ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ
ਕੈਨੇਡਾ ਦੇ 57 ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਸਮੀਖਿਆ ਦੀ ਕਿਤਾਬ 'ਕੈਨੇਡੀਅਨ ਪੰਜਾਬੀ ਸਾਹਿਤ' ਨੂੰ ਖ਼ਰੀਦਣ ਲਈ ਬਲੌਗ 'ਤੇ ਦਿੱਤੇ ਐਡਰੈਸ 'ਤੇ ਈਮੇਲ ਕਰੋ। ਸ਼ੁਕਰੀਆ।

ਤੁਹਾਡੇ ਧਿਆਨ ਹਿੱਤ - ਜ਼ਰੂਰੀ ਸੂਚਨਾ

ਸੂਚਨਾ: ਪ੍ਰਕਾਸ਼ਕ ਦੀ ਤਲਾਸ਼ :

ਆਪਣੀ ਹੁਣੇ ਇੰਡੀਆ ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ)’ ਨੂੰ ਮੈਂ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਕੈਨੇਡਾ ਵਿੱਚ ‘‘Canadian Punjabi Literature (Commentary)’’ ਨਾਮ ਦੀ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਨਾ ਚਾਹੁੰਦਾ ਹਾਂ। ਮੈਂ ਕਿਸੀ ਵਧੀਆ ਕੈਨੇਡੀਅਨ ਪ੍ਰਕਾਸ਼ਕ ਦੀ ਤਲਾਸ਼ ਕਰ ਰਿਹਾ ਹਾਂ। ਜੇਕਰ ਤੁਸੀਂ ਕਿਸੀ ਅਜਿਹੇ ਵਧੀਆ ਕੈਨੇਡੀਅਨ ਪ੍ਰਕਾਸ਼ਕ ਦਾ ਨਾਮ ਜਾਣਦੇ ਹੋ ਜੋ ਮੇਰੀ ਪੁਸਤਕ ਪ੍ਰਕਾਸ਼ਿਤ ਕਰ ਸਕਦਾ ਹੋਵੇ ਤਾਂ ਮੈਂ ਉਸ ਪ੍ਰਕਾਸ਼ਕ ਦਾ ਨਾਮ ਜਾਨਣਾ ਚਾਹਾਂਗਾ।

Sukhinder

Editor: SANVAD

Box 67089, 2300 Yonge St.

Toronto ON M4P 1E0

Tel. (416) 858-7077

Email: poet_sukhinder@hotmail.com

http://www.canadianpunjabiliterature.blogspot.com/



Saturday, June 19, 2010

ਸੁਖਿੰਦਰ – ਲੇਖ

ਕਵਿਤਾ ਦੇ ਅਸਲੀ ਰੂਪ ਵਿੱਚ ਗੰਧਲਾਪਣ - ਬਲਜਿੰਦਰ ਸੰਘਾ

ਲੇਖ

ਜੇ ਹੋ ਸਕੇ ਤਾਂ

ਮੈਨੂੰ ਮੁਆਫ਼ ਕਰੀਂ

ਕਿਉਂਕਿ ਮੈਂ ਤੈਨੂੰ ਉਸੇ ਰੂਪ ਵਿਚ

ਉਤਾਰ ਨਹੀਂ ਸਕਿਆ ਕੋਰੇ ਸਫ਼ਿਆਂ ਤੇ

ਜਿਸ ਰੂਪ ਵਿਚ ਤੂੰ ਆਈ ਸੀ

ਮੇਰੇ ਦਿਲ ਦੇ ਵਿਹੜੇ ਵਿਚ

ਮੈਂ ਖ਼ੁਦਗਰਜ਼ ਹਾਂ

ਤੇ ਮੇਰੀ ਖ਼ੁਦਗਰਜ਼ੀ ਨੇ ਹੀ ਕੀਤਾ ਹੈ

ਤੇਰੇ ਅਸਲੀ ਰੂਪ ਨੂੰ ਗੰਧਲਾ

ਕੈਨੇਡੀਅਨ ਪੰਜਾਬੀ ਸ਼ਾਇਰ ਬਲਜਿੰਦਰ ਸੰਘਾ ਵੱਲੋਂ 2008 ਵਿੱਚ ਪ੍ਰਕਾਸ਼ਿਤ ਕੀਤੇ ਗਏ ਕਾਵਿ-ਸੰਗ੍ਰਹਿ ਕਵਿਤਾ...ਮੈਨੂੰ ਮੁਆਫ਼ ਕਰੀਂਵਿੱਚ ਸ਼ਾਮਿਲ ਕੀਤੀ ਗਈ ਕਵਿਤਾ ਕਵਿਤਾ ਮੈਨੂੰ ਮੁਆਫ਼ ਕਰੀਂਵਿੱਚੋਂ ਇਹ ਸਤਰਾਂ ਲਈਆਂ ਗਈਆਂ ਹਨ

-----

ਬਲਜਿੰਦਰ ਸੰਘਾ ਦਾ ਇਹ ਪਲੇਠਾ ਕਾਵਿ-ਸੰਗ੍ਰਹਿ ਹੈਇਸ ਕਾਵਿ ਸੰਗ੍ਰਹਿ ਵਿੱਚ ਸ਼ਾਮਿਲ ਕੀਤੀਆਂ ਗਈਆਂ ਸਾਰੀਆਂ ਕਵਿਤਾਵਾਂ ਨੂੰ ਸਮਝਣ ਲਈ ਇਸ ਕਾਵਿ ਸੰਗ੍ਰਹਿ ਦੀ ਇਸ ਅੰਤਲੀ ਕਵਿਤਾ ਨੂੰ ਸਮਝਣਾ ਜ਼ਰੂਰੀ ਹੈਇਹ ਕਵਿਤਾ ਬਲਜਿੰਦਰ ਸੰਘਾ ਦੇ ਕਾਵਿ-ਉਦੇਸ਼, ਕਾਵਿ-ਸਿਰਜਣ ਪ੍ਰਕ੍ਰਿਆ ਅਤੇ ਕਾਵਿ-ਚਿੰਤਨ ਬਾਰੇ ਬਹੁਤ ਹੀ ਸਪੱਸ਼ਟ ਰੂਪ ਵਿੱਚ ਜਾਣਕਾਰੀ ਦਿੰਦੀ ਹੈਇਹ ਕਵਿਤਾ, ਦਰਅਸਲ, ਕਵਿਤਾ ਬਾਰੇ ਉਸਦਾ ਹਲਫ਼ੀਆ ਬਿਆਨ ਹੈਉਹ ਸਪੱਸ਼ਟ ਸ਼ਬਦਾਂ ਵਿੱਚ ਇਹ ਕਹਿ ਦਿੰਦਾ ਹੈ ਕਿ ਉਸਦੀ ਕਵਿਤਾ ਕਿਸੀ ਕਿਸਮ ਦੇ ਆਵੇਸ਼ ਵਿੱਚ ਆ ਕੇ ਉਤਰੀ ਹੋਈ ਕਵਿਤਾ ਦਾ ਹੂ-ਬ-ਹੂ ਉਤਾਰਾ ਨਹੀਂਜਿਸ ਵਿੱਚ ਉਸਦਾ ਕੰਮ ਇਸ ਕਵਿਤਾ ਨੂੰ, ਮਹਿਜ਼, ਕਾਗ਼ਜ਼ ਉੱਤੇ ਉਤਾਰਨ ਤੱਕ ਹੀ ਸੀਮਿਤ ਹੋਵੇਬਲਕਿ, ਉਹ ਕਾਵਿ-ਸਿਰਜਣ ਪ੍ਰਕ੍ਰਿਆ ਵਿੱਚ ਆਪਣੀ ਸੋਚ ਸਮਝ ਅਤੇ ਪ੍ਰਤੀਬੱਧਤਾ ਅਨੁਸਾਰ ਦਖਲਅੰਦਾਜ਼ੀ ਕਰਦਾ ਹੈਕਵਿਤਾ ਨੂੰ ਆਪਣੀ ਲੋੜ ਅਨੁਸਾਰ ਸਿਰਜਦਾ ਹੈਕਵਿਤਾ ਜਿਸ ਉੱਤੇ ਉਸਦੀ ਆਪਣੀ ਸੋਚ ਦੀ ਸਪੱਸ਼ਟ ਮੋਹਰ ਲੱਗੀ ਹੋਈ ਹੋਵੇ

-----

ਕਵਿਤਾ...ਮੈਨੂੰ ਮੁਆਫ਼ ਕਰੀਂਕਾਵਿ-ਸੰਗ੍ਰਹਿ ਦੀ ਕਵਿਤਾ ਕੌਣ ਜ਼ਿੰਮੇਵਾਰਨਾਲ ਇਸ ਕਾਵਿ-ਸੰਗ੍ਰਹਿ ਬਾਰੇ ਚਰਚਾ ਸ਼ੁਰੂ ਕੀਤੀ ਜਾ ਸਕਦੀ ਹੈਇਹ ਕਵਿਤਾ ਸਾਡੇ ਸਮਾਜ ਦੀਆਂ ਅਨੇਕਾਂ ਆਪਸ ਵਿੱਚ ਜੁੜੀਆਂ ਹੋਈਆਂ ਸਮੱਸਿਆਵਾਂ ਵੱਲ ਸਾਡਾ ਧਿਆਨ ਖਿੱਚਦੀ ਹੈਭਾਰਤੀ ਸਮਾਜ ਵਿੱਚ ਧੀ ਦਾ ਜੰਮਣਾ ਅਜੇ ਵੀ ਇੱਕ ਭਾਰ ਸਮਝਿਆ ਜਾਂਦਾ ਹੈਇਸ ਦਾ ਮੁੱਖ ਕਾਰਨ ਧੀਆਂ ਦੇ ਵਿਆਹਾਂ ਉੱਤੇ ਹੋਣ ਵਾਲਾ ਬੇਹਿਸਾਬਾ ਖਰਚਾ ਹੈਇਸ ਖਰਚੇ ਨੂੰ ਇਸ ਹੱਦ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਮਰਦਾਂ ਉੱਪਰ ਹੀ ਆਉਂਦੀ ਹੈ; ਪਰ ਅਫਸੋਸ ਹੈ ਕਿ ਮਰਦਾਂ ਨੇ ਇਸ ਸਮੱਸਿਆ ਲਈ ਆਪਣੇ ਆਪਨੂੰ ਹੀ ਮੁੱਖ ਜ਼ਿੰਮੇਵਾਰ ਹੋਣ ਬਾਰੇ ਕਦੀ ਸੋਚਿਆ ਵੀ ਨਹੀਂਬਲਜਿੰਦਰ ਸੰਘਾ ਨੇ ਇਸ ਤੱਥ ਨੂੰ ਆਪਣੀ ਕਵਿਤਾ ਕੌਣ ਜ਼ਿੰਮੇਵਾਰਵਿੱਚ ਬਹੁਤ ਹੀ ਵਧੀਆ ਢੰਗ ਨਾਲ ਉਭਾਰਿਆ ਹੈ:

ਭੈਣ ਨੂੰ ਪ੍ਰਵਾਹ ਨਹੀਂ ਹੁੰਦੀ

ਇਸ ਗੱਲ ਦੀ ਕਿ ਕਿੱਦਾਂ ਤੋਰੀ ਹੋਊ

ਨਵੀਂ ਭਰਜਾਈ ਉਸਦੇ ਮਾਪਿਆਂ ਨੇ

ਸੋਨੇ ਤੇ ਕੀਮਤੀ ਸਮਾਨ ਨਾਲ ਲੱਦਕੇ

ਮਾਂ ਨੂੰ ਪ੍ਰਵਾਹ ਨਹੀਂ ਹੁੰਦੀ

ਇਸ ਗੱਲ ਦੀ ਕਿ ਕਿੱਦਾਂ ਤੋਰੀ ਹੋਊ

ਨਵੀਂ ਨੂੰਹ ਉਸਦੇ ਮਾਪਿਆਂ ਨੇ

ਸੋਨੇ ਤੇ ਕੀਮਤੀ ਸਮਾਨ ਨਾਲ ਲੱਦਕੇ

ਦਾਦੀ ਨੂੰ ਪ੍ਰਵਾਹ ਨਹੀਂ ਹੁੰਦੀ

ਇਸ ਗੱਲ ਦੀ ਕਿ ਕਿੱਦਾਂ ਤੋਰੀ ਹੋਊ

ਨਵੀਂ ਪੋਤ ਨੂੰਹ ਉਸਦੇ ਮਾਪਿਆਂ ਨੇ

ਸੋਨੇ ਤੇ ਕੀਮਤੀ ਸਮਾਨ ਨਾਲ ਲੱਦਕੇ

ਪਰ ਤਿੰਨਾਂ ਨੂੰ ਹੀ ਦਿਸਦਾ ਹੈ

ਆਪਣਾ ਨੱਕ ਕਈ ਗੁਣਾਂ ਵੱਡਾ

ਸਮਾਨ ਨਾਲ ਭਰੀ ਘਰ ਦੀ ਹਰ ਨੁੱਕਰ ਦੇਖਕੇ

ਤੇ ਇਸ ਸਮੱਸਿਆ ਦਾ ਕੱਦ

ਦਿਨੋਂ ਦਿਨ ਵਧ ਰਿਹਾ ਹੈ

ਪਰ ਮਰਦ ਇਸ ਵਿਚ ਕਿਤੇ ਵੀ

ਦਿਖਾਈ ਨਹੀਂ ਦਿੰਦਾ

ਇਹ ਸਮੱਸਿਆ ਜਿਸ ਹੱਦ ਤੱਕ ਪ੍ਰਚੰਡ ਰੂਪ ਅਖ਼ਤਿਆਰ ਕਰਦੀ ਜਾ ਰਹੀ ਹੈ ਉਸ ਨੂੰ ਦੇਖਦਿਆਂ ਇਹ ਗੱਲ ਕਹਿਣ ਵਿੱਚ ਮੈਨੂੰ ਕੋਈ ਸੰਕੋਚ ਨਹੀਂ ਕਿ ਨ ਸਿਰਫ ਮਰਦ ਪ੍ਰਧਾਨ ਸਮਾਜ ਨੂੰ ਇਸ ਸਮੱਸਿਆ ਨੂੰ ਇਸ ਹੱਦ ਤੱਕ ਪ੍ਰਚੰਡ ਰੂਪ ਅਖਤਿਆਰ ਕਰਨ ਵਿੱਚ ਨਿਭਾਹੀ ਗਈ ਆਪਣੀ ਭੂਮਿਕਾ ਦੀ ਜ਼ਿੰਮੇਵਾਰੀ ਵੀ ਸਵੀਕਾਰਨੀ ਪਵੇਗੀ; ਬਲਕਿ ਉਸਨੂੰ ਇਸ ਸਮੱਸਿਆ ਨੂੰ ਹੱਲ ਕਰਨ ਵਿੱਚ ਵੀ ਮੁੱਖ ਭੂਮਿਕਾ ਨਿਭਾਉਣੀ ਪਵੇਗੀਤਾਂ ਜੁ ਸਾਡੇ ਸਮਾਜ ਵਿੱਚ ਔਰਤ ਅਤੇ ਮਰਦ ਨੂੰ ਜ਼ਿੰਦਗੀ ਨਾਲ ਸਬੰਧਤ ਹਰ ਖੇਤਰ ਵਿੱਚ ਹੀ ਸਮਾਨਤਾ ਮਿਲ ਸਕੇ

------

ਇਸ ਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਕੀਤੀ ਗਈ ਇੱਕ ਹੋਰ ਕਵਿਤਾ ਔਰਤ ਦੀ ਪੁਕਾਰਇਸੇ ਸਮੱਸਿਆ ਦੇ ਇੱਕ ਹੋਰ ਪੱਖ ਨੂੰ ਬੜੀ ਸ਼ਿੱਦਤ ਨਾਲ ਉਭਾਰਦੀ ਹੈਪਿਛਲੇ ਕੁਝ ਸਮੇਂ ਵਿੱਚ ਇੱਕ ਰਿਵਾਜ ਵਾਂਗ ਪੰਜਾਬੀ ਦੇ ਕੁਝ ਕਵੀਆਂ ਵੱਲੋਂ ਇੱਕ ਦੂਜੇ ਦੀ ਰੀਸ ਕਰਦਿਆਂ ਅਜਿਹੀਆਂ ਕਵਿਤਾਵਾਂ ਲਿਖੀਆਂ ਗਈਆਂ ਹਨ ਜਿਸ ਵਿੱਚ ਧੀ ਵੱਲੋਂ ਮਿੰਨਤਾਂ ਤਰਲੇ ਕਰਵਾਏ ਗਏ ਹਨ ਕਿ ਉਸਨੂੰ ਜਨਮ ਲੈਣ ਦਿੱਤਾ ਜਾਵੇ ਅਤੇ ਮਾਂ ਦੇ ਪੇਟ ਵਿੱਚ ਹੀ ਕਤਲ ਨ ਕਰਵਾਇਆ ਜਾਵੇਬਲਜਿੰਦਰ ਸੰਘਾ ਇਹ ਗੱਲ ਉਭਾਰਦਾ ਹੈ ਕਿ ਇਸ ਦੁਨੀਆਂ ਵਿੱਚ ਜਨਮ ਲੈਣ ਦਾ ਧੀ ਨੂੰ ਵੀ ਉਨਾਂ ਹੀ ਅਧਿਕਾਰ ਹੈ ਜਿੰਨਾ ਕਿ ਪੁੱਤਰ ਨੂੰਧੀ ਜਨਮ ਲੈਣ ਲਈ ਕਿਸੀ ਕੋਲੋਂ ਆਪਣੇ ਹੱਕ ਦੀ ਭੀਖ ਕਿਉਂ ਮੰਗੇ? ਇਹ ਉਸਦਾ ਮੌਲਿਕ ਅਧਿਕਾਰ ਹੈ:

1.ਇਸ ਲਈ ਸਫ਼ੇ ਕਾਲੇ ਕਰ-ਕਰ

ਜਾਂ ਗੀਤ ਗਾ-ਗਾ ਕੇ ਇਕ ਅਣਜੰਮੀ ਧੀ ਤੋਂ

ਇਹ ਅਖਵਾਉਣਾ

ਕਿ

ਮਾਂ ਮੈਨੂੰ ਕਤਲ ਨਾ ਕਰਵਾ

ਕਿ

ਮਾਂ ਮੈਨੂੰ ਜੱਗ ਦੇਖਣ ਦਾ ਚਾਅ

ਕਿ

ਮਾਂ ਮੈਂ ਵੀਰੇ ਨੂੰ ਲੋਰੀ ਦੇਵਾਂਗੀ

ਕਿ

ਮਾਂ ਮੈਂ ਤੁਹਾਡੀ ਸੇਵਾ ਕਰਾਂਗੀ

ਇੱਕ ਅਣਜੰਮੀ ਧੀ ਨੂੰ ਭੀਖ ਵਿੱਚ

ਜ਼ਿੰਦਗੀ ਦਿਵਾਉਣ ਦੇ ਤੁੱਲ ਹੈ

ਤੇ ਭੀਖ ਦੀ ਜ਼ਿੰਦਗੀ ਨਾਲ ਜਵਾਨ ਹੋਈ ਇਕ ਧੀ

ਇਕ ਨਰੋਆ ਸਮਾਜ ਪੈਦਾ ਕਿਵੇਂ ਕਰੂ

ਮੈਨੂੰ ਇਸ ਤਰ੍ਹਾਂ ਦੇ ਖੋਖਲੇ ਵਿਚਾਰਾਂ

ਜਾਂ ਗੀਤਾਂ ਦੀ ਲੋੜ ਨਹੀਂ

ਤੇ ਮੇਰੀ ਧੀ ਦਾ ਵੀ ਭੀਖ ਦੀ ਜ਼ਿੰਦਗੀ ਨਾਲੋਂ

ਨਾ ਜੰਮਣਾ ਕਈ ਗੁਣਾ ਚੰਗਾ ਹੈ

ਲੋੜ ਹੈ ਸਾਡੇ ਸਮਾਜ ਨੂੰ

ਦਾਦੀਆਂ-ਪੜਦਾਦੀਆਂ ਦੀ

ਇਸ ਗ੍ਰਹਿਣੀ ਸੋਚ ਚੋਂ ਬਾਹਰ ਕੱਢਣ ਦੀ ਕਿ

ਕੁੱਲ ਦੇ ਚਿਰਾਗ਼ ਸਿਰਫ਼ ਪੁੱਤ ਹੀ ਨੇ

ਨਾ ਕਿ ਲੋੜ ਹੈ ਅਣਜੰਮੀ ਧੀ ਤੋਂ

ਭੀਖ ਮੰਗਵਾਉਣ ਦੀ

ਤੇ ਉਹ ਵੀ ਜਨਮ ਲੈਣ ਵਾਸਤੇ

-----

ਇਸੇ ਹੀ ਸਮੱਸਿਆ ਦੇ ਇੱਕ ਹੋਰ ਪੱਖ ਨੂੰ ਬਲਜਿੰਦਰ ਸੰਘਾ ਆਪਣੀ ਕਵਿਤਾ ਜਾਗਣ ਦੀ ਲੋੜਵਿੱਚ ਉਭਾਰਦਾ ਹੈਇਹ ਸਮੱਸਿਆ ਹੈ ਹੋਰਨਾਂ ਦੀ ਰੀਸੋ ਰੀਸ ਵਿਆਹਾਂ ਉੱਤੇ ਬੇਹਿਸਾਬਾ ਖ਼ਰਚਾ ਕਰਨਾ ਅਤੇ ਫਿਰ ਇਸ ਖਰਚੇ ਦੇ ਬੋਝ ਥੱਲੋਂ ਸਾਰੀ ਉਮਰ ਨਿਕਲ ਨਾ ਸਕਣਾ:

ਪਿੰਡਾਂ ਵਿਚ ਵੱਡੀਆਂ ਧਰਮਸ਼ਾਲਾਵਾਂ ਅੱਜ ਵੀ ਨੇ

ਪਰ ਰੀਸੋ-ਰੀਸੀ ਤੇਰੀਆਂ ਬਰਾਤਾਂ ਵੀ

ਮੈਰਿਜ ਪੈਲਿਸਾਂ ਵੱਲ ਹੀ ਜਾਂਦੀਆਂ ਨੇ

ਤੇ ਜਿਨ੍ਹਾਂ ਦੇ ਖ਼ਰਚੇ ਥੱਲੇ ਦੱਬਿਆ ਤੂੰ

ਕਈ ਵਾਰ ਸਾਰੀ ਜ਼ਿੰਦਗੀ ਨਹੀਂ ਉੱਠਦਾ

ਲੋੜ ਹੈ ਤੇਰੇ ਜਾਗਣ ਦੀ

ਕਿਉਂਕਿ ਇਹ ਵੇਲਾ ਨਹੀਂ

ਜੱਟਾਂ ਨੇ ਪੀਣੀ ਦਾਰੂ

ਜਿਹੇ ਗੀਤਾਂ ਤੇ ਨਸ਼ੇ ਵਿੱਚ ਧੁੱਤ ਹੋ ਕੇ

ਲਲਕਾਰੇ ਮਾਰਨ,

ਬੱਕਰੇ ਬੁਲਾਉਣ

ਤੇ ਸੌਂ ਜਾਣ ਦਾ...

------

ਇੱਕ ਚੇਤੰਨ ਲੇਖਕ ਹੋਣ ਦੇ ਨਾਤੇ ਬਲਜਿੰਦਰ ਸੰਘਾ ਔਰਤ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਾ ਹੋਇਆ ਇਸ ਗੱਲ ਵੱਲ ਵੀ ਧਿਆਨ ਦੁਆਉਂਦਾ ਹੈ ਕਿ ਸਾਡੇ ਲੇਖਕ ਔਰਤ ਦੀ ਗੱਲ ਕਰਨ ਲੱਗੇ ਆਪਣਾ ਧਿਆਨ ਮਹਿਜ਼ ਰੋਮਾਂਸਵਾਦੀ ਪੇਸ਼ਕਾਰੀ ਕਰਨ ਤੱਕ ਹੀ ਸੀਮਿਤ ਰੱਖਦੇ ਹਨਵਿਸ਼ੇਸ਼ ਕਰਕੇ ਪ੍ਰਵਾਸੀ ਮੁਲਕਾਂ ਵਿੱਚ ਆ ਕੇ ਪੰਜਾਬੀ ਔਰਤਾਂ ਨੂੰ ਮਰਦ ਨਾਲੋਂ ਵੀ ਵੱਧ ਹੱਡ ਭੰਨਵੀਂ ਮਿਹਨਤ ਕਰਨੀ ਪੈਂਦੀ ਹੈਉਸਦਾ ਜ਼ਿਕਰ ਸਾਡੇ ਕਵੀਆਂ ਦੀਆਂ ਲਿਖਤਾਂ ਵਿੱਚ ਨਹੀਂ ਆਉਂਦਾਇਸ ਪੱਖੋਂ ਬਲਜਿੰਦਰ ਸੰਘਾ ਦੀ ਕਵਿਤਾ ਪੰਜਾਬਣਸਾਡਾ ਵਿਸ਼ੇਸ਼ ਧਿਆਨ ਖਿੱਚਦੀ ਹੈ:

1.ਤੂੰ ਉਹ ਨਹੀਂ

ਜਿਸਦੇ ਬਾਰੇ

ਇਕ ਗੀਤ ਕਹਿੰਦਾ ਹੈ ਕਿ

ਲੱਕ ਹਿੱਲੇ ਮਜਾਜਣ ਜਾਂਦੀ ਦਾ

ਕਿਉਂਕਿ ਦੋ-ਦੋ ਸ਼ਿਫਟਾਂ ਦਾ ਝੰਬਿਆ

ਤੇਰਾ ਲੱਕ ਹਿੱਲ ਨਹੀਂ ਸਕਦਾ

ਤੇ ਫੈਮਿਲੀ ਡਾਕਟਰ ਦੀ ਵੀ

ਤੈਨੂੰ ਸਖ਼ਤ ਹਿਦਾਇਤ ਹੈ ਕਿ

ਇਸ ਨੂੰ ਹਿਲਾਉਣਾ ਨਹੀਂ

........

2.ਤੂੰ ਉਹ ਨਹੀਂ

ਜਿਸਦੇ ਬਾਰੇ

ਇਕ ਗੀਤ ਕਹਿੰਦਾ ਹੈ ਕਿ

ਤੇਰੇ ਟੂਣੇਹਾਰੇ ਨੈਣ ਕੁੜੇ

ਕਿਉਂਕਿ ਉਨੀਂਦਰੇ ਦੇ ਭੰਨੇ ਹੋਏ

ਤੇਰੇ ਨੈਣ ਮਟਕ ਨਹੀਂ ਸਕਦੇ

ਤੇ ਸੁੱਜੀਆਂ ਹੋਈਆਂ ਪਲਕਾਂ ਦੀ ਵੀ

ਤੈਨੂੰ ਸਖ਼ਤ ਹਦਾਇਤ ਹੈ ਕਿ

ਇਹਨਾਂ ਨੂੰ ਮਟਕਾਉਣਾ ਨਹੀਂ

ਬਲਕਿ ਸਵਾਉਣਾ ਹੈ

------

ਪੰਜਾਬੀ/ਭਾਰਤੀ ਮੂਲ ਦੇ ਲੋਕ ਜਿੱਥੇ ਵੀ ਜਾਂਦੇ ਹਨ, ਇੱਕ ਸਮੱਸਿਆ ਉਨ੍ਹਾਂ ਦੇ ਨਾਲ ਹੀ ਜਾਂਦੀ ਹੈਉਹ ਸਮੱਸਿਆ ਹੈ ਧਰਮ ਅਤੇ ਜ਼ਾਤ-ਪਾਤ ਦੇ ਨਾਮ ਉੱਤੇ ਇੱਕ ਦੂਜੇ ਵਿਰੁੱਧ ਨਫ਼ਰਤ ਫੈਲਾਉਣੀ ਅਤੇ ਦੰਗੇ ਫਸਾਦ ਕਰਨੇਅੱਗੇ-ਪਿੱਛੇਕਵਿਤਾ ਵਿੱਚ ਬਲਜਿੰਦਰ ਸੰਘਾ ਇਸ ਸਮੱਸਿਆ ਬਾਰੇ ਕੁਝ ਇਸ ਤਰ੍ਹਾਂ ਲਿਖਦਾ ਹੈ:

ਅਸੀਂ ਅੱਗੇ ਹਾਂ, ਅਸੀਂ ਅੱਗੇ ਹਾਂ

ਅਸੀਂ ਧਰਮ ਯੁੱਧਾਂ ਵਿਚ ਅੱਗੇ ਹਾਂ...

ਅਸੀਂ ਪਿੱਛੇ ਹਾਂ, ਅਸੀਂ ਪਿੱਛੇ ਹਾਂ

ਇਨਸਾਨੀਅਤ ਦੀ ਕਦਰ ਵਿੱਚ ਪਿੱਛੇ ਹਾਂ...

ਅਸੀਂ ਆਪ ਬੁਰਾਈਆਂ ਕਰਦੇ ਹਾਂ,

ਅਸੀਂ ਦੋਸ਼ ਹੋਰਾਂ ਸਿਰ ਧਰਦੇ ਹਾਂ,

ਅਸੀਂ ਖ਼ੁਦ ਨੂੰ ਸਮਝਦੇ ਬੰਦੇ ਹਾਂ,

ਅਸੀਂ ਪਸ਼ੂਆਂ ਨਾਲੋਂ ਗੰਦੇ ਹਾਂ,

ਘਰ ਇਕ ਦੂਜੇ ਦੇ ਸਮਝ-ਸਮਝ ਕੇ,

ਢਾਹੁਣ ਮੰਦਰ ਮਸਜਿਦਾਂ ਲੱਗੇ ਹਾਂ,

ਅਸੀਂ ਢੱਗੇ ਹਾਂ, ਅਸੀਂ ਅੱਗੇ ਹਾਂ,

ਅਸੀਂ ਧਰਮ ਯੁੱਧਾਂ ਵਿੱਚ ਅੱਗੇ ਹਾਂ...

------

ਧਰਮ ਨਾਲ ਸਬੰਧਤ ਸਮੱਸਿਆਵਾਂ ਵੀ ਇਸ ਕਰਕੇ ਆ ਰਹੀਆਂ ਹਨ ਕਿ ਅਸੀਂ ਧਰਮ ਨੂੰ ਵੀ ਸਹੀ ਅਰਥਾਂ ਵਿੱਚ ਸਮਝਣ ਦਾ ਯਤਨ ਨਹੀਂ ਕਰਦੇਧਰਮ ਵੀ ਇੱਕ ਪਾਖੰਡ ਬਣ ਕੇ ਰਹਿ ਗਿਆ ਹੈਥਾਂ ਥਾਂ ਪਾਖੰਡੀ ਸੰਤ-ਬਾਬਿਆਂ ਦੀਆਂ ਡੇਰਾ-ਰੂਪੀ ਦੁਕਾਨਾਂ ਖੁੱਲ੍ਹ ਰਹੀਆਂ ਹਨਅਜਿਹੇ ਪਾਖੰਡੀ ਸੰਤ-ਬਾਬਿਆਂ ਦੇ ਰੂਪ ਵਿੱਚ ਕਾਤਲ, ਬਲਾਤਕਾਰੀ, ਡਰੱਗ ਸਮੱਗਲਰ, ਗੁੰਡੇ, ਰੰਡੀਆਂ ਦਾ ਧੰਦਾ ਕਰਨ ਵਾਲੇ ਦੱਲੇ ਆਮ ਜਨਤਾ ਦੀ ਮਾਨਸਿਕ, ਸਰੀਰਕ ਅਤੇ ਆਰਥਿਕ ਲੁੱਟ ਮਚਾ ਰਹੇ ਹਨਪੇਸ਼ ਹਨ ਸ਼ਾਇਦ ਇਹ ਸੱਚ ਹੋਵੇਅਤੇ ਸੱਚੇ ਸ਼ਰਧਾਲੂਨਾਮ ਦੀਆਂ ਕਵਿਤਾਵਾਂ ਵਿੱਚੋਂ ਕੁਝ ਉਦਾਹਰਣਾਂ:

1.ਬੱਚੇ ਵਿਲਕਣ ਭੁੱਖੇ ਪੂੜੇ ਸਾਧਾਂ ਨੂੰ

ਅੰਨ੍ਹੀ ਸ਼ਰਧਾ ਦੇ ਵਿਚ ਵਹਿਕੇ ਸਾਰ ਲਿਆ

ਅੰਧ ਵਿਸ਼ਵਾਸੀ ਬਣੇ ਹਾਂ ਛੱਡ ਕੇ ਤਰਕਾਂ ਨੂੰ

ਵਹਿਮਾਂ-ਭਰਮਾਂ ਪੈ ਕੇ ਕੀ ਸੰਵਾਰ ਲਿਆ

ਅਗਲਾ ਜਨਮ ਬਣਾਉਣਾ ਆਪਾ ਸਫ਼ਲ ਹੈ

ਅਸੀਂ ਉਹਦੇ ਪਿੱਛੇ ਲੱਗਕੇ ਇਹ ਉਜਾੜ ਲਿਆ

ਹੁਣ ਇੰਟਰਨੈਟ ਤੇ ਕਰੇ ਕਰਾਏ ਪਾਠ ਮਿਲਣ

ਕੀ ਲੈਣਾ ਬਾਣੀ ਪੜ੍ਹਕੇ, ਕੀਤੇ ਲੈ ਕੇ ਸਾਰ ਲਿਆ

..........

2.ਘਰੇਲੂ ਕਲੇਸ਼ ਦਾ ਅੰਤ

ਸਿਰਫ਼ ਚੌਵੀ ਘੰਟਿਆਂ ਵਿੱਚ

ਸ਼ਰਤੀਆ ਮੁੰਡਾ ਹੀ ਹੋਵੇਗਾ ਆਦਿ...

ਬਾਬਾ ਜੀ ਦਾ ਇਹ ਇਸ਼ਤਿਹਾਰ

ਸਾਰੇ ਮਸ਼ਹੂਰ ਅਖ਼ਬਾਰਾਂ ਵਿਚ ਛਪਦਾ

ਆਪ ਉਹ ਪੰਜ ਲੜਕੀਆਂ ਦਾ ਬਾਪ ਹੈ

ਘਰ ਵਾਲੀ ਲੜਕੇ ਪੇਕੇ ਚਲੀ ਗਈ

ਪਰ ਫੇਰ ਵੀ ਉਸਦੇ ਡੇਰੇ ਤੇ

ਲੋਕਾਂ ਦੀ ਭੀੜ ਦਿਨੋਂ-ਦਿਨ ਵੱਧ ਰਹੀ ਹੈ...

-----

ਅਜਿਹੀ ਹਾਲਤ ਵਿੱਚ ਚਿੰਤਾਜਨਕ ਗੱਲ ਇਹ ਹੈ ਕਿ ਦੇਸ-ਵਿਦੇਸ਼ ਦਾ ਪੰਜਾਬੀ ਪ੍ਰਿੰਟ / ਰੇਡੀਓ / ਟੀਵੀ ਮੀਡੀਆ ਇਸ ਗੱਲ ਨੂੰ ਘਟਾਉਣ ਦੀ ਥਾਂ ਅਜਿਹੇ ਪਾਖੰਡੀ ਸੰਤ-ਠੱਗ-ਬਾਬਿਆਂ ਦੀ ਇਸ਼ਤਿਹਾਰਬਾਜ਼ੀ ਕਰਕੇ ਆਪਣੇ ਬੈਂਕ ਬੈਲੈਂਸ ਵਧਾਉਣ ਵਿੱਚ ਲੱਗਾ ਹੋਇਆ ਹੈ ਅਤੇ ਇਨ੍ਹਾਂ ਹੀ ਸੰਤ-ਠੱਗ-ਬਾਬਿਆਂ ਦੀ ਕਿਰਪਾ ਨਾਲ ਲੱਗੀ ਡਾਲਰਾਂ ਦੀ ਬਰਸਾਤ ਸਦਕਾ ਮਹਿਲਾਂ ਵਰਗੀਆਂ ਕੋਠੀਆਂ ਵਿੱਚ ਰਹਿ ਰਿਹਾ ਹੈਸਾਡੇ ਮੀਡੀਆ ਦੇ ਕੁਝ ਹਿੱਸੇ ਵੱਲੋਂ ਦਿਖਾਈ ਜਾ ਰਹੀ ਗ਼ੈਰ-ਜ਼ਿੰਮੇਵਾਰੀ ਵਾਂਗੂੰ ਸਾਡੇ ਗੀਤਕਾਰਾਂ/ਗਾਇਕਾਂ ਦਾ ਕੁਝ ਹਿੱਸਾ ਵੀ ਬੜੀ ਗ਼ੈਰ-ਜ਼ਿੰਮੇਵਾਰੀ ਦਿਖਾ ਰਿਹਾ ਹੈਕੈਨੇਡਾ/ਇੰਗਲੈਂਡ/ਅਮਰੀਕਾ/ਇੰਡੀਆ/ਪਾਕਿਸਤਾਨ-ਹਰ ਜਗ੍ਹਾ ਹੀ ਪੰਜਾਬੀ ਨੌਜਵਾਨ ਨਸ਼ਿਆਂ ਵਿੱਚ ਪੈ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਦਿੰਦੇ ਹਨ; ਪਰ ਸਾਡੇ ਗਾਇਕ ਪੰਜਾਬੀ ਟੀਵੀ ਚੈਨਲਾਂ ਰਾਹੀਂ ਦਿਖਾਏ ਜਾ ਰਹੇ ਗੀਤਾਂ ਵਿੱਚ ਪੰਜਾਬੀ ਨੌਜਵਾਨਾਂ ਨੂੰ ਬੱਕਰੇ ਬੁਲਾਉਂਦੇ ਹੋਏ ਅਤੇ ਲਲਕਾਰੇ ਮਾਰਦੇ ਦਿਖਾ ਰਹੇ ਹਨਇਸ ਤਰ੍ਹਾਂ ਸਾਡੀ ਗਾਇਕੀ ਅਤੇ ਸਭਿਆਚਾਰਕ ਟੀਵੀ ਪ੍ਰੋਗਰਾਮਾਂ ਦੀ ਪੇਸ਼ਕਾਰੀ ਹਕੀਕਤਾਂ ਦੀ ਗਲਤ ਪੇਸ਼ਕਾਰੀ ਕਰ ਰਹੀ ਹੈਇਹੀ ਗੱਲ ਬਲਜਿੰਦਰ ਸੰਘਾ ਵੀ ਆਪਣੀ ਰਚਨਾ ਕੌੜਾ ਸੱਚਵਿੱਚ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ:

