ਲੇਖ
ਹਰ ਗ਼ਜ਼ਲਗੋ ਦਾ ਗ਼ਜ਼ਲ ਲਿਖਣ ਦਾ ਆਪਣਾ ਇੱਕ ਵੱਖਰਾ ਅੰਦਾਜ਼ ਹੁੰਦਾ ਹੈ। ਇਸ ਅੰਦਾਜ਼ ਨੂੰ ਆਪਣੀਆਂ ਗ਼ਜ਼ਲਾਂ ਵਿੱਚ ਉਹ ਦੁਹਰਾਉਂਦਾ ਰਹਿੰਦਾ ਹੈ। ਇਹ ਵੱਖਰਾ ਅੰਦਾਜ਼ ਹੀ ਉਸ ਦੀ ਇੱਕ ਵੱਖਰੀ ਪਹਿਚਾਣ ਬਣਾਉਂਦਾ ਹੈ। ਕੈਨੇਡੀਅਨ ਪੰਜਾਬੀ ਕਵੀ ਪਿਆਰਾ ਸਿੰਘ ਕੁੱਦੋਵਾਲ ਨੇ 2009 ਵਿੱਚ ਆਪਣਾ ਪਹਿਲਾ ਗ਼ਜ਼ਲ ਸੰਗ੍ਰਹਿ ‘ਸਮਿਆਂ ਤੋਂ ਪਾਰ’ ਪ੍ਰਕਾਸ਼ਿਤ ਕੀਤਾ ਹੈ। ਇੱਕ ਚੇਤੰਨ ਕਵੀ ਹੋਣ ਦੇ ਨਾਤੇ ਪਿਆਰਾ ਸਿੰਘ ਕੁੱਦੋਵਾਲ ਆਪਣੀਆਂ ਗ਼ਜ਼ਲਾਂ ਦਾ ਬੜਾ ਹੀ ਸਪੱਸ਼ਟ ਉਦੇਸ਼ ਨਿਰਧਾਰਤ ਕਰਕੇ ਤੁਰਦਾ ਹੈ।
-----
ਨਿਰਸੰਦੇਹ, ਪਿਆਰਾ ਸਿੰਘ ਕੁੱਦੋਵਾਲ ਅਜਿਹੇ ਗ਼ਜ਼ਲਗੋਆਂ ਵਾਂਗ ਗ਼ਜ਼ਲਾਂ ਲਿਖਣੀਆਂ ਨਹੀਂ ਚਾਹੁੰਦਾ; ਜੋ, ਮਹਿਜ਼, ਸ਼ਬਦਾਂ ਨਾਲ ਸ਼ਬਦ ਜੋੜ ਕੇ ਸੰਗੀਤਕ ਟੁਨ-ਟੁਨਾਹਟ ਪੈਦਾ ਕਰਨ ਨੂੰ ਹੀ ਗ਼ਜ਼ਲ ਲਿਖਣੀ ਸਮਝਦੇ ਹਨ। ਅਜਿਹੇ ਗ਼ਜ਼ਲਗੋ ਕਿਉਂਕਿ ਆਪ ਮਾਨਸਿਕ ਤੌਰ ਉੱਤੇ ਚੇਤੰਨ ਨਹੀਂ ਹੁੰਦੇ ਇਸ ਲਈ ਉਨ੍ਹਾਂ ਦੀਆਂ ਗ਼ਜ਼ਲਾਂ ਵੀ ਚੇਤਨਤਾਹੀਨ ਹੀ ਹੁੰਦੀਆਂ ਹਨ, ਪਰ ਪਿਆਰਾ ਸਿੰਘ ਕੁੱਦੋਵਾਲ ਦੀਆਂ ਗ਼ਜ਼ਲਾਂ ਪੜ੍ਹਕੇ ਇਸ ਗੱਲ ਦੀ ਤਸੱਲੀ ਹੁੰਦੀ ਹੈ ਕਿ ਉਹ ਆਪਣੇ ਹਰ ਸ਼ੇਅਰ ਵਿੱਚ ਜ਼ਿੰਦਗੀ ਨਾਲ ਜੁੜੇ ਕਿਸੇ-ਨਾ-ਕਿਸੇ ਮਸਲੇ ਬਾਰੇ ਚੇਤਨਤਾ ਜਗਾਉਣ ਦਾ ਯਤਨ ਕਰਦਾ ਹੈ। ਇਹ ਮਸਲਾ ਰਾਜਨੀਤਿਕ, ਸਭਿਆਚਾਰਕ, ਸਮਾਜਿਕ, ਧਾਰਮਿਕ ਜਾਂ ਆਰਥਿਕ ਹੀ ਭਾਵੇਂ ਕਿਉਂ ਨ ਹੋਵੇ। ਇਸੇ ਲਈ ਉਸ ਦੇ ਆਪਣੇ ਕਹਿਣ ਵਾਂਗ ਉਸ ਦਾ ਹਰ ਸ਼ੇਅਰ ਇੱਕ ਨਾਅਰਾ ਹੁੰਦਾ ਹੈ। ਜੇਕਰ ਕਲਾਤਮਕ ਪੱਖ ਤੋਂ ਕਿਸੀ ਸ਼ੇਅਰ ਦੀ ਸਿਰਜਣਾ ਵਧੀਆ ਢੰਗ ਨਾਲ ਕੀਤੀ ਗਈ ਹੋਵੇ ਤਾਂ ਜੇਕਰ ਸ਼ੇਅਰ ਨਾਅਰਾ ਵੀ ਬਣ ਜਾਂਦਾ ਹੈ ਤਾਂ ਕੀ ਹਰਜ਼ ਹੈ? ਕਾਵਿ ਸਿਰਜਣਾ ਕਰਨ ਵੇਲੇ ਮੂਲ ਸੁਆਲ ਤਾਂ ਇਹੀ ਹੁੰਦਾ ਹੈ ਕਿ ਜੋ ਵਿਚਾਰ ਤੁਸੀਂ ਆਪਣੀ ਕਵਿਤਾ/ਗ਼ਜ਼ਲ ਵਿੱਚ ਕਹਿਣਾ ਚਾਹੁੰਦੇ ਹੋ ਕੀ ਤੁਸੀਂ ਉਹ ਵਿਚਾਰ ਕਲਾਤਮਕ ਢੰਗ ਨਾਲ ਕਹਿ ਰਹੇ ਹੋ ਜਾਂ ਕਿ ਨਹੀਂ?
-----
ਪਿਆਰਾ ਸਿੰਘ ਕੁੱਦੋਵਾਲ ਦੀ ਗ਼ਜ਼ਲ ‘ਸ਼ਾਂਤੀ ਦੂਤ’ ਦੇ ਇਸ ਸ਼ੇਅਰ ਨਾਲ ਉਸ ਦੀ ਗ਼ਜ਼ਲ ਕਲਾ ਬਾਰੇ ਗੱਲ ਸ਼ੁਰੂ ਕੀਤੀ ਜਾ ਸਕਦੀ ਹੈ:
ਅੱਜ ਕੱਲ ਚੁਪ ਚਾਪ ਹੀ, ਵਰ੍ਹਦੀ ਅੱਗ ਅਕਾਸ਼ ‘ਚੋਂ
ਨਾ ਤਲਵਾਰਾਂ ਦੀ ਖੜਕ, ਨਾ ਘੋੜਿਆਂ ਦਾ ਹਿਣਕਣਾ
ਜੰਗ ਸ਼ਬਦ ਮਨੁੱਖ ਨਾਲ ਮੁੱਢ-ਕਦੀਮ ਤੋਂ ਹੀ ਜੁੜਿਆ ਰਿਹਾ ਜਾਪਦਾ ਹੈ; ਭਾਵੇਂ ਕਿ ਸਮੇਂ ਦੇ ਬਦਲਣ ਨਾਲ ਇਸਦੇ ਤੌਰ-ਤਰੀਕੇ ਅਤੇ ਕਾਰਨ ਬਦਲਦੇ ਰਹੇ ਹਨ। ਜਿਉਂ ਜਿਉਂ ਮਨੁੱਖ ਤਰੱਕੀ ਕਰਦਾ ਗਿਆ ਹੈ ਉਸਦੀ ਚੇਤਨਾ ਵਿੱਚ ਗਿਆਨ-ਵਿਗਿਆਨ ਦੀ ਰੌਸ਼ਨੀ ਵੱਧਦੀ ਗਈ ਹੈ, ਪਰ ਇਸ ਤਰੱਕੀ ਸਦਕਾ ਦੁਨੀਆਂ ਵਿੱਚ ਸ਼ਾਂਤੀ ਦਾ ਮਾਹੌਲ ਬਣਨ ਦੀ ਥਾਂ ਜੰਗ ਦੇ ਭਾਂਬੜ ਹੋਰ ਵੱਧ ਤੀਬਰਤਾ ਨਾਲ ਬਲਣੇ ਸ਼ੁਰੂ ਹੋ ਗਏ ਹਨ. ਜੰਗ ਦੀ ਭਿਆਨਕਤਾ ਹੋਰ ਵੱਧ ਗਈ ਹੈ। ਜਦੋਂ ਗਿਆਨ-ਵਿਗਿਆਨ ਨੇ ਅਜੇ ਇੰਨੀ ਤਰੱਕੀ ਨਹੀਂ ਕੀਤੀ ਸੀ ਤਾਂ ਮਨੁੱਖ ਆਪਣੀਆਂ ਲੜਾਈਆਂ ਵੀ ਬੜੇ ਸਾਧਾਰਣ ਢੰਗ ਨਾਲ ਹੀ ਲੜਦਾ ਸੀ. ਪਰ ਜਿਉਂ ਜਿਉਂ ਮਨੁੱਖ ਵਿਗਿਆਨ ਅਤੇ ਤਕਨਾਲੋਜੀ ਵਿੱਚ ਨਵੀਆਂ ਨਵੀਆਂ ਪ੍ਰਾਪਤੀਆਂ ਕਰ ਰਿਹਾ ਤਾਂ ਉਹ ਉਨ੍ਹਾਂ ਪ੍ਰਾਪਤੀਆਂ ਨੂੰ ਮਨੁੱਖ ਦੀ ਜ਼ਿੰਦਗੀ ਨੂੰ ਹੋਰ ਬੇਹਤਰ ਬਨਾਉਣ ਲਈ ਲਗਾਉਣ ਦੀ ਥਾਂ ਮਨੁੱਖ ਦੀ ਤਬਾਹੀ ਲਈ ਵਰਤਣ ਲੱਗਾ। ਨਿਊਕਲੀਅਰ ਇਨਰਜੀ ਨੂੰ ਮਨੁੱਖ ਦੀ ਬੇਹਤਰੀ ਲਈ ਵਰਤਣ ਦੀ ਥਾਂ ਐਟਮ ਬੰਬ ਬਣਾ ਕਿ ਉਸ ਦੀ ਤਬਾਹੀ ਲਈ ਵਰਤਣ ਲੱਗਾ।
-----
ਇਹ ਭਿਆਨਕ ਜੰਗਾਂ ਵੀ ਧਰਮਾਂ ਅਤੇ ਸਭਿਆਚਾਰਾਂ ਦੇ ਨਾਮ ਹੇਠ ਹੀ ਲੜੀਆਂ ਜਾਂਦੀਆਂ ਹਨ। ਹਰ ਧਰਮ ਦੇ ਪੈਰੋਕਾਰ ਆਪਣੇ ਧਰਮ ਨੂੰ ਹੀ ਦੁਨੀਆਂ ਦਾ ਸਭ ਤੋਂ ਵਧੀਆ ਧਰਮ ਸਮਝਦੇ ਹਨ। ਉਹ ਸਮਝਦੇ ਹਨ ਕਿ ‘ਰੱਬ’ ਸਿਰਫ ਉਨ੍ਹਾਂ ਵੱਲ ਹੀ ਹੈ-ਜੇਕਰ ‘ਰੱਬ’ ਨਾਮ ਦੀ ਕੋਈ ਸ਼ੈਅ ਕਿੱਧਰੇ ਵਸਦੀ ਹੈ? ਪਰ ਦੂਜੇ ਪਾਸੇ ਧਰਮਾਂ ਨੂੰ ਮੰਨਣ ਵਾਲੇ ਇਹ ਸਾਰੇ ਹੀ ਲੋਕ ਇਹ ਗੱਲ ਕਹਿੰਦੇ ਵੀ ਨਹੀਂ ਥੱਕਦੇ ਕਿ ਇਸ ਧਰਤੀ ਉੱਤੇ ਰਹਿਣ ਵਾਲਾ ਹਰ ਜੀਵ, ਜੰਤੂ ਇੱਕੋ ਹੀ ਰੱਬ ਦੇ ਬਣਾਏ ਹੋਏ ਹਨ। ਇਸ ਮਸਲੇ ਨੂੰ ਗ਼ਜ਼ਲ ‘ਗਲੋਬਲ ਏਕਤਾ’ ਦੇ ਇਸ ਸ਼ੇਅਰ ਵਿੱਚ ਬਹੁਤ ਹੀ ਖ਼ੂਬਸੂਰਤੀ ਨਾਲ ਬਿਆਨ ਕੀਤਾ ਗਿਆ ਹੈ:
ਇਕ ਰੱਬ ਦੇ ਨਾਂ ਹੇਠਾਂ, ਧਰਮਾਂ ਦਾ ਰੌਲਾ ਪਾ ਲਿਆ
ਇਕ ਹੀ ਰੱਬ ਹੈ ਦੱਸਿਆ, ਰਾਹਬਰਾਂ ਪੈਗੰਬਰਾਂ ਮਾਹਰਾਂ
ਅਜਿਹੇ ਜੰਗ-ਬਾਜ਼ ਧਰਮ-ਕਰਮੀਆਂ ਨੂੰ ਪਿਆਰਾ ਸਿੰਘ ਕੁੱਦੋਵਾਲ ਆਪਣੀ ਗ਼ਜ਼ਲ ‘ਤੇਰੇ ਸ਼ਹਿਰ ਅੰਦਰ’ ਦੇ ਇਸ ਸ਼ੇਅਰ ਵਿੱਚ ਕਰੜੇ ਹੱਥੀਂ ਲੈਂਦਾ ਹੈ:
ਨਾ ਹੀ ਦੇਸ਼ ਭਗਤੀ, ਨਾ ਇਹ ਧਰਮ ਹੈ ਬੰਦੇ
ਮਾਰੇਂ ਮਾਸੂਮ ਤੂੰ, ਸੁੱਟ ਕੇ ਬੰਬ ਸ਼ਹਿਰ ਅੰਦਰ
-----
ਦੇਸ਼ ਭਗਤੀ ਇੱਕ ਅਜਿਹਾ ਸ਼ਬਦ ਹੈ ਜਿਸ ਦੀ ਆੜ ਹੇਠ, ਅਕਸਰ, ਕਿਸੇ ਵੀ ਦੇਸ ਦੀ ਹਕੂਮਤ ਵੱਲੋਂ ਵਿਰੋਧੀ ਵਿਚਾਰਾਂ ਨੂੰ ਦਬਾਉਣ ਲਈ ਹਜ਼ਾਰਾਂ ਬੇਗੁਨਾਹ ਲੋਕਾਂ ਨੂੰ ਜੇਲ੍ਹਾਂ ਦੀਆਂ ਕਾਲ-ਕੋਠੜੀਆਂ ਵਿੱਚ ਡੱਕ ਦਿੱਤਾ ਜਾਂਦਾ ਹੈ ਜਾਂ ਉਨ੍ਹਾਂ ਦਾ ਕ਼ਤਲ ਕਰ ਦਿੱਤਾ ਜਾਂਦਾ ਹੈ। ਅਜਿਹੀਆਂ ਮਨੁੱਖ ਵਿਰੋਧੀ ਗੱਲਾਂ ਦੁਨੀਆਂ ਦੇ ਲਗਭਗ ਹਰੇਕ ਦੇਸ਼ ਵਿੱਚ ਹੀ ਵਾਪਰਦੀਆਂ ਰਹੀਆਂ ਹਨ। ਹਿਟਲਰ, ਸਟਾਲਿਨ, ਇੰਦਰਾ ਗਾਂਧੀ, ਈਦੀ ਅਮੀਨ ਅਜਿਹੇ ਮਾਨਵ ਵਿਰੋਧੀ ਕੰਮ ਕਰਨ ਲਈ ਮਸ਼ਹੂਰ ਰਹੇ ਹਨ। ‘ਦਾਗ਼’ ਗ਼ਜ਼ਲ ਦਾ ਇਹ ਸ਼ੇਅਰ ਇਸ ਹਕੀਕਤ ਦੀ ਹੀ ਪੇਸ਼ਕਾਰੀ ਕਰ ਰਿਹਾ ਹੈ:
ਜੇਲ੍ਹਾਂ, ਤਿਹਾੜ, ਸਾਇਬੇਰੀਆ, ਅਬੂਗ਼ਰੀਬ, ਦੀਆਂ
ਮਾਰਾਂ ਇਕੋ ਜਿਹੀਆਂ, ਚੜ੍ਹਦੇ ਲਹਿੰਦੇ ਨੇ
-----
ਭਾਰਤੀ ਸਭਿਅਤਾ ਦੇ ਇਤਿਹਾਸ ਵਿੱਚ ਮੰਨੂੰ ਨਾਮ ਦੇ ਵਿਅਕਤੀ ਨੇ ਜਿਸ ਤਰ੍ਹਾਂ ਦੇ ਮਾਨਵ ਵਿਰੋਧੀ ਜ਼ੁਲਮਾਂ ਦਾ ਸਿਲਸਿਲਾ ਹਜ਼ਾਰਾਂ ਸਾਲ ਪਹਿਲਾਂ ਸ਼ੁਰੂ ਕੀਤਾ ਸੀ ਅੱਜ ਵੀ ਉਸਦਾ ਕਿਤੇ ਅੰਤ ਹੁੰਦਾ ਨਜ਼ਰ ਨਹੀਂ ਆਉਂਦਾ। ਸਮੁੱਚੀ ਮਾਨਵਤਾ ਦੇ ਇਤਿਹਾਸ ਵਿੱਚ ਇਸ ਤੋਂ ਵੱਡਾ ਮਾਨਵ-ਵਿਰੋਧੀ ਤਾਣਾ-ਬਾਣਾ ਬੁਣਨ ਵਾਲਾ ਕੋਈ ਹੋਰ ਮਨੁੱਖ, ਸ਼ਾਇਦ, ਹੀ ਕਿਤੇ ਪੈਦਾ ਹੋਇਆ ਹੋਵੇ। ਮੰਨੂੰ ਨੇ ਭਾਰਤੀ ਮੂਲ ਦੇ ਲੋਕਾਂ ਦੀ ਚੇਤਨਾ ਵਿੱਚ ਜ਼ਾਤ-ਪਾਤ ਦੇ ਆਧਾਰ ਉੱਤੇ ਮਨੁੱਖ ਵਿਰੋਧੀ ਅਜਿਹੀਆਂ ਲਕੀਰਾਂ ਵਾਹੀਆਂ ਕਿ ਉਹ ਕਦੀ ਮਿਟ ਨਹੀਂ ਸਕਣਗੀਆਂ। ਭਾਰਤੀ ਸਭਿਅਤਾ ਦੇ ਮੱਥੇ ਉੱਤੇ ਲੱਗਾ ਇਹ ਮਨੁੱਖ ਵਿਰੋਧੀ ਕਲੰਕ ਕਦੀ ਵੀ ਧੋਤਾ ਨਹੀਂ ਜਾ ਸਕੇਗਾ; ਚਾਹੇ ਕੋਈ ਪਵਿੰਤਰ ਗੰਗਾ ਵਿੱਚ ਹਜ਼ਾਰ ਵਾਰ ਵੀ ਇਸ਼ਨਾਨ ਕਰੇ।
-----
ਭਾਰਤੀ ਮੂਲ ਦੇ ਲੋਕਾਂ ਦੀ ਇਸ ਮਾਨਸਿਕ ਪੀੜ ਦਾ ਇਜ਼ਹਾਰ ਪਿਆਰਾ ਸਿੰਘ ਕੁੱਦੋਵਾਲ ਆਪਣੀ ਗ਼ਜ਼ਲ ‘ਉਧਾਰੇ ਖੰਭ’ ਵਿੱਚ ਕੁਝ ਇਸ ਅੰਦਾਜ਼ ਨਾਲ ਕਰਦਾ ਹੈ:
ਰੰਗ ਜਾਤ ਨਸਲ ਦੀ, ਅਜੇ ਖੇਡ ਚਲ ਰਹੀ
ਮੰਨੂੰ ਬਾਬੇ ਕੀਤੀਆਂ, ਵੰਡਾਂ ਇਹ ਸਾਰੀਆਂ
ਮਾਨਵ ਵਿਰੋਧੀ ਸੋਚ ਰੱਖਣ ਵਾਲੇ ਅਤੇ ਲੋਕਾਂ ਵਿੱਚ ਰੰਗ, ਨਸਲ, ਕੌਮ, ਧਰਮ ਦੇ ਨਾਮ ਉੱਤੇ ਨਫ਼ਰਤ ਫੈਲਾਉਣ ਵਾਲੇ ਅਨੇਕਾਂ ਹੋਰ ਮੰਨੂੰ ਬਾਬੇ ਵੀ ਧਰਤੀ ਦੇ ਅਨੇਕਾਂ ਹਿੱਸਿਆਂ ਵਿੱਚ ਸਮੇਂ ਸਮੇਂ ਸਰਗਰਮ ਰਹੇ ਹਨ। ਅੱਜ ਵੀ ਦੁਨੀਆਂ ਦੇ ਅਨੇਕਾਂ ਹਿੱਸਿਆਂ ਵਿੱਚ ਕਾਲੇ ਰੰਗ ਦੇ ਲੋਕਾਂ ਨੂੰ ਚਿੱਟੇ ਰੰਗ ਦੇ ਲੋਕਾਂ ਦੇ ਬਰਾਬਰ ਗਿਰਜਿਆਂ, ਸਕੂਲਾਂ, ਦਫਤਰਾਂ, ਰੈਸਟੋਰੈਂਟਾਂ, ਖੇਡ ਮੈਦਾਨਾਂ, ਬੱਸਾਂ, ਗੱਡੀਆਂ ਵਿੱਚ ਇਕੱਠੇ ਬੈਠਣ ਦਾ ਹੱਕ ਨਹੀਂ। ਅਜੇ ਕੁਝ ਦਹਾਕੇ ਪਹਿਲਾਂ ਤੱਕ ਦੁਨੀਆਂ ਦੀ ਮਹਾਂ ਸ਼ਕਤੀ ਅਮਰੀਕਾ ਦੇ ਅਨੇਕਾਂ ਪ੍ਰਾਤਾਂ ਵਿੱਚ ਕਾਲੇ ਰੰਗ ਦੇ ਲੋਕਾਂ ਨਾਲ ਜਾਨਵਰਾਂ ਵਾਲਾ ਵਰਤਾਓ ਕੀਤਾ ਜਾਂਦਾ ਸੀ। ਉਨ੍ਹਾਂ ਦੀ ਗ਼ੁਲਾਮਾਂ ਦੇ ਰੂਪ ਵਿੱਚ ਨੀਲਾਮੀ ਕੀਤੀ ਜਾਂਦੀ ਸੀ। ਸਾਊਥ ਅਫਰੀਕਾ ਦੀ ਨਸਲਵਾਦੀ ਹਕੂਮਤ ਨੇ ਨੈਲਸਨ ਮੰਡੈਲਾ ਨੂੰ 25 ਸਾਲ ਤੱਕ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ, ਮਹਿਜ਼, ਇਸੇ ਲਈ ਬੰਦ ਰੱਖਿਆ ਸੀ ਕਿ ਉਹ ਆਪਣੇ ਦੇਸ਼ ਵਿੱਚ ਕਾਲੇ ਰੱਗ ਦੇ ਲੋਕਾਂ ਲਈ ਬਰਾਬਰੀ ਦੇ ਹੱਕ ਮੰਗਦਾ ਸੀ।
-----
ਸਾਡੇ ਸਮਿਆਂ ਦੇ ਰਾਜਨੀਤੀਵਾਨ ਰਾਜਨੀਤਿਕ ਤਾਕਤ ਪ੍ਰਾਪਤ ਕਰਨ ਦੀਆਂ ਆਪਣੀਆਂ ਇੱਛਾਵਾਂ ਦੀ ਪੂਰਤੀ ਹਿਤ ਆਮ ਲੋਕਾਂ ਨੂੰ ਧਰਮ ਦੇ ਨਾਮ ਉੱਤੇ ਭੜਕਾਅ ਕੇ ਇੱਕ ਦੂਜੇ ਨਾਲ ਲੜਾਂਦੇ ਹਨ। ਇਸ ਤਰ੍ਹਾਂ ਦੀ ਮੌਕਾਪ੍ਰਸਤੀ ਵਿੱਚ ਕੋਈ ਵੀ ਰਾਜਨੀਤਿਕ ਪਾਰਟੀ ਪਿੱਛੇ ਨਹੀਂ ਰਹੀ। ਇਨ੍ਹਾਂ ਬੇਜ਼ਮੀਰੇ ਰਾਜਨੀਤੀਵਾਨਾਂ ਲਈ ਧਰਮ ਈਮਾਨ ਨਾਮ ਦੀ ਕੋਈ ਸ਼ੈਅ ਕੋਈ ਅਰਥ ਨਹੀਂ ਰੱਖਦੀ। ਉਹ ਆਪਣੀਆਂ ਰਾਜਨੀਤਿਕ ਇਛਾਵਾਂ ਦੀ ਪੂਰਤੀ ਹਿੱਤ ਕਿਸੇ ਵੀ ਧਰਮ ਨਾਲ ਸਬੰਧਤ ਲੋਕਾਂ ਨੂੰ ਬਲੀ ਦੇ ਬੱਕਰੇ ਬਣਾ ਸਕਦੇ ਹਨ। ‘ਦਹਿਸ਼ਤ’ ਨਾਮ ਦੀ ਗ਼ਜ਼ਲ ਵਿੱਚ ਪਿਆਰਾ ਸਿੰਘ ਕੁੱਦੋਵਾਲ ਅਜਿਹੇ ਬੇਜ਼ਮੀਰੇ ਰਾਜਨੀਤੀਵਾਨਾਂ ਦੇ ਗੈ਼ਰ-ਮਾਨਵੀ ਕੰਮਾਂ ਦੀ ਕਾਵਿਕ ਤਸਵੀਰ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:
1.ਹਿੰਦੂ ਮੁਸਲਿਮ ਸਿੱਖ ਈਸਾਈ, ਵੱਖਰੇ ਨਾ
ਬਿਨਾਂ ਵਿਤਕਰੇ ਮਾਰ, ਆਪਣੇ ਰਾਹ ਗਈ ਦਹਿਸ਼ਤ
.........
2.ਧਰਮ ਈਮਾਨ ਦੇ ਨਾਂ ਤੇ, ਕਤਲ ਜ਼ਮੀਰ ਕਰੇ
ਜ਼ਿੰਦਾ ਲਾਸ਼ਾਂ, ਮਾਨਵ ਬੰਬ, ਬਣਾ ਗਈ ਦਹਿਸ਼ਤ
-----
ਅਜਿਹੇ ਰਾਜਨੀਤਿਕ ਸਿਸਟਮਾਂ ਨੂੰ ‘ਗੁੰਡਾਰਾਜ’ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਅਜਿਹੇ ਸਿਸਟਮਾਂ ਵਿੱਚ ਆਮ ਵਿਅਕਤੀ ਦੀ ਕੋਈ ਪੁੱਛ ਪ੍ਰਤੀਤ ਨਹੀਂ ਹੁੰਦੀ। ਸਿਰਫ਼ ਰਾਜਨੀਤੀਵਾਨ ਹੀ ਨਹੀਂ, ਇਸ ਸਿਸਟਮ ਨਾਲ ਸਬੰਧਤ ਨੌਕਰਸ਼ਾਹੀ ਵੀ ਆਮ, ਜਨਤਾ ਦੀ ਲੁੱਟ ਕਰਨ ਵਿੱਚ ਹੀ ਦਿਲਚਸਪੀ ਰੱਖਦੀ ਹੈ। ਇਨ੍ਹਾਂ ਸਾਰੇ ਵਿਚਾਰਾਂ ਨੂੰ ਪਿਆਰਾ ਸਿੰਘ ਕੁੱਦੋਵਾਲ ਆਪਣੇ ਸ਼ੇਅਰਾਂ ਵਿੱਚ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:
1.ਆਮ ਲੋਕਾਂ ਨੂੰ ਕਦੇ, ਪੁੱਛਿਆ ਹੀ ਨਹੀਂ ਕਿਸੇ
ਉਦੋਂ ਵੀ ਉਹ ਨਾਚੀਜ਼ ਸਨ, ਅੱਜ ਵੀ ਨਾਚੀਜ਼ ਨੇ
............
2.ਅਫ਼ਸਰ, ਨੇਤਾ, ਗੁੰਡੇ, ਲੁੱਟਦੇ ਜਨਤਾ ਨੂੰ
ਧੱਕੇਸ਼ਾਹੀ ਕਰਕੇ, ਬੇਪਰਵਾਹ ਗਈ ਦਹਿਸ਼ਤ
..........
3.ਪੁਲਿਸ, ਵਕੀਲ, ਦਲੀਲ, ਨਿਆਂ, ਦਾ ਬੌਣਾ ਕੱਦ
ਬੱਸਾਂ ਗੱਡੀਆਂ ਹੋਟਲਾਂ ਵਿੱਚ ਵੀ, ਛਾ ਗਈ ਦਹਿਸ਼ਤ
-----
ਅਜਿਹੇ ਦਹਿਸ਼ਤ ਭਰੇ ਮਾਹੌਲ ਵਿੱਚ ਆਮ ਵਿਅਕਤੀ ਨੂੰ ਦੂਹਰੀ ਮਾਰ ਪੈਂਦੀ ਹੈ। ਦਿਨ ਸਮੇਂ ਉਨ੍ਹਾਂ ਨੂੰ ਨਿਆਂ ਦੇ ਰਖਵਾਲੇ ਪੁਲਿਸ ਅਧਿਕਾਰੀਆਂ ਦੀ ਦਹਿਸ਼ਤ ਦਾ ਸ਼ਿਕਾਰ ਹੋਣਾ ਪੈਂਦਾ ਹੈ ਅਤੇ ਰਾਤ ਸਮੇਂ ਧਾਰਮਿਕ ਕੱਟੜਪੰਥੀ ਦਹਿਸ਼ਤਗਗਰਦਾਂ ਦੀ ਦਹਿਸ਼ਤਗਰਦੀ ਦਾ। 1978 ਤੋਂ 1993 ਤੱਕ, ਤਕਰੀਬਨ ਦੋ ਦਹਾਕੇ, ਅਜਿਹੇ ਦਹਿਸ਼ਤ ਭਰੇ ਮਾਹੌਲ ਦਾ ਸਾਹਮਣਾ ਪੰਜਾਬ ਦੇ ਲੋਕਾਂ ਨੇ ਬੜੀ ਹੀ ਬਹਾਦਰੀ ਨਾਲ ਕੀਤਾ ਹੈ। ਬਾਹਰਲੇ ਦੇਸ਼ਾਂ ਵਿੱਚ ਬੈਠੇ ਪੰਜਾਬੀ ਅਸੀਂ ਅਜਿਹੇ ਦਹਿਸ਼ਤ ਭਰੇ ਮਾਹੌਲ ਦਾ ਸਿਰਫ਼ ਅੰਦਾਜ਼ਾ ਹੀ ਲਗਾ ਸਕਦੇ ਹਾਂ। ਜਿਵੇਂ ਕਿਸੇ ਫਨ ਫੈਲਾਈ ਖੜ੍ਹੇ ਕਿਸੇ ਜ਼ਹਿਰੀ ਸੱਪ ਦਾ ਸਾਹਮਣਾ ਕਰਨ ਵਾਲੇ ਮਨੁੱਖ ਦੀ ਮਾਨਸਿਕ ਸਥਿਤੀ ਦੀ ਭਿਆਨਕਤਾ ਬਾਰੇ ਸਹੀ ਬਿਆਨ ਤਾਂ ਉਸ ਸਥਿਤੀ ਵਿੱਚ ਵਿਚਰ ਰਿਹਾ ਮਨੁੱਖ ਹੀ ਕਰ ਸਕਦਾ ਹੈ। ਪਰ ਫਿਰ ਵੀ ਅਜਿਹੀ ਸਥਿਤੀ ਦੀ ਭਿਆਨਕਤਾ ਨੂੰ ਬਿਆਨ ਕਰਦੇ ਪਿਆਰਾ ਸਿੰਘ ਕੁੱਦੋਵਾਲ ਦੇ ਸ਼ੇਅਰ ਪ੍ਰਭਾਵਿਤ ਕਰਦੇ ਹਨ:
1.ਰੋਜ਼ ਰਾਤ ਨੂੰ, ਪਿੰਡ ਵੀ ਜੰਗਲ ਬਣ ਜਾਂਦਾ
ਤ੍ਰਿਆਸੀ ਤੋਂ ਤਿਰਾਨਵੇਂ, ਤੀਕਰ ਕਹਿੰਦੇ ਨੇ
.........
2.ਦਿਨ ਵੇਲੇ ਸਰਕਾਰੀ ਰਾਤੀਂ ਬਲਕਾਰੀ
ਸੀਨੇ ਪੱਥਰ ਰੱਖ, ਦੋਹਰਾ ਦੁੱਖ ਸਹਿੰਦੇ ਨੇ
.........
3.ਹਨੇਰਿਆਂ ਦਾ ਮੌਸਮ, ਜੰਗਲ ਵਰਗੀ ਚੁੱਪ
ਚੁੱਪ ਦੀ ਤੂੰ ਚੀਖ਼ ਸੁਣ, ਸਵੇਰ ਹੋਣ ਤੱਕ
..........
4.ਇਹ ਵੀ ਦਿਨ ਹਨ, ਸ਼ਾਮ ਢਲੇ, ਜਦ ਦਿਲ ਰੋ ਪੈਂਦਾ ਹੈ
ਉਹ ਵੀ ਦਿਨ ਸਨ, ਸ਼ਾਮ ਢਲੇ ਤਾਂ, ਨਿੱਤ ਭੰਗੜੇ ਪੈਂਦੇ ਸਨ
..........
5.ਉੱਜੜੇ ਗਰਾਂ ਨੇ ਦੱਸਦੇ, ਕਹਾਣੀ ਡਰਾਂ ਦੀ
ਕਿਸ ਤਰ੍ਹਾਂ ਲੁੱਟੀ ਰੌਣਕ, ਵੱਸਦੇ ਘਰਾਂ ਦੀ
------
‘ਸਮਿਆਂ ਤੋਂ ਪਾਰ’ ਗ਼ਜਲ਼-ਸੰਗ੍ਰਹਿ ਵਿੱਚ ਭਾਵੇਂ ਕਿ ਪਿਆਰਾ ਸਿੰਘ ਕੁੱਦੋਵਾਲ ਨੇ ਹੁਣ ਤੱਕ ਚਰਚਾ ਅਧੀਨ ਲਿਆਂਦੇ ਗਏ ਵਿਸ਼ਿਆਂ ਤੋਂ ਇਲਾਵਾ ਹੋਰ ਵੀ ਅਨੇਕਾਂ ਵਿਸ਼ਿਆਂ ਬਾਰੇ ਵੀ ਖੂਬਸੂਰਤ ਗ਼ਜ਼ਲਾਂ/ਸ਼ੇਅਰ ਲਿਖੇ ਹਨ; ਪਰ ਮੈਂ ਇਸ ਪੁਸਤਕ ਬਾਰੇ ਆਪਣੀ ਗੱਲ ਖ਼ਤਮ ਕਰਨ ਤੋਂ ਪਹਿਲਾਂ ਉਸ ਦੀਆਂ ਉਨ੍ਹਾਂ ਕੁਝ ਕੁ ਗ਼ਜ਼ਲਾਂ ਦੇ ਸ਼ੇਅਰਾਂ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ ਜਿਨ੍ਹਾਂ ਵਿੱਚ ਉਸਨੇ ਔਰਤ ਉੱਤੇ ਹੁੰਦੇ ਜ਼ੁਲਮਾਂ ਦੀ ਗੱਲ ਕੀਤੀ ਹੈ, ਵਿਸ਼ਵ-ਅਮਨ ਦੀ ਗੱਲ ਕੀਤੀ ਹੈ, ਸਭਿਆਚਾਰਕ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਹੈ ਜਾਂ ਮਨੁੱਖੀ ਰਿਸ਼ਤਿਆਂ ਦੀ ਟੁੱਟ-ਭੱਜ ਦੀ ਗੱਲ ਕੀਤੀ ਹੈ।
-----
ਸਾਡੇ ਸਮਿਆਂ ਵਿੱਚ ਔਰਤ ਨੇ, ਆਪਣੀ ਲੰਬੀ ਅਤੇ ਨਿਰੰਤਰ ਜੱਦੋ-ਜਹਿਦ ਤੋਂ ਬਾਹਦ, ਜ਼ਿੰਦਗੀ ਦੇ ਅਨੇਕਾਂ ਖੇਤਰਾਂ ਵਿੱਚ ਮਨੁੱਖੀ ਬਰਾਬਰੀ ਦੇ ਹੱਕ ਪ੍ਰਾਪਤ ਕਰ ਲਏ ਹਨ। ਪਰ ਇਹ ਹੱਕ ਉਸਨੂੰ ਇੱਕ ਦਿਨ ਵਿੱਚ ਪ੍ਰਾਪਤ ਨਹੀਂ ਹੋ ਗਏ. ਹਜ਼ਾਰਾਂ ਸਾਲ ਤੱਕ ਉਸਨੂੰ ਮਰਦ ਵੱਲੋਂ ਕੀਤੇ ਜਾਂਦੇ ਮਾਨਸਿਕ/ਸਰੀਰਕ ਤਸੀਹੇ ਝੱਲਣੇ ਪਏ ਹਨ। ਗ਼ੁਲਾਮੀ ਦੀਆਂ ਜ਼ੰਜੀਰਾਂ ਦਾ ਬੋਝ ਚੁੱਕਣਾ ਪਿਆ ਹੈ। ਮਾਂ, ਧੀ, ਪਤਨੀ, ਭੈਣ, ਦੋਸਤ - ਔਰਤ ਮਰਦ ਨਾਲ ਇੰਨੇ ਰਿਸ਼ਤਿਆਂ ਵਿੱਚ ਬੱਝੀ ਹੋਣ ਦੇ ਬਾਵਜ਼ੂਦ ਵੀ ਮਰਦ ਵਾਂਗ ਆਜ਼ਾਦੀ ਨਾ ਮਾਣ ਸਕੀ। ਕਿਸੀ-ਨ-ਕਿਸੀ ਬਹਾਨੇ ਮਰਦ ਵੱਲੋਂ ਉਸਦੇ ਪਰ ਕੁਤਰ ਦਿੱਤੇ ਜਾਂਦੇ ਰਹੇ ਕਿ ਉਹ ਉੱਚੀਆਂ ਅਤੇ ਆਜ਼ਾਦ ਹਵਾਵਾਂ ਵਿੱਚ ਉੱਡ ਨ ਸਕੇ। ਔਰਤ ਨੂੰ ਜ਼ਿੰਦਗੀ ਵਿੱਚ ਹਰ ਪੱਧਰ ਉੱਤੇ ਹੀ ਘੁਲਾਮੀ ਸਹਿਣੀ ਪੈਂਦੀ ਹੈ। ਕਦੀ ਪਿਓ ਦੀ, ਕਦੀ ਪਤੀ ਦੀ, ਕਦੀ ਪੁੱਤਰਾਂ ਦੀ ਅਤੇ ਕਦੀ ਭਰਾਵਾਂ ਦੀ. ਔਰਤ ਨੂੰ ਹੀ ਨੈਤਿਕਤਾ ਦੀਆਂ ਪ੍ਰੀਖਿਆਵਾਂ ‘ਚੋਂ ਲੰਘਣ ਲਈ ਮਜਬੂਰ ਕੀਤਾ ਜਾਂਦਾ ਹੈ, ਮਰਦ ਨੂੰ ਨਹੀਂ। ਸਿਰਫ਼ ਇਸ ਲਈ ਕਿ ਮਰਦ ਪ੍ਰਧਾਨ ਸਮਾਜ ਨੇ ਮਰਦ ਨੂੰ ਦੋਸ਼ ਮੁਕਤ ਕੀਤਾ ਹੋਇਆ ਹੈ. ਕਿਉਂਕਿ ਮਰਦ ਤਾਂ ‘ਰਾਮ’ ਦਾ ਰੂਪ ਹੈ। ਉਹ ਤਾਂ ਇੱਕ ਸੰਪੂਰਨ ਮਨੁੱਖ ਹੈ। ਇਸ ਸੰਦਰਭ ਵਿੱਚ ਪਿਆਰਾ ਸਿੰਘ ਕੁੱਦੋਵਾਲ ਦੀਆਂ ਗ਼ਜ਼ਲਾਂ ‘ਸ਼ਹਾਦਤ’ ਅਤੇ ‘ਨਵੇਂ ਪੁਰਾਣੇ ਵਕਤ’ ਦੇ ਇਹ ਸ਼ੇਅਰ ਸਾਡੇ ਧਿਆਨ ਦੀ ਮੰਗ ਕਰਦੇ ਹਨ:
1.ਕਦੇ ਤਾਂ ਮਰਦ, ਔਰਤ ਦੀ ਕਰੇਗਾ ਕਦਰ
ਆਸ ਇਹੀ, ਦਿਲ ਵਿੱਚ ਮਿਰੇ, ਪਲ ਰਹੀ ਹੈ
...........
2 ਦਰੋਪਦੀਆਂ ਦਾ ਚੀਰ ਹਰਣ ਜੋ ਹੋ ਕਰਦੇ ਰਹੇ
ਉਦੋਂ ਵੀ ਉਹ ਸ਼ਰੀਫ਼ ਸਨ ਅੱਜ ਵੀ ਸ਼ਰੀਫ਼ ਨੇ
.........
3.ਸੀਤਾ ਵਰਗੀਆਂ ਮਾਵਾਂ ਦਿੰਦੀਆਂ ਅਗਨ ਪ੍ਰੀਖਿਆ
ਅੱਜ ਵੀ ਸੜ੍ਹਦੀਆਂ ਮਰਦੀਆਂ ਕੈਸੇ ਨਸੀਬ ਨੇ
..........
4.ਔਰਤ ਹੋਣ ਦੀ ਸਜ਼ਾ ਹੋਈ ਕਦੇ ਵੀ ਘੱਟ ਨਾ
ਉਦੋਂ ਸ਼ਰੇਆਮ ਸੀ ਅੱਜ ਕੁੜੀਮਾਰ ਸ਼ਰੀਫ਼ ਨੇ
.........
5.ਜੰਮ ਨ ਦਏ ਕਿਤੇ, ਲੋਕਾਂ ਦਾ ਵਾਰਸ
ਪੇਟ ਤੋਂ ਸੀ, ਜੋ ਵੀ ਔਰਤ, ਦਲੀ ਦੋਸਤੋ
-----
ਪੁਰਾਣੇ ਸਮਿਆਂ ਵਿੱਚ ਔਰਤ ਨੂੰ ਜੰਮਣ ਤੋਂ ਬਾਅਦ ਜ਼ਹਿਰ ਦੇ ਕੇ ਮਾਰ ਦਿੱਤਾ ਜਾਂਦਾ ਸੀ। ਸਾਡੇ ਸਮਿਆਂ ਵਿੱਚ ਵਿਗਿਆਨ ਅਤੇ ਤਕਨਾਲੋਜੀ ਦੀ ਤਰੱਕੀ ਸਦਕਾ ਅਲਟਰਾਸਾਊਂਡ ਦੀ ਮੱਦਦ ਨਾਲ ਪਹਿਲਾਂ ਹੀ ਇਹ ਪਤਾ ਕਰ ਲਿਆ ਜਾਂਦਾ ਹੈ ਕਿ ਮਾਂ ਦੇ ਪੇਟ ਵਿੱਚ ਪੈਦਾ ਹੋਣ ਵਾਲਾ ਬੱਚਾ ਮੁੰਡਾ ਹੈ ਜਾਂ ਕੁੜੀ। ਕੁੜੀ ਹੋਣ ਦੀ ਹਾਲਤ ਵਿਚ, ਅਨੇਕਾਂ ਲੋਕ ਮਾਂ ਦੇ ਪੇਟ ਵਿੱਚ ਹੀ ਆਪਣੀ ਹੋਣ ਵਾਲੀ ਧੀ ਦਾ ਕ਼ਤਲ ਕਰਵਾ ਦਿੰਦੇ ਹਨ। ਜਿਸ ਤਰ੍ਹਾਂ ਔਰਤ ਨੂੰ ਗ਼ੁਲਾਮ ਬਣਾਈ ਰੱਖਣ ਲਈ ਉਸਨੂੰ ਹਰ ਤਰ੍ਹਾਂ ਦੇ ਮਾਨਸਿਕ/ਸਰੀਰਕ ਤਸੀਹੇ ਦਿੱਤੇ ਜਾਂਦੇ ਰਹੇ ਹਨ, ਇਸੇ ਤਰ੍ਹਾਂ ਹੀ ਸਮਾਜ ਦੇ ਗ਼ਰੀਬ ਅਤੇ ਪਹਿਲਾਂ ਹੀ ਦੱਬੇ-ਕੁਚਲੇ ਲੋਕਾਂ ਨੂੰ ਹੋਰ ਦਬਾਉਣ ਲਈ ਉਨ੍ਹਾਂ ਉੱਤੇ ਹਰ ਤਰ੍ਹਾਂ ਦਾ ਗ਼ੈਰ-ਮਨੁੱਖੀ ਅਤਿਆਚਾਰ ਕੀਤਾ ਜਾਂਦਾ ਰਿਹਾ ਹੈ। ਗ਼ਜ਼ਲ ‘ਸ਼ਹਾਦਤ’ ਦਾ ਇਹ ਸ਼ੇਅਰ ਇਸ ਹਕੀਕਤ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਬਿਆਨ ਕਰਦਾ ਹੈ:
ਜਿਨ੍ਹਾਂ ਦੇ ਚੁੱਲ੍ਹਿਆਂ ‘ਚ, ਕਦੇ ਕਦੇ ਬਲਦੀ ਸੀ ਅੱਗ
ਕੱਲ੍ਹ ਰਾਤ ਤੋਂ ਉਹ ਬਸਤੀ, ਸਾਰੀ ਹੀ ਜਲ ਰਹੀ ਹੇ
-----
‘ਸਮਿਆਂ ਤੋਂ ਪਾਰ’ ਗ਼ਜ਼ਲ ਸੰਗ੍ਰਹਿ ਦੀਆਂ ਕੁਝ ਗ਼ਜ਼ਲਾਂ ਵਿੱਚ ਅਜਿਹੇ ਖ਼ੂਬਸੂਰਤ ਸ਼ੇਅਰ ਵੀ ਮਿਲਦੇ ਹਨ ਜੋ ਅਜੋਕੇ ਮਨੁੱਖ ਦੀਆਂ ਸਮਾਜਿਕ/ਸਭਿਆਚਾਰਕ ਕਦਰਾਂ-ਕੀਮਤਾਂ ਵਿੱਚ ਆ ਰਹੀ ਗਿਰਾਵਟ ਦਾ ਵੀ ਬੜਾ ਵਧੀਆ ਬਿਆਨ ਕਰਦੇ ਹਨ। ਪੂੰਜੀਵਾਦੀ ਸਭਿਆਚਾਰ ਵਿੱਚ ਹਰ ਗੱਲ ਵਿੱਚ ਪੈਸਾ ਹੀ ਪ੍ਰਧਾਨ ਹੋ ਰਿਹਾ ਹੈ। ਜੇਕਰ ਤੁਹਾਡੇ ਕੋਲ ਪੈਸਾ ਹੈ ਤਾਂ ਹਰ ਚੀਜ਼ ਖ੍ਰੀਦੀ ਜਾ ਸਕਦੀ ਹੈ; ਜੇਕਰ ਤੁਸੀਂ ਉਸ ਚੀਜ਼ ਦੀ ਮੰਡੀ ਵਿੱਚ ਲਗਾਈ ਗਈ ਕੀਮਤ ਅਦਾ ਕਰਨ ਦੀ ਸਮਰੱਥਾ ਰੱਖਦੇ ਹੋ। ਪੇਸ਼ ਹਨ ‘ਕੰਮਪਿਊਟਰ ਯੁੱਗ’, ‘ਅੱਗ’, ‘ਪੰਜਾਬੀ’ ਅਤੇ ‘ਪਰਦੇਸ ਸਿਧਾਏ’ ਗ਼ਜ਼ਲਾਂ ਵਿੱਚੋਂ ਕੁਝ ਸ਼ੇਅਰ:
1.ਪੈਸੇ ਨਾਲ ਖਰੀਦੋ, ਸਨਮਾਨ ਸੱਭ
ਸ਼ਾਪਿੰਗ ਕਰੋ, ਹਰ ਵਧੀਆ ਦਸਤੂਰ ਦੀ
............
2.ਮਿੱਠੇ ਬੋਲਾਂ ਦੀ ਗੋਲੀ ਦੇ, ਠੱਗੀ ਠੋਰੀ ਕਰਦੇ ਜਾਓ
ਅੱਜ ਕੱਲ੍ਹ ਐਸੀ ਧਰਮ ਕਮਾਈ ਅੱਗੇ ਪਿੱਛੇ ਫਲ਼ਦੀ ਹੈ
............
3.ਵਸਤਰ ਉਤਾਰੋ ਮੰਚ ਸ਼ਿੰਗਾਰੋ
ਸ਼ਰਤ ਰੱਖੇ ਵੀਡੀਓ ਪ੍ਰਡਿਊਸਰ
ਪੰਜਾਬੀ ਵਿਰਸਾ ਨੰਗਾ ਕਰਨਾ
ਮਿੱਥ ਬੈਠੇ ਕਈ ਫਿਲਮ ਪ੍ਰਡਿਊਸਰ
-----
ਇੱਕ ਚੇਤੰਨ ਅਤੇ ਮਾਨਵਵਾਦੀ ਸ਼ਾਇਰ ਹੋਣ ਦੇ ਨਾਤੇ ਪਿਆਰਾ ਸਿੰਘ ਕੁੱਦੋਵਾਲ ਵਿਸ਼ਵ-ਅਮਨ ਦਾ ਵੀ ਹਿਮਾਇਤੀ ਹੈ। ਉਹ ਤਾਂ ਇਹ ਵੀ ਚਾਹੁੰਦਾ ਹੈ ਕਿ ਹਿੰਦੁਸਤਾਨ ਅਤੇ ਪਾਕਿਸਤਾਨ ਦਰਮਿਆਨ ਵਾਹੀਆਂ ਗਈਆਂ ਸਰਹੱਦਾਂ ਦੀਆਂ ਲਕੀਰਾਂ ਵੀ ਮਿਟ ਜਾਣ ਅਤੇ ਦੋਹਾਂ ਦੇਸ਼ਾਂ ਦੇ ਲੋਕ ਪਿਆਰ-ਮੁਹੱਬਤ ਅਤੇ ਅਮਨ ਨਾਲ ਦੋ ਚੰਗੇ ਗਵਾਂਢੀਆਂ ਵਾਂਗ ਰਹਿਣ। ਨਿੱਤ ਇੱਕ ਦੂਜੇ ਵਿਰੁੱਧ ਜੰਗ ਛੇੜ ਕੇ ਇੱਕ ਦੂਜੇ ਦੀ ਤਬਾਹੀ ਕਰਨ ਦੀ ਥਾਂ ਆਪਣੀ ਉਹੀ ਸ਼ਕਤੀ ਆਪਣੇ ਆਪਣੇ ਦੇਸ਼ ਦੇ ਲੋਕਾਂ ਦੇ ਕਲਿਆਣ ਲਈ ਲਗਾਉਣ। ‘ਚੰਨ’ ਗ਼ਜ਼ਲ ਦਾ ਇਹ ਸ਼ੇਅਰ ਇਸੇ ਗੱਲ ਦੀ ਗਵਾਹੀ ਭਰਦਾ ਹੈ:
ਸਰਹੱਦਾਂ ਬੰਨੇ, ਤੋੜ ਕੇ ਮੈਂ ਇੱਕ ਕਰਾਂ
ਅੰਬਰਸਰ ਲਾਹੌਰ ‘ਤੇ, ਜਦ ਖਲੋਵੇ ਚੰਨ
-----
ਇੰਨੀਆਂ ਚੇਤਨਤਾ ਭਰਪੂਰ ਅਤੇ ਮਾਨਵਵਾਦੀ ਗ਼ਜ਼ਲਾਂ/ਸ਼ੇਅਰ ਲਿਖਣ ਵਾਲਾ ਸ਼ਾਇਰ ਪਿਆਰਾ ਸਿੰਘ ਕੁੱਦੋਵਾਲ ਕਿਤੇ ਕਿਤੇ ਉਲਾਰਪਣ ਵੀ ਦਿਖਾ ਜਾਂਦਾ ਹੈ। 1984 ਵਿੱਚ ‘ਗੋਲਡਨ ਟੈਂਪਲ’ ਉੱਤੇ ਭਾਰਤ ਸਰਕਾਰ ਵੱਲੋਂ ਕੀਤੇ ਗਏ ਬਲਿਊ ਸਟਾਰ ਓਪਰੇਸ਼ਨ ਤੋਂ ਬਾਅਦ ਅਨੇਕਾਂ ਪ੍ਰਗਤੀਵਦੀ ਲੇਖਕਾਂ ਦੀ ਮਾਨਸਿਕਤਾ ਵਿੱਚ ਦੁਫਾੜ ਪੈਦਾ ਹੋ ਗਿਆ ਸੀ। ਜਿਸਦਾ ਪ੍ਰਗਟਾਅ ਉਨ੍ਹਾਂ ਦੀਆਂ ਰਚਨਾਵਾਂ ਵਿੱਚ ਹੁੰਦਾ ਰਿਹਾ ਹੈ। ਪਿਆਰਾ ਸਿੰਘ ਕੁੱਦੋਵਾਲ ਦੇ ਸੰਦਰਭ ਵਿੱਚ ਵੀ ਕੁਝ ਅਜਿਹਾ ਹੀ ਵਾਪਰਿਆ ਲੱਗਦਾ ਹੈ। ਇਸ ਤੱਥ ਦੀ ਗਵਾਹੀ ਭਰਦੇ ਕੁਝ ਸ਼ੇਅਰ ਮੈਂ ਚਰਚਾ ਅਧੀਨ ਗ਼ਜ਼ਲ ਸੰਗ੍ਰਹਿ ‘ਸਮਿਆਂ ਤੋਂ ਪਾਰ’ ਵਿੱਚੋਂ ਵੀ ਪੇਸ਼ ਕਰਨੇ ਚਾਹਾਂਗਾ:
1.ਅੱਜ ਕੱਲ ਦੇਸ਼ ਦਾ, ਪ੍ਰਧਾਨ ਸਰਦਾਰ ਹੈ
ਹੁਣ ਤਾਂ ਦੇਸ਼ ਮੇਰੇ ਦਾ, ਬੇੜਾ ਪਾਰ ਹੈ
..............
2.ਗਲ਼ ਮੇਰੇ ਵਿੱਚ ਟਾਇਰ ਪਾ, ਮੈਨੂੰ ਜਲ਼ਾ ਰਹੇ ਓ
ਸ਼ਹਾਦਤ ਦੇ ਪਰਵਾਨਿਆਂ ਲਈ, ਲਾਟ ਬਲ ਰਹੀ ਹੈ
...........
3.ਦੁਨੀਆਂ ਦੇ ਨਕਸ਼ੇ ਤੇ, ਹੋਣਾ ਸੀ ਆਪਣਾ ਦੇਸ਼
ਜੇ ਨਾ ਕੀਤੀਆਂ ਆਪਣਿਆਂ, ਹੁੰਦੀਆਂ ਗ਼ੱਦਾਰੀਆਂ
-----
‘ਸਮਿਆਂ ਤੋਂ ਪਾਰ’ ਗ਼ਜ਼ਲ ਸੰਗ੍ਰਹਿ ਦੀ ਪ੍ਰਕਾਸ਼ਨਾ ਨਾਲ਼ ਕੈਨੇਡੀਅਨ ਪੰਜਾਬੀ ਸ਼ਾਇਰ ਪਿਆਰਾ ਸਿੰਘ ਕੁੱਦੋਵਾਲ ਅਜਿਹੇ ਚੇਤੰਨ ਕੈਨੇਡੀਅਨ ਪੰਜਾਬੀ ਸਾਹਿਤਕਾਰਾਂ ਦੀ ਢਾਣੀ ਵਿੱਚ ਸ਼ਾਮਿਲ ਹੋ ਗਿਆ ਹੈ ਜੋ ਕਾਵਿ ਸਿਰਜਣਾ ਦਾ ਉਦੇਸ਼ ਮਾਨਵ ਕਲਿਆਣਕਾਰੀ ਕਾਰਜ ਮਿਥ ਕੇ ਤੁਰਦੇ ਹਨ ਅਤੇ ਉਹ ਇਸ ਵਿਸ਼ਵਾਸ ਉੱਤੇ ਪੂਰੀ ਦ੍ਰਿੜਤਾ ਨਾਲ ਪਹਿਰਾ ਦਿੰਦੇ ਹਨ। ਅਜਿਹੇ ਚੇਤਨਾ ਭਰਪੂਰ ਵਿਚਾਰਾਂ ਦੀ ਪੇਸ਼ਕਾਰੀ ਕਰਨ ਵਾਲੇ ਗ਼ਜ਼ਲ ਸੰਗ੍ਰਹਿ ਦਾ, ਨਿਰਸੰਦੇਹ, ਸੁਆਗਤ ਕਰਨਾ ਬਣਦਾ ਹੈ।
*****
No comments:
Post a Comment