ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ
ਕੈਨੇਡਾ ਦੇ 57 ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਸਮੀਖਿਆ ਦੀ ਕਿਤਾਬ 'ਕੈਨੇਡੀਅਨ ਪੰਜਾਬੀ ਸਾਹਿਤ' ਨੂੰ ਖ਼ਰੀਦਣ ਲਈ ਬਲੌਗ 'ਤੇ ਦਿੱਤੇ ਐਡਰੈਸ 'ਤੇ ਈਮੇਲ ਕਰੋ। ਸ਼ੁਕਰੀਆ।

ਤੁਹਾਡੇ ਧਿਆਨ ਹਿੱਤ - ਜ਼ਰੂਰੀ ਸੂਚਨਾ

ਸੂਚਨਾ: ਪ੍ਰਕਾਸ਼ਕ ਦੀ ਤਲਾਸ਼ :

ਆਪਣੀ ਹੁਣੇ ਇੰਡੀਆ ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ)’ ਨੂੰ ਮੈਂ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਕੈਨੇਡਾ ਵਿੱਚ ‘‘Canadian Punjabi Literature (Commentary)’’ ਨਾਮ ਦੀ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਨਾ ਚਾਹੁੰਦਾ ਹਾਂ। ਮੈਂ ਕਿਸੀ ਵਧੀਆ ਕੈਨੇਡੀਅਨ ਪ੍ਰਕਾਸ਼ਕ ਦੀ ਤਲਾਸ਼ ਕਰ ਰਿਹਾ ਹਾਂ। ਜੇਕਰ ਤੁਸੀਂ ਕਿਸੀ ਅਜਿਹੇ ਵਧੀਆ ਕੈਨੇਡੀਅਨ ਪ੍ਰਕਾਸ਼ਕ ਦਾ ਨਾਮ ਜਾਣਦੇ ਹੋ ਜੋ ਮੇਰੀ ਪੁਸਤਕ ਪ੍ਰਕਾਸ਼ਿਤ ਕਰ ਸਕਦਾ ਹੋਵੇ ਤਾਂ ਮੈਂ ਉਸ ਪ੍ਰਕਾਸ਼ਕ ਦਾ ਨਾਮ ਜਾਨਣਾ ਚਾਹਾਂਗਾ।

Sukhinder

Editor: SANVAD

Box 67089, 2300 Yonge St.

Toronto ON M4P 1E0

Tel. (416) 858-7077

Email: poet_sukhinder@hotmail.com

http://www.canadianpunjabiliterature.blogspot.com/



Tuesday, April 28, 2009

ਸੁਖਿੰਦਰ - ਲੇਖ

ਆਪਣੀ ਆਪਣੀ ਹੋਂਦ ਦਾ ਅਹਿਸਾਸ ਜਰਨੈਲ ਸਿੰਘ

ਲੇਖ

ਪਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਨਾਲ ਜੁੜੇ ਵਧੇਰੇ ਸੰਕਟਾਂ ਦਾ ਸਬੰਧ ਆਪਣੀ ਹੋਂਦ ਦਾ ਅਹਿਸਾਸ ਕਰਵਾਉਣ ਨਾਲ ਜੁੜਿਆ ਹੋਇਆ ਹੈ। ਇਹ ਸੰਕਟ ਚਾਹੇ ਸਮਾਜਿਕ ਹੋਵੇ, ਸਭਿਆਚਾਰਕ ਹੋਵੇ, ਧਾਰਮਿਕ ਹੋਵੇ, ਰਾਜਨੀਤਿਕ ਹੋਵੇ ਅਤੇ ਚਾਹੇ ਆਰਥਿਕ - ਹਰ ਸੰਕਟ ਦੀ ਹੀ ਤਹਿ ਤੱਕ ਜਾਣ ਤੋਂ ਬਾਅਦ ਇਹੀ ਤੱਥ ਸਾਹਮਣੇ ਆਉਂਦੇ ਹਨ. ਅਜੋਕੇ ਸਮਿਆਂ ਵਿੱਚ ਹਰ ਮਨੁੱਖ ਹੀ ਆਪਣੇ ਲਈ ਅਜਿਹੀ ਸੁਰੱਖਿਅਤ ਥਾਂ ਦੀ ਤਲਾਸ਼ ਕਰਨ ਵਿੱਚ ਰੁੱਝਿਆ ਹੋਇਆ ਹੈ ਜਿੱਥੇ ਉਹ ਆਪਣੀ ਮਨ-ਮਰਜ਼ੀ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕੇ। ਇਹ ਸੁਰੱਖਿਅਤ ਥਾਂ ਭੌਤਿਕ ਵੀ ਹੈ ਅਤੇ ਮਾਨਸਿਕ ਵੀ। ਕੈਨੇਡਾ ਦੇ ਪੰਜਾਬੀ ਸਾਹਿਤ ਵਿੱਚ ਅਨੇਕਾਂ ਲੇਖਕਾਂ ਨੇ ਇਸ ਵਿਸ਼ੇ ਨੂੰ ਲੈ ਕੇ ਆਪਣੇ ਆਪਣੇ ਨਜ਼ਰੀਏ ਤੋਂ ਇਸ ਸਮੱਸਿਆ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਕੈਨੇਡਾ ਦਾ ਪੰਜਾਬੀ ਕਹਾਣੀਕਾਰ ਜਰਨੈਲ ਸਿੰਘ ਵੀ ਕੈਨੇਡਾ ਦੇ ਅਜਿਹੇ ਪੰਜਾਬੀ ਲੇਖਕਾਂ ਵਿੱਚ ਹੀ ਸ਼ਾਮਿਲ ਹੈ।

----

ਜਰਨੈਲ ਸਿੰਘ ਨੇ ਆਪਣਾ ਕਹਾਣੀ-ਸੰਗ੍ਰਹਿ ਦੋ ਟਾਪੂ1999 ਵਿੱਚ ਪ੍ਰਕਾਸ਼ਿਤ ਕੀਤਾ ਸੀ। ਇਸ ਕਹਾਣੀ ਸੰਗ੍ਰਹਿ ਵਿੱਚ ਉਸਨੇ ਆਪਣੀਆਂ ਸਿਰਫ ਛੇ ਕਹਾਣੀਆਂ ਹੀ ਸ਼ਾਮਿਲ ਕੀਤੀਆਂ ਹਨ। ਜਰਨੈਲ ਸਿੰਘ ਕੈਨੇਡਾ ਦਾ ਲੰਬੀਆਂ ਕਹਾਣੀਆਂ ਲਿਖਣ ਵਾਲਾ ਪੰਜਾਬੀ ਕਹਾਣੀਕਾਰ ਹੈ। ਉਸਦੀਆਂ ਕਹਾਣੀਆਂ ਬੜੀ ਧੀਮੀ ਤੋਰ ਨਾਲ ਤੁਰਦੀਆਂ ਹਨ। ਉਸ ਦੀਆਂ ਕਹਾਣੀਆਂ ਵਿੱਚ ਤਨਾਓ ਵੀ ਬੜੀ ਹੌਲੀ ਹੌਲੀ ਪੈਦਾ ਹੁੰਦਾ ਹੈ; ਪਰ ਇਸ ਤਨਾਓ ਚੋਂ ਕੋਈ ਜਵਾਲਾ ਮੁਖੀ ਫਟਣ ਸਦਕਾ ਕਿਸੇ ਧਮਾਕੇ ਦੀ ਆਵਾਜ਼ ਸੁਣਾਈ ਨਹੀਂ ਦਿੰਦੀ। ਇਸਦਾ ਕਾਰਨ ਇਨ੍ਹਾਂ ਕਹਾਣੀਆਂ ਵਿੱਚ ਬ੍ਰਿਤਾਂਤ ਦਾ ਲੋੜ ਤੋਂ ਵਧੇਰੇ ਹੋਣਾ ਅਤੇ ਨਾਟਕੀ ਮੌਕਿਆਂ ਦੀ ਕਮੀ ਹੋਣਾ ਹੈ। ਇਸ ਕਰਕੇ ਹਰੇਕ ਕਹਾਣੀ ਦੇ ਅੰਤ ਹੋਣ ਤੱਕ ਪਾਠਕ ਇੱਕ ਦੰਮ ਝੰਜੋੜਿਆ ਨਹੀਂ ਜਾਂਦਾ। ਇਹ ਕਹਾਣੀਆਂ ਪਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਨਾਲ ਜੁੜੀਆਂ ਸਮੱਸਿਆਵਾਂ ਦੀ ਜਾਣਕਾਰੀ ਤਾਂ ਦਿੰਦੀਆਂ ਹਨ ਪਰ ਉਨ੍ਹਾਂ ਬਾਰੇ ਕਹਾਣੀ ਦੇ ਪਾਠਕ ਦੇ ਮਨ ਵਿੱਚ ਕੋਈ ਵਿਸ਼ੇਸ਼ ਹਿਲਜੁਲ ਪੈਦਾ ਨਹੀਂ ਕਰਦੀਆਂ। ਕਿਉਂਕਿ ਹਰ ਗੱਲ ਬੜੀ ਧੀਮੀ ਸੁਰ ਵਿੱਚ ਵਾਪਰਦੀ ਹੈ। ਅਜਿਹੀਆਂ ਕਹਾਣੀਆਂ ਪੜ੍ਹਕੇ ਪਾਠਕ ਇਹ ਤਾਂ ਕਹਿ ਸਕਦਾ ਹੈ ਕਿ ਉਸਨੂੰ ਕੈਨੇਡਾ ਦੇ ਪੰਜਾਬੀਆਂ ਦੀ ਜ਼ਿੰਦਗੀ ਨਾਲ ਜੁੜੇ ਹੋਏ ਸਰੋਕਾਰਾਂ ਬਾਰੇ ਜਾਣਕਾਰੀ ਮਿਲੀ ਹੈ, ਪਰ ਇਨ੍ਹਾਂ ਕਹਾਣੀਆਂ ਦੇ ਪੜ੍ਹਣ ਤੋਂ ਬਾਅਦ ਪਾਠਕ ਇਸ ਤਰ੍ਹਾਂ ਮਹਿਸੂਸ ਨਹੀਂ ਕਰਦਾ ਕਿ ਹੁਣ ਉਸ ਨੂੰ ਰਾਤ ਭਰ ਨੀਂਦ ਨਹੀਂ ਆਵੇਗੀ ਕਿਉਂਕਿ ਇਨ੍ਹਾਂ ਕਹਾਣੀਆਂ ਵਿਚਲੇ ਪਾਤਰਾਂ ਵੱਲੋਂ ਕਹੀਆਂ ਗਈਆਂ ਗੱਲਾਂ ਉਸਦੇ ਦਿਮਾਗ਼ ਵਿੱਚ ਹਥੌੜਿਆਂ ਵਾਂਗ ਵੱਜ ਰਹੀਆਂ ਹਨ। ਸੰਭਵ ਹੈ ਕਿ ਇਹ ਕਹਾਣੀਆਂ ਲਿਖਣ ਵੇਲੇ ਜਰਨੈਲ ਸਿੰਘ ਦਾ ਵੀ ਇਹੀ ਮੰਤਵ ਰਿਹਾ ਹੋਵੇ। ਦੋ ਟਾਪੂਕਹਾਣੀ ਸੰਗ੍ਰਹਿ ਵਿੱਚ ਸ਼ਾਮਿਲ ਕਹਾਣੀਆਂ ਬਾਰੇ ਗੱਲ ਇਸ ਸੰਗ੍ਰਹਿ ਵਿੱਚ ਸ਼ਾਮਿਲ ਕਹਾਣੀ ਦੋ ਟਾਪੂਦੇ ਪਾਤਰਾਂ ਦਰਮਿਆਨ ਚੱਲ ਰਹੇ ਇਸ ਵਾਰਤਾਲਾਪ ਨਾਲ ਸ਼ੁਰੂ ਕੀਤੀ ਜਾ ਸਕਦੀ ਹੈ:

ਇਹ ਤੁਹਾਡਾ ਕਸੂਰ ਨਹੀਂ। ਏਥੇ ਕੈਨੇਡਾ ਆ ਕੇ ਆਮ ਲੋਕਾਂ ਦੇ ਤੌਰ ਏਦਾਂ ਹੀ ਬਦਲ ਜਾਂਦੇ ਆ। ਪਰ ਬੰਦੇ ਨੂੰ ਸਿਰਫ ਆਪਣਾ ਹੀ ਉੱਲੂ ਨਹੀਂ ਸਿੱਧਾ ਕਰਨਾ ਚਾਹੀਦਾ।

ਤੁਹਾਡੇ ਚ ਹਾਅ ਈ ਨੁਕਸ ਐ, ਦੂਜੇ ਦੀ ਤੁਸੀਂ ਸੁਣਦੇ ਨਹੀਂ। ਬੱਸ ਆਪਣੀ ਪੁਗਾਉਣੀ ਚਾਹੁੰਨੇ ਐਂ।ਪਾਸ਼ੀ ਲਿਵਿੰਗ ਰੂਮ ਚ ਆ ਕੇ ਬੋਲੀ।

ਲਗਦੈ, ਤੇਰੇ ਹੋਸ਼ ਵੀ ਹੁਣ ਟਿਕਾਣੇ ਨਹੀਂ ਰਹੇ। ਤੁਹਾਨੂੰ ਸਾਰਿਆਂ ਨੂੰ ਕੈਨੇਡਾ ਸੱਦ ਕੇ ਮੈਂ ਤੁਹਾਡੀ ਪੁਗਾਈ ਆ ਕਿ ਆਪਣੀ?” ਨਸ਼ਾ ਬਲਰਾਜ ਦੇ ਗੁੱਸੇ ਨੂੰ ਤਾਅ ਦੇ ਰਿਹਾ ਸੀ।

ਕੈਨੇਡਾ ਕਾਹਦੇ ਸੱਦ ਲਏ, ਤੁਸੀਂ ਤਾਂ ਏਦਾਂ ਕਰਦੇ ਆਂ ਜਿੱਦਾਂ ਖਰੀਦ ਲਏ ਹੁੰਦੇ ਆ।ਪਾਸ਼ੀ ਦੇ ਬੋਲਾਂ ਵਿੱਚ ਰੋਹ ਸੀ।

ਹੁਣ ਸਮਝਿਆਂ...ਏਹ ਸਾਰੀ ਤੇਰੀ ਚਾਲ ਐ। ਪਰ ਮੇਰੀ ਗੱਲ ਵੀ ਕੰਨ ਖੋਲ੍ਹ ਕੇ ਸੁਣ ਲੈ, ਜੇ ਤੂੰ ਏਦਾਂ ਮੇਰੀ ਪਿੱਠ ਲਾਉਣ ਲੱਗੀ ਤਾਂ ਦੇਖੀਂਫੇ ਬਣਦਾ ਕੀ ਆ?” ਬਲਰਾਜ ਗਰਜਿਆ।

ਹੇ ਖਾਂ ਕਰਨ ਕੀ ਡਹਿਓ ਆ।ਪਾਸ਼ੀ ਦੀ ਆਵਾਜ਼ ਵਿਚ ਵਿਅੰਗ ਸੀ।

ਤੇਰਾ ਦਿਮਾਗ਼ ਜਿ਼ਆਦਾ ਈ ਖਰਾਬ ਹੋ ਗਿਆ ਲਗਦਾ ਆ...ਪਰ ਮੈਨੂੰ ਠੀਕ ਵੀ ਕਰਨਾ ਆਉਂਦੈ।ਕ੍ਰੋਧ ਚ ਬੋਲਦਾ ਪਾਸ਼ੀ ਵੱਲ ਨੂੰ ਵਧਿਆ। ਇਸ ਤੋਂ ਪਹਿਲਾਂ ਕਿ ਬਲਰਾਜ ਦਾ ਹੱਥ ਪਾਸ਼ੀ ਤੇ ਉੱਠਦਾ ਬਖਸ਼ਿੰਦਰ ਨੇ ਜੱਫਾ ਮਾਰ ਕੇ ਉਸਨੂੰ ਠੰਢਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਬਲਰਾਜ ਉਸਦੇ ਕੂਹਣੀਆਂ ਮਾਰਦਾ ਹੋਇਆ ਸਾਰਿਆਂ ਨੂੰ ਅਵਾ-ਤਾਵਾ ਬੋਲਦਾ ਰਿਹਾ।

ਉਸ ਰਾਤ ਘਰ ਵਿੱਚ ਕਿਸੇ ਨੇ ਵੀ ਰੋਟੀ ਨਾ ਖਾਧੀ।

----

ਇਸੇ ਤਰ੍ਹਾਂ ਦਾ ਹੀ ਇੱਕ ਹੋਰ ਵਾਰਤਾਲਾਪ ਕਹਾਣੀ ਦੋ ਟਾਪੂਵਿੱਚ ਦੇਖਿਆ ਜਾ ਸਕਦਾ ਹੈ। ਇਸ ਵਾਰਤਾਲਾਪ ਵਿੱਚ ਵੀ ਦੇਖਿਆ ਜਾ ਸਕਦਾ ਹੈ ਕਿ ਕਹਾਣੀ ਵਿੱਚ ਨਾਟਕੀ ਤਨਾਓ ਪੈਦਾ ਹੋਣ ਦੀ ਥਾਂ ਪਾਤਰਾਂ ਵਿੱਚ ਮਹਿਜ਼ ਗੱਲਬਾਤ ਹੀ ਹੁੰਦੀ ਹੈ ਅਤੇ ਇੱਕ ਦੂਜੇ ਨਾਲ ਮਹਿਜ਼ ਨਰਾਜ਼ਗੀ ਹੀ ਪੈਦਾ ਹੁੰਦੀ ਹੈ:

ਮੇਰੇ ਦੋਸਤ ਘਰ ਆਇਓ ਹੋਣ ਤੇ ਤੁਸੀਂ ਏਦਾਂ ਟਿਭ ਜਾਓਂ, ਤੁਹਾਡੇ ਲਈ ਇਹ ਠੀਕ ਨਹੀਂ।ਬਲਰਾਜ ਦੇ ਬੋਲਾਂ ਵਿੱਚ ਹਿਰਖ ਸੀ।

ਟਿਭਣ ਆਲੀ ਤਾਂ ਕੋਈ ਗੱਲ ਨਹੀਂ ਬਲਰਾਜ ! ਤੈਨੂੰ ਦੱਸ ਕੇ ਗਏ ਆਂ। ਪ੍ਰੀਤਮ ਸਿੰਘ ਨੇ ਉੱਤਰ ਦਿੱਤਾ।

ਇੱਕ-ਡੇਢ ਘੰਟੇ ਚ ਮੁੜ ਵੀ ਤਾਂ ਸਕਦੇ ਸੀ।

ਉਨ੍ਹਾਂ ਦਾ ਇੰਡੀਆ ਜਾਣ ਦਾ ਪ੍ਰੋਗਰਾਮ ਖੜ੍ਹੇ ਪੈਰ ਈ ਬਣਿਐਂ, ਨਿਆਣੇ ਉਨ੍ਹਾਂ ਨਾਲ ਸਾਮਾਨ ਬੰਨ੍ਹਾਉਣ ਲੱਗ ਪਏ।

ਤੁਸੀਂ ਆਪਣਾ ਸਾਮਾਨ ਹੁਣ ਕਦੋਂ ਬੰਨ੍ਹਣਾ ਆਂ?” ਬਲਰਾਜ ਦੀ ਗੱਲ ਸਾਰਿਆਂ ਉੱਤੇ ਆਸਮਾਨੀ ਬਿਜਲੀ ਵਾਂਗ ਡਿੱਗੀ।

ਏਥੇ ਲਾਗੇ-ਚਾਗੇ ਕੋਈ ਮਕਾਨ ਲੱਭਦੇ ਆਂ, ਅਜੇ ਮਿਲ ਨਹੀਂ ਰਿਹਾ...ਪਰ ਜੇ ਹਾਅ ਗੱਲ ਆ ਤਾਂ ਸਵੇਰੇ ਈ ਚਲੇ ਜਾਨੇ ਆਂ।ਪ੍ਰੀਤਮ ਸਿੰਘ ਦੇ ਬੋਲਾਂ ਵਿੱਚ ਖਰ੍ਹਵਾਪਨ ਆ ਗਿਆ ਸੀ।

ਸਵੇਰੇ ਨਈਂ, ਹੁਣੇ ਈਂ ਤੁਰਦੇ ਬਣੋ।ਬਲਰਾਜ ਦੀ ਸ਼ਰਾਬ ਉਸਦੇ ਕ੍ਰੋਧ ਨੂੰ ਸੀਖ ਰਹੀ ਸੀ।

ਹਾਅ ਧੌਂਸ ਕਾਹਦੀ ਆ? ਇਹ ਏਥੇ ਮੁਫਤ ਨਹੀਂ ਰਹਿ ਰਹੇ। ਸਾਰੇ ਖਰਚੇ ਦਾ ਸੈਂਟ-ਸੈਂਟ ਵੰਡਾਉਂਦੇ ਆ।ਚਾਹੁੰਦਿਆਂ ਹੋਇਆਂ ਵੀ ਪਾਸ਼ੀ ਤੋਂ ਚੁੱਪ ਨਾ ਰਿਹਾ ਗਿਆ। ਬਲਰਾਜ ਨੇ ਪਾਸ਼ੀ ਵੱਲ ਏਦਾਂ ਅੱਖਾਂ ਕੱਢੀਆਂ ਜਿਵੇਂ ਉਸਨੂੰ ਖਾ ਜਾਣਾ ਹੋਵੇ। ਪਰ ਉਸਦੇ ਕੁਝ ਬੋਲਣ ਤੋਂ ਪਹਿਲਾਂ ਹੀ ਬਖਸ਼ਿੰਦਰ ਬੋਲ ਪਿਆ, “ਛੱਡ ਪਰੇ ਭੈਣ, ਅਸੀਂ ਚਲੇ ਈ ਜਾਣੈ। ਲੋੜ ਕੀ ਪਈ ਆ ਹਰ ਵੇਲੇ ਏਦਾਂ ਬੇਇਜ਼ਤੀ ਕਰਾਉਣ ਦੀ।

ਤੁਸੀਂ ਹੈ ਈ ਬੇਇਜ਼ਤੀ ਦੇ ਲਾਇਕ।

ਪ੍ਰੀਤਮ ਸਿੰਘ ਹੁਰਾਂ ਨੇ ਅਗਾਂਹ ਚੁੱਪ ਰਹਿਣਾ ਹੀ ਠੀਕ ਸਮਝਿਆ। ਫੋਨ ਕਰਕੇ ਉਨ੍ਹਾਂ ਟੈਕਸੀ ਸੱਦੀ ਤੇ ਪਾਸ਼ੀ ਦੀ ਭੂਆ ਦੇ ਘਰ ਚਲੇ ਗਏ।

----

ਹਰ ਘਰ ਵਿੱਚ, ਹਰ ਕੋਈ, ਆਪਣੀ ਹੋਂਦ ਦੀ ਮਹੱਤਤਾ ਦਾ ਅਹਿਸਾਸ ਜਤਲਾਉਣਾ ਚਾਹੁੰਦਾ ਹੈ। ਵਧੇਰੇ ਪੰਜਾਬੀਆਂ ਵਿੱਚ ਇੱਕੋ ਛੱਤ ਥੱਲੇ ਤਿੰਨ ਪੀੜ੍ਹੀਆਂ ਰਹਿ ਰਹੀਆਂ ਹੁੰਦੀਆਂ ਹਨ। ਹਰ ਕੋਈ ਚਾਹੁੰਦਾ ਹੈ ਕਿ ਉਸਦਾ ਘਰ ਵਿੱਚ ਯੋਗ ਸਨਮਾਨ ਹੋਵੇ। ਹਰ ਕੋਈ ਚਾਹੁੰਦਾ ਹੈ ਕਿ ਕੋਈ ਵੀ ਉਸਦੀ ਨਿੱਜੀ ਆਜ਼ਾਦੀ ਵਿੱਚ ਦਖਲ ਨ ਦੇਵੇ। ਹਰ ਕੋਈ ਚਾਹੁੰਦਾ ਹੈ ਕਿ ਘਰ ਵਿੱਚ ਉਸਦੇ ਵਿਚਾਰਾਂ ਅਤੇ ਉਸਦੀਆਂ ਕਦਰਾਂ-ਕੀਮਤਾਂ ਨੂੰ ਮਾਣਤਾ ਮਿਲੇ; ਪਰ ਜਦੋਂ ਅਜਿਹਾ ਨਹੀਂ ਹੁੰਦਾ ਤਾਂ ਘਰ ਵਿਚਲੇ ਮਾਹੌਲ ਵਿੱਚ ਤਲਖੀ ਪੈਦਾ ਹੁੰਦੀ ਹੈ। ਅਜਿਹਾ ਹੋਣਾ ਸੁਭਾਵਕ ਹੀ ਹੈ। ਕਿਉਂਕਿ ਪਹਿਲੀ ਅਤੇ ਦੂਜੀ ਪੀੜ੍ਹੀ ਤਾਂ ਅਜੇ ਉਨ੍ਹਾਂ ਪੰਜਾਬੀ ਸਭਿਆਚਾਰਕ ਕਦਰਾਂ-ਕੀਮਤਾਂ ਦੀ ਧਾਰਣੀ ਹੁੰਦੀ ਹੈ ਜੋ ਉਹ ਆਪਣੇ ਨਾਲ ਲੈ ਕੇ ਆਏ ਸਨ: ਪਰ ਤੀਜੀ ਪੀੜ੍ਹੀ ਜੋ ਕਿ ਪੱਛਮੀ ਸਭਿਆਚਾਰ ਵਿੱਚ ਜੰਮੀ-ਪਲੀ ਹੈ, ਉਸ ਲਈ ਪੰਜਾਬ ਤੋਂ ਲਿਆਂਦੀਆਂ ਹੋਈਆਂ ਕਦਰਾਂ-ਕੀਮਤਾਂ ਕੋਈ ਵਿਸ਼ੇਸ਼ ਅਰਥ ਨਹੀਂ ਰੱਖਦੀਆਂ। ਜਦੋਂ ਦੋਹੇ ਧਿਰਾਂ ਆਪਣੀਆਂ ਆਪਣੀਆਂ ਸਭਿਆਚਾਰਕ ਕਦਰਾਂ-ਕੀਮਤਾਂ ਨੂੰ ਬੇਹਤਰ ਦੱਸਣ ਦਾ ਯਤਨ ਕਰਦੀਆਂ ਹਨ; ਤਾਂ ਤਲਖੀ ਪੈਦਾ ਹੁੰਦੀ ਹੈ। ਇੱਕੋ ਘਰ ਵਿੱਚ ਰਹਿ ਰਹੀ ਪੰਜਾਬੀਆਂ ਦੀ ਪਹਿਲੀ ਅਤੇ ਤੀਜੀ ਪੀੜ੍ਹੀ ਦਰਮਿਆਨ ਚੱਲ ਰਹੇ ਅਜਿਹੇ ਇੱਕ ਵਾਰਤਾਲਾਪ ਨੂੰ ਕਹਾਣੀ ਪਛਾਣਵਿੱਚ ਦੇਖਿਆ ਜਾ ਸਕਦਾ ਹੈ:

ਰੀਡਰਜ਼ ਡਾਈਜ਼ੈਸਟਲੈਣ ਲਈ ਉਹ ਆਪਣੇ ਧਿਆਨ ਪੌੜੀਆਂ ਉੱਤਰ ਗਿਆ ਤੇ ਜਿਉਂ ਹੀ ਲਿਵਿੰਗ-ਰੂਮ ਚ ਪਹੁੰਚਾ, ਭੌਂਚੁੱਕਾ ਰਹਿ ਗਿਆ। ਉਸ ਨੂੰ ਇੰਜ ਲੱਗਾ ਜਿਵੇਂ ਬਾਹਰ ਵਗ ਰਹੀ ਬਰਫੀਲੀ ਹਵਾ ਨੇ, ਉਨ੍ਹਾਂ ਦੇ ਘਰ ਦੀਆਂ ਕੰਧਾਂ ਨੂੰ ਚਿੱਬ ਪਾ ਦਿੱਤੇ ਹੋਣ...ਪੈਮ ਤੇ ਡੇਵ ਇੱਕ ਦੂਜੇ ਦੀਆ ਬਾਹਾਂ ਚ ਲਿਪਟੇ, ਚੁੰਮਣਾਂ ਵਿੱਚ ਗੁਆਚੇ ਹੋਏ ਸਨ. ਬਿੜਕ ਸੁਣ ਕੇ ਪੈਮ ਸੋਫੇ ਤੇ ਸੂਤ ਜਿਹੀ ਹੋ ਕੇ ਬੈਠ ਗਈ. ਸੁਲੱਖਣ ਸਿੰਘ ਨੂੰ ਅਣਗੌਲਿਆਂ ਡੇਵ ਨੇ ਬਾਇ ਪੈਮ ! ਸੀ ਯੂ ਟੁਮਾਰੋਅ”, ਕਿਹਾ ਤੇ ਕੋਟ ਪਾਉਣ ਲੱਗ ਪਿਆ।

ਓਏ ਡੇਵ”, ਸੁਲੱਖਣ ਸਿੰਘ ਗਰਜਿਆ, ਦੇਖ ਮੈਂ ਤੈਨੂੰ ਦੱਸਾਂ, ਅਗਾਂਹ ਇਸ ਘਰ ਚ ਪੈਰ ਨਾ ਧਰੀਂ।

ਮੈਂ ਪੈਮ ਨੂੰ ਮਿਲਣ ਲਈ ਆਵਾਂਗਾ।

ਪਰ ਪੈਮ ਤੈਨੂੰ ਨਹੀਂ ਮਿਲੇਗੀ।

ਹੂ ਦਾ ਹੈੱਲ ਆਰ ਯੂ ਟੂ ਸਟੌਪ ਅਸ। ਆਪਣਾ ਕੰਮ ਕਰੋ।ਪੈਮ ਚੀਖੀ।

ਵੈੱਲ, ਮੈਂ ਇਸ ਫੈਮਿਲੀ ਦਾ ਹੈੱਡ ਆ।

ਮੈਨੂੰ ਨਹੀਂ ਪ੍ਰਵਾਹ ਕਿਸੇ ਹੈੱਡ ਦੀ ਜਾਂ ਹੋਰ ਦੀ ਮੇਰੀ ਆਪਣੀ ਇੰਡਿਵਿਯੁਅਲ ਲਾਈਫ ਆ।ਕ੍ਰੋਧ ਚ ਭੁੱਜਦੀ ਪੈਮ ਕਾਹਲੀ-ਕਾਹਲੀ ਪੌੜੀਆਂ ਚੜ੍ਹ ਗਈ। ਉਸਦੇ ਬੈੱਡ-ਰੂਮ ਦਾ ਠਾਹਕਰਕੇ ਬੰਦ ਹੋਇਆ ਦਰਵਾਜ਼ਾ ਸੁਲੱਖਣ ਸਿੰਘ ਦੇ ਦਿਮਾਗ਼ ਵਿੱਚ ਹਥੌੜੇ ਵਾਂਗ ਵੱਜਾ। ਡੇਵ ਬੂਹਿਓਂ ਬਾਹਰ ਹੋ ਗਿਆ ਸੀ।

----

ਪਰਵਾਸੀ ਪੰਜਾਬੀ ਪ੍ਰਵਾਰਾਂ ਵਿੱਚ ਪੈਦਾ ਹੁੰਦੀਆਂ ਵਧੇਰੇ ਸਮੱਸਿਆਵਾਂ ਦੀ ਜੜ੍ਹ ਵਿੱਚ ਸਭਿਆਚਾਰਕ ਵੱਖਰੇਂਵਾਂ ਹੀ ਹੁੰਦਾ ਹੈ। ਪੁਰਾਣੀ ਪੀੜ੍ਹੀ ਦੇ ਲੋਕ ਨਵੀਂ ਪੀੜ੍ਹੀ ਉੱਤੇ ਆਪਣੀਆਂ ਸਭਿਆਚਾਰਕ ਕਦਰਾਂ-ਕੀਮਤਾਂ ਥੋਪਣਾ ਚਾਹੁੰਦੇ ਹਨ - ਪਰ ਨਵੀਂ ਪੀੜ੍ਹੀ ਸਿਰਫ ਇਸਦਾ ਵਿਰੋਧ ਹੀ ਨਹੀਂ ਕਰਦੀ ਬਲਕਿ ਉਹ ਤਾਂ ਆਪਣੇ ਵੱਖਰੇ ਸਭਿਆਚਾਰ ਦਾ ਪਰਚਮ ਹਵਾ ਵਿੱਚ ਲਹਿਰਾਉਂਦੇ ਹੋਏ ਸ਼ਰੇਆਮ ਐਲਾਨ ਕਰਦੀ ਹੈ ਕਿ ਸਾਡਾ ਤੁਹਾਡੇ ਨਾਲੋਂ ਵੱਖਰਾ ਅਤੇ ਬੇਹਤਰ ਸਭਿਆਚਾਰ ਹੈ। ਅਸੀਂ ਤੁਹਾਡੇ ਸਭਿਆਚਾਰ ਨੂੰ ਕੁਝ ਨਹੀਂ ਸਮਝਦੇ। ਇਸ ਲਈ ਆਪਣੀਆਂ ਸਭਿਆਚਾਰਕ ਕਦਰਾਂ-ਕੀਮਤਾਂ ਆਪਣੇ ਤੱਕ ਹੀ ਸੀਮਤ ਰੱਖੋ। ਕਹਾਣੀ ਪਛਾਣਵਿੱਚੋਂ ਹੀ ਇਸ ਤੱਥ ਦੀ ਪੁਸ਼ਟੀ ਕਰਦਾ ਹੋਇਆ ਇੱਕ ਹੋਰ ਵਾਰਤਾਲਾਪ ਪੇਸ਼ ਹੈ:

ਵਹਟ ਕਲਚਰ?” ਬੈੱਡ ਤੇ ਬਹਿੰਦੀ ਹੋਈ ਪੈਮ ਉਸਦੀ ਗੱਲ ਨੂੰ ਵਿੱਚੋਂ ਹੀ ਟੋਕ ਕੇ ਲੈ ਗਈ, “ਕੀ ਕਲਚਰ ਕਲਚਰ ਕਰਦੇ ਰੈਨੇ ਆਂ? ਤੁਸੀਂ ਮੇਰੀ ਤੇ ਮੇਰੇ ਬੁਆਇ-ਫਰੈਂਡ ਦੀ ਇਨਸਲਟ ਕੀਤੀ ਏ, ਇਹ ਕਿੱਥੋਂ ਦੀ ਕਲਚਰ ਏ?”

ਬੇਟੀ ! ਮੈਂ ਤੈਨੂੰ ਇਹ ਸਮਝਾਉਣ ਦੀ ਕੋਸਿ਼ਸ਼ ਕਰ ਰਿਹਾਂ ਕਿ ਏਸ ਉਮਰ ਚ ਬੱਚੇ ਨੂੰ ਸੰਭਲਣ ਦੀ ਲੋੜ ਹੁੰਦੀ ਏ...ਤੂੰ ਡਟ ਕੇ ਪੜ੍ਹਾਈ ਕਰ। ਪੜ੍ਹਾਈ ਬੰਦੇ ਦੀ ਸੋਚ ਨੂੰ ਵੀ ਤਕੜਾ ਕਰਦੀ ਆ ਤੇ ਪੈਰਾਂ ਨੂੰ ਵੀ। ਜਦੋਂ ਤੇਰੀ ਸੋਚ ਅਤੇ ਪੈਰ ਪੱਕੇ ਹੋ ਗਏ, ਤੂੰ ਆਪ ਹੀ ਇਨ੍ਹਾਂ ਕਲਚਰਾਂ ਦੀਆਂ ਚੰਗੀਆਂ- ਮਾੜੀਆਂ ਗੱਲਾਂ ਦੀ ਸਹੀ ਪਛਾਣ ਕਰਨ ਲੱਗ ਪਏਂਗੀ।

ਮੈਂ ਏਦਾਂ ਦੀਆਂ ਫਜ਼ੂਲ ਗੱਲਾਂ ਨਹੀਂ ਸੁਣਨੀਆਂ ਚਾਹੁੰਦੀ। ਮੇਰੀ ਆਪਣੀ ਇੰਡਿਵਿਯੁਅਲ ਲਾਈਫ ਏ। ਜੇ ਤੁਸੀਂ ਮੇਰੀ ਲਾਈਫ ਚ ਇੰਟਰਫੀਅਰ ਕਰਨੋ ਨ ਹਟੇ ਤਾਂ ਮੈਂ ਪੁਲਿਸ ਨੂੰ ਕਾਲ ਕਰਾਂਗੀ।ਉਹ ਲਾਲ-ਪੀਲੀ ਹੋਈ ਜਾ ਰਹੀ ਸੀ।

----

ਸੁਲੱਖਣ ਸਿੰਘ ਦਾ ਜੀਅ ਕੀਤਾ ਕਿ ਪੈਮ ਦੇ ਚਪੇੜ ਮਾਰ ਕੇ ਕਹੇ, ‘ਬੁਲਾ ਪੁਲਿਸ ਨੂੰ, ਲੱਗ ਜਾਏ ਜਿਹੜੀ ਹੱਥਕੜੀ ਲੱਗਣੀ ਆਂਪਰ ਗੁੱਸੇ ਨੂੰ ਅੰਦਰ ਹੀ ਅੰਦਰ ਪੀਂਦਾ ਉਹ ਬੋਲਿਆ, “ਇਹ ਕਿਹੋ ਜਿਹਾ ਇੰਡਿਵਿਯੂਅਲਿਜ਼ਮ ਐ ਪਈ ਦੂਜਿਆਂ ਦੀ ਗੱਲ ਹੀ ਨਾ ਸੁਣੀਏ, ਕੋਈ ਸੋਚ - ਵਿਚਾਰ ਹੀ ਨ ਕਰੋ...ਪੈਮ ! ਤੇਰੇ ਇੰਡਿਵਿਯੂਅਲਿਜ਼ਮ ਨੇ ਮੂੰਹ ਉੱਤੇ ਨੂੰ ਚੁੱਕਿਆ ਹੋਇਆ, ਇਹਨੂੰ ਪੈਰ ਨਹੀਂ ਦੀਹਦੇ.ਔਖੇ ਜਿਹੇ ਮਨ ਨਾਲ ਉਹ ਆਪਣੇ ਕਮਰੇ ਵਿੱਚ ਪਰਤ ਆਇਆ।

ਭਰਿਆ ਪੀਤਾ ਉਹ ਅੰਦਰੋ-ਅੰਦਰੀ ਕੁੜ੍ਹ ਰਿਹਾ ਸੀ, ‘ਕੀ ਏਹੀ ਜੀਅ ਸਨ, ਜਿਨ੍ਹਾਂ ਚ ਰਹਿਣ ਲਈ ਅਸੀਂ ਕੈਨੇਡਾ ਦੌੜੇ ਆਏ ਸਾਂ. ਇਨ੍ਹਾਂ ਨਿਆਣਿਆਂ ਦਾ ਮੈਂ ਏਨਾਂ ਚਾਅ ਕਰਦਾ ਰਿਹਾ ਤੇ ਅੱਜ...ਉਸਦੀਆਂ ਅੱਖਾਂ ਛਲਕ ਪਈਆਂ।

ਪੱਛਮੀ ਸਭਿਆਚਾਰ ਵਿੱਚ ਹਰ ਗੱਲ ਦਾ ਦਿਖਾਵਾ ਕਰਨਾ ਜ਼ਰੂਰੀ ਸਮਝਿਆ ਜਾਂਦਾ ਹੈ - ਪਿਆਰ ਦਾ, ਭਾਵਨਾਵਾਂ ਦਾ, ਅਹਿਸਾਸਾਂ ਦਾ , ਖੁਸ਼ੀਆਂ ਦਾ, ਉਦਾਸੀਆਂ ਦਾ, ਉਮੰਗਾਂ ਦਾ, ਇਛਾਵਾਂ ਦਾ. ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਤੁਹਾਡੀ ਸ਼ਖਸੀਅਤ ਨਾਲ ਜੁੜੀ ਅਜਿਹੀ ਕਿਸੀ ਵੀ ਗੱਲ ਨੂੰ ਮਾਣਤਾ ਨਹੀਂ ਦਿੱਤੀ ਜਾਂਦੀ। ਸਾਡੇ ਸਮਿਆਂ ਦਾ ਸਭਿਆਚਾਰ ਪ੍ਰਦਰਸ਼ਨੀ ਦਾ ਸਭਿਆਚਾਰ ਹੈ। ਜੇਕਰ ਕਿਸੀ ਚੰਗੀ ਚੀਜ਼ ਦੀ ਵਧੀਆ ਢੰਗ ਨਾਲ ਪ੍ਰਦਰਸ਼ਨੀ ਨਹੀਂ ਕੀਤੀ ਜਾਦੀ ਤਾਂ ਉਹ ਲੋਕਾਂ ਦਾ ਧਿਆਨ ਨਹੀਂ ਖਿੱਚ ਸਕੇਗੀ; ਜਦੋਂ ਕਿ ਇਸਦੇ ਮੁਕਾਬਲੇ ਵਿੱਚ ਜੇਕਰ ਘਟੀਆ ਚੀਜ਼ ਦੀ ਵਧੀਆ ਪ੍ਰਦਰਸ਼ਨੀ ਕੀਤੀ ਗਈ ਹੋਵੇ ਤਾਂ ਉਹ ਆਪਣੇ ਵੱਲ ਵਧੇਰੇ ਲੋਕਾਂ ਨੂੰ ਆਕਰਸਿ਼ਤ ਕਰਨ ਵਿੱਚ ਕਾਮਯਾਬ ਹੋ ਜਾਵੇਗੀ। ਕਹਾਣੀ ਭਵਿੱਖਦੇ ਇਸ ਵਾਰਤਾਲਾਪ ਰਾਹੀਂ ਵੀ ਕਹਾਣੀਕਾਰ ਜਰਨੈਲ ਸਿੰਘ ਇਸੇ ਤੱਥ ਨੂੰ ਉਭਾਰਨਾ ਚਾਹੁੰਦਾ ਹੈ:

ਪਰ ਉਨ੍ਹਾਂ ਸੰਯੁਕਤ ਪਰਿਵਾਰਾਂ ਵਿੱਚ, ਵਿਅਕਤੀ ਜ਼ਿੰਦਗੀ ਨੂੰ ਆਪਣੀ ਮਰਜ਼ੀ ਮੁਤਾਬਿਕ ਨਹੀਂ ਸੀ ਜੀਅ ਸਕਦਾ, ਆਪਣਾ ਵਿਕਾਸ ਨਹੀਂ ਸੀ ਕਰ ਸਕਦਾ।ਆਪਣੀ ਲੰਮੀ ਗਰਦਨ ਤੋਂ ਵਾਲ ਪਰੇ ਕਰਦਿਆਂ ਨਵਜੋਤ ਨੇ ਕਿਹਾ ਸੀ ਵਿਕਾਸ ਤਾਂ ਤਦੇ ਹੋਵੇਗਾ ਜੇ ਬੰਦੇ ਕੋਲ ਸੋਝੀ ਹੋਊ।ਮੇਰਾ ਮਤਲਬ ਉਨ੍ਹਾਂ ਲੋਕਾਂ, ਖਾਸ ਕਰਕੇ ਟੀਨ ਏਜ਼ਰਾਂਤੋਂ ਹੈ ਜੋ ਆਪਣੀ ਮਰਜ਼ੀ ਕਰਦੇ-ਕਰਦੇ ਗਲਤ ਰਾਹਾਂ ਤੇ ਪੈ ਜਾਂਦੇ ਆ।

ਹਾਂ ਡੋਰਥੀ, ਤੇਰੀ ਇਹ ਗੱਲ ਠੀਕ ਏ।

ਨਵ! ਤੁਹਾਡੀ ਕਮਿਊਨਿਟੀ ਦੇ ਟੀਨ ਏਜ਼ਰਾਂਦੀ ਵੱਡੀ ਸਮੱਸਿਆ ਤਾਂ ਸਭਿਆਚਾਰਕ ਦਵੰਦ ਦੀ ਹੀ ਜਾਪਦੀ ਏਡੋਰਥੀ ਨੇ ਗੱਲ ਦਾ ਰੁਖ ਬਦਲਿਆ।

ਹਾਂ, ਪਰ ਇਹਦੇ ਨਾਲ ਕੁਝ ਗੱਲਾਂ ਹੋਰ ਵੀ ਨੇ...ਸਾਡੇ ਮਾਪੇ ਸਾਡੇ ਤੇ ਵਿਸ਼ਵਾਸ਼ ਨਹੀਂ ਕਰਦੇ। ਜਿਸ ਕਰਕੇ ਸਾਡੇ ਅੰਦਰ ਸਵੈਮਾਣ ਨਹੀਂ ਬਣਦਾ। ਸਾਨੂੰ ਘਰਾਂ ਵਿੱਚੋਂ ਅਸਲ ਪਿਆਰ ਵੀ ਨਹੀਂ ਮਿਲਦਾ...ਸਾਡੀਆਂ ਈਮੌਸ਼ਨਲ ਲੋੜਾਂ ਸਾਨੂੰ ਬਾਹਰ ਝਾਕਣ ਲਾ ਦਿੰਦੀਆਂ ਨੇ। ਅਸੀਂ ਘਰਦਿਆਂ ਤੋਂ ਚੋਰੀ ਕਰਨ ਲੱਗ ਪੈਨੇ ਆਂ...

----

ਆਪਣੀ ਹੋਂਦ ਅਤੇ ਮਹੱਤਤਾ ਦਾ ਸੰਕਟ ਮਹਿਜ਼ ਘਰਾਂ ਵਿੱਚ ਹੀ ਪੈਦਾ ਨਹੀਂ ਹੁੰਦਾ - ਰੋਜ਼ਗਾਰ ਦੇ ਟਿਕਾਣਿਆਂ ਉੱਤੇ ਵੀ ਅਜਿਹੇ ਸੰਕਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ. ਭਾਵੇਂ ਕਿ ਇੰਡੀਆ ਵਿੱਚ ਇਹ ਸੰਕਟ ਜ਼ਾਤ-ਪਾਤ ਦੇ ਨਾਮ ਉੱਤੇ ਕੀਤੇ ਜਾਂਦੇ ਵਿਤਕਰੇ ਦਾ ਹੈ, ਪਰ ਕੈਨੇਡਾ ਵਿੱਚ ਇਸ ਸੰਕਟ ਦਾ ਆਧਾਰ, ਰੰਗ, ਨਸਲ, ਸਭਿਆਚਾਰ ਬਣਦਾ ਹੈ। ਇਹ ਵਿਤਕਰਾ ਕੈਨੇਡਾ ਵਿੱਚ ਸ਼ਰੇਆਮ ਹੁੰਦਾ ਹੈ। ਭਾਵੇਂ ਸਰਕਾਰ ਜਿੰਨਾ ਮਰਜ਼ੀ ਕਹੀ ਜਾਵੇ ਕਿ ਕੈਨੇਡਾ ਦਾ ਕਾਨੂੰਨ ਅਜਿਹਾ ਵਿਤਕਰਾ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਕਹਿਣ ਨੂੰ ਕੈਨੇਡਾ ਵਿੱਚ ਨਸਲਵਾਦ ਵਿਰੋਧੀ ਕਮਿਸ਼ਨ ਵੀ ਬਣਾਏ ਹੋਏ ਹਨ। ਜੇਕਰ ਤੁਹਾਡੇ ਨਾਲ ਕਿਸੇ ਕਿਸਮ ਦਾ ਵਿਤਕਰਾ ਹੁੰਦਾ ਹੈ ਤਾਂ ਤੁਸੀਂ ਇਸ ਵਿਤਕਰੇ ਵਿਰੁੱਧ ਇਸ ਕਮਿਸ਼ਨ ਸਾਹਮਣੇ ਸਿ਼ਕਾਇਤ ਵੀ ਕਰ ਸਕਦੇ ਹੋ; ਪਰ ਅਜਿਹੀਆਂ ਸਿ਼ਕਾਇਤਾਂ ਦਾ ਫੈਸਲਾ ਦੇਣ ਵਿੱਚ ਇਹ ਕਮਿਸ਼ਨ ਕਈ ਕਈ ਸਾਲਾਂ ਦਾ ਸਮਾਂ ਲਗਾ ਦਿੰਦੇ ਹਨ। ਇਸ ਮਸਲੇ ਬਾਰੇ ਕੈਨੇਡਾ ਦੀਆਂ ਮੇਸਨਸਟਰੀਮ ਅੰਗਰੇਜ਼ੀ ਦੀਆਂ ਅਖਬਾਰਾਂ ਵੀ ਅਕਸਰ ਵੱਡੇ ਵੱਡੇ ਲੇਖ ਪ੍ਰਕਾਸ਼ਿਤ ਕਰਦੀਆਂ ਰਹਿੰਦੀਆਂ ਹਨ। ਸਰਕਾਰ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਜਾਣਕਾਰੀ ਵੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਵੱਡੀਆਂ ਵੱਡੀਆਂ ਕੰਪਨੀਆਂ ਅਤੇ ਮਹੱਤਵ-ਪੂਰਨ ਅਦਾਰਿਆਂ ਵਿੱਚ ਰੰਗਦਾਰ ਲੋਕਾਂ ਨੂੰ ਮਹੱਤਵ-ਪੂਰਨ ਪਦਵੀਆਂ ਉੱਤੇ ਬਹੁਤ ਹੀ ਘੱਟ ਗਿਣਤੀ ਵਿੱਚ ਲਗਾਇਆ ਗਿਆ ਹੈ। ਕਹਾਣੀਕਾਰ ਜਰਨੈਲ ਸਿੰਘ ਦੀ ਕਹਾਣੀ ਜੜ੍ਹਾਂਦੇ ਪਾਤਰ ਵੀ ਇਸ ਵਾਰਤਾਲਾਪ ਵਿੱਚ ਕੁਝ ਅਜਿਹੀਆਂ ਹੀ ਗੱਲਾਂ ਕਰ ਰਹੇ ਹਨ:

ਪਰ ਸਾਡੇ ਨਾਲ ਹੁੰਦੀਆਂ ਨਿਰਾਦਰੀਆਂ ਸਾਨੂੰ ਜੀਅ ਭਰ ਕੇ ਜੀਣ ਨਹੀਂ ਦਿੰਦੀਆਂ। ਇੱਥੋਂ ਦਾ ਨਸਲਵਾਦ ਸਾਨੂੰ ਹੀਣੇ ਕਰੀ ਰੱਖਦੈ,” ਕੁਲਵਰਨ ਜਿਉਂ ਜਿਉਂ ਬੋਲ ਰਿਹਾ ਸੀ, ਤਿਉਂ ਤਿਉਂ ਉਸਦੇ ਮੱਥੇ ਦੀਆਂ ਨਾੜਾਂ ਉੱਭਰ ਰਹੀਆਂ ਸਨ, “ਬਾਕੀ, ਐਡਜਸਟਮੈਂਟ ਜ਼ਰੂਰੀ ਆ. ਤਕਰੀਬਨ ਆਪਾਂ ਸਾਰੇ ਕਰਦੇ ਵੀ ਆਂ। ਕਨੇਡਾ ਦੀ ਮੇਨਸਟਰੀਮ ਤੇ ਇੱਥੋਂ ਦਾ ਸਭਿਆਚਾਰ ਸਾਨੂੰ ਕਬੂਲਦੇ ਵੀ ਆ। ਪਰ ਆਪਣੇ ਵਿੱਚ ਗੁਆ ਲੈਣ ਲਈ। ਤੇ ਗੁਆਚਣਾ ਏਨਾ ਸੌਖਾ ਨਹੀਂ ਹੁੰਦਾ...।

ਲੋਕਾਂ ਨਾਲ ਹੁੰਦੀਆਂ ਕੁਲਵਰਨ ਦੀਆਂ ਇਹੋ ਜਿਹੀਆਂ ਗੱਲਾਂ ਉਨ੍ਹਾਂ ਦੇ ਘਰ ਵੀ ਤੁਰਦੀਆਂ ਰਹਿੰਦੀਆਂ...ਹਰਦੀਪ ਦੀ ਵਿਰੋਧਤਾ ਕਾਇਮ ਸੀ। ਇੰਡੀਆ ਕਿਹੜਾ ਚੰਗਾ ਆ?” ਉਹ ਆਖਦੀ।

ਮੈਂ ਕਦੋਂ ਕਹਿਨਾ ਪਈ ਚੰਗਾ ਆ। ਪਰ ਉਥੇ ਸਾਨੂੰ ਆਪਣਾ ਆਪ ਅਧੂਰਾ ਨਹੀਂ ਲੱਗੇਗਾ। ਮੇਰੇ ਲਈ ਤਾਂ ਏਥੇ ਹੁਣ ਹੋਂਦ ਗੁਆ ਕੇ ਜੀਣ ਵਾਲੀ ਗੱਲ ਆ.।ਤੇ ਦੀਪ ! ਗੁਆਚੀ ਹੋਈ ਹੋਂਦ ਦਾ ਇਹ ਝੋਰਾ ਆਪਣੇ ਨਾਲ ਹੀ ਨਹੀਂ ਮੁੱਕ ਜਾਣਾ। ਇਹ ਮਨਬੀਰ ਤੇ ਸ਼ਾਇਦ ਇਸਦੇ ਨਿਆਣਿਆਂ ਤੱਕ ਜਾਏਗਾ।

----

ਪੰਧ ਕਥਾਕਹਾਣੀ ਵਿੱਚ ਅਸੀਂ ਹੋਂਦ ਦੇ ਅਹਿਸਾਸ ਦਾ ਇੱਕ ਹੋਰ ਰੂਪ ਦੇਖਦੇ ਹਾਂ। ਕੈਨੇਡੀਅਨ ਪੰਜਾਬੀ ਪ੍ਰਵਾਰਾਂ ਦੇ ਸਕੂਲਾਂ / ਕਾਲਿਜਾਂ / ਯੂਨੀਵਰਸਿਟੀਆਂ ਵਿੱਚ ਪੜ੍ਹਦੇ ਮੁੰਡੇ / ਕੁੜੀਆਂ ਗੈਂਗਾਂ ਵਿੱਚ ਸ਼ਾਮਿਲ ਹੋ ਜਾਂਦੇ ਹਨ. ਹਰ ਤਰ੍ਹਾਂ ਦੀ ਐਸ਼-ਪ੍ਰਸਤੀ ਕਰਨ ਲਈ ਉਹ ਡਰੱਗਜ਼ ਵੇਚਦੇ ਹਨ, ਚੋਰੀਆਂ ਕਰਦੇ ਹਨ, ਇੰਟਰਨੈੱਟ ਉੱਤੇ ਪੋਰਨੋਗਰਾਫਿਕ ਤਸਵੀਰਾਂ ਵੇਚਦੇ ਹਨ ਅਤੇ ਪਰਾਸਟੀਚੀਊਸ਼ਨ ਦਾ ਧੰਦਾ ਕਰਦੇ ਹਨ। ਅਜਿਹੇ ਕੈਨੇਡੀਅਨ ਪੰਜਾਬੀ ਮੁੰਡੇ / ਕੁੜੀਆਂ ਗੈਂਗਸਟਰ ਬਣ ਕੇ ਆਪਣੀ ਹੋਂਦ ਦੀ ਮਹੱਤਤਾ ਜਿਤਲਾਉਣ ਲਈ ਆਪਣੇ ਇਲਾਕੇ ਦੇ ਹੋਰਨਾਂ ਮੁੰਡਿਆਂ / ਕੁੜੀਆਂ ਨਾਲ ਖ਼ੂਨੀ ਲੜਾਈਆਂ ਲੜਦੇ ਹਨ। ਇਹ ਕੈਨੇਡੀਅਨ ਪੰਜਾਬੀ ਮੁੰਡੇ / ਕੁੜੀਆਂ ਆਪਣੇ ਇਲਾਕੇ ਵਿੱਚ ਹੋਰ ਹਰ ਹਰ ਤਰ੍ਹਾਂ ਦੀ ਗੁੰਡਾਗਰਦੀ ਦਿਖਾਂਦੇ ਹਨ। ਇਨ੍ਹਾਂ ਲੜਾਈਆਂ ਵਿੱਚ ਚਾਕੂ ਚੱਲਦੇ ਹਨ, ਤਲਵਾਰਾਂ ਚਲਦੀਆਂ ਹਨ ਅਤੇ ਕਈ ਵਾਰੀ ਬੰਦੂਕਾਂ ਵੀ ਵਰਤੀਆਂ ਜਾਂਦੀਆ ਹਨ। ਪੰਧ ਕਥਾਕਹਾਣੀ ਦਾ ਇਹ ਵਾਰਤਾਲਾਪ ਇਸ ਤੱਥ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦਾ ਹੈ:

ਮੈਂ ਤੈਨੂੰ ਜਾਣਦਾਂ ! ਪੰਜਾਬੀ ਮਾਫੀਆ ਗੈਂਗ ਦੇ ਮੁੰਡਿਆਂ ਨਾਲ ਤੈਨੂੰ ਦੇਖਿਆ ਹੋਇਆ ਹੱਥ ਮਿਲਾਉਂਦਿਆਂ ਹੈਰੀ ਨੇ ਕਿਹਾ।

ਹੈਰੀ ! ਮੈਂ ਤੈਨੂੰ ਨੀਟੂ ਬਾਰੇ ਕਹਿਣ ਆਇਆਂ।

ਮੈਂ ਸਮਝਿਆ ਨਹੀਂ।ਰਵੀ ਵੱਲ ਹੈਰਾਨੀ ਜਿਹੀ ਨਾਲ ਤੱਕਦਿਆਂ ਹੈਰੀ ਬੋਲਿਆ।

ਸਟੌਪ ਫੂਲਿੰਗ ਅਰਾਊਡ ਵਿੱਦ ਹਰ।ਰਵੀ ਨੇ ਸਿੱਧੀ ਗੱਲ ਕਹਿ ਦਿੱਤੀ।

ਤੇਰੀ ਕੀ ਲਗਦੀ ਆ ਨੀਟੂ?” ਹੈਰੀ ਬੋਲਣ-ਢੰਗ ਤੇ ਸ਼ਕਲ-ਸੂਰਤ ਤੋਂ, ਰਵੀ ਨੂੰ ਧਮੋੜੀ ਵਰਗੀ ਲੱਗਾ।

ਮੇਰੇ ਦੋਸਤ ਦੀ ਭੈਣ ਆਂਰਵੀ ਨਰਮ ਹੀ ਰਿਹਾ।

ਤੇ ਤੂੰ ਦੋਸਤ ਦੀ ਭੈਣ ਨਾਲ ਆਪਣਾ ਚੱਕਰ ਚਲਾਣਾ ਚਾਹੁੰਨਾ ਆਂ?”

ਕਮ ਔਨ ਹੈਰੀ ! ਢੰਗ ਨਾਲ ਗੱਲ ਕਰ।

ਰਵੀ ਨੂੰ ਗੁੱਸਾ ਚੜ੍ਹਨ ਲੱਗਾ।

ਗੈੱਟ ਲੌਸਟ ਮੈਨ ! ਵੱਡਾ ਆਇਆ ਢੰਗ ਦੱਸਣ ਵਾਲਾ।ਨਜ਼ਰਾਂ ਹੀ ਨਜ਼ਰਾਂ ਨਾਲ ਰਵੀ ਨੂੰ ਛਟਿਆਉਂਦਾ ਹੈਰੀ ਬੋਲਿਆ ਯੂ ਵਾਂਟ ਯੂਅਰ ਹੈੱਡ ਕਿਕਡ ਇਨ?” ਰਵੀ ਨੇ ਹੈਰੀ ਵੱਲ ਅੱਖਾਂ ਕੱਢੀਆਂ।

ਜਾਦਾ ਹੀ ਔਖਾ ਲਗਦਾ ਆਂ.ਦੰਦ ਕਰੀਚਦਾ ਹੈਰੀ ਰਵੀ ਵੱਲ ਨੂੰ ਵਧਿਆ ਤੇ ਧੜਾ ਧੜ ਮੁੱਕਿਆਂ ਦਾ ਵਾਰ ਕਰ ਦਿੱਤਾ।

ਝੰਬਿਆ ਹੋਇਆ, ਪਿਛਾਂਹ ਹਟ ਰਿਹਾ ਰਵੀ ਇੱਕ ਪੱਥਰ ਤੋਂ ਉੱਖੜ ਕੇ ਭੁੱਜੇ ਡਿੱਗ ਪਿਆ। ਨਮੋਸ਼ੀ ਜਿਹੀ ਚ ਉਸਨੇ ਦੇਖਿਆ ਕਿ ਉਨ੍ਹਾਂ ਕੋਲੋਂ ਲੰਘ ਰਹੇ ਸਕੂਲ ਦੇ ਮੁੰਡੇ ਕੁੜੀਆਂ ਅਤੇ ਹੋਰ ਲੋਕਾਂ ਨੇ ਉਨ੍ਹਾਂ ਦੁਆਲੇ ਪਿੜ ਬੰਨ੍ਹ ਲਿਆ ਸੀ...ਉਸਨੂੰ ਆਪਣਾ ਆਪ ਹੀਣਾ ਜਿਹਾ ਲੱਗਾ।

ਹੀਰੋ ਬਣਿਆਂ ਹੈਰੀ ਯੂ ਬਾਸਟਰਡਕਹਿੰਦਾ ਹੋਇਆ ਜਦੋਂ ਫਿਰ ਉਸ ਤੇ ਝਪਟਿਆ ਤਾਂ ਰਵੀ ਦਾ ਖ਼ੂਨ ਖੌਲ ਉੱਠਿਆ। ਉਸਨੇ ਕਰਾਟਿਆਂ ਨਾਲ ਹੈਰੀ ਨੂੰ ਅਜਿਹਾ ਭੰਨਿਆਂ ਕਿ ਉਹ ਭੱਜ ਉੱਠਿਆ. ਏਨੇ ਨੂੰ ਪੁਲਿਸ ਆਣ ਪਹੁੰਚੀ। ਹੈਰੀ ਬਚ ਨਿਕਲਿਆ,ਪਰ ਰਵੀ ਫੜਿਆ ਗਿਆ।

----

ਕੈਨੇਡਾ ਦੇ ਅਨੇਕਾਂ ਪੰਜਾਬੀ ਪ੍ਰਵਾਰਾਂ ਵਿੱਚ ਇੱਕ ਹੋਰ ਤਰ੍ਹਾਂ ਦਾ ਵੀ ਹੋਂਦ ਜਤਲਾਉਣ ਦਾ ਸੰਕਟ ਸਾਹਮਣੇ ਆ ਰਿਹਾ ਹੈ. ਅਜਿਹਾ ਸੰਕਟ ਉਨ੍ਹਾਂ ਪ੍ਰਵਾਰਾਂ ਵਿੱਚ ਸਾਹਮਣੇ ਆ ਰਿਹਾ ਹੈ ਜਿਨ੍ਹਾਂ ਵਿੱਚ ਪਤੀ / ਪਤਨੀ ਸਾਹਿਤਕ / ਕਲਾਤਮਿਕ / ਸੰਗੀਤਕ ਰੁਚੀਆਂ ਰੱਖਦਾ / ਰੱਖਦੀ ਹੈ; ਪਰ ਇੱਕ ਧਿਰ ਨੂੰ ਦੂਜੀ ਧਿਰ ਦੀ ਇਹ ਗੱਲ ਉੱਕਾ ਹੀ ਪਸੰਦ ਨਹੀਂ। ਕਈ ਪ੍ਰਵਾਰ ਅਜਿਹੇ ਵੀ ਹਨ ਜਿਨ੍ਹਾਂ ਵਿੱਚ ਪਤੀ ਅਤੇ ਪਤਨੀ ਦੋਨੋਂ ਹੀ ਸਾਹਿਤਕ / ਕਲਾਤਮਕ / ਸੰਗੀਤਕ ਰੁਚੀਆਂ ਰੱਖਦੇ ਹਨ ਪਰ ਉਨ੍ਹਾਂ ਵਿੱਚ ਆਪਸੀ ਮੁਕਾਬਲੇ ਦੀ ਭਾਵਨਾ ਏਨੀ ਜ਼ਿਆਦਾ ਹੁੰਦੀ ਹੈ ਕਿ ਉਹ ਇੱਕ ਦੂਜੇ ਨੂੰ ਨੀਂਵਾਂ ਦਿਖਲਾਉਣ ਦਾ ਕੋਈ ਵੀ ਮੌਕਾ ਹੱਥੋਂ ਜਾਣ ਨਹੀਂ ਦਿੰਦੇ। ਇਸ ਤਰ੍ਹਾਂ ਉਹ ਆਪਣੀ ਪ੍ਰਵਾਰਕ ਜ਼ਿੰਦਗੀ ਨੂੰ ਹਮੇਸ਼ਾ ਯੁੱਧ ਦਾ ਮੈਦਾਨ ਬਣਾਈ ਰੱਖਦੇ ਹਨ। ਕਹਾਣੀ ਪਰਛਾਵੇਂਵਿੱਚ ਅਜਿਹੀ ਕਿਸਮ ਦੇ ਹੀ ਪਤੀ-ਪਤਨੀ ਦੀਆਂ ਆਪਸ ਵਿੱਚ ਹੁੰਦੀਆਂ ਨੋਕਾਂ-ਝੋਕਾਂ ਦਿਖਾਈਆਂ ਗਈਆਂ ਹਨ:

ਬਲਬੀਰ ਨੂੰ ਇੰਜ ਲੱਗਾ ਜਿਵੇਂ ਆਪਣੇ ਅਖੀਰਲੇ ਵਾਕ ਨਾਲ ਜਨਮੀਤ ਨੇ ਉਸਦੀ ਸ਼ਖ਼ਸੀਅਤ ਨੂੰ ਨਿਗੂਣੀ ਜਿਹੀ ਬਣਾ ਦਿੱਤਾ ਹੋਵੇ। ਰੋਹ ਚ ਆ ਕੇ ਉਹ ਬੋਲੀ, ‘ਝੂਠ ਤੇ ਪਖੰਡ ਆ ਤੁਹਾਡੀ ਇਹ ਕਲਾ। ਮੈਂ ਇਸਨੂੰ ਨਫ਼ਰਤ ਕਰਦੀ ਆਂ। ਮੈਨੂੰ ਨਹੀਂ ਲੋੜ ਇਹਦੇ ਬਾਰੇ ਪਤਾ ਰੱਖਣ ਦੀ...ਪਤਾ ਰੱਖਣ ਵਾਲੀ ਤੁਹਾਡੇ ਕੋਲ ਹੈਗੀ ਜੁ ਆ...।

ਕੈਨੇਡੀਅਨ ਪੰਜਾਬੀ ਕਹਾਣੀਕਾਰ ਜਰਨੈਲ ਸਿੰਘ ਦਾ ਕਹਾਣੀ ਸੰਗ੍ਰਹਿ ਦੋ ਟਾਪੂਆਪਣੀਆਂ ਕਹਾਣੀਆਂ ਵਿੱਚ ਪਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਨਾਲ ਸਬੰਧਤ ਵੱਖੋ ਵੱਖ ਪਹਿਲੂਆਂ ਨੂੰ ਲੈ ਕੇ ਹੋਂਦ ਦਾ ਅਹਿਸਾਸ ਜਿਤਲਾਉਣ ਦੀ ਇੱਛਾ ਕਾਰਨ ਪੈਦਾ ਹੁੰਦੇ ਸੰਕਟਾਂ ਦਾ ਚਰਚਾ ਕਰਦਾ ਹੈ। ਭਾਵੇਂ ਕਿ ਜਰਨੈਲ ਸਿੰਘ ਇਹ ਚਰਚਾ ਛੇੜਨ ਵੇਲੇ ਆਪਣੀ ਸੁਰ ਧੀਮੀ ਹੀ ਰੱਖਦਾ ਹੈ; ਪਰ ਫਿਰ ਵੀ ਇਹ ਕਹਾਣੀਆਂ ਆਪਣਾ ਸੁਨੇਹਾ ਦੇਣ ਵਿੱਚ ਪੂਰੀ ਤਰ੍ਹਾਂ ਕਾਮਿਯਾਬ ਰਹਿੰਦੀਆਂ ਹਨ।

ਕਹਾਣੀ ਸੰਗ੍ਰਹਿ ਟੋ ਟਾਪੂਦੇ ਪ੍ਰਕਾਸ਼ਿਤ ਹੋਣ ਨਾਲ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ।


Tuesday, April 21, 2009

ਸੁਖਿੰਦਰ - ਲੇਖ

ਚਿੱਟੀ ਮੌਤ ਦੇ ਵਣਜਾਰੇ ਨਦੀਮ ਪਰਮਾਰ

ਲੇਖ

ਏਡਜ਼ ਦੀ ਭਿਆਨਕ ਬੀਮਾਰੀ ਨਾਲ ਭਾਵੇਂ ਕਿ ਦੁਨੀਆਂ ਦੇ ਕੋਨੇ ਕੋਨੇ ਵਿੱਚ ਹਰ ਸਾਲ ਲੱਖਾਂ ਲੋਕ ਮਰ ਰਹੇ ਹਨ ਪਰ ਪੰਜਾਬੀ ਲੇਖਕਾਂ ਨੇ ਇਸ ਮਹੱਤਵ-ਪੂਰਨ ਵਿਸ਼ੇ ਨੂੰ ਆਪਣੀਆਂ ਲਿਖਤਾਂ ਦਾ ਵਿਸ਼ਾ ਬਨਾਉਣ ਦੀ ਲੋੜ ਮਹਿਸੂਸ ਨਹੀਂ ਕੀਤੀ; ਇਹ ਗੱਲ ਪੰਜਾਬੀ ਲੇਖਕਾਂ ਵੱਲੋਂ ਸਮਾਜਿਕ ਸਮੱਸਿਆਵਾਂ ਵੱਲ ਦਿਖਾਈ ਜਾ ਰਹੀ ਬੇਰੁਖ਼ੀ ਦਾ ਵੀ ਅਹਿਸਾਸ ਕਰਵਾਉਂਦੀ ਹੈ।

----

ਕੈਨੇਡੀਅਨ ਪੰਜਾਬੀ ਸਾਹਿਤਕਾਰ ਨਦੀਮ ਪਰਮਾਰ ਨੇ ਆਪਣੀ ਅਜਿਹੀ ਜਿੰਮੇਵਾਰੀ ਨੂੰ ਸਮਝਦਿਆਂ ਹੋਇਆਂ ਏਡਜ਼ ਦੀ ਬੀਮਾਰੀ ਬਾਰੇ ਲੋਕ-ਚੇਤਨਾ ਪੈਦਾ ਕਰਨ ਲਈ ਚਿੱਟੀ ਮੌਤਨਾਮ ਹੇਠ ਇੱਕ ਨਾਵਲ ਦੀ ਪ੍ਰਕਾਸ਼ਨਾ ਕੀਤੀ ਹੈ। ਇਸ ਨਾਵਲ ਵਿੱਚ ਪਰਮਾਰ ਨੇ ਇਸ ਖਤਰਨਾਕ ਬੀਮਾਰੀ ਲਈ ਜਿੰਮੇਵਾਰ ਕਾਰਨਾਂ ਬਾਰੇ ਵੀ ਰੌਸ਼ਨੀ ਪਾਈ ਹੈ। ਪਰਮਾਰ ਇਸ ਨਾਵਲ ਵਿੱਚ ਇਹ ਗੱਲ ਵੀ ਬੜੀ ਖ਼ੂਬਸੂਰਤੀ ਨਾਲ ਪੇਸ਼ ਕਰਦਾ ਹੈ ਕਿ ਸਮਾਜਿਕ ਪ੍ਰਸਥਿਤੀਆਂ ਮਨੁੱਖ ਨੂੰ ਅਜਿਹੀਆਂ ਹਾਲਤਾਂ ਵਿੱਚ ਧੱਕਣ ਲਈ ਵੀ ਬਹੁਤ ਹੱਦ ਤੱਕ ਜਿੰਮੇਵਾਰ ਬਣਦੀਆਂ ਹਨ। ਅਨੇਕਾਂ ਹਾਲਤਾਂ ਵਿੱਚ ਮਨੁੱਖ ਅਜਿਹੀਆਂ ਹਾਲਤਾਂ ਚੋਂ ਬਾਹਰ ਵੀ ਨਿਕਲਣਾ ਚਾਹੁੰਦਾ ਹੈ - ਪਰ ਖ਼ੁਦਗਰਜ਼ ਸ਼ਕਤੀਆਂ ਆਪਣੇ ਵਹਿਸ਼ੀਪੁਣੇ ਕਾਰਨ ਉਸਨੂੰ ਇਸ ਖੂਹ ਵੱਲ ਧੱਕਦੀਆਂ ਹੀ ਜਾਂਦੀਆਂ ਹਨ - ਉਦੋਂ ਤੱਕ ਜਦੋਂ ਤੱਕ ਕਿ ਉਹ ਮਰਨ ਕਿਨਾਰੇ ਨਹੀਂ ਪਹੁੰਚ ਜਾਂਦਾ। ਇਸ ਤਰ੍ਹਾਂ ਨਦੀਮ ਪਰਮਾਰ ਇੱਕ ਚੇਤੰਨ ਲੇਖਕ ਹੋਣ ਵਜੋਂ ਨਾਵਲ ਦੇ ਪਾਠਕ ਦੇ ਮਨ ਵਿੱਚ ਇਸ ਗੱਲ ਦਾ ਅਹਿਸਾਸ ਜਗਾਉਂਦਾ ਹੈ ਕਿ ਸਾਡਾ ਚੌਗਿਰਦਾ ਸਾਡੀ ਜਿ਼ੰਦਗੀ ਦੀ ਦਿਸ਼ਾ ਨਿਰਧਾਰਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਂਦਾ ਹੈ। ਮਨੁੱਖ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਜੇਕਰ ਮਨੁੱਖ ਦੇ ਚੌਗਿਰਦੇ ਨੂੰ ਖ਼ੂਬਸੂਰਤ ਬਣਾਉਣ ਤੋਂ ਗੱਲ ਸ਼ੁਰੂ ਕੀਤੀ ਜਾਵੇ ਤਾਂ ਅੱਧੀਆਂ ਸਮੱਸਿਆਵਾਂ ਤਾਂ ਪਹਿਲਾਂ ਹੀ ਹੱਲ ਹੋ ਸਕਦੀਆਂ ਹਨ। ਕਈ ਵਾਰੀ ਤਾਂ ਸਮੱਸਿਆਵਾਂ ਦੀਆਂ ਮੂਲ ਜੜਾਂ ਮਨੁੱਖ ਦੇ ਚੌਗਿਰਦੇ ਵਿੱਚ ਹੀ ਪਈਆਂ ਹੁੰਦੀਆਂ ਹਨ। ਇਸ ਨਾਵਲ ਦੇ ਮੁੱਖ ਪਾਤਰ ਵੇਨ ਵੱਲੋਂ ਆਪਣੀ ਜ਼ਿੰਦਗੀ ਵਿੱਚ ਪੇਸ਼ ਆਈਆਂ ਦੁਸ਼ਟ ਤਾਕਤਾਂ ਬਾਰੇ ਦਿੱਤੇ ਗਏ ਬਿਆਨ ਨਾਲ ਹੀ ਚਿੱਟੀ ਮੌਤਨਾਵਲ ਬਾਰੇ ਚਰਚਾ ਸ਼ੁਰੂ ਕੀਤਾ ਜਾ ਸਕਦਾ ਹੈ:

ਕਾਬੀਲ, ਮੈਂ ਇਕ ਯਤੀਮ ਬੱਚਾ ਹਾਂ। ਮੈਨੂੰ ਤਾਂ ਆਪਣੀ ਜਨਮ ਦੇਣ ਵਾਲੀ ਮਾਂ ਦਾ ਵੀ ਪਤਾ ਨਹੀਂ ਕਿ ਉਹ ਕੌਣ ਸੀ। ਸੀ ਵੀ ਕਿ ਨਹੀਂ। ਹਾਲੇ ਜੀਉਂਦੀ ਹੈ ਕਿ ਨਹੀਂ? ਨਾ ਹੀ ਮੈਨੂੰ ਆਪਣੇ ਪਿਉ ਦਾ ਪਤਾ ਹੈ ਕਿ ਉਹ ਕੌਣ ਸੀ? ਪਰ ਜਦ ਮੈਂ ਸੁਰਤ ਸੰਭਾਲੀ, ਮੈਂ ਯਤੀਮਖਾਨੇ ਵਿੱਚ ਸਾਂ. ਉਸ ਦੇ ਸਕੂਲ ਵਿਚ ਰੋਜ਼ ਧਾਰਮਿਕ ਸਿ਼ਕਸ਼ਾ ਲੈਂਦਾ ਸਾਂ। ਉਥੇ ਇਕ ਪਾਦਰੀ ਸੀ ਜੋ ਸਾਡੀ ਦੇਖਭਾਲ ਕਰਿਆ ਕਰਦਾ ਸੀ, ਪਰ ਮੇਰੇ ਨਾਲ ਰੋਜ਼ ਸ਼ਾਮ ਨੂੰ ਸੌਣ ਤੋਂ ਪਹਿਲਾਂ ਬਦਫੈਲੀ ਕਰਦਾ ਸੀ। ਉਹ ਮੈਨੂੰ ਆਪਣੇ ਕਮਰੇ ਵਿੱਚ ਲੈ ਜਾਂਦਾ ਸੀ। ਕਦੀ ਮੈਨੂੰ ਅਨੀਮਾ ਕਰਨ ਦੇ ਬਹਾਨੇ ਜਾਂ ਕਦੀ ਮੇਰੇ ਢਿੱਡ ਵਿੱਚ ਮਲ੍ਹਪਾਂ ਦੇ ਬਹਾਨੇ ਮੇਰੇ ਨਾਲ ਬਦਫੈਲੀ ਕਰਕੇ ਆਪਣੀ ਕਾਮਵਾਸਨਾ ਪੂਰੀ ਕਰਦਾ ਸੀ। ਜੇਕਰ ਮੈਂ ਰੋਂਦਾ ਜਾਂ ਚੀਕਾਂ ਮਾਰਦਾ ਤੇ ਮੇਰੀਆਂ ਚੀਕਾਂ ਸੁਣ ਕੇ ਸਕੂਲ ਦਾ ਕੋਈ ਹੋਰ ਅਧਿਕਾਰੀ ਆ ਕੇ ਦਰਵਾਜ਼ਾ ਖੜਕਾਂਦਾ ਜਾਂ ਪੁੱਛਦਾ ਤੇ ਉਹ ਅੰਦਰੋਂ ਜਵਾਬ ਦਿੰਦਾ ਕਿ ਉਹ ਮੇਰਾ ਅਨੀਮਾ ਕਰ ਰਿਹਾ ਹੈ ਕਿਉਂਕਿ ਮੇਰੇ ਪੇਟ ਵਿੱਚ ਸੁੱਡੇ ਹਨ ਤੇ ਨਾਲ ਮਲ੍ਹਪ ਵੀ। ਕਦੀ ਕਦੀ ਉਹ ਮੇਰਾ ਮੂੰਹ ਵੀ ਬੰਨ੍ਹ ਦਿੰਦਾ ਸੀ ਤਾਂ ਜੋ ਮੇਰੀਆਂ ਚੀਕਾਂ ਜਾਂ ਰੋਣ ਦੀ ਆਵਾਜ਼ ਬਾਹਰ ਨਾ ਜਾ ਸਕੇ ਤੇ ਕੋਈ ਹੋਰ ਅਧਿਕਾਰੀ ਉਸਦੀ ਕਰਤੂਤ ਨੂੰ ਨਾ ਫੜ ਲਵੇ। ਕਈ ਵਾਰ ਤਾਂ ਮੇਰੀਆਂ ਇੰਨੀਆਂ ਚੀਕਾਂ ਨਿਕਲਦੀਆਂ ਸਨ, ਕਿ ਨਾਲ ਦੇ ਕਮਰੇ ਵਿੱਚ ਸੁੱਤੇ ਮੁੰਡੇ ਉਠ ਕੇ ਰੋਣ ਲੱਗ ਪੈਂਦੇ। ਪਰ ਪਾਦਰੀ ਦੇ ਡਰ ਦੇ ਮਾਰੇ ਚੁੱਪ ਹੋ ਜਾਂਦੇ ਸਨ ਤੇ ਕੁਸਕਦੇ ਤਕ ਨਹੀਂ ਸਨ। ਕਿਉਂਕਿ ਰੋਣ ਨਾਲ ਉਨ੍ਹਾਂ ਨਾਲ ਵੀ ਮੇਰੇ ਵਰਗਾ ਵਰਤਾਓ ਹੁੰਦਾ ਸੀ...ਮੇਰੀ ਉਮਰ ਉਸ ਵਕਤ, ਪਾਦਰੀ ਦੇ ਦਸਣ ਮੁਤਾਬਕ ਪੰਜ ਸਾਲ ਤੋਂ ਉੱਤੇ ਸੀ।

