ਮਨਜੀਤ ਮੀਤ ਦੀ ਸ਼ਾਇਰੀ ਮਨੁੱਖ ਦੀ ਸੌਂ ਚੁੱਕੀ ਆਤਮਾ ਨੂੰ ਜਗਾਣ ਦੇ ਆਹਰ ਵਿੱਚ ਹੈ. ਜ਼ਿੰਦਗੀ ਦੇ ਹਰ ਖੇਤਰ ਵਿੱਚ ਹੀ ਮਨੁੱਖ ਦਾ ਹੋ ਰਿਹਾ ਅਮਾਨਵੀਕਰਨ ਉਸ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ. ਕਿਉਂਕਿ ਉਸ ਨੂੰ ਸਮਕਾਲੀਨ ਸਮੱਸਿਆਵਾਂ ਦੀ ਸੋਝੀ ਹੈ, ਉਹ ਗਲੋਬਲੀ ਸਮੱਸਿਆਵਾਂ ਦੀਆਂ ਪੇਚੀਦਗੀਆਂ ਨੂੰ ਸਮਝਣ ਲਈ ਯਤਨਸ਼ੀਲ ਹੈ. ਕੈਨੇਡੀਅਨ ਪੰਜਾਬੀ ਸ਼ਾਇਰੀ ਦੇ ਇੱਕ ਜ਼ਿਕਰਯੋਗ ਹਸਤਾਖ਼ਰ ਮਨਜੀਤ ਮੀਤ ਵੱਲੋਂ ਸਾਲ 2008 ਵਿੱਚ ਪਰ੍ਕਾਸ਼ਿਤ ਕੀਤੇ ਗਏ ਕਾਵਿ-ਸੰਗਰ੍ਹਿ ਕੰਕਰ ਤੇ ਗੁਲਦਾਨ਼ ਵਿਚਲੀਆਂ ਕਵਿਤਾਵਾਂ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਇੱਕ ਸੁਚੇਤ ਕੈਨੇਡੀਅਨ ਪੰਜਾਬੀ ਸ਼ਾਇਰ ਹੋਣ ਦੇ ਨਾਤੇ ਉਹ ਲੋਕਾਂ ਨੂੰ ਇਹ ਸੁਨੇਹਾ ਦੇਣ ਵਿੱਚ ਕੋਈ ਝਿਜਕ ਮਹਿਸੂਸ ਨਹੀਂ ਕਰਦਾ ਕਿ ਇਹ ਵੇਲਾ ਜਾਗਣ ਦਾ ਹੈ. ਇਹ ਵੇਲਾ ਧਰਤ ਸੰਭਾਲਣ ਦਾ ਹੈ. ਕਿਉਂਕਿ ਜਿਸ ਰਫਤਾਰ ਨਾਲ ਅਸੀਂ ਹਰ ਪਲ ਆਪਣੀਆਂ ਗ਼ੈਰ-ਜਿੰਮੇਵਾਰ ਹਰਕਤਾਂ ਕਾਰਨ ਧਰਤੀ ਦੇ ਵਾਤਾਵਰਨ ਦੀ ਤਬਾਹੀ ਕਰ ਰਹੇ ਹਾਂ, ਸਾਡੀ ਉਦਯੋਗਿਕ ਕਰਾਂਤੀ ਨੇ ਜਿਸ ਤਰ੍ਹਾਂ ਵਾਯੂ-ਮੰਡਲ ਚ ਚਾਰੇ ਪਾਸੇ ਮਾਰੂ ਜ਼ਹਿਰ ਘੋਲ ਦਿੱਤਾ ਹੈ, ਸਾਡੀ ਸੋਚ ਅਤੇ ਅਮਲ ਨੇ ਜਿਸ ਤਰਹ੍ ਹਵਾ ਤੇ ਪਾਣੀ ਨੂੰ ਪਰ੍ਦੂਸ਼ਿਤ ਕਰ ਦਿੱਤਾ ਹੈ, ਉਸ ਨੂੰ ਦੇਖਦਿਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਨੂੰ ਕਦੀ ਵੀ ਮੁਆਫ਼ ਨਹੀਂ ਕਰਨਗੀਆਂ. ਤਪਦਾ ਧਰਤ-ਗੋਲਾ਼ ਕਵਿਤਾ ਵਿੱਚ ਜਦੋਂ ਮਨਜੀਤ ਮੀਤ ਰੋਹ ਭਰੀ ਭਾਸ਼ਾ ਵਿੱਚ ਬੋਲਦਾ ਹੈ ਤਾਂ ਉਹ ਕੁਝ ਵੀ ਗਲਤ ਨਹੀਂ ਕਹਿ ਰਿਹਾ: ਆਉਣ ਵਾਲੀਆਂ ਨਸਲਾਂ ਸਾਡੀਆਂ ਕਬਰਾਂ ਤੇ; ਮੜ੍ਹੀਆਂ ਤੇ ਥੁੱਕਿਆ ਕਰਨਗੀਆਂ ਕਿ ਕਿੰਜ ਅਸੀਂ ਧਰਤੀ ਦੀ ਗੇਂਦ ਨੂੰ ਲੀਰੋ ਲੀਰ ਕੀਤਾ ਹੈ ਮਨੁੱਖ ਨੇ ਆਪਣੇ ਹੀ ਲਹੂ ਚ ਉਂਗਲਾਂ ਡਬੋਈਆਂ ਨੇ ਮਨੁੱਖ ਨੇ ਲੋਭ ਵਸ ਹਰ ਸ਼ੈਅ ਦਾ ਲਹੂ ਪੀਤਾ ਹੈ ਮਨੁੱਖ ਨੇ ਪਸ਼ੂ, ਪੰਛੀ, ਰੁੱਖਾਂ ਤੇ ਕੁਦਰਤ ਦੀ ਕਾਦਰਤਾ ਨੂੰ ਆਪਣੀ ਖੁਦਗਰਜ਼ੀ ਲਈ ਤਬਾਹ ਕੀਤਾ ਹੈ ਸਾਡੇ ਸਮਿਆਂ ਦੀ ਇੱਕ ਹੋਰ ਵੱਡੀ ਅੰਤਰ-ਰਾਸ਼ਟਰੀ ਸਮੱਸਿਆ ਹੈ: ਧਰਮ ਅਤੇ ਰਾਜਨੀਤੀ ਦੇ ਸੁਮੇਲ ਸਦਕਾ ਪੈਦਾ ਹੋ ਰਹੀ ਭ੍ਰਿਸ਼ਟ ਰਾਜਨੀਤੀ. ਇਸ ਰਾਜਨੀਤੀ ਅਧੀਨ ਗੁਰਦੁਆਰਿਆਂ, ਮੰਦਰਾਂ, ਮਸਜਿਦਾਂ, ਗਿਰਜਿਆਂ ਅਤੇ ਯਹੂਦੀ ਧਾਰਮਿਕ ਅਦਾਰਿਆਂ ਦੇ ਚੌਧਰੀ ਭੋਲੇ ਭਾਲੇ ਲੋਕਾਂ ਦੇ ਦਿਮਾਗ਼ਾਂ ਵਿੱਚ ਧਾਰਮਿਕ ਵਿਚਾਰਾਂ ਦੀ ਜ਼ਹਿਰ ਭਰ ਕੇ, ਉਨ੍ਹਾਂ ਨੂੰ ਆਤਮਘਾਤੀ ਮਨੁੱਖੀ ਬੰਬ ਬਣਾਕੇ, ਉਨ੍ਹਾਂ ਨੂੰ ਸੀਸ-ਵਿਹੂਣੇ ਕੁਰਬਾਨੀ ਦੇ ਬੱਕਰੇ ਬਣਾਕੇ ਵਰਤਦੇ ਹਨ. ਮਨਜੀਤ ਮੀਤ ਆਪਣੀ ਕਵਿਤਾ ਆਤਮਘਾਤੀ ਮਨੁੱਖੀ ਬੰਬ ਵਿੱਚ ਇਸ ਵਿਸ਼ੇ ਬਾਰੇ ਗੱਲ ਕਰਦਾ ਹੋਇਆ ਸਾਡਾ ਧਿਆਨ ਖਿੱਚਦਾ ਹੈ: ਇੰਜ ਵੀ ਹੁੰਦਾ ਹੈ ਇਸ ਦੌਰ ઑਚ ਕਿਤੇ ਕਿਤੇ ਕਿ ਆਏ ਦਿਨ ਹੀ ਸ਼ਾਸਨ ਦਾ ਸਤਾਇਆ ਧਰਮਾਂ ਦੇ ਸ਼ਿਕੰਜਿਆਂ ਚ ਕਸਿਆ ਫਸਿਆ ਸੀਸ-ਵਿਹੂਣਾ ਮਨੁੱਖ !
ਅੱਜ ਕੱਲ੍ਹ ਆਤਮਘਾਤੀ ਬੰਬ ਬਣਕੇ ਫਟਦਾ ਹੈ ! ਅੱਜ ਦਾ ਮਨੁੱਖ ਅਸ਼ਿਸ਼ਟ ਮਲਬੇ ਚ ਵਟਦਾ ਹੈ ਇਹ ਕੇਹਾ ਧਰਮ ਇਹ ਕੇਹੀ ਅਸੱਭਿਅਕ ਸੋਚ ਹੈ ਇਹ ਕੇਹੀ ਰਾਜਨੀਤੀਇਹ ਕੇਹੀ ਕੋਝੀ ਮਾਨਸਿਕ ਮਚਕੋੜ ਹੈ ਸਭ ਤੋਂ ਖ਼ਤਰਨਾਕ ਗੱਲ ਇਹ ਹੈ ਕਿ ਹਕੂਮਤ ਦੀਆਂ ਕੁਰਸੀਆਂ ਉੱਤੇ ਬੈਠੇ ਬੌਣੇ ਦਿਮਾਗ਼ਾਂ ਵਾਲੇ ਮਨੁੱਖ ਧਾਰਮਿਕ ਜਨੂੰਨ ਦੀ ਜ਼ਹਿਰ ਨਾਲ ਭਰੇ ਸੀਸ-ਵਿਹੂਣੇ ਲੋਕਾਂ ਨੂੰ ਖੂੰ-ਖਾਰ ਕੁੱਤੇ ਬਣਾਕੇ ਸਾਧਾਰਨ ਸ਼ਹਿਰੀਆਂ ਦੇ ਜਿਸਮਾਂ ਦੇ ਚੀਥੜੇ ਚੀਥੜੇ ਕਰਨ ਲਈ ਸ਼ਹਿਰਾਂ, ਪਿੰਡਾਂ ਅਤੇ ਬਸਤੀਆਂ ਦੀਆਂ ਸੜਕਾਂ ਉੱਤੇ ਛੱਡ ਦਿੰਦੇ ਹਨ. ਬੇਰੂਹਾ ਵਿਭਚਾਰੀ ਸ਼ਾਸਨ਼ ਦੀਆਂ ਹੇਠ ਲਿਖੀਆਂ ਸਤਰਾਂ ਵੀ ਇਨ੍ਹਾਂ ਵਿਚਾਰਾਂ ਦੀ ਹੀ ਪੁਸ਼ਟੀ ਕਰ ਰਹੀਆਂ ਹਨ:
1.ਨਿਜ਼ਾਮ ਦੀ ਇਸ ਹਨੇਰੀ ਹੱਡਾਂ ਰੋੜੀ ਚ
ਆਲੇ ਦੁਆਲੇ ਵੱਢਖਾਣੇ ਕੁੱਤੇ ਹੀ ਕੁੱਤੇ ਨੇ
ਵੋਟਾਂ ਵਾਲਿਓ ਸੋਚੋ ਜ਼ਰਾ !!!
ਤੁਹਾਡੇ ਨੰਗੇ ਸਿਰ ਵੱਜਦੇ ਤੁਹਾਡੇ ਹੀ ਜੁੱਤੇ ਨੇ !
2.ਨਿਜ਼ਾਮ ਲੋਭੀ ਕੁੱਤਾ ਹੈ
ਸ਼ਾਸਕ ਹਲਕਿਆ ਕੁੱਤਾ ਹੈ
ਤੇ ਬੇਰੂਹੇ ਅਫਸਰ ਅੰਨਹ੍ੇ ਕੁੱਤੇ ਨੇ
3.ਸਟੇਟ ਦੇ ਪਾਲਤੂ ਕੁੱਤੇ
ਚੁੱਪ ਚਾਪ ਵੱਢਦੇ ਵੀ ਨੇ
ਤੇ ਬੜੀ ਸਲੀਕੇ ਨਾਲ
ਮਾਫ਼ ਕਰਨਾ਼ ਵੀ ਕਹਿੰਦੇ ਨੇ
ਨਿਜ਼ਾਮ ਦੇ ਇਨ੍ਹਾਂ ਪਾਲਤੂ ਕੁੱਤਿਆਂ ਤੋਂ ਹਰ ਕੋਈ ਦੁਖੀ ਹੈ. ਕਿਸੇ ਵੀ ਵਿਅਕਤੀ ਨਾਲ ਗੱਲ ਕਰਕੇ ਦੇਖੋ, ਉਹ ਤੁਹਾਨੂੰ ਆਪਣੇ ਤਨ-ਮਨ ਉੱਤੇ ਪਏ ਇਨ੍ਹਾਂ ਭਿਆਨਕ ਜਾਨਵਰਾਂ ਦੀਆਂ ਨਹੁੰਦਰਾਂ ਦੇ ਨਿਸ਼ਾਨ ਦਿਖਾ ਸਕਦਾ ਹੈ. ਉਹ ਆਪਣੇ ਰਿਸਦੇ ਜ਼ਖਮ ਦਿਖਾ ਸਕਦਾ ਹੈ. ਸੱਤਾ ਆਪਣੇ ਇਨ੍ਹਾਂ ਪਾਲਤੂ ਦਰਿੰਦਿਆਂ ਰਾਹੀਂ ਹਰ ਢੰਗ ਵਰਤਕੇ ਦਹਿਸ਼ਤ ਫੈਲਾਂਦੀ ਹੈ. ਇਹ ਦਰਿੰਦੇ ਨ ਸਿਰਫ ਸਰੀਰਕ ਹਮਲੇ ਹੀ ਕਰਦੇ ਹਨ; ਇਹ ਦਰਿੰਦੇ ਆਮ ਸ਼ਹਿਰੀਆਂ ਦੀ ਮਾਨਸਿਕਤਾ ਨੂੰ ਤਬਾਹ ਕਰਨ ਲਈ ਉਨ੍ਹਾਂ ਉੱਤੇ ਸਭਿਆਚਾਰਕ ਹਮਲੇ ਵੀ ਕਰਦੇ ਹਨ. ਜ਼ਰਾ ਸੁਣੋ, ਇੱਕ ਚੇਤੰਨ ਸ਼ਾਇਰ ਹੋਣ ਦੇ ਨਾਤੇ ਮਨਜੀਤ ਮੀਤ ਆਪਣੀ ਕਵਿਤਾ ਚੇਤਨਾ ਦੀ ਚਿੰਗਾਰੀ਼ ਵਿੱਚ ਇਹੀ ਗੱਲ ਕਹਿ ਰਿਹਾ ਹੈ: ਹਰ ਸ਼ਹਿਰ ਦੀ ਇਕ ਇਕ ਗਲੀ ਦੇ ਹਰ ਮੋੜ ਤੇਇਕ ਘਾਇਲ ਇਨਸਾਨ ਖੜਾ ਹੈਤੇ ਮੈਂ ਸ਼ਹਿਰ ਦੇ ਹਰ ਚੁਰਸਤੇ ਚ ਇਕ ਮਸੀਹਾ ਲਟਕਦਾ ਤੱਕਿਆ ਹੈ..........ਨਿਜ਼ਾਮ ਦੀਆਂ ਬੱਜਰ ਕੰਧਾਂ ਵਿਚ ਦੀ ਤਕੀਏ ਤਾਂਇਹ ਪਰ੍ਤੱਖ ਹੈ ਕਿ ਇਹ ਸਭ...ਸਿਆਸਤ ਦਾ ਪੰਜਾ ਹੈ ਸੱਤਾ ਦੀ ਪਕੜ ਹੈ ਦਰਿੰਦਗੀ ਦੀ ਨਹੁੰਦਰ ਹੈਜੋ ਸਾਡੀ ਧੌਣ ਨੂੰ ਦਿਨ ਬ ਦਿਨ ਨੱਪੀ ਜਾ ਰਹੀ ਹੈ. ਜੋ ਸਾਡੀ ਸੋਚ, ਸ਼ਕਤੀ, ਪਰ੍ਤਿਭਾ ਤੇ ਜ਼ਹਿਨੀਅਤ ਤੀਕ ਸਾਡੀ ਪੀੜ੍ਹੀ ਨੂੰ ਸਬੂਤਾ ਹੜੱਪੀ ਜਾ ਰਹੀ ਹੈਪਰ ਮਨਜੀਤ ਮੀਤ ਅਜਿਹੇ ਯਥਾਰਵਾਦੀ ਸ਼ਾਇਰਾਂ ਵਰਗਾ ਨਹੀਂ ਜੋ ਕਿ ਹਾਲਤਾਂ ਦਾ ਮਹਿਜ਼ ਕਾਵਿਮਈ ਬਿਆਨ ਕਰਨਾ ਹੀ ਆਪਣੀ ਕਾਵਿਕ ਜ਼ਿੰਮੇਵਾਰੀ ਸਮਝਦੇ ਹਨ. ਇਸਦੇ ਉਲਟ, ਮਨਜੀਤ ਮੀਤ ਅਜਿਹੀਆਂ ਹਾਲਤਾਂ ਨੂੰ ਦੇਖਦਾ ਹੋਇਆ ਕਰਾਂਤੀਕਾਰੀ ਸੁਰ ਵਿੱਚ ਬੋਲਦਾ ਹੈ. ਇਸ ਕਾਵਿ-ਸੰਗਰ੍ਹਿ ਵਿੱਚ ਸ਼ਾਮਿਲ ਕਵਿਤਾ ਜਾਨਬਾਜ਼ ਤੱਕ ਪਹੁੰਚਦਿਆਂ ਉਹ ਆਪਣੀ ਨੀਰਸ ਬਣ ਚੁੱਕੀ ਹੋਂਦ ਸਾਹਮਣੇ ਸੁਆਲੀਆ ਨਿਸ਼ਾਨ ਲਗਾਉਂਦਾ ਹੋਇਆ ਆਪਣੇ ਆਪਨੂੰ ਹੀ ਪੁੱਛਦਾ ਹੈ:ਜੇ ਤੂੰ ਹੈਂ ਮਹਾਂਭਾਰਤ ਦਾ ਅਰਜੁਨ ਇੱਛਾ ਤੇ ਪੂਰਤੀ ਚ, ਕਰਮ ਤੇ ਦੁਬਿਧਾ ਚ ਲੜਖੜਾਉਂਦਾ ਅਹਿਸਾਸ ਦਾ ਕ੍ਰਸ਼ਨ ਹੋ ਦੀਵਾਰਾਂ ਨਾਲ ਟਕਰਾਉਂਦਾ ਕਿਉਂ ਨਹੀਂ ? ਕੰਕਰ ਤੇ ਗੁਲਦਾਨ਼ ਕਾਵਿ-ਸੰਗਰ੍ਹਿ ਵਿੱਚ ਅਨੇਕਾਂ ਹੋਰ ਵਿਸ਼ੇ ਵੀ ਛੂਹੇ ਗਏ ਹਨ. ਮਨੁੱਖੀ ਰਿਸ਼ਤਿਆਂ ਦੀ ਸਾਰਥਿਕਤਾ ਵੀ ਇਸ ਕਾਵਿ-ਸੰਗਰ੍ਹਿ ਵਿੱਚ ਸ਼ਾਮਿਲ ਕਵਿਤਾਵਾਂ ਦਾ ਇੱਕ ਮੁੱਖ ਵਿਸ਼ਾ ਹੈ. ਰਿਸ਼ਤੇ ਕਿਵੇਂ ਟੁੱਟਦੇ ਹਨ. ਰਿਸ਼ਤੇ ਕਿਵੇਂ ਆਪਣੇ ਅਰਥ ਗੁਆ ਲੈਂਦੇ ਹਨ. ਰਿਸ਼ਤੇ ਕਿਵੇਂ ਸਾਡੇ ਲਈ ਬੋਝਲ ਬਣ ਜਾਂਦੇ ਹਨ. ਇਨ੍ਹਾਂ ਗੱਲਾਂ ਦਾ ਵਿਸਥਾਰ ਕੱਚ ਦੇ ਬਰਤਨ਼ ਨਾਮ ਦੀ ਕਵਿਤਾ ਦੀਆਂ ਹੇਠ ਲਿਖੀਆਂ ਸਤਰਾਂ ਰਾਹੀਂ ਪੇਸ਼ ਹੈ: ਜਦ ਆਪਸੀ ਰਿਸ਼ਤੇ; ਸੱਚੇ ਤੇ ਸੁੱਚੇ ਨਹੀਂ ਹੁੰਦੇ ਜਦ ਸੋਚਾਂ ਦੇ ਕੱਦ; ਅੰਬਰ ਵਾਂਗ ਉੱਚੇ ਨਹੀਂ ਹੁੰਦੇ ਉਹ ਰਿਸ਼ਤੇ; ਦੀਵਾਰਾਂ ਦੇ ਸਾਇਆਂ ਚ ਉਲਝੇ ਮਰ ਜਾਂਦੇ ਨੇ ਰੂਹਾਂ ਦੇ ਹੰਸ, ਮੈਲੀਆਂ ਦੇਹਾਂ ਤਿਆਗ,ਕਿਧਰੇ ਉੱਡ ਜਾਦੇ ਨੇ ਰਿਸ਼ਤਿਆਂ ਦੀ ਟੁੱਟ-ਭੱਜ ਅਤੇ ਨੀਰਸਤਾ ਦੀ ਗੱਲ ਸੁਲਗਦਾ ਦਰਿਆ਼ ਨਾਮ ਦੀ ਕਵਿਤਾ ਵਿੱਚ ਵੀ ਕੀਤੀ ਗਈ ਹੈ: ਜਿਉਂ ਜਿਉਂ ਰਿਸ਼ਤਿਆਂ ਅੰਦਰਲਾ ਨਿਘ ਆਪ ਮੁਹਾਰੇ ਹਟਦਾ ਜਾਂਦਾ ਹੈ ਹਕੀਕਤ ਦੀਆਂ ਬੁੱਲ੍ਹੀਆਂ ਤੋਂ ਸੁਰਖੀ ਦਾ ਮਸਨੂਈ ਰੰਗ ਵਟਦਾ ਜਾਂਦਾ ਹੈ ਉਹਨਾਂ ਅੰਦਰਲਾ ਵਿਸਮਾਦੀ ਜਾਦੂਪਣ ਹੌਲੇ ਹੌਲੇ ਘਟਦਾ ਜਾਂਦਾ ਹੈ ਬਾਹਰੋਂ ਸਭ ਸਾਲਮ ਸਬੂਤਾ ਦਿਸਦਾ ਹੈ ਅੰਦਰੋਂ ਅੰਦਰੀਂ ਬੜਾ ਕੁਝ ਟੁਟਣ ਲਗ ਜਾਂਦਾ ਹੈ ਭਾਰਤੀ ਸਮਾਜ ਵਿੱਚ ਅਨੇਕਾਂ ਪੱਧਰਾਂ ਉੱਤੇ ਔਰਤ ਨਾਲ ਵਿਤਕਰਾ ਹੁੰਦਾ ਹੈ. ਭਾਰਤੀ ਮੂਲ ਦੇ ਲੋਕ ਚਾਹੇ ਕਿਤੇ ਵੀ ਵਸਦੇ ਹੋਣ; ਇੱਥੋਂ ਤੱਕ ਕਿ ਕੈਨੇਡਾ, ਇੰਗਲੈਂਡ ਅਤੇ ਯੋਰਪ ਦੇ ਅਨੇਕਾਂ ਵਿਕਸਤ ਦੇਸਾਂ ਵਿੱਚ ਵੱਸਦੇ ਭਾਰਤੀ ਮੂਲ ਦੇ ਲੋਕ ਵੀ ਆਪਣੀ ਚੇਤਨਾ ਚੋਂ ਉਨ੍ਹਾਂ ਧਾਰਮਿਕ ਗਰੰਥਾਂ ਦੇ ਪਏ ਪਰ੍ਭਾਵ ਬਾਹਰ ਕੱਢਣ ਵਿੱਚ ਅਜੇ ਤੀਕ ਕਾਮਿਯਾਬ ਨਹੀਂ ਹੋ ਸਕੇ - ਜਿਨ੍ਹਾਂ ਗਰੰਥਾਂ ਵਿੱਚ ਔਰਤ ਨੂੰ ਪੈਰ ਦੀ ਜੁੱਤੀ ਦੇ ਸਮਾਨ ਸਮਝਿਆ ਗਿਆ ਹੈ. ਮਨਜੀਤ ਮੀਤ ਕੈਨੇਡਾ ਦੇ ਉਨ੍ਹਾਂ ਪੰਜਾਬੀ ਸ਼ਾਇਰਾਂ ਦੀ ਆਵਾਜ਼ ਵਿੱਚ ਆਪਣੀ ਆਵਾਜ਼ ਮਿਲਾਉਂਦਾ ਹੈ ਜੋ ਸਮਾਜ ਵਿੱਚ ਔਰਤ ਅਤੇ ਮਰਦ ਦੀ ਬਰਾਬਰੀ ਦੀ ਗੱਲ ਕਰਦੇ ਹਨ. ਦਰਿਆ ਚੋਂ ਨਿਕਲਦਾ ਦਰਿਆ਼ ਨਾਮ ਦੀ ਕਵਿਤਾ ਵਿੱਚ ਮਨਜੀਤ ਮੀਤ ਔਰਤ ਦੀ ਤਾਰੀਫ ਵਿੱਚ ਬੋਲਣ ਲੱਗਿਆਂ ਕਿਸੀ ਤਰ੍ਹਾਂ ਵੀ ਝਿਜਕ ਮਹਿਸੂਸ ਨਹੀਂ ਕਰਦਾ. ਉਸਦੀ ਕਵਿਤਾ ਦੀਆਂ ਹੇਠ ਲਿਖੀਆਂ ਸਤਰਾਂ ਇਸ ਗੱਲ ਦੀਆਂ ਗਵਾਹ ਹਨ ਕਿ ਉਹ ਉਸ ਮੁਕਤੀ ਲਹਿਰ ਵਿੱਚ ਸ਼ਾਮਿਲ ਹੈ ਜੋ ਔਰਤ ਨੂੰ ਸਮਾਜ ਵਿੱਚ ਉਸਦੇ ਗੁਆਚੇ ਹੋਏ ਹੱਕ ਦੁਆਉਣ ਲਈ ਜੱਦੋ ਜਹਿਦ ਕਰ ਰਹੀ ਹੈ:
1.ਔਰਤ ਤਾਂ ਕੰਡੇ ਨੂੰ ਵੀ ਫੁੱਲ ਕਹਿੰਦੀ ਹੈ
ਔਰਤ ਤੁਹਾਡੇ ਮਨ ਚ, ਰੂਹ ਚ
ਮਹਿਕਦੀ ਰਹਿੰਦੀ ਹੈ
ਔਰਤ ਦੁੱਖ ਨੂੰ ਵੀ
ਸੁੱਖ ਕਹਿੰਦੀ ਹੈ
ਇਹਦੀ ਦਾਸਤਾਨ,
ਇਹਦੀ ਮਹਿਮਾ
ਇਹਨੂੰ ਰੁੱਖ ਕਹਿੰਦੀ ਹੈ
ਸੁੱਚੀ ਸਮੁੱਚੀ ਮਮਤਾ ਦਾ ਪ੍ਰਤੀਕ
ਆਖਰੀ ਪਲ ਤੀਕ
ਚੁੱਲ੍ਹਾਮਹਿਕਾਣ ਦਾ ਅਹਿਸਾਸ
ਨਾ ਹਾਰਣ ਵਾਲਾ ਵਿਸ਼ਵਾਸ
2.ਔਰਤ ਸੰਪੂਰਨ ਰਾਗਨੀ ਹੈ
ਜਿਸ ਤੋਂ ਹਰ ਸੁਰ ਸਦਾ ਜਾਗੀ
ਤੇ ਸਦਾ ਜਾਗਣੀ ਹੈ
3.ਔਰਤ ਸੰਪੂਰਨ ਬ੍ਰਹਿਮੰਡ ਹੈ
ਖੰਡ ਖੰਡ ਅਖੰਡ ਹੈ
ਮਾਂ ਬੇਟੀ ਮਹਿਬੂਬਾ ਦਾ ਪ੍ਰਸੰਗ ਹੈ
ਇੱਕ ਸੁਚੇਤ, ਸੰਵੇਦਨਸ਼ੀਲ, ਸਮਕਾਲੀ ਸਮੱਸਿਆਵਾਂ ਨੂੰ ਸਮਝਣ ਵਾਲੇ, ਜਾਗਰੂਕ, ਭਵਿੱਖ-ਮੁਖੀ ਅਤੇ ਕਰਾਂਤੀਕਾਰੀ ਸ਼ਾਇਰ ਦੀ ਪਹਿਚਾਣ ਇਸ ਗੱਲ ਤੋਂ ਹੁੰਦੀ ਹੈ ਕਿ ਉਹ ਸਮੱਸਿਆਵਾਂ ਦੀਆਂ ਡੂੰਘੀਆਂ ਪਰਤਾਂ ਨੂੰ ਸਮਝਦਾ ਹੋਇਆ ਇਹ ਵੀ ਸਮਝਦਾ ਹੈ ਕਿ ਮਨੁੱਖ ਦਾ ਅਮਾਨਵੀਕਰਨ ਕਰਨ ਵਾਲੀਆਂ ਹਾਲਤਾਂ ਨੂੰ ਬਦਲਣ ਲਈ ਕਿਹੋ ਜਿਹੇ ਮੁਕਤੀ ਸੰਗਰਾਮ ਦੀ ਲੋੜ ਹੈ? ਇਸ ਮੁਕਤੀ ਸੰਗਰਾਮ ਦੇ ਝੰਡਾ ਬਰਦਾਰ ਕਿਹੋ ਜਿਹੇ ਲੋਕ ਹੋ ਸਕਦੇ ਹਨ? ਬੇਰੂਹਾ ਵਿਭਚਾਰੀ ਸ਼ਾਸਨ਼ ਕਵਿਤਾ ਵਿੱਚ ਅਜਿਹੇ ਮੁਕਤੀ ਸੰਗਰਾਮੀਆਂ ਦੀ ਪਹਿਚਾਨ ਦੱਸੀ ਗਈ ਹੈ ਜੋ ਸਾਨੂੰ ਭ੍ਰਿਸ਼ਟ ਰਾਜਨੀਤੀ ਦੀ ਜੱਕੜ ਚੋਂ ਬਾਹਰ ਕੱਢ ਸਕਦੇ ਹਨ:ਮਾਨਵਤਾ ਨੂੰ ਸੱਚੇ ਤੇ ਸੁੱਚੇ ਸਿਆਸਤਦਾਨਾਂ, ਇਨਸਾਨਾਂ ਦੀ ਲੋੜ ਹੈ ਨਾ ਕਿ ਭੁੱਖੇ ਨਿਜ਼ਾਮ; ਲੁੱਚੀ ਤੇ ਦੋਗਲੀ ਸਿਆਸਤ ਦਾ ਢਿੱਡ ਭਰਨ ਲਈ ਅੰਨ੍ਹੇ ਕਾਨੂੰਨਦਾਨਾਂ ਦੀ ਲੋੜ ਹੈਤਸੱਲੀ ਵਾਲੀ ਗੱਲ ਇਹ ਹੈ ਕਿ ਸ਼ਾਇਰ ਇਹ ਵੀ ਜਾਣਦਾ ਹੈ ਕਿ ਜੇਕਰ ਮੁਕਤੀ-ਸੰਗਰਾਮੀਆਂ ਦੀ ਆਪਣੀ ਚੇਤਨਾ ਵਿੱਚ ਚਾਨਣ ਹੋਵੇਗਾ ਤਾਂ ਉਹ ਜਿਸ ਸਮਾਜ ਦੀ ਉਸਾਰੀ ਕਰਨਗੇ ਉਹ ਵੀ ਪਰ੍ਦੂਸ਼ਨ ਰਹਿਤ ਹੋਵੇਗਾ. ਮਨੁੱਖਤਾ ਦੇ ਰੂਬਰੂ਼ ਕਵਿਤਾ ਦੀਆਂ ਹੇਠ ਲਿਖੀਆਂ ਸਤਰਾਂ ਇਨ੍ਹਾਂ ਵਿਚਾਰਾਂ ਦੀ ਹੀ ਪੁਸ਼ਟੀ ਕਰਦੀਆਂ ਹਨ:
1.ਸੰਘਰਸ਼ਸ਼ੀਲ ਤੇ ਜਾਗੇ ਮਨੁੱਖ ਦੀਪਹਿਲ ਕਦਮੀ
ਅੱਗ ਤੋਂ ਕਿਤੇ ਅਗਾਂਹ ਸ਼ੁਰੂ ਹੁੰਦੀ ਹੈ
2.ਤੁਹਾਡਾ ਪੱਥ ਤੇ ਪੰਧ ਤਲਾਸ਼ ਚ ਸੁਨਹਿਰੀ ਹੋਵੇ
ਤਦ ਹੋ ਸਕਦਾ ਹੈ
ਤੁਹਾਡੇ ਭਵਿਖ ਦਾ ਸੂਰਜ
ਉਦੈ ਹੋਣ ਦੇ ਆਸਾਰ ਨਜ਼ਰ ਆਉਣ
ਤੁਹਾਡੇ ਸੁਫ਼ਨੇ ਤੁਹਾਡੇ ਵਿਹੜੇ
ਸ਼ੁਭ ਖਬਰ ਬਣ ਆਉਣ
ਕੰਕਰ ਤੇ ਗੁਲਦਾਨ ਕਾਵਿ-ਸੰਗਰ੍ਹਿ ਦੀਆਂ ਕਵਿਤਾਵਾਂ ਪੜ੍ਹਨ ਤੋਂ ਬਾਅਦ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਕੈਨੇਡੀਅਨ ਪੰਜਾਬੀ ਸ਼ਾਇਰ ਵਿਸ਼ਵ ਪੱਧਰ ਦੀ ਪੰਜਾਬੀ ਸ਼ਾਇਰੀ ਰਚ ਰਹੇ ਹਨ. ਮਨਜੀਤ ਮੀਤ ਨੂੰ ਜਾਗਦੀ ਅੱਖ ਵਾਲਾ, ਚੇਤੰਨ, ਕੈਨੇਡੀਅਨ ਪੰਜਾਬੀ ਸ਼ਾਇਰ ਕਹਿਣ ਵਿੱਚ ਮੈਨੂੰ ਕੋਈ ਝਿਜਕ ਮਹਿਸੂਸ ਨਹੀਂ ਹੋ ਰਹੀ. ਅਜਿਹੇ ਸ਼ਾਇਰ ਹੀ ਕੈਨੇਡੀਅਨ ਪੰਜਾਬੀ ਸ਼ਾਇਰੀ ਦੀ ਮਿਸ਼ਾਲ ਨੂੰ ਜਗਦਾ ਰੱਖ ਸਕਦੇ ਹਨ. ਮੇਰੀਆਂ ਕਹੀਆਂ ਇਨ੍ਹਾਂ ਗੱਲਾਂ ਨੂੰ ਉਸਦੀ ਕਵਿਤਾ ਚੇਤਨਾ ਦੀ ਚਿੰਗਾਰੀ਼ ਦੀਆਂ ਹੇਠ ਲਿਖੀਆਂ ਸਤਰਾਂ ਹੀ ਜ਼ੁਬਾਨ ਦੇ ਰਹੀਆਂ ਹਨ:
ਆਉ ਆਪੋ ਆਪਣੀ ਚੇਤਨਾ ਦੀ
ਚਿੰਗਾਰੀ ਤੇ ਸਗਲੇ ਅਨੁਭਵ ਦੀ
ਅੱਗ ਨੂੰ ਪ੍ਰਚੰਡ ਕਰੀਏ
ਜੁੱਸਿਆਂ ਅੰਦਰਲਾ ਜਵਾਲਾ ਮੁਖੀ ਪਹਿਚਾਣੀਏ
ਹੱਥਾਂ ਦੀ ਪਕੜ ਨੂੰ ਬਲਵਾਨ ਕਰੀਏ
ਸੂਰਜ ਬਣਾ ਕੇ ਹਰ ਜ਼ੱਰੇ ਦੀ ਖੁਸ਼ੀ ਨੂੰ
ਭਵਿੱਖ ਨੂੰ ਭਖਦਾ ਸਲਾਮ ਕਰੀਏ
(ਮਾਲਟਨ, ਨਵੰਬਰ 21, 2008)
No comments:
Post a Comment