ਲੇਖ
ਮਾਂ, ਧੀ, ਪਤਨੀ, ਮਹਿਬੂਬਾ - ਇਹ ਸਾਰੇ ਹੀ ਰਿਸ਼ਤੇ ਮਰਦ ਨੂੰ ਔਰਤ ਤੋਂ ਹੀ ਮਿਲਦੇ ਹਨ; ਪਰ ਫਿਰ ਵੀ ਔਰਤ ਹਜ਼ਾਰਾਂ ਸਾਲਾਂ ਤੋਂ ਮਰਦ-ਪ੍ਰਧਾਨ ਸਮਾਜ ਦੀਆਂ ਅੱਤਿਆਚਾਰੀ ਕਦਰਾਂ-ਕੀਮਤਾਂ ਦੀ ਚੱਕੀ ਵਿੱਚ ਪੀਸੀ ਜਾ ਰਹੀ ਹੈ। ਸਾਡੇ ਸਮਿਆਂ ਵਿੱਚ ਚੇਤੰਨ ਮਰਦਾਂ ਦੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਔਰਤ ਨੂੰ ਅਜਿਹੀ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਹੋਣ ਵਿੱਚ ਮੱਦਦਗਾਰ ਹੋਣ ਵਜੋਂ ਅਜਿਹੀਆਂ ਸਮਾਂ ਵਿਹਾ ਚੁੱਕੀਆਂ ਕਦਰਾਂ-ਕੀਮਤਾਂ ਵਿਰੁੱਧ ਚੇਤਨਾ ਪੈਦਾ ਕਰਨ ਵਾਲੀਆਂ ਲਹਿਰਾਂ ਵਿੱਚ ਔਰਤ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਨ। ਅਮਨ ਅਤੇ ਖੁਸ਼ਹਾਲੀ ਭਰਿਆ ਸਮਾਜ ਉਦੋਂ ਹੀ ਹੋਂਦ ਵਿੱਚ ਆ ਸਕੇਗਾ ਜਦੋਂ ਔਰਤ ਅਤੇ ਮਰਦ ਇੱਕ ਦੂਜੇ ਨੂੰ ਸਾਥੀ ਸਮਝਣਗੇ; ਨਾ ਕਿ ਮਾਲਕ ਅਤੇ ਗ਼ੁਲਾਮ। ਕੈਨੇਡੀਅਨ ਪੰਜਾਬੀ ਕਹਾਣੀਕਾਰ ਕੁਲਜੀਤ ਮਾਨ ਆਪਣੀਆਂ ਕਹਾਣੀਆਂ ਵਿੱਚ ਕੁਝ ਅਜਿਹੀ ਚੇਤਨਤਾ ਦਾ ਹੀ ਪਾਸਾਰ ਕਰਨ ਦਾ ਯਤਨ ਕਰਦਾ ਹੈ।
-----
ਕੁਲਜੀਤ ਮਾਨ ਨੇ ਆਪਣੀਆਂ ਕਹਾਣੀਆਂ ਦੀ ਪੁਸਤਕ ‘ਵਿਚਲੀ ਉਂਗਲ’ 2007 ਵਿੱਚ ਪ੍ਰਕਾਸ਼ਿਤ ਕੀਤੀ ਸੀ। ਕੁਲਜੀਤ ਮਾਨ ਲੰਬੀਆਂ ਕਹਾਣੀਆਂ ਲਿਖਣ ਵਾਲਾ ਕਹਾਣੀਕਾਰ ਹੈ। ਉਹ ਬੜੀਆਂ ਸੰਘਣੀਆਂ ਕਹਾਣੀਆਂ ਲਿਖਦਾ ਹੈ। ਉਹ ਆਪਣੀਆਂ ਕਹਾਣੀਆਂ ਦੇ ਪਾਤਰਾਂ ਦੀ ਮਾਨਸਿਕਤਾ ਦੀਆਂ ਤਹਿਆਂ ਫਰੋਲਦਾ ਹੋਇਆ ਕਹਾਣੀ ਦਾ ਮਾਹੌਲ ਵੀ ਉਸਾਰਦਾ ਜਾਂਦਾ ਹੈ। ਇਹ ਸਭ ਕੁਝ ਉਹ ਇਸ ਤਰ੍ਹਾਂ ਕਰਦਾ ਜਾਂਦਾ ਹੈ ਜਿਵੇਂ ਕਿਤੇ ਉਹ ਇੱਕ ਵੱਡੀ ਕੈਨਵਸ ਉੱਤੇ ਕੋਈ ਕਲਾ-ਚਿੱਤਰ ਬਣਾ ਰਿਹਾ ਹੋਵੇ।
ਕਹਾਣੀ ਸੰਗ੍ਰਹਿ ‘ਵਿਚਲੀ ਉਂਗਲ’ ਬਾਰੇ ਚਰਚਾ ਕਹਾਣੀ ‘ਵਿਚਲੀ ਉਂਗਲ’ ਨਾਲ ਸ਼ੁਰੂ ਕੀਤੀ ਜਾ ਸਕਦੀ ਹੈ। ਇਹ ਕਹਾਣੀ ਪੰਜਾਬੀ ਮਾਨਸਿਕਤਾ ਨੂੰ ਘੁਣ ਵਾਂਗ ਖਾਹ ਰਹੀ ਠੱਗ-ਬਾਬਿਆਂ ਦੀ ਸਮੱਸਿਆ ਵੱਲ ਸਾਡਾ ਧਿਆਨ ਖਿੱਚਦੀ ਹੈ। ਕੈਨੇਡਾ ਦੇ ਬਹੁਤ ਘੱਟ ਪੰਜਾਬੀ ਲੇਖਕਾਂ ਨੇ ਇਸ ਸਮੱਸਿਆ ਨੂੰ ਆਪਣੀਆਂ ਲਿਖਤਾਂ ਦਾ ਵਿਸ਼ਾ ਬਣਾਇਆ ਹੈ। ਜਿੱਥੇ ਜਿੱਥੇ ਵੀ ਪੰਜਾਬੀ ਗਏ ਹਨ ਇਹ ਠੱਗ-ਬਾਬੇ ਉਨ੍ਹਾਂ ਦੇ ਪਿੱਛੇ ਪਿੱਛੇ ਹੀ ਉੱਥੇ ਪਹੁੰਚ ਗਏ ਹਨ। ਇਨ੍ਹਾਂ ਠੱਗ-ਬਾਬਿਆਂ ਨੇ ਨਾ ਸਿਰਫ ਅਨਪੜ੍ਹ ਅਤੇ ਸਾਧਾਰਨ ਪੰਜਾਬੀਆਂ ਨੂੰ ਹੀ ਲੁੱਟਿਆ ਹੈ; ਇਨ੍ਹਾਂ ਠੱਗ-ਬਾਬਿਆਂ ਹੱਥੋਂ ਪੜ੍ਹੇ ਲਿਖੇ ਅਨਪੜ੍ਹ ਲੋਕ ਵੀ ਲੁੱਟੇ ਗਏ ਹਨ। ਚਿੰਤਾ ਵਾਲੀ ਗੱਲ ਇਹ ਹੈ ਕਿ ਪੰਜਾਬੀ ਮੀਡੀਆ ਦਾ ਇੱਕ ਵੱਡਾ ਹਿੱਸਾ ਵੀ ਇਨ੍ਹਾਂ ਠੱਗ ਬਾਬਿਆਂ ਦੇ ਨਾਲ ਰਲਿਆ ਹੋਇਆ ਹੈ। ਇਨ੍ਹਾਂ ਅਖਬਾਰਾਂ ਵਿੱਚ ਇਨ੍ਹਾਂ ਠੱਗ ਬਾਬਿਆਂ ਦੇ ਵੱਡੇ ਵੱਡੇ ਇਸ਼ਤਿਹਾਰ ਛਪਦੇ ਹਨ। ਕਈ ਪੰਜਾਬੀ ਅਖਬਾਰਾਂ ਦੇ ਸੰਪਾਦਕ ਤਾਂ ਬਿਨ੍ਹਾਂ ਕਿਸੀ ਝਿਜਕ ਦੇ ਕਹਿ ਦਿੰਦੇ ਹਨ ਕਿ ਜਿਨ੍ਹਾਂ ਲੋਕਾਂ ਨੂੰ ਤੁਸੀਂ ਠੱਗ ਕਹਿੰਦੇ ਹੋ ਉਹ ਲੋਕ ਤਾਂ ਸਾਡੀ ਕਮਾਈ ਦਾ ਮੁੱਖ ਸਾਧਨ ਹਨ। ਉਨ੍ਹਾਂ ਲੋਕਾਂ ਨੂੰ ਅਸੀਂ ਕਿਵੇਂ ਛੱਡ ਸਕਦੇ ਹਾਂ? ਜੇਕਰ ਉਨ੍ਹਾਂ ਦੇ ਇਸ਼ਤਿਹਾਰਾਂ ਤੋਂ ਸਾਨੂੰ ਹਰ ਸਾਲ ਲੱਖਾਂ ਡਾਲਰਾਂ ਦੀ ਬੱਝੀ ਹੋਈ ਕਮਾਈ ਨ ਹੋਵੇ ਤਾਂ ਸਾਡੇ ਅਖਬਾਰ ਤਾਂ ਚੱਲ ਹੀ ਨਹੀਂ ਸਕਦੇ। ਇਹ ਠੱਗ ਬਾਬੇ ਮਹਿਜ਼ ਡਾਲਰਾਂ ਦੇ ਰੂਪ ਵਿੱਚ ਹੀ ਲੁੱਟ ਨਹੀਂ ਮਚਾਂਦੇ ਬਲਕਿ ਇਹ ਲੋਕਾਂ ਨੂੰ ਮਾਨਸਿਕ ਤੌਰ ਉੱਤੇ ਆਪਣੇ ਗੁਲਾਮ ਬਣਾ ਕੇ ਉਨ੍ਹਾਂ ਦੀਆਂ ਜਾਇਦਾਦਾਂ ਉੱਤੇ ਵੀ ਕਬਜ਼ਾ ਕਰ ਲੈਂਦੇ ਹਨ। ਅਜੋਕੇ ਸਮਿਆਂ ਦਾ ਇਹ ਵੀ ਇੱਕ ਤਰ੍ਹਾਂ ਦਾ ਮਾਫ਼ੀਆ ਹੀ ਹੈ। ਜਿਨ੍ਹਾਂ ਕੋਲ ਬੰਦੂਕਧਾਰੀ ਗੁੰਡਿਆਂ ਦੀਆਂ ਧਾੜਾਂ ਹੁੰਦੀਆਂ ਹਨ। ਜਿਹੜਾ ਵਿਅਕਤੀ ਪਿਆਰ ਨਾਲ ਆਪਣੀ ਜਾਇਦਾਦ ਇਨ੍ਹਾਂ ਠੱਗਾਂ ਦੇ ਹਵਾਲੇ ਨ ਕਰੇ, ਉਸ ਦੇ ਗਲ ਵਿੱਚ ਗੂਠਾ ਦੇ ਕੇ ਵੀ ਉਸ ਦੀ ਜਾਇਦਾਦ ਉੱਤੇ ਕਬਜ਼ਾ ਕਰਨ ਤੋਂ ਇਹ ਨਹੀਂ ਝਿਜਕਦੇ। ਪੁਲਿਸ ਅਤੇ ਰਾਜਨੀਤੀਵਾਨ ਵੀ ਅੰਦਰਖਾਤੇ ਇਨ੍ਹਾਂ ਠੱਗ-ਬਾਬਿਆਂ ਦੇ ਮਾਫ਼ੀਆਂ ਦੀ ਜੀ ਹਜ਼ੂਰੀ ਕਰਦੇ ਹਨ। ਠੱਗ-ਬਾਬੇ ਮੁਕੰਦ ਨੀਰ ਦਾ ਮਾਫੀਆ ਕਿਸ ਤਰ੍ਹਾਂ ਕਹਾਣੀ ਦੇ ਪਾਤਰ ਲਛਮਣ ਸਿੰਘ ਦੇ ਘਰ ਉੱਤੇ ਜ਼ਬਰਦਸਤੀ ਕਬਜ਼ਾ ਕਰਦਾ ਹੈ - ਇਸ ਦ੍ਰਿਸ਼ ਨੂੰ ਕਹਾਣੀ ‘ਵਿਚਲੀ ਉਂਗਲ’ ਵਿੱਚ ਬੜੇ ਨਾਟਕੀ ਢੰਗ ਨਾਲ ਪੇਸ਼ ਕੀਤਾ ਗਿਆ ਹੈ:
“ਪਰ ਬਾਬਾ ਜੀ ਇਹ ਤਾਂ....” ਮੇਰੇ ਚਿਹਰੇ ਤੇ ਹੁਕਮ ਅਦੂਲੀ ਦੀਆਂ ਹਵਾਈਆਂ ਉੱਡ ਰਹੀਆਂ ਸਨ।
“ਅਸੀਂ ਡੇਰੇ ਲਈ ਦੋ ਏਕੜ ਦਾਨ ਕਰ ਦਿੰਦੇ ਹਾਂ।”
ਮੁਕੰਦ ਨੀਰ ਨੇ ਘੜੀ ਵੇਖਦਿਆਂ ਬਾਂਹ ਜਿਹੀ ਖੜ੍ਹੀ ਕੀਤੀ।
ਪਿੱਛੇ ਖੜ੍ਹੇ ਉਸਦੇ ਬੰਦਿਆਂ ਨੇ ਪੰਜ ਹਵਾਈ ਫਾਇਰ ਕਰ ਦਿੱਤੇ।
“ਬੱਸ ਹੋ ਗਿਆ ਫੈਸਲਾ, ਹੁਣ ਹੋਰ ਬਹਿਸ ਨਹੀਂ।”
ਮੇਰੇ ਤਾਂ ਜਿਵੇਂ ਔਸਾਣ ਹੀ ਮਾਰੇ ਗਏ। ਮੈਂ ਸਾਰੀ ਲੀਲਾ ਹੀ ਸਮਝ ਗਿਆ। ਮੈਂ ਤਾਂ ਜਿਵੇਂ ਚੁੱਪ ਹੀ ਵੱਟ ਲਈ। ਮੁਕੰਦ ਨੀਰ ਮੇਰੀ ਚੁੱਪ ਵੇਖ ਕੇ ਚੁੱਪ ਕਰ ਗਿਆ। ਕੁਝ ਅਟਕ ਕੇ ਬੋਲਿਆ, “ਅੱਜ ਤੀਸਰੇ ਪਹਿਰ ਸਤਸੰਗ ਤੇ ਝੰਡੇ ਦੀ ਰਸਮ ਲਈ ਸ਼ੁਭ ਮਹੂਰਤ ਹੈ, ਮੰਗਲ ਨੂੰ ਅਸ਼ਨਾਨ ਕਰਵਾ ਦੇਣਾ। ਉਸ ਤੋਂ ਪਹਿਲਾਂ ਆਪਣੀ ਟਿੰਡ ਫੌੜੀ ਸ਼ਾਮ ਤੱਕ ਵੱਡੇ ਕਮਰੇ ਵਿਚੋਂ ਚੁੱਕ ਲਿਉ।”
ਪਤਾ ਨਹੀਂ ਕਿਉਂ ਮੈਨੂੰ ਗੁੱਸਾ ਆ ਗਿਆ। ਇਹ ਵੀ ਕੋਈ ਜੀਣਾ ਹੈ? ਮੈਂ ਭੱਜਾ ਅੰਦਰ ਗਿਆ ਤੇ ਬਾਰਾਂ ਬੋਰ ਦੀ ਦੁਨਾਲੀ ਚੁੱਕ ਲਈ। ਮਾਸੜ ਜੀ ਮੇਰੇ ਹੱਥ ਦੁਨਾਲੀ ਵੇਖ ਕੇ ਭੱਜੇ ਆਏ ਤੇ ਮੇਰੀ ਬਾਂਹ ਫੜ੍ਹ ਕੇ ਬੋਲੇ, “ਮੂਰਖ ਨਾ ਬਣ। ਕੀਹਦੇ ਨਾਲ ਲੜੇਂਗਾ? ਆਪਾਂ ਬਹਿ ਕੇ ਵਿਚਾਰ ਕਰਦੇ ਹਾਂ, ਕੋਈ ਇੰਨਾ ਵੀ ਹਨੇਰ ਨਹੀਂ ਪਿਆ।”
ਮੇਰੇ ਕੋਲੋਂ ਸ਼ਾਂਤ ਹੁੰਦੇ ਹੁੰਦੇ ਵੀ ਘੋੜਾ ਦੱਬ ਹੋ ਗਿਆ। ਮੇਰੇ ਚਲਾਏ ਫਾਇਰ ਦੀ ਗਰਮਾਇਸ਼ ਪੰਜਾਂ ਦੇ ਮੁਕਾਬਲੇ ਕਾਫੀ ਘੱਟ ਸੀ। ਸ਼ਾਮ ਨੂੰ ਮੇਰੀਆਂ ਅੱਖਾਂ ਦੇ ਸਾਹਮਣੇ ਚਿਮਟੇ ਛੈਣੇ ਖੜਕਦੇ, ਇਹ ਝੰਡੇ ਦੇ ਆਲੇ ਦੁਆਲੇ ਲਿਪਦੇ ਗੋਹੇ ਤੇ ਬੇਤਰਤੀਬੇ ਪੂੰਝੇ, ਇਹ ਲਾਲ ਚੂਨੇ ਦੇ ਘੇਰੇ, ਕਬਜ਼ਾ ਕਿਵੇਂ ਹੋ ਗਏ? ਮਾਸੜ ਜੀ ਕਹਿ ਰਹੇ ਸਨ ਕਿ ਇਹ ਕਬਜ਼ਾ ਹੋ ਰਿਹਾ ਹੈ। ਅਨਜਾਣ ਲੋਕਾਂ ਦੇ ਆਉਣ ਜਾਣ ਦਾ ਤਾਂਤਾ ਲੱਗਾ ਹੋਇਆ ਸੀ। ਮੇਰਾ ਘਰ, ਮੇਰਾ ਬੂਹਾ, ਮੇਰਾ ਗੇਟ ਸਭ ਕੁਝ ਹਾਰ ਰਿਹਾ ਸੀ। ਪਰ ਅਜੇ ਮੈਨੂੰ ਇਹ ਨਹੀਂ ਕਿਹਾ ਗਿਆ ਸੀ ਕਿ ਤੂੰ ਘਰੋਂ ਬਾਹਰ ਨਿਕਲ ਜਾ। ਇਸ ਹਿਸਾਬ ਨਾਲ ਮੇਰਾ ਅਜੇ ਵੀ ਕਬਜ਼ਾ ਸੀ। ਯੁੱਧ ਅਜੇ ਜਾਰੀ ਸੀ। ਮੈਂ ਅਜੇ ਵੀ ਟਿਉਬਵੈੱਲ ਦਾ ਬੱਟਨ ਦੱਬ ਸਕਦਾ ਸੀ। ਗੰਢੇ ਪੁੱਟ ਕੇ ਖਾ ਸਕਦਾ ਸੀ। ਫਰਕ ਉਦੋਂ ਪੈਣਾ ਸੀ ਜਦੋਂ ਮੈਂ ਇਕ ਵਾਰ ਘਰੋਂ ਬਾਹਰ ਹੋ ਗਿਆ। ਇੱਕ ਵਾਰ ਕੈਨੇਡਾ ਆਉਣ ਲਈ ਬੂਹਿਉਂ ਪੈਰ ਕੱਢਿਆ ਨਹੀਂ ਤੇ ਯੁੱਧ ਹਾਰਿਆ ਨਹੀਂ।
-----
ਭਰਿਸ਼ਟ ਹੋ ਚੁੱਕੀ ਪੁਲਿਸ ਵੀ ਕਿਵੇਂ ਠੱਗ-ਬਾਬਿਆਂ ਦੇ ਮਾਫ਼ੀਆ ਨਾਲ ਹੀ ਰਲੀ ਹੁੰਦੀ ਹੈ, ਉਸ ਦਾ ਜ਼ਿਕਰ ਵੀ ਕਹਾਣੀ ‘ਵਿਚਲੀ ਉਂਗਲ’ ਵਿੱਚ ਬੜੀ ਖੂਬਸੂਰਤੀ ਨਾਲ ਕੀਤਾ ਗਿਆ ਹੈ:
“ਚੱਲੋ ਛੱਡੋ ਜੀ, ਤੁਸੀਂ ਠੰਡਾ ਪੀਉ। ਅਸੀਂ ਇੱਥੇ ਬੈਠੇ ਹੀ ਤੁਹਾਡੀ ਸੇਵਾ ਲਈ ਹਾਂ। ਐਨ.ਆਰ.ਆਈ. ਦੀ ਮੱਦਦ ਕਰਨ ਦੀ ਸਾਨੂੰ ਸਖ਼ਤ ਹਦਾਇਤ ਹੈ।” ਸਾਹਿਬ ਬਹਾਦਰ ਨੇ ਸਾਰੇ ਕਾਗਜ਼ ਚੁੱਕ ਕੇ ਇੱਕ ਟਰੇ ਵਿੱਚ ਸੁੱਟ ਦਿੱਤੇ ਤੇ ਬੋਲੇ, “ਦੇਖੋ ਜੀ ਗੱਲ ਹੈ ਇਸ ਤਰ੍ਹਾਂ। ਜੇ ਤੁਸੀਂ ਕਹੋ ਮੈਂ ਹੁਣੇ ਗਾਰਦ ਭੇਜ ਕੇ ਮੁਕੰਦੇ ਦੇ ਸਾਰੇ ਚਿਮਟੇ ਛੈਣੇ ਸਣੇ ਮੁਕੰਦੇ ਦੇ, ਇੱਥੇ ਮੰਗਵਾ ਲੈਂਦਾ ਹਾਂ ਤੇ ਤੁਹਾਡਾ ਮੁਕੰਮਲ ਕਬਜ਼ਾ ਬਹਾਲ ਕਰਵਾ ਦਿੰਦਾ ਹਾਂ ਪਰ ਉਸ ਕਬਜ਼ੇ ਨੂੰ ਬਰਾਬਰ ਰੋਕਣਾ ਤੁਹਾਡੀ ਜਿੰਮੇਵਾਰੀ ਹੈ। ਮੈਂ ਸਿਰਫ ਇਕ ਵਾਰ ਤੁਹਾਡਾ ਕਬਜ਼ਾ ਕਰਵਾ ਸਕਦਾ ਹਾਂ। ਕਿਉਂ ਜਗੀਰ ਸਿੰਘ ਜੀ?” ਪੁਲਿਸ ਵਾਲੇ ਨੇ ਵਿਚੋਲੇ ਨੂੰ ਹੁੰਗਾਰੇ ਲਈ ਉਕਸਾ ਕੇ ਆਪਣੇ ਪੈਸੇ ਖਰੇ ਕਰ ਲਏ।
-----
‘ਖਿਡਾਰੀ’ ਕਹਾਣੀ ਇੱਕ ਹੋਰ ਵੱਡੀ ਸਮੱਸਿਆ ਵੱਲ ਸਾਡਾ ਧਿਆਨ ਖਿੱਚਦੀ ਹੈ। ਪਰਵਾਸੀ ਮਾਨਸਿਕਤਾ ਵਿੱਚ ਸਟਾਕ ਮਾਰਕਿਟ / ਸੱਟਾ ਬਾਜ਼ਾਰ ਕਿਸ ਹੱਦ ਤੱਕ ਵੜ ਕੇ ਪਰਵਾਸੀਆਂ ਦਾ ਸੁੱਖ-ਚੈਨ ਤਬਾਹ ਕਰਦਾ ਹੈ ‘ਖਿਡਾਰੀ’ ਕਹਾਣੀ ਦਾ ਮੂਲ ਵਿਸ਼ਾ ਹੈ। ਪਿਛਲੇ ਕੁਝ ਸਾਲਾਂ ਤੋਂ ਉੱਤਰੀ ਅਮਰੀਕਾ ਆਰਥਿਕ ਮੰਦਵਾੜੇ ਦੀ ਮਾਰ ਹੇਠ ਆਇਆ ਹੋਇਆ ਹੈ। ਹਜ਼ਾਰਾਂ ਵਿਅਕਤੀਆਂ ਨੇ ਆਪਣੀ ਉਮਰ ਭਰ ਦੀ ਜੋੜੀ ਹੋਈ ਕਮਾਈ ਗੰਵਾ ਲਈ ਹੈ। ਅਨੇਕਾਂ ਵਿਅਕਤੀਆਂ ਨੇ ਪ੍ਰਵਾਰਾਂ ਸਮੇਤ ਖੁਦਕਸ਼ੀਆਂ ਕਰ ਲਈਆਂ ਹਨ। ਸਟਾਕ ਮਾਰਕਿਟ / ਸੱਟਾ ਬਾਜ਼ਾਰ ਭਾਵੇਂ ਕਿ ਅਜੋਕੇ ਸਮਿਆਂ ਵਿੱਚ ਤਕਰੀਬਨ ਹਰ ਦੇਸ਼ / ਸਭਿਆਚਾਰ ਦਾ ਇੱਕ ਅਟੁੱਟ ਹਿੱਸਾ ਬਣ ਗਿਆ ਹੈ। ਪਰ ਪੱਛਮੀ ਦੇਸ਼ ਇਸ ਦੀ ਮਾਰ ਹੇਠ ਜ਼ਿਆਦਾ ਹੀ ਆਏ ਹੋਏ ਹਨ। ਪਰਵਾਸੀ ਪੰਜਾਬੀ ਵੀ ਰਾਤੋ ਰਾਤ ਅਮੀਰ ਬਨਣ ਦੀ ਖਾਹਿਸ਼ ਵਿੱਚ ਅਨੇਕਾਂ ਵਾਰ ਸੱਟਾ ਬਾਜ਼ਾਰ / ਸਟਾਕ ਮਾਰਕਿਟ ਰੂਪੀ ਅਜਗਰ ਦੇ ਮੂੰਹ ਵੱਲ ਖਿੱਚੇ ਜਾਂਦੇ ਹਨ। ਉਨ੍ਹਾਂ ਨੂੰ ਇਸ ਅਜਗਰ ਦੀ ਸ਼ਕਤੀਸ਼ਾਲੀ ਜਕੜ ਦਾ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਉਨ੍ਹਾਂ ਦਾ ਸਭ ਕੁਝ ਤਬਾਹ ਹੋਣ ਦੇ ਨੇੜੇ ਪਹੁੰਚ ਜਾਂਦਾ ਹੈ ਅਤੇ ਉਨ੍ਹਾਂ ਦੀ ਪ੍ਰਵਾਰਕ ਜ਼ਿੰਦਗੀ ਲੜਾਈ ਦਾ ਮੈਦਾਨ ਬਣ ਕੇ ਰਹਿ ਜਾਂਦੀ ਹੈ। ਪਿਛਲੇ ਇੱਕ ਦਹਾਕੇ ਵਿੱਚ ਅਸੀਂ ਕੈਨੇਡੀਅਨ ਮੀਡੀਆ ਵਿੱਚ ਅਜਿਹੀਆਂ ਦਿਲ ਕੰਬਾਊ ਖਬਰਾਂ ਪੜ੍ਹਦੇ/ਸੁਣਦੇ/ਦੇਖਦੇ ਰਹੇ ਹਾਂ ਜਦੋਂ ਵੱਡੀਆਂ ਵੱਡੀਆਂ ਕੰਪਨੀਆਂ ਦੇ ਸਟਾਕ ਦੀ ਕੀਮਤ 100 ਡਾਲਰ ਪ੍ਰਤੀ ਸ਼ੇਅਰ ਤੋਂ ਡਿੱਗ ਕੇ 1 ਡਾਲਰ ਤੱਕ ਪਹੁੰਚ ਗਈ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਦੀ ਮਾਲੀ ਹਾਲਤ ਵੀ 100 ਡਾਲਰ ਤੋਂ ਡਿੱਗ ਕੇ 1 ਡਾਲਰ ਤੱਕ ਪਹੁੰਚ ਗਈ ਜਿਨ੍ਹਾਂ ਨੇ ਲਾਲਚ ਵਿੱਚ ਆ ਕੇ ਆਪਣੀ ਸਮਰੱਥਾ ਤੋਂ ਵੀ ਕਿਤੇ ਵੱਧ ਜਾ ਕੇ ਆਪਣੇ ਘਰਾਂ ਦੀ ਕੀਮਤ ਗਿਰਵੀ ਰੱਖ ਕੇ ਬੈਂਕਾਂ ਤੋਂ ਵੱਡੇ ਵੱਡੇ ਕਰਜ਼ੇ ਲੈ ਕੇ ਸਟਾਕ ਮਾਰਕਿਟ ਵਿੱਚ ਖਰਚ ਦਿੱਤੇ। ਇਸ ਲਾਲਚ ਵਿੱਚ ਆ ਕੇ ਕਿ ਕੁਝ ਮਹੀਨਿਆਂ ਵਿੱਚ ਹੀ ਸਟਾਕ ਮਾਰਕਿਟ ਰਾਹੀਂ ਲੱਖਾਂ ਡਾਲਰ ਕਮਾ ਕੇ ਨਾ ਸਿਰਫ ਉਨ੍ਹਾਂ ਕੋਲ ਬੈਂਕਾਂ ਵਿੱਚ ਹੀ ਲੱਖਾਂ ਡਾਲਰ ਹੋ ਜਾਣਗੇ ਬਲਕਿ ਉਹ ਕੋਈ ਵਧੀਆ ਵਿਉਪਾਰ ਵੀ ਸ਼ੂਰੂ ਕਰ ਦੇਣਗੇ। ਪਰ ਸਟਾਕ ਮਾਰਕਿਟ ਦੀਆਂ ਕੀਮਤਾਂ ਅਸਮਾਨ ਤੋਂ ਡਿੱਗ ਕੇ ਧਰਤੀ ਨਾਲ ਲੱਗ ਜਾਣ ਨਾਲ ਨ ਸਿਰਫ ਉਨ੍ਹਾਂ ਦੇ ਘਰ ਹੀ ਬੈਂਕਾਂ ਨੇ ਜ਼ਬਤ ਕਰ ਲਈ; ਬਲਕਿ ਉਨ੍ਹਾਂ ਦੀ ਪ੍ਰਵਾਰਿਕ ਜਿ਼ੰਦਗੀ ਵੀ ਤਬਾਹ ਹੋ ਕੇ ਰਹਿ ਗਈ। ਇਨ੍ਹਾਂ ਸਾਲਾਂ ਵਿੱਚ ਸੈਂਕੜੇ ਪੰਜਾਬੀ ਪ੍ਰਵਾਰਾਂ ਵਿੱਚ ਤਲਾਕ ਹੋਏ ਅਤੇ ਅਨੇਕਾਂ ਹਾਲਤਾਂ ਵਿੱਚ ਪਤਨੀਆਂ ਦੇ ਕਤਲ ਵੀ ਕਰ ਦਿੱਤੇ ਗਏ। ਕਹਾਣੀ ‘ਖਿਡਾਰੀ’ ਵਿੱਚੋਂ ਪੇਸ਼ ਹਨ ਸੱਟਾ ਬਾਜ਼ਾਰ / ਸਟਾਕ ਮਾਰਕਿਟ ਦੀ ਮਾਰ ਹੇਠ ਆਏ ਹੋਏ ਇੱਕ ਪ੍ਰਵਾਰ ਦੀ ਤਰਸਨਾਕ ਹਾਲਤ ਦੇ ਦੋ ਦ੍ਰਿਸ਼:
1.
ਜਿਉਂ ਜਿਉਂ ਸ਼ੇਅਰਾਂ ਦੇ ਭਾਅ ਉੱਤੇ ਜਾਣ ਲੱਗੇ ਤਿਉਂ ਤਿਉਂ ਹੀ ਦੋਵੇਂ ਜੀਅ ਕਿਰਸਾਂ ਕਰਕੇ ਸ਼ੇਅਰ ਖਰੀਦਣ ਲੱਗੇ...ਰਵੀ ਦਾ ਖਾਤਾ ਖਾਲੀ ਹੋ ਚੁੱਕਾ ਸੀ। ਉਹ ਓਵਰ ਟਾਈਮ ਦਾ ਕੋਈ ਘੰਟਾ ਨਾ ਗਵਾਉਂਦਾ। ਸ਼ਾਨੀ ਵਾਲਾ ਸੁਝਾਇਆ ਪਾਰਟ ਟਾਈਮ ਕੰਮ ਵੀ ਕਰਨ ਲੱਗ ਪਿਆ। ਆਈ ਚਲਾਈ ਤੋਂ ਬਾਅਦ ਜੋ ਵੀ ਬਚਦਾ ਉਸ ਦੇ ਸ਼ੇਅਰ ਖਰੀਦੀ ਜਾਂਦਾ। ਅੰਨ੍ਹੇ ਵਾਹ ਸ਼ੇਅਰ ਖਰੀਦ ਨੇ ਸ਼ਾਨੀ ਦੇ ਪੈਰ ਉਖਾੜ ਦਿੱਤੇ। ਉਸ ਦੀ ਜਿਵੇਂ ਤੀਜੀ ਅੱਖ ਖੁੱਲ੍ਹ ਗਈ ਹੋਵੇ। ਉਹ ਕਲਪਣ ਲੱਗੀ। ਘਰ ਦੀਆਂ ਜ਼ਰੂਰਤਾਂ ਕੂਕਣ ਲੱਗੀਆਂ। ਘਰ ਦਾ ਪੇਂਟ ਵੀ ਖਸਤਾ ਹੋਣ ਲੱਗਾ। ਉਨ੍ਹਾਂ ਦਾ ਘਰ ਇੰਝ ਲੱਗਦਾ ਸੀ ਜਿਵੇਂ ਮੁਸਾਫ਼ਿਰਖ਼ਾਨਾ ਹੋਵੇ। ਬੱਸ ਥੋੜੇ ਦਿਨ ਰਹਿਣਾ ਹੈ ਤੇ ਕਿਸੇ ਹੋਰ ਗੱਡੀ ਵਿੱਚ ਸੁਆਰ ਹੋ ਜਾਣਾ ਹੈ। ਨਿਆਣਿਆਂ ਦੀ ਪ੍ਰਵਾਹ ਹੀ ਕਿਸਨੂੰ ਸੀ। ਨਿਆਣਿਆਂ ਨਾਲ ਜਦੋਂ ਸੰਪਰਕ ਹੀ ਟੁੱਟ ਗਿਆ ਤਾਂ ਨਿਆਣੇ ਵੀ ਆਪ ਹੁਦਰੇ ਹੋ ਗਏ। ਸਾਰਾ ਪਰਿਵਾਰ ਹੀ ਇਕ ਹਨੇਰੀ ਗੁਫ਼ਾ ਵਿਚ ਸਫ਼ਰ ਕਰ ਰਿਹਾ ਸੀ। ਬੋਲਾਂ ਦੀ ਸਾਂਝ ਮੁੱਕ ਗਈ। ਬੱਸ ਇਸ਼ਾਰਿਆਂ ਨਾਲ ਹੀ ਜ਼ਿੰਦਗੀ ਦੀ ਖੇਡ ਜਾਰੀ ਸੀ।
2.
ਫੋਨ ਦੀ ਘੰਟੀ ਵੱਜੀ। ਸ਼ਾਨੀ ਨੇ ਫੋਨ ਚੁੱਕਿਆ ਤਾਂ ਅੱਗੋਂ ਰਾਠੌਰ ਸੀ। ਉਸ ਨੇ ਪਤਾ ਨਹੀਂ ਕੀ ਕਿਹਾ ਪਰ ਸ਼ਾਨੀ ਬੋਲੀ, “ਢੱਠੇ ਖੁਹ ਵਿਚ ਪਵੇ ਦਸ ਹਜ਼ਾਰ ਡਾਲਰ ਤੇ ਸਾਰੇ ਸ਼ੇਅਰ। ਤੂੰ ਪੇਪਰ ਤਿਆਰ ਕਰਵਾ ਲੈ ਜਿੱਥੇ ਕਹੇਂਗਾ ਅਸੀਂ ਦਸਤਖਤ ਕਰ ਦੇਵਾਂਗੇ। ਅੱਗੇ ਤੋਂ ਸਾਡਾ ਖਹਿੜਾ ਛੱਡ ਤੇ ਖ਼ਬਰਦਾਰ ਜੇ ਮੇਰੀ ਰਵੀ ਨੂੰ ਫ਼ੋਨ ਕੀਤਾ। ਜੋ ਕਹਿਣਾ ਹੈ, ਜੋ ਡੀਲ ਕਰਨੀ ਹੈ, ਮੈਨੂੰ ਦੱਸ।” ਪਟੱਕ ਦੇਣੇ ਸ਼ਾਨੀ ਨੇ ਫ਼ੋਨ ਰੱਖ ਦਿੱਤਾ। ਮੈਂ ਸੁਆਲੀਆ ਨਜ਼ਰਾਂ ਨਾਲ ਸ਼ਾਨੀ ਵੱਲ ਦੇਖਿਆ। ਸ਼ਾਨੀ ਸਾਨੂੰ ਦੋਹਾਂ ਨੂੰ ਸੁਣਾਉਂਦੀ ਹੋਈ ਬੋਲੀ, “ਭਾ ਜੀ ਮੈਨੂੰ ਮੇਰਾ ਰਵੀ ਚਾਹੀਦਾ ਹੈ। ਘਰ ਵੇਚ ਦਿਉ। ਮੇਰਾ ਮਕਾਨ ਮੇਰਾ ਰਵੀ ਹੈ। ਕੀ ਹੋਇਆ ਜੇ ਹਾਰ ਗਿਆ। ਹੈ ਤਾਂ ‘ਖਿਡਾਰੀ’। ਰਵੀ ਨੇ ਧੌਣ ਥੱਲਿਉਂ ਤੌਲੀਆ ਕੱਢਿਆ ਤੇ ਸ਼ਾਨੀ ਦੇ ਅੱਥਰੂ ਪੂੰਝਣ ਲੱਗਾ।
-----
ਕੁਲਜੀਤ ਮਾਨ ਕਹਾਣੀ ‘ਖੁਰਨ ਤੋਂ ਪਹਿਲਾਂ’ ਵਿੱਚ ਪਰਵਾਸੀ ਪੰਜਾਬੀ ਯੁਵਕਾਂ ਦੀ ਮਾਨਸਿਕਤਾ ਨਾਲ ਜੁੜੀ ਇੱਕ ਹੋਰ ਵੱਡੀ ਸਮੱਸਿਆ ‘ਡਰੱਗ ਸਮੱਸਿਆ’ ਦਾ ਜ਼ਿਕਰ ਕਰਦਾ ਹੈ; ਪਰ ਕਹਾਣੀ ਦਾ ਅੰਤ ਫਿਲਮੀ ਅੰਦਾਜ਼ ਵਿੱਚ ਕਰਕੇ ਨਾ ਸਿਰਫ ਇਸ ਮਹੱਤਵ-ਪੂਰਨ ਸਮੱਸਿਆ ਦੀ ਅਹਿਮੀਅਤ ਨੂੰ ਹੀ ਘਟਾ ਕੇ ਦੇਖਦਾ ਹੈ ਬਲਕਿ ਕਹਾਣੀ ਦਾ ਅੰਤ ਸੁਖਾਵਾਂ ਕਰਨ ਦੀ ਇੱਛਾ ਅਧੀਨ ਕਹਾਣੀ ਦਾ ਪ੍ਰਭਾਵ ਪੇਤਲਾ ਕਰ ਦਿੰਦਾ ਹੈ। ਇਸ ਤਰ੍ਹਾਂ ਕਹਾਣੀ ਦਾ ਅੰਤ ਨਕਲੀ ਜਿਹਾ ਲੱਗਣ ਲੱਗ ਜਾਂਦਾ ਹੈ।
ਪਰਵਾਸੀ ਪੰਜਾਬੀ ਬੰਦੇ ਦੀ ਮਾਨਸਿਕਤਾ ਨਾਲ ਜੁੜੀ ਹੋਈ ਹੈ ਇੱਕ ਹੋਰ ਸਮੱਸਿਆ: ਪਰਵਾਸੀ ਸਭਿਆਚਾਰ ਵਿੱਚ ਆ ਕੇ ਅਸੰਤੁਸ਼ਟੀ ਮਹਿਸੂਸ ਕਰਨੀ। ਪਹਿਲਾਂ ਤਾਂ ਹੋਰਨਾਂ ਲੋਕਾਂ ਦੀ ਰੀਸੋ ਰੀਸ ਨਜਾਇਜ਼ ਢੰਗ ਵਰਤ ਕੇ ਕੈਨੇਡਾ ਪਹੁੰਚਣਾ। ਪਰ ਇੱਥੇ ਪਹੁੰਚ ਕੇ ਫਿਰ ਇਸ ਗੱਲ ਨੂੰ ਕੋਸੀ ਜਾਣਾ ਕਿ ਇੱਥੇ ਦੀ ਤੇਜ਼ ਰਫਤਾਰ ਵਾਲੀ ਜ਼ਿੰਦਗੀ ਵਿੱਚ ਨਿੱਕੀਆਂ ਨਿੱਕੀਆਂ ਖੁਸ਼ੀਆਂ ਮਾਨਣ ਲਈ ਵੀ ਉਸ ਕੋਲ ਸਮਾਂ ਨਹੀਂ ਹੈ। ਅਨੇਕਾਂ ਲੋਕ ਆਪਣੀ ਸਾਰੀ ਜ਼ਿੰਦਗੀ ਅਜਿਹੀ ਮਾਨਸਿਕ ਅਸੰਤੁਸ਼ਟੀ ਵਿੱਚ ਹੀ ਗੁਜ਼ਾਰ ਦਿੰਦੇ ਹਨ। ‘ਖੁਰਨ ਤੋਂ ਪਹਿਲਾਂ’ ਕਹਾਣੀ ਦੇ ਪਾਤਰ ਜਸਪ੍ਰੀਤ ਦੀ ਮਨੋਦਸ਼ਾ ਵੀ ਕੂਝ ਅਜਿਹਾ ਹੀ ਪ੍ਰਭਾਵ ਦਿੰਦੀ ਹੈ:
“ਅੰਕਲ ਜੀ, ਡੁਗਡੁਗੀ ਤਾਂ ਵਜਾਈ ਜਾ ਰਿਹੈਂ ਬਾਂਦਰ ਵਾਂਗ, ਪਰ ਦਿਲ ਜਿਹਾ ਨਹੀਂ ਲਗਦਾ। ਮੇਰੀ ਵੀ ਪਰਸਨਲ ਲਾਈਫ ਹੈ, ਇਹ ਗੱਲ ਇੰਨੀ ਆਸਾਨੀ ਨਾਲ ਮੈਂ ਕਿਉਂ ਨਹੀਂ ਕਹਿ ਸਕਦਾ? ਮੈਂ ਤਾਂ ਅੰਕਲ ਛੋਟੀਆਂ-ਛੋਟੀਆਂ ਗੱਲਾਂ ਵਿਚੋਂ ਖੁਸ਼ੀ ਭਾਲਣ ਵਾਲਾ ਅਣਿਆਈ ਜ਼ਿੰਦਗੀ ਜੀ ਰਿਹਾ ਸੀ। ਹੁਣ ਤਾਂ ਇਉਂ ਲਗਦੈ ਜਿਵੇਂ ਸਾਰਾ ਸੰਸਾਰ ਹੀ ਮੈਨੂੰ ਘੂਰ ਰਿਹਾ ਹੋਵੇ।”
-----
ਜਸਪ੍ਰੀਤ ਵਰਗੇ ਅਨੇਕਾਂ ਪੰਜਾਬੀ ਇੱਕ ਪਾਸੇ ਤਾਂ ਮਹਿਸੂਸ ਕਰਦੇ ਹਨ ਕਿ ਪਰਵਾਸੀ ਜ਼ਿੰਦਗੀ ਉਨ੍ਹਾਂ ਲਈ ਇੱਕ ਬਾਂਦਰ ਵਾਂਗ ਡੁਗਡੁਗੀ ਵਜਾਈ ਜਾਣ ਤੋਂ ਵੱਧ ਕੁਝ ਨਹੀਂ; ਕਿਉਂਕਿ ਉਨ੍ਹਾਂ ਦਾ ਆਪਣਾ ਆਪ ਤਾਂ ਇਸ ਤਰ੍ਹਾਂ ਦੀ ਖੋਖਲੀ ਜ਼ਿੰਦਗੀ ਵਿੱਚ ਸ਼ਮੂਲੀਅਤ ਨਹੀਂ ਕਰ ਰਿਹਾ। ਪਰ ਦੂਜੇ ਪਾਸੇ ਉਨ੍ਹਾਂ ਦੀ ਇਹ ਵੀ ਤ੍ਰਾਸਦੀ ਹੈ ਕਿ ਉਨ੍ਹਾਂ ਦੀ ਅਜਿਹੀ ਮਾਨਸਿਕ ਹਾਲਤ ਲਈ ਕਾਫੀ ਹੱਦ ਤੱਕ ਉਹ ਖੁਦ ਵੀ ਜਿੰਮੇਵਾਰ ਹਨ। ਕਿਉਂਕਿ ਉਨ੍ਹਾਂ ਨੇ ਫੋਕੀ ਸ਼ਾਨ ਦਿਖਾਣ ਖਾਤਰ ਆਪਣੀ ਵਿਤ ਤੋਂ ਬਾਹਰ ਜਾ ਕੇ ਮਹੱਲਾਂ ਵਰਗੇ ਵੱਡੇ ਵੱਡੇ ਘਰ ਖ੍ਰੀਦ ਕੇ ਆਪਣੇ ਆਪ ਨੂੰ ਬੈਂਕਾਂ ਦੇ ਭਾਰੀ ਕਰਜ਼ਿਆਂ ਦੇ ਬੋਝ ਥੱਲੇ ਇੰਨਾਂ ਦਬਾ ਲਿਆ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਦੇ ਕੀਮਤੀ ਪਲ ਜ਼ਿੰਦਗੀ ਨੂੰ ਮਾਨਣ ਦੀ ਥਾਂ ਕਰਜ਼ੇ ਦਾ ਭਾਰ ਘਟਾਉਣ ਲਈ ਵਾਧੂ ਡਾਲਰ ਕਮਾਉਣ ਵਿੱਚ ਹੀ ਗੁਜ਼ਰ ਜਾਂਦੇ ਹਨ। ਪ੍ਰਵਾਸੀ ਪੰਜਾਬੀਆਂ ਦੀ ਅਜਿਹੀ ਮਾਨਸਿਕਤਾ ਦੀ ਇਸ ਤੋਂ ਵੀ ਵੱਡੀ ਤ੍ਰਾਸਦੀ ਇਹ ਹੈ ਕਿ ਮਹੱਲਾਂ ਵਰਗੇ ਘਰ ਖ੍ਰੀਦਣ ਲਈ ਉਹ ਇੰਨੀ ਜੱਦੋ-ਜਹਿਦ ਕਰਦੇ ਹਨ - ਉਨ੍ਹਾਂ ਘਰਾਂ ਵਿੱਚ ਰਹਿਣ ਦਾ ਵੀ ਉਨ੍ਹਾਂ ਕੋਲ ਸਮਾਂ ਬਾਕੀ ਨਹੀਂ ਬਚਦਾ। ਇਹ ਮਹੱਲਾਂ ਵਰਗੇ ਘਰ ਫੋਕੀ ਸ਼ਾਨ ਦਾ ਦਿਖਾਵਾ ਕਰਨੇ ਦੇ, ਮਹਿਜ਼, ਬਿੰਬ ਬਣਕੇ ਹੀ ਰਹਿ ਜਾਂਦੇ ਹਨ। ਇੱਥੋਂ ਤੱਕ ਕਿ ਪਰਵਾਸੀ ਪੰਜਾਬੀਆਂ ਦੇ ਬੱਚਿਆਂ ਨੂੰ ਵੀ ਇਸ ਗੱਲ ਦਾ ਅਹਿਸਾਸ ਹੈ ਅਤੇ ਉਹ ਆਪਣੇ ਮਾਪਿਆਂ ਨੂੰ ਇਹ ਗੱਲਾਂ ਕਹਿਣ ਵਿੱਚ ਕੋਈ ਝਿਜਕ ਮਹਿਸੂਸ ਨਹੀਂ ਕਰਦੇ। ‘ਖੁਰਨ ਤੋਂ ਪਹਿਲਾਂ’ ਕਹਾਣੀ ਵਿੱਚ ਜਸਪ੍ਰੀਤ ਦੇ ਬੱਚੇ ਵੀ ਅਜਿਹੀਆਂ ਹੀ ਭਾਵਨਾਵਾਂ ਦਾ ਪ੍ਰਗਟਾਵਾ ਕਰ ਰਹੇ ਹਨ ਜਦੋਂ ਉਹ ਕਹਿੰਦੇ ਹਨ:
“ਨੋ ਡੈਡ, ਯੂ ਆਰ ਰੌਂਗ. ਇਹ ਸਭ ਤੁਸੀਂ ਸਾਡੇ ਲਈ ਨਹੀਂ ਕਰ ਰਹੇ, ਤੁਸੀਂ ਆਪਣੇ ਲਈ ਕਰ ਰਹੇ ਹੋ, ਆਪਣੀ ਈਗੋ ਲਈ ਕਰ ਰਹੇ ਹੋ। ਜਦੋਂ ਦਾ ਸਰਤਾਜ ਅੰਕਲ ਨੇ ਵੱਡਾ ਘਰ ਲਿਆ ਤੁਹਾਡੀ ਨੀਂਦ ਹਰਾਮ ਹੋ ਗਈ। ਤੁਸੀਂ ਵੱਡਾ ਘਰ ਲੈ ਕੇ ਉਹਨੂੰ ਕੰਮਪੀਟ ਕਰ ਰਹੇ ਹੋ। ਪਤਾ ਨਹੀਂ ਕਿਸ ਕਿਸਮ ਦੀ ਸਾਈਕੀ ਹੈ ਤੁਹਾਡੀ, ਇਕੱਲੀ ਤੁਹਾਡੀ ਹੀ ਨਹੀਂ ਸਰਤਾਜ ਅੰਕਲ ਦੀ ਵੀ...”
-----
ਪਰ ਪਰਵਾਸੀ ਪੰਜਾਬੀਆਂ ਦੀ ਇਹ ਈਗੋ, ਇਹ ਫੋਕੀ ਸ਼ਾਨ ਦਿਖਾਉਣ ਦੀ ਰੀਝ ਸਿਰਫ ਕੈਨੇਡਾ ਤੱਕ ਹੀ ਸੀਮਤ ਨਹੀਂ ਰਹਿੰਦੀ। ਇੰਡੀਆ ਦੀ ਸੈਰ ਕਰਨ ਗਏ ਵੀ ਉਹ ਆਪਣੀ ਇਹ ਆਦਤ ਆਪਣੇ ਨਾਲ ਹੀ ਲੈ ਕੇ ਜਾਂਦੇ ਹਨ। ਉੱਥੇ ਵੀ ਆਪਣੀ ਔਕਾਤ ਤੋਂ ਵੱਧ ਫਜ਼ੂਲ ਖਰਚ ਕਰਦੇ ਹਨ। ਕੈਨੇਡਾ ਵਾਪਸ ਪਰਤਕੇ ਜਦੋਂ ਕਰੈਡਿਟ ਕਾਰਡਾਂ ਉੱਤੇ ਕੀਤੇ ਖਰਚਿਆਂ ਦੇ ਵੱਡੇ ਵੱਡੇ ਬਿੱਲ ਆਉਂਦੇ ਹਨ ਤਾਂ ਘਰ ਵਿੱਚ ਨਿੱਤ ਕਲੇਸ਼ ਹੁੰਦਾ ਹੈ। ਇੱਕ ਦੂਜੇ ਨੂੰ ਮਿਹਣੋ-ਮਿਹਣੀ ਹੁੰਦੇ ਹਨ ਅਤੇ ਇੱਕ ਦੂਜੇ ਉੱਤੇ ਇਲਜ਼ਾਮਬਾਜ਼ੀ ਹੁੰਦੀ ਹੈ ਕਿ ਤੂੰ ਮੈਨੂੰ ਇਹ ਵਾਧੂ ਖਰਚੇ ਕਰਨ ਲਈ ਮਜਬੂਰ ਕੀਤਾ ਸੀ। ਕਹਾਣੀ ‘ਖੁਰਨ ਤੋਂ ਪਹਿਲਾ’ ਵਿੱਚ ਬੱਚੇ ਇਸ ਗੱਲ ਦਾ ਵੀ ਆਪਣੇ ਮਾਪਿਆਂ ਨੂੰ ਬੜੇ ਹੀ ਵਧੀਆ ਢੰਗ ਨਾਲ ਅਹਿਸਾਸ ਕਰਵਾਉਂਦੇ ਹਨ:
“ਡੈਡ ਇੰਡੀਆ ਤੁਸੀਂ ਛੁੱਟੀਆਂ ਮਨਾਉਣ ਨਹੀਂ ਜਾਂਦੇ, ਟੈਨਸ਼ਨ ਖਰੀਦਣ ਜਾਂਦੇ ਹੋ। ਛੁੱਟੀਆਂ ਤੋਂ ਬਾਦ ਬੰਦੇ ਫਰੈਸ਼ ਹੁੰਦੇ ਹਨ ਤੇ ਤੁਸੀਂ ਵਾਪਸ ਆ ਕੇ ਮੌਮ ਵਾਪਸ ਆ ਕੇ ਸਿਰ ਤੇ ਚੁੰਨੀ ਬੰਨ੍ਹੀ ਰੱਖਦੀ ਆ ਮਹੀਨਾ ਮਹੀਨਾ। ਮੇਰਾ ਤੇ ਦਿਲ ਕਰਦਾ ਸ਼ੂਟ ਕਰਦਿਆਂ ਉਨ੍ਹਾਂ ਲੋਕਾਂ ਨੂੰ ਜੋ ਤੁਹਾਡੇ ਵਰਗੇ ਸਿੱਧਿਆਂ ਦਾ ਵੀ ਦਿਲ ਦੁਖਾਉਂਦੇ ਆ।”
ਕਹਾਣੀ ਸੰਗ੍ਰਹਿ ‘ਵਿਚਲੀ ਉਂਗਲ’ ਦੀ ਕਹਾਣੀ ‘ਰਾਜਾਨ’ ਪਰਵਾਸੀ ਪੰਜਾਬੀ ਬੰਦੇ ਦੀ ਮਾਨਸਿਕਤਾ ਦੀਆਂ ਤਹਿਆਂ ਹੋਰ ਵਧੇਰੇ ਡੂੰਘੀ ਤਰ੍ਹਾਂ ਫਰੋਲਦੀ ਹੈ। ਪਰਵਾਸੀ ਪੰਜਾਬੀ ਮਰਦ ਪੱਛਮੀ ਦੇਸ਼ਾਂ ਵਿੱਚ ਆ ਕੇ ਵੀ ਇਸ ਗੱਲ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੁੰਦਾ ਕਿ ਨਿੱਜੀ ਆਜ਼ਾਦੀ ਦੇ ਵੀ ਕੋਈ ਅਰਥ ਹੁੰਦੇ ਹਨ ਅਤੇ ਔਰਤ ਦੀ ਆਜ਼ਾਦੀ ਦੇ ਵੀ ਕੋਈ ਅਰਥ ਹੁੰਦੇ ਹਨ। ਪੰਜਾਬੀ / ਭਾਰਤੀ ਸਮਾਜ ਵਿੱਚ ਜ਼ਾਤ-ਪਾਤ ਦਾ ਕੋਹੜ ਇਸ ਹੱਦ ਤੱਕ ਦਹਿਸ਼ਤ ਦਾ ਰੂਪ ਧਾਰ ਚੁੱਕਾ ਹੈ ਕਿ ਅਜੋਕੇ ਵਿਕਸਤ ਗਿਆਨ-ਵਿਗਿਆਨ ਦੇ ਯੁਗ ਵਿੱਚ ਵੀ ਮਰਦ ਪ੍ਰਧਾਨ ਸਮਾਜ ਔਰਤ ਨੂੰ ਆਪਣੀ ਮਨ-ਪਸੰਦ ਦਾ ਜੀਵਨ ਸਾਥੀ ਚੁਨਣ ਦੀ ਵੀ ਇਜਾਜ਼ਤ ਨਹੀਂ ਦਿੰਦਾ। ਜੇਕਰ ਕਦੀ ਔਰਤ ਅਜਿਹਾ ਕਰਨ ਦੀ ਜੁਰੱਤ ਕਰਦੀ ਵੀ ਹੈ ਤਾਂ ਉਸ ਉੱਤੇ ਅਨੇਕਾਂ ਤਰ੍ਹਾਂ ਦੇ ਮਾਨਸਿਕ ਅਤੇ ਸਰੀਰਕ ਅੱਤਿਆਚਾਰ ਕੀਤੇ ਜਾਂਦੇ ਹਨ। ਅਨੇਕਾਂ ਹਾਲਤਾਂ ਵਿੱਚ ਪ੍ਰਵਾਰਕ ਇੱਜ਼ਤ ਦੇ ਨਾਮ ਉੱਤੇ ਉਸਦਾ ਕਤਲ ਵੀ ਕਰ ਦਿੱਤਾ ਜਾਂਦਾ ਹੈ। ਭਾਰਤ ਵਿੱਚ ਤਾਂ ਅਜਿਹੀਆਂ ਘਟਨਾਵਾਂ ਸਦੀਆਂ ਤੋਂ ਵਾਪਰਦੀਆਂ ਆ ਰਹੀਆਂ ਸਨ; ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਹੋਰਨਾਂ ਪੱਛਮੀ ਮੁਲਕਾਂ ਵਿੱਚ ਵੱਸੇ ਹੋਏ ਪੰਜਾਬੀਆਂ / ਭਾਰਤੀਆਂ / ਪਾਕਿਸਤਾਨੀਆਂ ਵੱਲੋਂ ਆਪਣੀਆਂ ਧੀਆਂ / ਨੂੰਹਾਂ ਉੱਤੇ ਕੀਤੇ ਜਾਂਦੇ ਅਜਿਹੇ ਅੱਤਿਆਚਾਰਾਂ / ਕਾਤਲਾਨਾ ਹਮਲਿਆਂ ਦੀਆਂ ਖਬਰਾਂ ਨਾ ਸਿਰਫ ਇਨ੍ਹਾਂ ਦੇਸ਼ਾਂ ਦੀ ਮੁੱਖ ਧਾਰਾ ਦੇ ਮੀਡੀਆ ਦੀਆਂ ਹੀ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ; ਬਲਕਿ ਇਨ੍ਹਾਂ ਦੇਸ਼ਾਂ ਦੀਆਂ ਪਾਰਲੀਮੈਂਟਾਂ ਅਤੇ ਪ੍ਰਾਂਤਕ ਅਸੈਂਬਲੀਆਂ ਵਿੱਚ ਵੀ ਇਸ ਦਾ ਚਰਚਾ ਹੁੰਦਾ ਰਹਿੰਦਾ ਹੈ। ਸਮਾਂ ਵਿਹਾ ਚੁੱਕੀਆਂ ਕਦਰਾਂ-ਕੀਮਤਾਂ ਵਾਲੀ ਮਾਨਸਿਕਤਾ ਦਾ ਪ੍ਰਗਟਾਵਾ ਕਰ ਰਹੇ ਇੱਕ ਪਰਵਾਸੀ ਪੰਜਾਬੀ ਪਿਉ ਨੂੰ ਦੋ ਨਾਟਕੀ ਸਥਿਤੀਆਂ ਵਿੱਚ ਪੇਸ਼ ਕਰਦਿਆਂ ਕੁਲਜੀਤ ਮਾਨ ‘ਰਾਜਾਨ’ ਕਹਾਣੀ ਵਿੱਚ ਬਹੁਤ ਕੁਝ ਕਹਿ ਜਾਂਦਾ ਹੈ:
1.
ਮੈਂ ਅਜੇ ਸੋਚ ਹੀ ਰਿਹਾ ਸੀ ਕਿ ਇਹ ਚੀਕ ਸੀ ਜਾਂ ਮੇਰਾ ਵਹਿਮ, ਜਦੋਂ ਸਰਦਾਰ ਮੋਹਣ ਸਿੰਘ ਦੀ ਭਬਕ ਸਾਰਾ ਘਰ ਹਿਲਾ ਗਈ, “ਇਹ ਨੂੰ ਚੁੱਪ ਕਰਾ ਲਉ, ਨਹੀਂ ਤੇ ਡੱਕਰੇ ਕਰਕੇ ਹਰੀਕੇ ਪੱਤਣ ਰੋੜ੍ਹ ਆਊਂ। ਵੱਡੀ ਸਿਆਣੀ ਨੂੰ। ਅਖੇ, ਮੈਂ ਇੱਥੇ ਨਹੀਂ ਉੱਥੇ ਵੱਸਣਾ ਸਾਡੀ ਅਣਖ ਨਾਲੋਂ ਕੈਨੇਡਾ ਅੱਜ ਵੱਡਾ ਹੋ ਗਿਆ। ਅਖੇ ਕੱਲ੍ਹ ਜੰਮੀ ਭੂਤਨੀ ਤੇ ਸਿਵਿਆਂ ‘ਚ ਅੱਧ। ਇਹ ਸਾਨੂੰ ਬਣਾਊ ਪਾਂਡੀ, ਅਖੇ ਮੈਂ ਰਣਬੀਰ ਨੂੰ ਸੱਦਣਾ, ਉਏ ਬੰਦਾ ਪੁੱਛੇ ਮੈਂ ਆਪ ਕੁੜਮਾਈ ਕੀਤੀ ਆਪ ਤੋੜ ਦਿੱਤੀ ਤੁਸੀਂ ਟਿੰਡੀਆਂ ਲੈਣੀਆਂ ਮੇਰੇ ਫੇਸਲੇ ਤੋਂ? ਉਹ ਦੋ ਟਕਿਆਂ ਦੇ ਬੰਦਿਆਂ ਨੂੰ ਕੈਨੇਡਾ ਸੱਦਾਂਗੇ, ਇਹਦੇ ਕਰਕੇ? ਜਿਨ੍ਹਾਂ ਕੋਲੋਂ ਸਾਡੀ ਦਹਿਲੀਜ਼ ਦੀ ਸ਼ਾਨ ਵੀ ਨਾ ਝੱਲੀ ਗਈ? ਕੀ ਫਰਕ ਪੈਂਦਾ ਸੀ ਜੇ ਚਾਰ ਦਿਨ ਗੇੜਾ ਲਾ ਕੇ ਸਾਡੇ ਰੁਪੀਏਏ ਏਧਰ-ਓਧਰ ਕਰ ਦਿੰਦੇ। ਇਹ ਨੂੰ ਸਮਝਾ ਕੇ ਰੱਖੋ ਜੇ ਬੰਦੇ ਦੇ ਤੁਖ਼ਮ ਹੋ ਤੇ।” ਪਿਤਾ ਜੀ ਕੰਧ ਸੁੱਟ ਕੇ ਬਾਹਰ ਹੋ ਗਏ।
2.
“ਓਏ ਸ਼ੈਲਾ ਕੌਣ ਹੁੰਦੀ ਹੈ, ਮੇਰੇ ਘਰ ਵਿੱਚ ਦਖ਼ਲ ਦੇਣ ਵਾਲੀ? ਅੱਜ ਸਰਦਾਰ ਮੋਹਨ ਸਿੰਘ, ਜਿਹਦੀ ਖੜਪੈਂਚੀ ਤੋਂ ਬਿਨ੍ਹਾਂ ਪਿੰਡ ਦੇ ਪਸ਼ੂ ਵੀ ਪੂਛ ਨਹੀਂ ਮਾਰਦੇ, ਉਹ ਕੱਲ੍ਹ ਦੀ ਛੋਕਰੀ ਤੋਂ ਸਲਾਹ ਪੁੱਛੂਗਾ? ਉਹ ਆਪਣੀ ਮਾਂ ਤੋਂ ਵੀ ਜ਼ਿਆਦਾ ਸਿਆਣੀ ਹੋ ਗਈ? ਤੁਹਾਡੀ ਮਾਂ ਨੇ ਕਦੇ ਮੈਨੂੰ ਪੁੱਛਿਆ ਨਹੀਂ; ਮੇਰੇ ਹਰ ਹੁਕਮ ਅੱਗੇ ਫੁੱਲ ਚੜਾਉਂਦੀ ਹੈ। ਇਸੇ ਕਰਕੇ ਸਾਰੇ ਖ਼ਾਨਦਾਨ ਵਿਚ ਇਹਦੀ ਸਰਦਾਰੀ ਹੈ ਤੇ ਤੁਸੀਂ ਮੂਰਖ ਆਪਣੀ ਮਾਂ ਤੋਂ ਜਿ਼ਆਦਾ ਸਿਆਣੇ ਹੋ ਗਏ? ਮੇਰੇ ਨਾਲ ਬਹਿਸੋਗੇ? ਓਏ ਮੈਂ ਇਸ ਘਰ ਦਾ ਵਡੇਰਾ, ਮੇਰੇ ਨਾਲ ਸਾਰੀਆਂ ਬਰਕਤਾਂ। ਪੁੱਤਰਾ, ਜਨਾਨੀਆਂ ਮਗਰ ਨਹੀਂ ਲੱਗੀ ਦਾ, ਇਨ੍ਹਾਂ ਨੂੰ ਪਾਠ ਪੜ੍ਹਾਉਂ ਕਿ ਕਿਵੇਂ ਸਰਦਾਰੀ ਸ਼ਾਨ ਕਾਇਮ ਰੱਖਣੀ ਹੈ। ਓਏ ਕੋੜਮਾਂ ਵੱਡਾ ਹੋ ਜਾਊ ਤਾਂ ਆਪਾਂ ਦੀ ਸ਼ਾਨ ਵਧੂ, ਭੂਆ ਦਾ, ਟੱਬਰ ਆ ਜਾਊ ਤਾਂ ਤੁਹਾਡੀਆਂ ਹੀ ਬਾਹਵਾਂ ਵਧਣੀਆਂ। ਜਨਾਨੀਆਂ ਨੂੰ ਹਮੇਸ਼ਾ ਆਪਣੇ ਜੂਠੇ ਭਾਂਡਿਆਂ ਵਿਚ ਅੰਨ ਖਵਾਈਦਾ ਬੱਲਿਆ...”
-----
ਪਰਵਾਸੀ ਬੰਦਿਆਂ ਦੀ ਮਾਨਸਿਕਤਾ ਨਾਲ ਜੁੜੀ ਹੋਈ ਹੈ ਇੱਕ ਹੋਰ ਬਹੁਤ ਹੀ ਮਹੱਤਵ-ਪੂਰਣ ਸਮੱਸਿਆ। ਕੈਨੇਡਾ ਦੀ ਇਮੀਗਰੇਸ਼ਨ ਪ੍ਰਾਪਤ ਕਰਨ ਦੀ ਭਾਲ ਵਿੱਚ ਜਿਹੜੇ ਵਿਆਹੇ ਹੋਏ ਲੋਕ ਰਫਿਊਜੀ ਬਣਕੇ ਆਉਂਦੇ ਹਨ, ਕਈਆਂ ਨੂੰ ਇਸ ਹਾਲਤ ਵਿੱਚ ਕਈ ਵਾਰੀ ਦਸ ਸਾਲ ਤੋਂ ਵੀ ਵੱਧ ਸਮਾਂ ਲੱਗ ਜਾਂਦਾ ਰਿਹਾ ਹੈ। ਇਨ੍ਹਾਂ ਸਾਲਾਂ ਵਿੱਚ ਉਨ੍ਹਾਂ ਲਈ ਇੰਡੀਆ ਦਾ ਚੱਕਰ ਲਗਾਉਣਾ ਵੀ ਸੰਭਵ ਨਹੀਂ ਸੀ। ਅਨੇਕਾਂ ਅਜਿਹੇ ਵਿਅਕਤੀਆਂ ਨੇ ਕੈਨੇਡੀਅਨ ਔਰਤਾਂ ਨਾਲ, ਮਹਿਜ਼, ਆਪਣੀ ਇਕੱਲਤਾ ਦੂਰ ਕਰਨ ਲਈ ਲੰਬੇ ਸਮੇਂ ਲਈ ਸੈਕਸੂਅਲ ਸਬੰਧ ਪੈਦਾ ਕਰ ਲਏ ਅਤੇ ਕਈਆਂ ਨੇ ਇਮੀਗਰੇਸ਼ਨ ਪ੍ਰਾਪਤ ਕਰਨ ਖਾਤਰ ਕੈਨੇਡੀਅਨ ਔਰਤਾਂ ਨਾਲ ਕੱਚੇ ਵਿਆਹ ਕਰ ਲਏ ਤਾਂ ਜੁ ਦੋ ਚਾਰ ਸਾਲ ਬਾਹਦ ਕੈਨੇਡੀਅਨ ਔਰਤਾਂ ਤੋਂ ਤਲਾਕ ਲੈ ਕੇ ਇੰਡੀਆ / ਪਾਕਿਸਤਾਨ ਬੈਠੀਆਂ ਆਪਣੀਆਂ ਪਤਨੀਆਂ ਨੂੰ ਕੈਨੇਡਾ ਆਉਣ ਲਈ ਸਪਾਂਸਰ ਕਰ ਸਕਣ। ਅਜਿਹੀਆਂ ਅਨੇਕਾਂ ਹਾਲਤਾਂ ਵਿੱਚ ਪਿੱਛੇ ਇੰਡੀਆ ਰਹਿ ਗਈਆਂ ਇਨ੍ਹਾਂ ਰਫਿਊਜੀਆਂ ਦੀਆਂ ਪਤਨੀਆਂ ਨੇ ਵੀ ਆਪਣੀ ਇਕੱਲਤਾ ਦੂਰ ਕਰਨ ਲਈ ਆਪਣੇ ਹਾਣ ਦੇ ਹੋਰਨਾਂ ਮਰਦਾਂ ਨਾਲ ਸੈਕਸੂਅਲ ਸਬੰਧ ਪੈਦਾ ਕਰ ਲਏ ਅਤੇ ਆਪਣੀ ਰੌਜ਼ਾਨਾ ਦੀ ਜ਼ਿੰਦਗੀ ਆਮ ਵਾਂਗ ਜਿਉਣ ਲੱਗੀਆਂ। ਅਜਿਹੀਆਂ ਔਰਤਾਂ ਨੂੰ ਜਦੋਂ ਇਨ੍ਹਾਂ ਅਨੇਕਾਂ ਰਫਿਊਜੀਆ ਵੱਲੋਂ ਕੇਨੇਡਾ ਲਈ ਸਪਾਂਸਰ ਕੀਤਾ ਗਿਆ ਤਾਂ ਉਹ ਕੈਨੇਡਾ ਪਹੁੰਚ ਕੇ ਵੀ ਮੁੜ ਆਪਣੀਆਂ ਆਦਤਾਂ ਬਦਲ ਨਾ ਸਕੀਆਂ। ਇਨ੍ਹਾਂ ਹਾਲਤਾਂ ਵਿੱਚ ਅਨੇਕਾਂ ਪ੍ਰਵਾਰਾਂ ਵਿੱਚ ਨਿੱਤ ਦਾ ਕਲੇਸ਼ ਰਹਿਣ ਲੱਗਾ ਜਾਂ ਕੁਝ ਸਾਲ ਇਕੱਠੇ ਰਹਿਣ ਤੋਂ ਬਾਹਦ ਉਨ੍ਹਾਂ ਦੇ ਵੱਡੀ ਗਿਣਤੀ ਵਿੱਚ ਤਲਾਕ ਹੋਣ ਲੱਗੇ। ‘ਸਰਾਪਿਆ ਪਲ’ ਕਹਾਣੀ ਵਿੱਚ ਕੁਲਜੀਤ ਮਾਨ ਇੰਡੀਆ ਪਿੱਛੇ ਰਹਿ ਕੇ ਮੌਜ ਮੇਲਾ ਕਰਦੀ ਇੱਕ ਪਤਨੀ ਦਾ ਚਿਤ੍ਰ ਬੜੀ ਖੂਬਸੂਰਤੀ ਨਾਲ ਪੇਸ਼ ਕਰਦਾ ਹੈ:
“ਇਹ ਮੈਡਮ ਬਿੱਟੂ ਹੋਣਾਂ ਦੇ ਗੁਆਂਢ ਰਹਿੰਦੀ ਹੈ। ਇਹਦੇ ਘਰ ਵਾਲਾ ਏਜੰਟਾਂ ਨਾਲ ਅੱਟੀ ਸੱਟੀ ਲਾ ਕੇ ਕਿਸੇ ਤਰ੍ਹਾਂ ਕੈਨੇਡਾ ਪਹੁੰਚ ਗਿਆ। ਉਹ ਨੂੰ ਗਏ ਨੂੰ ਪੰਜ ਸਾਲ ਤੋਂ ਜਿ਼ਆਦਾ ਹੋ ਗਏ ਹਨ। ਅਜੇ ਪੱਕਾ ਨਹੀਂ ਹੋਇਆ। ਪੈਸੇ ਭੇਜਦਾ ਹੈ। ਪੈਸੇ ਕੱਲੇ ਨੂੰ ਇਹਨੇ ਚੱਟਣਾ, ਹੋਰ ਵੀ ਤਾਂ ਜ਼ਰੂਰਤਾਂ ਹਨ ਇਹਦੀਆਂ। ਇਹ ਇੱਥੇ ਐਸ਼ ਕਰਦੀ ਹੈ। ਮਰੂਤੀ ਕਾਰ ਰੱਖੀ ਹੋਈ ਹੈ। ਸੱਸ ਸਹੁਰਾ ਨਾਲ ਰਹਿੰਦੇ ਹਨ ਪਰ ਉਹਨਾਂ ਦੀ ਕੋਈ ਪਰਵਾਹ ਨਹੀਂ ਕਰਦੀ। ਬਿੱਟੂ ਨੂੰ ਕੈਨੇਡਾ ਦਾ ਸ਼ੌਕ ਚੜ੍ਹਿਆ ਹੈ। ਇਸੇ ਸ਼ੌਕ ਸਦਕਾ ਉਹ ਇਹਨਾਂ ਦੇ ਘਰ ਆਉਂਦਾ ਜਾਂਦਾ ਹੈ। ਘਰ ਦੇ ਨਿੱਕੇ ਮੋਟੇ ਕੰਮ ਕਰਦਿਆਂ ਮੈਡਮ ਨਾਲ ਰਲ ਗਿਆ ਹੈ। ਬਥੇਰੀ ਧੁੱਖ-ਬੰਨ੍ਹ ਹੋਈ ਰਹਿੰਦੀ ਹੈ ਪਰ ਖੁਲ੍ਹਕੇ ਕੋਈ ਨਹੀਂ ਬੋਲਦਾ। ਉਮਰਾਂ ਦੇ ਫਰਕ ਨੂੰ ਮੈਡਮ ਨੇ ਢਾਲ ਬਣਾਇਆ ਹੋਇਆ ਹੈ। ਕੈਨੇਡਾ ਦੇ ਲਾਲਚ ਨੂੰ ਬਿੱਟੂ ਦੇ ਘਰ ਦੇ ਉੱਚਾ ਨਹੀਂ ਉਭਾਸਰਦੇ ਤੇ ਇਹ ਦੋਵੇਂ ਇਹਨਾਂ ਦੋਵਾਂ ਗੱਲਾਂ ਦੀ ਆੜ ਵਿੱਚ ਅੱਗੇ ਅੱਗੇ ਵੱਧਦੇ ਹੁਣ ਕਿਤੇ ਦੀ ਕਿਤੇ ਪਹੁੰਚ ਗਏ ਹਨ। ਇੱਕ ਦੂਜੇ ਦੀ ਆਦਤ ਬਣਾ ਬੈਠੇ ਹਨ।”
-----
ਪਰਵਾਸੀ ਪੰਜਾਬੀ ਬੰਦੇ ਦੀ ਮਾਨਸਿਕਤਾ ਬਹੁਤ ਗੁੰਝਲਦਾਰ ਹੈ। ਅਨੇਕਾਂ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕਿ ਅਸੀਂ ਇੰਡੀਆ / ਪਾਕਿਸਤਾਨ ਵਿੱਚ ਸੋਚ ਵੀ ਨਹੀਂ ਸਕਦੇ; ਪਰ ਪੱਛਮੀ ਮੁਲਕਾਂ ਵਿੱਚ ਉਹ ਗੱਲਾਂ ਆਮ ਜਿਹੀਆਂ ਲੱਗਦੀਆਂ ਹਨ। ਕੈਨੇਡਾ ਵਿੱਚ ਜਦੋਂ ਬੈਂਕ ਦੇ ਵਿਆਜ ਦੀ ਦਰ ਅਸਮਾਨ ਨੂੰ ਛੋਹਣ ਲੱਗੀ ਤਾਂ ਅਨੇਕਾਂ ਵਿਅਕਤੀਆਂ ਵੱਲੋਂ ਮਹੱਲਾਂ ਵਰਗੇ ਖ੍ਰੀਦੇ ਹੋਏ ਘਰਾਂ ਦੀ ਮੋਰਗੇਜ ਦੇਣੀ ਮੁਸ਼ਕਿਲ ਹੋ ਗਈ। ਜਦੋਂ ਉਨ੍ਹਾਂ ਲੋਕਾਂ ਨੇ ਹੱਥੋਂ ਸਭ ਕੁਝ ਜਾਂਦਾ ਦੇਖਿਆ ਅਤੇ ਡਰ ਹੋ ਗਿਆ ਕਿ ਬੈਂਕ ਉਨ੍ਹਾਂ ਦੇ ਘਰਾਂ ਉੱਤੇ ਕਬਜ਼ਾ ਕਰ ਲੈਣਗੇ ਤਾਂ ਉਨ੍ਹਾਂ ਨੇ ਆਪਣੇ ਘਰਾਂ ਦੀ ਇਨਸ਼ੌਰੈਂਸ਼ ਕਰਵਾ ਕੇ ਘਰਾਂ ਨੂੰ ਆਪੇ ਹੀ ਅੱਗ ਲਗਾ ਦਿੱਤੀ। ਤਾਂ ਜੋ ਉਹ ਇਨਸ਼ੌਰੈਂਸ਼ ਕੰਪਨੀਆਂ ਤੋਂ ਆਪਣੇ ਘਰਾਂ ਦੀ ਪੂਰੀ ਕੀਮਤ ਵਸੂਲ ਕਰ ਸਕਣ। ਪਰਵਾਸੀ ਪੰਜਾਬੀਆ ਵਿੱਚ ਉਂਝ ਵੀ ਇੱਕ ਦੂਜੇ ਦੀ ਦੇਖਾ ਦੇਖੀ ਵੱਡੇ ਵੱਡੇ ਘਰ ਖ੍ਰੀਦਣ ਦੀ ਦੌੜ ਲੱਗੀ ਰਹਿੰਦੀ ਹੈ। ਭਾਵੇਂ ਉਨ੍ਹਾਂ ਵਿੱਚ ਮੋਰਗੇਜ਼ ਦੀਆਂ ਵੱਡੀਆਂ ਵੱਡੀਆਂ ਕਿਸ਼ਤਾਂ ਦੇਣ ਦੀ ਹਿੰਮਤ ਹੋਵੇ ਜਾਂ ਨਾ। ਜਿਸ ਕਾਰਨ ਉਹ ਬੈਂਕ ਦੇ ਕਰਜਿ਼ਆਂ ਦੇ ਭਾਰ ਥੱਲੇ ਦੱਬ ਜਾਂਦੇ ਹਨ। ਅਜਿਹੀਆਂ ਖਬਰਾਂ ਕੈਨੇਡੀਅਨ ਅਖਬਾਰਾਂ ਵਿੱਚ ਸੁਰਖੀਆਂ ਬਣਦੀਆਂ ਹੀ ਰਹਿੰਦੀਆਂ ਹਨ ਕਿ ਇਨਸ਼ੌਰੈਂਸ਼ ਕੰਪਨੀਆਂ ਨੇ ਕਿੰਨੇ ਲੋਕ ਫੜੇ ਹਨ ਜਿਨ੍ਹਾਂ ਨੇ ਆਪਣੇ ਘਰਾਂ ਨੂੰ ਆਪ ਹੀ ਅੱਗ ਲਗਾ ਕੇ ਸਾੜਿਆ ਸੀ ਤਾਂ ਜੋ ਇਨਸ਼ੋਰੈਂਸ ਕੰਪਨੀਆ ਤੋਂ ਘਰ ਦੀ ਕੀਮਤ ਦੇ ਬਰਾਬਰ ਦੀ ਕਰਾਈ ਹੋਈ ਕੀਮਤ ਵਸੂਲ ਕਰ ਸਕਣ। ‘ਦੀਵਾਲੀ ਮੁਬਾਰਕ’ ਕਹਾਣੀ ਦਾ ਪਾਤਰ ਅਰੂੜ ਸਿੰਘ ਵੀ ਕੁਝ ਅਜਿਹਾ ਹੀ ਕਰਨ ਦੀ ਕੋਸ਼ਿਸ਼ ਕਰਦਾ ਹੈ; ਪਰ ਉਸ ਨੂੰ ਆਪਣੇ ਇਸ ਯਤਨ ਵਿੱਚ ਸਫਲਤਾ ਨਹੀਂ ਮਿਲਦੀ:
ਮੈਂ ਕਿਚਨ ਦੀ ਬੱਤੀ ਜਗਾਈ। ਕਿਚਨ ਵਿੱਚੋਂ ਬੂ ਆ ਰਹੀ ਸੀ। ਸਕੀਮ ਫੇਲ੍ਹ ਹੋ ਗਈ ਸੀ। ਤਵਿਆਂ ਨਾਲ ਲਗਦੇ ਕਾਊਂਟਰ ਦਾ ਕਾਫੀ ਹਿੱਸਾ ਝੁਲਸਿਆ ਪਿਆ ਸੀ। ਮੈਂ ਇਹਨੂੰ ਕਿਹਾ ਵੀ ਸੀ ਬਾਂਦਰੀ ਜਿਹੀ ਨੂੰ ਬਟਰ ਤੇ ਕਰਿਸਕੋ ਤੇਲ ਬਾਹਰ ਕਾਊਂਟਰ ਤੇ ਹੀ ਰੱਖ ਦੇ। ਕਾਊਂਟਰ ਤੇ ਪਾਈ ਗੈਸ ਨੂੰ ਅੱਗ ਤਾਂ ਲੱਗ ਗਈ ਸੀ ਪਰ ਉਹ ਫੈਲੀ ਨਹੀਂ ਸੀ। ਮੈਂ ਤਜਰਬਾ ਵੀ ਕੀਤਾ ਸੀ। ਮੋਮਬੱਤੀ ਨੂੰ ਛੋਟਾ ਕਰਕੇ ਫ੍ਰਜ਼ਿਡ ਆਈਸ ਕਰੀਮ ਵਿੱਚ ਟੇਢਾ ਗੱਡਿਆ ਸੀ ਕਿ ਜਿਉਂ ਹੀ ਆਈਸ ਕਰੀਮ ਪਿਘਲੇਗੀ ਮੋਮਬੱਤੀ ਦੀ ਲਾਟ ਕਾਊਂਟਰ ਤੇ ਪਾਏ ਗੈਸ ਨੂੰ ਭੰਬੂਕਾ ਬਣਾ ਦੇਵੇਗੀ। ਫੈਲੀ ਅੱਗ ਵਿੱਚ ਨਾ ਆਈਸ ਕਰੀਮ ਦਾ ਪਤਾ ਲਗਣਾ ਸੀ ਤੇ ਨਾ ਮੋਮਬੱਤੀ ਦਾ। ਇਸ ਪਰੋਸੈਸ ਲਈ ਅੱਧਾ ਘੰਟਾ ਲਗਣਾ ਸੀ ਤੇ ਉਦੋਂ ਤਕ ਅਸੀਂ ਭਾਰਦਵਾਜ ਦੇ ਘਰ ਪਹੁੰਚ ਜਾਣਾ ਸੀ। ਅੱਗ ਦੀਆਂ ਲਪਟਾਂ ਨੇ ਮੇਰੀ ਮੋਰਗੇਜ਼ ਨੂੰ ਸਾੜ ਕੇ ਸੁਆਹ ਕਰ ਦੇਣਾ ਸੀ। ਘਰ ਦੀ ਕੀਮਤ ਪੇਪਰਾਂ ਦੇ ਹਿਸਾਬ ਨਾਲ ਗਿਣ ਗਿਣ ਕੇ ਇਨਸ਼ੋਰੈਂਸ਼ ਨੇ ਮੇਰਾ ਸਾਰਾ ਭਾਰ ਲਾਹ ਦੇਣਾ ਸੀ। ਸਮਾਨ ਦੀ ਇਨਸ਼ੌਰੈਂਸ਼ ਮੈਂ ਛੇ ਮਹੀਨੇ ਪਹਿਲਾਂ ਵਖਰੀ ਕਰਵਾਈ ਸੀ। ਗੱਫ਼ਾ ਲੈ ਕੇ ਮੈਂ ਇੰਡੀਆ ਨੂੰ ਤਿੱਤਰ ਹੋ ਜਾਣਾ ਸੀ ਪਰ ਮੇਰਾ ਸਾਰਾ ਕੀਤਾ ਕਰਾਇਆ ਖੂਹ ਵਿੱਚ ਪੈ ਗਿਆ ਸੀ।
-----
‘ਦੀਵਾਲੀ ਮੁਬਾਰਕ’ ਕਹਾਣੀ ਪਰਵਾਸੀ ਪੰਜਾਬੀ ਮਾਨਸਿਕਤਾ ਦੀਆਂ ਤਹਿਆਂ ਫਰੋਲਦੀ ਹੋਈ ਇੱਕ ਹੋਰ ਵੱਡੀ ਸਮੱਸਿਆ ਵੱਲ ਸਾਡਾ ਧਿਆਨ ਦੁਆਉਂਦੀ ਹੈ। ਪਰਵਾਸੀ ਪੰਜਾਬੀਆਂ ਨੇ ਪਿੱਛੇ ਇੰਡੀਆ ਵਿੱਚ ਰਹਿ ਗਏ ਆਪਣੇ ਭੈਣਾਂ, ਭਰਾਵਾਂ ਅਤੇ ਰਿਸ਼ਤੇਦਾਰਾਂ ਨੂੰ ਕੈਨੇਡਾ ਲਿਆਉਣ ਲਈ ਹਰ ਜਾਇਜ਼-ਨਜਾਇਜ਼ ਢੰਗ ਵਰਤਿਆ। ਆਪਣੀਆਂ ਹੀ ਪਤਨੀਆਂ ਨੂੰ ਕਾਗਜ਼ੀ ਤਲਾਕ ਦੇ ਕੇ ਉਨ੍ਹਾਂ ਤੋਂ ਦਿਉਰਾਂ / ਜੇਠਾਂ ਨੂੰ ਸਪਾਂਸਰ ਕਰਵਾਇਆ ਗਿਆ। ਆਪਣੀਆਂ ਹੀ ਪਤਨੀਆਂ ਤੋਂ ਚਾਚਿਆਂ, ਤਾਇਆਂ ਨੂੰ ਸਪਾਂਸਰ ਕਰਵਾਇਆ ਗਿਆ। ਨੈਤਿਕਤਾ ਦੀਆਂ ਧੱਜੀਆਂ ਉਡਾਂਦਿਆਂ ਉਨ੍ਹਾਂ ਨੇ ਹਰ ਪ੍ਰਵਾਰਕ ਰਿਸ਼ਤੇ ਦੀ ਨਜਾਇਜ਼ ਵਰਤੋਂ ਕਰਕੇ ਆਪਣੇ ਰਿਸ਼ਤੇਦਾਰਾਂ ਨੂੰ ਨਜਾਇਜ਼ ਢੰਗ ਨਾਲ ਕੈਨੇਡਾ ਬੁਲਾਇਆ। ਇਹ ਗੱਲ ਹੁਣ ਕੈਨੇਡਾ ਦੇ ਇਮੀਗਰੇਸ਼ਨ ਵਿਭਾਗ ਤੋਂ ਵੀ ਲੁਕੀ ਨਹੀਂ ਰਹੀ। ਉਨ੍ਹਾਂ ਨੇ ਵੀ ਸ਼ੱਕੀ ਕੇਸਾਂ ਦੀ ਪੜਤਾਲ ਕਰਨ ਲਈ ਆਪਣੇ ਇਮੀਗਰੇਸ਼ਨ ਅਫਸਰ ਇੰਡੀਆ ਭੇਜਣੇ ਸ਼ੁਰੁ ਕਰ ਦਿੱਤੇ ਹਨ। ਕੁਲਜੀਤ ਮਾਨ ਵੀ ਇਸ ਸਮੱਸਿਆ ਵੱਲ ਸਾਡਾ ਧਿਆਨ ਦੁਆਉਂਦਾ ਹੈ:
ਹੁਸ਼ਿਆਰ ਦੀ ਉਮਰ ਉਨੱਤੀ ਸਾਲ ਸੀ ਜਦੋਂ ਉਹਦਾ ਆਪਣੀ ਭਾਬੀ ਨਾਲ ਵਿਆਹ ਹੋਇਆ। ਦੋਵੇਂ ਹਮ ਉਮਰ ਸਨ। ਮੇਰਾ ਤਲਾਕ ਕਾਗਜ਼ੀ ਸੀ, ਪਰ ਇਸ ਕਾਗਜ਼ੀ ਤਲਾਕ ਨਾਲ ਜਿਵੇਂ ਮੇਰਾ ਵਿਆਹ ਕਾਗਜ਼ੀ ਹੋ ਕੇ ਰਹਿ ਗਿਆ। ਸਿੰਮੀ ਮੇਰੀ ਇੱਜ਼ਤ ਨਹੀਂ ਕਰਦੀ ਸੀ ਹੁਣ। ਉਹ ਸਿਮਟ ਕੇ ਫੇਰ ਆਪਣੇ ਪਰਿਵਾਰ ਦੀ ਬੁੱਕਲ ਨਾਲ ਜੁੜ ਗਈ ਸੀ। ਇਮੀਗਰੇਸ਼ਨ ਕਾਊਂਸਲਰ ਦੀ ਸਲਾਹ ਨਾਲ ਸਿੰਮੀ ਤੇ ਹੁਸ਼ਿਆਰ ਦੀਆਂ ਬੜੀਆਂ ਰਮਾਂਟਿਕ ਫੋਟੋਆਂ ਖਿੱਚੀਆਂ ਗਈਆਂ। ਆਪਣੀ ਬੀਵੀ ਦੇ ਵਿਆਹ ਦੀ ਮੂਵੀ ਮੈਂ ਆਪਣੇ ਹੱਥੀਂ ਬਣਾਈ। ਅੰਬੈਸੀ ਵਿੱਚ ਦਿਖਾਉਣ ਲਈ ਫੋਟੋਆਂ ਮੈਂ ਆਪ ਖਿੱਚੀਆਂ। ਹੁਸ਼ਿਆਰ ਖ਼ੁਸ਼ ਸੀ। ਮੈਂ ਨਹੀ। ਮੇਰਾ ਬਾਪ ਖੁਸ਼ ਸੀ, ਮੇਰੀ ਮਾਂ ਬੇਵੱਸ ਤਮਾਸ਼ਾਈ ਸੀ। ਉਸ ਦੀ ਮਮਤਾ ਪਤਨੀ ਧਰਮ ਥੱਲੇ ਦੱਬ ਕੇ ਕਦੋਂ ਦੀ ਮਰ ਖੱਪ ਗਈ ਸੀ।
-----
‘ਵਿਚਲੀ ਉਂਗਲ’ ਕਹਾਣੀ ਸੰਗ੍ਰਹਿ ਬਾਰੇ ਆਪਣੀ ਗੱਲ ਖਤਮ ਕਰਨ ਤੋਂ ਪਹਿਲਾਂ ਮੈਂ ਇੱਕ ਹੋਰ ਕਹਾਣੀ ‘ਚਿੜੀ’ ਬਾਰੇ ਗੱਲ ਕਰਨੀ ਜ਼ਰੂਰੀ ਸਮਝਦਾ ਹਾਂ। ਇਹ ਕਹਾਣੀ ਇਸ ਕਹਾਣੀ ਸੰਗ੍ਰਹਿ ਵਿਚਲੀਆਂ ਹੋਰਨਾਂ ਕਹਾਣੀਆਂ ਨਾਲੋਂ ਵੱਖਰੀ ਤਰ੍ਹਾਂ ਦੀ ਕਹਾਣੀ ਹੈ। ਇਸ ਕਹਾਣੀ ਵਿੱਚ ਕਾਵਿਕਤਾ ਬਹੁਤ ਜ਼ਿਆਦਾ ਹੈ। ਇਸ ਕਹਾਣੀ ਵਿੱਚ ਕਈ ਸਥਿਤੀਆਂ ਦੀ ਪੇਸ਼ਕਾਰੀ ਕਰਨ ਵੇਲੇ ਇੱਕ ਤੋਂ ਵੱਧ ਤਕਨੀਕਾਂ ਸਮਾਨਾਂਤਰ ਕੰਮ ਕਰ ਰਹੀਆਂ ਹੁੰਦੀਆਂ ਹਨ - ਜਿਵੇਂ ਕਿ ਕਿਸੇ ਨਾਟਕ ਵਿੱਚ ਕੋਈ ਸਥਿਤੀ ਪੇਸ਼ ਕਰਨ ਵਾਲੇ ਪਾਤਰ ਆਪਣੀ ਅਦਾਕਾਰੀ ਦਿਖਾ ਰਹੇ ਹੁੰਦੇ ਹਨ ਅਤੇ ਪਿੱਠਭੂਮੀ ਵਿੱਚ ਪਰਦੇ ਉੱਤੇ ਕੋਈ ਫਿਲਮ ਦਿਖਾਈ ਜਾ ਰਹੀ ਹੁੰਦੀ ਹੈ ਜਾਂ ਕੋਈ ਦ੍ਰਿਸ਼ ਦਿਖਾਏ ਜਾ ਰਹੇ ਹੁੰਦੇ ਹਨ। ਇਹ ਕਹਾਣੀ ਸਾਡੇ ਸਮਾਜ ਵਿੱਚ ਔਰਤ ਦੀ ਸਥਿਤੀ ਬਾਰੇ ਵੀ ਅਨੇਕਾਂ ਪਹਿਲੂਆਂ ਤੋਂ ਚਰਚਾ ਛੇੜਦੀ ਹੈ।
-----
ਕੈਨੇਡਾ ਦਾ ਕਾਨੂੰਨ ਮਰਦ ਨੂੰ ਔਰਤ ਉੱਤੇ ਜਿਸਮਾਨੀ ਜਾਂ ਮਾਨਸਿਕ ਹਿੰਸਾ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਅਜਿਹੀ ਕਿਸੀ ਵੀ ਹਾਲਤ ਵਿੱਚ ਕੈਨੇਡਾ ਦਾ ਕਾਨੂੰਨ ਹੱਕ ਦਿੰਦਾ ਹੈ ਕਿ ਉਹ ਆਪਣੀ ਸੁਰੱਖਿਆ ਲਈ ਕਾਨੂੰਨ ਦੀ ਮੱਦਦ ਮੰਗ ਸਕਦੀ ਹੈ। ਪਰ ਹਕੀਕਤ ਵਿੱਚ ਅਜਿਹੀਆਂ ਹਾਲਤਾਂ ਵੀ ਕੈਨੇਡਾ ਵਿੱਚ ਦੇਖਣ ਨੂੰ ਮਿਲਦੀਆਂ ਹਨ ਕਿ ਔਰਤਾਂ ਮਰਦਾਂ ਨੂੰ ਕਹਿ ਦਿੰਦੀਆ ਹਨ ਕਿ ਤੂੰ ਮੈਨੂੰ ਜਿੰਨਾ ਮਰਜ਼ੀ ਮਾਰ ਲੈ / ਕੁੱਟ ਲੈ ਪਰ ਮੈਨੂੰ ਛੱਡ ਕੇ ਨ ਜਾਵੀਂ। ਭਾਵੇਂ ਕਿ ਕੁਲਜੀਤ ਮਾਨ ਵੀ ਆਪਣੀ ਕਹਾਣੀ ‘ਚਿੜੀ’ ਵਿੱਚ ਵੀ ਕੈਨੇਡੀਅਨ ਸਮਾਜ ਦੀ ਇੱਕ ਅਜਿਹੀ ਹਕੀਕਤ ਹੀ ਪੇਸ਼ ਕਰ ਰਿਹਾ ਹੈ; ਪਰ ਕਹਾਣੀ ਵਿੱਚ ਅਜਿਹਾ ਜ਼ਿਕਰ ਕਰਨ ਨਾਲ ਪਾਠਕ ਦੀ ਚੇਤਨਾ ਵਿੱਚ ਗਲਤ ਵਿਚਾਰਾਂ ਦੇ ਬੀਜ ਬੀਜੇ ਜਾਣ ਦਾ ਵੀ ਡਰ ਬਣਿਆ ਰਹਿੰਦਾ ਹੈ। ਕਹਾਣੀ ‘ਚਿੜੀ’ ਵਿੱਚੋਂ ਪੇਸ਼ ਹਨ ਅਜਿਹੀ ਸਥਿਤੀ ਬਿਆਨਦੀਆਂ ਦੋ ਉਦਾਹਰਣਾਂ:
1.
ਮੈਨੂੰ ਕਈ ਵਾਰ ਥੱਪੜ ਪਏ ਹਨ। ਉਸ ਦੇ ਥੱਪੜ ਖਾ ਕੇ ਮੈਨੂੰ ਸਕੂਨ ਮਿਲਦਾ ਹੈ। ਜਿਵੇਂ ਮੈਂ ਨੰਗੇ ਪੈਰ ਤਰੇਲੇ ਘਾਹ ਤੇ ਤੁਰ ਕੇ ਹਟੀ ਹੋਵਾਂ। ਕੁਲਵੰਤ ਦੇ ਥੱਪੜ ਮੇਰੇ ਤੇ ਅਹਿਸਾਨ ਹਨ। ਮੇਰਾ ਕਰਜ਼ਾ ਉਤਰ ਰਿਹਾ ਹੈ। ਜਿਉਂ ਜਿਉਂ ਘਰ ਦੀਆਂ ਸੁਵਿਧਾਵਾਂ ਵੱਧ ਰਹੀਆਂ ਹਨ ਤਿਉਂ ਤਿਉਂ ਮੇਰੇ ਦਿਲ ਦਿਮਾਗ਼ ਦਾ ਬੋਝ ਵੀ ਵਧਦਾ ਹੈ। ਪਰ ਇਹ ਥੱਪੜ ਮੇਰੇ ਲਈ ਵਰਦਾਨ ਹਨ। ਕਈ ਵਾਰੀ ਤਾਂ ਮੈਨੂੰ ਅਚਵੀ ਲੱਗਦੀ ਹੈ ਕਿ ਇਹ ਥੱਪੜ ਜਿਵੇਂ ਓਵਰ ਡਿਊ ਹੋ ਗਏ ਹਨ। ਠੀਕ ਉਸੇ ਤਰ੍ਹਾਂ ਜਿਵੇਂ ਅੱਧੇ ਸਿਰ ਦੀ ਪੀੜ ਮੈਨੂੰ ਸਕੂਨ ਦਿੰਦੀ ਹੈ। ਦੁਸਰੇ ਦਿਨ ਇਹ ਪੀੜ ਹੁੰਦੀ ਹੀ ਹੈ। ਮੈਂ ਦੁਆਈ ਖਾ ਲੈਂਦੀ ਹਾਂ।
2.
ਮੈਨੂੰ ਤਾਂ ਵੱਡੇ ਬੇਟੇ ਦਾ ਇਸ ਤਰ੍ਹਾਂ ਬਾਪ ਦਾ ਥੱਪੜ ਰੋਕਣਾ ਆਪਣੇ ਹੱਕਾਂ ਤੇ ਪਿਆ ਛਾਪਾ ਲੱਗਾ। ਕੁਲਵੰਤ ਦੀ ਵਹੁਟੀ ਦਾ ਘੋਰ ਅਪਮਾਨ। ਇੰਝ ਲੱਗਾ ਜਿਵੇਂ ਵੱਡਾ ਬੇਟਾ ਕੋਈ ਅਜਨਬੀ ਹੋਵੇ। ਜਿਸ ਨੂੰ ਘਰ ਦੇ ਦਸਤੂਰ ਦੀ, ਰੀਤੀ ਰਿਵਾਜਾਂ ਦੀ ਕੋਈ ਸਮਝ ਨਾ ਹੋਵੇ। ਦਮਨ ਨੂੰ ਵੀ ਗੁੱਸਾ ਲੱਗਾ। ਨਾਰੰਗੀ ਸਿੰਪਸਨ ਸ਼ੋਅ ਦੇਖਣ ਵਿੱਚ ਮਸਤ ਸੀ। ਦਮਨ ਨੇ ਇੱਕ ਲੰਬਾ ਸਾਹ ਲਿਆ। ਐਸਾ ਸਾਹ ਉਸ ਨੇ ਪਹਿਲਾ ਕਦੇ ਨਹੀਂ ਲਿਆ ਸੀ। ਉਸ ਦੇ ਸੁੱਜ ਰਹੇ ਲੱਗਦੇ ਪੈਰਾਂ ਵਿਚ ਜ਼ਬਰਦਸਤ ਜਲੂਣ ਹੋਈ। ਉਹ ਕਰਦ ਲੈ ਕੇ ਸੋਫ਼ੇ ਤੇ ਬੈਠ ਗਈ। ਕੁਲਵੰਤ ਦਾ ਕੋਈ ਕਸੂਰ ਨਹੀਂ ਸੀ, ਇਹ ਤਾਂ ਸਰਾਸਰ ਵੱਡੇ ਬੇਟੇ ਦੀ ਵਧੀਕੀ ਸੀ। ਮੈਨੂੰ ਤਾਂ ਲਿਵ-ਰੂਮ ਵਿੱਚ ਲੱਗੀ ਬਾਬਾ ਜੀ ਦੀ ਫੋਟੋ ਵੀ ਵਿੰਗੀ ਹੋ ਗਈ ਲੱਗੀ। ਇਹ ਕੇਸਾ ਵਿੰਗ ਹੈ? ਕੁਲਵੰਤ ਪੰਜ ਦਿਨਾਂ ਬਾਦ ਆਪਣੇ ਬਿਜ਼ਨਸ ਤੋਂ ਘਰ ਮੁੜਿਆ ਸੀ। ਘਰ ਵਿੱਚ ਪਈ ਚੱਪਾ ਕੁ ਬੋਤਲ ਲੱਭ ਨਹੀਂ ਰਹੀ ਸੀ। ਐਤਵਾਰ ਦਾ ਦਿਨ, ਠੇਕੇ ਬੰਦ ਸਨ। ਮੈਂ ਉਸ ਚੱਪਾ ਕੁ ਸ਼ਰਾਬ ਵਾਲੀ ਬੋਤਲ ਦਾ ਖਿਆਲ ਵੀ ਨਹੀਂ ਰੱਖ ਸਕੀ ਸੀ। ਗਾਹਲਾਂ ਦੀ ਵਾਛੜ ਵਿੱਚ ਹੀ ਮੈਂ ਸੋਚ ਰਹੀ ਸੀ ਕਿ ਉਹ ਜਿੰਨੀ ਜਲਦੀ ਹੋ ਸਕੇ ਇਹ ਥੱਪੜ ਵਾਲਾ ਕੰਮ ਮੁਕਾਵੇ। ਇਕ ਕੰਮ ਤੋਂ ਬਾਦ ਕੁਲਵੰਤ ਸ਼ਾਂਤ ਹੋ ਜਾਂਦਾ ਸੀ ਤੇ ਮੈਂ ਵੀ। ਪਰ ਵੱਡੇ ਬੇਟੇ ਨੇ ਸਾਰਾ ਸੰਤੁਲਨ ਹੀ ਵਿਗਾੜ ਦਿੱਤਾ ਸੀ।
ਕਹਾਣੀ ਸੰਗ੍ਰਹਿ ‘ਵਿਚਲੀ ਉਂਗਲ’ ਦੀ ਆਖਰੀ ਕਹਾਣੀ ‘ਰੰਗ ਕਾਟ’ ਪਤਾ ਨਹੀਂ ਕਿਉਂ ਮੈਨੂੰ ਦਿਲਚਸਪ ਨਹੀਂ ਲੱਗੀ। ਉਹ ਕਹਾਣੀ ਮੈਂ ਜਿੰਨੀ ਜਲਦੀ ਹੋ ਸਕੇ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਇਹ ਕਹਾਣੀ ਮੈਨੂੰ ਬਹੁਤ ਕਾਹਲੀ ਵਿੱਚ ਲਿਖੀ ਲੱਗੀ ਅਤੇ ਇਸ ਕਹਾਣੀ ਦੇ ਬਹੁਤ ਸਾਰੇ ਵਾਰਤਾਲਾਪ ਵੀ ਮੈਨੂੰ ਨਕਲੀ ਜਿਹੇ ਹੀ ਲੱਗੇ।
-----
ਕੁਲਜੀਤ ਮਾਨ ਦੀਆਂ ਕਹਾਣੀਆਂ ਇੱਕ ਪੁਸਤਕ ਦੇ ਰੂਪ ਵਿੱਚ ਪੜ੍ਹਨ ਦਾ ਮੈਨੂੰ ਪਹਿਲੀ ਵਾਰੀ ਹੀ ਮੌਕਾ ਮਿਲਿਆ ਹੈ। ਕਹਾਣੀ ਸੰਗ੍ਰਹਿ ‘ਵਿਚਲੀ ਉਂਗਲ’ ਦੀ ਪ੍ਰਕਾਸ਼ਨਾ ਨਾਲ, ਨਿਰਸੰਦੇਹ, ਕੁਲਜੀਤ ਮਾਨ ਕੈਨੇਡਾ ਦੇ ਚੇਤੰਨ ਅਤੇ ਜਾਗਰੂਕ ਕਹਾਣੀਕਾਰਾਂ ਦੀ ਸ਼ਰੇਣੀ ਵਿੱਚ ਸ਼ਾਮਿਲ ਹੋ ਜਾਂਦਾ ਹੈ। ਉਸ ਦੀਆਂ ਕਹਾਣੀਆਂ ਪਰਵਾਸੀ ਪੰਜਾਬੀ ਬੰਦੇ ਦੀ ਮਾਨਸਿਕਤਾ ਦੀਆਂ ਤਹਿਆਂ ਫਰੋਲਦਿਆਂ ਹੋਇਆਂ ਪਰਵਾਸੀ ਪੰਜਾਬੀਆਂ ਦੀ ਰੌਜ਼ਾਨਾ ਜ਼ਿੰਦਗੀ ਵਿੱਚ ਪੇਸ਼ ਆ ਰਹੇ ਸੰਕਟਾਂ ਦੀਆਂ ਜੜ੍ਹਾਂ ਵਿੱਚ ਪਏ ਸਮਾਜਿਕ, ਸਭਿਆਚਾਰਕ ਅਤੇ ਆਰਥਿਕ ਕਾਰਨਾਂ ਦੀ ਨਿਸ਼ਾਨਦੇਹੀ ਕਰਦੀਆਂ ਹਨ। ਕੈਨੇਡੀਅਨ ਪੰਜਾਬੀ ਸਾਹਿਤ ਨੂੰ ਅਜਿਹੇ ਚੇਤੰਨ ਕਹਾਣੀਕਾਰਾਂ ਦੀ ਹੀ ਲੋੜ ਹੈ।
No comments:
Post a Comment