ਗੁਰਦਿਆਲ ਕੰਵਲ ਪਿਛਲੇ ਤਕਰੀਬਨ ਚਾਰ ਦਹਾਕਿਆਂ ਤੋਂ ਕੈਨੇਡੀਅਨ ਪੰਜਾਬੀ ਸਾਹਿਤਕ ਸਰਗਰਮੀਆਂ ਨਾਲ ਜੁੜਿਆ ਹੋਇਆ ਹੈ। ‘ਮੂੰਹ ਬੋਲਦਾ ਸੂਰਜ’ ਉਸਦਾ ਚੌਥਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਹ ‘ਸੱਜਰੇ ਸੁਫਨੇ’ (1970), ‘ਮੀਲ ਪੱਥਰ’ (1978) ਅਤੇ ‘ਕੰਚ ਕੰਕਰਾਂ’ (1981) ਵਿੱਚ ਪ੍ਰਕਾਸ਼ਿਤ ਕਰ ਚੁੱਕਾ ਹੈ।
----
‘ਮੂੰਹ ਬੋਲਦਾ ਸੂਰਜ’ ਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਕੀਤੀਆਂ ਗਈਆਂ ਵਧੇਰੇ ਕਵਿਤਾਵਾਂ ਨੂੰ ਨਿੱਜੀ ਅਨੁਭਵ ਦੀਆਂ ਕਵਿਤਾਵਾਂ ਹੀ ਕਹਿਣਾ ਵਧੇਰੇ ਯੋਗ ਹੋਵੇਗਾ। ਭਾਵੇਂ ਕਿ ਕੁਝ ਨਜ਼ਮਾਂ ਅਜਿਹੀਆਂ ਵੀ ਇਸ ਸੰਗ੍ਰਹਿ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ ਜੋ ਕਿ ਨਿੱਜੀ ਅਨੁਭਵ ਦੇ ਦਾਇਰਿਆਂ ਤੋਂ ਬਾਹਰ ਦੀ ਗੱਲ ਵੀ ਕਰਦੀਆਂ ਹਨ। ਇਸ ਦੇ ਬਾਵਜੂਦ ਇਨ੍ਹਾਂ ਕਵਿਤਾਵਾਂ ਵਿੱਚ ਸਮਾਜਿਕ, ਸਭਿਆਚਾਰਕ, ਰਾਜਨੀਤਿਕ ਜਾਂ ਧਾਰਮਿਕ ਮਸਲਿਆਂ ਨੂੰ ਕਿਤੇ ਵੀ ਕੇਂਦਰੀ ਮੁੱਦਾ ਨਹੀਂ ਬਣਾਇਆ ਗਿਆ। ਇਸ ਦੀ ਜਗ੍ਹਾ ਇਨ੍ਹਾਂ ਕਵਿਤਾਵਾਂ ਵਿੱਚ ਨਿੱਜੀ ਪੱਧਰ ਦੀਆਂ ਸਮੱਸਿਆਵਾਂ ਦਾ ਹੀ ਯਥਾਰਥਕ ਪੱਧਰ ਉੱਤੇ ਕਾਵਿਕ-ਵਿਸਥਾਰ ਸਿਰਜਿਆ ਗਿਆ ਹੈ।
----
ਇਸ ਕਾਵਿ-ਸੰਗ੍ਰਹਿ ਬਾਰੇ ਚਰਚਾ ‘ਮੈਂ ਜੋ ਵੀ ਕਰਦਾ ਹਾਂ’ ਨਾਮ ਦੀ ਕਵਿਤਾ ਵਿਚਲੀਆਂ ਇਨ੍ਹਾਂ ਕਾਵਿ ਸਤਰਾਂ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ:
ਮੈਂ ਜੋ ਵੀ ਕਰਦਾ ਹਾਂ
ਗਲਤ ਕਰਦਾ ਹਾਂ ਜਾਂ ਠੀਕ ਕਰਦਾ ਹਾਂ
ਮੈਂ ਉਸਦਾ ਫਲ਼ ਖਾਂਦਾ ਹਾਂ ਜਾਂ ਫਿਰ
ਦੰਡ ਭੁਗਤਦਾ ਹਾਂ
----
ਗੁਰਦਿਆਲ ਕੰਵਲ ਦਾ ਵਿਸ਼ਵਾਸ਼ ਹੈ ਕਿ ਜ਼ਿੰਦਗੀ ਇਕ ਕਰਮ-ਭੂਮੀ ਹੈ। ਨਿਰਸੰਦੇਹ, ਜ਼ਿੰਦਗੀ ਵਿੱਚ ਸਖਤ ਮਿਹਨਤ ਕਰਕੇ ਹੀ ਅਸੀਂ ਵੱਡੀਆਂ ਵੱਡੀਆਂ ਪ੍ਰਾਪਤੀਆਂ ਕਰਦੇ ਹਾਂ। ਅਨੇਕਾਂ ਵਾਰ ਜ਼ਿੰਦਗੀ ਵਿੱਚ ਅਜਿਹੀਆਂ ਗੱਲਾਂ ਦੇਖਣ ਨੂੰ ਵੀ ਮਿਲਦੀਆਂ ਹਨ ਜਦੋਂ ਕਿ ਮਿਹਨਤ ਕਰਨ ਵਾਲੇ ਲੋਕ ਤਾਂ ਦੁੱਖ ਭੋਗਦੇ ਹਨ ਪਰ ਵਿਹਲੇ ਰਹਿਣ ਵਾਲੇ ਲੋਕ, ਗਲਤ ਕੰਮ ਕਰਨ ਵਾਲੇ ਲੋਕ, ਵੱਡੀਆਂ ਵੱਡੀਆਂ ਪ੍ਰਾਪਤੀਆਂ ਕਰ ਲੈਂਦੇ ਹਨ ਜਾਂ ਵੱਡੇ-ਵੱਡੇ ਅਹੁਦਿਆਂ ਤੱਕ ਪਹੁੰਚ ਜਾਂਦੇ ਹਨ। ਇਸ ਤਰ੍ਹਾਂ ਮਿਹਨਤ ਕਰਨ ਨਾਲ ਚੰਗੇ ਫਲ ਦੀ ਪ੍ਰਾਪਤੀ ਹੁੰਦੀ ਹੈ ਵਰਗੇ ਵਿਗਿਆਨਕ ਸੁਭਾਅ ਵਾਲੇ ਜ਼ਿੰਦਗੀ ਦੇ ਅਸੂਲ ਵੀ ਗਲਤ ਸਾਬੁਤ ਹੁੰਦੇ ਦਿਖਾਈ ਦਿੰਦੇ ਹਨ।
----
‘ਮੂੰਹ ਬੋਲਦਾ ਸੂਰਜ’ ਕਾਵਿ-ਸੰਗ੍ਰਹਿ ਦੀ ਨਜ਼ਮ ‘ਕਾਲਾ ਸੂਰਜ’ ਨਿੱਜੀ ਰਿਸ਼ਤਿਆਂ ਦੀ ਗੱਲ ਕਰਦੀ ਹੈ। ਪ੍ਰਵਾਰਕ ਜ਼ਿੰਦਗੀ ਵਿੱਚ ਮਰਦ ਤਿੰਨ ਵੱਡੇ ਰਿਸ਼ਤਿਆਂ ਕਰਕੇ ਜਾਣਿਆਂ ਜਾਂਦਾ ਹੈ: ਪਤੀ, ਪੁੱਤਰ ਅਤੇ ਪਿਓ. ਇਨ੍ਹਾਂ ਰਿਸ਼ਤਿਆਂ ਵਿੱਚ ਮਰਦ ਵੱਲੋਂ ਨਿਭਾਏ ਗਏ ਆਪਣੇ ਕਿਰਦਾਰ ਦੇ ਚੰਗੇਪਣ ਜਾਂ ਮੰਦੇਪਣ ਕਾਰਨ ਹੀ ਸਮਾਜ ਵਿੱਚ ਉਸਦੀ ਪਹਿਚਾਣ ਬਣਦੀ ਹੈ। ਗੁਰਦਿਆਲ ਕੰਵਲ ਇਨ੍ਹਾਂ ਰਿਸ਼ਤਿਆਂ ਦੀ ਉਸਾਰੀ ਵਿੱਚ ਮਾਪਿਆਂ ਅਤੇ ਪਤਨੀਆਂ ਵੱਲੋਂ ਨਿਭਾਏ ਗਏ ਕਿਰਦਾਰ ਨੂੰ ਮਹੱਤਵ-ਪੂਰਨ ਸਮਝਦਾ ਹੈ। ਉਹ ਸਮਝਦਾ ਹੈ ਕਿ ਪੁੱਤਰ ਨੇ ਵੱਡਾ ਹੋ ਕਿ ਕਿਹੋ ਜਿਹਾ ਬਨਣਾ ਹੈ ਇਹ ਕਾਫੀ ਹੱਦ ਤੱਕ ਮਾਪਿਆਂ ਦੀ ਸੋਚ ਅਤੇ ਸਿਖਲਾਈ ਉੱਤੇ ਹੀ ਨਿਰਭਰ ਕਰਦਾ ਹੈ। ਗੁਰਦਿਆਲ ਕੰਵਲ ਇਸ ਗੱਲ ਵਿੱਚ ਵੀ ਵਿਸ਼ਵਾਸ ਕਰਦਾ ਹੈ ਕਿ ਇੱਕ ਮਰਦ ਵੱਲੋਂ ਚੰਗਾ ਜਾਂ ਬੁਰਾ ਪਤੀ ਹੋਣ ਵਿੱਚ ਪਤਨੀ ਦਾ ਵੀ ਬੜਾ ਵੱਡਾ ਹੱਥ ਹੁੰਦਾ ਹੈ। ਇੱਕ ਚੰਗੀ ਪਤਨੀ ਆਪਣੇ ਪਿਆਰ ਅਤੇ ਦੁਲਾਰ ਸਦਕਾ ਆਪਣੇ ਪਤੀ ਨੂੰ ਇੱਕ ਚੰਗੇ ਦੋਸਤ ਅਤੇ ਸਾਥੀ ਵਾਂਗ ਆਪਣੇ ਨਾਲ ਤੋਰਨ ਦੀ ਕੋਸ਼ਿਸ਼ ਕਰਦੀ ਹੈ। ਉਸਦੀਆਂ ਔਖੀਆਂ ਘੜੀਆਂ ਵਿੱਚ ਉਸਨੂੰ ਹੌਸਲਾ ਦਿੰਦੀ ਹੈ ਅਤੇ ਉਸਦੇ ਦੁੱਖਾਂ-ਦਰਦਾਂ, ਖੁਸ਼ੀਆਂ-ਗ਼ਮੀਆਂ ਨੂੰ ਆਪਣਾ ਸਮਝਦੀ ਹੈ। ਇਸ ਤਰ੍ਹਾਂ ਕਰਦਿਆਂ ਹੋਇਆਂ ਪਤੀ-ਪਤਨੀ ਅੰਦਰ ਇੱਕ ਦੂਜੇ ਲਈ ਅੰਦਰੂਨੀ ਖਿੱਚ ਪੈਦਾ ਹੁੰਦੀ ਹੈ ਅਤੇ ਉਹ ਇੱਕ ਦੂਜੇ ਦੇ ਨੇੜੇ ਨੇੜੇ ਰਹਿਣਾ ਪਸੰਦ ਕਰਦੇ ਹਨ। ਪਰ ਇਸਦੇ ਉਲਟ ਜੇਕਰ ਪਤਨੀ ਘੁਮੰਡ ਦੀ ਭਰੀ ਹੋਵੇ, ਗੱਲ ਗੱਲ ਉੱਤੇ ਪਤੀ ਦੇ ਨੁਕਸ ਕੱਢ ਕੇ ਆਪਣੀ ਹਾਉਮੈ ਦਾ ਵਿਖਾਲਾ ਕਰਦੀ ਹੋਵੇ, ਘਰ ਵਿੱਚ ਆਏ ਹਰ ਮਹਿਮਾਨ ਦੀ ਮੌਜੂਦਗੀ ਵਿੱਚ ਪਤੀ ਦੀ ਬੇਇਜ਼ਤੀ ਕਰਕੇ ਇਹ ਜਤਲਾਉਣ ਦੀ ਕੋਸ਼ਿਸ਼ ਕਰਦੀ ਰਹੇ ਕਿ ਉਸਦਾ ਪਤੀ ਤਾਂ ਕਿਸੇ ਕੰਮ ਜੋਗਾ ਨਹੀਂ ਤਾਂ ਪਤੀ ਕਦੀ ਵੀ ਆਪਣਾ ਚੰਗਾਪਣ ਨਹੀਂ ਦਿਖਾ ਸਕੇਗਾ। ਉਸ ਅੰਦਰ ਹੀਣ-ਭਾਵਨਾ ਭਰ ਜਾਵੇਗੀ। ਉਹ ਆਪਣੀ ਪਤਨੀ ਨੂੰ ਦੋਸਤ ਜਾਂ ਸਾਥੀ ਸਮਝਣ ਦੀ ਥਾਂ ਆਪਣਾ ਦੁਸ਼ਮਣ ਸਮਝਣ ਲੱਗ ਜਾਵੇਗਾ। ਗੁਰਦਿਆਲ ਕੰਵਲ ਦੀ ਕਵਿਤਾ ‘ਕਾਲਾ ਸੂਰਜ’ ਦੀਆਂ ਹੇਠ ਲਿਖੀਆਂ ਸਤਰਾਂ ਵੀ ਸਾਨੂੰ ਕੁਝ ਅਜਿਹੀ ਚੇਤਨਾ ਹੀ ਦਿੰਦੀਆਂ ਪ੍ਰਤੀਤ ਹੁੰਦੀਆਂ ਹਨ:
1. ਮੈਂ ਨਾ ਚੰਗਾ ਬੇਟਾ
ਨਾ ਮੈਂ ਚੰਗਾ ਪਤੀ
ਤੇ ਨਾ ਹੀ ਚੰਗਾ ਬਾਪ
ਪਤਾ ਨਹੀਂ ਕਿਉਂ ?
ਮੈਂ ਸੋਚਦਾ ਹਾਂ ਕਈ ਵੇਰ
ਕੀ ਇਹ ਕਸੂਰ ਮੇਰਾ
ਜਾਂ ਮਾਂ ਬਾਪ ਦਾ ਜਾਂ ਫਿਰ
ਦੋਨੋਂ ਪਤਨੀਆਂ ਦਾ
2. ਪੈਰਾਂ ‘ਤੇ ਤੁਰਨ ਦੀ ਜਾਚ ਤਾਂ
ਮਾਂ ਤੂੰ ਸਿਖਾ ਦਿਤੀ ਸੀ
ਰੋਟੀ ਕਮਾਉਂਣ ਦੀ ਜਾਚ
ਲਿਖਣ ਪੜ੍ਹਨ ਦੀ ਜਾਚ
ਵੀ ਤੂੰ ਹੀ ਮਾਂ ਸਿਖਾਈ
ਕਿਉਂ ਨਾ ਸਿਖਾਈ
ਮੈਨੂੰ ਜਾਚ ਜ਼ਿੰਦਗੀ
ਜਿਉਂਣ ਦੀ
----
ਸੋਚ ਦੀ ਪੱਧਰ ਉੱਤੇ ਇਸ ਕਾਵਿ-ਸੰਗ੍ਰਹਿ ਵਿੱਚਲੀਆਂ ਕੁਝ ਨਜ਼ਮਾਂ ਦਸਦੀਆਂ ਹਨ ਕਿ ਇਨ੍ਹਾਂ ਨਜ਼ਮਾਂ ਦੇ ਲੇਖਕ ਦੀ ਸੋਚ ਧੁੰਦਲ਼ੀ ਹੈ। ਵਿਸ਼ੇਸ਼ ਕਰਕੇ ਜਦੋਂ ਉਹ ਮਨੁੱਖੀ ਸੋਚ ਸ਼ਕਤੀ ਉੱਤੇ ਸ਼ਰਾਬ ਦੇ ਨਸ਼ੇ ਬਾਰੇ ਗੱਲ ਕਰਦਾ ਹੈ। ਗੁਰਦਿਆਲ ਕੰਵਲ ਇਹ ਵਿਚਾਰ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਸ਼ਰਾਬ ਦਾ ਨਸ਼ਾ ਕਰਨ ਨਾਲ ਮਨੁੱਖ ਦੀ ਸਿਰਜਣ ਸ਼ਕਤੀ ਵੱਧ ਜਾਂਦੀ ਹੈ। ਇਸ ਸਿਲਸਿਲੇ ਵਿੱਚ ਉਹ ਕਵੀਆਂ ਉਮਰ ਖਿਆਮ, ਵਾਰਿਸ ਸ਼ਾਹ ਅਤੇ ਸ਼ਿਵ ਕੁਮਾਰ ਬਟਾਲਵੀ ਦੀਆਂ ਉਦਾਹਰਣਾਂ ਦਿੰਦਿਆਂ ਹੋਇਆਂ ਆਪਣੀ ਦਲੀਲ ਨੂੰ ਸ਼ਕਤੀ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਇਨ੍ਹਾਂ ਲੇਖਕਾਂ ਨੇ ਜੇਕਰ ਵਧੀਆ ਲਿਖਤਾਂ ਲਿਖੀਆਂ ਹਨ ਤਾਂ ਉਸਦਾ ਇਹ ਕਾਰਨ ਸੀ ਕਿ ਉਹ ਹਰ ਸਮੇ ਸ਼ਰਾਬ ਨਾਲ ਰੱਜੇ ਰਹਿੰਦੇ ਸਨ। ਇਹ ਗੱਲ ਠੀਕ ਨਹੀਂ। ਵਿਗਿਆਨਕ ਤੱਥ ਇਸ ਗੱਲ ਦੇ ਬਿਲਕੁਲ ਉਲਟ ਹਨ। ਸ਼ਰਾਬ ਦਾ ਨਸ਼ਾ ਕੁਝ ਸਮੇਂ ਲਈ ਤਾਂ ਮਨੁੱਖ ਦੀਆਂ ਸਿਰਜਣਾਤਮਕ ਇੰਦਰੀਆਂ ਨੂੰ ਉਤੇਜਤ ਕਰ ਸਕਦਾ ਹੈ; ਪਰ ਉਸ ਤੋਂ ਬਾਹਦ ਸਿਰਜਣਾਤਮਿਕ ਇੰਦਰੀਆਂ ਅਤੇ ਮਨੁੱਖ ਦੀ ਚੇਤਨਾ ਸੁਸਤ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਵੀ ਵੱਧ ਮਨੁੱਖ ਖਤਰਨਾਕ ਬੀਮਾਰੀਆਂ ਦੀ ਜਕੜ ਵਿੱਚ ਵੀ ਆਉਣਾ ਸ਼ੁਰੂ ਹੋ ਜਾਂਦਾ ਹੈ। ਸ਼ਰਾਬ ਦੇ ਨਸ਼ੇ ਦੇ ਆਦੀ ਹੋ ਚੁੱਕੇ ਲੋਕ ਸ਼ਰਾਬ ਪੀਣ ਤੋਂ ਬਾਅਦ ਕੋਈ ਸਿਰਜਣਾਤਮਕ ਕੰਮ ਕਰਨ ਦੇ ਯੋਗ ਹੀ ਨਹੀਂ ਰਹਿ ਜਾਂਦੇ। ਮਨੁੱਖ ਦੀ ਸੋਚ ਸ਼ਕਤੀ ਅਤੇ ਸਿਰਜਣ-ਪ੍ਰਕ੍ਰਿਆ ਉੱਤੇ ਸ਼ਰਾਬ ਦੇ ਨਸ਼ੇ ਦੇ ਪੈਣ ਵਾਲੇ ਮਾਰੂ ਪ੍ਰਭਾਵਾਂ ਬਾਰੇ ਗੁਰਦਿਆਲ ਕੰਵਲ ਦੀ ਅਣਜਾਣਾਪਣ ਉਸਦੀ ਨਜ਼ਮ ‘ਇਲਜ਼ਾਮ’ ਵਿੱਚ ਪ੍ਰਗਟ ਕੀਤੇ ਗਏ ਵਿਚਾਰਾਂ ਤੋਂ ਸਹਿਜੇ ਹੀ ਪ੍ਰਗਟ ਹੋ ਜਾਦੀ ਹੈ:
1. ਹਰ ਰੋਜ਼ ਮੈਂ ਕੰਨਾਂ
ਨਾਲ ਸੁਣਦਾ ਹਾਂ
ਹਰ ਮੂਲ-ਖੇਤਰ
ਦੀ ਲੜਾਈ ਹੀ
ਸ਼ਰਾਬ ਦੀ ਜੜ੍ਹ ਹੈ
ਮੈਂ ਇਹ ਕਿਵੇਂ ਮੰਨਾਂ
ਕਿਵੇਂ ਕਰਾਂ ਯਕੀਨ
2. ਜ਼ਰਾ ਅੱਜ ਤੁਸੀਂ
ਵੀ ਸੋਚੋ ਸ਼ਿਵ ਕੁਮਾਰ
ਉਮਰੇ ਖਿਆਮ
ਵਾਰਿਸ ਸ਼ਾਹ
ਕੀਤੇ ਨੇ ਸ਼ਰਾਬ ਨੇ ਪੈਦਾ
ਸ਼ਰਾਬ ਇਕ ਚੰਗੀ
ਸੋਚ ਨੂੰ ਜਨਮ ਦਿੰਦੀ ਹੈ
----
ਇਸ ਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਕੀਤੀਆਂ ਗਈਆਂ ਨਜ਼ਮਾਂ ਪੜ੍ਹਕੇ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਗੁਰਦਿਆਲ ਕੰਵਲ ਸਮਾਜਿਕ, ਰਾਜਨੀਤਿਕ, ਆਰਥਿਕ ਅਤੇ ਧਾਰਮਿਕ ਮਸਲਿਆਂ ਨਾਲ ਸਬੰਧਤ ਸਮੱਸਿਆਵਾਂ ਤੋਂ ਬਿਲਕੁਲ ਹੀ ਅਣਜਾਣ ਨਹੀਂ, ਭਾਵੇਂ ਕਿ ਉਸ ਦੀਆਂ ਵਧੇਰੇ ਨਜ਼ਮਾਂ ਨਿੱਜੀ ਅਨੁਭਵ ਦੇ ਘੇਰੇ ਵਿੱਚ ਹੀ ਘੁੰਮਦੀਆਂ ਰਹਿੰਦੀਆਂ ਹਨ। ਉਹ ਕਿਤੇ ਕਿਤੇ ਹੋਰਨਾਂ ਸਮੱਸਿਆਵਾਂ ਵੱਲ ਵੀ ਆਪਣੀ ਨਿਗਾਹ ਕਰਦਾ ਹੈ ਅਤੇ ਉਨ੍ਹਾਂ ਬਾਰੇ ਆਪਣਾ ਪ੍ਰਤੀਕਰਮ ਪੇਸ਼ ਕਰਦਾ ਹੈ। ਇਸ ਸਬੰਧ ਵਿੱਚ ਉਸ ਦੀ ਨਜ਼ਮ ‘ਸਾਡੀਆਂ ਕਬਰਾਂ ਦੀ ਧੂੜ ਨਾ ਉਡਾਓ’ ਦੀਆਂ ਹੇਠ ਲਿਖੀਆਂ ਸਤਰਾਂ ਤੋਂ ਇਸ ਗੱਲ ਦੀ ਪੁਸ਼ਟੀ ਹੋ ਜਾਂਦੀ ਹੈ:
ਅੱਜ ਬੱਚਾ ਆਪਣੀ ਮਾਂ ਦੇ ਗਰਭ ਵਿੱਚ
ਵੀ ਸੁਰੱਖਿਅਤ ਨਹੀਂ - ਵਿਆਕੁਲ ਹੈ
ਟੀਵੀ ਤੇ ਰੇਡੀਓ ਦੇ ਐਨਟੀਨੇ ਵੀ ਅੱਜ
ਖ਼ੂਨੀ ਖਬਰਾਂ ਦੀ ਖਿੱਚ ਕਰਦੇ ਹਨ
ਅਖਬਾਰਾਂ ਅੱਗ ਵਾਂਗ ਤਪਦੀਆਂ
ਘਰਾਂ ਦੇ ਬੂਹਿਆਂ ਅੱਗੇ - ਦਾਅੜ ਕਰਕੇ ਡਿੱਗਦੀਆਂ ਹਨ
----
ਪੰਜਾਬੀਆਂ ਉੱਤੇ ਧਰਮ ਅਤੇ ਧਾਰਮਿਕ ਅਸਥਾਨਾਂ ਦੀ ਰਾਜਨੀਤੀ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ। ਇਹੀ ਕਾਰਨ ਹੈ ਕਿ ਪੰਜਾਬੀ ਕਮਿਊਨਿਟੀ ਪਿਛਲੇ ਤਕਰੀਬਨ ਤਿੰਨ ਦਹਾਕਿਆਂ ਦੇ ਸਮੇਂ ਅੰਦਰ ਕਾਫੀ ਉੱਥਲ-ਪੁੱਥਲ ਦੇ ਦੌਰ ਵਿੱਚੋਂ ਲੰਘੀ ਹੈ। ਪੰਜਾਬੀ ਭਾਵੇਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਕਿਉਂ ਨ ਰਹਿ ਰਹੇ ਹੋਣ ਉਹ ਇਸ ਉੱਥਲ-ਪੁੱਥਲ ਦੇ ਪ੍ਰਭਾਵਾਂ ਤੋਂ ਬਚ ਨਹੀਂ ਸਕੇ। ਕੈਨੇਡਾ ਦੇ ਪੰਜਾਬੀ ਭਾਈਚਾਰੇ ਨੂੰ ਵੀ ਇਸ ਉੱਥਲ-ਪੁੱਥਲ ਦੇ ਪ੍ਰਭਾਵਾਂ ਦਾ ਅਸਰ ਸਹਿਣਾ ਪਿਆ ਹੈ। ਧਾਰਮਿਕ ਸਥਾਨਾਂ ਅੰਦਰ ਵਧ ਰਹੀ ਰਾਜਨੀਤੀ ਅਤੇ ਉਸਦੇ ਮਾਰੂ ਪ੍ਰਭਾਵਾਂ ਨੇ ਕੈਨੇਡਾ ਦੇ ਪੰਜਾਬੀ ਸਾਹਿਤ ਉੱਤੇ ਵੀ ਆਪਣਾ ਅਸਰ ਛੱਡਿਆ ਹੈ। ਕੈਨੇਡਾ ਦੇ ਹੋਰਨਾਂ ਅਨੇਕਾਂ ਪੰਜਾਬੀ ਕਵੀਆਂ ਵਾਂਗ ਗੁਰਦਿਆਲ ਕੰਵਲ ਨੇ ਵੀ ‘ਧਰਮ’ ਅਤੇ ‘ਰਾਜਨੀਤੀ’ ਦੇ ਸਬੰਧਾਂ ਬਾਰੇ ਆਪਣੀਆਂ ਕਵਿਤਾਵਾਂ ਵਿੱਚ ਤਬਸਰਾ ਕੀਤਾ ਹੈ। ਉਸਦੀ ਨਜ਼ਮ ‘ਪ੍ਰਤੀਕ’ ਇਨ੍ਹਾਂ ਗੱਲਾਂ ਕਰਕੇ ਸਾਡਾ ਧਿਆਨ ਖਿੱਚਦੀ ਹੈ:
ਜਦੋਂ ਧਰਮ ਅਸਥਾਨਾਂ ‘ਚ
ਸਿਆਸੀ ਰੰਗ ਆ ਜਾਵੇ
ਉਦੋਂ ਹਮੇਸ਼ਾ ਕੁਰਸੀ ਮਨੁੱਖ ਨਾਲੋਂ
ਉੱਚੀ ਹੁੰਦੀ ਹੈ
----
1947 ਵਿੱਚ ਇੰਡੀਆ ਨੂੰ ਬ੍ਰਿਟਿਸ਼ ਰਾਜ ਤੋਂ ਆਜ਼ਾਦੀ ਮਿਲੀ ਪਰ ਅੰਗ੍ਰਜ਼ ਇੰਡੀਆ ਛੱਡਣ ਤੋਂ ਪਹਿਲਾਂ ਇਸਦੇ ਦੋ ਟੁੱਕੜੇ ਕਰ ਗਏ। ਇੱਕ ਟੁਕੜੇ ਨੂੰ ਇੰਡੀਆ ਕਿਹਾ ਗਿਆ ਅਤੇ ਦੂਜੇ ਨੂੰ ਪਾਕਿਸਤਾਨ। ਇਸ ਵੰਡ ਦਾ ਅਸਰ ਇੱਕ ਮਹਾਂ-ਦੁਖਾਂਤ ਦੇ ਰੂਪ ਵਿੱਚ ਸਾਹਮਣੇ ਆਇਆ। ਇੰਡੀਆ ਦੇ ਲੋਕ ਜੋ ਸਦੀਆਂ ਤੋਂ ਇੱਕ ਦੂਜੇ ਨਾਲ ਭਰਾਵਾਂ ਭੈਣਾਂ ਵਾਂਗ ਰਹਿੰਦੇ ਸਨ ਉਹ ਰਾਤੋ ਰਾਤ ਵਿੱਚ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ। ਇਸ ਮਹਾਂ-ਦੁਖਾਂਤ ਨੂੰ ਪੈਦਾ ਕਰਨ ਵਿੱਚ ਧਰਮ ਅਤੇ ਧਾਰਮਿਕ ਆਗੂਆਂ ਨੇ ਸਭ ਤੋਂ ਵੱਡਾ ਕਿਰਦਾਰ ਅਦਾ ਕੀਤਾ। ਸਿੱਖ, ਹਿੰਦੂ, ਮੁਸਲਮਾਨ, ਈਸਾਈ, ਬੋਧੀ, ਜੈਨੀ ਧਰਮ ਦੇ ਪੈਰੋਕਾਰਾਂ ਨੇ ਧਰਮ ਦੇ ਜਨੂੰਨ ਵਿੱਚ ਅੰਨ੍ਹੇ ਹੋ ਕੇ ਇੱਕ ਦੂਜੇ ਦੀਆਂ ਮਾਵਾਂ, ਧੀਆਂ, ਭੈਣਾਂ, ਨੂੰਹਾਂ, ਪਤਨੀਆਂ ਦੇ ਬਲਾਤਕਾਰ ਕੀਤੇ ਅਤੇ ਆਪਣੇ ਹੀ ਦੋਸਤਾਂ, ਯਾਰਾਂ ਅਤੇ ਗਵਾਂਢੀਆਂ ਦਾ ਕਤਲ ਕਰ ਦਿੱਤਾ। ਇਸ ਮਹਾਂ-ਦੁਖਾਂਤ ਦਾ ਸਭ ਤੋਂ ਵੱਡਾ ਅਸਰ ਇੰਡੀਆ ਦੇ ਸੂਬੇ ਪੰਜਾਬ ਨੂੰ ਝੱਲਣਾ ਪਿਆ। 1947 ਦੇ ਇਸ ਮਹਾਂ-ਦੁਖਾਂਤ ਸਮੇਂ 10 ਮਿਲੀਅਨ ਤੋਂ ਵੱਧ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਅਤੇ ਇਸ ਤੋਂ ਵੀ ਵੱਧ ਲੋਕ ਬੇਘਰ ਹੋ ਗਏ. ਇਹ ਦੁਖਾਂਤ ਇੰਡੀਆ ਅਤੇ ਪਾਕਿਸਤਾਨ ਦੇ ਲੋਕਾਂ ਦੀ ਚੇਤਨਾ ਦਾ ਸਦਾ ਲਈ ਹਿੱਸਾ ਬਣ ਗਿਆ। ਇਸ ਮਹਾਂ-ਦੁਖਾਂਤ ਬਾਰੇ ਇਸ ਖਿੱਤੇ ਦੇ ਲੇਖਕਾਂ ਵੱਲੋਂ ਸੈਂਕੜੇ ਪੁਸਤਕਾਂ ਲਿਖੀਆਂ ਗਈਆਂ ਅਤੇ ਪ੍ਰਕਾਸ਼ਤ ਕੀਤੀਆਂ ਗਈਆਂ।
----
ਪਿਛਲੇ ਤਿੰਨ ਦਹਾਕਿਆਂ ਵਿੱਚ ਇੰਡੀਆ ਦੇ ਸੂਬੇ ਪੰਜਾਬ ਵਿੱਚ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਵੱਲੋਂ ਇੱਕ ਵਾਰ ਫਿਰ 1947 ਵਾਲੇ ਹਾਲਾਤ ਪੈਦਾ ਕਰਨ ਦੀਆਂ ਕੋਸਿ਼ਸ਼ਾਂ ਕੀਤੀਆਂ ਗਈਆਂ. ਇਨ੍ਹਾਂ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਨੇ ਬੇਕਸੂਰ ਲੋਕਾਂ ਨੂੰ ਬੱਸਾਂ ਵਿੱਚੋਂ ਕੱਢ-ਕੱਢ ਕੇ ਆਪਣੀਆਂ ਏ.ਕੇ.-47 ਮਸ਼ੀਨ ਗੰਨਾਂ ‘ਚੋਂ ਨਿਕਲਦੀਆਂ ਗੋਲੀਆਂ ਦਾ ਨਿਸ਼ਾਨਾ ਬਣਾਇਆ। ਇਸ ਵੱਧ ਰਹੀ ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ ਨੂੰ ਠੱਲ੍ਹ ਪਾਉਣ ਦੇ ਨਾਮ ਉੱਤੇ ਪੰਜਾਬ ਪੁਲਿਸ ਅਤੇ ਇੰਡੀਆ ਦੀ ਸੈਂਟਰਲ ਪੁਲਿਸ ਨੇ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਹਜ਼ਾਰਾਂ ਬੇਕਸੂਰ ਨੌਜੁਆਨਾਂ ਦਾ ਕਤਲ ਕਰ ਦਿੱਤਾ। ਇਨ੍ਹਾਂ ਘਟਨਾਵਾਂ ਨੇ ਪੰਜਾਬੀ ਸਾਹਿਤਕਾਰਾਂ ਨੂੰ ਇੱਕ ਵਾਰ ਫੇਰ ਪ੍ਰਭਾਵਤ ਕੀਤਾ। ਉਹ ਪੰਜਾਬੀ ਸਾਹਿਤਕਾਰ ਚਾਹੇ ਇੰਡੀਆ ਵਿੱਚ ਬੈਠੇ ਸਾਹਿਤ ਦੀ ਰਚਨਾ ਕਰ ਰਹੇ ਸਨ ਜਾਂ ਇੰਗਲੈਂਡ, ਅਮਰੀਕਾ, ਕੈਨੇਡਾ ਜਾਂ ਦੁਨੀਆਂ ਦੇ ਕਿਸੇ ਵੀ ਹੋਰ ਹਿੱਸੇ ਵਿੱਚ - ਉਨ੍ਹਾਂ ਨੇ ਆਪਣੀਆਂ ਲਿਖਤਾਂ ਵਿੱਚ ਇੱਕ ਵਾਰ ਫਿਰ 1947 ਵਿੱਚ ਵਾਪਰੇ ਮਹਾਂ-ਦੁਖਾਂਤ ਨੂੰ ਯਾਦ ਕੀਤਾ ਅਤੇ ਇਹ ਖਾਹਿਸ਼ ਜ਼ਾਹਿਰ ਕੀਤੀ ਕਿ ਉਨ੍ਹਾਂ ਦੀ ਮਾਤ-ਭੂਮੀ ਪੰਜਾਬ ਵਿੱਚ ਫਿਰ ਕਦੀ ਵੀ 1947 ਵਰਗਾ ਮਹਾਂ-ਦੁਖਾਂਤ ਵਾਪਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਕੈਨੇਡੀਅਨ ਪੰਜਾਬੀ ਸ਼ਾਇਰ ਗੁਰਦਿਆਲ ਕੰਵਲ ਦੀ ਕਵਿਤਾ ‘ਤਪਦਾ ਘੇਰਾ’ ਵਿੱਚ ਦਰਜ ਇਨ੍ਹਾਂ ਕਾਵਿ ਬੋਲਾਂ ਰਾਹੀਂ ਵੀ ਕੁਝ ਅਜਿਹੀ ਚਿੰਤਾ ਦਾ ਪ੍ਰਗਟਾਵਾ ਹੀ ਕੀਤਾ ਗਿਆ ਹੈ:
1947 ਵਿੱਚ
ਬਟਵਾਰਾ ਮੇਰੇ ਦੇਸ਼ ਦਾ ਹੋਇਆ
ਕੌਮਾਂ ਵੰਡੀਆਂ ਗਈਆਂ
ਸਾੜਫੂਕ, ਕਤਲ
ਲਾਸ਼ਾਂ ਬੇਲਿਆਂ ‘ਚ ਵਿਛੀਆਂ
ਕਬਰਾਂ ‘ਚੋਂ ਵਾਰਿਸ ਸ਼ਾਹ ਨੂੰ ਆਵਾਜ਼ ਮਾਰੀ
ਇੱਕ ਹੀਰ ਨਹੀਂ
ਅੱਜ ਲੱਖਾਂ ਹੀਰਾਂ
ਜੰਗਲਾਂ ‘ਚ ਰਾਜਿਆਂ ਨੂੰ ਚੂਰੀਆਂ ਖਵਾਉਂਣ ਲਈ
ਲਾਸ਼ਾਂ ਦੀਆਂ ਗਿਣਤੀਆਂ ਕਰਦੀਆਂ ਹਨ
ਪੰਜ ਦਰਿਆਵਾਂ ਦਾ ਪਾਣੀ
1947 ਨੂੰ ਯਾਦ ਕਰਦਾ ਹੈ
ਅੱਜ ਫਿਰ ਵੰਡ ਪਾਉਣ ਵਾਲਿਆਂ ਦੇ ਸਿਰ ‘ਤੇ
ਇੱਕ ਲਾਹਨਤ ਦਾ ਧੱਬਾ ਧਰਦਾ ਹੈ
----
‘ਮੂੰਹ ਬੋਲਦਾ ਸੂਰਜ’ ਕਾਵਿ-ਸੰਗ੍ਰਹਿ ਪੜ੍ਹਦਿਆਂ ਮੈਨੂੰ ਅਹਿਸਾਸ ਹੋਇਆ ਹੈ ਕਿ ਗੁਰਦਿਆਲ ਕੰਵਲ ਦੀ ਸ਼ਾਇਰੀ ਅਜੇ ਨਿੱਜੀ ਅਨੁਭਵ ਦੇ ਘੇਰਿਆਂ ਵਿੱਚ ਸਿਮਟੀ ਹੋਈ ਹੈ। ਪਰ ਮੈਨੂੰ ਉਮੀਦ ਹੈ ਕਿ ਆਪਣੀਆਂ ਅਗਲੀਆਂ ਪੁਸਤਕਾਂ ਵਿੱਚ ਉਹ ਨਿੱਜ ਦੇ ਘੇਰੇ ਤੋਂ ਬਾਹਰ ਦੀਆਂ ਸਮੱਸਿਆਵਾਂ ਨੂੰ ਆਪਣੀਆਂ ਰਚਨਾਵਾਂ ਦਾ ਵਧੇਰੇ ਆਧਾਰ ਬਣਾਵੇਗਾ।
ਗੁਰਦਿਆਲ ਕੰਵਲ ਦੀ ਸਿਰਜਣ ਪ੍ਰਕ੍ਰਿਆ ਦੀਆਂ ਇਨ੍ਹਾਂ ਸੀਮਾਵਾਂ ਨੂੰ ਸਵੀਕਾਰਦਿਆਂ ਹੋਇਆਂ, ‘ਮੂੰਹ ਬੋਲਦਾ ਸੂਰਜ’ ਕਾਵਿ-ਸੰਗ੍ਰਹਿ ਦਾ ਸਵਾਗਤ ਕਰਨਾ ਬਣਦਾ ਹੈ। ਕਿਉਂਕਿ ਇਸ ਕਾਵਿ-ਸੰਗ੍ਰਹਿ ਦੇ ਪ੍ਰਕਾਸ਼ਿਤ ਹੋਣ ਨਾਲ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਨਿੱਜੀ ਸਮੱਸਿਆਵਾਂ ਬਾਰੇ ਲਿਖੇ ਗਏ ਸਾਹਿਤ ਵਿੱਚ ਜ਼ਰੂਰ ਜ਼ਿਕਰ ਯੋਗ ਵਾਧਾ ਹੋਇਆ ਹੈ।
No comments:
Post a Comment