ਲੇਖ
ਮੈਂ ਆਪਣਾ ਕਾਵਿ-ਸੰਗ੍ਰਹਿ ‘ਗਲੋਬਲੀਕਰਨ’ 2008 ਵਿੱਚ ਪ੍ਰਕਾਸ਼ਿਤ ਕੀਤਾ ਸੀ। ਇਸ ਤੋਂ ਪਹਿਲਾਂ ਮੈਂ ਆਪਣੇ ਅੱਠ ਕਾਵਿ-ਸੰਗ੍ਰਹਿ ‘ਸ਼ਹਿਰ, ਧੁੰਦ ਤੇ ਰੌਸ਼ਨੀਆਂ’ (1974), ‘ਲੱਕੜ ਦੀਆਂ ਮੱਛੀਆਂ’ (1979), ‘ਤੂਫ਼ਾਨ ਦੀਆਂ ਜੜ੍ਹਾਂ ਵਿੱਚ’ (1985), ‘ਬੁੱਢੇ ਘੋੜਿਆਂ ਦੀ ਆਤਮ-ਕਥਾ’ (1991), ‘ਸ਼ਕਿਜ਼ੋਫਰੇਨੀਆਂ’ (1993), ‘ਇਹ ਖ਼ਤ ਕਿਸਨੂੰ ਲਿਖਾਂ’ (1998), ‘ਪ੍ਰਦੂਸ਼ਿਤ ਹਵਾ ਨਾਲ ਸੰਵਾਦ’ (2006) ਅਤੇ ‘ਕੁੱਤਿਆਂ ਬਾਰੇ ਕਵਿਤਾਵਾਂ’ (2006) ਪ੍ਰਕਾਸ਼ਿਤ ਕਰ ਚੁੱਕਾ ਸਾਂ।
1993 ਵਿੱਚ ਪ੍ਰਕਾਸ਼ਿਤ ਹੋਇਆ ਮੇਰਾ ਬਹੁ-ਚਰਚਿਤ ਕਾਵਿ-ਸੰਗ੍ਰਹਿ ‘ਸ਼ਕਿਜ਼ੋਫਰੇਨੀਆਂ’ 24 ਕਵਿਤਾਵਾਂ ਦੀ ਇੱਕ ਲੜੀ ਸੀ। ਇਸ ਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਹਰ ਕਵਿਤਾ ਦਾ ਨਾਮ ‘ਸ਼ਕਿਜ਼ੋਫਰੇਨੀਆਂ’ ਸੀ। ਮੇਰੇ ਕਾਵਿ-ਸੰਗ੍ਰਹਿ ‘ਗਲੋਬਲੀਕਰਨ’ ਵਿੱਚ ਸ਼ਾਮਿਲ ਹਰ ਕਵਿਤਾ ਦਾ ਨਾਮ ਵੀ ‘ਗਲੋਬਲੀਕਰਨ’ ਹੀ ਹੈ। ਇਸ ਤਰ੍ਹਾਂ ਇਹ ਸਾਰੀਆਂ ਕਵਿਤਾਵਾਂ ਇੱਕੋ ਹੀ ਵਿਸ਼ੇ ਗਲੋਬਲੀਕਰਨ ਦੇ ਹੀ ਵੱਖੋ ਵੱਖ ਪਹਿਲੂਆਂ ਬਾਰੇ ਚਰਚਾ ਛੇੜਦੀਆਂ ਹਨ।
-----
‘ਗਲੋਬਲੀਕਰਨ’ ਕਾਵਿ-ਸੰਗ੍ਰਹਿ ਵਿੱਚ ਸ਼ਾਮਿਲ 40 ਕਵਿਤਾਵਾਂ ਸਾਹਿਤ, ਸਭਿਆਚਾਰ, ਸੰਗੀਤ, ਰਾਜਨੀਤੀ, ਆਰਥਿਕਤਾ, ਸਮਾਜਿਕਤਾ, ਵਿੱਦਿਆ, ਦਰਸ਼ਨ, ਧਰਮ, ਨੈਤਿਕਤਾ, ਵਿਗਿਆਨ, ਤਕਨਾਲੋਜੀ ਅਤੇ ਨੈਤਿਕਤਾ ਉੱਤੇ ਪੈ ਰਹੇ ਗਲੋਬਲੀਕਰਨ ਦੇ ਪ੍ਰਭਾਵਾਂ ਨੂੰ ਕੇਂਦਰੀ ਬਿੰਦੂ ਬਣਾ ਕੇ ਚਰਚਾ ਛੇੜਦੀਆਂ ਹਨ।
ਗਲੋਬਲੀਕਰਨ ਜਾਂ ਮੰਡੀ ਸਭਿਆਚਾਰ ਨੇ ਜ਼ਿੰਦਗੀ ਨਾਲ ਸਬੰਧਤ ਹਰ ਪਹਿਲੂ ਨੂੰ ਹੀ ਪ੍ਰਭਾਵਤ ਕੀਤਾ ਹੈ। ਮੰਡੀ ਸਭਿਆਚਾਰ ਦਾ ਸਾਰਾ ਜ਼ੋਰ ਮਨੁੱਖ ਨੂੰ ਮੰਡੀ ਦੀ ਇੱਕ ਵਸਤ ਬਨਾਉਣ ਉੱਤੇ ਹੀ ਲੱਗਦਾ ਹੈ। ਕਿਸੇ ਪਾਸੇ ਵੀ ਨਜ਼ਰ ਮਾਰੀਏ ਸਾਨੂੰ ਮੰਡੀ ਸਭਿਆਚਾਰ ਦੇ ਵੱਧ ਰਹੇ ਪ੍ਰਭਾਵ ਦਾ ਅਸਰ ਸਹਿਜੇ ਹੀ ਅਨੁਭਵ ਹੋ ਜਾਂਦਾ ਹੈ।
ਮੰਡੀ ਸਭਿਆਚਾਰ ਨਵ-ਪੂੰਜੀਵਾਦ ਦਾ ਹੀ ਦੂਜਾ ਨਾਮ ਹੈ। ਨਵ-ਪੂੰਜੀਵਾਦ ਸਭਿਆਚਾਰ ਦੇ ਰੂਪ ਵਿੱਚ ਜਿ਼ੰਦਗੀ ਦੇ ਵੱਖੋ ਵੱਖ ਪਹਿਲੂਆਂ ਵਿੱਚ ਦਖਲਅੰਦਾਜ਼ੀ ਕਰਦਾ ਹੈ। ਇਸ ਤਰ੍ਹਾਂ ਉਹ ਜਿ਼ੰਦਗੀ ਜਿਉਣ ਬਾਰੇ ਬਣੀ ਸਾਡੀ ਸੋਚ ਉੱਤੇ ਹਮਲਾ ਕਰਦਾ ਹੈ। ਮਨੁੱਖ ਦੀ ਮਾਨਸਿਕਤਾ ਵਿੱਚ ਤਬਦੀਲੀ ਆ ਜਾਣ ਤੋਂ ਬਾਹਦ ਉਹ ਹਰ ਕੰਮ ਰੋਬਾਟ ਵਾਂਗ ਕਰੀ ਜਾਂਦਾ ਹੈ। ਮੰਡੀ ਸਭਿਆਚਾਰ ਮਨੁੱਖ ਦੀ ਮਾਨਸਿਕਤਾ ਵਿੱਚ ਇਹ ਵਿਸ਼ਵਾਸ ਭਰ ਦਿੰਦਾ ਹੈ ਕਿ ਅਜੋਕੇ ਸਮਿਆਂ ਵਿੱਚ ਕੋਈ ਵੀ ਚੀਜ਼ ਪਵਿੱਤਰ ਨਹੀਂ। ਹਰ ਚੀਜ਼ ਮੰਡੀ ਦੀ ਵਸਤ ਵਾਂਗ ਖ੍ਰੀਦੀ ਜਾਂ ਵੇਚੀ ਜਾ ਸਕਦੀ ਹੈ। ਇੱਥੋਂ ਤੱਕ ਕਿ ਮਨੁੱਖ ਨੂੰ ਵੀ ਮੰਡੀ ਦੀ ਇੱਕ ਵਸਤ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ। ਮੰਡੀ ਸਭਿਆਚਾਰ ਮਨੁੱਖ ਦੀ ਮਾਨਸਿਕਤਾ ਨੂੰ ਗੰਧਲਾ ਕਰਨ ਲਈ ਸਭ ਤੋਂ ਪਹਿਲਾ ਹਮਲਾ ਮਨੁੱਖੀ ਰਿਸ਼ਤਿਆਂ ਉੱਤੇ ਕਰਦਾ ਹੈ। ਇਹ ਸਭਿਆਚਾਰ ਮਨੁੱਖ ਦੀ ਮਾਨਸਿਕਤਾ ਵਿੱਚ ਇਹ ਸੋਚ ਭਰਦਾ ਹੈ ਕਿ ਇਸ ਦੁਨੀਆਂ ਵਿੱਚ ਮਾਂ, ਧੀ, ਪਤਨੀ, ਭੈਣ, ਭਰਾ, ਪਿਓ, ਪੁੱਤਰ ਕੋਈ ਵੀ ਸ਼ੈਅ ਪਵਿੱਤਰ ਨਹੀਂ। ਲੋੜ ਪੈਣ ਉੱਤੇ ਅਤੇ ਯੋਗ ਕੀਮਤ ਦੇਣ ਵਾਲੇ ਗਾਹਕ ਦੀ ਮੌਜੂਦਗੀ ਵਿੱਚ ਇਨ੍ਹਾਂ ‘ਚੋਂ ਕੋਈ ਵੀ ਸ਼ੈਅ ਵੇਚੇ ਜਾਣ ਵਿੱਚ ਕੋਈ ਹਰਜ਼ ਨਹੀਂ। ਮੰਡੀ ਸਭਿਆਚਾਰ ਦੀ ਇਸ ਸੋਚ ਨੂੰ ਮੈਂ ਆਪਣੀ ਕਵਿਤਾ ‘ਗਲੋਬਲੀਕਰਨ-2’ ਦੀਆਂ ਇਨ੍ਹਾਂ ਸਤਰਾਂ ਵਿੱਚ ਕੁਝ ਇਸ ਢੰਗ ਨਾਲ ਪੇਸ਼ ਕੀਤਾ ਹੈ:
ਕਿੱਥੇ ਆਣ ਪਹੁੰਚੇ ਹਾਂ, ਅਸੀਂ
ਆਧੁਨਿਕਤਾ ਤੋਂ ਪਰਾ-ਆਧੁਨਿਕਤਾ ਤੱਕ ਦਾ
ਸਫ਼ਰ ਕਰਦਿਆਂ-
ਨਵੇਂ ਯੁਗ ਦੀਆਂ ਨਿਆਮਤਾਂ ਨੇ
ਸ਼ਬਦਾਂ ਦੇ ਹੇਰ-ਫੇਰ ਸੰਗ
ਹੱਸਦੇ-ਵੱਸਦੇ ਘਰਾਂ ਨੂੰ
ਚਕਲੇ ਬਣਾ ਦਿੱਤਾ ਹੈ
ਕਿੰਨੀਆਂ ਅਨਭੋਲ ਨੇ ਉਹ ਸੁਆਣੀਆਂ
ਜੋ ਮੈਗਾ ਕੰਪਨੀਆਂ ਦੇ ਪਿਆਦੇ ਬਣੇ
ਸੂਟਿਡ-ਬੂਟਿਡ ਬਘਿਆੜਾਂ ਦੇ
ਖੂਨੀ ਚਿਹਰਿਆਂ ਨੂੰ ਪਹਿਚਾਨਣ ਤੋਂ ਅਸਮਰੱਥ
ਉਨ੍ਹਾਂ ਦੇ ਝੂਠ ਦੀ ਚਾਸ਼ਨੀ ਵਿੱਚ ਲਿਬੜੇ
ਬੋਲਾਂ ਉੱਤੇ ਮੋਹਿਤ ਹੋਈਆਂ
ਲਾਲ-ਬੱਤੀ ਵਾਲੇ ਚੌਕ ਵਿੱਚ ਖੜ੍ਹੀਆਂ
ਰੰਡੀਆਂ ਵਾਂਗ, ਸਾਰੀ ਸਾਰੀ ਰਾਤ
ਇੰਟਰਨੈੱਟ ਮੰਡੀ ਦੇ ਛੱਪੜਾਂ ‘ਚ
ਆਪਣੇ ਜਾਲ ਵਿਛਾ
ਮੱਛੀਆਂ ਫੜਨ ਦੀ ਲਾਲਸਾ ਹਿਤ
ਸਾਰੀ ਸਾਰੀ ਰਾਤ ਬਿਤਾ ਦਿੰਦੀਆਂ ਹਨ
-----
ਮੰਡੀ ਸਭਿਆਚਾਰ ਆਪਣਾ ਅਗਲਾ ਹਮਲਾ ਸਾਹਿਤ, ਸੰਗੀਤ ਅਤੇ ਕਲਾ ਉੱਤੇ ਕਰਦਾ ਹੈ। ਇਸ ਕੰਮ ਵਿੱਚ ਉਸਦਾ ਭਾਈਵਾਲ ਬਣਦਾ ਹੈ ਮੀਡੀਆ। ਮੀਡੀਆ ਨਾਲ ਸਬੰਧਤ ਚਿੰਤਕ, ਲੇਖਕ, ਕਲਾਕਾਰ ਅਤੇ ਗਾਇਕ ਮੰਡੀ ਸਭਿਆਚਾਰ ਦੇ ਢੰਡੋਰਚੀ ਬਣ ਕੇ ਅਜਿਹੇ ਸਭਿਆਚਾਰ ਦੀਆਂ ਸਿਫਤਾਂ ਵਿੱਚ ਪ੍ਰਵਚਨ ਕਰਦੇ ਹਨ। ਪਰਵਾਰਿਕ ਰਿਸ਼ਤਿਆਂ ਨੂੰ ਗੰਧਲਾ ਕਰਨ ਲਈ ਮੰਡੀ ਸਭਿਆਚਾਰ ਸਾਹਿਤ, ਸੰਗੀਤ ਅਤੇ ਕਲਾ ਨੂੰ ਕਿਸ ਤਰ੍ਹਾਂ ਵਰਤਦਾ ਹੈ ਇਸ ਦੀ ਮਿਸਾਲ ਲਈ ਅਸੀਂ ਦੇਖ ਸਕਦੇ ਹਾਂ ਨਜ਼ਮ ‘ਗਲੋਬਲੀਕਰਨ-2’ ਦੀਆਂ ਇਹ ਕਾਵਿ-ਸਤਰਾਂ:
ਨਵੇਂ ਯੁਗ ਦੇ ਵਰਕਾਂ ਵਿੱਚ ਲਿਪਟੀ
ਪਰਾ-ਆਧੁਨਿਕ ਸ਼ਬਦਾਵਲੀ ਦੇ ਖੱਚਰੇਪਣ ਨੇ
ਗੰਧਲੇ ਕਰ ਦਿੱਤੇ ਨੇ
ਸਾਡੀ ਚੇਤਨਾ ਵਿਚ ਵਗ ਰਹੇ
ਨਿਰਮਲ ਪਾਣੀਆਂ ਦੇ ਝਰਨੇ
ਸੱਜਰੀ ਸਵੇਰ ਵਰਗੀ ਗਾਇਕੀ ਦੇ ਮੰਚ ਤੋਂ ਵੀ
ਹੁਣ ਜਦੋਂ, ਕੋਈ ਗਾਇਕ
ਕਿਸੇ ਪਾਂ ਪਏ ਕੁੱਤੇ ਵਾਂਗ
ਆਪਣੀ ਪੂਛ ਹਿਲਾਉਂਦਾ, ਲੱਚਰਤਾ ਦੀ ਸਿਖਰ
ਤੱਕ ਪਹੁੰਚਣ ਦਾ ਯਤਨ ਕਰਦਾ ਹੈ
ਤਾਂ, ਸਰੋਤਿਆਂ ਵਿੱਚ ਬੈਠੀ
ਇੱਕ ਜੁਆਨ ਹੋ ਰਹੀ ਧੀ
ਆਪਣੇ ਨਾਲ ਆਏ ਪਿਤਾ ਨੂੰ
ਸ਼ਰਮਸਾਰ ਹੋਇਆ ਵੇਖ
ਬੋਲ ਉੱਠਦੀ ਹੈ:
‘ਮੈਂ ਨਹੀਂ ਸੁਨਣੇ ਇਹ ਗੰਦੇ ਗੀਤ
ਪਾਪਾ ! ਮੈਨੂੰ ਨਹੀਂ ਚਾਹੀਦਾ
ਤੁਹਾਡਾ, ਇਹ ਗੰਧਲਾ ਸਭਿਆਚਾਰ !’
----
ਸਭਿਆਚਾਰ ਨੂੰ ਗੰਧਲਾ ਕਰਨ ਲਈ ਉਸ ਨੂੰ ਹਕੀਕਤਾਂ ਨਾਲੋਂ ਤੋੜਿਆ ਜਾਂਦਾ ਹੈ। ਗੀਤ-ਸੰਗੀਤ ਵਿੱਚ ਸਭਿਆਚਾਰਕ ਪ੍ਰੰਪਰਕ ਅਤੇ ਸਮਾਂ ਵਿਹਾ ਚੁੱਕੀਆਂ ਕਦਰਾਂ-ਕੀਮਤਾਂ ਦੀ ਝੂਠੀ ਬੱਲੇ, ਬੱਲੇ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਦੀ ਮਾਨਸਿਕ ਅਤੇ ਨੈਤਿਕ ਗਿਰਾਵਟ ‘ਚੋਂ ਲੋਕ ਲੰਘ ਰਹੇ ਹੁੰਦੇ ਹਨ ਉਸਦਾ ਜ਼ਿਕਰ ਨਹੀਂ ਕੀਤਾ ਜਾਂਦਾ। ਪੰਜਾਬੀ ਕਮਿਊਨਿਟੀ ਇਸ ਸਮੇਂ ਅਨੇਕਾਂ ਤਰ੍ਹਾਂ ਦੇ ਨਸ਼ਿਆਂ ਦਾ ਸ਼ਿਕਾਰ ਹੋ ਰਹੀ ਹੈ। ਕੋਈ ਹੀ ਦਿਨ ਖਾਲੀ ਜਾਂਦਾ ਹੈ, ਜਦੋਂ ਕਿ ਪੰਜਾਬੀ ਡਰੱਗ ਸਮਗਲਰ ਬਾਰਡਰ ਪੁਲਿਸ ਵੱਲੋਂ ਗ੍ਰਿਫਤਾਰ ਨਾ ਕੀਤੇ ਗਏ ਹੋਣ। ਇਹ ਡਰੱਗ ਸਭਿਆਚਾਰ ਸਕੂਲਾਂ-ਕਾਲਿਜਾਂ-ਯੂਨੀਵਰਸਿਟੀਆਂ ਵਿੱਚ ਪੜ੍ਹਦੇ ਅਲ੍ਹੜ ਉਮਰ ਦੇ ਮੁੰਡਿਆਂ/ਕੁੜੀਆਂ ਦੀ ਜ਼ਿੰਦਗੀ ਤਬਾਹ ਕਰ ਰਿਹਾ ਹੈ। ਪਰ ਮੰਡੀ ਸਭਿਆਚਾਰ ਨੂੰ ਤਾਂ ਆਪਣੇ ਮੁਨਾਫ਼ੇ ਨਾਲ ਮਤਲਬ ਹੈ। ਮੰਡੀ ਸਭਿਆਚਾਰ ਦੇ ਇਸ ਪਹਿਲੂ ਦਾ ਜ਼ਿਕਰ ਮੇਰੀ ਕਵਿਤਾ ‘ਗਲੋਬਲੀਕਰਨ-3’ ਦੀਆਂ ਇਨ੍ਹਾਂ ਕਾਵਿ-ਸਤਰਾਂ ਵਿੱਚ ਕੁਝ ਇਸ ਤਰ੍ਹਾਂ ਕੀਤਾ ਗਿਆ ਹੈ:
ਬਹੁਤ ਅਜੀਬ ਲੱਗਦਾ ਹੈ
ਰੇਡੀਓ ਉੱਤੇ ਵੱਜ ਰਿਹਾ ਗੀਤ ਸੁਣਕੇ:
‘ਪੰਜਾਬੀਆਂ ਦੀ ਹੋ ਗਈ ਬੱਲੇ ਨੀ ਬੱਲੇ’
ਜਦੋਂ - ਸਵੇਰ ਦੇ ਆਏ ਤਾਜ਼ੇ ਅਖਬਾਰ ਦੀ ਮੁੱਢਲੀ ਸੁਰਖੀ
ਸਾਡੀ ਚੇਤਨਾ ਦੇ ਦਰਵਾਜ਼ਿਆਂ ਉੱਤੇ ਠੁੱਢੇ ਮਾਰ ਰਹੀ ਹੁੰਦੀ ਹੈ:
‘ਅੱਜ ਫਿਰ ਦੋ ਹੋਰ ਪੰਜਾਬੀ ਟਰੱਕ ਡਰਾਈਵਰ
ਕੈਨੇਡਾ-ਅਮਰੀਕਾ ਦੇ ਬਾਰਡਰ ਉੱਤੇ
ਕੋਕੇਨ ਦੀ ਸਮਗਲਿੰਗ ਕਰਦੇ ਫੜੇ ਗਏ’
-----
