‘ਦਿਸਹੱਦੇ ਤੋਂ ਪਾਰ’ ਗ਼ਜ਼ਲ ਸੰਗ੍ਰਹਿ ਪੜ੍ਹਕੇ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਪਾਲ ਢਿੱਲੋਂ ਨਾ ਸਿਰਫ਼ ਮਨੁੱਖੀ ਜ਼ਿੰਦਗੀ ਨਾਲ ਸਬੰਧਿਤ ਮਸਲਿਆਂ ਨੂੰ ਹੀ ਆਪਣੀਆਂ ਗ਼ਜ਼ਲਾਂ ਦਾ ਵਿਸ਼ਾ ਬਣਾਉਂਦਾ ਹੈ ਬਲਕਿ ਉਹ ਆਪਣੇ ਚੌਗਿਰਦੇ ਵਿਚਲੇ ਫੁੱਲਾਂ, ਪੌਦਿਆਂ, ਬਿਰਖਾਂ, ਨਦੀਆਂ, ਦਰਿਆਵਾਂ ਨੂੰ ਵੀ ਆਪਣੀਆਂ ਗ਼ਜ਼ਲਾਂ ਦਾ ਵਿਸ਼ਾ ਬਣਾਉਂਦਾ ਹੈ। ਅਜੋਕੇ ਸਮਿਆਂ ਵਿੱਚ ਚੇਤੰਨ ਲੇਖਕ ਸਮਝਦਾ ਹੈ ਕਿ ਮਨੁੱਖ ਨੂੰ ਉਸਦੇ ਚੌਗਿਰਦੇ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ। ਸਦੀਆਂ ਤੱਕ ਮਨੁੱਖ ਵੱਲੋਂ ਦਿਖਾਈ ਗਈ ਅਣਗਹਿਲੀ ਦੇ ਅੱਜ ਅਸੀਂ ਨਤੀਜੇ ਭੁਗਤ ਰਹੇ ਹਾਂ। ਲਾਲਚੀ ਮਨੁੱਖ ਦੀਆਂ ਫੈਕਟਰੀਆਂ ‘ਚੋਂ ਨਿਕਲਦੀਆਂ ਜ਼ਹਿਰੀਲੀਆਂ ਗੈਸਾਂ ਨੇ ਵਾਤਾਵਰਨ ਨੂੰ ਪ੍ਰਦੂਸ਼ਤ ਕਰ ਦਿੱਤਾ। ਸੰਘਣੇ ਜੰਗਲ ਕੱਟ ਕੱਟ ਕੇ ਚੁੱਲਿਆਂ ‘ਚ ਬਾਲ ਲਏ. ਫੁੱਲ ਬੂਟੇ ਤੋੜ ਕੇ ਜਾਨਵਰਾਂ ਦੇ ਚਾਰੇ ਵਿੱਚ ਰਲਾ ਦਿੱਤੇ। ਮਨੁੱਖ ਵੱਲੋਂ ਦਿਖਾਈ ਗਈ ਅਜਿਹੀ ਗ਼ੈਰ-ਜ਼ਿੰਮੇਵਾਰੀ ਦੇ ਨਤੀਜਿਆਂ ਵਜੋਂ ਅੱਜ ਅਸੀਂ ਗਲੋਬਲ ਵਾਰਮਿੰਗ ਦਾ ਸਾਹਮਣਾ ਕਰ ਰਹੇ ਹਾਂ। ਤੇਜ਼ ਹਨ੍ਹੇਰੀਆਂ ਆ ਰਹੀਆਂ; ਸਮੁੰਦਰੀ ਤੂਫ਼ਾਨ ਆ ਰਹੇ ਹਨ; ਦਰਿਆਵਾਂ ‘ਚ ਹੜ੍ਹ ਆ ਰਹੇ ਹਨ; ਲੱਖਾਂ ਮੀਲਾਂ ਦਾ ਇਲਾਕਾ ਮਾਰੂਥਲ ਦਾ ਰੂਪ ਵਟਾ ਰਿਹਾ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਰੋਕਣ ਲਈ ਅਤੇ ਧਰਤੀ ਦੇ ਪੌਣ-ਪਾਣੀ ਵਿੱਚ ਸੰਤੁਲਨ ਪੈਦਾ ਕਰਨ ਲਈ ਸਾਨੂੰ ਆਪਣੇ ਚੌਗਿਰਦੇ ਨਾਲ ਇੱਕ ਵਾਰੀ ਫਿਰ ਦੋਸਤੀ ਪਾਉਣੀ ਪਵੇਗੀ। ਆਪਣੇ ਚੌਗਿਰਦੇ ਨੂੰ ਇੱਕ ਵਾਰੀ ਫਿਰ ਫੁੱਲਾਂ-ਪੌਦਿਆਂ ਨਾਲ ਸਜਾਉਣਾ ਪਵੇਗਾ। ਪਾਲ ਢਿੱਲੋਂ ਵੀ ਮਨੁੱਖ ਅਤੇ ਉਸਦੇ ਚੌਗਿਰਦੇ ਵਿਚਲੇ ਫੁੱਲਾਂ ਪੌਦਿਆਂ ਨਾਲ ਦੁਵੱਲੇ ਰਿਸ਼ਤੇ ਬਾਰੇ ਕੁਝ ਇਸ ਤਰ੍ਹਾਂ ਹੀ ਸੋਚਦਾ ਹੈ:
ਮਿਰੇ ਤੇ ਬਿਰਖ਼ ਵਿੱਚ ਏਨਾ ਕੁ ਹੀ ਬਸ ਫ਼ਰਕ ਹੈ ਯਾਰੋ
ਕਿ ਉਹ ਇਕ ਥਾਂ ਖਲੋਤਾ ਹੈ, ਮੈਂ ਚਲਦਾ, ਉਠਦਾ ਬਹਿੰਦਾ ਹਾਂ
----
ਬਿਰਖ ਅਤੇ ਪੌਦੇ ਨ ਸਿਰਫ ਸਾਡੇ ਚੌਗਿਰਦੇ ਨੂੰ ਖੂਬਸੂਰਤ ਹੀ ਬਣਾਉਂਦੇ ਹਨ, ਉਹ ਸਾਡੇ ਚੌਗਿਰਦੇ ਦੀ ਹਵਾ ਨੂੰ ਵੀ ਸਾਫ਼ ਰੱਖਣ ਵਿੱਚ ਸਾਡੀ ਮੱਦਦ ਕਰਦੇ ਹਨ। ਸ਼ਾਇਦ, ਇਸੇ ਕਰਕੇ ਹੀ ਅੱਜ ਵਿਸ਼ਵ ਭਰ ਵਿੱਚ ਇਹ ਨਾਹਰਾ ਗੂੰਜ ਉੱਠਿਆ ਹੈ ਕਿ ਸਾਡੇ ਚੌਗਿਰਦੇ ਵਿਚਲੀ ‘ਹਰਿਆਲੀ’ ਹੀ ਸਾਨੂੰ ਗ੍ਰਹਿ ਧਰਤੀ ਦੀਆਂ ਵੱਧਦੀਆਂ ਜਾ ਰਹੀਆਂ ਸਮੱਸਿਆਵਾਂ ਉੱਤੇ ਕਾਬੂ ਪਾਉਣ ਵਿੱਚ ਮੱਦਦ ਦੇ ਸਕੇਗੀ. ਧਰਤੀ ਦੇ ਮਿੱਤਰਾਂ ਵੱਲੋਂ ‘ਗਰੀਨ ਰੈਵੋਲੀਊਸ਼ਨ’ ਦਾ ਨਾਹਰਾ ਬੁਲੰਦ ਕੀਤਾ ਜਾ ਰਿਹਾ ਹੈ। ਧਰਤੀ ਉੱਤੇ ਹਰਿਆਲੀ ਵਧੇਗੀ ਤਾਂ ਧਰਤੀ ਦੇ ਪੌਣ ਪਾਣੀ ਵਿੱਚ ਨਮੀ ਵਧੇਗੀ। ਜਿਸ ਸਦਕਾ ਧਰਤੀ ਦੇ ਵਧ ਰਹੇ ਤਾਪਮਾਨ ਵਿੱਚ ਵੀ ਕਮੀ ਆਵੇਗੀ ਅਤੇ ਨਿਤ ਵਧ ਰਹੇ ਮਾਰੂਥਲ ਨੂੰ ਵੀ ਰੋਕਿਆ ਜਾ ਸਕੇਗਾ।
----
ਵਾਤਾਵਰਨ ਬਾਰੇ ਚੇਤਨਾ ਦੀਆਂ ਗੱਲਾਂ ਕਰਨ ਦੇ ਨਾਲ ਨਾਲ ਪਾਲ ਢਿੱਲੋਂ ਧਰਤੀ ਗ੍ਰਹਿ ਉੱਤੇ ਜ਼ਿੰਦਗੀ ਦੇ ਸੋਮੇ ਸੂਰਜ ਨੂੰ ਗਿਆਨ/ਵਿਗਿਆਨ ਦੀ ਚੇਤਨਾ ਦੀ ਰੌਸ਼ਨੀ ਦੇ ਬਿੰਬ ਵਜੋਂ ਆਪਣੀਆਂ ਗ਼ਜ਼ਲਾਂ ਦੇ ਸ਼ਿਅਰਾਂ ਵਿੱਚ ਵਰਤਦਾ ਹੈ:
ਜੀਵਨ ‘ਚੋਂ ਮਨਫ਼ੀ ਕਰ ਲੈਂਦੇ ਨੇ ਜੋ ਸੂਰਜ
ਬੈਠਣਗੇ ਉਹ ਸਾਰੀ ਉਮਰ ਹਨੇਰੇ ਸ਼ੀਸ਼ੇ
ਇਸੇ ਤਰ੍ਹਾਂ ਹੀ ਉਸ ਨੇ ਆਪਣੀਆਂ ਗ਼ਜ਼ਲਾਂ ਵਿੱਚ ‘ਹਨੇਰਾ’ ਅਤੇ ‘ਸਵੇਰਾ’ ਦਾ ਬਿੰਬ ਵਰਤਿਆ ਹੈ:
ਹਨੇਰਾ ਹੈ ਤਾਂ ਹਰ ਪਾਸੇ ਉਦਾਸੀ
ਉਦਾਸੀ ਦੀ ਦਵਾ ਸੂਹਾ ਸਵੇਰਾ
ਅਜੋਕੇ ਸਮਿਆਂ ਦੀਆਂ ਕਦਰਾਂ-ਕੀਮਤਾਂ ਅਤੇ ਜਿਉਣ ਦੇ ਢੰਗ ਉੱਤੇ ਸੁਆਲੀਆ ਨਿਸ਼ਾਨ ਲਗਾਉਂਦਿਆਂ ਪਾਲ ਢਿੱਲੋਂ ਪੁੱਛਦਾ ਹੈ ਕਿ ਮਨੁੱਖੀ ਸਭਿਅਤਾ ਦੇ ਇਤਿਹਾਸ ਵਿੱਚ ਮੁਹੰਮਦ, ਬੁੱਧ, ਨਾਨਕ ਜਿਹੇ ਮਹਾਨ ਪੁਰਖ ਇਸ ਧਰਤੀ ਉੱਤੇ ਆਏ। ਜਿਨ੍ਹਾਂ ਨੇ ਮਨੁੱਖ ਦੀ ਜ਼ਿੰਦਗੀ ਨੂੰ ਜਿਉਣ ਜੋਗੀ ਬਨਾਉਣ ਲਈ ਅਤੇ ਚੇਤਨਾ ਦਾ ਪਾਸਾਰ ਕਰਨ ਲਈ ਆਪਣੀ ਸਾਰੀ ਜ਼ਿੰਦਗੀ ਲਗਾ ਦਿੱਤੀ। ਅਜਿਹੇ ਮਹਾਂ-ਪੁਰਖਾਂ ਨੇ ਲੋਕ-ਕਲਿਆਣ ਨੂੰ ਆਪਣੀ ਜਿ਼ੰਦਗੀ ਦਾ ਮਨੋਰਥ ਬਣਾਇਆ। ਉਨ੍ਹਾਂ ਦੀ ਜ਼ਿੰਦਗੀ ਵਿੱਚ ਨਿੱਜੀ ਹਉਮੈਂ ਲਈ ਕੋਈ ਥਾਂ ਨਹੀਂ ਸੀ। ਇਹੀ ਕਾਰਨ ਹੈ ਕਿ ਸਦੀਆਂ ਬੀਤ ਜਾਣ ਬਾਹਦ ਵੀ ਲੱਖਾਂ ਕਰੋੜਾਂ ਲੋਕ ਉਨ੍ਹਾਂ ਦੇ ਵਿਚਾਰਾਂ ਦੇ ਸਮਰਥਕ ਹਨ ਅਤੇ ਅਜਿਹੇ ਸਮਰਥਕ ਦੁਨੀਆਂ ਦੇ ਕੋਨੇ ਕੋਨੇ ਵਿੱਚ ਫੈਲੇ ਹੋਏ ਹਨ। ਪਰ ਅੱਜ ਦਾ ਹਰ ਮਨੁੱਖ ਹਉਮੈ ਦਾ ਭਰਿਆ ‘ਮੈਂ’ ‘ਮੈਂ’ ਕਰਦਾ ਹਰ ਕਿਸੇ ਨੂੰ ਆਪਣੇ ਪੈਰਾਂ ਥੱਲੇ ਦਰੜ ਕੇ ਅੱਗੇ ਲੰਘ ਜਾਣਾ ਚਾਹੁੰਦਾ ਹੈ। ਪਾਲ ਢਿੱਲੋਂ ਨੂੰ ਵੀ ਇਸ ਗੱਲ ਦਾ ਅਹਿਸਾਸ ਹੈ, ਤਾਂ ਹੀ ਤਾਂ ਉਹ ਕਹਿੰਦਾ ਹੈ:
ਮੁਹੰਮਦ, ਬੁੱਧ, ਨਾਨਕ ਨੂੰ ਤਾਂ ਲਗਦੈ ਭੁੱਲ ਗਏ ਸਾਰੇ
ਅਜੋਕੇ ਯੁੱਗ ਵਿਚ ਹਰ ਸ਼ਖਸ ਅਬਦਾਲੀ, ਸਿਕੰਦਰ ਹੈ
----
ਅਜੋਕੇ ਸਮਿਆਂ ਦੀ ਗੱਲ ਕਰਦਿਆਂ ਪਾਲ ਢਿੱਲੋਂ ਇੱਕ ਹੋਰ ਗੱਲ ਵੱਲ ਸਾਡਾ ਧਿਆਨ ਦੁਆਉਂਦਾ ਹੈ। ਲੋਕ ਅੰਦਰੋਂ ਖੁਸ਼ ਨਹੀਂ ਹਨ ਪਰ ਚਿਹਰਿਆਂ ਉੱਤੇ ਬਣਾਉਟੀ ਮੁਸਕਰਾਹਟ ਲਿਆਕੇ ਝੂਠੀ ਖੁਸ਼ੀ ਦਾ ਦਿਖਾਵਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਸ਼ਾਇਦ, ਇਹ ਇਸ ਕਾਰਨ ਹੈ ਕਿ ਸਾਡੇ ਸਮਿਆਂ ਵਿੱਚ ਅਸਲੀ ਚੀਜ਼ਾਂ ਨਾਲੋਂ ਨਕਲੀ ਚੀਜ਼ਾਂ ਦੀ ਮਾਣਤਾ ਵੱਧ ਰਹੀ ਹੈ। ਪਰ ਇਹ ਵੀ ਇੱਕ ਹਕੀਕਤ ਹੈ ਕਿ ਨਕਲੀ ਫੁੱਲ ਜਿੰਨੇ ਮਰਜ਼ੀ ਖ਼ੂਬਸੂਰਤ ਬਣਾ ਲਏ ਜਾਣ ਉਨ੍ਹਾਂ ਵਿੱਚੋਂ ਕਦੀ ਵੀ ਖੁਸ਼ਬੋ ਨਹੀਂ ਆ ਸਕਦੀ। ਅਜਿਹੇ ਵਿਚਾਰਾਂ ਦਾ ਪ੍ਰਗਟਾ ਕਰਨ ਵਾਲੇ ਪਾਲ ਢਿੱਲੋਂ ਦੇ ਕੁਝ ਸ਼ਿਅਰ ਦੇਖੋ:
1. ਉਦਾਸੀ ਚਿਹਰਿਆਂ ‘ਤੇ ਪਰ ਖੁਸ਼ੀ ਦੇ ਗੀਤ ਨੇ ਗਾਉਂਦੇ
ਬਣੌਟੀ ਮਹਿਕ ਸੰਗ ਦੇਖਾਂ ਮੈਂ ਲੋਕੀ ਦਿਲ ਨੂੰ ਬਹਿਲਾਉਂਦੇ
2. ਇਹ ਕੈਸਾ ਵਕਤ ਆਇਆ ਹੈ ਹਰਿਕ ਥਾਂ ਹਰ ਦਿਸ਼ਾ ਅੰਦਰ
ਬਣੌਟੀ ਮਹਿਕ ਦੀ ਸਾਹਾਂ ‘ਚ ਹੁੰਦੀ ਹੈ ਚੁਭਨ ਯਾਰੋ
3. ਕਾਗਜ਼ੀ ਫੁੱਲ ਰਹਿਣਾ ਸਦਾ ਕਾਗਜ਼ੀ
ਛਿੜਕ ਇਸ ‘ਤੇ ਅਤਰ ਜਾਂ ਕੋਈ ਰੰਗ ਭਰ
ਵੀਹਵੀਂ ਸਦੀ ਵਿੱਚ ਮਨੁੱਖ ਨੇ ਗਿਆਨ/ਵਿਗਿਆਨ/ਤਕਨਾਲੋਜੀ ਦੇ ਖੇਤਰਾਂ ਵਿੱਚ ਬਹੁਤ ਤਰੱਕੀ ਕੀਤੀ। ਆਉਣ ਜਾਣ ਦੇ ਸਾਧਨਾਂ ਅਤੇ ਸੰਚਾਰ ਸਾਧਨਾਂ ਵਿੱਚ ਬਹੁਤ ਜ਼ਿਆਦਾ ਤਰੱਕੀ ਹੋਣ ਕਾਰਨ ਦੁਨੀਆਂ ਇੱਕ ਪਿੰਡ ਵਰਗੀ ਹੋ ਗਈ। ਹਜ਼ਾਰਾਂ ਮੀਲਾਂ ਦਾ ਫਾਸਲਾ ਕੁਝ ਘੰਟਿਆਂ ਵਿੱਚ ਮੁਕਾਇਆ ਜਾਣ ਲੱਗਾ। ਇੰਟਰਨੈੱਟ ਅਤੇ ਵਾਇਰਲੈੱਸ ਤਕਨਾਲੋਜੀ ਦੀ ਮੱਦਦ ਨਾਲ ਲੋਕ ਇੱਕ ਦੂਜੇ ਤੱਕ ਆਪਣੇ ਸੁਨੇਹੇ ਸਕਿੰਟਾਂ ਵਿੱਚ ਪਹੁੰਚਾਉਂਣ ਲੱਗੇ। ਮਨੁੱਖ ਲੱਖਾਂ/ਕਰੋੜਾਂ ਮੀਲਾਂ ਦਾ ਫਾਸਲਾ ਤਹਿ ਕਰਕੇ ਚੰਨ ਦੀ ਧਰਤੀ ਉੱਤੇ ਵੀ ਆਪਣੇ ਪੈਰਾਂ ਦੇ ਨਿਸ਼ਾਨ ਲਗਾ ਆਇਆ ਅਤੇ ਸੋਲਰ ਸਿਸਟਮ ਦੇ ਹੋਰਨਾਂ ਗ੍ਰਹਿਆਂ ਉੱਤੇ ਪਹੁੰਚਣ ਦੇ ਸੁਪਣੇ ਦੇਖਣ ਲੱਗਾ। ਪਰ ਗਿਆਨ/ਵਿਗਿਆਨ ਦੇ ਖੇਤਰ ਵਿੱਚ ਏਨੀ ਤਰੱਕੀ ਕਰ ਲੈਣ ਦੇ ਬਾਵਜ਼ੂਦ ਵੀ ਮਨੁੱਖ ਸਭਿਆਚਾਰ ਅਤੇ ਧਰਮ ਦੇ ਖੇਤਰ ਵਿੱਚ ਪਛੜਿਆ ਹੀ ਰਿਹਾ। ਅੱਜ ਵੀ ਲੋਕ ਜ਼ਾਤ-ਪਾਤ ਅਤੇ ਊਚ-ਨੀਚ ਦੇ ਵੱਖਰੇਵੇਂ ਪੈਦਾ ਕਰਕੇ ਇੱਕ ਦੂਜੇ ਦਾ ਕਤਲ ਕਰ ਰਹੇ ਹਨ। ਧਰਮ ਦੇ ਨਾਮ ਉੱਤੇ ਮਨੁੱਖੀ ਖ਼ੂਨ ਦੀਆਂ ਨਦੀਆਂ ਬਹਾਈਆਂ ਜਾ ਰਹੀਆਂ ਹਨ। ਅਜੋਕੇ ਧਾਰਮਿਕ ਕੱਟੜਵਾਦੀ ਨੇਤਾ ਮਾਸੂਮ ਅਤੇ ਸਿੱਧੇ-ਸਾਧੇ ਨੌਜੁਆਨ ਮਰਦਾਂ/ਔਰਤਾਂ ਦੇ ਦਿਮਾਗ਼ਾਂ ਵਿੱਚ ਨਫ਼ਰਤ ਪੈਦਾ ਕਰਨ ਵਾਲੇ ਜ਼ਹਿਰੀਲੇ ਵਿਚਾਰ ਭਰ ਕੇ ਉਨ੍ਹਾਂ ਤੋਂ ਹੋਰਨਾਂ ਧਰਮਾਂ ਦੇ ਬੇਕਸੂਰ ਅਤੇ ਮਾਸੂਮ ਲੋਕਾਂ ਦੀਆਂ ਹੱਤਿਆਵਾਂ ਕਰਵਾਉਂਦੇ ਹਨ। ਅਜਿਹੇ ਗ਼ੈਰ-ਜਿੰਮੇਵਾਰ ਧਾਰਮਿਕ ਨੇਤਾ ਮਾਸੂਮ ਲੋਕਾਂ ਨੂੰ ਅਗਲੀ ਜ਼ਿੰਦਗੀ ਵਿੱਚ ਕੰਵਾਰੀਆਂ ਹੂਰਾਂ ਨਾਲ ਰੰਗ-ਰਲੀਆਂ ਮਨਾਉਣ ਦੇ ਸੁਪਨੇ ਦਿਖਾ ਕੇ ਉਨ੍ਹਾਂ ਨੂੰ ਕਾਤਲ ਬਣਾਉਂਦੇ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਕਰ ਦਿੰਦੇ ਹਨ। ਪਰਾ-ਆਧੁਨਿਕ ਸਮਿਆਂ ਦੇ ਇਸ ਮਨੁੱਖੀ ਮਹਾਂ-ਦੁਖਾਂਤ ਨੂੰ ਪਾਲ ਢਿੱਲੋਂ, ਬਹੁਤ ਹੀ ਸੰਖੇਪ ਸ਼ਬਦਾਂ ਵਿੱਚ, ਪਰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਰਾਹੀਂ, ਆਪਣੇ ਸ਼ਿਅਰਾਂ ਰਾਹੀਂ ਸਾਡੇ ਰੂ-ਬ-ਰੂ ਕਰਦਾ ਹੈ:
1. ਇਲਮ ਤੋਂ ਕੋਰੇ ਨੇ ਜਿਹੜੇ ਸ਼ਖ਼ਸ ਏਥੇ ਦੋਸਤੋ
ਬਿਰਖ਼ ਨਫ਼ਰਤ ਦਾ ਉਨ੍ਹਾਂ ਦੇ ਦਿਲ ‘ਚ ਲਾਇਆ ਜਾ ਰਿਹਾ
2. ‘ਜੋ ਮਰੇਗਾ ਧਰਮ ਖ਼ਾਤਰ ਸੁਰਗ ਵਿੱਚ ਹੂਰਾਂ ਮਿਲਣ’
ਇਹ ਮਾਸੂਮਾਂ ਦੇ ਦਿਲਾਂ ਵਿੱਚ ਝੂਠ ਪਾਇਆ ਜਾ ਰਿਹਾ
3. ‘ਰੱਤ ਵਹਾ ਧਰਮਾਂ ਦੇ ਨਾਂ’ ਉਸ ਨੂੰ ਸਿਖਾਇਆ ਜਾ ਰਿਹਾ
ਕਿੰਝ ਮਨੁੱਖੀ ਬੰਬ ਬਨਣਾ ਇਹ ਦਿਖਾਇਆ ਜਾ ਰਿਹਾ
4. ‘ਮਾਰ ਦੇ ਮੌਲਾ ਦੇ ਨਾਂ ‘ਤੇ ਮਾਰ ਦੇ ਮਾਸੂਮ ਨੂੰ’
ਪਾਠ ਅਜਕੱਲ੍ਹ ਧਰਮ ਦੇ ਨਾਂ ਇਹ ਪੜ੍ਹਾਇਆ ਜਾ ਰਿਹਾ
----
‘ਦਿਸਹੱਦੇ ਤੋਂ ਪਾਰ’ ਗ਼ਜ਼ਲ ਸੰਗ੍ਰਹਿ ਪੜ੍ਹਦਿਆਂ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਪਾਲ ਢਿੱਲੋਂ ਆਪਣੀਆਂ ਗ਼ਜ਼ਲਾਂ ਦਾ ਕੈਨਵਸ ਬਹੁਤ ਵਿਸ਼ਾਲ ਰੱਖਦਾ ਹੈ। ਰਾਜਨੀਤੀ, ਧਰਮ, ਸਭਿਆਚਾਰ, ਆਰਥਿਕਤਾ, ਵਿੱਦਿਆ, ਵਾਤਾਵਰਨ, ਦਰਸ਼ਨ - ਹਰ ਖੇਤਰ ਉਸਦੀਆਂ ਗ਼ਜ਼ਲਾਂ ਦੇ ਸ਼ਿਅਰਾਂ ਦਾ ਵਿਸ਼ਾ ਬਣ ਸਕਦਾ ਹੈ। ਉਹ ਇਸ ਗੱਲ ਨੂੰ ਵੀ ਭਲੀ-ਭਾਂਤ ਸਮਝਦਾ ਹੈ ਕਿ ਸੰਚਾਰ ਦੇ ਮਾਧਿਅਮ ਵਜੋਂ ਭਾਸ਼ਾ ਆਪਣੇ ਆਪ ਵਿੱਚ ਸੰਪੂਰਣ ਨਹੀਂ ਕਹੀ ਜਾ ਸਕਦੀ। ਕਈ ਵੇਰ ਸ਼ਬਦ ਜਿਹੜੀ ਗੱਲ ਕਹਿਣ ਵਿੱਚ ਸਫਲ ਨਹੀਂ ਹੁੰਦੇ, ਉਹ ਗੱਲ ਕਹਿਣ ਵਿੱਚ ਮਨੁੱਖ ਦੀ ਚੁੱਪ ਸਫਲ ਹੋ ਜਾਂਦੀ ਹੈ। ਚੁੱਪ ਦੀ ਆਪਣੀ ਜ਼ੁਬਾਨ ਹੁੰਦੀ ਹੈ। ਇਸੇ ਲਈ ਜਦੋਂ ਲੋਕ ਅਚਾਨਕ ਚੁੱਪ ਧਾਰ ਲੈਂਦੇ ਹਨ ਤਾਂ ਅਸੀਂ ਅੰਦਾਜ਼ਾ ਲਗਾਉਂਦੇ ਹਾਂ ਕਿ ਕੋਈ ਸਾਜ਼ਿਸ਼ ਘੜੀ ਜਾ ਰਹੀ ਹੈ ਜਾਂ ਜਦੋਂ ਮੌਸਮ ਵਿੱਚ ਇੱਕ ਦੰਮ ਖੜੌਤ ਆ ਜਾਵੇ, ਦਰਖਤਾਂ ਦੇ ਪੱਤੇ ਇੱਕ ਦੰਮ ਹਿੱਲਣੋਂ ਬੰਦ ਹੋ ਜਾਣ ਤਾਂ ਅਸੀਂ ਅਨੁਮਾਨ ਲਗਾਉਂਦੇ ਹਾਂ ਕਿ ਝੱਖੜ ਆਉਣ ਵਾਲਾ ਹੈ। ਭਾਸ਼ਾ ਦੀ ਅਜਿਹੀ ਸੀਮਾ ਅਤੇ ਸ਼ਬਦਾਂ ਤੋਂ ਪਾਰ ਜਾਣ ਦੀ ਗੱਲ ਇਨ੍ਹਾਂ ਸ਼ਿਅਰਾਂ ਵਿੱਚ ਵੀ ਕੀਤੀ ਗਈ ਹੈ:
1. ਉਸਦੇ ਦਿਲ ਦੀ ਇਬਾਰਤ ਨੂੰ ਮੈਂ ਪੜ੍ਹ ਲਿਆ
ਬੋਲ ਹੋਠਾਂ ‘ਤੇ ਭਾਵੇਂ ਹਰਿਕ ਚੁੱਪ ਰਿਹਾ
2. ਉਦਾਸੇ ਚਿਹਰਿਆਂ ‘ਤੇ ਮੌਨ ਸਿ਼ਕਵਾ ਸਾਫ਼ ਦਿਸਦਾ ਹੈ
ਨਜ਼ਰ ਹਰ ਇੱਕ ਪਥਰਾਈ, ਹੈ ਸਾਰੀ ਚੁੱਪ ਦੀ ਸਾਜਸ਼
3. ਕੰਧਾਂ ਦੇ ਵੀ ਕੰਨ ਹੁੰਦੇ ਨੇ ਸੋਚ ਲਵੀਂ ਤੂੰ
ਚੁੱਪ ਕਰਕੇ ਸੰਵਾਦ ਰਚਾ ਪਰ ਹੌਲੀ ਹੌਲੀ
4. ਚੁੱਪ ਦੀ ਤਰ੍ਹਾਂ ਹੀ ਚੁੱਪ ਸੀ ਦਿਲ ਦੀ ਜ਼ੁਬਾਨ ਵੀ
ਦਿਲ ਦੀ ਨਜ਼ਰ ਨਜ਼ਰ ਨੂੰ ਹਰਿਕ ਬਾਤ ਕਹਿ ਗਈ
-----
ਸਾਡੇ ਸਮਿਆਂ ਵਿੱਚ ਜਦੋਂ ਕਿ ਜ਼ਿੰਦਗੀ ਦੇ ਹਰ ਖੇਤਰ ਵਿੱਚ ਹਫੜਾ-ਦੱਫੜੀ ਮੱਚੀ ਹੋਈ ਹੈ, ਕੈਨੇਡੀਅਨ ਪੰਜਾਬੀ ਸਾਹਿਤ ਜਗਤ ਵਿੱਚ ਉਨ੍ਹਾਂ ਲੇਖਕਾਂ ਦੀਆਂ ਲਿਖਤਾਂ ਦਾ ਸੁਆਗਤ ਕਰਨਾ ਬਣਦਾ ਹੈ ਜੋ ਕਿ ਕੈਨੇਡੀਅਨ ਸਮਾਜ ਦੀ ਉਸਾਰੀ ਨੂੰ ਅਜਿਹੀਆਂ ਬੁਨਿਆਦਾਂ ਉੱਤੇ ਉਸਰਿਆ ਹੋਇਆ ਦੇਖਣਾ ਚਾਹੁੰਦੇ ਹਨ - ਜਿਸ ਵਿੱਚ ਧਰਮ, ਰੰਗ, ਨਸਲ, ਜ਼ਾਤ, ਪਾਤ, ਲਿੰਗ ਦੇ ਭੇਦਾਂ ਉੱਤੇ ਕਿਸੇ ਨਾਲ ਕੋਈ ਵਿਤਕਰਾ ਨ ਹੋਵੇ। ਜਿਸ ਸਮਾਜ ਵਿੱਚ ਅਨੇਕਾਂ ਸਭਿਆਚਾਰਾਂ ਦੇ ਲੋਕ ਬਾਗ ਵਿੱਚ ਉੱਗੇ ਰੰਗ-ਬਿਰੰਗੇ ਫੁੱਲਾਂ ਵਾਂਗ ਇਕੱਠੇ ਝੂਮ ਰਹੇ ਹੋਣ। ਕੈਨੇਡਾ ਦਾ ਬਹੁ-ਸਭਿਆਚਾਰਵਾਦ ਵਾਲਾ ਸਮਾਜ ਵੀ ਕੁਝ ਇਸ ਤਰ੍ਹਾਂ ਦਾ ਹੀ ਉਸਾਰਿਆ ਜਾਣਾ ਚਾਹੀਦਾ ਹੈ। ਧਰਤੀ, ਆਸਮਾਨ, ਹਵਾ, ਪਾਣੀ - ਇਹ ਸਭ ਦੇ ਸਾਂਝੇ ਹਨ। ਜਿਹੜੇ ਲੋਕ ਬੋਲੀਆਂ ਅਤੇ ਧਰਮਾਂ ਦੇ ਨਾਮ ਉੱਤੇ ਵੰਡੀਆਂ ਪਾਉਂਦੇ ਹਨ ਪਾਲ ਢਿੱਲੋਂ ਉਨ੍ਹਾਂ ਨੂੰ ਕਰੜੇ ਹੱਥੀਂ ਲੈਂਦਾ ਹੈ:
ਤੁਸੀਂ ਜੋ ਵੰਡ ਲਿਆ ਹੈ ਬੋਲੀਆਂ ਧਰਮਾਂ ਤੇ ਨਸਲਾਂ ਵਿੱਚ
ਕੀ ਸਾਡਾ ਸਾਰਿਆਂ ਦਾ ਹੀ ਨਹੀਂ ਸਾਂਝਾ ਗਗਨ ਯਾਰੋ ?
-----
ਲੋਕ-ਏਕਤਾ ਦਾ ਮੁੱਦਈ, ਵਿਸ਼ਵ-ਅਮਨ ਦਾ ਪੁਜਾਰੀ, ਜੰਗ-ਬਾਜ਼ਾਂ ਦਾ ਵਿਰੋਧੀ, ਬਹੁ-ਸਭਿਆਚਾਰਵਾਦ ਦਾ ਸਮੱਰਥਕ, ਔਰਤ-ਮਰਦ ਦੇ ਹੱਕਾਂ ਦੀ ਬਰਾਬਰੀ ਦੀ ਗੱਲ ਕਰਨ ਵਾਲਾ, ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਅਤੇ ਜ਼ਾਲਮ ਹੁਕਮਰਾਨਾਂ ਦੀ ਸਖਤ ਆਲੋਚਨਾ ਕਰਨ ਵਾਲਾ ਪਾਲ ਢਿੱਲੋਂ ਕੈਨੇਡਾ ਦਾ ਇੱਕ ਚੇਤੰਨ ਪੰਜਾਬੀ ਸ਼ਾਇਰ ਹੈ।
----
‘ਦਿਸਹੱਦੇ ਤੋਂ ਪਾਰ’ ਗ਼ਜ਼ਲ ਸੰਗ੍ਰਹਿ ਪ੍ਰਕਾਸ਼ਿਤ ਕਰਕੇ ਪਾਲ ਢਿੱਲੋਂ ਨੇ ਕੈਨੇਡਾ ਦੇ ਪੰਜਾਬੀ ਸਾਹਿਤ ਨੂੰ ਗ਼ਜ਼ਲ ਦੇ ਖੇਤਰ ਵਿੱਚ ਅਮੀਰ ਬਣਾਇਆ ਹੈ। ਗ਼ਜ਼ਲ ਲਿਖਣ ਸਮੇਂ ਪਾਲ ਢਿੱਲੋਂ ਇਸ ਗੱਲ ਵੱਲੋਂ ਚੇਤੰਨ ਰਹਿੰਦਾ ਹੈ ਕਿ ਉਸਦੀ ਗ਼ਜ਼ਲ ਦਾ ਸ਼ਿਅਰ ਸ਼ਿਲਪਕਾਰੀ ਦੇ ਪੱਖੋਂ ਅਤੇ ਤੱਤਸਾਰ ਦੇ ਪੱਖੋਂ ਪੂਰੀ ਤਰ੍ਹਾਂ ਸੰਤੁਲਿਤ ਰਹੇ। ਇੱਕ ਗ਼ਜ਼ਲਗੋ ਦੀਆਂ ਗ਼ਜ਼ਲਾਂ ਦਾ ਇਹੀ ਗੁਣ ਹੀ ਉਸਨੂੰ ਇੱਕ ਸਫ਼ਲ ਗ਼ਜ਼ਲਗੋ ਬਣਾਉਂਦਾ ਹੈ। ਅਜਿਹੀ ਜ਼ਿਕਰਯੋਗ ਪੁਸਤਕ ਦੀ ਪ੍ਰਕਾਸ਼ਨਾ ਕਰਨ ਲਈ ਪਾਲ ਢਿੱਲੋਂ ਨੂੰ ਮੇਰੀਆਂ ਦਿਲੀ ਮੁਬਾਰਕਾਂ!
No comments:
Post a Comment