ਬਹਿਸ ਪੱਤਰ – ਭਾਗ ਚੌਥਾ
ਲੜੀ ਜੋੜਨ ਲਈ ਭਾਗ ਪਹਿਲਾ, ਦੂਜਾ ਅਤੇ ਤੀਜਾ ਪੜ੍ਹੋ ਜੀ।
(ਇਹ ਬਹਿਸ-ਪੱਤਰ 24, 25, 26 ਜੁਲਾਈ, 2009 ਨੂੰ ‘ਵਿਸ਼ਵ ਪੰਜਾਬੀ ਕਾਨਫਰੰਸ 2009’ ਟੋਰਾਂਟੋ, ਓਨਟਾਰੀਓ, ਕੈਨੇਡਾ ਵਿੱਚ ਪੇਸ਼ ਕੀਤਾ ਗਿਆ ਸੀ। ਹੁਣ ਇਸਨੂੰ ਬਲੌਗ ਦੇ ਸੂਝਵਾਨ ਪਾਠਕਾਂ ਲਈ ਲੜੀਵਾਰ ਪੋਸਟ ਕੀਤਾ ਜਾ ਰਿਹਾ ਹੈ। ਤੁਹਾਡੇ ਇਸ ਬਹਿਸ-ਪੱਤਰ ਬਾਰੇ ਕੀ ਵਿਚਾਰ ਹਨ, ਪੜ੍ਹਨ ਉਪਰੰਤ ਜ਼ਰੂਰ ਲਿਖਣਾ ਜੀ। ਸ਼ੁਕਰੀਆ। )
*****
5। ਬਹੁ-ਸਭਿਆਚਾਰਵਾਦ :
ਬਹੁ-ਸਭਿਆਚਾਰਵਾਦ ਕੈਨੇਡੀਅਨ ਸਮਾਜ ਦਾ ਇੱਕ ਵਿਸ਼ੇਸ਼ ਗੁਣ ਹੈ। ਇਹ ਗੁਣ ਕੈਨੇਡੀਅਨ ਸਮਾਜ ਨੂੰ ਭਵਿੱਖਮਈ ਸਮਾਜ ਬਣਾਂਦਾ ਹੈ। ਅਨੇਕਾਂ ਦੇਸ਼ ਸਮਾਜਿਕ ਬਣਤਰ ਦੇ ਇਸ ਗੁਣ ਨੂੰ ਅਪਨਾਉਣ ਵੱਲ ਵੱਧ ਰਹੇ ਹਨ। ਅਜੋਕੇ ਸਮਿਆਂ ਵਿੱਚ ਕੋਈ ਵੀ ਸਭਿਆਚਾਰ ਆਪਣੇ ਆਪ ਨੂੰ ਹੋਰਨਾਂ ਸਭਿਆਚਾਰਾਂ ਨਾਲੋਂ ਬੇਹਤਰ ਨਹੀਂ ਕਹਿ ਸਕਦਾ। ਬਹੁ-ਸਭਿਆਚਾਰਕ ਸਮਾਜਿਕ ਪ੍ਰਣਾਲੀ ਅਪਨਾਉਣ ਵਾਲੇ ਦੇਸ਼ ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਬਚ ਜਾਂਦੇ ਹਨ। ਅੱਜ ਅਸੀਂ ਦੇਖ ਸਕਦੇ ਹਾਂ ਕਿ ਦੁਨੀਆਂ ਦੇ ਜਿਸ ਕਿਸੇ ਖਿੱਤੇ ਵਿੱਚ ਵੀ ਕਿਸੇ ਇੱਕ ਸਭਿਆਚਾਰ ਨਾਲ ਸਬੰਧਿਤ ਲੋਕਾਂ ਨੇ ਦੂਜੇ ਸਭਿਆਚਾਰਾਂ ਦੇ ਲੋਕਾਂ ਉੱਤੇ ਜ਼ਬਰਦਸਤੀ ਆਪਣੇ ਵਿਚਾਰ ਠੋਸਣ ਦੀ ਕੋਸ਼ਿਸ਼ ਕੀਤੀ ਹੈ ਉੱਥੇ ਕਦੀ ਵੀ ਅਮਨ ਵਾਲੇ ਹਾਲਾਤ ਪੈਦਾ ਨਹੀਂ ਹੋ ਸਕੇ ਅਤੇ ਇੱਕ ਨਿਰੰਤਰ ਅਸਥਿਰਤਾ ਵਾਲੀ ਸਥਿਤੀ ਬਣੀ ਰਹਿੰਦੀ ਹੈ। ਪਾਕਿਸਤਾਨ ਦੀ ਵਿਗੜਦੀ ਜਾਂਦੀ ਰਾਜਨੀਤਿਕ/ਸਮਾਜਿਕ ਹਾਲਤ ਸਾਡੇ ਸਾਹਮਣੇ ਹੈ। ਇੱਕ ਧਰਮ ਉੱਤੇ ਆਧਾਰਿਤ ਵਿਚਾਰਾਂ ਵਾਲੇ ਦੇਸ਼ ਵਜੋਂ ਇਹ ਦੇਸ਼ ਹੋਂਦ ਵਿੱਚ ਆਇਆ ਸੀ। ਪਰ ਅੱਜ ਉਸ ਦੇਸ਼ ਵਿੱਚ ਫੈਲ ਰਹੀ ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ ਨੇ ਨਾ ਉਸ ਦੇ ਲੋਕਾਂ ਦਾ ਹੀ ਜਿਉਣਾ ਮੁਸ਼ਕਿਲ ਕੀਤਾ ਹੋਇਆ ਹੈ; ਬਲਕਿ ਸਾਰੀ ਦੁਨੀਆਂ ਦੇ ਅਮਨ-ਪਸੰਦ ਲੋਕ ਪਾਕਿਸਤਾਨ ਵਿੱਚ ਨਿਤ ਵਿਗੜਦੀ ਜਾ ਰਹੀ ਸਥਿਤੀ ਨੂੰ ਵੇਖਕੇ ਚਿੰਤਤ ਹਨ। ਕਿਉਂਕਿ ਪਾਕਿਸਤਾਨ ਕੋਲ ਨਿਊਕਲਰ ਬੰਬ ਹਨ ਅਤੇ ਜੇਕਰ ਉਹ ਬੰਬ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਦੇ ਹੱਥ ਆ ਗਏ ਤਾਂ ਵਿਸ਼ਵ-ਅਮਨ ਖ਼ਤਰੇ ਵਿੱਚ ਪੈ ਸਕਦਾ ਹੈ।
-----
ਕੈਨੇਡਾ ਦੇ ਬਹੁ-ਸਭਿਆਚਾਰਕ ਸਮਾਜ ਵਿੱਚ 170 ਤੋਂ ਵੱਧ ਜ਼ੁਬਾਨਾਂ ਬੋਲਣ ਵਾਲੇ ਵੱਖੋ ਵੱਖ ਸਭਿਆਚਾਰਾਂ ਦੇ ਲੋਕ - ਦੁਨੀਆਂ ਦੇ ਕੋਨੇ ਕੋਨੇ ਤੋਂ ਆ ਕੇ ਵੱਸੇ ਹੋਏ ਹਨ। ਇਹ ਸਭਿਆਚਾਰ ਇੱਕ ਦੂਜੇ ਨਾਲ ਟਕਰਾ ਕੇ ਸਮਾਜਿਕ ਖਿੱਚੋਤਾਣ ਪੈਦਾ ਕਰਨ ਦੀ ਥਾਂ, ਕੈਨੇਡੀਅਨ ਸਮਾਜ ਨੂੰ ਇੱਕ ਦਿਸ਼ਾ ਵਾਲਾ ਜਾਂ ਇੱਕੋ ਰੰਗਾ ਬਣਾਉਣ ਦੀ ਥਾਂ, ਬਹੁ-ਰੰਗਾ ਅਤੇ ਬਹੁ-ਦਿਸ਼ਾਵੀ ਬਣਾ ਰਹੇ ਹਨ। ਜਿਸ ਕਾਰਨ ਕੈਨੇਡੀਅਨ ਸਭਿਆਚਾਰ ਵਧੇਰੇ ਲਚਕੀਲਾ, ਦਿਲਚਸਪ ਅਤੇ ਬਹੁ-ਗੁਣਾ ਬਣ ਜਾਂਦਾ ਹੈ। ਭਾਵੇਂ ਕਿ ਅਜਿਹੇ ਸਭਿਆਚਾਰ ਦੀ ਉਸਾਰੀ ਕਰਨ ਵਿੱਚ, ਮੁੱਢ ਵਿੱਚ, ਕੁਝ ਮੁਸ਼ਕਿਲਾਂ ਵੀ ਆਉਂਦੀਆਂ ਹਨ ਅਤੇ ਵੱਖੋ ਵੱਖ ਸਭਿਆਚਾਰਾਂ ਦੇ ਲੋਕ ਹੋਰਨਾਂ ਸਭਿਆਚਾਰਾਂ ਦੇ ਲੋਕਾਂ ਨੂੰ ਸਮਝਣ ਵਿੱਚ ਕੁਝ ਹੱਦ ਤੱਕ ਵਿਰੋਧ ਵੀ ਕਰਦੇ ਹਨ - ਪਰ ਇਹ ਵਿਰੋਧ ਹੌਲ਼ੀ ਹੌਲ਼ੀ ਇੱਕ ਦੂਜੇ ਦੇ ਸਭਿਆਚਾਰ ਨੂੰ ਨੇੜਿਉਂ ਦੇਖਣ ਅਤੇ ਸਮਝਣ ਨਾਲ ਹੱਲ ਹੋ ਜਾਂਦੇ ਹਨ।
-----
ਪਰਵਾਸੀ ਪੰਜਾਬੀਆਂ ਨੂੰ ਵੀ ਕੈਨੇਡੀਅਨ ਸਮਾਜ ਵੱਲੋਂ ਸਵੀਕਾਰੇ ਜਾਣ ਵਿੱਚ ਕਈ ਦਹਾਕੇ ਲੱਗੇ ਹਨ ਅਤੇ ਕਈ ਤਰ੍ਹਾਂ ਦੇ ਵਿਰੋਧ ਵੀ ਸਹਿਣੇ ਪਏ ਹਨ; ਪਰ ਅਜ ਪਰਵਾਸੀ ਪੰਜਾਬੀ ਕੈਨੇਡੀਅਨ ਬਹੁ-ਸਭਿਆਚਾਰਕ ਸਮਾਜ ਦਾ ਇੱਕ ਅਨਿੱਖੜਵਾਂ ਅੰਗ ਬਣ ਚੁੱਕੇ ਹਨ ਅਤੇ ਜ਼ਿੰਦਗੀ ਦੇ ਅਨੇਕਾਂ ਖੇਤਰਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰ ਰਹੇ ਹਨ।
-----
ਕੈਨੇਡੀਅਨ ਬਹੁ-ਸਭਿਆਚਾਰ ਦੇ ਕੁਝ ਮਾੜੇ ਪੱਖ ਵੀ ਹਨ। ਅਨੇਕਾਂ ਦੇਸ਼ਾਂ ਅਤੇ ਸਭਿਆਚਾਰਾਂ ਦੇ ਲੋਕਾਂ ਨੂੰ ਕੈਨੇਡਾ ਆਉਣ ਦੀ ਖੁੱਲ੍ਹ ਦੇਣ ਨਾਲ ਅਨੇਕਾਂ ਦੇਸ਼ਾਂ ਦੇ ਕਰਿਮਨਲ, ਡਰੱਗ ਡੀਲਰ, ਬਲਾਤਕਾਰੀ, ਕਾਤਲ, ਪਿੰਪ ਵੀ ਬਿਨ੍ਹਾਂ ਕਿਸੇ ਰੋਕ ਟੋਕ ਦੇ ਕੈਨੇਡਾ ਪਹੁੰਚ ਰਹੇ ਹਨ ਅਤੇ ਕੈਨੇਡੀਅਨ ਸਮਾਜ ਲਈ ਮੁਸੀਬਤਾਂ ਪੈਦਾ ਕਰ ਰਹੇ ਹਨ। ਟੋਰਾਂਟੋ, ਕੈਲਗਰੀ, ਐਡਮਿੰਟਨ, ਵਿੰਨੀਪੈੱਗ, ਮਾਂਟਰੀਅਲ ਅਤੇ ਵੈਨਕੂਵਰ ਦੀਆਂ ਸੜਕਾਂ ਉੱਤੇ ਅਜਿਹੇ ਗੈਂਗਸਟਰ ਬਿਨ੍ਹਾਂ ਕਿਸੇ ਡਰ ਦੇ ਪਿਸਤੌਲਾਂ, ਮਸ਼ੀਨਗੰਨਾਂ ਅਤੇ ਚਾਕੂਆਂ ਨਾਲ ਇੱਕ ਦੂਜੇ ਉੱਤੇ ਹਮਲੇ ਕਰ ਰਹੇ ਹਨ। ਸਮਾਜ ਦੇ ਇਨ੍ਹਾਂ ਗੰਦੇ ਆਂਡਿਆਂ ਦੀ ਆਪਸੀ ਲੜਾਈ ਵਿੱਚ ਕਈ ਵਾਰ ਬੇਗੁਨਾਹ ਲੋਕ ਵੀ ਮਾਰੇ ਜਾਂਦੇ ਹਨ। ਜਿਨਾਂ ਦਾ ਇਨ੍ਹਾਂ ਦੀ ਆਪਸੀ ਲੜਾਈ ਨਾਲ ਕੋਈ ਸਬੰਧ ਨਹੀਂ ਹੁੰਦਾ; ਪਰ ਜੋ ਇਨ੍ਹਾਂ ਦੀ ਲੜਾਈ ਦੌਰਾਨ ਉਸ ਇਲਾਕੇ ਵਿੱਚ ਹੁੰਦੇ ਹਨ ਜਿੱਥੇ ਇਹ ਡਰੱਗ ਡੀਲਰ ਗੈਂਗਸਟਰ ਇੱਕ ਦੂਜੇ ਦੀ ਜਾਨ ਲੈਣ ਲਈ ਘੁੰਮ ਰਹੇ ਹੁੰਦੇ ਹਨ।
-----
ਬਹੁ-ਸਭਿਆਚਾਰ ਦਾ ਇੱਕ ਹੋਰ ਵੀ ਨੁਕਸਾਨ ਹੁੰਦਾ ਹੈ। ਹਰ ਕੋਈ ਆਪਣੇ ਆਪ ਨੂੰ ਦੇਸ਼ ਭਗਤ ਸਾਬਤ ਕਰਨ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਗਲਤ ਕੰਮਾਂ ਦੀਆਂ ਵੀ ਸਿਫ਼ਤਾਂ ਕਰਨ ਦਾ ਕੋਈ ਮੌਕਾ ਨਹੀਂ ਗਵਾਉਂਦਾ। ਦੂਜੇ ਪਾਸੇ ਸਰਕਾਰ ਵੀ ਵੱਖੋ ਵੱਖ ਸਭਿਆਚਾਰਾਂ ਦੇ ਲੋਕਾਂ ਨੂੰ ਖੁਸ਼ ਕਰਨ ਲਈ ਕਾਬਲੀਅਤ ਤੋਂ ਕੋਰੇ ਲੋਕਾਂ ਨੂੰ ਵੀ ਵੱਡੇ ਵੱਡੇ ਸਨਮਾਨ ਦੇ ਕੇ ਹੋਰਨਾਂ ਲੋਕਾਂ ਲਈ ਗ਼ਲਤ ਕਿਸਮ ਦੀਆਂ ਉਦਾਹਰਣਾਂ ਕਾਇਮ ਕਰਦੀ ਰਹਿੰਦੀ ਹੈ। ਕੈਨੇਡੀਅਨ ਪੰਜਾਬੀ ਕਵੀਆਂ ਨੇ ਕੈਨੇਡੀਅਨ ਸਭਿਆਚਾਰਵਾਦ ਦੇ ਅਜਿਹੇ ਗੁਣਾਂ / ਔਗੁਣਾਂ ਨੂੰ ਵੀ ਆਪਣੀਆਂ ਲਿਖਤਾਂ ਦਾ ਵਿਸ਼ਾ ਬਣਾਇਆ ਹੈ। ਪੇਸ਼ ਹਨ ਕੁਝ ਉਦਾਹਰਣਾਂ:
1।
ਅਸੀਂ, ਕੈਨੇਡਾ-ਵਾਸੀ, ਵਿਸ਼ਵ ਭਰ 'ਚ ਮਨੁੱਖੀ ਹੱਕਾਂ ਦੇ ਰਖਵਾਲੇ
ਅਤੇ ਬਹੁ-ਸਭਿਆਚਾਰਵਾਦ ਦੇ ਧਾਰਣੀ ਹਾਂ-
ਪਰ ਆਪਣੇ ਹੀ ਦੇਸ਼ ਦੀਆਂ ਸਮੁੰਦਰੀ ਬੰਦਰਗਾਹਾਂ ਉੱਤੇ
ਰੋਜ਼ਗਾਰ ਦੀ ਭਾਲ 'ਚ ਆਏ ਭਾਰਤੀ ਮੂਲ ਦੇ ਲੋਕਾਂ ਨੂੰ
ਕਾਮਾਗਾਟਾਮਾਰੂ ਜਹਾਜ਼ ਤੋਂ ਉਤਰਨ ਦੀ ਇਜਾਜ਼ਤ ਦੇਣ ਤੋਂ
ਇਨਕਾਰੀ ਹੋ ਜਾਂਦੇ ਹਾਂ
ਸਿਰਫ ਇਸ ਲਈ, ਕਿਉਂ ਜੁ
ਉਨ੍ਹਾਂ ਦਾ ਰੰਗ ਚਿੱਟਾ ਨਹੀਂ !!!!
('ਸ਼ਕਿਜ਼ੋਫਰੇਨੀਆ-13' - ਸੁਖਿੰਦਰ)
-----
6। ਧਾਰਮਿਕ ਕੱਟੜਵਾਦ ਅਤੇ ਦਹਿਸ਼ਤਗਰਦੀ :
ਕੈਨੇਡੀਅਨ ਪੰਜਾਬੀ ਕਵੀਆਂ ਵੱਲੋਂ ਆਪਣੀਆਂ ਲਿਖਤਾਂ ਵਿੱਚ ਧਾਰਮਿਕ ਕੱਟੜਵਾਦ ਅਤੇ ਦਹਿਸ਼ਤਗਰਦੀ ਬਾਰੇ ਪ੍ਰਗਟਾਏ ਗਏ ਵਿਚਾਰਾਂ ਨੂੰ ਵੀ ਗੰਭੀਰ ਸੰਵਾਦ ਦਾ ਵਿਸ਼ਾ ਬਣਾਏ ਜਾਣ ਦੀ ਲੋੜ ਹੈ। ਇੰਡੀਆ, ਪਾਕਿਸਤਾਨ, ਇੰਗਲੈਂਡ ਅਤੇ ਅਮਰੀਕਾ ਵਾਂਗ ਕੈਨੇਡਾ ਵੀ ਧਾਰਮਿਕ ਕੱਟੜਵਾਦੀਆਂ ਵੱਲੋਂ ਫੈਲਾਈ ਗਈ ਦਹਿਸ਼ਤਗਰਦੀ ਤੋਂ ਪ੍ਰਭਾਵਿਤ ਹੋਇਆ ਹੈ। ਇਹ ਦਹਿਸ਼ਤਗਰਦੀ ਵਧੇਰੇ ਕਰਕੇ ਮਸਜਿਦਾਂ ਅਤੇ ਗੁਰਦੁਆਰਿਆਂ ਨਾਲ ਸਬੰਧਤ ਰਹੀ ਹੈ। ਮੁਸਲਿਮ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਨੂੰ, ਅਕਸਰ, ਕੈਨੇਡਾ ਵਿੱਚ ਬੰਬ ਧਮਾਕੇ ਕਰਨ ਦੀਆਂ ਸਾਜ਼ਿਸ਼ਾਂ ਬਨਾਉਣ ਦੇ ਦੋਸ਼ ਅਧੀਨ ਕੈਨੇਡਾ ਦੀ ਰੋਇਲ ਕੈਨੇਡੀਅਨ ਮਾਊਂਟਿਡ ਪੁਲਿਸ ਗ੍ਰਿਫਤਾਰ ਕਰਕੇ ਕੈਨੇਡਾ ਦੀਆਂ ਅਦਾਲਤਾਂ ਵਿੱਚ ਮੁਕੱਦਮੇ ਚਲਾਉਣ ਲਈ ਪੇਸ਼ ਕਰਦੀ ਰਹੀ ਹੈ। ਜਦੋਂ ਕਿ ਸਿੱਖ ਖਾਲਿਸਤਾਨੀ ਧਾਰਮਿਕ ਕੱਟੜਵਾਦੀਆਂ ਉੱਤੇ ਏਅਰ ਇੰਡੀਆ ਦੇ ਜਹਾਜ਼ ਨੂੰ ਬੰਬ ਧਮਾਕਾ ਕਰਕੇ ਤਬਾਹ ਕਰਨ ਦੇ ਦੋਸ਼ ਅਧੀਨ ਮੁਕੱਦਮੇ ਚਲਦੇ ਰਹੇ ਹਨ। ਇਨ੍ਹਾਂ ਬੰਬ ਧਮਾਕਿਆਂ ਵਿੱਚ 329 ਵਿਅਕਤੀ ਮਾਰੇ ਗਏ ਸਨ। ਇਨ੍ਹਾਂ ਧਮਾਕਿਆਂ ਵਿੱਚ ਮਾਰੇ ਗਏ ਵਧੇਰੇ ਵਿਅਕਤੀ ਭਾਰਤੀ ਮੂਲ ਦੇ ਕੈਨੇਡੀਅਨ ਸਨ।
-----
ਸਿੱਖ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਨੇ 1980-1990 ਤੱਕ ਟੋਰਾਂਟੋ, ਬਰੈਂਪਟਨ, ਮਿਸੀਸਾਗਾ, ਹੈਮਿਲਟਨ, ਕੈਲਗਰੀ, ਐਡਮਿੰਟਨ, ਵਿੰਨੀਪੈੱਗ, ਸਰੀ, ਕੈਮਲੂਪਸ ਅਤੇ ਵੈਨਕੂਵਰ ਵਰਗੇ ਕੈਨੇਡਾ ਦੇ ਵੱਡੇ ਵੱਡੇ ਸ਼ਹਿਰਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੋਇਆ ਸੀ। ਸਾਧਾਰਨ ਸਿੱਖ ਸ਼ਰਧਾਲੂ ਗੁਰਦੁਆਰਿਆਂ ਵਿੱਚ ਜਾਣ ਤੋਂ ਵੀ ਡਰਦੇ ਸਨ। ਕਿਉਂਕਿ ਕਿਸੇ ਵਿਅਕਤੀ ਨੂੰ ਵੀ ਭਰੋਸਾ ਨਹੀਂ ਸੀ ਹੁੰਦਾ ਕਿ ਕਿਸ ਗੁਰਦੁਆਰੇ ਵਿੱਚ ਕਦੋਂ ਖਾਲਿਸਤਾਨ ਪੱਖੀ ਧਾਰਮਿਕ ਕੱਟੜਵਾਦੀ ਸਿੱਖ ਦਹਿਸ਼ਤਗਰਦਾਂ ਅਤੇ ਉਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਦਰਮਿਆਨ ਤਲਵਾਰਾਂ ਚੱਲ ਜਾਣ। ਇਹ ਉਹ ਦਿਨ ਸਨ ਜਦੋਂ ਕੋਈ ਹਫ਼ਤਾ ਹੀ ਖ਼ਾਲੀ ਜਾਂਦਾ ਸੀ ਜਦੋਂ ਕੈਨੇਡਾ ਦੇ ਮੇਨਸਟਰੀਮ ਟੈਲੀਵੀਜ਼ਨ ਚੈਨਲਾਂ ਉੱਤੇ ਇਨ੍ਹਾਂ ਗੁਰਦੁਆਰਿਆਂ ਵਿੱਚ ਚਲਦੀਆਂ ਡਾਂਗਾਂ, ਤਲਵਾਰਾਂ, ਬੰਦੂਕਾਂ ਦੀਆਂ ਘਟਨਾਵਾਂ ਦੀਆਂ ਤਸਵੀਰਾਂ ਨਾ ਦਿਖਾਈਆਂ ਜਾਂਦੀਆਂ ਹੋਣ। ਇਹ ਉਹ ਦਿਨ ਸਨ ਜਦੋਂ ਗੁਰਦੁਆਰਿਆਂ ਦੇ ਅੰਦਰ ਇੱਕ ਦੂਜੇ ਦੀਆਂ ਪੱਗਾਂ ਪੈਰਾਂ ਵਿੱਚ ਰੋਲ ਰਹੇ ਸਿੱਖ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਦੇ ਟੋਲੇ ਗੁਰਦੁਆਰਿਆਂ ਵਿੱਚ ਆਈ ਸੰਗਤ ਨੂੰ ਵੰਡਣ ਵਾਲੇ ਪ੍ਰਸ਼ਾਦਿ ਦੀਆਂ ਪਰਾਤਾਂ ਨੂੰ ਠੁੱਢੇ ਮਾਰਕੇ ਪ੍ਰਸ਼ਾਦਿ ਪੈਰਾਂ ਵਿੱਚ ਰੋਲਣ ਤੋਂ ਵੀ ਝਿਜਕ ਮਹਿਸੂਸ ਨਹੀਂ ਕਰਦੇ ਸਨ। ਇਹ ਉਹ ਦਿਨ ਸਨ - ਜਦੋਂ ਕੈਨੇਡਾ ਦੇ ਗੁਰਦੁਆਰਿਆਂ ਵਿੱਚ ਡਾਂਗਾਂ ਨਾਲ ਇੱਕ ਦੂਜੇ ਦੇ ਸਿਰ ਪਾੜਦੇ ਸਿੱਖਾਂ ਨੂੰ ਛੁਡਾਉਣ ਲਈ ਕੈਨੇਡਾ ਦੀ ਪੁਲਿਸ ਆਪਣੇ ਸੁਰੱਖਿਆ ਕੁੱਤਿਆਂ ਸਣੇ ਅਤੇ ਬੂਟਾਂ ਸਣੇ ਦਗੜ ਦਗੜ ਕਰਦੀ ਫਿਰਦੀ ਸੀ।
-----
ਇਹ ਉਹ ਦਿਨ ਸਨ ਜਦੋਂ ਕੈਨੇਡਾ ਦੀਆਂ ਪੰਜਾਬੀ ਅਖਬਾਰਾਂ, ਪੰਜਾਬੀ ਰੇਡੀਓ ਅਤੇ ਪੰਜਾਬੀ ਟੈਲੀਵੀਜ਼ਨ ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ ਦਾ ਧੂੰਆਂਧਾਰ ਪ੍ਰਚਾਰ ਕਰਦੇ ਸਨ ਅਤੇ ਕੈਨੇਡਾ ਦੇ ਪੰਜਾਬੀਆਂ ਦੀ ਮਾਨਸਿਕਤਾ ਵਿੱਚ ਜ਼ਹਿਰ ਭਰ ਰਹੇ ਸਨ। ਇਹ ਉਹ ਦਿਨ ਸਨ ਜਦੋਂ ਸਿੱਖ ਖਾਲਿਸਤਾਨੀ ਧਾਰਮਿਕ ਕੱਟੜਵਾਦੀ ਦਹਿਸ਼ਤਗਰਦ ਕੈਨੇਡਾ ਦੇ ਪੰਜਾਬੀ ਲੇਖਕਾਂ, ਪੱਤਰਕਾਰਾਂ ਅਤੇ ਚਿੰਤਕਾਂ ਦੀ ਜ਼ੁਬਾਨ ਬੰਦ ਕਰਵਾਉਣ ਲਈ ਉਨ੍ਹਾਂ ਉੱਤੇ ਕ਼ਾਤਲਾਨਾ ਹਮਲੇ ਕਰ ਰਹੇ ਸਨ। ਅਜੇ ਵੀ ਵਿਸਾਖੀ ਪਰੇਡ ਸਮੇਂ ਅਜੇਹੇ ਸਿੱਖ ਧਾਰਮਿਕ ਕੱਟੜਵਾਦੀ ਦਹਿਸ਼ਤਗਰਦ ਆਪਣੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੇ ਦਿਖਾਈ ਦਿੰਦੇ ਰਹਿੰਦੇ ਹਨ। ਭਾਵੇਂ ਕਿ ਕੈਨੇਡਾ ਵਿੱਚ ਉਨ੍ਹਾਂ ਦੀ ਹੁਣ ਪਹਿਲਾਂ ਜਿੰਨੀ ਨਾ ਤਾਂ ਮਾਨਤਾ ਹੀ ਰਹੀ ਹੈ ਅਤੇ ਨਾ ਹੀ ਉਨ੍ਹਾਂ ਦਾ ਕੋਈ ਪ੍ਰਭਾਵ ਹੀ ਬਾਕੀ ਰਿਹਾ ਹੈ।
-----
ਕੈਨੇਡਾ ਵਿਚਲੇ ਅਜਿਹੇ ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ ਦੇ ਮਾਹੌਲ ਨੂੰ ਕੈਨੇਡਾ ਦੇ ਅਨੇਕਾਂ ਪੰਜਾਬੀ ਕਵੀਆਂ ਨੇ ਆਪਣੀਆਂ ਲਿਖਤਾਂ ਦਾ ਵਿਸ਼ਾ ਬਣਾਇਆ ਹੈ। ਪੇਸ਼ ਹਨ ਕੁਝ ਉਦਾਹਰਣਾਂ:
1।
ਅਸੀਂ, ਕੈਨੇਡਾ ਵੱਸੀਏ ਜਾਂ ਇੰਡੀਆ
ਯੂ।ਕੇ। ਵੱਸੀਏ ਜਾਂ ਅਮਰੀਕਾ
ਭਾਵੇਂ, ਅਸੀਂ
ਹਾਲੈਂਡ ਜਾਂ ਫਰਾਂਸ ਹੀ
ਵੱਸਦੇ ਹੋਈਏ
ਸ਼ਾਇਦ ਹੀ ਕੋਈ ਅਜਿਹਾ
ਪੰਜਾਬ ਦਾ ਜੰਮਪਲ ਹੋਵੇ
ਜਿਸਨੇ ਆਪਣੇ ਆਪਣੇ ਦੇਸ ਦੇ
ਟੈਲੀਵੀਜ਼ਨ ਸਕਰੀਨਾਂ ਉੱਤੇ
ਕਦੀ ਨ ਕਦੀ
ਮੰਦਿਰਾਂ, ਮਸਜਿਦਾਂ, ਗਿਰਜਿਆਂ ਜਾਂ
ਗੁਰਦੁਆਰਿਆਂ ਅੰਦਰ ਹੁੰਦੇ
ਧਰਮ-ਯੁੱਧ ਦੇ
ਮਨਮੋਹਕ ਦ੍ਰਿਸ਼ ਨ ਦੇਖੇ ਹੋਣ :
ਦਰਸ਼ਨੀ ਚਿਹਰਿਆਂ ਵਾਲਿਆਂ ਦੀਆਂ
ਰੰਗ-ਬਰੰਗੀਆਂ ਦਸਤਾਰਾਂ
ਇੱਕ ਦੂਜੇ ਦੇ
ਪੈਰਾਂ 'ਚ ਰੁਲਦੀਆਂ
ਤਲਵਾਰਾਂ ਦੇ ਫੱਟਾਂ ਨਾਲ ਪਾਟੇ ਹੋਏ
ਔਰਤਾਂ ਅਤੇ ਬੱਚਿਆਂ ਦੇ
ਸਿਰਾਂ 'ਚੋਂ ਵਗ ਰਹੀਆਂ
ਖ਼ੂਨ ਦੀਆਂ ਤਤੀਰੀਆਂ
ਬੂਟਾਂ ਸਣੇ
ਦਗੜ ਦਗੜ ਕਰਦੀ ਪੁਲਿਸ
ਅਤੇ ਉਨ੍ਹਾਂ ਦੇ
ਪੈਰਾਂ 'ਚ ਰੁਲ ਰਹੀ
ਪ੍ਰਸ਼ਾਦਿ ਵਾਲੀ
ਪਰਾਤ ਵਿੱਚ
ਮੂੰਹ ਮਾਰਦੇ
ਪੁਲਿਸ ਦੇ ਕੁੱਤੇ
('ਗਲੋਬਲੀਕਰਨ-14' - ਸੁਖਿੰਦਰ)
2।
ਆਪਣੀ ਸੋਚ ਜਦੋਂ ਜਦੋਂ ਵੀ ਠੋਸੀ, ਤਲਵਾਰਾਂ, ਤ੍ਰਿਸ਼ੂਲਾਂ ਨੇ
ਲੋਕੀ ਲਹੂ ਲੁਹਾਣ ਕਰੇ ਨੇ, ਧਰਮ ਦਿਆਂ ਵਿਭਚਾਰਾਂ ਨੇ।
(ਸੁਖਮਿੰਦਰ ਰਾਮਪੁਰੀ)
3।
ਬੁੱਕਲ ਦੇ ਵਿੱਚ ਮੌਤ ਸਮੇਟੀ, ਸਾਡੇ ਵਿਹੜੇ ਆਏ ਦਿਨ,
ਇਹ ਹਿਟਲਰ ਦੇ ਚਾਚੇ-ਤਾਏ, ਔਰੰਗਜ਼ੇਬ ਦੇ ਜਾਏ ਦਿਨ।
(ਕੁਲਵਿੰਦਰ ਖਹਿਰਾ)
4।
'ਮਾਰ ਦੇ ਮੌਲਾ ਦੇ ਨਾਂ 'ਤੇ ਮਾਰ ਦੇ ਮਾਸੂਮ ਨੂੰ'
ਪਾਠ ਅੱਜ ਕੱਲ੍ਹ ਧਰਮ ਦੇ ਨਾਂ ਇਹ ਪੜ੍ਹਾਇਆ ਜਾ ਰਿਹਾ।
(ਪਾਲ ਢਿੱਲੋਂ)
5।
ਨਫ਼ਰਤ ਦੀ ਹੀ ਗੱਲ ਸਿਖਾਉਂਦੇ ਨੇ ਅੱਜ ਕੱਲ੍ਹ
ਗਿਰਜਾ, ਗੁਰਘਰ, ਮਸਜਿਦ, ਤਕੀਆ, ਮੰਦਰ ਵੀ
(ਨਦੀਮ ਪਰਮਾਰ)
-----
7। ਵਹਿਮ-ਭਰਮ, ਠੱਗ-ਬਾਬੇ ਅਤੇ ਵਿਸ਼ਵ-ਚੇਤਨਾ :
ਕੈਨੇਡਾ ਵਰਗੇ ਵਿਕਸਤ ਦੇਸ਼ ਵਿੱਚ ਆ ਕੇ ਵੀ ਅਨੇਕਾਂ ਪੰਜਾਬੀਆਂ ਦੀ ਮਾਨਸਿਕਤਾ ਅਗਿਆਨਤਾ ਦੀ ਜਹਾਲਤ ਵਿੱਚੋਂ ਬਾਹਰ ਨਹੀਂ ਨਿਕਲ ਸਕਦੀ। ਅਜਿਹੇ ਲੋਕਾਂ ਨੂੰ ਜਹਾਲਤ ਵਿੱਚ ਧੱਕੀ ਰੱਖਣ ਲਈ ਕੈਨੇਡਾ ਦੇ ਪੰਜਾਬੀ ਮੀਡੀਆ ਦਾ ਕੁਝ ਹਿੱਸਾ ਬੜੀ ਬੇਸ਼ਰਮੀ ਨਾਲ ਆਪਣਾ ਯੋਗਦਾਨ ਪਾ ਰਿਹਾ ਹੈ। ਜਿਸ ਕਾਰਨ ਅਨੇਕਾਂ ਪੰਜਾਬੀ ਆਪਣੀ ਸਖ਼ਤ ਮਿਹਨਤ ਨਾਲ ਕੀਤੀ ਹੋਈ ਕਮਾਈ ਇਨ੍ਹਾਂ ਠੱਗ ਬਾਬਿਆਂ ਦੀ ਝੋਲੀ ਪਾ ਰਹੇ ਹਨ। ਮਾਨਸਿਕ ਤੌਰ ਉੱਤੇ ਅਜਿਹੇ ਅਗਿਆਨੀ ਕੈਨੇਡੀਅਨ ਪੰਜਾਬੀਆਂ ਵਿੱਚ ਯੂਨੀਵਰਸਿਟੀਆਂ ਵਿੱਚੋਂ ਕਾਗ਼ਜ਼ੀ ਡਿਗਰੀਆਂ ਪ੍ਰਾਪਤ ਕਰਨ ਵਾਲੇ ਡਾਕਟਰ, ਇੰਜਨੀਅਰ, ਵਕੀਲ, ਪਰੋਫੈਸਰ, ਲੇਖਕ, ਸੰਪਾਦਕ, ਕਲਾਕਾਰ, ਗਾਇਕ, ਸੰਗੀਤਕਾਰ, ਰੇਡੀਓ/ਟੀਵੀ ਸੰਚਾਲਕ, ਅਤੇ ਅਨੇਕਾਂ ਤਰ੍ਹਾਂ ਦੇ ਵਿਉਪਾਰੀ ਵੀ ਸ਼ਾਮਿਲ ਹਨ। ਸਾਡੇ ਸਮਾਜ ਵਿੱਚ ਕੋਹੜ ਫੈਲਾਉਣ ਵਾਲੇ ਇਹ ਠੱਗ-ਬਾਬੇ, ਜੋਤਿਸ਼ੀਆਂ, ਭਾਈਆਂ, ਪੰਡਤਾਂ, ਮੁਲਾਣਿਆਂ, ਪਾਦਰੀਆਂ, ਰਾਗੀਆਂ, ਢਾਡੀਆਂ, ਗ੍ਰੰਥੀਆਂ, ਹਕੀਮਾਂ, ਡਾਕਟਰਾਂ, ਜੰਤਰ-ਮੰਤਰ ਕਰਨ ਵਾਲਿਆਂ, ਜਾਦੂ-ਟੂਣੇ ਹਟਾਉਣ ਵਾਲੇ ਪਾਖੰਡੀ ਲੁਟੇਰਿਆਂ ਦੇ ਮੁਖੌਟੇ ਪਾ ਕੇ ਸਰਗਰਮ ਹਨ।
-----
ਇਨ੍ਹਾਂ ਠੱਗ ਬਾਬਿਆਂ ਨੂੰ ਅਕਸਰ ਭ੍ਰਿਸ਼ਟ ਰਾਜਨੀਤੀਵਾਨਾਂ, ਧਾਰਮਿਕ ਚੌਧਰੀਆਂ ਅਤੇ ਵਿਦਿਅਕ ਅਦਾਰਿਆਂ ਦੇ ਮੁਖੀਆਂ ਦਾ ਵੀ ਸਮਰਥਣ ਪ੍ਰਾਪਤ ਹੁੰਦਾ ਹੈ। ਕੈਨੇਡਾ ਦੀਆਂ ਮੇਨਸਟਰੀਮ ਅਖਬਾਰਾਂ 'ਟੋਰਾਂਟੋ ਸਟਾਰ', 'ਟੋਰਾਂਟੋ ਸੰਨ' ਅਤੇ 'ਗਲੋਬ ਐਂਡ ਮੇਲ' ਵੀ ਅਜਿਹੇ ਠੱਗ ਬਾਬਿਆਂ ਵੱਲੋਂ ਕੈਨੇਡਾ ਵਿੱਚ ਰਹਿਣ ਵਾਲੇ ਭਾਰਤੀ/ਪੰਜਾਬੀ ਮੂਲ ਦੇ ਲੋਕਾਂ ਨਾਲ ਮਾਰੀਆਂ ਜਾ ਰਹੀਆਂ ਠੱਗੀਆਂ ਦਾ ਚਰਚਾ ਵੀ ਕਰਦੀਆਂ ਰਹਿੰਦੀਆਂ ਹਨ; ਪਰ ਇਸਦੇ ਬਾਵਜ਼ੂਦ ਇਸ ਬੀਮਾਰੀ ਦਾ ਕੋਈ ਇਲਾਜ ਨਹੀਂ ਲੱਭਿਆ ਜਾ ਸਕਿਆ। ਪੰਜਾਬੀਆਂ ਦੀ ਮਾਨਸਿਕਤਾ ਵਿੱਚੋਂ ਅਜਿਹੀ ਜਹਾਲਤ ਖਤਮ ਕਰਨ ਲਈ ਨਿਰੰਤਰ ਸਭਿਆਚਾਰਕ ਕ੍ਰਾਂਤੀ ਦਾ ਸੰਘਰਸ਼ ਜਾਰੀ ਰੱਖਣ ਦੀ ਲੋੜ ਹੈ। ਕੈਨੇਡੀਅਨ ਪੰਜਾਬੀ ਸਮਾਜ ਵਿਚਲੇ ਚੇਤੰਨ ਲੋਕਾਂ ਨੂੰ ਆਪਣੀ ਨੈਤਿਕ ਜਿੰਮੇਵਾਰੀ ਸਮਝ ਕੇ ਇਸ ਬੀਮਾਰੀ ਦੇ ਖਿਲਾਫ਼ ਚੇਤਨਾ ਲਹਿਰ ਪੈਦਾ ਕਰਨੀ ਚਾਹੀਦੀ ਹੈ। ਕੈਨੇਡਾ ਵਿੱਚ ਭਾਵੇਂ ਕਿ ਕੁਝ ਸੰਸਥਾਵਾਂ ਅਜਿਹੀ ਚੇਤਨਾ ਲਹਿਰ ਪੈਦਾ ਕਰਨ ਲਈ ਸਰਗਰਮ ਹਨ, ਪਰ ਇਸਦੇ ਬਾਵਜੂਦ ਕੈਨੇਡੀਅਨ ਪੰਜਾਬੀਆਂ ਦੀ ਮਾਨਸਿਕਤਾ ਵਿੱਚੋਂ ਅਗਿਆਨਤਾ ਦੇ ਜਾਲੇ ਸਾਫ਼ ਨਹੀਂ ਕੀਤੇ ਜਾ ਸਕੇ।
----
ਕੈਨੇਡੀਅਨ ਪੰਜਾਬੀ ਸਾਹਿਤਕਾਰਾਂ ਵਿਚਲੀ ਚੇਤੰਨ ਲੇਖਕਾਂ ਦੀ ਢਾਣੀ ਵੀ ਇਸ ਵਿਸ਼ੇ ਬਾਰੇ ਆਪਣੀਆਂ ਰਚਨਾਵਾਂ ਲਿਖਦੀ ਰਹਿੰਦੀ ਹੈ। ਪੇਸ਼ ਹਨ ਕੈਨੇਡੀਅਨ ਪੰਜਾਬੀ ਸ਼ਾਇਰੀ 'ਚੋਂ ਕੁਝ ਉਦਾਹਰਣਾਂ:
1।
ਸਤਿਯੰਮ ਸ਼ਿਵਮ ਸੁੰਦਰਮ, ਕਹਿਣ ਵਾਲੇ !
ਇਹ ਸ਼ਾਇਰ ਤੇਰੇ ਨਾਲ ਸਹਿਮਤ ਨਹੀਂ ਹੈ।
ਬੜਾ ਕੋਝ ਵੀ ਹੈ ਧਰਤੀ ਦੇ ਉੱਤੇ,
ਇਹ ਦੁਨੀਆਂ ਨਿਰੀ ਖ਼ੂਬਸੂਰਤ ਨਹੀਂ ਹੈ।
('ਸਤਿਯੰਮ ਸ਼ਿਵਮ ਸੁੰਦਰਮ-1' - ਪ੍ਰੀਤਮ ਸਿੰਘ ਧੰਜਲ)
2।
ਇੱਥੋਂ ਹੀ
ਫਿਰ ਸ਼ੁਰੂ ਹੁੰਦਾ ਹੈ
ਉਨ੍ਹਾਂ ਦੀ ਤਰਾਸਦੀ ਦਾ ਆਰੰਭ
ਉਨ੍ਹਾਂ ਦੀ
ਕਦੀ ਵੀ ਨਾ ਮੁੱਕਣ ਵਾਲੀ
ਜੰਤਰਾਂ-ਮੰਤਰਾਂ-ਤੰਤਰਾਂ ਦੀਆਂ
ਡੇਰਿਆਂ ਵਰਗੀਆਂ ਦੁਕਾਨਾਂ ਵੱਲ
ਦੌੜ ਦੀ ਸ਼ੁਰੂਆਤ
ਜਿਨ੍ਹਾਂ ਦੇ ਮਹਿਲਾਂ ਵਰਗੇ
ਵੱਡੇ ਹਾਥੀ ਕੱਦ
ਦਰਵਾਜ਼ਿਆਂ ਉੱਤੇ
ਸੁਨਹਿਰੀ ਅੱਖਰਾਂ ਵਿਚ
ਲਿਖਿਆ ਹੁੰਦਾ ਹੈ:
'ਤੁਹਾਡੇ ਸਭ ਦੁੱਖਾਂ ਨੂੰ
ਦੂਰ ਕਰਨ ਲਈ
ਰੱਬ ਵੱਲੋਂ ਤਿਆਰ ਕੀਤੇ ਗਏ
ਰੂਹ-ਅਫਜ਼ਾ-ਸ਼ਰਬਤ ਦੀ
ਸਭ ਤੋਂ ਵੱਡੀ ਅਤੇ
ਅਸਲੀ ਦੁਕਾਨ'
ਇਹੀ ਹੈ ਉਹ ਭੀੜ
ਜੋ ਅਗਿਆਨਤਾ ਦੇ ਚਿੱਕੜ ਵਿੱਚ ਖੁੱਭੀ
ਹਰ ਠੱਗ, ਹਰ ਸੰਤ, ਹਰ ਸਾਧ ਦੇ
ਵਿਹੜੇ ਵਿੱਚ ਆਪਣਾ ਨੱਕ ਰਗੜਦੀ
ਤੁਹਾਨੂੰ ਨਜ਼ਰ ਆਏਗੀ
ਹਰ ਪਾਖੰਡੀ ਗੁਰੂ, ਬਾਬੇ ਦੀਆਂ
ਭੇਡਾਂ ਦੇ ਇੱਜੜ ਵਿੱਚ, ਜਿਸਨੂੰ
ਮੈਂ ਮੈਂ ਕਰਦਿਆਂ ਵੇਖੋਗੇ
ਇਹੀ ਹੈ ਉਹ ਭੀੜ
ਜੋ ਤੁਹਾਨੂੰ ਖੜ੍ਹੀ ਮਿਲੇਗੀ-
ਧਾਰਮਿਕ ਮੱਠਾਂ ਦੀਆਂ ਕੰਧਾਂ ਉਹਲੇ
ਅੰਨ੍ਹੇ ਨਿਸ਼ਾਨਚੀਆਂ ਵਾਂਗ
ਜ਼ਿੰਦਗੀ ਦਾ ਕੋਈ ਨਿਸ਼ਾਨਾ ਮਿੱਥਦੀ
('ਗਲੋਬਲੀਕਰਨ-21' - ਸੁਖਿੰਦਰ)
*****
ਚਲਦਾ
No comments:
Post a Comment