ਲੇਖ
ਪਰਾ-ਆਧੁਨਿਕ ਸਮਿਆਂ ਵਿੱਚ ਭਾਵੇਂ ਕਿ ਮਨੁੱਖੀ ਚੇਤਨਾ ਦਾ ਬਹੁਤ ਵਿਕਾਸ ਹੋਇਆ ਹੈ; ਪਰ ਸਦੀਆਂ ਤੋਂ ਭਾਰਤੀ ਮੂਲ ਦੇ ਲੋਕਾਂ ਦੀ ਮਾਨਸਿਕਤਾ ਵਿੱਚ ਪਲ ਰਹੇ ਜ਼ਾਤ ਪਾਤ ਦੀ ਬੀਮਾਰੀ ਦੇ ਕੀਟਾਣੂੰ ਅਜੇ ਵੀ ਓਵੇਂ ਹੀ ਕੁਰਬਲ ਕੁਰਬਲ ਕਰ ਰਹੇ ਹਨ. ਗਿਆਨ, ਵਿਗਿਆਨ, ਤਕਨਾਲੋਜੀ, ਸੰਗੀਤ, ਸਾਹਿਤ, ਰਾਜਨੀਤੀ, ਧਰਮ, ਕਾਨੂੰਨ - ਹਰ ਵਿਧੀ, ਹਰ ਇਲਾਜ, ਮਨੁੱਖੀ ਚੇਤਨਾ ਵਿੱਚ ਪਲ ਰਹੇ ਅਜਿਹੇ ਖਤਰਨਾਕ ਕੀਟਾਣੂੰਆਂ ਦਾ ਮੁਕੰਮਲ ਤੌਰ ਉੱਤੇ ਨਾਸ਼ ਕਰਨ ਵਿੱਚ ਅਸਫ਼ਲ ਸਿੱਧ ਹੋਏ ਹਨ। ਭਾਰਤੀ ਸਮਾਜ ਦੇ ਕੁਝ ਹਿੱਸੇ ਦੀ ਇਸ ਬੀਮਾਰੀ ਦੇ ਕੀਟਾਣੂੰਆਂ ਨੇ ਬਹੁਤ ਤਬਾਹੀ ਕੀਤੀ ਹੈ। ਇਸ ਖਤਰਨਾਕ ਬੀਮਾਰੀ ਦੇ ਕੀਟਾਣੂੰ ਪੈਦਾ ਕਰਨ ਅਤੇ ਫੈਲਾਉਣ ਦੀ ਮੁੱਖ ਜਿੰਮੇਵਾਰੀ ‘ਮਨੂ’ ਨਾਮ ਦੇ ਭਾਰਤੀ ਮੂਲ ਦੇ ਇੱਕ ਵਿਅਕਤੀ ਉੱਤੇ ਆਉਂਦੀ ਹੈ। ਇਸ ਵਿਅਕਤੀ ਦਾ ਨਾਮ ਵੇਦਾਂ, ਮਹਾਂਭਾਰਤ, ਰਮਾਇਣ ਅਤੇ ਬ੍ਰਾਹਮਣ ਗ੍ਰੰਥਾਂ ਵਿੱਚ ਵੀ ਆਉਂਦਾ ਹੈ; ਪਰ ਕੁਝ ਲੋਕਾਂ ਦਾ ਵਿਚਾਰ ਹੈ ਕਿ ਇਹ ਕੀਟਾਣੂੰ ਮਨੂ ਨਾਮ ਦੇ ਕਿਸੇ ਇੱਕ ਵਿਅਕਤੀ ਨੇ ਪੈਦਾ ਨਹੀਂ ਕੀਤੇ; ਬਲਕਿ ਇਹ ਤਾਂ ਅਜਿਹੇ ਕੁਝ ਲੋਕਾਂ ਦਾ ਇੱਕ ਸਮੂਹ ਸੀ।
ਕੈਨੇਡੀਅਨ ਪੰਜਾਬੀ ਲੇਖਕ ਪਾਖਰ ਸਿੰਘ ਨੇ ਆਪਣੀ ਪੁਸਤਕ ‘ਅਨਮੋਲ ਰਤਨ ਡਾ. ਅੰਬੇਡਕਰ’ ਵਿੱਚ ਜਿੱਥੇ ਕਿ ਜ਼ਾਤ ਪਾਤ ਦੀ ਬੀਮਾਰੀ ਦੇ ਅਜਿਹੇ ਖਤਰਨਾਕ ਕੀਟਾਣੂੰਆਂ ਬਾਰੇ ਚਰਚਾ ਕੀਤਾ ਹੈ, ਉੱਥੇ ਹੀ ਇਸ ਪੁਸਤਕ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਡਾ. ਅੰਬੇਡਕਰ ਬਾਰੇ ਵੀ ਚਰਚਾ ਕੀਤੀ ਹੈ ਕਿ ਉਸਨੇ ਕਿਵੇਂ ਆਪਣੀ ਸਾਰੀ ਉਮਰ ਲੋਕਾਂ ਵਿੱਚ ਇਸ ਬੀਮਾਰੀ ਦੇ ਕੀਟਾਣੂੰਆਂ ਬਾਰੇ ਜਾਗ੍ਰਿਤੀ ਪੈਦਾ ਕਰਨ ਵਿੱਚ ਬਿਤਾਈ। ਭਾਰਤੀ ਸਮਾਜ ਵਿੱਚ ਜਿਹੜੇ ਲੋਕ ਇਨ੍ਹਾਂ ਕੀਟਾਣੂੰਆਂ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਏ ਉਨ੍ਹਾਂ ਨੂੰ ‘ਦਲਿਤ’ ਜਾਂ ‘ਅਛੂਤ’ ਕਿਹਾ ਜਾਂਦਾ ਹੈ। ਭਾਰਤੀ ਮੂਲ ਦੇ ਲੋਕ ਦੁਨੀਆਂ ਦੇ ਚਾਹੇ ਕਿਸੇ ਵੀ ਹਿੱਸੇ ਵਿੱਚ ਪਰਵਾਸ ਕਰ ਜਾਣ ਜ਼ਾਤ ਪਾਤ ਦੀ ਬੀਮਾਰੀ ਦੇ ਕੀਟਾਣੂੰ ਉਨ੍ਹਾਂ ਦੇ ਨਾਲ ਹੀ ਜਾਂਦੇ ਹਨ।
ਵਿਸ਼ਵ ਪੱਧਰ ਉੱਤੇ ਅਸੀਂ ਜਾਣਦੇ ਹਾਂ ਕਿ ਹਿਟਲਰ ਅਤੇ ਉਸਦੀਆਂ ਨਾਜ਼ੀ ਫੌਜਾਂ ਨੇ ਲੱਖਾਂ ਯਹੂਦੀਆਂ ਨੂੰ ਗੈਸ ਚੈਂਬਰਾਂ ਵਿੱਚ ਸਾੜਕੇ ਮਾਰਿਆ। ਦੱਖਣੀ ਅਫਰੀਕਾ, ਅਮਰੀਕਾ ਅਤੇ ਵਿਸ਼ਵ ਦੇ ਹੋਰ ਅਨੇਕਾਂ ਹਿੱਸਿਆਂ ਵਿੱਚ ਅਜੇ ਕੁਝ ਦਹਾਕੇ ਪਹਿਲੇ ਤੱਕ ਕਾਲੇ ਰੰਗ ਦੇ ਲੋਕਾਂ ਨੂੰ ਗੁਲਾਮਾਂ ਵਾਂਗ ਰੱਖਿਆ ਜਾਂਦਾ ਸੀ। ਕਾਲੇ ਰੰਗ ਦੇ ਲੋਕ ਗੋਰੇ ਰੰਗ ਦੇ ਲੋਕਾਂ ਨਾਲ ਬੱਸਾਂ/ਗੱਡੀਆਂ ਵਿੱਚ ਸਫ਼ਰ ਨਹੀਂ ਸਨ ਕਰ ਸਕਦੇ. ਸਕੂਲਾਂ, ਕਾਲਿਜਾਂ, ਯੂਨੀਵਰਸਿਟੀਆਂ ਵਿੱਚ ਕਾਲੇ ਰੰਗ ਦੇ ਲੋਕਾਂ ਨਾਲ ਇਕੱਠੇ ਪੜ੍ਹ ਨਹੀਂ ਸਕਦੇ ਸਨ। ਇੱਥੋਂ ਤੱਕ ਕਿ ਕਾਲੇ ਰੰਗ ਦੇ ਲੋਕਾਂ ਉੱਤੇ ਪਾਬੰਧੀ ਸੀ ਕਿ ਉਹ ਗੋਰੇ ਰੰਗ ਦੇ ਲੋਕਾਂ ਦੇ ਨਾਲ ਰੈਸਟੋਰੈਂਟਾਂ, ਗਿਰਜਿਆਂ ਅਤੇ ਅਜਿਹੀਆਂ ਹੋਰ ਪਬਲਿਕ ਥਾਵਾਂ ਉੱਤੇ ਇਕੱਠੇ ਨਹੀਂ ਸਨ ਜਾ ਸਕਦੇ। ਭਾਰਤੀ ਸਮਾਜ ਵਿੱਚ ਦਲਿਤਾਂ/ਅਛੂਤਾਂ ਨਾਲ ਵੀ ਕੁਝ ਇਸ ਤਰ੍ਹਾਂ ਦਾ ਹੀ ਵਰਤਾਓ ਕੀਤਾ ਜਾਂਦਾ ਸੀ। ਦੁਨੀਆਂ ਦੇ ਭਾਵੇਂ ਵਧੇਰੇ ਹਿੱਸਿਆਂ ਵਿੱਚ ਇਸ ਤਰ੍ਹਾਂ ਦਾ ਵਤੀਰਾ ਬੰਦ ਹੋ ਚੁੱਕਾ ਹੈ ਪਰ ਭਾਰਤ ਦੇ ਕੁਝ ਹਿੱਸਿਆਂ ਵਿੱਚ ਅਜਿਹਾ ਵਤੀਰਾ ਅਜੇ ਵੀ ਜਾਰੀ ਹੈ। ਦੁਨੀਆਂ ਦੇ ਬਹੁਤੇ ਲੋਕਾਂ ਨੂੰ ਭਾਰਤੀ ਮੂਲ ਦੇ ਲੋਕਾਂ ਦੀ ਮਾਨਸਿਕਤਾ ਵਿੱਚ ਸਦੀਆਂ ਤੋਂ ਪਲ ਰਹੇ ਜ਼ਾਤ ਪਾਤ ਦੀ ਬੀਮਾਰੀ ਦੇ ਖ਼ਤਰਨਾਕ ਕੀਟਾਣੂੰਆਂ ਦੀ ਕੋਈ ਜ਼ਿਆਦਾ ਜਾਣਕਾਰੀ ਨਹੀਂ।
