ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ
ਕੈਨੇਡਾ ਦੇ 57 ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਸਮੀਖਿਆ ਦੀ ਕਿਤਾਬ 'ਕੈਨੇਡੀਅਨ ਪੰਜਾਬੀ ਸਾਹਿਤ' ਨੂੰ ਖ਼ਰੀਦਣ ਲਈ ਬਲੌਗ 'ਤੇ ਦਿੱਤੇ ਐਡਰੈਸ 'ਤੇ ਈਮੇਲ ਕਰੋ। ਸ਼ੁਕਰੀਆ।

ਤੁਹਾਡੇ ਧਿਆਨ ਹਿੱਤ - ਜ਼ਰੂਰੀ ਸੂਚਨਾ

ਸੂਚਨਾ: ਪ੍ਰਕਾਸ਼ਕ ਦੀ ਤਲਾਸ਼ :

ਆਪਣੀ ਹੁਣੇ ਇੰਡੀਆ ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ)’ ਨੂੰ ਮੈਂ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਕੈਨੇਡਾ ਵਿੱਚ ‘‘Canadian Punjabi Literature (Commentary)’’ ਨਾਮ ਦੀ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਨਾ ਚਾਹੁੰਦਾ ਹਾਂ। ਮੈਂ ਕਿਸੀ ਵਧੀਆ ਕੈਨੇਡੀਅਨ ਪ੍ਰਕਾਸ਼ਕ ਦੀ ਤਲਾਸ਼ ਕਰ ਰਿਹਾ ਹਾਂ। ਜੇਕਰ ਤੁਸੀਂ ਕਿਸੀ ਅਜਿਹੇ ਵਧੀਆ ਕੈਨੇਡੀਅਨ ਪ੍ਰਕਾਸ਼ਕ ਦਾ ਨਾਮ ਜਾਣਦੇ ਹੋ ਜੋ ਮੇਰੀ ਪੁਸਤਕ ਪ੍ਰਕਾਸ਼ਿਤ ਕਰ ਸਕਦਾ ਹੋਵੇ ਤਾਂ ਮੈਂ ਉਸ ਪ੍ਰਕਾਸ਼ਕ ਦਾ ਨਾਮ ਜਾਨਣਾ ਚਾਹਾਂਗਾ।

Sukhinder

Editor: SANVAD

Box 67089, 2300 Yonge St.

Toronto ON M4P 1E0

Tel. (416) 858-7077

Email: poet_sukhinder@hotmail.com

http://www.canadianpunjabiliterature.blogspot.com/



Tuesday, October 27, 2009

ਸੁਖਿੰਦਰ - ਲੇਖ

ਸਤਿਅਮ, ਸ਼ਿਵਮ, ਸੁੰਦਰਮ ਦੇ ਅਰਥ ਸਿਰਜਦੀਆਂ ਕਵਿਤਾਵਾਂ - ਪ੍ਰੀਤਮ ਸਿੰਘ ਧੰਜਲ

ਕੈਨੇਡੀਅਨ ਪੰਜਾਬੀ ਸ਼ਾਇਰ ਪ੍ਰੀਤਮ ਸਿੰਘ ਧੰਜਲ ਦਾ ਕਾਵਿ-ਸੰਗ੍ਰਹਿ ਸਤਿਯੰਮ ਸ਼ਿਵਮ ਸੁੰਦਰਮ’ ‘ਸੱਚ ਹੀ ਸਦਾ ਸੁੰਦਰ ਹੈਬਾਰੇ ਬਹਿਸ ਛੇੜਦੀਆਂ ਕਵਿਤਾਵਾਂ ਦਾ ਇੱਕ ਗੁਲਦਸਤਾ ਹੈ ਸਤਿਯੰਮ ਸ਼ਿਵਮ ਸੁੰਦਰਮਕਾਵਿ-ਸੰਗ੍ਰਹਿ ਪ੍ਰੀਤਮ ਸਿੰਘ ਧੰਜਲ ਨੇ 1996 ਵਿੱਚ ਪ੍ਰਕਾਸ਼ਿਤ ਕੀਤਾ ਸੀਇਸ ਤੋਂ ਪਹਿਲਾਂ ਉਹ ਸੁਚੇਤ ਸੁਪਨੇ’ (1989), ‘ਮਿਲਨ’ (1989) ਅਤੇ ਤੁਲਸੀ ਦੇ ਪੱਤਰ’ (1992) ਵਿੱਚ ਪ੍ਰਕਾਸ਼ਿਤ ਕਰ ਚੁੱਕਾ ਸੀ

-----

ਸਤਿਯੰਮ ਸ਼ਿਵਮ ਸੁੰਦਰਮਦੀਆਂ ਵਧੇਰੇ ਕਵਿਤਾਵਾਂ ਤਿੰਨ ਸ਼ਬਦਾਂ ਬਾਰੇ ਬਹਿਸ ਛੇੜਦੀਆਂ ਹਨ: ਸੱਚ, ਸਦੀਵੀ ਅਤੇ ਸੁੰਦਰਇਹ ਬਹਿਸ ਜ਼ਿੰਦਗੀ ਨਾਲ ਸਬੰਧਤ ਅਨੇਕਾਂ ਪਹਿਲੂਆਂ ਅਤੇ ਵਰਤਾਰਿਆਂ ਨੂੰ ਆਪਣੀ ਚਰਚਾ ਦਾ ਵਿਸ਼ਾ ਬਣਾਉਂਦੀ ਹੋਈ ਕੁਦਰਤ ਦੇ ਵਰਤਾਰਿਆਂ ਨੂੰ ਵੀ ਇਸ ਘੇਰੇ ਵਿੱਚ ਲਿਆਉਂਦੀ ਹੈ

ਪ੍ਰਸਿੱਧ ਵਿਗਿਆਨੀ ਅਲਬਰਟ ਆਈਨਸਟਾਈਨ ਨੇ ਸਾਪੇਖਿਤਾ ਦਾ ਸਿਧਾਂਤ ਲਿਆਕੇ ਨ ਸਿਰਫ ਆਧੁਨਿਕ ਵਿਗਿਆਨ ਵਿੱਚ ਹੀ ਇਨਕਲਾਬ ਲਿਆਂਦਾ; ਬਲਕਿ ਇਸ ਸਿਧਾਂਤ ਨੇ ਜ਼ਿੰਦਗੀ ਵਿੱਚ ਹਰ ਚੀਜ਼ ਨੂੰ ਦੇਖਣ ਦਾ ਨਜ਼ਰੀਆ ਹੀ ਬਦਲ ਦਿੱਤਾਆਈਨਸਟਾਈਨ ਦੇ ਸਾਪੇਖਿਤਾ ਦੇ ਸਿਧਾਂਤ ਨੇ ਸਾਨੂੰ ਪਹਿਲੀ ਵੇਰੀ ਇਸ ਗੱਲ ਦੀ ਚੇਤਨਾ ਦਿੱਤੀ ਕਿ ਸੱਚ ਕੀ ਹੈ’, ‘ਸਦੀਵੀ ਕੀ ਹੈਅਤੇ ਸੁੰਦਰ ਕੀ ਹੈਇਸ ਸਿਧਾਂਤ ਨੇ ਸਾਨੂੰ ਪਹਿਲੀ ਵਾਰੀ ਇਹ ਗਿਆਨ ਦਿੱਤਾ ਕਿ ਇਹ ਸਭ ਵੇਖਣ, ਸੁਨਣ ਅਤੇ ਅਨੁਭਵ ਕਰਨ ਵਾਲੇ ਦੀ ਸੋਚ ਉੱਤੇ ਹੀ ਨਿਰਭਰ ਕਰਦਾ ਹੈ ਕਿ ਕੀ ਸੱਚਹੈ ਅਤੇ ਕੀ ਝੂਠਹੈਜੋ ਚੀਜ਼ ਕਿਸੇ ਇੱਕ ਵਿਅਕਤੀ ਲਈ ਸੱਚ ਹੋ ਸਕਦੀ ਹੈ, ਉਹ ਚੀਜ਼ ਕਿਸੇ ਹੋਰ ਵਿਅਕਤੀ ਦੀ ਨਿਗਾਹ ਵਿੱਚ ਝੂਠ ਹੋ ਸਕਦੀ ਹੈ; ਜੋ ਚੀਜ਼ ਕਿਸੇ ਇੱਕ ਵਿਅਕਤੀ ਦੀ ਨਿਗਾਹ ਵਿੱਚ ਸੁੰਦਰ ਹੋ ਸਕਦੀ ਹੈ, ਉਹ ਚੀਜ਼ ਕਿਸੇ ਹੋਰ ਵਿਅਕਤੀ ਦੀ ਨਿਗਾਹ ਵਿੱਚ ਬਦਸੂਰਤ ਹੋ ਸਕਦੀ ਹੈ; ਜੋ ਚੀਜ਼ ਕਿਸੇ ਇੱਕ ਵਿਅਕਤੀ ਦੀ ਨਿਗਾਹ ਵਿੱਚ ਸਦੀਵੀ ਹੋ ਸਕਦੀ ਹੈ, ਉਹ ਚੀਜ਼ ਕਿਸੇ ਹੋਰ ਵਿਅਕਤੀ ਦੀ ਨਿਗਾਹ ਵਿੱਚ ਨਾਸ਼ਮਾਨ ਹੋ ਸਕਦੀ ਹੈ

-----

ਇਸ ਕਾਵਿ-ਸੰਗ੍ਰਹਿ ਵਿੱਚ ਇਸ ਵਿਸ਼ੇ ਬਾਰੇ ਮੁੱਖ ਤੌਰ ਉੱਤੇ ਬਹਿਸ ਇਸ ਕਾਵਿ-ਸੰਗ੍ਰਹਿ ਦੀਆਂ ਤਿੰਨ ਮੁੱਖ ਕਵਿਤਾਵਾਂ ਸਤਿਯੰਮ ਸ਼ਿਵਮ ਸੁੰਦਰਮ-1’, ‘ਸਤਿਯੰਮ ਸ਼ਿਵਮ ਸੁੰਦਰਮ-2ਅਤੇ ਸਤਿਯੰਮ ਸ਼ਿਵਮ ਸੁੰਦਰਮ-3ਵਿੱਚ ਛੇੜੀ ਗਈ ਹੈ; ਪਰ ਇਹ ਬਹਿਸ ਇਸ ਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਹੋਰਨਾਂ ਕਵਿਤਾਵਾਂ ਅਤੇ ਗ਼ਜ਼ਲਾਂ ਵਿੱਚ ਵੀ ਚੱਲਦੀ ਰਹਿੰਦੀ ਹੈ

ਪ੍ਰੀਤਮ ਸਿੰਘ ਧੰਜਲ ਦੀ ਸ਼ਾਇਰੀ ਨੂੰ ਸਮਝਣ ਲਈ ਉਸਦੀ ਕਵਿਤਾ ਸਤਿਯੰਮ ਸ਼ਿਵਮ ਸੁੰਦਰਮ-1ਦੀਆਂ ਇਨ੍ਹਾਂ ਸਤਰਾਂ ਨਾਲ ਗੱਲ ਸ਼ੁਰੂ ਕੀਤੀ ਜਾ ਸਕਦੀ ਹੈ:

ਸਤਿਯੰਮ ਸ਼ਿਵਮ ਸੁੰਦਰਮ, ਕਹਿਣ ਵਾਲੇ !

ਇਹ ਸ਼ਾਇਰ ਤੇਰੇ ਨਾਲ ਸਹਿਮਤ ਨਹੀਂ ਹੈ

ਬੜਾ ਕੋਝ ਵੀ ਹੈ ਧਰਤੀ ਦੇ ਉੱਤੇ,

ਇਹ ਦੁਨੀਆਂ ਨਿਰੀ ਖ਼ੂਬਸੂਰਤ ਨਹੀਂ ਹੈ

ਸ਼ਾਇਰ ਦਾ ਵਿਸ਼ਵਾਸ਼ ਹੈ ਕਿ ਇਸ ਦੁਨੀਆਂ ਵਿਚ ਬਹੁਤ ਕੁਝ ਝੂਠ ਹੈ ਅਤੇ ਬਦਸੂਰਤ ਹੈ ਜੋ ਸਦੀਵੀ ਨਹੀਂ ਹੈਜਿਸਨੂੰ ਬਦਲਿਆ ਜਾ ਸਕਦਾ ਹੈ; ਪਰ ਇਸ ਝੂਠ ਦੇ ਪਾਸਾਰੇ ਨੂੰ ਦੇਖਣ ਅਤੇ ਅਨੁਭਵ ਕਰਨ ਲਈ ਇੱਕ ਵੱਖਰੀ ਕਿਸਮ ਦੀ ਅੱਖ ਅਤੇ ਸੋਚ ਦੀ ਲੋੜ ਹੈ:

ਤੇਰੇ ਲਈ ਤਾਂ ਥਾਂਦਾ ਵੀ ਮਤਲਬ ਨਹੀਂ ਕੋਈ,

ਸੋ ਆ ! ਤੈਨੂੰ ਆਪਣੀ ਨਜ਼ਰ ਵਿਚ ਬਿਠਾਵਾਂ

-----

ਇਸ ਗੱਲ ਦਾ ਵਿਸਥਾਰ ਪ੍ਰੀਤਮ ਸਿੰਘ ਧੰਜਲ ਆਪਣੀ ਇੱਕ ਗ਼ਜ਼ਲ ਦੇ ਸ਼ਿਅਰ ਵਿੱਚ ਵੀ ਕਰਦਾ ਹੈ ਕਿ ਜੋ ਕੁਝ ਮਨੁੱਖੀ ਜ਼ਿੰਦਗੀ ਵਿੱਚ ਵਾਪਰਦਾ ਹੈ ਜਾਂ ਸਾਡੇ ਚੌਗਿਰਦੇ ਵਿੱਚ ਵਾਪਰਦਾ ਹੈ - ਇਹ ਨਾ ਤਾਂ ਸਭ ਕੁਝ ਸੁੰਦਰ ਹੀ ਹੈ ਅਤੇ ਨਾ ਹੀ ਸਦੀਵੀ

ਮੇਰੀ ਕਵਿਤਾ, ਐਸ਼ ਤੇ ਆਰਾਮ ਦੇ ਨਗ਼ਮੇ ਨਹੀਂ,

ਜ਼ਿੰਦਗੀ ਵਿੱਚ ਆਈਆਂ ਮੁਸ਼ਕਿਲਾਂ ਦੀ ਗੱਲ ਹੈ

ਜ਼ਿੰਦਗੀ ਵਿੱਚ ਆਈਆਂ ਮੁਸ਼ਕਿਲਾਂ ਦੀ ਗੱਲ ਕਰਨ ਲੱਗਾ ਪ੍ਰੀਤਮ ਸਿੰਘ ਧੰਜਲ ਸਭ ਤੋਂ ਪਹਿਲਾਂ ਔਰਤਬਾਰੇ ਗੱਲ ਛੇੜਦਾ ਹੋਇਆ ਕਹਿੰਦਾ ਹੈ:

ਤਨ ਬਦਨ ਦੀ ਗੱਲ ਹੀ ਕਰੀ ਜਾਵੇਂ,

ਇਸ ਤੋਂ ਵਧ ਕੇ ਔਰਤ ਹੋਰ ਵੀ ਹੈ

ਇਨ੍ਹਾਂ ਕਾਵਿ ਸਤਰਾਂ ਨਾਲ ਉਹ ਸੁੰਦਰਤਾਦੀ ਪ੍ਰੀਭਾਸ਼ਾ ਬਾਰੇ ਆਪਣੀ ਬਹਿਸ ਦਾ ਆਰੰਭ ਕਰਦਾ ਹੈਇਹ ਬਹਿਸ ਸਾਹਿਤ, ਸਭਿਆਚਾਰ ਅਤੇ ਕਲਾ ਦੇ ਖੇਤਰ ਵਿੱਚ ਹਜ਼ਾਰਾਂ ਸਾਲਾਂ ਤੋਂ ਚੱਲ ਰਹੀ ਹੈਇਹ ਬਹਿਸ ਹੈ ਰੂਪਅਤੇ ਤੱਤਬਾਰੇਰੂਪਵਾਦੀਆਂ ਨੇ ਜ਼ਿੰਦਗੀ ਦੇ ਹਰ ਖੇਤਰ ਵਿੱਚ ਖੂਬਸੂਰਤੀ ਨੂੰ ਬਾਹਰਲੇ ਰੂਪ ਤੱਕ ਹੀ ਸੀਮਿਤ ਕਰਕੇ ਰੱਖ ਦਿੱਤਾ ਸੀ; ਪਰ ਮਾਰਕਸਵਾਦੀਆਂ ਨੇ ਇਹ ਧਾਰਨਾ ਪੇਸ਼ ਕੀਤੀ ਕਿ ਅਸਲ ਖ਼ੂਬਸੂਰਤੀ ਜ਼ਿੰਦਗੀ ਦੀਆਂ ਹਕੀਕਤਾਂ ਨੂੰ ਬਿਆਨ ਕਰਨ ਵਿੱਚ ਹੈਸਾਡੇ ਸਮਿਆਂ ਵਿੱਚ ਸੁੰਦਰਤਾ ਦੀ ਪ੍ਰੀਭਾਸ਼ਾ ਨੂੰ ਹੋਰ ਵਧੇਰੇ ਅਰਥ ਭਰਪੂਰ ਬਨਾਉਣ ਲਈ ਇਸ ਨੂੰ ਰੂਪਅਤੇ ਤੱਤਦੇ ਖ਼ੂਬਸੂਰਤ ਸੁਮੇਲ ਵਜੋਂ ਸਵੀਕਾਰਿਆ ਗਿਆ ਹੈ

