ਲੇਖ
ਕੈਨੇਡੀਅਨ ਪੰਜਾਬੀ ਲੇਖਿਕਾ ਦਵਿੰਦਰ ਬਾਂਸਲ ਅਫਰੀਕਾ ਵਿੱਚ ਜੰਮੀ ਪਲੀ, ਇੰਗਲੈਂਡ ਵਿੱਚ ਪੜ੍ਹੀ ਅਤੇ ਅੱਜ ਕੱਲ੍ਹ ਕੈਨੇਡਾ ਵਿੱਚ ਰਹਿੰਦੀ ਹੈ। ਤਿੰਨ ਮਹਾਂਦੀਪਾਂ ਨਾਲ ਸਬੰਧਤ ਰਹੀ ਹੋਣ ਕਰਕੇ ਉਸਦੇ ਵਿਚਾਰਾਂ ਵਿੱਚੋਂ ਵੀ ਇਨ੍ਹਾਂ ਤਿੰਨ ਮਹਾਂਦੀਪਾਂ ਦੇ ਸਭਿਆਚਾਰਾਂ ਦੀ ਝਲਕ ਮਿਲਦੀ ਹੈ। ਜੇਕਰ ਇੱਕ ਪਲ ਉਹ ਪੰਜਾਬੀ ਸਭਿਆਚਾਰਕ ਕਦਰਾਂ-ਕੀਮਤਾਂ ਦੀ ਗੱਲ ਕਰ ਰਹੀ ਹੁੰਦੀ ਹੈ ਤਾਂ ਦੂਜੇ ਹੀ ਪਲ ਉਹ ਪੱਛਮੀ ਸਭਿਆਚਾਰਕ ਕਦਰਾਂ-ਕੀਮਤਾਂ ਵਿੱਚ ਪੂਰੀ ਤਰ੍ਹਾਂ ਰੰਗੀ ਹੁੰਦੀ ਹੈ ਅਤੇ ਤੀਜੇ ਪਲ ਅਫਰੀਕਨ ਸਭਿਆਚਾਰਕ ਕਦਰਾਂ-ਕੀਮਤਾਂ ਵਿੱਚ।
----
ਉਸ ਦੀਆਂ ਲਿਖਤਾਂ ਦਾ ਮੂਲ ਉਦੇਸ਼ ਔਰਤਾਂ ਦੀਆਂ ਸਮੱਸਿਆਵਾਂ ਬਾਰੇ ਲੋਕ-ਚੇਤਨਾ ਪੈਦਾ ਕਰਨਾ ਹੈ। ਅਜਿਹਾ ਕਰਦਿਆਂ ਹੋਇਆਂ ਉਹ ਮਨੁੱਖੀ ਰਿਸ਼ਤਿਆਂ ਦੀਆਂ ਸੂਖਮ ਪਰਤਾਂ ਦੀ ਗੱਲ ਕਰਨ ਲਈ ਮਨੁੱਖੀ ਮਨ ਦੇ ਤਹਿਖ਼ਾਨਿਆਂ ਵਿੱਚ ਉਤਰ ਜਾਂਦੀ ਹੈ। ਔਰਤਾਂ ਦੀਆਂ ਸਮੱਸਿਆਵਾਂ ਬਾਰੇ ਗੱਲ ਕਰਦਿਆਂ ਹੋਇਆਂ ਉਹ, ਮਹਿਜ਼, ਆਦਮੀ ਨੂੰ ਹੀ ਔਰਤਾਂ ਦੀਆਂ ਸਮੱਸਿਆਵਾਂ ਲਈ ਜਿੰਮੇਵਾਰ ਨਹੀਂ ਠਹਿਰਾਉਂਦੀ, ਉਹ ਇਨ੍ਹਾਂ ਸਮੱਸਿਆਵਾਂ ਲਈ ਹੋਰਨਾਂ ਔਰਤਾਂ ਨੂੰ ਵੀ ਜਿੰਮੇਵਾਰ ਠਹਿਰਾਉਂਦੀ ਹੈ। ਅਜਿਹੀਆਂ ਔਰਤਾਂ ਜੋ ਇੱਕ ਦੂਜੀ ਨਾਲ, ਮਹਿਜ਼, ਈਰਖਾ ਕਰਨ ਸਦਕਾ ਹੀ ਇੱਕ ਦੂਜੀ ਦੇ ਕਦਮਾਂ ਹੇਠ ਕੰਡੇ ਬੀਜਦੀਆਂ ਹਨ।
----
ਆਪਣੀ ਬਹੁ-ਦਿਸ਼ਾਵੀ ਪ੍ਰਤਿਭਾ ਦੀ ਪੇਸ਼ਕਾਰੀ ਲਈ ਦਵਿੰਦਰ ਬਾਂਸਲ ਨੇ 1998 ਵਿੱਚ ਆਪਣੀ ਕੋਲਾਜ ਕਿਤਾਬ ‘ਮੇਰੀਆਂ ਝਾਂਜਰਾਂ ਦੀ ਛਨਛਨ’ ਪ੍ਰਕਾਸ਼ਿਤ ਕੀਤੀ ਸੀ। ਇਸ ਕੋਲਾਜ ਕਿਤਾਬ ਵਿੱਚ ਉਸਨੇ ਆਪਣੀਆਂ ਕਵਿਤਾਵਾਂ, ਡਾਇਰੀ ਦੇ ਪੰਨੇ ਅਤੇ ਡਰਾਇੰਗਾਂ ਸ਼ਾਮਿਲ ਕੀਤੀਆਂ ਹਨ। ਲਿਖਣ ਕਲਾ ਅਤੇ ਚਿੱਤਰ ਕਲਾ ਦੇ ਸੁਮੇਲ ਰਾਹੀਂ ਇਸ ਤਰ੍ਹਾਂ ਦਵਿੰਦਰ ਬਾਂਸਲ ਆਪਣੇ ਵਿਚਾਰਾਂ ਨੂੰ ਹੋਰ ਵਧੇਰੇ ਸ਼ਕਤੀਸ਼ਾਲੀ ਅਤੇ ਸਪੱਸ਼ਟ ਬਣਾਉਂਦੀ ਹੈ। ਉਸ ਦੀਆਂ ਲਿਖਤਾਂ ਔਰਤ ਦਾ ਔਰਤ ਨਾਲ ਸੰਵਾਦ ਵੀ ਹੈ ਅਤੇ ਔਰਤ ਦਾ ਮਰਦ ਨਾਲ ਸੰਵਾਦ ਵੀ। ਇਨ੍ਹਾਂ ਲਿਖਤਾਂ ਵਿੱਚ ਔਰਤ ਦੀਆਂ ਖੁਸ਼ੀਆਂ, ਗ਼ਮੀਆਂ, ਆਸ਼ਾਵਾਂ, ਨਿਰਾਸ਼ਾਵਾਂ, ਇਛਾਵਾਂ, ਉਮੰਗਾਂ ਅਤੇ ਭਾਵਨਾਵਾਂ ਦਾ ਪ੍ਰਗਟਾਵਾ ਹੈ। ਇਹ ਰਚਨਾਵਾਂ ਔਰਤ ਅਤੇ ਮਰਦ ਦੇ ਦਰਮਿਆਨ ਪੱਸਰੇ ਹੋਏ ਸੂਖਮ ਰਿਸ਼ਤਿਆਂ ਦੀ ਤੰਦ-ਤਾਣੀ ਅਤੇ ਵਹਿਸ਼ੀਪੁਣੇ ਦੇ ਅਨੇਕਾਂ ਪਹਿਲੂਆਂ ਨੂੰ ਬੜੀ ਗਹਿਰਾਈ ਵਿੱਚ ਸਮਝਣ ਦਾ ਯਤਨ ਹੈ।
----
ਦਵਿੰਦਰ ਬਾਂਸਲ ਦੀਆਂ ਲਿਖਤਾਂ ਬਾਰੇ ਚਰਚਾ ਉਸਦੀ ਕਵਿਤਾ ‘ਤੜਪ’ ਦੀਆਂ ਇਨ੍ਹਾਂ ਸਤਰਾਂ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ:
ਕੋਈ ਵੀ ਮੇਰੇ ਦਰਦ ਨੂੰ ਨਹੀਂ ਜਾਣਦਾ
ਮੇਰੀ ਰੂਹ ਪਿੰਜੀ ਜਾ ਚੁੱਕੀ ਹੈ
ਮੇਰਾ ਜਿਸਮ ਟੁੱਕੜੇ ਟੁੱਕੜੇ ਹੋ ਚੁੱਕਾ ਹੈ
ਮੇਰੇ ਸ਼ਬਦ ਮੇਰੇ ਹੋਂਠਾਂ ਤੇ ਆ ਕੇ ਰੁਕ ਜਾਂਦੇ ਹਨ
ਮੇਰੇ ਖ਼ੂਨ ਦੀ ਹਰਕਤ ਮੱਧਮ ਪੈ ਜਾਂਦੀ ਹੈ
ਮੇਰਾ ਸਾਹ ਰੁਕ ਜਾਂਦਾ ਹੈ
ਮੈਂ ਨਢਾਲ ਹੋ ਜਾਂਦੀ ਹਾਂ
ਮੇਰੇ ਜਖ਼ਮਾਂ ਦੀ ਪੀੜਾ ਮੇਰੀ ਰੂਹ ਨੂੰ
ਵਿੰਨ੍ਹ ਵਿੰਨ੍ਹ ਕੇ ਛਾਨਣਾ ਕਰਦੀ ਰਹਿੰਦੀ ਹੈ
ਮੇਰੀਆਂ ਖੁਸ਼ੀਆਂ, ਮੇਰੇ ਗ਼ਮ
ਮੇਰੀ ਛਾਨਣਾ ਹੋਈ ਰੂਹ ‘ਚੋਂ
ਬਿਨ੍ਹਾਂ ਕੋਈ ਛਾਪ ਛੱਡੇ ਕਿਰ ਜਾਂਦੇ ਹਨ
----
ਮਨੁੱਖੀ ਜਿਸਮ, ਮਨੁੱਖੀ ਮਨ ਨੂੰ, ਜਦੋਂ ਅਸੀਮ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇੱਕ ਅਜਿਹੀ ਸਥਿਤੀ ਪੈਦਾ ਹੋ ਜਾਂਦੀ ਜਦੋਂ ਜਿਸਮ / ਮਨ ਹਿੰਸਾ ਸਹਿਣ ਦੀ ਆਪਣੀ ਸੀਮਾ ਉੱਤੇ ਪਹੁੰਚ ਜਾਂਦਾ ਹੈ। ਉਸ ਤੋਂ ਬਾਹਦ ਮਨੁੱਖੀ ਜਿਸਮ / ਮਨ ਉੱਤੇ ਸੁੱਖ / ਦੁੱਖ ਦਾ ਕੋਈ ਅਸਰ ਨਹੀਂ ਹੁੰਦਾ। ਮਨੁੱਖ ਦਾ ਆਪਣੇ ਚੌਗਿਰਦੇ ਵਿੱਚ ਵਾਪਰ ਰਹੀ ਜ਼ਿੰਦਗੀ ਨਾਲ ਨਾਤਾ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ। ਉਹ, ਉਸ ਜ਼ਿੰਦਗੀ ਵਿੱਚ ਸ਼ਾਮਿਲ ਤਾਂ ਹੁੰਦਾ ਹੈ ਪਰ ਉਹ ਉਸ ਜ਼ਿੰਦਗੀ ਵਿੱਚ ਬੇਗਾਨਾ ਬਣ ਕੇ ਵਿਚਰਦਾ ਹੈ।
ਮਨੁੱਖੀ ਰਿਸ਼ਤਿਆਂ ਦੇ ਤਾਣੇ-ਬਾਣੇ ਦੀਆਂ ਸੂਖਮ ਪਰਤਾਂ ਦੀ ਗੱਲ ਹੋਰ ਵਧੇਰੇ ਸਪੱਸ਼ਟਤਾ ਵਿੱਚ ਪ੍ਰਗਟ ਹੁੰਦੀ ਹੈ ਜਦੋਂ ਦਵਿੰਦਰ ਬਾਂਸਲ ‘ਘਰ’ ਸ਼ਬਦ ਦੀ ਪ੍ਰੀਭਾਸ਼ਾ ਉਸਾਰਦੀ ਹੈ। ਆਪਣੇ ਵਿਚਾਰਾਂ ਨੂੰ ਸਮਝਣਯੋਗ ਬਨਾਉਣ ਲਈ ਉਹ ਇਹ ਵੀ ਸਪੱਸ਼ਟ ਕਰਦੀ ਹੈ ਕਿ ਉਸਦੀ ਨਿਗਾਹ ਵਿੱਚ ‘ਘਰ’ ਕੀ ਹੁੰਦਾ ਹੈ ਅਤੇ ‘ਘਰ’ ਕੀ ਨਹੀਂ ਹੁੰਦਾ। ਆਪਣੀ ਕਵਿਤਾ ‘ਘਰ’ ਵਿੱਚ ਉਹ ਘਰ ਨ ਹੋਣ ਦੀ ਪ੍ਰੀਭਾਸ਼ਾ ਕੁਝ ਇਸ ਤਰ੍ਹਾਂ ਦਿੰਦੀ ਹੈ:
ਘਰ, ਇੱਕ ਚਾਰ ਦੀਵਾਰੀ ਦਾ ਨਾਮ ਨਹੀਂ
ਮੀਂਹ ਹਨ੍ਹੇਰੀ ਤੋਂ ਬਚਣ ਲਈ ਮਿਲੀ ਹੋਈ
