ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ
ਕੈਨੇਡਾ ਦੇ 57 ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਸਮੀਖਿਆ ਦੀ ਕਿਤਾਬ 'ਕੈਨੇਡੀਅਨ ਪੰਜਾਬੀ ਸਾਹਿਤ' ਨੂੰ ਖ਼ਰੀਦਣ ਲਈ ਬਲੌਗ 'ਤੇ ਦਿੱਤੇ ਐਡਰੈਸ 'ਤੇ ਈਮੇਲ ਕਰੋ। ਸ਼ੁਕਰੀਆ।

ਤੁਹਾਡੇ ਧਿਆਨ ਹਿੱਤ - ਜ਼ਰੂਰੀ ਸੂਚਨਾ

ਸੂਚਨਾ: ਪ੍ਰਕਾਸ਼ਕ ਦੀ ਤਲਾਸ਼ :

ਆਪਣੀ ਹੁਣੇ ਇੰਡੀਆ ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ)’ ਨੂੰ ਮੈਂ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਕੈਨੇਡਾ ਵਿੱਚ ‘‘Canadian Punjabi Literature (Commentary)’’ ਨਾਮ ਦੀ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਨਾ ਚਾਹੁੰਦਾ ਹਾਂ। ਮੈਂ ਕਿਸੀ ਵਧੀਆ ਕੈਨੇਡੀਅਨ ਪ੍ਰਕਾਸ਼ਕ ਦੀ ਤਲਾਸ਼ ਕਰ ਰਿਹਾ ਹਾਂ। ਜੇਕਰ ਤੁਸੀਂ ਕਿਸੀ ਅਜਿਹੇ ਵਧੀਆ ਕੈਨੇਡੀਅਨ ਪ੍ਰਕਾਸ਼ਕ ਦਾ ਨਾਮ ਜਾਣਦੇ ਹੋ ਜੋ ਮੇਰੀ ਪੁਸਤਕ ਪ੍ਰਕਾਸ਼ਿਤ ਕਰ ਸਕਦਾ ਹੋਵੇ ਤਾਂ ਮੈਂ ਉਸ ਪ੍ਰਕਾਸ਼ਕ ਦਾ ਨਾਮ ਜਾਨਣਾ ਚਾਹਾਂਗਾ।

Sukhinder

Editor: SANVAD

Box 67089, 2300 Yonge St.

Toronto ON M4P 1E0

Tel. (416) 858-7077

Email: poet_sukhinder@hotmail.com

http://www.canadianpunjabiliterature.blogspot.com/



Monday, March 30, 2009

ਸੁਖਿੰਦਰ - ਲੇਖ

ਉਦਾਸ ਵਰਤਮਾਨ ਤੋਂ ਆਸ ਦੀ ਆਹਟ ਤੱਕ ਕੁਲਵਿੰਦਰ ਖਹਿਰਾ

ਲੇਖ

ਕੈਨੇਡੀਅਨ ਪੰਜਾਬੀ ਸਾਹਿਤ ਜਗਤ ਵਿੱਚ ਪਿਛਲੇ ਇੱਕ ਦਹਾਕੇ ਦੌਰਾਨ ਜਿਨ੍ਹਾਂ ਨਵੇਂ ਲੇਖਕਾਂ ਦਾ ਨਾਮ ਚਰਚਾ ਵਿੱਚ ਆਉਣਾ ਸ਼ੁਰੂ ਹੋਇਆ ਹੈ ਉਨ੍ਹਾਂ ਵਿੱਚ ਕੁਲਵਿੰਦਰ ਖਹਿਰਾ ਦਾ ਨਾਮ ਵੀ ਸ਼ਾਮਿਲ ਹੈ।

ਭਾਵੇਂ ਕਿ ਉਹ ਸਾਹਿਤ ਦੇ ਕਈ ਰੂਪਾਂ ਵਿੱਚ ਰਚਨਾਵਾਂ ਰਚ ਰਿਹਾ ਹੈ - ਪਰ ਮੂਲ ਰੂਪ ਵਿੱਚ ਉਸਦਾ ਝੁਕਾਅ ਗ਼ਜ਼ਲ ਲਿਖਣ ਵੱਲ ਹੀ ਹੈ।

ਇਨ੍ਹਾਂ ਸਾਲਾਂ ਦੌਰਾਨ ਕੁਲਵਿੰਦਰ ਖਹਿਰਾ ਨੇ ਆਪਣਾ ਪਹਿਲਾ ਕਾਵਿ-ਸੰਗ੍ਰਹਿ ਪੀੜ ਦੀ ਪਰਵਾਜ਼ਵੀ ਪ੍ਰਕਾਸ਼ਿਤ ਕੀਤਾ ਹੈ। ਜਿਸ ਵਿੱਚ ਉਸਨੇ ਭਾਵੇਂ ਕਿ ਗਿਣਤੀ ਦੀਆਂ ਕੁਝ ਕੁ ਕਵਿਤਾਵਾਂ ਵੀ ਸ਼ਾਮਿਲ ਕੀਤੀਆਂ ਹਨ, ਪਰ ਵਧੇਰੇ ਕਰਕੇ ਇਸ ਪੁਸਤਕ ਵਿੱਚ ਗ਼ਜ਼ਲਾਂ ਹੀ ਹੋਣ ਕਾਰਨ ਇਸ ਪੁਸਤਕ ਨੂੰ ਕੁਲਵਿੰਦਰ ਖਹਿਰਾ ਦਾ ਗ਼ਜ਼ਲ-ਸੰਗ੍ਰਹਿ ਵੀ ਕਿਹਾ ਜਾ ਸਕਦਾ ਹੈ।

----

ਪੀੜ ਦੀ ਪਰਵਾਜ਼ਦੇ ਸ਼ੁਰੂ ਵਿੱਚ ਹੀ ਕੁਲਵਿੰਦਰ ਖਹਿਰਾ ਇਹ ਗੱਲ ਸਪੱਸ਼ਟ ਕਰ ਦਿੰਦਾ ਹੈ ਕਿ ਉਸ ਦੀਆਂ ਗ਼ਜ਼ਲਾਂ ਉਸ ਦੀ ਰੂਹ ਦੀ ਆਵਾਜ਼ ਹਨ ਅਤੇ ਜਿਹੜੀਆਂ ਗੱਲਾਂ ਨਿਤਾਪ੍ਰਤੀ ਦੀ ਜ਼ਿੰਦਗੀ ਵਿੱਚ ਕਹਿਣ ਦਾ ਉਸਦਾ ਹੌਂਸਲਾ ਨਹੀਂ ਪੈਂਦਾ ਪਰ ਉਹ ਇਹ ਵੀ ਸਮਝਦਾ ਹੈ ਕਿ ਉਹ ਗੱਲਾਂ ਕਹਿਣ ਤੋਂ ਬਿਨ੍ਹਾਂ ਉਸਦੀ ਰੂਹ ਨੂੰ ਆਰਾਮ ਨਹੀਂ ਆਵੇਗਾ - ਉਨ੍ਹਾਂ ਗੱਲਾਂ ਨੂੰ ਉਹ ਆਪਣੀਆਂ ਗ਼ਜ਼ਲਾਂ ਦੇ ਸ਼ਿਅਰਾਂ ਰਾਹੀਂ ਬਿਆਨ ਕਰਦਾ ਹੈ।

ਇੱਕ ਸੁਚੇਤ ਕਵੀ ਵਾਂਗ ਕੁਲਵਿੰਦਰ ਖਹਿਰਾ ਆਪਣੇ ਪਾਠਕਾਂ ਨੂੰ ਇਸ ਗੱਲ ਬਾਰੇ ਵੀ ਚੰਗੀ ਤਰ੍ਹਾਂ ਸਪੱਸ਼ਟ ਕਰ ਦੇਣਾ ਆਪਣੀ ਜਿੰਮੇਵਾਰੀ ਸਮਝਦਾ ਹੈ ਕਿ ਉਸਦੀਆਂ ਗ਼ਜ਼ਲਾਂ ਦੇ ਸ਼ੇਅਰ ਕੋਈ ਧੁਰ ਕੀ ਬਾਣੀਨਹੀਂ; ਬਲਕਿ ਇਹ ਤਾਂ ਉਸਦੀ ਮਾਨਸਿਕਤਾ ਉੱਤੇ ਪਏ ਦੁੱਖਾਂ ਦਰਦਾਂ ਦੇ ਪ੍ਰਭਾਵਾਂ ਦਾ ਕਾਵਿਕ ਬਿਆਨ ਹੈ।

----

ਇਸ ਕਾਵਿ ਸੰਗ੍ਰਹਿ ਵਿਚਲੀਆਂ ਰਚਨਾਵਾਂ ਪੜ੍ਹ ਕੇ ਪਾਠਕ ਨੂੰ ਇਸ ਗੱਲ ਦਾ ਸਹਿਜੇ ਹੀ ਅਹਿਸਾਸ ਹੋ ਜਾਂਦਾ ਹੈ ਕਿ ਕੁਲਵਿੰਦਰ ਖਹਿਰਾ ਐਵੇਂ ਹੀ ਗੋਲ ਮੋਲ ਗੱਲਾਂ ਕਰਕੇ ਪਾਠਕ ਦਾ ਸਮਾਂ ਜਾਇਆ ਕਰਨ ਵਾਲਾ ਲੇਖਕ ਨਹੀਂ। ਉਹ ਇਸ ਗੱਲ ਦਾ ਵੀ ਧਿਆਨ ਰੱਖਦਾ ਹੈ ਕਿ ਉਸਦੀਆਂ ਗ਼ਜ਼ਲਾਂ ਦੇ ਸ਼ਿਅਰ ਤਕਨੀਕ ਪੱਖੋਂ ਵੀ ਵਧੀਆ ਹੋਣ ਅਤੇ ਵਿਸ਼ੇ ਦੀ ਪੇਸ਼ਕਾਰੀ ਪੱਖੋਂ ਵੀ। ਉਹ ਅਜਿਹੀ ਸ਼ਾਇਰੀ ਰਚਣ ਵੱਲ, ਨਿਰਸੰਦੇਹ, ਰੁਚਿਤ ਨਹੀਂ ਜੋ ਕਿ ਪਾਠਕ ਦੀ ਚੇਤਨਤਾ ਨੂੰ ਪ੍ਰਭਾਵਤ ਨ ਕਰਦੀ ਹੋਵੇ। ਪਾਠਕ ਦੀ ਚੇਤਨਤਾ ਨੂੰ ਕੋਈ ਲਿਖਤ ਤਾਂ ਹੀ ਪ੍ਰਭਾਵਤ ਕਰ ਸਕਦੀ ਹੈ ਜੇਕਰ ਉਸ ਲਿਖਤ ਨੂੰ ਪੜ੍ਹਨ ਵੇਲੇ ਉਸ ਲਿਖਤ ਦਾ ਪਾਠਕ ਇਸ ਗੱਲ ਨਾਲ ਕਾਇਲ ਹੋ ਜਾਵੇ ਕਿ ਲੇਖਕ ਦੀਆਂ ਲਿਖਤਾਂ ਜੋ ਕੁਝ ਕਹਿ ਰਹੀਆਂ ਹਨ ਉਹ ਸੱਚ ਹੀ ਕਹਿ ਰਹੀਆਂ ਹਨ। ਇਸ ਗੱਲ ਵਿੱਚ ਕੁਲਵਿੰਦਰ ਖਹਿਰਾ ਨੂੰ ਵੀ ਪੂਰਾ ਪੂਰਾ ਯਕੀਨ ਹੈ. ਤਾਂ ਹੀ ਤਾਂ ਉਹ ਕਹਿੰਦਾ ਹੈ:

ਸ਼ਾਇਰ ਮਰੇ, ਜਦ ਕਲਮ ਓਸ ਦੀ

ਸੱਚ ਕਹਿਣੋਂ ਡਰ ਜਾਵੇ

----

ਕੁਲਵਿੰਦਰ ਖਹਿਰਾ ਆਪਣੀ ਗੱਲ ਕਹਿਣ ਵੇਲੇ ਕੋਈ ਵਲ ਵਲੇਂਵੇਂ ਨਹੀਂ ਪਾਉਂਦਾ। ਸਮਾਜਿਕ, ਸਭਿਆਚਾਰਕ, ਰਾਜਨੀਤਿਕ, ਧਾਰਮਿਕ ਅਤੇ ਚਾਹੇ ਦਾਰਸ਼ਨਿਕ ਮਸਲਾ ਹੀ ਕਿਉਂ ਨ ਹੋਵੇ - ਉਹ ਆਪਣੀ ਗੱਲ ਬੜੇ ਹੀ ਸਪੱਸ਼ਟ ਰੂਪ ਵਿੱਚ ਕਹਿੰਦਾ ਹੈ. ਕਿਉਂਕਿ ਇੱਕ ਚੇਤੰਨ ਸ਼ਾਇਰ ਹੋਣ ਦੇ ਨਾਤੇ ਉਹ ਸਮਝਦਾ ਹੈ ਕਿ ਜਿਨ੍ਹਾਂ ਸਾਧਾਰਨ ਲੋਕਾਂ ਤੱਕ ਉਹ ਆਪਣੀਆਂ ਲਿਖਤਾਂ ਰਾਹੀਂ ਆਪਣੀ ਗੱਲ ਪਹੁੰਚਾਉਣਾ ਚਾਹੁੰਦਾ ਹੈ ਜੇਕਰ ਉਨ੍ਹਾਂ ਨੂੰ ਉਸਦੀਆਂ ਲਿਖਤਾਂ ਪੜ੍ਹਕੇ ਉਸਦੀ ਗੱਲ ਹੀ ਸਮਝ ਨ ਲੱਗੀ ਤਾਂ ਉਸ ਲਈ ਲਿਖਤਾਂ ਲਿਖਣ ਦਾ ਕੀ ਲਾਭ ? ਖਹਿਰਾ ਉਨ੍ਹਾਂ ਲੇਖਕਾਂ ਦੀ ਢਾਣੀ ਵਿੱਚ ਸ਼ਾਮਿਲ ਹੋਣ ਦਾ ਇਛਕ ਨਹੀਂ ਜੋ ਕਹਿੰਦੇ ਹਨ ਕਿ ਉਨ੍ਹਾਂ ਦੀਆਂ ਲਿਖਤਾਂ ਏਨੀ ਉੱਚੀ ਪੱਧਰ ਦੀਆਂ ਹਨ ਕਿ ਪਾਠਕ ਇਨ੍ਹਾਂ ਲਿਖਤਾਂ ਨੂੰ ਅੱਜ ਤੋਂ 50 ਜਾਂ 100 ਸਾਲ ਬਾਅਦ ਹੀ ਸਮਝ ਸਕੇਗਾ, ਕਿਉਂਕਿ ਪਾਠਕ ਦੀ ਸੂਝ ਅਜੇ ਵਿਕਸਤ ਨਹੀਂ ਹੋਈ।

----

ਪੀੜ ਦੀ ਪਰਵਾਜ਼ਕਾਵਿ ਸੰਗ੍ਰਹਿ ਵਿੱਚ ਪ੍ਰਵਾਸੀ ਜ਼ਿੰਦਗੀ ਦੀਆਂ ਹਕੀਕਤਾਂ ਨੂੰ ਵੀ ਬੜੀ ਖ਼ੂਬਸੂਰਤੀ ਨਾਲ ਬਿਆਨ ਕੀਤਾ ਗਿਆ ਹੈ। ਪੱਛਮੀ ਦੇਸ਼ਾਂ ਦਾ ਸਿਸਟਮ ਹੀ ਕੁਝ ਇਸ ਤਰ੍ਹਾਂ ਕੰਮ ਕਰਦਾ ਹੈ ਕਿ ਜਦ ਤੱਕ ਪਤੀ-ਪਤਨੀ ਦੋਵੇਂ ਹੀ ਹੱਢ-ਭੰਨਵੀਂ ਮਿਹਨਤ ਨ ਕਰਨ ਘਰ ਦਾ ਗੁਜ਼ਾਰਾ ਨਹੀਂ ਹੁੰਦਾ। ਅਜਿਹੀ ਹਾਲਤ ਵਿੱਚ ਘਰ ਦੇ ਬਿਲਾਂ ਦਾ ਭੁਗਤਾਨ ਕਰਨ ਦੀ ਦੌੜ ਵਿੱਚ ਪਤੀ ਪਤਨੀ ਦੀ ਦੌੜ ਘਰ ਤੋਂ ਕੰਮ ਅਤੇ ਕੰਮ ਤੋਂ ਘਰ ਤੱਕ ਲੱਗੀ ਰਹਿੰਦੀ ਹੈ। ਅਨੇਕਾਂ ਹਾਲਤਾਂ ਵਿੱਚ ਉਨ੍ਹਾਂ ਨੂੰ ਕੁਝ ਵਾਧੂ ਡਾਲਰ ਕਮਾਉਣ ਲਈ ਓਵਰ ਟਾਈਮ ਵੀ ਲਗਾਉਣਾ ਪੈਂਦਾ ਹੈ। ਕਈਆਂ ਹਾਲਤਾਂ ਵਿੱਚ ਤਾਂ ਸਥਿਤੀ ਏਨੀ ਗੰਭੀਰ ਹੋ ਜਾਂਦੀ ਹੈ ਕਿ ਪਤੀ ਪਤਨੀ ਨੂੰ ਆਪਣੇ ਬੱਚਿਆਂ ਨਾਲ ਗੱਲ ਕਰਨ ਦਾ ਵੀ ਸਮਾਂ ਨਹੀਂ ਮਿਲਦਾ। ਬੱਚੇ ਸਾਰਾ ਦਿਨ ਬੇਬੀ ਸਿਟਰ ਕੋਲ ਸਮਾਂ ਗੁਜ਼ਾਰਦੇ ਹਨ - ਜਦੋਂ ਤੱਕ ਪਤੀ ਪਤਨੀ ਕੰਮ ਤੋਂ ਥੱਕੇ ਟੁੱਟੇ ਦੇਰ ਰਾਤ ਪਏ ਘਰ ਮੁੜਦੇ ਹਨ ਤਾਂ ਬੱਚੇ ਗੂੜ੍ਹੀ ਨੀਂਦ ਸੌਂ ਰਹੇ ਹੁੰਦੇ ਹਨ ਅਤੇ ਮੁੜ ਸਵੇਰੇ ਬੱਚਿਆਂ ਦੇ ਜਾਗਣ ਤੋਂ ਪਹਿਲਾਂ ਹੀ ਪਤੀ ਪਤਨੀ ਮੁੜ ਕੰਮ ਉੱਤੇ ਸਮੇਂ ਸਿਰ ਪਹੁੰਚਣ ਲਈ ਤੁਰ ਪੈਂਦੇ ਹਨ। ਇਸ ਸਮੱਸਿਆ ਨੂੰ ਪੇਸ਼ ਕਰਦੇ ਕੁਲਵਿੰਦਰ ਖਹਿਰਾ ਦੇ ਸ਼ੇਅਰ ਪੜ੍ਹਨ ਯੋਗ ਹਨ :

1. ਬਸ ਕੰਮ, ਕਿਸ਼ਤ, ਨੀਂਦਰ, ਹੈ ਨਿਤਨੇਮ ਸਾਡਾ

ਮਿਲਿਆ ਹੈ ਵੇਖ ਸਾਨੂੰ ਕੀ ਤਰਕ ਜ਼ਿੰਦਗੀ ਦਾ

2. ਬੱਚੇ ਤਾਂ ਹੁੰਦੇ ਨੇ ਬੇਬੀ - ਸਿਟਰਾਂ ਲਈ

ਮਾਪਿਆਂ ਲਈ ਬਸ ਕੰਮ ਤੇਰੇ ਸ਼ਹਿਰ ਵਿਚ

3. ਬਾਲ ਭੁੱਲੇ, ਨੀਂਦ ਰੁੱਸੀ, ਨਾਰ ਵੀ ਗੁੰਮ-ਸੁੰਮ ਰਹੇ

ਮਿਲ ਰਹੀ ਕੀ ਕੀ ਨਾ ਮੈਨੂੰ, ‘ਘਰਬਣਾਵਣ ਦੀ ਸਜ਼ਾ

----

ਅੱਜ ਅਸੀਂ ਬਹੁਤ ਹੀ ਤੇਜ਼ ਰਫਤਾਰ ਵਾਲੀ ਜ਼ਿੰਦਗੀ ਦੇ ਦੌਰ ਵਿੱਚ ਜੀਅ ਰਹੇ ਹਾਂ। ਹਰ ਕੋਈ ਇੱਕ ਦੂਜੇ ਨੂੰ ਆਪਣੇ ਪੈਰਾਂ ਹੇਠ ਦਰੜ ਕੇ ਅੱਗੇ ਲੰਘ ਜਾਣ ਦੀ ਕਾਹਲ ਵਿੱਚ ਹੈ। ਅਜਿਹੀ ਹਾਲਤ ਵਿੱਚ ਦੋਸਤ ਅਤੇ ਦੁਸ਼ਮਣ, ਆਪਣੇ ਅਤੇ ਬੇਗਾਨੇ ਦੀ ਪਹਿਚਾਣ ਕਰਨੀ ਸੌਖੀ ਨਹੀਂ, ਚਿਹਰੇ ਅਤੇ ਮੁਖੌਟੇ ਦੀ ਪਹਿਚਾਣ ਕਰਨੀ ਸੌਖੀ ਨਹੀਂ. ਅੱਜ ਦੇ ਦੌਰ ਦੀ ਇਹੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਕਿ ਮਹਿਜ਼ ਚੰਦ ਕੁ ਡਾਲਰਾਂ ਪਿੱਛੇ ਕੋਈ ਤੁਹਾਡਾ ਆਪਣਾ ਵੀ ਤੁਹਾਡੀ ਹੱਤਿਆ ਕਰ ਸਕਦਾ ਹੈ। ਕਦਮ ਕਦਮ ਉੱਤੇ ਤੁਹਾਨੂੰ ਸੋਚਣਾ ਪੈਂਦਾ ਹੈ ਕਿ ਤੁਹਾਡੇ ਹੋਠਾਂ ਉੱਤੇ ਸੱਚ ਦੇ ਬੋਲ ਆ ਜਾਣ ਦੀ ਤੁਹਾਨੂੰ ਕਿੰਨ੍ਹੀ ਕੁ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ ? ਇਸ ਗੱਲ ਨੂੰ ਕੁਲਵਿੰਦਰ ਖਹਿਰਾ ਦੇ ਸ਼ਿਅਰਾਂ ਵਿੱਚ ਵੀ ਗੂੰਜਦਿਆਂ ਸੁਣ ਸਕਦੇ ਹੋ :

1. ਨੇਰ੍ਹੇ ਦੇ ਦਰਬਾਰੀ ਸੁਣਿਆ ਉਸ ਨੂੰ ਲੱਭਦੇ ਫਿਰਦੇ ਨੇ

ਮਹਿਫ਼ਿਲ ਦੇ ਵਿੱਚ ਬਹਿ ਕੇ ਜਿਸ ਨੇ ਰਾਤੀਂ ਸੀ ਰੁਸ਼ਨਾਈ ਗੱਲ

2. ਕਿਸ ਨੂੰ ਆਪਣਾ ਸਮਝ ਕੇ ਗਲ ਨਾਲ ਲਾਈਏ

ਜਾਪਦਾ ਹਰ ਬਗਲ ਦੇ ਵਿੱਚ ਹੀ ਛੁਰੀ ਹੈ

3. ਰਹੋਗੇ ਚੁਪ ਕਿਵੇਂ, ਆਪਣੇ ਘਰਾਂ ਅੰਦਰ

ਹੈ ਲੰਘ ਆਈ ਬਦੀ ਹੁਣ ਤਾਂ, ਦਰਾਂ ਅੰਦਰ

4. ਕਿਸ ਤਰ੍ਹਾਂ ਕੋਈ ਕਰੇ ਆਪਣੇ ਪਰਾਏ ਦੀ ਪਛਾਣ

ਦਿਨ ਚੜ੍ਹੇ ਤੋਂ ਹੋਰ ਚਿਹਰਾ, ਹੋਰ ਹੁੰਦੈ ਦਿਨ ਢਲੇ

----

ਅਜਿਹੀਆਂ ਪ੍ਰਸਥਿਤੀਆਂ ਵਿੱਚ ਜਦੋਂ ਕਿ ਹਰ ਪਾਸੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ, ਲੋਕ ਧਰਮ ਦੇ ਨਾਮ ਉੱਤੇ ਇੱਕ ਦੂਜੇ ਦਾ ਕਤਲ ਕਰ ਰਹੇ ਹਨ, ਧਾਰਮਿਕ ਕੱਟੜਵਾਦੀਆਂ ਦੀ ਦਹਿਸ਼ਤ ਦਾ ਦੁਨੀਆਂ ਦੇ ਕੋਨੇ ਕੋਨੇ ਵਿੱਚ ਬੋਲਬਾਲਾ ਹੋ ਰਿਹਾ ਹੈ, ਰਾਜਨੀਤੀਵਾਨਾਂ ਦਾ ਨੈਤਿਕਤਾ ਦੀ ਪੱਖੋਂ ਦੀਵਾਲਾ ਨਿਕਲ ਚੁੱਕਾ ਹੈ - ਕੁਲਵਿੰਦਰ ਖਹਿਰਾ ਨੂੰ ਅਜੇ ਵੀ ਯਕੀਨ ਹੈ ਕਿ ਜ਼ਿੰਦਗੀ ਦੀ ਜੱਦੋਜਹਿਦ ਵਿੱਚ ਜਿੱਤ ਉਨ੍ਹਾਂ ਲੋਕਾਂ ਦੀ ਹੀ ਹੁੰਦੀ ਹੈ ਜੋ ਝੱਖੜਾਂ, ਤੂਫ਼ਾਨਾਂ ਸਾਹਮਣੇ ਵੀ ਹਾਰਦੇ ਨਹੀਂ ਅਤੇ ਦ੍ਰਿੜਤਾ ਨਾਲ ਆਪਣੀ ਮੰਜ਼ਿਲ ਵੱਲ ਆਪਣੇ ਕਦਮ ਪੁੱਟਣੇ ਜਾਰੀ ਰੱਖਦੇ ਹਨ। ਅਜਿਹੇ ਦ੍ਰਿੜ ਇਰਾਦਿਆਂ ਵਾਲੇ ਮਿਹਨਤਕਸ਼ਾਂ ਦੀ ਮਿਹਨਤ ਦੀ ਕਦਰ ਇੱਕ ਦਿਨ ਜ਼ਰੂਰ ਪੈਂਦੀ ਹੈ। ਹੈਮਿੰਗਵੇ ਦਾ ਨਾਵਲ ਬੁੱਢਾ ਆਦਮੀ ਅਤੇ ਸਮੁੰਦਰਪੜ੍ਹਦਿਆਂ ਵੀ ਅਜਿਹੇ ਦ੍ਰਿੜ ਇਰਾਦੇ ਵਾਲੇ ਕਿਰਦਾਰ ਦੇ ਦਰਸ਼ਨ ਹੁੰਦੇ ਹਨ ਜੋ ਸਮੁੰਦਰ ਦੀਆਂ ਲਹਿਰਾਂ ਤੋਂ ਹਾਰ ਨਹੀਂ ਮੰਨਦਾ। ਕੁਲਵਿੰਦਰ ਖਹਿਰਾ ਦੇ ਹੇਠ ਲਿਖੇ ਕੁਝ ਸ਼ਿਅਰ ਵੀ ਹੈਮਿੰਗਵੇ ਦੇ ਨਾਵਲ ਵਿੱਚ ਅਜਿਹੀ ਦ੍ਰਿੜਤਾ ਵਾਲੇ ਕਿਰਦਾਰ ਦਾ ਸਮਰਥਨ ਕਰਦੇ ਜਾਪਦੇ ਹਨ :

1. ਤੂਫ਼ਾਨ ਤੋਂ ਨਾ ਡਰਦੇ, ਬੇੜੀ ਉਡੀਕਦੇ ਨਾ

ਜੋ ਮੰਜ਼ਿਲਾਂ ਦੇ ਆਸ਼ਿਕ, ਜੋ ਪਾਰ ਤਰਨ ਵਾਲੇ

2. ਜੋ ਹਾਰ ਆਪਣੀ ਚੋਂ ਜਿੱਤਾਂ ਦੇ ਰਾਹ ਲੱਭਦੇ

ਜੇਤੂ ਕਹਾਉਣ ਇਕ ਦਿਨ ਉਹ ਲੋਕ ਹਰਨ ਵਾਲੇ

3. ਪਰਖ ਕਿਵੇਂ ਜੁਗਨੂੰ ਦੀ ਹੁੰਦੀ

ਜੇ ਨਾ ਹੁੰਦਾ ਘੋਰ ਹਨੇਰਾ

----

ਕੁਲਵਿੰਦਰ ਖਹਿਰਾ ਨੇ ਆਪਣੀ ਜ਼ਿੰਦਗੀ ਦੇ ਮੁੱਢਲੇ ਵਰ੍ਹੇ ਇੰਡੀਆ ਵਿੱਚ ਗੁਜ਼ਾਰੇ ਹਨ। ਅਨੇਕਾਂ ਹੋਰਨਾਂ ਪੰਜਾਬੀ ਲੇਖਕਾਂ ਵਾਂਗੂੰ ਉਹ ਵੀ ਕੈਨੇਡਾ ਆਪਣੀ ਜਵਾਨੀ ਦੇ ਦਿਨਾਂ ਵਿੱਚ ਆਇਆ ਹੈ। ਇਸੇ ਲਈ ਅਜੇ ਉਸ ਨੂੰ ਆਪਣੇ ਪਿਛੇ ਛੱਡ ਆਏ ਦੇਸ ਦੀ ਖਿੱਚ ਪੈਂਦੀ ਹੈ। ਉਸਨੂੰ ਆਪਣਾ ਖੇਤ, ਘਰ, ਯਾਰ, ਦੋਸਤ ਅਤੇ ਪਿੱਛੇ ਛੱਡ ਆਏ ਦੇਸ ਦਾ ਪੌਣ ਪਾਣੀ ਯਾਦ ਆਉਂਦਾ ਹੈ। ਅਜਿਹੀਆਂ ਉਦਰੇਂਵੇਂ ਵਾਲੀਆਂ ਹਾਲਤਾਂ ਵਿੱਚ ਉਸਦੀ ਸਥਿਤੀ ਤ੍ਰੈਸ਼ੰਕੂ ਵਾਲੀ ਬਣ ਜਾਂਦੀ ਹੈ। ਉਹ ਸਰੀਰਕ ਰੂਪ ਵਿੱਚ ਕੈਨੇਡਾ ਰਹਿੰਦਿਆਂ ਹੋਇਆਂ ਵੀ ਮਾਨਸਿਕ ਰੂਪ ਤੌਰ ਉੱਤੇ ਕੈਨੇਡਾ ਵਿੱਚ ਵਿਚਰ ਨਹੀਂ ਰਿਹਾ ਹੁੰਦਾ। ਅਜਿਹੀ ਅਜਨਬੀਵਾਲੀ ਸਥਿਤੀ ਨੂੰ ਸਮਝਣ ਵਿੱਚ ਕੁਲਵਿੰਦਰ ਖਹਿਰਾ ਦੀਆਂ ਗ਼ਜ਼ਲਾਂ ਦੇ ਹੇਠ ਲਿਖੇ ਸ਼ੇਅਰ ਹੀ ਸਾਡੀ ਮੱਦਦ ਕਰ ਸਕਦੇ ਹਨ :

ਰਾਤ ਵੀ ਓਥੋਂ ਜਿਹੀ, ਓਥੋਂ ਜਿਹਾ ਹੈ ਚੰਦ ਵੀ

ਦਿਲ ਚ ਪਰ ਓਥੋਂ ਜਿਹਾ, ਮੰਜਰ ਕਦੇ ਬਣਦਾ ਨਹੀਂ

----

ਪੀੜ ਦੀ ਪਰਵਾਜ਼ਕਾਵਿ ਸੰਗ੍ਰਹਿ ਪੜ੍ਹਦਿਆਂ ਮੈਨੂੰ ਮਹਿਸੂਸ ਹੋਇਆ ਹੈ ਕਿ ਕੈਨੇਡੀਅਨ ਪੰਜਾਬੀ ਲੇਖਕਾਂ ਦੀ ਨਵੀਂ ਪੀੜ੍ਹੀ ਵੀ ਆਪਣੀਆਂ ਲਿਖਤਾਂ ਲਿਖਣ ਵੇਲੇ ਪੂਰੀ ਤਰ੍ਹਾਂ ਚੇਤੰਨ ਹੈ। ਇਹ ਕਾਵਿ-ਸੰਗ੍ਰਹਿ ਪੜ੍ਹਦਿਆਂ ਮੈਨੂੰ ਚੰਗਾ-ਚੰਗਾ ਮਹਿਸੂਸ ਹੋਇਆ ਹੈ।

ਭਵਿੱਖ ਵਿੱਚ ਕੁਲਵਿੰਦਰ ਖਹਿਰਾ ਤੋਂ ਮੈਨੂੰ ਇਸ ਤੋਂ ਵੀ ਵੱਡੀਆਂ ਉਮੀਦਾਂ ਹਨ। ਮੈਨੂੰ ਯਕੀਨ ਹੈ ਕਿ ਉਹ ਆਪਣੀਆਂ ਲਿਖਤਾਂ ਨਾਲ਼ ਪਾਠਕਾਂ ਨੂੰ ਨਿਰਾਸ਼ ਨਹੀਂ ਕਰੇਗਾ।


Monday, March 23, 2009

ਸੁਖਿੰਦਰ - ਲੇਖ

ਸਮਕਾਲੀ ਇਤਿਹਾਸ ਚੋਂ ਮਿਥਿਹਾਸ ਤਲਾਸ਼ ਰਹੀਆਂ ਕਵਿਤਾਵਾਂ ਗੁਰਚਰਨ ਰਾਮਪੁਰੀ

ਗੁਰਚਰਨ ਰਾਮਪੁਰੀ ਕੈਨੇਡੀਅਨ ਪੰਜਾਬੀ ਸਾਹਿਤ ਦਾ ਇੱਕ ਚਰਚਿਤ ਸ਼ਾਇਰ ਹੈ।ਉਸਨੇ ਆਪਣਾ ਕਾਵਿ-ਸੰਗ੍ਰਹਿ ਅਗਨਾਰ1993 ਵਿੱਚ ਪ੍ਰਕਾਸ਼ਿਤ ਕੀਤਾ। ਇਸ ਤੋਂ ਪਹਿਲਾਂ ਰਾਮਪੁਰੀ ਕਣਕਾਂ ਦੀ ਖੁਸ਼ਬੋ’, ‘ਕੌਲ ਕਰਾਰ’, ‘ਕਿਰਨਾਂ ਦਾ ਆਲਣਾ’, ‘ਅੰਨ੍ਹੀ ਗਲੀ’, ‘ਕੰਚਨੀਅਤੇ ਕਤਲਗਾਹਪ੍ਰਕਾਸ਼ਿਤ ਕਰ ਚੁੱਕਾ ਸੀ। ਪੰਜਾਬੀ ਸ਼ਾਇਰੀ ਦੇ ਖੇਤਰ ਵਿੱਚ ਉਂਝ ਉਹ 1949 ਤੋਂ ਸਰਗਰਮ ਹੈ।

ਰਾਮਪੁਰੀ ਸੁਚੇਤ ਪੱਧਰ ਉੱਤੇ ਪ੍ਰਗਤੀਵਾਦੀ ਵਿਚਾਰਧਾਰਾ ਦਾ ਸ਼ਾਇਰ ਹੈ। ਕਾਵਿ ਸਿਰਜਣਾ ਕਰਨ ਵੇਲੇ ਉਸਨੂੰ ਕਿਸੇ ਅਧਿਆਤਮਵਾਦੀ ਸੱਚ ਦੀ ਤਲਾਸ਼ ਨਹੀਂ ਹੁੰਦੀ। ਉਸਦਾ ਸਰੋਕਾਰ ਆਮ ਮਨੁੱਖ ਦੀਆਂ ਖੁਸ਼ੀਆਂ-ਗਮੀਆਂ, ਦੁੱਖਾਂ-ਦਰਦਾਂ, ਉਮੰਗਾਂ-ਇੱਛਾਵਾਂ ਨਾਲ ਹੁੰਦਾ ਹੈ। ਪਰੰਪਰਾਵਾਦੀ ਵਰਤਾਰੇ ਨੂੰ ਉਹ ਆਪਣੀਆਂ ਕਵਿਤਾਵਾਂ ਵਿੱਚ ਵਿਅੰਗ ਦਾ ਵਿਸ਼ਾ ਬਣਾਉਂਦਾ ਹੈ। ਕੁਝ ਹੋਰ ਵਧੇਰੇ ਸਪੱਸ਼ਟ ਸ਼ਬਦਾਂ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਰਾਮਪੁਰੀ ਮਨੁੱਖਵਾਦੀ ਭਾਵਨਾਵਾਂ ਦਾ ਪਾਸਾਰ ਕਰਨ ਵਾਲੀਆਂ ਕਵਿਤਾਵਾਂ ਲਿਖਣ ਵਾਲਾ ਕੈਨੇਡੀਅਨ ਪੰਜਾਬੀ ਸ਼ਾਇਰ ਹੈ।

----

ਅਗਨਾਰਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਕੀਤੀਆਂ ਗਈਆਂ ਵਧੇਰੇ ਕਵਿਤਾਵਾਂ ਪੰਜਾਬ ਸੰਤਾਪ ਨਾਲ ਸਬੰਧਤ ਹਨ। ਇਹ ਕਾਵਿ-ਸੰਗ੍ਰਹਿ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਗੁਰਚਰਨ ਰਾਮਪੁਰੀ ਮਿਥਿਹਾਸਵਾਦੀ ਪੰਜਾਬੀ ਸ਼ਾਇਰ ਹੈ। ਉਹ ਅਜੋਕੇ ਇਤਿਹਾਸ ਨੂੰ ਮਿਥਿਹਾਸ ਦੀਆਂ ਐਨਕਾਂ ਲਗਾ ਕੇ ਦੇਖਦਾ ਹੈ।

1985 ਤੋਂ 1991 ਤੱਕ ਦੇ ਵਰ੍ਹਿਆਂ ਦਾ ਸਮਾਂ ਪੰਜਾਬ, ਭਾਰਤ ਲਈ ਬਹੁਤ ਹੀ ਉੱਥਲ-ਪੁੱਥਲ ਵਾਲਾ ਸਮਾਂ ਸੀ। ਅਗਨਾਰਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਵਧੇਰੇ ਰਚਨਾਵਾਂ ਇਸ ਸਮੇਂ ਦੌਰਾਨ ਹੀ ਲਿਖੀਆਂ ਗਈਆਂ ਸਨ। ਪੰਜਾਬੀਆਂ ਲਈ ਇਹ ਸਮਾਂ ਸੰਕਟ ਭਰਿਆ ਸੀ। ਇਸ ਸੰਕਟ ਨੂੰ ਸੁਆਰਥੀ ਹਾਕਮਾਂ ਅਤੇ ਗੁੰਮਰਾਹ ਆਗੂਆਂ ਨੇ ਜਨਮ ਦਿੱਤਾ ਸੀ। ਇਸ ਸਮੇਂ ਦੌਰਾਨ ਸੱਤਾਧਾਰੀ ਹਾਕਮਾਂ ਨੇ ਧਾਰਮਿਕ ਕੱਟੜਵਾਦੀ ਤਾਕਤਾਂ ਨੂੰ ਵੱਧਣ ਫੁੱਲਣ ਦਾ ਇਸ ਲਈ ਮੌਕਾ ਦਿੱਤਾ ਸੀ ਕਿ ਉਹ ਆਪਣੇ ਸਿਆਸੀ ਵਿਰੋਧੀਆਂ ਨੂੰ ਖਤਮ ਕਰ ਸਕਣ। ਧਾਰਮਿਕ ਕੱਟੜਵਾਦੀ ਤਾਕਤਾਂ ਨੇ ਹਕੂਮਤ ਦੀ ਸ਼ਹਿ ਉੱਤੇ ਅਜਿਹਾ ਆਤੰਕਵਾਦ ਦਾ ਮਾਹੌਲ ਪੈਦਾ ਕੀਤਾ ਕਿ ਆਮ ਲੋਕਾਂ ਦਾ ਜਿਉਣਾ ਮੁਸ਼ਕਿਲ ਕਰ ਦਿੱਤਾ। ਅਜਿਹੀ ਸਥਿਤੀ ਵਿੱਚ ਆਮ ਲੋਕਾਂ ਨੂੰ ਦੁਵੱਲੀ ਮਾਰ ਸਹਿਣੀ ਪਈ। ਇੱਕ ਪਾਸੇ ਤਾਂ ਧਾਰਮਿਕ ਕੱਟੜਵਾਦੀ ਦਹਿਸ਼ਤਗਰਦ ਲੋਕਾਂ ਨੂੰ ਆਪਣੀਆਂ ਗੋਲੀਆਂ ਦਾ ਨਿਸ਼ਾਨਾ ਬਣਾ ਰਹੇ ਸਨ ਅਤੇ ਦੂਜੇ ਪਾਸੇ ਲੋਕ ਪੁਲਿਸ ਵੱਲੋਂ ਕੀਤੇ ਜਾ ਰਹੇ ਅਤਿਆਚਾਰ ਦਾ ਸਾਹਮਣਾ ਕਰ ਰਹੇ ਸਨ। ਪੰਜਾਬ ਪੁਲਿਸ ਇਹ ਬਹਾਨਾ ਬਣਾ ਕੇ ਬੇਕਸੂਰ ਲੋਕਾਂ ਉੱਤੇ ਅਤਿਆਚਾਰ ਕਰ ਰਹੀ ਸੀ ਕਿ ਉਹ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਨੂੰ ਪਨਾਹ ਦਿੰਦੇ ਹਨ।

----

ਇਸ ਦੌਰ ਵਿੱਚ ਗੁਰਚਰਨ ਰਾਮਪੁਰੀ ਵੱਲੋਂ ਲਿਖੀਆਂ ਗਈਆਂ ਕਵਿਤਾਵਾਂ ਨੂੰ ਸਮਝਣ ਲਈ ਉਸ ਦੀ ਕਵਿਤਾ ਅਜੋਕੇ ਚੰਗੇਜ਼ਾਂ ਦੀ ਗੱਲਤੋਂ ਹੀ ਗੱਲ ਸ਼ੁਰੂ ਕੀਤੀ ਜਾ ਸਕਦੀ ਹੈ:

ਕੱਲ ਦੇ ਚੰਗੇਜ਼ਾਂ ਨੂੰ ਨਿੰਦਣ ਸਮੇਂ

ਪਿਆਰੇ ਮਿੱਤਰੋ !

ਆਓ ! ਅਜੋਕੇ ਚੰਗੇਜ਼ਾਂ ਦੀ ਵੀ ਗੱਲ ਕਰੀਏ

ਮਰ ਚੁੱਕੇ ਜਬਰ ਦੀ ਮਿੱਟੀ

ਠੀਕ ਬੜੀ ਹੀ ਰੱਤ ਭਿੱਜੀ ਹੈ

ਪਰ ਉਹ ਖ਼ਤਰਨਾਕ ਨਾ ਓਨੀ

ਜਿੰਨੇ ਅੱਜ ਦੇ ਹਰਨਾਖਸ਼ ਔਰੰਗੇ

ਲੋਕਾਂ ਦੀ ਰੱਤ ਡੋਲ੍ਹਣ ਖ਼ਾਤਰ

ਆਪ ਕਰਾਉਂਦੇ ਨੇ ਜੋ ਦੰਗੇ

ਰੰਗ ਨਸਲ ਦੇ ਨਾਂ ਤੇ ਜਿਹੜੇ

ਦਿਨ ਦੀਵੀ ਨਿੱਤ ਮਾਨਵਤਾ ਨੂੰ ਬੇਪਤ ਕਰਦੇ

ਰਾਮਪੁਰੀ ਸਪੱਸ਼ਟਵਾਦੀ ਸ਼ਾਇਰ ਹੈ। ਮਿਥਿਹਾਸ ਅਤੇ ਇਤਿਹਾਸ ਦੀ ਗੱਲ ਕਰਦਾ ਹੋਇਆ ਉਹ ਇਸ ਗੱਲ ਉੱਤੇ ਜ਼ੋਰ ਦਿੰਦਾ ਹੈ ਕਿ ਅਸੀਂ ਬੀਤੇ ਸਮਿਆਂ ਵਿੱਚ ਹੋਏ ਜ਼ਾਲਮ/ਹਤਿਆਰੇ ਹਾਕਮਾਂ ਦੀ ਗੱਲ ਤਾਂ ਕਰਦੇ ਹਾਂ ਪਰ ਅਸੀਂ ਅਕਸਰ ਆਪਣੇ ਸਮੇਂ ਦੇ ਕਾਤਲ ਹਾਕਮਾਂ ਵੱਲੋਂ ਆਮ ਲੋਕਾਂ ਉੱਤੇ ਢਾਹੇ ਜਾਂਦੇ ਜ਼ੁਲਮਾਂ ਬਾਰੇ ਗੱਲ ਕਰਨ ਤੋਂ ਝਿਜਕ ਜਾਂਦੇ ਹਾਂ। ਅੱਜ ਦੇ ਹਾਕਮ ਪਹਿਲੇ ਸਮਿਆਂ ਦੇ ਹਾਕਮਾਂ ਨਾਲੋਂ ਵੀ ਵੱਧ ਹਤਿਆਰੇ ਹਨ। ਇਨ੍ਹਾਂ ਨੂੰ ਸਿਰਫ ਗੱਦੀ ਪਿਆਰੀ ਹੈ। ਆਪਣੀ ਗੱਦੀ ਦੀ ਸਲਾਮਤੀ ਖਾਤਰ ਇਹ ਲੋਕਾਂ ਨੂੰ ਧਰਮ, ਰੰਗ, ਨਸਲ, ਜ਼ਾਤ-ਪਾਤ ਦੇ ਨਾਮ ਉੱਤੇ ਲੜਾਉਂਦੇ ਹਨ ਅਤੇ ਉਨ੍ਹਾਂ ਦੇ ਖ਼ੂਨ ਦੀਆਂ ਨਦੀਆਂ ਵਹਾਉਂਦੇ ਹਨ। ਜਦੋਂ ਹਾਕਮਾਂ ਦੀ ਮਾਨਸਿਕਤਾ ਕਾਤਲਾਂ ਵਾਲੀ ਹੋਵੇ ਤਾਂ ਉਹ ਲੋਕਾਂ ਨੂੰ ਇਨਸਾਫ ਕਿਵੇਂ ਦੇਣਗੇ ? ਹਾਕਮਾਂ ਦੀਆਂ ਕੁਰਸੀਆਂ ਉੱਤੇ ਬੈਠੇ ਬੌਣੀ ਸੋਚ ਵਾਲੇ ਅਤੇ ਹਉਮੈਂ ਦੇ ਬੀਮਾਰ ਬਣਮਾਨਸਾਂ ਦਾ ਜ਼ਿਕਰ ਰਾਮਪੁਰੀ ਨੇ ਆਪਣੀ ਨਜ਼ਮ ਬੌਨੇ ਸਿਰਵਿੱਚ ਕੀਤਾ ਹੈ:

ਆਸ ਨਿਆਂ ਦੀ

ਓਸ ਅਦਾਲਤ ਵਿੱਚ ਕਿੱਥੇ ?

ਜਿਸ ਦੇ ਮੁਨਸਿਫ ਜਾਣ ਖਰੀਦੇ

ਅੱਜ ਪੰਚੈਤ, ਕਚਹਿਰੀ, ਮਜਲਸ

ਬੌਨੇ ਸਿਰ ਟੀਸੀ ਚੜ੍ਹ ਬੈਠੇ

----

ਹਾਕਮਾਂ ਦੀਆਂ ਕੁਰਸੀਆਂ ਉੱਤੇ ਬੈਠੇ ਬੌਨੇ ਲੋਕ, ਮਹਿਜ਼, ਪਲ ਭਰ ਦਾ ਸੁਆਦ ਲੈਣ ਲਈ ਧਰਮ, ਰੰਗ, ਨਸਲ, ਜ਼ਾਤ-ਪਾਤ ਦੇ ਨਾਮ ਉੱਤੇ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਸਾਰੇ ਦੇਸ਼ ਦੀ ਸੁਰੱਖਿਆ ਅਤੇ ਅਮਨ ਖਤਰੇ ਵਿੱਚ ਪਾ ਦਿੰਦੇ ਹਨ। ਅਜਿਹੇ ਰਾਜਨੀਤਿਕ ਭ੍ਰਿਸ਼ਟਾਚਾਰ ਨੂੰ ਸਮਝਣ ਵਿੱਚ ਰਾਮਪੁਰੀ ਦੀ ਨਜ਼ਮ ਹਨੂਮਾਨ, ਸ਼ਹਿਜ਼ਾਦਾ ਤੇ ਸਰਬੌਖਧ ਪਰਬਤਦੀਆਂ ਇਹ ਸਤਰਾਂ ਸਾਡੀ ਮੱਦਦ ਕਰ ਸਕਦੀਆਂ ਹਨ:

ਅੱਜ ਮੁਨਸਿਫ ਦੀ ਕੁਰਸੀ ਉੱਤੇ ਕਾਤਿਲ ਸ਼ੋਭ ਰਿਹਾ ਹੈ

ਇਸੇ ਲਈ ਤਾਂ ਨਗਰ ਨਗਰ ਵਿੱਚ

ਖ਼ੰਜਰ ਤਲਵਾਰਾਂ ਤਰਸ਼ੂਲ

ਝੂਠੇ ਨਾਅਰੇ ਤੇ ਬਾਰੂਦ

ਆਦਮ-ਬੋਅ, ਆਦਮ-ਬੋਅ ਕਰਦੇ ਘੁੰਮ ਰਹੇ ਨੇ

ਅਜੋਕੇ ਸਮਿਆਂ ਦੀ ਇਹ ਤਰਾਸਦੀ ਹੈ ਕਿ ਹਕੂਮਤ ਦੀ ਕੁਰਸੀ ਉੱਤੇ ਬੈਠੇ ਬੌਨੇ ਸਿਰਾਂ ਵਾਲੇ ਭ੍ਰਿਸ਼ਟ ਹੋ ਚੁੱਕੀ ਮਾਨਸਿਕਤਾ ਦੇ ਮਾਲਕ ਆਪਣੇ ਅਜਿਹੇ ਮਨਸੂਬਿਆਂ ਦੀ ਪ੍ਰਾਪਤੀ ਖਾਤਰ ਅਜਿਹੇ ਲੋਕਾਂ ਨੂੰ ਧਾਰਮਿਕ ਅਤੇ ਸਭਿਆਚਾਰਕ ਅਦਾਰਿਆਂ ਦੀਆਂ ਟੀਸੀਆਂ ਉੱਤੇ ਬੈਠਾ ਦਿੰਦੇ ਹਨ ਜੋ ਕਿ ਆਮ ਸ਼ਹਿਰੀਆਂ ਅਤੇ ਭੋਲੇ ਭਾਲੇ ਪੇਂਡੂ ਲੋਕਾਂ ਨੂੰ ਧਰਮ, ਰੰਗ, ਨਸਲ, ਜ਼ਾਤ-ਪਾਤ ਦੇ ਨਾਮ ਉੱਤੇ ਭੜਕਾ ਕੇ ਵੱਖੋ ਵੱਖ ਧਰਮਾਂ ਦੇ ਲੋਕਾਂ ਵਿੱਚ ਫਿਰਕੂ ਫਸਾਦ ਕਰਵਾਉਣ ਲਈ ਆਪਣੇ ਮੂੰਹਾਂ ਚੋਂ ਫਨੀਅਰ ਸੱਪਾਂ ਵਾਂਗੂੰ ਜ਼ਹਿਰ ਉਗਲਦੇ ਧਾਰਮਿਕ ਕੱਟੜਵਾਦੀ ਰੁਝਾਣ ਵਾਲੇ ਨਾਹਰੇ ਲਗਾ ਕੇ ਲੋਕਾਂ ਵਿੱਚ ਇੱਕ ਦੂਜੇ ਲਈ ਨਫਰਤ ਫੈਲਾਉਂਦੇ ਹਨ।

----

ਭਾਵੇਂ ਕਿ ਇੰਡੀਆ ਦੇ ਅਨੇਕਾਂ ਪ੍ਰਾਂਤਾਂ ਵਿੱਚ ਅਜਿਹੀ ਧਾਰਮਿਕ ਕੱਟੜਵਾਦੀ ਜ਼ਹਿਰ ਉਗਲਣ ਵਾਲੇ ਕਾਤਲਾਂ ਦੇ ਟੋਲੇ ਬਿਨ੍ਹਾਂ ਕਿਸੀ ਸਰਕਾਰੀ ਰੋਕ ਟੋਕ ਦੇ ਦਨਦਨਾਂਦੇ ਫਿਰਦੇ ਹਨ; ਪਰ 1985-1992 ਦੇ ਸਮੇਂ ਦੌਰਾਨ ਅਜਿਹੇ ਕਾਤਲਾਂ ਦੇ ਗ੍ਰੋਹਾਂ ਨੇ ਪੰਜਾਬ ਵਿੱਚ ਜਿੰਨੀ ਦਹਿਸ਼ਤ ਫੈਲਾਈ ਅਤੇ ਜਿੰਨਾ ਸੰਤਾਪ ਪੰਜਾਬ ਦੇ ਲੋਕਾਂ ਨੇ ਭੋਗਿਆ ਉਸ ਤਰ੍ਹਾਂ ਦੀ ਦਰਦਨਾਕ ਸਥਿਤੀ ਚੋਂ ਇੰਡੀਆ ਦੇ ਕਿਸੀ ਹੋਰ ਪ੍ਰਾਂਤ ਦੇ ਲੋਕਾਂ ਨੂੰ ਲੰਘਣਾ ਨਹੀਂ ਪਿਆ। ਰਾਮਪੁਰੀ ਪੰਜਾਬ ਦੇ ਲੋਕਾਂ ਵੱਲੋਂ ਭੋਗੇ ਗਏ ਇਸ ਸੰਤਾਪ ਦੀ ਜਿੰਮੇਵਾਰੀ, ਬਿਨ੍ਹਾਂ ਕਿਸੀ ਸੰਕੋਚ ਦੇ, ਇੰਡੀਆ ਵਿੱਚ ਹਕੂਮਤ ਕਰ ਰਹੇ ਰਾਜਨੀਤੀਵਾਨਾਂ ਦੇ ਟੋਲੇ ਦੇ ਉਨ੍ਹਾਂ ਚੌਧਰੀਆਂ ਉੱਤੇ ਲਗਾਉਂਦਾ ਹੈ ਜਿਨ੍ਹਾਂ ਨੇ ਪੰਜਾਬ ਦਾ ਰਾਜਨੀਤਿਕ ਮਾਹੌਲ ਵਿਗਾੜਨ ਲਈ ਇੱਕ ਧਾਰਮਿਕ ਕੱਟੜਵਾਦੀ ਸੰਤ ਨੂੰ ਉਤਸਾਹਤ ਕੀਤਾ। ਇਸ ਧਾਰਮਿਕ ਕੱਟੜਵਾਦੀ ਸੰਤ ਨੇ ਧਰਮ ਦੇ ਨਾਮ ਉੱਤੇ ਆਮ ਲੋਕਾਂ ਦੀਆਂ ਹੱਤਿਆਵਾਂ ਕਰਨ ਲਈ ਆਪਣੇ ਨਾਲ ਗੁੰਡਿਆਂ, ਕਾਤਲਾਂ ਅਤੇ ਦਹਿਸ਼ਤਗਰਦਾਂ ਦੇ ਟੋਲੇ ਜੋੜ ਲਏ। ਜਿਨ੍ਹਾਂ ਨੇ ਆਪਣੇ ਮੋਢਿਆਂ ਉੱਤੇ ਰੱਖੀਆਂ ਏ.ਕੇ.-47 ਮਸ਼ੀਨ ਗੰਨਾਂ ਚੋਂ ਨਿਕਲਦੀਆਂ ਗੋਲੀਆਂ ਦੀ ਬਰਖਾ ਨਾਲ ਬੱਸਾਂ, ਗੱਡੀਆਂ, ਕਾਰਾਂ, ਵੈਨਾਂ ਵਿੱਚ ਸਫਰ ਕਰ ਰਹੇ ਭੋਲੇ-ਭਾਲੇ ਅਤੇ ਬੇਕਸੂਰ ਲੋਕਾਂ ਦਾ ਕਤਲੇਆਮ ਕੀਤਾ ਅਤੇ ਪੰਜਾਬ ਦੀਆਂ ਸੜਕਾਂ, ਚੌਰਸਤੇ ਅਤੇ ਖੇਤ ਲੋਕਾਂ ਦੇ ਜਿਸਮਾਂ ਚੋਂ ਬਹਿ ਰਹੇ ਖ਼ੂਨ ਨਾਲ ਰੰਗ ਦਿੱਤੇ। ਪੰਜਾਬ ਵਿੱਚ ਅਜਿਹੇ ਰਾਜਨੀਤਿਕ ਅਪਰਾਧੀਕਰਨ ਦਾ ਪਾਸਾਰ ਕਰਨ ਵਾਲੇ ਰਾਜਨੀਤਿਕ ਚੌਧਰੀਆਂ ਦੇ ਚਿਹਰਿਆਂ ਉੱਤੋਂ ਮੁਖੌਟੇ ਲਾਹੁਣ ਦਾ ਕੰਮ ਗੁਰਚਰਨ ਰਾਮਪੁਰੀ ਆਪਣੀ ਨਜ਼ਮ ਅਪਰਾਧੀਵਿੱਚ ਪੂਰੀ ਸਪੱਸ਼ਟਤਾ ਅਤੇ ਦਲੇਰੀ ਨਾਲ ਕਰਦਾ ਹੈ। ਰਾਮਪੁਰੀ ਅਜਿਹੇ ਅਪਰਾਧੀ ਕਿਸਮ ਦੇ ਰਾਜਨੀਤੀਵਾਨਾਂ ਦੀ ਨਿਸ਼ਾਨਦੇਹੀ ਕਰਨ ਲੱਗਿਆਂ ਬਹੁਤ ਬੇਲਿਹਾਜ਼ ਹੋ ਜਾਂਦਾ ਹੈ:

ਦੋਸ਼ੀ ਉਹ ਹੈ

ਜਿਨ੍ਹੇਂ ਨਿਤਾਣੇ ਸੱਪ ਦੇ ਸਿਰ ਤੇ ਨਕਲੀ ਮਣੀ ਟਿਕਾਈ

ਉਸਨੂੰ ਦੁੱਧ ਪਿਲਾਇਆ

ਉੱਚੀ ਸੱਥ ਚ ਡੋਰੂ ਆਪ ਬਜਾਇਆ

ਖਾੜਾ ਲਾਇਆ

ਜ਼ਹਿਰੀ ਫਨੀਅਰ

ਆਪਣੇ ਗਲ ਦਾ ਹਾਰ ਬਣਾਇਆ

----

ਗੁਰਚਰਨ ਰਾਮਪੁਰੀ ਦੇ ਕਾਵਿ-ਸੰਗ੍ਰਹਿ ਅਗਨਾਰਦੀਆਂ ਵਧੇਰੇ ਨਜ਼ਮਾਂ ਨੂੰ ਸਮਝਣ ਲਈ ਭਾਰਤੀ ਮਿਥਿਹਾਸ ਅਤੇ 1978-1993 ਤੱਕ ਦੇ ਸਮੇਂ ਦੌਰਾਨ ਪੰਜਾਬ ਵਿੱਚ ਵਾਪਰੀਆਂ ਰਾਜਨੀਤਿਕ, ਸਮਾਜਿਕ, ਸਭਿਆਚਾਰਕ ਅਤੇ ਧਾਰਮਿਕ ਘਟਨਾਵਾਂ ਬਾਰੇ ਜਾਣਕਾਰੀ ਹੋਣੀ ਕਾਫੀ ਲਾਹੇਵੰਦ ਰਹੇਗੀ। ਅਜਿਹੀ ਜਾਣਕਾਰੀ ਹੋਣ ਸਦਕਾ ਰਾਮਪੁਰੀ ਦੀ ਕਵਿਤਾ ਦਾ ਪਾਠਕ ਸਹਿਜੇ ਹੀ ਸਮਝ ਸਕੇਗਾ ਕਿ ਜਦੋਂ ਰਾਮਪੁਰੀ ਆਪਣੀਆਂ ਕਵਿਤਾਵਾਂ ਵਿੱਚ ਭਾਰਤੀ ਮਿਥਿਹਾਸ ਦੇ ਕਿਸੇ ਬਹੁ-ਚਰਚਿਤ ਕਿਰਦਾਰ ਦਾ ਜ਼ਿਕਰ ਕਰਦਾ ਹੈ ਤਾਂ ਉਹ ਪੰਜਾਬ/ਇੰਡੀਆ ਦੀ ਰਾਜਨੀਤੀ ਵਿੱਚ ਉੱਭਰੇ ਕਿਸੇ ਰਾਜਨੀਤਿਕ/ਸਮਾਜਿਕ/ਸਭਿਆਚਾਰਕ/ਧਾਰਮਿਕ ਆਗੂ ਜਾਂ ਕਿਰਦਾਰ ਦਾ ਹਵਾਲਾ ਦੇ ਰਿਹਾ ਹੈ। ਰਾਮਪੁਰੀ ਦੀਆਂ ਅਜਿਹੀਆਂ ਨਜ਼ਮਾਂ ਇਕਹਿਰੀ ਸਤਹ ਵਾਲੀਆਂ ਨਜ਼ਮਾਂ ਨਹੀਂ ਹਨ। ਇਨ੍ਹਾਂ ਨਜ਼ਮਾਂ ਨੂੰ ਸਮਝਣ ਲਈ ਭਾਰਤੀ ਮਿਥਿਹਾਸ/ਇਤਿਹਾਸ ਦੇ ਤਹਿਖਾਨਿਆਂ ਵਿੱਚ ਉਤਰਨਾ ਪੈਂਦਾ ਹੈ ਅਤੇ ਸਮੇਂ ਦੀ ਗਰਦ-ਗੁਬਾਰ ਹੇਠ ਦੱਬੇ ਪਏ ਇਨ੍ਹਾਂ ਕਿਰਦਾਰਾਂ ਦੇ ਚਿਹਰਿਆਂ ਤੋਂ ਮਿੱਟੀ ਝਾੜ ਕੇ ਪਹਿਚਾਨਣਾ ਪੈਂਦਾ ਹੈ ਕਿ ਸਾਡੇ ਸਮਿਆਂ ਵਿੱਚ ਇਨ੍ਹਾਂ ਕਿਰਦਾਰਾਂ ਨੇ ਕਿਸ ਰੂਪ ਵਿੱਚ ਮੁੜ ਜਨਮ ਲਿਆ ਹੈ। ਇਹ ਗੱਲ ਸਮਝਣ ਲਈ ਰਾਮਪੁਰੀ ਦੀ ਨਜ਼ਮ ਅਜੇ ਹਸਤਨਾਪੁਰ ਦੇ ਉਤੇ ਦੁਰਯੋਦਨ ਦਾ ਰਾਜਸਾਡੇ ਲਈ ਸਹਾਈ ਹੋ ਸਕਦੀ ਹੈ:

ਝੂਠ ਬੋਲਦਾ ਰਾਜਕੁਮਾਰ:

ਵੱਡਾ ਬਿਰਛ ਜਦੋਂ ਡਿੱਗਦਾ ਹੈ

ਤਾਂ ਧਰਤੀ ਹਿੱਲਦੀ ਹੀ ਹੁੰਦੀ

ਇਹ ਕਹਿ ਕੇ ਉਸ ਨੇ ਮਾਸੂਮਾਂ ਤੇ ਛੱਡੇ ਬਘਿਆੜ

ਆਪ ਮਹਿਲ ਵਿੱਚ ਜਾ ਲੁਕਿਆ ਰਾਜ ਕੁਮਾਰ

----

ਅਗਨਾਰਕਾਵਿ-ਸੰਗ੍ਰਹਿ ਵਿੱਚ ਮਹਿਜ਼ ਪੰਜਾਬ ਦੇ ਸੰਤਾਪ ਜਾਂ ਭਾਰਤ ਦੇ ਰਾਜਨੀਤਿਕ ਭ੍ਰਿਸ਼ਟਾਚਾਰ ਦੀਆਂ ਹੀ ਗੱਲਾਂ ਨਹੀਂ ਕੀਤੀਆਂ ਗਈਆਂ; ਰਾਮਪੁਰੀ ਨੇ ਇਸ ਕਾਵਿ-ਸੰਗ੍ਰਹਿ ਵਿੱਚ ਆਪਣੀਆਂ ਨਜ਼ਮਾਂ ਰਾਹੀਂ ਹੋਰ ਵੀ ਅਨੇਕਾਂ ਮਹੱਤਵ-ਪੂਰਨ ਵਿਸਿ਼ਆਂ ਬਾਰੇ ਚਰਚਾ ਛੇੜਿਆ ਹੈ।

ਭਾਰਤੀ ਮੂਲ ਦੇ ਲੋਕਾਂ ਨੂੰ ਹਜ਼ਾਰਾਂ ਸਾਲ ਪੁਰਾਣੇ ਆਪਣੇ ਭਾਰਤੀ ਸਭਿਆਚਾਰ ਉੱਤੇ ਬੜਾ ਮਾਣ ਹੈ। ਅਜੋਕੇ ਸਮਿਆਂ ਵਿੱਚ ਭਾਰਤ ਨੇ ਆਰਥਿਕ ਤੌਰ ਉੱਤੇ ਅਤੇ ਵਿਗਿਆਨ/ਤਕਨਾਲੋਜੀ ਦੇ ਖੇਤਰ ਵਿੱਚ ਬਹੁਤ ਤਰੱਕੀ ਕੀਤੀ ਹੈ। ਪਰ ਸਮਾਜਿਕ ਅਤੇ ਸਭਿਆਚਾਰਕ ਤੌਰ ਉੱਤੇ ਉਹ ਅਜੇ ਵੀ ਪੱਛੜਿਆ ਹੋਇਆ ਹੈ। ਹਜ਼ਾਰਾਂ ਸਾਲ ਬੀਤ ਜਾਣ ਬਾਹਦ ਵੀ ਜ਼ਾਤ-ਪਾਤ ਦਾ ਕੋਹੜ ਭਾਰਤੀ ਸਮਾਜ ਦਾ ਪਿੱਛਾ ਨਹੀਂ ਛੱਡ ਸਕਿਆ। ਅੱਜ ਵੀ ਭਾਰਤ ਦੇ ਅਨੇਕਾਂ ਹਿੱਸਿਆਂ ਵਿੱਚ ਨੀਂਵੀਂ ਜ਼ਾਤ ਦੇਜਾਂ ਅਛੂਤ ਲੋਕਕਹਿਕੇ ਕਰੋੜਾਂ ਲੋਕਾਂ ਉੱਤੇ ਉੱਚੀਆਂ ਜ਼ਾਤਾਂ ਵਾਲੇ ਲੋਕਾਂ ਵੱਲੋਂ ਅੱਤਿਆਚਾਰ ਕੀਤੇ ਜਾਂਦੇ ਹਨ। ਉਨ੍ਹਾਂ ਦੇ ਘਰਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਜਾਂਦਾ ਹੈ; ਉਨ੍ਹਾਂ ਲੋਕਾਂ ਦੀਆਂ ਪਤਨੀਆਂ, ਧੀਆਂ ਅਤੇ ਨੂੰਹਾਂ ਦੇ ਸਮੂਹਕ ਬਲਾਤਕਾਰ ਕੀਤੇ ਜਾਂਦੇ ਹਨ; ਉਨ੍ਹਾਂ ਲੋਕਾਂ ਨੂੰ ਧਾਰਮਿਕ ਅਸਥਾਨਾਂ ਅੰਦਰ ਵੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਇੱਥੋਂ ਤੱਕ ਕਿ ਉਨ੍ਹਾਂ ਨੂੰ ਉਨ੍ਹਾਂ ਖੂਹਾਂ ਤੋਂ ਪੀਣ ਲਈ ਸਾਫ ਪਾਣੀ ਲਿਜਾਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਜਿਨ੍ਹਾਂ ਖੂਹਾਂ ਤੋਂ ਅਮੀਰ ਅਤੇ ਉੱਚੀਆਂ ਜ਼ਾਤਾਂ ਵਾਲੇ ਲੋਕ ਪਾਣੀ ਭਰਦੇ ਹਨ। ਭਾਰਤੀ ਸਮਾਜ ਵਿੱਚ ਜ਼ਾਤ-ਪਾਤ ਦਾ ਇਹ ਕੋਹੜ ਹਜ਼ਾਰਾਂ ਸਾਲ ਪਹਿਲਾਂ ਮਨੂੰ ਨਾਮ ਦੇ ਇੱਕ ਵਿਅਕਤੀ ਨੇ ਫੈਲਾਇਆ ਸੀ। ਅੱਜ ਭਾਰਤ ਦੇ ਹੁਕਮਰਾਨ ਭਾਵੇਂ ਦਿਖਾਵੇ ਲਈ ਜਿੰਨੇ ਮਰਜ਼ੀ ਨਾਹਰੇ ਮਾਰਨ ਕਿ ਭਾਰਤ ਇੱਕ ਆਜਾਦ ਮੁਲਕ ਹੈ, ਭਾਰਤ ਇੱਕ ਹੈ, ਭਾਰਤ ਦੇ ਲੋਕ ਇੱਕ ਹਨ; ਪਰ ਸੱਚਾਈ ਇਹ ਹੈ ਕਿ ਅੱਜ ਵੀ ਭਾਰਤ ਵਿੱਚ ਦਲਿਤ ਲੋਕ/ਦੱਬੇ-ਕੁਚਲੇ ਲੋਕ ਹਜ਼ਾਰਾਂ ਸਾਲ ਪਹਿਲਾਂ ਮਨੂੰ ਵੱਲੋਂ ਭਾਰਤੀ ਸਮਾਜ ਵਿੱਚ ਫੈਲਾਏ ਜ਼ਾਤ-ਪਾਤ ਦੇ ਕੋਹੜ ਦੇ ਨਾਮ ਉੱਤੇ ਪਾਈਆਂ ਗਈਆਂ ਲਕੀਰਾਂ ਕਾਰਨ ਉੱਚੀ ਜ਼ਾਤ ਦੇ ਹੰਕਾਰ ਨਾਲ ਭਰੀ ਮਾਨਸਿਕਤਾ ਵਾਲੇ ਹੈਂਕੜਬਾਜ਼ਾਂ ਦੇ ਪੈਰਾਂ ਹੇਠ ਦਰੜੇ ਜਾ ਰਹੇ ਹਨ। ਭਾਰਤ ਉਦੋਂ ਤੱਕ ਆਪਣੇ ਆਪ ਨੂੰ ਇੱਕ ਆਜ਼ਾਦ ਮੁਲਕ ਨਹੀਂ ਕਹਿਲਾ ਸਕਦਾ ਜਦੋਂ ਤੱਕ ਕਿ ਭਾਰਤੀ ਸਮਾਜ ਵਿੱਚ ਮਨੂੰਵਾਦ ਵੱਲੋਂ ਪਾਈਆਂ ਗਈਆਂ ਜ਼ਾਤ-ਪਾਤ ਦੀਆਂ ਲਕੀਰਾਂ ਸਦਾ ਸਦਾ ਲਈ ਮਿਟਾ ਨਹੀਂ ਦਿੱਤੀਆਂ ਜਾਂਦੀਆਂ ਅਤੇ ਭਾਰਤ ਦੇਸ਼ ਵਿੱਚ ਵਸਣ ਵਾਲੇ ਹਰ ਆਦਮੀ/ਔਰਤ ਨੂੰ ਇੱਕੋ ਜਿਹੇ ਅਧਿਕਾਰ ਪ੍ਰਾਪਤ ਨਹੀਂ ਹੋ ਜਾਂਦੇ। ਭਾਰਤੀ ਸਮਾਜ ਦੀ ਅਜਿਹੀ ਤਰਸਯੋਗ ਹਾਲਤ ਦਾ ਬਿਆਨ ਗੁਰਚਰਨ ਰਾਮਪੁਰੀ ਆਪਣੀ ਨਜ਼ਮ ਖ਼ਾਕ ਅਗੇਰੇ ਪਰ ਮਨ ਪਛੜੇਵਿੱਚ ਪੂਰੀ ਦ੍ਰਿੜਤਾ ਨਾਲ ਕਰਦਾ ਹੈ:

ਸਿਰਜਕ ਹੱਥ ਕਰੋੜਾਂ ਰੁੱਝੇ

ਲੀਕਾਂ ਕਈ ਹਜ਼ਾਰ

ਪਰ ਅੱਜ ਵੀ ਮੱਧਮ ਨਾ ਹੋਈਆਂ

ਮਨੂੰ ਮਾਰੀਆਂ ਚਾਰ

ਖ਼ਾਕ ਅਗੇਰੇ ਪਰ ਮਨ ਪਛੜੇ

ਭੀੜ ਚ ਹਾਹਾਕਾਰ

----

ਰਾਮਪੁਰੀ ਇਸ ਗੱਲ ਵਿੱਚ ਵਿਸ਼ਵਾਸ਼ ਕਰਦਾ ਹੈ ਕਿ ਸਾਡੇ ਸਮਾਜ ਵਿੱਚ ਉਦੋਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਜਦੋਂ ਲੋਕ ਆਪ ਸੋਚਣਾ ਬੰਦ ਕਰ ਦਿੰਦੇ ਹਨ ਅਤੇ ਸੁਣੀ ਸੁਣਾਈ ਗੱਲ ਉੱਤੇ ਇਤਬਾਰ ਕਰ ਲੈਂਦੇ ਹਨ। ਅਜੋਕੇ ਸਮਿਆਂ ਵਿੱਚ ਲੋਕ ਆਪਣੀ ਜਿ਼ੰਦਗੀ ਦੇ ਰੁਝੇਵਿਆਂ ਵਿੱਚ ਇੰਨੇ ਰੁੱਝੇ ਹੋਏ ਹਨ ਕਿ ਉਨ੍ਹਾਂ ਕੋਲ ਕਿਸੇ ਸੁਣੀ ਗੱਲ ਦੀ ਪੁਸ਼ਟੀ ਕਰਨ ਲਈ ਤੱਥਾਂ ਦੀ ਤਲਾਸ਼ ਕਰਨ ਦਾ ਕੋਈ ਸਮਾਂ ਨਹੀਂ। ਅਨੇਕਾਂ ਮਨੁੱਖੀ ਸੰਕਟਾਂ ਦੀ ਜੜ੍ਹ ਮੌਕਾਪ੍ਰਸਤ, ਚਲਾਕ ਅਤੇ ਸ਼ੈਤਾਨ ਕਿਸਮ ਦੇ ਲੋਕਾਂ ਵੱਲੋਂ ਕਿਸੀ ਗੱਲ ਜਾਂ ਘਟਨਾ ਬਾਰੇ ਕੀਤਾ ਗਿਆ ਝੂਠਾ ਅਤੇ ਬੇਬੁਨਿਆਦ ਪਰਚਾਰ ਹੀ ਹੁੰਦਾ ਹੈ। ਅਜਿਹੀ ਸਥਿਤੀ ਦਾ ਸ਼ਿਕਾਰ ਹੋਏ ਲੋਕਾਂ ਨੂੰ ਸੰਕਟਮਈ ਘੜੀਆਂ ਤੋਂ ਮੁਕਤ ਕਰਨ ਦਾ ਰਾਹ ਰਾਮਪੁਰੀ ਆਪਣੀ ਨਜ਼ਮ ਇਸ ਘਰ ਨੂੰ ਮੁੜ ਸੋਚਣ ਲਾਓਵਿੱਚ ਦੱਸਦਾ ਹੈ। ਉਸ ਵੱਲੋਂ ਦੱਸੇ ਗਏ ਸੁਝਾਵਾਂ ਵਿੱਚ ਜ਼ਰੂਰ ਵਜ਼ਨ ਹੈ। ਜਿਸ ਕਾਰਨ ਉਸ ਦੀ ਕਵਿਤਾ ਦੀਆਂ ਇਨ੍ਹਾਂ ਸਤਰਾਂ ਨੂੰ ਪੜ੍ਹ ਕੇ ਅਸੀਂ ਰਾਮਪੁਰੀ ਦੀ ਕਵਿਤਾ ਵਿਚਲੇ ਦਾਰਸ਼ਨਿਕ ਪਹਿਲੂਆਂ ਤੋਂ ਵੀ ਭਲੀ ਭਾਂਤ ਜਾਣੂੰ ਹੋ ਜਾਂਦੇ ਹਾਂ:

ਇਸ ਘਰ ਨੂੰ ਮੁੜ ਸੋਚਣ ਲਾਓ

ਇਸ ਨੂੰ ਚੁੱਪ ਦੀ ਜਾਚ ਸਿਖਾਓ

ਇਸ ਨੂੰ ਆਖੋ: ਫੇਰ ਸਮਾਧੀ ਲੱਭੇ ਲਾਵੇ

ਤਾਜ ਤਖਤ ਗੱਦੀ ਠੁਕਰਾਵੇ

ਸੱਚ ਕੀਰਤੀ ਮੁੜ ਕੇ ਗਾਵੇ

----

ਮਨੁੱਖੀ ਸਭਿਅਤਾ ਦੀ ਤਰੱਕੀ ਵਿੱਚ ਸ਼ਬਦਦੀ ਬਹੁਤ ਵੱਡੀ ਦੇਣ ਹੈ। ਗਿਆਨ-ਵਿਗਿਆਨ ਸ਼ਬਦਾਂ ਰਾਹੀਂ ਹੀ ਫੈਲਦਾ ਹੈ. ਮਨੁੱਖੀ ਸਭਿਅਤਾ ਦੇ ਹਰ ਖੇਤਰ ਵਿੱਚ ਹਜ਼ਾਰਾਂ ਸਾਲਾਂ ਦੌਰਾਨ ਕੀਤੀਆਂ ਗਈਆਂ ਪ੍ਰਾਪਤੀਆਂ ਬਾਰੇ ਅਸੀਂ ਸ਼ਬਦਾਂ ਦੇ ਮਾਧਿਅਮ ਰਾਹੀਂ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਕੁਝ ਲੋਕਾਂ ਨੇ ਸ਼ਬਦਾਂ ਦੇ ਮਾਧਿਅਮ ਦੀ ਗਲਤ ਵਰਤੋਂ ਕਰਕੇ ਮਨੁੱਖੀ ਤਬਾਹੀ ਕੀਤੀ। ਹਿਟਲਰ ਅਤੇ ਮੂਸੋਲੀਨੀ ਵਰਗੇ ਨਾਜ਼ੀਆਂ ਨੇ ਸ਼ਬਦਾਂਦੇ ਮਾਧਿਅਮ ਨੂੰ ਆਪਣੇ ਅਤਿਆਚਾਰਾਂ ਦੇ ਪਾਸਾਰ ਕਰਨ ਲਈ ਹੀ ਵਰਤਿਆ। ਪਰ ਮਨੁੱਖੀ ਸਭਿਅਤਾ ਦਾ ਹਜ਼ਾਰਾਂ ਸਾਲਾਂ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਰੌਸ਼ਨ ਦਿਮਾਗ਼ਾਂ ਨੇ ਸ਼ਬਦ ਦੇ ਮਾਧਿਅਮ ਨੂੰ ਮਨੁੱਖੀ ਸਭਿਅਤਾ ਵੱਲੋਂ ਗਿਆਨ/ਵਿਗਿਆਨ/ਦਰਸ਼ਨ/ਤਕਨਾਲੋਜੀ ਦੇ ਖੇਤਰਾਂ ਵਿੱਚ ਕੀਤੀਆਂ ਗਈਆਂ ਪ੍ਰਾਪਤੀਆਂ ਦੇ ਪਾਸਾਰ ਕਰਨ ਅਤੇ ਲੋਕ ਕਲਿਆਨ ਹਿਤ ਹੀ ਵਰਤਿਆ ਹੈ।

----

ਗੁਰਚਰਨ ਰਾਮਪੁਰੀ ਵੱਲੋਂ ਰਾਜਨੀਤਿਕ, ਸਮਾਜਿਕ, ਸਭਿਆਚਾਰਕ, ਧਾਰਮਿਕ, ਆਰਥਿਕ, ਮਿਥਿਹਾਸਕ, ਇਤਿਹਾਸਕ ਅਤੇ ਦਾਰਸ਼ਨਿਕ ਪੱਧਰ ਉੱਤੇ ਚੇਤਨਾ ਪੈਦਾ ਕਰਨ ਵਾਲੀਆਂ ਕਵਿਤਾਵਾਂ ਦਾ ਪ੍ਰਕਾਸ਼ਿਤ ਕੀਤਾ ਗਿਆ ਕਾਵਿ-ਸੰਗ੍ਰਹਿ ਅਗਨਾਰਕੈਨੇਡੀਅਨ ਪੰਜਾਬੀ ਸਾਹਿਤ ਨੂੰ ਅਨੇਕਾਂ ਪਹਿਲੂਆਂ ਤੋਂ ਅਮੀਰ ਬਣਾਉਂਦਾ ਹੈ। ਅਜਿਹੀ ਜ਼ਿਕਰ ਯੋਗ ਪੁਸਤਕ ਪ੍ਰਕਾਸ਼ਿਤ ਕਰਨ ਲਈ ਰਾਮਪੁਰੀ ਨੂੰ ਮੇਰੀਆਂ ਸ਼ੁੱਭ ਇੱਛਾਵਾਂ।


Monday, March 16, 2009

ਸੁਖਿੰਦਰ - ਲੇਖ

ਪਰਵਾਸ ਦੇ ਸੁਪਨੇ ਅਤੇ ਹਕੀਕਤਾਂ - ਜਰਨੈਲ ਸੇਖਾ

ਲੇਖ

ਪਰਵਾਸੀ ਲੋਕਾਂ ਦੀ ਜ਼ਿੰਦਗੀ ਨੂੰ ਯਥਾਰਥਕ ਪੱਧਰ ਉੱਤੇ ਬਿਆਨ ਕਰਨ ਵਾਲੇ ਕੈਨੇਡੀਅਨ ਪੰਜਾਬੀ ਨਾਵਲਕਾਰਾਂ ਦੀ ਗਿਣਤੀ ਅਜੇ ਕੋਈ ਬਹੁਤੀ ਜ਼ਿਆਦਾ ਨਹੀਂ ਹੋਈ।

ਕੈਨੇਡੀਅਨ ਪੰਜਾਬੀ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਭਗੌੜਾਨਾਵਲ ਵਿੱਚ ਪਰਵਾਸੀ ਜ਼ਿੰਦਗੀ ਨੂੰ ਯਥਾਰਥਕ ਪੱਧਰ ਉੱਤੇ ਅਤੇ ਬਹੁਤ ਹੀ ਰੌਚਿਕ ਢੰਗ ਨਾਲ ਪੇਸ਼ ਕਰਕੇ ਪੰਜਾਬੀ ਪਾਠਕਾਂ ਦਾ ਧਿਆਨ ਖਿੱਚਿਆ ਹੈ। ਨਾਵਲ ਵਿੱਚ ਘਟਨਾਵਾਂ ਸਹਿਜ ਸੁਭਾਅ ਵਾਪਰਦੀਆਂ ਜਾਂਦੀਆਂ ਹਨ ਅਤੇ ਪਾਠਕ ਮਹਿਸੂਸ ਹੀ ਨਹੀਂ ਕਰਦਾ ਕਿ ਕੋਈ ਘਟਨਾ ਨਾਵਲ ਵਿੱਚ ਬੇਲੋੜੀ ਹੈ ਜਾਂ ਜ਼ਬਰਦਸਤੀ ਭਰੀ ਗਈ ਹੈ।

----

ਨਾਵਲ ਦੀ ਪਾਤਰ ਉਸਾਰੀ ਇਸ ਢੰਗ ਨਾਲ ਕੀਤੀ ਗਈ ਹੈ ਕਿ ਕੋਈ ਵੀ ਪਾਤਰ ਨਾਵਲ ਵਿੱਚ ਵਾਧੂ ਨਹੀਂ ਲੱਗਦਾ। ਹਰ ਪਾਤਰ ਹੀ ਮੌਕੇ ਅਨੁਸਾਰ ਨਾਵਲ ਦੀ ਕਹਾਣੀ ਵਿੱਚ ਪ੍ਰਗਟ ਹੁੰਦਾ ਹੈ ਅਤੇ ਮੌਕੇ ਨਾਲ ਮੇਲ ਖਾਂਦੀ ਗੱਲ ਹੀ ਕਰਦਾ ਹੈ।

ਨਾਵਲ ਦੀ ਸ਼ੈਲੀ ਪਾਠਕ ਦੇ ਮਨ ਵਿੱਚ ਅਜਿਹਾ ਅਹਿਸਾਸ ਪੈਦਾ ਕਰਦੀ ਹੈ ਕਿ ਨਾਵਲ ਦੇ ਪਾਤਰ ਤੁਹਾਨੂੰ ਕਿਤੇ ਵੀ ਓਪਰੇ ਨਹੀਂ ਲੱਗਦੇ।

ਨਾਵਲ ਦਾ ਪਲਾਟ ਉਸਾਰਦਿਆਂ ਪਰਵਾਸੀ ਜ਼ਿੰਦਗੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਯਥਾਰਥਕ ਪੱਧਰ ਉੱਤੇ ਪੇਸ਼ ਕੀਤਾ ਗਿਆ ਹੈ।

----

ਭਗੌੜਾਨਾਵਲ ਨੂੰ ਰੌਚਿਕ ਬਨਾਉਣ ਲਈ ਥਾਂ ਥਾਂ ਨਾਟਕੀ ਅੰਸ਼ਾਂ ਦੀ ਵਰਤੋਂ ਕੀਤੀ ਗਈ ਹੈ। ਅਜਿਹੇ ਨਾਟਕੀ ਮੌਕਿਆਂ ਉੱਤੇ ਪਾਤਰ ਸਮਾਜਿਕ, ਸਭਿਆਚਾਰਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਵਿਸ਼ਿਆਂ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਹਨ। ਇਸ ਤਰ੍ਹਾਂ ਨਾਵਲ ਦੇ ਪਾਤਰਾਂ ਰਾਹੀਂ ਨਾਵਲਕਾਰ ਦੀ ਆਪਣੀ ਵਿਚਾਰਧਾਰਾ ਵੀ ਸਪੱਸ਼ਟ ਹੋ ਜਾਂਦੀ ਹੈ।

ਨਾਵਲ ਪੜ੍ਹਕੇ ਪਾਠਕ ਨੂੰ ਇਸ ਗੱਲ ਦਾ ਵੀ ਭਲੀ ਭਾਂਤ ਅਹਿਸਾਸ ਹੋ ਜਾਂਦਾ ਹੈ ਕਿ ਹਜ਼ਾਰਾਂ ਲੋਕ ਆਪਣੇ ਘਰ, ਜ਼ਮੀਨਾਂ, ਜਾਇਦਾਦਾਂ ਵੇਚ ਕੇ ਅਤੇ ਇਮੀਗਰੈਂਟ ਏਜੈਂਟਾਂ ਨੂੰ ਹਜ਼ਾਰਾਂ ਡਾਲਰ ਦੇ ਕੇ ਗ਼ੈਰ-ਕਾਨੂੰਨੀ ਢੰਗ ਨਾਲ ਕੈਨੇਡਾ ਪਹੁੰਚਣਾ ਚਾਹੁੰਦੇ ਹਨ। ਇਹ ਲੋਕ ਕੈਨੇਡਾ ਦੀ ਧਰਤੀ ਉੱਤੇ ਪੈਰ ਰੱਖਣ ਤੋਂ ਬਾਹਦ ਕੁਝ ਸਾਲਾਂ ਦੇ ਅੰਦਰ ਹੀ ਮਾਲੋ ਮਾਲ ਹੋ ਜਾਣ ਦੇ ਸੁਪਨੇ ਲੈਂਦੇ ਹਨ। ਪਰ ਜਦੋਂ ਉਨ੍ਹਾਂ ਨੂੰ ਇੱਥੇ ਆ ਕੇ ਦਿਨ ਰਾਤ 18-18 ਘੰਟੇ ਸਖਤ ਕੰਮ ਕਰਨਾ ਪੈਂਦਾ ਹੈ ਅਤੇ ਆਪਣੀ ਕਮਿਊਨਿਟੀ ਦੇ ਹੀ ਵਿਉਪਾਰੀਆਂ ਹੱਥੋਂ ਆਪਣੀ ਛਿੱਲ ਲੁਹਾਉਣੀ ਪੈਂਦੀ ਹੈ ਤਾਂ ਉਨ੍ਹਾਂ ਨੂੰ ਪਰਵਾਸੀ ਜ਼ਿੰਦਗੀ ਦੀਆਂ ਹਕੀਕਤਾਂ ਦਾ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਦੇ ਅਨੇਕਾਂ ਖੂਬਸੂਰਤ ਵਰ੍ਹੇ ਤਾਂ ਮਕਾਨਾਂ ਦੀ ਮੋਰਗੇਜ, ਹਾਈਡਰੋ ਬਿਲ, ਇਨਸ਼ੌਰੈਂਸ ਦੀਆਂ ਕਿਸ਼ਤਾਂ ਦੇਣ ਵਿੱਚ ਅਤੇ ਇਮੀਗਰੇਸ਼ਨ ਵਕੀਲਾਂ ਦੀਆਂ ਹਜ਼ਾਰਾਂ ਡਾਲਰਾਂ ਦੀਆਂ ਫੀਸਾਂ ਦੇਣ ਵਿੱਚ ਹੀ ਬੀਤ ਗਏ। ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਪਰਵਾਸ ਆਕੇ ਖ਼ੂਬਸੂਰਤ ਜ਼ਿੰਦਗੀ ਜਿਉਣ ਦੇ ਉਨ੍ਹਾਂ ਨੇ ਜਿਹੜੇ ਸੁਪਨੇ ਲਏ ਸਨ ਉਨ੍ਹਾਂ ਸੁਪਨਿਆਂ ਵਰਗਾ ਤਾਂ ਇੱਥੇ ਜ਼ਿੰਦਗੀ ਵਿੱਚ ਉਨ੍ਹਾਂ ਨੂੰ ਕੁਝ ਵੀ ਹਾਸਿਲ ਨਹੀਂ ਹੋਇਆ। ਉਨ੍ਹਾਂ ਨੂੰ ਤਾਂ ਇਸ ਤਰ੍ਹਾਂ ਅੰਝਾਈਂ ਜਾ ਰਹੀ ਜ਼ਿੰਦਗੀ ਬਾਰੇ ਸੋਚਣ ਦੀ ਵੀ ਵਿਹਲ ਨਹੀਂ ਮਿਲਦੀ।

----

ਨਾਵਲਕਾਰ ਸੇਖਾ ਆਪਣੇ ਨਾਵਲ ਭਗੌੜਾਵਿੱਚ ਇਹ ਗੱਲ ਵੀ ਬੜੇ ਹੀ ਸਪੱਸ਼ਟ ਰੂਪ ਵਿੱਚ ਪੇਸ਼ ਕਰਦਾ ਹੈ ਕਿ ਕਿਸੇ ਵੀ ਸਭਿਆਚਾਰ ਜਾਂ ਕਮਿਊਨਿਟੀ ਵਿੱਚ ਨ ਤਾਂ ਸਾਰੇ ਹੀ ਲੋਕ ਚੰਗੇ ਹੁੰਦੇ ਹਨ ਅਤੇ ਨਾ ਹੀ ਕੋਈ ਸਭਿਆਚਾਰ ਦੂਜੇ ਸਭਿਆਚਾਰਾਂ ਨਾਲੋਂ ਉੱਤਮ ਹੁੰਦਾ ਹੈ। ਹਰ ਸਭਿਆਚਾਰ ਵਿੱਚ ਹੀ ਚੰਗਿਆਈਆਂ ਦੇ ਨਾਲ ਨਾਲ ਕੁਝ ਬੁਰਾਈਆਂ ਵੀ ਹੁੰਦੀਆਂ ਹਨ। ਇਸੇ ਤਰ੍ਹਾਂ ਹੀ ਕਿਸੇ ਸਭਿਆਚਾਰ ਨੂੰ ਮੰਨਣ ਵਾਲੇ ਲੋਕਾਂ ਵਿੱਚ ਕੁਝ ਲੋਕ ਮਾੜੇ ਵੀ ਹੁੰਦੇ ਹਨ। ਇਸ ਲਈ ਕਦੀ ਵੀ ਕਿਸੀ ਬੁਰਿਆਈ ਲਈ ਕਿਸੇ ਸਭਿਆਚਾਰ ਨੂੰ ਮੰਨਣ ਵਾਲੇ ਸਭਨਾਂ ਲੋਕਾਂ ਨੂੰ ਹੀ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।

----

ਨਾਵਲ ਭਗੌੜਾਦੀ ਮੁੱਖ ਔਰਤ ਪਾਤਰ ਡਰੈਸਲਰ ਜਰਮਨ ਸਭਿਆਚਾਰ ਅਤੇ ਈਸਾਈ ਧਰਮ ਨਾਲ ਸਬੰਧ ਰੱਖਦੀ ਹੋਈ ਵੀ ਪੰਜਾਬੀ ਸਭਿਆਚਾਰ ਅਤੇ ਸਿੱਖ ਧਰਮ ਨਾਲ ਸਬੰਧ ਰੱਖਣ ਵਾਲੇ ਨਾਵਲ ਦੇ ਮੁੱਖ ਮਰਦ ਪਾਤਰ ਸੁਖਬੀਰ ਨਾਲ ਦਿਲੀ ਮੁਹੱਬਤ ਕਰਦੀ ਹੈ। ਡਰੈਸਲਰ ਸੁਖਬੀਰ ਨੂੰ ਕੈਨੇਡਾ ਪਹੁੰਚਾਉਣ ਅਤੇ ਇੱਥੇ ਸਥਾਪਤ ਹੋਣ ਵਿੱਚ ਹਰ ਤਰ੍ਹਾਂ ਦੀ ਮੱਦਦ ਕਰਦੀ ਹੈ। ਭਾਵੇਂ ਕਿ ਸੁਖਬੀਰ ਡਰੈਸਲਰ ਵੱਲੋਂ ਕੀਤੀ ਗਈ ਏਨੀ ਕੁਰਬਾਨੀ ਦੀ ਵੀ ਕਦਰ ਨਹੀਂ ਕਰਦਾ ਅਤੇ ਇੰਡੀਆ ਵਿੱਚ ਪਿਛੇ ਰਹਿ ਗਈ ਆਪਣੀ ਪਹਿਲੀ ਪ੍ਰੇਮਿਕਾ ਸੁਰੇਖਾ ਨਾਲ ਹੀ ਵਿਆਹ ਕਰਵਾਕੇ ਜ਼ਿੰਦਗੀ ਬਿਤਾਉਣ ਦੇ ਸੁਪਨੇ ਦੇਖਦਾ ਹੈ।

----

ਕੈਨੇਡਾ ਵਿੱਚ ਅਨੇਕਾਂ ਸਭਿਆਚਾਰਾਂ ਅਤੇ ਧਰਮਾਂ ਦੇ ਲੋਕ ਵੱਸਦੇ ਹਨ। ਭਗੌੜਾਨਾਵਲ ਵਿੱਚ ਨਾਵਲਕਾਰ ਸੇਖਾ ਇਸ ਗੱਲ ਦੀ ਵੀ ਹਿਮਾਇਤ ਕਰਦਾ ਹੈ ਕਿ ਜੇਕਰ ਕੈਨੇਡਾ ਵਿੱਚ ਵੱਸਦੇ ਵੱਖੋ ਵੱਖ ਸਭਿਆਚਾਰਾਂ ਅਤੇ ਧਰਮਾਂ ਦੇ ਲੋਕ ਆਪਣੇ ਧੀਆਂ/ਪੁੱਤਰਾਂ ਦੇ ਵਿਆਹ ਹੋਰਨਾਂ ਧਰਮਾਂ ਅਤੇ ਸਭਿਆਚਾਰਾਂ ਵਿੱਚ ਪੈਦਾ ਹੋਏ ਮਰਦਾਂ/ਔਰਤਾਂ ਨਾਲ ਕਰਨਗੇ ਤਾਂ ਇਸ ਨਾਲ ਕੈਨੇਡਾ ਦੇ ਬਹੁ-ਸਭਿਆਚਾਰਵਾਦ ਨੂੰ ਵੀ ਹੋਰ ਸ਼ਕਤੀ ਮਿਲੇਗੀ. ਇਸ ਤਰ੍ਹਾਂ ਕਰਨ ਨਾਲ ਕੈਨੇਡਾ ਦੇ ਲੋਕ ਇੱਕ ਦੂਜੇ ਨਾਲ ਹੋਰ ਵਧੇਰੇ ਪਿਆਰ ਮੁਹੱਬਤ ਨਾਲ ਰਹਿ ਸਕਣਗੇ। ਜਿਹੜੇ ਸੰਕੀਰਨ ਸੋਚ ਵਾਲੇ ਲੋਕ ਆਪਣੇ ਆਪਣੇ ਧਰਮਾਂ/ਸਭਿਆਚਾਰਾਂ/ਜ਼ਾਤਾਂ-ਪਾਤਾਂ ਦੇ ਬੰਧਨਾਂ ਵਿੱਚ ਹੀ ਕੈਦ ਰਹਿਣ ਦੀਆਂ ਕੋਸ਼ਿਸ਼ਾਂ ਕਰਨਗੇ ਉਹ ਲੋਕ ਨ ਸਿਰਫ ਆਪਣੇ ਲਈ ਹੀ ਸਮੱਸਿਆਵਾਂ ਪੈਦਾ ਕਰਦੇ ਰਹਿਣਗੇ; ਬਲਕਿ ਆਪਣੇ ਪ੍ਰਵਾਰ ਦੇ ਹੋਰਨਾਂ ਮੈਂਬਰਾਂ ਲਈ ਵੀ ਨਿਤ ਨਵੇਂ ਸੰਕਟ ਪੈਦਾ ਕਰਦੇ ਰਹਿਣਗੇ।

----

ਕੈਨੇਡਾ ਇਮੀਗਰੈਂਟਾਂ ਦਾ ਦੇਸ਼ ਹੈ। ਸਿਵਾਇ ਕੈਨੇਡਾ ਦੇ ਨੇਟਿਵ ਇੰਡੀਅਨ ਲੋਕਾਂ ਦੇ ਜੋ ਕਿ ਕੈਨੇਡਾ ਦੇ ਮੂਲ ਵਾਸੀ ਹਨ ਬਾਕੀ ਹਰ ਕੋਈ ਕਿਸੀ ਨ ਕਿਸੀ ਢੰਗ ਨਾਲ ਕੈਨੇਡਾ ਇਮੀਗਰੈਂਟ ਬਣਕੇ ਹੀ ਆਇਆ ਹੈ।

ਇਮੀਗਰੇਸ਼ਨ ਲੈਣ ਦੇ ਸੁਪਨੇ ਲੈ ਕੇ ਪੰਜਾਬ ਤੋਂ ਗ਼ੈਰ-ਕਾਨੂੰਨੀ ਢੰਗ ਨਾਲ ਕੈਨੇਡਾ ਪਹੁੰਚੇ ਨਾਵਲ ਭਗੌੜਾਦੇ ਮੁੱਖ ਪਾਤਰ ਸੁਖਬੀਰ ਦੁਆਲੇ ਸਾਰੇ ਨਾਵਲ ਦੀ ਉਸਾਰੀ ਕੀਤੀ ਗਈ ਹੈ।

ਕੈਨੇਡਾ ਵਿੱਚ ਇਮੀਗਰੈਂਟ ਮੂਲ ਤੌਰ ਉੱਤੇ ਦੋ ਹੀ ਕਾਰਨਾਂ ਕਰਕੇ ਆਏ ਹਨ।

ਕੈਨੇਡਾ ਵਿੱਚ ਇਮੀਗਰੈਂਟਾਂ ਦੇ ਆਉਣ ਦਾ ਪਹਿਲਾ ਕਾਰਨ ਹੈ ਉਨ੍ਹਾਂ ਦੇ ਮੂਲ ਦੇਸ਼ ਵਿਚਲੀ ਭ੍ਰਿਸ਼ਟ ਰਾਜਨੀਤੀ। ਇਸ ਭ੍ਰਿਸ਼ਟ ਰਾਜਨੀਤੀ ਦੇ ਫਲਸਰੂਪ ਜਾਂ ਤਾਂ ਉਨ੍ਹਾਂ ਲੋਕਾਂ ਦੀ ਜਾਨ ਨੂੰ ਸਰਕਾਰੀ ਖ਼ੁਫ਼ੀਆ ਏਜੰਸੀਆਂ ਦੇ ਏਜੰਟਾਂ ਅਤੇ ਪੁਲਿਸ ਵੱਲੋਂ ਕੀਤੇ ਜਾਂਦੇ ਅਤਿਆਚਾਰਾਂ ਤੋਂ ਖਤਰਾ ਹੁੰਦਾ ਹੈ ਜਾਂ ਉੱਥੇ ਪੈਦਾ ਹੋ ਰਹੀ ਗੰਦੀ ਰਾਜਨੀਤੀ, ਧਾਰਮਿਕ ਕੱਟੜਵਾਦ ਜਾਂ ਸਭਿਆਚਾਰਕ ਆਤੰਕਵਾਦ ਤੋਂ।

----

ਕੈਨੇਡਾ ਵਿੱਚ ਇਮੀਗਰੈਂਟਾਂ ਦੇ ਆਉਣ ਦਾ ਦੂਜਾ ਕਾਰਨ ਹੁੰਦਾ ਹੈ ਆਰਥਿਕ ਤੌਰ ਉੱਤੇ ਆਪਣੇ ਮੂਲ ਦੇਸ਼ ਨਾਲੋਂ ਬੇਹਤਰ ਜ਼ਿੰਦਗੀ ਜਿਉਣ ਦਾ ਸੁਪਨਾ।

ਇੰਡੀਆ ਦਾ ਪ੍ਰਾਂਤ ਪੰਜਾਬ 1978 ਤੋਂ ਲੈ ਕੇ ਤਕਰੀਬਨ 1995 ਤੱਕ ਖਾਲਿਸਤਾਨੀ ਆਤੰਕਵਾਦ ਦੀ ਲਹਿਰ ਦੇ ਪ੍ਰਭਾਵ ਥੱਲੇ ਰਿਹਾ ਹੈ। ਜਿਸ ਕਾਰਨ ਪੰਜਾਬ ਦੇ ਲੋਕਾਂ ਨੂੰ ਜਿੱਥੇ ਇੱਕ ਪਾਸੇ ਖਾਲਿਸਤਾਨੀ ਦਹਿਸ਼ਤਗਰਦਾਂ ਵੱਲੋਂ ਫੈਲਾਈ ਜਾ ਰਹੀ ਹਿੰਸਾ ਦਾ ਸ਼ਿਕਾਰ ਹੋਣ ਦਾ ਡਰ ਬਣਿਆ ਰਹਿੰਦਾ ਸੀ; ਉੱਥੇ ਹੀ ਦੂਜੇ ਪਾਸੇ ਲੋਕਾਂ ਨੂੰ ਪੰਜਾਬ ਪੁਲਿਸ ਵੱਲੋਂ ਖਾਲਿਸਤਾਨੀ ਦਹਿਸ਼ਤਗਰਦਾਂ ਨੂੰ ਕਾਬੂ ਵਿੱਚ ਰੱਖਣ ਦੇ ਨਾਮ ਹੇਠ ਕੀਤੇ ਜਾਂਦੇ ਅਤਿਆਚਾਰਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪੰਜਾਬ ਵਿੱਚ ਖਾਲਿਸਤਾਨੀ ਦਹਿਸ਼ਤਗਰਦਾਂ ਦੇ ਵਧਦੇ ਜਾਂਦੇ ਪ੍ਰਭਾਵ ਨੂੰ ਰੋਕਣ ਲਈ ਪੰਜਾਬ ਪੁਲਿਸ ਅਤੇ ਪੰਜਾਬ ਵਿੱਚ ਆਈ ਹੋਈ ਕੇਂਦਰੀ ਪੁਲਿਸ ਨੂੰ ਭਾਰਤ ਸਰਕਾਰ ਵੱਲੋਂ ਇਹ ਇਜਾਜ਼ਤ ਮਿਲੀ ਹੋਈ ਸੀ ਕਿ ਉਹ ਕਿਸੇ ਵੀ ਸ਼ੱਕੀ ਵਿਅਕਤੀ ਨੂੰ ਆਪਣੀਆਂ ਗੋਲੀਆਂ ਦਾ ਨਿਸ਼ਾਨਾ ਬਣਾ ਸਕਦੇ ਹਨ। ਇਸ ਸਮੇਂ ਦੌਰਾਨ ਪੰਜਾਬ ਪੁਲਿਸ ਨੇ ਪੰਜਾਬ ਦੇ ਹਜ਼ਾਰਾਂ ਨੌਜੁਆਨਾਂ ਨੂੰ ਸ਼ੱਕੀ ਖਾਲਿਸਤਾਨੀ ਦਹਿਸ਼ਤਗਰਦਾਂ ਦਾ ਨਾਮ ਦੇ ਕੇ ਜਾਂ ਤਾਂ ਕਤਲ ਕਰ ਦਿੱਤਾ ਜਾਂ ਉਨ੍ਹਾਂ ਤੋਂ ਖਾਲਿਸਤਾਨੀ ਦਹਿਸ਼ਤਗਰਦਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਨਾਮ ਹੇਠ ਪੁਲਿਸ ਨੇ ਇੰਟੈਰੋਗੇਸ਼ਨ ਸੈਂਟਰਾਂ ਵਿੱਚ ਲਿਜਾ ਕੇ ਉਨ੍ਹਾਂ ਨੂੰ ਇੰਨੇ ਤਸੀਹੇ ਦਿੱਤੇ ਕਿ ਉਹ ਜਿਉਂਦੇ ਹੀ ਮਰਿਆਂ ਵਰਗੇ ਹੀ ਕਰ ਦਿੱਤੇ ਗਏ। ਪੁਲਿਸ ਨੇ ਕਿਸੇ ਦੀਆਂ ਲੱਤਾਂ ਤੋੜ ਦਿੱਤੀਆਂ, ਕਿਸੇ ਦੀਆਂ ਬਾਹਾਂ ਤੋੜ ਦਿੱਤੀਆਂ ਅਤੇ ਕਿਸੇ ਨੂੰ ਇੰਨੇ ਬਿਜਲੀ ਦੇ ਝਟਕੇ ਦਿੱਤੇ ਗਏ ਕਿ ਉਸ ਦਾ ਮਾਨਸਿਕ ਸੰਤੁਲਨ ਹੀ ਵਿਗਾੜ ਦਿੱਤਾ ਗਿਆ। ਪੰਜਾਬ ਦੇ ਹਜ਼ਾਰਾਂ ਬੇਕਸੂਰ ਨੌਜੁਆਨਾਂ ਨੂੰ ਸ਼ੱਕੀ ਖਤਰਨਾਕ ਖਾਲਿਸਤਾਨੀ ਦਹਿਸ਼ਤਗਰਦ ਬਣਾ ਕੇ ਨਕਲੀ ਪੁਲਿਸ ਮੁਕਾਬਲਿਆਂ ਵਿੱਚ ਮਾਰ ਦਿੱਤਾ ਗਿਆ। ਉਨ੍ਹਾਂ ਦਹਿਸ਼ਤਗਰਦਾਂ ਦੇ ਸਿਰਾਂ ਉੱਤੇ ਭਾਰਤ ਸਰਕਾਰ ਵੱਲੋਂ ਰੱਖੇ ਗਏ ਲੱਖਾਂ ਰੁਪਏ ਦੇ ਇਨਾਮ ਪੰਜਾਬ ਪੁਲਿਸ ਦੇ ਇਨ੍ਹਾਂ ਕੁਰੱਪਟ ਅਫਸਰਾਂ ਨੇ ਆਪਣੀਆਂ ਜੇਬਾਂ ਵਿੱਚ ਪਾ ਲਏ।

----

ਪੰਜਾਬ ਵਿੱਚ ਚੱਲ ਰਹੀ ਖਾਲਿਸਤਾਨੀ ਦਹਿਸ਼ਤਗਰਦੀ ਦੀ ਲਹਿਰ ਦੇ ਇਨ੍ਹਾਂ ਦਿਨਾਂ ਵਿੱਚ ਹੀ ਇਸ ਨਾਵਲ ਦਾ ਮੁੱਖ ਪਾਤਰ ਸੁਖਬੀਰ ਪੰਜਾਬ ਦੀ ਇੱਕ ਯੂਨੀਵਰਸਿਟੀ ਦਾ ਵਿਦਿਆਰਥੀ ਹੁੰਦਾ ਹੈ ਅਤੇ ਯੂਨੀਵਰਸਿਟੀ ਕੈਂਪਸ ਵਿੱਚ ਹੀ ਇੱਕ ਸਟੂਡੈਂਟ ਹੋਸਟਲ ਵਿੱਚ ਰਹਿ ਰਿਹਾ ਹੁੰਦਾ ਹੈ।

ਨਾਵਲ ਦਾ ਮੁੱਢ ਮੁੱਖ ਪਾਤਰ ਸੁਖਬੀਰ ਅਤੇ ਸੁਰੇਖਾ ਨਾਮ ਦੀ ਇੱਕ ਔਰਤ ਦੇ ਰੁਮਾਂਸ ਨਾਲ ਸਬੰਧਤ ਵਾਪਰੀਆਂ ਘਟਨਾਵਾਂ ਨਾਲ ਹੀ ਬੱਝਦਾ ਹੈ।

----

ਇਸ ਤਰ੍ਹਾਂ ਭਗੌੜਾਨਾਵਲ ਨੂੰ ਇੱਕ ਯਥਾਰਥਵਾਦੀ ਰੋਮਾਂਸਵਾਦੀ ਨਾਵਲ ਵੀ ਕਿਹਾ ਜਾ ਸਕਦਾ ਹੈ. ਨਾਵਲ ਦਾ ਸਾਰਾ ਘਟਨਾਕਰਮ ਮੁੱਖ ਪਾਤਰ ਸੁਖਬੀਰ ਦੇ ਰੋਮਾਂਸ ਨਾਲ ਹੀ ਸ਼ੁਰੂ ਹੁੰਦਾ ਹੈ ਅਤੇ ਰੋਮਾਂਸ ਨਾਲ ਸਬੰਧਤ ਘਟਨਾਵਾਂ ਨਾਲ ਹੀ ਖਤਮ ਹੁੰਦਾ ਹੈ। ਨਾਵਲਕਾਰ ਸੇਖਾ ਨੇ ਭਗੌੜਾਨਾਵਲ ਦਾ ਅੰਤ ਬੜੇ ਖੂਬਸੂਰਤ ਢੰਗ ਨਾਲ ਕੀਤਾ ਹੈ. ਨਾਵਲਕਾਰ ਦੱਸਦਾ ਹੈ ਕਿ ਪਰਵਾਸ ਵਿੱਚ ਰਹਿ ਰਹੇ ਅਨੇਕਾਂ ਪੰਜਾਬੀ ਕਿਵੇਂ ਆਪਣੀ ਸਾਰੀ ਉਮਰ ਇਸ ਭੁਲੇਖੇ ਵਿੱਚ ਹੀ ਕੱਢ ਦਿੰਦੇ ਹਨ ਕਿ ਉਨ੍ਹਾਂ ਦਾ ਸਭਿਆਚਾਰ ਹੋਰਨਾਂ ਸਭਿਆਚਾਰਾਂ ਨਾਲੋਂ ਬਹੁਤ ਹੀ ਉੱਤਮ ਹੈ। ਇਸ ਭੁਲੇਖੇ ਦਾ ਸਿ਼ਕਾਰ ਹੋਏ ਉਹ ਹੋਰਨਾਂ ਸਭਿਆਚਾਰਾਂ ਦੇ ਲੋਕਾਂ ਨਾਲ ਆਪਣੇ ਚੰਗੇ ਸਬੰਧ ਬਣਾਉਣ ਦੇ ਅਨੇਕਾਂ ਵਧੀਆ ਮੌਕੇ ਗੁਆ ਲੈਂਦੇ ਹਨ। ਸੁਖਬੀਰ ਵੀ ਅਜਿਹੇ ਭੁਲੇਖਿਆਂ ਦਾ ਸ਼ਿਕਾਰ ਹੋ ਕੇ ਆਪਣੀ ਵਧੀਆ ਦੋਸਤ ਜਰਮਨ ਔਰਤ ਡਰੈਸਲਰ ਦਾ ਸਾਥ ਗੁਆ ਲੈਂਦਾ ਹੈ:

ਡਰੈਸਲਰ ਉਸਨੂੰ ਛੱਡਕੇ ਤੁਰ ਗਈ ਸੀ। ਸੁਰੇਖਾ ਨੇ ਉਸ ਨਾਲ ਇਕ ਬੋਲ ਵੀ ਸਾਂਝਾ ਨਹੀਂ ਸੀ ਕੀਤਾ ਅਤੇ ਮੈਡਮ ਪਾਲ ਨੇ ਵੀ ਉਸ ਨੂੰ ਧਿਰਕਾਰ ਦਿੱਤਾ ਸੀ। ਉਹ ਇਸ ਸਮੇਂ ਆਪਣੇ ਆਪ ਨੂੰ ਸੰਸਾਰ ਵਿੱਚ ਬਿਲਕੁਲ ਇਕੱਲਾ ਰਹਿ ਗਿਆ ਮਹਿਸੂਸ ਕਰ ਰਿਹਾ ਸੀ। ਇਹ ਇਕੱਲ ਉਸਨੇ ਆਪਣੀ ਗਲਤ ਸੋਚ ਨਾਲ ਆਪ ਸਹੇੜ ਲਈ ਸੀ। ਜਿਸ ਗੱਲ ਨੂੰ ਉਸ ਨੇ ਸਾਧਾਰਨ ਸਮਝ ਲਿਆ ਸੀ ਅਜ ਉਸੇ ਗੱਲ ਨੇ ਉਸ ਨੂੰ ਕਿਸੇ ਪਾਸੇ ਜੋਗਾ ਨਹੀਂ ਸੀ ਛੱਡਿਆ। ਉਹ ਦੋਹਾਂ ਪਾਸਿਆਂ ਤੋਂ ਹੀ ਨਫਰਤ ਦਾ ਪਾਤਰ ਬਣ ਗਿਆ ਸੀ।

----

ਸੁਖਬੀਰ ਨੂੰ ਆਪਣੀ ਪਹਿਲੀ ਪ੍ਰੇਮਿਕਾ ਸੁਰੇਖਾ ਦੇ ਪਿਓ ਦੇ ਡਰ ਕਾਰਨ ਇੰਡੀਆ ਛੱਡਣਾ ਪੈਂਦਾ ਹੈ ਅਤੇ ਆਪਣੀ ਦੂਜੀ ਪ੍ਰੇਮਕਾ ਡਰੈਸਲਰ ਦੇ ਪਿਓ ਦੇ ਡਰ ਕਾਰਨ ਜਰਮਨੀ ਛੱਡਣਾ ਪੈਂਦਾ ਹੈ। ਪਰ ਦੋਹਾਂ ਪ੍ਰੇਮਿਕਾਵਾਂ ਦੇ ਪ੍ਰੇਮ ਵਿੱਚ ਤੈਸ਼ੰਕੂ ਵਾਂਗ ਲਟਕ ਰਿਹਾ ਸੁਖਬੀਰ ਨਾਵਲ ਦੇ ਅੰਤ ਉੱਤੇ ਆਪਣੀਆਂ ਦੋਹਾਂ ਹੀ ਪ੍ਰੇਮਕਾਵਾਂ ਦਾ ਵਿਸ਼ਵਾਸ਼ ਗੁਆ ਬੈਠਦਾ ਹੈ। ਕਿਉਂਕਿ ਪਰਵਾਸ ਦੀ ਜ਼ਿੰਦਗੀ ਵਿੱਚ ਆਪਣੇ ਨਵੇਂ ਅਪਣਾਏ ਦੇਸ਼ ਕੈਨੇਡਾ ਦੀ ਚਕਾਚੌਂਦ ਵਾਲੀ ਜ਼ਿੰਦਗੀ ਦੇਖਕੇ ਖ਼ੁਦਗਰਜ਼ ਹੋ ਜਾਂਦਾ ਹੈ ਅਤੇ ਉਸਦੀਆਂ ਪ੍ਰੇਮਿਕਾਵਾਂ ਉਸ ਦੀ ਸੋਚ ਵਿੱਚ ਪ੍ਰਾਥਮਿਕਤਾ ਨਹੀਂ ਰੱਖਦੀਆਂ। ਉਸ ਦੀ ਜਰਮਨ ਮੂਲ ਦੀ ਪ੍ਰੇਮਿਕਾ ਡਰੈਸਲਰ ਉਸਦੇ ਮੁਸੀਬਤ ਭਰੇ ਦਿਨਾਂ ਵਿੱਚ ਉਸਦੀ ਹਰ ਤਰ੍ਹਾਂ ਨਾਲ ਮੱਦਦ ਕਰਦੀ ਹੈ। ਉਸਨੂੰ ਵੀ ਸੁਖਬੀਰ ਇੱਕ ਰਖੇਲ ਵਾਂਗ ਵਰਤਣ ਤੋਂ ਬਾਹਦ ਛੱਡ ਦੇਣ ਦੀਆਂ ਵਿਉਂਤਾਂ ਬਣਾਉਂਦਾ ਹੈ ਅਤੇ ਉਸ ਉੱਤੇ ਇਸ ਕਰਕੇ ਹੀ ਵਿਸ਼ਵਾਸ ਕਰਨ ਲਈ ਤਿਆਰ ਨਹੀਂ ਹੁੰਦਾ ਕਿ ਉਹ ਪੱਛਮੀ ਸਭਿਆਚਾਰ ਵਿੱਚ ਜੰਮੀ ਪਲੀ ਔਰਤ ਹੈ। ਪਰਵਾਸ ਵਿੱਚ ਰਹਿ ਰਹੇ ਪੰਜਾਬੀਆਂ ਦੀ ਇਹ ਵੀ ਇੱਕ ਵੱਡੀ ਸਮੱਸਿਆ ਹੈ ਕਿ ਕੈਨੇਡਾ ਵਿੱਚ ਜੰਮੇ ਪਲੇ ਬੱਚੇ ਹੋਰਨਾਂ ਸਭਿਆਚਾਰਾਂ ਦੇ ਬੱਚਿਆਂ ਨਾਲ ਘੁਲੇ ਮਿਲੇ ਹੋਣ ਕਰਕੇ ਇਸ ਗੱਲ ਵਿੱਚ ਵੀ ਕੋਈ ਬੁਰੀ ਗੱਲ ਨਹੀਂ ਸਮਝਦੇ ਜੇਕਰ ਉਹ ਹੋਰਨਾਂ ਸਭਿਆਚਾਰਾਂ ਦੇ ਮਰਦ/ਔਰਤਾਂ ਨਾਲ ਵਿਆਹ ਕਰ ਲੈਣ। ਪਰ ਪਰਵਾਸੀ ਪੰਜਾਬੀ ਮਾਪੇ ਅਜੇ ਵੀ ਪੁਰਾਣੇ ਖ਼ਿਆਲਾਂ ਦੇ ਹੀ ਹੋਣ ਕਾਰਨ ਅਜਿਹਾ ਜਰ ਨਹੀਂ ਸਕਦੇ। ਵਿਚਾਰਾਂ ਦੇ ਅਜਿਹੇ ਟਕਰਾ ਨੂੰ ਨਾਵਲਕਾਰ ਸੇਖਾ ਨੇ ਆਪਣੇ ਪਾਤਰਾਂ ਦੇ ਵਾਰਤਾਲਾਪਾਂ ਰਾਹੀਂ ਬੜੇ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਹੈ:

ਬਹੁਤ ਗਲਤ ਸੋਚ ਹੈ ਤੇਰੀ ਸੁੱਖੇ, ਬਹੁਤ ਹੀ ਗਲਤ। ਕਿੰਨੀਆਂ ਗੋਰੀਆਂ ਨੇ ਆਪਣੇ ਮੁੰਡਿਆਂ ਨਾਲ ਵਿਆਹ ਕਰਵਾਏ ਤੇ ਉਹ ਉਨ੍ਹਾਂ ਨੂੰ ਛੱਡ ਕੇ ਕਿਤੇ ਹੋਰ ਚਲੀਆਂ ਗਈਆਂ? ਮੈਂ ਤਾਂ ਦੇਖਦਾਂ ਜਿੰਨੀਆਂ ਗੋਰੀਆਂ ਨੇ ਆਪਣੇ ਮੁੰਡਿਆਂ ਨਾਲ ਵਿਆਹ ਕਰਵਾਏ ਐ ਸਭ ਆਪੋ ਆਪਣੇ ਘਰੀਂ ਰੰਗੀਂ ਵੱਸਦੀਆਂ...ਏਸੇ ਤਰ੍ਹਾਂ ਜਿਹੜੀਆਂ ਆਪਣੀਆਂ ਕੁੜੀਆਂ ਨੇ ਗੋਰਿਆਂ ਨਾਲ ਵਿਆਹ ਕਰਵਾਏ ਐ ਉਹ ਵੀ ਆਪਣੇ ਘਰ ਸੁਖੀ ਨੇ। ਸਿੰਡੀ ਹਾਕਇਨਜ਼ ਐਮ.ਐਲ.ਏ. ਤੇਰੇ ਸਾਹਮਣੇ ਐ। ਗੋਰੇ ਗੋਰੀਆਂ ਨੂੰ ਬੇਵਫ਼ਾ ਨ ਕਹਿ....

----

ਇਸ ਨਾਵਲ ਵਿੱਚ ਜਿੱਥੇ ਕਿ ਇਮੀਗਰੈਂਟ ਏਜੰਟਾਂ ਵੱਲੋਂ ਬਦੇਸ਼ ਜਾਣ ਦੇ ਚਾਹਵਾਨ ਲੋਕਾਂ ਦੀ ਕੀਤੀ ਜਾਂਦੀ ਲੁੱਟ ਦਿਖਾਈ ਗਈ ਹੈ - ਉੱਥੇ ਇਹ ਵੀ ਦਿਖਾਇਆ ਗਿਆ ਹੈ ਕਿ ਇਨ੍ਹਾਂ ਏਜੰਟਾਂ ਨੂੰ ਸਿਰਫ਼ ਆਪਣੇ ਡਾਲਰ ਕਮਾਉਣ ਨਾਲ ਹੀ ਮਤਲਬ ਹੁੰਦਾ ਹੈ। ਇਨ੍ਹਾਂ ਏਜੰਟਾਂ ਰਾਹੀਂ ਗੈ਼ਰ-ਕਾਨੂੰਨੀ ਢੰਗ ਨਾਲ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਸਫ਼ਰ ਕਰਦੇ ਕਿੰਨ੍ਹੇ ਲੋਕਾਂ ਦੀਆਂ ਜਾਨਾਂ ਭੰਗ ਦੇ ਭਾੜੇ ਚਲੀਆਂ ਜਾਂਦੀਆਂ ਹਨ ਇਨ੍ਹਾਂ ਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਹੁੰਦੀ। ਭਗੌੜਾਨਾਵਲ ਦਾ ਇਹ ਵਾਰਤਾਲਾਪ ਸਾਰੀ ਸਚਾਈ ਸਾਡੇ ਸਾਹਮਣੇ ਰੱਖ ਦਿੰਦਾ ਹੈ:

ਤੁਹਾਡੇ ਸਾਰੇ ਗਾਹਕ ਆਪਣੇ ਟੀਚੇ ਤੇ ਪੁੱਜ ਜਾਂਦੇ ਐ?”

ਹਾਂ, ਹਾਂ, ਸਾਡੀ ਪੂਰੀ ਕੋਸਿ਼ਸ਼ ਹੁੰਦੀ ਏ ਕਿ ਹਰ ਇਕ ਨੂੰ ਉਸਦੇ ਟੀਚੇ ਤੇ ਪੁਜਦਾ ਕੀਤਾ ਜਾਵੇ ਪਰ ਗਰੰਟੀ ਕੋਈ ਨਹੀਂ। ਜਿਵੇਂ ਆਹ ਪਿਛਲੇ ਦਿਨੀਂ ਮੁੰਡੇ ਆਪਣੀ ਗਲਤੀ ਨਾਲ ਹੀ ਦਰਿਆ ਵਿਚ ਰੁੜ੍ਹ ਗਏ। ਕਈ ਵਾਰ ਪੁਲਿਸ ਦੇ ਅੜ੍ਹਿਕੇ ਚੜ੍ਹ ਕੇ ਕਈ ਜ੍ਹੇਲਾਂ ਵਿੱਚ ਵੀ ਰੁਲਦੇ ਰਹਿੰਦੇ ਨੇ।

----

ਇਸੇ ਤਰ੍ਹਾਂ ਹੀ ਇਸ ਨਾਵਲ ਵਿੱਚ ਪਰਵਾਸੀਆਂ ਦੀ ਜ਼ਿੰਦਗੀ ਨਾਲ ਸਬੰਧਤ ਇੱਕ ਹੋਰ ਪੱਖ ਵੀ ਬੜੀ ਖ਼ੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ ਕਿ ਗ਼ੈਰ-ਕਾਨੂੰਨੀ ਢੰਗ ਨਾਲ ਆਏ ਹੋਏ ਲੋਕਾਂ ਨੂੰ ਸਾਡੀ ਆਪਣੀ ਹੀ ਕਮਿਊਨਿਟੀ ਦੇ ਵਿਉਪਾਰੀ ਲੋਕ ਆਰਥਿਕ ਤੌਰ ਉੱਤੇ ਲੁੱਟਦੇ ਹਨ ਅਤੇ ਉਨ੍ਹਾਂ ਨੂੰ ਜਾਨਵਰਾਂ ਵਾਲੀਆਂ ਹਾਲਤਾਂ ਵਿੱਚ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਗ਼ੈਰ-ਕਾਨੂੰਨੀ ਢੰਗ ਨਾਲ ਕੰਮ ਕਰਨ ਵਾਲੇ ਲੋਕਾਂ ਦੇ ਮਨਾਂ ਅੰਦਰ ਪੁਲਿਸ ਵੱਲੋਂ ਫੜੇ ਜਾਣ ਦਾ ਡਰ ਬੈਠਾ ਕੇ ਇਨ੍ਹਾਂ ਫੈਕਟਰੀਆਂ ਅਤੇ ਵਿਉਪਾਰਕ ਅਦਾਰਿਆਂ ਦੇ ਮਾਲਕਾਂ ਵੱਲੋਂ ਇਨ੍ਹਾਂ ਕਾਮਿਆਂ ਨੂੰ ਮਹਿਸੂਸ ਕਰਵਾਇਆ ਜਾਂਦਾ ਹੈ ਕਿ ਮਾਲਕ ਤਾਂ ਉਨ੍ਹਾਂ ਨੂੰ ਕੰਮ ਦੇ ਕੇ ਉਨ੍ਹਾਂ ਉੱਤੇ ਅਹਿਸਾਨ ਕਰ ਰਹੇ ਹਨ:

ਸੁਖਬੀਰ ਨੂੰ ਇੱਕ ਆਪਣੇ ਫੜੇ ਜਾਣ ਦਾ ਡਰ ਅਤੇ ਦੂਜਾ ਮਾਲਕਾਂ ਵੱਲੋਂ ਉਸਨੂੰ ਬਹੁਤ ਥੋੜੀ ਉਜਰਤ ਦੇਣ ਦਾ ਮਨ ਵਿੱਚ ਖੇਦ ਰਹਿੰਦਾ। ਉਸ ਨੂੰ ਹੁਣ ਤੱਕ ਪਤਾ ਲੱਗ ਗਿਆ ਸੀ ਕਿ ਉਸਦੇ ਨਾਲ ਕੰਮ ਕਰਨ ਵਾਲੇ ਕਾਮੇ ਦੋ ਤੋਂ ਢਾਈ ਹਜ਼ਾਰ ਮਾਰਕ ਤੱਕ ਕਮਾ ਲੈਂਦੇ ਸਨ, ਪਰ ਇਸਦੇ ਉਲਟ ਉਸਨੂੰ ਛੇ ਸੌ ਮਾਰਕ ਦਿੱਤੇ ਜਾਂਦੇ ਹਨ।

----

ਇਸ ਨਾਵਲ ਦੇ ਵਧੇਰੇ ਪਾਤਰ ਕਿਉਂਕਿ ਪੰਜਾਬੀ ਸਭਿਆਚਾਰ ਨਾਲ ਹੀ ਸਬੰਧਤ ਹਨ, ਇਸ ਲਈ ਇਸ ਨਾਵਲ ਵਿੱਚ ਕੈਨੇਡਾ ਵਿੱਚ ਰਹਿ ਰਹੇ ਪੰਜਾਬੀ ਸਭਿਆਚਾਰ ਨਾਲ ਸਬੰਧਤ ਸਮੱਸਿਆਵਾਂ ਦਾ ਵੀ ਲੋੜ ਅਨੁਸਾਰ ਜ਼ਿਕਰ ਕੀਤਾ ਗਿਆ ਹੈ। ਇਹ ਸਮੱਸਿਆਵਾਂ ਨਾਵਲਕਾਰ ਸੇਖਾ ਨੇ ਪਾਤਰਾਂ ਦੇ ਵਾਰਤਾਲਾਪਾਂ ਰਾਹੀਂ ਪੇਸ਼ ਕੀਤੀਆਂ ਹਨ। ਨਾਵਲ ਦੇ ਮੁਖ ਪਾਤਰ ਸੁਖਬੀਰ ਦੀ ਦੂਜੀ ਪ੍ਰੇਮਿਕਾ ਜਰਮਨ ਔਰਤ ਡਰੈਸਲਰ ਵੱਲੋਂ ਕਹੇ ਗਏ ਇਹ ਸ਼ਬਦ ਪੰਜਾਬੀ ਸਭਿਆਚਾਰ ਦੇ ਪੈਰੋਕਾਰਾਂ ਦੀ ਇੱਕ ਵੱਡੀ ਸਮੱਸਿਆ ਵੱਲ ਸਾਡਾ ਧਿਆਨ ਦੁਆਂਦੇ ਹਨ:

ਕਿਸੇ ਧਰਮ ਦੀ ਉਚਤਾ ਦਾ ਪਤਾ ਉਸ ਧਰਮ ਦੀਆਂ ਪਵਿੱਤਰ ਪੋਥੀਆਂ ਵਿੱਚ ਬੰਦ ਪਏ ਸਿਧਾਂਤਾਂ ਤੋਂ ਨਹੀਂ ਲੱਗਦਾ। ਪਤਾ ਉਸ ਧਰਮ ਦੇ ਪੈਰੋਕਾਰਾਂ ਦੇ ਕਿਰਦਾਰ ਤੋਂ ਲੱਗਦਾ ਹੈ..।

----

ਨਾਵਲ ਦੇ ਮੁੱਢ ਵਿੱਚ ਹੀ ਨਾਵਲ ਦਾ ਮੁੱਖ ਪਾਤਰ ਸੁਖਬੀਰ ਪੰਜਾਬ, ਇੰਡੀਆ ਨੂੰ ਇਸ ਲਈ ਛੱਡ ਕੇ ਆਉਂਦਾ ਹੈ ਕਿਉਂਕਿ ਉੱਥੇ ਖਾਲਿਸਤਾਨੀ ਦਹਿਸ਼ਤਗਰਦਾਂ ਵੱਲੋਂ ਚਲਾਈ ਜਾ ਰਹੀ ਆਤੰਕਵਾਦ ਦੀ ਲਹਿਰ ਕਾਰਨ ਪੁਲਿਸ ਦਾ ਆਤੰਕਵਾਦ ਵੀ ਬਹੁਤ ਵੱਧ ਚੁੱਕਾ ਹੈ. ਕੈਨੇਡਾ ਆ ਕੇ ਸੁਖਬੀਰ ਦੇਖਦਾ ਹੈ ਕਿ ਪਰਵਾਸ ਵਿੱਚ ਰਹਿ ਰਹੇ ਪੰਜਾਬੀਆਂ ਦੀ ਸੋਚ ਵਿੱਚ ਇੱਕ ਖੜੋਤ ਆ ਚੁੱਕੀ ਹੈ ਅਤੇ ਉਹ ਮਾਨਸਿਕ ਤੌਰ ਉੱਤੇ ਅਜੇ ਵੀ ਉਨ੍ਹਾਂ ਸਮਿਆਂ ਵਿੱਚ ਹੀ ਜਿਉਣ ਦੀ ਕੋਸਿ਼ਸ਼ ਕਰ ਰਹੇ ਹਨ ਜਿਹੜੇ ਸਮੇਂ ਉਹ ਏਨੇ ਸਾਲ ਪਹਿਲਾਂ ਆਪਣੇ ਪਿਛੇ ਰਹਿ ਗਏ ਦੇਸ ਵਿੱਚ ਛੱਡ ਆਏ ਸਨ। ਏਨੇ ਵਰ੍ਹਿਆਂ ਬਾਹਦ ਭਾਵੇਂ ਕਿ ਹੁਣ ਪੰਜਾਬ, ਇੰਡੀਆ ਵਿੱਚ ਤਾਂ ਖਾਲਿਸਤਾਨੀ ਦਹਿਸ਼ਤਗਰਦਾਂ ਦਾ ਆਤੰਕਵਾਦ ਖਤਮ ਹੋ ਗਿਆ ਹੈ ਅਤੇ ਪੁਲਿਸ ਦਾ ਆਤੰਕਵਾਦ ਵੀ ਹੁਣ ਉਨਾਂ ਨਹੀਂ ਰਿਹਾ ਪਰ ਇੰਡੀਆ ਤੋਂ ਹਜ਼ਾਰਾਂ ਮੀਲ ਦੂਰ ਕੈਨੇਡਾ ਵਿੱਚ ਖਾਲਿਸਤਾਨੀ ਦਹਿਸ਼ਤਗਰਦਾਂ ਦਾ ਅਜੇ ਵੀ ਓਵੇਂ ਹੀ ਬੋਲਬਾਲਾ ਹੈ। ਵਿਸਾਖੀ ਤਿਓਹਾਰ ਦੇ ਮੌਕੇ ਉੱਤੇ ਖਾਲਸਾ ਡੇਅ ਪਰੇਡ ਸਮੇਂ ਅਜੇ ਵੀ ਖਾਲਿਸਤਾਨੀ ਦਹਿਸ਼ਤਗਰਦਾਂ ਦੇ ਹਿਮਾਇਤੀਆਂ ਵੱਲੋਂ ਦਹਿਸ਼ਤਗਰਦਾਂ ਦੇ ਹੱਕ ਵਿੱਚ ਨਾਹਰੇ ਲਗਾਏ ਜਾਂਦੇ ਹਨ। ਮਾਲਟਨ, ਬਰੈਮਪਟਨ, ਵੈਨਕੂਵਰ ਦੇ ਗੁਰਦੁਆਰਿਆਂ ਵਿੱਚ ਖਾਲਿਸਤਾਨੀ ਦਹਿਸ਼ਤਗਰਦਾਂ ਦੀਆਂ ਵੱਡੀਆਂ ਵੱਡੀਆਂ ਤਸਵੀਰਾਂ ਲਗਾਈਆਂ ਹੋਈਆਂ ਹਨ। ਭਾਵੇਂ ਕਿ ਕੈਨੇਡਾ ਸਰਕਾਰ ਨੇ ਇਨ੍ਹਾਂ ਵਿੱਚੋਂ ਕਈ ਸਿੱਖ ਦਹਿਸ਼ਤਗਰਦਾਂ ਨਾਲ ਸਬੰਧਤ ਜੱਥੇਬੰਦੀਆਂ ਉੱਤੇ ਪਾਬੰਧੀ ਲਗਾਈ ਹੋਈ ਹੈ। ਭਗੌੜਾਨਾਵਲ ਵਿੱਚ ਪੇਸ਼ ਕੀਤੇ ਗਏ ਕੈਨੇਡਾ ਦੇ ਗੁਰਦੁਆਰਿਆਂ ਵਿੱਚ ਚੱਲਦੀਆਂ ਕ੍ਰਿਪਾਨਾਂ ਦੇ ਦ੍ਰਿਸ਼ ਨੂੰ ਦੇਖ ਕੇ ਲੱਗਦਾ ਹੈ ਕਿ ਅਸੀਂ ਇੰਡੀਆ ਤੋਂ ਹਜ਼ਾਰਾਂ ਮੀਲ ਦੂਰ ਆ ਕੇ ਵੀ ਆਪਣੀਆਂ ਮਾੜੀਆਂ ਆਦਤਾਂ ਨਹੀਂ ਛੱਡੀਆਂ:

ਪਹਿਲਾਂ ਹੱਥੋ ਪਾਈ ਹੋਈ ਫੇਰ ਕ੍ਰਿਪਾਨਾਂ ਨਿਕਲ ਆਈਆਂ। ਗੁਰਦੁਆਰੇ ਦੇ ਪ੍ਰਧਾਨ ਦੀ ਕੁੜੀ ਦਾ ਸਿਰ ਪਾਟ ਗਿਆ. ਕਿਸੇ ਦੀ ਬਾਂਹ ਕੱਟੀ ਗਈ। ਸਿੱਖਾਂ ਦੀਆਂ ਪੱਗਾਂ ਪੈਰਾਂ ਵਿੱਚ ਰੁਲ ਰਹੀਆਂ ਸਨ। ਲਲਕਾਰੇ ਵਜ ਰਹੇ ਸਨ। ਇੰਜ ਜਾਪਦਾ ਸੀ ਜਿਵੇਂ ਗੁਰਦੁਆਰਾ ਸ਼ਾਂਤੀ ਦਾ ਸਥਾਨ ਨ ਹੋ ਕੇ ਕੋਈ ਯੁੱਧ ਦਾ ਮੈਦਾਨ ਹੋਵੇ।

----

ਨਾਵਲ ਵਿੱਚ ਸਿਰਫ਼ ਇੱਕ ਦੋ ਥਾਵਾਂ ਉੱਤੇ ਜਾਪਦਾ ਹੈ ਕਿ ਨਾਟਕੀ ਸਥਿਤੀ ਵਿੱਚ ਨਕਲੀਪਣ ਹੈ। ਉਦਾਹਰਣ ਦੇ ਤੌਰ ਉੱਤੇ ਜਿਵੇਂ ਨਾਵਲਕਾਰ ਵੱਲੋਂ ਇਹ ਦਿਖਾਇਆ ਜਾਣਾ ਕਿ ਸੁਖਬੀਰ ਦੀ ਪ੍ਰੇਮਿਕਾ ਸੁਰੇਖਾ ਇੰਨੇ ਸਾਲਾਂ ਬਾਹਦ ਵੀ ਅਜੇ ਵੀ ਇੰਡੀਆ ਵਿੱਚ ਉਸਦਾ ਇੰਤਜ਼ਾਰ ਕਰ ਰਹੀ ਹੈ। ਅਜੋਕੇ ਸਮਿਆਂ ਵਿੱਚ ਪੜ੍ਹੀਆਂ ਲਿਖੀਆਂ ਔਰਤਾਂ ਅਜਿਹੇ ਝੰਜਟਾਂ ਵਿੱਚ ਪੈਣ ਦੀ ਥਾਂ ਅਤੇ ਬਾਹਰ ਗਏ ਕਿਸੇ ਵਿਅਕਤੀ ਦਾ ਇੰਤਜ਼ਾਰ ਕਰਨ ਦੀ ਥਾਂ ਆਪਣੀ ਪਸੰਦ ਮੁਤਾਬਿਕ ਕੋਈ ਮਰਦ ਲੱਭ ਕੇ ਆਪਣਾ ਵਿਆਹ ਕਰ ਲੈਂਦੀਆਂ ਹਨ ਅਤੇ ਆਪਣੀ ਜ਼ਿੰਦਗੀ ਦਾ ਮਜ਼ਾ ਲੈਂਦੀਆਂ ਹਨ।

ਭਗੌੜਾਨੂੰ ਪਰਵਾਸ ਵਿੱਚ ਰਹਿ ਰਹੇ ਪੰਜਾਬੀ ਮੂਲ ਦੇ ਲੋਕਾਂ ਦੀ ਜ਼ਿੰਦਗੀ ਬਾਰੇ ਲਿਖਿਆ ਗਿਆ ਇੱਕ ਸਫਲ ਯਥਾਰਵਾਦੀ ਰੋਮਾਂਸਵਾਦੀ ਨਾਵਲ ਕਿਹਾ ਜਾ ਸਕਦਾ ਹੈ।

ਜਰਨੈਲ ਸਿੰਘ ਸੇਖਾ ਨੂੰ ਇੱਕ ਵਧੀਆ ਨਾਵਲ ਲਿਖਣ ਲਈ ਮੇਰੀਆਂ ਸ਼ੁੱਭ ਇੱਛਾਵਾਂ।


Monday, March 9, 2009

ਸੁਖਿੰਦਰ - ਲੇਖ

ਲੋਕ-ਆਤਮਾ ਦੀ ਆਵਾਜ਼ - ਗਿੱਲ ਮੋਰਾਂਵਾਲੀ

ਕੈਨੇਡੀਅਨ ਪੰਜਾਬੀ ਸਾਹਿਤ ਵੰਨ-ਸੁਵੰਨਤਾ ਨਾਲ ਭਰਪੂਰ ਹੈ। ਕੈਨੇਡਾ ਦੇ ਵਧੇਰੇ ਪੰਜਾਬੀ ਲੇਖਕਾਂ ਦੀਆਂ ਲਿਖਤਾਂ ਦਾ ਮੀਰੀ ਗੁਣ ਲੋਕ-ਪੀੜਾ ਦਾ ਪ੍ਰਗਟਾਅ ਹੈ। ਇਨ੍ਹਾਂ ਲਿਖਤਾਂ ਵਿੱਚ ਕੈਨੇਡੀਅਨ ਸਮਾਜ ਵਿੱਚ ਰਹਿੰਦਿਆਂ ਆਮ ਮਨੁੱਖ ਦੀ ਰੌਜ਼ਾਨਾ ਜ਼ਿੰਦਗੀ ਦੇ ਦੁੱਖਾਂ-ਦਰਦਾਂ, ਉਮੰਗਾਂ-ਇੱਛਾਵਾਂ, ਪ੍ਰਾਪਤੀਆਂ-ਅਪ੍ਰਾਪਤੀਆਂ, ਆਸ਼ਾਵਾਂ-ਨਿਰਾਸ਼ਾਵਾਂ ਦਾ ਯਥਾਰਥਵਾਦੀ ਆਲੋਚਨਾਤਮਕ ਚਿਤਰਣ ਕੀਤਾ ਗਿਆ ਹੈ।

----

ਪਿਛਲੇ ਚਾਰ ਦਹਾਕਿਆਂ ਤੋਂ ਕੈਨੇਡੀਅਨ ਪੰਜਾਬੀ ਸਾਹਿਤ ਨੂੰ ਅਮੀਰ ਬਣਾਉਂਣ ਲਈ ਯਤਨਸ਼ੀਲ ਲੇਖਕਾਂ ਵਿੱਚ ਇੱਕ ਉੱਭਰਵਾਂ ਨਾਮ ਹੈ : ਗਿੱਲ ਮੋਰਾਂਵਾਲੀ। ਉਸਨੇ ਸਾਹਿਤ ਦੇ ਅਨੇਕਾਂ ਰੂਪਾਂ ਵਿੱਚ ਰਚਨਾ ਕੀਤੀ ਹੈ। ਉਸਦਾ ਕਾਵਿ-ਸੰਗ੍ਰਹਿ ਸ਼ਰਾਰੇਆਪਣੇ ਵੱਖਰੇ ਸੁਭਾਅ ਕਾਰਨ ਧਿਆਨ ਖਿੱਚਦਾ ਹੈ। ਇਸ ਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਸਾਰੀਆਂ ਹੀ ਰਚਨਾਵਾਂ ਸਾਹਿਤ ਦੇ ਜਿਸ ਰੂਪ ਵਿੱਚ ਰਚੀਆਂ ਗਈਆਂ ਹਨ ਉਸ ਨੂੰ ਦੋਹੇਕਿਹਾ ਜਾਂਦਾ ਹੈ। ਪੰਜਾਬੀ ਵਿੱਚ ਘੱਟ ਹੀ ਲੇਖਕਾਂ ਨੇ ਸਾਹਿਤ ਦੇ ਇਸ ਰੂਪ ਦੀ ਵਰਤੋਂ ਕੀਤੀ ਹੈ। ਕੈਨੇਡੀਅਨ ਪੰਜਾਬੀ ਸ਼ਾਇਰਾਂ ਵਿੱਚ, ਸ਼ਾਇਦ, ਗਿੱਲ ਮੋਰਾਂਵਾਲੀ ਇੱਕ ਨਿਵੇਕਲਾ ਸ਼ਾਇਰ ਹੈ ਜਿਸਨੇ ਸਾਹਿਤ ਦੇ ਇਸ ਰੂਪ ਵਿੱਚ ਕਈ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਕੀਤੇ ਹਨ।

----

ਸ਼ਰਾਰੇਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਦੋਹੇ ਪੜ੍ਹਦਿਆਂ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਲੋਕ-ਆਤਮਾ ਦੀ ਆਵਾਜ਼ ਸੁਣ ਰਹੇ ਹੋਵੋ। ਇਹ ਦੋਹੇ ਜ਼ਿੰਦਗੀ ਦੇ ਨਿੱਕੇ ਨਿੱਕੇ ਸੱਚ ਬਣ ਕੇ ਹਨੇਰੀਆਂ ਰਾਤਾਂ ਵਿੱਚ ਜੁਗਨੂੰਆਂ ਵਾਂਗ ਜਗਮਗਾਂਦੇ ਹਨ। ਇਹ ਦੋਹੇ ਪੜ੍ਹਦਿਆਂ ਕਈ ਵੇਰੀ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਕਿਸੇ ਨੇ ਸੁੰਨੀਆਂ ਗਲੀਆਂ ਵਿੱਚ ਘਰਾਂ ਦੇ ਬਨੇਰਿਆਂ ਉੱਤੇ ਨਿੱਕੇ ਨਿੱਕੇ ਚਿਰਾਗ਼ ਸਜਾ ਦਿੱਤੇ ਹੋਣ ਤਾਂ ਜੋ ਘਰਾਂ ਨੂੰ ਪਰਤ ਰਹੇ ਲੋਕ ਹਨੇਰੀਆਂ ਰਾਤਾਂ ਦੇ ਭੈਅ ਕਾਰਨ ਘਬਰਾ ਨਾ ਜਾਣ। ਮਨੁੱਖਤਾ ਦੇ ਹਮਾਇਤੀ ਸ਼ਾਇਰ ਗਿੱਲ ਮੋਰਾਂਵਾਲੀ ਦੇ ਦੋਹਿਆਂ ਦੀ ਕਾਵਿਕ ਅਮੀਰੀ ਦੇਖਣ ਲਈ ਉਸਦੇ ਹੇਠ ਲਿਖੇ ਦੋਹਿਆਂ ਨਾਲ ਗੱਲ ਸ਼ੁਰੂ ਕੀਤੀ ਜਾ ਸਕਦੀ ਹੈ:

1. ਲੋਕਾਂ ਦੇ ਵਿੱਚ ਜੇ ਕਦੇ

ਭੁੱਲ ਕੇ ਭੜਕੇ ਅੱਗ

ਰਲ ਕੇ ਮਿੱਟੀ ਪਾ ਦਿਓ

ਸੜ ਨਾ ਜਾਏ ਜੱਗ

2. ਊਜਾਂ ਮਿਹਣੇ ਈਰਖਾ

ਸਾਂਝਾਂ ਵਿੱਚ ਨਾ ਘੋਲ

ਪਿਆਰ ਮੁਹੱਬਤ ਦੀ ਕਦੇ

ਬੋਲੀ ਵੀ ਤਾਂ ਬੋਲ

----

ਗਿੱਲ ਮੋਰਾਂਵਾਲੀ ਕਾਵਿ ਰਚਨਾ ਕਰਦਿਆਂ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਦੀਆਂ ਤਹਿਆਂ ਫਰੋਲਦਾ ਹੈ। ਸਾਡੇ ਸਮਾਜ ਵਿੱਚ ਮਾਨਸਿਕ ਪ੍ਰਦੂਸ਼ਨ ਰੂਪੀ ਭ੍ਰਿਸ਼ਟਾਚਾਰ ਫੈਲਾਉਣ ਵਾਲੇ ਲੋਕਾਂ ਦੇ ਚਿਹਰਿਆਂ ਉੱਤੇ ਪਹਿਣੇ ਹੋਏ ਮੁਖੌਟੇ ਲਾਹੁਣ ਲੱਗਿਆਂ ਉਹ ਬੇਲਿਹਾਜ਼ ਹੋ ਜਾਂਦਾ ਹੈ। ਅਜਿਹੇ ਮੁਖੌਟਾਧਾਰੀ ਲੋਕਾਂ ਵਿੱਚ ਰਾਜਨੀਤੀਵਾਨ, ਧਾਰਮਿਕ ਆਗੂ, ਸਾਧੂ, ਸੇਵਕ, ਸਭਿਆਚਾਰ ਦੇ ਰਾਖੇ ਸ਼ਾਮਿਲ ਹੋਣ ਜਾਂ ਨਿੱਜੀ ਹਉਮੈਂ ਨਾਲ ਭਰੇ ਸਮਾਜਿਕ ਚੌਧਰੀ - ਗਿੱਲ ਮੋਰਾਂਵਾਲੀ ਹਰ ਮੁਖੌਟਾਧਾਰੀ ਭ੍ਰਿਸ਼ਟ ਕਿਰਦਾਰ ਦਾ ਚੇਹਰਾ ਨੰਗਾ ਕਰਦਾ ਜਾਂਦਾ ਹੈ। ਇੱਕ ਚੇਤੰਨ ਸ਼ਾਇਰ ਹੋਣ ਦੇ ਨਾਤੇ ਉਹ ਇਨ੍ਹਾਂ ਮੁਖੌਟਾਧਾਰੀਆਂ ਦੇ ਅੰਤਰੀਵ ਮਨਾਂ ਵਿੱਚ ਲੁਕੇ ਚੋਰਾਂ ਨੂੰ ਫੜ੍ਹ ਕੇ ਤੁਹਾਡੇ ਸਾਹਮਣੇ ਖੜ੍ਹਾ ਕਰ ਦਿੰਦਾ ਹੈ। ਫਿਰ ਲੋਕ-ਆਤਮਾ ਦੇ ਰੂਪ ਵਿੱਚ ਉਸਦੇ ਦੋਹੇ ਗੂੰਜਦੇ ਹਨ: ਇਨ੍ਹਾਂ ਮੁਖੋਟਾਧਾਰੀ ਭ੍ਰਿਸ਼ਟ ਹੋ ਚੁੱਕੇ ਲੋਕਾਂ ਤੋਂ ਡਰੋ ਨਹੀਂ; ਇਨ੍ਹਾਂ ਦੇ ਅਸਲੀ ਚਿਹਰਿਆਂ ਨੂੰ ਪਹਿਚਾਣੋ। ਸ਼ਰਾਰੇਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਦੋਹਿਆਂ ਦੀ ਅਜਿਹੀ ਸ਼ਕਤੀ ਤੁਸੀਂ ਵੀ ਮਹਿਸੂਸ ਕਰੋਗੇ ਜਦੋਂ ਤੁਸੀਂ ਹੇਠ ਲਿਖੇ ਦੋਹੇ ਪੜ੍ਹਗੇ:

1. ਅਪਣੇ ਅਸਲੀ ਮੂੰਹ ਤੇ

ਲਾ ਕੇ ਚਿਹਰਾ ਹੋਰ

ਸਾਧੂ ਦਿਸਦਾ ਬਾਹਰੋਂ

ਅੰਦਰ ਬੈਠਾ ਚੋਰ

2. ਸੇਵਾ ਕਰਨਾ ਕੌਮ ਦੀ

ਲੋਕੀਂ ਭੁੱਲਦੇ ਜਾਣ

ਕੌਮ ਦੀ ਸੇਵਾ ਦੱਸ ਕੇ

ਕੌਮ ਨੂੰ ਲੋਕੀਂ ਖਾਣ

3. ਲੋਕੀਂ ਧੰਦਾ ਕਰ ਰਹੇ

ਧਰਮਾਂ ਦੀ ਲੈ ਆੜ

ਖਾਂਦੇ ਉਸ ਹੀ ਖੇਤ ਨੂੰ

ਜਿਸ ਦੀ ਬਣਦੇ ਬਾੜ

----

ਅਜੋਕੇ ਸਮਿਆਂ ਵਿੱਚ ਕਿਸੇ ਵੀ ਸ਼ਾਇਰ ਦੀ ਸ਼ਾਇਰੀ ਦਾ ਮਨੁੱਖਵਾਦੀ ਸੁਭਾਅ ਹੋਣਾ ਸਭ ਤੋਂ ਮੀਰੀ ਗੁਣ ਸਮਝਿਆ ਜਾਂਦਾ ਹੈ। ਗਿੱਲ ਮੋਰਾਂਵਾਲੀ ਨੂੰ ਵੀ, ਬਿਨ੍ਹਾਂ ਕਿਸੀ ਸੰਕੋਚ ਦੇ, ਕੈਨੇਡੀਅਨ ਪੰਜਾਬੀ ਸ਼ਾਇਰਾਂ ਦੀ ਅਜਿਹੀ ਢਾਣੀ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਜਿਨ੍ਹਾਂ ਦੀ ਸ਼ਾਇਰੀ ਮਨੁੱਖਤਾ ਦੇ ਕਲਿਆਣ ਹਿੱਤ ਪ੍ਰਤੀਬੱਧ ਹੈ। ਅਜਿਹੀ ਸ਼ਾਇਰੀ ਨੂੰ ਹਾਂ ਮੁਖੀ ਸ਼ਾਇਰੀ ਵੀ ਕਿਹਾ ਜਾ ਸਕਦਾ ਹੈ. ਕਿਉਂਕਿ ਅਜਿਹੀ ਸ਼ਾਇਰੀ ਵਿੱਚ ਕਦੀ ਵੀ ਮਨੁੱਖ ਵਿਰੋਧੀ ਗੱਲ ਨਹੀਂ ਕੀਤੀ ਜਾਂਦੀ। ਅਜਿਹੀ ਸ਼ਾਇਰੀ ਧਰਮ, ਰੰਗ, ਨਸਲ, ਲਿੰਗ, ਜ਼ਾਤ ਦੇ ਭਿੰਨ-ਭੇਦ ਤੋਂ ਉਪਰ ਉੱਠ ਕੇ ਗੱਲ ਕਰਦੀ ਹੈ। ਹਰ ਚੇਤੰਨ ਲੇਖਕ, ਕਲਾਕਾਰ, ਸੰਗੀਤਕਾਰ, ਚਿੰਤਕ, ਬੁੱਧੀਜੀਵੀ, ਰਾਜਨੀਤੀਵਾਨ ਵੀ ਗਲੋਬਲ ਪੱਧਰ ਉੱਤੇ ਵਿਸ਼ਵ ਨੂੰ ਇੱਕ ਅਜਿਹੇ ਬਹੁ-ਸਭਿਆਚਾਰਕ ਸਮਾਜ ਦੇ ਰੂਪ ਵਿੱਚ ਵਿਗਸਿਆ ਦੇਖਣਾ ਚਾਹੁੰਦਾ ਹੈ ਜਿਸ ਵਿੱਚ ਵੱਖੋ-ਵੱਖ ਸਭਿਆਚਾਰਾਂ ਅਤੇ ਵਿਸ਼ਵਾਸਾਂ ਦੇ ਧਾਰਨੀ ਲੋਕ ਇੱਕ ਦੂਜੇ ਨਾਲ ਕਦਮ ਨਾਲ ਕਦਮ ਮਿਲਾ ਕੇ ਅਮਨ ਦੇ ਗੀਤ ਗਾਂਦੇ ਹੋਏ ਤੁਰ ਸਕਣ। ਇਸ ਧਰਤੀ ਨੂੰ, ਇਸ ਧਰਤੀ ਉੱਤੇ ਵਸਦੇ ਹਰ ਮਨੁੱਖ ਲਈ ਜਿਉਣ ਜੋਗੀ ਬਣਾ ਸਕਣ. ਗਿੱਲ ਮੋਰਾਂਵਾਲੀ ਦੇ ਦੋਹੇ ਵੀ ਇਹੀ ਗੱਲ ਕਰਦੇ ਹਨ:

1. ਹੱਦਾਂ ਬੰਨੇ ਤੋੜ ਕੇ

ਸਿਰਜ ਨਵਾਂ ਸੰਸਾਰ

ਮੈਂ ਤੂੰ ਦਾ ਜਿੱਥੇ ਕਦੇ

ਹੋਵੇ ਨਾ ਤਕਰਾਰ

2. ਰਲਕੇ ਪਾਵੋ ਭੰਗੜੇ

ਰਲਕੇ ਗਾਵੋ ਗੀਤ

ਭੁੱਲ ਕੇ ਸਭ ਰੋਸੇ ਗਿਲੇ

ਉੱਭਰੋ ਬਣ ਕੇ ਮੀਤ

3. ਟਾਲੋ ਖ਼ਤਰੇ ਜੰਗ ਦੇ

ਆਵੋ ਛਾਤੀ ਠੋਕ

ਛਿੜਕੋ ਪਿਆਰ ਮੁਹੱਬਤਾਂ

ਮਹਿਕਣ ਸਾਰੇ ਲੋਕ

----

ਗਿੱਲ ਮੋਰਾਂਵਾਲੀ ਦੇ ਦੋਹੇ ਉਦੋਂ ਹੋਰ ਵੀ ਵੱਧ ਪ੍ਰਭਾਵਸ਼ਾਲੀ ਬਣ ਜਾਂਦੇ ਹਨ ਜਦੋਂ ਉਹ ਸਾਡੇ ਸਮਾਜ ਵਿੱਚ ਧੀਆਂ ਉੱਤੇ ਹੁੰਦੇ ਅਤਿਆਚਾਰਾਂ ਦੀ ਗੱਲ ਕਰਦਾ ਹੈ। ਗਿਆਨ/ਵਿਗਿਆਨ/ਤਕਨਾਲੋਜੀ ਵਿੱਚ ਤਰੱਕੀ ਹੋਣ ਸਦਕਾ ਹੋਣਾ ਤਾਂ ਇਹ ਚਾਹੀਦਾ ਸੀ ਕਿ ਧੀਆਂ ਉੱਤੇ ਅਤਿਆਚਾਰ ਕਰਨ ਵਾਲੇ ਲੋਕਾਂ ਦੀ ਮਾਨਸਿਕਤਾ ਵਿੱਚ ਵੀ ਗਿਆਨ ਦੀ ਰੌਸ਼ਨੀ ਹੋਣ ਕਾਰਨ ਜ਼ੁਲਮ ਨੂੰ ਕੋਈ ਠੱਲ੍ਹ ਪੈਂਦੀ; ਪਰ ਇਸਦੇ ਉਲਟ ਹੁਣ ਲੋਕ ਆਪਣੀਆਂ ਧੀਆਂ ਨੂੰ ਮਾਂ ਦੀ ਕੁੱਖ ਵਿੱਚ ਹੀ ਕਤਲ ਕਰਨ ਲੱਗ ਪਏ ਹਨ। ਕੀ ਕਮੀ ਹੈ ਧੀਆਂ ਵਿੱਚ? ਅਜੋਕੇ ਸਮਿਆਂ ਵਿੱਚ ਕਿਹੜਾ ਕੰਮ ਹੈ ਜਿਹੜਾ ਧੀਆਂ ਨਹੀਂ ਕਰ ਸਕਦੀਆਂ ਜਿਹੜਾ ਪੁੱਤਰ ਕਰਦੇ ਹਨ? ਜ਼ਿੰਦਗੀ ਦਾ ਅਜਿਹਾ ਕਿਹੜਾ ਖੇਤਰ ਹੈ ਜਿਸ ਵਿੱਚ ਧੀਆਂ ਨੇ ਵੱਡੀਆਂ ਪ੍ਰਾਪਤੀਆਂ ਨਹੀਂ ਕੀਤੀਆਂ? ਇਸ ਸੱਚ ਨੂੰ ਜਾਣਦਿਆਂ ਹੋਇਆਂ ਵੀ ਕਿ ਧੀਆਂ ਬਿਨ੍ਹਾਂ ਮਨੁੱਖ ਦੀ ਹੋਂਦ ਹੀ ਸੰਭਵ ਨਹੀਂ ਫਿਰ ਵੀ ਧੀਆਂ ਦੀ ਜ਼ਿੰਦਗੀ ਨੂੰ ਜਿਹੜੇ ਲੋਕ ਦੁੱਖਾਂ ਨਾਲ ਭਰਦੇ ਹਨ ਉਨ੍ਹਾਂ ਲੋਕਾਂ ਨੂੰ ਮਨੁੱਖ ਕਹਿਲਾਉਣ ਦਾ ਹੀ ਕੋਈ ਹੱਕ ਨਹੀਂ। ਕੈਨੇਡੀਅਨ ਪੰਜਾਬੀ ਸਮਾਜ ਵਿੱਚ ਵੀ ਨਾ ਸਿਰਫ ਅਣਜੰਮੀਆਂ ਨੌਜੁਆਨ ਧੀਆਂ ਦੇ ਹੀ ਕਤਲ ਕੀਤੇ ਜਾ ਰਹੇ ਹਨ ਬਲਕਿ ਕੈਨੇਡਾ ਵਰਗੇ ਤਰੱਕੀ ਪਸੰਦ ਦੇਸ਼ ਵਿੱਚ ਵੀ ਦਾਜ ਦੇ ਭੁੱਖੇ ਅਨੇਕਾਂ ਪੰਜਾਬੀ ਆਪਣੀਆਂ ਨੂੰਹਾਂ ਦੇ ਕਤਲ ਕਰ ਰਹੇ ਹਨ। ਅਜਿਹੀਆਂ ਦੁੱਖ ਭਰੀਆਂ ਖ਼ਬਰਾਂ ਕੈਨੇਡੀਅਨ ਪੰਜਾਬੀ ਸਮਾਜ ਦੇ ਦੁੱਖਾਂ-ਦਰਦਾਂ ਦੇ ਰੂਪ ਵਿੱਚ ਕੈਨੇਡਾ ਦੇ ਪੰਜਾਬੀ ਅਖਬਾਰਾਂ ਦੇ ਮੁੱਖ ਪੰਨਿਆਂ ਦੀਆਂ ਸੁਰਖੀਆਂ ਬਣ ਕੇ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਗਿੱਲ ਮੋਰਾਂਵਾਲੀ ਆਪਣੇ ਦੋਹਿਆਂ ਵਿੱਚ ਜਦ ਇਸ ਸਮੱਸਿਆ ਦਾ ਜ਼ਿਕਰ ਕਰਦਾ ਹੈ ਤਾਂ ਉਹ ਵੀ ਕੈਨੇਡੀਅਨ ਪੰਜਾਬੀ ਸਮਾਜ ਸਾਹਮਣੇ ਪੇਸ਼ ਇਸ ਸੰਕਟ ਬਾਰੇ ਆਪਣੀ ਚਿੰਤਾ ਹੀ ਪ੍ਰਗਟ ਕਰ ਰਿਹਾ ਹੁੰਦਾ ਹੈ। ਇਸ ਉਮੀਦ ਨਾਲ ਕਿ ਜੇਕਰ ਕੈਨੇਡੀਅਨ ਪੰਜਾਬੀ ਸਾਹਿਤਕਾਰ ਬਿਨ੍ਹਾਂ ਕਿਸੀ ਸੰਕੋਚ ਦੇ ਅਤੇ ਬਿਨ੍ਹਾਂ ਕਿਸੀ ਡਰ ਦੇ ਕੈਨੇਡੀਅਨ ਪੰਜਾਬੀ ਸਮਾਜ ਸਾਹਮਣੇ ਪੇਸ਼ ਇਸ ਸਮੱਸਿਆ ਬਾਰੇ ਜੁੱਅਰਤ ਨਾਲ ਗੱਲ ਕਰਦੇ ਰਹਿਣਗੇ ਤਾਂ ਕਦੀ ਤਾਂ ਲੋਕਾਂ ਉੱਤੇ ਇਸਦਾ ਅਸਰ ਹੋਵੇਗਾ ਅਤੇ ਉਹ ਧੀਆਂ/ਨੂੰਹਾਂ ਉੱਤੇ ਜ਼ੁਲਮ ਕਰਨਾ ਬੰਦ ਕਰਨਗੇ। ਇਸ ਸੰਦਰਭ ਵਿੱਚ ਗਿੱਲ ਮੋਰਾਂਵਾਲੀ ਦੇ ਹੇਠ ਲਿਖੇ ਦੋਹੇ ਲੋਕ-ਚਰਚਾ ਦਾ ਵਿਸ਼ਾ ਬਣਾਏ ਜਾਣੇ ਚਾਹੀਦੇ ਹਨ:

1. ਪੁੱਤਰਾਂ ਧੀਆਂ ਨੂੰ ਸਦਾ

ਇਕ ਪੱਲੜੇ ਤੇ ਤੋਲ

ਪੁੱਤਰਾਂ ਖ਼ਾਤਰ ਧੀ ਕਦੇ

ਪੈਰਾਂ ਹੇਠ ਨਾ ਰੋਲ

2. ਬਾਬਲ ਆਖੇ ਵੈਦ ਨੂੰ

ਲੜਕੇ ਦੀ ਹੈ ਭੁੱਖ

ਲੜਕੀ ਹੈ ਤਾਂ ਮਾਰਦੇ

ਖਾਲੀ ਕਰਦੇ ਕੁੱਖ

3. ਪੰਚ ਕਚਹਿਰੀ ਚੁੱਪ ਹੈ

ਬੋਲੇ ਨਾ ਸਰਕਾਰ

ਲੜਕੀ ਮਾਂ ਦੇ ਪੇਟ ਵਿੱਚ

ਬਾਬਲ ਦਿੱਤੀ ਮਾਰ

----

ਇਸ ਕਾਵਿ-ਸੰਗ੍ਰਹਿ ਵਿੱਚ ਗਿੱਲ ਮੋਰਾਂਵਾਲੀ ਨੇ ਅਨੇਕਾਂ ਹੋਰ ਵਿਸ਼ਿਆਂ ਬਾਰੇ ਵੀ ਗੱਲ ਕੀਤੀ ਹੈ। ਉਹ ਇਸ ਗੱਲ ਬਾਰੇ ਵੀ ਚਿੰਤਾ ਪ੍ਰਗਟ ਕਰਦਾ ਹੈ ਕਿ ਕੁਝ ਲੋਕ ਕੈਨੇਡਾ ਵਿੱਚ ਇਮੀਗਰੈਂਟ ਬਨਣ ਤੋਂ ਬਾਹਦ ਵੀ ਆਪਣੇ ਪਹਿਲੇ ਦੇਸ਼ ਦੇ ਲੜਾਈ ਝਗੜੇ ਆਪਣੇ ਨਾਲ ਲੈ ਕੇ ਆਉਂਦੇ ਹਨ ਅਤੇ ਕੈਨੇਡੀਅਨ ਸਮਾਜ ਵਿੱਚ ਹਿੰਸਾਵਾਦੀ ਕਾਰਵਾਈਆਂ ਕਰਦੇ ਹਨ। ਕੈਨੇਡੀਅਨ ਸਮਾਜ ਵਿੱਚ ਵਾਪਰ ਰਹੀਆਂ ਅਜਿਹੀਆਂ ਹਿੰਸਾਤਮਕ ਘਟਨਾਵਾਂ ਦੀ ਕੁਝ ਜ਼ਿੰਮੇਵਾਰੀ ਕੈਨੇਡਾ ਸਰਕਾਰ ਦੇ ਇਮੀਗਰੇਸ਼ਨ ਵਿਭਾਗ ਉੱਤੇ ਵੀ ਆਉਂਦੀ ਹੈ। ਕੈਨੇਡਾ ਦੇ ਇਮੀਗਰੇਸ਼ਨ ਸਿਸਟਮ ਦੀਆਂ ਕਮਜ਼ੋਰੀਆਂ ਦਾ ਲਾਭ ਉਠਾ ਕੇ ਦੁਨੀਆਂ ਭਰ ਦੇ ਦੇਸ਼ਾਂ ਤੋਂ ਕਰਿਮਨਲ, ਡਰੱਗ ਸਮਗਲਰ, ਸੈਕਸ ਟਰੇਡਰ, ਪਿੰਪ, ਕਾਤਲ ਕੈਨੇਡਾ ਵਿੱਚ ਇਮਗਰੈਂਟ ਬਣ ਕੇ ਜਾਂ ਰਿਫੀਊਜੀ ਬਣ ਕੇ ਆ ਰਹੇ ਹਨ। ਟੋਰਾਂਟੋ, ਵੈਨਕੂਵਰ, ਵਿੰਨੀਪੈੱਗ, ਐਡਮੰਟਨ, ਕੈਲਗਰੀ, ਮਾਂਟਰੀਆਲ ਦੀਆਂ ਸੜਕਾਂ ਉੱਤਰ ਡਰੱਗ ਗੈਂਗਸਟਰਾਂ ਵੱਲੋਂ ਲੜੀ ਜਾ ਰਹੀ ਖ਼ੂਨੀ ਜੰਗ ਦੀਆਂ ਕੈਨੇਡਾ ਦੇ ਮੀਡੀਆ ਵਿੱਚ ਆ ਰਹੀਆਂ ਖ਼ਬਰਾਂ ਇਸ ਗੱਲ ਦੀਆਂ ਗਵਾਹ ਹਨ।

----

ਸ਼ਰਾਰੇਕਾਵਿ-ਸੰਗ੍ਰਹਿ ਪੜ੍ਹ ਕੇ ਇਸ ਤਰ੍ਹਾਂ ਦਾ ਅਹਿਸਾਸ ਹੁੰਦਾ ਹੈ ਜਿਵੇਂ ਬਚਪਨ ਵਿੱਚ ਸਾਡੀਆਂ ਮਾਵਾਂ, ਨਾਨੀਆਂ, ਦਾਦੀਆਂ ਲੋਕ-ਕਥਾਵਾਂ ਸੁਣਾ ਰਹੀਆਂ ਹੋਣ। ਇਨ੍ਹਾਂ ਲੋਕ-ਕਥਾਵਾਂ ਵਿੱਚ ਜ਼ਿੰਦਗੀ ਦਾ ਸੱਚ ਲੁਕਿਆ ਹੁੰਦਾ ਹੈ।

ਸ਼ਰਾਰੇਕਾਵਿ-ਸੰਗ੍ਰਹਿ ਨੂੰ ਲੋਕ-ਆਤਮਾ ਦੀ ਆਵਾਜ਼ ਕਹਿਣ ਵਿੱਚ ਮੈਨੂੰ ਜ਼ਰਾ ਜਿੰਨਾ ਵੀ ਸੰਕੋਚ ਨਹੀਂ। ਮੈਨੂੰ ਉਮੀਦ ਹੈ ਕਿ ਗਿੱਲ ਮੋਰਾਂਵਾਲੀ ਭਵਿੱਖ ਵਿੱਚ ਵੀ ਅਜਿਹੀ ਜ਼ਿੰਮੇਵਾਰੀ ਅਤੇ ਪ੍ਰਤੀਬੱਧਤਾ ਵਾਲੀ ਸ਼ਾਇਰੀ ਰਚਦਾ ਰਹੇਗਾ। ਅਜਿਹੇ ਪ੍ਰਗਤੀਸ਼ੀਲ ਸ਼ਾਇਰ ਨੂੰ ਮੇਰੀਆਂ ਦਿਲੀ ਮੁਬਾਰਕਾਂ।