀ ਕੋਈ ਮਾੜਾ ਕੰਮ ਕਰਨ ਉੱਤੇ ਸਜ਼ਾ ਦੇਣ ਵਜੋਂ ਕੋਈ ਸਰੀਰਕ ਸਜ਼ਾ ਦੇ ਸਕਦੇ ਹਨਕਈ ਬੱਚਿਆਂ ਕੋਲੋਂ ਇਹ ਆਜ਼ਾਦੀ ਸਾਂਭੀ ਨਹੀਂ ਜਾਂਦੀ ਅਤੇ ਉਹ ਇਸ ਆਜ਼ਾਦੀ ਦਾ ਨਜਾਇਜ਼ ਲਾਭ ਉਠਾ ਕੇ ਮਾੜੀਆਂ ਆਦਤਾਂ ਵਿੱਚ ਪੈ ਜਾਂਦੇ ਹਨਪਰਵਾਸੀ ਪੰਜਾਬੀਆਂ ਦੇ ਬੱਚੇ ਡਰੱਗ ਸਮਗਲਰ ਗੈਂਗਸਟਰ ਬਣ ਰਹੇ ਹਨ, ਪਰਾਸਟੀਚੀਊਸ਼ਨ ਦਾ ਧੰਦਾ ਕਰ ਰਹੇ ਹਨ, ਭਾੜੇ ਦੇ ਕਾਤਲ ਬਣ ਰਹੇ ਹਨ; ਡਾਕੇ ਮਾਰ ਰਹੇ ਹਨ ਅਤੇ ਇੰਟਰਨੈੱਟ ਨਾਲ ਸਬੰਧਤ ਅਨੇਕਾਂ ਤਰ੍ਹਾਂ ਦੇ ਕੁਕਰਮ ਕਰ ਰਹੇ ਹਨਕੈਨੇਡਾ ਦੇ ਸਭ ਤੋਂ ਖ਼ੂੰਖਾਰ ਡਰੱਗ ਗੈਂਗਸਟਰਾਂ ਵਿੱਚ ਵੈਨਕੂਵਰ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਸਰਗਰਮ ਪੰਜਾਬੀ ਗੈਂਗਸਟਰਾਂ ਦਾ ਹੀ ਨਾਮ ਆਉਂਦਾ ਹੈਇਨ੍ਹਾਂ ਪੰਜਾਬੀ ਗੈਂਗਸਟਰਾਂ ਦੀਆਂ ਆਪਸੀ ਖੂ਼ਨੀ ਝੜੱਪਾਂ ਵਿੱਚ 100 ਤੋਂ ਵੱਧ ਪੰਜਾਬੀ ਨੌਜਵਾਨ ਮਾਰੇ ਜਾ ਚੁੱਕੇ ਹਨਖੂੰਖਾਰ ਪੰਜਾਬ ਡਰੱਗ ਗੈਂਗਸਟਰਾਂ ਦਾ ਤਾਣਾਬਾਣਾ ਹੌਲੀ ਹੌਲੀ ਬ੍ਰਿਟਿਸ਼ ਕੋਲੰਬੀਆ ਤੋਂ ਵੱਧਦਾ ਵੱਧਦਾ ਕੈਨੇਡਾ ਦੇ ਅਨੇਕਾਂ ਹੋਰਨਾਂ ਪ੍ਰਾਂਤਾਂ ਤੱਕ ਫੈਲ ਚੁੱਕਾ ਹੈਜਿਨ੍ਹਾਂ ਵਿੱਚ ਬ੍ਰਿਟਿਸ਼ ਕੋਲੰਬੀਆ ਤੋਂ ਬਾਹਦ ਓਨਟਾਰੀਓ, ਅਲਬਰਟਾ ਅਤੇ ਮੈਨੀਟੋਬਾ ਪ੍ਰਾਂਤਾਂ ਦਾ ਜ਼ਿਕਰ ਵਿਸ਼ੇਸ਼ ਤੌਰ ਉੱਤੇ ਕੀਤਾ ਜਾਂਦਾ ਹੈਪੰਜਾਬੀ ਬੱਚਿਆਂ ਦੀਆਂ ਅਜਿਹੀਆਂ ਮਾੜੀਆਂ ਆਦਤਾਂ ਦੀ ਸ਼ੁਰੂਆਤ ਸਕੂਲਾਂ ਵਿੱਚ ਪੜ੍ਹਣ ਦੇ ਸਮੇਂ ਤੋਂ ਹੀ ਸ਼ੁਰੂ ਹੋ ਜਾਂਦੀ ਹੈਪ੍ਰਵਾਸੀ ਪੰਜਾਬੀ ਪ੍ਰਵਾਰਾਂ ਦੀ ਅਜਿਹੀ ਤ੍ਰਾਸਦੀ ਦਾ ਜ਼ਿਕਰ ਲਾਲਾਂ ਦੀ ਜੋੜੀਕਹਾਣੀ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ ਹੈ:

ਸੱਤ ਮੁੰਡਿਆਂ ਨੇ ਮਿਲਕੇ ਆਪਣਾ ਇਕ ਗੈਂਗ ਬਣਾ ਲਿਆ ਤੇ ਨਾਂ ਰੱਖਿਆ ਬੈਂਗ ਬੈਂਗ ਗੈਂਗਇਸ ਗੈਂਗ ਦਾ ਲੀਡਰ ਚੁਣਿਆ ਗਿਆ ਮਨਜੀਤ ਸਿੰਘਫਿਰ ਗੈਂਗ ਦਾ ਕੁਝ ਅਜਿਹੇ ਬੰਦਿਆਂ ਨਾਲ ਸੰਪਰਕ ਹੋ ਗਿਆ ਜਿਹੜੇ ਡਰੱਗਜ਼ ਦਾ ਧੰਦਾ ਕਰਦੇ ਸਨਪੂਰਾ ਗੈਂਗ ਉਨ੍ਹਾਂ ਤੋਂ ਡਰੱਗ ਖਰੀਦ ਕੇ ਅੱਗੇ ਵੇਚਣ ਲੱਗ ਪਿਆਵੈਸੇ ਤਾਂ ਸਾਰੇ ਮੁੰਡੇ ਹੀ ਇਸ ਕੰਮ ਵਿਚ ਭਾਗ ਲੈਂਦੇ ਪਰ ਮੋਹਰੀ ਮਨਜੀਤ ਤੇ ਕੁਲਜੀਤ ਹੀ ਹੁੰਦੇਇਸ ਧੰਦੇ ਚੋਂ ਚੰਗੀ ਕਮਾਈ ਹੋਣ ਲੱਗ ਪਈਹੋਰ ਗਰੁੱਪਾਂ ਨਾਲ ਲੜਾਈਆਂ ਭੜਾਈਆਂ ਵੀ ਹੋਣ ਲੱਗ ਪਈਆਂ...ਮਾਪਿਆਂ ਨੂੰ ਪਤਾ ਤਾਂ ਲੱਗ ਚੁੱਕਾ ਸੀ ਕਿ ਦੋਵੇਂ ਮੁੰਡੇ ਪੁੱਠੇ ਕੰਮਾਂ ਵਿੱਚ ਪੈ ਚੁੱਕੇ ਸਨਰੇਸ਼ਮ ਨੇ ਦੋਵਾਂ ਨੂੰ ਬਿਠਾ ਕੇ ਸਮਝਾਇਆਦੋਵਾਂ ਨੇ ਉੱਤਰ ਦਿੱਤਾ ਕਿ ਇਹ ਆਜ਼ਾਦ ਮੁਲਕ ਹੈਤੁਸੀਂ ਆਪਣਾ ਕੰਮ ਕਰੋ ਅਸੀਂ ਆਪਣਾ ਕੰਮ ਕਰਦੇ ਹਾਂਅਸੀਂ ਤੁਹਾਡੇ ਕੰਮ ਵਿੱਚ ਦਖਲ ਨਹੀਂ ਦਿੰਦੇ ਤੁਸੀਂ ਸਾਡੇ ਕੰਮ ਵਿੱਚ ਦਖਲ ਨਾ ਦਿਉਰੇਸ਼ਮ ਤਿਲਮਿਲਾ ਕੇ ਰਹਿ ਗਿਆ

----

ਚਾਨਣ ਦੇ ਵਣਜਾਰੇਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ ਵਿੱਚ ਸਮੱਸਿਆਵਾਂ ਨੂੰ ਪੇਸ਼ ਕਰਨ ਵੇਲੇ ਭਾਵੇਂ ਕਿ ਬਹੁਤ ਤੀਖਣਤਾ ਭਰਪੂਰ ਤਣਾਓ ਪੈਦਾ ਕਰਨ ਵਾਲੇ ਨਾਟਕੀ ਦ੍ਰਿਸ਼ਾਂ ਦੀ ਅਣਹੋਂਦ ਹੈ; ਪਰ ਹਰ ਕਹਾਣੀ ਵਿੱਚ ਕੋਈ ਨ ਕੋੱਈ ਸਮੱਸਿਆ ਜ਼ਰੂਰ ਪੇਸ਼ ਕੀਤੀ ਗਈ ਹੈਇਨ੍ਹਾਂ ਕਹਾਣੀਆਂ ਦੀ ਬੁਣਤੀ ਵੀ ਬਹੁਤੀ ਗੁੰਝਲਦਾਰ ਨਹੀਂ ਕਹੀ ਜਾ ਸਕਦੀਇਸ ਕਹਾਣੀ ਸੰਗ੍ਰਹਿ ਵਿੱਚ ਸਾਧਾਰਣ ਲੋਕਾਂ ਦੀਆਂ ਸਾਧਾਰਣ ਸਮੱਸਿਆਵਾਂ ਨੂੰ ਸਾਧਾਰਣ ਢੰਗ ਨਾਲ ਹੀ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈਨਿਰਸੰਦੇਹ, ਇਹ ਕਹਾਣੀਆਂ ਆਪਣੀ ਸਾਧਾਰਣਤਾ ਵਿੱਚ ਰਹਿੰਦਿਆਂ ਹੋਇਆਂ ਵੀ ਪਾਠਕਾਂ ਤੱਕ ਚੇਤਨਤਾ ਦਾ ਸੁਨੇਹਾ ਪਹੁੰਚਾਉਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਹਨ

-----

ਇਕਬਾਲ ਅਰਪਨ ਨੇ ਕਹਾਣੀ ਸੰਗ੍ਰਹਿ ਚਾਨਣ ਦੇ ਵਣਜਾਰੇਪ੍ਰਕਾਸਿ਼ਤ ਕਰਕੇ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਜ਼ਿਕਰਯੋਗ ਵਾਧਾ ਕੀਤਾ ਹੈਇਹ ਕਹਾਣੀ ਸੰਗ੍ਰਹਿ ਇਕਬਾਲ ਅਰਪਨ ਨੂੰ ਕੈਨੇਡਾ ਦੇ ਤਰੱਕੀਪਸੰਦ, ਚੇਤੰਨ ਅਤੇ ਜਾਗਰੁਕ ਕਹਾਣੀਕਾਰਾਂ ਵਿੱਚ ਲਿਆ ਖੜ੍ਹਾ ਕਰਦਾ ਹੈ