ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ
ਕੈਨੇਡਾ ਦੇ 57 ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਸਮੀਖਿਆ ਦੀ ਕਿਤਾਬ 'ਕੈਨੇਡੀਅਨ ਪੰਜਾਬੀ ਸਾਹਿਤ' ਨੂੰ ਖ਼ਰੀਦਣ ਲਈ ਬਲੌਗ 'ਤੇ ਦਿੱਤੇ ਐਡਰੈਸ 'ਤੇ ਈਮੇਲ ਕਰੋ। ਸ਼ੁਕਰੀਆ।

ਤੁਹਾਡੇ ਧਿਆਨ ਹਿੱਤ - ਜ਼ਰੂਰੀ ਸੂਚਨਾ

ਸੂਚਨਾ: ਪ੍ਰਕਾਸ਼ਕ ਦੀ ਤਲਾਸ਼ :

ਆਪਣੀ ਹੁਣੇ ਇੰਡੀਆ ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ)’ ਨੂੰ ਮੈਂ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਕੈਨੇਡਾ ਵਿੱਚ ‘‘Canadian Punjabi Literature (Commentary)’’ ਨਾਮ ਦੀ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਨਾ ਚਾਹੁੰਦਾ ਹਾਂ। ਮੈਂ ਕਿਸੀ ਵਧੀਆ ਕੈਨੇਡੀਅਨ ਪ੍ਰਕਾਸ਼ਕ ਦੀ ਤਲਾਸ਼ ਕਰ ਰਿਹਾ ਹਾਂ। ਜੇਕਰ ਤੁਸੀਂ ਕਿਸੀ ਅਜਿਹੇ ਵਧੀਆ ਕੈਨੇਡੀਅਨ ਪ੍ਰਕਾਸ਼ਕ ਦਾ ਨਾਮ ਜਾਣਦੇ ਹੋ ਜੋ ਮੇਰੀ ਪੁਸਤਕ ਪ੍ਰਕਾਸ਼ਿਤ ਕਰ ਸਕਦਾ ਹੋਵੇ ਤਾਂ ਮੈਂ ਉਸ ਪ੍ਰਕਾਸ਼ਕ ਦਾ ਨਾਮ ਜਾਨਣਾ ਚਾਹਾਂਗਾ।

Sukhinder

Editor: SANVAD

Box 67089, 2300 Yonge St.

Toronto ON M4P 1E0

Tel. (416) 858-7077

Email: poet_sukhinder@hotmail.com

http://www.canadianpunjabiliterature.blogspot.com/Monday, June 1, 2009

ਸੁਖਿੰਦਰ - ਲੇਖ

ਸਾਂਝਾਂ ਦੇ ਪੁਲ ਇਕਬਾਲ ਮਾਹਲ

ਲੇਖ

ਸੰਗੀਤ ਦੀਆਂ ਧੁਨਾਂ ਹਵਾ ਵਿੱਚ ਫੈਲਣ ਲੱਗਿਆਂ ਦੇਸ਼ਾਂ ਦੀਆਂ ਸਰਹੱਦਾਂ ਨੂੰ ਨਹੀਂ ਮੰਨਦੀਆਂ; ਬਿਲਕੁਲ ਓਵੇਂ ਹੀ ਜਿਵੇਂ ਅੰਬਰ ਚ ਉੱਡਦੇ ਪੰਛੀ ਸਰਹੱਦਾਂ ਉੱਤੇ ਲੱਗੀਆਂ ਕੰਡਿਆਲੀਆਂ ਤਾਰਾਂ ਨੂੰ ਟਿੱਚ ਸਮਝਦੇ ਹਨ

ਸੰਗੀਤ ਦਾ ਨਾ ਤਾਂ ਕੋਈ ਰੰਗ ਹੁੰਦਾ ਹੈ ਅਤੇ ਨਾ ਹੀ ਕੋਈ ਰੂਪ; ਉਹ ਤਾਂ ਅਹਿਸਾਸਾਂ ਅਤੇ ਭਾਵਨਾਵਾਂ ਨਾਲ ਜੁੜਿਆ ਹੁੰਦਾ ਹੈਸੰਗੀਤ ਦੀਆਂ ਧੁਨਾਂ ਕਿਸੇ ਦੇ ਦਿਲ ਨੂੰ ਛੂਹ ਜਾਣ ਤੋਂ ਪਹਿਲਾਂ ਇਹ ਨਹੀਂ ਦੇਖਦੀਆਂ ਕਿ ਉਸ ਵਿਅਕਤੀ ਦਾ ਰੰਗ ਕਾਲਾ, ਗੋਰਾ, ਪੀਲਾ, ਲਾਲ ਜਾਂ ਚਿੱਟਾ ਹੈਉਹ ਤਾਂ ਇਹ ਵੀ ਨਹੀਂ ਦੇਖਦੀਆਂ ਕਿ ਜਿਸ ਵਿਅਕਤੀ ਦੇ ਬਦਨ ਨੂੰ ਖਹਿ ਕੇ ਉਹ ਲੰਘ ਰਹੀਆਂ ਹਨ ਉਹ ਵਿਅਕਤੀ ਇੰਡੀਅਨ, ਅਮਰੀਕਨ, ਬ੍ਰਿਟਿਸ਼, ਰੂਸੀ, ਜਾਪਾਨੀ, ਚੀਨੀ, ਪਾਕਿਸਤਾਨੀ, ਜਰਮਨੀ ਜਾਂ ਅਫਰੀਕਨ ਹੈਸੰਗੀਤ ਦੀਆਂ ਲਹਿਰਾਂ ਨੂੰ ਤਾਂ ਇਹ ਵੀ ਖਿਆਲ ਨਹੀਂ ਰਹਿੰਦਾ ਕਿ ਉਹ ਸਿੱਖ, ਹਿੰਦੂ, ਮੁਸਲਮਾਨ, ਈਸਾਈ, ਪਾਰਸੀ, ਜੈਨੀ, ਬੋਧੀ ਜਾਂ ਯਹੂਦੀ ਦੇ ਘਰ ਦੇ ਵਿਹੜੇ ਵਿੱਚ ਆਣ ਵੜੀਆਂ ਹਨ

----

ਗਾਇਕ ਅਤੇ ਸੰਗੀਤਕਾਰ ਚਾਹੇ ਕਿਸੇ ਵੀ ਦੇਸ਼ ਵਿੱਚ ਪੈਦਾ ਹੋਏ ਹੋਣ ਉਨ੍ਹਾਂ ਦੇ ਸੰਗੀਤ ਅਤੇ ਉਨ੍ਹਾਂ ਦੀ ਗਾਇਕੀ ਦੀਆਂ ਡਿਸਕਾਂ ਦੁਨੀਆਂ ਦੇ ਕੋਨੇ ਕੋਨੇ ਵਿੱਚ ਵਿਕਦੀਆਂ ਹਨ

ਇਸੇ ਗੱਲ ਨੂੰ ਹੀ ਧਿਆਨ ਵਿੱਚ ਰੱਖਦਿਆਂ ਹੋਇਆਂ ਕੈਨੇਡੀਅਨ ਪੰਜਾਬੀ ਲੇਖਕ ਇਕਬਾਲ ਮਾਹਲ ਨੇ ਕੁਝ ਗਾਇਕਾਂ ਅਤੇ ਸੰਗੀਤਕਾਰਾਂ ਦੀ ਜ਼ਿੰਦਗੀ ਦੇ ਖ਼ੂਬਸੂਰਤ ਪਲਾਂ ਨੂੰ ਪੇਸ਼ ਕਰਦੀਆਂ ਲਿਖਤਾਂ ਦੀ ਪੁਸਤਕ ਸੁਰਾਂ ਦੇ ਸੁਦਾਗਰ1998 ਵਿੱਚ ਪ੍ਰਕਾਸ਼ਿਤ ਕੀਤੀ ਸੀ

ਇਕਬਾਲ ਮਾਹਲ ਕੈਨੇਡਾ ਦੇ ਪੰਜਾਬੀ ਮੀਡੀਆ ਵਿੱਚ ਪਿਛਲੇ ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਸਰਗਰਮ ਹੈਉਸਦਾ ਵਧੇਰੇ ਵਾਸਤਾ ਰੇਡੀਓ ਅਤੇ ਟੀਵੀ ਮੀਡੀਆ ਨਾਲ ਹੀ ਰਿਹਾ ਹੈਰੇਡੀਓ/ਟੀਵੀ ਪ੍ਰੋਗਰਾਮਾਂ ਦੀ ਪੇਸ਼ਕਾਰੀ ਕਰਨ ਵੇਲੇ ਇਨ੍ਹਾਂ ਪ੍ਰੋਗਰਾਮਾਂ ਵਿੱਚ ਸਰੋਤਿਆਂ ਦੀ ਦਿਲਚਸਪੀ ਵਧਾਉਣ ਲਈ, ਅਕਸਰ, ਗੀਤ-ਸੰਗੀਤ ਵੀ ਪੇਸ਼ ਕਰਨਾ ਪੈਂਦਾ ਹੈ; ਇਨ੍ਹਾਂ ਰੇਡੀਓ/ਟੀਵੀ ਪ੍ਰੋਗਰਾਮਾਂ ਵਿੱਚ ਗਾਇਕਾਂ/ਸੰਗੀਤਕਾਰਾਂ ਨਾਲ ਮੁਲਾਕਾਤਾਂ ਵੀ ਪ੍ਰਸਾਰਿਤ ਕਰਨੀਆਂ ਪੈਂਦੀਆਂ ਹਨਜਿਸ ਕਾਰਨ ਪ੍ਰੋਗਰਾਮ ਪੇਸ਼ ਕਰਨ ਵਾਲਿਆਂ ਦੀ ਗਾਇਕਾਂ/ਸੰਗੀਤਕਾਰਾਂ ਨਾਲ ਨੇੜਤਾ ਪੈਦਾ ਹੁੰਦੀ ਹੈ - ਉਨ੍ਹਾਂ ਨੂੰ ਹੋਰ ਵਧੇਰੇ ਨੇੜਿਓਂ ਜਾਨਣ ਦਾ ਮੌਕਾ ਮਿਲਦਾ ਹੈ

----

ਆਪਣੇ ਰੇਡੀਓ/ਟੀਵੀ ਪ੍ਰੋਗਰਾਮਾਂ ਵਿੱਚ ਗਾਇਕਾਂ ਅਤੇ ਸੰਗੀਤਕਾਰਾਂ ਨੂੰ ਪੇਸ਼ ਕਰਨ ਤੋਂ ਇਲਾਵਾ ਇਕਬਾਲ ਮਾਹਲ ਨੂੰ ਅਨੇਕਾਂ ਚਰਚਿਤ ਗਾਇਕਾਂ/ਸੰਗੀਤਕਾਰਾਂ ਦੇ ਜਨਤਕ ਪ੍ਰੋਗਰਾਮ ਆਯੋਜਿਤ ਕਰਨ ਦਾ ਮੌਕਾ ਵੀ ਮਿਲਦਾ ਰਿਹਾਜਿਸ ਕਾਰਨ ਉਸਨੂੰ ਇਨ੍ਹਾਂ ਲੋਕਾਂ ਦੇ ਹੋਰ ਵੀ ਨੇੜੇ ਆਉਣ ਅਤੇ ਉਨ੍ਹਾਂ ਨੂੰ ਜਾਨਣ ਦਾ ਮੌਕਾ ਮਿਲਿਆਬਹੁਤ ਸਾਰੇ ਗਾਇਕ ਉਸਦੇ ਘਰ ਵਿੱਚ ਉਸਦੇ ਗੈਸਟ ਬਣ ਕੇ ਵੀ ਰਹਿੰਦੇ ਰਹੇਜਿਸ ਕਾਰਨ ਇਕਬਾਲ ਮਾਹਲ ਨੇ ਨਾ ਸਿਰਫ ਉਨ੍ਹਾਂ ਨੂੰ ਜਨਤਕ ਇਕੱਠਾਂ ਵਿੱਚ ਆਪਣੀ ਕਲਾ ਦੇ ਜੌਹਰ ਦਿਖਾਂਦਿਆਂ ਹੀ ਦੇਖਿਆ; ਬਲਕਿ ਉਸਨੇ ਇਨ੍ਹਾਂ ਕਲਾਕਾਰਾਂ ਨੂੰ ਆਪਣੇ ਪ੍ਰਵਾਰ ਦੇ ਮੈਂਬਰਾਂ ਨਾਲ ਬਿਤਾਏ ਕੁਝ ਦਿਨਾਂ ਦੌਰਾਨ ਵਿਕਤੀਤਵ ਪੱਧਰ ਉੱਤੇ ਇੱਕ ਮਨੁੱਖ ਵਾਂਗ ਵਿਚਰਦਿਆਂ ਵੀ ਦੇਖਿਆਇਕਬਾਲ ਮਾਹਲ ਨੇ ਇਨ੍ਹਾਂ ਸਾਰੇ ਸੁਨਹਿਰੀ ਪਲਾਂ ਦੀਆਂ ਯਾਦਾਂ ਨੂੰ ਅਨੇਕਾਂ ਵਰ੍ਹਿਆਂ ਤੱਕ ਆਪਣੀ ਚੇਤਨਾ ਦੇ ਕਿਸੇ ਕੋਨੇ ਵਿੱਚ ਸਾਂਭੀ ਰੱਖਿਆਯੋਗ ਸਮਾਂ ਆਉਣ ਉੱਤੇ ਉਸਨੇ ਇਨ੍ਹਾਂ ਯਾਦਾਂ ਨੂੰ ਸਿੱਧੀ-ਸਾਦੀ ਅਤੇ ਲੋਕ-ਪੱਧਰ ਦੀ ਪੰਜਾਬੀ ਜ਼ੁਬਾਨ ਦੀ ਵਰਤੋਂ ਕਰਕੇ ਅੱਖਰਾਂ ਦਾ ਰੂਪ ਦੇ ਦਿੱਤਾ ਅਤੇ ਰੇਖਾ ਚਿੱਤਰਾਂ ਦੀ ਪੁਸਤਕ ਸੁਰਾਂ ਦੇ ਸੁਦਾਗਰਪ੍ਰਕਾਸ਼ਿਤ ਕਰ ਦਿੱਤੀਤਾਂ ਜੋ ਇਨ੍ਹਾਂ ਗਾਇਕਾਂ ਅਤੇ ਸੰਗੀਤਕਾਰਾਂ ਨੂੰ ਚਾਹੁਣ ਵਾਲੇ ਆਪਣੇ ਮਹਿਬੂਬ ਕਲਾਕਾਰਾਂ ਬਾਰੇ ਇਹ ਵੀ ਜਾਣ ਸਕਣ ਕਿ ਗਾਇਕੀ ਅਤੇ ਸੰਗੀਤ ਦਾ ਉਨ੍ਹਾਂ ਦੇ ਵਿਅਕਤਿੱਤਵ ਨਾਲ ਕਿਹੋ ਜਿਹਾ ਰਿਸ਼ਤਾ ਹੈ