----

ਇਹ ਸਮਾਜਿਕ ਪ੍ਰਸਥਿਤੀਆਂ ਜ਼ਿੰਦਗੀ ਭਰ ਵੇਨ ਦਾ ਪਿੱਛਾ ਕਰਦੀਆਂ ਹਨ। ਉਹ ਜਿੱਥੇ ਜਿੱਥੇ ਵੀ ਜਾਂਦਾ ਹੈ ਉਹ ਪ੍ਰਛਾਵੇਂ ਵਾਂਗ ਉਸਦੇ ਨਾਲ ਨਾਲ ਜਾਂਦੀਆਂ ਹਨ। ਗਿਰਜੇ ਦੇ ਧਾਰਮਿਕ ਪਾਦਰੀਆਂ ਵੱਲੋਂ ਵੇਨ ਦੀ ਬਚਪਨ ਵਿੱਚ ਹੀ ਕੀਤੀ ਗਈ ਮਾਨਸਿਕ ਅਤੇ ਸਰੀਰਕ ਤਬਾਹੀ ਨਾ ਸਿਰਫ਼ ਉਸਦਾ ਬਚਪਨ ਹੀ ਤਬਾਹ ਕਰਦੀ ਹੈ - ਉਸਦੀ ਜਵਾਨੀ ਵੀ ਤਬਾਹ ਕਰ ਦਿੰਦੀ ਹੈ। ਧਾਰਮਿਕ ਅਦਾਰਿਆਂ ਦੇ ਇਹ ਪਾਦਰੀ ਜੋ ਆਪਣੇ ਚਿਹਰਿਆਂ ਉੱਤੇ ਹਰ ਸਮੇਂ ਹਸੂੰ ਹਸੂੰ ਕਰਦਿਆਂ ਦੇ ਮੁਖੌਟੇ ਪਾਈ ਰੱਖਦੇ ਹਨ - ਅੰਦਰੋਂ ਇਹ ਕਿਸ ਤਰ੍ਹਾਂ ਖੂੰਖਾਰ ਬਘਿਆੜ ਹੁੰਦੇ ਹਨ - ਇਸ ਗੱਲ ਦਾ ਆਮ ਆਦਮੀ ਕਦੀ ਅੰਦਾਜ਼ਾ ਵੀ ਨਹੀਂ ਲਗਾ ਸਕਦਾ।

----

ਬਚਪਨ ਵਿੱਚ ਧਾਰਮਿਕ ਸਕੂਲ ਦੇ ਪਾਦਰੀ ਰੂਪੀ ਫੰਨੀਅਰ ਸੱਪ ਦਾ ਡੰਗਿਆ ਵੇਨ ਮੁੜ ਕਦੀ ਸੰਭਲ ਨਾ ਸਕਿਆ। ਪਾਦਰੀ ਵੱਲੋਂ ਵੇਨ ਨਾਲ ਕੀਤੇ ਕੁਕਰਮਾਂ ਦੀ ਬਦਬੋਅ ਵੇਨ ਦੇ ਜਿਸਮ ਨਾਲ ਐਸੀ ਚਿੰਬੜੀ ਕਿ ਉਹ ਜਿੱਥੇ ਵੀ ਗਿਆ ਜੋਕਾਂ ਉਸਦਾ ਖ਼ੂਨ ਪੀਣ ਲਈ ਉਸਦੇ ਜਿਸਮ ਨੂੰ ਚੰਬੜਦੀਆਂ ਗਈਆਂ। ਯਤੀਮਖਾਨੇ ਦੇ ਸਕੂਲ ਤੋਂ ਵੇਨ ਜੂਨੀਅਰ ਸਕੂਲ ਪਹੁੰਚਿਆ ਤਾਂ ਜਿਨਸੀ ਹਵਸ ਦੇ ਭੁੱਖੇ ਵਹਿਸ਼ੀਆਂ ਨੇ ਉਸ ਨੂੰ ਉੱਥੇ ਵੀ ਆ ਦਬੋਚਿਆ। ਅਜਿਹੀਆਂ ਖ਼ੂਨ ਪੀਣੀਆਂ ਜਿਨਸੀ ਹਵਸ ਦੀਆਂ ਭੁੱਖੀਆਂ ਜੋਕਾਂ ਦਾ ਜਿ਼ਕਰ ਨਦੀਮ ਪਰਮਾਰ ਕੁਝ ਇਸ ਤਰ੍ਹਾਂ ਕਰਦਾ ਹੈ:

ਜਦ ਮੈਂ ਜੂਨੀਅਰ ਹਾਈ ਸਕੂਲ ਚ ਗਿਆ ਤਾਂ ਉੱਥੇ ਇਕ ਮੁੰਡਾ ਜਿਸ ਦਾ ਨਾਂ ਨੀਲ ਸੀ ਆ ਗਿਆ। ਨੀਲ ਮੇਰੇ ਧਾਰਮਿਕ ਸਕੂਲ ਦਾ ਰਹਿਣ ਵਾਲਾ ਸੀ। ਉਸ ਨੂੰ ਮੇਰੇ ਨਾਲ ਬਚਪਨ ਵਿਚ ਹੋਏ ਵਰਤਾਓ ਦਾ ਪਤਾ ਸੀ ਤੇ ਮੇਰੇ ਨਾਲ ਹੋਈਆਂ ਬਦਫੈਲੀਆਂ ਦਾ ਸਾਰਾ ਕਿੱਸਾ ਪਤਾ ਸੀ। ਨੀਲ ਨੇ ਉਨ੍ਹਾਂ ਦਾ ਨਾਜਾਇਜ਼ ਫਾਇਦਾ ਉਠਾਣ ਲਈ ਮੈਨੂੰ ਡਰਾਣਾ ਧਮਕਾਣਾ ਸ਼ੁਰੂ ਕਰ ਦਿੱਤਾ ਤੇ ਮੈਨੂੰ ਆਪਣੀ ਜਿਨਸੀ ਹਵਸ ਦਾ ਸ਼ਿਕਾਰ ਬਣਾ ਲਿਆ। ਉਸ ਤੋਂ ਬਾਅਦ ਉਹ ਮੈਨੂੰ ਮਾਰਨ ਕੁੱਟਣ ਵੀ ਲੱਗ ਪਿਆ, ਜਦ ਕਦੀ ਮੈਂ ਉਸਦੀ ਮਰਜ਼ੀ ਪੂਰੀ ਨਹੀਂ ਸੀ ਕਰਦਾ। ਹੌਲੀ ਹੌਲੀ ਉਸਦੇ ਸਾਥੀ ਵੀ ਮੇਰੇ ਨਾਲ ਬਦਫੈਲੀ ਕਰਨ ਲੱਗ ਪਏ ਤੇ ਮੈਂ ਸਕੂਲ ਵਿਚ ਫੇਅਰ ਲੇਡੀ ਦੇ ਨਾਂ ਨਾਲ ਮਸ਼ਹੂਰ ਹੋ ਗਿਆ।

----

ਵੇਨ ਦੀ ਜ਼ਿੰਦਗੀ ਵਿੱਚ ਵਾਪਰੀ ਤੀਜੀ ਘਟਨਾ ਉਸਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਲਈ ਕਾਫੀ ਸੀ। ਆਪਣੀ ਜਿਨਸੀ ਭੁੱਖ ਨੂੰ ਮਿਟਾਉਣ ਲਈ ਵੇਨ ਨੂੰ ਵਰਤਣ ਵਾਲੇ ਗੁੰਡਾ ਗਰੋਹ ਨੇ ਉਸਨੂੰ ਡਰੱਗਜ਼ ਦੀ ਵਰਤੋਂ ਕਰਨ ਅਤੇ ਡਰੱਗਜ਼ ਦਾ ਧੰਦਾ ਕਰਨ ਦਾ ਵੀ ਭੁੱਸ ਪਾ ਦਿੱਤਾ। ਨੌਜਵਾਨ ਮਰਦਾਂ / ਔਰਤਾਂ ਨੂੰ ਰੰਡੀਬਾਜ਼ੀ ਦੇ ਧੰਦੇ ਵਿੱਚ ਪਾਉਣ ਵਾਲੇ ਦੱਲੇ ਵੀ ਇਹੀ ਕੁਝ ਕਰਦੇ ਹਨ ਉਹ ਨੌਜਵਾਨ ਮਰਦਾਂ / ਔਰਤਾਂ ਨੂੰ ਪਹਿਲਾਂ ਤਾਂ ਡਰੱਗਜ਼ ਖਾਣ ਦੀ ਆਦਤ ਪਾਂਦੇ ਹਨ ਅਤੇ ਫਿਰ ਨਸ਼ੇ ਦੀ ਹਾਲਤ ਵਿੱਚ ਉਨ੍ਹਾਂ ਨੌਜਵਾਨ ਮਰਦਾਂ / ਔਰਤਾਂ ਦੇ ਸਮੂਹਕ ਬਲਾਤਕਾਰ ਕਰਦੇ ਹਨ। ਮੁੜ ਉਨ੍ਹਾਂ ਮਾਸੂਮ ਮਰਦਾਂ / ਔਰਤਾਂ ਨੂੰ ਇਸ ਗੱਲ ਦਾ ਡਰਾਵਾ ਦੇ ਕੇ ਕਿ ਉਹ ਇਹ ਗੱਲ ਉਨ੍ਹਾਂ ਦੇ ਪ੍ਰਵਾਰਾਂ ਨੂੰ ਦਸ ਦੇਣਗੇ ਉਨ੍ਹਾਂ ਨੂੰ ਬਲੈਕਮੇਲ ਕਰਦੇ ਹਨ ਅਤੇ ਰੰਡੀਬਾਜ਼ੀ ਦੇ ਧੰਦੇ ਵਿੱਚ ਧਕੇਲ ਦਿੰਦੇ ਹਨ। ਕੁਝ ਇਸ ਤਰ੍ਹਾਂ ਹੀ ਵਾਪਰਿਆ ਇਸ ਨਾਵਲ ਦੇ ਮੁੱਖ ਪਾਤਰ ਵੇਨ ਨਾਲ ਵੀ। ਸੁਣੋ ਵੇਨ ਦੀ ਹੀ ਜ਼ੁਬਾਨੀ:

ਮੇਰੇ ਪਿਉ ਦਾ ਇਕ ਦੋਸਤ ਬਿੱਲੀ ਜੋਨਜ਼ ਸੀ। ਉਹ ਸਾਡੇ ਘਰ ਮੇਰੇ ਪਿਉ ਨਾਲ ਆਇਆ ਕਰਦਾ ਸੀ। ਮੇਰੇ ਪਿਉ ਦੀ ਦੁਕਾਨ ਤੇ ਬਿੱਲੀ ਜੋਨਜ਼ ਸਿਰਫ ਆਵਾਰਾ ਮੁੰਡਿਆਂ ਨਾਲ ਹੀ ਗੱਲਬਾਤ ਕਰਦਾ ਸੀ ਪਰ ਜਦੋਂ ਉਹ ਘਰ ਆਂਦਾ ਤਾਂ ਮੈਨੂੰ ਆਪਣੇ ਕੋਲ ਬਿਠਾ ਕੇ ਬਹੁਤ ਪਿਆਰ ਕਰਦਾ। ਉਸਦਾ ਪਿਆਰ ਕਿਹੜਾ ਸੀ ਉਹ ਮੈਂ ਸਮਝਦਾ ਸੀ ਤੇ ਮੇਰੀ ਮਾਂ ਨੂੰ ਵੀ ਉਸਦੀ ਨੀਅਤ ਦਾ ਪਤਾ ਸੀ। ਉਹ ਮੈਨੂੰ ਕਿਸੇ ਬਹਾਨੇ ਉਥੋਂ ਉਠਾਲ ਦਿੰਦੀ। ਗਰਮੀਆਂ ਦੀਆਂ ਛੁੱਟੀਆਂ ਕਰਕੇ ਸਕੂਲ ਬੰਦ ਸਨ ਤੇ ਮੈਂ ਆਪਣੇ ਪਿਉ ਨਾਲ ਦੁਕਾਨ ਦੇ ਕੰਮ ਵਿਚ ਹੱਥ ਵਟਾਂਦਾ ਸੀ। ਇਕ ਦਿਨ ਮੇਰਾ ਪਿਉ ਕਿਸੇ ਕੰਮ ਕਾਰਨ ਕਿਤੇ ਗਿਆ ਹੋਇਆ ਸੀ. ਉਥੇ ਬਿੱਲੀ ਜੋਨਜ਼ ਆ ਗਿਆ। ਉਸ ਵੇਲੇ ਦੁਕਾਨ ਤੇ ਨਾ ਉਹ ਆਵਾਰਾ ਮੁੰਡੇ ਤੇ ਨਾ ਹੀ ਕੋਈ ਗਾਹਕ ਸੀ। ਮੈਂ ਕੱਲਾ ਹੀ ਸੀ। ਬਿੱਲੀ ਜੋਨਜ਼ ਆ ਕੇ ਮੇਰੇ ਨਾਲ ਗੱਲਬਾਤ ਕਰਨ ਲੱਗ ਪਿਆ ਤੇ ਪੁੱਛਣ ਲੱਗਾ, “ਵੇਨ, ਤੇਰਾ ਜੇਬ ਖਰਚ ਕਿਸ ਤਰ੍ਹਾਂ ਚਲਦਾ ਹੈ?”

ਮੈਂ ਜਵਾਬ ਦਿੱਤਾ, “ਕਦੀ ਮਾਂ ਦੇ ਦਿੰਦੀ ਹੈ ਤੇ ਕਦੀ ਪਿਉ।

ਤੂੰ ਆਪਣਾ ਕਾਰੋਬਾਰ ਕਿਉਂ ਨਹੀਂ ਕਰਦਾ?” ਬਿੱਲੀ ਜੋਨਜ਼ ਨੇ ਆਖਿਆ।

ਉਹ ਕਿਹੜਾ?” ਮੈਂ ਪੁੱਛਿਆ।

ਬਿੱਲੀ ਜੋਨਜ਼ ਨੇ ਆਲਾ ਦੁਆਲਾ ਦੇਖਿਆ ਤੇ ਪੈਕਟ ਆਪਣੀ ਸਮਰ ਜੈਕਟ ਵਿਚੋਂ ਕੱਢ ਕੇ ਮੈਨੂੰ ਦਿਖਾ ਕੇ ਬੋਲਿਆ, “ਇਹ ਗਰਾਸ ਹੈ। ਇਹ ਸੌ ਡਾਲਰ ਦਾ ਪੈਕਟ ਹੈ। ਜੇਕਰ ਤੂੰ ਇਹ ਵੇਚ ਦੇਵੇਂ ਤਾਂ ਚੌਥਾ ਹਿੱਸਾ ਤੇਰਾ ਹੈ। ਇਹ ਜੋ ਮੁੰਡੇ ਇੱਥੇ ਆਉਂਦੇ ਨੇ, ਉਹ ਮੇਰੀ ਬਜਾਇ ਤੇਰੇ ਕੋਲੋਂ ਖਰੀਦਣਗੇ ਤੇ ਤੂੰ ਇਹ ਪੈਸੇ ਮੈਨੂੰ ਦੇਵੇਂਗਾ। ਕੁਲ ਬਿਕਰੀ ਦਾ ਚੌਥਾ ਹਿੱਸਾ ਆਪ ਰੱਖੇਂਗਾ।

ਮੈਂ ਏਨੀ ਵੱਡੀ ਰਕਮ ਕਦੀ ਨਹੀਂ ਸੀ ਦੇਖੀ ਤੇ ਨਾ ਹੀ ਕਦੀ ਸੋਚਿਆ ਸੀ। ਮੈਂ ਬਿਨਾਂ ਸੋਚੇ ਸਮਝੇ ਹਾਂ ਕਰ ਦਿੱਤੀ। ਉਸ ਦਿਨ ਤੋਂ ਮੈਂ ਡਰੱਗ ਵੇਚਣ ਲੱਗ ਪਿਆ। ਫਿਰ ਇਕ ਦਿਨ ਬਿੱਲੀ ਨੇ ਮੈਨੂੰ ਇਸਦਾ ਪ੍ਰਯੋਗ ਕਰਨ ਲਈ ਮਜਬੂਰ ਕੀਤਾ ਤੇ ਆਖਿਆ, “ਜਦ ਤੂੰ ਆਪ ਨਹੀਂ ਪੀਂਦਾ ਤੇ ਹੋਰਨਾਂ ਨੂੰ ਕਿਵੇਂ ਵੇਚੇਂਗਾ।ਮੈਨੂੰ ਫਿਰ ਗਰਾਸ ਦਾ ਭੁਸ ਪੈ ਗਿਆ। ਬਜਾਏ ਵੇਚਣ ਦੇ ਆਪ ਹੀ ਖਰੀਦਣ ਲੱਗ ਪਿਆ।

----

ਡਰੱਗ ਦੀ ਵਰਤੋਂ ਕਰਨ ਦੀ ਆਦਤ ਪੈ ਜਾਣ ਤੋਂ ਬਾਹਦ ਸਾਧਾਰਨ ਔਰਤਾਂ ਅਤੇ ਮਰਦਾਂ ਕੋਲ ਦੋ ਹੀ ਰਾਹ ਬਾਕੀ ਰਹਿ ਜਾਂਦੇ ਹਨ। ਜਾਂ ਤਾਂ ਉਹ ਡਰੱਗਜ਼ ਦੇ ਭਾਰੀ ਖਰਚਿਆਂ ਲਈ ਚੋਰੀਆਂ/ਡਾਕੇ ਮਾਰਨ ਅਤੇ ਜਾਂ ਰੰਡੀਬਾਜ਼ੀ ਦਾ ਧੰਦਾ ਕਰਨ। ਕੁਝ ਲੋਕ ਭਾਵੇਂ ਕਿ ਸ਼ੁਰੂਆਤ ਤਾਂ ਚੋਰੀਆਂ/ਡਾਕਿਆਂ ਤੋਂ ਹੀ ਕਰਦੇ ਹਨ ਪਰ ਉਨ੍ਹਾਂ ਦਾ ਅੰਤ ਰੰਡੀਬਾਜ਼ੀ ਦੇ ਧੰਦੇ ਵਿੱਚ ਫਸਣ ਨਾਲ ਹੀ ਹੁੰਦਾ ਹੈ। ਵੇਨ ਨਾਲ ਵੀ ਕੁਝ ਇੰਜ ਹੀ ਵਾਪਰਿਆ:

ਇਕ ਦਿਨ ਮੇਰਾ ਪਿਉ ਦੁਕਾਨ ਬੰਦ ਕਰਕੇ ਆਇਆ ਉਹ ਕਿਸੇ ਕਾਰਨ ਬੈਂਕ ਨਾ ਜਾ ਸਕਿਆ। ਉਸਨੇ ਬਹੁਤ ਸਾਰੀ ਰਕਮ ਮੇਰੇ ਸਾਹਮਣੇ ਕੱਢ ਕੇ ਮੇਰੀ ਮਾਂ ਨੂੰ ਦਿੱਤੀ। ਮੈਂ ਚੋਰ ਅੱਖ ਨਾਲ ਦੇਖਦਾ ਰਿਹਾ ਕਿ ਮਾਂ ਨੇ ਪੈਸੇ ਕਿੱਥੇ ਰੱਖੇ ਨੇ। ਰਾਤ ਨੂੰ ਜਦ ਸਾਰੇ ਸੌਂ ਗਏ, ਮੈਂ ਆਪਣਾ ਬੈਕ ਪੈਕ ਤਿਆਰ ਕੀਤਾ, ਹੌਲੀ ਹੌਲੀ ਦੇਣੀ ਮਾਂ ਦਾ ਦਰਵਾਜ਼ਾ ਖੋਲ੍ਹ ਕੇ ਉਸਦੇ ਡਰੈਸਰ ਚੋਂ ਸਾਰੀ ਰਕਮ ਕੱਢ ਲਈ ਤੇ ਦੱਬੇ ਪੈਰੀਂ ਘਰੋਂ ਬਾਹਰ ਨਿਕਲ ਆਇਆ। ਰਾਤ ਦਾ ਕੋਈ ਇੱਕ ਵੱਜਿਆ ਸੀ। ਕੋਈ ਬੱਸ ਨਹੀਂ ਸੀ ਚਲਦੀ ਤੇ ਨਾ ਹੀ ਕੋਈ ਕਾਰ ਸੜਕ ਤੇ ਸੀ। ਮੈਂ ਡਾਊਨ ਟਾਊਨ ਵੱਲ ਤੁਰ ਪਿਆ। ਇੰਨੇ ਚਿਰ ਨੂੰ ਇਕ ਕਾਰ ਮੇਰੇ ਬਰਾਬਰ ਆ ਕੇ ਰੁਕੀ। ਉਸ ਵਿਚ ਨੀਲ ਤੇ ਉਸ ਦੇ ਸਾਥੀ ਸਨ। ਉਨ੍ਹਾਂ ਨੇ ਮੈਨੂੰ ਕਾਰ ਵਿੱਚ ਬੈਠਣ ਲਈ ਆਖਿਆ। ਪਹਿਲਾਂ ਤੇ ਮੈਂ ਨਾਂਹ ਕਰ ਦਿੱਤੀ ਪਰ ਜਦ ਉਸ ਨੇ ਮੈਨੂੰ ਧਮਕੀ ਦਿੱਤੀ ਕਿ ਉਹ ਮੈਨੂੰ ਪੁਲਿਸ ਨੂੰ ਫੜਾ ਦੇਵੇਗਾ ਤੇ ਮੈਂ ਡਰਦਾ ਮਾਰਾ ਉਨ੍ਹਾਂ ਦੀ ਕਾਰ ਵਿੱਚ ਬੈਠ ਗਿਆ। ਉਹ ਮੈਨੂੰ ਲੈ ਕੇ ਇਧਰ ਉਧਰ ਫਿਰਦੇ ਰਹੇ। ਫਿਰ ਮੈਨੂੰ ਆਪਣੇ ਘਰ ਲੈ ਗਏ। ਜਿੱਥੇ ਸਾਰਿਆਂ ਨੇ ਇਕ ਇਕ ਬੀਅਰ ਪੀਤੀ। ਮੈਨੂੰ ਵੀ ਪੀਣ ਨੂੰ ਦਿੱਤੀ। ਥੋੜ੍ਹੀ ਦੇਰ ਬਾਅਦ ਸਾਰਿਆਂ ਨੇ ਰਲ ਕੇ ਮੇਰੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ ਤੇ ਫਿਰ ਵਾਰੋ ਵਾਰੀ ਮੇਰੇ ਨਾਲ ਬਦਫੈਲੀ ਕੀਤੀ। ਮੈਂ ਬੇਬਸ ਹੋ ਕੇ ਸਾਰਾ ਸਰੀਰਕ ਦੁੱਖ ਜਰਿਆ ਤੇ ਕੁਝ ਨਾ ਬੋਲਿਆ। ਇਹ ਜਿਸਮਾਨੀ ਜ਼ੁਲਮ ਸਹਿ ਕੇ ਵੀ ਚੁੱਪ ਰਿਹਾ। ਮੈਂ ਸਾਰੀ ਰਾਤ ਸੌਂ ਨਾ ਸਕਿਆ।

----

ਨਾਵਲ ਦੇ ਮੁੱਖ ਪਾਤਰ ਵੇਨ ਨਾਲ ਵਾਪਰੀ ਇਹ ਘਟਨਾ ਕੈਨੇਡੀਅਨ ਸਮਾਜ ਨਾਲ ਸਬੰਧਤ ਅਨੇਕਾਂ ਹੋਰ ਸਮੱਸਿਆਵਾਂ ਬਾਰੇ ਵੀ ਸਾਨੂੰ ਜਾਗ੍ਰਿਤ ਕਰਦੀ ਹੈ। ਕੈਨੇਡੀਅਨ ਸਕੂਲਾਂ ਵਿੱਚ ਗੈਂਗਵਾਰ ਚੱਲਦੀ ਹੈ। ਸਕੂਲਾਂ ਦੇ ਵਿਦਿਆਰਥੀ ਬਿਨ੍ਹਾਂ ਕਿਸੀ ਡਰ ਦੇ ਪਿਸਤੌਲਾਂ, ਬੰਦੂਕਾਂ ਅਤੇ ਛੁਰਿਆਂ ਦੀ ਵਰਤੋਂ ਕਰਕੇ ਇੱਕ ਦੂਜੇ ਦਾ ਕਤਲ ਕਰ ਰਹੇ ਹਨ। ਇਨ੍ਹਾਂ ਮਾਰੇ ਜਾਣ ਵਾਲੇ ਵਿਦਿਆਰਥੀਆਂ ਵਿੱਚ ਅਨੇਕਾਂ ਵਿਦਿਆਰਥੀ ਅਜਿਹੇ ਵੀ ਹੋਣਗੇ ਜਿਨ੍ਹਾਂ ਨਾਲ ਡਰੱਗ ਸਮਗਲਰਾਂ/ਪਿੰਪਸ ਨੇ ਆਪਣੀ ਜਿਨਸੀ ਭੁੱਖ ਪੂਰੀ ਕਰਨ ਲਈ ਜ਼ਬਰਦਸਤੀ ਵੀ ਕੀਤੀ ਹੋਵੇਗੀ ਅਤੇ ਉਨ੍ਹਾਂ ਉੱਤੇ ਡਰੱਗ ਵੇਚਣ ਦੇ ਧੰਦੇ ਵਿੱਚ ਸ਼ਾਮਿਲ ਹੋਣ ਲਈ ਅਨੇਕਾਂ ਤਰ੍ਹਾਂ ਦਾ ਦਬਾਅ ਵੀ ਪਾਇਆ ਹੋਵੇਗਾ। ਇਨ੍ਹਾਂ ਭੋਲੇ ਭਾਲੇ ਵਿਦਿਆਰਥੀਆਂ ਵੱਲੋਂ ਇਸ ਧੰਦੇ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕਰਨ ਉੱਤੇ ਉਨ੍ਹਾਂ ਨੂੰ ਆਪਣੀਆਂ ਜਾਨਾਂ ਤੋਂ ਹੱਥ ਧੋਣੇ ਪਏ ਹੋਣਗੇ। ਕੈਨੇਡੀਅਨ ਸਮਾਜ ਦਾ ਯਥਾਰਥਵਾਦੀ ਚਿਤ੍ਰਣ ਕਰਦਾ ਇਸ ਨਾਵਲ ਵਿਚਲਾ ਇਹ ਦ੍ਰਿਸ਼ ਬੜੀ ਖੂਬਸੂਰਤੀ ਨਾਲ ਬਿਆਨ ਕਰਦਾ ਹੈ ਕਿ ਵੇਨ ਕਿਵੇਂ ਪ੍ਰਸਥਿਤੀਆਂ ਵਿੱਚ ਘਿਰਦਾ ਜਾ ਰਿਹਾ ਹੈ:

ਮੈਂ ਸਕੂਲ ਬਾਕਾਇਦਾ ਜਾਣ ਲੱਗ ਪਿਆ। ਹਾਲੇ ਦੋ ਕੁ ਮਹੀਨੇ ਹੀ ਹੋਏ ਸੀ ਕਿ ਇਕ ਦਿਨ ਨੀਲ ਦੇ ਸਾਥੀ ਰੌਬ ਤੇ ਡੇਲ ਆ ਗਏ। ਮੈਨੂੰ ਉਨ੍ਹਾਂ ਨੇ ਸਕੂਲ ਦੀ ਗਰਾਊਂਡ ਵਿਚ ਘੇਰ ਲਿਆ। ਮੈਂ ਉਨ੍ਹਾਂ ਤੋਂ ਬਚਣ ਲਈ ਦੂਜੇ ਪਾਸੇ ਨੂੰ ਜਾਣ ਲੱਗਾ ਤਾਂ ਉਨ੍ਹਾਂ ਨੇ ਨੱਠ ਕੇ ਮੈਨੂੰ ਫੜ ਲਿਆ ਤੇ ਆਖਿਆ, “ਵੇਨ, ਸਾਨੂੰ ਤੇਰੀ ਮੱਦਦ ਦੀ ਲੋੜ ਹੈ। ਅਸੀਂ ਐਲ.ਐਸ.ਡੀ. ਵੇਚਣੀ ਹੈ ਤੇ ਸਕੂਲ ਦੇ ਮੁੰਡਿਆਂ ਵਿੱਚ ਤੂੰ ਹੀ ਵੇਚੇਂਗਾ।

----

ਮੈਂ ਸੋਚਣ ਲੱਗ ਪਿਆ। ਪਹਿਲਾਂ ਤੇ ਖ਼ਿਆਲ ਆਇਆ ਕਿ ਮੈੰ ਉਨ੍ਹਾਂ ਨੂੰ ਨਾਂਹ ਕਰ ਦੇਵਾਂ ਪਰ ਮੈਨੂੰ ਉਨ੍ਹਾਂ ਦੀ ਮਾਰ ਤੇ ਬਦਫੈਲੀ ਦਾ ਖਿਆਲ ਆਇਆ। ਨਾਲ ਹੀ ਇਹ ਖ਼ੌਫ਼ ਵੀ ਉੱਠਿਆ ਕਿ ਇਹ ਜਾ ਕੇ ਮੇਰੇ ਬਾਰੇ ਮੇਰੇ ਪਿਉ ਨੂੰ ਦੱਸਣਗੇ ਜਾਂ ਫਿਰ ਮੈਨੂੰ ਬਦਨਾਮ ਕਰਨਗੇ। ਕਿਉਂਕਿ ਇਹ ਬਿੱਲੀ ਜੋਨਜ਼ ਨਾਲ ਵੀ ਕੰਮ ਕਰਦੇ ਨੇ ਤੇ ਉਹ ਮੇਰੇ ਪਿਉ ਦਾ ਦੋਸਤ ਹੈ। ਇਨ੍ਹਾਂ ਸਾਰੀਆਂ ਗੱਲਾਂ ਤੋਂ ਡਰਦੇ ਨੇ ਮੈਂ ਉਨ੍ਹਾਂ ਨੂੰ ਹਾਂ ਕਰ ਦਿੱਤੀ। ਉਨ੍ਹਾਂ ਨੇ ਇਕ ਪੈਕਟ ਮੇਰੇ ਹੱਥ ਵਿਚ ਫੜਾ ਕੇ ਆਖਿਆ, “ਬਹੁਤ ਅੱਛਾ। ਸਾਨੂੰ ਤੈਥੋਂ ਇਹੀ ਆਸ ਸੀ। ਇਹ ਪੈਕਟ ਸੌ ਡਾਲਰ ਦਾ ਹੈ। ਇਸ ਹਫਤੇ ਦੇ ਆਖੀਰ ਤੱਕ ਵੇਚਣ ਤੇ ਚੌਥਾ ਹਿੱਸਾ ਤੇਰਾ ਹੈ।ਇੰਨਾ ਆਖ ਕੇ ਉਨ੍ਹਾਂ ਨੇ ਮੇਰੀ ਗੱਲ੍ਹ ਦੀ ਚੂੰਡੀ ਭਰੀ ਤੇ ਚਲੇ ਗਏ। ਮੇਰੀ ਚੂੰਡੀ ਨਾਲ ਚੀਕ ਨਿਕਲ ਗਈ। ਪਹਿਲਾਂ ਤੇ ਦਿਲ ਵਿਚ ਆਇਆ ਕਿ ਪੈਕਟ ਵਗਾਹ ਕੇ ਉਨ੍ਹਾਂ ਦੀ ਪਿੱਠ ਤੇ ਮਾਰਾਂ। ਫਿਰ ਡਰਦੇ ਨੇ ਆਪਣੇ ਸਕੂਲ ਪੈਕ ਵਿੱਚ ਪਾ ਲਿਆ ਤੇ ਘਰ ਨੂੰ ਆ ਗਿਆ।

----

ਡਰੱਗ ਮਾਫੀਆ, ਸੈਕਸ ਮਾਫੀਆ ਅਤੇ ਹਥਿਆਰ ਮਾਫੀਆ - ਇਨ੍ਹਾਂ ਸਭਨਾਂ ਦੀਆਂ ਤੰਦਾਂ ਬੜੀ ਗੂੜ੍ਹੀ ਤਰ੍ਹਾਂ ਇੱਕ ਦੂਜੇ ਨਾਲ ਜੁੜੀਆਂ ਹੁੰਦੀਆਂ ਹਨ। ਜਿਹੜਾ ਵਿਅਕਤੀ ਇਨ੍ਹਾਂ ਚੋਂ ਕਿਸੇ ਇੱਕ ਵਿੱਚ ਵੀ ਉਲਝ ਗਿਆ - ਉਹ ਹੌਲੀ ਹੌਲੀ ਬਾਕੀਆਂ ਵਿੱਚ ਵੀ ਉਲਝਦਾ ਹੀ ਜਾਂਦਾ ਹੈ। ਕੁਝ ਇਸ ਤਰ੍ਹਾਂ ਹੀ ਵੇਨ ਨਾਲ ਵੀ ਵਾਪਰਦਾ ਗਿਆ:

ਮੈਂ ਕਈ ਵਾਰ ਟੋਨੀ, ਨੀਲ ਤੇ ਉਨ੍ਹਾਂ ਦੇ ਸਾਥੀਆਂ ਦੀ ਹਵਸ ਦਾ ਸਿ਼ਕਾਰ ਵੀ ਹੋਇਆ। ਉਹ ਜਦੋਂ ਵੀ ਮੈਨੂੰ ਕੱਲਾ ਦੇਖਦੇ ਮੈਨੂੰ ਦਬੋਚ ਲੈਂਦੇ ਤੇ ਮੇਰੇ ਨਾਲ ਬਦਫੈਲੀ ਕਰਦੇ। ਕਈ ਵਾਰ ਉਹ ਇਹ ਆਖ ਕੇ ਮੇਰੀਆਂ ਖਾਖਾਂ ਪੁੱਟਦੇ, “ਕਾਸ਼ ਤੂੰ ਕੁੜੀ ਹੁੰਦਾ। ਪਰ ਕੋਈ ਗੱਲ ਨਹੀਂ, ਤੂੰ ਇਸ ਤਰ੍ਹਾਂ ਵੀ ਸਾਨੂੰ ਪਸੰਦ ਏਂ।

ਮੇਰੇ ਕਦੀ ਸੈਰ੍ਹਾ ਜਾਂ ਹੋਰ ਕੁੜੀਆਂ ਦੇ ਕੱਪੜੇ ਪਵਾ ਕੇ ਮੈਥੋਂ ਸਟਰਿਪ ਨਾਚ ਕਰਵਾਂਦੇ। ਮੈਂ ਇਹ ਸਭ ਆਪਣੀ ਜਾਨ ਬਚਾਣ ਖਾਤਰ ਕਰਦਾ ਪਰ ਅੰਦਰੇ ਅੰਦਰ ਦੁਖੀ ਹੋ ਹੋ ਰੋਂਦਾ। ਇੱਕ ਵਾਰ ਕੀ ਕਈ ਵਾਰ ਰੋਟੀ ਖਾਤਰ ਸੜਕ ਤੇ ਖਲੋ ਕੇ ਆਪਣਾ ਸਰੀਰ ਵੀ ਵੇਚਿਆ ਤੇ ਮੇਲ ਪ੍ਰੋਸਟੀਚੀਊਟ ਬਣ ਗਿਆ।

----

ਇੱਕ ਚੇਤੰਨ ਲੇਖਕ ਵਾਂਗ ਨਦੀਮ ਪਰਮਾਰ ਬੀਮਾਰੀ ਦੀ ਜੜ੍ਹ ਤੱਕ ਜਾਂਦਾ ਹੈ। ਉਨ੍ਹਾਂ ਕਾਰਨਾਂ ਦੀ ਤਲਾਸ਼ ਕਰਦਾ ਹੈ, ਉਨ੍ਹਾਂ ਪ੍ਰਸਥਿਤੀਆਂ ਦੀ ਤਲਾਸ਼ ਕਰਦਾ ਹੈ ਜੋ ਏਡਜ਼ ਦੀ ਬੀਮਾਰੀ ਨੂੰ ਜਨਮ ਦਿੰਦੀਆਂ ਹਨ। ਏਡਜ਼ ਦੀ ਬੀਮਾਰੀ ਦਾ ਇਲਾਜ ਕਰਨ ਲਈ ਮਹਿਜ਼ ਮਰੀਜ਼ਾਂ ਨੂੰ ਦਵਾਈਆਂ ਦੇਣ ਦੀ ਹੀ ਲੋੜ ਨਹੀਂ - ਬਲਕਿ ਇਸ ਤੋਂ ਵੀ ਵੱਧ ਜ਼ਰੂਰੀ ਹੈ ਸਮਾਜ ਵਿਚਲੇ ਉਨ੍ਹਾਂ ਕਾਰਨਾਂ ਦੀ ਤਲਾਸ਼ ਕਰਨੀ ਜੋ ਇਸ ਬੀਮਾਰੀ ਦਾ ਮੂਲ ਕਾਰਨ ਬਣਦੇ ਹਨ ਅਤੇ ਉਨ੍ਹਾਂ ਪ੍ਰਸਥਿਤੀਆਂ ਨੂੰ ਬਦਲਣ ਲਈ ਲੋੜੀਂਦੇ ਕਦਮ ਚੁੱਕਣੇ ਜੋ ਇਸ ਬੀਮਾਰੀ ਨੂੰ ਜਨਮ ਦੇਣ ਵਿੱਚ ਮੁੱਖ ਭੁਮਿਕਾ ਨਿਭਾਉਂਦੀਆਂ ਹਨ।

----

ਨਦੀਮ ਪਰਮਾਰ ਇਸ ਨਾਵਲ ਰਾਹੀਂ ਏਡਜ਼ ਦੀ ਬੀਮਾਰੀ ਬਾਰੇ ਆਮ ਲੋਕਾਂ ਦੇ ਮਨਾਂ ਵਿੱਚ ਪਏ ਹੋਏ ਅਨੇਕਾਂ ਤਰ੍ਹਾਂ ਦੇ ਭੁਲੇਖੇ ਵੀ ਦੂਰ ਕਰਦਾ ਹੈ। ਬਹੁਤ ਸਾਰੇ ਲੋਕ ਏਡਜ਼ ਦੀ ਬੀਮਾਰੀ ਨੂੰ ਛੂਤ ਛਾਤ ਦੀ ਬੀਮਾਰੀ ਹੀ ਸਮਝਦੇ ਹਨ ਅਤੇ ਏਡਜ਼ ਦੇ ਰੋਗੀਆਂ ਦੇ ਨੇੜੇ ਆਉਣ ਤੋਂ ਵੀ ਡਰਦੇ ਹਨ। ਏਡਜ਼ ਦੇ ਮਰੀਜ਼ਾਂ ਨਾਲ ਸਮਾਜ ਵਿੱਚ ਇਸ ਤਰ੍ਹਾਂ ਹੀ ਵਿਤਕਰਾ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਭਾਰਤੀ ਸਮਾਜ ਵਿੱਚ ਕੁਝ ਲੋਕਾਂ ਨੂੰ ਅਛੂਤਕਹਿਕੇ ਸਦੀਆਂ ਤੋਂ ਦੁਰਕਾਰਿਆ ਜਾਂਦਾ ਰਿਹਾ ਹੈ ਅਤੇ ਉਨ੍ਹਾਂ ਨੂੰ ਮਨੁੱਖੀ ਹੱਕਾਂ ਤੋਂ ਵੀ ਵਾਂਝੇ ਰੱਖਿਆ ਜਾਂਦਾ ਰਿਹਾ ਹੈ। ਏਡਜ਼ ਦੀ ਬੀਮਾਰੀ ਦਾ ਸ਼ਿਕਾਰ ਹੋ ਚੁੱਕੇ ਨਾਵਲ ਚਿੱਟੀ ਮੌਤਦੇ ਦੋ ਪਾਤਰ ਗੋਰਡ ਅਤੇ ਵੇਨ ਸਮਾਜ ਵਿੱਚ ਆਪਣੀ ਸਥਿਤੀ ਨੂੰ ਕੁਝ ਇਸ ਤਰ੍ਹਾਂ ਬਿਆਨ ਕਰਦੇ ਹਨ:

ਵੇਨ, ਅਸੀਂ ਰੋਜ਼ ਅਖਬਾਰਾਂ ਚ ਪੜ੍ਹਦੇ ਹਾਂ, ਏਡਜ਼ ਦੇ ਮਰੀਜ਼ਾਂ ਦਾ ਕੰਮਾਂ ਤੇ ਕੀ ਹਾਲ ਹੁੰਦਾ ਹੈ। ਉਨ੍ਹਾਂ ਨੂੰ ਕਿਸ ਨਫ਼ਰਤ ਤੇ ਹਿਕਰਤ ਨਾਲ ਦੇਖਿਆ ਜਾਂਦਾ ਹੈ। ਉਨ੍ਹਾਂ ਨੂੰ ਅਛੂਤ ਸਮਝ ਕੇ ਲੋਕੀ ਇਸ ਤਰ੍ਹਾਂ ਉਨ੍ਹਾਂ ਤੋਂ ਪਰੇ ਰਹਿੰਦੇ ਨੇ ਤੇ ਉਨ੍ਹਾਂ ਦੇ ਪਰਛਾਵੇਂ ਤੋਂ ਵੀ ਭੈਅ ਖਾਂਦੇ ਨੇ। ਕੋਈ ਉਨ੍ਹਾਂ ਕੋਲ ਬੈਠਣਾ ਪਸੰਦ ਨਹੀਂ ਕਰਦਾ। ਆਪਣੇ ਸਕੇ ਸੰਬੰਧੀ ਵੀ ਕੋਲ ਨਹੀਂ ਆਉਂਦੇ। ਬੱਸਾਂ ਵਿਚ ਲੋਕ, ਜੇਕਰ ਉਨ੍ਹਾਂ ਨੂੰ ਪਤਾ ਲੱਗ ਜਾਵੇ ਕਿ ਬਸ ਵਿਚ ਕੋਈ ਏਡਜ਼ ਦਾ ਮਰੀਜ਼ ਬੈਠਾ ਹੈ, ਉੱਠ ਕੇ ਪਿਛਲੀ ਸੀਟ ਤੇ ਬੈਠ ਜਾਂਦੇ ਨੇ, ਚਾਹੇ ਉਨ੍ਹਾਂ ਦਾ ਉਥੇ ਬੈਠਣ ਨੂੰ ਦਿਲ ਕਰੇ ਜਾਂ ਨਾ ਕਰੇ। ਕਈ ਤੇ ਬਸ ਚੋਂ ਹੀ ਉਤਰ ਜਾਂਦੇ ਨੇ।

----

ਏਡਜ਼ ਦੀ ਬੀਮਾਰੀ ਕਿਵੇਂ ਫੈਲਦੀ ਹੈ, ਉਸ ਬਾਰੇ ਵੀ ਨਾਵਲਕਾਰ ਬੜੇ ਹੀ ਸਪੱਸ਼ਟ ਸ਼ਬਦਾਂ ਵਿੱਚ ਇੱਕ ਵਿਗਿਆਨੀ ਜਾਂ ਡਾਕਟਰ ਵਾਂਗ ਜਾਣਕਾਰੀ ਪੇਸ਼ ਕਰਦਾ ਹੈ:

“...ਨਾਲੇ ਏਡਜ਼ ਓਨਾਂ ਚਿਰ ਨਹੀਂ ਹੁੰਦੀ ਜਿੰਨਾ ਚਿਰ ਤੁਸੀਂ ਕਿਸੇ ਏਡਜ਼ ਦੇ ਮਰੀਜ਼ ਨਾਲ ਭੋਗ ਨਹੀਂ ਕਰਦੇ ਜਾਂ ਏਡਜ਼ ਵਾਲੇ ਦਾ ਖ਼ੂਨ ਤੁਹਾਡੇ ਨਾਲ ਨਹੀਂ ਰਲਦਾ। ਹੱਥ ਲਾਣ, ਬੀਮਾਰ ਦੇ ਬਰਤਨਾਂ ਵਿੱਚ ਖਾਣ ਪੀਣ ਨਾਲ, ਨਾ ਹੀ ਮਰੀਜ਼ ਦਾ ਚੁੰਮਣ ਲੈਣ ਨਾਲ ਇਹ ਬੀਮਾਰੀ ਹੁੰਦੀ ਹੈ। ਇੱਕ ਹੋਰ ਸੂਰਤ ਹੈ ਉਹ ਇਹ ਹੈ ਕਿ ਜੇ ਤੁਹਾਡੇ ਮਾਂ ਪਿਉ ਨੂੰ ਹੈ ਤਾਂ ਤੁਹਾਨੂੰ ਏਡਜ਼ ਹੋ ਸਕਦੀ ਹੈ, ਨਹੀਂ ਤੇ ਨਹੀਂ।

ਚਿੱਟੀ ਮੌਤਨਾਵਲ ਵਿੱਚ ਨਦੀਮ ਪਰਮਾਰ ਨੇ ਬੜੀ ਹੀ ਖੂਬਸੂਰਤੀ ਨਾਲ ਉਨ੍ਹਾਂ ਕਾਰਨਾਂ ਅਤੇ ਪ੍ਰਸਥਿਤੀਆਂ ਨੂੰ ਬਿਆਨ ਕੀਤਾ ਹੈ ਜੋ ਏਡਜ਼ ਦੀ ਬੀਮਾਰੀ ਨੂੰ ਜਨਮ ਦਿੰਦੀਆਂ ਅਤੇ ਇਸਦਾ ਪਾਸਾਰ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਂਦੀਆਂ ਹਨ; ਪਰ ਉਹ ਇਸ ਨਾਵਲ ਦੇ ਅਜਿਹੇ ਪੱਖ ਵੱਲ ਧਿਆਨ ਨਹੀਂ ਦੇ ਸਕਿਆ ਜਿਸ ਵਿੱਚ ਇਹ ਦੱਸਿਆ ਜਾਣਾ ਵੀ ਜ਼ਰੂਰੀ ਸੀ ਕਿ ਇਸ ਬੀਮਾਰੀ ਦੇ ਨਾਮ ਉੱਤੇ ਦੁਨੀਆਂ ਭਰ ਦੀਆਂ ਦਵਾਈਆਂ ਬਨਾਉਣ ਵਾਲੀਆਂ ਮੈਗਾ ਕੰਪਨੀਆਂ ਗਰੀਬ ਦੇਸ਼ਾਂ ਦੇ ਗਰੀਬ ਲੋਕਾਂ ਦੀ ਆਰਥਿਕ ਲੁੱਟ ਕਰਦੀਆਂ ਹਨ।

----

ਅਫਰੀਕਾ ਮਹਾਂ ਦੀਪ ਅਤੇ ਏਸ਼ੀਆ ਦੇ ਅਨੇਕਾਂ ਦੇਸ਼ਾਂ ਵਿੱਚ ਕਰੋੜਾਂ ਲੋਕ ਏਡਜ਼ ਦੀ ਬੀਮਾਰੀ ਦਾ ਸ਼ਿਕਾਰ ਹਨ. ਉਨ੍ਹਾਂ ਗਰੀਬ ਲੋਕਾਂ ਕੋਲ ਇਸ ਬੀਮਾਰੀ ਦੀਆਂ ਮਹਿੰਗੀਆਂ ਦਵਾਈਆਂ ਖਰੀਦਣ ਲਈ ਪੈਸੇ ਨਹੀਂ। ਅਮੀਰ ਦੇਸ਼ ਆਪਣੇ ਮੁਨਾਫ਼ੇ ਨੂੰ ਮੁੱਖ ਰੱਖ ਕੇ ਗਰੀਬ ਦੇਸ਼ਾਂ ਨੂੰ ਏਡਜ਼ ਦੀਆਂ ਸਸਤੇ ਮੁੱਲ ਦੀਆਂ ਦਵਾਈਆਂ ਬਨਾਉਣ ਦੇ ਕਾਰਖਾਨੇ ਲਗਾਉਣ ਦੇ ਲਾਇਸੈਂਸ ਦੇਣ ਲਈ ਤਿਆਰ ਨਹੀਂ। ਗਰੀਬ ਦੇਸ਼ਾਂ ਦੇ ਗਰੀਬ ਲੋਕਾਂ ਦੀ ਅਜਿਹੇ ਗ਼ੈਰ-ਮਾਨਵੀ ਢੰਗ ਵਰਤਕੇ ਕੀਤੀ ਜਾ ਰਹੀ ਆਰਥਿਕ ਲੁੱਟ ਨੂੰ ਯੂ.ਐਨ.ਓ. ਵਰਗੀਆਂ ਸੰਸਥਾਵਾਂ ਵੀ ਰੋਕ ਨਹੀਂ ਸਕਦੀਆਂ। ਕਿਉਂਕਿ ਯੂ.ਐਨ.ਓ. ਵੀ ਅਮੀਰ ਦੇਸ਼ਾਂ ਦੇ ਹੱਥਾਂ ਵਿੱਚ ਪੁਤਲੀ ਬਣ ਕੇ ਨਾਚ ਕਰ ਰਹੀ ਹੈ। ਇਹ ਸੰਸਥਾ ਵੀ ਤਕਾਤਵਰ ਅਤੇ ਅਮੀਰ ਦੇਸ਼ਾ ਦੇ ਹੱਕਾਂ ਦੀ ਹੀ ਰਾਖੀ ਕਰਦੀ ਹੈ।

----

ਚਿੱਟੀ ਮੌਤਨਾਵਲ ਦੀ ਪ੍ਰਕਾਸ਼ਨਾ ਨਾਲ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਜਿ਼ਕਰਯੋਗ ਵਾਧਾ ਹੋਇਆ ਹੈ। ਨਦੀਮ ਪਰਮਾਰ ਨੇ ਮਾਨਵਜਾਤੀ ਸਾਹਮਣੇ ਪੇਸ਼ ਇੱਕ ਗੰਭੀਰ ਸਮੱਸਿਆ ਨੂੰ ਆਪਣੇ ਨਾਵਲ ਦਾ ਵਿਸ਼ਾ ਬਣਾ ਕੇ, ਕੈਨੇਡੀਅਨ ਪੰਜਾਬੀ ਸਾਹਿਤਕਾਰਾਂ ਨੂੰ ਇੱਕ ਚੁਣੌਤੀ ਦਿੱਤੀ ਹੈ ਕਿ ਮਹਿਜ਼ ਸ਼ਬਦ ਜੋੜੀ ਜਾਣ ਨਾਲ ਹੀ ਕੋਈ ਕਿਰਤ ਸਾਹਿਤਕ ਕਿਰਤ ਨਹੀਂ ਬਣ ਜਾਂਦੀ - ਇਸ ਕਿਰਤ ਵਿੱਚ ਵਰਤੇ ਗਏ ਸ਼ਬਦ ਮਨੁੱਖੀ ਜ਼ਿੰਦਗੀ ਨੂੰ ਹੋਰ ਵਧੇਰੇ ਖ਼ੂਬਸੂਰਤ ਬਨਾਉਣ ਵਿੱਚ ਕੀ ਯੋਗਦਾਨ ਪਾਉਂਦੇ ਹਨ - ਇਹ ਗੱਲ ਹੀ ਵਧੇਰੇ ਮਹੱਤਵ ਰੱਖਦੀ ਹੈ।

ਪੰਜਾਬੀ ਪਾਠਕਾਂ ਵੱਲੋਂ ਚਿਟੀ ਮੌਤਨਾਵਲ ਦਾ ਸਵਾਗਤ ਕਰਨਾ ਬਣਦਾ ਹੈ। ਨਿਰਸੰਦੇਹ, ਨਦੀਮ ਪਰਮਾਰ ਦਾ ਇਹ ਨਾਵਲ ਹੋਰਨਾਂ ਕੈਨੇਡੀਅਨ ਪੰਜਾਬੀ ਸਾਹਿਤਕਾਰਾਂ ਨੂੰ ਵੀ ਉਤਸਾਂਹ ਦੇਵੇਗਾ ਅਤੇ ਉਹ ਵੀ ਕੈਨੇਡੀਅਨ ਸਮਾਜ ਸਾਹਮਣੇ ਪੇਸ਼ ਆ ਰਹੀਆਂ ਮਹੱਤਵ-ਪੂਰਨ ਸਮੱਸਿਆਵਾਂ ਨੂੰ ਆਪਣੇ ਨਾਵਲਾਂ ਦਾ ਵਿਸ਼ਾ ਬਣਾਉਣ ਲੱਈ ਅੱਗੇ ਆਉਣਗੇ।

ਨਦੀਮ ਪਰਮਾਰ ਨੂੰ ਇੱਕ ਖ਼ੂਬਸੂਰਤ ਨਾਵਲ ਲਿਖਣ ਲਈ ਮੇਰੇ ਵੱਲੋਂ ਵੀ ਮੁਬਾਰਕਾਂ।


Tuesday, April 14, 2009

ਸੁਖਿੰਦਰ - ਲੇਖ

ਜ਼ਾਤ-ਪਾਤ ਦੇ ਕੀਟਾਣੂੰ ਅਤੇ ਮਨੁੱਖੀ ਚੇਤਨਾ ਪਾਖਰ ਸਿੰਘ

ਲੇਖ

ਪਰਾ-ਆਧੁਨਿਕ ਸਮਿਆਂ ਵਿੱਚ ਭਾਵੇਂ ਕਿ ਮਨੁੱਖੀ ਚੇਤਨਾ ਦਾ ਬਹੁਤ ਵਿਕਾਸ ਹੋਇਆ ਹੈ; ਪਰ ਸਦੀਆਂ ਤੋਂ ਭਾਰਤੀ ਮੂਲ ਦੇ ਲੋਕਾਂ ਦੀ ਮਾਨਸਿਕਤਾ ਵਿੱਚ ਪਲ ਰਹੇ ਜ਼ਾਤ ਪਾਤ ਦੀ ਬੀਮਾਰੀ ਦੇ ਕੀਟਾਣੂੰ ਅਜੇ ਵੀ ਓਵੇਂ ਹੀ ਕੁਰਬਲ ਕੁਰਬਲ ਕਰ ਰਹੇ ਹਨ. ਗਿਆਨ, ਵਿਗਿਆਨ, ਤਕਨਾਲੋਜੀ, ਸੰਗੀਤ, ਸਾਹਿਤ, ਰਾਜਨੀਤੀ, ਧਰਮ, ਕਾਨੂੰਨ - ਹਰ ਵਿਧੀ, ਹਰ ਇਲਾਜ, ਮਨੁੱਖੀ ਚੇਤਨਾ ਵਿੱਚ ਪਲ ਰਹੇ ਅਜਿਹੇ ਖਤਰਨਾਕ ਕੀਟਾਣੂੰਆਂ ਦਾ ਮੁਕੰਮਲ ਤੌਰ ਉੱਤੇ ਨਾਸ਼ ਕਰਨ ਵਿੱਚ ਅਸਫ਼ਲ ਸਿੱਧ ਹੋਏ ਹਨ। ਭਾਰਤੀ ਸਮਾਜ ਦੇ ਕੁਝ ਹਿੱਸੇ ਦੀ ਇਸ ਬੀਮਾਰੀ ਦੇ ਕੀਟਾਣੂੰਆਂ ਨੇ ਬਹੁਤ ਤਬਾਹੀ ਕੀਤੀ ਹੈ। ਇਸ ਖਤਰਨਾਕ ਬੀਮਾਰੀ ਦੇ ਕੀਟਾਣੂੰ ਪੈਦਾ ਕਰਨ ਅਤੇ ਫੈਲਾਉਣ ਦੀ ਮੁੱਖ ਜਿੰਮੇਵਾਰੀ ਮਨੂਨਾਮ ਦੇ ਭਾਰਤੀ ਮੂਲ ਦੇ ਇੱਕ ਵਿਅਕਤੀ ਉੱਤੇ ਆਉਂਦੀ ਹੈ। ਇਸ ਵਿਅਕਤੀ ਦਾ ਨਾਮ ਵੇਦਾਂ, ਮਹਾਂਭਾਰਤ, ਰਮਾਇਣ ਅਤੇ ਬ੍ਰਾਹਮਣ ਗ੍ਰੰਥਾਂ ਵਿੱਚ ਵੀ ਆਉਂਦਾ ਹੈ; ਪਰ ਕੁਝ ਲੋਕਾਂ ਦਾ ਵਿਚਾਰ ਹੈ ਕਿ ਇਹ ਕੀਟਾਣੂੰ ਮਨੂ ਨਾਮ ਦੇ ਕਿਸੇ ਇੱਕ ਵਿਅਕਤੀ ਨੇ ਪੈਦਾ ਨਹੀਂ ਕੀਤੇ; ਬਲਕਿ ਇਹ ਤਾਂ ਅਜਿਹੇ ਕੁਝ ਲੋਕਾਂ ਦਾ ਇੱਕ ਸਮੂਹ ਸੀ।

ਕੈਨੇਡੀਅਨ ਪੰਜਾਬੀ ਲੇਖਕ ਪਾਖਰ ਸਿੰਘ ਨੇ ਆਪਣੀ ਪੁਸਤਕ ਅਨਮੋਲ ਰਤਨ ਡਾ. ਅੰਬੇਡਕਰਵਿੱਚ ਜਿੱਥੇ ਕਿ ਜ਼ਾਤ ਪਾਤ ਦੀ ਬੀਮਾਰੀ ਦੇ ਅਜਿਹੇ ਖਤਰਨਾਕ ਕੀਟਾਣੂੰਆਂ ਬਾਰੇ ਚਰਚਾ ਕੀਤਾ ਹੈ, ਉੱਥੇ ਹੀ ਇਸ ਪੁਸਤਕ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਡਾ. ਅੰਬੇਡਕਰ ਬਾਰੇ ਵੀ ਚਰਚਾ ਕੀਤੀ ਹੈ ਕਿ ਉਸਨੇ ਕਿਵੇਂ ਆਪਣੀ ਸਾਰੀ ਉਮਰ ਲੋਕਾਂ ਵਿੱਚ ਇਸ ਬੀਮਾਰੀ ਦੇ ਕੀਟਾਣੂੰਆਂ ਬਾਰੇ ਜਾਗ੍ਰਿਤੀ ਪੈਦਾ ਕਰਨ ਵਿੱਚ ਬਿਤਾਈ। ਭਾਰਤੀ ਸਮਾਜ ਵਿੱਚ ਜਿਹੜੇ ਲੋਕ ਇਨ੍ਹਾਂ ਕੀਟਾਣੂੰਆਂ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਏ ਉਨ੍ਹਾਂ ਨੂੰ ਦਲਿਤਜਾਂ ਅਛੂਤਕਿਹਾ ਜਾਂਦਾ ਹੈ। ਭਾਰਤੀ ਮੂਲ ਦੇ ਲੋਕ ਦੁਨੀਆਂ ਦੇ ਚਾਹੇ ਕਿਸੇ ਵੀ ਹਿੱਸੇ ਵਿੱਚ ਪਰਵਾਸ ਕਰ ਜਾਣ ਜ਼ਾਤ ਪਾਤ ਦੀ ਬੀਮਾਰੀ ਦੇ ਕੀਟਾਣੂੰ ਉਨ੍ਹਾਂ ਦੇ ਨਾਲ ਹੀ ਜਾਂਦੇ ਹਨ।

ਵਿਸ਼ਵ ਪੱਧਰ ਉੱਤੇ ਅਸੀਂ ਜਾਣਦੇ ਹਾਂ ਕਿ ਹਿਟਲਰ ਅਤੇ ਉਸਦੀਆਂ ਨਾਜ਼ੀ ਫੌਜਾਂ ਨੇ ਲੱਖਾਂ ਯਹੂਦੀਆਂ ਨੂੰ ਗੈਸ ਚੈਂਬਰਾਂ ਵਿੱਚ ਸਾੜਕੇ ਮਾਰਿਆ। ਦੱਖਣੀ ਅਫਰੀਕਾ, ਅਮਰੀਕਾ ਅਤੇ ਵਿਸ਼ਵ ਦੇ ਹੋਰ ਅਨੇਕਾਂ ਹਿੱਸਿਆਂ ਵਿੱਚ ਅਜੇ ਕੁਝ ਦਹਾਕੇ ਪਹਿਲੇ ਤੱਕ ਕਾਲੇ ਰੰਗ ਦੇ ਲੋਕਾਂ ਨੂੰ ਗੁਲਾਮਾਂ ਵਾਂਗ ਰੱਖਿਆ ਜਾਂਦਾ ਸੀ। ਕਾਲੇ ਰੰਗ ਦੇ ਲੋਕ ਗੋਰੇ ਰੰਗ ਦੇ ਲੋਕਾਂ ਨਾਲ ਬੱਸਾਂ/ਗੱਡੀਆਂ ਵਿੱਚ ਸਫ਼ਰ ਨਹੀਂ ਸਨ ਕਰ ਸਕਦੇ. ਸਕੂਲਾਂ, ਕਾਲਿਜਾਂ, ਯੂਨੀਵਰਸਿਟੀਆਂ ਵਿੱਚ ਕਾਲੇ ਰੰਗ ਦੇ ਲੋਕਾਂ ਨਾਲ ਇਕੱਠੇ ਪੜ੍ਹ ਨਹੀਂ ਸਕਦੇ ਸਨ। ਇੱਥੋਂ ਤੱਕ ਕਿ ਕਾਲੇ ਰੰਗ ਦੇ ਲੋਕਾਂ ਉੱਤੇ ਪਾਬੰਧੀ ਸੀ ਕਿ ਉਹ ਗੋਰੇ ਰੰਗ ਦੇ ਲੋਕਾਂ ਦੇ ਨਾਲ ਰੈਸਟੋਰੈਂਟਾਂ, ਗਿਰਜਿਆਂ ਅਤੇ ਅਜਿਹੀਆਂ ਹੋਰ ਪਬਲਿਕ ਥਾਵਾਂ ਉੱਤੇ ਇਕੱਠੇ ਨਹੀਂ ਸਨ ਜਾ ਸਕਦੇ। ਭਾਰਤੀ ਸਮਾਜ ਵਿੱਚ ਦਲਿਤਾਂ/ਅਛੂਤਾਂ ਨਾਲ ਵੀ ਕੁਝ ਇਸ ਤਰ੍ਹਾਂ ਦਾ ਹੀ ਵਰਤਾਓ ਕੀਤਾ ਜਾਂਦਾ ਸੀ। ਦੁਨੀਆਂ ਦੇ ਭਾਵੇਂ ਵਧੇਰੇ ਹਿੱਸਿਆਂ ਵਿੱਚ ਇਸ ਤਰ੍ਹਾਂ ਦਾ ਵਤੀਰਾ ਬੰਦ ਹੋ ਚੁੱਕਾ ਹੈ ਪਰ ਭਾਰਤ ਦੇ ਕੁਝ ਹਿੱਸਿਆਂ ਵਿੱਚ ਅਜਿਹਾ ਵਤੀਰਾ ਅਜੇ ਵੀ ਜਾਰੀ ਹੈ। ਦੁਨੀਆਂ ਦੇ ਬਹੁਤੇ ਲੋਕਾਂ ਨੂੰ ਭਾਰਤੀ ਮੂਲ ਦੇ ਲੋਕਾਂ ਦੀ ਮਾਨਸਿਕਤਾ ਵਿੱਚ ਸਦੀਆਂ ਤੋਂ ਪਲ ਰਹੇ ਜ਼ਾਤ ਪਾਤ ਦੀ ਬੀਮਾਰੀ ਦੇ ਖ਼ਤਰਨਾਕ ਕੀਟਾਣੂੰਆਂ ਦੀ ਕੋਈ ਜ਼ਿਆਦਾ ਜਾਣਕਾਰੀ ਨਹੀਂ।

ਪੱਛਮੀ ਮੁਲਕਾਂ ਵਿੱਚ ਅਸੀਂ ਨਿੱਕੀ ਨਿੱਕੀ ਗੱਲ ਉੱਤੇ ਰੇਡੀਓ/ਟੀਵੀ/ਅਖ਼ਬਾਰਾਂ/ਮੈਗਜ਼ੀਨਾਂ ਵਿੱਚ ਸ਼ੌਰ ਪਾਉਣਾ ਸ਼ੁਰੂ ਕਰ ਦਿੰਦੇ ਹਾਂ ਕਿ ਸਾਡੇ ਨਾਲ ਵਿਤਕਰਾ ਕੀਤਾ ਗਿਆ ਹੈ। ਭਾਵੇਂ ਕਿ ਅਮਰੀਕਾ/ਕੈਨੇਡਾ ਦਾ ਬਾਰਡਰ ਟੱਪਦਿਆਂ ਬਾਰਡਰ ਸਕਿਉਰਟੀ ਗਾਰਡ ਨੇ ਤੁਹਾਡੀ ਤਲਾਸ਼ੀ ਸਿਰਫ ਇਸ ਲਈ ਲਈ ਹੋਵੇ ਕਿਉਂਕਿ ਕੋਈ ਹੀ ਹਫਤਾ ਖਾਲੀ ਜਾਂਦਾ ਹੈ ਜਦੋਂ ਕਿ ਭਾਰਤੀ ਮੂਲ ਦਾ ਕੋਈ ਵਿਅਕਤੀ ਡਰੱਗ ਸਮਗਲਿੰਗ ਕਰਦਾ ਫੜਿਆ ਨ ਗਿਆ ਹੋਵੇ, ਪਰ ਅਜਿਹੀਆਂ ਹਾਲਤਾਂ ਵਿੱਚ ਵੀ ਭਾਰਤੀ ਮੂਲ ਦੇ ਲੋਕਾਂ ਦੀ ਚੇਤਨਾ ਵਿੱਚ ਕਦੀ ਇੱਕ ਪਲ ਲਈ ਵੀ ਇਹ ਗੱਲ ਨਹੀਂ ਆਉਂਦੀ ਕਿ ਭਾਰਤੀ ਸਮਾਜ ਵਿੱਚ ਜਿਸ ਤਰ੍ਹਾਂ ਦਾ ਵਿਤਕਰਾ ਅਸੀਂ ਆਪ ਕਰਦੇ/ਸਹਿੰਦੇ ਹਾਂ ਉਹ ਤਾਂ ਸਦੀਆਂ ਤੋਂ ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਚੁੱਕਾ ਹੈ।

ਦੁਨੀਆਂ ਵਿੱਚ ਅਜਿਹਾ ਸ਼ਾਇਦ ਹੀ ਹੋਰ ਕੋਈ ਸਮਾਜ ਹੋਵੇ ਜਿਸ ਵਿੱਚ ਬੱਚੇਨੂੰ ਜਨਮ ਤੋਂ ਹੀ ਅਛੂਤਕਿਹਾ ਜਾਂਦਾ ਹੋਵੇ, ਜਿਸ ਤਰ੍ਹਾਂ ਕਿ ਭਾਰਤੀ ਸਮਾਜ ਵਿੱਚ ਹੁੰਦਾ ਹੈ. ਬੱਚਾ - ਜਿਸਦੀਆਂ ਰਗਾਂ ਵਿੱਚ ਹੋਰ ਸਭਨਾਂ ਬੱਚਿਆਂ ਵਾਂਗ ਹੀ ਇੱਕੋ ਰੰਗ ਦਾ ਖ਼ੂਨ ਵਹਿੰਦਾ ਹੈ; ਜਿਸਦੇ ਹੋਰਨਾਂ ਬੱਚਿਆਂ ਵਾਂਗ ਹੀ ਸਰੀਰ ਦੇ ਅੰਗ ਹਨ; ਜੋ ਹੋਰਨਾਂ ਬੱਚਿਆਂ ਵਾਂਗ ਹੀ ਹੱਸਦਾ ਹੈ - ਰੋਂਦਾ ਹੈ; ਜੋ ਉਸੇ ਹਵਾ ਵਿੱਚ ਸਾਹ ਲੈਂਦਾ ਹੈ ਜਿਸ ਵਿੱਚ ਹੋਰ ਬੱਚੇ ਸਾਹ ਲੈਂਦੇ ਹਨ. ਪਰ ਇਸ ਸਭ ਕੁਝ ਦੇ ਬਾਵਜੂਦ ਸਾਡੇ ਸਮਾਜ ਵਿਚਲੀ ਸ਼ੈਤਾਨੀ ਸੋਚ ਉਸ ਉੱਤੇ ਉਮਰ ਭਰ ਲਈ ਅਛੂਤਹੋਣ ਦਾ ਲੇਬਲ ਲਗਾ ਦਿੰਦੀ ਹੈ। ਮਨੁੱਖ ਉੱਤੇ, ਮਨੁੱਖ ਵੱਲੋਂ ਕੀਤਾ ਗਿਆ ਅਜਿਹਾ ਯੋਜਨਾਬੱਧ ਅਤਿਆਚਾਰ, ਸਿਰਫ ਅਤੇ ਸਿਰਫ, ਭਾਰਤੀ ਸਮਾਜ ਵਿੱਚ ਹੀ ਦੇਖਿਆ ਜਾ ਸਕਦਾ ਹੈ। ਇੰਡੀਆ ਵਿੱਚ ਅਛੂਤਾਂ ਦੀ ਹਾਲਤ ਦਾ ਅੰਦਾਜ਼ਾ ਪਾਖਰ ਸਿੰਘ ਦੀ ਪੁਸਤਕ ਅਨਮੋਲ ਰਤਨ ਡਾ. ਅੰਬੇਡਕਰਵਿੱਚ ਪੇਸ਼ ਕੀਤੇ ਗਏ ਇਨ੍ਹਾਂ ਵਿਚਾਰਾਂ ਤੋਂ ਹੀ ਲਗਾਇਆ ਜਾ ਸਕਦਾ ਹੈ:

“...ਅਛੂਤਾਂ ਦੀ ਹਾਲਤ ਬਹੁਤ ਤਰਸਯੋਗ ਸੀ. ਪੈਰ ਪੈਰ ਤੇ ਉਹਨਾਂ ਨੂੰ ਦੁਰਕਾਰਿਆ ਜਾਂਦਾ ਤੇ ਉਹ ਜਿ਼ਲਤ ਵਾਲੀ ਜ਼ਿੰਦਗੀ ਬਸਰ ਕਰ ਰਹੇ ਸਨ। ਇਥੋਂ ਤੱਕ ਕਿ ਉਹ ਜ਼ਮੀਨ ਤੇ ਥੁੱਕ ਵੀ ਨਹੀਂ ਸਨ ਸਕਦੇ, ਕਿਉਂ ਜੋ ਜਦ ਉੱਚ ਸ਼ਰੇਣੀ ਦਾ ਬ੍ਰਾਹਮਣ ਉਸ ਜ਼ਮੀਨ ਨੂੰ ਪੈਰਾਂ ਨਾਲ ਛੂੰਹਦਾ ਸੀ ਤਾਂ ਉਹ ਭ੍ਰਸ਼ਟ ਹੋ ਜਾਂਦਾ ਸੀ। ਇਸ ਲਈ ਸ਼ੂਦਰ ਆਪਣੇ ਗਲ਼ ਵਿਚ ਇਕ ਬਰਤਨ ਹਮੇਸ਼ਾ ਲਟਕਾਈ ਰੱਖਦੇ ਸਨ ਤਾਂ ਜੋ ਉਸ ਵਿਚ ਥੁੱਕਿਆ ਜਾ ਸਕੇ। ਇਹ ਲੋਕ ਆਪਣੇ ਪਿੱਛੇ ਕੁੰਡੇ ਨਾਲ ਬੰਨ੍ਹਿਆਂ ਇਕ ਛਾਪਾ ਲਟਕਾਈ ਰਖਦੇ ਸਨ ਤਾਂ ਜੋ ਅਛੂਤਾਂ ਦੀ ਪੈੜ ਨਾਲੋ ਨਾਲ ਮਿਟ ਜਾਵੇ।

ਭਾਰਤੀ ਸਮਾਜ ਵਿੱਚ ਅਛੂਤਲੋਕਾਂ ਨੂੰ ਇਸ ਹੱਦ ਤੱਕ ਜਲੀਲ ਕੀਤਾ ਜਾਂਦਾ ਸੀ ਕਿ ਉਨ੍ਹਾਂ ਦੀ ਸਮਾਜਿਕ ਹੋਂਦ ਨੂੰ ਹੀ ਖਤਮ ਕਰ ਦਿੱਤਾ ਗਿਆ ਸੀ। ਉੱਚੀਆਂ ਜਾਤਾਂ ਦੇ ਲੋਕ ਪਸ਼ੂਆਂ, ਕੁੱਤਿਆਂ ਨੂੰ ਤਾਂ ਪਿਆਰ ਦੁਲਾਰ ਕਰਦੇ ਸਨ ਪਰ ਅਛੂਤ ਦੇ ਪ੍ਰਛਾਵੇਂ ਤੋਂ ਵੀ ਡਰਦੇ ਸਨ ਸਨ। ਉੱਚੀਆਂ ਜਾਤੀਆਂ ਦੇ ਲੋਕਾਂ ਦੇ ਮਨਾਂ ਵਿੱਚ ਅਛੂਤਾਂ ਲਈ ਐਨੀ ਨਫ਼ਰਤ, ਐਨੀ ਕੁੜੱਤਣ। ਅਛੂਤ ਲੋਕਾਂ ਦੇ ਬੱਚਿਆਂ ਨੂੰ ਸਕੂਲਾਂ, ਕਾਲਜਾਂ ਵਿੱਚ ਦਾਖਲਾ ਨਹੀਂ ਮਿਲਦਾ ਸੀ। ਜੇਕਰ ਉਨ੍ਹਾਂ ਨੂੰ ਦਾਖਲਾ ਮਿਲ ਵੀ ਜਾਂਦਾ ਸੀ ਤਾਂ ਉਨ੍ਹਾਂ ਨੂੰ ਅਛੂਤ ਸਮਝ ਕੇ ਕਲਾਸਾਂ ਵਿੱਚ ਇੱਕ ਪਾਸੇ ਕਰਕੇ ਕਮਰੇ ਦੇ ਇੱਕ ਖੂੰਜੇ ਵਿੱਚ ਬਿਠਾਇਆ ਜਾਂਦਾ ਸੀ। ਅਛੂਤ ਲੋਕਾਂ ਨੂੰ ਹਰ ਤਰ੍ਹਾਂ ਦੇ ਮਾਨਸਿਕ ਤਸੀਹੇ ਦਿੱਤੇ ਜਾਂਦੇ ਸਨ। ਇਸ ਦੀ ਇੱਕ ਹੋਰ ਮਿਸਾਲ ਪੁਸਤਕ ਅਨਮੋਲ ਰਤਨ ਡਾ. ਅੰਬੇਡਕਰ’ ‘ਚੋਂ ਹੀ ਪੇਸ਼ ਹੈ:

“...ਅਛੂਤ ਰਾਤ ਨੂੰ ਚੱਲਣ ਫਿਰਨ ਤਾਂ ਜੋ ਉਹ ਕਿਸੇ ਦੇ ਮੂੰਹ ਮੱਥੇ ਨਾ ਲੱਗਣ। ਗਲ਼ ਵਿੱਚ ਢੋਲ ਪਾ ਕੇ ਬਜਾਉਣ ਜੋ ਉੱਚ ਵਰਗ ਦੇ ਲੋਕ ਪਿੱਛੇ ਹਟ ਜਾਣ ਤਾਂ ਪਤਾ ਲੱਗ ਜਾਵੇ ਕਿ ਕੋਈ ਅਛੂਤ ਆ ਰਿਹਾ ਹੈ। ਖੂਹਾਂ ਤੋਂ ਪਾਣੀ ਭਰਨਾ ਅਛੂਤਾਂ ਲਈ ਜੁਰਮ ਸੀ। ਸਰਵਜਨਕ ਥਾਵਾਂ ਤੇ ਜਾਣਾ ਅਛੂਤਾਂ ਲਈ ਵਰਜਿਤ ਸੀ। ਦੁਕਾਨਾਂ ਤੇ ਅਛੂਤਾਂ ਲਈ ਵੱਖਰੇ ਬਰਤਨ ਰੱਖੇ ਜਾਂਦੇ ਸਨ।

ਕੈਨੇਡੀਅਨ ਪੰਜਾਬੀ ਸਾਹਿਤ ਦੇ ਅਨੇਕਾਂ ਪਾਠਕਾਂ ਨੂੰ ਸ਼ਾਇਦ ਇਸ ਬਾਰੇ ਵੀ ਜਾਣਕਾਰੀ ਨ ਹੋਵੇ ਕਿ ਭਾਰਤੀ ਸਮਾਜ ਜਾਤੀਵਾਦ ਦੇ ਆਧਾਰ ਉੱਤੇ ਚਾਰ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ। ਇਸ ਵੰਡ ਨੂੰ ਇੱਕ ਪੌੜੀ ਦੇ ਡੰਡਿਆਂ ਦੇ ਰੂਪ ਵਾਂਗ ਕਿਆਸਿਆ ਜਾ ਸਕਦਾ ਹੈ। ਇਸ ਪੌੜੀ ਦੇ ਉਪਰਲੇ ਡੰਡੇ ਉੱਤੇ ਬ੍ਰਾਹਮਣ, ਦੂਜੇ ਉੱਤੇ ਕਸ਼ਤਰੀ, ਤੀਜੇ ਉੱਤੇ ਵੈਸ਼ ਅਤੇ ਚੌਥੇ ਉੱਤੇ ਭਾਵ ਅੰਤਲੇ ਡੰਡੇ ਉੱਤੇ ਅਛੂਤ ਬੈਠਾ ਸਮਝਿਆ ਜਾਂਦਾ ਹੈ।

ਭਾਵੇਂ ਕਿ ਭਾਰਤੀ ਸਮਾਜ ਦੀ ਅਜਿਹੀ ਵੰਡ ਕੰਮ ਦੇ ਆਧਾਰ ਉੱਤੇ ਹੀ ਕੀਤੀ ਗਈ ਲਗਦੀ ਹੈ; ਪਰ ਇਸਨੂੰ ਬਾਹਦ ਵਿੱਚ ਜਾਤੀ/ਜਨਮ ਉੱਤੇ ਆਧਾਰਤ ਹੀ ਬਣਾ ਲਿਆ ਗਿਆ। ਪੌੜੀ ਦੇ ਉਪਰਲੇ ਡੰਡਿਆਂ ਉੱਤੇ ਬੈਠੇ ਬ੍ਰਾਹਮਣਾਂ ਅਤੇ ਕਸ਼ਤਰੀਆਂ ਦੀ ਮਿਲੀਭੁਗਤ ਨੇ ਇਨ੍ਹਾਂ ਗੱਲਾਂ ਨੂੰ ਸਦੀਵੀ ਬਨਾਉਣ ਲਈ ਹਿੰਦੂ ਧਰਮ ਦੇ ਸਾਹਿਤਕ, ਸਮਾਜਿਕ, ਰਾਜਨੀਤਿਕ ਅਤੇ ਸਭਿਆਚਾਰਕ ਗ੍ਰੰਥਾਂ ਵਿੱਚ ਵੀ ਲਿਖਵਾ ਲਿਆ। ਇਸ ਤਰ੍ਹਾਂ ਬ੍ਰਾਹਮਣਾਂ ਨੇ ਆਪਣੇ ਅਜਿਹੇ ਜਨਮ ਸਿੱਧ ਅਧਿਕਾਰਾਂ ਸਦਕਾ ਸਭ ਤੋਂ ਥੱਲੇ ਦੀ ਪੌੜੀ ਉੱਤੇ ਬੈਠੇ ਲੋਕਾਂ ਅਛੂਤਾਂਨੂੰ ਨ ਸਿਰਫ ਗੁਲਾਮਾਂ ਵਾਂਗ ਹੀ ਵਰਤਣਾ ਸ਼ੁਰੂ ਕਰ ਦਿੱਤਾ; ਬਲਕਿ ਆਪਣੇ ਕੰਮ ਕਰਵਾਉਣ ਲਈ ਉਨ੍ਹਾਂ ਉੱਤੇ ਹਰ ਤਰ੍ਹਾਂ ਦੇ ਮਾਨਸਿਕ ਅਤੇ ਸਰੀਰਕ ਅਤਿਆਚਾਰ ਵੀ ਕਰਨੇ ਸ਼ੁਰੂ ਕਰ ਦਿੱਤੇ। ਪੁਸਤਕ ਅਨਮੋਲ ਰਤਨ ਡਾ. ਅੰਬੇਡਕਰਅਨੁਸਾਰ ਹਿੰਦੂ ਧਰਮ, ਗ੍ਰੰਥਾਂ ਵਿੱਚ ਅਜਿਹੀਆਂ ਗੱਲਾਂ ਲਿਖਕੇ ਅਛੂਤਾਂ ਨੂੰ ਦਬਾਉਣ ਲਈ ਵਿਉਂਤਬਧ ਤਰੀਕੇ ਨਾਲ ਵਰਤਿਆ। ਇਨ੍ਹਾਂ ਗ੍ਰੰਥਾਂ ਵਿੱਚ ਇਹ ਗੱਲਾਂ ਇਸ ਰੂਪ ਵਿੱਚ ਦਰਜ ਹਨ:

1. ਇਖਲਾਕ ਹੀਣ ਤੇ ਬਦਚਲਣ ਬ੍ਰਾਹਮਣ ਸਤਿਕਾਰ ਦਾ ਪਾਤਰ ਹੈ। ਸ਼ੂਦਰ ਦਾ ਇਖਲਾਕ ਭਾਵੇਂ ਉੱਚਾ ਭੀ ਹੋਵੇ ਫਿਰ ਭੀ ਉਹਨੂੰ ਆਦਰ ਦੇਣਾ ਠੀਕ ਨਹੀਂ।

2. ਮੂਰਖ ਤੇ ਅਨਪੜ੍ਹ ਬ੍ਰਾਹਮਣ ਵੱਡਾ ਦੇਵਤਾ ਹੈ।

3. ਜੇਕਰ ਬ੍ਰਾਹਮਣ ਚੋਰੀ ਦੇ ਜੁਰਮ ਵਿੱਚ ਰੰਗੇ ਹੱਥੀਂ ਫੜਿਆ ਜਾਵੇ ਤਾਂ ਵੀ ਉਸ ਨੂੰ ਕਿਸੇ ਕਿਸਮ ਦੀ ਸਜ਼ਾ ਦੇਣੀ ਉਚਿਤ ਨਹੀਂ।

4. ਸੰਸਾਰ ਦੀ ਸਾਰੀ ਸੰਪਤੀ ਦਾ ਮਾਲਕ ਕੇਵਲ ਬ੍ਰਾਹਮਣ ਹੈ।

5. ਸ਼ੂਦਰ ਨੂੰ ਇਹ ਅਧਿਕਾਰ ਨਹੀਂ ਕਿ ਉਹ ਬ੍ਰਾਹਮਣ, ਕਸ਼ੱਤਰੀ ਤੇ ਵੈਸ਼ ਜਾਤੀ ਦੇ ਵਿਅਕਤੀ ਨੂੰ ਕਠੋਰ ਕਹੇ। ਜੇ ਉਹ ਇਸ ਗੱਲ ਦੀ ਉਲੰਘਣਾ ਕਰੇ ਤਾਂ ਉਸ ਦੀ ਜੀਭ ਕੱਟ ਦੇਣੀ ਚਾਹੀਦੀ ਹੈ।

6. ਸ਼ੂਦਰ ਨਿਰਧਨ ਰਹੇ ਤਾਂ ਹੀ ਠੀਕ ਹੈ, ਜੇ ਉਹ ਧਨੀ ਹੋ ਗਿਆ ਤਾਂ ਉਹ ਉੱਚ ਜਾਤੀਆਂ ਦੇ ਹੱਥੋਂ ਨਿਕਲ ਜਾਵੇਗਾ ਅਤੇ ਬ੍ਰਾਹਮਣ ਨੂੰ ਦੁੱਖ ਦੇ ਸਕਦਾ ਹੈ।

7. ਸ਼ੂਦਰ ਦੀ ਬੁੱਧੀ ਨੂੰ ਅਵਿਕਸਿਤ ਰਹਿਣ ਦੇਣਾ ਚਾਹੀਦਾ ਹੈ। ਸ਼ੂਦਰ ਨੂੰ ਗਿਆਨ ਦੇਣ ਵਾਲਾ ਸਿੱਧਾ ਨਰਕਾਂ ਨੂੰ ਜਾਵੇਗਾ।

8. ਸ਼ੂਦਰਾਂ ਲਈ ਧਰਮ ਦੀ ਸਿਖਿਆ ਵਿਵਰਜਿਤ ਹੈ।

ਇਨ੍ਹਾਂ ਧਰਮ ਗ੍ਰੰਥਾਂ ਦੀ ਸਿਖਿਆ ਸਦਕਾ ਸ਼ੂਦਰਾਂ ਨੂੰ ਨੀਚ ਤਸੱਵਰ ਕੀਤਾ ਗਿਆ ਅਤੇ ਉਹਨਾਂ ਉੱਤੇ ਅਕਹਿ/ਅਸਹਿ ਜ਼ੁਲਮ ਢਾਹੇ ਗਏ। ਹਿੰਦੂ ਧਰਮ ਗ੍ਰੰਥਾਂ ਵਿੱਚ ਨ ਸਿਰਫ ਅਛੂਤਾਂ ਨੂੰ ਹੀ ਮਨੁੱਖੀ ਅਧਿਕਾਰਾਂ ਤੋਂ ਵਾਂਝਿਆਂ ਕਰਨ ਲਈ ਅਜਿਹੀਆਂ ਗੱਲਾਂ ਲਿਖੀਆਂ ਗਈਆਂ ਸਨ, ਇਨ੍ਹਾਂ ਧਾਰਮਿਕ ਗ੍ਰੰਥਾਂ ਵਿੱਚ ਔਰਤ ਦਾ ਵੀ ਬਹੁਤ ਨਿਰਾਦਰ ਕੀਤਾ ਗਿਆ ਹੈ। ਪਾਖਰ ਸਿੰਘ ਆਪਣੀ ਪੁਸਤਕ ਅਨਮੋਲ ਰਤਨ ਡਾ. ਅੰਬੇਡਕਰਵਿੱਚ ਇਸ ਤੱਥ ਨੂੰ ਬੜੀ ਜੁਅਰੱਤ ਨਾਲ ਉਭਾਰਦਾ ਹੈ: ਭਾਰਤ ਨੂੰ ਰਿਸ਼ੀਆਂ, ਮੁਨੀਆਂ, ਪੀਰਾਂ, ਫਕੀਰਾਂ, ਸੰਤਾਂ ਤੇ ਅਵਤਾਰਾਂ ਦਾ ਦੇਸ਼ ਕਿਹਾ ਜਾਂਦਾ ਹੈ। ਪ੍ਰੰਤੂ ਇਸ ਅਧਿਆਤਮਵਾਦੀ ਦੇਸ਼ ਵਿੱਚ ਜਿੰਨਾ ਨਿਰਾਦਰ ਇਸਤਰੀ ਦਾ ਕੀਤਾ ਗਿਆ ਸ਼ਾਇਦ ਹੀ ਦੁਨੀਆਂ ਦੇ ਕਿਸੇ ਦੇਸ਼ ਵਿੱਚ ਇਸਦੀ ਉਦਾਹਰਣ ਮਿਲਦੀ ਹੋਵੇ। ਇਸਤਰੀ ਜਾਤੀ ਨੂੰ ਕੇਵਲ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਸਮਝ ਕੇ ਉਸਨੂੰ ਦੁਰਕਾਰਿਆ ਤੇ ਤਿਰਸਕਾਰਿਆ ਜਾਂਦਾ ਰਿਹਾ...ਪੁਰਾਣਾਂ ਵਿੱਚ ਇਸਤ੍ਰੀ ਨੂੰ ਨਸ਼ੀਲੀ ਸ਼ਰਾਬ ਅਤੇ ਮਾਰੂ ਆਖਿਆ ਗਿਆ। ਤੁਲਸੀ ਦਾਸ ਇਸ ਨੂੰ ਅੱਧਾ ਅੰਮ੍ਰਿਤ ਤੇ ਅੱਧਾ ਜ਼ਹਿਰ ਆਖਦਾ ਹੈ। ਹੋਰ ਹਿੰਦੂ ਧਰਮ ਗ੍ਰੰਥਾਂ ਵਿੱਚ ਜਿਵੇਂ ਮਨੂ ਸਮ੍ਰਿਤੀ ਵਿੱਚ ਲਿਖਿਆ ਹੈ ਕਿ ਜੋ ਇਸਤ੍ਰੀ ਆਪਣੇ ਪਤੀ ਦੀ ਗੁਲਾਮਾਂ ਭਾਵ ਨੌਕਰਾਂ ਵਾਂਗ ਸੇਵਾ ਨਹੀਂ ਕਰਦੀ ਉਹ ਅਗਲੇ ਜਨਮ ਵਿੱਚ ਗਿੱਦੜੀ ਦੀ ਜੂਨ ਵਿਚ ਪਵੇਗੀ।

ਹਿੰਦੂ ਧਾਰਮਿਕ ਗ੍ਰੰਥਾਂ ਵਿੱਚ ਲਿਖੀਆਂ ਗਈਆ ਸਿਖਿਆਵਾਂ ਅਨੁਸਾਰ ਔਰਤ ਦੇ ਕੀਤੇ ਜਾਂਦੇ ਨਿਰਾਦਰ ਦੀਆਂ ਹੋਰ ਵੀ ਉਦਾਹਰਣਾਂ ਪੁਸਤਕ ਅਨਮੋਲ ਰਤਨ ਡਾ. ਅੰਬੇਡਕਰਵਿੱਚ ਪੇਸ਼ ਕੀਤੀਆਂ ਗਈਆਂ ਹਨ:

ਪਦਮ ਪੁਰਾਣ ਵਿੱਚ ਤਾਂ ਇਥੋਂ ਤੱਕ ਕਿਹਾ ਗਿਆ ਹੈ ਕਿ ਪਤੀ ਭਾਵੇਂ ਬਹੁਤ ਬੁੱਢਾ ਹੋਵੇ, ਕਰੂਪ, ਲੰਗੜਾ, ਲੂਲਾ, ਕੋਹੜੀ, ਡਾਕੂ, ਚੋਰ, ਸ਼ਰਾਬੀ, ਜੂਏਬਾਜ਼ ਜਾਂ ਰੰਡੀਬਾਜ਼ ਹੋਵੇ, ਸ਼ਰੇਆਮ ਪਾਪ ਕਰਦਾ ਫਿਰੇ ਫਿਰ ਵੀ ਉਸ ਨੂੰ ਪ੍ਰਮਾਤਮਾ ਵਾਂਗ ਪੂਜਣਾ ਚਾਹੀਦਾ ਹੈ, ਕਿਉਂ ਜੋ ਪਤੀ ਪ੍ਰਮੇਸ਼ਰ ਹੈ...ਪਤਨੀ ਭਾਵੇਂ ਕਿੰਨੀ ਸੋਹਣੀ, ਸੁੰਦਰ, ਸੁਸ਼ੀਲ ਤੇ ਜਤ ਸੱਤ ਵਾਲੀ ਹੋਵੇ ਫਿਰ ਵੀ ਘ੍ਰਿਣਾ ਦੀ ਪਾਤਰ ਹੈ...ਦੱਖਣੀ ਭਾਰਤ ਵਿੱਚ ਜੁਆਨ ਲੜਕੀਆਂ ਨੂੰ ਮੰਦਰ ਦੇ ਪੁਜਾਰੀਆਂ ਦੀ ਹਵਸ ਲਈ ਦੇਵ ਦਾਸੀ ਦੇ ਤੌਰ ਤੇ ਪੇਸ਼ ਕਰਨਾ ਇੱਕ ਚੰਗਾ ਸ਼ਗਨ ਮੰਨਿਆਂ ਜਾਦਾ ਸੀ...ਹਿੰਦੂ ਧਰਮ ਗ੍ਰੰਥਾਂ ਅਨੁਸਾਰ ਇਸਤ੍ਰੀ ਮਰਦ ਦੀ ਹਰ ਤਰ੍ਹਾਂ ਗੁਲਾਮ - ਬਚਪਨ ਵਿੱਚ ਪਿਤਾ ਦੀ, ਜੁਆਨੀ ਵਿੱਚ ਪਤੀ ਦੀ ਤੇ ਬੁਢਾਪੇ ਵਿੱਚ ਪੁੱਤਰਾਂ ਦੀ ਗੁਲਾਮ ਮੰਨਿਆਂ ਗਿਆ ਹੈ।

ਪਾਖਰ ਸਿੰਘ ਦੀ ਪੁਸਤਕ ਇਸ ਗੱਲ ਬਾਰੇ ਵੀ ਚਾਨਣਾ ਪਾਉਂਦੀ ਹੈ ਕਿ ਸਿੱਖ ਧਰਮ ਅਤੇ ਮੁਸਲਿਮ ਧਰਮ ਵਿੱਚ ਵੀ ਹਿੰਦੂ ਧਰਮ ਵਾਂਗ ਹੀ ਜ਼ਾਤ ਪਾਤ ਦੇ ਵਿਖਰੇਂਵੇਂ ਕਾਇਮ ਹਨ. ਸਿੱਖ ਧਰਮ ਵਿੱਚ ਭਾਵੇਂ ਕਿ ਜਾਤੀ ਆਧਾਰਤ ਸਮਾਜਿਕ ਵੰਡ ਲਈ ਕੋਈ ਥਾਂ ਨਹੀਂ; ਪਰ ਸਿੱਖ ਧਰਮ ਦੇ ਪੈਰੋਕਾਰਾਂ ਵਿੱਚ ਵੀ ਹਿੰਦੂ ਧਰਮ ਦੇ ਅਸਰ ਹੇਠ ਜਾਤੀ ਆਧਾਰਤ ਵੰਡ ਦਾ ਅਸਰ ਆਮ ਦੇਖਿਆ ਜਾ ਸਕਦਾ ਹੈ। ਸਿੱਖ ਧਰਮ ਵਿੱਚ ਵੀ ਬ੍ਰਾਹਮਣਵਾਦ ਦਾ ਅਸਰ ਆਪਣੀਆਂ ਡੂੰਘੀਆਂ ਜੜ੍ਹਾਂ ਬਣਾ ਚੁੱਕਾ ਹੈ। ਸਿੱਖ ਧਰਮ ਦੇ ਮੁੱਢਲੇ ਅਸੂਲਾਂ ਅਨੁਸਾਰ ਸਿੱਖ ਧਰਮ ਨੂੰ ਮੰਨਣ ਵਾਲਾ ਹਰ ਵਿਅਕਤੀ ਬਰਾਬਰ ਹੈ ਅਤੇ ਔਰਤ ਅਤੇ ਮਰਦ ਵਿੱਚ ਵੀ ਸਮਾਨਤਾ ਮੰਨੀ ਗਈ ਹੈ; ਪਰ ਅਜਿਹੀਆਂ ਉਦਾਹਰਣਾਂ ਆਮ ਮਿਲ ਜਾਦੀਆਂ ਹਨ ਕਿ ਸਿੱਖ ਧਾਰਮਿਕ ਅਦਾਰਿਆਂ ਉੱਤੇ ਕਾਬਜ਼ ਹੋ ਚੁੱਕੇ ਬ੍ਰਾਹਮਣਵਾਦੀ ਸਿੱਖ ਧਰਮ ਦੇ ਮੁੱਢਲੇ ਅਸੂਲਾਂ ਦੀ ਹੀ ਉਲੰਘਣਾ ਕਰਕੇ ਨਾ ਸਿਰਫ਼ ਸਿੱਖ ਧਰਮ ਵਿੱਚ ਜ਼ਾਤ ਪਾਤ ਦੇ ਆਧਾਰ ਉੱਤੇ ਵੰਡੀਆਂ ਪਾ ਰਹੇ ਹਨ ਬਲਕਿ ਔਰਤ ਦਾ ਵੀ ਘੋਰ ਨਿਰਾਦਰ ਕਰ ਰਹੇ ਹਨ। ਪਾਖਰ ਸਿੰਘ ਆਪਣੀ ਪੁਸਤਕ ਅਨਮੋਲ ਰਤਨ ਡਾ. ਅੰਬੇਡਕਰਵਿੱਚ ਲਿਖਦਾ ਹੈ:

ਬਿਨਾਂ ਸ਼ੱਕ ਸਿੱਖ ਧਰਮ ਅਗਰਗਾਮੀ ਮੱਤ ਹੈ ਤੇ ਇਸ ਵਿੱਚ ਊਚ ਨੀਚ ਤੇ ਛੋਟੇ ਵੱਡੇ ਦੀ ਭਾਵਨਾ ਨਹੀਂ ਹੈ। ਸਿੱਖ ਗੁਰੂਆਂ ਨੇ ਜ਼ਾਤ ਪਾਤ ਨੂੰ ਖ਼ਤਮ ਕਰਨ ਲਈ ਸਿਰ ਤੋੜ ਯਤਨ ਕੀਤੇ. ਪ੍ਰੰਤੂ ਸਿੱਖ ਭਾਈਚਾਰੇ ਵਿੱਚ ਅਜੋਕੇ ਸਮੇਂ ਵਿੱਚ ਭੀ ਜ਼ਾਤ ਪਾਤ ਦੇ ਕੀਟਾਣੂੰ ਮੌਜੂਦ ਹਨ...ਵਿਆਹ ਸ਼ਾਦੀਆਂ ਵੀ ਆਪਣੀ ਜ਼ਾਤ ਪਾਤ ਜਾਂ ਗੌਤ ਦੇ ਭਾਈਚਾਰੇ ਵਿੱਚ ਕਰਦੇ ਹਨ...ਮਜ਼ਬੀ ਸਿੱਖ, ਰਾਮਦਾਸੀਆ ਸਿੱਖ, ਕਬੀਰ ਪੰਥੀ ਸਿੱਖ ਤੇ ਸਿਕਲੀਗਰ ਸਿੱਖਾਂ ਨੂੰ ਚੌਥੇ ਪਾੜੇ ਦੇ ਸਿੱਖ ਜਾਂ ਸ਼ੂਦਰ ਮੰਨ ਕੇ ਰਿਸ਼ਤੇ ਨਾਤੇ ਦੀ ਕੋਈ ਸਾਂਝ ਨਹੀਂ ਰੱਖਦੇ. ਭਾਵੇਂ ਗੁਰਦੁਆਰਿਆਂ ਵਿਚ ਸ਼ੂਦਰਾਂ ਦੇ ਦਾਖਲੇ ਤੇ ਕੋਈ ਰੋਕ ਟੋਕ ਨਹੀਂ - ਲੰਗਰ ਵੀ ਇਕੱਠਾ ਬਾਕੀ ਸੰਗਤ ਨਾਲ ਛਕਾਇਆ ਜਾਂਦਾ ਹੈ. ਪ੍ਰੰਤੂ ਸਿੱਖ ਦਰਸ਼ਨ ਦੇ ਵਿਪਰੀਤ ਰਿਸ਼ਤੇ ਨਾਤਿਆਂ ਦੀ ਕੋਈ ਸਾਂਝ ਨਹੀਂ...ਹੋਰ ਤਾਂ ਹੋਰ ਕਈ ਪਿੰਡਾਂ ਵਿੱਚ ਸ਼ਮਸ਼ਾਨ ਭੂਮੀਆਂ ਵੀ ਵੱਖੋ ਵੱਖਰੀਆਂ ਹਨ...ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰਦੁਆਰਿਆਂ ਵਿੱਚ ਅਰਦਾਸ ਸਮੇਂ ਸਰਬੱਤ ਦੇ ਭਲੇਦੇ ਨਾਹਰੇ ਗੂੰਜਦੇ ਹਨ। ਪ੍ਰੰਤੂ ਪ੍ਰੈਕਟੀਕਲ ਤੌਰ ਤੇ ਇਹ ਨਾਹਰੇ ਅਰਥਹੀਣ ਹਨ...ਸਿੱਖ ਜ਼ਾਤਾਂ, ਗੌਤਾਂ ਦੇ ਚੱਕਰ ਵਿੱਚ ਬੁਰੀ ਤਰ੍ਹਾਂ ਫਸੇ ਪਏ ਹਨ। ਬ੍ਰਾਹਮਣੀ ਸੋਚ ਅਨੁਸਾਰ ਮਜ਼ਬੀ ਸਿੱਖ, ਰਾਮਦਾਸੀਆਂ ਸਿੱਖ, ਰਾਮਗੜ੍ਹੀਆ ਸਿੱਖ, ਜੱਟ ਸਿੱਖ, ਨਾਨਕ ਸਰੀਏ, ਰਾੜੇਵਾਲਾ ਆਦਿਕ ਡੇਰਿਆਂ ਦੇ ਸਿੱਖ ਅਖਵਾ ਕੇ ਸਿੱਖੀ ਸਿਧਾਤਾਂ ਨੂੰ ਲੀਰੋ-ਲੀਰ ਕੀਤਾ ਹੋਇਆ ਹੈ।

ਜ਼ਾਤ ਪਾਤ ਦੇ ਕੀਟਾਣੂੰਆਂ ਦੀ ਗੱਲ ਕਰਦੀ ਹੋਈ ਪਾਖਰ ਸਿੰਘ ਦੀ ਪੁਸਤਕ ਇਹ ਕਹਿੰਦੀ ਹੈ ਕਿ ਇਸਲਾਮ ਧਰਮ ਵਿੱਚ ਸੰਸਾਰ ਦੇ ਸਭ ਧਰਮਾਂ ਨਾਲੋਂ ਵਧੇਰੇ ਸਮਾਜਿਕ ਸਮਾਨਤਾ ਹੈ, ਪਰ ਭਾਰਤ ਵਿੱਚ ਆ ਕੇ ਇਹ ਧਰਮ ਵੀ ਹਿੰਦੂ, ਸਿੱਖ ਅਤੇ ਈਸਾਈ ਧਰਮ ਵਾਂਗ ਜ਼ਾਤ ਪਾਤ ਵਿੱਚ ਵੰਡਿਆ ਗਿਆ:

ਮੁਸਲਮਾਨ ਧਰਮ ਵਿੱਚ ਵੀ ਪਠਾਨ, ਸ਼ੇਖ, ਸਯਦ, ਰਾਜਪੂਤ ਅਤੇ ਕਾਜ਼ੀ ਮੁਸਲਮਾਨ, ਮੋਚੀ, ਜੁਲਾਹੇ, ਧੋਬੀ ਅਤੇ ਨਾਈ ਨਾਲੋਂ ਆਪਣੇ ਆਪਨੂੰ ਉੱਚ ਜਾਤੀਏ ਦਰਸਾਉਣ ਲੱਗੇ ਅਤੇ ਉਹਨਾਂ ਨੇ ਵਿਆਹ-ਸ਼ਾਦੀਆਂ ਦੇ ਮੁਆਮਲੇ ਵਿੱਚ ਅਛੂਤਾਂ ਤੋਂ ਬਣੇ ਮੁਸਲਮਾਨਾਂ ਨਾਲ ਸਾਂਝ ਨਹੀਂ ਪਾਈ। ਭਾਵੇਂ ਕੁਰਾਨ ਮਨੁੱਖੀ ਬਰਾਬਰੀ ਦਾ ਪੈਗ਼ਾਮ ਦਿੰਦਾ ਹੈ।

ਪਾਖਰ ਸਿੰਘ ਦੀ ਪੁਸਤਕ ਅਨਮੋਲ ਰਤਨ ਡਾ. ਅੰਬੇਡਕਰਮੂਲ ਰੂਪ ਵਿੱਚ ਭਾਰਤ ਵਿੱਚ ਜੰਮੇ ਪਲੇ ਡਾ. ਭੀਮ ਰਾਓ ਅੰਬੇਡਕਰ ਦੀ ਜਿ਼ੰਦਗੀ ਅਤੇ ਉਸ ਦੀਆਂ ਪ੍ਰਾਪਤੀਆਂ ਦੀ ਗੱਲ ਕਰਦੀ ਹੈ। ਡਾ. ਅੰਬੇਡਕਰ ਨੇ ਉਮਰ ਭਰ ਭਾਰਤੀ ਸਮਾਜ ਵਿੱਚ ਦੁਰਕਾਰੇ ਗਏ ਅਛੂਤਲੋਕਾਂ ਦੀ ਜ਼ਿੰਦਗੀ ਨੂੰ ਬੇਹਤਰ ਬਨਾਉਣ ਅਤੇ ਹਿੰਦੂ ਧਾਰਮਿਕ ਗ੍ਰੰਥਾਂ ਦੀ ਮੱਦਦ ਸਦਕਾ ਰਚੀ ਗਈ ਸਾਜ਼ਿਸ਼ ਅਧੀਨ ਅਛੂਤਲੋਕਾਂ ਦੇ ਖੋਹੇ ਗਏ ਮਾਨਵ ਅਧਿਕਾਰਾਂ ਨੂੰ ਵਾਪਿਸ ਦੁਆਉਣ ਅਤੇ ਲੋਕਾਂ ਵਿੱਚ ਜਾਗ੍ਰਿਤੀ ਪੈਦਾ ਕਰਨ ਲਈ ਕ੍ਰਾਂਤੀਕਾਰੀ ਕੰਮ ਕੀਤਾ। ਡਾ. ਅੰਬੇਡਕਰ ਵੱਲੋਂ ਦਲਿਤ ਲੋਕਾਂ ਦੀ ਬੇਹਤਰੀ ਲਈ ਕੀਤੇ ਗਏ ਕੰਮ ਨੂੰ ਦਲਿਤ ਸਭਿਆਚਾਰਕ ਕ੍ਰਾਂਤੀਕਹਿਣਾ ਵਧੇਰੇ ਯੋਗ ਹੋਵੇਗਾ। ਡਾ. ਅੰਬੇਡਕਰ ਨੇ ਸਿਰਫ ਦਲਿਤ ਲੋਕਾਂ ਨੂੰ ਉਨ੍ਹਾਂ ਦੇ ਖੁੱਸ ਚੁੱਕੇ ਮਾਨਵ ਅਧਿਕਾਰ ਮੁੜ ਦੁਆਉਣ ਲਈ ਹੀ ਕ੍ਰਾਂਤੀਕਾਰੀ ਕੰਮ ਕੀਤਾ; ਉਸਨੇ ਔਰਤ ਦੇ ਹੁੰਦੇ ਨਿਰਾਦਰ ਵਿਰੁੱਧ ਵੀ ਜ਼ੋਰਦਾਰ ਆਵਾਜ਼ ਉਠਾਈ। ਔਰਤ ਦਾ ਨਿਰਾਦਰ ਕਰਨ ਲੱਗਿਆਂ ਤਾਂ ਪੰਜਾਬੀ ਦੇ ਨਾਮਵਰ ਸ਼ਾਇਰ ਵਾਰਸ ਸ਼ਾਹ ਨੇ ਵੀ ਕੋਈ ਕਸਰ ਨਹੀਂ ਛੱਡੀ:

ਵਾਰਸ ਰੰਨ, ਫਕੀਰ, ਤਲਵਾਰ, ਘੋੜਾ

ਚਾਰੇ ਥੋਕ ਇਹ ਕਿਸੇ ਦੇ ਯਾਰ ਨਾਹੀਂ

ਪੰਜਾਬੀ ਸਾਹਿਤ ਵਿੱਚ ਤਾਂ ਭੱਠ ਰੰਨਾਂ ਦੀ ਦੋਸਤੀ ਖੁਰੀਂ ਜਿਹਨਾਂ ਦੀ ਮੱਤਕਹਿਕੇ ਔਰਤ ਦਾ ਘੋਰ ਨਿਰਾਦਰ ਕੀਤਾ ਗਿਆ ਹੈ। ਭਾਰਤ ਦੇ ਨਾਮਵਰ ਹਿੰਦੀ ਸ਼ਾਇਰ ਸਵਾਮੀ ਤੁਲਸੀ ਦਾਸ ਨੇ ਇਸਤ੍ਰੀ ਨੂੰ ਗਵਾਰ, ਸ਼ੂਦਰ ਤੇ ਇਸਤ੍ਰੀ ਨੂੰ ਪਸ਼ੂ ਬਰਾਬਰ ਮੰਨ ਕੇ ਉਸ ਨੂੰ ਤਾੜਨ ਦਾ ਪ੍ਰਚਾਰ ਕੀਤਾ ਹੈ:

ਢੋਲ ਗਵਾਰ ਸ਼ੂਦਰ ਪਸ਼ੂ ਨਾਰੀ

ਪਾਂਚੋ ਤਾੜਨ ਕੇ ਅਧਿਕਾਰੀ

ਭਾਰਤੀ ਸਮਾਜ ਵਿੱਚ ਸਭ ਤੋਂ ਘਿਣਾਉਣੀ, ਨਿੰਦਣਯੋਗ ਅਤੇ ਔਰਤ ਉੱਤੇ ਅਤਿਆਚਾਰ ਕਰਨ ਦੀ ਮਿਸਾਲ ਸਤੀ ਦੀ ਰਸਮ ਸੀ. ਭਾਰਤੀ ਸਭਿਆਚਾਰ ਦੇ ਮੱਥੇ ਉੱਤੇ ਲੱਗੇ ਇਸ ਕਲੰਕ ਬਾਰੇ ਪਾਖਰ ਸਿੰਘ ਅਨਮੋਲ ਰਤਨ ਡਾ. ਅੰਬੇਡਕਰਪੁਸਤਕ ਵਿੱਚ ਲਿਖਦਾ ਹੈ:

ਧਾਰਮਿਕ ਦ੍ਰਿਸ਼ਟੀਕੋਣ ਤੋਂ ਇਹ ਦਰਸਾਇਆ ਜਾਂਦਾ ਸੀ ਕਿ ਪਤੀ ਦੀ ਮੌਤ ਤੇ ਜੇ ਇਸਤ੍ਰੀ ਉਸਦੀ ਚਿਖਾ ਵਿਚ ਸੜ ਕੇ ਮਰ ਜਾਵੇ ਇਹ ਉੱਤਮ ਕਾਰਜ ਹੈ। ਪਤੀ ਦੀ ਜਲਦੀ ਹੋਈ ਚਿਖਾ ਵਿਚ ਸੜਣ ਵਾਲੀ ਇਸਤ੍ਰੀ ਯੁਗਾਂ ਯੁਗਾਂਤਰਾਂ ਤੀਕ ਸਵਰਗਾਂ ਵਿੱਚ ਵਾਸਾ ਕਰੇਗੀ ਅਤੇ ਆਉਣ ਵਾਲੇ ਹਜ਼ਾਰਾਂ ਜਨਮਾਂ ਵਿਚ ਆਪਣੇ ਪਤੀ ਦੀ ਪਤਨੀ ਬਣੀ ਰਹੇਗੀ ਤੇ ਕਿਸੇ ਜਨਮ ਵਿਚ ਵਿਧਵਾ ਨਹੀਂ ਹੋਵੇਗੀ। ਹਿੰਦੂ ਸਮਾਜ ਦੇ ਦ੍ਰਿਸ਼ਟੀਕੋਣ ਅਨੁਸਾਰ ਜੇ ਕਿਸੇ ਕਾਰਨ ਉਹ ਪਤੀ ਦੀ ਚਿਖਾ ਵਿਚ ਸੜ ਕੇ ਨਾ ਮਰੇ ਤਾਂ ਉਸ ਦਾ ਧਰਮ ਹੈ ਕਿ ਉਹ ਸਿਰ ਦੇ ਵਾਲ ਕਟਾ ਲਵੇ, ਸਦਾ ਗੰਦੇ ਕੱਪੜੇ ਪਹਿਣੇ, ਜ਼ਮੀਨ ਉੱਪਰ ਸੌਂਵੇ, ਬਚੇ ਹੋਏ ਭੋਜਨ ਤੇ ਨਿਰਵਾਹ ਕਰੇ ਤੇ ਕਿਸੇ ਖੁਸ਼ੀ ਭਰਪੂਰ ਸਮਾਗਮ ਵਿੱਚ ਸ਼ਮੂਲੀਅਤ ਨਾ ਕਰੇ ਤੇ ਨਾ ਆਪਣਾ ਮੂੰਹ ਦਿਖਾਵੇ...ਦੂਜੇ ਪਾਸੇ ਹਿੰਦੂ ਧਰਮ ਸ਼ਾਸਤਰਾਂ ਦਾ ਫੁਰਮਾਣ ਹੈ ਕਿ ਜੇ ਕਿਸੇ ਹਿੰਦੂ ਪੁਰਸ਼ ਦੀ ਪਤਨੀ ਦੀ ਮੌਤ ਹੋ ਜਾਵੇ ਤਾਂ ਉਸਦਾ ਪਤੀ ਉਸਦੇ ਸੰਸਕਾਰ ਮਗਰੋਂ ਇਸ਼ਨਾਨ ਕਰਕੇ ਆਪਣੀ ਗਿੱਲੀ ਧੋਤੀ ਨੂੰ ਨਿਚੋੜਣ ਤੋਂ ਪਹਿਲਾਂ ਦੂਜੀ ਸ਼ਾਦੀ ਕਰਨ ਲਈ ਕਿਸੇ ਆਦਮੀ ਨੂੰ ਇਹ ਬਚਨ ਦੇਵੇ ਕਿ ਉਹ ਉਸਦੀ ਭੈਣ ਜਾਂ ਲੜਕੀ ਨਾਲ ਸ਼ਾਦੀ ਕਰ ਲਵੇਗਾ। ਇਹ ਬੜਾ ਪੁੰਨ ਦਾ ਕਾਰਜ ਹੈ. ਕਿੰਨਾ ਵਿਤਕਰਾ? ਬਲਿਹਾਰੇ ਜਾਈਏ ਇਸ ਹਿੰਦੂ ਫਿਲਾਸਫੀ ਦੇ, ਕਿੰਨਾ ਘੋਰ ਅਨਿਆਂ ਹੈ ਇਸਤਰੀ ਜਾਤੀ ਨਾਲ.।ਕੋਈ ਦਲੀਲ ਜਾ ਤਰਕ ਨਹੀਂ ਇਹਨਾਂ ਗੱਲਾਂ ਵਿਚ।

ਭਾਰਤੀ ਸਮਾਜ ਵਿੱਚ ਔਰਤ ਦੇ ਹੁੰਦੇ ਨਿਰਾਦਰ ਵਿਰੁੱਧ ਡਾ. ਅੰਬੇਡਕਰ ਨੇ ਜਿਸ ਤਰ੍ਹਾਂ ਦੀ ਸ਼ਕਤੀਸ਼ਾਲੀ ਆਵਾਜ਼ ਉਠਾਈ ਉਸ ਦਾ ਅੰਦਾਜ਼ਾ ਡਾ. ਅੰਬੇਡਕਰ ਦੇ ਇਨ੍ਹਾਂ ਸ਼ਬਦਾਂ ਤੋਂ ਹੀ ਲਗਾਇਆ ਜਾ ਸਕਦਾ ਹੈ:

ਪੁਰਾਤਨ ਸਮੇਂ ਤੋਂ ਹੀ ਔਰਤਾਂ ਨਾਲ ਧੱਕੇਸ਼ਾਹੀ ਤੇ ਅਤਿਆਚਾਰ ਹੁੰਦਾ ਆਇਆ ਹੈ...ਹਿੰਦੂ ਅਜੇ ਵੀ ਵੇਦਾਂ, ਸਾਸ਼ਤਰਾਂ ਦੇ ਕਾਨੂੰਨ ਨੂੰ ਦੇਵਤਿਆਂ ਤੇ ਰੱਬ ਦਾ ਬਣਾਇਆ ਹੋਇਆ ਮੰਨਦੇ ਹਨ। ਵੇਦਾਂ ਅਤੇ ਸ਼ਾਸਤਰਾਂ ਦੇ ਕਾਨੂੰਨਾਂ ਨੂੰ ਸਮਾਪਤ ਕਰਨਾ ਹੋਵੇਗਾ...ਔਰਤਾਂ ਨੂੰ ਇਹਨਾਂ ਧਰਮ ਗ੍ਰੰਥਾਂ ਵਿਰੁੱਧ ਆਵਾਜ਼ ਉਠਾਉਣੀ ਪਵੇਗੀ ਜਿਹਨਾਂ ਵਿੱਚ ਔਰਤਾਂ ਨੂੰ ਘਟੀਆ ਤੇ ਜ਼ਲੀਲ ਕਰਨ ਦੀਆਂ ਗੱਲਾਂ ਕਹੀਆਂ ਗਈਆਂ ਹਨ।

ਡਾ. ਅੰਬੇਡਕਰ ਜਿੱਥੇ ਗਿਆਨਵਾਨ ਅਤੇ ਸੰਵੇਦਨਸ਼ੀਲ ਸੀ। ਉੱਥੇ ਹੀ ਉਹ ਤਰਕਸ਼ੀਲ ਵੀ ਸੀ। ਉਸਨੇ ਦਲਿਤ ਲੋਕਾਂ ਨੂੰ ਆਪਣਾ ਗਵਾਚਿਆ ਹੋਇਆ ਸਵੈਮਾਣ ਵਾਪਿਸ ਲੈਣ ਲਈ ਨ ਸਿਰਫ਼ ਉਨ੍ਹਾਂ ਦੇ ਮਾਨਵੀ ਅਧਿਕਾਰਾਂ ਬਾਰੇ ਗਿਆਨਵਾਨ ਬਣਾਇਆ; ਬਲਕਿ ਉਸਨੇ ਉਨ੍ਹਾਂ ਨੂੰ ਤਰਕਸ਼ੀਲ ਢੰਗ ਵਰਤਕੇ ਜੱਥੇਬੰਦ ਵੀ ਕੀਤਾ ਤਾਂ ਜੁ ਉਹ ਸਮਾਜ ਦੀ ਉਪਰਲੀ ਪੌੜੀ ਉੱਤੇ ਬੈਠੀ ਸ਼ਕਤੀਸ਼ਾਲੀ ਬ੍ਰਾਹਮਣ ਜੁੰਡਲੀ ਦੀ ਸੋਚ ਨੂੰ ਨਾ ਸਿਰਫ਼ ਚੁਣੌਤੀ ਹੀ ਦੇ ਸਕਣ ਬਲਕਿ ਉਨ੍ਹਾਂ ਨੂੰ ਇਸ ਸੋਚ ਵਿੱਚ ਤਬਦੀਲੀ ਕਰਨ ਲਈ ਵੀ ਮਜਬੂਰ ਕਰ ਸਕਣ। ਇਸ ਦੀ ਇੱਕ ਉਦਾਹਰਣ ਪਾਖਰ ਸਿੰਘ ਇਸ ਤਰ੍ਹਾਂ ਪੇਸ਼ ਕਰਦਾ ਹੈ:

ਡਾਕਟਰ ਬੀ.ਆਰ. ਅੰਬੇਡਕਰ ਦੀ ਪ੍ਰੇਰਨਾ ਕਾਰਨ ਅਛੂਤ ਮਰੀਆਂ ਗਊਆਂ ਤੇ ਮੱਝਾਂ ਦੀਆਂ ਲਾਸ਼ਾਂ ਚੁੱਕਣੋਂ ਹੱਟ ਗਏ ਸਨ। ਹਿੰਦੂ ਇਸ ਗੱਲੋਂ ਬਹੁਤ ਨਾਰਾਜ਼ ਹੋਏ ਤਾਂ ਡਾ. ਅੰਬੇਡਕਰ ਨੇ ਬਾ-ਦਲੀਲ ਉੱਤਰ ਦਿੱਤਾ - ਤੁਸੀਂ ਮੱਝਾਂ ਤੇ ਗਊਆਂ ਦਾ ਦੁੱਧ ਪੀਂਦੇ ਹੋ ਤੇ ਜਦੋਂ ਉਹ ਮਰ ਜਾਂਦੀਆਂ ਹਨ ਤਾਂ ਅਸੀਂ ਉਨ੍ਹਾਂ ਦੀਆਂ ਲਾਸ਼ਾਂ ਕਿਉਂ ਉਠਾਈਏ? ਜਦ ਤੁਸੀਂ ਆਪਣੀਆਂ ਮਾਵਾਂ ਦੀਆਂ ਲਾਸ਼ਾਂ ਆਪ ਸ਼ਮਸ਼ਾਨ ਭੂਮੀ ਚੁੱਕ ਕੇ ਲਿਜਾਂਦੇ ਹੋ ਤਾਂ ਗਊ ਮਾਤਾਵਾਂ ਦੀਆਂ ਲਾਸ਼ਾਂ ਆਪ ਕਿਉਂ ਨਹੀਂ ਚੁੱਕਦੇ? ਹਾਂ, ਜੇ ਤੁਸੀਂ ਆਪਣੀਆਂ ਮਾਵਾਂ ਦੀਆਂ ਲਾਸ਼ਾਂ ਸਾਨੂੰ ਚੁੱਕਣ ਲਈ ਕਹੋਗੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ; ਫਿਰ ਅਸੀਂ ਤੁਹਾਡੀਆਂ ਮੱਝਾਂ ਤੇ ਗਊਆਂ ਦੀਆਂ ਲਾਸ਼ਾਂ ਖੁਸ਼ੀ ਖੁਸ਼ੀ ਚੁੱਕ ਕੇ ਲੈ ਜਾਣ ਲਈ ਤਿਆਰ ਹਾਂ।

ਡਾ. ਅੰਬੇਡਕਰ ਵੱਲੋਂ ਛੇੜੀ ਗਈ ਦਲਿਤ ਕ੍ਰਾਂਤੀਕਾਰੀ ਲਹਿਰ ਦਾ ਮੁੱਖ ਨਿਸ਼ਾਨਾ ਸਮਾਜਿਕ, ਧਾਰਮਿਕ ਅਤੇ ਆਰਥਿਕ ਖੇਤਰ ਦੇ ਸਾਰੇ ਹੱਕ ਹਾਸਿਲ ਕਰਨ ਦਾ ਸੀ. ਉਹ ਚਾਹੁੰਦਾ ਸੀ ਕਿ ਜਾਤੀਵਾਦ ਦੇ ਫੌਲਾਦੀ ਸ਼ਿਕੰਜੇ ਨੂੰ ਤੋੜ ਕੇ ਤਹਿਸ ਨਹਿਸ ਕਰ ਦਿੱਤਾ ਜਾਵੇ।

ਅੰਗ੍ਰੇਜ਼ਾਂ ਤੋਂ ਭਾਰਤ ਨੂੰ ਆਜ਼ਾਦੀ ਮਿਲਣ ਉਪ੍ਰੰਤ ਡਾ. ਅੰਬੇਡਕਰ ਨੂੰ ਭਾਰਤ ਦਾ ਪਹਿਲਾ ਕਾਨੂੰਨ ਮੰਤਰੀ ਬਣਾਇਆ ਗਿਆ. ਇਸ ਦੇ ਨਾਲ ਹੀ ਡਾ. ਭੀਮ ਰਾਓ ਅੰਬੇਡਕਰ ਨੂੰ ਆਜ਼ਾਦ ਭਾਰਤ ਦਾ ਸੰਵਿਧਾਨ ਬਨਾਉਣ ਵਾਲੀ ਕਮੇਟੀ ਦਾ ਮੈਂਬਰ ਬਣਾ ਕੇ ਇਸ ਕਮੇਟੀ ਦੀ ਮੁੱਖ ਜਿੰਮੇਵਾਰੀ ਸੌਂਪੀ ਗਈ ਸੀ। ਇਸ ਕਮੇਟੀ ਵੱਲੋਂ ਬਣਾਏ ਗਏ ਭਾਰਤ ਦੇ ਸੰਵਿਧਾਨ ਵਿੱਚ ਛੂਤ ਛਾਤ ਦਾ ਖਾਤਮਾ, ਸਮਾਨਤਾ ਦਾ ਅਧਿਕਾਰ, ਸ਼ੌਸ਼ਣ ਵਿਰੁੱਧ ਅਧਿਕਾਰ ਅਤੇ ਸਰਬ ਵਿਆਪੀ ਬਾਲਗ ਵੋਟ ਅਧਿਕਾਰ ਦਿੱਤੇ ਜਾਣ ਕਾਰਨ ਦਲਿਤਲੋਕ ਵੀ ਭਾਰਤੀ ਸਮਾਜ ਵਿੱਚ ਸਮਾਜਿਕ, ਸਭਿਆਚਾਰਕ ਅਤੇ ਧਾਰਮਿਕ ਪੱਧਰ ਉੱਤੇ ਸਮਾਨਤਾ ਦੇ ਹੱਕਦਾਰ ਬਣ ਗਏ ਸਨ; ਪਰ ਡਾ. ਅੰਬੇਡਕਰ ਨੂੰ ਇਸ ਗੱਲ ਦਾ ਵੀ ਪੂਰਨ ਅਹਿਸਾਸ ਸੀ ਕਿ ਭਾਰਤੀ ਮੂਲ ਦੇ ਲੋਕਾਂ ਦੀ ਮਾਨਸਿਕਤਾ ਵਿੱਚ ਦਲਿਤ ਲੋਕਾਂ ਪ੍ਰਤੀ ਜੋ ਸਦੀਆਂ ਤੋਂ ਨਫ਼ਰਤ ਚਲੀ ਆ ਰਹੀ ਹੈ ਉਹ ਇੱਕ ਦਿਨ ਵਿੱਚ ਖ਼ਤਮ ਹੋ ਜਾਣ ਵਾਲੀ ਨਹੀਂ। ਸ਼ਾਇਦ ਤਾਂ ਹੀ ਡਾ. ਅੰਬੇਡਕਰ ਨੇ ਕਿਹਾ ਸੀ:

ਸਾਡਾ ਸੰਵਿਧਾਨ ਕਾਗਜ਼ੀ ਰੂਪ ਵਿੱਚ ਤਾਂ ਛੂਤ-ਛਾਤ ਨੂੰ ਖਤਮ ਕਰ ਦੇਵੇਗਾ; ਪ੍ਰੰਤੂ ਬੀਮਾਰੀ ਦੇ ਕੀਟਾਣੂੰਆਂ ਦੀ ਤਰ੍ਹਾਂ ਇਹ ਘੱਟ ਤੋਂ ਘੱਟ ਸੌ ਸਾਲ ਭਾਰਤ ਵਿੱਚ ਬਰਕਰਾਰ ਰਹੇਗਾ। ਕਿਉਂਕਿ ਇਸ ਦੀਆਂ ਜੜ੍ਹਾਂ ਲੋਕਾਂ ਦੇ ਮਨਾਂ ਅੰਦਰ ਬਹੁਤ ਡੂੰਘੀਆਂ ਜਾ ਚੁੱਕੀਆਂ ਹਨ. ਕੇਵਲ ਮੰਦਰਾਂ ਵਿੱਚ ਦਾਖਲ ਹੋਣ ਨਾਲ ਛੂਤ-ਛਾਤ ਦਾ ਖਾਤਮਾ ਸੰਭਵ ਨਹੀਂ। ਪੁਲਸ, ਫੌਜ, ਅਦਾਲਤਾਂ, ਸਰਕਾਰੀ ਅਦਾਰਿਆਂ ਤੇ ਵਪਾਰ ਵਿੱਚ ਵਧੇਰੇ ਮੌਕੇ ਮੁਹੱਈਆ ਕਰਨ ਦੀ ਲੋੜ ਹੈ। ਦਲਿਤ ਵਰਗ ਨੇ ਬਹੁਤ ਪੀੜਾਂ ਸਹੀਆਂ ਹਨ; ਪ੍ਰੰਤੂ ਇਸ ਵਰਗ ਦੇ ਦੁੱਖਾਂ ਦੀ ਨਵਿਰਤੀ ਉਦੋਂ ਤੀਕ ਨਹੀਂ ਹੋਵੇਗੀ ਜਦੋਂ ਤੀਕ ਰਾਜਸੀ ਤਾਕਤ ਇਹਨਾਂ ਲੋਕਾਂ ਦੇ ਹੱਥ ਨਹੀਂ ਆ ਜਾਂਦੀ।

ਭਾਵੇਂ ਕਿ ਪਾਖਰ ਸਿੰਘ ਨੇ ਅਨਮੋਲ ਰਤਨ ਡਾ. ਅੰਬੇਡਕਰਪੁਸਤਕ ਡਾ. ਅੰਬੇਡਕਰ ਦੀ ਜ਼ਿੰਦਗੀ ਅਤੇ ਉਸ ਵੱਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਨੂੰ ਪੇਸ਼ ਕਰਨ ਲਈ ਹੀ ਲਿਖੀ ਹੈ; ਪਰ ਉਸ ਨੇ ਭਾਰਤੀ ਸਮਾਜ ਵਿੱਚ ਪੱਸਰੇ ਜ਼ਾਤੀਵਾਦ ਦੀ ਬੀਮਾਰੀ ਦੇ ਕੀਟਾਣੂੰਆਂ ਵੱਲੋਂ ਸਦੀਆਂ ਤੋਂ ਕੀਤੀ ਜਾ ਰਹੀ ਤਬਾਹੀ ਬਾਰੇ ਵੀ ਲੋਕ-ਚੇਤਨਾ ਪੈਦਾ ਕੀਤੀ ਹੈ।

ਪਾਖਰ ਸਿੰਘ ਇੱਕ ਚੇਤੰਨ, ਜਾਗਰੂਕ ਅਤੇ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਪਰਣਾਇਆ ਕੈਨੇਡੀਅਨ ਪੰਜਾਬੀ ਸਾਹਿਤਕਾਰ ਹੈ। ਅਨਮੋਲ ਰਤਨ ਡਾ. ਅੰਬੇਡਕਰਪੁਸਤਕ ਲਿਖਕੇ ਪਾਖਰ ਸਿੰਘ ਨੇ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਜ਼ਿਕਰਯੋਗ ਵਾਧਾ ਕੀਤਾ ਹੈ। ਭਾਰਤੀ ਮੂਲ ਦੇ ਲੋਕ ਵੱਡੀ ਗਿਣਤੀ ਵਿੱਚ ਕੈਨੇਡਾ ਵਿੱਚ ਵੀ ਵੱਸੇ ਹੋਏ ਹਨ. ਇਹ ਪੁਸਤਕ ਕੈਨੇਡਾ ਵਾਸੀ ਭਾਰਤੀ ਮੂਲ ਦੇ ਲੋਕਾਂ ਦੀ ਮਾਨਸਿਕਤਾ ਵਿੱਚ ਜਾਤੀਵਾਦ ਦੀ ਬੀਮਾਰੀ ਦੇ ਕੀਟਾਣੂੰਆਂ ਬਾਰੇ ਵੀ ਚੇਤਨਾ ਪੈਦਾ ਕਰਦੀ ਹੈ। ਅਸੀਂ ਕੈਨੇਡਾਵਾਸੀ ਜਦੋਂ ਕੈਨੇਡੀਅਨ ਸਮਾਜ ਵਿੱਚ ਨਸਲਵਾਦ ਅਤੇ ਵਿਤਕਰੇ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਹ ਪੁਸਤਕ ਯਾਦ ਦਿਵਾਉਂਦੀ ਹੈ ਕਿ ਕੈਨੇਡੀਅਨ ਸਮਾਜ ਦੀਆਂ ਬੁਰਾਈਆਂ ਬਾਰੇ ਗੱਲ ਕਰਨ ਤੋਂ ਪਹਿਲਾਂ ਸਾਨੂੰ ਭਾਰਤੀ ਮੂਲ ਦੇ ਲੋਕਾਂ ਨੂੰ ਆਪਣੀ ਮਾਨਸਿਕਤਾ ਵਿੱਚ ਕੁਰਬਲ ਕੁਰਬਲ ਕਰ ਰਹੇ ਜ਼ਾਤੀਵਾਦ ਦੇ ਕੀਟਾਣੂੰਆਂ ਦਾ ਨਾਸ਼ ਕਰਨ ਬਾਰੇ ਵੀ ਗੰਭੀਰਤਾ ਨਾਲ ਸੋਚਣਾ ਸ਼ੁਰੂ ਕਰਨਾ ਚਾਹੀਦਾ ਹੈ।