ਛੱਤ ਦਾ ਨਾਮ ਵੀ ਘਰ ਨਹੀਂ ਹੁੰਦਾ
ਧਾਰਮਿਕ ਬਾਬਿਆਂ ਦੀਆਂ ਤਸਵੀਰਾਂ ਨਾਲ
ਭਰੀਆਂ ਹੋਈਆਂ ਕੰਧਾਂ ਦਾ ਨਾਮ ਵੀ ਘਰ ਨਹੀਂ ਹੁੰਦਾ
ਇੱਕੋ ਛੱਤ ਥੱਲੇ ਪਤੀ, ਪਤਨੀ ਅਤੇ ਬੱਚਿਆਂ ਦਾ
ਮਹਿਜ਼ ਇਕੱਠੇ ਰਹਿਣਾ ਵੀ ਘਰ ਨਹੀਂ ਹੁੰਦਾ
ਨ ਹੀ ਘਰ ਹੁੰਦਾ ਹੈ ਸਟੀਰੀਓ, ਟੀ.ਵੀ., ਵੀਡੀਓ,
ਅਤੇ ਆਲੀਸ਼ਾਨ ਗਲੀਚਿਆਂ ਦਾ ਵਿਛੇ ਹੋਣਾ
ਸ਼ਰਾਬ ਦੀਆਂ ਬੋਤਲਾਂ, ਭੁੰਨੇ ਹੋਏ ਮੁਰਗਿਆਂ ਅਤੇ
ਕੁਲਚੇ ਛੋਲਿਆਂ ਦਾ ਮੇਜ਼ਾਂ ਉਤੇ ਪਰੋਸਿਆ ਜਾਣਾ ਵੀ
ਘਰ ਨਹੀਂ ਹੁੰਦਾ
ਇਸੇ ਹੀ ਕਵਿਤਾ ਦੇ ਦੂਜੇ ਹਿੱਸੇ ਵਿੱਚ ਦਵਿੰਦਰ ਬਾਂਸਲ ਇਹ ਵੀ ਪ੍ਰੀਭਾਸ਼ਤ ਕਰ ਦਿੰਦੀ ਹੈ ਕਿ ਉਸਦੀ ਨਿਗਾਹ ਵਿੱਚ ਕਿਸ ਮਕਾਨ ਨੂੰ ਘਰ ਕਿਹਾ ਜਾ ਸਕਦਾ ਹੈ:
ਜਿੱਥੇ ਤੁਹਾਡਾ ਦਿਲ ਗੁਲਾਬ ਦੇ ਫੁੱਲ ਵਾਂਗ ਖਿੜ ਉਠਦਾ ਹੈ
ਜਿੱਥੇ ਰੁੱਖੀ-ਸੁੱਖੀ ਵੀ ਚੋਪੜੀਆਂ ਦੇ ਬਰਾਬਰ ਹੁੰਦੀ ਹੈ
ਜਿੱਥੇ ਇੱਕ ਦੂਜੇ ਦੇ ਦਿਲ ਦੀ ਧੜਕਣ ਸੁਣਾਈ ਦਿੰਦੀ ਹੈ
ਜਿੱਥੇ ਇੱਕ ਦੂਜੇ ਨੂੰ ਦੇਖਦਿਆਂ ਹੀ
ਪਿਆਰ ਦੀ ਕੰਬਣੀ ਜਿਹੀ ਛਿੜ ਜਾਂਦੀ ਹੈ
ਜਿੱਥੇ ਮੁੜਨ ਲਈ ਦਿਲ ਬੇਚੈਨ ਹੁੰਦਾ ਹੈ
ਜਿੱਥੇ ਆ ਕੇ ਤੁਹਾਡੇ ਮਨ ਨੂੰ ਸਕੂਨ ਮਿਲਦਾ ਹੈ
ਜਿੱਥੇ ਕਿਸੇ ਦਾ ਹੱਥ ਤੁਹਾਡੇ ਸਵਾਗਤ ਲਈ ਵਧਿਆ ਹੁੰਦਾ ਹੈ
ਜਿੱਥੇ ਬੰਦਾ ਬਿਨਾਂ ਕਿਸੇ ਉਚੇਚ ਦੇ ਧੁੱਸ ਸਕਦਾ ਹੈ
ਜਿੱਥੇ ਬੰਦੇ ਦੀਆਂ ਆਸਾਂ, ਮੁਰਾਦਾਂ ਅਤੇ ਚਾਹਤਾਂ ਦੀ ਪੂਰਤੀ ਹੁੰਦੀ ਹੈ
ਜਿੱਥੇ ਆ ਕੇ ਬੰਦੇ ਨੂੰ ਆਜ਼ਾਦੀ ਦਾ ਅਹਿਸਾਸ ਹੁੰਦਾ ਹੈ
ਜਿੱਥੇ ਤੁਸੀਂ ਜ਼ਿੰਦਗੀ ਵਿਚ ਹਰ ਰੰਗ ਭਰ ਦੇਣ ਵਾਲੀ
ਕਲੀ ਦੇ ਰੰਗਾਂ ਵਿੱਚ ਆਪਣੇ ਆਪ ਨੂੰ ਰੰਗ ਸਕਦੇ ਹੋ
ਜਿੱਥੇ ਤੁਸੀਂ ਰੂਹ ਵਿੱਚ ਖ਼ੁਸ਼ਬੂ ਭਰਨ ਵਾਲੇ ਫੁੱਲ ਨੂੰ
ਬਿਨ੍ਹਾਂ ਕਿਸੇ ਝਿਜਕ ਦੇ ਜੀਅ ਭਰਕੇ ਚੁੰਮ ਸਕਦੇ ਹੋ
ਜਿੱਥੇ ਤੁਸੀਂ ਆਪਣੇ ਆਪ ਨੂੰ ਵੀ ਮਿਲ ਸਕਦੇ ਹੋ
----
ਜਿਸ ਥਾਂ ਉੱਤੇ ਇਹ ਕੁਝ ਨਹੀਂ ਵਾਪਰਦਾ, ਉੱਥੇ ਰਹਿਣ ਵਾਲਾ ਹਰ ਕੋਈ ਇੱਕ ਦੂਜੇ ਲਈ ਅਜਨਬੀ ਹੁੰਦਾ ਹੈ। ਇਸ ਅਜਨਬੀਪਣ ਵਿੱਚੋਂ ਹੀ ਪੈਦਾ ਹੁੰਦੀ ਹੈ ਇੱਕ ਦੂਜੇ ਪ੍ਰਤੀ ਹਿੰਸਾ ਦੀ ਭਾਵਨਾ, ਨਫ਼ਰਤ ਦੀ ਭਾਵਨਾ, ਵਿਦਰੋਹ ਦੀ ਭਾਵਨਾ। ਇਸ ਭਾਵਨਾ ਅਧੀਨ ਹੀ ਮਨੁੱਖ ਆਪਣੀ ਥਾਂ ਸੁਰੱਖਿਅਤ ਰੱਖਣ ਲਈ ਆਪਣੇ ਚੁਫੇਰੇ ਕੰਡਿਆਲੀ ਵਾੜ ਲਗਾਉਂਦਾ ਹੈ ਅਤੇ ਜਦੋਂ ਕੋਈ ਇਸ ਵਾੜ ਦੀ ਉਲੰਘਣਾ ਕਰਦਾ ਹੈ ਤਾਂ ਉਸ ਨਾਲ ਯੁੱਧ ਵਾਲੀ ਸਥਿਤੀ ਪੈਦਾ ਹੋ ਜਾਂਦੀ ਹੈ। ਪਰ ਇਸ ਤਨਾਓ ਵਾਲੀ ਸਥਿਤੀ ਵਿੱਚ ਵੀ ਮਾਨਸਿਕ ਸੰਤੁਲਿਨ ਕਿਵੇਂ ਬਣਾ ਕੇ ਰੱਖਿਆ ਜਾਵੇ, ਮਨੁੱਖ ਲਈ ਇਹ ਵੀ ਇੱਕ ਚੁਣੌਤੀ ਬਣ ਜਾਂਦੀ ਹੈ। ਅਜਿਹੀ ਸਥਿਤੀ ਨਾਲ ਕਿਵੇਂ ਨਿਪਟਿਆ ਜਾਵੇ, ਦਵਿੰਦਰ ਬਾਸਲ ਆਪਣੀ ਕਵਿਤਾ ‘ਤਨਾਓ’ ਵਿੱਚ ਇਸ ਦਾ ਵਿਸਥਾਰ ਪੇਸ਼ ਕਰਦੀ ਹੈ:
ਜ਼ਿੰਦਗੀ ਦੇ ਕੰਡਿਆਲੇ ਰਾਹਾਂ ਤੇ ਤੁਰਦਿਆਂ
ਦਰਦਾਂ ਨਾਲ ਪੱਛਿਆ ਮੇਰਾ ਸੀਨਾ
ਹੌਕੇ ਭਰ ਭਰ ਇਤਰਾਜ਼ ਕਰਦਾ ਹੈ ਕਿ
ਜਦੋਂ ਤੱਕ,
ਮੈਂ
ਆਪਣੀਆਂ ਕਸ਼ਮਕਸ਼ਾਂ
ਆਪਣੀਆਂ ਆਸਾਂ ਦੇ ਆਧਾਰ
ਆਪਣੀਆਂ ਇਛਾਵਾਂ ਅਤੇ ਉਮੰਗਾਂ ਨੂੰ
ਅਲਫ਼ ਨੰਗਿਆਂ ਕਰ
ਆਪਣੇ ਆਪ ਦੀ ਤਲਾਸ਼ ਨਹੀਂ ਕਰਦੀ
ਮੈਂ ਸੰਤੁਸ਼ਟੀ ਨੂੰ ਗਲਵੱਕੜੀ ਨਹੀਂ ਪਾ ਸਕਾਂਗੀ
ਸੰਘਣੀਆਂ ਵਾੜਾਂ ‘ਚ ਘਿਰੀ ਮੇਰੀ ਜਿੰਦ
ਇਹ ਸੋਚ ਕੇ ਵੀ ਸੁੰਨ ਹੋ ਜਾਂਦੀ ਹੈ ਕਿ
ਵਧੀਕ ਤਨਾਓ ਨਾਲ ਕੱਸੀਆਂ ਹੋਈਆਂ
ਜ਼ਿੰਦਗੀ ਦੇ ਸਾਜ਼ ਦੀਆਂ ਤਾਰਾਂ
ਟੁੱਟ ਜਾਣਗੀਆਂ
ਢਿੱਲਿਆਂ ਛੱਡਿਆਂ
ਤਾਂ ਕੋਈ ਸੰਗੀਤ ਹੀ ਪੈਦਾ ਨਹੀਂ ਹੋਵੇਗਾ
ਜ਼ਿੰਦਗੀ ਬਸ ਨਿਰੀ ਘੂੰ ਘੂੰ ਬਣਕੇ ਹੀ ਰਹਿ ਜਾਵੇਗੀ
----
ਦਵਿੰਦਰ ਬਾਂਸਲ ਦੇ ਵਿਚਾਰਾਂ ਅਨੁਸਾਰ ਨੌਜਵਾਨ ਪੰਜਾਬੀ / ਭਾਰਤੀ ਔਰਤਾਂ ਦੀ ਜ਼ਿੰਦਗੀ ਵਿੱਚ ਮੁਸੀਬਤਾਂ ਦੀ ਸ਼ੁਰੂਆਤ ਉਦੋਂ ਹੀ ਹੋ ਜਾਂਦੀ ਹੈ ਜਦੋਂ ਮਾਪੇ ਉਨ੍ਹਾਂ ਦਾ ਵਿਆਹ ਕਿਸੇ ਮਰਦ ਨਾਲ ਕਰਕੇ ਇਹ ਕਹਿਕੇ ਤੋਰ ਦਿੰਦੇ ਹਨ ਕਿ ਤੂੰ ਹੁਣ ਹਰ ਸੁੱਖ-ਦੁੱਖ ਵਿੱਚ ਉਸ ਘਰ ਵਿੱਚ ਹੀ ਰਹਿਣਾ ਹੈ। ਔਰਤ ਦੀ ਇਸ ਤ੍ਰਾਸਦੀ ਨੂੰ ਦਵਿੰਦਰ ਬਾਂਸਲ ਨੇ ਆਪਣੀ ਕਵਿਤਾ ‘ਬੁਝਿਆ ਹੋਇਆ ਦੀਵਾ’ ਵਿੱਚ ਇਸ ਤਰ੍ਹਾਂ ਪੇਸ਼ ਕੀਤਾ ਹੈ:
ਮਹਿਜ਼,
ਆਪਣੇ ਨੱਕ, ਪੱਗ ਅਤੇ ਧੌਲੇ ਝਾਟਿਆਂ ਦੀ
ਲੱਜ ਪਿੱਟਦੇ, ਮਜਬੂਰੀਆ ਦੇ ਕੀਰਨੇ ਪਾ, ਬੇਵਸੀ
ਦੇ ਹੰਝੂ ਕੇਰ
ਵਿਚੋਲਿਆਂ ਦੇ ਕੰਧਿਆਂ ‘ਤੇ
ਧੀਆਂ ਦੀਆਂ ਅੱਧ ਜਲੀਆਂ ਲੋਥਾਂ ਉਠਾ
ਭਾਂਡੇ, ਟੀਂਡਿਆਂ ‘ਤੇ ਕੱਪੜਿਆਂ ਦੀ ਸਮਗਰੀ ਸੰਗ
ਮਨੌਤੀਆਂ ਦਾ ਬਾਲਣ ਪਾ ਕੇ
ਸਿਵਿਆਂ ਵਿੱਚ ਸਵਾਹ ਹੋਣ ਲਈ
ਛੱਡ ਆਂਦੇ ਹਨ -ਮਾਪੇ
----
ਪਰ ਅਜਿਹੀ ਹਾਲਤ ਉਨ੍ਹਾਂ ਔਰਤਾਂ ਦੀ ਹੁੰਦੀ ਹੈ ਜਿਨ੍ਹਾਂ ਦੀ ਮਾਨਸਿਕਤਾ ਅਜੇ ਵੀ ਪ੍ਰੰਪਰਾਗਤ ਵਿਚਾਰਾਂ ਦੀ ਧਾਰਨੀ ਹੁੰਦੀ ਹੈ। ਅਜੋਕੇ ਸਮਿਆਂ ਦੀਆਂ ਔਰਤਾਂ ਆਪਣੇ ਹੱਕਾਂ ਦੀ ਰਾਖੀ ਲਈ ਚੇਤੰਨ ਹੋ ਰਹੀਆਂ ਹਨ। ਅਜੋਕੇ ਸਮਿਆਂ ਦੀਆਂ ਔਰਤਾਂ ਮਰਦ ਪ੍ਰਧਾਨ ਸਮਾਜ ਵੱਲੋਂ ਬਣਾਈਆਂ ਗਈਆਂ ਅਜਿਹੀਆਂ ਸਮਾਜਿਕ, ਸਭਿਆਚਾਰਕ ਕਦਰਾਂ-ਕੀਮਤਾਂ ਨੂੰ ਪੂਰੀ ਤਰ੍ਹਾਂ ਰੱਦ ਕਰਦੀਆਂ ਹਨ ਜੋ ਔਰਤ ਨੂੰ ਭਾਵਨਾਵਾਂ ਰਹਿਤ ਪੱਥਰਾਂ ਦੇ ਸਮਾਨ ਸਮਝਦੀਆਂ ਹਨ। ਜਿਹੜੀਆਂ ਕਦਰਾਂ-ਕੀਮਤਾਂ ਔਰਤ ਨੂੰ ਅਣ-ਲੋੜੀਂਦੀਆਂ ਵਸਤਾਂ ਸਮਝ ਜੰਮਣ ਤੋਂ ਪਹਿਲਾਂ ਹੀ ਮਾਂ ਦੀ ਕੁੱਖ ਵਿੱਚ ਕਤਲ ਕਰ ਦਿੰਦੀਆਂ ਹਨ। ਦਵਿੰਦਰ ਬਾਂਸਲ ਅਜਿਹੀਆਂ ਔਰਤਾਂ ਦੀ ਆਵਾਜ਼ ਬਣਦੀ ਹੈ ਜੋ ਸਮਾਂ ਵਿਹਾ ਚੁੱਕੀਆਂ ਕਦਰਾਂ-ਕੀਮਤਾਂ ਨੂੰ ਚੁਣੌਤੀ ਦੇਣ ਦੀ ਜੁਰੱਤ ਕਰਦੀਆਂ ਹਨ। ਇਹ ਸਮਾਂ ਵਿਹਾ ਚੁੱਕੀਆਂ ਕਦਰਾਂ-ਕੀਮਤਾਂ ਦੇ ਪਹਿਰੇ ਉੱਤੇ ਭਾਵੇਂ ਔਰਤਾਂ ਵੀ ਕਿਉਂ ਨ ਖੜ੍ਹੀਆਂ ਹੋਣ, ਉਸਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ। ਉਸਦੀ ਕਵਿਤਾ ‘ਡੈਣ’ ਦੀਆਂ ਇਹ ਸਤਰਾਂ ਉਸਦੀ ਸੋਚ ਦੀ ਪ੍ਰਤੀਨਿਧਤਾ ਕਰਦੀਆਂ ਹਨ:
ਅਤੇ ਮੈਂ, ਆਪਣੇ ਚੌਗਿਰਦੇ ਨੂੰ
ਮੁਖਾਤਿਬ ਹੋ, ਆਖਦੀ ਹਾਂ:
ਜ਼ਿੰਦਗੀ, ਜ਼ਿੰਦਾ ਦਿਲੀ ਦਾ ਨਾਮ ਹੈ-
ਜ਼ਿੰਦਗੀ , ਇੱਕ ਯੁੱਧ-ਭੂਮੀ ਹੈ
ਮੈਂ ਹੌਂਸਲਾ ਨਹੀਂ ਛੱਡਾਂਗੀ
----
ਅਜੋਕੇ ਸਮਿਆਂ ਦੀ ਔਰਤ ਜ਼ਿੰਦਗੀ ਦੀ ਯੁੱਧ-ਭੂਮੀ ਵਿੱਚ ਚੁਣੌਤੀਆਂ ਸਾਹਮਣੇ ਦੇਖਕੇ ਮੈਦਾਨ ਵਿੱਚੋਂ ਭੱਜਣ ਵਾਲੀ ਨਹੀਂ; ਉਹ ਹਰ ਸਥਿਤੀ ਦਾ ਟਾਕਰਾ ਕਰਨ ਲਈ ਤਿਆਰ ਹੈ। ਉਸ ਨੂੰ ਕਿਸੀ ਵੀ ਤਰ੍ਹਾਂ ਕਮਜ਼ੋਰ ਨਾ ਸਮਝਿਆ ਜਾਵੇ। ਅੱਜ ਦੀ ਔਰਤ ਆਪਣੀ ਹੋਂਦ ਬਾਰੇ ਚੇਤੰਨ ਹੋ ਰਹੀ ਹੈ। ਔਰਤ ਦੀ ਚੇਤਨਾ ਵਿੱਚ ਆ ਰਿਹਾ ਇਹ ਇਨਕਲਾਬ ਸਮੁੱਚੇ ਸਮਾਜ ਲਈ ਲਾਹੇਵੰਦ ਹੈ। ਔਰਤ ਅਤੇ ਮਰਦ ਦੀ ਬਰਾਬਰੀ ਦੇ ਬਿਨ੍ਹਾਂ ਸਮਾਜ ਸਿਹਤਮੰਦ ਨਹੀਂ ਹੋ ਸਕਦਾ। ਦਵਿੰਦਰ ਬਾਂਸਲ ਆਪਣੀ ਕਵਿਤਾ ‘ਨਿਸ਼ਚਾ’ ਵਿੱਚ ਆਪਣੀ ਹੋਂਦ ਬਾਰੇ ਚੇਤੰਨ ਹੋ ਰਹੀ ਔਰਤ ਦੀ ਗੱਲ ਕੁਝ ਇਸ ਤਰ੍ਹਾਂ ਕਰਦੀ ਹੈ:
ਮੈਨੂੰ ਯਾਦ ਹੈ
ਸੋਚਦਿਆਂ
ਮੈਂ ਦਿਲ ਰਹਿਤ ਨਹੀਂ ਜੰਮੀ ਸੀ
ਮੈਂ ਅਪਾਹਜ ਨਹੀਂ ਜੰਮੀ ਸੀ
ਮੈਂ ਪੱਥਰ ਨਹੀਂ ਹਾਂ
ਮੈਨੂੰ ਯਾਦ ਹੈ
ਰੋਸ ਕਰਦਿਆਂ
ਮੌਤ ਵਾਂਗ ਸੁੰਨ ਹੋ ਜਾਣ ਦੇ ਖ਼ਿਲਾਫ਼
ਭਾਵਨਾਤਮਕ ਅਪਮਾਨ ਦੇ ਖ਼ਿਲਾਫ਼
ਨਾਲੀ ਦੇ ਕੀੜਿਆਂ ਦੀ ਪੂਜਾ ਕਰਨ ਤੋਂ
ਵਿਦਰੋਹ ਕਰਦਿਆਂ
ਮੈਨੂੰ ਯਾਦ ਨੇ ਉਹ ਪਲ
ਚੀਕਦਿਆਂ
ਮੈਂ ਵੀ ਇੱਕ ਇਨਸਾਨ ਹਾਂ
ਮੇਰੀਆਂ ਵੀ ਭਾਵਨਾਵਾਂ ਹਨ
ਮੈਂ ਪੂਰੀ ਸ਼ਿੱਦਤ ਨਾਲ
ਆਪਣੀ ਜ਼ਿੰਦਗੀ ਦੀ ਜੰਗ ਲੜਾਂਗੀ
ਨਫ਼ਰਤ ਲਈ ਨਫ਼ਰਤ
ਚੋਭ ਲਈ ਚੋਭ
----
ਨਵੀਂ ਚੇਤਨਾ ਵਾਲੀ ਔਰਤ ਦੇ ਰੂਪ ਵਿੱਚ ਪੇਸ਼ ਹੁੰਦਿਆਂ ਦਵਿੰਦਰ ਬਾਂਸਲ ਇਹ ਆਸ ਕਰਦੀ ਹੈ ਕਿ ਮੇਰੀਆਂ ਲਿਖਤਾਂ ਵਿੱਚ ਪ੍ਰਗਟਾਏ ਗਏ ਵਿਚਾਰ ਹੋਰਨਾਂ ਔਰਤਾਂ ਨੂੰ ਵੀ ਸਮਾਂ-ਵਿਹਾ ਚੁੱਕੀਆਂ ਕਦਰਾਂ-ਕੀਮਤਾਂ ਦੇ ਖ਼ਿਲਾਫ਼ ਵਿਦਰੋਹ ਕਰਨ ਲਈ ਉਤਸ਼ਾਹ ਦੇਣਗੇ। ਜ਼ਿੰਦਗੀ ‘’ ਕਵਿਤਾ ਦੀਆਂ ਇਨ੍ਹਾਂ ਸਤਰਾਂ ਵਿੱਚ ਉਹ ਕੁਝ ਇਸ ਤਰ੍ਹਾਂ ਦੇ ਹੀ ਵਿਚਾਰ ਪ੍ਰਗਟਾਉਂਦੀ ਲੱਗਦੀ ਹੈ:
ਮੇਰੇ ਅੰਦਰ ਉਗ ਰਿਹਾ ਸੂਰਜ
ਹੋਰਨਾਂ ਲਈ ਵੀ
ਚਾਨਣ ਮੁਨਾਰਾ ਬਣਕੇ
ਮੁਕਤੀ ਦੇ ਰਾਹ ਖੋਲ੍ਹ ਸਕਦਾ ਹੈ
----
ਇੱਕ ਚੇਤੰਨ ਔਰਤ ਹੋਣ ਵਜੋਂ ਦਵਿੰਦਰ ਬਾਂਸਲ ਇਸ ਗੱਲ ਦੀ ਹਿਮਾਇਤ ਨਹੀਂ ਕਰਦੀ ਕਿ ਕਿਸੇ ਤੋਂ ਡਰਕੇ ਸਾਰੀ ਉਮਰ ਗੁਲਾਮਾਂ ਵਾਂਗ ਜ਼ਿੰਦਗੀ ਬਤੀਤ ਕੀਤੀ ਜਾਵੇ। ਹਰ ਰੋਜ਼ ਕਿਣਕਾ ਕਿਣਕਾ ਕਰਕੇ ਮਰਨ ਨਾਲੋਂ ਧੌਂਸ ਦੇ ਕੇ ਗੁਲਾਮ ਬਨਾਉਣ ਦੀਆਂ ਕੋਸ਼ਿਸ਼ਾਂ ਕਰਨ ਵਾਲੀਆਂ ਧਿਰਾਂ ਨਾਲ ਸਿੱਧੀ ਟੱਕਰ ਲੈਣ ਨੂੰ ਉਹ ਪਹਿਲ ਦੇਵੇਗੀ। ‘ਗੁਲਾਮ’ ਨਾਮ ਦੀ ਉਸ ਦੀ ਕਵਿਤਾ ਇਸ ਗੱਲ ਵਿੱਚ ਕੋਈ ਸ਼ੱਕ ਬਾਕੀ ਨਹੀਂ ਰਹਿਣ ਦਿੰਦੀ:
ਧੌਂਸ ਹੇਠ ਜਿਉਣਾ
ਬੜਾ ਕਠਿਨ ਹੁੰਦਾ ਹੈ
ਪਰ
ਮੈਂ
ਅਜਿਹੇ ਜੀਣ ਦੇ ਢੰਗ ਨੂੰ
ਚੁਣੌਤੀ ਦੇਣੀ ਪਸੰਦ ਕਰਾਂਗੀ
ਬਜਾਇ ਇਸ ਦੇ
ਕਿ ਇੱਕ ਆਗਿਆਕਾਰ ਗੁਲਾਮ ਬਣਕੇ
ਜਿ਼ੰਦਗੀ ਦੀ ਚੱਕੀ ਦੇ ਪੁੜਾਂ ਵਿੱਚ
ਕਿਣਕਾ ਕਿਣਕਾ ਹੋ ਕੇ
ਰੋਜ਼ ਪਿਸਦੀ ਰਹਾਂ
‘ਮੇਰੀਆਂ ਝਾਂਜਰਾਂ ਦੀ ਛਨਛਨ’ ਕੋਲਾਜ ਕਿਤਾਬ ਵਿੱਚ ਦਵਿੰਦਰ ਬਾਂਸਲ ਨੇ ਆਪਣੀ ਡਾਇਰੀ ਦੇ ਪੰਨੇ ਵੀ ਸ਼ਾਮਿਲ ਕੀਤੇ ਹਨ। ਇਨ੍ਹਾਂ ਲਿਖਤਾਂ ਰਾਹੀਂ ਉਹ ਵਾਰਤਕ ਰੂਪ ਵਿੱਚ ਆਪਣੇ ਵਿਚਾਰਾਂ ਨੂੰ ਹੋਰ ਵਿਸਥਾਰ ਅਤੇ ਸਪੱਸ਼ਟਤਾ ਦਿੰਦੀ ਹੈ। ਵਾਰਤਕ ਵਿੱਚ ਪੇਸ਼ ਕੀਤੇ ਆਪਣੇ ਵਿਚਾਰਾਂ ਨੂੰ ਉਸ ਨੇ ‘ਸਿਮਰਤੀਆਂ’ ਦੇ ਨਾਮ ਹੇਠ ਪ੍ਰਕਾਸਿ਼ਤ ਕੀਤਾ ਹੈ।
----
ਕਿੱਤੇ ਵਜੋਂ ਦਵਿੰਦਰ ਬਾਂਸਲ ਇੱਕ ਨਰਸ ਹੈ। ਇਸ ਕਾਰਨ ਉਸਨੂੰ ਪ੍ਰਵਾਰਕ ਹਿੰਸਾ ਦੀਆਂ ਸ਼ਿਕਾਰ ਹੋਈਆਂ ਔਰਤਾਂ ਨੂੰ ਮੱਦਦ ਦੇਣ ਵਾਲੀਆਂ ਸੰਸਥਾਵਾਂ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਰਿਹਾ ਹੈ। ਉਸਨੇ ਕਈ ਸਾਲ ਵਾਲੰਟੀਅਰ ਤੌਰ ਉੱਤੇ ਟੋਰਾਂਟੋ ਪੁਲਿਸ ਦੇ ਉਸ ਵਿਭਾਗ ਨਾਲ ਵੀ ਕੰਮ ਕੀਤਾ ਹੈ ਜਿਹੜਾ ਵਿਭਾਗ ਹਿੰਸਾ ਦੀਆਂ ਸ਼ਿਕਾਰ ਹੋਈਆਂ ਔਰਤਾਂ ਦੀ ਮੱਦਦ ਕਰਦਾ ਹੈ। ਇਸ ਕਾਰਨ ਉਸਨੂੰ ਮੁਸੀਬਤ ਦੀਆਂ ਮਾਰੀਆਂ ਅਜਿਹੀਆਂ ਔਰਤਾਂ ਨੂੰ ਨੇੜਿਉਂ ਦੇਖਣ ਅਤੇ ਸੁਨਣ ਦਾ ਮੌਕਾ ਮਿਲਦਾ ਰਿਹਾ ਹੈ। ਉਹ ਅਜਿਹੀਆਂ ਔਰਤਾਂ ਦੇ ਦੁੱਖਾਂ-ਦਰਦਾਂ ਨੂੰ ਸਮਝਦੀ ਹੈ।
----
ਦਵਿੰਦਰ ਬਾਂਸਲ ਦੇ ਵਿਚਾਰਾਂ ਅਨੁਸਾਰ ਪੰਜਾਬੀ ਔਰਤਾਂ ਦੀਆਂ ਮੁਸੀਬਤਾਂ ਦਾ ਵੱਡਾ ਕਾਰਨ ਉਨ੍ਹਾਂ ਨੂੰ ਬਚਪਨ ਵਿੱਚ ਹੀ ਦਿੱਤੀ ਜਾਂਦੀ ਸਿਖਲਾਈ ਹੈ ਕਿ ਔਰਤ ਕਮਜ਼ੋਰ ਜ਼ਾਤ ਹੁੰਦੀ ਹੈ ਅਤੇ ਉਹ ਮਰਦ-ਜ਼ਾਤ ਦਾ ਕਦੀ ਮੁਕਾਬਲਾ ਨਹੀਂ ਕਰ ਸਕਦੀ। ਇਸ ਵਿਸ਼ੇ ਬਾਰੇ ਦਵਿੰਦਰ ਬਾਂਸਲ ਦੇ ਹੀ ਸ਼ਬਦਾਂ ਵਿੱਚ ਪੇਸ਼ ਹਨ ਉਸਦੇ ਵਿਚਾਰ:
“ਤਕਰੀਬਨ ਹਰ ਪੰਜਾਬੀ ਔਰਤ ਦੇ ਦਿਮਾਗ਼ ਵਿੱਚ ਬਚਪਨ ਤੋਂ ਹੀ ਇਹ ਵਿਚਾਰ ਤੁੰਨ ਤੁੰਨ ਕੇ ਭਰਿਆ ਜਾਂਦਾ ਹੈ ਕਿ ਅਸੀਂ ਕਮਜ਼ੋਰ ਜ਼ਾਤ ਦੀਆਂ ਹਾਂ ਕਿ ਅਸੀਂ ਕਦੀ ਵੀ ਆਦਮ ਜ਼ਾਤ ਦਾ ਮੁਕਾਬਲਾ ਨਹੀਂ ਕਰ ਸਕਦੀਆਂ, ਸਾਡੀ ਆਜ਼ਾਦੀ ਉੱਤੇ ਜਨਮ ਤੋਂ ਹੀ ਰੋਕ ਲੱਗ ਜਾਂਦੀ ਹੈ, ਸਾਨੂੰ ਇਕ ਤਰ੍ਹਾਂ ਨਾਲ ਮਜ਼ਬੂਰ ਕਰ ਦਿੱਤਾ ਜਾਂਦਾ ਹੈ ਕਿ ਅਸੀਂ ਨਿਮਾਣੀਆਂ ਬਣ ਕੇ, ਮਰਦ ਸਾਹਮਣੇ, ਹੱਥ ਜੋੜ ਸਿਰ ਝੁਕਾ ਕੇ ਖੜ੍ਹੀਆਂ ਹੋ ਜਾਈਏ, “ਦਾਤਾ! ਤੇਰੇ ਅੱਗੇ ਸਾਡਾ ਕੀ ਜ਼ੋਰ”। ਔਰਤ ਦੀ ਜ਼ਿੰਦਗੀ ਦੀਆਂ ਇਹ ਮੱਤ ਮਾਰ ਦੇਣ ਵਾਲੀਆਂ ਬੁਝਾਰਤਾਂ ਹਨ। ਮੈਂ ਖੁਸ਼ ਹਾਂ ਕਿ ਨਵੀਂ ਉਮਰ ਦੀਆਂ ਔਰਤਾਂ ਦਿਨੋ ਦਿਨ ਹਰ ਪੱਖੋਂ ਵਧੀਆ ਢੰਗ ਨਾਲ ਜ਼ਿੰਦਗੀ ਜਿਊਣ ਦੀ ਚੋਣ ਕਰ ਰਹੀਆਂ ਹਨ। ਥੋੜੇ ਚਿਰ ਲਈ ਤਾਂ ਭਾਵੇਂ ਉਨ੍ਹਾਂ ਨੂੰ ਇਹ ਸੁਨਣਾ ਪੈਂਦਾ ਹੈ ਕਿ ਉਹ ਰੁੱਖੀਆਂ, ਨੁਕਤਾਚੀਨ ਤੇ ਬੇਚੈਨ ਹਨ। ਪਰ ਲੰਬੇ ਸਮੇਂ ਲਈ ਉਹ ਆਪਣੇ ਆਪਨੂੰ ਅਰਥਹੀਨ ਜ਼ਿੰਦਗੀ ਦੇ ਬੋਝ ਤੋਂ ਸੁਰਖਰੂ ਕਰ ਲੈਂਦੀਆਂ ਹਨ।”
----
ਮਨੁੱਖੀ ਰਿਸ਼ਤਿਆਂ ਦੀਆਂ ਸੂਖਮ ਪਰਤਾਂ ਬਾਰੇ ਗੱਲ ਕਰਦਿਆਂ ਦਵਿੰਦਰ ਬਾਂਸਲ ਕਹਿੰਦੀ ਹੈ ਕਿ ਜੇਕਰ ਮਰਦ ਔਰਤ ਦੀਆਂ ਭਾਵਨਾਵਾਂ ਨੂੰ ਕੁਝ ਹੋਰ ਵਧੇਰੇ ਸਮਝਣ ਦੀ ਕੋਸ਼ਿਸ਼ ਕਰਨ ਤਾਂ ਔਰਤ-ਮਰਦ ਦਰਮਿਆਨ ਪੈਦਾ ਹੋਣ ਵਾਲੀਆਂ ਅਨੇਕਾਂ ਸਮੱਸਿਆਵਾਂ ਖ਼ਤਮ ਹੋ ਜਾਣਗੀਆਂ ਅਤੇ ਔਰਤ-ਮਰਦ ਦੇ ਸਬੰਧਾਂ ਵਿੱਚ ਸੁਖਾਵਾਂ ਮਾਹੌਲ ਪੈਦਾ ਹੋ ਸਕੇਗਾ। ਇਸ ਸਬੰਧ ਵਿੱਚ ਦਵਿੰਦਰ ਬਾਂਸਲ ਵੱਲੋਂ ਪੇਸ਼ ਕੀਤੇ ਗਏ ਇਨ੍ਹਾਂ ਵਿਚਾਰਾਂ ਨਾਲ ਹੀ ‘ਮੇਰੀਆਂ ਝਾਂਜਰਾਂ ਦੀ ਛਨਛਨ’ ਕੋਲਾਜ ਕਿਤਾਬ ਬਾਰੇ ਚਰਚਾ ਮੈਂ ਇੱਥੇ ਹੀ ਖਤਮ ਕਰਨਾ ਚਾਹਾਂਗਾ:
“ਅਸੀਂ ਔਰਤਾਂ ਚਾਹੁੰਦੀਆਂ ਹਾਂ ਕਿ ਆਦਮੀ ਥੋੜਾ ਜਿਹਾ ਹੋਰ ਸਾਡੀਆਂ ਭਾਵਨਾਵਾਂ ਨਾਲ ਇੱਕ ਮਿੱਕ ਹੋ ਸਕਣ। ਔਰਤ ਦਾ ਥੋੜਾ ਜਿਹਾ ਹੱਠ-ਧਰਮੀ ਹੋਣਾ ਕੋਈ ਮਾੜੀ ਗੱਲ ਨਹੀਂ; ਤਾਂ ਕਿ ਆਦਮੀ ਜਾਣ ਸਕਣ ਕਿ ਸਾਨੂੰ ਕੀ ਪਸੰਦ ਹੈ ਅਤੇ ਕੀ ਨ ਪਸੰਦ...ਜਦੋਂ ਤੱਕ ਕਿ ਅਸੀਂ ਦ੍ਰਿੜਤਾ ਨਾਲ ਖੜ੍ਹਕੇ ਕਿਸੇ ਗੱਲ ਬਾਰੇ ਆਪਣੀ ਨ-ਪਸੰਦਗੀ ਦਾ ਇਜ਼ਹਾਰ ਕਰਨ ਦੀ ਜੁਰੱਤ ਨਹੀਂ ਕਰਦੀਆਂ, ਉਨਾ ਚਿਰ ਤੱਕ ਸਭਿਆਚਾਰਕ ਪੱਖਪਾਤ ਅਤੇ ਔਰਤ ਪ੍ਰਤੀ ਅਗਿਆਨਤਾ ਕਦੀ ਵੀ ਬਦਲ ਨਹੀਂ ਸਕਦੇ। ਸੰਤਾਪ ਭਰੀ ਜ਼ਿੰਦਗੀ ‘ਤੇ ਕਦੀ ਵੀ ਰੋਕ ਨਹੀਂ ਲੱਗੇਗੀ। ਕਿਸੇ ਸਬੰਧ ਵਿੱਚ ਜਾਂ ਰੁਜ਼ਗਾਰ ਵਿੱਚ, ਸਾਨੂੰ ਕਦੇ ਵੀ ਸੰਤੁਲਿਤ ਵਰਤਾਓ ਦੀ ਪ੍ਰਾਪਤੀ ਨਹੀਂ ਹੋਵੇਗੀ। ਮੇਰੇ ਨਾਲ ਜਦ ਕਦੀ ਵੀ ਅਜਿਹਾ ਵਾਪਰਿਆ ਤਾਂ ਮੈਂ ਉਚੀ ਆਵਾਜ਼ ਵਿੱਚ ਚੀਖੀ। ਇਹ ਯਕੀਨੀ ਬਨਾਉਣ ਲਈ ਕਿ ਮੇਰੀ ਚੰਘਿਆੜ ਸੁਣੀ ਜਾਵੇ। ਮੈਂ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿਆਂਗੀ। ਕਿਸੇ ਇੱਕ ਨੂੰ ਵੀ, ਕਿ ਉਹ ਮੇਰੇ ਹੱਕਾਂ ਉੱਤੇ ਛਾਪਾ ਮਾਰੇ ਕਿਉਂਕਿ ਮੈਂ ਇੱਕ ਔਰਤ ਹਾਂ।”
---
ਕੈਨੇਡੀਅਨ ਪੰਜਾਬੀ ਲੇਖਿਕਾ ਦਵਿੰਦਰ ਬਾਂਸਲ ਨੇ ‘ਮੇਰੀਆਂ ਝਾਂਜਰਾਂ ਦੀ ਛਨਛਨ’ ਕੋਲਾਜ ਕਿਤਾਬ ਪ੍ਰਕਾਸ਼ਿਤ ਕਰਕੇ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਜ਼ਿਕਰਯੋਗ ਵਾਧਾ ਕੀਤਾ ਹੈ। ਇਹ ਕੋਲਾਜ ਕਿਤਾਬ ਔਰਤ-ਮਰਦ ਦੇ ਰਿਸ਼ਤਿਆਂ ਦੀਆਂ ਉਨ੍ਹਾਂ ਸੂਖਮ ਪਰਤਾਂ ਨੂੰ ਫਰੋਲਦੀ ਹੈ। ਜਿਨ੍ਹਾਂ ਵੱਲ ਥੋੜੀ ਜਿਹੀ ਵੀ ਬੇਧਿਆਨੀ ਵਰਤਣ ਨਾਲ ਰਿਸ਼ਤਿਆਂ ਵਿੱਚ ਭਾਰੀ ਤਰੇੜਾਂ ਪੈ ਜਾਂਦੀਆਂ ਹਨ; ਪਰ ਜੇਕਰ ਉਨ੍ਹਾਂ ਪਰਤਾਂ ਦੀ ਸੂਖਮਤਾ ਵੱਲੋਂ ਸੁਚੇਤ ਰਿਹਾ ਜਾਵੇ ਤਾਂ ਮਨੁੱਖੀ ਰਿਸ਼ਤੇ ਸੁਖਾਵੇਂ ਬਣ ਜਾਂਦੇ ਹਨ।
No comments:
Post a Comment