----

ਸੁਰਾਂ ਦੇ ਸੁਦਾਗਰਪੁਸਤਕ ਵਿੱਚ ਸਭ ਤੋਂ ਪਹਿਲਾ ਰੇਖਾ ਚਿੱਤਰ ਪ੍ਰਸਿੱਧ ਗ਼ਜ਼ਲ ਗਾਇਕ ਜਗਜੀਤ ਸਿੰਘ ਦਾ ਹੈ1977 ਦੇ ਮੁੱਢਲੇ ਮਹੀਨਿਆਂ ਤੱਕ ਜਗਜੀਤ ਸਿੰਘ ਦਾ ਨਾਮ ਅਜੇ ਲੋਕ ਚੇਤਨਾ ਦਾ ਹਿੱਸਾ ਨਹੀਂ ਸੀ ਬਣ ਸਕਿਆਪਰ ਇਸੇ ਸਾਲ ਜਦੋਂ ਉਸਦਾ ਪਹਿਲਾ ਐਲ.ਪੀ. ਅਨਫੌਰਗੈਟੇਬਲਮਾਰਕਿਟ ਵਿੱਚ ਆਇਆ ਤਾਂ ਉਸਨੇ ਕੁਝ ਦਿਨਾਂ ਦੇ ਅੰਦਰ ਅੰਦਰ ਹੀ ਗ਼ਜ਼ਲ ਗਾਇਕੀ ਦੀ ਦੁਨੀਆਂ ਵਿੱਚ ਹਲਚਲ ਮਚਾ ਦਿੱਤੀਉਸ ਕੋਲ ਗਾਇਕੀ ਦਾ ਇੱਕ ਨਵਾਂ ਅੰਦਾਜ਼ ਸੀਉਸ ਕੋਲ ਇੱਕ ਪੁਖਤਾ ਆਵਾਜ਼ ਸੀਉਹ ਪੂਰਬੀ ਅਤੇ ਪੱਛਮੀ ਸੰਗੀਤ ਦੇ ਸੁਮੇਲ ਵਿੱਚੋਂ ਨਵੇਂ ਸੰਗੀਤਕ ਪ੍ਰਭਾਵ ਪੈਦਾ ਕਰ ਰਿਹਾ ਸੀਦੇਖਦਿਆਂ ਹੀ ਦੇਖਦਿਆਂ, ਕੁਝ ਸਮੇਂ ਅੰਦਰ ਹੀ, ਜਗਜੀਤ ਸਿੰਘ ਦੀ ਗ਼ਜ਼ਲ ਗਾਇਕੀ ਦਾ ਚਰਚਾ ਨ ਸਿਰਫ ਇੰਡੀਆ ਦੇ ਮਹਾਂ ਨਗਰਾਂ ਬੰਬਈ, ਦਿੱਲੀ, ਕਲਕੱਤਾ, ਅੰਮ੍ਰਿਤਸਰ ਵਿੱਚ ਹੀ ਛਿੜ ਪਿਆ; ਬਲਕਿ ਉਸਦੀ ਗਾਇਕੀ ਦੀ ਖੁਸ਼ਬੋ ਲਾਹੌਰ, ਲੰਡਨ, ਨਿਊ ਯਾਰਕ, ਟੋਰਾਂਟੋ, ਕੈਲਗਰੀ ਅਤੇ ਵੈਨਕੂਵਰ ਤੱਕ ਵੀ ਫੈਲ ਗਈਕੈਨੇਡੀਅਨ ਪੰਜਾਬੀ ਮੀਡੀਆਕਾਰ ਇਕਬਾਲ ਮਾਹਲ ਨੇ ਜਗਜੀਤ ਸਿੰਘ ਨੂੰ ਕੈਨੇਡਾ ਆਉਣ ਦਾ ਸੱਦਾ ਦਿੱਤਾ ਅਤੇ ਉਹ ਜਗਜੀਤ ਸਿੰਘ ਨੂੰ ਕੈਨੇਡਾ ਦੇ ਮਹਾਂ ਨਗਰਾਂ ਟੋਰਾਂਟੋ, ਕੈਲਗਰੀ, ਐਡਮਿੰਟਨ ਅਤੇ ਵੈਨਕੂਵਰ ਵਿੱਚ ਲੈ ਤੁਰਿਆਉਸਨੇ ਇਨ੍ਹਾਂ ਸਾਰੇ ਮਹਾਂ ਨਗਰਾਂ ਵਿੱਚ ਜਗਜੀਤ ਸਿੰਘ ਦੀ ਗ਼ਜ਼ਲ ਗਾਇਕੀ ਦੇ ਜਨਤਕ ਪ੍ਰੋਗਰਾਮ ਕਰਵਾਏਕੈਨੇਡਾ ਵਿੱਚ ਵੀ ਹਰ ਪਾਸੇ ਜਗਜੀਤ ਸਿੰਘ ਦੀ ਗ਼ਜ਼ਲ ਗਾਇਕੀ ਦਾ ਚਰਚਾ ਹੋਣ ਲੱਗਾਇੰਨੇ ਥੋੜੇ ਜਿਹੇ ਸਮੇਂ ਵਿੱਚ ਹੀ ਗ਼ਜ਼ਲ ਗਾਇਕ ਵਜੋਂ ਚਰਚਿਤ ਹੋ ਜਾਣ ਦੇ ਕਾਰਨ ਦਸਦਿਆਂ ਜਗਜੀਤ ਸਿੰਘ ਬਾਰੇ ਲਿਖੇ ਰੇਖਾ ਚਿੱਤਰ ਮਾਸੜ ਦਾ ਪੁੱਤਰਵਿੱਚ ਇਕਬਾਲ ਮਾਹਲ ਲਿਖਦਾ ਹੈ:

ਜਗਜੀਤ ਨੂੰ ਸ਼ਾਇਰੀ ਦੀ ਚੋਣ ਕਰਨ ਦੀ ਕਮਾਲ ਦੀ ਸੋਝੀ ਹੈਗਹਿਰੀ ਗੱਲ ਹਲਕੇ-ਫੁਲਕੇ ਲਫਜ਼ਾਂ ਵਿੱਚ ਬੱਝੀ ਹੁੰਦੀ ਹੈਜ਼ੁਬਾਨ ਦਾ ਭਾਰਾਪਣ ਨਹੀਂਆਮ ਬੋਲ ਚਾਲ ਦੀ ਬੋਲੀ ਵਿੱਚ ਸੂਖਮ ਛੋਹਾਂ ਹੁੰਦੀਆਂ ਹਨਇਸ ਕਰਕੇ ਹਰੇਕ ਤਰ੍ਹਾਂ ਦੇ ਸਰੋਤੇ ਉਸਦੀ ਗਾਇਕੀ ਨੂੰ ਮਾਣਦੇ ਹਨਕਿਸੇ ਨੂੰ ਕਿਸੇ ਲਫ਼ਜ਼ ਦੇ ਮਾਅਨੇ ਪੁੱਛਣ ਦੀ ਘੱਟ ਹੀ ਲੋੜ ਪੈਂਦੀ ਹੈਸਕੂਨ ਭਿੱਜੀ, ਦਰਦ ਦੀ ਇੱਕ ਲਕੀਰ, ਸਭ ਨੂੰ ਇੱਕੋ ਮਾਨਵੀ ਜਜ਼ਬੇ ਵਿੱਚ ਬੰਨ੍ਹਦੀ ਤੁਰੀ ਜਾਂਦੀ ਹੈ

----

ਇਸੇ ਤਰ੍ਹਾਂ ਹੀ ਇਸ ਰੇਖਾ ਚਿੱਤਰ ਵਿੱਚ ਇਕਬਾਲ ਮਾਹਲ ਪੰਜਾਬੀ ਗਾਇਕੀ ਦੇ ਸਰੋਤਿਆਂ ਦੀ ਮਾਨਸਿਕਤਾ ਵਿੱਚ ਆ ਰਹੀਆਂ ਤਬਦੀਲੀਆਂ ਬਾਰੇ ਵੀ ਜਗਜੀਤ ਸਿੰਘ ਦੇ ਨਿੱਜੀ ਵਿਚਾਰ ਪੇਸ਼ ਕਰਦਾ ਹੈ1994 ਵਿੱਚ ਜਗਜੀਤ ਸਿੰਘ ਜਦੋਂ ਇੱਕ ਵਾਰ ਫਿਰ ਉੱਤਰੀ ਅਮਰੀਕਾ ਆਪਣੀਆਂ ਗ਼ਜ਼ਲਾਂ ਦੇ ਪ੍ਰੋਗਰਾਮ ਪੇਸ਼ ਕਰਨ ਆਇਆ ਤਾਂ ਜਦੋਂ ਉਸਨੂੰ ਪੁੱਛਿਆ ਗਿਆ ਕਿ ਉਹ ਤਕਰੀਬਨ ਦੋ ਦਹਾਕੇ ਪਹਿਲਾਂ ਵੀ ਅਮਰੀਕਾ ਆਪਣੀਆਂ ਗ਼ਜ਼ਲਾਂ ਦੇ ਸ਼ੋਅ ਪੇਸ਼ ਕਰਨ ਆਇਆ ਸੀਕੀ ਉਸਨੂੰ ਉਦੋਂ ਦੇ ਸਰੋਤਿਆਂ ਵਿੱਚ ਅਤੇ ਹੁਣ ਦੇ ਸਰੋਤਿਆਂ ਵਿੱਚ ਕੋਈ ਵਿਸ਼ੇਸ਼ ਫਰਕ ਨਜ਼ਰ ਆਇਆ ਹੈ? ਤਾਂ ਉਸਨੇ ਅਜੋਕੇ ਸਰੋਤਿਆਂ ਦੀ ਮਾਨਸਿਕ ਪੱਧਰ ਦਾ ਵਿਸ਼ਲੇਸ਼ਨ ਕਰਦਿਆਂ ਬੜੇ ਹੀ ਖੂਬਸੂਰਤ ਅੰਦਾਜ਼ ਵਿੱਚ ਕਿਹਾ ਸੀ:

ਬਹੁਤ ਫ਼ਰਕ ਹੈ, ਪਹਿਲਾਂ ਜਦੋਂ ਆਈਦਾ ਸੀ ਤਾਂ ਆਪਣੇ ਪੰਜਾਬੀ ਭਰਾ ਆਉਂਦੇ, ਸੋਚਦੇ ਭੰਗੜਾ ਪਵੇਗਾਪਰ ਹੁਣ ਦੇ ਸਰੋਤੇ ਤਾਂ ਕੌਸਮੋਪੋਲਿਟਨ ਨੇਇਸ ਵੇਰ ਅਮਰੀਕਾ, ਕੈਨੇਡਾ ਵਿੱਚ ਕੁੱਲ 41 ਪ੍ਰੋਗਰਾਮ ਕੀਤੇਰਤਾ ਵੀ ਖੱਪ ਨਹੀਂ ਪਈਇਸਮਾਇਲੀ, ਗੁਜਰਾਤੀ, ਹਿੰਦੂ, ਸਿੱਖ, ਸਭ ਪਿਆਰ ਤੇ ਲਗਨ ਨਾਲ ਸੁਣਨ ਆਏਸਾਰੇ ਸ਼ੋਅ ਵਿਕ ਗਏਟਰਾਂਟੋ ਵਾਲਾ ਸ਼ੋਅ 5 ਘੰਟੇ ਚਲਿਆਕਮਾਲ ਦਾ ਜ਼ਬਤ ਸੀ

----

ਗਾਇਕ ਜਦੋਂ ਕਿਸੇ ਲੇਖਕ ਦੀ ਕੋਈ ਰਚਨਾ ਗਾਉਣ ਲਈ ਚੁਣਦਾ ਹੈ ਤਾਂ ਸਿਰਫ ਉਸ ਰਚਨਾ ਵਿੱਚ ਵਰਤੇ ਗਏ ਸ਼ਬਦਾਂ ਦਾ ਠੀਕ ਉਚਾਰਨ ਕਰਨਾ ਆਉਣਾ ਹੀ ਉਸ ਗਾਇਕ ਲਈ ਜ਼ਰੂਰੀ ਨਹੀਂ ਹੁੰਦਾ; ਬਲਕਿ ਗਾਇਕ ਨੂੰ ਤਾਂ ਉਸ ਰਚਨਾ ਦੀ ਰੂਹ ਵਿੱਚ ਉਤਰਨਾ ਪੈਂਦਾ ਹੈਗਾਇਕ ਨੂੰ ਉਨ੍ਹਾਂ ਭਾਵਨਾਵਾਂ, ਅਹਿਸਾਸਾਂ ਨੂੰ ਸਮਝਣਾ ਪੈਂਦਾ ਹੈ; ਉਸ ਮਾਹੌਲ ਨੂੰ ਸਮਝਣਾ ਪੈਂਦਾ ਹੈ ਜੋ ਉਸ ਰਚਨਾ ਦੀ ਪਿੱਠਭੂਮੀ ਵਿੱਚ ਪਿਆ ਹੁੰਦਾ ਹੈਕਿਉਂਕਿ ਗਾਇਕ ਨੇ ਉਸ ਰਚਨਾ ਦੀ ਸੰਗੀਤਕ ਪੇਸ਼ਕਾਰੀ ਕਰਨ ਵੇਲੇ ਉਹੀ ਭਾਵਨਾਵਾਂ, ਉਹੀ ਅਹਿਸਾਸ, ਉਹੀ ਮਾਹੌਲ - ਸਰੋਤੇ ਦੀ ਮਾਨਸਿਕਤਾ ਵਿੱਚ ਵੀ ਉਸਾਰਨਾ ਹੁੰਦਾ ਹੈਕਿਸੀ ਵੀ ਗਾਇਕ ਦੀ ਗਾਈ ਹੋਈ ਕੋਈ ਰਚਨਾ ਤਾਂ ਹੀ ਵੱਧ ਤੋਂ ਵੱਧ ਸਰੋਤਿਆਂ ਵਿੱਚ ਸਵੀਕਾਰੀ ਜਾਂਦੀ ਹੈ ਜਦੋਂ ਸਰੋਤਿਆਂ ਨੂੰ ਇਸ ਗੱਲ ਦਾ ਯਕੀਨ ਹੋ ਜਾਵੇ ਕਿ ਗਾਇਕ ਰਚਨਾ ਦੀ ਰੂਹ ਵਿੱਚ ਉਤਰਨ ਵਿੱਚ ਕਾਮਯਾਬ ਹੋ ਗਿਆ ਹੈ

