ਲੇਖ
ਭਾਰਤੀ ਮੂਲ ਦੇ ਲੋਕਾਂ ਦੀ ਮਾਨਸਿਕਤਾ ਵਿੱਚ ਊਚ-ਨੀਚ ਅਤੇ ਜ਼ਾਤ-ਪਾਤ ਦੇ ਕੀਟਾਣੂੰ ਦਿਮਾਗ਼ੀ ਕੈਂਸਰ ਦੀ ਬੀਮਾਰੀ ਦੇ ਕੀਟਾਣੂੰਆਂ ਵਾਂਗ ਕੁਰਬਲ਼ ਕੁਰਬਲ਼ ਕਰਦੇ ਹਨ। ਭਾਰਤੀ ਮੂਲ ਦੇ ਲੋਕਾਂ ਦੀ ਮਾਨਸਿਕਤਾ ਵਿੱਚ ਇਸ ਖ਼ਤਰਨਾਕ ਬੀਮਾਰੀ ਦੇ ਕੀਟਾਣੂੰ ਕਿਵੇਂ ਫੈਲੇ? ਇਸਦਾ ਇੱਕ ਲੰਬਾ ਅਤੇ ਦਿਲ-ਕੰਬਾਊ ਇਤਿਹਾਸ ਹੈ। ਇਹ ਇਤਿਹਾਸ ਭਾਰਤੀ ਸਭਿਅਤਾ ਦੇ ਇਤਿਹਾਸ ਜਿੰਨਾ ਹੀ ਪੁਰਾਣਾ ਹੈ। ਭਾਰਤੀ ਸਭਿਅਤਾ ਦੇ ਇਤਿਹਾਸ ਵਿੱਚ ਵਾਪਰੇ ਇਸ ਮਹਾਂ-ਦੁਖਾਂਤ ਦੇ ਕਾਰਨਾਂ ਨੂੰ ਸਮਝੇ ਬਿਨ੍ਹਾਂ ਅਸੀਂ ਅਜੋਕੇ ਸਮਿਆਂ ਵਿੱਚ ਕਰੋੜਾਂ ਲੋਕਾਂ ਵੱਲੋਂ ਹੰਢਾਏ ਜਾ ਰਹੇ ਸੰਤਾਪ ਨੂੰ ਮਹਿਸੂਸ ਨਹੀਂ ਕਰ ਸਕਦੇ।
-----
ਕੈਨੇਡੀਅਨ ਪੰਜਾਬੀ ਲੇਖਕ ਤਲਵਿੰਦਰ ਸਿੰਘ ਸੱਭਰਵਾਲ ਨੇ 2009 ਵਿੱਚ ਪ੍ਰਕਾਸ਼ਿਤ ਕੀਤੀ ਆਪਣੀ ਪੁਸਤਕ ‘ਹਤਿਆਰਾ ਦੇਵ’ ਵਿੱਚ ਭਾਰਤੀ ਸਭਿਅਤਾ ਦੇ ਇਤਿਹਾਸ ਨਾਲ ਜੁੜੀ ਇਸ ਗੰਭੀਰ ਸਮੱਸਿਆ ਬਾਰੇ ਖੋਜ ਭਰਪੂਰ ਜਾਣਕਾਰੀ ਪੇਸ਼ ਕੀਤੀ ਹੈ। ਭਾਰਤੀ ਮੂਲ ਦੇ ਲੋਕਾਂ ਦੀਆਂ ਅਨੇਕਾਂ ਸਮਾਜਿਕ, ਸਭਿਆਚਾਰਕ, ਰਾਜਨੀਤਿਕ ਅਤੇ ਧਾਰਮਿਕ ਸਮੱਸਿਆਵਾਂ ਭਾਰਤੀ ਸਭਿਅਤਾ ਦੇ ਇਤਿਹਾਸ ਨਾਲ ਜੁੜੀ ਇਸ ਮੂਲ ਸਮੱਸਿਆ ਨੂੰ ਸਮਝਣ ਤੋਂ ਬਿਨ੍ਹਾਂ ਹੱਲ ਨਹੀਂ ਕੀਤੀਆਂ ਜਾ ਸਕਦੀਆਂ।
-----
ਭਾਰਤ ਵਰਗੀ ਸਥਿਤੀ ਧਰਤੀ ਦੇ ਅਨੇਕਾਂ ਹੋਰ ਹਿੱਸਿਆਂ ਵਿੱਚ ਵੀ ਵਾਪਰੀ; ਪਰ ਜਿਸ ਤਰ੍ਹਾਂ ਦੇ ਯੋਜਨਾਬੱਧ ਅਤੇ ਗੈਰ-ਮਾਨਵੀ ਢੰਗ ਨਾਲ ਹਮਲਾਵਰ ਆਰੀਅਨ ਮੂਲ ਦੇ ਲੋਕਾਂ ਨੇ ਭਾਰਤ ਦੇ ਮੂਲ ਵਸਨੀਕ ਦਰਾਵੜ ਲੋਕਾਂ ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਵਿੱਚ ਬੰਨ੍ਹਿਆ ਉਸ ਤਰ੍ਹਾਂ ਦੀ ਮਿਸਾਲ ਹੋਰ ਕਿਤੇ ਵੀ ਨਹੀਂ ਲੱਭਦੀ। ਭਾਰਤ ਵਿੱਚ ਇਹ ਮਹਾਂ-ਦੁਖਾਂਤ ਈਸਾ ਤੋਂ ਲੱਗਭਗ 3,000 ਸਾਲ ਪਹਿਲਾਂ ਵਾਪਰਿਆ। ਤਲਵਿੰਦਰ ਸਿੰਘ ਸੱਭਰਵਾਲ ਆਪਣੇ ਨਿਬੰਧ ‘ਭਾਰਤੀ ਧਰਤ ਤੇ ਧਰਮ’ ਵਿੱਚ ਇਸ ਮਹਾਂ-ਦੁਖਾਂਤ ਦਾ ਜ਼ਿਕਰ ਕੁਝ ਇਸ ਤਰ੍ਹਾਂ ਕਰਦਾ ਹੈ:
..........
...ਆਰੀਆ ਨੇ ਈਸਾ ਤੋਂ ਲੱਗਭਗ 3,000 ਸਾਲ ਪਹਿਲਾਂ ਭਾਰਤ ਤੇ ਹਮਲਾ ਕੀਤਾ, ਉਹਨਾਂ ਦਾ ਮੁਕਾਬਲਾ ਭਾਰਤ ਦੇ ਆਦਿਵਾਸੀਆਂ ਨੇ ਡੱਟ ਕੇ ਕੀਤਾ। ਜਿਹਨਾਂ ਨੂੰ ਰਿਗਵੇਦ ਵਿੱਚ ਕੀਕਟ, ਅਜ, ਸ੍ਰਿੰਮ, ਯਮ, ਰਾਖਸ਼ ਕਿਹਾ ਗਿਆ ਹੈ...ਇਸ ਹਮਲੇ ਵਿੱਚ ਪ੍ਰੋਫੈਸਰ ਸਟਾਰ ਟੂਲਿੰਗ ਦੀ ਰਾਏ ਵਿੱਚ ਭਾਰਤ ਦੇ ਪ੍ਰਸਿੱਧ ਸਿੰਧੂ ਸੱਭਿਅਤਾ ਦੇ ਵਿਸ਼ਾਲ ਨਗਰ ਮੋਹਿੰਜੋਦੜੋ, ਚਹੰਦੜੋ, ਹੜੱਪਾ ਆਦਿ ਨੂੰ ਨਸ਼ਟ ਕੀਤਾ ਗਿਆ। ਇਹਨਾਂ ਦੇ ਬਾਜ਼ਾਰਾਂ, ਨਗਰਾਂ, ਗਲੀਆਂ ‘ਚ ਜੰਮ ਕੇ ਲੜਾਈ ਹੋਈ। ਇਸ ਲੜਾਈ ਵਿੱਚ ਰਿਗਵੇਦ ਅਨੁਸਾਰ 26066 ਆਦਿਵਾਸੀ ਮੌਤ ਦੇ ਘਾਟ ਉਤਾਰੇ ਗਏ...
-----
ਆਰੀਆ ਲੋਕਾਂ ਨੇ ਭਾਰਤ ਦੇ ਆਦਿਵਾਸੀ ਲੋਕਾਂ ਨੂੰ ਯੁੱਧ ਵਿੱਚ ਹਰਾਉਣ ਤੋਂ ਬਾਹਦ ਉਨ੍ਹਾਂ ਉੱਤੇ ਗ਼ੈਰ-ਮਾਨਵੀ ਵਿਧਾਨ ਠੋਸ ਦਿੱਤਾ। ਜਿਸ ਕਾਰਨ ਆਦਿਵਾਸੀ ਨਾ ਸਿਰਫ਼ ਸਮਾਜਿਕ, ਸਭਿਆਚਾਰਕ, ਰਾਜਨੀਤਿਕ ਜਾਂ ਧਾਰਮਿਕ ਪੱਖੋਂ ਹੀ ਨਿਤਾਣੇ ਬਣ ਗਏ; ਬਲਕਿ, ਆਰੀਅਨ ਲੋਕਾਂ ਨੇ ਆਦਿਵਾਸੀਆਂ ਨੂੰ ਮਾਨਸਿਕ ਤੌਰ ਉੱਤੇ ਗੁਲਾਮ ਬਨਾਉਣ ਲਈ ਅਜਿਹੇ ਕਠੋਰ ਆਦੇਸ਼ ਜਾਰੀ ਕਰ ਦਿੱਤੇ ਕਿ ਉਹ ਨਾ ਤਾਂ ਕੋਈ ਸਾਹਿਤਕ ਜਾਂ ਧਾਰਮਿਕ ਗ੍ਰੰਥ ਪੜ੍ਹ ਸਕਦੇ ਸਨ ਅਤੇ ਨਾ ਹੀ ਸੁਣ ਸਕਦੇ ਸਨ। ਜੇਕਰ ਕੋਈ ਆਦਿਵਾਸੀ ਇਸ ਕਾਨੂੰਨ ਦੀ ਉਲੰਘਣਾ ਕਰਦਾ ਫੜਿਆ ਜਾਂਦਾ ਤਾਂ ਉਸਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ। ਅਜਿਹੇ ਕਠੋਰ ਵਿਧਾਨ ਨੂੰ ਮਨੂੰ ਸਿਮਰਤੀਆਂ ਵੀ ਕਿਹਾ ਜਾਂਦਾ ਹੈ। ਭਾਰਤੀ ਸਭਿਅਤਾ ਵਿੱਚ ਆਏ ਇਸ ਗ਼ੈਰ-ਮਾਨਵੀ ਸਮੇਂ ਨੂੰ ‘ਵੈਦਿਕ ਕਾਲ’ ਦਾ ਸਮਾਂ ਕਿਹਾ ਜਾਂਦਾ ਹੈ। ਇਸ ਗ਼ੈਰ-ਮਾਨਵੀ ਵਰਤਾਰੇ ਬਾਰੇ ਤਲਵਿੰਦਰ ਸਿੰਘ ਸੱਭਰਵਾਲ ਆਪਣੇ ਨਿਬੰਧ ‘ਭਾਰਤੀ ਧਰਤ ਤੇ ਧਰਮ’ ਵਿੱਚ ਇਸ ਤਰ੍ਹਾਂ ਲਿਖਦਾ ਹੈ:
.........
ਬ੍ਰਾਹਮਣਾਂ ਨੇ ਆਪਣੇ ਪੈਰ ਪੱਕੇ ਕਰਨ ਲਈ ਸਾਹਿਤਕ ਰਚਨਾਵਾਂ ਜਿਵੇਂ ਕਿ ਮਹਾਂਭਾਰਤ, ਮਨੂੰ ਸਿਮਰਤੀਆਂ, ਗੀਤਾ, ਪੁਰਾਣਾਂ ਨੂੰ ਧਾਰਮਿਕਤਾ ਦਾ ਸਗੋਂ ਪਵਿੱਤਰਤਾ ਦਾ ਦਰਜਾ ਦਿੱਤਾ। ਉਨ੍ਹਾਂ ਵਿੱਚ ਦਰਜ ਹੁਕਮਾਂ, ਆਦੇਸ਼ਾਂ-ਬੰਦਿਸ਼ਾਂ ਅਤੇ ਰੀਤੀ ਰਿਵਾਜਾਂ ਦੀ ਉਲੰਘਣਾ ਕਰਨ ਵਾਲਿਆਂ ਵਾਸਤੇ ਮੌਤ ਦੀ ਸਜ਼ਾ ਮੁਕ਼ੱਰਰ ਕਰ ਦਿੱਤੀ...ਅਸ਼ੌਕ ਦੇ ਪੋਤਰੇ ਬਿਦਿਰਹਦ ਦਾ ਕਤਲ ਕਰਕੇ ਮੌਰੀਆ ਰਾਜ ਦਾ ਅੰਤ ਕੀਤਾ ਅਤੇ 185 ਈਸਵੀ ਪੂਰਵ ਤੇ ਗ਼ੈਰ-ਮਾਨਵੀ ਵਿਧਾਨ ਸਥਾਪਤ ਕੀਤਾ। ਜਿਸ ਦੌਰਾਨ ਮਨੂੰ ਸਿਮਰਤੀ ਵਰਗਾ ਅਤੀ ਘਟੀਆ ਤੇ ਗ਼ੈਰ-ਮਾਨਵੀ ਵਿਧਾਨ ਲਿਖਿਆ ਗਿਆ। ਜਿਸਦਾ ਮਨੋਰਥ ਸੀ ਕਿ ਭਾਰਤੀ ਮੂਲ ਨਿਵਾਸੀਆਂ ਨੂੰ ਇਤਨਾ ਤੋੜ ਦਿੱਤਾ ਦਿੱਤਾ ਜਾਵੇ ਕਿ ਉਹ ਮੁੜ ਇਕੱਠੇ ਨਾ ਹੋ ਸਕਣ। ਉਹ ਰੋਟੀ ਤੇ ਬੇਟੀ ਦੀ ਸਾਂਝ ਬਾਰੇ ਸੋਚਣਾ ਵੀ ਬੰਦ ਕਰ ਦੇਣ। ਕੁਝ ਕਿੱਤੇ ਉੱਤਮ, ਕੁਝ ਮੱਧਮ, ਕੁਝ ਘਟੀਆ ਕਰਾਰ ਦੇ ਕੇ ਲੋਕਾਂ ਨੂੰ ਉੱਤਮ, ਮੱਧਮ ਤੇ ਨੀਚ ਵਿੱਚ ਵੰਡ ਕੇ ਹੇਠ ਉੱਤੇ ਖੜ੍ਹਾ ਕਰ ਦਿੱਤਾ ਗਿਆ। ਤੇ ਆਪਸੀ ਛੂਤ ਛਾਤ ਦਾ ਵਿਧਾਨ ਲਾਗੂ ਕਰਕੇ ਦੂਰੀ ਬਣੀ ਰਹਿਣ ਲਈ ਪੱਕਾ ਉਪਰਾਲਾ ਕੀਤਾ। ਇਸ ਤੋਂ ਵੀ ਵੱਧ ਜੋ ਕਬੀਲੇ ਆਰੀਅਨ ਨਾਲ ਜ਼ਿਆਦਾ ਲੜੇ ਅਤੇ ਅਧੀਨਗੀ ਕਬੂਲ ਨਹੀਂ ਕੀਤੀ ਜਿਵੇਂ ਨਾਗ, ਭੀਲ, ਭੋਲ, ਚੰਡਾਲ, ਸਪੇਰੇ, ਕੱਛੂ ਖਾਣੇ, ਸਿਗਲੀਗਰ, ਛੱਜਘਾੜੇ, ਬੌਰੀਏ, ਗਿੱਦੜ ਕੁੱਟ ਆਦਿਕ ਵਾਂਗ ਹਜ਼ਾਰਾਂ ਜਾਤਾਂ ਦੇ ਲੋਕਾਂ ਨੂੰ ਸਮਾਜ ਵਿੱਚੋਂ ਛੇਕ ਦਿੱਤਾ। ਉਨ੍ਹਾਂ ਲਈ ਸਮਾਜ ਅੰਦਰ ਆਉਣ ਦੀ ਥਾਂ ਬੰਦ ਕਰ ਦਿੱਤੀ। ਬਹੁਤਿਆਂ ਨੂੰ ਤਾਂ ਜਰਾਇਮ ਪੇਸ਼ਾ ਕਰਾਰ ਦਿੱਤਾ ਗਿਆ। ਜੋ ਹੌਲੀ ਹੌਲੀ ਗ਼ੁਲਾਮ ਬਣ ਗਏ ਤੇ ਆਰੀਆ ਦੀ ਮਰਜ਼ੀ ਤੇ ਨਿਰਭਰ ਹੋ ਕੇ ਜੀਵਨ ਕੱਟਣ ਲੱਗੇ ਉਹ ਦਾਸ ਅਖਵਾਏ। ਜਿਹਨਾਂ ਅਧੀਨਗੀ ਦੀ ਥਾਂ ਜੰਗਲੀਂ ਰਹਿਣਾ ਮਨਜ਼ੂਰ ਕੀਤਾ, ਉਹ ਦਾਸਿਉ ਅਖਵਾਏ ਗਏ।
------
ਭਾਰਤੀ ਸਭਿਅਤਾ 7,500 ਬੀਸੀ ਪੁਰਾਣੀ ਸਮਝੀ ਜਾਂਦੀ ਹੈ। ਪਰ ਆਰੀਅਨ ਲੋਕਾਂ ਵੱਲੋਂ ਭਾਰਤ ਦੇ ਆਦੀਵਾਸੀ ਲੋਕਾਂ ਦੇ ਵੱਡੇ ਕੇਂਦਰ ਮਹਿੰਜੋਦੜੋ, ਹੜੱਪਾ, ਟੈਕਸਲਾ ਆਦਿ ਤਬਾਹ ਕਰ ਦਿੱਤੇ ਜਾਣ ਕਾਰਨ ਅਤੇ ਭਾਰਤੀ ਸਭਿਅਤਾ ਦਾ ਇਤਿਹਾਸ ਆਰੀਅਨ ਲੋਕਾਂ ਵੱਲੋਂ ਹੀ ਮੂਲ ਰੂਪ ਵਿੱਚ ਲਿਖੇ ਅਤੇ ਪ੍ਰਚਾਰੇ ਜਾਣ ਕਾਰਨ ਆਰੀਅਨ ਲੋਕਾਂ ਦੀ ਮਾਨਸਿਕਤਾ ਬਾਰੇ ਵੀ ਜਾਣਕਾਰੀ ਮਿਲਦੀ ਹੈ।
-----
ਇਸ ਤਰ੍ਹਾਂ ਭਾਰਤੀ ਸਭਿਅਤਾ ਦਾ ਇਤਿਹਾਸ, ਮੂਲ ਰੂਪ ਵਿੱਚ ਇਸ ਖਿੱਤੇ ਉੱਤੇ ਜ਼ਬਰਦਸਤੀ ਕਾਬਜ਼ ਹੋਏ ਆਰੀਅਨ ਲੋਕਾਂ ਅਤੇ ਧਰਤੀ ਦੇ ਇਸ ਹਿੱਸੇ ਉੱਤੇ ਰਹਿ ਰਹੇ ਆਦਿਵਾਸੀ ਲੋਕਾਂ ਦਰਮਿਆਨ ਹਜ਼ਾਰਾਂ ਸਾਲਾਂ ਤੋਂ ਚੱਲੇ ਆ ਰਹੇ ਨਿਰੰਤਰ ਯੁੱਧ ਦੀ ਹੀ ਕਹਾਣੀ ਹੈ। ਮਨੂੰ ਸਿਮਰਤੀਆਂ ਵੱਲੋਂ ਲੋਕ ਮਨਾਂ ਵਿੱਚ ਪਾਈਆਂ ਵਰਣ ਵੰਡ ਦੀਆਂ ਲਕੀਰਾਂ ਦੀ ਤੇਜ਼ਾਬੀ ਛਾਪ ਏਨੀ ਗੂੜ੍ਹੀ ਹੈ ਕਿ ਹਜ਼ਾਰਾਂ ਸਾਲ ਬੀਤ ਜਾਣ ਬਾਅਦ ਵੀ ਇਹ ਮਿਟਾਈਆਂ ਨਹੀਂ ਜਾ ਸਕਦੀਆਂ। ਲੋਕ ਇਨ੍ਹਾਂ ਲਕੀਰਾਂ ਨੂੰ ਇੱਕ ਸਦੀਵੀ ਹਕੀਕਤ ਦੇ ਰੂਪ ਵਿੱਚ ਸਵੀਕਾਰ ਕਰੀ ਬੈਠੇ ਜਾਪਦੇ ਹਨ।
-----
ਭਾਰਤੀ ਸਮਾਜ ਵਿੱਚ ਘਰ ਕਰ ਬੈਠੇ ਇਸ ਗ਼ੈਰ-ਮਾਨਵੀ ਵਰਤਾਰੇ ਨੂੰ ਡੰਕੇ ਦੀ ਚੋਟ ਉੱਤੇ ਚੁਣੌਤੀ ਦੇਣ ਦਾ ਸਿਹਰਾ ਸਿੱਖ ਧਰਮ ਦੇ ਬਾਨੀ ਗੁਰੂ ਗੋਬਿੰਦ ਸਿੰਘ ਨੂੰ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਨੇ ਇੱਕ ਨਵੇਂ ਸਮਾਜ ਦੀ ਸਿਰਜਣਾ ਕੀਤੀ। ਜਿਸਦਾ ਨਾਮ ‘ਖ਼ਾਲਸਾ’ ਰੱਖਿਆ ਗਿਆ। ਇਹ ਨਵਾਂ ਸਮਾਜ ਵਰਣਵੰਡ ਰਹਿਤ ਸੀ। ਜਿਸ ਕਾਰਨ ਇਹ ਸਮਾਜ ਮਨੂੰਵਾਦ ਲਈ ਸਿੱਧੀ ਚੁਣੌਤੀ ਸੀ। ਭਾਰਤੀ ਸਭਿਅਤਾ ਦੇ ਇਤਿਹਾਸ ਵਿੱਚ ਵਾਪਰੀ ਇਸ ਕ੍ਰਾਂਤੀਕਾਰੀ ਘਟਨਾ ਨੂੰ ਤਲਵਿੰਦਰ ਸਿੰਘ ਸੱਭਰਵਾਲ ਆਪਣੇ ਨਿਬੰਧ ‘ਭਾਰਤੀ ਧਰਤ ਤੇ ਧਰਮ’ ਵਿੱਚ ਕੁਝ ਇਸ ਤਰ੍ਹਾਂ ਬਿਆਨ ਕਰਦਾ ਹੈ:
.........
...ਖਾਲਸਾ ਸੁਣੇਗਾ, ਬੋਲੇਗਾ ਤੇ ਪੜ੍ਹੇਗਾ...ਖਾਲਸਾ ਪੂਰੇ ਹਥਿਆਰਾਂ ਨਾਲ ਲੈਸ ਹੋ ਕੇ ਰਹੇਗਾ। ਕਿਉਂਕਿ ਬ੍ਰਾਹਮਣਵਾਦ ਸ਼ੂਦਰਾਂ ਨੂੰ ਹਥਿਆਰ ਰੱਖਣ ਦੀ ਮਨਾਹੀ ਕਰਦਾ ਸੀ। ਖਾਲਸਾ ਸਰਬ ਲੋਹ ਦੇ ਬਰਤਨਾਂ ‘ਚ ਖਾਏ ਪੀਏਗਾ। ਕਿਉਂਕਿ ਸ਼ੂਦਰਾਂ ਨੂੰ ਸਿਰਫ਼ ਮਿੱਟੀ ਦੇ ਟੁੱਟੇ ਹੋਏ ਭਾਂਡਿਆਂ ‘ਚ ਖਾਣ ਦਾ ਹੁਕ਼ਮ ਸੀ। ਖਾਲਸਾ ਸਿਰ ਉੱਤੇ ਦਸਤਾਰ, ਕਲਗੀ ਅਤੇ ਬਸਤਰ ਪਹਿਨੇਗਾ। ਕਿਉਂਕਿ ਸ਼ੂਦਰਾਂ ਨੂੰ ਸਿਰ ਉੱਤੇ ਖੰਭ ਲਾ ਕੇ ਅਤੇ ਮੁਰਦਿਆਂ ਦੇ ਖੱਫਣ ਤੇ ਫਟੇ ਪੁਰਾਣੇ ਕੱਪੜੇ ਪਾਉਣ ਦਾ ਹੁਕ਼ਮ ਸੀ। ਖਾਲਸਾ ਹਮੇਸ਼ਾ ਫਤਿਹ ਦਾ ਨਾਅਰਾ ਲਾਏਗਾ। ਕਿਉਂਕਿ ਬ੍ਰਾਹਮਣਵਾਦ ਵਿਚਾਰਧਾਰਾ ਨੇ ਸ਼ੂਦਰਾਂ ਨੂੰ ਹਰ ਖੇਤਰ ਵਿੱਚ ਹਾਰ ਦਿੱਤੀ ਸੀ। ਖਾਲਸਾ ਘੋੜੇ ਦੀ ਸਵਾਰੀ ਕਰੇਗਾ ਕਿਉਂਕਿ ਸ਼ੂਦਰਾਂ ਨੂੰ ਉੱਚੀ ਥਾਂ ਬੈਠਣ ਤੇ ਗਰਮ ਸਰੀਆਂ ਨਾਲ ਦਾਗਣ ਦਾ ਹੁਕ਼ਮ ਸੀ। ਖਾਲਸਾ ਇਕ ਹੀ ਬਾਟੇ ਵਿੱਚੋਂ ਅੰਮ੍ਰਿਤ ਪਾਨ ਕਰੇਗਾ। ਕਿਉਂਕਿ ਸ਼ੂਦਰਾਂ ਤੇ ਉੱਚ ਜਾਤਾਂ ਵਿੱਚ ਭਿੱਟ ਦਾ ਰਿਵਾਜ਼ ਸੀ। ਖਾਲਸਾ ਭਿੱਟ ਨਹੀਂ ਕਰੇਗਾ ਅਤੇ ਇੱਕ ਪੰਗਤ ‘ਚ ਬੈਠ ਕੇ ਲੰਗਰ ਛਕੇਗਾ। ਕਿਉਂਕਿ ਬ੍ਰਾਹਮਣ ਵਿਚਾਰਧਾਰਾ ਨੇ ਸਮਾਜ ਵਿੱਚੋਂ ਰੋਟੀ ਦੀ ਸਾਂਝ ਖ਼ਤਮ ਕਰ ਦਿੱਤੀ ਤੇ ਇੱਕ ਦੂਸਰੀ ਜ਼ਾਤ ਤੋਂ ਅੰਨ ਖਾਣ ਦੀ ਨਫ਼ਰਤ ਫੈਲਾਈ ਹੋਈ ਸੀ। ਖਾਲਸਾ ਆਪਣੇ ਨਾਂ ਨਾਲ ਸਿੰਘ ਲਗਾ ਕੇ ਸ਼ੇਰ ਬਣੇਗਾ ਕਿਉਂਕਿ ਸ਼ੂਦਰਾਂ ਦੀ ਕਦਰ ਕਾਂ, ਕੁੱਤੇ, ਬਿੱਲੇ ਦੇ ਬਰਾਬਰ ਮਿੱਥੀ ਗਈ ਸੀ। ਉਹ ਅਨਿਆਂ ਦੇ ਬਰਾਬਰ ਚੂੰ ਤੱਕ ਵੀ ਨਹੀਂ ਕਰ ਸਕਦੇ ਤੇ ਉਹਨਾਂ ਦੇ ਨਾਂ ਭੱਦੇ ਕਿਸਮ ਦੇ ਰੱਖਣ ਦਾ ਹੁਕ਼ਮ ਸੀ। ਖਾਲਸਾ ਸਾਰੇ ਸਮਾਜ ਦੇ ਲੋਕਾਂ ਨੂੰ ਮਾਂ, ਭੈਣ, ਭਾਈ ਦਾ ਸਤਿਕਾਰ ਦੇਵੇਗਾ ਕਿਉਂਕਿ ਸ਼ੂਦਰਾਂ ਨੂੰ ਸਿਵਾਏ ਆਪਣੀ ਜ਼ਾਤ ਦੇ ਰਿਸ਼ਤੇ ਬਣਾਉਣ ਦੀ ਆਗਿਆ ਨਹੀਂ ਸੀ।
-----
ਸਿੱਖ ਧਰਮ ਦੇ ਬਾਨੀ ਗੁਰੂ ਗੋਬਿੰਦ ਸਿੰਘ ਨੇ ਭਾਵੇਂ ਕਿ ਸਿੱਖ ਧਰਮ ਦੀ ਨੀਂਹ ਰੱਖਣ ਵੇਲੇ ਭਾਰਤੀ ਸਭਿਅਤਾ ਦੇ ਸੰਦਰਭ ਵਿੱਚ ਬਹੁਤ ਵੱਡੀ ਕ੍ਰਾਂਤੀਕਾਰੀ ਗੱਲ ਕੀਤੀ ਸੀ, ਇੱਕ ਅਜਿਹੇ ਸਮਾਜ ਦੀ ਸਿਰਜਣਾ ਦੀ ਨੀਂਹ ਰੱਖੀ ਸੀ ਜਿਸ ਬਾਰੇ ਉਨ੍ਹਾਂ ਸਮਿਆਂ ਵਿੱਚ ਸੋਚਣਾ ਵੀ ਮੁਸ਼ਕਿਲ ਸੀ। ਇੱਕ ਅਜਿਹੇ ਸਮਾਜ ਦੀ ਸਿਰਜਣਾ ਜਿਸ ਵਿੱਚ ਕੋਈ ਉੱਚਾ-ਨੀਂਵਾਂ ਨਹੀਂ ਹੋਵੇਗਾ, ਜਿਸ ਸਮਾਜ ਵਿੱਚ ਕੋਈ ਜ਼ਾਤ-ਪਾਤ ਨਹੀਂ ਹੋਵੇਗੀ। ਜਿਸ ਸਮਾਜ ਵਿੱਚ ਕੋਈ ਭਿੱਟ ਨਹੀਂ ਹੋਵੇਗੀ। ਜਿਸ ਸਮਾਜ ਵਿੱਚ ਕੋਈ ਵਰਨ-ਵੰਡ ਨਹੀਂ ਹੋਵੇਗੀ। ਪਰ ਸਮੇਂ ਦੇ ਬੀਤਣ ਨਾਲ ‘ਸਿੱਖ ਧਰਮ’ ਜਾਂ ‘ਖਾਲਸਾ’ ਵੀ ਮਨੂੰਵਾਦ ਦੇ ਪ੍ਰਭਾਵ ਹੇਠ ਆਉਣ ਲੱਗਾ। ਮਨੂੰਵਾਦ ਵੱਲੋਂ ਜਿਹੜੀਆਂ ਕੁਰੀਤੀਆਂ ਸਮਾਜ ਵਿੱਚ ਪ੍ਰਚੱਲਿਤ ਕੀਤੀਆਂ ਗਈਆਂ ਸਨ, ਮਨੂੰਵਾਦ ਵੱਲੋਂ ਸਮਾਜ ਵਿੱਚ ਜਿਹੜੀ ਗ਼ੈਰ-ਮਾਨਵੀ ਵੰਡ ਪੈਦਾ ਕੀਤੀ ਹੋਈ ਸੀ - ਜਿਸ ਨੂੰ ਚੁਣੌਤੀ ਦੇਣ ਲਈ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਮੇਂ ਦੀ ਸਭ ਤੋਂ ਵੱਧ ਕ੍ਰਾਂਤੀਕਾਰੀ ਵਿਚਾਰਧਾਰਾ ਭਾਰਤੀ ਸਭਿਅਤਾ ਨੂੰ ਦਿੱਤੀ ਸੀ। ਉਸ ਵਿਚਾਰਧਾਰਾ ਨੂੰ ਮੰਨਣ ਵਾਲੇ ਲੋਕਾਂ, ਸਿੱਖਾਂ ਵੱਲੋਂ, ਅੱਜ ਉਸ ਵਿਚਾਰਧਾਰਾ ਦੇ ਮੁੱਢਲੇ ਅਸੂਲਾਂ ਨੂੰ ਹੀ ਭੁਲਾ ਦਿੱਤਾ ਗਿਆ। ਤਲਵਿੰਦਰ ਸਿੰਘ ਸੱਭਰਵਾਲ ਇਸ ਇਤਿਹਾਸਕ ਤੱਥ ਨੂੰ ਆਪਣੇ ਨਿਬੰਧ ‘ਇਤਿਹਾਸਕ ਲੇਖਾ ਜੋਖਾ’ ਵਿੱਚ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:
...........
1.ਉਹ ਕੁਰਬਾਨੀਆਂ ਦੇਣ ਵਾਲਾ ਸਿੰਘ ਜਾਤ ਪਾਤ ਦੇ ਆਧਾਰ ਤੇ ਨੀਚ ਬਣਾ ਦਿੱਤਾ ਤੇ ਜਾਤ ਅਭਿਮਾਨੀ ਸਿੰਘ ਨੂੰ ਇਹਨਾਂ ਤੋਂ ਭਿੱਟ ਤੇ ਬੋਅ ਆਉਣ ਲੱਗ ਪਈ। ਇਹ ਇੱਕ ਸਚਾਈ ਲੰਬੇ ਸਮੇਂ ਦੀ ਖੋਜ ਤੋਂ ਬਾਅਦ ਲਿਖਣ ਦਾ ਉੱਦਮ ਕੀਤਾ ਹੈ, ਉਹ ਸਿੱਖ ਪ੍ਰੰਪਰਾ ਦੇ ਉਲਟ ਚੱਲ ਰਿਹਾ ਹੈ। ਸ਼ਾਇਦ ਇਹ ਉਸ ਨੂੰ ਹਜ਼ਮ ਨਾ ਹੋਵੇ। ਅੰਗ੍ਰੇਜ਼ਾਂ ਨੂੰ ਡੋਗਰਿਆਂ ਰਾਜ ਥਾਲੀ ‘ਚ ਪ੍ਰੋਸ ਕੇ ਦਿੱਤਾ ਤੇ ਆਪ ਰਾਜ ਦੀ ਲਾਲਸਾ ਨਾਲ ਲੱਖਾਂ ਹੀ ਸਿੰਘਾਂ ਦੇ ਕ਼ਾਤਿਲਾਂ ਦੀ ਲਾਈਨ ‘ਚ ਜਾ ਲੱਗੇ।
.........
2.ਬੁੱਧ ਸਿੰਘ ਦਾ ਪੁੱਤਰ ਚੰਦਾ ਸਿੰਘ ਤੇ ਨੌਦ ਸਿੰਘ ਦਾ ਪੁੱਤਰ ਚੜ੍ਹਤ ਸਿੰਘ, ਚੜ੍ਹਤ ਸਿੰਘ ਦਾ ਪੁੱਤਰ ਮਹਾਂ ਸਿੰਘ ਮਹਾਰਾਜੇ ਰਣਜੀਤ ਸਿੰਘ ਦਾ ਬਾਪ ਸੀ। ਜੋ ਸਿੱਖ ਰਾਜ ਦਾ ਮਹਾਰਾਜਾ ਅਖਵਾਇਆ। ਤੇਰਾਂ ਸੌ ਘੋੜਸਵਾਰ ਦੀ ਮਿਸਲ ਬੀਰ ਸਿੰਘ ਰੰਗਰੇਟੇ ਦੀ ਕਮਾਂਡ ਹੇਠ ਸੀ। ਰਾਜਿਆਂ ‘ਚ ਗੁਰੂ ਪੰਥ ਦੀ ਸੇਵਾ ਦੀ ਥਾਂ ਜਾਤੀ ਹੰਕਾਰ ਦੇ ਕਾਰਨ ਇਸ ਬੀਰ ਸਿੰਘ ਦੀ ਮਿਸਲ ਨੂੰ ਸ. ਚੜ੍ਹਤ ਸਿੰਘ ਅਤੇ ਬਾਬਾ ਆਲਾ ਸਿੰਘ ਦਿਲੋਂ ਨਹੀਂ ਸੀ ਭਾਉਂਦੇ। ਅਕਾਲ ਤਖ਼ਤ ਤੋਂ ਹੁਕਮਨਾਮਾ ਭੇਜ ਕੇ ਬੀਰ ਸਿੰਘ ਸਣੇ ਨਿਹੰਗ ਸਿੰਘ ਭਾਵ ਮਿਸਲ ਦੇ ਸਿਪਾਹੀ ਅੰਮ੍ਰਿਤਸਰ ਬੁਲਾ ਕੇ ਰਾਮ ਰੌਣੀ ਠਹਿਰਾਏ ਗਏ। ਫੇਰ ਪੰਜ ਪੰਜ ਦੇ ਜਥੇ ਭੀੜ ਦੇ ਬਹਾਨੇ ਨਿਰ ਸ਼ਸ਼ਤਰ ਕਰਕੇ ਭੇਜੇ ਗਏ। ਉਹ ਗੁਰੂ ਦਰਸ਼ਨ ਲਈ ਗਿਆਂ ਨੂੰ ਪ੍ਰਕਰਮਾਂ ਵਿੱਚ ਝਟਕਾਈ ਜਾਂਦੇ ਸਨ। ਉਸ ਵਕਤ ਵੀ ਉਹ ਸਰੋਵਰ ਦਾ ਪਾਣੀ ਲਹੂ ਤੇ ਮਿੱਝ ਨਾਲ ਸੁਰਖ਼ ਹੋਇਆ ਹੋਇਆ ਸੀ ਤੇ ਇਸ ਰੰਘਰੇਟਾ ਮਿਸਲ ਦਾ ਭੋਗ ਪੈ ਗਿਆ। ਕਿਸੇ ਤਰ੍ਹਾਂ ਕਾਰਵਾਈ ਲੀਕ ਹੋ ਗਈ ਤੇ ਬਚਦੇ ਸਿੰਘ ਗੜ੍ਹੀ ‘ਚੋਂ ਜਿਧਰ ਮੂੰਹ ਹੋਇਆ ਭੱਜ ਤੁਰੇ ਉਹਨਾਂ ‘ਚੋਂ ਜ਼ਿਆਦਾ ਜਾ ਕੇ ਜੰਮੂ ਦੇ ਏਰੀਏ ‘ਚ ਵੱਸੇ। ਹਰੀ ਸਿੰਘ ਨਲੂਆ ਉਹਨਾਂ ਦੀ ਸੰਤਾਨ ‘ਚੋਂ ਸੀ। ਜੋ ਸੂਰਬੀਰ ਨਲੂਆ ਦੇ ਨਾਂ ਨਾਲ ਪ੍ਰਸਿੱਧ ਹੋਇਆ।
-----
‘ਸਿੱਖ ਧਰਮ’ ਵਿੱਚ ਬ੍ਰਾਹਮਣਵਾਦ ਦੇ ਅਸਰ ਹੇਠ ਜ਼ਾਤ-ਪਾਤ ਦੇ ਉਭਾਰ ਦੀ ਇੱਕ ਹੋਰ ਵੱਡੀ ਮਿਸਾਲ ਆਪਣੇ ਨਿਬੰਧ ‘ਹਊ ਨੀਚ ਕਰਹੁ ਬੇਨਤੀ। ਸਾਚੁ ਨਾ ਛੱਡੋ ਭਾਈ’ ਵਿੱਚ ਤਲਵਿੰਦਰ ਸਿੰਘ ਸੱਭਰਵਾਲ ਕੁਝ ਇਸ ਤਰ੍ਹਾਂ ਬਿਆਨ ਕਰਦਾ ਹੈ:
............
ਸਿੱਖ ਰਾਜ ਦੀ ਢਹਿੰਦੀ ਕਲਾ ਤੇ ਅੰਗਰੇਜ਼ ਰਾਜ ‘ਚ ਬ੍ਰਾਹਮਣਵਾਦ ਬਹੁਤ ਪ੍ਰਫੁੱਲਤ ਹੋਇਆ। ਜ਼ਾਤ ਪਾਤ ਸਿਖਰਾਂ ਤੇ ਆਈ ਤੇ ਸਿੱਖਾਂ ‘ਚੋਂ ਵੀ ਸਿੱਖ ਹੋਣ ਦੇ ਬਾਵਜ਼ੂਦ ਜਾਤੀਵਾਦ ਜੁੜਦਾ ਰਿਹਾ। ਰਾਮਗੜ੍ਹੀਆ ਸਿੰਘ, ਜੱਟ ਸਿੰਘ, ਮਜ਼੍ਹਬੀ ਸਿੰਘ, ਰਵੀਦਾਸੀਆ ਸਿੰਘ ਆਦਿਕ। ਉਤਲੀ ਜਾਤੀ ਦੇ ਸਿੰਘ ਆਪਣੇ ਆਪ ਨੂੰ ਅੱਬਲ ਦਰਜਾ ਸਿੰਘ ਸਮਝਦੇ ਹਨ ਤੇ ਬਾਕੀ ਸਾਰੀ ਕੌਮ, ਸੋਮ ਹਨ। ਪਰ ਸਿੱਖ ਕ੍ਰਾਂਤੀਕਾਰੀ ਜ਼ਿਆਦਾ ਕਰਕੇ ਸ਼ੂਦਰਾਂ ਤੇ ਨੀਵੀਂ ਜਾਤ ਵੰਸ਼ਾਂ ਵਿਚੋਂ ਆਏ ਸਨ....1935-36 ਵਿੱਚ ਡਾਕਟਰ ਅੰਬੇਦਕਰ ਲੱਗ ਭੱਗ ਛੇ ਸੱਤ ਕਰੋੜ ਅਛੂਤਾਂ ਦੇ ਪਰਮਾਣਿਕ ਨੇਤਾ ਸਨ। ਆਪ ਨੇ ਇਹ ਇੱਛਾ ਪ੍ਰਗਟ ਕੀਤੀ ਕਿ ਦੇਸ਼ ਦੇ ਸਾਰੇ ਅਛੂਤ ਸਿੱਖ ਬਣ ਜਾਣ ਤਾਂ ਇਹ ਜ਼ਾਤ ਪਾਤ ਦੀ ਹਜ਼ਾਰਾਂ ਵਰ੍ਹਿਆਂ ਦੀ ਗ਼ੁਲਾਮੀ ਤੋਂ ਮੁਕਤ ਹੋ ਸਕਦੇ ਹਨ। ਪਰ ਅਕਾਲੀ ਆਗੂ ਤੇ ਸਿਰਕੱਢ ਲੀਡਰ ਹਰਨਾਮ ਸਿੰਘ ਡੱਲਾ ਐਮ.ਏ., ਐੱਲ.ਐੱਲ.ਬੀ., ਜੱਜ ਹਾਈਕੋਰਟ ਨੇ ਆਖਿਆ ਕਿ ਛੇ ਕਰੋੜ ਅਛੂਤਾਂ ਨੂੰ ਸਿੱਖ ਬਣਾ ਕੇ ਦਰਬਾਰ ਸਾਹਿਬ ਚੂੜ੍ਹਿਆਂ ਨੂੰ ਦੇ ਛੱਡੀਏ।
-----
ਜ਼ਾਤ-ਪਾਤ ਦੇ ਕੀਟਾਣੂੰ ਭਾਰਤੀ ਮਾਨਸਿਕਤਾ ਦਾ ਇਸ ਤਰ੍ਹਾਂ ਅੰਗ ਬਣ ਚੁੱਕੇ ਹਨ ਕਿ ਇਹ ਇਨ੍ਹਾਂ ਲੋਕਾਂ ਦਾ ਡੀ.ਐਨ.ਏ. ਦਾ ਹੀ ਹਿੱਸਾ ਬਣ ਗਏ ਜਾਪਦੇ ਹਨ। ਇਸ ਖਿੱਤੇ ਦੇ ਲੋਕ ਚਾਹੇ ਕੋਈ ਵੀ ਧਰਮ ਅਖਤਿਆਰ ਕਰ ਲੈਣ, ਉਨ੍ਹਾਂ ਦੀ ਮਾਨਸਿਕਤਾ ਵਿੱਚ ਮਨੂੰਵਾਦ ਦੇ ਪੈਦਾ ਕੀਤੇ ਹੋਏ ਜ਼ਾਤ-ਪਾਤ ਦੇ ਕੀੜੇ ਕੁਰਬਲ, ਕੁਰਬਲ ਕਰਦੇ ਹੀ ਰਹਿੰਦੇ ਹਨ। ਉਹ ਚਾਹੇ ਸਿੱਖ, ਮੁਸਲਮਾਨ, ਈਸਾਈ, ਜੈਨੀ, ਬੋਧੀ ਜਾਂ ਕਿਸੇ ਹੋਰ ਧਰਮ ਦੇ ਪੈਰੋਕਾਰ ਹੀ ਕਿਉਂ ਨਾ ਬਣ ਜਾਣ ਉਨ੍ਹਾਂ ਦੀ ਮਾਨਸਿਕਤਾ ਵਿੱਚ ਜ਼ਾਤ-ਪਾਤ ਦਾ ਜ਼ਹਿਰੀ ਨਾਗ ਵਿਸ ਘੋਲਦਾ ਹੀ ਰਹਿੰਦਾ ਹੈ। ਤਲਵਿੰਦਰ ਸਿੰਘ ਸੱਭਰਵਾਲ ਇਸ ਤੱਥ ਨੂੰ ਆਪਣੇ ਨਿਬੰਧ ‘ਇਤਿਹਾਸਕ ਲੇਖਾ ਜੋਖਾ’ ਵਿੱਚ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:
..........
ਮਹਾਤਮਾ ਬੁੱਧ ਨੇ ਵੀ ਪੱਚੀ ਸੌ ਸਾਲ ਪਹਿਲਾਂ ਇਸ ਬ੍ਰਾਹਮਣਵਾਦ ਤੋਂ ਲੱਗਭਗ ਭਾਰਤ ਦਾ ਉੱਤਰੀ ਹਿੱਸਾ ਮੁਕਤ ਹੀ ਕਰਵਾ ਦਿੱਤਾ ਸੀ। ਤੇ ਲੋਕ ਜ਼ਿਆਦਾਤਰ ਬੋਧੀ ਧਰਮ ਦੇ ਅਨੁਯਾਈ ਹੋ ਗਏ ਸਨ। 712 ਈਸਵੀ ਵਿੱਚ ਮੁਹੰਮਦ ਬਿਨ ਕਾਸਮ ਦਾ ਸਿੰਧ ਦੀ ਧਰਤੀ ਤੇ ਆਉਣਾ ਤੇ ਇਸਲਾਮ ਦਾ ਪ੍ਰਚਾਰ। ਇਹੀ ਕਾਰਨ ਹੈ ਕਿ ਇਸ ਖਿੱਤੇ ਦੇ ਲੋਕਾਂ ਵਿੱਚ ਪਰਿਵਾਰਕ ਨਾਂ ਰਲਦੇ ਹਨ। ਧਰਮ ਤੇ ਕਿੱਤੇ ਬਦਲ ਗਏ ਪਰ ਬ੍ਰਾਹਮਣਵਾਦ ਨਹੀਂ ਬਦਲ ਸਕਿਆ। ਪਾਕਿਸਤਾਨ ਚੌਧਰੀ ਅਸਲਮ ਮਾਨ ਹੈ ਤਾਂ ਸਰਹੱਦ ਦੇ ਇਸ ਪਾਰ ਵਰਿਆਮ ਸਿੰਘ ਮਾਨ ਹੈ। ਕਿੱਤੇ ਤੇ ਜਾਤੀ ਇਹ ਗੋਤਰ ਵੱਖ ਵੱਖ ਜਾਤਾਂ ਦੀਆਂ ਕੰਧਾਂ ਅੰਦਰ ਲੁਕੋ ਕੇ ਰੱਖੇ ਹਨ। ਕੀ ਆਪਾਂ ਨੂੰ ਲੱਗਦਾ ਹੈ ਕਿ ਅਸੀਂ ਗੁਰੂ ਸਾਹਿਬਾਂ ਦੇ ਹੁਕਮ/ਸਿਧਾਂਤ ਜਾਂ ਚਲਾਏ ਪੰਥ ਨੂੰ ਮੰਨ ਰਹੇ ਹਾਂ?
-----
ਭਾਰਤੀ ਸਮਾਜ ਦੇ ਵਧੇਰੇ ਸਮਾਜਿਕ ਜਾਂ ਸਭਿਆਚਾਰਕ ਸੰਕਟ ਜ਼ਾਤ-ਪਾਤ ਦੀ ਵੰਡ ਦੀ ਹੀ ਦੇਣ ਹਨ। ਭਾਵੇਂ ਕਿ ਨਵੀਂ ਪੌਦ ਅਜਿਹੀ ਸਮਾਜਿਕ ਪ੍ਰਣਾਲੀ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਜ਼ਾਤ-ਪਾਤ ਪ੍ਰਣਾਲੀ ਦੀ ਪਕੜ ਏਨੀ ਪੀਡੀ ਹੈ ਕਿ ਇਸ ਮਾਨਸਿਕ ਗੁਲਾਮੀ ਦੀ ਜਕੜ ਵਿੱਚੋਂ ਆਜ਼ਾਦ ਹੋਣ ਲਈ ਭਾਰਤੀ ਮੂਲ ਦੇ ਲੋਕਾਂ ਨੂੰ ਅਜੇ ਸੈਂਕੜੇ ਸਾਲ ਹੋਰ ਲੱਗ ਜਾਣਗੇ। ਵੱਡੀ ਚਿੰਤਾ ਦਾ ਕਾਰਨ ਇਹ ਹੈ ਕਿ ਜਦੋਂ ਕਿ ਭਾਰਤੀ ਮੂਲ ਦੇ ਲੋਕਾਂ ਨੂੰ ਭਾਰਤ ਤੋਂ ਬਾਹਰ ਆ ਕੇ ਅਜਿਹੀ ਮਾਨਸਿਕ ਗ਼ੁਲਾਮੀ ‘ਚੋਂ ਬਾਹਰ ਨਿਕਲ ਜਾਣਾ ਚਾਹੀਦਾ ਸੀ; ਪਰ ਦੇਖਣ ਵਿੱਚ ਆ ਰਿਹਾ ਹੈ ਕਿ ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਹੋਰਨਾਂ ਵਿਕਸਤ ਪੱਛਮੀ ਮੁਲਕਾਂ ਵਿੱਚ ਆ ਕੇ ਵੱਸਣ ਵਾਲੇ ਭਾਰਤੀ ਮੂਲ ਦੇ ਲੋਕ ਪਹਿਲਾਂ ਨਾਲੋਂ ਵੀ ਵੱਧ ਜ਼ਾਤ-ਪਾਤ ਦੀ ਵੰਡ ਵਿੱਚ ਯਕੀਨ ਕਰ ਰਹੇ ਹਨ।
-----
ਅਨੇਕਾਂ ਹੋਰ ਚਰਚਿਤ ਭਾਰਤੀ ਰਾਜਸੀ ਨੇਤਾਵਾਂ ਵਾਂਗ ਮਹਾਤਮਾ ਗਾਂਧੀ ਵੀ ਜ਼ਾਤ-ਪਾਤ ਦਾ ਹਿਮਾਇਤੀ ਸੀ। ਉਸਦਾ ਤਾਂ ਯਕੀਨ ਸੀ ਕਿ ਜ਼ਾਤ-ਪਾਤ ਉੱਤੇ ਆਧਾਰਿਤ ਵੰਡ ਬਿਨ੍ਹਾਂ ਤਾਂ ਸਮਾਜ ਸਥਿਰ ਰਹਿ ਹੀ ਨਹੀਂ ਸਕਦਾ। ਤਲਵਿੰਦਰ ਸਿੰਘ ਸੱਭਰਵਾਲ ਆਪਣੇ ਨਿਬੰਧ ‘ਗਾਂਧੀ ਜੀ’ ਵਿੱਚ ਇਹ ਤੱਥ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:
..........
1.ਮੈਂ ਅਜਿਹੇ ਸਾਰੇ ਲੋਕਾਂ ਦਾ ਵਿਰੋਧੀ ਹਾਂ ਜੋ ਜ਼ਾਤਪਾਤ ਨਸ਼ਟ ਕਰਨਾ ਚਾਹੁੰਦੇ ਹਨ। ਮੇਰੀ ਮਤ ਹੈ ਕਿ ਹਿੰਦੂ ਸਮਾਜ ਤਾਂ ਹੀ ਸਥਿਰ ਰਹਿ ਸਕਦਾ ਹੈ ਕਿਉਂਕਿ ਇਹ ਜ਼ਾਤ ਪਾਤ ਤੇ ਆਧਾਰਿਤ ਹੈ।
............
2.ਸ਼ੂਦਰ ਵਿੱਦਿਆ ਸਿੱਖ ਕੇ ਉਸ ਦੁਆਰਾ ਆਪਣੀ ਰੋਜ਼ੀ ਰੋਟੀ ਕਮਾ ਸਕਦਾ। ਰੋਜ਼ੀ ਉਸਨੂੰ ਸਿਰਫ਼ ਆਪਣੇ ਵਰਣ ਦੇ ਪੇਸ਼ੇ ਕਰਕੇ ਹੀ ਕਮਾਉਣੀ ਚਾਹੀਦੀ ਹੈ।
-----
ਇਸ ਤਰ੍ਹਾਂ ਵੱਖੋ ਵੱਖ ਪਹਿਲੂਆਂ ਤੋਂ ਗੱਲ ਕਰਦਾ ਹੋਇਆ ਤਲਵਿੰਦਰ ਸਿੰਘ ਸੱਭਰਵਾਲ ਆਪਣੀ ਪੁਸਤਕ ‘ਹਤਿਆਰਾ ਦੇਵ’ ਵਿੱਚ ਇਹ ਗੱਲ ਉਭਾਰਦਾ ਹੈ ਕਿ ਭਾਰਤ ਉੱਤੇ ਬਾਹਰੋਂ ਆ ਕੇ ਕਾਬਜ਼ ਹੋਏ ਆਰੀਆ ਲੋਕਾਂ ਨੇ ਭਾਰਤ ਦੇ ਮੂਲਵਾਸੀ ਦਰਾਵੜ ਲੋਕਾਂ ਨੂੰ ਪੂਰੀ ਤਰ੍ਹਾਂ ਆਪਣੇ ਕਾਬੂ ਵਿੱਚ ਰੱਖਣ ਲਈ ‘ਮਨੂੰਵਾਦ’ ਨਾਮ ਦਾ ਇੱਕ ਅਜਿਹਾ ਸ਼ਕਤੀਸ਼ਾਲੀ ਅਤੇ ਗ਼ੈਰ-ਮਾਨਵੀ ਸ਼ਿਕੰਜਾ ਕੱਸਿਆ ਜਿਸ ਦੀ ਮਾਰ ਹੇਠ ਸਮਾਜ, ਸਭਿਆਚਾਰ, ਰਾਜਨੀਤੀ, ਧਰਮ ਅਤੇ ਆਰਥਿਕਤਾ ਬੜੀ ਆਸਾਨੀ ਨਾਲ ਆ ਗਏ। ਜਿਨ੍ਹਾਂ ਲੋਕਾਂ ਨੇ ਮਨੂੰਵਾਦ ਦੇ ਸ਼ਿਕੰਜੇ ਵਿੱਚ ਜਕੜੇ ਜਾਣਾ ਕਬੂਲ ਨ ਕੀਤਾ ਉਨ੍ਹਾਂ ਨੂੰ ‘ਅਛੂਤ’ ਕਹਿ ਕੇ ਸਮਾਜਿਕ ਤਾਣੇ-ਬਾਣੇ ਤੋਂ ਬਾਹਰ ਕਰ ਦਿੱਤਾ ਗਿਆ। ਦਰਾਵੜ ਲੋਕਾਂ ਵਿੱਚੋਂ ਜਿਹੜੇ ਲੋਕਾਂ ਨੇ ਆਰੀਅਨ ਲੋਕਾਂ ਦੇ ਅਜਿਹੇ ਸ਼ਿਕੰਜੇ ਵਿੱਚ ਜਕੜਿਆ ਜਾਣਾ ਸਵੀਕਾਰ ਕਰ ਲਿਆ, ਉਨ੍ਹਾਂ ਨੂੰ ਸਮਾਜ ਵਿੱਚ ਮਾਨ-ਸਨਮਾਨ ਦਿੱਤਾ ਗਿਆ; ਪਰ ਇਸ ਸ਼ਿਕੰਜੇ ਵਿੱਚ ਜਕੜੇ ਜਾਣ ਤੋਂ ਵਿਦਰੋਹ ਕਰਨ ਵਾਲੇ ਲੋਕਾਂ ਨੂੰ ‘ਅਛੂਤ’ ਕਹਿ ਕੇ ਉਨ੍ਹਾਂ ਤੋਂ ਹਰ ਤਰ੍ਹਾਂ ਦੇ ਮਾਨਵੀ ਅਧਿਕਾਰਾਂ ਨੂੰ ਖੋਹ ਲਿਆ ਗਿਆ। ਭਾਰਤੀ ਸਮਾਜ ਵਿੱਚ ਵਾਪਰੇ ਅਜਿਹੇ ਮਹਾਂ-ਦੁਖਾਂਤ ਕਾਰਨ ਹਜ਼ਾਰਾਂ ਸਾਲਾਂ ਤੋਂ ਦੁੱਖ ਭੋਗ ਰਹੇ ਲੱਖਾਂ/ਕਰੋੜਾਂ ਭਾਰਤੀ ਮੂਲ ਦੇ ਲੋਕਾਂ ਨੂੰ ਇਸ ਹਕੀਕਤ ਬਾਰੇ ਕੋਈ ਗਿਆਨ ਹੀ ਨਹੀਂ ਕਿ ਉਨ੍ਹਾਂ ਦੀ ਇਹ ਤਰਸਯੋਗ ਹਾਲਤ ਕਿਵੇਂ ਅਤੇ ਕਿਉਂ ਹੋਈ ਅਤੇ ਇਸ ਜੁਲਮ ਲਈ ਕਿਹੜੀਆਂ ਸ਼ਕਤੀਆਂ ਜਾਂ ਧਿਰਾਂ ਜ਼ਿੰਮੇਵਾਰ ਹਨ। ਇਸ ਗ਼ੈਰ-ਮਾਨਵੀ ਸਿਸਟਮ ਨੂੰ ਲੋਕਾਂ ਦੀ ਮਾਨਸਿਕਤਾ ਦਾ ਹਿੱਸਾ ਬਨਾਉਣ ਲਈ ਆਰੀਅਨ ਲੋਕਾਂ ਨੇ ਸਾਹਿਤ / ਸਭਿਆਚਾਰ/ਧਰਮ ਦੇ ਗ੍ਰੰਥਾਂ ਦੀ ਰਚਨਾ ਕਰਵਾਈ ਅਤੇ ਇਨ੍ਹਾਂ ਰਚਨਾਵਾਂ ਨੂੰ ਪਵਿੱਤਰ ਕਰਾਰ ਦੇ ਕੇ ਭਾਰਤ ਦੇ ਮੂਲਵਾਸੀ ਲੋਕਾਂ ਦੀ ਪਹੁੰਚ ਤੋਂ ਦੂਰ ਕਰ ਦਿੱਤਾ। ਆਰੀਅਨ ਲੋਕਾਂ ਨੇ ਮਨੂੰਵਾਦ ਰਾਹੀਂ ਇਹ ਪਾਬੰਧੀ ਵੀ ਲਗਾ ਦਿੱਤੀ ਕਿ ਆਦਿਵਾਸੀ ਭਾਰਤੀਆਂ ਨੂੰ ਉਹ ਪੁਸਤਕਾਂ ਪੜਣ ਦੀ ਵੀ ਮਨਾਹੀ ਹੈ; ਬਲਕਿ ਉਹ ਇਨ੍ਹਾਂ ਪੁਸਤਕਾਂ ਵਿੱਚ ਕੀ ਲਿਖਿਆ ਹੈ ਸੁਣ ਵੀ ਨਹੀਂ ਸਕਦੇ। ਤਲਵਿੰਦਰ ਸਿੰਘ ਸੱਭਰਵਾਲ ਦੀ ਪੁਸਤਕ ‘ਹਤਿਆਰਾ ਦੇਵ’ ਜਿੱਥੇ ਕਿ ਕਈ ਪਹਿਲੂਆਂ ਤੋਂ ਪਾਠਕ ਦੇ ਮਨ ਵਿੱਚ ਦਿਲਚਸਪੀ ਜਗਾਉਂਦੀ ਹੈ; ਉੱਥੇ ਹੀ ਇਸ ਪੁਸਤਕ ਵਿੱਚ ਪੇਸ਼ ਕੀਤੀਆਂ ਗਈਆਂ ਕੁਝ ਗੱਲਾਂ ਬੇਲੋੜੀਆਂ ਵੀ ਜਾਪਦੀਆਂ ਹਨ। ਉਦਾਹਰਣ ਵਜੋਂ ‘ਗਾਂਧੀ ਜੀ’ ਨਾਮ ਦੇ ਨਿਬੰਧ ਵਿੱਚ ਪੇਸ਼ ਕੀਤੀਆਂ ਗਈਆਂ ਹੇਠ ਲਿਖੀਆਂ ਗੱਲਾਂ ਪੁਸਤਕ ਵਿੱਚ ਛੇੜੇ ਗਏ ਵਿਸ਼ੇ ਤੋਂ ਓਪਰੀਆਂ ਜਾਪਦੀਆਂ ਹਨ:
...........
1.ਗਾਂਧੀ ਜੀ ਮਾਲਿਸ਼ ਕਰਾਉਂਦੇ ਸਮੇਂ ਬਿਲਕੁਲ ਨੰਗੇ ਹੋ ਜਾਂਦੇ ਸਨ ਅਤੇ ਅਕਸਰ ਨੌਜੁਆਨ ਲੜਕੀਆਂ ਹੀ ਉਨ੍ਹਾਂ ਦੀ ਮਾਲਿਸ਼ ਕਰਦੀਆਂ ਸਨ। ਗਾਂਧੀ ਜੀ ਇਸ਼ਨਾਨ ਕਰਦੇ ਜਦੋਂ ਪੂਰਨ ਨੰਗੇ ਹੁੰਦੇ, ਪੁਰਸ਼ ਤੇ ਇਸਤਰੀਆਂ ਦੋਹਾਂ ਦੀ ਸਹਾਇਤਾ ਲਿਆ ਕਰਦੇ ਸਨ। ਗਾਂਧੀ ਜੀ ਦੀ ਇੱਛਾ ਹੁੰਦੀ ਸੀ ਕਿ ਉਹ ਸਰੀਰਕ ਅਤੇ ਅਧਿਆਤਮਕ ਤੌਰ ‘ਤੇ ਬਿਲਕੁਲ ਨੰਗੇ ਹੋ ਜਾਣ।
..........
2. ਉਹ ਇਸਤਰੀਆਂ ਨੂੰ ਆਪਣੇ ਨਾਲ ਸੌਣ ਅਤੇ ਉਸ ਦੀ ਚਾਦਰ ਵਿੱਚ ਉਸਦੇ ਨਾਲ ਲੇਟਣ ਲਈ ਕਹਿੰਦੇ ਸਨ। ਉਹ ਇਹ ਜਾਨਣ ਦਾ ਯਤਨ ਕਰਦੇ ਸਨ ਕਿ ਉਸਦੇ ਨਾਲ ਸੌਣ ਵਾਲੀ ਇਸਤਰੀ ਜਾਂ ਲੜਕੀ ਅੰਦਰ ਕਾਮੁਕਤਾ ਦੀ ਭਾਵਨਾ ਤਾਂ ਪੈਦਾ ਨਹੀਂ ਹੋਈ। ਗਾਂਧੀ ਜੀ ਦੇ ਨੰਗੇ ਸਰੀਰ ਤੇ ਮਾਲਸ਼ ਕਰਨ ਵਾਲਿਆਂ ਵਿੱਚ ਡਾਕਟਰ ਸੁਸ਼ੀਲਾ ਨਾਇਰ ਤੇ ਮਨੂੰਬੇਨ ਵੀ ਸੀ। ਮਨੂੰ ਗਾਂਧੀ ਜੀ ਦੇ ਨਾਲ ਸੌਂਦੀ ਸੀ। ਡਾ. ਸੁਸ਼ੀਲਾ ਨਾਇਰ, ਬਾਅਦ ਵਿੱਚ ਜਦੋਂ ਲੋਕਾਂ ਨੇ ਲੜਕੀਆਂ ਜਿਵੇਂ ਕੁਮਾਰੀ ਮਨੂੰ ਨਾਲ ਕੁਮਾਰੀ ਆਭਾ ਤੇ ਮੇਰੇ ਨਾਲ (ਪ੍ਰੋ.ਐਸ.ਸੀ.ਬੋਸ) ਸਰੀਰਕ ਛੋਹ ਸਬੰਧੀ ਤਰ੍ਹਾਂ ਤਰ੍ਹਾਂ ਦੇ ਸੁਆਲ ਪੁਛਣੇ ਸ਼ੁਰੂ ਕੀਤੇ ਤਾਂ ਬ੍ਰਹਮਚਾਰੀ ਪ੍ਰਯੋਗ ਵਿਚਾਰ ਦੀ ਸਿਰਜਣਾ ਹੋਈ।
..............
3. ਕੁਮਾਰੀ ਮਨੂੰ-ਇੱਕ ਦਿਨ ਅੱਧੀ ਰਾਤ ਨੂੰ ਗਾਂਧੀ ਜੀ ਨੇ ਮੈਨੂੰ ਜਗਾ ਲਿਆ ਤੇ ਗੱਲਾਂ ਕਰਨ ਲੱਗੇ। ਤਦ ਤੋਂ ਮੈਂ ਉਨ੍ਹਾਂ ਦੇ ਨਾਲ ਸੌਣ ਲੱਗੀ। ਮੇਰੀ ਉਮਰ ਉਸ ਵੇਲੇ 14 ਵਰ੍ਹਿਆਂ ਦੀ ਸੀ ਤੇ ਉਨ੍ਹਾਂ ਨਾਲ ਹਮਬਿਸਤਰੀ ਮੈਂ ਨਵਾਖਲੀ ਦੇ ਦੌਰ ਤੋਂ ਸ਼ੁਰੂ ਕੀਤੀ।
...........
4. ਸਰੋਜਨੀ ਨਾਇਡੂ -ਗਾਂਧੀ ਜੀ ਨੇ ਜਿਵੇਂ ਕਈਆਂ ਹੋਰਨਾਂ ਦੀ ਤ੍ਰਿਪਤੀ ਕੀਤੀ ਇਵੇਂ ਹੀ ਨਾਇਡੂ ਨੂੰ ਵੀ ਕੋਮਲਤਾ ਪ੍ਰਦਾਨ ਕੀਤੀ ਅਤੇ ਉਸਦੀ ਕਾਮ ਪੂਰਤੀ ਕੀਤੀ। ਕੁਝ ਹੋਰ ਔਰਤਾਂ ਸਨ ਰਾਜ ਕੁਮਾਰੀ ਅੰਮ੍ਰਿਤ ਕੌਰ, ਸਲੋਚਨਾ, ਪ੍ਰਭਾ ਦੇਵੀ ਆਦਿ।
..............
5.ਗਾਂਧੀ ਪਹਿਲਾਂ ਚੁੱਪਚਾਪ ਲੜਕੀਆਂ ਨੂੰ ਨੰਗੀਆਂ ਕਰਕੇ ਆਪਣੇ ਨਾਲ ਸੁਲਾਉਂਦੇ ਰਹੇ। ਪ੍ਰੰਤੂ ਜਦੋਂ ਸ਼ੈਤਾਨੀਅਤ ਦੇ ਦੌਰ ਸਮੇਂ ਉਨ੍ਹਾਂ ਦੇ ਨਿੱਜੀ ਸਕੱਤਰ ਨਿਰਮਲ ਕੁਮਾਰ ਬੋਸ ਨੇ ਉਨ੍ਹਾਂ ਦੀ ਸ਼ੈਤਾਨੀਅਤ ਦਾ ਭਾਂਡਾ ਭੰਨਿਆ ਅਤੇ ਇਸ ਕੁਕਰਮ ਦੀ ਨਿੰਦਿਆ ਕੀਤੀ ਅਤੇ ਰੋਸ ਵਜੋਂ ਨਿੱਜੀ ਸਕੱਤਰ ਦੀ ਪਦਵੀ ਛੱਡ ਦਿੱਤੀ ਤਾਂ ਇਸ ਬਦਚਲਣੀ ਨੂੰ ਬ੍ਰਹਮਚਾਰੀ ਪ੍ਰਯੋਗ ਦਾ ਨਾਂ ਦਿੱਤਾ ਗਿਆ।
----
ਇਸੇ ਤਰ੍ਹਾਂ ਇਸ ਪੁਸਤਕ ਵਿੱਚ ਖਾਲਿਸਤਾਨ ਪੱਖੀ ਗੱਲਾਂ ਕਰਨੀਆਂ ਵੀ ਬੇਤੁਕੀਆਂ ਲੱਗਦੀਆਂ ਹਨ। ਧਰਮ ਦੇ ਨਾਮ ਉੱਤੇ ਬਣੇ ਪਾਕਿਸਤਾਨ ਦੀ ਉਦਾਹਰਣ ਸਾਡੇ ਸਾਹਮਣੇ ਹੈ। ਕਿਵੇਂ ਮੁਸਲਮਾਨ ਇੱਕ ਦੂਜੇ ਦੇ ਖ਼ੂਨ ਦੇ ਪਿਆਸੇ ਹੋਏ ਹੋਏ ਹਨ। ਕਿਵੇਂ ਮੁਸਲਮਾਨ ਹੀ ਮੁਸਲਮਾਨਾਂ ਦੀਆਂ ਮਸੀਤਾਂ ਨੂੰ ਬੰਬਾਂ ਨਾਲ ਉਡਾ ਰਹੇ ਹਨ। ਅਜੋਕੇ ਸਮਿਆਂ ਦੀ ਮੁੱਖ ਰਾਜਨੀਤੀ ਇਹ ਹੈ ਕਿ ਤੁਸੀਂ ਆਮ ਲੋਕਾਂ ਦੇ ਦੁੱਖ-ਸੁੱਖ ਨਾਲ ਖੜ੍ਹੇ ਹੋ ਜਾਂ ਕਿ ਮੈਗਾ ਕੰਪਨੀਆਂ ਦੇ ਵੱਡੇ ਮੁਨਾਫਿਆਂ ਦੇ ਨਾਲ? ਅਜਿਹੀਆਂ ਹਾਲਤਾਂ ਵਿੱਚ ਧਰਮ ਲੋਕਾਂ ਲਈ ਨਿੱਜੀ ਮਸਲਾ ਬਣਕੇ ਰਹਿ ਜਾਂਦਾ ਹੈ। ਧਰਮ ਨੂੰ ਤਾਂ ਰਾਜਨੀਤਕ ਪਾਰਟੀਆਂ ਲੋਕਾਂ ਵਿੱਚ ਵੰਡ ਪਾਉਣ ਲਈ ਹੀ ਵਰਤ ਰਹੀਆਂ ਹਨ ਤਾਂ ਕਿ ਆਮ ਲੋਕ ਇੱਕ ਵੱਡੀ ਸ਼ਕਤੀ ਬਣਕੇ ਮੈਗਾ ਕੰਪਨੀਆਂ ਦੀ ਵੱਡੇ ਮੁਨਾਫ਼ੇ ਕਮਾਉਣ ਦੀ ਰਾਜਨੀਤੀ ਨੂੰ ਚੁਣੌਤੀ ਨ ਦੇ ਸਕਣ।
------
ਆਮ ਲੋਕਾਂ ਨੂੰ ਜ਼ਾਤ-ਪਾਤ ਦੇ ਨਾਮ ਉੱਤੇ ਵੀ ਇਸ ਕਰਕੇ ਵੰਡਿਆ ਜਾਂਦਾ ਹੈ ਕਿ ਉਹ ਰਾਜ-ਸ਼ਕਤੀ ਪ੍ਰਾਪਤ ਸ਼ਕਤੀਆਂ ਲਈ ਚੁਣੌਤੀ ਨਾ ਬਣ ਸਕਣ। ਅਜੋਕੇ ਸਮਿਆਂ ਦੀ ਰਾਜਨੀਤੀ ਦੀ ਇਹ ਮੰਗ ਹੋਣੀ ਚਾਹੀਦੀ ਹੈ ਕਿ ਸਮਾਜ ਵਿੱਚ ਨ ਕੋਈ ਜ਼ਾਤ-ਪਾਤ, ਨਾ ਕੋਈ ਊਚ-ਨੀਚ ਦਾ ਭੇਦ ਹੋਵੇ। ਹਰ ਵਿਅਕਤੀ ਨੂੰ ਸਭ ਤੋਂ ਪਹਿਲਾਂ ਇੱਕ ਮਨੁੱਖ ਸਮਝਿਆ ਜਾਵੇ।
-----
ਤਲਵਿੰਦਰ ਸਿੰਘ ਸੱਭਰਵਾਲ ਆਪਣੀ ਪੁਸਤਕ ‘ਹਤਿਆਰਾ ਦੇਵ’ ਵਿੱਚ ਆਮ ਲੋਕਾਂ ਦਾ ਧਿਆਨ ਇਸ ਗੱਲ ਵੱਲ ਖਿੱਚਣਾ ਚਾਹੁੰਦਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਸਮਝ ਦੇਣੀ ਬਹੁਤ ਜ਼ਰੂਰੀ ਹੈ ਕਿ ਭਾਰਤੀ ਸਭਿਅਤਾ ਦੇ ਇਤਿਹਾਸ ਵਿੱਚ ਸਮਾਜ ਦੇ ਕੁਝ ਹਿੱਸੇ ਨੂੰ ਹਰ ਤਰ੍ਹਾਂ ਦੇ ਮਨੁੱਖੀ ਅਧਿਕਾਰਾਂ ਤੋਂ ਕਿਸ ਤਰ੍ਹਾਂ ਵਾਂਝਿਆਂ ਕਰ ਦਿੱਤਾ ਗਿਆ ਅਤੇ ਆਮ ਲੋਕਾਂ ਦੀ ਚੇਤਨਾ ਵਿੱਚ ਕਿਸ ਤਰ੍ਹਾਂ ਇਹ ਗੱਲ ਬਿਠਾ ਦਿੱਤੀ ਗਈ ਕਿ ਉਨ੍ਹਾਂ ਦੇ ਅਧਿਆਤਮਕ ਰਹਿਨੁਮਾ ਕੌਣ ਹਨ? ਜ਼ਿੰਦਗੀ ਵਿੱਚ ਅਗਵਾਈ ਲੈਣ ਲਈ ਉਹ ਕਿਨ੍ਹਾਂ ਲੋਕਾਂ ਦੀ ਜ਼ਿੰਦਗੀ ਤੋਂ ਪ੍ਰੇਰਨਾ ਲੈ ਸਕਦੇ ਹਨ?
-----
ਤਲਵਿੰਦਰ ਸਿੰਘ ਸੱਭਰਵਾਲ ਆਪਣੀ ਪੁਸਤਕ ‘ਹਤਿਆਰਾ ਦੇਵ’ ਵਿੱਚ ਇਸ ਤੱਥ ਵੱਲ ਵੀ ਸਾਡਾ ਧਿਆਨ ਦੁਆਂਦਾ ਹੈ ਕਿ ਆਰੀਅਨ ਲੋਕਾਂ ਵੱਲੋਂ ਕੀਤੀ ਗਈ ਵਰਣਵੰਡ ਦਾ ਸਭ ਤੋਂ ਪਹਿਲਾਂ ਵੱਡੀ ਪੱਧਰ ਉੱਤੇ ਵਿਰੋਧ ਕਰਨ ਵਾਲਾ ਮਹਾਂਰਿਸ਼ੀ ਬਾਲਮੀਕੀ ਸੀ। ਆਰੀਅਨ ਲੋਕਾਂ ਵੱਲੋਂ ਮੰਦਰਾਂ ਵਿੱਚ ਸਜਾਏ ਗਏ ਭਗਵਾਨਾਂ ਦੀ ਵੀ ਮਹਾਂਰਿਸ਼ੀ ਬਾਲਮੀਕੀ ਨੇ ਸਖਤ ਆਲੋਚਨਾ ਕੀਤੀ। ਆਰੀਅਨ ਲੋਕਾਂ ਨੇ ਰਾਮ ਚੰਦਰ ਨੂੰ ਭਗਵਾਨ ਬਣਾ ਕੇ ਮੰਦਰਾਂ ਵਿੱਚ ਸਜਾ ਦਿੱਤਾ ਸੀ। ਕਿਉਂਕਿ ਉਸਨੇ ਰਾਵਣ ਉੱਤੇ ਜਿੱਤ ਪ੍ਰਾਪਤ ਕੀਤੀ ਸੀ। ਆਰੀਅਨ ਲੋਕਾਂ ਦੇ ਇਤਿਹਾਸਕਾਰਾਂ ਅਨੁਸਾਰ ਰਾਵਣ ‘ਬਦੀ’ ਦੀ ਪ੍ਰਤੀਨਿਧਤਾ ਕਰਦਾ ਸੀ ਅਤੇ ਰਾਮ ਚੰਦਰ ‘ਚੰਗਿਆਈ’ ਦੀ। ਰਾਵਣ ਭਾਰਤੀ ਮੂਲ ਦੇ ਆਦੀਵਾਸੀਆਂ ਵਿੱਚੋਂ ਸੀ। ਜਿਨ੍ਹਾਂ ਨੂੰ ਆਰੀਅਨ ਲੋਕ ਨਫ਼ਰਤ ਨਾਲ ‘ਰਾਕਸ਼’ ਕਹਿੰਦੇ ਸਨ। ਇਸ ਤਰ੍ਹਾਂ ਇੱਕ ਤਰ੍ਹਾਂ ਨਾਲ ਮੰਦਿਰਾਂ ਵਿੱਚ ‘ਰਾਮ ਚੰਦਰ’ ਦੀ ਮੂਰਤੀ ਸਜਾ ਕੇ ਆਰੀਅਨ ਲੋਕ ਆਮ ਲੋਕਾਂ ਦੀ ਮਾਨਸਿਕਤਾ ਵਿੱਚ ਮਨੋਵਿਗਿਆਨਕ ਤੌਰ ਉੱਤੇ ਇਹ ਗੱਲ ਵਸਾਉਣੀ ਚਾਹੁੰਦੇ ਸਨ ਕਿ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਅਗਵਾਈ ਲੈਣ ਲਈ ਉਹ ‘ਰਾਮਚੰਦਰ’ ਵੱਲ ਵੇਖ ਸਕਦੇ ਹਨ; ਜਦੋਂ ਕਿ ‘ਰਾਵਣ’ ਜੋ ਕਿ ਮੂਲਵਾਸੀ ਭਾਰਤੀਆਂ ਵਿੱਚੋਂ ਸੀ - ਆਰੀਅਨ ਲੋਕਾਂ ਮੁਤਾਬਿਕ ਜ਼ਿੰਦਗੀ ਨਾਲ ਸਬੰਧਿਤ ਹਰ ਪਹਿਲੂ ਤੋਂ ‘ਬਦੀ’ ਦੀ ਪ੍ਰਤੀਨਿਧਤਾ ਕਰਦਾ ਸੀ।
-----
ਪੁਸਤਕ ਦਾ ਨਾਮ ‘ਹਤਿਆਰਾ ਦੇਵ’ ਵੀ ਪਾਠਕ ਦੇ ਮਨ ਵਿੱਚ ਬਹੁ-ਦਿਸ਼ਾਵੀ ਚਰਚਾ ਛੇੜਣ ਦੀ ਸਮਰੱਥਾ ਰੱਖਦਾ ਹੈ। ਨਿਰਸੰਦੇਹ, ਲੇਖਕ ਦਾ ਇਸ਼ਾਰਾ ‘ਇੰਦਰ ਦੇਵਤੇ’ ਵੱਲ ਹੈ। ਜੋ ਕਿ ਮੂਲਵਾਸੀ ਭਾਰਤੀ ਸੀ, ਪਰ ਆਪਣੇ ਰਾਜਨੀਤਕ, ਸਮਾਜਿਕ ਅਤੇ ਆਰਥਿਕ ਉਦੇਸ਼ਾਂ ਦੀ ਪੂਰਤੀ ਖਾਤਰ ਆਰੀਅਨ ਲੋਕਾਂ ਨਾਲ ਜਾ ਰਲਿਆ। ਉਸਨੇ ‘ਘਰ ਦਾ ਭੇਤੀ ਲੰਕਾ ਢਾਏ’ ਦੀ ਕਹਾਵਤ ਨੂੰ ਸੱਚ ਕਰਦਿਆਂ ਆਪਣੇ ਹੀ ਲੋਕਾਂ ਨੂੰ ਆਰੀਅਨ ਲੋਕਾਂ ਦੇ ਗੁਲਾਮ ਬਨਾਉਣ ਲਈ ਮੂਲਵਾਸੀ ਭਾਰਤੀਆਂ ਉੱਤੇ ਹਰ ਤਰ੍ਹਾਂ ਦੇ ਜ਼ੁਲਮ ਢਾਹੇ ਅਤੇ ਹਜ਼ਾਰਾਂ ਮੂਲਵਾਸੀ ਭਾਰਤੀਆਂ ਦਾ ਕਤਲ ਕਰਨ ਸਦਕਾ ਉਸਦੇ ਵੀ ਆਪਣੇ ਹੱਥ ਵੀ ਖ਼ੂਨ ਨਾਲ ਰੰਗੇ ਹੋਏ ਸਨ। ਅਜਿਹੇ ‘ਹਤਿਆਰੇ ਦੇਵ’ ਭਾਰਤੀ ਸਭਿਅਤਾ ਦੇ ਇਤਿਹਾਸ ਵਿੱਚ ਬਾਰ ਬਾਰ ਆਉਂਦੇ ਰਹੇ ਹਨ - ਜੋ ਕਿ ਮਹਿਜ਼ ਆਪਣੇ ਨਿੱਜੀ ਉਦੇਸ਼ਾਂ ਖ਼ਾਤਿਰ ਆਪਣੀ ਸਮੁੱਚੀ ਕਮਊਨਿਟੀ ਦੀ ਤਬਾਹੀ ਲਈ ਜ਼ਿੰਮੇਵਾਰ ਬਣਦੇ ਰਹੇ ਹਨ।
-----
ਪੁਸਤਕ ‘ਹਤਿਆਰਾ ਦੇਵ’ ਦੀ ਪ੍ਰਕਾਸ਼ਨਾ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਇੱਕ ਜ਼ਿਕਰਯੋਗ ਵਾਧਾ ਹੈ। ਕਿਉਂਕਿ ਇਹ ਪੁਸਤਕ ਭਾਰਤੀ ਮੂਲ ਦੇ ਲੱਖਾਂ ਕੈਨੇਡੀਅਨ ਲੋਕਾਂ ਦੀਆਂ ਇਤਿਹਾਸਕ/ਸਭਿਆਚਾਰਕ/ਰਾਜਨੀਤਕ/ਮਨੋਵਿਗਿਆਨਕ ਸਮੱਸਿਆਵਾਂ ਦੇ ਮੂਲ ਕਾਰਨਾਂ ਬਾਰੇ ਸਾਡੀ ਜਾਣਕਾਰੀ ਵਿੱਚ ਵਾਧਾ ਕਰਦੀ ਹੈ।