ਬਰਸ ਰਹੇ ਬੰਬਾਂ ਦੀ ਰੁੱਤ
ਨਜ਼ਮ
ਕੰਧ ਦੇ ਦੋਹੇਂ ਪਾਸੇ ਹੀ ਜਦ
ਆਦਮ-ਬੋਅ,ਆਦਮ-ਬੋਅ ਕਰਦੇ
ਹਤਿਆਰੇ
ਮੋਢਿਆਂ ਉੱਤੇ ਏ.ਕੇ.-47 ਬੰਦੂਕਾਂ ਚੁੱਕੀ
ਫੂਕ ਦਿਆਂਗੇ, ਫੂਕ ਦਿਆਂਗੇ
ਧਰਤ ਕੰਬਾਊ ਨਾਹਰੇ ਲਾ ਕੇ
ਆਪਣਾ ਜੀਅ ਭਰਮਾਉਂਦੇ ਹੋਵਣ
ਤਾਂ ਕਿਸਨੂੰ ਵਿਹਲ ਪਈ ਹੈ
ਉਨ੍ਹਾਂ ਨੂੰ ਇਹ ਦੱਸਣ ਦੀ :
ਭਲਿਓ ਲੋਕੋ ! ਤੁਸੀਂ ਤਾਂ ਪਲ, ਛਿਣ ਦੇ
ਹਾਸੇ, ਠੱਠੇ ਲਈ ਇੰਜ ਕਰਕੇ
ਆਪਣਾ ਮਨ ਬਹਿਲਾ ਲੈਣਾ ਹੈ
ਪਰ ਜਿਨ੍ਹਾਂ ਅਣਗਿਣਤ ਘਰਾਂ ‘ਚ
ਸੱਥਰ ਵਿਛ ਜਾਣੇ ਨੇ
ਜਿਨ੍ਹਾਂ ਘਰਾਂ ਦੇ ਬਲਦੇ ਚੁੱਲ੍ਹੇ ਬੁਝ ਜਾਣੇ ਨੇ
ਜਿਨ੍ਹਾਂ ਬਾਲਾਂ ਦੇ ਸਿਰਾਂ ਤੋਂ
ਪਿਓਆਂ ਦਾ ਸਾਇਆ ਉੱਠ ਜਾਣਾ ਹੈ
ਜਿਨ੍ਹਾਂ ਨਵ ਵਿਆਹੀਆਂ ਨਾਰਾਂ ਦੇ ਪਤੀਆਂ ਨੇ
ਮੁੜ ਕਦੀ ਵੀ ਘਰ ਨਹੀਂ ਮੁੜਨਾ
ਜਿਨ੍ਹਾਂ ਮਾਵਾਂ ਦੇ ਪੁੱਤਾਂ ਨੇ
ਬਲੀ ਦੇ ਬੱਕਰੇ ਬਣ ਜਾਣਾ ਹੈ
ਜਿਨ੍ਹਾਂ ਭੈਣਾਂ ਦਾ ਦੁੱਖ-ਸੁੱਖ ਵਿੱਚ ਯਾਦ ਕਰਨ ਲਈ
ਕੋਈ ਭਰਾ ਬਾਕੀ ਨਹੀਂ ਰਹਿਣਾ
ਉਨ੍ਹਾਂ ਦੇ ਡੁੱਬ ਰਹੇ ਮਨਾਂ ਨੂੰ
ਧਰਵਾਸ ਕਿਵੇਂ ਆਵੇਗਾ?
-----
ਕੰਧ ਦੇ ਓਹਲੇ, ਦੋਹੇਂ ਪਾਸੇ ਖੜ੍ਹੇ
ਬੰਦੂਕਧਾਰੀਓ-
ਗੋਲੀ ਇਜ਼ਰਾਈਲ ਦੇ ਪਾਸੇ ਤੋਂ ਆਵੇ
ਜਾਂ ਫਲਸਤੀਨ ਸਿਪਾਹੀਆਂ ਵੱਲੋਂ
ਮਰਨੇ ਤਾਂ ਦੋਹੀਂ ਪਾਸੀਂ ਮਾਵਾਂ ਦੇ ਪੁੱਤ ਹੀ ਨੇ
ਕੌਣ ਤੁਹਾਨੂੰ ਸਮਝਾਵੇ ਇਹ ਗੱਲ
ਨਾ ਅਮਰੀਕਾ, ਨਾ ਚੀਨ,
ਨਾ ਰੂਸ, ਨਾ ਈਰਾਨ, ਨਾ ਜਰਮਨੀ
ਤੁਹਾਡੇ ਲਈ,
ਅਮਨ ਦੀਆਂ ਘੁੱਗੀਆਂ ਲੈ ਕੇ ਆਵਣਗੇ
ਮੰਡੀ-ਸਭਿਆਚਾਰ ਦੀ ਦੌੜ ‘ਚ ਉਲਝਿਆ ਹੋਇਆ
ਆਪਣੀ ਆਰਥਿਕਤਾ ਨੂੰ ਠੁੰਮ੍ਹਣਾ ਦੇਣ ਲਈ
ਹਰ ਕੋਈ ਆਪਣੀਆਂ ਫੈਕਟਰੀਆਂ ਨੂੰ
ਚੱਲਦਾ ਰੱਖਣ ਵਾਸਤੇ
ਬੰਬ, ਬੰਦੂਕਾਂ, ਰਾਕਟ, ਲੇਜ਼ਰ,
ਟੈਂਕਾਂ ਵੇਚਣ ਖਾਤਰ
ਮੰਡੀਆਂ ਲੱਭ ਰਿਹਾ ਹੈ
----
ਸਾਡੇ ਸਮਿਆਂ ਦੀ ਵਿਸ਼ਵ-ਰਾਜਨੀਤੀ ਵਿੱਚ
ਕੌਣ ਹੈ ਮਿੱਤਰ
ਕੌਣ ਹੈ ਦੁਸ਼ਮਣ
ਸ਼ਬਦਾਂ ਦੇ ਅਰਥ ਉਲਝ ਗਏ ਹਨ
ਹਰ ਇੱਕ ਨੇ,
ਆਪਣੇ ਚਿਹਰੇ ਉੱਤੇ
ਰੰਗ-ਬਰੰਗਾ,
ਇੱਕ ਮਖੌਟਾ ਪਹਿਣ ਲਿਆ ਹੈ
ਕਿਸ ਦੀ ਜੈਕਟ ਦੇ ਹੇਠਾਂ
ਖੰਜਰ ਲੁਕਿਆ ਹੈ
ਕਿਸ ਦੀ ਪੈਂਟ ਦੀ ਜੇਬ੍ਹ ‘ਚ
ਭਰੀ ਪਿਸਤੌਲ ਪਈ ਹੈ
ਤੁਸੀਂ......
ਕਦੀ ਵੀ ਨ ਜਾਣ ਸਕੋਗੇ !
----
ਤਮਾਸ਼ਗੀਰ ਤਾਂ,
ਦੂਜੇ ਦੇ ਘਰ ਵਿੱਚ
ਲੱਗੀ ਅੱਗ ਦੇਖ ਕੇ,
ਕੁਝ ਚਿਰ ਲਈ
ਹੱਸ-ਖੇਡ ਲੈਂਦੇ ਨੇ
ਮਰਦੇ ਤਾਂ ਇਸ ਯੁੱਧ ਰੂਪੀ
ਅੱਗ ਵਿੱਚ ਹਨ :
ਰੋਟੀ ਦੇ ਟੁੱਕੜੇ ਲਈ, ਦਿਨ ਰਾਤ
ਹੱਡ ਰਗੜਦੇ,
ਭੋਲੇ ਭਾਲੇ
ਬੱਚੇ, ਬੁੱਢੇ, ਯੁਵਕ, ਮਰਦ, ਔਰਤਾਂ
ਜਿਨ੍ਹਾਂ ਦਾ ਯੁੱਧ ਨਾਲ ਨ ਕੋਈ ਵਾਸਤਾ
ਘਰ ਤਾਂ ਚਾਹੇ
ਯੁੱਧ ਰੂਪੀ ਅੱਗ ਨਾਲ
ਕੰਧ ਦੇ ਕਿਸੀ ਵੀ ਪਾਸੇ
ਝੁਲਸ ਰਿਹਾ ਹੋਵੇ
No comments:
Post a Comment