-----

ਇਸ ਧਾਰਨਾ ਅਧੀਨ ਪ੍ਰੀਤਮ ਸਿੰਘ ਧੰਜਲ ਹਜ਼ਾਰਾਂ ਸਾਲਾਂ ਤੋਂ ਔਰਤ ਉੱਤੇ ਹੁੰਦੇ ਅਤਿਆਚਾਰਾਂ ਦੀ ਗੱਲ ਛੇੜਦਾ ਹੈਉਸਦਾ ਯਕੀਨ ਹੈ ਕਿ ਔਰਤ ਦੇ ਤਨ ਦੀ ਖ਼ੂਬਸੂਰਤੀ ਦੀਆਂ ਹੀ ਗੱਲਾਂ ਕਰਨੀਆਂ ਕਾਫੀ ਨਹੀਂ; ਉਸ ਨੂੰ ਜਿਸ ਤਰ੍ਹਾਂ ਹਜ਼ਾਰਾਂ ਸਾਲਾਂ ਤੋਂ ਲਤਾੜਿਆ ਜਾ ਰਿਹਾ ਹੈ - ਉਸ ਦੀ ਗੱਲ ਕਰਨੀ ਵੀ ਜ਼ਰੂਰੀ ਹੈਇਸ ਤਰ੍ਹਾਂ ਉਹ ਇੱਕ ਪਾਸੇ ਮਨੁੱਖ ਜਾਤੀ ਦੇ ਇਤਿਹਾਸ ਦੀ ਗੱਲ ਕਰਦਾ ਹੈ - ਦੂਜੇ ਪਾਸੇ ਇਸ ਇਤਿਹਾਸ ਵਿੱਚ ਔਰਤ ਦੀ ਹੁੰਦੀ ਰਹੀ ਦੁਰਗਤੀ ਦੇ ਹਵਾਲੇ ਵੀ ਦਿੰਦਾ ਜਾਂਦਾ ਹੈ:

1.ਇਹ ਅੱਜ ਦੀ ਸ਼ਾਮ ਦੇ ਨ੍ਹੇਰੇ ਵਿਚ

ਜਰਵਾਣੇ ਜਿੱਤ ਕੇ ਆਏ ਨੇ,

ਕੁੜੀਆਂ ਦਾ ਇੱਜੜ ਲਿਆਏ ਨੇ,

ਕੁਝ ਮਾਣਮੱਤੀਆਂ ਲਾਸ਼ਾਂ ਦੇ ਜਿਸਮਾਂ ਦੇ ਜਸ਼ਨ ਮਨਾਏ ਨੇ

2.ਇਕ ਗਰਭਵਤੀ ਸੀ ਉਹਨਾਂ ਚੋਂ

ਉਸਨੂੰ ਮਾਰ ਮੁਕਾਇਆ ਹੈ

ਉਹਦੀ ਕੁੱਖ ਤੇ ਛੁਰਾ ਚਲਾਇਆ ਹੈ

ਏਥੇ ਵੈਰੀ ਨਹੀਂ ਜਨਮੇਗਾ

ਇਹ ਸਭ ਨੂੰ ਆਖ ਸੁਣਾਇਆ ਹੈ

3.ਉਨ੍ਹਾਂ ਦੀ ਜ਼ਮੀਰ ਹੈ ਮਰੀ ਹੋਈ

ਸਿਰਫ ਪੁੱਤਾਂ ਨੂੰ ਜਿਹੜੇ ਸਤਿਕਾਰ ਦਿੰਦੇ

ਜੀਵਨ ਉਨ੍ਹਾਂ ਨਹੀਂ ਜਾਣਿਆ, ਧੀਆਂ ਨੂੰ ਜੋ,

ਪੈਦਾ ਹੋਣ ਤੋਂ ਪਹਿਲਾਂ ਹੀ ਮਾਰ ਦਿੰਦੇ

-----

ਸੁੰਦਰਤਾਦੀ ਪ੍ਰੀਭਾਸ਼ਾ ਦਾ ਵਿਸਥਾਰ ਕਰਦਿਆਂ ਪ੍ਰੀਤਮ ਸਿੰਘ ਧੰਜਲ ਦੇਸ਼, ਧਰਮ, ਫਿਰਕਾ ਅਤੇ ਕਬੀਲਾ ਵਰਗੇ ਸ਼ਬਦਾਂ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈਉਹ ਦਸਦਾ ਹੈ ਕਿ ਜਦੋਂ ਇਨ੍ਹਾਂ ਸ਼ਬਦਾਂ ਦੁਆਲੇ ਸੀਮਾਵਾਂ ਦੀਆਂ ਕੰਧਾਂ ਉਸਾਰ ਲਈਆਂ ਜਾਂਦੀਆਂ ਹਨ ਤਾਂ ਬਹੁਤ ਕੁਝ ਅਨਚਾਹਿਆ ਵਾਪਰਦਾ ਹੈਅੰਨ੍ਹੀ ਦੇਸ਼ ਭਗਤੀ ਦੇ ਨਾਮ ਉੱਤੇ ਗੁਆਂਢੀ ਦੇਸ਼ਾਂ ਵਿੱਚ ਆਪਸੀ ਜੰਗ ਛਿੜਦੀ ਹੈ ਅਤੇ ਹਜ਼ਾਰਾਂ ਮਾਵਾਂ ਦੇ ਪੁੱਤ ਮਾਰੇ ਜਾਂਦੇ ਹਨਭੰਗ ਦੇ ਭਾੜੇ ਮਾਰੇ ਗਏ ਫੌਜੀਆਂ ਦੀਆਂ ਰੋਂਦੀਆਂ ਮਾਵਾਂ/ਪਤਨੀਆਂ ਨੂੰ ਇਹ ਕਹਿ ਕੇ ਧਰਵਾਸ ਦਿੱਤਾ ਜਾਂਦਾ ਹੈ ਕਿ ਉਹ ਤਾਂ ਦੇਸ਼ ਲਈ ਕੁਰਬਾਨੀਆਂ ਦਿੰਦੇ ਹੋਏ ਸ਼ਹੀਦ ਹੋਏ ਹਨਦੋ ਗਵਾਂਢੀ ਮੁਲਕਾਂ ਦੇ ਕੁਝ ਹਉਮੈਵਾਦੀ ਰਾਜਸੀ ਨੇਤਾਵਾਂ ਦੀ ਤੰਗ ਨਜ਼ਰ ਕਾਰਨ ਛਿੜੀ ਇਹ ਆਪਸੀ ਜੰਗ ਹਜ਼ਾਰਾਂ ਕੀਮਤੀ ਜਾਨਾਂ ਦੀ ਕੁਰਬਾਨੀ ਲੈਂਦੀ ਹੈਹਜ਼ਾਰਾਂ ਹਸਦੇ ਵਸਦੇ ਘਰ ਸਦਾ ਲਈ ਕਬਰਸਤਾਨ ਬਣ ਜਾਂਦੇ ਹਨ ਅਤੇ ਉੱਥੋਂ ਹਾਸਾ ਸਦਾ ਲਈ ਅਲੋਪ ਹੋ ਜਾਂਦਾ ਹੈਧਰਮ ਦੇ ਅੰਨ੍ਹੇ ਜਨੂੰਨ ਵਿੱਚ ਆਪਣੇ ਧਰਮ ਦੇ ਪੈਰੋਕਾਰਾਂ ਨੂੰ ਹੀ ਇਸ ਧਰਤੀ ਉੱਤੇ ਜਿਊਣ ਦੇ ਹੱਕਦਾਰ ਸਮਝ ਦੂਜੇ ਧਰਮ ਦੇ ਲੋਕਾਂ ਦੇ ਖ਼ੂਨ ਦੀਆਂ ਨਦੀਆਂ ਵਹਾਈਆਂ ਜਾਂਦੀਆਂ ਹਨਧਾਰਮਿਕ ਅਦਾਰਿਆਂ ਉੱਤੇ ਕਾਬਿਜ਼ ਗ੍ਰੰਥੀ, ਪੰਡਤ, ਮੁੱਲਾਂ ਅਤੇ ਪਾਦਰੀ ਭੋਲੇ ਭਾਲੇ ਲੋਕਾਂ ਨੂੰ ਧਰਮ ਦੇ ਨਾਮ ਉੱਤੇ ਭੜਕਾਉਣ ਲਈ ਨ ਸਿਰਫ ਉਨ੍ਹਾਂ ਦੇ ਦਿਮਾਗ਼ਾਂ ਵਿੱਚ ਧਾਰਮਿਕ ਜਨੂੰਨ ਰੂਪੀ ਜ਼ਹਿਰ ਹੀ ਭਰਦੇ ਹਨ; ਬਲਕਿ ਉਨ੍ਹਾਂ ਨੂੰ ਅਜਿਹੇ ਲਾਲਚ ਵੀ ਦਿੱਤੇ ਜਾਂਦੇ ਹਨ ਕਿ ਆਪਣੇ ਧਰਮ ਦੇ ਨਾਮ ਉੱਤੇ ਦੂਜੇ ਧਰਮਾਂ ਦੇ ਲੋਕਾਂ ਨੂੰ ਕਤਲ ਕਰਦੇ ਹੋਏ ਜੇਕਰ ਉਹ ਆਪ ਮਾਰੇ ਵੀ ਗਏ ਤਾਂ ਉਨ੍ਹਾਂ ਨੂੰ ਸਵਰਗ ਵਿੱਚ ਹੂਰਾਂ ਮਿਲਣਗੀਆਂਇਨ੍ਹਾਂ ਗੱਲਾਂ ਨੂੰ ਖ਼ੂਬਸੂਰਤੀ ਨਾਲ ਪੇਸ਼ ਕਰਦੀਆਂ ਪ੍ਰੀਤਮ ਸਿੰਘ ਧੰਜਲ ਦੀਆਂ ਕਾਵਿ ਸਤਰਾਂ ਸਾਡਾ ਧਿਆਨ ਖਿੱਚਦੀਆਂ ਹਨ:

ਦੇਸ਼, ਧਰਮ, ਫਿਰਕੇ ਦੇ ਨਾਂ ਤੇ,

ਸੀਮਾ ਹੀ ਝਗੜੇ ਕਰਵਾਏ

ਜੀਵਨ ਲਈ ਅੰਮ੍ਰਿਤਾ ਚਾਹੁੰਦੀ,

ਜੀਵਨ ਦਾ ਗਲ ਘੁੱਟੀ ਜਾਵੇ

2.ਮੁਕਤੀ ਕਿਵੇਂ ਦਿਵਾਉਂਦੇ, ਬੰਧਨ ਚ ਪਾਉਣ ਵਾਲੇ,

ਧਰਮਾਂ ਦੀ ਕੈਦ ਅੰਦਰ, ਕਈਆਂ ਨੇ ਉਮਰ ਗਾਲੀ

3.ਮਾਰਨ ਵਾਲਿਓ ! ਕਿਹੜਾ ਧਰਮ ? ਤੇ ਉਸਦੇ ਕੀ ਗੁਣ ਨੇ ?’

ਧਰਮ ਦੇ ਨਾਮ ਤੇ, ਗੱਡੀ ਚੋਂ ਲਾਹਿਆਂ ਬਾਤ ਪਾਈ ਹੈ

-----

ਧਰਮ ਦੇ ਨਾਮ ਉੱਤੇ ਖ਼ੂਨ ਦੀਆਂ ਨਦੀਆਂ ਵਹਾਉਣ ਵਾਲੇ ਆਖੌਤੀ ਧਾਰਮਿਕ ਰਹਿਨੁਮਾਵਾਂ ਦੀ ਫਿਰਕਾਪ੍ਰਸਤ ਅਤੇ ਧਾਰਮਿਕ ਕੱਟੜਵਾਦੀ ਸੋਚ ਨੂੰ ਚੁਣੌਤੀ ਦੇਣ ਲਈ ਪ੍ਰੀਤਮ ਸਿੰਘ ਧੰਜਲ ਆਪਣੀ ਨਰੋਈ ਸੋਚ ਪੇਸ਼ ਕਰਦਾ ਹੈਉਸਦੀ ਮਨੁੱਖਵਾਦੀ ਧਾਰਨਾ ਅਨੁਸਾਰ ਇੱਕ ਵਧੀਆ ਮਨੁੱਖ ਹੋਣਾ ਸਭ ਤੋਂ ਵੱਡੀ ਗੱਲ ਹੈਕੁਦਰਤਨੂੰ ਵੱਖੋ ਵੱਖ ਨਾਵਾਂ ਨਾਲ ਬੁਲਾਉਣ ਵਾਲੇ ਅਜਿਹੇ ਲੋਕਾਂ ਨਾਲ ਵੀ ਉਹ ਸੰਵਾਦ ਰਚਾਉਂਦਾ ਹੈ ਜੋ ਆਪਸ ਵਿੱਚ ਇੱਕ ਦੂਜੇ ਦਾ ਗਲਾ ਵੱਢ ਰਹੇ ਹਨਉਸਦਾ ਕਹਿਣਾ ਹੈ ਕਿ ਕੁਦਰਤਤਾਂ ਇੱਕੋ ਹੀ ਹੈ ਤੁਸੀਂ ਉਸ ਨੂੰ ਅੱਲਾ’, ‘ਰਾਮ’, ‘ਰੱਬ’, ‘ਭਗਵਾਨਜਾਂ ਕੋਈ ਵੀ ਨਾਮ ਦੇ ਲਵੋਇਸ ਨਾਲ ਕੀ ਫ਼ਰਕ ਪੈਂਦਾ ਹੈਉਹ ਉਨ੍ਹਾਂ ਲੋਕਾਂ ਨੂੰ ਕਰੜੇ ਹੱਥੀਂ ਲੈਂਦਾ ਹੈ ਜੋ ਇਸੇ ਗੱਲ ਪਿਛੇ ਹੀ ਲੜੀ ਜਾਂਦੇ ਹਨ ਕਿ ਕਿਸੇ ਦੂਜੇ ਧਰਮ ਦੇ ਲੋਕਾਂ ਨੇ ਕੁਦਰਤਦਾ ਨਾਮ ਕੋਈ ਹੋਰ ਰੱਖ ਲਿਆ ਹੈ:

1.ਰਾਮਤੋਂ ਅੱਲ੍ਹਾ’, ਜ਼ੁ਼ਬਾਨਾਂ ਭਾਸ਼ਾਵਾਂ ਵਿੱਚ ਵੱਖਰਾ,

ਪਿਆਰ ਦੀ ਬੋਲੀ ਦੇ ਵਿੱਚ ਇਹਵੱਖਰਾ ਹੁੰਦਾ ਨਹੀਂ

------

ਕਵੀ ਨੂੰ ਉਸ ਨਵੇਂ ਮਨੁੱਖ ਦੀ ਤਲਾਸ਼ ਹੈ ਜੋ ਇਨ੍ਹਾਂ ਰੰਗਾਂ, ਧਰਮਾਂ ਦੇ ਝਗੜਿਆਂ ਤੋਂ ਉਪਰ ਉੱਠ ਕੇ, ਸਿਰਫ਼ ਤੇ ਸਿਰਫ਼, ਆਪਣੇ ਆਪਨੂੰ ਮਨੁੱਖ ਸਮਝਦਾ ਹੋਵੇ ਅਤੇ ਹੋਰਨਾਂ ਨੂੰ ਵੀ ਆਪਣੇ ਵਰਗਾ ਮਨੁੱਖ ਸਮਝੇ:

ਹਿੰਦੂ, ਈਸਾਈ, ਪਾਰਸੀ, ਮੁਸਲਿਮ, ਯਹੂਦੀ, ਸਿੱਖ ਮਿਲੇ,

ਇਸ ਮੇਰੇ ਤੇਰੇਜਹਾਨ ਵਿੱਚ, ਇਕ ਆਦਮੀ ਦੀ ਤਲਾਸ਼ ਹੈ

ਸਾਡੇ ਸਮਿਆਂ ਵਿੱਚ ਸਮੁੱਚੀ ਮਨੁੱਖਤਾ ਸਾਹਵੇਂ ਆਤੰਕਵਾਦ ਇੱਕ ਵੱਡੀ ਸਮੱਸਿਆ ਬਣੀ ਹੋਈ ਹੈਧਾਰਮਿਕ, ਸਭਿਆਚਾਰਕ, ਰਾਜਸੀ, ਆਰਥਿਕ ਜੱਥੇਬੰਦੀਆਂ ਭੋਲੇ ਭਾਲੇ ਲੋਕਾਂ ਨੂੰ ਭੜਕਾ ਕੇ ਆਤੰਕਵਾਦੀ ਬਣਾ ਦਿੰਦੀਆਂ ਹਨਅੱਤਵਾਦ ਦੀ ਸਮੱਸਿਆ ਨੂੰ ਸੁਲਝਾਉਣ ਲਈ ਸਾਨੂੰ ਇਹ ਸਮਝਣਾ ਪਵੇਗਾ ਕਿ ਆਖਿਰ ਅਜਿਹੀਆਂ ਸੰਸਥਾਵਾਂ ਭੋਲੇ ਭਾਲੇ ਲੋਕਾਂ ਦੀ ਅਜਿਹੀ ਕਿਹੜੀ ਦੁਖਦੀ ਰਗ ਉੱਤੇ ਹੱਥ ਧਰ ਦਿੰਦੀਆਂ ਹਨ ਕਿ ਉਹ ਇਨ੍ਹਾਂ ਸੰਸਥਾਵਾਂ ਦੇ ਇਸ਼ਾਰਿਆਂ ਤੇ ਹਰ ਖ਼ਤਰਾ ਮੁੱਲ ਲੈਣ ਲਈ ਆਤੰਕਵਾਦ ਦੇ ਰਾਹ ਉੱਤੇ ਤੁਰ ਪੈਂਦੇ ਹਨਇਸ ਗੱਲ ਦਾ ਜਵਾਬ ਪ੍ਰੀਤਮ ਸਿੰਘ ਧੰਜਲ ਦੀਆਂ ਇਨ੍ਹਾਂ ਕਾਵਿ ਸਤਰਾਂ ਰਾਹੀਂ ਉਜਾਗਰ ਹੁੰਦਾ ਹੈ:

ਅੱਤਵਾਦੀ ਕਦੇ ਨਹੀਂ ਜੰਮਦਾ,

ਇਹ ਸਮਾਜ ਦੀ ਦੇਣ ਹੈ, ਪ੍ਰੀਤਮ

ਬੇਇਨਸਾਫ਼ੀ, ਧੱਕੇਸ਼ਾਹੀ

ਦੇ ਰਿਵਾਜ ਦੀ ਦੇਣ ਹੈ, ਪ੍ਰੀਤਮ

------

ਪ੍ਰੀਤਮ ਸਿੰਘ ਧੰਜਲ ਨੇ ਸਤਿਯੰਮ ਸ਼ਿਵਮ ਸੁੰਦਰਮਕਾਵਿ-ਸੰਗ੍ਰਹਿ ਵਿੱਚ ਸਾਡੇ ਸਮਾਜ ਦੀਆਂ ਕੁਝ ਬਦਸੂਰਤੀਆਂ ਬਾਰੇ ਵੀ ਗੱਲ ਕੀਤੀ ਹੈਵਿਹਲੜ ਸਾਧੂ, ਸੰਤ, ਧਾਗੇ, ਤਵੀਤਾਂ ਦੇਣ ਵਾਲੇ ਬਾਬੇ ਸਾਡੇ ਸਮਾਜ ਨੂੰ ਜੋਕਾਂ ਵਾਂਗ ਚੰਬੜੇ ਹੋਏ ਹਨ ਅਤੇ ਭੋਲੇ ਭਾਲੇ ਲੋਕਾਂ ਨੂੰ ਨ ਸਿਰਫ ਮਾਨਸਿਕ ਤੌਰ ਉੱਤੇ ਹੀ ਬੁੱਧੂ ਬਣਾ ਰਹੇ ਹਨ; ਬਲਕਿ ਉਨ੍ਹਾਂ ਦੀ ਹੱਡ-ਭੰਨਵੀਂ ਕੀਤੀ ਕਮਾਈ ਵੀ ਲੁੱਟ ਰਹੇ ਹਨ:

1.ਪਰਾਈ ਕਮਾਈ ਤੇ ਪਲਦੀ ਰਹੀ ਹੈ,

ਵਿਹਲੜ ਨਖੱਟੂਆਂ ਸਾਧਾਂ ਦੀ ਦੁਨੀਆਂ

ਕਿਤੇ ਕਾਲ ਪੈ ਜਾਏ ਪਰਵਾਹ ਨਾ ਕਰਦੀ,

ਇਹ ਅੰਨ੍ਹੇ ਤੇ ਰੁੱਖੇ ਸਰਾਧਾਂ ਦੀ ਦੁਨੀਆਂ

2.ਤਵੀਤਾਂ, ਟੂਣਿਆਂ ਵਾਲੇ ਜਦੋਂ ਵੀ ਗੱਲ ਕਰਦੇ ਨੇ,

ਕੀ ਇਹ ਦੇਖਿਆ ਨਹੀਂ, ਉਹ ਤੈਨੂੰ ਬੁੱਧੂ ਸਮਝਦੇ ਨੇ ?

------

ਸੁੰਦਰਤਾਦੀ ਪ੍ਰੀਭਾਸ਼ਾ ਦੇਣ ਦੇ ਨਾਲ ਨਾਲ ਪ੍ਰੀਤਮ ਸਿੰਘ ਧੰਜਲ ਵਿਸ਼ਵ-ਅਮਨ ਦੀ ਵੀ ਗੱਲ ਕਰਦਾ ਹੈ; ਪਰ ਉਸਨੂੰ ਇਸ ਗੱਲ ਦੀ ਵੀ ਚਿੰਤਾ ਹੈ ਕਿ ਅਜੋਕੇ ਮਨੁੱਖ ਦੀ ਜੋ ਮਾਨਸਿਕਤਾ ਬਣ ਚੁੱਕੀ ਹੈ ਅਤੇ ਜਿਸ ਤਰ੍ਹਾਂ ਉਹ ਆਪਣੀ ਹਉਮੈਂ ਨੂੰ ਪੱਠੇ ਪਾਉਣ ਲਈ ਦੁਨੀਆਂ ਦੇ ਕੋਨੇ ਕੋਨੇ ਵਿੱਚ ਜੰਗ ਦੇ ਭਾਂਬੜ ਬਾਲ ਰਿਹਾ ਹੈ, ਉਸਤੋਂ ਅਜੇ ਵਿਸ਼ਵ ਅਮਨ ਦੀ ਸਥਾਪਤੀ ਦੀ ਉਮੀਦ ਕਰਨੀ ਸਾਡੇ ਲਈ ਇੱਕ ਭੁਲੇਖਾ ਹੀ ਹੋਵੇਗਾ:

ਕੱਲ੍ਹ ਨੂੰ ਸ਼ਾਇਦ ਕੋਈ ਅਮਨਾਂ ਦਾ ਚਾਰਾ ਹੋ ਸਕੇ,

ਅੱਜ ਮਨੁੱਖਤਾ ਆਦਮੀ ਦੇ ਰਹਿਮ ਦੀ ਮੁਹਤਾਜ ਹੈ

ਵਿਸ਼ਵ ਅਮਨ ਦੀ ਗੱਲ ਕਰਦਾ ਹੋਇਆ ਉਹ ਸਭਿਆਚਾਰਕ ਇਤਿਹਾਸ ਦੀ ਵੀ ਗੱਲ ਕਰਦਾ ਹੈ ਅਤੇ ਦੱਸਦਾ ਹੈ ਕਿ ਮਨੁੱਖਤਾ ਵਿਸ਼ਵ ਅਮਨ ਸਥਾਪਤੀ ਦੀ ਕਿਸ ਤਰ੍ਹਾਂ ਤੀਬਰਤਾ ਨਾਲ ਉਡੀਕ ਕਰ ਰਹੀ ਹੈ:

ਇਹ ਇਤਲੀ ਦੇ ਜੈਨੱਸ ਮੰਦਰ ਦੀ ਗੱਲ ਹੈ,

ਉਸ ਵਿੱਚ ਲਗਾਏ ਇਹ ਦਰ ਦੀ ਗੱਲ ਹੈ:

ਲੋਕਾਂ ਜਦੋਂ ਸੀ ਇਹ ਬੂਹਾ ਬਣਵਾਇਆ,

ਸਭਨਾਂ ਨੇ ਰਲ ਕੇ ਮਤਾ ਇਹ ਪਕਾਇਆ

ਕਿ ਜਦ ਤਕ ਨਾ ਮਾਨਵ ਅਮਨ ਵਿਚ ਬਹੇਗਾ,

ਓਦੋਂ ਤੱਕ ਇਹ ਦਰਵਾਜ਼ਾ ਖੁੱਲ੍ਹਾ ਰਹੇਗਾ

ਹਾਏ ! ਸਦੀਆਂ ਗਈਆਂ, ਹਾਏ ! ਰਾਜ ਬਦਲੇ,

ਨਾ ਇਸ ਖੁੱਲ੍ਹੇ ਦਰਵਾਜ਼ੇ ਦੇ ਭਾਗ ਬਦਲੇ

ਮਨੁੱਖਤਾ ਨੂੰ ਅੱਜ ਵੀ ਖੜ੍ਹਾ ਇਹ ਪੁਕਾਰੇ,

ਕਿ ਆਪਣਾ ਕਰਜ਼ ਆ ਕੇ ਸਿਰ ਤੋਂ ਉਤਾਰੇ

-----

ਪ੍ਰੀਤਮ ਸਿੰਘ ਧੰਜਲ ਇੱਕ ਕੈਨੇਡੀਅਨ ਪੰਜਾਬੀ ਸ਼ਾਇਰ ਹੈਉਹ ਆਪਣੀ ਕਵਿਤਾ ਵਿੱਚ ਪ੍ਰਵਾਸੀਆਂ ਦੀ ਜ਼ਿੰਦਗੀ ਬਾਰੇ ਚਰਚਾ ਕਰਦਾ ਹੋਇਆ ਦਸਦਾ ਹੈ ਕਿ ਕੈਨੇਡਾ ਵਰਗੇ ਦੇਸ਼ਾਂ ਵਿੱਚ ਜ਼ਿੰਦਗੀ ਏਨੀ ਤਨਾਓ ਭਰਪੂਰ ਹੈ ਕਿ ਅਸੀਂ ਇਸ ਆਸ ਵਿੱਚ ਕਿ ਚਾਰ ਦਿਨ ਸਖਤ ਮਿਹਨਤ ਕਰਕੇ ਮੁੜ ਸਾਰੀ ਜ਼ਿੰਦਗੀ ਆਰਾਮ ਨਾਲ ਬਿਤਾਵਾਂਗੇ - ਸਾਰੀ ਜ਼ਿੰਦਗੀ ਹੀ ਬੇਆਰਾਮੀ ਵਿੱਚ ਬਿਤਾ ਦਿੰਦੇ ਹਾਂ:

ਚਾਰ ਦਿਨ ਆਰਾਮ ਦੇ ਕਟ ਜਾਣ ਦੀ ਹਸਰਤ ਲਈ,

ਜਦ ਵੀ ਤੈਨੂੰ ਦੇਖਿਆ ਹੈ, ਬੇ-ਆਰਾਮ ਦੇਖਿਆ

ਪਰਵਾਸੀ ਜ਼ਿੰਦਗੀ ਦੀ ਗੱਲ ਕਰਦਾ ਪ੍ਰੀਤਮ ਸਿੰਘ ਧੰਜਲ ਇਹ ਦਸਣ ਤੋਂ ਵੀ ਨਹੀਂ ਝਿਜਕਦਾ ਕਿ ਇਸ ਤਨਾਓ ਭਰੀ ਅਤੇ ਰੁਝੇਵਿਆਂ ਭਰੀ ਜ਼ਿੰਦਗੀ ਦਾ ਸਭ ਤੋਂ ਵੱਧ ਮਾਰੂ ਅਸਰ ਸਾਡੇ ਬੱਚਿਆਂ ਉੱਤੇ ਹੁੰਦਾ ਹੈਮਕਾਨਾਂ ਦੇ ਮੋਰਗੇਜ਼, ਹਾਈਡਰੋ ਦੇ ਬਿਲ, ਕਾਰਾਂ ਦੀ ਇਨਸ਼ੌਰੈਂਸ ਅਤੇ ਵੱਡੇ ਵੱਡੇ ਗਰੋਸਰੀ ਦੇ ਬਿਲਾਂ ਦੀ ਅਦਾਇਗੀ ਕਰਨ ਦੀ ਨਿੱਤ ਦੀ ਦੌੜ ਵਿੱਚ ਮਾਪੇ ਤਾਂ ਫੈਕਟਰੀਆਂ ਵਿੱਚ ਓਵਰਟਾਈਮ ਲਗਾਉਣ ਵਿੱਚ ਹੀ ਰੁੱਝੇ ਰਹਿੰਦੇ ਹਨ ਪਰ ਛੋਟੇ ਛੋਟੇ ਬੱਚੇ ਘਰਾਂ ਵਿੱਚ ਕੈਦ ਯਤੀਮਾਂ ਵਾਂਗ ਜਿ਼ੰਦਗੀ ਬਤੀਤ ਕਰਦੇ ਹਨ ਜਾਂ ਆਂਢ-ਗੁਆਂਢ ਦੀਆਂ ਬੇਬੀ ਸਿਟਰਾਂ ਕੋਲ ਸਾਰਾ ਦਿਨ ਬਤੀਤ ਕਰਦੇ ਹਨਕਈ ਬੱਚਿਆਂ ਨੂੰ ਤਾਂ ਮਹੀਨਾ ਮਹੀਨਾ ਭਰ ਮਾਪਿਆਂ ਨੂੰ ਮਿਲਣ ਦਾ ਮੌਕਾ ਹੀ ਨਹੀਂ ਮਿਲਦਾਕਿਉਂਕਿ ਸਵੇਰੇ ਜਦੋਂ ਬੱਚੇ ਅਜੇ ਸੁੱਤੇ ਹੀ ਹੁੰਦੇ ਹਨ ਤਾਂ ਮਾਪੇ ਕੰਮਾਂ ਉੱਤੇ ਚਲੇ ਜਾਂਦੇ ਹਨ ਅਤੇ ਸ਼ਾਮ ਨੂੰ ਦੇਰ ਪਈ ਜਦੋਂ ਮਾਪੇ ਘਰ ਆਉਂਦੇ ਹਨ ਤਾਂ ਵੀ ਬੱਚੇ ਸੌਂ ਚੁੱਕੇ ਹੁੰਦੇ ਹਨ:

ਚਾਦਰ ਛੋਟੀ ਹੈ ਪਰ ਪੈਰ ਲੰਮੇ ਹੁੰਦੇ ਜਾਂਦੇ ਨੇ,

ਸਨਅਤੀਕਰਣ ਦੇ ਦਿੱਤੇ ਹੋਏ ਐਸੇ ਜ਼ਮਾਨੇ ਨੇ

ਮਾਂ ਤੇ ਬਾਪ ਦੋਹਾਂ ਨੂੰ ਹੀ ਕੰਮ ਤੋਂ ਵਿਹਲ ਨਹੀਂ ਮਿਲਦੀ,

ਅੱਜ ਘਰ ਘਰ ਦੇ ਅੰਦਰ ਬਣ ਰਹੇ ਯਤੀਮਖਾਨੇ ਨੇ

-----

ਪਰਵਾਸੀਆਂ ਦੀ ਜ਼ਿੰਦਗੀ ਦੀ ਇੱਕ ਹੋਰ ਵੱਡੀ ਸਮੱਸਿਆ ਵੱਲ ਵੀ ਪ੍ਰੀਤਮ ਸਿੰਘ ਧੰਜਲ ਸਾਡਾ ਧਿਆਨ ਦੁਆਉਂਦਾ ਹੈਇਮੀਗਰੇਸ਼ਨ ਪ੍ਰਾਪਤ ਕਰਨ ਦੀ ਝਾਕ ਵਿੱਚ ਪਹਿਲਾਂ ਤਾਂ ਲੋਕ ਕਈ ਕਈ ਸਾਲ ਕੈਨੇਡਾ ਦੀਆਂ ਅਦਾਲਤਾਂ ਦੀਆਂ ਤਰੀਕਾਂ ਭੁਗਤਦੇ ਰਹਿੰਦੇ ਹਨ; ਪਰ ਜਦੋਂ ਉਨ੍ਹਾਂ ਨੂੰ ਇਮੀਗਰੇਸ਼ਨ ਮਿਲ ਵੀ ਜਾਂਦੀ ਹੈ ਤਾਂ ਉਹ ਕਈ ਕਈ ਸਾਲ ਤੱਕ ਆਪਣੀਆਂ ਪਤਨੀਆਂ ਨੂੰ ਕੈਨੇਡਾ ਨਹੀਂ ਲਿਆ ਸਕਦੇਵਿਚਾਰੀਆਂ ਪਤਨੀਆਂ ਆਪਣੇ ਮੁੱਢਲੇ ਦੇਸ਼ਾਂ ਵਿੱਚ ਹੀ ਕਈ ਵਾਰੀ ਤਾਂ 8-10 ਸਾਲਾਂ ਤੱਕ ਵਿਧਵਾਵਾਂ ਵਾਂਗ ਆਪਣੀ ਜ਼ਿੰਦਗੀ ਕੱਟਦੀਆਂ ਹਨ:

