ਪਰਵਾਸੀ ਪੰਜਾਬੀ ਅਨੇਕਾਂ ਪੱਧਰਾਂ ਉੱਤੇ ਦੋਗਲੀ ਜ਼ਿੰਦਗੀ ਜਿਉਂਦੇ ਹਨ; ਪਰ ਉਨ੍ਹਾਂ ਨੂੰ ਇਸਦਾ ਕੋਈ ਲਾਭ ਹੋਣ ਦੀ ਥਾਂ ਇਸਦੇ ਭਿਆਨਕ ਨਤੀਜੇ ਹੀ ਭੁਗਤਣੇ ਪੈਂਦੇ ਹਨ। ਇਹ ਦੋਗਲਾਪਣ ਸਭ ਤੋਂ ਵੱਧ ਪਰਵਾਸੀ ਪੰਜਾਬੀ ਸਭਿਆਚਾਰ ਰਾਹੀਂ ਪ੍ਰਗਟ ਹੁੰਦਾ ਹੈ। ਸਭਿਆਚਾਰ ਦਾ ਅਜਿਹਾ ਪ੍ਰਗਟਾ ਪਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਨਾਲ ਸਬੰਧਤ ਅਨੇਕਾਂ ਖੇਤਰਾਂ ਤੱਕ ਫੈਲਿਆ ਹੋਇਆ ਹੈ।
ਕੈਨੇਡੀਅਨ ਪੰਜਾਬੀ ਕਹਾਣੀਕਾਰ ਮੇਜਰ ਮਾਂਗਟ ਆਪਣੀ ਪੁਸਤਕ ‘ਤ੍ਰਿਸ਼ੰਕੂ’ ਵਿੱਚ ਸ਼ਾਮਿਲ ਕੀਤੀਆਂ ਗਈਆਂ ਕਹਾਣੀਆਂ ਰਾਹੀਂ, ਬੇਝਿਜਕ ਹੋ ਕੇ, ਪੰਜਾਬੀ ਸਭਿਆਚਾਰ ਦੇ ਅਜਿਹੇ ਦੋਗਲੇਪਣ ਦੇ ਮੁਖੌਟੇ ਉਤਾਰਦਾ ਹੈ। ਮੇਜਰ ਮਾਂਗਟ ਕੈਨੇਡਾ ਦੇ ਅਜਿਹੇ ਚੇਤੰਨ ਪੰਜਾਬੀ ਕਹਾਣੀਕਾਰਾਂ ਵਿੱਚੋਂ ਹੈ ਜੋ ਕਿ ਪਰਵਾਸੀ ਪੰਜਾਬੀਆਂ ਦੀ ਮਾਨਸਿਕਤਾ ਵਿਚਲੇ ਅਜਿਹੇ ਸੰਕਟ ਨੂੰ ਬੜੀ ਕਾਮਯਾਬੀ ਨਾਲ ਬਿਆਨ ਕਰਦੇ ਹਨ। ਉਸਦੀਆਂ ਕਹਾਣੀਆਂ ਵਿੱਚ ‘ਰੂਪਕ’ ਪੱਖ ਤੋਂ ਅਤੇ ‘ਤੱਤ’ ਦੇ ਪੱਖ ਤੋਂ ਸੰਤੁਲਨ ਬਣਿਆ ਰਹਿੰਦਾ ਹੈ। ਉਸਦੀਆਂ ਕਹਾਣੀਆਂ ਦੇ ਆਰੰਭ ਵਿੱਚ ਹੀ ਅਜਿਹੀ ਖਿੱਚ ਹੁੰਦੀ ਹੈ ਕਿ ਪਾਠਕ ਉਦੋਂ ਤੱਕ ਕਹਾਣੀ ਪੜ੍ਹਨੀ ਬੰਦ ਨਹੀਂ ਕਰਦਾ ਜਦੋਂ ਤੱਕ ਕਿ ਕਹਾਣੀ ਖ਼ਤਮ ਨਹੀਂ ਹੋ ਜਾਂਦੀ।
----
ਪਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਸਮਾਜਿਕ, ਸਭਿਆਚਾਰਕ, ਰਾਜਨੀਤਿਕ, ਆਰਥਿਕ, ਵਿੱਦਿਅਕ ਅਤੇ ਦਾਰਸ਼ਨਿਕ ਪੱਧਰ ਉੱਤੇ ਤਨਾਓ ਭਰੀ ਬਣੀ ਰਹਿੰਦੀ ਹੈ। ਇਸ ਮਾਨਸਿਕ ਤਨਾਓ ਦਾ ਕਾਰਨ ਉਨ੍ਹਾਂ ਦੀ ਚੇਤਨਤਾ ਵਿੱਚ ਨਿਰੰਤਰ ਚਲ ਰਿਹਾ ਦੋ ਸਭਿਆਚਾਰਾਂ ਵਿਚਲਾ ਟਕਰਾਓ ਹੁੰਦਾ ਹੈ। ਇੱਕ ਸਭਿਆਚਾਰ ਜੋ ਉਹ ਪਿੱਛੇ ਛੱਡ ਕੇ ਆਏ ਆਪਣੇ ਦੇਸ਼ ਤੋਂ ਆਪਣੇ ਨਾਲ ਲੈ ਕੇ ਆਏ ਹੁੰਦੇ ਹਨ ਅਤੇ ਦੂਜਾ ਸਭਿਆਚਾਰ ਜਿਸ ਵਿੱਚ ਉਹ ਨਵੇਂ ਅਪਣਾਏ ਦੇਸ਼ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹੁੰਦੇ ਹਨ। ਇਹ ਸਕਿਜ਼ੋਫਰੇਨਿਕ ਸਥਿਤੀ ਉਨ੍ਹਾਂ ਨੂੰ ਤ੍ਰਿਸ਼ੰਕੂ ਵਾਲੀ ਸਥਿਤੀ ਵਿੱਚ ਬਦਲ ਦਿੰਦੀ ਹੈ। ਉਹ ਅਕਸਰ ਮਹਿਸੂਸ ਕਰਦੇ ਹਨ ਕਿ ਨਾ ਤਾਂ ਨਵਾਂ ਅਪਣਾਇਆ ਦੇਸ਼ ਹੀ ਉਨ੍ਹਾਂ ਨੂੰ ਆਪਣਾ ਘਰ ਮਹਿਸੂਸ ਹੁੰਦਾ ਹੈ ਅਤੇ ਨਾ ਹੀ ਪਿੱਛੇ ਛੱਡੇ ਦੇਸ਼ ਨਾਲ ਹੀ ਉਨ੍ਹਾਂ ਦਾ ਕੋਈ ਨਾਤਾ ਬਾਕੀ ਰਹਿ ਗਿਆ ਹੁੰਦਾ ਹੈ।
----
ਮੇਜਰ ਮਾਂਗਟ ਦੀ ਕਹਾਣੀ ਕਲਾ ਨੂੰ ਸਮਝਣ ਲਈ ਉਸਦੀ ਪੁਸਤਕ ‘ਤ੍ਰਿਸ਼ੰਕੂ’ ਦੀ ਕਹਾਣੀ ‘ਗਮਲੇ ਦੇ ਫੁੱਲ’ ਤੋਂ ਗੱਲ ਸ਼ੁਰੂ ਕੀਤੀ ਜਾ ਸਕਦੀ ਹੈ। ਇਹ ਕਹਾਣੀ ਪੀੜ੍ਹੀਆਂ ਦੀ ਵਿੱਥ ਨੂੰ ਬੜੀ ਸਫਲਤਾ ਨਾਲ ਪੇਸ਼ ਕਰਦੀ ਹੈ। ਪੀੜ੍ਹੀਆਂ ਦੀ ਸੋਚ ਵਿਚਲੇ ਸੰਕਟ ਨੂੰ ਮੇਜਰ ਮਾਂਗਟ ਇਸ ਕਹਾਣੀ ਵਿੱਚ ਕਿਸ ਕਾਮਯਾਬੀ ਨਾਲ ਪੇਸ਼ ਕਰਦਾ ਹੈ, ਉਸਦਾ ਅੰਦਾਜ਼ਾ ਇਸ ਕਹਾਣੀ ਦੇ ਇਨ੍ਹਾਂ ਅਰੰਭਲੇ ਕੁਝ ਸ਼ਬਦਾਂ ਤੋਂ ਹੀ ਲਗਾਇਆ ਜਾ ਸਕਦਾ ਹੈ :
“ਗੈਰੀ ਅਤੇ ਹੈਰੀ ਦੋਵੇਂ ਭਰਾ ਸਨ। ਵੱਡਾ ਚੌਦਾਂ ਸਾਲਾਂ ਦਾ ਅਤੇ ਛੋਟਾ ਗਿਆਰਾਂ ਦਾ। ਦੋਨੇ ਸਨਾਵਰ ਸਕੂਲ ਤੋਂ ਗਰਮੀਆਂ ਦੀਆਂ ਛੁੱਟੀਆਂ ਕੱਟਣ ਆਪਣੀ ਜਨਮ-ਭੂਮੀ ਇੰਗਲੈਂਡ ਦੇ ਸ਼ਹਿਰ ਹੰਸਲੋ ਆਏ ਹੋਏ ਸਨ। ਉਨ੍ਹਾਂ ਦੀਆਂ ਛੁੱਟੀਆਂ ਦਾ ਇਹ ਆਖਰੀ ਹਫਤਾ ਬੀਤ ਰਿਹਾ ਸੀ। ਜਿਉਂ ਜਿਉਂ ਸਮਾਂ ਲੰਘਦਾ ਜਾ ਰਿਹਾ ਸੀ ਦੋਹਾਂ ਦੇ ਚਿਹਰੇ ਇਸ ਤਰ੍ਹਾਂ ਮੁਰਝਾਉਂਦੇ ਜਾ ਰਹੇ ਸਨ ਜਿਵੇਂ ਸੋਕੇ ਮਾਰੇ ਬੂਟੇ। ਇੰਗਲੈਂਡ ਦਾ ਮਾਹੌਲ ਜਿਵੇਂ ਇਨ੍ਹਾਂ ਮੁਰਝਾ ਰਹੇ ਬੂਟਿਆਂ ਲਈ ਪਾਣੀ ਹੋਵੇ। ਉਨ੍ਹਾਂ ਦਾ ਜੀ ਕਰਦਾ ਸੀ ਕਿ ਇਸ ਹਫਤੇ ਵਿੱਚ ਉਹ ਇੰਗਲੈਂਡ ਦਾ ਸਾਰਾ ਮਾਹੌਲ ਆਪਣੇ ਅੰਦਰ ਸਮੋ ਲੈਣ...ਛੋਟੇ ਭਰਾ ਨੇ ਵੱਡੇ ਨੂੰ ਕਿਹਾ “ਵੀਕ ਇੰਡ ਤੱਕ ਆਪਾਂ ਵੀ ਚਲੇ ਜਾਣਾ ਹੈ?” ਵੱਡੇ ਨੂੰ ਇਉਂ ਲੱਗਿਆ ਜਿਵੇਂ ਕਿਸੇ ਵਲੋਂ ਸੁਣਾਈ ਹੋਈ ਭਿਆਨਕ ਸਜ਼ਾ ਦਾ ਖ਼ਿਆਲ ਉਸਨੂੰ ਆ ਗਿਆ ਹੋਵੇ। ਤੇ ਉਸਦੀਆਂ ਅੱਖਾਂ ਨਮ ਹੋ ਗਈਆਂ. ਉਹ ਕੁਝ ਨ ਬੋਲਿਆ ਬਸ ਆਉਂਦੇ ਜਾਂਦੇ ਮੁਸਾਫਰਾਂ ਨੂੰ ਤੱਕਦਾ ਰਿਹਾ। ਛੋਟਾ ਫਿਰ ਬੋਲਿਆ “ਡੈਡ ਨੂੰ ਆਪਾਂ ਕਹਿ ਦਿੰਦੇ ਹਾਂ ਅਸੀਂ ਨਹੀਂ ਜਾਣਾ ਉੱਥੇ। ਕਿਉਂ ਜਾਈਏ ਅਸੀਂ ਉੱਥੇ?” ਵੱਡਾ ਸਿਰਫ ਚੁੱਪ ਰਿਹਾ ਤੇ ਅੱਥਰੂ ਆਪ ਮੁਹਾਰੇ ਉਸਦੀਆਂ ਅੱਖਾ ‘ਚੋਂ ਬਹਿ ਤੁਰੇ. ਤੇ ਫਿਰ ਜੇਬ ‘ਚੋਂ ਟਿਸ਼ੂ ਕੱਢ ਕੇ ਅੱਖਾਂ ਪੂੰਝਦਾ ਉਹ ਬਾਹਰ ਵਲ ਤੁਰ ਆਇਆ ਸੀ।”
