ਲੇਖ
ਤ੍ਰਿਲੋਚਨ ਸਿੰਘ ਗਿੱਲ ਪਿਛਲੇ ਤਕਰੀਬਨ ਚਾਰ ਦਹਾਕਿਆਂ ਤੋਂ ਸਾਹਿਤ ਦੇ ਵੱਖੋ ਵੱਖ ਰੂਪਾਂ ਵਿੱਚ ਰਚਨਾ ਕਰ ਰਿਹਾ ਹੈ। ਉਸ ਨੇ ਕਵਿਤਾ, ਕਹਾਣੀ, ਨਾਵਲ, ਨਾਟਕ, ਵਾਰਤਕ, ਸਫਰਨਾਮਿਆਂ ਦੇ ਰੂਪ ਵਿੱਚ ਆਪਣੀਆਂ ਲਿਖਤਾਂ ਲਿਖੀਆਂ ਹਨ ਅਤੇ ਪੁਸਤਕਾਂ ਪ੍ਰਕਾਸਿ਼ਤ ਕੀਤੀਆਂ ਹਨ; ਪਰ ਕੈਨੇਡੀਅਨ ਪੰਜਾਬੀ ਸਾਹਿਤ ਜਗਤ ਵਿੱਚ ਉਹ ਅਜੇ ਤੀਕ ਅਣਗੌਲਿਆ ਹੀ ਰਿਹਾ ਹੈ। ਕੈਨੇਡੀਅਨ ਪੰਜਾਬੀ ਸਾਹਿਤ ਦੀ ਪਰਖ ਪੜਚੋਲ ਕਰਨ ਵਾਲਿਆਂ ਨੇ ਉਸਨੂੰ ਅਜੇ ਤੱਕ ਸਾਹਿਤ ਦੇ ਕਿਸੇ ਵੀ ਰੂਪ ਵਿੱਚ ਰਚਨਾ ਕਰਨ ਵਾਲੇ ਜ਼ਿਕਰਯੋਗ ਲੇਖਕ ਵਜੋਂ ਸਵੀਕਾਰ ਨਹੀਂ ਕੀਤਾ। ਇਸਦੇ ਅਨੇਕਾਂ ਕਾਰਨ ਹੋ ਸਕਦੇ ਹਨ। ਇਸਦਾ ਇੱਕ ਵੱਡਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਤ੍ਰਿਲੋਚਨ ਸਿੰਘ ਗਿੱਲ ਨੂੰ ਏਨੇ ਵਰ੍ਹਿਆਂ ਵਿੱਚ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ਸਾਹਿਤ ਦੇ ਕਿਹੜੇ ਰੂਪ ਦੀ ਰਚਨਾ ਕਰਨ ਦੀ ਉਸ ਵਿੱਚ ਵਧੇਰੇ ਸਮਰੱਥਾ ਹੈ ਅਤੇ ਉਹ ਇੱਕ ਲੇਖਕ ਵਜੋਂ ਵਧੇਰੇ ਕਾਮਯਾਬ ਹੋ ਸਕਦਾ ਹੈ।
----
‘ਮਿੱਠਤ ਨੀਵੀਂ’ ਨਾਵਲ ਤ੍ਰਿਲੋਚਨ ਸਿੰਘ ਗਿੱਲ ਨੇ 1997 ਵਿੱਚ ਪ੍ਰਕਾਸ਼ਿਤ ਕੀਤਾ ਸੀ। ਇਸ ਤੋਂ ਪਹਿਲਾਂ ਉਹ ‘ਹਾਦਸੇ’, ‘ਹਾਦਸੇ ਤੋਂ ਪਿਛੋਂ’ ਅਤੇ ‘ਕਲਿੰਗਾ ਦੀ ਫਤਹ’ ਨਾਮ ਦੇ ਨਾਵਲ ਵੀ ਪ੍ਰਕਾਸ਼ਿਤ ਕਰ ਚੁੱਕਾ ਹੈ। ‘ਮਿੱਠਤ ਨੀਵੀਂ’ ਨਾਵਲ ਡਾਇਰੀ ਦੇ ਪੰਨੇ ਲਿਖਣ ਦੀ ਤਕਨੀਕ ਵਿੱਚ ਲਿਖਿਆ ਗਿਆ ਹੈ। ਇਹ ਨਾਵਲ ਪੜ੍ਹਣ ਤੋਂ ਬਾਹਦ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਕੈਨੇਡੀਅਨ ਪੰਜਾਬੀ ਸਾਹਿਤ ਜਗਤ ਵਿੱਚ ਤ੍ਰਿਲੋਚਨ ਸਿੰਘ ਗਿੱਲ ਨੂੰ ਇੱਕ ਨਾਵਲਕਾਰ ਵਜੋਂ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ।
----
ਇਸ ਨਾਵਲ ਦਾ ਮੁੱਖ ਪਾਤਰ ਸੁਚੇਤ ਕੈਨੇਡਾ ਦੇ ਇੱਕ ਬਰਫੀਲੇ ਝੱਖੜ ਦੌਰਾਨ ਕਾਰ ਦੀ ਪਾਰਕਿੰਗ ਲਾਟ ਵਿੱਚ ਤਿਲਕ ਕੇ ਡਿੱਗ ਪੈਂਦਾ ਹੈ ਅਤੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਜਾਂਦਾ ਹੈ। ਇੱਥੋਂ ਹੀ ਸ਼ੁਰੂ ਹੁੰਦਾ ਹੈ ਇਹ ਨਾਵਲ। ਇਸ ਨਾਵਲ ਦਾ ਸਾਰਾ ਬ੍ਰਿਤਾਂਤ ਸੁਚੇਤ ਵੱਲੋਂ ਆਪਣੀ ਬੀਮਾਰੀ ਦੌਰਾਨ ਹਸਪਤਾਲ ਵਿੱਚ ਬਿਤਾਏ ਦਿਨਾਂ ਬਾਰੇ ਲਿਖੇ ਡਾਇਰੀ ਦੇ ਪੰਨੇ ਹਨ। ਇਸ ਨਾਵਲ ਨੂੰ ਵਧਾਉਣ ਲਈ ਸੁਚੇਤ ਇਸ ਨਾਵਲ ਵਿੱਚ ਡਾਇਰੀ ਦੇ ਉਹ ਪੰਨੇ ਵੀ ਸ਼ਾਮਿਲ ਕਰ ਲੈਂਦਾ ਹੈ ਜੋ ਹਸਪਤਾਲ ਵਿੱਚੋਂ ਬਾਹਰ ਆਉਣ ਤੋਂ ਬਾਅਦ ਉਹ ਇੰਗਲੈਂਡ, ਅਮਰੀਕਾ, ਮਿਡਲ ਈਸਟ ਜਾਂ ਇੰਡੀਆ ਦੀ ਸੈਰ ਕਰਨ ਦੌਰਾਨ ਲਿਖਦਾ ਹੈ। ਇਨ੍ਹਾਂ ਵਾਧੂ ਸਫਿਆਂ ਤੋਂ ਬਿਨ੍ਹਾਂ ਹੋਰ ਵੀ ਕਈ ਕੁਝ, ਮਹਿਜ਼, ਨਾਵਲ ਦੇ ਸਫ਼ੇ ਵਧਾਉਣ ਲਈ ਹੀ ਭਰਤੀ ਕੀਤਾ ਗਿਆ ਹੈ, ਜਿਨ੍ਹਾਂ ਤੋਂ ਬਿਨ੍ਹਾਂ ਵੀ ਇਹ ਨਾਵਲ ਪੂਰਾ ਹੋ ਸਕਦਾ ਸੀ। ਜੇਕਰ ਇਹ ਨਾਵਲ, ਮਹਿਜ਼, ਹਸਪਤਾਲ ਵਿੱਚ ਬਿਤਾਏ ਦਿਨਾਂ ਦੌਰਾਨ ਸੁਚੇਤ ਵੱਲੋਂ ਲਿਖੀ ਡਾਇਰੀ ਦੇ ਪੰਨਿਆਂ ਉੱਤੇ ਹੀ ਆਧਾਰਤ ਹੁੰਦਾ ਤਾਂ ਇਹ ਨਾਵਲ ਵਧੇਰੇ ਸਾਰਥਿਕ ਹੋਣਾ ਸੀ। ਨਾਵਲ ਵਿੱਚ ਵਾਧੂ ਸਫ਼ਿਆਂ ਦੀ ਭਰਤੀ ਕਰਕੇ ਤ੍ਰਿਲੋਚਨ ਸਿੰਘ ਗਿੱਲ ਆਪਣੇ ਪਾਠਕਾਂ ਦੀ ਇਗਾਗਰਤਾ ਭੰਗ ਕਰ ਦਿੰਦਾ ਹੈ ਅਤੇ ਨਾਵਲ ਵਿੱਚ ਛੋਹੇ ਗਏ ਅਸਲ ਵਿਸ਼ੇ ਦੀ ਲੀਹ ਤੋਂ ਪਾਸੇ ਹਟ ਜਾਂਦਾ ਹੈ।
----
‘ਮਿੱਠਤ ਨੀਵੀਂ’ ਨਾਵਲ ਦਾ ਸ਼ੁਰੂ ਨਾਵਲ ਦੇ ਮੁੱਖ ਪਾਤਰ ਸੁਚੇਤ ਦੀ ਜਿ਼ੰਦਗੀ ਵਿੱਚ ਪੈਦਾ ਹੋਏ ਸੰਕਟ ਨਾਲ ਹੁੰਦਾ ਹੈ:
“ਆਖਰ ਸਾਢੇ ਤਿੰਨ ਵਜੇ ਸੁਚੇਤ ਨੇ ਸਕੂਲ ਵਿੱਚ ਦੀ ਹੁੰਦਿਆਂ ਘਰ ਪੁੱਜਣ ਦੀ ਗੱਲ ਤੇ ਅਮਲ ਸ਼ੁਰੂ ਕਰ ਹੀ ਦਿੱਤਾ। ਉਹ ਪਾਰਕਿੰਗ ਵਿੱਚ ਪੁੱਜਾ ਤੇ ਕਾਰ ਦਾ ਦਰਵਾਜ਼ਾ ਖੋਲ੍ਹਣ ਹੀ ਲੱਗਾ ਸੀ ਕਿ ਧੜੱਮ ਕਰਕੇ, ਚੱਕਰ ਖਾ ਕੇ ਥੱਲੇ ਡਿੱਗ ਪਿਆ। ਡਿਗਦਿਆਂ ਹੀ ਇਕ ਚੀਕ ਨਿਕਲੀ ਜਿਵੇਂ ਕੁਝ ਟੁੱਟ ਗਿਆ ਹੋਵੇ। ਫੇਰ ਉਸ ਉੱਠਣ ਦਾ ਯਤਨ ਕੀਤਾ - ਅਸਫ਼ਲ - ਤੇ ਪੀੜ ਨਾਲ ਜਿਵੇਂ ਉਸ ਦੀਆਂ ਚੀਕਾਂ ਨਿਕਲ ਰਹੀਆਂ ਹੋਣ”
-----
ਇਸ ਘਟਨਾ ਦੇ ਨਾਲ ਹੀ ਨਾਵਲਕਾਰ ਸਾਨੂੰ ਕੈਨੇਡਾ ਦੇ ਕਾਨੂੰਨ ਬਾਰੇ ਵੀ ਜਾਣੂੰ ਕਰਵਾਉਂਦਾ ਹੈ:
“ਭਾਵੇਂ ਇਸ ਦੇਸ਼ ਵਿੱਚ, ਹਾਦਸੇ ਤੇ ਸੱਟ ਪਿੱਛੋਂ ਕਿਸੇ ਨੂੰ ਸਾਧਾਰਨ ਆਦਮੀ ਦਾ ਹੱਥ ਲਾਉਣਾ ਖ਼ਤਰੇ ਤੋਂ ਖਾਲੀ ਨਹੀਂ, ਪਰ ਸੁਚੇਤ ਦੇ ਜੰਮਦੇ ਜਾਂਦੇ ਸਰੀਰ ਤੇ ਟੁੱਟਦੇ ਬੋਲਾਂ ਦੀਆਂ ਬੇਨਤੀਆਂ ਨੇ ਉਸ ਦੇ ਗੁਆਂਢੀ ਤੇ ਹੋਰਾਂ ਨੂੰ ਖੁੱਲ੍ਹੇ ਠੰਢੇ ਪਾਰਕਿੰਗ ਤੋਂ ਚੁੱਕ ਕੇ, ਇਕ ਪਿਛਲੇ ਲਾਹੌਰੀਆਂ ਦੇ ਫਲੈਟ ਤਕ ਚੱਕ-ਘਸੀਟ ਕੇ ਲਿਜਾਣ ਦਾ ਉਦਮ ਕਰਵਾ ਹੀ ਦਿੱਤਾ”
-----
ਨਾਵਲ ਦੇ ਮੁੱਖ ਪਾਤਰ ਸੁਚੇਤ ਵੱਲੋਂ ਹਸਪਤਾਲ ਵਿੱਚ ਬਿਤਾਏ ਪਲਾਂ ਦਾ ਬਿਆਨ ਕਰਨ ਦੇ ਨਾਲ ਨਾਲ ਹੀ ਨਾਵਲਕਾਰ ਹਸਪਤਾਲ ਦੀ ਜ਼ਿੰਦਗੀ ਦੇ ਹੋਰਨਾਂ ਪੱਖਾਂ ਬਾਰੇ ਵੀ ਗੱਲ ਕਰਦਾ ਜਾਂਦਾ ਹੈ। ਅਜਿਹੀਆਂ ਗੱਲਾਂ, ਜੋ ਸਿਰਫ਼ ਉਹੀ ਬੰਦਾ ਹੀ ਕਰ ਸਕਦਾ ਹੈ ਜਿਸਨੇ ਸੱਚਮੁੱਚ ਬੀਮਾਰੀ ਦੌਰਾਨ ਹਸਪਤਾਲ ਵਿੱਚ ਕੁਝ ਸਮਾਂ ਬਿਤਾਇਆ ਹੋਵੇ। ਅਸੀਂ ਅਕਸਰ ਦੇਖਦੇ ਹਾਂ ਕਿ ਹਸਪਤਾਲ ਵਿੱਚ ਬੀਮਾਰ ਕਿਸੇ ਮਿੱਤਰ/ਰਿਸ਼ਤੇਦਾਰ ਦਾ ਪਤਾ ਲਗਾਉਣ ਗਏ ਅਸੀਂ ਘੰਟਿਆਂ ਬੱਧੀ ਬੀਮਾਰ ਵਿਅਕਤੀ ਦੇ ਕੋਲ ਬੈਠੇ ਉਸ ਨਾਲ ਗੱਪਾਂ ਮਾਰਦੇ ਰਹਿੰਦੇ ਹਾਂ; ਬਿਨ੍ਹਾਂ ਇਸ ਗੱਲ ਦੀ ਪ੍ਰਵਾਹ ਕੀਤੇ ਕਿ ਬੀਮਾਰ ਵਿਅਕਤੀ ਨੂੰ ਗੱਲਾਂ ਵਿੱਚ ਸ਼ਾਮਿਲ ਕਰਕੇ ਅਸੀਂ ਉਸ ਨੂੰ ਥਕਾ ਰਹੇ ਹਾਂ। ਜਿਸ ਕਾਰਨ ਉਸਦੀ ਬੀਮਾਰੀ ਵਿੱਚ ਹੋਰ ਵਾਧਾ ਹੋ ਸਕਦਾ ਹੈ।
----
ਨਾਵਲਕਾਰ ਕੈਨੇਡਾ ਦੇ ਹਸਪਤਾਲਾਂ ਦੀ ਇੱਕ ਹੋਰ ਵੱਡੀ ਸਮੱਸਿਆ ਵੱਲ ਵੀ ਸਾਡਾ ਧਿਆਨ ਦੁਆਉਂਦਾ ਹੈ। ਸਰਕਾਰ ਤਾਂ ਹਸਪਤਾਲਾਂ ਦੇ ਵਾਤਾਵਰਨ ਨੂੰ ਪ੍ਰਦੂਸ਼ਣ ਰਹਿਤ ਰੱਖਣ ਲਈ ਕਾਨੂੰਨ ਬਣਾ ਦਿੰਦੀ ਹੈ; ਪਰ ਨ ਤਾਂ ਲੋਕ ਅਜਿਹੇ ਕਾਨੂੰਨਾਂ ਦੀ ਕੋਈ ਪ੍ਰਵਾਹ ਕਰਦੇ ਹਨ ਅਤੇ ਨ ਹੀ ਹਸਪਤਾਲਾਂ ਦੇ ਪ੍ਰਬੰਧਕ ਕਰਮਚਾਰੀ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਯਤਨ ਕਰਦੇ ਹਨ ਕਿ ਹਸਪਤਾਲਾਂ ਵਿੱਚ ਮਰੀਜ਼ਾਂ, ਸਟਾਫ ਅਤੇ ਆਉਣ ਜਾਣ ਵਾਲ਼ਿਆਂ ਵੱਲੋਂ ਅਜਿਹੇ ਕਾਨੂੰਨਾਂ ਦੀ ਪਾਲਣਾ ਕੀਤੀ ਜਾਵੇ:
“ਭਾਵੇਂ ਸ਼ਹਿਰ ਦੇ ਬਣੇ ਇਕ ਨਵੇਂ ਕਾਨੂੰਨ ਅਨੁਸਾਰ ਹਸਪਤਾਲ, ਸਟੋਰਾਂ ਆਦਿ ਸਾਂਝੀਆਂ ਪਬਲਿਕ ਥਾਵਾਂ ਵਿੱਚ ਸਿਗਰਟ ਦੀ ਮਨਾਹੀ ਸੀ ਤੇ ਪੀਣ ਵਾਲੇ ਨੂੰ ਹਜ਼ਾਰ ਡਾਲਰ ਤਕ ਜੁਰਮਾਨਾ ਹੋ ਸਕਦਾ ਸੀ; ਪਰ ਬਹੁਤ ਥਾਈਂ ਇਸ ਕਾਨੂੰਨ ਦੀ ਪ੍ਰਵਾਹ ਨਹੀਂ ਕੀਤੀ ਜਾਂਦੀ ਸੀ। ਏਥੋਂ ਤੱਕ ਕਿ ਪਹਿਲੇ ਹਸਪਤਾਲ ਨੇ ਤਾਂ ਇਹ ਸੂਚਨਾ ਵੀ ਕਿਤੇ ਨਹੀਂ ਲਾਈ ਸੀ। ਪਰ ਇਸ ਹਸਪਤਾਲ ਦੇ ਪੌੜੀਆਂ (ਲਿਫਟ) ਕੋਲ ਨੋਟਿਸ ਲਗਣ ਦੇ ਬਾਵਜੂਦ ਲਾਊਂਜ ਆਮ ਸਿਗਰਟ ਧੂਏਂ ਨਾਲ ਭਰਿਆ ਲੱਭਦਾ”
----
ਹਸਪਤਾਲਾਂ ਦੇ ਵਾਤਾਵਰਨ ਦੀ ਗੱਲ ਕਰਦਾ ਕਰਦਾ ਨਾਵਲਕਾਰ ਡਾਕਟਰਾਂ ਬਾਰੇ ਵੀ ਗੱਲ ਕਰ ਜਾਂਦਾ ਹੈ। ਡਾਕਟਰੀ ਦੇ ਪੇਸ਼ੇ ਵਿੱਚ ਵੀ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ। ਇਸ ਭ੍ਰਿਸ਼ਟਾਚਾਰ ਤਹਿਤ ਹਰ ਸਾਲ ਡਾਕਟਰ ਲੱਖਾਂ ਡਾਲਰਾਂ ਦੀ ਵਾਧੂ ਕਮਾਈ ਕਰ ਜਾਂਦੇ ਹਨ; ਪਰ ਡਾਕਟਰਾਂ ਵੱਲੋਂ ਕੀਤੀ ਗਈ ਇਸ ਵਾਧੂ ਕਮਾਈ ਸਦਕਾ ਸਰਕਾਰ ਨੂੰ ਹਸਪਤਾਲਾਂ ਨੂੰ ਹਰ ਸਾਲ ਮੱਦਦ ਦੇਣ ਵਾਲੀ ਗ੍ਰਾਂਟ ਦਾ ਬਜਟ ਵਧਾਉਣਾ ਪੈਂਦਾ ਹੈ। ਜਿਸਦੇ ਨਤੀਜੇ ਵਜੋਂ ਸਰਕਾਰ ਨੂੰ ਲੋਕਾਂ ਉੱਤੇ ਹੋਰ ਟੈਕਸ ਲਗਾ ਕੇ ਇਹ ਘਾਟਾ ਪੂਰਾ ਕਰਨਾ ਪੈਂਦਾ ਹੈ। ਇਸ ਤੱਥ ਨੂੰ ਇਸ ਨਾਵਲ ਵਿੱਚ ਵੀ ਕਾਫੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ:
“ਬਹੁਤ ਥਾਈਂ ਡਾਕਟਰ ਚੰਗੇ ਭਲੇ ਜਾਂ ਮਾਮੂਲੀ ਬੀਮਾਰ ਨੂੰ ਇਸ ਲਈ ਬੀਮਾਰ ਕਰ ਦਿੰਦੇ ਹਨ ਤਾਂ ਜੋ ਗਾਹਕੀ ਚਮਕੀ ਰਹੇ। ਕੈਨੇਡਾ - ਅਮਰੀਕਾ ਵਿਚ ਡਾਕਟਰਾਂ ਦੀਆਂ ਆਮਦਨਾਂ ਮਰੀਜ਼ ਦੀ ਗਿਣਤੀ ਦੇਖਣ ਤੇ ਨਿਰਭਰ ਹੋਣ ਕਰਕੇ, ਲੱਖਾਂ ਡਾਲਰ ਸਾਲਾਨਾ ਤੱਕ ਹਨ ਤੇ ਫੇਰ ਵੀ ਤਸੱਲੀ ਨਹੀਂ ਤੇ ਸਭ ਤੋਂ ਵੱਧ ਆਤਮਹੱਤਿਆ ਤੇ ਤਲਾਕ ਵੀ ਇਹਨਾਂ ‘ਚ ਹੀ ਹਨ......ਅੱਠਾਂ ਸਾਲਾਂ ਵਿੱਚ ਇਸ ਪ੍ਰਾਂਤ ਦਾ ਸਿਹਤ ਬਜਟ ਤਿੰਨ ਗੁਣਾ ਵਧ ਗਿਆ ਹੈ। ਕਿਉਂਕਿ ਡਾਕਟਰ ਮਰੀਜ਼ਾਂ ਦੇ ਵਾਧੂ ਚੱਕਰ ਪਵਾ ਵਾਧੂ ਟੈਸਟ ਕਰਵਾ, ਵਾਧੂ ਦਵਾਈਆਂ ਦੇ ਆਪਣੇ ਨਾਮੇ ਤੇ ਇਨਾਮਾਂ ਦਾ ਖਿਆਲ ਹੀ ਰੱਖਦੇ ਹਨ”
----
ਕੈਨੇਡਾ ਇੱਕ ਬਹੁ-ਸਭਿਆਚਾਰਕ ਦੇਸ਼ ਹੈ। ਇੱਥੇ ਅਨੇਕਾਂ ਸਭਿਆਚਾਰਾਂ ਦੇ ਲੋਕ ਆ ਕੇ ਵਸੇ ਹੋਏ ਹਨ। ਮਹਾਂ-ਨਗਰ ਟੋਰਾਂਟੋ ਵਿੱਚ ਤਾਂ 50% ਲੋਕ ਘੱਟ ਗਿਣਤੀ ਸਭਿਆਚਾਰਾਂ ਦੇ ਹਨ; ਪਰ ਇਸਦੇ ਬਾਵਜ਼ੂਦ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਜਾਂਦੀਆਂ ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਅਜਿਹੇ ਘੱਟ ਗਿਣਤੀ ਸਭਿਆਚਾਰਾਂ ਦੇ ਲੋਕਾਂ ਦੀ ਪਸੰਦ ਦੀਆਂ ਚੀਜ਼ਾਂ ਨਹੀਂ ਪਰੋਸੀਆਂ ਜਾਂਦੀਆਂ। ਜੇਕਰ ਅਜਿਹਾ ਕੀਤਾ ਵੀ ਜਾਂਦਾ ਹੈ ਤਾਂ ਉਹ ਚੀਜ਼ਾਂ ਅਜਿਹੇ ਰਸੋਈਆਂ ਵੱਲੋਂ ਤਿਆਰ ਕੀਤੀਆਂ ਹੋਈਆਂ ਹੁੰਦੀਆਂ ਹਨ ਕਿ ਮਰੀਜ਼ ਉਨ੍ਹਾਂ ਨੂੰ ਖਾਣ ਨਾਲੋਂ ਭੁੱਖੇ ਰਹਿਣਾ ਹੀ ਵਧੇਰੇ ਪਸੰਦ ਕਰਦੇ ਹਨ:
“ਹੁਣ ਹਸਪਤਾਲ ਆ ਕੇ ਇਸ ਕੁਹਜੇ ਪ੍ਰਬੰਧ ਦੇ ਇਕ ਹੋਰ ਪੱਖ ਵੱਲ ਸੁਚੇਤ ਦਾ ਧਿਆਨ ਗਿਆ - ਖਾਣਾ - ਕਿਸੇ ਹੋਰ ਘਟ ਗਿਣਤੀ ਦੇ ਵਧੀਆ ਤੋਂ ਵਧੀਆ ਖਾਣੇ ਨੂੰ ਅੱਵਲ ਤਾਂ ਮੀਨੂੰ ਵਿੱਚ ਸ਼ਾਮਲ ਹੀ ਨਹੀਂ ਕੀਤਾ ਗਿਆ ਸੀ ਤੇ ਜੇ ਕਿਤੇ ਇਸਦਾ ਨਾਂ ਵੀ ਸੀ ਤਾਂ ਪਕਾਉਣ ਦਾ ਢੰਗ ਇਤਨਾ ਘਟੀਆ ਸੀ ਕਿ ਖਾਣਾ ਖਾਣਾ ਅਸੰਭਵ ਜਿਹਾ ਸੀ”
----
ਹਸਪਤਾਲ ਵਿਚ ਦਾਖਲ ਕਿਸੇ ਮਰੀਜ਼ ਨੂੰ ਮਿਲਣ ਵੇਲੇ ਅਸੀਂ ਉਸ ਨਾਲ ਕਿਹੋ ਜਿਹੀਆਂ ਗੱਲਾਂ ਕਰੀਏ? ਭਾਵੇਂ ਕਿ ਇਹ ਇੱਕ ਮਨੋਵਿਗਿਅਨਕ ਵਿਸ਼ਾ ਹੈ; ਪਰ ਨਾਵਲਕਾਰ ਨੂੰ ਇਸ ਵਿਸ਼ੇ ਦੀ ਵੀ ਚੰਗੀ ਸੋਝੀ ਹੈ:
“ਸੋ ਮਿੱਤਰ ਹੁੰਦਿਆਂ ਵੀ ਮਰੀਜ਼ ਕੋਲ ਅਸੀਂ ਜਦੋਂ ਪਤਾ ਲੈਣ ਜਾਂਦੇ ਹਾਂ ਤਾਂ ਬਹੁਤੀ ਨਿਰਾਸ਼ਾਵਾਦੀ ਗੱਲ-ਬਾਤ ਉਸ ਲਈ ਚੰਗੀ ਨਹੀਂ। ਅਸਲ ਵਿਚ ਕਿਸੇ ਵੀ ਕਿਸਮ ਦੀ ਬਹੁਤੀ ਗੱਲਬਾਤ ਜਾਂ ਬਹੁਤਾ ਸਮਾਂ ਕੋਲ ਬੈਠੇ ਰਹਿਣਾ ਬਹੁਤੀ ਵਾਰ ਮਰੀਜ਼ ਦੇ ਉਲਟ ਜਾਂਦਾ ਹੈ”
----
ਘੱਟ ਗਿਣਤੀ ਸਭਿਆਚਾਰਾਂ ਦੇ ਲੋਕਾਂ ਨੂੰ ਪੱਛਮੀ ਦੇਸ਼ਾਂ ਵਿੱਚ ਇੱਕ ਹੋਰ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਹ ਸਮੱਸਿਆ ਹੈ - ਰੰਗ, ਨਸਲ, ਸਭਿਆਚਾਰ ਦੇ ਆਧਾਰ ਉੱਤੇ ਵਿਤਕਰਾ ਕੀਤਾ ਜਾਣਾ। ਇਸ ਸਮੱਸਿਆ ਦਾ ਕਈ ਵਾਰੀ ਹਸਪਤਾਲਾਂ ਵਰਗੀਆਂ ਥਾਵਾਂ ਉੱਤੇ ਵੀ ਸਾਹਮਣਾ ਕਰਨਾ ਪੈਂਦਾ ਹੈ:
“ਹਸਪਤਾਲਾਂ ਵਿਚ ਬੰਦੇ ਦੀ ਮਹੱਤਵਹੀਣਤਾ ਦਾ ਅਹਿਸਾਸ ਸੁਚੇਤ ਨੂੰ ਅੱਜ ਫੇਰ ਹੋਇਆ। ਪਹਿਲਾਂ ਡਾਕਟਰ ਤੇ ਨਰਸ ਦੀ ਕਾਰਵਾਈ ਨੇ ਹੀ ਕਾਫੀ ਸਮਾਂ ਲਾ ਦਿੱਤਾ - ਫੇਰ ਐਕਸਰੇ ਦੀ ਲਾਈਨ ਵਿਚ ਤਾਂ ਘੰਟੇ ਤੋਂ ਵੀ ਵਧ ਲਗ ਗਿਆ - ਉਸ ਤੋਂ ਅੱਗੇ ਸਟ੍ਰੇਚਰ ਤੇ ਪਈ ਜ਼ਨਾਨੀ ਪਿਆਂ ਪਿਆਂ ਕਾਹਲੀ ਪੈ ਰਹੀ ਸੀ - ਪਰ ਸਭ ਕੁਝ ਜਿਵੇਂ ਕੀੜੀ ਦੀ ਚਾਲ ਚਲ ਰਿਹਾ ਸੀ”
----
ਹਸਪਤਾਲਾਂ ਅਤੇ ਡਾਕਟਰਾਂ ਦੀ ਗੱਲ ਕਰਦਾ ਕਰਦਾ ਨਾਵਲਕਾਰ ਡਾਕਟਰੀ ਇਲਾਜ ਦੀ ਵੀ ਗੱਲ ਕਰ ਜਾਂਦਾ ਹੈ। ਪੱਛਮੀ ਮੁਲਕਾਂ ਵਿੱਚ ਡਾਕਟਰਾਂ ਕੋਲ ਜਾਣ ਦੀ ਲੋਕਾਂ ਨੂੰ ਏਨੀ ਆਦਤ ਪੈ ਜਾਂਦੀ ਹੈ ਕਿ ਉਨ੍ਹਾਂ ਨੂੰ ਇੱਕ ਨਿੱਛ ਵੀ ਆ ਜਾਏ ਤਾਂ ਉਹ ਆਪਣੇ ਫੈਮਿਲੀ ਡਾਕਟਰ ਕੋਲ ਪਹੁੰਚ ਜਾਂਦੇ ਹਨ। ਅਨੇਕਾਂ ਪੂਰਬੀ ਦੇਸ਼ਾਂ ਵਿੱਚ ਛੋਟੀਆਂ ਮੋਟੀਆਂ ਬੀਮਾਰੀਆਂ ਨੂੰ ਤਾਂ ਲੋਕ ਕੁਝ ਸਮਝਦੇ ਹੀ ਨਹੀਂ ਅਤੇ ਉਹ ਦੇਸੀ ਘਰੇਲੂ ਇਲਾਜ ਨਾਲ ਹੀ ਵਧੇਰੇ ਹਾਲਤਾਂ ਵਿੱਚ ਤੰਦਰੁਸਤ ਹੋ ਜਾਂਦੇ ਹਨ। ਨਹੀਂ ਤਾਂ ਸਸਤੀਆਂ ਦੇਸੀ ਦਵਾਈਆਂ ਦੀ ਵਰਤੋਂ ਕਰਕੇ ਦੋ-ਚਾਰ ਦਿਨਾਂ ਵਿੱਚ ਬੀਮਾਰੀ ਤੋਂ ਛੁਟਕਾਰਾ ਪਾ ਲੈਂਦੇ ਹਨ; ਪਰ ਉਹੀ ਲੋਕ ਜਦੋਂ ਕੈਨੇਡਾ ਵਰਗੇ ਵਿਕਸਤ ਦੇਸ ਵਿੱਚ ਆ ਜਾਂਦੇ ਹਨ ਤਾਂ ਉਹ ਆਪਣੇ ਮੁੱਢਲੇ ਦੇਸ਼ਾਂ ਵਿੱਚ ਅਪਣਾਏ ਜਾਂਦੇ ਕੁਦਰਤੀ ਇਲਾਜਾਂ ਨੂੰ ਨਜ਼ਰ-ਅੰਦਾਜ਼ ਕਰਕੇ ਮਹਿੰਗੀਆਂ ਅੰਗਰੇਜ਼ੀ ਦਵਾਈਆਂ ਨਾਲ ਆਪਣੀਆਂ ਬੀਮਾਰੀਆਂ ਦਾ ਇਲਾਜ ਕਰਨ ਲਈ ਡਾਕਟਰਾਂ ਦੇ ਦਫਤਰਾਂ ਵੱਲ ਦੌੜ ਪੈਂਦੇ ਹਨ। ਨਾਵਲਕਾਰ ਨੇ ਇਸ ਵਿਸ਼ੇ ਬਾਰੇ ਵੀ ਆਪਣਾ ਨਜ਼ਰੀਆ ਪੇਸ਼ ਕੀਤਾ ਹੈ:
“ਸ਼ਹਿਰ ਦੇ ਬਨਾਉਟੀ ਜੀਵਨ ਵਿਚ ਅਜ ਡਾਕਟਰ ਅਤੇ ਡਾਕਟਰੀ ਇਲਾਜ ਤੇ ਲੋਕਾਂ ਨੂੰ ਐਸਾ ਡੂੰਘਾ ਵਿਸ਼ਵਾਸ ਹੋ ਗਿਆ ਹੈ ਕਿ ਆਪਣੇ ਘਰੇਲੂ ਸਸਤੇ ਅਤੇ ਸ਼ਰਤੀਆ ਇਲਾਜ ਵਲ ਉਹਨਾਂ ਦਾ ਧਿਆਨ ਜਾਂਦਾ ਹੀ ਨਹੀਂ। ਡਾਕਟਰਾਂ ਦੀ ਗਿਣਤੀ ਦਿਨੋ ਦਿਨ ਵਧਦੀ ਜਾਂਦੀ ਹੈ। ਨਾਲ ਹੀ ਬੀਮਾਰੀਆਂ ਤੇ ਬੀਮਾਰ। ਬਹੁਤ ਸਾਰੇ ਲੋਕਾਂ ਦੀ ਆਮਦਨੀ ਦਾ ਵਧੇਰੇ ਹਿਸਾ ਡਾਕਟਰਾਂ ਦੀ ਜੇਬ ਵਿਚ ਚਲਾ ਜਾਂਦਾ ਹੈ। ਥੋੜਾ ਜਿੰਨਾ ਜ਼ੁਕਾਮ ਹੋਵੇ ਡਾਕਟਰ ਕੋਲ ਭੱਜ ਗਏ। ਪੇਟ ਵਿੱਚ ਦਰਦ ਹੋਇਆ ਤਾਂ ਦਵਾਈ ਲੈ ਆਂਦੀ। ਇੰਜ ਮਹਿਸੂਸ ਹੁੰਦਾ ਹੈ ਕਿ ਡਾਕਟਰ ਸ਼ਹਿਰੀ ਜੀਵਨ ਦਾ ਇਕ ਅਜਿਹਾ ਹਿੱਸਾ ਬਣ ਗਏ ਹਨ ਜੋ ਸਰੀਰ ਦੇ ਅੰਗ ਵਾਂਗ ਅਲੱਗ ਨਹੀਂ ਕੀਤੇ ਜਾ ਸਕਦੇ”
-----
ਹਸਪਤਾਲਾਂ, ਡਾਕਟਰਾਂ ਅਤੇ ਡਾਕਟਰੀ ਇਲਾਜਾਂ ਦੀ ਜਦੋਂ ਗੱਲ ਚਲਦੀ ਹੈ ਤਾਂ ਅੰਗਰੇਜ਼ੀ ਦਵਾਈਆਂ ਦੀਆਂ ਕੀਮਤਾਂ ਦੀ ਵੀ ਗੱਲ ਚੱਲਦੀ ਹੈ। ਦਵਾਈਆਂ ਬਨਾਉਣ ਦੇ ਲਾਇਸੈਂਸ ਵੱਡੀਆਂ ਵੱਡੀਆਂ ਮੈਗਾ ਕੰਪਨੀਆਂ ਕੋਲ ਹਨ। ਗਰੀਬ ਦੇਸ਼ਾਂ ਵਿੱਚ ਵੀ ਇਹ ਕੰਪਨੀਆਂ ਅੰਗਰੇਜ਼ੀ ਦਵਾਈਆਂ ਇੰਨੀਆਂ ਮਹਿੰਗੀਆਂ ਵੇਚਦੀਆਂ ਹਨ ਕਿ ਆਮ ਸਾਧਾਰਨ ਵਿਅਕਤੀ ਤਾਂ ਆਪਣੀ ਹੱਡ-ਭੰਨਵੀਂ ਮਿਹਨਤ ਨਾਲ ਕੀਤੀ ਕਮਾਈ ਵਿੱਚੋਂ ਇਹ ਦਵਾਈਆਂ ਖ੍ਰੀਦ ਹੀ ਨਹੀਂ ਸਕਦਾ। ਇਸ ਲਈ ਇਨ੍ਹਾਂ ਗਰੀਬ ਦੇਸ਼ਾਂ ਦੇ ਲੋਕ ਆਪਣੀਆਂ ਵਧੇਰੇ ਬੀਮਾਰੀਆਂ ਦਾ ਇਲਾਜ ਕੁਦਰਤੀ ਤਰੀਕਿਆਂ ਦੀ ਵਰਤੋਂ ਕਰਕੇ ਹੀ ਕਰਦੇ ਹਨ। ਜਿਨ੍ਹਾਂ ਦਾ ਸਰੀਰ ਨੂੰ ਕਿਸੀ ਤਰ੍ਹਾਂ ਕੋਈ ਨੁਕਸਾਨ ਵੀ ਨਹੀਂ ਹੁੰਦਾ; ਜਦੋਂ ਕਿ ਅੰਗਰੇਜ਼ੀ ਦਵਾਈਆਂ ਨਾਲ ਬੀਮਾਰੀਆਂ ਦਾ ਇਲਾਜ ਕਰਨ ਤੋਂ ਬਾਹਦ ਸਾਡੇ ਸਰੀਰ ਵਿੱਚ ਅਨੇਕਾਂ ਅਜਿਹੇ ਖਤਰਨਾਕ ਰਸਾਇਣਕ ਪਦਾਰਥ ਬਾਕੀ ਰਹਿ ਜਾਂਦੇ ਹਨ ਜੋ ਕਿ ਬਾਅਦ ਵਿੱਚ ਅਨੇਕਾਂ ਹੋਰ ਖ਼ਤਰਨਾਕ ਬੀਮਾਰੀਆਂ ਨੂੰ ਜਨਮ ਦੇਣ ਲਈ ਜ਼ਿੰਮੇਵਾਰ ਬਣਦੇ ਹਨ।
-----
‘ਮਿੱਠਤ ਨੀਵੀਂ’ ਨਾਵਲ ਵਿੱਚ ਤ੍ਰਿਲੋਚਨ ਸਿੰਘ ਗਿੱਲ ਨੇ ਮੁੱਖ ਵਿਸ਼ੇ ਤੋਂ ਬਿਨ੍ਹਾਂ ਵੀ ਅਨੇਕਾਂ ਹੋਰ ਵਿਸ਼ੇ ਛੋਹੇ ਹਨ ਅਤੇ ਹਰ ਵਿਸ਼ੇ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਕਈ ਥਾਵਾਂ ਉੱਤੇ ਨਾਵਲਕਾਰ ਵੱਲੋਂ ਦਾਰਸ਼ਨਿਕ ਪੱਧਰ ਉੱਤੇ, ਕਈ ਥਾਵਾਂ ਉੱਤੇ ਰਾਜਨੀਤਿਕ ਪੱਧਰ ਉੱਤੇ, ਕਈ ਥਾਵਾਂ ਉੱਤੇ ਧਾਰਮਿਕ ਪੱਧਰ ਉੱਤੇ, ਕਈ ਥਾਵਾਂ ਉੱਤੇ ਵਿੱਦਿਅਕ ਪੱਧਰ ਉੱਤੇ ਜਾਂ ਸਭਿਆਚਾਰਕ ਪੱਧਰ ਉੱਤੇ ਵੀ ਵਿਚਾਰ ਪੇਸ਼ ਕੀਤੇ ਗਏ ਹਨ। ਅਜਿਹੇ ਵਿਚਾਰ ਪੇਸ਼ ਕਰਦਿਆਂ ਨਾਵਲਕਾਰ ਹਸਪਤਾਲ ਦੀ ਚਾਰ ਦੀਵਾਰੀ ਤੋਂ ਬਾਹਰ ਆ ਕੇ ਵੀ ਗੱਲ ਕਰਦਾ ਹੈ।
-----
ਨਾਵਲਕਾਰ ਕੈਨੇਡਾ ਵਿੱਚ ਨਵੇਂ, ਵਿਸ਼ੇਸ਼ ਕਰਕੇ ਗਰੀਬ ਦੇਸ਼ਾਂ ਤੋਂ, ਆਉਣ ਵਾਲੇ ਇਮੀਗਰੈਂਟਾਂ ਦੀ ਇੱਕ ਵੱਡੀ ਸਮੱਸਿਆ ਦਾ ਜ਼ਿਕਰ ਕਰਦਾ ਹੈ। ਅਨੇਕਾਂ ਦੇਸ਼ਾਂ ਤੋਂ ਚੰਗੇ ਤਜਰਬੇਕਾਰ ਅਧਿਆਪਕ, ਵਕੀਲ, ਡਾਕਟਰ, ਇੰਜੀਨੀਅਰ ਅਤੇ ਤਕਨੀਸ਼ਨ ਕੈਨੇਡਾ ਇਮੀਗਰੈਂਟ ਬਣਕੇ ਆਉਂਦੇ ਹਨ; ਪਰ ਇੱਥੇ ਆ ਕੇ ਉਨ੍ਹਾਂ ਨੂੰ ਟੈਕਸੀ ਡਰਾਈਵਰ, ਟਰੱਕ ਡਰਾਈਵਰ, ਪੀਜ਼ਾ ਡਿਲਵਰੀ ਪਰਸਨ ਬਣਕੇ ਕੰਮ ਕਰਨਾ ਪੈਂਦਾ ਹੈ। ਕਈ ਵੇਰੀ ਯੂਨੀਵਰਸਿਟੀਆਂ ਦੇ ਤਜਰਬੇਕਾਰ ਪ੍ਰੋਫੈਸਰਾਂ ਨੂੰ ਰੈਸਟੋਰੈਂਟਾਂ ਵਿੱਚ ਜੂਠੇ ਭਾਂਡੇ ਧੋਣੇ ਪੈਂਦੇ ਹਨ। ਇਹ ਆਪਣੀ ਹੀ ਤਰ੍ਹਾਂ ਦਾ ਹੀ ਨਸਲੀ ਵਿਤਕਰਾ ਹੈ। ਅਨੇਕਾਂ ਪ੍ਰਵਾਸੀਆਂ ਨੂੰ ਕੈਨੇਡਾ ਵਿੱਚ ਆ ਕੇ ਆਪਣੇ ਪਰੋਫੈਸ਼ਨਲ ਖੇਤਰ ਵਿੱਚ ਮੁੜ ਸਥਾਪਤ ਹੋਣ ਲਈ ਦਹਾਕੇ ਤੋਂ ਵੱਧ ਸਮਾਂ ਲੱਗ ਜਾਂਦਾ ਹੈ; ਪਰ ਹਰ ਕੋਈ ਏਨੇ ਸਮੇਂ ਵਿੱਚ ਹੀ ਕਾਮਯਾਬ ਨਹੀਂ ਹੋ ਸਕਦਾ ਅਤੇ ਸਾਰੀ ਉਮਰ ਅਜਿਹੀਆਂ ਘੱਟ ਤਨਖਾਹ ਵਾਲੀਆਂ ਨੌਕਰੀਆਂ ਵਿੱਚ ਹੀ ਹੱਡ ਰਗੜਦਾ ਰਹਿ ਜਾਂਦਾ ਹੈ। ਨ ਤਾਂ ਉਸ ਨੂੰ ਕੈਨੇਡਾ ਆ ਕੇ ਆਪਣੇ ਮੁੱਢਲੇ ਦੇਸ਼ ਵਾਲਾ ਇੱਜ਼ਤ ਮਾਣ ਹੀ ਮਿਲਦਾ ਹੈ ਅਤੇ ਨਾ ਹੀ ਆਰਥਿਕ ਤੌਰ ਉੱਤੇ ਉਹ ਕਦੀ ਸੌਖਾਲੀ ਜ਼ਿੰਦਗੀ ਹੀ ਬਤੀਤ ਕਰ ਸਕਦਾ ਹੈ। ਜਿਸ ਕਾਰਨ ਉਹ ਮਨੋ-ਵਿਗਿਆਨਕ ਤੌਰ ਉੱਤੇ ਵੀ ਨਿਰਾਸ਼ਾਵਾਦੀ ਹੋ ਜਾਂਦਾ ਹੈ ਅਤੇ ਸੋਚਦਾ ਰਹਿੰਦਾ ਹੈ ਕਿ ਉਸਨੇ ਕੈਨੇਡਾ ਦਾ ਇਮੀਗਰੈਂਟ ਬਣਕੇ ਕੀ ਖੱਟਿਆ? ਪਰ ਏਨੇ ਸਮੇਂ ਵਿੱਚ ਉਹ ਇਸ ਗੱਲ ਦਾ ਫੈਸਲਾ ਕਰਨ ਦੀ ਸ਼ਕਤੀ ਵੀ ਗੁਆ ਬੈਠਦਾ ਹੈ ਕਿ ਜੇਕਰ ਕੈਨੇਡਾ ਦੇ ਸਮਾਜ ਵਿੱਚ ਉਸਨੂੰ ਆਪਣੇ ਮੁੱਢਲੇ ਦੇਸ਼ ਵਰਗਾ ਇੱਜ਼ਤ ਮਾਣ ਨਹੀਂ ਮਿਲਦਾ ਤਾਂ ਉਹ ਆਪਣੇ ਮੁੱਢਲੇ ਦੇਸ਼ ਪਰਤ ਜਾਵੇ। ਨਾਵਲਕਾਰ ਨੇ ਇਸ ਸਮੱਸਿਆ ਨੂੰ ਆਪਣੇ ਸ਼ਬਦਾਂ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਹੈ:
“ਜਦੋਂ ਦਰਜਨ ਕੁ ਸਾਲ ਪਹਿਲਾਂ ਸੁਚੇਤ ਵੀ ਇਸ ਦੇਸ਼ ਵਿਚ ਆਵਾਸੀ ਵਜੋਂ ਆਇਆ - ਉਸਨੂੰ ਇਸ ਦੇਸ਼ ਦੇ ਇਕ ਹੋਰ ਹੀ ਨੀਚਪੁਣੇ ਦਾ ਕਿੰਨੇ ਹੀ ਹੋਰ ਉਚਪੜ੍ਹੇ ਤੇ ਤਜਰਬੇਕਾਰ ਵਿਦਵਾਨਾਂ ਵਾਂਗ ਸ਼ਿਕਾਰ ਹੋਣਾ ਪਿਆ - ਧੱਕੇ ਖਾਣੇ ਪਏ। ਉਹ ਇਹ ਕਿ ਬਾਹਰਲੇ ‘ਗਰੀਬ’ ਦੇਸ਼ਾਂ ਤੋਂ ਚੰਗੇ ਪੜ੍ਹੇ ਲਿਖੇ ਉੱਚ ਕੋਟੀ ਦੇ ਬੰਦੇ ਤਾਂ ਲੈ ਆਓ ਪਰ ਦੇਸ਼ ਵਿੱਚ ਲਿਆ ਕੇ ਉਹਨਾਂ ਨੂੰ ਇੰਜ ਰੌਲੋ ਜਾਂ ਕਹਿ ਲਓ ਕਿ ਉਹਨਾਂ ਨੂੰ ਪੈਰ ਲਾਉਣ ਵਿਚ ਕਿਸੇ ਯੋਜਨਾ ਰਾਹੀਂ ਮੱਦਦ ਨਾ ਦਿਓ ਕਿ ਜ਼ਿੰਦਗੀ ਭਰ ਲਈ ਤੀਜੇ ਦਰਜੇ ਦੇ ਸ਼ਹਿਰੀ ਬਣ ਕੇ ਰਹਿ ਜਾਣ - ਆਪਣੀ ਹੋਂਦ ਤੇ ਪ੍ਰਵਾਰ ਦੀ ਸੁਰੱਖਿਆ ਲਈ ਹੀ ਘੁਲਦੇ ਰਹਿਣ ਤੇ ਬਾਕੀ ਕਿਸੇ ਸਮਾਜਕ ਤੇ ਘੱਟ ਗਿਣਤੀ ਦੇ ਅਨਿਆਂ ਵੱਲ ਉਹਨਾਂ ਦਾ ਧਿਆਨ ਹੀ ਨਾ ਜਾਵੇ। ਸੁਚੇਤ ਵੀ ਆਰੰਭ ਵਿਚ ਅਜਿਹੀ ਹਾਲਤ ਵਿੱਚ ਹੀ ਸੀ”
----
‘ਮਿੱਠਤ ਨੀਵੀਂ’ ਨਾਵਲ ਵਿੱਚ ਤ੍ਰਿਲੋਚਨ ਸਿੰਘ ਗਿੱਲ ਹਸਪਤਾਲਾਂ, ਡਾਕਟਰਾਂ, ਡਾਕਟਰੀ ਇਲਾਜਾਂ ਅਤੇ ਦਵਾਈਆਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਬੜੀ ਕਾਮਿਯਾਬੀ ਨਾਲ ਪੇਸ਼ ਕਰਦਾ ਹੈ। ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਇਸ ਵਿਸ਼ੇ ਬਾਰੇ ਮੈਨੂੰ ਪਹਿਲਾ ਅਜਿਹਾ ਪੰਜਾਬੀ ਨਾਵਲ ਪੜ੍ਹਨ ਦਾ ਮੌਕਾ ਮਿਲਿਆ ਹੈ। ਇਸ ਨਾਵਲ ਦੇ ਸਫ਼ੇ ਵਧਾਉਣ ਲਈ ਸ਼ਾਮਿਲ ਕੀਤੀਆਂ ਗਈਆਂ ਕੁਝ ਫਾਲਤੂ ਗੱਲਾਂ ਨੂੰ ਜੇਕਰ ਇਸ ਨਾਵਲ ਵਿੱਚੋਂ ਕੱਢ ਕੇ ਜੇਕਰ ਇਸ ਨਾਵਲ ਨੂੰ, ਮਹਿਜ਼, ਮੁੱਖ ਵਿਸ਼ੇ ਉੱਤੇ ਹੀ ਕੇਂਦਰਤ ਕੀਤਾ ਜਾਂਦਾ ਤਾਂ ਇਹ ਨਾਵਲ ਹੋਰ ਵਧੇਰੇ ਅਰਥ ਭਰਪੂਰ ਹੋ ਜਾਣਾ ਸੀ।
-----
ਤ੍ਰਿਲੋਚਨ ਸਿੰਘ ਗਿੱਲ ਨੇ ਕੈਨੇਡੀਅਨ ਪੰਜਾਬੀ ਸਾਹਿਤਕਾਰ ਦੇ ਤੌਰ ਤੇ ਭਾਵੇਂ ਸਾਹਿਤ ਦੇ ਅਨੇਕਾਂ ਰੂਪਾਂ ਉੱਤੇ ਹੱਥ ਅਜ਼ਮਾਈ ਕੀਤੀ ਹੈ; ਪਰ ਮੇਰੀ ਜਾਚੇ ਉਸ ਵਿੱਚ ਸਾਹਿਤ ਦੇ ਬਾਕੀ ਹੋਰਨਾਂ ਰੂਪਾਂ ਦੇ ਮੁਕਾਬਲੇ ਵਿੱਚ ਇੱਕ ਵਧੀਆ, ਚੇਤੰਨ, ਸੰਵੇਦਨਸ਼ੀਲ, ਅਗਾਂਹਵਧੂ ਨਾਵਲਕਾਰ ਬਣਨ ਦੀਆਂ ਵਧੇਰੇ ਸੰਭਾਵਨਾਵਾਂ ਮੌਜੂਦ ਹਨ।
No comments:
Post a Comment