ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ
ਕੈਨੇਡਾ ਦੇ 57 ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਸਮੀਖਿਆ ਦੀ ਕਿਤਾਬ 'ਕੈਨੇਡੀਅਨ ਪੰਜਾਬੀ ਸਾਹਿਤ' ਨੂੰ ਖ਼ਰੀਦਣ ਲਈ ਬਲੌਗ 'ਤੇ ਦਿੱਤੇ ਐਡਰੈਸ 'ਤੇ ਈਮੇਲ ਕਰੋ। ਸ਼ੁਕਰੀਆ।

ਤੁਹਾਡੇ ਧਿਆਨ ਹਿੱਤ - ਜ਼ਰੂਰੀ ਸੂਚਨਾ

ਸੂਚਨਾ: ਪ੍ਰਕਾਸ਼ਕ ਦੀ ਤਲਾਸ਼ :

ਆਪਣੀ ਹੁਣੇ ਇੰਡੀਆ ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ)’ ਨੂੰ ਮੈਂ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਕੈਨੇਡਾ ਵਿੱਚ ‘‘Canadian Punjabi Literature (Commentary)’’ ਨਾਮ ਦੀ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਨਾ ਚਾਹੁੰਦਾ ਹਾਂ। ਮੈਂ ਕਿਸੀ ਵਧੀਆ ਕੈਨੇਡੀਅਨ ਪ੍ਰਕਾਸ਼ਕ ਦੀ ਤਲਾਸ਼ ਕਰ ਰਿਹਾ ਹਾਂ। ਜੇਕਰ ਤੁਸੀਂ ਕਿਸੀ ਅਜਿਹੇ ਵਧੀਆ ਕੈਨੇਡੀਅਨ ਪ੍ਰਕਾਸ਼ਕ ਦਾ ਨਾਮ ਜਾਣਦੇ ਹੋ ਜੋ ਮੇਰੀ ਪੁਸਤਕ ਪ੍ਰਕਾਸ਼ਿਤ ਕਰ ਸਕਦਾ ਹੋਵੇ ਤਾਂ ਮੈਂ ਉਸ ਪ੍ਰਕਾਸ਼ਕ ਦਾ ਨਾਮ ਜਾਨਣਾ ਚਾਹਾਂਗਾ।

Sukhinder

Editor: SANVAD

Box 67089, 2300 Yonge St.

Toronto ON M4P 1E0

Tel. (416) 858-7077

Email: poet_sukhinder@hotmail.com

http://www.canadianpunjabiliterature.blogspot.com/



Tuesday, September 22, 2009

ਸੁਖਿੰਦਰ - ਲੇਖ

ਜ਼ਿੰਦਗੀ ਦੇ ਦੁੱਖ ਸੁੱਖ ਫਰੋਲਦੀਆਂ ਕਹਾਣੀਆਂ – ਮਿੰਨੀ ਗਰੇਵਾਲ

ਲੇਖ

ਮਿੰਨੀ ਗਰੇਵਾਲ ਨੇ ਆਪਣਾ ਕਹਾਣੀ ਸੰਗ੍ਰਹਿ ‘ਚਾਂਦੀ ਦਾ ਗੇਟ’ 2002 ਵਿੱਚ ਪ੍ਰਕਾਸ਼ਿਤ ਕੀਤਾ ਸੀ। ਇਸ ਤੋਂ ਪਹਿਲਾਂ ਉਹ ਦੋ ਹੋਰ ਪੁਸਤਕਾਂ ‘ਕੈਕਟਸ ਦੇ ਫੁੱਲ’ ਅਤੇ ‘ਫੁੱਲ ਪੱਤੀਆਂ’ ਵੀ ਪ੍ਰਕਾਸ਼ਿਤ ਕਰ ਚੁੱਕੀ ਸੀ।

ਕੈਨੇਡੀਅਨ ਪੰਜਾਬੀ ਕਹਾਣੀਕਾਰਾਂ ਵਿੱਚੋਂ ਮਿੰਨੀ ਗਰੇਵਾਲ ਇੱਕ ਨਿਵੇਕਲੀ ਕਿਸਮ ਦੀਆਂ ਕਹਾਣੀਆਂ ਲਿਖਣ ਵਾਲੀ ਕਹਾਣੀਕਾਰਾ ਹੈ। ਉਸਦੀਆਂ ਕਹਾਣੀਆਂ ਵਿੱਚ ਕਾਵਿਕ ਗੁਣ ਭਾਰਾ ਰਹਿੰਦਾ ਹੈ। ਉਸ ਦੀਆਂ ਕਹਾਣੀਆਂ ਪੜ੍ਹਦਿਆਂ ਕਈ ਵੇਰੀ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਉਹ ਕਹਾਣੀ ਲਿਖਦੀ ਲਿਖਦੀ ਕਾਵਿ-ਸਿਰਜਣਾ ਕਰਨ ਵੱਲ ਤੁਰ ਪਈ ਹੋਵੇ। ਉਹ ਆਪਣੀਆਂ ਕਹਾਣੀਆਂ ਲਿਖਣ ਵੇਲੇ ਅਨੇਕਾਂ ਤਕਨੀਕਾਂ ਦਾ ਪ੍ਰਯੋਗ ਕਰਦੀ ਹੈ। ਮਿੰਨੀ ਗਰੇਵਾਲ ਦੀਆਂ ਕਹਾਣੀਆਂ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਉਹ ਵੱਖੋ ਵੱਖ ਵਿਸਿ਼ਆਂ ਉੱਤੇ ਕਹਾਣੀਆਂ ਲਿਖਣ ਵੇਲੇ ਵੱਖੋ ਵੱਖ ਤਕਨੀਕਾਂ ਦਾ ਪ੍ਰਯੋਗ ਕਰਦੀ ਹੈ। ਇਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਉਸਦੀ ਕਹਾਣੀ ਲਿਖਣ ਦੀ ਤਕਨੀਕ ਨੇ ਇੱਕ ਤੋਂ ਵੱਧ ਕਹਾਣੀਕਾਰਾਂ ਦੀ ਸਿਰਜਣ ਪ੍ਰਕ੍ਰਿਆ ਦਾ ਪ੍ਰਭਾਵ ਕਬੂਲਿਆ ਹੋਵੇ। ਇਹ ਪ੍ਰਭਾਵ ਚਰਚਿਤ ਪੰਜਾਬੀ ਕਹਾਣੀਕਾਰਾਂ ਤੋਂ ਬਿਨ੍ਹਾਂ ਅੰਗ੍ਰੇਜ਼ੀ ਜਾਂ ਹੋਰਨਾਂ ਜ਼ੁਬਾਨਾਂ ਦੇ ਕਹਾਣੀਕਾਰਾਂ ਦਾ ਵੀ ਹੋ ਸਕਦਾ ਹੈ।

-----

ਮਿੰਨੀ ਗਰੇਵਾਲ ਦੀਆਂ ਕਹਾਣੀਆਂ ਪੜ੍ਹਣ ਤੋਂ ਬਾਹਦ ਇੱਕ ਗੱਲ ਬਿਨ੍ਹਾਂ ਕਿਸੀ ਸੰਕੋਚ ਦੇ ਕਹੀ ਜਾ ਸਕਦੀ ਹੈ ਕਿ ਉਹ ਆਪਣੀਆਂ ਕਹਾਣੀਆਂ ਵਿੱਚ ਔਰਤ ਦੀ ਮਾਨਸਿਕਤਾ ਦੇ ਵੱਖੋ ਵੱਖ ਪਹਿਲੂਆਂ ਨੂੰ ਪੇਸ਼ ਕਰਨ ਦੇ ਨਾਲ ਨਾਲ ਔਰਤ ਸਾਹਮਣੇ ਪੇਸ਼ ਰਾਜਨੀਤਿਕ, ਸਭਿਆਚਾਰਕ, ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਨੂੰ ਵੀ ਪੇਸ਼ ਕਰਦੀ ਹੈ। ਨਿਰਸੰਦੇਹ, ਮਿੰਨੀ ਗਰੇਵਾਲ ਨੂੰ ਕੈਨੇਡਾ ਦੀਆਂ ਉਨ੍ਹਾਂ ਕੁਝ ਕੁ ਚੇਤੰਨ ਅਤੇ ਜਾਗਰੂਕ ਲੇਖਕਾਵਾਂ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਜੋ ਕਿ ਇਸ ਗੱਲ ਨੂੰ ਬੜੇ ਸਪੱਸ਼ਟ ਰੂਪ ਵਿੱਚ ਸਮਝਦੀਆਂ ਹਨ ਕਿ ਜਦੋਂ ਤੱਕ ਔਰਤ ਉੱਤੇ ਸਦੀਆਂ ਤੋਂ ਹੋ ਰਹੇ ਅਤਿਆਚਾਰਾਂ ਵਿਰੁੱਧ ਜ਼ੋਰਦਾਰ ਆਵਾਜ਼ ਨਹੀਂ ਉਠਾਈ ਜਾਂਦੀ ਓਨੀ ਦੇਰ ਤੱਕ ਮਰਦ-ਪ੍ਰਧਾਨ ਸਮਾਜ ਵੱਲੋਂ ਪ੍ਰਚਲਤ ਕੀਤੀਆਂ ਗਈਆਂ ਸਮਾਂ ਵਿਹਾ ਚੁੱਕੀਆਂ ਕਦਰਾਂ-ਕੀਮਤਾਂ ਨੂੰ ਬਦਲਿਆ ਨਹੀਂ ਜਾ ਸਕਦਾ। ਮਿੰਨੀ ਗਰੇਵਾਲ ਦੇ ਕਹਾਣੀ ਸੰਗ੍ਰਹਿ ‘ਚਾਂਦੀ ਦਾ ਗੇਟ’ ਵਿਚਲੀਆਂ ਕਹਾਣੀਆਂ ਅੰਦਰ ਪ੍ਰਗਟਾਏ ਗਏ ਅਜਿਹੇ ਸ਼ਕਤੀਸ਼ਾਲੀ ਵਿਚਾਰਾਂ ਦੀ ਥਾਹ ਪਾਉਣ ਲਈ ਉਸ ਦੀ ਕਹਾਣੀ ‘ਮੋਤੀਆਂ ਵਾਲੀ ਕਾਲੀ ਗੁਰਗਾਬੀ’ ਦੀਆਂ ਇਨ੍ਹਾਂ ਸਤਰਾਂ ਨਾਲ ਗੱਲ ਸ਼ੁਰੂ ਕੀਤੀ ਜਾ ਸਕਦੀ ਹੈ:

“ਹਰ ਕਬਰ ਵਿੱਚ ਮੈਂ ਹਾਂ, ਹਰ ਪੱਤੇ ਦੀਆਂ ਰਗਾਂ ਵਿੱਚ ਮੈਂ ਹਾਂ। ਧਰਤੀ ਉੱਤੇ ਉੱਗੇ ਹਰ ਫੁੱਲ ਵਿੱਚ ਮੈਂ ਹਾਂ ਅਤੇ ਉਡਦੀ ਮਿਟੀ ਦੇ ਹਰ ਕਿਣਕੇ ਵਿੱਚ ਮੈਂ ਹਾਂ। ਜੋ ਰੂਹਾਂ ਮਰ ਗਈਆਂ ਹਨ, ਜੋ ਰੂਹਾਂ ਮਾਰ ਦਿੱਤੀਆਂ ਗਈਆਂ ਹਨ ਅਤੇ ਜੋ ਮਾਰੀਆਂ ਜਾਣ ਵਾਲੀਆਂ ਹਨ ਉਹਨਾਂ ਰੂਹਾਂ ਦੇ ਹਰ ਜਿਸਮ ਵਿੱਚ ਮੈਂ ਹਾਂ। ਮੈਂ ਹਰ ਯੁੱਗ ਜੰਮੀ ਹਾਂ ਅਤੇ ਧਰਤੀ ਦੇ ਹਰ ਕੋਨੇ ਵਿੱਚ ਪੈਦਾ ਹੋਈ ਹਾਂ। ਇਸ ਰੂਹ ਉੱਤੇ, ਇਸ ਸਰੀਰ ਉੱਤੇ ਧੁੱਪਾਂ ਦੀ ਕੜਕਦੀ ਗਰਮੀ ਸਹੀ ਹੈ ਅਤੇ ਨਾੜਾਂ ਵਿੱਚ ਦੌੜਦੇ ਲਹੂ ਨੂੰ ਸੁੰਨ ਕਰ ਦੇਣ ਵਾਲੀਆਂ ਬਰਫ਼ਾਂ ਸਹੀਆਂ ਹਨ। ਨਿਆਣੇ ਜੰਮੇ ਹਨ ਅਤੇ ਸੁੱਕੀ ਧਰਤੀ ਬੀਜੀ ਹੈ। ਫਿਰ ਵੀ ਮੈਂ ਪਾਣੀਆਂ ਵਿੱਚ ਡੁਬੋਈ ਗਈ ਹਾਂ, ਮੇਰਾ ਸਰੀਰ ਤੀਰਾਂ ਨਾਲ ਛੱਲਣੀ ਕੀਤਾ ਗਿਆ ਹੈ। ਮੇਰਾ ਕਤਲ ਤਲਵਾਰਾਂ ਨਾਲ ਹੋਇਆ ਹੈ, ਮੈਨੂੰ ਅੱਗਾਂ ਵਿੱਚ ਸਾੜਿਆ ਹੈ ਅਤੇ ਦੀਵਾਰਾਂ ਵਿੱਚ ਚਿਣਿਆ ਹੈ।”

“ਫਿਰ ਵੀ ਹਰ ਯੁੱਗ ਵਿੱਚ ਮੈਂ ਜਨਮ ਲੈਂਦੀ ਹਾਂ, ਪਿਆਰ ਕਰਦੀ ਹਾਂ, ਖੁਸ਼ਬੂਆਂ ਨਾਲ ਇਸ ਧਰਤੀ ਉੱਤੇ ਛਾ ਜਾਂਦੀ ਹਾਂ। ਪਿਆਰ ਕਰਨਾ ਮੇਰੀ ਰੂਹ ਦਾ, ਮੇਰੇ ਜਿਸਮ ਦਾ ਜਮਾਂਦਰੂ ਹੱਕ ਹੈ। ਜਦ ਤਕ ਇਸ ਧਰਤੀ ਉਤੇ ਬੀਜ ਪੁੰਗਰਦੇ ਰਹਿਣਗੇ ਮੈਂ ਜਨਮ ਲੈਂਦੀ ਰਹਾਂਗੀ।”

‘ਮੋਤੀਆਂ ਵਾਲੀ ਕਾਲੀ ਗੁਰਗਾਬੀ’ ਕਹਾਣੀ ਦਾ ਇਹ ਆਖਰੀ ਪਹਿਰਾ, ਬਹੁਤ ਸੰਖੇਪ ਰੂਪ ਵਿੱਚ ਪਰ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਔਰਤ ਦੇ ਭੂਤ, ਭਵਿੱਖ ਅਤੇ ਵਰਤਮਾਨ ਦੀਆਂ ਇਤਿਹਾਸਕ ਹਕੀਕਤਾਂ ਪੇਸ਼ ਕਰਦਾ ਹੈ। ਜਿਸ ਤਰ੍ਹਾਂ ਆਪਣੇ ਵਰਤਮਾਨ ਨੂੰ ਖ਼ੂਬਸੂਰਤ ਬਣਾਉਣ ਲਈ ਸਾਡੇ ਲਈ ਆਪਣੇ ਭੂਤਕਾਲ ਨੂੰ ਸਮਝਣਾ ਜ਼ਰੂਰੀ ਹੁੰਦਾ ਹੈ; ਇਸੇ ਤਰ੍ਹਾਂ ਹੀ ਆਪਣੇ ਭਵਿੱਖ ਨੂੰ ਆਪਣੇ ਸੁਫਨਿਆਂ ਅਨੁਸਾਰ ਢਲਿਆ ਹੋਇਆ ਵੇਖਣ ਲਈ ਸਾਡੇ ਲਈ ਜ਼ਰੂਰੀ ਹੁੰਦਾ ਹੈ ਕਿ ਅਸੀਂ ਆਪਣੇ ਭੂਤਕਾਲ ਨੂੰ ਸਮਝਣ ਦੇ ਨਾਲ ਨਾਲ ਆਪਣੇ ਵਰਤਮਾਨ ਨੂੰ ਵੀ ਸਮਝੀਏ।

-----

ਸਦੀਆਂ ਤੋਂ ਭਾਰਤੀ ਸਮਾਜ ਔਰਤ ਉੱਤੇ ਜ਼ੁਲਮ ਕਰਦਾ ਆ ਰਿਹਾ ਹੈ। ਅਜਿਹੇ ਜ਼ੁਲਮ ਨਾਲ ਹੀ ਸਬੰਧਤ ਹੈ ਭਾਰਤੀ ਸਮਾਜ ਵਿੱਚ ਪ੍ਰਚਲਿਤ ਸਤੀ ਦੀ ਰਸਮ। ਪਤੀ ਦੀ ਮੌਤ ਤੋਂ ਬਾਹਦ ਔਰਤ ਕੋਲੋਂ ਜਿਉਣ ਦਾ ਹੱਕ ਵੀ ਖੋਹ ਲੈਣ ਦੀ ਇਹ ਘਿਨਾਉਣੀ ਸਮਾਜਿਕ ਰੀਤ। ਪਰ ਕਮਾਲ ਦੀ ਗੱਲ ਇਹ ਹੈ ਕਿ ਮਰਦ-ਪ੍ਰਧਾਨ ਸਮਾਜ ਨੇ ਇਸ ਘਿਨਾਉਣੀ ਸਮਾਜਿਕ ਰੀਤ ਨੂੰ ਵੀ ਇਸ ਤਰ੍ਹਾਂ ਦੀ ਚਲਾਕੀ ਨਾਲ ਪੇਸ਼ ਕੀਤਾ ਕਿ ਔਰਤਾਂ ਦਾ ਕੁਝ ਹਿੱਸਾ ਇਸ ਸਤੀ ਦੀ ਰਸਮ ਦੀ ਨਿੰਦਾ ਕਰਨ ਦੀ ਥਾਂ ਇਸ ਰੀਤ ਦੀ ਮਹਿਮਾ ਗਾਉਣ ਲੱਗਾ। ਜਿਸ ਸਦਕਾ ਆਪਣੇ ਪਤੀ ਦੀ ਮੌਤ ਤੋਂ ਬਾਹਦ ਆਪਣੇ ਆਪ ਨੂੰ ਵੀ ਚਿਖਾ ਦੇ ਹਵਾਲੇ ਕਰ ਦੇਣ ਵਾਲੀਆਂ ਔਰਤਾਂ ਨੂੰ ਬਹਾਦਰ ਔਰਤਾਂ ਕਿਹਾ ਜਾਣ ਲੱਗਾ। ਇਸ ਤੱਥ ਨੂੰ ਮਿੰਨੀ ਗਰੇਵਾਲ ਆਪਣੀ ਕਹਾਣੀ ‘ਮੋਤੀਆਂ ਵਾਲੀ ਕਾਲੀ ਗੁਰਗਾਬੀ’ ਵਿੱਚ ਬੜੀ ਸ਼ਿੱਦਤ ਨਾਲ ਉਘਾੜਦੀ ਹੈ। ਉਹ ਇਸ ਗੱਲ ਨੂੰ ਵੀ ਉਘਾੜਦੀ ਹੈ ਕਿ ਔਰਤ ਉੱਤੇ ਅਜਿਹੇ ਅਤਿਆਚਾਰ ਕਰਨ ਵਾਲਾ ਅਜਿਹਾ ਸਮਾਜਿਕ ਸਭਿਆਚਾਰਕ ਸਿਸਟਮ ਉਸਾਰਨ ਲਈ ਦਲਾਲਾਂ ਵਾਲੀ ਭੂਮਿਕਾ ਨਿਭਾਉਣ ਸਦਕਾ ਧਰਮ ਅਤੇ ਧਾਰਮਿਕ ਰਹਿਨੁਮਾ ਵੀ ਪੂਰੀ ਤਰ੍ਹਾਂ ਗੁਨਾਹਗਾਰ ਹਨ:

ਕੁਝ ਹਫਤਿਆਂ ਪਿਛੋਂ ਤਰਿਪਤਾ ਸੱਚਮੁੱਚ ਹੀ ਸ਼ਮਸ਼ਾਨ ਘਾਟ ਵਿੱਚ ਹਮੇਸ਼ਾਂ ਲਈ ਲੁਕੋ ਦਿਤੀ ਗਈ। ਸਾੜ ਕੇ ਸੁਆਹ ਕਰ ਦਿੱਤੀ ਗਈ। ਫਿਰ ਜ਼ਬਰਦਸਤੀ ਉਹਨੂੰ ਚੁੱਕ ਉਹਦੇ ਪਤੀ ਦੀ ਚਿਤਾ ਉੱਤੇ ਬਿਠਾ ਦਿੱਤਾ। ਚਿਤਾ ਜਲਦੀ ਰਹੀ। ਕੋਲ ਖਲੋਤੇ ਪੰਡਿਤ ਮੰਤਰ ਪੜ੍ਹਦੇ ਰਹੇ। ਔਰਤਾਂ ਸਤੀ ਦੀ ਕੁਰਬਾਨੀ ਦੇ ਗੀਤ ਗਾਉਂਦੀਆਂ ਰਹੀਆਂ। ਤ੍ਰਿਪਤਾ ਦਾ ਜਿਸਮ ਰੋਮ ਰੋਮ ਸੜਦਾ ਰਿਹਾ। ਸੜਦੇ ਕੱਚੇ ਮਾਸ ਦੀ ਬੂ ਉਹਦੇ ਨੱਕ, ਕੰਨਾਂ ਅਤੇ ਫੇਫ਼ੜਿਆਂ ਵਿੱਚ ਭਰ ਗਈ ਸੀ।

----

ਸਤੀ ਦੀ ਰਸਮ ਭਾਵੇਂ ਕਿ ਭਾਰਤੀ ਸਮਾਜ ਵਿੱਚ ਹੁਣ ਪਹਿਲਾਂ ਵਾਂਗ ਪ੍ਰਚਲਤ ਨਹੀਂ ਰਹੀ; ਪਰ ਫਿਰ ਵੀ ਜਿੱਥੇ ਕਿਤੇ ਵੀ ਕਠੋਰ ਧਾਰਮਿਕ ਰਹਿਨੁਮਾਵਾਂ ਦਾ ਜ਼ੋਰ ਚੱਲਦਾ ਹੈ ਉਹ ਭਾਰਤੀ ਔਰਤਾਂ ਉੱਤੇ ਇਹ ਰਸਮ ਲਾਗੂ ਕਰਕੇ ਉਨ੍ਹਾਂ ਨੂੰ ਆਪਣੇ ਪਤੀਆਂ ਦੀਆਂ ਜਲ ਰਹੀਆਂ ਚਿਤਾਵਾਂ ਵਿੱਚ ਸੁੱਟਣ ਤੋਂ ਗੁਰੇਜ਼ ਨਹੀਂ ਕਰਦੇ।

ਅਜੋਕੇ ਸਮਿਆਂ ਦੀ ਇੱਕ ਵੱਡੀ ਸਮੱਸਿਆ ਹੈ ਪਤੀ ਵੱਲੋਂ ਆਪਣੀ ਹੀ ਪਤਨੀ ਉੱਤੇ ਹਿੰਸਾਤਮਕ ਹਮਲਾ ਕਰਨਾ - ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਅਤੇ ਕਈ ਹਾਲਤਾਂ ਵਿੱਚ ਪਤਨੀ ਦਾ ਕਤਲ ਕਰ ਦੇਣਾ। ਪਰ ਇਹ ਸਮੱਸਿਆ ਉਦੋਂ ਕੁਝ ਵਧੇਰੇ ਗੁੰਝਲਦਾਰ ਬਣ ਜਾਂਦੀ ਹੈ ਜਦੋਂ ਕੋਈ ਔਰਤ ਹੀ ਕਿਸੇ ਹੋਰ ਔਰਤ ਉੱਤੇ ਹਿੰਸਾਤਮਕ ਹਮਲਾ ਕਰਨ ਲਈ ਕਿਸੇ ਮਰਦ ਨੂੰ ਹੱਲਾਸ਼ੇਰੀ ਦੇ ਰਹੀ ਹੋਵੇ। ਸਾਡੇ ਸਮਾਜ ਦੀ ਅਜਿਹੀ ਸਮੱਸਿਆ ਦੇ ਇਸ ਲੁੱਕਵੇਂ ਪਰ ਅਹਿਮ ਪਹਿਲੂ ਨੂੰ ਵੀ ਮਿੰਨੀ ਗਰੇਵਾਲ ਆਪਣੀ ਕਹਾਣੀ ‘ਇੱਕ ਬੇਨਾਮ ਕਹਾਣੀ’ ਦੀਆਂ ਇਨ੍ਹਾਂ ਸਤਰਾਂ ਰਾਹੀਂ ਬੜੀ ਸ਼ਿੱਦਤ ਨਾਲ ਉਘਾੜਦੀ ਹੈ:

ਇੱਕ ਰਾਤ ਤਾਂ ਮੇਰੇ ਆਦਮੀ ਨੇ ਮੈਨੂੰ ਬਹੁਤ ਮਾਰਿਆ ਸੀ। ਦਰਵਾਜ਼ੇ ਵਿੱਚ ਖੜ੍ਹੀ ਸੱਸ, ਮੇਰੇ ਆਦਮੀ ਨੂੰ “ਇੱਕ ਹੋਰ ਖਿੱਚਕੇ ਮਾਰ” ਦੀ ਹੱਲਾਸ਼ੇਰੀ ਦੇਈ ਜਾ ਰਹੀ ਸੀ। ਇਸ ਮਾਰ ਕੁਟਾਈ ਦਾ ਕਾਰਣ ਰੋਟੀ ਦਾ ਸੁਆਲ ਸੀ। ਕੰਮ ਤੋਂ ਮੈਂ ਥੱਕੀ ਆਈ ਸੀ ਤੇ ਮੈਂ ਆਪਣੀ ਸੱਸ ਨੂੰ ਸੁਝਾਅ ਦਿੱਤਾ ਕਿ ਅੱਜ ਰੋਟੀ ਦੀ ਥਾਂ ਚਾਵਲ ਬਣਾ ਲੈਂਦੀ ਹਾਂ। ਮੇਰੀ ਗੱਲ ਮੁੱਕੀ ਹੀ ਸੀ ਕਿ ਸੱਸ ਨੇ ਰੌਲਾ ਹੀ ਚੁਕ ਦਿੱਤਾ। ਚੀਕਾਂ ਮਾਰ ਮਾਰ ਦੁਨੀਆਂ ਨੂੰ ਸੁਣਾਉਣ ਲੱਗੀ ਕਿ ਉਹਦੀ ਨੂੰਹ ਕੋਲੋਂ ਟੱਬਰ ਜੋਗੀਆਂ ਰੋਟੀਆਂ ਨਹੀਂ ਪੱਕਦੀਆਂ, ਚਾਵਲ ਖਾਣ ਨੂੰ ਕਹਿੰਦੀ ਹੈ। ਕਿਹੋ ਜਿਹੀ ਔਰਤ ਹੈ ਇਹ....”

-----

ਭਾਰਤੀ / ਪਾਕਿਸਤਾਨੀ ਮੂਲ ਦੇ ਲੋਕਾਂ ਨਾਲ ਸਬੰਧਤ ਇੱਕ ਹੋਰ ਸਮੱਸਿਆ ਵੀ ਮੀਡੀਆ ਦੀਆਂ ਸੁਰਖੀਆਂ ਬਣਦੀ ਰਹਿੰਦੀ ਹੈ। ਇਹ ਸਮੱਸਿਆ ਹੈ ਭਾਰਤੀ / ਪਾਕਿਸਤਾਨੀ ਮੂਲ ਦੀਆਂ ਨੌਜਵਾਨ ਔਰਤਾਂ ਦਾ ਗ਼ੈਰ ਭਾਰਤੀ / ਪਾਕਿਸਤਾਨੀ ਮਰਦਾਂ ਨਾਲ ਵਿਆਹ ਕਰ ਲੈਣਾ। ਭਾਰਤ / ਪਾਕਿਸਤਾਨ ਵਿੱਚ ਤਾਂ ਇਹ ਸਮੱਸਿਆ ਜ਼ਾਤ-ਪਾਤ ਦੇ ਰੂਪ ਵਿੱਚ ਉੱਭਰਦੀ ਹੈ; ਪਰ ਪੱਛਮੀ ਮੁਲਕਾਂ ਵਿੱਚ ਰਹਿ ਰਹੇ ਭਾਰਤੀ / ਪਾਕਿਸਤਾਨੀ ਮੂਲ ਦੇ ਲੋਕਾਂ ਵਿੱਚ ਇਹ ਸਮੱਸਿਆ ਭਾਰਤੀ / ਪਾਕਿਸਤਾਨੀ ਮੂਲ ਦੀਆਂ ਔਰਤਾਂ ਵੱਲੋਂ ਹੋਰਨਾਂ ਧਰਮਾਂ ਦੇ ਮਰਦਾਂ ਨਾਲ ਵਿਆਹ ਕਰਨ ਕਾਰਨ ਪੈਦਾ ਹੁੰਦੀ ਹੈ। ਮਿੰਨੀ ਗਰੇਵਾਲ ਆਪਣੀ ਕਹਾਣੀ ‘ਮੋਤੀਆਂ ਵਾਲੀ ਕਾਲੀ ਗੁਰਗਾਬੀ’ ਦੀਆਂ ਇਨ੍ਹਾਂ ਸਤਰਾਂ ਰਾਹੀਂ ਇਸ ਸਮੱਸਿਆ ਵੱਲ ਵੀ ਸੰਕੇਤ ਕਰਦੀ ਹੈ:

ਮੰਗਣੀ ਦੀ ਰਸਮ ਪੂਰੀ ਕਰਕੇ, ਵਿਆਹ ਦੀ ਤਿਆਰੀ ਕਰਨ ਉਹਦੇ ਮਾਪੇ ਕੈਨੇਡਾ ਮੁੜ ਆਏ। ਮਹੀਨੇ ਦੇ ਅੰਦਰ ਅੰਦਰ ਵਿਆਹ ਦੀ ਤਿਆਰੀ ਪਿਛੋਂ ਉਹ ਹਿੰਦੁਸਤਾਨ ਮੁੜ ਆਉਣਗੇ ਤੇ ਮਹੀਨੇ ਦੇ ਖ਼ਤਮ ਹੋਣ ਤੱਕ ਅਲਕਾ ਪੰਜਾਬ ਦੀ ਮਿੱਟੀ ਵਿੱਚ ਅਤੇ ਪੰਜਾਬ ਦੀਆਂ ਖ਼ੁਸ਼ਬੂਆਂ ਵਿੱਚ ਰਚ ਮਿਚ ਜਾਵੇਗੀ।

ਸ਼ਹਿਰ ਵਿੱਚ ਰਹਿੰਦੀ ਨਾਨੀ ਦੇ ਗੁਆਂਢ ਵਿਚ, ਕੁੱਲ ਦੋ ਘਰ ਛਡ ਕੇ ਇਕ ਬਹੁਤ ਹੀ ਸੁਹਣਾ ਮੁੰਡਾ ਰਹਿੰਦਾ ਸੀ। ਹਰ ਰੋਜ਼ ਸ਼ਾਮ ਅਤੇ ਸਵੇਰੇ ਉਹ ਆਪਣੀ ਗੀਤਾਂ ਭਰੀ ਆਵਾਜ਼ ਨਾਲ, ਸਾਰੇ ਮੁੱਹੱਲੇ ਦੇ ਵਾਤਾਵਰਣ ਨੂੰ ਗਾਣਿਆਂ ਦੀ ਗੂੰਜ ਨਾਲ ਢੱਕ ਦਿਆ ਕਰਦਾ ਸੀ। ਸੁਹਣੇ ਮੁੰਡੇ ਦੀ ਆਵਾਜ਼ ਅਲਕਾ ਦੇ ਕੰਨਾਂ ਤੋਂ ਹੁੰਦੀ ਹੋਈ, ਉਹਦੀ ਛਾਤੀ ਵਿੱਚ ਛੇਕ ਕਰਦੀ ਹੋਈ ਉਹਦੇ ਢਿਡ ਤਕ ਉਤਰ ਗਈ। ਉਸ ਸੁਹਣੇ ਮੁੰਡੇ ਕ੍ਰਿਸ਼ਨ ਨਾਲ ਨਜ਼ਰਾਂ ਮਿਲਦਿਆਂ ਸਾਰ ਦੁਹਾਂ ਦਿਲਾਂ ਵਿੱਚ ਪਿਆਰ ਦਾ ਅਲੱੜ ਤੂਫ਼ਾਨ ਉੱਠਿਆ। ਦੁਨੀਆਂ ਦੀਆਂ ਨਜ਼ਰਾਂ ਤੋਂ ਉਹਲੇ, ਸਵੇਰ ਦੀ ਬੁੱਕਲ ਵਿਚ, ਅਲਕਾ ਅਤੇ ਕ੍ਰਿਸ਼ਨ ਨੇ ਮੰਦਰ ਦੇ ਪੁਜਾਰੀ ਸਾਮ੍ਹਣੇ, ਭਗਵਾਨ ਦੇ ਦਰਬਾਰ ਵਿਚ, ਪੇਸ਼ ਹੋ ਕੇ ਉਮਰਾਂ ਦਾ ਵਾਅਦਾ ਕਰ ਲਿਆ। ਕੈਨੇਡਾ ਵਿਚ ਬੈਠੇ ਮਾਪਿਆਂ ਨੂੰ ਟੈਲੀਫੋਨ ਰਾਹੀਂ ਇਸ ਘਟਨਾ ਦਾ ਦੂਜੇ ਦਿਨ ਹੀ ਪਤਾ ਲੱਗ ਗਿਆ। ਉਹਦੀ ਮਾਂ ਨੇ ਮੁੜ ਆਪਣੇ ਭਰਾ ਨਾਲ ਮੀਟਿੰਗ ਕੀਤੀ। ਬਰਾਦਰੀ ਵਿੱਚ ਇੱਜ਼ਤ ਦੀ ਚਿੱਟੀ ਚਾਦਰ ਓੜੀ ਰੱਖਣ ਲਈ ਤਿੰਨਾਂ ਹਸਤੀਆਂ ਨੇ ਸਾਰੀ ਰਾਤ ਸਲਾਹਾਂ ਕੀਤੀਆਂ। ਦੂਜੇ ਦਿਨ ਭਰਾ ਟੈਲੀਫੋਨ ਦੀਆਂ ਤਾਰਾਂ ਨਾਲ ਜੁੜਿਆ ਰਿਹਾ।

-----

‘ਵਹਿੰਦੇ ਪਾਣੀਆਂ ਦੇ ਪਰਛਾਵੇਂ’ ਕਹਾਣੀ ਵਿੱਚ ਮਿੰਨੀ ਗਰੇਵਾਲ ਸਾਡੇ ਸਮਾਜ ਦੀ ਇੱਕ ਹੋਰ ਅਹਿਮ ਸਮੱਸਿਆ ਵੱਲ ਸਾਡਾ ਧਿਆਨ ਖਿੱਚਦੀ ਹੈ। ਇਹ ਸਮੱਸਿਆ ਹੈ: ਅਣਵਿਆਹੀਆਂ ਔਰਤਾਂ ਵੱਲੋਂ ਜੰਮੇ ਬੱਚੇ। ਅਜਿਹੀਆਂ ਅਣਵਿਆਹੀਆਂ ਮਾਵਾਂ ਦੀ ਤਰਸਨਾਕ ਹਾਲਤ ਦਾ ਬਿਆਨ ਵੀ ਮਿੰਨੀ ਗਰੇਵਾਲ ਆਪਣੀ ਕਹਾਣੀ ‘ਵਹਿੰਦੇ ਪਾਣੀਆਂ ਦੇ ਪਰਛਾਵੇਂ’ ਵਿੱਚ ਬੜੀ ਖ਼ੂਬਸੂਰਤੀ ਨਾਲ ਕਰਦੀ ਹੈ:

1.“ਮੀਰਾ ਸੋਚ, ਮੇਰੇ ਵੱਲ ਵੇਖ, ਕਰਿਸਚਨ ਦੇ ਘਰ ਦੇ ਬਾਹਰ ਮੈਂ ਅੱਧੀ ਅੱਧੀ ਰਾਤ ਤਾਈਂ ਇੱਕ ਲੰਡਰ ਕੁੱਤੇ ਵਾਂਗ ਪੂਛ ਹਿਲਾਂਦੀ ਰਹਿੰਦੀ ਸੀ। ਰੋਟੀ ਦੀ ਖੂਸ਼ਬੂ ਨਾਲ ਕੁੱਤੇ ਦੀਆਂ ਲਾਲਾਂ ਡਿਗਦੀਆਂ ਹਨ, ਅੱਖਾਂ ਵਿੱਚ ਚਮਕ ਆਉਂਦੀ ਹੈ। ਪਰ ਮੈਂ ਬੈਠਦੀ ਸਾਂ ਆਪਣੇ ਸਰੀਰ ਵਿੱਚ ਪਲ ਰਹੇ ਬੱਚੇ ਦੀ ਖਾਤਰ। ਬੱਚੇ ਨੂੰ ਦਿੱਤੇ ਜਾਣ ਵਾਲੇ ਪਿਓ ਦੇ ਨਾਂਅ ਅਤੇ ਇੱਜ਼ਤ ਦੀ ਖਾਤਿਰ। ਕਿੰਨੀਆਂ ਰਾਤਾਂ ਮੈਂ ਉਥੇ ਹਨੇਰੇ ਵਿੱਚ ਬੈਠ ਬਿਤਾਈਆਂ। ਅਖੀਰ ਇੱਕ ਲੰਡਰ ਕੁੱਤੇ ਵਾਂਗ ਹੀ ਦੁਰ੍ਹੇ ਦੁਰ੍ਹੇ ਕਰ ਮੈਨੂੰ ਉਸ ਦਰਵਾਜ਼ੇ ਤੋਂ ਭਜਾ ਦਿੱਤਾ ਗਿਆ...”

2.ਤੂੰ ਅੰਦਾਜ਼ਾ ਕਰ ਸਕਦੀ ਹੈਂ ਮੀਰਾ, ਕਿ ਅੱਜ ਤੋਂ ਪੈਂਤੀ ਸਾਲ ਪਹਿਲੋਂ ਇੱਕ ਅਣਵਿਆਹੀ ਕੁਆਰੀ ਕੁੜੀ ਜੇ ਮਾਂ ਬਣਨ ਵਾਲੀ ਹੋ ਜਾਵੇ ਤਾਂ ਉਸਦਾ ਕੀ ਹਸ਼ਰ ਹੁੰਦਾ ਸੀ!! ਮਾਪੇ ਉਹਦੀ ਹੋਂਦ ਤੋਂ ਮੁਨਕਰ ਹੋ ਜਾਂਦੇ ਸਨ। ਅਪਣੇ ਸ਼ਹਿਰੋਂ ਸੌਆਂ ਮੀਲ ਦੂਰ ਕਿਸੇ ਓਪਰੇ ਸ਼ਹਿਰ ਦੇ ਯਤੀਮਖਾਨੇ ਵਿੱਚ ਉਹਨੂੰ ਛੱਡ ਆਉਂਦੇ ਸਨ। ਬੱਚਾ ਜੰਮਣ ਪਿੱਛੋਂ, ਮਾਂ ਉਹਦੀ ਸ਼ਕਲ ਵੀ ਨਾ ਵੇਖ ਸਕਦੀ ਜਦ ਬੱਚੇ ਨੂੰ ਕੋਈ ਤੀਜਾ ਪਰਾਇਆ ਅਜਨਬੀ ਜੋੜਾ ਗੋਦੀ ਲੈ ਲੈਂਦਾ। ਪਤਾ ਨਹੀਂ ਕਿੰਨੇ ਹਜ਼ਾਰਾਂ ਬੱਚੇ ਅਪਣੀਆਂ ਮਾਵਾਂ ਤੋਂ ਵਿੱਛੜ ਗਏ।

ਆਪਣੀ ਇੱਜ਼ਤ ਪਾਕ ਰੱਖਣ ਲਈ ਮੇਰੇ ਮਾਪੇ ਵੀ ਮੈਨੂੰ ਜ਼ਬਰਦਸਤੀ ਇੱਕ ਓਪਰੇ ਸ਼ਹਿਰ ਛੱਡ ਆਏ। ਜਿੱਥੇ ਮੈਂ ਜੰਮੀ ਪਲੀ, ਜਿਸ ਵਿਹੜੇ ਵਿੱਚ ਬਚਪਨ ਦੀਆਂ ਖੇਡਾਂ ਖੇਡ ਮੈਂ ਜਵਾਨ ਹੋਈ ਉਸ ਘਰ ਦਾ ਦਰਵਾਜ਼ਾ ਮੇਰੇ ਵਾਸਤੇ ਹਮੇਸ਼ਾ ਲਈ ਬੰਦ ਕਰ ਦਿੱਤਾ ਗਿਆ।

-----

ਅਨੇਕਾਂ ਹਾਲਤਾਂ ਵਿੱਚ ਤਾਂ ਗੱਲ ਇਸ ਤੋਂ ਵੀ ਵੱਧ ਜਾਂਦੀ ਹੈ। ਆਪਣੀ ਇੱਜ਼ਤ ਦੇ ਨਾਮ ਉੱਤੇ ਮਾਪੇ ਆਪਣੀਆਂ ਹੀ ਨੌਜਵਾਨ ਧੀਆਂ ਦਾ ਕਤਲ ਵੀ ਕਰ ਦਿੰਦੇ ਹਨ। ਕੈਨੇਡਾ, ਇੰਗਲੈਂਡ, ਅਮਰੀਕਾ ਵਰਗੇ ਉੱਨਤ ਦੇਸ਼ਾਂ ਦੇ ਮੀਡੀਆ ਵਿੱਚ ਵੀ ਅਜਿਹੀਆਂ ਘਟਨਾਵਾਂ ਦੀਆਂ ਖ਼ਬਰਾਂ ਪੜ੍ਹਣ ਲਈ ਆਮ ਮਿਲਦੀਆਂ ਰਹਿੰਦੀਆਂ ਹਨ। ਮਾਪਿਆਂ ਵੱਲੋਂ ਆਪਣੀ ਇੱਜ਼ਤ-ਮਾਨ ਦੇ ਨਾਮ ਉੱਤੇ ਨੌਜਆਨ ਧੀਆਂ ਦੇ ਕੀਤੇ ਜਾ ਰਹੇ ਕਤਲ ਪੱਛਮੀ ਦੇਸ਼ਾਂ ਵਿੱਚ ਇੱਕ ਅਹਿਮ ਸਮਾਜਿਕ-ਸਭਿਆਚਾਰਕ ਮਸਲਾ ਬਣ ਕੇ ਉੱਭਰ ਰਿਹਾ ਹੈ। ਇੱਥੇ ਇਹ ਗੱਲ ਕਹਿਣ ਵਿੱਚ ਵੀ ਕੋਈ ਝਿਜਕ ਨਹੀਂ ਹੋ ਸਕਦੀ ਕਿ ਅਜਿਹੇ ਕਾਤਲ ਮਾਪਿਆਂ ਦਾ ਸਬੰਧ, ਵਧੇਰੇ ਕਰਕੇ, ਭਾਰਤ ਜਾਂ ਪਾਕਿਸਤਾਨ ਨਾਲ ਹੀ ਹੁੰਦਾ ਹੈ। ਅਜਿਹੇ ਮਾਪੇ ਵਧੇਰੇ ਕਰਕੇ ਧਾਰਮਿਕ ਕੱਟੜਵਾਦੀ ਵਿਚਾਰਾਂ ਦੇ ਧਾਰਣੀ ਅਤੇ ਪਿਛਾਂਹ-ਖਿੱਚੂ ਵਿਚਾਰਾਂ ਵਾਲੇ ਹੁੰਦੇ ਹਨ।

-----

‘ਚਾਂਦੀ ਦਾ ਗੇਟ’ ਕਹਾਣੀ-ਸੰਗ੍ਰਹਿ ਵਿੱਚ ਮਿੰਨੀ ਗਰੇਵਾਲ ਕੁਝ ਅਜਿਹੀਆਂ ਸਮੱਸਿਆਵਾਂ ਦਾ ਵੀ ਜ਼ਿਕਰ ਛੇੜਦੀ ਹੈ ਜਿਨ੍ਹਾਂ ਦਾ ਸਬੰਧ ਮਨੁੱਖ ਦੇ ਸੂਖਮ ਹਾਵਾਂ-ਭਾਵਾਂ ਨਾਲ ਵਧੇਰੇ ਹੁੰਦਾ ਹੈ। ਕਹਾਣੀ ‘ਦੋ ਅਸਮਾਨ’ ਸਾਨੂੰ ਇੱਕ ਅਜਿਹੀ ਹੀ ਸਮੱਸਿਆ ਦੇ ਰੂ-ਬ-ਰੂ ਕਰਦੀ ਹੈ। ਪਿਆਰ ਦੀਆਂ ਤਰੰਗਾਂ ਕਿਸੀ ਵੀ ਉਮਰ ਦੇ ਮਨੁੱਖ ਦੇ ਦਿਲ ਵਿੱਚ ਉੱਠ ਸਕਦੀਆਂ ਹਨ। ਇਨ੍ਹਾਂ ਤਰੰਗਾਂ ਦਾ ਸਬੰਧ ਨਾ ਉਮਰ ਨਾਲ ਹੁੰਦਾ ਹੈ, ਨਾ ਧਰਮ ਨਾਲ, ਨਾ ਜ਼ਾਤ-ਪਾਤ ਨਾਲ, ਨਾ ਰੰਗ ਨਾਲ, ਨਾ ਨਸਲ ਨਾਲ। ਇਹ ਤਰੰਗਾਂ ਨ ਦੇਸ਼ਾਂ ਦੀਆਂ ਸਰਹੱਦਾਂ ਦੀ ਪ੍ਰਵਾਹ ਕਰਦੀਆਂ ਹਨ ਅਤੇ ਨ ਮਹਾਂਦੀਪਾਂ ਦੀਆਂ ਦੂਰੀਆਂ ਦੀ। ‘ਦੋ ਅਸਮਾਨ’ ਕਹਾਣੀ ਦੀ ਪਾਤਰ ਲਕਸ਼ਮੀ ਅਤੇ ਟਾਮਸ ਵਿਚਾਲੇ ਵੀ ਕੁਝ ਅਜਿਹਾ ਹੀ ਵਾਪਰਦਾ ਹੈ। ਅਜਿਹੇ ਸੂਖਮ ਅਹਿਸਾਸਾਂ ਦੀ ਪੇਸ਼ਕਾਰੀ ਕਰਦੀ ਕਹਾਣੀ ‘ਦੋ ਅਸਮਾਨ’ ‘ਚੋਂ ਪੇਸ਼ ਹਨ ਦੋ ਉਦਾਹਰਣਾਂ:

1.“ਕੀ ਤੇਰੇ ਨਾਲ ਇੰਜ ਹੋਇਆ ਏ ਕਦੇ ਰਾਮੂ? ਤੂੰ ਕਿਸੇ ਨੂੰ ਪਿਆਰ ਕੀਤਾ ਹੋਵੇ ਅਤੇ ਉਹਦੇ ਸਾਹਮਣੇ ਬੈਠ ਕੇ ਉਸਨੂੰ ਦੱਸ ਵੀ ਨਾ ਸਕਿਆ ਹੋਵੇਂ।” ਲਕਸ਼ਮੀ ਨੇ ਪੁੱਛਿਆ।

“ਹਾਂ ਹੋਇਆ ਏ। ਇੰਜ ਹੋਣਾ ਕੋਈ ਅਣਹੋਣੀ ਗਲ ਨਹੀਂ ਹੈ।” ਗਲਾ ਸਾਫ ਕਰ, ਲਕਸ਼ਮੀ ਵਲ ਵੇਖਦਿਆਂ ਰਾਮੂ ਬੋਲਿਆ।

“ਤੂੰ ਪਿਆਰ ਕਰਦਾ ਸੀ? ਉਹਨੂੰ ਮਿਲਦਾ ਵੀ ਸੀ? ਫਿਰ ਵੀ ਕੁਝ ਨਹੀਂ ਕਿਹਾ?” ਲਕਸ਼ਮੀ ਨੇ ਹੈਰਾਨੀ ਭਰੀ ਆਵਾਜ਼ ਵਿੱਚ ਪੁੱਛਿਆ।

“ਹਾਂ, ਹਰ ਰੋਜ਼ ਮਿਲਦਾ ਸੀ। ਕਦੇ ਕਦੇ ਤਾਂ ਹੁਣ ਵੀ ਮਿਲਦਾ ਹਾਂ ਪਰ ਕਹਿ ਕੁਝ ਨਹੀਂ ਸਕਿਆ। ਇਸ ਤੋਂ ਵੱਡਾ ਕੀ ਕਹਿਰ ਹੋਵੇਗਾ? ਮੇਰੀ ਗੱਲ ਕੀ ਤੂੰ ਸਮਝਦੀ ਏਂ ਲਕਸ਼ਮੀ ਬਾਈ?” ਮੰਜੀ ਨੂੰ ਪਿਛਾਂਹ ਘੜੀਸ ਰਾਮੂ ਉਠ ਖੜੋਤਾ। ਪਾਣੀ ਲੈਣ ਦੇ ਬਹਾਨੇ ਉਸ ਲਕਸ਼ਮੀ ਵੱਲ ਪਿੱਠ ਕਰ ਲਈ।

2.ਕੁਝ ਦੇਰ ਦੋਵੇਂ ਚੁਪ ਚਾਪ ਖੜੇ ਰਹੇ।

ਚਿੱਠੀ ਦੇਣ ਤੋਂ ਲਕਸ਼ਮੀ ਝਿੱਜਕ ਰਹੀ ਸੀ।

ਚਿੱਠੀ ਫੜਣ ਤੋਂ ਰਾਮੂ ਝਿੱਜਕ ਰਿਹਾ ਸੀ।

“ਮੈਂ ਪੜ੍ਹ ਲਿਖ ਲੈਂਦਾ ਹਾਂ। ਤੂੰ ਚਿੱਠੀ ਪੜ੍ਹਵਾਣ ਲਈ ਆਈ ਏਂ ਨਾ?” ਚਿੱਠੀ ਪੜ੍ਹਣ ਲਈ ਰਾਮੂ ਨੇ ਹੱਥ ਅਗਾਂਹ ਕਰਦਿਆਂ ਪੁੱਛਿਆ। ਲਕਸ਼ਮੀ ਉਵੇਂ ਹੀ ਖੜੀ ਰਹੀ, ਜਿਵੇਂ ਉਸ ਰਾਮੂ ਦੀ ਗਲ ਹੀ ਨਾ ਸੁਣੀ ਹੋਵੇ ਅਤੇ ਨਾ ਹੀ ਉਹਦਾ ਅਗਾਂਹ ਵਧਿਆ ਹੱਥ ਵੇਖਿਆ ਹੋਵੇ। ਰਾਮੂ ਨੂੰ ਚਿੱਠੀ ਦੇਣ ਦੀ ਥਾਂ ਉਸ ਚਿੱਠੀ ਵਾਲਾ ਹੱਥ ਆਪਣੀ ਸਾੜੀ ਦੇ ਪੱਲੇ ਨਾਲ ਵਲੇਟ ਲਿਆ।

“ਕੀ ਗੱਲ ਲਕਸ਼ਮੀ ਬਾਈ? ਚਿੱਠੀ ਨਹੀਂ ਪੜ੍ਹਵਾਏਂਗੀ?” ਰਾਮੂ ਨੇ ਪੁੱਛਿਆ।

“ਨਹੀਂ....”

“ਇਰਾਦਾ ਬਦਲ ਗਿਆ?”

“ਹਾਂ! ਕੀ ਫਾਇਦਾ ਚਿੱਠੀ ਪੜ੍ਹਾਣ ਦਾ।” ਬੜੀ ਬੇਦਿਲੀ ਨਾਲ ਉਹ ਬੋਲੀ।

“ਚਿੱਠੀ ਪੜ੍ਹਣ ਵਿੱਚ ਫਾਇਦੇ ਅਤੇ ਨੁਕਸਾਨ ਦੀ ਕਿਹੜੀ ਗਲ ਏ। ਚਿੱਠੀ ਤਾਂ ਉਹਦਾ ਸੁਨੇਹਾ ਲੈ ਕੇ ਆਈ ਹੈ।” ਤਸੱਲੀ ਦੇਣ ਵਾਲੀ ਆਵਾਜ਼ ਵਿੱਚ ਰਾਮੂ ਬੋਲਿਆ।

“ਕੀ ਪਤਾ ਕੀ ਸੁਨੇਹਾ ਲੈ ਕੇ ਆਈ ਏ ਇਹ ਬੇਜਾਨ ਚਿੱਠੀ। ਮੈਂ ਨਹੀਂ ਜਾਣਨਾ ਚਾਹੁੰਦੀ...”

