ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ
ਕੈਨੇਡਾ ਦੇ 57 ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਸਮੀਖਿਆ ਦੀ ਕਿਤਾਬ 'ਕੈਨੇਡੀਅਨ ਪੰਜਾਬੀ ਸਾਹਿਤ' ਨੂੰ ਖ਼ਰੀਦਣ ਲਈ ਬਲੌਗ 'ਤੇ ਦਿੱਤੇ ਐਡਰੈਸ 'ਤੇ ਈਮੇਲ ਕਰੋ। ਸ਼ੁਕਰੀਆ।

ਤੁਹਾਡੇ ਧਿਆਨ ਹਿੱਤ - ਜ਼ਰੂਰੀ ਸੂਚਨਾ

ਸੂਚਨਾ: ਪ੍ਰਕਾਸ਼ਕ ਦੀ ਤਲਾਸ਼ :

ਆਪਣੀ ਹੁਣੇ ਇੰਡੀਆ ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ)’ ਨੂੰ ਮੈਂ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਕੈਨੇਡਾ ਵਿੱਚ ‘‘Canadian Punjabi Literature (Commentary)’’ ਨਾਮ ਦੀ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਨਾ ਚਾਹੁੰਦਾ ਹਾਂ। ਮੈਂ ਕਿਸੀ ਵਧੀਆ ਕੈਨੇਡੀਅਨ ਪ੍ਰਕਾਸ਼ਕ ਦੀ ਤਲਾਸ਼ ਕਰ ਰਿਹਾ ਹਾਂ। ਜੇਕਰ ਤੁਸੀਂ ਕਿਸੀ ਅਜਿਹੇ ਵਧੀਆ ਕੈਨੇਡੀਅਨ ਪ੍ਰਕਾਸ਼ਕ ਦਾ ਨਾਮ ਜਾਣਦੇ ਹੋ ਜੋ ਮੇਰੀ ਪੁਸਤਕ ਪ੍ਰਕਾਸ਼ਿਤ ਕਰ ਸਕਦਾ ਹੋਵੇ ਤਾਂ ਮੈਂ ਉਸ ਪ੍ਰਕਾਸ਼ਕ ਦਾ ਨਾਮ ਜਾਨਣਾ ਚਾਹਾਂਗਾ।

Sukhinder

Editor: SANVAD

Box 67089, 2300 Yonge St.

Toronto ON M4P 1E0

Tel. (416) 858-7077

Email: poet_sukhinder@hotmail.com

http://www.canadianpunjabiliterature.blogspot.com/



Sunday, January 4, 2009

ਸੁਖਿੰਦਰ - ਲੇਖ

ਮਨੁੱਖੀ ਰਿਸ਼ਤਿਆਂ ਦਾ ਯਥਾਰਥ ਬਲਬੀਰ ਮੋਮੀ

ਬਲਬੀਰ ਮੋਮੀ ਕੈਨੇਡਾ ਦਾ ਬਹੁ-ਪੱਖੀ ਪੰਜਾਬੀ ਲੇਖਕ ਹੈ. ਕੈਨੇਡੀਅਨ ਪੰਜਾਬੀ ਸਾਹਿਤਕ ਹਲਕਿਆਂ ਵਿੱਚ ਉਸ ਦੀ ਪਹਿਚਾਣ ਇੱਕ ਨਾਵਲਕਾਰ, ਕਹਾਣੀਕਾਰ, ਵਿਅੰਗ ਲੇਖਕ, ਕਾਲਮ ਨਵੀਸ ਅਤੇ ਰੇਖਾ-ਚਿਤਰ ਲਿਖਣ ਵਾਲੇ ਲੇਖਕ ਵਜੋਂ ਬਣੀ ਹੋਈ ਹੈ.

1982 ਵਿੱਚ ਕੈਨੇਡਾ ਪਰਵਾਸ ਕਰਨ ਤੋਂ ਪਹਿਲਾਂ ਹੀ ਪੰਜਾਬੀ ਸਾਹਿਤ ਜਗਤ ਵਿੱਚ ਬਲਬੀਰ ਮੋਮੀ ਇੱਕ ਕਹਾਣੀਕਾਰ ਵਜੋਂ ਸਥਾਪਿਤ ਹੋ ਚੁੱਕਾ ਸੀ.

ਧਰਤ ਪਰਾਈ ਆਪਣੇ ਲੋਕਨਾਮ ਹੇਠ ਬਲਬੀਰ ਮੋਮੀ ਨੇ 2008 ਵਿੱਚ ਇੱਕ ਕੋਲਾਜ ਕਿਤਾਬ ਪ੍ਰਕਾਸਿ਼ਤ ਕੀਤੀ ਹੈ. ਇਸੇ ਰੁਝਾਨ ਵਾਲੀ ਇੱਕ ਪੁਸਤਕ ਆਪਣੇ ਆਪਣੇ ਨਕਸ਼ਉਸਨੇ 2005 ਵਿੱਚ ਵੀ ਪ੍ਰਕਾਸਿ਼ਤ ਕੀਤੀ ਸੀ. ਇਸ ਪੁਸਤਕ ਵਿੱਚ ਉਸਨੇ ਵੱਖੋ ਵੱਖ ਖੇਤਰਾਂ ਵਿੱਚ ਸਰਗਰਮ ਕੁਝ ਸ਼ਖਸੀਅਤਾਂ ਬਾਰੇ ਰੇਖਾ ਚਿਤਰ ਪ੍ਰਕਾਸਿ਼ਤ ਕੀਤੇ ਸਨ.

ਬਲਬੀਰ ਮੋਮੀ ਨੇ ਧਰਤ ਪਰਾਈ ਆਪਣੇ ਲੋਕਪੁਸਤਕ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਹੈ: ਕਹਾਣੀਆਂ, ਰੇਖਾ ਚਿਤਰ, ਨਿਬੰਧ ਅਤੇ ਵਿਅੰਗ. ਇਨ੍ਹਾਂ ਸਾਰੀਆਂ ਲਿਖਤਾਂ ਵਿੱਚ ਹੀ ਉਸਨੇ, ਕਿਸੇ ਨ ਕਿਸੇ ਰੂਪ ਵਿੱਚ, ਮਨੁੱਖੀ ਰਿਸ਼ਤਿਆਂ ਦਾ ਯਥਾਰਥ ਪੇਸ਼ ਕੀਤਾ ਹੈ. ਇਸ ਯਥਾਰਥ ਨੂੰ ਪੇਸ਼ ਕਰਦਿਆਂ ਹੋਇਆਂ ਉਹ ਨਾਟਕੀ ਅੰਦਾਜ਼ ਨਾਲ ਰਾਜਨੀਤਿਕ, ਧਾਰਮਿਕ, ਵਿਦਿਅਕ, ਸਮਾਜਿਕ, ਆਰਥਿਕ, ਸਾਹਿਤਕ ਅਤੇ ਸਭਿਆਚਾਰਕ ਪਹਿਲੂਆਂ ਬਾਰੇ ਵੀ, ਸਿੱਧੇ ਜਾਂ ਅਸਿੱਧੇ ਢੰਗ ਨਾਲ, ਆਪਣੇ ਵਿਚਾਰ ਪੇਸ਼ ਕਰ ਜਾਂਦਾ ਹੈ. ਇਸ ਤਰ੍ਹਾਂ ਕਰਦਿਆਂ ਹੋਇਆਂ ਬਲਬੀਰ ਮੋਮੀ ਆਪਣੇ ਪਾਠਕਾਂ ਨੂੰ ਬੜੇ ਹੀ ਸਹਿਜ ਨਾਲ ਇਹ ਗੱਲ ਵੀ ਕਹਿ ਜਾਂਦਾ ਹੈ ਕਿ ਸਾਹਿਤ ਦੇ ਇੱਕ ਰੂਪ ਵਿੱਚ ਜਿਹੜੀ ਗੱਲ ਪ੍ਰਭਾਵਸ਼ਾਲੀ ਢੰਗ ਨਾਲ ਨਾ ਕਹੀ ਜਾ ਸਕਦੀ ਹੋਵੇ ਉਸਨੂੰ ਸਾਹਿਤ ਦੇ ਕਿਸੀ ਹੋਰ ਰੂਪ ਵਿੱਚ ਕਿਹਾ ਜਾ ਸਕਦਾ ਹੈ.

ਧਰਤ ਪਰਾਈ ਆਪਣੇ ਲੋਕਪੁਸਤਕ ਪੜ੍ਹਦਿਆਂ ਇਸ ਗੱਲ ਦਾ ਵੀ ਅਹਿਸਾਸ ਹੁੰਦਾ ਹੈ ਕਿ ਸਾਹਿਤ ਦੇ ਵੱਖੋ ਵੱਖ ਰੂਪਾਂ ਦੀ ਸਿ਼ਲਪਕਾਰੀ ਵਿੱਚ ਨਿਪੁੰਨਤਾ ਪ੍ਰਾਪਤ ਕਰਨ ਲਈ ਬਲਬੀਰ ਮੋਮੀ ਨੇ, ਨਿਰਸੰਦੇਹ, ਪੰਜਾਬੀ ਅਤੇ ਹੋਰ ਜ਼ੁਬਾਨਾਂ ਦੇ ਅਨੇਕਾਂ ਮਹਾਨ ਸਾਹਿਤਕਾਰਾਂ ਦੀਆਂ ਮਹਾਨ ਲਿਖਤਾਂ ਪੜ੍ਹੀਆਂ ਹੋਣਗੀਆਂ ਅਤੇ ਉਨ੍ਹਾਂ ਤੋਂ ਪ੍ਰਭਾਵਤ ਹੋਇਆ ਹੋਵੇਗਾ. ਕਿਉਂਕਿ ਉਸਦੀਆਂ ਲਿਖਤਾਂ ਵਿੱਚੋਂ ਸੁਆਦਤ ਹਸਨ ਮੰਟੋ, ਕੁਲਵੰਤ ਸਿੰਘ ਵਿਰਕ, ਬਲਵੰਤ ਗਾਰਗੀ, ਸੰਤ ਸਿੰਘ ਸੇਖੋਂ, ਮੁਨਸ਼ੀ ਪ੍ਰੇਮ ਚੰਦ, ਕ੍ਰਿਸ਼ਨ ਚੰਦਰ, ਅਹਿਮਦ ਨਦੀਮ ਕਾਸਮੀ ਅਤੇ ਮੁਪਾਸਾਂ ਜਿਹੇ ਮਹਾਨ ਸਾਹਿਤਕਾਰਾਂ ਦੀਆਂ ਲਿਖਤਾਂ ਦੇ ਸਿ਼ਲਪੀ ਝਲਕਾਰੇ ਪੈਂਦੇ ਹਨ. ਬਲਬੀਰ ਮੋਮੀ ਦੀਆਂ ਲਿਖਤਾਂ ਦੇ ਅਜਿਹੇ ਗੁਣਾਂ ਕਰਕੇ ਹੀ ਉਸ ਨੂੰ ਕੈਨੇਡਾ ਦੇ ਨਾਮਵਰ ਅਤੇ ਚਰਚਿਤ ਪੰਜਾਬੀ ਲੇਖਕਾਂ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ.

ਬਤੌਰ ਪੰਜਾਬੀ ਲੇਖਕ ਦੇ ਜ਼ਿੰਦਗੀ ਜਿਉਣੀ ਕਿਸੇ ਵੀ ਦੇਸ਼ ਵਿੱਚ ਆਸਾਨ ਨਹੀਂ ਹੈ. ਭਾਵੇਂ ਕਿ ਅਜੋਕੇ ਸਮਿਆਂ ਵਿੱਚ ਲੇਖਕਾਂ ਲਈ ਲਿਖਤਾਂ ਲਿਖਕੇ ਰੁਜ਼ਗਾਰ ਕਮਾਉਣ ਦੇ ਪਹਿਲਾਂ ਨਾਲੋਂ ਮੌਕੇ ਬਹੁਤ ਜਿ਼ਆਦਾ ਵਧ ਗਏ ਹਨ; ਪਰ ਅਜੇ ਵੀ ਆਮ ਪੰਜਾਬੀ ਲੇਖਕ ਲਈ ਨ ਤਾਂ ਆਰਥਿਕ ਤੌਰ ਉੱਤੇ ਹੀ ਜਿ਼ੰਦਗੀ ਸੁਖਾਲੀ ਹੋ ਸਕੀ ਹੈ ਅਤੇ ਨ ਹੀ ਸਮਾਜਿਕ ਤੌਰ ਉੱਤੇ ਹੀ ਉਸਨੂੰ ਤਸੱਲੀਯੋਗ ਸਵੀਕਾਰਤਾ ਮਿਲ ਸਕੀ ਹੈ. ਇੱਥੋਂ ਤੱਕ ਕਿ ਲੇਖਕਾਂ ਦੇ ਆਪਣੇ ਪ੍ਰਵਾਰ ਵਾਲੇ ਹੀ ਉਸਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੁੰਦੇ. ਇਸ ਗੱਲ ਦਾ ਇਜ਼ਹਾਰ ਬਲਬੀਰ ਮੋਮੀ ਬਿਨ੍ਹਾਂ ਕਿਸੀ ਝਿਜਕ ਦੇ ਕਰ ਜਾਂਦਾ ਹੈ:

ਮੇਰੇ ਲੇਖਕ ਹੋਣ ਕਾਰਨ ਬਣੀ ਵਾਕਫੀਅਤ ਨਾਲ ਕਈ ਵਾਰ ਮੇਰੇ ਜਾਂ ਘਰ ਵਾਲਿਆਂ ਦੇ ਕੰਮ ਹੋ ਜਾਂਦੇ ਹਨ; ਪਰ ਮੇਰੇ ਘਰ ਵਾਲੇ ਫਿਰ ਵੀ ਮੈਨੂੰ ਲੇਖਕ ਮੰਨਣ ਲਈ ਤਿਆਰ ਨਹੀਂ ਹਨ ਅਤੇ ਸਮਝਦੇ ਹਨ ਕਿ ਲਿਖਣਾ ਕਿਹੜੇ ਕੰਮਾਂ ਚੋਂ ਕੰਮ ਹੈ. ਉਹ ਕਦਾਚਿਤ ਨਹੀਂ ਚਾਹੁੰਦੇ ਕਿ ਉਹਨਾਂ ਦਾ ਕੋਈ ਬੱਚਾ ਲਿਖਣ ਦਾ ਕੰਮ ਸ਼ੁਰੂ ਕਰੇ, ਕਿਉਂਕਿ ਇਹ ਸਮਾਂ ਨਸ਼ਟ ਕਰਨ ਵਾਲਾ ਕੰਮ ਹੈ ਅਤੇ ਇਸ ਵਿੱਚ ਸਿਰ ਖਪਾਈ ਜਿ਼ਆਦਾ ਤੇ ਕਮਾਈ ਘੱਟ ਹੈ.

ਇਸ ਗੱਲ ਨੂੰ ਹੋਰ ਵਜ਼ਨ ਦੇਣ ਲਈ ਉਹ ਪੰਜਾਬੀ ਦੇ ਦੋ ਨਾਮਵਰ ਲੇਖਕਾਂ ਸਿ਼ਵਕੁਮਾਰ ਬਟਾਲਵੀ ਅਤੇ ਕੁਲਵੰਤ ਸਿੰਘ ਵਿਰਕ ਦੀ ਪਤਨੀ ਦਾ ਬਿਆਨ ਵੀ ਪੇਸ਼ ਕਰਦਾ ਹੈ:

ਜਦੋਂ ਪਿਛੇ ਜਿਹੇ ਮਿਸਜ਼ ਬਟਾਲਵੀ ਦਾ ਬਿਆਨ ਛਪਿਆ ਸੀ ਕਿ ਮੈਂ ਨਹੀਂ ਚਾਹਾਂਗੀ ਕਿ ਮੇਰਾ ਕੋਈ ਬੱਚਾ ਲਿਖਣ ਲਗ ਪਵੇ. ਇਹਨਾਂ ਬਿਆਨਾਂ ਨਾਲ ਲੇਖਕ ਹਲਕਿਆਂ ਵਿੱਚ ਹਲਚਲ ਵੀ ਹੋਈ ਸੀ, ਜਦ ਕਿ ਇਹ ਕੌੜਾ ਸੱਚ ਹੈ ਕਿ ਮਿਸਜ਼ ਅਰੁਨ ਬਟਾਲਵੀ ਜੋ ਕੁਝ ਵੀ ਹੈ ਅਤੇ ਜਿਸ ਬੁਲੰਦੀ ਤੇ ਖੜ੍ਹੀ ਹੈ, ਸਿ਼ਵ ਕਰਕੇ ਹੀ ਹੈ...ਮਿਸਜ਼ ਵਿਰਕ ਵੀ ਅਕਸਰ ਲੇਖਕਾਂ ਬਾਰੇ ਮੰਦਾ ਬੋਲਦੀ ਹੈ ਅਤੇ ਲੇਖਕਾਂ ਨੂੰ ਚੰਗੇ ਲੋਕਾਂ ਵਿੱਚ ਨਹੀਂ ਸਮਝਦੀ. ਪੰਜਾਬੀ ਦੇ ਇਹਨਾਂ ਚੋਟੀ ਦੇ ਦੋ ਲੇਖਕਾਂ ਬਾਰੇ ਉਹਨਾਂ ਦੀਆਂ ਬੀਵੀਆਂ ਦੇ ਅਜਿਹੇ ਵਿਚਾਰ ਜਿਨ੍ਹਾਂ ਸਾਰੀ ਉਮਰ ਉਹਨਾਂ ਲੇਖਕਾਂ ਦੇ ਨਾਵਾਂ ਨੂੰ ਹੰਢਾਇਆ ਤੇ ਇਸਦੇ ਹੁਸਨ ਨੂੰ ਮਾਣਿਆ ਹੈ, ਦਾ ਸੁਣ ਜਦ ਮੇਰੀ ਪਤਨੀ ਅਕਸਰ ਇਹੀ ਕਹਿੰਦੀ ਹੈ ਕਿ ਇਹ ਮੰਗਤਿਆਂ ਵਾਲਾ ਕੰਮ ਹੈ ਤਾਂ ਕੁਝ ਚਿਰ ਲਈ ਮਨ ਵਿੱਚ ਨਿਰਾਸਤਾ ਪੈਦਾ ਹੋਣੀ ਸੁਭਾਵਿਕ ਹੈ.

ਮਨੁੱਖੀ ਰਿਸ਼ਤਿਆਂ ਦੇ ਅਰਥ ਸਮੇਂ ਅਤੇ ਸਥਾਨ ਦੀਆਂ ਦੂਰੀਆਂ ਨਾਲ ਬਦਲ ਜਾਂਦੇ ਹਨ. ਇਹ ਅਰਥ ਸਭਿਆਚਾਰਾਂ ਦੇ ਵੱਖਰੇਵਿਆਂ ਨਾਲ ਵੀ ਬਦਲ ਜਾਂਦੇ ਹਨ. ਮਨੁੱਖੀ ਰਿਸ਼ਤਿਆਂ ਦੇ ਅਰਥ ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਹਕੀਕਤਾਂ ਦੇ ਬਦਲਣ ਨਾਲ ਵੀ ਬਦਲ ਜਾਂਦੇ ਹਨ. ਇਹ ਗੱਲਾਂ ਵਿਰਸੇ ਵਿਚ ਮਿਲੀ ਉਦਾਸੀਕਹਾਣੀ ਦੇ ਮੁੱਖ ਪਾਤਰ ਪਾਲਾ ਸਿੰਘ ਰਾਹੀਂ ਬਲਬੀਰ ਮੋਮੀ ਬੜੇ ਹੀ ਨਾਟਕੀ ਅੰਦਾਜ਼ ਵਿੱਚ ਪੇਸ਼ ਕਰਦਾ ਹੈ:

ਆਪਣੇ ਗਰੈਂਡ ਚਿਲਡਰਨ ਜਿਨ੍ਹਾਂ ਦਾ ਪਾਲਣ ਪੋਸਣ ਵੀ ਉਹਨੇ ਬੜੀ ਮਿਹਨਤ ਅਤੇ ਚਾਅਵਾਂ ਨਾਲ ਆਪਣੀ ਔਲਾਦ ਨਾਲੋਂ ਵੀ ਵਧ ਪਿਆਰ ਨਾਲ ਕੀਤਾ ਸੀ, ਅਕਸਰ ਉਹਦੇ ਕੋਲੋਂ ਖਿਸਕ ਜਾਂਦੇ ਅਤੇ ਉਸਨੂੰ ਬੁਲਾਉਂਦੇ ਤੱਕ ਵੀ ਨਾ. ਜੇ ਉਹ ਉਹਨਾਂ ਨੂੰ ਅਵਾਜ਼ ਦਿੰਦਾ ਤਾਂ ਉਹ ਉਹਦੀ ਗੱਲ ਦਾ ਜਵਾਬ ਨਾ ਦਿੰਦੇ ਅਤੇ ਪਾਸਾ ਵੱਟ ਕੇ ਲੰਘ ਜਾਂਦੇ. ਕਈ ਵਾਰ ਉਹ ਉਹਨਾਂ ਨੂੰ ਡਾਕਟਰ ਕੋਲ ਲੈ ਜਾਣ ਲਈ ਕਹਿੰਦਾ ਤਾਂ ਉਹ ਅਸੀਂ ਬੜੇ ਬਿਜ਼ੀ ਹਾਂ”, ਕਹਿ ਕੇ ਟਾਲ ਦਿੰਦੇ. ਜੇ ਕੋਈ ਦਵਾਈ ਲਈ ਆਖਦਾ ਤਾਂ ਚੁੱਪ ਰਹਿੰਦੇ ਅਤੇ ਉਹਨਾਂ ਦਾ ਰਵਈਆ ਪਾਲਾ ਸਿੰਹੁ ਨੂੰ ਬੜਾ ਉਦਾਸ ਕਰ ਦਿੰਦਾ.

ਪੱਛਮੀ ਦੇਸ਼ਾਂ ਵਿੱਚ ਪਰਵਾਸੀ ਬਣ ਕੇ ਆਏ ਪਾਲਾ ਸਿੰਘ ਜਿਹੇ ਲੋਕਾਂ ਦੀ ਜ਼ਿੰਦਗੀ ਨੂੰ ਉਪਭੋਗਿਤਾਵਾਦ ਨੇ ਹੋਰ ਵੀ ਵੱਧ ਤ੍ਰਾਸਦਿਕ ਬਨਾਉਣ ਵਿੱਚ ਕਾਫੀ ਵੱਡਾ ਯੋਗਦਾਨ ਪਾਇਆ ਹੈ. ਇਨ੍ਹਾਂ ਦੇਸ਼ਾਂ ਵਿੱਚ ਜੰਮੀ ਪਲੀ ਜਾਂ ਵੱਡੀ ਹੋ ਰਹੀ ਨਵੀਂ ਪੀੜ੍ਹੀ ਲਈ ਉਪਭੋਗਿਤਾਵਾਦ ਹੀ ਸਭ ਤੋਂ ਵਧੀਆ ਸਭਿਆਚਾਰ ਹੈ. ਚਮਕ-ਦਮਕ ਵਾਲੀਆਂ ਵਸਤਾਂ ਦੀ ਪ੍ਰਾਪਤੀ ਅਤੇ ਉਨ੍ਹਾਂ ਵਿੱਚ ਦਿਨ ਰਾਤ ਖੁੱਭਿਆ ਰਹਿਣਾ ਹੀ ਉਨ੍ਹਾਂ ਨੂੰ ਮਾਨਸਿਕ ਸੰਤੁਸ਼ਟੀ ਦਿੰਦਾ ਹੈ; ਪਰ ਪੂਰਬੀ ਸਭਿਆਚਾਰਾਂ ਵਿੱਚ ਜੰਮੇ-ਪਲੇ ਲੋਕਾਂ ਲਈ ਪੱਛਮੀ ਸਭਿਆਚਾਰਾਂ ਚੋਂ ਪੈਦਾ ਹੋਇਆ ਸਭਿਆਚਾਰਕ ਤਨਾਓ ਸਕਿਜ਼ੋਫਰੇਨੀਆ ਵਾਲੀ ਸਥਿਤੀ ਪੈਦਾ ਕਰਦਾ ਹੈ. ਇਸ ਸਥਿਤੀ ਵਿੱਚ ਉਹ ਤ੍ਰੈਸ਼ੰਕੂ ਵਾਲੀ ਸਥਿਤੀ ਵਿੱਚ ਪਾਲਾ ਸਿੰਘ ਵਾਂਗ ਹੀ ਸੋਚਦੇ ਹਨ. ਜਿਨ੍ਹਾਂ ਨੂੰ ਨ ਤਾਂ ਕੈਨੇਡਾ ਵਿੱਚ ਹੀ ਹੁਣ ਮਾਨਸਿਕ ਚੈਨ ਮਿਲ ਸਕਦਾ ਹੈ ਅਤੇ ਨਾ ਹੀ ਇੰਡੀਆ ਵਿੱਚ ਹੀ:

ਹੁਣ ਉਸ ਨੂੰ ਨਾ ਕੈਨੇਡਾ ਚੰਗਾ ਲਗਦਾ ਹੈ ਅਤੇ ਨਾ ਹੀ ਹਿੰਦੋਸਤਾਨ. ਨਾ ਕੈਨੇਡਾ ਦਾ ਘਰ ਓਸਦਾ ਹੈ ਅਤੇ ਨਾ ਹੀ ਪੰਜਾਬ ਦਾ ਉਜੜ ਚੁੱਕਾ ਘਰ ਮੁੜ ਉਸਾਰਣ ਦੀ ਉਸ ਵਿੱਚ ਸ਼ਕਤੀ ਬਾਕੀ ਹੈ.

ਮਨੁੱਖੀ ਰਿਸ਼ਤਿਆਂ ਦੇ ਯਥਾਰਥ ਦੀ ਇੱਕ ਹੋਰ ਵਧੀਆ ਮਿਸਾਲ ਬਲਬੀਰ ਮੋਮੀ ਵੇਖ ਪਰਾਈਆਂ ਚੰਗੀਆਂਨਾਮ ਦੀ ਕਹਾਣੀ ਵਿੱਚ ਵੀ ਪੇਸ਼ ਕਰਦਾ ਹੈ. ਰੌਜ਼ਾਨਾ ਜਿ਼ੰਦਗੀ ਵਿੱਚ ਅਜਿਹੇ ਹਜ਼ਾਰਾਂ ਹੀ ਕਿੱਸੇ ਪੜ੍ਹਣ ਨੂੰ ਮਿਲਦੇ ਹਨ ਜਿਨ੍ਹਾਂ ਵਿੱਚ ਪਤੀ-ਪਤਨੀ ਇੱਕ ਦੂਜੇ ਨਾਲ ਰਹੀ ਵੀ ਜਾਂਦੇ ਹਨ ਅਤੇ ਇੱਕ ਦੂਜੇ ਨਾਲ ਲੜੀ ਵੀ ਜਾਂਦੇ ਹਨ. ਇੱਕ ਦੂਜੇ ਦੀ ਜਿ਼ੰਦਗੀ ਨੂੰ ਤਨਾਓ ਭਰਪੂਰ ਅਤੇ ਤਰਸਯੋਗ ਬਨਾਉਣ ਵਿੱਚ ਕੋਈ ਵੀ ਮੌਕਾ ਹੱਥੋਂ ਜਾਣ ਨਹੀਂ ਦਿੰਦੇ. ਵੇਖ ਪਰਾਈਆਂ ਚੰਗੀਆਂਨਾਮ ਦੀ ਕਹਾਣੀ ਵਿੱਚ ਮਰਦ-ਔਰਤ ਦਾ ਵਿਆਹੁਤਾ ਜੀਵਨ ਕਿਸ ਹੱਦ ਤੱਕ ਤਨਾਉਪੂਰਨ ਹੈ, ਉਸਦਾ ਅੰਦਾਜ਼ਾ ਲਗਾਉਣਾ ਕੋਈ ਮੁਸ਼ਕਲ ਨਹੀਂ:

ਉਹ ਜੋ ਵੀ ਗੱਲ ਕਰਦਾ, ਉਹਦੀ ਘਰਵਾਲੀ ਉਸ ਗੱਲ ਦਾ ਅੱਗੋਂ ਬੜਾ ਟੇਢਾ ਜਵਾਬ ਦਿੰਦੀ. ਜੇ ਉਹ ਭਿੰਡੀ ਬਨਾਉਣ ਲਈ ਆਖਦਾ ਤਾਂ ਉਹ ਕਰੇਲੇ ਬਣਾ ਦਿੰਦੀ ਜੋ ਉਸਨੂੰ ਪਸੰਦ ਨਹੀਂ ਸਨ. ਜੇ ਉਹ ਅਰਬੀ ਬਨਾਉਣ ਲਈ ਕਹਿੰਦਾ ਤਾਂ ਉਹ ਆਲੂ ਬਣਾ ਦਿੰਦੀ. ਜੇ ਉਸਦਾ ਮੂਲੀਆਂ ਵਾਲੇ ਜਾਂ ਮੇਥੀ ਵਾਲੇ ਪਰੋਂਠੇ ਖਾਣ ਨੂੰ ਜੀਅ ਕਰਦਾ ਤਾਂ ਉਹ ਆਲੂਆਂ ਵਾਲੇ ਜਾਂ ਗੋਭੀ ਵਾਲੇ ਪਰੌਂਠੇ ਬਣਾ ਕੇ ਉਹਦੇ ਅੱਗੇ ਰਖ ਦੇਂਦੀ ਅਤੇ ਆਪਣੀ ਗਲਤੀ ਨੂੰ ਕਦੀ ਨਾ ਮੰਨਦੀ.

ਮਨੁੱਖੀ ਰਿਸ਼ਤਿਆਂ ਲਈ ਸਭ ਤੋਂ ਵੱਡੀ ਪਰਖ ਦੀ ਘੜੀ ਉਦੋਂ ਆਉਂਦੀ ਹੈ ਜਦੋਂ ਪ੍ਰਵਾਰ ਦਾ ਕੋਈ ਮੈਂਬਰ ਧਰਮ ਤਬਦੀਲ ਕਰ ਲੈਂਦਾ ਹੈ. ਸਾਡੇ ਦਿਮਾਗ਼ਾਂ ਵਿੱਚ ਬਚਪਨ ਤੋਂ ਹੀ ਇਹ ਗੱਲ ਕੁੱਟ ਕੁੱਟ ਕੇ ਭਰੀ ਜਾਂਦੀ ਹੈ ਕਿ ਜਿਸ ਧਰਮ ਵਿੱਚ ਤੁਸੀਂ ਪੈਦਾ ਹੋਏ ਹੋ ਉਸਦੀਆਂ ਕਦਰਾਂ-ਕੀਮਤਾਂ ਹੀ ਧਰਤੀ ਉੱਤੇ ਪਰਚਲਿਤ ਹੋਰਨਾਂ ਸਭਨਾਂ ਧਰਮਾਂ/ਸਭਿਆਚਾਰਾਂ ਨਾਲੋਂ ਉੱਤਮ ਹਨ; ਪਰ ਖ਼ੂਨ ਦਾ ਰਿਸ਼ਤਾ ਇੱਕ ਅਜੀਬ ਰਿਸ਼ਤਾ ਹੈ ਜਿਸ ਵਿੱਚ ਏਨੀ ਖਿੱਚ ਹੁੰਦੀ ਹੈ ਕਿ ਉਸਦੇ ਰਾਹ ਵਿੱਚ ਧਰਮਾਂ ਅਤੇ ਸਭਿਆਚਾਰਾਂ ਦੀ ਕੰਧ ਵੀ ਕਦੀ ਰਕਾਵਟ ਨਹੀਂ ਬਣ ਸਕਦੀ. ਕਹਾਣੀ ਕੌੜੀ ਗਿਰੀਵਿੱਚ ਵੀ ਇਸ ਤਰ੍ਹਾਂ ਹੀ ਵਾਪਰਦਾ ਹੈ. 1947 ਵਿੱਚ ਜਦੋਂ ਇੰਡੀਆ ਉੱਤੇ ਹਕੂਮਤ ਕਰ ਰਹੇ ਅੰਗਰੇਜ਼ ਇੰਡੀਆ ਨੂੰ ਛੱਡ ਕੇ ਜਾਣ ਲੱਗੇ ਤਾਂ ਉਨ੍ਹਾਂ ਨੇ ਇੰਡੀਆ ਨੂੰ ਦੋ ਦੇਸ਼ਾਂ ਇੰਡੀਆ ਅਤੇ ਪਾਕਿਸਤਾਨ ਵਿੱਚ ਵੰਡ ਦਿੱਤਾ. ਇਸ ਕਾਰਨ ਲੱਖਾਂ ਲੋਕਾਂ ਨੂੰ ਆਪਣੇ ਵੱਸਦੇ ਘਰ ਅਤੇ ਚਲਦੇ ਵਿਉਪਾਰ ਛੱਡ ਕੇ ਇੰਡੀਆ ਤੋਂ ਪਾਕਿਸਤਾਨ ਜਾਣਾ ਪਿਆ ਅਤੇ ਲੱਖਾਂ ਹੀ ਲੋਕਾਂ ਨੂੰ ਪਾਕਿਸਤਾਨ ਵਾਲੇ ਹਿੱਸੇ ਤੋਂ ਇੰਡੀਆ ਆਉਣਾ ਪਿਆ. ਮੁਸੀਬਤ ਦੇ ਮਾਰੇ ਲੋਕਾਂ ਦੀ ਇਸ ਮਜ਼ਬੂਰੀ ਦਾ ਲਾਭ ਉਠਾ ਕੇ ਸਿੱਖਾਂ, ਹਿੰਦੂਆਂ, ਈਸਾਈਆਂ ਅਤੇ ਮੁਸਲਮਾਨਾਂ ਵਿਚਲੇ ਗੁੰਡਾ ਕਿਸਮ ਦੇ ਲੋਕਾਂ ਨੇ ਧਰਮ ਦੇ ਨਾਮ ਉੱਤੇ ਇੱਕ ਦੂਜੇ ਉੱਤੇ ਬੇਤਹਾਸ਼ਾ ਜ਼ੁਲਮ ਕੀਤੇ; ਇੱਕ ਦੂਜੇ ਦੀਆਂ ਮਾਵਾਂ, ਧੀਆਂ, ਪਤਨੀਆਂ, ਭੈਣਾਂ ਦੇ ਬਲਾਤਕਾਰ ਕੀਤੇ. ਧਰਮ ਦੇ ਨਾਮ ਉੱਤੇ ਮੱਚੀ ਇਸ ਹਨ੍ਹੇਰੀ ਵਿੱਚ ਲੱਖਾਂ ਹੀ ਮਰਦ, ਔਰਤਾਂ, ਜੁਆਨਾਂ, ਬੱਚਿਆਂ, ਬੁੱਢਿਆਂ ਦਾ ਕਤਲ ਕਰ ਦਿੱਤਾ ਗਿਆ. ਕਹਾਣੀ ਕੌੜੀ ਗਿਰੀਦੇ ਮੁੱਖ ਪਾਤਰ ਦੇ ਘਰ ਉੱਤੇ ਵੀ ਮੁਸਲਮਾਨਾਂ ਵਿਚਲੇ ਗੁੰਡਾ ਅਨਸਰ ਨੇ ਹਮਲਾ ਕਰ ਦਿੱਤਾ. ਉਨ੍ਹਾਂ ਨੇ ਘਰ ਨੂੰ ਅੱਗ ਲਗਾ ਦਿੱਤੀ ਅਤੇ ਮੁੱਖ ਪਾਤਰ ਦੇ ਪਿਓ ਦਾ ਕਤਲ ਕਰ ਦਿੱਤਾ. ਗੁੰਡਾ ਅਨਸਰ ਜਾਂਦਾ ਹੋਇਆ ਮੁੱਖ ਪਾਤਰ ਦੀ ਭੈਣ ਨੂੰ ਵੀ ਜ਼ਬਰਦਸਤੀ ਚੁੱਕ ਕੇ ਆਪਣੇ ਨਾਲ ਲੈ ਗਿਆ. ਵਰ੍ਹਿਆਂ ਬਾਹਦ ਮੁੱਖ ਪਾਤਰ ਨੂੰ ਪਾਕਿਸਤਾਨ ਦੀ ਯਾਤਰਾ ਕਰਨ ਵੇਲੇ ਇਸ ਗੱਲ ਦਾ ਪਤਾ ਲੱਗਣ ਦੇ ਬਾਵਜ਼ੂਦ ਵੀ ਕਿ ਉਸਦੀ ਭੈਣ ਨਾਲ ਕਿਸੀ ਮੁਸਲਮਾਨ ਨੇ ਵਿਆਹ ਕਰ ਲਿਆ ਹੈ ਅਤੇ ਉਸਦੀ ਭੈਣ ਦਾ ਵੀ ਧਰਮ ਤਬਦੀਲ ਕਰਕੇ ਉਸਨੂੰ ਮੁਸਲਮਾਨ ਬਣਾ ਦਿੱਤਾ ਗਿਆ ਹੈ- ਮੁੱਖ ਪਾਤਰ ਆਪਣੀ ਭੈਣ ਨੂੰ ਮਿਲਣ ਦੀ ਹਰ ਸੰਭਵ ਕੋਸਿ਼ਸ਼ ਕਰਦਾ ਹੈ. ਕਿਉਂਕਿ ਉਹ ਸਮਝਦਾ ਹੈ ਕਿ ਕੀ ਹੋਇਆ ਜੇਕਰ ਉਸਦਾ ਧਰਮ ਬਦਲ ਦਿੱਤਾ ਗਿਆ ਹੈ ਉਹ ਖ਼ੂਨ ਦੇ ਰਿਸ਼ਤੇ ਕਾਰਨ ਅਜੇ ਵੀ ਉਸਦੀ ਭੈਣ ਹੀ ਹੈ:

ਗਜ਼ਾਲਾ ਦਾ ਤੇ ਮੇਰਾ ਖ਼ੂਨ ਦਾ ਰਿਸ਼ਤਾ ਸੀ. ਭਾਵੇਂ ਹੁਣ ਅਸੀਂ ਦੋ ਵੱਖ ਦੇਸ਼ਾਂ ਤੇ ਧਰਮਾਂ ਦੇ ਮੰਨਣ ਵਾਲੇ ਸਾਂ. ਪਰ ਸਾਡਾ ਮਾਂ ਬਾਪ ਇਕ ਸੀ. ਮਜ੍ਹਬ ਤੇ ਹਕੂਮਤਾਂ ਸਾਡੇ ਰਿਸ਼ਤਿਆਂ ਵਿਚਕਾਰ ਹਿਮਾਲਾ ਜਿਹੀ ਉੱਚੀ ਦੀਵਾਰ ਵਾਂਗ ਖੜ੍ਹੇ ਸਨ. ਪਰ ਦਿਲ ਦੇ ਜਜ਼ਬਿਆਂ ਨੂੰ ਕਿਹੜੀ ਤਾਕਤ ਰੋਕ ਸਕਦੀ ਸੀ.

ਮਨੁੱਖੀ ਰਿਸ਼ਤਿਆਂ ਦੇ ਯਥਾਰਥ ਦਾ ਦੂਜਾ ਪਾਸਾ ਵੀ ਬਲਬੀਰ ਮੋਮੀ ਨੇ ਕੌੜੀ ਗਿਰੀਕਹਾਣੀ ਵਿੱਚ ਬਹੁਤ ਹੀ ਅਰਥ ਭਰਪੂਰ ਸ਼ਬਦਾਂ ਰਾਹੀਂ ਪੇਸ਼ ਕੀਤਾ ਹੈ. ਔਰਤ ਦੇ ਮਾਮਲੇ ਵਿੱਚ ਕੋਈ ਵੀ ਧਰਮ, ਸਭਿਆਚਾਰ ਉਸਦਾ ਲਿਹਾਜ਼ ਨਹੀਂ ਕਰਦਾ. ਹਰ ਦੇਸ਼, ਹਰ ਧਰਮ, ਹਰ ਸਭਿਆਚਾਰ ਵਿੱਚ ਹੀ ਔਰਤ ਉੱਤੇ ਕੀਤੇ ਜਾਂਦੇ ਅਤਿਆਚਾਰਾਂ ਦੀ ਦਾਸਤਾਨ ਮਰਦ ਪ੍ਰਧਾਨ ਸਮਾਜ ਵਾਲੀ ਮਨੁੱਖੀ ਸਭਿਅਤਾ ਨੂੰ ਸ਼ਰਮਿੰਦਾ ਕਰ ਰਹੀ ਹੈ. 1947 ਵਿੱਚ ਜਦੋਂ ਹਜ਼ਾਰਾਂ ਔਰਤਾਂ ਨੂੰ ਮੁਸਲਮਾਨ ਗੁੰਡਾ ਅਨਸਰ ਜ਼ਬਰਦਸਤੀ ਚੁੱਕ ਕੇ ਲੈ ਗਿਆ ਤਾਂ ਉਨ੍ਹਾਂ ਉੱਤੇ ਕਿਸ ਕਿਸ ਤਰ੍ਹਾਂ ਦਾ ਮਾਨਸਿਕ ਅਤੇ ਸਰੀਰਕ ਜ਼ੁਲਮ ਕੀਤਾ ਗਿਆ ਉਸਦਾ ਅਹਿਸਾਸ ਕੌੜੀ ਗਿਰੀਕਹਾਣੀ ਦੀਆਂ ਇਨ੍ਹਾਂ ਸਤਰਾਂ ਨੂੰ ਪੜ੍ਹਨ ਨਾਲ ਹੀ ਹੋ ਜਾਂਦਾ ਹੈ:

ਜੋ ਔਰਤਾਂ ਪਾਕਿਸਤਾਨੋਂ ਆਈਆਂ ਸਨ, ਉਨ੍ਹਾਂ ਦੀ ਹਾਲਤ ਬੜੀ ਮਾੜੀ ਸੀ. ਕਈ ਕੁਆਰੀਆਂ ਦੇ ਕੁੱਛੜ ਬਾਲ ਸਨ. ਕਈਆਂ ਦੇ ਮਾਪੇ ਉਨ੍ਹਾਂ ਨੂੰ ਗਲ ਲਾਉਣੋਂ ਹਿਚਕਚਾ ਰਹੇ ਸਨ. ਕਈਆਂ ਦੇ ਮੱਥਿਆਂ, ਗੱਲਾਂ, ਛਾਤੀਆਂ, ਪੇਟ ਅਤੇ ਪੱਟਾਂ ਤੇ ਪਾਕਿਸਤਾਨ ਜ਼ਿੰਦਾਬਾਦ ਉੱਕਰਿਆ ਹੋਇਆ ਸੀ. ਕਈਆਂ ਦੇ ਡੌਲਿਆਂ ਤੇ ਹਰਾਮਣਾਂ ਤੇ ਕਾਫ਼ਰਾਂ ਦੀ ਔਲਾਦ ਦੇ ਠੱਪੇ ਲੱਗੇ ਹੋਏ ਸਨ. ਕਈਆਂ ਦੀਆ ਛਾਤੀਆਂ ਵੱਢੀਆਂ ਹੋਈਆਂ ਸਨ ਤੇ ਕਈਆਂ ਨੂੰ ਬੜੇ ਭਿਆਨਕ ਰੋਗ ਲੱਗੇ ਹੋਏ ਸਨ.

ਮਨੁੱਖੀ ਰਿਸ਼ਤਿਆਂ ਦੇ ਯਥਾਰਥ ਦੀਆਂ ਹੋਰ ਵੀ ਅਨੇਕਾਂ ਕਿਸਮਾਂ ਹੁੰਦੀਆਂ ਹਨ. ਅਜੋਕੇ ਸਮਿਆਂ ਦੇ ਇਸ ਯਥਾਰਥ ਨੂੰ ਸਹਿਜੇ ਕੀਤੇ ਰੱਦ ਨਹੀਂ ਕੀਤਾ ਜਾ ਸਕਦਾ ਕਿ ਮਨੁੱਖੀ ਰਿਸ਼ਤਿਆਂ ਦਾ ਆਧਾਰ ਆਰਥਿਕਤਾ ਬਣ ਚੁੱਕੀ ਹੈ. ਆਰਥਿਕ ਪਹਿਲੂ ਕਈ ਵਾਰੀ ਏਨਾ ਭਾਰੂ ਹੋ ਜਾਂਦਾ ਹੈ ਕਿ ਖ਼ੂਨ ਦੇ ਰਿਸ਼ਤੇ ਦੇ ਵੀ ਕੋਈ ਅਰਥ ਨਹੀਂ ਰਹਿ ਜਾਂਦੇ. ਜਿਸ ਕਾਰਨ ਪੁੱਤਰ ਆਪਣੇ ਪਿਉਆਂ ਦੇ ਕਤਲ ਕਰ ਦਿੰਦੇ ਹਨ. ਭਰਾਵਾਂ ਵਿੱਚ ਜਾਨੀ ਦੁਸ਼ਮਣੀ ਪੈਦਾ ਹੋ ਜਾਂਦੀ ਹੈ. ਭਰਾ ਆਪਣੀਆਂ ਭੈਣਾਂ ਨੂੰ ਆਪਣੇ ਸਭ ਤੋਂ ਵੱਡੇ ਦੁਸ਼ਮਣ ਸਮਝ ਲੈਂਦੇ ਹਨ. ਕਿਉਂਕਿ ਕਾਨੂੰਨ ਅਨੁਸਾਰ ਪਿਉ ਦੀ ਜ਼ਾਇਦਾਦ ਵਿੱਚੋਂ ਭੈਣਾਂ ਨੂੰ ਵੀ ਹਿੱਸਾ ਲੈਣ ਦਾ ਹੱਕ ਹੁੰਦਾ ਹੈ; ਪਰ ਭਰਾ ਉਹ ਹੱਕ ਕਿਸੇ ਕੀਮਤ ਉੱਤੇ ਵੀ ਦੇਣਾ ਨਹੀਂ ਚਾਹੁੰਦੇ. ਪੰਜਾਬੀ ਪ੍ਰਵਾਰਾਂ ਵਿੱਚ ਅਜਿਹੇ ਆਰਥਿਕ ਕਾਰਨਾਂ ਕਰਕੇ ਬੜੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਅਤੇ ਅਨੇਕਾਂ ਵਾਰ ਗੱਲ ਕਤਲ ਉੱਤੇ ਜਾ ਕੇ ਹੀ ਮੁੱਕਦੀ ਹੈ. ਬਲਬੀਰ ਮੋਮੀ ਨੇ ਸੱਚੀਆਂ ਸੁਰਾਂ ਵਾਲਾ ਗੁਰਚਰਨ ਸਿੰਘ ਬਰਾੜ ਜਿਉਣ ਵਾਲਾਰੇਖਾ ਚਿਤਰ ਵਿੱਚ ਗੁਰਚਰਨ ਸਿੰਘ ਬਰਾੜ ਨਾਲ ਵਾਪਰੀ ਸੱਚੀ ਘਟਨਾ ਨੂੰ ਹੂ-ਬ-ਹੂ ਬਿਆਨ ਕਰਕੇ ਪੰਜਾਬੀ ਸਮਾਜ ਦੀ ਇੱਕ ਵੱਡੀ ਸਮੱਸਿਆ ਦੀ ਯਥਾਰਥਵਾਦੀ ਪੇਸ਼ਕਾਰੀ ਕੀਤੀ ਹੈ:

13 ਅਪ੍ਰੈਲ 2005 ਨੂੰ ਪਿਤਾ ਇਸ ਦੁਨੀਆਂ ਵਿਚੋਂ ਚਲਾ ਗਿਆ ਅਤੇ ਜਾਂਦਾ ਜਾਂਦਾ ਘਰ ਦੀ ਗਰੀਬੀ ਦੁਰ ਕਰਨ ਵਾਲੇ, ਇਲਾਕੇ ਵਿੱਚ ਘਰ ਦਾ ਨਾਂ ਉੱਚਾ ਕਰਨ ਵਾਲੇ ਗੁਰਚਰਨ ਸਿੰਘ ਨੂੰ ਸਾਰੀ ਜਾਇਦਾਦ ਵਿਚੋਂ ਬੇਦਖਲ ਕਰ ਗਿਆ. ਉਸ ਜਾਇਦਾਦ ਵਿਚੋਂ ਵੀ ਜਿਹੜੀ ਉਹਦੀ ਜਰਮਨ ਦੀ ਸਖਤ ਮਿਹਨਤ ਦੀ ਕਮਾਈ ਵਿਚੋਂ ਬਣੀ ਸੀ. ਗੁਰਚਰਨ ਸਿੰਘ ਨੂੰ ਪੈਸੇ ਅਤੇ ਜਾਇਦਾਦ ਦੇ ਚਲੇ ਜਾਣ ਦਾ ਏਨਾ ਦੁੱਖ ਨਹੀਂ ਹੈ ਜਿੰਨਾ ਭਰਾਵਾਂ ਵਿਚ ਪਈ ਵੰਡ ਦਾ. ਭਰਾ ਵੀ ਓਨਾ ਚਿਰ ਤੱਕ ਮਿੱਠੇ ਸਨ ਜਦ ਤਕ ਉਹਨਾਂ ਨੂੰ ਗੁਰਚਰਨ ਸਿੰਘ ਤੋਂ ਆਸ ਸੀ ਕਿ ਉਹ ਉਹਨਾਂ ਦਾ ਕੋਈ ਬੱਚਾ ਕੈਨੇਡਾ ਮੰਗਾਏਗਾ ਜਾਂ ਪੁਚਾਏਗਾ.

ਧਰਤ ਪਰਾਈ ਆਪਣੇ ਲੋਕਪੁਸਤਕ ਵਿੱਚ ਸ਼ਾਮਿਲ ਨਿਬੰਧ ਵੀ ਮਨੁੱਖੀ ਰਿਸ਼ਤਿਆਂ ਦੇ ਯਥਾਰਥ ਦੀਆਂ ਪਰਤਾਂ ਫਰੋਲਦੇ ਹਨ. ਇਨ੍ਹਾਂ ਨਿਬੰਧਾਂ ਵਿੱਚੋਂ ਦੋ ਨਿਬੰਧਾਂ ਦਾ ਚਰਚਾ ਕਰਨਾ ਵਧੇਰੇ ਜ਼ਰੂਰੀ ਹੈ. ਇਹ ਨਿਬੰਧ ਹਨ : ਕੈਨੇਡਾ ਵਿੱਚ ਐਥਨਿਕ ਪਤਨੀਆਂ ਤੇ ਹਿੰਸਾਅਤੇ ਗਰਭ ਜਾਂਚ ਲਈ ਮੇਲ ਇਨ ਟੈਸਟ ਕਿੱਟ’. ਇਹ ਦੋ ਨਿਬੰਧ ਵੀ ਮਨੁੱਖੀ ਰਿਸ਼ਤਿਆਂ ਦੇ ਯਥਾਰਥ ਦੀਆਂ ਪੇਚੀਦਗੀਆਂ ਵੱਲ ਧਿਆਨ ਦੁਆਂਦੇ ਹਨ.

ਕੈਨੇਡਾ ਵਿੱਚ ਐਥਨਿਕ ਪਤਨੀਆਂ ਤੇ ਹਿੰਸਾਨਿਬੰਧ ਵਿੱਚ ਪੇਸ਼ ਕੀਤੀ ਗਈ ਸਮੱਸਿਆ ਦਾ ਭਾਵੇਂ ਕਿ ਕੈਨੇਡਾ ਦੀਆਂ ਅਨੇਕਾਂ ਕਮਿਊਨਿਟੀਆਂ ਸਾਹਮਣਾ ਕਰ ਰਹੀਆਂ ਹਨ; ਪਰ ਭਾਰਤੀ/ਪਾਕਿਸਤਾਨੀ ਮੂਲ ਦੇ ਲੋਕਾਂ ਨਾਲ ਸਾਡਾ ਨੇੜੇ ਦਾ ਵਾਸਤਾ ਹੋਣ ਕਰਕੇ ਇਹ ਮਸਲਾ ਵਧੇਰੇ ਮਹੱਤਵ ਰੱਖਦਾ ਹੈ. ਇਹ ਮਸਲਾ ਹੈ ਪਤੀਆਂ ਵੱਲੋਂ ਆਪਣੀਆਂ ਹੀ ਪਤਨੀਆਂ ਉੱਤੇ ਹਿੰਸਾਤਮਕ ਹਮਲੇ ਕਰਨੇ. ਇਹ ਹਿੰਸਾ ਵੀ ਕਈ ਵਾਰੀ ਪਤਨੀਆਂ ਨੂੰ ਕਤਲ ਕਰਨ ਤੱਕ ਵੀ ਪਹੁੰਚ ਜਾਦੀ ਹੈ. ਕੈਨੇਡਾ ਵਰਗੇ ਵਿਕਸਤ ਦੇਸ਼ ਵਿੱਚ ਆ ਕੇ ਵੀ ਅਜਿਹੇ ਪਤੀਆਂ ਵੱਲੋਂ ਆਪਣੀਆਂ ਆਦਤਾਂ ਵਿੱਚ ਕੋਈ ਸੁਧਾਰ ਲਿਆਉਣ ਦੀ ਕੋਸਿ਼ਸ਼ ਨਹੀਂ ਕੀਤੀ ਜਾਂਦੀ. ਭਾਵੇਂ ਕਿ ਹੁਣ ਤਾਂ ਇੰਡੀਆ/ਪਾਕਿਸਤਾਨ ਵਰਗੇ ਦੇਸ਼ਾਂ ਵਿੱਚ ਵੀ ਪਤਨੀਆਂ ਉੱਤੇ ਪਤੀਆਂ ਵੱਲੋਂ ਕੀਤੀ ਜਾਂਦੀ ਹਿੰਸਾ ਨੂੰ ਰੋਕਣ ਲਈ ਕਾਫੀ ਸਖਤ ਕਾਨੂੰਨ ਬਣ ਗਏ ਹਨ-ਪਰ ਫਿਰ ਵੀ ਇਹ ਸਮੱਸਿਆ ਘਟਣ ਦੀ ਥਾਂ ਉੱਤੇ ਵਧਦੀ ਹੀ ਜਾ ਰਹੀ ਹੈ. ਇਸ ਸਮੱਸਿਆ ਦੇ ਵਧਣ ਲਈ ਕੁਝ ਹਦ ਤੱਕ ਪਤਨੀਆਂ ਨੂੰ ਵੀ ਜਿੰਮੇਵਾਰ ਠਹਿਰਾਇਆ ਜਾ ਰਿਹਾ ਹੈ. ਕਿਉਂਕਿ ਜਦੋਂ ਪੁਲਿਸ ਅਜਿਹੇ ਹਿੰਸਾਤਮਕ ਪਤੀਆਂ ਨੂੰ ਗ੍ਰਿਫਤਾਰ ਕਰਨ ਲਈ ਆਉਂਦੀ ਹੈ ਤਾਂ ਪਤਨੀਆਂ ਆਪਣਾ ਵਤੀਰਾ ਨਰਮ ਕਰ ਲੈਂਦੀਆਂ ਹਨ ਅਤੇ ਆਪਣੇ ਪਤੀਆਂ ਨੂੰ ਜੇਲ੍ਹ ਵਿੱਚ ਜਾਣ ਤੋਂ ਬਚਾ ਲੈਂਦੀਆ ਹਨ; ਪਰ ਜਿਹੜੀਆਂ ਪਤਨੀਆਂ ਹਿੰਸਾਤਮਕ ਪਤੀਆਂ ਦੇ ਨਾਲ ਨਰਮੀ ਨਹੀਂ ਵਰਤਦੀਆ ਕਈ ਵੇਰ ਕੈਨੇਡਾ ਦਾ ਕਾਨੂੰਨ ਵੀ ਉਨ੍ਹਾਂ ਔਰਤਾਂ ਦੀ ਰਖਵਾਲੀ ਨਹੀਂ ਕਰ ਸਕਦਾ. ਅਜਿਹੇ ਹਿੰਸਾਤਮਕ ਪਤੀਆਂ ਨੂੰ ਪੁਲਿਸ ਤਾਂ ਗ੍ਰਿਫਤਾਰ ਕਰ ਲੈਂਦੀ ਹੈ ਪਰ ਉਹ ਜਲਦੀ ਹੀ ਅਦਾਲਤਾਂ ਚੋਂ ਜ਼ਮਾਨਤ ਉੱਤੇ ਰਿਹਾ ਹੋ ਕੇ ਆ ਜਾਂਦੇ ਹਨ ਅਤੇ ਪਹਿਲਾਂ ਨਾਲੋਂ ਵੀ ਵੱਧ ਹਿੰਸਾਤਮਕ ਹੋ ਜਾਂਦੇ ਹਨ. ਬਲਬੀਰ ਮੋਮੀ ਨੇ ਆਪਣੇ ਨਿਬੰਧ ਕੈਨੇਡਾ ਵਿੱਚ ਐਥਨਿਕ ਪਤਨੀਆਂ ਤੇ ਹਿੰਸਾਵਿੱਚ ਮਨੁੱਖੀ ਰਿਸ਼ਤਿਆਂ ਵਿੱਚ ਵਿਗਾੜ ਪੈ ਜਾਣ ਕਾਰਨ ਪੈਦਾ ਹੁੰਦੀਆਂ ਸਮੱਸਿਆਵਾਂ ਬਾਰੇ ਬੜੇ ਹੀ ਸਪੱਸ਼ਟ ਸ਼ਬਦਾਂ ਵਿੱਚ ਆਪਣੇ ਵਿਚਾਰ ਪੇਸ਼ ਕੀਤੇ ਹਨ. ਉਦਾਹਰਣ ਵਜੋਂ ਪੇਸ਼ ਹਨ ਇਸ ਨਿਬੰਧ ਚੋਂ ਦੋ ਪਹਿਰੇ :

1.

“...ਬਹੁਤ ਸਾਰੀਆਂ ਐਥਨਿਕ ਔਰਤਾਂ ਕੈਨੇਡਾ ਵਿਚ ਮੌਜੂਦ ਹਨ ਜੋ ਆਪਣੇ ਪਤੀਆਂ ਅਤੇ ਯਾਰਾਂ ਨਾਲ ਕੁੱਟ ਖਾਕੇ ਰਹਿਣਾ ਜਾਰੀ ਰੱਖਣ ਵਿੱਚ ਵਿਸ਼ਵਾਸ ਰੱਖਦੀਆਂ ਹਨ. ਇਹ ਸੋਚ ਉਹ ਪਿਛੋਂ ਆਪਣੇ ਦੇਸ਼ਾਂ ਵਿਚੋਂ ਆਪਣੇ ਨਾਲ ਲੈ ਕੇ ਆਈਆਂ ਹਨ. ਜਿੱਥੇ ਅਜੇ ਵੀ ਬਹੁਤੇ ਪਤੀ ਆਪਣੀਆਂ ਘਰ ਵਾਲੀਆਂ ਨੂੰ ਰੋਜ਼ ਕੁੱਟਦੇ ਹਨ, ਉਹਨਾਂ ਤੋਂ ਪੈਸੇ ਖੋਹ ਕੇ ਸ਼ਰਾਬਾਂ ਪੀਂਦੇ ਅਤੇ ਹੋਰ ਨਸ਼ੇ ਕਰਦੇ ਹਨ.

2.

“...ਪੋਲਿਸ ਤਾਂ ਸਿਰਫ ਚਾਰਜ ਹੀ ਕਰ ਸਕਦੀ ਹੈ ਅਤੇ ਕੋਰਟਾਂ ਵਿਚ ਕੇਸ ਚੱਲਣ ਤੋਂ ਪਹਿਲਾਂ ਮੁਲਾਜ਼ਮ ਵਕੀਲਾਂ ਰਾਹੀਂ ਜ਼ਮਾਨਤਾਂ ਕਰਵਾ ਕੇ ਬਾਹਰ ਆ ਜਾਂਦੇ ਹਨ ਅਤੇ ਇਹ ਸਮਾਂ ਉਹਨਾਂ ਬਦਨਸੀਬ ਪੀੜਤ ਔਰਤਾਂ ਲਈ ਹੋਰ ਵੀ ਬੜਾ ਖਤਰਨਾਕ ਹੁੰਦਾ ਹੈ. ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਵਿੱਚ 2005 ਵਿੱਚ ਔਰਤਾਂ ਦੇ ਕਤਲਾਂ ਦੀ ਗਿਣਤੀ 74 ਸੀ ਅਤੇ ਨਤੀਜੇ ਇਹ ਵੀ ਦਸਦੇ ਹਨ ਕਿ ਇਹਨਾਂ ਵਿੱਚ ਵਧੇਰੇ ਉਨ੍ਹਾਂ ਔਰਤਾਂ ਦੇ ਕਤਲ ਹਨ ਜਿਨ੍ਹਾਂ ਨੂੰ ਉਹਨਾਂ ਦੇ ਪਤੀਆਂ ਨੇ ਹੀ ਮਾਰਿਆ ਹੈ.

ਸਾਡੇ ਸਮਾਜ ਵਿੱਚ ਔਰਤਾਂ ਉੱਤੇ ਹੁੰਦੇ ਅਤਿਆਚਾਰਾਂ ਦਾ ਮੂਲ ਕਾਰਨ ਸਾਡੀਆਂ ਸਮਾਂ ਵਿਹਾ ਚੁੱਕੀਆਂ ਧਾਰਮਿਕ, ਸਮਾਜਿਕ ਅਤੇ ਸਭਿਆਚਾਰਕ ਕਦਰਾਂ-ਕੀਮਤਾਂ ਵੀ ਹਨ. ਸਾਡੇ ਅਨੇਕਾਂ ਆਖੌਤੀ ਲੇਖਕਾਂ, ਰਾਜਨੀਤੀਵਾਨਾਂ, ਸਮਾਜਿਕ, ਸਭਿਆਚਾਰਕ, ਧਾਰਮਿਕ ਨੇਤਾਵਾਂ ਅਤੇ ਅਦਾਰਿਆਂ ਨੇ ਵੀ ਇਸ ਜ਼ੁਲਮ ਵਿੱਚ ਵਾਧਾ ਕਰਨ ਵਿੱਚ ਆਪਣਾ ਯਥਾਸ਼ਕਤੀ ਯੋਗਦਾਨ ਪਾਇਆ ਹੈ ਅਤੇ ਪਾ ਰਹੇ ਹਨ. ਇਹ ਮੁਖੌਟਾਧਾਰੀ ਲੇਖਕ ਅਤੇ ਨੇਤਾਨੁਮਾ ਹੰਕਾਰੀ ਲੋਕ ਔਰਤ ਨੂੰ ਆਪਣੇ ਪੈਰ ਦੀ ਜੁੱਤੀ ਸਮਝਦੇ ਹਨ ਅਤੇ ਉਸਦੀ ਹੋਂਦ ਨੂੰ ਆਪਣੇ ਪੈਰਾਂ ਹੇਠ ਘਾਹ ਦੇ ਤਿਣਕੇ ਵਾਂਗ ਮਸਲ ਦੇਣ ਦਾ ਕੋਈ ਵੀ ਮਿਲਿਆ ਮੌਕਾ ਹੱਥੋਂ ਨਹੀਂ ਗਵਾਉਂਦੇ. ਅਜਿਹੇ ਹਤਿਆਰੇ ਤਾਂ ਔਰਤ ਨੂੰ ਮਾਂ ਦੇ ਗਰਭ ਵਿੱਚ ਹੀ ਕਤਲ ਕਰਕੇ ਸੰਤੁਸ਼ਟੀ ਮਹਿਸੂਸ ਕਰਦੇ ਹਨ. ਕੈਨੇਡਾ ਦਾ ਚੇਤੰਨ ਪੰਜਾਬੀ ਲੇਖਕ ਬਲਬੀਰ ਮੋਮੀ ਆਪਣੇ ਨਿਬੰਧ ਗਰਭ ਜਾਂਚ ਲਈ ਮੇਲ ਇਨ ਟੈਸਟ ਕਿੱਟਵਿੱਚ ਇਸ ਤੱਥ ਬਾਰੇ ਗੱਲ ਕਰਨ ਲੱਗਿਆ ਭਾਰਤੀ ਇਤਿਹਾਸ / ਮਿਥਿਹਾਸ ਨੂੰ ਪਿੱਠਭੂਮੀ ਬਣਾਕੇ ਸਾਡੀ ਮਾਨਸਿਕਤਾ ਦਾ ਦੋਗੁਲਾਪਣ ਉਜਾਗਰ ਕਰਨ ਵਿੱਚ ਕੋਈ ਝਿਜਕ ਮਹਿਸੂਸ ਨਹੀਂ ਕਰਦਾ:

ਭਾਵੇਂ ਭਾਰਤੀ ਮਿਥਿਹਾਸ ਵਿੱਚ, ਵੇਦਾਂ ਅਤੇ ਗ੍ਰੰਥਾਂ ਵਿੱਚ, ਔਰਤ ਨੂੰ ਰਾਜੇ ਰਾਣੀਆਂ ਦੀ ਜਨਣੀ, ਭਾਗਭਰੀ, ਕਲਿਆਣੀ, ਸੁਭਾਗਵਤੀ ਅਤੇ ਲਕਸ਼ਮੀ ਕਿਹਾ ਗਿਆ ਹੈ. ਪਰ ਪੰਜਾਬ ਵਿਚ ਤੇ ਪੰਜਾਬੋਂ ਕੈਨੇਡਾ ਆਣ ਵਸੇ ਪੰਜਾਬੀਆਂ ਵਿਚ ਵਿਚਰਿਆ ਜੀਵਨ ਹਾਲੇ ਵੀ ਇਕ ਪਿਤਰੀ ਪਰਧਾਨ ਸਮਾਜ ਹੈ. ਇਸ ਲਈ ਮਰਦ ਪਰਧਾਨ ਭਾਈਚਾਰੇ ਵਿਚ ਇਸਤਰੀ ਦਾ ਸਥਾਨ ਪੁਰਸ਼ ਦੇ ਮੁਕਾਬਲੇ ਵਿੱਚ ਨੀਵਾਂ ਹੈ. ਹੁਣ ਜੇ ਇਸਤਰੀ ਨੇ ਆਪਣੀ ਹਿੰਮਤ ਦੇ ਬਲਬੂਤੇ ਕੁਝ ਰਾਜਨੀਤਿਕ, ਆਰਥਿਕ ਜਾਂ ਕਾਨੂੰਨੀ ਅਧਿਕਾਰ ਪ੍ਰਾਪਤ ਕੀਤੇ ਹਨ, ਤਾਂ ਉਹ ਸ਼ਾਇਦ ਅਜੇ ਨਾ ਤਾਂ ਭਾਈਚਾਰੇ ਨੇ ਦਿਲੋਂ ਮਨੋਂ ਸਵੀਕਾਰੇ ਹਨ ਅਤੇ ਨਾ ਹੀ ਸਭਿਆਚਾਰ ਦਾ ਜੁਜ਼ ਬਣਨ ਦੇ ਸਮਰਥ ਹੋਏ ਹਨ.

ਬਲਬੀਰ ਮੋਮੀ ਨੇ ਧਰਤ ਪਰਾਈ ਆਪਣੇ ਲੋਕਪੁਸਤਕ ਵਿੱਚ ਭਾਵੇਂ ਕਿ ਅਨੇਕਾਂ ਹੋਰ ਵਿਸਿ਼ਆਂ ਬਾਰੇ ਵੀ ਗੱਲ ਕੀਤੀ ਹੈ. ਜਿਵੇਂ ਕਿ ਗੁਰਦੁਆਰਿਆਂ ਵਿੱਚ ਹੋ ਰਹੇ ਕੜਾਹ ਪ੍ਰਸ਼ਾਦਿ ਸਕੈਂਡਲ; ਗੁਰਦੁਆਰਿਆਂ ਦੇ ਲੰਗਰ ਵਰਤਾਉਣ ਵਾਲੇ ਸੇਵਾਦਾਰਾਂ ਵੱਲੋਂ ਲੰਗਰ ਖਾਣ ਆਈਆਂ ਗਰੀਬ ਔਰਤਾਂ ਨਾਲ ਕੀਤੇ ਜਾ ਰਹੇ ਬਲਾਤਕਾਰ; ਰਾਗੀਆਂ, ਗ੍ਰੰਥੀਆਂ, ਢਾਡੀਆਂ ਵੱਲੋਂ ਮੀਟ, ਸ਼ਰਾਬ, ਭੰਗ, ਚਰਸ ਅਤੇ ਹੋਰ ਨਸਿ਼ਆਂ ਦੀ ਕੀਤੀ ਜਾ ਰਹੀ ਵਰਤੋਂ; ਆਖੌਤੀ ਕਾਮਰੇਡਾਂ ਵੱਲੋਂ ਪੂੰਜੀਵਾਦੀ ਦੇਸ਼ਾਂ ਦੀ ਅਮੀਰੀ ਦਾ ਹਰ ਤਰ੍ਹਾਂ ਆਨੰਦ ਵੀ ਲਈ ਜਾਣਾ ਅਤੇ ਦਾਰੂ ਵਿੱਚ ਗੁੱਟ ਹੋ ਕੇ ਇਨਕਲਾਬ ਜਿ਼ੰਦਾਬਾਦਦੇ ਨਾਹਰੇ ਲਾ ਕੇ ਆਪਣੇ ਆਪ ਨੂੰ ਇਨਕਲਾਬੀ ਕਾਮਰੇਡ ਵਜੋਂ ਪ੍ਰਗਟ ਕਰਨ ਦਾ ਝੱਸ ਵੀ ਪੂਰਾ ਕਰਨਾ; ਗੁਰਦੁਆਰਿਆਂ ਵਿੱਚ ਕੁਝ ਲੋਕਾਂ ਵੱਲੋਂ ਜੁੱਤੀਆਂ ਚੋਰੀ ਕਰਨ ਦਾ ਧੰਦਾ ਕਰਨਾ; ਕੈਨੇਡਾ ਦੇ ਅਨੇਕਾਂ ਆਖੌਤੀ ਪੰਜਾਬੀ ਲੇਖਕਾਂ ਵੱਲੋਂ ਆਪਣੀਆਂ ਦਾਹੜੀਆਂ ਦੀ ਲੰਬਾਈ ਵਧਾ ਕੇ ਹੀ ਇਹ ਪ੍ਰਭਾਵ ਪੈਦਾ ਕਰਨ ਦੀ ਕੋਸਿ਼ਸ਼ ਕਰਨੀ ਕਿ ਉਹ ਵਧੀਆ ਲੇਖ ਹਨ; ਅਤੇ ਕੈਨੇਡਾ ਵਰਗੇ ਦੇਸ਼ ਵਿੱਚ ਗੁਰਦੁਆਰੇ ਖੋਲ੍ਹਣਾ ਸਭ ਤੋਂ ਵੱਧ ਮੁਨਾਫ਼ਾ ਖੱਟਣ ਵਾਲੇ ਬਿਜ਼ਨਸ ਦੇ ਤੌਰ ਤੇ ਪੇਸ਼ ਕਰਨਾ ਆਦਿ.

ਇਸ ਪੁਸਤਕ ਵਿੱਚ ਸਾਹਿਤ ਦੇ ਵੱਖੋ ਵੱਖ ਰੂਪਾਂ ਰਾਹੀਂ ਮਨੁੱਖੀ ਰਿਸ਼ਤਿਆਂ ਦੇ ਯਥਾਰਥ ਦੀਆਂ ਪੇਚੀਦਗੀਆਂ ਨੂੰ ਉਜਾਗਰ ਕਰ ਕੇ ਕੈਨੇਡੀਅਨ ਪੰਜਾਬੀ ਲੇਖਕ ਬਲਬੀਰ ਮੋਮੀ ਆਪਣੇ ਪਾਠਕਾਂ ਦੇ ਮਨ ਵਿੱਚ ਇਸ ਗੱਲ ਦਾ ਅਹਿਸਾਸ ਪੂਰੀ ਸਿ਼ੱਦਤ ਨਾਲ ਜਗਾ ਜਾਂਦਾ ਹੈ ਕਿ ਉਹ ਇੱਕ ਚੇਤੰਨ, ਜਾਗਰੂਕ, ਅਗਾਂਹਵਧੂ ਅਤੇ ਸਾਡੇ ਸਮਿਆਂ ਦਾ ਹਾਣੀ ਪੰਜਾਬੀ ਲੇਖਕ ਹੈ. ਉਸਨੂੰ ਬੜੇ ਹੀ ਸਲੀਕੇ ਨਾਲ ਆਪਣੀ ਗੱਲ ਕਹਿਣ ਦੀ ਜਾਚ ਹੈ. ਉਹ ਆਪਣੀ ਗੱਲ ਕਹਿਣ ਲਈ ਢੁੱਕਵੀਂ ਸ਼ਬਦਾਵਲੀ ਦੀ ਵਰਤੋਂ ਕਰਦਾ ਹੈ ਅਤੇ ਆਪਣੀਆਂ ਲਿਖਤਾਂ ਦੇ ਪਾਠਕਾਂ ਨਾਲ ਵੀ ਪਿਆਰ ਅਤੇ ਮੁਹੱਬਤ ਵਾਲਾ ਰਿਸ਼ਤਾ ਜੋੜਦਾ ਹੈ; ਭਾਵੇਂ ਉਹ ਆਪਣੀ ਗੱਲ ਕਹਿਣ ਲਈ ਕੁਨੀਨ ਵਰਗੇ ਕੌੜੇ ਸ਼ਬਦਾਂ ਦੀ ਵਰਤੋਂ ਹੀ ਕਿਉਂ ਨ ਕਰ ਰਿਹਾ ਹੋਵੇ.

ਅਮਨ ਦਾ ਪੁਜਾਰੀ ਅਤੇ ਪੰਜਾਬੀ ਸਭਿਆਚਾਰਕ ਵਿਰਸੇ ਨਾਲ ਮੋਹ ਰੱਖਣ ਵਾਲਾ ਬਲਬੀਰ ਮੋਮੀ ਜਦੋਂ ਪੰਜਾਬੀ ਬੋਲੀ, ਪੰਜਾਬੀ ਸਭਿਆਚਾਰ ਅਤੇ ਪੰਜਾਬੀ ਵਿਰਸੇ ਦੀ ਸਾਂਭ ਸੰਭਾਲ ਦੀ ਗੱਲ ਕਰਦਾ ਹੈ ਤਾਂ ਉਦੋਂ ਵੀ ਉਹ ਮਨੁੱਖੀ ਰਿਸ਼ਤਿਆਂ ਦੀ ਹੀ ਗੱਲ ਕਰ ਰਿਹਾ ਹੁੰਦਾ ਹੈ. ਉਸਦਾ ਕਹਿਣਾ ਹੈ ਕਿ ਜੇਕਰ ਕੈਨੇਡਾ ਵਿੱਚ ਰਹਿ ਰਹੇ ਪੰਜਾਬੀ ਕੈਨੇਡਾ ਵਿੱਚ ਜੰਮੇ-ਪਲੇ ਆਪਣੇ ਬੱਚਿਆਂ ਨਾਲ ਚੰਗੇ ਸਬੰਧ ਬਣਾਈ ਰੱਖਣ ਦੀ ਇੱਛਾ ਰੱਖਦੇ ਹਨ ਤਾਂ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਜ਼ੁਬਾਨ ਜ਼ਰੂਰ ਪੜਾਉਣ ਅਤੇ ਪੰਜਾਬੀ ਸਭਿਆਚਾਰ ਦੀ ਵੀ ਜਾਣਕਾਰੀ ਦੇਣ. ਇਸੇ ਤਰ੍ਹਾਂ ਪੰਜਾਬੀਅਤ ਦੀ ਗੱਲ ਕਰਦਾ ਹੋਇਆ, ਉਹ ਕਹਿੰਦਾ ਹੈ ਕਿ ਸਿੱਖ ਗੁਰੁਆਂ ਨੇ ਮਨੁੱਖੀ ਰਿਸ਼ਤਿਆਂ ਦੇ ਯਥਾਰਥ ਨੂੰ ਸਮਝਦਿਆਂ ਹੋਇਆਂ ਸਿੱਖਾਂ ਦੇ ਪਵਿੱਤਰ ਤੀਰਥ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਇਕ ਮੁਸਲਮਾਨ ਫਕੀਰ ਹਜ਼ਰਤ ਮੀਆਂ ਮੀਰ ਜੀ ਕੋਲੋਂ ਰਖਵਾਇਆ ਅਤੇ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾਂ ਮੁਸਲਮਾਨਾਂ, ਹਿੰਦੂਆਂ ਅਤੇ ਸਮਾਜਿਕ ਤੌਰ ਉੱਤੇ ਦੱਬੇ-ਕੁਚਲੇ ਲੇਖਕਾਂ ਦੀਆਂ ਲਿਖਤਾਂ ਨੂੰ ਵੀ ਸ਼ਾਮਿਲ ਕੀਤਾ ਸੀ.

ਪੰਜਾਬੀ ਮੂਲ ਦੇ ਹਿੰਦੂਆਂ, ਸਿੱਖਾਂ, ਮੁਸਲਮਾਨਾਂ, ਈਸਾਈਆਂ, ਬੋਧੀਆਂ ਅਤੇ ਜੈਨੀਆਂ ਦਰਮਿਆਨ ਸਾਂਝੀਵਾਲਤਾ ਦੀ ਉਸਾਰੀ ਕਰਨ ਲਈ ਬਲਬੀਰ ਮੋਮੀ ਕਹਿੰਦਾ ਹੈ ਕਿ ਉਹ ਆਪਸ ਵਿੱਚ ਇੱਕ ਦੂਜੇ ਨੂੰ ਮਿਲਣ, ਪਿਆਰ ਵਧਾਉਣ ਅਤੇ ਕੌੜੇ ਸਮੇਂ ਦੀਆਂ ਯਾਦਾਂ ਭੁੱਲਕੇ ਮੁਹੱਬਤਾਂ ਦੇ ਗੀਤ ਗਾਉਣ. ਉਹ ਇਹ ਵੀ ਸਮਝਦਾ ਹੈ ਕਿ ਸਾਡਾ ਸਾਂਝਾ ਇਤਿਹਾਸ ਇਕ ਉਹ ਮਜ਼ਬੂਤ ਤਾਕਤ ਹੈ, ਜੋ ਲੋਕਾਂ ਨੂੰ ਇੱਕ ਮੁੱਠ ਕਰਦੀ ਹੈ. ਉਸਦਾ ਯਕੀਨ ਹੈ ਕਿ ਲੋਕਾਂ ਦੀ ਅਜਿਹੀ ਆਪਸੀ ਏਕਤਾ ਅਤੇ ਸਾਂਝ ਵਿੱਚ ਏਨੀ ਤਾਕਤ ਹੁੰਦੀ ਹੈ ਕਿ ਇਸ ਅੱਗੇ ਸਮੇਂ ਦੀਆਂ ਸਰਕਾਰਾਂ ਨੂੰ ਵੀ ਝੁਕਣਾ ਪੈਂਦਾ ਹੈ ਅਤੇ ਉਹ ਵੀ ਆਪਣੇ ਏਜੰਡੇ ਬਦਲ ਲੈਂਦੀਆਂ ਹਨ.

ਮਨੁੱਖੀ ਰਿਸ਼ਤਿਆਂ ਦਾ ਅਜਿਹਾ ਯਥਾਰਥ ਹੀ ਇਸ ਧਰਤੀ ਉੱਤੇ ਵਿਸ਼ਵ-ਅਮਨ ਲਿਆ ਸਕਦਾ ਹੈ ਅਤੇ ਆਉਣ ਵਾਲੀਆਂ ਮਨੁੱਖੀ ਨਸਲਾਂ ਲਈ ਇਸ ਧਰਤੀ ਉੱਤੇ ਬੇਹਤਰ ਜ਼ਿੰਦਗੀ ਜਿਉਣ ਦੀਆਂ ਉਮੀਦਾਂ ਵੀ.

No comments: