ਗੁਰਦੇਵ ਚੌਹਾਨ ਦੀ 2009 ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਚਸ਼ਮਦੀਦ’ ਮੂਲ ਰੂਪ ਵਿੱਚ ਲੇਖਕਾਂ, ਆਲੋਚਕਾਂ ਅਤੇ ਕਲਾਕਾਰਾਂ ਦੇ ਰੇਖਾ-ਚਿੱਤਰਾਂ ਦੀ ਪੁਸਤਕ ਕਹੀ ਜਾ ਸਕਦੀ ਹੈ। ਭਾਵੇਂ ਕਿ ਉਸਨੇ ਵੀ ਕਿਤਾਬ ਦੇ ਅਖੀਰਲੇ ਹਿੱਸੇ ਵਿੱਚ ਕੁਝ ਕਿਤਾਬਾਂ ਬਾਰੇ ਲਿਖੇ ਆਪਣੇ ਨਿਬੰਧ ਵੀ ਸ਼ਾਮਿਲ ਕੀਤੇ ਹਨ। ਇਹ ਰੇਖਾ-ਚਿੱਤਰ ਕੈਨੇਡਾ, ਇੰਡੀਆ ਅਤੇ ਇੰਗਲੈਂਡ ਰਹਿ ਰਹੇ ਲੇਖਕਾਂ ਅਤੇ ਕਲਾਕਾਰਾਂ ਬਾਰੇ ਲਿਖੇ ਗਏ ਹਨ। ਇਸ ਪੁਸਤਕ ਵਿੱਚ ਸ਼ਾਮਿਲ ਕੀਤੀਆਂ ਗਈਆਂ ਕੁਝ ਲਿਖਤਾਂ ਵਿੱਚ ਅਜਿਹੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਜਿਸਤੋਂ ਪ੍ਰਭਾਵ ਬਣਦਾ ਹੈ ਜਿਵੇਂ ਕਿ ਉਹ ਲਿਖਤਾਂ, ਮਹਿਜ਼, ਯੂਨੀਵਰਸਿਟੀਆਂ ਵਿੱਚ ਐਮ.ਏ. ਜਾਂ ਪੀ.ਐਚ.ਡੀ. ਦੀਆਂ ਡਿਗਰੀਆਂ ਲਈ ਖੋਜ ਕਰਨ ਵਾਲੇ ਲੋਕਾਂ ਲਈ ਹੀ ਲਿਖੀਆਂ ਗਈਆਂ ਹੋਣ। ਕਿਉਂਕਿ ਉਨ੍ਹਾਂ ਲਿਖਤਾਂ ਦਾ ਸੁਭਾਅ ਅਤੇ ਸ਼ੈਲੀ ਇਸ ਪੁਸਤਕ ਵਿੱਚ ਸ਼ਾਮਿਲ ਕੀਤੇ ਗਏ ਵਧੇਰੇ ਰੇਖਾ-ਚਿੱਤਰਾਂ ਨਾਲ ਬਿਲਕੁਲ ਹੀ ਮੇਲ ਨਹੀਂ ਖਾਂਦੇ ਅਤੇ ਇੰਝ ਉਹ ਲਿਖਤਾਂ ਇਸ ਪੁਸਤਕ ਵਿੱਚ ਓਪਰੀਆਂ ਓਪਰੀਆਂ ਅਤੇ ਵਾਧੂ ਲੱਗਦੀਆਂ ਹਨ।
----
ਗੁਰਦੇਵ ਚੌਹਾਨ ਦੀ ਇਸ ਪੁਸਤਕ ਦੀ ਖਾਸ ਗੱਲ ਇਹ ਹੈ ਕਿ ਜਿੱਥੇ ਉਸਨੇ ਇਸ ਪੁਸਤਕ ਵਿੱਚ ਲੇਖਕਾਂ ਅਤੇ ਕਲਾਕਾਰਾਂ ਦੀ ਜ਼ਿੰਦਗੀ ਨਾਲ ਸਬੰਧਤ ਘਟਨਾਵਾਂ ਨੂੰ ਰੌਚਿਕ ਸ਼ਬਦਾਵਲੀ ਵਰਤਕੇ ਬਿਆਨ ਕੀਤਾ ਹੈ ਉੱਥੇ ਹੀ ਉਸਨੇ ਅਨੇਕਾਂ ਸਾਹਿਤਕ ਸਭਿਆਚਾਰਕ ਅਤੇ ਸਮਾਜਿਕ ਪਹਿਲੂਆਂ ਬਾਰੇ ਵੀ ਚਰਚਾ ਛੇੜਿਆ ਹੈ। ਪੁਸਤਕ ਦੇ ਆਰੰਭ ਵਿੱਚ ਹੀ ਗੁਰਦੇਵ ਚੌਹਾਨ ਇਹ ਕਹਿਕੇ ਚਰਚਾ ਛੇੜ ਦਿੰਦਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਪ੍ਰਭਾਵੀ ਕਵਿਤਾ ਨਾ ਮਿਲਣ ਕਰਕੇ ਮੈਂ ਅਧਿਕਤਰ ਵਾਰਤਕ ਦੀਆਂ ਕਿਤਾਬਾਂ ਹੀ ਪੜ੍ਹਦਾ ਰਿਹਾ ਹਾਂ। ਇਸ ਪੁਸਤਕ ਵਿੱਚ ਸ਼ਾਮਿਲ ਕੀਤੀਆਂ ਗਈਆਂ ਲਿਖਤਾਂ ਗੁਰਦੇਵ ਚੌਹਾਨ ਨੇ ਪਿਛਲੇ ਤਿੰਨ ਦਹਾਕਿਆਂ ਵਿੱਚ ਲਿਖੀਆਂ ਸਨ ਅਤੇ ਇਨ੍ਹਾਂ ਵਿੱਚੋਂ ਵਧੇਰੇ ਲਿਖਤਾਂ ਪਹਿਲਾਂ ਹੀ ਇੰਡੀਆ ਅਤੇ ਕੈਨੇਡਾ ਦੀਆਂ ਪੰਜਾਬੀ ਅਖਬਾਰਾਂ ਅਤੇ ਮੈਗਜ਼ੀਨਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
----
ਅੰਮ੍ਰਿਤਾ ਪ੍ਰੀਤਮ ਦਾ ਪੰਜਾਬੀ ਸਾਹਿਤ ਵਿੱਚ ਇੱਕ ਮਹੱਤਵ-ਪੂਰਨ ਸਥਾਨ ਹੈ। ਇਹ ਮਹੱਤਵ ਉਸਨੂੰ ਉਸ ਦੀਆਂ ਲਿਖਤਾਂ ਕਰਕੇ ਵੀ ਮਿਲਦਾ ਹੈ ਅਤੇ ਇੱਕ ਔਰਤ ਲੇਖਿਕਾ ਹੋਣ ਕਰਕੇ ਵੀ। ਪੰਜਾਹ ਕੁ ਵਰ੍ਹੇ ਪਹਿਲਾਂ ਜਦੋਂ ਅੰਮ੍ਰਿਤਾ ਪ੍ਰੀਤਮ ਨੇ ਪੰਜਾਬੀ ਸਾਹਿਤਕ ਖੇਤਰ ਵਿੱਚ ਪ੍ਰਵੇਸ਼ ਕੀਤਾ ਤਾਂ ਭਾਰਤੀ ਸਮਾਜ ਵਿੱਚ ਔਰਤ ਦੀ ਸਥਿਤੀ ਕੋਈ ਜ਼ਿਆਦਾ ਸਨਮਾਨਯੋਗ ਨਹੀਂ ਸੀ। ਜ਼ਿੰਦਗੀ ਦੇ ਅਨੇਕਾਂ ਖੇਤਰਾਂ ਵਿੱਚ ਔਰਤ ਨੂੰ ਆਜ਼ਾਦ ਹੋ ਕੇ ਵਿਚਰਨ ਦੀ ਆਜ਼ਾਦੀ ਨਹੀਂ ਸੀ। ਅਜਿਹੇ ਸਮਿਆਂ ਵਿੱਚ ਅੰਮ੍ਰਿਤਾ ਪ੍ਰੀਤਮ ਵੱਲੋਂ ਪੰਜਾਬੀ ਦੀ ਲੇਖਿਕਾ ਬਨਣ ਦਾ ਫੈਸਲਾ ਕਰਨਾ ਅਤੇ ਔਰਤ ਦੀ ਆਜ਼ਾਦੀ ਦੀ ਗੱਲ ਕਰਨਾ - ਆਪਣੇ ਆਪ ਵਿੱਚ ਹੀ ਇੱਕ ਮਹੱਤਵਪੂਰਨ ਗੱਲ ਸੀ। ਅਜਿਹੇ ਕਾਰਨਾਂ ਕਰਕੇ ਹੀ ਅੰਮ੍ਰਿਤਾ ਪ੍ਰੀਤਮ ਇੱਕ ਰੋਲ ਮਾਡਲ ਵਜੋਂ ਉੱਭਰ ਕੇ ਸਾਹਮਣੇ ਆਈ। ਆਪਣੀ ਅਜਿਹੀ ਜੁਰੱਤ ਸਦਕਾ ਉਸਨੇ ਨਾ ਸਿਰਫ ਨੌਜੁਆਨ ਪੰਜਾਬੀ ਔਰਤਾਂ ਨੂੰ ਹੀ ਆਪਣੇ ਵਿਚਾਰਾਂ ਨਾਲ ਪ੍ਰਭਾਵਤ ਕੀਤਾ; ਬਲਕਿ ਨਵੀਂ ਸੋਚ ਨਾਲ ਜੁੜੇ ਮਰਦ ਲੇਖਕਾਂ ਦਾ ਵੀ ਇੱਕ ਵੱਡਾ ਸਮੂਹ ਉਸ ਵੱਲ ਖਿੱਚਿਆ ਗਿਆ।
----
ਅੰਮ੍ਰਿਤਾ ਪ੍ਰੀਤਮ ਨੂੰ ਯਾਦ ਕਰਦਿਆਂ ਗੁਰਦੇਵ ਚੌਹਾਨ ਲਿਖਦਾ ਹੈ:
“ਅੰਮ੍ਰਿਤਾ ਦਾ ਘਰ ਸਾਹਿਤ ਅਤੇ ਨਵੀਂ ਜੀਵਨ ਸ਼ੈਲੀ ਦਾ ਅੱਡਾ ਬਣ ਗਿਆ ਸੀ। ਅੰਮ੍ਰਿਤਾ ਨੂੰ ਸਿਰਜਣਾਤਮਿਕ ਸਰਗਰਮੀ ਪਸੰਦ ਸੀ। ਉਹ ਲਿਖਣ ਅਤੇ ਹੋਰ ਲਿਖਣ ਲਈ ਉਕਸਾਉਂਦੀ। ਵਧੀਆ ਸਾਹਿਤ ਪੜ੍ਹਣ ਲਈ ਕਹਿੰਦੀ। ਨੀਕੋ ਕਜ਼ਾਨਜ਼ਾਕਿਸ ਦਾ ‘ਜ਼ੋਰਬਾ ਦ ਗਰੀਕ’, ਆਇਨਰੈਂਡ ਦਾ ‘ਫਾਊਂਟੇਨਰੈੱਡ’, ਹੈਨਰਿਕ ਬੋਅਲ ਦੀਆਂ ਕਹਾਣੀਆਂ, ਤਸਤਾਯੇਵਾ, ਬਲਾਗਾ, ਗਰੋਜ਼ਦਾਰਾ, ਨੈਲੀਸਾਚ, ਯਵਤੂਸ਼ੰਕੂ ਅਤੇ ਲੋਰਕਾ ਦੀਆਂ ਕਵਿਤਾਵਾਂ ਪੜਨ ਲਈ ਸਾਨੂੰ ਉਸਨੇ ਪ੍ਰੇਰਿਆ ਸੀ। ਇਸੇ ਤਰ੍ਹਾਂ ਸਾਨੂੰ ਵੀ ਨਵੇਂ ਅਤੇ ਵਧੀਆ ਲੇਖਕਾਂ ਨੂੰ ਪਛਾਨਣ ਦੀ ਜਾਚ ਆਉਣੀ ਸ਼ੁਰੂ ਹੋ ਗਈ ਸੀ।”
----