ਇਹ ਸਭ ਕੁਝ ਅਚਾਨਕ ਨਹੀਂ ਵਾਪਰਨ ਲੱਗਦਾ। ਟੈਲੀਵੀਜ਼ਨ ਦੀਆਂ ਸਕਰੀਨਾਂ ਉੱਤੇ ਆਮ ਲੋਕਾਂ ਦੀ ਜ਼ਿੰਦਗੀ ਦਿਖਾਉਣ ਦੀ ਥਾਂ ਜਦੋਂ ਮਹੱਲਾਂ ਵਾਂਗ ਸਜੇ ਘਰ ਦਿਖਾਏ ਜਾਂਦੇ ਹਨ ਅਤੇ ਲੋਕਾਂ ਦੀ ਮਾਨਸਿਕਤਾ ਵਿੱਚ ਇਹ ਗੱਲ ਭਰੀ ਜਾਂਦੀ ਹੈ ਕਿ ਨਵ-ਪੂੰਜੀਵਾਦ ਵੱਲੋਂ ਦਰਸਾਏ ਗਏ ਤਰੀਕਿਆਂ ਉੱਤੇ ਚੱਲ ਕੇ ਹਰ ਕੋਈ ਦਿਨਾਂ ਵਿੱਚ ਹੀ ਇਨ੍ਹਾਂ ਮਹੱਲਾਂ ਵਰਗੇ ਘਰਾਂ ਦੇ ਮਾਲਕਾਂ ਵਾਂਗ ਅਮੀਰ ਬਣ ਸਕਦਾ ਹੈ ਤਾਂ ਲੋਕ ਆਪਣੇ ਅਜਿਹੇ ਮੰਤਵਾਂ ਦੀ ਪ੍ਰਾਪਤੀ ਹਿਤ ਹਰ ਠੀਕ-ਗਲਤ ਰਾਹ ਅਪਨਾਉਣ ਲਈ ਤਿਆਰ ਹੋ ਜਾਂਦੇ ਹਨ। ਕੈਨੇਡਾ ਦੇ ਦੋ ਵੱਡੇ ਪ੍ਰਾਂਤਾਂ ਬ੍ਰਿਟਿਸ਼ ਕੋਲੰਬੀਆ ਅਤੇ ਓਨਟਾਰੀਓ ਵਿੱਚ ਰਹਿ ਰਹੇ ਪੰਜਾਬੀ ਇਸ ਬੀਮਾਰੀ ਦੇ ਬੁਰੀ ਤਰ੍ਹਾਂ ਸਿ਼ਕਾਰ ਹੋ ਚੁੱਕੇ ਹਨ। ਰਾਤੋ ਰਾਤ ਅਮੀਰ ਬਨਣ ਦੀ ਦੌੜ ਵਿੱਚ ਪੈ ਚੁੱਕੇ 100 ਤੋਂ ਵੱਧ ਪੰਜਾਬੀ ਨੌਜੁਆਨ ਬ੍ਰਿਟਿਸ਼ ਕੋਲੰਬੀਆ ਪ੍ਰਾਂਤ ਵਿੱਚ ਪੰਜਾਬੀ ਡਰੱਗ ਸਮਗਲਰ ਗੈਂਗਸਟਰਾਂ ਦੀ ਆਪਸ ਵਿੱਚ ਚੱਲ ਰਹੀ ਖਹਿਬਾਜ਼ੀ ਵਿੱਚ ਮਾਰੇ ਜਾ ਚੁੱਕੇ ਹਨ। ਮੰਡੀ ਸਭਿਆਚਾਰ ਦੇ ਇਸ ਘਿਨਾਉਣੇ ਪੱਖ ਨੂੰ ਮੇਰੀ ਕਵਿਤਾ ‘ਗਲੋਬਲੀਕਰਨ-21’ ਦੀਆਂ ਇਹ ਕਾਵਿ ਸਤਰਾਂ ਬੜੀ ਸਪੱਸ਼ਟਤਾ ਨਾਲ ਪੇਸ਼ ਕਰਦੀਆਂ ਹਨ:
ਗਲੋਬਲੀਕਰਨ ਨੇ
ਦੁਨੀਆਂ ਦੇ ਕੋਨੇ ਕੋਨੇ ਵਿੱਚ
ਟੈਲੀਵੀਜ਼ਨ ਦੀਆਂ ਸਕਰੀਨਾਂ ਰਾਹੀਂ
ਜ਼ਿੰਦਗੀ ਜਿਉਣ ਦੇ ਢੰਗਾਂ ਦੇ
ਝੂਠੇ ਸੁਪਨੇ ਦਿਖਾਉਣ ਦਾ
ਪ੍ਰਪੰਚ ਰਚ, ਰਾਤੋ ਰਾਤ
ਅਮੀਰ ਬਨਣ ਦੇ ਨੁਸਖੇ ਵੇਚਣ ਦਾ
ਜੋ ਸਿਲਸਿਲਾ ਸ਼ੁਰੂ ਕੀਤਾ ਹੈ
ਉਸੇ ਦੀ ਚਕਾਚੌਂਧ ਦੇ ਖਿੱਚੇ
ਡਾਲਰਾਂ ਪਿੱਛੇ ਲੱਗੀ ਅੰਨ੍ਹੀ ਦੌੜ ‘ਚ
ਅਰਬੀ ਘੋੜਿਆਂ ਵਾਂਗੂੰ ਸਰਪਟ
ਦੌੜ ਰਹੇ ਨੇ ਲੋਕੀਂ
ਪਰ ਜਦੋਂ ਅਜਿਹੀ ਅੰਨ੍ਹੀ ਦੌੜ ਵਿੱਚ ਪੈ ਕੇ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਮਨ ਵਿੱਚ ਘੋਰ ਨਿਰਾਸ਼ਾ ਪੈਦਾ ਹੁੰਦੀ ਹੈ ਤਾਂ ਇਹ ਲੋਕ ਮਨ ਦੀ ਸ਼ਾਂਤੀ ਲਈ ਠੱਗ ਬਾਬਿਆਂ ਅਤੇ ਧਾਰਮਿਕ ਮੱਠਾਂ ਵੱਲ ਦੌੜਦੇ ਹਨ। ਪਰ ਜ਼ਰੂਰੀ ਨਹੀਂ ਕਿ ਅਜਿਹੇ ਅੰਧ ਵਿਸ਼ਵਾਸੀ ਲੋਕ ਵਿੱਦਿਅਕ ਤੌਰ ਉੱਤੇ ਅਨਪੜ੍ਹ ਹੋਣ। ਠੱਗ ਬਾਬਿਆਂ ਦੇ ਡੇਰਿਆਂ ਅਤੇ ਧਾਰਮਿਕ ਮੱਠਾਂ ਵਿੱਚ ਜਾ ਕੇ ਨੱਕ ਰਗੜਨ ਵਾਲੇ ਲੋਕਾਂ ਵਿੱਚ ਇੰਜਨੀਅਰ, ਡਾਕਟਰ, ਵਕੀਲ, ਪਰੋਫੈਸਰ, ਖਿਡਾਰੀ, ਬਿਜ਼ਨਸਮੈਨ, ਗਾਇਕ, ਕਲਾਕਾਰ ਅਤੇ ਮੀਡੀਆ ਦੇ ਲੋਕ ਵੀ ਸ਼ਾਮਿਲ ਹੁੰਦੇ ਹਨ। ਇਹ ਅਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਕਮਿਊਨਿਟੀ ਬੜੇ ਸਿਆਣੇ ਅਤੇ ਪਤਵੰਤੇ ਲੋਕ ਸਮਝਦੀ ਹੈ। ਕਮਿਊਨਿਟੀ ਦੇ ਆਮ ਲੋਕ ਜਿਨ੍ਹਾਂ ਤੋਂ ਅਨੇਕਾਂ ਹਾਲਤਾਂ ਵਿੱਚ ਰਹਿਨੁਮਾਈ ਪ੍ਰਾਪਤ ਕਰਦੇ ਹਨ। ਅਜਿਹੇ ਮੁਖੌਟਾਧਾਰੀ ਰਹਿਨੁਮਾਵਾਂ ਦੇ ਅਸਲੀ ਕਿਰਦਾਰਾਂ ਬਾਰੇ ਮੈਂ ਆਪਣੀ ਕਵਿਤਾ ‘ਗਲੋਬਲੀਕਰਨ-21’ ਦੀਆਂ ਇਨ੍ਹਾਂ ਕਾਵਿ ਸਤਰਾਂ ਵਿੱਚ ਬਹੁਤ ਸਪੱਸ਼ਟ ਸ਼ਬਦਾਂ ਵਿੱਚ ਲਿਖਿਆ ਹੈ:
ਇਹੀ ਹੈ ਉਹ ਭੀੜ
ਜੋ ਅਗਿਆਨਤਾ ਦੇ ਚਿੱਕੜ ਵਿੱਚ ਖੁੱਭੀ
ਹਰ ਠੱਗ, ਹਰ ਸੰਤ, ਹਰ ਸਾਧ ਦੇ
ਵਿਹੜੇ ਵਿੱਚ ਆਪਣਾ ਨੱਕ ਰਗੜਦੀ
ਤੁਹਾਨੂੰ ਨਜ਼ਰ ਆਏਗੀ
ਹਰ ਪਾਖੰਡੀ ਗੁਰੂ, ਬਾਬੇ ਦੀਆਂ
ਭੇਡਾਂ ਦੇ ਇੱਜੜ ਵਿੱਚ, ਜਿਸਨੂੰ
ਮੈਂ ਮੈਂ ਕਰਦਿਆਂ ਵੇਖੋਗੇ
ਇਹੀ ਹੈ ਉਹ ਭੀੜ
ਜੋ ਤੁਹਾਨੂੰ ਖੜ੍ਹੀ ਮਿਲੇਗੀ-
ਧਾਰਮਿਕ ਮੱਠਾਂ ਦੀਆਂ ਕੰਧਾਂ ਉਹਲੇ
ਅੰਨ੍ਹੇ ਨਿਸ਼ਾਨਚੀਆਂ ਵਾਂਗ
ਜ਼ਿੰਦਗੀ ਦਾ ਕੋਈ ਨਿਸ਼ਾਨਾ ਮਿੱਥਦੀ
-----
ਗਲੋਬਲੀਕਰਨ ਦੀ ਤੇਜ਼ ਹਨ੍ਹੇਰੀ ਅੱਗੇ ਕੱਖਾਂ ਕਾਨਿਆਂ ਵਾਂਗ ਉੱਡੇ ਫਿਰਦੇ ਸਾਡੇ ਇਹ ਮੁਖੌਟਾਧਾਰੀ ਅਤੇ ਭ੍ਰਿਸ਼ਟ ਹੋ ਚੁੱਕੇ ਰਹਿਨੁਮਾ ਜ਼ਿੰਦਗੀ ਦੇ ਹਰ ਖੇਤਰ ਵਿੱਚ ਹੀ ਆਪਣੀ ਭ੍ਰਿਸ਼ਟ ਹੋ ਚੁੱਕੀ ਮਾਨਸਿਕਤਾ ਦੀਆਂ ਜੜ੍ਹਾਂ ਲਗਾਉਣ ਲਈ ਯਤਨਸ਼ੀਲ ਹਨ। ਰਾਜਨੀਤੀ, ਧਰਮ, ਵਿੱਦਿਆ, ਆਰਥਿਕਤਾ, ਵਾਤਾਵਰਨ, ਸਿਹਤ, ਖੇਡਾਂ, ਤਕਨਾਲੋਜੀ, ਵਿਗਿਆਨ - ਜ਼ਿੰਦਗੀ ਦਾ ਅਜਿਹਾ ਕੋਈ ਵੀ ਖੇਤਰ ਬਾਕੀ ਨਹੀਂ ਰਿਹਾ ਜੋ ਕਿ ਇਨ੍ਹਾਂ ਦੀ ਕਿਰਪਾ ਦ੍ਰਿਸ਼ਟੀ ਹੋਣ ਤੋਂ ਬਾਹਦ ਭ੍ਰਿਸ਼ਟ ਹੋਣ ਤੋਂ ਬਚ ਸਕਿਆ ਹੋਵੇ। ਭਾਵੇਂ ਕਿ ਅਨੇਕਾਂ ਪਹਿਲੂਆਂ ਤੋਂ ਪਰਵਾਸ ਵਿੱਚ ਜਾਣ ਵਾਲੇ ਪੰਜਾਬੀ ਭ੍ਰਿਸ਼ਟਾਚਾਰ ਦੇ ਕੀਟਾਣੂੰ ਆਪਣੇ ਨਾਲ ਭਾਰਤ/ਪਾਕਿਸਤਾਨ ਤੋਂ ਹੀ ਲੈ ਕੇ ਜਾਂਦੇ ਹਨ; ਪਰ ਅਨੇਕਾਂ ਤਰ੍ਹਾਂ ਦੇ ਆਧੁਨਿਕ ਭ੍ਰਿਸ਼ਟਾਚਾਰ ਦੇ ਕੀਟਾਣੂੰ ਪਰਵਾਸ ਵਿੱਚ ਰਹਿ ਰਹੇ ਪੰਜਾਬੀ ਆਪਣੀ ਵਤਨ ਫੇਰੀ ਵੇਲੇ ਆਪਣੇ ਨਾਲ ਪਰਵਾਸ ਤੋਂ ਵੀ ਲੈ ਕੇ ਜਾਂਦੇ ਹਨ। ਮੰਡੀ ਸਭਿਆਚਾਰ ਨੇ ਜਿਸ ਤਰ੍ਹਾਂ ਦਾ ਸਭਿਆਚਾਰਕ ਗੰਦ ਪੱਛਮੀ ਦੇਸ਼ਾਂ ਵਿੱਚ ਪਾਇਆ ਹੈ - ਸਾਡੇ ਪਰਵਾਸੀਆਂ ਨੇ ਉਸ ਗੰਦ ਦੀਆਂ ਜੜ੍ਹਾਂ ਪੰਜਾਬ ਵਿੱਚ ਵੀ ਲਗਾ ਦਿੱਤੀਆਂ ਹਨ। ਪਰਵਾਸੀ ਪੰਜਾਬੀਆਂ ਦੀ ਪੰਜਾਬ ਨੂੰ ਦਿੱਤੀ ਗਈ ਅਜਿਹੀ ਵੱਡਮੁੱਲੀ ਦੇਣ ਦਾ ਨਕਸ਼ਾ ਮੈਂ ਆਪਣੀ ਕਵਿਤਾ ‘ਗਲੋਬਲੀਕਰਨ-23’ ਵਿੱਚ ਕੁਝ ਇਸ ਤਰ੍ਹਾਂ ਉਲੀਕਿਆ ਹੈ:
ਪੰਜਾਬ, ਤੇਰੀਆਂ ਕੀ ਕੀ ਸਿਫਤਾਂ ਕਰਾਂ
ਗਲੋਬਲੀਕਰਨ ਦੀ ਤੇਜ਼ ਹਨ੍ਹੇਰੀ ਨੇ
ਤੇਰੀ ਧਰਤੀ ਦੇ ਕੋਨੇ ਕੋਨੇ ਵਿੱਚ ਵੀ
ਅਨੇਕਾਂ ਵੱਡਮੁੱਲੀਆਂ ਬਰਕਤਾਂ
ਲਿਆਂਦੀਆਂ ਹਨ
ਬਦੇਸ਼ਾਂ ਵਿਚ, ਹਰ ਪਲ
ਤੇਰੇ ਨਾਮ ਦੀ ਮਾਲਾ ਜਪਦੇ
ਤੇਰੇ ਧੀਆਂ-ਪੁੱਤਰਾਂ ਨੇ
ਪਰਮ ਪਿਤਾ ਪਰਮੇਸ਼ਰ ਨੂੰ
ਹਾਜ਼ਿਰ ਨਾਜ਼ਰ ਜਾਣਕੇ
ਸਹੁੰ ਖਾਧੀ ਸੀ
ਕਿ ਇੱਕ ਦਿਨ
ਉਹ, ਪੰਜਾਬ ਨੂੰ ਵੀ
ਕੈਲੇਫੋਰਨੀਆਂ ਬਣਾ ਦੇਣਗੇ
ਆਪਣੇ ਵਾਹਦੇ ਉੱਤੇ, ਉਹ
ਪੂਰੇ ਉਤਰੇ ਹਨ -
ਦਹਾਕਿਆਂ ਦਾ ਕੰਮ
ਉਨ੍ਹਾਂ ਨੇ ਸਾਲਾਂ ਵਿੱਚ ਹੀ
ਪੂਰਾ ਕਰ ਦਿਖਲਾਇਆ ਹੈ
ਨਸ਼ਿਆਂ ਦਾ ਛੇਵਾਂ ਦਰਿਆ ਵਗਾ ਕੇ
ਪੰਜਾਬੀਆਂ ਨੂੰ, ਅਮਲੀ ਅਤੇ ਨਸ਼ਈ
ਬਨਾਉਣ ਦੀ ਆਪਣੀ ਮੁਹਿੰਮ ਵਿੱਚ
ਭੰਗ, ਅਫੀਮ, ਚਰਸ, ਕਰੈਕ, ਕੁਕੇਨ ਦੇ ਅੱਡੇ
ਪਿੰਡ, ਪਿੰਡ, ਸ਼ਹਿਰ, ਸ਼ਹਿਰ
ਖੋਹਲ ਦਿੱਤੇ ਹਨ
ਕੈਬਰੇ ਅਤੇ ਬਲੂ-ਮੂਵੀਆਂ ਵੇਖਣ ਜਾਂ
ਲੱਚਰ ਗੀਤ ਸੁਨਣ ਦੇ
ਚਾਹਵਾਨ ਮਹਾਂ-ਪੁਰਸ਼ਾਂ ਨੂੰ
ਮਨ-ਪਰਚਾਉਣ ਵਾਸਤੇ, ਹੁਣ
ਬਦੇਸ਼ਾਂ ਦੇ ਚੱਕਰ ਨਹੀਂ
ਲਗਾਉਣੇ ਪੈਣਗੇ
ਅੰਮ੍ਰਿਤਸਰ, ਜਲੰਧਰ, ਲੁਧਿਆਣਾ ਜਾਂ ਚੰਡੀਗੜ੍ਹ ਦੇ
ਪੰਜ ਸਟਾਰ ਹੋਟਲਾਂ ਵਿਚ ਬਣੇ
ਚਕਲਿਆਂ ਵਿੱਚ ਜਾ ਕੇ ਹੀ
ਹਰ ਰੰਗ, ਧਰਮ, ਨਸਲ ਦੀ ਰੰਡੀ ਨਾਲ
ਰੰਗ ਰਲੀਆਂ ਮਨਾਈਆਂ ਜਾ ਸਕਦੀਆਂ ਹਨ
-----
ਮੰਡੀ ਸਭਿਆਚਾਰ ਤੁਹਾਡੇ ਅੰਦਰ ਪੂਰੀ ਤਰ੍ਹਾਂ ਗੁਲਾਮੀ ਦਾ ਅਹਿਸਾਸ ਭਰ ਦਿੰਦਾ ਹੈ। ਮੰਡੀ ਸਭਿਆਚਾਰ ਤੁਹਾਡੀ ਚੇਤਨਾ ਵਿੱਚ ਇੱਕ ਹੀ ਨਾਹਰੇ ਦੇ ਬੀਜ ਮੁੜ ਮੁੜ ਬੀਜਦਾ ਹੈ: ‘ਖਾਓ, ਪੀਓ, ਕਰੋ ਆਨੰਦ’। ਮੰਡੀ ਸਭਿਆਚਾਰ ਵਿੱਚ ਆਮ ਮਨੁੱਖ ਦੀ ਸ਼ਮੂਲੀਅਤ ਤਾਂ, ਮਹਿਜ਼, ਪੁਤਲੀਆਂ ਵਾਂਗ ਹੀ ਹੁੰਦੀ ਹੈ। ਉਸ ਵੱਲੋਂ ਕੀਤੇ ਗਏ ਹਰ ਕਾਰਜ, ਹਰ ਅਦਾ ਦੀ ਵਾਗਡੋਰ ਮੈਗਾ ਕਾਰਪੋਰੇਸ਼ਨਾਂ ਨਾਲ ਸਬੰਧਤ ਕਰਿੰਦਿਆਂ ਦੇ ਹੱਥਾਂ ਵਿੱਚ ਹੀ ਹੁੰਦੀ ਹੈ। ਉਹ ਉਨ੍ਹਾਂ ਦੀ ਹੀ ਜ਼ੁਬਾਨ ਬੋਲਦਾ ਹੈ, ਉਨ੍ਹਾਂ ਦੀ ਹੀ ਸੋਚ ਦਾ ਪ੍ਰਗਟਾਵਾ ਕਰਦਾ ਹੈ, ਉਨ੍ਹਾਂ ਦੀਆਂ ਹੀ ਇਛਾਵਾਂ ਦੀ ਪੂਰਤੀ ਕਰਦਾ ਹੈ। ਆਮ ਆਦਮੀ ਤਾਂ, ਮਹਿਜ਼, ਸ਼ਤਰੰਜ ਦੇ ਪਿਆਦਿਆਂ ਵਾਂਗ ਇਨ੍ਹਾਂ ਸ਼ਤਰੰਜ ਦੇ ਖਿਡਾਰੀਆਂ ਦੇ ਹੱਥਾਂ ਦੀ ਛੋਹ ਮਿਲਣ ਨੂੰ ਹੀ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਸਮਝਦਾ ਹੈ। ਉਸ ਨੂੰ ਇੰਨੇ ਨਾਲ ਹੀ ਖੁਸ਼ੀ ਮਿਲ ਜਾਂਦੀ ਹੈ ਕਿ ਸ਼ਤਰੰਜ ਦੇ ਇਨ੍ਹਾਂ ਵੱਡੇ ਖਿਡਾਰੀਆਂ ਨਾਲ ਉਸ ਦੀਆਂ ਤਸਵੀਰਾਂ ਅਖਬਾਰਾਂ/ਮੈਗਜ਼ੀਨਾਂ ਦੇ ਸਫਿਆਂ ਉੱਤੇ ਛਪ ਰਹੀਆਂ ਹਨ। ਅਜਿਹੇ ਅਰਥਹੀਣ ਸਭਿਆਚਾਰ ਅਤੇ ਉਸ ਦੇ ਉਸਰੱਈਆਂ ਦੀ ਤਸਵੀਰ ਮੇਰੀ ਕਵਿਤਾ ‘ਗਲੋਬਲੀਕਰਨ-26’ ਵਿੱਚ ਕੁਝ ਇਸ ਤਰ੍ਹਾਂ ਪੇਸ਼ ਕੀਤੀ ਗਈ ਹੈ:
ਗਲੋਬਲੀਕਰਨ, ਸਭਿਆਚਾਰਕ ਗੁਲਾਮੀ ਦਾ ਹੀ
ਇੱਕ ਬਦਲਵਾਂ ਨਾਮ ਹੈ-
ਮੈਗਾ ਮੀਡੀਆ ਕਾਰਪੋਰੇਸ਼ਨਾਂ ਦਾ
ਡਾਇਨਾਸੋਰ, ਦਹਾੜਦਾ ਆ ਰਿਹਾ