----
ਪਰਵਾਸ ਵਿੱਚ ਰਹਿ ਰਹੇ ਪੰਜਾਬੀਆਂ ਦੀ ਇਹ ਇਕ ਤ੍ਰਾਸਦੀ ਹੈ ਕਿ ਉਹ ਸਰੀਰਕ ਤੌਰ ਉੱਤੇ ਆਰਥਿਕ ਕਾਰਣਾਂ ਕਰਕੇ ਰਹਿਣਾ ਤਾਂ ਬਦੇਸ਼ਾਂ ਵਿੱਚ ਚਾਹੁੰਦੇ ਹਨ ਪਰ ਮਾਨਸਿਕ ਤੌਰ ਉੱਤੇ ਉਹ ਸਮਾਜਿਕ ਅਤੇ ਸਭਿਆਚਾਰਕ ਕਦਰਾਂ-ਕੀਮਤਾਂ ਆਪਣੇ ਪਿਛੇ ਛੱਡ ਦੇਸ਼ ਵਾਲੀਆਂ ਹੀ ਮਾਨਣੀਆਂ ਚਾਹੁੰਦੇ ਹਨ। ਇਸ ਤੋਂ ਵੀ ਅਗੇਰੇ ਉਹ ਇਹ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੀ ਔਲਾਦ ਵੀ ਪਿੱਛੇ ਛੱਡ ਕੇ ਆਏ ਦੇਸ਼ ਵਾਲੀਆਂ ਸਮਾਜਿਕ ਅਤੇ ਸਭਿਆਚਾਰਕ ਕਦਰਾਂ-ਕੀਮਤਾਂ ਵਾਲੇ ਮਾਹੌਲ ਵਾਲੀ ਮਾਨਸਿਕਤਾ ਗ੍ਰਹਿਣ ਕਰਨ; ਪਰ ਅਜਿਹਾ ਸੰਭਵ ਨਹੀਂ ਹੋ ਸਕਦਾ. ਭਾਵੇਂ ਕਿ ਉਹ ਅਜਿਹਾ ਕਰਨ ਲਈ ਹਰ ਸੰਭਵ ਯਤਨ ਕਰਦੇ ਹਨ। ਇੱਥੋਂ ਤੱਕ ਕਿ ਆਪਣੇ ਬੱਚਿਆਂ ਨੂੰ ਵੀ ਇੰਡੀਆ ਦੇ ਸਕੂਲਾਂ ਵਿੱਚ ਪੜ੍ਹਨ ਲਈ ਭੇਜਦੇ ਹਨ। ਪਰ ਪਰਵਾਸ ਵਿੱਚ ਜੰਮੇ-ਪਲੇ ਬੱਚੇ ਆਪਣੇ ਮਾਪਿਆਂ ਵੱਲੋਂ ਲਏ ਗਏ ਅਜਿਹੇ ਫੈਸਲਿਆਂ ਨੂੰ ਆਪਣੇ ਉੱਤੇ ਕੀਤੇ ਗਏ ਅਤਿਆਚਾਰਾਂ ਦੇ ਰੂਪ ਵਿੱਚ ਲੈਂਦੇ ਹਨ ਅਤੇ ਉਚਿਤ ਸਮਾਂ ਮਿਲਦਿਆਂ ਹੀ ਆਪਣੇ ਮਾਪਿਆਂ ਦੀ ਅਜਿਹੀ ਸੋਚ ਵਿਰੁੱਧ ਵਿਦਰੋਹ ਕਰ ਦਿੰਦੇ ਹਨ। ਅਜਿਹੇ ਵਿਦਰੋਹ ਕਰਨ ਦਾ ਕਾਰਨ ਪਰਵਾਸ ਵਿੱਚ ਜਨਮੇ ਬੱਚਿਆਂ ਕੋਲ ਬੜਾ ਸਪੱਸ਼ਟ ਹੁੰਦਾ ਹੈ; ਉਹ ਇਹ ਬੜੀ ਚੰਗੀ ਤਰ੍ਹਾਂ ਸਮਝਦੇ ਹਨ ਕਿ ਜਿਹੜੀਆਂ ਕਦਰਾਂ-ਕੀਮਤਾਂ ਨੂੰ ਉਨ੍ਹਾਂ ਦੀ ਮਾਨਸਿਕਤਾ ਦਾ ਜ਼ਬਰਦਸਤੀ ਹਿੱਸਾ ਬਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਕਦਰਾਂ-ਕੀਮਤਾਂ ਉਨ੍ਹਾਂ ਦੇ ਪਰਵਾਸੀ ਸਭਿਆਚਾਰਾਂ ਦੀਆਂ ਕਦਰਾਂ-ਕੀਮਤਾਂ ਨਹੀਂ ਹਨ। ਇਸ ਨੁਕਤੇ ਨੂੰ ਵੀ ਮੇਜਰ ਮਾਂਗਟ ਨੇ ਆਪਣੀ ਕਹਾਣੀ ‘ਗਮਲੇ ਦੇ ਫੁੱਲ’ ਵਿੱਚ ਬੜੀ ਹੀ ਖ਼ੂਬਸੂਰਤੀ ਨਾਲ ਪੇਸ਼ ਕੀਤਾ ਹੈ। ਪੇਸ਼ ਹੈ ਮੇਜਰ ਮਾਂਗਟ ਦੀ ਪੇਸ਼ਕਾਰੀ ਦਾ ਅੰਦਾਜ਼:
“ਗੈਰੀ ਨੂੰ ਇਹ ਗੱਲ ਚੰਗੀ ਨਾ ਲੱਗੀ ਕਿ ਉਸਦਾ ਪਿਉ ਆਉਣ ਸਾਰ ਉਸਦੀ ਮਾਂ ਨੂੰ ਕੰਮ ਦੇ ਹੁਕਮ ਚਾੜ ਦੇਵੇ. ਉਹ ਵੀ ਤਾਂ ਕੰਮ ਤੋਂ ਆ ਕੇ ਅਜੇ ਮਸਾਂ ਘਰ ਵੜੀ ਸੀ। ਉਸਨੇ ਵੀ ਆਰਾਮ ਕਰਨਾ ਸੀ ਤੇ ਚਿਕਨ ਡੈਡੀ ਆਪ ਵੀ ਤਾਂ ਛਿੱਲ ਸਕਦੇ ਸਨ। ਜੇ ਭੁੱਖ ਲੱਗੀ ਹੋਈ ਸੀ ਤਾਂ ਆਮਲੇਟ ਵੀ ਆਪ ਬਣਾ ਕੇ ਖਾਹ ਸਕਦੇ ਸਨ। ਉਹ ਸੋਚਦਾ ਰਿਹਾ ਪਰ ਮੂਹੋਂ ਕੁਝ ਨਾ ਬੋਲਿਆ। ਕਿਉਂਕਿ ਉਹ ਜਾਣਦਾ ਸੀ ਕਿ ਇਹ ਡੈਡੀ ਦਾ ਸੱਭਿਆਚਾਰ ਹੈ। ਔਰਤ ਨੂੰ ਹੁਕਮ ਚਾੜਨਾ। ਬੱਚਿਆਂ ਨੂੰ ਹੁਕਮ ਚਾੜਨਾ। ਤੇ ਆਪਣੀ ਹਰ ਗਲਤ ਅਤੇ ਠੀਕ ਗੱਲ ਮਨਵਾਉਣੀ। ਸ਼ਾਇਦ ਇਹ ਸੱਭਿਆਚਾਰ ਸਿੱਖਣ ਹੀ ਡੈਡੀ ਨੇ ਉਨ੍ਹਾਂ ਨੂੰ ਇੰਡੀਆ ਪੜ੍ਹਨ ਲਾਇਆ ਸੀ, ਲਾਇਆ ਨਹੀਂ ਸਗੋਂ ਹੁਕਮ ਦਿੱਤਾ ਸੀ, ਬਗੈਰ ਉਨ੍ਹਾਂ ਦੀ ਇੱਛਾ ਜਾਨਣ ਦੇ. ਇੰਡੀਆ ਜਾ ਕੇ ਇਸ ਸਭਿਆਚਾਰ ਦਾ ਨਮੂਨਾ ਉਹ ਦੇਖ ਚੁੱਕੇ ਸਨ। ਜਿੱਥੇ ਹੁਕਮ ਚਾੜਨਾ ਅਤੇ ਹੁਕਮ ਮਨਾਉਣਾ ਹੀ ਸਭਿਆਚਾਰ ਸੀ। ਪਤੀ ਵੱਲੋਂ ਪਤਨੀ ਨੂੰ, ਪਿਉ ਵਲੋਂ ਪੁੱਤ ਨੂੰ, ਮਾਂ ਵੱਲੋਂ ਧੀ ਨੂੰ ਅਤੇ ਭੈਣ ਵੱਲੋਂ ਭਰਾ ਨੂੰ ਇਸੇ ਤਰ੍ਹਾਂ ਹੁਕਮ ਚਾੜੇ ਜਾਂਦੇ ਸਨ ਜਿਵੇਂ ਡੰਡੇ ਦੇ ਜ਼ੋਰ ਤੇ ਪਸ਼ੂਆਂ ਨੂੰ ਹਿੱਕਿਆ ਜਾਂਦਾ ਹੈ। ਉਨ੍ਹਾਂ ਨੂੰ ਵੀ ਡੰਡੇ ਦੇ ਜ਼ੋਰ ਨਾਲ ਕੱਟਿਆਂ ਵੱਛਿਆਂ ਵਾਂਗੂੰ ਹਿੱਕ ਕੇ ਇੰਡੀਆ ਭੇਜ ਦਿੱਤਾ ਸੀ। ਨਹੀਂ ਤਾਂ ਉਹ ਇੰਗਲੈਂਡ ਵਿੱਚ ਜੰਮੇ ਪਲੇ ਅਤੇ ਖੇਡੇ, ਅਤੇ ਏਥੇ ਹੀ ਉਨ੍ਹਾਂ ਦੇ ਦੋਸਤ ਮਿੱਤਰ ਸਨ। ਇੰਡੀਆ ਨਾਲ ਉਨ੍ਹਾਂ ਦਾ ਕੀ ਸਬੰਧ ਸੀ? ਬੱਸ ਇਹ ਹੀ ਕਿ ਉਹ ਉਨ੍ਹਾਂ ਦੇ ਡੈਡੀ ਦਾ ਦੇਸ਼ ਸੀ...?”
----
ਪਰਵਾਸੀ ਪੰਜਾਬੀਆਂ ਵੱਲੋਂ ਦਿਖਾਏ ਜਾਂਦੇ ਦੋਗਲੇ ਕਿਰਦਾਰ ਦੀ ਪੇਸ਼ਕਾਰੀ ਸਭ ਤੋਂ ਵੱਧ ਵਿਆਹਾਂ ਵੇਲੇ ਸਾਹਮਣੇ ਆਉਂਦੀ ਹੈ। ਪਰਵਾਸ ਵਿੱਚ ਰਹਿ ਰਹੇ ਪੰਜਾਬੀ ਆਪਣੇ ਧੀਆਂ/ਪੁੱਤਰਾਂ ਦੇ ਰਿਸ਼ਤੇ ਕਰਨ ਵੇਲੇ ਇਹ ਤਾਂ ਚਾਹੁੰਦੇ ਹਨ ਕਿ ਹੋਰਨਾਂ ਸਭਿਆਚਾਰਾਂ ਦੇ ਲੋਕ ਪੰਜਾਬੀ ਸਭਿਆਚਾਰਾਂ ਦੀਆਂ ਕਦਰਾਂ-ਕੀਮਤਾਂ/ਰੀਤੀ ਰਿਵਾਜ ਮੰਨਣ ਪਰ ਉਹ ਖ਼ੁਦ ਦੂਜੇ ਸਭਿਆਚਾਰਾਂ ਦੀ ਕੋਈ ਵੀ ਗੱਲ ਮੰਨਣ ਲਈ ਤਿਆਰ ਨਹੀਂ ਹੁੰਦੇ। ਦੂਜੇ ਸਭਿਆਚਾਰਾਂ ਨੂੰ ਉਹ ਆਪਣੇ ਸਭਿਆਚਾਰ ਤੋਂ ਘਟੀਆ ਸਮਝਦੇ ਹਨ। ਕਈ ਹਾਲਤਾਂ ਵਿੱਚ ਤਾਂ ਉਹ ਹੋਰਨਾਂ ਸਭਿਆਚਾਰਾਂ ਦੇ ਲੋਕਾਂ ਨੂੰ ਵੀ ਓਵੇਂ ਹੀ ਘਟੀਆ ਸਮਝਦੇ ਹਨ ਜਿਵੇਂ ਕਿ ਇੰਡੀਆ ਵਿੱਚ ਉਹ ਸਮਾਜ ਦੇ ਦੱਬੇ-ਕੁਚਲੇ ਲੋਕਾਂ ਨੂੰ ਚੂਹੜੇ/ਚਮਾਰ/ਕਮੀਣ ਵਰਗੇ ਸ਼ਬਦਾਂ ਨਾਲ ਸੰਬੋਧਿਤ ਕਰਦੇ ਹੋਏ ਆਪਣੇ ਆਪ ਨੂੰ ਉਨ੍ਹਾਂ ਨਾਲੋਂ ਬੇਹਤਰ ਇਨਸਾਨ ਸਮਝਦੇ ਆਏ ਹਨ। ਅਜਿਹੀ ਮਾਨਸਿਕਤਾ ਕਾਰਨ ਹੀ ਅਜਿਹੇ ਘੁਮੰਡੀ ਲੋਕ ਆਪਣੇ ਧੀਆਂ/ਪੁੱਤਰਾਂ ਦੇ ਰਿਸ਼ਤੇ ਸਮਾਜ ਵਿੱਚ ਦੱਬੇ ਕੁਚਲੇ ਲੋਕਾਂ ਦੇ ਚੰਗੇ ਪੜ੍ਹੇ ਲਿਖੇ ਧੀਆਂ/ਪੁੱਤਰਾਂ ਨਾਲ ਵੀ ਕਰਨ ਨੂੰ ਆਪਣੀ ਤੌਹੀਨ ਸਮਝਦੇ ਹਨ। ਪੰਜਾਬੀ ਸਭਿਆਚਾਰ ਦੇ ਅਜਿਹੇ ਦੋਗਲੇਪਣ ਨੂੰ ਵੀ ਮੇਜਰ ਮਾਂਗਟ ਆਪਣੀ ਕਹਾਣੀ ‘ਤ੍ਰਿਸ਼ੰਕੂ’ ਵਿੱਚ ਬੜੇ ਢੁੱਕਵੇਂ ਸ਼ਬਦਾਂ ਦੀ ਵਰਤੋਂ ਕਰਕੇ ਬੜੇ ਰੌਚਿਕ ਢੰਗ ਨਾਲ ਪੇਸ਼ ਕਰਦਾ ਹੈ:
“ਯਾਰ ਮੈਂ ਤਾਂ ਸੋਚਦਾ ਸੀ ਪੱਚੀ ਵਰ੍ਹੇ ਤੈਨੂੰ ਕੈਨੇਡਾ ਰਹਿੰਦੇ ਨੂੰ ਹੋ ਗਏ ਤੂੰ ਪੂਰਾ ਕੈਨੇਡੀਅਨ ਹੋ ਗਿਆ ਹੋਵੇਂਗਾ। ਤੂੰ ਤਾਂ ਅਜੇ ਆਪਣੇ ਪਿੰਡ ਦਾ ਬੰਨਾ ਵੀ ਨਹੀਂ ਟੱਪਿਆ। ਇਹ ਗਲੋਬਲ ਪਿੰਡ ਦੇ ਸੁਪਨੇ, ਸਾਂਝੀ ਨਸਲ ਦੀਆਂ ਗੱਲਾਂ ਤੇ ਗੁਰਬਾਣੀ ਦੀਆਂ ਤੁਕਾਂ ਜੋ ਤੂੰ ਪਹਿਲਾਂ ਮੈਨੂੰ ਬਿਆਨ ਕਰਕੇ ਹਟਿਆ ਏਂ; ਮੈਨੂੰ ਉਹ ਵੀ ਹਾਥੀ ਦੇ ਦੰਦਾਂ ਵਾਂਗੂੰ ਹੀ ਸਾਰਾ ਕੁਝ ਜਾਪਦਾ ਹੈ। ਗੁਰਦੇਵ ਸਿਆਂ ਜੇ ਤੇਰੇ ਮੁੰਡੇ ਦੀ ਬਜਾਏ ਤੇਰੀ ਕਿਸੀ ਕੁੜੀ ਨੇ ਵੀ ਕਾਲੇ ਜਮੀਕਣ ਨਾਲ ਵਿਆਹ ਕਰਵਾਉਣ ਦੀ ਸੋਚੀ ਹੁੰਦੀ ਤਾਂ ‘ਏਕ ਨੂਰ ਤੇ ਸਭ ਜੱਗ ਉਪਜਿਆ’ ਵਰਗੀ ਗੱਲ ਭੁੱਲ ਕੇ ਤੂੰ ਉਸਨੂੰ ਭੇਲਸੇ ਨਾਲ ਇੰਡੀਆ ਲਿਜਾਕੇ ਕਿਸੇ ਨੂੰ ਪੰਜ ਸੱਤ ਲੱਖ ਰੁਪਈਆ ਦੇ ਕੇ ਉਸ ਦਾ ਵੀ ਕੰਡਾ ਕੱਢਵਾ ਆਉਂਦਾ। ਉਹ ਡਾਕਟਰ ਬਨਣ ਵਾਲੀ ਜੂਲੀਆ ਤੈਨੂੰ ਪੈਸਾ ਕਮਾਉਣ ਵਾਲੀ ਮਸ਼ੀਨ ਦਿਖਾਈ ਦੇਣ ਕਰਕੇ ਚੰਗੀ ਲੱਗਦੀ ਹੈ ਤਾਂ ਕਿ ਤੇਰਾ ਸਮਾਜਕ ਰੁਤਬਾ ਹੋਰ ਉੱਚਾ ਹੋ ਜਾਵੇ। ਜੇ ਤੂੰ ਆਪਣੀ ਭਾਣਜੀ ਦਾ ਵਿਆਹ ਉਸ ਨੀਂਵੀਂ ਜ਼ਾਤ ਦੇ ਮੁੰਡੇ ਨਾਲ ਕਰਨ ਨੂੰ ਤਿਆਰ ਨਹੀਂ ਅਤੇ ਉਸ ਨੂੰ ਮਾਰ ਮੁਕਾਣ ਤੱਕ ਸੋਚਦਾ ਏਂ ਤੇ ਵਿਹੜੇ ਵਾਲਿਆਂ ਨੂੰ ਗਾਲਾਂ ਕੱਢਦਾ ਏਂ। ਤਾਂ ਇਹ ਗੋਰੇ ਆਪਾਂ ਕਾਲੇ ਰੰਗ ਵਾਲਿਆਂ ਨੂੰ ਕਿਵੇਂ ਬ੍ਰਦਾਸ਼ਤ ਕਰ ਲੈਣ? ਤੂੰ ਉਹਨਾਂ ਨੂੰ ਨਸਲਵਾਦੀ ਆਖਦਾ ਏਂ, ਤੇਰੇ ਆਪਣੇ ਅੰਦਰ ਮੱਚ ਰਿਹਾ ਨਸਲਵਾਦ ਦਾ ਭਾਂਬੜ ਤੈਨੂੰ ਕਦੀ ਦਿਖਾਈ ਨਹੀਂ ਦਿੱਤਾ? ਪਤਾ ਨਹੀਂ ਅਸੀਂ ਪੰਜਾਬੀ ਕਿਉਂ ਐਨੇ ਦੂਹਰੇ ਸਟੈਂਡਰਡ ਦੇ ਆਦੀ ਹੋ ਗਏ ਹਾਂ। ਸਾਡੇ ਖਾਣ ਦੇ ਦੰਦ ਹੋਰ ਅਤੇ ਦਿਖਾਣ ਦੇ ਦੰਦ ਹੋਰ ਨੇ। ਨਸਲਵਾਦ ਦਾ ਰੌਲਾ ਪਾਉਣ ਵਾਲੇ ਅਸੀਂ ਸਭ ਤੋਂ ਵੱਡੇ ਨਸਲਵਾਦੀ ਆਪ ਹਾਂ। ਜੇ ਸਭੇ ਮਨੁੱਖ ਬਰਾਬਰ ਹਨ ਫੇਰ ਵਿਆਹਾਂ ਵੇਲੇ ਇਹ ਜ਼ਾਤਾਂ ਗੋਤਾਂ ਦਾ ਰੌਲਾ ਕਿਉਂ? ਕਿਉਂ ਨਹੀਂ ਨੀਵੀਆਂ ਜ਼ਾਤਾਂ ਦੇ ਘਰੀਂ ਅਸੀਂ ਆਪਣੇ ਧੀਆਂ ਪੁੱਤ ਵਿਆਹ ਦਿੰਦੇ।”
----
ਪਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਨਾਲ ਜੁੜਿਆ ਇੱਕ ਹੋਰ ਵੱਡਾ ਮਸਲਾ ਹੈ - ਵਿਆਹਾਂ ਵਿੱਚ ਹੁੰਦੀ ਸੌਦੇਬਾਜ਼ੀ. ਕੈਨੇਡਾ ਆਉਣ ਦੀ ਲਾਲਸਾ ਹਿਤ ਇੰਡੀਆ / ਪਾਕਿਸਤਾਨ ਰਹਿੰਦੇ ਲੋਕ ਆਪਣੇ ਧੀਆਂ/ਪੁੱਤਰਾਂ ਦੇ ਸੌਦੇ ਭੇਡਾਂ-ਬੱਕਰੀਆਂ ਵਾਂਗ ਕਰਦੇ ਹਨ। ਅਜਿਹੀ ਸੌਦੇਬਾਜ਼ੀ ਅਧੀਨ ਹੋਏ ਵਿਆਹ ਹੀ ਫਿਰ ਅਨੇਕਾਂ ਤਰ੍ਹਾਂ ਦੀਆਂ ਸਮਾਜਿਕ, ਸਭਿਆਚਾਰਕ, ਆਰਥਿਕ ਸਮੱਸਿਆਵਾਂ ਨੂੰ ਜਨਮ ਦਿੰਦੇ ਹਨ। ਸੌਦੇਬਾਜ਼ੀ ਅਧੀਨ ਹੋਏ ਵਿਆਹਾਂ ਵਿੱਚ ਮੁੰਡੇ ਵਾਲਿਆਂ ਦੀ ਮੰਗ ਵਧਦੀ ਹੀ ਜਾਂਦੀ ਹੈ ਅਤੇ ਉਹ ਕੁੜੀ ਉੱਤੇ ਲਗਾਤਾਰ ਇਸ ਗੱਲ ਦਾ ਦਬਾ ਬਣਾਈ ਰੱਖਦੇ ਹਨ ਕਿ ਉਹ ਆਪਣੇ ਮਾਪਿਆਂ ਤੋਂ ਹੋਰ ਪੈਸੇ ਲਿਆਵੇ। ਅਨੇਕਾਂ ਹਾਲਤਾਂ ਵਿੱਚ ਜਦੋਂ ਕੁੜੀ ਦੇ ਮਾਪੇ ਮੁੰਡੇ ਵਾਲਿਆਂ ਦੀਆਂ ਨਿਤ ਦੀਆਂ ਮੰਗਾਂ ਪੂਰੀਆਂ ਨਹੀਂ ਕਰ ਸਕਦੇ ਤਾਂ ਮੁੰਡੇ ਦੇ ਪਰਵਾਰ ਵਾਲੇ ਲੋਕ ‘ਡਰੱਗ ਮਾਫੀਆ’ ਵਾਲਿਆਂ ਵਾਂਗੂੰ ਕੁੜੀ ਯਾਨਿ ਕਿ ਆਪਣੀ ਹੀ ਨੂੰਹ ਦਾ ਕਤਲ ਕਰ ਦਿੰਦੇ ਹਨ। ਇਹ ਗੱਲ ਪਰਵਾਸੀ ਪੰਜਾਬੀ ਸਭਿਆਚਾਰ ਵਿੱਚ ਇੱਕ ਆਮ ਵਰਗੀ ਹੀ ਗੱਲ ਬਣ ਚੁੱਕੀ ਹੈ। ਅਜਿਹੇ ਪਰਵਾਸੀ ਲੋਕ ਜੇਕਰ ਆਪਣੀ ਨੂੰਹ ਦਾ ਕੈਨੇਡਾ ਵਿੱਚ ਕਤਲ ਨਹੀਂ ਕਰ ਸਕਦੇ ਤਾਂ ਉਹ ਉਸਨੂੰ ਕਿਸੀ ਬਹਾਨੇ ਇੰਡੀਆ ਭੇਜ ਕੇ ਉਸਦਾ ਭਾੜੇ ਦੇ ਕਾਤਲਾਂ ਤੋਂ ਕਤਲ ਕਰਵਾ ਦਿੰਦੇ ਹਨ। ਅਜਿਹੀਆਂ ਖ਼ਬਰਾਂ ਕੈਨੇਡਾ ਦੇ ਮੀਡੀਏ ਦੀਆਂ ਅਕਸਰ ਹੀ ਸੁਰਖ਼ੀਆਂ ਬਣਦੀਆਂ ਰਹਿੰਦੀਆਂ ਹਨ।
----
ਜਿਹੜੀਆਂ ਪਰਵਾਸੀ ਪੰਜਾਬੀ ਪਤਨੀਆਂ ਆਪਣੇ ਪੇਕਿਆਂ ਤੋਂ ਹੋਰ ਪੈਸੇ ਲਿਆਉਣ ਲਈ ਆਪਣੇ ਪਤੀਆਂ ਵੱਲੋਂ ਪਾਏ ਜਾਂਦੇ ਦਬਾਓ ਤੋਂ ਬਚੀਆਂ ਰਹਿੰਦੀਆਂ ਹਨ; ਉਨ੍ਹਾਂ ਦੇ ਪਤੀ ਅਕਸਰ ਉਨ੍ਹਾਂ ਨੂੰ ਸਮਾਜਿਕ/ਸਭਿਆਚਾਰਕ ਕਦਰਾਂ-ਕੀਮਤਾਂ ਅਤੇ ਰਸਮਾਂ-ਰਿਵਾਜਾਂ ਦੇ ਨਾਮ ਉੱਤ ਜਲੀਲ ਕਰਦੇ ਰਹਿੰਦੇ ਹਨ ਅਤੇ ਮਾਨਸਿਕ ਤਸੀਹੇ ਦਿੰਦੇ ਹਨ। ਅਜਿਹੇ ਅਨਪੜ੍ਹ ਅਤੇ ਅਲਕੋਹਲਕ ਪਤੀ ਆਪਣੀਆਂ ਪਤਨੀਆਂ ਦੀ ਹਰ ਤਰ੍ਹਾਂ ਦੀ ਆਜ਼ਾਦੀ ਉੱਤੇ ਪਾਬੰਧੀਆਂ ਲਗਾਕੇ ਉਨ੍ਹਾਂ ਨੂੰ ਗੁਲਾਮਾਂ ਵਾਂਗ ਜਿਉਣ ਲਈ ਮਜਬੂਰ ਕਰਦੇ ਹਨ। ਜਿਹੜੀਆਂ ਪਤਨੀਆਂ ਅਜਿਹੇ ਪਤੀਆਂ ਦੇ ਅਜਿਹੇ ਵਤੀਰੇ ਦਾ ਵਿਰੋਧ ਕਰਦੀਆਂ ਹਨ ਉਨ੍ਹਾਂ ਦੀ ਕੁੱਟ ਮਾਰ ਕੀਤੀ ਜਾਂਦੀ ਹੈ. ਅਜਿਹੇ ਹੋਛੇ ਅਤੇ ਘੁਮੰਡੀ ਪੰਜਾਬੀ ਪਤੀਆਂ ਦੀ ਕੈਨੇਡਾ ਵਿੱਚ ਭਰਮਾਰ ਹੈ। ਜਿਨ੍ਹਾਂ ਲਈ ਜ਼ਿੰਦਗੀ ਜਿਉਣ ਦਾ ਅਰਥ ਮਹਿਜ਼ ਡਾਲਰ ਕਮਾਉਣੇ, ਰੱਜ ਕੇ ਮੀਟ ਖਾਣਾ ਅਤੇ ਹਰ ਸਮੇਂ ਸ਼ਰਾਬ ਪੀਕੇ ਮਦਹੋਸ਼ ਰਹਿਣਾ ਹੈ। ਅਜਿਹੇ ਹੀ ਅੱਖੜ ਕਿਸਮ ਦੇ ਇੱਕ ਪੰਜਾਬੀ ਪਤੀ ਦੇ ਵਰਤਾਓ ਬਾਰੇ ਮੇਜਰ ਮਾਂਗਟ ਦੀ ਕਹਾਣੀ ‘ਜਿੰਨ ਦੀ ਕੈਦ’ ਪਾਠਕ ਦਾ ਵਿਸ਼ੇਸ਼ ਧਿਆਨ ਖਿੱਚਦੀ ਹੈ:
“ਆਖਣ ਨੂੰ ਤਾਂ ਮੁੰਡਾ ਬਾਹਰਲੇ ਮੁਲਕ ਵਿੱਚੋਂ ਆਇਆ ਸੀ। ਰੂਪਾ ਵੀ ਏਹੋ ਸੋਚਦੀ ਸੀ ਕਿ ਵਿਕਸਤ ਮੁਲਕ ਵਿੱਚੋਂ ਆਇਆ ਹੈ ਸ਼ਾਇਦ ਵਿਕਸਤ ਖਿਆਲਾਂ ਦਾ ਹੋਵੇ ਪਰ ਬਾਅਦ ਵਿੱਚ ਜਾ ਕੇ ਉਸ ਨੂੰ ਪਤਾ ਲੱਗਿਆ ਕਿ ਅਜਿਹਾ ਨਹੀਂ ਸੀ। ਉਸਨੂੰ ਪਤਾ ਸੀ ਕਿ ਵਿਆਹ ਦਾ ਬੰਧਨ ਉਸ ਲਈ ਪਿੰਜਰਾ ਬਣ ਜਾਵੇਗਾ। ਇਸ ਪਿੰਜਰੇ ਵਿੱਚ ਉਸਦੇ ਪਰ ਕੁਤਰ ਦਿੱਤੇ ਗਏ ਸਨ। ਸੰਗੀਤ ਸੁਣਨਾ ਗਿੱਧਾ ਪਾਉਣਾ ਉਸ ਲਈ ਸਿਰਫ ਮਿੱਠੀਆਂ ਯਾਦਾਂ ਬਣ ਕੇ ਰਹਿ ਗਏ। ਕਦੀ ਕਦੀ ਉਹ ਸੋਚਦੀ, “ਇਹ ਮਰਦ ਵੀ ਕਿੰਨਾ ਬੇਦਰਦ ਹੁੰਦਾ ਹੈ ਆਪ ਭਾਵੇਂ ਕੁਝ ਵੀ ਕਰਦਾ ਫਿਰੇ ਪਰ ਔਰਤ ਦੇ ਪਰ ਕੁਤਰਨ ਨੂੰ ਸੈਕਿੰਡ ਲਾਉਂਦਾ ਹੈ।’
----
ਪਰਵਾਸੀ ਪੰਜਾਬੀਆਂ ਨੇ ਅਨੇਕਾਂ ਤਰ੍ਹਾਂ ਦੇ ਮਖੌਟੇ ਪਾਏ ਹੋਏ ਹਨ। ਆਪਣੇ ਪਰਵਾਰ ਦੇ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਕੈਨੇਡਾ ਪਹੁੰਚਾਉਣ ਲਈ ਹਰ ਨਜਾਇਜ਼ ਢੰਗ ਵਰਤਿਆ ਜਾਂਦਾ ਹੈ। ਪਿਓ ਆਪਣੀਆਂ ਧੀਆਂ ਨਾਲ ਵਿਆਹ ਕਰਕੇ ਅਤੇ ਪੁੱਤਰ ਆਪਣੀਆਂ ਹੀ ਮਾਵਾਂ ਨਾਲ ਵਿਆਹ ਕਰਕੇ ਉਨ੍ਹਾਂ ਨੂੰ ਕੈਨੇਡਾ ਲਈ ਸਪਾਂਸਰ ਕਰ ਰਹੇ ਹਨ। ਪਤੀ ਆਪਣੀਆਂ ਪਤਨੀਆਂ ਤੋਂ ਝੂਠੇ ਤਲਾਕ ਲੈ ਕੇ ਉਨ੍ਹਾਂ ਤੋਂ ਹੋਰਨਾਂ ਲੋਕਾਂ ਨੂੰ ਕੈਨੇਡਾ ਲਈ ਸਪਾਂਸਰ ਕਰਵਾ ਕੇ ਡਾਲਰ ਇਕੱਠੇ ਕਰਨ ਦੀ ਦੌੜ ਵਿੱਚ ਪੈ ਕੇ ਆਪਣੇ ਆਪਨੂੰ ਇਖ਼ਲਾਕੀ ਤੌਰ ਤੇ ਤਬਾਹ ਕਰ ਰਹੇ ਹਨ। ਮੇਜਰ ਮਾਂਗਟ ਦੀ ਕਹਾਣੀ ‘ਸ਼ਾਮਲਾਟ’ ‘ਚੋਂ ਅਜਿਹੀ ਹੀ ਇੱਕ ਸਥਿਤੀ ਨੂੰ ਬਿਆਨ ਕਰਦਾ ਇੱਕ ਸ਼ਬਦ ਰੂਪੀ ਦ੍ਰਿਸ਼ ਪੇਸ਼ ਹੈ:
“ਫੇਰ ਅਚਾਨਕ ਇੱਕ ਦਿਨ ਬਿੱਲੀ ਥੈਲੇ ਤੋਂ ਬਾਹਰ ਆ ਗਈ। ਸ਼ਨਿਚਰਵਾਰ ਦੀ ਸ਼ਾਮ ਸੀ। ਵੀਕ ਐਂਡ ਦੀ ਛੁੱਟੀ ਜਗਤਾਰ ਉਸਦੇ ਗੋਡੇ ਮੁੱਢ ਬੈਠਾ ਬੇਹੱਦ ਪਿਆਰ ਜਤਾ ਰਿਹਾ ਸੀ ਤੇ ਉਸਦੀਆਂ ਝੂਠੀਆਂ ਮੂਠੀਆਂ ਤਾਰੀਫ਼ਾਂ ਕਰ ਰਿਹਾ ਸੀ। ਰਾਵੀ ਨੂੰ ਖੁਸ਼ ਮੂਡ ਵਿੱਚ ਵੇਖਕੇ ਉਸ ਨੇ ਗੱਲ ਤੋਰੀ, “ ਰਵਿੰਦਰ ਤੇਰੇ ਨਾਲ ਇੱਕ ਗੱਲ ਕਰਨੀ ਸੀ?”
“ਦੱਸੋ.....” ਰਾਣੀ ਨੇ ਹੁੰਗਾਰਾ ਭਰਿਆ.
“ਆਪਣਾ ਦਲੀਪ ਹੈ ਨਾ....ਤੇਰਾ ਜੇਠ.”
“ਕੀ ਕਰਨਾ ਹੈ ਉਸਨੂੰ...” ਰਾਣੀ ਦਾ ਮੱਥਾ ਠਣਕਿਆ.
“ਉਸਨੂੰ ਕੈਨੇਡਾ ਕੱਢਣਾ ਹੈ।”
“ਕੱਢ ਲਉ ਫੇਰ...ਇਹਦੇ ‘ਚ ਮੈਥੋਂ ਕੀ ਪੁੱਛਣਾ ਹੈ?”
“ਤੂੰ ਹੀ ਤਾਂ ਕੱਢਣਾ ਹੈ ਉਸਨੂੰ...ਬਸ ਕੇਰਾਂ ਉਸ ਦੇ ਪੇਪਰ ਭਰ ਦੇ.” ਉਹ ਰਾਣੀ ਅੱਗੇ ਮਿਣ ਮਿਣ ਕਰਨ ਲੱਗਿਆ।
“ਮੈਂ ਕਿਵੇਂ ਭਰ ਸਕਦੀ ਹਾਂ ਪੇਪਰ ਵਿਆਹੀ ਵਰੀ ਹੋਈ।”
“ਲੈ ਪੇਪਰ ਭਰਨ ਦਾ ਕੀ ਹੈ...ਏਥੇ ਸਾਰਾ ਕੁਝ ਚਲਦਾ ਹੀ ਹੈ। ਆਪਣੇ ਲੋਕ ਭਰਦੇ ਹੀ ਨੇ ਜਾਅਲੀ ਪੇਪਰ...ਤੂੰ ਮੇਰੇ ਤੋਂ ਕਾਗਜ਼ਾਂ ਵਿੱਚ ਤਲਾਕ ਲੈ ਕੇ ਉਸ ਨਾਲ ਵਿਆਹ ਸ਼ੋਅ ਕਰ ਦੇ. ਇਸ ਨਾਲ ਤੈਨੂੰ ਕੀ ਫ਼ਰਕ ਪੈਣਾ....” ਉਹ ਮਿੰਨਤਾਂ ਤਰਲਿਆਂ ਤੇ ਉਤਰ ਆਇਆ ਸੀ।”
----
‘ਤ੍ਰਿਸ਼ੰਕੂ’ ਕਹਾਣੀ ਸੰਗ੍ਰਹਿ ਵਿੱਚ ਮੇਜਰ ਮਾਂਗਟ ਹੋਰ ਵੀ ਅਨੇਕਾਂ ਵਿਸ਼ਿਆਂ ਬਾਰੇ ਚਰਚਾ ਛੇੜਦਾ ਹੈ। ਇਸ ਸੰਗ੍ਰਹਿ ਵਿਚਲੀਆਂ ਕਹਾਣੀਆਂ ਜਿੱਥੇ ਪ੍ਰਵਾਸੀ ਪੰਜਾਬੀਆਂ ਦੇ ਮੁਖੌਟੇ ਉਤਾਰਦੀਆਂ ਹਨ, ਉੱਥੇ ਹੀ ਇਹ ਇੰਡੀਆ ਵਿੱਚ ਫੈਲੇ ਹੋਏ ਭ੍ਰਿਸ਼ਟਾਚਾਰ ਦਾ ਵੀ ਚਰਚਾ ਕਰਦੀਆਂ ਹਨ। ਭਾਵੇਂ ਕਿ ਇਹ ਕੋਈ ਗੱਲ ਬਹੁਤੀ ਨਵੀਂ ਨਹੀਂ। ਪਰ ਪੰਜਾਬ ਦੀ ਪੁਲਿਸ ਅਤੇ ਪੰਜਾਬ ਦੇ ਹਸਪਤਾਲਾਂ ਵਿੱਚ ਫੈਲਿਆ ਭ੍ਰਿਸ਼ਟਾਚਾਰ ਪਰਵਾਸੀ ਸੰਦਰਭ ਵਿੱਚ ਜਦੋਂ ਪੇਸ਼ ਕੀਤਾ ਜਾਂਦਾ ਹੈ ਤਾਂ ਉਹ ਪੁਲਿਸ ਸਭਿਆਚਾਰ ਅਤੇ ਹਸਪਤਾਲ ਸਭਿਆਚਾਰ ਦੇ ਵੀ ਮੁਖੌਟੇ ਉਤਾਰਦਾ ਹੈ। ‘ਅੱਗ ਦੀ ਨਦੀ’ ਕਹਾਣੀ ਇੱਕ ਪਰਵਾਸੀ ਜਗਤ ਸਿੰਘ ਨਾਲ ਸਬੰਧਤ ਹੈ। ਚੰਡੀਗੜ੍ਹ ਤੋਂ ਲੁਧਿਆਣੇ ਜਾਂਦਿਆਂ ਉਸਦੇ ਸਕੂਟਰ ਦੀ ਟੱਕਰ ਇੱਕ ਟਰੱਕ ਨਾਲ ਹੋ ਜਾਂਦੀ ਹੈ। ਇਹ ਟਰੱਕ ਗੁਰਮੀਤ ਸਿੰਘ ਗਰੇਵਾਲ ਨਾਮ ਦੇ ਇੱਕ ਟਰਾਂਸਪੋਰਟਰ ਦਾ ਹੁੰਦਾ ਹੈ। ਜੋ ਕਿ ਲਛਮਣ ਸਿੰਘ ਗਰੇਵਾਲ ਨਾਮ ਦੇ ਇੱਕ ਐਮ.ਐਲ.ਏ. ਦਾ ਭਰਾ ਹੁੰਦਾ ਹੈ। ਸਮਰਾਲੇ ਸ਼ਹਿਰ ਦੇ ਸਾਰੇ ਸ਼ਰਾਬ ਦੇ ਠੇਕੇ ਉਨ੍ਹਾਂ ਦੇ ਹੀ ਹੁੰਦੇ ਹਨ। ਉਹ ਪੰਜਾਬ ਦੀ ਭ੍ਰਿਸ਼ਟ ਪੁਲਿਸ ਦੇ ਅਫਸਰਾਂ ਦੀਆਂ ਜੇਬ੍ਹਾਂ ਭਰਕੇ ਜ਼ਖਮੀ ਹੋਏ ਜਗਤ ਸਿੰਘ ਦੇ ਗਰੀਬ ਭਰਾ ਭਰਪੂਰ ਸਿੰਘ ਦੀ ਮਜਬੂਰੀ ਦਾ ਲਾਭ ਉਠਾਉਂਦਾ ਹੈ। ਗੁਰਮੀਤ ਸਿੰਘ ਗਰੇਵਾਲ ਭਰਪੂਰ ਸਿੰਘ ਨੂੰ ਜਗਤ ਸਿੰਘ ਦੇ ਇਲਾਜ ਲਈ 60,000 ਰੁਪਏ ਦੇ ਕੇ ਉਸਤੋਂ ਰਾਜੀਨਾਮੇ ਉੱਤੇ ਦਸਖਤ ਕਰਵਾ ਲੈਂਦਾ ਹੈ ਕਿ ਉਹ ਇਸ ਤੋਂ ਬਾਹਦ ਟਰੱਕ ਵਾਲਿਆਂ ਉੱਤੇ ਕੋਈ ਹੋਰ ਮੁਕੱਦਮਾ ਨਹੀਂ ਕਰਨਗੇ। ਪੁਲਿਸ ਵੱਲੋਂ ਤਿਆਰ ਕੀਤੇ ਗਏ ਇਸ ਰਾਜੀਨਾਮੇ ਵਿੱਚ ਇਹ ਵੀ ਲਿਖਵਾ ਲਿਆ ਜਾਂਦਾ ਹੈ ਕਿ ਜਗਤ ਸਿੰਘ ਸਕੂਟਰ ਹਾਦਸੇ ਤੋਂ ਪਹਿਲਾਂ ਭਰਪੂਰ ਸਿੰਘ ਨਾਲ ਰਲਕੇ ਸ਼ਰਾਬ ਪੀਂਦਾ ਰਿਹਾ ਸੀ। ਜਦੋਂ ਕਿ ਅਸਲੀਅਤ ਇਹ ਸੀ ਕਿ ਜਗਤ ਸਿੰਘ ਤਾਂ ਸ਼ਰਾਬ ਪੀਂਦਾ ਹੀ ਨਹੀਂ ਸੀ। ਪੰਜਾਬ ਵਿੱਚ ਫੈਲੇ ਪੁਲਿਸ ਸਭਿਆਚਾਰ ਦੇ ਭ੍ਰਿਸ਼ਟਾਚਾਰ ਦੀ ਤਸਵੀਰ ‘ਅੱਗ ਦੀ ਨਦੀ’ ਕਹਾਣੀ ਵਿੱਚ ਮੇਜਰ ਮਾਂਗਟ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:
“ਥਾਣੇਦਾਰ ਨੇ ਭਾਸ਼ਾ ਨੂੰ ਪੁਲਿਸ ਦੀ ਪੁੱਠ ਚੜ੍ਹਾਈ, “ਓਏ ਬੈਠਾ ਕੀ ਆਪਣੀ ਮਾਂ ਬਾਰੇ ਸੋਚਦਾ ਏਂ ਉਧਰ ਤੇਰਾ ਪਿਉ ਮਰਨ ਡਿਹਾ ਏ ਤੂੰ ਸਾਡਾ ਵਕਤ ਬਰਬਾਦ ਕਰਦਾ ਏਂ...? ਸਾਲਾ ਦਿਹਾੜੀਦਾਰ ਜਿਹਾ। ਇੱਕ ਤਾਂ ਤੇਰੇ ਭਰਾ ਨੇ ਸਰਦਾਰ ਦੀ ਗੱਡੀ ਭੰਨ ਦਿੱਤੀ। ਅੰਨ੍ਹੇ ਹੋ ਕੇ ਤੁਸੀਂ ਸੜਕਾਂ ਤੇ ਤੁਰੇ ਫਿਰਦੇ ਉਂਅ ਤੇ ਉਪਰੋਂ ਤੂੰ ਤੀਹ ਹਜ਼ਾਰ ਰੁਪਈਆ ਲੈ ਲਿਆ। ਅਜੇ ਨਖਰੇ ਕਰਦਾ ਏਂ। ਮੈਂ ਤਾਂ ਸਰਦਾਰ ਦੇ ਮੂੰਹ ਨੂੰ ਚੁੱਪ ਆਂ ਨਹੀਂ ਤਾਂ ਕਦੋਂ ਦਾ ਲੰਮਾ ਪਾਇਆ ਹੋਣਾ ਸੀ। ਜਲਦੀ ਫੈਸਲਾ ਦੱਸ। ਜਾਂ ਪੈਸੇ ਫੜਾ ਜਾਂ ਰਾਜੀਨਾਮਾ ਕਰ,” ਉਸ ਨੇ ਮੋਟੇ ਢਿੱਡ ਨੂੰ ਕਈ ਵਾਰ ਪਲੋਸਿਆ।
ਭਰਪੂਰ ਨੇ ਸੋਚਿਆ ਜੇ ਮੈਂ ਪੈਸੇ ਨਾਂ ਲਏ, ਕੇਸ ਤਾਂ ਏਨ੍ਹਾਂ ਟ੍ਰਾਂਸਪੋਰਟਰਾਂ ਨੇ ਫੇਰ ਵੀ ਪੈਸੇ ਦੇ ਜ਼ੋਰ ਨਾਲ ਨਹੀਂ ਹੋਣ ਦੇਣਾ। ਜੇ ਮੈਂ ਪੈਸੇ ਲੈਂਦਾ ਨਹੀਂ ਤਾਂ ਮੇਰਾ ਭਰਾ ਇਲਾਜ ਵੱਲੋਂ ਮਰ ਜਾਵੇਗਾ। ਉਸਦਾ ਰੋਣ ਨਿਕਲ ਗਿਆ। ਉਸਨੇ ਥਾਣੇਦਾਰ ਨੂੰ ਰਾਜੀਨਾਮੇ ਲਈ ਹਾਂ ਕਰ ਦਿੱਤੀ।”
----
ਪਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਦਾ ਅਨਿੱਖੜ ਅੰਗ ਬਣ ਚੁੱਕੀ ਇੱਕ ਹੋਰ ਗੱਲ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਬਣਦਾ ਹੈ। ਪੰਜਾਹ-ਸੱਠ ਸਾਲ ਨੂੰ ਢੁਕੇ ਪਰਵਾਸੀ ਪੰਜਾਬੀ ਪੰਜਾਬ ਜਾ ਕੇ 20-22 ਸਾਲ ਦੀਆਂ ਕੁੜੀਆਂ ਵਿਆਹ ਲਿਆਂਦੇ ਹਨ. ਪਿਉਆਂ ਦੀ ਉਮਰ ਦੇ ਮਰਦ ਧੀਆਂ ਦੀ ਉਮਰ ਦੀਆਂ ਕੁੜੀਆਂ ਵਿਆਹ ਲਿਆਂਦੇ ਹਨ। ਅੱਲ੍ਹੜ ਉਮਰ ਦੀਆਂ ਔਰਤਾਂ ਆਪਣੇ ਮਾਪਿਆਂ ਵੱਲੋਂ ਉਨ੍ਹਾਂ ਉੱਤੇ ਕੀਤੇ ਜਾ ਰਹੇ ਇਸ ਅਤਿਆਚਾਰ ਦੇ ਵਿਰੁੱਧ ਵਿਦਰੋਹ ਵੀ ਕਰਦੀਆਂ ਹਨ ਤਾਂ ਉਨ੍ਹਾਂ ਦਾ ਰੋਣਾ ਕੁਰਲਾਣਾ ਕੋਈ ਨਹੀਂ ਸੁਣਦਾ। ਮਾਪਿਆਂ ਦੀ ਨਿਗਾਹ ਵਿੱਚ ਸਿਰਫ ਇੱਕ ਹੀ ਗੱਲ ਹੁੰਦੀ ਹੈ ਕਿ ਇੱਕ ਕੁੜੀ ਦੀ ਕੁਰਬਾਨੀ ਵੀ ਕਰ ਦਿੱਤੀ ਤਾਂ ਕੀ ਹੋਇਆ ਉਸਦੇ ਬਹਾਨੇ ਪ੍ਰਵਾਰ ਦੇ ਹੋਰ ਮੈਂਬਰ ਵੀ ਕੈਨੇਡਾ ਪਹੁੰਚ ਜਾਣਗੇ। ਅਜਿਹੇ ਬੁੱਢੇ ਮਰਦਾਂ ਵੱਲੋਂ ਵਿਆਹ ਕੇ ਲਿਆਂਦੀਆਂ ਹੋਈਆਂ ਅੱਲ੍ਹੜ ਉਮਰ ਦੀਆਂ ਪੰਜਾਬੀ ਔਰਤਾਂ ਦੀ ਜ਼ਿੰਦਗੀ ਕੈਨੇਡਾ ਆ ਕੇ ਕਿਹੋ ਜਿਹੀਆਂ ਹਾਲਤਾਂ ਵਿੱਚ ਗੁਜ਼ਰਦੀ ਹੈ - ਉਸਦਾ ਅੰਦਾਜ਼ਾ ਲਗਾਣਾ ਕੋਈ ਬਹੁਤਾ ਮੁਸ਼ਕਿਲ ਨਹੀਂ। ਕਿਉਂਕਿ ਅਜਿਹੇ ਮਰਦ ਇਨ੍ਹਾਂ ਨੌਜੁਆਨ ਔਰਤਾਂ ਦੀ ਜਿ਼ੰਦਗੀ ਨਾਲ ਸਬੰਧਤ ਕੋਈ ਵੀ ਚਾਅ ਪੂਰਾ ਕਰਨ ਦੇ ਕਾਬਿਲ ਨ ਹੋਣ ਕਾਰਨ ਆਪਣੀਆਂ ਪਤਨੀਆਂ ਨੂੰ ਨੌਕਰਾਂ ਵਾਂਗ ਰੱਖਦੇ ਹਨ। ਨਤੀਜੇ ਵਜੋਂ, ਅਜਿਹੇ ਮਰਦਾਂ ਦੇ ਘਰੋਂ ਬਾਹਰ ਜਾਣ ਦੀ ਦੇਰ ਹੁੰਦੀ ਹੈ ਕਿ ਉਨ੍ਹਾਂ ਦੀਆਂ ਨੌਜੁਆਨ ਪਤਨੀਆਂ ਆਪਣੇ ਹਾਣ ਦੇ ਮਰਦਾਂ ਨਾਲ ਆਪਣੇ ਚਾਅ ਮਲ੍ਹਾਰ ਪੂਰੇ ਕਰਨ ਲਈ ਘਰੋਂ ਨਿਕਲ ਪੈਂਦੀਆਂ ਹਨ। ਇਹ ਗੱਲਾਂ ਗੁੱਝੀਆਂ ਨਹੀਂ ਰਹਿੰਦੀਆਂ; ਬਲਕਿ ਸਾਰੀ ਕਮਿਊਨਿਟੀ ਵਿੱਚ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ. ਪਰ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕਰ ਸਕਦਾ। ਕਿਉਂਕਿ ਪੰਜਾਬ ਦੇ ਲਾਲਚੀ ਮਾਪੇ ਅਜਿਹੀਆਂ ਸਥਿਤੀਆਂ ਨਾਲ ਸਮਝੌਤੇ ਕਰਨ ਲਈ ਆਪ ਵੀ ਕਾਫੀ ਹੱਦ ਤੱਕ ਜਿੰਮੇਵਾਰ ਹਨ। ਇਸ ਪੱਖ ਤੋਂ ਮੇਜਰ ਮਾਂਗਟ ਦੀ ਕਹਾਣੀ ‘ਮੇਰੀ ਕਹਾਣੀ ਲਿਖੀਂ...’ ਦੀਆਂ ਹੇਠ ਲਿਖੀਆਂ ਸਤਰਾਂ ਕਾਫੀ ਕੁਛ ਕਹਿੰਦੀਆਂ ਪ੍ਰਤੀਤ ਹੁੰਦੀਆਂ ਹਨ:
“ਲੋਕ ਆਪਣੀਆਂ ਕੰਜ ਕੁਆਰੀਆਂ ਧੀਆਂ ਨੂੰ ਇਸ ਤਰ੍ਹਾਂ ਦਿਖਾਉਂਦੇ ਜਿਵੇਂ ਚੰਗਾ ਵਿਉਪਾਰੀ ਗਾਵਾਂ ਮੱਝਾਂ ਵੇਚਣ ਸਮੇਂ ਗਾਹਕ ਨੂੰ ਭਰਮਾਉਣ ਲਈ ਹਰ ਹੀਲਾ ਵਰਤਦਾ ਹੈ। ਤੇ ਫੇਰ ਗੈਰੀ ਦਾ ਬਾਪ ਵੀ ਆਇਆ ਸੀ ਆਪਣੀ ਵੱਡੀ ਧੀ ਦਾ ਰਿਸ਼ਤਾ ਲੈ ਕੇ। ਉਹ ਦੋ ਭੈਣਾਂ ਤੋਂ ਵੱਡੀ ਸੀ। ਸਿਰਫ ਅਠਾਰਾਂ ਸਾਲ ਦੀ ਤੇ ਬੀ.ਏ. ਦੇ ਆਖਰੀ ਸਾਲ ਵਿੱਚ ਪੜ੍ਹਦੀ ਸੀ। ਉਸਦੇ ਸੁਹੱਪਣ ਨੂੰ ਦੇਖ ਕੇ ਹਰਬੰਸ ਨੇ ਰੱਬ ਨੇ ਦਿੱਤੀਆਂ ਗਾਜਰਾਂ ਵਾਲੀ ਕਹੌਤ ਦੁਹਰਾਉਂਦਿਆਂ ਝੱਟ ਹਾਂ ਕਰ ਦਿੱਤੀ ਸੀ। ਤੇ ਫਿਰ ਧੂਮ ਧਾਮ ਨਾਲ ਵਿਆਹ ਹੋ ਗਿਆ...ਵਿਆਹ ਤੋਂ ਬਾਹਦ ਮਨਮੀਤ ਕਿੰਨੇ ਹੀ ਦਿਨ ਬੇਚੈਨ ਰਿਹਾ ਕਿ “ਐਨੀ ਸੋਹਣੀ ਤੇ ਘੱਟ ਉਮਰ ਦੀ ਕੁੜੀ ਉਸਦੇ ਭਰਾ ਨਾਲ ਵਿਆਹ ਕਰਵਾਉਣ ਨੂੰ ਕਿਵੇਂ ਮੰਨ ਗਈ”? ਕਿਸੇ ਨੇ ਕਿਹਾ ਸੀ ਕਿ “ਭਾਈ ਅਗਲੇ ਦੇ ਤਿੰਨ ਧੀਆਂ ਨੇ ਵਿਆਹ ਕਰਨੇ ਕਿਹੜਾ ਸੌਖੇ ਨੇ...ਇੱਕ ਕੁੜੀ ਦੀ ਬਲੀ ਦੇ ਕੇ ਦੋ ਬਚਦੀਆਂ ਨੇ। ਨਾਲੇ ਸਾਰਾ ਟੱਬਰ ਕੈਨੇਡਾ ਨਿਕਲਦਾ ਏ। ਏਥੇ ਐਨਾ ਦਾਜ ਦੇ ਕੇ ਕਿਹੜਾ ਵਿਆਹ ਕਰਨੇ ਸੌਖੇ ਨੇ। ਕੁੜੀਆਂ ਵੀ ਵਿਚਾਰੀਆਂ ਇਸੇ ਕਰਕੇ ਸਮਝੌਤਾ ਕਰ ਲੈਂਦੀਆਂ ਹਨ ਕਿ ਜੇ ਏਹੋ ਹਾਲ ਹੋਣਾ ਹੈ ਤਾਂ ਏਥੇ ਹੋਇਆ ਕਿ ਉੱਥੇ...ਜੇ ਹੋਰ ਨੀ ਤਾਂ ਕੈਨੇਡਾ ਵਿੱਚ ਕਾਨੂੰਨ ਤਾਂ ਚੰਗਾ ਹੈ। ਇੱਕ ਵਾਰ ਪਹੁੰਚਣ ਦੀ ਜ਼ਰੂਰਤ ਹੈ।”
----
ਅਜਿਹੀ ਹੀ ਸਥਿਤੀ ਨੂੰ ਮੇਜਰ ਮਾਂਗਟ ਨੇ ਕਹਾਣੀ ‘ਸ਼ਾਮਲਾਟ’ ਵਿੱਚ ਵੀ ਬਹੁਤ ਹੀ ਖ਼ੂਬਸੂਰਤੀ ਨਾਲ ਬਿਆਨ ਕੀਤਾ ਹੈ:
“ਉਸਨੇ ਵਿਆਹ ਬਾਰੇ ਸੁਪਨੇ ਤਾਂ ਵੇਖੇ ਸੀ ਪਰ ਉਸਨੂੰ ਇਹ ਨਹੀਂ ਸੀ ਪਤਾ ਕਿ ਵਿਆਹ ਲਫ਼ਜ਼ ਇੱਕ ਦਮ ਠਾਹ ਕਰਦਾ ਉਸਦੇ ਮੱਥੇ ਤੇ ਆ ਵੱਜੇਗਾ। ਉਸਦੀ ਚੁੱਪ ਨੂੰ ਤਾੜਦਿਆਂ ਮਾਂ ਨੇ ਫੇਰ ਕਿਹਾ ਸੀ, “ ਪੁੱਤਰ ਤੇਰਾ ਵੱਡਾ ਮਾਸੜ ਲਿਆ ਰਿਹਾ ਹੈ ਰਿਸ਼ਤਾ, ਮੁੰਡਾ ਬਾਹਰਲੇ ਮੁਲਕੋਂ ਆਇਆ, ਸੁਖ ਨਾਲ ਬਾਹਰਲੇ ਮੁੰਡੇ ਤਾਂ ਕਿਸਮਤ ਵਾਲਿਆਂ ਨੂੰ ਮਿਲਦੇ ਹਨ...ਨਾਲੇ ਤੂੰ ਛੋਟੇ ਭਰਾਵਾਂ ਦੀ ਸੋਚ ਤੇਰੇ ਸੰਗ ਉਨ੍ਹਾਂ ਦਾ ਵੀ ਵਿਚਾਰਿਆਂ ਦਾ ਕੁਝ ਬਣ ਜਾਵੇਗਾ...ਉਹ ਵੀ ਬਾਹਰ ਨਿਕਲ ਜਾਣਗੇ”...ਰਾਣੀ ਲਹੂ ਦੀਆਂ ਘੁੱਟਾਂ ਭਰ ਕੇ ਰਹਿ ਗਈ ਕਿ ਇੱਕੋ ਰਾਤ ਵਿੱਚ ਮਾਂ-ਬਾਪ ਕਿਉਂ ਐਨੇ ਸੁਆਰਥੀ ਹੋ ਗਏ ਕਿ ਉਸਨੂੰ ਆਪਣੀ ਮੰਜਿ਼ਲ ਲਈ ਪੌੜੀ ਬਣਾਕੇ ਵਰਤ ਸਕਦੇ ਹਨ. ਉਸਦਾ ਤਾਂ ਇਹ ਵੀ ਦਿਲ ਕਰਦਾ ਸੀ ਕਿ ਮਾਂ ਨੂੰ ਤੋੜਕੇ ਜਵਾਬ ਦੇ ਦੇਵੇ ਕਿ ਮੈਂ ਨਹੀਂ ਪਾਉਣੇ ਸੋਹਣੇ ਕੱਪੜੇ. ਮੈਂ ਕੋਈ ਗਾਂ ਮੱਝ ਥੋੜੇ ਹਾਂ ਜਿਸ ਨੂੰ ਹਾਰ ਸ਼ਿੰਗਾਰ ਕੇ ਮੰਡੀ ਵੇਚਣ ਜਾਣਾ ਹੈ। ਪਰ ਉਹ ਮਾਂ ਨੂੰ ਕੁਝ ਵੀ ਨਾ ਕਹਿ ਸਕੀ।”
‘ਤ੍ਰਿਸ਼ੰਕੂ’ ਕਹਾਣੀ ਸੰਗ੍ਰਹਿ ਬਾਰੇ ਗੱਲ ਉਦੋਂ ਤੱਕ ਮੁਕੰਮਲ ਨਹੀਂ ਹੋਵੇਗੀ ਜਦੋਂ ਤੱਕ ਕਿ ਇਨ੍ਹਾਂ ਕਹਾਣੀਆਂ ਵਿੱਚ ਚਰਚਾ ਦਾ ਵਿਸ਼ਾ ਬਣਾਈਆਂ ਗਈਆਂ ਦੋ ਗੱਲਾਂ ਬਾਰੇ ਗੱਲ ਨ ਕੀਤੀ ਜਾਵੇ।
----
ਪਰਵਾਸੀ ਪੰਜਾਬੀ ਜਿਵੇਂ ਪੰਜਾਬ ਵਿੱਚ ਸਮਾਜ ਦੇ ਦੱਬੇ-ਕੁਚਲੇ ਲੋਕਾਂ ਨਾਲ ਵਿਤਕਰਾ ਕਰਦੇ ਹਨ ਉਸੇ ਤਰ੍ਹਾਂ ਹੀ ਕੈਨੇਡਾ ਵਿੱਚ ਰਹਿ ਰਹੇ ਕਾਲੇ ਰੰਗ ਦੇ ਲੋਕਾਂ ਨਾਲ ਕਰਦੇ ਹਨ। ਕੈਨੇਡਾ ਇੱਕ ਬਹੁ-ਸਭਿਆਚਾਰਕ ਦੇਸ਼ ਹੈ. ਇੱਥੇ ਹਰ ਸ਼ਹਿਰ ਵਿੱਚ ਹੀ ਭਾਰਤੀ, ਜਮੀਕੇ, ਜਰਮਨ, ਪੋਲਿਸ਼, ਫਰੈਂਚ, ਸਪੈਨਿਸ਼, ਚੀਨੇ, ਜਪਾਨੀ, ਇਟਾਲੀਅਨ, ਰੂਸੀ, ਵੀਅਤਨਾਮੀ, ਕੋਰੀਅਨ ਅਤੇ ਹੋਰਨਾਂ ਦੇਸ਼ਾਂ ਤੋਂ ਕੈਨੇਡਾ ਆ ਕੇ ਵੱਸੇ ਹੋਏ ਲੋਕ ਮਿਲ ਜਾਂਦੇ ਹਨ. ਕੈਨੇਡੀਅਨ ਸਮਾਜ ਦੀ ਇਹੀ ਗੱਲ ਇਸ ਨੂੰ ਵਧੇਰੇ ਖ਼ੂਬਸੂਰਤ ਬਣਾਉਂਦੀ ਹੈ ਅਤੇ ਇਹੀ ਗੱਲ ਕੈਨੇਡੀਅਨ ਸਮਾਜ ਨੂੰ ਸ਼ਕਤੀ ਪ੍ਰਦਾਨ ਕਰਦੀ ਹੈ। ਪੰਜਾਬੀਆਂ ਦੇ ਅਜਿਹੇ ਵਿਤਕਰੇ ਭਰੇ ਸੁਭਾਅ ਬਾਰੇ ‘ਤੇ ਬੱਸ ਤੁਰਦੀ ਗਈ...’ ਕਹਾਣੀ ਵਿੱਚ ਮੇਜਰ ਮਾਂਗਟ ਕੁਝ ਇਸ ਤਰ੍ਹਾਂ ਗੱਲ ਕਰਦਾ ਹੈ:
“ਖਾਸ ਕਰਕੇ ਸਾਡੇ ਭਾਰਤੀ ਹੀ ਜੋ ਹੁਣ ਤੱਕ ਆਪ ਰੰਗ ਨਸਲ ਦਾ ਸ਼ਿਕਾਰ ਰਹੇ ਹਨ, ਕਾਲਿਆਂ ਨੂੰ ਚੋਰ, ਉਚੱਕੇ ਗੁੰਡੇ, ਖਰੂਦੀ ਜਾਂ ਚਰਿਤਰਹੀਣ ਵਿਅਕਤੀ ਸਮਝਦੇ। ਉਨ੍ਹਾਂ ਦੇ ਨੇੜੇ ਘਰ ਨਾ ਲੈਂਦੇ। ਉਨ੍ਹਾਂ ਨਾਲ ਦੋਸਤੀ ਨਾ ਰੱਖਦੇ ਤੇ ਆਪਣੇ ਬੱਚਿਆਂ ਨੂੰ ਕਾਲੇ ਰੰਗ ਵਾਲੇ ਜੁਆਨਾਂ ਨਾਲ ਖੇਡਣ ਤੋਂ ਵਰਜਦੇ ਹਨ। ਪਰ ਉਹ ਜਾਣਦਾ ਸੀ ਕਾਲੇ ਸਾਰੇ ਮਾੜੇ ਨਹੀਂ ਹੋ ਸਕਦੇ। ਹਰ ਕਮਿਊਨਿਟੀ ਦਾ ਇਸ ਮੁਲਕ ਵਿਚ ਆਪੋ ਆਪਣਾ ਇਤਿਹਾਸ ਹੈ। ਜਿਨ੍ਹਾਂ ਵਿੱਚ ਸਭ ਤੋਂ ਦੁਖਦਾਈ ਇਤਿਹਾਸ ਕਾਲੇ ਰੰਗ ਵਾਲੇ ਲੋਕਾਂ ਦਾ ਹੈ। ਜੋ ਕਦੀ ਇਸ ਮੁਲਕ ਵਿੱਚ ਗ਼ੁਲਾਮ ਬਣਾਕੇ ਲਿਆਂਦੇ ਗਏ ਸਨ। ਉਨ੍ਹਾਂ ਨੇ ਬੇਹੱਦ ਕੁੱਟ ਮਾਰ ਝੱਲੀ। ਅੰਤਾਂ ਦਾ ਕੰਮ ਕੀਤਾ ਤੇ ਉਨ੍ਹਾਂ ਦੀ ਸੋਚ ਕੁਰੱਖਤ ਹੋ ਗਈ. ਉਨ੍ਹਾਂ ਦੀ ਆਵਾਜ਼ ਨੂੰ ਏਨਾ ਦਬਾਇਆ ਗਿਆ ਕਿ ਉਚੀ ਸੰਗੀਤ ਵਜਾ ਕੇ ਉਨ੍ਹਾਂ ਨੂੰ ਖੁਸ਼ੀ ਮਿਲਦੀ. ਗੂੜੇ ਰੰਗਾਂ ਦੇ ਬੇਢੱਬੇ ਕੱਪੜੇ ਪਾ ਕੇ ਉਹ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦੇ। ਉਨ੍ਹਾਂ ਦੇ ਇਸ ਰਹਿਣ ਸਹਿਣ ਕਰਕੇ ਕਈ ਪੰਜਾਬੀ ਲੋਕ ਉਨ੍ਹਾਂ ਨੂੰ ਚੂਹੜੇ ਵੀ ਆਖਦੇ ਜੋ ਪੰਜਾਬ ਵਿੱਚ ਇਨ੍ਹਾਂ ਵਾਂਗੂੰ ਹੀ ਸਦੀਆਂ ਤੋਂ ਉੱਚੀਆਂ ਜਾਤਾਂ ਵਾਲਿਆਂ ਦੀ ਗ਼ੁਲਾਮ ਚਲੀ ਆ ਰਹੀ ਇੱਕ ਜਾਤੀ ਹੈ। ਜਿਸ ਦੇ ਸਾਰੇ ਰਹਿਣ ਸਹਿਣ ਦੇ ਢੰਗ ਇਨ੍ਹਾਂ ਨਾਲ ਮਿਲਦੇ ਹਨ. ਹਰਦੇਵ ਕਈ ਵਾਰੀ ਹੈਰਾਨ ਵੀ ਹੁੰਦਾ ਕਿ ਗ਼ੁਲਾਮੀ ਦੀ ਮਾਰ ਝੱਲਣ ਵਾਲੇ ਸਾਰੇ ਲੋਕਾਂ ਦੇ ਸੁਭਾਅ ਆਪਸ ਵਿੱਚ ਕਿਵੇਂ ਰਲ਼ਦੇ ਮਿਲ਼ਦੇ ਹਨ? ਪਰ ਉਸ ਨੂੰ ਸਮਝ ਨਹੀਂ ਸੀ ਪੈਂਦੀ ਕਿ ਭਾਰਤੀ ਲੋਕ ਗੋਰਿਆਂ ਦੀ ਰੀਸੋ-ਰੀਸ ਕਾਲਿਆਂ ਨੂੰ ਸਿਰਫ਼ ਉਨ੍ਹਾਂ ਦੇ ਰੰਗ ਕਰਕੇ ਕਿਉਂ ਘਟੀਆ ਸਮਝਦੇ ਸਨ?”
----
ਕੈਨੇਡੀਅਨ ਪੰਜਾਬੀ ਕਹਾਣੀਕਾਰ ਮੇਜਰ ਮਾਂਗਟ ਦਾ ਕਹਾਣੀ ਸੰਗ੍ਰਹਿ ‘ਤ੍ਰਿਸ਼ੰਕੂ’ ਕੈਨੇਡੀਅਨ ਪੰਜਾਬੀ ਪਰਵਾਸੀਆਂ ਦੇ ਦੋਗਲੇਪਣ ਨੂੰ ਕਲਾਤਮਕ ਢੰਗ ਨਾਲ ਪੇਸ਼ ਕਰਨ ਵਾਲੀ ਇੱਕ ਮਹੱਤਵਪੂਰਨ ਪੁਸਤਕ ਹੈ। ਇਸ ਪੁਸਤਕ ਦੀਆਂ ਕਹਾਣੀਆਂ ਪੜਕੇ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਮੇਜਰ ਮਾਂਗਟ ਇੱਕ ਚੇਤੰਨ, ਜਾਗਰੁਕ ਅਤੇ ਜਿੰਮੇਵਾਰ ਕੈਨੇਡੀਅਨ ਪੰਜਾਬੀ ਸਾਹਿਤਕਾਰ ਹੈ। ਉਹ ਜਾਣਦਾ ਹੈ ਕਿ ਲੋਕਾਂ ਦੀ ਮਾਨਸਿਕਤਾ ਵਿੱਚ ਫੈਲ ਰਹੇ ਸਭਿਆਚਾਰਕ ਪ੍ਰਦੂਸ਼ਣ ਦੇ ਕੈਂਸਰ ਦਾ ਇਲਾਜ ਕਰਨ ਲਈ ਤੇਜ਼ ਧਾਰ ਵਾਲੇ ਸ਼ਬਦਾਂ ਦੀ ਵਰਤੋਂ ਕਰਨ ਤੋਂ ਬਿਨ੍ਹਾਂ ਹੋਰ ਕੋਈ ਚਾਰਾ ਹੀ ਨਹੀਂ। ਮੇਜਰ ਮਾਂਗਟ ਵੱਲੋਂ ਅਜਿਹੇ ਢੁਕਵੇਂ ਸ਼ਬਦਾਂ, ਵਾਕਾਂ ਅਤੇ ਵਿਚਾਰਾਂ ਦੀ ਜੁਰੱਤ ਨਾਲ ਵਰਤੋਂ ਕਰਨ ਸਦਕਾ ਹੀ ਉਸਦੀਆਂ ਕਹਾਣੀਆਂ ਪੜ੍ਹਣਯੋਗ ਅਤੇ ਅਰਥ-ਭਰਪੂਰ ਬਣਦੀਆਂ ਹਨ। ਉਸਦੀਆਂ ਕਹਾਣੀਆਂ ਸਾਡੇ ਸਮਿਆਂ ਦੀ ਗੱਲ ਕਰਦੀਆਂ ਹਨ। ਇਸ ਪੁਸਤਕ ਦੇ ਪ੍ਰਕਾਸ਼ਿਤ ਹੋਣ ਨਾਲ ਕੈਨੇਡੀਅਨ ਪੰਜਾਬੀ ਕਹਾਣੀ ਅੰਤਰ-ਰਾਸ਼ਟਰੀ ਪੰਜਾਬੀ ਕਹਾਣੀ ਦੇ ਹਾਣ ਦੀ ਹੋ ਜਾਣ ਦੀ ਭਰਵੀਂ ਗਵਾਹੀ ਦਿੰਦੀ ਹੈ।
No comments:
Post a Comment