ਅਮਿਤੋਜ ਨਵੀਂ ਪੰਜਾਬੀ ਕਵਿਤਾ ਦਾ ਇੱਕ ਰੌਸ਼ਨ ਚਿਰਾਗ਼ ਸੀ; ਪਰ ਉਸਦੀ ਨਿੱਜੀ ਜ਼ਿੰਦਗੀ ਵਿੱਚ ਕੁਝ ਇਸ ਤਰ੍ਹਾਂ ਦਾ ਤੂਫ਼ਾਨ ਆਇਆ, ਕੁਝ ਇਸ ਤਰ੍ਹਾਂ ਦੀ ਹਨ੍ਹੇਰੀ ਆਈ ਕਿ ਸਭ ਕੁਝ ਉਲਟ-ਪੁਲਟ ਹੋ ਗਿਆ। ਦੇਖਦਿਆਂ ਦੇਖਦਿਆਂ ਇਹ ਚਿਰਾਗ਼ ਬੁਝ ਗਿਆ। ਪਰ ਉਨ੍ਹਾਂ ਦਿਨਾਂ ਦੀਆਂ ਯਾਦਾਂ ਆਪਣੇ ਪਿਛੇ ਛੱਡ ਗਿਆ ਜਦੋਂ ਕਿ ਇਸ ਚਿਰਾਗ਼ ਦੀ ਰੌਸ਼ਨੀ ਦਾ ਚਰਚਾ ਨਵੀਂ ਪੰਜਾਬੀ ਕਵਿਤਾ ਨਾਲ ਜੁੜੀ ਹਰ ਮਹਿਫ਼ਿਲ ਵਿੱਚ ਹੁੰਦਾ ਸੀ। ਆਪਣੀ ਚੜ੍ਹਤ ਦੇ ਦਿਨਾਂ ਵਿੱਚ ਅਮਿਤੋਜ ਕੁਝ ਇਸ ਤਰ੍ਹਾਂ ਦੀ ਖੂਬਸੂਰਤ ਕਵਿਤਾ ਲਿਖਦਾ ਹੁੰਦਾ ਸੀ:
ਲਫ਼ਜ਼ ਮੂੰਹ ਲਟਕਾਈ ਮੇਰੇ ਕੋਲ ਆਉਂਦੇ
ਤੇ ਮੈਂ ਉਹਨਾਂ ਨੂੰ ਕਬੂਤਰ ਬਣਾ ਦੇਂਦਾ
----
ਅਮਿਤੋਜ ਕੋਲ ਸ਼ਾਇਰੀ ਦਾ ਇੱਕ ਨਵਾਂ ਅੰਦਾਜ਼ ਸੀ। ਉਸ ਕੋਲ ਸ਼ਬਦਾਂ ਨੂੰ ਵਰਤਣ ਦੀ ਜਾਚ ਸੀ। ਉਹ ਜਾਣਦਾ ਸੀ ਕਿ ਭਾਵਨਾਵਾਂ ਅਤੇ ਅਹਿਸਾਸਾਂ ਦੀ ਤਰਲਤਾ ਵਿੱਚ ਡੋਬਕੇ ਸ਼ਬਦਾਂ ਦੇ ਚਿਰਾਗ਼ ਕਿਵੇਂ ਜਗਾਣੇ ਹਨ। ‘ਕੱਚ ਦੇ ਗਿਲਾਸ’ ਜਿਹੀ ਮਨੁੱਖੀ ਰਿਸ਼ਤਿਆਂ ਬਾਰੇ ਲਿਖੀ ਗਈ ਕਵਿਤਾ ਦੀਆਂ ਇਨ੍ਹਾਂ ਸਤਰਾਂ ਨੂੰ ਸਿਰਫ਼ ਅਮਿਤੋਜ ਹੀ ਲਿਖ ਸਕਦਾ ਸੀ:
ਅਸੀਂ ਕੋਈ ਕੱਚ ਦੇ ਗਿਲਾਸ ਤਾਂ ਨਹੀਂ
ਕਿ ਹਥੋਂ ਡਿਗੀਏ, ਤੇ ਕੜੱਚ ਦੇਣੀ ਟੁੱਟ ਜਾਈਏ
ਆਖ਼ਿਰ ਅਸੀਂ ਦੋਸਤ ਹਾਂ - ਮੇਰੇ ਯਾਰ
ਪਹਿਲਾਂ ਆਪਾਂ ਇਕ ਦੂਜੇ ਦੀਆਂ ਨਜ਼ਰਾਂ ‘ਚੋਂ ਗਿਰਾਂਗੇ
‘ਤੇ ਫੇਰ
ਹੌਲੀ ਹੌਲੀ ਟੁੱਟ ਜਾਵਾਂਗੇ
----
ਇਸ ਤਰ੍ਹਾਂ ਹੀ ਕਰਜ਼ਿਆਂ ਦੇ ਭਾਰ ਥੱਲੇ ਡੁੱਬੇ ਹੋਏ ਪੰਜਾਬ ਦੇ ਕਿਰਸਾਨ ਦੀ ਦਿਨਬਦਿਨ ਬਦਤਰ ਹੁੰਦੀ ਜਾ ਰਹੀ ਜ਼ਿੰਦਗੀ ਬਾਰੇ ਲਿਖੀ ਗਈ ‘ਬੁੱਢਾ ਬਲਦ’ ਵਰਗੀ ਸੰਵੇਦਨਾਸ਼ੀਲ ਕਵਿਤਾ ਦੀਆਂ ਹੇਠ ਲਿਖੀਆਂ ਸਤਰਾਂ ਅਮਿਤੋਜ ਤੋਂ ਬਿਨ੍ਹਾਂ ਹੋਰ ਕੌਣ ਲਿਖ ਸਕਦਾ ਸੀ:
ਅਜ ਤੂੰ ਮੇਰੇ ਵਲ ਕਿੰਜ ਖਾਲੀ ਅੱਖਾਂ ਨਾਲ
ਘੂਰ ਰਿਹਾ ਏਂ?
ਜਿਵੇਂ ਪੁੱਛ ਰਿਹਾ ਹੋਵੇਂ
ਕਿੱਥੇ ਰੋੜ ਆਇਆ ਹਾਂ
ਤੇਰੀ ਵਰ੍ਹਿਆਂ ਦੀ ਕਮਾਈ-
ਤੇਰੀ ਚੜ੍ਹਦੀ ਜਵਾਨੀ ਦੀ ਰਾਂਗਲੀ ਉਮਰ
ਤੇ ਤੇਰੀਆਂ ਨੀਲੀਆਂ ਬਲੌਰ ਵਰਗੀਆਂ ਅੱਖਾਂ ਦੀ ਲਿਸ਼ਕ
..................................
ਤੇ ਮੈਂ ਨਿਰ-ਉਤਰ ਸ਼ਰਮਸਾਰ ਜਿਹਾ
ਤੇਰੇ ਅੱਗੇ ਪੱਠਿਆਂ ਦੀ ਇਕ ਟੋਕਰੀ ਸੁੱਟ ਦਿੰਦਾ ਹਾਂ
ਜਿਵੇਂ ਕੋਈ ਆਪਣੇ ਮਰੇ ਹੋਏ ਬਾਪ ਦਾ ਸਰਾਧ ਕਰ ਰਿਹਾ ਹੋਵੇ
ਅਮਿਤੋਜ ਨੂੰ ਯਾਦ ਕਰਦਿਆਂ ਗੁਰਦੇਵ ਚੌਹਾਨ ਲਿਖਦਾ ਹੈ:
----
“ਅਮਿਤੋਜ ਇਕ ਬੁਝਾਰਤ ਸੀ। ਸ਼ਾਇਦ ਉਹ ਲਤੀਫੇ ਤੋਂ ਬਾਦ ਉੱਠੇ ਦਰਦ ਵਾਂਗ ਸੀ। ਲਾਲਟੈਨਾਂ ਦੀ ਰੌਸ਼ਨੀ ਦੇ ਜਗਣ ਅਤੇ ਬੁੱਝ ਜਾਣ ਦੇ ਛਿਣਾਂ ਵਿਚਕਾਰ ਧੜਕ ਰਿਹਾ ਕੋਈ ਇੰਨਕਲਾਬੀ ਸੁਪਨਾ: ਉਹ ‘ਹੰਗਾਮੇ ਵਾਂਗ ਫ਼ੈਲ ਜਾਣਾ ਚਾਹੁੰਦਾ ਸੀ’:
ਸੱਚ ਮੇਰਾ ਜੀ ਕਰਦਾ
ਨਵੇਂ ਸਾਲ ਵਿਚ ਤੁਹਾਡੀਆਂ ਸੋਚਾਂ ਦੀ ਸਾਰੀ ਕੁੜੱਤਣ
ਮੇਰੀਆਂ ਨਜ਼ਮਾਂ ਪੀ ਜਾਣ
ਮੇਰੀਆਂ ਕਵਿਤਾਵਾਂ
ਜਿੰਨਾਂ ਦੀ ਖੱਬੀ ਗੱਲ ਤੇ ਤਿਲ ਹੋਵੇ
ਤੇ ਪੈਰਾਂ ਵਿਚ ਕਦੀ ਵੀ ਨਾ ਮੁਕਣ ਵਾਲਾ ਸਫਰ
----
ਬਹੁਤ ਸਾਰਿਆਂ ਹੋਰਨਾਂ ਵਾਂਗ ਮੈਂ ਉਸਦਾ ਚੁੱਪ ਪਾਠਕ ਸਾਂ। ਮੈਂ ਜਦ ਵੀ ਉਸਨੂੰ ਮਿਲਦਾ ਤਾਂ ਇਹੀ ਕਹਿਣ ਦੀ ਉਤਾਵਲ ਨਾਲ ਭਰਿਆ ਹੁੰਦਾ ਕਿ ਉਸਦੀਆਂ ਕਵਿਤਾਵਾਂ ਵਿਚ ਉਹ ਕੁਝ ਹੈ ਜਿਹੜਾ ਹੋਰ ਕਿਧਰੇ ਨਜ਼ਰ ਨਹੀਂ ਆਂਦਾ ਕਿ ਉਸਦੀ ਕਵਿਤਾ ਖੁਦ ਆਪਣੇ ਤੋਂ ਵੀ ਵੱਡੀ ਕਵਿਤਾ ਦੀ ਸੰਭਾਵਨਾ ਜਗਾਉਂਦੀ ਹੈ। ਇਹ ਬਹੁਤ ਵੱਡੀ ਗੱਲ ਹੈ, ਜਿਹੜੀ ਕੋਈ ਕਵਿਤਾ ਕਰ ਸਕਦੀ ਹੈ। ਕਿਧਰੇ ਹੀ ਕੋਈ ਕਵਿਤਾ ਅਜੇਹੀ ਹੁੰਦੀ ਹੈ ਜਿਹੜੀ ਆਪਣੇ ਭਵਿੱਖ ਨੂੰ ਲਿਖ ਸਕੇ। ਅਮਿਤੋਜ ਵੱਡੀ ਕਵਿਤਾ ਲਿਖ ਸਕਣ ਵਾਲਾ ਸ਼ਾਇਰ ਸੀ। ਅਜਿਹੀ ਪ੍ਰਤਿਭਾ ਦੇ ਸਿਰ ‘ਤੇ ਬਹੁਤ ਭਾਰ ਹੁੰਦਾ ਹੈ। ਇਹ ਭਾਰ ਹੀ ਉਸ ਨੂੰ ਲੈ ਬੈਠਾ।”
ਨਵੀਂ ਪੰਜਾਬੀ ਕਵਿਤਾ ਦੇ ਦੌਰ ਵਿੱਚ ਜਿਹੜੇ ਨਾਮ ਬਹੁ-ਚਰਚਿਤ ਹੋਏ, ਉਨ੍ਹਾਂ ਵਿੱਚ ਇੱਕ ਨਾਮ ਸ਼ਿਵ ਕੁਮਾਰ ਬਟਾਲਵੀ ਵੀ ਸੀ। ਉਹ ਆਪਣੀ ਕਵਿਤਾ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਸੋਚ ਲੈ ਕੇ ਆ ਰਿਹਾ ਸੀ। ਪੁਰਾਣੀਆਂ ਅਤੇ ਸਮਾਂ ਵਿਹਾ ਚੁੱਕੀਆਂ ਸਮਾਜਿਕ-ਸਭਿਆਚਾਰਕ ਕਦਰਾਂ-ਕੀਮਤਾਂ ਦੇ ਖ਼ਿਲਾਫ਼ ਵਿਦਰੋਹ ਦੀ ਭਾਵਨਾ ਪੈਦਾ ਕਰਨ ਵਾਲੀ ਕਵਿਤਾ - ਪਰ ਇਸ ਵਿਦਰੋਹ ਦਾ ਅੰਦਾਜ਼ ਵੀ ਇੱਕ ਵੱਖਰੀ ਤਰ੍ਹਾਂ ਦਾ ਹੀ ਸੀ। ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਦੀ ਵਿਦਰੋਹੀ ਸੁਰ ਦੇ ਅੰਦਾਜ਼ ਬਾਰੇ ਗੁਰਦੇਵ ਚੌਹਾਨ ਕੁਝ ਇਸ ਤਰ੍ਹਾਂ ਲਿਖਦਾ ਹੈ:
“ਸ਼ਿਵ ਕੁਮਾਰ ਇੱਕ ਲਿਵਿੰਗ ਲੀਜੈਂਡ ਬਨਣ ਵਲ ਲਗਾਤਾਰ ਵੱਧ ਰਿਹਾ ਸੀ। ਉਸਦੀ ਕਵਿਤਾ ਵਿੱਚ ਦਿਨੋ ਦਿਨ ਨਿਖਾਰ ਆ ਰਿਹਾ ਸੀ। ਉਹ ਕਾਵਿ ਨਾਟਕ ‘ਲੂਣਾ’ ਲਿਖ ਰਿਹਾ ਸੀ। ਫਿਰ ਇਹ ਛਪ ਗਈ ਸੀ। ਫਿਰ ਇਸ ਨੂੰ ਸਾਹਿਤ ਅਕੈਡਮੀ ਐਵਾਰਡ ਮਿਲ ਰਿਹਾ ਸੀ। ਲੂਣਾ ਹੁਣ ਇਕ ਖਲਨਾਇਕਾ ਤੋਂ ਨਾਇਕਾ ਬਣ ਚੁੱਕੀ ਸੀ। ਪੂਰਨ ਦੀ ਪੂਰਨਤਾ ਡੋਲਦੀ ਜਾਪ ਰਹੀ ਸੀ। ਸਾਹਿਤ ਆਪਣੀ ਭੂਮਿਕਾ ਨਿਭਾ ਰਹਾ ਸੀ, ਸਮਾਜ ਨੂੰ ਬਦਲਣ ਦੀ ਭੂਮਿਕਾ, ਨਵੀਂ ਉੱਦਾਰ ਚੇਤਨਤਾ ਲਿਆਣ ਦੀ ਭੂਮਿਕਾ। ਪੁਰਾਣੇ ਦਰਖਤਾਂ ਨੂੰ ਨਵੇਂ ਪੱਤੇ ਆ ਰਹੇ ਸਨ। ਮਹਿਬੂਬਾ ਦੇ ਰੰਗ ਵਾਲਾ ਦਿਨ ਚੜ੍ਹਨ ਲਗ ਪਿਆ ਸੀ। ਸ਼ਿਵ ਦੇ ਸ਼ਿਅਰ ਸਿਕਿਆਂ ਵਾਂਗ ਹੱਥ ਅਤੇ ਦਿਲ ਵਟਾਅ ਰਹੇ ਸਨ। ਪਿਆਰ ਦੀ ਭਾਸ਼ਾ ਵਿਚ ਕੁਝ ਜਾਨ ਪੈ ਗਈ ਸੀ। ਅੱਗ ਇਸ਼ਕ ਦਾ ਮੈਟਾਫ਼ਰ ਬਣ ਗਈ ਸੀ। ਇਹ ਹੁਣ ਘਰਾਂ ਤੋਂ ਗਲੀਆਂ ਵਿੱਚ ਆ ਗਈ ਸੀ।”
----
ਸ਼ਿਵ ਕੁਮਾਰ ਦੀ ਸ਼ਾਇਰੀ ਭਾਵੇਂ ਰੁਦਣ ਦੀ ਸ਼ਾਇਰੀ ਸੀ, ਪਰ ਇਹ ਸ਼ਾਇਰੀ ਨੌਜੁਆਨ ਦਿਲਾਂ ਨੂੰ ਛੂਹ ਰਹੀ ਸੀ। ਅੱਲ੍ਹੜ ਉਮਰ ਦੇ ਕਾਲਿਜਾਂ/ਯੂਨੀਵਰਸਿਟੀਆਂ ਵਿੱਚ ਪੜ੍ਹਦੇ ਮੁੰਡੇ ਕੁੜੀਆਂ ਸਿ਼ਵ ਕੁਮਾਰ ਦੀ ਕਵਿਤਾ ਵੱਲ ਖਿੱਚੇ ਜਾ ਰਹੇ ਸਨ। ਇਸ ਖਿੱਚ ਦਾ ਕਾਰਨ ਸ਼ਿਵ ਕੁਮਾਰ ਦੀ ਦਿਲਾਂ ਨੂੰ ਧੂਹ ਪਾਣ ਵਾਲੀ ਖੂਬਸੂਰਤ ਆਵਾਜ਼ ਵੀ ਸੀ। ਦਰਸ਼ਨੀ ਚੇਹਰੇ ਵਾਲਾ ਨੌਜਵਾਨ ਸ਼ਿਵ ਕੁਮਾਰ ਬਟਾਲਵੀ ਜਦੋਂ ਮੰਚ ਤੋਂ ਆਪਣੀ ਖੂਬਸੂਰਤ ਆਵਾਜ਼ ਵਿੱਚ ਇੱਕ ਲੰਬੀ ਹੇਕ ਲਗਾ ਕੇ ਸਿੱਧੀ-ਸਾਦੀ ਪੇਂਡੂ ਸ਼ਬਦਾਵਲੀ ਵਿੱਚ ਅਸਫਲ ਮੁਹੱਬਤਾਂ ਦੇ ਗੀਤ ਗਾਉਂਦਾ ਤਾਂ ਸਮਾਜ ਵੱਲੋਂ ਪਿਆਰ ਉੱਤੇ ਲਗਾਈਆਂ ਬੰਦਸ਼ਾਂ ਵਿਰੁੱਧ ਵਿਦਰੋਹ ਕਰਨ ਵਾਲੇ ਪੰਜਾਬੀ ਯੁਵਕ ਮਰਦ-ਔਰਤਾਂ ਨੂੰ ਮਹਿਸੂਸ ਹੁੰਦਾ ਕਿ ਕੋਈ ਉਨ੍ਹਾਂ ਦੀ ਹੀ ਗੱਲ ਕਰ ਰਿਹਾ ਹੈ। ਉਨ੍ਹਾਂ ਦੇ ਦਰਦ ਨੂੰ ਸਮਝ ਰਿਹਾ ਹੈ। ਉਨ੍ਹਾਂ ਦੀਆਂ ਭਾਵਨਾਵਾਂ, ਅਹਿਸਾਸਾਂ ਨੂੰ ਸ਼ਬਦਾਂ ਦਾ ਜਾਮਾ ਪੁਆ ਰਿਹਾ ਹੈ। ਇਸ ਨੌਜੁਆਨ ਤਬਕੇ ਵੱਲੋਂ ਸ਼ਿਵ ਕੁਮਾਰ ਬਟਾਲਵੀ ਦੀਆਂ ਕਿਤਾਬਾਂ ਧੜਾ ਧੜ ਖਰੀਦੀਆਂ ਜਾਣ ਲੱਗੀਆਂ। ਦੇਖਦਿਆਂ ਦੇਖਦਿਆਂ ਸਕੂਲਾਂ, ਕਾਲਿਜਾਂ, ਯੂਨੀਵਰਸਿਟੀਆਂ ਅਤੇ ਸਾਹਿਤ ਸਭਾਵਾਂ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ ਕਵੀ ਦਰਬਾਰਾਂ ਦਾ ਸ਼ਿਵ ਕੁਮਾਰ ਬਟਾਲਵੀ ਰਾਜ ਕੁਮਾਰ ਬਣ ਗਿਆ। ਕਹਿੰਦੇ ਕਹਾਂਦੇ ਨਾਮਵਰ ਪੰਜਾਬੀ ਕਵੀਆਂ ਨੂੰ ਸਰੋਤੇ ਸੁਨਣ ਤੋਂ ਇਨਕਾਰ ਕਰਨ ਲੱਗੇ। ਹਰ ਪਾਸੇ ਸ਼ਿਵ ਕੁਮਾਰ ਅਤੇ ਉਸਦੇ ਗੀਤਾਂ ਦੀ ਮੰਗ ਹੋਣ ਲੱਗੀ; ਪਰ ਸ਼ਿਵ ਕੁਮਾਰ ਬਟਾਲਵੀ ਦੀ ਚੜ੍ਹਤ ਦੇ ਇਹੀ ਕਾਰਨ ਹੌਲੀ ਹੌਲੀ ਉਸਦੀ ਤਬਾਹੀ ਦਾ ਵੀ ਕਾਰਨ ਬਨਣ ਲੱਗੇ। ਸ਼ਿਵ ਕੁਮਾਰ ਦੇ ਰੁਦਣ ਵਾਲੇ ਗੀਤਾਂ ਨੂੰ ਸੁਣਕੇ ਮੰਤਰ-ਮੁਗਧ ਹੋਣ ਵਾਲੇ ਸਰੋਤੇ ਜਿੱਥੇ ਸ਼ਿਵ ਕੁਮਾਰ ਉੱਤੇ ਨੋਟਾਂ ਦੀ ਬਰਖਾ ਕਰਨ ਲੱਗੇ; ਉੱਥੇ ਹੀ ਉਹ ਸਿ਼ਵ ਕੁਮਾਰ ਨੂੰ ਸ਼ਰਾਬ ਵਿੱਚ ਵੀ ਡੋਬਣ ਲੱਗੇ। ਸ਼ਿਵ ਕੁਮਾਰ ਆਪਣੀ ਆਵਾਜ਼ ਨੂੰ ਹੋਰ ਜ਼ਿਆਦਾ ਦਰਦ ਭਰੀ ਅਤੇ ਰੁਦਣ ਵਾਲੀ ਬਨਾਉਣ ਲਈ ਸ਼ਰਾਬ ਵਿੱਚ ਗੁੱਟ ਹੋ ਕੇ ਕਵੀ ਦਰਬਾਰਾਂ ਵਿੱਚ ਜਾਣ ਲੱਗਾ। ਹੌਲੀ ਹੌਲੀ ਉਸਦੀ ਸ਼ਰਾਬ ਪੀਣ ਦੀ ਇਹ ਆਦਤ ਏਨੀ ਵਿਗਾੜ ਗਈ ਕਿ ਉਹ ਹਰ ਸਮੇਂ ਹੀ ਸ਼ਰਾਬ ਵਿੱਚ ਗੁੱਟ ਰਹਿਣ ਲੱਗਾ। ਸ਼ਿਵ ਕੁਮਾਰ ਦੀ ਜ਼ਿੰਦਗੀ ਵਿੱਚ ਆਏ ਇਸ ਦੁਖਾਂਤ ਦੀ ਇੱਕ ਝਲਕ ਗੁਰਦੇਵ ਚੌਹਾਨ ਵੀ ਪੇਸ਼ ਕਰਦਾ ਹੈ:
“ਅਸੀਂ ਅਜੇ 22 ਸੈਕਟਰ ਦੀ ਮਾਰਕਿਟ ਵਿਚ ਹੀ ਸਾਂ ਕਿ ਭੂਸ਼ਨ ਉੱਥੇ ਹੀ ਮਿਲ ਪਿਆ। ਕੋਲ ਹੀ ਠੇਕੇ ਤੋਂ ਅਸਾਂ ਬੋਤਲ ਫੜ ਲਈ। ਅਸੀਂ ਅਜੇ ਸੋਚ ਹੀ ਰਹੇ ਸਾਂ ਕਿ ਕਿੱਥੇ ਇਸਦਾ ਉਦਘਾਟਨ ਕਰੀਏ ਕਿ ਨੇੜਿਓਂ ਕਿੱਧਰਿਓਂ ਸ਼ਿਵ ਨਿਕਲ ਆਇਆ। ਭੂਸ਼ਨ ਨੇ ਸੋਚਿਆ ਕਿ ਸ਼ਿਵ ਨੇ ਉਸਨੂੰ ਨਹੀਂ ਵੇਖਿਆ ਹੋਣਾ ਅਤੇ ਉਸਨੇ ਝਟ ਬੋਤਲ ਕੋਟ ਦੀ ਓਟ ਵਿੱਚ ਲੁਕਾਅ ਲਈ। ਪਰ ਸ਼ਿਵ ਨੇ ਉਸਨੂੰ ਬੋਤਲ ਲਕੋਂਦਿਆਂ ਵੇਖ ਲਿਆ ਸੀ। ਉਹ ਝੱਟ ਹੀ ਸਾਡੇ ਕੋਲ ਆ ਗਿਆ ਅਤੇ ਕਹਿਣ ਲੱਗਾ, “ਪੰਡਤਾ ਇਹ ਕੀ ਕੋਟ ਵਿਚ ਲਕੋਈ ਜਾਨਾਂ?” ਭੂਸ਼ਨ ਹੱਸ ਪਿਆ, “ਲਕੋਣ ਵਾਲੀ ਚੀਜ਼ ਲਕੋਣੀ ਹੀ ਪੈਂਦੀ ਆ।” ਸ਼ਿਵ ਕਹਿਣ ਲੱਗਾ, “ਅੱਛਾ ਇੱਦਾਂ ਕਰਦੇ ਆਂ ਮੈਂ ਪ੍ਰੀਤਮ ਤੋਂ ਗਿਲਾਸ ਮੰਗ ਕੇ ਲਿਆਂਦਾ ਹਾਂ। ਪਰ ਬੈਠਾਂਗੇ ਕਿੱਥੇ?” ਸ਼ਿਵ ਮੁੜ ਸੋਚ ਵਿਚ ਚਲੇ ਗਿਆ ਸੀ। ਅਸੀਂ ਵੱਖਰੀ ਤਰ੍ਹਾਂ ਦੇ ਮਾਨਸਿਕ ਸੰਕਟ ਵਿੱਚ ਫਸ ਗਏ ਸਾਂ। ਸਾਨੂੰ ਪਤਾ ਸੀ ਕਿ ਸ਼ਿਵ ਬੁਰੀ ਤਰ੍ਹਾਂ ਬੀਮਾਰੀ ਗ੍ਰਸਤ ਸੀ। ਜਦ ਤੋਂ ਉਹ ਇੰਗਲੈਂਡ ਤੋਂ ਵਾਪਿਸ ਆਇਆ ਸੀ। ਉਸਦੀ ਸਿਹਤ ਠੀਕ ਨਹੀਂ ਸੀ ਰਹਿੰਦੀ। ਪਤਾ ਨਹੀਂ ਡਾਕਟਰਾਂ ਦੀ ਹਿਦਾਇਤ ‘ਤੇ ਜਾਂ ਕਿਵੇਂ ਉਸ ਆਪਣਾ ਸਿਰ ਘੋਨਮੋਨ ਕਰਾ ਦਿੱਤਾ ਸੀ। ਲੰਮ ਸਲੰਮੇ ਸੰਘਣੇ ਵਾਲਾਂ ਦੀ ਥਾਂ ਉਸਦਾ ਰੋਡ ਭੋਡ ਸਿਰ ਇਕ ਦੰਮ ਉਸਦੇ ਠੀਕ ਨਾ ਹੋਣ ਦੀ ਸ਼ਾਹਦੀ ਭਰਦਾ ਸੀ। ਉਸਦੇ ਗਲੇ ਦੀ ਨਾੜ ਕੰਬ ਰਹੀ ਸੀ। ਜਿਸਤੋਂ ਉਹ ਬਹੁਤ ਕਮਜ਼ੋਰ ਅਤੇ ਲਾਚਾਰ ਲਗਦਾ ਸੀ ਅਤੇ ਅਸੀਂ ਨਹੀਂ ਸੀ ਚਾਹੁੰਦੇ ਕਿ ਇਸ ਹਾਲਤ ਵਿਚ ਉਹ ਜ਼ਰਾ ਜਿੰਨੀ ਵੀ ਦਾਰੂ ਮੂੰਹ ਨੂੰ ਲਾਵੇ। ਇਹ ਉਸ ਲਈ ਘਾਤਕ ਸਿੱਧ ਹੋ ਸਕਦੀ ਸੀ। ਅਸੀਂ ਸ਼ਿਵ ਦੇ ਫੈਨ ਹੀ ਨਹੀਂ ਸਾਂ ਉਸਦੇ ਸ਼ੁੱਭਚਿੰਤਕ ਵੀ ਸਾਂ।”
----
ਸ਼ਿਵ ਕੁਮਾਰ ਜਦੋਂ ਪੰਜਾਬੀ ਸਾਹਿਤਕ ਕਾਵਿ ਮੰਚਾਂ ਉੱਤੇ ਛਾ ਰਿਹਾ ਸੀ ਤਾਂ ਉਸਦਾ ਇੱਕ ਕਾਰਨ ਇਹ ਵੀ ਸੀ ਕਿ ਪੰਜਾਬੀ ਕਵਿਤਾ ਵਿੱਚ ਇੱਕ ਤਰ੍ਹਾਂ ਦੀ ਖੜੋਤ ਆ ਚੁੱਕੀ ਸੀ। ਸ਼ਿਵ ਕੁਮਾਰ ਨੇ ਇਸ ਸਥਿਤੀ ਦਾ ਪੂਰਾ ਲਾਹਾ ਲਿਆ। ਪਰ 1970 ਦੇ ਆਸਪਾਸ ਜਦੋਂ ਸਿ਼ਵ ਕੁਮਾਰ ਪੰਜਾਬੀ ਕਵੀ ਦਰਬਾਰਾਂ ਦਾ ਰਾਜ ਕੁਮਾਰ ਬਣ ਰਿਹਾ ਸੀ ਤਾਂ ਪੰਜਾਬ ਵਿੱਚ ਲਾਲ ਹਨ੍ਹੇਰੀ ਦਾ ਗੁਬਾਰ ਵੀ ਆਸਮਾਨ ਨੂੰ ਚੜ੍ਹਨਾ ਸ਼ੁਰੂ ਹੋ ਰਿਹਾ ਸੀ। ਪੰਜਾਬ ਵਿੱਚ ਨਕਸਲਬਾੜੀ ਕਮਿਊਨਿਸਟ ਕਰਾਂਤੀਕਾਰੀ ਲਹਿਰ ਦੀ ਵੀ ਚੜ੍ਹਤ ਹੋਣੀ ਸ਼ੁਰੂ ਹੋ ਚੁੱਕੀ ਸੀ। ਇਸ ਲਹਿਰ ਦੇ ਪ੍ਰਭਾਵ ਅਧੀਨ ਕਰਾਂਤੀਕਾਰੀ ਪੰਜਾਬੀ ਕਵਿਤਾ ਨੇ ਵੀ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਦੇ ਦਰਵਾਜ਼ਿਆਂ ਉੱਤੇ ਭਰਵੀਂ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਸੀ। ਇਸ ਲਹਿਰ ਨਾਲ ਜੁੜੇ ਕਵੀਆਂ ਪਾਸ਼, ਅਮਰਜੀਤ ਚੰਦਨ, ਲਾਲ ਸਿੰਘ ਦਿਲ, ਹਰਭਜਨ ਹਲਵਾਰਵੀ, ਦਰਸ਼ਨ ਖਟਕੜ ਅਤੇ ਸੰਤ ਰਾਮ ਉਦਾਸੀ ਨੇ ਸ਼ਿਵ ਕੁਮਾਰ ਬਟਾਲਵੀ ਦੇ ਰੁਦਣ ਵਾਲੀ ਕਵਿਤਾ ਦੇ ਮੁਕਾਬਲੇ ਵਿੱਚ ਲੋਕ-ਸਮੱਸਿਆਵਾਂ ਦੀ ਪੇਸ਼ਕਾਰੀ ਕਰਨ ਵਾਲੀ ਅਤੇ ਸਮਾਜ ਨੂੰ ਬਦਲ ਦੇਣ ਦਾ ਨਾਹਰਾ ਦੇਣ ਵਾਲੀ ਕਰਾਂਤੀਕਾਰੀ ਪੰਜਾਬੀ ਕਵਿਤਾ ਸਰੋਤਿਆਂ ਅਤੇ ਪਾਠਕਾਂ ਸਾਹਮਣੇ ਪੇਸ਼ ਕਰਨੀ ਸ਼ੁਰੂ ਕਰ ਦਿੱਤੀ ਸੀ। ਪੰਜਾਬ ਦਾ ਸਾਹਿਤਕ ਮਾਹੌਲ ਕਰਾਂਤੀਕਾਰੀ ਤਪਸ਼ ਮਹਿਸੂਸ ਕਰਨ ਲੱਗ ਪਿਆ ਸੀ। ਸਕੂਲਾਂ, ਕਾਲਿਜਾਂ, ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੇ ਹੱਥਾਂ ਵਿੱਚ ਨਵੀਂ ਪੰਜਾਬੀ ਕਰਾਂਤੀਕਾਰੀ ਕਵਿਤਾ ਨਾਲ ਭਰੇ ਪੰਜਾਬੀ ਮੈਗਜ਼ੀਨ ਅਤੇ ਕਰਾਂਤੀਕਾਰੀ ਕਵਿਤਾਵਾਂ ਦੀਆਂ ਕਿਤਾਬਾਂ ਦਿਖਣ ਲੱਗੀਆਂ ਸਨ। ਕਾਲਿਜਾਂ ਅਤੇ ਯੂਨੀਵਰਸਿਟੀਆਂ ਵਿੱਚ ਹੁੰਦੇ ਕਵਿਤਾ ਮੁਕਾਬਲਿਆਂ ਵਿੱਚ ਵਿਦਿਆਰਥੀ ਪਾਸ਼, ਸੰਤ ਰਾਮ ਉਦਾਸੀ, ਜਗਤਾਰ ਅਤੇ ਹੋਰਨਾਂ ਚਰਚਿਤ ਕਰਾਂਤੀਕਾਰੀ ਪੰਜਾਬੀ ਕਵੀਆਂ ਦੀਆਂ ਕਵਿਤਾਵਾਂ ਪੜ੍ਹਨ ਲੱਗੇ ਸਨ।
----
ਪੰਜਾਬ ਵਿੱਚ ਇਸ ਕਰਾਂਤੀਕਾਰੀ ਲਹਿਰ ਦੇ ਠੰਢੇ ਹੋ ਜਾਣ ਤੋਂ ਬਾਹਦ ਇਸ ਲਹਿਰ ਨਾਲ ਜੁੜੇ ਕਵੀ ਹਰਭਜਨ ਹਲਵਾਰਵੀ ਨੇ ਭਾਵੇਂ ਸ਼ੌਰੀਲੀ ਕਰਾਂਤੀਕਾਰੀ ਕਵਿਤਾ ਲਿਖਣੀ ਬੰਦ ਕਰ ਦਿੱਤੀ ਸੀ - ਪਰ ਉਸਨੇ ਮਨੁੱਖਵਾਦੀ ਅਹਿਸਾਸਾਂ ਅਤੇ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਵਾਲੀਆਂ ਗ਼ਜ਼ਲਾਂ ਅਤੇ ਕਵਿਤਾਵਾਂ ਲਿਖਣ ਦਾ ਆਪਣਾ ਸਿਲਸਿਲਾ ਜਾਰੀ ਰੱਖਿਆ। ਇਸਦੇ ਨਾਲ ਹੀ ਉਸਨੇ ਰਾਜਨੀਤਿਕ, ਸਮਾਜਿਕ, ਸਭਿਆਚਾਰਕ ਮਸਲਿਆਂ ਬਾਰੇ ਆਪਣੇ ਵਿਚਾਰ ਪ੍ਰਗਟ ਕਰਦੇ ਰਹਿਣ ਲਈ ਪੱਤਰਕਾਰੀ ਦਾ ਖੇਤਰ ਚੁਣ ਲਿਆ। ਇਨ੍ਹਾਂ ਮਗਰਲੇ ਸਾਲਾਂ ਵਿੱਚ ਹਰਭਜਨ ਹਲਵਾਰਵੀ ਵੱਲੋਂ ਲਿਖੀ ਜਾ ਰਹੀ ਸਮੁੱਚੀ ਕਵਿਤਾ ਦੇ ਮੁਹਾਂਦਰੇ ਨੂੰ ਸਮਝਣ ਲਈ ਉਸਦੀ ਹੀ ਇੱਕ ਗ਼ਜ਼ਲ ਦਾ ਇਹ ਸ਼ਿਅਰ ਕਾਫੀ ਮੱਦਦਗਾਰ ਸਾਬਤ ਹੋ ਸਕਦਾ ਹੈ:
ਪੰਛੀ ਕਿਉਂ ਗੁੰਮ ਸੁੰਮ ਨੇ, ਪੱਤੇ ਕਿਉਂ ਚੀਕ ਰਹੇ
ਆ ਮਿਲ ਕੇ ਦਵਾ ਕਰੀਏ ਮੌਸਮ ਕੁਝ ਠੀਕ ਰਹੇ
----
ਹਰਭਜਨ ਹਲਵਾਰਵੀ ਦੀ ਸਮੁੱਚੀ ਕਵਿਤਾ ਬਾਰੇ ਗੁਰਦੇਵ ਚੌਹਾਨ ਕੁਝ ਸ਼ਬਦਾਂ ਵਿੱਚ ਹੀ ਕਾਫੀ ਗੱਲ ਕਹਿ ਜਾਂਦਾ ਹੈ:
“ਉਸਦੇ ਪਹਿਲੇ ਵੇਲਿਆਂ ਦੀ ਕਵਿਤਾ ਦੇ ਸ਼ਬਦਾਂ ਵਿੱਚ ਚੰਗਾਰੀਆਂ ਸਨ, ਰੋਹ ਸੀ ਅਤੇ ਇਨਕਲਾਬ ਵਿਚ ਅਡੋਲ ਵਿਸ਼ਵਾਸ ਸੀ। ਉਸਦੀਆਂ ਹੁਣ ਵਾਲੀਆਂ ਕਵਿਤਾਵਾਂ ਵਿਚ ਪਿਘਲਦੇ ਰਿਸ਼ਤਿਆਂ ਵਿਚੋਂ ਸੁਲਗਦੇ ਪਲਾਂ ਦੀ ਤਲਾਸ਼ ਹੈ। ਇਹ ਦੋਵੇਂ ਨਾਂਅ ਉਸ ਦੀਆਂ ਦੋ ਕਾਵਿ ਪੁਸਤਕਾਂ ਦੇ ਵੀ ਹਨ।”
ਗੁਰਦੇਵ ਚੌਹਾਨ ਦੀ ਪੁਸਤਕ ‘ਚਸ਼ਮਦੀਦ’ ਵਿੱਚ ਕਰਾਂਤੀਕਾਰੀ ਲਹਿਰ ਨਾਲ ਸਬੰਧਤ ਰਹੇ ਪੰਜਾਬੀ ਦੇ ਇੱਕ ਹੋਰ ਅਹਿਮ ਕਵੀ ਅਮਰਜੀਤ ਚੰਦਨ ਬਾਰੇ ਲਿਖਿਆ ਗਿਆ ਰੇਖਾ-ਚਿੱਤਰ ਵੀ ਸ਼ਾਮਿਲ ਹੈ। ਅਮਰਜੀਤ ਚੰਦਨ ਅੱਜ ਕੱਲ ਇੰਗਲੈਂਡ ਰਹਿੰਦਾ ਹੈ ਅਤੇ ਉਹ ਆਪਣੇ ਕਰਾਂਤੀਕਾਰੀ ਪਿਛੋਕੜ ਨੂੰ ਅਲਵਿਦਾ ਕਹਿ ਚੁੱਕਾ ਹੈ। ਅੱਜ ਕੱਲ੍ਹ ਉਹ ਕਰਾਂਤੀਕਾਰੀ ਕਵਿਤਾਵਾਂ ਲਿਖਣ ਦੀ ਥਾਂ ਦੇਹ ਦੇ ਜਸ਼ਨ ਦੀਆਂ ਕਵਿਤਾਵਾਂ ਲਿਖਦਾ ਹੈ। ਉਸਨੂੰ ਵਿਸ਼ਵਾਸ਼ ਹੈ ਕਿ ਸਾਡੇ ਸਮਿਆਂ ਵਿੱਚ ਇਨਕਲਾਬ ਦੇਹ ਦੇ ਜਸ਼ਨ ਵਿੱਚੋਂ ਹੀ ਆਵੇਗਾ। ਸਮਾਜਿਕ, ਸਭਿਆਚਾਰਕ ਜਾਂ ਰਾਜਨੀਤਿਕ ਕਰਾਂਤੀ ਰਾਹੀਂ ਨਹੀਂ। ਅਮਰਜੀਤ ਚੰਦਨ ਦੀ ਮਾਨਸਿਕਤਾ ਵਿੱਚ ਆਈ ਇਹ ਵੱਡੀ ਤਬਦੀਲੀ ਸਾਡੇ ਸਮਿਆਂ ਵਿੱਚ ਪ੍ਰਮੁੱਖਤਾ ਗ੍ਰਹਿਣ ਕਰ ਰਹੇ ਕੰਨਜ਼ੀਊਮਰ ਕਲਚਰ ਦੇ ਪ੍ਰਭਾਵ ਕਾਰਨ ਵਾਪਰੀ ਹੈ - ਜਾਂ ਕਿ ਇਸਦੇ ਕੋਈ ਹੋਰ ਨਿੱਜੀ ਕਾਰਨ ਹਨ - ਇਸ ਬਾਰੇ ਕੋਈ ਵੀ ਗੱਲ ਯਕੀਨ ਨਾਲ ਨਹੀਂ ਕਹੀ ਜਾ ਸਕਦੀ। ਕਿਉਂਕਿ ਮਾਨਸਿਕਤਾ ਵਿੱਚ ਆਈ ਏਨੀ ਵੱਡੀ ਤਬਦੀਲੀ ਦੀ ਘਟਨਾ ਇਕੱਲੇ ਅਮਰਜੀਤ ਚੰਦਨ ਨਾਲ ਹੀ ਨਹੀਂ ਵਾਪਰੀ; ਹੋਰ ਵੀ ਉਸ ਵਰਗੇ ਅਨੇਕਾਂ ਪੰਜਾਬੀ ਸਾਹਿਤਕਾਰਾਂ ਨਾਲ ਅਜਿਹਾ ਹੀ ਵਾਪਰਿਆ ਹੈ।
----
ਭਾਵੇਂ ਅਮਰਜੀਤ ਚੰਦਨ ਅੱਜ ਕੱਲ ਦੇਹਵਾਦੀ ਕਵਿਤਾਵਾਂ ਲਿਖਣ ਵੱਲ ਵਧੇਰੇ ਰੁਚਿਤ ਹੈ; ਪਰ ਇਸ ਗੱਲ ਵਿੱਚ ਕੋਈ ਸੰਦੇਹ ਨਹੀਂ ਕਿ ਉਹ ਇੱਕ ਚੇਤੰਨ ਅਤੇ ਜਾਗਰੂਕ ਸਾਹਿਤਕਾਰ ਹੈ ਅਤੇ ਨਵੇਂ ਗਿਆਨ-ਵਿਗਿਆਨ ਵਿੱਚ ਪੂਰੀ ਦਿਲਚਸਪੀ ਰੱਖਦਾ ਹੈ। ਗੁਰਦੇਵ ਚੌਹਾਨ ਵੱਲੋਂ ਅਮਰਜੀਤ ਚੰਦਨ ਨਾਲ ਕੀਤੀ ਗਈ ਇੱਕ ਮੁਲਾਕਾਤ ਦੌਰਾਨ ਚੰਦਨ ਵੱਲੋਂ ਕਮਿਊਨਿਸਟਾਂ ਬਾਰੇ ਦਿੱਤਾ ਗਿਆ ਇੱਕ ਬਿਆਨ ਕਾਫੀ ਦਿਲਚਸਪੀ ਭਰਪੂਰ ਹੈ:
“ਮਾਰਕਸਵਾਦ ਕਮਿਊਨਿਸਟਾਂ ਨੇ - ਖਾਸ ਕਰਕੇ ਪੰਜਾਬੀ ਕਮਿਊਨਿਸਟਾਂ ਨੇ - ਨਵਾਂ ਧਰਮ ਬਣਾ ਲਿਆ ਹੋਇਆ ਹੈ। ਇਹਦਾ ਸਦਾਚਾਰਕ ਤੱਤ ਤਾਂ ਕਿਸੇ ਵੀ ਮਾਨਵੀ ਫ਼ਲਸਫ਼ੇ ਵਾਲਾ ਹੈ - ਬਰਾਬਰੀ, ਸਾਂਝੀਵਾਲਤਾ, ਅਮਨ. ਮਾਰਕਸਵਾਦ ਦੀ ਚੂਲ ਆਰਥਿਕਤਾ ਹੈ; ਇਹਦੀ ਕੋਈ ਗੱਲ ਨਹੀਂ ਕਰਦਾ, ਕਿਉਂਕਿ ਸਮਝ ਹੀ ਨਹੀਂ। ਮੈਂ ਮਾਰਕਸਵਾਦ ਦਾ ਅਫੀਮੀ ਨਹੀਂ। ਮੈਨੂੰ ਤੁਰਨ ਲਈ ਡੰਗੋਰੀ ਨਹੀਂ ਚਾਹੀਦੀ। ਸੰਨ 80 ‘ਚ ਬਰਲਿਨ ਦੀ ਕੰਧ ਵੇਖ ਕੇ ਮੈਂ ਪੂਰਬੀ ਜਰਮਨੀ ਨਹੀਂ ਸੀ ਗਿਆ। ਇਹ ਮੇਰਾ ਆਪਣਾ ਨਿੱਜੀ ਰੋਸ ਸੀ। ਸੰਨ 89 ‘ਚ ਰੂਸ ਦਾ ਨਿਘਾਰ ਮੈਂ ਅੱਖੀਂ ਦੇਖ ਲਿਆ ਸੀ। ਓਥੇ ਕੋਈ ਸੋਸ਼ਲਿਜ਼ਮ ਦਾ ਨਾਂ ਤੱਕ ਨਹੀਂ ਸੀ ਸੁਣਨਾ ਚਾਹੁੰਦਾ। ਇਹ ਨਜ਼ਾਮ ਢੱਠਣਾ ਈ ਸੀ। ਵਿਚ ਹਿਟਲਰ ਨਾ ਆਉਂਦਾ, ਤਾਂ ਸਤਾਲਿਨਿਜ਼ਮ ਤਾਂ ਦਸ -ਪੰਦਰਾਂ ਸਾਲ ‘ਚ ਹੀ ਪਾਸੇ ਲਗ ਜਾਣਾ ਸੀ। ਬੁਨਿਆਦੀ ਗੱਲਾਂ ਹਨ: ਐਬਸੋਲੀਊਟ ਪੁਲਿਟੀਕਲ ਪਾਵਰ, ਵੰਨ ਪਾਰਟੀ ਸਟੇਟ, ਕਮਾਂਡ ਇਕੌਨੌਮੀ ਅਤੇ ਧਰਮ ਰੱਬ ਦੇ ਖਿਲਾਫ਼ ਖੋਲ੍ਹਿਆ ਬੇਲੋੜਾ ਫ਼ਰੰਟ ਬੰਦੇ ਕੋਲੋਂ ਜਾਇਦਾਦ ਖੋਹ ਲਈ; ਰੱਬ ਖੋਹ ਲਿਆ; ਕਲਮ ਖੋਹ ਲਈ; ਬਾਕੀ ਉਹਦੇ ਕੋਲ ਕੀ ਬਚਿਆ? ਛਣਕਣਾ?”
----
ਗੁਰਦੇਵ ਚੌਹਾਨ ਨੇ ਇਸ ਪੁਸਤਕ ਵਿੱਚ ਕੈਨੇਡਾ ਦੇ ਇੱਕ ਉੱਭਰ ਰਹੇ ਕਵੀ ਅਤੇ ਵਾਰਤਕ ਲੇਖਕ ਡਾ. ਸੁਖਪਾਲ ਬਾਰੇ ਵੀ ਰੇਖਾ-ਚਿੱਤਰ ਲਿਖਿਆ ਹੈ। ਇਸ ਰੇਖਾ-ਚਿੱਤਰ ਵਿੱਚ ਚੌਹਾਨ ਕਹਿੰਦਾ ਹੈ:
“ਨਿੱਕੀਆਂ ਨਿੱਕੀਆਂ ਕਵਿਤਾਵਾਂ ਲਿਖਦਾ ਹੈ ਜਿਹੜੀਆਂ ਵੱਡੇ ਵੱਡੇ ਮੁੱਦਿਆਂ ਨਾਲ ਬਹੁਤ ਸੁਹਜ ਅਤੇ ਸਹਿਜ ਨਾਲ ਸਿੱਝ ਲੈਂਦੀਆਂ ਹਨ।”
ਡਾ. ਸੁਖਪਾਲ ਦੀ ਰੱਬ ਬਾਰੇ ਲਿਖੀ ਇੱਕ ਨਜ਼ਮ ਦੀਆਂ ਇਹ ਸਤਰਾਂ ਗੁਰਦੇਵ ਚੌਹਾਨ ਵੱਲੋਂ ਕਹੀ ਗੱਲ ਦੀ, ਨਿਰਸੰਦੇਹ, ਪੁਸ਼ਟੀ ਕਰਦੀਆਂ ਹਨ:
ਮੈਂ ਇੱਕਲਾ ਸਾਂ
ਡਰਿਆ ਹੋਇਆ ਸਾਂ ਬਹੁਤ
ਉਹ ਕਹਿਣ ਲੱਗੇ
‘ਇੱਕ ਰੱਬ ਸਿਰਜ ਲੈ
ਜਿਹੜਾ ਸਦਾ ਤੇਰੇ ਅੰਗ ਸੰਗ ਰਹੇ!’
ਮੈਂ ਉਵੇਂ ਹੀ ਕੀਤਾ
ਕੁਝ ਦਿਨਾਂ ਬਾਅਦ ਫੇਰ ਉਹ ਆਏ
ਡਰ ਮੇਰਾ ਹਾਲੇ ਵੀ ਨਹੀਂ ਸੀ ਗਿਆ
ਕਹਿਣ ਲੱਗੇ-
‘ਰੱਬ ਨੂੰ ਤਕੜਾ ਕਰ ਦੇਹ
ਸਭ ਤੋਂ ਤਾਕਤਵਰ
ਕੁਲ ਦੁਨੀਆਂ ਤੋਂ ਉਪਰ
ਆਪਣੇ ਤੋਂ ਵੀ ਉਪਰ’
ਮੈਂ ਕੀਤਾ
ਤੇ ਡਰ ਜਾਂਦਾ ਰਿਹਾ
ਹੁਣ ਉਹ ਆਖਦੇ ਹਨ-
‘ਰਬ ਤੋਂ ਡਰ!
ਉਹ ਤੇਰੇ ਤੋਂ-
ਸਭ ਦੁਨੀਆਂ ਤੋਂ-
ਤਾਕਤਵਰ ਏ
ਅਸੀਂ ਨੇੜੇ ਹਾਂ ਉਸਦੇ
ਸਾਡੇ ਤੋਂ ਵੀ ਡਰ!’
ਪਹਿਲਾਂ ਮੈਂ ਸਿਰਫ ਰੱਬ ਤੋਂ ਡਰਦਾ ਸਾਂ
ਹੁਣ ਰੱਬ ਤੋਂ ਵੀ ਡਰਦਾ ਹਾਂ
ਤੇ ਉਨ੍ਹਾਂ ਤੋਂ ਵੀ....
----
‘ਚਸ਼ਮਦੀਦ’ ਪੁਸਤਕ ਦੀ ਆਰੰਭਕੀ ਵਿੱਚ ਗੁਰਦੇਵ ਚੌਹਾਨ ਕਹਿੰਦਾ ਹੈ ਕਿ ਪਿਛਲੇ ਕੁਝ ਸਮੇਂ ਵਿੱਚ ਉਸਨੇ ਵਧੇਰੇ ਕਰਕੇ ਵਾਰਤਕ ਦੀਆਂ ਪੁਸਤਕਾਂ ਹੀ ਪੜ੍ਹੀਆਂ ਹਨ; ਕਿਉਂਕਿ ਪੜ੍ਹਣਯੋਗ ਕਵਿਤਾ ਦੀਆਂ ਪੁਸਤਕਾਂ ਪ੍ਰਕਾਸਿ਼ਤ ਨਹੀਂ ਹੋ ਰਹੀਆਂ। ਪਰ ਇਸ ਪੁਸਤਕ ‘ਚਸ਼ਮਦੀਦ’ ਵਿੱਚ ਗੁਰਦੇਵ ਚੌਹਾਨ ਕਿੰਨ੍ਹੇ ਹੀ ਪੰਜਾਬੀ ਕਵੀਆਂ ਦੀਆਂ ਪੜ੍ਹਣਯੋਗ ਪੁਸਤਕਾਂ ਵਿੱਚੋਂ ਉਨ੍ਹਾਂ ਦੀਆਂ ਖੂਬਸੂਰਤ ਕਵਿਤਾਵਾਂ ਦਾ ਜ਼ਿਕਰ ਕਰਦਾ ਹੈ। ਇਨ੍ਹਾਂ ਖੂਬਸੂਰਤ ਕਵਿਤਾਵਾਂ ਲਿਖਣ ਵਾਲੇ ਕਵੀਆਂ ਵਿੱਚ ਗੁਰਦੇਵ ਚੌਹਾਨ ਵਿਸ਼ੇਸ਼ ਕਰਕੇ ਸ਼ਿਵ ਕੁਮਾਰ ਬਟਾਲਵੀ, ਹਰਭਜਨ ਹਲਵਾਰਵੀ, ਅਮਰਜੀਤ ਚੰਦਨ, ਡਾ. ਸੁਖਪਾਲ, ਜਸਵੰਤ ਦੀਦ, ਅਮਰਜੀਤ ਕੌਂਕੇ, ਸਵਰਾਜਬੀਰ ਅਤੇ ਕੁਝ ਹੋਰ ਕਵੀਆਂ ਨੂੰ ਵੀ ਸ਼ਾਮਲ ਕਰਦਾ ਹੈ। ਇਸ ਤਰ੍ਹਾਂ ਕਰਕੇ ਗੁਰਦੇਵ ਚੌਹਾਨ ਆਪਣੀ ਹੀ ਕਹੀ ਗੱਲ ਨੂੰ ਰੱਦ ਕਰ ਜਾਂਦਾ ਹੈ।
----
ਅਮਰਜੀਤ ਕੌਂਕੇ ਪੰਜਾਬੀ ਦਾ ਨ ਸਿਰਫ ਇੱਕ ਚਰਚਿਤ ਕਵੀ ਹੈ ਬਲਕਿ ਉਹ ਬਹੁਤ ਵਧੀਆ ਕਵਿਤਾ ਲਿਖਣ ਵਾਲਾ ਪੰਜਾਬੀ ਦਾ ਇੱਕ ਚੇਤੰਨ, ਜਾਗਰੂਕ ਅਤੇ ਸੰਵੇਦਨਸ਼ੀਲ ਕਵੀ ਹੈ। ਕੌਂਕੇ ਸਮਾਜਿਕ, ਸਭਿਆਚਾਰਕ ਅਤੇ ਰਾਜਨੀਤਿਕ ਸਮੱਸਿਆਵਾਂ ਨੂੰ ਆਪਣੀਆਂ ਰਚਨਾਵਾਂ ਦਾ ਆਧਾਰ ਬਣਾਉਂਦਾ ਹੈ ਅਤੇ ਬੇਝਿਜਕ ਹੋ ਕੇ ਅਜਿਹੀਆਂ ਸਮੱਸਿਆਵਾਂ ਬਾਰੇ ਆਪਣੇ ਵਿਚਾਰ ਪੇਸ਼ ਕਰ ਜਾਂਦਾ ਹੈ। ਇਸ ਤੋਂ ਵੀ ਵੱਧਕੇ ਉਹ ਇਨ੍ਹਾਂ ਸਮੱਸਿਆਵਾਂ ਬਾਰੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਤੋਂ ਨਹੀਂ ਝਿਜਕਦਾ ਕਿ ਯਾਰੋ! ਅਸੀਂ ਤਾਂ ਸਾਧਾਰਣ ਲੋਕ ਹਾਂ। ਸਾਡੀ ਰੌਜ਼ਾਨਾ ਜ਼ਿੰਦਗੀ ਦੀਆਂ ਹੀ ਨਿੱਕੀਆਂ ਨਿੱਕੀਆਂ ਏਨੀਆਂ ਸਮੱਸਿਆਵਾਂ ਹੁੰਦੀਆਂ ਹਨ ਕਿ ਉਨ੍ਹਾਂ ਦੇ ਹੱਲ ਲੱਭਣ ਵਿੱਚ ਸਾਡੀ ਸਾਰੀ ਜ਼ਿੰਦਗੀ ਬੀਤ ਜਾਂਦੀ ਹੈ ਪਰ ਸਾਡੇ ਕੋਲ ਜੰਗਲਾਂ ਵਿੱਚ ਜਾ ਕੇ ਆਤਮਿਕ ਸ਼ੁੱਧੀ ਲਈ ਤਪ ਕਰਨ ਦੀ ਵਿਹਲ ਹੀ ਕਿੱਥੇ ਹੈ? ‘ਚਸ਼ਮਦੀਦ’ ਪੁਸਤਕ ਵਿੱਚ ਗੁਰਦੇਵ ਚੌਹਾਨ ਵੱਲੋਂ ਹੀ ਪੇਸ਼ ਕੀਤੀਆਂ ਗਈਆਂ ਅਮਰਜੀਤ ਕੌਂਕੇ ਦੀਆਂ ਕੁਝ ਖੂਬਸੂਰਤ ਕਵਿਤਾਵਾਂ ਦੀਆਂ ਕੁਝ ਉਦਾਹਰਣਾਂ ਹਾਜ਼ਰ ਹਨ:
1.
ਅਣਗਿਣਤ ਲੜਾਈਆਂ ਨੇ ਅਜੇ
ਲੜਣ ਵਾਲੀਆਂ
ਨਿਰਵਾਣ ਤੋਂ ਉਰ੍ਹੇ
ਪਰ ਅਸੀਂ ਮਾਧਿਅਮ ਘਰਾਂ ‘ਚ ਜਨਮੇ
ਛੋਟੇ ਛੋਟੇ ਅਭਿਮੰਨਿਊ ਹਾਂ
ਜਿਹਨਾਂ ਨੂੰ ਰੋਟੀ ਦਾ ਚੱਕਰਵਿਊ
ਮੌਤ ਤੇ ਮੁਕਤੀ ਬਾਰੇ ਨਹੀਂ ਸੋਚਣ ਦਿੰਦਾ
2.
ਅਚਾਨਕ ਇੱਕ ਕੁੱਤੇ ਨੇ
ਮੈਨੂੰ ਸਹੀ ਸਲਾਮਤ ਵੇਖਿਆ
ਇਹ ਵੇਖ ਕੇ ਹੀ ਉਸ ਨੇ
ਮੈਨੂੰ ਵੱਢ ਖਾਧਾ
ਕਹਿਣ ਲੱਗਾ, ਤੂੰ ਕੁੱਤਿਆਂ ਦੀ ਬਸਤੀ ‘ਚੋਂ
ਬਚ ਕੇ ਕਿਵੇਂ ਨਿਕਲ ਆਇਆ
3.
ਇਸ ਮੌਸਮ ਦੀ ਬਦਸੂਰਤੀ ਦੇ ਖ਼ਿਲਾਫ਼
ਮੈਂ ਆਪਣੇ ਬੱਚਿਆਂ ਦੇ ਹੋਠਾਂ ਤੇ ਬੰਸਰੀ
ਤੇ ਹੱਥਾਂ ਤੇ ਪੁਸਤਕਾਂ ਧਰਾਂਗਾ
ਮੈਂ ਬਸ ਇੰਨਾ ਕੁ ਕਰਾਂਗਾ
----
ਪਿਛਲੇ ਕੁਝ ਸਾਲਾਂ ਵਿੱਚ ਸਵਰਾਜਬੀਰ ਦੀ ਕਵਿਤਾ ਨਾਲੋਂ ਉਸਦੇ ਨਾਟਕਾਂ ਬਾਰੇ ਵਧੇਰੇ ਚਰਚਾ ਛਿੜਿਆ ਹੈ। ਪਰ ਪਿਛਲੇ ਤਿੰਨ ਦਹਾਕਿਆਂ ਵਿੱਚ ਜਦੋਂ ਪੰਜਾਬ ਸਭਿਆਚਾਰਕ ਸੰਕਟ ਦਾ ਸਾਹਮਣਾ ਕਰ ਰਿਹਾ ਸੀ; ਜਦੋਂ ਪੰਜਾਬ ਵਿੱਚ ਕੈਂਸਰ ਦੀ ਬੀਮਾਰੀ ਵਾਂਗ ਫੈਲ ਰਿਹਾ ਧਾਰਮਿਕ ਕੱਟੜਵਾਦ ਪੰਜਾਬੀ ਸਭਿਆਚਾਰ ਅਤੇ ਪੰਜਾਬੀ ਵਿਰਸੇ ਨੂੰ ਲੀਰੋ ਲੀਰ ਕਰ ਰਿਹਾ ਸੀ ਤਾਂ ਸਵਰਾਜਬੀਰ ਨੇ ਪੰਜਾਬੀ ਮਾਨਸਿਕਤਾ ਵਿੱਚ ਸਦੀਆਂ ਤੋਂ ਚੱਲੀ ਆਉਂਦੀ ਸਾਂਝੀਵਾਲਤਾ ਨੂੰ ਆਪਣੀ ਕਵਿਤਾ ਦਾ ਆਧਾਰ ਬਣਾਇਆ। ਉਸਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਸਾਡੇ ਪੂਰਵਜ਼ਾਂ ਨੇ ਪੰਜਾਬੀ ਸਭਿਆਚਾਰ ਅਤੇ ਵਿਰਸੇ ਦੀ ਉਸਾਰੀ ਸਾਂਝੀਵਾਲਤਾ ਦੇ ਥੰਮਾਂ ਉੱਤੇ ਕੀਤੀ; ਪਰ ਅਸੀਂ ਉਨ੍ਹਾਂ ਥੰਮਾਂ ਨੂੰ ਹੀ ਡੇਗ ਰਹੇ ਹਾਂ। ਹਾਜ਼ਰ ਹਨ ‘ਚਸ਼ਮਦੀਦ’ ਪੁਸਤਕ ਵਿੱਚ ਹੀ ਗੁਰਦੇਵ ਚੌਹਾਨ ਵੱਲੋਂ ਪੇਸ਼ ਕੀਤੀਆਂ ਗਈਆਂ ਸਵਰਾਜਬੀਰ ਦੀ ਅਜਿਹੀ ਖੂਬਸੂਰਤ ਸ਼ਾਇਰੀ ਦੀ ਪੁਸ਼ਟੀ ਕਰਨ ਵਾਲੀਆਂ ਕੁਝ ਕਾਵਿ ਸਤਰਾਂ:
1.
ਉਹ ਕੂਕ ਉੱਠਦਾ ਹੈ
ਅੰਮ੍ਰਿਤਸਰ ! ਤੈਨੂੰ ਕਿਸ ਨੇ ਵਸਾਇਆ ਸੀ?
ਤੈਨੂੰ ਕੌਣ ਉਜਾੜ ਰਿਹਾ ਹੈ?
ਅੰਮ੍ਰਿਤਸਰ ! ਮਨੁੱਖ ਨੂੰ ਆਪਣੇ ਨਾਂ ਤੋਂ ਸ਼ਰਮ ਆਉਣ ਲੱਗ ਪਈ ਹੈ
ਅੰਮ੍ਰਿਤਸਰ ! ਹੁਣ ਮੰਟੋ ਤੇਰੇ ਤੇ ਕਿਹੜੀ ਕਹਾਣੀ ਲਿਖੇਗਾ?
2.
ਅੰਮਿਤਸਰ ! ਪਿਆਰ ਮੇਰੀ ਆਖਰੀ ਜਿ਼ੱਦ ਹੈ
ਤੇ ਮੈਂ ਤੈਨੂੰ ਪਿਆਰ ਕਰਦਾ ਹਾਂ ਜਿਓਂ
ਕੋਈ ਮਲਾਹ ਆਪਣੀ ਡੁੱਬ ਰਹੀ ਕਿਸ਼ਤੀ ਨੂੰ ਚਾਹੁੰਦਾ ਹੈ
----
‘ਚਸ਼ਮਦੀਦ’ ਪੁਸਤਕ ਵਿੱਚ ਗੁਰਦੇਵ ਚੌਹਾਨ ਇੱਕ ਹੋਰ ਚਰਚਿਤ ਪੰਜਾਬੀ ਕਵੀ ਨੂੰ ਆਪਣੀ ਚਰਚਾ ਦਾ ਵਿਸ਼ਾ ਬਣਾਉਂਦਾ ਹੈ। ਉਹ ਕਵੀ ਹੈ: ਜਸਵੰਤ ਦੀਦ।
ਜਸਵੰਤ ਦੀਦ ਦੀ ਕਵਿਤਾ ਇਹ ਧਾਰਨਾ ਪੇਸ਼ ਕਰਦੀ ਹੈ ਕਿ ਅਜੋਕੇ ਸਮਿਆਂ ਵਿੱਚ ਮਨੁੱਖ ਜਿਸ ਕਿਸਮ ਦੇ ਸੰਕਟਾਂ ਦਾ ਸਾਹਮਣਾ ਕਰ ਰਿਹਾ ਹੈ ਉਸਦਾ ਮੂਲ ਕਾਰਨ ਇਹ ਹੈ ਕਿ ਮਨੁੱਖ ਨੇ ਆਪਣਾ ਉਹ ਭੋਲਾਪਨ ਗੰਵਾ ਲਿਆ ਹੈ ਜੋ ਇੱਕ ਨਿੱਕੇ ਬੱਚੇ ਵਿੱਚ ਹੁੰਦਾ ਹੈ। ਨਿੱਕੇ ਬੱਚੇ ਦਾ ਮਨ ਹਰ ਤਰ੍ਹਾਂ ਦੀਆਂ ਚਤਰਾਈਆਂ ਤੋਂ ਨਿਰਲੇਪ ਹੁੰਦਾ ਹੈ। ਮੁੱਢਲਾ ਮਨੁੱਖ ਜਦੋਂ ਧਰਤੀ ਉੱਤੇ ਆਇਆ ਤਾਂ ਉਸਦਾ ਮਨ ਵੀ ਇੱਕ ਨਿੱਕੇ ਬੱਚੇ ਦੇ ਮਨ ਵਾਂਗ ਹੀ ਹਰ ਤਰ੍ਹਾਂ ਦੀਆਂ ਚਤਰਾਈਆਂ ਤੋਂ ਨਿਰਲੇਪ ਸੀ। ਅੱਜ ਦੇ ਮਨੁੱਖ ਨੇ ਆਪਣੇ ਚਿਹਰੇ ਉੱਤੇ ਜਿਸ ਤਰ੍ਹਾਂ ਦੇ ਅਨੇਕਾਂ ਮੁਖੌਟੇ ਚਾੜ੍ਹ ਲਏ ਹਨ ਮਨੁੱਖ ਨੇ ਇਸ ਤਰ੍ਹਾਂ ਦਾ ਤਾਂ ਕਦੀ ਵੀ ਬਨਣਾ ਨਹੀਂ ਚਾਹਿਆ ਸੀ। ਭਵਿੱਖ ਦੇ ਮਨੁੱਖ ਦੀ ਸਿਰਜਣਾ ਦਾ ਮਾਡਲ ਇੱਕ ਨਿੱਕਾ ਬੱਚਾ ਹੀ ਹੋਣਾ ਚਾਹੀਦਾ ਹੈ - ਜਿਸਦੀ ਸੋਚ ਨਿਰਮਲ ਪਾਣੀ ਦੇ ਝਰਨੇ ਵਰਗੀ ਹੁੰਦੀ ਹੈ। ਜਸਵੰਤ ਦੀਦ ਆਪਣੀ ਇੱਕ ਕਵਿਤਾ ਵਿੱਚ ਇਨ੍ਹਾਂ ਵਿਚਾਰਾਂ ਦੀ ਪੁਸ਼ਟੀ ਕਰਦਾ ਹੈ:
ਧਰਤੀ ਦੀ ਗਰੂਤਾ ‘ਚ ਅਟਕਿਆ
ਪੁਰਖਿਆਂ ਦੀ ਪੋਟਲੀ ‘ਚ ਲੁਕਿਆ ਕੋਈ ਹੋਰ ਹੈ
ਉਹ ਕੋਈ ਹੋਰ ਸੀ
ਹੋਰ ਹੈ ਇਹ ਕੋਈ
ਮੈਂ ਕੁਝ ਹੋਰ ਹੋਣਾ ਹੈ
----
ਗੁਰਦੇਵ ਚੌਹਾਨ ਨੇ ਪੰਜਾਬੀ ਆਲੋਚਨਾ ਅਤੇ ਸਮੀਖਿਆ ਦੇ ਖੇਤਰ ਵਿੱਚ ਬਹੁ-ਚਰਚਿਤ ਹਸਤਾਖ਼ਰ ਗੁਰਬਚਨ ਬਾਰੇ ਵੀ ਰੇਖਾ-ਚਿੱਤਰ ਲਿਖਿਆ ਹੈ। ਗੁਰਬਚਨ ਨੂੰ ਮੈਂ ‘ਇਕੱਤੀ ਫਰਵਰੀ’ ਦੇ ਦਿਨਾਂ ਤੋਂ ਜਾਣਦਾ ਹਾਂ। 1970 ਦੇ ਆਸ ਪਾਸ ਜਦੋਂ ਅਸੀਂ ਨਵੇਂ ਸਾਹਿਤ ਅਤੇ ਨਵੀਂ ਆਲੋਚਨਾ ਨਾਲ ਸਬੰਧਤ ਪੰਜਾਬੀ ਮੈਗਜ਼ੀਨ ‘ਇਕੱਤੀ ਫਰਵਰੀ’ ਪ੍ਰਕਾਸਿ਼ਤ ਕਰਦੇ ਸਾਂ ਤਾਂ ਤਕਰੀਬਨ ਹਰ ਅੰਕ ਵਿੱਚ ਹੀ ਤੇਜ਼ਾਬੀ ਸ਼ਬਦਾਵਲੀ ਵਿੱਚ ਗੁਰਬਚਨ ਦੀਆਂ ਲਿਖਤਾਂ ਛਪਦੀਆਂ। ਗੁਰਬਚਨ ਦਾ ਉਦੇਸ਼ ਬਹੁਤ ਸਪੱਸ਼ਟ ਹੁੰਦਾ ਸੀ: ਬਿਨ੍ਹਾਂ ਕਿਸੀ ਦਾ ਕੋਈ ਲਿਹਾਜ਼ ਕੀਤੇ ਲੇਖਕਾਂ ਅਤੇ ਲਿਖਤਾਂ ਬਾਰੇ ਸੰਵਾਦ ਛੇੜਨਾ। ‘ਅੰਮ੍ਰਿਤਾ ਦੇ ਗੁਲੂਬੰਦ’ ਵਰਗੀਆਂ ਗੁਰਬਚਨ ਦੀਆਂ ਲਿਖਤਾਂ ਜਦੋਂ ‘ਇਕੱਤੀ ਫਰਵਰੀ’ ਵਿੱਚ ਛਪਦੀਆਂ ਤਾਂ ਸਾਹਿਤਕ ਹਲਕਿਆਂ ਵਿੱਚ ਹਲਚਲ ਮਚ ਜਾਂਦੀ। ਭਾਵੇਂ ਕਿ ਅਜਿਹੀਆਂ ਲਿਖਤਾਂ ਉੱਤੇ ਗੁਰਬਚਨ ਦਾ ਨਾਮ ਨਹੀਂ ਲਿਖਿਆ ਹੁੰਦਾ ਸੀ। ਪਰ ਹਰ ਕੋਈ ਅੰਦਾਜ਼ੇ ਲਗਾਉਣ ਲਗਦਾ ਕਿ ਅਜਿਹੀ ਆਰੇ ਦੇ ਦੰਦਿਆਂ ਵਰਗੀ ਮਨੁੱਖੀ ਚੇਤਨਾ ਨੂੰ ਵੱਢਦੀ ਤੁਰੀ ਜਾਂਦੀ ਸ਼ਬਦਾਵਲੀ ਵਿੱਚ ਗੁਰਬਚਨ ਤੋਂ ਬਿਨ੍ਹਾਂ ਹੋਰ ਕੌਣ ਲਿਖ ਸਕਦਾ ਹੈ? ਗੁਰਬਚਨ ਬਿਨ੍ਹਾਂ ਕਿਸੇ ਦਾ ਲਿਹਾਜ਼ ਕੀਤਿਆਂ ਅੰਮ੍ਰਿਤਾ ਪ੍ਰੀਤਮ ਦੁਆਲੇ ਜੁੜੇ ਉਸਦੇ ਝੋਲੀ ਚੁੱਕ ਲੇਖਕਾਂ ਦੇ ਮੁਖੌਟੇ ਉਤਾਰਦਾ ਜਾਂਦਾ। ਇਹ ਉਹ ਦਿਨ ਸਨ ਜਦੋਂ ‘ਇਕੱਤੀ ਫਰਵਰੀ’ ਮੈਗਜ਼ੀਨ ਨਾਲ ਜੁੜੇ ‘ਦਿੱਲੀ ਸਕੂਲ ਆਫ ਕਰਿਟਿਸਿਜ਼ਮ’ ਦੇ ਨਾਮ ਨਾਲ ਜਾਣੇ ਜਾਂਦੇ ਲੇਖਕਾਂ ਅਤੇ ਆਲੋਚਕਾਂ ਦਾ ਹਰ ਪਾਸੇ ਬੋਲਬਾਲਾ ਸੀ। ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਡਾ. ਹਰਿਭਜਨ ਸਿੰਘ, ਡਾ. ਤਰਲੋਕ ਸਿੰਘ ਕੰਵਰ, ਸੁਤਿੰਦਰ ਸਿੰਘ ਨੂਰ, ਡਾ. ਗੁਰਭਗਤ ਸਿੰਘ, ਹਰਨਾਮ, ਗੁਰਬਚਨ, ਸਤੀ ਕੁਮਾਰ ਦਾ ਨਾਮ ਲਿਆ ਜਾ ਸਕਦਾ ਹੈ। ‘ਇਕੱਤੀ ਫਰਵਰੀ’ ਵਿੱਚ ਉਨ੍ਹਾਂ ਦਿਨਾਂ ਵਿੱਚ ਪਾਕਿਸਤਾਨ ਵਿੱਚ ਨਵੇਂ ਪੰਜਾਬੀ ਸਾਹਿਤ ਅਤੇ ਆਲੋਚਨਾ ਨਾਲ ਜੁੜੇ ਲੇਖਕਾਂ ਫ਼ਖਰ ਜ਼ਮਾਨ ਅਤੇ ਨਜ਼ਮ ਹੁਸੈਨ ਸੱਈਅਦ ਦੀਆਂ ਵੀ ਲਿਖਤਾਂ ਛਪਦੀਆਂ ਸਨ।
----
ਪੰਜਾਬੀ ਸਾਹਿਤ ਦੀ ਆਲੋਚਨਾ ਅਤੇ ਸਮੀਖਿਆ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਹਸਤਾਖ਼ਰ ਗੁਰਬਚਨ ਬਾਰੇ ਲਿਖੇ ਆਪਣੇ ਰੇਖਾ ਚਿੱਤਰ ‘ਪੰਜਾਬੀ ਸਾਹਿਤ ਦਾ ਸਕੰਦਰੀ ਪ੍ਰਸ਼ਨ’ ਵਿੱਚ ਗੁਰਦੇਵ ਚੌਹਾਨ ਕੁਝ ਇਸ ਤਰ੍ਹਾਂ ਲਿਖਦਾ ਹੈ:
“...ਇੱਕ ਵੱਡ ਅਕਾਰਾ ਮਨੁੱਖ ਫ਼ੌਜੀ ਅਨੁਸ਼ਾਸ਼ਨ ਵਿੱਚ ਡਟਿਆ ਆਪਣੇ ਹੀ ਸਿਰਜੇ ਅਧਿਕਾਰਾਂ ‘ਤੇ ਪਹਿਰਾ ਦੇ ਰਿਹਾ ਹੈ। ਇਸ ਆਲੋਚਨਾਤਮਿਕ ਲਾਮਬੰਦੀ ਦੇ ਹਸਤਾਖ਼ਰ ਦਾ ਅੱਧਾ ਜਾਪਦਾ ਪੂਰਾ ਨਾਮ ਹੈ ਗੁਰਬਚਨ। ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਉਹ ਇੱਕੋ ਇੱਕ ਖਾੜਕੂ ਹੈ, ਜਿਹੜਾ ਜੋ ਚਾਹੁੰਦਾ ਹੈ, ਜਿਸ ਬਾਰੇ ਚਾਹੁੰਦਾ ਹੈ ਲਿਖਦਾ ਹੈ ਅਤੇ ਜੋ ਲਿਖਦਾ ਹੈ, ਉਹ ਪੜ੍ਹਿਆ ਜਾਂਦਾ ਹੈ। ਉਸਨੇ ਪੰਜਾਬੀ ਪਾਠਕ ਨੂੰ ਸ਼ੌਰ, ਸ਼ੰਕਾ, ਲੈ ਦੇ, ਸ਼ਰਧਾ, ਵਿਹਾਰੀ ਕਸਬ, ਰੱਖ ਰਖਾਵ, ਨੀਰਸਤਾ ਅਤੇ ਜਿਲ੍ਹਣ ਦੇ ਮਾਹੌਲ ਵਿੱਚੋਂ ਬਾਹਰ ਕੱਢ ਦਿੱਤਾ ਹੈ - ਜਾਂ ਇਸ ਬਾਰੇ ਸਾਨੂੰ ਚੇਤੰਨ ਕਰ ਦਿੱਤਾ ਹੈ। ਕੁਝ ਵਰ੍ਹਿਆਂ ਵਿੱਚ ਹੀ ਉਸ ਆਪਣੀ ਵੱਖਰੀ ਸ਼ੈਲੀ ਸਥਾਪਤ ਕਰ ਲਈ ਹੈ, ਜਿਹੜੀ ਪੰਜਾਬੀ ਦੀ ਪ੍ਰਚੱਲਤ ਆਲੋਚਨਾ ਵਿੱਚ ਨਿਵੇਕਲਾ ਮੋੜ ਕੱਟਦੀ ਹੈ। ਅਜ ਜਦ ਅਕਾਦਮਿਕ ਆਲੋਚਨਾ ਨੂੰ ਕੋਈ ਪਾਠਕ/ਪਾੜ੍ਹਾ ਚਿੱਮਟੀ ਨਾਲ ਚੁੱਕਣ ਨੂੰ ਵੀ ਤਿਆਰ ਨਹੀਂ ਅਤੇ ਜਿਸ ਨੂੰ ਕੋਈ ਪਬਲਿਸ਼ਰ ਪੈਸੇ ਲੇ ਕੇ ਵੀ ਛਾਪਣ ਨੂੰ ਤਿਆਰ ਨਹੀਂ ਜਾਂ ਇਹ ਕਰਨ ਤੋਂ ਨੱਕ ਵੱਟਦਾ ਹੈ ਜਾਂ ਕੰਨੀ ਕਤਰਾਉਂਦਾ ਹੈ ਤਾਂ ਇਸਦੇ ਉਲਟ ਗੁਰਬਚਨ ਦੇ ਸਾਹਿਤਕ ਲੇਖ ਦੈਨਿਕ ਪੱਤਰਾਂ ਦੀ ਜਾਨ ਹਨ ਅਤੇ ਪਾਠਕ ਪੱਤਰਾਂ ਦੇ ਪ੍ਰਾਣ। ਇਹ ਇਵੇਂ ਪੜ੍ਹੇ ਜਾਂਦੇ ਹਨ ਜਿਵੇਂ ਚੋਣ ਨਤੀਜਿਆਂ ਦੇ ਬੋਰਡ”।
----
ਗੁਰਦੇਵ ਚੌਹਾਨ ਦੀ ਪੁਸਤਕ ‘ਚਸ਼ਮਦੀਦ’ ਬਾਰੇ ਚਰਚਾ ਉਦੋਂ ਤੱਕ ਮੁਕੰਮਲ ਨਹੀਂ ਹੋ ਸਕਦਾ ਜਦੋਂ ਤੱਕ ਕਿ ਇਸ ਪੁਸਤਕ ਵਿੱਚ ਸ਼ਾਮਿਲ ਕੀਤੇ ਗਏ ਵਿਅੰਗ ਲੇਖਕ ਭੂਸ਼ਨ ਧਿਆਨਪੁਰੀ ਬਾਰੇ ਲਿਖੇ ਗਏ ਰੇਖਾ-ਚਿੱਤਰ ਦਾ ਜਿ਼ਕਰ ਨਹੀਂ ਕੀਤਾ ਜਾਂਦਾ।
ਭੂਸ਼ਨ ਧਿਆਨਪੁਰੀ ਪੰਜਾਬੀ ਸਾਹਿਤ ਵਿੱਚ ਵਿਅੰਗ ਨੂੰ ਇੱਕ ਪੜ੍ਹਣਯੋਗ ਰੂਪ ਬਣਾਉਣ ਵਾਲਿਆਂ ਵਿੱਚ ਇੱਕ ਬਹੁ-ਚਰਚਿਤ ਹਸਤਾਖ਼ਰ ਹੈ। ਭੂਸ਼ਨ ਧਿਆਨਪੁਰੀ ਦਾ ਜ਼ਿਕਰ ਗੁਰਦੇਵ ਚੌਹਾਨ ਕੁਝ ਇਸ ਤਰ੍ਹਾਂ ਕਰਦਾ ਹੈ:
“ਦੇਹ ਧਾਰੀਆਂ ਨੂੰ ਭੰਡਣ ਲਈ ਉਸ ਕੋਲ ਦੋ-ਧਾਰੀ ਹਥਿਆਰ ਹੈ। ਇਹ ਝੂਠ ਨਹੀਂ ਹੋਵੇਗਾ ਜੇ ਮੈਂ ਕਹਾਂ ਕਿ ਲੋਕ ਉਸਦੇ ਘਰ ਜਾ ਕੇ ਉਸਦੀ ਸੇਵਾ ਪੁੱਛਦੇ ਹਨ। ਕਿਉਂਕਿ ਉਹ ਉਸਦੀ ਆਲੋਚਨਾ ਤੋਂ ਡਰਦੇ ਹਨ। ਪਰ ਇਸਦਾ ਦੂਸਰਾ ਪਹਿਲੂ ਵੀ ਹੈ। ਪਾਠਕਾਂ ਦੇ ਨਾਲ ਨਾਲ ਭੂਸ਼ਨ ਨੇ ਆਪਣੇ ਦੁਸ਼ਮਣ ਵੀ ਪਾਲ ਲਏ ਹਨ। ਉਹ ਕਦੇ ਆਪਣੀ ਆਈ ਤੋਂ ਟਲਦਾ ਨਹੀਂ; ਅਤੇ ਇਹ ਆਈ ਹਮੇਸ਼ਾਂ ਆਈ ਰਹਿੰਦੀ ਹੈ। ਉਹ ਕਦੇ ਨਕਲੀ ਸਿੱਕੇ ਨਹੀਂ ਮੰਨਦਾ ਅਤੇ ਨਾ ਕਦੇ ਆਪ ਚਲਾਂਦਾ ਹੈ। ਉਹ ਵਿਅੰਗ ਨੂੰ ਗਲਤ ਕੀਮਤਾਂ ਅਤੇ ਪੁਰਾਣੇ ਮੁੱਢਾਂ ਨੂੰ ਕੱਟਣ ਲਈ ਪਰਸਰਾਮ ਦੇ ਕੁਹਾੜੇ ਵਾਂਗ ਚਲਾਂਦਾ ਹੈ। ਭਾਵੇਂ ਇਹੀ ਕੁਹਾੜਾ ਉਹ ਕਈ ਵਾਰ ਆਪਣੇ ਪੈਰੀਂ ਵੀ ਮਾਰ ਲੈਂਦਾ ਹੈ।”
----
ਭੂਸ਼ਨ ਧਿਆਨਪੁਰੀ ਨੇ ਸਾਹਿਤਕਾਰਾਂ ਅਤੇ ਉਨ੍ਹਾਂ ਦੀਆਂ ਕਵਿਤਾਵਾਂ ਬਾਰੇ ਪੈਰੋਡੀਆਂ ਲਿਖੀਆਂ ਹਨ। ਪੇਸ਼ ਹਨ, ਉਸਦੀਆਂ ਪੇਰੋਡੀਆਂ ਦੇ ਕੁਝ ਖੂਬਸੂਰਤ ਨਮੂਨੇ:
1.
ਸੰਤ ਸਿੰਘ ਸੇਖੋਂ ਆਖੇ ਤੇਜਵੰਤ ਨੂੰ
ਮੇਰੇ ਵਾਲਾ ਹਾਲ ਹੋਣਾ ਤੇਰਾ ਅੰਤ ਨੂੰ
2.
ਗਲੀਏਂ ਗਲੀਏਂ ਫਿਰਦੇ ਪੰਜ ਹਜ਼ਾਰੀਂ ਹੁਣ
ਲੱਭਿਆਂ ਵੀ ਨਹੀਂ ਲੱਭਦੇ, ਲੋਕ-ਲਿਖਾਰੀ ਹੁਣ
3.
ਇਕ ਮਸੀਹਾ ਹੋਰ ਚੜ੍ਹਾ ਕੇ ਸੂਲੀ ‘ਤੇ
ਰੋਂਦੇ ਫਿਰਦੇ ਸਾਹਿਤ ਦੇ ਪਟਵਾਰੀ ਹੁਣ
4.
ਗਲੀ ਗਲੀ ਵਣਜਾਰੇ ਫਿਰਦੇ
ਫੜ ਪ੍ਰੀਤਾਂ ਦੇ ਜਾਲ ਓ ਯਾਰ
ਜੈ ਇੰਦਰਾ ਜੈ ਇੰਦਰਾ ਕੂਕਣ
ਹੱਥ ਵਿੱਚ ਝੰਡੇ ਲਾਲ ਓ ਯਾਰ
ਇੱਕ ਕੁੜੀ ਨੇ ਇੱਛਿਆਧਾਰੀ
ਸੱਪਣੀ ਵੱਸ ਵਿਚ ਕੀਤੀ ਹੈ
ਵਰਮੀ ਦੇ ਚੌਗਿਰਦੇ ਬੈਠੇ
ਜੋਗੀ ਪਾਲੋ ਪਾਲ ਓ ਯਾਰ
----
ਕੈਨੇਡੀਅਨ ਪੰਜਾਬੀ ਸਾਹਿਤਕਾਰ ਗੁਰਦੇਵ ਚੌਹਾਨ ਦੀ ਪੁਸਤਕ ‘ਚਸ਼ਮਦੀਦ’ ਪਿਛਲੇ ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਦੇ ਪੰਜਾਬੀ ਸਾਹਿਤਕ ਸਭਿਆਚਾਰ ਨੂੰ ਪੇਸ਼ ਕਰਦੀ ਹੈ। ਇਸ ਪੁਸਤਕ ਵਿੱਚ ਚੌਹਾਨ ਕੁਝ ਉਨ੍ਹਾਂ ਨਾਮਵਰ ਪੰਜਾਬੀ ਸਾਹਿਤਕਾਰਾਂ, ਆਲੋਚਕਾਂ ਅਤੇ ਸਮੀਖਿਆਕਾਰਾਂ ਵੱਲੋਂ ਪੰਜਾਬੀ ਸਾਹਿਤਕ ਸਭਿਆਚਾਰ ਦੀ ਉਸਾਰੀ ਵਿੱਚ ਪਾਏ ਗਏ ਯੋਗਦਾਨ ਨੂੰ ਇੱਕ ਸੂਤਰਧਾਰ ਵਾਂਗੂੰ ਪੇਸ਼ ਕਰਦਾ ਹੈ। ਗੁਰਦੇਵ ਚੌਹਾਨ ਦੀ ਇਹ ਪੁਸਤਕ ਪੰਜਾਬੀ ਪਾਠਕਾਂ ਲਈ ਇਸ ਕਰਕੇ ਦਿਲਚਸਪੀ ਦਾ ਕਾਰਨ ਬਣਦੀ ਹੈ ਕਿ ਇਸ ਸਾਰੇ ਸਮੇਂ ਦੌਰਾਨ ਉਹ ਇਨ੍ਹਾਂ ਸਾਰੇ ਸਾਹਿਤਕਾਰਾਂ ਅਤੇ ਸਮੀਖਿਆਕਾਰਾਂ ਦੇ ਅੰਗ-ਸੰਗ ਰਿਹਾ ਹੈ। ਇਹ ਪੁਸਤਕ ਲਿਖਣ ਵੇਲੇ ਉਹ ਇਹ ਕਹਿਣ ਦਾ ਯਤਨ ਕਰ ਰਿਹਾ ਜਾਪਦਾ ਹੈ ਕਿ ਪਾਠਕਾਂ ਦੀ ਅਦਾਲਤ ਵਿੱਚ ਇੱਕ ਚਸ਼ਮਦੀਦ ਗਵਾਹ ਵਾਂਗ ਮੈਂ ਜੋ ਕੁਝ ਇਨ੍ਹਾਂ ਸਾਹਿਤਕ ਹਸਤਾਖ਼ਰਾਂ ਬਾਰੇ ਆਪਣੀਆਂ ਅੱਖਾਂ ਨਾਲ ਦੇਖਿਆ, ਕੰਨਾਂ ਨਾਲ ਸੁਣਿਆ ਅਤੇ ਦਿਲ ਦੇ ਅਹਿਸਾਸਾਂ ਰਾਹੀਂ ਮਹਿਸੂਸ ਕੀਤਾ ਹੈ ਉਸ ਬਾਰੇ ਜੋ ਕੁਝ ਵੀ ਮੈਂ ਲਿਖਾਂਗਾ - ਸੱਚੋ ਸੱਚ ਹੀ ਲਿਖਾਂਗਾ ਅਤੇ ਸੱਚ ਤੋਂ ਸਿਵਾ ਹੋਰ ਕੁਝ ਨਹੀਂ ਲਿਖਾਂਗਾ। ਆਪਣੇ ਇਸ ਯਤਨ ਵਿੱਚ ਗੁਰਦੇਵ ਚੌਹਾਨ ਕਾਫੀ ਹੱਦ ਤੱਕ ਕਾਮਯਾਬ ਹੋਇਆ ਹੈ। ਭਾਵੇਂ ਕਿ ਆਪਣੇ ਇਸ ਯਤਨ ਵਿੱਚ ਉਸਨੇ ਕੁਝ ਅਜਿਹੇ ਲੋਕਾਂ ਬਾਰੇ ਲਿਖੇ ਆਪਣੇ ਰੇਖਾ ਚਿੱਤਰ ਵੀ ਇਸ ਪੁਸਤਕ ਵਿੱਚ ਸ਼ਾਮਿਲ ਕੀਤੇ ਹਨ - ਜਿਨ੍ਹਾਂ ਦਾ ਪੰਜਾਬੀ ਸਾਹਿਤ ਜਾਂ ਸਾਹਿਤਕ ਸਭਿਆਚਾਰ ਵਿੱਚ ਕੋਈ ਵਿਸ਼ੇਸ਼ ਯੋਗਦਾਨ ਨਹੀਂ।ਫਿਰ ਵੀ, ਪੰਜਾਬੀ ਪਾਠਕਾਂ ਵੱਲੋਂ ਇਸ ਪੁਸਤਕ ਦਾ ਸੁਆਗਤ ਕਰਨਾ ਬਣਦਾ ਹੈ।
No comments:
Post a Comment