ਪੱਛਮੀ ਮੁਲਕਾਂ ਵਿੱਚ ਅਸੀਂ ਨਿੱਕੀ ਨਿੱਕੀ ਗੱਲ ਉੱਤੇ ਰੇਡੀਓ/ਟੀਵੀ/ਅਖ਼ਬਾਰਾਂ/ਮੈਗਜ਼ੀਨਾਂ ਵਿੱਚ ਸ਼ੌਰ ਪਾਉਣਾ ਸ਼ੁਰੂ ਕਰ ਦਿੰਦੇ ਹਾਂ ਕਿ ਸਾਡੇ ਨਾਲ ਵਿਤਕਰਾ ਕੀਤਾ ਗਿਆ ਹੈ। ਭਾਵੇਂ ਕਿ ਅਮਰੀਕਾ/ਕੈਨੇਡਾ ਦਾ ਬਾਰਡਰ ਟੱਪਦਿਆਂ ਬਾਰਡਰ ਸਕਿਉਰਟੀ ਗਾਰਡ ਨੇ ਤੁਹਾਡੀ ਤਲਾਸ਼ੀ ਸਿਰਫ ਇਸ ਲਈ ਲਈ ਹੋਵੇ ਕਿਉਂਕਿ ਕੋਈ ਹੀ ਹਫਤਾ ਖਾਲੀ ਜਾਂਦਾ ਹੈ ਜਦੋਂ ਕਿ ਭਾਰਤੀ ਮੂਲ ਦਾ ਕੋਈ ਵਿਅਕਤੀ ਡਰੱਗ ਸਮਗਲਿੰਗ ਕਰਦਾ ਫੜਿਆ ਨ ਗਿਆ ਹੋਵੇ, ਪਰ ਅਜਿਹੀਆਂ ਹਾਲਤਾਂ ਵਿੱਚ ਵੀ ਭਾਰਤੀ ਮੂਲ ਦੇ ਲੋਕਾਂ ਦੀ ਚੇਤਨਾ ਵਿੱਚ ਕਦੀ ਇੱਕ ਪਲ ਲਈ ਵੀ ਇਹ ਗੱਲ ਨਹੀਂ ਆਉਂਦੀ ਕਿ ਭਾਰਤੀ ਸਮਾਜ ਵਿੱਚ ਜਿਸ ਤਰ੍ਹਾਂ ਦਾ ਵਿਤਕਰਾ ਅਸੀਂ ਆਪ ਕਰਦੇ/ਸਹਿੰਦੇ ਹਾਂ ਉਹ ਤਾਂ ਸਦੀਆਂ ਤੋਂ ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਚੁੱਕਾ ਹੈ।
ਦੁਨੀਆਂ ਵਿੱਚ ਅਜਿਹਾ ਸ਼ਾਇਦ ਹੀ ਹੋਰ ਕੋਈ ਸਮਾਜ ਹੋਵੇ ਜਿਸ ਵਿੱਚ ‘ਬੱਚੇ’ ਨੂੰ ਜਨਮ ਤੋਂ ਹੀ ‘ਅਛੂਤ’ ਕਿਹਾ ਜਾਂਦਾ ਹੋਵੇ, ਜਿਸ ਤਰ੍ਹਾਂ ਕਿ ਭਾਰਤੀ ਸਮਾਜ ਵਿੱਚ ਹੁੰਦਾ ਹੈ. ਬੱਚਾ - ਜਿਸਦੀਆਂ ਰਗਾਂ ਵਿੱਚ ਹੋਰ ਸਭਨਾਂ ਬੱਚਿਆਂ ਵਾਂਗ ਹੀ ਇੱਕੋ ਰੰਗ ਦਾ ਖ਼ੂਨ ਵਹਿੰਦਾ ਹੈ; ਜਿਸਦੇ ਹੋਰਨਾਂ ਬੱਚਿਆਂ ਵਾਂਗ ਹੀ ਸਰੀਰ ਦੇ ਅੰਗ ਹਨ; ਜੋ ਹੋਰਨਾਂ ਬੱਚਿਆਂ ਵਾਂਗ ਹੀ ਹੱਸਦਾ ਹੈ - ਰੋਂਦਾ ਹੈ; ਜੋ ਉਸੇ ਹਵਾ ਵਿੱਚ ਸਾਹ ਲੈਂਦਾ ਹੈ ਜਿਸ ਵਿੱਚ ਹੋਰ ਬੱਚੇ ਸਾਹ ਲੈਂਦੇ ਹਨ. ਪਰ ਇਸ ਸਭ ਕੁਝ ਦੇ ਬਾਵਜੂਦ ਸਾਡੇ ਸਮਾਜ ਵਿਚਲੀ ਸ਼ੈਤਾਨੀ ਸੋਚ ਉਸ ਉੱਤੇ ਉਮਰ ਭਰ ਲਈ ‘ਅਛੂਤ’ ਹੋਣ ਦਾ ਲੇਬਲ ਲਗਾ ਦਿੰਦੀ ਹੈ। ਮਨੁੱਖ ਉੱਤੇ, ਮਨੁੱਖ ਵੱਲੋਂ ਕੀਤਾ ਗਿਆ ਅਜਿਹਾ ਯੋਜਨਾਬੱਧ ਅਤਿਆਚਾਰ, ਸਿਰਫ ਅਤੇ ਸਿਰਫ, ਭਾਰਤੀ ਸਮਾਜ ਵਿੱਚ ਹੀ ਦੇਖਿਆ ਜਾ ਸਕਦਾ ਹੈ। ਇੰਡੀਆ ਵਿੱਚ ਅਛੂਤਾਂ ਦੀ ਹਾਲਤ ਦਾ ਅੰਦਾਜ਼ਾ ਪਾਖਰ ਸਿੰਘ ਦੀ ਪੁਸਤਕ ‘ਅਨਮੋਲ ਰਤਨ ਡਾ. ਅੰਬੇਡਕਰ’ ਵਿੱਚ ਪੇਸ਼ ਕੀਤੇ ਗਏ ਇਨ੍ਹਾਂ ਵਿਚਾਰਾਂ ਤੋਂ ਹੀ ਲਗਾਇਆ ਜਾ ਸਕਦਾ ਹੈ:
“...ਅਛੂਤਾਂ ਦੀ ਹਾਲਤ ਬਹੁਤ ਤਰਸਯੋਗ ਸੀ. ਪੈਰ ਪੈਰ ਤੇ ਉਹਨਾਂ ਨੂੰ ਦੁਰਕਾਰਿਆ ਜਾਂਦਾ ਤੇ ਉਹ ਜਿ਼ਲਤ ਵਾਲੀ ਜ਼ਿੰਦਗੀ ਬਸਰ ਕਰ ਰਹੇ ਸਨ। ਇਥੋਂ ਤੱਕ ਕਿ ਉਹ ਜ਼ਮੀਨ ਤੇ ਥੁੱਕ ਵੀ ਨਹੀਂ ਸਨ ਸਕਦੇ, ਕਿਉਂ ਜੋ ਜਦ ਉੱਚ ਸ਼ਰੇਣੀ ਦਾ ਬ੍ਰਾਹਮਣ ਉਸ ਜ਼ਮੀਨ ਨੂੰ ਪੈਰਾਂ ਨਾਲ ਛੂੰਹਦਾ ਸੀ ਤਾਂ ਉਹ ਭ੍ਰਸ਼ਟ ਹੋ ਜਾਂਦਾ ਸੀ। ਇਸ ਲਈ ਸ਼ੂਦਰ ਆਪਣੇ ਗਲ਼ ਵਿਚ ਇਕ ਬਰਤਨ ਹਮੇਸ਼ਾ ਲਟਕਾਈ ਰੱਖਦੇ ਸਨ ਤਾਂ ਜੋ ਉਸ ਵਿਚ ਥੁੱਕਿਆ ਜਾ ਸਕੇ। ਇਹ ਲੋਕ ਆਪਣੇ ਪਿੱਛੇ ਕੁੰਡੇ ਨਾਲ ਬੰਨ੍ਹਿਆਂ ਇਕ ਛਾਪਾ ਲਟਕਾਈ ਰਖਦੇ ਸਨ ਤਾਂ ਜੋ ਅਛੂਤਾਂ ਦੀ ਪੈੜ ਨਾਲੋ ਨਾਲ ਮਿਟ ਜਾਵੇ।”
