ਲੇਖ
ਕੈਨੇਡੀਅਨ ਪੰਜਾਬੀ ਸਾਹਿਤਕਾਰ ਇਕਬਾਲ ਅਰਪਨ ਨੂੰ ਕਈ ਮਹਾਂਦੀਪਾਂ ਅਤੇ ਅਨੇਕਾਂ ਦੇਸ਼ਾਂ ਵਿੱਚ ਰਹਿਣ ਦਾ ਮੌਕਾ ਮਿਲਿਆ। ਇਸੇ ਕਰਕੇ ਉਸ ਦੀਆਂ ਕਹਾਣੀਆਂ ਵਿੱਚੋਂ ਅਨੇਕਾਂ ਸਭਿਆਚਾਰਾਂ ਦੀ ਖ਼ੁਸ਼ਬੋ ਆਉਂਦੀ ਹੈ। ਇਕਬਾਲ ਅਰਪਨ ਨੇ 2006 ਵਿੱਚ ਆਪਣਾ ਕਹਾਣੀ ਸੰਗ੍ਰਹਿ ‘ਚਾਨਣ ਦੇ ਵਣਜਾਰੇ’ ਪ੍ਰਕਾਸ਼ਿਤ ਕੀਤਾ। ਇਸ ਕਹਾਣੀ ਸੰਗ੍ਰਹਿ ਵਿੱਚ ਸਿਰਫ਼ ਦਸ ਕਹਾਣੀਆਂ ਹਨ; ਪਰ ਹਰ ਕਹਾਣੀ ਕਿਸੇ ਨਵੀਂ ਸਮੱਸਿਆ ਨੂੰ ਪੇਸ਼ ਕਰਦੀ ਹੈ। ਇਹ ਸਮੱਸਿਆਵਾਂ ਰਾਜਨੀਤਿਕ, ਧਾਰਮਿਕ, ਸਭਿਆਚਾਰਕ, ਸਮਾਜਿਕ, ਵਿੱਦਿਅਕ ਅਤੇ ਪ੍ਰਵਾਰਕ ਖੇਤਰ ਨਾਲ ਸਬੰਧਤ ਹਨ। ਇਹ ਸਮੱਸਿਆਵਾਂ ਭਾਵੇਂ ਦੇਖਣ ਵਿੱਚ ਸਾਧਾਰਣ ਕਿਸਮ ਦੀਆਂ ਜਾਪਦੀਆਂ ਹਨ ਪਰ ਇਨ੍ਹਾਂ ਸਮੱਸਿਆਵਾਂ ਵੱਲੋਂ ਅਣਗਹਿਲੀ ਵਰਤਣ ਨਾਲ ਇਹ ਸਮੱਸਿਆਵਾਂ ਵੱਡੀ ਤਬਾਹੀ ਦਾ ਕਾਰਨ ਬਣਦੀਆਂ ਹਨ।
----
‘ਚਾਨਣ ਦੇ ਵਣਜਾਰੇ’ ਕਹਾਣੀ ਸੰਗ੍ਰਹਿ ਬਾਰੇ ਚਰਚਾ ਇਸ ਕਹਾਣੀ-ਸੰਗ੍ਰਹਿ ਦੀ ਕਹਾਣੀ ‘ਚਾਨਣ ਦੇ ਵਣਜਾਰੇ’ ਨਾਲ ਹੀ ਸ਼ੁਰੂ ਕੀਤਾ ਜਾ ਸਕਦਾ ਹੈ। ਇਹ ਕਹਾਣੀ ਸਾਹਿਤ, ਸਾਹਿਤਕਾਰ ਅਤੇ ਸਾਹਿਤਕ ਸਭਿਆਚਾਰ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਨੂੰ ਬੜੀ ਖੂਬਸੂਰਤੀ ਨਾਲ ਪੇਸ਼ ਕਰਦੀ ਹੈ। ਕੈਨੇਡਾ ਦੇ ਕਿਸੇ ਹੋਰ ਪੰਜਾਬੀ ਕਹਾਣੀਕਾਰ ਨੇ ਸ਼ਾਇਦ ਹੀ ਇਸ ਸਮੱਸਿਆ ਨੂੰ ਆਪਣੀਆਂ ਕਹਾਣੀਆਂ ਦਾ ਵਿਸ਼ਾ ਬਣਾਇਆ ਹੋਵੇ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਇੱਕ ਚੇਤੰਨ ਲੇਖਕ ਲਈ ਸਾਹਿਤ ਦੀ ਰਚਨਾ ਕਰਨੀ ਇੱਕ ਚੁਣੌਤੀ ਭਰਿਆ ਕੰਮ ਹੁੰਦਾ ਹੈ। ਇੱਕ ਚੇਤੰਨ ਲੇਖਕ ਆਪਣੀਆਂ ਰਚਨਾਵਾਂ ਵਿੱਚ ਸੱਚ ਬਿਆਨਣ ਵੇਲੇ ਇਸ ਗੱਲ ਤੋਂ ਵੀ ਭਲੀਭਾਂਤ ਜਾਣੂੰ ਹੁੰਦਾ ਹੈ ਕਿ ਉਹ ਅਜਿਹਾ ਕਰਕੇ ਅਨੇਕਾਂ ਕਿਸਮ ਦੇ ਖਤਰਿਆਂ ਨੂੰ ਆਵਾਜ਼ਾਂ ਮਾਰ ਰਿਹਾ ਹੈ। ਜਿਨ੍ਹਾਂ ਖਤਰਿਆਂ ਵਿੱਚ ਉਸ ਦੀ ਜਾਨ ਉੱਤੇ ਹੋਣ ਵਾਲੇ ਕਾਤਲਾਨਾ ਹਮਲਿਆਂ ਦਾ ਖਤਰਾ ਵੀ ਸ਼ਾਮਿਲ ਹੁੰਦਾ ਹੈ। ਕੁਝ ਗਿਣਤੀ ਦੇ ਹੀ ਪੰਜਾਬੀ ਲੇਖਕ ਹਨ ਜੋ ਆਪਣੀਆਂ ਲਿਖਤਾਂ ਤੋਂ ਹੋਈ ਕਮਾਈ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ। ਪਰ ਇਨ੍ਹਾਂ ਲੇਖਕਾਂ ਦੀਆਂ ਲਿਖੀਆਂ ਪੁਸਤਕਾਂ ਤੋਂ ਹੁੰਦੀ ਕਮਾਈ ਸਦਕਾ ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਕ ਅਮੀਰਾਂ ਵਾਲੀ ਜ਼ਿੰਦਗੀ ਜਿਉਂ ਰਹੇ ਹਨ। ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਕ ਲੇਖਕਾਂ ਦੀ ਮਿਹਨਤ ਨਾਲ ਕੀਤੀ ਕਮਾਈ ਨੂੰ ਲੁੱਟਦੇ ਹਨ ਅਤੇ ਲੇਖਕਾਂ ਉੱਤੇ ਅਹਿਸਾਨ ਕਰਦੇ ਹਨ ਕਿ ਉਹ ਉਨ੍ਹਾਂ ਦੀਆਂ ਪੁਸਤਕਾਂ ਪ੍ਰਕਾਸ਼ਿਤ ਕਰ ਰਹੇ ਹਨ। ਇੰਡੀਆ ਦੇ ਅਨੇਕਾਂ ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਕ ਬਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ ਲੇਖਕਾਂ ਦੇ ਹਜ਼ਾਰਾਂ ਡਾਲਰ ਹੜੱਪ ਜਾਣ ਤੋਂ ਬਾਹਦ ਵੀ ਉਨ੍ਹਾਂ ਨੂੰ ਪੁਸਤਕਾਂ ਛਾਪ ਕੇ ਨਹੀਂ ਦਿੰਦੇ। ਜੇਕਰ ਪ੍ਰਵਾਸੀ ਪੰਜਾਬੀ ਲੇਖਕ ਇਨ੍ਹਾਂ ਪ੍ਰਕਾਸ਼ਕਾਂ ਨੂੰ ਫੋਨ ਕਰਦੇ ਹਨ ਤਾਂ ਇਹ ਗ਼ੈਰ-ਜਿੰਮੇਵਾਰ ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਕ ਮਹੀਨਾ ਮਹੀਨਾ ਉਨ੍ਹਾਂ ਦੇ ਫੋਨ ਦਾ ਕੋਈ ਜਵਾਬ ਹੀ ਨਹੀਂ ਦਿੰਦੇ ਅਤੇ ਤਿੰਨ ਤਿੰਨ ਮਹੀਨਿਆਂ ਤੱਕ ਈਮੇਲਾਂ ਦਾ ਜਵਾਬ ਤੱਕ ਨਹੀਂ ਦਿੰਦੇ। ਇੰਡੀਆ ਦੀ ਸਰਕਾਰ ਨੂੰ ਇਸ ਸਮੱਸਿਆ ਨੂੰ ਵੀ ਐਨ.ਆਰ.ਈ. ਦੀ ਸਮੱਸਿਆ ਵਿੱਚ ਸ਼ਾਮਿਲ ਕਰ ਲੈਣਾ ਚਾਹੀਦਾ ਹੈ। ਵਿਸ਼ਵ ਪੰਜਾਬੀ ਕਾਨਫਰੰਸਾਂ ਵਿੱਚ ਵੀ ਇੰਡੀਆ ਦੇ ਪੰਜਾਬੀ ਪੁਸਤਕਾਂ ਪ੍ਰਕਾਸ਼ਿਤ ਕਰਨ ਵਾਲੇ ਅਜਿਹੇ ਠੱਗ ਪ੍ਰਕਾਸ਼ਕਾਂ ਬਾਰੇ ਚਰਚਾ ਛੇੜਿਆ ਜਾਣਾ ਚਾਹੀਦਾ ਹੈ ਤਾਂ ਜੁ ਉਨ੍ਹਾਂ ਵੱਲੋਂ ਮਚਾਈ ਜਾ ਰਹੀ ਅਜਿਹੀ ਠੱਗੀ ਨੂੰ ਠੱਲ੍ਹ ਪਾਈ ਜਾ ਸਕੇ।
----
ਇੱਕ ਚੇਤੰਨ, ਸੰਵੇਦਨਸ਼ੀਲ ਅਤੇ ਜਾਗਰੂਕ ਲੇਖਕ ਨੂੰ ਅਨੇਕਾਂ ਪਹਿਲੂਆਂ ਤੋਂ ਸੰਘਰਸ਼ ਕਰਨਾ ਪੈਂਦਾ ਹੈ। ਅਜੋਕੇ ਸਮਿਆਂ ਵਿੱਚ ਜਦੋਂ ਕਿ ਜ਼ਿੰਦਗੀ ਦੇ ਹਰ ਖੇਤਰ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ, ਇੱਕ ਚੇਤੰਨ ਲੇਖਕ ਲਈ ਸਭ ਤੋਂ ਵੱਡੀ ਚੁਣੌਤੀ ਉਨ੍ਹਾਂ ਭ੍ਰਿਸ਼ਟ ਹੋ ਚੁੱਕੇ ਲੇਖਕਾਂ ਦਾ ਹੀ ਮੁਕਾਬਲਾ ਕਰਨਾ ਹੁੰਦਾ ਹੈ ਜੋ ਕਿ ਨਿੱਜੀ ਮੁਫਾਦਾਂ ਖਾਤਰ ਭ੍ਰਿਸ਼ਟਾਚਾਰ ਫੈਲਾਉਣ ਵਾਲੀਆਂ ਸ਼ਕਤੀਆਂ ਦੇ ਹੱਥਠੋਕੇ ਬਣ ਕੇ ਸਾਹਿਤਕ-ਭ੍ਰਿਸ਼ਟਾਚਾਰ ਫੈਲਾਉਂਦੇ ਹਨ। ਅਜਿਹੇ ਭ੍ਰਿਸ਼ਟ ਲੇਖਕਾਂ ਨੂੰ ਲੇਖਕ ਕਹਿਣ ਨਾਲੋਂ ਦਲਾਲ ਜਾਂ ਦੱਲੇ ਕਹਿਣਾ ਵਧੇਰੇ ਯੋਗ ਰਹੇਗਾ। ਅਜਿਹੇ ਭ੍ਰਿਸ਼ਟ ਹੋ ਚੁੱਕੇ ਲੇਖਕ ਨ ਸਿਰਫ ਭ੍ਰਿਸ਼ਟ ਰਾਜਨੀਤੀਵਾਨਾਂ, ਭ੍ਰਿਸ਼ਟ ਧਾਰਮਿਕ ਆਗੂਆਂ, ਭ੍ਰਿਸ਼ਟ ਸਭਿਆਚਾਰਕ/ਸਾਹਿਤਕ ਲੰਬੜਦਾਰਾਂ ਦੀ ਚਾਪਲੂਸੀ ਕਰਕੇ ਉੱਚੀਆਂ ਪਦਵੀਆਂ ਉੱਤੇ ਸੁਸ਼ੋਭਿਤ ਹੁੰਦੇ ਹਨ ਬਲਕਿ ਅਜਿਹੇ ਭ੍ਰਿਸ਼ਟ ਲੇਖਕ ਚੇਤੰਨ ਅਤੇ ਈਮਾਨਦਾਰ ਲੇਖਕਾਂ ਦੇ ਰਾਹ ਵਿੱਚ ਹਰ ਤਰ੍ਹਾਂ ਦੇ ਕੰਡੇ ਵੀ ਖਿਲਾਰਦੇ ਹਨ। ‘ਚਾਨਣ ਦੇ ਵਣਜਾਰੇ’ ਕਹਾਣੀ ਦਾ ਪਾਤਰ ਜਸਵੰਤ ਵੀ ਕੁਝ ਇਸ ਤਰ੍ਹਾਂ ਹੀ ਸੋਚਦਾ ਹੈ:
“ਉਸ ਨੂੰ ਸਭ ਪਤਾ ਸੀ ਕਿ ਇਨਾਮ ਸਨਮਾਨ ਭੱਜ-ਦੌੜ ਨਾਲ ਹੀ ਮਿਲਦੇ ਹਨ। ਏਥੋਂ ਤੱਕ ਕਿ ਕੋਰਸਾਂ ਵਿੱਚ ਲੱਗੀਆਂ ਕਾਫ਼ੀ ਕਿਤਾਬਾਂ ਵੀ ਭੱਜ ਦੌੜ ਦਾ ਨਤੀਜਾ ਹੁੰਦੀਆਂ ਹਨ। ਪਰ ਇਸ ਗੱਲ ‘ਤੇ ਉਹ ਪੂਰੀ ਤਰ੍ਹਾਂ ਸਹਿਮਤ ਸੀ ਕਿ ਜੇ ਕੋਈ ਸਨਮਾਨ ਕਰਨ ਵਾਲੀ ਸੰਸਥਾ ਉਸਦੇ ਘਰ ਚੱਲ ਕੇ ਆਵੇਗੀ ਤਾਂ ਉਹ ਉਸਦਾ ਸੁਆਗਤ ਕਰੇਗਾ। ਪਰ ਸਨਮਾਨ ਲੈਣ ਲਈ ਉਹ ਕੋਈ ਤਿਗੜਮ ਨਹੀਂ ਲੜਾਵੇਗਾ। ਸ਼ਾਇਦ ਇਸ ਲਈ ਹੁਣ ਤੱਕ ਉਸਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਨਹੀਂ ਸੀ ਮਿਲਿਆ। ਉਹ ਅਜਿਹੇ ਸਾਹਿਤਕਾਰਾਂ ਨੂੰ ਵੀ ਜਾਣਦਾ ਸੀ ਜੋ ਆਪਣੀ ਪਦਵੀ ‘ਤੇ ਰਸੂਖ ਸਦਕਾ ਨਾ ਕੇਵਲ ਢੇਰ ਪੁਰਸਕਾਰ ਬਟੋਰ ਚੁੱਕੇ ਸਨ ਬਲਕਿ ਆਏ ਸਾਲ ਹਵਾਈ ਜਹਾਜ਼ਾਂ ਵਿਚ ਝੂਟੇ ਲੈਂਦੇ ਤੇ ਵਿਦੇਸ਼ਾਂ ਦੀ ਸੈਰ ਕਰਦੇ। ਬਦੇਸ਼ਾਂ ਵਿਚ ਉਹਨਾਂ ਦੇ ਚੇਲੇ ਚਪਟੇ ਉਹਨਾਂ ਦੇ ਨਾਂ ਦੀ ਡੁਗਡੁਗੀ ਵਜਾਉਂਦੇ ਨਾ ਥੱਕਦੇ।”
----
ਇਸ ਕਹਾਣੀ ਵਿੱਚ ਪੰਜਾਬੀ ਪੁਸਤਕਾਂ ਦੇ ਭ੍ਰਿਸ਼ਟ ਪ੍ਰਕਾਸ਼ਕਾਂ ਦੇ ਚਿਹਰਿਆਂ ਉੱਤੋਂ ਮੁਖੌਟੇ ਉਤਾਰਨ ਦੇ ਨਾਲ ਨਾਲ ਭ੍ਰਿਸ਼ਟ ਸਭਿਆਚਾਰਕ ਵਿਉਪਾਰੀਆਂ ਦੇ ਚਿਹਰੇ ਵੀ ਨੰਗੇ ਕੀਤੇ ਗਏ ਹਨ ਜੋ ਕਿ ਪੰਜਾਬੀ ਸਭਿਆਚਾਰ ਵਿੱਚ ਲੱਚਰਵਾਦ ਨੂੰ ਉਤਸਾਹਤ ਕਰਨ ਦਾ ਕੋਈ ਮੌਕਾ ਹੱਥੋਂ ਨਹੀਂ ਗੰਵਾਉਂਦੇ:
“ਸ਼ਾਮ ਦੇ ਸਮਾਗਮ ਲਈ ਇਕ ਹਾਲ ਦਾ ਪ੍ਰਬੰਧ ਕੀਤਾ ਹੋਇਆ ਸੀ। 7 ਵਜੇ ਸਮਾਗਮ ਸ਼ੁਰੂ ਹੋਇਆ। ਪ੍ਰਧਾਨਗੀ ਮੰਡਲ ਵਿਚ ਗੁਰਬਚਨ, ‘ਕਿਰਤੀ’ ਅਤੇ ਤਿੰਨ ਦਿੱਲੀ ਦੇ ਵਪਾਰੀ ਸੱਜਣ ਬੈਠੇ ਹੋਏ ਸਨ। ਇੱਕ ਕੱਪੜੇ ਦਾ ਵਪਾਰੀ, ਇੱਕ ਕਾਰਾਂ ਦਾ ਵਪਾਰੀ ਅਤੇ ਇਕ ਮਕਾਨ ਬਣਾਉਣ ਦਾ ਠੇਕੇਦਾਰ। ਪੂਰੇ ਦਾ ਪੂਰਾ ਹਾਲ ਮਹਿਮਾਨਾਂ ਨਾਲ ਭਰਿਆ ਹੋਇਆ ਸੀ। ਬਹੁਤੇ ਆਦਮੀ ਤੇ ਔਰਤਾਂ ਆਪਣੇ ਕੱਪੜੇ ਅਤੇ ਗਹਿਣਿਆਂ ਦੀ ਨੁਮਾਇਸ਼ ਕਰਨ ਵਿਚ ਮਸਰੂਫ ਸਨ। ਸਮਾਗਮ ਦੀ ਸ਼ੁਰੂਆਤ ਇਕ ਲੱਚਰ ਗਾਣੇ ਨਾਲ ਹੋਈ। ਇਕ ਨੌਜਵਾਨ ਨੇ ਨੱਚ ਨੱਚ ਕੇ ਇਹ ਗਾਣਾ ਗਾਇਆ:
ਮੈਂ ਕੋਈ ਕੱਚਾ ਆਸ਼ਕ ਨੀ, ਸੋਹਣੀਏਂ ਖਾ ਕੇ ਜੁੱਤੀਆਂ ਡਰਜੂੰ
ਮੈਂ ਤਾਂ ਪੱਕਾ ਆਸ਼ਕ ਹਾਂ, ਲਾ ਕੇ ਬਾਜੀ ਜਾਨ ਦੀ ਮਰਜੂੰ...
ਗਾਣਾ ਖ਼ਤਮ ਹੋਇਆ ਤਾਂ ਉਸਨੂੰ ਭਰਪੂਰ ਦਾਦ ਮਿਲੀ ਤੇ ਰੁਪਈਆਂ ਦਾ ਢੇਰ ਲੱਗ ਗਿਆ। ਵਪਾਰੀ ਵੀਰਾਂ ਨੇ ਪੰਜ ਪੰਜ ਸੌ ਰੁਪੈ ਦੇ ਨੋਟ ਭੇਂਟ ਕੀਤੇ। ਐਸੇ ਮੌਕਿਆਂ ‘ਤੇ ਸਰਮਾਏਦਾਰ ਆਪਣੀ ਅਮੀਰੀ ਦੀ ਖੁੱਲ੍ਹ ਕੇ ਨੁਮਾਇਸ਼ ਕਰਦੈ।
ਇਸੇ ਤਰ੍ਹਾਂ ਇਕ ਬੀਬੀ ਨੇ ਵੀ ਲੱਚਰ ਗੀਤ ਗਾ ਕੇ ਕਾਫ਼ੀ ਮਾਇਆ ਸਾਂਭ ਲਈ।
ਦੋਵਾਂ ਨੂੰ ਬੁੱਕ ਕਰਨ ਦੇ ਵੱਖਰੇ ਪੈਸੇ ਮਿਲੇ ਹੋਣਗੇ।”
----
ਇਹ ਕਹਾਣੀ ਪੰਜਾਬੀ ਸਾਹਿਤਕਾਰਾਂ ਦੀ ਇੱਕ ਹੋਰ ਸਮੱਸਿਆ ਵੱਲ ਵੀ ਧਿਆਨ ਦੁਆਉਂਦੀ ਹੈ। ਪੰਜਾਬੀ ਸਾਹਿਤਕਾਰਾਂ ਨੂੰ ਆਪਣੀ ਜੇਬ ਵਿੱਚੋਂ ਹੀ ਪੈਸੇ ਖਰਚਕੇ ਆਪਣੀਆਂ ਕਿਤਾਬਾਂ ਛਪਵਾਣੀਆਂ ਪੈਂਦੀਆਂ ਹਨ; ਪ੍ਰਕਾਸ਼ਕ ਘੱਟ ਵੱਧ ਹੀ ਲੇਖਕਾਂ ਨੂੰ ਰੋਇਲਟੀ ਦਿੰਦੇ ਹਨ। ਅਨੇਕਾਂ ਹਾਲਤਾਂ ਵਿੱਚ ਪੰਜਾਬੀ ਪੁਸਤਕਾਂ ਦੇ ਭ੍ਰਿਸ਼ਟ ਪ੍ਰਕਾਸ਼ਕ ਲੇਖਕਾਂ ਕੋਲੋਂ ਪੈਸੇ ਲੈ ਕੇ ਵੀ ਉਨ੍ਹਾਂ ਦੀਆਂ ਪੁਸਤਕਾਂ ਪ੍ਰਕਾਸ਼ਤ ਨਹੀਂ ਕਰਦੇ। ਹਜ਼ਾਰਾਂ ਘੰਟੇ ਪੁਸਤਕ ਛਪਵਾਉਣ ਉੱਤੇ ਲਗਾਕੇ ਅਤੇ ਕੋਲੋਂ ਪੈਸੇ ਖਰਚਕੇ ਪੁਸਤਕ ਛਪਵਾਉਣ ਤੋਂ ਬਾਹਦ ਜੇਕਰ ਕਦੀ ਕਿਸੇ ਲੇਖਕ ਨੂੰ ਕੋਈ ਸਨਮਾਨ ਵੀ ਮਿਲ ਜਾਂਦਾ ਹੈ ਤਾਂ ਉਸ ਨੂੰ ਇੱਕ ਲੱਕੜ ਜਾਂ ਧਾਤ ਦਾ ਬਣਿਆ ਮੋਮੈਂਟੋ ਫੜਾ ਦਿੱਤਾ ਜਾਂਦਾ ਹੈ। ਇਸ ਮੋਮੈਂਟੋ ਦਾ ਉਹ ਕੀ ਕਰੇ? ਜ਼ਿੰਦਗੀ ਜਿਊਣ ਲਈ ਤਾਂ ਉਸ ਨੂੰ ਆਰਥਿਕ ਵਸੀਲਿਆਂ ਦੀ ਲੋੜ ਹੈ ਅਤੇ ਇਸ ਮੋਮੈਂਟੋ ਦੀ ਤਾਂ ਕੋਈ ਆਰਥਿਕ ਕੀਮਤ ਨਹੀਂ? ‘ਚਾਨਣ ਦੇ ਵਣਜਾਰੇ’ ਕਹਾਣੀ ਦੀਆਂ ਆਖਰੀ ਸਤਰਾਂ ਸਾਹਿਤਕ ਸਭਿਆਚਾਰ ਨਾਲ ਸਬੰਧਤ ਇਸ ਸਮੱਸਿਆ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਪੇਸ਼ ਕਰਦੀਆਂ ਹਨ:
“ਫਿਰ ਉਹ ਪਲੇਕ ਬਾਰੇ ਸੋਚਣ ਲੱਗਾ। ਉਸ ਨੂੰ ਪਹਿਲਾਂ ਵੀ ਬਹੁਤ ਸਾਰੀਆਂ ਪਲੇਕਾਂ ਮਿਲੀਆਂ ਸਨ। ਰੱਖਣ ਨੂੰ ਕੋਈ ਥਾਂ ਨਹੀਂ ਸੀ। ਉਸ ਨੇ ਬੋਰੀ ਵਿੱਚ ਪਾ ਕੇ ਰੱਖ ਦਿੱਤੀਆਂ ਸਨ। ਉਹ ਇਨ੍ਹਾਂ ਪਲੇਕਾਂ ਤੋਂ ਤੰਗ ਆ ਚੁੱਕਾ ਸੀ। ਇਕ ਦਿਨ ਸਤੇ ਹੋਏ ਨੇ, ਉਸ ਨੇ ਪਲੇਕਾਂ ਦੇ ਟੁਕੜੇ ਟੁਕੜੇ ਕਰ ਦਿੱਤੇ ਤੇ ਗੁਰਮੀਤ ਨੂੰ ਕਿਹਾ ਕਿ ਇਨ੍ਹਾਂ ਲੱਕੜਾਂ ਨੂੰ ਬਾਲਣ ਦੀ ਥਾਂ ਤੇ ਵਰਤ ਲਵੇ। ਇਸੇ ਤਰ੍ਹਾਂ ਹੀ ਹੋਇਆ। ਪਰ ਸੱਜਰੀ ਮਿਲੀ ਖ਼ੂਬਸੂਰਤ ਪਾਰਦਰਸ਼ੀ ਸ਼ੀਸ਼ੇ ਦੀ ਪਲੇਕ ਦਾ ਉਹ ਕੀ ਕਰੇਗਾ? ਇਸ ਦਾ ਬਾਲਣ ਵੀ ਨਹੀਂ ਬਣ ਸਕਦਾ...ਕੁਝ ਦੇਰ ਪਿੱਛੋਂ ਉਸ ਨੇ ਸ਼ੀਸ਼ੇ ਦੀ ਪਲੇਕ ਸੂਟਕੇਸ ‘ਚੋਂ ਕੱਢੀ ਤੇ ਚਲਦੀ ਗੱਡੀ ਦੀ ਖਿੜਕੀ ਵਿਚੋਂ ਬਾਹਰ ਵਗਾਹ ਮਾਰੀ...”
----
ਕਈ ਵਾਰੀ ਸਮੱਸਿਆਵਾਂ ਬੜੀਆਂ ਗੁੰਝਲਦਾਰ ਹੁੰਦੀਆ ਹਨ। 1978 ਤੋਂ ਲੈ ਕੇ ਤਕਰੀਬਨ 1995 ਤੱਕ ਪੰਜਾਬੀ ਭਾਈਚਾਰੇ ਨੂੰ ਬਹੁਤ ਔਖੀਆਂ ਘੜੀਆਂ ਵਿੱਚੋਂ ਲੰਘਣਾ ਪਿਆ ਹੈ। ਇਸ ਸਮੇਂ ਦੌਰਾਨ ਜਿੱਥੇ ਇੱਕ ਪਾਸੇ ਸਿੱਖ ਖਾਲਿਸਤਾਨੀ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਨੇ ਹਜ਼ਾਰਾਂ ਬੇਗੁਨਾਹ, ਮਾਸੂਮ ਲੋਕਾਂ ਦੇ ਖ਼ੂਨ ਨਾਲ ਹੌਲੀ ਖੇਡੀ ਉੱਥੇ ਹੀ ਖਾਲਿਸਤਾਨੀ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਨੂੰ ਕਾਬੂ ਕਰਨ ਦੇ ਨਾਮ ਹੇਠ ਪੁਲਿਸ ਨੇ ਹਜ਼ਾਰਾਂ ਹੀ ਬੇਗੁਨਾਹ ਲੋਕਾਂ ਦਾ ਕਤਲ ਕਰ ਦਿੱਤਾ। ਇਸ ਸਮੇਂ ਦੌਰਾਨ ਹੀ ਇੰਡੀਆ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਹੋ ਗਿਆ। ਨਤੀਜੇ ਵਜੋਂ ਇੰਡੀਆ ਦੇ ਵੱਡੇ ਵੱਡੇ ਸ਼ਹਿਰਾਂ ਵਿੱਚ ਗੁੰਡਿਆਂ ਨੇ ਸਿੱਖਾ ਦਾ ਕਤਲ ਕਰਨਾ ਸ਼ੁਰੂ ਕਰ ਦਿੱਤਾ। ਕਿਉਂਕਿ ਇੰਦਰਾ ਗਾਂਧੀ ਨੂੰ ਕਤਲ ਕਰਨ ਵਾਲੇ ਸਿੱਖ ਧਰਮ ਨੂੰ ਮੰਨਣ ਵਾਲੇ ਸਨ। ਇੰਡੀਆ ਵਿੱਚ ਕਾਨੂੰਨ ਦੀ ਰਾਖੀ ਕਰਨ ਵਾਲੇ ਲੋਕਾਂ ਨੇ ਗੁੰਡਿਆਂ ਨੂੰ ਨ ਸਿਰਫ ਕੁਝ ਦਿਨਾਂ ਲਈ ਬਿਨ੍ਹਾਂ ਕਿਸੀ ਡਰ ਦੇ ਆਪਣਾ ਕਤਲੇਆਮ ਕਰਨ ਦੀ ਪੂਰੀ ਖੁੱਲ੍ਹ ਦੇਈ ਰੱਖੀ; ਬਲਕਿ ਏਨੇ ਵਰ੍ਹੇ ਲੰਘ ਜਾਣ ਤੋਂ ਬਾਹਦ ਵੀ ਇੰਡੀਆ ਦੀਆਂ ਅਦਾਲਤਾਂ ਨੇ ਇੱਕ ਵੀ ਗੁਨਾਹਗਾਰ ਨੂੰ ਇਸ ਕਤਲੇਆਮ ਵਿੱਚ ਹਿੱਸਾ ਲੈਣ ਦੀ ਸਜ਼ਾ ਨਹੀਂ ਦਿੱਤੀ। ਪੰਜਾਬੀ ਕਮਿਊਨਿਟੀ/ਸਿੱਖ ਕਮਿਊਨਿਟੀ ਨਾਲ ਵਾਪਰੀ ਇਸ ਤ੍ਰਾਸਦੀ ਲਈ ਇਸ ਤਰ੍ਹਾਂ ਧਾਰਮਿਕ ਆਗੂ, ਪੁਲਿਸ ਅਤੇ ਇੰਡੀਆ ਦੀ ਸਰਕਾਰ ਬਰਾਬਰ ਦੇ ਜਿੰਮੇਵਾਰ ਹਨ। ‘ਉੱਲੂ ਦਾ ਪੱਠਾ’ ਕਹਾਣੀ ਵਿੱਚ ਕਰਮ ਇਸ ਸਮੱਸਿਆ ਬਾਰੇ ਬੜੇ ਸੰਤੁਲਿਤ ਵਿਚਾਰ ਪੇਸ਼ ਕਰਦਾ ਹੈ:
“ਮੈਂ ਇਹ ਮੰਨਦਾ ਹਾਂ ਕਿ ਪੰਜਾਬ ਵਿੱਚ ਜੋ ਕੁਝ ਵੀ ਹੋਇਆ, ਬਹੁਤ ਮਾੜਾ ਹੋਇਆ। ਪੁਲਿਸ ਨੇ ਬਹੁਤ ਵਧੀਕੀਆਂ ਕੀਤੀਆਂ। ਕਾਨੂੰਨ ਆਪਣੇ ਹੱਥਾਂ ‘ਚ ਲੈ ਕੇ ਬੇਦੋਸ਼ਿਆਂ ‘ਤੇ ਜ਼ੁਲਮ ਕੀਤਾ। ਪਰ ਇਸਦੇ ਨਾਲ ਹੀ ਜਿਹੜਾ ਮਾਸੂਮ ਲੋਕਾਂ ਦਾ ਕਤਲੇਆਮ ਹੋਇਆ, ਉਹ ਸਾਡੇ ਲਈ ਬਹੁਤ ਸ਼ਰਮ ਦੀ ਗੱਲ ਹੈ। ਕਿਸੇ ਨੂੰ ਰੇਲ ਦੇ ਡੱਬੇ ਅੰਦਰ ਮਾਰ ਦਿਉ...ਬੱਸ ‘ਚੋਂ ਲਾਹ ਕੇ ਮਾਰ ਦਿਉ...ਪੀਟਰ...ਬੇਦੋਸਿ਼ਆਂ ਦਾ ਖ਼ੂਨ ਕਰਨਾ ਸਿੱਖ ਧਰਮ ਦੀ ਰੀਤ ਨਹੀਂ। ਪਰ ਸਾਰਾ ਦੋਸ਼ ਇਕੱਲੇ ਸਿੱਖਾਂ ਦੇ ਸਿਰ ਮੜ੍ਹਨਾ ਸਰਾਸਰ ਗਲਤ ਹੈ...ਮੇਰਾ ਅਹਿਮ ਸੁਆਲ ਹੈ ਕਿ ਚੁਰਾਸੀ ਦੇ ਦੰਗਿਆਂ ਦੀ ਜਿੰਮੇਵਾਰੀ ਉਸ ਸਮੇਂ ਦੀ ਸਰਕਾਰ ਦੇ ਸਿਰ ‘ਤੇ ਹੈ। ਸਰਕਾਰ ਚਾਹੁੰਦੀ ਤਾਂ ਹਾਲਾਤ ਨੂੰ ਕਾਬੂ ‘ਚ ਰੱਖ ਸਕਦੀ ਸੀ। ਇਸ ਦੇ ਨਾਲ ਹੀ ਜੇ ਸਰਕਾਰ ਚੁਰਾਸੀ ਵਿਚ ਹੋਏ ਦੰਗਿਆਂ ਦੇ ਦੋਸ਼ੀਆਂ ਨੂੰ ਸਹੀ ਸਜ਼ਾਵਾਂ ਦਿੰਦੀ ਤਾਂ ਪੰਜਾਬ ਵਿੱਚ ਅਜੇਹੀ ਅੱਗ ਸ਼ਾਇਦ ਨਾ ਭੜਕਦੀ। ਤੀਲੀ ਤਾਂ ਸਰਕਾਰ ਨੇ ਆਪਣੇ ਹੱਥੀਂ ਲਾਈ। ਏਥੇ ਹੀ ਬੱਸ ਨਹੀਂ, ਫਿਰ ਅਮਨ ਅਮਾਨ ਰੱਖਣ ਦੇ ਬਹਾਨੇ ਪੰਜਾਬ ਨੂੰ ਪੁਲਸ ਤੇ ਸੀ.ਆਰ.ਪੀ. ਦੇ ਹਵਾਲੇ ਕਰ ਦਿੱਤਾ। ਜਦੋਂ ਦਿਲ ਕੀਤਾ, ਪੁਲਸ ਮੁਕਾਬਲਾ ਦਿਖਾ ਕੇ ਗੱਭਰੂਆਂ ਨੂੰ ਦਿਨ ਦਿਹਾੜੇ ਗੋਲੀਆਂ ਨਾਲ ਭੁੰਨ ਦਿੱਤਾ। ਕੀ ਇਸ ਤਰੀਕੇ ਨਾਲ ਪੰਜਾਬ ਵਿਚ ਅਮਨ ਅਮਾਨ ਹੋ ਸਕਦਾ ਸੀ। ਹਕੂਮਤ ਉਹ ਨਹੀਂ ਹੁੰਦੀ ਜੋ ਲੋਕਾਂ ‘ਤੇ ਜ਼ੁਲਮ ਕਰੇ...ਗੁੰਡਾਗਰਦੀ ਕਰੇ...ਧੱਕੇ ਨਾਲ ਰਾਜ ਕਰੇ। ਹਕੂਮਤ ਉਹ ਹੁੰਦੀ ਹੈ ਜੋ ਲੋਕਾਂ ਦੇ ਦਿਲਾਂ ‘ਤੇ ਰਾਜ ਕਰੇ।”
----
ਪਿਛਲੇ ਕੁਝ ਦਹਾਕਿਆਂ ਦੌਰਾਨ ਰਾਜਨੀਤੀ ਵਿੱਚ ਜਿਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਫੈਲਿਆ ਹੈ; ਉਸ ਨੇ ਜ਼ਿੰਦਗੀ ਦੇ ਅਨੇਕਾਂ ਹੋਰ ਪਹਿਲੂਆਂ ਨੂੰ ਵੀ ਗੰਦਲਾ ਕਰ ਦਿੱਤਾ ਹੈ। ਕੈਨੇਡਾ ਵਿੱਚ ਰਹਿ ਰਹੇ ਪੰਜਾਬੀ ਮੂਲ ਦੇ ਲੋਕ ਪਿਛੇ ਛੱਡਕੇ ਆਏ ਆਪਣੀ ਮਾਤ-ਭੂਮੀ ਇੰਡੀਆ ਦੇ ਪ੍ਰਾਂਤ ਪੰਜਾਬ ਵਿੱਚ ਫੈਲ ਰਹੇ ਰਾਜਨੀਤਿਕ ਭ੍ਰਿਸ਼ਟਾਚਾਰ ਤੋਂ ਬਹੁਤ ਚਿੰਤਤ ਹਨ। ਕਿਉਂਕਿ ਪੰਜਾਬ ਵਿੱਚ ਫੈਲ ਰਿਹਾ ਰਾਜਨੀਤਿਕ ਭ੍ਰਿਸ਼ਟਾਚਾਰ ਕਿਸੇ-ਨ-ਕਿਸੇ ਤਰ੍ਹਾਂ ਉਨ੍ਹਾਂ ਨੂੰ ਕੈਨੇਡਾ ਵਿੱਚ ਰਹਿੰਦਿਆਂ ਵੀ ਪ੍ਰਭਾਵਤ ਕਰਦਾ ਹੈ। ਕੈਨੇਡਾ ਵਿੱਚ ਪ੍ਰਵਾਸ ਕਰ ਗਏ ਪੰਜਾਬੀਆਂ ਦੇ ਪ੍ਰਵਾਰਾਂ ਦੇ ਅਨੇਕਾਂ ਮੈਂਬਰ ਇੰਡੀਆ ਵਿੱਚ ਰਹਿੰਦੇ ਹਨ ਅਤੇ ਅਨੇਕਾਂ ਪ੍ਰਵਾਸੀ ਪੰਜਾਬੀਆਂ ਦੀ ਇੰਡੀਆ ਵਿੱਚ ਅਨੇਕਾਂ ਤਰ੍ਹਾਂ ਦੀ ਜਾਇਦਾਦ ਵੀ ਹੈ। ਪ੍ਰਵਾਰ ਦੇ ਪਿਛੇ ਰਹਿ ਗਏ ਮੈਂਬਰਾਂ ਨੂੰ ਜਦੋਂ ਪੰਜਾਬ ਵਿੱਚ ਫੈਲ ਰਹੇ ਰਾਜਨੀਤਿਕ ਭ੍ਰਿਸ਼ਟਾਚਾਰ ਦੇ ਮਾਰੂ ਪ੍ਰਭਾਵਾਂ ‘ਚੋਂ ਲੰਘਣਾ ਪੈਂਦਾ ਹੈ ਤਾਂ ਉਸਦਾ ਅਸਰ ਉਨ੍ਹਾਂ ਦੇ ਕੈਨੇਡਾ ਰਹਿ ਰਹੇ ਰਿਸ਼ਤੇਦਾਰਾਂ ਉੱਤੇ ਵੀ ਹੁੰਦਾ ਹੈ। ਅਨੇਕਾਂ ਹਾਲਤਾਂ ਵਿੱਚ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਵਿੱਚ ਰਹਿ ਗਏ ਰਿਸ਼ਤੇਦਾਰਾਂ ਦੇ ਮਸਲੇ ਹੱਲ ਕਰਨ ਲਈ ਹਜ਼ਾਰਾਂ ਡਾਲਰ ਭੇਜਣੇ ਪੈਂਦੇ ਹਨ। ਪੰਜਾਬ ਵਿੱਚ ਫੈਲ ਰਹੇ ਭ੍ਰਿਸ਼ਟਾਚਾਰ ਬਾਰੇ ਕਹਾਣੀ ‘ਉੱਲੂ ਦਾ ਪੱਠਾ’ ਦਾ ਪਾਤਰ ਕਰਮ ਆਪਣੇ ਵਿਚਾਰ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:
“ਇਹ ਬੰਦਾ ਪੰਜਾਬ ‘ਚ ਬਿਤਾਏ ਚੰਗੇ ਦਿਨਾਂ ਦੀਆਂ ਯਾਦਾਂ ਆਪਣੇ ਧੁਰ ਅੰਦਰ ਸੰਭਾਲੀ ਫਿਰਦੈ। ਪਰ ਜੇ ਕਿਧਰੇ ਹੁਣ ਪੰਜਾਬ ਜਾਵੇ ਤਾਂ ਵਿਚਾਰੇ ਦਾ ਦਿਲ ਟੁੱਟ ਜਾਵੇ। ਸਾਡੇ ਸੁਆਰਥੀ ਸਿਆਸਤਦਾਨਾਂ ਦੀ ਜਾਨ ਨੂੰ ਰੋਵੇ। ਜਿਨ੍ਹਾਂ ਨੇ ਪੰਜਾਬ ਨੂੰ ਛਾਂਗ ਕੇ ਰੁੰਡ ਮਰੁੰਡ ਕਰ ਦਿੱਤਾ ਤੇ ਰਹਿੰਦ-ਖੂੰਹਦ ਨੂੰ ਵੀ ਨਰਕ ਬਣਾ ਦਿੱਤਾ। ਕਾਂਗਰਸ ਹੋਵੇ ਜਾਂ ਅਕਾਲੀ ਦਲ, ਬੀਜੇਪੀ ਹੋਵੇ ਜਾਂ ਜਨਤਾ ਦਲ, ਲੋਕਾਂ ਦਾ ਭਲਾ ਕਿਸੇ ਨੇ ਵੀ ਨਹੀਂ ਕੀਤਾ...ਲੋਕਾਂ ਨਾਲ ਕਿਸੇ ਨੂੰ ਵੀ ਪਿਆਰ ਨਹੀਂ...ਪਿਆਰ ਹੈ ਤਾਂ ਬਸ ਇਕ ਕੁਰਸੀ ਨਾਲ...”
----
ਭ੍ਰਿਸ਼ਟਾਚਾਰ ਦੇ ਹੋਰ ਵੀ ਅਨੇਕਾਂ ਰੂਪ ਹੁੰਦੇ ਹਨ। ਇਨ੍ਹਾਂ ਵਿੱਚੋਂ ਇੱਕ ਬਹੁ-ਚਰਚਿਤ ਰੂਪ ਹੈ ਕਿਸੇ ਨਾ ਕਿਸੇ ਢੰਗ ਨਾਲ ਕੈਨੇਡਾ ਪਹੁੰਚਣਾ। ਕੈਨੇਡਾ ਪਹੁੰਚਣ ਅਤੇ ਇੱਥੋਂ ਦੀ ਇਮੀਗਰੇਸ਼ਨ ਪ੍ਰਾਪਤ ਕਰਨ ਲਈ ਜਿੱਥੇ ਇੱਕ ਪਾਸੇ ਭ੍ਰਿਸ਼ਟ ਤਰੀਕੇ ਵਰਤਣ ਵਾਲਿਆਂ ਵਿੱਚ ਰਾਗੀ, ਢਾਡੀ, ਗ੍ਰੰਥੀ, ਪੰਡਤ, ਪਾਦਰੀ, ਮੁੱਲਾਂ, ਖਿਡਾਰੀ, ਪੱਤਰਕਾਰ, ਲੇਖਕ, ਰਾਜੀਨੀਤੀਵਾਨ, ਡਾਕਟਰ, ਨਰਸਾਂ, ਵਿਉਪਾਰੀ ਸ਼ਾਮਿਲ ਹਨ: ਉੱਥੇ ਕੈਨੇਡਾ ਦੀ ਇਮੀਗਰੇਸ਼ਨ ਪ੍ਰਾਪਤ ਕਰਨ ਲਈ ਝੂਠੇ ਵਿਆਹ ਕੀਤੇ ਜਾ ਰਹੇ ਹਨ। ਇਨ੍ਹਾਂ ਝੂਠੇ ਵਿਆਹਾਂ ਵਿੱਚ ਲੋਕ ਆਪਣੀਆਂ ਭੈਣਾਂ, ਚਾਚੀਆਂ, ਤਾਈਆਂ ਜਾਂ ਭਰਾਵਾਂ, ਚਾਚਿਆਂ, ਤਾਇਆਂ ਨਾਲ ਵਿਆਹ ਕਰਨ ਤੋਂ ਵੀ ਝਿਜਕ ਮਹਿਸੂਸ ਨਹੀਂ ਕਰਦੇ। ਲੋਕ ਆਪਣੀਆਂ ਪਤਨੀਆਂ ਨੂੰ ਤਲਾਕ ਦੇ ਕੇ ਉਨ੍ਹਾਂ ਤੋਂ ਆਪਣੇ ਰਿਸ਼ਤੇਦਾਰ ਸਪਾਂਸਰ ਕਰਵਾ ਰਹੇ ਹਨ। ਲੋਕ ਕੈਨੇਡਾ ਦੀ ਇਮੀਗਰੇਸ਼ਨ ਪ੍ਰਾਪਤ ਕਰਨ ਲਈ ਲੈਜ਼ਬੀਅਨ ਅਤੇ ਹੋਮੋਸੈਕਸੂਅਲ ਬਣ ਕੇ ਵਿਆਹ ਕਰ ਰਹੇ ਹਨ। ਇਮੀਗਰੇਸ਼ਨ ਪ੍ਰਾਪਤ ਕਰਨ ਦੇ ਇਛਕ ਲੋਕਾਂ ਨੂੰ ਇਮੀਗਰੇਸ਼ਨ ਏਜੰਟਾਂ ਵੱਲੋਂ ਆਪਣੇ ਨਾਲ ਮਿਲਾਏ ਹੋਏ ਕਹਾਣੀ ਲੇਖਕ ਮੂੰਹ ਮੰਗੀ ਕੀਮਤ ਲੇ ਕੇ ਅਜਿਹੀਆਂ ਮਨਘੜਤ ਪਰ ਮੰਨਣਯੋਗ ਕਹਾਣੀਆਂ ਲਿਖ ਕੇ ਦਿੰਦੇ ਹਨ ਕਿ ਇਮੀਗਰੇਸ਼ਨ ਅਫਸਰਾਂ ਲਈ ਵੀ ਇਹ ਫੈਸਲਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਕੈਨੇਡਾ ਦੀ ਇਮੀਗਰੇਸ਼ਨ ਪ੍ਰਾਪਤ ਕਰਨ ਦੀ ਦਰਖਾਸਤ ਦੇਣ ਵਾਲਾ ਵਿਅਕਤੀ ਸਰਕਾਰ ਨੂੰ ਭੇਜੀ ਗਈ ਆਪਣੀ ਜ਼ਿੰਦਗੀ ਦੀ ਕਹਾਣੀ ਵਿੱਚ ਕਿੰਨਾ ਸੱਚ ਬੋਲ ਰਿਹਾ ਹੈ ਅਤੇ ਕਿੰਨਾ ਝੂਠ। ਇਸ ਦੀ ਇੱਕ ਮਿਸਾਲ ਕਹਾਣੀ ‘ਸਿਆਸੀ ਪਨਾਹ’ ਵਿੱਚ ਕੁਝ ਇਸ ਤਰ੍ਹਾਂ ਪੇਸ਼ ਕੀਤੀ ਗਈ ਹੈ:
“ਇਜਾਜ਼ ਅਹਿਮਦ ਆਪਣੀ ਕਹਾਣੀ ਲੈ ਕੇ ਗੁਰਮੁੱਖ ਸਿੰਘ ਹੋਰਾਂ ਕੋਲ ਗਿਆ। ਗੁਰਮੁੱਖ ਸਿੰਘ ਨੇ ਕਹਾਣੀ ਪੜ੍ਹੀ। ਕਹਾਣੀ ਪੜ੍ਹ ਕੇ ਮੁੱਛਾਂ ਨੂੰ ਵੱਟ ਦਿੱਤਾ, ਮੱਥੇ ‘ਤੇ ਹੱਥ ਮਾਰਿਆ ਤੇ ਨਾਲ ਹੀ ਆਖਿਆ: ਇਹ ਵੀ ਕੋਈ ਕਹਾਣੀ ਹੈ? ਐਸੀ ਹਲਕੀ ਫੁਲਕੀ ਕਹਾਣੀ ਨਾਲ ਤੁਹਾਡਾ ਕੇਸ ਨਹੀਂ ਹੋ ਸਕਦਾ। ਜ਼ੁਲਮ ਦਖਾਉਣਾ ਸੀ ਜਨਾਬ ਜ਼ੁਲਮ! ਉਹ ਜੁਲਮ ਨੂੰ ਪੜ੍ਹ ਕੇ ਇਮੀਗਰੇਸ਼ਨ ਵਾਲਿਆਂ ਦਾ ਦਿਲ ਕੰਬ ਉੱਠੇ। ਸਰੀਰ ਦੇ ਲੂੰ ਕੰਡੇ ਖੜ੍ਹੇ ਹੋ ਜਾਣ। ਦਿਲ ‘ਚੋਂ ਆਪਣੇ ਆਪ ਹਮਦਰਦੀ ਦਾ ਚਸ਼ਮਾ ਫੁੱਟ ਪਵੇ। ਪਹਿਲਾਂ ਤਾਂ ਇਸ ਤਰ੍ਹਾਂ ਦੀ ਕਹਾਣੀ ਨਾਲ ਵੀ ਕੰਮ ਬਣ ਜਾਂਦਾ ਸੀ ਪਰ ਹੁਣ ਇਮੀਗਰੇਸ਼ਨ ਦਾ ਰਵੱਈਆ ਕਾਫ਼ੀ ਸਖ਼ਤ ਹੋ ਗਿਆ ਹੈ। ਇਸ ਲਈ ਤੁਹਾਡੇ ਤੇ ਤੁਹਾਡੇ ਪਰਿਵਾਰ ਦੇ ਸਰੀਰ ਤੇ ਜਿੰਨੇ ਵੀ ਸੱਟਾਂ ਫੇਟਾਂ ਦੇ ਨਿਸ਼ਾਨ ਹਨ, ਉਹਨਾਂ ਨੂੰ ਪੁਲਿਸ ਦਾ ਤਸ਼ੱਦਦ ਦਖਾਉ। ਹੋ ਸਕੇ ਤਾਂ ਅਜੇਹੇ ਨਿਸ਼ਾਨ ਪੈਦਾ ਕਰੋ। ਅੱਜ ਕੱਲ੍ਹ ਦੰਦ ਹਿੱਲਣ ਨਾਲ ਕੁਝ ਨਹੀਂ ਬਣਦਾ ਭਾਈ ਜਾਨ-ਦੰਦ ਤੁੜਵਾਉ। ਇਸ ਕਹਾਣੀ ਨੂੰ ਨਵੇਂ ਸਿਰੇ ਤੋਂ ਲਿਖਵਾਉ। ਗੁਲਾਮ ਰਸੂਲ ਨੂੰ ਇਸ ਪਤੇ ‘ਤੇ ਮਿਲ ਲਵੋ। ਉਹ ਤੁਹਾਡੀ ਮੱਦਦ ਕਰੇਗਾ ਤੇ ਸਹੀ ਕਹਾਣੀ ਬਣਾ ਦੇਵੇਗਾ...ਉਸ ਤੋਂ ਪਿੱਛੋਂ ਅਸੀਂ ਹਾਜ਼ਰ ਹਾਂ...”
----
‘ਚਾਨਣ ਦੇ ਵਣਜਾਰੇ’ ਕਹਾਣੀ ਸੰਗ੍ਰਹਿ ਵਿੱਚ ਇੱਕ ਅਜਿਹੀ ਸਮੱਸਿਆ ਦਾ ਵੀ ਚਰਚਾ ਕੀਤਾ ਗਿਆ ਹੈ, ਜਿਸ ਦਾ ਸਾਹਮਣਾ ਕੈਨੇਡਾ ਵਿੱਚ ਪ੍ਰਵਾਸ ਕਰਕੇ ਆਏ ਅਨੇਕਾਂ ਸਭਿਆਚਾਰਾਂ ਦੇ ਲੋਕਾਂ ਨੂੰ ਕਰਨਾ ਪੈਂਦਾ ਹੈ। ਉਹ ਸਮੱਸਿਆ ਹੈ: ਨਸਲਵਾਦ ਦੀ ਸਮੱਸਿਆ। ਭਾਵੇਂ ਕਿ ਇਹ ਸਮੱਸਿਆ ਹੌਲੀ ਹੌਲੀ ਘੱਟਦੀ ਜਾ ਰਹੀ ਹੈ - ਸਰਕਾਰੀ ਅਤੇ ਗ਼ੈਰ ਸਰਕਾਰੀ ਤੌਰ ਉੱਤੇ ਵੀ; ਕਿਤੇ ਸਪੱਸ਼ਟ ਰੂਪ ਵਿੱਚ ਅਤੇ ਕਿਤੇ ਲੁਕੀ ਹੋਈ। ਇਸ ਦੀ ਇੱਕ ਉਦਾਹਰਣ ਕਹਾਣੀ ‘ਅੰਦਰ ਦੇ ਜ਼ਖ਼ਮ’ ਵਿੱਚ ਵੀ ਪੇਸ਼ ਕੀਤੀ ਗਈ ਹੈ:
“ਤੁਸੀਂ ਪਾਕੀ ਲੋਕ ਆਪਣੇ ਆਪ ਨੂੰ ਸਮਝਦੇ ਕੀ ਹੋ...ਆਪਣੇ ਮੁਲਕ ਵਿੱਚ ਵਾਪਸ ਕਿਉਂ ਨਹੀਂ ਚਲੇ ਜਾਂਦੇ...ਤੁਹਾਨੂੰ ਤਾਂ ਠੀਕ ਢੰਗ ਨਾਲ ਗੱਲ ਵੀ ਨਹੀਂ ਕਰਨੀ ਆਉਂਦੀ...ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਸਵਾਰੀ ਦੀ ਇੱਜ਼ਤ ਕਿਵੇਂ ਕਰਨੀ ਹੈ...ਗੁਰਤੇਜ ਨੂੰ ਲੱਗਿਆ ਜਿਵੇਂ ਸਚਮੁੱਚ ਉਸ ਦੇ ਕਿਸੇ ਨੇ ਜ਼ੋਰ ਦਾ ਘਸੁੰਨ ਕੱਢ ਮਾਰਿਆ ਹੋਵੇ। ਉਹ ਤਾਂ ਜਿਵੇਂ ਸੁੰਨ ਹੋ ਕੇ ਰਹਿ ਗਿਆ। ਕਮਾਲ ਹੈ। ਮੈਂ ਇਸ ਨੂੰ ਕੀ ਅਜਿਹਾ ਕਹਿ ਦਿੱਤਾ ਜਿਸ ਨਾਲ ਏਨੀ ਲੋਹੀ ਲਾਖੀ ਹੋ ਗਈ। ਮੈਂ 25 ਵਰ੍ਹੇ ਪਹਿਲਾਂ ਯੁਗਾਂਡਾ ਛੱਡ ਕੇ ਇਸ ਦੇਸ਼ ਵਿਚ ਆਇਆ ਸੀ। ਹੁਣ ਪੂਰੇ 22 ਸਾਲਾਂ ਤੋਂ ਟੈਕਸੀ ਚਲਾ ਰਿਹਾ ਹਾਂ। ਹੱਡ ਭੰਨਵੀਂ ਮਿਹਨਤ ਕਰਕੇ ਆਪਣਾ ਘਰ ਬਣਾਇਆ ਹੈ। ਬੱਚੇ ਪੜ੍ਹਦੇ ਹਨ। ਗੁਰਤੇਜ ਤੋਂ ਗੈਰੀ ਬਣਿਆ ਹਾਂ। ਤੇ ਹੁਣ ਇਹ ਮੈਨੂੰ ਪਾਕੀ ਕਹਿ ਰਹੀ ਹੈ। ਕਹਿੰਦੀ ਹੈ ਕਿ ਮੈਂ ਆਪਣੇ ਦੇਸ਼ ਵਿੱਚ ਚਲਿਆ ਜਾਵਾਂ। ਕਿਹੜੇ ਦੇਸ਼ ਵਿੱਚ? ਯੁਗਾਂਡਾ - ਜਿਸ ਨੂੰ ਮੈਂ ਹਮੇਸ਼ਾ ਲਈ ਛੱਡ ਚੁੱਕਾ ਹਾਂ। ਛੱਡਣਾ ਤਾਂ ਯੁਗਾਂਡਾ ਵੀ ਨਹੀਂ ਸੀ ਚਾਹੁੰਦਾ। ਪਰ ਈਦੀ ਅਮੀਨ ਨੇ ਛੁਡਵਾ ਦਿੱਤਾ। ਭਾਰਤ ਮੈਂ ਅੱਜ ਤੱਕ ਦੇਖਿਆ ਨਹੀਂ। ਹੁਣ ਤਾਂ ਕੈਨੇਡਾ ਹੀ ਮੇਰਾ ਦੇਸ਼ ਹੈ। ਨਾਲੇ ਕੈਨੇਡਾ ਕਿਹੜਾ ਕਿਸੇ ਇਕ ਨਸਲ ਦੀ ਮਲਕੀਅਤ ਹੈ। ਇਹ ਤਾਂ ਸਾਡੇ ਸਾਰਿਆਂ ਦਾ ਸਾਂਝਾ ਦੇਸ਼ ਹੈ।”
----
‘ਚਾਨਣ ਦੇ ਵਣਜਾਰੇ’ ਕਹਾਣੀ ਸੰਗ੍ਰਹਿ ਵਿੱਚ ਭਾਵੇਂ ਕਿ ਇਕਬਾਲ ਅਰਪਨ ਨੇ ਅਨੇਕਾਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਹੈ; ਪਰ ਮੈਂ ਇਸ ਪੁਸਤਕ ਬਾਰੇ ਆਪਣੀ ਗੱਲ ਖਤਮ ਕਰਨ ਤੋਂ ਪਹਿਲਾਂ ਇਨ੍ਹਾਂ ਕਹਾਣੀਆਂ ਵਿੱਚ ਪੇਸ਼ ਕੀਤੀਆਂ ਗਈਆਂ ਦੋ ਸਮੱਸਿਆਵਾਂ ਦਾ ਜਿ਼ਕਰ ਕਰਨਾ ਚਾਹਾਂਗਾ।
ਭਾਰਤੀ/ਪਾਕਿਸਤਾਨੀ ਮੂਲ ਦੇ ਲੋਕ ਕੈਨੇਡਾ ਵਿੱਚ ਪ੍ਰਵਾਸ ਕਰਨ ਵੇਲੇ ਆਪਣੀਆਂ ਮਾੜੀਆਂ ਸਭਿਆਚਾਰਕ/ਸਮਾਜਕ ਆਦਤਾਂ ਵੀ ਆਪਣੇ ਨਾਲ ਹੀ ਲੈ ਕੇ ਆਉਂਦੇ ਹਨ। ਕੈਨੇਡਾ ਦਾ ਕਾਨੂੰਨ ਜਿਸ ਹੱਦ ਤੱਕ ਔਰਤਾਂ ਦੇ ਹੱਕਾਂ ਦੀ ਰਾਖੀ ਕਰਦਾ ਹੈ, ਉਸ ਤਰ੍ਹਾਂ ਦੇ ਹੱਕ ਔਰਤਾਂ ਨੂੰ ਇੰਡੀਆ/ਪਾਕਿਸਤਾਨ ਵਰਗੇ ਦੇਸ਼ਾਂ ਵਿੱਚ ਪ੍ਰਾਪਤ ਨਹੀਂ। ਉਨ੍ਹਾਂ ਦੇਸ਼ਾਂ ਵਿੱਚ ਮਰਦ ਔਰਤ ਉੱਤੇ ਜਿੰਨੇ ਮਰਜ਼ੀ ਅਤਿਆਚਾਰ ਕਰੀ ਜਾਵੇ, ਕਾਨੂੰਨ ਔਰਤ ਦੀ ਰਾਖੀ ਨਹੀਂ ਕਰਦਾ। ਅਨੇਕਾਂ ਔਰਤਾਂ ਉਮਰ ਭਰ ਆਪਣੇ ਮਰਦਾਂ ਦਾ ਅਤਿਆਚਾਰ ਸਹਿੰਦੀਆਂ ਰਹਿੰਦੀਆਂ ਹਨ; ਪਰ ਉਸ ਬਾਰੇ ਆਪਣੀ ਆਵਾਜ਼ ਨਹੀਂ ਉਠਾਉਂਦੀਆਂ। ਕਿਉਂਕਿ ਉਨ੍ਹਾਂ ਨੂੰ ਯਕੀਨ ਹੁੰਦਾ ਹੈ ਕਿ ਉਨ੍ਹਾਂ ਦੀ ਗੱਲ ਵਿੱਚ ਕਿਸੀ ਨੇ ਵਿਸ਼ਵਾਸ ਨਹੀਂ ਕਰਨਾ। ਪਰ ਕੈਨੇਡਾ ਵਿੱਚ ਔਰਤਾਂ ਨੂੰ ਕਾਨੂੰਨੀ ਤੌਰ ਉੱਤੇ ਆਪਣੇ ਹੱਕਾਂ ਦੀ ਰਾਖੀ ਕਰਨ ਲਈ ਮਿਲਣ ਵਾਲੀ ਕਾਨੂੰਨੀ ਸਹਾਇਤਾ ਬਾਰੇ ਚੇਤਨਾ ਪੈਦਾ ਕਰਨ ਵਾਲੀਆਂ ਅਨੇਕਾਂ ਸੰਸਥਾਵਾਂ ਕੰਮ ਕਰਦੀਆਂ ਹਨ। ਕੋਈ ਵੀ ਮਰਦ ਜੇਕਰ ਕਿਸੀ ਔਰਤ ਉੱਤੇ, ਭਾਵੇਂ ਉਹ ਉਸ ਦੀ ਪਤਨੀ / ਮਾਂ / ਭੈਣ / ਦੋਸਤ / ਧੀ ਹੀ ਕਿਉਂ ਨ ਹੋਵੇ, ਜੇਕਰ ਅੱਤਿਆਚਾਰ ਕਰਦਾ ਹੈ ਤਾਂ ਉਹ ਔਰਤ ਪੁਲਿਸ ਨੂੰ ਬੁਲਾ ਸਕਦੀ ਹੈ ਅਤੇ ਜ਼ੁਲਮ ਕਰਨ ਵਾਲੇ ਮਰਦ ਨੂੰ ਗ੍ਰਿਫਤਾਰ ਕਰਵਾ ਸਕਦੀ ਹੈ। ਜਿਹੜੇ ਮਰਦ ਆਪਣੀਆਂ ਅਜਿਹੀਆਂ ਮਾੜੀਆਂ ਆਦਤਾਂ ਛੱਡਣ ਲਈ ਤਿਆਰ ਨਹੀਂ ਹੁੰਦੇ ਉਨ੍ਹਾਂ ਦੀ ਨ ਸਿਰਫ ਪ੍ਰਵਾਰਕ ਜ਼ਿੰਦਗੀ ਨਰਕ ਬਣ ਕੇ ਰਹਿ ਜਾਂਦੀ ਹੈ। ਬਲਕਿ ਅਨੇਕਾਂ ਹਾਲਤਾਂ ਵਿੱਚ ਉਨ੍ਹਾਂ ਦੇ ਪ੍ਰਵਾਰ ਦੀਆਂ ਔਰਤਾਂ ਉਨ੍ਹਾਂ ਨੂੰ ਸਦਾ ਲਈ ਅਲਵਿਦਾ ਕਹਿ ਕੇ ਘਰੋਂ ਚਲੀਆਂ ਜਾਂਦੀਆਂ ਹਨ। ਪ੍ਰਵਾਸੀ ਪੰਜਾਬੀਆਂ ਦੇ ਵੱਡੀ ਗਿਣਤੀ ਵਿੱਚ ਹੋ ਰਹੇ ਤਲਾਕਾਂ ਦਾ ਕਾਰਨ ਵੀ ਮਰਦਾਂ ਦੀਆਂ ਅਜਿਹੀਆਂ ਮਾੜੀਆਂ ਆਦਤਾਂ ਹਨ। ਜਿਨ੍ਹਾਂ ਵਿੱਚ ਸਭ ਤੋਂ ਮਾੜੀ ਆਦਤ ਉਨ੍ਹਾਂ ਦਾ ਹਰ ਸਮੇਂ ਸ਼ਰਾਬੀ ਹੋਣਾ ਹੈ ਅਤੇ ਇਸ ਨਸ਼ੇ ਦੀ ਹਾਲਤ ਵਿੱਚ ਆਪਣੀਆਂ ਪਤਨੀਆਂ ਉੱਤੇ ਹਿੰਸਾਤਮਕ ਹਮਲੇ ਕਰਨਾ ਹੈ।
‘ਹਨ੍ਹੇਰੇ ‘ਚ’ ਕਹਾਣੀ ਇਸ ਸਮੱਸਿਆ ਨੂੰ ਬੜੀ ਖ਼ੂਬਸੂਰਤੀ ਨਾਲ ਪੇਸ਼ ਕਰਦੀ ਹੈ:
-----
“ਸ਼ਿੰਦਾ ਆਪੇ ‘ਚੋਂ ਬਾਹਰ ਹੋ ਗਿਆ। ਰਾਣੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਨਾਲੇ ਉੱਚੀ ਉੱਚੀ ਬੋਲੀ ਜਾਵੇ...“ਮੁੰਡੇ ਨੂੰ ਤੂੰ ਚਮਲਾਇਆ। ਪੁਚ ਪੁਚ ਕਰਕੇ ਸਿਰ ਚੜ੍ਹਾਇਆ...” ਹੱਥਾ ਪਾਈ ਕਰਦਿਆਂ ਸ਼ਿੰਦੇ ਨੇ ਰਾਣੀ ਨੂੰ ਜ਼ੋਰ ਨਾਲ ਧੱਕਾ ਮਾਰਿਆ ‘ਤੇ ਰਾਣੀ ਦਾ ਸਿਰ ਡਾਇਨਿੰਗ ਟੇਬਲ ਦੇ ਕੋਨੇ ਨਾਲ ਜਾ ਟਕਰਾਇਆ। ਉਹ ਧੜੈਂ ਕਰਕੇ ਫਲੋਰ ‘ਤੇ ਡਿੱਗ ਪਈ ਅਤੇ ਉਸ ਦੇ ਸਿਰ ‘ਚੋਂ ਖ਼ੂਨ ਵਹਿਣ ਲੱਗਾ। ਘਰ ਵਿੱਚ ਪ੍ਰੀਤੀ ਹੀ ਸੀ। ਉਹ ਧਾਹਾਂ ਮਾਰ ਕੇ ਰੋਣ ਲੱਗੀ। ਕੁਝ ਦੇਰ ਪਿਛੋਂ ਬਿੱਟੂ ਵੀ ਬਾਹਰੋਂ ਆ ਗਿਆ। ਜਦੋਂ ਬਿੱਟੂ ਨੇ ਮਾਂ ਨੂੰ ਲਹੂ ਲੁਹਾਣ ਹੋਏ ਦੇਖਿਆ ਤਾਂ ਸ਼ਿੰਦੇ ਨੂੰ ਕਹਿਣ ਲੱਗਾ...“ਡੈਡ, ਇਹ ਕੀ ਹੋਇਆ.” “ਹੋਇਆ ਤੇਰੀ ਮਾਂ ਦਾ ਸਿਰ” ਸ਼ਿੰਦੇ ਨੇ ਅੱਗਿਉਂ ਉੱਤਰ ਦਿੱਤਾ। ਬਿੱਟੂ ਤੋਂ ਬਰਦਾਸ਼ਤ ਨਾ ਹੋਇਆ। ਉਸ ਨੇ ਪੁਲਿਸ ਨੂੰ ਫੋਨ ਕਰ ਦਿੱਤਾ। ਝੱਟ ਪੁਲਿਸ ਦੀ ਗੱਡੀ ਆ ਗਈ। ਰਾਣੀ ਦੇ ਸਿਰ ‘ਚੋਂ ਅਜੇ ਵੀ ਖੂ਼ਨ ਵਹਿ ਰਿਹਾ ਸੀ। ਸ਼ਿੰਦੇ ਦੀਆਂ ਅੱਖਾਂ ਲਾਲ ਤੇ ਮੂੰਹ ‘ਚੋਂ ਸ਼ਰਾਬ ਦੀ ਬਦਬੂ ਆ ਰਹੀ ਸੀ। ਉਸ ਤੋਂ ਠੀਕ ਤਰ੍ਹਾਂ ਤੁਰਿਆ ਵੀ ਨਹੀਂ ਸੀ ਜਾਂਦਾ। ਪੁਲਿਸ ਅਧਿਕਾਰੀ ਨੇ ਰਿਪੋਰਟ ਲਿਖੀ ਤੇ ਸ਼ਿੰਦੇ ‘ਤੇ ਮਾਰ ਕੁਟਾਈ ਦਾ ਚਾਰਜ ਲਾ ਕੇ ਹਵਾਲਤ ਵਿੱਚ ਬੰਦ ਕਰ ਦਿੱਤਾ। ਜਦੋਂ ਸਿ਼ੰਦਾ ਕਚਹਿਰੀ ਵਿੱਚ ਪੇਸ਼ ਹੋਇਆ ਤਾਂ ਜੱਜ ਨੇ ਆਦੇਸ਼ ਦਿੱਤਾ ਕਿ ਜਿੰਨੀ ਦੇਰ ਤੱਕ ਕੇਸ ਦਾ ਫੈਸਲਾ ਨਹੀਂ ਹੁੰਦਾ, ਸ਼ਿੰਦਾ ਆਪਣੇ ਘਰ ਨਹੀਂ ਜਾ ਸਕਦਾ ਅਤੇ ਨਾ ਹੀ ਪਰਿਵਾਰ ਦੇ ਕਿਸੇ ਮੈਂਬਰ ਨਾਲ ਕਿਸੇ ਕਿਸਮ ਦਾ ਸੰਪਰਕ ਕਰ ਸਕਦਾ ਹੈ।”
-----
ਪ੍ਰਵਾਸੀ ਪੰਜਾਬੀਆਂ ਨੂੰ ਕੈਨੇਡਾ ਆ ਕੇ ਇੱਕ ਹੋਰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਕੈਨੇਡਾ ਦਾ ਕਾਨੂੰਨ ਬੱਚਿਆਂ ਨੂੰ ਵੀ ਕਾਫੀ ਆਜ਼ਾਦੀ ਦਿੰਦਾ ਹੈ। ਨ ਹੀ ਮਾਪੇ ਅਤੇ ਨਾ ਹੀ ਅਧਿਆਪਕ ਬੱਚਿਆਂ ਨੂੰ ਝਿੜਕ ਸਕਦੇ ਹਨ ਅਤੇ ਨਾ ਹੀ ਕੋਈ ਮਾੜਾ ਕੰਮ ਕਰਨ ਉੱਤੇ ਸਜ਼ਾ ਦੇਣ ਵਜੋਂ ਕੋਈ ਸਰੀਰਕ ਸਜ਼ਾ ਦੇ ਸਕਦੇ ਹਨ। ਕਈ ਬੱਚਿਆਂ ਕੋਲੋਂ ਇਹ ਆਜ਼ਾਦੀ ਸਾਂਭੀ ਨਹੀਂ ਜਾਂਦੀ ਅਤੇ ਉਹ ਇਸ ਆਜ਼ਾਦੀ ਦਾ ਨਜਾਇਜ਼ ਲਾਭ ਉਠਾ ਕੇ ਮਾੜੀਆਂ ਆਦਤਾਂ ਵਿੱਚ ਪੈ ਜਾਂਦੇ ਹਨ। ਪਰਵਾਸੀ ਪੰਜਾਬੀਆਂ ਦੇ ਬੱਚੇ ਡਰੱਗ ਸਮਗਲਰ ਗੈਂਗਸਟਰ ਬਣ ਰਹੇ ਹਨ, ਪਰਾਸਟੀਚੀਊਸ਼ਨ ਦਾ ਧੰਦਾ ਕਰ ਰਹੇ ਹਨ, ਭਾੜੇ ਦੇ ਕਾਤਲ ਬਣ ਰਹੇ ਹਨ; ਡਾਕੇ ਮਾਰ ਰਹੇ ਹਨ ਅਤੇ ਇੰਟਰਨੈੱਟ ਨਾਲ ਸਬੰਧਤ ਅਨੇਕਾਂ ਤਰ੍ਹਾਂ ਦੇ ਕੁਕਰਮ ਕਰ ਰਹੇ ਹਨ। ਕੈਨੇਡਾ ਦੇ ਸਭ ਤੋਂ ਖ਼ੂੰਖਾਰ ਡਰੱਗ ਗੈਂਗਸਟਰਾਂ ਵਿੱਚ ਵੈਨਕੂਵਰ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਸਰਗਰਮ ਪੰਜਾਬੀ ਗੈਂਗਸਟਰਾਂ ਦਾ ਹੀ ਨਾਮ ਆਉਂਦਾ ਹੈ। ਇਨ੍ਹਾਂ ਪੰਜਾਬੀ ਗੈਂਗਸਟਰਾਂ ਦੀਆਂ ਆਪਸੀ ਖੂ਼ਨੀ ਝੜੱਪਾਂ ਵਿੱਚ 100 ਤੋਂ ਵੱਧ ਪੰਜਾਬੀ ਨੌਜਵਾਨ ਮਾਰੇ ਜਾ ਚੁੱਕੇ ਹਨ। ਖੂੰਖਾਰ ਪੰਜਾਬ ਡਰੱਗ ਗੈਂਗਸਟਰਾਂ ਦਾ ਤਾਣਾਬਾਣਾ ਹੌਲੀ ਹੌਲੀ ਬ੍ਰਿਟਿਸ਼ ਕੋਲੰਬੀਆ ਤੋਂ ਵੱਧਦਾ ਵੱਧਦਾ ਕੈਨੇਡਾ ਦੇ ਅਨੇਕਾਂ ਹੋਰਨਾਂ ਪ੍ਰਾਂਤਾਂ ਤੱਕ ਫੈਲ ਚੁੱਕਾ ਹੈ। ਜਿਨ੍ਹਾਂ ਵਿੱਚ ਬ੍ਰਿਟਿਸ਼ ਕੋਲੰਬੀਆ ਤੋਂ ਬਾਹਦ ਓਨਟਾਰੀਓ, ਅਲਬਰਟਾ ਅਤੇ ਮੈਨੀਟੋਬਾ ਪ੍ਰਾਂਤਾਂ ਦਾ ਜ਼ਿਕਰ ਵਿਸ਼ੇਸ਼ ਤੌਰ ਉੱਤੇ ਕੀਤਾ ਜਾਂਦਾ ਹੈ। ਪੰਜਾਬੀ ਬੱਚਿਆਂ ਦੀਆਂ ਅਜਿਹੀਆਂ ਮਾੜੀਆਂ ਆਦਤਾਂ ਦੀ ਸ਼ੁਰੂਆਤ ਸਕੂਲਾਂ ਵਿੱਚ ਪੜ੍ਹਣ ਦੇ ਸਮੇਂ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਪ੍ਰਵਾਸੀ ਪੰਜਾਬੀ ਪ੍ਰਵਾਰਾਂ ਦੀ ਅਜਿਹੀ ਤ੍ਰਾਸਦੀ ਦਾ ਜ਼ਿਕਰ ‘ਲਾਲਾਂ ਦੀ ਜੋੜੀ’ ਕਹਾਣੀ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ ਹੈ:
“ਸੱਤ ਮੁੰਡਿਆਂ ਨੇ ਮਿਲਕੇ ਆਪਣਾ ਇਕ ਗੈਂਗ ਬਣਾ ਲਿਆ ਤੇ ਨਾਂ ਰੱਖਿਆ ‘ਬੈਂਗ ਬੈਂਗ ਗੈਂਗ’। ਇਸ ਗੈਂਗ ਦਾ ਲੀਡਰ ਚੁਣਿਆ ਗਿਆ ਮਨਜੀਤ ਸਿੰਘ। ਫਿਰ ਗੈਂਗ ਦਾ ਕੁਝ ਅਜਿਹੇ ਬੰਦਿਆਂ ਨਾਲ ਸੰਪਰਕ ਹੋ ਗਿਆ ਜਿਹੜੇ ਡਰੱਗਜ਼ ਦਾ ਧੰਦਾ ਕਰਦੇ ਸਨ। ਪੂਰਾ ਗੈਂਗ ਉਨ੍ਹਾਂ ਤੋਂ ਡਰੱਗ ਖਰੀਦ ਕੇ ਅੱਗੇ ਵੇਚਣ ਲੱਗ ਪਿਆ। ਵੈਸੇ ਤਾਂ ਸਾਰੇ ਮੁੰਡੇ ਹੀ ਇਸ ਕੰਮ ਵਿਚ ਭਾਗ ਲੈਂਦੇ ਪਰ ਮੋਹਰੀ ਮਨਜੀਤ ਤੇ ਕੁਲਜੀਤ ਹੀ ਹੁੰਦੇ। ਇਸ ਧੰਦੇ ‘ਚੋਂ ਚੰਗੀ ਕਮਾਈ ਹੋਣ ਲੱਗ ਪਈ। ਹੋਰ ਗਰੁੱਪਾਂ ਨਾਲ ਲੜਾਈਆਂ ਭੜਾਈਆਂ ਵੀ ਹੋਣ ਲੱਗ ਪਈਆਂ...ਮਾਪਿਆਂ ਨੂੰ ਪਤਾ ਤਾਂ ਲੱਗ ਚੁੱਕਾ ਸੀ ਕਿ ਦੋਵੇਂ ਮੁੰਡੇ ਪੁੱਠੇ ਕੰਮਾਂ ਵਿੱਚ ਪੈ ਚੁੱਕੇ ਸਨ। ਰੇਸ਼ਮ ਨੇ ਦੋਵਾਂ ਨੂੰ ਬਿਠਾ ਕੇ ਸਮਝਾਇਆ। ਦੋਵਾਂ ਨੇ ਉੱਤਰ ਦਿੱਤਾ ਕਿ ਇਹ ਆਜ਼ਾਦ ਮੁਲਕ ਹੈ। ਤੁਸੀਂ ਆਪਣਾ ਕੰਮ ਕਰੋ ਅਸੀਂ ਆਪਣਾ ਕੰਮ ਕਰਦੇ ਹਾਂ। ਅਸੀਂ ਤੁਹਾਡੇ ਕੰਮ ਵਿੱਚ ਦਖਲ ਨਹੀਂ ਦਿੰਦੇ ਤੁਸੀਂ ਸਾਡੇ ਕੰਮ ਵਿੱਚ ਦਖਲ ਨਾ ਦਿਉ। ਰੇਸ਼ਮ ਤਿਲਮਿਲਾ ਕੇ ਰਹਿ ਗਿਆ।”
----
‘ਚਾਨਣ ਦੇ ਵਣਜਾਰੇ’ ਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ ਵਿੱਚ ਸਮੱਸਿਆਵਾਂ ਨੂੰ ਪੇਸ਼ ਕਰਨ ਵੇਲੇ ਭਾਵੇਂ ਕਿ ਬਹੁਤ ਤੀਖਣਤਾ ਭਰਪੂਰ ਤਣਾਓ ਪੈਦਾ ਕਰਨ ਵਾਲੇ ਨਾਟਕੀ ਦ੍ਰਿਸ਼ਾਂ ਦੀ ਅਣਹੋਂਦ ਹੈ; ਪਰ ਹਰ ਕਹਾਣੀ ਵਿੱਚ ਕੋਈ ਨ ਕੋੱਈ ਸਮੱਸਿਆ ਜ਼ਰੂਰ ਪੇਸ਼ ਕੀਤੀ ਗਈ ਹੈ। ਇਨ੍ਹਾਂ ਕਹਾਣੀਆਂ ਦੀ ਬੁਣਤੀ ਵੀ ਬਹੁਤੀ ਗੁੰਝਲਦਾਰ ਨਹੀਂ ਕਹੀ ਜਾ ਸਕਦੀ। ਇਸ ਕਹਾਣੀ ਸੰਗ੍ਰਹਿ ਵਿੱਚ ਸਾਧਾਰਣ ਲੋਕਾਂ ਦੀਆਂ ਸਾਧਾਰਣ ਸਮੱਸਿਆਵਾਂ ਨੂੰ ਸਾਧਾਰਣ ਢੰਗ ਨਾਲ ਹੀ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਨਿਰਸੰਦੇਹ, ਇਹ ਕਹਾਣੀਆਂ ਆਪਣੀ ਸਾਧਾਰਣਤਾ ਵਿੱਚ ਰਹਿੰਦਿਆਂ ਹੋਇਆਂ ਵੀ ਪਾਠਕਾਂ ਤੱਕ ਚੇਤਨਤਾ ਦਾ ਸੁਨੇਹਾ ਪਹੁੰਚਾਉਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਹਨ।
-----
ਇਕਬਾਲ ਅਰਪਨ ਨੇ ਕਹਾਣੀ ਸੰਗ੍ਰਹਿ ‘ਚਾਨਣ ਦੇ ਵਣਜਾਰੇ’ ਪ੍ਰਕਾਸਿ਼ਤ ਕਰਕੇ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਜ਼ਿਕਰਯੋਗ ਵਾਧਾ ਕੀਤਾ ਹੈ। ਇਹ ਕਹਾਣੀ ਸੰਗ੍ਰਹਿ ਇਕਬਾਲ ਅਰਪਨ ਨੂੰ ਕੈਨੇਡਾ ਦੇ ਤਰੱਕੀਪਸੰਦ, ਚੇਤੰਨ ਅਤੇ ਜਾਗਰੁਕ ਕਹਾਣੀਕਾਰਾਂ ਵਿੱਚ ਲਿਆ ਖੜ੍ਹਾ ਕਰਦਾ ਹੈ।
No comments:
Post a Comment