----
ਪਿਛਲੇ ਚਾਰ ਦਹਾਕਿਆਂ ਤੋਂ ਕੈਨੇਡੀਅਨ ਪੰਜਾਬੀ ਸਾਹਿਤ ਨੂੰ ਅਮੀਰ ਬਣਾਉਂਣ ਲਈ ਯਤਨਸ਼ੀਲ ਲੇਖਕਾਂ ਵਿੱਚ ਇੱਕ ਉੱਭਰਵਾਂ ਨਾਮ ਹੈ : ਗਿੱਲ ਮੋਰਾਂਵਾਲੀ। ਉਸਨੇ ਸਾਹਿਤ ਦੇ ਅਨੇਕਾਂ ਰੂਪਾਂ ਵਿੱਚ ਰਚਨਾ ਕੀਤੀ ਹੈ। ਉਸਦਾ ਕਾਵਿ-ਸੰਗ੍ਰਹਿ ‘ਸ਼ਰਾਰੇ’ ਆਪਣੇ ਵੱਖਰੇ ਸੁਭਾਅ ਕਾਰਨ ਧਿਆਨ ਖਿੱਚਦਾ ਹੈ। ਇਸ ਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਸਾਰੀਆਂ ਹੀ ਰਚਨਾਵਾਂ ਸਾਹਿਤ ਦੇ ਜਿਸ ਰੂਪ ਵਿੱਚ ਰਚੀਆਂ ਗਈਆਂ ਹਨ ਉਸ ਨੂੰ ‘ਦੋਹੇ’ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਘੱਟ ਹੀ ਲੇਖਕਾਂ ਨੇ ਸਾਹਿਤ ਦੇ ਇਸ ਰੂਪ ਦੀ ਵਰਤੋਂ ਕੀਤੀ ਹੈ। ਕੈਨੇਡੀਅਨ ਪੰਜਾਬੀ ਸ਼ਾਇਰਾਂ ਵਿੱਚ, ਸ਼ਾਇਦ, ਗਿੱਲ ਮੋਰਾਂਵਾਲੀ ਇੱਕ ਨਿਵੇਕਲਾ ਸ਼ਾਇਰ ਹੈ ਜਿਸਨੇ ਸਾਹਿਤ ਦੇ ਇਸ ਰੂਪ ਵਿੱਚ ਕਈ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਕੀਤੇ ਹਨ।
----
‘ਸ਼ਰਾਰੇ’ ਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਦੋਹੇ ਪੜ੍ਹਦਿਆਂ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਲੋਕ-ਆਤਮਾ ਦੀ ਆਵਾਜ਼ ਸੁਣ ਰਹੇ ਹੋਵੋ। ਇਹ ਦੋਹੇ ਜ਼ਿੰਦਗੀ ਦੇ ਨਿੱਕੇ ਨਿੱਕੇ ਸੱਚ ਬਣ ਕੇ ਹਨੇਰੀਆਂ ਰਾਤਾਂ ਵਿੱਚ ਜੁਗਨੂੰਆਂ ਵਾਂਗ ਜਗਮਗਾਂਦੇ ਹਨ। ਇਹ ਦੋਹੇ ਪੜ੍ਹਦਿਆਂ ਕਈ ਵੇਰੀ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਕਿਸੇ ਨੇ ਸੁੰਨੀਆਂ ਗਲੀਆਂ ਵਿੱਚ ਘਰਾਂ ਦੇ ਬਨੇਰਿਆਂ ਉੱਤੇ ਨਿੱਕੇ ਨਿੱਕੇ ਚਿਰਾਗ਼ ਸਜਾ ਦਿੱਤੇ ਹੋਣ ਤਾਂ ਜੋ ਘਰਾਂ ਨੂੰ ਪਰਤ ਰਹੇ ਲੋਕ ਹਨੇਰੀਆਂ ਰਾਤਾਂ ਦੇ ਭੈਅ ਕਾਰਨ ਘਬਰਾ ਨਾ ਜਾਣ। ਮਨੁੱਖਤਾ ਦੇ ਹਮਾਇਤੀ ਸ਼ਾਇਰ ਗਿੱਲ ਮੋਰਾਂਵਾਲੀ ਦੇ ਦੋਹਿਆਂ ਦੀ ਕਾਵਿਕ ਅਮੀਰੀ ਦੇਖਣ ਲਈ ਉਸਦੇ ਹੇਠ ਲਿਖੇ ਦੋਹਿਆਂ ਨਾਲ ਗੱਲ ਸ਼ੁਰੂ ਕੀਤੀ ਜਾ ਸਕਦੀ ਹੈ:
1. ਲੋਕਾਂ ਦੇ ਵਿੱਚ ਜੇ ਕਦੇ
ਭੁੱਲ ਕੇ ਭੜਕੇ ਅੱਗ
ਰਲ ਕੇ ਮਿੱਟੀ ਪਾ ਦਿਓ
ਸੜ ਨਾ ਜਾਏ ਜੱਗ
2. ਊਜਾਂ ਮਿਹਣੇ ਈਰਖਾ
ਸਾਂਝਾਂ ਵਿੱਚ ਨਾ ਘੋਲ
ਪਿਆਰ ਮੁਹੱਬਤ ਦੀ ਕਦੇ
ਬੋਲੀ ਵੀ ਤਾਂ ਬੋਲ
----
ਗਿੱਲ ਮੋਰਾਂਵਾਲੀ ਕਾਵਿ ਰਚਨਾ ਕਰਦਿਆਂ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਦੀਆਂ ਤਹਿਆਂ ਫਰੋਲਦਾ ਹੈ। ਸਾਡੇ ਸਮਾਜ ਵਿੱਚ ਮਾਨਸਿਕ ਪ੍ਰਦੂਸ਼ਨ ਰੂਪੀ ਭ੍ਰਿਸ਼ਟਾਚਾਰ ਫੈਲਾਉਣ ਵਾਲੇ ਲੋਕਾਂ ਦੇ ਚਿਹਰਿਆਂ ਉੱਤੇ ਪਹਿਣੇ ਹੋਏ ਮੁਖੌਟੇ ਲਾਹੁਣ ਲੱਗਿਆਂ ਉਹ ਬੇਲਿਹਾਜ਼ ਹੋ ਜਾਂਦਾ ਹੈ। ਅਜਿਹੇ ਮੁਖੌਟਾਧਾਰੀ ਲੋਕਾਂ ਵਿੱਚ ਰਾਜਨੀਤੀਵਾਨ, ਧਾਰਮਿਕ ਆਗੂ, ਸਾਧੂ, ਸੇਵਕ, ਸਭਿਆਚਾਰ ਦੇ ਰਾਖੇ ਸ਼ਾਮਿਲ ਹੋਣ ਜਾਂ ਨਿੱਜੀ ਹਉਮੈਂ ਨਾਲ ਭਰੇ ਸਮਾਜਿਕ ਚੌਧਰੀ - ਗਿੱਲ ਮੋਰਾਂਵਾਲੀ ਹਰ ਮੁਖੌਟਾਧਾਰੀ ਭ੍ਰਿਸ਼ਟ ਕਿਰਦਾਰ ਦਾ ਚੇਹਰਾ ਨੰਗਾ ਕਰਦਾ ਜਾਂਦਾ ਹੈ। ਇੱਕ ਚੇਤੰਨ ਸ਼ਾਇਰ ਹੋਣ ਦੇ ਨਾਤੇ ਉਹ ਇਨ੍ਹਾਂ ਮੁਖੌਟਾਧਾਰੀਆਂ ਦੇ ਅੰਤਰੀਵ ਮਨਾਂ ਵਿੱਚ ਲੁਕੇ ਚੋਰਾਂ ਨੂੰ ਫੜ੍ਹ ਕੇ ਤੁਹਾਡੇ ਸਾਹਮਣੇ ਖੜ੍ਹਾ ਕਰ ਦਿੰਦਾ ਹੈ। ਫਿਰ ਲੋਕ-ਆਤਮਾ ਦੇ ਰੂਪ ਵਿੱਚ ਉਸਦੇ ਦੋਹੇ ਗੂੰਜਦੇ ਹਨ: ਇਨ੍ਹਾਂ ਮੁਖੋਟਾਧਾਰੀ ਭ੍ਰਿਸ਼ਟ ਹੋ ਚੁੱਕੇ ਲੋਕਾਂ ਤੋਂ ਡਰੋ ਨਹੀਂ; ਇਨ੍ਹਾਂ ਦੇ ਅਸਲੀ ਚਿਹਰਿਆਂ ਨੂੰ ਪਹਿਚਾਣੋ। ‘ਸ਼ਰਾਰੇ’ ਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਦੋਹਿਆਂ ਦੀ ਅਜਿਹੀ ਸ਼ਕਤੀ ਤੁਸੀਂ ਵੀ ਮਹਿਸੂਸ ਕਰੋਗੇ ਜਦੋਂ ਤੁਸੀਂ ਹੇਠ ਲਿਖੇ ਦੋਹੇ ਪੜ੍ਹਗੇ:
1. ਅਪਣੇ ਅਸਲੀ ਮੂੰਹ ‘ਤੇ
ਲਾ ਕੇ ਚਿਹਰਾ ਹੋਰ
ਸਾਧੂ ਦਿਸਦਾ ਬਾਹਰੋਂ
ਅੰਦਰ ਬੈਠਾ ਚੋਰ
2. ਸੇਵਾ ਕਰਨਾ ਕੌਮ ਦੀ
ਲੋਕੀਂ ਭੁੱਲਦੇ ਜਾਣ
ਕੌਮ ਦੀ ਸੇਵਾ ਦੱਸ ਕੇ
ਕੌਮ ਨੂੰ ਲੋਕੀਂ ਖਾਣ
3. ਲੋਕੀਂ ਧੰਦਾ ਕਰ ਰਹੇ
ਧਰਮਾਂ ਦੀ ਲੈ ਆੜ
ਖਾਂਦੇ ਉਸ ਹੀ ਖੇਤ ਨੂੰ
ਜਿਸ ਦੀ ਬਣਦੇ ਬਾੜ
----
ਅਜੋਕੇ ਸਮਿਆਂ ਵਿੱਚ ਕਿਸੇ ਵੀ ਸ਼ਾਇਰ ਦੀ ਸ਼ਾਇਰੀ ਦਾ ਮਨੁੱਖਵਾਦੀ ਸੁਭਾਅ ਹੋਣਾ ਸਭ ਤੋਂ ਮੀਰੀ ਗੁਣ ਸਮਝਿਆ ਜਾਂਦਾ ਹੈ। ਗਿੱਲ ਮੋਰਾਂਵਾਲੀ ਨੂੰ ਵੀ, ਬਿਨ੍ਹਾਂ ਕਿਸੀ ਸੰਕੋਚ ਦੇ, ਕੈਨੇਡੀਅਨ ਪੰਜਾਬੀ ਸ਼ਾਇਰਾਂ ਦੀ ਅਜਿਹੀ ਢਾਣੀ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਜਿਨ੍ਹਾਂ ਦੀ ਸ਼ਾਇਰੀ ਮਨੁੱਖਤਾ ਦੇ ਕਲਿਆਣ ਹਿੱਤ ਪ੍ਰਤੀਬੱਧ ਹੈ। ਅਜਿਹੀ ਸ਼ਾਇਰੀ ਨੂੰ ਹਾਂ ਮੁਖੀ ਸ਼ਾਇਰੀ ਵੀ ਕਿਹਾ ਜਾ ਸਕਦਾ ਹੈ. ਕਿਉਂਕਿ ਅਜਿਹੀ ਸ਼ਾਇਰੀ ਵਿੱਚ ਕਦੀ ਵੀ ਮਨੁੱਖ ਵਿਰੋਧੀ ਗੱਲ ਨਹੀਂ ਕੀਤੀ ਜਾਂਦੀ। ਅਜਿਹੀ ਸ਼ਾਇਰੀ ਧਰਮ, ਰੰਗ, ਨਸਲ, ਲਿੰਗ, ਜ਼ਾਤ ਦੇ ਭਿੰਨ-ਭੇਦ ਤੋਂ ਉਪਰ ਉੱਠ ਕੇ ਗੱਲ ਕਰਦੀ ਹੈ। ਹਰ ਚੇਤੰਨ ਲੇਖਕ, ਕਲਾਕਾਰ, ਸੰਗੀਤਕਾਰ, ਚਿੰਤਕ, ਬੁੱਧੀਜੀਵੀ, ਰਾਜਨੀਤੀਵਾਨ ਵੀ ਗਲੋਬਲ ਪੱਧਰ ਉੱਤੇ ਵਿਸ਼ਵ ਨੂੰ ਇੱਕ ਅਜਿਹੇ ਬਹੁ-ਸਭਿਆਚਾਰਕ ਸਮਾਜ ਦੇ ਰੂਪ ਵਿੱਚ ਵਿਗਸਿਆ ਦੇਖਣਾ ਚਾਹੁੰਦਾ ਹੈ ਜਿਸ ਵਿੱਚ ਵੱਖੋ-ਵੱਖ ਸਭਿਆਚਾਰਾਂ ਅਤੇ ਵਿਸ਼ਵਾਸਾਂ ਦੇ ਧਾਰਨੀ ਲੋਕ ਇੱਕ ਦੂਜੇ ਨਾਲ ਕਦਮ ਨਾਲ ਕਦਮ ਮਿਲਾ ਕੇ ਅਮਨ ਦੇ ਗੀਤ ਗਾਂਦੇ ਹੋਏ ਤੁਰ ਸਕਣ। ਇਸ ਧਰਤੀ ਨੂੰ, ਇਸ ਧਰਤੀ ਉੱਤੇ ਵਸਦੇ ਹਰ ਮਨੁੱਖ ਲਈ ਜਿਉਣ ਜੋਗੀ ਬਣਾ ਸਕਣ. ਗਿੱਲ ਮੋਰਾਂਵਾਲੀ ਦੇ ਦੋਹੇ ਵੀ ਇਹੀ ਗੱਲ ਕਰਦੇ ਹਨ:
1. ਹੱਦਾਂ ਬੰਨੇ ਤੋੜ ਕੇ
ਸਿਰਜ ਨਵਾਂ ਸੰਸਾਰ
ਮੈਂ ਤੂੰ ਦਾ ਜਿੱਥੇ ਕਦੇ
ਹੋਵੇ ਨਾ ਤਕਰਾਰ
2. ਰਲਕੇ ਪਾਵੋ ਭੰਗੜੇ
ਰਲਕੇ ਗਾਵੋ ਗੀਤ
ਭੁੱਲ ਕੇ ਸਭ ਰੋਸੇ ਗਿਲੇ
ਉੱਭਰੋ ਬਣ ਕੇ ਮੀਤ
3. ਟਾਲੋ ਖ਼ਤਰੇ ਜੰਗ ਦੇ
ਆਵੋ ਛਾਤੀ ਠੋਕ
ਛਿੜਕੋ ਪਿਆਰ ਮੁਹੱਬਤਾਂ
ਮਹਿਕਣ ਸਾਰੇ ਲੋਕ
----
ਗਿੱਲ ਮੋਰਾਂਵਾਲੀ ਦੇ ਦੋਹੇ ਉਦੋਂ ਹੋਰ ਵੀ ਵੱਧ ਪ੍ਰਭਾਵਸ਼ਾਲੀ ਬਣ ਜਾਂਦੇ ਹਨ ਜਦੋਂ ਉਹ ਸਾਡੇ ਸਮਾਜ ਵਿੱਚ ਧੀਆਂ ਉੱਤੇ ਹੁੰਦੇ ਅਤਿਆਚਾਰਾਂ ਦੀ ਗੱਲ ਕਰਦਾ ਹੈ। ਗਿਆਨ/ਵਿਗਿਆਨ/ਤਕਨਾਲੋਜੀ ਵਿੱਚ ਤਰੱਕੀ ਹੋਣ ਸਦਕਾ ਹੋਣਾ ਤਾਂ ਇਹ ਚਾਹੀਦਾ ਸੀ ਕਿ ਧੀਆਂ ਉੱਤੇ ਅਤਿਆਚਾਰ ਕਰਨ ਵਾਲੇ ਲੋਕਾਂ ਦੀ ਮਾਨਸਿਕਤਾ ਵਿੱਚ ਵੀ ਗਿਆਨ ਦੀ ਰੌਸ਼ਨੀ ਹੋਣ ਕਾਰਨ ਜ਼ੁਲਮ ਨੂੰ ਕੋਈ ਠੱਲ੍ਹ ਪੈਂਦੀ; ਪਰ ਇਸਦੇ ਉਲਟ ਹੁਣ ਲੋਕ ਆਪਣੀਆਂ ਧੀਆਂ ਨੂੰ ਮਾਂ ਦੀ ਕੁੱਖ ਵਿੱਚ ਹੀ ਕਤਲ ਕਰਨ ਲੱਗ ਪਏ ਹਨ। ਕੀ ਕਮੀ ਹੈ ਧੀਆਂ ਵਿੱਚ? ਅਜੋਕੇ ਸਮਿਆਂ ਵਿੱਚ ਕਿਹੜਾ ਕੰਮ ਹੈ ਜਿਹੜਾ ਧੀਆਂ ਨਹੀਂ ਕਰ ਸਕਦੀਆਂ ਜਿਹੜਾ ਪੁੱਤਰ ਕਰਦੇ ਹਨ? ਜ਼ਿੰਦਗੀ ਦਾ ਅਜਿਹਾ ਕਿਹੜਾ ਖੇਤਰ ਹੈ ਜਿਸ ਵਿੱਚ ਧੀਆਂ ਨੇ ਵੱਡੀਆਂ ਪ੍ਰਾਪਤੀਆਂ ਨਹੀਂ ਕੀਤੀਆਂ? ਇਸ ਸੱਚ ਨੂੰ ਜਾਣਦਿਆਂ ਹੋਇਆਂ ਵੀ ਕਿ ਧੀਆਂ ਬਿਨ੍ਹਾਂ ਮਨੁੱਖ ਦੀ ਹੋਂਦ ਹੀ ਸੰਭਵ ਨਹੀਂ ਫਿਰ ਵੀ ਧੀਆਂ ਦੀ ਜ਼ਿੰਦਗੀ ਨੂੰ ਜਿਹੜੇ ਲੋਕ ਦੁੱਖਾਂ ਨਾਲ ਭਰਦੇ ਹਨ ਉਨ੍ਹਾਂ ਲੋਕਾਂ ਨੂੰ ਮਨੁੱਖ ਕਹਿਲਾਉਣ ਦਾ ਹੀ ਕੋਈ ਹੱਕ ਨਹੀਂ। ਕੈਨੇਡੀਅਨ ਪੰਜਾਬੀ ਸਮਾਜ ਵਿੱਚ ਵੀ ਨਾ ਸਿਰਫ ਅਣਜੰਮੀਆਂ ਨੌਜੁਆਨ ਧੀਆਂ ਦੇ ਹੀ ਕਤਲ ਕੀਤੇ ਜਾ ਰਹੇ ਹਨ ਬਲਕਿ ਕੈਨੇਡਾ ਵਰਗੇ ਤਰੱਕੀ ਪਸੰਦ ਦੇਸ਼ ਵਿੱਚ ਵੀ ਦਾਜ ਦੇ ਭੁੱਖੇ ਅਨੇਕਾਂ ਪੰਜਾਬੀ ਆਪਣੀਆਂ ਨੂੰਹਾਂ ਦੇ ਕਤਲ ਕਰ ਰਹੇ ਹਨ। ਅਜਿਹੀਆਂ ਦੁੱਖ ਭਰੀਆਂ ਖ਼ਬਰਾਂ ਕੈਨੇਡੀਅਨ ਪੰਜਾਬੀ ਸਮਾਜ ਦੇ ਦੁੱਖਾਂ-ਦਰਦਾਂ ਦੇ ਰੂਪ ਵਿੱਚ ਕੈਨੇਡਾ ਦੇ ਪੰਜਾਬੀ ਅਖਬਾਰਾਂ ਦੇ ਮੁੱਖ ਪੰਨਿਆਂ ਦੀਆਂ ਸੁਰਖੀਆਂ ਬਣ ਕੇ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਗਿੱਲ ਮੋਰਾਂਵਾਲੀ ਆਪਣੇ ਦੋਹਿਆਂ ਵਿੱਚ ਜਦ ਇਸ ਸਮੱਸਿਆ ਦਾ ਜ਼ਿਕਰ ਕਰਦਾ ਹੈ ਤਾਂ ਉਹ ਵੀ ਕੈਨੇਡੀਅਨ ਪੰਜਾਬੀ ਸਮਾਜ ਸਾਹਮਣੇ ਪੇਸ਼ ਇਸ ਸੰਕਟ ਬਾਰੇ ਆਪਣੀ ਚਿੰਤਾ ਹੀ ਪ੍ਰਗਟ ਕਰ ਰਿਹਾ ਹੁੰਦਾ ਹੈ। ਇਸ ਉਮੀਦ ਨਾਲ ਕਿ ਜੇਕਰ ਕੈਨੇਡੀਅਨ ਪੰਜਾਬੀ ਸਾਹਿਤਕਾਰ ਬਿਨ੍ਹਾਂ ਕਿਸੀ ਸੰਕੋਚ ਦੇ ਅਤੇ ਬਿਨ੍ਹਾਂ ਕਿਸੀ ਡਰ ਦੇ ਕੈਨੇਡੀਅਨ ਪੰਜਾਬੀ ਸਮਾਜ ਸਾਹਮਣੇ ਪੇਸ਼ ਇਸ ਸਮੱਸਿਆ ਬਾਰੇ ਜੁੱਅਰਤ ਨਾਲ ਗੱਲ ਕਰਦੇ ਰਹਿਣਗੇ ਤਾਂ ਕਦੀ ਤਾਂ ਲੋਕਾਂ ਉੱਤੇ ਇਸਦਾ ਅਸਰ ਹੋਵੇਗਾ ਅਤੇ ਉਹ ਧੀਆਂ/ਨੂੰਹਾਂ ਉੱਤੇ ਜ਼ੁਲਮ ਕਰਨਾ ਬੰਦ ਕਰਨਗੇ। ਇਸ ਸੰਦਰਭ ਵਿੱਚ ਗਿੱਲ ਮੋਰਾਂਵਾਲੀ ਦੇ ਹੇਠ ਲਿਖੇ ਦੋਹੇ ਲੋਕ-ਚਰਚਾ ਦਾ ਵਿਸ਼ਾ ਬਣਾਏ ਜਾਣੇ ਚਾਹੀਦੇ ਹਨ:
1. ਪੁੱਤਰਾਂ ਧੀਆਂ ਨੂੰ ਸਦਾ
ਇਕ ਪੱਲੜੇ ਤੇ ਤੋਲ
ਪੁੱਤਰਾਂ ਖ਼ਾਤਰ ਧੀ ਕਦੇ
ਪੈਰਾਂ ਹੇਠ ਨਾ ਰੋਲ
2. ਬਾਬਲ ਆਖੇ ਵੈਦ ਨੂੰ
ਲੜਕੇ ਦੀ ਹੈ ਭੁੱਖ
ਲੜਕੀ ਹੈ ਤਾਂ ਮਾਰਦੇ
ਖਾਲੀ ਕਰਦੇ ਕੁੱਖ
3. ਪੰਚ ਕਚਹਿਰੀ ਚੁੱਪ ਹੈ
ਬੋਲੇ ਨਾ ਸਰਕਾਰ
ਲੜਕੀ ਮਾਂ ਦੇ ਪੇਟ ਵਿੱਚ
ਬਾਬਲ ਦਿੱਤੀ ਮਾਰ
----
ਇਸ ਕਾਵਿ-ਸੰਗ੍ਰਹਿ ਵਿੱਚ ਗਿੱਲ ਮੋਰਾਂਵਾਲੀ ਨੇ ਅਨੇਕਾਂ ਹੋਰ ਵਿਸ਼ਿਆਂ ਬਾਰੇ ਵੀ ਗੱਲ ਕੀਤੀ ਹੈ। ਉਹ ਇਸ ਗੱਲ ਬਾਰੇ ਵੀ ਚਿੰਤਾ ਪ੍ਰਗਟ ਕਰਦਾ ਹੈ ਕਿ ਕੁਝ ਲੋਕ ਕੈਨੇਡਾ ਵਿੱਚ ਇਮੀਗਰੈਂਟ ਬਨਣ ਤੋਂ ਬਾਹਦ ਵੀ ਆਪਣੇ ਪਹਿਲੇ ਦੇਸ਼ ਦੇ ਲੜਾਈ ਝਗੜੇ ਆਪਣੇ ਨਾਲ ਲੈ ਕੇ ਆਉਂਦੇ ਹਨ ਅਤੇ ਕੈਨੇਡੀਅਨ ਸਮਾਜ ਵਿੱਚ ਹਿੰਸਾਵਾਦੀ ਕਾਰਵਾਈਆਂ ਕਰਦੇ ਹਨ। ਕੈਨੇਡੀਅਨ ਸਮਾਜ ਵਿੱਚ ਵਾਪਰ ਰਹੀਆਂ ਅਜਿਹੀਆਂ ਹਿੰਸਾਤਮਕ ਘਟਨਾਵਾਂ ਦੀ ਕੁਝ ਜ਼ਿੰਮੇਵਾਰੀ ਕੈਨੇਡਾ ਸਰਕਾਰ ਦੇ ਇਮੀਗਰੇਸ਼ਨ ਵਿਭਾਗ ਉੱਤੇ ਵੀ ਆਉਂਦੀ ਹੈ। ਕੈਨੇਡਾ ਦੇ ਇਮੀਗਰੇਸ਼ਨ ਸਿਸਟਮ ਦੀਆਂ ਕਮਜ਼ੋਰੀਆਂ ਦਾ ਲਾਭ ਉਠਾ ਕੇ ਦੁਨੀਆਂ ਭਰ ਦੇ ਦੇਸ਼ਾਂ ਤੋਂ ਕਰਿਮਨਲ, ਡਰੱਗ ਸਮਗਲਰ, ਸੈਕਸ ਟਰੇਡਰ, ਪਿੰਪ, ਕਾਤਲ ਕੈਨੇਡਾ ਵਿੱਚ ਇਮਗਰੈਂਟ ਬਣ ਕੇ ਜਾਂ ਰਿਫੀਊਜੀ ਬਣ ਕੇ ਆ ਰਹੇ ਹਨ। ਟੋਰਾਂਟੋ, ਵੈਨਕੂਵਰ, ਵਿੰਨੀਪੈੱਗ, ਐਡਮੰਟਨ, ਕੈਲਗਰੀ, ਮਾਂਟਰੀਆਲ ਦੀਆਂ ਸੜਕਾਂ ਉੱਤਰ ਡਰੱਗ ਗੈਂਗਸਟਰਾਂ ਵੱਲੋਂ ਲੜੀ ਜਾ ਰਹੀ ਖ਼ੂਨੀ ਜੰਗ ਦੀਆਂ ਕੈਨੇਡਾ ਦੇ ਮੀਡੀਆ ਵਿੱਚ ਆ ਰਹੀਆਂ ਖ਼ਬਰਾਂ ਇਸ ਗੱਲ ਦੀਆਂ ਗਵਾਹ ਹਨ।
----
‘ਸ਼ਰਾਰੇ’ ਕਾਵਿ-ਸੰਗ੍ਰਹਿ ਪੜ੍ਹ ਕੇ ਇਸ ਤਰ੍ਹਾਂ ਦਾ ਅਹਿਸਾਸ ਹੁੰਦਾ ਹੈ ਜਿਵੇਂ ਬਚਪਨ ਵਿੱਚ ਸਾਡੀਆਂ ਮਾਵਾਂ, ਨਾਨੀਆਂ, ਦਾਦੀਆਂ ਲੋਕ-ਕਥਾਵਾਂ ਸੁਣਾ ਰਹੀਆਂ ਹੋਣ। ਇਨ੍ਹਾਂ ਲੋਕ-ਕਥਾਵਾਂ ਵਿੱਚ ਜ਼ਿੰਦਗੀ ਦਾ ਸੱਚ ਲੁਕਿਆ ਹੁੰਦਾ ਹੈ।
‘ਸ਼ਰਾਰੇ’ ਕਾਵਿ-ਸੰਗ੍ਰਹਿ ਨੂੰ ਲੋਕ-ਆਤਮਾ ਦੀ ਆਵਾਜ਼ ਕਹਿਣ ਵਿੱਚ ਮੈਨੂੰ ਜ਼ਰਾ ਜਿੰਨਾ ਵੀ ਸੰਕੋਚ ਨਹੀਂ। ਮੈਨੂੰ ਉਮੀਦ ਹੈ ਕਿ ਗਿੱਲ ਮੋਰਾਂਵਾਲੀ ਭਵਿੱਖ ਵਿੱਚ ਵੀ ਅਜਿਹੀ ਜ਼ਿੰਮੇਵਾਰੀ ਅਤੇ ਪ੍ਰਤੀਬੱਧਤਾ ਵਾਲੀ ਸ਼ਾਇਰੀ ਰਚਦਾ ਰਹੇਗਾ। ਅਜਿਹੇ ਪ੍ਰਗਤੀਸ਼ੀਲ ਸ਼ਾਇਰ ਨੂੰ ਮੇਰੀਆਂ ਦਿਲੀ ਮੁਬਾਰਕਾਂ।
No comments:
Post a Comment