----

ਉਰਦੂ ਦੇ ਪ੍ਰਸਿੱਧ ਗ਼ਜ਼ਲ ਲੇਖਕ ਮਿਰਜ਼ਾ ਗਾਲਿਬ ਦੀਆਂ ਗ਼ਜ਼ਲਾਂ ਨੂੰ ਤਕਰੀਬਨ ਹਰ ਨਾਮਵਰ ਗ਼ਜ਼ਲ ਗਾਇਕ ਨੇ ਹੀ ਗਾਇਆ ਹੈਇੰਡੀਆ ਵਿੱਚ ਮਿਰਜ਼ਾ ਗਾਲਿਬ ਦੀਆਂ ਗ਼ਜ਼ਲਾਂ ਅਤੇ ਜ਼ਿੰਦਗੀ ਬਾਰੇ ਇੱਕ ਟੀਵੀ ਸੀਰੀਅਲ ਬਣਾਇਆ ਜਾਣਾ ਸੀਇਸ ਸੀਰੀਅਲ ਦਾ ਸੰਗੀਤ ਦੇਣ ਲਈ ਜਗਜੀਤ ਸਿੰਘ ਨੂੰ ਚੁਣਿਆ ਗਿਆਜਗਜੀਤ ਸਿੰਘ ਲਈ ਇਹ ਇੱਕ ਵੱਡੀ ਚੁਣੌਤੀ ਸੀਇਸ ਚੁਣੌਤੀ ਨੂੰ ਜਗਜੀਤ ਸਿੰਘ ਨੇ ਕਿਵੇਂ ਸਵੀਕਾਰ ਕੀਤਾ ਅਤੇ ਉਹ ਇਸ ਇਮਤਿਹਾਨ ਵਿੱਚੋਂ ਕਿਵੇਂ ਜੇਤੂ ਹੋ ਕੇ ਬਾਹਰ ਆਇਆ, ਉਸਦਾ ਬਿਆਨ ਜਗਜੀਤ ਸਿੰਘ ਦੇ ਹੀ ਸ਼ਬਦਾਂ ਵਿੱਚ ਹੀ ਸੁਣੋ ਅਤੇ ਮਹਿਸੂਸ ਕਰੋ ਕਿ ਉਹ ਕਿਵੇਂ ਮਿਰਜ਼ਾ ਗ਼ਾਲਿਬਸੀਰੀਅਲ ਦੀ ਆਪਣੀ ਪ੍ਰਾਪਤੀ ਬਾਰੇ ਗੱਲ ਕਰਦਾ ਹੈ:

ਇਸ ਦਾ ਸੰਗੀਤ ਤਿਆਰ ਕਰਨ ਲੱਗਿਆਂ ਮੇਰੇ ਸਾਹਮਣੇ ਗ਼ਾਲਿਬ ਦੀ ਸ਼ਾਇਰੀ ਸੀਮੈਂ ਸ਼ਾਇਰ ਦੀ ਸ਼ਾਇਰੀ ਉੱਤੇ ਆਪਣੇ ਸੰਗੀਤ ਦੀ ਕੋਈ ਗਹਿਰੀ ਛਾਪ ਠੋਸਣੀ ਨਹੀਂ ਚਾਹੁੰਦਾ ਸਾਂਮੈਂ ਚਾਹੁੰਦਾ ਸਾਂ ਕਿ ਗ਼ਾਲਿਬ ਸ਼ਾਇਰ ਵਜੋਂ ਉੱਭਰੇਗ਼ਾਲਿਬ ਦੀ ਜ਼ਿੰਦਗੀ ਵਿੱਚ ਕਈ ਉਤਰਾਅ ਚੜ੍ਹਾਅ ਆਏਉਹ ਬੱਚੇ ਲਈ ਤਰਸਦਾ ਰਿਹਾਜੇ ਮਾੜਾ ਮੋਟਾ ਕਮਾਉਂਦਾ, ਉਸ ਦੀ ਸਕੌਚ ਪੀ ਲੈਂਦਾਮੈਂ ਜਦ ਉਸਦਾ ਕਲਾਮ ਗਾਇਆ, ਤਾਂ ਮੇਰਾ ਧਿਆਨ ਇਸ ਗੱਲ ਉੱਤੇ ਸੀ ਕਿ ਗ਼ਾਲਿਬ ਬਣ ਕੇ ਗਾਵਾਂ, ਜਗਜੀਤ ਸਿੰਘ ਬਣ ਕੇ ਨਹੀਂਸੰਗੀਤ ਨੂੰ ਸ਼ਾਇਰੀ ਉੱਤੇ ਭਾਰੂ ਨਾ ਹੋਣ ਦਿਆਂਬਹਾਦਰ ਸ਼ਾਹ ਜ਼ਫ਼ਰ ਦੇ ਦਰਬਾਰ ਦਾ ਦ੍ਰਿਸ਼ ਹੈ, ਜਿੱਥੇ ਗ਼ਾਲਿਬ ਗਾਉਂਦਾ ਹੈ, ‘ਹਰ ਏਕ ਬਾਤ ਪੇ ਕਹਿਤੇ ਹੋ ਤੁਮ ਕਿ ਤੂ ਕਿਆ ਹੈਮੈਂ ਇਸ ਨੂੰ ਹਲਕੇ ਜਿਹੇ ਤਰੰਨਮ ਵਿੱਚ ਬੰਨ੍ਹਿਆ ਹੈ, ਜਿਵੇਂ ਸ਼ਾਇਰ ਗਾਉਂਦੇ ਹਨ ਨਾ ਕਿ ਬਹੁਤਾ ਗਾਇਕੀ ਦਾ ਉਭਾਰ ਦਿੱਤਾ ਹੈ

----

ਸਾਡੇ ਸਮਿਆਂ ਵਿੱਚ ਟੈਲੀਵੀਜ਼ਨ ਇੱਕ ਸ਼ਕਤੀਸ਼ਾਲੀ ਸੰਚਾਰ ਮਾਧਿਅਮ ਬਣ ਚੁੱਕਾ ਹੈਸੈਟੇਲਾਈਟਾਂ ਰਾਹੀਂ ਟੈਲੀਵੀਜ਼ਨ ਪ੍ਰੋਗਰਾਮ ਸਕਿੰਟਾਂ ਵਿੱਚ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਹੁੰਚ ਜਾਂਦੇ ਹਨਜਿਸ ਵਿਅਕਤੀ ਨੂੰ ਉਸਦੇ ਗਵਾਂਢ ਵਿੱਚ ਰਹਿਣ ਵਾਲਾ ਵੀ ਨਹੀਂ ਜਾਣਦਾ ਹੁੰਦਾ ਉਸਦਾ ਚਰਚਾ ਦੁਨੀਆਂ ਦੇ ਕੋਨੇ ਕੋਨੇ ਵਿੱਚ ਛਿੜ ਪੈਂਦਾ ਹੈਟੈਲੀਵੀਜ਼ਨ ਸੰਚਾਰ ਮਾਧਿਅਮ ਨੇ ਜਗਜੀਤ ਸਿੰਘ ਦੀ ਸੰਗੀਤਕ ਜ਼ਿੰਦਗੀ ਵਿੱਚ ਵੀ ਵੱਡਾ ਕਿਰਦਾਰ ਨਿਭਾਇਆਇਹ ਟੈਲੀਵੀਜ਼ਨ ਮਾਧਿਅਮ ਹੀ ਸੀ ਜਿਸਨੇ ਜਗਜੀਤ ਸਿੰਘ ਨੂੰ ਕੁਝ ਦਿਨਾਂ ਦੇ ਅੰਦਰ ਅੰਦਰ ਹੀ ਇੱਕ ਅਗਿਆਤ ਗ਼ਜ਼ਲ ਗਾਇਕ ਤੋਂ ਇੱਕ ਨਾਮਵਰ ਗ਼ਜ਼ਲ ਗਾਇਕ ਬਣਾ ਦਿੱਤਾਉਸਦੀ ਗ਼ਜ਼ਲ ਗਾਇਕੀ ਦਾ ਚਰਚਾ ਘਰਾਂ, ਦਫਤਰਾਂ, ਸਕੂਲਾਂ, ਕਾਲਿਜਾਂ, ਯੂਨੀਵਰਸਿਟੀਆਂ ਅਤੇ ਕਾਫੀ ਹਾਊਸਾਂ ਵਿੱਚ ਹੋਣ ਲੱਗਾਟੈਲੀਵੀਜ਼ਨ ਸੰਚਾਰ ਮਾਧਿਅਮ ਦੀ ਤਾਕਤ ਬਾਰੇ ਆਪਣੇ ਮਨ ਉੱਤੇ ਪਏ ਪ੍ਰਭਾਵਾਂ ਬਾਰੇ ਜਗਜੀਤ ਸਿੰਘ ਰੇਖਾ ਚਿੱਤਰ ਮਾਸੜ ਦਾ ਪੁੱਤਰਵਿੱਚ ਕੁਝ ਇਸ ਤਰ੍ਹਾਂ ਕਹਿੰਦਾ ਹੈ:

ਟੀਵੀ ਨਾਲ ਮੇਰੇ ਸੰਗੀਤ ਨੂੰ ਲੋਕਾਂ ਤੱਕ ਪਹੁੰਚਣ ਦਾ ਮੌਕਾ ਮਿਲਿਆਇਹ ਇਕ ਐਸਾ ਮਾਧਿਅਮ ਹੈ ਜਿਸ ਰਾਹੀਂ ਕਲਾਕਾਰ ਤੁਰੰਤ ਸਿਤਾਰਾ ਬਣ ਜਾਂਦਾ ਹੈਜਦ ਮੈਂ ਮਿਰਜ਼ਾ ਗ਼ਾਲਿਬਸੀਰੀਅਲ ਲਈ ਗਾਇਆ ਤਾਂ ਮੇਰੀ ਆਵਾਜ਼ ਲੱਖਾਂ ਤਕ ਪੁੱਜੀ, ਜੋ ਘਰੋਂ ਚੱਲਕੇ ਟਿਕਟ ਖਰਚਕੇ ਮੇਰੇ ਪ੍ਰੋਗਰਾਮਾਂ ਉੱਤੇ ਨਹੀਂ ਸਨ ਪੁੱਜ ਸਕਦੇਇਸ ਨਾਲ ਮੈਨੂੰ ਨਿੱਜੀ ਲਾਭ ਵੀ ਬਹੁਤ ਹੋਇਆ

----

ਚਰਚਿਤ ਪੰਜਾਬੀ ਗਾਇਕਾ ਸੁਰਿੰਦਰ ਕੌਰ ਬਾਰੇ ਲਿਖੇ ਰੇਖਾ ਚਿੱਤਰ ਲੇਖਾ ਮਾਵਾਂ ਧੀਆਂ ਦਾਵਿੱਚ ਵੀ ਇਕਬਾਲ ਮਾਹਲ ਕੁਝ ਮਹੱਤਵਪੂਰਨ ਨੁਕਤੇ ਸਾਹਮਣੇ ਲਿਆਉਂਦਾ ਹੈਗਾਇਕੀ ਦੇ ਸਰੋਤਿਆਂ ਦੇ ਮਨਾਂ ਵਿੱਚ ਕਈ ਵੇਰੀ ਉਨ੍ਹਾਂ ਦੇ ਮਹਿਬੂਬ ਗਾਇਕਾਂ ਦੀ ਤਸਵੀਰ ਕੁਝ ਅਜਿਹੀ ਬਣ ਜਾਂਦੀ ਹੈ ਕਿ ਉਹ ਸਮਝਣ ਲੱਗ ਜਾਂਦੇ ਹਨ ਕਿ ਇਹ ਗਾਇਕ ਹੋਰਨਾਂ ਮਨੁੱਖਾਂ ਵਾਂਗ ਹੀ ਹੱਡ-ਮਾਸ ਦੇ ਬਣੇ ਹੋਏ ਨਹੀਂ ਹਨ ਅਤੇ ਉਹ ਤਾਂ ਕਿਸੀ ਹੋਰ ਦੁਨੀਆਂ ਤੋਂ ਆਏ ਹੋਏ ਲੋਕ ਹਨਇਸ ਭੁਲੇਖੇ ਨੂੰ ਤੋੜਨ ਲਈ ਇਕਬਾਲ ਮਾਹਲ ਆਪਣੇ ਘਰ ਵਿੱਚ ਵਾਪਰੀ ਇੱਕ ਘਟਨਾ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:

ਇੱਕ ਦਿਨ ਜਗਜੀਤ ਜ਼ੀਰਵੀ ਨੂੰ ਮਿਲਣ ਉਸਦਾ ਇੱਕ ਮਿੱਤਰ ਸਾਡੇ ਘਰ ਆਇਆਸੁਰਿੰਦਰ ਕੌਰ ਰਸੋਈ ਵਿੱਚ ਮੇਰੀ ਪਤਨੀ ਨਾਲ ਭਾਂਡੇ ਧੋਣ ਵਿੱਚ ਮੱਦਦ ਕਰ ਰਹੀ ਸੀਉਸਨੇ ਜਦੋਂ ਸੁਰਿੰਦਰ ਕੌਰ ਨੂੰ ਦੇਖਿਆ, ਕਹਿਣ ਲੱਗਾ, “ਪੰਜਾਬ ਦੀ ਏਡੀ ਵੱਡੀ ਕਲਾਕਾਰ ਤੇ ਇਹ ਭਾਂਡੇ ਸਾਫ਼ ਕਰੇ?” ਭਾਂਡਿਆਂ ਤੇ ਪਾਣੀ ਦੀ ਰਲਵੀਂ ਆਵਾਜ਼ ਵਿੱਚ ਉਦੋਂ ਤਾਂ ਉਸਨੂੰ ਇਸ ਮਿੱਤਰ ਦੀ ਗੱਲ ਸੁਣਾਈ ਨਾ ਦਿੱਤੀ ਪਰ ਪਤਾ ਲੱਗਣ ਤੇ ਸੁਰਿੰਦਰ ਕੌਰ ਨੇ ਜੁਆਬ ਵਿੱਚ ਕਿਹਾ, “ਮੈਂ ਔਰਤ ਪਹਿਲੋਂ ਹਾਂ, ਕਲਾਕਾਰ ਬਾਅਦ ਵਿੱਚ, ਇਕਬਾਲ ਦੀ ਵਹੁਟੀ ਵੀ ਮੇਰੀਆਂ ਧੀਆਂ ਵਰਗੀ ਹੈ, ਜੇ ਮੈਂ ਉਸਦੀ ਮੱਦਦ ਕਰ ਦਿੱਤੀ ਤਾਂ ਕੀ ਘਸ ਗਿਆ?” ਉਸਦਾ ਇਹ ਜੁਆਬ ਸੁਣ ਕੇ ਉਹ ਮਿੱਤਰ ਹੱਕਾ ਬੱਕਾ ਰਹਿ ਗਿਆ

----

ਅੰਤਰ-ਰਾਸ਼ਟਰੀ ਪ੍ਰਸਿੱਧੀ ਦੀ ਮਾਲਕ ਪੰਜਾਬੀ ਗਾਇਕਾ ਬਾਰੇ ਲਿਖਦਿਆਂ ਇਕਬਾਲ ਮਾਹਲ ਕਹਿੰਦਾ ਹੈ:

ਸੁਰਿੰਦਰ ਕੌਰ ਦਾ ਗਾਇਆ ਇੱਕ ਦੁਗਾਣਾ ਭਾਂਡੇ ਕਲੀ ਕਰਾ ਲਓਭਾਵੇਂ ਮਕਬੂਲ ਹੋਇਆ, ਪਰ ਕਈ ਵਰ੍ਹੇ ਅਲੋਚਨਾਂ ਦਾ ਵਿਸ਼ਾ ਬਣਿਆਂ ਰਿਹਾਇਸ ਵਿੱਚ ਸੁਰਿੰਦਰ ਕੌਰ ਦਾ ਵੀ ਕਸੂਰ ਨਹੀਂ, ਇਹੋ ਜਿਹੇ ਗੀਤ ਉਸਨੇ ਕਦੇ ਵੀ ਸਟੇਜਾਂ ਉੱਤੇ ਨਹੀਂ ਗਾਏ ਤੇ ਨਾ ਹੀ ਉਸਦੀ ਕਾਪੀ ਵਿੱਚ ਦਰਜ ਹਨਸਟੂਡੀਓ ਜਾਂਦੀ, ਅਤੇ ਗੀਤ ਰਿਕਾਰਡ ਕਰਾਕੇ ਉਥੇ ਹੀ ਪਾੜਕੇ ਸੁੱਟ ਆਉਂਦੀ ਹੈਉਹ ਮਾਸਟਰ ਵਾਇਸ ਕੰਪਨੀ ਨੂੰ ਕਸੂਰਵਾਰ ਠਹਿਰਾਉਂਦੀ ਹੈ, ਪਰ ਮੇਰੇ ਖਿਆਲ ਵਿੱਚ ਸੁਰਿੰਦਰ ਕੌਰ ਜਿਹੀ ਮਹਾਨ ਕਲਾਕਾਰ ਨੂੰ ਅਜਿਹਾ ਕਰਨ ਤੋਂ ਪਹਿਲਾਂ ਥੋੜ੍ਹਾ ਜਿਹਾ ਸੋਚ ਲੈਣਾ ਚਾਹੀਦਾ ਸੀ

ਇਸੇ ਤਰ੍ਹਾਂ ਇਕਬਾਲ ਮਾਹਲ ਇਸ ਰੇਖਾ ਚਿੱਤਰ ਵਿੱਚ ਇਹ ਮਸਲਾ ਵੀ ਉਠਾਂਦਾ ਹੈ ਕਿ ਪੰਜਾਬੀ ਸਰੋਤਿਆਂ ਨੂੰ ਆਪਣੇ ਸਭਿਆਚਾਰ ਤੇ ਸੰਗੀਤ ਪ੍ਰਤੀ ਜਾਗਰਿਤ ਕਰਨ ਲਈ ਅਜੇ ਹੋਰ ਪਤਾ ਨਹੀਂ ਕਿੰਨੇ ਕੁ ਸਮੇਂ ਦੀ ਲੋੜ ਹੈਉਹ ਲਿਖਦਾ ਹੈ:

ਦਿੱਲੀ ਵਿੱਚ ਇਕ ਵਾਰ ਰਿਕਾਰਡਾਂ ਦੀ ਕੰਪਨੀ ਦੇ ਮੈਨੇਜਰ ਜ਼ਹੀਰ ਅਹਿਮਦ ਨਾਲ ਇਸ ਸਬੰਧ ਵਿੱਚ ਮੇਰੀ ਵੀ ਗੱਲ ਹੋਈ ਸੀਉਸਨੇ ਦੱਸਿਆ ਕਿ ਸੁਰਿੰਦਰ ਕੌਰ ਦਾ ਹਰਚਰਨ ਗਰੇਵਾਲ ਨਾਲ ਗਾਇਆ ਰਿਕਾਰਡ ਗੋਲ ਮਸ਼ਕਰੀ ਕਰ ਗਿਆ ਨੀ ਬਾਬਾ ਬਖਤੌਰਾਦੀ ਦਸ ਹਜ਼ਾਰ ਤੋਂ ਵੱਧ ਕਾਪੀ ਵਿਕ ਚੁੱਕੀ ਹੈ ਜਦੋਂ ਕਿ ਉਸਦੇ ਆਸਾ ਸਿੰਘ ਮਸਤਾਨਾ ਦੇ ਐਲ.ਪੀ. ਪੰਜਾਬ ਦੇ ਨੌਂ ਰਤਨਦੀ ਇੱਕ ਹਜ਼ਾਰ ਕਾਪੀ ਵੀ ਨਹੀਂ ਵਿਕੀ

----

ਪੰਜਾਬੀ ਸਰੋਤਿਆਂ ਵਿੱਚ ਚੰਗੇ ਪੰਜਾਬੀ ਸਾਹਿਤਕ ਸਭਿਆਚਾਰਕ ਗੀਤ ਸੁਨਣ ਦੀ ਘਾਟ ਕਾਰਨ ਹੀ, ਸ਼ਾਇਦ, ਇਕਬਾਲ ਮਾਹਲ ਜਦੋਂ ਕੈਨੇਡਾ ਅਜੇ ਨਵਾਂ ਨਵਾਂ ਹੀ ਆਇਆ ਸੀ ਤਾਂ ਉਸਨੇ ਆਪ ਵੀ ਆਪਣੀ ਕੰਪਨੀ ਮਾਹਲ ਪਰੋਡਕਸ਼ਨਜ਼ਦੇ ਨਾਮ ਹੇਠ ਇੱਕ ਅਤਿ-ਅਸ਼ਲੀਲ ਪੰਜਾਬੀ ਗੀਤਾਂ ਦਾ ਰਿਕਾਰਡ ਗਰਮ ਪੰਜਾਬੀ ਗੀਤਮਾਰਕਿਟ ਵਿੱਚ ਲਿਆਂਦਾ ਸੀਪਰ ਸ਼ਾਇਦ ਉਸਨੂੰ ਜਲਦੀ ਹੀ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਪੰਜਾਬੀ ਦੇ ਲੁੱਚੇ/ਅਸੱਭਿਅਕ/ਅਸ਼ਲੀਲ ਗੀਤਾਂ ਦੇ ਰਿਕਾਰਡ ਬਣਾ ਕੇ ਨਾ ਤਾਂ ਕੈਨੇਡਾ ਵਿੱਚ ਉਹ ਰਾਤੋ ਰਾਤ ਅਮੀਰ ਹੀ ਬਣ ਸਕੇਗਾ ਅਤੇ ਨਾ ਹੀ ਉਸਨੂੰ ਕੈਨੇਡਾ ਦੇ ਸਭਿਆਚਾਰਕ ਖੇਤਰ ਵਿੱਚ ਕੋਈ ਮਾਣਤਾ ਹੀ ਮਿਲ ਸਕੇਗੀਉਸਨੇ ਜਲਦੀ ਹੀ ਲੁੱਚੇ ਗੀਤਾਂ ਦੀ ਮਾਰਕਿਟ ਵੱਲੋਂ ਆਪਣਾ ਮੂੰਹ ਮੋੜ ਲਿਆ ਅਤੇ ਉਹ ਨਾਮਵਰ ਗਾਇਕਾਂ ਦੀ ਸਾਫ਼ ਸੁੱਥਰੀ ਗਾਇਕੀ ਦੇ ਰਿਕਾਰਡ ਬਣਾ ਕੇ ਆਪਣੀ ਭੱਲ ਬਨਾਉਣ ਵੱਲ ਰੁਚਿਤ ਹੋ ਗਿਆ

----

ਸੁਰ ਦੀ ਚੋਟਨਾਮ ਦੇ ਰੇਖਾ ਚਿੱਤਰ ਵਿੱਚ ਇਕਬਾਲ ਮਾਹਲ ਪਾਕਿਸਤਾਨ ਦੇ ਪ੍ਰਸਿੱਧ ਗ਼ਜ਼ਲ ਗਾਇਕ ਮਹਿਦੀ ਹਸਨ ਦੀ ਗੱਲ ਕਰਦਾ ਹੈਮਹਿਦੀ ਹਸਨ ਨੂੰ ਗ਼ਜ਼ਲ ਦਾ ਬਾਦਸ਼ਾਹਕਿਹਾ ਜਾਂਦਾ ਹੈਮਹਿਦੀ ਹਸਨ ਦੀ ਗ਼ਜ਼ਲ ਗਾਇਕੀ ਦੀ ਖੁਸ਼ਬੋ ਵੀ ਸਭ ਹੱਦਾਂ ਬੰਨੇ ਤੋੜਕੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਫੈਲ ਗਈਉਸਨੇ 60-70 ਹਜ਼ਾਰ ਤੋਂ ਵੀ ਵੱਧ ਗੀਤ ਤੇ ਗ਼ਜ਼ਲਾਂ ਗਾਈਆਂ ਹਨਇਸਦਾ ਵੱਡਾ ਕਾਰਨ ਇਹ ਹੀ ਸੀ ਕਿ ਉਸਦੀ ਗਾਇਕੀ ਦਾ ਅੰਦਾਜ਼ ਵੱਖਰਾ ਸੀ, ਤੇ ਸੁਰ ਨਿਵੇਕਲੀਉਸਦੀ ਪ੍ਰਸਿੱਧੀ ਦਾ ਇਹ ਵੀ ਇੱਕ ਕਾਰਨ ਸੀ ਕਿ ਉਸਨੇ ਕਲਾਸੀਕਲ ਰਾਗ ਦੀ ਮਹੱਤਤਾ ਨੂੰ ਸਮਝਿਆ ਅਤੇ ਇਸਨੂੰ ਗ਼ਜ਼ਲ ਗਾਇਕੀ ਦਾ ਆਧਾਰ ਬਣਾਇਆਗ਼ਜ਼ਲ ਗਾਇਕੀ ਵਿੱਚ ਬੁਲੰਦੀਆਂ ਛੂਹਣ ਵਾਲੇ ਇਸ ਗਾਇਕ ਦਾ ਯਕੀਨ ਹੈ ਕਿ ਕਿਸੇ ਵੀ ਕਲਾ ਦੀ ਪਰੇਰਨਾ ਆਸਮਾਨ ਤੋਂ ਨਹੀਂ, ਸਗੋਂ ਜ਼ਮੀਨ ਤੋਂ ਹੀ ਮਿਲਦੀ ਹੈ

----

ਪਿਛਲੇ ਤਕਰੀਬਨ 60 ਸਾਲ ਦੇ ਸਮੇਂ ਵਿੱਚ ਪਾਕਿਸਤਾਨ ਵਿੱਚ ਵਧੇਰੇ ਸਮਾਂ ਫੌਜੀ ਹਕੂਮਤ ਹੀ ਰਹੀ ਹੈਆਪ ਤਾਂ ਭਾਵੇਂ ਫੌਜੀ ਜਰਨੈਲ ਸਦਾ ਹੀ ਸ਼ਰਾਬ ਵਿੱਚ ਗੁੱਟ ਰਹਿੰਦੇ ਹਨ; ਪਰ ਉਹ ਆਮ ਜਨਤਾ ਨੂੰ ਡਰਾਉਣ ਲਈ ਸਮਾਜਿਕ ਅਤੇ ਸਭਿਆਚਾਰਕ ਕਦਰਾਂ-ਕੀਮਤਾਂ ਦੀ ਰਖਵਾਲੀ ਕਰਨ ਦੀ ਜਿੰਮੇਵਾਰੀ ਧਾਰਮਿਕ ਕੱਟੜਵਾਦੀ ਲੋਕਾਂ ਦੇ ਸਪੁਰਦ ਕਰ ਦਿੰਦੇ ਹਨਪਾਕਿਸਤਾਨ ਵਿੱਚ ਫੌਜੀ ਜਨਰਲ ਜ਼ਿਆ-ਉੱਲ-ਹੱਕ ਦੀ ਹਕੂਮਤ ਵੇਲੇ ਪਾਕਿਸਤਾਨ ਦੀ ਇੱਕ ਅਦਾਲਤ ਨੇ ਮਹਿਦੀ ਹਸਨ ਉੱਤੇ ਇਹ ਦੋਸ਼ ਲਗਾ ਕੇ ਕਿ ਉਹ ਸ਼ਰਾਬ ਪੀਂਦਾ ਹੈ ਉਸਨੂੰ ਕੌੜੇ ਮਾਰੇ ਜਾਣ ਦੀ ਸਜ਼ਾ ਦਿੱਤੀ ਸੀ ਪਰ ਕਿਸੇ ਕਾਰਨ ਮਹਿਦੀ ਹਸਨ ਇਸ ਸਜ਼ਾ ਤੋਂ ਬਚ ਗਿਆ ਸੀ

ਭਾਰਤੀ ਮਹਾਂ-ਦੀਪ ਵਿੱਚ ਇੱਕ ਹੋਰ ਗਾਇਕ ਜਿਸਨੇ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ ਹੈ ਅਤੇ ਜਿਸਦਾ ਨਾਮ ਭਾਰਤ-ਪਾਕਿ ਖਿੱਤੇ ਤੋਂ ਬਾਹਰ ਵੀ ਬਹੁਤ ਚਰਚਿਤ ਹੋਇਆ ਹੈ ਉਹ ਨਾਮ ਹੈ: ਨੂਰ ਜਹਾਂ. ਨੂਰ ਜਹਾਂ ਆਪਣੇ ਸਮੇਂ ਵਿੱਚ ਇੱਕ ਪ੍ਰਸਿੱਧ ਫਿਲਮ ਅਦਾਕਾਰਾ ਵੀ ਰਹੀ ਅਤੇ ਇੱਕ ਗਾਇਕਾ ਵੀ

----

ਗਾਇਕਾਂ ਦੀ ਜ਼ਿੰਦਗੀ ਬਾਰੇ ਗੰਭੀਰ ਗੱਲਾਂ ਕਰਦਾ ਹੋਇਆ ਇਕਬਾਲ ਮਾਹਲ ਕਿਤੇ ਕਿਤੇ ਥੋੜੀ ਬਹੁਤ ਹਾਸੇ-ਠੱਠੇ ਵਾਲੀ ਗੱਲ ਵੀ ਕਰ ਜਾਂਦਾ ਹੈਨੂਰ ਜਹਾਂ ਬਾਰੇ ਲਿਖੇ ਰੇਖਾ ਚਿੱਤਰ ਦੁਨੀਆਂ ਮੇਰੀ ਜਵਾਂ ਹੈ...ਵਿੱਚ ਇਕਬਾਲ ਮਾਹਲ ਨੂਰ ਜਹਾਂ ਦੀ ਜ਼ਿੰਦਗੀ ਨਾਲ ਸਬੰਧਤ ਅਜਿਹੀਆਂ ਹੀ ਦੋ ਹਾਸੇ ਭਰੀਆਂ ਘਟਨਾਵਾਂ ਦਾ ਵੀ ਕੁਝ ਇਸ ਤਰ੍ਹਾਂ ਜ਼ਿਕਰ ਕਰਦਾ ਹੈ:

ਗੱਲ ਇੰਝ ਹੋਈਜਗਜੀਤ ਸਿੰਘ ਦੀ ਇਸ ਮਹਿਫ਼ਲ ਤੋਂ ਬਾਅਦ, ਨੂਰ ਜਹਾਂ ਦਾ ਇੱਕ ਉਪਾਸ਼ਕ ਉਸਦੇ ਗੋਡੇ ਘੁੱਟਣ ਲੱਗ ਪਿਆ ਕਰੇਮੈਂ ਕੋਲ ਹੀ ਬੈਠਾ ਸਾਂਥੋੜ੍ਹੀ ਦੇਰ ਤਾਂ ਨੂਰ ਜਹਾਂ ਆਪਣੇ ਗੋਡੇ ਇਧਰ ਉਧਰ ਕਰਕੇ ਆਪਣੇ ਪ੍ਰਸੰਸਕ ਦੇ ਉਤਸ਼ਾਹ ਤੋਂ ਬਚਣ ਦੀ ਕੋਸ਼ਿਸ਼ ਕਰਦੀ ਰਹੀ, ਪਰ ਜਦੋਂ ਉਹ ਬਾਜ਼ ਹੀ ਨਾ ਆਇਆ ਤਾਂ ਨੂਰ ਜਹਾਂ ਨੇ ਮੇਰੇ ਕੰਨ ਵਿੱਚ ਕਿਹਾ, “ਇਸ ਬੰਦੇ ਨੂੰ ਤਾਂ ਮਗਰੋਂ ਲਾਹ!

ਮੈਂ ਉਸ ਬੰਦੇ ਨੂੰ ਕਿਹਾ, “ਭਾਈ ਸਾਹਿਬ ! ਤਾਰੀਫ਼ ਜ਼ੁਬਾਨ ਨਾਲ ਕੀਤਿਆਂ ਹੀ ਕਾਫ਼ੀ ਹੁੰਦੀ ਹੈ, ਹੱਥਾਂ ਨਾਲ ਕਰਨੀ ਜ਼ਰੂਰੀ ਨਹੀਂ

ਉਹ ਉਪਾਸ਼ਕ ਝੇਪ ਗਿਆ ਤੇ ਥੋੜ੍ਹੀ ਦੇਰ ਪਿਛੋਂ ਆਪਣੀ ਥਾਂ ਤੋਂ ਉੱਠ ਬੈਠਾਉਸਦੇ ਜਾਣ ਦੀ ਦੇਰ ਸੀ, ਮੈਂ ਉਸਦੀ ਥਾਂ ਉੱਤੇ ਜਾ ਬੈਠਾਉਹ ਵਾਪਿਸ ਆਇਆ ਤਾਂ ਮੇਰੀ ਥਾਂ ਉੱਤੇ ਆ ਬੈਠਾਨੂਰ ਜਹਾਂ ਨੇ ਕੋਈ ਗੱਲ ਕੀਤੀ ਤਾਂ ਪ੍ਰਸੰਸਕ ਦੇ ਉਤਸ਼ਾਹ ਨੇ ਉਭਾਲਾ ਖਾਧਾ ਤੇ ਉਹ ਫੇਰ ਨੂਰ ਜਹਾਂ ਦੇ ਗੋਡਿਆਂ ਨੂੰ ਫੜ ਬੈਠਾਇਸ ਵਾਰ ਮੈਨੂੰ ਕੁਝ ਵਧੇਰੇ ਹੀ ਗੁੱਸਾ ਚੜ੍ਹਿਆਮੈਂ ਕਿਹਾ, “ਭਾਈ ਸਾਹਿਬ, ਜੇ ਤੁਸੀਂ ਆਪਣੇ ਗੋਡੇ ਨਹੀਂ ਤੁੜਾਉਣੇ ਤਾਂ ਆਪਣੇ ਹੱਥਾਂ ਨੂੰ ਜ਼ਰਾ ਸੰਭਾਲ ਕੇ ਰੱਖੋ!

----

ਮਹਿਫ਼ਲ ਬਰਖ਼ਾਸਤ ਹੋਈ ਤਾਂ ਉਹੀ ਪ੍ਰਸੰਸਕ ਬੇਧਿਆਨੀ ਨਾਲ ਸੜਕ ਪਾਰ ਕਰਦਾ ਹੋਇਆ ਇੱਕ ਕਾਰ ਦੀ ਲਪੇਟ ਵਿੱਚ ਆ ਗਿਆਉਸਦੀਆਂ ਦੋਵੇਂ ਲੱਤਾਂ ਟੁੱਟ ਗਈਆਂ

ਇਸੇ ਅੰਦਾਜ਼ ਵਿੱਚ ਹੀ ਇਕਬਾਲ ਮਾਹਲ ਨੂਰ ਜਹਾਂ ਦੀ ਜ਼ਿੰਦਗੀ ਨਾਲ ਸਬੰਧਤ ਇੱਕ ਹੋਰ ਹਾਸਰਸ ਭਰੀ ਘਟਨਾ ਦਾ ਜ਼ਿਕਰ ਕੁਝ ਇਸ ਤਰ੍ਹਾਂ ਕਰਦਾ ਹੈ:

ਨੂਰ ਜਹਾਂ ਆਉਣ ਵਾਲਿਆਂ ਨੂੰ ਬੜੇ ਨਿੱਘ ਨਾਲ ਮਿਲੀ; ਸ਼ਰਬਤ, ਚਾਹ ਤੇ ਲਾਹੌਰ ਵਿੱਚ ਬਣਨ ਵਾਲੀਆਂ ਖਾਸ ਮਠਿਆਈਆਂ ਨਾਲ ਉਹਨਾਂ ਦੀ ਟਹਿਲ ਸੇਵਾ ਕੀਤੀਚਾਹ ਪਾਣੀ ਤੋਂ ਵਿਹਲੇ ਹੋਣ ਪਿਛੋਂ ਹਿੰਦੁਸਤਾਨੀ ਯਾਤਰੀਆਂ ਦੀ ਫਰਮਾਇਸ਼ ਉਤੇ ਨੂਰ ਜਹਾਂ ਨੇ ਗੀਤ ਸੁਨਾਉਣ ਲਈ ਆਪਣੇ ਸਾਜ਼ਿੰਦੇ ਬੁਲਾ ਲਏਆਪਣਾ ਗੀਤ ਛੋਹਣ ਵੇਲੇ ਉਸਨੇ ਕਿਹਾ, “ਇਹ ਗੀਤ ਮੈਂ ਉਦੋਂ ਗਾਇਆ ਸੀ ਜਦੋਂ ਮੇਰਾ ਬੇਟਾ ਅਕਬਰ ਮੇਰੀ ਕੁੱਖ ਵਿੱਚ ਸੀ

ਦੂਸਰਾ ਗੀਤ ਸੁਨਾਉਣ ਲੱਗੀ ਤਾਂ ਉਸਨੇ ਕਿਹਾ, “ਇਹ ਗੀਤ ਮੈਂ ਉਦੋਂ ਗਾਇਆ ਸੀ ਜਦੋਂ ਮੇਰੀ ਬੇਟੀ ਹੁਮਾਅ ਮੇਰੇ ਪੇਟ ਅੰਦਰ ਧੜਕ ਰਹੀ ਸੀ

----

ਜਦੋਂ ਨੂਰ ਜਹਾਂ ਨੇ ਤੀਸਰਾ ਗੀਤ ਗਾਉਣ ਵੇਲੇ ਆਪਣੇ ਬੇਟੇ ਅਸਗਰ ਦੇ ਪੇਟ ਵਿੱਚ ਹੋਣ ਦੀ ਗੱਲ ਕੀਤੀ ਤਾਂ ਇੱਕ ਲੇਖਕ ਯਾਤਰੂ ਤੋਂ ਰਹਿ ਨਾ ਹੋਇਆ ਉਸਨੇ ਕਿਹਾ, “ ਮੈਡਮ ਕੋਈ ਅਜਿਹਾ ਗੀਤ ਵੀ ਸੁਨਾਓ ਜਿਹੜਾ ਉਦੋਂ ਗਾਇਆ ਹੋਵੇ ਜਦੋਂ ਤੁਹਾਡਾ ਪੇਟ ਖਾਲੀ ਸੀ

ਠਹਾਕਿਆਂ ਵਿਚਕਾਰ ਨੂਰ ਜਹਾਂ ਕਹਿਣ ਲੱਗੀ, “ਖਾਲੀ ਪੇਟ ਵਾਲੇ ਗੀਤ ਮੈਂ ਬੰਬਈ ਵਿੱਚ ਗਾ ਆਈ ਸੋ ਗਾ ਆਈ, ਏਧਰ ਆ ਕੇ ਤਾਂ ਮਾਸ਼ਾ ਅੱਲਾ ਮੈਂ ਬਹੁਤੇ ਗੀਤ ਭਰੇ ਪੇਟ ਨਾਲ ਹੀ ਗਾਏ ਹਨ

ਪੰਜਾਬੀ ਗਾਇਕ ਆਸਾ ਸਿੰਘ ਮਸਤਾਨਾ ਬਾਰੇ ਲਿਖੇ ਰੇਖਾ ਚਿੱਤਰ ਮੀਲ ਪੱਥਰਵਿੱਚ ਇਕਬਾਲ ਮਾਹਲ ਸੰਜੀਦਾ ਗਾਇਕੀ ਦੇ ਮਸਲੇ ਵੱਲ ਵੀ ਧਿਆਨ ਦੁਆਂਦਾ ਹੈ:

ਇਸ ਗੱਲ ਨੂੰ ਆਸਾ ਸਿੰਘ ਮਸਤਾਨਾਦੀ ਬਹਾਦਰੀ ਹੀ ਕਹਿਣਾ ਚਾਹੀਦਾ ਹੈ ਕਿ ਪੰਜਾਬੀ ਭਾਈਚਾਰੇ ਵੱਲੋਂ ਮਿਆਰੀ ਗੀਤਾਂ ਲਈ ਕੋਈ ਪ੍ਰੇਰਨਾ-ਜਨਕ ਹੁੰਗਾਰਾ ਨਾ ਮਿਲਣ ਦੇ ਬਾਵਜੂਦ, ਉਹ ਗਾਇਕੀ ਦੇ ਆਪਣੇ ਚੁਣੇ ਰਾਹ ਤੋਂ ਰਤਾ ਨਹੀਂ ਥਿੜਕਿਆ

----

ਅਸੀਂ ਸੰਜੀਦਾ ਗਾਇਕੀ ਦਾ ਕਿੰਨਾ ਕੁ ਮੁੱਲ ਪਾਉਂਦੇ ਹਾਂ, ਇਸਦਾ ਤਜਰਬਾ ਮੈਨੂੰ ਉਦੋਂ ਹੋਇਆ ਜਦੋਂ ਟਰਾਂਟੋ ਵਿੱਚ ਇੱਕ ਗੁਰਦਵਾਰੇ ਦੇ ਪ੍ਰਬੰਧਕਾਂ ਨੇ ਮੇਰੇ ਰਾਹੀਂ ਮਸਤਾਨੇ ਨੂੰ ਬੁਲਾਇਆਮਸਤਾਨਾਗੁਰਦਵਾਰੇ ਪਹੁੰਚਿਆ ਤਾਂ ਸੰਗਤ ਚੰਗੀ ਜੁੜੀ ਹੋਈ ਸੀਮਸਤਾਨੇ ਨੇ ਸ਼ਬਦ ਗਾਇਆ, ‘ਮਾਧੋ ਹਮ ਐਸੇ ਤੂੰ ਐਸਾ

ਗੁਰਬਾਣੀ ਦੇ ਇਸ ਸ਼ਬਦ ਵਿੱਚ ਖਾਸ ਤਰ੍ਹਾਂ ਦੀ ਅਧਿਆਤਮਕ ਧੂਅ ਹੈਮਸਤਾਨੇ ਨੇ ਇਹ ਸ਼ਬਦ ਗਾਇਆ ਵੀ ਬੜੇ ਦਰਦ ਨਾਲ ਪਰ ਇਸ ਸ਼ਬਦ ਉਤੇ ਉਸ ਨੂੰ ਸ਼ਰਧਾਲੂਆਂ ਵੱਲੋਂ ਦੋ ਦੋ ਡਾਲਰ ਦੇ ਨੋਟ ਹੀ ਇਨਾਮ ਵਿੱਚ ਮਿਲੇਮਸਤਾਨਾਬੜਾ ਮਾਯੂਸ ਹੋਇਆਮੈਂ ਕੋਲੋਂ ਉੱਠਕੇ ਉਸਦੇ ਕੰਨ ਵਿੱਚ ਕਿਹਾ, “ਜੇ ਭੇਟਾ ਚਾਹੁੰਦੇ ਹੋ, ਕੋਈ ਜਜ਼ਬਾਤੀ ਚੀਜ਼ ਸੁਣਾਓ

----

ਮਸਤਾਨਾਮੇਰੀ ਗੱਲ ਸਮਝ ਗਿਆਉਸਨੇ ਚਰਨ ਸਿੰਘ ਸਫ਼ਰੀਦੀ ਕਵਿਤਾ ਸੁਣਾਉਣੀ ਸ਼ੁਰੂ ਕੀਤੀ, “ਨਾਂਵੇਂ ਗੁਰੂ ਜਦ ਕਤਲਗਾਹ ਚ ਆਏ, ਜੱਲਾਦਾਂ ਨੂੰ ਤੱਕ ਕੇ ਬੜੇ ਮੁਸਕਰਾਏਇਸ ਕਵਿਤਾ ਦੇ ਪਹਿਲੇ ਮਿਸਰੇ ਉਤੇ ਹੀ ਪੰਜ ਪੰਜ ਦੇ ਨੋਟਾਂ ਦਾ ਮੀਂਹ ਵਰ੍ਹਨ ਲੱਗਾਅਖੀਰ ਉਤੇ ਜਦੋਂ ਭੇਟ ਹੋਈ ਮਾਇਆ ਮਸਤਾਨੇ ਨੇ ਗਿਣੀ ਤਾਂ ਇਹ 300 ਡਾਲਰ ਤੋਂ ਵੱਧ ਸੀ

----

ਧਾਰਮਿਕ ਕੱਟੜਵਾਦ, ਅਕਸਰ, ਗਾਇਕਾਂ ਅਤੇ ਸੰਗੀਤਕਾਰਾਂ ਉੱਤੇ ਆਪਣੀ ਧੌਂਸ ਜਮਾਉਣ ਦੀਆਂ ਕੋਸ਼ਿਸ਼ਾਂ ਕਰਦਾ ਰਹਿੰਦਾ ਹੈਪੰਜਾਬ, ਇੰਡੀਆ ਵਿੱਚ ਚੱਲੀ ਧਾਰਮਿਕ ਕੱਟੜਵਾਦ ਦੀ ਹਨ੍ਹੇਰੀ ਦੌਰਾਨ ਧਾਰਮਿਕ ਕੱਟੜਵਾਦੀਆਂ ਨੇ ਅਨੇਕਾਂ ਪੰਜਾਬੀ ਗਾਇਕਾਂ, ਸੰਗੀਤਕਾਰਾਂ, ਰੰਗਮੰਚ ਕਰਮੀਆਂ, ਸਾਹਿਤਕਾਰਾਂ ਅਤੇ ਪੱਤਰਕਾਰਾਂ ਦੇ ਕਤਲ ਕਰ ਦਿੱਤੇ ਸਨਪ੍ਰਸਿੱਧ ਸੰਗੀਤਕਾਰ ਐਸ. ਮੁਹਿੰਦਰ ਬਾਰੇ ਲਿਖੇ ਰੇਖਾ ਚਿੱਤਰ ਸੁਰਾਂ ਦਾ ਸਰਦਾਰਵਿੱਚ ਇਕਬਾਲ ਮਾਹਲ ਧਾਰਮਿਕ ਕੱਟੜਵਾਦੀਆਂ ਦੇ ਸੰਗੀਤ ਅਤੇ ਸੰਗੀਤਕਾਰਾਂ ਵੱਲ ਦਿਖਾਏ ਜਾਂਦੇ ਕੱਟੜਵਾਦੀ ਵਤੀਰੇ ਵੱਲ ਧਿਆਨ ਦੁਆਂਦਾ ਹੈ:

ਸੰਗੀਤ ਰਚਨਾ ਕਵਿਤਾ ਵਾਂਗ ਇੱਕ ਅਸਚਰਜ ਵਰਤਾਰਾ ਹੈਇੱਕ ਵਾਰ ਐਸ. ਮੁਹਿੰਦਰ ਬੰਬਈ ਦੀ ਕਿਸੇ ਬਾਰ ਵਿੱਚ ਬੈਠਾ ਦੋਸਤਾਂ ਨਾਲ ਦਾਰੂ ਪੀ ਰਿਹਾ ਸੀ ਕਿ ਅਚਨਚੇਤ ਇੱਕ ਸ਼ਬਦ ਦੀ ਖੂਬਸੂਰਤ ਧੁਨ ਉਸਦੇ ਦਿਮਾਗ਼ ਵਿੱਚ ਗੂੰਜਣ ਲੱਗੀਇਹ ਧੁਨ ਉਸਨੇ ਉਸੇ ਵੇਲੇ ਟੈਲੀਫੋਨ ਉਤੇ ਆਸ਼ਾ ਭੌਂਸਲੇ ਨੂੰ ਸੁਣਾ ਦਿੱਤੀਅਗਲੇ ਦਿਨ ਉਹ ਸਵੇਰੇ ਉਠਿਆ ਤਾਂ ਅਸਲ ਧੁਨ ਉਸਦੇ ਦਿਮਾਗ਼ ਵਿੱਚੋਂ ਨਿਕਲ ਚੁੱਕੀ ਸੀਰਿਕਾਰਡਿੰਗ ਵੇਲੇ ਜਦੋਂ ਉਹ ਧੁਨ ਆਸ਼ਾ ਭੌਂਸਲੇ ਨੂੰ ਸਮਝਾਉਣ ਲੱਗਿਆ ਤਾਂ ਆਸ਼ਾ ਨੇ ਕਿਹਾ, “ਭਾਪਾ ਜੀ! ਰਾਤ ਵਾਲੀ ਧੁਨ ਐਸੇ ਨਹੀਂ ਥੀਫਿਰ ਆਸ਼ਾ ਨੇ ਉਹ ਤਰਜ਼ ਜੋ ਉਸਨੇ ਇੱਕ ਸ਼ਾਮ ਪਹਿਲਾਂ ਟੈਲੀਫੋਨ ਉੱਤੇ ਸਿੱਖੀ ਸੀ ਗੁਣ ਗੁਣਾ ਕੇ ਦੱਸੀਇਸ ਤਰ੍ਹਾਂ ਸਾਡੇ ਕੰਨਾਂ ਤੱਕ ਪੁੱਜਾ ਆਸ਼ਾ ਦੀ ਆਵਾਜ਼ ਵਿੱਚ ਰਾਗ ਕਲਾਵਤੀ ਵਿੱਚ ਇੱਕ ਬਹੁਤ ਪਿਆਰਾ ਸ਼ਬਦ ਹੇ ਮਨ! ਐਸੋਂ ਕਰ ਸਨਿਆਸਾ

----

ਐਸ. ਮੁਹਿੰਦਰ ਨੇ ਜਦੋਂ ਇਹ ਗੱਲ ਸੁਣਾਈ ਤਾਂ ਕਹਿਣ ਲੱਗਿਆ, “ ਮੈਂ ਕਈ ਸਾਲ ਤੱਕ ਡਰਦਾ ਰਿਹਾ ਕਿ ਕਿਧਰੇ ਇਹ ਗੱਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕੰਨੀਂ ਨਾ ਪੈ ਜਾਏ ਕਿ ਮੈਨੂੰ ਪੀ ਕੇ ਸ਼ਬਦ ਦੀ ਧੁਨ ਸੁੱਝੀ ਸੀਇਹ ਨਾ ਹੋਵੇ ਉਹ ਮਾਣ ਸਨਮਾਨ ਦੇਣ ਦੀ ਬਜਾਏ ਉਲਟਾ ਇਹ ਫਤਵਾ ਦੇ ਦੇਣ ਕਿ ਇਹ ਸ਼ਖ਼ਸ ਤਨਖਾਹੀਆ ਹੈਲਾਓ ਪਾਬੰਧੀ ਇਹਦੇ ਗਵਾਏ ਸ਼ਬਦਾਂ ਉਤੇ ਤੇ ਸਾਫ਼ ਕਰਾਓ ਇਸ ਤੋਂ ਜੋੜੇ

ਪੰਜਾਬ ਦਾ ਇੱਕ ਮਸ਼ਹੂਰ ਡਾਕੂ ਜਗਤ ਸਿੰਘ ਜੱਗਾਬਾਹਦ ਵਿੱਚ ਇੱਕ ਲੋਕ-ਗਾਇਕ ਬਣਕੇ ਕਾਫੀ ਮਸ਼ਹੂਰ ਹੋਇਆਜਗਤ ਸਿੰਘ ਜਦੋਂ ਅਜੇ ਜੇਲ੍ਹ ਵਿੱਚ ਹੀ ਸੀ ਤਾਂ ਉਸਨੇ ਅਤੇ ਉਸਦੇ ਸਾਥੀਆਂ ਨੇ ਮਿਲਕੇ ਜੇਲ੍ਹ ਵਿੱਚ ਇੱਕ ਨਾਟਕ ਖੇਡਿਆ ਕਸ਼ਮੀਰਇਸ ਡਰਾਮੇ ਵਿੱਚ ਪਾਤਰ ਕਹਿੰਦੇ ਹਨ ਕਿ ਹਾਲਾਤ ਦਾ ਮਾਰਿਆ ਕੋਈ ਵਿਅਕਤੀ ਜੁਰਮ ਕਰ ਬੈਠਦਾ ਹੈਪਰ ਉਸਨੂੰ ਜਦੋਂ ਇਸ ਗਲਤੀ ਦੀ ਸੋਝੀ ਆਉਂਦੀ ਹੈ ਤਾਂ ਉਹ ਗ਼ਲਤ ਕੰਮ ਕਰਨੇ ਛੱਡਕੇ ਆਮ ਲੋਕਾਂ ਵਰਗੀ ਜ਼ਿੰਦਗੀ ਜਿਉਣੀ ਚਾਹੁੰਦੀ ਹੈ; ਪਰ ਸਮਾਜ ਉਨ੍ਹਾਂ ਨੂੰ ਅਜਿਹਾ ਕਰਨ ਦਾ ਮੌਕਾ ਹੀ ਨਹੀਂ ਦਿੰਦਾ

----

ਪੰਜਾਬੀ ਗਾਇਕਾ ਪ੍ਰਕਾਸ਼ ਕੌਰ ਬਾਰੇ ਲਿਖੇ ਰੇਖਾ ਚਿੱਤਰ ਸ਼ੌਂਕਣ ਮੇਲੇ ਦੀਵਿੱਚ ਇੱਕ ਵਾਰ ਫਿਰ ਇਕਬਾਲ ਮਾਹਲ ਹਾਸਰਸ ਦਾ ਛੱਟਾ ਦਿੰਦਾ ਹੈ:

ਬਾਹਰੋਂ ਘੰਟੀ ਵੱਜਦੀ ਤਾਂ ਪ੍ਰਕਾਸ਼ ਕੌਰ ਦਾ ਨੌਕਰ ਰਾਮੂ ਦਰਵਾਜ਼ਾ ਖੋਲ੍ਹ ਕੇ ਆਉਣ ਵਾਲੇ ਤੋਂ ਉਸਦਾ ਮੰਤਵ ਪੁੱਛਦਾਬੇਲੋੜੇ ਦਰਸ਼ਨ ਅਭਿਲਾਸ਼ੀਆਂ ਦੀ ਇਹ ਕਹਿਕੇ ਛੁੱਟੀ ਕਰ ਦਿੰਦਾ ਕਿ ਬੀਬੀ ਜੀ ਘਰ ਨਹੀਂਜੇ ਕੋਈ ਪ੍ਰੋਗਰਾਮ ਕਰਵਾਉਣ ਦਾ ਉਮੀਦਵਾਰ ਲਗਦਾ ਤਾਂ ਉਹ ਆਵਾਜ਼ ਦੇ ਕੇ ਦੱਸਦਾ, “ਦਰਸ਼ਨਾਂ ਲਈ ਆਏ ਹਨ

ਠੀਕ ਹੈ!ਰਾਮੂ ਨੂੰ ਹਦਾਇਤ ਮਿਲਦੀ

ਰਾਮੂ ਮਹਿਮਾਨ ਨੂੰ ਬੈਠਕ ਵਿਚ ਬਿਠਾ ਕੇ ਰਸੋਈ ਵਿਚ ਚਲਾ ਜਾਂਦਾ ਤੇ ਪ੍ਰਕਾਸ਼ ਕੌਰ ਦੂਸਰੇ ਕਮਰੇ ਵਿੱਚੋਂ ਬੈਠਕ ਵਿੱਚ ਆਉਂਦੀ

ਸੁਣਾਓ, ਕਿਵੇਂ ਆਉਣਾ ਹੋਇਆ?” ਪ੍ਰਕਾਸ਼ ਕੌਰ ਹੌਲੇ ਜਿਹੇ ਪੁੱਛਦੀ

ਜੇ ਮਹਿਮਾਨ ਕਹਿੰਦਾ, “ਜੀ ਮੈਂ ਤੁਹਾਨੂੰ ਅੰਬਾਲੇ ਸੁਣਿਆ ਸੀਦਿੱਲੀ ਆਇਆ ਸਾਂ, ਸੋਚਿਆ ਤੁਹਾਡੇ ਦਰਸ਼ਨ ਹੀ ਕਰ ਚੱਲਾਂ

ਪ੍ਰਕਾਸ਼ ਕੌਰ ਆਵਾਜ਼ ਦਿੰਦੀ, “ਰਾਮੂ! ਠੰਢੇ ਪਾਣੀ ਦਾ ਗਿਲਾਸ ਲਿਆਈਂ, ਸਰਦਾਰ ਸਾਹਿਬ ਨੂੰ ਪਿਆਸ ਲੱਗੀ ਹੋਣੀ ਐਂ

ਜੇ ਮਹਿਮਾਨ ਕਹਿੰਦਾ, “ਜੀ ਕਾਕੇ ਦੇ ਵਿਆਹ ਦੇ ਪ੍ਰੋਗਰਾਮ ਲਈ ਤੁਹਾਡੇ ਨਾਲ ਤਾਰੀਖ ਪੱਕੀ ਕਰਨ ਆਇਆ ਹਾਂਤਾਂ ਰਾਮੂ ਨੂੰ ਹੁਕਮ ਹੁੰਦਾ, “ਕਾਕਾ ! ਚਾਹ ਦਾ ਕੱਪ ਬਣਾ ਲਿਆ

ਜੇ ਮਹਿਮਾਨ ਜੇਬ ਵਿੱਚੋਂ ਕੁਝ ਰਕਮ ਕੱਢ ਕੇ ਪੇਸ਼ਗੀ ਵਜੋਂ ਦੇ ਦਿੰਦਾ ਤਾਂ ਪ੍ਰਕਾਸ਼ ਕੌਰ ਕਹਿੰਦੀ, ਰਾਮੂ ! ਚਾਹ ਦੇ ਨਾਲ ਗੁਲਾਬ ਜਾਮਨ ਵੀ ਲੈਂਦਾ ਆਵੀਂ

----

ਅੱਜ ਤੋਂ ਚਾਰ ਕੁ ਦਹਾਕੇ ਪਹਿਲਾਂ ਪੰਜਾਬ ਵਿੱਚ ਸੜਕਾਂ ਦੇ ਕੰਢੇ ਲੱਗੇ ਤੰਬੂਆਂ ਵਿੱਚ ਮੇਜ਼ ਡਾਹ ਕੇ ਰੈੱਡ ਕਰਾਸ ਦੀਆਂ ਲਾਟਰੀ ਦੀਆਂ ਟਿਕਟਾਂ ਵੇਚਣ ਵਾਲਿਆਂ ਦੇ ਲਾਊਡ ਸਪੀਕਰਾਂ ਵਿੱਚੋਂ ਜਿਸ ਪੰਜਾਬੀ ਗਾਇਕ ਦਾ ਗੀਤ ਸਭ ਤੋਂ ਵੱਧ ਵੱਜਦਾ ਹੁੰਦਾ ਸੀ ਉਹ ਸੀ ਅੱਜਕੱਲ ਕੈਨੇਡਾ ਵਿੱਚ ਰਹਿ ਰਿਹਾ ਹਾਸਰਸ ਗਾਇਕ ਹਜ਼ਾਰਾ ਸਿੰਘ ਰਮਤਾਲੋਕ ਉਸ ਦੇ ਗੀਤ ਸੁਨਣ ਦੇ ਮਾਰੇ ਲਾਟਰੀ ਵੇਚਣ ਵਾਲੇ ਤੰਬੂਆਂ ਵਿੱਚ ਪਲ ਛਿਣ ਲਈ ਰੁਕਦੇ; ਪਰ ਬਿਨ੍ਹਾਂ ਕੋਈ ਟਿਕਟ ਖਰੀਦੇ ਉੱਥੋਂ ਹੱਸਦੇ ਹੋਏ ਤੁਰ ਜਾਂਦੇਉਨ੍ਹਾਂ ਦਿਨਾਂ ਵਿੱਚ ਹੁੰਦੇ ਕਵੀ ਦਰਬਾਰਾਂ ਵਿੱਚ ਹਾਸਰਸ ਦੇ ਕਵੀ ਭਾਈਆ ਈਸ਼ਰ ਸਿੰਘ ਈਸ਼ਰ ਜਿਹੇ ਕਵੀਆਂ ਦੀ ਬਹੁਤ ਚੜ੍ਹਤ ਹੁੰਦੀ ਸੀਹਾਸਰਸ ਦੇ ਅਜਿਹੇ ਪੰਜਾਬੀ ਕਵੀਆਂ ਦੀ ਇਹ ਖੂਬੀ ਹੁੰਦੀ ਸੀ ਕਿ ਉਨ੍ਹਾਂ ਨੇ ਆਪਣੀ ਸਾਰੀ ਕਵਿਤਾ ਵਿੱਚ ਆਪਣਾ ਹੀ ਮਜ਼ਾਕ ਉਡਾਇਆ ਹੁੰਦਾ ਸੀਜਨਤਕ ਇਕੱਠ ਵਿੱਚ ਲੋਕਾਂ ਨੂੰ ਹਸਾਉਣ ਲਈ ਆਪਣੇ ਆਪਨੂੰ ਹੀ ਹਾਸੇ-ਠੱਠੇ ਦਾ ਵਿਸ਼ਾ ਬਨਾਉਣ ਲਈ ਬੜੀ ਜੁਅਰਤ ਦੀ ਲੋੜ ਹੁੰਦੀ ਹੈਹਰ ਕੋਈ ਏਨਾ ਜੁਅਰਤ ਭਰਿਆ ਕੰਮ ਨਹੀਂ ਕਰ ਸਕਦਾਉਹੀ ਕਵੀ/ਗਾਇਕ ਅਜਿਹੇ ਮੌਕਿਆਂ ਉੱਤੇ ਲੋਕਾਂ ਵੱਲੋਂ ਸਭ ਤੋਂ ਵੱਧ ਸਵੀਕਾਰਿਆ ਜਾਂਦਾ ਹੈ ਜਿਸਨੂੰ ਆਪਣੀਆਂ ਲਿਖਤਾਂ ਵਿੱਚ ਆਪਣੇ ਆਪਨੂੰ ਹਾਸੇ ਠੱਠੇ ਦਾ ਵਿਸ਼ਾ ਬਨਾਉਣ ਦਾ ਸਲੀਕਾ ਆਉਂਦਾ ਹੋਵੇਹਜ਼ਾਰਾ ਸਿੰਘ ਰਮਤਾ ਨੇ ਵੀ ਇਹ ਗੱਲ ਭਾਈਆ ਈਸ਼ਰ ਸਿੰਘ ਈਸ਼ਰ ਤੋਂ ਹੀ ਸਿੱਖੀ ਸੀਜੋ ਕਿ ਉਨ੍ਹਾਂ ਸਮਿਆਂ ਵਿੱਚ ਸਭ ਤੋਂ ਵੱਧ ਸਵੀਕਾਰਿਆ ਹੋਇਆ ਹਾਸਰਸ ਦਾ ਕਵੀ ਸੀ