ਭਾਰਤੀ ਸਮਾਜ ਵਿੱਚ ‘ਅਛੂਤ’ ਲੋਕਾਂ ਨੂੰ ਇਸ ਹੱਦ ਤੱਕ ਜਲੀਲ ਕੀਤਾ ਜਾਂਦਾ ਸੀ ਕਿ ਉਨ੍ਹਾਂ ਦੀ ਸਮਾਜਿਕ ਹੋਂਦ ਨੂੰ ਹੀ ਖਤਮ ਕਰ ਦਿੱਤਾ ਗਿਆ ਸੀ। ਉੱਚੀਆਂ ਜਾਤਾਂ ਦੇ ਲੋਕ ਪਸ਼ੂਆਂ, ਕੁੱਤਿਆਂ ਨੂੰ ਤਾਂ ਪਿਆਰ ਦੁਲਾਰ ਕਰਦੇ ਸਨ ਪਰ ਅਛੂਤ ਦੇ ਪ੍ਰਛਾਵੇਂ ਤੋਂ ਵੀ ਡਰਦੇ ਸਨ ਸਨ। ਉੱਚੀਆਂ ਜਾਤੀਆਂ ਦੇ ਲੋਕਾਂ ਦੇ ਮਨਾਂ ਵਿੱਚ ਅਛੂਤਾਂ ਲਈ ਐਨੀ ਨਫ਼ਰਤ, ਐਨੀ ਕੁੜੱਤਣ। ਅਛੂਤ ਲੋਕਾਂ ਦੇ ਬੱਚਿਆਂ ਨੂੰ ਸਕੂਲਾਂ, ਕਾਲਜਾਂ ਵਿੱਚ ਦਾਖਲਾ ਨਹੀਂ ਮਿਲਦਾ ਸੀ। ਜੇਕਰ ਉਨ੍ਹਾਂ ਨੂੰ ਦਾਖਲਾ ਮਿਲ ਵੀ ਜਾਂਦਾ ਸੀ ਤਾਂ ਉਨ੍ਹਾਂ ਨੂੰ ਅਛੂਤ ਸਮਝ ਕੇ ਕਲਾਸਾਂ ਵਿੱਚ ਇੱਕ ਪਾਸੇ ਕਰਕੇ ਕਮਰੇ ਦੇ ਇੱਕ ਖੂੰਜੇ ਵਿੱਚ ਬਿਠਾਇਆ ਜਾਂਦਾ ਸੀ। ਅਛੂਤ ਲੋਕਾਂ ਨੂੰ ਹਰ ਤਰ੍ਹਾਂ ਦੇ ਮਾਨਸਿਕ ਤਸੀਹੇ ਦਿੱਤੇ ਜਾਂਦੇ ਸਨ। ਇਸ ਦੀ ਇੱਕ ਹੋਰ ਮਿਸਾਲ ਪੁਸਤਕ ‘ਅਨਮੋਲ ਰਤਨ ਡਾ. ਅੰਬੇਡਕਰ’ ‘ਚੋਂ ਹੀ ਪੇਸ਼ ਹੈ:
“...ਅਛੂਤ ਰਾਤ ਨੂੰ ਚੱਲਣ ਫਿਰਨ ਤਾਂ ਜੋ ਉਹ ਕਿਸੇ ਦੇ ਮੂੰਹ ਮੱਥੇ ਨਾ ਲੱਗਣ। ਗਲ਼ ਵਿੱਚ ਢੋਲ ਪਾ ਕੇ ਬਜਾਉਣ ਜੋ ਉੱਚ ਵਰਗ ਦੇ ਲੋਕ ਪਿੱਛੇ ਹਟ ਜਾਣ ਤਾਂ ਪਤਾ ਲੱਗ ਜਾਵੇ ਕਿ ਕੋਈ ਅਛੂਤ ਆ ਰਿਹਾ ਹੈ। ਖੂਹਾਂ ਤੋਂ ਪਾਣੀ ਭਰਨਾ ਅਛੂਤਾਂ ਲਈ ਜੁਰਮ ਸੀ। ਸਰਵਜਨਕ ਥਾਵਾਂ ਤੇ ਜਾਣਾ ਅਛੂਤਾਂ ਲਈ ਵਰਜਿਤ ਸੀ। ਦੁਕਾਨਾਂ ਤੇ ਅਛੂਤਾਂ ਲਈ ਵੱਖਰੇ ਬਰਤਨ ਰੱਖੇ ਜਾਂਦੇ ਸਨ।”
ਕੈਨੇਡੀਅਨ ਪੰਜਾਬੀ ਸਾਹਿਤ ਦੇ ਅਨੇਕਾਂ ਪਾਠਕਾਂ ਨੂੰ ਸ਼ਾਇਦ ਇਸ ਬਾਰੇ ਵੀ ਜਾਣਕਾਰੀ ਨ ਹੋਵੇ ਕਿ ਭਾਰਤੀ ਸਮਾਜ ਜਾਤੀਵਾਦ ਦੇ ਆਧਾਰ ਉੱਤੇ ਚਾਰ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ। ਇਸ ਵੰਡ ਨੂੰ ਇੱਕ ਪੌੜੀ ਦੇ ਡੰਡਿਆਂ ਦੇ ਰੂਪ ਵਾਂਗ ਕਿਆਸਿਆ ਜਾ ਸਕਦਾ ਹੈ। ਇਸ ਪੌੜੀ ਦੇ ਉਪਰਲੇ ਡੰਡੇ ਉੱਤੇ ਬ੍ਰਾਹਮਣ, ਦੂਜੇ ਉੱਤੇ ਕਸ਼ਤਰੀ, ਤੀਜੇ ਉੱਤੇ ਵੈਸ਼ ਅਤੇ ਚੌਥੇ ਉੱਤੇ ਭਾਵ ਅੰਤਲੇ ਡੰਡੇ ਉੱਤੇ ਅਛੂਤ ਬੈਠਾ ਸਮਝਿਆ ਜਾਂਦਾ ਹੈ।
ਭਾਵੇਂ ਕਿ ਭਾਰਤੀ ਸਮਾਜ ਦੀ ਅਜਿਹੀ ਵੰਡ ਕੰਮ ਦੇ ਆਧਾਰ ਉੱਤੇ ਹੀ ਕੀਤੀ ਗਈ ਲਗਦੀ ਹੈ; ਪਰ ਇਸਨੂੰ ਬਾਹਦ ਵਿੱਚ ਜਾਤੀ/ਜਨਮ ਉੱਤੇ ਆਧਾਰਤ ਹੀ ਬਣਾ ਲਿਆ ਗਿਆ। ਪੌੜੀ ਦੇ ਉਪਰਲੇ ਡੰਡਿਆਂ ਉੱਤੇ ਬੈਠੇ ਬ੍ਰਾਹਮਣਾਂ ਅਤੇ ਕਸ਼ਤਰੀਆਂ ਦੀ ਮਿਲੀਭੁਗਤ ਨੇ ਇਨ੍ਹਾਂ ਗੱਲਾਂ ਨੂੰ ਸਦੀਵੀ ਬਨਾਉਣ ਲਈ ਹਿੰਦੂ ਧਰਮ ਦੇ ਸਾਹਿਤਕ, ਸਮਾਜਿਕ, ਰਾਜਨੀਤਿਕ ਅਤੇ ਸਭਿਆਚਾਰਕ ਗ੍ਰੰਥਾਂ ਵਿੱਚ ਵੀ ਲਿਖਵਾ ਲਿਆ। ਇਸ ਤਰ੍ਹਾਂ ਬ੍ਰਾਹਮਣਾਂ ਨੇ ਆਪਣੇ ਅਜਿਹੇ ਜਨਮ ਸਿੱਧ ਅਧਿਕਾਰਾਂ ਸਦਕਾ ਸਭ ਤੋਂ ਥੱਲੇ ਦੀ ਪੌੜੀ ਉੱਤੇ ਬੈਠੇ ਲੋਕਾਂ ‘ਅਛੂਤਾਂ’ ਨੂੰ ਨ ਸਿਰਫ ਗੁਲਾਮਾਂ ਵਾਂਗ ਹੀ ਵਰਤਣਾ ਸ਼ੁਰੂ ਕਰ ਦਿੱਤਾ; ਬਲਕਿ ਆਪਣੇ ਕੰਮ ਕਰਵਾਉਣ ਲਈ ਉਨ੍ਹਾਂ ਉੱਤੇ ਹਰ ਤਰ੍ਹਾਂ ਦੇ ਮਾਨਸਿਕ ਅਤੇ ਸਰੀਰਕ ਅਤਿਆਚਾਰ ਵੀ ਕਰਨੇ ਸ਼ੁਰੂ ਕਰ ਦਿੱਤੇ। ਪੁਸਤਕ ‘ਅਨਮੋਲ ਰਤਨ ਡਾ. ਅੰਬੇਡਕਰ’ ਅਨੁਸਾਰ ਹਿੰਦੂ ਧਰਮ, ਗ੍ਰੰਥਾਂ ਵਿੱਚ ਅਜਿਹੀਆਂ ਗੱਲਾਂ ਲਿਖਕੇ ਅਛੂਤਾਂ ਨੂੰ ਦਬਾਉਣ ਲਈ ਵਿਉਂਤਬਧ ਤਰੀਕੇ ਨਾਲ ਵਰਤਿਆ। ਇਨ੍ਹਾਂ ਗ੍ਰੰਥਾਂ ਵਿੱਚ ਇਹ ਗੱਲਾਂ ਇਸ ਰੂਪ ਵਿੱਚ ਦਰਜ ਹਨ:
1. ਇਖਲਾਕ ਹੀਣ ਤੇ ਬਦਚਲਣ ਬ੍ਰਾਹਮਣ ਸਤਿਕਾਰ ਦਾ ਪਾਤਰ ਹੈ। ਸ਼ੂਦਰ ਦਾ ਇਖਲਾਕ ਭਾਵੇਂ ਉੱਚਾ ਭੀ ਹੋਵੇ ਫਿਰ ਭੀ ਉਹਨੂੰ ਆਦਰ ਦੇਣਾ ਠੀਕ ਨਹੀਂ।
2. ਮੂਰਖ ਤੇ ਅਨਪੜ੍ਹ ਬ੍ਰਾਹਮਣ ਵੱਡਾ ਦੇਵਤਾ ਹੈ।
3. ਜੇਕਰ ਬ੍ਰਾਹਮਣ ਚੋਰੀ ਦੇ ਜੁਰਮ ਵਿੱਚ ਰੰਗੇ ਹੱਥੀਂ ਫੜਿਆ ਜਾਵੇ ਤਾਂ ਵੀ ਉਸ ਨੂੰ ਕਿਸੇ ਕਿਸਮ ਦੀ ਸਜ਼ਾ ਦੇਣੀ ਉਚਿਤ ਨਹੀਂ।
4. ਸੰਸਾਰ ਦੀ ਸਾਰੀ ਸੰਪਤੀ ਦਾ ਮਾਲਕ ਕੇਵਲ ਬ੍ਰਾਹਮਣ ਹੈ।
5. ਸ਼ੂਦਰ ਨੂੰ ਇਹ ਅਧਿਕਾਰ ਨਹੀਂ ਕਿ ਉਹ ਬ੍ਰਾਹਮਣ, ਕਸ਼ੱਤਰੀ ਤੇ ਵੈਸ਼ ਜਾਤੀ ਦੇ ਵਿਅਕਤੀ ਨੂੰ ਕਠੋਰ ਕਹੇ। ਜੇ ਉਹ ਇਸ ਗੱਲ ਦੀ ਉਲੰਘਣਾ ਕਰੇ ਤਾਂ ਉਸ ਦੀ ਜੀਭ ਕੱਟ ਦੇਣੀ ਚਾਹੀਦੀ ਹੈ।
6. ਸ਼ੂਦਰ ਨਿਰਧਨ ਰਹੇ ਤਾਂ ਹੀ ਠੀਕ ਹੈ, ਜੇ ਉਹ ਧਨੀ ਹੋ ਗਿਆ ਤਾਂ ਉਹ ਉੱਚ ਜਾਤੀਆਂ ਦੇ ਹੱਥੋਂ ਨਿਕਲ ਜਾਵੇਗਾ ਅਤੇ ਬ੍ਰਾਹਮਣ ਨੂੰ ਦੁੱਖ ਦੇ ਸਕਦਾ ਹੈ।
7. ਸ਼ੂਦਰ ਦੀ ਬੁੱਧੀ ਨੂੰ ਅਵਿਕਸਿਤ ਰਹਿਣ ਦੇਣਾ ਚਾਹੀਦਾ ਹੈ। ਸ਼ੂਦਰ ਨੂੰ ਗਿਆਨ ਦੇਣ ਵਾਲਾ ਸਿੱਧਾ ਨਰਕਾਂ ਨੂੰ ਜਾਵੇਗਾ।
8. ਸ਼ੂਦਰਾਂ ਲਈ ਧਰਮ ਦੀ ਸਿਖਿਆ ਵਿਵਰਜਿਤ ਹੈ।
ਇਨ੍ਹਾਂ ਧਰਮ ਗ੍ਰੰਥਾਂ ਦੀ ਸਿਖਿਆ ਸਦਕਾ ਸ਼ੂਦਰਾਂ ਨੂੰ ਨੀਚ ਤਸੱਵਰ ਕੀਤਾ ਗਿਆ ਅਤੇ ਉਹਨਾਂ ਉੱਤੇ ਅਕਹਿ/ਅਸਹਿ ਜ਼ੁਲਮ ਢਾਹੇ ਗਏ। ਹਿੰਦੂ ਧਰਮ ਗ੍ਰੰਥਾਂ ਵਿੱਚ ਨ ਸਿਰਫ ਅਛੂਤਾਂ ਨੂੰ ਹੀ ਮਨੁੱਖੀ ਅਧਿਕਾਰਾਂ ਤੋਂ ਵਾਂਝਿਆਂ ਕਰਨ ਲਈ ਅਜਿਹੀਆਂ ਗੱਲਾਂ ਲਿਖੀਆਂ ਗਈਆਂ ਸਨ, ਇਨ੍ਹਾਂ ਧਾਰਮਿਕ ਗ੍ਰੰਥਾਂ ਵਿੱਚ ਔਰਤ ਦਾ ਵੀ ਬਹੁਤ ਨਿਰਾਦਰ ਕੀਤਾ ਗਿਆ ਹੈ। ਪਾਖਰ ਸਿੰਘ ਆਪਣੀ ਪੁਸਤਕ ‘ਅਨਮੋਲ ਰਤਨ ਡਾ. ਅੰਬੇਡਕਰ’ ਵਿੱਚ ਇਸ ਤੱਥ ਨੂੰ ਬੜੀ ਜੁਅਰੱਤ ਨਾਲ ਉਭਾਰਦਾ ਹੈ: “ਭਾਰਤ ਨੂੰ ਰਿਸ਼ੀਆਂ, ਮੁਨੀਆਂ, ਪੀਰਾਂ, ਫਕੀਰਾਂ, ਸੰਤਾਂ ਤੇ ਅਵਤਾਰਾਂ ਦਾ ਦੇਸ਼ ਕਿਹਾ ਜਾਂਦਾ ਹੈ। ਪ੍ਰੰਤੂ ਇਸ ਅਧਿਆਤਮਵਾਦੀ ਦੇਸ਼ ਵਿੱਚ ਜਿੰਨਾ ਨਿਰਾਦਰ ਇਸਤਰੀ ਦਾ ਕੀਤਾ ਗਿਆ ਸ਼ਾਇਦ ਹੀ ਦੁਨੀਆਂ ਦੇ ਕਿਸੇ ਦੇਸ਼ ਵਿੱਚ ਇਸਦੀ ਉਦਾਹਰਣ ਮਿਲਦੀ ਹੋਵੇ। ਇਸਤਰੀ ਜਾਤੀ ਨੂੰ ਕੇਵਲ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਸਮਝ ਕੇ ਉਸਨੂੰ ਦੁਰਕਾਰਿਆ ਤੇ ਤਿਰਸਕਾਰਿਆ ਜਾਂਦਾ ਰਿਹਾ...ਪੁਰਾਣਾਂ ਵਿੱਚ ਇਸਤ੍ਰੀ ਨੂੰ ਨਸ਼ੀਲੀ ਸ਼ਰਾਬ ਅਤੇ ਮਾਰੂ ਆਖਿਆ ਗਿਆ। ਤੁਲਸੀ ਦਾਸ ਇਸ ਨੂੰ ਅੱਧਾ ਅੰਮ੍ਰਿਤ ਤੇ ਅੱਧਾ ਜ਼ਹਿਰ ਆਖਦਾ ਹੈ। ਹੋਰ ਹਿੰਦੂ ਧਰਮ ਗ੍ਰੰਥਾਂ ਵਿੱਚ ਜਿਵੇਂ ਮਨੂ ਸਮ੍ਰਿਤੀ ਵਿੱਚ ਲਿਖਿਆ ਹੈ ਕਿ ਜੋ ਇਸਤ੍ਰੀ ਆਪਣੇ ਪਤੀ ਦੀ ਗੁਲਾਮਾਂ ਭਾਵ ਨੌਕਰਾਂ ਵਾਂਗ ਸੇਵਾ ਨਹੀਂ ਕਰਦੀ ਉਹ ਅਗਲੇ ਜਨਮ ਵਿੱਚ ਗਿੱਦੜੀ ਦੀ ਜੂਨ ਵਿਚ ਪਵੇਗੀ।”
ਹਿੰਦੂ ਧਾਰਮਿਕ ਗ੍ਰੰਥਾਂ ਵਿੱਚ ਲਿਖੀਆਂ ਗਈਆ ਸਿਖਿਆਵਾਂ ਅਨੁਸਾਰ ਔਰਤ ਦੇ ਕੀਤੇ ਜਾਂਦੇ ਨਿਰਾਦਰ ਦੀਆਂ ਹੋਰ ਵੀ ਉਦਾਹਰਣਾਂ ਪੁਸਤਕ ‘ਅਨਮੋਲ ਰਤਨ ਡਾ. ਅੰਬੇਡਕਰ’ ਵਿੱਚ ਪੇਸ਼ ਕੀਤੀਆਂ ਗਈਆਂ ਹਨ:
“ਪਦਮ ਪੁਰਾਣ ਵਿੱਚ ਤਾਂ ਇਥੋਂ ਤੱਕ ਕਿਹਾ ਗਿਆ ਹੈ ਕਿ ਪਤੀ ਭਾਵੇਂ ਬਹੁਤ ਬੁੱਢਾ ਹੋਵੇ, ਕਰੂਪ, ਲੰਗੜਾ, ਲੂਲਾ, ਕੋਹੜੀ, ਡਾਕੂ, ਚੋਰ, ਸ਼ਰਾਬੀ, ਜੂਏਬਾਜ਼ ਜਾਂ ਰੰਡੀਬਾਜ਼ ਹੋਵੇ, ਸ਼ਰੇਆਮ ਪਾਪ ਕਰਦਾ ਫਿਰੇ ਫਿਰ ਵੀ ਉਸ ਨੂੰ ਪ੍ਰਮਾਤਮਾ ਵਾਂਗ ਪੂਜਣਾ ਚਾਹੀਦਾ ਹੈ, ਕਿਉਂ ਜੋ ਪਤੀ ਪ੍ਰਮੇਸ਼ਰ ਹੈ...ਪਤਨੀ ਭਾਵੇਂ ਕਿੰਨੀ ਸੋਹਣੀ, ਸੁੰਦਰ, ਸੁਸ਼ੀਲ ਤੇ ਜਤ ਸੱਤ ਵਾਲੀ ਹੋਵੇ ਫਿਰ ਵੀ ਘ੍ਰਿਣਾ ਦੀ ਪਾਤਰ ਹੈ...ਦੱਖਣੀ ਭਾਰਤ ਵਿੱਚ ਜੁਆਨ ਲੜਕੀਆਂ ਨੂੰ ਮੰਦਰ ਦੇ ਪੁਜਾਰੀਆਂ ਦੀ ਹਵਸ ਲਈ ਦੇਵ ਦਾਸੀ ਦੇ ਤੌਰ ਤੇ ਪੇਸ਼ ਕਰਨਾ ਇੱਕ ਚੰਗਾ ਸ਼ਗਨ ਮੰਨਿਆਂ ਜਾਦਾ ਸੀ...ਹਿੰਦੂ ਧਰਮ ਗ੍ਰੰਥਾਂ ਅਨੁਸਾਰ ਇਸਤ੍ਰੀ ਮਰਦ ਦੀ ਹਰ ਤਰ੍ਹਾਂ ਗੁਲਾਮ - ਬਚਪਨ ਵਿੱਚ ਪਿਤਾ ਦੀ, ਜੁਆਨੀ ਵਿੱਚ ਪਤੀ ਦੀ ਤੇ ਬੁਢਾਪੇ ਵਿੱਚ ਪੁੱਤਰਾਂ ਦੀ ਗੁਲਾਮ ਮੰਨਿਆਂ ਗਿਆ ਹੈ।”
ਪਾਖਰ ਸਿੰਘ ਦੀ ਪੁਸਤਕ ਇਸ ਗੱਲ ਬਾਰੇ ਵੀ ਚਾਨਣਾ ਪਾਉਂਦੀ ਹੈ ਕਿ ਸਿੱਖ ਧਰਮ ਅਤੇ ਮੁਸਲਿਮ ਧਰਮ ਵਿੱਚ ਵੀ ਹਿੰਦੂ ਧਰਮ ਵਾਂਗ ਹੀ ਜ਼ਾਤ ਪਾਤ ਦੇ ਵਿਖਰੇਂਵੇਂ ਕਾਇਮ ਹਨ. ਸਿੱਖ ਧਰਮ ਵਿੱਚ ਭਾਵੇਂ ਕਿ ਜਾਤੀ ਆਧਾਰਤ ਸਮਾਜਿਕ ਵੰਡ ਲਈ ਕੋਈ ਥਾਂ ਨਹੀਂ; ਪਰ ਸਿੱਖ ਧਰਮ ਦੇ ਪੈਰੋਕਾਰਾਂ ਵਿੱਚ ਵੀ ਹਿੰਦੂ ਧਰਮ ਦੇ ਅਸਰ ਹੇਠ ਜਾਤੀ ਆਧਾਰਤ ਵੰਡ ਦਾ ਅਸਰ ਆਮ ਦੇਖਿਆ ਜਾ ਸਕਦਾ ਹੈ। ਸਿੱਖ ਧਰਮ ਵਿੱਚ ਵੀ ਬ੍ਰਾਹਮਣਵਾਦ ਦਾ ਅਸਰ ਆਪਣੀਆਂ ਡੂੰਘੀਆਂ ਜੜ੍ਹਾਂ ਬਣਾ ਚੁੱਕਾ ਹੈ। ਸਿੱਖ ਧਰਮ ਦੇ ਮੁੱਢਲੇ ਅਸੂਲਾਂ ਅਨੁਸਾਰ ਸਿੱਖ ਧਰਮ ਨੂੰ ਮੰਨਣ ਵਾਲਾ ਹਰ ਵਿਅਕਤੀ ਬਰਾਬਰ ਹੈ ਅਤੇ ਔਰਤ ਅਤੇ ਮਰਦ ਵਿੱਚ ਵੀ ਸਮਾਨਤਾ ਮੰਨੀ ਗਈ ਹੈ; ਪਰ ਅਜਿਹੀਆਂ ਉਦਾਹਰਣਾਂ ਆਮ ਮਿਲ ਜਾਦੀਆਂ ਹਨ ਕਿ ਸਿੱਖ ਧਾਰਮਿਕ ਅਦਾਰਿਆਂ ਉੱਤੇ ਕਾਬਜ਼ ਹੋ ਚੁੱਕੇ ਬ੍ਰਾਹਮਣਵਾਦੀ ਸਿੱਖ ਧਰਮ ਦੇ ਮੁੱਢਲੇ ਅਸੂਲਾਂ ਦੀ ਹੀ ਉਲੰਘਣਾ ਕਰਕੇ ਨਾ ਸਿਰਫ਼ ਸਿੱਖ ਧਰਮ ਵਿੱਚ ਜ਼ਾਤ ਪਾਤ ਦੇ ਆਧਾਰ ਉੱਤੇ ਵੰਡੀਆਂ ਪਾ ਰਹੇ ਹਨ ਬਲਕਿ ਔਰਤ ਦਾ ਵੀ ਘੋਰ ਨਿਰਾਦਰ ਕਰ ਰਹੇ ਹਨ। ਪਾਖਰ ਸਿੰਘ ਆਪਣੀ ਪੁਸਤਕ ‘ਅਨਮੋਲ ਰਤਨ ਡਾ. ਅੰਬੇਡਕਰ’ ਵਿੱਚ ਲਿਖਦਾ ਹੈ:
“ਬਿਨਾਂ ਸ਼ੱਕ ਸਿੱਖ ਧਰਮ ਅਗਰਗਾਮੀ ਮੱਤ ਹੈ ਤੇ ਇਸ ਵਿੱਚ ਊਚ ਨੀਚ ਤੇ ਛੋਟੇ ਵੱਡੇ ਦੀ ਭਾਵਨਾ ਨਹੀਂ ਹੈ। ਸਿੱਖ ਗੁਰੂਆਂ ਨੇ ਜ਼ਾਤ ਪਾਤ ਨੂੰ ਖ਼ਤਮ ਕਰਨ ਲਈ ਸਿਰ ਤੋੜ ਯਤਨ ਕੀਤੇ. ਪ੍ਰੰਤੂ ਸਿੱਖ ਭਾਈਚਾਰੇ ਵਿੱਚ ਅਜੋਕੇ ਸਮੇਂ ਵਿੱਚ ਭੀ ਜ਼ਾਤ ਪਾਤ ਦੇ ਕੀਟਾਣੂੰ ਮੌਜੂਦ ਹਨ...ਵਿਆਹ ਸ਼ਾਦੀਆਂ ਵੀ ਆਪਣੀ ਜ਼ਾਤ ਪਾਤ ਜਾਂ ਗੌਤ ਦੇ ਭਾਈਚਾਰੇ ਵਿੱਚ ਕਰਦੇ ਹਨ...ਮਜ਼ਬੀ ਸਿੱਖ, ਰਾਮਦਾਸੀਆ ਸਿੱਖ, ਕਬੀਰ ਪੰਥੀ ਸਿੱਖ ਤੇ ਸਿਕਲੀਗਰ ਸਿੱਖਾਂ ਨੂੰ ਚੌਥੇ ਪਾੜੇ ਦੇ ਸਿੱਖ ਜਾਂ ਸ਼ੂਦਰ ਮੰਨ ਕੇ ਰਿਸ਼ਤੇ ਨਾਤੇ ਦੀ ਕੋਈ ਸਾਂਝ ਨਹੀਂ ਰੱਖਦੇ. ਭਾਵੇਂ ਗੁਰਦੁਆਰਿਆਂ ਵਿਚ ਸ਼ੂਦਰਾਂ ਦੇ ਦਾਖਲੇ ਤੇ ਕੋਈ ਰੋਕ ਟੋਕ ਨਹੀਂ - ਲੰਗਰ ਵੀ ਇਕੱਠਾ ਬਾਕੀ ਸੰਗਤ ਨਾਲ ਛਕਾਇਆ ਜਾਂਦਾ ਹੈ. ਪ੍ਰੰਤੂ ਸਿੱਖ ਦਰਸ਼ਨ ਦੇ ਵਿਪਰੀਤ ਰਿਸ਼ਤੇ ਨਾਤਿਆਂ ਦੀ ਕੋਈ ਸਾਂਝ ਨਹੀਂ...ਹੋਰ ਤਾਂ ਹੋਰ ਕਈ ਪਿੰਡਾਂ ਵਿੱਚ ਸ਼ਮਸ਼ਾਨ ਭੂਮੀਆਂ ਵੀ ਵੱਖੋ ਵੱਖਰੀਆਂ ਹਨ...ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰਦੁਆਰਿਆਂ ਵਿੱਚ ਅਰਦਾਸ ਸਮੇਂ ‘ਸਰਬੱਤ ਦੇ ਭਲੇ’ ਦੇ ਨਾਹਰੇ ਗੂੰਜਦੇ ਹਨ। ਪ੍ਰੰਤੂ ਪ੍ਰੈਕਟੀਕਲ ਤੌਰ ਤੇ ਇਹ ਨਾਹਰੇ ਅਰਥਹੀਣ ਹਨ...ਸਿੱਖ ਜ਼ਾਤਾਂ, ਗੌਤਾਂ ਦੇ ਚੱਕਰ ਵਿੱਚ ਬੁਰੀ ਤਰ੍ਹਾਂ ਫਸੇ ਪਏ ਹਨ। ਬ੍ਰਾਹਮਣੀ ਸੋਚ ਅਨੁਸਾਰ ਮਜ਼ਬੀ ਸਿੱਖ, ਰਾਮਦਾਸੀਆਂ ਸਿੱਖ, ਰਾਮਗੜ੍ਹੀਆ ਸਿੱਖ, ਜੱਟ ਸਿੱਖ, ਨਾਨਕ ਸਰੀਏ, ਰਾੜੇਵਾਲਾ ਆਦਿਕ ਡੇਰਿਆਂ ਦੇ ਸਿੱਖ ਅਖਵਾ ਕੇ ਸਿੱਖੀ ਸਿਧਾਤਾਂ ਨੂੰ ਲੀਰੋ-ਲੀਰ ਕੀਤਾ ਹੋਇਆ ਹੈ।”
ਜ਼ਾਤ ਪਾਤ ਦੇ ਕੀਟਾਣੂੰਆਂ ਦੀ ਗੱਲ ਕਰਦੀ ਹੋਈ ਪਾਖਰ ਸਿੰਘ ਦੀ ਪੁਸਤਕ ਇਹ ਕਹਿੰਦੀ ਹੈ ਕਿ ਇਸਲਾਮ ਧਰਮ ਵਿੱਚ ਸੰਸਾਰ ਦੇ ਸਭ ਧਰਮਾਂ ਨਾਲੋਂ ਵਧੇਰੇ ਸਮਾਜਿਕ ਸਮਾਨਤਾ ਹੈ, ਪਰ ਭਾਰਤ ਵਿੱਚ ਆ ਕੇ ਇਹ ਧਰਮ ਵੀ ਹਿੰਦੂ, ਸਿੱਖ ਅਤੇ ਈਸਾਈ ਧਰਮ ਵਾਂਗ ਜ਼ਾਤ ਪਾਤ ਵਿੱਚ ਵੰਡਿਆ ਗਿਆ:
“ਮੁਸਲਮਾਨ ਧਰਮ ਵਿੱਚ ਵੀ ਪਠਾਨ, ਸ਼ੇਖ, ਸਯਦ, ਰਾਜਪੂਤ ਅਤੇ ਕਾਜ਼ੀ ਮੁਸਲਮਾਨ, ਮੋਚੀ, ਜੁਲਾਹੇ, ਧੋਬੀ ਅਤੇ ਨਾਈ ਨਾਲੋਂ ਆਪਣੇ ਆਪਨੂੰ ਉੱਚ ਜਾਤੀਏ ਦਰਸਾਉਣ ਲੱਗੇ ਅਤੇ ਉਹਨਾਂ ਨੇ ਵਿਆਹ-ਸ਼ਾਦੀਆਂ ਦੇ ਮੁਆਮਲੇ ਵਿੱਚ ਅਛੂਤਾਂ ਤੋਂ ਬਣੇ ਮੁਸਲਮਾਨਾਂ ਨਾਲ ਸਾਂਝ ਨਹੀਂ ਪਾਈ। ਭਾਵੇਂ ਕੁਰਾਨ ਮਨੁੱਖੀ ਬਰਾਬਰੀ ਦਾ ਪੈਗ਼ਾਮ ਦਿੰਦਾ ਹੈ।”
ਪਾਖਰ ਸਿੰਘ ਦੀ ਪੁਸਤਕ ‘ਅਨਮੋਲ ਰਤਨ ਡਾ. ਅੰਬੇਡਕਰ’ ਮੂਲ ਰੂਪ ਵਿੱਚ ਭਾਰਤ ਵਿੱਚ ਜੰਮੇ ਪਲੇ ਡਾ. ਭੀਮ ਰਾਓ ਅੰਬੇਡਕਰ ਦੀ ਜਿ਼ੰਦਗੀ ਅਤੇ ਉਸ ਦੀਆਂ ਪ੍ਰਾਪਤੀਆਂ ਦੀ ਗੱਲ ਕਰਦੀ ਹੈ। ਡਾ. ਅੰਬੇਡਕਰ ਨੇ ਉਮਰ ਭਰ ਭਾਰਤੀ ਸਮਾਜ ਵਿੱਚ ਦੁਰਕਾਰੇ ਗਏ ‘ਅਛੂਤ’ ਲੋਕਾਂ ਦੀ ਜ਼ਿੰਦਗੀ ਨੂੰ ਬੇਹਤਰ ਬਨਾਉਣ ਅਤੇ ਹਿੰਦੂ ਧਾਰਮਿਕ ਗ੍ਰੰਥਾਂ ਦੀ ਮੱਦਦ ਸਦਕਾ ਰਚੀ ਗਈ ਸਾਜ਼ਿਸ਼ ਅਧੀਨ ‘ਅਛੂਤ’ ਲੋਕਾਂ ਦੇ ਖੋਹੇ ਗਏ ਮਾਨਵ ਅਧਿਕਾਰਾਂ ਨੂੰ ਵਾਪਿਸ ਦੁਆਉਣ ਅਤੇ ਲੋਕਾਂ ਵਿੱਚ ਜਾਗ੍ਰਿਤੀ ਪੈਦਾ ਕਰਨ ਲਈ ਕ੍ਰਾਂਤੀਕਾਰੀ ਕੰਮ ਕੀਤਾ। ਡਾ. ਅੰਬੇਡਕਰ ਵੱਲੋਂ ਦਲਿਤ ਲੋਕਾਂ ਦੀ ਬੇਹਤਰੀ ਲਈ ਕੀਤੇ ਗਏ ਕੰਮ ਨੂੰ ‘ਦਲਿਤ ਸਭਿਆਚਾਰਕ ਕ੍ਰਾਂਤੀ’ ਕਹਿਣਾ ਵਧੇਰੇ ਯੋਗ ਹੋਵੇਗਾ। ਡਾ. ਅੰਬੇਡਕਰ ਨੇ ਸਿਰਫ ਦਲਿਤ ਲੋਕਾਂ ਨੂੰ ਉਨ੍ਹਾਂ ਦੇ ਖੁੱਸ ਚੁੱਕੇ ਮਾਨਵ ਅਧਿਕਾਰ ਮੁੜ ਦੁਆਉਣ ਲਈ ਹੀ ਕ੍ਰਾਂਤੀਕਾਰੀ ਕੰਮ ਕੀਤਾ; ਉਸਨੇ ਔਰਤ ਦੇ ਹੁੰਦੇ ਨਿਰਾਦਰ ਵਿਰੁੱਧ ਵੀ ਜ਼ੋਰਦਾਰ ਆਵਾਜ਼ ਉਠਾਈ। ਔਰਤ ਦਾ ਨਿਰਾਦਰ ਕਰਨ ਲੱਗਿਆਂ ਤਾਂ ਪੰਜਾਬੀ ਦੇ ਨਾਮਵਰ ਸ਼ਾਇਰ ਵਾਰਸ ਸ਼ਾਹ ਨੇ ਵੀ ਕੋਈ ਕਸਰ ਨਹੀਂ ਛੱਡੀ:
ਵਾਰਸ ਰੰਨ, ਫਕੀਰ, ਤਲਵਾਰ, ਘੋੜਾ
ਚਾਰੇ ਥੋਕ ਇਹ ਕਿਸੇ ਦੇ ਯਾਰ ਨਾਹੀਂ
ਪੰਜਾਬੀ ਸਾਹਿਤ ਵਿੱਚ ਤਾਂ “ਭੱਠ ਰੰਨਾਂ ਦੀ ਦੋਸਤੀ ਖੁਰੀਂ ਜਿਹਨਾਂ ਦੀ ਮੱਤ” ਕਹਿਕੇ ਔਰਤ ਦਾ ਘੋਰ ਨਿਰਾਦਰ ਕੀਤਾ ਗਿਆ ਹੈ। ਭਾਰਤ ਦੇ ਨਾਮਵਰ ਹਿੰਦੀ ਸ਼ਾਇਰ ਸਵਾਮੀ ਤੁਲਸੀ ਦਾਸ ਨੇ ਇਸਤ੍ਰੀ ਨੂੰ ਗਵਾਰ, ਸ਼ੂਦਰ ਤੇ ਇਸਤ੍ਰੀ ਨੂੰ ਪਸ਼ੂ ਬਰਾਬਰ ਮੰਨ ਕੇ ਉਸ ਨੂੰ ਤਾੜਨ ਦਾ ਪ੍ਰਚਾਰ ਕੀਤਾ ਹੈ:
ਢੋਲ ਗਵਾਰ ਸ਼ੂਦਰ ਪਸ਼ੂ ਨਾਰੀ
ਪਾਂਚੋ ਤਾੜਨ ਕੇ ਅਧਿਕਾਰੀ
ਭਾਰਤੀ ਸਮਾਜ ਵਿੱਚ ਸਭ ਤੋਂ ਘਿਣਾਉਣੀ, ਨਿੰਦਣਯੋਗ ਅਤੇ ਔਰਤ ਉੱਤੇ ਅਤਿਆਚਾਰ ਕਰਨ ਦੀ ਮਿਸਾਲ ਸਤੀ ਦੀ ਰਸਮ ਸੀ. ਭਾਰਤੀ ਸਭਿਆਚਾਰ ਦੇ ਮੱਥੇ ਉੱਤੇ ਲੱਗੇ ਇਸ ਕਲੰਕ ਬਾਰੇ ਪਾਖਰ ਸਿੰਘ ‘ਅਨਮੋਲ ਰਤਨ ਡਾ. ਅੰਬੇਡਕਰ’ ਪੁਸਤਕ ਵਿੱਚ ਲਿਖਦਾ ਹੈ:
“ਧਾਰਮਿਕ ਦ੍ਰਿਸ਼ਟੀਕੋਣ ਤੋਂ ਇਹ ਦਰਸਾਇਆ ਜਾਂਦਾ ਸੀ ਕਿ ਪਤੀ ਦੀ ਮੌਤ ਤੇ ਜੇ ਇਸਤ੍ਰੀ ਉਸਦੀ ਚਿਖਾ ਵਿਚ ਸੜ ਕੇ ਮਰ ਜਾਵੇ ਇਹ ਉੱਤਮ ਕਾਰਜ ਹੈ। ਪਤੀ ਦੀ ਜਲਦੀ ਹੋਈ ਚਿਖਾ ਵਿਚ ਸੜਣ ਵਾਲੀ ਇਸਤ੍ਰੀ ਯੁਗਾਂ ਯੁਗਾਂਤਰਾਂ ਤੀਕ ਸਵਰਗਾਂ ਵਿੱਚ ਵਾਸਾ ਕਰੇਗੀ ਅਤੇ ਆਉਣ ਵਾਲੇ ਹਜ਼ਾਰਾਂ ਜਨਮਾਂ ਵਿਚ ਆਪਣੇ ਪਤੀ ਦੀ ਪਤਨੀ ਬਣੀ ਰਹੇਗੀ ਤੇ ਕਿਸੇ ਜਨਮ ਵਿਚ ਵਿਧਵਾ ਨਹੀਂ ਹੋਵੇਗੀ। ਹਿੰਦੂ ਸਮਾਜ ਦੇ ਦ੍ਰਿਸ਼ਟੀਕੋਣ ਅਨੁਸਾਰ ਜੇ ਕਿਸੇ ਕਾਰਨ ਉਹ ਪਤੀ ਦੀ ਚਿਖਾ ਵਿਚ ਸੜ ਕੇ ਨਾ ਮਰੇ ਤਾਂ ਉਸ ਦਾ ਧਰਮ ਹੈ ਕਿ ਉਹ ਸਿਰ ਦੇ ਵਾਲ ਕਟਾ ਲਵੇ, ਸਦਾ ਗੰਦੇ ਕੱਪੜੇ ਪਹਿਣੇ, ਜ਼ਮੀਨ ਉੱਪਰ ਸੌਂਵੇ, ਬਚੇ ਹੋਏ ਭੋਜਨ ਤੇ ਨਿਰਵਾਹ ਕਰੇ ਤੇ ਕਿਸੇ ਖੁਸ਼ੀ ਭਰਪੂਰ ਸਮਾਗਮ ਵਿੱਚ ਸ਼ਮੂਲੀਅਤ ਨਾ ਕਰੇ ਤੇ ਨਾ ਆਪਣਾ ਮੂੰਹ ਦਿਖਾਵੇ...ਦੂਜੇ ਪਾਸੇ ਹਿੰਦੂ ਧਰਮ ਸ਼ਾਸਤਰਾਂ ਦਾ ਫੁਰਮਾਣ ਹੈ ਕਿ ਜੇ ਕਿਸੇ ਹਿੰਦੂ ਪੁਰਸ਼ ਦੀ ਪਤਨੀ ਦੀ ਮੌਤ ਹੋ ਜਾਵੇ ਤਾਂ ਉਸਦਾ ਪਤੀ ਉਸਦੇ ਸੰਸਕਾਰ ਮਗਰੋਂ ਇਸ਼ਨਾਨ ਕਰਕੇ ਆਪਣੀ ਗਿੱਲੀ ਧੋਤੀ ਨੂੰ ਨਿਚੋੜਣ ਤੋਂ ਪਹਿਲਾਂ ਦੂਜੀ ਸ਼ਾਦੀ ਕਰਨ ਲਈ ਕਿਸੇ ਆਦਮੀ ਨੂੰ ਇਹ ਬਚਨ ਦੇਵੇ ਕਿ ਉਹ ਉਸਦੀ ਭੈਣ ਜਾਂ ਲੜਕੀ ਨਾਲ ਸ਼ਾਦੀ ਕਰ ਲਵੇਗਾ। ਇਹ ਬੜਾ ਪੁੰਨ ਦਾ ਕਾਰਜ ਹੈ. ਕਿੰਨਾ ਵਿਤਕਰਾ? ਬਲਿਹਾਰੇ ਜਾਈਏ ਇਸ ਹਿੰਦੂ ਫਿਲਾਸਫੀ ਦੇ, ਕਿੰਨਾ ਘੋਰ ਅਨਿਆਂ ਹੈ ਇਸਤਰੀ ਜਾਤੀ ਨਾਲ.।ਕੋਈ ਦਲੀਲ ਜਾ ਤਰਕ ਨਹੀਂ ਇਹਨਾਂ ਗੱਲਾਂ ਵਿਚ।”
ਭਾਰਤੀ ਸਮਾਜ ਵਿੱਚ ਔਰਤ ਦੇ ਹੁੰਦੇ ਨਿਰਾਦਰ ਵਿਰੁੱਧ ਡਾ. ਅੰਬੇਡਕਰ ਨੇ ਜਿਸ ਤਰ੍ਹਾਂ ਦੀ ਸ਼ਕਤੀਸ਼ਾਲੀ ਆਵਾਜ਼ ਉਠਾਈ ਉਸ ਦਾ ਅੰਦਾਜ਼ਾ ਡਾ. ਅੰਬੇਡਕਰ ਦੇ ਇਨ੍ਹਾਂ ਸ਼ਬਦਾਂ ਤੋਂ ਹੀ ਲਗਾਇਆ ਜਾ ਸਕਦਾ ਹੈ:
“ਪੁਰਾਤਨ ਸਮੇਂ ਤੋਂ ਹੀ ਔਰਤਾਂ ਨਾਲ ਧੱਕੇਸ਼ਾਹੀ ਤੇ ਅਤਿਆਚਾਰ ਹੁੰਦਾ ਆਇਆ ਹੈ...ਹਿੰਦੂ ਅਜੇ ਵੀ ਵੇਦਾਂ, ਸਾਸ਼ਤਰਾਂ ਦੇ ਕਾਨੂੰਨ ਨੂੰ ਦੇਵਤਿਆਂ ਤੇ ਰੱਬ ਦਾ ਬਣਾਇਆ ਹੋਇਆ ਮੰਨਦੇ ਹਨ। ਵੇਦਾਂ ਅਤੇ ਸ਼ਾਸਤਰਾਂ ਦੇ ਕਾਨੂੰਨਾਂ ਨੂੰ ਸਮਾਪਤ ਕਰਨਾ ਹੋਵੇਗਾ...ਔਰਤਾਂ ਨੂੰ ਇਹਨਾਂ ਧਰਮ ਗ੍ਰੰਥਾਂ ਵਿਰੁੱਧ ਆਵਾਜ਼ ਉਠਾਉਣੀ ਪਵੇਗੀ ਜਿਹਨਾਂ ਵਿੱਚ ਔਰਤਾਂ ਨੂੰ ਘਟੀਆ ਤੇ ਜ਼ਲੀਲ ਕਰਨ ਦੀਆਂ ਗੱਲਾਂ ਕਹੀਆਂ ਗਈਆਂ ਹਨ।”
ਡਾ. ਅੰਬੇਡਕਰ ਜਿੱਥੇ ਗਿਆਨਵਾਨ ਅਤੇ ਸੰਵੇਦਨਸ਼ੀਲ ਸੀ। ਉੱਥੇ ਹੀ ਉਹ ਤਰਕਸ਼ੀਲ ਵੀ ਸੀ। ਉਸਨੇ ਦਲਿਤ ਲੋਕਾਂ ਨੂੰ ਆਪਣਾ ਗਵਾਚਿਆ ਹੋਇਆ ਸਵੈਮਾਣ ਵਾਪਿਸ ਲੈਣ ਲਈ ਨ ਸਿਰਫ਼ ਉਨ੍ਹਾਂ ਦੇ ਮਾਨਵੀ ਅਧਿਕਾਰਾਂ ਬਾਰੇ ਗਿਆਨਵਾਨ ਬਣਾਇਆ; ਬਲਕਿ ਉਸਨੇ ਉਨ੍ਹਾਂ ਨੂੰ ਤਰਕਸ਼ੀਲ ਢੰਗ ਵਰਤਕੇ ਜੱਥੇਬੰਦ ਵੀ ਕੀਤਾ ਤਾਂ ਜੁ ਉਹ ਸਮਾਜ ਦੀ ਉਪਰਲੀ ਪੌੜੀ ਉੱਤੇ ਬੈਠੀ ਸ਼ਕਤੀਸ਼ਾਲੀ ਬ੍ਰਾਹਮਣ ਜੁੰਡਲੀ ਦੀ ਸੋਚ ਨੂੰ ਨਾ ਸਿਰਫ਼ ਚੁਣੌਤੀ ਹੀ ਦੇ ਸਕਣ ਬਲਕਿ ਉਨ੍ਹਾਂ ਨੂੰ ਇਸ ਸੋਚ ਵਿੱਚ ਤਬਦੀਲੀ ਕਰਨ ਲਈ ਵੀ ਮਜਬੂਰ ਕਰ ਸਕਣ। ਇਸ ਦੀ ਇੱਕ ਉਦਾਹਰਣ ਪਾਖਰ ਸਿੰਘ ਇਸ ਤਰ੍ਹਾਂ ਪੇਸ਼ ਕਰਦਾ ਹੈ:
“ਡਾਕਟਰ ਬੀ.ਆਰ. ਅੰਬੇਡਕਰ ਦੀ ਪ੍ਰੇਰਨਾ ਕਾਰਨ ਅਛੂਤ ਮਰੀਆਂ ਗਊਆਂ ਤੇ ਮੱਝਾਂ ਦੀਆਂ ਲਾਸ਼ਾਂ ਚੁੱਕਣੋਂ ਹੱਟ ਗਏ ਸਨ। ਹਿੰਦੂ ਇਸ ਗੱਲੋਂ ਬਹੁਤ ਨਾਰਾਜ਼ ਹੋਏ ਤਾਂ ਡਾ. ਅੰਬੇਡਕਰ ਨੇ ਬਾ-ਦਲੀਲ ਉੱਤਰ ਦਿੱਤਾ - ‘ਤੁਸੀਂ ਮੱਝਾਂ ਤੇ ਗਊਆਂ ਦਾ ਦੁੱਧ ਪੀਂਦੇ ਹੋ ਤੇ ਜਦੋਂ ਉਹ ਮਰ ਜਾਂਦੀਆਂ ਹਨ ਤਾਂ ਅਸੀਂ ਉਨ੍ਹਾਂ ਦੀਆਂ ਲਾਸ਼ਾਂ ਕਿਉਂ ਉਠਾਈਏ? ਜਦ ਤੁਸੀਂ ਆਪਣੀਆਂ ਮਾਵਾਂ ਦੀਆਂ ਲਾਸ਼ਾਂ ਆਪ ਸ਼ਮਸ਼ਾਨ ਭੂਮੀ ਚੁੱਕ ਕੇ ਲਿਜਾਂਦੇ ਹੋ ਤਾਂ ਗਊ ਮਾਤਾਵਾਂ ਦੀਆਂ ਲਾਸ਼ਾਂ ਆਪ ਕਿਉਂ ਨਹੀਂ ਚੁੱਕਦੇ? ਹਾਂ, ਜੇ ਤੁਸੀਂ ਆਪਣੀਆਂ ਮਾਵਾਂ ਦੀਆਂ ਲਾਸ਼ਾਂ ਸਾਨੂੰ ਚੁੱਕਣ ਲਈ ਕਹੋਗੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ; ਫਿਰ ਅਸੀਂ ਤੁਹਾਡੀਆਂ ਮੱਝਾਂ ਤੇ ਗਊਆਂ ਦੀਆਂ ਲਾਸ਼ਾਂ ਖੁਸ਼ੀ ਖੁਸ਼ੀ ਚੁੱਕ ਕੇ ਲੈ ਜਾਣ ਲਈ ਤਿਆਰ ਹਾਂ।”
ਡਾ. ਅੰਬੇਡਕਰ ਵੱਲੋਂ ਛੇੜੀ ਗਈ ਦਲਿਤ ਕ੍ਰਾਂਤੀਕਾਰੀ ਲਹਿਰ ਦਾ ਮੁੱਖ ਨਿਸ਼ਾਨਾ ਸਮਾਜਿਕ, ਧਾਰਮਿਕ ਅਤੇ ਆਰਥਿਕ ਖੇਤਰ ਦੇ ਸਾਰੇ ਹੱਕ ਹਾਸਿਲ ਕਰਨ ਦਾ ਸੀ. ਉਹ ਚਾਹੁੰਦਾ ਸੀ ਕਿ ਜਾਤੀਵਾਦ ਦੇ ਫੌਲਾਦੀ ਸ਼ਿਕੰਜੇ ਨੂੰ ਤੋੜ ਕੇ ਤਹਿਸ ਨਹਿਸ ਕਰ ਦਿੱਤਾ ਜਾਵੇ।
ਅੰਗ੍ਰੇਜ਼ਾਂ ਤੋਂ ਭਾਰਤ ਨੂੰ ਆਜ਼ਾਦੀ ਮਿਲਣ ਉਪ੍ਰੰਤ ਡਾ. ਅੰਬੇਡਕਰ ਨੂੰ ਭਾਰਤ ਦਾ ਪਹਿਲਾ ਕਾਨੂੰਨ ਮੰਤਰੀ ਬਣਾਇਆ ਗਿਆ. ਇਸ ਦੇ ਨਾਲ ਹੀ ਡਾ. ਭੀਮ ਰਾਓ ਅੰਬੇਡਕਰ ਨੂੰ ਆਜ਼ਾਦ ਭਾਰਤ ਦਾ ਸੰਵਿਧਾਨ ਬਨਾਉਣ ਵਾਲੀ ਕਮੇਟੀ ਦਾ ਮੈਂਬਰ ਬਣਾ ਕੇ ਇਸ ਕਮੇਟੀ ਦੀ ਮੁੱਖ ਜਿੰਮੇਵਾਰੀ ਸੌਂਪੀ ਗਈ ਸੀ। ਇਸ ਕਮੇਟੀ ਵੱਲੋਂ ਬਣਾਏ ਗਏ ਭਾਰਤ ਦੇ ਸੰਵਿਧਾਨ ਵਿੱਚ ਛੂਤ ਛਾਤ ਦਾ ਖਾਤਮਾ, ਸਮਾਨਤਾ ਦਾ ਅਧਿਕਾਰ, ਸ਼ੌਸ਼ਣ ਵਿਰੁੱਧ ਅਧਿਕਾਰ ਅਤੇ ਸਰਬ ਵਿਆਪੀ ਬਾਲਗ ਵੋਟ ਅਧਿਕਾਰ ਦਿੱਤੇ ਜਾਣ ਕਾਰਨ ‘ਦਲਿਤ’ ਲੋਕ ਵੀ ਭਾਰਤੀ ਸਮਾਜ ਵਿੱਚ ਸਮਾਜਿਕ, ਸਭਿਆਚਾਰਕ ਅਤੇ ਧਾਰਮਿਕ ਪੱਧਰ ਉੱਤੇ ਸਮਾਨਤਾ ਦੇ ਹੱਕਦਾਰ ਬਣ ਗਏ ਸਨ; ਪਰ ਡਾ. ਅੰਬੇਡਕਰ ਨੂੰ ਇਸ ਗੱਲ ਦਾ ਵੀ ਪੂਰਨ ਅਹਿਸਾਸ ਸੀ ਕਿ ਭਾਰਤੀ ਮੂਲ ਦੇ ਲੋਕਾਂ ਦੀ ਮਾਨਸਿਕਤਾ ਵਿੱਚ ਦਲਿਤ ਲੋਕਾਂ ਪ੍ਰਤੀ ਜੋ ਸਦੀਆਂ ਤੋਂ ਨਫ਼ਰਤ ਚਲੀ ਆ ਰਹੀ ਹੈ ਉਹ ਇੱਕ ਦਿਨ ਵਿੱਚ ਖ਼ਤਮ ਹੋ ਜਾਣ ਵਾਲੀ ਨਹੀਂ। ਸ਼ਾਇਦ ਤਾਂ ਹੀ ਡਾ. ਅੰਬੇਡਕਰ ਨੇ ਕਿਹਾ ਸੀ:
“ਸਾਡਾ ਸੰਵਿਧਾਨ ਕਾਗਜ਼ੀ ਰੂਪ ਵਿੱਚ ਤਾਂ ਛੂਤ-ਛਾਤ ਨੂੰ ਖਤਮ ਕਰ ਦੇਵੇਗਾ; ਪ੍ਰੰਤੂ ਬੀਮਾਰੀ ਦੇ ਕੀਟਾਣੂੰਆਂ ਦੀ ਤਰ੍ਹਾਂ ਇਹ ਘੱਟ ਤੋਂ ਘੱਟ ਸੌ ਸਾਲ ਭਾਰਤ ਵਿੱਚ ਬਰਕਰਾਰ ਰਹੇਗਾ। ਕਿਉਂਕਿ ਇਸ ਦੀਆਂ ਜੜ੍ਹਾਂ ਲੋਕਾਂ ਦੇ ਮਨਾਂ ਅੰਦਰ ਬਹੁਤ ਡੂੰਘੀਆਂ ਜਾ ਚੁੱਕੀਆਂ ਹਨ. ਕੇਵਲ ਮੰਦਰਾਂ ਵਿੱਚ ਦਾਖਲ ਹੋਣ ਨਾਲ ਛੂਤ-ਛਾਤ ਦਾ ਖਾਤਮਾ ਸੰਭਵ ਨਹੀਂ। ਪੁਲਸ, ਫੌਜ, ਅਦਾਲਤਾਂ, ਸਰਕਾਰੀ ਅਦਾਰਿਆਂ ਤੇ ਵਪਾਰ ਵਿੱਚ ਵਧੇਰੇ ਮੌਕੇ ਮੁਹੱਈਆ ਕਰਨ ਦੀ ਲੋੜ ਹੈ। ਦਲਿਤ ਵਰਗ ਨੇ ਬਹੁਤ ਪੀੜਾਂ ਸਹੀਆਂ ਹਨ; ਪ੍ਰੰਤੂ ਇਸ ਵਰਗ ਦੇ ਦੁੱਖਾਂ ਦੀ ਨਵਿਰਤੀ ਉਦੋਂ ਤੀਕ ਨਹੀਂ ਹੋਵੇਗੀ ਜਦੋਂ ਤੀਕ ਰਾਜਸੀ ਤਾਕਤ ਇਹਨਾਂ ਲੋਕਾਂ ਦੇ ਹੱਥ ਨਹੀਂ ਆ ਜਾਂਦੀ।”
ਭਾਵੇਂ ਕਿ ਪਾਖਰ ਸਿੰਘ ਨੇ ‘ਅਨਮੋਲ ਰਤਨ ਡਾ. ਅੰਬੇਡਕਰ’ ਪੁਸਤਕ ਡਾ. ਅੰਬੇਡਕਰ ਦੀ ਜ਼ਿੰਦਗੀ ਅਤੇ ਉਸ ਵੱਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਨੂੰ ਪੇਸ਼ ਕਰਨ ਲਈ ਹੀ ਲਿਖੀ ਹੈ; ਪਰ ਉਸ ਨੇ ਭਾਰਤੀ ਸਮਾਜ ਵਿੱਚ ਪੱਸਰੇ ਜ਼ਾਤੀਵਾਦ ਦੀ ਬੀਮਾਰੀ ਦੇ ਕੀਟਾਣੂੰਆਂ ਵੱਲੋਂ ਸਦੀਆਂ ਤੋਂ ਕੀਤੀ ਜਾ ਰਹੀ ਤਬਾਹੀ ਬਾਰੇ ਵੀ ਲੋਕ-ਚੇਤਨਾ ਪੈਦਾ ਕੀਤੀ ਹੈ।
ਪਾਖਰ ਸਿੰਘ ਇੱਕ ਚੇਤੰਨ, ਜਾਗਰੂਕ ਅਤੇ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਪਰਣਾਇਆ ਕੈਨੇਡੀਅਨ ਪੰਜਾਬੀ ਸਾਹਿਤਕਾਰ ਹੈ। ‘ਅਨਮੋਲ ਰਤਨ ਡਾ. ਅੰਬੇਡਕਰ’ ਪੁਸਤਕ ਲਿਖਕੇ ਪਾਖਰ ਸਿੰਘ ਨੇ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਜ਼ਿਕਰਯੋਗ ਵਾਧਾ ਕੀਤਾ ਹੈ। ਭਾਰਤੀ ਮੂਲ ਦੇ ਲੋਕ ਵੱਡੀ ਗਿਣਤੀ ਵਿੱਚ ਕੈਨੇਡਾ ਵਿੱਚ ਵੀ ਵੱਸੇ ਹੋਏ ਹਨ. ਇਹ ਪੁਸਤਕ ਕੈਨੇਡਾ ਵਾਸੀ ਭਾਰਤੀ ਮੂਲ ਦੇ ਲੋਕਾਂ ਦੀ ਮਾਨਸਿਕਤਾ ਵਿੱਚ ਜਾਤੀਵਾਦ ਦੀ ਬੀਮਾਰੀ ਦੇ ਕੀਟਾਣੂੰਆਂ ਬਾਰੇ ਵੀ ਚੇਤਨਾ ਪੈਦਾ ਕਰਦੀ ਹੈ। ਅਸੀਂ ਕੈਨੇਡਾਵਾਸੀ ਜਦੋਂ ਕੈਨੇਡੀਅਨ ਸਮਾਜ ਵਿੱਚ ਨਸਲਵਾਦ ਅਤੇ ਵਿਤਕਰੇ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਹ ਪੁਸਤਕ ਯਾਦ ਦਿਵਾਉਂਦੀ ਹੈ ਕਿ ਕੈਨੇਡੀਅਨ ਸਮਾਜ ਦੀਆਂ ਬੁਰਾਈਆਂ ਬਾਰੇ ਗੱਲ ਕਰਨ ਤੋਂ ਪਹਿਲਾਂ ਸਾਨੂੰ ਭਾਰਤੀ ਮੂਲ ਦੇ ਲੋਕਾਂ ਨੂੰ ਆਪਣੀ ਮਾਨਸਿਕਤਾ ਵਿੱਚ ਕੁਰਬਲ ਕੁਰਬਲ ਕਰ ਰਹੇ ਜ਼ਾਤੀਵਾਦ ਦੇ ਕੀਟਾਣੂੰਆਂ ਦਾ ਨਾਸ਼ ਕਰਨ ਬਾਰੇ ਵੀ ਗੰਭੀਰਤਾ ਨਾਲ ਸੋਚਣਾ ਸ਼ੁਰੂ ਕਰਨਾ ਚਾਹੀਦਾ ਹੈ।
No comments:
Post a Comment