ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ
ਕੈਨੇਡਾ ਦੇ 57 ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਸਮੀਖਿਆ ਦੀ ਕਿਤਾਬ 'ਕੈਨੇਡੀਅਨ ਪੰਜਾਬੀ ਸਾਹਿਤ' ਨੂੰ ਖ਼ਰੀਦਣ ਲਈ ਬਲੌਗ 'ਤੇ ਦਿੱਤੇ ਐਡਰੈਸ 'ਤੇ ਈਮੇਲ ਕਰੋ। ਸ਼ੁਕਰੀਆ।

ਤੁਹਾਡੇ ਧਿਆਨ ਹਿੱਤ - ਜ਼ਰੂਰੀ ਸੂਚਨਾ

ਸੂਚਨਾ: ਪ੍ਰਕਾਸ਼ਕ ਦੀ ਤਲਾਸ਼ :

ਆਪਣੀ ਹੁਣੇ ਇੰਡੀਆ ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ)’ ਨੂੰ ਮੈਂ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਕੈਨੇਡਾ ਵਿੱਚ ‘‘Canadian Punjabi Literature (Commentary)’’ ਨਾਮ ਦੀ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਨਾ ਚਾਹੁੰਦਾ ਹਾਂ। ਮੈਂ ਕਿਸੀ ਵਧੀਆ ਕੈਨੇਡੀਅਨ ਪ੍ਰਕਾਸ਼ਕ ਦੀ ਤਲਾਸ਼ ਕਰ ਰਿਹਾ ਹਾਂ। ਜੇਕਰ ਤੁਸੀਂ ਕਿਸੀ ਅਜਿਹੇ ਵਧੀਆ ਕੈਨੇਡੀਅਨ ਪ੍ਰਕਾਸ਼ਕ ਦਾ ਨਾਮ ਜਾਣਦੇ ਹੋ ਜੋ ਮੇਰੀ ਪੁਸਤਕ ਪ੍ਰਕਾਸ਼ਿਤ ਕਰ ਸਕਦਾ ਹੋਵੇ ਤਾਂ ਮੈਂ ਉਸ ਪ੍ਰਕਾਸ਼ਕ ਦਾ ਨਾਮ ਜਾਨਣਾ ਚਾਹਾਂਗਾ।

Sukhinder

Editor: SANVAD

Box 67089, 2300 Yonge St.

Toronto ON M4P 1E0

Tel. (416) 858-7077

Email: poet_sukhinder@hotmail.com

http://www.canadianpunjabiliterature.blogspot.com/Wednesday, December 23, 2009

ਸੁਖਿੰਦਰ - ਲੇਖ

ਮਨੁੱਖੀ ਹੋਂਦ ਦੀ ਗੱਲ ਕਰਦੀਆਂ ਸਰਲ-ਸੰਚਾਰੀ ਕਵਿਤਾਵਾਂ

ਲੇਖ

ਮੇਜਰ ਸਿੰਘ ਨਾਗਰਾ ਨੇ ਆਪਣੇ ਕਾਵਿ-ਸੰਗ੍ਰਹਿ ਸਭ ਕੁਝ ਖ਼ਤਰੇ ਚ ਹੈਦੀ ਪ੍ਰਕਾਸ਼ਨਾ ਨਾਲ ਕੈਨੇਡੀਅਨ ਪੰਜਾਬੀ ਸਾਹਿਤ ਜਗਤ ਵਿੱਚ ਪ੍ਰਵੇਸ਼ ਕੀਤਾ ਹੈ। ਇਸ ਕਾਵਿ-ਸੰਗ੍ਰਹਿ ਵਿੱਚ ਨਾਗਰਾ ਨੇ ਵਧੇਰੇ ਕਵਿਤਾਵਾਂ ਉਹ ਸ਼ਾਮਿਲ ਕੀਤੀਆਂ ਹਨ ਜਿਹੜੀਆਂ ਉਸਨੇ 1987-1992 ਦੌਰਾਨ ਆਪਣੇ ਵਿਦਿਆਰਥੀ ਜੀਵਨ ਸਮੇਂ ਲਿਖੀਆਂਸ਼ਾਇਦ, ਇਸੇ ਕਾਰਨ ਹੀ ਇਨ੍ਹਾਂ ਚੋਂ ਵਧੇਰੇ ਕਵਿਤਾਵਾਂ ਬੜੇ ਸਰਲ ਸੁਭਾਅ ਦੀਆਂ ਹਨਇਸ ਕਾਵਿ-ਸੰਗ੍ਰਹਿ ਦੀ ਕਿਸੇ ਵੀ ਕਵਿਤਾ ਨੂੰ ਸਮਝਣ ਲਈ ਪਾਠਕ ਨੂੰ ਕੋਈ ਉਚੇਚਾ ਯਤਨ ਨਹੀਂ ਕਰਨਾ ਪੈਂਦਾ

-----

ਸਭ ਕੁਝ ਖ਼ਤਰੇ ਚ ਹੈਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਨੂੰ ਮੇਜਰ ਸਿੰਘ ਨਾਗਰਾ ਵੱਲੋਂ ਭਵਿੱਖ ਵਿੱਚ ਪਰਪੱਕ ਕਵਿਤਾਵਾਂ ਲਿਖਣ ਲਈ ਕੀਤਾ ਗਿਆ ਪਹਿਲਾ ਕਾਵਿਕ ਅਭਿਆਸ ਵੀ ਕਿਹਾ ਜਾ ਸਕਦਾ ਹੈਕਿਉਂਕਿ ਇਨ੍ਹਾਂ ਕਵਿਤਾਵਾਂ ਵਿੱਚ ਨਾਗਰਾ ਨੇ ਮਨੁੱਖੀ ਹੋਂਦ ਨਾਲ ਜੁੜੇ ਵੱਖੋ ਵੱਖ ਪਹਿਲੂਆਂ ਬਾਰੇ ਬੜੇ ਹੀ ਸਿੱਧੇ ਸਪੱਸ਼ਟ ਸ਼ਬਦਾਂ ਵਿੱਚ ਆਪਣੀ ਚਿੰਤਾ ਪ੍ਰਗਟਾਈ ਹੈ

-----

ਮੇਜਰ ਸਿੰਘ ਨਾਗਰਾ ਦਾ ਕਾਵਿ-ਸੰਗ੍ਰਹਿ ਸਭ ਕੁਝ ਖ਼ਤਰੇ ਚ ਹੈਪੜ੍ਹਦਿਆਂ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਹੈ ਕਿ ਨਾਗਰਾ ਇੱਕ ਮਨੁੱਖਵਾਦੀ ਸ਼ਾਇਰ ਹੈਇੱਕ ਸੁਚੇਤ ਸ਼ਾਇਰ ਹੋਣ ਦੇ ਨਾਤੇ ਉਸਦੀ ਚਿੰਤਾ ਮਨੁੱਖ ਦੀ ਹੋਂਦ ਬਾਰੇ ਹੈਉਹ ਧਰਮਾਂ, ਸਭਿਆਚਾਰਾਂ, ਰੰਗਾਂ, ਨਸਲਾਂ ਜਾਂ ਵੱਖੋ ਵੱਖ ਦੇਸ਼ਾਂ ਦੀਆਂ ਸਰਹੱਦਾਂ ਦੇ ਬੰਧਨਾਂ ਨੂੰ ਸਵੀਕਾਰ ਨਹੀਂ ਕਰਦਾਉਹ ਆਪਣੀ ਸ਼ਾਇਰੀ ਵਿੱਚ ਬਿਨ੍ਹਾਂ ਕਿਸੀ ਸੰਕੋਚ ਦੇ ਸਾਡੇ ਮੱਥਿਆਂ ਉੱਤੇ ਇਹ ਸੁਆਲ ਲਿਖ ਦਿੰਦਾ ਹੈ ਕਿ ਜਦੋਂ ਅਸੀਂ ਸਭ ਇੱਕੋ ਹੀ ਧਰਤੀ ਦੇ ਰਹਿਣ ਵਾਲੇ ਹਾਂ, ਸਾਡੇ ਸਭ ਦੇ ਖ਼ੂਨ ਦਾ ਰੰਗ ਲਾਲ ਹੈ, ਸਾਡੇ ਸਭ ਦੇ ਦੁੱਖ-ਦਰਦ ਇੱਕੋ ਜਿਹੇ ਹਨ ਤਾਂ ਫਿਰ ਅਸੀਂ ਇੱਕ ਦੂਜੇ ਨਾਲ ਕਿਉਂ ਲੜਦੇ ਹਾਂ ਅਤੇ ਈਰਖਾ ਦੀ ਅੱਗ ਵਿੱਚ ਕਿਉਂ ਸੜਦੇ ਹਾਂ ? ਇਸ ਸਬੰਧ ਵਿੱਚ ਉਸ ਦੀ ਨਜ਼ਮ ਅਸੀਂ ਸਭ ਇੱਕ ਹਾਂਦੀਆਂ ਇਹ ਸਤਰਾਂ ਸਾਡਾ ਵਿਸ਼ੇਸ਼ ਧਿਆਨ ਖਿੱਚਦੀਆਂ ਹਨ:

ਸਾਡੀ ਧਰਤੀ ਇੱਕ

ਅਸੀਂ ਸਭ ਮਨੁੱਖ ਇੱਕ

ਹਿੰਦੂ ਦੀ ਰਾਮ-ਰਾਮ

ਮੁਸਲਮਾਨ ਦਾ ਸਲਾਮ

ਸਭ ਦਾ ਮਤਲਬ ਇੱਕ

ਫਿਰ ਆਪਸ ਵਿੱਚ ਅਸੀਂ ਕਿਉਂ ਲੜੀਏ

ਨਫ਼ਰਤ ਤੇ ਫਿਰਕੇ ਦੀ ਅੱਗ ਚ ਕਿਉਂ ਸੜੀਏ

ਸਾਂਝੀ ਧਰਤੀ ਤੇ ਡੁਲ੍ਹਦੇ

ਲਹੂ ਦਾ ਰੰਗ, ਲਾਲ ਇੱਕ

ਸਾਡੀ ਖੁਸ਼ੀ ਤੇ ਸਾਡਾ ਦੁੱਖ ਇੱਕ

ਸਾਡੀ ਚੀਸ ਤੇ ਪੀੜ ਵੀ ਇੱਕ

-----

ਅਜੋਕੇ ਸਮਿਆਂ ਵਿੱਚ ਡਾਲਰਾਂ ਦੀ ਦੌੜ ਵਿੱਚ ਗਲਤਾਨ ਹੋਇਆ ਮਨੁੱਖ ਅੰਨ੍ਹੇ ਘੋੜੇ ਵਾਂਗ ਦੌੜ ਰਿਹਾ ਹੈਜ਼ਿੰਦਗੀ ਵਿੱਚ ਉਸਦਾ ਇੱਕ ਹੀ ਨਿਸ਼ਾਨਾ ਹੈ ਕਿ ਉਹ ਵੱਧ ਤੋਂ ਵੱਧ ਡਾਲਰ ਕਿਵੇਂ ਕਮਾ ਸਕਦਾ ਹੈਇਸ ਪ੍ਰਾਪਤੀ ਲਈ ਉਸਨੂੰ ਭਾਵੇਂ ਗਲਤ ਢੰਗ ਵੀ ਕਿਉਂ ਨ ਅਪਨਾਉਣੇ ਪੈਣ ਉਹ ਇਸਤੋਂ ਵੀ ਗੁਰੇਜ਼ ਨਹੀਂ ਕਰੇਗਾਅੱਜ ਦਾ ਮਨੁੱਖ ਏਨਾ ਮਤਲਬ-ਪ੍ਰਸਤ ਹੋ ਚੁੱਕਿਆ ਹੈ ਕਿ ਉਹ ਰਾਜਨੀਤਿਕ, ਸਮਾਜਿਕ, ਸਭਿਆਚਾਰਕ ਜਾਂ ਧਾਰਮਿਕ ਪ੍ਰਾਪਤੀਆਂ ਕਰਨ ਲਈ ਹਰ ਕਿਸੇ ਨੂੰ ਆਪਣੇ ਪੈਰਾਂ ਹੇਠ ਦਰੜ ਕੇ ਅੱਗੇ ਲੰਘ ਜਾਣਾ ਚਾਹੁੰਦਾ ਹੈਅਜੋਕੇ ਮਨੁੱਖ ਦੀ ਅਜਿਹੀ ਮਾਨਸਿਕਤਾ ਕਾਰਨ ਹੀ ਲੋਕਾਂ ਵਿੱਚ ਇੱਕ ਦੂਜੇ ਲਈ ਪਿਆਰ ਘੱਟ ਰਿਹਾ ਹੈਸਾਡੇ ਵਿੱਚ ਭਾਈਚਾਰਕ ਸਾਂਝ ਹੋਣ ਵਜੋਂ ਇੱਕ ਦੂਜੇ ਦੇ ਦੁੱਖਾਂ-ਦਰਦਾਂ ਅਤੇ ਖੁਸ਼ੀਆਂ-ਗਮੀਆਂ ਵਿੱਚ ਇੱਕ ਦੂਜੇ ਨੂੰ ਮਿਲਵਰਤਣ ਦੇਣ ਵਾਲੀਆਂ ਭਾਵਨਾਵਾਂ ਅਲੋਪ ਹੋ ਰਹੀਆਂ ਹਨਪਰ ਇਸ ਗੱਲ ਦੀ ਕਿਸੀ ਨੂੰ ਸਮਝ ਨਹੀਂ ਲੱਗ ਰਹੀ ਕਿ ਅਜਿਹੇ ਵਰਤਾਰੇ ਲਈ ਕੌਣ ਜਿੰਮੇਵਾਰ ਹੈ? ਇੱਥੋਂ ਤੱਕ ਕਿ ਲੋਕਾਂ ਦੀ ਜ਼ਿੰਦਗੀ ਵਿੱਚ ਇਸ ਹੱਦ ਤੱਕ ਆ ਚੁੱਕੇ ਨਿਘਾਰ ਵੱਲੋਂ ਹਕੂਮਤ ਕਰ ਰਹੀਆਂ ਸ਼ਕਤੀਆਂ ਵੀ ਅੱਖਾਂ ਮੀਟ ਰਹੀਆਂ ਹਨਜਿਵੇਂ ਕਿਤੇ ਇਸ ਮਸਲੇ ਪ੍ਰਤੀ ਉਨ੍ਹਾਂ ਦੀ ਕੋਈ ਜਿੰਮੇਵਾਰੀ ਹੀ ਨਾ ਹੋਵੇਇਹ ਗੱਲ ਵੀ ਮੇਜਰ ਸਿੰਘ ਨਾਗਰਾ ਆਪਣੀ ਸ਼ਾਇਰੀ ਦੇ ਸਰਲ ਸੰਚਾਰੀ ਢੰਗ ਰਾਹੀਂ ਆਪਣੀ ਨਜ਼ਮ ਮੌਸਮਵਿੱਚ ਕਹਿ ਜਾਂਦਾ ਹੈ ਅਤੇ ਸਾਡੀਆਂ ਕਦਰਾਂ-ਕੀਮਤਾਂ ਦੇ ਨਿਤ ਬਦਲ ਰਹੇ ਮਾਪ ਦੰਡਾਂ ਬਾਰੇ ਆਪਣੀ ਚਿੰਤਾ ਪ੍ਰਗਟ ਕਰ ਜਾਂਦਾ ਹੈ:

ਲੋਪ ਹੋਈਆਂ ਸਾਡੀਆਂ ਪਿਆਰ ਤੇ ਮੁਹੱਬਤਾਂ

ਏਕੇ ਨੂੰ ਵੀ ਲੱਗਿਆ ਜੰਗਾਲ

ਭਾਈਚਾਰਾ, ਅਣਖਾਂ ਵੀ ਦੂਰ ਨਸ ਗਈਆਂ

ਹੁੰਦਾ ਜਾ ਰਿਹੈ ਮਨੁੱਖ ਕਿਉਂ ਕੰਗਾਲ ?

ਤੋਹਮਤ ਕਿਸ ਉੱਤੇ ਲਾਈਏ

ਹੁਕਮਰਾਨੇ-ਵਕਤ ਵੀ ਹੋ ਗਿਆ ਬੇਸ਼ਰਮ ਹੈ

ਮੌਸਮ ਹੈ ਠੰਡਾ ਸੀਲਤ

ਪਰ ਮਾਹੌਲ ਹੋਇਆ ਕਿਉਂ ਗਰਮ ਹੈ ?

----

ਸਾਡੀ ਸਭਿਆਚਾਰਕ-ਭਾਈਚਾਰਕ ਸਾਂਝ ਅਤੇ ਸਾਡੇ ਦਿਲਾਂ ਅੰਦਰ ਇੱਕ ਦੂਜੇ ਲਈ ਪੈਦਾ ਹੁੰਦੇ ਸਨੇਹ ਦੀ ਥਾਂ ਹੁਣ ਸਾਡੇ ਦਿਲਾਂ ਅੰਦਰ ਇੱਕ ਦੂਜੇ ਨੂੰ ਤਬਾਹ ਕਰਨ ਦੇ ਜੋ ਮਨਸੂਬੇ ਦਿਨ ਰਾਤ ਬਣ ਰਹੇ ਹਨ ਉਹ ਕਿਸੇ ਵੀ ਮਾਨਵਵਾਦੀ ਮਨੁੱਖ ਲਈ ਖੁਸ਼ੀ ਦੀ ਖ਼ਬਰ ਨਹੀਂਨਿਰਸੰਦੇਹ, ਇਹ ਗੱਲਾਂ ਸਾਡੇ ਸਭ ਲਈ ਚਿੰਤਾ ਦਾ ਕਾਰਨ ਬਣਨੀਆਂ ਚਾਹੀਦੀਆਂ ਹਨਆਪਣੀ ਨਜ਼ਮ ਤਿਉਹਾਰਵਿੱਚ ਮੇਜਰ ਸਿੰਘ ਨਾਗਰਾ ਵੀ ਇਹੋ ਗੱਲ ਹੀ ਕਹਿ ਰਿਹਾ ਹੈ:

ਪਰ ਬਦਲ ਲਏ ਕਿਉਂ

ਤਿਉਹਾਰ ਮਨਾਵਣ ਦੇ ਹੁਣ ਢੰਗ ?

ਛਿੜੀ ਕਿਉਂ ਰਹਿੰਦੀ ਹੈ ਆਪਸ ਵਿੱਚ

ਹਰ ਵੇਲੇ ਨਫ਼ਰਤ ਦੀ ਜੰਗ

-----

ਇਸ ਕਾਵਿ-ਸੰਗ੍ਰਹਿ ਵਿਚਲੀਆਂ ਨਜ਼ਮਾਂ ਰਾਹੀਂ ਅਜੋਕੇ ਮਨੁੱਖ ਦੀ ਤੰਗ ਹੋ ਰਹੀ ਸੋਚ ਬਾਰੇ ਆਪਣੀ ਚਿੰਤਾ ਪ੍ਰਗਟ ਕਰਨ ਦੇ ਨਾਲ ਨਾਲ ਮੇਜਰ ਸਿੰਘ ਨਾਗਰਾ ਅਨੇਕਾਂ ਵਿਸ਼ਵ-ਵਿਆਪੀ ਸਮੱਸਿਆਵਾਂ ਅਤੇ ਵਰਤਾਰਿਆਂ ਬਾਰੇ ਵੀ ਆਪਣੀ ਚਿੰਤਾ ਦਾ ਇਜ਼ਹਾਰ ਕਰਦਾ ਹੈ

ਨਾਗਰਾ ਨੂੰ ਇਸ ਗੱਲ ਦਾ ਵੀ ਅਹਿਸਾਸ ਹੈ ਕਿ ਮਨੁੱਖ ਦੀਆਂ ਅਨੇਕਾਂ ਸਮੱਸਿਆਵਾਂ ਦਾ ਸਬੰਧ ਉਸ ਦੇ ਬਦਲ ਰਹੇ ਜ਼ਿੰਦਗੀ ਜਿਉਣ ਦੇ ਢੰਗ ਨਾਲ ਵੀ ਹੈਉਸਦੀ ਨਜ਼ਮ ਭੁੱਖ ਤੇ ਧਰਤੀਦੀਆਂ ਇਹ ਸਤਰਾਂ ਇਸ ਸਬੰਧ ਵਿੱਚ ਸਾਡੀ ਸਮਝ ਵਿੱਚ ਵਾਧਾ ਕਰ ਸਕਦੀਆਂ ਹਨ:

ਧਰਤੀ ਨੂੰ ਖਾ ਲਵਾਂਗਾ

ਸਭ ਕੁਝ ਪਚਾ ਲਵਾਂਗਾ

ਆਪਣਾ ਆਪਾ ਮਿਟਾ ਲਵਾਂਗਾ

ਕਿਉਂਕਿ ਮੈਂ ਮਨੁੱਖ ਹਾਂ

ਨਿਰੰਤਰ ਵਧਦੀ ਭੁੱਖ ਹਾਂ

ਪਰਾ-ਆਧੁਨਿਕ ਸਮਿਆਂ ਵਿੱਚ ਗਲੋਬਲ ਪੱਧਰ ਉੱਤੇ ਅਸੀਂ ਦੋ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਾਂ: ਪ੍ਰਦੂਸ਼ਣ ਦੀ ਸਮੱਸਿਆ ਅਤੇ ਗਲੋਬਲ ਵਾਰਮਿੰਗ ਦੀ ਸਮੱਸਿਆਇਹ ਦੋ ਵੱਡੀਆਂ ਸਮੱਸਿਆਵਾਂ ਹੀ ਅਨੇਕਾਂ ਹੋਰ ਸਮੱਸਿਆਵਾਂ ਨੂੰ ਜਨਮ ਦਿੰਦੀਆਂ ਹਨਇਨ੍ਹਾਂ ਗੱਲਾਂ ਨਾਲ ਹੀ ਧਰਤੀ ਦਾ ਵਾਤਾਵਰਣ ਅਤੇ ਪੌਣ-ਪਾਣੀ ਜੁੜਿਆ ਹੋਇਆ ਹੈਜਿਨ੍ਹਾਂ ਗੱਲਾਂ ਦਾ ਧਰਤੀ ਉੱਤੇ ਮਨੁੱਖ ਦੀ ਹੋਂਦ ਨਾਲ ਗਹਿਰਾ ਸਬੰਧ ਹੈਜੇਕਰ ਧਰਤੀ ਦਾ ਪੌਣ-ਪਾਣੀ ਹੀ ਪ੍ਰਦੂਸ਼ਣ ਨਾਲ ਭਰੇ ਹੋਣਗੇ ਤਾਂ ਮਨੁੱਖ ਸਿਹਤਮੰਦ ਕਿਵੇਂ ਰਹਿ ਸਕੇਗਾ ? ਵਿਗਿਆਨ ਅਤੇ ਤਕਨਾਲੋਜੀ ਦੀਆਂ ਈਜਾਦਾਂ ਸਦਕਾ ਮਨੁੱਖੀ ਜ਼ਿੰਦਗੀ ਸੌਖਾਲੀ ਤਾਂ ਬਣ ਰਹੀ ਹੈ, ਪਰ ਇਸ ਦੀ ਸਾਨੂੰ ਇੱਕ ਵੱਡੀ ਕੀਮਤ ਵੀ ਚੁਕਾਉਣੀ ਪੈ ਰਹੀ ਹੈਕਾਰਾਂ, ਵੈਨਾਂ, ਟਰੱਕਾਂ, ਬੱਸਾਂ, ਹਵਾਈ ਜਹਾਜ਼ਾਂ, ਸਮੁੰਦਰੀ ਜਹਾਜ਼ਾਂ ਅਤੇ ਗੱਡੀਆਂ ਰਾਹੀਂ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਉੱਤੇ ਕੁਝ ਮਿੰਟਾਂ ਜਾਂ ਘੰਟਿਆਂ ਵਿੱਚ ਪਹੁੰਚ ਜਾਂਦੇ ਹਾਂਪਰ ਇਨ੍ਹਾਂ ਰਾਹੀਂ ਵਾਤਾਵਰਨ ਵਿੱਚ ਛੱਡਿਆ ਗਿਆ ਧੂੰਆਂ ਅਤੇ ਜ਼ਹਿਰਲੀਆਂ ਗੈਸਾਂ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੇ ਹਨਫੈਕਟਰੀਆਂ ਅਤੇ ਕਾਰਖਾਨਿਆਂ ਦੀਆਂ ਚਿਮਨੀਆਂ ਚੋਂ ਨਿਕਲ ਰਹੀਆਂ ਜ਼ਹਿਰਲੀਆਂ ਗੈਸਾਂ ਗਲੋਬਲ ਵਾਰਮਿੰਗ ਦੀ ਸਮੱਸਿਆ ਵਿੱਚ ਵਾਧਾ ਕਰ ਰਹੀਆਂ ਹਨਲਾਪ੍ਰਵਾਹ ਵਿਉਪਾਰੀਆਂ ਨੇ ਆਪਣੀਆਂ ਫੈਕਟਰੀਆਂ ਚੋਂ ਨਿਕਲਦਾ ਕੂੜਾ-ਕਰਕਟ ਨਦੀਆਂ ਅਤੇ ਦਰਿਆਵਾਂ ਵਿੱਚ ਸੁੱਟ-ਸੁੱਟ ਕੇ ਸਾਫ ਪਾਣੀ ਦੇ ਇਨ੍ਹਾਂ ਸ੍ਰੋਤਾਂ ਨੂੰ ਮੌਤ ਦੇ ਫਰਿਸ਼ਤੇ ਬਣਾ ਦਿੱਤਾ ਹੈਇਸ ਵਿਸ਼ੇ ਬਾਰੇ ਮੇਜਰ ਸਿੰਘ ਨਾਗਰਾ ਦੀਆ ਅਨੇਕਾਂ ਕਵਿਤਾਵਾਂ ਪੜ੍ਹਨ ਯੋਗ ਹਨ:

1.ਵਿਗਿਆਨ ਦਾ ਸਰਾਪ

ਕਰ ਰਿਹੈ ਧਰਤੀ ਨੂੰ ਖੇਰੂੰ-ਖੇਰੂੰ

ਸਿਸਕਦੀ, ਸਹਿਕਦੀ, ਤੜਪਦੀ

ਧਰਤੀ ਦੀ ਫਰਿਆਦ ਕੌਣ ਸੁਣੇ

ਕੌਣ ਰੋਕੇ ਪ੍ਰਦੂਸ਼ਣ

ਸਭ ਆਪੋ ਵਿੱਚ ਗੁਆਚੇ ਨੇ

ਧਰਤੀ ਦੇ ਹੰਝੂ

ਫਿਰ ਕੌਣ ਪੂੰਝੇ, ਕੌਣ ਪੂੰਝੇ

(ਧਰਤੀ ਦੇ ਹੰਝੂ)

-----

2.ਕਰ ਰਿਹਾ ਹੈ ਆਦਮੀ

ਖਿਲਵਾੜ ਆਪਣੇ ਆਪ ਨਾਲ਼

ਪ੍ਰਦੂਸ਼ਣ ਫੈਲਾਵੇ ਹਰ ਤਰਫ਼

ਉਦਯੋਗਾਂ ਦੇ ਪ੍ਰਤਾਪ ਨਾਲ਼

ਪਾਣੀ ਦੂਸ਼ਤ ਹੋ ਰਿਹਾ

ਹਰ ਨਦੀ ਦਾ, ਹਰ ਨਹਿਰ ਦਾ

ਹਾਲ ਬੁਰਾ ਹੋ ਗਿਆ

ਹਰ ਪਿੰਡ ਦਾ

ਹਰ ਸ਼ਹਿਰ ਦਾ

(ਵਾਤਾਵਰਣ)

-----

ਮੇਜਰ ਸਿੰਘ ਨਾਗਰਾ ਅਮਨ ਦਾ ਪੁਜਾਰੀ ਹੈਉਹ ਜਾਣਦਾ ਹੈ ਕਿ ਤਾਕਤ ਦੇ ਭੁੱਖੇ ਲੋਕ ਫੌਜੀ ਨੁਕਤੇ ਤੋਂ ਕਮਜ਼ੋਰ ਦੇਸ਼ਾਂ ਉੱਤੇ ਹਮਲੇ ਕਰਕੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਤਬਾਹੀ ਕਰਦੇ ਹਨਅਜਿਹੇ ਦੇਸ਼ਾਂ ਉੱਤੇ ਕਬਜ਼ਾ ਕਰਨ ਤੋਂ ਬਾਹਦ ਉੱਥੇ ਆਪਣੀਆਂ ਪਿੱਠੂ ਸਰਕਾਰਾਂ ਨੂੰ ਸਥਾਪਤ ਕਰਕੇ ਉਨ੍ਹਾਂ ਦਾ ਸਮਾਜਿਕ ਅਤੇ ਸਭਿਆਚਾਰਕ ਸੰਸਾਰ ਤਬਾਹ ਕਰਦੇ ਹਨ ਅਤੇ ਦਹਾਕਿਆਂ ਤੱਕ ਉਨ੍ਹਾਂ ਦੀ ਆਰਥਿਕ ਲੁੱਟ ਕਰਦੇ ਹਨਆਪਣੀ ਨਜ਼ਮ ਇੱਕ ਅਰਜ਼ੋਈਵਿੱਚ ਨਾਗਰਾ ਇਹ ਇਛਾ ਪ੍ਰਗਟ ਕਰਦਾ ਹੈ ਕਿ ਕੁਦਰਤ ਦਾ ਕੋਈ ਅਜਿਹਾ ਵਰਤਾਰਾ ਵਾਪਰੇ ਕਿ ਖਣਿਜ ਪਦਾਰਥ ਲੋਹੇ ਦੇ ਲੱਛਣ ਹੀ ਬਦਲ ਜਾਣ ਅਤੇ ਉਹ ਇੱਕ ਅਜਿਹੇ ਪਦਾਰਥ ਦਾ ਰੂਪ ਧਾਰਨ ਕਰ ਲਵੇ ਕਿ ਇਹ ਕਦੀ ਅਜਿਹੇ ਸਖਤ ਪਦਾਰਥ ਦਾ ਰੂਪ ਹੀ ਨ ਵਟਾ ਸਕੇ ਜੋ ਕਿ ਜੰਗ-ਬਾਜ਼ਾਂ ਵੱਲੋਂ ਹਥਿਆਰ ਬਨਾਉਣ ਲਈ ਵਰਤਿਆ ਜਾਂਦਾ ਹੈਜਿਸ ਸਦਕਾ ਜੰਗ-ਬਾਜ਼ਾਂ ਵੱਲੋਂ ਮਚਾਈ ਗਈ ਤਬਾਹੀ ਕਾਰਨ ਲੱਖਾਂ ਹੀ ਬੇਕਸੂਰ ਲੋਕਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਹਨ:

ਰੱਬਾ ਤੇਰੇ ਅੱਗੇ ਹੈ ਅਰਜ਼ੋਈ

ਬਣਾ ਦੇ ਲੋਹੇ ਨੂੰ ਖੁਰਨ ਵਾਲਾ ਪਦਾਰਥ ਕੋਈ

ਤਾਂ ਜੋ ਲੋਹੇ ਨੂੰ ਛੇਤੀ ਹੀ ਲੱਗ ਜਾਵੇ ਜੰਗ

ਹਥਿਆਰ ਬਣ ਜੰਗ ਚ ਪੁੱਜਣ ਤੋਂ ਪਹਿਲਾਂ

ਅਤੇ ਲੋਹਾ ਕਦੇ ਹਥਿਆਰ ਨਾ ਬਣੇ

-----

ਜੰਗ-ਬਾਜ਼ਾਂ ਵਾਂਗ ਹੀ ਮਨੁੱਖੀ ਤਬਾਹੀ ਲਈ ਕੁਝ ਹੋਰ ਸ਼ਕਤੀਆਂ ਵੀ ਜਿੰਮੇਵਾਰ ਹਨਇਨ੍ਹਾਂ ਵਿੱਚ ਸਭ ਤੋਂ ਮੋਹਰੀ ਕਤਾਰ ਵਿੱਚ ਆਉਂਦੇ ਹਨ ਉਹ ਵੱਡੇ ਵੱਡੇ ਕਾਰਖਾਨੇਦਾਰ ਅਤੇ ਵਿਉਪਾਰੀ ਜੋ ਕਿ ਆਪਣੇ ਮੁਨਾਫ਼ੇ ਖਾਤਰ ਆਮ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਵੀ ਦਾਅ ਉੱਤੇ ਲਗਾ ਦਿੰਦੇ ਹਨਇੰਡੀਆ ਦੇ ਪ੍ਰਾਂਤ ਮੱਧਿਆ ਪ੍ਰਦੇਸ਼ ਦੇ ਸ਼ਹਿਰ ਭੂਪਾਲ ਦੇ ਇੱਕ ਗੈਸ ਪਲਾਂਟ ਵਿੱਚ ਅਜਿਹੇ ਗ਼ੈਰ ਜ਼ਿੰਮੇਵਾਰ ਮੁਨਾਫ਼ਾ-ਖੋਰ ਵਿਉਪਾਰੀਆਂ ਦੀ ਅਣਗਹਿਲੀ ਕਾਰਨ ਹੀ ਅਜਿਹੀ ਹੀ ਇੱਕ ਵੱਡੀ ਘਟਨਾ ਵਾਪਰੀ ਸੀਇਸ ਗੈਸ ਪਲਾਂਟ ਵਿੱਚੋਂ ਜ਼ਹਿਰੀਲੀ ਗੈਸ ਨਿਕਲਕੇ ਵਾਤਾਵਰਣ ਵਿੱਚ ਫੈਲ ਜਾਣ ਕਾਰਨ ਕੁਝ ਦਿਨਾਂ ਵਿੱਚ ਹੀ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਹਜ਼ਾਰਾਂ ਹੀ ਲੋਕ ਅਜਿਹੀਆਂ ਖਤਰਨਾਕ ਬੀਮਾਰੀਆਂ ਦੇ ਸ਼ਿਕਾਰ ਹੋ ਗਏ ਸਨਜਿਸ ਕਾਰਨ ਹੁਣ ਉਹ ਕਦੀ ਵੀ ਇੱਕ ਸਿਹਤਮੰਦ ਮਨੁੱਖ ਵਾਲੀ ਜ਼ਿੰਦਗੀ ਬਤੀਤ ਨਹੀਂ ਕਰ ਸਕਣਗੇਇਸ ਮਹਾਂ-ਦੁਖਾਂਤ ਨੂੰ ਨਾਗਰਾ ਆਪਣੀ ਨਜ਼ਮ ਮੌਤ ਦੀ ਬਰਸਾਤਵਿੱਚ ਬੜੇ ਹੀ ਕਾਵਿ-ਮਈ ਅਤੇ ਨਾਟਕੀ ਢੰਗ ਨਾਲ ਬਿਆਨ ਕਰਦਾ ਹੈ:

ਉਸ ਕਾਲੀ ਭਿਆਨਕ ਰਾਤ

ਹੋਈ ਸੀ ਮੌਤ ਦੀ ਬਰਸਾਤ

ਨਾ ਬਿਜਲੀ ਚਮਕੀ

ਨਾ ਕੋਈ ਬੱਦਲਾਂ ਦੀ ਗਰਜਣ

ਬਸ ਜ਼ਹਿਰੀਲੀ ਗੈਸ ਦਾ

ਮੀਂਹ ਲੱਗਾ ਸੀ ਬਰਸਣ

-----

ਸਭ ਕੁਝ ਖ਼ਤਰੇ ਚ ਹੈਮੇਜਰ ਸਿੰਘ ਨਾਗਰਾ ਦਾ ਪਹਿਲਾ ਪ੍ਰਕਾਸ਼ਿਤ ਕਾਵਿ-ਸੰਗ੍ਰਹਿ ਹੋਣ ਕਾਰਨ ਅਜੇ ਉਸਦੀ ਪ੍ਰਤੀਬੱਧਤਾ ਕਿਸੀ ਵਿਚਾਰਧਾਰਾ ਜਾਂ ਵਾਦ ਨਾਲ ਦਿਖਾਈ ਨਹੀਂ ਦਿੰਦੀਅਜੇ ਉਸਦੀਆਂ ਕਵਿਤਾਵਾਂ ਵਿੱਚ ਵਿਸ਼ਿਆਂ ਦੀ ਵਿਸ਼ਾਲਤਾ ਵੀ ਦਿਖਾਈ ਨਹੀਂ ਦਿੰਦੀਨਾ ਹੀ ਅਜੇ ਉਸਦੀਆਂ ਕਵਿਤਾਵਾਂ ਕਿਸੇ ਸਮੱਸਿਆ ਨੂੰ ਸਮਝਣ ਲਈ ਡੂੰਘਾਈ ਤੱਕ ਹੀ ਜਾਂਦੀਆਂ ਹਨਅਜੋਕੇ ਸਮਿਆਂ ਵਿੱਚ ਜ਼ਿੰਦਗੀ ਬਹੁਤ ਗੁੰਝਲ਼ਦਾਰ ਹੋ ਜਾਣ ਕਾਰਨ ਸਮਾਜਿਕ, ਰਾਜਨੀਤਿਕ, ਆਰਥਿਕ, ਧਾਰਮਿਕ ਜਾਂ ਦਾਰਸ਼ਨਿਕ ਪੱਧਰ ਦੀਆਂ ਸਮੱਸਿਆਵਾਂ ਨੂੰ ਡੂੰਘਾਈ ਤੱਕ ਸਮਝਣ ਲਈ ਸਾਨੂੰ ਅਨੇਕਾਂ ਵਿਸ਼ਿਆਂ ਦਾ ਗਿਆਨ ਹੋਣਾ ਲਾਜ਼ਮੀ ਹੈਨਿਰਸੰਦੇਹ, ਜਦੋਂ ਤੱਕ ਕਿਸੇ ਲੇਖਕ ਨੂੰ ਆਪ ਕਿਸੇ ਸਮੱਸਿਆ ਦੀ ਡੂੰਘਾਈ ਤੱਕ ਸਮਝ ਨਹੀਂ ਹੋਵੇਗੀ, ਉਹ ਉਸ ਸਮੱਸਿਆ ਬਾਰੇ ਆਪਣੀਆਂ ਲਿਖਤਾਂ ਵਿੱਚ ਬਹੁ-ਦਿਸ਼ਾਵੀ ਅਤੇ ਗੰਭੀਰ ਗੱਲ ਨਹੀਂ ਕਰ ਸਕੇਗਾ

ਮੇਜਰ ਸਿੰਘ ਨਾਗਰਾ ਆਪਣੀ ਕਾਵਿ-ਸਮਰੱਥਾ ਦੀਆਂ ਅਜਿਹੀਆਂ ਸੀਮਾਵਾਂ ਤੋਂ ਸੁਚੇਤ ਹੋ ਕੇ ਭਵਿੱਖ ਵਿੱਚ ਹੋਰ ਵਧੇਰੇ ਪਰਪੱਕ ਕਵਿਤਾਵਾਂ ਲਿਖੇਗਾ; ਇਸ ਗੱਲ ਦੀ ਮੈਨੂੰ ਸਦਾ ਹੀ ਉਡੀਕ ਰਹੇਗੀ ਆਪਣਾ ਪਹਿਲਾ ਕਾਵਿ-ਸੰਗ੍ਰਹਿ ਸਭ ਕੁਝ ਖ਼ਤਰੇ ਚ ਹੈਪ੍ਰਕਾਸ਼ਿਤ ਕਰਨ ਲਈ ਮੇਜਰ ਸਿੰਘ ਨਾਗਰਾ ਨੂੰ ਮੇਰੀਆਂ ਸ਼ੁੱਭ ਇਛਾਵਾਂ

Monday, December 14, 2009

ਸੁਖਿੰਦਰ - ਲੇਖ

ਵਿਚਾਰਾਂ ਦੇ ਮੰਥਨ ਚੋਂ ਉੱਭਰਿਆ ਨਾਵਲੀ ਸੱਚ ਜਸਵੀਰ ਕਾਲਰਵੀ

ਲੇਖ

ਮਨੁੱਖੀ ਹੋਂਦ ਅਤੇ ਸਰੋਕਾਰਾਂ ਨਾਲ ਜੁੜਿਆ ਪੰਜਾਬੀ ਨਾਵਲ ਅਮ੍ਰਿਤਕੈਨੇਡੀਅਨ ਪੰਜਾਬੀ ਨਾਵਲਕਾਰ ਜਸਬੀਰ ਕਾਲਰਵੀ ਨੇ 2005 ਵਿੱਚ ਪ੍ਰਕਾਸ਼ਿਤ ਕੀਤਾ ਸੀ

ਵਿਸ਼ਵ ਪੱਧਰ ਉੱਤੇ ਮਨੁੱਖੀ ਹੋਂਦ ਅਤੇ ਉਸ ਨਾਲ ਜੁੜੇ ਸਰੋਕਾਰਾਂ ਬਾਰੇ ਚਰਚਾ ਅਲਬਰਟ ਕਾਮੂੰ ਦੀਆਂ ਲਿਖਤਾਂ ਆਊਟਸਾਈਡਰ’, ‘ਮਿੱਥ ਆਫ ਸਿਸੀਪਸ’, ਯਾਂ ਪਾਲ ਸਾਰਤਰ ਦੀ ਲਿਖਤ ਐਸੇਜ਼ ਇਨ ਅਗਜ਼ਿਸਟੈਂਸ਼ੇਲਿਜ਼ਮਅਤੇ ਸੈਮੂਅਲ ਬੈਕਟ ਦੇ ਨਾਟਕ ਵੇਟਿੰਗ ਫਾਰ ਗੋਦੋਨਾਲ ਛਿੜਿਆਇਹ ਚਰਚਾ ਦੂਸਰੇ ਮਹਾਂ ਯੁੱਧ ਤੋਂ ਬਾਹਦ ਹੋਰ ਵੀ ਭਖ ਗਿਆਹਿਟਲਰ ਦੀਆਂ ਫੌਜਾਂ ਵੱਲੋਂ ਲੱਖਾਂ ਯਹੂਦੀਆਂ ਨੂੰ ਗੈਸ ਚੈਂਬਰਾਂ ਵਿੱਚ ਸਾੜਨ ਅਤੇ ਅਮਰੀਕਾ ਵੱਲੋਂ ਜਪਾਨ ਦੇ ਸ਼ਹਿਰਾਂ ਹੀਰੋਸ਼ੀਮਾ/ਨਾਗਾਸਾਕੀ ਉੱਤੇ ਐਟਮ ਬੰਬ ਸੁੱਟ ਕੇ ਹਜ਼ਾਰਾਂ ਲੋਕਾਂ ਨੂੰ ਪਲ ਛਿਨ ਵਿੱਚ ਹੀ ਮਿੱਟੀ ਦਾ ਢੇਰ ਬਨਾਉਣ ਤੋਂ ਬਾਹਦ ਮਨੁੱਖ ਦੀ ਇਸ ਦੁਨੀਆਂ ਵਿੱਚ ਹੋਂਦ ਬਾਰੇ ਚਰਚਾ ਜ਼ੋਰ ਫੜ ਗਿਆ1960 ਦੇ ਆਸ ਪਾਸ ਮਨੁੱਖੀ ਹੋਂਦ ਦੀ ਹੋ ਰਹੀ ਤਬਾਹੀ ਲਈ ਜ਼ਿੰਮੇਵਾਰ ਬਣ ਰਹੀ ਆਧੁਨਿਕਤਾ ਅਤੇ ਅਜਿਹੀਆਂ ਸਥਿਤੀਆਂ ਨੂੰ ਜਨਮ ਦੇ ਰਹੇ ਤਰਕਸ਼ੀਲ ਵਿਚਾਰਾਂ ਦੇ ਵਿਰੋਧ ਵਿੱਚ ਹਿੱਪੀ ਕਲਚਰ ਪੈਦਾ ਹੋਇਆ1970 ਦੇ ਆਸ ਪਾਸ ਵੀਅਤਨਾਮ ਦੀ ਜੰਗ ਵਿੱਚ ਉਲਝੀ ਅਮਰੀਕਨ ਫੌਜ ਦੀਆਂ ਹਜ਼ਾਰਾਂ ਲਾਸ਼ਾਂ ਦੇ ਤਾਬੂਤ ਅਮਰੀਕਾ ਦੇ ਹਵਾਈ ਅੱਡਿਆਂ ਉੱਤੇ ਉਤਰਨ ਲੱਗੇ ਤਾਂ ਇਹੀ ਚਰਚਾ ਬੀਟ ਕਲਚਰ/ਕਾਊਂਟਰ ਕਲਚਰ ਦੇ ਰੂਪ ਵਿੱਚ ਉੱਭਰਿਆ

-----

ਅਮ੍ਰਿਤਨਾਵਲ ਵਿੱਚ ਜਸਬੀਰ ਕਾਲਰਵੀ ਮਨੁੱਖੀ ਜ਼ਿੰਦਗੀ ਨਾਲ ਸਬੰਧਤ ਅਨੇਕਾਂ ਗਿਆਨ ਪ੍ਰਣਾਲੀਆਂ ਨੂੰ ਆਪਣੀ ਚਰਚਾ ਦਾ ਵਿਸ਼ਾ ਬਣਾਉਂਦਾ ਹੈਕੈਨੇਡੀਅਨ ਪੰਜਾਬੀ ਨਾਵਲ ਦੇ ਖੇਤਰ ਵਿੱਚ ਇਸ ਤਰ੍ਹਾਂ ਦਾ ਪ੍ਰਯੋਗ ਸ਼ਾਇਦ ਇਸ ਤੋਂ ਪਹਿਲਾਂ ਕਿਸੇ ਹੋਰ ਨਾਵਲਕਾਰ ਨੇ ਨਹੀਂ ਕੀਤਾਇਸ ਨਾਵਲ ਵਿੱਚ ਜਸਬੀਰ ਕਾਲਰਵੀ ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਬਾਰੇ ਵੀ ਆਪਣੇ ਵਿਚਾਰ ਪੇਸ਼ ਕਰਦਾ ਹੈਇਸ ਨਾਵਲ ਵਿੱਚ ਉਹ ਕਿਸੇ ਵੀ ਪ੍ਰਚਲਿਤ ਵਿਚਾਰਧਾਰਾ ਜਾਂ ਵਾਦ ਦਾ ਸਮਰਥਨ ਕਰਨ ਦੀ ਥਾਂ ਇੱਕ ਅਜਿਹੇ ਸਮਾਜ ਦੀ ਉਸਾਰੀ ਵਿੱਚ ਰੁਚੀ ਦਿਖਾਂਦਾ ਹੈਜਿਸ ਵਿੱਚ ਮੁਕੰਮਲ ਮਨੁੱਖ ਦੀ ਗੱਲ ਹੋਵੇਇੱਕ ਅਜਿਹਾ ਸਮਾਜ ਜਿਸ ਵਿੱਚ ਮਨੁੱਖ, ਮਹਿਜ਼, ਵਸਤਾਂ ਦੀ ਪ੍ਰਾਪਤੀ ਕਰਨ ਨੂੰ ਹੀ ਆਪਣੀ ਜ਼ਿੰਦਗੀ ਦਾ ਇੱਕੋ ਇੱਕ ਮਨੋਰਥ ਨਾ ਸਮਝ ਲਵੇ; ਬਲਕਿ ਜਿਸ ਸਮਾਜ ਵਿੱਚ ਮਨੁੱਖ ਚੇਤੰਨ ਪੱਧਰ ਉੱਤੇ ਵੀ ਜਾਗਰੂਕ ਹੋਵੇ ਅਤੇ ਸੰਵੇਦਨਸ਼ੀਲਤਾ ਦੀ ਪੱਧਰ ਉੱਤੇ ਵੀਇੱਕ ਅਜਿਹਾ ਸਮਾਜ ਜਿਸ ਵਿੱਚ ਮਨੁੱਖ ਸੰਵੇਦਨਸ਼ੀਲ ਹੋਣ ਅਤੇ ਜੋ ਹੋਰਨਾਂ ਲੋਕਾਂ ਦੇ ਦੁੱਖਾਂ-ਦਰਦਾਂ ਨੂੰ ਮਹਿਸੂਸ ਕਰ ਸਕਦੇ ਹੋਣਅਜਿਹਾ ਸਮਾਜ ਜਿਸ ਵਿੱਚ ਵਿਦਿਆਰਥੀਆਂ ਨੂੰ ਇੱਕ ਦੂਜੇ ਨੂੰ ਦਰੜ ਕੇ ਅੱਗੇ ਲੰਘ ਜਾਣਾ ਹੀ ਨਾ ਸਿਖਾਇਆ ਜਾਵੇ; ਬਲਕਿ ਜਿਸ ਸਮਾਜ ਵਿੱਚ ਸਾਂਝੀਵਾਲਤਾ, ਮਿਲਵਰਤਣ ਅਤੇ ਵਿਸ਼ਵ ਅਮਨ ਜਿਹੇ ਸੰਕਲਪਾਂ ਨੂੰ ਮਨੁੱਖੀ ਜ਼ਿੰਦਗੀ ਦਾ ਆਧਾਰ ਬਣਾਇਆ ਜਾਵੇਨਾਵਲਕਾਰ ਇੱਕ ਅਜਿਹੇ ਸਮਾਜ ਦੀ ਉਸਾਰੀ ਹੋਈ ਦੇਖਣੀ ਚਾਹੁੰਦਾ ਹੈ ਜਿਸ ਵਿੱਚ ਪੂਰਬੀ ਅਤੇ ਪੱਛਮੀ ਸਭਿਆਚਾਰਾਂ ਦੀਆਂ ਖ਼ੂਬਸੂਰਤ ਗੱਲਾਂ ਦਾ ਸੁਮੇਲ ਹੋਵੇਉਸ ਦਾ ਵਿਚਾਰ ਹੈ ਕਿ ਮਨੁੱਖ ਦੀ ਹੋਂਦ ਨਾਲ ਜੁੜੇ ਸਰੋਕਾਰਾਂ ਚੋਂ ਪੈਦਾ ਹੁੰਦੇ ਸੰਕਟਾਂ ਦਾ ਆਰੰਭ ਮਨੁੱਖ ਦੀ ਬਾਲ ਅਵਸਥਾ ਵਿੱਚ ਹੀ ਹੋ ਜਾਂਦਾ ਹੈਉਸਦਾ ਵਿਚਾਰ ਹੈ ਕਿ ਅਜੋਕੀ ਵਿੱਦਿਆ ਪ੍ਰਣਾਲੀ ਬੱਚਿਆਂ ਦੇ ਦਿਮਾਗ਼ ਬੰਦ ਕਰਦੀ ਹੈਇਸ ਸੰਦਰਭ ਵਿੱਚ ਅਮ੍ਰਿਤਨਾਵਲ ਦੇ ਮੁੱਖ ਪਾਤਰ ਅੰਮ੍ਰਿਤ ਦੀ ਸੋਚ ਪ੍ਰਗਟਾਉਂਦੇ ਸ਼ਬਦ ਪੜ੍ਹਨੇ ਵਧੇਰੇ ਲਾਹੇਵੰਦ ਹੋਣਗੇ:

ਉਹ ਸੋਚਦਾ ਸੀ ਕਿ ਹਰ ਵਿਦਿਆਰਥੀ ਵਿਸ਼ਵ-ਵਿਦਿਆਲਿਆਂ ਚੋਂ ਜਦੋਂ ਨਿਕਲਦਾ ਹੈ ਤਾਂ ਉਹ ਰੱਦੀ ਦੀ ਟੋਕਰੀ ਵਰਗਾ ਹੋ ਕੇ ਨਿਕਲਦਾ ਹੈ; ਹਾਲਾਂ ਕਿ ਉਸਨੂੰ ਜਗਦੇ ਦੀਵੇ ਵਰਗਾ ਹੋਣਾ ਚਾਹੀਦਾ ਹੈਅੱਜ ਦੀ ਪੜ੍ਹਾਈ ਸਿਰਫ਼ ਢਿੱਡ ਤੱਕ ਸੀਮਤ ਹੈਉਹ ਢਿੱਡ ਤੋਂ ਉੱਪਰ ਤੇ ਢਿੱਡ ਤੋਂ ਥੱਲੇ ਦੇ ਸੰਸਾਰ ਦਾ ਕੋਈ ਬੋਧ ਨਹੀਂ ਕਰਵਾਉਂਦੀ...ਉਹ ਚਾਹੁੰਦਾ ਸੀ ਕਿ ਬੱਚੇ ਨਿਰੋਲ ਭੌਤਿਕਵਾਦ ਤੇ ਅੰਨ੍ਹੇ ਭੋਗਵਾਦ ਦਾ ਸ਼ਿਕਾਰ ਨਾ ਹੋਣ

2.ਅਮ੍ਰਿਤ ਸੋਚਦਾ ਆਇਆ ਸੀ ਕਿ ਮਨ ਦਾ ਬਾਹਰਮੁਖੀ ਵਿਕਾਸ ਜਿੱਥੇ ਇੰਨੀ ਖ਼ੁਸ਼ਹਾਲੀ ਦੇ ਸਕਦਾ ਹੈ- ਉੱਥੇ ਮਨ ਦਾ ਅੰਤਰਮੁਖੀ ਵਿਕਾਸ ਕਿੰਨਾ ਆਨੰਦ ਦੇਵੇਗਾਅਸੀਂ ਅੰਤਰਮੁਖੀ ਨਹੀਂ ਰਹੇ

3.ਅਮ੍ਰਿਤ ਚਾਹੁੰਦਾ ਸੀ ਕਿ ਸਿੱਖਿਆ ਦਾ ਆਧਾਰ ਪ੍ਰੇਮ ਹੋਣਾ ਚਾਹੀਦਾ ਹੈ-ਈਰਖਾ ਨਹੀਂਸਿੱਖਿਆ ਦਾ ਆਧਾਰ ਸੁਖ ਹੋਣਾ ਚਾਹੀਦਾ ਹੈ-ਦੁੱਖ ਨਹੀਂਪਰਿਵਾਰ ਤੇ ਸਕੂਲ ਸਿੱਖਿਆ ਦੇ ਦੋ ਵਿਦਿਆਲੇ ਹਨ-ਤੇ ਇਹ ਦੋਵੇਂ ਹੀ ਆਪਣੀ ਹੋਂਦ ਗੁਆ ਚੁੱਕੇ ਹਨਦੋਵੇਂ ਹੀ ਬੱਚਿਆਂ ਨੂੰ ਦੂਸ਼ਿਤ ਸਿੱਖਿਆ ਦੇ ਕੇ ਉਨ੍ਹਾਂ ਦੇ ਆਪਣੇ ਅਸਤਿਤਵ ਨੂੰ ਖਰਾਬ ਕਰ ਰਹੇ ਹਨ

ਨਾਵਲਕਾਰ ਦਾ ਇਹ ਵੀ ਯਕੀਨ ਹੈ ਕਿ ਸਕੂਲਾਂ ਨੂੰ ਇਹ ਪੁੱਛਣਾ ਵੀ ਬੰਦ ਕਰਨਾ ਪਵੇਗਾ ਕਿ ਕੌਣ ਹਿੰਦੂ, ਕੌਣ ਮੁਸਲਮਾਨ ਹੈ, ਕੌਣ ਈਸਾਈ ਹੈ ਤੇ ਕੌਣ ਸਿੱਖ ਹੈਅਜੋਕੀ ਵਿੱਦਿਆ ਪ੍ਰਣਾਲੀ ਢਿੱਡ ਭਰਦੀ ਹੈ ਤੇ ਦਿਮਾਗ਼ ਨੂੰ ਖ਼ਾਲੀ ਕਰਦੀ ਹੈਜਿਸ ਤਰ੍ਹਾਂ ਖ਼ਾਲੀ ਘਰਾਂ ਨੂੰ ਤਾਲੇ ਲੱਗ ਜਾਂਦੇ ਹਨ ਇਸੇ ਤਰ੍ਹਾਂ ਇਹ ਦਿਮਾਗ਼ ਦੇ ਬੂਹੇ ਬੰਦ ਕਰ ਦਿੰਦੀ ਹੈ

-----

ਜਸਬੀਰ ਕਾਲਰਵੀ ਇਸ ਨਾਵਲ ਵਿੱਚ ਇਹ ਤੱਥ ਵੀ ਉਭਾਰਦਾ ਹੈ ਕਿ ਅਸੀਂ ਬਚਪਨ ਵਿੱਚ ਬੱਚੇ ਨੂੰ ਜੋ ਸਿੱਖਿਆ ਦਿੰਦੇ ਹਾਂ ਉਸ ਦੀ ਸਜ਼ਾ ਉਸ ਨੂੰ ਉਮਰ ਭਰ ਭੁਗਤਣੀ ਪੈਂਦੀ ਹੈਉਹ ਸੰਸਕਾਰ ਉਸਦੇ ਨਾਲ ਮਰਨ ਤੱਕ ਜਾਂਦੇ ਹਨ:

ਪੈਦਾ ਹੁੰਦੇ ਬੱਚੇ ਨੂੰ ਹੀ ਸਮਾਜ ਦਾ ਸਭ ਤੋਂ ਜੰਗਾਲਿਆ ਤੇ ਸਖਤ ਸੰਗਲ ਉਸ ਨੂੰ ਕਾਲੇ ਧਰਮਾਂ ਦੀ ਕੈਦ ਚ ਨੂੜ ਦਿੰਦਾ ਹੈਪੈਦਾ ਹੁੰਦਾ ਬੱਚਾ ਹੀ ਹਿੰਦੂ, ਸਿੱਖ, ਮੁਸਲਮਾਨ ਤੇ ਈਸਾਈ ਬਣ ਜਾਂਦਾ ਹੈ-ਪਰ ਇਨਸਾਨ ਕਦੀ ਵੀ ਨਹੀਂ ਬਣਦਾਉਹ ਇਕ ਸੰਭਾਵਨਾ ਵਰਗਾ ਹੁੰਦਾ ਹੈ-ਜਿਸ ਨੇ ਫੁੱਲ ਬਣਨਾ ਹੁੰਦਾ ਹੈ - ਪਰ ਜੰਮਦੇ ਬੱਚੇ ਨੂੰ ਅਸੀਂ ਸੰਵੇਦਨਾਹੀਣ ਪੱਥਰ ਬਣਾ ਦਿੰਦੇ ਹਾਂਬੱਚਿਆਂ ਨੂੰ ਬਚਪਨ ਚ ਹੀ ਸਾਂਚਿਆਂ ਚ ਢਾਲ ਦਿੱਤਾ ਜਾਂਦਾ ਹੈ

-----

ਮਨੁੱਖ ਨੂੰ ਬੌਣਾ ਬਨਾਉਣ ਲਈ ਧਰਮ, ਸਭਿਆਚਾਰ ਅਤੇ ਰਾਜਨੀਤੀ ਦੀ ਤਿਕੜੀ ਇੱਕਠੀ ਹੋ ਕੇ ਚਲਦੀ ਹੈਜਸਬੀਰ ਕਾਲਰਵੀ ਨੇ ਭਾਵੇਂ ਇਹ ਨਾਵਲ ਕੈਨੇਡਾ ਵਿੱਚ ਰਹਿੰਦਿਆਂ ਲਿਖਿਆ ਹੈ ਪਰ ਉਸਦੇ ਨਾਵਲ ਵਿੱਚ ਲਿਖੀਆਂ ਗੱਲਾਂ ਕੈਨੇਡੀਅਨ ਸਮਾਜ ਨਾਲੋਂ ਭਾਰਤੀ/ਪੰਜਾਬੀ ਸਮਾਜ ਉੱਤੇ ਵਧੇਰੇ ਲਾਗੂ ਹੁੰਦੀਆਂ ਹਨਜਿੱਥੇ ਕਿ ਉਸਨੇ ਆਪਣੀ ਜ਼ਿੰਦਗੀ ਦਾ ਵਧੇਰੇ ਹਿੱਸਾ ਗੁਜ਼ਾਰਿਆ ਹੈਭਾਰਤੀ ਸਮਾਜ ਉੱਤੇ ਧਰਮ ਦੀ ਤੱਕੜੀ ਜਕੜ ਹੈਇਸਦਾ ਲਾਭ ਰਾਜਨੀਤੀਵਾਨ ਪੂਰੀ ਤਰ੍ਹਾਂ ਉਠਾਉਂਦੇ ਹਨ. ਧਰਮ ਦੇ ਨਾਮ ਉੱਤੇ ਪੰਡਤ, ਪਾਦਰੀ, ਮੁੱਲਾਂ ਅਤੇ ਭਾਈ ਲੋਕਾਂ ਨੂੰ ਲੁੱਟਦੇ ਹਨਇਸ ਲੁੱਟ ਨੂੰ ਕਾਇਮ ਰੱਖਣ ਲਈ ਹੀ ਉਹ ਸਮਾਜਿਕ, ਸਭਿਆਚਾਰਕ ਅਤੇ ਰਾਜਨੀਤਕ ਆਗੂਆਂ ਦਾ ਸਮਰਥਨ ਕਰਦੇ ਹਨ; ਪਰ ਭਾਰਤੀ ਸਮਾਜ ਵਿੱਚ ਇਹ ਗੱਲ ਕੋਈ ਨਵੀਂ ਨਹੀਂਹਜ਼ਾਰਾਂ ਸਾਲਾਂ ਤੋਂ ਇਸ ਲੁਟੇਰੀ ਤਿਕੜੀ ਵੱਲੋਂ ਭਾਰਤੀ ਧਾਰਮਿਕ, ਸਮਾਜਿਕ ਅਤੇ ਸਭਿਆਚਾਰਕ ਗ੍ਰੰਥ ਸਮਾਜ ਦੇ ਦੱਬੇ ਕੁਚਲੇ ਲੋਕਾਂ ਨੂੰ ਗੁਲਾਮਾਂ ਵਰਗੀ ਜ਼ਿੰਦਗੀ ਜਿਉਣ ਲਈ ਮਜਬੂਰ ਕਰਨ ਵਾਸਤੇ ਆਧਾਰ ਬਣਾਏ ਜਾਂਦੇ ਆ ਰਹੇ ਹਨਭਾਰਤੀ ਰਾਜਨੀਤੀਵਾਨ ਧਾਰਮਿਕ ਕੱਟੜਵਾਦੀ ਫਿਰਕੂ ਜਨੂੰਨਵਾਦੀ ਦਹਿਸ਼ਤਗਰਦੀ ਫੈਲਾ ਕੇ ਆਮ ਆਦਮੀ ਦੇ ਮਨ ਵਿੱਚ ਸਹਿਮ ਪੈਦਾ ਕਰਨ ਦੀ ਆਪਣੀ ਘਿਨੌਣੀ ਖੇਡ ਅਕਸਰ ਹੀ ਖੇਡਦੇ ਰਹਿੰਦੇ ਹਨਇਸ ਗੱਲ ਦਾ ਚਰਚਾ ਅਮ੍ਰਿਤਨਾਵਲ ਵਿੱਚ ਵੀ ਕੀਤਾ ਗਿਆ ਹੈ:

ਹਰ ਸਮਾਜ ਚ ਰਾਜਨੀਤਿਕ ਬੰਦਿਆਂ ਦਾ ਅਸਲੀ ਗੱਠਜੋੜ ਪੁਜਾਰੀ ਜਮਾਤ ਨਾਲ ਹੁੰਦਾ ਹੈਪੰਜਾਬੀ ਸਮਾਜ ਚ ਵੀ ਧਰਮ ਤੇ ਰਾਜਨੀਤੀ ਇਕ ਹੈਦਾ ਨਾਅਰਾ ਲਗਪਗ ਪ੍ਰਵਾਨ ਹੋ ਚੁੱਕਾ ਹੈ

-----

ਇਸ ਨਾਵਲ ਵਿੱਚ ਜਸਬੀਰ ਕਾਲਰਵੀ ਮੁਖੌਟਾਧਾਰੀ ਆਖੌਤੀ ਪੰਜਾਬੀ ਲੇਖਕਾਂ ਬਾਰੇ ਵੀ ਚਰਚਾ ਛੇੜਦਾ ਹੈਜਿਨ੍ਹਾਂ ਪੰਜਾਬੀ ਲੇਖਕਾਂ, ਚਿੰਤਕਾਂ ਅਤੇ ਬੁੱਧੀਜੀਵੀਆਂ ਨੇ ਆਮ ਮਨੁੱਖ ਦੀ ਅਗਵਾਈ ਕਰਨੀ ਹੈ, ਉਨ੍ਹਾਂ ਦਾ ਆਪਣਾ ਕਿਰਦਾਰ ਹੀ ਸ਼ੱਕੀ ਕਿਸਮ ਦਾ ਹੈਸਾਡੀਆਂ ਸਾਹਿਤ ਸਭਾਵਾਂ ਵਿੱਚ ਬੰਦਿਆਂ ਦੀ ਵੱਧ ਅਤੇ ਸਾਹਿਤ ਦੀ ਗੱਲ ਘੱਟ ਹੁੰਦੀ ਹੈਨਾਵਲਕਾਰ ਅਜਿਹੇ ਮੁਖੌਟਾਧਾਰੀ ਪੰਜਾਬੀ ਲੇਖਕਾਂ ਬਾਰੇ ਕਹਿੰਦਾ ਹੈ ਕਿ ਅਜਿਹੇ ਮੁਖੌਟਾਧਾਰੀ ਆਖੌਤੀ ਲੇਖਕ ਸਾਹਿਤ ਵਿੱਚ ਲੱਚਰਵਾਦ ਫੈਲਾ ਰਹੇ ਹਨਅਜਿਹੇ ਲੇਖਕਾਂ ਨੂੰ ਜਦੋਂ ਕਦੀ ਪੁੱਛਿਆ ਜਾਂਦਾ ਹੈ ਕਿ ਤੁਸੀਂ ਕਿਵੇਂ ਲਿਖਦੇ ਹੋ? ਤਾਂ ਚਿਹਰਿਆਂ ਉੱਤੇ ਨਕਲੀ ਮੁਸਕਾਨਾਂ ਲਿਆ ਕੇ ਉਹ ਝੱਟ ਆਖ ਦਿੰਦੇ ਹਨ ਕਿ ਇਹ ਤਾਂ ਜੀ ਕੋਈ ਗ਼ੈਬੀ ਸ਼ਕਤੀ ਹੀ ਸਾਡੇ ਕੋਲੋਂ ਲਿਖਵਾਂਦੀ ਹੈਨਾਵਲਕਾਰ ਪੁੱਛਦਾ ਹੈ ਕਿ ਜੇਕਰ ਗ਼ੈਬੀ ਸ਼ਕਤੀ ਹੀ ਇਨ੍ਹਾਂ ਲੇਖਕਾਂ ਤੋਂ ਲਿਖਵਾ ਰਹੀ ਹੈ ਤਾਂ ਇਨ੍ਹਾਂ ਲੇਖਕਾਂ ਦਾ ਉਨ੍ਹਾਂ ਦੀਆਂ ਲਿਖਤਾਂ ਲਿਖਣ ਵਿੱਚ ਕੀ ਯੋਗਦਾਨ ਹੈ? ਨਾਵਲਕਾਰ ਇਹ ਨੁਕਤਾ ਵੀ ਉਠਾਂਦਾ ਹੈ ਕਿ ਕੋਈ ਵੀ ਲੇਖਕ ਆਪਣੇ ਤੋਂ ਬਾਹਰੀ ਰਚਨਾ ਨਹੀਂ ਕਰ ਕਰ ਸਕਦੇਜੇਕਰ ਉਨ੍ਹਾਂ ਦੀਆਂ ਰਚਨਾਵਾਂ ਵਿੱਚ ਲੱਚਰਵਾਦ ਫੈਲਿਆ ਹੋਇਆ ਹੋਵੇਗਾ ਤਾਂ ਇਸਦਾ ਮਤਲਬ ਸਪੱਸ਼ਟ ਹੈ ਕਿ ਉਨ੍ਹਾਂ ਦੀ ਮਾਨਸਿਕਤਾ ਵਿੱਚ ਵੀ ਲੱਚਰਵਾਦ ਹੀ ਹੋਵੇਗਾਸਾਹਿਤਕਾਰਾਂ ਅਤੇ ਸਾਹਿਤਕ ਸੰਸਥਾਵਾਂ ਵਿੱਚ ਧੜੇਬੰਦੀਆਂ ਕਿਵੇਂ ਨੁਕਸਾਨ ਕਰ ਰਹੀਆਂ ਹਨ ਇਸ ਵਿਸ਼ੇ ਬਾਰੇ ਅਮ੍ਰਿਤਨਾਵਲ ਦੀਆਂ ਹੇਠ ਲਿਖੀਆਂ ਸਤਰਾਂ ਸਾਡਾ ਧਿਆਨ ਖਿੱਚਦੀਆਂ ਹਨ:

ਸਾਹਿਤ ਧਾਰਾਵਾਂ ਦਾ ਘਚੋਲਾ ਵੀ ਪੰਜਾਬੀ ਸਾਹਿਤ ਦੀ ਪੁੱਛ ਪ੍ਰਤੀਤ ਨੂੰ ਘੱਟ ਕਰ ਰਿਹਾ ਹੈਜੇ ਤੁਸੀਂ ਮਾਲਕ ਮਜ਼ਦੂਰ ਜਾਂ ਪਦਾਰਥਵਾਦ ਦੇ ਫਲਸਫ਼ੇ ਦੇ ਇਰਦ ਗਿਰਦ ਰਹਿ ਕੇ ਕੁਝ ਲਿਖੋ ਤਾਂ ਬੇਸ਼ਕ ਉਸ ਤੋਂ ਭੂੰਡ ਵੀ ਨਾ ਨਿਕਲੇ-ਮਾਰਕਸਵਾਦੀ ਵਿਚਾਰਾਂ ਵਾਲੇ ਇਨਾਮ ਦੇਣਗੇ-ਤੇ ਉੱਤਰ-ਆਧੁਨਿਕਤਾ ਵਾਲੇ ਅਣਗੌਲ ਦੇਣਗੇਇਹੀ ਸ਼ਬਦਾਂ ਦੀ ਸੀਮਤ ਸ਼ਕਤੀ ਹੁੰਦੀ ਹੈਉਹ ਚਾਹੁੰਦਾ ਸੀ ਕਿ ਹਰ ਸਾਹਿਤ ਨੂੰ ਸਾਰੇ ਧਾਰਾਵਾਂ ਵਾਲੇ ਮਿਲ ਬੈਠ ਕੇ ਵਿਚਾਰਨ-ਤੇ ਲੇਖਕ ਨੂੰ ਯੋਗ ਥਾਂ ਦੇਣ

-----

ਪੰਜਾਬੀ ਸਾਹਿਤ ਦੇ ਖੇਤਰ ਵਿੱਚ ਇਨਾਮਾਂ-ਸਨਮਾਨਾਂ ਦੀ ਜੋ ਦੁਰਗਤੀ ਹੋ ਰਹੀ ਹੈ ਅਤੇ ਜਿਸ ਤਰ੍ਹਾਂ ਸਾਹਿਤਕਾਰ ਇਨਾਮ ਪ੍ਰਾਪਤ ਕਰਨ ਲਈ ਹਰ ਤਰ੍ਹਾਂ ਦੇ ਘਟੀਆ ਤੋਂ ਘਟੀਆ ਢੰਗ ਅਪਣਾ ਰਹੇ ਹਨ, ਉਹ ਵੀ ਲੇਖਕਾਂ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈਸਰਕਾਰਾਂ ਵੀ ਲੇਖਕਾਂ ਨੂੰ ਇਨਾਮ ਦੇ ਕੇ ਉਨ੍ਹਾਂ ਦੀ ਜ਼ੁਬਾਨ ਹੀ ਬੰਦ ਕਰਨਾ ਚਾਹੁੰਦੀਆਂ ਹਨਜਿਸ ਦਿਨ ਕੋਈ ਲੇਖਕ ਜੁੱਰਤ ਨਾਲ ਲਿਖਦਾ ਹੈ ਤਾਂ ਉਹ ਲੇਖਕ ਸਰਕਾਰ ਦੀਆਂ ਅੱਖਾਂ ਵਿੱਚ ਰੜਕਣ ਲੱਗਦਾ ਹੈ ਅਤੇ ਸਰਕਾਰ ਦੀ ਹਰ ਕੋਸ਼ਿਸ਼ ਉਸਦੇ ਸੀਨੇ ਵਿੱਚ ਖ਼ੰਜਰ ਖੋਭ ਕੇ ਉਸਦੀ ਜ਼ੁਬਾਨ ਚੁੱਪ ਕਰਵਾਉਣ ਦੀ ਹੁੰਦੀ ਹੈਅਮ੍ਰਿਤਨਾਵਲ ਦਾ ਮੁੱਖ ਪਾਤਰ ਅਮ੍ਰਿਤ ਇਸ ਵਿਸ਼ੇ ਬਾਰੇ ਕੀ ਕਹਿੰਦਾ ਹੈ ਉਹ ਵੀ ਸੁਣ ਲਵੋ:

ਸਰਕਾਰੇ ਦਰਬਾਰੇ ਲੇਖਕ ਦੀ ਇਜ਼ਤ ਹੀ ਇਸੇ ਕਰਕੇ ਹੁੰਦੀ ਹੈ ਕਿ ਉਹ ਹਾਲੇ ਬੁੱਲੇ ਸ਼ਾਹ ਨਹੀਂ ਹੋਇਆਜਿਸ ਦਿਨ ਕੋਈ ਕਵੀ ਬੁੱਲ੍ਹੇ ਸ਼ਾਹ ਹੁੰਦਾ ਹੈ ਉਸ ਦਿਨ ਸਰਕਾਰ ਦੀ ਚਿੰਤਾ ਉਸ ਦੀ ਜ਼ੁਬਾਨ ਬੰਦ ਕਰਨ ਲਈ ਹੁੰਦੀ ਹੈ-ਸਨਮਾਨ ਤਾਂ ਆਮ ਸਾਧਾਰਣ ਲੇਖਕਾਂ ਲਈ ਹੁੰਦੇ ਹਨ

-----

ਮਨੁੱਖੀ ਜ਼ਿੰਦਗੀ ਨਾ ਤਾਂ ਪੂਰੀ ਤਰ੍ਹਾਂ ਤਰਕਸ਼ੀਲ ਵਿਚਾਰਾਂ ਦੇ ਹੀ ਸਹਾਰੇ ਬਿਤਾਈ ਜਾ ਸਕਦੀ ਹੈ ਅਤੇ ਨਾ ਹੀ ਪੂਰੀ ਤਰ੍ਹਾਂ ਅਤਰਕਸ਼ੀਲ ਵਿਚਾਰਾਂ ਦੇ ਸਹਾਰੇ ਹੀ. ਦੋਹਾਂ ਤਰ੍ਹਾਂ ਦੇ ਵਿਚਾਰਾਂ ਦੇ ਸੰਤੁਲਿਤ ਸੁਮੇਲ ਦੇ ਸਹਾਰੇ ਹੀ ਜ਼ਿੰਦਗੀ ਨੂੰ ਸਮਝਿਆ ਅਤੇ ਜਿਉਣਾ ਸੰਭਵ ਹੁੰਦਾ ਹੈਕਿਉਂਕਿ ਤਰਕਸ਼ੀਲ ਅਤੇ ਵਿਗਿਆਨਕ ਵਿਚਾਰ ਵੀ ਕਿਸੇ ਗੱਲ ਨੂੰ ਮੁਕੰਮਲ ਤੌਰ ਉੱਤੇ ਸਮਝਾ ਨਹੀਂ ਸਕਦੇਭਾਸ਼ਾ ਵੀ ਕਿਸੀ ਗੱਲ ਨੂੰ ਪੂਰੀ ਤਰ੍ਹਾਂ ਬਿਆਨ ਨਹੀਂ ਕਰ ਸਕਦੀਰੋਜ਼ਾਨਾ ਜ਼ਿੰਦਗੀ ਵਿੱਚ ਅਸੀਂ ਅਕਸਰ ਦੇਖਦੇ ਹਾਂ ਕਿ ਅਨੇਕਾਂ ਵੇਰ ਸਾਨੂੰ ਕਿਸੀ ਸਥਿਤੀ ਵਿੱਚ ਕਹਿਣਾ ਪੈਂਦਾ ਹੈ ਕਿ ਜੋ ਤੁਸੀਂ ਸਮਝਿਆ ਹੈ ਮੈਂ ਦਰਅਸਲ ਇਹ ਨਹੀਂ ਕਿਹਾ ਸੀਨਾਵਲ ਦੇ ਮੁੱਖ ਪਾਤਰ ਅਮ੍ਰਿਤ ਦੇ ਤਜਰਬੇ ਵੀ ਅਜਿਹੇ ਅਹਿਸਾਸ ਨਾਲ ਹੀ ਭਰੇ ਹੋਏ ਹਨ ਜਦੋਂ ਉਹ ਕਹਿੰਦਾ ਹੈ:

ਉਹ ਹਰ ਉਸ ਥਾਂ ਗਿਆ-ਜਿੱਥੇ ਚੈਨ ਮਿਲ ਸਕਦਾ ਸੀ-ਪਰ ਉਸ ਨੂੰ ਉਸਦੇ ਸੁਪੁਨਿਆਂ ਦੀ ਠਾਹਰ ਨਾ ਮਿਲੀਕਦੀ ਉਸਨੂੰ ਧਾਰਮਿਕ ਤਰਕਸ਼ੀਲ ਮਿਲੇ ਤੇ ਕਦੀ ਅਧਾਰਮਿਕ ਤਰਕਸ਼ੀਲਪਰ ਸਭ ਦੀਆਂ ਅੱਖਾਂ ਚ ਉਸਨੇ ਸ਼ੈਤਾਨੀ ਸੁਪਨੇ ਤਰਦੇ ਦੇਖੇਉਦੋਂ ਉਸਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਤਰਕ ਨਾਲ ਸ਼ਬਦਾਂ ਦੇ ਹਾਰ ਬਣ ਸਕਦੇ ਹਨ - ਜ਼ਿੰਦਗੀ ਦੇ ਨਹੀਂਜਦੋਂ ਅਸੀਂ ਜ਼ਿੰਦਗੀ ਨੂੰ ਤਰਕ ਨਾਲ ਪਰਿਭਾਸ਼ਤ ਕਰਨ ਤੁਰਦੇ ਹਾਂ ਤਾਂ ਉਹ ਅੱਗੇ ਜਾ ਚੁੱਕੀ ਹੁੰਦੀ ਹੈ

-----

ਅਮ੍ਰਿਤਇੱਕ ਸੰਵਾਦ ਮੁਖੀ ਨਾਵਲ ਹੈਪੰਜਾਬੀ ਨਾਵਲ ਲਿਖਣ ਦੀ ਪਰਚਲਿਤ ਵਿਧਾ ਵਿੱਚ ਇਹ ਨਾਵਲ ਨਹੀਂ ਲਿਖਿਆ ਗਿਆਇਹ ਨਾਵਲ ਅਜੋਕੇ ਸਮਿਆਂ ਵਿੱਚ ਇੱਕ ਚੇਤੰਨ ਅਤੇ ਸੰਵੇਦਨਸ਼ੀਲ ਮਨੁੱਖ ਦੀ ਮਾਨਸਿਕਤਾ ਦਾ ਪ੍ਰਗਟਾਅ ਹੈਇਕ ਅਜਿਹਾ ਮਨੁੱਖ ਜੋ ਆਪਣੇ ਆਸ ਪਾਸ ਵਾਪਰ ਰਹੀਆਂ ਘਟਨਾਵਾਂ ਅਤੇ ਵਰਤਾਰਿਆਂ ਨੂੰ ਦੇਖਕੇ ਹੈਰਾਨ ਹੋ ਰਿਹਾ ਹੈਜੋ ਇਹ ਵੀ ਅਨੁਭਵ ਕਰਦਾ ਹੈ ਕਿ ਹਰ ਪਾਸੇ ਝੂਠ, ਲੋਭ, ਮੋਹ, ਹੰਕਾਰ, ਹਉਮੈ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈਪਰ ਇਸ ਅਨ੍ਹੇਰ ਨਗਰੀ ਵਿੱਚ ਉਸ ਦੀ ਹੋਂਦ ਮਹਿਜ਼ ਇੱਕ ਰੇਤ ਦੇ ਕਿਣਕੇ ਤੋਂ ਵੱਧ ਕੁਝ ਨਹੀਂਆਮ ਆਦਮੀ ਦੀ ਕਿਧਰੇ ਵੀ ਸੁਣਵਾਈ ਨਹੀਂਇਸੇ ਲਈ ਸਮਾਜ ਵਿੱਚ ਜਦੋਂ ਵੀ ਕੁਝ ਚੰਗਾ ਜਾ ਮੰਦਾ ਵਾਪਰਦਾ ਹੈ ਤਾਂ ਆਮ ਮਨੁੱਖ ਉਸ ਵੱਲ ਕੋਈ ਦਿਲਚਸਪੀ ਨਹੀਂ ਦਿਖਾਂਦਾਉਦਾਹਰਣ ਵਜੋਂ ਦਹਿਸ਼ਤਗਰਦਾਂ ਨੇ ਮੁੰਬਈ ਦੇ ਪੰਜ ਸਿਤਾਰਾ ਹੋਟਲਾਂ ਉੱਤੇ ਹਮਲਾ ਕੀਤਾ ਜਿਸ ਵਿੱਚ 200 ਦੇ ਕਰੀਬ ਵਿਅਕਤੀ ਮਾਰੇ ਗਏ ਅਤੇ 400 ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏਦੁਨੀਆਂ ਭਰ ਦੀਆਂ ਅਖਬਾਰਾਂ ਨੇ ਇਸ ਘਟਨਾ ਨੂੰ ਆਪਣੇ ਅਖਬਾਰਾਂ ਦੇ ਮੁੱਖ ਪੰਨਿਆਂ ਦੀਆਂ ਸੁਰਖ਼ੀਆਂ ਬਣਾਇਆਵਿਸ਼ਵ ਭਰ ਦੇ ਰੇਡੀਓ/ਟੀਵੀ/ਇੰਟਰਨੈੱਟ ਨੇ ਕਈ ਕਈ ਦਿਨ ਤੱਕ ਇਸ ਘਟਨਾ ਦਾ ਚਰਚਾ ਕੀਤਾਪਰ ਕੀ ਮੁੰਬਈ ਦੀਆਂ ਝੁੱਗੀਆਂ ਝੌਂਪੜੀਆਂ ਵਿੱਚ ਰਹਿ ਰਹੇ ਅਤਿ ਦਰਜੇ ਦੇ ਗਰੀਬ ਲੋਕਾਂ ਉੱਤੇ ਇਸ ਘਟਨਾ ਦਾ ਕੋਈ ਅਸਰ ਹੋਇਆ ਹੋਵੇਗਾ? ਸ਼ਾਇਦ, ਬਿਲਕੁਲ ਨਹੀਂਇੰਡੀਆ ਦੇ ਇਨ੍ਹਾਂ ਭੁੱਖੇ ਨੰਗੇ ਲੱਖਾਂ ਲੋਕਾਂ ਦਾ ਇੰਡੀਆ ਦੇ ਇਨ੍ਹਾਂ ਮਹਿਕਾਂ ਛੱਡਦੇ ਸ਼ੀਸ਼ ਮਹੱਲਾਂ ਵਾਂਗ ਸਜੇ-ਧਜੇ ਪੰਜ ਸਿਤਾਰਾ ਹੋਟਲਾਂ ਨਾਲ ਕੀ ਵਾਸਤਾ?

----

ਜਿਉਂ ਜਿਉਂ ਗਿਆਨ ਵਿਗਿਆਨ ਦੀ ਤਰੱਕੀ ਹੋ ਰਹੀ ਹੈ ਮਨੁੱਖ ਆਪਣੇ ਆਪ ਨਾਲੋਂ ਟੁੱਟਦਾ ਜਾ ਰਿਹਾ ਹੈਉਪਭੋਗਤਾਵਾਦੀ ਸਭਿਆਚਾਰ ਦੇ ਅਸਰ ਹੇਠ ਮਨੁੱਖ ਵਸਤਾਂ ਨਾਲ ਘਰ ਭਰਨ ਦੀ ਦੌੜ ਵਿੱਚ ਹਰ ਸਮੇਂ ਤਨਾਓ ਅਤੇ ਬੇਆਰਾਮੀ ਦੀ ਹਾਲਤ ਵਿੱਚ ਜ਼ਿੰਦਗੀ ਗੁਜ਼ਾਰ ਰਿਹਾ ਹੈਵਿਗਿਆਨ ਦੀਆਂ ਨਵੀਨ ਪ੍ਰਾਪਤੀਆਂ ਮਨੁੱਖ ਨੂੰ ਤਬਾਹ ਕਰਨ ਲਈ ਵਰਤੀਆਂ ਜਾ ਰਹੀਆਂ ਹਨਰਾਜਨੀਤਿਕ ਭ੍ਰਿਸ਼ਟਾਚਾਰ ਆਪਣੀਆਂ ਸਭ ਸੀਮਾਵਾਂ ਪਾਰ ਕਰ ਰਿਹਾ ਹੈਧਾਰਮਿਕ ਕੱਟੜਵਾਦ ਵੱਲੋਂ ਫੈਲਾਇਆ ਜਾ ਰਿਹਾ ਆਤੰਕਵਾਦ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਵਾਪਰ ਸਕਦਾ ਹੈਦੇਸ਼ਾਂ ਦੀਆਂ ਸਰਕਾਰਾਂ ਹੁਣ ਲੋਕਾਂ ਦੇ ਚੁਣੇ ਹੋਏ ਪਾਰਲੀਮੈਂਟ ਮੈਂਬਰ ਨਹੀਂ ਚਲਾਉਂਦੇ; ਬਲਕਿ ਵੱਡੀਆਂ ਵੱਡੀਆਂ ਮੈਗਾ ਕੰਪਨੀਆਂ ਦੇ ਚੀਫ ਐਗਜ਼ੈਕੇਟਿਵ ਅਫਸਰ ਚਲਾਉਂਦੇ ਹਨਗਲੋਬਲੀਕਰਨ ਦੀ ਆੜ ਹੇਠ ਟੈਲੀਵੀਜ਼ਨ ਚੈਨਲਾਂ ਰਾਹੀਂ ਟੈਲੀਵੀਜ਼ਨ ਦੇ ਆਦਮ ਕੱਦ ਸਕਰੀਨਾਂ ਉੱਤੇ ਘਰ ਘਰ ਬੇਅਰਥੇ ਟੈਲੀਵੀਜ਼ਨ ਪ੍ਰੋਗਰਾਮ ਦਿਖਾਕੇ ਸਥਾਨਕ ਸਭਿਆਚਾਰਾਂ ਦੀ ਤਬਾਹੀ ਕੀਤੀ ਜਾ ਰਹੀ ਹੈਅਮਰੀਕਾ ਵਰਗੀਆਂ ਮਹਾਂ-ਸ਼ਕਤੀਆਂ ਕਿਸੇ ਵੀ ਦੇਸ਼ ਦੀ ਹਕੂਮਤ ਨੂੰ ਬਦਲਣ ਲਈ ਕੋਈ ਵੀ ਬਹਾਨਾ ਬਣਾ ਕੇ ਉਸ ਦੇਸ਼ ਉੱਤੇ ਫੌਜੀ ਹਮਲਾ ਕਰ ਸਕਦੀਆਂ ਹਨ ਅਤੇ ਲੱਖਾਂ ਲੋਕਾਂ ਦੀਆਂ ਲਾਸ਼ਾਂ ਦੇ ਢੇਰ ਲਗਾ ਕੇ ਆਪਣੇ ਆਪ ਨੂੰ ਵਿਸ਼ਵ ਅਮਨ ਦੇ ਪੁਜਾਰੀ ਹੋਣ ਦਾ ਦਾਹਵਾ ਕਰ ਸਕਦੀਆਂ ਹਨਅਜਿਹੀਆਂ ਹਾਲਤਾਂ ਵਿੱਚ ਆਖਿਰ ਆਮ ਆਦਮੀ ਆਪਣੇ ਆਪ ਨੂੰ ਹੀ ਸੁਆਲ ਕਰਨ ਲੱਗਦਾ ਹੈ ਕਿ ਕੀ ਉਸਦੀ ਕੋਈ ਬੁੱਕਤ ਹੈ? ਅਜਿਹੇ ਹੀ ਸੁਆਲਾਂ ਨਾਲ ਜੂਝ ਰਿਹਾ ਹੈ ਜਸਬੀਰ ਕਾਲਰਵੀ ਦਾ ਨਾਵਲ ਅਮ੍ਰਿਤ

-----

ਜਸਬੀਰ ਕਾਲਰਵੀ ਦਾ ਨਾਵਲ ਅਮ੍ਰਿਤਕੈਨੇਡੀਅਨ ਪੰਜਾਬੀ ਨਾਵਲ ਦੇ ਖੇਤਰ ਵਿੱਚ ਸਾਹਿਤਕ, ਸਮਾਜਿਕ, ਸਭਿਆਚਾਰਕ, ਆਰਥਿਕ, ਧਾਰਮਿਕ, ਰਾਜਨੀਤਿਕ ਅਤੇ ਦਾਰਸ਼ਨਿਕ ਪੱਖ ਤੋਂ ਵਿਚਾਰਧਾਰਕ ਪੱਧਰ ਉੱਤੇ ਗੰਭੀਰ ਸੰਵਾਦ ਛੇੜਨ ਵਾਲੇ ਚੇਤਨਾ ਭਰਪੂਰ ਵਿਚਾਰਾਂ ਦੀ ਪੇਸ਼ਕਾਰੀ ਕਰਨ ਵਾਲੇ ਕ੍ਰਾਂਤੀਕਾਰੀ ਨਾਵਲਾਂ ਦੀ ਸ਼ੇਣੀ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈਇਹ ਨਵੀਂ ਸੋਚ ਨਾਲ ਜੁੜਿਆ ਹੋਇਆ ਨਾਵਲ ਹੈਇਹ ਨਾਵਲ ਖੜੋਤੇ ਪਾਣੀਆਂ ਵਿੱਚ ਪੱਥਰ ਸੁੱਟਣ ਵਾਂਗ ਹੈਕੈਨੇਡੀਅਨ ਪੰਜਾਬੀ ਸਾਹਿਤ ਲਈ ਅਜਿਹੇ ਨਾਵਲ ਦਾ ਪ੍ਰਕਾਸ਼ਿਤ ਹੋਣਾ ਇੱਕ ਸ਼ੁੱਭ ਸ਼ਗਨ ਹੈ


Tuesday, December 8, 2009

ਸੁਖਿੰਦਰ - ਲੇਖ

ਮੁਖ਼ਾਲਿਫ਼ ਹਵਾਵਾਂ ਦੇ ਖ਼ਿਲਾਫ਼ ਮੋਹਨ ਗਿੱਲ

ਲੇਖ

ਮੋਹਨ ਗਿੱਲ ਗੁੰਝਲਦਾਰ ਸਮੱਸਿਆਵਾਂ ਬਾਰੇ ਅਨੇਕਾਂ ਪਰਤਾਂ ਵਾਲੀਆਂ ਕਵਿਤਾਵਾਂ ਲਿਖਣ ਵਾਲਾ ਕਵੀ ਨਹੀਂਉਹ ਤਾਂ ਰੋਜ਼ਾਨਾ ਜ਼ਿੰਦਗੀ ਨਾਲ ਸਬੰਧਤ ਸਮੱਸਿਆਵਾਂ ਬਾਰੇ ਸਿੱਧੀਆਂ ਸਾਧੀਆਂ ਗੱਲਾਂ ਵਰਗੀਆਂ ਕਵਿਤਾਵਾਂ ਲਿਖਣ ਵਾਲਾ ਕਵੀ ਹੈਉਸਦੀਆਂ ਕਵਿਤਾਵਾਂ ਨੂੰ ਪੂਰਬ ਤੋਂ ਪੱਛਮ ਤੱਕ ਦੇ ਸਫ਼ਰ ਦੀ ਗਾਥਾ ਵੀ ਕਿਹਾ ਜਾ ਸਕਦਾ ਹੈਮੋਹਨ ਗਿੱਲ ਦੀ ਸ਼ਾਇਰੀ ਬਾਰੇ ਗੱਲ ਕਰਨ ਲਈ ਉਸਦੀ ਕਾਵਿ-ਪੁਸਤਕ ਬਨਵਾਸ ਤੋਂ ਬਾਅਦਨੂੰ ਆਧਾਰ ਬਣਾਇਆ ਜਾ ਸਕਦਾ ਹੈਉਸ ਨੇ ਇਹ ਕਾਵਿ-ਸੰਗ੍ਰਹਿ 2007 ਵਿੱਚ ਪ੍ਰਕਾਸ਼ਿਤ ਕੀਤਾ ਸੀਉਹ ਇਸ ਤੋਂ ਪਹਿਲਾਂ ਗਿਰਝਾਂ ਦੀ ਹੜਤਾਲਨਾਮ ਦਾ ਕਾਵਿ-ਸੰਗ੍ਰਹਿ ਵੀ ਪ੍ਰਕਾਸ਼ਿਤ ਕਰ ਚੁੱਕਾ ਹੈ

-----

ਬਨਵਾਸ ਤੋਂ ਬਾਅਦਕਾਵਿ-ਸੰਗ੍ਰਹਿ ਬਾਰੇ ਗੱਲ ਇਸ ਪੁਸਤਕ ਦੀ ਪਹਿਲੀ ਹੀ ਕਵਿਤਾ ਬਨਵਾਸ ਤੋਂ ਬਾਅਦਦੀਆਂ ਹੇਠ ਲਿਖੀਆਂ ਸਤਰਾਂ ਨਾਲ ਹੀ ਸ਼ੁਰੂ ਕੀਤੀ ਜਾ ਸਕਦੀ ਹੈ:

ਬੇ-ਰੁਜ਼ਗਾਰੀ ਬਣ ਬੈਠੀ ਸੀ,

ਉਸ ਲਈ ਮਤਰੇਈ ਮਾਂ

ਰੁਜ਼ਗਾਰ ਦੀ ਖ਼ਾਤਰ ਤੁਰਿਆ ਓਧਰ

ਜਿੱਧਰ ਵੇਖੀ ਠੰਡੀ ਛਾਂ

ਆਪਣੇ ਆਪ ਨੂੰ ਦੇ ਬਨਵਾਸ

ਸੱਤ ਸਮੁੰਦਰੋਂ ਪਾਰ ਨਿਵਾਸ

-----

ਮੋਹਨ ਗਿੱਲ ਦੀਆਂ ਇਨ੍ਹਾਂ ਕਾਵਿ-ਸਤਰਾਂ ਨਾਲ ਸ਼ੁਰੂ ਹੁੰਦੀ ਹੈ ਹਜ਼ਾਰਾਂ ਹੀ ਪ੍ਰਵਾਸੀਆਂ ਦੀ ਜ਼ਿੰਦਗੀ ਦੀ ਗਾਥਾਆਪਣੀ ਜਨਮ ਭੂਮੀ ਵਿੱਚ ਰੁਜ਼ਗਾਰ ਦੇ ਵਸੀਲੇ ਤਸੱਲੀਬਖ਼ਸ਼ ਨ ਹੋਣ ਕਾਰਨ ਵਧੇਰੇ ਲੋਕ ਚੰਗੇ ਰੁਜ਼ਗਾਰ ਦੀ ਭਾਲ਼ ਵਿੱਚ ਹੋਰਨਾਂ ਧਰਤੀਆਂ ਵੱਲ ਤੁਰ ਪੈਂਦੇ ਹਨਕੋਈ ਸਮਾਂ ਸੀ ਜਦੋਂ ਕਿ ਭਾਰਤੀ ਮੂਲ ਦੇ ਲੋਕ ਚੀਨ, ਮਲਾਇਆ, ਸਿੰਘਾਪੁਰ, ਅਫਰੀਕਾ ਜਾਂ ਇੰਗਲੈਂਡ ਕੰਮ ਦੀ ਭਾਲ ਵਿੱਚ ਜਾਇਆ ਕਰਦੇ ਸਨਪਰ ਅਜੋਕੇ ਸਮਿਆਂ ਵਿੱਚ ਵਧੇਰੇ ਲੋਕ ਅਮਰੀਕਾ, ਕੈਨੇਡਾ, ਜਰਮਨੀ, ਅਸਟਰੇਲੀਆ ਜਾਂ ਆਬੋਦਾਬੀ ਵਰਗੇ ਦੇਸ਼ਾਂ ਵਿੱਚ ਪ੍ਰਵਾਸੀ ਬਣ ਕੇ ਆਉਂਦੇ ਹਨਪਹਿਲੇ ਲੋਕਾਂ ਨਾਲੋਂ ਹੁਣ ਦੇ ਪ੍ਰਵਾਸੀਆਂ ਦਾ ਵੱਡਾ ਫ਼ਰਕ ਇਹ ਹੈ ਕਿ ਪਹਿਲੇ ਸਮਿਆਂ ਵਿੱਚ ਲੋਕ ਪ੍ਰਵਾਸੀ ਦੇਸ਼ਾਂ ਵਿੱਚ ਕੁਝ ਸਾਲ ਕਮਾਈਆਂ ਕਰਕੇ ਮੁੜ ਇੰਡੀਆ ਨੂੰ ਪਰਤ ਜਾਂਦੇ ਸਨ; ਪਰ ਹੁਣ ਲੋਕ ਪ੍ਰਵਾਸੀ ਦੇਸ਼ਾਂ ਵਿੱਚ ਆਉਂਦੇ ਤਾਂ ਚੰਗੇ ਰੁਜ਼ਗਾਰ ਦੀ ਭਾਲ ਵਿੱਚ ਹੀ ਹਨ ਪਰ ਹੁਣ ਉਹ ਪ੍ਰਵਾਸੀ ਦੇਸ਼ਾਂ ਤੋਂ ਵਾਪਸ ਨਹੀਂ ਮੁੜਦੇਬਲਕਿ ਇਨ੍ਹਾਂ ਹੀ ਦੇਸ਼ਾਂ ਦੇ ਸ਼ਹਿਰੀ ਬਣਕੇ ਇੱਥੇ ਹੀ ਸਥਾਪਤ ਹੋ ਜਾਂਦੇ ਹਨ

-----

ਕੈਨੇਡਾ ਵਰਗੇ ਵਿਕਸਤ ਦੇਸ਼ ਵਿੱਚ ਪ੍ਰਵਾਸ ਕਰਨ ਵਾਲੇ ਪੰਜਾਬੀ ਮੂਲ ਦੇ ਲੋਕਾਂ ਦੀ ਇੱਕ ਵੱਡੀ ਸਭਿਆਚਾਰਕ ਸਮੱਸਿਆ ਹੈ: ਕੈਨੇਡਾ ਵਿੱਚ ਜੰਮੀ-ਪਲੀ ਨਵੀਂ ਪੀੜ੍ਹੀ ਅਤੇ ਪੰਜਾਬ, ਇੰਡੀਆ ਤੋਂ ਪ੍ਰਵਾਸ ਕਰਕੇ ਆਈ ਪੀੜ੍ਹੀ ਦੇ ਲੋਕਾਂ ਦੀ ਸੋਚ ਅਤੇ ਉਸ ਅਨੁਸਾਰ ਜਿਉਣ ਦਾ ਢੰਗਪੁਰਾਣੀ ਪੀੜ੍ਹੀ ਦੇ ਮਾਪੇ ਅਜੇ ਵੀ ਪਿੱਛੇ ਛੱਡ ਆਏ ਦੇਸ਼ ਦੇ ਚਰਚੇ ਕਰਕੇ ਖ਼ੁਸ਼ੀ ਮਹਿਸੂਸ ਕਰਦੇ ਹਨ; ਪਰ ਬੱਚੇ ਪਰਾ-ਆਧੁਨਿਕ ਸਮਿਆਂ ਦੀ ਤਕਨਾਲੋਜੀ ਕੰਮਪੀਊਟਰ, ਇੰਟਰਨੈੱਟ, ਟੀਵੀ ਆਦਿ ਵਿੱਚ ਉਲਝੇ ਰਹਿ ਕੇ ਆਪਣਾ ਮਨ-ਪ੍ਰਚਾਵਾ ਕਰਦੇ ਹਨਚਰਚਾ ਅਧੀਨ ਆਏ ਕਾਵਿ-ਸੰਗ੍ਰਹਿ ਬਨਵਾਸ ਤੋਂ ਬਾਅਦਦੀ ਕਵਿਤਾ ਯੁਗ ਦਾ ਸਫ਼ਰਅਜਿਹੇ ਵਿਚਾਰਾਂ ਦਾ ਹੀ ਪ੍ਰਗਟਾਵਾ ਕਰਦੀ ਹੈ:

ਬਾਪੂ ਹਾਲੇ ਵੀ,

ਗੱਲ ਗੱਲ ਤੇ ਗਾਉਂਦਾ ਹੈ,

ਮਾਲਵੇ, ਮਾਝੇ ਅਤੇ

ਦੁਆਬੇ ਦੀ ਗਾਥਾ

ਪੁੱਤਰ, ਕੰਪਿਊਟਰ ਤੇ ਬੈਠ,

ਨਚਾਉਂਦਾ ਹੈ ਪੋਟਿਆਂ ਤੇ

ਸਾਰੀ ਦੁਨੀਆਂ

-----

ਪਰ ਇਹੀ ਖੇਡਾਂ ਜੋ ਬਚਪਨ ਵਿੱਚ ਬੱਚਿਆਂ ਲਈ ਮਨ-ਪ੍ਰਚਾਵੇ ਦਾ ਸਾਧਨ ਹੁੰਦੀਆਂ ਹਨ, ਵੱਡੇ ਹੋ ਕੇ ਉਨ੍ਹਾਂ ਦੀ ਮਾਨਸਿਕਤਾ ਦਾ ਹਿੱਸਾ ਬਣ ਜਾਂਦੀਆਂ ਹਨ- ਉਨ੍ਹਾਂ ਦੇ ਜ਼ਿੰਦਗੀ ਜਿਊਣ ਦਾ ਢੰਗ ਬਣ ਜਾਂਦੀਆਂ ਹਨਤੰਦ ਯਾਦਾਂ ਦੇਕਵਿਤਾ ਵਿੱਚ ਮੋਹਨ ਗਿੱਲ ਪ੍ਰਵਾਸ ਵਿੱਚ ਵੱਡੇ ਹੋ ਰਹੇ ਬੱਚਿਆਂ ਦੀ ਬਣ ਰਹੀ ਮਾਨਸਿਕਤਾ ਬਾਰੇ ਚਰਚਾ ਕਰਨ ਦੇ ਬਹਾਨੇ ਪਿੱਛੇ ਛੱਡ ਕੇ ਆਏ ਦੇਸ਼ ਅਤੇ ਨਵੇਂ ਅਪਣਾਏ ਦੇਸ਼ ਦੇ ਸਭਿਆਚਾਰਕ ਵੱਖਰੇਵਿਆਂ ਬਾਰੇ ਵੀ ਚਰਚਾ ਛੇੜ ਜਾਂਦਾ ਹੈ:

ਮਾਏ ਨੀ! ਇਸ ਦੇਸ਼ ਚ ਬੱਚੇ

ਲੁਕਣ ਮੀਟੀਆਂ ਦਾਈਆ ਦੁੱਕੜੇ,

ਗੁੱਲੀ ਡੰਡਾ ਕੁਝ ਨਾ ਖੇਡਣ

ਘਰ ਦੀ ਚਾਰ ਦੀਵਾਰੀ ਅੰਦਰ,

ਕੁੱਕੜਾਂ ਵਾਂਗੂੰ ਤਾੜੇ ਰਹਿੰਦੇ

ਜਦ ਰੋਵਣ ਤਾਂ-

ਮਾਂ ਜਾਂ ਬਾਪ, ਬਾਜ਼ਾਰ ਲਿਜਾ ਕੇ,

ਕੁਝ ਖਿਡੌਣੇ ਲੈ ਦਿੰਦੇ ਨੇ

ਜਦ ਉਸ ਖੇਡ ਤੋਂ,

ਬੱਚੇ ਦਾ ਮਨ ਭਰ ਜਾਂਦਾ ਹੈ,

ਨਵੇਂ ਖਿਡੌਣੇ ਲਿਆ ਦਿੰਦੇ ਨੇ

ਸ਼ਾਇਦ ਇਸੇ ਲਈ-

ਛੋਟੀ ਉਮਰ ਖਿਡੌਣੇ ਬਦਲਣ,

ਵੱਡੇ ਹੋ ਕੇ,

ਨਿੱਤ ਨਵੇਂ ਇਹ ਸਾਥੀ ਬਦਲਣ

------

ਭਾਵੇਂ ਇਨ੍ਹਾਂ ਪ੍ਰਵਾਸੀਆਂ ਨੂੰ, ਅਕਸਰ, ਪਿੱਛੇ ਛੱਡ ਕੇ ਆਏ ਦੇਸ਼ ਦਾ ਹੇਰਵਾ ਸਤਾਉਂਦਾ ਹੈ-ਪਰ ਉਹ ਇਸ ਸਚਾਈ ਨੂੰ ਵੀ ਸਵੀਕਾਰਦੇ ਹਨ ਕਿ ਨਵੇਂ ਅਪਣਾਏ ਦੇਸ਼ ਵਿੱਚ ਉਨ੍ਹਾਂ ਵੱਲੋਂ ਕੀਤੇ ਹੋਏ ਕੰਮ ਦਾ ਸਹੀ ਮੁੱਲ ਪੈਂਦਾ ਹੈ ਅਤੇ ਉਹ ਇਸ ਦੇ ਮਾਹੌਲ ਵਿੱਚ ਸੌਖਾਲੇ ਮਹਿਸੂਸ ਕਰਦੇ ਹਨਮੋਹਨ ਗਿੱਲ ਆਪਣੀ ਕਵਿਤਾ ਤੰਦ ਯਾਦਾਂ ਦੇਵਿੱਚ ਇਹ ਗੱਲ ਕਹਿਣ ਵਿੱਚ ਵੀ ਝਿਜਕ ਮਹਿਸੂਸ ਨਹੀਂ ਕਰਦਾ:

ਇਸ ਦੇਸ਼ ਵਿੱਚ-

ਕੀਤੇ ਕੰਮ ਦਾ ਮੁੱਲ ਮਿਲਦਾ ਹੈ

ਨਿੱਤ ਹੀ ਮਾਏ-

ਫੁੱਲਾਂ ਵਰਗਾ ਦਿਨ ਚੜ੍ਹਦਾ ਹੈ

ਮੋਹਨ ਗਿੱਲ ਇੱਕ ਚੇਤੰਨ ਸ਼ਾਇਰ ਹੈਉਹ ਆਪਣੀ ਸ਼ਾਇਰੀ ਵਿੱਚ ਭਾਰਤੀ ਮਿਥਿਹਾਸ ਦੇ ਹਵਾਲਿਆਂ ਦੀ ਵਰਤੋਂ ਕਰਕੇ ਅਜੋਕੇ ਸਮਿਆਂ ਦੀਆਂ ਘਟਨਾਵਾਂ ਨੂੰ ਹੋਰ ਵਧੇਰੇ ਅਰਥਭਰਪੂਰ ਬਣਾਉਣ ਦੇ ਯਤਨ ਕਰਦਾ ਹੈ

-----

ਭਾਰਤੀ ਮਿਥਿਹਾਸ ਵਿੱਚ ਰਾਮਅਤੇ ਰਾਵਣਦਾ ਜ਼ਿਕਰ ਆਉਂਦਾ ਹੈਜਿਸ ਵਿੱਚ ਰਾਮਨੂੰ ਇੱਕ ਮਨੁੱਖ ਵਿੱਚ ਹੋਣ ਵਾਲੇ ਚੰਗੇ ਗੁਣਾਂ ਨਾਲ ਜੋੜਿਆ ਜਾਂਦਾ ਹੈ ਅਤੇ ਰਾਵਣਨੂੰ ਬੀਮਾਰ ਮਾਨਸਿਕਤਾ ਵਾਲੇ ਮਨੁੱਖ ਨਾਲਭਾਰਤੀ ਸਮਾਜ ਵਿੱਚ ਹਰ ਸਾਲ ਦੁਸਹਿਰੇ ਦੇ ਮੌਕੇ ਰਾਵਣਦਾ ਬੁੱਤ ਬਣਾ ਕੇ ਸਾੜਿਆ ਜਾਂਦਾ ਹੈਇਸ ਤਰ੍ਹਾਂ ਸੱਚਦੀ ਝੂਠਉੱਤੇ ਜਿੱਤ ਦਾ ਜਸ਼ਨ ਮਣਾਇਆ ਜਾਂਦਾ ਹੈ; ਪਰ ਜਸ਼ਨਨਾਮ ਦੀ ਕਵਿਤਾ ਰਾਹੀਂ ਮੋਹਨ ਗਿੱਲ ਸਾਨੂੰ ਇਸ ਗੱਲ ਦਾ ਅਹਿਸਾਸ ਕਰਵਾਉਣਾ ਚਾਹੁੰਦਾ ਹੈ ਕਿ ਚਿੰਨ੍ਹਾਤਮਕ ਤੌਰ ਉੱਤੇ ਹਰ ਸਾਲ ਰਾਵਣ ਦਾ ਬੁੱਤ ਸਾੜ ਦੇਣ ਨਾਲ ਸਮੱਸਿਆ ਹੱਲ ਨਹੀਂ ਹੋ ਸਕਦੀਰਾਵਣ ਵਰਗੀ ਬੀਮਾਰ ਮਾਨਸਿਕਤਾ ਵਾਲੇ ਮਨੁੱਖ ਤਾਂ ਹਰ ਪਲ ਸਾਡੇ ਆਸ ਪਾਸ ਗਲੀ ਗਲੀ ਵਿੱਚ ਅਤੇ ਸੜਕ ਸੜਕ ਉੱਤੇ ਘੁੰਮਦੇ ਫਿਰਦੇ ਹਨਉਸ ਨੂੰ ਇਸ ਗੱਲ ਦਾ ਵੀ ਅਹਿਸਾਸ ਹੈ ਕਿ ਬੀਮਾਰ ਮਾਨਸਿਕਤਾ ਵਾਲੇ ਲੋਕਾਂ ਦੀ ਚੇਤਨਤਾ ਇੱਕ ਦਿਨ ਵਿੱਚ ਬਦਲੀ ਨਹੀਂ ਜਾ ਸਕਦੀਇਸ ਪ੍ਰਾਪਤੀ ਲਈ ਨਿਰੰਤਰ ਅਤੇ ਲੰਬੀ ਜੱਦੋ-ਜਹਿਦ ਕਰਨ ਦੀ ਲੋੜ ਹੈ

-----

ਬਨਵਾਸ ਤੋਂ ਬਾਅਦਕਾਵਿ-ਸੰਗ੍ਰਹਿ ਵਿੱਚ ਮੋਹਨ ਗਿੱਲ ਉਸ ਸਮੇਂ ਵਧੇਰੇ ਪ੍ਰਭਾਵਸ਼ਾਲੀ ਲੱਗਦਾ ਹੈ ਜਦੋਂ ਉਹ ਆਪਣੀ ਕਵਿਤਾ ਵਿੱਚ ਪੰਜਾਬੀ/ਭਾਰਤੀ ਸਮਾਜ ਨੂੰ ਪੇਸ਼ ਆ ਰਹੀਆਂ ਅਜੋਕੇ ਸਮੇਂ ਦੀਆਂ ਸਮਾਜਿਕ/ਸਭਿਆਚਾਰਕ ਸਮੱਸਿਆਵਾਂ ਦਾ ਚਰਚਾ ਕਰਦਾ ਹੈ

ਪੰਜਾਬੀ ਸਮਾਜ ਵਿੱਚ ਸਾਡੇ ਰਹਿਨੁਮਾਵਾਂ ਨੇ ਭਾਵੇਂ ਥਾਂ ਥਾਂ ਆਪਣੀਆਂ ਲਿਖਤਾਂ ਅਤੇ ਪ੍ਰਵਚਨਾਂ ਵਿੱਚ ਔਰਤ ਜ਼ਾਤ ਉੱਤੇ ਹੁੰਦੇ ਜ਼ੁਲਮਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈਉਨ੍ਹਾਂ ਨੇ ਔਰਤ ਅਤੇ ਮਰਦ ਦੀ ਸਮਾਜਕ ਬਰਾਬਰੀ ਦੀ ਵੀ ਗੱਲ ਕੀਤੀ ਹੈ; ਪਰ ਇਨ੍ਹਾਂ ਗੱਲਾਂ ਦਾ ਸਮਾਜ ਦੇ ਕੁਝ ਹਿੱਸੇ ਉੱਤੇ ਕੋਈ ਅਸਰ ਨਹੀਂ ਹੋ ਰਿਹਾਉਹ ਆਪਣੀ ਹਉਮੈਂ ਅਤੇ ਹੰਕਾਰ ਦੇ ਭਰੇ ਆਪਣੀਆਂ ਪਤਨੀਆਂ/ਧੀਆਂ/ਨੂੰਹਾਂ ਉੱਤੇ ਅਤਿਆਚਾਰ ਕਰਕੇ ਮਾਨਸਿਕ ਸੰਤੁਸ਼ਟੀ ਪ੍ਰਾਪਤ ਕਰਨ ਵਿੱਚ ਹੀ ਫ਼ਖਰ਼ ਮਹਿਸੂਸ ਕਰਦੇ ਹਨ

-----

ਇਸ ਸੰਦਰਭ ਵਿੱਚ ਮੋਹਨ ਗਿੱਲ ਦੀ ਕਵਿਤਾ ਤਿੰਨ ਕੁੜੀਆਂਦੀਆਂ ਹੇਠ ਲਿਖੀਆਂ ਸਤਰਾਂ ਸਾਡਾ ਵਿਸ਼ੇਸ਼ ਧਿਆਨ ਖਿੱਚਦੀਆਂ ਹਨਇਹ ਸਤਰਾਂ ਕੈਨੇਡਾ ਚ ਜ਼ਾਲਮ ਮਰਦਾਂ ਹੱਥੋਂ ਮਰ ਚੁੱਕੀਆਂ ਤਿੰਨ ਪੰਜਾਬਨਾਂ ਗੁਰਜੀਤ ਘੁੰਮਣ, ਨਵਰੀਤ ਵੜੈਚ ਅਤੇ ਮਨਜੀਤ ਪਾਂਗਲੀ ਦੀ ਯਾਦ ਦੁਆਂਦੀਆ ਹਨ:

1.ਉਂਝ ਤਾਂ ਮਾਨਵ ਪੱਥਰ ਯੁੱਗ ਤੋਂ,

ਕੰਪਿਊਟਰ ਤੱਕ ਆ ਪਹੁੰਚਾ

ਪੱਥਰ ਯੁਗ ਦੀ ਕੋਝੀ ਸੋਚ ਦੀ,

ਭੇਟਾ ਚੜ੍ਹੀਆਂ ਤਿੰਨ ਕੁੜੀਆਂ

----

2. ਪਰਦੇਸਾਂ ਦੀ ਧਰਤੀ ਉਤੇ,

ਜੰਮੀਆਂ ਪਲੀਆਂ ਤਿੰਨ ਕੁੜੀਆਂ

ਗੋਲੀ, ਚਾਕੂ ਤੇ ਅਗਨੀ ਦੀ,

ਭੇਟਾ ਚੜ੍ਹੀਆਂ ਤਿੰਨ ਕੁੜੀਆਂ

-----

ਪੰਜਾਬੀ ਸਮਾਜ ਇੱਕ ਹੋਰ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ-ਅਣਜੰਮੀਆਂ ਧੀਆਂ ਦਾ ਮਾਂ ਦੀ ਕੁੱਖ ਵਿੱਚ ਹੀ ਕ਼ਤਲ ਕੀਤਾ ਜਾਣਾਅਲਟਰਾ ਸਾਊਂਡ ਤਕਨਾਲੋਜੀ ਦੀ ਈਜਾਦ ਹੋਣ ਤੋਂ ਬਾਹਦ ਇਹ ਕੰਮ ਹੋਰ ਵੀ ਜ਼ਿਆਦਾ ਵੱਧ ਗਿਆ ਹੈਇਸ ਸਮੱਸਿਆ ਨੂੰ ਅਜਿਹੇ ਪੰਜਾਬੀ ਗਾਇਕਾਂ ਅਤੇ ਪੰਜਾਬੀ ਸਭਿਆਚਾਰ ਦੇ ਅਖੌਤੀ ਪ੍ਰਚਾਰਕਾਂ ਨੇ ਵੀ ਵਧਾਇਆ ਹੈ ਜੋ ਪੁੱਤਰ ਮਿੱਠੜੇ ਮੇਵੇਦੇ ਗੀਤ ਗਾ ਗਾ ਕੇ ਪੰਜਾਬੀਆਂ ਦੀ ਮਾਨਸਿਕਤਾ ਵਿੱਚ ਜ਼ਹਿਰ ਘੋਲ ਰਹੇ ਹਨਅਜੋਕੇ ਸਮਿਆਂ ਵਿੱਚ ਜਦੋਂ ਕਿ ਔਰਤ ਵੀ ਹਰ ਉਹ ਕੰਮ ਕਰਨ ਦੇ ਕਾਬਿਲ ਹੋ ਚੁੱਕੀ ਹੈ ਜੋ ਮਰਦ ਕਰ ਸਕਦਾ ਹੈ ਤਾਂ ਅਜਿਹਾ ਵਿਤਕਰਾ ਕਿਉਂ? ਇਸ ਵਿਤਕਰੇ ਲਈ ਅਨੇਕਾਂ ਉਹ ਭਾਰਤੀ ਧਾਰਮਿਕ/ਸਮਾਜਿਕ/ਸਭਿਆਚਾਰਕ/ਦਾਰਸ਼ਨਿਕ ਗ੍ਰੰਥ ਵੀ ਜ਼ਿੰਮੇਵਾਰ ਹਨ ਜਿਨ੍ਹਾਂ ਵਿੱਚ ਔਰਤ ਨੂੰ ਮਰਦ ਦੇ ਮੁਕਾਬਲੇ ਵਿੱਚ ਜਾਨਵਰ ਦੀ ਪੱਧਰ ਦਾ ਦਿਖਾਇਆ ਗਿਆ ਹੈਅਜਿਹੇ ਜ਼ਹਿਰ ਭਰੇ ਸ਼ਬਦਾਂ ਵਾਲੇ ਇਨ੍ਹਾਂ ਗ੍ਰੰਥਾਂ ਦਾ ਪਾਠ ਅਸੀਂ ਹਜ਼ਾਰਾਂ ਸਾਲਾਂ ਤੋਂ ਕਰਦੇ ਆ ਰਹੇ ਹਾਂਮਰਦ ਪ੍ਰਧਾਨ ਸਮਾਜ ਦੇ ਪ੍ਰਚਾਰਕ ਅਨੇਕਾਂ ਭਾਰਤੀ/ਪੰਜਾਬੀ ਲੇਖਕਾਂ ਨੇ ਔਰਤ ਜ਼ਾਤ ਦੇ ਖ਼ਿਲਾਫ਼ ਜ਼ਹਿਰ ਉਗਲ਼ੀ ਹੈ ਅਤੇ ਉਸਨੂੰ ਪੈਰ ਦੀ ਜੁੱਤੀ ਦੇ ਬਰਾਬਰ ਕਿਹਾ ਹੈਮੋਹਨ ਗਿੱਲ ਅਜਿਹੇ ਗ਼ੈਰ-ਜਿੰਮੇਵਾਰ ਲੇਖਕਾਂ ਦੀ ਢਾਣੀ ਵਿੱਚ ਸ਼ਾਮਿਲ ਨਹੀਂਉਹ ਅਜਿਹੇ ਲੇਖਕਾਂ/ਗ੍ਰੰਥਾਂ ਦੇ ਵਿਚਾਰਾਂ ਨੂੰ ਰੱਦ ਕਰਦਾ ਹੋਇਆ ਔਰਤ ਜ਼ਾਤ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰਦਾ ਹੈਇਸ ਸਿਲਸਿਲੇ ਵਿੱਚ ਉਸ ਦੀਆਂ ਕਵਿਤਾਵਾਂ ਦੁਆ’, ‘ਸਾਹਿਬਾਂਅਤੇ ਫ਼ੱਕਰਾਂ ਦੇ ਢੋਲੇਦੀਆਂ ਹੇਠ ਲਿਖੀਆਂ ਸਤਰਾਂ ਵਿਸ਼ੇਸ਼ ਮਹੱਤਵ ਰੱਖਦੀਆਂ ਹਨ:

1.ਕੁੱਖ ਦੇ ਅੰਦਰ ਪਲਦੀ ਬੇਟੀ,

ਨਾ ਕੋਈ ਕ਼ਤਲ ਕਰਾਏ

ਉਸ ਬੇਟੀ ਨੂੰ ਲੱਗ ਜਾਵਣ,

ਇਸ ਜੱਗ ਦੀਆਂ ਸਰਬ ਦੁਆਵਾਂ

-----

2.ਸਾਹਿਬਾਂ ਨੂੰ ਕਿਉਂ ਨਿੰਦੋ ਲੋਕੋ,

ਸਾਹਿਬਾਂ ਵਿਚਾਰੀ ਕੀਹ ਕਰੇ?

ਉਹ ਮੰਦ ਭਾਗਣ ਚਾਹੁੰਦੀ ਸੀ,

ਨਾ ਵੀਰ ਮਰਨ, ਨਾ ਯਾਰ ਮਰੇ

-----

3.ਕੁੱਖ ਵਿੱਚ ਕਤਲ ਕਰਾਕੇ ਬੇਟੀ,

ਮਾਂ ਕਿਸ ਨੂੰ ਦੁੱਖ ਦੱਸਣ ਜਾਏ

-----

ਮੋਹਨ ਗਿੱਲ ਜਾਗਦੀ ਅੱਖ ਵਾਲਾ ਸ਼ਾਇਰ ਹੈਇਸ ਕਾਵਿ-ਸੰਗ੍ਰਹਿ ਵਿੱਚ ਉਸ ਨੇ ਅਨੇਕਾਂ ਹੋਰ ਵਿਸ਼ਿਆਂ ਬਾਰੇ ਵੀ ਕਵਿਤਾਵਾਂ ਲਿਖੀਆਂ ਹਨਜ਼ਿੰਦਗੀ ਦੇ ਜਿਸ ਖੇਤਰ ਵਿੱਚ ਵੀ ਮਨੁੱਖ ਵਿਰੋਧੀ ਹਵਾਵਾਂ ਚੱਲਦੀਆਂ ਹਨ - ਮੋਹਨ ਗਿੱਲ ਬਿਨ੍ਹਾਂ ਕਿਸੇ ਝਿਜਕ ਦੇ ਉਨ੍ਹਾਂ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਦਾ ਹੈਇਹ ਮਨੁੱਖ ਵਿਰੋਧੀ ਮਾਨਸਿਕਤਾ ਦੇ ਧਾਰਨੀ ਚਾਹੇ ਵਿਸ਼ਵ ਦੇ ਕੋਨੇ ਕੋਨੇ ਵਿੱਚ ਜੰਗ ਦੇ ਭਾਂਬੜ ਬਾਲਣ ਵਾਲੇ ਹੋਣ; ਔਰਤਾਂ ਅਤੇ ਬੱਚਿਆਂ ਉੱਤੇ ਅਤਿਆਚਾਰ ਕਰਨ ਵਾਲੇ ਹੋਣ; ਰੰਗ, ਧਰਮ, ਨਸਲ ਦੇ ਨਾਮ ਉੱਤੇ ਫਿਰਕੂ ਦੰਗੇ ਕਰਵਾ ਕੇ ਲੋਕਾਂ ਦੇ ਖ਼ੂਨ ਨਾਲ ਹੋਲੀ ਖੇਡਣ ਵਾਲੇ ਹੋਣ; ਹਿਟਲਰ ਦੇ ਕਦਮ ਚਿੰਨ੍ਹਾਂ ਉੱਤੇ ਤੁਰਨ ਵਾਲੇ ਧਾਰਮਿਕ ਕੱਟੜਵਾਦੀ ਦਹਿਸ਼ਤਗਰਦ ਹੋਣ; ਹਉਮੈ ਅਤੇ ਹੰਕਾਰ ਵਿੱਚ ਨੱਕਾਂ ਚੋਂ ਠੂੰਹੇਂ ਸੁੱਟਦੇ ਫਿਰਦੇ ਸਮਾਜਿਕ, ਰਾਜਨੀਤਿਕ, ਸਾਹਿਤਕ ਜਾਂ ਧਾਰਮਿਕ ਆਗੂ ਹੋਣ ਅਤੇ ਚਾਹੇ ਕੈਨੇਡੀਅਨ ਪੰਜਾਬੀ ਮੀਡੀਆ ਉੱਤੇ ਕਾਬਜ਼ ਹੋ ਚੁੱਕੇ ਅਨਪੜ੍ਹ, ਗੰਵਾਰ, ਧਾਰਮਿਕ ਕੱਟੜਵਾਦੀ ਦੱਲੇ ਅਤੇ ਸਦਾ ਸ਼ਰਾਬ ਦੇ ਨਸ਼ੇ ਵਿੱਚ ਗੁੱਟ ਰਹਿਣ ਵਾਲੇ ਸ਼ਰਾਬੀ ਲੱਠਮਾਰ ਹੋਣ- ਮੋਹਨ ਗਿੱਲ ਬੇਲਿਹਾਜ਼ ਹੋ ਕੇ ਉਨ੍ਹਾਂ ਨੂੰ ਆਪਣੀ ਆਲੋਚਨਾ ਦਾ ਨਿਸ਼ਾਨਾ ਬਣਾਉਂਦਾ ਹੈ

-----

ਇੱਕ ਸੁਚੇਤ ਕਵੀ ਹੋਣ ਵਜੋਂ ਬਨਵਾਸ ਤੋਂ ਬਾਅਦਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਮੋਹਨ ਗਿੱਲ ਦੀਆਂ ਇਹ ਕਵਿਤਾਵਾਂ ਹਨ੍ਹੇਰੀ ਰਾਤ ਵਿੱਚ ਜਗਦੀ ਮਿਸ਼ਾਲ ਵਾਂਗੂੰ ਹਨਮੁਖ਼ਾਲਿਫ਼ ਹਵਾਵਾਂ ਦੇ ਖ਼ਿਲਾਫ਼ ਤੁਰਨ ਦੀ ਹਰੇਕ ਲੇਖਕ ਵਿੱਚ ਹਿੰਮਤ ਨਹੀਂ ਹੁੰਦੀਵਧੇਰੇ ਲੇਖਕ ਤਾਂ ਹਾਲਤਾਂ ਨਾਲ ਸਮਝੌਤਾ ਕਰਕੇ ਸਮੱਸਿਆਵਾਂ ਵੱਲੋਂ ਅੱਖਾਂ ਮੀਟ ਲੈਂਦੇ ਹਨ ਅਤੇ ਸਮੇਂ ਦੇ ਭ੍ਰਿਸ਼ਟ ਰਾਜਨੀਤੀਵਾਨਾਂ ਦੇ ਗੁਣ ਗਾਇਣ ਕਰ ਕਰਕੇ ਡਾਲਰਾਂ ਨਾਲ ਆਪਣੀਆਂ ਜੇਬਾਂ ਭਰਨਾਂ ਅਤੇ ਗੁਰਦੁਆਰਿਆਂ, ਮੰਦਰਾਂ, ਮਸਜਿਦਾਂ ਅਤੇ ਗਿਰਜਿਆਂ ਉੱਤੇ ਕਾਬਿਜ਼ ਧਾਰਮਿਕ ਕੱਟੜਵਾਦੀ ਫਿਰਕੂ ਦਹਿਸ਼ਤਗਰਦ ਪ੍ਰਬੰਧਕਾਂ ਤੋਂ ਸਰੋਪੇ ਪ੍ਰਾਪਤ ਕਰਨਾ ਹੀ ਆਪਣੀ ਜ਼ਿੰਦਗੀ ਦਾ ਮੰਤਵ ਮਿੱਥ ਲੈਂਦੇ ਹਨ

----

ਮੋਹਨ ਗਿੱਲ ਮੁਖ਼ਾਲਿਫ਼ ਹਵਾਵਾਂ ਦੇ ਖ਼ਿਲਾਫ਼ ਉੱਡ ਰਿਹਾ ਪਰਿੰਦਾ ਹੈ; ਇਹੀ ਗੱਲ ਉਸਦੀਆਂ ਕਵਿਤਾਵਾਂ ਵਿੱਚ ਪ੍ਰਗਟਾਏ ਗਏ ਉਸਦੇ ਵਿਚਾਰਾਂ ਨੂੰ ਵਿਸ਼ਵਾਸਯੋਗ ਬਣਾਉਂਦੀ ਹੈ ਅਤੇ ਉਸਦੀਆਂ ਕਵਿਤਾਵਾਂ ਨੂੰ ਮਾਨਣਯੋਗ ਵੀ