ਆਪਣਾ ਦੇਸ਼ ਨਾ ਰੋਜ਼ੀ ਦੇਵੇ,

ਬਾਹਰ ਜਾਵੇ ਕੋਈ,

ਜੀਂਦੇ ਪਰਵਾਸੀ ਦੇ ਘਰ,

ਬੀਵੀ ਵਿਧਵਾ ਹੋਈ

-----

ਮਨੁੱਖੀ ਜ਼ਿੰਦਗੀ ਨਾਲ ਸਬੰਧਤ ਅਜਿਹੀਆਂ ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਜਿ਼ਕਰ ਕਰਦਾ ਹੋਇਆ, ਪ੍ਰੀਤਮ ਸਿੰਘ ਧੰਜਲ ਮਨੁੱਖ ਨੂੰ ਸਮਝਾਉਂਦਾ ਹੈ ਕਿ ਉਸਨੂੰ ਕੁਦਰਤ ਦੇ ਸੁਭਾਅ ਤੋਂ ਕੁਝ ਸਿੱਖਣਾ ਚਾਹੀਦਾ ਹੈਕੁਦਰਤ ਕਦੀ ਕਿਸੀ ਨਾਲ ਰੰਗ, ਧਰਮ, ਨਸਲ, ਲਿੰਗ, ਜ਼ਾਤ, ਪਾਤ, ਫਿਰਕੇ ਦੇ ਨਾਮ ਉੱਤੇ ਕਦੀ ਵੀ ਕੋਈ ਵਿਤਕਰਾ ਨਹੀਂ ਕਰਦੀਉਸ ਵੱਲੋਂ ਪੈਦਾ ਕੀਤੇ ਮੌਸਮ ਹਰ ਕਿਸੇ ਲਈ ਇੱਕੋ ਜਿੰਨੀ ਸਰਦੀ, ਗਰਮੀ, ਪੱਤਝੜ ਜਾਂ ਬਹਾਰ ਦਾ ਮੌਸਮ ਲੈਕੇ ਆਉਂਦੇ ਹਨਮੀਂਹ ਪੈਂਦਾ ਹੈ ਜਾਂ ਬਰਫ਼ ਪੈਂਦੀ ਹੈ - ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ:

1.ਠੰਡ ਲੱਗਦੀ ਤਾਂ ਸਭ ਨੂੰ ਲਗਦੀ,

ਗਰਮੀ ਲੱਗੇ, ਸਭ ਨੂੰ ਲੱਗੇ

ਪਾਣੀ ਸਭ ਦੀ ਪਿਆਸ ਬੁਝਾਵੇ,

ਹਵਾ ਵਗੇ ਤਾਂ ਸਭ ਲਈ ਵਗੇ

2.ਸੱਤ ਰੰਗਾਂ ਵਾਂਗ ਜੋ ਰਲ ਮਿਲ ਕੇ ਰਹਿੰਦੇ ਇੱਕ ਥਾਂ,

ਉਹਨਾਂ ਨੇ ਹੀ ਨ੍ਹੇਰਿਆਂ ਤੇ ਧੁੱਪਾਂ ਵਾਂਗੂੰ ਚਮਕਣਾ

-----

ਅੱਜ ਗਲੋਬਲਾਈਜ਼ੇਸ਼ਨ ਦਾ ਜ਼ਮਾਨਾ ਹੈਸਾਰੀ ਦੁਨੀਆਂ ਇੱਕ ਪਿੰਡ ਬਣ ਚੁੱਕੀ ਹੈਅਮਰੀਕਾ ਦੀ ਆਰਥਿਕਤਾ ਵਿੱਚ ਮੰਦਵਾੜਾ ਆਇਆ ਤਾਂ ਸਾਰੀ ਦੁਨੀਆਂ ਦੀਆਂ ਆਰਥਿਕਤਾਵਾਂ ਨੇ ਇਸ ਦਾ ਅਸਰ ਕਬੂਲਿਆਮੁੰਬਈ ਵਿੱਚ ਜਾਂ ਨਿਊਯਾਰਕ ਵਿੱਚ ਦਹਿਸ਼ਤਗਰਦਾਂ ਨੇ ਆਤੰਕਵਾਦੀ ਹਮਲੇ ਕੀਤੇ ਤਾਂ ਇਸਦਾ ਅਸਰ ਦੁਨੀਆਂ ਦੇ ਅਨੇਕਾਂ ਹਿੱਸਿਆਂ ਉੱਤੇ ਹੋਇਆਦੁਨੀਆਂ ਦੇ ਕੁਝ ਵੱਡੇ ਦੇਸ਼ਾਂ ਦੀਆਂ ਫੈਕਟਰੀਆਂ ਦੀਆਂ ਚਿਮਨੀਆਂ ਚੋਂ ਨਿਕਲ ਰਹੀਆਂ ਜ਼ਹਿਰੀਲੀਆਂ ਗੈਸਾਂ ਜੇਕਰ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੀਆਂ ਹਨ ਤਾਂ ਇਸ ਦੇ ਨਤੀਜੇ ਵਜੋਂ ਗਲੋਬਲ ਵਾਰਮਿੰਗ ਦਾ ਅਸਰ ਦੁਨੀਆਂ ਦੇ ਹੋਰਨਾਂ ਦੇਸ਼ਾਂ ਨੂੰ ਵੀ ਭੁਗਤਣਾ ਪੈ ਰਿਹਾ ਹੈ

-----

ਇਸ ਬ੍ਰਹਿੰਮਡ ਦੀ ਹਰ ਚੀਜ਼, ਹਰ ਜ਼ੱਰਾ, ਜ਼ੱਰਾ ਇੱਕ ਦੂਜੇ ਨਾਲ ਇਸ ਤਰ੍ਹਾਂ ਜੁੜੇ ਹੋਏ ਹਨ ਕਿ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਵਾਪਰੀ ਕੋਈ ਘਟਨਾ ਜਾਂ ਹੋਈ ਤਬਦੀਲੀ ਨਾਲ ਦੁਨੀਆਂ ਦੇ ਬਾਕੀ ਹਿੱਸੇ ਵੀ ਕਿਸੀ ਨ ਕਿਸੀ ਤਰ੍ਹਾਂ ਪ੍ਰਭਾਵਤ ਹੁੰਦੇ ਹਨਭਾਵੇਂ ਅਸੀਂ ਕਈ ਵੇਰੀ ਇਸ ਅਸਰ ਨੂੰ ਮਹਿਸੂਸ ਨਹੀਂ ਕਰਦੇ ਅਤੇ ਸਮਝ ਨਹੀਂ ਸਕਦੇ ਕਿ ਇਹ ਕੋਈ ਘਟਨਾ ਕਿਉਂ ਵਾਪਰੀ ਹੈਪ੍ਰੀਤਮ ਸਿੰਘ ਧੰਜਲ ਦੀਆਂ ਇਹ ਕਾਵਿ ਸਤਰਾਂ ਬੜਾ ਕੁਝ ਕਹਿ ਰਹੀਆਂ ਹਨ:

1.ਹਰ ਜ਼ੱਰਾ, ਜ਼ੱਰਾ ਨਾਲ ਜੁੜਿਆ,

ਇੱਕ ਹਿੱਲੇ, ਦੂਜਾ ਹਿੱਲ ਜਾਵੇ

ਹਰ ਘਟਨਾ, ਘਟਨਾ ਨੂੰ ਜਨਮੇ

ਭਾਵੇਂ ਸਾਨੂੰ ਨਜ਼ਰ ਨਾ ਆਵੇ

2.ਝੱਖੜ ਤਾਂ ਝੱਖੜ ਹੁੰਦੇ ਨੇ

ਨਜ਼ਰ ਮਿਲੇ ਤਾਂ ਦਿਲ ਧੜਕਾਵੇ

ਅੱਜ ਰੀਮੋਟ-ਕੰਟਰੋਲ ਨੂੰ ਦੇਖੋ,

ਦਿਸਦਾ ਨਹੀਂ, ਜੋ ਕਰਦਾ ਜਾਵੇ

-----

ਪ੍ਰੀਤਮ ਸਿੰਘ ਧੰਜਲ ਦੀ ਕਵਿਤਾ ਦਾ ਇੱਕ ਵਿਸ਼ੇਸ਼ ਗੁਣ ਇਹ ਵੀ ਹੈ ਕਿ ਉਹ ਪਾਠਕ ਨੂੰ ਇਸ ਧਰਤੀ ਨਾਲ ਜੋੜਦੀ ਹੈ; ਮਨੁੱਖੀ ਜ਼ਿੰਦਗੀ ਨਾਲ ਜੋੜਦੀ ਹੈਮਨੁੱਖ ਨੂੰ ਉਤਸ਼ਾਹ ਦਿੰਦੀ ਹੈ ਕਿ ਜੋ ਕੁਝ ਹੈ ਉਹ ਇਸੇ ਜ਼ਿੰਦਗੀ ਵਿੱਚ ਹੈਇਸ ਤੋਂ ਬਾਅਦ ਕੁਝ ਨਹੀਂਇਸ ਜ਼ਿੰਦਗੀ ਵਿੱਚ ਖੁਸ਼ੀਆਂ ਵੀ ਹਨ, ਗਮੀਆਂ ਵੀ ਹਨਇਸ ਧਰਤੀ ਉੱਤੇ ਚੰਗੇ ਕੰਮ ਵੀ ਮਨੁੱਖ ਹੀ ਕਰਦੇ ਹਨ ਅਤੇ ਮੰਦੇ ਕੰਮ ਵੀ ਮਨੁੱਖ ਹੀ ਕਰਦੇ ਹਨ ਜ਼ਿੰਦਗੀ ਮਹਿਕ ਹੈ ਤਾਂ ਬਦਬੋ ਵੀ ਹੈ

-----

ਸਤਿਯੰਮ ਸ਼ਿਵਮ ਸੁੰਦਰਮਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਰਾਹੀਂ ਪ੍ਰੀਤਮ ਸਿੰਘ ਧੰਜਲ ਇਸ ਗੱਲ ਬਾਰੇ ਬਹਿਸ ਛੇੜਣ ਵਿੱਚ ਕਾਮਿਯਾਬ ਰਹਿੰਦਾ ਹੈ ਕਿ ਸੱਚ ਹੀ ਸਦੀਵੀ ਅਤੇ ਸੁੰਦਰ ਹੈਉਹ ਆਪਣੀਆਂ ਕਵਿਤਾਵਾਂ ਰਾਹੀਂ ਇਸ ਗੱਲ ਦੇ ਸਬੂਤ ਪੇਸ਼ ਕਰਕੇ ਬਾਰ ਬਾਰ ਸਾਡਾ ਧਿਆਨ ਖਿੱਚਦਾ ਹੈ ਕਿ ਸਮਾਜ ਵਿੱਚ ਕਿਵੇਂ ਝੂਠ ਅਤੇ ਫਰੇਬ ਦਾ ਬੋਲਬਾਲਾ ਹੈਕਾਤਲਾਂ ਅਤੇ ਧਾਰਮਿਕ ਕੱਟੜਵਾਦੀਆਂ ਵੱਲੋਂ ਭੋਲੇ ਭਾਲੇ ਲੋਕਾਂ ਉੱਤੇ ਜ਼ੁਲਮ ਕੀਤਾ ਜਾ ਰਿਹਾ ਹੈਉਹ ਇਸ ਗੱਲ ਵਿੱਚ ਵੀ ਯਕੀਨ ਨਹੀਂ ਕਰਦਾ ਜੋ ਕਹਿੰਦੇ ਹਨ ਕਿ ਰੱਬ ਹਰ ਜਗਾਹ ਹੈਉਹ ਕਹਿੰਦਾ ਹੈ ਕਿ ਜੇਕਰ ਰੱਬ ਵਰਗੀ ਕੋਈ ਸ਼ੈਅ ਹੁੰਦੀ ਤਾਂ ਦੁਨੀਆਂ ਵਿੱਚ ਇੰਨਾਂ ਦੁੱਖ ਕਿਉਂ ਹੁੰਦਾਉਸ ਦਾ ਕਹਿਣਾ ਹੈ ਕਿ ਦੁਨੀਆਂ ਵਿੱਚ ਜੇਕਰ ਮਨੁੱਖ ਹਾਲਾਤ ਬਦਲਣੇ ਚਾਹੁੰਦਾ ਹੈ ਤਾਂ ਉਹ ਪੁਰਾਣੇ ਵਿਚਾਰਾਂ ਅਤੇ ਸਮਾਂ ਵਿਹਾ ਚੁੱਕੀਆਂ ਕਦਰਾਂ-ਕੀਮਤਾਂ ਦਾ ਪਿਛਲੱਗ ਹੀ ਨਾ ਬਣਿਆ ਰਹੇ; ਸਗੋਂ ਉਸ ਨੂੰ ਹਿੰਮਤ ਕਰਕੇ ਆਪਣੀ ਸੋਚ ਵਿੱਚ ਇਨਕਲਾਬੀ ਤਬਦੀਲੀ ਲਿਆਉਣੀ ਪਵੇਗੀ ਅਤੇ ਕੁਝ ਨਵਾਂ ਪਰ ਲੀਕ ਤੋਂ ਹਟਵਾਂ ਕਰਨ ਲਈ ਹੰਭਲਾ ਮਾਰਨਾ ਪਵੇਗਾ:

ਪੂਰਨਿਆਂ ਤੇ ਚੱਲਣਾ ਹੀ ਜੇ ਤੇਰਾ ਵਿਸ਼ਵਾਸ਼ ਹੈ,

ਤਾਂ ਇਹ ਦੱਸ ਕਿ ਆਦਮੀ ਕਿੰਝ ਚੰਦ ਉੱਤੇ ਪਹੁੰਚਦਾ?

-----

ਨਵੇਂ ਵਿਚਾਰਾਂ ਦਾ ਹਾਮੀ, ਪ੍ਰੀਤਮ ਸਿੰਘ ਧੰਜਲ ਸੁਚੇਤ ਪੱਧਰ ਉੱਤੇ ਸ਼ਾਇਰੀ ਲਿਖਣ ਵਾਲੇ, ਪ੍ਰਗਤੀਸ਼ੀਲ, ਕੈਨੇਡੀਅਨ ਪੰਜਾਬੀ ਸ਼ਾਇਰਾਂ ਵਿੱਚ ਗਿਣਿਆਂ ਜਾਂਦਾ ਰਹੇਗਾਅਜਿਹੇ ਸ਼ਾਇਰ ਜੋ ਸ਼ਾਇਰੀ ਲਿਖਣ ਦਾ ਇੱਕ ਵਿਸ਼ੇਸ਼ ਉਦੇਸ਼ ਸਮਝਦੇ ਹਨ: ਦੀਆਂ ਜ਼ਿੰਦਗੀ ਤਲਖ ਹਕੀਕਤਾਂ ਨੂੰ ਆਪਣੀ ਸ਼ਾਇਰੀ ਰਾਹੀ ਪੇਸ਼ ਕਰਨਾ, ਤਾਂ ਜੋ ਇਨ੍ਹਾਂ ਨੂੰ ਬਦਲ ਕੇ ਸਹੀ ਅਰਥਾਂ ਵਿੱਚ ਸੁੰਦਰ ਦੁਨੀਆਂ ਦੀ ਉਸਾਰੀ ਕੀਤੀ ਜਾ ਸਕੇਅਜਿਹੇ ਸ਼ਾਇਰਾਂ ਲਈ ਸੁੰਦਰਤਾਦੀ ਪ੍ਰੀਭਾਸ਼ਾ ਵੀ ਇਹੀ ਹੈਇਹ ਗੱਲ ਉਹ ਆਪਣੇ ਕਾਵਿ-ਸੰਗ੍ਰਹਿ ਸਤਿਯੰਮ ਸ਼ਿਵਮ ਸੁੰਦਰਮਵਿੱਚ ਸ਼ਾਮਿਲ ਗ਼ਜ਼ਲਾਂ ਰਾਹੀਂ ਵੀ ਸਪੱਸ਼ਟ ਕਰ ਜਾਂਦਾ ਹੈਉਹ ਅਜਿਹੇ ਸ਼ਾਇਰਾਂ ਦੀ ਢਾਣੀ ਵਿੱਚ ਸ਼ਾਮਿਲ ਨਹੀਂ ਜੋ ਸ਼ਾਇਰੀ ਲਿਖਣ ਲੱਗਿਆਂ ਆਪਣਾ ਸਾਰਾ ਸਮਾਂ ਇਸ ਗੱਲ ਉੱਤੇ ਹੀ ਜ਼ਾਇਆ ਕਰ ਦਿੰਦੇ ਹਨ ਕਿ ਸ਼ਬਦਾਂ ਦਾ ਤੋਲ, ਤੁਕਾਂਤ ਜਾਂ ਲਗਾਂ ਮਾਤਰਾਂ ਦਾ ਭਾਰ ਠੀਕ ਹੈ ਕਿ ਨਹੀਂਉਸਦਾ ਯਕੀਨ ਹੈ ਕਿ ਅਸਲੀ ਸ਼ਾਇਰੀ ਉਹੀ ਹੈ ਜੋ ਨਵੇਂ ਵਿਚਾਰ ਪੇਸ਼ ਕਰਦੀ ਹੈ ਅਤੇ ਅਜਿਹੀ ਸ਼ਾਇਰੀ ਹੀ ਸਦੀਵੀ ਹੈ:

ਉਹ ਖੋਖਲੇ ਨੇ, ਜਿਹੜੇ ਭਾਰਾਂ ਤੇ ਪੈ ਰਹੇ,

ਪਰਖੇ ਗਏ ਤਾਂ ਸਾਹਵੇਂ ਨਵੇਂ-ਤੋਲ ਆਉਣਗੇ

Monday, October 19, 2009

ਸੁਖਿੰਦਰ - ਲੇਖ

ਪਰਵਾਸੀ ਪੰਜਾਬੀ ਮਾਨਸਿਕਤਾ ਦੇ ਸੰਕਟ ਉਜਾਗਰ ਕਰਦੀਆਂ ਕਹਾਣੀਆਂ - ਬਲਬੀਰ ਕੌਰ ਸੰਘੇੜਾ

ਲੇਖ

ਕੈਨੇਡੀਅਨ ਪੰਜਾਬੀ ਸਾਹਿਤਕਾਰ ਬਲਬੀਰ ਕੌਰ ਸੰਘੇੜਾ ਨੇ ਆਪਣਾ ਕਹਾਣੀ ਸੰਗ੍ਰਹਿ ਠੰਡੀ ਹਵਾ2005 ਵਿੱਚ ਪ੍ਰਕਾਸ਼ਿਤ ਕੀਤਾ ਸੀਇਸ ਤੋਂ ਪਹਿਲਾਂ ਉਹ ਹੱਕ ਦੀ ਮੰਗ’ (ਨਾਵਲ), ‘ਇੱਕ ਖ਼ਤ ਨਾਂ ਸੱਜਣਾ ਦੇ’ (ਨਾਵਲ), ‘ਆਪਣੇ ਹੀ ਓਹਲੇ’ (ਕਹਾਣੀ ਸੰਗ੍ਰਹਿ), ‘ਖੰਭੇ’ (ਕਹਾਣੀ ਸੰਗ੍ਰਹਿ) ਅਤੇ ਪਰਛਾਈਆਂ ਦੇ ਓਹਲੇ ਪ੍ਰਕਰਮਾ’ (ਯਾਦਾਂ) ਪ੍ਰਕਾਸ਼ਿਤ ਕਰ ਚੁੱਕੀ ਸੀ

-----

ਕਹਾਣੀ ਸੰਗ੍ਰਹਿ ਠੰਡੀ ਹਵਾਵਿੱਚ ਸ਼ਾਮਿਲ ਕੀਤੀਆਂ ਗਈਆਂ ਕਹਾਣੀਆਂ ਪਰਵਾਸੀ ਪੰਜਾਬੀ ਮਾਨਸਿਕਤਾ ਦਰ ਪੇਸ਼ ਸਭਿਆਚਾਰਕ, ਸਮਾਜਿਕ ਅਤੇ ਆਰਥਿਕ ਸੰਕਟਾਂ ਦੀ ਨਿਸ਼ਾਨਦੇਹੀ ਕਰਦੀਆਂ ਹਨਕੈਨੇਡੀਅਨ ਪੰਜਾਬੀ ਕਹਾਣੀ ਦਾ ਇਹੀ ਮੀਰੀ ਗੁਣ ਕੈਨੇਡਾ ਦੀ ਪੰਜਾਬੀ ਕਹਾਣੀ ਦੀ ਇੱਕ ਵੱਖਰੀ ਪਹਿਚਾਣ ਸਥਾਪਤ ਕਰਨ ਲਈ ਸਹਾਈ ਹੋ ਰਿਹਾ ਹੈਕੈਨੇਡਾ ਦੇ ਅਨੇਕਾਂ ਹੋਰ ਚਰਚਿਤ ਪੰਜਾਬੀ ਕਹਾਣੀਕਾਰਾਂ ਵਾਂਗ ਬਲਬੀਰ ਕੌਰ ਸੰਘੇੜਾ ਵੀ ਕਹਾਣੀ ਲਿਖਣ ਵੇਲੇ ਆਪਣਾ ਸਾਰਾ ਧਿਆਨ ਇਸ ਵਿਸ਼ੇ ਉੱਤੇ ਹੀ ਕੇਂਦਰਿਤ ਕਰਦੀ ਹੈ

-----

ਬਲਬੀਰ ਕੌਰ ਸੰਘੇੜਾ ਲੰਬੀਆਂ ਕਹਾਣੀਆਂ ਲਿਖਣ ਵਾਲੀ ਲੇਖਿਕਾ ਹੈਉਸ ਦੀਆਂ ਕਹਾਣੀਆਂ ਬੜੀ ਧੀਮੀ ਤੋਰ ਤੁਰਦੀਆਂ ਹਨ ਅਤੇ ਕਈ ਵੇਰੀ ਕਹਾਣੀ ਨਾਲੋਂ ਇੱਕ ਨਾਵਲਿਟ ਹੋਣ ਦਾ ਭੁਲੇਖਾ ਪਾਂਦੀਆਂ ਹਨਉਸ ਦੀਆਂ ਕਹਾਣੀਆਂ ਦੀ ਧੀਮੀ ਤੋਰ ਵਾਂਗ ਹੀ, ਕਹਾਣੀਆਂ ਵਿੱਚ ਤਨਾਓ ਵੀ ਬੜੀ ਧੀਮੀ ਤੋਰ ਵਿੱਚ ਪੈਦਾ ਹੁੰਦਾ ਹੈਇਸ ਦਾ ਕਾਰਨ ਕਹਾਣੀ ਲਿਖਣ ਵੇਲੇ ਨਾਵਲ ਲਿਖਣ ਦੀ ਤਕਨੀਕ ਦਾ ਭਾਰੂ ਹੋਣਾ ਵੀ ਹੋ ਸਕਦਾ ਹੈਬਲਬੀਰ ਕੌਰ ਸੰਘੇੜਾ ਕਿਉਂਕਿ ਸਾਹਿਤ ਦੇ ਦੋਨਾਂ ਹੀ ਰੂਪਾਂ, ਕਹਾਣੀ ਅਤੇ ਨਾਵਲ, ਵਿੱਚ ਰਚਨਾ ਕਰਦੀ ਹੈਇਸ ਲਈ ਅਜਿਹਾ ਵਾਪਰਨਾ ਕੋਈ ਹੈਰਾਨੀ ਵਾਲੀ ਗੱਲ ਨਹੀਂਕੋਈ ਨਾਵਲਕਾਰ ਕਿਸੇ ਵਿਸ਼ੇ ਬਾਰੇ ਨਾਵਲ ਲਿਖਣ ਦੀ ਥਾਂ ਕਹਾਣੀ ਉਦੋਂ ਹੀ ਲਿਖਦਾ ਹੈ ਜਦੋਂ ਉਸ ਨੂੰ ਇਸ ਗੱਲ ਦਾ ਵਿਸ਼ਵਾਸ ਹੋ ਜਾਵੇ ਕਿ ਉਸ ਵਿਸ਼ੇ ਨੂੰ ਹੋਰ ਵਧੇਰੇ ਲੰਬਾ ਨਹੀਂ ਕੀਤਾ ਜਾ ਸਕਦਾ

ਬਲਬੀਰ ਕੌਰ ਸੰਘੇੜਾ ਨੇ ਕਹਾਣੀ ਸੰਗ੍ਰਹਿ ਠੰਡੀ ਹਵਾਵਿੱਚ ਸ਼ਾਮਿਲ ਕੀਤੀਆਂ ਗਈਆਂ ਕਹਾਣੀਆਂ ਵਿੱਚ ਜਿਹੜੇ ਵਿਸ਼ੇ ਪੇਸ਼ ਕੀਤੇ ਹਨ ਜਾਂ ਜਿਹੜੀਆਂ ਸਮੱਸਿਆਵਾਂ ਨੂੰ ਚੁਣਿਆ ਹੈ ਉਹ ਪਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਨਾਲ ਏਨੀ ਗੂੜ੍ਹੀ ਤਰ੍ਹਾਂ ਜੁੜੇ ਹੋਏ ਹਨ ਕਿ ਉਨ੍ਹਾਂ ਨੂੰ ਜੇਕਰ ਘਰ ਘਰ ਦੀ ਕਹਾਣੀ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ

-----

ਇਸ ਪੁਸਤਕ ਵਿੱਚ ਸ਼ਾਮਿਲ ਕਹਾਣੀ ਠੰਡੀ ਹਵਾਦੀਆਂ ਇਨ੍ਹਾਂ ਸਤਰਾਂ ਨਾਲ ਕਹਾਣੀ ਸੰਗ੍ਰਹਿ ਠੰਡੀ ਹਵਾਬਾਰੇ ਚਰਚਾ ਸ਼ੁਰੂ ਕੀਤਾ ਜਾ ਸਕਦਾ ਹੈ:

ਨੋ ਮਨੀਪਰਸ ਗੌਨਹੈਲਪਬੰਤਾ ਸਿੰਘ ਆਖ ਰਿਹਾ ਸੀ

ਯੂ ਨੋ ਵਿਅਰ ਟੂ ਗੈਟ ਔਫ?” ਉਹ ਹੱਥਾਂ ਦੇ ਇਸ਼ਾਰਿਆਂ ਨਾਲ ਪੁੱਛ ਰਹੀ ਸੀ ਕਿ ਤੁਸੀਂ ਕਿੱਥੇ ਉਤਰਨਾ ਹੈ

ਯੈਸ........ਯੈਸ ਪਲੀਜ਼

ਅਗਲੀ ਬੱਸ ਆਉਂਦੀ ਦਿਖਾਈ ਦਿੱਤੀਉਸ ਕੁੜੀ ਨੇ ਹੱਥ ਖੜ੍ਹਾ ਕਰਕੇ ਰੋਕ ਲਈ

ਉਹ ਬੱਸ ਡਰਾਈਵਰ ਨੂੰ ਸਾਰੀ ਕਹਾਣੀ ਦੱਸਣ ਲੱਗੀ ਅਤੇ ਦੋ ਟਰਾਂਸਫਰ ਟਿਕਟ ਲੈ ਕੇ ਉਸਨੇ ਉਨ੍ਹਾਂ ਦੋਹਾਂ ਦੇ ਹੱਥ ਫੜਾ ਦਿੱਤੇਬੱਸ ਡਰਾਈਵਰ ਨੂੰ ਵੀ ਹਦਾਇਤ ਦੇ ਦਿੱਤੀ ਕਿ ਉਹ ਉਨ੍ਹਾਂ ਦਾ ਖ਼ਿਆਲ ਰੱਖੇ

ਬੰਤਾ ਸਿੰਘ ਅਤੇ ਮੰਗਲ ਸਿੰਘ ਬੱਸ ਚੜ੍ਹਨ ਤੋਂ ਪਹਿਲਾ ਉਸ ਕੁੜੀ ਨੂੰ ਪੁੱਛ ਰਹੇ ਸਨ, “ਨੇਮ? ਟੈਲੀਫੂਨ ਨੰਬਰ? ਮਨੀ ਬੈਕ

ਡੌਂਟ ਵਰੀਆਈ ਐਮ ਗਲੈਡ ਆਈ ਕੁੱਡ ਹੈਲਪਚਿੰਤਾ ਨਾ ਕਰੋਮਦਦ ਕਰ ਕੇ ਖੁਸ਼ੀ ਮਹਿਸੁਸ ਹੋ ਰਹੀ ਹੈਉਸ ਕੁੜੀ ਨੇ ਕਿਹਾ

ਨੇਮ? ਬੰਤਾ ਸਿੰਘ ਫੇਰ ਪੁੱਛ ਰਿਹਾ ਸੀ

ਮਾਈ ਨੇਮ ਇੱਜ਼ ਐਨਾਉਸਨੇ ਹੱਸ ਕੇ ਦੱਸਿਆ

ਥੈਂਕ ਯੂ ਐਨਾਆਖਦੇ ਹੋਏ, ਜਿਵੇਂ ਉਹ ਦੋਨੋਂ, ਉਸ ਕੁੜੀ ਦੇ ਸਿਰ ਤੇ ਪਿਆਰ ਦੇ ਰਹੇ ਹੋਣ

ਚੱਲਦੀ ਬੱਸ ਵਿੱਚ ਉਹ ਪਿੱਛੇ ਮੁੜ-ਮੁੜ ਕੇ ਐਨਾ ਵੱਲ ਤੱਕ ਰਹੇ ਸਨਫਾਲ ਸੀਜ਼ਨ (ਪਤਝੜ) ਕਾਰਨ ਠੰਡੀ ਹਵਾ ਵਗ ਰਹੀ ਸੀ ਅਤੇ ਸੁੱਕੇ ਪੱਤੇ ਆਲੇ ਦੁਆਲੇ ਭਟਕ ਰਹੇ ਸਨ

----

ਇਸ ਕਹਾਣੀ ਦੇ ਪਾਤਰ ਬੰਤਾ ਸਿੰਘ ਅਤੇ ਮੰਗਲ ਸਿੰਘ ਉਨ੍ਹਾਂ ਸੈਂਕੜੇ ਅਜਿਹੇ ਬਜ਼ੁਰਗਾਂ ਦੀ ਪ੍ਰਤੀਨਿਧਤਾ ਕਰ ਰਹੇ ਹਨ ਜੋ ਕਿ ਫੈਮਿਲੀ ਕੈਟੇਗਰੀ ਦੇ ਅੰਦਰ ਪਰਵਾਸੀ ਬਣਕੇ ਕੈਨੇਡਾ ਆ ਰਹੇ ਹਨਇਨ੍ਹਾਂ ਬਜ਼ੁਰਗਾਂ ਨੇ ਆਪਣੀ ਗੱਲ ਕਿਸੇ ਨੂੰ ਸਮਝਾਉਣ ਜਾਂ ਕਿਸੇ ਹੋਰ ਦੀ ਗੱਲ ਸਮਝਣ ਜੋਗੀ ਵੀ ਅੰਗਰੇਜ਼ੀ ਪੜ੍ਹੀ ਜਾਂ ਲਿਖੀ ਨਹੀਂ ਹੁੰਦੀਕੈਨੇਡਾ ਵਿੱਚ ਜਦੋਂ ਕਿ ਤੁਹਾਨੂੰ ਹਰ ਜਗ੍ਹਾ ਅੰਗਰੇਜ਼ੀ ਬੋਲਣ ਦੀ ਲੋੜ ਪੈਂਦੀ ਹੈ ਤਾਂ ਸਾਡੇ ਅਜਿਹੇ ਬਜ਼ੁਰਗਾਂ ਲਈ ਬਹੁਤ ਮੁਸ਼ਕਿਲ ਪੈਦਾ ਹੋ ਜਾਂਦੀ ਹੈਵਿਸ਼ੇਸ਼ ਕਰਕੇ ਸਰਦੀਆਂ ਦੇ ਮੌਸਮ ਵਿੱਚ ਜਦੋਂ ਕਿ ਬਰਫ਼ਾਨੀ ਤੂਫ਼ਾਨ ਆਉਂਦੇ ਹਨ ਅਤੇ ਕਈ ਵਾਰੀ ਤਾਪਮਾਨ ਵੀ ਮਾਈਨਸ 35 ਡਿਗਰੀ ਤੱਕ ਪਹੁੰਚ ਜਾਂਦਾ ਹੈਅਜਿਹੇ ਸਮੇਂ ਜ਼ਰਾ ਸੋਚੋ ਜੇਕਰ ਕੋਈ ਬਜ਼ੁਰਗ ਏਨੀ ਠੰਡ ਵਿੱਚ ਕਿਸੇ ਬੱਸ ਸਟੈਂਡ ਉੱਤੇ ਬੱਸ ਦਾ ਇੰਤਜ਼ਾਰ ਕਰ ਰਿਹਾ ਹੋਵੇ ਅਤੇ ਉਹ ਕਿਸੀ ਨੂੰ ਇਹ ਵੀ ਸਮਝਾਅ ਸਕਣ ਜੋਗੀ ਅੰਗਰੇਜ਼ੀ ਨਾ ਬੋਲ ਸਕਦਾ ਹੋਵੇ ਕਿ ਉਸ ਨੇ ਕਿਹੜੀ ਬੱਸ ਵਿੱਚ ਸਵਾਰ ਹੋਣਾ ਹੈ ਅਤੇ ਕਿਹੜੀ ਸਟਰੀਟ ਉੱਤੇ ਉਤਰਨਾ ਹੈ ਤਾਂ ਉਸ ਵਿਅਕਤੀ ਦਾ ਏਨੀ ਠੰਡ ਵਿੱਚ ਕੀ ਹਾਲ ਹੋਵੇਗਾ?

