ਲੇਖ
ਪਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਨਾਲ ਜੁੜੇ ਵਧੇਰੇ ਸੰਕਟਾਂ ਦਾ ਸਬੰਧ ਆਪਣੀ ਹੋਂਦ ਦਾ ਅਹਿਸਾਸ ਕਰਵਾਉਣ ਨਾਲ ਜੁੜਿਆ ਹੋਇਆ ਹੈ। ਇਹ ਸੰਕਟ ਚਾਹੇ ਸਮਾਜਿਕ ਹੋਵੇ, ਸਭਿਆਚਾਰਕ ਹੋਵੇ, ਧਾਰਮਿਕ ਹੋਵੇ, ਰਾਜਨੀਤਿਕ ਹੋਵੇ ਅਤੇ ਚਾਹੇ ਆਰਥਿਕ - ਹਰ ਸੰਕਟ ਦੀ ਹੀ ਤਹਿ ਤੱਕ ਜਾਣ ਤੋਂ ਬਾਅਦ ਇਹੀ ਤੱਥ ਸਾਹਮਣੇ ਆਉਂਦੇ ਹਨ. ਅਜੋਕੇ ਸਮਿਆਂ ਵਿੱਚ ਹਰ ਮਨੁੱਖ ਹੀ ਆਪਣੇ ਲਈ ਅਜਿਹੀ ਸੁਰੱਖਿਅਤ ਥਾਂ ਦੀ ਤਲਾਸ਼ ਕਰਨ ਵਿੱਚ ਰੁੱਝਿਆ ਹੋਇਆ ਹੈ ਜਿੱਥੇ ਉਹ ਆਪਣੀ ਮਨ-ਮਰਜ਼ੀ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕੇ। ਇਹ ਸੁਰੱਖਿਅਤ ਥਾਂ ਭੌਤਿਕ ਵੀ ਹੈ ਅਤੇ ਮਾਨਸਿਕ ਵੀ। ਕੈਨੇਡਾ ਦੇ ਪੰਜਾਬੀ ਸਾਹਿਤ ਵਿੱਚ ਅਨੇਕਾਂ ਲੇਖਕਾਂ ਨੇ ਇਸ ਵਿਸ਼ੇ ਨੂੰ ਲੈ ਕੇ ਆਪਣੇ ਆਪਣੇ ਨਜ਼ਰੀਏ ਤੋਂ ਇਸ ਸਮੱਸਿਆ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਕੈਨੇਡਾ ਦਾ ਪੰਜਾਬੀ ਕਹਾਣੀਕਾਰ ਜਰਨੈਲ ਸਿੰਘ ਵੀ ਕੈਨੇਡਾ ਦੇ ਅਜਿਹੇ ਪੰਜਾਬੀ ਲੇਖਕਾਂ ਵਿੱਚ ਹੀ ਸ਼ਾਮਿਲ ਹੈ।
----
ਜਰਨੈਲ ਸਿੰਘ ਨੇ ਆਪਣਾ ਕਹਾਣੀ-ਸੰਗ੍ਰਹਿ ‘ਦੋ ਟਾਪੂ’ 1999 ਵਿੱਚ ਪ੍ਰਕਾਸ਼ਿਤ ਕੀਤਾ ਸੀ। ਇਸ ਕਹਾਣੀ ਸੰਗ੍ਰਹਿ ਵਿੱਚ ਉਸਨੇ ਆਪਣੀਆਂ ਸਿਰਫ ਛੇ ਕਹਾਣੀਆਂ ਹੀ ਸ਼ਾਮਿਲ ਕੀਤੀਆਂ ਹਨ। ਜਰਨੈਲ ਸਿੰਘ ਕੈਨੇਡਾ ਦਾ ਲੰਬੀਆਂ ਕਹਾਣੀਆਂ ਲਿਖਣ ਵਾਲਾ ਪੰਜਾਬੀ ਕਹਾਣੀਕਾਰ ਹੈ। ਉਸਦੀਆਂ ਕਹਾਣੀਆਂ ਬੜੀ ਧੀਮੀ ਤੋਰ ਨਾਲ ਤੁਰਦੀਆਂ ਹਨ। ਉਸ ਦੀਆਂ ਕਹਾਣੀਆਂ ਵਿੱਚ ਤਨਾਓ ਵੀ ਬੜੀ ਹੌਲੀ ਹੌਲੀ ਪੈਦਾ ਹੁੰਦਾ ਹੈ; ਪਰ ਇਸ ਤਨਾਓ ‘ਚੋਂ ਕੋਈ ਜਵਾਲਾ ਮੁਖੀ ਫਟਣ ਸਦਕਾ ਕਿਸੇ ਧਮਾਕੇ ਦੀ ਆਵਾਜ਼ ਸੁਣਾਈ ਨਹੀਂ ਦਿੰਦੀ। ਇਸਦਾ ਕਾਰਨ ਇਨ੍ਹਾਂ ਕਹਾਣੀਆਂ ਵਿੱਚ ਬ੍ਰਿਤਾਂਤ ਦਾ ਲੋੜ ਤੋਂ ਵਧੇਰੇ ਹੋਣਾ ਅਤੇ ਨਾਟਕੀ ਮੌਕਿਆਂ ਦੀ ਕਮੀ ਹੋਣਾ ਹੈ। ਇਸ ਕਰਕੇ ਹਰੇਕ ਕਹਾਣੀ ਦੇ ਅੰਤ ਹੋਣ ਤੱਕ ਪਾਠਕ ਇੱਕ ਦੰਮ ਝੰਜੋੜਿਆ ਨਹੀਂ ਜਾਂਦਾ। ਇਹ ਕਹਾਣੀਆਂ ਪਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਨਾਲ ਜੁੜੀਆਂ ਸਮੱਸਿਆਵਾਂ ਦੀ ਜਾਣਕਾਰੀ ਤਾਂ ਦਿੰਦੀਆਂ ਹਨ ਪਰ ਉਨ੍ਹਾਂ ਬਾਰੇ ਕਹਾਣੀ ਦੇ ਪਾਠਕ ਦੇ ਮਨ ਵਿੱਚ ਕੋਈ ਵਿਸ਼ੇਸ਼ ਹਿਲਜੁਲ ਪੈਦਾ ਨਹੀਂ ਕਰਦੀਆਂ। ਕਿਉਂਕਿ ਹਰ ਗੱਲ ਬੜੀ ਧੀਮੀ ਸੁਰ ਵਿੱਚ ਵਾਪਰਦੀ ਹੈ। ਅਜਿਹੀਆਂ ਕਹਾਣੀਆਂ ਪੜ੍ਹਕੇ ਪਾਠਕ ਇਹ ਤਾਂ ਕਹਿ ਸਕਦਾ ਹੈ ਕਿ ਉਸਨੂੰ ਕੈਨੇਡਾ ਦੇ ਪੰਜਾਬੀਆਂ ਦੀ ਜ਼ਿੰਦਗੀ ਨਾਲ ਜੁੜੇ ਹੋਏ ਸਰੋਕਾਰਾਂ ਬਾਰੇ ਜਾਣਕਾਰੀ ਮਿਲੀ ਹੈ, ਪਰ ਇਨ੍ਹਾਂ ਕਹਾਣੀਆਂ ਦੇ ਪੜ੍ਹਣ ਤੋਂ ਬਾਅਦ ਪਾਠਕ ਇਸ ਤਰ੍ਹਾਂ ਮਹਿਸੂਸ ਨਹੀਂ ਕਰਦਾ ਕਿ ਹੁਣ ਉਸ ਨੂੰ ਰਾਤ ਭਰ ਨੀਂਦ ਨਹੀਂ ਆਵੇਗੀ ਕਿਉਂਕਿ ਇਨ੍ਹਾਂ ਕਹਾਣੀਆਂ ਵਿਚਲੇ ਪਾਤਰਾਂ ਵੱਲੋਂ ਕਹੀਆਂ ਗਈਆਂ ਗੱਲਾਂ ਉਸਦੇ ਦਿਮਾਗ਼ ਵਿੱਚ ਹਥੌੜਿਆਂ ਵਾਂਗ ਵੱਜ ਰਹੀਆਂ ਹਨ। ਸੰਭਵ ਹੈ ਕਿ ਇਹ ਕਹਾਣੀਆਂ ਲਿਖਣ ਵੇਲੇ ਜਰਨੈਲ ਸਿੰਘ ਦਾ ਵੀ ਇਹੀ ਮੰਤਵ ਰਿਹਾ ਹੋਵੇ। ‘ਦੋ ਟਾਪੂ’ ਕਹਾਣੀ ਸੰਗ੍ਰਹਿ ਵਿੱਚ ਸ਼ਾਮਿਲ ਕਹਾਣੀਆਂ ਬਾਰੇ ਗੱਲ ਇਸ ਸੰਗ੍ਰਹਿ ਵਿੱਚ ਸ਼ਾਮਿਲ ਕਹਾਣੀ ‘ਦੋ ਟਾਪੂ’ ਦੇ ਪਾਤਰਾਂ ਦਰਮਿਆਨ ਚੱਲ ਰਹੇ ਇਸ ਵਾਰਤਾਲਾਪ ਨਾਲ ਸ਼ੁਰੂ ਕੀਤੀ ਜਾ ਸਕਦੀ ਹੈ:
“ਇਹ ਤੁਹਾਡਾ ਕਸੂਰ ਨਹੀਂ। ਏਥੇ ਕੈਨੇਡਾ ਆ ਕੇ ਆਮ ਲੋਕਾਂ ਦੇ ਤੌਰ ਏਦਾਂ ਹੀ ਬਦਲ ਜਾਂਦੇ ਆ। ਪਰ ਬੰਦੇ ਨੂੰ ਸਿਰਫ ਆਪਣਾ ਹੀ ਉੱਲੂ ਨਹੀਂ ਸਿੱਧਾ ਕਰਨਾ ਚਾਹੀਦਾ।”
“ਤੁਹਾਡੇ ‘ਚ ਹਾਅ ਈ ਨੁਕਸ ਐ, ਦੂਜੇ ਦੀ ਤੁਸੀਂ ਸੁਣਦੇ ਨਹੀਂ। ਬੱਸ ਆਪਣੀ ਪੁਗਾਉਣੀ ਚਾਹੁੰਨੇ ਐਂ।” ਪਾਸ਼ੀ ਲਿਵਿੰਗ ਰੂਮ ‘ਚ ਆ ਕੇ ਬੋਲੀ।
“ਲਗਦੈ, ਤੇਰੇ ਹੋਸ਼ ਵੀ ਹੁਣ ਟਿਕਾਣੇ ਨਹੀਂ ਰਹੇ। ਤੁਹਾਨੂੰ ਸਾਰਿਆਂ ਨੂੰ ਕੈਨੇਡਾ ਸੱਦ ਕੇ ਮੈਂ ਤੁਹਾਡੀ ਪੁਗਾਈ ਆ ਕਿ ਆਪਣੀ?” ਨਸ਼ਾ ਬਲਰਾਜ ਦੇ ਗੁੱਸੇ ਨੂੰ ਤਾਅ ਦੇ ਰਿਹਾ ਸੀ।
“ਕੈਨੇਡਾ ਕਾਹਦੇ ਸੱਦ ਲਏ, ਤੁਸੀਂ ਤਾਂ ਏਦਾਂ ਕਰਦੇ ਆਂ ਜਿੱਦਾਂ ਖਰੀਦ ਲਏ ਹੁੰਦੇ ਆ।” ਪਾਸ਼ੀ ਦੇ ਬੋਲਾਂ ਵਿੱਚ ਰੋਹ ਸੀ।
“ਹੁਣ ਸਮਝਿਆਂ...ਏਹ ਸਾਰੀ ਤੇਰੀ ਚਾਲ ਐ। ਪਰ ਮੇਰੀ ਗੱਲ ਵੀ ਕੰਨ ਖੋਲ੍ਹ ਕੇ ਸੁਣ ਲੈ, ਜੇ ਤੂੰ ਏਦਾਂ ਮੇਰੀ ਪਿੱਠ ਲਾਉਣ ਲੱਗੀ ਤਾਂ ‘ਦੇਖੀਂ’ ਫੇ ਬਣਦਾ ਕੀ ਆ?” ਬਲਰਾਜ ਗਰਜਿਆ।
“ਹੇ ਖਾਂ ਕਰਨ ਕੀ ਡਹਿਓ ਆ।” ਪਾਸ਼ੀ ਦੀ ਆਵਾਜ਼ ਵਿਚ ਵਿਅੰਗ ਸੀ।
“ਤੇਰਾ ਦਿਮਾਗ਼ ਜਿ਼ਆਦਾ ਈ ਖਰਾਬ ਹੋ ਗਿਆ ਲਗਦਾ ਆ...ਪਰ ਮੈਨੂੰ ਠੀਕ ਵੀ ਕਰਨਾ ਆਉਂਦੈ।” ਕ੍ਰੋਧ ‘ਚ ਬੋਲਦਾ ਪਾਸ਼ੀ ਵੱਲ ਨੂੰ ਵਧਿਆ। ਇਸ ਤੋਂ ਪਹਿਲਾਂ ਕਿ ਬਲਰਾਜ ਦਾ ਹੱਥ ਪਾਸ਼ੀ ‘ਤੇ ਉੱਠਦਾ ਬਖਸ਼ਿੰਦਰ ਨੇ ਜੱਫਾ ਮਾਰ ਕੇ ਉਸਨੂੰ ਠੰਢਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਬਲਰਾਜ ਉਸਦੇ ਕੂਹਣੀਆਂ ਮਾਰਦਾ ਹੋਇਆ ਸਾਰਿਆਂ ਨੂੰ ਅਵਾ-ਤਾਵਾ ਬੋਲਦਾ ਰਿਹਾ।
ਉਸ ਰਾਤ ਘਰ ਵਿੱਚ ਕਿਸੇ ਨੇ ਵੀ ਰੋਟੀ ਨਾ ਖਾਧੀ।
----
ਇਸੇ ਤਰ੍ਹਾਂ ਦਾ ਹੀ ਇੱਕ ਹੋਰ ਵਾਰਤਾਲਾਪ ਕਹਾਣੀ ‘ਦੋ ਟਾਪੂ’ ਵਿੱਚ ਦੇਖਿਆ ਜਾ ਸਕਦਾ ਹੈ। ਇਸ ਵਾਰਤਾਲਾਪ ਵਿੱਚ ਵੀ ਦੇਖਿਆ ਜਾ ਸਕਦਾ ਹੈ ਕਿ ਕਹਾਣੀ ਵਿੱਚ ਨਾਟਕੀ ਤਨਾਓ ਪੈਦਾ ਹੋਣ ਦੀ ਥਾਂ ਪਾਤਰਾਂ ਵਿੱਚ ਮਹਿਜ਼ ਗੱਲਬਾਤ ਹੀ ਹੁੰਦੀ ਹੈ ਅਤੇ ਇੱਕ ਦੂਜੇ ਨਾਲ ਮਹਿਜ਼ ਨਰਾਜ਼ਗੀ ਹੀ ਪੈਦਾ ਹੁੰਦੀ ਹੈ:
“ਮੇਰੇ ਦੋਸਤ ਘਰ ਆਇਓ ਹੋਣ ਤੇ ਤੁਸੀਂ ਏਦਾਂ ਟਿਭ ਜਾਓਂ, ਤੁਹਾਡੇ ਲਈ ਇਹ ਠੀਕ ਨਹੀਂ।” ਬਲਰਾਜ ਦੇ ਬੋਲਾਂ ਵਿੱਚ ਹਿਰਖ ਸੀ।
“ਟਿਭਣ ਆਲੀ ਤਾਂ ਕੋਈ ਗੱਲ ਨਹੀਂ ਬਲਰਾਜ ! ਤੈਨੂੰ ਦੱਸ ਕੇ ਗਏ ਆਂ।” ਪ੍ਰੀਤਮ ਸਿੰਘ ਨੇ ਉੱਤਰ ਦਿੱਤਾ।
“ਇੱਕ-ਡੇਢ ਘੰਟੇ ‘ਚ ਮੁੜ ਵੀ ਤਾਂ ਸਕਦੇ ਸੀ।”
“ਉਨ੍ਹਾਂ ਦਾ ਇੰਡੀਆ ਜਾਣ ਦਾ ਪ੍ਰੋਗਰਾਮ ਖੜ੍ਹੇ ਪੈਰ ਈ ਬਣਿਐਂ, ਨਿਆਣੇ ਉਨ੍ਹਾਂ ਨਾਲ ਸਾਮਾਨ ਬੰਨ੍ਹਾਉਣ ਲੱਗ ਪਏ।”
“ਤੁਸੀਂ ਆਪਣਾ ਸਾਮਾਨ ਹੁਣ ਕਦੋਂ ਬੰਨ੍ਹਣਾ ਆਂ?” ਬਲਰਾਜ ਦੀ ਗੱਲ ਸਾਰਿਆਂ ਉੱਤੇ ਆਸਮਾਨੀ ਬਿਜਲੀ ਵਾਂਗ ਡਿੱਗੀ।
“ਏਥੇ ਲਾਗੇ-ਚਾਗੇ ਕੋਈ ਮਕਾਨ ਲੱਭਦੇ ਆਂ, ਅਜੇ ਮਿਲ ਨਹੀਂ ਰਿਹਾ...ਪਰ ਜੇ ਹਾਅ ਗੱਲ ਆ ਤਾਂ ਸਵੇਰੇ ਈ ਚਲੇ ਜਾਨੇ ਆਂ।” ਪ੍ਰੀਤਮ ਸਿੰਘ ਦੇ ਬੋਲਾਂ ਵਿੱਚ ਖਰ੍ਹਵਾਪਨ ਆ ਗਿਆ ਸੀ।
“ਸਵੇਰੇ ਨਈਂ, ਹੁਣੇ ਈਂ ਤੁਰਦੇ ਬਣੋ।” ਬਲਰਾਜ ਦੀ ਸ਼ਰਾਬ ਉਸਦੇ ਕ੍ਰੋਧ ਨੂੰ ਸੀਖ ਰਹੀ ਸੀ।
“ਹਾਅ ਧੌਂਸ ਕਾਹਦੀ ਆ? ਇਹ ਏਥੇ ਮੁਫਤ ਨਹੀਂ ਰਹਿ ਰਹੇ। ਸਾਰੇ ਖਰਚੇ ਦਾ ਸੈਂਟ-ਸੈਂਟ ਵੰਡਾਉਂਦੇ ਆ।” ਚਾਹੁੰਦਿਆਂ ਹੋਇਆਂ ਵੀ ਪਾਸ਼ੀ ਤੋਂ ਚੁੱਪ ਨਾ ਰਿਹਾ ਗਿਆ। ਬਲਰਾਜ ਨੇ ਪਾਸ਼ੀ ਵੱਲ ਏਦਾਂ ਅੱਖਾਂ ਕੱਢੀਆਂ ਜਿਵੇਂ ਉਸਨੂੰ ਖਾ ਜਾਣਾ ਹੋਵੇ। ਪਰ ਉਸਦੇ ਕੁਝ ਬੋਲਣ ਤੋਂ ਪਹਿਲਾਂ ਹੀ ਬਖਸ਼ਿੰਦਰ ਬੋਲ ਪਿਆ, “ਛੱਡ ਪਰੇ ਭੈਣ, ਅਸੀਂ ਚਲੇ ਈ ਜਾਣੈ। ਲੋੜ ਕੀ ਪਈ ਆ ਹਰ ਵੇਲੇ ਏਦਾਂ ਬੇਇਜ਼ਤੀ ਕਰਾਉਣ ਦੀ।”
“ਤੁਸੀਂ ਹੈ ਈ ਬੇਇਜ਼ਤੀ ਦੇ ਲਾਇਕ।”
ਪ੍ਰੀਤਮ ਸਿੰਘ ਹੁਰਾਂ ਨੇ ਅਗਾਂਹ ਚੁੱਪ ਰਹਿਣਾ ਹੀ ਠੀਕ ਸਮਝਿਆ। ਫੋਨ ਕਰਕੇ ਉਨ੍ਹਾਂ ਟੈਕਸੀ ਸੱਦੀ ਤੇ ਪਾਸ਼ੀ ਦੀ ਭੂਆ ਦੇ ਘਰ ਚਲੇ ਗਏ।
----
ਹਰ ਘਰ ਵਿੱਚ, ਹਰ ਕੋਈ, ਆਪਣੀ ਹੋਂਦ ਦੀ ਮਹੱਤਤਾ ਦਾ ਅਹਿਸਾਸ ਜਤਲਾਉਣਾ ਚਾਹੁੰਦਾ ਹੈ। ਵਧੇਰੇ ਪੰਜਾਬੀਆਂ ਵਿੱਚ ਇੱਕੋ ਛੱਤ ਥੱਲੇ ਤਿੰਨ ਪੀੜ੍ਹੀਆਂ ਰਹਿ ਰਹੀਆਂ ਹੁੰਦੀਆਂ ਹਨ। ਹਰ ਕੋਈ ਚਾਹੁੰਦਾ ਹੈ ਕਿ ਉਸਦਾ ਘਰ ਵਿੱਚ ਯੋਗ ਸਨਮਾਨ ਹੋਵੇ। ਹਰ ਕੋਈ ਚਾਹੁੰਦਾ ਹੈ ਕਿ ਕੋਈ ਵੀ ਉਸਦੀ ਨਿੱਜੀ ਆਜ਼ਾਦੀ ਵਿੱਚ ਦਖਲ ਨ ਦੇਵੇ। ਹਰ ਕੋਈ ਚਾਹੁੰਦਾ ਹੈ ਕਿ ਘਰ ਵਿੱਚ ਉਸਦੇ ਵਿਚਾਰਾਂ ਅਤੇ ਉਸਦੀਆਂ ਕਦਰਾਂ-ਕੀਮਤਾਂ ਨੂੰ ਮਾਣਤਾ ਮਿਲੇ; ਪਰ ਜਦੋਂ ਅਜਿਹਾ ਨਹੀਂ ਹੁੰਦਾ ਤਾਂ ਘਰ ਵਿਚਲੇ ਮਾਹੌਲ ਵਿੱਚ ਤਲਖੀ ਪੈਦਾ ਹੁੰਦੀ ਹੈ। ਅਜਿਹਾ ਹੋਣਾ ਸੁਭਾਵਕ ਹੀ ਹੈ। ਕਿਉਂਕਿ ਪਹਿਲੀ ਅਤੇ ਦੂਜੀ ਪੀੜ੍ਹੀ ਤਾਂ ਅਜੇ ਉਨ੍ਹਾਂ ਪੰਜਾਬੀ ਸਭਿਆਚਾਰਕ ਕਦਰਾਂ-ਕੀਮਤਾਂ ਦੀ ਧਾਰਣੀ ਹੁੰਦੀ ਹੈ ਜੋ ਉਹ ਆਪਣੇ ਨਾਲ ਲੈ ਕੇ ਆਏ ਸਨ: ਪਰ ਤੀਜੀ ਪੀੜ੍ਹੀ ਜੋ ਕਿ ਪੱਛਮੀ ਸਭਿਆਚਾਰ ਵਿੱਚ ਜੰਮੀ-ਪਲੀ ਹੈ, ਉਸ ਲਈ ਪੰਜਾਬ ਤੋਂ ਲਿਆਂਦੀਆਂ ਹੋਈਆਂ ਕਦਰਾਂ-ਕੀਮਤਾਂ ਕੋਈ ਵਿਸ਼ੇਸ਼ ਅਰਥ ਨਹੀਂ ਰੱਖਦੀਆਂ। ਜਦੋਂ ਦੋਹੇ ਧਿਰਾਂ ਆਪਣੀਆਂ ਆਪਣੀਆਂ ਸਭਿਆਚਾਰਕ ਕਦਰਾਂ-ਕੀਮਤਾਂ ਨੂੰ ਬੇਹਤਰ ਦੱਸਣ ਦਾ ਯਤਨ ਕਰਦੀਆਂ ਹਨ; ਤਾਂ ਤਲਖੀ ਪੈਦਾ ਹੁੰਦੀ ਹੈ। ਇੱਕੋ ਘਰ ਵਿੱਚ ਰਹਿ ਰਹੀ ਪੰਜਾਬੀਆਂ ਦੀ ਪਹਿਲੀ ਅਤੇ ਤੀਜੀ ਪੀੜ੍ਹੀ ਦਰਮਿਆਨ ਚੱਲ ਰਹੇ ਅਜਿਹੇ ਇੱਕ ਵਾਰਤਾਲਾਪ ਨੂੰ ਕਹਾਣੀ ‘ਪਛਾਣ’ ਵਿੱਚ ਦੇਖਿਆ ਜਾ ਸਕਦਾ ਹੈ:
‘ਰੀਡਰਜ਼ ਡਾਈਜ਼ੈਸਟ’ ਲੈਣ ਲਈ ਉਹ ਆਪਣੇ ਧਿਆਨ ਪੌੜੀਆਂ ਉੱਤਰ ਗਿਆ ਤੇ ਜਿਉਂ ਹੀ ਲਿਵਿੰਗ-ਰੂਮ ‘ਚ ਪਹੁੰਚਾ, ਭੌਂਚੁੱਕਾ ਰਹਿ ਗਿਆ। ਉਸ ਨੂੰ ਇੰਜ ਲੱਗਾ ਜਿਵੇਂ ਬਾਹਰ ਵਗ ਰਹੀ ਬਰਫੀਲੀ ਹਵਾ ਨੇ, ਉਨ੍ਹਾਂ ਦੇ ਘਰ ਦੀਆਂ ਕੰਧਾਂ ਨੂੰ ਚਿੱਬ ਪਾ ਦਿੱਤੇ ਹੋਣ...ਪੈਮ ਤੇ ਡੇਵ ਇੱਕ ਦੂਜੇ ਦੀਆ ਬਾਹਾਂ ‘ਚ ਲਿਪਟੇ, ਚੁੰਮਣਾਂ ਵਿੱਚ ਗੁਆਚੇ ਹੋਏ ਸਨ. ਬਿੜਕ ਸੁਣ ਕੇ ਪੈਮ ਸੋਫੇ ‘ਤੇ ਸੂਤ ਜਿਹੀ ਹੋ ਕੇ ਬੈਠ ਗਈ. ਸੁਲੱਖਣ ਸਿੰਘ ਨੂੰ ਅਣਗੌਲਿਆਂ ਡੇਵ ਨੇ “ਬਾਇ ਪੈਮ ! ਸੀ ਯੂ ਟੁਮਾਰੋਅ”, ਕਿਹਾ ਤੇ ਕੋਟ ਪਾਉਣ ਲੱਗ ਪਿਆ।
“ਓਏ ਡੇਵ”, ਸੁਲੱਖਣ ਸਿੰਘ ਗਰਜਿਆ, “ਦੇਖ ਮੈਂ ਤੈਨੂੰ ਦੱਸਾਂ, ਅਗਾਂਹ ਇਸ ਘਰ ‘ਚ ਪੈਰ ਨਾ ਧਰੀਂ।”
“ਮੈਂ ਪੈਮ ਨੂੰ ਮਿਲਣ ਲਈ ਆਵਾਂਗਾ।”
“ਪਰ ਪੈਮ ਤੈਨੂੰ ਨਹੀਂ ਮਿਲੇਗੀ।”
“ਹੂ ਦਾ ਹੈੱਲ ਆਰ ਯੂ ਟੂ ਸਟੌਪ ਅਸ। ਆਪਣਾ ਕੰਮ ਕਰੋ।” ਪੈਮ ਚੀਖੀ।
“ਵੈੱਲ, ਮੈਂ ਇਸ ਫੈਮਿਲੀ ਦਾ ਹੈੱਡ ਆ।”
“ਮੈਨੂੰ ਨਹੀਂ ਪ੍ਰਵਾਹ ਕਿਸੇ ਹੈੱਡ ਦੀ ਜਾਂ ਹੋਰ ਦੀ ਮੇਰੀ ਆਪਣੀ ਇੰਡਿਵਿਯੁਅਲ ਲਾਈਫ ਆ।” ਕ੍ਰੋਧ ‘ਚ ਭੁੱਜਦੀ ਪੈਮ ਕਾਹਲੀ-ਕਾਹਲੀ ਪੌੜੀਆਂ ਚੜ੍ਹ ਗਈ। ਉਸਦੇ ਬੈੱਡ-ਰੂਮ ਦਾ ‘ਠਾਹ’ ਕਰਕੇ ਬੰਦ ਹੋਇਆ ਦਰਵਾਜ਼ਾ ਸੁਲੱਖਣ ਸਿੰਘ ਦੇ ਦਿਮਾਗ਼ ਵਿੱਚ ਹਥੌੜੇ ਵਾਂਗ ਵੱਜਾ। ਡੇਵ ਬੂਹਿਓਂ ਬਾਹਰ ਹੋ ਗਿਆ ਸੀ।
----
ਪਰਵਾਸੀ ਪੰਜਾਬੀ ਪ੍ਰਵਾਰਾਂ ਵਿੱਚ ਪੈਦਾ ਹੁੰਦੀਆਂ ਵਧੇਰੇ ਸਮੱਸਿਆਵਾਂ ਦੀ ਜੜ੍ਹ ਵਿੱਚ ਸਭਿਆਚਾਰਕ ਵੱਖਰੇਂਵਾਂ ਹੀ ਹੁੰਦਾ ਹੈ। ਪੁਰਾਣੀ ਪੀੜ੍ਹੀ ਦੇ ਲੋਕ ਨਵੀਂ ਪੀੜ੍ਹੀ ਉੱਤੇ ਆਪਣੀਆਂ ਸਭਿਆਚਾਰਕ ਕਦਰਾਂ-ਕੀਮਤਾਂ ਥੋਪਣਾ ਚਾਹੁੰਦੇ ਹਨ - ਪਰ ਨਵੀਂ ਪੀੜ੍ਹੀ ਸਿਰਫ ਇਸਦਾ ਵਿਰੋਧ ਹੀ ਨਹੀਂ ਕਰਦੀ ਬਲਕਿ ਉਹ ਤਾਂ ਆਪਣੇ ਵੱਖਰੇ ਸਭਿਆਚਾਰ ਦਾ ਪਰਚਮ ਹਵਾ ਵਿੱਚ ਲਹਿਰਾਉਂਦੇ ਹੋਏ ਸ਼ਰੇਆਮ ਐਲਾਨ ਕਰਦੀ ਹੈ ਕਿ ਸਾਡਾ ਤੁਹਾਡੇ ਨਾਲੋਂ ਵੱਖਰਾ ਅਤੇ ਬੇਹਤਰ ਸਭਿਆਚਾਰ ਹੈ। ਅਸੀਂ ਤੁਹਾਡੇ ਸਭਿਆਚਾਰ ਨੂੰ ਕੁਝ ਨਹੀਂ ਸਮਝਦੇ। ਇਸ ਲਈ ਆਪਣੀਆਂ ਸਭਿਆਚਾਰਕ ਕਦਰਾਂ-ਕੀਮਤਾਂ ਆਪਣੇ ਤੱਕ ਹੀ ਸੀਮਤ ਰੱਖੋ। ਕਹਾਣੀ ‘ਪਛਾਣ’ ਵਿੱਚੋਂ ਹੀ ਇਸ ਤੱਥ ਦੀ ਪੁਸ਼ਟੀ ਕਰਦਾ ਹੋਇਆ ਇੱਕ ਹੋਰ ਵਾਰਤਾਲਾਪ ਪੇਸ਼ ਹੈ:
“ਵਹਟ ਕਲਚਰ?” ਬੈੱਡ ‘ਤੇ ਬਹਿੰਦੀ ਹੋਈ ਪੈਮ ਉਸਦੀ ਗੱਲ ਨੂੰ ਵਿੱਚੋਂ ਹੀ ਟੋਕ ਕੇ ਲੈ ਗਈ, “ਕੀ ਕਲਚਰ ਕਲਚਰ ਕਰਦੇ ਰੈਨੇ ਆਂ? ਤੁਸੀਂ ਮੇਰੀ ਤੇ ਮੇਰੇ ਬੁਆਇ-ਫਰੈਂਡ ਦੀ ਇਨਸਲਟ ਕੀਤੀ ਏ, ਇਹ ਕਿੱਥੋਂ ਦੀ ਕਲਚਰ ਏ?”
“ਬੇਟੀ ! ਮੈਂ ਤੈਨੂੰ ਇਹ ਸਮਝਾਉਣ ਦੀ ਕੋਸਿ਼ਸ਼ ਕਰ ਰਿਹਾਂ ਕਿ ਏਸ ਉਮਰ ‘ਚ ਬੱਚੇ ਨੂੰ ਸੰਭਲਣ ਦੀ ਲੋੜ ਹੁੰਦੀ ਏ...ਤੂੰ ਡਟ ਕੇ ਪੜ੍ਹਾਈ ਕਰ। ਪੜ੍ਹਾਈ ਬੰਦੇ ਦੀ ਸੋਚ ਨੂੰ ਵੀ ਤਕੜਾ ਕਰਦੀ ਆ ਤੇ ਪੈਰਾਂ ਨੂੰ ਵੀ। ਜਦੋਂ ਤੇਰੀ ਸੋਚ ਅਤੇ ਪੈਰ ਪੱਕੇ ਹੋ ਗਏ, ਤੂੰ ਆਪ ਹੀ ਇਨ੍ਹਾਂ ਕਲਚਰਾਂ ਦੀਆਂ ਚੰਗੀਆਂ- ਮਾੜੀਆਂ ਗੱਲਾਂ ਦੀ ਸਹੀ ਪਛਾਣ ਕਰਨ ਲੱਗ ਪਏਂਗੀ।”
“ਮੈਂ ਏਦਾਂ ਦੀਆਂ ਫਜ਼ੂਲ ਗੱਲਾਂ ਨਹੀਂ ਸੁਣਨੀਆਂ ਚਾਹੁੰਦੀ। ਮੇਰੀ ਆਪਣੀ ਇੰਡਿਵਿਯੁਅਲ ਲਾਈਫ ਏ। ਜੇ ਤੁਸੀਂ ਮੇਰੀ ਲਾਈਫ ‘ਚ ਇੰਟਰਫੀਅਰ ਕਰਨੋ ਨ ਹਟੇ ਤਾਂ ਮੈਂ ਪੁਲਿਸ ਨੂੰ ਕਾਲ ਕਰਾਂਗੀ।” ਉਹ ਲਾਲ-ਪੀਲੀ ਹੋਈ ਜਾ ਰਹੀ ਸੀ।
----
ਸੁਲੱਖਣ ਸਿੰਘ ਦਾ ਜੀਅ ਕੀਤਾ ਕਿ ਪੈਮ ਦੇ ਚਪੇੜ ਮਾਰ ਕੇ ਕਹੇ, ‘ਬੁਲਾ ਪੁਲਿਸ ਨੂੰ, ਲੱਗ ਜਾਏ ਜਿਹੜੀ ਹੱਥਕੜੀ ਲੱਗਣੀ ਆਂ’ ਪਰ ਗੁੱਸੇ ਨੂੰ ਅੰਦਰ ਹੀ ਅੰਦਰ ਪੀਂਦਾ ਉਹ ਬੋਲਿਆ, “ਇਹ ਕਿਹੋ ਜਿਹਾ ਇੰਡਿਵਿਯੂਅਲਿਜ਼ਮ ਐ ਪਈ ਦੂਜਿਆਂ ਦੀ ਗੱਲ ਹੀ ਨਾ ਸੁਣੀਏ, ਕੋਈ ਸੋਚ - ਵਿਚਾਰ ਹੀ ਨ ਕਰੋ...ਪੈਮ ! ਤੇਰੇ ਇੰਡਿਵਿਯੂਅਲਿਜ਼ਮ ਨੇ ਮੂੰਹ ਉੱਤੇ ਨੂੰ ਚੁੱਕਿਆ ਹੋਇਆ, ਇਹਨੂੰ ਪੈਰ ਨਹੀਂ ਦੀਹਦੇ.” ਔਖੇ ਜਿਹੇ ਮਨ ਨਾਲ ਉਹ ਆਪਣੇ ਕਮਰੇ ਵਿੱਚ ਪਰਤ ਆਇਆ।
ਭਰਿਆ ਪੀਤਾ ਉਹ ਅੰਦਰੋ-ਅੰਦਰੀ ਕੁੜ੍ਹ ਰਿਹਾ ਸੀ, ‘ਕੀ ਏਹੀ ਜੀਅ ਸਨ, ਜਿਨ੍ਹਾਂ ‘ਚ ਰਹਿਣ ਲਈ ਅਸੀਂ ਕੈਨੇਡਾ ਦੌੜੇ ਆਏ ਸਾਂ. ਇਨ੍ਹਾਂ ਨਿਆਣਿਆਂ ਦਾ ਮੈਂ ਏਨਾਂ ਚਾਅ ਕਰਦਾ ਰਿਹਾ ਤੇ ਅੱਜ...‘ ਉਸਦੀਆਂ ਅੱਖਾਂ ਛਲਕ ਪਈਆਂ।
ਪੱਛਮੀ ਸਭਿਆਚਾਰ ਵਿੱਚ ਹਰ ਗੱਲ ਦਾ ਦਿਖਾਵਾ ਕਰਨਾ ਜ਼ਰੂਰੀ ਸਮਝਿਆ ਜਾਂਦਾ ਹੈ - ਪਿਆਰ ਦਾ, ਭਾਵਨਾਵਾਂ ਦਾ, ਅਹਿਸਾਸਾਂ ਦਾ , ਖੁਸ਼ੀਆਂ ਦਾ, ਉਦਾਸੀਆਂ ਦਾ, ਉਮੰਗਾਂ ਦਾ, ਇਛਾਵਾਂ ਦਾ. ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਤੁਹਾਡੀ ਸ਼ਖਸੀਅਤ ਨਾਲ ਜੁੜੀ ਅਜਿਹੀ ਕਿਸੀ ਵੀ ਗੱਲ ਨੂੰ ਮਾਣਤਾ ਨਹੀਂ ਦਿੱਤੀ ਜਾਂਦੀ। ਸਾਡੇ ਸਮਿਆਂ ਦਾ ਸਭਿਆਚਾਰ ਪ੍ਰਦਰਸ਼ਨੀ ਦਾ ਸਭਿਆਚਾਰ ਹੈ। ਜੇਕਰ ਕਿਸੀ ਚੰਗੀ ਚੀਜ਼ ਦੀ ਵਧੀਆ ਢੰਗ ਨਾਲ ਪ੍ਰਦਰਸ਼ਨੀ ਨਹੀਂ ਕੀਤੀ ਜਾਦੀ ਤਾਂ ਉਹ ਲੋਕਾਂ ਦਾ ਧਿਆਨ ਨਹੀਂ ਖਿੱਚ ਸਕੇਗੀ; ਜਦੋਂ ਕਿ ਇਸਦੇ ਮੁਕਾਬਲੇ ਵਿੱਚ ਜੇਕਰ ਘਟੀਆ ਚੀਜ਼ ਦੀ ਵਧੀਆ ਪ੍ਰਦਰਸ਼ਨੀ ਕੀਤੀ ਗਈ ਹੋਵੇ ਤਾਂ ਉਹ ਆਪਣੇ ਵੱਲ ਵਧੇਰੇ ਲੋਕਾਂ ਨੂੰ ਆਕਰਸਿ਼ਤ ਕਰਨ ਵਿੱਚ ਕਾਮਯਾਬ ਹੋ ਜਾਵੇਗੀ। ਕਹਾਣੀ ‘ਭਵਿੱਖ’ ਦੇ ਇਸ ਵਾਰਤਾਲਾਪ ਰਾਹੀਂ ਵੀ ਕਹਾਣੀਕਾਰ ਜਰਨੈਲ ਸਿੰਘ ਇਸੇ ਤੱਥ ਨੂੰ ਉਭਾਰਨਾ ਚਾਹੁੰਦਾ ਹੈ:
“ਪਰ ਉਨ੍ਹਾਂ ਸੰਯੁਕਤ ਪਰਿਵਾਰਾਂ ਵਿੱਚ, ਵਿਅਕਤੀ ਜ਼ਿੰਦਗੀ ਨੂੰ ਆਪਣੀ ਮਰਜ਼ੀ ਮੁਤਾਬਿਕ ਨਹੀਂ ਸੀ ਜੀਅ ਸਕਦਾ, ਆਪਣਾ ਵਿਕਾਸ ਨਹੀਂ ਸੀ ਕਰ ਸਕਦਾ।” ਆਪਣੀ ਲੰਮੀ ਗਰਦਨ ਤੋਂ ਵਾਲ ਪਰੇ ਕਰਦਿਆਂ ਨਵਜੋਤ ਨੇ ਕਿਹਾ ਸੀ “ਵਿਕਾਸ ਤਾਂ ਤਦੇ ਹੋਵੇਗਾ ਜੇ ਬੰਦੇ ਕੋਲ ਸੋਝੀ ਹੋਊ।ਮੇਰਾ ਮਤਲਬ ਉਨ੍ਹਾਂ ਲੋਕਾਂ, ਖਾਸ ਕਰਕੇ ‘ਟੀਨ ਏਜ਼ਰਾਂ’ ਤੋਂ ਹੈ ਜੋ ਆਪਣੀ ਮਰਜ਼ੀ ਕਰਦੇ-ਕਰਦੇ ਗਲਤ ਰਾਹਾਂ ਤੇ ਪੈ ਜਾਂਦੇ ਆ।”
“ਹਾਂ ਡੋਰਥੀ, ਤੇਰੀ ਇਹ ਗੱਲ ਠੀਕ ਏ।”
“ਨਵ! ਤੁਹਾਡੀ ਕਮਿਊਨਿਟੀ ਦੇ ‘ਟੀਨ ਏਜ਼ਰਾਂ’ ਦੀ ਵੱਡੀ ਸਮੱਸਿਆ ਤਾਂ ਸਭਿਆਚਾਰਕ ਦਵੰਦ ਦੀ ਹੀ ਜਾਪਦੀ ਏ” ਡੋਰਥੀ ਨੇ ਗੱਲ ਦਾ ਰੁਖ ਬਦਲਿਆ।
“ਹਾਂ, ਪਰ ਇਹਦੇ ਨਾਲ ਕੁਝ ਗੱਲਾਂ ਹੋਰ ਵੀ ਨੇ...ਸਾਡੇ ਮਾਪੇ ਸਾਡੇ ‘ਤੇ ਵਿਸ਼ਵਾਸ਼ ਨਹੀਂ ਕਰਦੇ। ਜਿਸ ਕਰਕੇ ਸਾਡੇ ਅੰਦਰ ਸਵੈਮਾਣ ਨਹੀਂ ਬਣਦਾ। ਸਾਨੂੰ ਘਰਾਂ ਵਿੱਚੋਂ ਅਸਲ ਪਿਆਰ ਵੀ ਨਹੀਂ ਮਿਲਦਾ...ਸਾਡੀਆਂ ਈਮੌਸ਼ਨਲ ਲੋੜਾਂ ਸਾਨੂੰ ਬਾਹਰ ਝਾਕਣ ਲਾ ਦਿੰਦੀਆਂ ਨੇ। ਅਸੀਂ ਘਰਦਿਆਂ ਤੋਂ ਚੋਰੀ ਕਰਨ ਲੱਗ ਪੈਨੇ ਆਂ...”
----
ਆਪਣੀ ਹੋਂਦ ਅਤੇ ਮਹੱਤਤਾ ਦਾ ਸੰਕਟ ਮਹਿਜ਼ ਘਰਾਂ ਵਿੱਚ ਹੀ ਪੈਦਾ ਨਹੀਂ ਹੁੰਦਾ - ਰੋਜ਼ਗਾਰ ਦੇ ਟਿਕਾਣਿਆਂ ਉੱਤੇ ਵੀ ਅਜਿਹੇ ਸੰਕਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ. ਭਾਵੇਂ ਕਿ ਇੰਡੀਆ ਵਿੱਚ ਇਹ ਸੰਕਟ ਜ਼ਾਤ-ਪਾਤ ਦੇ ਨਾਮ ਉੱਤੇ ਕੀਤੇ ਜਾਂਦੇ ਵਿਤਕਰੇ ਦਾ ਹੈ, ਪਰ ਕੈਨੇਡਾ ਵਿੱਚ ਇਸ ਸੰਕਟ ਦਾ ਆਧਾਰ, ਰੰਗ, ਨਸਲ, ਸਭਿਆਚਾਰ ਬਣਦਾ ਹੈ। ਇਹ ਵਿਤਕਰਾ ਕੈਨੇਡਾ ਵਿੱਚ ਸ਼ਰੇਆਮ ਹੁੰਦਾ ਹੈ। ਭਾਵੇਂ ਸਰਕਾਰ ਜਿੰਨਾ ਮਰਜ਼ੀ ਕਹੀ ਜਾਵੇ ਕਿ ਕੈਨੇਡਾ ਦਾ ਕਾਨੂੰਨ ਅਜਿਹਾ ਵਿਤਕਰਾ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਕਹਿਣ ਨੂੰ ਕੈਨੇਡਾ ਵਿੱਚ ਨਸਲਵਾਦ ਵਿਰੋਧੀ ਕਮਿਸ਼ਨ ਵੀ ਬਣਾਏ ਹੋਏ ਹਨ। ਜੇਕਰ ਤੁਹਾਡੇ ਨਾਲ ਕਿਸੇ ਕਿਸਮ ਦਾ ਵਿਤਕਰਾ ਹੁੰਦਾ ਹੈ ਤਾਂ ਤੁਸੀਂ ਇਸ ਵਿਤਕਰੇ ਵਿਰੁੱਧ ਇਸ ਕਮਿਸ਼ਨ ਸਾਹਮਣੇ ਸਿ਼ਕਾਇਤ ਵੀ ਕਰ ਸਕਦੇ ਹੋ; ਪਰ ਅਜਿਹੀਆਂ ਸਿ਼ਕਾਇਤਾਂ ਦਾ ਫੈਸਲਾ ਦੇਣ ਵਿੱਚ ਇਹ ਕਮਿਸ਼ਨ ਕਈ ਕਈ ਸਾਲਾਂ ਦਾ ਸਮਾਂ ਲਗਾ ਦਿੰਦੇ ਹਨ। ਇਸ ਮਸਲੇ ਬਾਰੇ ਕੈਨੇਡਾ ਦੀਆਂ ਮੇਸਨਸਟਰੀਮ ਅੰਗਰੇਜ਼ੀ ਦੀਆਂ ਅਖਬਾਰਾਂ ਵੀ ਅਕਸਰ ਵੱਡੇ ਵੱਡੇ ਲੇਖ ਪ੍ਰਕਾਸ਼ਿਤ ਕਰਦੀਆਂ ਰਹਿੰਦੀਆਂ ਹਨ। ਸਰਕਾਰ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਜਾਣਕਾਰੀ ਵੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਵੱਡੀਆਂ ਵੱਡੀਆਂ ਕੰਪਨੀਆਂ ਅਤੇ ਮਹੱਤਵ-ਪੂਰਨ ਅਦਾਰਿਆਂ ਵਿੱਚ ਰੰਗਦਾਰ ਲੋਕਾਂ ਨੂੰ ਮਹੱਤਵ-ਪੂਰਨ ਪਦਵੀਆਂ ਉੱਤੇ ਬਹੁਤ ਹੀ ਘੱਟ ਗਿਣਤੀ ਵਿੱਚ ਲਗਾਇਆ ਗਿਆ ਹੈ। ਕਹਾਣੀਕਾਰ ਜਰਨੈਲ ਸਿੰਘ ਦੀ ਕਹਾਣੀ ‘ਜੜ੍ਹਾਂ’ ਦੇ ਪਾਤਰ ਵੀ ਇਸ ਵਾਰਤਾਲਾਪ ਵਿੱਚ ਕੁਝ ਅਜਿਹੀਆਂ ਹੀ ਗੱਲਾਂ ਕਰ ਰਹੇ ਹਨ:
“ਪਰ ਸਾਡੇ ਨਾਲ ਹੁੰਦੀਆਂ ਨਿਰਾਦਰੀਆਂ ਸਾਨੂੰ ਜੀਅ ਭਰ ਕੇ ਜੀਣ ਨਹੀਂ ਦਿੰਦੀਆਂ। ਇੱਥੋਂ ਦਾ ਨਸਲਵਾਦ ਸਾਨੂੰ ਹੀਣੇ ਕਰੀ ਰੱਖਦੈ,” ਕੁਲਵਰਨ ਜਿਉਂ ਜਿਉਂ ਬੋਲ ਰਿਹਾ ਸੀ, ਤਿਉਂ ਤਿਉਂ ਉਸਦੇ ਮੱਥੇ ਦੀਆਂ ਨਾੜਾਂ ਉੱਭਰ ਰਹੀਆਂ ਸਨ, “ਬਾਕੀ, ਐਡਜਸਟਮੈਂਟ ਜ਼ਰੂਰੀ ਆ. ਤਕਰੀਬਨ ਆਪਾਂ ਸਾਰੇ ਕਰਦੇ ਵੀ ਆਂ। ਕਨੇਡਾ ਦੀ ਮੇਨਸਟਰੀਮ ਤੇ ਇੱਥੋਂ ਦਾ ਸਭਿਆਚਾਰ ਸਾਨੂੰ ਕਬੂਲਦੇ ਵੀ ਆ। ਪਰ ਆਪਣੇ ਵਿੱਚ ਗੁਆ ਲੈਣ ਲਈ। ਤੇ ਗੁਆਚਣਾ ਏਨਾ ਸੌਖਾ ਨਹੀਂ ਹੁੰਦਾ...।”
ਲੋਕਾਂ ਨਾਲ ਹੁੰਦੀਆਂ ਕੁਲਵਰਨ ਦੀਆਂ ਇਹੋ ਜਿਹੀਆਂ ਗੱਲਾਂ ਉਨ੍ਹਾਂ ਦੇ ਘਰ ਵੀ ਤੁਰਦੀਆਂ ਰਹਿੰਦੀਆਂ...ਹਰਦੀਪ ਦੀ ਵਿਰੋਧਤਾ ਕਾਇਮ ਸੀ। “ਇੰਡੀਆ ਕਿਹੜਾ ਚੰਗਾ ਆ?” ਉਹ ਆਖਦੀ।
“ਮੈਂ ਕਦੋਂ ਕਹਿਨਾ ਪਈ ਚੰਗਾ ਆ। ਪਰ ਉਥੇ ਸਾਨੂੰ ਆਪਣਾ ਆਪ ਅਧੂਰਾ ਨਹੀਂ ਲੱਗੇਗਾ। ਮੇਰੇ ਲਈ ਤਾਂ ਏਥੇ ਹੁਣ ਹੋਂਦ ਗੁਆ ਕੇ ਜੀਣ ਵਾਲੀ ਗੱਲ ਆ.।ਤੇ ਦੀਪ ! ਗੁਆਚੀ ਹੋਈ ਹੋਂਦ ਦਾ ਇਹ ਝੋਰਾ ਆਪਣੇ ਨਾਲ ਹੀ ਨਹੀਂ ਮੁੱਕ ਜਾਣਾ। ਇਹ ਮਨਬੀਰ ਤੇ ਸ਼ਾਇਦ ਇਸਦੇ ਨਿਆਣਿਆਂ ਤੱਕ ਜਾਏਗਾ।”
----
‘ਪੰਧ ਕਥਾ’ ਕਹਾਣੀ ਵਿੱਚ ਅਸੀਂ ਹੋਂਦ ਦੇ ਅਹਿਸਾਸ ਦਾ ਇੱਕ ਹੋਰ ਰੂਪ ਦੇਖਦੇ ਹਾਂ। ਕੈਨੇਡੀਅਨ ਪੰਜਾਬੀ ਪ੍ਰਵਾਰਾਂ ਦੇ ਸਕੂਲਾਂ / ਕਾਲਿਜਾਂ / ਯੂਨੀਵਰਸਿਟੀਆਂ ਵਿੱਚ ਪੜ੍ਹਦੇ ਮੁੰਡੇ / ਕੁੜੀਆਂ ਗੈਂਗਾਂ ਵਿੱਚ ਸ਼ਾਮਿਲ ਹੋ ਜਾਂਦੇ ਹਨ. ਹਰ ਤਰ੍ਹਾਂ ਦੀ ਐਸ਼-ਪ੍ਰਸਤੀ ਕਰਨ ਲਈ ਉਹ ਡਰੱਗਜ਼ ਵੇਚਦੇ ਹਨ, ਚੋਰੀਆਂ ਕਰਦੇ ਹਨ, ਇੰਟਰਨੈੱਟ ਉੱਤੇ ਪੋਰਨੋਗਰਾਫਿਕ ਤਸਵੀਰਾਂ ਵੇਚਦੇ ਹਨ ਅਤੇ ਪਰਾਸਟੀਚੀਊਸ਼ਨ ਦਾ ਧੰਦਾ ਕਰਦੇ ਹਨ। ਅਜਿਹੇ ਕੈਨੇਡੀਅਨ ਪੰਜਾਬੀ ਮੁੰਡੇ / ਕੁੜੀਆਂ ਗੈਂਗਸਟਰ ਬਣ ਕੇ ਆਪਣੀ ਹੋਂਦ ਦੀ ਮਹੱਤਤਾ ਜਿਤਲਾਉਣ ਲਈ ਆਪਣੇ ਇਲਾਕੇ ਦੇ ਹੋਰਨਾਂ ਮੁੰਡਿਆਂ / ਕੁੜੀਆਂ ਨਾਲ ਖ਼ੂਨੀ ਲੜਾਈਆਂ ਲੜਦੇ ਹਨ। ਇਹ ਕੈਨੇਡੀਅਨ ਪੰਜਾਬੀ ਮੁੰਡੇ / ਕੁੜੀਆਂ ਆਪਣੇ ਇਲਾਕੇ ਵਿੱਚ ਹੋਰ ਹਰ ਹਰ ਤਰ੍ਹਾਂ ਦੀ ਗੁੰਡਾਗਰਦੀ ਦਿਖਾਂਦੇ ਹਨ। ਇਨ੍ਹਾਂ ਲੜਾਈਆਂ ਵਿੱਚ ਚਾਕੂ ਚੱਲਦੇ ਹਨ, ਤਲਵਾਰਾਂ ਚਲਦੀਆਂ ਹਨ ਅਤੇ ਕਈ ਵਾਰੀ ਬੰਦੂਕਾਂ ਵੀ ਵਰਤੀਆਂ ਜਾਂਦੀਆ ਹਨ। ‘ਪੰਧ ਕਥਾ’ ਕਹਾਣੀ ਦਾ ਇਹ ਵਾਰਤਾਲਾਪ ਇਸ ਤੱਥ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦਾ ਹੈ:
“ਮੈਂ ਤੈਨੂੰ ਜਾਣਦਾਂ ! ਪੰਜਾਬੀ ਮਾਫੀਆ ਗੈਂਗ ਦੇ ਮੁੰਡਿਆਂ ਨਾਲ ਤੈਨੂੰ ਦੇਖਿਆ ਹੋਇਆ ” ਹੱਥ ਮਿਲਾਉਂਦਿਆਂ ਹੈਰੀ ਨੇ ਕਿਹਾ।
“ਹੈਰੀ ! ਮੈਂ ਤੈਨੂੰ ਨੀਟੂ ਬਾਰੇ ਕਹਿਣ ਆਇਆਂ।”
“ਮੈਂ ਸਮਝਿਆ ਨਹੀਂ।” ਰਵੀ ਵੱਲ ਹੈਰਾਨੀ ਜਿਹੀ ਨਾਲ ਤੱਕਦਿਆਂ ਹੈਰੀ ਬੋਲਿਆ।
“ਸਟੌਪ ਫੂਲਿੰਗ ਅਰਾਊਡ ਵਿੱਦ ਹਰ।” ਰਵੀ ਨੇ ਸਿੱਧੀ ਗੱਲ ਕਹਿ ਦਿੱਤੀ।
“ਤੇਰੀ ਕੀ ਲਗਦੀ ਆ ਨੀਟੂ?” ਹੈਰੀ ਬੋਲਣ-ਢੰਗ ਤੇ ਸ਼ਕਲ-ਸੂਰਤ ਤੋਂ, ਰਵੀ ਨੂੰ ਧਮੋੜੀ ਵਰਗੀ ਲੱਗਾ।
“ਮੇਰੇ ਦੋਸਤ ਦੀ ਭੈਣ ਆਂ” ਰਵੀ ਨਰਮ ਹੀ ਰਿਹਾ।
“ਤੇ ਤੂੰ ਦੋਸਤ ਦੀ ਭੈਣ ਨਾਲ ਆਪਣਾ ਚੱਕਰ ਚਲਾਣਾ ਚਾਹੁੰਨਾ ਆਂ?”
“ਕਮ ਔਨ ਹੈਰੀ ! ਢੰਗ ਨਾਲ ਗੱਲ ਕਰ।”
ਰਵੀ ਨੂੰ ਗੁੱਸਾ ਚੜ੍ਹਨ ਲੱਗਾ।
“ਗੈੱਟ ਲੌਸਟ ਮੈਨ ! ਵੱਡਾ ਆਇਆ ਢੰਗ ਦੱਸਣ ਵਾਲਾ।” ਨਜ਼ਰਾਂ ਹੀ ਨਜ਼ਰਾਂ ਨਾਲ ਰਵੀ ਨੂੰ ਛਟਿਆਉਂਦਾ ਹੈਰੀ ਬੋਲਿਆ “ਯੂ ਵਾਂਟ ਯੂਅਰ ਹੈੱਡ ਕਿਕਡ ਇਨ?” ਰਵੀ ਨੇ ਹੈਰੀ ਵੱਲ ਅੱਖਾਂ ਕੱਢੀਆਂ।
“ਜਾਦਾ ਹੀ ਔਖਾ ਲਗਦਾ ਆਂ.” ਦੰਦ ਕਰੀਚਦਾ ਹੈਰੀ ਰਵੀ ਵੱਲ ਨੂੰ ਵਧਿਆ ਤੇ ਧੜਾ ਧੜ ਮੁੱਕਿਆਂ ਦਾ ਵਾਰ ਕਰ ਦਿੱਤਾ।
ਝੰਬਿਆ ਹੋਇਆ, ਪਿਛਾਂਹ ਹਟ ਰਿਹਾ ਰਵੀ ਇੱਕ ਪੱਥਰ ਤੋਂ ਉੱਖੜ ਕੇ ਭੁੱਜੇ ਡਿੱਗ ਪਿਆ। ਨਮੋਸ਼ੀ ਜਿਹੀ ‘ਚ ਉਸਨੇ ਦੇਖਿਆ ਕਿ ਉਨ੍ਹਾਂ ਕੋਲੋਂ ਲੰਘ ਰਹੇ ਸਕੂਲ ਦੇ ਮੁੰਡੇ ਕੁੜੀਆਂ ਅਤੇ ਹੋਰ ਲੋਕਾਂ ਨੇ ਉਨ੍ਹਾਂ ਦੁਆਲੇ ਪਿੜ ਬੰਨ੍ਹ ਲਿਆ ਸੀ...ਉਸਨੂੰ ਆਪਣਾ ਆਪ ਹੀਣਾ ਜਿਹਾ ਲੱਗਾ।
ਹੀਰੋ ਬਣਿਆਂ ਹੈਰੀ “ਯੂ ਬਾਸਟਰਡ’ ਕਹਿੰਦਾ ਹੋਇਆ ਜਦੋਂ ਫਿਰ ਉਸ ‘ਤੇ ਝਪਟਿਆ ਤਾਂ ਰਵੀ ਦਾ ਖ਼ੂਨ ਖੌਲ ਉੱਠਿਆ। ਉਸਨੇ ਕਰਾਟਿਆਂ ਨਾਲ ਹੈਰੀ ਨੂੰ ਅਜਿਹਾ ਭੰਨਿਆਂ ਕਿ ਉਹ ਭੱਜ ਉੱਠਿਆ. ਏਨੇ ਨੂੰ ਪੁਲਿਸ ਆਣ ਪਹੁੰਚੀ। ਹੈਰੀ ਬਚ ਨਿਕਲਿਆ,ਪਰ ਰਵੀ ਫੜਿਆ ਗਿਆ।
----
ਕੈਨੇਡਾ ਦੇ ਅਨੇਕਾਂ ਪੰਜਾਬੀ ਪ੍ਰਵਾਰਾਂ ਵਿੱਚ ਇੱਕ ਹੋਰ ਤਰ੍ਹਾਂ ਦਾ ਵੀ ਹੋਂਦ ਜਤਲਾਉਣ ਦਾ ਸੰਕਟ ਸਾਹਮਣੇ ਆ ਰਿਹਾ ਹੈ. ਅਜਿਹਾ ਸੰਕਟ ਉਨ੍ਹਾਂ ਪ੍ਰਵਾਰਾਂ ਵਿੱਚ ਸਾਹਮਣੇ ਆ ਰਿਹਾ ਹੈ ਜਿਨ੍ਹਾਂ ਵਿੱਚ ਪਤੀ / ਪਤਨੀ ਸਾਹਿਤਕ / ਕਲਾਤਮਿਕ / ਸੰਗੀਤਕ ਰੁਚੀਆਂ ਰੱਖਦਾ / ਰੱਖਦੀ ਹੈ; ਪਰ ਇੱਕ ਧਿਰ ਨੂੰ ਦੂਜੀ ਧਿਰ ਦੀ ਇਹ ਗੱਲ ਉੱਕਾ ਹੀ ਪਸੰਦ ਨਹੀਂ। ਕਈ ਪ੍ਰਵਾਰ ਅਜਿਹੇ ਵੀ ਹਨ ਜਿਨ੍ਹਾਂ ਵਿੱਚ ਪਤੀ ਅਤੇ ਪਤਨੀ ਦੋਨੋਂ ਹੀ ਸਾਹਿਤਕ / ਕਲਾਤਮਕ / ਸੰਗੀਤਕ ਰੁਚੀਆਂ ਰੱਖਦੇ ਹਨ ਪਰ ਉਨ੍ਹਾਂ ਵਿੱਚ ਆਪਸੀ ਮੁਕਾਬਲੇ ਦੀ ਭਾਵਨਾ ਏਨੀ ਜ਼ਿਆਦਾ ਹੁੰਦੀ ਹੈ ਕਿ ਉਹ ਇੱਕ ਦੂਜੇ ਨੂੰ ਨੀਂਵਾਂ ਦਿਖਲਾਉਣ ਦਾ ਕੋਈ ਵੀ ਮੌਕਾ ਹੱਥੋਂ ਜਾਣ ਨਹੀਂ ਦਿੰਦੇ। ਇਸ ਤਰ੍ਹਾਂ ਉਹ ਆਪਣੀ ਪ੍ਰਵਾਰਕ ਜ਼ਿੰਦਗੀ ਨੂੰ ਹਮੇਸ਼ਾ ਯੁੱਧ ਦਾ ਮੈਦਾਨ ਬਣਾਈ ਰੱਖਦੇ ਹਨ। ਕਹਾਣੀ ‘ਪਰਛਾਵੇਂ’ ਵਿੱਚ ਅਜਿਹੀ ਕਿਸਮ ਦੇ ਹੀ ਪਤੀ-ਪਤਨੀ ਦੀਆਂ ਆਪਸ ਵਿੱਚ ਹੁੰਦੀਆਂ ਨੋਕਾਂ-ਝੋਕਾਂ ਦਿਖਾਈਆਂ ਗਈਆਂ ਹਨ:
“ਬਲਬੀਰ ਨੂੰ ਇੰਜ ਲੱਗਾ ਜਿਵੇਂ ਆਪਣੇ ਅਖੀਰਲੇ ਵਾਕ ਨਾਲ ਜਨਮੀਤ ਨੇ ਉਸਦੀ ਸ਼ਖ਼ਸੀਅਤ ਨੂੰ ਨਿਗੂਣੀ ਜਿਹੀ ਬਣਾ ਦਿੱਤਾ ਹੋਵੇ। ਰੋਹ ‘ਚ ਆ ਕੇ ਉਹ ਬੋਲੀ, ‘ਝੂਠ ਤੇ ਪਖੰਡ ਆ ਤੁਹਾਡੀ ਇਹ ਕਲਾ। ਮੈਂ ਇਸਨੂੰ ਨਫ਼ਰਤ ਕਰਦੀ ਆਂ। ਮੈਨੂੰ ਨਹੀਂ ਲੋੜ ਇਹਦੇ ਬਾਰੇ ਪਤਾ ਰੱਖਣ ਦੀ...ਪਤਾ ਰੱਖਣ ਵਾਲੀ ਤੁਹਾਡੇ ਕੋਲ ਹੈਗੀ ਜੁ ਆ...।”
ਕੈਨੇਡੀਅਨ ਪੰਜਾਬੀ ਕਹਾਣੀਕਾਰ ਜਰਨੈਲ ਸਿੰਘ ਦਾ ਕਹਾਣੀ ਸੰਗ੍ਰਹਿ ‘ਦੋ ਟਾਪੂ’ ਆਪਣੀਆਂ ਕਹਾਣੀਆਂ ਵਿੱਚ ਪਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਨਾਲ ਸਬੰਧਤ ਵੱਖੋ ਵੱਖ ਪਹਿਲੂਆਂ ਨੂੰ ਲੈ ਕੇ ਹੋਂਦ ਦਾ ਅਹਿਸਾਸ ਜਿਤਲਾਉਣ ਦੀ ਇੱਛਾ ਕਾਰਨ ਪੈਦਾ ਹੁੰਦੇ ਸੰਕਟਾਂ ਦਾ ਚਰਚਾ ਕਰਦਾ ਹੈ। ਭਾਵੇਂ ਕਿ ਜਰਨੈਲ ਸਿੰਘ ਇਹ ਚਰਚਾ ਛੇੜਨ ਵੇਲੇ ਆਪਣੀ ਸੁਰ ਧੀਮੀ ਹੀ ਰੱਖਦਾ ਹੈ; ਪਰ ਫਿਰ ਵੀ ਇਹ ਕਹਾਣੀਆਂ ਆਪਣਾ ਸੁਨੇਹਾ ਦੇਣ ਵਿੱਚ ਪੂਰੀ ਤਰ੍ਹਾਂ ਕਾਮਿਯਾਬ ਰਹਿੰਦੀਆਂ ਹਨ।
ਕਹਾਣੀ ਸੰਗ੍ਰਹਿ ‘ਟੋ ਟਾਪੂ’ ਦੇ ਪ੍ਰਕਾਸ਼ਿਤ ਹੋਣ ਨਾਲ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ।
No comments:
Post a Comment