ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ
ਕੈਨੇਡਾ ਦੇ 57 ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਸਮੀਖਿਆ ਦੀ ਕਿਤਾਬ 'ਕੈਨੇਡੀਅਨ ਪੰਜਾਬੀ ਸਾਹਿਤ' ਨੂੰ ਖ਼ਰੀਦਣ ਲਈ ਬਲੌਗ 'ਤੇ ਦਿੱਤੇ ਐਡਰੈਸ 'ਤੇ ਈਮੇਲ ਕਰੋ। ਸ਼ੁਕਰੀਆ।

ਤੁਹਾਡੇ ਧਿਆਨ ਹਿੱਤ - ਜ਼ਰੂਰੀ ਸੂਚਨਾ

ਸੂਚਨਾ: ਪ੍ਰਕਾਸ਼ਕ ਦੀ ਤਲਾਸ਼ :

ਆਪਣੀ ਹੁਣੇ ਇੰਡੀਆ ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ)’ ਨੂੰ ਮੈਂ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਕੈਨੇਡਾ ਵਿੱਚ ‘‘Canadian Punjabi Literature (Commentary)’’ ਨਾਮ ਦੀ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਨਾ ਚਾਹੁੰਦਾ ਹਾਂ। ਮੈਂ ਕਿਸੀ ਵਧੀਆ ਕੈਨੇਡੀਅਨ ਪ੍ਰਕਾਸ਼ਕ ਦੀ ਤਲਾਸ਼ ਕਰ ਰਿਹਾ ਹਾਂ। ਜੇਕਰ ਤੁਸੀਂ ਕਿਸੀ ਅਜਿਹੇ ਵਧੀਆ ਕੈਨੇਡੀਅਨ ਪ੍ਰਕਾਸ਼ਕ ਦਾ ਨਾਮ ਜਾਣਦੇ ਹੋ ਜੋ ਮੇਰੀ ਪੁਸਤਕ ਪ੍ਰਕਾਸ਼ਿਤ ਕਰ ਸਕਦਾ ਹੋਵੇ ਤਾਂ ਮੈਂ ਉਸ ਪ੍ਰਕਾਸ਼ਕ ਦਾ ਨਾਮ ਜਾਨਣਾ ਚਾਹਾਂਗਾ।

Sukhinder

Editor: SANVAD

Box 67089, 2300 Yonge St.

Toronto ON M4P 1E0

Tel. (416) 858-7077

Email: poet_sukhinder@hotmail.com

http://www.canadianpunjabiliterature.blogspot.com/



Monday, April 6, 2009

ਸੁਖਿੰਦਰ - ਲੇਖ

ਔਰਤ ਦੇ ਅਨੁਭਵਾਂ ਦੀ ਸ਼ਾਇਰੀ - ਸੁਰਜੀਤ

ਲੇਖ

ਪੰਜਾਬੀ ਕਵਿੱਤਰੀਆਂ ਹੌਲੀ-ਹੌਲੀ ਰੋਮਾਂਸਵਾਦੀ ਰਚਨਾਵਾਂ ਲਿਖਣ ਦੀ ਥਾਂ ਹਾਲਤਾਂ ਦਾ ਯਥਾਰਥਵਾਦੀ ਮੁਲਾਂਕਣ ਕਰਨ ਵਾਲੀਆਂ ਰਚਨਾਵਾਂ ਲਿਖਣ ਵੱਲ ਰੁਚਿਤ ਹੋ ਰਹੀਆਂ ਹਨ। ਇਹ ਲੇਖਕਾਵਾਂ ਆਪਣੀਆਂ ਲਿਖਤਾਂ ਵਿੱਚ ਇਸ ਗੱਲ ਨੂੰ ਵਿਸ਼ੇਸ਼ ਮਹੱਤਵ ਦਿੰਦੀਆਂ ਹਨ ਕਿ ਔਰਤ ਨੂੰ ਵੀ ਇੱਕ ਮਨੁੱਖ ਸਮਝਿਆ ਜਾਵੇ। ਇੱਕ ਮਨੁੱਖ ਹੋਣ ਦੇ ਨਾਤੇ ਉਸ ਦੀਆਂ ਵੀ ਭਾਵਨਾਵਾਂ, ਅਹਿਸਾਸਾਂ, ਉਮੰਗਾਂ, ਇਛਾਵਾਂ, ਖੁਸ਼ੀਆਂ, ਗ਼ਮੀਆਂ ਨੂੰ ਸਮਝਿਆ ਜਾਵੇ। ਕਿਉਂਕਿ ਇਨ੍ਹਾਂ ਗੱਲਾਂ ਦਾ ਔਰਤ ਦੀ ਸਰੀਰਕ ਅਤੇ ਮਾਨਸਿਕ ਸਿਹਤ ਨਾਲ ਬੜਾ ਗੂੜ੍ਹਾ ਸਬੰਧ ਹੈ। ਪੰਜਾਬੀ ਲੇਖਕਾਵਾਂ ਵੱਲੋਂ ਚਰਚਾ ਦਾ ਵਿਸ਼ਾ ਬਣਾਈਆਂ ਜਾ ਰਹੀਆਂ ਇਨ੍ਹਾਂ ਗੱਲਾਂ ਨੂੰ ਉਦੋਂ ਤੱਕ ਸਾਡੇ ਸਮਾਜ ਵੱਲੋਂ ਮਾਣਤਾ ਨਹੀਂ ਮਿਲ ਸਕਦੀ ਜਦੋਂ ਤੱਕ ਕਿ ਮਰਦ ਪ੍ਰਧਾਨ ਸਮਾਜ ਸਾਡੀਆਂ ਕਦਰਾਂ-ਕੀਮਤਾਂ, ਰੀਤੀ-ਰਿਵਾਜਾਂ ਦੀ ਪ੍ਰੀਭਾਸ਼ਾ ਘੜਦਾ ਰਹੇਗਾ। ਸਾਡੇ ਸਮਿਆਂ ਦੀ ਮੰਗ ਹੈ ਕਿ ਜ਼ਿੰਦਗੀ ਦੇ ਹਰ ਖੇਤਰ ਵਿੱਚ ਮਰਦ ਅਤੇ ਔਰਤ ਦੀ ਸਮਾਨਤਾ ਸਮਝੀ ਜਾਵੇ। ਸਾਡੇ ਸਮਿਆਂ ਦੀ ਇਹ ਵੀ ਮੰਗ ਹੈ ਕਿ ਸਮਾਜ ਦੀਆਂ ਕਦਰਾਂ-ਕੀਮਤਾਂ, ਰੀਤੀ-ਰਿਵਾਜਾਂ ਦੀ ਪ੍ਰੀਭਾਸ਼ਾ ਘੜਨ ਵੇਲੇ ਵੀ ਔਰਤਾਂ ਦੇ ਵਿਚਾਰਾਂ ਨੂੰ ਪੂਰੀ ਅਹਿਮੀਅਤ ਦਿੱਤੀ ਜਾਵੇ।

ਕੈਨੇਡੀਅਨ ਪੰਜਾਬੀ ਕਵਿੱਤਰੀ ਸੁਰਜੀਤ ਦੀ ਕਾਵਿ ਪੁਸਤਕ ਸ਼ਿਕਸਤ ਰੰਗਵੀ ਕੁਝ ਅਜਿਹੇ ਮਸਲਿਆਂ ਬਾਰੇ ਹੀ ਚਰਚਾ ਛੇੜਦੀ ਹੈ। ਸੁਰਜੀਤ ਦੀ ਕਵਿਤਾ ਦੀ ਗੱਲ ਉਸਦੀ ਕਵਿਤਾ ਔਰਤਤੋਂ ਹੀ ਸ਼ੁਰੂ ਕੀਤੀ ਜਾ ਸਕਦੀ ਹੈ:

ਇਕ ਸੁਗੰਧ

ਕੈਦ ਬੰਦ

ਇਕ ਪੌਣ

ਬੇ-ਰਵਾਂ

ਇਕ ਨਗ਼ਮਾ

ਖ਼ਾਮੋਸ਼

ਇਕ ਕੈਦੀ

ਨਿਰਦੋਸ਼

ਇਕ ਸਾਜ਼

ਬੇ-ਆਵਾਜ਼

ਇਕ ਪੰਛੀ

ਬੇ-ਪਰਵਾਜ਼

ਇਕ ਕਹਾਣੀ

ਅਧੂਰੀ

ਇਕ ਹਸਤੀ

ਅਪੂਰੀ

ਇਕ ਛੱਲ

ਲੁਕੀ ਹੋਈ

ਇਕ ਗਤੀ

ਰੁਕੀ ਹੋਈ

ਉਹ ਹੈ ਵੀ

ਨਹੀਂ ਵੀ

ਉਹ ਨਹੀਂ ਵੀ

ਤੇ ਹੈ ਵੀ

ਇਸ ਕਵਿਤਾ ਨਾਲ ਸੁਰਜੀਤ ਔਰਤ ਦੇ ਸਰੋਕਾਰਾਂ ਬਾਰੇ ਇੱਕ ਬਹਿਸ ਛੇੜ ਦਿੰਦੀ ਹੈ। ਸਰੋਕਾਰ, ਜਿਨ੍ਹਾਂ ਨਾਲ ਔਰਤ ਆਪਣੀ ਨਿਤਾਪ੍ਰਤੀ ਦੀ ਜ਼ਿੰਦਗੀ ਵਿੱਚ ਹਰ ਪਲ ਖਹਿਕੇ ਲੰਘਦੀ ਹੈ। ਇਹ ਬਹਿਸ ਉਹ ਜ਼ਿੰਦਗੀ ਨਾਲ ਸਬੰਧਤ ਕਿਸੇ ਖਾਸ ਇੱਕ ਮੁੱਦੇ ਬਾਰੇ ਨਹੀਂ ਛੇੜਦੀ; ਉਹ ਤਾਂ ਔਰਤ ਦੀ ਸੰਪੂਰਨ ਆਜ਼ਾਦੀ ਦੀ ਗੱਲ ਕਰਦੀ ਹੈ। ਉਹ ਔਰਤ ਦੀ ਸਮੁੱਚੀ ਹੋਂਦ ਬਾਰੇ ਗੱਲ ਕਰਦੀ ਹੈ. ਉਹ ਸਮਾਜਿਕ, ਸਭਿਆਚਾਰਕ, ਰਾਜਨੀਤਿਕ, ਆਰਥਿਕ, ਧਾਰਮਿਕ, ਵਿੱਦਿਅਕ ਕਦਰਾਂ-ਕੀਮਤਾਂ ਅਤੇ ਕਾਨੂੰਨ ਬਨਾਉਣ ਵਾਲੀਆਂ ਮਰਦ ਪ੍ਰਧਾਨ ਸਮਾਜ ਦੀਆਂ ਉਨ੍ਹਾਂ ਸ਼ਕਤੀਆਂ ਨੂੰ ਸਿੱਧੀ ਸੰਬੋਧਿਤ ਹੁੰਦੀ ਹੈ ਜਿਨ੍ਹਾਂ ਨੇ ਉਸਦੀ ਸਮੁੱਚੀ ਹੋਂਦ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਵਿੱਚ ਜਕੜ ਦਿੱਤਾ ਹੈ।

ਔਰਤ ਦੀ ਹੋਂਦ ਬਾਰੇ ਛੇੜੀ ਆਪਣੀ ਬਹਿਸ ਨੂੰ ਸੁਰਜੀਤ ਤਸਵੀਰਾਂ ਤੇ ਪਰਛਾਵੇਂਕਵਿਤਾ ਵਿੱਚ ਹੋਰ ਅਗਾਹਾਂ ਤੋਰਦੀ ਹੈ। ਇਸ ਬਹਿਸ ਵਿੱਚ ਉਸਦੀ ਸੁਰ ਵਿਦਰੋਹੀ ਹੈ। ਉਹ ਉਨ੍ਹਾਂ ਸਭ ਕਦਰਾਂ-ਕੀਮਤਾਂ ਨੂੰ ਰੱਦ ਕਰਦੀ ਹੈ ਜੋ ਉਸ ਉੱਤੇ ਥੋਪੀਆਂ ਗਈਆਂ ਹਨ। ਉਸਦਾ ਵਿਚਾਰ ਹੈ ਕਿ ਔਰਤ ਨੂੰ ਲਿਪ ਪੋਚ ਕੇ ਬੇਬੀ ਡੌਲਜ਼ ਵਾਂਗੂੰ ਦਿਖਾਵੇ ਦੀ ਵਸਤ ਬਣਾ ਕੇ ਪੇਸ਼ ਕੀਤਾ ਜਾਂਦਾ ਹੈ; ਪਰ ਅਸਲੀਅਤ ਵਿੱਚ ਉਸਦੀ ਹੋਂਦ ਅਜਿਹੀ ਨਹੀਂ। ਉਹ ਇਸ ਸਭ ਕੁਝ ਦੇ ਵਿਰੁੱਧ ਗੁੱਸੇ ਨਾਲ ਭਰੀ ਅੰਦਰੋਂ ਜਵਾਲਾਮੁਖੀ ਵਾਂਗ ਉੱਬਲ ਰਹੀ ਹੈ:

ਮੈਂ

ਜੋ ਮੈਂ ਨਹੀਂ ਹਾਂ

ਕਿਸੇ ਸ਼ੋਅ-ਵਿੰਡੋ

ਇੱਕ ਪੁਤਲੇ ਵਾਂਗ

ਖ਼ਾਮੋਸ਼ ਖੜ੍ਹੀ ਹਾਂ

ਕੁਛ ਰਿਸ਼ਤਿਆਂ

ਕੁਛ ਰਵਾਇਤਾਂ

ਦੀ ਮੁਥਾਜ

ਬਾਹਰੋਂ ਖਾਮੋਸ਼ ਹਾਂ

ਅੰਦਰ ਜ਼ਲਜ਼ਲਾ ਹੈ

ਤੂਫ਼ਾਨ ਹੈ

ਹੋਂਦ ਤੇ ਨਿਹੋਂਦ ਦੇ ਉਰਾਰ-ਪਾਰ

ਖੜਾ ਇਕ ਸਵਾਲ ਹੈ-

ਕਿ ਮੈਂ ਜੋ ਮੈਂ ਹਾਂ

ਮੈਂ ਕੀ ਹਾਂ ??

ਸ਼ਿਕਸਤ ਰੰਗਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਵਿੱਚ ਸੁਰਜੀਤ ਔਰਤ ਦੀ ਹੋਂਦ ਨਾਲ ਜੁੜੇ ਅਨੇਕਾਂ ਪ੍ਰਸ਼ਨਾਂ ਨੂੰ ਉਭਾਰਦੀ ਹੈ। ਸਵੇਰ ਤੋਂ ਰਾਤ ਤੱਕ, ਘਰ ਤੋਂ ਦਫ਼ਤਰ ਤੱਕ, ਦਫ਼ਤਰ ਤੋਂ ਘਰ ਤੱਕ, ਕਿਸੀ ਨਾਟਕ ਵਿੱਚ ਕੰਮ ਕਰ ਰਹੇ ਅਦਾਕਾਰ ਵਾਂਗ ਜ਼ਿੰਦਗੀ ਦੀ ਰੰਗ-ਭੂਮੀ ਵਿੱਚ ਉਸ ਨੂੰ ਕਿੰਨ੍ਹੇ ਹੀ ਕਿਰਦਾਰ ਨਿਭਾਣੇ ਪੈਂਦੇ ਹਨ. ਅਜਿਹੇ ਕਿਰਦਾਰ ਨਿਭਾਂਦਿਆਂ ਉਸ ਨੂੰ ਚਿਹਰੇ ਉੱਤੇ ਕਿੰਨ੍ਹੇ ਹੀ ਮੁਖੌਟੇ ਸਜਾਣੇ ਪੈਂਦੇ ਹਨ। ਹਰ ਕੋਈ ਉਸ ਤੋਂ ਉਮੀਦ ਰੱਖਦਾ ਹੈ ਕਿ ਉਹ ਉਨ੍ਹਾਂ ਦੇ ਕੰਮ ਵਿੱਚ ਉਨ੍ਹਾਂ ਦੀ ਮੱਦਦ ਕਰੇਗੀ। ਪਰ ਕਿਸੀ ਨੂੰ ਵੀ ਇਸ ਗੱਲ ਦਾ ਅਹਿਸਾਸ ਕਰਨ ਦੀ ਵਿਹਲ ਨਹੀਂ ਕਿ ਉਹ ਵੀ ਉਨ੍ਹਾਂ ਵਾਂਗ ਹੀ ਹੱਡ ਮਾਸ ਦੀ ਬਣੀ ਇੱਕ ਇਨਸਾਨ ਹੈ। ਉਸ ਦੀਆਂ ਉਮੰਗਾਂ, ਇਛਾਵਾਂ, ਉਮੀਦਾਂ, ਰੀਝਾਂ, ਸੋਚਾਂ, ਚਾਵਾਂ ਦੀ ਪੂਰਤੀ ਲਈ ਸਹਿਯੋਗ ਦੇਣ ਦੀ ਥਾਂ ਹਰ ਕੋਈ ਉਸ ਉੱਤੇ ਆਪਣੀ ਗੱਲ ਥੋਪਣੀ ਚਾਹੁੰਦਾ ਹੈ। ਇਹ ਦੁੱਖ ਪਰਵਾਸੀ ਪੰਜਾਬੀ ਔਰਤਾਂ ਨੂੰ ਹੋਰ ਵੀ ਵਧੇਰੇ ਭੋਗਣਾ ਪੈਂਦਾ ਹੈ। ਆਪਣੀ ਕਵਿਤਾ ਜਲਾਵਤਨਵਿੱਚ ਸੁਰਜੀਤ ਹਜ਼ਾਰਾਂ ਹੋਰ ਆਪਣੇ ਵਰਗੀਆਂ ਔਰਤਾਂ ਦੇ ਧੁਖਦੇ ਮਨਾਂ ਦੀ ਦਾਸਤਾਨ ਕੁਝ ਇਸ ਤਰ੍ਹਾਂ ਬਿਆਨ ਕਰਦੀ ਹੈ:

