ਲੇਖ
ਜਸਬੀਰ ਮਾਹਲ ਕੈਨੇਡੀਅਨ ਪੰਜਾਬੀ ਸ਼ਾਇਰੀ ਵਿੱਚ ਉੱਭਰਿਆ ਇੱਕ ਨਵਾਂ ਨਾਮ ਹੈ। ਉਸਦਾ ਨਾਮ ਅਜੇ ਵਧੇਰੇ ਚਰਚਿਤ ਨਹੀਂ ਹੋਇਆ। ਉਹ ਛੋਟੀਆਂ ਛੋਟੀਆਂ ਨਜ਼ਮਾਂ ਲਿਖਣ ਵਾਲਾ ਸ਼ਾਇਰ ਹੈ। ਉਹ ਆਪਣੀਆਂ ਕਵਿਤਾਵਾਂ ਵਿੱਚ ਛੋਟੇ ਛੋਟੇ ਖ਼ਿਆਲ ਪ੍ਰਗਟਾਉਂਦਾ ਹੈ। ਉਹ ਬਹੁਤ ਵਿਸਥਾਰ ਵਿੱਚ ਨਹੀਂ ਜਾਂਦਾ।
-----
‘ਆਪਣੇ ਆਪ ਕੋਲ’ 2009 ਵਿੱਚ ਪ੍ਰਕਾਸ਼ਿਤ ਹੋਇਆ ਜਸਬੀਰ ਮਾਹਲ ਦਾ ਪਹਿਲਾ ਕਾਵਿ-ਸੰਗ੍ਰਹਿ ਹੈ। ਉਸਦੀ ਸ਼ਾਇਰੀ ਵਿੱਚ ਸਪੱਸ਼ਟਤਾ ਹੈ। ਉਹ ਪਾਠਕ ਨੂੰ ਭੰਬਲਭੂਸਿਆਂ ਵਿੱਚ ਪਾ ਕੇ ਉਸਦਾ ਸਮਾਂ ਜ਼ਾਇਆ ਨਹੀਂ ਕਰਦਾ। ਉਹ ਸ਼ਬਦਾਂ ਦਾ ਚੋਹਲਪਣ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦਾ। ਇੱਕ ਚੇਤੰਨ ਅਤੇ ਜਾਗਰੂਕ ਸ਼ਾਇਰ ਵਾਂਗ ਉਹ ਕਵਿਤਾ ਦਾ ਇੱਕ ਸਪੱਸ਼ਟ ਉਦੇਸ਼ ਲੈ ਕੇ ਕਵਿਤਾ ਦੀ ਰਚਨਾ ਕਰਦਾ ਹੈ। ਉਸਦੀ ਸ਼ਾਇਰੀ ਬਾਰੇ ਚਰਚਾ ਉਸਦੀ ਕਵਿਤਾ ‘ਕਵਿਤਾ ਦੀ ਜਨਮ ਭੂਮੀ’ ਦੀਆਂ ਇਨ੍ਹਾਂ ਸਤਰਾਂ ਨਾਲ ਹੀ ਸ਼ੁਰੂ ਕੀਤਾ ਜਾ ਸਕਦਾ ਹੈ:
ਕਵਿਤਾ ਸਿਰ ਚੁੱਕਦੀ ਹੈ
ਦੁੱਖ ਵਿੱਚੋਂ
ਹੁੱਟ ਵਿੱਚੋਂ
ਮਿਹਨਤ ਦੀ ਹੁੰਦੀ ਲੁੱਟ ਵਿੱਚੋਂ
ਠੁਰ-ਠੁਰ ਕਰਦੇ ਜਿਸਮ ਦੇ
ਹੱਡਾਂ ‘ਚ ਵੜੀ ਠੰਡ ਵਿੱਚੋਂ
ਭਾਫ਼ ਬਣ ਕੇ ਉੱਡਦੀ ਹੈ ਕਵਿਤਾ
...........
2.ਘਰ ਵਿੱਚ ਮਹਿਫੂਜ਼
ਗਮਲੇ ‘ਚ ਉੱਗੇ ਬੂਟਿਆਂ ‘ਚੋਂ ਹੀ ਨਹੀਂ
ਸਗੋਂ ਮੌਸਮਾਂ ਦੀ ਮਾਰ ਝੱਲਦੇ
ਰੁੱਖ ਦੇ ਟੂਸਿਆਂ ‘ਚੋਂ ਵੀ
ਫੁੱਟਦੀ ਹੈ ਕਵਿਤਾ
ਕਵਿਤਾ ਰਚੀ ਜਾਂਦੀ ਹੈ
ਕੰਮ ‘ਚ ਰੁੱਝੇ ਅੰਗਾਂ ਨਾਲ
ਪਕੜ ‘ਚ ਆਏ
ਅਨੁਭਵ ਦੇ ਰੰਗਾਂ ਨਾਲ
ਕਵਿਤਾ
ਕੁਰਸੀ ਮੇਜ਼ ਡਾਹ ਕੇ
ਕਾਗਜ਼ ਵਿਛਾ ਕੇ
ਨਹੀਂ ਲਿਖੀ ਜਾਂਦੀ
------
ਕਵਿਤਾ ਦਾ ਉਦੇਸ਼ ਸਪੱਸ਼ਟ ਕਰਦਿਆਂ ਜਸਬੀਰ ਮਾਹਲ ਸਾਡੇ ਸਮਿਆਂ ਦੀ ਅਜਿਹੀ ਕਵਿਤਾ ਦੇ ਰਚਨਹਾਰਿਆਂ ਉੱਤੇ ਸਿਧਾਂਤਕ ਹਮਲਾ ਕਰਦਾ ਹੈ। ਜੋ ਲੋਕ ਪਰਾ-ਆਧੁਨਿਕ ਕਵਿਤਾ ਦੇ ਨਾਮ ਉੱਤੇ ਜ਼ਿੰਦਗੀ ਨਾਲ ਸਬੰਧਤ ਮਹੱਤਵ-ਪੂਰਨ ਸਰੋਕਾਰਾਂ ਨਾਲੋਂ ਟੁੱਟੀ ਹੋਈ ਕਵਿਤਾ ਲਿਖ ਰਹੇ ਹਨ। ਪਰ ਅਜਿਹੀ ਖੋਖਲੀ ਕਵਿਤਾ ਨਾਲ ਜੁੜੇ ਹੋਏ ਨਾ ਸਿਰਫ ਅਜਿਹੇ ਸ਼ਾਇਰ ਹੀ ਬਲਕਿ ਉਨ੍ਹਾਂ ਦੇ ਸਮੱਰਥਕ ਪੰਜਾਬੀ ਸਮੀਖਿਆਕਾਰ/ਆਲੋਚਕ ਵੀ ਪਾਠਕਾਂ ਨੂੰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਅਜਿਹੀ ਪਰਾ-ਆਧੁਨਿਕ ਕਵਿਤਾ ਹੀ ਅਸਲੀ ਕਵਿਤਾ ਹੈ। ਅਜਿਹੇ ਸ਼ਾਇਰਾਂ/ਆਲੋਚਕਾਂ ਅਤੇ ਉਨ੍ਹਾਂ ਦੇ ਪਸੰਦੀਦਾ ਰੁਝਾਨਾਂ ਬਾਰੇ ਜਸਬੀਰ ਮਾਹਲ ਆਪਣੀ ਕਵਿਤਾ ‘ਕਵਿਤਾ’ ਵਿੱਚ ਕੁਝ ਇਸ ਤਰ੍ਹਾਂ ਤਬਸਰਾ ਕਰਦਾ ਹੈ:
ਕਵਿਤਾ
ਕਦੇ ਸੂਖ਼ਮ ਗੱਲ ਕਹਿਣ ਦੀ ਆੜ ‘ਚ
ਆਖੇ ਫਜ਼ੂਲ ਜਿਹਾ
ਕਦੇ ਉੱਤਰ-ਆਧੁਨਿਕਤਾ ਦਾ ਲੈ ਸਹਾਰਾ
ਕਹਿੰਦੀ ਹੈ ਜ਼ਿੰਦਗੀ ਤੋਂ ਟੁੱਟੀ ਹੋਈ ਗੱਲ
ਕਦੇ ਬੋਲਦੀ ਹੈ ਅਵਾ-ਤਵਾ
ਜਿਵੇਂ ਦੱਸ ਰਹੀ ਹੋਵੇ
ਹਫ਼ਤੇ ਦਾ ਰਾਸ਼ੀ-ਫ਼ਲ
ਜਾਂ ਜਿਵੇਂ ਬੇਹੋਸ਼ੀ ਦੀ ਹਾਲਤ ‘ਚ
ਬੀਮਾਰ ਬੁੜਬੜਾਏ ਕੋਈ
-----
ਕਵਿਤਾ ਦਾ ਉਦੇਸ਼ ਜ਼ਾਹਿਰ ਕਰਨ ਅਤੇ ਸਮਕਾਲੀ ਕਵਿਤਾ ਬਾਰੇ ਚਰਚਾ ਛੇੜਣ ਤੋਂ ਬਾਹਦ ਜਸਬੀਰ ਮਾਹਲ ਉਨ੍ਹਾਂ ਬੰਦਿਆਂ ਦੀ ਵੀ ਗੱਲ ਕਰਦਾ ਹੈ ਜੋ ਪਰਾ-ਆਧੁਨਿਕ ਸਮਿਆਂ ਵਿੱਚ ਕੰਨਮਜ਼ੀਊਮਰ ਕਲਚਰ ਦੀ ਦੇਣ ਚਮਕ-ਦਮਕ ਵਾਲੀਆਂ ਵਸਤਾਂ ਪ੍ਰਾਪਤ ਕਰਨ ਲਈ ਦਿਨ ਰਾਤ ਅੰਨ੍ਹੇ ਘੋੜਿਆਂ ਵਾਂਗ ਦੌੜਦੇ ਹੋਏ ਆਪ ਵੀ ਵਸਤਾਂ ਹੀ ਬਣ ਗਏ ਹਨ। ਜਿਨ੍ਹਾਂ ਕੋਲ ਸਿਵਾਏ ਬੈਂਕ ਬੈਲੈਂਸ ਵਧਾਉਣ ਦੀਆਂ ਗੱਲਾਂ ਕਰਨ ਦੇ ਜ਼ਿੰਦਗੀ ਨਾਲ ਸਬੰਧਤ ਹੋਰ ਕੋਈ ਗੱਲ ਬਾਕੀ ਨਹੀਂ ਰਹੀ। ਇਨ੍ਹਾਂ ਲੋਕਾਂ ਦੀਆਂ ਮਹਿਫ਼ਿਲਾਂ ਵਿੱਚ ਬੈਂਕ ਬੈਲੈਂਸ ਜਾਂ ਵੱਡੇ ਘਰਾਂ ਦੇ ਜ਼ਿਕਰ ਤੋਂ ਬਿਨ੍ਹਾਂ ਜੇਕਰ ਕੋਈ ਗੱਲ ਹੁੰਦੀ ਹੈ ਤਾਂ ਉਹ ਕੱਪੜਿਆਂ ਜਾਂ ਗਹਿਣਿਆਂ ਦੇ ਨਵੇਂ ਡਿਜ਼ਾਈਨਾਂ ਦੀ ਗੱਲ ਹੁੰਦੀ ਹੈ। ਇਨ੍ਹਾਂ ਮਹਿਫ਼ਿਲਾਂ ਵਿੱਚ ਸ਼ਾਮਿਲ ਲੋਕ ਇੰਜ ਜਾਪਦੇ ਹਨ ਜਿਵੇਂ ਕਿਤੇ ਉਹ ਆਪਣੇ ਚਿਹਰਿਆਂ ਉੱਤੇ ਨਕਲੀ ਮੁਸਕਰਾਹਟਾਂ ਦੇ ਮੁਖੌਟੇ ਪਹਿਣੀ ਫੈਸ਼ਨ ਸਟੋਰਾਂ ਦੀਆਂ ਸ਼ੌਅ ਵਿੰਡੋਆਂ ਵਿੱਚ ਗਾਹਕ ਉਡੀਕਦੀਆਂ ਸਜੀਆਂ-ਧਜੀਆਂ ਪਲਾਸਟਕ ਦੀਆਂ ਬਣੀਆਂ ਮੂਰਤੀਆਂ ਹੋਣ। ਵਸਤਾਂ ਨਾਲ ਵਸਤਾਂ ਬਣ ਚੁੱਕੇ ਅਜਿਹੇ ਬੰਦਿਆਂ ਨੂੰ ਜਸਬੀਰ ਮਾਹਲ ਆਪਣੀ ਨਜ਼ਮ ‘ਪਛਾਣ’ ਵਿੱਚ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:
ਜਸ਼ਨ ‘ਚ ਤੁਸੀਂ
ਦਸਤਾਨਿਆਂ ਨਾਲ ਹੱਥ ਮਿਲਾਉਂਦੇ ਹੋ
ਹਉਮੈ ਨੂੰ ਜੱਫੀ ਪਾਉਂਦੇ ਹੋ
ਬੈਂਕ-ਖ਼ਾਤਿਆਂ ਦੀ ਸੁੱਖ-ਸਾਂਦ ਪੁੱਛਦਿਆਂ
ਗਲਾਸ ਬਹਿਰੇ ਦੀ ਟਰੇਅ ‘ਚੋਂ ਚੁੱਕਦਿਆਂ
ਵਸਤ ਬਣ ਗਏ ਬੰਦਿਆਂ ਨਾਲ ਸੰਵਾਦ ਰਚਾਉਂਦੇ ਹੋ
ਤੁਸੀਂ ਅੰਦਰੋਂ ਅੰਦਰੀ ਮਹਿਸੂਸ ਕਰਦੇ ਹੋ
ਦੇਖ ਕੇ ਇਹ ਝਾਕੀ
ਕਿ ਇਨਸਾਨ ਨੂੰ ਤਾਂ ਨਿਗਲ ਗਿਆ ਕੋਈ ਦੈਂਤ
ਬੁੱਤ, ਬਸਤਰ ਤੇ ਜ਼ੇਵਰ ਬਚੇ ਨੇ ਬਾਕੀ
-----
ਅਜਿਹਾ ਸਭਿਆਚਾਰ ਸੰਤੁਲਿਤ ਮਾਨਸਿਕਤਾ ਵਾਲੇ ਮਨੁੱਖ ਪੈਦਾ ਨਹੀਂ ਕਰਦਾ; ਬਲਕਿ ਹਉਮੈ ਅਤੇ ਘੁਮੰਡ ਦੇ ਭਰੇ, ਨੱਕਾਂ ‘ਚੋਂ ਠੂੰਹੇਂ ਸੁੱਟਦੇ ਫਿਰਦੇ ਲੋਕ ਪੈਦਾ ਕਰਦਾ ਹੈ ਜੋ ਸਾਧਾਰਣ ਵਿਅਕਤੀਆਂ ਨੂੰ ਕੀੜੇ-ਮਕੌੜੇ ਹੀ ਸਮਝਦੇ ਹਨ। ਅਜਿਹੀ ਮਾਨਸਿਕਤਾ ਵਾਲੇ ਮਨੁੱਖ ਤੁਹਾਨੂੰ ਹਰ ਦੇਸ਼, ਹਰ ਪ੍ਰਾਂਤ, ਹਰ ਸ਼ਹਿਰ, ਹਰ ਪਿੰਡ ਵਿੱਚ ਵੀ ਮਿਲ ਜਾਣਗੇ। ਜਸਬੀਰ ਮਾਹਲ ਭਾਵੇਂ ਕਿ ਕੈਨੇਡੀਅਨ ਪੰਜਾਬੀ ਸ਼ਾਇਰ ਹੈ - ਪਰ ਉਹ ਆਪਣਾ ਇਹ ਨੁਕਤਾ ਸਪੱਸ਼ਟ ਕਰਨ ਲਈ ਆਪਣੀ ਕਵਿਤਾ ‘ਰਾਵਣ’ ਵਿੱਚ ਕੁਝ ਇਸ ਤਰ੍ਹਾਂ ਗੱਲ ਕਰਦਾ ਹੈ:
ਰਾਵਣ ਪੁਤਲੇ ‘ਚ ਕੈਦ ਨਹੀਂ
ਉਹ ਤਾਂ
ਕਸਬੇ, ਸ਼ਹਿਰ, ਪ੍ਰਾਂਤ
ਦੇਸ-ਪ੍ਰਦੇਸ ਘੁੰਮਦਾ ਫਿਰੇ ਬੇ-ਖ਼ੌਫ਼
ਉਸ ਨੂੰ ਕੌਣ ਫੜਦਾ ਹੈ
------
ਨਵ-ਪੂੰਜੀਵਾਦ ਦੀ ਦੇਣ ਕੰਨਜ਼ੀਊਮਰ ਕਲਚਰ ਲੋਕਾਂ ਵਿੱਚ ਝੂਠਾ ਮੁਕਾਬਲਾ ਪੈਦਾ ਕਰਦਾ ਹੈ। ਲੋਕ ਜ਼ਿੰਦਗੀ ਵਿੱਚ ਇੱਕ ਦੂਜੇ ਤੋਂ ਅੱਗੇ ਲੰਘ ਜਾਣ ਦੀ ਦੌੜ ਵਿੱਚ ਨਫ਼ਰਤ ਦੀ ਹੱਦ ਤੱਕ ਇੱਕ ਦੂਜੇ ਨਾਲ ਈਰਖਾ ਕਰਦੇ ਹਨ। ਇਹ ਈਰਖਾ ਨਿੱਜੀ ਟਕਰਾਉ ਤੋਂ ਵੱਧਦੀ, ਵੱਧਦੀ ਵੱਖੋ, ਵੱਖ ਕਮਿਊਨਿਟੀਆਂ, ਵੱਖੋ, ਵੱਖ ਪ੍ਰਾਂਤਾਂ ਦੇ ਲੋਕਾਂ ਅਤੇ ਵੱਖੋ, ਵੱਖ ਦੇਸ਼ਾਂ ਦੇ ਲੋਕਾਂ ਵਿੱਚ ਖ਼ੂਨੀ ਟਕਰਾਉ ਦਾ ਰੂਪ ਵੀ ਧਾਰ ਲੈਂਦੀ ਹੈ। ਸਾਡੇ ਸਮਿਆਂ ਦੀ ਇਸ ਹਕੀਕਤ ਨੂੰ ਜਸਬੀਰ ਮਾਹਲ ਵੀ ਖੂਬ ਸਮਝਦਾ ਹੈ। ਉਸ ਦੀ ਕਵਿਤਾ ‘ਜ਼ਹਿਰੀਲੀ ਫ਼ਸਲ’ ਇਸ ਵਿਸ਼ੇ ਬਾਰੇ ਕੁਝ ਇਸ ਤਰ੍ਹਾਂ ਗੱਲ ਕਰਦੀ ਹੈ:
ਅੱਜ ਕੱਲ੍ਹ
ਇਕ ਫ਼ਸਲ ਪੁੰਗਰ ਆਈ ਹੈ
ਮਨੁੱਖੀ ਨਫ਼ਰਤ ਦੀ
ਮਰਨ-ਮਾਰਨ ਦੀ
ਬਦਲੇ ਦੀ ਅੱਗ ਵਿੱਚ
ਮਨੁੱਖਤਾ ਨੂੰ ਸਾੜਨ ਦੀ
ਇਸ ਵਿੱਚ ਹੀ ਹੈ ਭਲਾ
ਧਰਤੀ ‘ਤੇ ਹਰ ਨਸਲ ਦਾ
ਕਿ ਬੰਜਰ ਬਣੇ ਸੋਚਾਂ ਦੀ ਉਹ ਜ਼ਮੀਨ
ਜਿਥੇ ਉੱਗਦਾ ਹੈ ਬੀਜ
ਜ਼ਹਿਰੀਲੀ ਫ਼ਸਲ ਦਾ
-----
ਨਵ-ਪੂੰਜੀਵਾਦ ਵੱਲੋਂ ਪ੍ਰਚਾਰੇ ਜਾਂਦੇ ਕੰਨਜ਼ੀਊਮਰ ਕਲਚਰ ਦੇ ਪ੍ਰਚਾਰਕ ਸਭਿਆਚਾਰ ਦੇ ਪਾਸਾਰ ਦੀ ਆੜ ਹੇਠ ਆਰਥਿਕ ਤੌਰ ਉੱਤੇ ਕਮਜ਼ੋਰ ਸਭਿਆਚਾਰਾਂ ਵਾਲੇ ਦੇਸ਼ਾਂ ਦੀ ਮੱਦਦ ਕਰਨ ਦੇ ਬਹਾਨੇ ਉਨ੍ਹਾਂ ਦੇ ਰਾਜਨੀਤਿਕ, ਆਰਥਿਕ, ਸਭਿਆਚਾਰਕ, ਸਮਾਜਿਕ ਸੰਗਠਨਾਂ ਵਿੱਚ ਨਾ ਸਿਰਫ ਦਖਲ ਅੰਦਾਜ਼ੀ ਹੀ ਕਰਦੇ ਹਨ; ਬਲਕਿ ਉਨ੍ਹਾਂ ਦੇਸ਼ਾਂ ਦੇ ਕੁਦਰਤੀ ਸੋਮਿਆਂ ਦੀ ਲੁੱਟ ਮਚਾਉਣ ਲਈ ਉਨ੍ਹਾਂ ਦੇਸ਼ਾਂ ਦੇ ਸਿਸਟਮਾਂ ਦੀ ਤਬਾਹੀ ਮਚਾਉਂਦੇ ਹਨ। ਪੁਰਾਣੇ ਸਮਿਆਂ ਵਿੱਚ ਬਾਬਰ, ਮਹਿਮੂਦ ਗਜ਼ਨਵੀ, ਚੰਗੇਜ਼ ਖਾਂ, ਸਿਕੰਦਰ, ਹਿਟਲਰ, ਨੈਪੋਲੀਅਨ ਵਰਗੇ ਲੋਕ ਦੂਜੇ ਦੇਸ਼ਾਂ ਦੀ ਆਰਥਿਕ ਲੁੱਟ ਮਚਾਉਣ ਲਈ ਉਨ੍ਹਾਂ ਉੱਤੇ ਫੌਜੀ ਹਮਲੇ ਕਰਦੇ ਸਨ; ਅਜੋਕੇ ਰਾਜਨੀਤੀਵਾਨ ਕਮਜ਼ੋਰ ਦੇਸ਼ਾਂ ਦੀ ਆਰਥਿਕ ਲੁੱਟ ਮਚਾਉਣ ਲਈ ਪੰਜ ਸਟਾਰ ਹੋਟਲਾਂ ਦੇ ਏਅਰ ਕੰਡੀਸ਼ਨ ਕਮਰਿਆਂ ਵਿੱਚ ਬੈਠ, ਮਹਿਜ਼, ਕੁਝ ਕਾਗ਼ਜ਼ਾਂ ਉੱਤੇ ਦਸਤਖ਼ਤ ਕਰਕੇ ਹੀ ਆਰਥਿਕ ਲੁੱਟ ਮਚਾਉਣ ਲਈ ਹੱਕ ਪ੍ਰਾਪਤ ਕਰ ਲੈਂਦੇ ਹਨ। ਸਾਡੇ ਸਮਿਆਂ ਦੀ ਇਸ ਹਕੀਕਤ ਨੂੰ ਵੀ ਜਸਬੀਰ ਮਾਹਲ ਆਪਣੀ ਕਵਿਤਾ ‘ਲੁਟੇਰੇ’ ਵਿੱਚ ਬਹੁਤ ਖ਼ੂਬਸੂਰਤੀ ਨਾਲ ਪੇਸ਼ ਕਰਦਾ ਹੈ:
ਹੁਣ ਉਹ ਘੋੜਿਆਂ ‘ਤੇ ਨਾ ਆਉਣ
ਦਨਦਨਾਉਂਦੇ ਹੋਏ
ਧਾੜਵੀਆਂ ਦੀ ਫ਼ੌਜ ਲੈ ਕੇ
ਰੂਪ ਹੈ ਵੱਖਰਾ ਹੁਣ ਹੱਲੇ ਦਾ
ਹੁਣ ਯੁੱਧ ਦੇ ਹਥਿਆਰ ਨਿਰਾਲੇ
ਕਾਗ਼ਜ਼ ਉੱਤੇ ਦਸਤਖ਼ਤ ਕਰਦੇ
ਜਾਂ ਉਹ ਨੇ ਬਸ ਫ਼ੋਨ ਮਿਲਾਉਂਦੇ
ਹੁਕਮ ਦੀ ਹੁੰਦੀ ਰਹੇ ਪਾਲਣਾ
ਬਿਨ ਟੁੱਕੇ ਤੋਂ
ਜਿਸਮਾਂ ਵਿਚੋਂ ਰਹੇ ਸਿੰਮਦਾ
ਲਹੂ ਮਨੁੱਖ ਦਾ
ਲੁੱਟ ਦਾ ਮਾਲ ਨਾ ਲੱਦਿਆ ਜਾਵੇ
ਘੋੜਿਆਂ, ਗੱਡਿਆਂ ਜਾਂ ਗਧਿਆਂ ‘ਤੇ
ਉਹ ਤਾਂ
ਬੈਂਕਾਂ ਵਿਚ ਚੜ੍ਹ ਜਾਏ
ਇਕ ਤੋਂ ਦੂਜੇ ਨਾਂ
-----
ਹਰ ਸਭਿਆਚਾਰ ਆਪਣੇ ਨਾਲ ਨਵਾਂ ਸੰਗੀਤ, ਨਵੀਂ ਕਲਾ ਅਤੇ ਨਵਾਂ ਸਾਹਿਤ ਲੈ ਕੇ ਆਉਂਦਾ ਹੈ। ਅਜਿਹਾ ਸਭਿਆਚਾਰ ਆਪਣੇ ਨਾਲ ਕਦਰਾਂ-ਕੀਮਤਾਂ ਦੇ ਨਵੇਂ ਮਿਆਰ ਲੈ ਕੇ ਆਉਂਦਾ ਹੈ। ਅਜਿਹੇ ਨਵੇਂ ਮਾਹੌਲ ਵਿੱਚੋਂ ਹੀ ਵਿਸ਼ੇਸ਼ ਸ਼ਬਦਾਂ ਦੀ ਵਿਸ਼ੇਸ਼ ਮਹੱਤਤਾ ਬਣਦੀ ਹੈ। ਨਵ-ਪੂੰਜੀਵਾਦ ਦੇ ਪਾਸਾਰ ਦੇ ਪਰਦੇ ਹੇਠ ਹਿੰਸਾ ਦੀਆਂ ਭਰੀਆਂ ਫਿਲਮਾਂ, ਕੰਪੀਊਟਰ ਖੇਡਾਂ, ਪੋਰਨੋਗਰਾਫੀ, ਪਰਾਸਟੀਚੀਊਸ਼ਨ, ਸੈਕਸ ਟਰੇਡ, ਸਟਰਿਪਟੀਜ਼ ਡਾਂਸ ਕਲਚਰ ਆਦਿ ਦਾ ਅਸਰ ਕਰਕੇ ਲੋਕਾਂ ਦੀ ਮਾਨਸਿਕਤਾ ਵਿੱਚੋਂ ਮਨੁੱਖੀ ਕਦਰਾਂ-ਕੀਮਤਾਂ ਤਬਾਹ ਕੀਤੀਆਂ ਜਾਂਦੀਆਂ ਹਨ। ਵਿਸ਼ੇਸ਼ ਕਰਕੇ ਔਰਤ ਨੂੰ, ਮਹਿਜ਼, ਜਿਨਸੀ ਆਨੰਦ ਦੀ ਵਸਤ ਦੇ ਰੂਪ ਵਿੱਚ ਹੀ ਸਮਾਜ ਵਿੱਚ ਪ੍ਰਚਾਰਿਆ ਜਾਂਦਾ ਹੈ। ਜਿਸਨੂੰ ਕੰਨਜ਼ੀਊਮਰ ਕਲਚਰ ਵਿੱਚ ਵਿਕਦੀਆਂ ਜਾਂ ਖ੍ਰੀਦੀਆਂ ਜਾਂਦੀਆ ਹੋਰਨਾਂ ਵਸਤਾਂ ਵਾਂਗ ਹੀ ਖ੍ਰੀਦਿਆ ਜਾਂ ਵੇਚਿਆ ਜਾ ਸਕਦਾ ਹੈ - ਮਾਂ, ਧੀ, ਭੈਣ, ਪਤਨੀ, ਮਹਿਬੂਬਾ ਵਰਗੇ ਔਰਤ ਨਾਲ ਜੁੜੇ ਹੋਏ ਸ਼ਬਦ ਅਜਿਹੇ ਕਲਚਰ ਵਿੱਚ ਕੋਈ ਵਿਸ਼ੇਸ਼ ਅਰਥ ਨਹੀਂ ਰੱਖਦੇ। ਸਪੋਰਟਸ ਕਾਰਾਂ ਆਪਣੇ ਘਰਾਂ ਦੀਆਂ ਗੈਰਾਜਾਂ ਵਿੱਚ ਖੜ੍ਹੀਆਂ ਕਰਨ ਲਈ ਅਤੇ ਆਪਣੇ ਬੈਂਕ ਬੈਲੈਂਸ ਵਧਾਉਣ ਲਈ ਹਰ ਸੰਗ-ਸ਼ਰਮ ਲਾਹ ਕੇ ਅਜਿਹੇ ਸਭਿਆਚਾਰ ਵਿੱਚ ਲੋਕ ਆਪਣੀਆਂ ਹੀ ਮਾਵਾਂ/ਭੈਣਾਂ/ਧੀਆਂ/ਗਰਲ ਫਰੈਂਡਾਂ ਨੂੰ ਮੰਡੀ ਦੀ ਵਿਕਾਊ ਵਸਤ ਵਾਂਗੂ ਪਰਾਸਟੀਚੀਊਟ ਬਣਾ ਕੇ ਸ਼ਹਿਰ ਦੇ ਚੌਰਸਤਿਆਂ ਵਿੱਚ ਖੜ੍ਹੀਆਂ ਕਰ ਦਿੰਦੇ ਹਨ। ਅਜਿਹੇ ਸਭਿਆਚਾਰ ਵਿੱਚ ਅਮਨ, ਆਜ਼ਾਦੀ, ਘਰਾਂ ਦੀ ਸੁੱਖ-ਸ਼ਾਂਤੀ ਵਰਗੇ ਸ਼ਬਦਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ। ਅਜਿਹੇ ਸਭਿਆਚਾਰ ਵਿੱਚ ਜੰਮੇ-ਪਲੇ ਮਨੁੱਖਾਂ ਦੀ ਮਾਨਸਿਕਤਾ ਦੀ ਸਹੀ ਤਸਵੀਰ ਦੇਖਣ ਲਈ ਜਸਬੀਰ ਮਾਹਲ ਦੀ ਕਵਿਤਾ ‘ਸ਼ਬਦ ਅਰਥ’ ਪੜ੍ਹਣੀ ਬਹੁਤ ਰੌਚਿਕ ਰਹੇਗੀ। ਪੇਸ਼ ਹੈ ਉਸਦੀ ਇਹ ਕਵਿਤਾ:
ਅਸੀਂ ਸਕੂਲ ਦਾ ਮੂੰਹ ਵੇਖੇ ਬਿਨ
ਕਿੰਨੇ ਹੀ ਸ਼ਬਦ ਪਹਿਚਾਣਦੇ ਹਾਂ
ਬਹੁਤਿਆਂ ਦੇ ਅਰਥ ਵੀ ਜਾਣਦੇ ਹਾਂ
ਜਿਵੇਂ ਕਿ
ਬੰਬ, ਬਾਰੂਦ, ਬੰਦੂਕ ਦੀ ਗੋਲ਼ੀ
ਲਾਸ਼, ਕਬਰ, ਖ਼ੂਨ ਦੀ ਹੋਲੀ
ਭੁੱਖ, ਬਿਮਾਰੀ ਤੇ ਬਰਬਾਦੀ
ਔਰਤ ਦੀ ਖੁੱਸੀ ਆਜ਼ਾਦੀ
ਮੌਤ, ਵੱਢ-ਟੁੱਕ, ਖ਼ੂਨ-ਖਰਾਬਾ
ਦਰਦ, ਕੀਰਨੇ, ਮਾਤਮ, ਵੈਣ
ਅਸੀਂ ਜਾਣੀਏ ਕੀ ਇਹ ਕਹਿਣ
ਅਪਾਹਜ ਹੋਏ ਹਰ ਉਮਰ ਦੇ ਬੰਦੇ
ਖੰਡਰ, ਤੋਪਾਂ, ਭਾਗ ਇਹ ਮੰਦੇ
ਕੁਝ ਕੁ ਸ਼ਬਦ ਇਕ ਹੋਰ ਲੜੀ ਦੇ
ਸਾਡੇ ਲਈ ਪਰ ਬੜੇ ਓਪਰੇ
ਅਰਥ ਵਿਹੂਣੇ
ਅਮਨ, ਸ਼ਾਂਤੀ, ਆਸ-ਉਮੀਦ
ਸਕੂਲ, ਆਜ਼ਾਦੀ
ਘਰ, ਫੁੱਲ, ਫ਼ਸਲ ਤੇ ਦਾਣੇ
ਅਰਥ ਇਨ੍ਹਾਂ ਦੇ ਨਹੀਂ ਜਾਣਦੇ
ਅਸੀਂ ਨਿਆਣੇ
-----
‘ਆਪਣੇ ਆਪ ਕੋਲ’ ਕਾਵਿ-ਸੰਗ੍ਰਹਿ ਵਿੱਚ ਜਸਬੀਰ ਮਾਹਲ ਨੇ ਹੋਰ ਵੀ ਵਿਸ਼ਿਆਂ ਬਾਰੇ ਕਵਿਤਾਵਾਂ ਲਿਖੀਆਂ ਹਨ। ਰੱਬ ਅਤੇ ਧਰਮ ਦੇ ਨਾਮ ਉੱਤੇ ਕ਼ਤਲੋ-ਗਾਰਤ ਕਰਨ ਵਾਲਿਆਂ, ਵਿਸ਼ਵ ਦੇ ਕੋਨੇ ਕੋਨੇ ਵਿੱਚ ਜੰਗ ਦੇ ਭਾਂਬੜ ਬਾਲਣ ਵਾਲਿਆਂ ਅਤੇ ਧਰਮ ਦੇ ਨਾਮ ਉੱਤੇ ਧਾਰਮਿਕ ਕੱਟੜਵਾਦੀ ਦਹਿਸ਼ਤੀਗਰਦੀ ਦਾ ਜਹਾਦ ਛੇੜਣ ਵਾਲਿਆਂ ਨੂੰ ਵੀ ਜਸਬੀਰ ਮਾਹਲ ਸਿੱਧੇ ਹੱਥੀਂ ਲੈਂਦਾ ਹੈ। ਲੜਾਈ ਦੇ ਮੈਦਾਨ ਵਿੱਚ ਜਾਣ ਤੋਂ ਪਹਿਲਾਂ ਦੋਹਾਂ ਪਾਸਿਆਂ ਦੀਆਂ ਹੀ ਫੌਜਾਂ ਰੱਬ ਦੀ ਦਰਗਾਹ ਵਿੱਚ ਨੱਕ ਰਗੜਦੀਆਂ ਹਨ ਅਤੇ ਲੜਾਈ ਦੇ ਮੈਦਾਨ ਵਿੱਚ ਜਿੱਤ ਪ੍ਰਾਪਤ ਕਰਨ ਲਈ ਅਸ਼ੀਰਵਾਦ ਮੰਗਦੀਆਂ ਹਨ। ‘ਇੱਕ ਸੀ ਰੱਬ’ ਨਾਮ ਦੀ ਕਵਿਤਾ ਵਿੱਚ ਜਸਬੀਰ ਮਾਹਲ ਅਜਿਹੇ ਧਰਮੀ ਲੋਕਾਂ ਦਾ ਮਜ਼ਾਕ ਉਡਾਂਦਾ ਹੋਇਆ ਪੁੱਛਦਾ ਹੈ ਕਿ ਜੇਕਰ ਰੱਬ ਇੱਕ ਹੀ ਹੈ ਤਾਂ ਯੁੱਧ ਦੇ ਮੈਦਾਨ ਵਿੱਚ ਆਹਮੋ-ਸਾਹਮਣੇ ਖੜ੍ਹੀਆਂ ਦੋਨੋਂ ਵਿਰੋਧੀ ਫੌਜਾਂ ਨੂੰ ਜਿੱਤ ਦਾ ਅਸ਼ੀਰਵਾਦ ਕਿਵੇਂ ਦੇ ਸਕਦਾ ਹੈ:
ਬੱਚੇ ਪੁੱਛਦੇ ਨੇ
ਰੱਬ ਇਕੋ ਵੇਲੇ
ਯੁੱਧ ਵਿੱਚ
ਦੋਵੇਂ ਪਾਸੇ ਕਿਵੇਂ ਹੋ ਸਕਦੈ?
-----
ਰੱਬ ਦੇ ਨਾਮ ਉੱਤੇ ਜੰਗਾਂ ਲੜਣ ਵਾਲੇ ਲੋਕਾਂ ਵਾਂਗ ਹੀ ਦੇਸ਼ ਭਗਤੀ ਦਾ ਚੂਰਨ ਵੇਚਣ ਵਾਲੇ ਲੋਕ ਵੀ ਜਸਬੀਰ ਮਾਹਲ ਨੂੰ ਬਿਲਕੁਲ ਹੀ ਪਸੰਦ ਨਹੀਂ। ਕਿਸੇ ਵੀ ਦੇਸ਼ ਦੀ ਗੱਦੀ ਉੱਤੇ ਬੈਠੇ ਹੋਏ ਭ੍ਰਿਸ਼ਟ ਰਾਜਨੀਤੀਵਾਨਾਂ ਦੀ ਗੱਦੀ ਨੂੰ ਖਤਰਾ ਬਨਣ ਲੱਗਦਾ ਹੈ ਤਾਂ ਦੇਸ਼ ਦੀ ਸੁਰੱਖਿਆ ਨੂੰ ਕਿਸੇ ਬਾਹਰੀ/ਅੰਦਰੂਨੀ ਸ਼ਕਤੀ ਤੋਂ ਖ਼ਤਰਾ ਹੋਣ ਦਾ ਨਾਹਰਾ ਲਾ ਕੇ ਦੇਸ਼-ਭਗਤੀ ਦਾ ਚੂਰਨ ਵੇਚਣਾ ਸ਼ੁਰੂ ਕਰ ਦਿੰਦੇ ਹਨ। ਇਹ ਗੱਲ, ਮਹਿਜ਼, ਕਿਸੇ ਇੱਕ ਦੇਸ਼ ਦੇ ਰਾਜਨੀਤੀਵਾਨ ਬਾਰੇ ਨਹੀਂ ਕਹੀ ਗਈ। ਬਲਕਿ ਅਸੀਂ ਮੀਡੀਆ ਵਿਚ ਅਕਸਰ ਪੜ੍ਹਦੇ/ ਸੁਣਦੇ/ਦੇਖਦੇ ਹਾਂ ਕਿ ਕਿਵੇਂ ਪਾਕਿਸਤਾਨ, ਇੰਡੀਆ, ਅਮਰੀਕਾ ਵਰਗੇ ਦੇਸ਼ਾਂ ਦੇ ਰਾਜਨੀਤੀਵਾਨ ਯਹੀਆ ਖ਼ਾਨ, ਇੰਦਰਾ ਗਾਂਧੀ ਜਾਂ ਜੋਰਜ ਬੁੱਸ਼ ਅੱਤਵਾਦ ਦਾ ਹਊਆ ਖੜ੍ਹਾ ਕਰਕੇ ਤਾਕਤ ਵਿੱਚ ਆਉਂਦੇ ਰਹੇ ਹਨ। ਪਰ ਜਸਬੀਰ ਮਾਹਲ ਇੱਕ ਸੁਚੇਤ ਮਨੁੱਖ ਵਾਂਗ ਕਹਿੰਦਾ ਕਿ ਅਸੀਂ ਨਾ ਤਾਂ ਕਿਸੇ ਵੀ ਧਰਮ ਦੇ ਹੀ ਕੱਟੜਵਾਦ ਦੇ ਧਾਰਣੀ ਬਣਨਾ ਚਾਹੁੰਦੇ ਹਾਂ ਅਤੇ ਨਾ ਹੀ ਦੇਸ਼ ਭਗਤੀ ਦਾ ਚੂਰਨ ਖਾ-ਖਾ ਕੇ ਹੀ ਆਪਣਾ ਹਾਜ਼ਮਾ ਠੀਕ ਰੱਖਣਾ ਚਾਹੁੰਦੇ ਹਾਂ। ਅਸੀਂ ਤਾਂ ਸਿੱਧੇ ਸਾਦੇ ਮਨੁੱਖ ਹਾਂ। ਅਸੀਂ ਤਾਂ ਮਨੁੱਖ ਬਣਕੇ ਹੀ ਆਪਣੀ ਜ਼ਿੰਦਗੀ ਜਿਉਣੀ ਚਾਹੁੰਦੇ ਹਾਂ। ਅਸੀਂ ਤਾਂ ‘ਜੀਓ ਅਤੇ ਜੀਣ ਦਿਓ’ ਦੇ ਸਿਧਾਂਤ ਉੱਤੇ ਚੱਲਦਿਆਂ ਹੋਇਆਂ ਸਰਬਤ ਦਾ ਭਲਾ ਮੰਗਦੇ ਹਾਂ - ਸਿਰਫ ਮੂੰਹ ਮੁਲਾਹਜ਼ੇ ਲਈ ਹੀ ਨਹੀਂ - ਬਲਕਿ ਸੱਚੇ ਦਿਲੋਂ - ਮਨੁੱਖਵਾਦੀ ਸੋਚ ਦੇ ਧਾਰਣੀ ਬਣਕੇ। ਇਸ ਸੋਚ ਦਾ ਪ੍ਰਗਟਾਵਾ ਜਸਬੀਰ ਮਾਹਲ ਆਪਣੀ ਕਵਿਤਾ ‘ਇਨਕਾਰ’ ਵਿੱਚ ਬੜੀ ਖੂਬਸੂਰਤੀ ਨਾਲ ਕਰਦਾ ਹੈ:
ਅਸੀਂ ਨਹੀਂ ਚਾਹੁੰਦੇ
ਕਿ ਚਿਪਕੇ ਕੋਈ ਵੀ ਮਜ਼੍ਹਬ
ਸਾਡੇ ਵਜੂਦ ਨਾਲ
ਨਹੀਂ ਚਾਹੁੰਦੇ
ਸ਼ਾਮਿਲ ਹੋਣਾ ਸਾਜਿਸ਼ ਵਿੱਚ
ਜਿਥੇ ਝੰਡੇ ਦੀ ਸ਼ਕਲ ਵਰਗਾ
ਕੱਪੜੇ ਦਾ ਟੋਟਾ ਨੀਂਦ ਤੋੜੇ
ਸਾਡੇ ਅੰਦਰ ਸੁੱਤੇ ਪਸ਼ੂ ਦੀ
ਨਹੀਂ ਚਾਹਨਾ
ਬਾਹਰੀ ਖ਼ਤਰੇ ਦੇ ਬਾਟੇ ‘ਚ ਘੋਟੀ
ਦੇਸ਼ ਭਗਤੀ ਦੀ ਭੰਗ ਪੀਣ ਦੀ
ਅਸੀਂ
ਕੇਵਲ ਤੇ ਬਸ ਕੇਵਲ
ਰੱਖਦੇ ਹਾਂ ਲਾਲਸਾ
ਮਨੁੱਖ ਬਣ ਕੇ ਜੀਣ ਦੀ
------
ਲੋਕ-ਪੱਖੀ ਵਿਚਾਰਾਂ ਦਾ ਧਾਰਣੀ ਹੋਣ ਦੇ ਨਾਲ ਨਾਲ ਜਸਬੀਰ ਮਾਹਲ ਇਹ ਵੀ ਸਮਝਦਾ ਹੈ ਕਿ ਸਮਾਜਿਕ, ਸਭਿਆਚਾਰਕ, ਆਰਥਿਕ, ਰਾਜਨੀਤਿਕ, ਧਾਰਮਿਕ ਜਾਂ ਵਾਤਾਵਰਨ ਨਾਲ ਸਬੰਧੀ ਸਮੱਸਿਆਵਾਂ ਓਨੀ ਦੇਰ ਤੱਕ ਹੱਲ ਨਹੀਂ ਕੀਤੀਆਂ ਜਾ ਸਕਦੀਆਂ ਜਦ ਤੱਕ ਕਿ ਲੋਕ-ਪੱਖੀ ਵਿਚਾਰਾਂ ਦੇ ਧਾਰਣੀ ਵਿਸ਼ਵ-ਅਮਨ ਦੀ ਲਹਿਰ ਨੂੰ ਤਕੜੀ ਕਰਕੇ ਜੰਗਬਾਜ਼ਾਂ ਵਿਰੁੱਧ ਡਟ ਨਹੀਂ ਜਾਂਦੇ। ਭਾਵੇਂ ਕਿ ਇਹ ਗੱਲ ਕਰਨੀ ਏਨੀ ਆਸਾਨ ਨਹੀਂ; ਪਰ ਮਨੁੱਖੀ ਇਤਿਹਾਸ ਵਿੱਚ ਜਦੋਂ ਵੀ ਮਨੁੱਖਵਾਦੀ ਅਤੇ ਅਮਨਪ੍ਰਸਤ ਤਾਕਤਾਂ ਇਕੱਠੀਆਂ ਹੋਈਆਂ ਹਨ ਤਾਂ ਉਨ੍ਹਾਂ ਨੇ ਹਿਟਲਰ, ਮੂਸੋਲੀਨੀ ਵਰਗੀਆਂ ਸ਼ਕਤੀਸ਼ਾਲੀ ਅਤੇ ਜ਼ਾਲਮ ਨਾਜ਼ੀ ਤਾਕਤਾਂ ਨੂੰ ਵੀ ਭਾਂਜ ਦਿੱਤੀ ਹੈ। ਇਸ ਗੱਲ ਵਿੱਚ ਜਸਬੀਰ ਮਾਹਲ ਨੂੰ ਪੂਰਾ ਵਿਸ਼ਵਾਸ ਹੈ ਤਾਂ ਹੀ ਤਾਂ ਉਹ ਖਿੰਡੀਆਂ-ਪੁੰਡੀਆਂ ਅਮਨ-ਪ੍ਰਸਤ ਅਤੇ ਲੋਕ-ਪੱਖੀ ਤਾਕਤਾਂ ਨੂੰ ਇੱਕ ਸਾਂਝੇ ਮੰਚ ਉੱਤੇ ਇਕੱਠੇ ਹੋਣ ਦਾ ਨਾਹਰਾ ਦਿੰਦਾ ਹੈ:
ਹੁਣ ਜ਼ਰੂਰੀ ਹੋ ਗਿਆ ਟਾਹਣੀਓਂ
ਕਿ ਤੁਸੀਂ...
ਹਰੇਕ ਰੁੱਤ ਦੇ ਲੁੱਚੇ ਮੌਸਮਾਂ ਨਾਲ ਜੰਗ ਕਰੋ
ਆਪਣੇ ‘ਚ ਲੁਕੀਆਂ ਚਿੜੀਆ ‘ਚੋਂ ਚੁਗੋ
ਬਾਜ਼ਾਂ ਦੀ ਝਪਟ ਦਾ ਡਰ
ਢਾਹ ਦਿਉ ਸਿਰਾਂ ‘ਤੇ ਬਣੇ
ਗਿਰਝਾਂ ਦੇ ਆਲ੍ਹਣੇ
ਛਾਂ ਆਪਣੀ ‘ਚ ਸੁੱਤੇ ਕੁੱਤਿਆਂ ਦਾ
ਅਮਨ ਭੰਗ ਕਰੋ
ਸੂਰਜ ਵੱਲ ਵਧਣ ਦੇ ਰੱਖੋ ਜਤਨ ਜਾਰੀ
ਬਦਚਲਣ ਪੁੱਠੀ ਹਵਾ ਦੀ
ਮਰਜ਼ੀ ਸੰਗ ਝੁਕਣਾ ਬੰਦ ਕਰੋ
-----
‘ਆਪਣੇ ਆਪ ਕੋਲ’ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਕਰਕੇ ਜਸਬੀਰ ਮਾਹਲ ਨੇ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਜ਼ਿਕਰਯੋਗ ਵਾਧਾ ਕੀਤਾ ਹੈ। ਜਸਬੀਰ ਮਾਹਲ ਭਾਵੇਂ ਕਿ ਅਜੇ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਵਧੇਰੇ ਚਰਚਿਤ ਨਹੀਂ ਹੋਇਆ; ਪਰ ਜੇਕਰ ਉਹ ‘ਆਪਣੇ ਆਪ ਕੋਲ’ ਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਕੀਤੀਆਂ ਗਈਆਂ ਕਵਿਤਾਵਾਂ ਵਰਗੀਆਂ ਖ਼ੂਬਸੂਰਤ ਕਵਿਤਾਵਾਂ ਲਿਖਦਾ ਰਿਹਾ ਤਾਂ ਉਹ ਜਲਦੀ ਹੀ ਇੱਕ ਚਰਚਿਤ ਨਾਮ ਬਣ ਜਾਵੇਗਾ। ਇੱਕ ਖ਼ੂਬਸੂਰਤ ਅਤੇ ਅਰਥ-ਭਰਪੂਰ ਕਾਵਿ-ਸੰਗ੍ਰਹਿ ਪ੍ਰਕਾਸਿ਼ਤ ਕਰਨ ਲਈ ਜਸਬੀਰ ਮਾਹਲ ਨੂੰ ਦਿਲੀ ਮੁਬਾਰਕ ਦਿੰਦਾ ਹੋਇਆ ਉਸ ਦੀ ਹੀ ਇੱਕ ਕਵਿਤਾ ‘ਮੈਨੂੰ ਅਮਨ ਲੈ ਦੇ ਅੰਮੀਏ’ ਦੀਆਂ ਇਨ੍ਹਾਂ ਖ਼ੂਬਸੂਰਤ ਸਤਰਾਂ ਨਾਲ ਹੀ ਮੈਂ ਇਸ ਕਾਵਿ-ਸੰਗ੍ਰਹਿ ਬਾਰੇ ਚਰਚਾ ਖ਼ਤਮ ਕਰਨੀ ਚਾਹਾਂਗਾ:
ਅੰਮੀਏ
ਮੌਤ ਦੇ ਪਰਛਾਵੇਂ ਹਨ ਇਥੇ
ਨਹੀਂ ਕੋਈ ਰੁੱਖਾਂ ਦੀ ਛਾਂ
ਕਿਸ ਅੰਬਰ ਵਿਚ ਉੱਡਣ
ਇਸ ਧਰਤੀ ਦੇ ਤੋਤੇ
ਚਿੜੀਆਂ, ਘੁੱਗੀਆਂ, ਕਾਂ
ਸਾਡੀ ‘ਵਾ ‘ਚੋਂ ਕਿਉਂ ਆਵੇ
ਗੰਧ ਬਾਰੂਦ ਦੀ
ਮਹਿਕਦੇ ਫੁੱਲਾਂ ਦੀ ਥਾਂ
***********
No comments:
Post a Comment