ਲੇਖ
ਹਰਭਜਨ ਪਵਾਰ ਕੈਨੇਡਾ ਦਾ ਬਹੁ-ਪੱਖੀ ਪੰਜਾਬੀ ਸਾਹਿਤਕਾਰ ਹੈ। ਉਹ ਆਪਣਾ ਕਹਾਣੀ ਸੰਗ੍ਰਹਿ ‘ਪਿਆਸਾ ਦਰਿਆ’ (1986) ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ‘ਪੱਛਮ ਦਾ ਜਾਲ’ (ਕਹਾਣੀ ਸੰਗ੍ਰਹਿ), ‘ਦੁੱਖ ਸਮੁੰਦਰੋਂ ਪਾਰ ਦੇ’ (ਨਾਟਕ), ‘ਦੂਰ ਨਹੀਂ ਮੰਜ਼ਿਲ’ (ਨਾਵਲ), ‘ਲੈਂਡਿਡ ਇੰਮੀਗਰੈਂਟ’ (ਕਹਾਣੀ ਸੰਗ੍ਰਹਿ -ਅੰਗਰੇਜ਼ੀ) ਅਤੇ ‘ਐਨਦਰ ਹਨੀਮੂਨ’ (ਕਹਾਣੀ ਸੰਗ੍ਰਹਿ -ਅੰਗ੍ਰੇਜ਼ੀ) ਪ੍ਰਕਾਸ਼ਿਤ ਕਰ ਚੁੱਕਾ ਸੀ।
-----
ਕੈਨੇਡੀਅਨ ਪੰਜਾਬੀ ਕਹਾਣੀਕਾਰ, ਨਾਵਲਕਾਰ ਅਤੇ ਨਾਟਕਕਾਰ ਵਜੋਂ ਚਰਚਾ ਵਿੱਚ ਆਉਣ ਦੇ ਨਾਲ ਨਾਲ ਹਰਭਜਨ ਪਵਾਰ ਫਿਲਮ ਨਿਰਦੇਸ਼ਕ ਅਤੇ ਨਿਰਮਾਤਾ ਦੇ ਤੌਰ ਉੱਤੇ ਵੀ ਚਰਚਾ ਵਿੱਚ ਆਇਆ। ਉਸਨੇ ਆਪਣੇ ਨਾਟਕ ‘ਦੁੱਖ ਸਮੁੰਦਰੋਂ ਪਾਰ ਦੇ’ ਉੱਤੇ ਕੈਨੇਡਾ ਦੀ ਪਹਿਲੀ ਪੰਜਾਬੀ ਫਿਲਮ ਬਣਾ ਕੇ ਕੈਨੇਡਾ ਦੇ ਪੰਜਾਬੀਆਂ ਦਾ ਧਿਆਨ ਖਿੱਚਿਆ। ਆਪਣੀ ਪਹਿਲੀ ਫਿਲਮ ਦੀ ਸਫਲਤਾ ਤੋਂ ਬਾਹਦ ਹਰਭਜਨ ਪਵਾਰ ਨੇ ਆਪਣੀ ਕਹਾਣੀ ‘ਪੱਛਮ ਦਾ ਜਾਲ’ ਉੱਤੇ ਆਪਣੀ ਦੂਜੀ ਫਿਲਮ ਵੀ ਬਣਾਈ। ਇਹ ਫਿਲਮਾਂ ਬਣਾ ਕੇ ਉਸ ਨੇ ਆਪਣੀ ਪ੍ਰਤਿਭਾ ਦੇ ਕੁਝ ਹੋਰ ਵੀ ਲੁਕੇ ਹੋਏ ਪੱਖਾਂ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ। ਉਸਨੇ ਨਾ ਸਿਰਫ਼ ਇਨ੍ਹਾਂ ਫਿਲਮਾਂ ਦੀ ਨਿਰਦੇਸ਼ਨਾ ਹੀ ਕੀਤੀ, ਬਲਕਿ ਇਨ੍ਹਾਂ ਫਿਲਮਾਂ ਦੀ ਸਕ੍ਰਿਪਟ ਵੀ ਆਪ ਹੀ ਲਿਖੀ, ਗੀਤ ਵੀ ਆਪ ਹੀ ਲਿਖੇ, ਫਿਲਮਾਂ ਦੇ ਸੰਵਾਦ ਵੀ ਆਪ ਹੀ ਲਿਖੇ ਅਤੇ ਇਨ੍ਹਾਂ ਫਿਲਮਾਂ ਵਿੱਚ ਹੀਰੋ ਦੀ ਭੂਮਿਕਾ ਵੀ ਨਿਭਾਈ। ਭਾਵੇਂ ਕਿ ਹਰਭਜਨ ਪਵਾਰ ਆਪਣੀਆਂ ਪੰਜਾਬੀ ਫਿਲਮਾਂ ਦੀ ਵਿਕਰੀ ਤੋਂ ਬਹੁਤ ਵੱਡੀਆਂ ਆਰਥਿਕ ਪ੍ਰਾਪਤੀਆਂ ਤਾਂ ਨਹੀਂ ਕਰ ਸਕਿਆ; ਪਰ ਇਨ੍ਹਾਂ ਫਿਲਮਾਂ ਸਦਕਾ ਉਹ ਕੈਨੇਡਾ ਵਿੱਚ ਪੰਜਾਬੀ ਫਿਲਮਾਂ ਬਣਾਉਣ ਵਾਲੇ ਮੋਢੀਆਂ ਵਿੱਚ ਆਪਣਾ ਨਾਮ ਸ਼ਾਮਿਲ ਕਰਵਾਉਣ ਵਿੱਚ ਜ਼ਰੂਰ ਕਾਮਯਾਬ ਹੋ ਗਿਆ।
-----
ਹਰਭਜਨ ਪਵਾਰ ਦੀ ਕਹਾਣੀ ਕਲਾ ਬਾਰੇ ਗੱਲ ਕਰਨ ਲਈ ਮੈਂ ਉਸ ਦਾ ਕਹਾਣੀ ਸੰਗ੍ਰਹਿ ‘ਪਿਆਸਾ ਦਰਿਆ’ ਚੁਣਿਆ ਹੈ। ਇਸ ਕਹਾਣੀ ਸੰਗ੍ਰਹਿ ਦੀ ਪਹਿਲੀ ਹੀ ਕਹਾਣੀ ‘ਇਕ ਸੁਹਾਗ ਰਾਤ ਹੋਰ’ ਪਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਨਾਲ ਸਬੰਧਤ ਇੱਕ ਮਹੱਤਵ-ਪੂਰਨ ਸਮੱਸਿਆ ਦਾ ਜ਼ਿਕਰ ਛੇੜਦੀ ਹੈ। ਅੱਜ ਭਾਵੇਂ ਕਿ ਅਸੀਂ ਅਨੇਕਾਂ ਕੈਨੇਡੀਅਨ ਪੰਜਾਬੀ ਕਹਾਣੀਕਾਰਾਂ ਦੀਆਂ ਕਹਾਣੀਆਂ ਵਿੱਚ ਇਸ ਸਮੱਸਿਆ ਦਾ ਜ਼ਿਕਰ ਪੜ੍ਹਦੇ ਹਾਂ; ਪਰ ਹਰਭਜਨ ਪਵਾਰ ਦੀ ਕਹਾਣੀ ਪੜ੍ਹਕੇ ਸਾਡੀ ਜਾਣਕਾਰੀ ਵਿੱਚ ਇਸ ਪੱਖੋਂ ਵਾਧਾ ਹੁੰਦਾ ਹੈ ਕਿ ਪਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਨਾਲ ਇਹ ਸਮੱਸਿਆ ਉਦੋਂ ਵੀ ਜੁੜੀ ਹੋਈ ਸੀ ਜਦੋਂ ਅੱਜ ਤੋਂ ਤਕਰੀਬਨ ਪੱਚੀ ਵਰ੍ਹੇ ਪਹਿਲਾਂ, 1986 ਵਿੱਚ, ਹਰਭਜਨ ਪਵਾਰ ਨੇ ਆਪਣਾ ਕਹਾਣੀ ਸੰਗ੍ਰਹਿ ‘ਪਿਆਸਾ ਦਰਿਆ’ ਪ੍ਰਕਾਸ਼ਿਤ ਕੀਤਾ ਸੀ। ਇਹ ਸਮੱਸਿਆ ਹੈ ਵੱਟੇ-ਸੱਟੇ ਵਿੱਚ ਰਿਸ਼ਤੇਦਾਰਾਂ ਨੂੰ ਕੈਨੇਡਾ ਲਈ ਸਪਾਂਸਰ ਕਰਨਾ। ਵੱਟੇ-ਸੱਟੇ ਵਿੱਚ ਆਏ ਲੋਕਾਂ ਨੂੰ ਕਈ ਵਾਰੀ ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਕਾਰਨ ਉਨ੍ਹਾਂ ਦੀ ਸਮਾਜਿਕ ਜ਼ਿੰਦਗੀ ਦਾ ਸੰਤੁਲਨ ਵਿਗੜ ਜਾਂਦਾ ਹੈ - ਜਿਸ ਦੇ ਫਲਸਰੂਪ ਉਨ੍ਹਾਂ ਦਾ ਮਾਨਸਿਕ ਸੰਤੁਲਿਨ ਵੀ ਡਾਵਾਂ ਡੋਲ ਹੋ ਜਾਂਦਾ ਹੈ। ‘ਇੱਕ ਸੁਹਾਗ ਰਾਤ ਹੋਰ’ ਕਹਾਣੀ ਦੀ ਹੀਰੋਇਨ ਜੈਨੀ ਉਰਫ ਜੀਤੋ ਨਾਲ ਵੀ ਕੁਝ ਅਜਿਹਾ ਹੀ ਵਾਪਰਦਾ ਹੈ। ਜੈਨੀ ਜਿਸ ਤਰ੍ਹਾਂ ਦੇ ਦਰਦ ਭਰੇ ਹਾਲਤਾਂ ‘ਚੋਂ ਲੰਘਦੀ ਹੈ ਉਸ ਤਰ੍ਹਾਂ ਦੀ ਤ੍ਰਾਸਦੀ ‘ਚੋਂ ਹਜ਼ਾਰਾਂ ਪ੍ਰਵਾਸੀ ਪੰਜਾਬਣਾਂ ਲੰਘੀਆਂ ਹੋਣਗੀਆਂ; ਪਰ ਉਨ੍ਹਾਂ ਦੀ ਕਹਾਣੀ ਲਿਖਣ ਵਾਲਾ ਕੋਈ ਨਹੀਂ। ਪ੍ਰਵਾਸੀ ਪੰਜਾਬੀ ਸਮਾਜ ਵਿੱਚ ਦੁੱਖ ਭੋਗ ਰਹੀਆਂ ਅਜਿਹੀਆਂ ਪੰਜਾਬਣਾਂ ਦੇ ਦਰਦ ਨੂੰ ਹਰਭਜਨ ਪਵਾਰ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:
ਉਸ ਦੇ ਜੀਜੇ ਨੇ ਜੀਤੋ ਨੂੰ ਕਨੇਡਾ ਬੁਲਾਉਣ ਤੋਂ ਪਹਿਲਾਂ ਜੀਤੋ ਦੀ ਭੈਣ ਤੋਂ ਵਾਅਦਾ ਲਿਆ ਕਿ ਜੀਤੋ ਪਹਿਲਾਂ ਆਵੇਗੀ, ਇਥੇ ਰਹੇਗੀ, ਪਿਛੋਂ ਭਣੋਈਏ ਦੇ ਭਰਾ ਨੂੰ ਸ਼ਾਦੀ ਕਰਨ ਦੇ ਬਹਾਨੇ ਕਨੇਡਾ ਬੁਲਾਏਗੀ। ਤੇ ਆਖਿਰ ਉਸ ਦੀ ਸ਼ਾਦੀ ਉਹਦੇ ਜੀਜੇ ਨੇ ਆਪਣੇ ਭਰਾ ਨਾਲ ਕਰ ਹੀ ਦਿੱਤੀ। ਜਦੋਂ ਉਸਦੇ ਪਤੀ ਦਾ ਕੰਮ ਨਿਕਲ ਗਿਆ ਤਾਂ ਉਸਨੇ ਜੀਤੋ ਕੋਲੋਂ ਤਲਾਕ ਲੈ ਕੇ ਆਪਣੀ ਪਹਿਲੀ ਵਹੁਟੀ ਨੂੰ ਜੋ ਪੰਜਾਬ ਰਹਿੰਦੀ ਸੀ, ਬੁਲਾ ਲਿਆ।
ਪਰ ਜੀਤੋ ਨੂੰ ਇਸ ਸਾਰੀ ਕਹਾਣੀ ਦਾ ਬਾਦ ਵਿਚ ਪਤਾ ਲੱਗਾ ਕਿ ਜਿਸ ਨਾਲ ਉਸਨੇ ਸ਼ਾਦੀ ਕੀਤੀ ਏ ਉਹ ਪਹਿਲਾਂ ਹੀ ਸ਼ਾਦੀ-ਸ਼ੁਦਾ ਸੀ। ਇਸ ਲਈ ਹੀ ਉਸਨੇ ਆਪਣੇ ਪਤੀ ਨੂੰ ਬਿਨਾਂ ਕਿਸੇ ਸ਼ਰਤ ਦੇ ਤਲਾਕ ਦੇ ਦਿੱਤਾ ਸੀ। ਪਰ ਬਾਅਦ ਵਿੱਚ ਉਹ ਬਹੁਤ ਪਛਤਾਈ। ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ ਸੀ। ਜਦੋਂ ਸਭ ਕੁਝ ਉਸਦਾ ਲੁੱਟ ਚੁਕਿਆ ਸੀ।
ਜੈਨੀ ਜਦੋਂ ਇਕੱਲੀ ਰਹਿ ਗਈ ਤਾਂ ਕੁਝ ਹੀ ਸਾਲਾਂ ਵਿੱਚ ਪੱਛਮ ਦੇ ਮਾਹੌਲ ਵਿਚ ਪੂਰੀ ਤਰ੍ਹਾਂ ਗਰਕ ਗਈ। ਤੇ ਫਿਰ ਉਸ ਨੇ ਨਾ ਅੱਗਾ ਦੇਖਿਆ ਨਾ ਪਿੱਛਾ। ਕੀ ਉਸ ਲਈ ਚੰਗਾ ਹੈ ਤੇ ਕੀ ਉਸ ਲਈ ਮਾੜਾ ਹੈ ਉਹ ਸਭ ਕੁਝ ਕਰਦੀ।
-----
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਜਿਹੀਆਂ ਹਾਲਤਾਂ ਵਿੱਚ ਫਸੀਆਂ ਹੋਈਆਂ ਅਨੇਕਾਂ ਪ੍ਰਵਾਸੀ ਪੰਜਾਬਣਾਂ ਆਪਣਾ ਮਾਨਸਿਕ ਸੰਤੁਲਿਨ ਇਸ ਹੱਦ ਤੱਕ ਗੰਵਾ ਲੈਂਦੀਆਂ ਹਨ ਕਿ ਉਹ ਨਾ ਸਿਰਫ਼ ਹਰ ਤਰ੍ਹਾਂ ਦੇ ਨਸ਼ੇ ਲੈਣ ਦੀਆਂ ਹੀ ਆਦੀ ਹੋ ਜਾਂਦੀਆਂ ਹਨ; ਬਲਕਿ ਉਹ ਖੁੱਲ੍ਹੇਆਮ ਪਰਾਸਟੀਚੀਊਸ਼ਨ ਦਾ ਧੰਦਾ ਕਰਨ ਤੋਂ ਵੀ ਨਹੀਂ ਸ਼ਰਮਾਂਦੀਆਂ। ਮਾਲਟਨ, ਬਰੈਮਪਟਨ, ਮਿਸੀਸਾਗਾ, ਟੋਰਾਂਟੋ ਵਰਗੇ ਸ਼ਹਿਰਾਂ ਦੀਆਂ ਅਨੇਕਾਂ ਅਪਾਰਟਮੈਂਟ ਬਿਲਡਿੰਗਾਂ ਵਿੱਚ ਪਰਾਸਟੀਚੀਊਸ਼ਨ ਦਾ ਧੰਦਾ ਕਰਨ ਲਈ ਆਉਂਦੀਆਂ ਪਰਵਾਸੀ ਪੰਜਾਬੀ ਔਰਤਾਂ ਦੇ ਕਿੱਸੇ ਅਕਸਰ ਹੀ ਸੁਣੇ ਜਾਂਦੇ ਹਨ। ਅਜਿਹੀਆਂ ਪਰਵਾਸੀ ਪੰਜਾਬੀ ਔਰਤਾਂ ਨੂੰ ਪਰਾਸਟੀਚੀਊਸ਼ਨ ਦੇ ਧੰਦੇ ਵਿੱਚ ਪਾਉਣ ਵਾਲੇ ਵੀ ਪੰਜਾਬੀ ਦੱਲੇ ਹੀ ਹੁੰਦੇ ਹਨ। ਜੋ ਪਹਿਲਾਂ ਉਨ੍ਹਾਂ ਨੂੰ ਆਪ ਵਰਤਣ ਤੋਂ ਬਾਹਦ ਅਜਿਹੀ ਦਰਿੰਦਗੀ ਭਰੀ ਜ਼ਿੰਦਗੀ ਵੱਲ ਧਕੇਲ ਦਿੰਦੇ ਹਨ। ਅਜਿਹੀਆਂ ਘਟਨਾਵਾਂ ਕੈਨੇਡਾ ਦੇ ਹੋਰਨਾਂ ਸ਼ਹਿਰਾਂ ਵਿੱਚ ਵੀ ਜ਼ਰੂਰ ਵਾਪਰਦੀਆਂ ਹੋਣਗੀਆਂ।
------
ਪਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਨਾਲ ਸਬੰਧਤ ਇੱਕ ਹੋਰ ਮਹੱਤਵ-ਪੂਰਨ ਸਮੱਸਿਆ ਦਾ ਜ਼ਿਕਰ ‘ਵੱਖਰੀ ਧਰਤੀ, ਵੱਖਰੇ ਫੁੱਲ!’ ਨਾਮ ਦੀ ਕਹਾਣੀ ਵਿੱਚ ਕੀਤਾ ਗਿਆ ਹੈ। ਰੋਟੀ ਰੋਜ਼ੀ ਦੀ ਭਾਲ ਵਿੱਚ ਕੈਨੇਡਾ ਆਏ ਹੋਏ ਪ੍ਰਵਾਸੀ ਪੰਜਾਬੀਆਂ ਲਈ ਜਦੋਂ ਕੈਨੇਡਾ ਦੀ ਇਮੀਗਰੇਸ਼ਨ ਪ੍ਰਾਪਤ ਕਰਨ ਦੀਆਂ ਸਭ ਸੰਭਾਵਨਾਵਾਂ ਖਤਮ ਹੋ ਜਾਂਦੀਆਂ ਹਨ ਤਾਂ ਉਹ ਆਖਰੀ ਦਾਅ ਵਰਤਦੇ ਹਨ: ਕਿਸੇ ਕੈਨੇਡੀਅਨ ਔਰਤ ਨਾਲ ਵਿਆਹ ਕਰਨਾ। ਜਿਸ ਨਾਲ ਉਨ੍ਹਾਂ ਨੂੰ ਫੌਰਨ ਕੈਨੇਡਾ ਦੀ ਇਮੀਗਰੇਸ਼ਨ ਮਿਲ ਜਾਂਦੀ ਹੈ। ਪਰ ਇਨ੍ਹਾਂ ਵਿੱਚੋਂ ਅਨੇਕਾਂ ਲੋਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਦਾ ਵਿਆਹ ਪਹਿਲਾਂ ਹੀ ਇੰਡੀਆ/ਪਾਕਿਸਤਾਨ ਵਿੱਚ ਹੋਇਆ ਹੁੰਦਾ ਹੈ। ਉਨ੍ਹਾਂ ਦੀਆਂ ਨਾ ਸਿਰਫ਼ ਪਹਿਲੀਆਂ ਪਤਨੀਆਂ ਹੀ ਪਿੱਛੇ ਰਹਿ ਗਏ ਦੇਸ਼ ਵਿੱਚ ਉਨ੍ਹਾਂ ਦਾ ਇੰਤਜ਼ਾਰ ਕਰ ਰਹੀਆਂ ਹੁੰਦੀਆਂ ਹਨ; ਬਲਕਿ ਕਈਆਂ ਦੇ ਤਾਂ ਪਹਿਲੀਆਂ ਪਤਨੀਆਂ ਤੋਂ ਕਈ ਕਈ ਬੱਚੇ ਵੀ ਹੁੰਦੇ ਹਨ। ਇਸ ਮਾਨਸਿਕ ਦਵੰਦ ਵਿੱਚੋਂ ਨਿਕਲਣਾ ਅਜਿਹੇ ਮਰਦਾਂ ਲਈ ਕਈ ਵਾਰੀ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਇੱਕ ਪਾਸੇ ਤਾਂ ਉਹ ਪਤਨੀ ਹੁੰਦੀ ਹੈ ਜਿਸਨੇ ਕੈਨੇਡਾ ਵਿੱਚ ਉਨ੍ਹਾਂ ਦੀ ਉਸ ਵੇਲੇ ਮੱਦਦ ਕੀਤੀ ਹੁੰਦੀ ਹੈ ਜਦੋਂ ਉਨ੍ਹਾਂ ਲਈ ਮੱਦਦ ਦੇ ਹੋਰ ਸਭ ਰਸਤੇ ਬੰਦ ਹੋ ਚੁੱਕੇ ਹੁੰਦੇ ਹਨ; ਪਰ ਦੂਜੇ ਪਾਸੇ ਉਹ ਪਤਨੀ ਹੁੰਦੀ ਹੈ ਜਿਸਨੇ ਹਰ ਕੁਰਬਾਨੀ ਕਰਕੇ ਆਪਣੇ ਮਰਦ ਨੂੰ ਕੈਨੇਡਾ ਭੇਜਿਆ ਹੁੰਦਾ ਹੈ ਤਾਂ ਕਿ ਉਹ ਪਰਿਵਾਰ ਦੀ ਆਰਥਿਕ ਤੌਰ ਉੱਤੇ ਹਾਲਤ ਸੁਧਾਰ ਸਕੇ। ਕਈ ਮਨੁੱਖ ਸਾਰੀ ਉਮਰ ਇਸ ਮਾਨਸਿਕ ਉਲਝਨ ‘ਚੋਂ ਨਿਕਲ ਨਹੀਂ ਸਕਦੇ ਅਤੇ ਉਨ੍ਹਾਂ ਦਾ ਮਾਨਸਿਕ ਸੰਤੁਲਨ ਵਿਗੜਿਆ ਹੀ ਰਹਿੰਦਾ ਹੈ। ਹਰਭਜਨ ਪਵਾਰ ਅਜਿਹੇ ਪ੍ਰਵਾਸੀ ਪੰਜਾਬੀਆਂ ਦੀ ਮਾਨਸਿਕ ਸਥਿਤੀ ਨੂੰ ਆਪਣੀ ਕਹਾਣੀ ‘ਵੱਖਰੀ ਧਰਤੀ, ਵੱਖਰੇ ਫੁੱਲ!’ ਵਿੱਚ ਬੜੀ ਖ਼ੂਬਸੂਰਤੀ ਨਾਲ ਪੇਸ਼ ਕਰਦਾ ਹੈ:
1.ਕੀ ਇਹ ਮੇਰੇ ਲਈ ਠੀਕ ਸੀ ਕਿ ਇਕ ਪਤਨੀ ਭਾਰਤ ਵਿੱਚ ਹੁੰਦਿਆਂ ਹੋਇਆਂ ਇਕ ਗੋਰੀ ਲੜਕੀ ਸੋਫੀਆ ਨਾਲ ਵਲੈਤ ਵਿੱਚ ਸ਼ਾਦੀ ਕੀਤੀ ਹੋਈ ਸੀ ਤੇ ਭਾਰਤੀ ਬੀਵੀ ਨੂੰ ਵੀ ਆਪ ਹੀ ਵਲੈਤ ਵਿੱਚ ਬੁਲਾ ਲਿਆ। ਸੋਫੀਆ ਨਾਲ ਭਾਵੇਂ ਮੈਂ ਲੀਗਲ ਤੌਰ ਤੇ ਸ਼ਾਦੀ ਨਹੀਂ ਕੀਤੀ ਸੀ ਸਿਰਫ ਮੈਂ ਉਸ ਨੂੰ ਚਾਰ ਫੇਰਿਆਂ ਨਾਲ ਘਰ ਲੈ ਆਇਆ ਸਾਂ।
ਪਰ ਸੋਫੀਆ ਨੂੰ ਮੈਂ ਆਪਣੇ ਤੋਂ ਕਿਵੇਂ ਵੱਖ ਕਰ ਸਕਦਾ ਸਾਂ? ਉਸ ਨੇ ਤਾਂ ਮੇਰੀ ਉਸ ਵਕਤ ਮੱਦਦ ਕੀਤੀ ਸੀ ਜਿਸ ਵੇਲੇ ਮੇਰੇ ਕੋਲ ਖਾਣ ਲਈ ਰੋਟੀ ਤੇ ਪਹਿਨਣ ਲਈ ਕੱਪੜਾ ਤੇ ਸੌਣ ਲਈ ਮਕਾਨ ਨਹੀਂ ਸੀ। ਉਸ ਬੇਗਾਨੇ ਮੁਲਕ ਵਿੱਚ ਜਦੋਂ ਮੇਰੇ ਮਿੱਤਰਾਂ, ਦੋਸਤਾਂ, ਰਿਸ਼ਤੇਦਾਰਾਂ ਮੈਨੂੰ ਠੁਕਰਾ ਦਿੱਤਾ ਸੀ ਤਾਂ ਮੇਰਾ ਸਹਾਰਾ ਸਿਰਫ ਸੋਫੀਆ ਹੀ ਸੀ ਜਿਸਨੇ ਮੈਨੂੰ ਕਦੇ ਵੀ ਕਿਸੇ ਚੀਜ਼ ਦੀ ਥੁੜ ਮਹਿਸੂਸ ਨਹੀਂ ਹੋਣ ਦਿੱਤੀ ਸੀ।
ਪਰ ਮੈਂ ਕਿੰਨਾ ਧੋਖੇਬਾਜ਼ ਸੀ ਕਿ ਸੋਫੀਆ ਨੂੰ ਆਪਣੀ ਪਤਨੀ ਮੰਜੂ ਬਾਰੇ ਜੋ ਇੰਡੀਆ ਰਹਿੰਦੀ ਸੀ, ਤੇ ਮੰਜੂ ਨੂੰ ਸੋਫੀਆ ਬਾਰੇ ਜੋ ਮੇਰੇ ਨਾਲ ਮੇਰੀ ਪਤਨੀ ਬਣਕੇ ਰਹਿ ਰਹੀ ਸੀ ਕਦੇ ਦੱਸਿਆ ਹੀ ਨਹੀਂ ਸੀ. ਕੀ ਇਹ ਦੋਹਾਂ ਨਾਲ ਵਿਸ਼ਵਾਸਘਾਤ ਨਹੀਂ ਸੀ?
-----
2.ਪਰ ਕੀ ਮੰਜੂ ਦੇ ਮੇਰੇ ਉੱਤੇ ਘੱਟ ਅਹਿਸਾਨ ਸਨ? ਮੈਂ ਜਦੋਂ ਵਲੈਤ ਆਇਆ ਸੀ ਤਾਂ ਮੰਜੂ ਨੇ ਆਪਣੇ ਸਾਰੇ ਗਹਿਣੇ ਵੇਚਕੇ ਹੀ ਤਾਂ ਮੈਨੂੰ ਕਨੇਡਾ ਘੱਲਿਆ ਸੀ। ਜਦੋਂ ਮੈਂ ਕਨੇਡਾ ਆ ਰਿਹਾ ਸੀ ਤਾਂ ਉਹ ਛੱਮ ਛੱਮ ਅੱਥਰੂ ਵਹਾ ਰਹੀ ਸੀ ਤੇ ਕਹਿੰਦੀ ਸੀ, “ਤੁਸੀਂ ਮੇਰੀਆਂ ਅੱਖੀਆਂ ਤੋਂ ਉਹਲੇ ਨ ਹੋਵੋ, ਮੈਨੂੰ ਅਮੀਰੀ ਦੀ ਲੋੜ ਨਹੀਂ, ਮੈਂ ਗਰੀਬੀ ਵਿੱਚ ਵੀ ਤੁਹਾਡੇ ਨਾਲ ਰੁੱਖੀ ਸੁੱਕੀ ਖਾਕੇ ਗੁਜ਼ਾਰਾ ਕਰ ਲਵਾਂਗੀ। ਮੈਨੂੰ ਇਕੱਲੀ ਨੂੰ ਛੱਡਕੇ ਨਾ ਜਾਵੋ। ਮੈਂ ਤੁਹਾਡੇ ਬਿਨਾ ਮਰ ਜਾਵਾਂਗੀ।” ਭਾਵੇਂ ਮੇਰੇ ਤੋਂ ਮੰਜੂ ਦੇ ਅੱਥਰੂ ਵੇਖੇ ਨਹੀਂ ਜਾਂਦੇ ਸਨ ਪਰ ਆਪਣੇ ਪਰਿਵਾਰ ਦੇ ਭਵਿੱਖ ਲਈ, ਮੰਜੂ ਨੂੰ ਰੋਂਦੀ-ਕੁਰਲਾਂਦੀ ਨੂੰ ਛੱਡ ਆਇਆ ਸਾਂ ਤੇ ਇਹ ਰਾਜ਼ ਮੈਂ ਕਈ ਸਾਲਾਂ ਤੋਂ ਉਹਨਾਂ ਦੋਵਾਂ ਤੋਂ ਛੁਪਾਈ ਆ ਰਿਹਾ ਸਾਂ। ਮੰਜੂ ਦੇ ਆਉਣ ਤੋਂ ਪਹਿਲਾਂ ਮੈਂ ਸੋਫੀਆ ਨੂੰ ਸਭ ਕੁਝ ਦੱਸਣ ਦਾ ਮਨ ਬਣਾ ਲਿਆ ਸੀ।
ਪਰ ਜਦੋਂ ਦੋਹਾਂ ਨੂੰ ਪਤਾ ਲੱਗੇਗਾ ਕਿ ਇਕ ਬਹੁਤ ਵੱਡਾ ਰਾਜ਼, ਮੈਂ ਉਹਨਾਂ ਦੋਹਾਂ ਕੋਲੋਂ ਕਈ ਸਾਲ ਛੁਪਾਈ ਰੱਖਿਆ ਉਹ ਕਿਤੇ ਦੋਵੇਂ ਮੈਨੂੰ ਛੱਡਕੇ ਨਾ ਚਲੀਆਂ ਜਾਣ।
-----
‘ਗੋਰੀ ਸਾਂਝਣ’ ਕਹਾਣੀ ਵੀ ਕੁਝ ਅਜਿਹੀ ਕਿਸਮ ਦੀ ਹੀ ਇੱਕ ਸਮੱਸਿਆ ਪੇਸ਼ ਕਰਦੀ ਹੈ। ਭਾਵੇਂ ਕਿ ਇਹ ਸਮੱਸਿਆ ਤਾਂ ਕਿਸੇ ਵੀ ਦੇਸ਼ ਵਿੱਚ ਵਾਪਰ ਸਕਦੀ ਹੈ; ਇੱਥੋਂ ਤੱਕ ਕਿ ਇੰਡੀਆ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਵਿੱਚ ਵੀ। ਅਜੋਕੇ ਸਮਿਆਂ ਵਿੱਚ, ਤਕਰੀਬਨ ਹਰ ਦੇਸ਼ ਵਿੱਚ ਹੀ, ਅਨੇਕਾਂ ਕੰਪਨੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਮਰਦ ਅਤੇ ਔਰਤਾਂ ਬਿਜ਼ਨਸ ਪਾਰਟਨਰ ਹੁੰਦੇ ਹਨ। ਜਿਨ੍ਹਾਂ ਨੂੰ ਅਨੇਕਾਂ ਥਾਵਾਂ ਉੱਤੇ ਇਕੱਠੇ ਜਾਣਾ-ਆਣਾ ਪੈਂਦਾ ਹੈ- ਕਈ ਦੂਰ-ਦੁਰਾਡੇ ਸ਼ਹਿਰਾਂ ਅਤੇ ਦੇਸ਼ਾਂ ਵਿੱਚ ਵੀ। ਜਿਸ ਕਾਰਨ ਉਨ੍ਹਾਂ ਦੇ ਆਪਸੀ ਸਬੰਧ ਕਈ ਵੇਰ, ਮਹਿਜ਼, ਬਿਜ਼ਨਸ ਪਾਰਟਨਰ ਹੋਣ ਦੇ ਨਾਲ ਨਾਲ ਦੋਸਤਾਨਾ ਸਬੰਧਾਂ ਦਾ ਵੀ ਰੂਪ ਧਾਰ ਲੈਂਦੇ ਹਨ। ‘ਗੋਰੀ ਸਾਂਝਣ’ ਕਹਾਣੀ ਦੇ ਪਾਤਰਾਂ ਜੈਨੇਫਰ ਅਤੇ ਅਵਤਾਰ ਸਿੰਘ ਵਿੱਚ ਵੀ ਕੁਝ ਇਹੋ ਜਿਹਾ ਹੀ ਵਾਪਰਦਾ ਹੈ। ਕੰਮ ਉੱਤੇ ਇਕੱਠੇ ਆਣ-ਜਾਣ ਕਾਰਨ, ਜੈਨੇਫਰ ਦੇ ਅਵਤਾਰ ਸਿੰਘ ਦੇ ਘਰ ਵੀ ਅਕਸਰ ਆਉਣ ਕਾਰਨ ਅਤੇ ਅਵਤਾਰ ਸਿੰਘ ਦੇ ਬੱਚਿਆਂ ਲਈ ਖਾਣ-ਪੀਣ ਵਾਲੀਆਂ ਸੁਆਦਲੀਆਂ ਚੀਜ਼ਾਂ ਬਣਾਉਣ ਕਾਰਨ ਜੈਨੇਫਰ ਦਾ ਅਵਤਾਰ ਸਿੰਘ ਨਾਲ ਸਬੰਧ, ਮਹਿਜ਼, ਬਿਜ਼ਨਸ ਪਾਰਟਨਰ ਵਾਲਾ ਸਬੰਧ ਨਹੀਂ ਰਹਿ ਜਾਂਦਾ। ਅਵਤਾਰ ਦੇ ਬੱਚੇ ਵੀ ਜੈਨੇਫਰ ਨੂੰ ਆਪਣੀ ਮਾਂ ਨਾਲੋਂ ਵੀ ਵੱਧ ਪਸੰਦ ਕਰਨ ਲੱਗ ਜਾਂਦੇ ਹਨ। ਇਹ ਸੁਭਾਵਕ ਹੀ ਹੈ। ਬੱਚੇ ਉਸੇ ਵਿਅਕਤੀ ਵੱਲ ਖਿੱਚੇ ਜਾਂਦੇ ਹਨ, ਜੋ ਉਨ੍ਹਾਂ ਦੀਆਂ ਨਿੱਜੀ ਅਤੇ ਮਾਨਸਿਕ ਲੋੜਾਂ ਵੱਲ ਧਿਆਨ ਦਿੰਦਾ ਹੈ। ਇਸ ਗੱਲ ਦਾ ਇਜ਼ਹਾਰ ਅਵਤਾਰ ਸਿੰਘ ਦੇ ਬੱਚੇ ਵੀ ਬੜੀ ਸਪੱਸ਼ਟਤਾ ਨਾਲ ਕਰ ਦਿੰਦੇ ਹਨ:
ਕਾਫੀ ਦੇਰ ਇੰਤਜ਼ਾਰ ਕਰਨ ਬਾਅਦ ਜਦੋਂ ਅਵਤਾਰ ਘਰ ਨਾ ਆਇਆ ਤਾਂ ਉਹ ਬੱਚਿਆਂ ਦੇ ਕਮਰੇ ਵਿੱਚ ਗਈ। ਬੱਚੇ ਘੂਕ ਸੁੱਤੇ ਪਏ ਸਨ। ਉਹਨੇ ਦੋਹਾਂ ਬੱਚਿਆਂ ਤੇ ਕੰਬਲ ਦਿੱਤੇ ਤੇ ਵਾਪਸ ਆਉਣ ਹੀ ਲੱਗੀ ਸੀ ਕਿ ਮੋਨਾ ਨੀਂਦ ਵਿੱਚ ਬੁੜਬੜਾਈ। “ਬੱਬੂ, ਜੈਨੇਫਰ ਆਂਟੀ ਕਿੰਨੀ ਚੰਗੀ ਏ! ਆਪਣੇ ਨਾਲ ਕਿੰਨਾ ਪਿਆਰ ਕਰਦੀ ਏ! ਆਪਣੇ ਲਈ ਕਿੰਨੇ ਸੁਹਣੇ ਸੁਹਣੇ ਤੋਹਫੇ ਲਿਆਉਂਦੀ ਏ! ਆਪਾਂ ਨੂੰ ਕਦੇ ਵੀ ਨਹੀਂ ਝਿੜਕਦੀ ਏ! ਆਪਣੀ ਮੰਮੀ ਆਪਾਂ ਨੂੰ ਕਿੰਨਾ ਮਾਰਦੀ ਏ, ਰੋਜ਼ ਕਿੰਨਾ ਝਿੜਕਦੀ ਏ ਆਪਣੀ ਮੰਮੀ ਗੰਦੀ ਏ, ਆਪਣੇ ਲਈ ਕਦੇ ਤੋਹਫੇ ਵੀ ਨਹੀਂ ਲੈਕੇ ਆਉਂਦੀ। ਬੱਬੂ ਕਿੰਨਾ ਚੰਗਾ ਹੁੰਦਾ ਜੈਨੇਫਰ ਆਂਟੀ ਆਪਣੀ ਮੰਮੀ ਹੁੰਦੀ!”
-----
ਪਰਵਾਸੀ ਪੰਜਾਬੀ ਜਿਨ੍ਹਾਂ ਦੀਆਂ ਬਿਜ਼ਨਸ ਪਾਰਟਨਰ ਗੋਰੀਆਂ ਹਨ - ਸਿਰਫ ਉਹੀ ਨਹੀਂ, ਬਲਕਿ ਜਿਹੜੇ ਹੋਰ ਪੰਜਾਬੀ ਵੀ ਗੋਰੀਆਂ ਨਾਲ ਇਕੱਠੇ ਕੰਮ ਕਰਦੇ ਹਨ ਉਹ ਵੀ ਆਪਣੀਆਂ ਪਤਨੀਆਂ ਨਾਲੋਂ ਗੋਰੀਆਂ ਨਾਲ ਘੁੰਮਣਾ ਫਿਰਨਾ ਜ਼ਿਆਦਾ ਪਸੰਦ ਕਰਦੇ ਹਨ। ਇਸਦਾ ਵੱਡਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਗੋਰੀਆਂ ਭਾਰਤੀ / ਪਾਕਿਸਤਾਨੀ ਮੂਲ ਦੀਆਂ ਔਰਤਾਂ ਦੇ ਮੁਕਾਬਲੇ ਜ਼ਿੰਦਗੀ ਨੂੰ ਵਧੇਰੇ ਮਾਨਣਾ ਪਸੰਦ ਕਰਦੀਆਂ ਹਨ। ਇਸ ਕਾਰਨ ਅਨੇਕਾਂ ਪ੍ਰਵਾਸੀ ਪੰਜਾਬੀ ਆਪਣੀਆਂ ਇੰਡੀਅਨ / ਪਾਕਿਸਤਾਨੀ ਮੂਲ ਦੀਆਂ ਪਤਨੀਆਂ ਘਰਾਂ ਵਿੱਚ ਹੋਣ ਦੇ ਬਾਵਜੂਦ ਵੀ ਆਪਣੀਆਂ ਗੋਰੀਆਂ ਗਰਲਫਰੈਂਡਜ਼ ਵੀ ਰੱਖਦੇ ਹਨ। ਜਿਸ ਕਾਰਨ ਉਨ੍ਹਾਂ ਪੰਜਾਬੀਆਂ ਦੇ ਘਰਾਂ ਵਿੱਚ, ਅਕਸਰ, ਤਨਾਓ ਬਣਿਆ ਰਹਿੰਦਾ ਹੈ। ਇਨ੍ਹਾਂ ਗੱਲਾਂ ਨੂੰ ਹਰਭਜਨ ਪਵਾਰ ਬੜੀ ਸਪੱਸ਼ਟਤਾ ਨਾਲ ਉਭਾਰਦਾ ਹੈ:
1.ਅਵਤਾਰ ਤੇ ਜੈਨੇਫਰ ਦੋਵੇਂ ਰੈਸਟੋਰੈਂਟ ਵਿਚ ਬੈਠੇ ਗੁਲਸ਼ੱਰੇ ਉਡਾਂਦੇ ਰਹੇ ਤੇ ਏਧਰ ਉਧਰ ਦੀਆਂ ਗੱਲਾਂ ਤੇ ਬਿਜ਼ਨਸ ਬਾਰੇ ਇਕ ਦੂਸਰੇ ਨਾਲ ਵਿਚਾਰ-ਵਟਾਂਦਰਾ ਕਰਦੇ ਰਹੇ ਕਿਉਂਕਿ ਉਹਨਾਂ ਦੀ ਕੰਪਨੀ ਪਿਛਲੇ ਕੁਝ ਮਹੀਨਿਆਂ ਤੋਂ ਕਾਫੀ ਘਾਟੇ ਵਿੱਚ ਜਾ ਰਹੀ ਸੀ। ਲੋਕੀਂ ਵੀ ਤਾਂ ਇਹ ਹੀ ਕਹਿੰਦੇ ਸਨ ਕਿ ਦੇਸੀ ਬੰਦੇ ਤੇ ਵਲਾਇਤੀ ਮੇਮਾਂ ਦਾ ਬਿਜ਼ਨਸ ਕਿਵੇਂ ਚੱਲ ਸਕਦਾ ਏ ਜਦ ਕਿ ਦੇਸੀ ਬੰਦੇ ਬਿਜ਼ਨਸ ਦਾ ਖਿਆਲ ਘੱਟ ਤੇ ਮੇਮਾਂ ਦਾ ਖ਼ਿਆਲ ਜ਼ਿਆਦਾ ਰੱਖਦੇ ਨੇ। ਅਵਤਾਰ ਤੇ ਜੈਨੇਫਰ ਦਾ ਹਾਲ ਵੀ ਕੁਝ ਅਜਿਹਾ ਹੀ ਸੀ, ਉਹ ਬਿਜ਼ਨਸ ਘਟ ਕਰਦੇ ਤੇ ਮਟਰਗਸ਼ਤ ਕੁਝ ਜ਼ਿਆਦਾ।
-----
2.“ਚੰਨਣ ਕੌਰੇ, ਉਸ ਮੇਮ ਦਾ ਤੇਰੇ ਘਰ ਵਾਲੇ ਨਾਲ ਕੀ ਰਿਸ਼ਤਾ ਏ, ਜਿਹੜੀ ਅੱਠੇ ਪਹਿਰ ਤੁਹਾਡੇ ਘਰ ਆ ਕੇ ਸਾਰਾ ਦਿਨ ਤੇਰੇ ਬੱਚਿਆਂ ਨੂੰ ਖਡਾਂਦੀ ਰਹਿੰਦੀ ਏ?”
“ਮੇਰੀ ਕੀ ਲੱਗਣਾ ਉਸ ਵਿਚਾਰੀ ਨੇ? ਹਾਂ - ਮੇਰੇ ਘਰ ਵਾਲੇ ਨਾਲ ਜ਼ਰੂਰ ਬਿਜ਼ਨਸ ਵਿੱਚ ਸਾਂਝੀਦਾਰ ਏ। ਕਦੇ ਕਦਾਈਂ ਘਰ ਵੀ ਆ ਜਾਂਦੀ ਏ ਤੇ ਬੱਚਿਆਂ ਨਾਲ ਖੇਡਦੀ ਰਹਿੰਦੀ ਏ। ਮੇਰੇ ਬੱਚਿਆਂ ਨਾਲ ਉਸਨੂੰ ਬਹੁਤ ਹੀ ਪਿਆਰ ਏ। ਉਹ ਉਹਨਾਂ ਨੂੰ ਵੇਖਿਆਂ ਬਿਨਾਂ ਇਕ ਪਲ ਵੀ ਨਹੀਂ ਰਹਿ ਸਕਦੀ।”
“ਪਰ ਚੰਨਣ ਕੌਰੇ, ਲੋਕੀਂ ਤਾਂ ਆਖਦੇ ਨੇ, ਜਿੱਥੇ ਉਹ ਤੇਰੇ ਘਰ ਵਾਲੇ ਦੀ ਬਿਜ਼ਨਸ ਵਿੱਚ ਅੱਧ ਦੀ ਸਾਂਝੀਦਾਰ ਏ ਉੱਥੇ ਪਿਆਰ ਵਿੱਚ ਵੀ ਅੱਧ ਦੀ ਸਾਂਝੀਦਾਰ ਏ।”
“ਨਹੀਂ, ਉਹ ਇਸ ਤਰ੍ਹਾਂ ਦੀ ਨਹੀਂ ਹੋ ਸਕਦੀ, ਤੈਨੂੰ ਕਿਸੇ ਨੇ ਉਸ ਬਾਰੇ ਗਲਤ ਦੱਸਿਆ ਹੋਣਾ ਏ!”
“ਭਾਵੇਂ ਤੂੰ ਕਿਸੇ ਤੇ ਵਿਸ਼ਵਾਸ ਨਾ ਕਰ, ਪਰ ਇਹਨਾਂ ਮੇਮਾਂ ਤੇ ਕੋਈ ਭਰੋਸਾ ਨਹੀਂ ਇਹ ਨਖ਼ਸਮੀਆਂ ਜਿਹਦੇ ਨਾਲ ਚਾਹੁਣ ਤੁਰ ਪੈਂਦੀਆਂ ਹਨ। ਪਿਛਲੇ ਹੀ ਵੀਕ ਦੀ ਗੱਲ ਏ ਮੇਰੀ ਇੱਕ ਸਹੇਲੀ ਦੇ ਪਤੀ ਨੂੰ ਇਕ ਮੇਮ ਭਜਾ ਕੇ ਲੈ ਗਈ। ਉਹ ਵਿਚਾਰੀ ਰੋਂਦੀ ਰਹਿ ਗਈ। ਚੰਨਣ ਕੌਰੇ, ਕਿਧਰੇ ਮੇਰੀ ਸਹੇਲੀ ਵਾਂਗ ਤੇਰੇ ਨਾਲ ਵੀ ਨ ਹੋਵੇ ਕਿ ਉਹ ਮੇਮ ਤੇਰੇ ਘਰ ਵਾਲੇ ਨੂੰ ਉਡਾ ਕੇ ਲੈ ਜਾਵੇ, ਤੇ ਤੂੰ ਵੇਖਦੀ ਰਹਿ ਜਾਵੇਂ।”
-----
3.“ਪਰ ਉਹ ਗੋਰੀ ਤੁਹਾਡਾ ਬਿਜ਼ਨਸ ਤਾਂ ਡੋਬੇਗੀ ਹੀ, ਪਰ ਮੇਰਾ ਘਰ ਵੀ ਨਹੀਂ ਬਚੇਗਾ। ਇਹ ਕਿਹੋ ਜਿਹਾ ਦੇਸ਼ ਹੈ। ਇਕ ਮਰਦ ਕਿਸੇ ਦੂਸਰੀ ਔਰਤ ਨੂੰ ਬਿਜ਼ਨਸ ਪਾਰਟਨਰ ਵੀ ਰੱਖ ਸਕਦਾ ਹੈ ਤੇ ਆਪਣੀ ਮਰਜ਼ੀ ਨਾਲ ਜਿੱਥੇ ਚਾਹਵੇ ਉਸ ਨਾਲ ਆ ਜਾ ਸਕਦਾ ਹੈ ਤੇ ਜਦੋਂ ਵੀ ਚਾਹਵੇ ਮਿਲ ਸਕਦਾ ਹੈ।”
-----
‘ਪਿਆਸਾ ਦਰਿਆ’ ਕਹਾਣੀ ਸੰਗ੍ਰਹਿ ਵਿੱਚ ‘ਇੰਡੀਅਨ ਬਾਸ’ ਇੱਕ ਹੋਰ ਦਿਲਚਸਪ ਕਹਾਣੀ ਹੈ। ਇਹ ਕਹਾਣੀ ਟੋਨੀ ਸਿੰਘ ਉਰਫ ਤਰਸੇਮ ਸਿੰਘ ਬਾਜਵਾ ਨਾਮ ਦੇ ਭਾਰਤੀ ਮੂਲ ਦੇ ਇੱਕ ਬਿਜ਼ਨਸਮੈਨ ਬਾਰੇ ਹੈ। ਟੋਨੀ ਸਿੰਘ ਅਜਿਹੇ ਬਿਜ਼ਨਸ ਅਦਾਰਿਆਂ ਦੀ ਪ੍ਰਤੀਨਿਧਤਾ ਕਰਦਾ ਹੈ ਜੋ ਕਿ ਕੈਨੇਡਾ ਵਰਗੇ ਵਿਕਸਤ ਦੇਸ਼ ਵਿੱਚ ਵੀ ਆਪਣੇ ਬਿਜ਼ਨਸ ਬਿਨ੍ਹਾਂ ਕਿਸੀ ਕਾਨੂੰਨ ਦੀ ਪ੍ਰਵਾਹ ਕੀਤੇ ਚਲਾਂਦੇ ਹਨ। ਜਿੱਥੇ ਨ ਸਿਰਫ ਕੰਮ ਕਰਨ ਦੀਆਂ ਹਾਲਤਾਂ ਹੀ ਤਸੱਲੀਬਖ਼ਸ਼ ਨਹੀਂ ਹੁੰਦੀਆਂ; ਬਲਕਿ ਵਿਸ਼ੇਸ਼ ਕਰਕੇ ਔਰਤ ਕਾਮਿਆਂ ਦੀ ਸੁਰੱਖਿਆ ਵੀ ਖਤਰਿਆਂ ਭਰੀ ਹੁੰਦੀ ਹੈ। ਇਨ੍ਹਾਂ ਕਾਮਿਆਂ ਦੀ ਸੁਰੱਖਿਆ ਨੂੰ ਖ਼ਤਰਾ ਕਿਸੇ ਬਾਹਰਲੇ ਲੋਕਾਂ ਤੋਂ ਨਹੀਂ ਹੁੰਦਾ; ਬਲਕਿ ਕੰਪਨੀਆਂ ਦੇ ਭ੍ਰਿਸ਼ਟ ਮਾਲਕਾਂ ਤੋਂ ਹੀ ਹੁੰਦਾ ਹੈ। ਅਜਿਹੇ ਖ਼ਤਰੇ ਦਾ ਸਾਹਮਣਾ ਟੋਨੀ ਸਿੰਘ ਦੀ ਕੰਪਨੀ ਵਿੱਚ ਕੰਮ ਕਰਦੀ ਗੀਤਾ ਨੂੰ ਵੀ ਕਰਨਾ ਪੈਂਦਾ ਹੈ। ਭਾਵੇਂ ਕਿ ਆਪਣੀ ਹਿੰਮਤ ਸਦਕਾ ਗੀਤਾ ਭ੍ਰਿਸ਼ਟ ਟੋਨੀ ਸਿੰਘ ਵੱਲੋਂ ਉਸਦਾ ਬਲਾਤਕਾਰ ਕੀਤੇ ਜਾਣ ਦੇ ਯਤਨ ਅਸਫਲ ਬਣਾ ਦਿੰਦੀ ਹੈ; ਪਰ ਹਰ ਔਰਤ ਅਜਿਹੇ ਭ੍ਰਿਸ਼ਟ ਵਿਉਪਾਰੀਆਂ ਦੇ ਚੁੰਗਲ ਵਿੱਚੋਂ ਬਚਣ ਵਿੱਚ ਕਾਮਿਯਾਬ ਨਹੀਂ ਹੁੰਦੀ ਅਤੇ ਉਸਨੂੰ ਆਪਣੀ ਨੌਕਰੀ ਖੁੱਸ ਜਾਣ ਦੇ ਡਰੋਂ ਅਜਿਹੇ ਭ੍ਰਿਸ਼ਟ ਬਿਜ਼ਨਸਮੈਨਾਂ ਦੇ ਅੱਤਿਆਚਾਰ ਸਹਿਣ ਤੋਂ ਬਾਹਦ ਵੀ ਆਪਣੇ ਬੁੱਲਾਂ ਉੱਤੇ ਜੰਦਰਾ ਮਾਰਨਾ ਪੈਂਦਾ ਹੈ। ਇਸ ਤੱਥ ਨੂੰ ਹਰਭਜਨ ਪਵਾਰ ਟੋਨੀ ਸਿੰਘ ਅਤੇ ਗੀਤਾ ਦਰਮਿਆਨ ਹੋਏ ਇੱਕ ਵਾਰਤਾਲਾਪ ਅਤੇ ਉਸ ਨਾਲ ਸਬੰਧਤ ਇੱਕ ਘਟਨਾ ਦੇ ਬਿਆਨ ਰਾਹੀਂ ਬੜੀ ਹੀ ਖ਼ੂਬਸੂਰਤੀ ਨਾਲ ਪੇਸ਼ ਕਰਦਾ ਹੈ:
“ਕੁੜੀਏ, ਅੱਜ ਤਾਂ ਤੈਨੂੰ ਓਵਰਟਾਈਮ ਕਰਨਾ ਹੀ ਪਊ, ਭਾਵੇਂ ਜ਼ਬਰਦਸਤੀ, ਭਾਵੇਂ ਆਪਣੀ ਮਰਜੀ ਨਾਲ. ਤੇਰੇ ਨਾਲ ਦੀਆਂ ਦੂਜੀਆਂ ਕੁੜੀਆਂ ਨੇ ਕਦੀ ਇਨਕਾਰ ਨਹੀਂ ਕੀਤਾ ਤੂੰ ਕੋਈ ਉਨ੍ਹਾਂ ਤੋਂ ਵੱਖਰੀ ਨਹੀਂ ਹੈਂ।”
“ਕੁੱਤੇ, ਕਮੀਨੇ ਤੂੰ ਇੱਕ ਝਾਤੀ ਆਪਣੇ ਤੇ ਮਾਰ। ਤੂੰ ਮੇਰੇ ਪਿਉ ਦੀ ਉਮਰ ਦਾ ਹੈਂ ਤੇ ਨਾਲੇ ਮੇਰਾ ਬਾਸ ਵੀ ਹੈਂ। ਤੈਨੂੰ ਕੁਛ ਤਾਂ ਸ਼ਰਮ ਆਉਣੀ ਚਾਹੀਦੀ ਹੈ।
ਜੇ ਖੇਹ ਖਾਣ ਦਾ ਇਤਨਾ ਹੀ ਸ਼ੌਕ ਏ ਤਾਂ ਅਪਣੀ ਜਨਾਨੀ ਕੋਲ ਜਾਹ ਨਹੀਂ ਤਾਂ ਯੰਗ ਸਟਰੀਟ ਤੇ ਜਾਹ, ਉੱਥੇ ਪੇਸ਼ੇ ਵਾਲੀਆਂ ਬਥੇਰੀਆਂ ਤੁਰੀਆਂ ਫਿਰਦੀਆਂ ਨੇ।”
“ਏਥੇ ਸਭ ਚਲਦਾ ਏ ਮੇਰੀ ਜਾਨ, ਅਗਰ ਤੈਨੂੰ ਇਨਕਾਰ ਏ ਤਾਂ ਕੱਲ੍ਹ ਨੂੰ ਤੇਰੀ ਨੌਕਰੀ ਤੋਂ ਛੁੱਟੀ, ਸੋਚ ਸਮਝ ਲੈ, ਅਜੇ ਵੀ ਵਕਤ ਏ।”
“ਮੈਂ ਤੇਰੀ ਨੌਕਰੀ ਤੇ ਥੁੱਕਦੀ ਵੀ ਨਹੀਂ ਕੱਲ੍ਹ ਤਾਂ ਕਿਸ ਵੇਖਿਆ?...ਮੈਂ ਹੁਣੇ ਇਸ ਨੌਕਰੀ ਨੂੰ ਖੁਦ ਛੱਡਕੇ ਜਾ ਰਹੀ ਹਾਂ।”
ਇਹਨਾਂ ਗੱਲਾਂ ਦਾ ਮਿਸਟਰ ਟੋਨੀ ਤੇ ਕੋਈ ਅਸਰ ਨਾ ਹੋਇਆ। ਉਸਨੇ ਗੀਤਾ ਨੂੰ ਜੱਫੀ ਵਿਚ ਲੈ ਲਿਆ। ਪਰ ਅਚਾਨਕ ਗੀਤਾ ਦੀ ਨਜ਼ਰ ਪਿਛੇ ਪਏ ਝਾੜੂ ਤੇ ਪਈ। ਉਸਨੇ ਛੇਤੀ ਨਾਲ ਝਾੜੂ ਲਿਆ ਤੇ ਕਦੇ ਲੱਤਾਂ ਤੇ ਕਦੇ ਸਿਰ ਤੇ ਇਸ ਤਰ੍ਹਾਂ ਉਸਨੇ ਮਿਸਟਰ ਟੋਨੀ ਨੂੰ ਚੰਗਾ ਕੁਟਾਪਾ ਚਾੜਿਆ। ਤੇ ਕੁਝ ਹੀ ਮਿੰਟਾਂ ਵਿੱਚ ਮਿਸਟਰ ਟੋਨੀ ਦੋਵੇਂ ਹੱਥ ਜੋੜਕੇ ਗਿੜ ਗਿੜਾ ਰਿਹਾ ਸੀ।
“ਮੁਆਫ ਕਰਦੇ ਮੈਨੂੰ ਕੁੜੀਏ, ਮੈਥੋਂ ਬੜੀ ਵੱਡੀ ਗਲਤੀ ਹੋ ਗਈ ਏ, ਮੈਨੂੰ ਨਹੀਂ ਪਤਾ ਸੀ ਕਿ ਤੂੰ ਇਕ ਸ਼ਰੀਫ ਲੜਕੀ ਏਂ, ਮੇਰੀ ਤੋਬਾ ਮੈਂ ਅੱਜ ਤੋਂ ਬਾਅਦ ਕਿਸੇ ਕੁੜੀ ਨਾਲ ਵੀ ਅਜਿਹੀ ਹਰਕਤ ਨਹੀਂ ਕਰਾਂਗਾ।”
-----
‘ਪਿਆਸਾ ਦਰਿਆ’ ਕਹਾਣੀ ਸੰਗ੍ਰਹਿ ਵਿੱਚ ਸ਼ਾਮਿਲ ਕਹਾਣੀਆਂ ਰਾਹੀਂ ਹਰਭਜਨ ਪਵਾਰ ਨੇ ਪੱਛਮੀ ਦੇਸ਼ਾਂ ਦੀ ਜ਼ਿੰਦਗੀ ਦੇ ਕੁਝ ਹੋਰ ਪੱਖਾਂ ਬਾਰੇ ਵੀ ਗੱਲ ਕੀਤੀ ਹੈ। ਪਰਵਾਸੀ ਪੰਜਾਬੀ ਜਿੱਥੇ ਕਿ ਹਫਤੇ ਦੇ ਸੱਤੇ ਦਿਨ ਡਾਲਰ ਕਮਾਉਣ ਦੀ ਦੌੜ ਵਿੱਚ ਕੋਹਲੂ ਦੇ ਬਲਦ ਵਾਂਗ ਰੁੱਝੇ ਰਹਿੰਦੇ ਹਨ; ਉੱਥੇ ਗੋਰੇ ਲੋਕ ਸ਼ੁੱਕਰਵਾਰ ਦੀ ਸ਼ਾਮ ਤੋਂ ਹੀ ਪਾਰਟੀਆਂ ਕਰਨ ਵਿੱਚ ਰੁੱਝ ਜਾਂਦੇ ਹਨ। ਪੱਛਮੀ ਦੇਸ਼ਾਂ ਵਿੱਚ ਤਕਰੀਬਨ ਹਰ ਕਾਮੇ ਨੂੰ ਹਰ ਹਫ਼ਤੇ ਤਨਖਾਹ ਮਿਲਦੀ ਹੈ। ਕੰਮ ਤੋਂ ਤਨਖਾਹ ਦਾ ਚੈੱਕ ਮਿਲਦਿਆਂ ਹੀ ਗੋਰੇ ਮਰਦ/ਔਰਤਾਂ ਬੈਂਕਾਂ ਵੱਲ ਭੱਜਦੇ ਹਨ ਅਤੇ ਫਿਰ ਨਾਚ ਘਰਾਂ/ਰੈਸਟੋਰੈਂਟਾਂ ਜਾਂ ਸ਼ਰਾਬਖਾਨਿਆਂ ਵੱਲ ਭੱਜਦੇ ਹਨ। ਗੋਰਿਆਂ ਦੇ ਜ਼ਿੰਦਗੀ ਜਿਉਣ ਦੇ ਅਜਿਹੇ ਢੰਗ ਅਤੇ ਬੇਪ੍ਰਵਾਹੀ ਨਾਲ ਖਰਚ ਕਰਨ ਦਾ ਵਿਸ਼ੇਸ਼ ਕਰਕੇ ਟੈਕਸੀ ਡਰਾਈਵਰਾਂ ਨੂੰ ਬਹੁਤ ਲਾਭ ਹੁੰਦਾ ਹੈ। ਕਿਉਂਕਿ ਪਾਰਟੀਆਂ ਖਤਮ ਹੋਣ ਤੱਕ ਗੋਰੇ ਪੂਰੀ ਤਰ੍ਹਾਂ ਸ਼ਰਾਬੀ ਹੋ ਚੁੱਕੇ ਹੁੰਦੇ ਹਨ ਅਤੇ ਉਹ ਆਪਣੇ ਟਿਕਾਣਿਆਂ ਉੱਤੇ ਪਹੁੰਚਣ ਲਈ ਟੈਕਸੀਆਂ ਦੀ ਹੀ ਵਰਤੋਂ ਕਰਦੇ ਹਨ। ਪੱਛਮੀ ਦੇਸ਼ਾਂ ਦੀ ਜ਼ਿੰਦਗੀ ਦੇ ਇਸ ਪੱਖ ਨੂੰ ਹਰਭਜਨ ਪਵਾਰ ਆਪਣੀ ਕਹਾਣੀ ‘ਜਨ ਬਚੀ ਤਾਂ ਲਾਖੋਂ ਪਾਏ’ ਵਿੱਚ ਬੜੀ ਖ਼ੂਬਸੂਰਤੀ ਨਾਲ ਬਿਆਨ ਕਰਦਾ ਹੈ:
ਸ਼ੁੱਕਰਵਾਰ ਤੇ ਸ਼ਨਿਚਰਵਾਰ ਹਫਤੇ ਵਿਚ ਦੋ ਦਿਨ ਅਜਿਹੇ ਹੁੰਦੇ ਹਨ ਜਦੋਂ ਟੈਕਸੀ ਵਾਲਿਆਂ ਦੀ ਚਾਂਦੀ ਹੁੰਦੀ ਹੈ। ਸ਼ੁੱਕਰਵਾਰ ਨੂੰ ਗੋਰਿਆਂ ਦਾ ਪੇ-ਡੇਅ ਹੁੰਦਾ ਹੈ। ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਗੋਰੇ ਸ਼ੁੱਕਰਵਾਰ ਦੀ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ਤੇ ਚੈੱਕ ਦੇ ਮਿਲਦਿਆਂ ਹੀ ਬੈਂਕਾਂ ਵੱਲ ਭੱਜਦੇ ਹਨ। ਕਈ ਆਪਣੇ ਪੇ-ਚੈੱਕ ਕੈਸ਼ ਕਰਵਾ ਕੇ ਉਥੋਂ ਸਿਧੇ ਨਾਈਟ ਕਲੱਬਾਂ ਜਾਂ ਫਿਰ ਡਿਸਕੋ ਟੈਕ ਵੱਲ ਭੱਜਦੇ ਹਨ ਤੇ ਕਈ ਗੋਰੇ ਬਲਿਊ ਮੂਵੀਜ਼ ਜਾਂ ਸਟਰਿਪਟੀਜ਼ ਦੇਖਣ ਲਈ ਚਲੇ ਜਾਂਦੇ ਹਨ। ਉਹ ਪੱਬਾਂ ਤੋਂ ਫਾਰਗ ਹੋ ਕੇ ਲੇਟ ਘਰ ਆਉਂਦੇ ਹਨ ਅਤੇ ਸਾਰੀ ਸਾਰੀ ਰਾਤ ਮੈਰੋਵਾਨਾ ਤੇ ਹਸ਼ੀਸ਼ ਦਾ ਸੇਵਨ ਕਰਦੇ ਹਨ ਤੇ ਆਪਣੀਆਂ ਪੁਰਾਣੀਆਂ ਤੇ ਨਵੀਆਂ ਸਾਥਣਾਂ ਨਾਲ ਜ਼ਿੰਦਗੀ ਦਾ ਆਨੰਦ ਮਾਣਦੇ ਹਨ। ਡਾਂਸ ਕਰਦੇ ਕਰਦੇ ਜਦੋਂ ਥੱਕ ਜਾਂਦੇ ਹਨ ਤੇ ਸ਼ਰਾਬ ਪੀ ਪੀ ਕੇ ਜਦੋਂ ਡਰੰਕ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਕੁਝ ਵੀ ਸੁਰਤ ਨਹੀਂ ਰਹਿੰਦੀ। ਜਦ ਉਹਨਾਂ ਵਿਚ ਘਰ ਖ਼ੁਦ ਪਹੁੰਚਣ ਦੀ ਹਿੰਮਤ ਨਹੀਂ ਰਹਿੰਦੀ ਤਾਂ ਉਹ ਟੈਕਸੀਆਂ ਨੂੰ ਕਾਲ ਕਰਦੇ ਹਨ। ਫਿਰ ਟੈਕਸੀਆਂ ਵਾਲੇ ਇਹਨਾਂ ਸ਼ਰਾਬੀ ਹੋਏ ਨਸ਼ੇ ਵਿੱਚ ਧੁੱਤ ਗੋਰਿਆਂ ਨੂੰ ਸਹਾਰਾ ਦੇ ਕੇ ਆਪਣੀਆਂ ਟੈਕਸੀਆਂ ਵਿੱਚ ਬਿਠਾਂਦੇ ਹਨ ਤੇ ਉਹਨਾਂ ਦੇ ਦੱਸੇ ਹੋਏ ਠਿਕਾਣਿਆਂ ਤੇ ਪਹੁੰਚਾਂਦੇ ਹਨ। ਕਈ ਸ਼ਰਾਬੀ ਤਾਂ ਕਾਫੀ ਟਿਪ ਵੀ ਦੇ ਜਾਂਦੇ ਹਨ, ਖ਼ਾਸ ਕਰਕੇ ਕ੍ਰਿਸਮਸ ਤੇ ਨਵੇਂ ਸਾਲ ਵਾਲੇ ਦਿਨਾਂ ਵਿੱਚ ਤਾਂ ਸਵਾਰੀਆਂ ਟੈਕਸੀ-ਡਰਾਈਵਰਾਂ ਨੂੰ ਦਸ ਦਸ ਡਾਲਰ ਐਵੇਂ ਹੀ ਟਿੱਪ ਦੇ ਜਾਂਦੀਆਂ ਹਨ। ਕ੍ਰਿਸਮਸ ਦੇ ਨਵੇਂ ਸਾਲ ਦੇ ਦਿਨਾਂ ਵਿਚ ਹੀ ਟੈਕਸੀ ਵਾਲਿਆਂ ਦੀ ਚੰਗੀ ਕਮਾਈ ਹੁੰਦੀ ਹੈ। ਸ਼ਾਇਦ ਇਸੇ ਲਈ ਅੱਜ ਕੱਲ ਇੰਡੀਅਨ ਕਮਿਊਨਿਟੀ ਦੇ ਪੜ੍ਹੇ ਲਿਖੇ ਲੋਕ ਟੈਕਸੀਆਂ ਚਲਾ ਰਹੇ ਹਨ।
-----
ਪਰ ਗੋਰਿਆਂ ਦੇ ਮੁਕਾਬਲੇ ਵਿੱਚ ਅਨੇਕਾਂ ਪ੍ਰਵਾਸੀ ਪੰਜਾਬੀ ਰੈਸਟੋਰੈਂਟਾਂ/ਸ਼ਰਾਬਖ਼ਾਨਿਆਂ ਵਿੱਚ ਜਾ ਕੇ ਜ਼ਿੰਦਗੀ ਦਾ ਆਨੰਦ ਲੈਣ ਦੀ ਥਾਂ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਜਾਣ ਤੋਂ ਬਾਹਦ ਦੰਗੇ-ਫਸਾਦ ਕਰਨ ਵਿੱਚ ਵੀ ਯਕੀਨ ਰੱਖਦੇ ਹਨ। ਪ੍ਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਦੇ ਇਸ ਪੱਖ ਨੂੰ ਵੀ ਹਰਭਜਨ ਪਵਾਰ ਕਹਾਣੀ ‘ਜਾਨ ਬਚੀ ਤਾਂ ਲਾਖੋਂ ਪਾਏ’ ਵਿੱਚ ਬੜੀ ਹੀ ਖ਼ੂਬਸੂਰਤੀ ਨਾਲ ਪੇਸ਼ ਕਰਦਾ ਹੈ:
“ਪਰ ਮੈਂ ਤਾਂ ਹੁਣ ਘਰ ਜਾ ਰਿਹਾ ਹਾਂ। ਹੁਣ ਮੇਰੇ ਕੋਲ ਹੋਰ ਟਾਈਮ ਨਹੀਂ ਹੈ। ਮੈਨੂੰ ਹੁਣ ਜਾਣ ਤੋਂ ਨ ਰੋਕੀਂ ਵਰਨਾ ਤੇਰੇ ਲਈ ਚੰਗਾ ਨਹੀਂ ਹੋਵੇਗਾ।” ਮੈਂ ਥੋੜ੍ਹਾ ਜਿਹਾ ਖਰਵਾ ਹੋ ਕੇ ਕਿਹਾ।
“ਤੈਂ ਧਮਕੀ ਦਿੱਤੀ ਹੈ? - ਹੁਣ ਤਾਂ ਤੈਨੂੰ ਮੇਰੇ ਨਾਲ ਚਲਣਾ ਹੀ ਪਊ। ਤੂੰ ਜਾਣਦਾ ਨਹੀਂ ਅਸੀਂ ਜੱਦੀ ਬਦਮਾਸ਼ ਹੁੰਦੇ ਹਾਂ। ਸਾਡੇ ਕੋਲੋਂ ਸਾਰਾ ਸ਼ਹਿਰ ਡਰਦਾ ਏ, ਤੂੰ ਕਿਹੜੇ ਬਾਗ ਦੀ ਮੂਲੀ ਏਂ?”
ਮੇਰੇ ਵੇਖਦਿਆਂ ਉਸਨੇ ਆਪਣਾ ਕੋਟ ਲਾਹਕੇ ਵਗਾਹ ਮਾਰਿਆ ਤੇ ਗੁੱਸੇ ਨਾਲ ਉਸਦੀਆਂ ਅੱਖਾਂ ਲਾਲ ਹੋ ਗਈਆਂ।
ਮੈਂ ਸੋਚਿਆ ਬਦਮਾਸ਼ ਤੂੰ ਹੈ ਹੀ, ਪਰ ਸ਼ਰਾਬੀ ਵੀ ਘਟ ਨਹੀਂ, ਤੇਰੇ ਜਿਹੇ ਲੋਕਾਂ ਨੇ ਹੀ ਵਿਦੇਸ਼ਾਂ ਵਿੱਚ ਇੰਡੀਅਨ ਕਮਿਊਨਿਟੀ ਨੂੰ ਬਦਨਾਮ ਕੀਤਾ ਹੋਇਆ ਏ, ਉਹ ਸੋਚਦੇ ਹਨ ਇਹ ਕਿਹੋ ਜਿਹੇ ਜੰਗਲੀ ਲੋਕ ਸਾਡੇ ਦੇਸ਼ ਵਿੱਚ ਆ ਗਏ ਹਨ। ਉਸ ਤੋਂ ਛੁਟਕਾਰਾ ਪਾਉਣ ਲਈ ਮੈਨੂੰ ਇਕ ਸਕੀਮ ਸੁੱਝੀ। ਮੈਂ ਉਸਦੇ ਨਾਲ ਦੂਸਰੇ ਰੈਸਟੋਰੈਂਟ ਜਾਣ ਲਈ ਹਾਂ ਕਰ ਦਿੱਤੀ।
“ਅੱਛਾ ਬਾਈ, ਮੈਂ ਟੈਕਸੀ ਰੋਕਦਾ ਹਾਂ ਤੇ ਫਿਰ ਆਪਾਂ ਯੰਗ ਐਂਡ ਬਲੂਰ ਤੇ ਚਲਦੇ ਹਾਂ। ਓਥੇ ਕਾਫੀ ਰੈਸਟੋਰੈਂਟ ਹਨ। ਮੇਰੇ ਹਾਂ ਕਰਨ ਨਾਲ ਉਹ ਵੀ ਕੁਝ ਸ਼ਾਂਤ ਹੋ ਗਿਆ ਸੀ।
“ਭਲਾ ਟੈਕਸੀ ਦੀ ਕੀ ਜ਼ਰੂਰਤ ਏ? ਮੇਰੇ ਕੋਲ ਮੇਰੀ ਆਪਣੀ ਟੈਕਸੀ ਜੋ ਹੈ।”
“ਫਿਰ ਤਾਂ ਆਪਣੇ ਛੇ ਡਾਲਰ ਬਚ ਗਏ। ਪਵਾਰ ਤੂੰ ਜਾ ਕੇ ਆਪਣੀ ਟੈਕਸੀ ਲੈ ਆ ਤੇ ਮੈਂ ਇਥੇ ਤੇਰੀ ਵੇਟ ਕਰਦਾ ਹਾਂ।”
ਫਿਰ ਕੀ ਸੀ?- ਜਾਨ ਬਚੀ ਤਾਂ ਲਾਖੋਂ ਪਾਏ। ਮੈਂ ਦੌੜਾ ਦੌੜਾ ਆਪਣੀ ਕਾਰ ਵੱਲ ਜਾ ਰਿਹਾ ਸਾਂ ਤੇ ਕਦੇ ਕਦੇ ਪਿਛੇ ਵੀ ਮੁੜਕੇ ਦੇਖ ਲੈਂਦਾ ਸਾਂ ਕਿ ਕਿਧਰੇ ਉਹ ਜਮਦੂਤ ਮੇਰੇ ਪਿੱਛੇ ਤਾਂ ਨਹੀਂ ਆ ਰਿਹਾ।
-----
ਮਨੁੱਖੀ ਰਿਸ਼ਤੇ ਆਪਸੀ ਵਿਸ਼ਵਾਸ਼ ਦੀਆਂ ਨੀਂਹਾਂ ਉੱਤੇ ਉਸਰੇ ਹੁੰਦੇ ਹਨ। ਇੱਕ ਵਾਰੀ ਕਿਸੀ ਗੱਲ ਬਾਰੇ ਸ਼ੱਕ ਪੈਦਾ ਹੋ ਜਾਵੇ, ਮੁੜਕੇ ਉਹ ਰਿਸ਼ਤੇ ਕਦੀ ਵੀ ਸਿਹਤਮੰਦ ਨਹੀਂ ਹੋ ਸਕਦੇ। ਕੁਝ ਅਜਿਹਾ ਹੀ ਕਹਾਣੀ ‘ਇਕ ਸੁਫ਼ਨੇ ਦਾ ਕਤਲ’ ਦੀ ਪਾਤਰ ਸਾਰਿਕਾ ਅਤੇ ਉਸਦੇ ਪਤੀ ਦਰਮਿਆਨ ਵਾਪਰਦਾ ਹੈ। ਇਸ ਗੱਲ ਦਾ ਇਜ਼ਹਾਰ ਅਸਿੱਧੇ ਢੰਗ ਨਾਲ ਸਾਰਿਕਾ ਦਾ ਪਤੀ ਆਪਣੀ ਪਤਨੀ ਦੇ ਧਰਮ ਭਰਾ ਬਣੇ ਵਿਅਕਤੀ ‘ਕੰਵਲ’ ਵੱਲ ਲਿਖੇ ਇੱਕ ਖ਼ਤ ਰਾਹੀਂ ਕਰਦਾ ਹੈ:
ਕੰਵਲ ਸਾਹਿਬ,
ਮੈਂ ਤੁਹਾਨੂੰ ਬਹੁਤ ਦੇਰ ਪਹਿਲਾਂ ਲਿਖਣਾ ਚਾਹੁੰਦਾ ਸੀ ਕਿ ਸਾਰਿਕਾ ਜੀ ਨੂੰ ਚਿੱਠੀ ਲਿਖਣੀ ਬੰਦ ਕਰ ਦਿਓ ਜੀ। ਪਰ ਮੈਂ ਮਜਬੂਰੀ ਕਰਕੇ ਲਿਖ ਨਹੀਂ ਸਕਿਆ ਸੀ ਪਰ ਜਦੋਂ ਵੀ ਤੁਹਾਡਾ ਪੱਤਰ ਆਉਂਦਾ ਹੈ ਅਸੀਂ ਦੋਨੋਂ ਪੜ੍ਹਦੇ ਹਾਂ ਜੀ। ਬਾਕੀ ਸਾਰਿਕਾ ਦੇ ਕਹਿਣ ਤੇ ਅਤੇ ਤੁਹਾਡੀਆਂ ਚਿੱਠੀਆਂ ਪੜ੍ਹਕੇ ਜ਼ਾਹਰ ਹੁੰਦਾ ਹੈ ਕਿ ਤੁਸੀਂ ਸਾਰਿਕਾ ਜੀ ਦੇ ਧਰਮ-ਭਰਾ ਹੋ। ਪਰ ਮੈਂ ਇਸ ਰਿਸ਼ਤੇ ਨੂੰ ਮੰਨਣ ਤੋਂ ਮਜਬੂਰ ਹਾਂ ਕਿਉਂਕਿ ਸਾਰਿਕਾ ਜੀ ਦੇ ਆਪਣੇ ਸਕੇ ਚਾਰ ਭਰਾ ਹਨ। ਸਾਨੂੰ ਕਿਸੇ ਮੂੰਹ-ਬੋਲੇ ਭਰਾ ਦੀ ਲੋੜ ਨਹੀਂ ਹੈ ਜੀ। ਸੋਚੋ ਅਗਰ ਤੁਸੀਂ ਮੇਰੇ ਜਗ੍ਹਾ ਹੁੰਦੇ ਤਾਂ ਤੁਸੀਂ ਵੀ ਇਹੀ ਸੋਚਦੇ। ਪਰ ਅਸਲੀਅਤ ਹੋਰ ਹੈ। ਕਾਲਜ ਵਿੱਚ ਜ਼ਰੂਰ ਤੁਹਾਡਾ ਦੋਹਾਂ ਦਾ ਪਿਆਰ ਹੋਵੇਗਾ ਜੀ, ਪਰ ਹੁਣ ਇਹਨਾਂ ਦੀ ਮੇਰੇ ਨਾਲ ਸ਼ਾਦੀ ਹੋ ਚੁੱਕੀ ਹੈ। ਰੱਬ ਦੇ ਵਾਸਤੇ ਹੁਣ ਇਹਨਾਂ ਦਾ ਪਿੱਛਾ ਤੁਸੀਂ ਛੱਡ ਦੇਵੋ ਜੀ।
.....ਇੱਕ ਦੁਖੀ ਆਤਮਾ
------
‘ਪਿਆਸਾ ਦਰਿਆ’ ਕਹਾਣੀ ਸੰਗ੍ਰਹਿ ਬਾਰੇ ਆਪਣੀ ਗੱਲ ਖ਼ਤਮ ਕਰਨ ਤੋਂ ਪਹਿਲਾਂ ਮੈਂ ‘ਪਿਆਸਾ ਦਰਿਆ’ ਨਾਮ ਦੀ ਕਹਾਣੀ ਬਾਰੇ ਵੀ ਕੁਝ ਕਹਿਣਾ ਜ਼ਰੂਰੀ ਸਮਝਦਾ ਹਾਂ। ਇਸ ਕਹਾਣੀ ਦੇ ਅੰਤਲੇ ਹਿੱਸੇ ਵਿੱਚ ਇੱਕ ਅਜਿਹੀ ਸਮੱਸਿਆ ਦਾ ਜ਼ਿਕਰ ਕੀਤਾ ਗਿਆ ਜਿਸਦਾ ਸਾਹਮਣਾ ਪੰਜਾਬੀ ਔਰਤਾਂ ਨਾ ਸਿਰਫ਼ ਇੰਡੀਆ/ਪਾਕਿਸਤਾਨ ਵਿੱਚ ਹੀ ਕਰ ਰਹੀਆਂ ਹਨ - ਬਲਕਿ ਕੈਨੇਡਾ, ਅਮਰੀਕਾ, ਇੰਗਲੈਂਡ ਵਰਗੇ ਪੱਛਮੀ ਦੇਸ਼ਾਂ ਵਿੱਚ ਵੀ ਇਹ ਸਮੱਸਿਆ ਉਨ੍ਹਾਂ ਦਾ ਪਿੱਛਾ ਨਹੀਂ ਛੱਡ ਰਹੀ। ਇਹ ਸਮੱਸਿਆ ਹੈ: ਨੌਜੁਆਨ ਔਰਤਾਂ ਦੇ ਮਾਪਿਆਂ ਵੱਲੋਂ ਉਨ੍ਹਾਂ ਦੀ ਇੱਛਾ ਦੇ ਖ਼ਿਲਾਫ਼ ਉਨ੍ਹਾਂ ਦੇ ਜ਼ਬਰਦਸਤੀ ਵਿਆਹ ਕਰਨੇ। ਕਈ ਔਰਤਾਂ ਤਾਂ ਡਰਦੀਆਂ ਮਾਰੀਆਂ ਵਿਆਹ ਕਰਨ ਲਈ ਰਾਜੀ ਹੋ ਜਾਂਦੀਆਂ ਹਨ - ਪਰ ਵਿਆਹ ਤੋਂ ਬਾਅਦ ਜਲਦੀ ਹੀ ਘਰੋਂ ਭੱਜ ਜਾਂਦੀਆਂ ਹਨ। ਪਰ ਅਨੇਕਾਂ ਔਰਤਾਂ ਅਜਿਹੀਆਂ ਵੀ ਹੁੰਦੀਆਂ ਹਨ ਜੋ ਆਪਣੇ ਮਾਪਿਆਂ ਵੱਲੋਂ ਦਿੱਤੇ ਜਾਂਦੇ ਡਰਾਵਿਆਂ ਦੀ ਪ੍ਰਵਾਹ ਨਹੀਂ ਕਰਦੀਆਂ। ਜਿਸ ਕਾਰਨ ਉਨ੍ਹਾਂ ਨੂੰ ਖ਼ਤਰਨਾਕ ਨਤੀਜੇ ਭੁਗਤਣੇ ਪੈਂਦੇ ਹਨ। ਪਿਛਲੇ ਕੁਝ ਸਾਲਾਂ ਵਿੱਚ ਅਜਿਹੀਆਂ ਖਬਰਾਂ ਇੰਗਲੈਂਡ, ਅਮਰੀਕਾ, ਕੈਨੇਡਾ ਦੇ ਮੀਡੀਏ ਵਿੱਚ ਚਰਚਾ ਦਾ ਵਿਸ਼ਾ ਬਣਦੀਆਂ ਰਹੀਆਂ ਹਨ - ਜਦੋਂ ਧੀਆਂ ਵੱਲੋਂ ਆਪਣੇ ਮਾਪਿਆਂ ਦੀ ਧੌਂਸ ਨਾ ਮੰਨਣ ਕਾਰਨ ਉਨ੍ਹਾਂ ਦੇ ਮਾਪਿਆਂ ਵੱਲੋਂ ਹੀ ਧੀਆਂ ਦੇ ਕਤਲ ਕਰ ਦਿੱਤੇ ਗਏ। ਇਸ ਸਮੱਸਿਆ ਨੂੰ ‘ਪਿਆਸਾ ਦਰਿਆ’ ਕਹਾਣੀ ਵਿੱਚ ਹਰਭਜਨ ਪਵਾਰ ਆਪਣੇ ਸ਼ਬਦਾਂ ਵਿੱਚ ਕੁਝ ਇਸ ਤਰ੍ਹਾਂ ਬਿਆਨ ਕਰਦਾ ਹੈ:
ਬਲਜਿੰਦਰ ਦੀ ਸ਼ਾਦੀ ਕਿਸੇ ਆਰਮੀ ਦੇ ਕੈਪਟਨ ਨਾਲ ਹੋਈ ਸੀ। ਬਲਜਿੰਦਰ ਇਸ ਸ਼ਾਦੀ ਲਈ ਬਿਲਕੁਲ ਰਜ਼ਾਮੰਦ ਨਹੀਂ ਸੀ ਪਰ ਉਸਦੀ ਆਪਣੇ ਡੈਡੀ ਅੱਗੇ ਜ਼ਿੱਦ ਨਾ ਚੱਲੀ। ਬਲਜਿੰਦਰ ਨੇ ਆਪਣੇ ਡੈਡੀ ਦੀ ਬੰਦੂਕ ਤੋਂ ਆਪਣਿਆਂ ਘਰਦਿਆਂ ਦੀ ਜਾਨ ਬਚਾਉਣ ਲਈ ਹਾਂ ਕਰ ਦਿੱਤੀ ਸੀ।
-----
ਹਰਭਜਨ ਪਵਾਰ ਦੀਆਂ ਕਹਾਣੀਆਂ ਦਾ ਸੁਭਾਅ ਕਈ ਵਾਰੀ ਸਾਹਿਤਕ ਹੋਣ ਦੀ ਥਾਂ ਫਿਲਮੀ ਕਹਾਣੀਆਂ ਵਾਲਾ ਜ਼ਿਆਦਾ ਲੱਗਦਾ ਹੈ। ਉਸਦੀਆਂ ਕਹਾਣੀਆਂ ਦੀ ਸ਼ਬਦਾਵਲੀ ਅਤੇ ਵਾਰਤਾਲਾਪ ਵੀ ਕਈ ਵਾਰੀ ਫਿਲਮੀ ਕਿਸਮ ਦੇ ਜਾਪਦੇ ਹਨ। ਇਨ੍ਹਾਂ ਕਹਾਣੀਆਂ ਵਿੱਚ ਘਟਨਾਵਾਂ ਵੀ ਕਈ ਵੇਰੀ ਸਹਿਜ-ਸੁਭਾਅ ਵਾਪਰਨ ਦੀ ਥਾਂ ਫਿਲਮਾਂ ਵਾਂਗ ਅਚਾਨਕ ਵਾਪਰਦੀਆਂ ਹਨ।
-----
ਹਰਭਜਨ ਪਵਾਰ ਦਾ ਕਹਾਣੀ ਸੰਗ੍ਰਹਿ ‘ਪਿਆਸਾ ਦਰਿਆ’ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਇੱਕ ਨਿਵੇਕਲੀ ਤਰ੍ਹਾਂ ਦਾ ਅਨੁਭਵ ਲੈ ਕੇ ਹਾਜ਼ਿਰ ਹੁੰਦਾ ਹੈ। ਉਸਦੀਆਂ ਕਹਾਣੀਆਂ ਅਨੇਕਾਂ ਅਜਿਹੇ ਵਿਸ਼ੇ ਛੋਂਹਦੀਆਂ ਹਨ ਜਿਹੜੇ ਕਿ ਕੈਨੇਡਾ ਦੇ ਹੋਰਨਾਂ ਕਹਾਣੀਕਾਰਾਂ ਵੱਲੋਂ ਨਹੀਂ ਛੋਹੇ ਗਏ। ਉਸ ਦੀਆਂ ਕਹਾਣੀਆਂ ਦਾ ਨਿਵੇਕਲਾ ਸੁਭਾਅ ਹੋਣ ਕਾਰਨ, ਨਿਰਸੰਦੇਹ, ਹਰਭਜਨ ਪਵਾਰ ਦਾ ਨਾਮ ਕੈਨੇਡਾ ਦੇ ਮੋਢੀ ਪੰਜਾਬੀ ਕਹਾਣੀਕਾਰਾਂ ਵਿੱਚ ਸ਼ਾਮਿਲ ਕੀਤਾ ਜਾਂਦਾ ਰਹੇਗਾ।
No comments:
Post a Comment