ਲੇਖ
ਮੋਹਨ ਗਿੱਲ ਗੁੰਝਲਦਾਰ ਸਮੱਸਿਆਵਾਂ ਬਾਰੇ ਅਨੇਕਾਂ ਪਰਤਾਂ ਵਾਲੀਆਂ ਕਵਿਤਾਵਾਂ ਲਿਖਣ ਵਾਲਾ ਕਵੀ ਨਹੀਂ। ਉਹ ਤਾਂ ਰੋਜ਼ਾਨਾ ਜ਼ਿੰਦਗੀ ਨਾਲ ਸਬੰਧਤ ਸਮੱਸਿਆਵਾਂ ਬਾਰੇ ਸਿੱਧੀਆਂ ਸਾਧੀਆਂ ਗੱਲਾਂ ਵਰਗੀਆਂ ਕਵਿਤਾਵਾਂ ਲਿਖਣ ਵਾਲਾ ਕਵੀ ਹੈ। ਉਸਦੀਆਂ ਕਵਿਤਾਵਾਂ ਨੂੰ ਪੂਰਬ ਤੋਂ ਪੱਛਮ ਤੱਕ ਦੇ ਸਫ਼ਰ ਦੀ ਗਾਥਾ ਵੀ ਕਿਹਾ ਜਾ ਸਕਦਾ ਹੈ। ਮੋਹਨ ਗਿੱਲ ਦੀ ਸ਼ਾਇਰੀ ਬਾਰੇ ਗੱਲ ਕਰਨ ਲਈ ਉਸਦੀ ਕਾਵਿ-ਪੁਸਤਕ ‘ਬਨਵਾਸ ਤੋਂ ਬਾਅਦ’ ਨੂੰ ਆਧਾਰ ਬਣਾਇਆ ਜਾ ਸਕਦਾ ਹੈ। ਉਸ ਨੇ ਇਹ ਕਾਵਿ-ਸੰਗ੍ਰਹਿ 2007 ਵਿੱਚ ਪ੍ਰਕਾਸ਼ਿਤ ਕੀਤਾ ਸੀ। ਉਹ ਇਸ ਤੋਂ ਪਹਿਲਾਂ ‘ਗਿਰਝਾਂ ਦੀ ਹੜਤਾਲ’ ਨਾਮ ਦਾ ਕਾਵਿ-ਸੰਗ੍ਰਹਿ ਵੀ ਪ੍ਰਕਾਸ਼ਿਤ ਕਰ ਚੁੱਕਾ ਹੈ।
-----
‘ਬਨਵਾਸ ਤੋਂ ਬਾਅਦ’ ਕਾਵਿ-ਸੰਗ੍ਰਹਿ ਬਾਰੇ ਗੱਲ ਇਸ ਪੁਸਤਕ ਦੀ ਪਹਿਲੀ ਹੀ ਕਵਿਤਾ ‘ਬਨਵਾਸ ਤੋਂ ਬਾਅਦ’ ਦੀਆਂ ਹੇਠ ਲਿਖੀਆਂ ਸਤਰਾਂ ਨਾਲ ਹੀ ਸ਼ੁਰੂ ਕੀਤੀ ਜਾ ਸਕਦੀ ਹੈ:
ਬੇ-ਰੁਜ਼ਗਾਰੀ ਬਣ ਬੈਠੀ ਸੀ,
ਉਸ ਲਈ ਮਤਰੇਈ ਮਾਂ।
ਰੁਜ਼ਗਾਰ ਦੀ ਖ਼ਾਤਰ ਤੁਰਿਆ ਓਧਰ
ਜਿੱਧਰ ਵੇਖੀ ਠੰਡੀ ਛਾਂ।
ਆਪਣੇ ਆਪ ਨੂੰ ਦੇ ਬਨਵਾਸ।
ਸੱਤ ਸਮੁੰਦਰੋਂ ਪਾਰ ਨਿਵਾਸ।
-----
ਮੋਹਨ ਗਿੱਲ ਦੀਆਂ ਇਨ੍ਹਾਂ ਕਾਵਿ-ਸਤਰਾਂ ਨਾਲ ਸ਼ੁਰੂ ਹੁੰਦੀ ਹੈ ਹਜ਼ਾਰਾਂ ਹੀ ਪ੍ਰਵਾਸੀਆਂ ਦੀ ਜ਼ਿੰਦਗੀ ਦੀ ਗਾਥਾ। ਆਪਣੀ ਜਨਮ ਭੂਮੀ ਵਿੱਚ ਰੁਜ਼ਗਾਰ ਦੇ ਵਸੀਲੇ ਤਸੱਲੀਬਖ਼ਸ਼ ਨ ਹੋਣ ਕਾਰਨ ਵਧੇਰੇ ਲੋਕ ਚੰਗੇ ਰੁਜ਼ਗਾਰ ਦੀ ਭਾਲ਼ ਵਿੱਚ ਹੋਰਨਾਂ ਧਰਤੀਆਂ ਵੱਲ ਤੁਰ ਪੈਂਦੇ ਹਨ। ਕੋਈ ਸਮਾਂ ਸੀ ਜਦੋਂ ਕਿ ਭਾਰਤੀ ਮੂਲ ਦੇ ਲੋਕ ਚੀਨ, ਮਲਾਇਆ, ਸਿੰਘਾਪੁਰ, ਅਫਰੀਕਾ ਜਾਂ ਇੰਗਲੈਂਡ ਕੰਮ ਦੀ ਭਾਲ ਵਿੱਚ ਜਾਇਆ ਕਰਦੇ ਸਨ। ਪਰ ਅਜੋਕੇ ਸਮਿਆਂ ਵਿੱਚ ਵਧੇਰੇ ਲੋਕ ਅਮਰੀਕਾ, ਕੈਨੇਡਾ, ਜਰਮਨੀ, ਅਸਟਰੇਲੀਆ ਜਾਂ ਆਬੋਦਾਬੀ ਵਰਗੇ ਦੇਸ਼ਾਂ ਵਿੱਚ ਪ੍ਰਵਾਸੀ ਬਣ ਕੇ ਆਉਂਦੇ ਹਨ। ਪਹਿਲੇ ਲੋਕਾਂ ਨਾਲੋਂ ਹੁਣ ਦੇ ਪ੍ਰਵਾਸੀਆਂ ਦਾ ਵੱਡਾ ਫ਼ਰਕ ਇਹ ਹੈ ਕਿ ਪਹਿਲੇ ਸਮਿਆਂ ਵਿੱਚ ਲੋਕ ਪ੍ਰਵਾਸੀ ਦੇਸ਼ਾਂ ਵਿੱਚ ਕੁਝ ਸਾਲ ਕਮਾਈਆਂ ਕਰਕੇ ਮੁੜ ਇੰਡੀਆ ਨੂੰ ਪਰਤ ਜਾਂਦੇ ਸਨ; ਪਰ ਹੁਣ ਲੋਕ ਪ੍ਰਵਾਸੀ ਦੇਸ਼ਾਂ ਵਿੱਚ ਆਉਂਦੇ ਤਾਂ ਚੰਗੇ ਰੁਜ਼ਗਾਰ ਦੀ ਭਾਲ ਵਿੱਚ ਹੀ ਹਨ ਪਰ ਹੁਣ ਉਹ ਪ੍ਰਵਾਸੀ ਦੇਸ਼ਾਂ ਤੋਂ ਵਾਪਸ ਨਹੀਂ ਮੁੜਦੇ। ਬਲਕਿ ਇਨ੍ਹਾਂ ਹੀ ਦੇਸ਼ਾਂ ਦੇ ਸ਼ਹਿਰੀ ਬਣਕੇ ਇੱਥੇ ਹੀ ਸਥਾਪਤ ਹੋ ਜਾਂਦੇ ਹਨ।
-----
ਕੈਨੇਡਾ ਵਰਗੇ ਵਿਕਸਤ ਦੇਸ਼ ਵਿੱਚ ਪ੍ਰਵਾਸ ਕਰਨ ਵਾਲੇ ਪੰਜਾਬੀ ਮੂਲ ਦੇ ਲੋਕਾਂ ਦੀ ਇੱਕ ਵੱਡੀ ਸਭਿਆਚਾਰਕ ਸਮੱਸਿਆ ਹੈ: ਕੈਨੇਡਾ ਵਿੱਚ ਜੰਮੀ-ਪਲੀ ਨਵੀਂ ਪੀੜ੍ਹੀ ਅਤੇ ਪੰਜਾਬ, ਇੰਡੀਆ ਤੋਂ ਪ੍ਰਵਾਸ ਕਰਕੇ ਆਈ ਪੀੜ੍ਹੀ ਦੇ ਲੋਕਾਂ ਦੀ ਸੋਚ ਅਤੇ ਉਸ ਅਨੁਸਾਰ ਜਿਉਣ ਦਾ ਢੰਗ। ਪੁਰਾਣੀ ਪੀੜ੍ਹੀ ਦੇ ਮਾਪੇ ਅਜੇ ਵੀ ਪਿੱਛੇ ਛੱਡ ਆਏ ਦੇਸ਼ ਦੇ ਚਰਚੇ ਕਰਕੇ ਖ਼ੁਸ਼ੀ ਮਹਿਸੂਸ ਕਰਦੇ ਹਨ; ਪਰ ਬੱਚੇ ਪਰਾ-ਆਧੁਨਿਕ ਸਮਿਆਂ ਦੀ ਤਕਨਾਲੋਜੀ ਕੰਮਪੀਊਟਰ, ਇੰਟਰਨੈੱਟ, ਟੀਵੀ ਆਦਿ ਵਿੱਚ ਉਲਝੇ ਰਹਿ ਕੇ ਆਪਣਾ ਮਨ-ਪ੍ਰਚਾਵਾ ਕਰਦੇ ਹਨ। ਚਰਚਾ ਅਧੀਨ ਆਏ ਕਾਵਿ-ਸੰਗ੍ਰਹਿ ‘ਬਨਵਾਸ ਤੋਂ ਬਾਅਦ’ ਦੀ ਕਵਿਤਾ ‘ਯੁਗ ਦਾ ਸਫ਼ਰ’ ਅਜਿਹੇ ਵਿਚਾਰਾਂ ਦਾ ਹੀ ਪ੍ਰਗਟਾਵਾ ਕਰਦੀ ਹੈ:
ਬਾਪੂ ਹਾਲੇ ਵੀ,
ਗੱਲ ਗੱਲ ‘ਤੇ ਗਾਉਂਦਾ ਹੈ,
ਮਾਲਵੇ, ਮਾਝੇ ਅਤੇ
ਦੁਆਬੇ ਦੀ ਗਾਥਾ।
ਪੁੱਤਰ, ਕੰਪਿਊਟਰ ‘ਤੇ ਬੈਠ,
ਨਚਾਉਂਦਾ ਹੈ ਪੋਟਿਆਂ ‘ਤੇ
ਸਾਰੀ ਦੁਨੀਆਂ।
-----
ਪਰ ਇਹੀ ਖੇਡਾਂ ਜੋ ਬਚਪਨ ਵਿੱਚ ਬੱਚਿਆਂ ਲਈ ਮਨ-ਪ੍ਰਚਾਵੇ ਦਾ ਸਾਧਨ ਹੁੰਦੀਆਂ ਹਨ, ਵੱਡੇ ਹੋ ਕੇ ਉਨ੍ਹਾਂ ਦੀ ਮਾਨਸਿਕਤਾ ਦਾ ਹਿੱਸਾ ਬਣ ਜਾਂਦੀਆਂ ਹਨ- ਉਨ੍ਹਾਂ ਦੇ ਜ਼ਿੰਦਗੀ ਜਿਊਣ ਦਾ ਢੰਗ ਬਣ ਜਾਂਦੀਆਂ ਹਨ। ‘ਤੰਦ ਯਾਦਾਂ ਦੇ’ ਕਵਿਤਾ ਵਿੱਚ ਮੋਹਨ ਗਿੱਲ ਪ੍ਰਵਾਸ ਵਿੱਚ ਵੱਡੇ ਹੋ ਰਹੇ ਬੱਚਿਆਂ ਦੀ ਬਣ ਰਹੀ ਮਾਨਸਿਕਤਾ ਬਾਰੇ ਚਰਚਾ ਕਰਨ ਦੇ ਬਹਾਨੇ ਪਿੱਛੇ ਛੱਡ ਕੇ ਆਏ ਦੇਸ਼ ਅਤੇ ਨਵੇਂ ਅਪਣਾਏ ਦੇਸ਼ ਦੇ ਸਭਿਆਚਾਰਕ ਵੱਖਰੇਵਿਆਂ ਬਾਰੇ ਵੀ ਚਰਚਾ ਛੇੜ ਜਾਂਦਾ ਹੈ:
ਮਾਏ ਨੀ! ਇਸ ਦੇਸ਼ ‘ਚ ਬੱਚੇ
ਲੁਕਣ ਮੀਟੀਆਂ ਦਾਈਆ ਦੁੱਕੜੇ,
ਗੁੱਲੀ ਡੰਡਾ ਕੁਝ ਨਾ ਖੇਡਣ।
ਘਰ ਦੀ ਚਾਰ ਦੀਵਾਰੀ ਅੰਦਰ,
ਕੁੱਕੜਾਂ ਵਾਂਗੂੰ ਤਾੜੇ ਰਹਿੰਦੇ।
ਜਦ ਰੋਵਣ ਤਾਂ-
ਮਾਂ ਜਾਂ ਬਾਪ, ਬਾਜ਼ਾਰ ਲਿਜਾ ਕੇ,
ਕੁਝ ਖਿਡੌਣੇ ਲੈ ਦਿੰਦੇ ਨੇ।
ਜਦ ਉਸ ਖੇਡ ਤੋਂ,
ਬੱਚੇ ਦਾ ਮਨ ਭਰ ਜਾਂਦਾ ਹੈ,
ਨਵੇਂ ਖਿਡੌਣੇ ਲਿਆ ਦਿੰਦੇ ਨੇ।
ਸ਼ਾਇਦ ਇਸੇ ਲਈ-
ਛੋਟੀ ਉਮਰ ਖਿਡੌਣੇ ਬਦਲਣ,
ਵੱਡੇ ਹੋ ਕੇ,
ਨਿੱਤ ਨਵੇਂ ਇਹ ਸਾਥੀ ਬਦਲਣ।
------
ਭਾਵੇਂ ਇਨ੍ਹਾਂ ਪ੍ਰਵਾਸੀਆਂ ਨੂੰ, ਅਕਸਰ, ਪਿੱਛੇ ਛੱਡ ਕੇ ਆਏ ਦੇਸ਼ ਦਾ ਹੇਰਵਾ ਸਤਾਉਂਦਾ ਹੈ-ਪਰ ਉਹ ਇਸ ਸਚਾਈ ਨੂੰ ਵੀ ਸਵੀਕਾਰਦੇ ਹਨ ਕਿ ਨਵੇਂ ਅਪਣਾਏ ਦੇਸ਼ ਵਿੱਚ ਉਨ੍ਹਾਂ ਵੱਲੋਂ ਕੀਤੇ ਹੋਏ ਕੰਮ ਦਾ ਸਹੀ ਮੁੱਲ ਪੈਂਦਾ ਹੈ ਅਤੇ ਉਹ ਇਸ ਦੇ ਮਾਹੌਲ ਵਿੱਚ ਸੌਖਾਲੇ ਮਹਿਸੂਸ ਕਰਦੇ ਹਨ। ਮੋਹਨ ਗਿੱਲ ਆਪਣੀ ਕਵਿਤਾ ‘ਤੰਦ ਯਾਦਾਂ ਦੇ’ ਵਿੱਚ ਇਹ ਗੱਲ ਕਹਿਣ ਵਿੱਚ ਵੀ ਝਿਜਕ ਮਹਿਸੂਸ ਨਹੀਂ ਕਰਦਾ:
ਇਸ ਦੇਸ਼ ਵਿੱਚ-
ਕੀਤੇ ਕੰਮ ਦਾ ਮੁੱਲ ਮਿਲਦਾ ਹੈ।
ਨਿੱਤ ਹੀ ਮਾਏ-
ਫੁੱਲਾਂ ਵਰਗਾ ਦਿਨ ਚੜ੍ਹਦਾ ਹੈ।
ਮੋਹਨ ਗਿੱਲ ਇੱਕ ਚੇਤੰਨ ਸ਼ਾਇਰ ਹੈ। ਉਹ ਆਪਣੀ ਸ਼ਾਇਰੀ ਵਿੱਚ ਭਾਰਤੀ ਮਿਥਿਹਾਸ ਦੇ ਹਵਾਲਿਆਂ ਦੀ ਵਰਤੋਂ ਕਰਕੇ ਅਜੋਕੇ ਸਮਿਆਂ ਦੀਆਂ ਘਟਨਾਵਾਂ ਨੂੰ ਹੋਰ ਵਧੇਰੇ ਅਰਥਭਰਪੂਰ ਬਣਾਉਣ ਦੇ ਯਤਨ ਕਰਦਾ ਹੈ।
-----
ਭਾਰਤੀ ਮਿਥਿਹਾਸ ਵਿੱਚ ‘ਰਾਮ’ ਅਤੇ ‘ਰਾਵਣ’ ਦਾ ਜ਼ਿਕਰ ਆਉਂਦਾ ਹੈ। ਜਿਸ ਵਿੱਚ ‘ਰਾਮ’ ਨੂੰ ਇੱਕ ਮਨੁੱਖ ਵਿੱਚ ਹੋਣ ਵਾਲੇ ਚੰਗੇ ਗੁਣਾਂ ਨਾਲ ਜੋੜਿਆ ਜਾਂਦਾ ਹੈ ਅਤੇ ‘ਰਾਵਣ’ ਨੂੰ ਬੀਮਾਰ ਮਾਨਸਿਕਤਾ ਵਾਲੇ ਮਨੁੱਖ ਨਾਲ। ਭਾਰਤੀ ਸਮਾਜ ਵਿੱਚ ਹਰ ਸਾਲ ਦੁਸਹਿਰੇ ਦੇ ਮੌਕੇ ‘ਰਾਵਣ’ ਦਾ ਬੁੱਤ ਬਣਾ ਕੇ ਸਾੜਿਆ ਜਾਂਦਾ ਹੈ। ਇਸ ਤਰ੍ਹਾਂ ‘ਸੱਚ’ ਦੀ ‘ਝੂਠ’ ਉੱਤੇ ਜਿੱਤ ਦਾ ਜਸ਼ਨ ਮਣਾਇਆ ਜਾਂਦਾ ਹੈ; ਪਰ ‘ਜਸ਼ਨ’ ਨਾਮ ਦੀ ਕਵਿਤਾ ਰਾਹੀਂ ਮੋਹਨ ਗਿੱਲ ਸਾਨੂੰ ਇਸ ਗੱਲ ਦਾ ਅਹਿਸਾਸ ਕਰਵਾਉਣਾ ਚਾਹੁੰਦਾ ਹੈ ਕਿ ਚਿੰਨ੍ਹਾਤਮਕ ਤੌਰ ਉੱਤੇ ਹਰ ਸਾਲ ਰਾਵਣ ਦਾ ਬੁੱਤ ਸਾੜ ਦੇਣ ਨਾਲ ਸਮੱਸਿਆ ਹੱਲ ਨਹੀਂ ਹੋ ਸਕਦੀ। ਰਾਵਣ ਵਰਗੀ ਬੀਮਾਰ ਮਾਨਸਿਕਤਾ ਵਾਲੇ ਮਨੁੱਖ ਤਾਂ ਹਰ ਪਲ ਸਾਡੇ ਆਸ ਪਾਸ ਗਲੀ ਗਲੀ ਵਿੱਚ ਅਤੇ ਸੜਕ ਸੜਕ ਉੱਤੇ ਘੁੰਮਦੇ ਫਿਰਦੇ ਹਨ। ਉਸ ਨੂੰ ਇਸ ਗੱਲ ਦਾ ਵੀ ਅਹਿਸਾਸ ਹੈ ਕਿ ਬੀਮਾਰ ਮਾਨਸਿਕਤਾ ਵਾਲੇ ਲੋਕਾਂ ਦੀ ਚੇਤਨਤਾ ਇੱਕ ਦਿਨ ਵਿੱਚ ਬਦਲੀ ਨਹੀਂ ਜਾ ਸਕਦੀ। ਇਸ ਪ੍ਰਾਪਤੀ ਲਈ ਨਿਰੰਤਰ ਅਤੇ ਲੰਬੀ ਜੱਦੋ-ਜਹਿਦ ਕਰਨ ਦੀ ਲੋੜ ਹੈ।
-----
‘ਬਨਵਾਸ ਤੋਂ ਬਾਅਦ’ ਕਾਵਿ-ਸੰਗ੍ਰਹਿ ਵਿੱਚ ਮੋਹਨ ਗਿੱਲ ਉਸ ਸਮੇਂ ਵਧੇਰੇ ਪ੍ਰਭਾਵਸ਼ਾਲੀ ਲੱਗਦਾ ਹੈ ਜਦੋਂ ਉਹ ਆਪਣੀ ਕਵਿਤਾ ਵਿੱਚ ਪੰਜਾਬੀ/ਭਾਰਤੀ ਸਮਾਜ ਨੂੰ ਪੇਸ਼ ਆ ਰਹੀਆਂ ਅਜੋਕੇ ਸਮੇਂ ਦੀਆਂ ਸਮਾਜਿਕ/ਸਭਿਆਚਾਰਕ ਸਮੱਸਿਆਵਾਂ ਦਾ ਚਰਚਾ ਕਰਦਾ ਹੈ।
ਪੰਜਾਬੀ ਸਮਾਜ ਵਿੱਚ ਸਾਡੇ ਰਹਿਨੁਮਾਵਾਂ ਨੇ ਭਾਵੇਂ ਥਾਂ ਥਾਂ ਆਪਣੀਆਂ ਲਿਖਤਾਂ ਅਤੇ ਪ੍ਰਵਚਨਾਂ ਵਿੱਚ ਔਰਤ ਜ਼ਾਤ ਉੱਤੇ ਹੁੰਦੇ ਜ਼ੁਲਮਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਔਰਤ ਅਤੇ ਮਰਦ ਦੀ ਸਮਾਜਕ ਬਰਾਬਰੀ ਦੀ ਵੀ ਗੱਲ ਕੀਤੀ ਹੈ; ਪਰ ਇਨ੍ਹਾਂ ਗੱਲਾਂ ਦਾ ਸਮਾਜ ਦੇ ਕੁਝ ਹਿੱਸੇ ਉੱਤੇ ਕੋਈ ਅਸਰ ਨਹੀਂ ਹੋ ਰਿਹਾ। ਉਹ ਆਪਣੀ ਹਉਮੈਂ ਅਤੇ ਹੰਕਾਰ ਦੇ ਭਰੇ ਆਪਣੀਆਂ ਪਤਨੀਆਂ/ਧੀਆਂ/ਨੂੰਹਾਂ ਉੱਤੇ ਅਤਿਆਚਾਰ ਕਰਕੇ ਮਾਨਸਿਕ ਸੰਤੁਸ਼ਟੀ ਪ੍ਰਾਪਤ ਕਰਨ ਵਿੱਚ ਹੀ ਫ਼ਖਰ਼ ਮਹਿਸੂਸ ਕਰਦੇ ਹਨ।
-----
ਇਸ ਸੰਦਰਭ ਵਿੱਚ ਮੋਹਨ ਗਿੱਲ ਦੀ ਕਵਿਤਾ ‘ਤਿੰਨ ਕੁੜੀਆਂ’ ਦੀਆਂ ਹੇਠ ਲਿਖੀਆਂ ਸਤਰਾਂ ਸਾਡਾ ਵਿਸ਼ੇਸ਼ ਧਿਆਨ ਖਿੱਚਦੀਆਂ ਹਨ। ਇਹ ਸਤਰਾਂ ਕੈਨੇਡਾ ‘ਚ ਜ਼ਾਲਮ ਮਰਦਾਂ ਹੱਥੋਂ ਮਰ ਚੁੱਕੀਆਂ ਤਿੰਨ ਪੰਜਾਬਨਾਂ ਗੁਰਜੀਤ ਘੁੰਮਣ, ਨਵਰੀਤ ਵੜੈਚ ਅਤੇ ਮਨਜੀਤ ਪਾਂਗਲੀ ਦੀ ਯਾਦ ਦੁਆਂਦੀਆ ਹਨ:
1.ਉਂਝ ਤਾਂ ਮਾਨਵ ਪੱਥਰ ਯੁੱਗ ਤੋਂ,
ਕੰਪਿਊਟਰ ਤੱਕ ਆ ਪਹੁੰਚਾ
ਪੱਥਰ ਯੁਗ ਦੀ ਕੋਝੀ ਸੋਚ ਦੀ,
ਭੇਟਾ ਚੜ੍ਹੀਆਂ ਤਿੰਨ ਕੁੜੀਆਂ।
----
2. ਪਰਦੇਸਾਂ ਦੀ ਧਰਤੀ ਉਤੇ,
ਜੰਮੀਆਂ ਪਲੀਆਂ ਤਿੰਨ ਕੁੜੀਆਂ।
ਗੋਲੀ, ਚਾਕੂ ਤੇ ਅਗਨੀ ਦੀ,
ਭੇਟਾ ਚੜ੍ਹੀਆਂ ਤਿੰਨ ਕੁੜੀਆਂ।
-----
ਪੰਜਾਬੀ ਸਮਾਜ ਇੱਕ ਹੋਰ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ-ਅਣਜੰਮੀਆਂ ਧੀਆਂ ਦਾ ਮਾਂ ਦੀ ਕੁੱਖ ਵਿੱਚ ਹੀ ਕ਼ਤਲ ਕੀਤਾ ਜਾਣਾ। ਅਲਟਰਾ ਸਾਊਂਡ ਤਕਨਾਲੋਜੀ ਦੀ ਈਜਾਦ ਹੋਣ ਤੋਂ ਬਾਹਦ ਇਹ ਕੰਮ ਹੋਰ ਵੀ ਜ਼ਿਆਦਾ ਵੱਧ ਗਿਆ ਹੈ। ਇਸ ਸਮੱਸਿਆ ਨੂੰ ਅਜਿਹੇ ਪੰਜਾਬੀ ਗਾਇਕਾਂ ਅਤੇ ਪੰਜਾਬੀ ਸਭਿਆਚਾਰ ਦੇ ਅਖੌਤੀ ਪ੍ਰਚਾਰਕਾਂ ਨੇ ਵੀ ਵਧਾਇਆ ਹੈ ਜੋ ‘ਪੁੱਤਰ ਮਿੱਠੜੇ ਮੇਵੇ’ ਦੇ ਗੀਤ ਗਾ ਗਾ ਕੇ ਪੰਜਾਬੀਆਂ ਦੀ ਮਾਨਸਿਕਤਾ ਵਿੱਚ ਜ਼ਹਿਰ ਘੋਲ ਰਹੇ ਹਨ। ਅਜੋਕੇ ਸਮਿਆਂ ਵਿੱਚ ਜਦੋਂ ਕਿ ਔਰਤ ਵੀ ਹਰ ਉਹ ਕੰਮ ਕਰਨ ਦੇ ਕਾਬਿਲ ਹੋ ਚੁੱਕੀ ਹੈ ਜੋ ਮਰਦ ਕਰ ਸਕਦਾ ਹੈ ਤਾਂ ਅਜਿਹਾ ਵਿਤਕਰਾ ਕਿਉਂ? ਇਸ ਵਿਤਕਰੇ ਲਈ ਅਨੇਕਾਂ ਉਹ ਭਾਰਤੀ ਧਾਰਮਿਕ/ਸਮਾਜਿਕ/ਸਭਿਆਚਾਰਕ/ਦਾਰਸ਼ਨਿਕ ਗ੍ਰੰਥ ਵੀ ਜ਼ਿੰਮੇਵਾਰ ਹਨ ਜਿਨ੍ਹਾਂ ਵਿੱਚ ਔਰਤ ਨੂੰ ਮਰਦ ਦੇ ਮੁਕਾਬਲੇ ਵਿੱਚ ਜਾਨਵਰ ਦੀ ਪੱਧਰ ਦਾ ਦਿਖਾਇਆ ਗਿਆ ਹੈ। ਅਜਿਹੇ ਜ਼ਹਿਰ ਭਰੇ ਸ਼ਬਦਾਂ ਵਾਲੇ ਇਨ੍ਹਾਂ ਗ੍ਰੰਥਾਂ ਦਾ ਪਾਠ ਅਸੀਂ ਹਜ਼ਾਰਾਂ ਸਾਲਾਂ ਤੋਂ ਕਰਦੇ ਆ ਰਹੇ ਹਾਂ। ਮਰਦ ਪ੍ਰਧਾਨ ਸਮਾਜ ਦੇ ਪ੍ਰਚਾਰਕ ਅਨੇਕਾਂ ਭਾਰਤੀ/ਪੰਜਾਬੀ ਲੇਖਕਾਂ ਨੇ ਔਰਤ ਜ਼ਾਤ ਦੇ ਖ਼ਿਲਾਫ਼ ਜ਼ਹਿਰ ਉਗਲ਼ੀ ਹੈ ਅਤੇ ਉਸਨੂੰ ਪੈਰ ਦੀ ਜੁੱਤੀ ਦੇ ਬਰਾਬਰ ਕਿਹਾ ਹੈ। ਮੋਹਨ ਗਿੱਲ ਅਜਿਹੇ ਗ਼ੈਰ-ਜਿੰਮੇਵਾਰ ਲੇਖਕਾਂ ਦੀ ਢਾਣੀ ਵਿੱਚ ਸ਼ਾਮਿਲ ਨਹੀਂ। ਉਹ ਅਜਿਹੇ ਲੇਖਕਾਂ/ਗ੍ਰੰਥਾਂ ਦੇ ਵਿਚਾਰਾਂ ਨੂੰ ਰੱਦ ਕਰਦਾ ਹੋਇਆ ਔਰਤ ਜ਼ਾਤ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰਦਾ ਹੈ। ਇਸ ਸਿਲਸਿਲੇ ਵਿੱਚ ਉਸ ਦੀਆਂ ਕਵਿਤਾਵਾਂ ‘ਦੁਆ’, ‘ਸਾਹਿਬਾਂ’ ਅਤੇ ‘ਫ਼ੱਕਰਾਂ ਦੇ ਢੋਲੇ’ ਦੀਆਂ ਹੇਠ ਲਿਖੀਆਂ ਸਤਰਾਂ ਵਿਸ਼ੇਸ਼ ਮਹੱਤਵ ਰੱਖਦੀਆਂ ਹਨ:
1.ਕੁੱਖ ਦੇ ਅੰਦਰ ਪਲਦੀ ਬੇਟੀ,
ਨਾ ਕੋਈ ਕ਼ਤਲ ਕਰਾਏ।
ਉਸ ਬੇਟੀ ਨੂੰ ਲੱਗ ਜਾਵਣ,
ਇਸ ਜੱਗ ਦੀਆਂ ਸਰਬ ਦੁਆਵਾਂ।
-----
2.ਸਾਹਿਬਾਂ ਨੂੰ ਕਿਉਂ ਨਿੰਦੋ ਲੋਕੋ,
ਸਾਹਿਬਾਂ ਵਿਚਾਰੀ ਕੀਹ ਕਰੇ?
ਉਹ ਮੰਦ ਭਾਗਣ ਚਾਹੁੰਦੀ ਸੀ,
ਨਾ ਵੀਰ ਮਰਨ, ਨਾ ਯਾਰ ਮਰੇ।
-----
3.ਕੁੱਖ ਵਿੱਚ ਕਤਲ ਕਰਾਕੇ ਬੇਟੀ,
ਮਾਂ ਕਿਸ ਨੂੰ ਦੁੱਖ ਦੱਸਣ ਜਾਏ।
-----
ਮੋਹਨ ਗਿੱਲ ਜਾਗਦੀ ਅੱਖ ਵਾਲਾ ਸ਼ਾਇਰ ਹੈ। ਇਸ ਕਾਵਿ-ਸੰਗ੍ਰਹਿ ਵਿੱਚ ਉਸ ਨੇ ਅਨੇਕਾਂ ਹੋਰ ਵਿਸ਼ਿਆਂ ਬਾਰੇ ਵੀ ਕਵਿਤਾਵਾਂ ਲਿਖੀਆਂ ਹਨ। ਜ਼ਿੰਦਗੀ ਦੇ ਜਿਸ ਖੇਤਰ ਵਿੱਚ ਵੀ ਮਨੁੱਖ ਵਿਰੋਧੀ ਹਵਾਵਾਂ ਚੱਲਦੀਆਂ ਹਨ - ਮੋਹਨ ਗਿੱਲ ਬਿਨ੍ਹਾਂ ਕਿਸੇ ਝਿਜਕ ਦੇ ਉਨ੍ਹਾਂ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਦਾ ਹੈ। ਇਹ ਮਨੁੱਖ ਵਿਰੋਧੀ ਮਾਨਸਿਕਤਾ ਦੇ ਧਾਰਨੀ ਚਾਹੇ ਵਿਸ਼ਵ ਦੇ ਕੋਨੇ ਕੋਨੇ ਵਿੱਚ ਜੰਗ ਦੇ ਭਾਂਬੜ ਬਾਲਣ ਵਾਲੇ ਹੋਣ; ਔਰਤਾਂ ਅਤੇ ਬੱਚਿਆਂ ਉੱਤੇ ਅਤਿਆਚਾਰ ਕਰਨ ਵਾਲੇ ਹੋਣ; ਰੰਗ, ਧਰਮ, ਨਸਲ ਦੇ ਨਾਮ ਉੱਤੇ ਫਿਰਕੂ ਦੰਗੇ ਕਰਵਾ ਕੇ ਲੋਕਾਂ ਦੇ ਖ਼ੂਨ ਨਾਲ ਹੋਲੀ ਖੇਡਣ ਵਾਲੇ ਹੋਣ; ਹਿਟਲਰ ਦੇ ਕਦਮ ਚਿੰਨ੍ਹਾਂ ਉੱਤੇ ਤੁਰਨ ਵਾਲੇ ਧਾਰਮਿਕ ਕੱਟੜਵਾਦੀ ਦਹਿਸ਼ਤਗਰਦ ਹੋਣ; ਹਉਮੈ ਅਤੇ ਹੰਕਾਰ ਵਿੱਚ ਨੱਕਾਂ ‘ਚੋਂ ਠੂੰਹੇਂ ਸੁੱਟਦੇ ਫਿਰਦੇ ਸਮਾਜਿਕ, ਰਾਜਨੀਤਿਕ, ਸਾਹਿਤਕ ਜਾਂ ਧਾਰਮਿਕ ਆਗੂ ਹੋਣ ਅਤੇ ਚਾਹੇ ਕੈਨੇਡੀਅਨ ਪੰਜਾਬੀ ਮੀਡੀਆ ਉੱਤੇ ਕਾਬਜ਼ ਹੋ ਚੁੱਕੇ ਅਨਪੜ੍ਹ, ਗੰਵਾਰ, ਧਾਰਮਿਕ ਕੱਟੜਵਾਦੀ ਦੱਲੇ ਅਤੇ ਸਦਾ ਸ਼ਰਾਬ ਦੇ ਨਸ਼ੇ ਵਿੱਚ ਗੁੱਟ ਰਹਿਣ ਵਾਲੇ ਸ਼ਰਾਬੀ ਲੱਠਮਾਰ ਹੋਣ- ਮੋਹਨ ਗਿੱਲ ਬੇਲਿਹਾਜ਼ ਹੋ ਕੇ ਉਨ੍ਹਾਂ ਨੂੰ ਆਪਣੀ ਆਲੋਚਨਾ ਦਾ ਨਿਸ਼ਾਨਾ ਬਣਾਉਂਦਾ ਹੈ।
-----
ਇੱਕ ਸੁਚੇਤ ਕਵੀ ਹੋਣ ਵਜੋਂ ‘ਬਨਵਾਸ ਤੋਂ ਬਾਅਦ’ ਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਮੋਹਨ ਗਿੱਲ ਦੀਆਂ ਇਹ ਕਵਿਤਾਵਾਂ ਹਨ੍ਹੇਰੀ ਰਾਤ ਵਿੱਚ ਜਗਦੀ ਮਿਸ਼ਾਲ ਵਾਂਗੂੰ ਹਨ। ਮੁਖ਼ਾਲਿਫ਼ ਹਵਾਵਾਂ ਦੇ ਖ਼ਿਲਾਫ਼ ਤੁਰਨ ਦੀ ਹਰੇਕ ਲੇਖਕ ਵਿੱਚ ਹਿੰਮਤ ਨਹੀਂ ਹੁੰਦੀ। ਵਧੇਰੇ ਲੇਖਕ ਤਾਂ ਹਾਲਤਾਂ ਨਾਲ ਸਮਝੌਤਾ ਕਰਕੇ ਸਮੱਸਿਆਵਾਂ ਵੱਲੋਂ ਅੱਖਾਂ ਮੀਟ ਲੈਂਦੇ ਹਨ ਅਤੇ ਸਮੇਂ ਦੇ ਭ੍ਰਿਸ਼ਟ ਰਾਜਨੀਤੀਵਾਨਾਂ ਦੇ ਗੁਣ ਗਾਇਣ ਕਰ ਕਰਕੇ ਡਾਲਰਾਂ ਨਾਲ ਆਪਣੀਆਂ ਜੇਬਾਂ ਭਰਨਾਂ ਅਤੇ ਗੁਰਦੁਆਰਿਆਂ, ਮੰਦਰਾਂ, ਮਸਜਿਦਾਂ ਅਤੇ ਗਿਰਜਿਆਂ ਉੱਤੇ ਕਾਬਿਜ਼ ਧਾਰਮਿਕ ਕੱਟੜਵਾਦੀ ਫਿਰਕੂ ਦਹਿਸ਼ਤਗਰਦ ਪ੍ਰਬੰਧਕਾਂ ਤੋਂ ਸਰੋਪੇ ਪ੍ਰਾਪਤ ਕਰਨਾ ਹੀ ਆਪਣੀ ਜ਼ਿੰਦਗੀ ਦਾ ਮੰਤਵ ਮਿੱਥ ਲੈਂਦੇ ਹਨ।
----
ਮੋਹਨ ਗਿੱਲ ਮੁਖ਼ਾਲਿਫ਼ ਹਵਾਵਾਂ ਦੇ ਖ਼ਿਲਾਫ਼ ਉੱਡ ਰਿਹਾ ਪਰਿੰਦਾ ਹੈ; ਇਹੀ ਗੱਲ ਉਸਦੀਆਂ ਕਵਿਤਾਵਾਂ ਵਿੱਚ ਪ੍ਰਗਟਾਏ ਗਏ ਉਸਦੇ ਵਿਚਾਰਾਂ ਨੂੰ ਵਿਸ਼ਵਾਸਯੋਗ ਬਣਾਉਂਦੀ ਹੈ ਅਤੇ ਉਸਦੀਆਂ ਕਵਿਤਾਵਾਂ ਨੂੰ ਮਾਨਣਯੋਗ ਵੀ।
No comments:
Post a Comment