“ਪਰ ਤੂੰ ਤਾਂ ਉਡੀਕ ਰਹੀ ਸੀ ਉਹਦੇ ਹੁੰਗਾਰੇ ਨੂੰ...”

“ਹਾਂ ਰਾਮੂ। ਮੈਂ ਉਡੀਕ ਰਹੀ ਸੀ ਉਹਦੇ ਹੁੰਗਾਰੇ ਨੂੰ। ਪਰ ਇਹ ਚਿੱਠੀ ਪੜ੍ਹਣ ਤੋਂ, ਸੁਣਨ ਤੋਂ ਮੈਨੁੰ ਡਰ ਲਗਦਾ ਹੈ।”

“ਡਰ! ਕਾਹਦਾ ਡਰ!” ਲਕਸ਼ਮੀ ਦੇ ਬੇਜਾਨ ਚਿਹਰੇ ਵਲ ਵੇਖਦਿਆਂ ਰਾਮੂ ਨੇ ਸਵਾਲ ਕੀਤਾ।

“ਇਸ ਚਿੱਠੀ ਵਿੱਚ ਜੇ ਉਸ ਖਾਲੀ ਸਫ਼ਰ ਦਾ ਹਾਲ ਲਿਖਿਆ ਹੋਵੇ। ਜਾਂ ਫਿਰ ਮੌਸਮ ਦੀਆਂ ਹੀ ਗੱਲਾਂ ਕੀਤੀਆਂ ਹੋਣ, ਤਾਂ ਮੇਰਾ ਦਿਲ ਕਿਵੇਂ ਬਰਦਾਸ਼ਤ ਕਰੇਗਾ ਰਾਮੂ...”

ਗੱਲ ਪੂਰੀ ਕੀਤੇ ਬਗ਼ੈਰ ਲਕਸ਼ਮੀ ਉਥੋਂ ਜਾ ਚੁੱਕੀ ਸੀ।

-----

ਕੈਨੇਡਾ / ਅਮਰੀਕਾ ਦੀਆਂ ਅਖਬਾਰਾਂ ਵਿੱਚ ਅਸੀਂ ਨਿਤ ਅਜਿਹੀਆਂ ਖਬਰਾਂ ਪੜ੍ਹਦੇ ਹਾਂ ਕਿ ਇੱਕ ਕਾਲੇ ਰੰਗ ਦਾ ਨੌਜਵਾਨ ਇੱਕ ਗਰੋਸਰੀ ਸਟੋਰ ਤੋਂ ਗਰੋਸਰੀ ਚੋਰੀ ਕਰਦਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਅਨੇਕਾਂ ਹਾਲਤਾਂ ਵਿੱਚ ਅਜਿਹੀਆਂ ਖ਼ਬਰਾਂ ਵੀ ਪੜ੍ਹਣ ਨੂੰ ਮਿਲਦੀਆਂ ਹਨ ਕਿ ਕਿਸੀ ਗੈਸ ਸਟੇਸ਼ਨ ਤੋਂ 100 ਡਾਲਰ ਲੁੱਟ ਕੇ ਲਿਜਾਂਦਾ ਹੋਇਆ ਇੱਕ ਕਾਲੇ ਰੰਗ ਦਾ ਨੌਜਵਾਨ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਿਆ। ਅਜਿਹੀਆਂ ਖ਼ਬਰਾਂ ਨੂੰ ਹਰ ਟੈਲੀਵੀਜ਼ਨ ਸਟੇਸ਼ਨ ਬਾਰ ਬਾਰ ਦਿਖਾਂਦਾ ਹੈ ਅਤੇ ਟੋਰਾਂਟੋ ਦਾ 24 ਘੰਟੇ ਖਬਰਾਂ ਦੇਣ ਵਾਲਾ 680 ਨਿਊਜ਼ ਰੇਡੀਓ ਸਟੇਸ਼ਨ ਵੀ ਬਾਰ ਬਾਰ ਦੁਹਰਾਂਦਾ ਹੈ। ਪਰ ਉਸ ਦੇ ਮੁਕਾਬਲੇ ਵਿੱਚ ਲੱਖਾਂ ਡਾਲਰਾਂ ਦੀ ਹੇਰਾਫੇਰੀ ਕਰ ਜਾਣ ਵਾਲੇ ਅਮੀਰ ਵਿਉਪਾਰੀਆਂ ਦੀ ਖ਼ਬਰ ਦਿਨ ਵਿੱਚ ਵੱਧ ਤੋਂ ਵੱਧ ਇੱਕ ਦੋ ਵਾਰ ਸੁਣਾ ਕੇ ਚੁੱਪ ਧਾਰ ਲਈ ਜਾਂਦੀ ਹੈ। ਇੰਨਾ ਹੀ ਨਹੀਂ ਦੇਸ਼ ਦੀਆਂ ਉੱਚ ਅਦਾਲਤਾਂ ਵੀ ਇੰਨ੍ਹਾਂ ਵੱਡੇ ਮਗਰਮੱਛਾਂ ਨੂੰ ਇੱਕ ਦੋ ਸਾਲ ਦੀ ਕੈਦ ਦੀ ਸਜ਼ਾ ਦੇ ਕੇ ਦੇਸ਼ ਦੀ ਜਨਤਾ ਦੇ ਦਿਮਾਗ਼ਾਂ ਵਿੱਚ ਇਹ ਵਿਚਾਰ ਭਰਨ ਦੀ ਕੋਸ਼ਿਸ਼ ਕਰਦੀਆਂ ਹਨ ਕਿ ਦੇਸ਼ ਦਾ ਕਾਨੂੰਨ ਹਰ ਕਿਸੀ ਉੱਤੇ ਇੱਕੋ ਜਿੰਨਾ ਹੀ ਲਾਗੂ ਹੁੰਦਾ ਹੈ- ਕੋਈ ਅਮੀਰ ਹੋਵੇ ਚਾਹੇ ਗਰੀਬ। ਜਦੋਂ ਕਿ ਜੇਕਰ ਕੋਈ ਬੇਘਰ, ਬੇਸਹਾਰਾ ਗਰੀਬ ਵਿਅਕਤੀ 100 ਡਾਲਰ ਦੀ ਚੋਰੀ ਕਰਦਾ ਵੀ ਫੜਿਆ ਜਾਵੇ ਤਾਂ ਅਦਾਲਤ ਉਸਨੂੰ ਕਈ ਕਈ ਸਾਲ ਦੀ ਸਜ਼ਾ ਸੁਣਾ ਦਿੰਦੀ ਹੈ। ਸਾਡੇ ਸਮਾਜ ਦੀ ਇਸ ਹਕੀਕਤ ਨੂੰ ਮਿੰਨੀ ਗਰੇਵਾਲ ਆਪਣੀ ਕਹਾਣੀ ‘ਸੁਨਹਿਰੀ ਧਾਗੇ’ ਵਿੱਚ ਬੜੀ ਹੀ ਖ਼ੂਬਸੂਰਤੀ ਨਾਲ ਪੇਸ਼ ਕਰਦੀ ਹੈ। ਇਸ ਕਹਾਣੀ ਦੀ ਮੁੱਖ ਪਾਤਰ ਵਿਜਯੰਤੀ ਜੋ ਕਿ ਆਪਣੇ ਲਈ ਜ਼ਰੂਰੀ ਦਵਾਈ ਖ੍ਰੀਦਣੀ ਵੀ ਤਨਖਾਹ ਮਿਲਣ ਵਾਲੇ ਦਿਨ ਤੱਕ ਅੱਗੇ ਪਾ ਕੇ ਆਪਣੀ ਜੇਬ ਵਿਚਲੇ ਡਾਲਰਾਂ ਦੀ ਗਿਣਤੀ ਮਿਣਤੀ ਕਰਕੇ ਘਰ ਦੀ ਗਰੋਸਰੀ ਖ੍ਰੀਦਦੀ ਹੈ। ਤਾਂ ਜੁ ਉਸ ਦੀ ਜੇਬ੍ਹ ਵਿੱਚ ਹਫਤਾ ਭਰ ਕੰਮ ਉੱਤੇ ਪਹੁੰਚਣ ਲਈ ਬੱਸ ਦੀਆਂ ਟਿਕਟਾਂ ਖ੍ਰੀਦਣ ਜੋਗੇ ਕੁਝ ਕੁ ਡਾਲਰ ਵੀ ਬਚ ਜਾਣ। ਪਰ ਜਦੋਂ ਗਰੋਸਰੀ ਖ੍ਰੀਦਣ ਤੋਂ ਬਾਹਦ ਅਚਾਨਕ ਕਾਊਂਟਰ ਉੱਤੇ ਖੜ੍ਹੀ ਕੁੜੀ ਉਸਨੂੰ ਬਿਨ੍ਹਾਂ ਧਿਆਨ ਦਿੱਤਿਆਂ ਗਰੋਸਰੀ ਦੇ ਡਾਲਰ ਲਏ ਬਗ਼ੈਰ ਲਾਈਨ ਵਿੱਚੋਂ ਅੱਗੇ ਲੰਘਾ ਦਿੰਦੀ ਹੈ ਤਾਂ ਵਿਜਯੰਤੀ ਦੇ ਮਨ ਵਿੱਚ ਇੱਕ ਗੁਨਾਹ ਦੀ ਭਾਵਨਾ ਬੈਠ ਜਾਂਦੀ ਹੈ ਕਿ ਉਸਨੇ ਆਪਣੀ ਗਰੋਸਰੀ ਦੀ ਕੀਮਤ ਅਦਾ ਨਹੀਂ ਕੀਤੀ। ਜਦੋਂ ਕਿ ਇਸ ਵਿੱਚ ਉਸਦਾ ਰਤਾ ਭਰ ਵੀ ਦੋਸ਼ ਨਹੀਂ। ਲਾਈਨ ਵਿੱਚੋਂ ਲੰਘ ਜਾਣ ਤੋਂ ਬਾਹਦ ਵੀ ਉਹ ਗਰੋਸਰੀ ਸਟੋਰ ਦੇ ਬੂਹੇ ਕੋਲ ਘੰਟਿਆਂ ਬੱਧੀ ਬੈਠੀ ਇਹ ਸੋਚਦੀ ਰਹਿੰਦੀ ਹੈ ਕਿ ਜੇਕਰ ਕਿਤੇ ਗਰੋਸਰੀ ਸਟੋਰ ਦੇ ਸਕਿਉਰਟੀ ਸਟਾਫ ਨੇ ਉਸਨੂੰ ਗਰੋਸਰੀ ਚੋਰੀ ਕਰਨ ਦੇ ਦੋਸ਼ ਹੇਠ ਫੜ ਲਿਆ ਤਾਂ ਕੀ ਹੋਵੇਗਾ? ਉਸਦੀ ਬੇਇਜ਼ਤੀ ਕੀਤੀ ਜਾਵੇਗੀ। ਸਾਰੇ ਸ਼ਹਿਰ ਵਿੱਚ ਇਹ ਗੱਲ ਫੈਲ ਜਾਵੇਗੀ ਅਤੇ ਜਿੱਥੋਂ ਵੀ ਉਹ ਲੰਘੇਗੀ ਲੋਕ ਉਸ ਵੱਲ ਉਂਗਲਾਂ ਕਰ ਕਰ ਕਹਿਣਗੇ ਕਿ ਉਹ ਜਾਂਦੀ ਹੈ ਵਿਜਯੰਤੀ। ਜਿਸਨੂੰ ਗਰੋਸਰੀ ਸਟੋਰ ਵਿੱਚੋਂ ਗਰੋਸਰੀ ਚੋਰੀ ਕਰਕੇ ਲਿਜਾਂਦੀ ਨੂੰ ਗਰੋਸਰੀ ਸਟੋਰ ਦੇ ਸਕਿਉਰਟੀ ਸਟਾਫ ਨੇ ਰੰਗੇ ਹੱਥੀਂ ਫੜ ਲਿਆ ਸੀ। ਪਰ ਇਸਦੇ ਉਲਟ, ਜਿਵੇਂ ਕਿ ਅਕਸਰ ਹੁੰਦਾ ਹੈ। ਉਸ ਦਿਨ ਦੀ ਅਖ਼ਬਾਰ ਦੀ ਮੁੱਢਲੀ ਸੁਰਖੀ ਸਾਡੇ ਸਮਾਜ ਦੇ ਕਾਨੂੰਨ ਦਾ ਦੋਗਲਾਪਨ ਦਿਖਾਂਦੀ ਹੋਈ ਇਹ ਸਾਫ ਸ਼ਬਦਾਂ ਵਿੱਚ ਦਸ ਰਹੀ ਸੀ ਕਿ ਦੇਸ਼ ਦਾ ਕਾਨੂੰਨ ਅਮੀਰ ਵਿਅਕਤੀਆਂ ਲਈ ਹੋਰ ਹੁੰਦਾ ਹੈ ਅਤੇ ਦੇਸ਼ ਦੇ ਗਰੀਬ ਵਿਅਕਤੀਆਂ ਲਈ ਹੋਰ। ਇਸ ਗੱਲ ਦਾ ਅਹਿਸਾਸ ਮਿੰਨੀ ਗਰੇਵਾਲ ਦੀ ਕਹਾਣੀ ‘ਸੁਨਹਿਰੀ ਧਾਗੇ’ ਦੀਆਂ ਇਨ੍ਹਾਂ ਖ਼ੂਬਸੂਰਤ ਸਤਰਾਂ ਪੜ੍ਹਣ ਤੋਂ ਬਾਅਦ ਹੀ ਲਗਾਇਆ ਜਾ ਸਕਦਾ ਹੈ:

ਬੈਂਚ ਉਥੇ ਬੈਠੀ ਵਿਜਯੰਤੀ ਨੇ ਦੁਬਾਰਾ ਫਿਰ ਅਖ਼ਬਾਰ ਦੀ ਸੁਰਖੀ ਵਲ ਦੇਖਿਆ ਅਤੇ ਏਸ ਵਾਰੀ ਉਹਦੀਆਂ ਨਜ਼ਰਾਂ ਸੁਰਖੀ ਉਤੇ ਅਟਕ ਗਈਆਂ।

ਵੱਡੇ ਵੱਡੇ, ਕਾਲੇ, ਕਾਲੇ, ਮੋਟੇ ਮੋਟੇ ਅੱਖਰਾਂ ਵਿੱਚ ਲਿਖਿਆ ਹੋਇਆ ਸੀ:

“ਸ਼ਹਿਰ ਦੇ ਪ੍ਰਸਿੱਧ ਕਰੋੜਪਤੀ ਦੀ ਬੀਵੀ, ਚੋਰੀ ਕਰਦੀ ਫੜੀ ਗਈ ਪਰ ਉਸ ਵਿਰੁੱਧ ਕੋਈ ਚਾਰਜ ਨਹੀਂ ਲਿਆਂਦਾ ਜਾਵੇਗਾ...”

ਅੱਗੇ ਲਿਖਿਆ ਸੀ।

“ਸਟੋਰ ਦੀ ਸਿਕਯੂਰਿਟੀ ਨੇ ਮਿਸਜ਼ ਬਰਾਊਨ ਨੂੰ ਕੱਪੜੇ ਚੋਰੀ ਕਰਦਿਆਂ ਰੰਗੇ ਹੱਥ ਫੜਿਆ। ਪਰ ਡਿਪਾਰਟਮੈਂਟ ਸਟੋਰ ਦੀ ਮੈਨਜਮੈਂਟ ਦਾ ਕਹਿਣਾ ਹੈ ਕਿ ਮਿਸਜ਼ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਕਿਉਂਕਿ ਉਹਦੇ ਕਰੋੜਪਤੀ ਸ਼ੌਹਰ ਨੇ ਚੋਰੀ ਕੀਤੀਆਂ ਚੀਜ਼ਾਂ ਦੇ ਪੈਸੇ ਚੁਕਾ ਦਿਤੇ...”

ਅਖਬਾਰ ਦੀ ਇਸ ਸੁਰਖੀ ਦਾ, ਇਨ੍ਹਾਂ ਕਾਲੇ ਮੋਟੇ ਸ਼ਬਦਾਂ ਦਾ ਪੂਰਾ ਅਰਥ ਵਿਜਯੰਤੀ ਦੇ ਦਿਮਾਗ਼ ਨੇ ਹਾਲੇ ਬਰਾਬਰ ਨਹੀਂ ਸੀ ਸਮਝਿਆ।

ਸਟੋਰ ਦੀਆਂ ਬੱਤੀਆਂ ਬੁਝਣ ਲਗੀਆਂ।

ਯੂਨੀਫਾਰਮ ਪਾਈ ਗਰੋਸਰੀ ਸਟੋਰ ਦਾ ਇਕ ਆਦਮੀ ਸਟੋਰ ਦੇ ਦਰਵਾਜ਼ੇ ਬੰਦ ਕਰਨ ਲੱਗਿਆ।

‘ਚਾਂਦੀ ਦਾ ਗੇਟ’ ਕਹਾਣੀ ਸੰਗ੍ਰਹਿ ਵਿਚਲੀਆਂ ਕਹਾਣੀਆਂ ਰਾਹੀਂ ਭਾਵੇਂ ਕਿ ਮਿੰਨੀ ਗਰੇਵਾਲ ਨੇ ਅਨੇਕਾਂ ਹੋਰ ਵਿਸ਼ਿਆਂ ਦੀ ਵੀ ਗੱਲ ਕੀਤੀ ਹੈ; ਪਰ ਮੈਂ ਸਿਰਫ ਉਸ ਦੀ ਕਹਾਣੀ ‘ਮੇਹਰਬਾਨੀਆਂ’ ਬਾਰੇ ਚਰਚਾ ਕਰਕੇ ਆਪਣੀ ਗੱਲ ਸਮੇਟਣ ਦੀ ਕੋਸ਼ਿਸ਼ ਕਰਾਂਗਾ।

-----

ਪੱਛਮੀ ਦੇਸ਼ਾਂ ਦਾ ਆਰਥਿਕ ਤਾਣਾ-ਬਾਣਾ ਕੁਝ ਇਸ ਤਰ੍ਹਾਂ ਉਸਾਰਿਆ ਗਿਆ ਹੈ ਕਿ ਪੂੰਜੀਵਾਦ ਦਾ ਅਜਗਰ ਤੁਹਾਨੂੰ ਆਪਣੇ ਵੱਲ ਖਿੱਚਦਾ ਹੀ ਜਾਂਦਾ ਹੈ। ਉਦੋਂ ਤੱਕ, ਜਦੋਂ ਤੱਕ ਕਿ ਤੁਸੀਂ ਉਸ ਦੇ ਮੂੰਹ ਵਿੱਚ ਪੂਰੀ ਤਰ੍ਹਾਂ ਫਸ ਨਹੀਂ ਜਾਂਦੇ। ਇੱਥੇ ਦਾ ਕੰਨਜ਼ੀਊਮਰ ਕਲਚਰ ਤੁਹਾਨੂੰ ਡਾਲਰਾਂ ਦੀ ਅੰਨ੍ਹੀ ਦੌੜ ਵਿੱਚ ਕੁਝ ਇਸ ਤਰ੍ਹਾਂ ਪਾ ਦਿੰਦਾ ਹੈ ਕਿ ਤੁਹਾਡੇ ਮਨ-ਮਸਤਕ ਵਿੱਚ ਹਰ ਪਲ ਡਾਲਰ, ਡਾਲਰ ਦੀ ਹੀ ਗੂੰਜ ਗੂੰਜਦੀ ਹੈ। ਚਮਕੀਲੀਆਂ ਭੜਕੀਲੀਆਂ ਵਸਤਾਂ ਨਾਲ ਚੁੰਧਿਆਈਆਂ ਚੀਜ਼ਾਂ ਖ੍ਰੀਦ ਖ੍ਰੀਦ ਕੇ ਆਪਣੇ ਘਰਾਂ ਨੂੰ ਭਰਨ ਲਈ ਤੁਸੀਂ ਅੰਨ੍ਹੇਵਾਹ ਘੋੜਿਆਂ ਵਾਂਗ ਸਰਪਟ ਦੌੜਦੇ ਰਹਿੰਦੇ ਹੋ। ਤੁਹਾਡੇ ਕੋਲ ਏਨਾ ਵੀ ਸਮਾਂ ਨਹੀਂ ਬਚਦਾ ਕਿ ਤੁਸੀਂ ਆਰਾਮ ਨਾਲ ਬੈਠਕੇ ਕਦੀ ਰੋਟੀ ਵੀ ਖਾਹ ਸਕੋ, ਆਰਾਮ ਨਾਲ ਬੈਠਕੇ ਆਪਣੀ ਬੀਵੀ, ਬੱਚਿਆਂ ਜਾਂ ਪ੍ਰਵਾਰ ਦੇ ਹੋਰਨਾਂ ਲੋਕਾਂ ਨਾਲ ਕੋਈ ਖੁਸ਼ਗਵਾਰ ਪਲ ਸਾਂਝੇ ਕਰ ਸਕੋਂ। ਅਨੇਕਾਂ ਹਾਲਤਾਂ ਵਿੱਚ ਤਾਂ ਇੰਜ ਵੀ ਹੁੰਦਾ ਹੈ ਕਿ ਬੀਵੀ ਕੰਮ ਤੋਂ ਪਰਤਦੀ ਹੈ ਤਾਂ ਘਰ ਵਾਲਾ ਕੰਮ ਉੱਤੇ ਜਾ ਰਿਹਾ ਹੁੰਦਾ ਹੈ। ਮਹੀਨਾ, ਮਹੀਨਾ ਭਰ ਉਨ੍ਹਾਂ ਕੋਲ ਇੰਨਾ ਕੁ ਸਮਾਂ ਵੀ ਨਹੀਂ ਹੁੰਦਾ ਕਿ ਉਹ ਦੋ ਪਲ ਇਕੱਠੇ ਬੈਠਕੇ ਆਪਣੇ ਬੱਚਿਆਂ ਦੀ ਜ਼ਿੰਦਗੀ ਬਾਰੇ ਹੀ ਕੋਈ ਗੱਲ ਕਰ ਸਕਣ। ਬੱਚਿਆਂ ਦਾ ਦਿਨ ਰਾਤ ਤਾਂ ਉਨ੍ਹਾਂ ਦੇ ਬੇਬੀ ਸਿਟਰਾਂ ਕੋਲ ਹੀ ਲੰਘਦਾ ਹੈ। ਉਨ੍ਹਾਂ ਬੱਚਿਆਂ ਦੀ ਜ਼ਿੰਦਗੀ ਬਾਰੇ, ਉਨ੍ਹਾਂ ਦੀਆਂ ਖੁਸ਼ੀਆਂ-ਗ਼ਮੀਆਂ ਬਾਰੇ, ਉਨ੍ਹਾਂ ਦੀਆਂ ਉਮੰਗਾਂ-ਇਛਾਵਾਂ ਬਾਰੇ ਉਨ੍ਹਾਂ ਦੇ ਮਾਪਿਆਂ ਨਾਲੋਂ ਉਨ੍ਹਾਂ ਦੇ ਬੇਬੀ ਸਿਟਰਾਂ ਨੂੰ ਵਧੇਰੇ ਜਾਣਕਾਰੀ ਹੁੰਦੀ ਹੈ। ਅਜੋਕੇ ਸਮਿਆਂ ਦੀ ਇਸ ਹਕੀਕਤ ਨੂੰ ਮਿੰਨੀ ਗਰੇਵਾਲ ਆਪਣੀ ਕਹਾਣੀ ‘ਮੇਹਰਬਾਨੀਆਂ’ ਦੇ ਪਾਤਰਾਂ ਸੁਲੇਖਾ ਅਤੇ ਮਾਲਤੀ ਦਰਮਿਆਨ ਚੱਲ ਰਹੇ ਵਾਰਤਾਲਾਪ ਰਾਹੀਂ ਕੁਝ ਇਸ ਅੰਦਾਜ਼ ਨਾਲ ਪੇਸ਼ ਕਰਦੀ ਹੈ:

“ਐਦਾਂ ਖੁੱਲ੍ਹੇ ਡੁੱਲ੍ਹੇ ਪੈਸੇ ਖਰਚ ਕਰਦੀ ਹੈਂ ਤਾਂ ਰਮੇਸ਼ ਵਿਚਾਰਾ ਬਹੁਤ ਗੁੱਸੇ ਹੁੰਦਾ ਹੋਵੇਗਾ।” ਮਾਲਤੀ ਨੇ ਟਾਂਚ ਲਾ ਕੇ ਪੁੱਛਿਆ।

“ਗੁੱਸਾ ਕਰਨ ਲਈ ਵੀ ਵਕਤ ਚਾਹੀਦਾ ਹੈ ਮਾਲਤੀ। ਰਮੇਸ਼ ਕੋਲ ਤਾਂ ਇੰਨਾ ਸਮਾਂ ਹੈ ਹੀ ਨਹੀਂ ਕਿ ਉਹ ਬੱਚਿਆਂ ਨਾਲ ਦੋ ਗੱਲਾਂ ਕਰੇ। ਉਨ੍ਹਾਂ ਦੀਆਂ ਚੀਜ਼ਾਂ ਵੇਖੇ ਜਾਂ ਫਿਰ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰੇ। ਸਵੇਰੇ ਸਾਜਰੇ ਉਹ ਘਰੋਂ ਚਲਾ ਜਾਂਦਾ ਹੈ ਤੇ ਰਾਤ ਪਈ ਮੁੜਦਾ ਹੈ। ਸਵੇਰੇ ਨਿਆਣੇ ਸੁੱਤੇ ਪਏ ਹੁੰਦੇ ਹਨ ਤੇ ਰਾਤ ਨੂੰ ਉਹ ਆਪ ਹੀ ਥੱਕਿਆ ਘਰ ਮੁੜਦਾ ਹੈ। ਅਤੇ ਮੈਂ ਹਰ ਚੀਜ਼ ਦਾ ਚਰਚਾ ਨਹੀਂ ਕਰਦੀ, ਨਾ ਹੀ ਢੰਡੋਰਾ ਦੇਂਦੀ ਹਾਂ।”

-----

ਕੈਨੇਡੀਅਨ ਪੰਜਾਬੀ ਕਹਾਣੀਕਾਰਾ ਮਿੰਨੀ ਗਰੇਵਾਲ ਦਾ ਕਹਾਣੀ ਸੰਗ੍ਰਹਿ ‘ਚਾਂਦੀ ਦਾ ਗੇਟ’ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਉਸ ਦੀਆਂ ਕਹਾਣੀਆਂ ਦਾ ਸੁਭਾਅ ਕੈਨੇਡਾ ਦੇ ਹੋਰਨਾਂ ਪੰਜਾਬੀ ਕਹਾਣੀਕਾਰਾਂ ਵੱਲੋਂ ਲਿਖੀਆਂ ਜਾ ਰਹੀਆਂ ਕਹਾਣੀਆਂ ਨਾਲੋਂ ਬਿਲਕੁਲ ਵੱਖਰੀ ਕਿਸਮ ਦਾ ਹੈ। ਉਸਦੀਆਂ ਕਹਾਣੀਆਂ ਉਪਰ ਜੇਕਰ ਉਸਦਾ ਨਾਮ ਨਾ ਵੀ ਲਿਖਿਆ ਹੋਵੇ ਤਾਂ ਵੀ ਉਹ ਸਹਿਜੇ ਹੀ ਪਹਿਚਾਣੀਆਂ ਜਾ ਸਕਦੀਆਂ ਹਨ। ਕਹਾਣੀ ਲਿਖਣ ਵੇਲੇ ਉਹ ਆਪਣੀ ਕਹਾਣੀ ਵਿੱਚ ਅਜਿਹੇ ਸੰਕੇਤ ਵੀ ਛੱਡਦੀ ਜਾਂਦੀ ਹੈ ਜਿਨ੍ਹਾਂ ਤੋਂ ਇਹ ਪਤਾ ਲੱਗਦਾ ਰਹਿੰਦਾ ਹੈ ਕਿ ਕੋਈ ਕਹਾਣੀ ਪੱਛਮੀ ਸਭਿਆਚਾਰ ਵਿੱਚ ਰਹਿ ਕੇ ਲਿਖੀ ਹੋਈ ਹੈ ਜਾਂ ਕਿ ਉਹ ਕਹਾਣੀ ਕਿਸੀ ਪੂਰਬੀ ਸਭਿਆਚਾਰ ਵਾਲੇ ਦੇਸ਼ ਨਾਲ ਸਬੰਧ ਰੱਖਦੀ ਹੈ। ਉਸਦੀਆਂ ਕਹਾਣੀਆਂ ਦਾ ਇੱਕ ਹੋਰ ਗੁਣ ਵੀ ਸਹਿਜੇ ਹੀ ਪਹਿਚਾਣਿਆ ਜਾ ਸਕਦਾ ਹੈ। ਉਹ ਹਰ ਕਹਾਣੀ ਨੂੰ ਕਿਸੇ ਵੱਖਰੇ ਵਿਸ਼ੇ ਨਾਲ ਸਬੰਧਤ ਕਰਕੇ ਉਸ ਦੀ ਪੇਸ਼ਕਾਰੀ ਲਈ ਕੋਈ ਢੁੱਕਵੀਂ ਕਹਾਣੀ ਤਕਨੀਕ ਵਰਤਦੀ ਹੈ। ਇਸ ਤਰ੍ਹਾਂ ਉਸ ਦੀਆਂ ਕਹਾਣੀਆਂ ਇੱਕ ਕਹਾਣੀ ਸੰਗ੍ਰਹਿ ਦਾ ਹਿੱਸਾ ਬਣਦੀਆਂ ਹੋਈਆਂ ਵੀ ਵੰਨ-ਸੁਵੰਨਤਾ ਦਾ ਪ੍ਰਭਾਵ ਪੈਦਾ ਕਰਦੀਆਂ ਹਨ।

-----

ਮਿੰਨੀ ਗਰੇਵਾਲ ਦਾ ਕਹਾਣੀ ਸੰਗ੍ਰਹਿ ‘ਚਾਂਦੀ ਦਾ ਗੇਟ’ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਵੰਨ-ਸੁਵੰਨਤਾ ਪੈਦਾ ਕਰਦਾ ਹੈ। ਇਹ ਕਹਾਣੀ ਸੰਗ੍ਰਹਿ ਪੜ੍ਹਨ ਤੋਂ ਬਾਹਦ ਮੇਰੇ ਉੱਤੇ ਜੋ ਪ੍ਰਭਾਵ ਪਿਆ ਹੈ ਉਸ ਅਨੁਸਾਰ ਮੈਂ ਮਿੰਨੀ ਗਰੇਵਾਲ ਨੂੰ ਇੱਕ ਚੇਤੰਨ ਅਤੇ ਜਾਗਰੂਕ ਕਹਾਣੀ ਲੇਖਕਾ ਮੰਨਦਾ ਹਾਂ। ਕਹਾਣੀ ਲਿਖਦਿਆਂ ਮਿੰਨੀ ਗਰੇਵਾਲ ਨਾ ਸਿਰਫ ਸਾਡੇ ਸਮਾਜ ਵਿੱਚ ਔਰਤ ਦਰ ਪੇਸ਼ ਸਭਿਆਚਾਰਕ, ਸਮਾਜਿਕ, ਰਾਜਨੀਤਿਕ ਜਾਂ ਧਾਰਮਿਕ ਸਮੱਸਿਆਵਾਂ ਨੂੰ ਹੀ ਬੜੀ ਚੰਗੀ ਤਰ੍ਹਾਂ ਪੇਸ਼ ਕਰਦੀ ਹੈ; ਬਲਕਿ ਉਹ ਬੜੇ ਕਲਾਤਮਕ ਢੰਗ ਨਾਲ ਔਰਤ ਉੱਤੇ ਹੁੰਦੇ ਅਤਿਆਚਾਰਾਂ ਵਿਰੁੱਧ ਵੀ ਆਪਣੀ ਆਵਾਜ਼ ਬੁਲੰਦ ਕਰਦੀ ਹੈ। ਅਜੋਕੇ ਸਮਿਆਂ ਵਿੱਚ ਆਪਣੇ ਹੱਕਾਂ ਲਈ ਚੇਤੰਨ ਹੋ ਰਹੀ ਔਰਤ ਦੀ ਇਹੀ ਇੱਕ ਪਹਿਚਾਣ ਕਾਫੀ ਹੈ। ਇਹੀ ਗੱਲ ਸਾਡੇ ਸਭਨਾਂ ਲਈ ਹੌਂਸਲਾ ਦੇਣ ਵਾਲੀ ਹੈ।


Sunday, September 13, 2009

ਸੁਖਿੰਦਰ - ਲੇਖ

ਡਾਇਰੀ ਦੇ ਪੰਨਿਆਂ ਵਿਚਲਾ ਨਾਵਲੀ ਸੱਚ - ਤ੍ਰਿਲੋਚਨ ਸਿੰਘ ਗਿੱਲ

ਲੇਖ

ਤ੍ਰਿਲੋਚਨ ਸਿੰਘ ਗਿੱਲ ਪਿਛਲੇ ਤਕਰੀਬਨ ਚਾਰ ਦਹਾਕਿਆਂ ਤੋਂ ਸਾਹਿਤ ਦੇ ਵੱਖੋ ਵੱਖ ਰੂਪਾਂ ਵਿੱਚ ਰਚਨਾ ਕਰ ਰਿਹਾ ਹੈ। ਉਸ ਨੇ ਕਵਿਤਾ, ਕਹਾਣੀ, ਨਾਵਲ, ਨਾਟਕ, ਵਾਰਤਕ, ਸਫਰਨਾਮਿਆਂ ਦੇ ਰੂਪ ਵਿੱਚ ਆਪਣੀਆਂ ਲਿਖਤਾਂ ਲਿਖੀਆਂ ਹਨ ਅਤੇ ਪੁਸਤਕਾਂ ਪ੍ਰਕਾਸਿ਼ਤ ਕੀਤੀਆਂ ਹਨ; ਪਰ ਕੈਨੇਡੀਅਨ ਪੰਜਾਬੀ ਸਾਹਿਤ ਜਗਤ ਵਿੱਚ ਉਹ ਅਜੇ ਤੀਕ ਅਣਗੌਲਿਆ ਹੀ ਰਿਹਾ ਹੈ। ਕੈਨੇਡੀਅਨ ਪੰਜਾਬੀ ਸਾਹਿਤ ਦੀ ਪਰਖ ਪੜਚੋਲ ਕਰਨ ਵਾਲਿਆਂ ਨੇ ਉਸਨੂੰ ਅਜੇ ਤੱਕ ਸਾਹਿਤ ਦੇ ਕਿਸੇ ਵੀ ਰੂਪ ਵਿੱਚ ਰਚਨਾ ਕਰਨ ਵਾਲੇ ਜ਼ਿਕਰਯੋਗ ਲੇਖਕ ਵਜੋਂ ਸਵੀਕਾਰ ਨਹੀਂ ਕੀਤਾ। ਇਸਦੇ ਅਨੇਕਾਂ ਕਾਰਨ ਹੋ ਸਕਦੇ ਹਨ। ਇਸਦਾ ਇੱਕ ਵੱਡਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਤ੍ਰਿਲੋਚਨ ਸਿੰਘ ਗਿੱਲ ਨੂੰ ਏਨੇ ਵਰ੍ਹਿਆਂ ਵਿੱਚ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ਸਾਹਿਤ ਦੇ ਕਿਹੜੇ ਰੂਪ ਦੀ ਰਚਨਾ ਕਰਨ ਦੀ ਉਸ ਵਿੱਚ ਵਧੇਰੇ ਸਮਰੱਥਾ ਹੈ ਅਤੇ ਉਹ ਇੱਕ ਲੇਖਕ ਵਜੋਂ ਵਧੇਰੇ ਕਾਮਯਾਬ ਹੋ ਸਕਦਾ ਹੈ।

----

‘ਮਿੱਠਤ ਨੀਵੀਂ’ ਨਾਵਲ ਤ੍ਰਿਲੋਚਨ ਸਿੰਘ ਗਿੱਲ ਨੇ 1997 ਵਿੱਚ ਪ੍ਰਕਾਸ਼ਿਤ ਕੀਤਾ ਸੀ। ਇਸ ਤੋਂ ਪਹਿਲਾਂ ਉਹ ‘ਹਾਦਸੇ’, ‘ਹਾਦਸੇ ਤੋਂ ਪਿਛੋਂ’ ਅਤੇ ‘ਕਲਿੰਗਾ ਦੀ ਫਤਹ’ ਨਾਮ ਦੇ ਨਾਵਲ ਵੀ ਪ੍ਰਕਾਸ਼ਿਤ ਕਰ ਚੁੱਕਾ ਹੈ। ‘ਮਿੱਠਤ ਨੀਵੀਂ’ ਨਾਵਲ ਡਾਇਰੀ ਦੇ ਪੰਨੇ ਲਿਖਣ ਦੀ ਤਕਨੀਕ ਵਿੱਚ ਲਿਖਿਆ ਗਿਆ ਹੈ। ਇਹ ਨਾਵਲ ਪੜ੍ਹਣ ਤੋਂ ਬਾਹਦ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਕੈਨੇਡੀਅਨ ਪੰਜਾਬੀ ਸਾਹਿਤ ਜਗਤ ਵਿੱਚ ਤ੍ਰਿਲੋਚਨ ਸਿੰਘ ਗਿੱਲ ਨੂੰ ਇੱਕ ਨਾਵਲਕਾਰ ਵਜੋਂ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ।

----

ਇਸ ਨਾਵਲ ਦਾ ਮੁੱਖ ਪਾਤਰ ਸੁਚੇਤ ਕੈਨੇਡਾ ਦੇ ਇੱਕ ਬਰਫੀਲੇ ਝੱਖੜ ਦੌਰਾਨ ਕਾਰ ਦੀ ਪਾਰਕਿੰਗ ਲਾਟ ਵਿੱਚ ਤਿਲਕ ਕੇ ਡਿੱਗ ਪੈਂਦਾ ਹੈ ਅਤੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਜਾਂਦਾ ਹੈ। ਇੱਥੋਂ ਹੀ ਸ਼ੁਰੂ ਹੁੰਦਾ ਹੈ ਇਹ ਨਾਵਲ। ਇਸ ਨਾਵਲ ਦਾ ਸਾਰਾ ਬ੍ਰਿਤਾਂਤ ਸੁਚੇਤ ਵੱਲੋਂ ਆਪਣੀ ਬੀਮਾਰੀ ਦੌਰਾਨ ਹਸਪਤਾਲ ਵਿੱਚ ਬਿਤਾਏ ਦਿਨਾਂ ਬਾਰੇ ਲਿਖੇ ਡਾਇਰੀ ਦੇ ਪੰਨੇ ਹਨ। ਇਸ ਨਾਵਲ ਨੂੰ ਵਧਾਉਣ ਲਈ ਸੁਚੇਤ ਇਸ ਨਾਵਲ ਵਿੱਚ ਡਾਇਰੀ ਦੇ ਉਹ ਪੰਨੇ ਵੀ ਸ਼ਾਮਿਲ ਕਰ ਲੈਂਦਾ ਹੈ ਜੋ ਹਸਪਤਾਲ ਵਿੱਚੋਂ ਬਾਹਰ ਆਉਣ ਤੋਂ ਬਾਅਦ ਉਹ ਇੰਗਲੈਂਡ, ਅਮਰੀਕਾ, ਮਿਡਲ ਈਸਟ ਜਾਂ ਇੰਡੀਆ ਦੀ ਸੈਰ ਕਰਨ ਦੌਰਾਨ ਲਿਖਦਾ ਹੈ। ਇਨ੍ਹਾਂ ਵਾਧੂ ਸਫਿਆਂ ਤੋਂ ਬਿਨ੍ਹਾਂ ਹੋਰ ਵੀ ਕਈ ਕੁਝ, ਮਹਿਜ਼, ਨਾਵਲ ਦੇ ਸਫ਼ੇ ਵਧਾਉਣ ਲਈ ਹੀ ਭਰਤੀ ਕੀਤਾ ਗਿਆ ਹੈ, ਜਿਨ੍ਹਾਂ ਤੋਂ ਬਿਨ੍ਹਾਂ ਵੀ ਇਹ ਨਾਵਲ ਪੂਰਾ ਹੋ ਸਕਦਾ ਸੀ। ਜੇਕਰ ਇਹ ਨਾਵਲ, ਮਹਿਜ਼, ਹਸਪਤਾਲ ਵਿੱਚ ਬਿਤਾਏ ਦਿਨਾਂ ਦੌਰਾਨ ਸੁਚੇਤ ਵੱਲੋਂ ਲਿਖੀ ਡਾਇਰੀ ਦੇ ਪੰਨਿਆਂ ਉੱਤੇ ਹੀ ਆਧਾਰਤ ਹੁੰਦਾ ਤਾਂ ਇਹ ਨਾਵਲ ਵਧੇਰੇ ਸਾਰਥਿਕ ਹੋਣਾ ਸੀ। ਨਾਵਲ ਵਿੱਚ ਵਾਧੂ ਸਫ਼ਿਆਂ ਦੀ ਭਰਤੀ ਕਰਕੇ ਤ੍ਰਿਲੋਚਨ ਸਿੰਘ ਗਿੱਲ ਆਪਣੇ ਪਾਠਕਾਂ ਦੀ ਇਗਾਗਰਤਾ ਭੰਗ ਕਰ ਦਿੰਦਾ ਹੈ ਅਤੇ ਨਾਵਲ ਵਿੱਚ ਛੋਹੇ ਗਏ ਅਸਲ ਵਿਸ਼ੇ ਦੀ ਲੀਹ ਤੋਂ ਪਾਸੇ ਹਟ ਜਾਂਦਾ ਹੈ।

----

‘ਮਿੱਠਤ ਨੀਵੀਂ’ ਨਾਵਲ ਦਾ ਸ਼ੁਰੂ ਨਾਵਲ ਦੇ ਮੁੱਖ ਪਾਤਰ ਸੁਚੇਤ ਦੀ ਜਿ਼ੰਦਗੀ ਵਿੱਚ ਪੈਦਾ ਹੋਏ ਸੰਕਟ ਨਾਲ ਹੁੰਦਾ ਹੈ:

“ਆਖਰ ਸਾਢੇ ਤਿੰਨ ਵਜੇ ਸੁਚੇਤ ਨੇ ਸਕੂਲ ਵਿੱਚ ਦੀ ਹੁੰਦਿਆਂ ਘਰ ਪੁੱਜਣ ਦੀ ਗੱਲ ਤੇ ਅਮਲ ਸ਼ੁਰੂ ਕਰ ਹੀ ਦਿੱਤਾ। ਉਹ ਪਾਰਕਿੰਗ ਵਿੱਚ ਪੁੱਜਾ ਤੇ ਕਾਰ ਦਾ ਦਰਵਾਜ਼ਾ ਖੋਲ੍ਹਣ ਹੀ ਲੱਗਾ ਸੀ ਕਿ ਧੜੱਮ ਕਰਕੇ, ਚੱਕਰ ਖਾ ਕੇ ਥੱਲੇ ਡਿੱਗ ਪਿਆ। ਡਿਗਦਿਆਂ ਹੀ ਇਕ ਚੀਕ ਨਿਕਲੀ ਜਿਵੇਂ ਕੁਝ ਟੁੱਟ ਗਿਆ ਹੋਵੇ। ਫੇਰ ਉਸ ਉੱਠਣ ਦਾ ਯਤਨ ਕੀਤਾ - ਅਸਫ਼ਲ - ਤੇ ਪੀੜ ਨਾਲ ਜਿਵੇਂ ਉਸ ਦੀਆਂ ਚੀਕਾਂ ਨਿਕਲ ਰਹੀਆਂ ਹੋਣ”

-----

ਇਸ ਘਟਨਾ ਦੇ ਨਾਲ ਹੀ ਨਾਵਲਕਾਰ ਸਾਨੂੰ ਕੈਨੇਡਾ ਦੇ ਕਾਨੂੰਨ ਬਾਰੇ ਵੀ ਜਾਣੂੰ ਕਰਵਾਉਂਦਾ ਹੈ:

“ਭਾਵੇਂ ਇਸ ਦੇਸ਼ ਵਿੱਚ, ਹਾਦਸੇ ਤੇ ਸੱਟ ਪਿੱਛੋਂ ਕਿਸੇ ਨੂੰ ਸਾਧਾਰਨ ਆਦਮੀ ਦਾ ਹੱਥ ਲਾਉਣਾ ਖ਼ਤਰੇ ਤੋਂ ਖਾਲੀ ਨਹੀਂ, ਪਰ ਸੁਚੇਤ ਦੇ ਜੰਮਦੇ ਜਾਂਦੇ ਸਰੀਰ ਤੇ ਟੁੱਟਦੇ ਬੋਲਾਂ ਦੀਆਂ ਬੇਨਤੀਆਂ ਨੇ ਉਸ ਦੇ ਗੁਆਂਢੀ ਤੇ ਹੋਰਾਂ ਨੂੰ ਖੁੱਲ੍ਹੇ ਠੰਢੇ ਪਾਰਕਿੰਗ ਤੋਂ ਚੁੱਕ ਕੇ, ਇਕ ਪਿਛਲੇ ਲਾਹੌਰੀਆਂ ਦੇ ਫਲੈਟ ਤਕ ਚੱਕ-ਘਸੀਟ ਕੇ ਲਿਜਾਣ ਦਾ ਉਦਮ ਕਰਵਾ ਹੀ ਦਿੱਤਾ”

-----

ਨਾਵਲ ਦੇ ਮੁੱਖ ਪਾਤਰ ਸੁਚੇਤ ਵੱਲੋਂ ਹਸਪਤਾਲ ਵਿੱਚ ਬਿਤਾਏ ਪਲਾਂ ਦਾ ਬਿਆਨ ਕਰਨ ਦੇ ਨਾਲ ਨਾਲ ਹੀ ਨਾਵਲਕਾਰ ਹਸਪਤਾਲ ਦੀ ਜ਼ਿੰਦਗੀ ਦੇ ਹੋਰਨਾਂ ਪੱਖਾਂ ਬਾਰੇ ਵੀ ਗੱਲ ਕਰਦਾ ਜਾਂਦਾ ਹੈ। ਅਜਿਹੀਆਂ ਗੱਲਾਂ, ਜੋ ਸਿਰਫ਼ ਉਹੀ ਬੰਦਾ ਹੀ ਕਰ ਸਕਦਾ ਹੈ ਜਿਸਨੇ ਸੱਚਮੁੱਚ ਬੀਮਾਰੀ ਦੌਰਾਨ ਹਸਪਤਾਲ ਵਿੱਚ ਕੁਝ ਸਮਾਂ ਬਿਤਾਇਆ ਹੋਵੇ। ਅਸੀਂ ਅਕਸਰ ਦੇਖਦੇ ਹਾਂ ਕਿ ਹਸਪਤਾਲ ਵਿੱਚ ਬੀਮਾਰ ਕਿਸੇ ਮਿੱਤਰ/ਰਿਸ਼ਤੇਦਾਰ ਦਾ ਪਤਾ ਲਗਾਉਣ ਗਏ ਅਸੀਂ ਘੰਟਿਆਂ ਬੱਧੀ ਬੀਮਾਰ ਵਿਅਕਤੀ ਦੇ ਕੋਲ ਬੈਠੇ ਉਸ ਨਾਲ ਗੱਪਾਂ ਮਾਰਦੇ ਰਹਿੰਦੇ ਹਾਂ; ਬਿਨ੍ਹਾਂ ਇਸ ਗੱਲ ਦੀ ਪ੍ਰਵਾਹ ਕੀਤੇ ਕਿ ਬੀਮਾਰ ਵਿਅਕਤੀ ਨੂੰ ਗੱਲਾਂ ਵਿੱਚ ਸ਼ਾਮਿਲ ਕਰਕੇ ਅਸੀਂ ਉਸ ਨੂੰ ਥਕਾ ਰਹੇ ਹਾਂ। ਜਿਸ ਕਾਰਨ ਉਸਦੀ ਬੀਮਾਰੀ ਵਿੱਚ ਹੋਰ ਵਾਧਾ ਹੋ ਸਕਦਾ ਹੈ।

----

ਨਾਵਲਕਾਰ ਕੈਨੇਡਾ ਦੇ ਹਸਪਤਾਲਾਂ ਦੀ ਇੱਕ ਹੋਰ ਵੱਡੀ ਸਮੱਸਿਆ ਵੱਲ ਵੀ ਸਾਡਾ ਧਿਆਨ ਦੁਆਉਂਦਾ ਹੈ। ਸਰਕਾਰ ਤਾਂ ਹਸਪਤਾਲਾਂ ਦੇ ਵਾਤਾਵਰਨ ਨੂੰ ਪ੍ਰਦੂਸ਼ਣ ਰਹਿਤ ਰੱਖਣ ਲਈ ਕਾਨੂੰਨ ਬਣਾ ਦਿੰਦੀ ਹੈ; ਪਰ ਨ ਤਾਂ ਲੋਕ ਅਜਿਹੇ ਕਾਨੂੰਨਾਂ ਦੀ ਕੋਈ ਪ੍ਰਵਾਹ ਕਰਦੇ ਹਨ ਅਤੇ ਨ ਹੀ ਹਸਪਤਾਲਾਂ ਦੇ ਪ੍ਰਬੰਧਕ ਕਰਮਚਾਰੀ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਯਤਨ ਕਰਦੇ ਹਨ ਕਿ ਹਸਪਤਾਲਾਂ ਵਿੱਚ ਮਰੀਜ਼ਾਂ, ਸਟਾਫ ਅਤੇ ਆਉਣ ਜਾਣ ਵਾਲ਼ਿਆਂ ਵੱਲੋਂ ਅਜਿਹੇ ਕਾਨੂੰਨਾਂ ਦੀ ਪਾਲਣਾ ਕੀਤੀ ਜਾਵੇ:

“ਭਾਵੇਂ ਸ਼ਹਿਰ ਦੇ ਬਣੇ ਇਕ ਨਵੇਂ ਕਾਨੂੰਨ ਅਨੁਸਾਰ ਹਸਪਤਾਲ, ਸਟੋਰਾਂ ਆਦਿ ਸਾਂਝੀਆਂ ਪਬਲਿਕ ਥਾਵਾਂ ਵਿੱਚ ਸਿਗਰਟ ਦੀ ਮਨਾਹੀ ਸੀ ਤੇ ਪੀਣ ਵਾਲੇ ਨੂੰ ਹਜ਼ਾਰ ਡਾਲਰ ਤਕ ਜੁਰਮਾਨਾ ਹੋ ਸਕਦਾ ਸੀ; ਪਰ ਬਹੁਤ ਥਾਈਂ ਇਸ ਕਾਨੂੰਨ ਦੀ ਪ੍ਰਵਾਹ ਨਹੀਂ ਕੀਤੀ ਜਾਂਦੀ ਸੀ। ਏਥੋਂ ਤੱਕ ਕਿ ਪਹਿਲੇ ਹਸਪਤਾਲ ਨੇ ਤਾਂ ਇਹ ਸੂਚਨਾ ਵੀ ਕਿਤੇ ਨਹੀਂ ਲਾਈ ਸੀ। ਪਰ ਇਸ ਹਸਪਤਾਲ ਦੇ ਪੌੜੀਆਂ (ਲਿਫਟ) ਕੋਲ ਨੋਟਿਸ ਲਗਣ ਦੇ ਬਾਵਜੂਦ ਲਾਊਂਜ ਆਮ ਸਿਗਰਟ ਧੂਏਂ ਨਾਲ ਭਰਿਆ ਲੱਭਦਾ”

----

ਹਸਪਤਾਲਾਂ ਦੇ ਵਾਤਾਵਰਨ ਦੀ ਗੱਲ ਕਰਦਾ ਕਰਦਾ ਨਾਵਲਕਾਰ ਡਾਕਟਰਾਂ ਬਾਰੇ ਵੀ ਗੱਲ ਕਰ ਜਾਂਦਾ ਹੈ। ਡਾਕਟਰੀ ਦੇ ਪੇਸ਼ੇ ਵਿੱਚ ਵੀ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ। ਇਸ ਭ੍ਰਿਸ਼ਟਾਚਾਰ ਤਹਿਤ ਹਰ ਸਾਲ ਡਾਕਟਰ ਲੱਖਾਂ ਡਾਲਰਾਂ ਦੀ ਵਾਧੂ ਕਮਾਈ ਕਰ ਜਾਂਦੇ ਹਨ; ਪਰ ਡਾਕਟਰਾਂ ਵੱਲੋਂ ਕੀਤੀ ਗਈ ਇਸ ਵਾਧੂ ਕਮਾਈ ਸਦਕਾ ਸਰਕਾਰ ਨੂੰ ਹਸਪਤਾਲਾਂ ਨੂੰ ਹਰ ਸਾਲ ਮੱਦਦ ਦੇਣ ਵਾਲੀ ਗ੍ਰਾਂਟ ਦਾ ਬਜਟ ਵਧਾਉਣਾ ਪੈਂਦਾ ਹੈ। ਜਿਸਦੇ ਨਤੀਜੇ ਵਜੋਂ ਸਰਕਾਰ ਨੂੰ ਲੋਕਾਂ ਉੱਤੇ ਹੋਰ ਟੈਕਸ ਲਗਾ ਕੇ ਇਹ ਘਾਟਾ ਪੂਰਾ ਕਰਨਾ ਪੈਂਦਾ ਹੈ। ਇਸ ਤੱਥ ਨੂੰ ਇਸ ਨਾਵਲ ਵਿੱਚ ਵੀ ਕਾਫੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ:

“ਬਹੁਤ ਥਾਈਂ ਡਾਕਟਰ ਚੰਗੇ ਭਲੇ ਜਾਂ ਮਾਮੂਲੀ ਬੀਮਾਰ ਨੂੰ ਇਸ ਲਈ ਬੀਮਾਰ ਕਰ ਦਿੰਦੇ ਹਨ ਤਾਂ ਜੋ ਗਾਹਕੀ ਚਮਕੀ ਰਹੇ। ਕੈਨੇਡਾ - ਅਮਰੀਕਾ ਵਿਚ ਡਾਕਟਰਾਂ ਦੀਆਂ ਆਮਦਨਾਂ ਮਰੀਜ਼ ਦੀ ਗਿਣਤੀ ਦੇਖਣ ਤੇ ਨਿਰਭਰ ਹੋਣ ਕਰਕੇ, ਲੱਖਾਂ ਡਾਲਰ ਸਾਲਾਨਾ ਤੱਕ ਹਨ ਤੇ ਫੇਰ ਵੀ ਤਸੱਲੀ ਨਹੀਂ ਤੇ ਸਭ ਤੋਂ ਵੱਧ ਆਤਮਹੱਤਿਆ ਤੇ ਤਲਾਕ ਵੀ ਇਹਨਾਂ ‘ਚ ਹੀ ਹਨ......ਅੱਠਾਂ ਸਾਲਾਂ ਵਿੱਚ ਇਸ ਪ੍ਰਾਂਤ ਦਾ ਸਿਹਤ ਬਜਟ ਤਿੰਨ ਗੁਣਾ ਵਧ ਗਿਆ ਹੈ। ਕਿਉਂਕਿ ਡਾਕਟਰ ਮਰੀਜ਼ਾਂ ਦੇ ਵਾਧੂ ਚੱਕਰ ਪਵਾ ਵਾਧੂ ਟੈਸਟ ਕਰਵਾ, ਵਾਧੂ ਦਵਾਈਆਂ ਦੇ ਆਪਣੇ ਨਾਮੇ ਤੇ ਇਨਾਮਾਂ ਦਾ ਖਿਆਲ ਹੀ ਰੱਖਦੇ ਹਨ”

----

ਕੈਨੇਡਾ ਇੱਕ ਬਹੁ-ਸਭਿਆਚਾਰਕ ਦੇਸ਼ ਹੈ। ਇੱਥੇ ਅਨੇਕਾਂ ਸਭਿਆਚਾਰਾਂ ਦੇ ਲੋਕ ਆ ਕੇ ਵਸੇ ਹੋਏ ਹਨ। ਮਹਾਂ-ਨਗਰ ਟੋਰਾਂਟੋ ਵਿੱਚ ਤਾਂ 50% ਲੋਕ ਘੱਟ ਗਿਣਤੀ ਸਭਿਆਚਾਰਾਂ ਦੇ ਹਨ; ਪਰ ਇਸਦੇ ਬਾਵਜ਼ੂਦ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਜਾਂਦੀਆਂ ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਅਜਿਹੇ ਘੱਟ ਗਿਣਤੀ ਸਭਿਆਚਾਰਾਂ ਦੇ ਲੋਕਾਂ ਦੀ ਪਸੰਦ ਦੀਆਂ ਚੀਜ਼ਾਂ ਨਹੀਂ ਪਰੋਸੀਆਂ ਜਾਂਦੀਆਂ। ਜੇਕਰ ਅਜਿਹਾ ਕੀਤਾ ਵੀ ਜਾਂਦਾ ਹੈ ਤਾਂ ਉਹ ਚੀਜ਼ਾਂ ਅਜਿਹੇ ਰਸੋਈਆਂ ਵੱਲੋਂ ਤਿਆਰ ਕੀਤੀਆਂ ਹੋਈਆਂ ਹੁੰਦੀਆਂ ਹਨ ਕਿ ਮਰੀਜ਼ ਉਨ੍ਹਾਂ ਨੂੰ ਖਾਣ ਨਾਲੋਂ ਭੁੱਖੇ ਰਹਿਣਾ ਹੀ ਵਧੇਰੇ ਪਸੰਦ ਕਰਦੇ ਹਨ:

“ਹੁਣ ਹਸਪਤਾਲ ਆ ਕੇ ਇਸ ਕੁਹਜੇ ਪ੍ਰਬੰਧ ਦੇ ਇਕ ਹੋਰ ਪੱਖ ਵੱਲ ਸੁਚੇਤ ਦਾ ਧਿਆਨ ਗਿਆ - ਖਾਣਾ - ਕਿਸੇ ਹੋਰ ਘਟ ਗਿਣਤੀ ਦੇ ਵਧੀਆ ਤੋਂ ਵਧੀਆ ਖਾਣੇ ਨੂੰ ਅੱਵਲ ਤਾਂ ਮੀਨੂੰ ਵਿੱਚ ਸ਼ਾਮਲ ਹੀ ਨਹੀਂ ਕੀਤਾ ਗਿਆ ਸੀ ਤੇ ਜੇ ਕਿਤੇ ਇਸਦਾ ਨਾਂ ਵੀ ਸੀ ਤਾਂ ਪਕਾਉਣ ਦਾ ਢੰਗ ਇਤਨਾ ਘਟੀਆ ਸੀ ਕਿ ਖਾਣਾ ਖਾਣਾ ਅਸੰਭਵ ਜਿਹਾ ਸੀ”

----

ਹਸਪਤਾਲ ਵਿਚ ਦਾਖਲ ਕਿਸੇ ਮਰੀਜ਼ ਨੂੰ ਮਿਲਣ ਵੇਲੇ ਅਸੀਂ ਉਸ ਨਾਲ ਕਿਹੋ ਜਿਹੀਆਂ ਗੱਲਾਂ ਕਰੀਏ? ਭਾਵੇਂ ਕਿ ਇਹ ਇੱਕ ਮਨੋਵਿਗਿਅਨਕ ਵਿਸ਼ਾ ਹੈ; ਪਰ ਨਾਵਲਕਾਰ ਨੂੰ ਇਸ ਵਿਸ਼ੇ ਦੀ ਵੀ ਚੰਗੀ ਸੋਝੀ ਹੈ:

“ਸੋ ਮਿੱਤਰ ਹੁੰਦਿਆਂ ਵੀ ਮਰੀਜ਼ ਕੋਲ ਅਸੀਂ ਜਦੋਂ ਪਤਾ ਲੈਣ ਜਾਂਦੇ ਹਾਂ ਤਾਂ ਬਹੁਤੀ ਨਿਰਾਸ਼ਾਵਾਦੀ ਗੱਲ-ਬਾਤ ਉਸ ਲਈ ਚੰਗੀ ਨਹੀਂ। ਅਸਲ ਵਿਚ ਕਿਸੇ ਵੀ ਕਿਸਮ ਦੀ ਬਹੁਤੀ ਗੱਲਬਾਤ ਜਾਂ ਬਹੁਤਾ ਸਮਾਂ ਕੋਲ ਬੈਠੇ ਰਹਿਣਾ ਬਹੁਤੀ ਵਾਰ ਮਰੀਜ਼ ਦੇ ਉਲਟ ਜਾਂਦਾ ਹੈ”

----

ਘੱਟ ਗਿਣਤੀ ਸਭਿਆਚਾਰਾਂ ਦੇ ਲੋਕਾਂ ਨੂੰ ਪੱਛਮੀ ਦੇਸ਼ਾਂ ਵਿੱਚ ਇੱਕ ਹੋਰ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਹ ਸਮੱਸਿਆ ਹੈ - ਰੰਗ, ਨਸਲ, ਸਭਿਆਚਾਰ ਦੇ ਆਧਾਰ ਉੱਤੇ ਵਿਤਕਰਾ ਕੀਤਾ ਜਾਣਾ। ਇਸ ਸਮੱਸਿਆ ਦਾ ਕਈ ਵਾਰੀ ਹਸਪਤਾਲਾਂ ਵਰਗੀਆਂ ਥਾਵਾਂ ਉੱਤੇ ਵੀ ਸਾਹਮਣਾ ਕਰਨਾ ਪੈਂਦਾ ਹੈ:

“ਹਸਪਤਾਲਾਂ ਵਿਚ ਬੰਦੇ ਦੀ ਮਹੱਤਵਹੀਣਤਾ ਦਾ ਅਹਿਸਾਸ ਸੁਚੇਤ ਨੂੰ ਅੱਜ ਫੇਰ ਹੋਇਆ। ਪਹਿਲਾਂ ਡਾਕਟਰ ਤੇ ਨਰਸ ਦੀ ਕਾਰਵਾਈ ਨੇ ਹੀ ਕਾਫੀ ਸਮਾਂ ਲਾ ਦਿੱਤਾ - ਫੇਰ ਐਕਸਰੇ ਦੀ ਲਾਈਨ ਵਿਚ ਤਾਂ ਘੰਟੇ ਤੋਂ ਵੀ ਵਧ ਲਗ ਗਿਆ - ਉਸ ਤੋਂ ਅੱਗੇ ਸਟ੍ਰੇਚਰ ਤੇ ਪਈ ਜ਼ਨਾਨੀ ਪਿਆਂ ਪਿਆਂ ਕਾਹਲੀ ਪੈ ਰਹੀ ਸੀ - ਪਰ ਸਭ ਕੁਝ ਜਿਵੇਂ ਕੀੜੀ ਦੀ ਚਾਲ ਚਲ ਰਿਹਾ ਸੀ”

----

ਹਸਪਤਾਲਾਂ ਅਤੇ ਡਾਕਟਰਾਂ ਦੀ ਗੱਲ ਕਰਦਾ ਕਰਦਾ ਨਾਵਲਕਾਰ ਡਾਕਟਰੀ ਇਲਾਜ ਦੀ ਵੀ ਗੱਲ ਕਰ ਜਾਂਦਾ ਹੈ। ਪੱਛਮੀ ਮੁਲਕਾਂ ਵਿੱਚ ਡਾਕਟਰਾਂ ਕੋਲ ਜਾਣ ਦੀ ਲੋਕਾਂ ਨੂੰ ਏਨੀ ਆਦਤ ਪੈ ਜਾਂਦੀ ਹੈ ਕਿ ਉਨ੍ਹਾਂ ਨੂੰ ਇੱਕ ਨਿੱਛ ਵੀ ਆ ਜਾਏ ਤਾਂ ਉਹ ਆਪਣੇ ਫੈਮਿਲੀ ਡਾਕਟਰ ਕੋਲ ਪਹੁੰਚ ਜਾਂਦੇ ਹਨ। ਅਨੇਕਾਂ ਪੂਰਬੀ ਦੇਸ਼ਾਂ ਵਿੱਚ ਛੋਟੀਆਂ ਮੋਟੀਆਂ ਬੀਮਾਰੀਆਂ ਨੂੰ ਤਾਂ ਲੋਕ ਕੁਝ ਸਮਝਦੇ ਹੀ ਨਹੀਂ ਅਤੇ ਉਹ ਦੇਸੀ ਘਰੇਲੂ ਇਲਾਜ ਨਾਲ ਹੀ ਵਧੇਰੇ ਹਾਲਤਾਂ ਵਿੱਚ ਤੰਦਰੁਸਤ ਹੋ ਜਾਂਦੇ ਹਨ। ਨਹੀਂ ਤਾਂ ਸਸਤੀਆਂ ਦੇਸੀ ਦਵਾਈਆਂ ਦੀ ਵਰਤੋਂ ਕਰਕੇ ਦੋ-ਚਾਰ ਦਿਨਾਂ ਵਿੱਚ ਬੀਮਾਰੀ ਤੋਂ ਛੁਟਕਾਰਾ ਪਾ ਲੈਂਦੇ ਹਨ; ਪਰ ਉਹੀ ਲੋਕ ਜਦੋਂ ਕੈਨੇਡਾ ਵਰਗੇ ਵਿਕਸਤ ਦੇਸ ਵਿੱਚ ਆ ਜਾਂਦੇ ਹਨ ਤਾਂ ਉਹ ਆਪਣੇ ਮੁੱਢਲੇ ਦੇਸ਼ਾਂ ਵਿੱਚ ਅਪਣਾਏ ਜਾਂਦੇ ਕੁਦਰਤੀ ਇਲਾਜਾਂ ਨੂੰ ਨਜ਼ਰ-ਅੰਦਾਜ਼ ਕਰਕੇ ਮਹਿੰਗੀਆਂ ਅੰਗਰੇਜ਼ੀ ਦਵਾਈਆਂ ਨਾਲ ਆਪਣੀਆਂ ਬੀਮਾਰੀਆਂ ਦਾ ਇਲਾਜ ਕਰਨ ਲਈ ਡਾਕਟਰਾਂ ਦੇ ਦਫਤਰਾਂ ਵੱਲ ਦੌੜ ਪੈਂਦੇ ਹਨ। ਨਾਵਲਕਾਰ ਨੇ ਇਸ ਵਿਸ਼ੇ ਬਾਰੇ ਵੀ ਆਪਣਾ ਨਜ਼ਰੀਆ ਪੇਸ਼ ਕੀਤਾ ਹੈ:

“ਸ਼ਹਿਰ ਦੇ ਬਨਾਉਟੀ ਜੀਵਨ ਵਿਚ ਅਜ ਡਾਕਟਰ ਅਤੇ ਡਾਕਟਰੀ ਇਲਾਜ ਤੇ ਲੋਕਾਂ ਨੂੰ ਐਸਾ ਡੂੰਘਾ ਵਿਸ਼ਵਾਸ ਹੋ ਗਿਆ ਹੈ ਕਿ ਆਪਣੇ ਘਰੇਲੂ ਸਸਤੇ ਅਤੇ ਸ਼ਰਤੀਆ ਇਲਾਜ ਵਲ ਉਹਨਾਂ ਦਾ ਧਿਆਨ ਜਾਂਦਾ ਹੀ ਨਹੀਂ। ਡਾਕਟਰਾਂ ਦੀ ਗਿਣਤੀ ਦਿਨੋ ਦਿਨ ਵਧਦੀ ਜਾਂਦੀ ਹੈ। ਨਾਲ ਹੀ ਬੀਮਾਰੀਆਂ ਤੇ ਬੀਮਾਰ। ਬਹੁਤ ਸਾਰੇ ਲੋਕਾਂ ਦੀ ਆਮਦਨੀ ਦਾ ਵਧੇਰੇ ਹਿਸਾ ਡਾਕਟਰਾਂ ਦੀ ਜੇਬ ਵਿਚ ਚਲਾ ਜਾਂਦਾ ਹੈ। ਥੋੜਾ ਜਿੰਨਾ ਜ਼ੁਕਾਮ ਹੋਵੇ ਡਾਕਟਰ ਕੋਲ ਭੱਜ ਗਏ। ਪੇਟ ਵਿੱਚ ਦਰਦ ਹੋਇਆ ਤਾਂ ਦਵਾਈ ਲੈ ਆਂਦੀ। ਇੰਜ ਮਹਿਸੂਸ ਹੁੰਦਾ ਹੈ ਕਿ ਡਾਕਟਰ ਸ਼ਹਿਰੀ ਜੀਵਨ ਦਾ ਇਕ ਅਜਿਹਾ ਹਿੱਸਾ ਬਣ ਗਏ ਹਨ ਜੋ ਸਰੀਰ ਦੇ ਅੰਗ ਵਾਂਗ ਅਲੱਗ ਨਹੀਂ ਕੀਤੇ ਜਾ ਸਕਦੇ”

-----

ਹਸਪਤਾਲਾਂ, ਡਾਕਟਰਾਂ ਅਤੇ ਡਾਕਟਰੀ ਇਲਾਜਾਂ ਦੀ ਜਦੋਂ ਗੱਲ ਚਲਦੀ ਹੈ ਤਾਂ ਅੰਗਰੇਜ਼ੀ ਦਵਾਈਆਂ ਦੀਆਂ ਕੀਮਤਾਂ ਦੀ ਵੀ ਗੱਲ ਚੱਲਦੀ ਹੈ। ਦਵਾਈਆਂ ਬਨਾਉਣ ਦੇ ਲਾਇਸੈਂਸ ਵੱਡੀਆਂ ਵੱਡੀਆਂ ਮੈਗਾ ਕੰਪਨੀਆਂ ਕੋਲ ਹਨ। ਗਰੀਬ ਦੇਸ਼ਾਂ ਵਿੱਚ ਵੀ ਇਹ ਕੰਪਨੀਆਂ ਅੰਗਰੇਜ਼ੀ ਦਵਾਈਆਂ ਇੰਨੀਆਂ ਮਹਿੰਗੀਆਂ ਵੇਚਦੀਆਂ ਹਨ ਕਿ ਆਮ ਸਾਧਾਰਨ ਵਿਅਕਤੀ ਤਾਂ ਆਪਣੀ ਹੱਡ-ਭੰਨਵੀਂ ਮਿਹਨਤ ਨਾਲ ਕੀਤੀ ਕਮਾਈ ਵਿੱਚੋਂ ਇਹ ਦਵਾਈਆਂ ਖ੍ਰੀਦ ਹੀ ਨਹੀਂ ਸਕਦਾ। ਇਸ ਲਈ ਇਨ੍ਹਾਂ ਗਰੀਬ ਦੇਸ਼ਾਂ ਦੇ ਲੋਕ ਆਪਣੀਆਂ ਵਧੇਰੇ ਬੀਮਾਰੀਆਂ ਦਾ ਇਲਾਜ ਕੁਦਰਤੀ ਤਰੀਕਿਆਂ ਦੀ ਵਰਤੋਂ ਕਰਕੇ ਹੀ ਕਰਦੇ ਹਨ। ਜਿਨ੍ਹਾਂ ਦਾ ਸਰੀਰ ਨੂੰ ਕਿਸੀ ਤਰ੍ਹਾਂ ਕੋਈ ਨੁਕਸਾਨ ਵੀ ਨਹੀਂ ਹੁੰਦਾ; ਜਦੋਂ ਕਿ ਅੰਗਰੇਜ਼ੀ ਦਵਾਈਆਂ ਨਾਲ ਬੀਮਾਰੀਆਂ ਦਾ ਇਲਾਜ ਕਰਨ ਤੋਂ ਬਾਹਦ ਸਾਡੇ ਸਰੀਰ ਵਿੱਚ ਅਨੇਕਾਂ ਅਜਿਹੇ ਖਤਰਨਾਕ ਰਸਾਇਣਕ ਪਦਾਰਥ ਬਾਕੀ ਰਹਿ ਜਾਂਦੇ ਹਨ ਜੋ ਕਿ ਬਾਅਦ ਵਿੱਚ ਅਨੇਕਾਂ ਹੋਰ ਖ਼ਤਰਨਾਕ ਬੀਮਾਰੀਆਂ ਨੂੰ ਜਨਮ ਦੇਣ ਲਈ ਜ਼ਿੰਮੇਵਾਰ ਬਣਦੇ ਹਨ।

-----

‘ਮਿੱਠਤ ਨੀਵੀਂ’ ਨਾਵਲ ਵਿੱਚ ਤ੍ਰਿਲੋਚਨ ਸਿੰਘ ਗਿੱਲ ਨੇ ਮੁੱਖ ਵਿਸ਼ੇ ਤੋਂ ਬਿਨ੍ਹਾਂ ਵੀ ਅਨੇਕਾਂ ਹੋਰ ਵਿਸ਼ੇ ਛੋਹੇ ਹਨ ਅਤੇ ਹਰ ਵਿਸ਼ੇ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਕਈ ਥਾਵਾਂ ਉੱਤੇ ਨਾਵਲਕਾਰ ਵੱਲੋਂ ਦਾਰਸ਼ਨਿਕ ਪੱਧਰ ਉੱਤੇ, ਕਈ ਥਾਵਾਂ ਉੱਤੇ ਰਾਜਨੀਤਿਕ ਪੱਧਰ ਉੱਤੇ, ਕਈ ਥਾਵਾਂ ਉੱਤੇ ਧਾਰਮਿਕ ਪੱਧਰ ਉੱਤੇ, ਕਈ ਥਾਵਾਂ ਉੱਤੇ ਵਿੱਦਿਅਕ ਪੱਧਰ ਉੱਤੇ ਜਾਂ ਸਭਿਆਚਾਰਕ ਪੱਧਰ ਉੱਤੇ ਵੀ ਵਿਚਾਰ ਪੇਸ਼ ਕੀਤੇ ਗਏ ਹਨ। ਅਜਿਹੇ ਵਿਚਾਰ ਪੇਸ਼ ਕਰਦਿਆਂ ਨਾਵਲਕਾਰ ਹਸਪਤਾਲ ਦੀ ਚਾਰ ਦੀਵਾਰੀ ਤੋਂ ਬਾਹਰ ਆ ਕੇ ਵੀ ਗੱਲ ਕਰਦਾ ਹੈ।

-----

ਨਾਵਲਕਾਰ ਕੈਨੇਡਾ ਵਿੱਚ ਨਵੇਂ, ਵਿਸ਼ੇਸ਼ ਕਰਕੇ ਗਰੀਬ ਦੇਸ਼ਾਂ ਤੋਂ, ਆਉਣ ਵਾਲੇ ਇਮੀਗਰੈਂਟਾਂ ਦੀ ਇੱਕ ਵੱਡੀ ਸਮੱਸਿਆ ਦਾ ਜ਼ਿਕਰ ਕਰਦਾ ਹੈ। ਅਨੇਕਾਂ ਦੇਸ਼ਾਂ ਤੋਂ ਚੰਗੇ ਤਜਰਬੇਕਾਰ ਅਧਿਆਪਕ, ਵਕੀਲ, ਡਾਕਟਰ, ਇੰਜੀਨੀਅਰ ਅਤੇ ਤਕਨੀਸ਼ਨ ਕੈਨੇਡਾ ਇਮੀਗਰੈਂਟ ਬਣਕੇ ਆਉਂਦੇ ਹਨ; ਪਰ ਇੱਥੇ ਆ ਕੇ ਉਨ੍ਹਾਂ ਨੂੰ ਟੈਕਸੀ ਡਰਾਈਵਰ, ਟਰੱਕ ਡਰਾਈਵਰ, ਪੀਜ਼ਾ ਡਿਲਵਰੀ ਪਰਸਨ ਬਣਕੇ ਕੰਮ ਕਰਨਾ ਪੈਂਦਾ ਹੈ। ਕਈ ਵੇਰੀ ਯੂਨੀਵਰਸਿਟੀਆਂ ਦੇ ਤਜਰਬੇਕਾਰ ਪ੍ਰੋਫੈਸਰਾਂ ਨੂੰ ਰੈਸਟੋਰੈਂਟਾਂ ਵਿੱਚ ਜੂਠੇ ਭਾਂਡੇ ਧੋਣੇ ਪੈਂਦੇ ਹਨ। ਇਹ ਆਪਣੀ ਹੀ ਤਰ੍ਹਾਂ ਦਾ ਹੀ ਨਸਲੀ ਵਿਤਕਰਾ ਹੈ। ਅਨੇਕਾਂ ਪ੍ਰਵਾਸੀਆਂ ਨੂੰ ਕੈਨੇਡਾ ਵਿੱਚ ਆ ਕੇ ਆਪਣੇ ਪਰੋਫੈਸ਼ਨਲ ਖੇਤਰ ਵਿੱਚ ਮੁੜ ਸਥਾਪਤ ਹੋਣ ਲਈ ਦਹਾਕੇ ਤੋਂ ਵੱਧ ਸਮਾਂ ਲੱਗ ਜਾਂਦਾ ਹੈ; ਪਰ ਹਰ ਕੋਈ ਏਨੇ ਸਮੇਂ ਵਿੱਚ ਹੀ ਕਾਮਯਾਬ ਨਹੀਂ ਹੋ ਸਕਦਾ ਅਤੇ ਸਾਰੀ ਉਮਰ ਅਜਿਹੀਆਂ ਘੱਟ ਤਨਖਾਹ ਵਾਲੀਆਂ ਨੌਕਰੀਆਂ ਵਿੱਚ ਹੀ ਹੱਡ ਰਗੜਦਾ ਰਹਿ ਜਾਂਦਾ ਹੈ। ਨ ਤਾਂ ਉਸ ਨੂੰ ਕੈਨੇਡਾ ਆ ਕੇ ਆਪਣੇ ਮੁੱਢਲੇ ਦੇਸ਼ ਵਾਲਾ ਇੱਜ਼ਤ ਮਾਣ ਹੀ ਮਿਲਦਾ ਹੈ ਅਤੇ ਨਾ ਹੀ ਆਰਥਿਕ ਤੌਰ ਉੱਤੇ ਉਹ ਕਦੀ ਸੌਖਾਲੀ ਜ਼ਿੰਦਗੀ ਹੀ ਬਤੀਤ ਕਰ ਸਕਦਾ ਹੈ। ਜਿਸ ਕਾਰਨ ਉਹ ਮਨੋ-ਵਿਗਿਆਨਕ ਤੌਰ ਉੱਤੇ ਵੀ ਨਿਰਾਸ਼ਾਵਾਦੀ ਹੋ ਜਾਂਦਾ ਹੈ ਅਤੇ ਸੋਚਦਾ ਰਹਿੰਦਾ ਹੈ ਕਿ ਉਸਨੇ ਕੈਨੇਡਾ ਦਾ ਇਮੀਗਰੈਂਟ ਬਣਕੇ ਕੀ ਖੱਟਿਆ? ਪਰ ਏਨੇ ਸਮੇਂ ਵਿੱਚ ਉਹ ਇਸ ਗੱਲ ਦਾ ਫੈਸਲਾ ਕਰਨ ਦੀ ਸ਼ਕਤੀ ਵੀ ਗੁਆ ਬੈਠਦਾ ਹੈ ਕਿ ਜੇਕਰ ਕੈਨੇਡਾ ਦੇ ਸਮਾਜ ਵਿੱਚ ਉਸਨੂੰ ਆਪਣੇ ਮੁੱਢਲੇ ਦੇਸ਼ ਵਰਗਾ ਇੱਜ਼ਤ ਮਾਣ ਨਹੀਂ ਮਿਲਦਾ ਤਾਂ ਉਹ ਆਪਣੇ ਮੁੱਢਲੇ ਦੇਸ਼ ਪਰਤ ਜਾਵੇ। ਨਾਵਲਕਾਰ ਨੇ ਇਸ ਸਮੱਸਿਆ ਨੂੰ ਆਪਣੇ ਸ਼ਬਦਾਂ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਹੈ:

“ਜਦੋਂ ਦਰਜਨ ਕੁ ਸਾਲ ਪਹਿਲਾਂ ਸੁਚੇਤ ਵੀ ਇਸ ਦੇਸ਼ ਵਿਚ ਆਵਾਸੀ ਵਜੋਂ ਆਇਆ - ਉਸਨੂੰ ਇਸ ਦੇਸ਼ ਦੇ ਇਕ ਹੋਰ ਹੀ ਨੀਚਪੁਣੇ ਦਾ ਕਿੰਨੇ ਹੀ ਹੋਰ ਉਚਪੜ੍ਹੇ ਤੇ ਤਜਰਬੇਕਾਰ ਵਿਦਵਾਨਾਂ ਵਾਂਗ ਸ਼ਿਕਾਰ ਹੋਣਾ ਪਿਆ - ਧੱਕੇ ਖਾਣੇ ਪਏ। ਉਹ ਇਹ ਕਿ ਬਾਹਰਲੇ ‘ਗਰੀਬ’ ਦੇਸ਼ਾਂ ਤੋਂ ਚੰਗੇ ਪੜ੍ਹੇ ਲਿਖੇ ਉੱਚ ਕੋਟੀ ਦੇ ਬੰਦੇ ਤਾਂ ਲੈ ਆਓ ਪਰ ਦੇਸ਼ ਵਿੱਚ ਲਿਆ ਕੇ ਉਹਨਾਂ ਨੂੰ ਇੰਜ ਰੌਲੋ ਜਾਂ ਕਹਿ ਲਓ ਕਿ ਉਹਨਾਂ ਨੂੰ ਪੈਰ ਲਾਉਣ ਵਿਚ ਕਿਸੇ ਯੋਜਨਾ ਰਾਹੀਂ ਮੱਦਦ ਨਾ ਦਿਓ ਕਿ ਜ਼ਿੰਦਗੀ ਭਰ ਲਈ ਤੀਜੇ ਦਰਜੇ ਦੇ ਸ਼ਹਿਰੀ ਬਣ ਕੇ ਰਹਿ ਜਾਣ - ਆਪਣੀ ਹੋਂਦ ਤੇ ਪ੍ਰਵਾਰ ਦੀ ਸੁਰੱਖਿਆ ਲਈ ਹੀ ਘੁਲਦੇ ਰਹਿਣ ਤੇ ਬਾਕੀ ਕਿਸੇ ਸਮਾਜਕ ਤੇ ਘੱਟ ਗਿਣਤੀ ਦੇ ਅਨਿਆਂ ਵੱਲ ਉਹਨਾਂ ਦਾ ਧਿਆਨ ਹੀ ਨਾ ਜਾਵੇ। ਸੁਚੇਤ ਵੀ ਆਰੰਭ ਵਿਚ ਅਜਿਹੀ ਹਾਲਤ ਵਿੱਚ ਹੀ ਸੀ”

----

‘ਮਿੱਠਤ ਨੀਵੀਂ’ ਨਾਵਲ ਵਿੱਚ ਤ੍ਰਿਲੋਚਨ ਸਿੰਘ ਗਿੱਲ ਹਸਪਤਾਲਾਂ, ਡਾਕਟਰਾਂ, ਡਾਕਟਰੀ ਇਲਾਜਾਂ ਅਤੇ ਦਵਾਈਆਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਬੜੀ ਕਾਮਿਯਾਬੀ ਨਾਲ ਪੇਸ਼ ਕਰਦਾ ਹੈ। ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਇਸ ਵਿਸ਼ੇ ਬਾਰੇ ਮੈਨੂੰ ਪਹਿਲਾ ਅਜਿਹਾ ਪੰਜਾਬੀ ਨਾਵਲ ਪੜ੍ਹਨ ਦਾ ਮੌਕਾ ਮਿਲਿਆ ਹੈ। ਇਸ ਨਾਵਲ ਦੇ ਸਫ਼ੇ ਵਧਾਉਣ ਲਈ ਸ਼ਾਮਿਲ ਕੀਤੀਆਂ ਗਈਆਂ ਕੁਝ ਫਾਲਤੂ ਗੱਲਾਂ ਨੂੰ ਜੇਕਰ ਇਸ ਨਾਵਲ ਵਿੱਚੋਂ ਕੱਢ ਕੇ ਜੇਕਰ ਇਸ ਨਾਵਲ ਨੂੰ, ਮਹਿਜ਼, ਮੁੱਖ ਵਿਸ਼ੇ ਉੱਤੇ ਹੀ ਕੇਂਦਰਤ ਕੀਤਾ ਜਾਂਦਾ ਤਾਂ ਇਹ ਨਾਵਲ ਹੋਰ ਵਧੇਰੇ ਅਰਥ ਭਰਪੂਰ ਹੋ ਜਾਣਾ ਸੀ।

-----

ਤ੍ਰਿਲੋਚਨ ਸਿੰਘ ਗਿੱਲ ਨੇ ਕੈਨੇਡੀਅਨ ਪੰਜਾਬੀ ਸਾਹਿਤਕਾਰ ਦੇ ਤੌਰ ਤੇ ਭਾਵੇਂ ਸਾਹਿਤ ਦੇ ਅਨੇਕਾਂ ਰੂਪਾਂ ਉੱਤੇ ਹੱਥ ਅਜ਼ਮਾਈ ਕੀਤੀ ਹੈ; ਪਰ ਮੇਰੀ ਜਾਚੇ ਉਸ ਵਿੱਚ ਸਾਹਿਤ ਦੇ ਬਾਕੀ ਹੋਰਨਾਂ ਰੂਪਾਂ ਦੇ ਮੁਕਾਬਲੇ ਵਿੱਚ ਇੱਕ ਵਧੀਆ, ਚੇਤੰਨ, ਸੰਵੇਦਨਸ਼ੀਲ, ਅਗਾਂਹਵਧੂ ਨਾਵਲਕਾਰ ਬਣਨ ਦੀਆਂ ਵਧੇਰੇ ਸੰਭਾਵਨਾਵਾਂ ਮੌਜੂਦ ਹਨ।

Monday, September 7, 2009

ਸੁਖਿੰਦਰ - ਲੇਖ

ਜੀਵਨ ਜਾਚ ਦੀਆਂ ਗੱਲਾਂ – ਪੂਰਨ ਸਿੰਘ ਪਾਂਧੀ

ਲੇਖ

ਕੈਨੇਡੀਅਨ ਪੰਜਾਬੀ ਸਾਹਿਤਕਾਰ ਪੂਰਨ ਸਿੰਘ ਪਾਂਧੀ ਨੇ 2009 ਵਿੱਚ ਆਪਣੀ ਵਾਰਤਕ ਦੀ ਪੁਸਤਕ ‘ਕਿਵ ਸਚਿਆਰਾ ਹੋਈਐ’ ਪ੍ਰਕਾਸ਼ਿਤ ਕੀਤੀ ਹੈ। ਇਹ ਪੁਸਤਕ ਨਿੱਕੀਆਂ ਨਿੱਕੀਆਂ ਪਰ ਮਹੱਤਵ-ਪੂਰਨ ਗੱਲਾਂ ਬਾਰੇ ਚਰਚਾ ਕਰਦੀ ਹੈ। ਇਹ ਗੱਲਾਂ ਸਾਡੀ ਰੌਜ਼ਾਨਾ ਜ਼ਿੰਦਗੀ ਨਾਲ ਸਬੰਧਤ ਹਨ। ਇਹ ਗੱਲਾਂ ਇਸ ਵਿਸ਼ੇ ਉੱਤੇ ਚਰਚਾ ਕਰਦੀਆਂ ਹਨ ਕਿ ਮਨੁੱਖ ਨੂੰ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਉਣੀ ਚਾਹੀਦੀ ਹੈ। ਆਪਣੀ ਗੱਲ ਕਰਦਾ ਹੋਇਆ ਪਾਂਧੀ ਆਪਣੇ ਵਿਚਾਰ ਦੀ ਹਿਮਾਇਤ ਵਿੱਚ ਕਿਸੇ ਨਾ ਕਿਸੇ ਮਹੱਤਵ-ਪੂਰਨ ਲੇਖਕ ਜਾਂ ਵਿਚਾਰਵਾਨ ਦੇ ਵਿਚਾਰ ਵੀ ਪੇਸ਼ ਕਰਦਾ ਹੈ। ਆਪਣੀ ਗੱਲ ਨੂੰ ਦਿਲਚਸਪ ਅਤੇ ਬਹੁ-ਦਿਸ਼ਾਵੀ ਬਣਾਉਣ ਲਈ ਪੂਰਨ ਸਿੰਘ ਪਾਂਧੀ ਜ਼ਿੰਦਗੀ ਨਾਲ ਸਬੰਧਤ ਅਨੇਕਾਂ ਪਹਿਲੂਆਂ ਬਾਰੇ ਚਰਚਾ ਕਰਦਾ ਹੈ।

-----

ਪੂਰਨ ਸਿੰਘ ਪਾਂਧੀ ਦੀ ਪੁਸਤਕ ‘ਕਿਵ ਸਚਿਆਰਾ ਹੋਈਐ’ ਵਿੱਚ ਸ਼ਾਮਿਲ ਨਿਬੰਧਾਂ ਬਾਰੇ ਚਰਚਾ ਉਸ ਦੇ ਨਿਬੰਧ ‘ਬੋਲਣ ਦੀ ਕਲਾ’ ਦੀਆਂ ਇਨ੍ਹਾਂ ਸਤਰਾਂ ਨਾਲ ਸ਼ੁਰੂ ਕੀਤੀ ਜਾ ਸਕਦੀ ਹੈ:

ਧਰਤੀ ਦੇ ਜਿਉਂਦੇ ਪ੍ਰਾਣੀਆਂ ਵਿੱਚੋਂ ਕੇਵਲ ਮਨੁੱਖ ਕੋਲ ਭਾਸ਼ਾ ਜਾਂ ਬੋਲੀ ਹੈ। ਬੋਲੀ ਦੁਆਰਾ ਹਰ ਮਨੁੱਖ ਆਪਣੇ ਮਨ ਦੇ ਹਾਵ ਭਾਵ, ਖੁਸ਼ੀ ਗ਼ਮੀ ਤੇ ਦੁੱਖ ਸੁੱਖ ਪ੍ਰਗਟ ਕਰਦਾ ਹੈ। ਬੋਲੀ ਰਾਹੀਂ ਇੱਕ ਮਨੁੱਖ ਦੇ ਦੂਜੇ ਮਨੁੱਖ ਨਾਲ ਸਬੰਧ ਜੁੜਦੇ ਹਨ ਤੇ ਵਿਚਾਰ ਤੇ ਵਿਹਾਰ ਦੀ ਸਾਂਝ ਬਣਦੀ ਹੈ। ਅਜੋਕੇ ਜੀਵਨ ਦੇ ਹਰ ਖੇਤਰ ਵਿੱਚ ਜੋ ਵੀ ਵਿਕਾਸ ਤੇ ਚਾਨਣ ਦੀ ਲੋਅ ਦਾ ਪਸਾਰਾ ਹੈ, ਇਹ ਸਭ ਮਨੁੱਖ ਦੀ ਬੁੱਧੀ ਦੇ ਨਾਲ ਨਾਲ ਬੋਲੀ ਦਾ ਹੀ ਕ੍ਰਿਸ਼ਮਾ ਹੈ।

----

ਮਨੁੱਖ ਦੀ ਜ਼ਿੰਦਗੀ ਵਿੱਚ ਭਾਸ਼ਾ ਜਾ ਬੋਲੀ ਦੀ ਜੋ ਮਹੱਤਤਾ ਹੈ, ਅਸੀਂ ਕਈ ਵਾਰ ਉਸ ਨੂੰ ਨਜ਼ਰ-ਅੰਦਾਜ਼ ਕਰ ਦਿੰਦੇ ਹਾਂ। ਜਿਸ ਕਾਰਨ ਸਾਨੂੰ ਅਣਚਾਹੇ ਨਤੀਜੇ ਭੁਗਤਣੇ ਪੈਂਦੇ ਹਨ। ਅਸੀਂ, ਅਕਸਰ, ਇਹ ਮੁਹਾਵਰਾ ਸੁਣਦੇ ਰਹਿੰਦੇ ਹਾਂ ਕਿ ਤਲਵਾਰ ਦਾ ਲੱਗਿਆ ਫੱਟ ਤਾਂ ਸਮੇਂ ਨਾਲ ਭਰ ਜਾਂਦਾ ਹੈ ਪਰ ਜ਼ੁਬਾਨ ਦਾ ਲੱਗਿਆ ਫੱਟ ਉਮਰ ਭਰ ਲਈ ਨਾਸੂਰ ਬਣ ਕੇ ਰਹਿ ਜਾਂਦਾ ਹੈ। ਬੋਲੀ ਜਾਂ ਭਾਸ਼ਾ ਮਨੁੱਖ ਲਈ ਇੱਕ ਪੁਲ ਵਾਂਗ ਕੰਮ ਕਰਦੀ ਹੈ। ਬੋਲੀ ਮਨੁੱਖ ਨੂੰ ਨਾ ਸਿਰਫ ਆਪਣੀ ਇਕੱਲਤਾ ਤੋੜਨ ਵਿੱਚ ਹੀ ਮੱਦਦ ਕਰਦੀ ਹੈ; ਬਲਕਿ ਬੋਲੀ ਦੀ ਮੱਦਦ ਰਾਹੀਂ ਮਨੁੱਖ ਹੋਰਨਾਂ ਮਨੁੱਖਾਂ ਨਾਲ ਆਪਣੇ ਦੁੱਖਾਂ-ਸੁੱਖਾਂ, ਖੁਸ਼ੀਆਂ-ਗਮੀਆਂ, ਉਮੰਗਾਂ-ਇਛਾਵਾਂ ਬਾਰੇ ਵਿਚਾਰਾਂ ਦਾ ਆਦਾਨ ਪਾਦਾਨ ਕਰ ਸਕਦਾ ਹੈ। ਅੱਜ ਸਾਡੇ ਲਈ ਇਹ ਸੋਚਣਾ ਵੀ ਮੁਸ਼ਕਿਲ ਹੈ ਕਿ ਜੇਕਰ ਭਾਸ਼ਾ ਨਾ ਹੁੰਦੀ ਤਾਂ ਗਿਆਨ-ਵਿਗਿਆਨ ਦਾ ਪਾਸਾਰ ਕਿਵੇਂ ਸੰਭਵ ਹੁੰਦਾ? ਮਨੁੱਖ ਦੇ ਹੋਰਨਾਂ ਮਨੁੱਖਾਂ ਨਾਲ ਸਬੰਧ ਕਿਵੇਂ ਜੁੜਦੇ? ਸਮਾਜ ਦੀ ਉਸਾਰੀ ਕਿਵੇਂ ਹੁੰਦੀ? ਭਾਸ਼ਾ ਦੀ ਅਣਹੋਂਦ ਵਿੱਚ ਹਰ ਮਨੁੱਖ ਇਕੱਲਤਾ ਵਿੱਚ ਹੀ ਵਿਚਰਦਾ। ਭਾਸ਼ਾ ਦੀ ਅਣਹੋਂਦ ਵਿੱਚ ਨ ਸਾਹਿਤ ਹੁੰਦਾ ਅਤੇ ਨ ਹੀ ਗੀਤ-ਸੰਗੀਤ।

-----

ਭਾਸ਼ਾ ਮਨੁੱਖ ਦੀ ਸਮੁੱਚੀ ਸ਼ਖ਼ਸੀਅਤ ਦਾ ਦਰਪਣ ਹੁੰਦੀ ਹੈ। ਇਸ ਲਈ ਇਹ ਕਿਹਾ ਜਾਂਦਾ ਹੈ ਕਿ ਜਦ ਤੱਕ ਮਨੁੱਖ ਬੋਲਦਾ ਨਹੀਂ ਉਦੋਂ ਤੱਕ ਉਸ ਦੇ ਗੁਣ ਔਗੁਣ ਲੁਕੇ ਰਹਿੰਦੇ ਹਨ। ਬੋਲਣ ਤੋਂ ਹੀ ਉਸਦੇ ਗੁਣਵਾਨ ਹੋਣ ਜਾਂ ਮੂਰਖ ਹੋਣ ਦਾ ਪਤਾ ਚੱਲਦਾ ਹੈ। ਸ਼ਬਦਾਂ ਦੀ ਸਹੀ ਵਰਤੋਂ ਨ ਕਰਨ ਦੇ ਕਈ ਵਾਰ ਗਹਿਰ ਗੰਭੀਰ ਨਤੀਜੇ ਨਿਕਲਦੇ ਹਨ। ਜਿਸ ਕਾਰਨ ਘੋਰ ਤਬਾਹੀ ਹੁੰਦੀ ਹੈ। ਭਾਸ਼ਾ ਦੀ ਕੁਵਰਤੋਂ ਦੀ ਇੱਕ ਵੱਡੀ ਉਦਾਹਰਣ ਦਿੰਦਾ ਹੋਇਆ ਪੂਰਨ ਸਿੰਘ ਪਾਂਧੀ ਹਿੰਦੂ ਮਿਥਿਹਾਸ ਦੀ ਚਰਚਿਤ ਕਥਾ ‘ਮਹਾਂਭਾਰਤ’ ਵਿੱਚੋਂ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਅਰਥਭਰਪੂਰ ਘਟਨਾ ਦਾ ਜ਼ਿਕਰ ਕਰਦਾ ਹੈ:

ਜੇ ਗਹੁ ਨਾਲ ਦੇਖੀਏ ਤਾਂ ਮਹਾਂਭਾਰਤ ਦੀ ਭਿਆਨਕ ਤਬਾਹੀ ਪਿੱਛੇ ਵੀ ਦਰੋਪਤੀ ਦੇ ਕੌੜੇ ਤੇ ਸਾੜਵੇਂ ਬੋਲ ਹੀ ਸਨ। ਪਾਂਡਵਾਂ ਦੇ ਅਦਭੁੱਤ ਬਣਾਏ ਮਹਿਲਾਂ ਨੂੰ ਵੇਖਣ ਗਏ ਦਰਯੋਧਨ ਨੂੰ ਪਤਾ ਹੀ ਨਾ ਲੱਗਾ, ਜਦੋਂ ਖੁਸ਼ਕ ਧਰਤੀ ਜਾਣਕੇ ਤੁਰਦਾ, ਪਾਣੀ ਵਿੱਚ ਡਿੱਗ ਪਿਆ। ਪੱਗ ਲੱਥ ਗਈ। ਮਹਿਲਾਂ ਵਿੱਚ ਬੈਠੀ ਅਨਜਾਣ ਦਰੋਪਤੀ ਨੇ ਦੇਖ ਲਿਆ। ਅੱਲ੍ਹੜ ਨੇ ਹਾਸੇ ਭਾਣੇ ਆਖ ਦਿੱਤਾ, “ਅੰਨ੍ਹਿਆਂ ਦੇ ਅੰਨ੍ਹੇ ਹੀ ਰਹੇ।” ਕਿਉਂਕਿ ਦਰਯੋਧਨ ਦਾ ਵਡੇਰਾ ਨੇਤਰਹੀਣ ਸੀ। ਦਰਯੋਧਨ ਨੂੰ ਇਹ ਬੋਲੀ ਤੀਰ ਵਾਂਗ ਵਿੰਨ੍ਹ ਗਈ। ਦਰੋਪਤੀ ਦੇ ਇਸ ਇੱਕ ਬੋਲ ਨੇ ਮਹਾਂਭਾਰਤ ਦੀ ਭਿਆਨਕ ਲੜਾਈ ਦਾ ਮੁੱਢ ਬੰਨ੍ਹਿਆਂ; ਜਿਸ ਵਿਚ ਪੁਰਾਤਨ ਗਰੰਥਾਂ ਵਿੱਚ ਚਾਲੀ ਲੱਖ ਮਨੁੱਖਾਂ ਦੇ ਮਾਰੇ ਜਾਣ ਦਾ ਜ਼ਿਕਰ ਹੈ।

----

ਕਿਸੇ ਉਦੇਸ਼ ਦੀ ਪੂਰਤੀ ਵੱਲ ਸੇਧਤ ਕਰਕੇ ਬੋਲੇ ਹੋਏ ਸ਼ਬਦਾਂ ਵਿੱਚ ਏਨੀ ਊਰਜਾ ਹੁੰਦੀ ਹੈ ਕਿ ਉਨ੍ਹਾਂ ਨੂੰ ਸੁਣਦਿਆਂ ਹੀ ਕਈ ਵਾਰੀ ਜ਼ਿੰਦਗੀ ਤੋਂ ਉਦਾਸੀਨ ਹੋ ਚੁੱਕੇ ਲੋਕ ਵੀ ਏਨੇ ਉਤਸ਼ਾਹ ਨਾਲ ਭਰ ਜਾਂਦੇ ਹਨ ਕਿ ਉਹ ਹਰ ਖਤਰੇ ਨਾਲ ਟਕਰਾ ਜਾਣ ਲਈ ਤਿਆਰ ਹੋ ਜਾਂਦੇ ਹਨ। ਊਰਜਾ ਦੇ ਭਰੇ ਹੋਏ ਅਜਿਹੇ ਇਤਿਹਾਸਕ ਅਤੇ ਕ੍ਰਾਂਤੀਕਾਰੀ ਬੋਲਾਂ ਬਾਰੇ ਵੀ ਪੂਰਨ ਸਿੰਘ ਪਾਂਧੀ ਆਪਣੇ ਨਿਬੰਧ ‘ਬੋਲਣ ਦੀ ਕਲਾ’ ਵਿੱਚ ਕੁਝ ਇਸ ਤਰ੍ਹਾਂ ਜ਼ਿਕਰ ਕਰਦਾ ਹੈ।

1699 ਦੀ ਵਿਸਾਖੀ ਮੌਕੇ ਗੁਰੂ ਗੋਬਿੰਦ ਸਿੰਘ ਦੇ ਬੋਲਾਂ ਵਿੱਚ ਪਤਾ ਨਹੀਂ ਕੀ ਜਾਦੂ ਸੀ। ਲਹੂ ਨਾਲ ਨੁੱਚੜਦੀ ਨੰਗੀ ਤਲਵਾਰ ਦੇਖ ਕੇ ਵੀ ਸੀਸ ਭੇਟ ਕਰਨ ਵਾਲਿਆਂ ਦੀ ਲਾਈਨ ਲੱਗ ਗਈ। ਕਿਹੋ ਜਿਹਾ ਪਰਭਾਵ ਹੋਵੇਗਾ ਗੁਰੂ ਗੋਬਿੰਦ ਸਿੰਘ ਦੇ ਉਨ੍ਹਾਂ ਬੋਲਾਂ ਦਾ ਕਿ ਤਿਆਗੀ ਵਿਰਾਗੀ ਸਾਧੂ, ਮਾਧੋ ਦਾਸ, ਬੰਦਾ ਬਹਾਦਰ ਬਣ ਗਿਆ; ਜਿਸ ਨੇ ਆਪਣੇ ਸਮੇਂ ਵਿੱਚ ਪੰਜਾਬ ਵਿੱਚ ਤਰਥੱਲੀ ਮਚਾ ਦਿੱਤੀ ਅਤੇ ਜ਼ੁਲਮ ਦੀ ਇੱਟ ਨਾਲ ਇੱਟ ਖੜਕਾ ਦਿੱਤੀ।

-----

ਪੂਰਨ ਸਿੰਘ ਪਾਂਧੀ ਇਹ ਗੱਲ ਸਵੀਕਾਰ ਕਰਦਾ ਹੈ ਕਿ ਬੋਲਣਾ ਵੀ ਇੱਕ ਕਲਾ ਹੈ। ਜਿਸ ਵਿਅਕਤੀ ਨੇ ਵੀ ਸ਼ਬਦਾਂ ਨੂੰ ਸਹੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਵਰਤਣ ਦੀ ਕਲਾ ਸਿਖ ਲਈ ਉਹ ਭਾਸ਼ਾ ਨੂੰ ਆਪਣੀ ਮਰਜ਼ੀ ਦੇ ਨਤੀਜੇ ਪ੍ਰਾਪਤ ਕਰਨ ਲਈ ਵਰਤ ਸਕਦਾ ਹੈ।

ਬੋਲਣ ਦੀ ਕਲਾ ਸਿੱਖਣ ਵਾਂਗ ਪੂਰਨ ਸਿੰਘ ਪਾਂਧੀ ਮੰਨਦਾ ਹੈ ਕਿ ਸੋਹਣੇ ਬਣਨ ਦੀ ਕਲਾ ਵੀ ਸਿੱਖੀ ਜਾ ਸਕਦੀ ਹੈ। ਸੋਹਣੇ ਬਣਨ ਦੀ ਕਲਾ ਵੀ ਇੱਕ ਤਰ੍ਹਾਂ ਨਾਲ ਬੋਲਣ ਦੀ ਕਲਾ ਨਾਲ ਹੀ ਜੁੜੀ ਹੋਈ ਹੈ।

-----

ਸੁੰਦਰਤਾ ਦੇ ਦੋ ਰੂਪ ਹਨ: ਬਾਹਰੀ ਰੂਪ ਅਤੇ ਅੰਦਰੂਨੀ ਰੂਪ। ਸੁੰਦਰਤਾ ਦੀ ਪਹਿਲੀ ਖਿੱਚ ਕਿਸੇ ਵੀ ਵਿਅਕਤੀ ਦੇ ਬਾਹਰੀ ਰੂਪ ਕਰਕੇ ਹੀ ਪੈਦਾ ਹੁੰਦੀ ਹੈ। ਪਰ ਕਿਸੇ ਵੀ ਵਿਅਕਤੀ ਵੱਲ ਅਸੀਂ ਸਦੀਵੀ ਰੂਪ ਵਿੱਚ ਤਾਂ ਹੀ ਖਿੱਚੇ ਜਾਂਦੇ ਹਾਂ ਜੇਕਰ ਉਸ ਵਿਅਕਤੀ ਦੇ ਵਿਚਾਰ ਵੀ ਖ਼ੂਬਸੂਰਤ ਹੋਣ। ਇਸ ਗੱਲ ਦੀ ਪੁਸ਼ਟੀ ਪੂਰਨ ਸਿੰਘ ਪਾਂਧੀ ਆਪਣੇ ਨਿਬੰਧ ‘ਸੁਹਣੇ ਬਨਣ ਦੀ ਕਲਾ’ ਵਿੱਚ ਕੁਝ ਇਸ ਤਰ੍ਹਾਂ ਕਰਦਾ ਹੈ:

ਸੋਹਣੇ ਬਣਨਾ ਜਾਂ ਸੋਹਣੇ ਲਗਣਾ ਇੱਕ ਕਲਾ, ਹੁਨਰ ਜਾਂ ਆਰਟ ਹੈ। ਸੁੰਦਰਤਾ ਮਨੁੱਖ ਦੇ ਅੰਦਰ ਬੈਠੀ ਹੈ, ਸੋਚਾਂ ਤੇ ਵਿਚਾਰਾਂ ਵਿੱਚ ਛੁਪੀ ਹੋਈ। ਕਈਆਂ ਦਾ ਹੁਸਨ ਦਿਲ ਮੱਲ ਲੈਂਦਾ ਹੈ। ਕਈਆਂ ਦੇ ਸੋਹਣੇ ਮੂੰਹ, ਸੁਡੌਲ ਅੰਗ ਤੇ ਕੋਮਲ ਅਦਾਵਾਂ ਮੋਹਿਤ ਕਰ ਲੈਂਦੀਆਂ ਹਨ। ਕਈਆਂ ਦਾ ਰੂਪ ‘ਵਾਜਾਂ ਮਾਰਦਾ ਪਰਤੀਤ ਹੁੰਦਾ ਹੈ। ਅੱਖਾਂ ਦੇ ਤੀਰ ਜੀਵਨ ਅਰਪਦੇ ਤੇ ਘਾਇਲ ਕਰਦੇ ਜਾਪਦੇ ਹਨ।

ਪਰ ਅਸਲੀ ਸੁੰਦਰਤਾ ਵਿਅਕਤੀ ਦੇ ਅੰਦਰ ਹੁੰਦੀ ਹੈ। ਉਸ ਦੇ ਬੋਲਾਂ ਤੇ ਅਦਾਵਾਂ ਵਿੱਚੋਂ ਉਜਾਗਰ ਹੁੰਦੀ ਹੈ। ਜਿੰਨਾਂ ਕਿਸੇ ਦੇ ਵਿਚਾਰਾਂ ਦਾ ਸ਼ੀਸ਼ਾ ਨਿਰਮਲ ਹੋਵੇਗਾ ਤੇ ਦੀਰਘ ਦਰਿਸ਼ਟੀ ਹੋਵੇਗੀ, ਸਰਿਸ਼ਟੀ ਵਿੱਚੋਂ ਸੁੰਦਰਤਾ ਦੀ ਝਲਕ ਵਧੇਰੇ ਸਾਫ ਦਿਖਾਈ ਦੇਵੇਗੀ। ਸੋਚਾਂ ਤੇ ਵਿਚਾਰਾਂ ਨੂੰ ਪਾਣੀ ਨਾਲ ਭਰੀ ਹੋਈ ਟੈਂਕੀ ਵਾਂਗ ਸਮਝਣਾ ਚਾਹੀਦਾ ਹੈ। ਟੈਂਕੀ ਵਿੱਚ ਭਰੇ ਹੋਏ ਨਿਰਮਲ ਜਾਂ ਗੰਧਲੇ ਪਾਣੀ ਦਾ ਪ੍ਰਵਾਹ ਟੂਟੀ ਵਿੱਚੋਂ ਬਾਹਰ ਆਉਣ ਵਾਂਗ, ਕਿਸੇ ਮਨੁੱਖ ਦੇ ਚੰਗੇ ਜਾਂ ਮੰਦੇ ਵਿਚਾਰਾਂ ਦਾ ਥਹੁ-ਪਤਾ ਉਸਦੇ ਕਾਰ ਵਿਹਾਰ ਵਿੱਚੋਂ ਦੇਖਿਆ-ਪਰਖਿਆ ਜਾਂਦਾ ਹੈ। ਮਨੁੱਖ ਦੀਆਂ ਸੋਚਾਂ ਤੇ ਵਿਚਾਰਾਂ ਦਾ ਬਾਹਰੀ ਸਰੂਪ ਉਸਦੇ ਇਕਰਾਰਾਂ, ਤਕਰਾਰਾਂ ਵਿੱਚੋਂ ਆਪਣੇ ਆਪ ਪਰਗਟ ਹੁੰਦਾ ਹੈ। ਸੁੰਦਰਤਾ ਤਰਸ, ਦਇਆ ਤੇ ਰਹਿਮ ਨਾਲ ਭਰੀ ਹੁੰਦੀ ਹੈ। ਨੇਕੀ ਤੇ ਪਰਉਪਕਾਰ ਦੀ ਭਾਵਨਾ ਵਿੱਚੋਂ ਸੁੰਦਰਤਾ ਦਾ ਵਿਕਾਸ ਹੁੰਦਾ ਤੇ ਪਿਆਰ ਵਿੱਚ ਫਲਦੀ ਤੇ ਫੈਲਦੀ ਹੈ।

-----

ਬਾਹਰੀ ਸੁੰਦਰਤਾ, ਮਹਿਜ਼, ਕਿਸੇ ਮਨੁੱਖ ਦੇ ਅੰਗਾਂ ਦੀ ਬਣਾਵਟ ਜਾਂ ਚਮੜੀ ਦੇ ਰੰਗ ਨਾਲ ਹੀ ਸਬੰਧਤ ਨਹੀਂ ਹੁੰਦੀ। ਕਿਸੇ ਮਨੁੱਖ ਦੀ ਸੁੰਦਰਤਾ ਉਸਦੇ ਪਹਿਰਾਵੇ ਨਾਲ ਵੀ ਸਬੰਧਤ ਹੁੰਦੀ ਹੈ। ਪਹਿਰਾਵਾ ਨਾ ਸਿਰਫ ਕਿਸੇ ਮਨੁੱਖ ਨੂੰ ਖ਼ੂਬਸੂਰਤ ਦਿੱਖ ਹੀ ਦੇ ਸਕਦਾ ਹੈ; ਇਹ ਕਿਸੇ ਮਨੁੱਖ ਦੀ ਅੰਦਰੂਨੀ ਬਦਸੂਰਤੀ ਨੂੰ ਲੁਕਾਉਣ ਦਾ ਸਾਧਨ ਵੀ ਬਣ ਸਕਦਾ ਹੈ। ਪੰਜਾਬੀ ਸਭਿਆਚਾਰ ਦੇ ਇਤਿਹਾਸ ਨਾਲ ਸਬੰਧਤ ‘ਸੱਜਣ ਠੱਗ’ ਸ਼ਬਦ ਦੀ ਅਸੀਂ ਜ਼ਿੰਦਗੀ ਵਿੱਚ ਅਨੇਕਾਂ ਸਮਿਆਂ ਉੱਤੇ ਆਮ ਵਰਤੋਂ ਕਰਦੇ ਹਾਂ। ਇਹ ਸ਼ਬਦ ਉਸ ਵਿਅਕਤੀ ਲਈ ਵਰਤਿਆ ਜਾਂਦਾ ਹੈ ਜੋ ਬਾਹਰੀ ਦਿੱਖ ਅਤੇ ਪਹਿਰਾਵੇ ਤੋਂ ਤਾਂ ਬਹੁਤ ਹੀ ਨੇਕ ਇਨਸਾਨ ਹੋਣ ਦਾ ਭੁਲੇਖਾ ਪਾਂਦਾ ਹੈ; ਪਰ ਅੰਦਰੂਨੀ ਤੌਰ ਉੱਤੇ ਉਹ ਬਹੁਤ ਹੀ ਮਕਾਰ ਕਿਸਮ ਦਾ ਵਿਅਕਤੀ ਹੁੰਦਾ ਹੈ। ਪਹਿਰਾਵੇ ਦੀ ਮਹੱਤਤਾ ਬਾਰੇ ਪੂਰਨ ਸਿੰਘ ਪਾਂਧੀ ਆਪਣੇ ਨਿਬੰਧ ‘ਸੁਹਣੇ ਬਣਨ ਦੀ ਕਲਾ’ ਵਿੱਚ ਕੁਝ ਇਸ ਤਰ੍ਹਾਂ ਲਿਖਦਾ ਹੈ:

ਪਹਿਰਾਵੇ ਦਾ ਸੁੰਦਰਤਾ ਨਾਲ ਬਹੁਤ ਗੂੜ੍ਹਾ ਸਬੰਧ ਹੈ। ਪਹਿਰਾਵੇ ਨਾਲ ਸਾਰੀਆਂ ਅੰਦਰ ਦੀਆਂ ਗੱਲਾਂ ਉੱਤੇ ਲਿਪਾ ਪੋਚੀ ਕੀਤੀ ਜਾਂਦੀ ਹੈ। ਕਈ ਹਾਲਤਾਂ ਵਿੱਚ ਅੰਦਰਲੀਆਂ ਗੱਲਾਂ ਉੱਤੇ ਪਰਦਾ ਪਾਇਆ ਜਾਂਦਾ ਹੈ। ਸੰਤਾਂ ਸਾਧਾਂ ਦੇ ਭੇਖ ਵਿੱਚ ਠੱਗਾਂ ਤੇ ਲੁਟੇਰਿਆਂ ਹੱਥੋਂ ਨਿਰਛਲ ਤੇ ਭੋਲੇ ਭਾਲੇ ਲੋਕ ਠੱਗੇ ਜਾਂਦੇ ਹਨ। ਕੰਜਕਾਂ ਕੁਆਰੀਆਂ ਦਾ ਦਿਖਾਵਾ ਕਰਕੇ ਵੇਸਵਾਵਾਂ ਭਿਆਨਕ ਕਾਰੇ ਕਰਦੀਆਂ ਦੇਖੀਆਂ ਜਾਂਦੀਆਂ ਹਨ। ਲਿਬਾਸ ਭਾਵੇਂ ਧਾਰਮਿਕ ਹੈ ਜਾਂ ਵਿਹਾਰਕ ਇਹ ਦੂਰੋਂ ਖਿੱਚ ਪਾਉਂਦਾ ਹੈ। ਦੁਨੀਆਂ ਵਿੱਚ ਸਭ ਤੋਂ ਵੱਧ ਕੁਕਰਮ ਇਸ ਬਨਾਉਟੀ ਭੇਖ ਵਿੱਚ ਹੁੰਦੇ ਹਨ।

-----

ਕਿਸੇ ਮਨੁੱਖ ਦੀ ਖ਼ੂਬਸੂਰਤੀ ਉਸ ਦੀਆਂ ਸੂਖਮ ਆਦਤਾਂ, ਸੁਲਝੀਆਂ ਅਦਾਵਾਂ ਅਤੇ ਕੋਮਲ ਹਰਕਤਾਂ ਵਿੱਚ ਵੀ ਹੁੰਦੀ ਹੈ। ਇਹ ਖ਼ੂਬਸੂਰਤੀ ਕਿਸੇ ਮਨੁੱਖ ਦੇ, ਮਹਿਜ਼, ਬੋਲਣ ਨਾਲ ਹੀ ਸਬੰਧ ਨਹੀਂ ਰੱਖਦੀ; ਇਹ ਉਸਦੀ ਸੁਨਣ ਦੀ ਕਲਾ ਨਾਲ ਵੀ ਸਬੰਧ ਰੱਖਦੀ ਹੈ। ਕਿਸੇ ਦਾ ਆਖਿਆ ਜਾਂ ਬੋਲਿਆ ਸੁਣ ਕੇ ਹੀ ਹੁੰਘਾਰਾ ਭਰਿਆ ਜਾਂਦਾ ਹੈ।

ਮਨੁੱਖੀ ਇਤਿਹਾਸ ਵੱਲ ਨਿਗਾਹ ਮਾਰੀਏ ਤਾਂ ਅਸੀਂ ਦੇਖ ਸਕਦੇ ਹਾਂ ਕਿ ਅੱਜ ਤੋਂ ਸੈਂਕੜੇ/ਹਜ਼ਾਰਾਂ ਸਾਲ ਪਹਿਲੇ ਇਸ ਧਰਤੀ ਉੱਤੇ ਆਏ ਮਨੁੱਖਾਂ ਨੂੰ ਅਸੀਂ ਅੱਜ ਵੀ ਬੜੇ ਸਨੇਹ ਨਾਲ ਯਾਦ ਕਰਦੇ ਹਾਂ। ਕਿਉਂਕਿ ਉਨ੍ਹਾਂ ਦੇ ਵਿਚਾਰਾਂ ਦੀ ਖ਼ੂਬਸੂਰਤੀ ਅੱਜ ਵੀ ਸਾਨੂੰ ਧੂਹ ਪਾਂਦੀ ਹੈ। ਇਸੀ ਤਰ੍ਹਾਂ ਹੰਕਾਰੀ, ਘੁਮੰਡੀ ਅਤੇ ਨਿਰਦਈ ਵਿਚਾਰਾਂ ਵਾਲੇ ਬੰਦਿਆਂ ਨੂੰ ਵੀ ਲੋਕ ਸੈਂਕੜੇ/ਹਜ਼ਾਰਾਂ ਸਾਲਾਂ ਤੱਕ ਯਾਦ ਰੱਖਦੇ ਹਨ - ਪਰ ਅਜਿਹੇ ਲੋਕਾਂ ਦੀ ਯਾਦ ਦਿਲਾਂ ਵਿੱਚ ਉਨ੍ਹਾਂ ਲੋਕਾਂ ਪ੍ਰਤੀ ਨਫਰਤ ਪੈਦਾ ਕਰਦੀ ਹੈ।

----

‘ਸੁਹਾਗਣਾਂ ਦੇ ਨਾਂ’ ਨਾਮ ਦੇ ਨਿਬੰਧ ਵਿੱਚ ਪੂਰਨ ਸਿੰਘ ਪਾਂਧੀ ਸਾਡੇ ਸਮਿਆਂ ਦੇ ਇੱਕ ਬਹੁਤ ਹੀ ਮਹੱਤਵ-ਪੂਰਨ ਵਿਸ਼ੇ ਬਾਰੇ ਗੱਲ ਕਰਦਾ ਹੈ।

ਮਰਦ-ਪ੍ਰਧਾਨ ਸਮਾਜ ਹਜ਼ਾਰਾਂ ਸਾਲਾਂ ਤੋਂ ਔਰਤ ਨੂੰ ਆਪਣੇ ਪੈਰਾਂ ਹੇਠ ਲਿਤਾੜਦਾ ਰਿਹਾ ਹੈ। ਔਰਤ ਨੂੰ ਨਾ ਸਾਡੇ ਸਾਹਿਤਕ, ਸਭਿਆਚਾਰਕ, ਧਾਰਮਿਕ ਗ੍ਰੰਥਾਂ ਨੇ ਬਖਸ਼ਿਆ, ਨਾ ਹੀ ਸਾਡੇ ਕਹਿੰਦੇ ਕਹੋਂਦੇ ਮਹਾਂ-ਕਵੀਆਂ ਨੇ ਹੀ। ਕਿਸੇ ਨੇ ਔਰਤ ਨੂੰ ਪੈਰ ਦੀ ਜੁੱਤੀ ਕਿਹਾ, ਕਿਸੀ ਨੇ ਇਸਨੂੰ ਪੱਥਰ ਕਿਹਾ, ਇਨ੍ਹਾਂ ਮਹਾਂ-ਪੁਰਖਾਂ ਨੇ ਇਹ ਵੀ ਨਾ ਸੋਚਿਆ ਕਿ ਔਰਤ ਤੋਂ ਹੀ ਮਾਂ, ਪਤਨੀ, ਧੀ, ਭੈਣ ਅਤੇ ਮਹਿਬੂਬਾ ਦਾ ਰਿਸ਼ਤਾ ਪੈਦਾ ਹੁੰਦਾ ਹੈ। ਮਰਦ-ਪ੍ਰਧਾਨ ਸਮਾਜ ਨੇ ਹਰ ਕੋਸ਼ਿਸ਼ ਕੀਤੀ ਕਿ ਜਿ਼ੰਦਗੀ ਨਾਲ ਸਬੰਧਤ ਕਿਸੇ ਖੇਤਰ ਵਿੱਚ ਵੀ ਔਰਤ ਆਪਣੀ ਆਜ਼ਾਦੀ ਨਾਲ ਨ ਵਿਚਰ ਸਕੇ। ਹਿੰਦੂ ਗ੍ਰੰਥ ਤਾਂ ਇੱਥੋਂ ਤੱਕ ਕਹਿਣ ਵਿੱਚ ਵੀ ਕੋਈ ਝਿਜਕ ਮਹਿਸੂਸ ਨਹੀਂ ਕਰਦੇ ਕਿ ਯੱਗ ਜਾਂ ਹਵਨ ਕਰਨ ਵੇਲੇ ਕੁੱਤੇ, ਸ਼ੂਦਰ ਤੇ ਔਰਤ ਵੱਲ ਵੇਖਣਾ ਮਨ੍ਹਾਂ ਹੈ। ਦਾਨ ਵਿੱਚ ਹਾਥੀ, ਘੋੜੇ, ਗਾਂ ਵਾਂਗ ਔਰਤ ਨੂੰ ਦਾਨ ਵਿੱਚ ਦੇਣ ਦੀ ਆਗਿਆ ਦਿੱਤੀ ਗਈ। ਇੱਥੋਂ ਤੱਕ ਹੀ ਨਹੀਂ, ਜਗੀਰਦਾਰੀ ਸਿਸਟਮ ਵਿੱਚ ਔਰਤ ਨੂੰ ਕਿਸ ਹੱਦ ਤੱਕ ਗ਼ੁਲਾਮੀ ਝੱਲਣੀ ਪੈਂਦੀ ਸੀ, ਉਸ ਦੀ ਇੱਕ ਉਦਾਹਰਣ ਪੂਰਨ ਸਿੰਘ ਪਾਂਧੀ ਆਪਣੇ ਨਿਬੰਧ ‘ਸੁਹਾਗਣਾਂ ਦੇ ਨਾਂ’ ਵਿੱਚ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:

ਜਗੀਰਦਾਰੀ ਸਿਸਟਮ ਵਿੱਚ ਇਸਤਰੀ ਉੱਤੇ ਇੱਕ ਸਮਾਂ ਅਜਿਹਾ ਵੀ ਆਇਆ; ਜਦੋਂ ਉਸ ਥਾਂ ਦੀ ਹਰ ਵਿਆਹੀ ਕੁੜੀ ਨੂੰ ਪਹਿਲੀ ਰਾਤ ਜਗੀਰਦਾਰ ਦੀ ਸੇਵਾ ਵਿੱਚ ਬਿਤਾਉਣੀ ਹੁੰਦੀ ਸੀ। ਸੁਹਾਗ ਵਾਲੀ ਪਹਿਲੀ ਰਾਤ ਸਮੇਂ ਦੇ ਜਗੀਰਦਾਰ ਦੀ ਹੁੰਦੀ ਸੀ। ਪਿੱਛੋਂ ਆਪਣੇ ਘਰ ਦੇ ਚੁੱਲ੍ਹੇ-ਚੌਂਕੇ ਚੜ੍ਹਨਾ ਹੁੰਦਾ ਸੀ।

-----

ਸਦੀਆਂ ਤੋਂ ਔਰਤ ਨੂੰ ਮਰਦ-ਪ੍ਰਧਾਨ ਸਮਾਜ ਦਾ ਇੱਕ ਹੋਰ ਜ਼ੁਲਮ ਵੀ ਸਹਿਣਾ ਪੈਂਦਾ ਰਿਹਾ ਹੈ। ਪਤੀ ਦੇ ਮਰਨ ਤੋਂ ਬਾਹਦ ਔਰਤ ਨੂੰ ਜਿਉਣ ਦਾ ਕੋਈ ਹੱਕ ਨਹੀਂ ਸੀ। ਉਸ ਨੂੰ ਪਤੀ ਦੀ ਲਾਸ਼ ਦੇ ਨਾਲ ਹੀ ਜਿਉਂਦੀ ਨੂੰ ਹੀ ਸਾੜ ਦਿੱਤਾ ਜਾਂਦਾ ਸੀ।

ਅਜੋਕੇ ਸਮਿਆਂ ਵਿੱਚ ਅੱਜ ਜਦੋਂ ਕਿ ਔਰਤ ਜਿ਼ੰਦਗੀ ਦੇ ਹਰ ਖੇਤਰ ਵਿੱਚ ਹੀ ਵੱਡੀਆਂ ਵੱਡੀਆਂ ਪ੍ਰਾਪਤੀਆਂ ਕਰ ਰਹੀ ਹੈ, ਪਰ ਫਿਰ ਵੀ ਉਸ ਨਾਲ ਵਿਤਕਰਾ ਜਾਰੀ ਹੈ। ਪਹਿਲਾਂ ਲੋਕ ਧੀਆਂ ਨੂੰ ਜੰਮਦਿਆਂ ਹੀ ਮਾਰ ਦਿੰਦੇ ਸਨ; ਪਰ ਹੁਣ ਵਿਗਿਆਨ ਦੀਆਂ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਕੇ ਅਲਟਰਾਸਾਊਂਡ ਰਾਹੀਂ ਜੰਮਣ ਤੋਂ ਪਹਿਲਾਂ ਹੀ ਮਾਂ ਦੇ ਪੇਟ ਵਿੱਚ ਹੀ ਬੱਚੇ ਦਾ ਲਿੰਗ ਪਤਾ ਲੱਗ ਜਾਣ ਕਾਰਨ ਜੇਕਰ ਮਾਂ ਦੇ ਪੇਟ ਵਿੱਚ ਧੀ ਹੋਵੇ ਤਾਂ ਉਸਨੂੰ ਮਾਂ ਦੇ ਪੇਟ ਵਿੱਚ ਹੀ ਮਾਰ ਦਿੱਤਾ ਜਾਂਦਾ ਹੈ।

ਹਰ ਮਨੁੱਖ ਦਾ ਜ਼ਿੰਦਗੀ ਵਿੱਚ ਕੋਈ ਨਾ ਕੋਈ ਸ਼ੌਕ ਹੁੰਦਾ ਹੈ। ਸ਼ੌਕ ਚੰਗਾ ਵੀ ਹੋ ਸਕਦਾ ਹੈ ਅਤੇ ਮਾੜਾ ਵੀ। ਚੰਗਾ ਸ਼ੌਕ ਹੋਣਾ ਮਾਨਸਿਕ ਤੌਰ ਉੱਤੇ ਸਿਹਤਮੰਦ ਹੋਣਾ ਹੈ; ਪਰ ਮਾੜਾ ਸ਼ੌਕ ਹੋਣਾ - ਮਾਨਸਿਕ ਤੌਰ ਉੱਤੇ ਬੀਮਾਰ ਹੋਣ ਦੀ ਨਿਸ਼ਾਨੀ ਹੈ। ਚੰਗਾ ਸ਼ੌਕ ਰੱਖਣ ਵਾਲੇ ਲੋਕ ਹੋਰਨਾਂ ਲੋਕਾਂ ਨਾਲ ਕੋਈ ਭਲਿਆਈ ਕਰਕੇ ਮਾਨਸਿਕ ਖੁਸ਼ੀ ਮਹਿਸੂਸ ਕਰਦੇ ਹਨ; ਪਰ ਹੋਰਨਾਂ ਲੋਕਾਂ ਉੱਤੇ ਅੱਤਿਆਚਾਰ ਕਰਨ ਦਾ ਸ਼ੌਕ ਮਨੁੱਖ ਨੂੰ ਹੋਰਨਾਂ ਦੀ ਨਜ਼ਰ ਵਿੱਚ ਅਤਿਆਚਾਰੀ ਬਣਾਉਂਦਾ ਹੈ। ਦੋਹਾਂ ਤਰ੍ਹਾਂ ਦੇ ਹੀ ਲੋਕਾਂ ਨਾਲ ਸਬੰਧਤ ਕਹਾਣੀਆਂ ਨਾਲ ਮਨੁੱਖੀ ਸਭਿਆਚਾਰ ਭਰਿਆ ਹੋਇਆ ਹੈ। ਬਿਮਾਰ ਮਾਨਸਿਕਤਾ ਵਾਲੇ ਲੋਕਾਂ ਦੇ ਸ਼ੋਕ ਕਿਹੋ ਜਿਹੇ ਹੁੰਦੇ ਹਨ, ਉਸ ਦੀਆਂ ਚਾਰ ਉਦਾਹਰਣਾਂ ਪੂਰਨ ਸਿੰਘ ਪਾਂਧੀ ਦੇ ਨਿਬੰਧ ‘ਸ਼ੌਕ ਤੇ ਰੁਝੇਵੇਂ’ ਵਿੱਚੋਂ ਪੇਸ਼ ਹਨ:

1.

ਹਿਟਲਰ ਦਾ ਰੋਜ਼ਾਨਾ ਟਾਈਮ ਟੇਬਲ ਬਹੁਤ ਅਜੀਬ ਢੰਗ ਦਾ ਸੀ। ਇਸ ਵਿੱਚ ਹਰ ਰੋਜ਼ ਦੋ ਲੱਖ ਨਿਰਦੋਸ਼ ਯਹੂਦੀ ਮਾਰਨ ਦਾ ਪ੍ਰੋਗਰਾਮ ਸੀ। ਮਾਰਨ ਦਾ ਢੰਗ ਦੇਖੋ। ਉਸ ਨੇ ਬੰਦਿਆਂ ਲਈ ਬਹੁਤ ਸਾਰੇ ਘਰ ਬਣਾਏ ਹੋਏ ਸਨ। ਇਸ ਨੂੰ “ਗੈਸ ਚੈਂਬਰ” ਆਖਿਆ ਜਾਂਦਾ ਸੀ। ਇਸ ਵਿੱਚ ‘ਕੱਠੇ ਵੀਹ ਵੀਹ, ਤੀਹ ਤਹਿ ਬੰਦੇ ਬੁੜ੍ਹੀਆਂ ਕਿਤਾਬਾਂ ਵਾਂਗ, ਹੇਠ ਉੱਤੇ ਚਿਣਕੇ, ਚੈਂਬਰ ਵਿੱਚ ਤੂੜ ਦਿੱਤੇ ਜਾਂਦੇ ਸਨ; ਜਿੱਥੇ ਜ਼ਹਿਰੀਲੀ ਗੈਸ ਛੱਡ ਦਿੱਤੀ ਜਾਂਦੀ ਸੀ ਅਤੇ ਉਹ ਗੈਸ ਨਾਲ ਦਮ ਘੁੱਟਕੇ ਤੜਫ ਤੜਫ ਕੇ ਮਰ ਜਾਂਦੇ ਸਨ। 60 ਲੱਖ ਯਹੂਦੀ ਉਸਨੇ ਇਸੇ ਵਿਧੀ ਨਾਲ ਮਾਰੇ।

2.

ਮੁਗਲ ਬਾਦਸ਼ਾਹ ਕੱਲ੍ਹਾ ਨੂੰ ਮਨੁੱਖਾਂ ਦੀਆਂ ਖੋਪਰੀਆਂ ਨਾਲ ਮੀਨਾਰ ਬਨਾਉਣ ਦੀ ਲੱਲ੍ਹ ਸੀ। ਮੁਗਲ ਸੈਨਾਪਤੀ ਬੈਰਮ ਖਾਂ ਨੇ ਜਦੋਂ ਆਪਣੇ ਦੁਸ਼ਮਣ ਨੂੰ ਹਾਰ ਦਿੱਤੀ ਤਾਂ ਬਾਦਸ਼ਾਹ ਕੱਲ੍ਹਾ ਨੇ, ਉਸਦੇ ਮਾਣ ਵਿੱਚ 10 ਹਜ਼ਾਰ ਮਨੁੱਖੀ ਖੋਪਰੀਆਂ ਦੇ ਮਿਨਾਰ ਬਣਵਾਏ ਸਨ।

3.

ਬਰਤਾਨੀਆਂ ਦੀ ਇੱਕ ਪੱਤਰਕਾਰ ਯੁਗੰਡਾ ਦੇ ਡਿਕਟੇਟਰ ਈਦੀ ਅਮੀਨ ਦੀ ਇੰਟਰਵਿਊ ਲੈਣ ਗਈ। ਉਸ ਨੇ ਉਸ ਦੇ ਆਮ ਸ਼ੌਕ ਪੁੱਛੇ ਤਾਂ ਈਦੀ ਬੋਲਿਆ, ਸੁਣੋ:...ਵਧੀਆ ਕੰਮ ਕਰਨ ਵਾਲੇ ਅਫਸਰ ਦੇ ਮੂੰਹ ਉੱਤੇ ਚਪੇੜ ਮਾਰ ਕੇ ਖੁਸ਼ ਹੁੰਦਾ ਹਾਂ। 2....ਸਭ ਤੋਂ ਪਿਆਰੀ ਯੁਵਤੀ ਦੀਆਂ ਰਗਾਂ ਦਾ ਖ਼ੂਨ ਚੁਸਕੀਆਂ ਨਾਲ ਪੀਂਦਾ ਹਾਂ. 3.....ਆਪਣੇ ਦੁਸ਼ਮਣ ਦਾ ਕਾਲਜਾ ਭੁੰਨ ਕੇ ਖਾਣ ਦਾ ਸ਼ੌਕੀਨ ਹਾਂ।

4.

ਲਾਹੌਰ ਦੇ ਜਾਵੇਦ ਇਕਬਾਲ ਨਾਂ ਦੇ, ਇੱਕ ਮੁਸਲਮਾਨ ਦੇ, ਇਸ ਤੋਂ ਵੀ ਭਿਆਨਕ ਤੇ ਹੌਲਨਾਕ ਕਿੱਸੇ ਹਨ। ਕਿੱਤੇ ਵਜੋਂ ਇੰਜਨੀਅਰ, ਛੇ ਫੁੱਟ ਉੱਚਾ ਹੱਟਾ ਕੱਟਾ, ਜਾਵੇਦ ਇਕਬਾਲ, ਗਲੀਆਂ ਖੇਡਦੇ ਨਿੱਕੇ ਨਿਆਣੇ ਕੋਈ ਨਾ ਕੋਈ ਲਾਲਚ ਦੇ ਕੇ, ਚੁੱਕ ਕੇ ਲੈ ਜਾਂਦਾ ਅਤੇ ਆਪਣੇ ਗੰਦੇ ਤਹਿਖਾਨੇ ਵਿੱਚ ਮਾਸੂਮ ਬੱਚਿਆਂ ਨਾਲ ਬੇ ਕਿਰਕ, ਬੇ ਰਹਿਮੀ ਨਾਲ ਬਦਫੈਲੀ ਕਰਦਾ। ਬੱਚਿਆਂ ਦੇ ਹੱਡ ਟੁੱਟ ਜਾਂਦੇ, ਬੇਹੋਸ਼ ਹੋ ਜਾਂਦੇ ਜਾਂ ਮਰ ਜਾਂਦੇ। ਉਹ ਬੇਵਸ ਤਰਲੇ ਕਰਦੇ ਤੇ ਚੀਕਾਂ ਵੀ ਮਾਰਦੇ ਹੋਣਗੇ। ਬਦਫੈਲੀ ਕਰਨ ਪਿੱਛੋਂ ਉਨ੍ਹਾਂ ਮਰੇ ਅਧ ਮਰੇ ਬੱਚਿਆਂ ਦੀਆਂ ਲਾਸ਼ਾਂ ਗਾਲਣ ਲਈ ਤੇਜ਼ਾਬ ਨਾਲ ਭਰੇ ਡਰੰਮ ਵਿੱਚ ਡੁਬੋ ਦਿੰਦਾ। ਬੀਤੀ ਸਦੀ ਦੇ ਅੰਤਲੇ ਸਾਲ ਜਦੋਂ ਉਹ ਫੜਿਆ ਗਿਆ ਤਾਂ ਪੰਜ ਤੋਂ ਪੰਦਰਾਂ ਸਾਲ ਦੇ ਸੌ ਤੋਂ ਵੱਧ ਬੱਚਿਆਂ ਨੂੰ ਉਹ ਆਪਣੀ ਹਵਸ ਦਾ ਸ਼ਿਕਾਰ ਬਣਾ ਚੁੱਕਾ ਸੀ। ਗੰਦਗੀ ਤੇ ਲਹੂ ਨਾਲ ਭਰੇ ਧੱਬਿਆਂ ਨਾਲ, ਉਸ ਦੇ ਤਹਿਖਾਨੇ ਵਿੱਚੋਂ ਨਿੱਕੇ-ਨੰਨੇ ਬੱਚਿਆਂ ਦੀਆਂ ਫਰਾਕਾਂ, ਟੋਪੀਆਂ, ਬੂਟ ਤੇ ਜਰਾਬਾਂ ਭਾਰੀ ਗਿਣਤੀ ਵਿੱਚ ਮਿਲੀਆਂ।

-----

‘ਕਿਵ ਸਚਿਆਰਾ ਹੋਈਐ’ ਪੁਸਤਕ ਵਿੱਚ ਭਾਵੇਂ ਕਿ ਪੂਰਨ ਸਿੰਘ ਪਾਂਧੀ ਨੇ ਜ਼ਿੰਦਗੀ ਨਾਲ ਸਬੰਧਤ ਅਨੇਕਾਂ ਪਹਿਲੂਆਂ ਬਾਰੇ ਨਿਬੰਧ ਲਿਖੇ ਹਨ; ਪਰ ਮੈਂ ਆਪਣੀ ਗੱਲ ਖ਼ਤਮ ਕਰਨ ਤੋਂ ਪਹਿਲਾਂ ਵਿਸ਼ੇਸ਼ ਮਹੱਤਵ ਵਾਲੇ ਵਿਸ਼ਿਆਂ ਬਾਰੇ ਲਿਖੇ ਗਏ ਕੁਝ ਕੁ ਹੋਰ ਨਿਬੰਧਾਂ ਦਾ ਚਰਚਾ ਜ਼ਰੂਰ ਕਰਨਾ ਚਾਹਾਂਗਾ।

ਅਜਿਹੇ ਮਹੱਤਵ-ਪੂਰਨ ਵਿਸਿ਼ਆਂ ਵਿੱਚ ਇੱਕ ਵਿਸ਼ਾ ਹੈ: ਸਹਿਣਸ਼ੀਲਤਾ। ਇਹ ਗੁਣ ਮਨੁੱਖ ਦੀਆਂ ਅਨੇਕਾਂ ਔਖੀਆਂ ਘੜੀਆਂ ਵਿੱਚ ਮੱਦਦ ਕਰਦਾ ਹੈ। ਅਨੇਕਾਂ ਹਾਲਤਾਂ ਵਿੱਚ ਕਿਸੇ ਵਿਸ਼ੇ ਉੱਤੇ ਗੱਲ ਕਰਦਿਆਂ ਦੋ ਮਨੁੱਖਾਂ ਦੇ ਆਪਸ ਵਿੱਚ ਵਿਚਾਰ ਨਹੀਂ ਮਿਲਦੇ ਅਤੇ ਉਹ ਤਲਖੀ ਵਿੱਚ ਆ ਕੇ ਇੱਕ ਦੂਜੇ ਨੂੰ ਅਜਿਹੀਆਂ ਗੱਲਾਂ ਕਹਿ ਜਾਂਦੇ ਹਨ - ਜਿਨ੍ਹਾਂ ਦਾ ਕਈ ਵਾਰੀ ਕੋਈ ਵਿਸ਼ੇਸ਼ ਮਹੱਤਵ ਨਹੀਂ ਹੁੰਦਾ। ਪਰ ਉਸ ਘੜੀ ਕਹੇ ਗਏ ਉਹ ਸ਼ਬਦ ਸਾਨੂੰ ਬੇਚੈਨ ਕਰ ਜਾਂਦੇ ਹਨ। ਅਜਿਹੀ ਹਾਲਤ ਵਿੱਚ ਜੇਕਰ ਦੋਹਾਂ ਵਿਅਕਤੀਆਂ ਵਿੱਚੋਂ ਕੋਈ ਇੱਕ ਵਿਅਕਤੀ ਸਹਿਨਸ਼ੀਲਤਾ ਦਿਖਾ ਕੇ ਗੱਲ ਨੂੰ ਵਧਣ ਨਾ ਦੇਵੇ ਤਾਂ ਹੌਲੀ ਹੌਲੀ ਦੂਜੇ ਵਿਅਕਤੀ ਨੂੰ ਵੀ ਆਹਿਸਾਸ ਹੋ ਜਾਂਦਾ ਹੈ ਕਿ ਉਸ ਨੇ ਬਿਨ੍ਹਾਂ ਕਿਸੀ ਗੱਲ ਦੇ ਗੱਲ ਵਧਾ ਲਈ ਸੀ ਅਤੇ ਦੂਜੇ ਵਿਅਕਤੀ ਲਈ ਮੰਦਾ ਬੋਲਿਆ ਹੈ।

-----

‘ਹਿੰਮਤ’ ਇੱਕ ਹੋਰ ਅਜਿਹਾ ਵਿਸ਼ਾ ਹੈ ਜਿਸ ਦੀ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਤਾ ਹੈ। ਹਿੰਮਤ ਸਦਕਾ ਹੀ ਅਸੀਂ ਜ਼ਿੰਦਗੀ ਵਿੱਚ ਵੱਡੀਆਂ ਵੱਡੀਆਂ ਪ੍ਰਾਪਤੀਆਂ ਕਰ ਲੈਂਦੇ ਹਾਂ। ਮਨੁੱਖੀ ਸ਼ਖ਼ਸੀਅਤ ਦੇ ਇਸ ਗੁਣ ਸਦਕਾ ਹੀ ਗਿਆਨ, ਵਿਗਿਆਨ ਅਤੇ ਤਕਨਾਲੋਜੀ ਵਿੱਚ ਇਨਕਲਾਬੀ ਪ੍ਰਾਪਤੀਆਂ ਹੋ ਸਕੀਆਂ ਹਨ। ਇਸੇ ਗੁਣ ਸਦਕਾ ਹੀ ਮਨੁੱਖ ਚੰਨ ਦੀ ਧਰਤੀ ਉੱਤੇ ਆਪਣਾ ਝੰਡਾ ਗੱਡ ਸਕਿਆ ਹੈ। ਇਸੇ ਗੁਣ ਨੇ ਹੀ ਮਨੁੱਖ ਨੂੰ ਬਰਫ਼ਾਨੀ ਝੱਖੜਾਂ ਦਾ ਸਾਹਮਣਾ ਕਰਦਿਆਂ ਹੋਇਆਂ ਮਾਊਂਟ ਐਵਰਿਸਟ ਦੀ ਚੋਟੀ ਉੱਤੇ ਆਪਣੇ ਕਦਮਾਂ ਦੇ ਨਿਸ਼ਾਨ ਲਗਾਉਣ ਦਾ ਬਲ ਦਿੱਤਾ। ਆਪਣੇ ਨਿਬੰਧ ‘ਹਿੰਮਤ’ ਵਿੱਚ ਪੂਰਨ ਸਿੰਘ ਪਾਂਧੀ ਇਸ ਗੱਲ ਵੱਲ ਵੀ ਧਿਆਨ ਦੁਆਣਾ ਆਪਣੀ ਜਿੰਮੇਵਾਰੀ ਸਮਝਦਾ ਹੈ ਕਿ ਮਨੁੱਖ ਨੇ ਆਪਣੀ ਹਿੰਮਤ ਸਦਕਾ ਵਿਗਿਆਨ ਅਤੇ ਤਕਨਾਲੋਜੀ ਵਿੱਚ ਮਹਾਨ ਪ੍ਰਾਪਤੀਆਂ ਕੀਤੀਆਂ ਹਨ; ਪਰ ਮਨੁੱਖ ਇਨ੍ਹਾਂ ਮਹਾਨ ਪ੍ਰਾਪਤੀਆਂ ਦੀ ਦੁਰਵਰਤੋਂ ਵੀ ਕਰਨ ਲੱਗ ਪਿਆ ਹੈ। ਅਜਿਹੀ ਦੁਰਵਰਤੋਂ ਦਾ ਮੂਲ ਕਾਰਨ ਉਸਨੂੰ ਮਿਲੀ ਵਿਹਲ ਹੀ ਹੈ। ਇਸ ਨੁਕਤੇ ਨੂੰ ਪੂਰਨ ਸਿੰਘ ਪਾਂਧੀ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:

ਸਦੀਆਂ ਤੋਂ ਜਿਨ੍ਹਾਂ ਗੱਲਾਂ ਲਈ ਮਨੁੱਖ ਤਰਸਦਾ ਸੀ ਤੇ ਉਸ ਦੀ ਪਹੁੰਚ ਤੋਂ ਬਾਹਰ ਸਨ, ਉਸ ਦੀ ਹਿੰਮਤ ਸਦਕਾ ਹੁਣ ਉਹ ਉਸਦੇ ਪੈਰਾਂ ਵਿੱਚ ਆ ਖੜ੍ਹੀਆਂ ਹਨ। ਸਗੋਂ ਉਹ ਹੁਣ ਇਸ ਦੀ ਦੁਰਵਰਤੋਂ ਵੀ ਕਰਨ ਲੱਗ ਪਿਆ ਹੈ। ਬੇਅੰਤ ਮਸ਼ੀਨਰੀ ਦਾਸੀਆਂ ਵਾਂਗ ਮਨੁੱਖ ਅੱਗੇ ਹੱਥ ਬੰਨ੍ਹੀ ਖੜ੍ਹੀ ਹੈ। ਫਿਕਰ ਤਾਂ ਸਗੋਂ ਇਹ ਹੈ ਕਿ ਜੇ ਇਸੇ ਤਰ੍ਹਾਂ ਮਨੁੱਖ ਮਸ਼ੀਨਰੀ ਉੱਤੇ ਨਿਰਭਰ ਹੁੰਦਾ ਗਿਆ ਤਾਂ ਕੁਦਰਤ ਦੀ ਦਿੱਤੀ ਸਰੀਰਕ ਮਸ਼ੀਨਰੀ ਦਾ ਕੀ ਬਣੂੰ?....ਸੁੱਖਾਂ ਦੇ ਸਾਧਨਾਂ ਦਾ ਬੇਅੰਤ ਪਸਾਰਾ ਹੋਣ ਕਰਕੇ ਮਨੁੱਖ ਕੋਲ ਜਿਸਮਾਨੀ ਵਿਹਲ ਵਧ ਗਈ ਹੈ। ਪਰ ਇਸਦੇ ਨਾਲ ਨਾਲ ਮਨੁੱਖ ਮਾਨਸਿਕ ਉਲਝਣਾਂ ਦਾ ਸ਼ਿਕਾਰ ਹੋ ਰਿਹਾ ਹੈ। ਇਸੇ ਕਾਰਣ ਪ੍ਰਿਥਵੀ ਦਾ ਹਰ ਮਨੁੱਖ ਨਵੇਂ ਨਵੇਂ ਰੋਗਾਂ ਦਾ ਸ਼ਿਕਾਰ ਹੋ ਰਿਹਾ ਦਿਖਾਈ ਦਿੰਦਾ ਹੈ। ਦੁਆਈਆਂ ਤੇ ਹਸਪਤਾਲ ਵਧ ਰਹੇ ਹਨ।

-----

ਆਪਣੇ ਨਿਬੰਧ ਦੇ ਅੰਤ ਵਿੱਚ ਮੈਂ ‘ਕਿਵ ਸਚਿਆਰਾ ਹੋਈਐ’ ਪੁਸਤਕ ਵਿੱਚ ਸ਼ਾਮਿਲ ਨਿਬੰਧ ‘ਤੁਸੀਂ ਕੌਣ ਹੋ’ ਬਾਰੇ ਚਰਚਾ ਕਰਨਾ ਜ਼ਰੂਰੀ ਸਮਝਦਾ ਹਾਂ।

ਅਨੇਕਾਂ ਲੋਕਾਂ ਦੀ ਜ਼ਿੰਦਗੀ ਭਰ ਇਹੀ ਸਮੱਸਿਆ ਬਣੀ ਰਹਿੰਦੀ ਹੈ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਕੌਣ ਹਨ? ਉਹ ਉਮਰ ਭਰ ਆਪਣੇ ਆਪ ਨੂੰ ਕੋਈ ਹੋਰ ਹੀ ਵਿਅਕਤੀ ਸਮਝਦੇ ਰਹਿੰਦੇ ਹਨ - ਜੋ ਕਿ ਅਸਲ ਵਿੱਚ ਉਹ ਹੁੰਦੇ ਹੀ ਨਹੀਂ ਹਨ। ਇਸ ਨੁਕਤੇ ਨੂੰ ਪੂਰਨ ਸਿੰਘ ਪਾਂਧੀ ਬਹੁਤ ਹੀ ਦਿਲਕਸ਼ ਅੰਦਾਜ਼ ਵਿੱਚ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:

ਇੱਕ ਚੀਨੀ ਕਹਾਣੀ ਹੈ। ਕਿਸੇ ਥਾਂ ਕੋਈ ਮੇਲਾ ਲੱਗਾ ਹੋਇਆ ਸੀ। ਲੋਕਾਂ ਦੀ ਭੀੜ ਸੀ। ਨੇੜੇ ਇੱਕ ਖੂਹ ਸੀ। ਖੂਹ ਦੀ ਮੌਣ ਨਹੀਂ ਸੀ। ਉਸ ਖੂਹ ਵਿੱਚ ਕੋਈ ਬਦਨਸੀਬ ਡਿੱਗ ਪਿਆ। ਉਹ ਚੀਕਿਆ ਚਿਲਾਇਆ। ਕੋਈ ਨੇੜੇ ਨਾ ਆਇਆ। ਕਨਫਿਊਸਸ ਦੇ ਇੱਕ ਉਪਾਸ਼ਕ ਨੇ ਚੀਕਾਂ ਸੁਣੀਆਂ। ਉਸ ਸੋਚਿਆ ਖੂਹ ਦੀ ਮੌਣ ਨਹੀਂ; ਇਹ ਕਾਨੂੰਨ ਦੇ ਖਿਲਾਫ਼ ਹੈ। ਉਸ ਆਖਿਆ, “ਤੂੰ ਭਰੋਸਾ ਰੱਖ, ਅੱਗੇ ਤੋਂ ਸਾਰੇ ਖੂਹਾਂ ਉੱਤੇ ਮੌਣਾਂ ਬਣਾ ਦਿਆਂਗੇ।” ਆਖ ਕੇ ਚਲਦਾ ਬਣਿਆਂ।

ਫਿਰ ਕਿਸੇ ਬੋਧੀ ਭਿਕਸ਼ੂ ਨੂੰ ਪਤਾ ਲੱਗਾ। ਉਹ ਆਇਆ। ਉਸ ਨੇ ਅਫਸੋਸ ਵਿੱਚ ਸਿਰ ਹਿਲਾਇਆ। ਆਖਣ ਲੱਗਾ, “ਭਾਈ ਤੂੰ ਪਿਛਲੇ ਜਨਮਾਂ ਦਾ ਕਰਮ ਭੋਗ ਰਿਹਾ ਹੈਂ, ਇਸ ਵਿੱਚ ਮੈਂ ਕੋਈ ਦਖਲ ਨਹੀਂ ਦੇ ਸਕਦਾ। ਜੇ ਖੂਹ ਵਿੱਚ ਡਿੱਗ ਪਿਆ ਹੈਂ ਤਾਂ ਤੇਰੇ ਕਰਮ ਹਨ, ਮੈਂ ਕੀ ਕਰ ਸਕਦਾ ਹਾਂ”।

ਪਿੱਛੋਂ ਤਰਸ ਦਾ ਮਾਰਾ ਕੋਈ ਸਾਧਾਰਨ ਬੰਦਾ ਆਇਆ। ਉਸ ਨੇ ਰੱਸੀ ਖੂਹ ਵਿੱਚ ਲਮਕਾਈ, ਖੂਹ ਵਿੱਚ ਡੁੱਬ ਰਿਹਾ ਬੰਦਾ ਬਾਹਰ ਨਿਕਲ ਆਉਂਦਾ ਹੈ। ਉਸ ਨੇ ਕੱਢਣ ਵਾਲੇ ਦੇ ਪੈਰ ਫੜ ਲਏ ਤੇ ਆਖਿਆ ਕਿ ਤੂੰ ਹੀ ਸੱਚਾ ਧਾਰਮਕ ਹੈਂ, ਬਾਕੀ ਸਭ ਦਿਖਾਵਾ ਹੈ।

-----

ਕੈਨੇਡੀਅਨ ਪੰਜਾਬੀ ਸਾਹਿਤਕਾਰ ਪੂਰਨ ਸਿੰਘ ਪਾਂਧੀ ਦੀ ਪੁਸਤਕ ‘ਕਿਵ ਸਚਿਆਰਾ ਹੋਈਐ’ ਦੀ ਪ੍ਰਕਾਸ਼ਨਾ ਨਾਲ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਮਨੁੱਖੀ ਸ਼ਖਸੀਅਤ ਦੇ ਗੁਣਾਂ-ਔਗੁਣਾਂ ਬਾਰੇ ਬੜੀ ਸਰਲ ਭਾਸ਼ਾ ਵਿੱਚ ਅਤੇ ਰੌਚਿਕ ਢੰਗ ਨਾਲ ਪੁਸਤਕ ਲਿਖਣ ਲਈ ਪਾਂਧੀ ਮੁਬਾਰਕ ਦਾ ਹੱਕਦਾਰ ਹੈ।

ਪੂਰਨ ਸਿੰਘ ਪਾਂਧੀ ਦੀ ਇਹ ਪੁਸਤਕ ਉਸਨੂੰ ਕੈਨੇਡਾ ਦੇ ਚੇਤੰਨ ਅਤੇ ਜਾਗਰੂਕ ਲੇਖਕਾਂ ਦੀ ਢਾਣੀ ਵਿੱਚ ਲਿਆ ਖੜ੍ਹਾ ਕਰਦੀ ਹੈ। ਪਾਂਧੀ ਸਾਧਾਰਨ ਲੋਕਾਂ ਦੀ ਮਾਨਸਿਕਤਾ ਅਤੇ ਉਨ੍ਹਾਂ ਦੀ ਭਾਸ਼ਾ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਇਹ ਦਿਲਚਸਪ ਪੁਸਤਕ ਪੜ੍ਹਣ ਵੇਲੇ ਇਸ ਗੱਲ ਦੇ ਵੀ ਝਲਕਾਰੇ ਮਿਲਦੇ ਹਨ ਕਿ ਪਾਂਧੀ ਬਹੁ-ਦਿਸ਼ਾਵੀ ਗਿਆਨ-ਵਿਗਿਆਨ ਵਿੱਚ ਦਿਲਚਸਪੀ ਰੱਖਣ ਵਾਲਾ ਇੱਕ ਅਜਿਹਾ ਕੈਨੇਡੀਅਨ ਪੰਜਾਬੀ ਲੇਖਕ ਹੈ ਜੋ ਕਿ ਪ੍ਰੰਪਰਕ ਕਦਰਾਂ-ਕੀਮਤਾਂ ਨੂੰ ਸਮਝਦਾ ਹੋਇਆ ਅਜੋਕੇ ਸਮਿਆਂ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕਰਦਾ।