ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ
ਕੈਨੇਡਾ ਦੇ 57 ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਸਮੀਖਿਆ ਦੀ ਕਿਤਾਬ 'ਕੈਨੇਡੀਅਨ ਪੰਜਾਬੀ ਸਾਹਿਤ' ਨੂੰ ਖ਼ਰੀਦਣ ਲਈ ਬਲੌਗ 'ਤੇ ਦਿੱਤੇ ਐਡਰੈਸ 'ਤੇ ਈਮੇਲ ਕਰੋ। ਸ਼ੁਕਰੀਆ।

ਤੁਹਾਡੇ ਧਿਆਨ ਹਿੱਤ - ਜ਼ਰੂਰੀ ਸੂਚਨਾ

ਸੂਚਨਾ: ਪ੍ਰਕਾਸ਼ਕ ਦੀ ਤਲਾਸ਼ :

ਆਪਣੀ ਹੁਣੇ ਇੰਡੀਆ ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ)’ ਨੂੰ ਮੈਂ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਕੈਨੇਡਾ ਵਿੱਚ ‘‘Canadian Punjabi Literature (Commentary)’’ ਨਾਮ ਦੀ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਨਾ ਚਾਹੁੰਦਾ ਹਾਂ। ਮੈਂ ਕਿਸੀ ਵਧੀਆ ਕੈਨੇਡੀਅਨ ਪ੍ਰਕਾਸ਼ਕ ਦੀ ਤਲਾਸ਼ ਕਰ ਰਿਹਾ ਹਾਂ। ਜੇਕਰ ਤੁਸੀਂ ਕਿਸੀ ਅਜਿਹੇ ਵਧੀਆ ਕੈਨੇਡੀਅਨ ਪ੍ਰਕਾਸ਼ਕ ਦਾ ਨਾਮ ਜਾਣਦੇ ਹੋ ਜੋ ਮੇਰੀ ਪੁਸਤਕ ਪ੍ਰਕਾਸ਼ਿਤ ਕਰ ਸਕਦਾ ਹੋਵੇ ਤਾਂ ਮੈਂ ਉਸ ਪ੍ਰਕਾਸ਼ਕ ਦਾ ਨਾਮ ਜਾਨਣਾ ਚਾਹਾਂਗਾ।

Sukhinder

Editor: SANVAD

Box 67089, 2300 Yonge St.

Toronto ON M4P 1E0

Tel. (416) 858-7077

Email: poet_sukhinder@hotmail.com

http://www.canadianpunjabiliterature.blogspot.com/



Monday, September 7, 2009

ਸੁਖਿੰਦਰ - ਲੇਖ

ਜੀਵਨ ਜਾਚ ਦੀਆਂ ਗੱਲਾਂ ਪੂਰਨ ਸਿੰਘ ਪਾਂਧੀ

ਲੇਖ

ਕੈਨੇਡੀਅਨ ਪੰਜਾਬੀ ਸਾਹਿਤਕਾਰ ਪੂਰਨ ਸਿੰਘ ਪਾਂਧੀ ਨੇ 2009 ਵਿੱਚ ਆਪਣੀ ਵਾਰਤਕ ਦੀ ਪੁਸਤਕ ਕਿਵ ਸਚਿਆਰਾ ਹੋਈਐਪ੍ਰਕਾਸ਼ਿਤ ਕੀਤੀ ਹੈਇਹ ਪੁਸਤਕ ਨਿੱਕੀਆਂ ਨਿੱਕੀਆਂ ਪਰ ਮਹੱਤਵ-ਪੂਰਨ ਗੱਲਾਂ ਬਾਰੇ ਚਰਚਾ ਕਰਦੀ ਹੈਇਹ ਗੱਲਾਂ ਸਾਡੀ ਰੌਜ਼ਾਨਾ ਜ਼ਿੰਦਗੀ ਨਾਲ ਸਬੰਧਤ ਹਨਇਹ ਗੱਲਾਂ ਇਸ ਵਿਸ਼ੇ ਉੱਤੇ ਚਰਚਾ ਕਰਦੀਆਂ ਹਨ ਕਿ ਮਨੁੱਖ ਨੂੰ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਉਣੀ ਚਾਹੀਦੀ ਹੈਆਪਣੀ ਗੱਲ ਕਰਦਾ ਹੋਇਆ ਪਾਂਧੀ ਆਪਣੇ ਵਿਚਾਰ ਦੀ ਹਿਮਾਇਤ ਵਿੱਚ ਕਿਸੇ ਨਾ ਕਿਸੇ ਮਹੱਤਵ-ਪੂਰਨ ਲੇਖਕ ਜਾਂ ਵਿਚਾਰਵਾਨ ਦੇ ਵਿਚਾਰ ਵੀ ਪੇਸ਼ ਕਰਦਾ ਹੈਆਪਣੀ ਗੱਲ ਨੂੰ ਦਿਲਚਸਪ ਅਤੇ ਬਹੁ-ਦਿਸ਼ਾਵੀ ਬਣਾਉਣ ਲਈ ਪੂਰਨ ਸਿੰਘ ਪਾਂਧੀ ਜ਼ਿੰਦਗੀ ਨਾਲ ਸਬੰਧਤ ਅਨੇਕਾਂ ਪਹਿਲੂਆਂ ਬਾਰੇ ਚਰਚਾ ਕਰਦਾ ਹੈ

-----

ਪੂਰਨ ਸਿੰਘ ਪਾਂਧੀ ਦੀ ਪੁਸਤਕ ਕਿਵ ਸਚਿਆਰਾ ਹੋਈਐਵਿੱਚ ਸ਼ਾਮਿਲ ਨਿਬੰਧਾਂ ਬਾਰੇ ਚਰਚਾ ਉਸ ਦੇ ਨਿਬੰਧ ਬੋਲਣ ਦੀ ਕਲਾਦੀਆਂ ਇਨ੍ਹਾਂ ਸਤਰਾਂ ਨਾਲ ਸ਼ੁਰੂ ਕੀਤੀ ਜਾ ਸਕਦੀ ਹੈ:

ਧਰਤੀ ਦੇ ਜਿਉਂਦੇ ਪ੍ਰਾਣੀਆਂ ਵਿੱਚੋਂ ਕੇਵਲ ਮਨੁੱਖ ਕੋਲ ਭਾਸ਼ਾ ਜਾਂ ਬੋਲੀ ਹੈਬੋਲੀ ਦੁਆਰਾ ਹਰ ਮਨੁੱਖ ਆਪਣੇ ਮਨ ਦੇ ਹਾਵ ਭਾਵ, ਖੁਸ਼ੀ ਗ਼ਮੀ ਤੇ ਦੁੱਖ ਸੁੱਖ ਪ੍ਰਗਟ ਕਰਦਾ ਹੈਬੋਲੀ ਰਾਹੀਂ ਇੱਕ ਮਨੁੱਖ ਦੇ ਦੂਜੇ ਮਨੁੱਖ ਨਾਲ ਸਬੰਧ ਜੁੜਦੇ ਹਨ ਤੇ ਵਿਚਾਰ ਤੇ ਵਿਹਾਰ ਦੀ ਸਾਂਝ ਬਣਦੀ ਹੈਅਜੋਕੇ ਜੀਵਨ ਦੇ ਹਰ ਖੇਤਰ ਵਿੱਚ ਜੋ ਵੀ ਵਿਕਾਸ ਤੇ ਚਾਨਣ ਦੀ ਲੋਅ ਦਾ ਪਸਾਰਾ ਹੈ, ਇਹ ਸਭ ਮਨੁੱਖ ਦੀ ਬੁੱਧੀ ਦੇ ਨਾਲ ਨਾਲ ਬੋਲੀ ਦਾ ਹੀ ਕ੍ਰਿਸ਼ਮਾ ਹੈ

----

ਮਨੁੱਖ ਦੀ ਜ਼ਿੰਦਗੀ ਵਿੱਚ ਭਾਸ਼ਾ ਜਾ ਬੋਲੀ ਦੀ ਜੋ ਮਹੱਤਤਾ ਹੈ, ਅਸੀਂ ਕਈ ਵਾਰ ਉਸ ਨੂੰ ਨਜ਼ਰ-ਅੰਦਾਜ਼ ਕਰ ਦਿੰਦੇ ਹਾਂਜਿਸ ਕਾਰਨ ਸਾਨੂੰ ਅਣਚਾਹੇ ਨਤੀਜੇ ਭੁਗਤਣੇ ਪੈਂਦੇ ਹਨਅਸੀਂ, ਅਕਸਰ, ਇਹ ਮੁਹਾਵਰਾ ਸੁਣਦੇ ਰਹਿੰਦੇ ਹਾਂ ਕਿ ਤਲਵਾਰ ਦਾ ਲੱਗਿਆ ਫੱਟ ਤਾਂ ਸਮੇਂ ਨਾਲ ਭਰ ਜਾਂਦਾ ਹੈ ਪਰ ਜ਼ੁਬਾਨ ਦਾ ਲੱਗਿਆ ਫੱਟ ਉਮਰ ਭਰ ਲਈ ਨਾਸੂਰ ਬਣ ਕੇ ਰਹਿ ਜਾਂਦਾ ਹੈਬੋਲੀ ਜਾਂ ਭਾਸ਼ਾ ਮਨੁੱਖ ਲਈ ਇੱਕ ਪੁਲ ਵਾਂਗ ਕੰਮ ਕਰਦੀ ਹੈਬੋਲੀ ਮਨੁੱਖ ਨੂੰ ਨਾ ਸਿਰਫ ਆਪਣੀ ਇਕੱਲਤਾ ਤੋੜਨ ਵਿੱਚ ਹੀ ਮੱਦਦ ਕਰਦੀ ਹੈ; ਬਲਕਿ ਬੋਲੀ ਦੀ ਮੱਦਦ ਰਾਹੀਂ ਮਨੁੱਖ ਹੋਰਨਾਂ ਮਨੁੱਖਾਂ ਨਾਲ ਆਪਣੇ ਦੁੱਖਾਂ-ਸੁੱਖਾਂ, ਖੁਸ਼ੀਆਂ-ਗਮੀਆਂ, ਉਮੰਗਾਂ-ਇਛਾਵਾਂ ਬਾਰੇ ਵਿਚਾਰਾਂ ਦਾ ਆਦਾਨ ਪਾਦਾਨ ਕਰ ਸਕਦਾ ਹੈਅੱਜ ਸਾਡੇ ਲਈ ਇਹ ਸੋਚਣਾ ਵੀ ਮੁਸ਼ਕਿਲ ਹੈ ਕਿ ਜੇਕਰ ਭਾਸ਼ਾ ਨਾ ਹੁੰਦੀ ਤਾਂ ਗਿਆਨ-ਵਿਗਿਆਨ ਦਾ ਪਾਸਾਰ ਕਿਵੇਂ ਸੰਭਵ ਹੁੰਦਾ? ਮਨੁੱਖ ਦੇ ਹੋਰਨਾਂ ਮਨੁੱਖਾਂ ਨਾਲ ਸਬੰਧ ਕਿਵੇਂ ਜੁੜਦੇ? ਸਮਾਜ ਦੀ ਉਸਾਰੀ ਕਿਵੇਂ ਹੁੰਦੀ? ਭਾਸ਼ਾ ਦੀ ਅਣਹੋਂਦ ਵਿੱਚ ਹਰ ਮਨੁੱਖ ਇਕੱਲਤਾ ਵਿੱਚ ਹੀ ਵਿਚਰਦਾਭਾਸ਼ਾ ਦੀ ਅਣਹੋਂਦ ਵਿੱਚ ਨ ਸਾਹਿਤ ਹੁੰਦਾ ਅਤੇ ਨ ਹੀ ਗੀਤ-ਸੰਗੀਤ

-----

ਭਾਸ਼ਾ ਮਨੁੱਖ ਦੀ ਸਮੁੱਚੀ ਸ਼ਖ਼ਸੀਅਤ ਦਾ ਦਰਪਣ ਹੁੰਦੀ ਹੈਇਸ ਲਈ ਇਹ ਕਿਹਾ ਜਾਂਦਾ ਹੈ ਕਿ ਜਦ ਤੱਕ ਮਨੁੱਖ ਬੋਲਦਾ ਨਹੀਂ ਉਦੋਂ ਤੱਕ ਉਸ ਦੇ ਗੁਣ ਔਗੁਣ ਲੁਕੇ ਰਹਿੰਦੇ ਹਨਬੋਲਣ ਤੋਂ ਹੀ ਉਸਦੇ ਗੁਣਵਾਨ ਹੋਣ ਜਾਂ ਮੂਰਖ ਹੋਣ ਦਾ ਪਤਾ ਚੱਲਦਾ ਹੈਸ਼ਬਦਾਂ ਦੀ ਸਹੀ ਵਰਤੋਂ ਨ ਕਰਨ ਦੇ ਕਈ ਵਾਰ ਗਹਿਰ ਗੰਭੀਰ ਨਤੀਜੇ ਨਿਕਲਦੇ ਹਨਜਿਸ ਕਾਰਨ ਘੋਰ ਤਬਾਹੀ ਹੁੰਦੀ ਹੈਭਾਸ਼ਾ ਦੀ ਕੁਵਰਤੋਂ ਦੀ ਇੱਕ ਵੱਡੀ ਉਦਾਹਰਣ ਦਿੰਦਾ ਹੋਇਆ ਪੂਰਨ ਸਿੰਘ ਪਾਂਧੀ ਹਿੰਦੂ ਮਿਥਿਹਾਸ ਦੀ ਚਰਚਿਤ ਕਥਾ ਮਹਾਂਭਾਰਤਵਿੱਚੋਂ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਅਰਥਭਰਪੂਰ ਘਟਨਾ ਦਾ ਜ਼ਿਕਰ ਕਰਦਾ ਹੈ:

ਜੇ ਗਹੁ ਨਾਲ ਦੇਖੀਏ ਤਾਂ ਮਹਾਂਭਾਰਤ ਦੀ ਭਿਆਨਕ ਤਬਾਹੀ ਪਿੱਛੇ ਵੀ ਦਰੋਪਤੀ ਦੇ ਕੌੜੇ ਤੇ ਸਾੜਵੇਂ ਬੋਲ ਹੀ ਸਨਪਾਂਡਵਾਂ ਦੇ ਅਦਭੁੱਤ ਬਣਾਏ ਮਹਿਲਾਂ ਨੂੰ ਵੇਖਣ ਗਏ ਦਰਯੋਧਨ ਨੂੰ ਪਤਾ ਹੀ ਨਾ ਲੱਗਾ, ਜਦੋਂ ਖੁਸ਼ਕ ਧਰਤੀ ਜਾਣਕੇ ਤੁਰਦਾ, ਪਾਣੀ ਵਿੱਚ ਡਿੱਗ ਪਿਆਪੱਗ ਲੱਥ ਗਈਮਹਿਲਾਂ ਵਿੱਚ ਬੈਠੀ ਅਨਜਾਣ ਦਰੋਪਤੀ ਨੇ ਦੇਖ ਲਿਆਅੱਲ੍ਹੜ ਨੇ ਹਾਸੇ ਭਾਣੇ ਆਖ ਦਿੱਤਾ, “ਅੰਨ੍ਹਿਆਂ ਦੇ ਅੰਨ੍ਹੇ ਹੀ ਰਹੇਕਿਉਂਕਿ ਦਰਯੋਧਨ ਦਾ ਵਡੇਰਾ ਨੇਤਰਹੀਣ ਸੀਦਰਯੋਧਨ ਨੂੰ ਇਹ ਬੋਲੀ ਤੀਰ ਵਾਂਗ ਵਿੰਨ੍ਹ ਗਈਦਰੋਪਤੀ ਦੇ ਇਸ ਇੱਕ ਬੋਲ ਨੇ ਮਹਾਂਭਾਰਤ ਦੀ ਭਿਆਨਕ ਲੜਾਈ ਦਾ ਮੁੱਢ ਬੰਨ੍ਹਿਆਂ; ਜਿਸ ਵਿਚ ਪੁਰਾਤਨ ਗਰੰਥਾਂ ਵਿੱਚ ਚਾਲੀ ਲੱਖ ਮਨੁੱਖਾਂ ਦੇ ਮਾਰੇ ਜਾਣ ਦਾ ਜ਼ਿਕਰ ਹੈ

----

ਕਿਸੇ ਉਦੇਸ਼ ਦੀ ਪੂਰਤੀ ਵੱਲ ਸੇਧਤ ਕਰਕੇ ਬੋਲੇ ਹੋਏ ਸ਼ਬਦਾਂ ਵਿੱਚ ਏਨੀ ਊਰਜਾ ਹੁੰਦੀ ਹੈ ਕਿ ਉਨ੍ਹਾਂ ਨੂੰ ਸੁਣਦਿਆਂ ਹੀ ਕਈ ਵਾਰੀ ਜ਼ਿੰਦਗੀ ਤੋਂ ਉਦਾਸੀਨ ਹੋ ਚੁੱਕੇ ਲੋਕ ਵੀ ਏਨੇ ਉਤਸ਼ਾਹ ਨਾਲ ਭਰ ਜਾਂਦੇ ਹਨ ਕਿ ਉਹ ਹਰ ਖਤਰੇ ਨਾਲ ਟਕਰਾ ਜਾਣ ਲਈ ਤਿਆਰ ਹੋ ਜਾਂਦੇ ਹਨਊਰਜਾ ਦੇ ਭਰੇ ਹੋਏ ਅਜਿਹੇ ਇਤਿਹਾਸਕ ਅਤੇ ਕ੍ਰਾਂਤੀਕਾਰੀ ਬੋਲਾਂ ਬਾਰੇ ਵੀ ਪੂਰਨ ਸਿੰਘ ਪਾਂਧੀ ਆਪਣੇ ਨਿਬੰਧ ਬੋਲਣ ਦੀ ਕਲਾਵਿੱਚ ਕੁਝ ਇਸ ਤਰ੍ਹਾਂ ਜ਼ਿਕਰ ਕਰਦਾ ਹੈ

1699 ਦੀ ਵਿਸਾਖੀ ਮੌਕੇ ਗੁਰੂ ਗੋਬਿੰਦ ਸਿੰਘ ਦੇ ਬੋਲਾਂ ਵਿੱਚ ਪਤਾ ਨਹੀਂ ਕੀ ਜਾਦੂ ਸੀਲਹੂ ਨਾਲ ਨੁੱਚੜਦੀ ਨੰਗੀ ਤਲਵਾਰ ਦੇਖ ਕੇ ਵੀ ਸੀਸ ਭੇਟ ਕਰਨ ਵਾਲਿਆਂ ਦੀ ਲਾਈਨ ਲੱਗ ਗਈ ਕਿਹੋ ਜਿਹਾ ਪਰਭਾਵ ਹੋਵੇਗਾ ਗੁਰੂ ਗੋਬਿੰਦ ਸਿੰਘ ਦੇ ਉਨ੍ਹਾਂ ਬੋਲਾਂ ਦਾ ਕਿ ਤਿਆਗੀ ਵਿਰਾਗੀ ਸਾਧੂ, ਮਾਧੋ ਦਾਸ, ਬੰਦਾ ਬਹਾਦਰ ਬਣ ਗਿਆ; ਜਿਸ ਨੇ ਆਪਣੇ ਸਮੇਂ ਵਿੱਚ ਪੰਜਾਬ ਵਿੱਚ ਤਰਥੱਲੀ ਮਚਾ ਦਿੱਤੀ ਅਤੇ ਜ਼ੁਲਮ ਦੀ ਇੱਟ ਨਾਲ ਇੱਟ ਖੜਕਾ ਦਿੱਤੀ

-----

ਪੂਰਨ ਸਿੰਘ ਪਾਂਧੀ ਇਹ ਗੱਲ ਸਵੀਕਾਰ ਕਰਦਾ ਹੈ ਕਿ ਬੋਲਣਾ ਵੀ ਇੱਕ ਕਲਾ ਹੈਜਿਸ ਵਿਅਕਤੀ ਨੇ ਵੀ ਸ਼ਬਦਾਂ ਨੂੰ ਸਹੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਵਰਤਣ ਦੀ ਕਲਾ ਸਿਖ ਲਈ ਉਹ ਭਾਸ਼ਾ ਨੂੰ ਆਪਣੀ ਮਰਜ਼ੀ ਦੇ ਨਤੀਜੇ ਪ੍ਰਾਪਤ ਕਰਨ ਲਈ ਵਰਤ ਸਕਦਾ ਹੈ

ਬੋਲਣ ਦੀ ਕਲਾ ਸਿੱਖਣ ਵਾਂਗ ਪੂਰਨ ਸਿੰਘ ਪਾਂਧੀ ਮੰਨਦਾ ਹੈ ਕਿ ਸੋਹਣੇ ਬਣਨ ਦੀ ਕਲਾ ਵੀ ਸਿੱਖੀ ਜਾ ਸਕਦੀ ਹੈਸੋਹਣੇ ਬਣਨ ਦੀ ਕਲਾ ਵੀ ਇੱਕ ਤਰ੍ਹਾਂ ਨਾਲ ਬੋਲਣ ਦੀ ਕਲਾ ਨਾਲ ਹੀ ਜੁੜੀ ਹੋਈ ਹੈ

-----

ਸੁੰਦਰਤਾ ਦੇ ਦੋ ਰੂਪ ਹਨ: ਬਾਹਰੀ ਰੂਪ ਅਤੇ ਅੰਦਰੂਨੀ ਰੂਪਸੁੰਦਰਤਾ ਦੀ ਪਹਿਲੀ ਖਿੱਚ ਕਿਸੇ ਵੀ ਵਿਅਕਤੀ ਦੇ ਬਾਹਰੀ ਰੂਪ ਕਰਕੇ ਹੀ ਪੈਦਾ ਹੁੰਦੀ ਹੈਪਰ ਕਿਸੇ ਵੀ ਵਿਅਕਤੀ ਵੱਲ ਅਸੀਂ ਸਦੀਵੀ ਰੂਪ ਵਿੱਚ ਤਾਂ ਹੀ ਖਿੱਚੇ ਜਾਂਦੇ ਹਾਂ ਜੇਕਰ ਉਸ ਵਿਅਕਤੀ ਦੇ ਵਿਚਾਰ ਵੀ ਖ਼ੂਬਸੂਰਤ ਹੋਣਇਸ ਗੱਲ ਦੀ ਪੁਸ਼ਟੀ ਪੂਰਨ ਸਿੰਘ ਪਾਂਧੀ ਆਪਣੇ ਨਿਬੰਧ ਸੁਹਣੇ ਬਨਣ ਦੀ ਕਲਾਵਿੱਚ ਕੁਝ ਇਸ ਤਰ੍ਹਾਂ ਕਰਦਾ ਹੈ:

ਸੋਹਣੇ ਬਣਨਾ ਜਾਂ ਸੋਹਣੇ ਲਗਣਾ ਇੱਕ ਕਲਾ, ਹੁਨਰ ਜਾਂ ਆਰਟ ਹੈਸੁੰਦਰਤਾ ਮਨੁੱਖ ਦੇ ਅੰਦਰ ਬੈਠੀ ਹੈ, ਸੋਚਾਂ ਤੇ ਵਿਚਾਰਾਂ ਵਿੱਚ ਛੁਪੀ ਹੋਈਕਈਆਂ ਦਾ ਹੁਸਨ ਦਿਲ ਮੱਲ ਲੈਂਦਾ ਹੈਕਈਆਂ ਦੇ ਸੋਹਣੇ ਮੂੰਹ, ਸੁਡੌਲ ਅੰਗ ਤੇ ਕੋਮਲ ਅਦਾਵਾਂ ਮੋਹਿਤ ਕਰ ਲੈਂਦੀਆਂ ਹਨਕਈਆਂ ਦਾ ਰੂਪ ਵਾਜਾਂ ਮਾਰਦਾ ਪਰਤੀਤ ਹੁੰਦਾ ਹੈਅੱਖਾਂ ਦੇ ਤੀਰ ਜੀਵਨ ਅਰਪਦੇ ਤੇ ਘਾਇਲ ਕਰਦੇ ਜਾਪਦੇ ਹਨ

ਪਰ ਅਸਲੀ ਸੁੰਦਰਤਾ ਵਿਅਕਤੀ ਦੇ ਅੰਦਰ ਹੁੰਦੀ ਹੈਉਸ ਦੇ ਬੋਲਾਂ ਤੇ ਅਦਾਵਾਂ ਵਿੱਚੋਂ ਉਜਾਗਰ ਹੁੰਦੀ ਹੈਜਿੰਨਾਂ ਕਿਸੇ ਦੇ ਵਿਚਾਰਾਂ ਦਾ ਸ਼ੀਸ਼ਾ ਨਿਰਮਲ ਹੋਵੇਗਾ ਤੇ ਦੀਰਘ ਦਰਿਸ਼ਟੀ ਹੋਵੇਗੀ, ਸਰਿਸ਼ਟੀ ਵਿੱਚੋਂ ਸੁੰਦਰਤਾ ਦੀ ਝਲਕ ਵਧੇਰੇ ਸਾਫ ਦਿਖਾਈ ਦੇਵੇਗੀਸੋਚਾਂ ਤੇ ਵਿਚਾਰਾਂ ਨੂੰ ਪਾਣੀ ਨਾਲ ਭਰੀ ਹੋਈ ਟੈਂਕੀ ਵਾਂਗ ਸਮਝਣਾ ਚਾਹੀਦਾ ਹੈਟੈਂਕੀ ਵਿੱਚ ਭਰੇ ਹੋਏ ਨਿਰਮਲ ਜਾਂ ਗੰਧਲੇ ਪਾਣੀ ਦਾ ਪ੍ਰਵਾਹ ਟੂਟੀ ਵਿੱਚੋਂ ਬਾਹਰ ਆਉਣ ਵਾਂਗ, ਕਿਸੇ ਮਨੁੱਖ ਦੇ ਚੰਗੇ ਜਾਂ ਮੰਦੇ ਵਿਚਾਰਾਂ ਦਾ ਥਹੁ-ਪਤਾ ਉਸਦੇ ਕਾਰ ਵਿਹਾਰ ਵਿੱਚੋਂ ਦੇਖਿਆ-ਪਰਖਿਆ ਜਾਂਦਾ ਹੈਮਨੁੱਖ ਦੀਆਂ ਸੋਚਾਂ ਤੇ ਵਿਚਾਰਾਂ ਦਾ ਬਾਹਰੀ ਸਰੂਪ ਉਸਦੇ ਇਕਰਾਰਾਂ, ਤਕਰਾਰਾਂ ਵਿੱਚੋਂ ਆਪਣੇ ਆਪ ਪਰਗਟ ਹੁੰਦਾ ਹੈਸੁੰਦਰਤਾ ਤਰਸ, ਦਇਆ ਤੇ ਰਹਿਮ ਨਾਲ ਭਰੀ ਹੁੰਦੀ ਹੈਨੇਕੀ ਤੇ ਪਰਉਪਕਾਰ ਦੀ ਭਾਵਨਾ ਵਿੱਚੋਂ ਸੁੰਦਰਤਾ ਦਾ ਵਿਕਾਸ ਹੁੰਦਾ ਤੇ ਪਿਆਰ ਵਿੱਚ ਫਲਦੀ ਤੇ ਫੈਲਦੀ ਹੈ

-----

ਬਾਹਰੀ ਸੁੰਦਰਤਾ, ਮਹਿਜ਼, ਕਿਸੇ ਮਨੁੱਖ ਦੇ ਅੰਗਾਂ ਦੀ ਬਣਾਵਟ ਜਾਂ ਚਮੜੀ ਦੇ ਰੰਗ ਨਾਲ ਹੀ ਸਬੰਧਤ ਨਹੀਂ ਹੁੰਦੀਕਿਸੇ ਮਨੁੱਖ ਦੀ ਸੁੰਦਰਤਾ ਉਸਦੇ ਪਹਿਰਾਵੇ ਨਾਲ ਵੀ ਸਬੰਧਤ ਹੁੰਦੀ ਹੈਪਹਿਰਾਵਾ ਨਾ ਸਿਰਫ ਕਿਸੇ ਮਨੁੱਖ ਨੂੰ ਖ਼ੂਬਸੂਰਤ ਦਿੱਖ ਹੀ ਦੇ ਸਕਦਾ ਹੈ; ਇਹ ਕਿਸੇ ਮਨੁੱਖ ਦੀ ਅੰਦਰੂਨੀ ਬਦਸੂਰਤੀ ਨੂੰ ਲੁਕਾਉਣ ਦਾ ਸਾਧਨ ਵੀ ਬਣ ਸਕਦਾ ਹੈਪੰਜਾਬੀ ਸਭਿਆਚਾਰ ਦੇ ਇਤਿਹਾਸ ਨਾਲ ਸਬੰਧਤ ਸੱਜਣ ਠੱਗਸ਼ਬਦ ਦੀ ਅਸੀਂ ਜ਼ਿੰਦਗੀ ਵਿੱਚ ਅਨੇਕਾਂ ਸਮਿਆਂ ਉੱਤੇ ਆਮ ਵਰਤੋਂ ਕਰਦੇ ਹਾਂਇਹ ਸ਼ਬਦ ਉਸ ਵਿਅਕਤੀ ਲਈ ਵਰਤਿਆ ਜਾਂਦਾ ਹੈ ਜੋ ਬਾਹਰੀ ਦਿੱਖ ਅਤੇ ਪਹਿਰਾਵੇ ਤੋਂ ਤਾਂ ਬਹੁਤ ਹੀ ਨੇਕ ਇਨਸਾਨ ਹੋਣ ਦਾ ਭੁਲੇਖਾ ਪਾਂਦਾ ਹੈ; ਪਰ ਅੰਦਰੂਨੀ ਤੌਰ ਉੱਤੇ ਉਹ ਬਹੁਤ ਹੀ ਮਕਾਰ ਕਿਸਮ ਦਾ ਵਿਅਕਤੀ ਹੁੰਦਾ ਹੈਪਹਿਰਾਵੇ ਦੀ ਮਹੱਤਤਾ ਬਾਰੇ ਪੂਰਨ ਸਿੰਘ ਪਾਂਧੀ ਆਪਣੇ ਨਿਬੰਧ ਸੁਹਣੇ ਬਣਨ ਦੀ ਕਲਾਵਿੱਚ ਕੁਝ ਇਸ ਤਰ੍ਹਾਂ ਲਿਖਦਾ ਹੈ:

ਪਹਿਰਾਵੇ ਦਾ ਸੁੰਦਰਤਾ ਨਾਲ ਬਹੁਤ ਗੂੜ੍ਹਾ ਸਬੰਧ ਹੈਪਹਿਰਾਵੇ ਨਾਲ ਸਾਰੀਆਂ ਅੰਦਰ ਦੀਆਂ ਗੱਲਾਂ ਉੱਤੇ ਲਿਪਾ ਪੋਚੀ ਕੀਤੀ ਜਾਂਦੀ ਹੈਕਈ ਹਾਲਤਾਂ ਵਿੱਚ ਅੰਦਰਲੀਆਂ ਗੱਲਾਂ ਉੱਤੇ ਪਰਦਾ ਪਾਇਆ ਜਾਂਦਾ ਹੈਸੰਤਾਂ ਸਾਧਾਂ ਦੇ ਭੇਖ ਵਿੱਚ ਠੱਗਾਂ ਤੇ ਲੁਟੇਰਿਆਂ ਹੱਥੋਂ ਨਿਰਛਲ ਤੇ ਭੋਲੇ ਭਾਲੇ ਲੋਕ ਠੱਗੇ ਜਾਂਦੇ ਹਨਕੰਜਕਾਂ ਕੁਆਰੀਆਂ ਦਾ ਦਿਖਾਵਾ ਕਰਕੇ ਵੇਸਵਾਵਾਂ ਭਿਆਨਕ ਕਾਰੇ ਕਰਦੀਆਂ ਦੇਖੀਆਂ ਜਾਂਦੀਆਂ ਹਨਲਿਬਾਸ ਭਾਵੇਂ ਧਾਰਮਿਕ ਹੈ ਜਾਂ ਵਿਹਾਰਕ ਇਹ ਦੂਰੋਂ ਖਿੱਚ ਪਾਉਂਦਾ ਹੈਦੁਨੀਆਂ ਵਿੱਚ ਸਭ ਤੋਂ ਵੱਧ ਕੁਕਰਮ ਇਸ ਬਨਾਉਟੀ ਭੇਖ ਵਿੱਚ ਹੁੰਦੇ ਹਨ

-----

ਕਿਸੇ ਮਨੁੱਖ ਦੀ ਖ਼ੂਬਸੂਰਤੀ ਉਸ ਦੀਆਂ ਸੂਖਮ ਆਦਤਾਂ, ਸੁਲਝੀਆਂ ਅਦਾਵਾਂ ਅਤੇ ਕੋਮਲ ਹਰਕਤਾਂ ਵਿੱਚ ਵੀ ਹੁੰਦੀ ਹੈਇਹ ਖ਼ੂਬਸੂਰਤੀ ਕਿਸੇ ਮਨੁੱਖ ਦੇ, ਮਹਿਜ਼, ਬੋਲਣ ਨਾਲ ਹੀ ਸਬੰਧ ਨਹੀਂ ਰੱਖਦੀ; ਇਹ ਉਸਦੀ ਸੁਨਣ ਦੀ ਕਲਾ ਨਾਲ ਵੀ ਸਬੰਧ ਰੱਖਦੀ ਹੈਕਿਸੇ ਦਾ ਆਖਿਆ ਜਾਂ ਬੋਲਿਆ ਸੁਣ ਕੇ ਹੀ ਹੁੰਘਾਰਾ ਭਰਿਆ ਜਾਂਦਾ ਹੈ

ਮਨੁੱਖੀ ਇਤਿਹਾਸ ਵੱਲ ਨਿਗਾਹ ਮਾਰੀਏ ਤਾਂ ਅਸੀਂ ਦੇਖ ਸਕਦੇ ਹਾਂ ਕਿ ਅੱਜ ਤੋਂ ਸੈਂਕੜੇ/ਹਜ਼ਾਰਾਂ ਸਾਲ ਪਹਿਲੇ ਇਸ ਧਰਤੀ ਉੱਤੇ ਆਏ ਮਨੁੱਖਾਂ ਨੂੰ ਅਸੀਂ ਅੱਜ ਵੀ ਬੜੇ ਸਨੇਹ ਨਾਲ ਯਾਦ ਕਰਦੇ ਹਾਂਕਿਉਂਕਿ ਉਨ੍ਹਾਂ ਦੇ ਵਿਚਾਰਾਂ ਦੀ ਖ਼ੂਬਸੂਰਤੀ ਅੱਜ ਵੀ ਸਾਨੂੰ ਧੂਹ ਪਾਂਦੀ ਹੈਇਸੀ ਤਰ੍ਹਾਂ ਹੰਕਾਰੀ, ਘੁਮੰਡੀ ਅਤੇ ਨਿਰਦਈ ਵਿਚਾਰਾਂ ਵਾਲੇ ਬੰਦਿਆਂ ਨੂੰ ਵੀ ਲੋਕ ਸੈਂਕੜੇ/ਹਜ਼ਾਰਾਂ ਸਾਲਾਂ ਤੱਕ ਯਾਦ ਰੱਖਦੇ ਹਨ - ਪਰ ਅਜਿਹੇ ਲੋਕਾਂ ਦੀ ਯਾਦ ਦਿਲਾਂ ਵਿੱਚ ਉਨ੍ਹਾਂ ਲੋਕਾਂ ਪ੍ਰਤੀ ਨਫਰਤ ਪੈਦਾ ਕਰਦੀ ਹੈ

----

ਸੁਹਾਗਣਾਂ ਦੇ ਨਾਂਨਾਮ ਦੇ ਨਿਬੰਧ ਵਿੱਚ ਪੂਰਨ ਸਿੰਘ ਪਾਂਧੀ ਸਾਡੇ ਸਮਿਆਂ ਦੇ ਇੱਕ ਬਹੁਤ ਹੀ ਮਹੱਤਵ-ਪੂਰਨ ਵਿਸ਼ੇ ਬਾਰੇ ਗੱਲ ਕਰਦਾ ਹੈ

ਮਰਦ-ਪ੍ਰਧਾਨ ਸਮਾਜ ਹਜ਼ਾਰਾਂ ਸਾਲਾਂ ਤੋਂ ਔਰਤ ਨੂੰ ਆਪਣੇ ਪੈਰਾਂ ਹੇਠ ਲਿਤਾੜਦਾ ਰਿਹਾ ਹੈਔਰਤ ਨੂੰ ਨਾ ਸਾਡੇ ਸਾਹਿਤਕ, ਸਭਿਆਚਾਰਕ, ਧਾਰਮਿਕ ਗ੍ਰੰਥਾਂ ਨੇ ਬਖਸ਼ਿਆ, ਨਾ ਹੀ ਸਾਡੇ ਕਹਿੰਦੇ ਕਹੋਂਦੇ ਮਹਾਂ-ਕਵੀਆਂ ਨੇ ਹੀਕਿਸੇ ਨੇ ਔਰਤ ਨੂੰ ਪੈਰ ਦੀ ਜੁੱਤੀ ਕਿਹਾ, ਕਿਸੀ ਨੇ ਇਸਨੂੰ ਪੱਥਰ ਕਿਹਾ, ਇਨ੍ਹਾਂ ਮਹਾਂ-ਪੁਰਖਾਂ ਨੇ ਇਹ ਵੀ ਨਾ ਸੋਚਿਆ ਕਿ ਔਰਤ ਤੋਂ ਹੀ ਮਾਂ, ਪਤਨੀ, ਧੀ, ਭੈਣ ਅਤੇ ਮਹਿਬੂਬਾ ਦਾ ਰਿਸ਼ਤਾ ਪੈਦਾ ਹੁੰਦਾ ਹੈਮਰਦ-ਪ੍ਰਧਾਨ ਸਮਾਜ ਨੇ ਹਰ ਕੋਸ਼ਿਸ਼ ਕੀਤੀ ਕਿ ਜਿ਼ੰਦਗੀ ਨਾਲ ਸਬੰਧਤ ਕਿਸੇ ਖੇਤਰ ਵਿੱਚ ਵੀ ਔਰਤ ਆਪਣੀ ਆਜ਼ਾਦੀ ਨਾਲ ਨ ਵਿਚਰ ਸਕੇਹਿੰਦੂ ਗ੍ਰੰਥ ਤਾਂ ਇੱਥੋਂ ਤੱਕ ਕਹਿਣ ਵਿੱਚ ਵੀ ਕੋਈ ਝਿਜਕ ਮਹਿਸੂਸ ਨਹੀਂ ਕਰਦੇ ਕਿ ਯੱਗ ਜਾਂ ਹਵਨ ਕਰਨ ਵੇਲੇ ਕੁੱਤੇ, ਸ਼ੂਦਰ ਤੇ ਔਰਤ ਵੱਲ ਵੇਖਣਾ ਮਨ੍ਹਾਂ ਹੈਦਾਨ ਵਿੱਚ ਹਾਥੀ, ਘੋੜੇ, ਗਾਂ ਵਾਂਗ ਔਰਤ ਨੂੰ ਦਾਨ ਵਿੱਚ ਦੇਣ ਦੀ ਆਗਿਆ ਦਿੱਤੀ ਗਈਇੱਥੋਂ ਤੱਕ ਹੀ ਨਹੀਂ, ਜਗੀਰਦਾਰੀ ਸਿਸਟਮ ਵਿੱਚ ਔਰਤ ਨੂੰ ਕਿਸ ਹੱਦ ਤੱਕ ਗ਼ੁਲਾਮੀ ਝੱਲਣੀ ਪੈਂਦੀ ਸੀ, ਉਸ ਦੀ ਇੱਕ ਉਦਾਹਰਣ ਪੂਰਨ ਸਿੰਘ ਪਾਂਧੀ ਆਪਣੇ ਨਿਬੰਧ ਸੁਹਾਗਣਾਂ ਦੇ ਨਾਂਵਿੱਚ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:

ਜਗੀਰਦਾਰੀ ਸਿਸਟਮ ਵਿੱਚ ਇਸਤਰੀ ਉੱਤੇ ਇੱਕ ਸਮਾਂ ਅਜਿਹਾ ਵੀ ਆਇਆ; ਜਦੋਂ ਉਸ ਥਾਂ ਦੀ ਹਰ ਵਿਆਹੀ ਕੁੜੀ ਨੂੰ ਪਹਿਲੀ ਰਾਤ ਜਗੀਰਦਾਰ ਦੀ ਸੇਵਾ ਵਿੱਚ ਬਿਤਾਉਣੀ ਹੁੰਦੀ ਸੀਸੁਹਾਗ ਵਾਲੀ ਪਹਿਲੀ ਰਾਤ ਸਮੇਂ ਦੇ ਜਗੀਰਦਾਰ ਦੀ ਹੁੰਦੀ ਸੀਪਿੱਛੋਂ ਆਪਣੇ ਘਰ ਦੇ ਚੁੱਲ੍ਹੇ-ਚੌਂਕੇ ਚੜ੍ਹਨਾ ਹੁੰਦਾ ਸੀ

-----

ਸਦੀਆਂ ਤੋਂ ਔਰਤ ਨੂੰ ਮਰਦ-ਪ੍ਰਧਾਨ ਸਮਾਜ ਦਾ ਇੱਕ ਹੋਰ ਜ਼ੁਲਮ ਵੀ ਸਹਿਣਾ ਪੈਂਦਾ ਰਿਹਾ ਹੈਪਤੀ ਦੇ ਮਰਨ ਤੋਂ ਬਾਹਦ ਔਰਤ ਨੂੰ ਜਿਉਣ ਦਾ ਕੋਈ ਹੱਕ ਨਹੀਂ ਸੀਉਸ ਨੂੰ ਪਤੀ ਦੀ ਲਾਸ਼ ਦੇ ਨਾਲ ਹੀ ਜਿਉਂਦੀ ਨੂੰ ਹੀ ਸਾੜ ਦਿੱਤਾ ਜਾਂਦਾ ਸੀ

ਅਜੋਕੇ ਸਮਿਆਂ ਵਿੱਚ ਅੱਜ ਜਦੋਂ ਕਿ ਔਰਤ ਜਿ਼ੰਦਗੀ ਦੇ ਹਰ ਖੇਤਰ ਵਿੱਚ ਹੀ ਵੱਡੀਆਂ ਵੱਡੀਆਂ ਪ੍ਰਾਪਤੀਆਂ ਕਰ ਰਹੀ ਹੈ, ਪਰ ਫਿਰ ਵੀ ਉਸ ਨਾਲ ਵਿਤਕਰਾ ਜਾਰੀ ਹੈਪਹਿਲਾਂ ਲੋਕ ਧੀਆਂ ਨੂੰ ਜੰਮਦਿਆਂ ਹੀ ਮਾਰ ਦਿੰਦੇ ਸਨ; ਪਰ ਹੁਣ ਵਿਗਿਆਨ ਦੀਆਂ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਕੇ ਅਲਟਰਾਸਾਊਂਡ ਰਾਹੀਂ ਜੰਮਣ ਤੋਂ ਪਹਿਲਾਂ ਹੀ ਮਾਂ ਦੇ ਪੇਟ ਵਿੱਚ ਹੀ ਬੱਚੇ ਦਾ ਲਿੰਗ ਪਤਾ ਲੱਗ ਜਾਣ ਕਾਰਨ ਜੇਕਰ ਮਾਂ ਦੇ ਪੇਟ ਵਿੱਚ ਧੀ ਹੋਵੇ ਤਾਂ ਉਸਨੂੰ ਮਾਂ ਦੇ ਪੇਟ ਵਿੱਚ ਹੀ ਮਾਰ ਦਿੱਤਾ ਜਾਂਦਾ ਹੈ

ਹਰ ਮਨੁੱਖ ਦਾ ਜ਼ਿੰਦਗੀ ਵਿੱਚ ਕੋਈ ਨਾ ਕੋਈ ਸ਼ੌਕ ਹੁੰਦਾ ਹੈਸ਼ੌਕ ਚੰਗਾ ਵੀ ਹੋ ਸਕਦਾ ਹੈ ਅਤੇ ਮਾੜਾ ਵੀਚੰਗਾ ਸ਼ੌਕ ਹੋਣਾ ਮਾਨਸਿਕ ਤੌਰ ਉੱਤੇ ਸਿਹਤਮੰਦ ਹੋਣਾ ਹੈ; ਪਰ ਮਾੜਾ ਸ਼ੌਕ ਹੋਣਾ - ਮਾਨਸਿਕ ਤੌਰ ਉੱਤੇ ਬੀਮਾਰ ਹੋਣ ਦੀ ਨਿਸ਼ਾਨੀ ਹੈਚੰਗਾ ਸ਼ੌਕ ਰੱਖਣ ਵਾਲੇ ਲੋਕ ਹੋਰਨਾਂ ਲੋਕਾਂ ਨਾਲ ਕੋਈ ਭਲਿਆਈ ਕਰਕੇ ਮਾਨਸਿਕ ਖੁਸ਼ੀ ਮਹਿਸੂਸ ਕਰਦੇ ਹਨ; ਪਰ ਹੋਰਨਾਂ ਲੋਕਾਂ ਉੱਤੇ ਅੱਤਿਆਚਾਰ ਕਰਨ ਦਾ ਸ਼ੌਕ ਮਨੁੱਖ ਨੂੰ ਹੋਰਨਾਂ ਦੀ ਨਜ਼ਰ ਵਿੱਚ ਅਤਿਆਚਾਰੀ ਬਣਾਉਂਦਾ ਹੈਦੋਹਾਂ ਤਰ੍ਹਾਂ ਦੇ ਹੀ ਲੋਕਾਂ ਨਾਲ ਸਬੰਧਤ ਕਹਾਣੀਆਂ ਨਾਲ ਮਨੁੱਖੀ ਸਭਿਆਚਾਰ ਭਰਿਆ ਹੋਇਆ ਹੈਬਿਮਾਰ ਮਾਨਸਿਕਤਾ ਵਾਲੇ ਲੋਕਾਂ ਦੇ ਸ਼ੋਕ ਕਿਹੋ ਜਿਹੇ ਹੁੰਦੇ ਹਨ, ਉਸ ਦੀਆਂ ਚਾਰ ਉਦਾਹਰਣਾਂ ਪੂਰਨ ਸਿੰਘ ਪਾਂਧੀ ਦੇ ਨਿਬੰਧ ਸ਼ੌਕ ਤੇ ਰੁਝੇਵੇਂਵਿੱਚੋਂ ਪੇਸ਼ ਹਨ:

1.

ਹਿਟਲਰ ਦਾ ਰੋਜ਼ਾਨਾ ਟਾਈਮ ਟੇਬਲ ਬਹੁਤ ਅਜੀਬ ਢੰਗ ਦਾ ਸੀਇਸ ਵਿੱਚ ਹਰ ਰੋਜ਼ ਦੋ ਲੱਖ ਨਿਰਦੋਸ਼ ਯਹੂਦੀ ਮਾਰਨ ਦਾ ਪ੍ਰੋਗਰਾਮ ਸੀਮਾਰਨ ਦਾ ਢੰਗ ਦੇਖੋਉਸ ਨੇ ਬੰਦਿਆਂ ਲਈ ਬਹੁਤ ਸਾਰੇ ਘਰ ਬਣਾਏ ਹੋਏ ਸਨਇਸ ਨੂੰ ਗੈਸ ਚੈਂਬਰਆਖਿਆ ਜਾਂਦਾ ਸੀਇਸ ਵਿੱਚ ਕੱਠੇ ਵੀਹ ਵੀਹ, ਤੀਹ ਤਹਿ ਬੰਦੇ ਬੁੜ੍ਹੀਆਂ ਕਿਤਾਬਾਂ ਵਾਂਗ, ਹੇਠ ਉੱਤੇ ਚਿਣਕੇ, ਚੈਂਬਰ ਵਿੱਚ ਤੂੜ ਦਿੱਤੇ ਜਾਂਦੇ ਸਨ; ਜਿੱਥੇ ਜ਼ਹਿਰੀਲੀ ਗੈਸ ਛੱਡ ਦਿੱਤੀ ਜਾਂਦੀ ਸੀ ਅਤੇ ਉਹ ਗੈਸ ਨਾਲ ਦਮ ਘੁੱਟਕੇ ਤੜਫ ਤੜਫ ਕੇ ਮਰ ਜਾਂਦੇ ਸਨ60 ਲੱਖ ਯਹੂਦੀ ਉਸਨੇ ਇਸੇ ਵਿਧੀ ਨਾਲ ਮਾਰੇ

2.

ਮੁਗਲ ਬਾਦਸ਼ਾਹ ਕੱਲ੍ਹਾ ਨੂੰ ਮਨੁੱਖਾਂ ਦੀਆਂ ਖੋਪਰੀਆਂ ਨਾਲ ਮੀਨਾਰ ਬਨਾਉਣ ਦੀ ਲੱਲ੍ਹ ਸੀਮੁਗਲ ਸੈਨਾਪਤੀ ਬੈਰਮ ਖਾਂ ਨੇ ਜਦੋਂ ਆਪਣੇ ਦੁਸ਼ਮਣ ਨੂੰ ਹਾਰ ਦਿੱਤੀ ਤਾਂ ਬਾਦਸ਼ਾਹ ਕੱਲ੍ਹਾ ਨੇ, ਉਸਦੇ ਮਾਣ ਵਿੱਚ 10 ਹਜ਼ਾਰ ਮਨੁੱਖੀ ਖੋਪਰੀਆਂ ਦੇ ਮਿਨਾਰ ਬਣਵਾਏ ਸਨ

3.

ਬਰਤਾਨੀਆਂ ਦੀ ਇੱਕ ਪੱਤਰਕਾਰ ਯੁਗੰਡਾ ਦੇ ਡਿਕਟੇਟਰ ਈਦੀ ਅਮੀਨ ਦੀ ਇੰਟਰਵਿਊ ਲੈਣ ਗਈਉਸ ਨੇ ਉਸ ਦੇ ਆਮ ਸ਼ੌਕ ਪੁੱਛੇ ਤਾਂ ਈਦੀ ਬੋਲਿਆ, ਸੁਣੋ:...ਵਧੀਆ ਕੰਮ ਕਰਨ ਵਾਲੇ ਅਫਸਰ ਦੇ ਮੂੰਹ ਉੱਤੇ ਚਪੇੜ ਮਾਰ ਕੇ ਖੁਸ਼ ਹੁੰਦਾ ਹਾਂ2....ਸਭ ਤੋਂ ਪਿਆਰੀ ਯੁਵਤੀ ਦੀਆਂ ਰਗਾਂ ਦਾ ਖ਼ੂਨ ਚੁਸਕੀਆਂ ਨਾਲ ਪੀਂਦਾ ਹਾਂ. 3.....ਆਪਣੇ ਦੁਸ਼ਮਣ ਦਾ ਕਾਲਜਾ ਭੁੰਨ ਕੇ ਖਾਣ ਦਾ ਸ਼ੌਕੀਨ ਹਾਂ

4.

ਲਾਹੌਰ ਦੇ ਜਾਵੇਦ ਇਕਬਾਲ ਨਾਂ ਦੇ, ਇੱਕ ਮੁਸਲਮਾਨ ਦੇ, ਇਸ ਤੋਂ ਵੀ ਭਿਆਨਕ ਤੇ ਹੌਲਨਾਕ ਕਿੱਸੇ ਹਨਕਿੱਤੇ ਵਜੋਂ ਇੰਜਨੀਅਰ, ਛੇ ਫੁੱਟ ਉੱਚਾ ਹੱਟਾ ਕੱਟਾ, ਜਾਵੇਦ ਇਕਬਾਲ, ਗਲੀਆਂ ਖੇਡਦੇ ਨਿੱਕੇ ਨਿਆਣੇ ਕੋਈ ਨਾ ਕੋਈ ਲਾਲਚ ਦੇ ਕੇ, ਚੁੱਕ ਕੇ ਲੈ ਜਾਂਦਾ ਅਤੇ ਆਪਣੇ ਗੰਦੇ ਤਹਿਖਾਨੇ ਵਿੱਚ ਮਾਸੂਮ ਬੱਚਿਆਂ ਨਾਲ ਬੇ ਕਿਰਕ, ਬੇ ਰਹਿਮੀ ਨਾਲ ਬਦਫੈਲੀ ਕਰਦਾਬੱਚਿਆਂ ਦੇ ਹੱਡ ਟੁੱਟ ਜਾਂਦੇ, ਬੇਹੋਸ਼ ਹੋ ਜਾਂਦੇ ਜਾਂ ਮਰ ਜਾਂਦੇਉਹ ਬੇਵਸ ਤਰਲੇ ਕਰਦੇ ਤੇ ਚੀਕਾਂ ਵੀ ਮਾਰਦੇ ਹੋਣਗੇਬਦਫੈਲੀ ਕਰਨ ਪਿੱਛੋਂ ਉਨ੍ਹਾਂ ਮਰੇ ਅਧ ਮਰੇ ਬੱਚਿਆਂ ਦੀਆਂ ਲਾਸ਼ਾਂ ਗਾਲਣ ਲਈ ਤੇਜ਼ਾਬ ਨਾਲ ਭਰੇ ਡਰੰਮ ਵਿੱਚ ਡੁਬੋ ਦਿੰਦਾਬੀਤੀ ਸਦੀ ਦੇ ਅੰਤਲੇ ਸਾਲ ਜਦੋਂ ਉਹ ਫੜਿਆ ਗਿਆ ਤਾਂ ਪੰਜ ਤੋਂ ਪੰਦਰਾਂ ਸਾਲ ਦੇ ਸੌ ਤੋਂ ਵੱਧ ਬੱਚਿਆਂ ਨੂੰ ਉਹ ਆਪਣੀ ਹਵਸ ਦਾ ਸ਼ਿਕਾਰ ਬਣਾ ਚੁੱਕਾ ਸੀਗੰਦਗੀ ਤੇ ਲਹੂ ਨਾਲ ਭਰੇ ਧੱਬਿਆਂ ਨਾਲ, ਉਸ ਦੇ ਤਹਿਖਾਨੇ ਵਿੱਚੋਂ ਨਿੱਕੇ-ਨੰਨੇ ਬੱਚਿਆਂ ਦੀਆਂ ਫਰਾਕਾਂ, ਟੋਪੀਆਂ, ਬੂਟ ਤੇ ਜਰਾਬਾਂ ਭਾਰੀ ਗਿਣਤੀ ਵਿੱਚ ਮਿਲੀਆਂ

-----

ਕਿਵ ਸਚਿਆਰਾ ਹੋਈਐਪੁਸਤਕ ਵਿੱਚ ਭਾਵੇਂ ਕਿ ਪੂਰਨ ਸਿੰਘ ਪਾਂਧੀ ਨੇ ਜ਼ਿੰਦਗੀ ਨਾਲ ਸਬੰਧਤ ਅਨੇਕਾਂ ਪਹਿਲੂਆਂ ਬਾਰੇ ਨਿਬੰਧ ਲਿਖੇ ਹਨ; ਪਰ ਮੈਂ ਆਪਣੀ ਗੱਲ ਖ਼ਤਮ ਕਰਨ ਤੋਂ ਪਹਿਲਾਂ ਵਿਸ਼ੇਸ਼ ਮਹੱਤਵ ਵਾਲੇ ਵਿਸ਼ਿਆਂ ਬਾਰੇ ਲਿਖੇ ਗਏ ਕੁਝ ਕੁ ਹੋਰ ਨਿਬੰਧਾਂ ਦਾ ਚਰਚਾ ਜ਼ਰੂਰ ਕਰਨਾ ਚਾਹਾਂਗਾ

ਅਜਿਹੇ ਮਹੱਤਵ-ਪੂਰਨ ਵਿਸਿ਼ਆਂ ਵਿੱਚ ਇੱਕ ਵਿਸ਼ਾ ਹੈ: ਸਹਿਣਸ਼ੀਲਤਾਇਹ ਗੁਣ ਮਨੁੱਖ ਦੀਆਂ ਅਨੇਕਾਂ ਔਖੀਆਂ ਘੜੀਆਂ ਵਿੱਚ ਮੱਦਦ ਕਰਦਾ ਹੈਅਨੇਕਾਂ ਹਾਲਤਾਂ ਵਿੱਚ ਕਿਸੇ ਵਿਸ਼ੇ ਉੱਤੇ ਗੱਲ ਕਰਦਿਆਂ ਦੋ ਮਨੁੱਖਾਂ ਦੇ ਆਪਸ ਵਿੱਚ ਵਿਚਾਰ ਨਹੀਂ ਮਿਲਦੇ ਅਤੇ ਉਹ ਤਲਖੀ ਵਿੱਚ ਆ ਕੇ ਇੱਕ ਦੂਜੇ ਨੂੰ ਅਜਿਹੀਆਂ ਗੱਲਾਂ ਕਹਿ ਜਾਂਦੇ ਹਨ - ਜਿਨ੍ਹਾਂ ਦਾ ਕਈ ਵਾਰੀ ਕੋਈ ਵਿਸ਼ੇਸ਼ ਮਹੱਤਵ ਨਹੀਂ ਹੁੰਦਾਪਰ ਉਸ ਘੜੀ ਕਹੇ ਗਏ ਉਹ ਸ਼ਬਦ ਸਾਨੂੰ ਬੇਚੈਨ ਕਰ ਜਾਂਦੇ ਹਨਅਜਿਹੀ ਹਾਲਤ ਵਿੱਚ ਜੇਕਰ ਦੋਹਾਂ ਵਿਅਕਤੀਆਂ ਵਿੱਚੋਂ ਕੋਈ ਇੱਕ ਵਿਅਕਤੀ ਸਹਿਨਸ਼ੀਲਤਾ ਦਿਖਾ ਕੇ ਗੱਲ ਨੂੰ ਵਧਣ ਨਾ ਦੇਵੇ ਤਾਂ ਹੌਲੀ ਹੌਲੀ ਦੂਜੇ ਵਿਅਕਤੀ ਨੂੰ ਵੀ ਆਹਿਸਾਸ ਹੋ ਜਾਂਦਾ ਹੈ ਕਿ ਉਸ ਨੇ ਬਿਨ੍ਹਾਂ ਕਿਸੀ ਗੱਲ ਦੇ ਗੱਲ ਵਧਾ ਲਈ ਸੀ ਅਤੇ ਦੂਜੇ ਵਿਅਕਤੀ ਲਈ ਮੰਦਾ ਬੋਲਿਆ ਹੈ

-----

ਹਿੰਮਤਇੱਕ ਹੋਰ ਅਜਿਹਾ ਵਿਸ਼ਾ ਹੈ ਜਿਸ ਦੀ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਤਾ ਹੈਹਿੰਮਤ ਸਦਕਾ ਹੀ ਅਸੀਂ ਜ਼ਿੰਦਗੀ ਵਿੱਚ ਵੱਡੀਆਂ ਵੱਡੀਆਂ ਪ੍ਰਾਪਤੀਆਂ ਕਰ ਲੈਂਦੇ ਹਾਂਮਨੁੱਖੀ ਸ਼ਖ਼ਸੀਅਤ ਦੇ ਇਸ ਗੁਣ ਸਦਕਾ ਹੀ ਗਿਆਨ, ਵਿਗਿਆਨ ਅਤੇ ਤਕਨਾਲੋਜੀ ਵਿੱਚ ਇਨਕਲਾਬੀ ਪ੍ਰਾਪਤੀਆਂ ਹੋ ਸਕੀਆਂ ਹਨਇਸੇ ਗੁਣ ਸਦਕਾ ਹੀ ਮਨੁੱਖ ਚੰਨ ਦੀ ਧਰਤੀ ਉੱਤੇ ਆਪਣਾ ਝੰਡਾ ਗੱਡ ਸਕਿਆ ਹੈਇਸੇ ਗੁਣ ਨੇ ਹੀ ਮਨੁੱਖ ਨੂੰ ਬਰਫ਼ਾਨੀ ਝੱਖੜਾਂ ਦਾ ਸਾਹਮਣਾ ਕਰਦਿਆਂ ਹੋਇਆਂ ਮਾਊਂਟ ਐਵਰਿਸਟ ਦੀ ਚੋਟੀ ਉੱਤੇ ਆਪਣੇ ਕਦਮਾਂ ਦੇ ਨਿਸ਼ਾਨ ਲਗਾਉਣ ਦਾ ਬਲ ਦਿੱਤਾਆਪਣੇ ਨਿਬੰਧ ਹਿੰਮਤਵਿੱਚ ਪੂਰਨ ਸਿੰਘ ਪਾਂਧੀ ਇਸ ਗੱਲ ਵੱਲ ਵੀ ਧਿਆਨ ਦੁਆਣਾ ਆਪਣੀ ਜਿੰਮੇਵਾਰੀ ਸਮਝਦਾ ਹੈ ਕਿ ਮਨੁੱਖ ਨੇ ਆਪਣੀ ਹਿੰਮਤ ਸਦਕਾ ਵਿਗਿਆਨ ਅਤੇ ਤਕਨਾਲੋਜੀ ਵਿੱਚ ਮਹਾਨ ਪ੍ਰਾਪਤੀਆਂ ਕੀਤੀਆਂ ਹਨ; ਪਰ ਮਨੁੱਖ ਇਨ੍ਹਾਂ ਮਹਾਨ ਪ੍ਰਾਪਤੀਆਂ ਦੀ ਦੁਰਵਰਤੋਂ ਵੀ ਕਰਨ ਲੱਗ ਪਿਆ ਹੈਅਜਿਹੀ ਦੁਰਵਰਤੋਂ ਦਾ ਮੂਲ ਕਾਰਨ ਉਸਨੂੰ ਮਿਲੀ ਵਿਹਲ ਹੀ ਹੈਇਸ ਨੁਕਤੇ ਨੂੰ ਪੂਰਨ ਸਿੰਘ ਪਾਂਧੀ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:

ਸਦੀਆਂ ਤੋਂ ਜਿਨ੍ਹਾਂ ਗੱਲਾਂ ਲਈ ਮਨੁੱਖ ਤਰਸਦਾ ਸੀ ਤੇ ਉਸ ਦੀ ਪਹੁੰਚ ਤੋਂ ਬਾਹਰ ਸਨ, ਉਸ ਦੀ ਹਿੰਮਤ ਸਦਕਾ ਹੁਣ ਉਹ ਉਸਦੇ ਪੈਰਾਂ ਵਿੱਚ ਆ ਖੜ੍ਹੀਆਂ ਹਨਸਗੋਂ ਉਹ ਹੁਣ ਇਸ ਦੀ ਦੁਰਵਰਤੋਂ ਵੀ ਕਰਨ ਲੱਗ ਪਿਆ ਹੈਬੇਅੰਤ ਮਸ਼ੀਨਰੀ ਦਾਸੀਆਂ ਵਾਂਗ ਮਨੁੱਖ ਅੱਗੇ ਹੱਥ ਬੰਨ੍ਹੀ ਖੜ੍ਹੀ ਹੈਫਿਕਰ ਤਾਂ ਸਗੋਂ ਇਹ ਹੈ ਕਿ ਜੇ ਇਸੇ ਤਰ੍ਹਾਂ ਮਨੁੱਖ ਮਸ਼ੀਨਰੀ ਉੱਤੇ ਨਿਰਭਰ ਹੁੰਦਾ ਗਿਆ ਤਾਂ ਕੁਦਰਤ ਦੀ ਦਿੱਤੀ ਸਰੀਰਕ ਮਸ਼ੀਨਰੀ ਦਾ ਕੀ ਬਣੂੰ?....ਸੁੱਖਾਂ ਦੇ ਸਾਧਨਾਂ ਦਾ ਬੇਅੰਤ ਪਸਾਰਾ ਹੋਣ ਕਰਕੇ ਮਨੁੱਖ ਕੋਲ ਜਿਸਮਾਨੀ ਵਿਹਲ ਵਧ ਗਈ ਹੈਪਰ ਇਸਦੇ ਨਾਲ ਨਾਲ ਮਨੁੱਖ ਮਾਨਸਿਕ ਉਲਝਣਾਂ ਦਾ ਸ਼ਿਕਾਰ ਹੋ ਰਿਹਾ ਹੈਇਸੇ ਕਾਰਣ ਪ੍ਰਿਥਵੀ ਦਾ ਹਰ ਮਨੁੱਖ ਨਵੇਂ ਨਵੇਂ ਰੋਗਾਂ ਦਾ ਸ਼ਿਕਾਰ ਹੋ ਰਿਹਾ ਦਿਖਾਈ ਦਿੰਦਾ ਹੈਦੁਆਈਆਂ ਤੇ ਹਸਪਤਾਲ ਵਧ ਰਹੇ ਹਨ

-----

ਆਪਣੇ ਨਿਬੰਧ ਦੇ ਅੰਤ ਵਿੱਚ ਮੈਂ ਕਿਵ ਸਚਿਆਰਾ ਹੋਈਐਪੁਸਤਕ ਵਿੱਚ ਸ਼ਾਮਿਲ ਨਿਬੰਧ ਤੁਸੀਂ ਕੌਣ ਹੋਬਾਰੇ ਚਰਚਾ ਕਰਨਾ ਜ਼ਰੂਰੀ ਸਮਝਦਾ ਹਾਂ

ਅਨੇਕਾਂ ਲੋਕਾਂ ਦੀ ਜ਼ਿੰਦਗੀ ਭਰ ਇਹੀ ਸਮੱਸਿਆ ਬਣੀ ਰਹਿੰਦੀ ਹੈ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਕੌਣ ਹਨ? ਉਹ ਉਮਰ ਭਰ ਆਪਣੇ ਆਪ ਨੂੰ ਕੋਈ ਹੋਰ ਹੀ ਵਿਅਕਤੀ ਸਮਝਦੇ ਰਹਿੰਦੇ ਹਨ - ਜੋ ਕਿ ਅਸਲ ਵਿੱਚ ਉਹ ਹੁੰਦੇ ਹੀ ਨਹੀਂ ਹਨਇਸ ਨੁਕਤੇ ਨੂੰ ਪੂਰਨ ਸਿੰਘ ਪਾਂਧੀ ਬਹੁਤ ਹੀ ਦਿਲਕਸ਼ ਅੰਦਾਜ਼ ਵਿੱਚ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:

ਇੱਕ ਚੀਨੀ ਕਹਾਣੀ ਹੈਕਿਸੇ ਥਾਂ ਕੋਈ ਮੇਲਾ ਲੱਗਾ ਹੋਇਆ ਸੀਲੋਕਾਂ ਦੀ ਭੀੜ ਸੀਨੇੜੇ ਇੱਕ ਖੂਹ ਸੀਖੂਹ ਦੀ ਮੌਣ ਨਹੀਂ ਸੀਉਸ ਖੂਹ ਵਿੱਚ ਕੋਈ ਬਦਨਸੀਬ ਡਿੱਗ ਪਿਆਉਹ ਚੀਕਿਆ ਚਿਲਾਇਆਕੋਈ ਨੇੜੇ ਨਾ ਆਇਆਕਨਫਿਊਸਸ ਦੇ ਇੱਕ ਉਪਾਸ਼ਕ ਨੇ ਚੀਕਾਂ ਸੁਣੀਆਂਉਸ ਸੋਚਿਆ ਖੂਹ ਦੀ ਮੌਣ ਨਹੀਂ; ਇਹ ਕਾਨੂੰਨ ਦੇ ਖਿਲਾਫ਼ ਹੈਉਸ ਆਖਿਆ, “ਤੂੰ ਭਰੋਸਾ ਰੱਖ, ਅੱਗੇ ਤੋਂ ਸਾਰੇ ਖੂਹਾਂ ਉੱਤੇ ਮੌਣਾਂ ਬਣਾ ਦਿਆਂਗੇਆਖ ਕੇ ਚਲਦਾ ਬਣਿਆਂ

ਫਿਰ ਕਿਸੇ ਬੋਧੀ ਭਿਕਸ਼ੂ ਨੂੰ ਪਤਾ ਲੱਗਾਉਹ ਆਇਆਉਸ ਨੇ ਅਫਸੋਸ ਵਿੱਚ ਸਿਰ ਹਿਲਾਇਆਆਖਣ ਲੱਗਾ, “ਭਾਈ ਤੂੰ ਪਿਛਲੇ ਜਨਮਾਂ ਦਾ ਕਰਮ ਭੋਗ ਰਿਹਾ ਹੈਂ, ਇਸ ਵਿੱਚ ਮੈਂ ਕੋਈ ਦਖਲ ਨਹੀਂ ਦੇ ਸਕਦਾਜੇ ਖੂਹ ਵਿੱਚ ਡਿੱਗ ਪਿਆ ਹੈਂ ਤਾਂ ਤੇਰੇ ਕਰਮ ਹਨ, ਮੈਂ ਕੀ ਕਰ ਸਕਦਾ ਹਾਂ

ਪਿੱਛੋਂ ਤਰਸ ਦਾ ਮਾਰਾ ਕੋਈ ਸਾਧਾਰਨ ਬੰਦਾ ਆਇਆਉਸ ਨੇ ਰੱਸੀ ਖੂਹ ਵਿੱਚ ਲਮਕਾਈ, ਖੂਹ ਵਿੱਚ ਡੁੱਬ ਰਿਹਾ ਬੰਦਾ ਬਾਹਰ ਨਿਕਲ ਆਉਂਦਾ ਹੈਉਸ ਨੇ ਕੱਢਣ ਵਾਲੇ ਦੇ ਪੈਰ ਫੜ ਲਏ ਤੇ ਆਖਿਆ ਕਿ ਤੂੰ ਹੀ ਸੱਚਾ ਧਾਰਮਕ ਹੈਂ, ਬਾਕੀ ਸਭ ਦਿਖਾਵਾ ਹੈ

-----

ਕੈਨੇਡੀਅਨ ਪੰਜਾਬੀ ਸਾਹਿਤਕਾਰ ਪੂਰਨ ਸਿੰਘ ਪਾਂਧੀ ਦੀ ਪੁਸਤਕ ਕਿਵ ਸਚਿਆਰਾ ਹੋਈਐਦੀ ਪ੍ਰਕਾਸ਼ਨਾ ਨਾਲ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈਮਨੁੱਖੀ ਸ਼ਖਸੀਅਤ ਦੇ ਗੁਣਾਂ-ਔਗੁਣਾਂ ਬਾਰੇ ਬੜੀ ਸਰਲ ਭਾਸ਼ਾ ਵਿੱਚ ਅਤੇ ਰੌਚਿਕ ਢੰਗ ਨਾਲ ਪੁਸਤਕ ਲਿਖਣ ਲਈ ਪਾਂਧੀ ਮੁਬਾਰਕ ਦਾ ਹੱਕਦਾਰ ਹੈ

ਪੂਰਨ ਸਿੰਘ ਪਾਂਧੀ ਦੀ ਇਹ ਪੁਸਤਕ ਉਸਨੂੰ ਕੈਨੇਡਾ ਦੇ ਚੇਤੰਨ ਅਤੇ ਜਾਗਰੂਕ ਲੇਖਕਾਂ ਦੀ ਢਾਣੀ ਵਿੱਚ ਲਿਆ ਖੜ੍ਹਾ ਕਰਦੀ ਹੈਪਾਂਧੀ ਸਾਧਾਰਨ ਲੋਕਾਂ ਦੀ ਮਾਨਸਿਕਤਾ ਅਤੇ ਉਨ੍ਹਾਂ ਦੀ ਭਾਸ਼ਾ ਨੂੰ ਚੰਗੀ ਤਰ੍ਹਾਂ ਸਮਝਦਾ ਹੈਇਹ ਦਿਲਚਸਪ ਪੁਸਤਕ ਪੜ੍ਹਣ ਵੇਲੇ ਇਸ ਗੱਲ ਦੇ ਵੀ ਝਲਕਾਰੇ ਮਿਲਦੇ ਹਨ ਕਿ ਪਾਂਧੀ ਬਹੁ-ਦਿਸ਼ਾਵੀ ਗਿਆਨ-ਵਿਗਿਆਨ ਵਿੱਚ ਦਿਲਚਸਪੀ ਰੱਖਣ ਵਾਲਾ ਇੱਕ ਅਜਿਹਾ ਕੈਨੇਡੀਅਨ ਪੰਜਾਬੀ ਲੇਖਕ ਹੈ ਜੋ ਕਿ ਪ੍ਰੰਪਰਕ ਕਦਰਾਂ-ਕੀਮਤਾਂ ਨੂੰ ਸਮਝਦਾ ਹੋਇਆ ਅਜੋਕੇ ਸਮਿਆਂ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕਰਦਾ

Monday, August 31, 2009

ਸੁਖਿੰਦਰ – 18 ਮਹੀਨੇ ਬੀਤਣ ਤੇ ਵੀ ਇੰਡੀਆ ਬੈਠੇ ਪ੍ਰਕਾਸ਼ਕ ਨੇ ਕਿਤਾਬ ਨਾ ਭੇਜੀ - ਖ਼ਤ

ਸੁਖਿੰਦਰ 18 ਮਹੀਨੇ ਬੀਤਣ ਤੇ ਵੀ ਇੰਡੀਆ ਬੈਠੇ ਪ੍ਰਕਾਸ਼ਕ ਨੇ ਕਿਤਾਬ ਨਾ ਭੇਜੀ - ਖ਼ਤ

ਵਿਚਾਰ-ਚਰਚਾ ਲਈ ਵਿਸ਼ਵ ਭਰ ਦੇ ਪੰਜਾਬੀ ਲੇਖਕਾਂ ਦੇ ਨਾਮ ਇੱਕ ਖੁੱਲ੍ਹਾ ਖ਼ਤ :

ਗੱਲ ਕੋਈ ਵੱਡੀ ਵੀ ਨਹੀਂ, ਪਰ......ਦੋਸਤੋ : ਪੰਜਾਬੀ ਬੋਲੀ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਅਤੇ ਇਸ ਨਾਲ ਸਬੰਧਤ ਸਮੱਸਿਆਵਾਂ ਬਾਰੇ ਵੱਖੋ ਵੱਖ ਮੰਚਾਂ ਰਾਹੀਂ ਸਾਡੇ ਸਮਿਆਂ ਵਿੱਚ, ਅਕਸਰ, ਬਹਿਸ ਛਿੜਦੀ ਹੀ ਰਹਿੰਦੀ ਹੈ। ਵਿਸ਼ਵ ਪੰਜਾਬੀ ਕਾਨਫਰੰਸਾਂ, ਯੂਨੀਵਰਸਿਟੀਆਂ ਦੇ ਸੈਮੀਨਾਰਾਂ, ਸਾਹਿਤ ਸਭਾਵਾਂ ਦੀਆਂ ਬੈਠਕਾਂ ਅਤੇ ਅਖਬਾਰਾਂ / ਮੈਗਜ਼ੀਨਾਂ / ਰੇਡੀਓ / ਟੈਲੀਵੀਜ਼ਨਾਂ ਦੇ ਮਾਧਿਅਮਾਂ ਰਾਹੀਂ ਵੀ ਇਸ ਵਿਸ਼ੇ ਨੂੰ ਕਾਫੀ ਰਿੜਕਿਆ ਜਾਂਦਾ ਹੈ।

----

ਇਨ੍ਹਾਂ ਬਹਿਸਾਂ ਵਿੱਚ ਅਨੇਕਾਂ ਵਾਰ ਅਸੀਂ ਹਿੰਦੁਸਤਾਨ ਦੇ ਪੰਜਾਬੀ ਲੇਖਕਾਂ / ਆਲੋਚਕਾਂ ਵੱਲੋਂ ਇਹ ਇਤਰਾਜ਼ ਸੁਣਦੇ ਹਾਂ ਕਿ ਬਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ ਲੇਖਕ ਡਾਲਰਾਂ / ਪੌਂਡਾਂ ਦੇ ਜ਼ੋਰ ਨਾਲ ਆਪਣੀਆਂ ਘਟੀਆ ਲਿਖਤਾਂ ਛਪਵਾ ਲੈਂਦੇ ਹਨ; ਜਦੋਂ ਕਿ ਹਿੰਦੁਸਤਾਨ ਦੇ ਅਨੇਕਾਂ ਲੇਖਕਾਂ ਦੀਆਂ ਚੰਗੀਆਂ ਲਿਖਤਾਂ ਵੀ ਛਪਣ ਤੋਂ ਰਹਿ ਜਾਂਦੀਆਂ ਹਨ। ਕਿਉਂਕਿ ਹਿੰਦੁਸਤਾਨ ਦੇ ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਕ ਇਤਨੇ ਲਾਲਚੀ ਹੋ ਚੁੱਕੇ ਹਨ ਕਿ ਉਹ ਹਿੰਦੁਸਤਾਨ ਦੇ ਪੰਜਾਬੀ ਲੇਖਕਾਂ ਵੱਲੋਂ ਲਿਖੀਆਂ ਗਈਆਂ ਜਿਹੜੀਆਂ ਪੁਸਤਕਾਂ ਦੇ ਛਾਪਣ ਲਈ ਮੂੰਹ ਮੰਗੇ ਪੈਸੇ ਨਹੀਂ ਲੈ ਸਕਦੇ ਉਨ੍ਹਾਂ ਪੁਸਤਕਾਂ ਨੂੰ ਛਾਪਣ ਦੇ ਉਹ ਬਹਾਨੇ ਮਾਰਦੇ ਰਹਿੰਦੇ ਹਨ - ਭਾਵੇਂ ਉਹ ਪੁਸਤਕਾਂ ਕਿੰਨੀਆਂ ਵੀ ਵਧੀਆ ਕਿਉਂ ਨਾ ਲਿਖੀਆਂ ਗਈਆਂ ਹੋਣ।

----

ਇਸ ਵਿਸ਼ੇ ਬਾਰੇ ਮੈਂ ਕੁਝ ਮਹੀਨੇ ਪਹਿਲਾਂ ਵੀ ਇਹ ਨੁਕਤਾ ਪੇਸ਼ ਕੀਤਾ ਸੀ ਕਿ ਪੰਜਾਬੀ ਲੇਖਕਾਂ ਨੂੰ ਪੇਸ਼ ਆ ਰਹੀ ਇਸ ਸਮੱਸਿਆ ਨੂੰ ਪੰਜਾਬੀ ਲੇਖਕਾਂ ਦੇ ਅਦਾਰਿਆਂ ਵੱਲੋਂ ਅੰਤਰ-ਰਾਸ਼ਟਰੀ ਪੱਧਰ ਉੱਤੇ ਚਰਚਾ ਦਾ ਵਿਸ਼ਾ ਬਣਾਇਆ ਜਾਣਾ ਚਾਹੀਦਾ ਹੈ। ਇਹ ਵਿਸ਼ਾ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਜਾਬ, ਇੰਡੀਆ ਵਿੱਚ ਡਾ. ਦੀਪਕ ਮਨਮੋਹਨ ਸਿੰਘ ਦੀ ਅਗਵਾਈ ਵਿੱਚ ਸਥਾਪਤ ਕੀਤੇ ਗਏ ਵਰਲਡ ਪੰਜਾਬੀ ਸੈਂਟਰਵੱਲੋਂ ਨਵੰਬਰ 2009 ਵਿੱਚ ਆਯੋਜਿਤ ਕੀਤੀ ਜਾ ਰਹੀ ਵਿਸ਼ਵ ਪੰਜਾਬੀ ਕਾਨਫਰੰਸਵਿੱਚ ਵੀ ਖੁੱਲ੍ਹ ਕੇ ਵਿਚਾਰਿਆ ਜਾਣਾ ਚਾਹੀਦਾ ਹੈ।

----

ਇਸ ਨੁਕਤੇ ਨੂੰ ਹਿੰਦੁਸਤਾਨ, ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਯੋਰਪੀਅਨ ਦੇਸ਼ਾਂ ਦੀਆਂ ਪੰਜਾਬੀ ਸਾਹਿਤ ਸਭਾਵਾਂ ਵਿੱਚ ਵੀ ਵਿਚਾਰਿਆ ਜਾਣਾ ਚਾਹੀਦਾ ਹੈ। ਇਸ ਵਿਸ਼ੇ ਬਾਰੇ ਚਰਚਾ ਛੇੜਨ ਵੇਲੇ ਇਸ ਗੱਲ ਨੂੰ ਵੀ ਵਿਚਾਰਿਆ ਜਾਵੇ ਕਿ ਹਿੰਦੁਸਤਾਨ ਦੇ ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਕ ਸਿਰਫ ਹਿੰਦੁਸਤਾਨ ਦੇ ਲੇਖਕਾਂ ਨਾਲ ਹੀ ਮਾੜਾ ਵਰਤਾਓ ਨਹੀਂ ਕਰਦੇ ਉਹ ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ ਲੇਖਕਾਂ ਨਾਲ ਵੀ ਮਾੜਾ ਵਰਤਾਓ ਕਰਦੇ ਹਨ। ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਕ ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ ਲੇਖਕਾਂ ਨਾਲ ਤਾਂ ਬਲਕਿ ਦੂਹਰਾ ਮਾੜਾ ਵਰਤਾਓ ਕਰਦੇ ਹਨ। ਹਿੰਦੁਸਤਾਨ ਦੇ ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਕ ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ ਲੇਖਕਾਂ ਨਾਲ ਨਾ ਸਿਰਫ ਮਾੜਾ ਵਰਤਾਓ ਹੀ ਕਰਦੇ ਹਨ; ਬਲਕਿ ਉਹ ਬਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ ਲੇਖਕਾਂ ਵੱਲੋਂ ਮਿਹਨਤ ਨਾਲ ਕਮਾਏ ਡਾਲਰ / ਪੌਂਡ ਵੀ ਬੜੀ ਬੇਸ਼ਰਮੀ ਨਾਲ ਲੁੱਟਦੇ ਹਨ।

----

ਆਪਣੀ ਗੱਲ ਨੂੰ ਹੋਰ ਵਧੇਰੇ ਤਰਕਸ਼ੀਲ ਬਣਾਉਣ ਲਈ ਇਸ ਸਬੰਧ ਵਿੱਚ ਮੈਂ ਆਪਣੇ ਨਾਲ ਬੀਤੀ ਇੱਕ ਤਾਜ਼ੀ ਘਟਨਾ ਦਾ ਵਿਸਥਾਰ ਪੇਸ਼ ਕਰਨਾ ਚਾਹਾਂਗਾ; ਤਾਂ ਜੋ ਆਪਣੀ ਗੱਲ ਨੂੰ ਹੋਰ ਵਧੇਰੇ ਸਪੱਸ਼ਟ ਕੀਤਾ ਜਾ ਸਕੇ। ਇੰਡੀਆ ਵਿੱਚ ਸਥਿਤ ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਕ ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ (ਮਾਲਕ: ਹਰੀਸ਼ ਜੈਨ / ਰੋਹਿਤ ਜੈਨ) ਨੇ 2008 ਵਿੱਚ ਮੇਰਾ ਕਾਵਿ-ਸੰਗ੍ਰਹਿ ਗਲੋਬਲੀਕਰਨਪ੍ਰਕਾਸ਼ਤ ਕੀਤਾ ਸੀ। ਇਸ ਦੇ ਬਦਲੇ ਵਿੱਚ ਮੈਂ ਲੋਕਗੀਤ ਪ੍ਰਕਾਸ਼ਨ ਨੂੰ ਤਕਰੀਬਨ 800 ਡਾਲਰ ਭੇਜੇ ਸਨ। ਜਿਸ ਵਿੱਚ ਮੈਨੂੰ ਮੇਰੇ ਹਿੱਸੇ ਦੀਆਂ ਕਿਤਾਬਾਂ ਕੈਨੇਡਾ ਭੇਜਣ ਦਾ ਖਰਚਾ ਵੀ ਸ਼ਾਮਿਲ ਸੀ। ਇਹ ਡਾਲਰ ਮੈਂ ਕੈਨੇਡਾ ਦੇ ਪ੍ਰਸਿੱਧ ਬੈਂਕ ਟੀਡੀ ਕੈਨੇਡਾ ਟਰੱਸਟ ਰਾਹੀਂ ਬੈਂਕ ਡਰਾਫਟਾਂ ਦੇ ਰੂਪ ਵਿੱਚ ਭੇਜੇ ਸਨ। ਜਿਸ ਦੀਆਂ ਰਸੀਦਾਂ ਮੇਰੇ ਕੋਲ ਮੌਜੂਦ ਹਨ। ਇਹ ਡਾਲਰ ਹਰੀਸ਼ ਜੈਨ / ਰੋਹਿਤ ਜੈਨ ਦੀ ਕੰਪਨੀ ਤਕਰੀਬਨ 18 ਮਹੀਨੇ ਪਹਿਲਾਂ ਵਸੂਲ ਕਰ ਚੁੱਕੀ ਹੈ। ਪਿਛਲੇ 18 ਮਹੀਨਿਆਂ ਵਿੱਚ ਮੈਨੂੰ ਮੇਰੀ ਪੁਸਤਕ ਦੀਆਂ ਸਿਰਫ 2 ਕਾਪੀਆਂ ਹੀ ਮਿਲੀਆਂ ਹਨ। ਮੈਂ ਹਰੀਸ਼ ਜੈਨ / ਰੋਹਿਤ ਜੈਨ ਨੂੰ ਅਨੇਕਾਂ ਵਾਰ ਈਮੇਲਾਂ ਭੇਜ ਚੁੱਕਾਂ ਹਾਂ ਅਤੇ ਟੈਲੀਫੂਨ ਉੱਤੇ ਵੀ ਗੱਲ ਕਰ ਚੁੱਕਾ ਹਾਂ। ਲੋਕਗੀਤ ਪ੍ਰਕਾਸ਼ਨ ਨੇ ਮੇਰੇ ਡਾਲਰਾਂ ਨਾਲ ਪੁਸਤਕ ਛਾਪ ਕੇ ਵੇਚ ਵੀ ਲਈ ਹੈ ਅਤੇ ਇਸ ਪੁਸਤਕ ਤੋਂ ਮੇਰੇ ਭੇਜੇ ਡਾਲਰਾਂ ਤੋਂ ਇਲਾਵਾ ਵੀ ਕਮਾਈ ਕਰ ਲਈ ਹੈ ਪਰ ਮੈਨੂੰ ਮੇਰੇ ਹਿੱਸੇ ਦੀਆਂ ਕਾਪੀਆਂ ਦੇਣ ਲਈ ਉਹ ਤਿਆਰ ਨਹੀਂ? ਅਸੀਂ ਬਦੇਸ਼ਾਂ ਵਿੱਚ ਬੈਠੇ ਪੰਜਾਬੀ ਲੇਖਕ ਪੰਜਾਬੀ ਬੋਲੀ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਲਈ ਹਿੰਦੁਸਤਾਨ ਦੇ ਪ੍ਰਕਾਸ਼ਕਾਂ ਦੀ ਆਰਥਿਕ ਮੱਦਦ ਕਰਦੇ ਹਾਂ ਤਾਂ ਜੋ ਪੰਜਾਬੀ ਦੀਆਂ ਪੁਸਤਕਾਂ ਵਧੀਆ ਢੰਗ ਨਾਲ ਪ੍ਰਕਾਸ਼ਤ ਹੋ ਸਕਣ। ਪਰ ਹਿੰਦੁਸਤਾਨ ਦੇ ਪ੍ਰਕਾਸ਼ਕ ਸਾਡੇ ਨਾਲ ਅਜਿਹਾ ਘਟੀਆ ਵਤੀਰਾ ਕਿਉਂ ਕਰਦੇ ਹਨ ਇਹ ਗੱਲ ਸਾਡੇ ਲਈ ਬਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ ਲੇਖਕਾਂ ਲਈ ਸਮਝਣੀ ਮੁਸ਼ਕਿਲ ਹੈ?

-----

ਮੈਂ ਇਹ ਵੀ ਜਾਣਦਾ ਹਾਂ ਕਿ ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ ਦਾ ਮਾਲਕ ਹਰੀਸ਼ ਜੈਨ ਇੱਕ ਅਮੀਰ ਆਦਮੀ ਹੈ। ਉਸ ਲਈ 800 ਡਾਲਰ ਦੀ ਇਹ ਛੋਟੀ ਜਿਹੀ ਰਾਸ਼ੀ ਕੋਈ ਖ਼ਾਸ ਅਹਿਮੀਅਤ ਨਹੀਂ ਰੱਖਦੀ। ਇੰਨੀ ਕੁ ਰਾਸ਼ੀ ਸਾਡੇ ਲਈ ਵੀ ਕੋਈ ਖਾਸ ਅਹਿਮੀਅਤ ਨਹੀਂ ਰੱਖਦੀ। ਸਵਾਲ ਸਿਰਫ ਇੰਨਾ ਕੁ ਹੈ ਕਿ ਹਿੰਦੁਸਤਾਨ ਦੇ ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਕ ਬਦੇਸ਼ਾਂ ਵਿੱਚ ਬੈਠੇ ਪੰਜਾਬੀ ਲੇਖਕਾਂ ਨਾਲ ਇਸ ਤਰ੍ਹਾਂ ਦਾ ਘਟੀਆ ਵਤੀਰਾ ਕਿਉਂ ਕਰਦੇ ਹਨ?

-----

ਮੈਂ ਇਸ ਵਿਸ਼ੇ ਬਾਰੇ ਕੈਨੇਡਾ ਦੇ ਪ੍ਰਸਿੱਧ ਪੰਜਾਬੀ ਲੇਖਕਾਂ ਸੁਖਮਿੰਦਰ ਰਾਮਪੁਰੀ (ਓਨਟਾਰੀਓ), ਗੁਰਦੇਵ ਚੌਹਾਨ (ਓਨਟਾਰੀਓ), ਗੁਰਦਿਆਲ ਕੰਵਲ (ਓਨਟਾਰੀਓ), ਮਿੱਤਰ ਰਾਸ਼ਾ (ਓਨਟਾਰੀਓ), ਰਵਿੰਦਰ ਰਵੀ (ਬ੍ਰਿਟਿਸ਼ ਕੋਲੰਬੀਆ), ਜਸਬੀਰ ਕਾਲਰਵੀ (ਓਨਟਾਰੀਓ) ਅਤੇ ਇਕਬਾਲ ਖ਼ਾਨ (ਅਲਬਰਟਾ) ਨਾਲ ਵਿਚਾਰ ਵਿਟਾਂਦਰਾ ਕਰ ਚੁੱਕਾ ਹਾਂ। 25, 26, 27 ਜੁਲਾਈ , 2009 ਨੂੰ ਵਿਸ਼ਵ ਪੰਜਾਬੀ ਕਾਨਫਰੰਸ 2009 ਟੋਰਾਂਟੋਦੌਰਾਨ ਹਿੰਦੁਸਤਾਨ ਤੋਂ ਆਏ ਪੰਜਾਬੀ ਲੇਖਕਾਂ ਡਾ. ਸੁਤਿੰਦਰ ਸਿੰਘ ਨੂਰ (ਦਿੱਲੀ), ਡਾ. ਵਨੀਤਾ (ਦਿੱਲੀ), ਡਾ. ਭਗਵੰਤ ਸਿੰਘ (ਪਟਿਆਲਾ) ਅਤੇ ਡਾ. ਰਵਿੰਦਰ ਕੌਰ (ਲੁਧਿਆਣਾ) ਨਾਲ ਵੀ ਇਸ ਵਿਸ਼ੇ ਨੂੰ ਵਿਚਾਰਨ ਦਾ ਮੌਕਾ ਮਿਲਿਆ ਹੈ।

-----

ਕੈਨੇਡਾ ਦੇ ਪੰਜਾਬੀ ਲੇਖਕਾਂ ਦਾ ਇਹ ਮੱਤ ਹੈ ਕਿ ਹਿੰਦੁਸਤਾਨ ਦੇ ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਕ ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ ਲੇਖਕਾਂ ਨਾਲ ਇਸ ਕਰਕੇ ਮਾੜਾ ਵਰਤਾਓ ਕਰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਵਿਦੇਸ਼ਾਂ ਵਿੱਚ ਰਹਿ ਰਹੇ ਲੇਖਕਾਂ ਕੋਲ ਇੰਨਾਂ ਸਮਾਂ ਹੀ ਨਹੀਂ ਹੁੰਦਾ ਕਿ ਉਹ ਹਿੰਦੁਸਤਾਨ ਦੇ ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਕਾਂ ਵਿਰੁੱਧ ਹਿੰਦੁਸਤਾਨ ਵਿੱਚ ਜਾ ਕੇ ਕੋਈ ਕਾਰਵਾਈ ਕਰ ਸਕਣ। ਮੇਰੇ ਸਾਹਿਤਕਾਰ ਦੋਸਤਾਂ ਸੁਖਮਿੰਦਰ ਰਾਮਪੁਰੀ ਅਤੇ ਕੁਝ ਹੋਰਨਾਂ ਨੇ ਮੈਨੂੰ ਇਹ ਸਲਾਹ ਦਿੱਤੀ ਹੈ ਕਿ ਇਸ ਸਬੰਧ ਵਿੱਚ ਮੇਰੇ ਵੱਲੋਂ ਕੇਂਦਰੀ ਪੰਜਾਬੀ ਸਾਹਿਤ ਸਭਾ, ਪੰਜਾਬ, ਇੰਡੀਆ ਅਤੇ ਹੋਰਨਾਂ ਪੰਜਾਬੀ ਅਦਾਰਿਆਂ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਕਾਂ ਵੱਲੋਂ ਦਿਖਾਏ ਜਾ ਰਹੇ ਮਾੜੇ ਵਤੀਰੇ ਨੂੰ ਕੇਂਦਰੀ ਪੰਜਾਬੀ ਸਾਹਿਤ ਸਭਾ ਦੇ ਕਿਸੇ ਸੈਸ਼ਨ ਵਿੱਚ ਖੁੱਲ੍ਹ ਕੇ ਵਿਚਾਰਿਆ ਜਾ ਸਕੇ।

-----

ਮੇਰੇ ਵੱਲੋਂ ਪੰਜਾਬੀ ਅਖਬਾਰਾਂ / ਮੈਗਜ਼ੀਨਾਂ / ਵੈੱਬਸਾਈਟਾਂ / ਪੰਜਾਬੀ ਬਲਾਗਾਂ ਨੂੰ ਖੁੱਲ੍ਹ੍ਹ ਹੈ ਕਿ ਉਹ ਮੇਰਾ ਇਹ ਖੁੱਲ੍ਹਾ ਖ਼ਤ ਪ੍ਰਕਾਸ਼ਿਤ ਕਰ ਸਕਦੇ ਹਨ, ਤਾਂ ਜੋ ਵਿਸ਼ਵ ਭਰ ਦੇ ਪੰਜਾਬੀ ਲੇਖਕਾਂ ਵਿੱਚ ਇਸ ਵਿਸ਼ੇ ਬਾਰੇ ਵੀ ਖੁੱਲ੍ਹ ਕੇ ਬਹਿਸ ਛਿੜ ਸਕੇ। ਕਿਸੇ ਵੀ ਦੇਸ਼ ਦੇ ਪੰਜਾਬੀ ਲੇਖਕਾਂ ਨਾਲ ਜੇਕਰ ਕਿਸੇ ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਕ ਨੇ ਅਜਿਹਾ ਘਟੀਆ ਵਤੀਰਾ ਦਿਖਾਇਆ ਹੈ ਤਾਂ ਉਹ ਮੈਨੂੰ ਸਿੱਧਾ ਖ਼ਤ ਵੀ ਲਿਖ ਸਕਦੇ ਹਨ। ਉਨ੍ਹਾਂ ਦੇ ਵਿਚਾਰ ਅਸੀਂ ਆਪਣੇ ਮੈਗਜ਼ੀਨ ਸੰਵਾਦਦੇ ਦਿਵਾਲੀਅੰਕ ਵਿੱਚ ਵੀ ਪ੍ਰਕਾਸ਼ਿਤ ਕਰ ਸਕਾਂਗੇ।

ਧੰਨਵਾਦ ਸਹਿਤ-

ਤੁਹਾਡਾ ਅਪਣਾ,

ਸੁਖਿੰਦਰ,

ਸੰਪਾਦਕ: ਸੰਵਾਦ

ਸੁਖਿੰਦਰ - ਲੇਖ

ਗਲੋਬਲੀਕਰਨ ਦੀ ਹਨੇਰੀ - ਸੁਖਿੰਦਰ

ਲੇਖ

ਮੈਂ ਆਪਣਾ ਕਾਵਿ-ਸੰਗ੍ਰਹਿ ਗਲੋਬਲੀਕਰਨ2008 ਵਿੱਚ ਪ੍ਰਕਾਸ਼ਿਤ ਕੀਤਾ ਸੀਇਸ ਤੋਂ ਪਹਿਲਾਂ ਮੈਂ ਆਪਣੇ ਅੱਠ ਕਾਵਿ-ਸੰਗ੍ਰਹਿ ਸ਼ਹਿਰ, ਧੁੰਦ ਤੇ ਰੌਸ਼ਨੀਆਂ’ (1974), ‘ਲੱਕੜ ਦੀਆਂ ਮੱਛੀਆਂ’ (1979), ‘ਤੂਫ਼ਾਨ ਦੀਆਂ ਜੜ੍ਹਾਂ ਵਿੱਚ’ (1985), ‘ਬੁੱਢੇ ਘੋੜਿਆਂ ਦੀ ਆਤਮ-ਕਥਾ’ (1991), ‘ਸ਼ਕਿਜ਼ੋਫਰੇਨੀਆਂ’ (1993), ‘ਇਹ ਖ਼ਤ ਕਿਸਨੂੰ ਲਿਖਾਂ’ (1998), ‘ਪ੍ਰਦੂਸ਼ਿਤ ਹਵਾ ਨਾਲ ਸੰਵਾਦ’ (2006) ਅਤੇ ਕੁੱਤਿਆਂ ਬਾਰੇ ਕਵਿਤਾਵਾਂ’ (2006) ਪ੍ਰਕਾਸ਼ਿਤ ਕਰ ਚੁੱਕਾ ਸਾਂ

1993 ਵਿੱਚ ਪ੍ਰਕਾਸ਼ਿਤ ਹੋਇਆ ਮੇਰਾ ਬਹੁ-ਚਰਚਿਤ ਕਾਵਿ-ਸੰਗ੍ਰਹਿ ਸ਼ਕਿਜ਼ੋਫਰੇਨੀਆਂ24 ਕਵਿਤਾਵਾਂ ਦੀ ਇੱਕ ਲੜੀ ਸੀਇਸ ਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਹਰ ਕਵਿਤਾ ਦਾ ਨਾਮ ਸ਼ਕਿਜ਼ੋਫਰੇਨੀਆਂਸੀਮੇਰੇ ਕਾਵਿ-ਸੰਗ੍ਰਹਿ ਗਲੋਬਲੀਕਰਨਵਿੱਚ ਸ਼ਾਮਿਲ ਹਰ ਕਵਿਤਾ ਦਾ ਨਾਮ ਵੀ ਗਲੋਬਲੀਕਰਨਹੀ ਹੈਇਸ ਤਰ੍ਹਾਂ ਇਹ ਸਾਰੀਆਂ ਕਵਿਤਾਵਾਂ ਇੱਕੋ ਹੀ ਵਿਸ਼ੇ ਗਲੋਬਲੀਕਰਨ ਦੇ ਹੀ ਵੱਖੋ ਵੱਖ ਪਹਿਲੂਆਂ ਬਾਰੇ ਚਰਚਾ ਛੇੜਦੀਆਂ ਹਨ

-----

ਗਲੋਬਲੀਕਰਨਕਾਵਿ-ਸੰਗ੍ਰਹਿ ਵਿੱਚ ਸ਼ਾਮਿਲ 40 ਕਵਿਤਾਵਾਂ ਸਾਹਿਤ, ਸਭਿਆਚਾਰ, ਸੰਗੀਤ, ਰਾਜਨੀਤੀ, ਆਰਥਿਕਤਾ, ਸਮਾਜਿਕਤਾ, ਵਿੱਦਿਆ, ਦਰਸ਼ਨ, ਧਰਮ, ਨੈਤਿਕਤਾ, ਵਿਗਿਆਨ, ਤਕਨਾਲੋਜੀ ਅਤੇ ਨੈਤਿਕਤਾ ਉੱਤੇ ਪੈ ਰਹੇ ਗਲੋਬਲੀਕਰਨ ਦੇ ਪ੍ਰਭਾਵਾਂ ਨੂੰ ਕੇਂਦਰੀ ਬਿੰਦੂ ਬਣਾ ਕੇ ਚਰਚਾ ਛੇੜਦੀਆਂ ਹਨ

ਗਲੋਬਲੀਕਰਨ ਜਾਂ ਮੰਡੀ ਸਭਿਆਚਾਰ ਨੇ ਜ਼ਿੰਦਗੀ ਨਾਲ ਸਬੰਧਤ ਹਰ ਪਹਿਲੂ ਨੂੰ ਹੀ ਪ੍ਰਭਾਵਤ ਕੀਤਾ ਹੈਮੰਡੀ ਸਭਿਆਚਾਰ ਦਾ ਸਾਰਾ ਜ਼ੋਰ ਮਨੁੱਖ ਨੂੰ ਮੰਡੀ ਦੀ ਇੱਕ ਵਸਤ ਬਨਾਉਣ ਉੱਤੇ ਹੀ ਲੱਗਦਾ ਹੈਕਿਸੇ ਪਾਸੇ ਵੀ ਨਜ਼ਰ ਮਾਰੀਏ ਸਾਨੂੰ ਮੰਡੀ ਸਭਿਆਚਾਰ ਦੇ ਵੱਧ ਰਹੇ ਪ੍ਰਭਾਵ ਦਾ ਅਸਰ ਸਹਿਜੇ ਹੀ ਅਨੁਭਵ ਹੋ ਜਾਂਦਾ ਹੈ

ਮੰਡੀ ਸਭਿਆਚਾਰ ਨਵ-ਪੂੰਜੀਵਾਦ ਦਾ ਹੀ ਦੂਜਾ ਨਾਮ ਹੈਨਵ-ਪੂੰਜੀਵਾਦ ਸਭਿਆਚਾਰ ਦੇ ਰੂਪ ਵਿੱਚ ਜਿ਼ੰਦਗੀ ਦੇ ਵੱਖੋ ਵੱਖ ਪਹਿਲੂਆਂ ਵਿੱਚ ਦਖਲਅੰਦਾਜ਼ੀ ਕਰਦਾ ਹੈਇਸ ਤਰ੍ਹਾਂ ਉਹ ਜਿ਼ੰਦਗੀ ਜਿਉਣ ਬਾਰੇ ਬਣੀ ਸਾਡੀ ਸੋਚ ਉੱਤੇ ਹਮਲਾ ਕਰਦਾ ਹੈਮਨੁੱਖ ਦੀ ਮਾਨਸਿਕਤਾ ਵਿੱਚ ਤਬਦੀਲੀ ਆ ਜਾਣ ਤੋਂ ਬਾਹਦ ਉਹ ਹਰ ਕੰਮ ਰੋਬਾਟ ਵਾਂਗ ਕਰੀ ਜਾਂਦਾ ਹੈਮੰਡੀ ਸਭਿਆਚਾਰ ਮਨੁੱਖ ਦੀ ਮਾਨਸਿਕਤਾ ਵਿੱਚ ਇਹ ਵਿਸ਼ਵਾਸ ਭਰ ਦਿੰਦਾ ਹੈ ਕਿ ਅਜੋਕੇ ਸਮਿਆਂ ਵਿੱਚ ਕੋਈ ਵੀ ਚੀਜ਼ ਪਵਿੱਤਰ ਨਹੀਂਹਰ ਚੀਜ਼ ਮੰਡੀ ਦੀ ਵਸਤ ਵਾਂਗ ਖ੍ਰੀਦੀ ਜਾਂ ਵੇਚੀ ਜਾ ਸਕਦੀ ਹੈਇੱਥੋਂ ਤੱਕ ਕਿ ਮਨੁੱਖ ਨੂੰ ਵੀ ਮੰਡੀ ਦੀ ਇੱਕ ਵਸਤ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈਮੰਡੀ ਸਭਿਆਚਾਰ ਮਨੁੱਖ ਦੀ ਮਾਨਸਿਕਤਾ ਨੂੰ ਗੰਧਲਾ ਕਰਨ ਲਈ ਸਭ ਤੋਂ ਪਹਿਲਾ ਹਮਲਾ ਮਨੁੱਖੀ ਰਿਸ਼ਤਿਆਂ ਉੱਤੇ ਕਰਦਾ ਹੈਇਹ ਸਭਿਆਚਾਰ ਮਨੁੱਖ ਦੀ ਮਾਨਸਿਕਤਾ ਵਿੱਚ ਇਹ ਸੋਚ ਭਰਦਾ ਹੈ ਕਿ ਇਸ ਦੁਨੀਆਂ ਵਿੱਚ ਮਾਂ, ਧੀ, ਪਤਨੀ, ਭੈਣ, ਭਰਾ, ਪਿਓ, ਪੁੱਤਰ ਕੋਈ ਵੀ ਸ਼ੈਅ ਪਵਿੱਤਰ ਨਹੀਂਲੋੜ ਪੈਣ ਉੱਤੇ ਅਤੇ ਯੋਗ ਕੀਮਤ ਦੇਣ ਵਾਲੇ ਗਾਹਕ ਦੀ ਮੌਜੂਦਗੀ ਵਿੱਚ ਇਨ੍ਹਾਂ ਚੋਂ ਕੋਈ ਵੀ ਸ਼ੈਅ ਵੇਚੇ ਜਾਣ ਵਿੱਚ ਕੋਈ ਹਰਜ਼ ਨਹੀਂਮੰਡੀ ਸਭਿਆਚਾਰ ਦੀ ਇਸ ਸੋਚ ਨੂੰ ਮੈਂ ਆਪਣੀ ਕਵਿਤਾ ਗਲੋਬਲੀਕਰਨ-2ਦੀਆਂ ਇਨ੍ਹਾਂ ਸਤਰਾਂ ਵਿੱਚ ਕੁਝ ਇਸ ਢੰਗ ਨਾਲ ਪੇਸ਼ ਕੀਤਾ ਹੈ:

ਕਿੱਥੇ ਆਣ ਪਹੁੰਚੇ ਹਾਂ, ਅਸੀਂ

ਆਧੁਨਿਕਤਾ ਤੋਂ ਪਰਾ-ਆਧੁਨਿਕਤਾ ਤੱਕ ਦਾ

ਸਫ਼ਰ ਕਰਦਿਆਂ-

ਨਵੇਂ ਯੁਗ ਦੀਆਂ ਨਿਆਮਤਾਂ ਨੇ

ਸ਼ਬਦਾਂ ਦੇ ਹੇਰ-ਫੇਰ ਸੰਗ

ਹੱਸਦੇ-ਵੱਸਦੇ ਘਰਾਂ ਨੂੰ

ਚਕਲੇ ਬਣਾ ਦਿੱਤਾ ਹੈ

ਕਿੰਨੀਆਂ ਅਨਭੋਲ ਨੇ ਉਹ ਸੁਆਣੀਆਂ

ਜੋ ਮੈਗਾ ਕੰਪਨੀਆਂ ਦੇ ਪਿਆਦੇ ਬਣੇ

ਸੂਟਿਡ-ਬੂਟਿਡ ਬਘਿਆੜਾਂ ਦੇ

ਖੂਨੀ ਚਿਹਰਿਆਂ ਨੂੰ ਪਹਿਚਾਨਣ ਤੋਂ ਅਸਮਰੱਥ

ਉਨ੍ਹਾਂ ਦੇ ਝੂਠ ਦੀ ਚਾਸ਼ਨੀ ਵਿੱਚ ਲਿਬੜੇ

ਬੋਲਾਂ ਉੱਤੇ ਮੋਹਿਤ ਹੋਈਆਂ

ਲਾਲ-ਬੱਤੀ ਵਾਲੇ ਚੌਕ ਵਿੱਚ ਖੜ੍ਹੀਆਂ

ਰੰਡੀਆਂ ਵਾਂਗ, ਸਾਰੀ ਸਾਰੀ ਰਾਤ

ਇੰਟਰਨੈੱਟ ਮੰਡੀ ਦੇ ਛੱਪੜਾਂ

ਆਪਣੇ ਜਾਲ ਵਿਛਾ

ਮੱਛੀਆਂ ਫੜਨ ਦੀ ਲਾਲਸਾ ਹਿਤ

ਸਾਰੀ ਸਾਰੀ ਰਾਤ ਬਿਤਾ ਦਿੰਦੀਆਂ ਹਨ

-----

ਮੰਡੀ ਸਭਿਆਚਾਰ ਆਪਣਾ ਅਗਲਾ ਹਮਲਾ ਸਾਹਿਤ, ਸੰਗੀਤ ਅਤੇ ਕਲਾ ਉੱਤੇ ਕਰਦਾ ਹੈਇਸ ਕੰਮ ਵਿੱਚ ਉਸਦਾ ਭਾਈਵਾਲ ਬਣਦਾ ਹੈ ਮੀਡੀਆਮੀਡੀਆ ਨਾਲ ਸਬੰਧਤ ਚਿੰਤਕ, ਲੇਖਕ, ਕਲਾਕਾਰ ਅਤੇ ਗਾਇਕ ਮੰਡੀ ਸਭਿਆਚਾਰ ਦੇ ਢੰਡੋਰਚੀ ਬਣ ਕੇ ਅਜਿਹੇ ਸਭਿਆਚਾਰ ਦੀਆਂ ਸਿਫਤਾਂ ਵਿੱਚ ਪ੍ਰਵਚਨ ਕਰਦੇ ਹਨਪਰਵਾਰਿਕ ਰਿਸ਼ਤਿਆਂ ਨੂੰ ਗੰਧਲਾ ਕਰਨ ਲਈ ਮੰਡੀ ਸਭਿਆਚਾਰ ਸਾਹਿਤ, ਸੰਗੀਤ ਅਤੇ ਕਲਾ ਨੂੰ ਕਿਸ ਤਰ੍ਹਾਂ ਵਰਤਦਾ ਹੈ ਇਸ ਦੀ ਮਿਸਾਲ ਲਈ ਅਸੀਂ ਦੇਖ ਸਕਦੇ ਹਾਂ ਨਜ਼ਮ ਗਲੋਬਲੀਕਰਨ-2ਦੀਆਂ ਇਹ ਕਾਵਿ-ਸਤਰਾਂ:

ਨਵੇਂ ਯੁਗ ਦੇ ਵਰਕਾਂ ਵਿੱਚ ਲਿਪਟੀ

ਪਰਾ-ਆਧੁਨਿਕ ਸ਼ਬਦਾਵਲੀ ਦੇ ਖੱਚਰੇਪਣ ਨੇ

ਗੰਧਲੇ ਕਰ ਦਿੱਤੇ ਨੇ

ਸਾਡੀ ਚੇਤਨਾ ਵਿਚ ਵਗ ਰਹੇ

ਨਿਰਮਲ ਪਾਣੀਆਂ ਦੇ ਝਰਨੇ

ਸੱਜਰੀ ਸਵੇਰ ਵਰਗੀ ਗਾਇਕੀ ਦੇ ਮੰਚ ਤੋਂ ਵੀ

ਹੁਣ ਜਦੋਂ, ਕੋਈ ਗਾਇਕ

ਕਿਸੇ ਪਾਂ ਪਏ ਕੁੱਤੇ ਵਾਂਗ

ਆਪਣੀ ਪੂਛ ਹਿਲਾਉਂਦਾ, ਲੱਚਰਤਾ ਦੀ ਸਿਖਰ

ਤੱਕ ਪਹੁੰਚਣ ਦਾ ਯਤਨ ਕਰਦਾ ਹੈ

ਤਾਂ, ਸਰੋਤਿਆਂ ਵਿੱਚ ਬੈਠੀ

ਇੱਕ ਜੁਆਨ ਹੋ ਰਹੀ ਧੀ

ਆਪਣੇ ਨਾਲ ਆਏ ਪਿਤਾ ਨੂੰ

ਸ਼ਰਮਸਾਰ ਹੋਇਆ ਵੇਖ

ਬੋਲ ਉੱਠਦੀ ਹੈ:

ਮੈਂ ਨਹੀਂ ਸੁਨਣੇ ਇਹ ਗੰਦੇ ਗੀਤ

ਪਾਪਾ ! ਮੈਨੂੰ ਨਹੀਂ ਚਾਹੀਦਾ

ਤੁਹਾਡਾ, ਇਹ ਗੰਧਲਾ ਸਭਿਆਚਾਰ !

----

ਸਭਿਆਚਾਰ ਨੂੰ ਗੰਧਲਾ ਕਰਨ ਲਈ ਉਸ ਨੂੰ ਹਕੀਕਤਾਂ ਨਾਲੋਂ ਤੋੜਿਆ ਜਾਂਦਾ ਹੈਗੀਤ-ਸੰਗੀਤ ਵਿੱਚ ਸਭਿਆਚਾਰਕ ਪ੍ਰੰਪਰਕ ਅਤੇ ਸਮਾਂ ਵਿਹਾ ਚੁੱਕੀਆਂ ਕਦਰਾਂ-ਕੀਮਤਾਂ ਦੀ ਝੂਠੀ ਬੱਲੇ, ਬੱਲੇ ਕੀਤੀ ਜਾਂਦੀ ਹੈਜਿਸ ਤਰ੍ਹਾਂ ਦੀ ਮਾਨਸਿਕ ਅਤੇ ਨੈਤਿਕ ਗਿਰਾਵਟ ਚੋਂ ਲੋਕ ਲੰਘ ਰਹੇ ਹੁੰਦੇ ਹਨ ਉਸਦਾ ਜ਼ਿਕਰ ਨਹੀਂ ਕੀਤਾ ਜਾਂਦਾਪੰਜਾਬੀ ਕਮਿਊਨਿਟੀ ਇਸ ਸਮੇਂ ਅਨੇਕਾਂ ਤਰ੍ਹਾਂ ਦੇ ਨਸ਼ਿਆਂ ਦਾ ਸ਼ਿਕਾਰ ਹੋ ਰਹੀ ਹੈਕੋਈ ਹੀ ਦਿਨ ਖਾਲੀ ਜਾਂਦਾ ਹੈ, ਜਦੋਂ ਕਿ ਪੰਜਾਬੀ ਡਰੱਗ ਸਮਗਲਰ ਬਾਰਡਰ ਪੁਲਿਸ ਵੱਲੋਂ ਗ੍ਰਿਫਤਾਰ ਨਾ ਕੀਤੇ ਗਏ ਹੋਣਇਹ ਡਰੱਗ ਸਭਿਆਚਾਰ ਸਕੂਲਾਂ-ਕਾਲਿਜਾਂ-ਯੂਨੀਵਰਸਿਟੀਆਂ ਵਿੱਚ ਪੜ੍ਹਦੇ ਅਲ੍ਹੜ ਉਮਰ ਦੇ ਮੁੰਡਿਆਂ/ਕੁੜੀਆਂ ਦੀ ਜ਼ਿੰਦਗੀ ਤਬਾਹ ਕਰ ਰਿਹਾ ਹੈਪਰ ਮੰਡੀ ਸਭਿਆਚਾਰ ਨੂੰ ਤਾਂ ਆਪਣੇ ਮੁਨਾਫ਼ੇ ਨਾਲ ਮਤਲਬ ਹੈਮੰਡੀ ਸਭਿਆਚਾਰ ਦੇ ਇਸ ਪਹਿਲੂ ਦਾ ਜ਼ਿਕਰ ਮੇਰੀ ਕਵਿਤਾ ਗਲੋਬਲੀਕਰਨ-3ਦੀਆਂ ਇਨ੍ਹਾਂ ਕਾਵਿ-ਸਤਰਾਂ ਵਿੱਚ ਕੁਝ ਇਸ ਤਰ੍ਹਾਂ ਕੀਤਾ ਗਿਆ ਹੈ:

ਬਹੁਤ ਅਜੀਬ ਲੱਗਦਾ ਹੈ

ਰੇਡੀਓ ਉੱਤੇ ਵੱਜ ਰਿਹਾ ਗੀਤ ਸੁਣਕੇ:

ਪੰਜਾਬੀਆਂ ਦੀ ਹੋ ਗਈ ਬੱਲੇ ਨੀ ਬੱਲੇ

ਜਦੋਂ - ਸਵੇਰ ਦੇ ਆਏ ਤਾਜ਼ੇ ਅਖਬਾਰ ਦੀ ਮੁੱਢਲੀ ਸੁਰਖੀ

ਸਾਡੀ ਚੇਤਨਾ ਦੇ ਦਰਵਾਜ਼ਿਆਂ ਉੱਤੇ ਠੁੱਢੇ ਮਾਰ ਰਹੀ ਹੁੰਦੀ ਹੈ:

ਅੱਜ ਫਿਰ ਦੋ ਹੋਰ ਪੰਜਾਬੀ ਟਰੱਕ ਡਰਾਈਵਰ

ਕੈਨੇਡਾ-ਅਮਰੀਕਾ ਦੇ ਬਾਰਡਰ ਉੱਤੇ

ਕੋਕੇਨ ਦੀ ਸਮਗਲਿੰਗ ਕਰਦੇ ਫੜੇ ਗਏ

-----

ਇਹ ਸਭ ਕੁਝ ਅਚਾਨਕ ਨਹੀਂ ਵਾਪਰਨ ਲੱਗਦਾਟੈਲੀਵੀਜ਼ਨ ਦੀਆਂ ਸਕਰੀਨਾਂ ਉੱਤੇ ਆਮ ਲੋਕਾਂ ਦੀ ਜ਼ਿੰਦਗੀ ਦਿਖਾਉਣ ਦੀ ਥਾਂ ਜਦੋਂ ਮਹੱਲਾਂ ਵਾਂਗ ਸਜੇ ਘਰ ਦਿਖਾਏ ਜਾਂਦੇ ਹਨ ਅਤੇ ਲੋਕਾਂ ਦੀ ਮਾਨਸਿਕਤਾ ਵਿੱਚ ਇਹ ਗੱਲ ਭਰੀ ਜਾਂਦੀ ਹੈ ਕਿ ਨਵ-ਪੂੰਜੀਵਾਦ ਵੱਲੋਂ ਦਰਸਾਏ ਗਏ ਤਰੀਕਿਆਂ ਉੱਤੇ ਚੱਲ ਕੇ ਹਰ ਕੋਈ ਦਿਨਾਂ ਵਿੱਚ ਹੀ ਇਨ੍ਹਾਂ ਮਹੱਲਾਂ ਵਰਗੇ ਘਰਾਂ ਦੇ ਮਾਲਕਾਂ ਵਾਂਗ ਅਮੀਰ ਬਣ ਸਕਦਾ ਹੈ ਤਾਂ ਲੋਕ ਆਪਣੇ ਅਜਿਹੇ ਮੰਤਵਾਂ ਦੀ ਪ੍ਰਾਪਤੀ ਹਿਤ ਹਰ ਠੀਕ-ਗਲਤ ਰਾਹ ਅਪਨਾਉਣ ਲਈ ਤਿਆਰ ਹੋ ਜਾਂਦੇ ਹਨਕੈਨੇਡਾ ਦੇ ਦੋ ਵੱਡੇ ਪ੍ਰਾਂਤਾਂ ਬ੍ਰਿਟਿਸ਼ ਕੋਲੰਬੀਆ ਅਤੇ ਓਨਟਾਰੀਓ ਵਿੱਚ ਰਹਿ ਰਹੇ ਪੰਜਾਬੀ ਇਸ ਬੀਮਾਰੀ ਦੇ ਬੁਰੀ ਤਰ੍ਹਾਂ ਸਿ਼ਕਾਰ ਹੋ ਚੁੱਕੇ ਹਨ ਰਾਤੋ ਰਾਤ ਅਮੀਰ ਬਨਣ ਦੀ ਦੌੜ ਵਿੱਚ ਪੈ ਚੁੱਕੇ 100 ਤੋਂ ਵੱਧ ਪੰਜਾਬੀ ਨੌਜੁਆਨ ਬ੍ਰਿਟਿਸ਼ ਕੋਲੰਬੀਆ ਪ੍ਰਾਂਤ ਵਿੱਚ ਪੰਜਾਬੀ ਡਰੱਗ ਸਮਗਲਰ ਗੈਂਗਸਟਰਾਂ ਦੀ ਆਪਸ ਵਿੱਚ ਚੱਲ ਰਹੀ ਖਹਿਬਾਜ਼ੀ ਵਿੱਚ ਮਾਰੇ ਜਾ ਚੁੱਕੇ ਹਨਮੰਡੀ ਸਭਿਆਚਾਰ ਦੇ ਇਸ ਘਿਨਾਉਣੇ ਪੱਖ ਨੂੰ ਮੇਰੀ ਕਵਿਤਾ ਗਲੋਬਲੀਕਰਨ-21ਦੀਆਂ ਇਹ ਕਾਵਿ ਸਤਰਾਂ ਬੜੀ ਸਪੱਸ਼ਟਤਾ ਨਾਲ ਪੇਸ਼ ਕਰਦੀਆਂ ਹਨ:

ਗਲੋਬਲੀਕਰਨ ਨੇ

ਦੁਨੀਆਂ ਦੇ ਕੋਨੇ ਕੋਨੇ ਵਿੱਚ

ਟੈਲੀਵੀਜ਼ਨ ਦੀਆਂ ਸਕਰੀਨਾਂ ਰਾਹੀਂ

ਜ਼ਿੰਦਗੀ ਜਿਉਣ ਦੇ ਢੰਗਾਂ ਦੇ

ਝੂਠੇ ਸੁਪਨੇ ਦਿਖਾਉਣ ਦਾ

ਪ੍ਰਪੰਚ ਰਚ, ਰਾਤੋ ਰਾਤ

ਅਮੀਰ ਬਨਣ ਦੇ ਨੁਸਖੇ ਵੇਚਣ ਦਾ

ਜੋ ਸਿਲਸਿਲਾ ਸ਼ੁਰੂ ਕੀਤਾ ਹੈ

ਉਸੇ ਦੀ ਚਕਾਚੌਂਧ ਦੇ ਖਿੱਚੇ

ਡਾਲਰਾਂ ਪਿੱਛੇ ਲੱਗੀ ਅੰਨ੍ਹੀ ਦੌੜ

ਅਰਬੀ ਘੋੜਿਆਂ ਵਾਂਗੂੰ ਸਰਪਟ

ਦੌੜ ਰਹੇ ਨੇ ਲੋਕੀਂ

ਪਰ ਜਦੋਂ ਅਜਿਹੀ ਅੰਨ੍ਹੀ ਦੌੜ ਵਿੱਚ ਪੈ ਕੇ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਮਨ ਵਿੱਚ ਘੋਰ ਨਿਰਾਸ਼ਾ ਪੈਦਾ ਹੁੰਦੀ ਹੈ ਤਾਂ ਇਹ ਲੋਕ ਮਨ ਦੀ ਸ਼ਾਂਤੀ ਲਈ ਠੱਗ ਬਾਬਿਆਂ ਅਤੇ ਧਾਰਮਿਕ ਮੱਠਾਂ ਵੱਲ ਦੌੜਦੇ ਹਨਪਰ ਜ਼ਰੂਰੀ ਨਹੀਂ ਕਿ ਅਜਿਹੇ ਅੰਧ ਵਿਸ਼ਵਾਸੀ ਲੋਕ ਵਿੱਦਿਅਕ ਤੌਰ ਉੱਤੇ ਅਨਪੜ੍ਹ ਹੋਣਠੱਗ ਬਾਬਿਆਂ ਦੇ ਡੇਰਿਆਂ ਅਤੇ ਧਾਰਮਿਕ ਮੱਠਾਂ ਵਿੱਚ ਜਾ ਕੇ ਨੱਕ ਰਗੜਨ ਵਾਲੇ ਲੋਕਾਂ ਵਿੱਚ ਇੰਜਨੀਅਰ, ਡਾਕਟਰ, ਵਕੀਲ, ਪਰੋਫੈਸਰ, ਖਿਡਾਰੀ, ਬਿਜ਼ਨਸਮੈਨ, ਗਾਇਕ, ਕਲਾਕਾਰ ਅਤੇ ਮੀਡੀਆ ਦੇ ਲੋਕ ਵੀ ਸ਼ਾਮਿਲ ਹੁੰਦੇ ਹਨਇਹ ਅਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਕਮਿਊਨਿਟੀ ਬੜੇ ਸਿਆਣੇ ਅਤੇ ਪਤਵੰਤੇ ਲੋਕ ਸਮਝਦੀ ਹੈਕਮਿਊਨਿਟੀ ਦੇ ਆਮ ਲੋਕ ਜਿਨ੍ਹਾਂ ਤੋਂ ਅਨੇਕਾਂ ਹਾਲਤਾਂ ਵਿੱਚ ਰਹਿਨੁਮਾਈ ਪ੍ਰਾਪਤ ਕਰਦੇ ਹਨਅਜਿਹੇ ਮੁਖੌਟਾਧਾਰੀ ਰਹਿਨੁਮਾਵਾਂ ਦੇ ਅਸਲੀ ਕਿਰਦਾਰਾਂ ਬਾਰੇ ਮੈਂ ਆਪਣੀ ਕਵਿਤਾ ਗਲੋਬਲੀਕਰਨ-21ਦੀਆਂ ਇਨ੍ਹਾਂ ਕਾਵਿ ਸਤਰਾਂ ਵਿੱਚ ਬਹੁਤ ਸਪੱਸ਼ਟ ਸ਼ਬਦਾਂ ਵਿੱਚ ਲਿਖਿਆ ਹੈ:

ਇਹੀ ਹੈ ਉਹ ਭੀੜ

ਜੋ ਅਗਿਆਨਤਾ ਦੇ ਚਿੱਕੜ ਵਿੱਚ ਖੁੱਭੀ

ਹਰ ਠੱਗ, ਹਰ ਸੰਤ, ਹਰ ਸਾਧ ਦੇ

ਵਿਹੜੇ ਵਿੱਚ ਆਪਣਾ ਨੱਕ ਰਗੜਦੀ

ਤੁਹਾਨੂੰ ਨਜ਼ਰ ਆਏਗੀ

ਹਰ ਪਾਖੰਡੀ ਗੁਰੂ, ਬਾਬੇ ਦੀਆਂ

ਭੇਡਾਂ ਦੇ ਇੱਜੜ ਵਿੱਚ, ਜਿਸਨੂੰ

ਮੈਂ ਮੈਂ ਕਰਦਿਆਂ ਵੇਖੋਗੇ

ਇਹੀ ਹੈ ਉਹ ਭੀੜ

ਜੋ ਤੁਹਾਨੂੰ ਖੜ੍ਹੀ ਮਿਲੇਗੀ-

ਧਾਰਮਿਕ ਮੱਠਾਂ ਦੀਆਂ ਕੰਧਾਂ ਉਹਲੇ

ਅੰਨ੍ਹੇ ਨਿਸ਼ਾਨਚੀਆਂ ਵਾਂਗ

ਜ਼ਿੰਦਗੀ ਦਾ ਕੋਈ ਨਿਸ਼ਾਨਾ ਮਿੱਥਦੀ

-----

ਗਲੋਬਲੀਕਰਨ ਦੀ ਤੇਜ਼ ਹਨ੍ਹੇਰੀ ਅੱਗੇ ਕੱਖਾਂ ਕਾਨਿਆਂ ਵਾਂਗ ਉੱਡੇ ਫਿਰਦੇ ਸਾਡੇ ਇਹ ਮੁਖੌਟਾਧਾਰੀ ਅਤੇ ਭ੍ਰਿਸ਼ਟ ਹੋ ਚੁੱਕੇ ਰਹਿਨੁਮਾ ਜ਼ਿੰਦਗੀ ਦੇ ਹਰ ਖੇਤਰ ਵਿੱਚ ਹੀ ਆਪਣੀ ਭ੍ਰਿਸ਼ਟ ਹੋ ਚੁੱਕੀ ਮਾਨਸਿਕਤਾ ਦੀਆਂ ਜੜ੍ਹਾਂ ਲਗਾਉਣ ਲਈ ਯਤਨਸ਼ੀਲ ਹਨਰਾਜਨੀਤੀ, ਧਰਮ, ਵਿੱਦਿਆ, ਆਰਥਿਕਤਾ, ਵਾਤਾਵਰਨ, ਸਿਹਤ, ਖੇਡਾਂ, ਤਕਨਾਲੋਜੀ, ਵਿਗਿਆਨ - ਜ਼ਿੰਦਗੀ ਦਾ ਅਜਿਹਾ ਕੋਈ ਵੀ ਖੇਤਰ ਬਾਕੀ ਨਹੀਂ ਰਿਹਾ ਜੋ ਕਿ ਇਨ੍ਹਾਂ ਦੀ ਕਿਰਪਾ ਦ੍ਰਿਸ਼ਟੀ ਹੋਣ ਤੋਂ ਬਾਹਦ ਭ੍ਰਿਸ਼ਟ ਹੋਣ ਤੋਂ ਬਚ ਸਕਿਆ ਹੋਵੇਭਾਵੇਂ ਕਿ ਅਨੇਕਾਂ ਪਹਿਲੂਆਂ ਤੋਂ ਪਰਵਾਸ ਵਿੱਚ ਜਾਣ ਵਾਲੇ ਪੰਜਾਬੀ ਭ੍ਰਿਸ਼ਟਾਚਾਰ ਦੇ ਕੀਟਾਣੂੰ ਆਪਣੇ ਨਾਲ ਭਾਰਤ/ਪਾਕਿਸਤਾਨ ਤੋਂ ਹੀ ਲੈ ਕੇ ਜਾਂਦੇ ਹਨ; ਪਰ ਅਨੇਕਾਂ ਤਰ੍ਹਾਂ ਦੇ ਆਧੁਨਿਕ ਭ੍ਰਿਸ਼ਟਾਚਾਰ ਦੇ ਕੀਟਾਣੂੰ ਪਰਵਾਸ ਵਿੱਚ ਰਹਿ ਰਹੇ ਪੰਜਾਬੀ ਆਪਣੀ ਵਤਨ ਫੇਰੀ ਵੇਲੇ ਆਪਣੇ ਨਾਲ ਪਰਵਾਸ ਤੋਂ ਵੀ ਲੈ ਕੇ ਜਾਂਦੇ ਹਨਮੰਡੀ ਸਭਿਆਚਾਰ ਨੇ ਜਿਸ ਤਰ੍ਹਾਂ ਦਾ ਸਭਿਆਚਾਰਕ ਗੰਦ ਪੱਛਮੀ ਦੇਸ਼ਾਂ ਵਿੱਚ ਪਾਇਆ ਹੈ - ਸਾਡੇ ਪਰਵਾਸੀਆਂ ਨੇ ਉਸ ਗੰਦ ਦੀਆਂ ਜੜ੍ਹਾਂ ਪੰਜਾਬ ਵਿੱਚ ਵੀ ਲਗਾ ਦਿੱਤੀਆਂ ਹਨਪਰਵਾਸੀ ਪੰਜਾਬੀਆਂ ਦੀ ਪੰਜਾਬ ਨੂੰ ਦਿੱਤੀ ਗਈ ਅਜਿਹੀ ਵੱਡਮੁੱਲੀ ਦੇਣ ਦਾ ਨਕਸ਼ਾ ਮੈਂ ਆਪਣੀ ਕਵਿਤਾ ਗਲੋਬਲੀਕਰਨ-23ਵਿੱਚ ਕੁਝ ਇਸ ਤਰ੍ਹਾਂ ਉਲੀਕਿਆ ਹੈ:

ਪੰਜਾਬ, ਤੇਰੀਆਂ ਕੀ ਕੀ ਸਿਫਤਾਂ ਕਰਾਂ

ਗਲੋਬਲੀਕਰਨ ਦੀ ਤੇਜ਼ ਹਨ੍ਹੇਰੀ ਨੇ

ਤੇਰੀ ਧਰਤੀ ਦੇ ਕੋਨੇ ਕੋਨੇ ਵਿੱਚ ਵੀ

ਅਨੇਕਾਂ ਵੱਡਮੁੱਲੀਆਂ ਬਰਕਤਾਂ

ਲਿਆਂਦੀਆਂ ਹਨ

ਬਦੇਸ਼ਾਂ ਵਿਚ, ਹਰ ਪਲ

ਤੇਰੇ ਨਾਮ ਦੀ ਮਾਲਾ ਜਪਦੇ

ਤੇਰੇ ਧੀਆਂ-ਪੁੱਤਰਾਂ ਨੇ

ਪਰਮ ਪਿਤਾ ਪਰਮੇਸ਼ਰ ਨੂੰ

ਹਾਜ਼ਿਰ ਨਾਜ਼ਰ ਜਾਣਕੇ

ਸਹੁੰ ਖਾਧੀ ਸੀ

ਕਿ ਇੱਕ ਦਿਨ

ਉਹ, ਪੰਜਾਬ ਨੂੰ ਵੀ

ਕੈਲੇਫੋਰਨੀਆਂ ਬਣਾ ਦੇਣਗੇ

ਆਪਣੇ ਵਾਹਦੇ ਉੱਤੇ, ਉਹ

ਪੂਰੇ ਉਤਰੇ ਹਨ -

ਦਹਾਕਿਆਂ ਦਾ ਕੰਮ

ਉਨ੍ਹਾਂ ਨੇ ਸਾਲਾਂ ਵਿੱਚ ਹੀ

ਪੂਰਾ ਕਰ ਦਿਖਲਾਇਆ ਹੈ

ਨਸ਼ਿਆਂ ਦਾ ਛੇਵਾਂ ਦਰਿਆ ਵਗਾ ਕੇ

ਪੰਜਾਬੀਆਂ ਨੂੰ, ਅਮਲੀ ਅਤੇ ਨਸ਼ਈ

ਬਨਾਉਣ ਦੀ ਆਪਣੀ ਮੁਹਿੰਮ ਵਿੱਚ

ਭੰਗ, ਅਫੀਮ, ਚਰਸ, ਕਰੈਕ, ਕੁਕੇਨ ਦੇ ਅੱਡੇ

ਪਿੰਡ, ਪਿੰਡ, ਸ਼ਹਿਰ, ਸ਼ਹਿਰ

ਖੋਹਲ ਦਿੱਤੇ ਹਨ

ਕੈਬਰੇ ਅਤੇ ਬਲੂ-ਮੂਵੀਆਂ ਵੇਖਣ ਜਾਂ

ਲੱਚਰ ਗੀਤ ਸੁਨਣ ਦੇ

ਚਾਹਵਾਨ ਮਹਾਂ-ਪੁਰਸ਼ਾਂ ਨੂੰ

ਮਨ-ਪਰਚਾਉਣ ਵਾਸਤੇ, ਹੁਣ

ਬਦੇਸ਼ਾਂ ਦੇ ਚੱਕਰ ਨਹੀਂ

ਲਗਾਉਣੇ ਪੈਣਗੇ

ਅੰਮ੍ਰਿਤਸਰ, ਜਲੰਧਰ, ਲੁਧਿਆਣਾ ਜਾਂ ਚੰਡੀਗੜ੍ਹ ਦੇ

ਪੰਜ ਸਟਾਰ ਹੋਟਲਾਂ ਵਿਚ ਬਣੇ

ਚਕਲਿਆਂ ਵਿੱਚ ਜਾ ਕੇ ਹੀ

ਹਰ ਰੰਗ, ਧਰਮ, ਨਸਲ ਦੀ ਰੰਡੀ ਨਾਲ

ਰੰਗ ਰਲੀਆਂ ਮਨਾਈਆਂ ਜਾ ਸਕਦੀਆਂ ਹਨ

-----

ਮੰਡੀ ਸਭਿਆਚਾਰ ਤੁਹਾਡੇ ਅੰਦਰ ਪੂਰੀ ਤਰ੍ਹਾਂ ਗੁਲਾਮੀ ਦਾ ਅਹਿਸਾਸ ਭਰ ਦਿੰਦਾ ਹੈਮੰਡੀ ਸਭਿਆਚਾਰ ਤੁਹਾਡੀ ਚੇਤਨਾ ਵਿੱਚ ਇੱਕ ਹੀ ਨਾਹਰੇ ਦੇ ਬੀਜ ਮੁੜ ਮੁੜ ਬੀਜਦਾ ਹੈ: ਖਾਓ, ਪੀਓ, ਕਰੋ ਆਨੰਦਮੰਡੀ ਸਭਿਆਚਾਰ ਵਿੱਚ ਆਮ ਮਨੁੱਖ ਦੀ ਸ਼ਮੂਲੀਅਤ ਤਾਂ, ਮਹਿਜ਼, ਪੁਤਲੀਆਂ ਵਾਂਗ ਹੀ ਹੁੰਦੀ ਹੈਉਸ ਵੱਲੋਂ ਕੀਤੇ ਗਏ ਹਰ ਕਾਰਜ, ਹਰ ਅਦਾ ਦੀ ਵਾਗਡੋਰ ਮੈਗਾ ਕਾਰਪੋਰੇਸ਼ਨਾਂ ਨਾਲ ਸਬੰਧਤ ਕਰਿੰਦਿਆਂ ਦੇ ਹੱਥਾਂ ਵਿੱਚ ਹੀ ਹੁੰਦੀ ਹੈਉਹ ਉਨ੍ਹਾਂ ਦੀ ਹੀ ਜ਼ੁਬਾਨ ਬੋਲਦਾ ਹੈ, ਉਨ੍ਹਾਂ ਦੀ ਹੀ ਸੋਚ ਦਾ ਪ੍ਰਗਟਾਵਾ ਕਰਦਾ ਹੈ, ਉਨ੍ਹਾਂ ਦੀਆਂ ਹੀ ਇਛਾਵਾਂ ਦੀ ਪੂਰਤੀ ਕਰਦਾ ਹੈਆਮ ਆਦਮੀ ਤਾਂ, ਮਹਿਜ਼, ਸ਼ਤਰੰਜ ਦੇ ਪਿਆਦਿਆਂ ਵਾਂਗ ਇਨ੍ਹਾਂ ਸ਼ਤਰੰਜ ਦੇ ਖਿਡਾਰੀਆਂ ਦੇ ਹੱਥਾਂ ਦੀ ਛੋਹ ਮਿਲਣ ਨੂੰ ਹੀ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਸਮਝਦਾ ਹੈਉਸ ਨੂੰ ਇੰਨੇ ਨਾਲ ਹੀ ਖੁਸ਼ੀ ਮਿਲ ਜਾਂਦੀ ਹੈ ਕਿ ਸ਼ਤਰੰਜ ਦੇ ਇਨ੍ਹਾਂ ਵੱਡੇ ਖਿਡਾਰੀਆਂ ਨਾਲ ਉਸ ਦੀਆਂ ਤਸਵੀਰਾਂ ਅਖਬਾਰਾਂ/ਮੈਗਜ਼ੀਨਾਂ ਦੇ ਸਫਿਆਂ ਉੱਤੇ ਛਪ ਰਹੀਆਂ ਹਨਅਜਿਹੇ ਅਰਥਹੀਣ ਸਭਿਆਚਾਰ ਅਤੇ ਉਸ ਦੇ ਉਸਰੱਈਆਂ ਦੀ ਤਸਵੀਰ ਮੇਰੀ ਕਵਿਤਾ ਗਲੋਬਲੀਕਰਨ-26ਵਿੱਚ ਕੁਝ ਇਸ ਤਰ੍ਹਾਂ ਪੇਸ਼ ਕੀਤੀ ਗਈ ਹੈ:

ਗਲੋਬਲੀਕਰਨ, ਸਭਿਆਚਾਰਕ ਗੁਲਾਮੀ ਦਾ ਹੀ

ਇੱਕ ਬਦਲਵਾਂ ਨਾਮ ਹੈ-

ਮੈਗਾ ਮੀਡੀਆ ਕਾਰਪੋਰੇਸ਼ਨਾਂ ਦਾ

ਡਾਇਨਾਸੋਰ, ਦਹਾੜਦਾ ਆ ਰਿਹਾ

ਆਪਣੇ ਪੈਰਾਂ ਹੇਠ ਦਰੜ ਦੇਣ ਲਈ

ਲੋਕ-ਸਭਿਆਚਾਰਾਂ ਦਾ ਤਾਣਾ-ਬਾਣਾ

ਉਹ ਨਹੀਂ ਚਾਹੁਣਗੇ, ਸਭਿਆਚਾਰ

ਆਲੇ-ਦੁਆਲੇ ਦੀ ਬਾਤ ਪਾਵੇ

ਲੋਕਾਂ ਦੇ ਦੁੱਖਾਂ-ਸੁੱਖਾਂ ਦੇ ਗੀਤ ਗਾਏ

ਉਨ੍ਹਾਂ ਦੀਆਂ ਉਮੰਗਾਂ-ਇਛਾਵਾਂ ਦਾ

ਜ਼ਿਕਰ ਕਰੇ, ਉਨ੍ਹਾਂ ਦੇ ਸੁਪਨਿਆਂ ਦੇ ਵੀ

ਬਹੁ-ਰੰਗੇ ਫੁੱਲ ਖਿੜ ਸਕਣ

ਉਹ ਤਾਂ ਚਾਹੁਣਗੇ, ਟੈਲੀਵੀਜ਼ਨ ਸਕਰੀਨ

ਦਿਨ ਰਾਤ ਭਰੇ ਰਹਿਣ, ਅਰਥਹੀਣ

ਹਾਲੀਵੁੱਡ-ਬਾਲੀਵੁੱਡ ਫਿਲਮੀ ਦ੍ਰਿਸ਼ਾਂ ਨਾਲ

ਇਨ੍ਹਾਂ ਵਿੱਚ, ਮੈਗਾ ਕਾਰਪੋਰੇਸ਼ਨਾਂ ਦੇ ਮਾਲਿਕ

ਗੁੰਡਾਰਾਜ ਦੇ ਚੀਫ ਐਗਜ਼ੀਕਿਊਟਿਵ ਡਾਇਰੈਕਟਰਾਂ ਵੱਲੋਂ

ਆਯੋਜਿਤ ਕੀਤੇ ਗਏ ਭਰਵੇਂ ਇਕੱਠਾਂ ਵਾਲੇ

ਕੁੱਤਿਆਂ, ਬਿੱਲਿਆਂ ਦੇ ਜਨਮ ਸਮਾਰੋਹਾਂ ਉੱਤੇ

ਸ਼ਹਿਰ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ

ਮੁਜਰੇ ਕਰਦੀਆਂ ਕਾਲ ਗਰਲਜ਼, ਪਲੇਅ ਬੁਆਏ

ਮੈਗਜ਼ੀਨਾਂ ਲਈ, ਕਾਮ-ਉਕਸਾਊ

ਨਗਨ ਪੋਜ਼ ਬਣਾ ਰਹੀਆਂ ਹੋਣ

----

ਮੰਡੀ ਸਭਿਆਚਾਰ ਨੂੰ ਮੁਨਾਫ਼ਾ ਸਭਿਆਚਾਰ ਵੀ ਕਿਹਾ ਜਾ ਸਕਦਾ ਹੈਇਸ ਸਭਿਆਚਾਰ ਵਿੱਚ ਹਰ ਕੰਮ ਕਰਨ ਤੋਂ ਪਹਿਲਾਂ ਇਹ ਸੋਚਿਆ ਜਾਂਦਾ ਹੈ ਕਿ ਉਸ ਕੰਮ ਵਿੱਚੋਂ ਡਾਲਰਾਂ ਦੇ ਹਿਸਾਬ ਨਾਲ ਕਿੰਨਾ ਮੁਨਾਫ਼ਾ ਜਾਂ ਲਾਭ ਹੋਵੇਗਾਅਜਿਹੇ ਸਭਿਆਚਾਰ ਦਾ ਪਾਸਾਰ ਕਰਨ ਵਾਲੇ ਰਾਜਨੀਤੀਵਾਨਾਂ ਵੱਲੋਂ ਆਰਥਿਕ ਨੀਤੀਆ ਵੀ ਅਮੀਰ ਸ਼੍ਰੇਣੀ ਦੇ ਜਿਉਣ ਢੰਗ ਨੂੰ ਹੀ ਧਿਆਨ ਵਿੱਚ ਰੱਖ ਕੇ ਬਣਾਈਆਂ ਜਾਂਦੀਆਂ ਹਨਗਰੀਬ ਅਤੇ ਦੱਬੇ-ਕੁਚਲੇ ਲੋਕਾਂ ਕੋਲ ਤਾਂ ਇਹ ਰਾਜਨੀਤੀਵਾਨ ਪੰਜ ਸਾਲਾਂ ਬਾਹਦ ਉਦੋਂ ਹੀ ਜਾਂਦੇ ਹਨ ਜਦੋਂ ਇਨ੍ਹਾਂ ਰਾਜਨੀਤੀਵਾਨਾਂ ਨੂੰ ਇਨ੍ਹਾਂ ਗਰੀਬ ਲੋਕਾਂ ਦੀਆਂ ਵੋਟਾਂ ਦੀ ਲੋੜ ਹੁੰਦੀ ਹੈਭ੍ਰਿਸ਼ਟ ਰਾਜਨੀਤੀਵਾਨਾਂ ਅਤੇ ਉਨ੍ਹਾਂ ਦੀਆਂ ਅਜਿਹੀਆਂ ਭ੍ਰਿਸ਼ਟ ਆਰਥਿਕ ਨੀਤੀਆਂ ਬਾਰੇ ਚਰਚਾ ਮੇਰੀ ਕਵਿਤਾ ਗਲੋਬਲੀਕਰਨ-31ਵਿੱਚ ਕੁਝ ਇਸ ਤਰ੍ਹਾਂ ਕੀਤਾ ਗਿਆ ਹੈ:

ਗਲੋਬਲੀਕਰਨ ਕੋਲ ਉਨ੍ਹਾਂ ਲੋਕਾਂ ਤੱਕ

ਪਹੁੰਚਣ ਦੀ ਵਿਹਲ ਹੀ ਕਿੱਥੇ ਹੈ

ਜੋ ਫੁੱਟਪਾਥਾਂ ਉੱਤੇ ਜੰਮਦੇ ਹਨ

ਫੁੱਟਪਾਥਾਂ ਉੱਤੇ ਹੀ

ਅੰਤਮ ਸਵਾਸ ਛੱਡਦੇ ਹਨ

ਵਿੱਚ ਵਿਚਾਲੇ ਦਾ ਸਮਾਂ-

ਸਾਰੀ ਉਮਰ

ਪਲੇਅਬੁਆਏ ਹੋਟਲਾਂ ਦੀ

ਉਸਾਰੀ ਕਰਨ ਲਈ

ਇੱਟਾਂ ਢੋਹਣ ਵਿੱਚ ਹੀ

ਲੰਘ ਜਾਂਦੀ ਹੈ, ਜਿਨ੍ਹਾਂ ਦੇ

ਏਅਰ ਕੰਡੀਸ਼ਨ ਕਮਰਿਆਂ ਵਿੱਚ

ਦੇਸ਼ ਦੇ ਉੱਚ ਨੇਤਾਵਾਂ ਨੇ

ਹਰ ਪੰਜ ਸਾਲ ਬਾਹਦ

ਦੇਸ ਦੀ ਪਾਰਲੀਮੈਂਟ ਦੀਆਂ

ਵੋਟਾਂ ਪੈਣ ਤੋਂ ਪਹਿਲਾਂ

ਸ਼ੀਵਾਜ਼ ਰੀਗਲ ਦੇ ਘੁੱਟ ਭਰਦਿਆਂ

ਭਾਸ਼ਨ ਦੇ ਇੱਕ ਇੱਕ ਸ਼ਬਦ ਨੂੰ

ਚੰਗੀ ਤਰ੍ਹਾਂ ਰੱਟਾ ਲਗਾਣਾ ਹੁੰਦਾ ਹੈ

ਜਿਸ ਵਿੱਚ ਉਨ੍ਹਾਂ ਨੇ

ਸਲੱਮ ਚ ਰਹਿਣ ਵਾਲੇ

ਲੋਕਾਂ ਨੂੰ, ਤਰ੍ਹਾਂ ਤਰ੍ਹਾਂ ਦੇ

ਸਬਜ਼ ਬਾਗ਼ ਦਿਖਾਣੇ ਹੁੰਦੇ ਹਨ

-----

ਨਵ-ਪੂੰਜੀਵਾਦ ਆਪਣੇ ਵਿਸ਼ਵ ਪਾਸਾਰ ਲਈ ਹਰ ਤਰ੍ਹਾਂ ਦੇ ਦਾਅ-ਪੇਚ ਵਰਤਦਾ ਹੈਜਿੱਥੇ ਪਿਆਰ ਦੀ ਭਾਸ਼ਾ ਨਾਲ ਇਸ ਸਭਿਆਚਾਰ ਦੇ ਪ੍ਰਚਾਰਕਾਂ ਨੂੰ ਜਿੱਤ ਹਾਸਿਲ ਨਹੀਂ ਹੁੰਦੀ; ਉੱਥੇ ਰੰਗ, ਧਰਮ, ਨਸਲ ਦੇ ਨਾਮ ਉੱਤੇ ਦੰਗੇ-ਫਸਾਦ ਅਤੇ ਕਤਲੋਗਾਰਤ ਕਰਵਾਈ ਜਾਂਦੀ ਹੈ ਆਮ ਲੋਕਾਂ ਅੰਦਰ ਦਹਿਸ਼ਤ ਪੈਦਾ ਕਰਕੇ ਉਨ੍ਹਾਂ ਉੱਤੇ ਮੰਡੀ ਸਭਿਆਚਾਰ ਦੀਆਂ ਨੀਤੀਆਂ ਠੋਸੀਆਂ ਜਾਂਦੀਆਂ ਹਨਲੋਕਾਂ ਵਿੱਚ ਸਭਿਆਚਾਰਕ ਏਕਤਾ ਨਾ ਹੋ ਸਕਣ ਕਰਕੇ ਸਰਕਾਰ ਦੀਆਂ ਲੋਕ-ਵਿਰੋਧੀ ਰਾਜਨੀਤਿਕ/ਸਮਾਜਿਕ/ਆਰਥਿਕ ਨੀਤੀਆਂ ਹੋਣ ਦੇ ਬਾਵਜੂਦ ਵੀ ਲੋਕ ਪ੍ਰਭਾਵਸ਼ਾਲੀ ਢੰਗ ਨਾਲ ਸਰਕਾਰ ਦਾ ਵਿਰੋਧ ਨਹੀਂ ਕਰ ਸਕਦੇਸਰਕਾਰ ਵੱਲੋਂ ਇਹ ਢੰਗ ਦੇਸ਼ ਦੀਆਂ ਅੰਦਰੂਨੀ ਹਾਲਤਾਂ ਨੂੰ ਕਾਬੂ ਹੇਠ ਰੱਖਣ ਲਈ ਵਰਤਿਆ ਜਾਂਦਾ ਹੈਦੇਸ਼ ਦੇ ਲੋਕਾਂ ਨੂੰ ਧਰਮ, ਰੰਗ, ਨਸਲ ਦੇ ਨਾਮ ਉੱਤੇ ਲੜਦੇ ਹੋਏ ਦਿਖਾ ਕੇ ਸੱਤਾ ਵਿੱਚ ਆਈ ਹੋਈ ਰਾਜਨੀਤਿਕ ਪਾਰਟੀ ਇਸ ਗੱਲ ਦਾ ਢੰਡੋਰਾ ਪਿੱਟਦੀ ਹੈ ਕਿ ਸਿਰਫ ਉਹ ਪਾਰਟੀ ਹੀ ਦੁੱਧ ਧੋਤੀ ਹੋਈ ਹੈ ਅਤੇ ਉਹ ਹੀ ਦੇਸ਼ ਵਿੱਚ ਅਮਨ ਵਾਲੇ ਹਾਲਾਤ ਲਿਆ ਸਕਦੀ ਹੈਦੇਸ਼ ਨੂੰ ਖੁਸ਼ਹਾਲੀ ਦੇ ਰਾਹ ਪਾ ਸਕਦੀ ਹੈਸਾਧਾਰਣ ਲੋਕਾਂ ਲਈ ਇਹ ਸਮਝਣਾ ਮੁਸ਼ਕਿਲ ਹੁੰਦਾ ਹੈ ਕਿ ਧਰਮ, ਜ਼ਾਤ-ਪਾਤ, ਨਸਲ, ਰੰਗ ਦੇ ਨਾਮ ਉੱਤੇ ਦੰਗੇ-ਫਸਾਦ, ਕਤਲੋਗਾਰਤ ਕਰ ਰਹੇ ਕਾਤਲ ਰਾਜਗੱਦੀ ਉੱਤੇ ਬੈਠੀ ਪਾਰਟੀ ਦੇ ਪਾਲੇ ਹੋਏ ਆਪਣੇ ਹੀ ਗੁੰਡੇ ਹੁੰਦੇ ਹਨਮੰਦਰਾਂ, ਮਸਜਿਦਾਂ, ਗਿਰਜਿਆਂ, ਗੁਰਦੁਆਰਿਆਂ ਚੋਂ ਸੱਪਾਂ ਵਾਂਗ ਫਨ ਫੈਲਾਈ ਨਿਕਲ ਰਹੇ ਧਾਰਮਿਕ ਕੱਟੜਵਾਦੀ ਦਹਿਸ਼ਤਗਰਦ ਦੇਸ਼ ਉੱਤੇ ਰਾਜ ਕਰ ਰਹੀ ਪਾਰਟੀ ਦੀ ਸ਼ਹਿ ਤੋਂ ਬਿਨ੍ਹਾਂ ਖੁੱਡਾਂ ਚੋਂ ਬਾਹਰ ਨਿਕਲ ਕੇ ਲੋਕਾਂ ਵਿੱਚ ਦਹਿਸ਼ਤ ਮਚਾ ਹੀ ਨਹੀਂ ਸਕਦੇ ਮੰਡੀ ਸਭਿਆਚਾਰ ਦੇ ਇਸ ਵਰਤਾਰੇ ਨੂੰ ਮੈਂ ਆਪਣੀ ਕਵਿਤਾ ਗਲੋਬਲੀਕਰਨ-25ਵਿੱਚ ਕੁਝ ਇਸ ਤਰ੍ਹਾਂ ਪੇਸ਼ ਕੀਤਾ ਹੈ:

ਇਹ ਕੈਸੀ ਬਦਚਲਣ ਹਵਾ ਵਗ ਰਹੀ ਹੈ

ਹਰ ਕਸਬੇ, ਹਰ ਸ਼ਹਿਰ, ਹਰ ਦੇਸ਼

ਸੱਪ ਪਲ ਰਹੇ ਹਨ, ਬਸ ਹੁਣ

ਫਰਕ ਏਨਾ ਹੈ ਕਿ ਉਹ

ਆਪਣੀਆਂ ਖੁੱਡਾਂ ਚੋਂ ਨਿਕਲ

ਮਨੁੱਖਾਂ ਦੇ ਦਿਮਾਗ਼ਾਂ ਵਿੱਚ ਆਣ ਬੈਠੇ ਹਨ

ਜਿੱਥੇ, ਉਹ ਨਿੱਕੇ, ਨਿੱਕੇ ਸਪੋਲੀਏ ਬਣ

ਦਿਨ ਰਾਤ ਕੁਰਬਲ, ਕੁਰਬਲ ਕਰਨ

ਅਤੇ ਸਮਾਂ ਲੱਗਦਿਆਂ ਹੀ

ਹੱਥਾਂ ਚ ਬੰਦੂਕਾਂ, ਮਸ਼ੀਨ ਗੰਨਾਂ, ਗਰਨੇਡ ਲੈ

ਅੱਲਾ-ਹੂ-ਅਕਬਰ, ਬਜਰੰਗ ਬਲੀ,

ਵਾਹਿਗੁਰੂ, ਵਾਹਿਗੁਰੂ ਜਾਂ ਜੀਸਸ ਜੀਸਸ ਦਾ

ਜਾਪ ਕਰਦਿਆਂ, ਕਾਤਲ ਬਣ

ਸੜਕਾਂ ਤੇ ਦਨਦਨਾਂਦੇ ਹਨ

ਤੇ ਫਿਰ, ਬਸ

ਬਾਗ਼ਾਂ ਚ ਖਿੜੇ ਫੁੱਲ ਮੁਰਝਾ ਜਾਣ

ਵਿਹੜਿਆਂ ਚ ਚੋਗਾ ਚੁਗਦੀਆਂ ਚਿੜੀਆਂ

ਦਹਿਲਕੇ ਚੀਂ ਚੀਂ ਕਰ ਉੱਠਣ

ਮਾਵਾਂ ਦੀ ਗੋਦੀ ਚੜ੍ਹੇ ਬਾਲ

ਡਰ ਨਾਲ ਵਿਲਕਣ ਲੱਗ ਜਾਂਦੇ

ਹੱਸਦੇ-ਵੱਸਦੇ ਘਰਾਂ ਚ ਫਿਰ

ਬਿਖਰੀਆਂ ਹੁੰਦੀਆਂ ਨੇ ਹਰ ਪਾਸੇ

ਲਹੂ ਨਾਲ ਭਿੱਜੀਆਂ, ਵੱਢੀਆਂ, ਟੁੱਕੀਆਂ

ਬੱਚਿਆਂ, ਜੁਆਨਾਂ, ਬੁੱਢਿਆਂ ਦੀਆਂ ਲਾਸ਼ਾਂ

----

ਪਰ ਗਲੋਬਲੀਕਰਨ ਜਾਂ ਮੰਡੀ ਸਭਿਆਚਾਰ ਉਦੋਂ ਆਪਣਾ ਅਸਲੀ ਅਤੇ ਖੂੰਖਾਰ ਚਿਹਰਾ ਦਿਖਾਣ ਲੱਗਦਾ ਹੈ ਜਦੋਂ ਕੋਈ ਦੇਸ਼ ਇਸ ਸਭਿਆਚਾਰ ਨੂੰ ਆਪਣੀ ਧਰਤੀ ਦੇ ਹਿੱਸੇ ਉੱਤੇ ਪੈਰ ਰੱਖਣ ਦੀ ਇਜਾਜ਼ਤ ਦੇਣ ਲਈ ਤਿਆਰ ਨਹੀਂ ਹੁੰਦਾਵੀਅਤਨਾਮ, ਗੁਆਟਾਮਾਲਾ, ਗਰਨੇਡਾ, ਅਫਗਾਨਿਸਤਾਨ, ਇਰਾਕ - ਧਰਤੀ ਦੇ ਅਨੇਕਾਂ ਹਿੱਸੇ ਇਸ ਗੱਲ ਦੀ ਜਿਉਂਦੀ ਜਾਗਦੀ ਮਿਸਾਲ ਹਨਅਮਰੀਕਾ ਅਤੇ ਉਸਦੇ ਸਾਥੀ ਦੇਸ਼ਾਂ ਨੇ ਧਰਤੀ ਦੇ ਹਰ ਉਸ ਹਿੱਸੇ ਨੂੰ ਕਬਰਸਤਾਨ ਬਨਾਉਣ ਦੀ ਆਪਣੀ ਜਿ਼ਦ ਹੇਠ ਆਪਣੇ ਫੌਜੀ ਬੂਟਾਂ ਹੇਠ ਰੋਲ ਦਿੱਤਾ ਜਿਸ ਦੇਸ਼ ਨੇ ਨਵ-ਪੂੰਜੀਵਾਦ ਦੇ ਪਾਸਾਰ ਲਈ ਆਪਣੀਆਂ ਮੰਡੀਆਂ ਦੇ ਦਰਵਾਜ਼ੇ ਖੋਹਲਣ ਤੋਂ ਇਨਕਾਰ ਕਰ ਦਿੱਤਾਕਿਊਬਾ ਇੱਕ ਹੋਰ ਵੱਡੀ ਮਿਸਾਲ ਹੈ ਜਿਸ ਨੂੰ ਆਪਣੀ ਈਨ ਮਨਾਉਣ ਲਈ ਜਿਸ ਉੱਤੇ ਅਮਰੀਕਾ ਨੇ ਅਨੇਕਾਂ ਤਰ੍ਹਾਂ ਦੀਆਂ ਆਰਥਿਕ ਪਾਬੰਧੀਆਂ ਲਗਾਈਆਂ ਹੋਈਆਂ ਹਨ

----

ਮੰਡੀ ਸਭਿਆਚਾਰ ਦੀ ਮੁਨਾਫ਼ਾ ਹੀ ਸਭ ਕੁਝ ਵਾਲੀ ਮਾਨਸਿਕਤਾ ਹੋਰ ਵੀ ਬਹੁਤ ਕੁਝ ਗਲਤ ਕਰ ਰਹੀ ਹੈਮੁਨਾਫ਼ਾ ਕਮਾਉਣ ਦੀ ਅੰਨ੍ਹੀ ਦੌੜ ਵਿੱਚ ਪੌਣ-ਪਾਣੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰ ਦਿੱਤਾ ਗਿਆ ਹੈਦਰਿਆ ਕੂੜੇ ਦੇ ਢੇਰਾਂ ਨਾਲ ਭਰ ਦਿੱਤੇ ਗਏ ਹਨਹਵਾ ਵਿੱਚ ਪ੍ਰਦੂਸ਼ਨ ਵੱਧ ਜਾਣ ਕਾਰਨ ਧਰਤੀ ਦੇ ਅਨੇਕਾਂ ਹਿੱਸਿਆਂ ਵਿੱਚ ਰੇਗਿਸਤਾਨ ਬੜੀ ਤੇਜ਼ੀ ਨਾਲ ਵੱਧ ਰਿਹਾ ਹੈਇੱਥੋਂ ਤੱਕ ਕਿ ਧਰਤੀ ਦੇ ਸਮੁੱਚੇ ਵਾਯੂ ਮੰਡਲ ਦਾ ਸੰਤੁਲਨ ਵਿਗੜ ਚੁੱਕਾ ਹੈਆਉਂਦੇ ਸਾਲਾਂ ਵਿੱਚ ਧਰਤੀ ਦਾ ਤਾਪਮਾਨ ਵੱਧ ਜਾਣ ਕਰਕੇ ਸਮੁੰਦਰ ਵਿੱਚ ਪਾਣੀ ਦੀ ਸਤਹ ਬਹੁਤ ਵੱਧ ਜਾਵੇਗੀਜਿਸ ਕਾਰਨ ਸਮੁੰਦਰ ਦੇ ਕੰਢੇ ਵੱਸੇ ਹੋਏ ਅਨੇਕਾਂ ਪ੍ਰਸਿੱਧ ਸ਼ਹਿਰ ਪਾਣੀ ਹੇਠ ਡੁੱਬ ਜਾਣਗੇਧਰਤੀ ਦਾ ਤਾਪਮਾਨ ਵੱਧ ਜਾਣ ਕਾਰਨ ਜਿੱਥੇ ਕਿ ਧਰਤੀ ਦੇ ਅਨੇਕਾਂ ਹਿੱਸਿਆਂ ਵਿੱਚ ਭੁੱਖਮਰੀ ਫੈਲ ਜਾਵੇਗੀਉੱਥੇ ਹੀ ਧਰਤੀ ਦੇ ਅਨੇਕਾਂ ਹੋਰਨਾਂ ਹਿੱਸਿਆਂ ਵਿੱਚ ਮਾਰੂ ਤੂਫ਼ਾਨ ਆਉਣਗੇ ਅਤੇ ਹੜ੍ਹਾਂ ਨਾਲ ਭਾਰੀ ਤਬਾਹੀ ਹੋਵੇਗੀਪਰ ਅਮਰੀਕਾ ਅਤੇ ਉਸਦੇ ਸਾਥੀ ਦੇਸ਼ਾਂ ਨੂੰ ਧਰਤੀ ਦੇ ਕੋਨੇ ਕੋਨੇ ਵਿੱਚ ਹੋ ਰਹੀ ਤਬਾਹੀ ਦੀ ਚਿੰਤਾ ਹੋਣ ਦੀ ਥਾਂ ਬਸ ਇਹੀ ਚਿੰਤਾ ਹੈ ਕਿ ਉਨ੍ਹਾਂ ਦੀਆਂ ਫੈਕਟਰੀਆਂ ਦਿਨ ਰਾਤ ਵੱਧ ਤੋਂ ਵੱਧ ਉਤਪਾਦਨ ਕਿਵੇਂ ਕਰ ਸਕਦੀਆਂ ਹਨ ਅਤੇ ਵੱਧ ਤੋਂ ਵੱਧ ਮੁਨਾਫ਼ਾ ਕਿਵੇਂ ਕਮਾ ਸਕਦੀਆਂ ਹਨਮੇਰੀ ਕਵਿਤਾ ਗਲੋਬਲੀਕਰਨ-11ਇਸ ਵਿਸ਼ੇ ਬਾਰੇ ਆਪਣੀ ਚਿੰਤਾ ਕੁਝ ਇਸ ਅੰਦਾਜ਼ ਵਿੱਚ ਪ੍ਰਗਟ ਕਰਦੀ ਹੈ:

ਗਲੋਬਲ ਵਾਰਮਿੰਗ

ਸਮੁੱਚੀ ਮਨੁੱਖ ਜਾਤੀ ਲਈ

ਚਿੰਤਾ ਦਾ ਵਿਸ਼ਾ

ਬਣ ਗਿਆ ਹੈ

ਪਰ ਅਮਰੀਕਾ ਸੋਚਦਾ ਹੈ

ਇਸ ਪਰਲੋ ਵਿੱਚ, ਜੇਕਰ

ਹਰ ਕੋਈ ਡੁੱਬ ਰਿਹਾ ਹੈ

ਤਾਂ, ਉਸ ਨੂੰ ਇਸ ਬਾਰੇ

ਵਾਧੂ ਚਿੰਤਾ ਕਰਨ ਦੀ

ਕੀ ਲੋੜ ਹੈ-

ਕਾਲ ਪਵੇਗਾ

ਤਾਂ ਅਫਰੀਕਾ ਦੇ ਦੇਸਾਂ ਵਿੱਚ ਹੀ ਪਵੇਗਾ

ਲੂ ਨਾਲ ਲੱਖਾਂ ਲੋਕ ਮਾਰੇ ਜਾਣਗੇ

ਤਾਂ ਯੋਰਪ ਦੇ ਦੇਸ ਹੀ

ਇਹ ਮੁਸੀਬਤ ਝੱਲਣਗੇ

ਹਜ਼ਾਰਾਂ ਨਵੀਆਂ ਬੀਮਾਰੀਆਂ ਫੈਲਣਗੀਆਂ

ਤਾਂ ਏਸ਼ੀਆ ਦੇ ਦੇਸ਼ ਹੀ

ਇਸ ਅੱਗ ਵਿੱਚ ਸੜਨਗੇ

ਦਹਿਸ਼ਤ ਦਾ ਪਾਸਾਰ ਹੋਵੇਗਾ

ਤਾਂ ਮਿਡਲ ਈਸਟ ਹੀ

ਜੰਗ ਦਾ ਮੈਦਾਨ ਬਣੇਗਾ

ਸਮੁੰਦਰ ਵਿੱਚ ਸ਼ਹਿਰ ਡੁੱਬਣਗੇ

ਤਾਂ ਵੀਨਸ ਵਰਗੇ ਸ਼ਹਿਰਾਂ ਦੀ ਹੀ

ਪਹਿਲਾਂ ਵਾਰੀ ਆਵੇਗੀ

ਹੜ੍ਹਾਂ ਨਾਲ ਭਾਰੀ ਤਬਾਹੀ ਹੋਵੇਗੀ

ਤਾਂ ਉਹ ਦੇਸ ਕੈਨੇਡਾ, ਰੂਸ, ਚੀਨ,

ਫਿਜੀ ਜਾਂ ਬਰਾਜ਼ੀਲ ਹੀ ਹੋਣਗੇ

ਪਰ ਅਮਰੀਕਾ ਸੋਚਦਾ ਹੈ

ਜਦ ਤੱਕ ਅਮੀਰਾਂ ਦੇ

ਕਾਰਖਾਨਿਆਂ ਦਾ ਧੂੰਆਂ

ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦਾ ਹੈ

ਕਰਨ ਦਿਓ-

-----

ਸਾਡੇ ਸਮਿਆਂ ਵਿੱਚ ਮਨੁੱਖ ਲਈ ਸਭ ਤੋਂ ਵੱਡੀ ਚੁਣੌਤੀ ਹੈ ਮਨੁੱਖ ਬਣੇ ਰਹਿਣ ਦੀਵਸਤ ਸਭਿਆਚਾਰ ਦਾ ਸਾਰਾ ਜ਼ੋਰ ਜਦੋਂ ਕਿ ਮਨੁੱਖ ਨੂੰ ਮੰਡੀ ਦੀ ਹੀ ਇੱਕ ਵਸਤ ਬਨਾਉਣ ਵਿੱਚ ਲੱਗ ਰਿਹਾ ਹੈ ਤਾਂ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਜ਼ਰੂਰੀ ਹੈ ਕਿ ਨਵੀਂ ਪੌਦ ਵਿੱਚ ਅਜਿਹੇ ਲੋਕਾਂ ਦੇ ਕੰਮਾਂ ਬਾਰੇ ਵੱਧ ਤੋਂ ਵੱਧ ਚੇਤਨਾ ਜਗਾਈ ਜਾਵੇ ਜਿਨ੍ਹਾਂ ਲੋਕਾਂ ਨੇ ਹਜ਼ਾਰਾਂ ਮੁਸੀਬਤਾਂ ਸਹਿ ਕੇ ਵੀ ਮਨੁੱਖਤਾ ਦੇ ਭਲੇ ਲਈ ਕੰਮ ਕੀਤਾਜਿਨ੍ਹਾਂ ਲੋਕਾਂ ਨੇ ਨਿੱਜ ਨਾਲੋਂ ਜਨ-ਸਮੂਹ ਦੇ ਭਲੇ ਨੂੰ ਵਧੇਰੇ ਤਰਜੀਹ ਦਿੱਤੀਸਮੁੱਚੀ ਮਾਨਵਤਾ ਦਾ ਭਲਾ ਅਜਿਹੀ ਸੋਚ ਨੂੰ ਪ੍ਰਫੁੱਲਤ ਕਰਨ ਨਾਲ ਹੀ ਸੰਭਵ ਹੋ ਸਕਦਾ ਹੈਨਵੀਂ ਪੌਦ ਨੂੰ ਅਜਿਹੇ ਰੋਲ ਮਾਡਲਾਂ ਬਾਰੇ ਜਾਣਕਾਰੀ ਦਿੱਤੇ ਜਾਣ ਦੀ ਲੋੜ ਬਾਰੇ ਮੇਰੀ ਕਵਿਤਾ ਗਲੋਬਲੀਕਰਨ-38ਦੀਆਂ ਇਨ੍ਹਾਂ ਕਾਵਿ ਸਤਰਾਂ ਵਿੱਚ ਗੱਲ ਕੀਤੀ ਗਈ ਹੈ:

ਉਨ੍ਹਾਂ ਨੂੰ ਦੱਸੋ-

ਨੈਲਸਨ ਮੰਡੈਲਾ ਨੇ ਨਸਲਵਾਦ ਵਿਰੁੱਧ

ਉਮਰ ਭਰ ਜੰਗ ਕਿਵੇਂ ਲੜੀ

ਮਾਰਟਿਨ ਲੂਥਰ ਨੇ ਮਨੁੱਖੀ ਹੱਕਾਂ ਲਈ

ਮੀਲਾਂ ਲੰਬੀ ਲਹਿਰ ਕਿਵੇਂ ਉਸਾਰੀ

ਟੈਰੀ ਫਾਕਸ ਨੇ ਕੈਂਸਰ ਬਾਰੇ ਚੇਤਨਾ ਪੈਦਾ ਕਰਨ ਲਈ

ਇੱਕ ਲੱਤ ਸਹਾਰੇ ਹੀ ਕਿਵੇਂ ਦੌੜ ਲਗਾਈ

ਭਗਤ ਪੂਰਨ ਸਿੰਘ ਨੇ ਬੇਸਹਾਰਾ ਬੀਮਾਰਾਂ ਲਈ

ਆਪਣੀ ਜ਼ਿੰਦਗੀ ਦਾ ਪਲ ਪਲ ਕਿਵੇਂ ਕੁਰਬਾਨ ਕੀਤਾ

ਮੁਹੰਮਦ ਰਫੀ ਸੰਗੀਤ ਦੀ ਦੁਨੀਆਂ

ਚਮਕਦਾ ਤਾਰਾ ਬਣਕੇ ਕਿਵੇਂ ਚਮਕਿਆ

ਹੋ ਚੀ ਮਿੰਨ੍ਹ ਨੇ ਵੀਅਤਨਾਮੀ ਲੋਕਾਂ ਨੂੰ

ਜ਼ਾਲਮ ਜੰਗ ਬਾਜ਼ਾਂ ਵਿਰੁੱਧ ਕਿਵੇਂ ਤਿਆਰ ਕੀਤਾ

ਕਲਪਨਾ ਚਾਵਲਾ ਵਿਗਿਆਨ ਦੀ ਖੋਜ ਕਰਦੀ ਕਰਦੀ

ਕਿਣਕਾ ਕਿਣਕਾ ਹੋ ਕੇ ਪੁਲਾੜ ਵਿੱਚ ਕਿਵੇਂ ਖਿੰਡ ਗਈ

----

ਮੇਰੇ ਕਾਵਿ-ਸੰਗ੍ਰਹਿ ਗਲੋਬਲੀਕਰਨਵਿੱਚ ਭਾਵੇਂ ਕਿ ਮੰਡੀ ਸਭਿਆਚਾਰ ਵੱਲੋਂ ਗਿਆਨ-ਵਿਗਿਆਨ ਅਤੇ ਪਰਾ-ਆਧੁਨਿਕ ਤਕਨਾਲੋਜੀ ਵਿੱਚ ਆ ਰਹੀਆਂ ਇਨਕਲਾਬੀ ਤਬਦੀਲੀਆਂ ਦੀ ਕੀਤੀ ਜਾ ਰਹੀ ਕੁਵਰਤੋਂ ਦੀ ਆਲੋਚਨਾ ਕਰਦੀਆਂ ਅਨੇਕਾਂ ਹੋਰ ਵੀ ਕਵਿਤਾਵਾਂ ਹਨ; ਪਰ ਇਸ ਨਿਬੰਧ ਦੇ ਅੰਤ ਉੱਤੇ ਹੋਰ ਕਵਿਤਾਵਾਂ ਬਾਰੇ ਚਰਚਾ ਕਰਨ ਦੀ ਥਾਂ ਮੈਂ ਇਸ ਕਾਵਿ-ਸੰਗ੍ਰਹਿ ਦੀ ਪ੍ਰਕਾਸ਼ਨਾ ਦੇ ਮੂਲ ਮਕਸਦ ਬਾਰੇ ਕੁਝ ਗੱਲਾਂ ਬਹੁਤ ਹੀ ਸਪੱਸ਼ਟ ਸ਼ਬਦਾਂ ਵਿੱਚ ਕਹਿਣਾ ਜ਼ਰੂਰੀ ਸਮਝਦਾ ਹਾਂ

----

ਪਿਛਲੇ ਕੁਝ ਦਹਾਕਿਆਂ ਵਿੱਚ ਗਿਆਨ-ਵਿਗਿਆਨ ਅਤੇ ਤਕਨਾਲੋਜੀ ਵਿੱਚ ਜੋ ਇਨਕਲਾਬੀ ਤਬਦੀਲੀਆਂ ਵਾਪਰੀਆਂ ਹਨ, ਉਨ੍ਹਾਂ ਸਦਕਾ ਸਮੁੱਚਾ ਵਿਸ਼ਵ ਇੱਕ ਪਿੰਡ ਬਣ ਗਿਆ ਹੈਇੰਟਰਨੈੱਟ, ਈਮੇਲ, ਡਿਜੀਟਲ ਫੋਟੋਗਰਾਫੀ, ਡਿਜੀਟਲ ਪ੍ਰਿਟਿੰਗ, ਸੈਟੇਲਾਈਟਸ ਟੈਕਨਾਲੋਜੀ, ਵਾਇਰਲੈੱਸ ਟੈਕਨਾਲੋਜੀ, ਵੈੱਬ ਸਾਈਟਸ ਟੈਕਨਾਲੋਜੀ, ਡਿਜੀਟਲ ਟੈਲੀਵੀਜ਼ਨ ਅਤੇ ਡਿਜੀਟਲ ਰੇਡੀਓ ਆਦਿ ਅਜਿਹੀਆਂ ਪਰਾ-ਆਧੁਨਿਕ ਤਕਨਾਲੋਜੀ ਦੀਆਂ ਪ੍ਰਾਪਤੀਆਂ ਹਨ ਜਿਨ੍ਹਾਂ ਸਦਕਾ ਮਨੁੱਖ ਦੀ ਜ਼ਿੰਦਗੀ ਪਹਿਲਾਂ ਨਾਲੋਂ ਵੱਧ ਸੁਖਾਲੀ ਹੋ ਗਈ ਹੈਦੁਨੀਆਂ ਦੇ ਇੱਕ ਕੋਨੇ ਵਿੱਚ ਬੈਠਾ ਮਨੁੱਖ ਦੁਨੀਆਂ ਦੇ ਦੂਜੇ ਕੋਨੇ ਵਿੱਚ ਬੈਠੇ ਮਨੁੱਖ ਬਾਰੇ ਜਾਣਕਾਰੀ ਪਲਾਂ ਛਿਣਾਂ ਵਿੱਚ ਹੀ ਪ੍ਰਾਪਤ ਕਰ ਸਕਦਾ ਹੈਅਜੋਕਾ ਮਨੁੱਖ ਨਵੀਂ ਤਕਨਾਲੋਜੀ ਸਦਕਾ ਹੋਰਨਾਂ ਧਰਤੀਆਂ ਦੀ ਖੋਜ ਕਰਨ ਵਿੱਚ ਵੀ ਯਤਨਸ਼ੀਲ ਹੋ ਸਕਿਆ ਹੈਅਜੋਕਾ ਮਨੁੱਖ ਕਰੋੜਾਂ ਮੀਲਾਂ ਦਾ ਸਫਰ ਕਰਕੇ ਕੁਝ ਦਿਨਾਂ ਵਿੱਚ ਹੀ ਧਰਤੀ ਉੱਤੇ ਇਸ ਤਰ੍ਹਾਂ ਸਹੀ ਸਲਾਮਤ ਵਾਪਸ ਪਰਤ ਆਉਂਦਾ ਹੈ ਜਿਵੇਂ ਕਿਤੇ ਉਹ ਪੈਰਿਸ, ਮਾਸਕੋ, ਬੇਜਿੰਗ, ਨਿਊ ਯਾਰਕ ਜਾ ਲੰਡਨ ਦਾ ਸਫਰ ਕਰਕੇ ਪਰਤ ਰਿਹਾ ਹੋਵੇਲੋੜ ਹੈ, ਸਿਰਫ ਮਨੁੱਖੀ ਸੋਚ ਵਿੱਚ ਤਬਦੀਲੀ ਲਿਆਉਣ ਦੀਗਿਆਨ, ਵਿਗਿਆਨ ਅਤੇ ਪਰਾ-ਆਧੁਨਿਕ ਤਕਨਾਲੋਜੀ ਵਿੱਚ ਆ ਰਹੀਆਂ ਮਹਾਨ ਤਬਦੀਲੀਆਂ ਨੂੰ ਮਨੁੱਖ ਦੀ ਤਬਾਹੀ ਲਈ ਵਰਤਣ ਜਾਂ ਇਨ੍ਹਾਂ ਦੀ ਕੁਵਰਤੋਂ ਕਰਨ ਦੀ ਥਾਂ ਮਨੁੱਖ ਦੇ ਕਲਿਆਣ ਲਈ ਵਰਤਿਆ ਜਾਵੇਇਨ੍ਹਾਂ ਨਵੀਆਂ ਵਿਗਿਆਨਕ ਈਜਾਦਾਂ ਨੂੰ ਮੈਗਾ ਕਾਰਪੋਰੇਸ਼ਨਾਂ ਦੇ ਡਾਇਰੈਕਟਰਾਂ ਦੀਆਂ ਤਜੌਰੀਆਂ ਭਰਨ ਲਈ ਅੰਧਾ ਧੁੰਦ ਮੁਨਾਫ਼ਾ ਕਮਾਉਣ ਦੀ ਥਾਂ - ਜਨ ਸਮੂਹ ਦੇ ਕਲਿਆਣ ਲਈ ਵਰਤਿਆ ਜਾਵੇਭਵਿੱਖ ਦਾ ਗਲੋਬਲੀ ਸਭਿਆਚਾਰ ਕੁਝ ਅਜਿਹੀ ਨੁਹਾਰ ਵਾਲਾ ਹੀ ਹੋਣਾ ਚਾਹੀਦਾ ਹੈਇਸ ਵਿੱਚ ਹੀ ਸਮੁੱਚੀ ਮਾਨਵਤਾ ਅਤੇ ਧਰਤੀ ਦਾ ਸੁੱਖ ਸਮੋਇਆ ਹੋਇਆ ਹੈ

----

ਇਸ ਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਮੇਰੀਆਂ ਕੁਝ ਕਵਿਤਾਵਾਂ ਬੜੀ ਉੱਚੀ ਸੁਰ ਵਿੱਚ ਗੱਲ ਕਰਦੀਆਂ ਹਨਮੈਂ ਇਹ ਵੀ ਭਲੀ ਭਾਂਤ ਸਮਝਦਾ ਹਾਂ ਕਿ ਕਵਿਤਾ ਵਿੱਚ ਬਹੁਤ ਜ਼ਿਆਦਾ ਉੱਚੀ ਸੁਰ ਵਿੱਚ ਗੱਲ ਕਰਨੀ ਚੰਗੀ ਨਹੀਂ ਹੁੰਦੀਪਰ ਕਈ ਵਾਰੀ ਸਥਿਤੀ ਹੀ ਅਜਿਹੀ ਹੁੰਦੀ ਹੈ ਕਿ ਜ਼ਿੰਦਗੀ ਵਿੱਚ ਤੁਹਾਨੂੰ ਨ ਚਾਹੁੰਦਿਆਂ ਹੋਇਆਂ ਵੀ ਅਜਿਹਾ ਕਰਨਾ ਪੈਂਦਾ ਹੈਇਸ ਸਬੰਧ ਵਿੱਚ ਮੈਂ ਆਪਣੀ ਹੀ ਕਵਿਤਾ ਗਲੋਬਲੀਕਰਨ-34ਦੀਆਂ ਇਨ੍ਹਾਂ ਸਤਰਾਂ ਨੂੰ ਆਪਣੀ ਦਲੀਲ ਵਜੋਂ ਪੇਸ਼ ਕਰਕੇ ਆਪਣੀ ਗੱਲ ਇੱਥੇ ਹੀ ਖ਼ਤਮ ਕਰਨੀ ਚਾਹਾਂਗਾ:

ਸੁਣ ਰਹੇ ਹੋ ?

ਮੈਂ ਚੀਖ ਰਿਹਾ ਹਾਂ-

ਜਾਣਦਾ ਹੋਇਆ ਵੀ ਕਿ

ਕਵਿਤਾ ਵਿੱਚ ਚੀਖਣਾ ਮਨ੍ਹਾਂ ਹੈ

ਵੀਅਤਨਾਮ ਦੀ ਜੰਗ ਦੇ ਦਿਨੀਂ

ਬੌਬ ਡਿਲਨ ਨੇ ਵੀ ਸਥਿਤੀ ਨੂੰ ਸਮਝਦਿਆਂ

ਅਕੂਸਟਿਕ ਗਿਟਾਰ ਨੂੰ, ਇਲੈਕਟ੍ਰਿਕ ਗਿਟਾਰ

ਬਦਲ ਦਿੱਤਾ ਸੀ