ਆਪਣੇ ਪੈਰਾਂ ਹੇਠ ਦਰੜ ਦੇਣ ਲਈ
ਲੋਕ-ਸਭਿਆਚਾਰਾਂ ਦਾ ਤਾਣਾ-ਬਾਣਾ
ਉਹ ਨਹੀਂ ਚਾਹੁਣਗੇ, ਸਭਿਆਚਾਰ
ਆਲੇ-ਦੁਆਲੇ ਦੀ ਬਾਤ ਪਾਵੇ
ਲੋਕਾਂ ਦੇ ਦੁੱਖਾਂ-ਸੁੱਖਾਂ ਦੇ ਗੀਤ ਗਾਏ
ਉਨ੍ਹਾਂ ਦੀਆਂ ਉਮੰਗਾਂ-ਇਛਾਵਾਂ ਦਾ
ਜ਼ਿਕਰ ਕਰੇ, ਉਨ੍ਹਾਂ ਦੇ ਸੁਪਨਿਆਂ ਦੇ ਵੀ
ਬਹੁ-ਰੰਗੇ ਫੁੱਲ ਖਿੜ ਸਕਣ
ਉਹ ਤਾਂ ਚਾਹੁਣਗੇ, ਟੈਲੀਵੀਜ਼ਨ ਸਕਰੀਨ
ਦਿਨ ਰਾਤ ਭਰੇ ਰਹਿਣ, ਅਰਥਹੀਣ
ਹਾਲੀਵੁੱਡ-ਬਾਲੀਵੁੱਡ ਫਿਲਮੀ ਦ੍ਰਿਸ਼ਾਂ ਨਾਲ
ਇਨ੍ਹਾਂ ਵਿੱਚ, ਮੈਗਾ ਕਾਰਪੋਰੇਸ਼ਨਾਂ ਦੇ ਮਾਲਿਕ
ਗੁੰਡਾਰਾਜ ਦੇ ਚੀਫ ਐਗਜ਼ੀਕਿਊਟਿਵ ਡਾਇਰੈਕਟਰਾਂ ਵੱਲੋਂ
ਆਯੋਜਿਤ ਕੀਤੇ ਗਏ ਭਰਵੇਂ ਇਕੱਠਾਂ ਵਾਲੇ
ਕੁੱਤਿਆਂ, ਬਿੱਲਿਆਂ ਦੇ ਜਨਮ ਸਮਾਰੋਹਾਂ ਉੱਤੇ
ਸ਼ਹਿਰ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ
ਮੁਜਰੇ ਕਰਦੀਆਂ ਕਾਲ ਗਰਲਜ਼, ਪਲੇਅ ਬੁਆਏ
ਮੈਗਜ਼ੀਨਾਂ ਲਈ, ਕਾਮ-ਉਕਸਾਊ
ਨਗਨ ਪੋਜ਼ ਬਣਾ ਰਹੀਆਂ ਹੋਣ
----
ਮੰਡੀ ਸਭਿਆਚਾਰ ਨੂੰ ਮੁਨਾਫ਼ਾ ਸਭਿਆਚਾਰ ਵੀ ਕਿਹਾ ਜਾ ਸਕਦਾ ਹੈ। ਇਸ ਸਭਿਆਚਾਰ ਵਿੱਚ ਹਰ ਕੰਮ ਕਰਨ ਤੋਂ ਪਹਿਲਾਂ ਇਹ ਸੋਚਿਆ ਜਾਂਦਾ ਹੈ ਕਿ ਉਸ ਕੰਮ ਵਿੱਚੋਂ ਡਾਲਰਾਂ ਦੇ ਹਿਸਾਬ ਨਾਲ ਕਿੰਨਾ ਮੁਨਾਫ਼ਾ ਜਾਂ ਲਾਭ ਹੋਵੇਗਾ। ਅਜਿਹੇ ਸਭਿਆਚਾਰ ਦਾ ਪਾਸਾਰ ਕਰਨ ਵਾਲੇ ਰਾਜਨੀਤੀਵਾਨਾਂ ਵੱਲੋਂ ਆਰਥਿਕ ਨੀਤੀਆ ਵੀ ਅਮੀਰ ਸ਼੍ਰੇਣੀ ਦੇ ਜਿਉਣ ਢੰਗ ਨੂੰ ਹੀ ਧਿਆਨ ਵਿੱਚ ਰੱਖ ਕੇ ਬਣਾਈਆਂ ਜਾਂਦੀਆਂ ਹਨ। ਗਰੀਬ ਅਤੇ ਦੱਬੇ-ਕੁਚਲੇ ਲੋਕਾਂ ਕੋਲ ਤਾਂ ਇਹ ਰਾਜਨੀਤੀਵਾਨ ਪੰਜ ਸਾਲਾਂ ਬਾਹਦ ਉਦੋਂ ਹੀ ਜਾਂਦੇ ਹਨ ਜਦੋਂ ਇਨ੍ਹਾਂ ਰਾਜਨੀਤੀਵਾਨਾਂ ਨੂੰ ਇਨ੍ਹਾਂ ਗਰੀਬ ਲੋਕਾਂ ਦੀਆਂ ਵੋਟਾਂ ਦੀ ਲੋੜ ਹੁੰਦੀ ਹੈ। ਭ੍ਰਿਸ਼ਟ ਰਾਜਨੀਤੀਵਾਨਾਂ ਅਤੇ ਉਨ੍ਹਾਂ ਦੀਆਂ ਅਜਿਹੀਆਂ ਭ੍ਰਿਸ਼ਟ ਆਰਥਿਕ ਨੀਤੀਆਂ ਬਾਰੇ ਚਰਚਾ ਮੇਰੀ ਕਵਿਤਾ ‘ਗਲੋਬਲੀਕਰਨ-31’ ਵਿੱਚ ਕੁਝ ਇਸ ਤਰ੍ਹਾਂ ਕੀਤਾ ਗਿਆ ਹੈ:
ਗਲੋਬਲੀਕਰਨ ਕੋਲ ਉਨ੍ਹਾਂ ਲੋਕਾਂ ਤੱਕ
ਪਹੁੰਚਣ ਦੀ ਵਿਹਲ ਹੀ ਕਿੱਥੇ ਹੈ
ਜੋ ਫੁੱਟਪਾਥਾਂ ਉੱਤੇ ਜੰਮਦੇ ਹਨ
ਫੁੱਟਪਾਥਾਂ ਉੱਤੇ ਹੀ
ਅੰਤਮ ਸਵਾਸ ਛੱਡਦੇ ਹਨ
ਵਿੱਚ ਵਿਚਾਲੇ ਦਾ ਸਮਾਂ-
ਸਾਰੀ ਉਮਰ
ਪਲੇਅਬੁਆਏ ਹੋਟਲਾਂ ਦੀ
ਉਸਾਰੀ ਕਰਨ ਲਈ
ਇੱਟਾਂ ਢੋਹਣ ਵਿੱਚ ਹੀ
ਲੰਘ ਜਾਂਦੀ ਹੈ, ਜਿਨ੍ਹਾਂ ਦੇ
ਏਅਰ ਕੰਡੀਸ਼ਨ ਕਮਰਿਆਂ ਵਿੱਚ
ਦੇਸ਼ ਦੇ ਉੱਚ ਨੇਤਾਵਾਂ ਨੇ
ਹਰ ਪੰਜ ਸਾਲ ਬਾਹਦ
ਦੇਸ ਦੀ ਪਾਰਲੀਮੈਂਟ ਦੀਆਂ
ਵੋਟਾਂ ਪੈਣ ਤੋਂ ਪਹਿਲਾਂ
ਸ਼ੀਵਾਜ਼ ਰੀਗਲ ਦੇ ਘੁੱਟ ਭਰਦਿਆਂ
ਭਾਸ਼ਨ ਦੇ ਇੱਕ ਇੱਕ ਸ਼ਬਦ ਨੂੰ
ਚੰਗੀ ਤਰ੍ਹਾਂ ਰੱਟਾ ਲਗਾਣਾ ਹੁੰਦਾ ਹੈ
ਜਿਸ ਵਿੱਚ ਉਨ੍ਹਾਂ ਨੇ
ਸਲੱਮ ‘ਚ ਰਹਿਣ ਵਾਲੇ
ਲੋਕਾਂ ਨੂੰ, ਤਰ੍ਹਾਂ ਤਰ੍ਹਾਂ ਦੇ
ਸਬਜ਼ ਬਾਗ਼ ਦਿਖਾਣੇ ਹੁੰਦੇ ਹਨ
-----
ਨਵ-ਪੂੰਜੀਵਾਦ ਆਪਣੇ ਵਿਸ਼ਵ ਪਾਸਾਰ ਲਈ ਹਰ ਤਰ੍ਹਾਂ ਦੇ ਦਾਅ-ਪੇਚ ਵਰਤਦਾ ਹੈ। ਜਿੱਥੇ ਪਿਆਰ ਦੀ ਭਾਸ਼ਾ ਨਾਲ ਇਸ ਸਭਿਆਚਾਰ ਦੇ ਪ੍ਰਚਾਰਕਾਂ ਨੂੰ ਜਿੱਤ ਹਾਸਿਲ ਨਹੀਂ ਹੁੰਦੀ; ਉੱਥੇ ਰੰਗ, ਧਰਮ, ਨਸਲ ਦੇ ਨਾਮ ਉੱਤੇ ਦੰਗੇ-ਫਸਾਦ ਅਤੇ ਕਤਲੋਗਾਰਤ ਕਰਵਾਈ ਜਾਂਦੀ ਹੈ। ਆਮ ਲੋਕਾਂ ਅੰਦਰ ਦਹਿਸ਼ਤ ਪੈਦਾ ਕਰਕੇ ਉਨ੍ਹਾਂ ਉੱਤੇ ਮੰਡੀ ਸਭਿਆਚਾਰ ਦੀਆਂ ਨੀਤੀਆਂ ਠੋਸੀਆਂ ਜਾਂਦੀਆਂ ਹਨ। ਲੋਕਾਂ ਵਿੱਚ ਸਭਿਆਚਾਰਕ ਏਕਤਾ ਨਾ ਹੋ ਸਕਣ ਕਰਕੇ ਸਰਕਾਰ ਦੀਆਂ ਲੋਕ-ਵਿਰੋਧੀ ਰਾਜਨੀਤਿਕ/ਸਮਾਜਿਕ/ਆਰਥਿਕ ਨੀਤੀਆਂ ਹੋਣ ਦੇ ਬਾਵਜੂਦ ਵੀ ਲੋਕ ਪ੍ਰਭਾਵਸ਼ਾਲੀ ਢੰਗ ਨਾਲ ਸਰਕਾਰ ਦਾ ਵਿਰੋਧ ਨਹੀਂ ਕਰ ਸਕਦੇ। ਸਰਕਾਰ ਵੱਲੋਂ ਇਹ ਢੰਗ ਦੇਸ਼ ਦੀਆਂ ਅੰਦਰੂਨੀ ਹਾਲਤਾਂ ਨੂੰ ਕਾਬੂ ਹੇਠ ਰੱਖਣ ਲਈ ਵਰਤਿਆ ਜਾਂਦਾ ਹੈ। ਦੇਸ਼ ਦੇ ਲੋਕਾਂ ਨੂੰ ਧਰਮ, ਰੰਗ, ਨਸਲ ਦੇ ਨਾਮ ਉੱਤੇ ਲੜਦੇ ਹੋਏ ਦਿਖਾ ਕੇ ਸੱਤਾ ਵਿੱਚ ਆਈ ਹੋਈ ਰਾਜਨੀਤਿਕ ਪਾਰਟੀ ਇਸ ਗੱਲ ਦਾ ਢੰਡੋਰਾ ਪਿੱਟਦੀ ਹੈ ਕਿ ਸਿਰਫ ਉਹ ਪਾਰਟੀ ਹੀ ਦੁੱਧ ਧੋਤੀ ਹੋਈ ਹੈ ਅਤੇ ਉਹ ਹੀ ਦੇਸ਼ ਵਿੱਚ ਅਮਨ ਵਾਲੇ ਹਾਲਾਤ ਲਿਆ ਸਕਦੀ ਹੈ। ਦੇਸ਼ ਨੂੰ ਖੁਸ਼ਹਾਲੀ ਦੇ ਰਾਹ ਪਾ ਸਕਦੀ ਹੈ। ਸਾਧਾਰਣ ਲੋਕਾਂ ਲਈ ਇਹ ਸਮਝਣਾ ਮੁਸ਼ਕਿਲ ਹੁੰਦਾ ਹੈ ਕਿ ਧਰਮ, ਜ਼ਾਤ-ਪਾਤ, ਨਸਲ, ਰੰਗ ਦੇ ਨਾਮ ਉੱਤੇ ਦੰਗੇ-ਫਸਾਦ, ਕਤਲੋਗਾਰਤ ਕਰ ਰਹੇ ਕਾਤਲ ਰਾਜਗੱਦੀ ਉੱਤੇ ਬੈਠੀ ਪਾਰਟੀ ਦੇ ਪਾਲੇ ਹੋਏ ਆਪਣੇ ਹੀ ਗੁੰਡੇ ਹੁੰਦੇ ਹਨ। ਮੰਦਰਾਂ, ਮਸਜਿਦਾਂ, ਗਿਰਜਿਆਂ, ਗੁਰਦੁਆਰਿਆਂ ‘ਚੋਂ ਸੱਪਾਂ ਵਾਂਗ ਫਨ ਫੈਲਾਈ ਨਿਕਲ ਰਹੇ ਧਾਰਮਿਕ ਕੱਟੜਵਾਦੀ ਦਹਿਸ਼ਤਗਰਦ ਦੇਸ਼ ਉੱਤੇ ਰਾਜ ਕਰ ਰਹੀ ਪਾਰਟੀ ਦੀ ਸ਼ਹਿ ਤੋਂ ਬਿਨ੍ਹਾਂ ਖੁੱਡਾਂ ‘ਚੋਂ ਬਾਹਰ ਨਿਕਲ ਕੇ ਲੋਕਾਂ ਵਿੱਚ ਦਹਿਸ਼ਤ ਮਚਾ ਹੀ ਨਹੀਂ ਸਕਦੇ। ਮੰਡੀ ਸਭਿਆਚਾਰ ਦੇ ਇਸ ਵਰਤਾਰੇ ਨੂੰ ਮੈਂ ਆਪਣੀ ਕਵਿਤਾ ‘ਗਲੋਬਲੀਕਰਨ-25’ ਵਿੱਚ ਕੁਝ ਇਸ ਤਰ੍ਹਾਂ ਪੇਸ਼ ਕੀਤਾ ਹੈ:
ਇਹ ਕੈਸੀ ਬਦਚਲਣ ਹਵਾ ਵਗ ਰਹੀ ਹੈ
ਹਰ ਕਸਬੇ, ਹਰ ਸ਼ਹਿਰ, ਹਰ ਦੇਸ਼ ‘ਚ
ਸੱਪ ਪਲ ਰਹੇ ਹਨ, ਬਸ ਹੁਣ
ਫਰਕ ਏਨਾ ਹੈ ਕਿ ਉਹ
ਆਪਣੀਆਂ ਖੁੱਡਾਂ ‘ਚੋਂ ਨਿਕਲ
ਮਨੁੱਖਾਂ ਦੇ ਦਿਮਾਗ਼ਾਂ ਵਿੱਚ ਆਣ ਬੈਠੇ ਹਨ
ਜਿੱਥੇ, ਉਹ ਨਿੱਕੇ, ਨਿੱਕੇ ਸਪੋਲੀਏ ਬਣ
ਦਿਨ ਰਾਤ ਕੁਰਬਲ, ਕੁਰਬਲ ਕਰਨ
ਅਤੇ ਸਮਾਂ ਲੱਗਦਿਆਂ ਹੀ
ਹੱਥਾਂ ‘ਚ ਬੰਦੂਕਾਂ, ਮਸ਼ੀਨ ਗੰਨਾਂ, ਗਰਨੇਡ ਲੈ
ਅੱਲਾ-ਹੂ-ਅਕਬਰ, ਬਜਰੰਗ ਬਲੀ,
ਵਾਹਿਗੁਰੂ, ਵਾਹਿਗੁਰੂ ਜਾਂ ਜੀਸਸ ਜੀਸਸ ਦਾ
ਜਾਪ ਕਰਦਿਆਂ, ਕਾਤਲ ਬਣ
ਸੜਕਾਂ ‘ਤੇ ਦਨਦਨਾਂਦੇ ਹਨ
ਤੇ ਫਿਰ, ਬਸ
ਬਾਗ਼ਾਂ ‘ਚ ਖਿੜੇ ਫੁੱਲ ਮੁਰਝਾ ਜਾਣ
ਵਿਹੜਿਆਂ ‘ਚ ਚੋਗਾ ਚੁਗਦੀਆਂ ਚਿੜੀਆਂ
ਦਹਿਲਕੇ ਚੀਂ ਚੀਂ ਕਰ ਉੱਠਣ
ਮਾਵਾਂ ਦੀ ਗੋਦੀ ਚੜ੍ਹੇ ਬਾਲ
ਡਰ ਨਾਲ ਵਿਲਕਣ ਲੱਗ ਜਾਂਦੇ
ਹੱਸਦੇ-ਵੱਸਦੇ ਘਰਾਂ ‘ਚ ਫਿਰ
ਬਿਖਰੀਆਂ ਹੁੰਦੀਆਂ ਨੇ ਹਰ ਪਾਸੇ
ਲਹੂ ਨਾਲ ਭਿੱਜੀਆਂ, ਵੱਢੀਆਂ, ਟੁੱਕੀਆਂ
ਬੱਚਿਆਂ, ਜੁਆਨਾਂ, ਬੁੱਢਿਆਂ ਦੀਆਂ ਲਾਸ਼ਾਂ
----
ਪਰ ਗਲੋਬਲੀਕਰਨ ਜਾਂ ਮੰਡੀ ਸਭਿਆਚਾਰ ਉਦੋਂ ਆਪਣਾ ਅਸਲੀ ਅਤੇ ਖੂੰਖਾਰ ਚਿਹਰਾ ਦਿਖਾਣ ਲੱਗਦਾ ਹੈ ਜਦੋਂ ਕੋਈ ਦੇਸ਼ ਇਸ ਸਭਿਆਚਾਰ ਨੂੰ ਆਪਣੀ ਧਰਤੀ ਦੇ ਹਿੱਸੇ ਉੱਤੇ ਪੈਰ ਰੱਖਣ ਦੀ ਇਜਾਜ਼ਤ ਦੇਣ ਲਈ ਤਿਆਰ ਨਹੀਂ ਹੁੰਦਾ। ਵੀਅਤਨਾਮ, ਗੁਆਟਾਮਾਲਾ, ਗਰਨੇਡਾ, ਅਫਗਾਨਿਸਤਾਨ, ਇਰਾਕ - ਧਰਤੀ ਦੇ ਅਨੇਕਾਂ ਹਿੱਸੇ ਇਸ ਗੱਲ ਦੀ ਜਿਉਂਦੀ ਜਾਗਦੀ ਮਿਸਾਲ ਹਨ। ਅਮਰੀਕਾ ਅਤੇ ਉਸਦੇ ਸਾਥੀ ਦੇਸ਼ਾਂ ਨੇ ਧਰਤੀ ਦੇ ਹਰ ਉਸ ਹਿੱਸੇ ਨੂੰ ਕਬਰਸਤਾਨ ਬਨਾਉਣ ਦੀ ਆਪਣੀ ਜਿ਼ਦ ਹੇਠ ਆਪਣੇ ਫੌਜੀ ਬੂਟਾਂ ਹੇਠ ਰੋਲ ਦਿੱਤਾ ਜਿਸ ਦੇਸ਼ ਨੇ ਨਵ-ਪੂੰਜੀਵਾਦ ਦੇ ਪਾਸਾਰ ਲਈ ਆਪਣੀਆਂ ਮੰਡੀਆਂ ਦੇ ਦਰਵਾਜ਼ੇ ਖੋਹਲਣ ਤੋਂ ਇਨਕਾਰ ਕਰ ਦਿੱਤਾ। ਕਿਊਬਾ ਇੱਕ ਹੋਰ ਵੱਡੀ ਮਿਸਾਲ ਹੈ ਜਿਸ ਨੂੰ ਆਪਣੀ ਈਨ ਮਨਾਉਣ ਲਈ ਜਿਸ ਉੱਤੇ ਅਮਰੀਕਾ ਨੇ ਅਨੇਕਾਂ ਤਰ੍ਹਾਂ ਦੀਆਂ ਆਰਥਿਕ ਪਾਬੰਧੀਆਂ ਲਗਾਈਆਂ ਹੋਈਆਂ ਹਨ।
----
ਮੰਡੀ ਸਭਿਆਚਾਰ ਦੀ ਮੁਨਾਫ਼ਾ ਹੀ ਸਭ ਕੁਝ ਵਾਲੀ ਮਾਨਸਿਕਤਾ ਹੋਰ ਵੀ ਬਹੁਤ ਕੁਝ ਗਲਤ ਕਰ ਰਹੀ ਹੈ। ਮੁਨਾਫ਼ਾ ਕਮਾਉਣ ਦੀ ਅੰਨ੍ਹੀ ਦੌੜ ਵਿੱਚ ਪੌਣ-ਪਾਣੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰ ਦਿੱਤਾ ਗਿਆ ਹੈ। ਦਰਿਆ ਕੂੜੇ ਦੇ ਢੇਰਾਂ ਨਾਲ ਭਰ ਦਿੱਤੇ ਗਏ ਹਨ। ਹਵਾ ਵਿੱਚ ਪ੍ਰਦੂਸ਼ਨ ਵੱਧ ਜਾਣ ਕਾਰਨ ਧਰਤੀ ਦੇ ਅਨੇਕਾਂ ਹਿੱਸਿਆਂ ਵਿੱਚ ਰੇਗਿਸਤਾਨ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ। ਇੱਥੋਂ ਤੱਕ ਕਿ ਧਰਤੀ ਦੇ ਸਮੁੱਚੇ ਵਾਯੂ ਮੰਡਲ ਦਾ ਸੰਤੁਲਨ ਵਿਗੜ ਚੁੱਕਾ ਹੈ। ਆਉਂਦੇ ਸਾਲਾਂ ਵਿੱਚ ਧਰਤੀ ਦਾ ਤਾਪਮਾਨ ਵੱਧ ਜਾਣ ਕਰਕੇ ਸਮੁੰਦਰ ਵਿੱਚ ਪਾਣੀ ਦੀ ਸਤਹ ਬਹੁਤ ਵੱਧ ਜਾਵੇਗੀ। ਜਿਸ ਕਾਰਨ ਸਮੁੰਦਰ ਦੇ ਕੰਢੇ ਵੱਸੇ ਹੋਏ ਅਨੇਕਾਂ ਪ੍ਰਸਿੱਧ ਸ਼ਹਿਰ ਪਾਣੀ ਹੇਠ ਡੁੱਬ ਜਾਣਗੇ। ਧਰਤੀ ਦਾ ਤਾਪਮਾਨ ਵੱਧ ਜਾਣ ਕਾਰਨ ਜਿੱਥੇ ਕਿ ਧਰਤੀ ਦੇ ਅਨੇਕਾਂ ਹਿੱਸਿਆਂ ਵਿੱਚ ਭੁੱਖਮਰੀ ਫੈਲ ਜਾਵੇਗੀ। ਉੱਥੇ ਹੀ ਧਰਤੀ ਦੇ ਅਨੇਕਾਂ ਹੋਰਨਾਂ ਹਿੱਸਿਆਂ ਵਿੱਚ ਮਾਰੂ ਤੂਫ਼ਾਨ ਆਉਣਗੇ ਅਤੇ ਹੜ੍ਹਾਂ ਨਾਲ ਭਾਰੀ ਤਬਾਹੀ ਹੋਵੇਗੀ। ਪਰ ਅਮਰੀਕਾ ਅਤੇ ਉਸਦੇ ਸਾਥੀ ਦੇਸ਼ਾਂ ਨੂੰ ਧਰਤੀ ਦੇ ਕੋਨੇ ਕੋਨੇ ਵਿੱਚ ਹੋ ਰਹੀ ਤਬਾਹੀ ਦੀ ਚਿੰਤਾ ਹੋਣ ਦੀ ਥਾਂ ਬਸ ਇਹੀ ਚਿੰਤਾ ਹੈ ਕਿ ਉਨ੍ਹਾਂ ਦੀਆਂ ਫੈਕਟਰੀਆਂ ਦਿਨ ਰਾਤ ਵੱਧ ਤੋਂ ਵੱਧ ਉਤਪਾਦਨ ਕਿਵੇਂ ਕਰ ਸਕਦੀਆਂ ਹਨ ਅਤੇ ਵੱਧ ਤੋਂ ਵੱਧ ਮੁਨਾਫ਼ਾ ਕਿਵੇਂ ਕਮਾ ਸਕਦੀਆਂ ਹਨ। ਮੇਰੀ ਕਵਿਤਾ ‘ਗਲੋਬਲੀਕਰਨ-11’ ਇਸ ਵਿਸ਼ੇ ਬਾਰੇ ਆਪਣੀ ਚਿੰਤਾ ਕੁਝ ਇਸ ਅੰਦਾਜ਼ ਵਿੱਚ ਪ੍ਰਗਟ ਕਰਦੀ ਹੈ:
ਗਲੋਬਲ ਵਾਰਮਿੰਗ
ਸਮੁੱਚੀ ਮਨੁੱਖ ਜਾਤੀ ਲਈ
ਚਿੰਤਾ ਦਾ ਵਿਸ਼ਾ
ਬਣ ਗਿਆ ਹੈ
ਪਰ ਅਮਰੀਕਾ ਸੋਚਦਾ ਹੈ
ਇਸ ਪਰਲੋ ਵਿੱਚ, ਜੇਕਰ
ਹਰ ਕੋਈ ਡੁੱਬ ਰਿਹਾ ਹੈ
ਤਾਂ, ਉਸ ਨੂੰ ਇਸ ਬਾਰੇ
ਵਾਧੂ ਚਿੰਤਾ ਕਰਨ ਦੀ
ਕੀ ਲੋੜ ਹੈ-
ਕਾਲ ਪਵੇਗਾ
ਤਾਂ ਅਫਰੀਕਾ ਦੇ ਦੇਸਾਂ ਵਿੱਚ ਹੀ ਪਵੇਗਾ
ਲੂ ਨਾਲ ਲੱਖਾਂ ਲੋਕ ਮਾਰੇ ਜਾਣਗੇ
ਤਾਂ ਯੋਰਪ ਦੇ ਦੇਸ ਹੀ
ਇਹ ਮੁਸੀਬਤ ਝੱਲਣਗੇ
ਹਜ਼ਾਰਾਂ ਨਵੀਆਂ ਬੀਮਾਰੀਆਂ ਫੈਲਣਗੀਆਂ
ਤਾਂ ਏਸ਼ੀਆ ਦੇ ਦੇਸ਼ ਹੀ
ਇਸ ਅੱਗ ਵਿੱਚ ਸੜਨਗੇ
ਦਹਿਸ਼ਤ ਦਾ ਪਾਸਾਰ ਹੋਵੇਗਾ
ਤਾਂ ਮਿਡਲ ਈਸਟ ਹੀ
ਜੰਗ ਦਾ ਮੈਦਾਨ ਬਣੇਗਾ
ਸਮੁੰਦਰ ਵਿੱਚ ਸ਼ਹਿਰ ਡੁੱਬਣਗੇ
ਤਾਂ ਵੀਨਸ ਵਰਗੇ ਸ਼ਹਿਰਾਂ ਦੀ ਹੀ
ਪਹਿਲਾਂ ਵਾਰੀ ਆਵੇਗੀ
ਹੜ੍ਹਾਂ ਨਾਲ ਭਾਰੀ ਤਬਾਹੀ ਹੋਵੇਗੀ
ਤਾਂ ਉਹ ਦੇਸ ਕੈਨੇਡਾ, ਰੂਸ, ਚੀਨ,
ਫਿਜੀ ਜਾਂ ਬਰਾਜ਼ੀਲ ਹੀ ਹੋਣਗੇ
ਪਰ ਅਮਰੀਕਾ ਸੋਚਦਾ ਹੈ
ਜਦ ਤੱਕ ਅਮੀਰਾਂ ਦੇ
ਕਾਰਖਾਨਿਆਂ ਦਾ ਧੂੰਆਂ
ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦਾ ਹੈ
ਕਰਨ ਦਿਓ-
-----
ਸਾਡੇ ਸਮਿਆਂ ਵਿੱਚ ਮਨੁੱਖ ਲਈ ਸਭ ਤੋਂ ਵੱਡੀ ਚੁਣੌਤੀ ਹੈ ਮਨੁੱਖ ਬਣੇ ਰਹਿਣ ਦੀ। ਵਸਤ ਸਭਿਆਚਾਰ ਦਾ ਸਾਰਾ ਜ਼ੋਰ ਜਦੋਂ ਕਿ ਮਨੁੱਖ ਨੂੰ ਮੰਡੀ ਦੀ ਹੀ ਇੱਕ ਵਸਤ ਬਨਾਉਣ ਵਿੱਚ ਲੱਗ ਰਿਹਾ ਹੈ ਤਾਂ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਜ਼ਰੂਰੀ ਹੈ ਕਿ ਨਵੀਂ ਪੌਦ ਵਿੱਚ ਅਜਿਹੇ ਲੋਕਾਂ ਦੇ ਕੰਮਾਂ ਬਾਰੇ ਵੱਧ ਤੋਂ ਵੱਧ ਚੇਤਨਾ ਜਗਾਈ ਜਾਵੇ ਜਿਨ੍ਹਾਂ ਲੋਕਾਂ ਨੇ ਹਜ਼ਾਰਾਂ ਮੁਸੀਬਤਾਂ ਸਹਿ ਕੇ ਵੀ ਮਨੁੱਖਤਾ ਦੇ ਭਲੇ ਲਈ ਕੰਮ ਕੀਤਾ। ਜਿਨ੍ਹਾਂ ਲੋਕਾਂ ਨੇ ਨਿੱਜ ਨਾਲੋਂ ਜਨ-ਸਮੂਹ ਦੇ ਭਲੇ ਨੂੰ ਵਧੇਰੇ ਤਰਜੀਹ ਦਿੱਤੀ। ਸਮੁੱਚੀ ਮਾਨਵਤਾ ਦਾ ਭਲਾ ਅਜਿਹੀ ਸੋਚ ਨੂੰ ਪ੍ਰਫੁੱਲਤ ਕਰਨ ਨਾਲ ਹੀ ਸੰਭਵ ਹੋ ਸਕਦਾ ਹੈ। ਨਵੀਂ ਪੌਦ ਨੂੰ ਅਜਿਹੇ ਰੋਲ ਮਾਡਲਾਂ ਬਾਰੇ ਜਾਣਕਾਰੀ ਦਿੱਤੇ ਜਾਣ ਦੀ ਲੋੜ ਬਾਰੇ ਮੇਰੀ ਕਵਿਤਾ ‘ਗਲੋਬਲੀਕਰਨ-38’ ਦੀਆਂ ਇਨ੍ਹਾਂ ਕਾਵਿ ਸਤਰਾਂ ਵਿੱਚ ਗੱਲ ਕੀਤੀ ਗਈ ਹੈ:
ਉਨ੍ਹਾਂ ਨੂੰ ਦੱਸੋ-
ਨੈਲਸਨ ਮੰਡੈਲਾ ਨੇ ਨਸਲਵਾਦ ਵਿਰੁੱਧ
ਉਮਰ ਭਰ ਜੰਗ ਕਿਵੇਂ ਲੜੀ
ਮਾਰਟਿਨ ਲੂਥਰ ਨੇ ਮਨੁੱਖੀ ਹੱਕਾਂ ਲਈ
ਮੀਲਾਂ ਲੰਬੀ ਲਹਿਰ ਕਿਵੇਂ ਉਸਾਰੀ
ਟੈਰੀ ਫਾਕਸ ਨੇ ਕੈਂਸਰ ਬਾਰੇ ਚੇਤਨਾ ਪੈਦਾ ਕਰਨ ਲਈ
ਇੱਕ ਲੱਤ ਸਹਾਰੇ ਹੀ ਕਿਵੇਂ ਦੌੜ ਲਗਾਈ
ਭਗਤ ਪੂਰਨ ਸਿੰਘ ਨੇ ਬੇਸਹਾਰਾ ਬੀਮਾਰਾਂ ਲਈ
ਆਪਣੀ ਜ਼ਿੰਦਗੀ ਦਾ ਪਲ ਪਲ ਕਿਵੇਂ ਕੁਰਬਾਨ ਕੀਤਾ
ਮੁਹੰਮਦ ਰਫੀ ਸੰਗੀਤ ਦੀ ਦੁਨੀਆਂ ‘ਚ
ਚਮਕਦਾ ਤਾਰਾ ਬਣਕੇ ਕਿਵੇਂ ਚਮਕਿਆ
ਹੋ ਚੀ ਮਿੰਨ੍ਹ ਨੇ ਵੀਅਤਨਾਮੀ ਲੋਕਾਂ ਨੂੰ
ਜ਼ਾਲਮ ਜੰਗ ਬਾਜ਼ਾਂ ਵਿਰੁੱਧ ਕਿਵੇਂ ਤਿਆਰ ਕੀਤਾ
ਕਲਪਨਾ ਚਾਵਲਾ ਵਿਗਿਆਨ ਦੀ ਖੋਜ ਕਰਦੀ ਕਰਦੀ
ਕਿਣਕਾ ਕਿਣਕਾ ਹੋ ਕੇ ਪੁਲਾੜ ਵਿੱਚ ਕਿਵੇਂ ਖਿੰਡ ਗਈ
----
ਮੇਰੇ ਕਾਵਿ-ਸੰਗ੍ਰਹਿ ‘ਗਲੋਬਲੀਕਰਨ’ ਵਿੱਚ ਭਾਵੇਂ ਕਿ ਮੰਡੀ ਸਭਿਆਚਾਰ ਵੱਲੋਂ ਗਿਆਨ-ਵਿਗਿਆਨ ਅਤੇ ਪਰਾ-ਆਧੁਨਿਕ ਤਕਨਾਲੋਜੀ ਵਿੱਚ ਆ ਰਹੀਆਂ ਇਨਕਲਾਬੀ ਤਬਦੀਲੀਆਂ ਦੀ ਕੀਤੀ ਜਾ ਰਹੀ ਕੁਵਰਤੋਂ ਦੀ ਆਲੋਚਨਾ ਕਰਦੀਆਂ ਅਨੇਕਾਂ ਹੋਰ ਵੀ ਕਵਿਤਾਵਾਂ ਹਨ; ਪਰ ਇਸ ਨਿਬੰਧ ਦੇ ਅੰਤ ਉੱਤੇ ਹੋਰ ਕਵਿਤਾਵਾਂ ਬਾਰੇ ਚਰਚਾ ਕਰਨ ਦੀ ਥਾਂ ਮੈਂ ਇਸ ਕਾਵਿ-ਸੰਗ੍ਰਹਿ ਦੀ ਪ੍ਰਕਾਸ਼ਨਾ ਦੇ ਮੂਲ ਮਕਸਦ ਬਾਰੇ ਕੁਝ ਗੱਲਾਂ ਬਹੁਤ ਹੀ ਸਪੱਸ਼ਟ ਸ਼ਬਦਾਂ ਵਿੱਚ ਕਹਿਣਾ ਜ਼ਰੂਰੀ ਸਮਝਦਾ ਹਾਂ।
----
ਪਿਛਲੇ ਕੁਝ ਦਹਾਕਿਆਂ ਵਿੱਚ ਗਿਆਨ-ਵਿਗਿਆਨ ਅਤੇ ਤਕਨਾਲੋਜੀ ਵਿੱਚ ਜੋ ਇਨਕਲਾਬੀ ਤਬਦੀਲੀਆਂ ਵਾਪਰੀਆਂ ਹਨ, ਉਨ੍ਹਾਂ ਸਦਕਾ ਸਮੁੱਚਾ ਵਿਸ਼ਵ ਇੱਕ ਪਿੰਡ ਬਣ ਗਿਆ ਹੈ। ਇੰਟਰਨੈੱਟ, ਈਮੇਲ, ਡਿਜੀਟਲ ਫੋਟੋਗਰਾਫੀ, ਡਿਜੀਟਲ ਪ੍ਰਿਟਿੰਗ, ਸੈਟੇਲਾਈਟਸ ਟੈਕਨਾਲੋਜੀ, ਵਾਇਰਲੈੱਸ ਟੈਕਨਾਲੋਜੀ, ਵੈੱਬ ਸਾਈਟਸ ਟੈਕਨਾਲੋਜੀ, ਡਿਜੀਟਲ ਟੈਲੀਵੀਜ਼ਨ ਅਤੇ ਡਿਜੀਟਲ ਰੇਡੀਓ ਆਦਿ ਅਜਿਹੀਆਂ ਪਰਾ-ਆਧੁਨਿਕ ਤਕਨਾਲੋਜੀ ਦੀਆਂ ਪ੍ਰਾਪਤੀਆਂ ਹਨ ਜਿਨ੍ਹਾਂ ਸਦਕਾ ਮਨੁੱਖ ਦੀ ਜ਼ਿੰਦਗੀ ਪਹਿਲਾਂ ਨਾਲੋਂ ਵੱਧ ਸੁਖਾਲੀ ਹੋ ਗਈ ਹੈ। ਦੁਨੀਆਂ ਦੇ ਇੱਕ ਕੋਨੇ ਵਿੱਚ ਬੈਠਾ ਮਨੁੱਖ ਦੁਨੀਆਂ ਦੇ ਦੂਜੇ ਕੋਨੇ ਵਿੱਚ ਬੈਠੇ ਮਨੁੱਖ ਬਾਰੇ ਜਾਣਕਾਰੀ ਪਲਾਂ ਛਿਣਾਂ ਵਿੱਚ ਹੀ ਪ੍ਰਾਪਤ ਕਰ ਸਕਦਾ ਹੈ। ਅਜੋਕਾ ਮਨੁੱਖ ਨਵੀਂ ਤਕਨਾਲੋਜੀ ਸਦਕਾ ਹੋਰਨਾਂ ਧਰਤੀਆਂ ਦੀ ਖੋਜ ਕਰਨ ਵਿੱਚ ਵੀ ਯਤਨਸ਼ੀਲ ਹੋ ਸਕਿਆ ਹੈ। ਅਜੋਕਾ ਮਨੁੱਖ ਕਰੋੜਾਂ ਮੀਲਾਂ ਦਾ ਸਫਰ ਕਰਕੇ ਕੁਝ ਦਿਨਾਂ ਵਿੱਚ ਹੀ ਧਰਤੀ ਉੱਤੇ ਇਸ ਤਰ੍ਹਾਂ ਸਹੀ ਸਲਾਮਤ ਵਾਪਸ ਪਰਤ ਆਉਂਦਾ ਹੈ ਜਿਵੇਂ ਕਿਤੇ ਉਹ ਪੈਰਿਸ, ਮਾਸਕੋ, ਬੇਜਿੰਗ, ਨਿਊ ਯਾਰਕ ਜਾ ਲੰਡਨ ਦਾ ਸਫਰ ਕਰਕੇ ਪਰਤ ਰਿਹਾ ਹੋਵੇ। ਲੋੜ ਹੈ, ਸਿਰਫ ਮਨੁੱਖੀ ਸੋਚ ਵਿੱਚ ਤਬਦੀਲੀ ਲਿਆਉਣ ਦੀ। ਗਿਆਨ, ਵਿਗਿਆਨ ਅਤੇ ਪਰਾ-ਆਧੁਨਿਕ ਤਕਨਾਲੋਜੀ ਵਿੱਚ ਆ ਰਹੀਆਂ ਮਹਾਨ ਤਬਦੀਲੀਆਂ ਨੂੰ ਮਨੁੱਖ ਦੀ ਤਬਾਹੀ ਲਈ ਵਰਤਣ ਜਾਂ ਇਨ੍ਹਾਂ ਦੀ ਕੁਵਰਤੋਂ ਕਰਨ ਦੀ ਥਾਂ ਮਨੁੱਖ ਦੇ ਕਲਿਆਣ ਲਈ ਵਰਤਿਆ ਜਾਵੇ। ਇਨ੍ਹਾਂ ਨਵੀਆਂ ਵਿਗਿਆਨਕ ਈਜਾਦਾਂ ਨੂੰ ਮੈਗਾ ਕਾਰਪੋਰੇਸ਼ਨਾਂ ਦੇ ਡਾਇਰੈਕਟਰਾਂ ਦੀਆਂ ਤਜੌਰੀਆਂ ਭਰਨ ਲਈ ਅੰਧਾ ਧੁੰਦ ਮੁਨਾਫ਼ਾ ਕਮਾਉਣ ਦੀ ਥਾਂ - ਜਨ ਸਮੂਹ ਦੇ ਕਲਿਆਣ ਲਈ ਵਰਤਿਆ ਜਾਵੇ। ਭਵਿੱਖ ਦਾ ਗਲੋਬਲੀ ਸਭਿਆਚਾਰ ਕੁਝ ਅਜਿਹੀ ਨੁਹਾਰ ਵਾਲਾ ਹੀ ਹੋਣਾ ਚਾਹੀਦਾ ਹੈ। ਇਸ ਵਿੱਚ ਹੀ ਸਮੁੱਚੀ ਮਾਨਵਤਾ ਅਤੇ ਧਰਤੀ ਦਾ ਸੁੱਖ ਸਮੋਇਆ ਹੋਇਆ ਹੈ।
----
ਇਸ ਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਮੇਰੀਆਂ ਕੁਝ ਕਵਿਤਾਵਾਂ ਬੜੀ ਉੱਚੀ ਸੁਰ ਵਿੱਚ ਗੱਲ ਕਰਦੀਆਂ ਹਨ। ਮੈਂ ਇਹ ਵੀ ਭਲੀ ਭਾਂਤ ਸਮਝਦਾ ਹਾਂ ਕਿ ਕਵਿਤਾ ਵਿੱਚ ਬਹੁਤ ਜ਼ਿਆਦਾ ਉੱਚੀ ਸੁਰ ਵਿੱਚ ਗੱਲ ਕਰਨੀ ਚੰਗੀ ਨਹੀਂ ਹੁੰਦੀ। ਪਰ ਕਈ ਵਾਰੀ ਸਥਿਤੀ ਹੀ ਅਜਿਹੀ ਹੁੰਦੀ ਹੈ ਕਿ ਜ਼ਿੰਦਗੀ ਵਿੱਚ ਤੁਹਾਨੂੰ ਨ ਚਾਹੁੰਦਿਆਂ ਹੋਇਆਂ ਵੀ ਅਜਿਹਾ ਕਰਨਾ ਪੈਂਦਾ ਹੈ। ਇਸ ਸਬੰਧ ਵਿੱਚ ਮੈਂ ਆਪਣੀ ਹੀ ਕਵਿਤਾ ‘ਗਲੋਬਲੀਕਰਨ-34’ ਦੀਆਂ ਇਨ੍ਹਾਂ ਸਤਰਾਂ ਨੂੰ ਆਪਣੀ ਦਲੀਲ ਵਜੋਂ ਪੇਸ਼ ਕਰਕੇ ਆਪਣੀ ਗੱਲ ਇੱਥੇ ਹੀ ਖ਼ਤਮ ਕਰਨੀ ਚਾਹਾਂਗਾ:
ਸੁਣ ਰਹੇ ਹੋ ?
ਮੈਂ ਚੀਖ ਰਿਹਾ ਹਾਂ-
ਜਾਣਦਾ ਹੋਇਆ ਵੀ ਕਿ
ਕਵਿਤਾ ਵਿੱਚ ਚੀਖਣਾ ਮਨ੍ਹਾਂ ਹੈ
ਵੀਅਤਨਾਮ ਦੀ ਜੰਗ ਦੇ ਦਿਨੀਂ
ਬੌਬ ਡਿਲਨ ਨੇ ਵੀ ਸਥਿਤੀ ਨੂੰ ਸਮਝਦਿਆਂ
ਅਕੂਸਟਿਕ ਗਿਟਾਰ ਨੂੰ, ਇਲੈਕਟ੍ਰਿਕ ਗਿਟਾਰ ‘ਚ
ਬਦਲ ਦਿੱਤਾ ਸੀ
No comments:
Post a Comment