ਬਲਾਤਕਾਰੀ
ਨਜ਼ਮ
ਸੜਕ ਉੱਤੇ ਤੁਰੀ ਜਾਂਦੀ ਇੱਕ ਔਰਤ ਨੂੰ
ਹਿੰਦੂਆਂ ਨੇ ਮੁਸਲਮਾਨ ਸਮਝ ਕੇ,
ਉਸਦਾ ਬਲਾਤਕਾਰ ਕਰ ਦਿੱਤਾ
----
ਮੁਸਲਮਾਨਾਂ ਨੇ ਉਸ ਔਰਤ ਨੂੰ
ਹਿੰਦੂ ਸਮਝ ਕੇ,
ਉਸਦਾ ਬਲਾਤਕਾਰ ਕਰ ਦਿੱਤਾ
----
ਈਸਾਈਆਂ ਨੇ ਉਸ ਔਰਤ ਨੂੰ
ਸਿੱਖ ਸਮਝ ਕੇ,
ਉਸਦਾ ਬਲਾਤਕਾਰ ਕਰ ਦਿੱਤਾ
----
ਸਿੱਖਾਂ ਨੇ ਉਸ ਔਰਤ ਨੂੰ
ਕਿਸੇ ਵੀ ਧਰਮ ਦੀ ਨ ਸਮਝ ਕੇ,
ਉਸਦਾ ਬਲਾਤਕਾਰ ਕਰ ਦਿੱਤਾ
----
ਯਹੂਦੀਆਂ ਨੇ ਉਸ ਔਰਤ ਨੂੰ
ਫਲਸਤੀਨ ਸਮਝ ਕੇ,
ਉਸਦਾ ਬਲਾਤਕਾਰ ਕਰ ਦਿੱਤਾ
----
ਬੋਧੀਆਂ ਨੇ ਉਸ ਔਰਤ ਨੂੰ
ਜੈਨੀ ਸਮਝ ਕੇ,
ਉਸਦਾ ਬਲਾਤਕਾਰ ਕਰ ਦਿੱਤਾ
----
ਧਰਮਾਂ ਦੇ ਮੁਖੌਟਿਆਂ ਪਿਛੇ ਲੁਕੇ
ਖੂੰਖਾਰ ਜਾਨਵਰਾਂ ਦੀ,
ਅਸਲੀਅਤ ਪਹਿਚਾਣਦਿਆਂ
ਔਰਤ ਨੇ,
ਸ਼ਹਿਰ ਦੇ ਚੌਰਸਤੇ ‘ਚ ਖੜ੍ਹ ਕੇ
ਆਪਣੇ ਜਿਸਮ ਨੂੰ ਢਕ ਰਹੇ
ਸਭ ਕੱਪੜੇ,
ਲੀਰੋ ਲੀਰ ਕਰ ਦਿੱਤੇ
----
ਮੁਖੌਟਿਆਂ ਨੂੰ ਮੁਖਾਤਿਬ ਹੋ,
ਉਹ ਚੀਕੀ :
ਕੁੱਤਿਓ ! ਲਹੂ-ਲੁਹਾਨ ਹੋਏ, ਮੇਰੇ
ਨਾਜ਼ੁਕ ਅੰਗਾਂ ਵੱਲ ਦੇਖੋ-
ਪਹਿਚਾਣੋ ! ਕਿ ਮੈਂ ਕੌਣ ਹਾਂ ?
.....................................
ਤੁਹਾਡੀ ਮਾਂ, ਭੈਣ, ਧੀ ਜਾਂ ਪਤਨੀ ?
No comments:
Post a Comment