ਤੁਹਾਨੂੰ ਕਿੰਜ ਲਿਖਾਂ

ਬੀਤੇ ਵਰ੍ਹਿਆਂ ਦੀ ਜਲਾਵਤਨੀ ਦੀ ਦਾਸਤਾਨ

ਤੁਹਾਡੀਆਂ ਬੁੱਢੀਆਂ ਹੱਡੀਆਂ ਸਹਿ ਨਹੀਂ ਸਕਣਗੀਆਂ

ਮੇਰੇ ਹੰਢਾਏ ਸੰਤਾਪ

ਭਰਮ ਹੀ ਬਣਿਆ ਰਹਿਣ ਦੇਈਏ

ਕਿ ਪਰਦੇਸਾਂ ਚ ਜਾ ਕੇ

ਆਪਣੇ ਆਪਣੇ ਨਹੀਂ ਰਹਿੰਦੇ

ਕਿੰਜ ਦੱਸਾਂ

ਕਿ ਇਥੇ ਆਪਣਾ ਕੁਛ ਵੀ ਨਹੀਂ

ਨਾ ਖਿਆਲ

ਨਾ ਮਾਹੌਲ

ਬਸ ਬਿਗਾਨੇ ਲੋਕਾਂ

ਖਾਮੋਸ਼ ਹੋ ਕੇ ਰਹਿ ਗਈ ਹਾਂ

ਲਗਦੈ ਕਿਸੇ ਅਣਡਿਠੀ ਕੈਦ

ਕੈਦ ਹੋ ਕੇ

ਰਹਿ ਗਈ ਹਾਂ

ਅਜੋਕੇ ਸਮਿਆਂ ਦੀ ਪਹਿਚਾਣ ਹੈ ਉਪਭੋਗਿਤਾਵਾਦ ਦਾ ਬੋਲਬਾਲਾ ਅਤੇ ਹਰ ਪਾਸੇ ਕੰਨਜ਼ੀਊਮਰ ਕਲਚਰ ਦਾ ਫੈਲਾਅ ਜਾਂ ਦਿਖਾਵਾ। ਅਜਿਹੇ ਸਭਿਆਚਾਰ ਨੇ ਔਰਤ ਦੀ ਹੋਂਦ ਨੂੰ ਹੋਰ ਵੀ ਨਿਗੂਣੀ ਬਣਾਇਆ ਹੈ। ਹਰ ਕੋਈ ਵੱਡੇ ਘਰਾਂ, ਵੱਡੀਆਂ ਕਾਰਾਂ ਅਤੇ ਐਸ਼-ਪ੍ਰਸਤੀ ਦਾ ਸਾਮਾਨ ਇਕੱਠਾ ਕਰਨ ਦੀ ਦੌੜ ਵਿੱਚ ਅੰਨ੍ਹੇ ਘੋੜਿਆਂ ਵਾਂਗ ਦੌੜਦਾ ਹੋਇਆ ਹਾਲੋਂ ਬੇਹਾਲ ਹੋ ਰਿਹਾ ਹੈ। ਕਿਸੀ ਕੋਲ ਮਨੁੱਖੀ ਰਿਸ਼ਤਿਆਂ ਦੀ ਉਸਾਰੀ ਅਤੇ ਸੰਭਾਲ ਲਈ ਸਮਾਂ ਹੀ ਨਹੀਂ। ਔਰਤ ਨੂੰ ਵੀ ਕੰਨਜ਼ੀਊਮਰ ਕਲਚਰ ਦੀ ਹੀ ਇੱਕ ਵਸਤ ਬਣਕੇ ਥਾਂ ਥਾਂ ਵਿਕਣਾ ਪੈਂਦਾ ਹੈ - ਘਰ ਵਿੱਚ ਵੀ, ਬਾਜ਼ਾਰ ਵਿੱਚ ਵੀ ਅਤੇ ਦਫ਼ਤਰਾਂ ਵਿੱਚ ਵੀ। ਜੋ ਔਰਤ ਮੰਡੀ ਦੀ ਵਿਕਾਊ ਵਸਤ ਨਹੀਂ ਬਣ ਸਕਦੀ - ਉਸ ਵੱਲ ਕੋਈ ਵੇਖਣਾ ਵੀ ਨਹੀਂ ਚਾਹੁੰਦਾ। ਅਜਿਹੀ ਸਥਿਤੀ ਨੂੰ ਕਿਵੇਂ ਬਦਲਿਆ ਜਾਵੇ? ਔਰਤ ਨੂੰ ਇਸ ਸੁਆਲ ਦਾ ਅਜੇ ਤੀਕ ਕੋਈ ਤਸੱਲੀਬਖਸ਼ ਉਤਰ ਨਹੀਂ ਲੱਭਾ। ਇਸ ਬੇਗਾਨਗੀ ਦੀ ਹਾਲਤ ਵਿੱਚ ਅਜੇ ਤਾਂ ਉਹ ਸਿਰਫ ਮਹਿਸੂਸ ਹੀ ਕਰ ਸਕਦੀ ਹੈ ਕਿ ਉਸ ਨੂੰ ਆਪਣੀਆਂ ਸੁਨਹਿਰੀ ਖ਼ਾਹਿਸ਼ਾਂ ਦੀ ਇੱਕ ਇੱਕ ਕਰਕੇ ਕਿਵੇਂ ਬਲੀ ਦੇਣੀ ਪਈ ਤਾਂ ਜੁ ਉਹ ਆਪਣੇ ਆਪਨੂੰ ਜ਼ਿੰਦਾ ਰੱਖ ਸਕੇ। ਹੋਂਦ ਦੀ ਕਬਰ ਤੇ ਦੀਵਾਕਵਿਤਾ ਵਿੱਚ ਸੁਰਜੀਤ ਔਰਤ ਦੀ ਅਜਿਹੀ ਬੇਬਸੀ ਨੂੰ ਕੁਝ ਇਸ ਤਰ੍ਹਾਂ ਆਪਣੀ ਜ਼ੁਬਾਨ ਦਿੰਦੀ ਹੈ:

ਹਰ ਪਲ ਹਰ ਸਾਹ

ਜਿਵੇਂ ਹੋਂਦ ਦੀ ਕਬਰ ਤੇ

ਦੀਵਾ ਬਲਦੈ

ਇਕੱਲਾ ਬਿਲਕੁਲ ਸੁੰਨਾ

ਤਿਲ ਤਿਲ ਘੱਟਦੈ

ਪ੍ਰਿਜ਼ਮ ਦੇ ਸੱਤ ਰੰਗਾਂ ਵਰਗੇ ਸੁਪਨੇ

ਤੇ ਸੂਰਜ ਦੀਆਂ ਕਿਰਨਾਂ ਵਰਗੀਆਂ

ਸੁਨਹਿਰੀ ਖ਼ਾਹਿਸ਼ਾਂ

ਸਭ ਕੁਝ ਇਸਦੀ ਬਲੀ ਚੜਦੈ

ਹਰ ਪਲ ਹਰ ਸਾਹ

ਜਿਵੇਂ ਹੋਂਦ ਦੀ ਕਬਰ ਤੇ

ਦੀਵਾ ਬਲਦੈ

ਜ਼ਿੰਦਗੀ ਦੇ ਸਫ਼ਰ ਦੀ ਦਾਸਤਾਨ ਦਾ ਬਿਆਨ ਉਹ ਆਪਣੀ ਇੱਕ ਹੋਰ ਕਵਿਤਾ ਦਾਜ ਦਾ ਸੰਦੂਕਵਿੱਚ ਵੀ ਦਰਜ ਕਰਦੀ ਹੈ। ਜ਼ਿੰਦਗੀ ਦੇ ਸਫ਼ਰ ਦੀ ਸ਼ੁਰੂਆਤ ਵੇਲੇ ਤਾਂ ਉਸ ਨੇ ਕਲਪਿਆ ਸੀ ਕਿ ਜ਼ਿੰਦਗੀ ਮੁਹੱਬਤ ਦੇ ਰੰਗਾਂ ਵਿੱਚ ਰੰਗੀ ਹੋਵੇਗੀ; ਪਰ ਮੁਹੱਬਤ ਦੀ ਥਾਂ ਉਸਨੂੰ ਮਿਲੀਆਂ ਲੜਾਈਆਂ, ਤੋਹਮਤਾਂ ਅਤੇ ਰੋਸੇ. ਪਰ ਅਜਿਹੀ ਜ਼ਿੰਦਗੀ ਜਿਉਣ ਵਾਲੀ ਉਹ ਕੋਈ ਇਕੱਲੀ ਔਰਤ ਨਹੀਂ; ਬਲਕਿ ਹਜ਼ਾਰਾਂ ਹੀ ਔਰਤਾਂ ਜਦੋਂ ਆਪਣੀ ਦੀ ਜ਼ਿੰਦਗੀ ਕਿਤਾਬ ਦੇ ਵਰਕੇ ਫਰੋਲਦੀਆਂ ਹਨ ਤਾਂ ਉਨ੍ਹਾਂ ਦੀਆਂ ਅੱਖਾਂ ਚੋਂ ਹੰਝੂਆਂ ਦੀ ਬਰਸਾਤ ਹੋਣ ਲੱਗਦੀ ਹੈ। ਵਰ੍ਹਿਆਂ ਤੋਂ ਉਨ੍ਹਾਂ ਦੇ ਦਿਲਾਂ-ਦਿਮਾਗ਼ਾਂ ਉੱਤੇ ਜੰਮੀ ਬਰਫ਼ ਪਿਘਲ ਪਿਘਲਕੇ ਪਾਣੀ ਦੀਆਂ ਧਾਰਾਂ ਬਣਕੇ ਉਨ੍ਹਾਂ ਦੀਆਂ ਅੱਖਾਂ ਚੋਂ ਵਹਿਣ ਲੱਗਦੀ ਹੈ:

ਪਰ

ਵਰ੍ਹਿਆਂ ਬਾਦ

ਅੱਜ ਜਦੋਂ ਮੈਂ

ਇਸਨੂੰ ਖੋਲ੍ਹਿਐ

ਤਾਂ ਵੇਖਿਐ

ਕਿ ਮੇਰੇ

ਸੁਪਨਿਆਂ ਦੀਆਂ

ਲੇਫ ਤਲਾਈਆਂ

ਪਈਆਂ ਪਈਆਂ

ਬੋਦੀਆਂ ਹੋ ਗਈਆਂ ਨੇ

ਆਪਣੀਆਂ ਰੀਝਾਂ ਦੀ

ਤਾਂ ਕੋਈ ਤਹਿ

ਮੈਂ ਅਜੇ ਤੱਕ

ਖੋਲ੍ਹ ਕੇ ਵੀ ਨਹੀਂ ਦੇਖੀ

ਸੁਰਜੀਤ ਦੀ ਸ਼ਾਇਰੀ ਅਨੁਭਵ ਦੀ ਸ਼ਾਇਰੀ ਹੈ। ਤਲਖੀਆਂ ਭਰੇ ਹਾਲਤਾਂ ਨੂੰ ਜਿਸ ਤਰ੍ਹਾਂ ਉਹ ਅਨੁਭਵ ਕਰਦੀ ਹੈ, ਉਹ ਇਨ੍ਹਾਂ ਅਹਿਸਾਸਾਂ ਨੂੰ ਸ਼ਬਦਾਂ ਦਾ ਰੂਪ ਦੇ ਕੇ ਕਵਿਤਾਵਾਂ ਵਿੱਚ ਢਾਲ ਦਿੰਦੀ ਹੈ। ਇਹ ਜ਼ਿੰਦਗੀ ਦੀਆਂ ਕੌੜੀਆਂ ਸਚਾਈਆਂ ਦਾ ਬਿਆਨ ਹੈ. ਇਹ ਧੁਖਦੇ ਮਨਾਂ ਚੋਂ ਨਿਕਲ ਰਿਹਾ ਧੂੰਆਂ ਹੈ। ਇਹ ਪਲ ਪਲ ਮਰ ਰਹੇ ਵਿਅਕਤੀ ਦਾ ਆਪਣੀ ਹੀ ਦਾਸਤਾਨ ਸੁਨਾਣ ਦਾ ਇੱਕ ਅੰਦਾਜ਼ ਹੈ। ਜੱਗ-ਦਿਖਾਵੇ ਲਈ ਅਨੇਕਾਂ ਹਾਲਤਾਂ ਵਿੱਚ ਚਿਹਰਿਆਂ ਉੱਤੇ ਸਭ ਠੀਕ ਠਾਕ ਹੈਦੇ ਮੁਖੌਟੇ ਪਹਿਨ ਕੇ ਵਿਚਰਨਾ ਪੈਂਦਾ ਹੈ; ਪਰ ਅੰਦਰੋਂ ਸਭ ਕੁਝ ਟੁੱਟ ਕੇ ਕੱਚ ਦੀਆਂ ਨਿੱਕੀਆਂ ਨਿੱਕੀਆਂ ਕਿਰਚਾਂ ਵਾਂਗ ਖਿੰਡ ਪੁੰਡ ਗਿਆ ਹੁੰਦਾ ਹੈ। ਅਸੀਂ ਮਰ ਚੁੱਕੇ ਰਿਸ਼ਤਿਆਂ ਉੱਤੇ ਕਫ਼ਨ ਪਾ ਕੇ ਰਿਸ਼ਤਿਆਂ ਦੇ ਜਿਉਂਦੇ ਹੋਣ ਦਾ ਭਰਮ ਬਣਾਈ ਰੱਖਦੇ ਹਾਂ। ਮਹਿਜ਼ ਇਸ ਵਾਸਤੇ ਕਿ ਲੋਕ ਕੀ ਕਹਿਣਗੇ? ਜੱਗ ਵਿੱਚ ਬਦਨਾਮੀ ਹੋਵੇਗੀ। ਅਜਿਹੀ ਹਾਲਤ ਵਿੱਚ ਹੋਠਾਂ ਨੂੰ ਜਿੰਨਾ ਮਰਜ਼ੀ ਦਬਾ ਕੇ ਰੱਖੀਏ ਕਿ ਸਾਡੇ ਮੂੰਹ ਚੋਂ ਕੋਈ ਸ਼ਬਦ ਬਾਹਰ ਨ ਨਿਕਲ ਜਾਵੇ; ਪਰ ਜਦ ਜਵਾਲਾਮੁਖੀ ਦੀ ਤਹਿ ਵਿੱਚ ਲਾਵਾ ਉਬਲਣ ਲੱਗਦਾ ਹੈ ਥਾਂ ਉਹ ਸਭ ਬੰਦਿਸ਼ਾਂ ਤੋੜ ਕੇ ਇੱਕ ਜ਼ੋਰਦਾਰ ਧਮਾਕੇ ਨਾਲ ਚਾਰੋਂ ਤਰਫ ਫੈਲ ਜਾਂਦਾ ਹੈ। ਸੁਰਜੀਤ ਦੀ ਕਵਿਤਾ ਸ਼ਾਮ ਫਿਰ ਢਲੀ ਹੈਪੜ੍ਹ ਕੇ ਵੀ ਕੁਝ ਇਸ ਤਰ੍ਹਾਂ ਦੀ ਹੀ ਸਥਿਤੀ ਦਾ ਅਹਿਸਾਸ ਹੁੰਦਾ ਹੈ:

ਸ਼ਾਮ ਫਿਰ ਢਲੀ ਹੈ

ਉਦਾਸ ਜਿਹੀ

ਇਕ ਕਾਲਾ ਜਿਹਾ ਪਰਛਾਵਾਂ

ਮੇਰੇ ਬਨੇਰੇ ਤੇ

ਆ ਕੇ ਫੇਰ ਬਹਿ ਗਿਐ

ਮੇਰੀ ਅਪਾਹਿਜ ਹੋਂਦ

ਮੇਲੇ ਵਿਚ ਗੁਆਚੇ ਬਾਲਕ ਵਾਂਗ

ਜ਼ਿੰਦਗੀ ਦੀਆਂ ਪੈੜਾਂ ਦੱਬਦੀ ਹੈ

ਡੁੱਬਦਾ ਸੂਰਜ ਮੈਨੂੰ ਪੁੱਛਦਾ ਹੈ

ਤੇਰੀ ਉਮਰ ਦਾ

ਕਿੰਨਵਾਂ ਦਿਨ ਅੱਜ ਮੋਇਆ ਹੈ ?

...............................

ਮੈਂ ਚਿਰਾਂ ਤੋਂ

ਇਸੇ ਮੋੜ ਤੇ ਖੜ੍ਹੀ

ਹਰ ਸ਼ਾਮ

ਇਸੇ ਤਰ੍ਹਾਂ

ਬਹੁਤ ਉਪਰਾਮ ਹੋ ਜਾਂਦੀ ਹਾਂ

ਸ਼ਿਕਸਤ ਰੰਗਕਾਵਿ ਸੰਗ੍ਰਹਿ ਵਿੱਚ ਔਰਤ ਦੀ ਹੋਂਦ ਨਾਲ ਜੁੜੇ ਸਰੋਕਾਰਾਂ ਬਾਰੇ ਗੱਲ ਕਰਨ ਵਾਲੀਆਂ ਕਵਿਤਾਵਾਂ ਤੋਂ ਬਿਨ੍ਹਾਂ ਕੁਝ ਅਜਿਹੀਆਂ ਕਵਿਤਾਵਾਂ ਵੀ ਹਨ ਜੋ ਕਿ ਅਨੇਕਾਂ ਹੋਰ ਵਿਸਿ਼ਆਂ ਬਾਰੇ ਵੀ ਗੱਲ ਕਰਦੀਆਂ ਹਨ। ਸਾਡੇ ਸਮਿਆਂ ਵਿੱਚ ਵਾਤਾਵਰਨ ਦਾ ਪ੍ਰਦੂਸ਼ਣ ਚਰਚਾ ਦਾ ਇੱਕ ਭਖਵਾਂ ਵਿਸ਼ਾ ਬਣਿਆ ਹੋਇਆ ਹੈ। ਵਾਤਾਵਰਨ ਵਿੱਚ ਵੱਧ ਰਹੇ ਪ੍ਰਦੂਸ਼ਨ ਕਾਰਨ ਮਨੁੱਖ ਲਈ ਅਨੇਕਾਂ ਤਰ੍ਹਾਂ ਦੇ ਸੰਕਟ ਪੈਦਾ ਹੋ ਰਹੇ ਹਨ। ਇਨ੍ਹਾਂ ਸੰਕਟਾਂ ਕਾਰਨ ਧਰਤੀ ਗ੍ਰਹਿ ਦੀ ਹੋਂਦ ਹੀ ਖਤਰੇ ਵਿੱਚ ਪੈਂਦੀ ਜਾ ਰਹੀ ਹੈ। ਮਨੁੱਖ ਵੱਲੋਂ ਆਪਣੇ ਲਾਲਚੀ ਸੁਭਾਅ ਕਾਰਨ ਦਿਖਾਈ ਜਾ ਰਹੀ ਅਜਿਹੀ ਗ਼ੈਰ-ਜ਼ਿੰਮੇਵਾਰੀ ਦਾ ਸੁਰਜੀਤ ਨੂੰ ਵੀ ਅਹਿਸਾਸ ਹੈ। ਤੇਰਾ ਦੁਖ ਮੇਰਾਕਵਿਤਾ ਵਿੱਚ ਉਹ ਧਰਤੀ ਮਾਂ ਵੱਲ ਆਪਣੇ ਮੋਹ ਦਾ ਇਜ਼ਹਾਰ ਕੁਝ ਇੰਝ ਕਰਦੀ ਹੈ:

ਹੇ !

ਮਾਂ ਧਰਤੀ

ਬੜਾ ਸੋਚਦੀ ਹਾਂ

ਕੋਈ ਨਜ਼ਮ ਲਿਖਾਂ

ਤੇਰੇ ਦੁੱਖਾਂ ਦੀ

ਤੇਰੇ

ਖੁਰਦੇ ਪਰਬਤਾਂ ਦੀ

ਸੁੱਕ ਰਹੇ ਦਰਿਆਵਾਂ ਦੀ

ਗੰਧਲਾ ਗਏ ਸਾਗਰਾਂ ਦੀ

ਮੁੱਕਦੇ ਜੰਗਲਾਂ ਦੀ

ਦੂਸਿ਼ਤ ਹੋ ਰਹੀ ਹਵਾ ਦੀ !

ਇਸ ਦਰਦ ਦਾ

ਅਹਿਸਾਸ ਹੈ ਮੈਨੂੰ

ਪਰ ਸ਼ਬਦ ਗੁੰਮ ਹਨ

ਅਜੋਕੇ ਮਨੁੱਖ ਨੇ ਗਿਆਨ / ਵਿਗਿਆਨ ਦੇ ਖੇਤਰਾਂ ਵਿੱਚ ਬਹੁਤ ਤਰੱਕੀ ਕੀਤੀ ਹੈ। ਮਨੁੱਖ ਦੇ ਬਣਾਏ ਰਾਕਟ ਲੱਖਾਂ ਮੀਲਾਂ ਦੀ ਦੂਰੀ ਉੱਤੇ ਸਥਿਤ ਗ੍ਰਹਿਆਂ ਉੱਤੇ ਜਾ ਉਤਾਰੇ ਹਨ। ਮਨੁੱਖ ਆਪਣੇ ਸਭ ਤੋਂ ਨੇੜੇ ਦੇ ਤਾਰੇ ਸੂਰਜਤੱਕ ਆਪਣਾ ਰਾਕਟ ਭੇਜਣ ਦੀ ਤਿਆਰੀ ਕਰ ਰਿਹਾ ਹੈ। ਸੰਚਾਰ ਵਿਗਿਆਨ ਵਿੱਚ ਤਰੱਕੀ ਹੋਣ ਸਦਕਾ ਸਮੁੱਚੀ ਦੁਨੀਆਂ ਇੱਕ ਪਿੰਡ ਬਣ ਗਈ ਹੈ; ਪਰ ਇੰਨਾ ਕੁਝ ਪ੍ਰਾਪਤ ਕਰ ਲੈਣ ਦੇ ਬਾਵਜੂਦ ਮਨੁੱਖ ਨੈਤਿਕ ਪੱਖੋਂ ਆਪਣੇ ਹੀ ਸਿਰਜੇ ਮਿਆਰਾਂ ਤੋਂ ਡਿੱਗ ਪਿਆ ਹੈ। ਉਸ ਦੀਆਂ ਨਜ਼ਰਾਂ ਵਿੱਚ ਧੰਨ ਦੌਲਤ ਅਤੇ ਪਦਾਰਥਾਂ ਨੂੰ ਇਕੱਠਾ ਕਰਨਾ ਹੀ ਜ਼ਿੰਦਗੀ ਦਾ ਇੱਕੋ ਇੱਕ ਮਨੋਰਥ ਬਣ ਕੇ ਰਹਿ ਗਿਆ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਆਪਣੀ ਇਸ ਵਧਦੀ ਜਾ ਰਹੀ ਲਾਲਸਾ ਹਿਤ ਉਹ ਕੋਈ ਵੀ ਘਟੀਆ ਤੋਂ ਘਟੀਆ ਅਤੇ ਨੈਤਿਕਤਾ ਪੱਖੋਂ ਗਿਰਾਵਟ ਵਾਲਾ ਢੰਗ ਅਪਨਾਉਣ ਲਈ ਵੀ ਤਿਆਰ ਹੈ। ਕਾਲੇ ਕੋਹਾਂ ਦਾ ਸਫ਼ਰਕਵਿਤਾ ਵਿੱਚ ਹੋਰਨਾਂ ਫਿਕਰਮੰਦ ਲੋਕਾਂ ਵਾਂਗ ਸੁਰਜੀਤ ਵੀ ਆਪਣੀ ਚਿੰਤਾ ਦਾ ਇਜ਼ਹਾਰ ਕਰਕੇ ਇੱਕ ਜ਼ਿੰਮੇਵਾਰ ਲੇਖਕ ਹੋਣ ਦਾ ਪ੍ਰਮਾਣ ਦਿੰਦੀ ਹੈ:

ਕਾਲੇ ਕੋਹਾਂ ਦੇ

ਇਸ ਸਫ਼ਰ ਚੋਂ

ਨੈਤਿਕਤਾ, ਸੱਭਿਅਤਾ

ਸਦਾਚਾਰ, ਭਰੋਸਾ ਤੇ ਰਹਿਮ ਵਰਗੇ

ਸ਼ਬਦਾਂ ਦੇ ਅਰਥ

ਨਿਰੰਤਰ ਕਿਰਦੇ ਗਏ...

ਸ਼ਾਇਦ ਤੁਰੇ ਤਾਂ ਅਸੀਂ ਸੀ ਹੀ ਨਹੀਂ

ਵਾਸਨਾਵਾਂ ਦੇ ਭੰਬਲਭੂਸੇ ਚ ਫਸੇ

ਅਸੀਂ ਵੇਖਦੇ ਰਹੇ ਟੀ.ਵੀ. ਤੇ ਨੱਚਦੀਆਂ

ਨੰਗੀਆਂ ਔਰਤਾਂ ਇੰਟਰਨੈੱਟ ਤੇ ਬੈਠ

ਵੇਖਦੇ ਰਹੇ ਅਸ਼ਲੀਲ ਤਸਵੀਰਾਂ

ਸਿਰਜਦੇ ਰਹੇ

ਨਿੱਤ ਨਵੇਂ ਲਾਲ-ਬੱਤੀ ਬਜ਼ਾਰ

ਤੇ ਮਾਸ ਦੀ ਤਿਜਾਰਤ ਕਰਦਿਆਂ

ਗਿਰਝਾਂ ਦੀ ਜੂਨੇ ਪੈ ਗਏ.....

ਸੁਰਜੀਤ ਇਨ੍ਹਾਂ ਕਵਿਤਾਵਾਂ ਵਿੱਚ ਇੱਕ ਅਜਿਹੇ ਵਿਸ਼ੇ ਬਾਰੇ ਵੀ ਗੱਲ ਕਰਦੀ ਹੈ ਜੋ ਕਿ ਵਿਸ਼ੇਸ਼ ਤੌਰ ਉੱਤੇ ਪਰਵਾਸ ਵਿੱਚ ਜੰਮੀ ਪਲੀ ਪੰਜਾਬੀਆਂ ਦੀ ਨਵੀਂ ਪੀੜ੍ਹੀ ਨਾਲ ਸਬੰਧ ਰੱਖਦਾ ਹੈ। ਨਵੀਂ ਪੀੜ੍ਹੀ ਅੰਗਰੇਜ਼ੀ ਬੋਲਦੀ ਹੈ ਅਤੇ ਪੁਰਾਣੀ ਪੀੜ੍ਹੀ ਪੰਜਾਬੀ. ਨਵੀਂ ਪੀੜ੍ਹੀ ਪੱਛਮੀ ਸਭਿਆਚਾਰ ਵਿੱਚ ਰੰਗੀ ਹੋਈ ਹੈ ਅਤੇ ਪੁਰਾਣੀ ਪੀੜ੍ਹੀ ਆਪਣੇ ਨਾਲ ਲਿਆਂਦੇ ਹੋਏ ਪੰਜਾਬੀ ਸਭਿਆਚਾਰ ਦੀਆਂ ਕਦਰਾਂ-ਕੀਮਤਾਂ ਨਾਲ ਜੁੜਿਆ ਰਹਿਣਾ ਚਾਹੁੰਦੀ ਹੈ। ਜਿਸ ਸਦਕਾ ਦੋਨੋਂ ਪੀੜ੍ਹੀਆਂ ਵਿੱਚ ਆਪਸੀ ਸੰਚਾਰ ਟੁੱਟਿਆ ਰਹਿੰਦਾ ਹੈ। ਜਿਸ ਲਈ ਦੋਨੋਂ ਧਿਰਾਂ ਇੱਕ ਦੂਜੀ ਨੂੰ ਦੋਸ਼ੀ ਸਮਝਦੀਆਂ ਹਨ। ਇਸ ਸਮੱਸਿਆ ਦਾ ਹੱਲ ਕਿਵੇਂ ਲੱਭਿਆ ਜਾਵੇ? ਇਸੇ ਗੱਲ ਨੂੰ ਸੁਰਜੀਤ ਆਪਣੀ ਕਵਿਤਾ ਕੀਰਤਪੁਰ ਵੱਲਦਾ ਮੁੱਖ ਵਿਸ਼ਾ ਬਣਾਉਂਦੀ ਹੈ:

ਉਹ ਸਿਰਫ਼ ਸਿਰ ਹਿਲਾਉਂਦੇ ਨੇ

ਵਿਦੇਸ਼ੀ ਭਾਸ਼ਾ

ਕੁਝ ਆਖਦੇ ਨੇ

ਜੋ ਮੈਨੂੰ ਸਮਝ ਨਹੀਂ ਆਉਂਦਾ...

ਮੈਂ ਸੋਚਦੀ ਹਾਂ...

ਕਿ ਕਿਹੜੀ ਭਾਸ਼ਾ

ਸੰਵਾਦ ਰਚਾਵਾਂ

ਕਿ ਉਹ ਸਮਝ ਸਕਣ

ਮੇਰੀ ਗੱਲ

ਮੇਰੀ ਜ਼ੁਬਾਨ

ਮੇਰੇ ਸੰਸੇ

ਮੇਰੇ ਡਰ !

ਸੰਸਾ ਹੈ ਮੈਨੂੰ

ਕਿ ਇਸ ਪਰਵਾਸ ਵਿਚ

ਗੁਆਚ ਜਾਏਗੀ

ਮੇਰੀ ਅਗਲੀ ਪੀੜ੍ਹੀ

ਮੇਰਾ ਸਭਿਆਚਾਰ

ਮੇਰੇ ਸੰਸਕਾਰ...

ਔਰਤ ਦੀ ਹੋਂਦ ਨਾਲ ਜੁੜੇ ਸਰੋਕਾਰਾਂ ਨੂੰ ਆਪਣੇ ਅਨੁਭਵਾਂ ਰਾਹੀਂ ਪੇਸ਼ ਕਰਨ ਵਾਲੇ ਸੁਰਜੀਤ ਦੇ ਕਾਵਿ ਸੰਗ੍ਰਹਿ ਸ਼ਿਕਸਤ ਰੰਗਵਿੱਚ ਸ਼ਾਮਿਲ ਕੀਤੀਆਂ ਗਈਆਂ ਕਵਿਤਾਵਾਂ ਇੱਕ ਤਾਜ਼ਗੀ ਦਾ ਅਹਿਸਾਸ ਕਰਵਾਉਂਦੀਆਂ ਹਨ। ਇਸ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਪੜ੍ਹਦਿਆਂ ਜਿਹੜੀ ਗੱਲ ਸਭ ਤੋਂ ਵੱਧ ਪ੍ਰਭਾਵਿਤ ਕਰਦੀ ਹੈ ਉਹ ਇਹ ਹੈ ਕਿ ਸੁਰਜੀਤ ਔਰਤ ਦੀਆਂ ਸਮੱਸਿਆਵਾਂ ਬਾਰੇ ਗੱਲ ਕਰਨ ਲੱਗਿਆਂ ਬੜੀ ਜੁਅਰੱਤ ਨਾਲ ਗੱਲ ਕਰਦੀ ਹੈ। ਵਧੀਆ ਕਵਿਤਾ ਦੀ ਪਹਿਚਾਣ ਵੀ ਇਹੀ ਹੈ ਕਿ ਜਿਸ ਵਿਸ਼ੇ ਬਾਰੇ ਵੀ ਲੇਖਕ ਗੱਲ ਕਰ ਰਿਹਾ ਹੋਵੇ ਉਸ ਬਾਰੇ ਆਪਣਾ ਨਜ਼ਰੀਆ ਬੇਝਿਜਕ ਹੋ ਕੇ ਪੇਸ਼ ਕਰੇ। ਕਿਸੇ ਵੀ ਲੇਖਕ ਦੀਆਂ ਲਿਖਤਾਂ ਵਿੱਚ ਅਜਿਹੇ ਗੁਣ ਹੋਣ ਕਾਰਨ ਹੀ ਉਸਦੀ ਆਪਣੀ ਇੱਕ ਵੱਖਰੀ ਪਹਿਚਾਣ ਬਣਦੀ ਹੈ। ਪਾਠਕ ਅਜਿਹੇ ਲੇਖਕ ਦੀ ਲਿਖਤ ਪੜ੍ਹਕੇ ਝੱਟ ਪਹਿਚਾਣ ਲੈਂਦਾ ਹੈ ਕਿ ਅਜਿਹੀ ਲਿਖਤ ਹੋਰ ਕੋਈ ਲੇਖਕ ਲਿਖ ਹੀ ਨਹੀਂ ਸਕਦਾ।

ਸ਼ਿਕਸਤ ਰੰਗਔਰਤ ਦੀ ਹੋਂਦ ਨਾਲ ਜੁੜੇ ਸਰੋਕਾਰਾਂ ਦੇ ਅਨੁਭਵਾਂ ਨੂੰ ਕਲਾਤਮਕ ਢੰਗ ਨਾਲ ਪੇਸ਼ ਕਰਨ ਵਾਲੀ ਇੱਕ ਵਧੀਆ ਕਾਵਿ ਪੁਸਤਕ ਹੈ।



No comments: