ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ
ਕੈਨੇਡਾ ਦੇ 57 ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਸਮੀਖਿਆ ਦੀ ਕਿਤਾਬ 'ਕੈਨੇਡੀਅਨ ਪੰਜਾਬੀ ਸਾਹਿਤ' ਨੂੰ ਖ਼ਰੀਦਣ ਲਈ ਬਲੌਗ 'ਤੇ ਦਿੱਤੇ ਐਡਰੈਸ 'ਤੇ ਈਮੇਲ ਕਰੋ। ਸ਼ੁਕਰੀਆ।

ਤੁਹਾਡੇ ਧਿਆਨ ਹਿੱਤ - ਜ਼ਰੂਰੀ ਸੂਚਨਾ

ਸੂਚਨਾ: ਪ੍ਰਕਾਸ਼ਕ ਦੀ ਤਲਾਸ਼ :

ਆਪਣੀ ਹੁਣੇ ਇੰਡੀਆ ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ)’ ਨੂੰ ਮੈਂ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਕੈਨੇਡਾ ਵਿੱਚ ‘‘Canadian Punjabi Literature (Commentary)’’ ਨਾਮ ਦੀ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਨਾ ਚਾਹੁੰਦਾ ਹਾਂ। ਮੈਂ ਕਿਸੀ ਵਧੀਆ ਕੈਨੇਡੀਅਨ ਪ੍ਰਕਾਸ਼ਕ ਦੀ ਤਲਾਸ਼ ਕਰ ਰਿਹਾ ਹਾਂ। ਜੇਕਰ ਤੁਸੀਂ ਕਿਸੀ ਅਜਿਹੇ ਵਧੀਆ ਕੈਨੇਡੀਅਨ ਪ੍ਰਕਾਸ਼ਕ ਦਾ ਨਾਮ ਜਾਣਦੇ ਹੋ ਜੋ ਮੇਰੀ ਪੁਸਤਕ ਪ੍ਰਕਾਸ਼ਿਤ ਕਰ ਸਕਦਾ ਹੋਵੇ ਤਾਂ ਮੈਂ ਉਸ ਪ੍ਰਕਾਸ਼ਕ ਦਾ ਨਾਮ ਜਾਨਣਾ ਚਾਹਾਂਗਾ।

Sukhinder

Editor: SANVAD

Box 67089, 2300 Yonge St.

Toronto ON M4P 1E0

Tel. (416) 858-7077

Email: poet_sukhinder@hotmail.com

http://www.canadianpunjabiliterature.blogspot.com/



Monday, March 29, 2010

ਸੁਖਿੰਦਰ - ਕੈਨੇਡੀਅਨ ਪੰਜਾਬੀ ਕਵਿਤਾ : ਸੰਵਾਦ ਦੀ ਸਮੱਸਿਆ - ਬਹਿਸ ਪੱਤਰ – ਭਾਗ ਪਹਿਲਾ

ਕੈਨੇਡੀਅਨ ਪੰਜਾਬੀ ਕਵਿਤਾ :ਸੰਵਾਦ ਦੀ ਸਮੱਸਿਆ

ਬਹਿਸ ਪੱਤਰ – ਭਾਗ ਪਹਿਲਾ

ਲੇਖ

(ਇਹ ਬਹਿਸ-ਪੱਤਰ 24, 25, 26 ਜੁਲਾਈ, 2009 ਨੂੰ ‘ਵਿਸ਼ਵ ਪੰਜਾਬੀ ਕਾਨਫਰੰਸ 2009’ ਟੋਰਾਂਟੋ, ਓਨਟਾਰੀਓ, ਕੈਨੇਡਾ ਵਿੱਚ ਪੇਸ਼ ਕੀਤਾ ਗਿਆ ਸੀ। ਹੁਣ ਇਸਨੂੰ ਬਲੌਗ ਦੇ ਸੂਝਵਾਨ ਪਾਠਕਾਂ ਲਈ ਲੜੀਵਾਰ ਪੋਸਟ ਕੀਤਾ ਜਾ ਰਿਹਾ ਹੈ। ਤੁਹਾਡੇ ਇਸ ਬਹਿਸ-ਪੱਤਰ ਬਾਰੇ ਕੀ ਵਿਚਾਰ ਹਨ, ਪੜ੍ਹਨ ਉਪਰੰਤ ਜ਼ਰੂਰ ਲਿਖਣਾ ਜੀ। ਸ਼ੁਕਰੀਆ। )

********

ਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਗੰਭੀਰ ਸੰਵਾਦ ਦੀ ਅਣਹੋਂਦ ਵਾਲੀ ਸਥਿਤੀ ਬਣੀ ਹੋਈ ਹੈ; ਅਜਿਹੀ ਸਥਿਤੀ ਨੂੰ ਜਨਮ ਦੇਣ ਵਾਲੇ ਕਾਰਨਾਂ ਦੀ ਤਲਾਸ਼ ਕਰਨਾ ਅਤੇ ਉਨ੍ਹਾਂ ਮਹੱਤਵ-ਪੂਰਨ ਵਿਸ਼ਿਆਂ ਬਾਰੇ ਗੱਲ ਕਰਨੀ ਜਿਨ੍ਹਾਂ ਬਾਰੇ ਗੰਭੀਰ ਸੰਵਾਦ ਛੇੜੇ ਜਾਣ ਦੀ ਲੋੜ ਹੈ ਇਸ ਬਹਿਸ-ਪੱਤਰ ਦਾ ਉਦੇਸ਼ ਨਿਰਧਾਰਤ ਕੀਤਾ ਗਿਆ ਹੈ।ਕੈਨੇਡੀਅਨ ਪੰਜਾਬੀ ਕਵਿਤਾ ਜਿਸ ਤਰ੍ਹਾਂ ਦੇ ਗੰਭੀਰ ਸੰਵਾਦ ਦੀ ਮੰਗ ਕਰਦੀ ਹੈ, ਉਸ ਤਰ੍ਹਾਂ ਦਾ ਸੰਵਾਦ ਕੈਨੇਡੀਅਨ ਪੰਜਾਬੀ ਕਵਿਤਾ ਵਿੱਚ ਛੋਹੇ ਗਏ ਵਿਸ਼ਿਆਂ ਬਾਰੇ ਅਜੇ ਤੱਕ ਛਿੜ ਨਹੀਂ ਸਕਿਆ।

-----

ਸੰਵਾਦ ਦੀ ਪ੍ਰੀਭਾਸ਼ਾ :

ਲੇਖਕਾਂ, ਪਾਠਕਾਂ, ਸਮੀਖਿਆਕਾਰਾਂ ਅਤੇ ਆਲੋਚਕਾਂ ਦਰਮਿਆਨ ਛਿੜੇ ਉਸਾਰੂ, ਲਿਖਤ ਦੀਆਂ ਬਹੁ-ਦਿਸ਼ਾਵੀ ਰਚਨਾਤਮਿਕ ਪਰਤਾਂ ਫਰੋਲਣ ਵਾਲੇ, ਗੰਭੀਰ ਵਿਚਾਰ-ਵਿਟਾਂਦਰੇ ਨੂੰ ਸੰਵਾਦ ਕਿਹਾ ਜਾ ਸਕਦਾ ਹੈ।

ਸੰਵਾਦ ਦੀ ਅਣਹੋਂਦ ਦੇ ਕਾਰਨ :

ਅਜਿਹੇ ਗੰਭੀਰ ਸੰਵਾਦ ਦੀ ਅਣਹੋਂਦ ਦਾ ਪਹਿਲਾ ਕਾਰਨ ਤਾਂ ਇਹ ਹੈ ਕਿ ਵਧੇਰੇ ਕੈਨੇਡੀਅਨ ਪੰਜਾਬੀ ਸਾਹਿਤਕਾਰ ਅਜੇ ਆਲੋਚਨਾ / ਸਮੀਖਿਆ ਦੇ ਖੇਤਰ ਵੱਲ ਰੁਚਿਤ ਹੀ ਨਹੀਂ ਹੋ ਸਕੇ।ਕੈਨੇਡੀਅਨ ਵਿੱਦਿਅਕ ਅਦਾਰਿਆਂ ਨਾਲ ਸਬੰਧਤ ਪੰਜਾਬੀ ਸਾਹਿਤਕਾਰਾਂ ਦੀਆਂ ਵੀ ਆਪਣੀਆਂ ਸੀਮਾਵਾਂ ਹਨ। ਅਜਿਹੇ ਕੈਨੇਡੀਅਨ ਪੰਜਾਬੀ ਸਾਹਿਤਕਾਰ ਨਾ ਤਾਂ ਕੈਨੇਡੀਅਨ ਪੰਜਾਬੀ ਸਾਹਿਤ ਦੀ ਆਲੋਚਨਾ / ਸਮੀਖਿਆ ਕਰਨ ਦੇ ਵਧੇਰੇ ਯੋਗ ਹੀ ਹੁੰਦੇ ਹਨ ਅਤੇ ਨਾ ਹੀ ਉਨ੍ਹਾਂ ਕੋਲ ਅਜਿਹਾ ਕੋਈ ਵਿੱਦਿਅਕ ਮਾਹੌਲ ਹੀ ਹੁੰਦਾ ਜੋ ਉਨ੍ਹਾਂ ਨੂੰ ਅਜਿਹੇ ਉੱਦਮ ਕਰਨ ਲਈ ਉਤਸ਼ਾਹਿਤ ਕਰਦਾ ਹੋਵੇ। ਅਜਿਹੇ ਵਿੱਦਿਅਕ ਅਦਾਰਿਆਂ ਨਾਲ ਸਬੰਧਤ ਸਾਹਿਤਕਾਰ / ਸਮੀਖਿਅਕ ਜੇਕਰ ਇਸ ਦਿਸ਼ਾ ਵਿੱਚ ਕੁਝ ਕੰਮ ਕਰਦੇ ਵੀ ਹਨ ਤਾਂ ਉਨ੍ਹਾਂ ਦੀਆਂ ਅੱਗੋਂ ਫਿਰ ਕੁਝ ਸੀਮਾਵਾਂ ਹੁੰਦੀਆਂ ਹਨ:

1. ਪਹਿਲੀ ਸੀਮਾ ਤਾਂ ਇਹੀ ਹੁੰਦੀ ਹੈ ਕਿ ਕੈਨੇਡੀਅਨ ਯੂਨੀਵਰਸਿਟੀਆਂ ਵਿੱਚ ਬਣੇ ਪੰਜਾਬੀ ਵਿਭਾਗ ਕਿਸੇ-ਨ-ਕਿਸੇ ਸਿੱਖ ਧਾਰਮਿਕ ਜੱਥੇਬੰਦੀ ਵੱਲੋਂ ਦਿੱਤੀ ਗਈ ਆਰਥਿਕ ਸਹਾਇਤਾ ਉੱਤੇ ਨਿਰਭਰ ਕਰਦੇ ਹੁੰਦੇ ਹਨ। ਇਸ ਲਈ ਇਹ ਪੰਜਾਬੀ ਵਿਭਾਗ ਵੀ ਅਜਿਹੇ ਸਿੱਖ ਧਾਰਮਿਕ ਅਦਾਰਿਆਂ ਦੀ ਸੋਚ ਦੀ ਹੀ ਪੈਰਵੀ ਕਰਨ ਤੋਂ ਅੱਗੇ ਤੁਰਨ ਦੀ ਹਿੰਮਤ ਨਹੀਂ ਕਰ ਸਕਦੇ।

2. ਦੂਜੀ ਸੀਮਾ ਇਹ ਹੁੰਦੀ ਹੈ ਕਿ ਇਹ ਸਾਹਿਤਕਾਰ ਜੇਕਰ ਕੁਝ ਉੱਦਮ ਕਰਦੇ ਵੀ ਹਨ ਤਾਂ ਉਹ ਆਪਣੇ ਨਿੱਜੀ ਧੜੇ / ਗਰੁੱਪ ਦੀਆਂ ਗਤੀਵਿਧੀਆਂ ਤੱਕ ਹੀ ਸੀਮਿਤ ਹੋ ਕੇ ਰਹਿ ਜਾਂਦੇ ਹਨ। ਇਸ ਤਰ੍ਹਾਂ ਇਹ ਕੈਨੇਡੀਅਨ ਪੰਜਾਬੀ ਸਾਹਿਤਕਾਰ ਆਪਣੇ ਕਰੀਬੀ ਸਾਥੀਆਂ / ਧੜੇ ਦੇ ਲੋਕਾਂ ਦੀ ਸਿਫ਼ਤ-ਸਲਾਹੁਤਾ ਕਰਨ ਤੱਕ ਹੀ ਸੀਮਿਤ ਹੋ ਕੇ ਰਹਿ ਜਾਂਦੇ ਹਨ। ਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਗੰਭੀਰ ਅਤੇ ਸਿਹਤਮੰਦ ਸੰਵਾਦ ਛੇੜਨਾ ਇਨ੍ਹਾਂ ਦੇ ਉਦੇਸ਼ਾਂ ਵਿੱਚ ਸ਼ਾਮਿਲ ਹੀ ਨਹੀਂ ਹੁੰਦਾ।

------

ਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਗੰਭੀਰ ਸੰਵਾਦ ਦੀ ਅਣਹੋਂਦ ਵਾਲੀ ਅਜਿਹੀ ਚਿੰਤਾਜਨਕ ਸਥਿਤੀ ਨੂੰ ਜਨਮ ਦੇਣ ਵਿੱਚ ਕੈਨੇਡੀਅਨ ਪੰਜਾਬੀ ਮੀਡੀਆ ਵੱਲੋਂ ਪਾਇਆ ਗਿਆ ‘ਨਾਂਹ-ਪੱਖੀ’ ਯੋਗਦਾਨ ਵੀ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ।

ਪਿਛਲੇ ਇੱਕ ਦਹਾਕੇ ਵਿੱਚ ਕੈਨੇਡੀਅਨ ਪੰਜਾਬੀ ਮੀਡੀਆ ਬਹੁਤ ਪ੍ਰਫੁੱਲਤ ਹੋਇਆ ਹੈ। ਟੋਰਾਂਟੋ, ਮਿਸੀਸਾਗਾ, ਬਰੈਂਪਟਨ, ਵੈਨਕੂਵਰ, ਕੈਲਗਰੀ, ਐਡਮਿੰਟਨ, ਵਿੰਨੀਪੈੱਗ ਅਤੇ ਮਾਂਟਰੀਅਲ ਵਰਗੇ ਕੈਨੇਡਾ ਦੇ ਵੱਡੇ ਸ਼ਹਿਰਾਂ ਵਿੱਚ ਅਨੇਕਾਂ ਪੰਜਾਬੀ ਰੇਡੀਓ ਪ੍ਰੋਗਰਾਮ, ਟੀ.ਵੀ. ਪ੍ਰੋਗਰਾਮ ਪ੍ਰਸਾਰਿਤ ਹੁੰਦੇ ਹਨ ਅਤੇ ਅਨੇਕਾਂ ਪੰਜਾਬੀ ਅਖ਼ਬਾਰ ਪ੍ਰਕਾਸ਼ਿਤ ਹੋ ਰਹੇ ਹਨ। ਇਸ ਸਮੇਂ ਓਨਟਾਰੀਓ ਵਿੱਚ ਦੋ ਰੋਜ਼ਾਨਾ ਪੰਜਾਬੀ ਅਖ਼ਬਾਰ ਵੀ ਪੂਰੀ ਸਫਲਤਾ ਨਾਲ ਪ੍ਰਕਾਸ਼ਿਤ ਹੋ ਰਹੇ ਹਨ। ਗਿਣਾਤਮਕ ਪੱਖ ਤੋਂ ਭਾਵੇਂ ਕੈਨੇਡੀਅਨ ਪੰਜਾਬੀ ਮੀਡੀਆ ਨੇ ਬਹੁਤ ਤਰੱਕੀ ਕੀਤੀ ਹੈ ਪਰ ਗੁਣਾਤਮਕ ਪੱਖ ਤੋਂ ਅਜਿਹਾ ਸੰਭਵ ਨਹੀਂ ਹੋ ਸਕਿਆ। ਅੱਜ ਤੋਂ ਦਸ ਸਾਲ ਪਹਿਲਾਂ ਕੈਨੇਡੀਅਨ ਪੰਜਾਬੀ ਮੀਡੀਆ ਵਿੱਚ ਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਆਲੋਚਨਾ / ਸਮੀਖਿਆ ਕਰਨ ਵਾਲੀਆਂ ਲਿਖਤਾਂ ਵੱਧ ਛਪਦੀਆਂ ਸਨ। ਪਹਿਲਾਂ ਕੈਨੇਡੀਅਨ ਪੰਜਾਬੀ ਅਖ਼ਬਾਰਾਂ / ਮੈਗਜ਼ੀਨਾਂ ਦੇ ਮਾਲਕ / ਸੰਪਾਦਕ ਵੀ ਵਧੇਰੇ ਕਰਕੇ ਸਾਹਿਤਕਾਰ ਆਪ ਹੀ ਹੋਇਆ ਕਰਦੇ ਸਨ। ਇਸ ਲਈ ਉਨ੍ਹਾਂ ਨੂੰ ਕਵਿਤਾ ਦੀਆਂ ਸਮੱਸਿਆਵਾਂ ਵਿੱਚ ਵੀ ਰੁਚੀ ਹੁੰਦੀ ਸੀ। ਹੁਣ ਬਹੁਤ ਘੱਟ ਸਾਹਿਤਕਾਰ ਕੈਨੇਡੀਅਨ ਪੰਜਾਬੀ ਅਖ਼ਬਾਰਾਂ / ਮੈਗਜ਼ੀਨਾਂ ਦੇ ਮਾਲਕ / ਸੰਪਾਦਕ ਹਨ। ਜਿਹੜੇ ਸਾਹਿਤਕਾਰ ਕੈਨੇਡੀਅਨ ਪੰਜਾਬੀ ਅਖ਼ਬਾਰਾਂ ਦੇ ਮਾਲਕ / ਸੰਪਾਦਕ ਹਨ ਵੀ ਉਨ੍ਹਾਂ ਕੋਲ ਏਨਾਂ ਸਮਾਂ ਹੀ ਨਹੀਂ ਹੁੰਦਾ ਕਿ ਉਹ ਇਹ ਵੀ ਦੇਖ ਸਕਣ ਕਿ ਉਨ੍ਹਾਂ ਦੇ ਅਖ਼ਬਾਰਾਂ ਵਿੱਚ ਕੀ ਛਪ ਰਿਹਾ ਹੈ। ਅਖ਼ਬਾਰਾਂ ਦੇ ਅਸਲੀ ਸੰਪਾਦਕ ਤਾਂ ਅਖ਼ਬਾਰਾਂ ਦੀ ਲੇਅਆਊਟ / ਡਿਜ਼ਾਈਨ ਕਰਨ ਵਾਲੇ ਲੋਕ ਹੀ ਹੁੰਦੇ ਹਨ। ਉਨ੍ਹਾਂ ਨੂੰ ਜਿਹੜੀ ਚੀਜ਼ ਚੰਗੀ ਲੱਗਦੀ ਹੈ ਉਹ ਅਖ਼ਬਾਰ ਵਿੱਚ ਲਗਾ ਦਿੰਦੇ ਹਨ। ਕਵਿਤਾ ਦੀ ਆਲੋਚਨਾ / ਸਮੀਖਿਆ ਕਰਨ ਵਾਲੀਆਂ ਲਿਖਤਾਂ ਉਨ੍ਹਾਂ ਲਈ ਕੋਈ ਵਧੇਰੇ ਦਿਲਚਸਪੀ ਨਹੀਂ ਰੱਖਦੀਆਂ। ਵਧੇਰੇ ਡਿਜ਼ਾਈਨਰਾਂ ਲਈ ਸਭ ਤੋਂ ਵੱਧ ਜ਼ਰੂਰੀ ਚੀਜ਼ਾਂ ਹੁੰਦੀਆਂ ਹਨ - ਹਾਲੀਵੁੱਡ / ਬਾਲੀਵੁੱਡ ਦੀਆਂ ਅਭਿਨੇਤਰੀਆਂ ਅਤੇ ਅਭਿਨੇਤਾਵਾਂ ਦੀਆਂ ਅੱਧ ਨੰਗੀਆਂ ਤਸਵੀਰਾਂ ਅਤੇ ਉਨ੍ਹਾਂ ਬਾਰੇ ਲਿਖੀਆਂ ਮਸਾਲੇਦਾਰ ਗੱਪ-ਸ਼ੱਪ ਨਾਲ ਭਰੀਆਂ ਲਿਖਤਾਂ ਜਾਂ ਗੁਰਦੁਆਰਿਆਂ, ਮੰਦਰਾਂ, ਮਸਜਿਦਾਂ, ਗਿਰਜਿਆਂ ਦੇ ਪ੍ਰਧਾਨਾਂ ਵੱਲੋਂ ਦਿੱਤੇ ਗਏ ਲੱਛੇਦਾਰ ਭਾਸ਼ਨ ਜਾਂ ਸਾਰੀ ਸਾਰੀ ਰਾਤ ਦਾਰੂ ਪੀ ਕੇ ਬੜਕਾਂ ਮਾਰਦੇ ਪੰਜਾਬੀਆਂ ਦੀਆਂ ਬੈਂਕਟ ਹਾਲਾਂ ਵਿੱਚ ਹੋ ਰਹੀਆਂ ਮਹਿਫ਼ਿਲਾਂ ਦੀਆਂ ਰਿਪੋਰਟਾਂ। ਕੁਝ ਅਜਿਹਾ ਹਾਲ ਹੀ ਕੈਨੇਡੀਅਨ ਪੰਜਾਬੀ ਰੇਡੀਓ ਅਤੇ ਟੀ.ਵੀ. ਪ੍ਰੋਗਰਾਮਾਂ ਦਾ ਹੈ।

-----

ਇਸ ਸਥਿਤੀ ਲਈ ਜ਼ਿੰਮੇਵਾਰ ਕਾਰਨਾਂ ਵਿੱਚ ਮੈਂ ਕੈਨੇਡੀਅਨ ਪੰਜਾਬੀ ਸਾਹਿਤ ਸਭਾਵਾਂ ਦੇ ਅਜਿਹੇ ਅਹੁਦੇਦਾਰਾਂ ਨੂੰ ਜ਼ਿੰਮੇਵਾਰ ਸਮਝਦਾ ਹਾਂ ਜੋ ਕਿ ਸਾਹਿਤ ਸਭਾਵਾਂ ਵਿੱਚ ਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਗੰਭੀਰ ਸੰਵਾਦ ਪੈਦਾ ਹੋਣ ਦੇ ਮੌਕੇ ਹੀ ਪੈਦਾ ਨਹੀਂ ਹੋਣ ਦਿੰਦੇ। ਕੈਨੇਡੀਅਨ ਪੰਜਾਬੀ ਸਾਹਿਤ ਸਭਾਵਾਂ ਦੀਆਂ ਅਖ਼ਬਾਰਾਂ ਵਿੱਚ ਛਪੀਆਂ ਰਿਪੋਰਟਾਂ ਪੜ੍ਹ ਕੇ ਵੀ ਦੇਖ ਲਵੋ। ਉਨ੍ਹਾਂ ਵਿੱਚ ਵੀ ਵਧੇਰੇ ਜ਼ੋਰ ਇਸ ਗੱਲ ਉੱਤੇ ਹੀ ਦਿੱਤਾ ਗਿਆ ਹੁੰਦਾ ਹੈ ਕਿ ਖਾਣ ਪੀਣ ਦਾ ਬੜਾ ਹੀ ਵਧੀਆ ਪ੍ਰਬੰਧ ਕੀਤਾ ਗਿਆ ਸੀ। ਖ਼ੁਸ਼ਬੂਆਂ ਛੱਡਦਾ ਤੰਦੂਰੀ ਮੁਰਗਾ ਖਾ ਕੇ ਹਰ ਕੋਈ ਧੰਨ ਧੰਨ ਹੋਇਆ ਪਿਆ ਸੀ। ਅਜਿਹੀਆਂ ਸਾਹਿਤ ਸਭਾਵਾਂ ਦੀਆਂ ਇਕੱਤਰਤਾਵਾਂ ਵਿੱਚ ਕੈਨੇਡੀਅਨ ਪੰਜਾਬੀ ਕਵੀਆਂ ਦੀਆਂ ਨਵੀਆਂ ਛਪੀਆਂ ਪੁਸਤਕਾਂ ਬਾਰੇ ਗੰਭੀਰ ਸੰਵਾਦ ਛੇੜੇ ਜਾਣ ਲਈ ਉਪਰਾਲੇ ਕਰਨਾ ਸ਼ਾਮਿਲ ਹੀ ਨਹੀਂ ਹੁੰਦਾ; ਕਿਉਂਕਿ ਅਜਿਹੀ ਕਵਿਤਾ ਅਜਿਹੇ ਸਾਹਿਤਕ ਅਦਾਰਿਆਂ ਦੇ ਅਹੁਦੇਦਾਰਾਂ ਦੀ ਮਾਨਸਿਕਤਾ ਤੋਂ ਉੱਚੀਆਂ ਗੱਲਾਂ ਕਰਦੀ ਹੁੰਦੀ ਹੈ ਅਤੇ ਇਸ ਗੱਲ ਨੂੰ ਉਹ ਭੱਦਰ ਪੁਰਸ਼ ਕਿਵੇਂ ਸਵੀਕਾਰ ਕਰ ਸਕਦੇ ਹਨ?

-----

ਸੰਵਾਦ ਦੀ ਅਣਹੋਂਦ ਵਾਲੀ ਸਥਿਤੀ ਨੂੰ ਜਨਮ ਦੇਣ ਵਿੱਚ ਅਜਿਹੇ ਕੈਨੇਡੀਅਨ ਪੰਜਾਬੀ ਕਵੀਆਂ / ਆਲੋਚਕਾਂ / ਸਮੀਖਿਆਕਾਰਾਂ ਨੂੰ ਵੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ ਹੈ ਜੋ ਕਿ ਕੈਨੇਡੀਅਨ ਪੰਜਾਬੀ ਸਾਹਿਤਕ ਕਾਨਫਰੰਸਾਂ ਵਿੱਚ ਸ਼ਾਮਿਲ ਹੋਣ ਵੇਲੇ ਇਸ ਗੱਲ ਵੱਲੋਂ ਚਿੰਤਤ ਹੋਣ ਦੀ ਥਾਂ ਕਿ ਇਨ੍ਹਾਂ ਸਾਹਿਤਕ ਕਾਨਫਰੰਸਾਂ ਵਿੱਚ ਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਕੋਈ ਗੰਭੀਰ ਸੰਵਾਦ ਛਿੜ ਸਕਿਆ ਜਾਂ ਕਿ ਨਹੀਂ? ਉਨ੍ਹਾਂ ਦੀ ਤਸੱਲੀ ਮਹਿਜ਼ ਇਸੇ ਗੱਲ ਵਿੱਚ ਹੀ ਹੋ ਗਈ ਹੁੰਦੀ ਹੈ ਕਿ ਕਾਨਫਰੰਸ ਦੇ ਪ੍ਰਬੰਧਕਾਂ ਨੇ ਕਾਨਫਰੰਸ ਦੇ ਤਿੰਨੋਂ ਦਿਨ ਲੱਡੂਆਂ, ਜਲੇਬੀਆਂ, ਬਰਫ਼ੀ, ਵੇਸਣ, ਚਾਹ ਅਤੇ ਕਾਫੀ ਦਾ ਖੁੱਲ੍ਹਾ ਪ੍ਰਬੰਧ ਕੀਤਾ ਹੋਇਆ ਸੀ। ਹਰੇਕ ਕਵੀ/ਆਲੋਚਕ/ਸਮੀਖਿਆਕਾਰ ਜੀਅ ਭਰਕੇ ਅਤੇ ਕਿਸੇ ਵੀ ਸਮੇਂ ਮਠਿਆਈਆਂ ਖਾ ਸਕਦਾ ਸੀ।

-----

ਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਗੰਭੀਰ ਸੰਵਾਦ ਦੀ ਅਣਹੋਂਦ ਵਾਲੀ ਸਥਿਤੀ ਪੈਦਾ ਕਰਨ ਲਈ ਕਾਫੀ ਹੱਦ ਤੱਕ ਭਾਰਤੀ ਪੰਜਾਬੀ ਆਲੋਚਕ ਵੀ ਜ਼ਿੰਮੇਵਾਰ ਹਨ।

ਭਾਰਤੀ ਪੰਜਾਬੀ ਆਲੋਚਕ ਜਾਂ ਤਾਂ ਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਆਲੋਚਨਾ / ਸਮੀਖਿਆ ਕਰਦੇ ਹੀ ਨਹੀਂ; ਜੇਕਰ ਉਹ ਕਰਦੇ ਵੀ ਹਨ ਤਾਂ ਵਧੇਰੇ ਹਾਲਤਾਂ ਵਿੱਚ ਇਹ ਉਲਾਰ ਹੁੰਦੀ ਹੈ। ਪਿਛਲੇ ਤਕਰੀਬਨ ਇੱਕ ਦਹਾਕੇ ਦੀ ਪੰਜਾਬੀ ਕਵਿਤਾ ਦੇਖੀਏ ਤਾਂ ਅਸੀਂ ਸਹਿਜੇ ਹੀ ਦੇਖ ਸਕਦੇ ਹਾਂ ਕਿ ਪੰਜਾਬੀ ਕਵਿਤਾ ਵਿੱਚ ਦੇਹਵਾਦੀ ਕਵਿਤਾ, ਪਿਆਰ ਕਵਿਤਾ ਜਾਂ ਔਰਤ-ਮਰਦ ਦੇ ਜਿਨਸੀ ਸੰਬੰਧਾਂ ਦੇ ਜਸ਼ਨ ਦੀ ਕਵਿਤਾ ਆਦਿ ਜਿਹੇ ਵਿਸ਼ਿਆਂ ਬਾਰੇ ਲਿਖੀ ਜਾਣ ਵਾਲੀ ਕਵਿਤਾ ਦਾ ਹੜ੍ਹ ਆਇਆ ਹੋਇਆ ਹੈ। ਭਾਰਤੀ ਪੰਜਾਬੀ ਆਲੋਚਕ ਵੀ ਅਜਿਹੀ ਕਵਿਤਾ ਨੂੰ ਹੀ ਸਮੇਂ ਦੇ ਹਾਣ ਦੀ ਕਵਿਤਾ ਕਹਿ ਕੇ ਉਤਸ਼ਾਹਿਤ ਕਰਦੇ ਰਹੇ ਹਨ। ਸਮੇਂ ਦੇ ਹਾਣ ਦੀ ਇਸ ਲਈ ਕਿ ਗਲੋਬਲੀਕਰਨ ਦੇ ਵਰਤਾਰੇ ਕਾਰਨ ਨਵਪੂੰਜੀਵਾਦ ਹਰ ਪਾਸੇ ਅਜਿਹੀਆਂ ਕਦਰਾਂ-ਕੀਮਤਾਂ ਦਾ ਹੀ ਪਾਸਾਰਾ ਕਰ ਰਿਹਾ ਹੈ ਅਤੇ ਵਧੇਰੇ ਭਾਰਤੀ ਪੰਜਾਬੀ ਆਲੋਚਕ ਵੀ ਗਲੋਬਲੀਕਰਨ ਦੇ ਇਸ ਵਰਤਾਰੇ ਦਾ ਹੀ ਹਿੱਸਾ ਬਣ ਚੁੱਕੇ ਹਨ। ਰੇਡੀਓ, ਟੈਲੀਵੀਜ਼ਨ, ਅਤੇ ਪ੍ਰਿੰਟ ਮੀਡੀਆ ਅਜਿਹੀਆਂ ਕਦਰਾਂ-ਕੀਮਤਾਂ ਪੇਸ਼ ਕਰਨ ਵਾਲੇ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਨ।

-----

ਇਸ ਸੰਦਰਭ ਵਿੱਚ ਭਾਰਤੀ ਆਲੋਚਕਾਂ ਦੇ ਉਲਾਰਪਨ ਦੀ ਇੱਕ ਉਦਾਹਰਣ ਦੇਣੀ ਚਾਹਾਂਗਾ। ਕੈਨੇਡਾ ਦੇ ਦੋ ਪੰਜਾਬੀ ਕਵੀਆਂ ਨਵਤੇਜ ਭਾਰਤੀ ਅਤੇ ਅਜਮੇਰ ਰੋਡੇ ਨੇ ਮਿਲਕੇ ਕਵਿਤਾ ਦੀ ਇੱਕ ਪੁਸਤਕ ਪ੍ਰਕਾਸ਼ਤ ਕੀਤੀ: ‘ਲੀਲ੍ਹਾ’। ਇਸ ਪੁਸਤਕ ਦੀ ਸੰਦੇਹ ਭਰੀ ਉਸਤਤ ਕਰਨ ਵਾਲੇ ਨਾਮਵਰ ਲੇਖਕਾਂ / ਆਲੋਚਕਾਂ ਵਿੱਚ ਡਾ. ਸੁਰਜੀਤ ਪਾਤਰ, ਡਾ. ਸੁਤਿੰਦਰ ਨੂਰ, ਡਾ. ਗੁਰਬਚਨ ਅਤੇ ਹਰਿੰਦਰ ਮਹਿਬੂਬ ਦਾ ਨਾਮ ਵੀ ਸ਼ਾਮਿਲ ਹੈ। ਇਸ ਪੁਸਤਕ ਦਾ ਚਰਚਾ ਕਰਦਿਆਂ ਨਾਮਵਰ ਪੰਜਾਬੀ ਸਾਹਿਤਕਾਰ ਡਾ. ਸੁਰਜੀਤ ਪਾਤਰ ਨੇ ਲਿਖਿਆ ਕਿ ਇਹ ਪੁਸਤਕ ਇਸ ਸਦੀ ਦੀਆਂ ਚੋਣਵੀਆਂ ਪੁਸਤਕਾਂ ਵਿੱਚ ਸ਼ਾਮਿਲ ਹੋਵੇਗੀ। ਪਰ ਇਸਦੇ ਬਾਵਜੂਦ ਨਾ ਤਾਂ ਇਸ ਪੁਸਤਕ ਦਾ ਕੈਨੇਡਾ ਵਿੱਚ ਹੀ ਕੋਈ ਜ਼ਿਆਦਾ ਚਰਚਾ ਹੋਇਆ ਅਤੇ ਨਾ ਹੀ ਇੰਡੀਆ ਵਿੱਚ। ਅਜਿਹੇ ਆਲੋਚਕਾਂ ਦਾ ਉਲਾਰਪਨ ਇਸ ਲਈ ਸਾਹਮਣੇ ਆਇਆ ਕਿ ਭਾਰਤ ਵਿੱਚ ਵੀ ਅਜਿਹੀ ਹੀ ਸਾਹਿਤਕ-ਸਭਿਆਚਾਰਕ ਹਵਾ ਵਗ ਰਹੀ ਸੀ। ਲੋਕ-ਸਰੋਕਾਰਾਂ ਤੋਂ ਟੁੱਟੀ ਹੋਈ ਕਵਿਤਾ ਦੇ ਸਮਰਥਕ ਭਾਰਤੀ ਆਲੋਚਕਾਂ ਨੇ ਕੈਨੇਡਾ ਵਿੱਚ ਲਿਖੀ ਜਾ ਰਹੀ ਸਮਾਨਾਂਤਰ ਕਵਿਤਾ ਵੱਲ ਬਹੁਤਾ ਧਿਆਨ ਨਹੀਂ ਦਿੱਤਾ - ਜਿਸ ਵਿੱਚ ਲੋਕ ਸਮੱਸਿਆਵਾਂ ਨੂੰ ਵਿਸ਼ਾ ਬਣਾਇਆ ਗਿਆ ਸੀ ਅਤੇ ਅਜਿਹੀ ਕਵਿਤਾ ਆਮ ਲੋਕਾਂ ਦੀ ਜ਼ਿੰਦਗੀ ਦੇ ਵਧੇਰੇ ਨੇੜੇ ਸੀ। ਅਜਿਹੀ ਕਵਿਤਾ ਵਿੱਚ ਅਜਿਹੀਆਂ ਸਮੱਸਿਆਵਾਂ ਦਾ ਜ਼ਿਕਰ ਛੇੜਿਆ ਗਿਆ ਸੀ - ਜਿਨ੍ਹਾਂ ਦਾ ਸਾਹਮਣਾ ਆਮ ਲੋਕਾਂ ਨੂੰ ਰੌਜ਼ਾਨਾ ਜ਼ਿੰਦਗੀ ਵਿੱਚ ਕਰਨਾ ਪੈਂਦਾ ਹੈ।

------

ਕੈਨੇਡੀਅਨ ਪੰਜਾਬੀ ਕਵੀਆਂ ਅਜਮੇਰ ਰੋਡੇ ਅਤੇ ਨਵਤੇਜ ਭਾਰਤੀ ਦੀ ਸਾਂਝੀ ਕਾਵਿ-ਪੁਸਤਕ ‘ਲੀਲ੍ਹਾ’ 1053 ਸਫਿਆਂ ਵਿੱਚ ਫੈਲੀ ਹੋਈ ਹੈ। ਇੰਨੇ ਵੱਡੇ ਕਾਵਿ-ਗ੍ਰੰਥ ਵਿੱਚ ਸਾਹਿਤਕ, ਸਭਿਆਚਾਰਕ, ਸਮਾਜਿਕ, ਆਰਥਿਕ, ਰਾਜਨੀਤਿਕ, ਧਾਰਮਿਕ, ਸਿਹਤ ਸਬੰਧੀ ਜਾਂ ਵਾਤਾਵਰਨ ਸਬੰਧੀ ਸਮੱਸਿਆਵਾਂ ਨੂੰ ਬਹੁਤ ਹੀ ਘੱਟ ਅਹਿਮੀਅਤ ਦਿੱਤੀ ਗਈ ਹੈ। ਇੰਨੇ ਵੱਡੇ ਗ੍ਰੰਥ ਵਿੱਚ ਸਿਵਾਏ 5-7 ਕਵਿਤਾਵਾਂ ਦੇ ਅਜਿਹੀਆਂ ਸਮੱਸਿਆਵਾਂ ਬਾਰੇ ਬੋਲਣ ਦੀ ਜੁਰੱਅਤ ਹੀ ਨਹੀਂ ਕੀਤੀ ਗਈ। ਜਿੱਥੇ ਕਿਤੇ ਬੋਲਣ ਦੀ ਜੁਰੱਅਤ ਵੀ ਕੀਤੀ ਗਈ ਹੈ ਉੱਥੇ ਵੀ ਇਹ ਗੱਲ ਸਪੱਸ਼ਟ ਨਹੀਂ ਹੁੰਦੀ ਕਿ ਇਸ ਪੁਸਤਕ ਦੇ ਲੇਖਕ ਨਵਤੇਜ ਭਾਰਤੀ ਅਤੇ ਅਜਮੇਰ ਰੋਡੇ ਵਿਚਾਰਧਾਰਕ ਪੱਧਰ ਉੱਤੇ ਕਿੱਥੇ ਖੜ੍ਹੇ ਹਨ ? ਇਸ ਮੌਕੇ ਇੱਕ ਉਦਾਹਰਣ ਦੇਣੀ ਮੈਂ ਜ਼ਰੂਰੀ ਸਮਝਦਾ ਹਾਂ। ਇਹ ਪੁਸਤਕ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ, ਤਕਰੀਬਨ ਦੋ ਦਹਾਕੇ ਤੱਕ, ਦੇਸ-ਬਦੇਸ ਵਿੱਚ ਰਹਿ ਰਹੇ ਪੰਜਾਬੀ ਮੂਲ ਦੇ ਲੋਕਾਂ ਨੇ ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ ਦਾ ਸੰਤਾਪ ਹੰਢਾਇਆ ਹੈ। 1947 ਵਿੱਚ ਪੰਜਾਬ ਦੀ ਹੋਈ ਵੰਡ ਸਮੇਂ ਸਿੱਖਾਂ, ਹਿੰਦੂਆਂ, ਮੁਸਲਮਾਨਾਂ, ਈਸਾਈਆਂ ਨੇ ਧਾਰਮਿਕ ਕੱਟੜਵਾਦੀ ਜਨੂੰਨ ਵਿੱਚ ਅੰਨ੍ਹੇ ਹੋ ਕੇ ਲੱਖਾਂ ਦੀ ਗਿਣਤੀ ਵਿੱਚ ਇੱਕ ਦੂਜੇ ਦਾ ਕ਼ਤਲ ਕੀਤਾ ਸੀ। 1978 ਤੋਂ 1993 ਦੇ ਸਮੇਂ ਦਰਮਿਆਨ ਧਾਰਮਿਕ ਕੱਟੜਵਾਦ ਦੇ ਨਾਮ ਉੱਪਰ ਪੰਜਾਬੀਆਂ ਨਾਲ ਵਾਪਰੀ ਇਹ ਦੂਜੀ ਵੱਡੀ ਤ੍ਰਾਸਦੀ ਸੀ ਜਿਸ ਵਿੱਚ 50,000 ਤੋਂ ਵੱਧ ਪੰਜਾਬੀਆਂ ਦਾ ਕ਼ਤਲ ਕਰ ਦਿੱਤਾ ਗਿਆ। ਉਨ੍ਹਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਉਨ੍ਹਾਂ ਨੂੰ ਜ਼ਿੰਦਾ ਜਲਾ ਦਿੱਤਾ ਗਿਆ; ਉਨ੍ਹਾਂ ਨੂੰ ਬੱਸਾਂ ਗੱਡੀਆਂ ਵਿੱਚੋਂ ਧੂਹ ਧੂਹ ਕੇ ਮਸ਼ੀਨ ਗੰਨਾਂ ਦੀਆਂ ਗੋਲੀਆਂ ਨਾਲ ਭੁੰਨ ਦਿੱਤਾ ਗਿਆ; ਉਨ੍ਹਾਂ ਨੂੰ ਪੁਲਿਸ ਦੇ ਇੰਟੈਰੋਗੇਸ਼ਨ ਸੈਂਟਰਾਂ ਵਿੱਚ ਕੈਦ ਕਰ ਕੇ ਬਿਜਲੀ ਦੇ ਕਰੰਟ ਦੇ ਝਟਕੇ ਦੇ ਕੇ ਤਸੀਹੇ ਦਿੱਤੇ ਗਏ। ਇਸ ਕ਼ਤਲੇਆਮ ਵਿੱਚ ਜਿੱਥੇ ਇੱਕ ਪਾਸੇ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਨੇ ਮਾਸੂਮ ਪੰਜਾਬੀਆਂ ਦਾ ਕ਼ਤਲੇਆਮ ਮਚਾਇਆ ਉੱਥੇ ਹੀ ਪੰਜਾਬ ਦੀ ਪੁਲਿਸ ਨੇ ਧਾਰਮਿਕ ਕੱਟੜਵਾਦੀਆਂ ਨੂੰ ਕਾਬੂ ਕਰਨ ਦੇ ਨਾਮ ਹੇਠ ਹਜ਼ਾਰਾਂ ਮਾਸੂਮ ਅਤੇ ਬੇਗੁਨਾਹ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕ਼ਾਤਲਾਂ ਨੇ ਧਰਮ ਦੇ ਜਨੂੰਨ ਵਿੱਚ ਪਾਗਲ ਹੋ ਕੇ ਸੈਂਕੜੇ ਔਰਤਾਂ ਦੇ ਬਲਾਤਕਾਰ ਕੀਤੇ। ਕੈਨੇਡਾ ਦੇ ਤਕਰੀਬਨ ਹਰ ਨਾਮਵਰ ਪੰਜਾਬੀ ਸ਼ਾਇਰ ਨੇ ਅਜਿਹੀਆਂ ਅਤਿ ਦੁਖਾਂਤਕ ਘਟਨਾਵਾਂ ਨੂੰ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਇਆ ਹੈ। ਕਈ ਸ਼ਾਇਰਾਂ ਨੇ ਤਾਂ ਇਸ ਵਿਸ਼ੇ ਨੂੰ ਲੈ ਕੇ ਆਪਣੀ ਸ਼ਾਇਰੀ ਦੇ ਪੂਰੇ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਕੀਤੇ ਹਨ। ਪਰ ‘ਲੀਲ੍ਹਾ’ ਦੇ ਲੇਖਕ ਇਸ ਤ੍ਰਾਸਦੀ ਬਾਰੇ ਇੱਕ ਦੋ ਨਜ਼ਮਾਂ ਲਿਖਕੇ ਹੀ ਇਸ ਤੋਂ ਆਪਣਾ ਪਿੱਛਾ ਛੁਡਾਉਣ ਦੀ ਕੋਸ਼ਿਸ਼ ਕਰਦੇ ਹਨ। ਜਿਸਤੋਂ ਨ ਸਿਰਫ ਇਸ ਪੁਸਤਕ ਦੇ ਲੇਖਕਾਂ ਦੀ ਹੀ ਦਿਆਨਤਦਾਰੀ ਸ਼ੱਕੀ ਬਣ ਜਾਂਦੀ ਹੈ ਬਲਕਿ ਇਸ ਪੁਸਤਕ ਦੀ ਤਾਰੀਫ਼ ਵਿੱਚ ਲੰਬੇ ਲੰਬੇ ਨਿਬੰਧ ਲਿਖਣ ਵਾਲੇ ਪੰਜਾਬੀ ਦੇ ਚਰਚਿਤ ਆਲੋਚਕਾਂ ਬਾਰੇ ਵੀ ਸੰਦੇਹ ਖੜ੍ਹੇ ਹੋ ਜਾਂਦੇ ਹਨ ਕਿ ਕੀ ਉਹ ਪੁਸਤਕਾਂ ਦੀ ਆਲੋਚਨਾ / ਸਮੀਖਿਆ ਕਰਨ ਵੇਲੇ ਪੁਸਤਕਾਂ ਨੂੰ ਪੜ੍ਹਦੇ ਵੀ ਹਨ ਜਾਂ ਕਿ ਪੁਸਤਕਾਂ ਦੇ ਲੇਖਕਾਂ ਦੇ ਕਹਿਣ / ਸੁਣਨ ਉੱਤੇ ਹੀ ਪੁਸਤਕਾਂ ਬਾਰੇ ਆਪਣੇ ਵਿਚਾਰ ਲਿਖ ਦੇਂਦੇ ਹਨ? ਇਹ ਸੁਆਲ ਕੈਨੇਡੀਅਨ ਪੰਜਾਬੀ ਲੇਖਕਾਂ ਵੱਲੋਂ ਬਾਰ ਬਾਰ ਉਠਾਇਆ ਜਾਂਦਾ ਰਿਹਾ ਹੈ ਕਿ ਇੰਡੀਆ ਦੇ ਵਧੇਰੇ ਪੰਜਾਬੀ ਆਲੋਚਕ ਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਸੰਤੁਲਿਤ ਆਲੋਚਨਾ / ਸਮੀਖਿਆ ਨਹੀਂ ਲਿਖ ਰਹੇ। ਜਿਸ ਕਾਰਨ ਕੈਨੇਡਾ ਦੀ ਪੰਜਾਬੀ ਕਵਿਤਾ ਬਾਰੇ ਬਹੁਤ ਗਲਤ ਫਹਿਮੀਆਂ ਪੈਦਾ ਹੋ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ। ਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਫੈਲ ਰਹੇ ਅਜਿਹੇ ਸਾਹਿਤਕ ਭਰਿਸ਼ਟਾਚਾਰ ਨੂੰ ਰੋਕਣ ਲਈ ਕੈਨੇਡੀਅਨ ਪੰਜਾਬੀ ਲੇਖਕਾਂ ਨੂੰ ਹੀ ਆਵਾਜ਼ ਉਠਾਉਣੀ ਪਵੇਗੀ। ਕੈਨੇਡੀਅਨ ਪੰਜਾਬੀ ਕਵਿਤਾ ਦੀ ਆਲੋਚਨਾ / ਸਮੀਖਿਆ ਨਾਲ ਸਬੰਧਤ ਇਹ ਗੰਭੀਰ ਸਮੱਸਿਆ ਉਦੋਂ ਤੱਕ ਹੱਲ ਨਹੀਂ ਕੀਤੀ ਜਾ ਸਕਦੀ ਜਦੋਂ ਤੱਕ ਕੈਨੇਡੀਅਨ ਪੰਜਾਬੀ ਸਾਹਿਤਕਾਰ ਆਪ ਵੱਡੀ ਗਿਣਤੀ ਵਿੱਚ ਆਲੋਚਨਾ / ਸਮੀਖਿਆ ਦੇ ਖੇਤਰ ਵਿੱਚ ਪ੍ਰਵੇਸ਼ ਨਹੀਂ ਕਰਦੇ। ਇਸ ਵਿਸ਼ੇ ਬਾਰੇ ਚਰਚਾ ਛੇੜਣ ਲਈ ਮੇਰੀ ਚੇਤਨਾ ਵਿੱਚ ਸਮਾਈ ਹੋਈ ਅਜਿਹੀ ਭਾਵਨਾ ਹੀ ਮੈਨੂੰ ਇਹ ਗੱਲ ਕਹਿਣ ਲਈ ਉਤਸ਼ਾਹਿਤ ਕਰ ਰਹੀ ਹੈ।

-----

ਭਾਰਤੀ ਪੱਤਰਕਾਵਾਂ ਵਿੱਚ ਅਕਸਰ ਇਸ ਗੱਲ ਬਾਰੇ ਚਰਚਾ ਹੁੰਦਾ ਰਹਿੰਦਾ ਹੈ ਕਿ ਪਰਵਾਸੀ ਲੇਖਕ ਡਾਲਰਾਂ ਦੇ ਜ਼ੋਰ ਨਾਲ ਪੁਸਤਕਾਂ ਪ੍ਰਕਾਸ਼ਿਤ ਕਰਵਾਉਂਦੇ ਹਨ। ਪਰ ਕੀ ਇਸ ਗੱਲ ਵਿੱਚ ਸਚਾਈ ਨਹੀਂ ਕਿ ਇੰਡੀਆ ਦੇ ਕੁਝ ਕੁ ਗਿਣਤੀ ਦੇ ਵੱਡੇ ਨਾਮਵਰ ਲੇਖਕਾਂ ਨੂੰ ਛੱਡ ਕੇ ਬਾਕੀ ਸਭ ਨੂੰ ਹੀ ਇੰਡੀਆ ਦੇ ਪ੍ਰਕਾਸ਼ਕਾਂ ਨੂੰ ਪੁਸਤਕਾਂ ਪ੍ਰਕਾਸ਼ਿਤ ਕਰਵਾਉਣ ਲਈ ਆਰਥਿਕ ਮੱਦਦ ਵਜੋਂ ਕੁਝ ਨ ਕੁਝ ਦੇਣਾ ਹੀ ਪੈਂਦਾ ਹੈ। ਕੈਨਡੀਅਨ ਪੰਜਾਬੀ ਲੇਖਕਾਂ ਦੀ ਮਿਹਨਤ ਨਾਲ ਕੀਤੀ ਹੋਈ ਕਮਾਈ ਨੂੰ ਵੀ ਭਾਰਤ ਵਿੱਚ ਸਥਿਤ ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਕ ਉਸੇ ਤਰ੍ਹਾਂ ਹੀ ਲੁੱਟ ਰਹੇ ਹਨ ਜਿਵੇਂ ਕਿ ਭਾਰਤ ਵਿੱਚ ਰਹਿ ਰਹੇ ਪੰਜਾਬੀ ਲੇਖਕਾਂ ਦੀ ਕਮਾਈ ਨੂੰ। ਕੈਨੇਡਾ ਵਿੱਚ ਵੀ ਡਾਲਰ ਦਰਖਤਾਂ ਨਾਲ ਨਹੀਂ ਲੱਗਦੇ; ਇੱਥੇ ਵੀ ਕੈਨੇਡੀਅਨ ਪੰਜਾਬੀ ਲੇਖਕਾਂ ਨੂੰ ਸਖ਼ਤ ਮਿਹਨਤ ਕਰਕੇ ਹੀ ਕਮਾਉਣੇ ਪੈਂਦੇ ਹਨ। ਪੰਜਾਬੀ ਆਲੋਚਕਾਂ / ਸਮੀਖਿਆਕਾਰਾਂ ਨੂੰ ਸਿਰਫ਼ ਇਹ ਦੇਖਣਾ ਚਾਹੀਦਾ ਹੈ ਕਿ ਕਵਿਤਾ ਦੀ ਜਿਹੜੀ ਪੁਸਤਕ ਛਪ ਕੇ ਮਾਰਕਿਟ ਵਿੱਚ ਆਈ ਹੈ ਉਸ ਕਵਿਤਾ ਦਾ ਕੀ ਮਿਆਰ ਹੈ।

------

ਸੰਵਾਦ ਦੀ ਅਣਹੋਂਦ ਕਾਰਨ ਹੋਣ ਵਾਲੇ ਨੁਕਸਾਨ :

1) ਕੈਨੇਡੀਅਨ ਪੰਜਾਬੀ ਕਵਿਤਾ ਦੀਆਂ ਪ੍ਰਕਾਸ਼ਿਤ ਹੋਈਆਂ ਬਹੁਤ ਸਾਰੀਆਂ ਪੁਸਤਕਾਂ ਪਾਠਕਾਂ ਦੇ ਧਿਆਨ ਵਿੱਚ ਨਹੀਂ ਆਉਂਦੀਆਂ।

2) ਕੈਨੇਡੀਅਨ ਪੰਜਾਬੀ ਕਵਿਤਾ ਦੀਆਂ ਪ੍ਰਕਾਸ਼ਿਤ ਹੋਈਆਂ ਬਹੁਤ ਸਾਰੀਆਂ ਘਟੀਆ ਪੱਧਰ ਦੀਆਂ ਪੁਸਤਕਾਂ ਪਾਠਕ ਖ੍ਰੀਦ ਕੇ ਆਪਣਾ ਸਮਾਂ ਅਤੇ ਧੰਨ ਜ਼ਾਇਆ ਕਰਦੇ ਰਹਿੰਦੇ ਹਨ।

3) ਨਵੇਂ ਉੱਭਰ ਰਹੇ ਕੈਨੇਡੀਅਨ ਪੰਜਾਬੀ ਕਵੀਆਂ ਨੂੰ ਸਹੀ ਦਿਸ਼ਾ ਨਹੀਂ ਮਿਲਦੀ ਅਤੇ ਉਹ ਘਟੀਆ ਪੱਧਰ ਦੀਆਂ ਰਚਨਾਵਾਂ ਪ੍ਰਕਾਸਿਤ ਕਰਕੇ ਸੰਤੁਸ਼ਟੀ ਪ੍ਰਾਪਤ ਕਰ ਲੈਂਦੇ ਹਨ; ਹੌਲੀ ਹੌਲੀ ਉਨ੍ਹਾਂ ਦਾ ਮਾਨਸਿਕ ਵਿਕਾਸ ਰੁਕ ਜਾਂਦਾ ਹੈ ਅਤੇ ਅਨੇਕਾਂ ਵਾਰ ਉਹ ਵੱਡੀਆਂ ਸੰਭਾਵਨਾਵਾਂ ਹੋਣ ਦੇ ਬਾਵਜੂਦ ਵੀ ਕੋਈ ਸਫ਼ਲ ਰਚਨਾ ਪ੍ਰਕਾਸ਼ਿਤ ਨਹੀਂ ਕਰ ਸਕਦੇ।

4) ਸਮਾਜ ਵਿੱਚ ਹਰ ਸਮੇਂ ਹਰ ਪੱਧਰ ਦੇ ਹੀ ਪਾਠਕ ਹੁੰਦੇ ਹਨ; ਪਰ ਕੈਨੇਡੀਅਨ ਪੰਜਾਬੀ ਕਵਿਤਾ ਦੀਆਂ ਪ੍ਰਕਾਸਿ਼ਤ ਹੋਈਆਂ ਚੰਗੀਆਂ ਪੁਸਤਕਾਂ ਬਾਰੇ ਸਾਰਥਿਕ ਸੰਵਾਦ ਦੀ ਅਣਹੋਂਦ ਵਾਲੀ ਸਥਿਤੀ ਵਿੱਚ ਪਾਠਕਾਂ ਦੀ ਗਿਣਤੀ ਵੀ ਘਟਨੀ ਸ਼ੁਰੁ ਹੋ ਜਾਂਦੀ ਹੈ। ਚੰਗੀ ਕਵਿਤਾ ਦੇ ਪਾਠਕ ਸਦਾ ਹੀ ਕਿਸੇ ਨਵੀਂ ਪ੍ਰਕਾਸ਼ਿਤ ਹੋਈ ਰਚਨਾ ਦੀਆਂ ਵੱਖੋ-ਵੱਖਰੀਆਂ ਪਰਤਾਂ ਨੂੰ ਸਮਝਣ ਲਈ ਇੱਕ ਤੋਂ ਵੱਧ ਸਮੀਖਿਆਕਾਰਾਂ / ਆਲੋਚਕਾਂ ਦੇ ਵਿਚਾਰ ਪੜ੍ਹਣੇ ਚਾਹੁੰਦੇ ਹਨ।

5) ਗੰਭੀਰ ਸੰਵਾਦ ਦੀ ਅਣਹੋਂਦ ਵਿੱਚ ਕਵਿਤਾ ਦੇ ਕਈ ਰੂਪ ਹੌਲੀ ਹੌਲੀ ਆਲੋਪ ਜਾਂਦੇ ਹਨ।

6) ਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਗੰਭੀਰ ਸੰਵਾਦ ਛੇੜੇ ਜਾਣ ਦੀ ਲੋੜ ਕੈਨੇਡੀਅਨ ਪੰਜਾਬੀ ਕਵੀਆਂ ਅਤੇ ਪਾਠਕਾਂ ਦੋਨੋਂ ਨੂੰ ਹੀ ਹੈ।

------

ਕਿਹੋ ਜਿਹੇ ਸੰਵਾਦ ਦੀ ਲੋੜ :

1) ਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਸਾਰਥਿਕ ਅਤੇ ਗੰਭੀਰ ਸੰਵਾਦ ਛੇੜੇ ਜਾਣ ਦੀ ਲੋੜ ਹੈ।

2) ਅਜਿਹਾ ਸੰਵਾਦ ਜੋ, ਮਹਿਜ਼, ਸ਼ਬਦਾਂ ਦਾ ਚੋਹਲਪਣ ਕਰਨ ਲਈ ਜਾਂ ਵਿੱਦਿਅਕ ਪੰਡਤਾਊਪੁਣਾ ਦਿਖਾਣ ਲਈ ਹੀ ਨਾ ਕੀਤਾ ਗਿਆ ਹੋਵੇ।

3) ਅਜਿਹਾ ਸੰਵਾਦ ਜੋ ਕਵਿਤਾ ਦੇ ਪਾਠਕਾਂ ਨੂੰ ਕਵਿਤਾ ਦੀਆਂ ਪ੍ਰਕਾਸ਼ਿਤ ਹੋਈਆਂ ਪੁਸਤਕਾਂ ਪੜ੍ਹਣ ਲਈ ਉਤਸਾਹਤ ਕਰਦਾ ਹੋਵੇ ਕਿ ਨਾ ਕਿ ਉਨ੍ਹਾਂ ਅੰਦਰ ਕਵਿਤਾ ਦੀਆਂ ਪੁਸਤਕਾਂ ਬਾਰੇ ਘਿਰਣਾ ਪੈਦਾ ਕਰਦਾ ਹੋਵੇ।

4) ਅਜਿਹਾ ਸੰਕਟ ਜੋ ਨਵੇਂ ਅਤੇ ਉੱਭਰ ਰਹੇ ਕਵੀਆਂ ਨੂੰ ਕਾਵਿ-ਪ੍ਰਕ੍ਰਿਆ ਦੇ ਵੱਖ ਵੱਖ ਪਹਿਲੂਆਂ ਬਾਰੇ ਸਾਰਥਿਕ ਜਾਣਕਾਰੀ ਅਤੇ ਸੇਧ ਦਿੰਦਾ ਹੋਵੇ।

5) ਅਜਿਹਾ ਸੰਵਾਦ ਜੋ ਸਾਡੇ ਸਮਿਆਂ ਵਿੱਚ ਲਿਖੀ ਜਾ ਰਹੀ ਕਵਿਤਾ ਦੇ ਚੰਗੇ/ਮਾੜੇ ਪੱਖਾਂ ਬਾਰੇ ਸੰਤੁਲਿਤ ਜਾਣਕਾਰੀ ਦਿੰਦਾ ਹੋਵੇ।

6) ਅਜਿਹਾ ਸੰਵਾਦ ਜੋ ਸਾਡੇ ਸਮਿਆਂ ਵਿੱਚ ਲਿਖੀ ਜਾ ਰਹੀ ਕੈਨੈਡੀਅਨ ਪੰਜਾਬੀ ਕਵਿਤਾ ਦੇ ਸੰਦਰਭ ਵਿੱਚ ਅਤੇ ਹੋਰਨਾਂ ਭਾਸ਼ਾਵਾਂ ਵਿੱਚ ਲਿਖੀ ਜਾ ਰਹੀ ਕਵਿਤਾ ਦੇ ਸੰਦਰਭ ਵਿੱਚ ਕਵਿਤਾ ਨੂੰ ਸਮਝਣ/ਪਰਖ਼ਣ ਦੀ ਜਾਚ ਦੱਸਦਾ ਹੋਵੇ।

-----

ਸੰਵਾਦ ਦੇ ਲਾਭ :

1) ਕੈਨੇਡੀਅਨ ਪੰਜਾਬੀ ਕਵੀਆਂ ਨੂੰ ਆਪਣੀਆਂ ਪ੍ਰਕਾਸ਼ਿਤ ਹੋਈਆਂ ਕਵਿਤਾ ਦੀਆਂ ਪੁਸਤਕਾਂ ਦੀਆਂ ਸੀਮਾਵਾਂ/ਸੰਭਾਵਨਾਵਾਂ ਬਾਰੇ ਜਾਣਕਾਰੀ ਮਿਲੇਗੀ।

2) ਕੈਨੇਡੀਅਨ ਪੰਜਾਬੀ ਕਵੀ ਆਪਣੀਆਂ ਗ਼ਲਤੀਆਂ ਤੋਂ ਸਿੱਖਕੇ ਆਪਣੀ ਅਗਲੀ ਪੁਸਤਕ ਨੂੰ ਹੋਰ ਵਧੀਆ ਲਿਖਣ ਦੀ ਕੋਸ਼ਿਸ਼ ਕਰਨਗੇ।

3) ਕੈਨੇਡੀਅਨ ਪੰਜਾਬੀ ਕਵਿਤਾ ਦੇ ਪਾਠਕਾਂ ਦਾ ਘੇਰਾ ਵਿਸ਼ਾਲ ਹੋਵੇਗਾ।

4) ਕੈਨੇਡੀਅਨ ਪੰਜਾਬੀ ਕਵੀਆਂ ਨੂੰ ਨਵੀਆਂ ਪੁਸਤਕਾਂ ਪ੍ਰਕਾਸ਼ਿਤ ਕਰਨ ਦਾ ਉਤਸ਼ਾਹ ਮਿਲੇਗਾ।

5) ਕੈਨੇਡਾ ਵਿੱਚ ਪੰਜਾਬੀ ਜ਼ੁਬਾਨ ਦਾ ਵੀ ਪਾਸਾਰ ਹੋਵੇਗਾ।

*******

ਚਲਦਾ

Saturday, March 13, 2010

ਸੁਖਿੰਦਰ - ਲੇਖ

ਪਰਵਾਸੀ ਸਮੱਸਿਆਵਾਂ ਪੇਸ਼ ਕਰਨ ਲਈ ਲਿਖੀਆਂ ਕਹਾਣੀਆਂ - ਜਰਨੈਲ ਸਿੰਘ ਗਰਚਾ

ਲੇਖ

ਕੁਝ ਕਹਾਣੀ ਲੇਖਕ ਕਹਾਣੀ ਲਿਖਣ ਲਈ ਸਮੱਸਿਆਵਾਂ ਢੂੰਡਦੇ ਹਨ; ਪਰ ਕੈਨੇਡੀਅਨ ਪੰਜਾਬੀ ਕਹਾਣੀਕਾਰ ਜਰਨੈਲ ਸਿੰਘ ਗਰਚਾ ਸਮੱਸਿਆਵਾਂ ਪੇਸ਼ ਕਰਨ ਲਈ ਕਹਾਣੀ ਉਸਾਰਦਾ ਹੈ।ਜਰਨੈਲ ਸਿੰਘ ਗਰਚਾ ਲਈ ਸਮੱਸਿਆਵਾਂ ਪਹਿਲਾਂ ਹਨ ਅਤੇ ਕਹਾਣੀ ਬਾਅਦ ਵਿੱਚ। ਉਸਦੀ ਪਹਿਲੀ ਪ੍ਰਤੀਬੱਧਤਾ ਸਮੱਸਿਆਵਾਂ ਦੀ ਪੇਸ਼ਕਾਰੀ ਕਰਨ ਨਾਲ ਹੈ। ਉਹ ਨਾ ਤਾਂ ਉਚੇਚ ਕਰਕੇ ਕਹਾਣੀ ਨੂੰ ਬਹੁਤੀ ਲੰਬੀ ਹੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਨਾ ਹੀ ਕਹਾਣੀ ਵਿੱਚ ਬਹੁਤੇ ਨਾਟਕੀ ਅੰਸ਼ ਹੀ ਭਰਦਾ ਹੈ। ਉਸ ਦੀਆਂ ਕਹਾਣੀਆਂ ਵਿੱਚ ਨਾਟਕੀ ਸੁਰ ਪੈਦਾ ਕਰਨ ਵਾਲੇ ਵਾਰਤਾਲਾਪ ਵੀ ਤਕਰੀਬਨ ਨਾਮ ਮਾਤਰ ਹੀ ਹੁੰਦੇ ਹਨ। ਜਰਨੈਲ ਸਿੰਘ ਗਰਚਾ ਵੱਲੋਂ 2002 ਵਿੱਚ ਪ੍ਰਕਾਸ਼ਿਤ ਕੀਤੇ ਗਏ ਕਹਾਣੀ ਸੰਗ੍ਰਹਿ ‘ਸੱਚ ਦਾ ਮੁੱਲ’ ਵਿੱਚ ਸ਼ਾਮਿਲ ਕਹਾਣੀਆਂ ਪੜ੍ਹ ਕੇ ਕੁਝ ਅਜਿਹਾ ਹੀ ਅਹਿਸਾਸ ਹੁੰਦਾ ਹੈ।

-----

ਇਹ ਕਹਾਣੀਆਂ ਨਾ ਤਾਂ ਗੁੰਝਲਦਾਰ ਸਮੱਸਿਆਵਾਂ ਨੂੰ ਹੀ ਵਿਸ਼ਾ ਬਣਾਉਂਦੀਆ ਹਨ ਅਤੇ ਨਾ ਹੀ ਇਨ੍ਹਾਂ ਕਹਾਣੀਆਂ ਦੀ ਬਣਤਰ ਹੀ ਗੁੰਝਲਦਾਰ ਉਸਾਰੀ ਗਈ ਹੈ। ਇਹ ਸਿੱਧੀਆਂ ਸਾਦੀਆਂ ਕਹਾਣੀਆਂ ਹਨ ਅਤੇ ਸਿੱਧੇ ਸਾਦੇ ਮਸਲਿਆਂ ਬਾਰੇ ਹੀ ਇਹ ਕਹਾਣੀਆਂ ਲਿਖੀਆਂ ਗਈਆਂ ਹਨ। ਇਨ੍ਹਾਂ ਕਹਾਣੀਆਂ ਵਿੱਚ ਸਾਹਿਤਕ, ਸਭਿਆਚਾਰਕ, ਰਾਜਨੀਤਿਕ, ਸਮਾਜਿਕ, ਵਿੱਦਿਅਕ ਜਾਂ ਧਾਰਮਿਕ ਪੱਧਰ ਦੀਆਂ ਗੁੰਝਲਦਾਰ ਸਮੱਸਿਆਵਾਂ ਦੀ ਪੇਸ਼ਕਾਰੀ ਕਿਤੇ ਵੀ ਨਜ਼ਰ ਨਹੀਂ ਆਉਂਦੀ।

-----

‘ਸੱਚ ਦਾ ਮੁੱਲ’ ਕਹਾਣੀ ਸੰਗ੍ਰਹਿ ਬਾਰੇ ਚਰਚਾ ਇਸ ਪੁਸਤਕ ਦੀ ਪਹਿਲੀ ਹੀ ਕਹਾਣੀ ‘ਪਿੰਕੀ ਤੇ ਲੂਸੀ’ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ। ਜਰਨੈਲ ਸਿੰਘ ਗਰਚਾ ਕਹਾਣੀ ਦੇ ਪਹਿਲੇ ਵਾਕ ਤੋਂ ਹੀ ਕੈਨੇਡੀਅਨ ਸਮਾਜ ਦੀ ਸਭ ਤੋਂ ਵੱਡੀ ਸਮੱਸਿਆ ਤੋਂ ਗੱਲ ਸ਼ੁਰੂ ਕਰਦਾ ਹੈ। ਕੈਨੇਡਾ ਦੇ ਆਰਥਿਕ ਢਾਂਚੇ ਦੀ ਇਸ ਤਰ੍ਹਾਂ ਉਸਾਰੀ ਕੀਤੀ ਗਈ ਹੈ ਕਿ ਜੇਕਰ ਤੁਸੀਂ ਕੋਈ ਕੰਮ ਨਹੀਂ ਕਰਦੇ, ਤੁਹਾਡੀ ਬੱਝੀ ਹੋਈ ਆਮਦਨ ਨਹੀਂ, ਤਾਂ ਤੁਸੀਂ ਇਸ ਸਮਾਜ ਵਿੱਚ ਚੰਗੀ ਤਰ੍ਹਾਂ ਜੀਅ ਨਹੀਂ ਜੀਅ ਸਕਦੇ। ਕਿਉਂਕਿ ਇਸ ਸਮਾਜ ਵਿੱਚ ਤੁਹਾਨੂੰ ਹਰ ਚੀਜ਼ ਖਰੀਦਣੀ ਪੈਂਦੀ ਹੈ। ਜੇਕਰ ਤੁਹਾਡੀ ਆਮਦਨ ਵਿੱਚ ਰੁਕਾਵਟ ਪੈ ਜਾਵੇ ਤਾਂ ਵੀ ਹਰ ਮਹੀਨੇ ਤੁਹਾਡੇ ਆਉਣ ਵਾਲੇ ਬਿਲ ਤਾਂ ਆਈ ਹੀ ਜਾਣੇ ਹਨ। ਕਹਾਣੀ ਦੇ ਪਹਿਲੇ ਵਾਕ ਵਿੱਚ ਹੀ ਜਰਨੈਲ ਸਿੰਘ ਗਰਚਾ ਕੈਨੇਡਾ ਦੀ ਜ਼ਿੰਦਗੀ ਦੀ ਸੱਚਾਈ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:

“ਹਾਏ ਅੰਕਲ, ਮੈਂ ਤਾਂ ਕੱਲ੍ਹ ਤੋਂ ਜੌਬ ਤੇ ਨਹੀਂ ਆਉਣਾ, ਅੱਜ ਤਾਂ ਕੰਮ ਕਰਦੀ ਦਾ ਲੱਕ ਦੂਹਰਾ ਹੋਇਆ ਪਿਆ, ਬਾਹਾਂ ਵਿੱਚ ਤਾਂ ਜਿਵੇਂ ਸਾਹ ਸਤ ਹੀ ਨਹੀਂ ਰਿਹਾ। ਕਿਧਰੇ ਹੋਰ ਸੌਖਾ ਕੰਮ ਲੱਭ ਜੂਗਾ।” ਪਿੰਕੀ ਮੈਨੂੰ ਹਰ ਰੋਜ਼ ਆਖਦੀ ਪਰ ਦੂਜੇ ਦਿਨ ਫੇਰ ਕੰਮ ਤੇ ਆ ਜਾਂਦੀ। ਅਸਲ ਵਿੱਚ ਗੱਲ ਤਾਂ ਇਹ ਹੈ ਕਿ ਕੈਨੇਡਾ ਵਿਚ ਕੰਮ ਤੋਂ ਬਿਨਾਂ ਗੁਜ਼ਾਰਾ ਹੀ ਨਹੀਂ।”

-----

ਕੈਨੇਡਾ ਦੇ ਮਜ਼ਦੂਰਾਂ ਨਾਲ ਰੰਗ, ਨਸਲ ਦੇ ਆਧਾਰ ਉੱਤੇ ਅਜੇ ਵੀ ਵਿਤਕਰਾ ਕੀਤਾ ਜਾਦਾ ਹੈ। ਕੈਨੇਡਾ ਦਾ ਕਾਨੂੰਨ ਜੋ ਮਰਜ਼ੀ ਕਹੀ ਜਾਵੇ ਫੈਕਟਰੀਆਂ ਵਿੱਚ ਮਜ਼ਦੂਰਾਂ ਨਾਲ ਵਿਤਕਰਾ ਕਰਨ ਦਾ ਕੋਈ ਨਾ ਕੋਈ ਬਹਾਨਾ ਕਰਕੇ ਉਨ੍ਹਾਂ ਨੂੰ ਹਰ ਕਿਸੇ ਨੂੰ ਇੱਕੋ ਜਿੰਨੀ ਤਨਖਾਹ ਨਹੀਂ ਦਿੱਤੀ ਜਾਂਦੀ। ਇੱਥੇ ਵੀ ਸੁਪਰਵਾਈਜ਼ਰਾਂ ਨੂੰ ਜਿੰਨੀ ਦੇਰ ਤੱਕ ਸਿੱਧੇ ਜਾਂ ਟੇਢੇ ਢੰਗ ਨਾਲ ਰਿਸ਼ਵਤ ਵਜੋਂ ਕੋਈ ਵਧੀਆ ਗਿਫਟ ਨਹੀਂ ਦਿੱਤੀ ਜਾਂਦੀ ਉਹ ਵਿਤਕਰਾ ਕਰਦੇ ਰਹਿੰਦੇ ਹਨ। ਇਸ ਸਮੱਸਿਆ ਨੂੰ ਵੀ ਜਰਨੈਲ ਸਿੰਘ ਗਰਚਾ ਕਹਾਣੀ ‘ਪਿੰਕੀ ਤੇ ਲੂਸੀ’ ਵਿੱਚ ਬੜੇ ਸਪੱਸ਼ਟ ਸ਼ਬਦਾਂ ਵਿੱਚ ਉਘਾੜਦਾ ਹੈ:

“ਲੂਸੀ ਨੇ ਇਕ ਹੋਰ ਨੁਕਤਾ ਦੱਸਿਆ, “ਡੈਡੀ ਕੋਈ ਬਹਾਨਾ ਬਣਾ ਕੇ ਪੀਟਰ ਨੂੰ ਉਸ ਦੀ ਮਨਪਸੰਦ ਬਲੈਕ-ਲੇਵਲ ਜਾਨੀ-ਵਾਕਰ ਵਿਸਕੀ ਦੀ ਬੋਤਲ ਵੀ ਮੱਥੇ ਮਾਰੋ, ਫੇਰ ਦੇਖਣਾ ਤੁਹਾਡਾ ਰੇਟ ਕਿਵੇਂ ਸਾਡੇ ਬਰਾਬਰ ਛੇਤੀ ਹੁੰਦਾ ਹੈ। ਇਹ ਉਸਦੀ ਕਮਜ਼ੋਰੀ ਹੁਣ ਤੱਕ ਜਾਣ ਹੀ ਗਏ ਹੋਵੋਗੇ? ਇਹ ਬਲੱਡੀ ਕੈਨੇਡੀਅਨ ਕਾਲਿਆਂ ਨਾਲ ਬਹੁਤ ਵਿਤਕਰਾ ਕਰਦੇ ਹਨ। ਤੁਸੀਂ ਤਾਂ ਪਗੜੀ ਵਾਲੇ ਕਾਲੇ ਬੁੱਢੇ ਸਿੰਘ ਹੋ, ਇਹ ਵੀ ਤੁਹਾਡੇ ਲਈ ਵਿਤਕਰੇ ਵਿੱਚ ਵਾਧਾ ਹੋਣ ਦਾ ਕਾਰਨ ਹੈ। ਚੰਗਾ ਤਾਂ ਭਾਵੇਂ ਇਹ ਸਾਨੂੰ ਪੋਲਿਸ਼ਾਂ ਨੂੰ ਵੀ ਨਹੀਂ ਸਮਝਦੇ...”

-----

ਆਰਥਿਕ ਖੁਸ਼ਹਾਲੀ ਦੀ ਤਲਾਸ਼ ਵਿੱਚ ਪੰਜਾਬ ਛੱਡਕੇ ਕੈਨੇਡਾ ਆਏ ਪੰਜਾਬੀਆਂ ਦੀ ਸਭ ਤੋਂ ਵੱਡੀ ਸਮੱਸਿਆ ਸਭਿਆਚਾਰਕ ਤਨਾਓ ਦੀ ਹੈ। ਸਖ਼ਤ ਮਿਹਨਤ ਕਰਕੇ ਹਰ ਤਰ੍ਹਾਂ ਦੀਆਂ ਪਦਾਰਥਕ ਪ੍ਰਾਪਤੀਆਂ ਕਰ ਲੈਣ ਤੋਂ ਬਾਹਦ ਵੀ ਮਨ ਨੂੰ ਚੈਨ ਨਹੀਂ ਮਿਲਦਾ - ਸੁਖ -ਸ਼ਾਂਤੀ ਨਾਮ ਦੀ ਕੋਈ ਚੀਜ਼ ਉਨ੍ਹਾਂ ਨੂੰ ਨਹੀਂ ਮਿਲ ਰਹੀ। ‘ਕੀ ਖੱਟਿਆ?’ ਨਾਮ ਦੀ ਕਹਾਣੀ ਵਿੱਚ ਜਰਨੈਲ ਸਿੰਘ ਗਰਚਾ ਪਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਨਾਲ ਸਬੰਧਤ ਇਸ ਸੱਚਾਈ ਨੂੰ ਉਭਾਰਦਾ ਹੈ:

“ਸਾਡੇ ਕੋਲ ਹੁਣ ਕਈ ਗੈਸ ਸਟੇਸ਼ਨ ਵੀ ਸਨ। ਹਰ ਕਿਸਮ ਦਾ ਘਰ ਵਿੱਚ ਐਸ਼ ਦਾ ਸਮਾਨ ਵੀ ਮੌਜੂਦ ਸੀ ਪਰ ਸਭ ਕੁਝ ਹੁੰਦਿਆਂ ਵੀ ਮਨ ਦੇ ਚੈਨ ਵੱਲੋਂ ਕੰਗਾਲ ਸੀ। ਸੁਖ-ਸ਼ਾਂਤੀ ਖੰਭ ਲਾ ਕੇ ਉੱਡ ਗਏ ਸਨ। ਕੈਨੇਡਾ ਦੀ ਤੇਜ਼-ਰੌਂ ਜ਼ਿੰਦਗੀ ਵਿੱਚ ਭੱਜ-ਨੱਸ ਅਤੇ ਬੇ-ਆਰਾਮੀ ਵਿਚ ਬਰਸਾਤ ਦੇ ਮੌਸਮ ਵਿਚ ਮੱਛਰਾਂ ਦੇ ਵਾਧੇ ਵਾਂਗ ਮੱਲੋ-ਮੱਲੀ ਵਾਧਾ ਹੋਈ ਜਾ ਰਿਹਾ ਸੀ।”

------

ਪਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਨਾਲ ਸਬੰਧਤ ਇੱਕ ਸਮੱਸਿਆ ਬਾਰੇ ਤਕਰੀਬਨ ਹਰ ਚਰਚਿਤ ਕੈਨੇਡੀਅਨ ਪੰਜਾਬੀ ਲੇਖਕ ਨੇ ਆਪਣੀਆਂ ਲਿਖਤਾਂ ਦਾ ਵਿਸ਼ਾ ਬਣਾਇਆ ਹੈ - ਉਹ ਹੈ : ਪਰਵਾਸੀ ਪੰਜਾਬੀ ਬੱਚਿਆਂ ਦੇ ਵਿਆਹਾਂ ਦਾ ਮਸਲਾ। ਉਹ ਮਸਲਾ ਵੀ ਸਭਿਆਚਾਰਕ ਤਨਾਓ ਦਾ ਹੀ ਹਿੱਸਾ ਹੈ। ਪੱਛਮੀ ਸਭਿਆਚਾਰ ਵਿੱਚ ਪਲੇ ਅਤੇ ਵੱਡੇ ਹੋਏ ਪੰਜਾਬੀ ਬੱਚੇ ਧਰਮ, ਰੰਗ, ਨਸਲ, ਜ਼ਾਤ, ਪਾਤ ਵਰਗੇ ਵਿਤਕਰਿਆਂ ਨੂੰ ਨਹੀਂ ਮੰਨਦੇ; ਪਰ ਉਨ੍ਹਾਂ ਦੇ ਮਾਪੇ ਅਜਿਹੇ ਵਿਤਕਰੇ ਪੰਜਾਬ ਤੋਂ ਕੈਨੇਡਾ ਆਉਣ ਵੇਲੇ ਆਪਣੀ ਚੇਤਨਤਾ ਦੇ ਹਿੱਸੇ ਵਜੋਂ ਆਪਣੇ ਨਾਲ ਲੈ ਕੇ ਆਉਂਦੇ ਹਨ। ਮਾਪਿਆਂ ਦੀ ਇੱਛਾ ਹੁੰਦੀ ਹੈ ਕਿ ਉਹ ਉਨ੍ਹਾਂ ਦੇ ਹੀ ਧਰਮ, ਜ਼ਾਤ-ਪਾਤ ਨਾਲ ਸਬੰਧਤ ਲੋਕਾਂ ਵਿੱਚ ਵਿਆਹ ਕਰਨ ਪਰ ਬੱਚੇ ਅਕਸਰ ਇਸ ਗੱਲ ਤੋਂ ਬਗ਼ਾਵਤ ਕਰ ਜਾਂਦੇ ਹਨ। ਜਿਸ ਦੇ ਕਈ ਵਾਰ ਕਾਫੀ ਨਿਰਾਸ਼ਾਜਨਕ ਨਤੀਜੇ ਨਿਕਲਦੇ ਹਨ। ਜਿਵੇਂ ਕਹਾਣੀ ‘ਕੀ ਖੱਟਿਆ?’ ਵਿੱਚ ਦੇਖਿਆ ਜਾ ਸਕਦਾ ਹੈ:

“ਇਸ ਖ਼ਬਰ ਨੇ ਤਾਂ ਕੋਹ ਹੀ ਛੱਡਿਆ ਸੀ ਅਤੇ ਡੈੱਕ ਤੇ ਬੈਠੀ ਦਾ ਰੋਣ ਅਜੇ ਵੀ ਥੰਮਿਆਂ ਨਹੀਂ ਸੀ ਜਾ ਰਿਹਾ। ਡਿੰਪੀ ਦਾ ਫੋਨ ਆਇਆ ਸੀ ਅਤੇ ਰੋ-ਰੋ ਕਹਿ ਰਹੀ ਸੀ, “ਮੰਮੀ ਮੇਰਾ ਤਾਂ ਘਰ ਹੀ ਉੱਜੜ ਗਿਆ, ਮੈਂ ਤਾਂ ਬਰਬਾਦ ਹੋ ਗਈ ਹਾਂ ਤੇ ਲੁੱਟੀ ਗਈ ਹਾਂ, ਪਵਾਲ ਹਰਾਮੀ, ਕਮੀਨਾ ਤੇ ਧੋਖੇਬਾਜ਼ ਨਿਕਲਿਆ, ਮੈਨੂੰ ਛੱਡ ਕੇ ਪਤਾ ਨਹੀਂ ਕਿੱਥੇ ਚਲਾ ਗਿਆ ਹੈ?”

-----

ਉਸਨੇ ਇੱਕ ਲੰਮਾ ਹੌਕਾ ਲਿਆ ਅਤੇ ਉਸਦੇ ਮੂੰਹੋਂ ਆਪ-ਮੁਹਾਰੇ ਹੀ ਇਹ ਵਾਕ ਕਿਰ ਗਿਆ, “ਕੀ ਖੱਟਿਆ ਕੈਨੇਡਾ ਆ ਕੇ!”

ਪਰਵਾਸੀਆਂ ਦੀ ਇੱਕ ਸਮੱਸਿਆ ਵੱਲ ਵਧੇਰੇ ਲੇਖਕ ਧਿਆਨ ਨਹੀਂ ਦਿੰਦੇ। ਇਹ ਸਮੱਸਿਆ ਪਰਵਾਸੀ ਪੰਜਾਬੀ ਔਰਤਾਂ ਨਾਲ ਸਬੰਧ ਰੱਖਦੀ ਹੈ। ਪਰਵਾਸੀ ਔਰਤਾਂ ਨੂੰ ਮਰਦਾਂ ਦੇ ਬਰਾਬਰ ਹੀ ਕੰਮਾਂ ਉੱਤੇ ਜਾਣਾ ਪੈਂਦਾ ਹੈ; ਤਾਂ ਜੁ ਔਰਤਾਂ ਵੀ ਘਰ ਵਿੱਚ ਆਪਣੀਆਂ ਤਨਖਾਹਾਂ ਦੇ ਚੈੱਕ ਲਿਆਉਣ। ਜਿਸ ਨਾਲ ਘਰ ਦੀ ਆਰਥਿਕ ਹਾਲਤ ਬੇਹਤਰ ਹੋ ਜਾਂਦੀ ਹੈ। ਸਚਾਈ ਤਾਂ ਇਹ ਹੈ ਕਿ ਜਿਸ ਪਰਵਾਸੀ ਪ੍ਰਵਾਰ ਦੀਆਂ ਔਰਤਾਂ ਬਾਹਰ ਕੰਮ ਕਰਨ ਨਹੀਂ ਜਾਂਦੀਆਂ ਅਤੇ ਤਨਖਾਹ ਦੇ ਚੈੱਕ ਨਹੀਂ ਲਿਆਉਂਦੀਆਂ ਉਨ੍ਹਾਂ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਹੁੰਦੀ। ਸਿਵਾਇ ਉਨ੍ਹਾਂ ਘਰਾਂ ਦੇ ਜਿਨ੍ਹਾਂ ਵਿੱਚ ਮਰਦ ਬਹੁਤ ਵੱਡੀਆਂ ਕਮਾਈਆਂ ਕਰਦੇ ਹਨ ਅਤੇ ਔਰਤਾਂ ਦੇ ਚੈੱਕ ਦੀ ਲੋੜ ਨਹੀਂ ਹੁੰਦੀ। ਪਰ ਔਰਤਾਂ ਦੀ ਸਮੱਸਿਆ ਇਹ ਹੈ ਕਿ ਉਨ੍ਹਾਂ ਨੂੰ ਕੰਮਾਂ ਉੱਤੇ ਵੀ ਜਾਣਾ ਪੈਂਦਾ ਹੈ ਅਤੇ ਘਰ ਆ ਕੇ ਪਰਿਵਾਰ ਦੇ ਹੋਰ ਕੰਮਾਂ ਤੋਂ ਇਲਾਵਾ ਰਸੋਈ ਦਾ ਵੀ ਸਾਰਾ ਕੰਮ ਕਰਨਾ ਪੈਂਦਾ ਹੈ। ਵਿਸ਼ੇਸ਼ ਕਰਕੇ ਵੀਕ ਐਂਡ ਉੱਤੇ ਔਰਤਾਂ ਦੀ ਹਾਲਤ ਹੋਰ ਵੀ ਮਾੜੀ ਹੁੰਦੀ ਹੈ। ਕਿਉਂਕਿ ਵੀਕ ਐਂਡ ਉੱਤੇ ਹੀ ਪਰਵਾਸੀ ਪੰਜਾਬੀਆਂ ਦੇ ਘਰਾਂ ਵਿੱਚ ਪਾਰਟੀਆਂ ਹੁੰਦੀਆਂ ਹਨ ਅਤੇ ਔਰਤਾਂ ਅੱਧੀ ਅੱਧੀ ਰਾਤ ਤੱਕ ਪਾਰਟੀਆਂ ਖ਼ਤਮ ਹੋਣ ਤੋਂ ਬਾਹਦ ਆਏ ਹੋਏ ਮਹਿਮਾਨਾਂ ਦੇ ਜੂਠੇ ਭਾਂਡੇ ਹੀ ਮਾਂਜਦੀਆ ਰਹਿ ਜਾਂਦੀਆਂ ਹਨ। ਵੀਕ ਐਂਡ ਉੱਤੇ ਉਨ੍ਹਾਂ ਨੇ ਹਫ਼ਤੇ ਦੀ ਥਕਾਵਟ ਲਾਹੁਣੀ ਹੁੰਦੀ ਹੈ; ਪਰ ਉਹ ਹੋਰ ਵੀ ਵਧੇਰੇ ਥੱਕ ਟੁੱਟ ਕੇ ਬੈੱਡ ਉੱਤੇ ਡਿੱਗਦੀਆਂ ਹਨ ਅਤੇ ਸੋਮਵਾਰ ਨੂੰ ਫੇਰ ਨੀਂਦ ਨਾਲ ਭਰੀਆਂ ਅੱਖਾਂ ਮਲਦੀਆਂ ਹੋਈਆਂ ਕੰਮਾਂ ਉੱਤੇ ਭੱਜ ਤੁਰਦੀਆਂ ਹਨ। ‘ਕੀ ਖੱਟਿਆ?’ ਕਹਾਣੀ ਵਿੱਚ ਜਰਨੈਲ ਸਿੰਘ ਗਰਚਾ ਵੀ ਇਸ ਸਮੱਸਿਆ ਦਾ ਕੁਝ ਇਸ ਤਰ੍ਹਾਂ ਜ਼ਿਕਰ ਕਰਦਾ ਹੈ:

“ਏਥੇ ਹਰ ਪਾਸੇ ਭੱਜ ਨੱਠ ਤੇ ਕਾਹਲ ਹੈ। ਲੋਕੀਂ ਕੀੜੀਆਂ ਦੇ ਭੌਣ ਵਾਂਗ ਹਰਲ ਹਰਲ ਕਰਦੇ ਭੱਜੇ ਹੀ ਫਿਰਦੇ ਹਨ। ਕਿਸੇ ਕੋਲ ਇਕ ਦੂਜੇ ਨਾਲ ਗੱਲ ਕਰਨ ਦੀ ਵੀ ਵਿਹਲ ਨਹੀਂ ਹੈ। ਸਾਡਾ ਜ਼ਨਾਨੀਆਂ ਦਾ ਵੀਕ-ਐਂਡ ਤਾਂ ਪਾਰਟੀਆਂ, ਜਿਹੜੀਆਂ ਮਰਦਾਂ ਦਾ ਖਾਣ ਪੀਣ ਦਾ ਨਿਰਾ ਢਕਵੰਜ ਹਨ, ਦੇ ਖਾਣ-ਪਕਾਣ ਦੇ ਆਹਰ ਤੇ ਜੂਠੇ ਭਾਂਡੇ ਮਾਂਜਣ ਤੇ ਘਰ ਦੀ ਪੂੰਝਾ-ਪਾਂਝੀ ਅਤੇ ਗਰੌਸਰੀ ਲਿਆਉਣ ਦੇ ਲੱਗ ਜਾਂਦਾ ਹੈ, ਆਦਮੀ ਜ਼ਰੂਰ ਦੋ ਦਿਨ ਐਸ਼ ਲੁੱਟਦੇ ਹਨ।”

-----

ਪਰਵਾਸੀ ਪੰਜਾਬੀਆਂ ਦੀ ਇੱਕ ਹੋਰ ਵੱਡੀ ਸਮੱਸਿਆ ਹੈ ਸੱਸ ਅਤੇ ਸਹੁਰੇ ਵੱਲੋਂ ਨੂੰਹ ਨਾਲ ਬਹੁਤ ਭੈੜਾ ਵਰਤਾਓ ਕਰਨਾ। ਜਿਸ ਕਾਰਨ ਹੱਸਦੇ-ਵੱਸਦੇ ਘਰ ਨਰਕ ਬਣ ਜਾਂਦੇ ਹਨ ਅਤੇ ਅਨੇਕਾਂ ਹਾਲਤਾਂ ਵਿੱਚ ਗੱਲ ਤਰਕ ਤੱਕ ਪਹੁੰਚ ਜਾਦੀ ਹੈ। ਸੱਸ ਸਹੁਰਾ ਚਾਹੁੰਦੇ ਹਨ ਕਿ ਹਰ ਗੱਲ ਵਿੱਚ ਉਨ੍ਹਾਂ ਦੀ ਪੁੱਛ ਪਰਤੀਤ ਹੋਵੇ। ਉਨ੍ਹਾਂ ਦਾ ਪੁੱਤਰ ਅਤੇ ਨੂੰਹ ਆਪਣੀ ਕਮਾਈ ਦੇ ਚੈੱਕ ਵੀ ਉਨ੍ਹਾਂ ਦੇ ਹੱਥ ਫੜਾਇਆ ਕਰਨ। ਕੋਈ ਵੀ ਖ਼ਰਚਾ ਕਰਨ ਤੋਂ ਪਹਿਲਾਂ ਉਨ੍ਹਾਂ ਤੋਂ ਇਜਾਜ਼ਤ ਲੈਣ। ਕੈਨੇਡੀਅਨ ਮਾਹੌਲ ਵਿੱਚ ਅਜਿਹਾ ਸੰਭਵ ਨਹੀਂ ਹੁੰਦਾ। ਇਸ ਗੱਲ ਨੂੰ ਲੈ ਕੇ ਕਿਸੇ ਪਰਵਾਰ ਵਿੱਚ ਘੱਟ ਅਤੇ ਕਿਸੇ ਪਰਵਾਰ ਵਿੱਚ ਜ਼ਿਆਦਾ ਤਨਾਓ ਬਣਿਆ ਹੀ ਰਹਿੰਦਾ ਹੈ। ਇਸ ਸਮੱਸਿਆ ਨੂੰ ਦਰਸਾਉਂਦਾ ਕਹਾਣੀ ‘ਬਿੱਕੀ’ ਵਿੱਚੋਂ ਇੱਕ ਨਾਟਕੀ ਦ੍ਰਿਸ਼ ਪੇਸ਼ ਹੈ:

“ਜਦੋਂ ਦੂਜੇ ਹਫ਼ਤੇ ਮੈਂ ਆਪਣਾ ਜੇਬ-ਖ਼ਰਚਾ ਮੰਗਿਆ ਤਾਂ ਸੱਸ ਬੋਲੀ, “ਭਾਈ ਬਹੂ, ਪਹਿਲੋਂ ਪਿਛਲੇ ਹਫ਼ਤੇ ਦੇ ਜੇਬ-ਖ਼ਰਚ ਦਾ ਹਿਸਾਬ ਦੇ ਤੇ ਫੇਰ ਇਸ ਹਫ਼ਤੇ ਦਾ ਲੈ ਲਾ।” ਸੜ ਜਾਵੇ ਮੇਰੀ ਜੀਭ, ਮੇਰੇ ਤੋਂ ਨਾ ਰਿਹਾ ਗਿਆ ਤੇ ਕਹਿ ਹੋ ਗਿਆ, “ਮੰਮੀ ਜੇਬ ਖ਼ਰਚ ਦਾ ਕਾਹਦਾ ਹਿਸਾਬ, ਚਾਹੇ ਖਰਚਾਂ ਚਾਹੇ ਰੱਖਾਂ ਹੈ ਨਾ ਅੰਕਲ?” ਲਉ ਅੰਕਲ ਜੀ ਫੇਰ ਹੋਗੀ ਮਹਾਂਭਾਰਤ ਸ਼ੁਰੂ।”

“ਅਸੀਂ ਇਹ ਸਭ ਕੁਝ ਤੁਹਾਡੇ ਲਈ ਹੀ ਤਾਂ ਕਰਦੇ ਹਾਂ। ਨਹੀਂ ਤੇ ਖ਼ਰਚ ਕਿਵੇਂ ਕੰਟਰੋਲ ਹੋਵੇਗਾ?” ਮੇਰੀ ਸੱਸ ਤਾਂ ਚਾਰੇ ਪੈਰ ਚੁੱਕ ਕੇ ਪੈ ਗਈ।

ਮੇਰੀ ਚੰਦਰੀ ਦੀ ਜ਼ੁਬਾਨ ਫੇਰ ਨਾ ਰਹੀ, “ਤੁਹਾਡੇ ਆਉਣ ਤੋਂ ਪਹਿਲਾਂ ਵੀ ਤਾਂ ਅਸੀਂ ਸੋਹਣਾ ਗੁਜ਼ਾਰਾ ਕਰਦੇ ਸੀ। ਹੁਣ ਤੇ ਤੁਸੀਂ ਵੀ ਕੁਝ ਹੰਦਾ ਲਾ ਦਿੰਦੇ ਹੋ।” ਇਸ ਪਿੱਛੋਂ ਤੇ ਅੰਕਲ ਪੁੱਛੋ ਹੀ ਨਾ, ਸਹੁਰਾ ਸਾਹਿਬ ਨੇ ਕਿਵੇਂ ਆਪੇ ਤੋਂ ਬਾਹਰ ਹੋ ਕੇ ਗੰਦੀਆਂ ਗਾਲ੍ਹਾਂ ਦੀ ਵਰਖਾ ਕੀਤੀ ਤੇ ਮੂੰਹੋਂ ਉਹ ਅੱਗ ਬਰਸਾਈ ਕਿ ਸੁਣੀ ਨਹੀਂ ਸੀ ਜਾਂਦੀ। ਮੈਨੂੰ ਕਹਿੰਦਾ, “ਕੁੱਤੀਏ! ਬੋਲਣਾ ਸਿੱਖ। ਅੱਗੋਂ ਚਬਰ-ਚਬਰ ਨਾ ਭੌਂਕੀ ਜਾਇਆ ਕਰ।”

“ਜੇ ਮਾਂ-ਪਿਓ ਕੰਜਰਾਂ ਨੇ ਕੋਈ ਸਿੱਖ-ਮੱਤ ਦਿੱਤੀ ਹੋਵੇ ਤਾਂ ਨਾ-ਚਾਰ ਅੱਖਰ ਪੜ੍ਹ ਕੇ ਸਮਝਦੀ ਹੈ ਕਿ ਟਟੀਹਰੀ ਵਾਂਗ ਆਸਮਾਨ ਇਸ ਨੇ ਹੀ ਟੰਗਾਂ ‘ਤੇ ਚੁੱਕਿਆ ਹੋਇਆ ਹੈ। ਕੱਲ੍ਹ ਦੀ ਭੂਤਨੀ ਸਿਵਿਆਂ ‘ਚ ਅੱਧ। ਇਸ ਤਰ੍ਹਾਂ ਨਹੀਂ ਸਰਨਾ। ਸੱਦੋ ਇਸ ਦੇ ਮਾਪਿਆਂ ਨੂੰ ਤੇ ਕਰੋ ਇਕ ਪਾਸਾ। ਸਾਨੂੰ ਕੋਈ ਰਿਸ਼ਤਿਆਂ ਦਾ ਘਾਟਾ ਨਹੀਂ, ਜਿਹੜੀ ਵੀ ਆਵੇਗੀ ਇਸ ਨਾਲੋਂ ਚੰਗੀ ਹੀ ਲਿਆਵਾਂਗੇ ਛਾਂਟ ਕੇ।”

-----

ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਸਿਰਫ਼ ਕੈਨੇਡੀਅਨ ਸਮਾਜ ਨਾਲ ਹੀ ਸਬੰਧਤ ਨਹੀਂ; ਉਨ੍ਹਾਂ ਦੀਆਂ ਸਮੱਸਿਆਵਾਂ ਦਾ ਸਬੰਧ ਪਿੱਛੇ ਛੱਡਕੇ ਆਏ ਪੰਜਾਬ ਨਾਲ ਵੀ ਹੈ। ਜਿੰਨੇ ਵੀ ਲੋਕ ਪੰਜਾਬ, ਇੰਡੀਆ ਤੋਂ ਕੈਨੇਡਾ ਪਰਵਾਸੀ ਬਣ ਕੇ ਆਉਂਦੇ ਹਨ ਉਨ੍ਹਾਂ ‘ਚੋਂ ਵਧੇਰੇ ਪਿੱਛੇ ਆਪਣੀ ਜਾਇਦਾਦ ਕਿਸੇ ਰਿਸ਼ਤੇਦਾਰ ਜਾਂ ਜਾਣਕਾਰ ਦੇ ਹਵਾਲੇ ਕਰਕੇ ਆਉਂਦੇ ਹਨ ਜਾਂ ਕਿਸੇ ਕਰਾਏਦਾਰ ਦੇ ਹਵਾਲੇ ਕਰਕੇ ਆਉਂਦੇ ਹਨ। ਪਰ ਮੁੜਕੇ ਜਦੋਂ ਕੁਝ ਸਾਲਾਂ ਬਾਅਦ ਉਨ੍ਹਾਂ ਦਾ ਚੱਕਰ ਪੰਜਾਬ, ਇੰਡੀਆ ਲੱਗਦਾ ਹੈ ਤਾਂ ਉਨ੍ਹਾਂ ਨੂੰ ਆਪਣੀ ਜਾਇਦਾਦ ਵਾਪਿਸ ਲੈਣੀ ਮੁਸ਼ਕਿਲ ਹੋ ਜਾਂਦੀ ਹੈ ਅਤੇ ਅਨੇਕਾਂ ਹਾਲਤਾਂ ਵਿੱਚ ਉਨ੍ਹਾਂ ਦੀ ਜਾਇਦਾਦ ਦਾ ਇੰਨਾ ਬੁਰਾ ਹਾਲ ਕਰ ਦਿੱਤਾ ਗਿਆ ਹੁੰਦਾ ਹੈ ਕਿ ਉਹ ਰਹਿਣ ਦੇ ਕਾਬਿਲ ਹੀ ਨਹੀਂ ਰਹਿ ਜਾਂਦੀ। ਜਰਨੈਲ ਸਿੰਘ ਗਰਚਾ ‘ਜਨਮ-ਭੂਮੀ’ ਕਹਾਣੀ ਵਿੱਚ ਪਰਵਾਸੀ ਪੰਜਾਬੀਆਂ ਦੀ ਇਸ ਸਮੱਸਿਆ ਨੂੰ ਇੱਕ ਦ੍ਰਿਸ਼ ਦੇ ਰੂਪ ਵਿੱਚ ਬਿਆਨ ਕਰਦਾ ਹੈ:

“ਥੋੜ੍ਹੇ ਜਿਹੇ ਸਮੇਂ ਪਿੱਛੋਂ ਵੱਡੇ ਭਰਾ ਦੀ ਚਿੱਠੀ ਆਈ ਕਿ ਹੁਣ ਅਸੀਂ ਤੇਰੇ ਮਕਾਨ ਦੇ ਜ਼ਿੰਮੇਵਾਰ ਨਹੀਂ, ਉਸ ਵਿੱਚ ਛੋਟੇ ਭਰਾ ਨੇ ਡੇਰੇ ਜਮਾ ਲਏ ਹਨ। ਕੀ ਤੁਸੀਂ ਉਸ ਨੂੰ ਇਹ ਸਭ ਕੁਝ ਕਰ ਲੈਣ ਦੀ ਆਗਿਆ ਦੇ ਦਿੱਤੀ ਹੈ? ਉਸ ਨੇ ਜਿੰਦਰੇ ਤੋੜ ਕੇ ਸਭ ਕਮਰੇ ਖੋਲ੍ਹ ਲਏ ਹਨ, ਗੇਟ ਵੀ ਪਿਛਲੇ ਪਾਸੇ ਲਾ ਲਿਆ ਹੈ। ਸਾਰੇ ਵਿਹੜੇ ਵਿਚ ਸਬਜ਼ੀ ਬੀਜੀ ਹੋਈ ਹੈ, ਨਲਕੇ ਤੇ ਮੋਟਰ ਫਿੱਟ ਕਰਕੇ ਪਾਣੀ ਲਾ ਰਿਹਾ ਹੈ। ਤੁਹਾਡੇ ਮਕਾਨ ਦੀਆਂ ਕੰਧਾਂ ਨੂੰ ਵੀ, ਨਾਲ ਨਾਲ ਸਬਜ਼ੀ ਬੀਜੀ ਨੂੰ ਪਾਣੀ ਲਾਉਣ ਨਾਲ, ਅੰਦਰ ਤੇ ਬਾਹਰ ਸਿੱਲ੍ਹ ਚੜ੍ਹ ਰਹੀ ਹੈ। ਗੁਆਂਢੀ ਵੀ ਤੰਗ ਹਨ, ਉਨ੍ਹਾਂ ਦੇ ਅੰਦਰੀਂ ਤੇ ਬਾਹਰ ਵੀ ਸਿੱਲ ਨਾਲ ਬੁਰਾ ਹਾਲ ਹੈ। ਉਨ੍ਹਾਂ ਦੀਆਂ ਕੰਧਾਂ ਨਾਲ ਵੀ ਸਬਜ਼ੀ ਬੀਜੀ ਹੋਈ ਹੈ। ਅਸੀਂ ਚਿੱਠੀ ਪੜ੍ਹਕੇ ਹੈਰਾਨ ਹੀ ਰਹਿ ਗਏ ਕਿ ਇਹ ਕੀ ਬਣ ਗਿਆ?”

-----

ਪੰਜਾਬ ਵਿੱਚ ਭਾਵੇਂ ਧਾਰਮਿਕ ਕੱਟੜਵਾਦੀ ਦਹਿਸ਼ਗਰਦੀ ਦਾ ਦੌਰ ਖ਼ਤਮ ਹੋ ਗਿਆ ਪਰ ਅਜੇ ਵੀ ਬਾਹਰਲੇ ਦੇਸ਼ਾਂ ਤੋਂ ਆਪਣੀ ਜਨਮ-ਭੂਮੀ ਨੂੰ ਮੁੜ ਦੇਖਣ ਦੇ ਚਾਅ ਵਿੱਚ ਆਏ ਪਰਵਾਸੀਆਂ ਨੂੰ ਪੁਲਿਸ ਖ਼ੂਬ ਲੁੱਟਦੀ ਹੈ। ਸਥਿਤੀ ਉਦੋਂ ਹੋਰ ਵੀ ਤਰਸਯੋਗ ਹੋ ਜਾਂਦੀ ਹੈ ਜਦੋਂ ਇੱਕ ਪਾਸੇ ਪੰਜਾਬ ਦੀਆਂ ਅਖ਼ਬਾਰਾਂ ਵਿੱਚ ਪੰਜਾਬ ਸਰਕਾਰ ਧੜਾ-ਧੜ ਬਿਆਨ ਦੇਂਦੀ ਹੈ ਕਿ ਪਰਵਾਸੀ ਪੰਜਾਬੀ ਪੰਜਾਬ ਦੇ ਵਿਉਪਾਰਾਂ ਵਿੱਚ ਆਪਣਾ ਧੰਨ ਲਗਾਉਣ; ਪਰ ਜਦੋਂ ਪਰਵਾਸੀ ਪੰਜਾਬੀ ਪੰਜਾਬ ਜਾਂਦੇ ਹਨ ਤਾਂ ਉੱਥੋਂ ਦੀ ਪੁਲਿਸ ਅਤੇ ਬੀਊਰੋਕਰੇਸੀ ਉਨ੍ਹਾਂ ਦਾ ਨੱਕ ਵਿੱਚ ਦੰਮ ਕਰ ਦਿੰਦੀ ਹੈ। ਉਹ ਉੱਥੋਂ ਜਾਨ ਬਚਾ ਕੇ ਭੱਜਣ ਦੀ ਕਰਦੇ ਹਨ। ਜਨਮ-ਭੂਮੀ ਤੈਨੂੰ ਅਲਵਿਦਾ ਉਨ੍ਹਾਂ ਦੇ ਹੋਠ ਕੌਮੀ ਗੀਤ ਵਾਂਗ ਗੁਣਗੁਣਾਉਣ ਲੱਗ ਜਾਂਦੇ ਹਨ।

----

‘ਜਨਮ-ਭੂਮੀ’ ਕਹਾਣੀ ਵਿੱਚ ਜਰਨੈਲ ਸਿੰਘ ਗਰਚਾ ਇੱਕ ਪਾਤਰ ਨਾਲ ਬੀਤੀ ਇੱਕ ਘਟਨਾ ਕੁਝ ਇਸ ਤਰ੍ਹਾਂ ਬਿਆਨ ਕਰਦਾ ਹੈ ਕਿ ਮਹਿਸੂਸ ਹੋਣ ਲੱਗਦਾ ਹੈ ਕਿ ਅਜਿਹੀਆਂ ਘਟਨਾਵਾਂ ਤਾਂ ਜਨਮ-ਭੂਮੀ ਦੇਖਣ ਗਏ ਪਰਵਾਸੀ ਪੰਜਾਬੀਆਂ ਨਾਲ ਆਮ ਹੀ ਵਾਪਰਦੀਆਂ ਰਹਿੰਦੀਆਂ ਹਨ:

“ਟੈਕਸੀ ਹਵਾਈ ਅੱਡੇ ਤੋਂ ਬਾਹਰ ਨਿਕਲ ਕੇ ਅਜੇ ਥੋੜ੍ਹੀ ਦੂਰ ਹੀ ਆਈ ਸੀ, ਥਾਂ ਵੀ ਕੁਝ ਉਜਾੜ ਜਿਹੀ ਸੀ ਕਿ ਇਕ ਪੁਲਿਸ ਦੀ ਜੀਪ ਨੇ ਪਿੱਛੋਂ ਅੱਗੇ ਲੰਘ ਕੇ ਰੋਕ ਲਿਆ। ਇਕ ਥਾਣੇਦਾਰ ਵਿਚੋਂ ਉਤਰ ਕੇ ਪੁੱਛਣ ਲੱਗਾ, “ਕਿੱਥੋਂ ਆਏ ਹੋ?”

ਰਾਜੀ ਅੰਗਰੇਜ਼ੀ ਵਿੱਚ ਕਹਿਣ ਲੱਗਾ, “ਅਮਰੀਕਾ ਤੋਂ ਆਏ ਹਾਂ, ਕੀ ਗੱਲ ਹੈ?”

“ਥੱਲੇ ਉਤਰ ਕੇ ਗੱਲ ਕਰ, ਵਿਚ ਹੀ ਨਵਾਬ ਬਣਿਆ ਬੈਠਾ ਐਂ, ਕਸਟਮ ਵਾਲੀ ਕੋਈ ਚੀਜ਼ ਹੀ ਨਹੀਂ।”

“ਹੁਣੇ ਪਤਾ ਲੱਗ ਜਾਂਦਾ, ਖੋਲ੍ਹ ਸਮਾਨ ਏਧਰ ਲਿਆ ਕੇ।”

“ਤੁਸੀਂ ਕੌਣ ਹੁੰਦੇ ਹੋ ਤਲਾਸ਼ੀ ਲੈਣ ਵਾਲੇ? ਕੀ ਹੱਕ ਹੈ ਤੁਹਾਨੂੰ ਸਾਡੇ ਸਮਾਨ ਦੀ ਏਥੇ ਤਲਾਸ਼ੀ ਲੈਣ ਦਾ?”

“ਹੌਲਦਾਰਾ ਲਾਹ ਓਏ ਇਹਦੇ ਅਟੈਚੀ ਟੈਕਸੀ ਵਿਚੋਂ ਥੱਲੇ। ਦੱਸ ਇਹਨੂੰ ਤਲਾਸ਼ੀ ਦਾ ਹੱਕ, ਹੱਕ ਹੈ ਕਿ ਨਹੀਂ? ਇਹਨੂੰ ਪਤਾ ਹੀ ਨਹੀਂ ਇਹ ਕਿੱਥੇ ਖੜਾ ਹੈ? ਇਹ ਇੰਡੀਆ ਹੈ, ਕਿੱਥੇ ਭੁੱਲਿਆ ਫਿਰਦਾ ਹੈਂ ਤੂੰ? ਤੂੰ ਤਾਂ ਲੱਗਦਾ ਹੀ ਅੱਤਵਾਦੀਆਂ ਦਾ ਸਾਥੀ ਐਂ। ਬਣਾਓ ਓ ਮੁੰਡਿਓ ਇਹਦਾ ਮੁਕਾਬਲਾ, ਤਲਾਸ਼ੀ ਤਲੂਸ਼ੀ ਕੀ ਕਰਨੀ ਐ ਇਸ ਦੀ।” ਥਾਣੇਦਾਰ ਨੇ ਕੜਕਦੇ ਨੇ ਆਖਿਆ। ਹੌਲਦਾਰ ਨੇ ਤਾਇਆ ਜੀ ਨੂੰ ਇਕ ਪਾਸੇ ਲਿਜਾ ਕੇ ਕਿਹਾ, “ਸਰਦਾਰਾ, ਤੈਨੂੰ ਤਾਂ ਸਭ ਚਾਨਣ ਹੋਣਾ ਏਥੇ ਦੇ ਹਾਲਾਤ ਦਾ, ਸਮਝਾ ਕੁਝ ਮੁੰਡੇ ਨੂੰ ਤੇ ਮਾਰੋ ਮੱਥੇ ਕੁਝ ਸਾਡੇ ਕਿਉਂ ਵਾਟ ਖੋਟੀ ਕਰਦੇ ਹੋ ਤੇ ਜਾਣ ਵਾਲੇ ਬਣੋ। ਕਿੰਨੇ ਕੁ ਡਾਲਰ ਲੈ ਕੇ ਆਇਆਂ ਓਏ ਮਰੀਕਨਾ?”

“ਤਾਇਆ ਜੀ ਤਾਂ ਬਹੁਤ ਹੀ ਘਬਰਾ ਗਏ ਅਤੇ ਰਾਜੀ ਨੂੰ ਕਹਿਣ ਲੱਗੇ, “ਰਾਜੀ, ਮਾਰ ਮੱਥੇ ਕੁਝ ਇਨ੍ਹਾਂ ਦੇ, ਇਨ੍ਹਾਂ ਦੇ ਮੂੰਹ ਨੂੰ ਲਹੂ ਲੱਗਾ ਹੋਇਆ। ਪੰਜਾਬ ਦੀ ਸ਼ਾਂਤੀ ਦਾ ਇਹ ਅਜੇ ਵੀ ਨਜਾਇਜ਼ ਫਾਇਦਾ ਉਠਾਈ ਜਾਂਦੇ ਨੇ। ਹੁਣ ਫਸੇ ਹਾਂ ਤਾਂ ਫਟਕਣ ਕੀ।” ਤੇ ਰਾਜੀ ਨੇ ਸੌ ਡਾਲਰ ਦੇ ਕੇ ਕਿਹਾ, “ਆਹ ਲਵੋ ਜੋ ਕੁਝ ਪੱਲੇ ਹੈ, ਸਾਡਾ ਰੱਬ ਰਾਖਾ। ਸਾਨੂੰ ਜਾਣ ਦੇਵੋ, ਦੇਰ ਹੋ ਰਹੀ ਹੈ।”

“ਕਾਕਾ ਸਾਨੂੰ ਨਾ ਚਾਰ, ਤੇਰੇ ਵਰਗਿਆਂ ਨਾਲ ਹੀ ਰੋਜ਼ ਵਾਹ ਪੈਂਦਾ ਹੈ। ਇਹ ਤਾਂ ਕੁਝ ਵੀ ਨਹੀਂ। ਸਾਨੂੰ ਤਾਂ ਸਾਰੇ ਦੇ ਸਾਰੇ ਡਾਲਰ ਜਿਹੜੇ ਲੈ ਕੇ ਆਇਆ ਹੈਂ, ਚਾਹੀਦੇ ਹਨ। ਜਲਦੀ ਕੱਢ ਸਾਰੇ ਤੇ ਚਲਦੇ ਬਣੋ, ਐਵੇਂ ਨਾ ਸਾਡਾ ਟਾਈਮ ਖੋਟਾ ਕਰੋ।”

“ਮਰਦਾ ਕੀ ਨਾ ਕਰਦਾ, ਰਾਜੀ ਨੂੰ ਸਾਰੇ ਲਿਆਂਦੇ ਪੰਜ ਸੌ ਡਾਲਰਾਂ ਤੋਂ ਹੱਥ ਧੋ ਕੇ ਖਹਿੜਾ ਛੁਡਾਉਣਾ ਪਿਆ।”

-----

ਕੈਨੇਡਾ ਦੇ ਪੰਜਾਬੀ ਪਰਵਾਸੀਆਂ ਨੂੰ ਸਭਿਆਚਾਰਕ ਵਖਰੇਵੇਂ ਦੀ ਹੌਲੀ ਹੌਲੀ ਸਮਝ ਪੈਂਦੀ ਹੈ। ਇੰਡੀਆ ਵਿੱਚ ਰਹਿੰਦਿਆਂ ਤਾਂ ਲੋਕ ਸਮਝਦੇ ਹਨ ਜਿਵੇਂ ਕਿਤੇ ਇੰਡੀਆ ਇੱਕ ਵੱਡਾ ਵਾਸ਼ਰੂਮ ਹੋਵੇ - ਜਿੱਥੇ ਮਰਜ਼ੀ, ਜਦੋਂ ਮਰਜ਼ੀ, ਖੜ੍ਹੇ ਹੋ ਕੇ ਪਿਸ਼ਾਬ ਦੀਆਂ ਧਾਰਾਂ ਮਾਰ ਸਕਦੇ ਹੋ। ਕੋਈ ਤੁਹਾਨੂੰ ਰੋਕਣ ਵਾਲਾ ਨਹੀਂ। ਪਰ ਕੈਨੇਡਾ ਵਿੱਚ ਆ ਕੇ ਪੰਜਾਬੀਆਂ ਦੀ ਇਹ ਆਦਤ ਵੀ ਉਦੋਂ ਵੱਡੀ ਸਮੱਸਿਆ ਬਣ ਜਾਂਦੀ ਹੈ ਜਦੋਂ ਕਦੀ ਕਿਸੇ ਮਕਾਨ ਦੇ ਨੇੜੇ ਲੱਗੀਆਂ ਝਾੜੀਆਂ ਦਾ ਓਹਲਾ ਲੈ ਕੇ ਖੜ੍ਹੇ ਉਹ ਪਿਸ਼ਾਬ ਦੀਆਂ ਧਾਰਾਂ ਮਾਰ ਰਹੇ ਹੋਣ ਅਤੇ ਅਚਾਨਕ ਘੂੰ-ਘੂੰ ਕਰਦੀ ਕੋਈ ਪੁਲਿਸ ਦੀ ਕਾਰ ਉਨ੍ਹਾਂ ਕੋਲ ਆ ਖੜ੍ਹੀ ਹੋਵੇ। ਅਜਿਹਾ ਵਧੇਰੇ ਕਰਕੇ ਸਾਡੇ ਬਜ਼ੁਰਗਾਂ ਦੀਆਂ ਢਾਣੀਆਂ ਨਾਲ ਵਾਪਰਦਾ ਹੈ ਜੋ ਵਿਹਲੇ ਬੈਠੇ ਢਾਣੀਆਂ ਬਣਾ ਬਣਾ ਘਰਾਂ ਕੋਲ ਪਈ ਕੁਝ ਖ਼ਾਲੀ ਜਗ੍ਹਾ ਤੇ ਲੱਗੇ ਬੈਂਚਾਂ ਉੱਤੇ ਬੈਠੇ ਗੱਪਾਂ ਮਾਰ ਰਹੇ ਹੁੰਦੇ ਹਨ। ਕਹਾਣੀ ‘ਪਰਾਈ ਪੌਣ’ ਵਿੱਚ ਜਰਨੈਲ ਸਿੰਘ ਗਰਚਾ ਇਸ ਸਮੱਸਿਆ ਨੂੰ ਪੇਸ਼ ਕਰਨ ਲਈ ਵੀ ਇੱਕ ਖ਼ੂਬਸੂਰਤ ਨਾਟਕੀ ਦ੍ਰਿਸ਼ ਦੀ ਉਸਾਰੀ ਕਰਦਾ ਹੈ:

“ਬੰਤਾ ਸਿੰਘ ਨੇ ਇਕ ਦਿਨ ਦੱਸਿਆ ਸੀ, “ਹੋਰ ਤਾਂ ਏਥੇ ਸਭ ਅੱਛਾ, ਖੇਡਦਿਆਂ ਦਾ ਸਮਾਂ ਵਾਹਵਾ ਲੰਘ ਜਾਂਦਾ ਪਰ ਵਾਸ਼ਰੂਮ ਦਾ ਪੁਆੜਾ। ਨਾ ਤਾਂ ਡਾਕਟਰਾਂ ਦੀ ਨੇੜੇ ਪੈਂਦੀ ਬਿਲਡਿੰਗ ਵਿੱਚ ਹੀ ਪਬਲਿਕ ਵਾਸ਼ਰੂਮ ਐ ਨਾ ਘਰ ਨੇੜੇ ਪੈਂਦੇ ਪਲਾਜ਼ੇ ਵਿੱਚ ਹੈ। ਇਸ ਉਮਰ ਵਿੱਚ ਵਾਸ਼ਰੂਮ ਜਾਣ ਦੀ ਲੋੜ ਵੀ ਵੱਧ ਮਹਿਸੂਸ ਹੁੰਦੀ ਹੈ।” ਉਸ ਨੇ ਪੁੱਛਿਆ ਸੀ, “ਫੇਰ ਕਿਵੇਂ ਕੰਮ ਚਲਾਉਂਦੇ ਹੋ?”

“ਕਰਨਾ ਕੀ ਹੈ? ਘਰ ਕਿਹੜਾ ਜਾਵੇ? ਗੰਗਾ ਗਈਆਂ ਹੱਡੀਆਂ ਮੁੜਦੀਆਂ ਹਨ ਕਿਤੇ, ਘਰੋਂ ਫੇਰ ਮੁੜ ਹੁੰਦਾ? ਆਹ ਜਿਹੜੀਆਂ ਫੁੱਲ ਬੂਟਿਆਂ ਨਾਲ ਹਰੀਆਂ ਜੇਹੀਆਂ ਸਜਾਵਟੀ ਝਾੜੀਆਂ ਹਨ ਚਾਰੇ ਕਾਰਨਰਾਂ ‘ਚ, ਉਨ੍ਹਾਂ ਉਹਲੇ ਸਾਰ ਲਈਦਾ ਹੈ। ਔਹ ਲੋਹੇ ਦੀ ਫੈਂਸ ਨਾਲ ਲੱਗੇ ਰੁੱਖਾਂ ਉਹਲੇ ਵੀ ਕੰਮ ਚਲਾ ਲਈਦਾ ਹੈ।”...ਪਰ ਸੁਲੱਖਣ ਸਿਆਂ, ਸਿਆਣੇ ਦੇ ਕਹੇ ਦਾ ਅਤੇ ਔਲੇ ਦੇ ਖਾਧੇ ਦਾ ਪਿੱਛੋਂ ਸੁਆਦ ਆਉਂਦਾ। ਤੇਰੀ ਉਸ ਦਿਨ ਦੀ ਕਹੀ ਗੱਲ ਸੱਚ ਹੋ ਗਈ। ਇਕ ਦਿਨ ਓਦੋਂ ਹੀ ਪਤਾ ਲੱਗਾ ਜਦੋਂ ਪੁਲਿਸ ਦੀ ਕਾਰ ਨੇ ਆ ਦਰਸ਼ਨ ਦਿੱਤੇ ਭਾਦੋਂ ਦੇ ਮੀਂਹ ਵਾਂਗ ਅਚਾਨਕ। ਬੜੇ ਸਲੀਕੇ ਤੇ ਸਤਿਕਾਰ ਨਾਲ ਪੁਲਿਸ ਮੈਨ ਕਹਿਣ ਲੱਗਾ, “ਸ੍ਰੀਮਾਨ ਬਜ਼ੁਰਗੋ, ਤੁਸੀਂ ਏਥੇ ਹੀ ਝਾੜੀਆਂ ਤੇ ਫੈਂਸ ਨੂੰ ਵਾਸ਼ਰੂਮ ਲਈ ਵਰਤਦੇ ਹੋ। ਤੁਹਾਡੀ ਇਹ ਵਾਸ਼ਰੂਮ ਵਾਲੀ ਸ਼ਿਕਾਇਤ ਲੰਘਦੇ ਕਾਰਾਂ ਵਾਲਿਆਂ ਨੇ ਵੀ ਸਾਨੂੰ ਕੀਤੀ ਹੈ। ਅਜਿਹਾ ਕਰਨਾ ਏਥੇ ਜੁਰਮ ਸਮਝਿਆ ਜਾਂਦਾ ਹੈ, ਤੁਸੀਂ ਚਾਰਜ ਵੀ ਹੋ ਸਕਦੇ ਹੋ। ਚੰਗਾ ਇਹ ਹੈ ਅੱਗੇ ਨੂੰ ਤੁਸੀਂ ਏਥੇ ਨਾ ਬੈਠੋ ਤਾਂ ਜੁ ਸਾਨੂੰ ਤੁਹਾਨੂੰ ਸਤਿਕਾਰ ਯੋਗ ਸੀਨੀਅਰਜ਼ ਨੂੰ ਕੁਝ ਨਾ ਕਹਿਣਾ ਪਵੇ।”

-----

‘ਸੱਚ ਦਾ ਮੁੱਲ’ ਕਹਾਣੀ ਸੰਗ੍ਰਹਿ ਵਿੱਚ ਜਰਨੈਲ ਸਿੰਘ ਗਰਚਾ ਪਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਨਾਲ ਸਬੰਧਤ ਕੁਝ ਹੋਰ ਸਮੱਸਿਆਵਾਂ ਦਾ ਵੀ ਜ਼ਿਕਰ ਕਰਦਾ ਹੈ। ਇਸ ਸੰਗ੍ਰਹਿ ਵਿੱਚ ਸ਼ਾਮਿਲ ਕੀਤੀਆਂ ਗਈਆਂ ਕਹਾਣੀਆਂ ਪੜ੍ਹਕੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਕੋਈ ਪਿੰਡ ਦੀ ਸੱਥ ਵਿੱਚ ਬੈਠਾ ਆਪਣੇ ਸਾਥੀਆਂ ਨਾਲ ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਸਾਂਝੀਆਂ ਕਰ ਰਿਹਾ ਹੋਵੇ; ਪਰ ਉਸਨੂੰ ਇਸ ਗੱਲ ਦਾ ਵੀ ਅਹਿਸਾਸ ਹੋਵੇ ਕਿ ਆਪਣੀਆਂ ਗੱਲਾਂ ਨੂੰ ਕਿਸੇ ਵਾਪਰੀ ਘਟਨਾ ਦੀ ਜਾਣਕਾਰੀ ਦੇਣ ਵਾਂਗ ਇੰਨਾ ਕੁ ਜ਼ਰੂਰ ਰੌਚਿਕ ਬਣਾ ਕੇ ਦੱਸੇ ਕਿ ਸੁਣਨ ਵਾਲਾ ਉਸਦੀ ਗੱਲ ਧਿਆਨ ਨਾਲ ਸੁਣ ਸਕੇ।

-----

ਨਿਰਸੰਦੇਹ, ‘ਸੱਚ ਦਾ ਮੁੱਲ’ ਕਹਾਣੀ ਸੰਗ੍ਰਹਿ ਵਿੱਚ ਜਰਨੈਲ ਸਿੰਘ ਗਰਚਾ ਕੈਨੇਡਾ ਦੇ ਪਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਨਾਲ ਸਬੰਧਤ ਕੁਝ ਮਹੱਤਵਪੂਰਨ ਸਮੱਸਿਆਵਾਂ ਦੱਸਣ ਵਿੱਚ ਪੂਰੀ ਤਰ੍ਹਾਂ ਸਫ਼ਲ ਰਹਿੰਦਾ ਹੈ; ਭਾਵੇਂ ਕਿ ਉਹ ਕਹਾਣੀ ਲਿਖਣ ਦੀ ਕਲਾ ਵਿੱਚ ਬਹੁਤ ਵੱਡੀਆਂ ਪ੍ਰਾਪਤੀਆਂ ਕਰਨ ਵਿੱਚ ਵਧੇਰੇ ਕਮਯਾਬ ਨਹੀਂ ਹੋ ਸਕਿਆ। ਸ਼ਾਇਦ, ਜਰਨੈਲ ਸਿੰਘ ਗਰਚਾ ਦਾ ਮੂਲ ਮਨੋਰਥ ਵੀ ਇਹੀ ਹੀ ਸੀ।