-----

ਠੰਡੀ ਹਵਾਕਹਾਣੀ ਵਿੱਚ ਪਰਵਾਸੀ ਪੰਜਾਬੀ ਬਜ਼ੁਰਗਾਂ ਦੀ ਇੱਕ ਹੋਰ ਅਹਿਮ ਸਮੱਸਿਆ ਬਾਰੇ ਵੀ ਚਰਚਾ ਛੇੜਿਆ ਗਿਆ ਹੈਬੱਚੇ ਆਪਣੇ ਸੁੱਖ ਖਾਤਰ ਆਪਣੇ ਮਾਪਿਆਂ ਨੂੰ ਕੈਨੇਡਾ ਬੁਲਾਉਣ ਲਈ ਰਾਹਦਾਰੀ ਤਾਂ ਭੇਜ ਦਿੰਦੇ ਹਨ; ਪਰ ਇੱਥੇ ਆ ਕੇ ਬਜ਼ੁਰਗ ਮਾਪਿਆਂ ਦੀ ਜੋ ਬੁਰੀ ਹਾਲਤ ਹੁੰਦੀ ਹੈ ਉਸ ਨੂੰ ਦੇਖ ਕੇ ਉਹ ਬਜ਼ੁਰਗ ਇਹ ਕਹਿਣ ਤੋਂ ਨਹੀਂ ਝਿਜਕਦੇ ਕਿ ਇੱਥੇ ਨਾਲੋਂ ਤਾਂ ਅਸੀਂ ਇੰਡੀਆ ਵਿੱਚ ਹੀ ਚੰਗੇ ਸੀਇੱਥੇ ਆ ਕੇ ਨ ਸਿਰਫ ਬਜ਼ੁਰਗਾਂ ਨੂੰ ਇਕੱਲਤਾ ਹੀ ਭੋਗਣੀ ਪੈਂਦੀ ਹੈ; ਬਲਕਿ ਸਖਤ ਮਿਹਨਤ ਵੀ ਕਰਨੀ ਪੈਂਦੀ ਹੈਅਨੇਕਾਂ ਹਾਲਤਾਂ ਵਿੱਚ ਨੂੰਹਾਂ ਦਾ ਮਿਜਾਜ਼ ਸੱਸ-ਸਹੁਰੇ ਨਾਲ ਨ ਮਿਲਣ ਕਰਕੇ ਘਰ ਵਿੱਚ ਨਿੱਤ ਕਲੇਸ਼ ਰਹਿੰਦਾ ਹੈਇਸ ਮਸਲੇ ਨੂੰ ਬਲਬੀਰ ਕੌਰ ਸੰਘੇੜਾ ਬੜੇ ਕਲਾਤਮਕ ਢੰਗ ਨਾਲ ਪੇਸ਼ ਕਰਦੀ ਹੈਦੇਖੋ ਉਸਦੇ ਲਿਖਣ ਦਾ ਅੰਦਾਜ਼:

ਚੰਨਣ ਕੌਰ ਅਤੇ ਬੰਤਾ ਸਿੰਘ ਸੋਚਦੇ, ਸਾਡਾ ਇੱਕੋ-ਇਕ ਪੁੱਤ ਜਿਸਦੇ ਆਸਰੇ ਅਸੀਂ ਸੱਤ-ਸਮੁੰਦਰਾਂ ਦੇ ਪਾਰ ਆਪਣੇ ਬੁਢਾਪੇ ਨੂੰ ਚੁੱਕ ਕੇ ਲਿਆਏ ਹਾਂ, ਆਪਣੀ ਧੀ ਜਿੰਦਰੋ ਨੂੰ ਵੀ ਪਿੱਛੇ ਛੱਡ ਆਏ ਹਾਂਉਥੇ ਹੁੰਦੇ ਤਾਂ ਧੀ ਨਾਲ ਹੀ ਦੁੱਖ-ਸੁੱਖ ਸਾਂਝਾ ਕਰਦੇਕਦੀ ਉਹ ਸਾਨੂੰ ਮਿਲਣ ਆ ਜਾਂਦੀ ਅਤੇ ਅਸੀਂ ਉਸ ਨੂੰ, ਉਸ ਦੇ ਸਹੁਰੀਂ ਮਿਲ-ਗਿਲ ਆਉਂਦੇਜੇਕਰ ਇਨ੍ਹਾਂ ਦੋਹਾਂ ਨੇ ਸਾਡੇ ਨਾਲ ਇਸ ਤਰ੍ਹਾਂ ਦਾ ਸਲੂਕ ਕਰਨਾ ਸੀ, ਜਾਂ ਘਰ ਹੀ ਨਹੀਂ ਸੀ ਵੜਨਾ ਤਾਂ ਸਾਨੂੰ ਕਿਉਂ ਮੰਗਵਾਉਣਾ ਸੀ? ਕੀ ਅਸੀਂ ਇਨ੍ਹਾਂ ਚਾਰ ਕੰਧਾਂ ਦੀ ਕੈਦ ਕੱਟਣ ਆਏ ਹਾਂ? ਪਿੰਡ ਹੁੰਦੇ ਸਾਂ, ਆਪਣੇ ਮਨ ਦੀ ਮਰਜ਼ੀ ਨਾਲ ਬੈਠਦੇ-ਉੱਠਦੇ ਸਾਂਮਿਲਦੇ-ਗਿਲਦੇ ਸਾਂਆਂਢ-ਗੁਆਂਢ ਸੀ, ਸਾਕ-ਸਕੀਰੀਆਂ ਸਨਹੁਣ ਇੱਥੇ ਕੈਨੇਡਾ ਵਿੱਚ, ਸਾਕ-ਸਕੀਰੀ ਦੇ ਵੀ ਕੋਈ ਅਰਥ ਨਹੀਂ ਰਹੇਮੁੰਡੇ ਦੇ ਸਹੁਰੇ ਆਪਣੀ ਆਕੜ ਵਿੱਚ ਹਨਜੀ ਹਮਾਂ ਨੇ ਤਾਂ ਤੁਹਾਡੇ ਪੁੱਤ ਨੂੰ ਸੁਰਗ ਚ ਵਾੜਿਆਸਾਡੇ ਪੈਰ ਧੋ-ਧੋ ਕੇ ਪੀਵੋ ਹੁਣਕੀ ਹੱਜ-ਚੱਜ ਹੈ ਰਿਸ਼ਤੇਦਾਰੀਆਂ ਦੇ? ਕੋਈ ਦੁੱਖ-ਸੁੱਖ ਨਹੀਂ ਪੁੱਛਦਾਅੰਦਰ ਪੈ ਕੇ ਭਾਵੇਂ ਮਰ ਜਾਵੋ

----

ਇਸੇ ਹੀ ਕਹਾਣੀ ਵਿੱਚੋਂ ਹੀ ਇਸੇ ਸਮੱਸਿਆ ਦਾ ਕੁਝ ਹੋਰ ਵਿਸਥਾਰ ਪੇਸ਼ ਕਰਦੀਆਂ ਕੁਝ ਹੋਰ ਸਤਰਾਂ ਪੇਸ਼ ਹਨ:

ਉਹ ਕਿਸੇ ਨੂੰ ਦਿਲ ਦੀ ਗੱਲ ਨਾ ਦੱਸ ਸਕਦੇ ਅਤੇ ਨਾ ਹੀ ਕੁਝ ਕਰ ਸਕਦੇਦੋਨੋਂ ਮੀਆਂ-ਬੀਵੀ ਆਪਣੇ ਆਪ ਵਿੱਚ ਕੁੜ੍ਹਦੇ ਰਹੇਕਿਹਦੇ ਕੋਲ ਗੱਲ ਕਰਨ? ਆਖਰ ਨੌਬਤ ਇਥੋਂ ਤਕ ਆ ਗਈ ਕਿ ਇਕ ਦਿਨ ਗੁਰਦਿਆਲ ਨੇ ਉਜਾਗਰ ਸਿੰਘ ਨੂੰ ਆਪ ਆਖ ਦਿੱਤਾ, “ਬਾਪੂ ਜੀ, ਲੋਕੀਂ ਵੀ ਖੇਤਾਂ ਵਿੱਚ ਜਾਂ ਏਅਰਪੋਰਟ ਤੇ ਸਕਿਉਰਟੀ ਦਾ ਕੰਮ ਕਰਦੇ ਹਨ, ਤੁਸੀਂ ਵੀ ਕਿਉਂ ਨਹੀਂ ਕਰ ਲੈਂਦੇਨਿਆਣੇ ਤਾਂ ਬੀਬੀ ਕੋਲ ਹੀ ਹੁੰਦੇ ਹਨ

ਪੁੱਤ ਦੀ ਇਸ ਗੱਲ ਨਾਲ ਉਜਾਗਰ ਸਿੰਘ ਦਾ ਸਵੈਮਾਨ ਖੇਰੂੰ-ਖੇਰੂੰ ਹੋ ਗਿਆਸੱਤਰ ਵਰ੍ਹਿਆਂ ਦੀ ਉਮਰ, ਤੇ ਖੇਤਾਂ ਵਿਚ ਕੰਮ? ਮੇਰੇ ਪੁੱਤ ਦਾ ਜਿਗਰਾ ਕਿੱਦਾਂ ਪਿਆ ਕਹਿਣ ਦਾ? ਉਸਨੂੰ ਸਮਝ ਨਹੀਂ ਸੀ ਆ ਰਹੀਕੀ ਹੋ ਗਿਆ ਸੀ ਇੱਥੋਂ ਦੇ ਬੱਚਿਆਂ ਨੂੰ? ਲਹੂ ਸੁਧਾ ਪਾਣੀ ਬਣ ਗਿਆ ਸੀਜੇ ਕਿਸੇ ਨੇ ਸੁਣ ਲਈ ਇਹ ਗੱਲ ਤਾਂ ਲੋਕ ਕੀ ਕਹਿਣਗੇ? ਮਿਲਟਰੀ ਦਾ ਅਫਸਰ, ਜਿਸਨੂੰ ਆਪਣੇ ਪੁੱਤ ਦੇ ਘਰ ਰੋਟੀ ਨਹੀਂ? ਖੇਤਾਂ ਵਿੱਚ ਕੰਮ?

-----

ਕਹਾਣੀ ਸੰਗ੍ਰਹਿ ਠੰਡੀ ਹਵਾਵਿਚਲੀ ਕਹਾਣੀ ਕੰਧਾਂਪਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਨਾਲ ਸਬੰਧਤ ਇੱਕ ਹੋਰ ਮਹੱਤਵ-ਪੂਰਨ ਸਮੱਸਿਆ ਦਾ ਚਰਚਾ ਕਰਦੀ ਹੈਇਸ ਸਮੱਸਿਆ ਦਾ ਸਬੰਧ ਹੈ ਪਰਵਾਸੀ ਪੰਜਾਬੀ ਔਰਤ / ਮਰਦ ਵੱਲੋਂ ਇੰਡੀਆ ਤੋਂ ਕਿਸੇ ਮਰਦ / ਔਰਤ ਨੂੰ ਆਪਣੇ ਹੋਣ ਵਾਲੇ ਪਤੀ / ਪਤਨੀ ਵਜੋਂ ਕੈਨੇਡਾ ਆਉਣ ਲਈ ਰਾਹਦਾਰੀ ਭੇਜਣੀ

ਇਹ ਰਾਹਦਾਰੀ ਔਰਤ / ਮਰਦ ਵੱਲੋਂ ਭੇਜੀ ਤਾਂ ਜਾਂਦੀ ਹੈ ਆਪਣੀ ਲੋੜ ਨੂੰ; ਪਰ ਇਹ ਗੱਲ ਦੂਜੇ ਵਿਅਕਤੀ ਦੇ ਕੈਨੇਡਾ ਪਹੁੰਚਣ ਤੋਂ ਬਾਹਦ ਉਸ ਨੂੰ ਬਾਰ ਬਾਰ ਯਾਦ ਕਰਵਾਈ ਜਾਂਦੀ ਹੈਮਹਿਜ਼, ਇਹ ਗੱਲ ਜਤਲਾਉਣ ਲਈ ਕਿ ਕੈਨੇਡਾ ਬੈਠੇ ਵਿਅਕਤੀ ਨੇ ਇੰਡੀਆ ਤੋਂ ਆਉਣ ਵਾਲੇ ਪਤੀ / ਪਤਨੀ ਨੂੰ ਰਾਹਦਾਰੀ ਭੇਜਕੇ ਉਸ ਉੱਤੇ ਬਹੁਤ ਵੱਡਾ ਅਹਿਸਾਨ ਕੀਤਾ ਹੈਇਹ ਅਹਿਸਾਨਦੋਵਾਂ ਵਿਅਕਤੀਆਂ ਪਤੀ-ਪਤਨੀਵਿਚਾਲੇ ਇੱਕ ਕੰਧ ਬਣਕੇ ਖੜ੍ਹ ਜਾਂਦਾ ਹੈਜਿਸ ਕਾਰਨ ਉਨ੍ਹਾਂ ਦਰਮਿਆਨ ਕਦੀ ਵੀ ਸੁਖਾਵੇਂ ਸਬੰਧ ਪੈਦਾ ਨਹੀਂ ਹੋ ਸਕਦੇ ਅਤੇ ਉਹ ਹਰ ਢੁੱਕਵਾਂ ਮੌਕਾ ਮਿਲਣ ਉੱਤੇ ਇੱਕ ਦੂਜੇ ਅੰਦਰ ਹੀਨ ਭਾਵਨਾ ਪੈਦਾ ਕਰਨ ਵਾਲੇ ਸ਼ਬਦ ਬੋਲ ਕੇ ਇੱਕ ਦੂਜੇ ਦਾ ਜਿਉਣਾ ਮੁਸ਼ਕਿਲ ਕਰ ਦਿੰਦੇ ਹਨਪੇਸ਼ ਹਨ ਇਨ੍ਹਾਂ ਤੱਥਾਂ ਦੀ ਪੁਸ਼ਟੀ ਕਰਦੀਆਂ ਕਹਾਣੀ ਕੰਧਾਂ’ ‘ਚੋਂ ਦੋ ਉਦਾਹਰਣਾਂ:

1.ਜਸਦੇਵ ਮੀਤੀ ਦੇ ਮਿਹਣੇ ਸੁਣ-ਸੁਣ ਕੇ ਤੰਗ ਆ ਚੁੱਕਾ ਸੀਇਕ ਰਾਹਦਾਰੀ ਹੀ ਤਾਂ ਮੀਤੀ ਨੇ ਭੇਜੀ ਸੀਉਸ ਦੀ ਐਡੀ ਸਜ਼ਾ? ਸਾਰੀ ਉਮਰ ਦੇ ਮਿਹਣ-ਕ-ਮਿਹਣੇ? ਕੀ ਥੁੜਿਆ ਸੀ ਕੈਨੇਡਾ ਆਉਣ ਬਿਨ੍ਹਾਂ? ਇਸ ਨਾਲੋਂ ਤਾਂ ਚੰਗਾ ਸੀ ਕਿ ਉਹ ਇੰਡੀਆ ਹੀ ਰਹਿੰਦਾਆਖਰ ਸਿਵਿਲ ਇੰਜਨੀਅਰ ਬਣ ਜਾਣਾ ਸੀ ਉਸਨੇਇੱਕ ਸਾਲ ਹੋਰ ਪੜ੍ਹਾਈ ਦਾ ਰਹਿੰਦਾ ਸੀਕਿੱਥੇ ਕੈਨੇਡਾ ਦੇ ਲਾਲਚ ਵਿਚ ਬਾਊ ਜੀ ਆਖਣ ਲੱਗੇ, “ਬੇਟੇ! ਕੈਨੇਡਾ ਚਲਾ ਜਾਵੇਂ ਤਾਂ ਆਪਣੀਆਂ ਭੈਣਾਂ ਨੂੰ ਵਿਆਹੁਣ ਵਿਚ ਵੀ ਮੱਦਦ ਕਰ ਦੇਵੇਂਗਾਪਿੰਡ ਦੀ ਦੁਕਾਨ ਦੇ ਸਿਰ ਤੇ, ਮੈਂ ਕਿਵੇਂ ਚਹੁੰ ਧੀਆਂ ਨੂੰ ਤੋਰਾਂਗਾ?...‘ਤੇ ਫੇਰ, ਤੇਰਾ ਵੱਡਾ ਵੀਰ ਹਰੀ ਦੇਵ ਵੀ ਭਰ ਜੁਆਨੀ ਵਿਚ ਤੁਰ ਗਿਆਉਸ ਦੇ ਵੀ ਤਿੰਨ ਜੁਆਕ ਖਾਣ ਵਾਲੇ ਐਤੇਰਾ ਭਰਾ ਦੇਵ ਰਾਜ ਕੱਲਾ ਕੀ ਕਰੂਹਾਲੇ ਤਾਂ ਉਸਦੀ ਪੜ੍ਹਾਈ ਤਿੰਨਾਂ ਚਹੁੰ ਸਾਲਾਂ ਨੂੰ ਖ਼ਤਮ ਹੋਣੀ ਐਂਜਾ ਮੇਰਾ ਬੀਬਾ ਪੁੱਤਘਰ ਦੀਆਂ ਕੰਧਾਂ ਚੋਂ ਦਲਿੱਦਰ ਨਿਕਲ ਜਾਊਹੁਣ ਪ੍ਰਮਾਤਮਾ ਆਪ ਵਿੱਧ ਬਣਾ ਰਿਹਾ ਹੈਕੁੜੀ ਪੜ੍ਹੀ ਲਿਖੀ ਐਸੋਹਣੀ-ਸੁਨੱਖੀ ਵੀ ਐਸਾਡੇ ਸਭ ਦੇ ਪਸੰਦ ਐਹੋਰ ਤਾਂ ਹੋਰ, ਕੱਲ੍ਹ ਨੂੰ ਤੂੰ ਆਪਣੇ ਭੈਣਾਂ ਭਰਾ ਵੀ ਮੰਗਵਾ ਸਕਦਾ ਐਂ

-----

2.ਉਹ ਉਸਦੀ ਹਸਤੀ ਨੂੰ ਵਾਰ-ਵਾਰ ਮਿਟਾਉਂਦੀਉਸਦਾ ਅੱਗਾ-ਪਿੱਛਾ ਨੌਲਦੀਉਸਦੀ ਗਰੀਬੀ ਦਾ ਮਜ਼ਾਕ ਉੜਾਉਂਦੀਉਹ ਜਸਦੇਵ ਨੂੰ ਕੈਨੇਡਾ ਦੀ ਜ਼ਿੰਦਗੀ ਦੇ ਜਿਵੇਂ ਸ਼ਬਦ ਦਿੰਦੀ ਹੋਈ ਦੱਸਦੀ, “ਏਸ ਮੁਲਕ ਵਿਚ ਖਾਣਾ ਕਿਸ ਤਰ੍ਹਾਂ ਖਾਈਦੈਬਾਹਰ ਗੋਰਿਆਂ ਦੀ ਸੁਸਾਇਟੀ ਵਿਚ ਕਿਵੇਂ ਵਿਚਰੀਦੈਡਰਿੰਕ ਲੈ ਕੇ ਪੀਣਾ ਹੋਵੇ ਤਾਂ ਕਿਵੇਂ ਸਿਰਫ ਸਿੱਪ ਕਰਦੇ ਰਹੀਦੈਕਾਂਟਾ ਹਮੇਸ਼ਾਂ ਖੱਬੇ ਹੱਥ ਵਿੱਚ ਹੋਵੇ ਤੇ ਜਦੋਂ ਛੁਰੀ ਨਾਲ ਕਿਸੇ ਚੀਜ਼ ਨੂੰ ਕੱਟੋ ਤਾਂ ਤੁਹਾਡੇ ਅੰਗੂਠੇ ਦੇ ਨਾਲ ਦੀ ਉਂਗਲ ਛੁਰੀ ਦੇ ਸਿਰ ਤੇ ਧਰੀ ਹੋਵੇਕਿਹੜਾ ਕਾਂਟਾ ਤੇ ਕਿਹੜੀ ਛੁਰੀ ਪਹਿਲਾਂ ਚੁੱਕੋ ਆਦਿ

ਗੱਲ ਕੀ ਉਹ ਨਿੱਕੀ ਤੋਂ ਨਿੱਕੀ ਚੀਜ਼ ਬਾਰੇ ਜਸਦੇਵ ਨੂੰ ਸਮਝਾਉਂਦੀ ਜਿਵੇਂ ਉਹ ਕਿਸੇ ਪੱਥਰ ਯੁਗ ਦਾ ਬੰਦਾ ਹੋਵੇ.....

-----

ਇਸ ਤਰ੍ਹਾਂ ਦਾ ਤਨਾਓ ਭਰਿਆ ਪ੍ਰਵਾਰਕ ਮਾਹੌਲ ਨ ਸਿਰਫ ਪ੍ਰਵਾਰਕ ਜ਼ਿੰਦਗੀ ਨੂੰ ਨਰਕ ਬਣਾ ਦਿੰਦਾ ਹੈ; ਬਲਕਿ ਅਨੇਕਾਂ ਹਾਲਤਾਂ ਵਿੱਚ ਇਹ ਤਨਾਓ ਇੱਕ-ਦੂਜੇ ਉੱਤੇ ਹਿੰਸਾਤਮਕ ਹਮਲਿਆਂ ਨੂੰ ਵੀ ਜਨਮ ਦਿੰਦਾ ਹੈਜਿਸਦਾ ਅੰਤ ਅਖੀਰ ਪਤੀ-ਪਤਨੀ ਦਰਮਿਆਨ ਤਲਾਕ ਦੀ ਹੱਦ ਤੱਕ ਪਹੁੰਚ ਜਾਂਦਾ ਹੈਅਜਿਹੇ ਪ੍ਰਵਾਰ ਵਿੱਚ ਜੇਕਰ ਬੱਚੇ ਵੀ ਹੋ ਚੁੱਕੇ ਹੋਣ ਤਾਂ ਇਸ ਸਥਿਤੀ ਦਾ ਸਭ ਤੋਂ ਵੱਧ ਅਸਰ ਬੱਚਿਆਂ ਉੱਤੇ ਹੁੰਦਾ ਹੈਉਨ੍ਹਾਂ ਦੀ ਮਾਨਸਿਕਤਾ ਨੂੰ ਵੀ ਘਰੋਗੀ ਜੰਗ ਦਰਮਿਆਨ ਹੁੰਦੀ ਸ਼ਾਬਦਿਕ ਰੂਪੀ ਗੋਲਾਬਾਰੀ ਦੇ ਦਹਿਸ਼ਤ ਭਰੇ ਮਾਹੌਲ ਦਾ ਅੱਤਿਆਚਾਰ ਸਹਿਣਾ ਪੈਂਦਾ ਹੈਅਜਿਹੀਆਂ ਹਾਲਤਾਂ ਵਿੱਚ ਪਲੇ ਬੱਚੇ ਵੀ ਝਗੜਾਲੂ ਮਾਨਸਿਕਤਾ ਵਾਲੇ ਬੱਚਿਆਂ ਦੇ ਰੂਪ ਵਿੱਚ ਹੀ ਜਵਾਨ ਹੁੰਦੇ ਹਨ

-----

ਬੰਦੀਨਾਮ ਦੀ ਕਹਾਣੀ ਵਿੱਚ ਜੋ ਸਮੱਸਿਆ ਆਇਰਸ਼ ਮੂਲ ਦੀ ਪਾਤਰ ਮਿਸਿਜ਼ ਕਾਰਟਰ ਦੀ ਜ਼ਿੰਦਗੀ ਨਾਲ ਸਬੰਧਤ ਦਿਖਾਈ ਗਈ ਹੈ; ਦਰਅਸਲ, ਉਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਤਾਂ ਹਜ਼ਾਰਾਂ ਪਰਵਾਸੀ ਪੰਜਾਬੀ ਔਰਤਾਂ ਵੀ ਕਰ ਰਹੀਆਂ ਹਨਮਿਸਿਜ਼ ਕਾਰਟਰ ਦੀ ਕਹਾਣੀ ਤਾਂ ਉਨ੍ਹਾਂ ਅਜਿਹੇ ਹਜ਼ਾਰਾਂ ਪਰਵਾਸੀ ਪੰਜਾਬੀ ਪ੍ਰਵਾਰਾਂ ਦੀ ਕਹਾਣੀ ਹੈ ਜਿਨ੍ਹਾਂ ਨੇ ਵੱਡੇ ਵੱਡੇ ਘਰ ਖ੍ਰੀਦਣ ਦੀ ਅੰਨ੍ਹੀ ਦੌੜ ਵਿੱਚ ਪੈ ਕੇ ਆਪਣੇ ਬੱਚਿਆਂ ਦੇ ਬਚਪਨ ਨੂੰ ਵੀ ਦਾਅ ਉੱਤੇ ਲਗਾ ਦਿੱਤਾਅਜਿਹੇ ਤੱਥਾਂ ਦੀ ਪੁਸ਼ਟੀ ਕਰਦੀਆਂ ਪੇਸ਼ ਹਨ ਕਹਾਣੀ ਬੰਦੀਵਿੱਚੋਂ ਤਿੰਨ ਉਦਾਹਰਣਾਂ:

1.ਸਿਲਵੀਆ ਘਰ ਵੜਦੀ, ਜੁੱਤੀ ਵਗਾਹ ਕੇ ਮਾਰਦੀਆਪਣਾ ਬੈਗ ਇਕ ਪਾਸੇ ਸੁੱਟ ਦਿੰਦੀਤੇ ਸਿਗਰਟ ਦੇ ਦੋ ਕਸ਼ ਖਿੱਚਦੀ, ਗਲਾਸ ਵਿੱਚ ਰੰਮ ਪਾ ਕੇ ਦੋ ਘੁੱਟ ਭਰਦੀ ਅਤੇ ਸੌਂ ਜਾਂਦੀ

ਇਹ ਉਸਦੇ ਜੀਵਨ ਦਾ ਨਿਤ-ਪ੍ਰਤੀ ਦਾ ਹਾਲ ਸੀਬੱਚੇ ਆਪ ਹੀ ਕੁਝ ਬਣਾ ਕੇ ਸੌਂ ਜਾਂਦੇ ਜਾਂ ਜਿਹੜੀ ਸੈਂਡਵਿਚ ਉਨ੍ਹਾਂ ਦਾ ਮਾਮਾ ਬਣਾ ਕੇ ਰੱਖ ਜਾਂਦਾ, ਉਹ ਹੀ ਖਾ ਲੈਂਦੇ, ਜਾਂ ਪੀਜ਼ਾ, ਬਰਗਰ ਜੋ ਹੱਥ ਆਉਂਦਾ ਲੈ ਆਉਂਦੇ ਅਤੇ ਢਿੱਡ ਭਰ ਲੈਂਦੇਘਰ ਵੀ ਆਪ ਸਾਫ਼ ਕਰ ਦਿੰਦੇਵੱਡਾ ਮਾਰਕ ਵੈਕਿਊਮ ਕਰ ਦਿੰਦਾਛੋਟਾ ਪੌਲ ਭਾਂਡੇ ਧੋ ਦਿੰਦਾਦੋਨੋਂ ਛੋਟੇ ਜੈਰੀ ਤੇ ਜੇਸਨ ਆਪਣਾ ਹੋਮ ਵਰਕ ਕਰਦੇਸਾਰੇ ਭਰਾ ਮਾਂ ਨੂੰ ਕਦੀ ਤੰਗ ਨਾ ਕਰਦੇਜਦੋਂ ਥੱਕੀ ਹਾਰੀ ਮਾਂ ਨੂੰ ਨੀਂਦ ਨੇ ਘੇਰਿਆ ਹੁੰਦਾ ਤਾਂ ਉਹ ਕਦੀ ਰੌਲਾ ਨਾ ਪਾਉਂਦੇਖਮੋਸ਼ੀ ਉਨ੍ਹਾਂ ਦੇ ਚਿਹਰਿਆਂ ਤੇ ਨੱਚਦੀ

ਸਿਲਵੀਆ ਦੇ ਅੰਦਰ ਤਾਂ ਮੈਰੀਓ ਦਾ ਸੁਪਨਾ ਪੂਰਾ ਕਰਨ ਦੀ ਚਿੰਤਾ ਸੀਉਸਨੂੰ ਬੱਚਿਆਂ ਦੇ ਚੁੱਪ-ਗੜੁੱਪ ਚਿਹਰੇ ਵੀ ਨਜ਼ਰ ਨਾ ਆਉਂਦੇ

-----

2.ਮੈਂ ਕਦੀ ਸੋਚਦੀ ਕਿ ਜਿਨ੍ਹਾਂ ਹੀਰਿਆਂ ਵਾਸਤੇ ਉਹ ਦੌੜ-ਭੱਜ ਕਰ ਰਹੀ ਸੀ, ਉਨ੍ਹਾਂ ਨੂੰ ਤਾਂ ਆਪਣੀ ਆਪਣੀ ਮਾਂ ਦੀ ਲੋੜ ਸੀਜਿਹੜਾ ਪੈਸਾ ਇਕੱਠਾ ਕਰਕੇ ਉਹ ਉਨ੍ਹਾਂ ਦਾ ਭਵਿੱਖ ਸੁਆਰ ਰਹੀ ਸੀ, ਉਸ ਦੀ ਉਨ੍ਹਾਂ ਨੂੰ ਲੋੜ ਨਹੀਂ ਸੀਕੱਲ੍ਹ ਨੂੰ ਉਹ ਵੱਡੇ ਹੋ ਜਾਣਗੇ, ਪੜ੍ਹਕੇ ਆਪਣੇ-ਆਪਣੇ ਕੰਮਾਂ ਤੇ ਲੱਗ ਜਾਣਗੇਕੀ ਕਰਨਾ ਸੀ ਉਨ੍ਹਾਂ ਨੇ ਇਹ ਘਰ? ਇਹ ਪੈਸਾ? ਉਸ ਵੇਲੇ ਤਾਂ ਸ਼ਾਇਦ ਉਨ੍ਹਾਂ ਨੂੰ ਮਾਂ ਦੀ ਵੀ ਲੋੜ ਨਾ ਰਹੇਲੋੜ ਤਾਂ ਹੁਣ ਸੀ, ਇਕੱਲਤਾ ਦਾ ਵੇਲਾ ਸਾਂਭਣ ਦਾਇਕੱਠੇ ਜੀਣ ਦੀਰਲਕੇ ਹੱਸਣ ਦੀਇਹ ਸਭ ਕੁਝ ਸਿਲਵੀਆ ਕਿਉਂ ਨਹੀਂ ਸੀ ਸਮਝ ਸਕਦੀ? ਮੇਰੇ ਅੰਦਰ ਹੌਲ ਜਿਹਾ ਪੈਂਦਾ

-----

3.ਮੌਮ ਵੀ ਨੀਡ ਯੂਵਾਈ ਡੌਂਟ ਯੂ ਅੰਡਰਸਟੈਂਡ ਦਿਸ, ਪੌਪ ਇਜ਼ ਗੌਨਸਾਨੂੰ ਤੇਰੀ ਲੋੜ ਹੈਇਸ ਨੂੰ ਸਮਝੋਪੌਪ ਤਾਂ ਚਲਾ ਗਿਆਤੇ ਤੁਸੀਂ...

ਮਾਰਕ ਕਾਰ ਦੇ ਨਾਲ ਭੱਜਿਆ ਜਾਂਦਾ ਆਖਦਾ

ਆਈ ਲਵ ਯੂ ਮਾਰਕਗਿਵ ਮੀ ਸਮ ਮੋਰ ਟਾਈਮ ਪਲੀਜ਼ਮੈਨੂੰ ਥੋੜਾ ਜਿਹਾ ਹੋਰ ਵਕਤ ਦਿਓ,” ਅਖਦੀ ਹੋਈ ਉਹ ਕਾਰ ਹੋਰ ਤੇਜ਼ ਕਰ ਲੈਂਦੀ

ਮਾਰਕ ਅਤੇ ਪੌਲ ਖੜੇ ਦੇਖਦੇ ਰਹਿੰਦੇਸਿਰ ਖੁਰਕਦੇ ਮੁੜ ਘਰ ਦੀ ਦਹਿਲੀਜ਼ ਲੰਘ ਕੇ ਦਰਵਾਜ਼ਾ ਬੰਦ ਕਰ ਲੈਂਦੇਉਹ ਜਿਵੇਂ ਮੇਰੇ ਕੋਲੋਂ ਆਪਣਾ ਚਿਹਰਾ ਲੁਕਾਉਂਦੇਦੁਨੀਆਂ ਤੋਂ ਵੀ ਦੂਰ ਲੁਕ ਜਾਂਦੇ

ਉਨ੍ਹਾਂ ਨੂੰ ਦੇਖ ਕੇ, ਉਨ੍ਹਾਂ ਦੀ ਇਕੱਲਤਾ ਨੂੰ ਮਹਿਸੂਸ ਕਰਕੇ, ਮੇਰੇ ਅੰਦਰ ਕੁਝ ਟੁੱਟਦਾਪਰ ਕੀ ਕਰ ਸਕਦੀ ਸਾਂ ਮੈਂ? ਕੁਝ ਵੀ ਨਹੀਂ

ਰੋਣਾ ਮਨ੍ਹਾ ਹੈਕਹਾਣੀ ਇੱਕ ਸਾਂਝੇ ਪਰਿਵਾਰ ਦੀਆਂ ਸਮੱਸਿਆਵਾਂ ਦੀ ਕਹਾਣੀ ਹੈਪਰਵਾਸੀ ਜਦੋਂ ਕੈਨੇਡਾ ਆਉਂਦੇ ਹਨ ਤਾਂ ਉਹ ਕੋਸ਼ਿਸ਼ ਕਰਦੇ ਹਨ ਕਿ ਸਾਰਾ ਹੀ ਪ੍ਰਵਾਰ ਇੱਕੋ ਹੀ ਘਰ ਵਿੱਚ ਰਹੇ ਭਾਵੇਂ ਧੀਆਂ / ਪੁੱਤਰ ਵਿਆਹੇ ਹੋਏ ਅਤੇ ਧੀਆਂ-ਪੁੱਤਰਾਂ ਵਾਲੇ ਵੀ ਕਿਉਂ ਨਾ ਹੋਣਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੂੰ ਕਾਫੀ ਬੱਚਤ ਹੋ ਜਾਂਦੀ ਹੈਕੈਨੇਡਾ ਵਰਗੇ ਦੇਸ਼ ਵਿੱਚ ਕਿਉਂਕਿ ਪਰਿਵਾਰ ਦੇ ਅਨੇਕਾਂ ਵਿਅਕਤੀ ਕੰਮ ਕਰਦੇ ਹਨ ਅਤੇ ਹਰ ਹਫਤੇ ਜਾਂ ਪੰਦਰਾਂ ਦਿਨਾਂ ਬਾਅਦ ਆਪਣੀ ਤਨਖਾਹ ਦਾ ਚੈੱਕ ਵੀ ਲੇ ਕੇ ਆਉਂਦੇ ਹਨਇਸ ਲਈ ਉਹ ਘਰ ਵਿੱਚ ਨਿੱਜੀ ਆਜ਼ਾਦੀ ਵੀ ਮੰਗਦੇ ਹਨਪਰ ਜੇਕਰ ਪ੍ਰਵਾਰ ਵਿੱਚ ਕਿਸੇ ਮੁੰਡੇ / ਧੀ ਨੇ ਕਿਸੇ ਹੋਰ ਸਭਿਆਚਾਰ ਦੇ ਕੁੜੀ ਜਾਂ ਮੁੰਡੇ ਨਾਲ ਵਿਆਹ ਕੀਤਾ ਹੋਇਆ ਹੋਵੇ ਤਾਂ ਉਸ ਨੂੰ ਜ਼ਰਾ ਜ਼ਿਆਦਾ ਹੀ ਨਿੱਜੀ ਆਜ਼ਾਦੀ ਦੀ ਲੋੜ ਹੁੰਦੀ ਹੈਇਨ੍ਹਾਂ ਗੱਲਾਂ ਨੂੰ ਲੈ ਕੇ, ਅਕਸਰ, ਪਰਿਵਾਰ ਦੇ ਮੈਂਬਰਾਂ ਦਰਮਿਆਨ ਤਕਰਾਰ ਹੁੰਦਾ ਰਹਿੰਦਾ ਹੈ ਅਤੇ ਕਈ ਵਾਰੀ ਇਹ ਤਕਰਾਰ ਵੱਧਦਾ ਵੱਧਦਾ ਹੱਥੋਪਾਈ ਦੀ ਹੱਦ ਵੀ ਟੱਪ ਜਾਂਦਾ ਹੈਜਿਸਦੇ ਨਤੀਜੇ ਵਜੋਂ ਸਾਂਝੇ ਪਰਿਵਾਰ ਵਿੱਚ ਦੁਫਾੜ ਪੈਦਾ ਹੋ ਜਾਂਦੀ ਹੈਅਨੇਕਾਂ ਹਾਲਤਾਂ ਵਿੱਚ ਜਾਂ ਤਾਂ ਇਸ ਦੁਫੇੜ ਸਦਕਾ ਇਕੱਠੇ ਰਹਿ ਰਹੇ ਭਰਾ ਅਲੱਗ ਹੋ ਜਾਂਦੇ ਹਨ ਅਤੇ ਜਾਂ ਮਾਪਿਆਂ ਨੂੰ ਪ੍ਰਵਾਰ ਦੇ ਬਾਕੀ ਮੈਂਬਰਾਂ ਤੋਂ ਅਲੱਗ ਹੋ ਕੇ ਕਿਸੇ ਹੋਰ ਘਰ ਦੀ ਬੇਸਮੈਂਟ ਕਿਰਾਏ ਉੱਤੇ ਲੈ ਕੇ ਰਹਿਣਾ ਪੈਂਦਾ ਹੈਪੇਸ਼ ਹਨ ਇਨ੍ਹਾਂ ਤੱਥਾਂ ਨੂੰ ਪੇਸ਼ ਕਰਦੀਆਂ ਕਹਾਣੀ ਰੋਣਾ ਮਨ੍ਹਾ ਹੈਵਿੱਚੋਂ ਕੁਝ ਖ਼ੂਬਸੂਰਤ ਉਦਾਹਰਣਾਂ:

-----

1.ਹੈਲਨਾ ਦਾ ਰਹਿਣਾ-ਬਹਿਣਾ ਤੇ ਪੱਛਮੀ ਤੌਰ ਤਰੀਕੇ ਸੁਖਬੀਰ ਨਾ ਸਮਝ ਸਕਦਾਗਰਮੀਆਂ ਦੇ ਦਿਨਾਂ ਵਿਚ ਹੈਲਨਾ ਜਦੋਂ ਅੱਧ ਨੰਗੇ ਪਿੰਡੇ ਘਰ ਵਿੱਚ ਘੁੰਮਦੀ ਜਾਂ ਉਸਦੇ ਭਰਾ ਦੀਆਂ ਬਾਹਵਾਂ ਵਿੱਚ ਝੂਲਦੀ, ਉਹ ਦੋਨੋਂ ਸੋਫੇ ਵਿਚ ਬੈਠੇ ਚੁੰਮਾਂ-ਚੱਟੀ ਕਰ ਰਹੇ ਹੁੰਦੇ ਤਾਂ ਸੁਖਬੀਰ ਸਹਿਨ ਨਾ ਕਰ ਸਕਦਾਉਸਨੂੰ ਸ਼ਰਮ ਆਉਂਦੀ ਕਿ ਉਸਦੇ ਬਾਪੂ ਜੀ ਅਤੇ ਬੇਜੀ ਕਿਵੇਂ ਇਸ ਗੰਦ ਵਿੱਚ ਰਹਿਣਗੇ? ਕਿੱਥੇ ਪਿੰਡ ਵਿੱਚ ਲੱਜ-ਸ਼ਰਮ ਨਾਲ ਧੀਆਂ ਨੂੰਹਾਂ ਰਹਿੰਦੀਆਂ ਹਨ ਤੇ ਕਿੱਥੇ ਇਹ ਗੋਰੀਆਂ ਜੋ ਸਰੀਰ ਦੀ ਨੁਮਾਇਸ਼ ਵੀ ਕਰਦੀਆਂ ਹਨ ਅਤੇ ਆਪਣੀ ਸਰੀਰਕ ਭੁੱਖ ਦਾ ਇਜ਼ਹਾਰ ਵੀ ਖੁੱਲ੍ਹੇ-ਆਮ ਕਰਦੀਆਂ ਹਨਤੇ ਫੇਰ ਉਸਦਾ ਭਰਾ ਐਡਾ ਬੇਸ਼ਰਮ ਹੋ ਗਿਆ ਸੀਜਿਸਨੂੰ ਆਪਣੇ ਬਜ਼ੁਰਗਾਂ ਦਾ ਵੀ ਖ਼ਿਆਲ ਨਹੀਂ ਸੀ ਰਿਹਾ? ਉਸਦੇ ਬਾਪੂ ਜੀ ਅਤੇ ਬੇਜੀ ਅੱਖਾਂ ਖੁੱਲ੍ਹੀਆਂ ਨੂੰ ਵੀ ਜਿਵੇਂ ਬੰਦ ਕਰ ਲੈਂਦੇਗੋਰੀ ਨੂੰਹ ਦੀ ਬਣਾਈ ਹੋਈ ਚਾਹ ਜਾਂ ਕਿਸੇ ਹੋਰ ਕੀਤੇ ਹੋਏ ਕੰਮ ਬਾਰੇ, ਨਿਹੋਰੇ ਹੋਈ ਜਾਂਦੇਗੁੱਡ-ਗਰਲਘਰੋੜ ਕੇ ਜਿਵੇਂ ਮਾਣ ਨਾਲ ਆਖਦੇਨੂੰਹ ਨੂੰ ਖੁਸ਼ ਰੱਖਣਗੇ ਤਾਂ ਪੁੱਤ ਵੀ ਠੀਕ ਰਹੂਉਸ ਕਮਾਊ ਪੁੱਤ ਤੋਂ ਰੋਟੀ ਦੇ ਲਾਲਚ ਨੇ ਉਨ੍ਹਾਂ ਦੇ ਮੂੰਹ ਤੇ ਜਿਵੇਂ ਜਿੰਦਰੇ ਲਾ ਦਿੱਤੇ ਸਨ

-----

2.ਰੋਜ਼ ਦੀ ਕਿੜ-ਕਿੜ ਤੋਂ ਸੁਖਜਿੰਦਰ ਨੇ ਸੁਖਬੀਰ ਨੂੰ ਘਰੋਂ ਬਾਹਰ ਕਰ ਦਿੱਤਾਗੈਟ-ਆਊਟਸੁਖਜਿੰਦਰ ਨੇ ਇਸ ਤਰ੍ਹਾਂ ਘਰੋੜ ਕੇ ਮੂੰਹੋਂ ਕੱਢਿਆ ਸੀ ਜਿਵੇਂ ਹਵਾ ਵਿੱਚ ਤਲਵਾਰ ਚਲਾਈ ਜਾਂਦੀ ਹੈਉਸਨੇ ਸੁਖਬੀਰ ਦੇ ਕੱਪੜੇ ਇੱਕ ਬੈਗ ਵਿੱਚ ਪਾ ਕੇ ਸੁਖਬੀਰ ਦੇ ਨਾਲ ਹੀ ਦਰੋਂ ਬਾਹਰ ਵਗਾਹ ਮਾਰੇ ਸਨਤੇ ਉਹ ਕੱਪੜੇ ਉੜਦੇ ਹੋਏ ਕੁਝ ਫੁੱਟਪਾਥ ਤੇ, ਅਤੇ ਕੁਝ ਸੜਕ ਵਿਚ ਖਿੰਡਰੇ ਪਏ ਸਨਤੇ ਨਾਲ ਹੀ ਖਿੰਡਰ ਗਈਆਂ ਸਨ ਸੁਖਬੀਰ ਦੇ ਮਨ ਦੀਆਂ ਪਾਟੀਆਂ ਹੋਈਆਂ ਲੀਰਾਂ

ਰਾਤ ਦਾ ਦੂਜਾ ਪਹਿਰ ਸੀਤੇ ਉਹ ਬੇਗਾਨੇ ਦੇਸ਼ ਵਿੱਚ ਰੁਲ ਰਿਹਾ ਸੀਮਾਂ-ਬਾਪ ਵੱਡੇ ਪੁੱਤ ਦੇ ਘਰ ਵਿੱਚ ਸਨਕੀ ਕਹਿੰਦੇ? ਕਿਹੜੇ ਜ਼ੋਰ ਨਾਲ ਕਹਿੰਦੇ? ਪਿੰਡ ਹੁੰਦੇ ਤਾਂ ਕੋਈ ਗੱਲ ਕਰਦੇਤੇ ਉਹ ਆਪਣੀ ਰੋਟੀ ਲਈ, ਆਪਣੇ ਮਨਾਂ ਦੇ ਮਣਾਂ ਮੂੰਹੀਂ ਭਾਰ ਦੱਬੀ, ਬੈਠੇ ਮਾਲਾ ਫੇਰਦੇ ਸਤਿਨਾਮ-ਵਾਹਿਗੁਰੂ ਕਰਦੇ ਰਹੇਵੱਡੇ ਪੁੱਤ ਨੂੰ ਕੁਝ ਕਹਿਣ ਦਾ ਉਹ ਕੋਈ ਹੌਂਸਲਾ ਨਾ ਕਰ ਸਕੇਬੈਠੇ ਸੋਚਦੇ ਰਹੇ ਕਿ ਬੇਗਾਨੇ ਦੇਸ਼ ਵਿੱਚ, ਰਾਤ ਦੇ ਇਸ ਟਿਕੇ ਪਹਿਰ, ਸਾਡਾ ਇਹ ਬੱਚਾ ਕਿੱਥੇ ਜਾਵੇਗਾ ਅਤੇ ਕਿੱਥੋਂ ਖਾਵੇਗਾ?

-----

ਠੰਡੀ ਹਵਾਕਹਾਣੀ ਸੰਗ੍ਰਹਿ ਪੜ੍ਹਦਿਆਂ ਇਸ ਗੱਲ ਦੀ ਤਸੱਲੀ ਹੁੰਦੀ ਹੈ ਕਿ ਕੈਨੇਡੀਅਨ ਪੰਜਾਬੀ ਸਾਹਿਤਕਾਰ ਬਲਬੀਰ ਕੌਰ ਸੰਘੇੜਾ ਆਪਣੇ ਸਮੁੱਚੇ ਕਹਾਣੀ ਸੰਗ੍ਰਹਿ ਵਿੱਚ ਕੈਨੇਡੀਅਨ ਪਰਵਾਸੀਆਂ ਦੀ ਜ਼ਿੰਦਗੀ ਨਾਲ ਸਬੰਧਤ ਸਮੱਸਿਆਵਾਂ ਦੀ ਪੇਸ਼ਕਾਰੀ ਕਰਨ ਤੱਕ ਹੀ ਆਪਣੀ ਗੱਲ ਨੂੰ ਸੀਮਿਤ ਰੱਖਦੀ ਹੈਪਰ ਇਸ ਕਹਾਣੀ ਸੰਗ੍ਰਹਿ ਦੀਆਂ ਕੁਝ ਗੱਲਾਂ ਅੱਖੜਦੀਆਂ ਵੀ ਹਨ

ਬਲਬੀਰ ਕੌਰ ਸੰਘੇੜਾ ਨੂੰ ਲੰਬੀਆਂ ਕਹਾਣੀਆਂ ਲਿਖਣ ਦੀ ਆਦਤ ਹੈਪਰ ਇਨ੍ਹਾਂ ਲੰਬੀਆਂ ਕਹਾਣੀਆਂ ਵਿੱਚ ਇੱਕ ਤਾਂ ਤਨਾਓ ਬਹੁਤ ਧੀਮੀ ਰਫਤਾਰ ਨਾਲ ਪੈਦਾ ਹੁੰਦਾ ਹੈ; ਦੂਜਾ ਇਹ ਤਨਾਓ ਉਸ ਤੀਖਣਤਾ ਦੀ ਹੱਦ ਤੱਕ ਨਹੀਂ ਪਹੁੰਚਦਾ ਜਿੱਥੇ ਜਾ ਕੇ ਕਹਾਣੀ ਵਿੱਚ ਨਾਟਕੀ ਤੱਤਾਂ ਦਾ ਪ੍ਰਵੇਸ਼ ਹੋਣ ਨਾਲ ਪਾਠਕ ਦੀ ਕਹਾਣੀ ਵਿੱਚ ਦਿਲਚਸਪੀ ਹੋਰ ਵੱਧ ਜਾਂਦੀ ਹੈਇਸੇ ਤਰ੍ਹਾਂ ਹੀ ਇਸ ਕਹਾਣੀ ਸੰਗ੍ਰਹਿ ਵਿਚਲੀਆਂ ਕਹਾਣੀਆਂ ਹਿਰਾਸਤਅਤੇ ਕੁਸੱਤਦੇ ਵਿਸ਼ੇ ਜੇਕਰ ਬਹੁ-ਦਿਸ਼ਾਵੀ ਸਮੱਸਿਆਵਾਂ ਨਾਲ ਜੁੜੇ ਹੁੰਦੇ ਤਾਂ ਇਹ ਕਹਾਣੀਆਂ ਹੋਰ ਵਧੇਰੇ ਸਾਰਥਿਕ ਹੋ ਸਕਦੀਆਂ ਸਨਵਿਸ਼ੇਸ਼ ਕਰਕੇ ਕੁਸੱਤਕਹਾਣੀ ਵਿੱਚ ਪ੍ਰਵਾਰਕ ਦੁਫੇੜ ਪੈਣ ਦਾ ਜੋ ਕਾਰਨ ਪੇਸ਼ ਕੀਤਾ ਗਿਆ ਹੈ ਅਜਿਹੀਆਂ ਘਟਨਾਵਾਂ ਕੈਨੇਡਾ ਦੇ ਪਰਵਾਸੀ ਪ੍ਰਵਾਰਾਂ ਵਿੱਚ ਇੱਕਾ ਦੁੱਕਾ ਤਾਂ ਭਾਵੇਂ ਵਾਪਰ ਰਹੀਆਂ ਹੋਣ; ਪਰ ਅਜਿਹੇ ਕਾਰਨ ਵੱਡੀ ਗਿਣਤੀ ਵਿੱਚ ਚਰਚਾ ਦਾ ਵਿਸ਼ਾ ਨਹੀਂ ਬਣਦੇ

-----

ਬਲਬੀਰ ਕੌਰ ਸੰਘੇੜਾ ਕੈਨੇਡਾ ਦੀਆਂ ਚੇਤੰਨ ਅਤੇ ਜਾਗਰੂਕ ਲੇਖਕਾਵਾਂ ਵਿੱਚ ਸ਼ਾਮਿਲ ਕੀਤੀ ਜਾਂਦੀ ਹੈਉਹ, ਅਜੋਕੇ ਸਮਿਆਂ ਵਿੱਚ, ਆਪਣੇ ਹੱਕਾਂ ਲਈ ਲੜ ਰਹੀ ਔਰਤ ਦੀ ਮਾਨਸਿਕਤਾ ਨੂੰ ਵੀ ਬੜੀ ਚੰਗੀ ਤਰ੍ਹਾਂ ਸਮਝਦੀ ਹੈਉਹ ਆਪਣੀਆਂ ਕਹਾਣੀਆਂ ਨੂੰ ਕੁਝ ਘੱਟ ਲੰਬੀਆਂ ਕਰਕੇ ਬਹੁ-ਦਿਸ਼ਾਵੀ ਸਮੱਸਿਆਵਾਂ ਦੀ ਪੇਸ਼ਕਾਰੀ ਕਰਨ ਵਾਲੀਆਂ ਕਹਾਣੀਆਂ ਲਿਖੇ ਤਾਂ ਉਹ ਹੋਰ ਵੀ ਵਧੇਰੇ ਪ੍ਰਭਾਵਸ਼ਾਲੀ ਕਹਾਣੀਆਂ ਲਿਖ ਸਕਦੀ ਹੈ

ਠੰਡੀ ਹਵਾਕਹਾਣੀ ਸੰਗ੍ਰਹਿ ਦੀ ਪ੍ਰਕਾਸ਼ਨਾ ਨਾਲ, ਨਿਰਸੰਦੇਹ, ਬਲਬੀਰ ਕੌਰ ਸੰਘੇੜਾ ਨੇ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਜ਼ਿਕਰਯੋਗ ਵਾਧਾ ਕੀਤਾ ਹੈ