-----
‘ਸਤਿਯੰਮ ਸ਼ਿਵਮ ਸੁੰਦਰਮ’ ਦੀਆਂ ਵਧੇਰੇ ਕਵਿਤਾਵਾਂ ਤਿੰਨ ਸ਼ਬਦਾਂ ਬਾਰੇ ਬਹਿਸ ਛੇੜਦੀਆਂ ਹਨ: ਸੱਚ, ਸਦੀਵੀ ਅਤੇ ਸੁੰਦਰ। ਇਹ ਬਹਿਸ ਜ਼ਿੰਦਗੀ ਨਾਲ ਸਬੰਧਤ ਅਨੇਕਾਂ ਪਹਿਲੂਆਂ ਅਤੇ ਵਰਤਾਰਿਆਂ ਨੂੰ ਆਪਣੀ ਚਰਚਾ ਦਾ ਵਿਸ਼ਾ ਬਣਾਉਂਦੀ ਹੋਈ ਕੁਦਰਤ ਦੇ ਵਰਤਾਰਿਆਂ ਨੂੰ ਵੀ ਇਸ ਘੇਰੇ ਵਿੱਚ ਲਿਆਉਂਦੀ ਹੈ।
ਪ੍ਰਸਿੱਧ ਵਿਗਿਆਨੀ ਅਲਬਰਟ ਆਈਨਸਟਾਈਨ ਨੇ ਸਾਪੇਖਿਤਾ ਦਾ ਸਿਧਾਂਤ ਲਿਆਕੇ ਨ ਸਿਰਫ ਆਧੁਨਿਕ ਵਿਗਿਆਨ ਵਿੱਚ ਹੀ ਇਨਕਲਾਬ ਲਿਆਂਦਾ; ਬਲਕਿ ਇਸ ਸਿਧਾਂਤ ਨੇ ਜ਼ਿੰਦਗੀ ਵਿੱਚ ਹਰ ਚੀਜ਼ ਨੂੰ ਦੇਖਣ ਦਾ ਨਜ਼ਰੀਆ ਹੀ ਬਦਲ ਦਿੱਤਾ। ਆਈਨਸਟਾਈਨ ਦੇ ਸਾਪੇਖਿਤਾ ਦੇ ਸਿਧਾਂਤ ਨੇ ਸਾਨੂੰ ਪਹਿਲੀ ਵੇਰੀ ਇਸ ਗੱਲ ਦੀ ਚੇਤਨਾ ਦਿੱਤੀ ਕਿ ‘ਸੱਚ ਕੀ ਹੈ’, ‘ਸਦੀਵੀ ਕੀ ਹੈ’ ਅਤੇ ‘ਸੁੰਦਰ ਕੀ ਹੈ’। ਇਸ ਸਿਧਾਂਤ ਨੇ ਸਾਨੂੰ ਪਹਿਲੀ ਵਾਰੀ ਇਹ ਗਿਆਨ ਦਿੱਤਾ ਕਿ ਇਹ ਸਭ ਵੇਖਣ, ਸੁਨਣ ਅਤੇ ਅਨੁਭਵ ਕਰਨ ਵਾਲੇ ਦੀ ਸੋਚ ਉੱਤੇ ਹੀ ਨਿਰਭਰ ਕਰਦਾ ਹੈ ਕਿ ਕੀ ‘ਸੱਚ’ ਹੈ ਅਤੇ ਕੀ ‘ਝੂਠ’ ਹੈ। ਜੋ ਚੀਜ਼ ਕਿਸੇ ਇੱਕ ਵਿਅਕਤੀ ਲਈ ਸੱਚ ਹੋ ਸਕਦੀ ਹੈ, ਉਹ ਚੀਜ਼ ਕਿਸੇ ਹੋਰ ਵਿਅਕਤੀ ਦੀ ਨਿਗਾਹ ਵਿੱਚ ਝੂਠ ਹੋ ਸਕਦੀ ਹੈ; ਜੋ ਚੀਜ਼ ਕਿਸੇ ਇੱਕ ਵਿਅਕਤੀ ਦੀ ਨਿਗਾਹ ਵਿੱਚ ਸੁੰਦਰ ਹੋ ਸਕਦੀ ਹੈ, ਉਹ ਚੀਜ਼ ਕਿਸੇ ਹੋਰ ਵਿਅਕਤੀ ਦੀ ਨਿਗਾਹ ਵਿੱਚ ਬਦਸੂਰਤ ਹੋ ਸਕਦੀ ਹੈ; ਜੋ ਚੀਜ਼ ਕਿਸੇ ਇੱਕ ਵਿਅਕਤੀ ਦੀ ਨਿਗਾਹ ਵਿੱਚ ਸਦੀਵੀ ਹੋ ਸਕਦੀ ਹੈ, ਉਹ ਚੀਜ਼ ਕਿਸੇ ਹੋਰ ਵਿਅਕਤੀ ਦੀ ਨਿਗਾਹ ਵਿੱਚ ਨਾਸ਼ਮਾਨ ਹੋ ਸਕਦੀ ਹੈ।
-----
ਇਸ ਕਾਵਿ-ਸੰਗ੍ਰਹਿ ਵਿੱਚ ਇਸ ਵਿਸ਼ੇ ਬਾਰੇ ਮੁੱਖ ਤੌਰ ਉੱਤੇ ਬਹਿਸ ਇਸ ਕਾਵਿ-ਸੰਗ੍ਰਹਿ ਦੀਆਂ ਤਿੰਨ ਮੁੱਖ ਕਵਿਤਾਵਾਂ ‘ਸਤਿਯੰਮ ਸ਼ਿਵਮ ਸੁੰਦਰਮ-1’, ‘ਸਤਿਯੰਮ ਸ਼ਿਵਮ ਸੁੰਦਰਮ-2’ ਅਤੇ ‘ਸਤਿਯੰਮ ਸ਼ਿਵਮ ਸੁੰਦਰਮ-3’ ਵਿੱਚ ਛੇੜੀ ਗਈ ਹੈ; ਪਰ ਇਹ ਬਹਿਸ ਇਸ ਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਹੋਰਨਾਂ ਕਵਿਤਾਵਾਂ ਅਤੇ ਗ਼ਜ਼ਲਾਂ ਵਿੱਚ ਵੀ ਚੱਲਦੀ ਰਹਿੰਦੀ ਹੈ।
ਪ੍ਰੀਤਮ ਸਿੰਘ ਧੰਜਲ ਦੀ ਸ਼ਾਇਰੀ ਨੂੰ ਸਮਝਣ ਲਈ ਉਸਦੀ ਕਵਿਤਾ ‘ਸਤਿਯੰਮ ਸ਼ਿਵਮ ਸੁੰਦਰਮ-1’ ਦੀਆਂ ਇਨ੍ਹਾਂ ਸਤਰਾਂ ਨਾਲ ਗੱਲ ਸ਼ੁਰੂ ਕੀਤੀ ਜਾ ਸਕਦੀ ਹੈ:
ਸਤਿਯੰਮ ਸ਼ਿਵਮ ਸੁੰਦਰਮ, ਕਹਿਣ ਵਾਲੇ !
ਇਹ ਸ਼ਾਇਰ ਤੇਰੇ ਨਾਲ ਸਹਿਮਤ ਨਹੀਂ ਹੈ।
ਬੜਾ ਕੋਝ ਵੀ ਹੈ ਧਰਤੀ ਦੇ ਉੱਤੇ,
ਇਹ ਦੁਨੀਆਂ ਨਿਰੀ ਖ਼ੂਬਸੂਰਤ ਨਹੀਂ ਹੈ।
ਸ਼ਾਇਰ ਦਾ ਵਿਸ਼ਵਾਸ਼ ਹੈ ਕਿ ਇਸ ਦੁਨੀਆਂ ਵਿਚ ਬਹੁਤ ਕੁਝ ਝੂਠ ਹੈ ਅਤੇ ਬਦਸੂਰਤ ਹੈ ਜੋ ਸਦੀਵੀ ਨਹੀਂ ਹੈ। ਜਿਸਨੂੰ ਬਦਲਿਆ ਜਾ ਸਕਦਾ ਹੈ; ਪਰ ਇਸ ਝੂਠ ਦੇ ਪਾਸਾਰੇ ਨੂੰ ਦੇਖਣ ਅਤੇ ਅਨੁਭਵ ਕਰਨ ਲਈ ਇੱਕ ਵੱਖਰੀ ਕਿਸਮ ਦੀ ਅੱਖ ਅਤੇ ਸੋਚ ਦੀ ਲੋੜ ਹੈ:
ਤੇਰੇ ਲਈ ਤਾਂ ‘ਥਾਂ’ ਦਾ ਵੀ ਮਤਲਬ ਨਹੀਂ ਕੋਈ,
ਸੋ ਆ ! ਤੈਨੂੰ ਆਪਣੀ ਨਜ਼ਰ ਵਿਚ ਬਿਠਾਵਾਂ।
-----
ਇਸ ਗੱਲ ਦਾ ਵਿਸਥਾਰ ਪ੍ਰੀਤਮ ਸਿੰਘ ਧੰਜਲ ਆਪਣੀ ਇੱਕ ਗ਼ਜ਼ਲ ਦੇ ਸ਼ਿਅਰ ਵਿੱਚ ਵੀ ਕਰਦਾ ਹੈ ਕਿ ਜੋ ਕੁਝ ਮਨੁੱਖੀ ਜ਼ਿੰਦਗੀ ਵਿੱਚ ਵਾਪਰਦਾ ਹੈ ਜਾਂ ਸਾਡੇ ਚੌਗਿਰਦੇ ਵਿੱਚ ਵਾਪਰਦਾ ਹੈ - ਇਹ ਨਾ ਤਾਂ ਸਭ ਕੁਝ ਸੁੰਦਰ ਹੀ ਹੈ ਅਤੇ ਨਾ ਹੀ ਸਦੀਵੀ।
ਮੇਰੀ ਕਵਿਤਾ, ਐਸ਼ ਤੇ ਆਰਾਮ ਦੇ ਨਗ਼ਮੇ ਨਹੀਂ,
ਜ਼ਿੰਦਗੀ ਵਿੱਚ ਆਈਆਂ ਮੁਸ਼ਕਿਲਾਂ ਦੀ ਗੱਲ ਹੈ।
ਜ਼ਿੰਦਗੀ ਵਿੱਚ ਆਈਆਂ ਮੁਸ਼ਕਿਲਾਂ ਦੀ ਗੱਲ ਕਰਨ ਲੱਗਾ ਪ੍ਰੀਤਮ ਸਿੰਘ ਧੰਜਲ ਸਭ ਤੋਂ ਪਹਿਲਾਂ ‘ਔਰਤ’ ਬਾਰੇ ਗੱਲ ਛੇੜਦਾ ਹੋਇਆ ਕਹਿੰਦਾ ਹੈ:
ਤਨ ਬਦਨ ਦੀ ਗੱਲ ਹੀ ਕਰੀ ਜਾਵੇਂ,
ਇਸ ਤੋਂ ਵਧ ਕੇ ਔਰਤ ਹੋਰ ਵੀ ਹੈ।
ਇਨ੍ਹਾਂ ਕਾਵਿ ਸਤਰਾਂ ਨਾਲ ਉਹ ‘ਸੁੰਦਰਤਾ’ ਦੀ ਪ੍ਰੀਭਾਸ਼ਾ ਬਾਰੇ ਆਪਣੀ ਬਹਿਸ ਦਾ ਆਰੰਭ ਕਰਦਾ ਹੈ। ਇਹ ਬਹਿਸ ਸਾਹਿਤ, ਸਭਿਆਚਾਰ ਅਤੇ ਕਲਾ ਦੇ ਖੇਤਰ ਵਿੱਚ ਹਜ਼ਾਰਾਂ ਸਾਲਾਂ ਤੋਂ ਚੱਲ ਰਹੀ ਹੈ। ਇਹ ਬਹਿਸ ਹੈ ‘ਰੂਪ’ ਅਤੇ ‘ਤੱਤ’ ਬਾਰੇ। ਰੂਪਵਾਦੀਆਂ ਨੇ ਜ਼ਿੰਦਗੀ ਦੇ ਹਰ ਖੇਤਰ ਵਿੱਚ ਖੂਬਸੂਰਤੀ ਨੂੰ ਬਾਹਰਲੇ ਰੂਪ ਤੱਕ ਹੀ ਸੀਮਿਤ ਕਰਕੇ ਰੱਖ ਦਿੱਤਾ ਸੀ; ਪਰ ਮਾਰਕਸਵਾਦੀਆਂ ਨੇ ਇਹ ਧਾਰਨਾ ਪੇਸ਼ ਕੀਤੀ ਕਿ ਅਸਲ ਖ਼ੂਬਸੂਰਤੀ ਜ਼ਿੰਦਗੀ ਦੀਆਂ ਹਕੀਕਤਾਂ ਨੂੰ ਬਿਆਨ ਕਰਨ ਵਿੱਚ ਹੈ। ਸਾਡੇ ਸਮਿਆਂ ਵਿੱਚ ਸੁੰਦਰਤਾ ਦੀ ਪ੍ਰੀਭਾਸ਼ਾ ਨੂੰ ਹੋਰ ਵਧੇਰੇ ਅਰਥ ਭਰਪੂਰ ਬਨਾਉਣ ਲਈ ਇਸ ਨੂੰ ‘ਰੂਪ’ ਅਤੇ ‘ਤੱਤ’ ਦੇ ਖ਼ੂਬਸੂਰਤ ਸੁਮੇਲ ਵਜੋਂ ਸਵੀਕਾਰਿਆ ਗਿਆ ਹੈ।
-----
ਇਸ ਧਾਰਨਾ ਅਧੀਨ ਪ੍ਰੀਤਮ ਸਿੰਘ ਧੰਜਲ ਹਜ਼ਾਰਾਂ ਸਾਲਾਂ ਤੋਂ ਔਰਤ ਉੱਤੇ ਹੁੰਦੇ ਅਤਿਆਚਾਰਾਂ ਦੀ ਗੱਲ ਛੇੜਦਾ ਹੈ। ਉਸਦਾ ਯਕੀਨ ਹੈ ਕਿ ਔਰਤ ਦੇ ਤਨ ਦੀ ਖ਼ੂਬਸੂਰਤੀ ਦੀਆਂ ਹੀ ਗੱਲਾਂ ਕਰਨੀਆਂ ਕਾਫੀ ਨਹੀਂ; ਉਸ ਨੂੰ ਜਿਸ ਤਰ੍ਹਾਂ ਹਜ਼ਾਰਾਂ ਸਾਲਾਂ ਤੋਂ ਲਤਾੜਿਆ ਜਾ ਰਿਹਾ ਹੈ - ਉਸ ਦੀ ਗੱਲ ਕਰਨੀ ਵੀ ਜ਼ਰੂਰੀ ਹੈ। ਇਸ ਤਰ੍ਹਾਂ ਉਹ ਇੱਕ ਪਾਸੇ ਮਨੁੱਖ ਜਾਤੀ ਦੇ ਇਤਿਹਾਸ ਦੀ ਗੱਲ ਕਰਦਾ ਹੈ - ਦੂਜੇ ਪਾਸੇ ਇਸ ਇਤਿਹਾਸ ਵਿੱਚ ਔਰਤ ਦੀ ਹੁੰਦੀ ਰਹੀ ਦੁਰਗਤੀ ਦੇ ਹਵਾਲੇ ਵੀ ਦਿੰਦਾ ਜਾਂਦਾ ਹੈ:
1.ਇਹ ਅੱਜ ਦੀ ਸ਼ਾਮ ਦੇ ਨ੍ਹੇਰੇ ਵਿਚ
ਜਰਵਾਣੇ ਜਿੱਤ ਕੇ ਆਏ ਨੇ,
ਕੁੜੀਆਂ ਦਾ ਇੱਜੜ ਲਿਆਏ ਨੇ,
ਕੁਝ ਮਾਣਮੱਤੀਆਂ ਲਾਸ਼ਾਂ ਦੇ ਜਿਸਮਾਂ ਦੇ ਜਸ਼ਨ ਮਨਾਏ ਨੇ
2.ਇਕ ਗਰਭਵਤੀ ਸੀ ਉਹਨਾਂ ‘ਚੋਂ
ਉਸਨੂੰ ਮਾਰ ਮੁਕਾਇਆ ਹੈ
ਉਹਦੀ ਕੁੱਖ ਤੇ ਛੁਰਾ ਚਲਾਇਆ ਹੈ
“ਏਥੇ ਵੈਰੀ ਨਹੀਂ ਜਨਮੇਗਾ”
ਇਹ ਸਭ ਨੂੰ ਆਖ ਸੁਣਾਇਆ ਹੈ
3.ਉਨ੍ਹਾਂ ਦੀ ਜ਼ਮੀਰ ਹੈ ਮਰੀ ਹੋਈ
ਸਿਰਫ ਪੁੱਤਾਂ ਨੂੰ ਜਿਹੜੇ ਸਤਿਕਾਰ ਦਿੰਦੇ
ਜੀਵਨ ਉਨ੍ਹਾਂ ਨਹੀਂ ਜਾਣਿਆ, ਧੀਆਂ ਨੂੰ ਜੋ,
ਪੈਦਾ ਹੋਣ ਤੋਂ ਪਹਿਲਾਂ ਹੀ ਮਾਰ ਦਿੰਦੇ
-----
‘ਸੁੰਦਰਤਾ’ ਦੀ ਪ੍ਰੀਭਾਸ਼ਾ ਦਾ ਵਿਸਥਾਰ ਕਰਦਿਆਂ ਪ੍ਰੀਤਮ ਸਿੰਘ ਧੰਜਲ ਦੇਸ਼, ਧਰਮ, ਫਿਰਕਾ ਅਤੇ ਕਬੀਲਾ ਵਰਗੇ ਸ਼ਬਦਾਂ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ। ਉਹ ਦਸਦਾ ਹੈ ਕਿ ਜਦੋਂ ਇਨ੍ਹਾਂ ਸ਼ਬਦਾਂ ਦੁਆਲੇ ਸੀਮਾਵਾਂ ਦੀਆਂ ਕੰਧਾਂ ਉਸਾਰ ਲਈਆਂ ਜਾਂਦੀਆਂ ਹਨ ਤਾਂ ਬਹੁਤ ਕੁਝ ਅਨਚਾਹਿਆ ਵਾਪਰਦਾ ਹੈ। ਅੰਨ੍ਹੀ ਦੇਸ਼ ਭਗਤੀ ਦੇ ਨਾਮ ਉੱਤੇ ਗੁਆਂਢੀ ਦੇਸ਼ਾਂ ਵਿੱਚ ਆਪਸੀ ਜੰਗ ਛਿੜਦੀ ਹੈ ਅਤੇ ਹਜ਼ਾਰਾਂ ਮਾਵਾਂ ਦੇ ਪੁੱਤ ਮਾਰੇ ਜਾਂਦੇ ਹਨ। ਭੰਗ ਦੇ ਭਾੜੇ ਮਾਰੇ ਗਏ ਫੌਜੀਆਂ ਦੀਆਂ ਰੋਂਦੀਆਂ ਮਾਵਾਂ/ਪਤਨੀਆਂ ਨੂੰ ਇਹ ਕਹਿ ਕੇ ਧਰਵਾਸ ਦਿੱਤਾ ਜਾਂਦਾ ਹੈ ਕਿ ਉਹ ਤਾਂ ਦੇਸ਼ ਲਈ ਕੁਰਬਾਨੀਆਂ ਦਿੰਦੇ ਹੋਏ ਸ਼ਹੀਦ ਹੋਏ ਹਨ। ਦੋ ਗਵਾਂਢੀ ਮੁਲਕਾਂ ਦੇ ਕੁਝ ਹਉਮੈਵਾਦੀ ਰਾਜਸੀ ਨੇਤਾਵਾਂ ਦੀ ਤੰਗ ਨਜ਼ਰ ਕਾਰਨ ਛਿੜੀ ਇਹ ਆਪਸੀ ਜੰਗ ਹਜ਼ਾਰਾਂ ਕੀਮਤੀ ਜਾਨਾਂ ਦੀ ਕੁਰਬਾਨੀ ਲੈਂਦੀ ਹੈ। ਹਜ਼ਾਰਾਂ ਹਸਦੇ ਵਸਦੇ ਘਰ ਸਦਾ ਲਈ ਕਬਰਸਤਾਨ ਬਣ ਜਾਂਦੇ ਹਨ ਅਤੇ ਉੱਥੋਂ ਹਾਸਾ ਸਦਾ ਲਈ ਅਲੋਪ ਹੋ ਜਾਂਦਾ ਹੈ। ਧਰਮ ਦੇ ਅੰਨ੍ਹੇ ਜਨੂੰਨ ਵਿੱਚ ਆਪਣੇ ਧਰਮ ਦੇ ਪੈਰੋਕਾਰਾਂ ਨੂੰ ਹੀ ਇਸ ਧਰਤੀ ਉੱਤੇ ਜਿਊਣ ਦੇ ਹੱਕਦਾਰ ਸਮਝ ਦੂਜੇ ਧਰਮ ਦੇ ਲੋਕਾਂ ਦੇ ਖ਼ੂਨ ਦੀਆਂ ਨਦੀਆਂ ਵਹਾਈਆਂ ਜਾਂਦੀਆਂ ਹਨ। ਧਾਰਮਿਕ ਅਦਾਰਿਆਂ ਉੱਤੇ ਕਾਬਿਜ਼ ਗ੍ਰੰਥੀ, ਪੰਡਤ, ਮੁੱਲਾਂ ਅਤੇ ਪਾਦਰੀ ਭੋਲੇ ਭਾਲੇ ਲੋਕਾਂ ਨੂੰ ਧਰਮ ਦੇ ਨਾਮ ਉੱਤੇ ਭੜਕਾਉਣ ਲਈ ਨ ਸਿਰਫ ਉਨ੍ਹਾਂ ਦੇ ਦਿਮਾਗ਼ਾਂ ਵਿੱਚ ਧਾਰਮਿਕ ਜਨੂੰਨ ਰੂਪੀ ਜ਼ਹਿਰ ਹੀ ਭਰਦੇ ਹਨ; ਬਲਕਿ ਉਨ੍ਹਾਂ ਨੂੰ ਅਜਿਹੇ ਲਾਲਚ ਵੀ ਦਿੱਤੇ ਜਾਂਦੇ ਹਨ ਕਿ ਆਪਣੇ ਧਰਮ ਦੇ ਨਾਮ ਉੱਤੇ ਦੂਜੇ ਧਰਮਾਂ ਦੇ ਲੋਕਾਂ ਨੂੰ ਕਤਲ ਕਰਦੇ ਹੋਏ ਜੇਕਰ ਉਹ ਆਪ ਮਾਰੇ ਵੀ ਗਏ ਤਾਂ ਉਨ੍ਹਾਂ ਨੂੰ ਸਵਰਗ ਵਿੱਚ ਹੂਰਾਂ ਮਿਲਣਗੀਆਂ। ਇਨ੍ਹਾਂ ਗੱਲਾਂ ਨੂੰ ਖ਼ੂਬਸੂਰਤੀ ਨਾਲ ਪੇਸ਼ ਕਰਦੀਆਂ ਪ੍ਰੀਤਮ ਸਿੰਘ ਧੰਜਲ ਦੀਆਂ ਕਾਵਿ ਸਤਰਾਂ ਸਾਡਾ ਧਿਆਨ ਖਿੱਚਦੀਆਂ ਹਨ:
ਦੇਸ਼, ਧਰਮ, ਫਿਰਕੇ ਦੇ ਨਾਂ ‘ਤੇ,
ਸੀਮਾ ਹੀ ਝਗੜੇ ਕਰਵਾਏ।
ਜੀਵਨ ਲਈ ਅੰਮ੍ਰਿਤਾ ਚਾਹੁੰਦੀ,
ਜੀਵਨ ਦਾ ਗਲ ਘੁੱਟੀ ਜਾਵੇ
2.ਮੁਕਤੀ ਕਿਵੇਂ ਦਿਵਾਉਂਦੇ, ਬੰਧਨ ‘ਚ ਪਾਉਣ ਵਾਲੇ,
ਧਰਮਾਂ ਦੀ ਕੈਦ ਅੰਦਰ, ਕਈਆਂ ਨੇ ਉਮਰ ਗਾਲੀ
3.‘ਮਾਰਨ ਵਾਲਿਓ ! ਕਿਹੜਾ ਧਰਮ ? ਤੇ ਉਸਦੇ ਕੀ ਗੁਣ ਨੇ ?’
ਧਰਮ ਦੇ ਨਾਮ ‘ਤੇ, ਗੱਡੀ ‘ਚੋਂ ਲਾਹਿਆਂ ਬਾਤ ਪਾਈ ਹੈ
-----
ਧਰਮ ਦੇ ਨਾਮ ਉੱਤੇ ਖ਼ੂਨ ਦੀਆਂ ਨਦੀਆਂ ਵਹਾਉਣ ਵਾਲੇ ਆਖੌਤੀ ਧਾਰਮਿਕ ਰਹਿਨੁਮਾਵਾਂ ਦੀ ਫਿਰਕਾਪ੍ਰਸਤ ਅਤੇ ਧਾਰਮਿਕ ਕੱਟੜਵਾਦੀ ਸੋਚ ਨੂੰ ਚੁਣੌਤੀ ਦੇਣ ਲਈ ਪ੍ਰੀਤਮ ਸਿੰਘ ਧੰਜਲ ਆਪਣੀ ਨਰੋਈ ਸੋਚ ਪੇਸ਼ ਕਰਦਾ ਹੈ। ਉਸਦੀ ਮਨੁੱਖਵਾਦੀ ਧਾਰਨਾ ਅਨੁਸਾਰ ਇੱਕ ਵਧੀਆ ਮਨੁੱਖ ਹੋਣਾ ਸਭ ਤੋਂ ਵੱਡੀ ਗੱਲ ਹੈ। ‘ਕੁਦਰਤ’ ਨੂੰ ਵੱਖੋ ਵੱਖ ਨਾਵਾਂ ਨਾਲ ਬੁਲਾਉਣ ਵਾਲੇ ਅਜਿਹੇ ਲੋਕਾਂ ਨਾਲ ਵੀ ਉਹ ਸੰਵਾਦ ਰਚਾਉਂਦਾ ਹੈ ਜੋ ਆਪਸ ਵਿੱਚ ਇੱਕ ਦੂਜੇ ਦਾ ਗਲਾ ਵੱਢ ਰਹੇ ਹਨ। ਉਸਦਾ ਕਹਿਣਾ ਹੈ ਕਿ ‘ਕੁਦਰਤ’ ਤਾਂ ਇੱਕੋ ਹੀ ਹੈ ਤੁਸੀਂ ਉਸ ਨੂੰ ‘ਅੱਲਾ’, ‘ਰਾਮ’, ‘ਰੱਬ’, ‘ਭਗਵਾਨ’ ਜਾਂ ਕੋਈ ਵੀ ਨਾਮ ਦੇ ਲਵੋ। ਇਸ ਨਾਲ ਕੀ ਫ਼ਰਕ ਪੈਂਦਾ ਹੈ। ਉਹ ਉਨ੍ਹਾਂ ਲੋਕਾਂ ਨੂੰ ਕਰੜੇ ਹੱਥੀਂ ਲੈਂਦਾ ਹੈ ਜੋ ਇਸੇ ਗੱਲ ਪਿਛੇ ਹੀ ਲੜੀ ਜਾਂਦੇ ਹਨ ਕਿ ਕਿਸੇ ਦੂਜੇ ਧਰਮ ਦੇ ਲੋਕਾਂ ਨੇ ‘ਕੁਦਰਤ’ ਦਾ ਨਾਮ ਕੋਈ ਹੋਰ ਰੱਖ ਲਿਆ ਹੈ:
1.‘ਰਾਮ’ ਤੋਂ ‘ਅੱਲ੍ਹਾ’, ਜ਼ੁ਼ਬਾਨਾਂ ਭਾਸ਼ਾਵਾਂ ਵਿੱਚ ਵੱਖਰਾ,
ਪਿਆਰ ਦੀ ਬੋਲੀ ਦੇ ਵਿੱਚ ‘ਇਹ’ ਵੱਖਰਾ ਹੁੰਦਾ ਨਹੀਂ।
------
ਕਵੀ ਨੂੰ ਉਸ ਨਵੇਂ ਮਨੁੱਖ ਦੀ ਤਲਾਸ਼ ਹੈ ਜੋ ਇਨ੍ਹਾਂ ਰੰਗਾਂ, ਧਰਮਾਂ ਦੇ ਝਗੜਿਆਂ ਤੋਂ ਉਪਰ ਉੱਠ ਕੇ, ਸਿਰਫ਼ ਤੇ ਸਿਰਫ਼, ਆਪਣੇ ਆਪਨੂੰ ਮਨੁੱਖ ਸਮਝਦਾ ਹੋਵੇ ਅਤੇ ਹੋਰਨਾਂ ਨੂੰ ਵੀ ਆਪਣੇ ਵਰਗਾ ਮਨੁੱਖ ਸਮਝੇ:
ਹਿੰਦੂ, ਈਸਾਈ, ਪਾਰਸੀ, ਮੁਸਲਿਮ, ਯਹੂਦੀ, ਸਿੱਖ ਮਿਲੇ,
ਇਸ ‘ਮੇਰੇ ਤੇਰੇ’ ਜਹਾਨ ਵਿੱਚ, ਇਕ ਆਦਮੀ ਦੀ ਤਲਾਸ਼ ਹੈ।
ਸਾਡੇ ਸਮਿਆਂ ਵਿੱਚ ਸਮੁੱਚੀ ਮਨੁੱਖਤਾ ਸਾਹਵੇਂ ਆਤੰਕਵਾਦ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਧਾਰਮਿਕ, ਸਭਿਆਚਾਰਕ, ਰਾਜਸੀ, ਆਰਥਿਕ ਜੱਥੇਬੰਦੀਆਂ ਭੋਲੇ ਭਾਲੇ ਲੋਕਾਂ ਨੂੰ ਭੜਕਾ ਕੇ ਆਤੰਕਵਾਦੀ ਬਣਾ ਦਿੰਦੀਆਂ ਹਨ। ਅੱਤਵਾਦ ਦੀ ਸਮੱਸਿਆ ਨੂੰ ਸੁਲਝਾਉਣ ਲਈ ਸਾਨੂੰ ਇਹ ਸਮਝਣਾ ਪਵੇਗਾ ਕਿ ਆਖਿਰ ਅਜਿਹੀਆਂ ਸੰਸਥਾਵਾਂ ਭੋਲੇ ਭਾਲੇ ਲੋਕਾਂ ਦੀ ਅਜਿਹੀ ਕਿਹੜੀ ਦੁਖਦੀ ਰਗ ਉੱਤੇ ਹੱਥ ਧਰ ਦਿੰਦੀਆਂ ਹਨ ਕਿ ਉਹ ਇਨ੍ਹਾਂ ਸੰਸਥਾਵਾਂ ਦੇ ਇਸ਼ਾਰਿਆਂ ‘ਤੇ ਹਰ ਖ਼ਤਰਾ ਮੁੱਲ ਲੈਣ ਲਈ ਆਤੰਕਵਾਦ ਦੇ ਰਾਹ ਉੱਤੇ ਤੁਰ ਪੈਂਦੇ ਹਨ। ਇਸ ਗੱਲ ਦਾ ਜਵਾਬ ਪ੍ਰੀਤਮ ਸਿੰਘ ਧੰਜਲ ਦੀਆਂ ਇਨ੍ਹਾਂ ਕਾਵਿ ਸਤਰਾਂ ਰਾਹੀਂ ਉਜਾਗਰ ਹੁੰਦਾ ਹੈ:
ਅੱਤਵਾਦੀ ਕਦੇ ਨਹੀਂ ਜੰਮਦਾ,
ਇਹ ਸਮਾਜ ਦੀ ਦੇਣ ਹੈ, ਪ੍ਰੀਤਮ।
ਬੇਇਨਸਾਫ਼ੀ, ਧੱਕੇਸ਼ਾਹੀ
ਦੇ ਰਿਵਾਜ ਦੀ ਦੇਣ ਹੈ, ਪ੍ਰੀਤਮ।
------
ਪ੍ਰੀਤਮ ਸਿੰਘ ਧੰਜਲ ਨੇ ‘ਸਤਿਯੰਮ ਸ਼ਿਵਮ ਸੁੰਦਰਮ’ ਕਾਵਿ-ਸੰਗ੍ਰਹਿ ਵਿੱਚ ਸਾਡੇ ਸਮਾਜ ਦੀਆਂ ਕੁਝ ਬਦਸੂਰਤੀਆਂ ਬਾਰੇ ਵੀ ਗੱਲ ਕੀਤੀ ਹੈ। ਵਿਹਲੜ ਸਾਧੂ, ਸੰਤ, ਧਾਗੇ, ਤਵੀਤਾਂ ਦੇਣ ਵਾਲੇ ਬਾਬੇ ਸਾਡੇ ਸਮਾਜ ਨੂੰ ਜੋਕਾਂ ਵਾਂਗ ਚੰਬੜੇ ਹੋਏ ਹਨ ਅਤੇ ਭੋਲੇ ਭਾਲੇ ਲੋਕਾਂ ਨੂੰ ਨ ਸਿਰਫ ਮਾਨਸਿਕ ਤੌਰ ਉੱਤੇ ਹੀ ਬੁੱਧੂ ਬਣਾ ਰਹੇ ਹਨ; ਬਲਕਿ ਉਨ੍ਹਾਂ ਦੀ ਹੱਡ-ਭੰਨਵੀਂ ਕੀਤੀ ਕਮਾਈ ਵੀ ਲੁੱਟ ਰਹੇ ਹਨ:
1.ਪਰਾਈ ਕਮਾਈ ‘ਤੇ ਪਲਦੀ ਰਹੀ ਹੈ,
ਵਿਹਲੜ ਨਖੱਟੂਆਂ ਸਾਧਾਂ ਦੀ ਦੁਨੀਆਂ।
ਕਿਤੇ ਕਾਲ ਪੈ ਜਾਏ ਪਰਵਾਹ ਨਾ ਕਰਦੀ,
ਇਹ ਅੰਨ੍ਹੇ ਤੇ ਰੁੱਖੇ ਸਰਾਧਾਂ ਦੀ ਦੁਨੀਆਂ।
2.ਤਵੀਤਾਂ, ਟੂਣਿਆਂ ਵਾਲੇ ਜਦੋਂ ਵੀ ਗੱਲ ਕਰਦੇ ਨੇ,
ਕੀ ਇਹ ਦੇਖਿਆ ਨਹੀਂ, ਉਹ ਤੈਨੂੰ ਬੁੱਧੂ ਸਮਝਦੇ ਨੇ ?
------
‘ਸੁੰਦਰਤਾ’ ਦੀ ਪ੍ਰੀਭਾਸ਼ਾ ਦੇਣ ਦੇ ਨਾਲ ਨਾਲ ਪ੍ਰੀਤਮ ਸਿੰਘ ਧੰਜਲ ਵਿਸ਼ਵ-ਅਮਨ ਦੀ ਵੀ ਗੱਲ ਕਰਦਾ ਹੈ; ਪਰ ਉਸਨੂੰ ਇਸ ਗੱਲ ਦੀ ਵੀ ਚਿੰਤਾ ਹੈ ਕਿ ਅਜੋਕੇ ਮਨੁੱਖ ਦੀ ਜੋ ਮਾਨਸਿਕਤਾ ਬਣ ਚੁੱਕੀ ਹੈ ਅਤੇ ਜਿਸ ਤਰ੍ਹਾਂ ਉਹ ਆਪਣੀ ਹਉਮੈਂ ਨੂੰ ਪੱਠੇ ਪਾਉਣ ਲਈ ਦੁਨੀਆਂ ਦੇ ਕੋਨੇ ਕੋਨੇ ਵਿੱਚ ਜੰਗ ਦੇ ਭਾਂਬੜ ਬਾਲ ਰਿਹਾ ਹੈ, ਉਸਤੋਂ ਅਜੇ ਵਿਸ਼ਵ ਅਮਨ ਦੀ ਸਥਾਪਤੀ ਦੀ ਉਮੀਦ ਕਰਨੀ ਸਾਡੇ ਲਈ ਇੱਕ ਭੁਲੇਖਾ ਹੀ ਹੋਵੇਗਾ:
ਕੱਲ੍ਹ ਨੂੰ ਸ਼ਾਇਦ ਕੋਈ ਅਮਨਾਂ ਦਾ ਚਾਰਾ ਹੋ ਸਕੇ,
ਅੱਜ ਮਨੁੱਖਤਾ ਆਦਮੀ ਦੇ ਰਹਿਮ ਦੀ ਮੁਹਤਾਜ ਹੈ।
ਵਿਸ਼ਵ ਅਮਨ ਦੀ ਗੱਲ ਕਰਦਾ ਹੋਇਆ ਉਹ ਸਭਿਆਚਾਰਕ ਇਤਿਹਾਸ ਦੀ ਵੀ ਗੱਲ ਕਰਦਾ ਹੈ ਅਤੇ ਦੱਸਦਾ ਹੈ ਕਿ ਮਨੁੱਖਤਾ ਵਿਸ਼ਵ ਅਮਨ ਸਥਾਪਤੀ ਦੀ ਕਿਸ ਤਰ੍ਹਾਂ ਤੀਬਰਤਾ ਨਾਲ ਉਡੀਕ ਕਰ ਰਹੀ ਹੈ:
ਇਹ ਇਤਲੀ ਦੇ ਜੈਨੱਸ ਮੰਦਰ ਦੀ ਗੱਲ ਹੈ,
ਉਸ ਵਿੱਚ ਲਗਾਏ ਇਹ ਦਰ ਦੀ ਗੱਲ ਹੈ:
ਲੋਕਾਂ ਜਦੋਂ ਸੀ ਇਹ ਬੂਹਾ ਬਣਵਾਇਆ,
ਸਭਨਾਂ ਨੇ ਰਲ ਕੇ ਮਤਾ ਇਹ ਪਕਾਇਆ।
ਕਿ ਜਦ ਤਕ ਨਾ ਮਾਨਵ ਅਮਨ ਵਿਚ ਬਹੇਗਾ,
ਓਦੋਂ ਤੱਕ ਇਹ ਦਰਵਾਜ਼ਾ ਖੁੱਲ੍ਹਾ ਰਹੇਗਾ।
ਹਾਏ ! ਸਦੀਆਂ ਗਈਆਂ, ਹਾਏ ! ਰਾਜ ਬਦਲੇ,
ਨਾ ਇਸ ਖੁੱਲ੍ਹੇ ਦਰਵਾਜ਼ੇ ਦੇ ਭਾਗ ਬਦਲੇ।
ਮਨੁੱਖਤਾ ਨੂੰ ਅੱਜ ਵੀ ਖੜ੍ਹਾ ਇਹ ਪੁਕਾਰੇ,
ਕਿ ਆਪਣਾ ਕਰਜ਼ ਆ ਕੇ ਸਿਰ ਤੋਂ ਉਤਾਰੇ।
-----
ਪ੍ਰੀਤਮ ਸਿੰਘ ਧੰਜਲ ਇੱਕ ਕੈਨੇਡੀਅਨ ਪੰਜਾਬੀ ਸ਼ਾਇਰ ਹੈ। ਉਹ ਆਪਣੀ ਕਵਿਤਾ ਵਿੱਚ ਪ੍ਰਵਾਸੀਆਂ ਦੀ ਜ਼ਿੰਦਗੀ ਬਾਰੇ ਚਰਚਾ ਕਰਦਾ ਹੋਇਆ ਦਸਦਾ ਹੈ ਕਿ ਕੈਨੇਡਾ ਵਰਗੇ ਦੇਸ਼ਾਂ ਵਿੱਚ ਜ਼ਿੰਦਗੀ ਏਨੀ ਤਨਾਓ ਭਰਪੂਰ ਹੈ ਕਿ ਅਸੀਂ ਇਸ ਆਸ ਵਿੱਚ ਕਿ ਚਾਰ ਦਿਨ ਸਖਤ ਮਿਹਨਤ ਕਰਕੇ ਮੁੜ ਸਾਰੀ ਜ਼ਿੰਦਗੀ ਆਰਾਮ ਨਾਲ ਬਿਤਾਵਾਂਗੇ - ਸਾਰੀ ਜ਼ਿੰਦਗੀ ਹੀ ਬੇਆਰਾਮੀ ਵਿੱਚ ਬਿਤਾ ਦਿੰਦੇ ਹਾਂ:
ਚਾਰ ਦਿਨ ਆਰਾਮ ਦੇ ਕਟ ਜਾਣ ਦੀ ਹਸਰਤ ਲਈ,
ਜਦ ਵੀ ਤੈਨੂੰ ਦੇਖਿਆ ਹੈ, ਬੇ-ਆਰਾਮ ਦੇਖਿਆ
ਪਰਵਾਸੀ ਜ਼ਿੰਦਗੀ ਦੀ ਗੱਲ ਕਰਦਾ ਪ੍ਰੀਤਮ ਸਿੰਘ ਧੰਜਲ ਇਹ ਦਸਣ ਤੋਂ ਵੀ ਨਹੀਂ ਝਿਜਕਦਾ ਕਿ ਇਸ ਤਨਾਓ ਭਰੀ ਅਤੇ ਰੁਝੇਵਿਆਂ ਭਰੀ ਜ਼ਿੰਦਗੀ ਦਾ ਸਭ ਤੋਂ ਵੱਧ ਮਾਰੂ ਅਸਰ ਸਾਡੇ ਬੱਚਿਆਂ ਉੱਤੇ ਹੁੰਦਾ ਹੈ। ਮਕਾਨਾਂ ਦੇ ਮੋਰਗੇਜ਼, ਹਾਈਡਰੋ ਦੇ ਬਿਲ, ਕਾਰਾਂ ਦੀ ਇਨਸ਼ੌਰੈਂਸ ਅਤੇ ਵੱਡੇ ਵੱਡੇ ਗਰੋਸਰੀ ਦੇ ਬਿਲਾਂ ਦੀ ਅਦਾਇਗੀ ਕਰਨ ਦੀ ਨਿੱਤ ਦੀ ਦੌੜ ਵਿੱਚ ਮਾਪੇ ਤਾਂ ਫੈਕਟਰੀਆਂ ਵਿੱਚ ਓਵਰਟਾਈਮ ਲਗਾਉਣ ਵਿੱਚ ਹੀ ਰੁੱਝੇ ਰਹਿੰਦੇ ਹਨ ਪਰ ਛੋਟੇ ਛੋਟੇ ਬੱਚੇ ਘਰਾਂ ਵਿੱਚ ਕੈਦ ਯਤੀਮਾਂ ਵਾਂਗ ਜਿ਼ੰਦਗੀ ਬਤੀਤ ਕਰਦੇ ਹਨ ਜਾਂ ਆਂਢ-ਗੁਆਂਢ ਦੀਆਂ ਬੇਬੀ ਸਿਟਰਾਂ ਕੋਲ ਸਾਰਾ ਦਿਨ ਬਤੀਤ ਕਰਦੇ ਹਨ। ਕਈ ਬੱਚਿਆਂ ਨੂੰ ਤਾਂ ਮਹੀਨਾ ਮਹੀਨਾ ਭਰ ਮਾਪਿਆਂ ਨੂੰ ਮਿਲਣ ਦਾ ਮੌਕਾ ਹੀ ਨਹੀਂ ਮਿਲਦਾ। ਕਿਉਂਕਿ ਸਵੇਰੇ ਜਦੋਂ ਬੱਚੇ ਅਜੇ ਸੁੱਤੇ ਹੀ ਹੁੰਦੇ ਹਨ ਤਾਂ ਮਾਪੇ ਕੰਮਾਂ ਉੱਤੇ ਚਲੇ ਜਾਂਦੇ ਹਨ ਅਤੇ ਸ਼ਾਮ ਨੂੰ ਦੇਰ ਪਈ ਜਦੋਂ ਮਾਪੇ ਘਰ ਆਉਂਦੇ ਹਨ ਤਾਂ ਵੀ ਬੱਚੇ ਸੌਂ ਚੁੱਕੇ ਹੁੰਦੇ ਹਨ:
ਚਾਦਰ ਛੋਟੀ ਹੈ ਪਰ ਪੈਰ ਲੰਮੇ ਹੁੰਦੇ ਜਾਂਦੇ ਨੇ,
ਸਨਅਤੀਕਰਣ ਦੇ ਦਿੱਤੇ ਹੋਏ ਐਸੇ ਜ਼ਮਾਨੇ ਨੇ।
ਮਾਂ ਤੇ ਬਾਪ ਦੋਹਾਂ ਨੂੰ ਹੀ ਕੰਮ ਤੋਂ ਵਿਹਲ ਨਹੀਂ ਮਿਲਦੀ,
ਅੱਜ ਘਰ ਘਰ ਦੇ ਅੰਦਰ ਬਣ ਰਹੇ ਯਤੀਮਖਾਨੇ ਨੇ।
-----
ਪਰਵਾਸੀਆਂ ਦੀ ਜ਼ਿੰਦਗੀ ਦੀ ਇੱਕ ਹੋਰ ਵੱਡੀ ਸਮੱਸਿਆ ਵੱਲ ਵੀ ਪ੍ਰੀਤਮ ਸਿੰਘ ਧੰਜਲ ਸਾਡਾ ਧਿਆਨ ਦੁਆਉਂਦਾ ਹੈ। ਇਮੀਗਰੇਸ਼ਨ ਪ੍ਰਾਪਤ ਕਰਨ ਦੀ ਝਾਕ ਵਿੱਚ ਪਹਿਲਾਂ ਤਾਂ ਲੋਕ ਕਈ ਕਈ ਸਾਲ ਕੈਨੇਡਾ ਦੀਆਂ ਅਦਾਲਤਾਂ ਦੀਆਂ ਤਰੀਕਾਂ ਭੁਗਤਦੇ ਰਹਿੰਦੇ ਹਨ; ਪਰ ਜਦੋਂ ਉਨ੍ਹਾਂ ਨੂੰ ਇਮੀਗਰੇਸ਼ਨ ਮਿਲ ਵੀ ਜਾਂਦੀ ਹੈ ਤਾਂ ਉਹ ਕਈ ਕਈ ਸਾਲ ਤੱਕ ਆਪਣੀਆਂ ਪਤਨੀਆਂ ਨੂੰ ਕੈਨੇਡਾ ਨਹੀਂ ਲਿਆ ਸਕਦੇ। ਵਿਚਾਰੀਆਂ ਪਤਨੀਆਂ ਆਪਣੇ ਮੁੱਢਲੇ ਦੇਸ਼ਾਂ ਵਿੱਚ ਹੀ ਕਈ ਵਾਰੀ ਤਾਂ 8-10 ਸਾਲਾਂ ਤੱਕ ਵਿਧਵਾਵਾਂ ਵਾਂਗ ਆਪਣੀ ਜ਼ਿੰਦਗੀ ਕੱਟਦੀਆਂ ਹਨ:
ਆਪਣਾ ਦੇਸ਼ ਨਾ ਰੋਜ਼ੀ ਦੇਵੇ,
ਬਾਹਰ ਜਾਵੇ ਕੋਈ,
ਜੀਂਦੇ ਪਰਵਾਸੀ ਦੇ ਘਰ,
ਬੀਵੀ ਵਿਧਵਾ ਹੋਈ।
-----
ਮਨੁੱਖੀ ਜ਼ਿੰਦਗੀ ਨਾਲ ਸਬੰਧਤ ਅਜਿਹੀਆਂ ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਜਿ਼ਕਰ ਕਰਦਾ ਹੋਇਆ, ਪ੍ਰੀਤਮ ਸਿੰਘ ਧੰਜਲ ਮਨੁੱਖ ਨੂੰ ਸਮਝਾਉਂਦਾ ਹੈ ਕਿ ਉਸਨੂੰ ਕੁਦਰਤ ਦੇ ਸੁਭਾਅ ਤੋਂ ਕੁਝ ਸਿੱਖਣਾ ਚਾਹੀਦਾ ਹੈ। ਕੁਦਰਤ ਕਦੀ ਕਿਸੀ ਨਾਲ ਰੰਗ, ਧਰਮ, ਨਸਲ, ਲਿੰਗ, ਜ਼ਾਤ, ਪਾਤ, ਫਿਰਕੇ ਦੇ ਨਾਮ ਉੱਤੇ ਕਦੀ ਵੀ ਕੋਈ ਵਿਤਕਰਾ ਨਹੀਂ ਕਰਦੀ। ਉਸ ਵੱਲੋਂ ਪੈਦਾ ਕੀਤੇ ਮੌਸਮ ਹਰ ਕਿਸੇ ਲਈ ਇੱਕੋ ਜਿੰਨੀ ਸਰਦੀ, ਗਰਮੀ, ਪੱਤਝੜ ਜਾਂ ਬਹਾਰ ਦਾ ਮੌਸਮ ਲੈਕੇ ਆਉਂਦੇ ਹਨ। ਮੀਂਹ ਪੈਂਦਾ ਹੈ ਜਾਂ ਬਰਫ਼ ਪੈਂਦੀ ਹੈ - ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ:
1.ਠੰਡ ਲੱਗਦੀ ਤਾਂ ਸਭ ਨੂੰ ਲਗਦੀ,
ਗਰਮੀ ਲੱਗੇ, ਸਭ ਨੂੰ ਲੱਗੇ।
ਪਾਣੀ ਸਭ ਦੀ ਪਿਆਸ ਬੁਝਾਵੇ,
ਹਵਾ ਵਗੇ ਤਾਂ ਸਭ ਲਈ ਵਗੇ।
2.ਸੱਤ ਰੰਗਾਂ ਵਾਂਗ ਜੋ ਰਲ ਮਿਲ ਕੇ ਰਹਿੰਦੇ ਇੱਕ ਥਾਂ,
ਉਹਨਾਂ ਨੇ ਹੀ ਨ੍ਹੇਰਿਆਂ ਤੇ ਧੁੱਪਾਂ ਵਾਂਗੂੰ ਚਮਕਣਾ।
-----
ਅੱਜ ਗਲੋਬਲਾਈਜ਼ੇਸ਼ਨ ਦਾ ਜ਼ਮਾਨਾ ਹੈ। ਸਾਰੀ ਦੁਨੀਆਂ ਇੱਕ ਪਿੰਡ ਬਣ ਚੁੱਕੀ ਹੈ। ਅਮਰੀਕਾ ਦੀ ਆਰਥਿਕਤਾ ਵਿੱਚ ਮੰਦਵਾੜਾ ਆਇਆ ਤਾਂ ਸਾਰੀ ਦੁਨੀਆਂ ਦੀਆਂ ਆਰਥਿਕਤਾਵਾਂ ਨੇ ਇਸ ਦਾ ਅਸਰ ਕਬੂਲਿਆ। ਮੁੰਬਈ ਵਿੱਚ ਜਾਂ ਨਿਊਯਾਰਕ ਵਿੱਚ ਦਹਿਸ਼ਤਗਰਦਾਂ ਨੇ ਆਤੰਕਵਾਦੀ ਹਮਲੇ ਕੀਤੇ ਤਾਂ ਇਸਦਾ ਅਸਰ ਦੁਨੀਆਂ ਦੇ ਅਨੇਕਾਂ ਹਿੱਸਿਆਂ ਉੱਤੇ ਹੋਇਆ। ਦੁਨੀਆਂ ਦੇ ਕੁਝ ਵੱਡੇ ਦੇਸ਼ਾਂ ਦੀਆਂ ਫੈਕਟਰੀਆਂ ਦੀਆਂ ਚਿਮਨੀਆਂ ‘ਚੋਂ ਨਿਕਲ ਰਹੀਆਂ ਜ਼ਹਿਰੀਲੀਆਂ ਗੈਸਾਂ ਜੇਕਰ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੀਆਂ ਹਨ ਤਾਂ ਇਸ ਦੇ ਨਤੀਜੇ ਵਜੋਂ ਗਲੋਬਲ ਵਾਰਮਿੰਗ ਦਾ ਅਸਰ ਦੁਨੀਆਂ ਦੇ ਹੋਰਨਾਂ ਦੇਸ਼ਾਂ ਨੂੰ ਵੀ ਭੁਗਤਣਾ ਪੈ ਰਿਹਾ ਹੈ।
-----
ਇਸ ਬ੍ਰਹਿੰਮਡ ਦੀ ਹਰ ਚੀਜ਼, ਹਰ ਜ਼ੱਰਾ, ਜ਼ੱਰਾ ਇੱਕ ਦੂਜੇ ਨਾਲ ਇਸ ਤਰ੍ਹਾਂ ਜੁੜੇ ਹੋਏ ਹਨ ਕਿ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਵਾਪਰੀ ਕੋਈ ਘਟਨਾ ਜਾਂ ਹੋਈ ਤਬਦੀਲੀ ਨਾਲ ਦੁਨੀਆਂ ਦੇ ਬਾਕੀ ਹਿੱਸੇ ਵੀ ਕਿਸੀ ਨ ਕਿਸੀ ਤਰ੍ਹਾਂ ਪ੍ਰਭਾਵਤ ਹੁੰਦੇ ਹਨ। ਭਾਵੇਂ ਅਸੀਂ ਕਈ ਵੇਰੀ ਇਸ ਅਸਰ ਨੂੰ ਮਹਿਸੂਸ ਨਹੀਂ ਕਰਦੇ ਅਤੇ ਸਮਝ ਨਹੀਂ ਸਕਦੇ ਕਿ ਇਹ ਕੋਈ ਘਟਨਾ ਕਿਉਂ ਵਾਪਰੀ ਹੈ। ਪ੍ਰੀਤਮ ਸਿੰਘ ਧੰਜਲ ਦੀਆਂ ਇਹ ਕਾਵਿ ਸਤਰਾਂ ਬੜਾ ਕੁਝ ਕਹਿ ਰਹੀਆਂ ਹਨ:
1.ਹਰ ਜ਼ੱਰਾ, ਜ਼ੱਰਾ ਨਾਲ ਜੁੜਿਆ,
ਇੱਕ ਹਿੱਲੇ, ਦੂਜਾ ਹਿੱਲ ਜਾਵੇ।
ਹਰ ਘਟਨਾ, ਘਟਨਾ ਨੂੰ ਜਨਮੇ
ਭਾਵੇਂ ਸਾਨੂੰ ਨਜ਼ਰ ਨਾ ਆਵੇ।
2.ਝੱਖੜ ਤਾਂ ਝੱਖੜ ਹੁੰਦੇ ਨੇ
ਨਜ਼ਰ ਮਿਲੇ ਤਾਂ ਦਿਲ ਧੜਕਾਵੇ
ਅੱਜ ਰੀਮੋਟ-ਕੰਟਰੋਲ ਨੂੰ ਦੇਖੋ,
ਦਿਸਦਾ ਨਹੀਂ, ਜੋ ਕਰਦਾ ਜਾਵੇ।
-----
ਪ੍ਰੀਤਮ ਸਿੰਘ ਧੰਜਲ ਦੀ ਕਵਿਤਾ ਦਾ ਇੱਕ ਵਿਸ਼ੇਸ਼ ਗੁਣ ਇਹ ਵੀ ਹੈ ਕਿ ਉਹ ਪਾਠਕ ਨੂੰ ਇਸ ਧਰਤੀ ਨਾਲ ਜੋੜਦੀ ਹੈ; ਮਨੁੱਖੀ ਜ਼ਿੰਦਗੀ ਨਾਲ ਜੋੜਦੀ ਹੈ। ਮਨੁੱਖ ਨੂੰ ਉਤਸ਼ਾਹ ਦਿੰਦੀ ਹੈ ਕਿ ਜੋ ਕੁਝ ਹੈ ਉਹ ਇਸੇ ਜ਼ਿੰਦਗੀ ਵਿੱਚ ਹੈ। ਇਸ ਤੋਂ ਬਾਅਦ ਕੁਝ ਨਹੀਂ। ਇਸ ਜ਼ਿੰਦਗੀ ਵਿੱਚ ਖੁਸ਼ੀਆਂ ਵੀ ਹਨ, ਗਮੀਆਂ ਵੀ ਹਨ। ਇਸ ਧਰਤੀ ਉੱਤੇ ਚੰਗੇ ਕੰਮ ਵੀ ਮਨੁੱਖ ਹੀ ਕਰਦੇ ਹਨ ਅਤੇ ਮੰਦੇ ਕੰਮ ਵੀ ਮਨੁੱਖ ਹੀ ਕਰਦੇ ਹਨ। ਜ਼ਿੰਦਗੀ ਮਹਿਕ ਹੈ ਤਾਂ ਬਦਬੋ ਵੀ ਹੈ।
-----
‘ਸਤਿਯੰਮ ਸ਼ਿਵਮ ਸੁੰਦਰਮ’ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਰਾਹੀਂ ਪ੍ਰੀਤਮ ਸਿੰਘ ਧੰਜਲ ਇਸ ਗੱਲ ਬਾਰੇ ਬਹਿਸ ਛੇੜਣ ਵਿੱਚ ਕਾਮਿਯਾਬ ਰਹਿੰਦਾ ਹੈ ਕਿ ‘ਸੱਚ ਹੀ ਸਦੀਵੀ ਅਤੇ ਸੁੰਦਰ ਹੈ’। ਉਹ ਆਪਣੀਆਂ ਕਵਿਤਾਵਾਂ ਰਾਹੀਂ ਇਸ ਗੱਲ ਦੇ ਸਬੂਤ ਪੇਸ਼ ਕਰਕੇ ਬਾਰ ਬਾਰ ਸਾਡਾ ਧਿਆਨ ਖਿੱਚਦਾ ਹੈ ਕਿ ਸਮਾਜ ਵਿੱਚ ਕਿਵੇਂ ਝੂਠ ਅਤੇ ਫਰੇਬ ਦਾ ਬੋਲਬਾਲਾ ਹੈ। ਕਾਤਲਾਂ ਅਤੇ ਧਾਰਮਿਕ ਕੱਟੜਵਾਦੀਆਂ ਵੱਲੋਂ ਭੋਲੇ ਭਾਲੇ ਲੋਕਾਂ ਉੱਤੇ ਜ਼ੁਲਮ ਕੀਤਾ ਜਾ ਰਿਹਾ ਹੈ। ਉਹ ਇਸ ਗੱਲ ਵਿੱਚ ਵੀ ਯਕੀਨ ਨਹੀਂ ਕਰਦਾ ਜੋ ਕਹਿੰਦੇ ਹਨ ਕਿ ਰੱਬ ਹਰ ਜਗਾਹ ਹੈ। ਉਹ ਕਹਿੰਦਾ ਹੈ ਕਿ ਜੇਕਰ ਰੱਬ ਵਰਗੀ ਕੋਈ ਸ਼ੈਅ ਹੁੰਦੀ ਤਾਂ ਦੁਨੀਆਂ ਵਿੱਚ ਇੰਨਾਂ ਦੁੱਖ ਕਿਉਂ ਹੁੰਦਾ। ਉਸ ਦਾ ਕਹਿਣਾ ਹੈ ਕਿ ਦੁਨੀਆਂ ਵਿੱਚ ਜੇਕਰ ਮਨੁੱਖ ਹਾਲਾਤ ਬਦਲਣੇ ਚਾਹੁੰਦਾ ਹੈ ਤਾਂ ਉਹ ਪੁਰਾਣੇ ਵਿਚਾਰਾਂ ਅਤੇ ਸਮਾਂ ਵਿਹਾ ਚੁੱਕੀਆਂ ਕਦਰਾਂ-ਕੀਮਤਾਂ ਦਾ ਪਿਛਲੱਗ ਹੀ ਨਾ ਬਣਿਆ ਰਹੇ; ਸਗੋਂ ਉਸ ਨੂੰ ਹਿੰਮਤ ਕਰਕੇ ਆਪਣੀ ਸੋਚ ਵਿੱਚ ਇਨਕਲਾਬੀ ਤਬਦੀਲੀ ਲਿਆਉਣੀ ਪਵੇਗੀ ਅਤੇ ਕੁਝ ਨਵਾਂ ਪਰ ਲੀਕ ਤੋਂ ਹਟਵਾਂ ਕਰਨ ਲਈ ਹੰਭਲਾ ਮਾਰਨਾ ਪਵੇਗਾ:
ਪੂਰਨਿਆਂ ਤੇ ਚੱਲਣਾ ਹੀ ਜੇ ਤੇਰਾ ਵਿਸ਼ਵਾਸ਼ ਹੈ,
ਤਾਂ ਇਹ ਦੱਸ ਕਿ ਆਦਮੀ ਕਿੰਝ ਚੰਦ ਉੱਤੇ ਪਹੁੰਚਦਾ?
-----
ਨਵੇਂ ਵਿਚਾਰਾਂ ਦਾ ਹਾਮੀ, ਪ੍ਰੀਤਮ ਸਿੰਘ ਧੰਜਲ ਸੁਚੇਤ ਪੱਧਰ ਉੱਤੇ ਸ਼ਾਇਰੀ ਲਿਖਣ ਵਾਲੇ, ਪ੍ਰਗਤੀਸ਼ੀਲ, ਕੈਨੇਡੀਅਨ ਪੰਜਾਬੀ ਸ਼ਾਇਰਾਂ ਵਿੱਚ ਗਿਣਿਆਂ ਜਾਂਦਾ ਰਹੇਗਾ। ਅਜਿਹੇ ਸ਼ਾਇਰ ਜੋ ਸ਼ਾਇਰੀ ਲਿਖਣ ਦਾ ਇੱਕ ਵਿਸ਼ੇਸ਼ ਉਦੇਸ਼ ਸਮਝਦੇ ਹਨ: ਦੀਆਂ ਜ਼ਿੰਦਗੀ ਤਲਖ ਹਕੀਕਤਾਂ ਨੂੰ ਆਪਣੀ ਸ਼ਾਇਰੀ ਰਾਹੀ ਪੇਸ਼ ਕਰਨਾ, ਤਾਂ ਜੋ ਇਨ੍ਹਾਂ ਨੂੰ ਬਦਲ ਕੇ ਸਹੀ ਅਰਥਾਂ ਵਿੱਚ ਸੁੰਦਰ ਦੁਨੀਆਂ ਦੀ ਉਸਾਰੀ ਕੀਤੀ ਜਾ ਸਕੇ। ਅਜਿਹੇ ਸ਼ਾਇਰਾਂ ਲਈ ‘ਸੁੰਦਰਤਾ’ ਦੀ ਪ੍ਰੀਭਾਸ਼ਾ ਵੀ ਇਹੀ ਹੈ। ਇਹ ਗੱਲ ਉਹ ਆਪਣੇ ਕਾਵਿ-ਸੰਗ੍ਰਹਿ ‘ਸਤਿਯੰਮ ਸ਼ਿਵਮ ਸੁੰਦਰਮ’ ਵਿੱਚ ਸ਼ਾਮਿਲ ਗ਼ਜ਼ਲਾਂ ਰਾਹੀਂ ਵੀ ਸਪੱਸ਼ਟ ਕਰ ਜਾਂਦਾ ਹੈ। ਉਹ ਅਜਿਹੇ ਸ਼ਾਇਰਾਂ ਦੀ ਢਾਣੀ ਵਿੱਚ ਸ਼ਾਮਿਲ ਨਹੀਂ ਜੋ ਸ਼ਾਇਰੀ ਲਿਖਣ ਲੱਗਿਆਂ ਆਪਣਾ ਸਾਰਾ ਸਮਾਂ ਇਸ ਗੱਲ ਉੱਤੇ ਹੀ ਜ਼ਾਇਆ ਕਰ ਦਿੰਦੇ ਹਨ ਕਿ ਸ਼ਬਦਾਂ ਦਾ ਤੋਲ, ਤੁਕਾਂਤ ਜਾਂ ਲਗਾਂ ਮਾਤਰਾਂ ਦਾ ਭਾਰ ਠੀਕ ਹੈ ਕਿ ਨਹੀਂ। ਉਸਦਾ ਯਕੀਨ ਹੈ ਕਿ ਅਸਲੀ ਸ਼ਾਇਰੀ ਉਹੀ ਹੈ ਜੋ ਨਵੇਂ ਵਿਚਾਰ ਪੇਸ਼ ਕਰਦੀ ਹੈ ਅਤੇ ਅਜਿਹੀ ਸ਼ਾਇਰੀ ਹੀ ਸਦੀਵੀ ਹੈ:
ਉਹ ਖੋਖਲੇ ਨੇ, ਜਿਹੜੇ ਭਾਰਾਂ ‘ਤੇ ਪੈ ਰਹੇ,
ਪਰਖੇ ਗਏ ਤਾਂ ਸਾਹਵੇਂ ਨਵੇਂ-ਤੋਲ ਆਉਣਗੇ।
No comments:
Post a Comment