ਲੇਖ
ਪੁਸ਼ਪ ਦੀਪ ਸੰਵਾਦ-ਮੁਖੀ ਸ਼ਾਇਰ ਹੈ। ਉਹ ਧੀਮੀ ਸੁਰ ਦਾ ਸ਼ਾਇਰ ਹੈ। ਉਸਦਾ ਸੰਵਾਦ ਆਪਣੇ ਚੌਗਿਰਦੇ ਨਾਲ ਹੈ। ਚੌਗਿਰਦਾ ਸਾਨੂੰ ਪਲ ਪਲ ਪ੍ਰਭਾਵਿਤ ਕਰਦਾ ਹੈ। ਸਾਡੇ ਚੌਗਿਰਦੇ ਵਿੱਚ ਪੱਸਰੇ ਸਭਿਆਚਾਰਕ ਵਾਤਾਵਰਨ ਦਾ ਸਾਡੀ ਮਾਨਸਿਕ ਅਤੇ ਸਰੀਰਕ ਸਿਹਤ ਉੱਤੇ ਪੈਂਦਾ ਪ੍ਰਭਾਵ ਕਿਸੇ ਤਰ੍ਹਾਂ ਵੀ ਅਣਗੌਲਿਆ ਨਹੀਂ ਜਾ ਸਕਦਾ। ਇਹ ਪ੍ਰਭਾਵ ਅਨੇਕਾਂ ਦਿਸ਼ਾਵਾਂ ਵੱਲੋਂ ਆਉਂਦਾ ਹੈ ਅਤੇ ਸਾਡੇ ਉੱਤੇ ਅਨੇਕਾਂ ਢੰਗਾਂ ਨਾਲ ਆਪਣਾ ਪ੍ਰਭਾਵ ਪਾਉਂਦਾ ਹੈ।
----
‘ਸਾਹਾਂ ਦੇ ਸਿਰਨਾਵੇਂ’ ਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਕਵਿਤਾਵਾਂ ਪੁਸ਼ਪ ਦੀਪ ਦੀ ਮਾਨਸਿਕਤਾ ਉੱਤੇ ਪਏ ਉਸਦੇ ਚੌਗਿਰਦੇ ਦੇ ਪ੍ਰਭਾਵਾਂ ਦਾ ਹੀ ਕਾਵਿਮਈ ਪ੍ਰਗਟਾ ਹੈ। ਪੁਸ਼ਪ ਦੀਪ ਦੀ ਸ਼ਾਇਰੀ ਬਾਰੇ ਗੱਲ ਉਸ ਦੀ ਕਵਿਤਾ ‘ਚੈਰੀ ਦੇ ਫੁੱਲ’ ਦੀਆਂ ਹੇਠ ਲਿਖੀਆਂ ਸਤਰਾਂ ਤੋਂ ਹੀ ਸ਼ੁਰੂ ਕੀਤੀ ਜਾ ਸਕਦੀ ਹੈ:
ਆਪਣੀ ਪ੍ਰੇਮਿਕਾ ਦੀ ਫੋਟੋ ਖਿੱਚਾਂਗਾ
ਉਸ ਦਾ ਫੁੱਲ ਵਰਗਾ ਚਿਹਰਾ
ਆਪਣੇ ਭਵਿੱਖ ਨੂੰ ਸਮਰਪਣ ਕਰ ਦਿਆਂਗਾ
ਬਹਾਰ ਆਈ
ਚੈਰੀ ਖਿੜੀ
ਕੰਮਾਂ ਕਾਰਾਂ ਦੀ ਕੁਰਬਲਾਹਟ ‘ਚ
ਕਈ ਅੱਜ ‘ਤੇ ਕੱਲ੍ਹ ਖੋ ਗਏ
ਮੌਸਮ ਬਦਲ ਗਿਆ
ਮਹੀਨਿਆਂ ਅਤੇ ਸਾਲਾਂ ਨੂੰ
ਦਿਨਾਂ ਨਾਲ ਜਰਬ ਦਿੰਦਾ
ਹੈਰਾਨਕੁੰਨ
ਨਵੇਂ ਮੌਸਮ ਦੇ ਮੌੜ ਤੇ ਆ ਖਲੋਤਾਂ
ਮੇਰੇ ਪੈਰਾਂ ਦੇ ਹੇਠਾਂ ਕੰਬ ਰਿਹੈ
ਜਵਾਲਾ ਮੁਖੀਆਂ ਦਾ ਝੁਲਸਿਆ
ਨਿੱਕਾ ਜਿੰਨਾ ਧਰਤ ਦਾ ਟੋਟਾ
----
ਪਰਾ-ਆਧੁਨਿਕ ਸਮਿਆਂ ਵਿੱਚ ਮਨੁੱਖੀ ਜ਼ਿੰਦਗੀ ਦੇ ਰੁਝੇਵੇਂ ਏਨੇ ਜਿ਼ਆਦਾ ਵੱਧ ਗਏ ਹਨ ਅਤੇ ਹਰ ਗੱਲ ਏਨੀ ਤੇਜ਼ੀ ਨਾਲ ਬੀਤ ਰਹੀ ਹੈ ਕਿ ਸਾਨੂੰ ਜ਼ਿੰਦਗੀ ਦਾ ਸੁਆਦ ਮਾਨਣ ਲਈ ਮਹੀਨਿਆਂ/ਸਾਲਾਂ ਤੱਕ ਕੁਝ ਪਲਾਂ ਦਾ ਵੀ ਸਮਾਂ ਨਹੀਂ ਮਿਲਦਾ। ਪਲ, ਜਿਨ੍ਹਾਂ ਨੂੰ ਅਸੀਂ ਆਪਣੇ ਪਲ ਕਹਿ ਸਕਦੇ ਹਾਂ। ਜ਼ਿੰਦਗੀ ਦੇ ਕਿਸੀ ਮੋੜ ਉੱਤੇ ਆ ਕੇ ਜਦੋਂ ਅਸੀਂ ਅਜਿਹੇ ਗੁਆਚ ਗਏ ਪਲਾਂ ਬਾਰੇ ਸੋਚਦੇ ਹਾਂ ਤਾਂ ਪੁਲਾਂ ਹੇਠੋਂ ਕਿੰਨਾ ਪਾਣੀ ਲੰਘ ਚੁੱਕਾ ਹੁੰਦਾ ਹੈ। ਸਾਲਾਂ ਦੇ ਸਾਲ ਬੀਤ ਚੁੱਕੇ ਹੁੰਦੇ ਹਨ। ਅਸੀਂ ਕਿਸੀ ਬਹਾਰ ਦੀ ਰੁੱਤ ਦਾ ਇੰਤਜ਼ਾਰ ਕਰਦੇ ਕਰਦੇ ਅਚਾਨਕ ਤ੍ਰਬਕ ਉੱਠਦੇ ਹਾਂ ਜਦੋਂ ਚੈਰੀ ਦੇ ਖਿੜੇ ਤਾਜ਼ਾ ਫੁੱਲ ਦੇਖਦਿਆਂ ਬੀਤੇ ਸਮੇਂ ਦੀ ਕਿਸੀ ਮਹਿਬੂਬਾ ਦਾ ਖੂਬਸੂਰਤ ਚਿਹਰਾ ਸਾਡੀਆਂ ਯਾਦਾਂ ਵਿੱਚ ਉੱਭਰ ਆਉਂਦਾ ਹੈ।
----
ਪੁਸ਼ਪ ਦੀਪ ਆਪਣੇ ਚੌਗਿਰਦੇ ਨਾਲ ਅਨੇਕਾਂ ਪਹਿਲੂਆਂ ਤੋਂ ਸੰਵਾਦ ਰਚਾਉਂਦਾ ਹੈ। ਇਸ ਤੱਥ ਨੂੰ ਸਮਝਣ ਲਈ ਉਸ ਦੇ ਕਾਵਿ-ਸੰਗ੍ਰਹਿ ‘ਸਾਹਾਂ ਦੇ ਸਿਰਨਾਵੇਂ’ ਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਕੀਤੀਆਂ ਗਈਆਂ ਕਵਿਤਾਵਾਂ ‘ਚੋਂ ਉਸ ਦੀ ਪ੍ਰਤੀਨਿਧ ਕਵਿਤਾ ‘ਖ਼ਤ’ ਵਿਚਾਰੀ ਜਾ ਸਕਦੀ ਹੈ। ਕਿਉਂਕਿ ਇਹ ਕਵਿਤਾ ਇਕਹਿਰੀ ਪਰਤ ਵਾਲੀ ਕਵਿਤਾ ਨਹੀਂ। ਉਪਰਲੀ ਪਰਤ ਤੋਂ ਸਾਧਾਰਨ ਪਾਠਕ ਲਈ ਕਵੀ, ਮਹਿਜ਼, ਜੰਗਲ ਨਾਲ ਹੀ ਸੰਵਾਦ ਰਚਾ ਰਿਹਾ ਹੈ। ਪਰ ਇਸ ਕਵਿਤਾ ਦਾ ਅਸਲੀ ਸਬੰਧ ਇਸ ਕਵਿਤਾ ਦੀ ਦੂਜੀ ਅਤੇ ਤੀਜੀ ਪਰਤ ਨਾਲ ਹੈ।
----
ਇੰਡੀਆ ਦਾ ਪ੍ਰਾਂਤ ਪੰਜਾਬ 1978 ਤੋਂ ਲੈ ਕੇ ਤਕਰੀਬਨ 1995 ਤੱਕ ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ ਦੇ ਦੌਰ ਵਿੱਚੋਂ ਲੰਘਿਆ ਹੈ। ਇਸ ਸਮੇਂ ਦੌਰਾਨ ਹਜ਼ਾਰਾਂ ਹੀ ਬੇਗੁਨਾਹ ਲੋਕ ਇਨ੍ਹਾਂ ਦਹਿਸ਼ਤਗਰਦਾਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣੇ ਅਤੇ ਹਜ਼ਾਰਾਂ ਹੀ ਨੌਜੁਆਨ ਪੁਲਿਸ ਦੀਆਂ ਗੋਲੀਆਂ ਦਾ ਨਿਸ਼ਾਨਾ ਬਣੇ। ਇਨ੍ਹਾਂ ਸਾਲਾਂ ਦੌਰਾਨ ਪੰਜਾਬ ਵਿੱਚ ਯੁੱਧ ਵਾਲੀ ਸਥਿਤੀ ਬਣੀ ਹੋਈ ਸੀ। ਅਜਿਹੀ ਸਥਿਤੀ ਵਿੱਚ ਗੋਲੀ ਕਿਸੇ ਪਾਸਿਉਂ ਵੀ ਆ ਸਕਦੀ ਸੀ। ਸਾਧਾਰਨ ਵਿਅਕਤੀ ਲਈ ਦੋਵੇਂ ਧਿਰਾਂ ਹੀ ਕਾਕਰੋਚਾਂ ਵਾਂਗ ਉਨ੍ਹਾਂ ਦਾ ਖ਼ੂਨ ਚੂਸ ਰਹੀਆਂ ਸਨ। ਇੱਕ ਪਾਸੇ ਦਹਿਸ਼ਤਗਰਦ ਮੋਢਿਆਂ ਉੱਤੇ ਏ.ਕੇ.-47 ਮਸ਼ੀਨ ਗੰਨਾਂ ਚੁੱਕੀ ਸੜਕਾਂ ਉੱਤੇ ਕੋਬਰਾ ਸੱਪਾਂ ਵਾਂਗ ਦਨਦਨਾਂਦੇ ਫਿਰਦੇ ਸਨ ਅਤੇ ਦੂਜੇ ਪਾਸੇ ਇਨ੍ਹਾਂ ਕੋਬਰਾ ਸੱਪਾਂ ਨੂੰ ਲੱਭਣ ਅਤੇ ਉਨ੍ਹਾਂ ਦੀਆਂ ਸਿਰੀਆਂ ਫੇਹਨ ਲਈ ਹਥਿਆਰਬੰਦ ਪੰਜਾਬ ਪੁਲਿਸ ਅਨੇਕਾਂ ਹਾਲਤਾਂ ਵਿੱਚ ਭੋਲੇ ਭੋਲੇ ਬੇਗੁਨਾਹ ਸ਼ਹਿਰੀਆਂ ਨੂੰ ਸ਼ੱਕੀ ਦਹਿਸ਼ਤਗਰਦ ਸਮਝ ਉਨ੍ਹਾਂ ਉੱਤੇ ਕਹਿਰ ਢਾਹ ਰਹੀ ਸੀ। ਅਜਿਹੀ ਸਥਿਤੀ ਵਿੱਚ ਸਭ ਤੋਂ ਵੱਡੀ ਚਿੰਤਾ ਦਾ ਕਾਰਨ ਇਹ ਸੀ ਕਿ ਇਸ ਸਥਿਤੀ ਨੂੰ ਜਨਮ ਦੇਣ ਵਿੱਚ ਅਜਿਹੇ ਭ੍ਰਿਸ਼ਟ ਰਾਜਨੀਤੀਵਾਨਾਂ ਦਾ ਹੱਥ ਸਪੱਸ਼ਟ ਦਿਖਾਈ ਦਿੰਦਾ ਸੀ ਜੋ ਹਕੂਮਤ ਦੀ ਕੁਰਸੀ ਉੱਤੇ ਬੈਠੇ ਇਹ ਭੁਲੇਖਾ ਦੇਣ ਦਾ ਭਰਮ ਪੈਦਾ ਕਰ ਰਹੇ ਸਨ ਕਿ ਉਹ ਤਾਂ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਲਈ ਹਰ ਸੰਭਵ ਯਤਨ ਕਰ ਰਹੇ ਸਨ। ਜਦੋਂ ਕਿ ਸਥਿਤੀ ਬਿਲਕੁਲ ਇਸ ਤੋਂ ਉਲਟ ਸੀ। ਅਜਿਹੇ ਭ੍ਰਿਸ਼ਟ ਰਾਜਨੀਤੀਵਾਨ ਅਖਲਾਕੀ ਤੌਰ ਉੱਤੇ ਇਸ ਹੱਦ ਤੱਕ ਦੀਵਾਲੀਏ ਹੋ ਚੁੱਕੇ ਸਨ ਕਿ ਉਹ ਆਪਣੀ ਹਕੂਮਤੀ ਕੁਰਸੀ ਦੀ ਪਕੜ ਨੂੰ ਬਣਾਈ ਰੱਖਣ ਲਈ ਆਪਣੀਆਂ ਪਟਾਰੀਆਂ ‘ਚੋਂ ਕੋਬਰਾ ਸੱਪ ਕੱਢ ਕੇ ਕਦੀ ਵੀ ਸ਼ਹਿਰ ਦੀਆਂ ਸੜਕਾਂ ਉੱਤੇ ਖਿਲਾਰ ਸਕਦੇ ਸਨ। ਤਾਂ ਜੁ ਸਾਧਾਰਨ ਸ਼ਹਿਰੀ ਹਕੂਮਤ ਵੱਲੋਂ ਲਏ ਗਏ ਲੋਕ-ਵਿਰੋਧੀ ਫੈਸਲਿਆਂ ਬਾਰੇ ਕਦੀ ਵੀ ਆਪਣੀ ਜ਼ੁਬਾਨ ਖੋਲ੍ਹਣ ਦੀ ਜ਼ੁੁੱਰਤ ਨ ਕਰ ਸਕਣ। ਇਨ੍ਹਾਂ ਤੱਥਾਂ ਨੂੰ ਪੁਸ਼ਪ ਦੀਪ ਨੇ ਆਪਣੀ ਕਵਿਤਾ ‘ਖ਼ਤ’ ਵਿੱਚ ਜਿਸ ਖੂਬਸੂਰਤੀ ਨਾਲ ਪੇਸ਼ ਕੀਤਾ ਹੈ, ਉਸਦਾ ਸਹੀ ਅੰਦਾਜ਼ਾ ਇਸ ਕਵਿਤਾ ਦੀਆਂ ਹੇਠ ਲਿਖੀਆਂ ਸਤਰਾਂ ਨੂੰ ਪੜ੍ਹ ਕੇ ਹੀ ਲਗਾਇਆ ਜਾ ਸਕਦਾ ਹੈ:
1.
ਕੁਝ ਚਿਰ ਪਹਿਲਾਂ ਬਿਜਲੀ ਗਿਰ ਜੋ ਅੱਗ ਲੱਗੀ ਸੀ
ਛੋਟੇ, ਵੱਡੇ ਬਿਰਖ, ਆਲ੍ਹਣੇ, ਵੇਲਾਂ, ਧਰਤੀ ਲੂਹ ਹੋਏ ਸਨ
ਉਸ ਦੀ ਯਾਦ ਘਟੀ ਹੈ ਕੁਝ ਕੁਝ,
ਹੁਣ ਤਾਂ ਕੇਵਲ ਖੁੰਢਾਂ ਦੇ ਚਿਹਰਿਆਂ ‘ਤੇ ਕੁਝ ਚਿੰਨ੍ਹ ਰਿਸਦੇ ਹਨ
2.
ਜੰਗਲ ਜੀ !
ਬਾਕੀ ਤਾਂ ਸਭ ਠੀਕ ਠਾਕ ਹੈ
ਰੁੱਖਾਂ ਦੇ ਰੰਗਾਂ ਤੋਂ ਲਗਦੈ
ਸਾਹ ਉਨ੍ਹਾਂ ਦੇ ਡਰੇ ਡਰੇ ਹਨ
ਕਦੀ ਕਦੀ ਬਿਜਲੀ ਤੇ ਝੱਖੜ
ਆਲ੍ਹਣਿਆਂ ਨੂੰ ਝੂਣ ਡਰਾਉਂਦੇ
“ਹਾਕਮ ਦਾ ਬਸ ਇੱਕ ਇਸ਼ਾਰਾ
ਜੋ ਕੱਲ੍ਹ ਹੋਇਆ ਫਿਰ ਹੋ ਸਕਦਾ ਹੈ”
3.
ਜੰਗਲ ਜੀ !
ਬਾਕੀ ਤਾਂ ਸਭ ਸੁੱਖ ਸਾਂਦ ਹੈ
ਤੁਹਾਡੇ ਸਾਹਾਂ ਦੀ ਸੁੱਖ ਹਾਕਮ ਤੋਂ ਮੰਗਦੇ ਹਾਂ
ਇਸ ਤਰ੍ਹਾਂ ਇਹ ਕਵਿਤਾ ਜਿੱਥੇ ਇੱਕ ਪਾਸੇ ਮਾਨਵਵਾਦੀ ਹੋ ਨਿਬੜਦੀ ਹੈ; ਉੱਥੇ ਹੀ ਦੂਜੇ ਪਾਸੇ ਇਹ ਕਵਿਤਾ ਇਹ ਗੱਲ ਪੇਸ਼ ਕਰਨ ਵਿੱਚ ਵੀ ਪੂਰੀ ਤਰ੍ਹਾਂ ਸਫਲ ਹੁੰਦੀ ਹੈ ਕਿ ਸਾਡੇ ਸਮਿਆਂ ਵਿੱਚ ਇੱਕ ਗੰਦੀ ਖੇਡ ਬਣ ਚੁੱਕੀ ਰਾਜਨੀਤੀ ਹਕੂਮਤੀ ਕੁਰਸੀ ਖਾਤਰ ਆਮ ਸ਼ਹਿਰੀਆਂ ਦਾ ਖ਼ੂਨ ਸੜਕਾਂ ਉੱਤੇ ਪਾਣੀ ਵਾਂਗ ਰੋੜ੍ਹ ਸਕਦੀ ਹੈ ਅਤੇ ਲੋਕਾਂ ਦੀਆਂ ਲਾਸ਼ਾਂ ਦੇ ਅੰਬਾਰ ਉਸਾਰ ਕੇ ਆਪਣੇ ਮਹਿਲਾਂ ਦੀਆਂ ਕੰਧਾਂ ਬਣਾ ਸਕਦੀ ਹੈ।
----
‘ਹਨ੍ਹੇਰੀ’ ਨਾਮ ਦੀ ਕਵਿਤਾ ਵਿੱਚ ਪੁਸ਼ਪ ਦੀਪ ਕਵਿਤਾ ਦੀਆਂ ਦੋਹਾਂ ਪਰਤਾਂ ਉੱਤੇ ਹੀ ਸੰਵਾਦ ਰਚਾਉਂਦਾ ਹੈ। ਇੱਕ ਪਰਤ ਉੱਤੇ ਉਹ ਜੰਗਲ ਦੇ ਰੁੱਖਾਂ ਨਾਲ ਸੰਵਾਦ ਰਚਾਉਂਦਾ ਹੋਇਆ ਮਨੁੱਖ ਵੱਲੋਂ ਅੰਨ੍ਹੇਵਾਹ ਬ੍ਰਿਖਾਂ ਦੀ ਕੀਤੀ ਜਾ ਰਹੀ ਕਟਾਈ ਸਦਕਾ ਹੋ ਰਹੀ ਵਾਤਾਵਰਨ ਦੀ ਤਬਾਹੀ ਵੱਲ ਬੜੇ ਹੀ ਨਾਟਕੀ ਢੰਗ ਨਾਲ ਸਾਡਾ ਧਿਆਨ ਦੁਆਂਦਾ ਹੈ। ਦੂਜੀ ਪਰਤ ਉੱਤੇ ਉਹ ਲੋਕਾਂ ਨੂੰ ਜ਼ੁਲਮ ਕਰਨ ਵਾਲੀਆਂ ਹਕੂਮਤੀ ਤਾਕਤਾਂ ਖਿਲਾਫ਼ ਜਾਗਣ ਲਈ ਸੁਨੇਹਾ ਦਿੰਦਾ ਹੈ ਅਤੇ ਕ੍ਰਾਂਤੀ ਲਈ ਇੱਕ ਲਹਿਰ ਬਣਕੇ ਉੱਠ ਖੜ੍ਹਣ ਲਈ ਪ੍ਰੇਰਦਾ ਹੈ। ਇਸ ਕਵਿਤਾ ਦੀ ਤੀਜੀ ਪਰਤ ਵਿੱਚ ਉਹ ਜੰਗਲ ਦੇ ਰੁੱਖਾਂ ਅਤੇ ਆਮ ਸ਼ਹਿਰੀਆਂ ਦਾ ਮੁਕਾਬਲਾ ਕਰਦਾ ਹੋਇਆ ਕਹਿੰਦਾ ਹੈ - ਬ੍ਰਿਖ ਨਾ ਤਾਂ ਮਨੁੱਖਾਂ ਵਾਂਗ ਤੁਰ ਫਿਰ ਸਕਦੇ ਹਨ ਅਤੇ ਨ ਹੀ ਆਪਣੇ ਹੱਕਾਂ ਲਈ ਨਾਹਰੇ ਮਾਰ ਸਕਦੇ ਹਨ। ਪਰ ਦੱਬੇ-ਕੁਚਲੇ ਲੋਕਾਂ ਨੂੰ ਤਾਂ ਜੱਥੇਬੰਦ ਹੋ ਕੇ ਆਪਣੇ ਹੱਕਾਂ ਲਈ ਤੂਫ਼ਾਨ ਵਾਂਗ ਉੱਠ ਖੜ੍ਹਣਾ ਚਾਹੀਦਾ ਹੈ :
1.
ਬਿਰਖ ਮਜਬੂਰ
ਇਹਨਾਂ ਦੇ ਪੈਰ ਨਹੀਂ
ਇਹ ਨੱਸ ਨਾ ਸਕਣ
ਇਹ ਹੱਥਾਂ ਤੋਂ ਵਾਂਝੇ
ਨਾਹਰੇ ਨਾ ਲਾ ਸਕਣ
2.
ਐ ਸੁੱਕੇ ਹੋਏ ਪੱਤਰੋ !
ਤਾੜੀ ਮਾਰੋ
ਹਵਾ ਜਾਗੇ
ਐ ਉਦਾਸ ਬੁਲ੍ਹਿਓ !
ਝੱਖੜਾਂ ਨੂੰ ਟੁੰਬੋ
ਤੂਫ਼ਾਨ ਬਣੋ
ਐ ਭੋਲੇ ਪੰਛੀਓ !
ਅਜਿਹੇ ਸੰਵਾਦ ਦੀ ਗੱਲ ਪੁਸ਼ਪ ਦੀਪ ਆਪਣੀ ਕਵਿਤਾ ‘ਬਦਲ’ ਦੀਆਂ ਹੇਠ ਲਿਖੀਆਂ ਸਤਰਾਂ ਵਿੱਚ ਵੀ ਕਰਦਾ ਹੈ :
ਹਵਾਓ
ਵੇਗ ਵਿਚ ਆਓ
ਪੱਤਰਾਂ ਵੇਲਾਂ ਨੂੰ ਝੰਜੋੜੋ
ਖਰੂਦ ਪਾਓ
ਜੰਗਲ ਚੀਖ ਉਠੇ
----
ਭਾਰਤੀ ਮੂਲ ਦੇ ਲੋਕ ਚਾਹੇ ਇੰਡੀਆ ਵਿੱਚ ਰਹਿੰਦੇ ਹੋਣ, ਚਾਹੇ ਅਮਰੀਕਾ, ਇੰਗਲੈਂਡ, ਕੈਨੇਡਾ, ਹਾਲੈਂਡ ਜਾਂ ਆਬੂ ਧਾਬੀ ਵਿੱਚ। ਹਜ਼ਾਰਾਂ ਸਾਲਾਂ ਤੋਂ ਉਨ੍ਹਾਂ ਦੀ ਮਾਨਸਿਕਤਾ ਜਿਹੜੇ ਵਹਿਮਾਂ ਭਰਮਾਂ ਨਾਲ ਜੱਕੜੀ ਹੋਈ ਹੈ ਉਸਦਾ ਅਸਰ ਪਰਾ-ਆਧੁਨਿਕ ਸਮਿਆਂ ਵਿੱਚ ਹੋਈ ਗਿਆਨ-ਵਿਗਿਆਨ ਦੀ ਤਰੱਕੀ ਵੀ ਘਟਾ ਨਹੀਂ ਸਕੀ। ਸਾਡੇ ਸਮਾਜ ਨੂੰ ਕਾਕਰੋਚਾਂ ਵਾਂਗ ਚੰਬੜੇ ਹੋਏ ਠੱਗ ਜੋਤਿਸ਼ੀ, ਨੀਮ ਹਕੀਮ, ਠੱਗ ਬਾਬੇ, ਅਨਪੜ੍ਹ ਕਿਸਮ ਦੇ ਰੇਡੀਓ/ਟੀਵੀ ਪ੍ਰੋਗਰਾਮਾਂ ਦੇ ਸੰਚਾਲਕ ਅਤੇ ਪੰਜਾਬੀ ਅਖਬਾਰਾਂ ਦੇ ਲਾਲਚੀ ਸੰਪਾਦਕ ਵੀ ਇਨ੍ਹਾਂ ਵਹਿਮਾਂ ਭਰਮਾਂ ਨੂੰ ਵਧਾਉਣ ਵਿੱਚ ਆਪਣੀ ਆਪਣੀ ਸਮਰੱਥਾ ਮੁਤਾਬਿਕ ਆਪਣਾ ਯੋਗਦਾਨ ਪਾ ਰਹੇ ਹਨ। ‘ਪਿੱਪਲਾ’ ਕਵਿਤਾ ਵਿੱਚ ਪੁਸ਼ਪ ਦੀਪ ਵੀ ਇਸੇ ਗੱਲ ਬਾਰੇ ਚਿੰਤਤ ਹੈ :
ਪਿਤਰਾਂ ਦੀ ਗੱਲ ਛੇੜ ਕੇ
ਸਾਡੇ ਤਰਕ ਕੀਲ ਲਏ ਵਹਿਮਾਂ
ਗੁੰਮ ਸੁੰਮ ਸੋਚ ਦੇ ਦੀਵੇ
ਤੇਲ ਮੁੱਕ ਗਏ ਕਦੋਂ ਦੇ ਹਾਏ
----
‘ਸਾਹਾਂ ਦੇ ਸਿਰਨਾਵੇਂ’ ਕਾਵਿ-ਸੰਗ੍ਰਹਿ ਦੀ ਇੱਕ ਹੋਰ ਕਵਿਤਾ ਵੀ ਵਿਸ਼ੇਸ਼ ਧਿਆਨ ਖਿੱਚਦੀ ਹੈ। ‘ਹਮਸਫ਼ਰ’ ਨਾਮ ਦੀ ਕਵਿਤਾ ਵਿੱਚ ਪੁਸ਼ਪ ਦੀਪ ਇੱਕ ਹੋਰ ਪਹਿਲੂ ਤੋਂ ਸੰਵਾਦ ਰਚਾਉਂਦਾ ਹੈ। ਇਸ ਕਵਿਤਾ ਦੇ ਹੇਠ ਲਿਖੇ ਦੋ ਹਿੱਸੇ ਦੋ ਆਪਸੀ ਵਿਰੋਧੀ ਪਹਿਲੂਆਂ ਦੀ ਪ੍ਰਤੀਨਿਧਤਾ ਕਰਦੇ ਹੋਏ ਇੱਕ ਦੂਜੇ ਦੇ ਸਾਹਮਣੇ ਖੜ੍ਹੇ ਸਾਡੀ ਚੇਤਨਾ ਨੂੰ ਝੰਜੋੜਦੇ ਹਨ :
1.
ਸ਼ਾਮ ਢਲੇ
ਗੋਲਫ ਕੋਰਸ ਦੀ ਕਲੱਬ ਵਿੱਚ
ਜਾਮ ਛਲਕਣ
ਜਜ਼ਬਿਆਂ ਦੀ ਸਰਗਰਮੀ ਦੇ ਗਲੇ ਲੱਗ
ਅੱਥਰਾ ਦਿਨ ਮਦਹੋਸ਼
ਰਾਤ ਦੇ ਪਹਿਲੂਆਂ ‘ਚ ਸਿਮਟ ਜਾਏ
3.
ਦਿਨ ਚੜ੍ਹੇ
ਅਪਾਰਟਮੈਂਟ ਦੀ ਤਾਕੀ ‘ਚੋਂ
ਵਾਦੀ ਦਾ ਦ੍ਰਿਸ਼ ਨਜ਼ਰ ਆਏ
ਮੇਰੀ ਸੁਰਤੀ ਸਰੂਰੀ ਜਾਏ
ਪਰ
ਹੇਠਾਂ ਸੜਕ ਦੇ ਕੰਢੇ
ਕੂੜੇ ਦੇ ਡੱਬਿਆਂ ‘ਚੋਂ
ਪਲਾਸਟਕ ਦੀਆਂ ਬੋਤਲਾਂ
ਕੋਕ ਦੇ ਖਾਲੀ ਕੈਨ ਲੱਭਦਾ
ਚਿਥੜਿਆਂ ‘ਚ ਕੰਬਦਾ
ਕੋਈ ਮੇਰਾ ਹਮਸਫ਼ਰ
ਬੋਤਲਾਂ, ਕੈਨ ਵੇਚਣ ਦੀ ਵਿਉਂਤ ਬਣਾਏ
ਇਕ ਦਿਨ ਦੀ ਰੋਟੀ ਦੇ ਸੁਪਨੇ ਹੰਢਾਏ
----
ਪੁਸ਼ਪ ਦੀਪ ਨੂੰ ਕੈਨੇਡਾ ਦੇ ਪੰਜਾਬੀ ਕਵੀਆਂ ਦੀ ਉਸ ਢਾਣੀ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੂੰ ਸੰਵਾਦ-ਮੁਖੀ ਕਵੀ ਕਿਹਾ ਜਾ ਸਕਦਾ ਹੈ। ਕੈਨੇਡਾ ਦੇ ਇਹ ਪੰਜਾਬੀ ਸ਼ਾਇਰ ਆਪਣੇ ਪਾਠਕਾਂ ਨਾਲ ਚੇਤਨਾ ਦੀ ਪੱਧਰ ਉੱਤੇ ਸੰਵਾਦ ਰਚਾਉਂਦੇ ਹਨ। ਆਪਣੀ ਸ਼ਾਇਰੀ ਵਿੱਚ ਕੋਈ ਸ਼ਾਇਰ ਕਿਸੀ ਵਿਸ਼ੇ ਉੱਤੇ ਤਾਂ ਹੀ ਸੰਵਾਦ ਰਚਾ ਸਕਦਾ ਹੈ ਜੇਕਰ ਉਹ ਪਹਿਲਾਂ ਆਪ ਉਸ ਵਿਸ਼ੇ ਬਾਰੇ ਪੂਰੀ ਤਰ੍ਹਾਂ ਚੇਤੰਨ ਹੋਵੇ ਜਿਸ ਵਿਸ਼ੇ ਬਾਰੇ ਉਹ ਆਪਣੇ ਪਾਠਕਾਂ ਨਾਲ ਸੰਵਾਦ ਰਚਾੳਣਾ ਚਾਹੁੰਦਾ ਹੋਵੇ।
----
‘ਸਾਹਾਂ ਦੇ ਸਿਰਨਾਵੇਂ’ ਕਾਵਿ-ਸੰਗ੍ਰਹਿ ਸਾਡੇ ਸਮਿਆਂ ਨਾਲ ਜੁੜੇ ਸਰੋਕਾਰਾਂ ਦੀ ਗੱਲ ਕਰਦਾ ਹੈ। ਪ੍ਰਦੂਸਿ਼ਤ ਹੋ ਰਿਹਾ ਵਾਤਾਵਰਣ, ਭ੍ਰਿਸ਼ਟ ਰਾਜਨੀਤੀ, ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ, ਗਰੀਬ ਅਮੀਰ ਵਿੱਚ ਵੱਧ ਰਿਹਾ ਪਾੜਾ, ਦਰਿਆਵਾਂ, ਜੰਗਲਾਂ, ਪੌਣ-ਪਾਣੀ ਦੀ ਹੋ ਰਹੀ ਤਬਾਹੀ ਅਤੇ ਵਹਿਮਾਂ-ਭਰਮਾਂ ਦੇ ਹਨ੍ਹੇਰੇ ਵਿੱਚ ਗੁਆਚੇ ਹੋਏ ਲੋਕ। ਇਹ ਕੁਝ ਕੁ ਅਜਿਹੇ ਵਿਸ਼ੇ ਹਨ ਜਿਨ੍ਹਾਂ ਬਾਰੇ ਇਸ ਕਾਵਿ-ਸੰਗ੍ਰਹਿ ਵਿੱਚ ਚਰਚਾ ਛੇੜਿਆ ਗਿਆ ਹੈ। ਇਸ ਕਾਵਿ-ਸੰਗ੍ਰਹਿ ਦੀਆਂ ਸਮੂਹ ਸੰਵਾਦਮਈ ਕਵਿਤਾਵਾਂ ਨੂੰ ਪੜ੍ਹਨ ਤੋਂ ਬਾਹਦ, ਪੁਸ਼ਪ ਦੀਪ ਨੂੰ ਇੱਕ ਮਾਨਵਵਾਦੀ, ਚੇਤੰਨ ਅਤੇ ਲੋਕ-ਪੱਖੀ ਸ਼ਾਇਰ ਕਹਿਣਾ ਵਧੇਰੇ ਯੋਗ ਹੋਵੇਗਾ। ਜੋ ਸ਼ਾਇਰੀ ਰਚਨ ਨੂੰ ਸੁਚੇਤ ਪੱਧਰ ਦਾ ਇੱਕ ਕਾਰਜ ਸਮਝਦਾ ਹੈ। ਜਿਸ ਸ਼ਾਇਰੀ ਦਾ ਇੱਕ ਖਾਸ ਨਿਰਧਾਰਤ ਕਾਰਜ ਹੁੰਦਾ ਹੈ - ਆਪਣੇ ਪਾਠਕਾਂ ਦੀ ਚੇਤਨਾ ਵਿੱਚ ਬੁਝ ਗਏ ਚਿਰਾਗ਼ਾਂ ਨੂੰ ਮੁੜ ਜਗਦੀਆਂ ਮਿਸ਼ਾਲਾਂ ਵਿੱਚ ਬਦਲਣਾ। ਨਿਰਸੰਦੇਹ, ਪੁਸ਼ਪ ਦੀਪ ਅਜਿਹੇ ਕੈਨੇਡੀਅਨ ਪੰਜਾਬੀ ਸ਼ਾਇਰਾਂ ਵਰਗਾ ਨਹੀਂ ਜੋ, ਮਹਿਜ਼, ਵਿਚਾਰਹੀਣ ਸ਼ਬਦਾਂ ਦੀ ਜੜਤ ਕਰਕੇ ਤੁਕਬੰਦੀ ਕਰਨ ਨੂੰ ਹੀ ਸ਼ਾਇਰੀ ਸਮਝ ਲੈਂਦੇ ਹਨ। ਭਾਵੇਂ ਉਹ ਤੁਕਬੰਦੀ ਪਾਠਕ ਦੀ ਚੇਤਨਾ ਨੂੰ ਕੋਈ ਝੰਜੋੜਾ ਦਿੰਦੀ ਹੋਵੇ ਜਾਂ ਨਾ; ਇਸ ਗੱਲ ਨਾਲ ਅਜਿਹੇ ਸ਼ਾਇਰਾਂ ਨੂੰ ਕੋਈ ਮਤਲਬ ਨਹੀਂ ਹੁੰਦਾ।
No comments:
Post a Comment