ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ
ਕੈਨੇਡਾ ਦੇ 57 ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਸਮੀਖਿਆ ਦੀ ਕਿਤਾਬ 'ਕੈਨੇਡੀਅਨ ਪੰਜਾਬੀ ਸਾਹਿਤ' ਨੂੰ ਖ਼ਰੀਦਣ ਲਈ ਬਲੌਗ 'ਤੇ ਦਿੱਤੇ ਐਡਰੈਸ 'ਤੇ ਈਮੇਲ ਕਰੋ। ਸ਼ੁਕਰੀਆ।

ਤੁਹਾਡੇ ਧਿਆਨ ਹਿੱਤ - ਜ਼ਰੂਰੀ ਸੂਚਨਾ

ਸੂਚਨਾ: ਪ੍ਰਕਾਸ਼ਕ ਦੀ ਤਲਾਸ਼ :

ਆਪਣੀ ਹੁਣੇ ਇੰਡੀਆ ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ)’ ਨੂੰ ਮੈਂ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਕੈਨੇਡਾ ਵਿੱਚ ‘‘Canadian Punjabi Literature (Commentary)’’ ਨਾਮ ਦੀ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਨਾ ਚਾਹੁੰਦਾ ਹਾਂ। ਮੈਂ ਕਿਸੀ ਵਧੀਆ ਕੈਨੇਡੀਅਨ ਪ੍ਰਕਾਸ਼ਕ ਦੀ ਤਲਾਸ਼ ਕਰ ਰਿਹਾ ਹਾਂ। ਜੇਕਰ ਤੁਸੀਂ ਕਿਸੀ ਅਜਿਹੇ ਵਧੀਆ ਕੈਨੇਡੀਅਨ ਪ੍ਰਕਾਸ਼ਕ ਦਾ ਨਾਮ ਜਾਣਦੇ ਹੋ ਜੋ ਮੇਰੀ ਪੁਸਤਕ ਪ੍ਰਕਾਸ਼ਿਤ ਕਰ ਸਕਦਾ ਹੋਵੇ ਤਾਂ ਮੈਂ ਉਸ ਪ੍ਰਕਾਸ਼ਕ ਦਾ ਨਾਮ ਜਾਨਣਾ ਚਾਹਾਂਗਾ।

Sukhinder

Editor: SANVAD

Box 67089, 2300 Yonge St.

Toronto ON M4P 1E0

Tel. (416) 858-7077

Email: poet_sukhinder@hotmail.com

http://www.canadianpunjabiliterature.blogspot.com/



Tuesday, July 27, 2010

ਵਰਿਆਮ ਸਿੰਘ ਸੰਧੂ - ਕੈਨੇਡੀਅਨ ਪੰਜਾਬੀ ਸਾਹਿਤ’- ਪਹਿਲੀ ਆਲੋਚਨਾ-ਪੁਸਤਕ - ਲੇਖ

ਕੈਨੇਡੀਅਨ ਪੰਜਾਬੀ ਸਾਹਿਤ’- ਪਹਿਲੀ ਆਲੋਚਨਾ-ਪੁਸਤਕ

ਲੇਖ

ਸੁਖਿੰਦਰ ਬਹੁ-ਵਿਧਾਈ ਲੇਖਕ ਹੈ ਭਾਵੇਂ ਉਸਨੂੰ ਮੁੱਖ ਤੌਰ ‘ਤੇ ਕਵੀ ਵਜੋਂ ਹੀ ਜਾਣਿਆ ਜਾਂਦਾ ਹੈ। ਲਗਭਗ ਦਸ ਕਾਵਿ ਸੰਗ੍ਰਹਿ ਰਚਣ ਵਾਲੇ ਸੁਖਿੰਦਰ ਨੇ ਵਿਗਿਆਨ ਸੰਬੰਧੀ ਵੀ ਤਿੰਨ ਪੁਸਤਕਾਂ ਲਿਖੀਆਂ ਹਨ, ਇੱਕ ਪੁਸਤਕ ਬਾਲ ਸਾਹਿਤ ਨਾਲ ਵੀ ਸੰਬੰਧਿਤ ਹੈ। ਅੰਗਰੇਜ਼ੀ ਵਿਚ ਵੀ ਕਵਿਤਾਵਾਂ ਲਿਖੀਆਂ ਹਨ। ਕਵਿਤਾ ਦੀ ਇਕ ਪੁਸਤਕ ਸੰਪਾਦਤ ਕਰਨ ਤੋਂ ਇਲਾਵਾ ਸਾਹਿਤਕ ਮੈਗ਼ਜ਼ੀਨ ‘ਸੰਵਾਦ’ ਦੀ ਸੰਪਾਦਨਾ ਵੀ ਕਰ ਰਿਹਾ ਹੈ। ਕਨੇਡਾ ਵਿਚ ਰਚੇ ਜਾ ਰਹੇ ਪੰਜਾਬੀ ਸਾਹਿਤ ਬਾਰੇ ਸਮੇਂ ਸਮੇਂ ਉਸਦੇ ਆਲੋਚਨਾਤਮਕ ਲੇਖ ਵੀ ਅਖ਼ਬਾਰਾਂ/ਮੈਗ਼ਜ਼ੀਨਾਂ ਵਿਚ ਵੇਖਣ/ਪੜ੍ਹਨ ਨੂੰ ਮਿਲਦੇ ਰਹਿੰਦੇ ਹਨ। ਹੱਥਲੀ ਪੁਸਤਕ ‘ਕੈਨੀਡਅਨ ਪੰਜਾਬੀ ਸਾਹਿਤ’ਉਸਦੇ ਉਹਨਾਂ ਆਲੋਚਨਾਤਮਕ ਨਿਬੰਧਾਂ ਦਾ ਹੀ ਸੰਕਲਨ ਹੈ। ਇਸ ਪੁਸਤਕ ਵਿਚ ਉਸਨੇ ਕਨੇਡਾ ਦੇ ਵਿਭਿੰਨ ਭੁਗੋਲਿਕ ਖਿੱਤਿਆਂ ਵਿਚ ਵੱਸਦੇ 57 ਪੰਜਾਬੀ ਲੇਖਕਾਂ ਦੀਆਂ ਚਰਚਿਤ ਪੁਸਤਕਾਂ ਨੂੰ ਅਧਿਐਨ ਦਾ ਵਿਸ਼ਾ ਬਣਾਇਆ ਹੈ। ਇਹਨਾਂ ਵਿਚੋਂ 34 ਸ਼ਾਇਰ, ਅੱਠ ਕਹਾਣੀਕਾਰ, ਅੱਠ ਹੀ ਵਾਰਤਕ ਲੇਖਕ ਤੇ ਛੇ ਨਾਵਲਕਾਰ ਹਨ। ਇੱਕ ਨਾਟਕਕਾਰ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਗਿਆ ਹੈ। ਇਹਨਾਂ ਵਿਚੋਂ ਕੁਝ ਪੁਸਤਕਾਂ ਸੰਪਾਦਤ ਵੀ ਕੀਤੀਆਂ ਹੋਈਆਂ ਹਨ। ਉਦਾਹਰਣ ਵਜੋਂ ਹਰਜੀਤ ਦੌਧਰੀਆ ਵੱਲੋਂ ਸੰਪਾਦਿਤ ਵਾਰਤਕ ਦੀ ਪੁਸਤਕ ‘ਦਰਸ਼ਨ’ ਉਸਦੀ ਆਪਣੀ ਰਚਨਾ ਨਹੀਂ ਸਗੋਂ ਦਰਸ਼ਨ ਸਿੰਘ ਕਨੇਡੀਅਨ ਦੇ ਜੀਵਨ ਸਮਾਚਾਰਾਂ ਨੂੰ ਬਿਆਨਦੇ ਵਿਭਿੰਨ ਲੇਖਕਾਂ ਦੇ ਜੀਵਨੀ ਜਾਂ ਰੇਖਾ-ਚਿਤਰ ਨੁਮਾ ਲੇਖਾਂ ਦਾ ਸੰਗ੍ਰਹਿ ਹੈ। ਇੰਝ ਹੀ ਕਸ਼ਮੀਰਾ ਸਿੰਘ ਚਮਨ ਦਾ ਗ਼ਜ਼ਲ-ਸੰਗ੍ਰਹਿ ਸ਼ਮਸ਼ੇਰ ਸਿੰਘ ਸੰਧੂ ਦੁਆਰਾ ਸੰਪਾਦਿਤ ਕੀਤਾ ਹੋਇਆ ਹੈ ਤੇ ਬਲਬੀਰ ਮੋਮੀ ਨੇ ਆਪਣੀਆਂ ਲਿਖਤਾਂ ਵਿਚੋਂ ਕਹਾਣੀਆਂ, ਨਿਬੰਧ, ਰੇਖਾ-ਚਿਤਰ ਤੇ ਵਿਅੰਗ ਚੁਣ ਕੇ ਆਪ ਹੀ ਵਿਚਾਰ-ਅਧੀਨ ਪੁਸਤਕ ਦਾ ਸੰਪਾਦਨ ਕੀਤਾ ਹੈ। ਬਲਬੀਰ ਮੋਮੀ ਦੀ ਪੁਸਤਕ ਤੋਂ ਇਹ ਗੱਲ ਸਾਬਤ ਵੀ ਹੁੰਦੀ ਹੈ ਤੇ ਇਹ ਗੱਲ ਅਸੀਂ ਵੀ ਭਲੀ-ਭਾਂਤ ਜਾਣਦੇ ਹਾਂ ਕਿ ਇਹਨਾਂ ਚਰਚਾ-ਅਧੀਨ ਲੇਖਕਾਂ ਵਿਚੋਂ ਬਹੁਤ ਸਾਰੇ ਲੇਖਕ ਬਹੁ-ਵਿਧਾਈ ਲੇਖਕ ਵੀ ਹਨ। ਉਹ ਇੱਕੋ ਵੇਲੇ ਵੱਖ ਵੱਖ ਵਿਧਾਵਾਂ ਵਿਚ ਲਿਖ ਰਹੇ ਹਨ। ਪਰ ਲੇਖਕ ਨੇ ਉਹਨਾਂ ਦੇ ਕਿਸੇ ਇਕ ਰੂਪ ਨੂੰ ਹੀ ਪੇਸ਼ ਕੀਤਾ ਹੈ। ਪੁਸਤਕ ਦੀ ਆਪਣੀ ਨੌਈਅਤ ਮੁਤਾਬਕ ‘ਰਹਣੁ ਕਿਥਾਊ ਨਾਹਿ’ ਦੇ ਲੇਖਕ ਸੁਖਪਾਲ ਨੂੰ ਇੱਕੋ ਵੇਲੇ ਕਵੀ ਤੇ ਵਾਰਤਾਕਾਰ ਵਜੋਂ ਜਾਣਿਆ ਗਿਆ ਹੈ। ਇਹ ਵੀ ਜ਼ਰੂਰੀ ਨਹੀਂ ਕਿ ਲੇਖਕ ਦੀ ਜਿਹੜੀ ਵਿਧਾ ਦੀ ਪੁਸਤਕ ਚਰਚਾ ਅਧੀਨ ਹੈ, ਉਹ ਲੇਖਕ ਉਸ ਵਿਧਾ ਵਿਚ ਹੀ ਵਿਸ਼ੇਸ਼ਗ ਹੋਵੇ; ਸਗੋਂ ਕਈ ਸੂਰਤਾਂ ਵਿਚ ਤਾਂ ਸੰਬੰਧਿਤ ਲੇਖਕ ਜਾਣਿਆਂ ਤਾਂ ਕਿਸੇ ਹੋਰ ਵਿਧਾ ਦੇ ਲੇਖਕ ਵਜੋਂ ਜਾਂਦਾ ਹੈ ਪਰ ਏਥੇ ਉਸਦੀ ਅਜਿਹੀ ਵਿਧਾ ਵਾਲੀ ਪੁਸਤਕ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਹੜੀ ਵਿਧਾ ਕਿ ਸੰਬੰਧਿਤ ਲੇਖਕ ਦਾ ‘ਪਹਿਲਾ ਪਿਆਰ’ ਨਹੀਂ। ਮਸਲਨ: ਸਾਧੂ ਬਿਨਿੰਗ ਨੂੰ ਸਾਹਿਤਕ ਹਲਕਿਆਂ ਵਿਚ ਬਹੁਤਾ ਕਹਾਣੀਕਾਰ ਵਜੋਂ ਹੀ ਜਾਣਿਆਂ ਜਾਂਦਾ ਹੈ ਪਰ ਸੁਖਿੰਦਰ ਨੇ ਏਥੇ ਉਸਦਾ ਕਵੀ ਵਾਲਾ ਰੂਪ ਪੇਸ਼ ਕੀਤਾ ਹੈ। ਇਸ ਪੱਖੋਂ ਵੀ ਇਹ ਚੰਗੀ ਗੱਲ ਹੈ ਕਿਉਂਕਿ ਇਸਤਰ੍ਹਾਂ ਕਿਸੇ ‘ਵੱਖਰੀ ਵਿਧਾ’ ਵਿਚ ਕੀਤੇ ਲੇਖਕ ਦੇ ਯਤਨਾਂ ਨੂੰ ਸਰਾਹ ਕੇ ਉਸਦਾ ਉਸ ਸੰਬੰਧਿਤ ਵਿਧਾ ਨਾਲ ਪੱਕਾ ਤੇ ਗੂੜ੍ਹਾ ਨਾਤਾ ਜੋੜਨ ਵਿਚ ਸਹਾਇਤਾ ਮਿਲ ਸਕਦੀ ਹੈ।

------

ਸੁਖਿੰਦਰ ਦੇ ਆਪਣੇ ਕਹਿਣ ਮੁਤਾਬਕ ਕਨੇਡਾ ਵਿਚ ਦੋ ਸੌ ਦੇ ਲਗਭਗ ਪੰਜਾਬੀ ਲੇਖਕ ਕਾਰਜਸ਼ੀਲ ਹਨ। ਉਸਨੇ ਇਹਨਾਂ ਵਿਚੋਂ 57 ਲੇਖਕਾਂ ਦੀ ਚੋਣ ਕੀਤੀ ਹੈ। ਇਹਨਾਂ ਵਿਚੋਂ ਬਹੁਤ ਸਾਰੇ ਅਜਿਹੇ ਨਾਂ ਵੀ ਹਨ ਜਿਨ੍ਹਾਂ ਦਾ ਪੰਜਾਬੀ ਸਾਹਿਤ ਦੀ ਮੁਖਧਾਰਾ ਵਿਚ ਵੀ ਚੰਗਾ ਨਾਂ-ਥਾਂ ਹੈ। ਇਹਨਾਂ ਵਿਚੋਂ ਸ਼ਾਇਰ ਗੁਰਚਰਨ ਰਾਮਪੁਰੀ, ਸੁਖਮਿੰਦਰ ਰਾਮਪੁਰੀ; ਕਹਾਣੀਕਾਰ ਜਰਨੈਲ ਸਿੰਘ, ਵਾਰਤਕ-ਲੇਖਕ ਸੁਰਜਨ ਜ਼ੀਰਵੀ, ਬਹੁਵਿਧਾਈ ਲੇਖਕ ਰਵਿੰਦਰ ਰਵੀ ਤੇ ਬਲਬੀਰ ਸਿੰਘ ਮੋਮੀ ਅਤੇ ਨਿਸਬਤਨ ਨਵੇਂ ਪਰ ਚੰਗੇ ਲੇਖਕ ਸੁਖਪਾਲ, ਕੁਲਜੀਤ ਮਾਨ ਤੇ ਇੰਝ ਹੀ ਕੁਝ ਹੋਰ ਲੇਖਕ ਪੰਜਾਬੀ ਸਾਹਿਤ ਦੀ ਮੁੱਖਧਾਰਾ ਵਿਚ ਵੀ ਆਦਰਯੋਗ ਥਾਂ ਰੱਖਦੇ ਹਨ। ਸੁਖਿੰਦਰ ਨੇ ਕੁਝ ਘੱਟ ਚਰਚਿਤ ਚਿਹਰਿਆਂ ਨਾਲ ਵੀ ਸਾਡੀ ਜਾਣ-ਪਛਾਣ ਕਰਵਾਈ ਹੈ। ਚੋਣ ਦਾ ਆਧਾਰ ਉਸਦਾ ਨਿੱਜੀ ਹੈ। ਉਸਨੇ ਬਹੁਤ ਸਾਰੇ ਉਹਨਾਂ ਚਰਚਿਤ ਕਨੇਡੀਅਨ ਲੇਖਕਾਂ ਨੂੰ ਇਸ ਵਿਚ ਸ਼ਾਮਿਲ ਨਹੀਂ ਕੀਤਾ ਜਿਹੜੇ ਕਨੇਡੀਅਨ ਪੰਜਾਬੀ ਸਾਹਿਤ ਦੇ ਜਾਣੇ ਪਛਾਣੇ ਨਾਂ ਹਨ। ਇਹਨਾਂ ਵਿਚ ਅਮਨਪਾਲ ਸਾਰਾ, ਨਵਤੇਜ ਭਾਰਤੀ, ਅਜਮੇਰ ਰੋਡੇ, ਇਕਬਾਲ ਰਾਮੂਵਾਲੀਆ ਤੇ ਅਸਲੋਂ ਨਵਿਆਂ ਵਿਚੋਂ ਬਹੁਚਰਚਿਤ ਕਥਾਕਾਰ ਹਰਪ੍ਰੀਤ ਸੇਖਾ ਦੇ ਨਾਂ ਸ਼ਾਮਲ ਕੀਤੇ ਜਾ ਸਕਦੇ ਹਨ। ਸੁਖਿੰਦਰ ਆਪਣੀ ਚੋਣ ਨੂੰ ਨਿਆਂ ਸੰਗਤ ਠਹਿਰਾਉਂਦਾ ਹੋਇਆ ਆਖਦਾ ਹੈ, “ਇਹਨਾਂ ਲੇਖਕਾਂ ਦੀ ਚੋਣ ਕਰਨ ਵੇਲੇ ਇਸ ਗੱਲ ਦਾ ਵੀ ਧਿਆਨ ਰੱਖਿਆ ਗਿਆ ਕਿ ਇਹ ਪੁਸਤਕ ਮਹਿਜ਼ ਉਹਨਾਂ ਲੇਖਕਾਂ ਬਾਰੇ ਹੀ ਨਾ ਬਣ ਜਾਵੇ ਜਿਹੜੇ ਕਿ ਪਹਿਲਾਂ ਹੀ ਚਰਚਿਤ ਹਨ, ਇਸ ਲਈ ਇਸ ਪੁਸਤਕ ਵਿਚ ਕੁਝ ਉਹ ਲੇਖਕ ਵੀ ਸ਼ਾਮਲ ਕੀਤੇ ਗਏ ਹਨ, ਜੋ ਕਿ ਅਜੇ ਪਾਠਕਾਂ ਦਾ ਧਿਆਨ ਨਹੀਂ ਖਿੱਚ ਸਕੇ। ਇਸੇਤਰ੍ਹਾਂ ਕੁਝ ਬਿਲਕੁਲ ਹੀ ਨਵੇਂ ਲੇਖਕਾਂ ਨੂੰ ਉਤਸ਼ਾਹ ਦੇਣ ਲਈ ਇਸ ਪੁਸਤਕ ਵਿਚ ਸ਼ਾਮਿਲ ਕੀਤਾ ਗਿਆ ਹੈ।”

-----

ਉਸਦੀ ਚੋਣ ਦੇ ਤਰਕ ਨੂੰ ਆਦਰ ਦਿੰਦਿਆਂ ਹੋਇਆਂ ਵੀ ਸਾਡਾ ਮੱਤ ਹੈ ਕਿ ਜੇ ਕੁਝ ਹੋਰ ਜ਼ਿਕਰਯੋਗ ਲੇਖਕ ਇਸ ਪੁਸਤਕ ਵਿਚ ਸ਼ਾਮਲ ਕਰ ਲਏ ਜਾਂਦੇ ਤਾਂ ਪੁਸਤਕ ਹੋਰ ਵੀ ਵੱਡਾ ਸਾਹਿਤਕ ਮੁੱਲ ਇਖ਼ਤਿਆਰ ਕਰ ਸਕਦੀ ਸੀ। ਪਰ ਉਹਨਾਂ ਲੇਖਿਕਾ ਦੀ ਗ਼ੈਰ-ਸ਼ਮੂਲੀਅਤ ਨਾਲ ਇਸ ਪੁਸਤਕ ਦਾ ਮਹੱਤਵ ਤੇ ਮੁੱਲ ਘਟ ਗਿਆ ਹੋਵੇ ਅਜਿਹੀ ਗੱਲ ਵੀ ਬਿਲਕੁਲ ਨਹੀਂ। ਸਗੋਂ ਸਾਨੂੰ ਸੁਖਿੰਦਰ ਨੂੰ ਦਾਦ ਦੇਣੀ ਬਣਦੀ ਹੈ ਕਿ ਉਸਨੇ ਪਹਿਲੀ ਵਾਰ ਇਸ ਪੁਸਤਕ ਦੇ ਮਾਧਿਅਮ ਰਾਹੀਂ ਕਨੇਡੀਅਨ ਪੰਜਾਬੀ ਸਾਹਿਤ ‘ਤੇ ਸਾਡੀ ਸੰਗਠਿਤ ਤੇ ਸਮੁੱਚੀ ਝਾਤ ਪੁਆਈ ਹੈ। ਇਸ ਰਾਹੀਂ ਸਾਨੂੰ ਪਹਿਲੀ ਵਾਰ ਏਨੇ ਵੱਡੇ ਪੱਧਰ ‘ਤੇ ਜਾਣਕਾਰੀ ਮਿਲੀ ਹੈ ਕਿ ਕਨੇਡਾ ਵਿਚ ਵੱਖ ਵੱਖ ਵਿਧਾਵਾਂ ਵਿਚ ਕਿੰਨੇ ਤੇ ਕਿਹੋ ਜਿਹੇ ਲੇਖਕ ਇਕ ਟੀਮ ਵਜੋਂ ਕਾਰਜਸ਼ੀਲ ਹੋ ਕੇ ਕਨੇਡੀਅਨ ਪੰਜਾਬੀ ਸਾਹਿਤ ਦਾ ਮੂੰਹ-ਮੱਥਾ ਬਣਾਉਣ ਤੇ ਸਵਾਰਨ ਵਿਚ ਜੁੱਟੇ ਹੋਏ ਹਨ। ਵੱਖ ਵੱਖ ਵਿਧਾਵਾਂ ਦੇ ਚੁਨਿੰਦਾ ਤੇ ਚੰਗੇ ਲੇਖਕਾਂ ਨੂੰ ਚਰਚਾ ਅਧੀਨ ਲਿਆ ਕੇ ਸੁਖਿੰਦਰ ਨੇ ਵਿਭਿੰਨ ਵਿਧਾਵਾਂ ਵਿਚ ਹੋ ਰਹੇ ਕੰਮ ਨੂੰ ਰੌਸ਼ਨੀ ਵਿਚ ਲਿਆਂਦਾ ਹੈ। ਕਿਸੇ ਕੱਥ ਜਾਂ ਵੱਥ ਦੇ ਸਮੁੱਚ ਨੂੰ ਜਾਨਣ ਤੇ ਪਛਾਨਣ ਲਈ ਅਕਸਰ ਉਸਦੇ ਚੋਣਵੇਂ ਅੰਸ਼ਾਂ ਨੂੰ ‘ਦੇਗ਼ ‘ਚੋਂ ਦਾਣਾ ਟੋਹਣ’ ਵਾਂਗ ਪੇਸ਼ ਕੀਤਾ ਜਾਂਦਾ ਹੈ ਪਰ ਸੁਖਿੰਦਰ ਨੇ ਤਾਂ ‘ਇੱਕ ਚੌਥਾਈ ਪੱਕੀ ਪਕਾਈ ਦੇਗ਼’ ਸਾਡੇ ਸਾਹਮਣੇ ਲਿਆ ਰੱਖੀ ਹੈ, ਇਹ ਕੋਈ ਛੋਟੀ ਗੱਲ ਨਹੀਂ। ਇਸਤੋਂ ਪਹਿਲਾਂ ਕਨੇਡੀਅਨ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਅਜਿਹੀ ਘਟਨਾ ਨਹੀਂ ਵਾਪਰੀ ਕਿ ਕਨੇਡੀਅਨ ਪੰਜਾਬੀ ਸਾਹਿਤ ਦਾ ਅਜਿਹਾ ਸੰਗਠਿਤ ਬਿੰਬ ਪ੍ਰਸਤੁਤ ਹੋਇਆ ਹੋਵੇ। ਇਹ ਕਨੇਡੀਅਨ ਪੰਜਾਬੀ ਆਲੋਚਨਾ ਦੀ ਪਹਿਲੀ ਪੁਸਤਕ ਹੈ। ਇਸ ਕਰਕੇ ਇਹ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਮ ਕਰਕੇ ਤੇ ਕਨੇਡੀਅਨ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਖ਼ਾਸ ਕਰਕੇ ਇੱਕ ਮਹੱਤਵਪੂਰਨ ਸਾਹਿਤਕ ਘਟਨਾ ਵਜੋਂ ਯਾਦ ਰੱਖੀ ਜਾਵੇਗੀ।

------

ਇਸ ਆਲੋਚਨਾ ਪੁਸਤਕ ਦਾ ਇਸ ਪੱਖੋਂ ਵੀ ਇਤਿਹਾਸਕ ਮਹੱਤਵ ਹੈ ਕਿ ਇਸਨੇ ਮੁੱਖਧਾਰਾ ਦੀ ਪੰਜਾਬੀ ਆਲੋਚਨਾ ਦੇ ਸਾਮਰਾਜ ਦੀ ਜਕੜ ਨੂੰ ਪਹਿਲੀ ਵਾਰ ਤੋੜਿਆ ਹੈ। ਜਿੱਥੇ ਵੀ ਤੇ ਜਿਸ ਵਿਧਾ ਵਿਚ ਵੀ ਕੋਈ ਸਾਹਿਤ ਰਚਿਆ ਜਾ ਰਿਹਾ ਹੋਵੇ ਤਾਂ ਉਸਦੀ ਪਹਿਲੀ ਲੋੜ ਓਥੇ ਤੇ ਓਸ ਵਿਧਾ ਵਿਚ ਆਪਣੇ ਆਲੋਚਕ ਵੀ ਪੈਦਾ ਕਰਨ ਦੀ ਹੁੰਦੀ ਹੈ। ਇਹ ਵਾਜਬ ਨਹੀਂ ਕਿ ਕੋਈ ਲੇਖਕ ਸਾਹਿਤ ਤਾਂ ਕਨੇਡਾ ਵਿਚ ਲਿਖੇ ਤੇ ਉਸਦਾ ਮੁਲਾਂਕਣ ਤੇ ਵਿਸ਼ਲੇਸ਼ਣ ਕਰਨ/ਕਰਾਉਣ ਲਈ ਭਾਰਤ/ਪੰਜਾਬ ਦੇ ਆਲੋਚਕਾਂ ਦੇ ਮੂੰਹ ਵੱਲ ਵੇਖੇ ਜਾਂ ਉਹਨਾਂ ਦੇ ਤਰਲੇ ਲਵੇ; ਉਹਨਾਂ ਕੋਲ ਓਥੇ ਜਾਵੇ ਤੇ ਉਹਨਾਂ ਦੀ ਸੇਵਾ ਕਰੇ ਤੇ ਜਾਂ ਉਹਨਾਂ ਨੂੰ ਆਪਣੇ ਖ਼ਰਚੇ ‘ਤੇ ‘ਬਾਹਰ’ ਸਦਵਾਏ ਤੇ ਆਪਣੀ ਚਰਚਾ ਕਰਵਾਏ ਤੇ ਉਸਦੀ ਪ੍ਰਾਹੁਣਚਾਰੀ ਦਾ ਜ਼ਿੰਮਾ ਵੀ ਲਵੇ। ਇਹ ਬਿਲਕੁਲ ਉਸਤਰ੍ਹਾਂ ਹੀ ਹੈ ਜਿਵੇਂ ਇਰਾਕ, ਅਫ਼ਗਾਨਸਿਤਾਨ ਜਾਂ ਹੋਰ ਮੁਲਕਾਂ ਵਿਚ ਜਾ ਕੇ ਅਮਰੀਕਾ ਦੱਸੇ ਕਿ ਓਥੇ ਕਿਹੋ ਜਿਹਾ ਪਰਬੰਧ ਹੈ ਤੇ ਕਿਹੋ ਜਿਹਾ ਉਹ ਖ਼ੁਦ ਹੋਣਾ ਤੇ ਵੇਖਣਾ ਚਾਹੁੰਦਾ ਹੈ। ਏਸੇ ਕਰਕੇ ਮੈਂ ਇਸਨੂੰ ‘ਆਲੋਚਨਾ ਦਾ ਸਾਮਰਾਜ’ ਆਖਦਾ ਹਾਂ। ਸੁਖਿੰਦਰ ਨੇ ਪਹਿਲੀ ਵਾਰ ਦਖ਼ਲ ਦੇ ਕੇ ਇਸ ਸਾਮਰਾਜ ਵਿਚ ਮਘੋਰਾ ਕਰ ਦਿੱਤਾ ਹੈ। ਉਂਝ ਵੀ ਕਿਸੇ ਵਿਸ਼ੇਸ਼ ਭੁਗੋਲਿਕ ਖਿੱਤੇ ਵਿਚ ਰਚੇ ਜਾਂਦੇ ਸਾਹਿਤ ਦਾ ਮੁਲਾਂਕਣ ਤੇ ਵਿਸ਼ਲੇਸ਼ਣ ਕਰਨ ਲਈ ‘ਆਪਣੇ ਆਲੋਚਕ’ ਦੀ ਲੋੜ ਇਸ ਕਰਕੇ ਵੀ ਹੁੰਦੀ ਹੈ ਕਿ ਉਹ ‘ਆਪਣਾ ਆਲੋਚਕ’ ਹੀ ਉਸ ਖਿੱਤੇ ਦੇ ਜੀਵਨ ਤੇ ਸਮੱਸਿਆਵਾਂ ਬਾਰੇ ਪ੍ਰਮਾਣਿਕ ਜਾਣਕਾਰੀ ਰੱਖ ਸਕਦਾ ਹੈ। ਬਾਹਰੋਂ ਆਏ ਆਲੋਚਕ ਕੋਲ ਉਸ ਸਾਹਿਤ ਦੀ ਕਿਸੇ ਵਿਸ਼ੇਸ਼ ਵਿਧਾ ਦੀ ਕਲਾਤਮਕਤਾ ਨੂੰ ਪਛਾਨਣ ਵਾਲੀ ‘ਦੂਰ-ਦ੍ਰਿਸ਼ਟੀ’ ਤਾਂ ਹੋ ਸਕਦੀ ਹੈ ਪਰ ਉਸ ਖਿੱਤੇ ਦੇ ਸਾਹਿਤ ਵਿਚ ਪੇਸ਼ ਸੰਬੰਧਿਤ ਜੀਵਨ ਬਾਰੇ ‘ਨਿਕਟ-ਦ੍ਰਿਸ਼ਟੀ’ ਦੀ ਅਣਹੋਂਦ ਕਾਰਨ ਉਹ ਸੰਬੰਧਿਤ ਸਾਹਿਤ ਦਾ ਸ਼ਾਇਦ ਏਨਾ ਸਹੀ ਮੁਲਾਂਕਣ ਨਹੀਂ ਕਰ ਸਕਦਾ। ਇਸ ਮਕਸਦ ਦੀ ਪੂਰਤੀ ਉਸ ਵਿਸ਼ੇਸ਼ ਖਿੱਤੇ ਦਾ ‘ਆਪਣਾ ਆਲੋਚਕ’ ਹੀ ਸ਼ਾਇਦ ਵਧੇਰੇ ਚੰਗੀ ਤਰ੍ਹਾਂ ਕਰ ਸਕਦਾ ਹੈ, ਬਸ਼ਰਤੇ ਕਿ ਉਸ ਕੋਲ ਆਲੋਚਨਾਤਮਕ ਪ੍ਰਤਿਭਾ ਦੀ ਅਣਹੋਂਦ ਨਾ ਹੋਵੇ। ਕਨੇਡੀਅਨ ਪੰਜਾਬੀ ਸਾਹਿਤ ਦੇ ਧੰਨਭਾਗ ਹਨ ਕਿ ਉਸਨੂੰ ਇਸ ਪੁਸਤਕ ਦੇ ਮਾਧਿਅਮ ਰਾਹੀਂ ਪਹਿਲੀ ਵਾਰ ਉਸਦਾ ‘ਆਪਣਾ ਆਲੋਚਕ’ ਪ੍ਰਾਪਤ ਹੋਇਆ ਹੈ। ਇਸ ਪਹਿਲ-ਪਲੱਕੜੀ ਪਾਈ ਇਤਿਹਾਸਕ ਪੈੜ ਦੇ ਪਿੱਛੇ ਪੈਰ ਰੱਖ ਕੇ ਤੁਰਨ ਲਈ ਸੁਖਿੰਦਰ ਨੇ ਭਵਿੱਖ ਦੇ ਕਨੇਡੀਅਨ ਪੰਜਾਬੀ ਆਲੋਚਕਾਂ ਨੂੰ ਰਾਹ ਵੀ ਵਿਖਾਇਆ ਹੈ।

-----

ਅੱਜ ਜਦੋਂ ਸਾਰਾ ਸੰਸਾਰ ਮੰਡੀ ਕੀਮਤਾਂ ਦੇ ਜਕੜ-ਜੰਜਾਲ ਵਿਚ ਫ਼ਸ ਕੇ ਰਹਿ ਗਿਆ ਹੈ ਤੇ ਮਨੁੱਖ ਅਤੇ ਰਿਸ਼ਤੇ ਵੀ ਖ਼ਰੀਦੇ ਜਾਣ ਵਾਲੀ ਵਸਤ ਤੱਕ ਘਟ ਜਾਂ ਘਟਾ ਦਿੱਤੇ ਗਏ ਹਨ, ਉਸ ਸਮੇਂ ਵਿਚ ਕੋਈ ਕਾਰਜ ਇਸ ਮਨਸ਼ਾ ਨਾਲ ਕਰਨਾ ਕਿ ਉਸ ਵਿਚ ਲੇਖਕ ਨੂੰ ਕਿਸੇ ਕਿਸਮ ਦਾ ਮੁਨਾਫ਼ਾ ਹਾਸਿਲ ਨਾ ਹੋਣਾ ਹੋਵੇ, ਬਹੁਤੀ ਵਾਰ ਸੰਭਵ ਵਿਖਾਈ ਨਹੀਂ ਦਿੰਦਾ। ਇਸ ਪੁਸਤਕ ਨੂੰ ਸਿਰਜਿਦਿਆਂ ਤੇ ਛਾਪਦਿਆਂ ਸੁਖਿੰਦਰ ਨੂੰ ਕਿਸੇ ਅਜਿਹੇ ‘ਮੁਨਾਫ਼ੇ’ ਦੀ ਝਾਕ ਨਹੀਂ। ਉਸਨੇ ਨਿਰੋਲ ਬੇਗ਼ਰਜ਼ ਭਾਵਨਾ ਨਾਲ ਇਸ ਪੁਸਤਕ ਨੂੰ ਕੇਵਲ ਇਸ ਕਰਕੇ ਰਚਿਆ ਹੈ ਕਿ ਇਸ ਨਾਲ ਇਕ ਤਾਂ ਸਮੁੱਚੇ ਕਨੇਡੀਅਨ ਪੰਜਾਬੀ ਸਾਹਿਤ ਦਾ ਇੱਕ ਸੰਗਠਿਤ ਬਿੰਬ ਉਜਾਗਰ ਹੋ ਸਕੇ ਤੇ ਦੂਜਾ ਕਨੇਡੀਅਨ ਪੰਜਾਬੀ ਆਲੋਚਨਾ ਦਾ ਮੁੱਢ ਬੰਨ੍ਹਿਆਂ ਜਾ ਸਕੇ। ਹਾਂ, ਪਹਿਲੇ ਕਨੇਡੀਅਨ ਪੰਜਾਬੀ ਆਲੋਚਕ ਵਜੋਂ ਆਪਣੀ ਪੈਂਠ ਬਨਾਉਣ ਦੀ ਭਾਵਨਾ ਜ਼ਰੂਰ ਇਸ ਪਿੱਛੇ ਕਾਰਜਸ਼ੀਲ ਹੋ ਸਕਦੀ ਹੈ ਪਰ ਇਸ ਭਾਵਨਾ ਨੂੰ ਕਿਸੇ ਵੀ ਤਰੀਕੇ ਨਾਲ ਮੰਡੀ ਕੀਮਤਾਂ ਦੇ ਲਾਲਚ ਨਾਲ ਨਹੀਂ ਜੋੜਿਆ ਜਾ ਸਕਦਾ। ਇਸ ਬੇਗ਼ਰਜ਼ ਕਾਰਜ-ਸਿਧੀ ਲਈ ਵੀ ਸੁਖਿੰਦਰ ਵਧਾਈ ਦਾ ਪਾਤਰ ਹੈ।

-----

ਇਹ ਪੁਸਤਕ ਕਿਉਂਕਿ ‘ਕਨੇਡੀਅਨ ਪੰਜਾਬੀ ਸਾਹਿਤ’ ਦੀ ਸਮੀਖਿਆ ਨਾਲ ਸੰਬੰਧਿਤ ਹੈ, ਇਸ ਲਈ ਇਸਦਾ ਪਾਠਕ ਸਭ ਤੋਂ ਪਹਿਲਾਂ ਇਹ ਵੇਖਣਾ ਜਾਂ ਜਾਨਣਾ ਚਾਹਵੇਗਾ ਕਿ ‘ਕਨੇਡੀਅਨ ਪੰਜਾਬੀ ਸਾਹਿਤ’ ਦੇ ਪਛਾਣ-ਚਿੰਨ੍ਹ ਕੀ ਹਨ। ਇਸ ਸਾਹਿਤ ਨੂੰ ‘ਕਨੇਡੀਅਨ’ ਅਖਵਾਉਣ ਲਈ ਜ਼ਰੂਰੀ ਹੈ ਕਿ ਜਿੱਥੇ ਇਸ ਵਿੱਚ ਕਨੇਡਾ ਦੇ ਭੂਗੋਲ, ਪ੍ਰਕਿਰਤੀ, ਸ਼ਹਿਰਾਂ, ਥਾਵਾਂ, ਮੌਸਮ ਆਦਿ ਦੇ ਦਿੱਖ ਦੀ ਪੱਧਰ ਵਾਲੇ ਹਵਾਲੇ ਹੋਣ ਓਥੇ ਇਸ ਮੁਲਕ ਦੇ ਬਹੁ-ਸਭਿਆਚਾਰਕ ਸਰੂਪ ਦੇ ਪਰਸੰਗ ਵਿੱਚ ‘ਪੰਜਾਬੀਆਂ’ ਅਤੇ ‘ਪੱਛਮੀ’ ਲੋਕਾਂ ਦੀ ਦਵੰਦਾਤਮਕ ਰਿਸ਼ਤਗੀ ਦੇ ਬਿਰਤਾਂਤ ਤੋਂ ਇਲਾਵਾ ਵਿਸ਼ੇਸ਼ ਪਰਕਾਰ ਦੀ ਕਨੇਡੀਅਨ ਜੀਵਨ-ਸ਼ੈਲੀ ਦਾ (ਟਰੈਫ਼ਿਕ, ਪੁਲਿਸ ਪ੍ਰਬੰਧ, ਮਾਲਜ਼, ਵਿਦਿਅਕ ਮਾਹੌਲ, ਸਿਹਤ ਸੇਵਾਵਾਂ, ਰੁਜ਼ਗਾਰ, ਰਾਜਨੀਤੀ ਜਾਂ ਧਾਰਮਿਕ ਵਿਸ਼ਵਾਸ ਵਗ਼ੈਰਾ ਆਦਿ ਦਾ ਸੰਕੇਤਿਕ) ਸਜਿੰਦ ਚਿੱਤਰ ਵੀ ਹੋਵੇ ਅਤੇ ਕਨੇਡਾ ਆਣ ਵੱਸੇ ਪੰਜਾਬੀਆਂ ਦੇ ਉਹਨਾਂ ਜੀਵਨ ਸਰੋਕਾਰਾਂ ਦੀ ਕਹਾਣੀ ਵੀ ਕਹੀ ਹੋਵੇ ਜਿਹੜੇ ਸਰੋਕਾਰ; ਜੇ ਉਹ ਲੋਕ ਕਨੇਡਾ ਵਿੱਚ ਨਾ ਆਉਂਦੇ ਤਾਂ, ਕਦੀ ਪੰਜਾਬੀ ਸਾਹਿਤ ਦਾ ਵਿਸ਼ਾ-ਵਸਤੂ ਨਹੀਂ ਸਨ ਬਣਨੇ। ਭਾਵੇਂ ਬਹੁਤੇ ਪਰਵਾਸੀ ਪੰਜਾਬੀਆਂ ਦੇ ਪੱਛਮੀ ਰਹਿਤਲ ਨਾਲ ਸੰਵਾਦ-ਵਿਵਾਦ ਵਿੱਚ ਪੈਣ ਵਾਲੇ ਵਧੇਰੇ ਸਰੋਕਾਰ ਬਹੁਤ ਹੱਦ ਤੱਕ ਸਾਂਝੇ ਹੀ ਹੋਣਗੇ (ਹੇਰਵਾ, ਨਸਲੀ ਵਿਤਕਰਾ, ਪੀੜ੍ਹੀ-ਪਾੜਾ, ਸਭਿਆਚਾਰਕ ਤਣਾਓ, ਸਭਿਆਚਾਰਕ ਅਨੁਕੂਲਣ ਆਦਿ) ਫਿਰ ਵੀ ਉਹਨਾਂ ਮੁਲਕਾਂ ਵਿੱਚ ਵੱਸਦੇ ਲੇਖਕਾਂ ਦੇ ਵਿਸ਼ੇਸ਼ ਲਿਖਣ-ਅੰਦਾਜ਼, ਰਚਨਾਤਮਕ-ਦ੍ਰਿਸ਼ਟੀ, ਪ੍ਰਤਿਭਾ ਅਨੁਸਾਰ ਆਪਣੇ ਅਵਾਸ ਦੇ ਮੁਲਕ ਦੇ ਨਿਰੋਲ ਨਿੱਜੀ ਪਛਾਣ-ਚਿੰਨ੍ਹਾਂ ਦੇ ਜ਼ਿਕਰ ਦੇ ਹਵਾਲੇ ਨਾਲ ਉਸ ਸਾਹਿਤ ਨੂੰ ਕਨੇਡੀਅਨ ਪੰਜਾਬੀ ਸਾਹਿਤ ਨਾਲੋਂ ਨਿਖੇੜਿਆ ਜਾ ਸਕਦਾ ਹੈ। ਫਿਰ ਵੀ ‘ਅਮਰੀਕੀ ਪੰਜਾਬੀ ਸਾਹਿਤ’ ਨਾਲੋਂ ‘ਕਨੇਡੀਅਨ ਪੰਜਾਬੀ ਸਾਹਿਤ’ ਨੂੰ ਨਿਖੇੜਨ ਲਈ ਸ਼ਾਇਦ ਬਾਹਰੀ ਹਵਾਲਿਆਂ ਤੋਂ ਇਲਾਵਾ ਕੇਵਲ ਲੇਖਕ ਦੇ ‘ਕਨੇਡੀਅਨ ਪੰਜਾਬੀ’ ਜਾਂ ‘ਅਮਰੀਕਨ ਪੰਜਾਬੀ’ ਹੋਣ ਦੇ ਹਵਾਲਿਆਂ ਨਾਲ ਹੀ ਨਿਖੇੜਿਆ ਜਾ ਸਕਦਾ ਹੈ।

-----

ਭਾਵੇਂ ਕਿ ਅਜਿਹੀ ਇਤਿਹਾਸਕ ਮਹੱਤਵ ਵਾਲੀ ਪੁਸਤਕ ਵਿਚ ਲੇਖਕ ਤੋਂ ਇਹ ਉਮੀਦ ਕੀਤੀ ਜਾਣੀ ਵਾਜਬ ਹੈ ਕਿ ਉਹ ਮੁਖ-ਬੰਧ ਵਿਚ ਨਿਰਣਾਜਨਕ ਢੰਗ ਨਾਲ ਕਨੇਡੀਅਨ ਪੰਜਾਬੀ ਸਾਹਿਤ ਦੇ ਪਛਾਣ ਤੇ ਨਿਖੇੜ-ਚਿੰਨ੍ਹਾਂ ਬਾਰੇ ਚਰਚਾ ਕਰਦਾ ਤੇ ਇਹ ਵੀ ਦੱਸਦਾ ਕਿ ਇਸਨੂੰ ਹੋਰ ਮੁਲਕਾਂ ਵਿਚ ਅਤੇ ਪੰਜਾਬ/ਭਾਰਤ ਵਿਚ ਲਿਖੇ ਜਾ ਰਹੇ ਸਾਹਿਤ ਨਾਲੋਂ ਕਿਵੇਂ ਵਖਰਿਆਇਆ ਜਾ ਸਕਦਾ ਹੈ। ਲੇਖਕ ਅਜਿਹੀ ਲੋੜ ਨੂੰ ਮੁੱਖ-ਬੰਧ ਵਿਚ ਸੰਕੇਤਿਕ ਤੌਰ ‘ਤੇ ਹੀ ਪੂਰਿਆਂ ਕਰਦਾ ਹੈ। ਉਹ ਜਾਣਦਾ ਹੈ ਕਿ , ‘ਕਨੇਡੀਅਨ ਸਮਾਜ ਵਿਚ ਹੋਰਨਾਂ ਪੱਛਮੀ ਦੇਸ਼ਾਂ ਨਾਲੋਂ ਕਈ ਗੱਲਾਂ ਵੱਖਰੀਆਂ ਹਨ’ ਅਤੇ ਇਸ ਵੱਖਰੇਪਨ ਨੂੰ ਉਹ ਕਨੇਡਾ ਦੇ ‘ਬਹੁ-ਸਭਿਆਚਾਰਕ’ ਸਮਾਜ ਵਜੋਂ ਪਛਾਣਦਾ ਹੈ ਤੇ ਇਸ ਸਮਾਜ ਦੀਆਂ ਪ੍ਰਾਪਤੀਆਂ ਤੇ ਵਿਸੰਗਤੀਆਂ ਦੀ ਪੇਸ਼ਕਾਰੀ ਨੂੰ ਕਨੇਡੀਅਨ ਪੰਜਾਬੀ ਸਾਹਿਤ ਦਾ ਮੁੱਖ ਪਛਾਣ-ਚਿੰਨ੍ਹ ਨਿਰਧਾਰਤ ਕਰਦਾ ਹੈ। ਪਰ ਸਾਹਿਤ ਦੀਆਂ ਵਿਭਿੰਨ ਵਿਧਾਵਾਂ ਦੇ ਸਮੁਚੇ ਹਵਾਲੇ ਨਾਲ ਜੇ ਇਹਨਾਂ ਪਛਾਣ-ਚਿੰਨ੍ਹਾਂ ਦੀ ਨਿਸ਼ਾਨਦੇਹੀ ਕੀਤੀ ਜਾਂਦੀ ਤਾਂ ਵਧੇਰੇ ਸਾਰਥਿਕ ਗੱਲ ਹੋਣੀ ਸੀ। ਇਸੇ ਕਰਕੇ ਇਹਨਾਂ ਨਿਖੇੜ-ਚਿੰਨ੍ਹਾਂ ਨੂੰ ਜਾਨਣ ਪਛਾਨਣ ਲਈ ਪਾਠਕ ਨੂੰ ਵੱਖ ਵੱਖ ਲੇਖਕਾਂ ਦੀਆਂ ਰਚਨਾਵਾਂ ਬਾਰੇ ਕੀਤੀ ਚਰਚਾ ਵਿਚ ਡੂੰਘਾ ਉੱਤਰਨਾ ਪੈਂਦਾ ਹੈ। ਲੋੜ ਇਸ ਗੱਲ ਦੀ ਵੀ ਸੀ ਕਿ ਸਾਡਾ ਆਲੋਚਕ ਵਿਭਿੰਨ ਵਿਧਾਵਾਂ ਵਿਚ ਲਿਖੇ ਜਾ ਰਹੇ ਸਾਹਿਤ ਦੀ ਵਿਲੱਖਣਤਾ ਤੇ ਵੱਖਰਤਾ ਬਾਰੇ ਕੋਈ ਜਚਵਾਂ ਨਿਰਣਾ ਦਿੰਦਾ ਅਤੇ ਦੱਸਦਾ ਕਿ ਕਨੇਡੀਅਨ ਪੰਜਾਬੀ ਕਵਿਤਾ, ਨਾਵਲ, ਕਹਾਣੀ, ਨਾਟਕ ਜਾਂ ਵਾਰਤਕ ਦੀਆਂ ਵਿਧਾਵਾਂ ਸਮੁੱਚੇ ਤੌਰ ‘ਤੇ ਕਿਸ ਪੱਧਰ ਦੀਆਂ ਹਨ ਅਤੇ ਇਹਨਾਂ ਵਿਧਾਵਾਂ ਨੂੰ ਮੁੱਖ ਧਾਰਾ ਵਿਚ ਲਿਖੇ ਜਾ ਰਹੇ ਸਾਹਿਤ ਦੇ ਤੁੱਲ ਕਿੱਥੇ ਕੁ ਰੱਖਿਆ ਜਾ ਸਕਦਾ ਹੈ ਅਤੇ ਉਸ ‘ਪੱਧਰ’ ਨੂੰ ਮਾਪਣ ਦੇ ਕਿਹੜੇ ਮਾਪ-ਦੰਡ ਹਨ! ਲੇਖਕ ਉਸ ਸਵਾਲ ਦੇ ਵੀ ਸਿੱਧਾ ਰੁਬਰੂ ਨਹੀਂ ਹੁੰਦਾ, ਜਿਸ ਸਵਾਲ ਨੂੰ ਕਈ ਚਰਚਿਤ ਪੰਜਾਬੀ ਲੇਖਕ ਅਕਸਰ ਉਠਾਉਂਦੇ ਹਨ ਕਿ ਉਹਨਾਂ ਦੇ ਲਿਖੇ ਸਾਹਿਤ ਨੂੰ ਖ਼ਾਨਿਆਂ ਵਿਚ ਵੰਡ ਕੇ ਨਾ ਵੇਖਿਆ ਜਾਵੇ ਸਗੋਂ ਉਸਦਾ ਮੁਲਾਂਕਣ ਜਾਂ ਵਿਸ਼ਲੇਸ਼ਣ ਮੁੱਖਧਾਰਾ ਦੇ ਸਾਹਿਤ ਦੇ ਅੰਤਰਗਤ ਹੀ ਕੀਤਾ ਜਾਵੇ। ਇਸ ਪੁਸਤਕ ਦੇ ਟਾਈਟਲ ਕਵਰ ‘ਤੇ ਹੀ ਸੁਖਪਾਲ ਨੇ ਸਾਹਿਤ ਨੂੰ ‘ਦੇਸੀ-ਪਰਵਾਸੀ-ਪਾਕਿਸਤਾਨੀ ਜਾਂ ਅਜਿਹੇ ਹੋਰ ਮਨਘੜਤ ਖਿੱਤਿਆਂ ਵਿਚ ਵੰਡੇ ਜਾਣ’ ‘ਤੇ ਇਤਰਾਜ਼ ਕੀਤਾ ਹੈ। ਸੁਖਿੰਦਰ ਨੂੰ ਇਸ ਸਵਾਲ ਦੇ ਰੂਬਰੂ ਵੀ ਹੋਣਾ ਚਾਹੀਦਾ ਸੀ ਤੇ ਸਪਸ਼ਟ ਤੌਰ ‘ਤੇ ਕਨੇਡੀਅਨ ਸਾਹਿਤ ਲਈ ਵੱਖਰਾ ‘ਖ਼ਾਨਾ’ ਨਿਯਤ ਕਰਨ ਦਾ ਤਰਕ ਵੀ ਦੇਣਾ ਚਾਹੀਦਾ ਸੀ। ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਹਾਂ ਕਿ ਇਹ ਤਰਕ ਉਸਦੀ ਆਲੋਚਨਾ ਵਿਚ ਵੱਖ ਵੱਖ ਥਾਵਾਂ ‘ਤੇ ਖਿੰਡਿਆ ਹੋਇਆ ਤਾਂ ਪਿਆ ਹੈ ਪਰ ਇਸਦਾ ਸੰਗਠਿਤ ਤੇ ਸਮੁੱਚਾ ਉੱਤਰ ਇੱਕੋ ਥਾਂ ਤੇ ਨਿਰਣਾਜਨਕ ਢੰਗ ਨਾਲ ਉਪਲਬਧ ਹੁੰਦਾ ਤਾਂ ਪੁਸਤਕ ਦੀ ਸਾਰਥਿਕਤਾ ਹੋਰ ਵੀ ਵਧ ਜਾਣੀ ਸੀ।

-----

ਇਸੇ ਕਾਰਨ ਕਈ ਸਵਾਲ ਹੋਰ ਵੀ ਅਣਸੁਲਝੇ ਰਹਿ ਗਏ ਹਨ। ਲੇਖਕ ਅਨੁਸਾਰ ਕਨੇਡੀਅਨ ਪੰਜਾਬੀ ਸਾਹਿਤ ਦਾ ‘ਮੀਰੀ ਗੁਣ’ ਕਨੇਡੀਅਨ ਪੰਜਾਬੀ ਮਾਨਸਿਕਤਾ ਨੂੰ ਦਰਪੇਸ਼ ਸਭਿਆਚਾਰਕ, ਸਮਾਜਿਕ ਤੇ ਆਰਥਿਕ ਸੰਕਟਾਂ ਦੀ ਨਿਸ਼ਾਨਦੇਹੀ ਕਰਨਾ ਹੈ (ਪੰਨਾ-419)। ਮੁੱਖਬੰਧ ਵਿਚ ਵੀ ਕਨੇਡੀਅਨ ਬਹੁਸਭਿਆਚਾਰ ਦੇ ਹਵਾਲੇ ਨਾਲ ਲੇਖਕ ਨੇ ਕਨੇਡੀਅਨ ਪੰਜਾਬੀ ਸਾਹਿਤ ਨੂੰ ਨਿਖੇੜਿਆ ਸੀ ਪਰ ਜਦੋਂ ਲੇਖਕ ਵੱਲੋਂ ਚਰਚਾ ਅਧੀਨ ਲਿਆਂਦੇ ਲੇਖਕਾਂ ਦੀਆਂ ਸੰਬੰਧਿਤ ਪੁਸਤਕਾਂ ਵਿਚਲੇ ਵਸਤੂ ਵੱਲ ਧਿਆਨ ਮਾਰੀਏ ਤਾਂ ਉਹਨਾਂ ਵਿਚੋਂ ਬਹੁਤ ਸਾਰੇ ਲੇਖਕ ਅਜਿਹੇ ਹਨ ਜਿਨ੍ਹਾਂ ਦੀਆਂ ਲਿਖਤਾਂ ਵਿਚੋਂ ਕਨੇਡੀਅਨ ਪੰਜਾਬੀ ਸਾਹਿਤ ਦੇ ਪਛਾਣ-ਚਿੰਨ੍ਹਾਂ ਦੇ ਝਲਕਾਰੇ ਨਹੀਂ ਮਿਲਦੇ। ਉਹ ਮੁੱਖ ਧਾਰਾ ਦੇ ਪੰਜਾਬੀ ਜੀਵਨ ਦੇ ਸਰੋਕਾਰਾਂ ਦੀ ਬਾਤ ਹੀ ਪਾਉਂਦੇ ਨਜ਼ਰ ਆਉਂਦੇ ਹਨ। ‘ਕਨੇਡਾ’ ਉਹਨਾਂ ਦੀਆਂ ਰਚਨਾਵਾਂ ਵਿਚ ਕਿਧਰੇ ਦਿਖਾਈ ਨਹੀਂ ਦਿੰਦਾ। ਉਦਾਹਰਣ ਦੇ ਤੌਰ ‘ਤੇ ਅਸੀਂ ਗੁਰਚਰਨ ਰਾਮਪੁਰੀ ਦੀ ਪੁਸਤਕ ‘ਅਗਨਾਰ’ ਦਾ ਜ਼ਿਕਰ ਕਰ ਸਕਦੇ ਹਾਂ ਜਿਸ ਵਿਚ ਪੰਜਾਬ/ ਭਾਰਤ ਵਿਚਲੇ ਅੱਤਵਾਦ ਦੇ ਦੌਰ ਦਾ ਹੀ ਕਾਵਿਕ ਬਿਆਨ ਹੈ। ਪੂਰਨ ਸਿੰਘ ਪਾਂਧੀ ਦੀ ਪੁਸਤਕ ਵੀ ਸਮੁੱਚੀ ਜੀਵਨ-ਜਾਚ ਨਾਲ ਸੰਬੰਧਿਤ ਹੈ ਕਿਸੇ ‘ਵਿਸ਼ੇਸ਼ ਕਨੇਡੀਅਨ ਜੀਵਨ ਜਾਚ’ ਨਾਲ ਨਹੀਂ। ਜਸਵੀਰ ਕਾਲਰਵੀ ਦੇ ਨਾਵਲ ਵਿਚੋਂ ਵੀ ਕਨੇਡੀਅਨ ਪਰਸੰਗ ਗ਼ੈਰ ਹਾਜ਼ਰ ਹਨ। ਉਸੇ ਤਰ੍ਹਾਂ ਗੁਰਦੇਵ ਚੌਹਾਨ ਦੀ ਪੁਸਤਕ ‘ਚਸ਼ਮਦੀਦ’ ਵਿਚਲੇ ਰੇਖਾ-ਚਿਤਰ ਅਤੇ ਨਿਬੰਧ ਕਿਸੇ ਵੀ ਤਰ੍ਹਾਂ ‘ਕਨੇਡੀਅਨ ਪੰਜਾਬੀ ਸਾਹਿਤ’ ਦੀ ਪਰਿਭਾਸ਼ਾ ‘ਤੇ ਪੂਰੇ ਨਹੀਂ ਉੱਤਰਦੇ। ਉਹ ਮੁਖਧਾਰਾ ਦੇ ਪੰਜਾਬੀ ਸਾਹਿਤ ਦਾ ਹੀ ਅੰਗ ਹਨ। ਗੁਰਬਖ਼ਸ਼ ਭੰਡਾਲ ਦੀ ਕਵਿਤਾ ਦੇ ਹਵਾਲੇ ਵੀ ਉਸਨੂੰ ਕਨੇਡੀਅਨ ਸਾਹਿਤਕਾਰ ਅਖਵਾਉਣ ਦੇ ਰਾਹ ਵਿਚ ਰੁਕਾਵਟ ਬਣਦੇ ਦਿਖਾਈ ਦਿੰਦੇ ਹਨ।

----

ਮੈਂ ਇਹ ਨਹੀਂ ਕਹਿੰਦਾ ਕਿ ਇਹਨਾਂ ਲੇਖਕਾਂ ਦੀਆਂ ਹੋਰ ਰਚਨਾਵਾਂ ਵਿਚ ਵੀ ‘ਕਨੇਡੀਅਨ ਜੀਵਨ ਸਰੋਕਾਰ’ ਗ਼ੈਰਹਾਜ਼ਰ ਹੋਣਗੇ। ਹੋ ਸਕਦਾ ਹੈ ਕਿ ਉਹਨਾਂ ਦੀਆਂ ਉਹ ਲਿਖਤਾਂ ਸੁਖਿੰਦਰ ਵੱਲੋਂ ਸਿਰਜੀ ‘ਕਨੇਡੀਅਨ ਪੰਜਾਬੀ ਸਾਹਿਤ’ ਦੀ ਹਕੀਕੀ ਕਸਵੱਟੀ ‘ਤੇ ਪੂਰਾ ਉੱਤਰਦੇ ਹੋਏ ਕਨੇਡੀਅਨ ਸਾਹਿਤ ਦਾ ਹੀ ਅੰਗ ਹੋਣ। ਪਰ ਨਿਰੋਲ ਕਨੇਡੀਅਨ ਸਰੋਕਾਰਾਂ ਤੋਂ ਬਾਹਰ ਨਿਕਲ ਕੇ ਸਮੁੱਚੇ ਪੰਜਾਬੀ ਜੀਵਨ ਨੂੰ ਜਾਂ ਭਾਰਤੀ ਪੰਜਾਬੀ ਜੀਵਨ ਨੂੰ ਕਲਾਵੇ ਵਿਚ ਲੈਂਦੀਆਂ ਇਹਨਾਂ ਲੇਖਕਾਂ ਦੀਆਂ ਪੁਸਤਕਾਂ ਨੂੰ ਇਸ ਪੁਸਤਕ ਵਿਚ ਚਰਚਾ ਅਧੀਨ ਲੈ ਆਉਣਾ ਏਥੇ ਇਹ ਸਵਾਲ ਉਠਾਉਣ ਲਈ ਪ੍ਰੇਰਿਤ ਕਰਦਾ ਕਿ ਕੀ ਕਨੇਡਾ ਵਿਚ ਆਵਾਸ ਗ੍ਰਹਿਣ ਕਰ ਲੈਣ ਨਾਲ ਹੀ ਕੋਈ ਲੇਖਕ ‘ਕਨੇਡੀਅਨ ਲੇਖਕ’ ਤੇ ਉਸ ਦੁਆਰਾ ਰਚਿਤ ਸਾਹਿਤ ‘ਕਨੇਡੀਅਨ ਪੰਜਾਬੀ ਸਾਹਿਤ’ ਬਣ ਜਾਂਦਾ ਹੈ? ਲੇਖਕ ਵੱਲੋਂ ਆਪ ਹੀ ਨਿਰਧਾਰਤ ਕੀਤੇ ‘ਕਨੇਡੀਅਨ ਪੰਜਾਬੀ ਸਾਹਿਤ’ ਦੀ ਪਰਿਭਾਸ਼ਾ ‘ਤੇ ਇਹ ਗੱਲ ਪੂਰੀ ਨਹੀਂ ਉੱਤਰਦੀ। ਲੇਖਕ ਨੂੰ ਇਸ ਮਸਲੇ ਨਾਲ ਵੀ ਨਜਿੱਠਣਾ ਚਾਹੀਦਾ ਸੀ। ਸਵਾਲ ਤਾਂ ਇਹ ਵੀ ਬਣਦਾ ਹੈ ਕਿ ਕੀ ਕੋਈ ਲੇਖਕ ਕਨੇਡਾ ਦਾ ਵਸਨੀਕ ਨਾ ਹੋਵੇ; ਰਹਿੰਦਾ ਵੀ ਪੰਜਾਬ ਵਿੱਚ ਹੋਵੇ ਪਰ ਰਚਨਾ ਕਨੇਡੀਅਨ ਜੀਵਨ ਸਰੋਕਾਰਾਂ ਬਾਰੇ ਕਰ ਰਿਹਾ ਹੋਵੇ ਤਾਂ ਉਸਦੀ ਰਚਨਾ ਨੂੰ ‘ਕਨੇਡੀਅਨ ਪੰਜਾਬੀ ਰਚਨਾ’ ਕਿਹਾ ਜਾ ਸਕਦਾ ਹੈ। ਭਾਰਤ ਵੱਸਦੇ ਬਲਵਿੰਦਰ ਗਰੇਵਾਲ ਦੀ ‘ਸੂਰਜ ਦੀ ਕੋਈ ਪਿੱਠ ਨਹੀਂ ਹੁੰਦੀ’ ਬਹੁ-ਚਰਚਿਤ ਕਹਾਣੀ ਦਾ ਇਸ ਪਰਸੰਗ ਵਿੱਚ ਜ਼ਿਕਰ ਕੀਤਾ ਜਾ ਸਕਦਾ ਹੈ ਜਿਸਦੇ ਸਰੋਕਾਰ ਤੇ ਪੇਸ਼ਕਾਰੀ ਦਾ ਸਾਰਾ ਧਰਾਤਲ ਹੀ ਕਨੇਡਾ ਹੈ ਤੇ ਉਸਨੂੰ ਪੰਜਾਬੀ ਦੀਆਂ ਬਹੁਤ ਵਧੀਆ ਕਹਾਣੀਆਂ ਵਿਚ ਵੀ ਸ਼ਾਮਿਲ ਕੀਤਾ ਜਾਂਦਾ ਹੈ।

-----

ਕਿਸੇ ਆਲੋਚਨਾਤਮਕ ਕਿਰਤ ਬਾਰੇ ਜਾਨਣ/ਸਮਝਣ ਲਈ ਜ਼ਰੂਰੀ ਹੈ ਕਿ ਉਹ ਆਲੋਚਕ ਸੰਬੰਧਿਤ ਰਚਨਾ ਨੂੰ ਪਰਖ਼ਣ ਪੜਚੋਲਣ ਲਈ ਕਿਸ ਆਲੋਚਨਾ-ਵਿਧੀ ਦਾ ਸਹਾਰਾ ਲੈਂਦਾ ਹੈ। ਸੁਖਿੰਦਰ ਨੇ ਜੋ ਆਲੋਚਨਾ-ਵਿਧੀ ਵਰਤੀ ਹੈ, ਉਹ ਸਮਾਜ-ਸ਼ਾਸ਼ਤਰੀ ਆਲੋਚਨਾ ਪ੍ਰਣਾਲੀ ਦੇ ਨਜ਼ਦੀਕ ਹੈ। ਕਿਸੇ ਰਚਨਾ ਨੂੰ ਸਮਝਣ ਲਈ ਉਹ ਉਸ ਵਿਚ ਪੇਸ਼ ਵਿਸ਼ਾ-ਵਸਤੂ ਦੀ ਵਿਆਖਿਆ ਤੇ ਵਿਵੇਚਨ ਤੱਕ ਹੀ ਸੀਮਤ ਰਹਿੰਦਾ ਹੈ। ਵਿਸ਼ਾ-ਕੇਂਦਰਿਤ ਆਲੋਚਨਾ ਵਿਧੀ ਅਪਨਾਉਣ ਕਰਕੇ ਉਹ ਕਿਸੇ ਵਿਸ਼ੇਸ਼ ਰਚਨਾ ਵਿਚ ਪੇਸ਼ ਜੀਵਨ ਸਰੋਕਾਰਾਂ ਜਾਂ ਸਮੱਸਿਆਵਾਂ ਬਾਰੇ ਪਹਿਲਾਂ ਆਪਣੀ ਸਾਧਾਰਨੀਕ੍ਰਿਤ ਰਾਇ ਪ੍ਰਸਤੁਤ ਕਰਦਾ ਹੈ। ਫਿਰ ਸੰਬੰਧਿਤ ਰਚਨਾ ਵਿਚੋਂ ਲੰਮੀ ਟੂਕ, ਵਾਰਤਾਲਾਪ ਦਾ ਲੰਮਾਂ ਅੰਸ਼ ਜਾਂ ਕਾਵਿ-ਟੋਟਾ/ਟੋਟੇ ਦੇ ਕੇ ਆਪਣੀ ਪਹਿਲਾਂ ਦਿੱਤੀ ਹੋਈ ਰਾਇ ਨੂੰ ਪੁਸ਼ਟ ਤੇ ਪ੍ਰਮਾਣਿਤ ਕਰਦਾ ਹੈ। ਫਿਰ ਪਹਿਲਾਂ ਦਿੱਤੀ ਰਾਇ ਦਾ ਹੀ ਕੋਈ ਅਗਲਾ ਵਿਸਥਾਰ ਦਿੰਦਾ ਹੈ ਜਾਂ ਕਿਸੇ ਨਵੇਂ ਨੁਕਤੇ ਨੂੰ ਛੂੰਹਦਾ ਹੈ ਤੇ ਉਸਨੂੰ ਪੁਸ਼ਟ ਕਰਨ ਲਈ ਉਸ ਰਚਨਾ ਵਿਚੋਂ ਲੰਮਾ ਹਵਾਲਾ ਬਿਆਨ ਕਰਦਾ ਹੈ। ਕਈ ਵਾਰ ਇਹ ਤਰਤੀਬ ਬਦਲ ਵੀ ਜਾਂਦੀ ਹੈ। ਉਹ ਪਹਿਲਾਂ ਸਮੱਸਿਆ ਵੱਲ ਸੰਕੇਤ ਕਰ ਦਿੰਦਾ ਹੈ ਤੇ ਫਿਰ ਰਚਨਾ ਵਿਚੋਂ ਟੂਕ ਦਿੰਦਾ ਹੈ। ਉਸਤੋਂ ਉਪਰੰਤ ਉਸ ਟੂਕ ਦੇ ਹਵਾਲੇ ਨਾਲ ਉਸ ਵਿਸ਼ੇਸ਼ ਪੱਖ ਦੀ ਵਿਆਖਿਆ ਵੀ ਕਰਦਾ ਹੈ ਤੇ ਨਾਲ ਦੇ ਨਾਲ ਸੰਬੰਧਿਤ ਮਸਲੇ ਬਾਰੇ ਆਪਣਾ ਮੱਤ ਵੀ ਪ੍ਰਸਤੁਤ ਕਰਦਾ ਹੈ। ਇੰਝ ਲੜੀ ਦਰ ਲੜੀ ਇਹ ਵਿਆਖਿਆ ਚੱਲਦੀ ਰਹਿੰਦੀ ਹੈ। ਇੰਝ ਉਹ ਮਸਲਿਆਂ ਪ੍ਰਤੀ ਲੇਖਕ ਦੇ ਵਿਸ਼ੇਸ਼ ਸਿਧਾਂਤਕ ਪੈਂਤੜਿਆਂ ਦੀ ਨਿਸ਼ਾਨਦੇਹੀ ਕਰਦਾ ਤੁਰਿਆ ਜਾਂਦਾ ਹੈ।

-----

ਜਦੋਂ ਕੋਈ ਆਲੋਚਕ ਕਨੇਡੀਅਨ ਸਮਾਜ ਦੀਆਂ ਸਮੱਸਿਆਵਾਂ ਅਤੇ ਸਰੋਕਾਰਾਂ ਬਾਰੇ ਕਿਸੇ ਵਿਸ਼ੇਸ਼ ਲੇਖਕ ਦੀ ਵਿਸ਼ੇਸ਼ ਰਚਨਾ ਦੇ ਹਵਾਲੇ ਨਾਲ ਆਲੋਚਨਾ ਜਾਂ ਵਿਆਖਿਆ ਕਰ ਰਿਹਾ ਹੋਵੇ ਤਾਂ ਉਹਨਾਂ ਸਮਾਜਿਕ-ਸਭਿਆਚਾਰਕ, ਰਾਜਨੀਤਕ, ਧਾਰਮਿਕ ਤੇ ਆਰਥਿਕ ਮਸਲਿਆਂ ਬਾਰੇ ਉਸ ਕੋਲ ਲੋੜੀਂਦੀ ਜਾਣਕਾਰੀ ਤੇ ਉਹਨਾਂ ਮਸਲਿਆਂ ਦਾ ਵਿਸ਼ਲੇਸ਼ਣ ਕਰ ਸਕਣ ਦੀ ਪ੍ਰਮਾਣਿਕ ਸਮਝ ਹੋਣੀ ਵੀ ਲਾਜ਼ਮੀ ਹੈ। ਸੁਖਿੰਦਰ ਇਸ ਜਾਣਕਾਰੀ ਨਾਲ ਭਰਪੂਰ ਹੈ। ਉਹ ਕਨੇਡੀਅਨ ਪੰਜਾਬੀ ਸਮਾਜ, ਧਰਮ, ਸਭਿਆਚਾਰ, ਰਾਜਨੀਤੀ ਬਾਰੇ ਭਰੋਸੇਯੋਗ ਜਾਣਕਾਰੀ ਹੀ ਨਹੀਂ ਰੱਖਦਾ ਸਗੋਂ ਇਸਦੇ ਨਾਲ ਹੀ ਇਹਨਾਂ ਪੱਖਾਂ ਬਾਰੇ ਉਸਦਾ ਇਕ ਆਪਣਾ ਨਿਸਚਿਤ ਮੱਤ ਵੀ ਹੈ। ਇਸ ਮੱਤ ਪਿੱਛੇ ਉਸਦਾ ਆਪਣਾ ਦ੍ਰਿਸ਼ਟੀਕੋਨ ਕਾਰਜਸ਼ੀਲ ਹੈ। ਇਹ ਦ੍ਰਿਸ਼ਟੀਕੋਨ ਰਾਜਨੀਤਕ ਸ਼ਬਦਾਵਲੀ ਅਨੁਸਾਰ ‘ਮਾਰਕਸਵਾਦੀ’ ਜਾਂ ਸਾਹਿਤਕ ਸ਼ਬਦਾਵਾਲੀ ਅਨੁਸਾਰ, ‘ਪ੍ਰਗਤੀਵਾਦੀ’ ਆਖਿਆ ਜਾ ਸਕਦਾ ਹੈ। ਉਹ ਜਦੋਂ ਵੀ ਰਚਨਾਵਾਂ ਵਿਚ ਪੇਸ਼ ਮਸਲਿਆਂ ਜਾਂ ਵਰਤਾਰਿਆਂ ਨੂੰ ਪਛਾਣ ਰਿਹਾ ਹੁੰਦਾ ਹੈ ਤਾਂ ਇਸ ਪਛਾਣ ਪਿੱਛੇ ਉਸਦਾ ਪ੍ਰਗਤੀਵਾਦੀ ਦ੍ਰਿਸ਼ਟੀਕੋਨ ਹੀ ਕਾਰਜਸ਼ੀਲ ਦਿਖਾਈ ਦਿੰਦਾ ਹੈ। ਵਿਚਾਰ ਅਧੀਨ ਸਤਵੰਜਾ ਲੇਖਕਾਂ ਨੇ ਪਰਵਾਸੀ ਪੰਜਾਬੀਆਂ ਨਾਲ ਸੰਬੰਧਿਤ ਲਗਭਗ ਸਾਰੇ ਹੀ ਮੁੱਦੇ ਆਪਣੀਆਂ ਰਚਨਾਵਾਂ ਵਿਚ ਚਰਚਾ ਅਧੀਨ ਲੈ ਆਂਦੇ ਹਨ ਅਤੇ ਇਹਨਾਂ ਮੁੱਦਿਆਂ ਬਾਰੇ ਇਕ ਸਮਾਜ ਵਿਗਿਆਨੀ ਵਾਂਗ ਸੁਖਿੰਦਰ ਨੇ ਆਪਣੀ ਪ੍ਰਮਾਣਿਕ ਅਤੇ ਨਿਰਣਾਜਨਕ ਰਾਇ ਵੀ ਪ੍ਰਸਤੁਤ ਕੀਤੀ ਹੈ। ਪਾਠਕ ਪੁਸਤਕ ਨੂੰ ਪੜ੍ਹਦਿਆਂ ਕਨੇਡੀਅਨ ਪੰਜਾਬੀ ਪਰਵਾਸੀਆਂ ਦੇ ਜੀਵਨ ਇਤਿਹਾਸ, ਏਥੇ ਸਥਾਪਤ ਹੋਣ ਲਈ ਕੀਤੇ ਸੰਘਰਸ਼ ਅਤੇ ਇਥੋਂ ਤੇ ਸਮਾਜ-ਸਭਿਆਚਾਰ ਨਾਲ ਤਣਾਓਸ਼ੀਲ ਰਿਸ਼ਤੇ ਦੇ ਵਿਭਿੰਨ ਪਸਾਰਾਂ ਦੀ ਸੋਝੀ ਗ੍ਰਹਿਣ ਕਰਦਾ ਹੈ। ਇਸ ਪੱਖੋਂ ਸਾਹਿਤਕ ਦੇ ਨਾਲ ਨਾਲ ਇਸ ਪੁਸਤਕ ਦਾ ਸਮਾਜਿਕ-ਸਭਿਆਚਾਰਕ ਤੇ ਇਤਿਹਾਸਕ ਮਹੱਤਵ ਵੀ ਬਣ ਜਾਂਦਾ ਹੈ। ਕਨੇਡੀਅਨ ਸਾਹਿਤ ਨੂੰ ਜਾਨਣ ਤੇ ਖੋਜਣ ਦੀ ਇੱਛਾ ਰੱਖਣ ਵਾਲਿਆਂ ਵੱਲੋਂ ਇਸਨੂੰ ਇਕ ਸੰਦਰਭ-ਗ੍ਰੰਥ ਵਜੋਂ ਵੀ ਇਸਤੇਮਾਲ ਕੀਤਾ ਜਾ ਸਕੇਗਾ।

-----

ਇਹ ਪੁਸਤਕ ਕਿਉਂਕਿ ਕਨੇਡੀਅਨ ਪੰਜਾਬੀ ਸਾਹਿਤ ਬਾਰੇ ਪਹਿਲੀ ਪੁਸਤਕ ਹੈ ਤੇ ਇਸ ਪੱਖੋਂ ਵਿਆਪਕ ਪੱਧਰ ਤੇ ਇਕੋ ਵੇਲੇ ਵੱਖ ਵੱਖ ਵਿਧਾਵਾਂ ਦੇ ਲੇਖਕਾਂ ਦੀਆਂ ਅਨੇਕਾਂ ਪੁਸਤਕਾਂ ਦੇ ਵਿਵੇਚਨ ਨੂੰ ਇਕੋ ਥਾਂ ਤੇ ਪ੍ਰਸਤੁਤ ਕਰਕੇ ਤੇ ਪਾਠਕਾ ਨੂੰ ਇਸ ਸਾਹਿਤ ਨੂੰ ਪੜ੍ਹਨ ਲਈ ਤੇ ਨਵੇਂ ਆਲੋਚਕਾਂ ਨੂੰ ਇਸ ਸਾਹਿਤ ਨੂੰ ਸਮਝਣ ਤੇ ਪਰਖ਼ਣ ਲਈ ਪ੍ਰੇਰਿਤ ਕਰਨ ਲਈ ਇਸ ਪੁਸਤਕ ਨੇ ਇਤਿਹਾਸਕ ਰੋਲ ਤਾਂ ਨਿਭਾਇਆ ਹੀ ਹੈ ਪਰ ਇਸਦੇ ਨਾਲ ਪਹਿਲੀ ਪੁਸਤਕ ਵਾਲੀਆਂ ਕੁਝ ਸੀਮਾਵਾਂ ਵੀ ਇਸ ਵਿਚ ਦ੍ਰਿਸ਼ਟੀਗੋਚਰ ਹੁੰਦੀਆਂ ਹਨ। ਕਿਸੇ ਵੀ ਰਚਨਾ ਦੀ ਆਲੋਚਨਾ ਕਰਨ ਲਈ ਵਿਧੀ ਭਾਵੇਂ ਕੋਈ ਵੀ ਵਰਤੀ ਜਾਵੇ, ਸੁਚੇਤ ਪਾਠਕ ਦੀ ਆਲੋਚਕ ਕੋਲੋਂ ਇਹ ਮੰਗ ਹੁੰਦੀ ਹੈ ਕਿ ਉਹ ਸੰਬੰਧਿਤ ਰਚਨਾ ਦੇ ਅੰਦਰ ਦਾਖ਼ਲ ਹੋਣ ਲਈ ਉਸ ਅੱਗੇ ਸਾਰੇ ਦਰਵਾਜ਼ੇ ਖੋਲ੍ਹੇ। ਮਸਲਨ: ਕਿਸੇ ਰਚਨਾ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਉਸ ਵਿਚ ਪੇਸ਼ ਰਚਨਾ ਵਸਤੂ ਦੇ ਵਿਸ਼ਲੇਸ਼ਣ ਲਈ ਕਾਰਜਸ਼ੀਲ ਰਚਨਾ-ਦ੍ਰਿਸ਼ਟੀ ਨੂੰ ਵੀ ਸਮਝਿਆ ਜਾਵੇ ਤੇ ਫਿਰ ਇਹ ਵੀ ਸਮਝਿਆ ਜਾਵੇ ਕਿ ਉਸ ਵਿਸ਼ੇਸ਼ ਰਚਨਾ ਦ੍ਰਿਸ਼ਟੀ ਦੇ ਹਵਾਲੇ ਨਾਲ ਕਿਸੇ ਵਸਤੂ ਨੂੰ ਚੁਣਨ ਤੇ ਫਿਰ ਪੇਸ਼ ਕਰਨ ਲਈ ਕਿਸ ਹੁਨਰਮੰਦੀ ਦਾ ਕਮਾਲ ਕੀਤਾ ਗਿਆ ਹੈ। ਕੋਈ ਵੀ ਲੇਖਕ ਆਪਣੇ ਅਨੁਭਵ ਅਤੇ ਕਲਪਨਾ ਦੇ ਸਹਾਰੇ ਵਿਸ਼ਾਲ ਜੀਵਨ ਵਿਚੋਂ ਕੁਝ ਟੋਟੇ ਆਪਣੀ ਰਚਨਾ ਵਿਚ ਪੇਸ਼ ਕਰਨ ਲਈ ਚੁਣਦਾ ਹੈ ਅਤੇ ਫਿਰ ਉਸਨੂੰ ਆਪਣੇ ਆਤਮ-ਅਨੁਭਵ ਦਾ ਭਾਗ ਬਣਾ ਕੇ ਹੁਨਰਮੰਦੀ ਨਾਲ ਉਸ ਵਿਸ਼ੇਸ਼ ਵਿਧਾ ਦੀ ਸ਼ਕਲ ਵਿਚ ਕਾਗ਼ਜ਼ਾਂ ‘ਤੇ ਉਤਾਰਦਾ ਹੈ। ਇਸ ਲਈ ਕਿਸੇ ਵੀ ਰਚਨਾ ਦਾ ਸਹੀ ਮੁੱਲ ਪਾਉਣ ਲਈ ਉਸ ਰਚਨਾ ਦੀ ਵਿਧਾਗਤ ਵਿਲੱਖਣਤਾ ਨੂੰ ਪਛਾਨਣਾ ਬਹੁਤ ਜ਼ਰੂਰੀ ਹੈ। ਕੀ ਉਹ ਵਿਸ਼ੇਸ਼ ਰਚਨਾ ਕਵਿਤਾ, ਕਹਾਣੀ, ਨਾਵਲ ਜਾਂ ਨਾਟਕ ਬਣ ਵੀ ਸਕੀ ਹੈ ਜਾਂ ਨਹੀਂ, ਇਹ ਜਾਨਣਾ ਵੀ ਬਹੁਤ ਜ਼ਰੂਰੀ ਹੈ। ਸਾਹਿਤ ਦੇ ਸਿਆਣੇ ਤਾਂ ਇਹ ਵੀ ਕਹਿੰਦੇ ਹਨ ਕਿ ਸਿਆਣਾ ਆਲੋਚਕ ਰਚਨਾ ਦੀ ਤਕਨੀਕ ਨੂੰ ਖੋਲ੍ਹਣ ਦਾ ਆਹਰ ਕਰਦਿਆਂ ਹੀ ਰਚਨਾ ਦੀ ਕਲਾਤਮਕਤਾ, ਉਸ ਵਿਚ ਪੇਸ਼ ਰਚਨਾ ਦ੍ਰਿਸ਼ਟੀ ਤੇ ਰਚਨਾ ਵਸਤੂ ਦਾ ਸਹੀ ਮੁਲਾਂਕਣ ਕਰ ਲੈਂਦਾ ਹੈ। ਮਾਰਕ ਸ਼ੋਰਰ ਦਾ ਕਥਨ, ‘ਤਕਨੀਕ ਹੀ ਦਰਿਆਫ਼ਤ ਹੈ’ ਇਸ ਮਕਸਦ ਲਈ ਅਕਸਰ ਹੀ ਦੁਹਰਾਇਆ ਜਾਂਦਾ ਹੈ।

-----

ਸੁਖਿੰਦਰ ਨੇ ਸੰਬੰਧਿਤ ਰਚਨਾਵਾਂ ਨੂੰ ਸਮਝਦਿਆਂ ਰਚਨਾ ਦੀ ਕਲਾ, ਸੁਹਜਾਤਮਕਤਾ ਜਾਂ ਉਸਦੇ ਤਕਨੀਕੀ ਪੱਖ ਨੂੰ ਅਸਲੋਂ ਹੀ ਅਣਗੌਲਾ ਕੀਤੀ ਰੱਖਿਆ ਹੈ। ਉਸਦੀ ਆਲੋਚਨਾ ਪੜ੍ਹਦਿਆਂ ਇਹ ਤਾਂ ਪਤਾ ਲੱਗਦਾ ਹੈ ਕਿ ਲੇਖਕ ਨੇ ਕਿਹੜੇ ਵਿਸ਼ੇ ਤੇ ਕਲਮ-ਅਜ਼ਮਾਈ ਕੀਤੀ ਹੈ ਤੇ ਉਸਦੀ ਉਸ ਮਸਲੇ ‘ਤੇ ਕਿੰਨੀ ਕੁ ਪਕੜ ਹੈ ਤੇ ਉਸ ਵਿਸ਼ੇਸ਼ ਲੇਖਕ ਦਾ ਉਸ ਵਿਸ਼ੇਸ਼ ਮਸਲੇ ਬਾਰੇ ਦ੍ਰਿਸ਼ਟੀਕੋਣ ਕੀ ਹੈ, ਪਰ ਉਸ ਰਚਨਾ ਦੀ ਤਕਨੀਕ ਜਾਂ ਕਲਾਪੱਖ ਬਾਰੇ ਡੂੰਘਾਈ ਵਿਚ ਜਾ ਕੇ ਉਸਨੂੰ ਸਮਝਣ ਦੀ ਖ਼ੇਚਲ ਕਰਨੋਂ ਆਲੋਚਕ ਉੱਕ ਗਿਆ ਹੈ। ਮਿਸਾਲ ਦੇ ਤੌਰ ‘ਤੇ ਨਦੀਮ ਪਰਮਾਰ ਦੇ ਨਾਵਲ ਚਿੱਟੀ ਮੌਤ ਬਾਰੇ ਸੁਖਿੰਦਰ ਦੀ ਆਲੋਚਨਾ ਪੜ੍ਹਦਿਆਂ ਮੈਨੂੰ ਉਸ ਵਿਚ ਪੇਸ਼ ਪਾਤਰ ਦੇ ਏਡਜ਼ ਪੀੜਤ ਹੋਣ ਬਾਰੇ ਤਾਂ ਜਾਣਕਾਰੀ ਮਿਲਦੀ ਹੈ ਤੇ ਏਡਜ਼ ਦੀ ਬੀਮਾਰੀ ਦੇ ਹੋਣ, ਫ਼ੈਲਣ ਜਾਂ ਇਲਾਜ ਬਾਰੇ ਗਿਆਨ ਵੀ ਮਿਲਦਾ ਹੈ ਪਰ ਬਤੌਰ ‘ਨਾਵਲ’ ਉਹ ਰਚਨਾ ਕਿਹੋ ਜਿਹੀ ਹੈ, ਇਸਦੀ ਕੋਈ ਵੀ ਜਾਣਕਾਰੀ ਉਪਲਬਧ ਨਹੀਂ। ਇਕ ਸੁਚੇਤ ਪਾਠਕ ਵਜੋਂ ਮੈਂ ਇਹ ਵੀ ਜਾਨਣਾ ਚਾਹੁੰਦਾ ਹਾਂ ਕਿ ਉਸ ਵਿਚ ਪਾਤਰ ਉਸਾਰੀ ਦਾ ਵਿਧਾਨ ਕਿਹੋ ਜਿਹਾ ਹੈ, ਬਿਰਤਾਂਤ ਦੀ ਪੇਸ਼ਕਾਰੀ ਦਾ ਪੱਧਰ ਕਿਹੋ ਕਿਹਾ ਹੈ, ਨਾਵਲਕਾਰ ਦੀ ਰਚਨਾ-ਸ਼ੈਲੀ ਕਿਹੋ ਜਿਹੀ ਹੈ ਆਦਿ ਆਦਿ; ਪਰ ਮੈਨੂੰ ਇਸਦੀ ਕਿਧਰੇ ਇਕ ਝਲਕ ਵੀ ਨਹੀਂ ਮਿਲਦੀ। ਕਲਾ ਦੇ ਨਾਂ ‘ਤੇ ਲੇਖ ਦੀ ਆਖ਼ਰੀ ਸਤਰ ਵਿਚ ਉਹ ਇਸਨੂੰ ‘ਖ਼ੂਬਸੂਰਤ’ ਨਾਵਲ ਆਖ ਕੇ ਵਡਿਆਉਂਦਾ ਹੈ ਪਰ ਇਹ ਭੁੱਲ ਜਾਂਦਾ ਹੈ ਕਿ ਕਿਸੇ ਰਚਨਾ ਦੀ ਖ਼ੂਬਸੂਰਤੀ ਉਸਦੀ ਕਲਾਤਮਕਤਾ ਦੇ ਨਕਸ਼-ਨਿਗ਼ਾਰ ਵਿਚ ਪਈ ਹੁੰਦੀ ਹੈ। ਜਸਵੀਰ ਕਾਲਰਵੀ, ਤ੍ਰਿਲੋਚਨ ਗਿੱਲ ਅਤੇ ਅਮਰਜੀਤ ਸਿੰਘ ਦੇ ਨਾਵਲਾਂ ਬਾਰੇ ਵੀ ਇਹੋ ਗੱਲ ਆਖੀ ਜਾ ਸਕਦੀ ਹੈ। ਕੇਵਲ ਉਹ ਤ੍ਰਿਲੋਚਨ ਗਿੱਲ ਦੇ ਨਾਵਲ ਵਿਚਲੀ ਵਿਉਂਤਬੰਦੀ ਵਿਚ ਬੇਲੋੜੇ ਵਿਸਥਾਰ ਵੱਲ ਹੀ ਮਾੜਾ ਜਿਹਾ ਸੰਕੇਤ ਕਰਦਾ ਹੈ ਤੇ ਫਿਰ ਆਮ ਵਾਂਗ ਨਾਵਲ ਦੀ ਵਿਆਖਿਆ ਕਰਨ ਵੱਲ ਰੁਚਿਤ ਹੋ ਜਾਂਦਾ ਹੈ। ਇੰਝ ਹੀ ਕਵੀਆਂ ਦੀਆਂ ਰਚਨਾਵਾਂ ਬਾਰੇ ਇਹ ਚਰਚਾ ਕਿਧਰੇ ਨਹੀਂ ਛਿੜਦੀ ਕਿ ਕੀ ‘ਉਹਨਾਂ ਦੀ ਕਵਿਤਾ, ਕਵਿਤਾ ਵੀ ਬਣੀ ਹੈ ਕਿ ਨਹੀਂ?’ ਜੇ ਉਹ ਗੁਰਦਰਸ਼ਨ ਬਾਦਲ ਦੇ ਗੀਤਾਂ ਦੀ ਗੱਲ ਕਰ ਰਿਹਾ ਹੈ ਤਾਂ ਮੇਰੀ ਇੱਛਾ ਹੈ ਕਿ ਉਹ ਇਹ ਵੀ ਦੱਸੇ ਕਿ ਚੰਗੇ ਗੀਤ ਦੀ ਰੂਹ ਕਿੱਥੇ ਲੁਕੀ ਹੁੰਦੀ ਹੈ ਤੇ ਗੁਰਦਰਸ਼ਨ ਬਾਦਲ ਨੇ ਉਹਨਾਂ ਗੀਤਾਂ ਦੀ ਰੂਹ ਨੂੰ ਕਿੰਨਾਂ ਕੁ ਲੱਭਿਆ ਹੈ। ਇੰਝ ਹੀ ਕਸ਼ਮੀਰਾ ਸਿੰਘ ਚਮਨ ਜਾਂ ਸ਼ਮਸ਼ੇਰ ਸਿੰਘ ਸੰਧੂ ਦੀਆਂ ਗ਼ਜ਼ਲਾਂ ਬਾਰੇ ਪੜ੍ਹਦਿਆਂ ਸੁਹਿਰਦ ਪਾਠਕ ਇਹਨਾਂ ਦੀ ਗ਼ਜ਼ਲੀਅਤ ਬਾਰੇ ਵੀ ਜਾਨਣਾ ਚਾਹੇਗਾ ਤੇ ਇਹ ਪੁੱਛਣਾ ਵੀ ਉਸਦਾ ਹੱਕ ਹੈ ਕਿ ਗ਼ਜ਼ਲ ਲੇਖਕ ਨੇ ਗ਼ਜ਼ਲ ਦਾ ਵਿਧਾਨ ਕਿਹੋ ਜਿਹਾ ਨਿਭਾਇਆ ਹੈ। ਵਾਰਤਕ ਭਾਵੇਂ ਗੁਰਦੇਵ ਚੌਹਾਨ ਲਿਖ ਰਿਹਾ ਹੋਵੇ, ਭਾਵੇਂ ਬਲਬੀਰ ਮੋਮੀ ਜਾਂ ਇਕਬਾਲ ਮਾਹਲ ਪਾਠਕ ਦਾ ਇਹ ਪੁੱਛਣਾ ਵੀ ਹੱਕ-ਬ-ਜਾਨਬ ਹੈ ਕਿ ਲੇਖਕ ਕੋਲ ਸ਼ਬਦਾਂ ਨੂੰ ਜੋੜਨ-ਬੀੜਨ ਦਾ ਹੁਨਰ ਕਿਹੋ ਜਿਹਾ ਹੈ, ਉਸਦੀ ਰਚਨਾ ਸ਼ੈਲੀ ਦੀਆਂ ਕੀ ਵਿਸ਼ੇਸ਼ਤਾਈਆਂ ਹਨ, ਜਿਨ੍ਹਾਂ ਦੇ ਆਧਾਰ ‘ਤੇ ਉਸਨੂੰ ਹੋਰ ਲੇਖਕਾਂ ਦੀਆਂ ਲਿਖਤਾਂ ਤੋਂ ਨਿਖੇੜਿਆ ਤੇ ਵੱਖਰਾ ਪਛਾਣਿਆਂ ਜਾ ਸਕਦਾ ਹੈ। ਅਸਲ ਵਿਚ ਸੁਖਿੰਦਰ ਦਾ ਸਾਰਾ ਜ਼ੋਰ ਸੰਬੰਧਿਤ ਰਚਨਾਵਾਂ ਵਿਚ ਪੇਸ਼ ਮਸਲੇ ਤੇ ਉਸ ਵਿਚ ਨਿਹਿਤ ਵਿਚਾਰਧਾਰਾ ਦੀ ਵਿਆਖਿਆ ਅਤੇ ਵਿਸ਼ਲੇਸ਼ਣ ‘ਤੇ ਹੀ ਲੱਗਾ ਰਹਿੰਦਾ ਹੈ ਪਰ ਕੋਈ ਵਿਚਾਰ ਸਾਹਿਤ ਕਿਵੇਂ ਬਣਦਾ ਹੈ ਇਸ ਵੱਲ ਉਸਦਾ ਬਹੁਤ ਘੱਟ ਧਿਆਨ ਜਾਂਦਾ ਹੈ। ਇਹ ਤਾਂ ਐਵੇਂ ਚੱਲਦੇ ਚੱਲਦੇ ਕੁਝ ਇਕ ਰਚਨਾਵਾਂ ਦਾ ਹਵਾਲਾ ਦਿੱਤਾ ਗਿਆ ਹੈ, ਪਰ ਇਸ ਪੁਸਤਕ ਵਿਚੋਂ ਬਹੁਤ ਸਾਰੀਆਂ ਅਜਿਹੀਆਂ ਰਚਨਾਵਾਂ ਹਨ ਜਿਨ੍ਹਾਂ ਦੇ ਕਲਾ ਪੱਖ ਨੂੰ ਲੇਖਕ ਨੇ ਛੂਹਿਆ ਤੱਕ ਨਹੀਂ। ਵਿਸਥਾਰ ਤੋਂ ਬਚਣ ਲਈ ਮੈਂ ਹੋਰ ਹਵਾਲੇ ਦੇਣ ਤੋਂ ਸੰਕੋਚ ਕਰਦਾ ਹਾਂ।

-----

ਕੋਈ ਲੇਖਕ ਕਿਸ ਕਲਾਤਮਕ ਮੁਹਾਰਤ ਨਾਲ ਸੰਬੰਧਿਤ ਮਸਲਿਆਂ ਨੂੰ ਬਿਆਨ ਕਰਦਾ ਹੈ, ਏਸੇ ਵਿਚ ਹੀ ਉਸ ਲੇਖਕ ਦੀ ਹੁਨਰਮੰਦੀ ਦਾ ਹੁਸਨ ਲੁਕਿਆ ਹੁੰਦਾ ਹੈ ਅਤੇ ਇਸ ‘ਹੁਸਨ’ ਨੇ ਹੀ ਉਸ ਲੇਖਕ ਨੂੰ ਉੱਤਮ, ਮੱਧਮ ਜਾਂ ਨਿਮਨ ਦਰਜੇ ਦਾ ਲੇਖਕ ਸਾਬਤ ਕਰਨਾ ਹੁੰਦਾ ਹੈ। ਅਜਿਹੀ ਗੱਲ ਵੀ ਨਹੀਂ ਕਿ ਸੁਖਿੰਦਰ ਕੋਲ ਕਿਸੇ ਰਚਨਾ ਦੀ ਕਲਾ ਨੂੰ ਪਰਖਣ਼ ਦੀ ਅਸਲੋਂ ਹੀ ਸੋਝੀ ਨਾ ਹੋਵੇ ਜਾਂ ਉਹ ਸਾਹਿਤਕ ਰਚਨਾਵਾਂ ਦੇ ਕਲਾਤਮਕ ਮਹੱਤਵ ਨੂੰ ਅਸਲੋਂ ਘਟਾ ਕੇ ਵੇਖਦਾ ਹੋਵੇ। ਸਿਧਾਂਤਕ ਪੱਧਰ ‘ਤੇ ਉਹ ਭਲੀ-ਭਾਂਤ ਜਾਣਦਾ ਹੈ ਕਿ ਕਿਸੇ ਲੇਖਕ ਦੀ ਵਡਿਆਈ ਦਾ ਪਹਿਲਾ ਮਾਪ-ਦੰਡ ਲੇਖਕ ਦੀ ਕਲਾ-ਕੌਸ਼ਲਤਾ ਹੀ ਹੈ। ਬਲਬੀਰ ਸਿੰਘ ਮੋਮੀ ਬਾਰੇ ਚਰਚਾ ਕਰਦਿਆਂ ਉਹ ਦੱਸਦਾ ਹੈ ਕਿ ਮੋਮੀ ਨੇ ਸੰਸਾਰ ਦੇ ਪ੍ਰਸਿੱਧ ਲੇਖਕ ਪੜ੍ਹੇ ਹੋਏ ਹਨ ਅਤੇ ਮੋਮੀ ਦੀਆਂ ਲਿਖਤਾਂ ਵਿਚ ਇਹੋ ‘ਜਿਹੇ ਮਹਾਨ ਸਾਹਿਤਕਾਰਾਂ ਦੀਆਂ ਲਿਖਤਾਂ ਦੇ ਸ਼ਿਲਪੀ ਝਲਕਾਰੇ ਪੈਂਦੇ ਹਨ, ਬਲਬੀਰ ਮੋਮੀ ਦੀਆਂ ਲਿਖਤਾਂ ਦੇ ਅਜਿਹੇ ਗੁਣਾਂ ਕਰਕੇ ਹੀ ਉਸਨੂੰ ਕਨੇਡਾ ਦੇ ਨਾਮਵਰ ਅਤੇ ਚਰਚਿਤ ਪੰਜਾਬੀ ਲੇਖਕਾਂ ਵਿਚ ਸ਼ਾਮਲ ਕੀਤਾ ਜਾਂਦਾ ਹੈ।’(ਪੰਨਾਂ:430) ਪਰ ਸੁਖਿੰਦਰ ਆਪ ਪਤਾ ਨਹੀਂ ਕਿਉਂ ਵਿਚਾਰ-ਅਧੀਨ ਲੇਖਕਾਂ ਦੀਆਂ ਰਚਨਾਵਾਂ ਵਿਚਲੇ ਸ਼ਿਲਪੀ ਝਲਕਾਰਿਆਂ ਤੋਂ ਨਜ਼ਰਾਂ ਚੁਰਾ ਕੇ ਲੰਘ ਜਾਂਦਾ ਹੈ। ਕਿਉਂਕਿ ਆਲੋਚਕ ਰਚਨਾ ਦੇ ਕਲਾਤਮਕ ਪਹਿਲੂਆਂ ਨੂੰ ਬਹੁਤ ਹੀ ਘੱਟ ਛੂੰਹਦਾ ਹੈ, ਇਸ ਲਈ ਸਾਧਾਰਨ ਪਾਠਕ ਨੂੰ ਕਨੇਡੀਅਨ ਨਾਵਲਕਾਰਾਂ, ਕਹਾਣੀਕਾਰਾਂ, ਕਵੀਆਂ ਜਾਂ ਵਾਰਤਕ ਲੇਖਕਾਂ ਦੀਆਂ ਰਚਨਾਵਾਂ ਬਾਰੇ ਜਾਣਕਾਰੀ ਤਾਂ ਮਿਲ ਜਾਂਦੀ ਹੈ,ਉਹਨਾਂ ਵਿਚ ਪੇਸ਼ ਸਮਾਜ-ਸਭਿਆਚਾਰ ਦੀਆਂ ਵੰਨਗੀਆਂ ਤੇ ਵਿਸ਼ਲੇਸ਼ਣ ਵੀ ਪ੍ਰਾਪਤ ਹੋ ਜਾਂਦਾ ਹੈ ਪਰ ਇਹ ਪਤਾ ਲਾਉਣਾ ਮੁਸ਼ਕਲ ਹੋ ਜਾਂਦਾ ਹੈ ਕਿ ਕਲਾ ਦੇ ਪੱਖੋਂ ਇਹਨਾਂ ਵਿਚੋਂ ਕਿਹੜਾ ਉੱਤਮ, ਮੱਧਮ ਜਾਂ ਨਿਮਨ ਦਰਜੇ ਦਾ ਲੇਖਕ ਹੈ। ਇਸ ਪੁਸਤਕ ਵਿਚ ਸਾਰੇ ਲੇਖਕ ਇਕੋ ਜਿਹੇ ਨਜ਼ਰ ਆਉਂਦੇ ਹਨ।

-----

ਸਿਰਫ਼ ਕੁਝ ਇਕ ਲੇਖਕਾਂ ਦੀਆਂ ਰਚਨਾਵਾਂ ਦੀ ਗੱਲ ਕਰਦਿਆਂ ਉਹ ਸੰਬੰਧਿਤ ਵਿਧਾ ਦੇ ਕਲਾ-ਵਿਧਾਨ ਵੱਲ ਵੀ ਸੰਕੇਤ ਕਰਦਾ ਹੈ ਤੇ ਵਿਧਾਗਤ ਨੇਮਾਂ ਦੀ ਰੌਸ਼ਨੀ ਵਿਚ ਸੰਬੰਧਿਤ ਲੇਖਕਾਂ ਦੀਆਂ ਰਚਨਾਵਾਂ ਬਾਰੇ ਆਪਣੀ ਨਿਰਣਾ-ਜਨਕ ਰਾਇ ਵੀ ਪੇਸ਼ ਕਰਦਾ ਹੈ। ਉਹਨਾਂ ਕੁਝ ਇਕ ਲੇਖਕਾਂ, ਜਿਨ੍ਹਾਂ ਦੇ ਲਿਖਣ-ਢੰਗ ਬਾਰੇ ਉਸਨੇ ਸੰਕੇਤਿਕ ਜਿਹੀ ਚਰਚਾ ਕੀਤੀ ਹੈ, ਵਿਚੋਂ ਇਸ ਤੱਥ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ। ਜਰਨੈਲ ਸਿੰਘ ਕਹਾਣੀਕਾਰ, ਬਲਬੀਰ ਸੰਘੇੜਾ, ਕੁਲਜੀਤ ਮਾਨ, ਜਰਨੈਲ ਸਿੰਘ ਗਰਚਾ ਬਾਰੇ ਚਰਚਾ ਕਰਦਿਆਂ ਉਹ ਚੰਗੀ ਕਲਾਤਮਕ ਕਹਾਣੀ ਦੀਆਂ ਕਲਾਤਮਕ ਲੋੜਾਂ ਵੱਲ ਸਹਿਜੇ ਹੀ ਧਿਆਨ ਦਿਵਾ ਜਾਂਦਾ ਹੈ ਅਤੇ ਕਿਸੇ ਕਹਾਣੀ ਨੂੰ ਸਮਝਣ ਲਈ ਆਪਣੇ ਕਲਾਤਮਕ ਪੈਮਾਨੇ ਵੱਲ ਸੰਕੇਤਿਕ ਝਾਤ ਵੀ ਪੁਆ ਜਾਂਦਾ ਹੈ। ਉਸ ਅਨੁਸਾਰ ਕਹਾਣੀ ਦੀ ਧੀਮੀ ਤੋਰ ਨਾਲ ਕਹਾਣੀਆਂ ਵਿਚ ਤਨਾਓ ਵੀ ਹੌਲੀ ਹੌਲੀ ਪੈਦਾ ਹੁੰਦਾ ਹੈ। (ਪੰਨਾਂ:419) ਜ਼ਾਹਿਰ ਹੈ ਕਿ ਉਸ ਅਨੁਸਾਰ ਕਹਾਣੀ ਦੀ ਤੋਰ ਨਾਵਲੀ ਜਾਂ ਮੱਧਮ ਗਤੀ ਵਾਲੀ ਹੋਣ ਦੀ ਥਾਂ ਤੇਜ਼ ਗਤੀ ਵਾਲੀ ਹੋਣੀ ਚਾਹੀਦੀ ਹੈ ਅਤੇ ਕਹਾਣੀ ਵਿਚ ਪਾਠਕ ਦੀ ਜਗਿਆਸਾ ਜਗਾਈ ਰੱਖਣ ਲਈ ਤਨਾਓ ਵੀ ਮਘਦਾ ਰਹਿਣਾ ਚਾਹੀਦਾ ਹੈ। ਕਹਾਣੀ ਦਾ ਅੰਤ ਵੀ ਉਸ ਅਨੁਸਾਰ ‘ਝੰਜੋੜਨ ਵਾਲਾ’ ਹੋਣਾ ਚਾਹੀਦਾ ਹੈ ਅਤੇ ਕਹਾਣੀ ਭਾਵ-ਵਿਰੇਚਨ ਕਰਨ ਵਾਲੀ ਨਾ ਹੋ ਕੇ ਪਾਠਕ ਨੂੰ ਬੇਚੈਨ ਕਰਨ ਵਾਲੀ ਹੋਵੇ, ਜਿਸਨੂੰ ਪੜ੍ਹ ਕੇ ਪਾਠਕ ਨੂੰ ਰਾਤ ਭਰ ਨੀਂਦ ਨਾ ਆਵੇ।(ਪੰਨਾਂ:320-21) ਜਾਣਦਾ ਤਾਂ ਉਹ ਇਹ ਵੀ ਹੈ ਕਿ ਕਹਾਣੀ ਵਿਚ ਵਾਰਤਾਲਾਪ ਸਿਰਜਣ ਦੀ ਵੀ ਵਿਸ਼ੇਸ਼ ਕਲਾ ਹੈ ਤੇ ਵਾਰਤਾਲਾਪ ਉਹੋ ਹੀ ਪ੍ਰਭਾਵਸ਼ਾਲੀ ਹੋਣਗੇ ਜਿਨ੍ਹਾਂ ਦੀ ਉਚਾਰਣੀ ਭਾਸ਼ਾ ਜੀਵਨ ਅਤੇ ਪਾਤਰਾਂ ਦੀ ਉਮਰ, ਕਿੱਤੇ, ਪਿਛੋਕੜ ਅਤੇ ਸਮਝ ਦਾ ਯਥਾਰਥਕ ਬਿਆਨ ਕਰਨ ਵਾਲੀ ਹੋਵੇ। ਨਹੀਂ ਤਾਂ ਵਾਰਤਾਲਾਪ ‘ਨਕਲੀ’(ਪੰਨਾਂ:257) ਜਾਪਣਗੇ। ਕੁਲਜੀਤ ਮਾਨ ਦੀ ਕਹਾਣੀ ‘ਚਿੜੀ’ ਦੇ ਹਵਾਲੇ ਨਾਲ ਉਹ ਉਸਦੀ ਭਾਸ਼ਾ ਵਿਚਲੀ ਵਧੇਰੀ ਕਾਵਿਕਤਾ ਵੱਲ ਧਿਆਨ ਦਿਵਾਉਂਦਾ (ਪੰਨਾ: 256) ਅਚੇਤ ਹੀ ਇਸ ਗੱਲ ਵੱਲ ਵੀ ਅਣਕਿਹਾ ਸੰਕੇਤ ਛੱਡ ਜਾਂਦਾ ਹੈ ਕਿ ਕਵਿਤਾ ਨੂੰ ਭਾਵੇਂ ਗਲਪ ਵਿਚ ਵਰਤੇ ਜਾਣ ਦੀ ਮਨਾਹੀ ਨਹੀਂ ਪਰ ਗਲਪ ਲਿਖਦਿਆਂ ਕਵਿਤਾ ਨੂੰ ਗਲਪ ਦੀ ਭਾਸ਼ਾ ਦਾ ਅੰਗ ਬਣ ਕੇ ਹੀ ਸ਼ਾਮਲ ਹੋਣਾ ਪੈਣਾ ਹੈ। ਉਹ ਕਹਾਣੀ ਵਿਚ ਵਰਤੀ ਜਾਣ ਵਾਲੀ ਨਵੀਨ ਕਲਾ-ਜੁਗਤ ‘ਸਥਿਤੀ-ਮੁਖਤਾ’ ਦੇ ਮਹੱਤਵ ਨੂੰ ਵੀ ਪਛਾਣਦਾ ਤੇ ਸਮਝਦਾ ਹੈ ‘ਜਿਵੇਂ ਕਿ ਕਿਸੇ ਨਾਟਕ ਵਿਚ ਕੋਈ ਸਥਿਤੀ ਪੇਸ਼ ਕਰਨ ਵਾਲੇ ਪਾਤਰ ਆਪਣੀ ਅਦਾਕਾਰੀ ਦਿਖਾ ਰਹੇ ਹੁੰਦੇ ਹਨ ਅਤੇ ਪਿੱਠ-ਭੁਮੀ ਵਿਚ ਪਰਦੇ ਉੱਤੇ ਕੋਈ ਫਿ਼ਲਮ ਦਿਖਾਈ ਜਾ ਰਹੀ ਹੁੰਦੀ ਹੈ ਜਾਂ ਕੋਈ ਦ੍ਰਿਸ਼ ਦਿਖਾਏ ਜਾ ਰਹੇ ਹੁੰਦੇ ਹਨ( ਪੰਨਾਂ:256)।” ਇੰਝ ਉਹ ਕਹਾਣੀ ਵਿਚ ਦ੍ਰਿਸ਼ ਸਿਰਜਣ ਦੀ ਕਲਾ ਦੇ ਮਹੱਤਵ ਨੂੰ ਦ੍ਰਿੜਾਉਂਦਿਆਂ ਇਸ ਜੁਗਤ ਨੂੰ ਪਾਤਰਾਂ ਦੇ ਕਿਰਦਾਰ ਤੇ ਵਿਹਾਰ ਨੂੰ ਸਮਝਣ ਦਾ ਕਲਾਤਮਕ ਮਾਧਿਅਮ ਮੰਨਦਾ ਹੈ। ਮੇਜਰ ਮਾਂਗਟ ਦੀਆਂ ਕਹਾਣੀਆਂ ਵਿਚ ਉਹ ‘ਰੂਪਕ’ ਪੱਖ ਅਤੇ ‘ਤੱਤ’ ਵਿਚ ਸੰਤੁਲਨ ਸਿਰਜਣ ਵਾਲੀ ਕਲਾ ਦਾ ਇਕ ਸਤਰੀ ਸੰਕੇਤ ਤਾਂ ਕਰਦਾ ਹੈ ਪਰ ਇਸ ਸੰਤੁਲਨ ਨੂੰ ਕਿਸੇ ਕਹਾਣੀ ਦੇ ਹਵਾਲੇ ਨਾਲ ਪੁਸ਼ਟ ਨਹੀਂ ਕਰਦਾ। ਮਿੰਨੀ ਗਰੇਵਾਲ ਦੀਆਂ ਕਹਾਣੀਆਂ ਵਿਚ ਉਸਦੀ ‘ਤਕਨੀਕੀ’ ਵਿਲੱਖਣਤਾ ਵੱਲ ਇਸ਼ਾਰਾ ਕਰਕੇ ਵੀ ਉਹ ਇਸ ਵਿਲੱਖਣਤਾ ਦਾ ਕੋਈ ਦਰਵਾਜ਼ਾ ਸਾਡੇ ਸਾਹਮਣੇ ਨਹੀਂ ਖੋਲ੍ਹਦਾ। ਇਹਨਾਂ ਵੇਰਵਿਆਂ ਤੋਂ ਇਹ ਤਾਂ ਭਲੀਭਾਂਤ ਮਾਲੂਮ ਹੋ ਜਾਂਦਾ ਹੈ ਕਿ ਉਸਨੂੰ ਕਿਸੇ ਰਚਨਾ ਦੇ ਤਕਨੀਕੀ, ਕਲਾਤਮਕ ਜਾਂ ਸੁਹਜਾਤਮਕ ਮਹੱਤਵ ਦਾ ਅਹਿਸਾਸ ਹੈ ਪਰ ਚੰਗੀ ਕਹਾਣੀ ਦੇ ਕਲਾਤਮਕ ਵਿਧਾਨ ਦੀ ਸੋਝੀ ਰੱਖਦਿਆਂ ਹੋਇਆਂ ਵੀ ਨਾ ਤਾਂ ਉਹ ਕਹਾਣੀਕਾਰਾਂ ਨੂੰ ਤੇ ਨਾ ਹੀ ਦੂਜੀਆਂ ਵਿਧਾਵਾਂ ਦੇ ਲੇਖਕਾਂ ਦੀਆਂ ਰਚਨਾਵਾਂ ਨੂੰ ਉਸ ਵਿਧਾ ਦੀਆਂ ਕਲਾਤਮਕ ਲੋੜਾਂ ਅਨੁਸਾਰ ਪਰਖ਼ਦਾ ਪੜਚੋਲਦਾ ਹੈ। ਇਹਨਾਂ ਕਹਾਣੀਕਾਰਾਂ ਬਾਰੇ ਵੀ ਬਹੁਤੀ ਵਾਰ ਉਹ ਕੇਵਲ ਬਿਆਨ ਦੀ ਪੱਧਰ ‘ਤੇ ਹੀ ਉਹਨਾਂ ਦੀ ਕਹਾਣੀ ਕਲਾ ਬਾਰੇ ਆਪਣਾ ਮੱਤ ਪ੍ਰਸਤੁਤ ਕਰਦਾ ਹੈ, ਇਸ ਮੱਤ ਨੂੰ ਕਹਾਣੀਆਂ ਦੇ ਹਵਾਲੇ ਨਾਲ ਪੁਸ਼ਟ ਨਹੀਂ ਕਰਦਾ।

------

ਰਚਨਾ ਵਿਚ ‘ਸ਼ਿਲਪੀ ਝਲਕਾਰਿਆਂ’ ਦੇ ਮਹੱਤਵ ਨੂੰ ਭਲੀ-ਭਾਂਤ ਸਮਝਦਿਆਂ ਹੋਇਆਂ ਵੀ ਜੇ ਆਲੋਚਕ ਦਾ ਧਿਆਨ ਇਸ ਪਾਸੇ ਨਹੀਂ ਗਿਆ ਤਾਂ ਸਾਨੂੰ ਇਸਦੀ ਵੀ ਨਿਸ਼ਾਨਦੇਹੀ ਕਰਨ ਦੀ ਕੋਸਿ਼ਸ ਵੀ ਕਰਨੀ ਚਾਹੀਦੀ ਹੈ। ਕਿਸੇ ਕੁਲਜੀਤ ਮਾਨ ਦੀ ਕਹਾਣੀ ‘ਰੰਗ ਕਾਟ’ ਬਾਰੇ ਗੱਲ ਕਰਦਿਆਂ ਉਹ ਇੱਕ ਥਾਂ ਲਿਖਦਾ ਹੈ, “ਇਹ ਕਹਾਣੀ ਮੈਨੂੰ ਬਹੁਤ ਕਾਹਲੀ ਵਿਚ ਲਿਖੀ ਲੱਗੀ।”(ਪੰਨਾਂ: 257) ਕੀ ਕਿਤੇ ਸਾਡਾ ਆਲੋਚਕ ਵੀ ਕਿਸੇ ਅਜਿਹੀ ਕਾਹਲੀ ਦਾ ਸ਼ਿਕਾਰ ਤਾਂ ਨਹੀਂ ਹੈ, ਜਿਸ ਕਾਹਲੀ ਕਰਕੇ ਉਹ ਇਹਨਾਂ ਰਚਨਾਵਾਂ ਦੇ ਸਰਬਪੱਖੀ ਅਧਿਅਨ ਲਈ ਲੋੜੀਂਦਾ ਸਮਾਂ ਹੀ ਨਾ ਕੱਢ ਸਕਿਆ ਹੋਵੇ! ਆਲੋਚਕ ਨੇ ਕੁਝ ਇੱਕ ਲੇਖਾਂ ਨੂੰ ਛੱਡ ਕੇ ਬਹੁਤੇ ਲੇਖਾਂ ਹੇਠ ਉਸ ਲੇਖ ਦੇ ਲਿਖਣ ਦੀ ਮਿਤੀ, ਮਹੀਨਾ, ਸਾਲ ਤੇ ਥਾਂ ਦਾ ਨਾਂ ਵੀ ਲਿਖਿਆ ਹੈ। ਅਸੀਂ ਵੇਖਿਆ ਹੈ ਕਿ ਇਹ ਲੇਖ 2008-9 ਵਿਚ ਲਿਖੇ ਗਏ ਹਨ। ਲੱਗਦਾ ਹੈ ਕਿ ਸਾਡਾ ਆਲੋਚਕ ਇਕ ਮੁਹਿੰਮ ਬਣਾ ਕੇ ਇੱਕ ਨਿਵੇਕਲੀ ਪਹਿਲਕਦਮੀ ਦਾ ਝੰਡਾ ਆਪਣੇ ਹੱਥ ਵਿਚ ਲੈਣ ਲਈ ਦੌੜ ਰਿਹਾ ਹੈ। ਇਹਨਾਂ ਦੋ ਸਾਲਾਂ ਵਿਚ 2008 ਦਾ ਕੋਈ ਮਹੀਨਾ ਹੀ ਹੈ ਜਿਹੜਾ ਖ਼ਾਲੀ ਗਿਆ ਹੋਵੇ ਤੇ ਉਸਨੇ ਕਿਸੇ ਕਿਤਾਬ ਬਾਰੇ ਲੇਖ ਨਾ ਲਿਖਿਆ ਹੋਵੇ। 2009 ਵਿਚ ਤਾਂ ਕਿਸੇ ਕਿਸੇ ਮਹੀਨੇ ਤਾਂ ਉਹ ਪੰਜ-ਪੰਜ, ਛੇ-ਛੇ ਕਿਤਾਬਾਂ ਬਾਰੇ ਇਕੋ ਸਾਹੇ ਲਿਖਦਾ ਨਜ਼ਰ ਆਉਂਦਾ ਹੈ। ਫਰਵਰੀ 2009 ਦੇ ਮਹੀਨੇ ਵਿਚ ਤਾਂ ਉਹ ਆਪਣੇ ਨਾਲ ਨਾਲ ਵਿਚਾਰੇ ਨਿੱਕੇ ਜਿਹੇ ‘ਮਹੀਨੇ’ ਨੂੰ ਵੀ ਲੇਖਾਂ ਦੇ ਭਾਰ ਹੇਠ ਦੱਬ ਦਿੰਦਾ ਹੈ। ਇਸ ਇੱਕ ਮਹੀਨੇ ਵਿਚ ਹੀ ਉਸਨੇ ਤੇਰਾਂ ਪੁਸਤਕਾਂ ਬਾਰੇ ਆਪਣੇ ਲੇਖ ਮੁਕੰਮਲ ਕੀਤੇ ਹਨ। ਜ਼ਾਹਿਰ ਹੈ ਕਿ ਇਸ ਮਹੀਨੇ ਉਸਨੂੰ ਪੁਸਤਕ ਪੜ੍ਹਨ ਅਤੇ ਉਸ ਬਾਰੇ ਲਿਖਣ ਲਈ ਕੇਵਲ ਔਸਤਨ ਦੋ ਦਿਨ ਹੀ ਨਸੀਬ ਹੋਏ ਹਨ। ਇਹਨਾਂ ਵਿਚੋਂ ਇਕ ਦਿਨ ਪੁਸਤਕ ਪੜ੍ਹਨ ਨੂੰ ਤੇ ਦੂਜਾ ਦਿਨ ਉਸ ਪੁਸਤਕ ਬਾਰੇ ਲਿਖਣ ਨੂੰ ਦਿੱਤਾ ਮੰਨਿਆ ਜਾ ਸਕਦਾ ਹੈ। ਜਿੱਥੇ ਦਿਨ ਰਾਤ ਕੀਤੀ ਨਿਰੰਤਰ ਮਿਹਨਤ ਪੱਖੋਂ ਉਸਦੀ ਦਾਦ ਦੇਣੀ ਬਣਦੀ ਹੈ ਓਥੇ ਇਸ ਤੱਥ ਵੱਲ ਵੀ ਧਿਆਨ ਜਾਂਦਾ ਹੈ ਕਿ ਆਲੋਚਕ ਨੇ ਪੁਸਤਕ ਪੜ੍ਹਨ ਤੇ ਉਸ ਬਾਰੇ ਰਾਇ ਬਣਾਉਣ ਅਤੇ ਦੇਣ ਵਿਚ ਕਾਹਲੀ ਕੀਤੀ ਲੱਗਦੀ ਹੈ।

-----

ਕਿਸੇ ਵੀ ਪੁਸਤਕ ਬਾਰੇ ਆਪਣਾ ਸਰਬਾਂਗੀ ਆਲੋਚਨਾਤਮਕ ਨਿਰਣਾ ਦੇਣ ਲਈ ਉਸ ਪੁਸਤਕ ਦੇ ਇੱਕ ਤੋਂ ਵਧੇਰੇ ਪਾਠ ਕਰਨ ਦੀ ਲੋੜ ਹੁੰਦੀ ਹੈ ਤੇ ਫਿਰ ਉਸ ਬਾਰੇ ਚਿੰਤਨ-ਮਨਨ ਕਰਨ ਲਈ ਵੀ ਸਮਾਂ ਦਰਕਾਰ ਹੁੰਦਾ ਹੈ। ਫਿਰ ਕਿਤੇ ਜਾ ਕੇ ਹੀ ਕੋਈ ਆਲੋਚਕ ਕਿਸੇ ਲਿਖਤ ਬਾਰੇ ਨਿਰਣਾ ਦੇਣ ਦਾ ਅਧਿਕਾਰੀ ਹੋ ਸਕਦਾ ਹੈ। ਪਰ ਅਸੀਂ ਵੇਖਦੇ ਹਾਂ ਕਿ ਸਾਡੇ ਆਲੋਚਕ ਕੋਲ ਨਿਸਚੈ ਹੀ ਸਮੇਂ ਦੀ ਘਾਟ ਵੀ ਲੱਗਦੀ ਹੈ। ਕਿਸੇ ਰਚਨਾ ਵਿਚ ਡੂੰਘਾ ਉੱਤਰਨ ਦੀ ਲੰਮੀ ਮਾਨਸਿਕ ਘਾਲਣਾ ਘਾਲਣ ਦੀ ਜਿਹੜੀ ਲੋੜ ਹੁੰਦੀ ਹੈ, ਸ਼ਾਇਦ ਇਸ ਘਾਲਣਾ ਲਈ ਸਾਡਾ ਆਲੋਚਕ ਲੋੜੀਂਦਾ ਸਮਾਂ ਨਹੀਂ ਜੁਟਾ ਸਕਿਆ। ਏਸੇ ਕਰਕੇ ਹੀ ਸ਼ਾਇਦ ਉਹ ਰਚਨਾਵਾਂ ਦੇ ‘ਸ਼ਿਲਪੀ ਝਲਕਾਰਿਆਂ’ ਵੱਲ ਸਾਡਾ ਧਿਆਨ ਨਹੀਂ ਦਿਵਾ ਸਕਿਆ। ਅਸੀਂ ਆਸ ਕਰਦੇ ਹਾਂ ਕਿ ਆਪਣੀ ਅਗਲੀ ਪੁਸਤਕ ਵਿਚ, ਜਿਸਨੂੰ ਅਗਲੇ ਹੀ ਸਾਲ ਤੱਕ ਮੁਕੰਮਲ ਕਰ ਦੇਣ ਦਾ ਉਸਨੇ ਐਲਾਨ ਵੀ ਕਰ ਦਿੱਤਾ ਹੈ, ਉਹ ਸਾਡਾ ਇਹ ਉਲ੍ਹਾਮਾ ਵੀ ਦੂਰ ਕਰ ਦੇਵੇਗਾ।

------

ਪਰ ‘ਉਲ੍ਹਾਮੇ’ ਦੇਈ ਜਾਣਾ ਤੇ ਪ੍ਰਾਪਤੀ ਨੂੰ ਅੱਖੋਂ ਓਹਲੇ ਕਰੀ ਰੱਖਣਾ ਵੀ ਦਿਆਨਤਦਾਰੀ ਨਹੀਂ। ਮੈਂ ਅਜਿਹਾ ਬਦ-ਦਿਆਨਤਦਾਰ ਵਿਸ਼ਲੇਸ਼ਕ ਨਹੀਂ ਹਾਂ ਜਿਹੜਾ ਸੁਖਿੰਦਰ ਦੀ ਇਸ ਇਤਿਹਾਸਕ ਪਹਿਲਕਦਮੀ ਨੂੰ ਘਟਾ ਕੇ ਵੇਖਣ ਦੀ ਦੁਰਭਾਵਨਾ ਦਾ ਸ਼ਿਕਾਰ ਹੋਵੇ। ਸੁਖਿੰਦਰ ਨੇ ਕਨੇਡੀਅਨ ਪੰਜਾਬੀ ਆਲੋਚਨਾ ਦੇ ਖੇਤਰ ਵਿਚ ਸਚਮੁੱਚ ਇਤਿਹਾਸ ਸਿਰਜ ਦਿੱਤਾ ਹੈ। ਇਸ ਪੱਖੋਂ ਲੇਖਕਾਂ ਦੇ ਨਾਲ ਨਾਲ ਕਨੇਡੀਅਨ ਪੰਜਾਬੀ ਸਾਹਿਤ ਦੇ ਭਵਿੱਖੀ ਆਲੋਚਕ ਸਦਾ ਸੁਖਿੰਦਰ ਦਾ ਰਿਣ ਮਹਿਸੂਸ ਕਰਦੇ ਰਹਿਣਗੇ।

*****

Friday, July 9, 2010

ਸੁਖਿੰਦਰ - ਲੇਖ

ਲੋਕ ਮਨਾਂ ਵਿੱਚ ਚੇਤਨਤਾ ਜਗਾਉਂਦੇ ਗੀਤ - ਹਰਬੰਸ ਕੇ. ਬਰਾੜ

ਲੇਖ

ਅਜੋਕੇ ਸਮਿਆਂ ਵਿੱਚ ਬਹੁਤ ਸਾਰੇ ਗੀਤਕਾਰਾਂ ਵੱਲੋਂ ਦਿਸ਼ਾਹੀਣ ਪੰਜਾਬੀ ਗੀਤਾਂ ਦਾ ਪਾਸਾਰ ਕੀਤਾ ਜਾ ਰਿਹਾ ਹੈ। ਜਿਸ ਵਿੱਚ ਲੱਚਰ ਕਿਸਮ ਦੀ ਗੀਤਕਾਰੀ ਵੀ ਸ਼ਾਮਿਲ ਕੀਤੀ ਜਾ ਸਕਦੀ ਹੈ। ਅਜਿਹੇ ਦਿਸ਼ਾਹੀਣ ਗੀਤਕਾਰਾਂ ਵਿੱਚ ਉਹ ਗੀਤਕਾਰ ਵੀ ਸ਼ਾਮਿਲ ਹਨ ਜੋ ਹਿੰਸਾਵਾਦੀ ਗੀਤ, ਜ਼ਾਤ-ਪਾਤ ਦੇ ਵਖਰੇਵੇਂ ਪੈਦਾ ਕਰਨ ਵਾਲੇ ਗੀਤ ਅਤੇ ਧਾਰਮਿਕ ਕੱਟੜਵਾਦੀ ਵਿਚਾਰਾਂ ਦਾ ਪਾਸਾਰ ਕਰਨ ਵਾਲੇ ਪੰਜਾਬੀ ਗੀਤਾਂ ਦੀ ਸਿਰਜਣਾ ਕਰਨ ਲਈ ਯਤਨਸ਼ੀਲ ਹਨ।

-----

ਕੈਨੇਡੀਅਨ ਪੰਜਾਬੀ ਗੀਤਕਾਰ ਹਰਬੰਸ ਕੇ. ਬਰਾੜ ਅਜਿਹੇ ਦਿਸ਼ਾਹੀਣ ਰੁਝਾਣ ਦੇ ਉਲਟ ਬੜੇ ਚੇਤਨਤਾ ਭਰਪੂਰ ਗੀਤਾਂ ਦੀ ਸਿਰਜਣਾ ਕਰਦੀ ਹੈ। ਉਸਦੇ ਗੀਤ ਸਾਡੀ ਜ਼ਿੰਦਗੀ ਨਾਲ ਜੁੜੇ ਸਮਾਜਿਕ, ਸਭਿਆਚਾਰਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਸਰੋਕਾਰਾਂ ਬਾਰੇ ਗੱਲ ਕਰਦੇ ਹੋਏ ਅਮਨ, ਪਿਆਰ ਅਤੇ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਹਨ। ਹਰਬੰਸ ਕੇ. ਬਰਾੜ ਨੇ ਆਪਣੇ ਚੇਤਨਤਾ ਭਰਪੂਰ ਗੀਤਾਂ ਦਾ ਪਹਿਲਾ ਸੰਗ੍ਰਹਿ ‘ਫੁੱਲਾਂ ਭਰੀ ਚੰਗੇਰ’ 1988 ਵਿੱਚ ਪ੍ਰਕਾਸ਼ਿਤ ਕੀਤਾ ਸੀ।

-----

ਹਰਬੰਸ ਕੇ. ਬਰਾੜ ਦੇ ਉਦੇਸ਼ ਭਰੇ ਗੀਤਾਂ ਦੇ ਇਸ ਸੰਗ੍ਰਹਿ ਬਾਰੇ ਚਰਚਾ ਉਸਦੇ ਗੀਤ ‘ਲਿਖਣ ਵਾਲਿਆਂ ਨੂੰ’ ਦੀਆਂ ਇਨ੍ਹਾਂ ਸਤਰਾਂ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ:

ਤੁਸੀਂ ਬਦਲ ਦਿਓ ਗੀਤਾਂ ਦੀ ਨੁਹਾਰ ਵੇ ਲਿਖਾਰੀਓ

ਨਿਰਾ ਵਸਲ ਨਹੀਂ ਹੋਵੇ ਕੁਝ ਪਿਆਰ ਵੇ ਲਿਖਾਰੀਓ

ਲਫ਼ਜ਼ਾਂ ਦੇ ਨਾਲ ਨੰਗੇ ਨਾ ਕਰੋ ਸਰੀਰਾਂ ਨੂੰ

ਰਖ ਦਿਓ ਲਾਂਭੇ ਇਹਨਾਂ ਕਾਮ ਵਾਲੇ ਤੀਰਾਂ ਨੂੰ

ਐਵੇਂ ਕਰੋ ਨਾ ਸਮਾਜ ਨੂੰ ਬੀਮਾਰ ਵੇ ਲਿਖਾਰੀਓ

ਤੁਸੀਂ ਬਦਲ ਦਿਓ ਗੀਤਾਂ ਦੀ ਨੁਹਾਰ ਵੇ ਲਿਖਾਰੀਓ

ਕਾਹਦਾ ਗੀਤ ਸੁਣ ਜੇ ਭੈਣ ਕੋਲੋਂ ਵੀਰ ਉਠ ਜੇ

ਧੀ ਦੇ ਕੋਲ ਬੈਠੇ ਪਿਉ ਦਾ ਜੇ ਦਿਲ ਦੁਖ ਜੇ

ਕੁਝ ਸਭਿਅਤਾ ਦਾ ਕਰੋ ਲਿਹਾਜ਼ ਵੇ ਲਿਖਾਰੀਓ

ਤੁਸੀਂ ਬਦਲ ਦਿਓ ਗੀਤਾਂ ਦੀ ਨੁਹਾਰ ਵੇ ਲਿਖਾਰੀਓ

----

ਅਜਿਹੀ ਪ੍ਰਗਤੀਸ਼ੀਲ ਸੋਚ ਨੂੰ ਹੀ ਉਹ ਆਪਣੇ ਗੀਤ ‘ਜਵਾਨੀ ਦਾ ਸੁਪਨਾ’ ਵਿੱਚ ਵੀ ਪੇਸ਼ ਕਰਦੀ ਹੈ। ਭਾਰਤੀ ਸਮਾਜ ਵਿੱਚ ਮਨੂੰਵਾਦ ਨੇ ਜ਼ਾਤ-ਪਾਤ ਦੇ ਨਾਮ ਉੱਤੇ ਜੋ ਸਮਾਜਕ ਵੰਡੀਆਂ ਪਾਈਆਂ ਹੋਈਆਂ ਹਨ ਉਸ ਸਦਕਾ ਜਿ਼ੰਦਗੀ ਨਾਲ ਸਬੰਧਿਤ ਹਰ ਖੇਤਰ ਵਿੱਚ ਹੀ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੌਂਸਲੇ ਵਾਲੀ ਗੱਲ ਇਹ ਹੈ ਕਿ ਨਵੀਂ ਪੌਦ ਇਸ ਮਾਨਸਿਕ ਕੋਹੜ ਤੋਂ ਹੌਲੀ ਹੌਲੀ ਮੁਕਤ ਹੋਣ ਦਾ ਯਤਨ ਕਰ ਰਹੀ ਹੈ। ਪਰ ਇਸ ਦੇ ਉਲਟ ਭਾਰਤੀ ਸ਼ਾਸਨ ਪ੍ਰਣਾਲੀ ਆਪਣੀ ਨਿੱਜੀ ਰਾਜਨੀਤਿਕ ਲਾਭਾਂ ਖ਼ਾਤਿਰ ਜ਼ਾਤ-ਪਾਤ ਆਧਾਰਤ ਸਮਾਜਿਕ ਵੰਡ ਨੂੰ ਉਤਸਾਹਤ ਕਰਨ ਦੇ ਆਪਣੇ ਯਤਨ ਜਾਰੀ ਰੱਖ ਰਹੀ ਹੈ। ਤਾਂ ਜੋ ਜ਼ਾਤ-ਪਾਤ ਦੇ ਨਾਮ ਉੱਤੇ ਲੋਕਾਂ ਨੂੰ ਵੰਡਿਆ ਜਾ ਸਕੇ ਅਤੇ ਮੌਕਾ ਆਉਣ ਉੱਤੇ ਕੁਝ ਖ਼ਾਸ ਕਿਸਮ ਦੇ ਜ਼ਾਤ-ਪਾਤ ਨਾਲ ਸਬੰਧਤ ਲੋਕਾਂ ਨੂੰ ਵੋਟ ਬੈਂਕ ਬਣਾ ਕੇ ਆਪਣੇ ਹੱਕ ਵਿੱਚ ਭੁਗਤਾਇਆ ਜਾ ਸਕੇ। ਭਾਰਤੀ ਸਮਾਜ ਨੂੰ ਚੰਬੜੇ ਇਸ ਮਾਨਸਿਕ ਕੋਹੜ ਦਾ ਅਜੇ ਤੱਕ ਕੋਈ ਸਦੀਵੀ ਇਲਾਜ ਨਹੀਂ ਲੱਭਿਆ ਜਾ ਸਕਿਆ। ਹਰਬੰਸ ਕੇ. ਬਰਾੜ ਇਸ ਸਮਾਜਿਕ ਸਮੱਸਿਆ ਬਾਰੇ ਵੀ ਆਪਣੇ ਪ੍ਰਗਤੀਸ਼ੀਲ ਵਿਚਾਰਾਂ ਦੀ ਹੀ ਪ੍ਰਦਰਸ਼ਨੀ ਕਰਦੀ ਹੈ। ਪੇਸ਼ ਹਨ ਉਸਦੇ ਗੀਤ ‘ਜਵਾਨੀ ਦਾ ਸੁਪਨਾ’ ਵਿੱਚੋਂ ਕੁਝ ਭਾਵਪੂਰਤ ਸਤਰਾਂ:

ਜ਼ਾਤ-ਪਾਤ ਤੇ ਧਰਮ ਕਰਮ ਦੇ ਕਟ ਦੇਣੇ ਨੇ ਫੰਦੇ

ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ

ਕਿਸਾਨ ਜਾਂ ਜਵਾਨ ਹੋਵੇ, ਹੋਵੇ ਹਿੰਦੁਸਤਾਨ ਦਾ

ਬਾਬਲ ਨੂੰ ਕਹਿਦੇ ਕੋਈ ਮੁੰਡਾ ਲੱਭੇ ਹਾਣ ਦਾ

ਕੋਈ ਹੋਵੇ ਛੈਲ ਛਬੀਲਾ ਪਿਆਰਾਂ ਦੀ ਬੋਲੀ ਜਾਣਦਾ

-----

ਹਰਬੰਸ ਕੇ. ਬਰਾੜ ਦਾ ਇਹੀ ਅੰਦਾਜ਼ ਉਸ ਦੇ ਗੀਤ ‘ਅੱਜ ਦੀ ਮੰਗ’ ਵਿੱਚ ਵੀ ਦੇਖਿਆ ਜਾ ਸਕਦਾ ਹੈ। ਜਦੋਂ ਕਿ ਉਹ ਦੁਨੀਆਂ ਵਿੱਚ ਅਮਨ ਅਤੇ ਪਿਆਰ ਦੀ ਲੋੜ ਬਾਰੇ ਚੇਤਨਾ ਜਗਾਉਂਦੀ ਹੈ:

ਗੁਰਮੁਖੋ ਪਿਆਰਿਓ ਗੁਰੂ ਦੇ ਦੁਲਾਰਿਓ

ਜਗ ਦੀ ਨੁਹਾਰ ਨੂੰ ਸੰਵਾਰਿਓ...

ਅਮਨਾਂ ਦੀ ਲੋੜ ਅਜ ਸੋਚੋ ਤੇ ਵਿਚਾਰ ਲੌ

ਕਹਿਣੀ ਤੇ ਕਰਨੀ ਨੂੰ ਇਕ ਢਾਂਚੇ ਢਾਲ ਲੌ

ਦੁਨੀਆਂ ਦਾ ਜ਼ੋਰ ਫੋਕੇ ਭਾਸ਼ਨਾਂ ‘ਚ ਰਹਿੰਦਾ ਏ

ਬੋਲਾਂ ਨੂੰ ਅਮਲਾਂ ‘ਚ ਢਾਲਿਓ

ਦੋਸਤੀ ਦਾ ਨਾਂ ਦੇਣਾ ਵੈਰ ਤੇ ਵਿਰੋਧ ਨੂੰ

ਪਿਆਰ ਵਿਚ ਬਦਲ ਦੇਣਾ ਗੁੱਸੇ ਤੇ ਕਰੋਧ ਨੂੰ

ਮਿਲ ਗਈ ਏ ਖੁਸ਼ੀ ਇਹਨੂੰ ਵੰਡ ਦਿਓ ਜਹਾਨ ਵਿੱਚ

ਖ਼ੁਸ਼ਬੂ ਗਿਆਨ ਦੀ ਖਿਲਾਰਿਓ...

......

2.ਬੋਲਣ ਦਾ ਸਮਾਂ ਨਹੀਂ ਹੈ ਕਰਕੇ ਦਿਖਾਉਣਾ ਏ

ਦੁਨੀਆਂ ਨੂੰ ਅੱਜ ਅਸੀਂ ਸਵਰਗ ਬਣਾਉਣਾ ਏ

ਸਰਬਤ ਦਾ ਜੋ ਭਲਾ ਜੇ ਅਸਲ ‘ਚ ਚਾਹੁੰਦੇ ਹੋ

ਮਾਰ ਧਾੜ ਖ਼ਤਮ ਕਰਾ ਦਿਓ...

ਸਾਹਿਬਾਂ ਨੇ ਜੋ ਦੱਸਿਆ ਇਹ ਉਲਟ ਕਮਾਂਵਦੇ

ਧਰਮ ਦਾ ਨਾਂ ਲੈ ਕੇ ਪਾਪ ਨੇ ਕਮਾਂਵਦੇ

ਹਰਬੰਸ ਪਿਆਰ ਦਾ ਸੁਨੇਹਾ ਦੇ ਕੇ ਦੁਨੀਆਂ ਨੂੰ

ਹੋ ਦੁਨੀਆਂ ਨੂੰ ਜੰਗ ਤੋਂ ਬਚਾ ਦਿਓ

----

ਫਿਰਕਾਪ੍ਰਸਤ ਅਤੇ ਧਰਮਾਂ ਦੇ ਨਾਮ ਉੱਤੇ ਦੰਗੇ-ਫਸਾਦ ਕਰਵਾਉਣ ਵਾਲੇ ਲੋਕਾਂ ਨੂੰ ਵੀ ਹਰਬੰਸ ਬਰਾੜ ਕਰੜੇ ਹੱਥੀਂ ਲੈਂਦੀ ਹੈ। ‘ਜਹਾਨ’ ਨਾਮ ਦਾ ਗੀਤ ਅਜਿਹੇ ਸ਼ਕਤੀਸ਼ਾਲੀ ਵਿਚਾਰਾਂ ਦਾ ਪ੍ਰਗਟਾ ਕਰਦਾ ਹੈ:

ਇਹ ਠੇਕੇਦਾਰ ਧਰਮਾਂ ਦੇ ਕਿਹੀ ਪਰਲੋ ਲਿਆਉਂਦੇ ਨੇ

ਨਾਂ ਲੈ ਕੇ ਗੁਰੂਆਂ ਪੀਰਾਂ ਦੇ ਭਾਈ ਤੋਂ ਭਾਈ ਮਰਾਉਂਦੇ ਨੇ

ਉਹ ਵਰ੍ਹਦਾ ਨਹੀਂ ਹੁੰਦਾ ਜੋ ਬੱਦਲ ਬਹੁਤਾ ਗੱਜਦਾ ਏ

ਦਿਲ ਕਰੇ ਫਿਰਕਾਪ੍ਰਸਤੀ ਦੀਆਂ ਮੈਂ ਫੜ ਕੇ ਮੁਸ਼ਕਾਂ ਕਸ ਦੇਵਾਂ

ਭੁੱਲੇ ਭਟਕੇ ਜੀਆਂ ਨੂੰ ‘ਸੱਚੇ’ ਦਾ ਸਿਰਨਾਵਾਂ ਦਸ ਦੇਵਾਂ

-----

ਹਰੇਕ ਧਰਮ ਵਿੱਚ ਕੁਝ ਲੋਕ ਇਹ ਸਮਝਦੇ ਹਨ ਕਿ ਉਸ ਧਰਮ ਨੂੰ ਮੰਨਣ ਵਾਲੇ ਹਰ ਕੰਮ ਉਹੀ ਕਰਨਗੇ ਜੋ ਇਨ੍ਹਾਂ ‘ਧਰਮ ਦੇ ਠੇਕੇਦਾਰਾਂ’ ਨੂੰ ਪਸੰਦ ਹੋਵੇਗਾ। ਜੋ ਵਿਅਕਤੀ ਇਨ੍ਹਾਂ ‘ਧਰਮ ਦੇ ਠੇਕੇਦਾਰਾਂ’ ਦੇ ਇਸ਼ਾਰਿਆਂ ਉੱਤੇ ਨਹੀਂ ਚਲਦਾ ਉਸ ਵਿਅਕਤੀ ਦਾ ਜੀਣਾ ਮੁਸ਼ਕਿਲ ਕਰ ਦਿੰਦੇ ਹਨ। ਪਰ ਹਰਬੰਸ ਕੇ. ਬਰਾੜ ਅਜਿਹੇ ਧਰਮ ਦੇ ਠੇਕੇਦਾਰਾਂ ਦੀ ਕੋਈ ਪਰਵਾਹ ਨਹੀਂ ਕਰਦੀ। ਉਹ ਲੋਕਾਂ ਨੂੰ ਵੀ ਇਹੀ ਸੰਦੇਸ਼ ਦਿੰਦੀ ਹੈ ਕਿ ਇਨ੍ਹਾਂ ਧਰਮ ਦੇ ਠੇਕੇਦਾਰਾਂ ਤੋਂ ਡਰ ਡਰ ਕੇ ਜ਼ਿੰਦਗੀ ਜਿਉਣ ਦੀ ਲੋੜ ਨਹੀਂ। ‘ਦੁਨੀਆਂ’ ਨਾਮ ਦੇ ਗੀਤ ਦੀਆਂ ਇਹ ਸਤਰਾਂ ‘ਧਰਮ ਦੇ ਠੇਕੇਦਾਰਾਂ’ ਦੀ ਸਰਦਾਰੀ ਨੂੰ ਪੂਰੀ ਤਰ੍ਹਾਂ ਰੱਦ ਕਰਦੀਆਂ ਹਨ:

ਮਜ਼ਹਬਾਂ ਦੇ ਠੇਕੇਦਾਰਾਂ ਦੀ

ਕੋਈ ਤੂੰ ਪ੍ਰਵਾਹ ਨਾ ਕਰਿਆ ਕਰ

ਜੇ ਜੀਣਾ ਏ ਜੀ ਹੱਸ ਹੱਸ ਕੇ

ਐਵੇਂ ਦਿਨ ਕਟੀਆਂ ਨਾ ਕਰਿਆ ਕਰ

ਏਥੇ ਵਸਦੇ ਲੋਕ ਬੇਗਾਨੇ ਨੇ

ਪਿਆਰਾਂ ਦੇ ਐਵੇਂ ਬਹਾਨੇ ਨੇ

ਲੋੜਾਂ ਦੇ ਵੇਲੇ ਯਰਾਨੇ ਨੇ

ਇਹਨਾਂ ਸੁਹਣੇ ਕੌੜੇ ਤੁੰਮਿਆਂ ਦੀ

ਤੂੰ ਗੱਲ ਹੀ ਨਾ ਕੋਈ ਕਰਿਆ ਕਰ

-----

ਰਾਜਨੀਤਿਕ, ਸਮਾਜਿਕ, ਧਾਰਮਿਕ ਪਹਿਲੂਆਂ ਦੀ ਗੱਲ ਕਰਦੀ ਹੋਈ ਹਰਬੰਸ ਕੇ. ਬਰਾੜ ਮਨੁੱਖੀ ਰਿਸ਼ਤਿਆਂ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦੇ ਕਾਰਨਾਂ ਦੀ ਵੀ ਗੱਲ ਕਰਦੀ ਹੈ। ਜਿਨ੍ਹਾਂ ਵਿੱਚ ‘ਲਾਲਚ’ ਅਤੇ ‘ਸ਼ੱਕ’ ਦੋ ਮਹੱਤਵਪੂਰਨ ਵਿਸ਼ੇ ਹਨ। ਕਿਸੀ ਵੀ ਮਨੁੱਖੀ ਰਿਸ਼ਤੇ ਵਿੱਚ ਜੇਕਰ ਇੱਕ ਵੇਰੀ ਸ਼ੱਕ ਦੀ ਭਾਵਨਾ ਪੈਦਾ ਹੋ ਜਾਵੇ ਤਾਂ ਉਹ ਰਿਸ਼ਤਾ ਮੁੜ ਕਦੀ ਵੀ ਪਹਿਲਾਂ ਵਾਲੀ ਸਥਿਤੀ ਵਿੱਚ ਨਹੀਂ ਆ ਸਕਦਾ। ਇਸੀ ਤਰ੍ਹਾਂ ਜਿਸ ਵਿਅਕਤੀ ਦੇ ਮਨ ਵਿੱਚ ਲਾਲਚ ਦੀ ਭਾਵਨਾ ਪੈਦਾ ਹੋ ਜਾਵੇ ਉਹ ਵਿਅਕਤੀ ਮਨੁੱਖੀ ਰਿਸ਼ਤਿਆਂ ਨੂੰ ਕਿਸੀ ਵੀ ਹੱਦ ਤੱਕ ਦਾਅ ਉੱਤੇ ਲਗਾ ਸਕਦਾ ਹੈ। ‘ਹੱਡ ਬੀਤੀ’ ਗੀਤ ਵਿੱਚ ਇਸ ਹਕੀਕਤ ਨੂੰ ਬੜੀ ਖ਼ੂਬਸੂਰਤੀ ਨਾਲ ਬਿਆਨ ਕੀਤਾ ਗਿਆ ਹੈ:

ਕਦੇ ਆਪਣੇ ਬਣ ਜਾਂਦੇ, ਜੋ ਸਤ ਪ੍ਰਾਏ ਨੇ

ਬੇਗਾਨੇ ਬਣ ਬਹਿੰਦੇ ਕਦੇ ਮਾਂ ਪਿਉ ਜਾਏ ਨੇ

ਰਿਸ਼ਤੇ ਵਿਚ ਲਾਲਚ ਤਣ ਜਾਂਦਾ

ਫਿਰ ਖ਼ੂਨ ਦਾ ਪਾਣੀ ਬਣ ਜਾਂਦਾ

ਮੈਂ ਦੇਖੇ ਕਈ ਰਿਸ਼ਤੇ, ਲਾਲਚ ਨੇ ਗਵਾਏ ਨੇ

ਬੇਗਾਨੇ ਬਣ ਬਹਿੰਦੇ ਕਦੇ ਮਾਂ ਪਿਓ ਜਾਏ ਨੇ

ਮੈਂ ਡਿੱਠਾ ਅਕਸਰ ਠੋਕ ਵਜਾ

ਸ਼ੱਕ ਝੂਠਾ ਕਰ ਦੇਂਦਾ ਏ ਤਬਾਹ

ਚੰਦਰੇ ਸ਼ੱਕ ਨੇ ਲੋਕੋ, ਬੜੇ ਹੀ ਦਿਲ ਦੁਖਾਏ ਨੇ

-----

ਇਹ ਇੱਕ ਤਰ੍ਹਾਂ ਦਾ ਰਿਵਾਜ ਹੀ ਬਣ ਗਿਆ ਹੈ ਕਿ ਲੋਕ ਦੁਨੀਆਂਦਾਰੀ ਦਾ ਦਿਖਾਵਾ ਕਰਨ ਲਈ ਅਨੇਕਾਂ ਤਰ੍ਹਾਂ ਦੇ ਢੌਂਗ ਰਚਾਉਂਦੇ ਹਨ। ਅਜਿਹੇ ਮੁ਼ਖੌਟੇਧਾਰੀ ਲੋਕਾਂ ਦੀ ਹਰਬੰਸ ਕੇ. ਬਰਾੜ ਤਿੱਖੇ ਸ਼ਬਦਾਂ ਵਿੱਚ ਆਲੋਚਨਾ ਕਰਦੀ ਹੈ। ਉਸਦੇ ਗੀਤ ‘ਢੌਂਗੀ ਦੁਨੀਆਂ’ ਅਤੇ ‘ਹਾਇ ਓਏ ਜ਼ਮਾਨਿਆ ਅਜਿਹੇ ਮੁਖੌਟਾਧਾਰੀਆਂ ਦੀ ਮਾਨਸਿਕਤਾ ਦੀ ਤਸਵੀਰ ਕੁਝ ਇਸ ਤਰ੍ਹਾਂ ਪੇਸ਼ ਕਰਦੇ ਹਨ:

1.ਜਿਉਂਦੇ ਦੀ ਪੀੜ ਵੰਡਾਈ ਨਾ

ਮੋਇਆਂ ਤੋਂ ਰੋਣ ਦਾ ਕੀ ਫਾਇਦਾ

........

2.ਮੁਰਦੇ ਦੇ ਮੂੰਹ ਨੂੰ ਘਿਉ ਲਾ ਕੇ

ਕਹਿਣਾ ਖਾਂਦਾ ਪੀਂਦਾ ਮਰਿਆ ਏ

ਹੁਣ ਚਲਿਆ ਕਹਿਣ ਸਵਰਗਾਂ ਨੂੰ

ਉਹਦੇ ਦੀਵਾ ਮੜੀ ‘ਤੇ ਧਰਿਆ ਏ

ਰਹੀ ਬੰਸ ਤਰਸਦੀ ਬੁਰਕੀ ਨੂੰ

ਪਿਛੋਂ ਜਗ ਕਰਾਉਣ ਦਾ ਕੀ ਫਾਇਦਾ

........

3.ਜਿਉਂਦੇ ਨੂੰ ਨਹੀਂ ਮੰਨਣਾ ਦੁਨੀਆਂ ਦੀ ਰੀਤ ਏ

ਮਰ ਮੁਕ ਜਾਣੀ ਇਹ ਕਿਹੋ ਜਿਹੀ ਪ੍ਰੀਤ ਏ

ਮੋਇਆਂ ਨੂੰ ਪੂਜਣਾ ਪਖੰਡ ਏ ਜ਼ਮਾਨਿਆ

----

‘ਗੁਰਸਿੱਖੀ’ ਨਾਮ ਦੇ ਗੀਤ ਵਿੱਚ ਵੀ ਹਰਬੰਸ ਕੇ. ਬਰਾੜ ਦਾ ਗੱਲ ਕਹਿਣ ਦਾ ਅੰਦਾਜ਼ ਕੁਝ ਇਸੀ ਤਰ੍ਹਾਂ ਦਾ ਹੀ ਹੈ। ਇਸ ਗੀਤ ਵਿੱਚ ਵੀ ਉਹ ਮੁਖੌਟਾਧਾਰੀ ਧਾਰਮਿਕ ਕਿਸਮ ਦੇ ਲੋਕਾਂ ਉੱਤੇ ਵਿਅੰਗ ਕੱਸਦੀ ਹੈ। ਉਹ ਅਜਿਹੇ ਧਾਰਮਿਕ ਲੋਕਾਂ ਦੀ ਕੋਈ ਕਦਰ ਨਹੀਂ ਕਰਦੀ ਜੋ ਧਾਰਮਿਕ ਹੋਣ ਦਾ ਦਿਖਾਵਾ ਤਾਂ ਕਰਦੇ ਹਨ ਪਰ ਜੋ ਆਪਣੇ ਧਰਮ ਦੀਆਂ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਉੱਤੇ ਅਮਲ ਨਹੀਂ ਕਰਦੇ। ਅਜਿਹੀ ਕਿਸਮ ਦੇ ਧਾਰਮਿਕ ਲੋਕਾਂ ਦੀ ਹਰ ਪਾਸੇ ਭਰਮਾਰ ਹੋ ਜਾਣ ਕਰਕੇ ਹੀ ਅਸੀਂ ਨਿਤ ਗੁਰਦੁਆਰਿਆਂ, ਮੰਦਰਾਂ, ਮਸਜਿਦਾਂ, ਗਿਰਜਿਆਂ ਵਿੱਚ ਹੋ ਰਹੇ ਦੰਗੇ-ਫਸਾਦਾਂ ਦੀਆਂ ਖ਼ਬਰਾਂ ਸੁਣਦੇ ਹਾਂ। ਅਜਿਹੇ ਮੁਖੌਟਾਧਾਰੀ ਧਾਰਮਿਕ ਲੋਕਾਂ ਦੀ ਹਰ ਪਾਸੇ ਭਰਮਾਰ ਹੋ ਜਾਣ ਕਰਕੇ ਹੀ ਧਾਰਮਿਕ ਅਦਾਰਿਆਂ ਵਿੱਚ ਹਰ ਤਰ੍ਹਾਂ ਦਾ ਭ੍ਰਿਸ਼ਟਾਚਾਰ ਫੈਲ ਰਿਹਾ ਹੈ। ਇਨ੍ਹਾਂ ਧਾਰਮਿਕ ਸਥਾਨਾਂ ਵਿੱਚ ਬੱਚਿਆਂ ਦੇ ਬਲਾਤਕਾਰ ਹੋ ਰਹੇ ਹਨ। ਇਹ ਧਾਰਮਿਕ ਸਥਾਨ ਕਾਤਲਾਂ, ਡਰੱਗ ਸਮਗਲਰਾਂ, ਹਥਿਆਰਾਂ ਦੇ ਵਿਉਪਾਰੀਆਂ ਅਤੇ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਦੇ ਅੱਡੇ ਬਣ ਰਹੇ ਹਨ। ਪੇਸ਼ ਹਨ ‘ਗੁਰਸਿੱਖੀ’ ਗੀਤ ਵਿੱਚੋਂ ਕੁਝ ਉਦਾਹਰਣਾਂ:

1.ਆਪਣੇ ਆਪ ਨੂੰ ਜਾਣਿਆ ਨਹੀਂ ਜੇ

ਕਰਕੇ ਨਿਰਾ ਦਿਖਾਵਾ ਲੋਕੋ

ਪੁਟਣੀ ਆਪਣੀ ਮਿੱਟੀ ਏ

..........

2.ਗਜ਼ ਗਜ਼ ਲੰਬੇ ਕੇਸ ਵਧਾਓ

ਮਰਜ਼ੀ ਏ ਪਏ ਘਰੜ ਸੁਨਾਓ

ਜਮਾਂ ਦੀ ਮਾਰ ਤੋਂ ਬਚ ਨਹੀਂ ਸਕਦੇ

...........

3.ਦਾਤਾਂ ਨਾਲ ਏ ਪਿਆਰ ਵਧਾਇਆ

ਦੇਣ ਵਾਲੇ ਨੂੰ ਦਿਲੋਂ ਭੁਲਾਇਆ

-----

ਧਰਮ ਦੇ ਨਾਮ ਉੱਤੇ ਹਰ ਪਾਸੇ ਫੈਲ ਰਹੇ ਭ੍ਰਿਸ਼ਟਾਚਾਰ ਅਤੇ ਕਤਲੋਗਾਰਤ ਨੂੰ ਦੇਖਦਿਆਂ ਹਰਬੰਸ ਕੇ. ਬਰਾੜ ਇਸ ਨੁਕਤੇ ਨੂੰ ਉਭਾਰਦੀ ਹੈ ਕਿ ਹਰ ਮਨੁੱਖ ਇੱਕੋ ਤਰ੍ਹਾਂ ਹੀ ਜਨਮ ਲੈਂਦਾ ਹੈ ਅਤੇ ਹਰ ਮਨੁੱਖ ਹੱਡ ਮਾਸ ਦਾ ਪੁਤਲਾ ਹੈ; ਪਰ ਉਸ ਉੱਤੇ ਵੱਖੋ ਵੱਖ ਧਰਮਾਂ ਦੇ ਮੁਖੌਟੇ ਚਾੜ੍ਹ ਕੇ ਉਸ ਨੂੰ ਇੱਕ ਦੂਜੇ ਨਾਲ ਲੜਾਇਆ ਜਾਂਦਾ ਹੈ। ਭੋਲੇ ਭਾਲੇ ਇਨਸਾਨਾਂ ਨੂੰ ਸਮਾਜ ਦਰਿੰਦਿਆਂ ਵਿੱਚ ਬਦਲ ਦਿੰਦਾ ਹੈ। ਹਰਬੰਸ ਬਰਾੜ ਇਸ ਨੁਕਤੇ ਨੂੰ ਵੀ ਉਭਾਰਦੀ ਹੈ ਕਿ ਨਾ ਜ਼ਾਤ, ਨਾ ਧਰਮ ਹੀ ਮਨੁੱਖ ਨੂੰ ਉੱਚਾ ਬਣਾਉਂਦੇ ਹਨ - ਬਲਕਿ ਹਰ ਇਨਸਾਨ ਜੋ ਇਨਸਾਨੀਅਤ ਵਾਲੇ ਕੰਮ ਕਰਦਾ ਹੈ, ਉਹ ਕੰਮ ਹੀ ਉਸ ਨੂੰ ਉੱਚਾ ਬਣਾਉਂਦੇ ਹਨ। ‘ਕਵਿਤਾ’ ਨਾਮ ਦੇ ਗੀਤ ਦੀਆਂ ਇਹ ਸਤਰਾਂ ਇਸ ਗੱਲ ਦਾ ਸਬੂਤ ਦਿੰਦੀਆਂ ਹਨ ਕਿ ਹਰਬੰਸ ਕੇ. ਬਰਾੜ ਇੱਕ ਚੇਤੰਨ, ਜਾਗਰੁਕ ਅਤੇ ਤਰੱਕੀ ਪਸੰਦ ਗੀਤਕਾਰ ਹੋਣ ਦੇ ਨਾਤੇ ਉੱਚੀਆਂ-ਸੁੱਚੀਆਂ ਸਮਾਜਿਕ ਅਤੇ ਸਭਿਆਚਾਰਕ ਕਦਰਾਂ-ਕੀਮਤਾਂ ਦੇ ਹੱਕ ਵਿੱਚ ਖੜ੍ਹਦੀ ਹੈ:

1.ਨਵ ਜੰਮੇ ਬੱਚੇ ਦੇ ਜਿਸਮ ‘ਤੇ

ਧਰਮ ਦਾ ਕੋਈ ਨਿਸ਼ਾਨ ਨਹੀਂ ਹੁੰਦਾ

ਪਾਕ ਸਾਫ਼ ਤੇ ਭੋਲਾ ਭਾਲਾ

ਦਿਲ ਵਿਚ ਹਾਲੇ ਸ਼ੈਤਾਨ ਨਹੀਂ ਹੁੰਦਾ

ਹੌਲੀ ਹੌਲੀ ਵੱਡਾ ਹੋ ਕੇ

ਹੋਰ ਦਾ ਹੋਰ ਹੀ ਬਣਦਾ ਜਾਂਦਾ

ਆਲੇ ਦੁਆਲੇ ਦੇ ਅਸਰਾਂ ਦਾ

ਤਾਣਾ ਜਿਹਾ ਇਕ ਬਣਦਾ ਜਾਂਦਾ

ਆਖਰ ਬਣਦੈ ਸਿਖ ਈਸਾਈ

ਹਿੰਦੂ ਜਾਂ ਮੁਸਲਮਾਨ ਬਣੇ

ਪੰਜ ਤੱਤ ਦੇ ਪੁਤਲੇ ਦੇਖੋ

ਵੱਖੋ-ਵੱਖ ਇਨਸਾਨ ਬਣੇ

........

2.ਹਿੰਦੂ ਕਹੇ ਮੈਂ ਸਰਵੋਤਮ

ਮੈਂ ਹੀ ਪਾਕ ਕਹੇ ਮੁਸਲਮਾਨ

ਸਿਖ ਕਹੇ ਬਸ ਮੈਂ ਹੀ ਮੈਂ ਹਾਂ

ਈਸਾਈ ਕਹੇ ਮੈਂ ਹਾਂ ਮਹਾਨ

ਜ਼ਾਤ ਨਹੀਂ ਉਚੀ ਧਰਮ ਨਹੀਂ ਉਚਾ

ਕਰਮ ਉਚਾ ਭੋਲੇ ਨਾਦਾਨ

ਏਹਨਾਂ ਝਗੜਿਆਂ ਦੇ ਵਿਚ ਪੈ ਕੇ

ਦੇਸ਼ ਬਣੇ ਜੰਗੇ-ਮੈਦਾਨ

-----

ਇਨ੍ਹਾਂ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਸਭਿਆਚਾਰਕ ਮਸਲਿਆਂ ਬਾਰੇ ਚਰਚਾ ਛੇੜਨ ਦੇ ਨਾਲ ਨਾਲ ਹਰਬੰਸ ਕੇ. ਬਰਾੜ ਆਪਣੇ ਗੀਤਾਂ ਰਾਹੀਂ ਅਨੇਕਾਂ ਮਨੁੱਖੀ ਰਿਸ਼ਤਿਆਂ ਨਾਲ ਜੁੜੀਆਂ ਸੂਖਮ ਭਾਵਨਾਵਾਂ ਦਾ ਵੀ ਪ੍ਰਗਟਾ ਕਰਦੀ ਹੈ। ਜਿਨ੍ਹਾਂ ਵਿੱਚ ਮਾਂ-ਧੀ ਦਾ ਪਿਆਰ, ਪਿਓ-ਧੀ ਦਾ ਪਿਆਰ ਅਤੇ ਭੈਣ-ਭਰਾ ਦੇ ਪਿਆਰ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ। ਇਸ ਪਿਆਰ ਦੀ ਸੂਖ਼ਮਤਾ ਦਾ ਅਹਿਸਾਸ ਵਿਸ਼ੇਸ਼ ਕਰਕੇ ਉਨ੍ਹਾਂ ਘੜੀਆਂ ਵਿੱਚ ਹੁੰਦਾ ਹੈ ਜਦੋਂ ਧੀ ਵਿਆਹ ਹੋਣ ਤੋਂ ਬਾਹਦ ਆਪਣੇ ਭੈਣਾਂ, ਭਰਾਵਾਂ, ਮਾਂ, ਪਿਓ ਨੂੰ ਛੱਡ ਕੇ ਕਿਸੇ ਹੋਰ ਪ੍ਰਵਾਰ ਵਿੱਚ ਜਾਣ ਲੱਗਦੀ ਹੈ। ਉਹ ਇੱਕ ਐਸੇ ਪ੍ਰਵਾਰ ਨੂੰ ਛੱਡ ਕੇ ਜਾ ਰਹੀ ਹੁੰਦੀ ਹੈ ਜਿੱਥੇ ਕਿ ਉਸਨੇ ਜਨਮ ਲਿਆ ਹੁੰਦਾ ਹੈ, ਜਿੱਥੇ ਉਸਦਾ ਪਾਲਣ-ਪੋਸ਼ਣ ਹੋਇਆ ਹੁੰਦਾ ਹੈ-ਜਿੱਥੇ ਰਹਿਕੇ ਉਸਨੂੰ ਹਰ ਤਰ੍ਹਾਂ ਦੀ ਸੁਰੱਖਿਆ ਦਾ ਅਹਿਸਾਸ ਹੁੰਦਾ ਹੈ। ਪਰ ਇਸਦੇ ਮੁਕਾਬਲੇ ਵਿਆਹ ਹੋਣ ਤੋਂ ਬਾਹਦ ਉਹ ਇੱਕ ਐਸੇ ਪ੍ਰਵਾਰ ਵਿੱਚ ਜਾ ਰਹੀ ਹੁੰਦੀ ਹੈ ਜਿਸ ਨਾਲ ਸਬੰਧਤ ਹਰ ਚੀਜ਼ ਹੀ ਉਸ ਲਈ ਬੇਗਾਨੀ ਹੁੰਦੀ ਹੈ। ਇਸੇ ਲਈ ਉਹ ਜਿਸ ਪ੍ਰਵਾਰ, ਜਿਨ੍ਹਾਂ ਪਰਿਵਾਰਕ ਰਿਸ਼ਤਿਆਂ ਨੂੰ ਛੱਡ ਕੇ ਜਾ ਰਹੀ ਹੁੰਦੀ ਹੈ, ਜਿੱਥੇ ਉਸ ਨੇ ਹਰ ਤਰ੍ਹਾਂ ਦੀਆਂ ਖ਼ੁਸ਼ੀਆਂ ਮਾਣੀਆਂ ਹੁੰਦੀਆਂ ਹਨ ਉਨ੍ਹਾਂ ਦੀ ਸਦਾ-ਸਲਾਮਤੀ ਲਈ ਉਹ ਦੁਆਵਾਂ ਕਰਦੀ ਹੈ। ‘ਧੀ ਦੇ ਡੋਲੇ ਦੀਆਂ ਦੁਆਵਾਂ’ ਅਤੇ ‘ਗੀਤ ਡੋਲੀ ਦਾ’ ਨਾਮ ਦੇ ਗੀਤਾਂ ਵਿੱਚ ਧੀ ਦੀਆਂ ਭਾਵਨਾਵਾਂ ਦਾ ਕੁਝ ਇਸ ਤਰ੍ਹਾਂ ਦਾ ਹੀ ਪ੍ਰਗਟਾਅ ਕੀਤਾ ਮਿਲਦਾ ਹੈ:

1.ਤੇਰੇ ਵਸਦੇ ਰਹਿਣ ਗਰਾਂ ਮੇਰੇ ਵੇ ਪਿਆਰੇ ਬਾਬਲਾ

ਤੇਰੀ ਠੰਡੀ-ਠੰਡੀ ਮਿੱਠੀ-ਮਿੱਠੀ ਛਾਂ ਮੇਰੇ ਵੇ ਪਿਆਰੇ ਬਾਬਲਾ

ਜਿਥੇ ਹੱਸ ਖੇਡ ਕੇ ਦਿਨ ਸੀ ਗੁਜ਼ਾਰੇ ਮੈਂ

ਅਜ ਛੱਡ ਚਲੀ ਉਹ ਗਲੀਆਂ ਚੁਬਾਰੇ ਮੈਂ

ਪਈ ਜਾਪਦੀ ਏ ਓਪਰੀ ਜਿਹੀ ਥਾਂ

ਮੇਰੇ ਵੇ ਪਿਆਰੇ ਬਾਬਲਾ

.........

2.ਸੁਣ ਵੇ ਮੇਰੇ ਵੀਰਿਆ ਵੇ ਮੇਰੇ ਹੀਰਿਆ

ਕਿਵੇਂ ਦਿਲ ਸਮਝਾਵਾਂ ਲੜਨਾ ਖੇਡਣਾ ਬਚਪਨ ਦਾ

ਵੇ ਮੈਂ ਕਿਵੇਂ ਭੁਲ ਜਾਵਾਂ

ਸੁਣ ਨੀ ਮੇਰੀ ਅੰਮੜੀਏ ਨੀ ਮੇਰੀ ਜਿੰਦੜੀਏ

ਨੀ ਐਵੇਂ ਨਾ ਰੋਈਂ

ਯਾਦ ਰੱਖੀਂ ਮੇਰੀ ਸਾਂਭ ਕੇ ਨਾ ਹੰਝੂਆਂ ਨਾਲ ਧੋਈਂ

ਜੇ ਦੁਨੀਆਂ ਦਾ ਦਸਤੂਰ ਹੈ ਤੇ ਜ਼ਰੂਰ ਹੈ

ਧੀਆਂ ਧਨ ਪਰਾਇਆ

ਫਿਰ ਵੀ ਮੇਰਿਆ ਬਾਬਲਾ ਐਨਾ ਪਿਆਰ ਕਿਉਂ ਪਾਇਆ

ਆ ਨੀ ਭਾਬੀ ਰਾਣੀਏ ਨੀ ਬੜੀ ਸਿਆਣੀਏਂ

ਕਹਾਂ ਨਾਲੇ ਸ਼ਰਮਾਵਾਂ

ਕੌੜਾ ਫਿੱਕਾ ਕਦੀ ਬੋਲੀ ਹਾਂ ਤੈਥੋਂ ਅੱਜ ਬਖ਼ਸ਼ਾਵਾਂ

ਹਰਬੰਸ ਅੱਜ ਉਦਾਸ ਹੈ ਅਤੇ ਆਸ ਹੈ

ਰਹੇ ਆਬਾਦ ਇਹ ਖੇੜਾ

ਖ਼ੁਸ਼ੀਆਂ ਵੰਡਦਾ ਰਹੇ ਸਦਾ ਬਾਬਲ ਦਾ ਵੇਹੜਾ

-----

‘ਫੁੱਲਾਂ ਭਰੀ ਚੰਗੇਰ’ ਗੀਤ-ਸੰਗ੍ਰਹਿ ਵਿੱਚ ਹਰਬੰਸ ਕੇ. ਬਰਾੜ ਨੇ ਭਾਵੇਂ ਕਿ ਅਨੇਕਾਂ ਹੋਰ ਵੀ ਵਿਸ਼ਿਆਂ ਬਾਰੇ ਗੀਤ ਲਿਖੇ ਹਨ; ਪਰ ਮੈਂ ਜਵਾਨ ਦਿਲਾਂ ਅੰਦਰ ਧੜਕਦੇ ਪਿਆਰ ਦੇ ਜਜ਼ਬਾਤ ਨਾਲ ਸਬੰਧਤ ਉਸ ਦੇ ਕੁਝ ਕੁ ਗੀਤਾਂ ਬਾਰੇ ਚਰਚਾ ਕਰਨ ਤੋਂ ਬਾਹਦ ਆਪਣੀ ਗੱਲਬਾਤ ਸਮਾਪਤ ਕਰਨੀ ਚਾਹਾਂਗਾ। ਅਜਿਹੇ ਗੀਤਾਂ ਵਿੱਚ ਆਪਣੇ ਮਹਿਬੂਬ ਲਈ ਤੜਪ ਦਾ ਪ੍ਰਗਟਾਅ ਹੁੰਦਾ ਹੈ, ਮਹਿਬੂਬਾ ਆਪਣੇ ਮਹਿਬੂਬ ਨੂੰ ਇਸ ਗੱਲ ਦਾ ਵੀ ਅਹਿਸਾਸ ਕਰਵਾਉਣਾ ਚਾਹੁੰਦੀ ਹੈ ਕਿ ਉਸਦਾ ਮਹਿਬੂਬ ਉਸ ਦੇ ਪਿਆਰ ਦੀ ਡੂੰਘਾਈ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ। ਅਜਿਹੇ ਗੀਤਾਂ ਵਿੱਚ ਮਹਿਬੂਬਾ ਆਪਣੇ ਮਹਿਬੂਬ ਨੂੰ ਇਸ ਗੱਲ ਦਾ ਵੀ ਅਹਿਸਾਸ ਕਰਵਾਉਣੀ ਚਾਹੁੰਦੀ ਹੈ ਕਿ ਉਹ ਪਿਆਰ ਦੀਆਂ ਘੜੀਆਂ ਦਾ ਆਨੰਦ ਮਾਨਣ ਲਈ ਹਰ ਖਤਰਾ ਮੁੱਲ ਲੈਣ ਲਈ ਤਿਆਰ ਹੈ- ਪਰ ਉਸ ਦਾ ਮਹਿਬੂਬ ਉਸ ਦੀਆਂ ਅਜਿਹੀਆਂ ਭਾਵਨਾਵਾਂ ਅਤੇ ਦਲੇਰੀ ਦੀ ਕਦਰ ਕਰਨ ਦੀ ਥਾਂ ਹਰ ਮੌਕਾ ਮਿਲਣ ਉੱਤੇ ਨਿਰਾਸਤਾ ਹੀ ਪੱਲੇ ਪਾਉਂਦਾ ਹੈ। ‘ਅਧੂਰੀ ਖ਼ਾਹਿਸ਼’, ‘ਬੇਵਫ਼ਾਈ ਦੇ ਝੇੜੇ’, ਅਤੇ ਉਸਦੀ ਗੀਤ ਨੁਮਾ ‘ਗ਼ਜ਼ਲ’ ਇਨ੍ਹਾਂ ਵਿਚਾਰਾਂ ਦੀ ਤਰਜਮਾਨੀ ਕਰਦੇ ਹਨ:

1.ਤੈਥੋਂ ਚੁੰਮਣ ਮੰਗੇ ਸੀ ਪਿਆਰਾਂ ਦੇ

ਤੇ ਆਸਾਂ ਲਾਈਆਂ ਬਹਾਰ ਦੀਆਂ

ਕੁਝ ਜ਼ਖ਼ਮ ਮਿਲੇ ਤੇ ਵੀਰਾਨੇ

ਕੀ ਸਿਫ਼ਤਾਂ ਸੁਹਣੇ ਯਾਰ ਦੀਆਂ

ਜਿਸ ਬਰਤਨ ਵਿੱਚ ਸੀ ਜ਼ਹਿਰ ਪਿਆ

ਮੈਂ ਅੰਮ੍ਰਿਤ ਸਮਝ ਕੇ ਚਖ ਬੈਠੀ

ਭੁਲ ਹੋਈ ਭੁਲ ਦੇ ਵਿਚ ਆ ਕੇ

ਮੈਂ ਪਾਈਆਂ ਸਜ਼ਾਵਾਂ ਪਿਆਰ ਦੀਆਂ

...........

2.ਵਿਚ ਗ਼ਮਾਂ ਦੀ ਭੱਠੀ ਦੇ ਸੜ ਕੇ ਤੇ

ਮੇਰੇ ਕਾਲਜਾ ਭੁੱਜ ਮਨੂਰ ਹੋਇਆ

ਐਸਾ ਵੱਜਿਆ ਪੱਥਰ ਦੇ ਨਾਲ ਲੋਕੋ

ਸ਼ੀਸ਼ਾ ਦਿਲ ਵਾਲਾ ਚੂਰ ਚੂਰ ਹੋਇਆ

ਗਰਮੀ ਪਿਆਰ ਦੀ ਦਿੱਤੀ ਮੈਂ ਰੱਜ ਰੱਜ ਕੇ

ਉਹਦਾ ਪੱਥਰ ਜਿਹਾ ਦਿਲ ਪਰ ਪਿਘਲਿਆ ਨਾ

ਨਾ ਦੱਸਿਆ ਜ਼ਾਲਮ ਨੇ ਬੋਲ ਕੇ ਤੇ

ਕੀ ਗੁਨਾਹ ਮੈਥੋਂ ਕੀ ਕਸੂਰ ਹੋਇਆ

.............

3.ਮੈਂ ਆਪਣੀ ਵਲੋਂ ਵਫ਼ਾ ਦੀ

ਉਹਨੂੰ ਭੇਟਾ ਰੋਜ਼ ਚੜਾਉਂਦੀ ਰਹੀ

ਪਰ ਲੋਕੀਂ ਉਸਦੇ ਦਗ਼ਿਆਂ ਦੇ

ਮੈਨੂੰ ਕਿੱਸੇ ਰੋਜ਼ ਸੁਣਾਉਂਦੇ ਰਹੇ

ਉਹ ਜਿਉਂਦਾ ਸਦੀਆਂ ਤੀਕ ਰਹੇ

ਮੈਂ ਰੱਬ ਤੋਂ ਉਸ ਲਈ ਮੰਗਦੀ ਰਹੀ

ਮੇਰੀ ਮੌਤ ਦੀ ਇੰਤਜ਼ਾਰ ‘ਚ ਉਹ

ਅਪਣੇ ਦਿਨ ਰਾਤ ਬਿਤਾਉਂਦੇ ਰਹੇ

-----

ਇੰਨੇ ਤਲਖ਼ੀਆਂ ਭਰੇ ਗੀਤ ਲਿਖਣ ਦੇ ਬਾਵਜੂਦ ਹਰਬੰਸ ਕੌਰ ਬਰਾੜ ‘ਗਿੱਧਾ’ ਵਰਗੇ ਗੀਤ ਵੀ ਲਿਖਦੀ ਹੈ। ਜਿਨ੍ਹਾਂ ਵਿੱਚ ਤਾਜ਼ੀ ਹਵਾ ਦੇ ਬੁੱਲੇ ਵਰਗਾ ਅਹਿਸਾਸ ਭਰਿਆ ਹੁੰਦਾ ਹੈ:

ਇੱਕ ਵਾਰ ਸੰਗ ਲਹਿਜੇ ਵੇਖੀਂ ਕਿਵੇਂ ਨੱਚਦੀ,

ਲਾਟ ਅੱਗ ਦੀ ਮੈਂ ਬਣ ਫੇਰ ਫਿਰੂੰ ਮਚਦੀ

ਬੰਸ ਨਾਲੋਂ ਨਚੂੰ ਵੱਧ ਕੇ ਨਿਸ਼ੰਗ ਮੁੰਡਿਆ

ਕਿਵੇਂ ਨੱਚ ਕੇ ਦਿਖਾਵਾਂ ਲਗੇ ਸੰਗ ਮੁੰਡਿਆ

ਮੇਰੀ ਵੀਣੀ ਨਾ ਮਰੋੜ ਟੁਟੇ ਵੰਗ ਮੁੰਡਿਆ

-----

‘ਫੁੱਲਾਂ ਭਰੀ ਚੰਗੇਰ’ ਗੀਤ ਸੰਗ੍ਰਹਿ ਦੀ ਪ੍ਰਕਾਸ਼ਨਾ ਨਾਲ ਹਰਬੰਸ ਕੇ. ਬਰਾੜ ਕੈਨੇਡਾ ਦੇ ਚੇਤੰਨ ਅਤੇ ਪ੍ਰਗਤੀਸ਼ੀਲ ਗੀਤਕਾਰਾਂ ਦੀ ਢਾਣੀ ਵਿੱਚ ਸ਼ਾਮਿਲ ਹੋ ਜਾਂਦੀ ਹੈ। ਨਿਰਸੰਦੇਹ, ਉਹ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਦੀ ਹੈ ਕਿ ਗੀਤਾਂ ਦਾ ਉਦੇਸ਼ ਸਮਾਜ ਨੂੰ ਇੱਕ ਸਾਰਥਿਕ ਸੇਧ ਦੇਣਾ ਹੁੰਦਾ ਹੈ। ਅਜਿਹੇ ਉਦੇਸ਼ ਭਰਪੂਰ ਪੰਜਾਬੀ ਗੀਤਾਂ ਦਾ ਸੰਗ੍ਰਹਿ ਪ੍ਰਕਾਸ਼ਿਤ ਕਰਨ ਲਈ ਹਰਬੰਸ ਕੇ. ਬਰਾੜ, ਨਿਰਸੰਦੇਹ, ਮੁਬਾਰਕ ਦੀ ਹੱਕਦਾਰ ਹੈ।

*****