----

ਹਾਸਰਸ ਗਾਇਕ ਵਜੋਂ ਲੋਕ ਰਮਤੇ ਦੇ ਗਾਏ ਗੀਤ ਸੁਣ ਸੁਣਕੇ ਹੱਸਦੇ ਰਹੇ ਅਤੇ ਉਸਨੇ ਆਪਣੀ ਅਜਿਹੀ ਗਾਇਕੀ ਸਦਕਾ ਬਥੇਰਾ ਪੈਸਾ ਕਮਾਇਆ ਅਤੇ ਮਾਨ-ਸਨਮਾਨ ਵੀਪਰ ਕੈਨੇਡਾ ਆ ਕੇ ਜਦੋਂ ਉਸਨੂੰ ਰੋਟੀ-ਰੋਜ਼ੀ ਦੀ ਤਲਾਸ਼ ਵਿੱਚ ਥਾਂ ਥਾਂ ਭਟਕਣਾ ਪਿਆ ਅਤੇ ਤਲਖ ਹਕੀਕਤਾਂ ਦਾ ਸਾਹਮਣਾ ਕਰਨਾ ਪਿਆ ਤਾਂ ਉਸਦੀ ਹਾਲਤ ਰਾਜ ਕਪੂਰ ਦੀ ਫਿਲਮ ਮੇਰਾ ਨਾਮ ਜੋਕਰਦੇ ਜੋਕਰ ਵਰਗੀ ਹੀ ਸੀਹਜ਼ਾਰਾ ਸਿੰਘ ਰਮਤਾ ਬਾਰੇ ਲਿਖੇ ਰੇਖਾ ਚਿੱਤਰ ਅਲੀਗੜ੍ਹ ਦਾ ਯੂਨੀਵਰਸਿਟੀਵਿੱਚ ਇਕਬਾਲ ਮਾਹਲ ਲਿਖਦਾ ਹੈ:

ਟਰਾਂਟੋ ਵਿੱਚ ਰਮਤਾ ਟਿਕ ਤਾਂ ਗਿਆ ਪਰ ਕਰਦਾ ਕੀ? ਕਿਸੇ ਮਿੱਤਰ ਨੇ ਇੱਕ ਪਟਰੋਲ ਪੰਪ ਉਤੇ ਕੰਮ ਲੱਭ ਦਿੱਤਾਰਮਤਾ ਪਹਿਲੇ ਦਿਨ ਕੰਮ ਲਈ ਗਿਆਅਟੈਨਸ਼ਨ ਹੋ ਕੇ ਖੜ੍ਹਾ ਸੀ ਕਿ ਦਸਤਾਰਬੰਦ ਭਾਈ ਸਾਹਿਬ ਪਟਰੋਲ ਪੁਆਉਣ ਲਈ ਆਏਰਮਤੇ ਨੇ ਪਟਰੋਲ ਪਾਇਆ, ਤੇ ਪ੍ਰਭਾਵ ਪਾਉਣ ਲਈ ਕਾਰ ਦਾ ਮੋਹਰਲਾ ਸ਼ੀਸ਼ਾ (ਵਿੰਡਸਕਰੀਨ) ਸਾਫ਼ ਕਰਨ ਲੱਗ ਪਿਆਖੁਸ਼ ਹੋ ਕੇ ਸਰਦਾਰ ਸਾਹਿਬ ਨੇ ਕੁਝ ਸੈਂਟ ਟਿੱਪ ਵਜੋਂ ਰਮਤੇ ਦੀ ਤਲੀ ਉਥੇ ਰੱਖੇਕਾਰ ਵਾਲਾ ਤਾਂ ਚਲਾ ਗਿਆ ਪਰ ਰਮਤੇ ਦੀਆਂ ਅੱਖਾਂ ਵਿੱਚੋਂ ਪਰਲ ਪਰਲ ਅੱਥਰੂ ਵਗ ਤੁਰੇਕਿਥੇ ਹਜ਼ਾਰਾਂ ਦੀ ਗਿਣਤੀ ਵਿੱਚ ਰਮਤੇ ਦੀ ਹਾਸਰਸ ਭਰੀ ਆਵਾਜ਼ ਨੱਚਦੀ, ਲੋਕ ਕਿਲਕਾਰੀਆਂ ਮਾਰਦੇਸਾਰੇ ਪਾਸੇ ਬਹਿ ਜਾ ਬਹਿ ਜਾ ਹੁੰਦੀਉਹ ਠੋਕ ਕੇ ਲਈ ਆਪਣੀ ਫੀਸ ਜੇਬ ਵਿਚ ਪਾਉਂਦਾ, ਅਤੇ ਪੈੱਗ ਅੰਦਰ ਸਿੱਟਦਾਇਹ ਸਭ ਕੁਝ ਆਪਣੇ ਦੇਸ ਵਿੱਚ ਵਾਪਰਦਾ ਸੀਉਹ ਆਪਣੇ ਆਪ ਨੂੰ ਕਈ ਵਾਰੀ ਫਿਟਕਾਰਦਾ, “ਲੈ ਲਿਆ ਸੁਆਦ ਕੈਨੇਡਾ ਦਾ”, ਪਰ ਹੁਣ ਕੀ ਹੋ ਸਕਦਾ ਸੀ?

----

ਸੁਰਾਂ ਦੇ ਸੁਦਾਗਰਪੁਸਤਕ ਵਿੱਚ ਤਿੰਨ ਹੋਰ ਨਾਮਵਰ ਪੰਜਾਬੀ ਗਾਇਕਾਂ ਦੇ ਰੇਖਾ ਚਿੱਤਰ ਵੀ ਪੇਸ਼ ਕੀਤੇ ਗਏ ਹਨਉਹ ਗਾਇਕ ਹਨ: ਸ਼ੌਕਤ ਅਲੀ, ਰੇਸ਼ਮਾ ਅਤੇ ਗੁਰਦਾਸ ਮਾਨਇਨ੍ਹਾਂ ਤਿੰਨਾਂ ਪੰਜਾਬੀ ਗਾਇਕਾਂ ਨੇ ਹੀ ਪੰਜਾਬੀ ਸਰੋਤਿਆਂ ਦੇ ਦਿਲਾਂ ਵਿੱਚ ਆਪਣੀ ਵਿਸ਼ੇਸ਼ ਥਾਂ ਬਣਾਈ ਹੋਈ ਹੈ.

ਸਾਂਝਾਂ ਦਾ ਪੁਲਰੇਖਾ ਚਿੱਤਰ ਵਿੱਚ ਸ਼ੌਕਤ ਅਲੀ ਬੜੇ ਮਾਣ ਨਾਲ ਕਹਿੰਦਾ ਹੈ, “ਮੈਂ ਦੁਨੀਆਂ ਵਿੱਚ ਪੰਜਾਬ ਦੀ ਆਵਾਜ਼ਕਹਾਉਂਦਾ ਹਾਂ; ਮੇਰੇ ਲਈ ਇਸ ਨਾਲੋਂ ਵੱਧ ਫ਼ਖਰ ਦੀ ਗੱਲ ਹੋਰ ਕੀ ਹੋ ਸਕਦੀ ਹੈ

ਪੰਜਾਬੀ ਬੋਲੀ, ਪੰਜਾਬੀ ਸਭਿਆਚਾਰ ਅਤੇ ਪੰਜਾਬੀ ਗਾਇਕੀ ਨਾਲ ਸ਼ੌਕਤ ਅਲੀ ਨੂੰ ਕਿੰਨਾ ਮੋਹ ਹੈ, ਉਹ ਇਸ ਗੱਲ ਨੂੰ ਛੁਪਾ ਕੇ ਨਹੀਂ ਰੱਖਣਾ ਚਾਹੁੰਦਾਉਸਦੇ ਦਿਲ ਵਿੱਚ ਜੋ ਕੁਝ ਹੈ ਉਹ ਗੱਲ ਬਿਨਾਂ ਝਿਜਕ ਉਸਦੇ ਹੋਠਾਂ ਉੱਤੇ ਆ ਜਾਂਦੀ ਹੈ:

ਮੈਂ ਗਾਇਕੀ ਦੇ ਮੈਦਾਨ ਵਿੱਚ ਕਦਮ ਰੱਖਿਆ ਹੀ ਇਹ ਸੋਚਕੇ ਸੀ ਕਿ ਮੈਂ ਆਪਣੀ ਮਾਂ-ਬੋਲੀ ਦੀ ਖਿਦਮਤ ਕਰਨੀ ਹੈਪੰਜਾਬੀ ਮੈਨੂੰ ਆਪਣੀ ਮਾਂ ਤੋਂ ਗੁੜ੍ਹਤੀ ਵਿੱਚ ਮਿਲੀ ਹੈ, ਅਤੇ ਕਿੰਨਾ ਵੱਡਾ ਅਦਬੀ ਖ਼ਜ਼ਾਨਾ ਸਾਡੀ ਇਸ ਜ਼ੁਬਾਨ ਕੋਲ ਹੈਮੈਨੂੰ ਇਸ ਗੱਲ ਦੀ ਬੇਹੱਦ ਤਸੱਲੀ ਤੇ ਖੁਸ਼ੀ ਹੈ ਕਿ ਸਾਡੇ ਦੋਹਾਂ ਪੰਜਾਬਾਂ ਨੇ, ਅਤੇ ਦੁਨੀਆਂ ਭਰ ਵਿੱਚ ਵਸੇ ਪੰਜਾਬੀ ਦੋਸਤਾਂ ਨੇ ਮੈਨੂੰ ਪੰਜਾਬੀ ਗਾਇਕ ਵਜੋਂ ਕਬੂਲਿਆ ਹੈਇੰਨੀ ਮੁਹੱਬਤ ਤੇ ਸ਼ਾਬਾਸ਼ ਦਿੱਤੀ ਹੈ ਜਿਹੜੀ ਮੈਂ ਬਿਆਨ ਵੀ ਨਹੀਂ ਕਰ ਸਕਦਾ....ਇਕਬਾਲ ਭਾਈ ! ਫਾਈਵ ਸਟਾਰ ਹੋਟਲਾਂ ਵਿੱਚ ਜਦੋਂ ਲੋਕ ਮੂੰਹ ਬਣਾ ਕੇ ਉਰਦੂ ਬੋਲਦੇ ਹਨ ਤਾਂ ਮੈਂ ਪੰਜਾਬੀ ਵਿੱਚ ਗੱਲ ਕਰਦਾ ਹਾਂਇੱਕ ਤਰ੍ਹਾਂ ਨਾਲ ਮੈਂ ਉਹਨਾਂ ਨੂੰ ਦਸਦਾ ਹਾਂ ਕਿ ਆਪਣੀ ਮਾਂ-ਬੋਲੀ ਨੂੰ ਛੱਡਕੇ ਉਹ ਆਪਣੇ ਆਪਨੂੰ ਉੱਚੇ ਸਾਬਤ ਨਹੀਂ ਕਰਦੇ ਸਗੋਂ ਹੋਛੇ ਤੇ ਨੀਵੇਂ ਸਾਬਤ ਕਰਦੇ ਹਨ

-----

ਸ਼ੌਕਤ ਅਲੀ ਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਉਸਨੇ ਪੱਛਮੀ ਪੰਜਾਬ (ਪਾਕਿਸਤਾਨ) ਵਿੱਚ ਪੰਜਾਬੀ ਗਾਇਕੀ ਨੂੰ ਸ਼ਹਿਰੀ ਸਰੋਤਿਆਂ ਵਿੱਚ ਲਿਆਂਦਾ ਅਤੇ ਉਨ੍ਹਾਂ ਨੂੰ ਮਹਿਸੂਸ ਕਰਵਾਇਆ ਕਿ ਪੰਜਾਬੀ ਬੋਲੀ, ਇਸਦਾ ਸਾਹਿਤ ਅਤੇ ਇਸਦੀ ਗਾਇਕੀ ਕਿਸੇ ਹੋਰ ਬੋਲੀ ਨਾਲੋਂ ਘੱਟ ਰਸੀਲੀ ਅਤੇ ਘੱਟ ਅਮੀਰ ਨਹੀਂਸ਼ੌਕਤ ਅਲੀ ਦਾ ਪੰਜਾਬੀ ਬੋਲੀ ਅਤੇ ਸਭਿਆਚਾਰ ਲਈ ਮੋਹ, ਮਹਿਜ਼, ਦਿਖਾਵੇ ਲਈ ਹੀ ਨਹੀਂ; ਇਹ ਤਾਂ ਵਿਸ਼ਵਾਸ ਦਾ ਹਿੱਸਾ ਹੈਉਹ ਮੰਨਦਾ ਹੈ ਕਿ ਜਿਵੇਂ ਮਾਂ ਦਾ ਸਤਿਕਾਰ ਕਰਨਾ ਹਰ ਇਨਸਾਨ ਦਾ ਫਰਜ਼ ਹੈ, ਉਂਝ ਹੀ ਮਾਂ-ਬੋਲੀ ਦੀ ਸੇਵਾ ਕਰਨੀ ਹਰ ਕਲਾਕਾਰ ਦਾ ਪਹਿਲਾ ਫਰਜ਼ ਹੈ

----

1960-70 ਦੇ ਸਮੇਂ ਦਰਮਿਆਨ ਜਦੋਂ ਲਾਹੌਰ ਰੇਡੀਓ ਸਟੇਸ਼ਨ ਤੋਂ ਪ੍ਰਸਾਰਿਤ ਹੁੰਦੇ ਪੰਜਾਬੀ ਰੇਡੀਓ ਪ੍ਰੋਗਰਾਮਾਂ ਵਿੱਚ ਦਿਲਾਂ ਨੂੰ ਧੂਹ ਪਾਉਣ ਵਾਲੀ ਆਵਾਜ਼ ਵਿੱਚ ਪਾਕਿਸਤਾਨ ਦੀ ਪੰਜਾਬੀ ਗਾਇਕਾ ਰੇਸ਼ਮਾ ਦੇ ਗੀਤ ਗੂੰਜਦੇ ਤਾਂ ਭਾਰਤੀ ਪੰਜਾਬ ਦੇ ਲੋਕ ਆਪਣੇ ਕੰਮ ਵਿੱਚ ਵਿਚਾਲੇ ਛੱਡਕੇ ਪਲ ਭਰ ਲਈ ਰੁਕ ਜਾਂਦੇ ਅਤੇ ਉਦੋਂ ਤੱਕ ਕੋਈ ਕੰਮ ਨ ਕਰਦੇ ਜਦੋਂ ਤੱਕ ਰੇਸ਼ਮਾ ਦਾ ਗੀਤ ਖਤਮ ਨ ਹੋ ਜਾਂਦਾਉਨ੍ਹਾਂ ਨੂੰ ਜਾਪਦਾ ਜਿਵੇਂ ਸਰਹੱਦ ਪਾਰੋਂ ਕੋਈ ਆਵਾਜ਼ ਉਨ੍ਹਾਂ ਨੂੰ ਬੁਲਾ ਰਹੀ ਹੋਵੇਇਸ ਤਰ੍ਹਾਂ ਰੇਸ਼ਮਾ ਦੀ ਆਵਾਜ਼ ਦੋਹਾਂ ਪੰਜਾਬਾਂ ਦੇ ਲੋਕਾਂ ਵਿੱਚ ਸਾਂਝਾਂ ਦੇ ਪੁਲ ਉਸਾਰਦੀ ਜਾਂਦੀ; ਭਾਵੇਂ ਕਿ ਦੋਹਾਂ ਦੇਸ਼ਾਂ, ਇੰਡੀਆ ਅਤੇ ਪਾਕਿਸਤਾਨ, ਦੇ ਭਰਿਸ਼ਟ ਰਾਜਨੀਤੀਵਾਨ ਆਪਣੇ ਨਿੱਜੀ ਮੁਫ਼ਾਦਾਂ ਖਾਤਿਰ ਇੱਕ ਦੂਜੇ ਦੇ ਵਿਰੁੱਧ ਜੰਗ ਦੇ ਭਾਂਬੜ ਬਾਲਣ ਲਈ ਕੋਈ ਵੀ ਮੌਕਾ ਹੱਥੋਂ ਨਾ ਗਵਾਉਂਦੇ

----

ਸੁਰਾਂ ਦੇ ਸੁਦਾਗਰਪੁਸਤਕ ਵਿੱਚ ਸਭ ਤੋਂ ਆਖਰੀ ਰੇਖਾ ਚਿੱਤਰ ਪੰਜਾਬੀ ਦੇ ਚਰਚਿਤ ਗਾਇਕ ਗੁਰਦਾਸ ਮਾਨ ਦਾ ਹੈ. ਗੁਰਦਾਸ ਮਾਨ ਲੋਕ-ਗਾਇਕਾਂ ਵਾਂਗ ਆਪਣੀ ਗਾਇਕੀ ਦੇ ਨਾਲ ਡੱਫਲੀ ਸਾਜ਼ ਦੀ ਵਰਤੋਂ ਕਰਦਾ ਹੈਗੁਰਦਾਸ ਮਾਨ ਵੀ ਪੰਜਾਬੀ ਬੋਲੀ ਅਤੇ ਪੰਜਾਬੀ ਸਭਿਆਚਾਰ ਨੂੰ ਪੂਰੀ ਤਰ੍ਹਾਂ ਪਰਣਾਇਆ ਹੋਇਆ ਪੰਜਾਬੀ ਗਾਇਕ ਹੈਇੱਕ ਚੇਤੰਨ ਅਤੇ ਜਾਗਰੂਕ ਪੰਜਾਬੀ ਗਾਇਕ ਹੋਣ ਕਰਕੇ, ਮਹਿਜ਼ ਪੈਸਾ ਕਮਾਉਣ ਖਾਤਰ ਉਹ ਕਦੀ ਵੀ ਪੰਜਾਬੀ ਸਭਿਆਚਾਰ ਦੀਆਂ ਉੱਚੀਆਂ ਸੁੱਚੀਆਂ ਕਦਰਾਂ-ਕੀਮਤਾਂ ਨੂੰ ਆਪਣੇ ਪੈਰਾਂ ਥੱਲੇ ਨਹੀਂ ਰੋਲਦਾਸ਼ਾਇਦ, ਇਹੀ ਕਾਰਨ ਹੈ ਕਿ ਦੇਸ-ਬਦੇਸ ਵਿੱਚ ਪੰਜਾਬੀ ਗਾਇਕੀ ਦੇ ਸਰੋਤੇ ਗੁਰਦਾਸ ਮਾਨ ਦੀ ਗਾਇਕੀ ਦੇ ਪ੍ਰੋਗਰਾਮਾਂ ਵਿੱਚ ਵਹੀਰਾਂ ਘੱਤ ਕੇ ਪਹੁੰਚਦੇ ਹਨਗੁਰਦਾਸ ਮਾਨ, ਪੰਜਾਬੀ ਬੋਲੀ, ਪੰਜਾਬ ਅਤੇ ਪੰਜਾਬੀ ਸਭਿਆਚਾਰ ਦਾ ਮਾਣ ਹੈ

----

ਗੁਰਦਾਸ ਮਾਨ ਵੀ ਅਜੋਕੇ ਸਮਿਆਂ ਵਿੱਚ ਟੀਵੀ ਮਾਧਿਅਮ ਦੀ ਸ਼ਕਤੀ ਨੂੰ ਮੰਨਦਾ ਹੈਬਾਬਿਆਂ ਦੀ ਫੁਲ ਕਿਰਪਾਰੇਖਾ ਚਿੱਤਰ ਵਿੱਚ ਗੁਰਦਾਸ ਮਾਨ ਕਹਿੰਦਾ ਹੈ:

ਇਹ ਸੱਚਾਈ ਹੈ ਕਿ ਜੋ ਵੀ ਮੈਂ ਅੱਜ ਹਾਂ, ਇਸ ਵਿੱਚ ਟੀਵੀ ਦਾ ਬਹੁਤ ਵੱਡਾ ਹੱਥ ਹੈਮੈਂ ਹੁਣ ਵੀ ਜਦੋਂ ਕਿਸੀ ਟੀਵੀ ਸਟੇਸ਼ਨ ਉੱਤੇ ਰਿਕਾਰਡਿੰਗ ਲਈ ਜਾਂਦਾ ਹਾਂ, ਜਲੰਧਰ ਹੋਵੇ ਜਾਂ ਦਿੱਲੀ ਤੇ ਜਾਂ ਮਦਰਾਸ, ਮੈਂ ਉਸ ਸਟੇਜ ਨੂੰ ਪ੍ਰਣਾਮ ਕਰਦਾ ਹਾਂ

ਗੁਰਦਾਸ ਮਾਨ ਜਿੰਨੇ ਵੀ ਗੀਤ ਗਾਉਂਦਾ ਹੈ ਉਸਦੇ ਆਪਣੇ ਹੀ ਲਿਖੇ ਹੁੰਦੇ ਹਨਉਸਦੇ ਗੀਤਾਂ ਵਿੱਚ ਲਹਿਰਾਂਦੀਆਂ ਫਸਲਾਂ, ਮਿੱਟੀ ਦੀ ਮਹਿਕ, ਵੰਗਾਂ ਦੀ ਛਣਕਾਰ ਅਤੇ ਪੰਜਾਬੀ ਬੋਲੀ ਅਤੇ ਸਭਿਆਚਾਰ ਲਈ ਪਿਆਰ ਦਾ ਇਜ਼ਹਾਰ ਹੁੰਦਾ ਹੈਉਸਦੇ ਗੀਤ ਸਮਾਜੀ ਚੇਤਨਾ ਦੀ ਵੀ ਗੱਲ ਕਰਦੇ ਹਨਉਸਦੀ ਗਾਇਕੀ ਵਿੱਚ ਕਿਸੀ ਤਰ੍ਹਾਂ ਦੀ ਧਾਰਮਿਕ ਕੱਟੜਤਾ, ਕਿਸੇ ਸੌੜੀ ਸੋਚ, ਕਿਸੇ ਤੰਗ ਦਿਲੀ ਲਈ ਕੋਈ ਥਾਂ ਨਹੀਂਇਹੀ ਕਾਰਨ ਹੈ ਕਿ ਉਹ ਆਪਣੇ ਸਰੋਤਿਆਂ ਦੇ ਦਿਲਾਂ ਵਿੱਚ ਬੜੀ ਆਸਾਨੀ ਨਾਲ ਥਾਂ ਬਣਾ ਲੈਂਦਾ ਹੈ

----

ਗੁਰਦਾਸ ਮਾਨ ਬਾਰੇ ਚਰਚਾ ਇਕਬਾਲ ਮਾਹਲ ਵੱਲੋਂ ਲਿਖੇ ਇਨ੍ਹਾਂ ਸ਼ਬਦਾਂ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ:

ਇਹ ਠੀਕ ਹੈ ਕਿ ਇੱਕ ਪੇਸ਼ਾਵਰ ਗਾਇਕ ਵਜੋਂ ਉਸਦਾ ਮੁੱਖ ਕੰਮ ਆਪਣੇ ਸਰੋਤਿਆਂ ਦਾ ਮਨੋਰੰਜਨ ਕਰਨਾ ਹੈ, ਪਰ ਅਜਿਹਾ ਕਰਦਿਆਂ ਇੱਕ ਕਲਾਕਾਰ ਵਜੋਂ ਉਹ ਇਨਸਾਨੀ ਬਰਾਬਰੀ, ਆਪਣੀ ਧਰਤੀ ਤੇ ਦੇਸ਼ ਵੱਲ ਆਪਣੀਆਂ ਜ਼ਿੰਮੇਵਾਰੀਆਂ ਨੂੰ ਭੁੱਲਦਾ ਨਹੀਂਜਦ ਨਫ਼ਰਤ ਜਾਂ ਤੁਅੱਸਬ ਦੀ ਕੋਈ ਮਨਹੂਸ ਹਵਾ ਇਹਨਾਂ ਦੇ ਪਿੰਡੇ ਅਤੇ ਰੂਹ ਨੂੰ ਲੂੰਹਦੀ ਹੈ ਤਾਂ ਉਹ ਇਹਨਾਂ ਲਈ ਰੋਂਦਾ ਹੈਪਿੱਛੇ ਜਿਹੇ ਜਦੋਂ ਪੰਜਾਬ ਵਿੱਚ ਨਫ਼ਰਤ ਦੇ ਜਨੂੰਨ ਦੀ ਹਨ੍ਹੇਰੀ ਝੁੱਲੀ ਤੇ ਬੇਦੋਸ਼ਾ ਲਹੂ ਡੁੱਲ੍ਹਾ ਤਾਂ ਉਹ ਉਜੜ ਰਹੀ ਪੰਜਾਬ ਦੀ ਧਰਤੀ ਲਈ ਰੋਇਆਮੈਂ ਧਰਤੀ ਪੰਜਾਬ ਦੀ ਲੋਕੋ ਵਸਦੀ ਉਜੜ ਗਈਗੀਤ ਉਸ ਸਮੇਂ ਦੇ ਹਾਲਾਤ ਪ੍ਰਤੀ ਉਸਦੇ ਧੁਰ ਅੰਦਰ ਦੀ ਹੂਕ ਹੈ

----

ਕੈਨੇਡੀਅਨ ਪੰਜਾਬੀ ਲੇਖਕ ਇਕਬਾਲ ਮਾਹਲ ਦੀ ਪੁਸਤਕ ਸੁਰਾਂ ਦੇ ਸੁਦਾਗਰਗਾਇਕਾਂ ਅਤੇ ਸੰਗੀਤਕਾਰਾਂ ਬਾਰੇ ਖ਼ੂਬਸੂਰਤ ਸ਼ਬਦਾਵਲੀ ਵਿੱਚ ਲਿਖੇ ਗਏ ਰੇਖਾ-ਚਿੱਤਰਾਂ ਦੀ ਇੱਕ ਦਿਲਚਸਪ ਪੁਸਤਕ ਹੈਨਿਰਸੰਦੇਹ, ਇਨ੍ਹਾਂ ਰੇਖਾ-ਚਿੱਤਰਾਂ ਰਾਹੀਂ ਇਕਬਾਲ ਮਾਹਲ ਇਨ੍ਹਾਂ ਗਾਇਕਾਂ ਅਤੇ ਸੰਗੀਤਕਾਰਾਂ ਨੂੰ ਸਾਂਝਾਂ ਦੇ ਪੁਲ ਵਜੋਂ ਪੇਸ਼ ਕਰਨ ਦੇ ਆਪਣੇ ਯਤਨਾਂ ਵਿੱਚ ਪੂਰੀ ਤਰ੍ਹਾਂ ਕਾਮਿਯਾਬ ਹੋਇਆ ਹੈਉਸਦਾ ਵਿਸ਼ਵਾਸ਼ ਹੈ ਕਿ ਅਜੋਕੇ ਸਮਿਆਂ ਵਿੱਚ ਭਰਿਸ਼ਟ ਰਾਜਨੀਤੀਵਾਨ, ਧਾਰਮਿਕ ਕੱਟੜਵਾਦੀ ਮੁੱਲਾਂ, ਹਥਿਆਰਾਂ ਲਈ ਵਿਸ਼ਵ ਮੰਡੀਆਂ ਢੂੰਡਦੇ ਜੰਗਬਾਜ਼ ਅਤੇ ਲਾਲਚ ਦੇ ਭਰੇ ਮੈਗਾ ਕੰਪਨੀਆਂ ਦੇ ਪ੍ਰਧਾਨ ਇੰਟਰਨੈੱਟ ਉੱਤੇ ਬੱਚਿਆਂ ਦੇ ਬਲਾਤਕਾਰ ਕਰਦੀਆਂ ਤਸਵੀਰਾਂ ਦਿਖਾ ਕੇ ਆਪਣੀਆਂ ਜੇਬਾਂ ਭਰਨ ਵਿੱਚ ਗਲਤਾਨ ਹਨ; ਪਰ ਲੋਕਾਂ ਦੇ ਦੁੱਖਾਂ ਦਰਦਾਂ ਨੂੰ ਸਮਝ ਸਮੁੱਚੀ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਆਪਣੇ ਗੀਤਾਂ ਅਤੇ ਗ਼ਜ਼ਲਾਂ ਦੀ ਪੇਸ਼ਕਾਰੀ ਕਰਕੇ ਗਾਇਕ ਅਤੇ ਸੰਗੀਤਕਾਰ ਵੱਖੋ ਵੱਖ ਰੰਗਾਂ, ਧਰਮਾਂ ਅਤੇ ਸਭਿਆਚਾਰਾਂ ਦੇ ਲੋਕਾਂ ਵਿੱਚ ਸਾਂਝਾਂ ਦੇ ਪੁਲ ਉਸਾਰਨ ਲਈ ਯਤਨਸ਼ੀਲ ਹਨ।


No comments: