ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ
ਕੈਨੇਡਾ ਦੇ 57 ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਸਮੀਖਿਆ ਦੀ ਕਿਤਾਬ 'ਕੈਨੇਡੀਅਨ ਪੰਜਾਬੀ ਸਾਹਿਤ' ਨੂੰ ਖ਼ਰੀਦਣ ਲਈ ਬਲੌਗ 'ਤੇ ਦਿੱਤੇ ਐਡਰੈਸ 'ਤੇ ਈਮੇਲ ਕਰੋ। ਸ਼ੁਕਰੀਆ।

ਤੁਹਾਡੇ ਧਿਆਨ ਹਿੱਤ - ਜ਼ਰੂਰੀ ਸੂਚਨਾ

ਸੂਚਨਾ: ਪ੍ਰਕਾਸ਼ਕ ਦੀ ਤਲਾਸ਼ :

ਆਪਣੀ ਹੁਣੇ ਇੰਡੀਆ ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ)’ ਨੂੰ ਮੈਂ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਕੈਨੇਡਾ ਵਿੱਚ ‘‘Canadian Punjabi Literature (Commentary)’’ ਨਾਮ ਦੀ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਨਾ ਚਾਹੁੰਦਾ ਹਾਂ। ਮੈਂ ਕਿਸੀ ਵਧੀਆ ਕੈਨੇਡੀਅਨ ਪ੍ਰਕਾਸ਼ਕ ਦੀ ਤਲਾਸ਼ ਕਰ ਰਿਹਾ ਹਾਂ। ਜੇਕਰ ਤੁਸੀਂ ਕਿਸੀ ਅਜਿਹੇ ਵਧੀਆ ਕੈਨੇਡੀਅਨ ਪ੍ਰਕਾਸ਼ਕ ਦਾ ਨਾਮ ਜਾਣਦੇ ਹੋ ਜੋ ਮੇਰੀ ਪੁਸਤਕ ਪ੍ਰਕਾਸ਼ਿਤ ਕਰ ਸਕਦਾ ਹੋਵੇ ਤਾਂ ਮੈਂ ਉਸ ਪ੍ਰਕਾਸ਼ਕ ਦਾ ਨਾਮ ਜਾਨਣਾ ਚਾਹਾਂਗਾ।

Sukhinder

Editor: SANVAD

Box 67089, 2300 Yonge St.

Toronto ON M4P 1E0

Tel. (416) 858-7077

Email: poet_sukhinder@hotmail.com

http://www.canadianpunjabiliterature.blogspot.com/



Sunday, June 28, 2009

ਸੁਖਿੰਦਰ - ਲੇਖ

ਸਿੱਧੀਆਂ ਸਾਦੀਆਂ ਜਟਿਲਤਾ ਰਹਿਤ ਕਵਿਤਾਵਾਂ ਮਿੱਤਰ ਰਾਸ਼ਾ

ਲੇਖ

ਮਿੱਤਰ ਰਾਸ਼ਾ ਪਿਛਲੇ ਤਕਰੀਬਨ ਚਾਰ ਦਹਾਕਿਆਂ ਤੋਂ ਕਵਿਤਾ ਲਿਖ ਰਿਹਾ ਹੈਕੈਨੇਡੀਅਨ ਪੰਜਾਬੀ ਸਾਹਿਤ ਜਗਤ ਵਿੱਚ ਉਸ ਦੀ ਪਹਿਚਾਣ ਸਿੱਧੀਆਂ ਸਾਦੀਆਂ ਕਵਿਤਾਵਾਂ ਲਿਖਣ ਵਾਲੇ ਇੱਕ ਸ਼ਾਇਰ ਵਜੋਂ ਬਣੀ ਹੋਈ ਹੈਆਧੁਨਿਕਤਾ, ਪਰਾ-ਆਧੁਨਿਕਤਾ, ਗਲੋਬਲੀਕਰਨ, ਮਾਰਕਸਵਾਦ, ਪੂੰਜੀਵਾਦ, ਸਰੰਚਨਾਵਾਦ, ਅਧਿਆਤਮਵਾਦ ਜਿਹੇ ਕਿਸੇ ਵਾਦ ਜਾਂ ਵਿਚਾਰਧਾਰਾ ਦਾ ਉਸਦੀ ਕਵਿਤਾ ਉੱਤੇ ਪਿਆ ਸਿੱਧਾ ਜਾਂ ਅਸਿੱਧਾ ਪ੍ਰਭਾਵ ਦਿਖਾਈ ਨਹੀਂ ਦਿੰਦਾਪਿਛਲੇ ਚਾਰ ਦਹਾਕਿਆਂ ਵਿੱਚ ਵਿਸ਼ਵ-ਪੱਧਰ ਉੱਤੇ ਰਾਜਨੀਤੀ, ਧਰਮ, ਵਿੱਦਿਆ, ਗਿਆਨ, ਵਿਗਿਆਨ ਜਾਂ ਦਰਸ਼ਨ ਦੇ ਖੇਤਰ ਵਿੱਚ ਬਹੁਤ ਕੁਝ ਵਾਪਰਿਆ; ਪਰ ਉਸ ਦੀ ਕਵਿਤਾ ਅਜਿਹੇ ਹਰ ਤਰ੍ਹਾਂ ਦੇ ਅਸਰਾਂ ਤੋਂ ਅਭਿੱਜ ਹੀ ਰਹੀ

----

ਰੰਗ ਸੁਗੰਧਨਾਮ ਦਾ ਕਾਵਿ-ਸੰਗ੍ਰਹਿ ਮਿੱਤਰ ਰਾਸ਼ਾ ਨੇ 2005 ਵਿੱਚ ਪ੍ਰਕਾਸ਼ਿਤ ਕੀਤਾ ਤਾਂ ਇਸ ਕਾਵਿ-ਸੰਗ੍ਰਹਿ ਵਿਚਲੀਆਂ ਉਸਦੀਆਂ ਕਵਿਤਾਵਾਂ ਵਿੱਚ ਵੀ ਵਿਸ਼ੇ ਪੱਖੋਂ ਕੋਈ ਬਹੁਤਾ ਫ਼ਰਕ ਦੇਖਣ ਵਿੱਚ ਨਹੀਂ ਆਇਆਇਸ ਤੋਂ ਪਹਿਲਾਂ ਉਹ ਆਕਾਸਮਾ’ (1976), ‘ਅੱਖਰਾਂ ਦੀ ਬੁੱਕਲ’ (1983), ‘ਚੁੱਪ ਦੇ ਬੰਜਰ’ (1983), ‘ਅੱਕ ਦੇ ਫੁੱਲ’ (1983), ‘ਕੰਚਨ ਕੰਦਰ’ (1990), ‘ਤੱਤੇ ਅੱਖਰ’ (1990), ‘ਖੰਭਾਂ ਵਰਗੇ ਬੋਲ’ (1994) ਅਤੇ ਅੱਖਰਾਂ ਦੀ ਅੱਖ’ (2000) ਸਮੇਤ ਅੱਠ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਕਰ ਚੁੱਕਾ ਸੀ

----

ਮਿੱਤਰ ਰਾਸ਼ਾ ਦੀ ਸ਼ਾਇਰੀ ਵਿੱਚ ਵਰਤੀ ਗਈ ਸ਼ੈਲੀ ਦਾ ਨਮੂਨਾ ਦੇਖਣ ਲਈ ਅਤੇ ਉਸਦੇ ਲਿਖਣ ਢੰਗ ਨੂੰ ਸਮਝਣ ਲਈ ਉਸਦੀ ਕਵਿਤਾ ਸਮੇਂ ਦੀ ਗੱਲਦੀਆਂ ਹੇਠ ਲਿਖੀਆਂ ਸਤਰਾਂ ਨਾਲ ਗੱਲ ਸ਼ੁਰੂ ਕੀਤੀ ਜਾ ਸਕਦੀ ਹੈ :

ਸਮੇਂ ਸਮੇਂ ਦੀ ਗੱਲ ਹੈ

ਕਦੇ ਘੂਕ ਸੁੱਤੇ ਰਹੀ ਦਾ ਸੀ

ਬੇਫ਼ਿਕਰੇ ਨੰਗੀਆਂ ਮੰਜੀਆਂ ਤੇ

ਹੁਣ ਨਵਾਰੀ ਪਲੰਗਾਂ ਤੇ ਵੀ

ਓਹੋ ਜਹੀ ਨੀਂਦ ਨਹੀਂ ਆਉਂਦੀ

ਫੱਕਾ ਮਾਰਨਾ ਪੈਂਦੈ ਨੀਂਦ ਦੀਆਂ ਗੋਲੀਆਂ ਦਾ

ਜਿਹਨ ਚੋਂ ਨਿਕਲਦਾ ਹੀ ਨਹੀਂ ਜ਼ਿਕਰ

ਗੱਲਾਂ ਗੋਲੀਆਂ ਅਣਗੋਲੀਆਂ ਦਾ

ਨੀਂਦ ਨਖਰਾਲੋ ਕੁੜੀ ਵਾਂਗ ਨਖ਼ਰਾ ਵਖਾ

ਪਰ੍ਹਾਂ ਪਰ੍ਹਾਂ ਹੀ ਹੈ ਸਰਕ ਜਾਂਦੀ

----

ਸਿੱਧੇ ਸਾਦੇ ਸ਼ਬਦਾਂ ਵਿੱਚ ਇੱਕ ਪ੍ਰਵਾਸੀ ਆਪਣੇ ਜੀਵਨ ਦੀ ਕਹਾਣੀ ਸੁਣਾਉਂਦਾ ਹੈਪ੍ਰਵਾਸ ਤੋਂ ਪਹਿਲਾਂ ਆਪਣੇ ਮੁੱਢਲੇ ਦੇਸ਼ ਵਿੱਚ ਬਿਤਾਈ ਬੇਪ੍ਰਵਾਹੀ ਦੀ ਜ਼ਿੰਦਗੀ ਵਿੱਚ ਸਾਧਾਰਨ ਕਿਸਮ ਦੇ ਮੰਜਿਆਂ ਉੱਤੇ ਵੀ ਗੂੜ੍ਹੀ ਨੀਂਦ ਆ ਜਾਂਦੀ ਸੀਪਰ ਹੁਣ ਨਰਮ ਗੱਦਿਆਂ ਵਾਲੀਆਂ ਮੈਟਰਸਾਂ ਵਾਲੇ ਮੰਜਿਆਂ ਉੱਤੇ ਵੀ ਸਾਰੀ ਸਾਰੀ ਰਾਤ ਪਾਸੇ ਪਲਟਦੇ ਰਹੀਦਾ ਹੈ ਅਤੇ ਅਨੇਕਾਂ ਵਾਰ ਨੀਂਦ ਦੀਆਂ ਗੋਲੀਆਂ ਦਾ ਫੱਕਾ ਮਾਰਨ ਤੋਂ ਬਿਨ੍ਹਾਂ ਨੀਂਦ ਨਹੀਂ ਆਉਂਦੀ

----

ਉਪਰੋਕਤ ਕਾਵਿ ਸਤਰਾਂ ਮਿੱਤਰ ਰਾਸ਼ਾ ਦੀ ਸ਼ਾਇਰੀ ਦੀਆਂ ਦੋ ਮੁੱਖ ਗੱਲਾਂ ਦੀ ਪਹਿਚਾਣ ਕਰਨ ਵਿੱਚ ਸਾਡੀ ਮੱਦਦ ਕਰਦੀਆਂ ਹਨ ਪਹਿਲੀ ਗੱਲ: ਮਿੱਤਰ ਰਾਸ਼ਾ ਆਪਣੀ ਗੱਲ ਕਹਿਣ ਲਈ ਕਹਾਣੀ ਸੁਨਾਉਣ ਵਾਂਗ ਬਹੁਤ ਹੀ ਸਿੱਧੀ ਸਾਦੀ ਭਾਸ਼ਾ ਵਿੱਚ ਆਪਣੀ ਗੱਲ ਸੁਣਾਉਂਦਾ ਹੈਦੂਜੀ ਗੱਲ: ਆਪਣੀ ਗੱਲ ਸਮਝਾਉਣ ਲਈ ਉਹ ਵਿਰੋਧੀ ਜੁਟਾਂ ਦੀ ਵਰਤੋਂ ਕਰਦਾ ਹੈਇਸ ਤਕਨੀਕ ਦੀ ਵਰਤੋਂ ਉਸਨੇ ਇਸ ਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਅਨੇਕਾਂ ਕਵਿਤਾਵਾਂ ਵਿੱਚ ਕੀਤੀ ਹੈਇਸ ਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਕਵਿਤਾ ਗੁਰੂ ਨਾਨਕ ਦੇਵ ਜੀ ਨੂੰਦੀਆਂ ਹੇਠ ਲਿਖੀਆਂ ਸਤਰਾਂ ਇਸੇ ਤਕਨੀਕ ਦੀ ਕੀਤੀ ਗਈ ਵਰਤੋਂ ਦੀ ਪੁਸ਼ਟੀ ਕਰਦੀਆਂ ਹਨ :

ਹੇਰਾ ਫੇਰੀ ਨਾਲ ਪੈਸਾ ਕਮਾਉਣਾ

ਫੇਰ ਮੰਦਰ ਦਾ ਕਲਸ ਚੜ੍ਹਾਉਣਾ

ਦਿਨ ਨੂੰ ਵੱਖਾਉਣੀ ਪਾਰਸਾਈ

ਜ਼ੁਲਮਾਂ ਚ ਬਿਤਾਉਣੀ ਰਾਤ

ਇਸੇ ਤਰ੍ਹਾਂ ਹੀ ਉਸਦੀ ਕਵਿਤਾ ਖੇਡ ਤਕਦੀਰਾਂ ਦੀਦੀਆਂ ਹੇਠ ਲਿਖੀਆਂ ਸਤਰਾਂ ਦੇਖੀਆਂ ਜਾ ਸਕਦੀਆਂ ਹਨ :

ਬਹੁਤ ਜ਼ੁਲਮ ਹੋਇਆ ਹੈ ਇਸ ਧਰਤੀ ਤੇ

ਭਾਵੇਂ ਇਹ ਧਰਤੀ ਹੈ ਪੀਰਾਂ ਦੀ

ਰੱਖਿਆ ਵੀ ਇਹ ਕਰਦੀਆਂ ਨੇ

ਲਹੂ ਪੀਣਾ ਹੀ ਫਿਤਰਤ ਨਹੀਂ ਸ਼ਮਸ਼ੀਰਾਂ ਦੀ

----

ਮਿੱਤਰ ਰਾਸ਼ਾ ਦੀ ਸ਼ਾਇਰੀ ਵਿੱਚ ਇੱਕ ਹੋਰ ਤਕਨੀਕ ਦੀ ਕੀਤੀ ਗਈ ਵਰਤੋਂ ਵੀ ਪਾਠਕ ਦਾ ਧਿਆਨ ਖਿੱਚਦੀ ਹੈਇਸ ਤਕਨੀਕ ਵਿੱਚ ਇੱਕ ਸ਼ਬਦ ਨੂੰ ਅਨੇਕਾਂ ਪਹਿਲੂਆਂ ਤੋਂ ਵਰਤ ਕੇ ਉਹ ਪੂਰੀ ਕਵਿਤਾ ਦੀ ਉਸਾਰੀ ਕਰਦਾ ਹੈਇਸ ਤਰ੍ਹਾਂ ਕਰਦਾ ਹੋਇਆ ਉਹ ਨ ਸਿਰਫ ਮਨੁੱਖੀ ਜ਼ਿੰਦਗੀ ਦੇ ਵੱਖੋ, ਵੱਖ ਰੰਗਾਂ ਨਾਲ ਆਪਣੇ ਪਾਠਕ ਨੂੰ ਜੋੜਦਾ ਹੈ; ਬਲਕਿ ਉਹ ਬ੍ਰਹਿਮੰਡ ਦੀਆਂ ਅਜਿਹੀਆਂ ਸ਼ਕਤੀਆਂ ਨਾਲ ਵੀ ਜੋੜਦਾ ਹੈ ਜਿਨ੍ਹਾਂ ਸਦਕਾ ਸਮੁੱਚੀ ਕਾਇਨਾਤ ਵਿੱਚ ਹਿਲਜੁਲ ਹੋ ਰਹੀ ਹੈਜਿਸ ਸਦਕਾ ਗ੍ਰਹਿ, ਤਾਰੇ, ਗਲੈਕਸੀਆਂ - ਬ੍ਰਹਿਮੰਡ ਦਾ ਕਣ ਕਣ ਗਤੀਸ਼ੀਲ ਹੈਪਰ ਅਜਿਹੀਆਂ ਸਾਰੀਆਂ ਗੱਲਾਂ ਦੱਸਣ ਲਈ ਵੀ ਉਹ ਜਿਸ ਕਿਸਮ ਦੀ ਸ਼ੈਲੀ ਦੀ ਵਰਤੋਂ ਕਰਦਾ ਹੈ ਉਸ ਵਿੱਚ ਕਿਸੇ ਕਿਸਮ ਦਾ ਵੀ ਉਚੇਚ ਕੀਤਾ ਗਿਆ ਨਹੀਂ ਲੱਗਦਾਸਿੱਧੀ ਸਾਦੀ ਭਾਸ਼ਾ ਵਿੱਚ ਰਚੀ ਗਈ ਉਸ ਦੀ ਕਵਿਤਾ ਮੋਹਦੀਆਂ ਹੇਠ ਲਿਖੀਆਂ ਸਤਰਾਂ ਉਸਦੀ ਸ਼ਾਇਰੀ ਵਿੱਚ ਵਰਤੀ ਗਈ ਅਜਿਹੀ ਤਕਨੀਕ ਦਾ ਵਧੀਆ ਨਮੂਨਾ ਹਨ :

ਮੋਹ ਚ ਬੱਜੀ ਖ਼ਲਕਤ ਪਈ ਭੌਂਦੀ

ਮੋਹ ਚ ਹਰ ਗੱਲ ਪਈ ਸੋਂਹਦੀ

ਮੋਹ ਦਾ ਹੀ ਹੈ ਕੁਲ ਪਸਾਰਾ

ਮੋਹ ਦੀ ਹੀ ਵਗੇ ਪੌਣ

----

ਸਿੱਧੀ ਸਾਦੀ ਭਾਸ਼ਾ ਵਿੱਚ ਹੀ ਉਹ ਆਪਣੀ ਜਿ਼ੰਦਗੀ ਵਿੱਚ ਪ੍ਰਾਪਤ ਕੀਤੇ ਗਏ ਤਜਰਬੇ ਆਪਣੇ ਪਾਠਕਾਂ ਨਾਲ ਸਾਂਝੇ ਕਰਦਾ ਹੋਇਆ ਇਨ੍ਹਾਂ ਦਾ ਤੱਤ ਸਾਰ ਪੇਸ਼ ਕਰਦਾ ਹੈ; ਤਾਂ ਜੁ ਹੋਰ ਲੋਕ ਇਸ ਤੋਂ ਕੁਝ ਲਾਭ ਉਠਾ ਸਕਣਜ਼ਿੰਦਾ ਦਿਲੀਇਸ ਵਿਸ਼ੇ ਉੱਤੇ ਲਿਖੀ ਹੋਈ ਉਸਦੀ ਖ਼ੂਬਸੂਰਤ ਕਵਿਤਾ ਹੈਵੇਖੋ, ਮਿੱਤਰ ਰਾਸ਼ਾ ਇਨ੍ਹਾਂ ਸਤਰਾਂ ਰਾਹੀਂ ਆਪਣੇ ਤਜਰਬੇ ਕਿਵੇਂ ਸਾਂਝੇ ਕਰਦਾ ਹੈ :

ਕੋਈ ਤੈਨੂੰ ਉਠਾਏ ਗਾ

ਡਿੱਗਿਆ ਹੀ ਨਾ ਰਹੀਂ

ਭਲਿਆ ਮਾਨਸਾ

ਇਸ ਆਸ ਤੇ

ਜ਼ਿੰਦਗੀ ਨਾਂਅ ਹੈ

ਜ਼ਿੰਦਾ ਦਿਲੀ ਦਾ

ਬਹਿੰਦੀਆਂ ਨੇ ਆ

ਗਿਰਜਾਂ ਮੁਰਦਾ ਮਾਸ ਤੇ

ਇਸੇ ਹੀ ਕਵਿਤਾ ਦੀਆਂ ਕੁਝ ਹੋਰ ਸਤਰਾਂ ਵੇਖੋ :

ਖਿੜੇ ਫੁੱਲ ਵਾਂਗ

ਖਿੜਿਆ ਹੀ ਰਹਿ

ਭੌਰ ਨਹੀਂ ਬਹਿੰਦੇ

ਫੁੱਲ ਉਦਾਸ ਤੇ

ਆਮ ਤੋਂ ਖ਼ਾਸ ਬਣ

ਬੰਦਿਆਂ ਦੀ ਇਸ ਮੰਡੀ

ਪੈਂਦੀ ਹੈ ਲੋਕਾਂ ਦੀ ਨਜ਼ਰ

ਬਸ ਖ਼ਾਸ ਖ਼ਾਸ ਤੇ

ਲੀੜੇ ਤਨ ਢੱਕਣ ਦਾ ਹੀ

ਇਕ ਜ਼ਹਿਰੀਆ ਨਹੀਂ

ਨਜ਼ਰ ਨਹੀਂ ਟਿਕਦੀ

ਖੁੱਥੇ ਲਿਬਾਸ ਤੇ

----

ਭਾਰਤੀ ਸਮਾਜ ਸਾਹਮਣੇ ਪੇਸ਼ ਇੱਕ ਸਮਾਜਕ ਸਮੱਸਿਆ ਬਾਰੇ ਅਨੇਕਾਂ ਕੈਨੇਡੀਅਨ ਲੇਖਕਾਂ ਨੇ ਰਚਨਾਵਾਂ ਲਿਖੀਆਂ ਹਨਇਹ ਸਮੱਸਿਆ ਹੈ: ਨੂੰਹਾਂ ਉੱਤੇ ਕੀਤਾ ਜਾਂਦਾ ਅੱਤਿਆਚਾਰ. ਅਨੇਕਾਂ ਹਾਲਤਾਂ ਵਿੱਚ ਇਹ ਅੱਤਿਆਚਾਰ ਹਰ ਸੀਮਾਂ ਪਾਰ ਕਰਕੇ ਨੂੰਹਾਂ ਦੇ ਕਤਲ ਕਰਨ ਤੱਕ ਪਹੁੰਚ ਜਾਂਦਾ ਹੈਨੂੰਹਾਂ ਨੂੰ ਕਤਲ ਕਰਨ ਲਈ ਸਹੁਰਾ ਪ੍ਰਵਾਰ ਵੱਲੋਂ ਅਪਣਾਏ ਜਾਂਦੇ ਤਰੀਕਿਆਂ ਵਿੱਚ ਇੱਕ ਸਭ ਤੋਂ ਵੱਧ ਵਰਤਿਆ ਜਾਂਦਾ ਢੰਗ ਹੈ ਸਟੋਵ ਦੇ ਸਲੰਡਰ ਦਾ ਫਟਣਾ ਅਤੇ ਨੂੰਹ ਦਾ ਅੱਗ ਨਾਲ ਝੁਲਸ ਕੇ ਮਾਰਿਆ ਜਾਣਾਇਸ ਸਮਾਜਿਕ/ਸਭਿਆਚਾਰਕ ਸਮੱਸਿਆ ਬਾਰੇ ਮਿੱਤਰ ਰਾਸ਼ਾ ਦੀ ਕਵਿਤਾ ਸਟੋਵ ਦਾ ਸਲੰਡਰਲੋਕ-ਚੇਤਨਾ ਪੈਦਾ ਕਰਦੀ ਹੈਭਾਵੇਂ ਕਿ ਮਿੱਤਰ ਰਾਸ਼ਾ ਕੈਨੇਡਾ ਵਿੱਚ ਰਹਿ ਰਿਹਾ ਹੈ ਅਤੇ ਇਹ ਸਮੱਸਿਆ ਵਧੇਰੇ ਕਰਕੇ ਭਾਰਤੀ/ਪੰਜਾਬੀ ਮੂਲ ਦੇ ਲੋਕਾਂ ਵਿੱਚ ਇੰਡੀਆ/ਪਾਕਿਸਤਾਨ ਦੇ ਖਿੱਤੇ ਵਿੱਚ ਵਧੇਰੇ ਵਾਪਰਦੀ ਹੈ; ਪਰ ਕਿਉਂਕਿ ਕੈਨੇਡਾ ਵਿੱਚ ਵਸਦੇ ਇੰਡੀਆ/ਪਾਕਿਸਤਾਨ ਤੋਂ ਆਏ ਲੋਕਾਂ ਦੇ ਪ੍ਰਵਾਰਾਂ ਦੇ ਲੋਕ ਅਜੇ ਵੀ ਇੰਡੀਆ/ਪਾਕਿਸਤਾਨ ਵਿੱਚ ਰਹਿੰਦੇ ਹਨਇਸ ਲਈ ਇਸ ਸਮੱਸਿਆ ਦਾ ਕੈਨੇਡਾ ਵਿੱਚ ਰਹਿ ਰਹੇ ਭਾਰਤੀ/ਪੰਜਾਬੀ/ਪਾਕਿਸਤਾਨੀ ਲੋਕਾਂ ਨਾਲ ਵੀ ਗੂੜ੍ਹਾ ਸਬੰਧ ਹੈਕਿਉਂਕਿ ਜਦੋਂ ਵੀ ਅਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਇਸ ਨਾਲ ਕੈਨੇਡਾ ਵਿੱਚ ਰਹਿਣ ਵਾਲੇ ਪੰਜਾਬੀ/ਇੰਡੀਅਨ/ਪਾਕਿਸਤਾਨੀ ਲੋਕਾਂ ਦੀ ਜ਼ਿੰਦਗੀ ਵੀ ਪ੍ਰਭਾਵਤ ਹੁੰਦੀ ਹੈਸਟੋਵ ਤੇ ਸਲੰਡਰਨਾਮ ਦੀ ਕਵਿਤਾ ਇਸ ਸਮਾਜਿਕ/ਸਭਿਆਚਾਰਕ ਸਮੱਸਿਆ ਦੇ ਅਨੇਕਾਂ ਪਹਿਲੂਆਂ ਬਾਰੇ ਚਰਚਾ ਛੇੜਦੀ ਹੈ :

ਕਦ ਰੁਕਣਗੇ ਦੇਸ ਤੇਰੇ

ਸਟੋਵ ਤੇ ਸਲੰਡਰ ਫਟਣੇ ?

ਬਹੁਤ ਘਰ ਉੱਜੜੇ ਨੇ

ਬਹੁਤ ਹੋਏ ਨੇ ਸੱਖਣੇ

...................

ਝੁਲਸੇ ਬਦਨ ਚੁਕ ਰਹੇ ਨੇ

ਤੇਰੀ ਪਾਰਸਾਈ ਦੇ ਢਕਣੇ

ਬਹੁਤ ਮਰੀਆਂ ਨੇ ਨੂੰਹਾਂ

ਸੁੱਗੜ ਸਿਆਣੀਆਂ ਰੂਹਾਂ

ਸਟੋਵ ਜਦ ਫਟਦਾ ਹੈ ਤਾਂ

ਬਹੁਤ ਗੱਲਾਂ ਦੱਸਦਾ ਹੈ

ਇਖ਼ਲਾਕ ਦੀਆਂ ਗੱਲਾਂ

ਬੇਹੂਦਾ ਦਾਜ ਦੀਆਂ ਗੱਲਾਂ

ਸੱਸ ਚੰਦਰੀ ਦੀਆਂ ਗੱਲਾਂ

ਸੋਹਰੇ ਗੁਸਤਾਖ਼ ਦੀਆਂ ਗੱਲਾਂ

----

ਲੋਕ-ਏਕਤਾ ਵਿੱਚ ਵਿਸ਼ਵਾਸ ਰੱਖਣ ਵਾਲਾ ਮਿੱਤਰ ਰਾਸ਼ਾ ਅਮਨ ਅਤੇ ਸਾਂਝੀਵਾਲਤਾ ਦਾ ਪੁਜਾਰੀ ਹੈ। ਰੰਗ, ਧਰਮ, ਨਸਲ, ਜ਼ਾਤ-ਪਾਤ ਦੇ ਨਾਮ ਉੱਤੇ ਫਿਰਕੂ ਵੰਡੀਆਂ ਪਾਉਣ ਵਾਲੇ ਲੋਕ ਉਸ ਨੂੰ ਅਗਿਆਨੀ ਜਾਪਦੇ ਹਨ। ਤੁਣਕੇਨਾਮ ਦੀ ਕਵਿਤਾ ਇਸ ਵਿਸ਼ੇ ਬਾਰੇ ਸਿੱਧੇ ਸਾਦੇ ਢੰਗ ਨਾਲ ਹੀ ਗੱਲ ਕਰਦੀ ਹੈ :

ਸਾਂਝੀਵਾਲਤਾ ਦਾ ਪ੍ਰਤੀਕ ਹੈ

ਬਹਿ ਕੇ ਲੰਗਰ ਛਕਣਾ

ਕੀ ਕੁਰਸੀ ਤੇ ਤਪੜ ਦਾ ਰੌਲਾ

ਘਟਾਉਂਦਾ ਲੰਗਰ ਦੀਆਂ ਬਰਕਤਾਂ

ਇਸੇ ਵਿਸ਼ੇ ਨੂੰ ਹੱਦਾਂ-ਸਰਹੱਦਾਂਨਾਮ ਦੀ ਕਵਿਤਾ ਵਿੱਚ ਵੀ ਪੇਸ਼ ਕੀਤਾ ਗਿਆ ਹੈ :

ਮਜ਼ਹਬ ਦਾ ਡਰ ਪਾ ਕੇ

ਨਸਲ ਦਾ ਭੂਤ ਚੜ੍ਹਾ ਕੇ

ਬੇਹੂਦਾ ਗੱਲਾਂ ਬਣਾ ਕੇ

ਪਾਕਿਸਤਾਨ, ਹਿੰਦੁਸਤਾਨ

ਕਈ ਤਾਨਾਂ ਦਾ ਨਾਹਰਾ ਲਾ ਕੇ

ਵੰਡੀਆਂ ਪਾਈਆਂ ਜਾਂਦੀਆਂ ਨੇ

----

ਧਰਮ ਦੇ ਨਾਮ ਉੱਤੇ ਗੰਦੀ ਰਾਜਨੀਤੀ ਖੇਡਣ ਵਾਲਿਆਂ ਨੂੰ ਵੀ ਉਹ ਕਰੜੇ ਹੱਥੀਂ ਲੈਂਦਾ ਹੈਬੁੱਲੇ ਨੂੰ ਯਾਦ ਕਰਦਿਆਂਨਾਮ ਦੀ ਕਵਿਤਾ ਵਿੱਚ ਮਿੱਤਰ ਰਾਸ਼ਾ ਇਹ ਗੱਲ ਬਿਲਕੁਲ ਸਪੱਸ਼ਟ ਕਰ ਦਿੰਦਾ ਹੈ ਕਿ ਉਹ ਇੱਕ ਲੋਕ-ਪੱਖੀ ਅਤੇ ਚੇਤੰਨ ਲੇਖਕ ਹੈਧਰਮ ਦੇ ਨਾਮ ਉੱਤੇ ਲੋਕਾਂ ਦਾ ਖ਼ੂਨ ਪਾਣੀ ਵਾਂਗ ਵਹਾਉਣ ਵਾਲੇ ਧਰਮ ਦੇ ਆਖੌਤੀ ਰਾਖਿਆਂ ਨਾਲ ਉਸਦਾ ਕੋਈ ਲਿਹਾਜ਼ ਨਹੀਂਅਜਿਹੇ ਠੱਗਾਂ, ਧਾੜਵੀਆਂ ਨੂੰ ਉਹ ਸਪੱਸ਼ਟ ਸ਼ਬਦਾਂ ਵਿੱਚ ਲੋਕ ਦੁਸ਼ਮਣ ਸਮਝਦਾ ਹੈ :

ਧਰਮ ਸ਼ਾਲਾ ਤੇ ਠਾਕਰ ਦੁਆਰੇ

ਮਲੇ ਠੱਗਾਂ ਧਾੜਵੀਆਂ ਸਾਰੇ

ਵਰਗਲਾ ਕੇ ਸਭ ਕੁਝ ਕੁਝ ਖੋਹ ਲੈਂਦੇ

ਕੁਝ ਵੀ ਨਾ ਦਿੰਦੇ ਮੋੜ

ਇੱਕ ਦੂਜੇ ਨੂੰ ਜਾਣ ਸ਼ੀਏ ਤੇ ਸੁੰਨੀ

ਨਫ਼ਰਤ ਦੀ ਅੱਗ ਚ ਭੁੱਨੀ

ਬੁੱਲਿਆ ! ਦੇਣ ਲਈ ਮਤ ਇਨ੍ਹਾਂ ਨੂੰ

ਆ ਕੇ ਜੁਗਤ ਕੋਈ ਜੋੜ

ਆਗੂ ਉਲਟੇ ਮਸਲੇ ਬਣਾਉਂਦੇ

ਰੇੜਕੇ ਚ ਕੋਈ ਗੱਲ ਨਾ ਮੁਕਾਉਂਦੇ

ਸਭ ਨੂੰ ਕੁਰਸੀ ਲਈ ਲੜਾਉਂਦੇ

ਲੱਭਣ ਨਾ ਉੱਕਾ ਕੋਈ ਤੋੜ

----

ਰੰਗ ਸੁਗੰਧਕਾਵਿ-ਸੰਗ੍ਰਹਿ ਵਿਚਲੀਆਂ ਕੈਨੇਡੀਅਨ ਪੰਜਾਬੀ ਸ਼ਾਇਰ ਮਿੱਤਰ ਰਾਸ਼ਾ ਦੀਆਂ ਕਵਿਤਾਵਾਂ ਪੜ੍ਹਕੇ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਜੇਕਰ ਤੁਸੀਂ ਆਪਣੀ ਕਵਿਤਾ ਵਿੱਚ ਪੇਸ਼ ਕੀਤੇ ਜਾ ਰਹੇ ਵਿਸ਼ੇ ਉੱਤੇ ਬਹੁਤ ਗਹਿਰ-ਗੰਭੀਰ ਚਰਚਾ ਛੇੜਨ ਦੀ ਲੋੜ ਮਹਿਸੂਸ ਨਹੀਂ ਕਰਦੇ ਤਾਂ ਤੁਸੀਂ ਆਪਣੀ ਗੱਲ ਬਹੁਤ ਹੀ ਸਿੱਧੀ ਸਾਦੀ ਭਾਸ਼ਾ ਵਿੱਚ ਕਵਿਤਾ ਦੀ ਇਕਹਿਰੀ ਪਰਤ ਰਾਹੀਂ ਵੀ ਪੇਸ਼ ਕਰ ਸਕਦੇ ਹੋਇਹੋ ਜਿਹੀ ਕਾਵਿ ਤਕਨੀਕ ਦੀ ਵਰਤੋਂ ਅਸੀਂ ਸਟੇਜੀ ਕਵੀਆਂ ਦੀਆਂ ਕਵਿਤਾਵਾਂ ਵਿੱਚ ਆਮ ਦੇਖ ਸਕਦੇ ਹਾਂਕਿਉਂਕਿ ਸਟੇਜੀ ਕਵੀਆਂ ਦਾ ਮੰਤਵ ਆਪਣੇ ਸਰੋਤਿਆਂ ਨੂੰ ਝਟਪਟ ਪ੍ਰਭਾਵਤ ਕਰਨਾ ਹੁੰਦਾ ਹੈ ਅਤੇ ਉਹ ਉਨ੍ਹਾਂ ਨੂੰ ਤਾਂ ਹੀ ਝੱਟਪੱਟ ਪ੍ਰਭਾਵਤ ਕਰ ਸਕਦੇ ਹਨ ਜੇਕਰ ਮੰਚ ਤੋਂ ਪੜ੍ਹੀ ਜਾ ਰਹੀ ਕਵਿਤਾ ਸਰੋਤਿਆਂ ਦੀ ਸਮਝ ਵਿੱਚ ਝੱਟਪਟ ਆ ਜਾਵੇਇਸ ਵਿੱਚ ਕੋਈ ਸੰਦੇਹ ਨਹੀਂ ਕਿ ਪੰਜਾਬੀ ਕਾਵਿ ਜਗਤ ਵਿੱਚ ਅਨੇਕਾਂ ਅਜਿਹੇ ਕਾਮਿਯਾਬ ਸਟੇਜੀ ਕਵੀ ਹੋਏ ਹਨ ਜਿਨ੍ਹਾਂ ਨੇ ਸਿੱਧੀ ਸਾਦੀ ਭਾਸ਼ਾ ਵਿੱਚ ਲਿਖੀਆਂ ਆਪਣੀਆਂ ਕਵਿਤਾਵਾਂ ਕਵੀ ਦਰਬਾਰਾਂ ਦੇ ਮੰਚ ਉੱਤੋਂ ਪੇਸ਼ ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਸਰੋਤਿਆਂ ਤੋਂ ਵਾਹ ਵਾਹ ਪ੍ਰਾਪਤ ਕੀਤੀਅਜਿਹੇ ਕਵੀਆਂ ਨੇ ਪੰਜਾਬੀ ਕਵਿਤਾ ਨੂੰ ਆਮ ਲੋਕਾਂ ਵਿੱਚ ਪ੍ਰਚੱਲਿਤ ਕਰਨ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਅਤੇ ਅੱਜ ਵੀ ਪਾ ਰਹੇ ਹਨ

----

ਕੈਨੇਡੀਅਨ ਪੰਜਾਬੀ ਸ਼ਾਇਰ ਮਿੱਤਰ ਰਾਸ਼ਾ ਨੇ ਆਪਣੇ ਕਾਵਿ-ਸੰਗ੍ਰਹਿ ਰੰਗ-ਸੁਗੰਧਵਿੱਚ ਪੰਜਾਬੀ ਕਾਵਿ ਜਗਤ ਵਿੱਚ ਵਰਤੀ ਜਾਂਦੀ ਸਟੇਜੀ ਕਾਵਿ ਧਾਰਾ ਦੀ ਤਕਨੀਕ ਨੂੰ ਆਪਣੀ ਲੋੜ ਅਨੁਸਾਰ ਤਬਦੀਲੀਆਂ ਕਰਕੇ ਬੜੀ ਕਾਮਯਾਬੀ ਨਾਲ ਵਰਤਿਆ ਹੈਇਸੇ ਤਕਨੀਕ ਦੀ ਵਰਤੋਂ ਕਰਦਾ ਹੋਇਆ, ਇਸ ਕਾਵਿ-ਸੰਗ੍ਰਹਿ ਦੀ ਆਖਰੀ ਕਵਿਤਾ ਕੁਤਰ ਕੁਤਰਵਿੱਚ, ਪੱਛਮੀ ਦੇਸ਼ਾਂ ਵਿਚਲੀ ਤਨਾਓ ਭਰੀ ਜ਼ਿੰਦਗੀ ਨੂੰ ਬਿਆਨ ਕਰਨ ਲਈ ਆਧੁਨਿਕ ਕਾਵਿ ਸ਼ੈਲੀ ਦੀ ਵਰਤੋਂ ਕਰਕੇ ਉਹ ਆਪਣੇ ਪਾਠਕਾਂ ਨੂੰ ਇਹ ਗੱਲ ਕਹਿੰਦਾ ਹੋਇਆ ਮਹਿਸੂਸ ਹੁੰਦਾ ਹੈ ਕਿ ਮੈਂ ਆਧੁਨਿਕ/ਪਰਾ-ਆਧੁਨਿਕ ਸਮਿਆਂ ਦੀਆਂ ਕਾਵਿ-ਸ਼ੈਲੀਆਂ ਅਤੇ ਕਾਵਿ ਤਕਨੀਕਾਂ ਤੋਂ ਅਣਜਾਣ ਨਹੀਂ ਹਾਂ :

ਕੁਤਰ ਕੁਤਰ

ਇਵੇਂ ਹੀ ਰਾਤ ਸਾਰੀ

ਸਾਡੀ ਜਿੰਦ ਵਿਚਾਰੀ

ਲਾਚਾਰੀ ਚ ਮਾਰੀ

ਬਿੱਲੀ ਚੂਹੇ ਦੀ ਖੇਡ ਵਾਂਗ

ਚੂਹੇ ਤੇ ਨੀਂਦ ਵਾਲੀ

ਖੇਡ ਬਣ ਜਾਂਦੀ ਹੈ


Tuesday, June 23, 2009

ਸੁਖਿੰਦਰ - ਲੇਖ

ਫੁੱਲਾਂ, ਬਿਰਖਾਂ, ਦਰਿਆਵਾਂ, ਮੌਸਮਾਂ ਨਾਲ ਸੰਵਾਦ ਰਚਾਉਂਦੀਆਂ ਕਵਿਤਾਵਾਂ - ਪੁਸ਼ਪਦੀਪ

ਲੇਖ

ਪੁਸ਼ਪ ਦੀਪ ਸੰਵਾਦ-ਮੁਖੀ ਸ਼ਾਇਰ ਹੈਉਹ ਧੀਮੀ ਸੁਰ ਦਾ ਸ਼ਾਇਰ ਹੈਉਸਦਾ ਸੰਵਾਦ ਆਪਣੇ ਚੌਗਿਰਦੇ ਨਾਲ ਹੈਚੌਗਿਰਦਾ ਸਾਨੂੰ ਪਲ ਪਲ ਪ੍ਰਭਾਵਿਤ ਕਰਦਾ ਹੈਸਾਡੇ ਚੌਗਿਰਦੇ ਵਿੱਚ ਪੱਸਰੇ ਸਭਿਆਚਾਰਕ ਵਾਤਾਵਰਨ ਦਾ ਸਾਡੀ ਮਾਨਸਿਕ ਅਤੇ ਸਰੀਰਕ ਸਿਹਤ ਉੱਤੇ ਪੈਂਦਾ ਪ੍ਰਭਾਵ ਕਿਸੇ ਤਰ੍ਹਾਂ ਵੀ ਅਣਗੌਲਿਆ ਨਹੀਂ ਜਾ ਸਕਦਾਇਹ ਪ੍ਰਭਾਵ ਅਨੇਕਾਂ ਦਿਸ਼ਾਵਾਂ ਵੱਲੋਂ ਆਉਂਦਾ ਹੈ ਅਤੇ ਸਾਡੇ ਉੱਤੇ ਅਨੇਕਾਂ ਢੰਗਾਂ ਨਾਲ ਆਪਣਾ ਪ੍ਰਭਾਵ ਪਾਉਂਦਾ ਹੈ

----

ਸਾਹਾਂ ਦੇ ਸਿਰਨਾਵੇਂਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਕਵਿਤਾਵਾਂ ਪੁਸ਼ਪ ਦੀਪ ਦੀ ਮਾਨਸਿਕਤਾ ਉੱਤੇ ਪਏ ਉਸਦੇ ਚੌਗਿਰਦੇ ਦੇ ਪ੍ਰਭਾਵਾਂ ਦਾ ਹੀ ਕਾਵਿਮਈ ਪ੍ਰਗਟਾ ਹੈਪੁਸ਼ਪ ਦੀਪ ਦੀ ਸ਼ਾਇਰੀ ਬਾਰੇ ਗੱਲ ਉਸ ਦੀ ਕਵਿਤਾ ਚੈਰੀ ਦੇ ਫੁੱਲਦੀਆਂ ਹੇਠ ਲਿਖੀਆਂ ਸਤਰਾਂ ਤੋਂ ਹੀ ਸ਼ੁਰੂ ਕੀਤੀ ਜਾ ਸਕਦੀ ਹੈ:

ਆਪਣੀ ਪ੍ਰੇਮਿਕਾ ਦੀ ਫੋਟੋ ਖਿੱਚਾਂਗਾ

ਉਸ ਦਾ ਫੁੱਲ ਵਰਗਾ ਚਿਹਰਾ

ਆਪਣੇ ਭਵਿੱਖ ਨੂੰ ਸਮਰਪਣ ਕਰ ਦਿਆਂਗਾ

ਬਹਾਰ ਆਈ

ਚੈਰੀ ਖਿੜੀ

ਕੰਮਾਂ ਕਾਰਾਂ ਦੀ ਕੁਰਬਲਾਹਟ

ਕਈ ਅੱਜ ਤੇ ਕੱਲ੍ਹ ਖੋ ਗਏ

ਮੌਸਮ ਬਦਲ ਗਿਆ

ਮਹੀਨਿਆਂ ਅਤੇ ਸਾਲਾਂ ਨੂੰ

ਦਿਨਾਂ ਨਾਲ ਜਰਬ ਦਿੰਦਾ

ਹੈਰਾਨਕੁੰਨ

ਨਵੇਂ ਮੌਸਮ ਦੇ ਮੌੜ ਤੇ ਆ ਖਲੋਤਾਂ

ਮੇਰੇ ਪੈਰਾਂ ਦੇ ਹੇਠਾਂ ਕੰਬ ਰਿਹੈ

ਜਵਾਲਾ ਮੁਖੀਆਂ ਦਾ ਝੁਲਸਿਆ

ਨਿੱਕਾ ਜਿੰਨਾ ਧਰਤ ਦਾ ਟੋਟਾ

----

ਪਰਾ-ਆਧੁਨਿਕ ਸਮਿਆਂ ਵਿੱਚ ਮਨੁੱਖੀ ਜ਼ਿੰਦਗੀ ਦੇ ਰੁਝੇਵੇਂ ਏਨੇ ਜਿ਼ਆਦਾ ਵੱਧ ਗਏ ਹਨ ਅਤੇ ਹਰ ਗੱਲ ਏਨੀ ਤੇਜ਼ੀ ਨਾਲ ਬੀਤ ਰਹੀ ਹੈ ਕਿ ਸਾਨੂੰ ਜ਼ਿੰਦਗੀ ਦਾ ਸੁਆਦ ਮਾਨਣ ਲਈ ਮਹੀਨਿਆਂ/ਸਾਲਾਂ ਤੱਕ ਕੁਝ ਪਲਾਂ ਦਾ ਵੀ ਸਮਾਂ ਨਹੀਂ ਮਿਲਦਾਪਲ, ਜਿਨ੍ਹਾਂ ਨੂੰ ਅਸੀਂ ਆਪਣੇ ਪਲ ਕਹਿ ਸਕਦੇ ਹਾਂਜ਼ਿੰਦਗੀ ਦੇ ਕਿਸੀ ਮੋੜ ਉੱਤੇ ਆ ਕੇ ਜਦੋਂ ਅਸੀਂ ਅਜਿਹੇ ਗੁਆਚ ਗਏ ਪਲਾਂ ਬਾਰੇ ਸੋਚਦੇ ਹਾਂ ਤਾਂ ਪੁਲਾਂ ਹੇਠੋਂ ਕਿੰਨਾ ਪਾਣੀ ਲੰਘ ਚੁੱਕਾ ਹੁੰਦਾ ਹੈਸਾਲਾਂ ਦੇ ਸਾਲ ਬੀਤ ਚੁੱਕੇ ਹੁੰਦੇ ਹਨਅਸੀਂ ਕਿਸੀ ਬਹਾਰ ਦੀ ਰੁੱਤ ਦਾ ਇੰਤਜ਼ਾਰ ਕਰਦੇ ਕਰਦੇ ਅਚਾਨਕ ਤ੍ਰਬਕ ਉੱਠਦੇ ਹਾਂ ਜਦੋਂ ਚੈਰੀ ਦੇ ਖਿੜੇ ਤਾਜ਼ਾ ਫੁੱਲ ਦੇਖਦਿਆਂ ਬੀਤੇ ਸਮੇਂ ਦੀ ਕਿਸੀ ਮਹਿਬੂਬਾ ਦਾ ਖੂਬਸੂਰਤ ਚਿਹਰਾ ਸਾਡੀਆਂ ਯਾਦਾਂ ਵਿੱਚ ਉੱਭਰ ਆਉਂਦਾ ਹੈ

----

ਪੁਸ਼ਪ ਦੀਪ ਆਪਣੇ ਚੌਗਿਰਦੇ ਨਾਲ ਅਨੇਕਾਂ ਪਹਿਲੂਆਂ ਤੋਂ ਸੰਵਾਦ ਰਚਾਉਂਦਾ ਹੈਇਸ ਤੱਥ ਨੂੰ ਸਮਝਣ ਲਈ ਉਸ ਦੇ ਕਾਵਿ-ਸੰਗ੍ਰਹਿ ਸਾਹਾਂ ਦੇ ਸਿਰਨਾਵੇਂਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਕੀਤੀਆਂ ਗਈਆਂ ਕਵਿਤਾਵਾਂ ਚੋਂ ਉਸ ਦੀ ਪ੍ਰਤੀਨਿਧ ਕਵਿਤਾ ਖ਼ਤਵਿਚਾਰੀ ਜਾ ਸਕਦੀ ਹੈਕਿਉਂਕਿ ਇਹ ਕਵਿਤਾ ਇਕਹਿਰੀ ਪਰਤ ਵਾਲੀ ਕਵਿਤਾ ਨਹੀਂਉਪਰਲੀ ਪਰਤ ਤੋਂ ਸਾਧਾਰਨ ਪਾਠਕ ਲਈ ਕਵੀ, ਮਹਿਜ਼, ਜੰਗਲ ਨਾਲ ਹੀ ਸੰਵਾਦ ਰਚਾ ਰਿਹਾ ਹੈਪਰ ਇਸ ਕਵਿਤਾ ਦਾ ਅਸਲੀ ਸਬੰਧ ਇਸ ਕਵਿਤਾ ਦੀ ਦੂਜੀ ਅਤੇ ਤੀਜੀ ਪਰਤ ਨਾਲ ਹੈ

----

ਇੰਡੀਆ ਦਾ ਪ੍ਰਾਂਤ ਪੰਜਾਬ 1978 ਤੋਂ ਲੈ ਕੇ ਤਕਰੀਬਨ 1995 ਤੱਕ ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ ਦੇ ਦੌਰ ਵਿੱਚੋਂ ਲੰਘਿਆ ਹੈਇਸ ਸਮੇਂ ਦੌਰਾਨ ਹਜ਼ਾਰਾਂ ਹੀ ਬੇਗੁਨਾਹ ਲੋਕ ਇਨ੍ਹਾਂ ਦਹਿਸ਼ਤਗਰਦਾਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣੇ ਅਤੇ ਹਜ਼ਾਰਾਂ ਹੀ ਨੌਜੁਆਨ ਪੁਲਿਸ ਦੀਆਂ ਗੋਲੀਆਂ ਦਾ ਨਿਸ਼ਾਨਾ ਬਣੇਇਨ੍ਹਾਂ ਸਾਲਾਂ ਦੌਰਾਨ ਪੰਜਾਬ ਵਿੱਚ ਯੁੱਧ ਵਾਲੀ ਸਥਿਤੀ ਬਣੀ ਹੋਈ ਸੀਅਜਿਹੀ ਸਥਿਤੀ ਵਿੱਚ ਗੋਲੀ ਕਿਸੇ ਪਾਸਿਉਂ ਵੀ ਆ ਸਕਦੀ ਸੀਸਾਧਾਰਨ ਵਿਅਕਤੀ ਲਈ ਦੋਵੇਂ ਧਿਰਾਂ ਹੀ ਕਾਕਰੋਚਾਂ ਵਾਂਗ ਉਨ੍ਹਾਂ ਦਾ ਖ਼ੂਨ ਚੂਸ ਰਹੀਆਂ ਸਨਇੱਕ ਪਾਸੇ ਦਹਿਸ਼ਤਗਰਦ ਮੋਢਿਆਂ ਉੱਤੇ ਏ.ਕੇ.-47 ਮਸ਼ੀਨ ਗੰਨਾਂ ਚੁੱਕੀ ਸੜਕਾਂ ਉੱਤੇ ਕੋਬਰਾ ਸੱਪਾਂ ਵਾਂਗ ਦਨਦਨਾਂਦੇ ਫਿਰਦੇ ਸਨ ਅਤੇ ਦੂਜੇ ਪਾਸੇ ਇਨ੍ਹਾਂ ਕੋਬਰਾ ਸੱਪਾਂ ਨੂੰ ਲੱਭਣ ਅਤੇ ਉਨ੍ਹਾਂ ਦੀਆਂ ਸਿਰੀਆਂ ਫੇਹਨ ਲਈ ਹਥਿਆਰਬੰਦ ਪੰਜਾਬ ਪੁਲਿਸ ਅਨੇਕਾਂ ਹਾਲਤਾਂ ਵਿੱਚ ਭੋਲੇ ਭੋਲੇ ਬੇਗੁਨਾਹ ਸ਼ਹਿਰੀਆਂ ਨੂੰ ਸ਼ੱਕੀ ਦਹਿਸ਼ਤਗਰਦ ਸਮਝ ਉਨ੍ਹਾਂ ਉੱਤੇ ਕਹਿਰ ਢਾਹ ਰਹੀ ਸੀਅਜਿਹੀ ਸਥਿਤੀ ਵਿੱਚ ਸਭ ਤੋਂ ਵੱਡੀ ਚਿੰਤਾ ਦਾ ਕਾਰਨ ਇਹ ਸੀ ਕਿ ਇਸ ਸਥਿਤੀ ਨੂੰ ਜਨਮ ਦੇਣ ਵਿੱਚ ਅਜਿਹੇ ਭ੍ਰਿਸ਼ਟ ਰਾਜਨੀਤੀਵਾਨਾਂ ਦਾ ਹੱਥ ਸਪੱਸ਼ਟ ਦਿਖਾਈ ਦਿੰਦਾ ਸੀ ਜੋ ਹਕੂਮਤ ਦੀ ਕੁਰਸੀ ਉੱਤੇ ਬੈਠੇ ਇਹ ਭੁਲੇਖਾ ਦੇਣ ਦਾ ਭਰਮ ਪੈਦਾ ਕਰ ਰਹੇ ਸਨ ਕਿ ਉਹ ਤਾਂ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਲਈ ਹਰ ਸੰਭਵ ਯਤਨ ਕਰ ਰਹੇ ਸਨਜਦੋਂ ਕਿ ਸਥਿਤੀ ਬਿਲਕੁਲ ਇਸ ਤੋਂ ਉਲਟ ਸੀਅਜਿਹੇ ਭ੍ਰਿਸ਼ਟ ਰਾਜਨੀਤੀਵਾਨ ਅਖਲਾਕੀ ਤੌਰ ਉੱਤੇ ਇਸ ਹੱਦ ਤੱਕ ਦੀਵਾਲੀਏ ਹੋ ਚੁੱਕੇ ਸਨ ਕਿ ਉਹ ਆਪਣੀ ਹਕੂਮਤੀ ਕੁਰਸੀ ਦੀ ਪਕੜ ਨੂੰ ਬਣਾਈ ਰੱਖਣ ਲਈ ਆਪਣੀਆਂ ਪਟਾਰੀਆਂ ਚੋਂ ਕੋਬਰਾ ਸੱਪ ਕੱਢ ਕੇ ਕਦੀ ਵੀ ਸ਼ਹਿਰ ਦੀਆਂ ਸੜਕਾਂ ਉੱਤੇ ਖਿਲਾਰ ਸਕਦੇ ਸਨਤਾਂ ਜੁ ਸਾਧਾਰਨ ਸ਼ਹਿਰੀ ਹਕੂਮਤ ਵੱਲੋਂ ਲਏ ਗਏ ਲੋਕ-ਵਿਰੋਧੀ ਫੈਸਲਿਆਂ ਬਾਰੇ ਕਦੀ ਵੀ ਆਪਣੀ ਜ਼ੁਬਾਨ ਖੋਲ੍ਹਣ ਦੀ ਜ਼ੁੁੱਰਤ ਨ ਕਰ ਸਕਣਇਨ੍ਹਾਂ ਤੱਥਾਂ ਨੂੰ ਪੁਸ਼ਪ ਦੀਪ ਨੇ ਆਪਣੀ ਕਵਿਤਾ ਖ਼ਤਵਿੱਚ ਜਿਸ ਖੂਬਸੂਰਤੀ ਨਾਲ ਪੇਸ਼ ਕੀਤਾ ਹੈ, ਉਸਦਾ ਸਹੀ ਅੰਦਾਜ਼ਾ ਇਸ ਕਵਿਤਾ ਦੀਆਂ ਹੇਠ ਲਿਖੀਆਂ ਸਤਰਾਂ ਨੂੰ ਪੜ੍ਹ ਕੇ ਹੀ ਲਗਾਇਆ ਜਾ ਸਕਦਾ ਹੈ:

1.

ਕੁਝ ਚਿਰ ਪਹਿਲਾਂ ਬਿਜਲੀ ਗਿਰ ਜੋ ਅੱਗ ਲੱਗੀ ਸੀ

ਛੋਟੇ, ਵੱਡੇ ਬਿਰਖ, ਆਲ੍ਹਣੇ, ਵੇਲਾਂ, ਧਰਤੀ ਲੂਹ ਹੋਏ ਸਨ

ਉਸ ਦੀ ਯਾਦ ਘਟੀ ਹੈ ਕੁਝ ਕੁਝ,

ਹੁਣ ਤਾਂ ਕੇਵਲ ਖੁੰਢਾਂ ਦੇ ਚਿਹਰਿਆਂ ਤੇ ਕੁਝ ਚਿੰਨ੍ਹ ਰਿਸਦੇ ਹਨ

2.

ਜੰਗਲ ਜੀ !

ਬਾਕੀ ਤਾਂ ਸਭ ਠੀਕ ਠਾਕ ਹੈ

ਰੁੱਖਾਂ ਦੇ ਰੰਗਾਂ ਤੋਂ ਲਗਦੈ

ਸਾਹ ਉਨ੍ਹਾਂ ਦੇ ਡਰੇ ਡਰੇ ਹਨ

ਕਦੀ ਕਦੀ ਬਿਜਲੀ ਤੇ ਝੱਖੜ

ਆਲ੍ਹਣਿਆਂ ਨੂੰ ਝੂਣ ਡਰਾਉਂਦੇ

ਹਾਕਮ ਦਾ ਬਸ ਇੱਕ ਇਸ਼ਾਰਾ

ਜੋ ਕੱਲ੍ਹ ਹੋਇਆ ਫਿਰ ਹੋ ਸਕਦਾ ਹੈ

3.

ਜੰਗਲ ਜੀ !

ਬਾਕੀ ਤਾਂ ਸਭ ਸੁੱਖ ਸਾਂਦ ਹੈ

ਤੁਹਾਡੇ ਸਾਹਾਂ ਦੀ ਸੁੱਖ ਹਾਕਮ ਤੋਂ ਮੰਗਦੇ ਹਾਂ

ਇਸ ਤਰ੍ਹਾਂ ਇਹ ਕਵਿਤਾ ਜਿੱਥੇ ਇੱਕ ਪਾਸੇ ਮਾਨਵਵਾਦੀ ਹੋ ਨਿਬੜਦੀ ਹੈ; ਉੱਥੇ ਹੀ ਦੂਜੇ ਪਾਸੇ ਇਹ ਕਵਿਤਾ ਇਹ ਗੱਲ ਪੇਸ਼ ਕਰਨ ਵਿੱਚ ਵੀ ਪੂਰੀ ਤਰ੍ਹਾਂ ਸਫਲ ਹੁੰਦੀ ਹੈ ਕਿ ਸਾਡੇ ਸਮਿਆਂ ਵਿੱਚ ਇੱਕ ਗੰਦੀ ਖੇਡ ਬਣ ਚੁੱਕੀ ਰਾਜਨੀਤੀ ਹਕੂਮਤੀ ਕੁਰਸੀ ਖਾਤਰ ਆਮ ਸ਼ਹਿਰੀਆਂ ਦਾ ਖ਼ੂਨ ਸੜਕਾਂ ਉੱਤੇ ਪਾਣੀ ਵਾਂਗ ਰੋੜ੍ਹ ਸਕਦੀ ਹੈ ਅਤੇ ਲੋਕਾਂ ਦੀਆਂ ਲਾਸ਼ਾਂ ਦੇ ਅੰਬਾਰ ਉਸਾਰ ਕੇ ਆਪਣੇ ਮਹਿਲਾਂ ਦੀਆਂ ਕੰਧਾਂ ਬਣਾ ਸਕਦੀ ਹੈ

----

ਹਨ੍ਹੇਰੀਨਾਮ ਦੀ ਕਵਿਤਾ ਵਿੱਚ ਪੁਸ਼ਪ ਦੀਪ ਕਵਿਤਾ ਦੀਆਂ ਦੋਹਾਂ ਪਰਤਾਂ ਉੱਤੇ ਹੀ ਸੰਵਾਦ ਰਚਾਉਂਦਾ ਹੈਇੱਕ ਪਰਤ ਉੱਤੇ ਉਹ ਜੰਗਲ ਦੇ ਰੁੱਖਾਂ ਨਾਲ ਸੰਵਾਦ ਰਚਾਉਂਦਾ ਹੋਇਆ ਮਨੁੱਖ ਵੱਲੋਂ ਅੰਨ੍ਹੇਵਾਹ ਬ੍ਰਿਖਾਂ ਦੀ ਕੀਤੀ ਜਾ ਰਹੀ ਕਟਾਈ ਸਦਕਾ ਹੋ ਰਹੀ ਵਾਤਾਵਰਨ ਦੀ ਤਬਾਹੀ ਵੱਲ ਬੜੇ ਹੀ ਨਾਟਕੀ ਢੰਗ ਨਾਲ ਸਾਡਾ ਧਿਆਨ ਦੁਆਂਦਾ ਹੈਦੂਜੀ ਪਰਤ ਉੱਤੇ ਉਹ ਲੋਕਾਂ ਨੂੰ ਜ਼ੁਲਮ ਕਰਨ ਵਾਲੀਆਂ ਹਕੂਮਤੀ ਤਾਕਤਾਂ ਖਿਲਾਫ਼ ਜਾਗਣ ਲਈ ਸੁਨੇਹਾ ਦਿੰਦਾ ਹੈ ਅਤੇ ਕ੍ਰਾਂਤੀ ਲਈ ਇੱਕ ਲਹਿਰ ਬਣਕੇ ਉੱਠ ਖੜ੍ਹਣ ਲਈ ਪ੍ਰੇਰਦਾ ਹੈਇਸ ਕਵਿਤਾ ਦੀ ਤੀਜੀ ਪਰਤ ਵਿੱਚ ਉਹ ਜੰਗਲ ਦੇ ਰੁੱਖਾਂ ਅਤੇ ਆਮ ਸ਼ਹਿਰੀਆਂ ਦਾ ਮੁਕਾਬਲਾ ਕਰਦਾ ਹੋਇਆ ਕਹਿੰਦਾ ਹੈ - ਬ੍ਰਿਖ ਨਾ ਤਾਂ ਮਨੁੱਖਾਂ ਵਾਂਗ ਤੁਰ ਫਿਰ ਸਕਦੇ ਹਨ ਅਤੇ ਨ ਹੀ ਆਪਣੇ ਹੱਕਾਂ ਲਈ ਨਾਹਰੇ ਮਾਰ ਸਕਦੇ ਹਨਪਰ ਦੱਬੇ-ਕੁਚਲੇ ਲੋਕਾਂ ਨੂੰ ਤਾਂ ਜੱਥੇਬੰਦ ਹੋ ਕੇ ਆਪਣੇ ਹੱਕਾਂ ਲਈ ਤੂਫ਼ਾਨ ਵਾਂਗ ਉੱਠ ਖੜ੍ਹਣਾ ਚਾਹੀਦਾ ਹੈ :

1.

ਬਿਰਖ ਮਜਬੂਰ

ਇਹਨਾਂ ਦੇ ਪੈਰ ਨਹੀਂ

ਇਹ ਨੱਸ ਨਾ ਸਕਣ

ਇਹ ਹੱਥਾਂ ਤੋਂ ਵਾਂਝੇ

ਨਾਹਰੇ ਨਾ ਲਾ ਸਕਣ

2.

ਐ ਸੁੱਕੇ ਹੋਏ ਪੱਤਰੋ !

ਤਾੜੀ ਮਾਰੋ

ਹਵਾ ਜਾਗੇ

ਐ ਉਦਾਸ ਬੁਲ੍ਹਿਓ !

ਝੱਖੜਾਂ ਨੂੰ ਟੁੰਬੋ

ਤੂਫ਼ਾਨ ਬਣੋ

ਐ ਭੋਲੇ ਪੰਛੀਓ !

ਅਜਿਹੇ ਸੰਵਾਦ ਦੀ ਗੱਲ ਪੁਸ਼ਪ ਦੀਪ ਆਪਣੀ ਕਵਿਤਾ ਬਦਲਦੀਆਂ ਹੇਠ ਲਿਖੀਆਂ ਸਤਰਾਂ ਵਿੱਚ ਵੀ ਕਰਦਾ ਹੈ :

ਹਵਾਓ

ਵੇਗ ਵਿਚ ਆਓ

ਪੱਤਰਾਂ ਵੇਲਾਂ ਨੂੰ ਝੰਜੋੜੋ

ਖਰੂਦ ਪਾਓ

ਜੰਗਲ ਚੀਖ ਉਠੇ

----

ਭਾਰਤੀ ਮੂਲ ਦੇ ਲੋਕ ਚਾਹੇ ਇੰਡੀਆ ਵਿੱਚ ਰਹਿੰਦੇ ਹੋਣ, ਚਾਹੇ ਅਮਰੀਕਾ, ਇੰਗਲੈਂਡ, ਕੈਨੇਡਾ, ਹਾਲੈਂਡ ਜਾਂ ਆਬੂ ਧਾਬੀ ਵਿੱਚਹਜ਼ਾਰਾਂ ਸਾਲਾਂ ਤੋਂ ਉਨ੍ਹਾਂ ਦੀ ਮਾਨਸਿਕਤਾ ਜਿਹੜੇ ਵਹਿਮਾਂ ਭਰਮਾਂ ਨਾਲ ਜੱਕੜੀ ਹੋਈ ਹੈ ਉਸਦਾ ਅਸਰ ਪਰਾ-ਆਧੁਨਿਕ ਸਮਿਆਂ ਵਿੱਚ ਹੋਈ ਗਿਆਨ-ਵਿਗਿਆਨ ਦੀ ਤਰੱਕੀ ਵੀ ਘਟਾ ਨਹੀਂ ਸਕੀਸਾਡੇ ਸਮਾਜ ਨੂੰ ਕਾਕਰੋਚਾਂ ਵਾਂਗ ਚੰਬੜੇ ਹੋਏ ਠੱਗ ਜੋਤਿਸ਼ੀ, ਨੀਮ ਹਕੀਮ, ਠੱਗ ਬਾਬੇ, ਅਨਪੜ੍ਹ ਕਿਸਮ ਦੇ ਰੇਡੀਓ/ਟੀਵੀ ਪ੍ਰੋਗਰਾਮਾਂ ਦੇ ਸੰਚਾਲਕ ਅਤੇ ਪੰਜਾਬੀ ਅਖਬਾਰਾਂ ਦੇ ਲਾਲਚੀ ਸੰਪਾਦਕ ਵੀ ਇਨ੍ਹਾਂ ਵਹਿਮਾਂ ਭਰਮਾਂ ਨੂੰ ਵਧਾਉਣ ਵਿੱਚ ਆਪਣੀ ਆਪਣੀ ਸਮਰੱਥਾ ਮੁਤਾਬਿਕ ਆਪਣਾ ਯੋਗਦਾਨ ਪਾ ਰਹੇ ਹਨਪਿੱਪਲਾਕਵਿਤਾ ਵਿੱਚ ਪੁਸ਼ਪ ਦੀਪ ਵੀ ਇਸੇ ਗੱਲ ਬਾਰੇ ਚਿੰਤਤ ਹੈ :

ਪਿਤਰਾਂ ਦੀ ਗੱਲ ਛੇੜ ਕੇ

ਸਾਡੇ ਤਰਕ ਕੀਲ ਲਏ ਵਹਿਮਾਂ

ਗੁੰਮ ਸੁੰਮ ਸੋਚ ਦੇ ਦੀਵੇ

ਤੇਲ ਮੁੱਕ ਗਏ ਕਦੋਂ ਦੇ ਹਾਏ

----

ਸਾਹਾਂ ਦੇ ਸਿਰਨਾਵੇਂਕਾਵਿ-ਸੰਗ੍ਰਹਿ ਦੀ ਇੱਕ ਹੋਰ ਕਵਿਤਾ ਵੀ ਵਿਸ਼ੇਸ਼ ਧਿਆਨ ਖਿੱਚਦੀ ਹੈਹਮਸਫ਼ਰਨਾਮ ਦੀ ਕਵਿਤਾ ਵਿੱਚ ਪੁਸ਼ਪ ਦੀਪ ਇੱਕ ਹੋਰ ਪਹਿਲੂ ਤੋਂ ਸੰਵਾਦ ਰਚਾਉਂਦਾ ਹੈਇਸ ਕਵਿਤਾ ਦੇ ਹੇਠ ਲਿਖੇ ਦੋ ਹਿੱਸੇ ਦੋ ਆਪਸੀ ਵਿਰੋਧੀ ਪਹਿਲੂਆਂ ਦੀ ਪ੍ਰਤੀਨਿਧਤਾ ਕਰਦੇ ਹੋਏ ਇੱਕ ਦੂਜੇ ਦੇ ਸਾਹਮਣੇ ਖੜ੍ਹੇ ਸਾਡੀ ਚੇਤਨਾ ਨੂੰ ਝੰਜੋੜਦੇ ਹਨ :

1.

ਸ਼ਾਮ ਢਲੇ

ਗੋਲਫ ਕੋਰਸ ਦੀ ਕਲੱਬ ਵਿੱਚ

ਜਾਮ ਛਲਕਣ

ਜਜ਼ਬਿਆਂ ਦੀ ਸਰਗਰਮੀ ਦੇ ਗਲੇ ਲੱਗ

ਅੱਥਰਾ ਦਿਨ ਮਦਹੋਸ਼

ਰਾਤ ਦੇ ਪਹਿਲੂਆਂ ਚ ਸਿਮਟ ਜਾਏ

3.

ਦਿਨ ਚੜ੍ਹੇ

ਅਪਾਰਟਮੈਂਟ ਦੀ ਤਾਕੀ ਚੋਂ

ਵਾਦੀ ਦਾ ਦ੍ਰਿਸ਼ ਨਜ਼ਰ ਆਏ

ਮੇਰੀ ਸੁਰਤੀ ਸਰੂਰੀ ਜਾਏ

ਪਰ

ਹੇਠਾਂ ਸੜਕ ਦੇ ਕੰਢੇ

ਕੂੜੇ ਦੇ ਡੱਬਿਆਂ ਚੋਂ

ਪਲਾਸਟਕ ਦੀਆਂ ਬੋਤਲਾਂ

ਕੋਕ ਦੇ ਖਾਲੀ ਕੈਨ ਲੱਭਦਾ

ਚਿਥੜਿਆਂ ਚ ਕੰਬਦਾ

ਕੋਈ ਮੇਰਾ ਹਮਸਫ਼ਰ

ਬੋਤਲਾਂ, ਕੈਨ ਵੇਚਣ ਦੀ ਵਿਉਂਤ ਬਣਾਏ

ਇਕ ਦਿਨ ਦੀ ਰੋਟੀ ਦੇ ਸੁਪਨੇ ਹੰਢਾਏ

----

ਪੁਸ਼ਪ ਦੀਪ ਨੂੰ ਕੈਨੇਡਾ ਦੇ ਪੰਜਾਬੀ ਕਵੀਆਂ ਦੀ ਉਸ ਢਾਣੀ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੂੰ ਸੰਵਾਦ-ਮੁਖੀ ਕਵੀ ਕਿਹਾ ਜਾ ਸਕਦਾ ਹੈਕੈਨੇਡਾ ਦੇ ਇਹ ਪੰਜਾਬੀ ਸ਼ਾਇਰ ਆਪਣੇ ਪਾਠਕਾਂ ਨਾਲ ਚੇਤਨਾ ਦੀ ਪੱਧਰ ਉੱਤੇ ਸੰਵਾਦ ਰਚਾਉਂਦੇ ਹਨਆਪਣੀ ਸ਼ਾਇਰੀ ਵਿੱਚ ਕੋਈ ਸ਼ਾਇਰ ਕਿਸੀ ਵਿਸ਼ੇ ਉੱਤੇ ਤਾਂ ਹੀ ਸੰਵਾਦ ਰਚਾ ਸਕਦਾ ਹੈ ਜੇਕਰ ਉਹ ਪਹਿਲਾਂ ਆਪ ਉਸ ਵਿਸ਼ੇ ਬਾਰੇ ਪੂਰੀ ਤਰ੍ਹਾਂ ਚੇਤੰਨ ਹੋਵੇ ਜਿਸ ਵਿਸ਼ੇ ਬਾਰੇ ਉਹ ਆਪਣੇ ਪਾਠਕਾਂ ਨਾਲ ਸੰਵਾਦ ਰਚਾੳਣਾ ਚਾਹੁੰਦਾ ਹੋਵੇ

----

ਸਾਹਾਂ ਦੇ ਸਿਰਨਾਵੇਂਕਾਵਿ-ਸੰਗ੍ਰਹਿ ਸਾਡੇ ਸਮਿਆਂ ਨਾਲ ਜੁੜੇ ਸਰੋਕਾਰਾਂ ਦੀ ਗੱਲ ਕਰਦਾ ਹੈਪ੍ਰਦੂਸਿ਼ਤ ਹੋ ਰਿਹਾ ਵਾਤਾਵਰਣ, ਭ੍ਰਿਸ਼ਟ ਰਾਜਨੀਤੀ, ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ, ਗਰੀਬ ਅਮੀਰ ਵਿੱਚ ਵੱਧ ਰਿਹਾ ਪਾੜਾ, ਦਰਿਆਵਾਂ, ਜੰਗਲਾਂ, ਪੌਣ-ਪਾਣੀ ਦੀ ਹੋ ਰਹੀ ਤਬਾਹੀ ਅਤੇ ਵਹਿਮਾਂ-ਭਰਮਾਂ ਦੇ ਹਨ੍ਹੇਰੇ ਵਿੱਚ ਗੁਆਚੇ ਹੋਏ ਲੋਕਇਹ ਕੁਝ ਕੁ ਅਜਿਹੇ ਵਿਸ਼ੇ ਹਨ ਜਿਨ੍ਹਾਂ ਬਾਰੇ ਇਸ ਕਾਵਿ-ਸੰਗ੍ਰਹਿ ਵਿੱਚ ਚਰਚਾ ਛੇੜਿਆ ਗਿਆ ਹੈਇਸ ਕਾਵਿ-ਸੰਗ੍ਰਹਿ ਦੀਆਂ ਸਮੂਹ ਸੰਵਾਦਮਈ ਕਵਿਤਾਵਾਂ ਨੂੰ ਪੜ੍ਹਨ ਤੋਂ ਬਾਹਦ, ਪੁਸ਼ਪ ਦੀਪ ਨੂੰ ਇੱਕ ਮਾਨਵਵਾਦੀ, ਚੇਤੰਨ ਅਤੇ ਲੋਕ-ਪੱਖੀ ਸ਼ਾਇਰ ਕਹਿਣਾ ਵਧੇਰੇ ਯੋਗ ਹੋਵੇਗਾਜੋ ਸ਼ਾਇਰੀ ਰਚਨ ਨੂੰ ਸੁਚੇਤ ਪੱਧਰ ਦਾ ਇੱਕ ਕਾਰਜ ਸਮਝਦਾ ਹੈਜਿਸ ਸ਼ਾਇਰੀ ਦਾ ਇੱਕ ਖਾਸ ਨਿਰਧਾਰਤ ਕਾਰਜ ਹੁੰਦਾ ਹੈ - ਆਪਣੇ ਪਾਠਕਾਂ ਦੀ ਚੇਤਨਾ ਵਿੱਚ ਬੁਝ ਗਏ ਚਿਰਾਗ਼ਾਂ ਨੂੰ ਮੁੜ ਜਗਦੀਆਂ ਮਿਸ਼ਾਲਾਂ ਵਿੱਚ ਬਦਲਣਾਨਿਰਸੰਦੇਹ, ਪੁਸ਼ਪ ਦੀਪ ਅਜਿਹੇ ਕੈਨੇਡੀਅਨ ਪੰਜਾਬੀ ਸ਼ਾਇਰਾਂ ਵਰਗਾ ਨਹੀਂ ਜੋ, ਮਹਿਜ਼, ਵਿਚਾਰਹੀਣ ਸ਼ਬਦਾਂ ਦੀ ਜੜਤ ਕਰਕੇ ਤੁਕਬੰਦੀ ਕਰਨ ਨੂੰ ਹੀ ਸ਼ਾਇਰੀ ਸਮਝ ਲੈਂਦੇ ਹਨਭਾਵੇਂ ਉਹ ਤੁਕਬੰਦੀ ਪਾਠਕ ਦੀ ਚੇਤਨਾ ਨੂੰ ਕੋਈ ਝੰਜੋੜਾ ਦਿੰਦੀ ਹੋਵੇ ਜਾਂ ਨਾ; ਇਸ ਗੱਲ ਨਾਲ ਅਜਿਹੇ ਸ਼ਾਇਰਾਂ ਨੂੰ ਕੋਈ ਮਤਲਬ ਨਹੀਂ ਹੁੰਦਾ


Monday, June 15, 2009

ਸੁਖਿੰਦਰ - ਲੇਖ

ਧਾਰਮਿਕ ਰਾਜਨੀਤੀ, ਭ੍ਰਿਸ਼ਟਾਚਾਰ ਅਤੇ ਪੰਜਾਬੀ ਨਾਵਲ ਅਮਰਜੀਤ ਸੂਫ਼ੀ

ਲੇਖ

ਧਾਰਮਿਕ ਭ੍ਰਿਸ਼ਟਾਚਾਰ ਬਾਰੇ ਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਵਿਤਾਵਾਂ, ਕਹਾਣੀਆਂ ਅਤੇ ਨਿਬੰਧ ਤਾਂ, ਅਕਸਰ, ਪ੍ਰਕਾਸ਼ਿਤ ਹੁੰਦੇ ਹੀ ਰਹਿੰਦੇ ਹਨ; ਪਰ ਇਸ ਵਿਸ਼ੇ ਨੂੰ ਲੈ ਕੇ ਕੈਨੇਡੀਅਨ ਪੰਜਾਬੀ ਲੇਖਕਾਂ ਨੇ ਨਾਵਲ ਦੇ ਖੇਤਰ ਵਿੱਚ ਕੋਈ ਵਧੇਰੇ ਕੰਮ ਨਹੀਂ ਕੀਤਾਸੂਫ਼ੀ ਅਮਰਜੀਤ ਨੇ ਧਰਮ ਅਤੇ ਭਰਿਸ਼ਟਾਚਾਰ ਦੇ ਵਿਸ਼ੇ ਬਾਰੇ 2007 ਵਿੱਚ ਆਪਣਾ ਨਾਵਲ ਸਿੰਮਲ ਰੁਖੁ ਸਰਾਇਰਾਪ੍ਰਕਾਸ਼ਿਤ ਕੀਤਾ ਹੈ

----

ਸਿੰਮਲ ਰੁਖੁ ਸਰਾਇਰਾਨਾਵਲ ਵਿੱਚ ਸੂਫ਼ੀ ਅਮਰਜੀਤ ਜਿੱਥੇ ਕੈਨੇਡੀਅਨ ਗੁਰਦਵਾਰਿਆਂ ਦੀ ਭ੍ਰਿਸ਼ਟ ਰਾਜਨੀਤੀ ਦੀ ਗੱਲ ਕਰਦਾ ਹੈ; ਉੱਥੇ ਹੀ ਉਹ ਇਸ ਗੁਰਦਵਾਰਾ ਰਾਜਨੀਤੀ ਨਾਲ ਜੁੜੇ ਹੋਏ, ਹਰ ਪੱਖ ਤੋਂ, ਭ੍ਰਿਸ਼ਟ ਵਿਅਕਤੀਆਂ ਦੇ ਕਿਰਦਾਰ ਬਾਰੇ ਵੀ ਗੱਲ ਕਰਦਾ ਹੈਇਸ ਚਰਚਾ ਦੇ ਨਾਲ ਨਾਲ ਹੀ ਉਹ ਵੱਖਵਾਦ, ਖਾੜਕੂਵਾਦ, ਸਭਿਆਚਾਰਵਾਦ, ਉੱਤਰ-ਆਧੁਨਿਕਤਾ, ਵਿਸ਼ਵ ਮੰਡੀ, ਉਪਭੋਗਿਤਾਵਾਦ ਆਦਿ ਬਾਰੇ ਵੀ ਚਰਚਾ ਛੇੜਦਾ ਹੈਨਾਵਲ ਵਿੱਚ ਛੇੜੀ ਗਈ ਇਸ ਚਰਚਾ ਦੇ ਨਾਲ ਨਾਲ ਉਹ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਕੈਨੇਡੀਅਨ ਗੁਰਦਵਾਰਾ ਧਾਰਮਿਕ ਰਾਜਨੀਤੀ ਅਧੀਨ ਗੁਰਦਵਾਰਾ ਕਮੇਟੀਆਂ ਉੱਤੇ ਕਬਜ਼ਾ ਜਮਾਉਣ ਲਈ ਗੁੰਡਾ ਅਨਸਰ ਵੱਲੋਂ ਖੁੱਲ੍ਹੇਆਮ, ਧੰਨ, ਸ਼ਰਾਬ ਅਤੇ ਗੁੰਡਾ ਅਨਸਰ ਦੀ ਵਰਤੋਂ ਕੀਤੀ ਜਾਂਦੀ ਹੈ; ਪਰ ਇਹ ਸਭ ਕੁਝ ਕਰਦਿਆਂ ਹੋਇਆਂ ਵੀ ਸੂਫ਼ੀ ਅਮਰਜੀਤ ਆਪਣੀ ਸੁਰ ਧੀਮੀ ਹੀ ਰੱਖਦਾ ਹੈਉਸਦਾ ਨਾਵਲ ਧਾਰਮਿਕ ਭ੍ਰਿਸ਼ਟਾਚਾਰ ਦੀ ਆਲੋਚਨਾ ਕਰਨ ਦੀ ਥਾਂ ਇਸ ਵਿੱਚ ਸੁਧਾਰ ਲਿਆਉਣ ਦੀਆਂ ਹੀ ਗੱਲਾਂ ਕਰਦਾ ਹੈਇਸ ਨਾਵਲ ਨੂੰ ਗੁਰਦਵਾਰਾ ਸੁਧਾਰ ਦਾ ਨਾਵਲ ਜਾਂ ਸਿੰਘ ਸਭਾ ਲਹਿਰ ਦਾ ਨਾਵਲ ਕਹਿਣਾ ਵਧੇਰੇ ਯੋਗ ਹੋਵੇਗਾ

----

ਸੂਫ਼ੀ ਅਮਰਜੀਤ ਦਾ ਨਾਵਲ ਸਿੰਮਲ ਰੁਖੁ ਸਰਾਇਰਾਸਾਡੇ ਸਮਿਆਂ ਦੀ ਸਹੀ ਤਸਵੀਰ ਪੇਸ਼ ਕਰਨ ਦੀ ਜੁਰੱਅਤ ਨਹੀਂ ਕਰ ਸਕਿਆਸਾਡੇ ਸਮਿਆਂ ਵਿੱਚ ਧਰਮ ਅਤੇ ਰਾਜਨੀਤੀ ਨੇ ਮਨੁੱਖੀ ਕਦਰਾਂ-ਕੀਮਤਾਂ ਦੀ ਜੋ ਤਬਾਹੀ ਕੀਤੀ ਹੈ ਅਤੇ ਜਿਸ ਕਿਸਮ ਦੇ ਧਾਰਮਿਕ ਭਰਿਸ਼ਟਾਚਾਰ ਦਾ ਅੱਜ ਹਰ ਪਾਸੇ ਬੋਲਬਾਲਾ ਹੈ ਉਸਦਾ ਜ਼ਿਕਰ ਇਸ ਨਾਵਲ ਵਿੱਚ ਪੜ੍ਹਨ ਨੂੰ ਨਹੀਂ ਮਿਲਦਾ

ਪਿਛਲੇ ਤਿੰਨ ਦਹਾਕਿਆਂ ਵਿੱਚ ਕੈਨੇਡੀਅਨ ਗੁਰਦਵਾਰਿਆਂ ਨਾਲ ਜੁੜੀ ਭਰਿਸ਼ਟ ਰਾਜਨੀਤੀ ਅੰਤਰ-ਰਾਸ਼ਟਰੀ ਮੀਡੀਆ ਵਿੱਚ ਸੁਰਖੀਆਂ ਬਣਦੀ ਰਹੀ ਹੈਕੈਨੇਡਾ ਦੇ ਗੁਰਦਵਾਰਿਆਂ ਦੀ ਰਾਜਨੀਤੀ ਨੂੰ ਲੈ ਕੇ ਕੈਨੇਡਾ ਦੀਆਂ ਅਦਾਲਤਾਂ ਵਿੱਚ ਗੋਲੀ ਚਲਦੀ ਰਹੀ ਹੈਇਸ ਗੁਰਦਵਾਰਾ ਰਾਜਨੀਤੀ ਨਾਲ ਜੁੜੇ ਹੋਏ ਦਹਿਸ਼ਤਗਰਦਾਂ ਉੱਤੇ ਦੋਸ਼ ਲੱਗਦਾ ਰਿਹਾ ਹੈ ਕਿ ਉਨ੍ਹਾਂ ਨੇ ਏਅਰ ਇੰਡੀਆ ਦੇ ਇੱਕ ਜਹਾਜ਼ ਵਿੱਚ ਬੰਬ ਰੱਖਕੇ ਉਸ ਨੂੰ ਤਬਾਹ ਕਰ ਦਿੱਤਾ ਸੀਜਿਸ ਧਮਾਕੇ ਕਾਰਨ 329 ਕੈਨੇਡੀਅਨ ਨਾਗਰਿਕ ਮਾਰੇ ਗਏ ਸਨ; ਪਰ ਇਸ ਨਾਵਲ ਵਿੱਚ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਵੱਲੋਂ ਦਿਖਾਈ ਗਈ ਅਜਿਹੀ ਧਾਰਮਿਕ ਗੁੰਡਾਗਰਦੀ ਦਾ ਕਿਤੇ ਵੀ ਜਿ਼ਕਰ ਕੀਤਾ ਨਹੀਂ ਮਿਲਦਾਕੈਨੇਡਾ ਦੇ ਗੁਰਦਵਾਰਿਆਂ ਵਿੱਚ ਇਸ ਮਸਲੇ ਨੂੰ ਲੈ ਕੇ ਤਲਵਾਰਾਂ ਚੱਲਦੀਆਂ ਰਹੀਆਂ ਹਨ ਕਿ ਗੁਰਦਵਾਰੇ ਵਿੱਚ ਆਈ ਹੋਈ ਸੰਗਤ ਮੇਜ਼ਾਂ ਕੁਰਸੀਆਂ ਉੱਤੇ ਬਹਿ ਕੇ ਲੰਗਰ ਖਾਏ ਜਾਂ ਕਿ ਫਰਸ਼ ਉੱਤੇ ਵਿਛਾਈਆਂ ਹੋਈਆਂ ਦਰੀਆਂ ਉੱਤੇ ਬੈਠਕੇਪੰਜਾਬ ਵਿੱਚ ਚੱਲੀ ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ ਦੀ ਲਹਿਰ ਦੇ ਸਮਰਥਕਾਂ ਅਤੇ ਵਿਰੋਧੀਆਂ ਵਿੱਚ ਹੋਈਆਂ ਲੜਾਈਆਂ ਵਿੱਚ ਗੁਰਦਵਾਰੇ ਆਏ ਸ਼ਰਧਾਲੂਆਂ ਨੂੰ ਵੰਡਣ ਵਾਲੇ ਪ੍ਰਸ਼ਾਦਿ ਦੀਆਂ ਭਰੀਆਂ ਪਰਾਤਾਂ ਲੋਕਾਂ ਦੇ ਪੈਰਾਂ ਵਿੱਚ ਰੁਲਦੀਆਂ ਰਹੀਆਂ ਹਨਇਸ ਲੜਾਈ ਨ੍ਹੂੰ ਛੁਡਾਉਣ ਲਈ ਗੁਰਦਵਾਰਿਆਂ ਵਿੱਚ ਬੂਟਾਂ ਸਮੇਤ ਆਈ ਪੁਲਿਸ ਨਾਲ ਆਏ ਪੁਲਿਸ ਦੇ ਕੁੱਤੇ ਲੋਕਾਂ ਦੇ ਪੈਰਾਂ ਵਿੱਚ ਡਿੱਗਿਆ ਹੋਇਆ ਪ੍ਰਸ਼ਾਦਿ ਖਾਂਦੇ ਰਹੇ ਹਨ

----

ਕਿਸੇ ਕੈਨੇਡੀਅਨ ਪੰਜਾਬੀ ਸਾਹਿਤਕਾਰ ਵੱਲੋਂ ਕੈਨੇਡਾ ਦੇ ਗੁਰਦਵਾਰਿਆਂ ਨਾਲ ਸਬੰਧਤ ਭਰਿਸ਼ਟ ਰਾਜਨੀਤੀ ਬਾਰੇ ਨਾਵਲ ਲਿਖਿਆ ਗਿਆ ਹੋਵੇ ਅਤੇ ਉਹ ਅਜਿਹੇ ਗੁੰਡਾ ਅਨਸਰ ਦਾ ਜ਼ਿਕਰ ਤੱਕ ਵੀ ਨ ਕਰੇ; ਤਾਂ ਜਾਪਦਾ ਹੈ ਕਿ ਜਾਂ ਤਾਂ ਨਾਵਲਕਾਰ ਕੈਨੇਡਾ ਦੇ ਗੁਰਦਵਾਰਿਆਂ ਨਾਲ ਜੁੜੀ ਧਾਰਮਿਕ ਰਾਜਨੀਤੀ ਦੇ ਭਰਿਸ਼ਟਾਚਾਰ ਬਾਰੇ ਜਾਣਦਾ ਹੀ ਕੁਝ ਨਹੀਂ ਜਾਂ ਉਹ ਦਿਆਨਤਦਾਰੀ ਨਹੀਂ ਵਰਤ ਰਿਹਾਪਰ ਜੇਕਰ ਨਾਵਲ ਦਾ ਰਚੇਤਾ ਉਸ ਸਮੇਂ ਆਪ ਕੈਨੇਡਾ ਦੀ ਰਾਜਨੀਤੀ ਵਿੱਚ ਪੂਰੀ ਤਰ੍ਹਾਂ ਸਰਗਰਮ ਰਿਹਾ ਹੋਵੇ ਜਦ ਕਿ ਇਹ ਸਭ ਕੁਝ ਕੈਨੇਡਾ ਵਿੱਚ ਵਾਪਰਿਆ ਤਾਂ ਇਹ ਗੱਲ ਬਿਨ੍ਹਾਂ ਕਿਸੀ ਸੰਕੋਚ ਦੇ ਕਹੀ ਜਾ ਸਕਦੀ ਹੈ ਕਿ ਨਾਵਲਕਾਰ ਆਪਣੇ ਵਿਸ਼ੇ ਦੀ ਪੇਸ਼ਕਾਰੀ ਕਰਨ ਵੇਲੇ ਈਮਾਨਦਾਰੀ ਨਹੀਂ ਵਰਤ ਰਿਹਾ ਅਤੇ ਤੱਥਾਂ ਨੂੰ ਸਹੀ ਰੂਪ ਵਿੱਚ ਪੇਸ਼ ਨਹੀਂ ਕਰ ਰਿਹਾਫਿਰ ਵੀ, ਕਿਉਂਕਿ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਗੁਰਦਵਾਰਾ ਧਾਰਮਿਕ ਰਾਜਨੀਤੀ ਦੇ ਵਿਸ਼ੇ ਨੂੰ ਲੈ ਕੇ ਲਿਖਿਆ ਗਿਆ ਇਹ ਪਹਿਲਾ ਨਾਵਲ ਹੈ, ਇਸ ਲਈ ਇਸ ਨਾਵਲ ਦੀਆਂ ਤਹਿਆਂ ਫਰੋਲਣੀਆਂ ਜ਼ਰੂਰੀ ਹਨ

----

ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਉੱਤੇ, ਅਕਸਰ, ਦੋਸ਼ ਲੱਗਦੇ ਰਹਿੰਦੇ ਹਨ ਕਿ ਉਹ ਗੁਰਦਵਾਰਿਆਂ ਦਾ ਚੜ੍ਹਾਵਾ ਖਾ ਜਾਂਦੇ ਹਨ। ਇੰਡੀਆ, ਇੰਗਲੈਂਡ, ਅਮਰੀਕਾ, ਕੈਨੇਡਾ ਅਤੇ ਅਨੇਕਾਂ ਹੋਰ ਦੇਸ਼ਾਂ ਵਿੱਚ ਸਥਿਤ ਗੁਰਦਵਾਰਿਆਂ ਵਿੱਚ ਵਾਪਰਦੀਆਂ ਰਹਿੰਦੀਆਂ ਅਜਿਹੀ ਕਿਸਮ ਦੀਆਂ ਚੋਰੀ ਕਰਨ ਦੀਆਂ ਘਟਨਾਵਾਂ ਅਕਸਰ ਪੰਜਾਬੀ ਮੀਡੀਆ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨਸਿੰਮਲ ਰੁਖੁ ਸਰਾਇਰਾਨਾਵਲ ਵਿੱਚ ਸੂਫ਼ੀ ਅਮਰਜੀਤ ਵੀ ਇਸ ਵਿਸ਼ੇ ਬਾਰੇ ਗੱਲ ਕਰਦਾ ਹੈ:

ਵੈਨਕੂਵਰ ਵਿੱਚ ਆ ਰਹੀ ਗੁਰਦਵਾਰਾ ਚੋਣ ਦੀ ਗੱਲ ਆਮ ਚੱਲ ਰਹੀ ਸੀਪਿਛਲੇ ਕਈ ਸਾਲਾਂ ਤੋਂ ਸਰਬਜੀਤ ਧੜੇ ਦਾ ਕਮੇਟੀ ਤੇ ਕਬਜ਼ਾ ਸੀਹਰ ਸਾਲ ਏਸੇ ਧੜੇ ਦਾ ਹੀ ਬਦਲਵਾਂ ਬੰਦਾ ਪ੍ਰਧਾਨ ਬਣ ਜਾਂਦਾ ਸੀਲੋਕ, ਕਮੇਟੀ ਵਾਲਿਆਂ ਵੱਲੋਂ ਆਏ ਸਾਲ ਦੇ ਚੜ੍ਹਾਵੇ ਦੇ ਲੱਖਾਂ ਡਾਲਰਾਂ ਨੂੰ ਵੰਡ ਕੇ ਛਕਣ ਦੀਆਂ ਗੱਲਾਂ ਕਰਦੇ ਸਨਕੋਈ ਮਖੌਲ ਕਰਦਾ ਕਹਿ ਦਿੰਦਾ, ‘ਸਿੰਘ ਰਿਵਾਇਤਾਂ ਅਨੁਸਾਰ ਵੰਡ ਕੇ ਹੀ ਛਕਦੇ ਹਨ, ਕੋਈ ਕੱਲਾ ਤਾਂ ਨਹੀਂ ਖਾਂਦਾ, ਭਾਵੇਂ ਮੁੜ-ਘਿੜ ਘਰਦਿਆਂ ਵਿੱਚ ਹੀ ਵੰਡ ਲੈਂਦੇ ਹਨਗੁਰਦਵਾਰੇ ਦੇ ਪੈਸੇ ਨਾਲ ਫਾਰਮ, ਅਪਾਰਟਮੈਂਟ, ਘਰ, ਟਰੱਕ ਖਰੀਦਣ ਦੀਆਂ ਗੱਲਾਂ ਵੀ ਹੋ ਰਹੀਆਂ ਸਨਗੱਲ ਕੀ ਜਿੱਥੇ ਗੁਰਦਵਾਰੇ ਦੀ ਚੋਣ ਦੀ ਗੱਲ ਹੁੰਦੀ ਉੱਥੇ ਕੋਈ ਨਾ ਕੋਈ ਇਹੋ ਜਿਹੀ ਗੱਲ ਕੱਢ ਹੀ ਮਾਰਦਾ

----

ਕੈਨੇਡਾ ਵਿੱਚ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਵੇਲੇ ਤਲਵਾਰਾਂ ਖੜਕਦੀਆਂ ਹਨ, ਬੰਦੂਕਾਂ ਚਲਦੀਆਂ ਹਨ, ਡਾਂਗਾਂ ਵਰਤੀਆਂ ਜਾਂਦੀਆਂ ਹਨਗੁਰਦਵਾਰਾ ਕਮੇਟੀਆਂ ਨੂੰ ਲੱਖਾਂ ਡਾਲਰਾਂ ਦੀ ਕਮਾਈ ਹੁੰਦੀ ਹੈਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਲੜਨ ਪਿੱਛੇ ਜਿੱਥੇ ਇੱਕ ਪਾਸੇ ਇਹ ਪਦਵੀਆਂ ਪਰਾਪਤ ਕਰਨ ਨਾਲ ਮਿਲਣ ਵਾਲੀ ਤਾਕਤ ਦੀ ਭੁੱਖ ਹੁੰਦੀ ਹੈ; ਤਾਂ ਦੂਜੇ ਪਾਸੇ ਗੁਰਦਵਾਰਿਆਂ ਨੂੰ ਹੁੰਦੀ ਲੱਖਾਂ ਡਾਲਰਾਂ ਦੀ ਆਮਦਨ ਵਿੱਚ ਘਪਲੇ ਕਰਨ ਦੇ ਮੌਕੇ ਮਿਲਣ ਦੀ ਲਾਲਸਾ ਹੁੰਦੀ ਹੈਓਨਟਾਰੀਓ ਦੇ ਕੁਝ ਗੁਰਦਵਾਰਿਆਂ ਦੀਆਂ ਕਮੇਟੀਆਂ ਦੇ ਪ੍ਰਧਾਨ ਆਪਣੇ ਮਕਾਨਾਂ ਦੀ ਮਾਰਗੇਜ ਵੀ ਗੁਰਦਵਾਰਿਆਂ ਦੇ ਚੜ੍ਹਾਵੇ ਵਿੱਚੋਂ ਹੀ ਦਿੰਦੇ ਰਹੇ ਹਨਜਿਨ੍ਹਾਂ ਵੱਲੋਂ ਮਾਰਗੇਜ ਕੰਪਨੀਆਂ ਨੂੰ ਜਾਰੀ ਕੀਤੇ ਗਏ ਅਜਿਹੇ ਚੈਕਾਂ ਦੀਆਂ ਤਸਵੀਰਾਂ ਕੈਨੇਡਾ ਦੇ ਪੰਜਾਬੀ ਅਖਬਾਰਾਂ ਵਿੱਚ ਛਪਦੀਆਂ ਰਹੀਆਂ ਹਨਗੁਰਦਵਾਰਿਆਂ ਦੀਆਂ ਗੋਲਕਾਂ ਵਿੱਚੋਂ ਕੁੰਡੀਆਂ ਪਾ ਕੇ ਪ੍ਰਬੰਧਕਾਂ ਵੱਲੋਂ ਡਾਲਰ ਕੱਢਣ ਦੇ ਚਰਚੇ ਤਾਂ ਕੈਨੇਡਾ ਦੀਆਂ ਪੰਜਾਬੀ ਅਖਬਾਰਾਂ ਵਿੱਚ ਆਮ ਹੀ ਹੁੰਦੇ ਰਹਿੰਦੇ ਹਨਕਈ ਗੁਰਦਵਾਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਵੱਲੋਂ ਆਪਣੀਆਂ ਨਿਤ ਦੀਆਂ ਸ਼ਰਾਬ ਪੀਣ ਅਤੇ ਕੁੱਕੜ ਖਾਣ ਦੀਆਂ ਪਾਰਟੀਆਂ ਵੀ ਗੁਰਦਵਾਰਿਆਂ ਦੀਆਂ ਗੋਲਕਾਂ ਚੋਂ ਚੋਰੀ ਕੀਤੇ ਡਾਲਰਾਂ ਨਾਲ ਹੀ ਕੀਤੀਆਂ ਜਾਂਦੀਆਂ ਹਨਕੈਨੇਡਾ ਦੇ ਕਈ ਗੁਰਦਵਾਰਿਆਂ ਦੀਆਂ ਕਮੇਟੀਆਂ ਦੇ ਪ੍ਰਧਾਨ ਇੰਡੀਆ ਤੋਂ ਹਵਾਈ ਜਹਾਜ਼ਾਂ ਰਾਹੀਂ ਕੈਨੇਡਾ ਵਾਪਿਸ ਮੁੜਦੇ ਹੋਏ ਧਾਰਮਿਕ ਗ੍ਰੰਥਾਂ ਵਿੱਚ ਲੁਕੋ ਕੇ ਅਫੀਮ, ਚਰਸ, ਕੋਕੇਨ, ਕਰੈਕ ਲਿਆਂਦੇ ਹੋਏ ਕੈਨੇਡਾ ਦੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਂਦੇ ਰਹੇ ਹਨ

----

ਪੰਜਾਬ, ਇੰਡੀਆ ਵਿੱਚ ਦੋ ਦਹਾਕੇ ਤੋਂ ਵੀ ਵੱਧ ਚਲਦੀ ਰਹੀ ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ ਦੀ ਲਹਿਰ ਦੌਰਾਨ ਕੈਨੇਡਾ ਦੇ ਅਨੇਕਾਂ ਗੁਰਦਵਾਰਿਆਂ ਉੱਤੇ ਇਨ੍ਹਾਂ ਪੰਜਾਬ ਦੇ ਦਹਿਸ਼ਤਗਰਦਾਂ ਦੇ ਸਮਰਥਕਾਂ ਦਾ ਕਬਜ਼ਾ ਸੀਪੰਜਾਬ ਦੇ ਦਹਿਸ਼ਤਗਰਦਾਂ ਨੂੰ ਆਰਥਿਕ ਮੱਦਦ ਭੇਜਣ ਦੇ ਨਾਮ ਉੱਤੇ ਕੈਨੇਡਾ ਦੇ ਗੁਰਦਵਾਰਿਆਂ ਉੱਤੇ ਕਾਬਜ਼ ਦਹਿਸ਼ਤਗਰਦਾਂ ਦੇ ਸਮਰਥਕ ਲੱਖਾਂ ਡਾਲਰ ਹੜੱਪ ਗਏ

ਪੇਸ਼ ਹੈ ਨਾਵਲ ਸਿੰਮਲ ਰੁਖੁ ਸਰਾਇਰਾਵਿੱਚੋਂ ਇਨ੍ਹਾਂ ਸਮਿਆਂ ਦੌਰਾਨ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਲਈ ਚੋਣਾਂ ਲੜਣ ਵਾਲੇ ਇੱਕ ਧੜੇ ਵੱਲੋਂ ਕੈਨੇਡਾ ਦੇ ਪੰਜਾਬੀ ਪ੍ਰਿੰਟ ਮੀਡੀਆ ਵਿੱਚ ਪ੍ਰਕਾਸ਼ਿਤ ਕੀਤੇ ਗਏ ਇੱਕ ਇਸ਼ਤਿਹਾਰ ਦਾ ਕੁਝ ਹਿੱਸਾ:

ਅਸੀਂ ਅੱਜ ਕੌਮ ਦੇ ਸੰਘਰਸ਼ ਦੇ ਇਤਿਹਾਸਕ ਦੌਰ ਵਿਚੋਂ ਲੰਘ ਰਹੇ ਹਾਂਇਹ ਸਾਡਾ ਜ਼ਿੰਦਗੀ ਮੌਤ ਦਾ ਸੰਘਰਸ਼ ਹੈਸਾਡੀ ਕੌਮ ਸ਼ਹਾਦਤਾਂ ਦੇ ਰਹੀ ਹੈਨੌਜੁਆਨ ਮੌਤ ਨੂੰ ਮਖੌਲ ਕਰ ਰਹੇ ਹਨਦੁਸ਼ਮਣਾਂ ਦੀਆਂ ਗੋਲੀਆਂ ਠੰਢੀਆਂ ਕਰ ਰਹੇ ਹਨਉਹਨਾਂ ਦੀ ਇਸ ਸਮੇਂ ਤਨ, ਮਨ, ਧਨ ਨਾਲ ਸਹਾਇਤਾ ਕਰਨ ਦੀ ਲੋੜ ਹੈਜੇਕਰ ਵਿਰੋਧੀ ਧਿਰ ਵਾਲੇ ਅੱਗੇ ਆ ਗਏ ਜੋ ਭਾਰਤ ਦੀ ਅਖੰਡਤਾ ਦਾ ਝੂਠਾ ਰੌਲਾ ਪਾਉਣ ਵਾਲੇ ਹਨ ਤਾਂ ਚੱਲ ਰਹੇ ਸੰਘਰਸ਼ ਨੂੰ ਬੜੀ ਸੱਟ ਵੱਜੇਗੀ

----

ਗੁਰਦਵਾਰਾ ਰਾਜਨੀਤੀ ਨਾਲ ਹੀ ਜੁੜੀ ਹੋਈ ਹੈ ਕੈਨੇਡਾ ਦੇ ਪੰਜਾਬੀ ਮੀਡੀਆ ਦੀ ਰਾਜਨੀਤੀਪਹਿਲਾਂ ਤਾਂ ਕੈਨੇਡਾ ਦਾ ਪੰਜਾਬੀ ਮੀਡੀਆ ਚੋਣਾਂ ਲੜਨ ਵਾਲਿਆਂ ਦੇ ਇਸ਼ਤਿਹਾਰ ਛਾਪ ਕੇ ਚੰਗੀ ਕਮਾਈ ਕਰਦਾ ਹੈ; ਪਰ ਜੇਕਰ ਚੋਣਾਂ ਵਿੱਚ ਉਨ੍ਹਾਂ ਦੀ ਹਿਮਾਇਤ ਪ੍ਰਾਪਤ ਕਰਨ ਵਾਲਾ ਧੜਾ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿੱਤ ਕੇ ਗੁਰਦਵਾਰੇ ਉੱਤੇ ਕਾਬਜ਼ ਹੋ ਜਾਵੇ ਤਾਂ ਸਾਰਾ ਸਾਲ ਉਸ ਗੁਰਦਵਾਰਾ ਕਮੇਟੀ ਦੇ ਇਸ਼ਤਿਹਾਰ ਛਾਪਕੇ ਪ੍ਰਿੰਟ ਮੀਡੀਆ ਚੰਗੀ ਕਮਾਈ ਕਰਦਾ ਹੈ

----

ਕੈਨੇਡਾ ਦੇ ਅਨੇਕਾਂ ਗੁਰਦਵਾਰਿਆਂ ਦੀਆਂ ਕਮੇਟੀਆਂ ਉੱਤੇ ਇਸ ਤਰ੍ਹਾਂ ਦਾ ਗੁੰਡਾ ਅਨਸਰ ਕਾਬਿਜ਼ ਹੁੰਦਾ ਰਿਹਾ ਹੈ ਜੋ ਸ਼ਰੇਆਮ ਕਹਿੰਦਾ ਹੁੰਦਾ ਸੀ ਕਿ ਜਿਸ ਕਿਸੇ ਨੇ ਸਾਡੇ ਕੋਲੋਂ ਗੁਰਦਵਾਰਾ ਕਮੇਟੀ ਨੂੰ ਹੋਈ ਆਮਦਨ ਖਰਚ ਦਾ ਹਿਸਾਬ ਕਿਤਾਬ ਮੰਗਣਾ ਹੈ ਉਹ ਪਹਿਲਾਂ ਆਪਣੇ ਘਰਦਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਆਵੇਜੇਕਰ ਕੋਈ ਕਦੀ ਫਿਰ ਵੀ ਹਿਸਾਬ ਕਿਤਾਬ ਦਾ ਮਾਮਲਾ ਉਠਾਉਣ ਦੀ ਹਿੰਮਤ ਕਰ ਹੀ ਲੈਂਦਾ ਸੀ ਤਾਂ ਅਜਿਹੇ ਗੁਰਦਵਾਰਿਆਂ ਨਾਲ ਜੁੜਿਆ ਮਾਫੀਆ ਉਨ੍ਹਾਂ ਵਿਅਕਤੀਆਂ ਦੀ ਕੁੱਟ ਮਾਰ ਕਰਦਾ ਸੀ ਤਾਂ ਕਿ ਕੋਈ ਹੋਰ ਅਜਿਹੀ ਹਿੰਮਤ ਨ ਕਰ ਸਕੇਸੂਫ਼ੀ ਅਮਰਜੀਤ ਵੀ ਇਸ ਵਿਚਾਰ ਦੀ ਪੁਸ਼ਟੀ ਕਰਦਾ ਹੈ ਜਦੋਂ ਉਹ ਨਾਵਲ ਸਿੰਮਲ ਰੁਖੁ ਸਰਾਇਰਾਵਿੱਚ ਲਿਖਦਾ ਹੈ:

ਪਿਛਲੇ ਐਤਵਾਰ ਦੇ ਦੀਵਾਨ ਵਿਚ ਤਾਂ ਖੜਕਦੀ ਖੜਕਦੀ ਮਸੀਂ ਬਚੀਜਦੋਂ ਵਿਰੋਧੀ ਧਿਰ ਦੇ ਮਲਕੀਤ ਸਿੰਘ ਨੇ ਸਟੇਜ ਤੋਂ ਸਿੱਧਾ ਹੀ ਇਲਜ਼ਾਮ ਲਾ ਦਿੱਤਾ ਕਿ ਪਿਛਲੇ ਚਾਰਾਂ ਸਾਲਾਂ ਦੇ ਹਿਸਾਬ ਦੀ ਪੜਤਾਲ ਲਈ ਕਮੇਟੀ ਬਣਾਈ ਜਾਵੇਵੈਸੇ ਤਾਂ ਵਿਰੋਧੀ ਧੜੇ ਦੇ ਕਿਸੇ ਬੰਦੇ ਨੂੰ ਸਟੇਜ ਤੋਂ ਬੋਲਣ ਦਾ ਕਦੇ ਵਕਤ ਨਹੀਂ ਮਿਲਦਾ ਸੀਉਸ ਦਿਨ ਉਸ ਦੇ ਜੁਆਈ ਵਲੋਂ ਅਖੰਡ ਪਾਠ ਰਖਾਇਆ ਗਿਆ ਸੀਮਲਕੀਤ ਸਿੰਘ ਧੰਨਵਾਦ ਕਰਨ ਲਈ ਉਠਿਆ ਸੀਉਸਨੇ ਧੰਨਵਾਦ ਕਰਕੇ ਪਿਛੋਂ ਇਹ ਗੱਲ ਆਖ ਦਿੱਤੀ

ਹਾਜ਼ਰ ਸੰਗਤ ਵਿਚੋਂ ਵੀ ਆਵਾਜ਼ਾਂ ਆਈਆਂ, “ਜ਼ਰੂਰ ਬਣਾਈ ਜਾਵੇ” “ਲੱਖਾਂ ਡਾਲਰ ਖਾ ਜਾਂਦੇ ਹਨ

ਫੇਰ ਕੀ ਸੀਸੈਕਟਰੀ ਤੇਜਾ ਸਿੰਘ ਨੇ ਮਲਕੀਤ ਸਿੰਘ ਤੋਂ ਮਾਈਕ ਖੋਹ ਲਿਆਕਮੇਟੀ ਦੇ ਬੰਦੇ ਸਟੇਜ ਦੇ ਨੇੜੇ ਹੀ ਬੈਠੇ ਸੀਉਹ ਉੱਠ ਕੇ ਮਲਕੀਤ ਸਿੰਘ ਨੂੰ ਚੁੰਬੜ ਗਏਉਧਰੋਂ ਮਲਕੀਤ ਸਿੰਘ ਦੇ ਬੰਦਿਆਂ ਦਾ ਤਾਂ ਹਾਲ ਭਰਿਆ ਪਿਆ ਸੀਉਹਨਾਂ ਆ ਦੇਖਿਆ, ਨਾ ਤਾਦਿਹ ਘਸੁੰਨ ਮੁੱਕੀਜੋ ਵੀ ਅੱਗੇ ਆਇਆ ਰਾੜ੍ਹਿਆ ਗਿਆ

----

ਕੈਨੇਡਾ ਦੇ ਗੁਰਦਵਾਰਿਆਂ ਵਿੱਚ ਖ਼ੂਨੀ ਲੜਾਈਆਂ, ਅਕਸਰ, ਉਦੋਂ ਹੁੰਦੀਆਂ ਹਨ ਜਦੋਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਲਈ ਵੋਟਾਂ ਪੈਂਦੀਆਂ ਹਨਇਨ੍ਹਾਂ ਚੋਣਾਂ ਵਿੱਚ ਜਿੱਥੇ ਧੰਨ ਅਤੇ ਸ਼ਰਾਬ ਦੀ ਖੁਲ੍ਹੇਆਮ ਵਰਤੋਂ ਕੀਤੀ ਜਾਂਦੀ ਹੈ ਉੱਥੇ ਚੋਣਾਂ ਲੜ ਰਹੇ ਧੜਿਆਂ ਵੱਲੋਂ ਦੂਜੇ ਧੜਿਆਂ ਦੇ ਸਮਰਥਕਾਂ ਵਿੱਚ ਦਹਿਸ਼ਤ ਫੈਲਾਉਣ ਲਈ ਗੁੰਡਾ ਅਨਸਰ ਅਤੇ ਲੱਠਮਾਰ ਲੋਕਾਂ ਨੂੰ ਵਿਸ਼ੇਸ਼ ਤੌਰ ਉੱਤੇ ਬੁਲਾਇਆ ਜਾਂਦਾ ਹੈਜੋ ਕੋਈ ਨ ਕੋਈ ਬਹਾਨਾ ਲਗਾ ਕੇ ਵਿਰੋਧੀ ਧਿਰ ਨੂੰ ਲੜਾਈ ਲਈ ਉਕਸਾਂਦੇ ਹਨਪੇਸ਼ ਹੈ ਨਾਵਲ ਸਿੰਮਲ ਰੁਖੁ ਸਰਾਇਰਾਵਿੱਚੋਂ ਅਜਿਹਾ ਹੀ ਇੱਕ ਨਾਟਕੀ ਦ੍ਰਿਸ਼:

ਜਦੋਂ ਕਮੇਟੀ ਵਾਲਿਆਂ ਦੇ ਬੰਦਿਆਂ ਨੇ ਬਾਹਰ ਜਾ ਕੇ ਲਲਕਾਰਾ ਮਾਰਿਆ ਤਾਂ ਅੱਗੋਂ ਮਲਕੀਤ ਸਿੰਘ ਦੇ ਬੰਦਿਆਂ ਨੇ ਬਿਨਾਂ ਕੋਈ ਗੱਲ ਪੁੱਛਿਆਂ ਕਿ ਕੀ ਗੱਲ ਹੈ, ਆਪਣੀਆਂ ਬੈਨਾਂ ਵਿਚੋਂ ਸਰੀਏ, ਹਾਕੀਆਂ, ਡੰਡੇ ਤੇ ਸੰਗਲਾਂ ਦੇ ਟੋਟੇ ਕੱਢ ਲਏ

ਪਲਾਂ-ਛਿਣਾਂ ਵਿੱਚ ਤਾੜ, ਤਾੜ ਤੇ ਠਾਹ ਠਾਹ ਹੋ ਗਈਬਾਹਰ ਸੜਕ ਉਪਰ ਖੜ੍ਹੇ ਪੁਲਸ ਵਾਲਿਆਂ ਨੇ ਵਾਇਰਲੈੱਸ ਕਰਕੇ ਹੋਰ ਪੁਲਸ ਬੁਲਾ ਲਈ ਸੀ

ਇਕ ਪੁਲੀਸ ਵਾਲਾ, ਗੇਟ ਵਿਚ ਖਲੋਤਾ ਮੂਵੀ ਕੈਮਰੇ ਨਾਲ ਫਿਲਮ ਬਣਾ ਰਿਹਾ ਸੀਉਹਨਾਂ ਨੂੰ ਪਤਾ ਹੀ ਸੀ ਕਿ ਇਸ ਤਰ੍ਹਾਂ ਹੋ ਸਕਦਾ ਸੀਕਿਉਂਕਿ ਇਹ ਇਥੇ ਪਹਿਲੀ ਵਾਰੀ ਨਹੀਂ ਹੋਇਆ ਸੀਹੋਰਨਾਂ ਥਾਵਾਂ ਉਪਰ ਵੀ ਚੋਣ ਸਮੇਂ ਕਈ ਵਾਰੀ ਲੜਾਈ ਹੋ ਚੁੱਕੀ ਸੀ

ਪੁਲੀਸ ਕਾਰਾਂ ਦੀਆਂ ਨੀਲੀਆਂ ਲਾਲ ਬੱਤੀਆਂ ਘੁੰਮ ਰਹੀਆਂ ਸਨਹੋਰ ਪੁਲੀਸ ਕਾਰਾਂ ਦੀਆਂ ਕੂਕਾਂ ਕਈ ਪਾਸਿਆਂ ਤੋਂ ਸੁਣਾਈ ਦੇ ਰਹੀਆਂ ਸਨ

ਪੁਲੀਸ ਵਾਲੇ, ਗੁੱਥਮ ਗੁੱਥਾ ਹੋਇਆਂ ਨੂੰ ਦੂਰ ਖੜ੍ਹੇ ਦੇਖ ਰਹੇ ਸਨਸਰੀਆਂ ਤੇ ਡੰਡਿਆਂ ਦਾ ਖੜਕਾ ਕਾੜ ਕਾੜ ਤੇ ਟੰਨ ਟੰਨ ਦੀ ਆਵਾਜ਼ ਵਿਚ ਸੁਣ ਰਿਹਾ ਸੀ

ਸਰਬਜੀਤ ਧੜੇ ਦੇ ਹੁਣ ਕੁਝ ਹੋਰ ਬੰਦੇ ਵੀ ਆ ਗਏ ਸਨਦੋਵਾਂ ਧਿਰਾਂ ਦੇ ਤੀਹ-ਪੈਂਤੀ ਬੰਦੇ ਉਲਝੇ ਹੋਏ ਸਨ

ਕਈਆਂ ਦੇ ਮੱਥਿਆਂ ਚੋਂ ਲਹੂ ਚੋ ਰਿਹਾ ਸੀਕੋਈ ਲਹੂ ਲੁਹਾਨ ਹੋਏ ਧਰਤੀ ਤੇ ਡਿੱਗ ਚੁੱਕੇ ਸਨਇਕ ਮੁੰਡਾ ਹੇਠਾਂ ਪਿਆ ਮੂੰਹ ਤੇ ਹੱਥ ਰੱਖੀ ਕੁਝ ਕਹਿ ਰਿਹਾ ਸੀਉਸ ਦੀਆਂ ਉਂਗਲਾ ਵਿੱਚੋਂ ਦੀ ਦੰਦਾਂ ਚੋਂ ਨਿਕਲਿਆ ਲਹੂ ਵਗ ਰਿਹਾ ਸੀ

ਐਂਬੂਲੈਂਸਾਂ, ਫਾਇਰ ਬਰਗੇਡ ਅਤੇ ਪੁਲਸ ਦੀਆਂ ਸੱਤ-ਅੱਠ ਕਾਰਾਂ ਪੁੱਜ ਚੁੱਕੀਆਂ ਸਨਪੁਲਸ ਅਧਿਕਾਰੀ ਨੇ ਸਪੀਕਰ ਵਿੱਚੀਂ ਬੋਲ ਕੇ ਦੋਵਾਂ ਧਿਰਾਂ ਨੂੰ ਲੜਾਈ ਬੰਦ ਕਰਨ ਦੀ ਵਾਰਨਿੰਗ ਦਿੱਤੀ

ਹੁਣ ਦੋਵੇਂ ਧਿਰਾਂ ਹਟ ਕੇ ਖਲੋ ਗਈਆਂ ਸਨਸਿਰਾਂ ਤੋਂ ਪੱਗਾਂ ਲੱਥੀਆਂ ਹੋਈਆਂ ਸਨਕੱਪੜੇ ਫਟ ਗਏ ਸਨਕੁਝ ਲਹੂ ਗੱਚ ਹੋ ਗਏ ਸਨਵਾਲ ਖੁੱਲੇ ਲਮਕ ਰਹੇ ਸਨਦੋਵਾਂ ਪਾਸਿਆਂ ਨੇ ਗਾਲਾਂ-ਤੁਹਮਤਾਂ ਪਤਾ ਨਹੀਂ ਕੀ ਕੀ ਕੁਝ ਬੋਲਿਆ ਸੀ

----

ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਵੇਲੇ ਲੜਾਈਆਂ ਕਿਉਂ ਹੁੰਦੀਆਂ ਹਨ? ਇਸ ਦਾ ਉਤਰ ਇਸ ਤੱਥ ਵਿੱਚ ਪਿਆ ਹੈ ਕਿ ਗੁਰਦਵਾਰੇ ਵੀ ਵਿਉਪਾਰਕ ਅਦਾਰਿਆਂ ਵਾਂਗ ਹੀ ਸਰਕਾਰ ਕੋਲ ਰਜਿਸਟਰਡ ਕਰਵਾਉਣੇ ਪੈਂਦੇ ਹਨ ਅਤੇ ਅਜੋਕੇ ਸਮਿਆਂ ਵਿੱਚ ਅਜਿਹੇ ਵਿਉਪਾਰਕ ਅਦਾਰੇ ਸਭ ਤੋਂ ਵੱਧ ਮੁਨਾਫ਼ਾ ਦੇਣ ਵਾਲੇ ਹਨ. ਇਸ ਨੁਕਤੇ ਨੂੰ ਸੂਫ਼ੀ ਅਮਰਜੀਤ ਆਪਣੇ ਨਾਵਲ ਵਿੱਚ ਕੁਝ ਇਸ ਤਰ੍ਹਾਂ ਸਪੱਸ਼ਟਤਾ ਪ੍ਰਦਾਨ ਕਰਦਾ ਹੈ:

ਗੁਰੂ ਘਰਾਂ ਵਿਚ ਕੀ ਹੋ ਰਿਹਾ ਹੈ? ਕਬਜ਼ੇ ਕਰਨ ਲਈ ਧੜੇਬੰਦੀਆਂ. ਕਬਜ਼ੇ ਕਾਹਦੇ ਲਈ? ਚੜ੍ਹਾਵੇ ਦਾ ਧਨ ਹੜੱਪਣ ਲਈਕਬਜ਼ੇ ਕਰਨੇ ਅਤੇ ਕਬਜ਼ੇ ਤੋੜਨੇ ਇਹ ਕਿਧਰਲੀ ਸਿੱਖੀ ਹੈ? ਕਦੇ ਕੋਈ ਕਮੇਟੀ ਦਾ ਮੈਂਬਰ ਸੇਵਾ ਕਰਦਾ? ਉਹ ਗੁਰਦਵਾਰੇ ਆਉਂਦੇ ਹਨ ਜਿਵੇਂ ਅਫਸਰ ਦਫਤਰ ਜਾਂਦੇ ਹਨਜਿਵੇਂ ਫੈਕਟਰੀਆਂ ਦੇ ਮਾਲਕ ਫੈਕਟਰੀਆਂ ਚ ਜਾਂਦੇ ਹਨਇਹਨਾਂ ਲਈ ਗੁਰਦਵਾਰੇ ਫੈਕਟਰੀਆਂ ਹੀ ਤਾਂ ਹਨ ਜਿਥੋਂ ਆਮਦਨ ਹੁੰਦੀ ਹੈਜਿਹੜੇ ਲੋਕ ਗੁਰੂ ਘਰਾਂ ਨੂੰ ਚੌਧਰਾਂ ਤੇ ਆਮਦਨ ਦਾ ਸਾਧਨ ਸਮਝਦੇ ਹਨ ਉਹ ਪਾਪੀ ਹਨਪਰ ਇਹਨਾਂ ਦੇ ਪਾਪਾਂ ਦੀ ਸਜ਼ਾ ਇਹਨਾਂ ਨੂੰ ਕੌਣ ਦੇਵੇ? ਸੋਚੋ ਇਹ ਕਿਉਂ ਹੈ? ਇਸ ਬਾਰੇ ਸਾਰੇ ਹੀ ਜਾਣਦੇ ਹਨ ਪਰ ਕੋਈ ਕੁਸਕਦਾ ਨਹੀਂਕਿਉਂ? ਹਰ ਕੋਈ ਡਰਦਾ ਹੈ ਪੁੜੇ ਕੁਟਾਉਣ ਤੋਂ

----

ਗੁਰਦਵਾਰਿਆਂ ਨੂੰ ਵਿਉਪਾਰਕ ਅਦਾਰਿਆਂ ਵਾਂਗ ਵਰਤ ਕੇ ਲੁੱਟ ਮਚਾਉਣ ਵਿੱਚ ਸਿਰਫ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰ ਹੀ ਭਰਿਸ਼ਟਾਚਾਰ ਨਹੀਂ ਫੈਲਾ ਰਹੇ; ਬਲਕਿ ਇਸ ਕੰਮ ਵਿੱਚ ਉਨ੍ਹਾਂ ਨਾਲ ਗ੍ਰੰਥੀ, ਰਾਗੀ, ਢਾਡੀ, ਕੀਰਤਨੀਏ ਅਤੇ ਪ੍ਰਚਾਰਕ ਵੀ ਪੂਰੀ ਤਰ੍ਹਾਂ ਰਲੇ ਹੋਏ ਹਨਜਿਨ੍ਹਾਂ ਦਾ ਉਦੇਸ਼ ਡਾਲਰ ਇਕੱਠੇ ਕਰਨ ਤੋਂ ਬਿਨ੍ਹਾਂ ਹੋਰ ਕੁਝ ਨਹੀਂਜੇਕਰ ਅਜਿਹਾ ਨਹੀਂ ਤਾਂ ਕੈਨੇਡਾ ਦੇ ਅਨੇਕਾਂ ਗੁਰਦਵਾਰਿਆਂ ਨਾਲ ਸਬੰਧਤ ਰਹੇ ਗ੍ਰੰਥੀਆਂ, ਰਾਗੀਆਂ, ਢਾਡੀਆਂ ਅਤੇ ਪ੍ਰਚਾਰਕਾਂ ਕੋਲ ਲੱਖਾਂ ਡਾਲਰ ਕਿੱਥੋਂ ਆ ਗਏ?

ਗੁਰਦਵਾਰੇ ਵੀ ਵਿਉਪਾਰਕ ਅੱਡੇ ਬਣ ਜਾਣ ਦਾ ਇਸ ਤੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ ਕਿ ਗੁਰਦਵਾਰੇ ਵਿੱਚ ਕੀਰਤਨ ਕਰਨ ਆਏ ਰਾਗੀ ਵੀ ਗੁਰਦਵਾਰੇ ਵਿੱਚ ਕੀਤਾ ਗਿਆ ਆਪਣਾ ਕੀਰਤਨ ਕਿਸੇ ਨੂੰ ਰਿਕਾਰਡ ਕਰਨ ਦੀ ਇਜਾਜ਼ਤ ਨਹੀਂ ਦਿੰਦੇਕਿਉਂਕਿ ਉਨ੍ਹਾਂ ਦੇ ਸ਼ਬਦ ਕੀਰਤਨ ਦਾ ਕਾਂਟਰੈਕਟ ਰਿਕਾਰਡ ਬਨਾਉਣ ਵਾਲੀਆਂ ਕੰਪਨੀਆਂ ਨਾਲ ਹੋਇਆ ਹੁੰਦਾ ਹੈਹੋਰਨਾਂ ਬਜ਼ਾਰੂ ਗਾਇਕਾਂ ਦੇ ਗੀਤਾਂ ਦੀਆਂ ਸੀਡੀਜ਼ ਵਾਂਗ ਇਨ੍ਹਾਂ ਰਾਗੀਆਂ ਦੇ ਗਾਏ ਸ਼ਬਦਾਂ ਦੀਆਂ ਵੀ ਸੀਡੀਜ਼ ਤੁਹਾਨੂੰ ਗੁਰਦਵਾਰਿਆਂ ਦੇ ਆਸ ਪਾਸ ਬਣੀਆਂ ਆਡੀਓ ਵੀਡੀਓ ਦੁਕਾਨਾਂ ਤੋਂ ਖਰੀਦਣ ਲਈ ਕਿਹਾ ਜਾਂਦਾ ਹੈਗੁਰਦਵਾਰਿਆਂ ਵਿੱਚ ਅਜਿਹੇ ਵਿਉਪਾਰਕ ਅਸੂਲ ਗੁਰਦਵਾਰਾ ਮਾਫੀਆ ਵੱਲੋਂ ਕਿਸ ਤਰ੍ਹਾਂ ਸਖਤੀ ਨਾਲ ਲਾਗੂ ਕੀਤੇ ਜਾਂਦੇ ਹਨ, ਉਸਦੀ ਇੱਕ ਉਦਾਹਰਣ ਚਰਚਾ ਅਧੀਨ ਨਾਵਲ ਸਿੰਮਲ ਰੁਖੁ ਸਰਾਇਰਾਵਿਚੋਂ ਹੀ ਹਾਜ਼ਰ ਹੈ:

ਕੁਝ ਸਮਾਂ ਪਹਿਲਾਂ ਜਿੱਥੇ ਦੀਵਾਨ ਵਿੱਚ ਸਾਹ ਲੈਣ ਦੀ ਵੀ ਆਵਾਜ਼ ਨਹੀਂ ਆ ਰਹੀ ਸੀ ਉੱਥੇ ਹੁਣ ਕੰਨ ਪਾਈ ਨਹੀਂ ਸੁਣ ਰਹੀ ਸੀ

ਕਿਸੇ ਨੇ ਪ੍ਰਿੰਸੀਪਲ ਸਾਹਿਬ ਨੂੰ ਸਟੇਜ ਉਪਰ ਜਾ ਕੇ ਕਿਹਾ, “ਤੁਸੀਂ ਰੌਲੇ ਨੂੰ ਨਿਬੇੜੋ, ਦੱਸੋ ਕੀ ਹੋਣਾ ਚਾਹੀਦਾ ਹੈ?”

ਪ੍ਰਿੰਸੀਪਲ ਸਾਹਿਬ ਨੇ ਕਿਹਾ, “ਇਹ ਅਸੂਲ ਦੀ ਗੱਲ ਹੈ ਜੀਅਸੀਂ ਕਿਸੇ ਥਾਂ ਵੀ ਕਿਸੇ ਨੂੰ ਟੇਪ ਨਹੀਂ ਕਰਨ ਦਿੰਦੇਕਿਉਂਕਿ ਸਾਡਾ ਰਿਕਾਰਡਿੰਗ ਕੰਪਨੀ ਨਾਲ ਕਾਂਟਰੈਕਟ ਹੈਜੇ ਇਉਂ ਟੇਪਾਂ ਹੋਣ ਲੱਗਣ ਤਾਂ ਕੰਪਨੀ ਦੀਆਂ ਟੇਪਾਂ ਕੌਣ ਖਰੀਦੇਗਾ?”

ਭਾਈ ਗੁਰਦਰਸ਼ਨ ਸਿੰਘ ਦੀ ਕਹੀ ਗੱਲ ਸਪੀਕਰ ਵਿਚ ਦੀ ਸਾਰੇ ਸੁਣ ਗਈਇਸ ਨਾਲ ਹੋਰ ਰੌਲਾ ਪੈ ਗਿਆ

ਅੜੀਅਲ, ਇਹ ਸੁਣ ਕੇ ਹੋਰ ਗੁੱਸੇ ਨਾਲ ਕਹਿਣ ਲੱਗਾ, “ਇਹ ਹੋਈ ਨਾ ਗੱਲਸੁਣ ਲਿਆ ਭਰਾਵੋਸਾਰੀ ਗੱਲ ਬਿਜ਼ਨਸ ਦੀ ਹੈਇਹਨਾਂ ਤਾਂ ਗੁਰਬਾਣੀ ਨੂੰ ਬਿਜ਼ਨਸ ਬਣਾਇਆ ਹੋਇਆ ਹੈਕਮੇਟੀ ਵਾਲੇ ਵੀ ਇਹਨਾਂ ਦੇ ਪਾਰਟਨਰਹੀ ਹਨਇਹਨਾਂ ਦਾ ਗੁਰਬਾਣੀ ਨਾਲ, ਸਿੱਖੀ ਨਾਲ ਪਿਆਰ ਡਾਲਰਾਂ ਕਰਕੇ ਹੀ ਹੈ

ਦੋ ਵੱਡੇ ਵੱਡੇ ਕੱਦਾਂ ਵਾਲੇ ਯੂਥ ਖਾਲਸਾ ਦੇ ਮੈਂਬਰ ਲਾਗੇ ਖੜ੍ਹੇ ਸਨਉਹਨਾਂ ਪ੍ਰਧਾਨ ਜੀ ਵੱਲ ਦੇਖਿਆਪ੍ਰਧਾਨ ਨੇ ਅੱਖ ਨਾਲ ਇਸ਼ਾਰਾ ਕਰ ਦਿੱਤਾਉਹ ਅਮਰ ਸਿੰਘ ਦੇ ਮੂੰਹ ਅੱਗੇ ਕੱਪੜਾ ਦੇ ਕੇ, ਉਸਨੂੰ ਚੁੱਕ ਕੇ ਦੀਵਾਨ ਵਿਚੋਂ ਬਾਹਰ ਲੈ ਗਏਉਸਦੀ ਟੇਪ ਉੱਥੇ ਹੀ ਰਹਿ ਗਈਰੌਲਾ ਫੇਰ ਵੀ ਬੰਦ ਨਾ ਹੋਇਆ

ਗੁਰਦਵਾਰੇ ਆਉਣ ਵਾਲੇ ਸ਼ਰਧਾਲੂਆਂ ਵੱਲੋਂ ਗੁਰਦਵਾਰੇ ਨੂੰ ਮਹਿਜ਼ ਡਾਲਰਾਂ ਦੇ ਰੂਪ ਵਿੱਚ ਹੀ ਚੜ੍ਹਾਵਾ ਨਹੀਂ ਦਿੱਤਾ ਜਾਂਦਾ; ਬਲਕਿ ਗਰੋਸਰੀ ਦੇ ਰੁਪ ਵਿੱਚ ਲੰਗਰ ਲਈ ਆਟਾ, ਦਾਲਾਂ, ਖੰਡ, ਘਿਓ, ਸਬਜ਼ੀਆਂ ਆਦਿ ਵੀ ਪਹੁੰਚਾਏ ਜਾਂਦੇ ਹਨਗੁਰਦਵਾਰਾ ਕਮੇਟੀਆਂ ਦੇ ਅਹੁਦੇਦਾਰ ਇਸ ਤਰ੍ਹਾਂ ਗੁਰਦਵਾਰੇ ਨੂੰ ਦਿੱਤੀ ਗਈ ਗਰੋਸਰੀ ਦੀਆਂ ਭਰੀਆਂ ਬੋਰੀਆਂ ਹੀ ਜਾਂ ਤਾਂ ਆਪ ਹੀ ਆਪਣੇ ਘਰਾਂ ਨੂੰ ਲੈ ਜਾਂਦੇ ਹਨ ਜਾਂ ਆਸ ਪਾਸ ਦੇ ਗਰੋਸਰੀ ਸਟੋਰਾਂ ਨੂੰ ਵੇਚ ਦਿੰਦੇ ਹਨਕੈਨੇਡਾ ਦੇ ਗੁਰਦਵਾਰਿਆਂ ਵਿੱਚ ਵਾਪਰ ਰਹੇ ਅਜਿਹੇ ਭਰਿਸ਼ਟਾਚਾਰ ਦਾ ਜਿ਼ਕਰ ਨਾਵਲ ਸਿੰਮਲ ਰੁਖੁ ਸਰਾਇਰਾਵਿੱਚ ਕੁਝ ਇਸ ਤਰ੍ਹਾਂ ਕੀਤਾ ਗਿਆ ਹੈ:

ਥੋਡੀ ਗੱਲ ਠੀਕ ਹੈ ਜੀ,” ਕਰਤਾਰ ਨੇ ਕਿਹਾ, “ਸਾਡਾ ਇਕ ਰਿਸ਼ਤੇਦਾਰ ਵੀ ਇਕ ਗੁਰਦਵਾਰੇ ਦੀ ਕਮੇਟੀ ਵਿਚ ਲੈ ਲਿਆਉਹ ਮੈਨੂੰ ਦੱਸਦਾ ਸੀ ਕਿ ਉਹਨਾਂ ਦੀ ਕਮੇਟੀ ਦੀ ਮੀਟਿੰਗ ਹੋਈ ਤਾਂ ਸੈਕਟਰੀ ਨੇ ਕਿਹਾ, ‘ਸਟੋਰ ਵਿਚ ਆਟੇ ਦੇ ਬੋਰਿਆਂ ਦੀ ਧਾਕ ਲੱਗੀ ਪਈ ਹੈਇਸਨੂੰ ਵੇਚ ਦੇਈਏਸਾਰਿਆਂ ਨੇ ਕਿਹਾ ਠੀਕ ਹੈਸੈਕਟਰੀ ਕਹਿੰਦਾ, ‘ਆਪਾਂ ਨੌਂ ਜਾਣੇ ਹਾਂਹਰ ਇੱਕ ਦੱਸ ਬੋਰੇ ਲੈ ਜਾਓਤਾਂ ਸਾਡਾ ਰਿਸ਼ਤੇਦਾਰ, ਜੋ ਨਵਾਂ ਨਵਾਂ ਮੈਂਬਰ ਬਣਿਆ ਸੀ, ਕਹਿੰਦਾ, “ਮੈਂ ਦਸ ਬੋਰੇ ਕੀ ਕਰਨੇ ਨੇ? ਨਾਲੇ ਮੇਰੇ ਕੋਲ ਤਾਂ ਏਨੇ ਪੈਸੇ ਵੀ ਹੈ ਨਹੀਂਸੈਕਟਰੀ ਹੱਸ ਪਿਆਨਾਲੇ ਦੂਜੇ ਮੈਂਬਰ ਹੱਸ ਪਏਉਹਨਾਂ ਨੂੰ ਤਾਂ ਪਤਾ ਸੀ ਕਿ ਇਹ ਧੰਦਾ ਕਿਵੇਂ ਚਲਦਾ ਹੈਸੈਕਟਰੀ ਨੇ ਉਹਦੇ ਮੋਢੇ ਉੱਤੇ ਹੱਥ ਰੱਖ ਕੇ ਕਿਹਾ, “ਗਿੰਦਰ ਸਿੰਘਾ ਡਰ ਨਾਆਪਾਂ ਬਾਜ਼ਾਰ ਦਾ ਮੁਲ ਨਹੀਂ ਲਾਉਣਾਇਹ ਤਾਂ ਥਾਂ ਖਾਲੀ ਕਰਨ ਦੀ ਮਜਬੂਰੀ ਹੈਏਸ ਲਈ ਅੱਠ ਡਾਲਰ ਵਾਲਾ ਬੋਰਾ ਸਿਰਫ ਦੋ ਡਾਲਰ ਦਾ ਲਾਇਆ ਥੁਆਨੂੰਨਹੀਂ ਚਾਹੀਦਾ ਤਾਂ ਕਿਸੇ ਰਿਸ਼ਤੇਦਾਰ ਨੂੰ ਦੇ ਦੇਣਾ

ਇਉਂ ਗੁਰਦਵਾਰੇ ਨੂੰ ਘਾਟਾ ਨਾ ਪਊ?” ਗਿੰਦਰ ਨੇ ਹੈਰਾਨੀ ਨਾਲ ਕਿਹਾਉਹ ਫਿਰ ਸਾਰੇ ਹੱਸ ਪਏਸੈਕਟਰੀ ਨੇ ਕਿਹਾ, “ਤੂੰ ਤਾਂ ਭੋਲਾ ਲੋਕ ਐਂ, ਗਿੰਦਰ ਸਿਆਂ ਗੁਰਦਵਾਰੇ ਨੂੰ ਘਾਟਾ ਕਿਵੇਂ ਪੈ ਜੂਅਸੀਂ ਕਿਹੜਾ ਇਹ ਮੁੱਲ ਖਰੀਦਿਆਇਹ ਤਾਂ ਲੋਕਾਂ ਨੇ ਸ਼ਰਧਾ ਨਾਲ ਲੰਗਰ ਲਈ ਦਿੱਤੈਉਹਨਾਂ ਦੀ ਸ਼ਰਧਾ ਤਾਂ ਪੂਰੀ ਹੋ ਗਈਪਰ ਹੁਣ ਸਾਡਾ ਥਾਂ ਰੁਕਿਆ ਪਿਆਅਸੀਂ ਕਿਹੜਾ ਇਹ ਮੁਫਤ ਦੇਣੇ ਨੇਦੋ ਡਾਲਰ ਦਾ ਬੋਰਾ ਦੇਣਾ ਏਗੁਰਦਵਾਰੇ ਨੂੰ ਨੱਬੇ ਬੋਰਿਆਂ ਦੀ, ਇੱਕ ਸੌ ਅੱਸੀ ਡਾਲਰ ਆਮਦਨ ਹੋਈਆਹ ਮੂਹਰਲੇ ਐਤਵਾਰ ਫੇਰ ਬਥੇਰੇ ਇਕੱਠੇ ਹੋ ਜਾਣੇ ਹਨਨਾਲੇ ਥੁਆਨੂੰ ਮੈਂ ਵੀਹ ਡਾਲਰਾਂ ਦੀ ਰਸੀਦ ਕੱਟ ਦੇਣੀ ਐ, ਉਹ ਟੈਕਸ ਵਿੱਚ ਭਰ ਦੇਣੀਭਾਈ ਸਾਹਿਬ ਕਰਤਾਰ ਦੇ ਮੂੰਹ ਵੱਲ ਦੇਖਦੇ ਹੀ ਰਹਿ ਗਏਤੇ ਤੀਰਥ ਸਿੰਘ ਨੇ ਸਿਰ ਫੇਰਦਿਆਂ ਉਦਾਸ ਸੁਰ ਵਿਚ ਕਿਹਾ, “ ਇਹ ਤਾਂ ਬੇੜਾ ਈ ਬੈਠ ਗਿਆ

ਧਾਰਮਿਕ ਅਦਾਰਿਆਂ ਵਿੱਚ ਆਰਥਿਕ ਲੁੱਟ ਮਚਾਉਣ ਵਾਲੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੇ ਅਜਿਹੇ ਭਰਿਸ਼ਟ ਅਹੁਦੇਦਾਰਾਂ ਦਾ ਕਿਰਦਾਰ ਉਨ੍ਹਾਂ ਵੱਲੋਂ ਰੌਜ਼ਾਨਾ ਜ਼ਿੰਦਗੀ ਵਿੱਚ ਕੀਤੇ ਜਾਂਦੇ ਹੋਰਨਾਂ ਅਨੇਕਾਂ ਕਿਸਮਾਂ ਦੇ ਕੰਮਾਂ ਰਾਹੀਂ ਵੀ ਪਹਿਚਾਣਿਆਂ ਜਾਂਦਾ ਹੈਕੈਨੇਡਾ ਦੀਆਂ ਪੰਜਾਬੀ ਅਖਬਾਰਾਂ ਵਿਚ ਅਜਿਹੀਆਂ ਖਬਰਾਂ ਵੀ ਅਕਸਰ ਸੁਰਖੀਆਂ ਬਣਦੀਆਂ ਹੀ ਰਹਿੰਦੀਆ ਹਨ ਕਿ ਕੋਈ ਰਾਗੀ, ਢਾਡੀ ਜਾਂ ਗ੍ਰੰਥੀ ਕਿਸੇ ਬੱਚੇ ਨਾਲ ਬਲਾਤਕਾਰ ਕਰਦਾ ਫੜਿਆ ਗਿਆ ਜਾਂ ਕੋਈ ਪ੍ਰਚਾਰਕ ਕਿਸੇ ਗੁਰਦਵਾਰੇ ਕੀਰਤਨ ਸਿੱਖਣ ਆਉਂਦੀ ਕਿਸੀ ਔਰਤ ਨੂੰ ਲੈ ਕੇ ਫਰਾਰ ਹੋ ਗਿਆ ਜਾਂ ਕਿਸੇ ਗੁਰਦਵਾਰੇ ਦੀ ਪ੍ਰਬੰਧਕ ਕਮੇਟੀ ਦਾ ਕੋਈ ਅਹੁਦੇਦਾਰ ਧਾਰਮਿਕ ਗ੍ਰੰਥ ਵਿੱਚ ਲੁਕੋ ਕੇ ਭੰਗ, ਅਫੀਮ, ਚਰਸ, ਕੁਕੇਨ ਜਾਂ ਕਰੈਕ ਦੀ ਸਮਗਲਿੰਗ ਕਰਦਾ ਕੈਨੇਡਾ ਦੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ

----

ਸਿੱਖ ਧਰਮ ਦੇ ਮੁੱਢਲੇ ਅਸੂਲਾਂ ਵਿੱਚ ਸਾਂਝੀਵਾਲਤਾ ਅਤੇ ਬਰਾਬਰਤਾ ਦੇ ਸੰਕਲਪ ਆਉਂਦੇ ਹਨਪਰ ਅਜੋਕੇ ਸਮਿਆਂ ਵਿੱਚ ਧਾਰਮਿਕ ਅਸਥਾਨਾਂ ਅੰਦਰ ਇਨ੍ਹਾਂ ਦੋਨਾਂ ਹੀ ਸੰਕਲਪਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨਬ੍ਰਾਹਮਣਵਾਦ ਦੇ ਅਸਰ ਥੱਲੇ ਸਿੱਖਾਂ ਨੂੰ ਜ਼ਾਤ-ਪਾਤ ਦੇ ਆਧਾਰ ਉੱਤੇ ਵੰਡਿਆ ਜਾ ਰਿਹਾ ਹੈਜਦੋਂ ਕਿ ਸਿੱਖ ਧਰਮ ਦੇ ਮੁੱਢਲੇ ਅਸੂਲ ਅਨੁਸਾਰ ਸਿੱਖ ਧਰਮ ਨੂੰ ਮੰਨਣ ਵਾਲੇ ਦੀ ਕੋਈ ਜ਼ਾਤ-ਪਾਤ ਨਹੀਂ ਹੁੰਦੀਪਰ ਇਸਦੇ ਉਲਟ ਸਿੱਖਾਂ ਨੇ ਕੋਈ ਰਾਮਗੜ੍ਹੀਆ ਗੁਰਦਵਾਰਾ, ਕੋਈ ਰਵਿਦਾਸੀਆਂ ਦਾ ਗੁਰਦਵਾਰਾ, ਕੋਈ ਮਜ੍ਹਬੀ ਸਿੱਖਾਂ ਦਾ ਗੁਰਦਵਾਰਾ ਬਣਾ ਲਿਆ ਹੈ

----

ਨਾਵਲ ਸਿੰਮਲ ਰੁਖੁ ਸਰਾਇਰਾਵਿੱਚ ਸੂਫ਼ੀ ਅਮਰਜੀਤ ਨੇ ਭਾਵੇਂ ਕਿ ਅਨੇਕਾਂ ਵਿਸਿ਼ਆਂ ਬਾਰੇ ਚਰਚਾ ਛੇੜਿਆ ਹੈ; ਪਰ ਉਸਨੇ ਇਸ ਵਿਸ਼ੇ ਬਾਰੇ ਗੱਲ ਨਹੀਂ ਕੀਤੀ ਕਿ ਗੁਰਦਵਾਰਾ ਰਾਜਨੀਤੀ ਨਾਲ ਸਬੰਧਤ ਲੋਕਾਂ ਨੇ ਧਰਮ ਅਤੇ ਰਾਜਨੀਤੀ ਦਾ ਸੁਮੇਲ ਕਰਕੇ ਪਿਛਲੇ ਤਿੰਨ ਦਹਾਕਿਆਂ ਵਿੱਚ ਜਿਹੜੀ ਮਨੁੱਖੀ ਤਬਾਹੀ ਮਚਾਈ ਹੈ ਉਸਦੇ ਫਲਸਰੂਪ ਸਮੁੱਚੀ ਕਮਿਊਨਿਟੀ ਲਈ ਭਵਿੱਖ ਵਿੱਚ ਭਿਆਨਕ ਨਤੀਜੇ ਨਿਕਲਣਗੇਨਵੀਂ ਪੌਦ ਦੇ ਦਿਮਾਗ਼ਾਂ ਵਿੱਚ ਧਾਰਮਿਕ ਜਨੂੰਨ ਦਾ ਜਿਹੜਾ ਜ਼ਹਿਰ ਭਰਿਆ ਗਿਆ ਹੈ ਉਸ ਕਾਰਨ ਸਮੁੱਚੀ ਕਮਿਊਨਿਟੀ ਅਗਾਂਹ ਜਾਣ ਦੀ ਥਾਂ ਪਿਛਾਂਹ ਵੱਲ ਜਾਏਗੀ

----

ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਸਿੰਮਲ ਰੁਖੁ ਸਰਾਇਰਾਇੱਕ ਨਿਵੇਕਲੀ ਸੁਰ ਵਾਲਾ ਨਾਵਲ ਹੈਧਰਮ ਅਤੇ ਰਾਜਨੀਤੀ ਦੇ ਵਿਸ਼ੇ ਨੂੰ ਲੈ ਕੇ ਕੈਨੇਡਾ ਦੇ ਹੋਰ ਕਿਸੇ ਪੰਜਾਬੀ ਲੇਖਕ ਨੇ ਅਜਿਹਾ ਨਾਵਲ ਲਿਖਣ ਦੀ ਜੁਰੱਅਤ ਨਹੀਂ ਕੀਤੀ; ਕਿਉਂਕਿ ਇਹ ਇੱਕ ਚੁਣੌਤੀਆਂ ਭਰਿਆ ਵਿਸ਼ਾ ਹੈਪਿਛਲੇ ਤਿੰਨ ਦਹਾਕਿਆਂ ਦੌਰਾਨ ਪੰਜਾਬ, ਇੰਡੀਆ ਵਿੱਚ ਧਾਰਮਿਕ ਕੱਟੜਵਾਦੀਆਂ ਵੱਲੋਂ ਚਲਾਈ ਗਈ ਦਹਿਸ਼ਤਗਰਦੀ ਦੀ ਲਹਿਰ ਨੇ ਇੰਡੀਆ ਦੇ ਨਾਲ ਨਾਲ ਕੈਨੇਡਾ, ਇੰਗਲੈਂਡ, ਅਮਰੀਕਾ ਅਤੇ ਯੋਰਪ ਦੇ ਹੋਰਨਾਂ ਦੇਸ਼ਾਂ ਵਿੱਚ ਵੀ ਕਾਫੀ ਹਲਚਲ ਮਚਾਈ ਸੀਕੈਨੇਡਾ ਵਿੱਚ ਵੀ ਪੰਜਾਬੀ ਲੇਖਕਾਂ, ਪੱਤਰਕਾਰਾਂ ਅਤੇ ਰਾਜਨੀਤੀਵਾਨਾਂ ਉੱਤੇ ਇਨ੍ਹਾਂ ਧਾਰਮਿਕ ਕੱਟੜਵਾਦੀਆਂ ਨੇ ਕਾਤਲਾਨਾ ਹਮਲੇ ਕੀਤੇ ਸਨਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਸ ਨਾਵਲ ਬਾਰੇ ਕੈਨੇਡਾ ਦੇ ਪੰਜਾਬੀ ਸਾਹਿਤਕ ਸਭਿਆਚਾਰਕ ਹਲਕਿਆਂ ਵਿੱਚ ਗੰਭੀਰ ਚਰਚਾ ਛਿੜਨਾ ਚਾਹੀਦਾ ਹੈ

ਸਿੰਮਲ ਰੁਖੁ ਸਰਾਇਰਾਇੱਕ ਨਿਵੇਕਲੀ ਸੁਰ ਵਾਲਾ ਪੰਜਾਬੀ ਨਾਵਲ ਲਿਖ ਕੇ ਕੈਨੇਡਾ ਦੇ ਚੇਤੰਨ, ਜਾਗਰੂਕ ਅਤੇ ਪ੍ਰਗਤੀਸ਼ੀਲ ਵਿਚਾਰਾਂ ਦੇ ਧਾਰਨੀ ਸੂਫ਼ੀ ਅਮਰਜੀਤ ਨੇ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਜ਼ਿਕਰਯੋਗ ਵਾਧਾ ਕੀਤਾ ਹੈ