ਪੱਟ ਦਿੱਤੇ ਨੇ ਨਸ਼ਿਆਂ ਨੇ

ਗੱਭਰੂ ਮੇਰੇ ਪੰਜਾਬ ਦੇ

ਮਾਰ-ਮੁਕਾਏ ਹਨ

ਬੇ-ਰੋਜ਼ਗਾਰੀ ਨੇ

ਗੱਭਰੂ ਮੇਰੇ ਪੰਜਾਬ ਦੇ

ਆਪਣਾ ਹਨ੍ਹੇਰਾ ਭਵਿੱਖ ਦੇਖਕੇ

ਆਵਾਜ਼ ਨਹੀਂ ਨਿੱਕਲਦੀ

ਉਹਨਾਂ ਦੇ ਮੂੰਹੋਂ

ਪਰ ਅੱਜ ਵੀ ਦਿਖਾਏ ਜਾਂਦੇ ਨੇ

ਬੇ-ਅਰਥੇ ਗੀਤਾਂ ਤੇ

ਲਲਕਾਰੇ ਮਾਰਦੇ

ਖੜ-ਮਸਤੀਆਂ ਕਰਦੇ

ਤੇ ਬੱਕਰੇ ਬੁਲਾਉਂਦੇ

ਟੀਵੀ ਚੈਨਲਾਂ ਵੱਲੋਂ

ਗੱਭਰੂ ਮੇਰੇ ਪੰਜਾਬ ਦੇ

------

ਸਾਡਾ ਮੀਡੀਆ ਇੱਕ ਹੋਰ ਪੱਖ ਤੋਂ ਵੀ ਗ਼ੈਰ-ਜ਼ਿੰਮੇਵਾਰੀ ਵਾਲਾ ਵਤੀਰਾ ਦਿਖਾਂਦਾ ਹੈਪਹਿਲਾਂ ਤਾਂ ਧਰਮ ਦੇ ਨਾਮ ਉੱਤੇ ਲੋਕਾਂ ਦੀਆਂ ਭਾਵਨਾਵਾਂ ਭੜਕਾ ਕੇ ਦੰਗੇ-ਫਸਾਦ ਕਰਵਾਏ ਜਾਂਦੇ ਹਨਫਿਰ ਦੂਜੀ ਵਾਰ ਗ਼ੈਰ-ਜ਼ਿੰਮੇਵਾਰੀ ਦਿਖਾਈ ਜਾਂਦੀ ਹੈ ਜਦੋਂ ਇਨ੍ਹਾਂ ਦੰਗੇ-ਫਸਾਦਾਂ ਦੀਆਂ ਖਬਰਾਂ ਦਾ ਵਿਸਥਾਰ ਦੇਣ ਵੇਲੇ ਟੀਵੀ ਚੈਨਲਾਂ ਉੱਤੇ ਇਸ ਗੱਲ ਦਾ ਸ਼ੋਰ ਪਾਇਆ ਜਾਂਦਾ ਹੈ ਕਿ ਇਨ੍ਹਾਂ ਦੰਗਿਆਂ ਵਿੱਚ ਇੰਨੇ ਹਿੰਦੂ, ਇੰਨੇ ਸਿੱਖ, ਇੰਨੇ ਮੁਸਲਮਾਨ, ਇੰਨੇ ਈਸਾਈ, ਇੰਨੇ ਜੈਨੀ, ਇੰਨੇ ਬੋਧੀ ਮਾਰੇ ਗਏਜਿਸ ਕਾਰਨ ਦੰਗੇ ਹੋਰ ਵੀ ਭੜਕਦੇ ਹਨਜੇਕਰ ਇਨ੍ਹਾਂ ਦੰਗੇ-ਫਸਾਦਾਂ ਦੀਆਂ ਖ਼ਬਰਾਂ ਪ੍ਰਸਾਰਿਤ ਕਰਨ ਵੇਲੇ ਸਾਡਾ ਮੀਡੀਆ ਮਰਨ ਵਾਲਿਆਂ ਨੂੰ ਸਿਰਫ਼ ਇਨਸਾਨ ਹੀ ਸਮਝੇਗਾ ਤਾਂ ਟੀਵੀ ਪ੍ਰੋਗਰਾਮ ਦੇਖਣ ਵਾਲਿਆਂ ਦੇ ਦਿਮਾਗ਼ਾਂ ਵਿੱਚ ਇਹ ਵਿਚਾਰ ਆਵੇਗਾ ਕਿ ਇਨ੍ਹਾਂ ਦੰਗਿਆਂ ਨੇ ਇੰਨੇ ਇਨਸਾਨਾਂ ਦੀ ਜਾਨ ਲੈ ਲਈਮਰਨ ਵਾਲੇ ਚਾਹੇ ਕਿਸੇ ਵੀ ਧਾਰਮਿਕ ਵਿਸ਼ਵਾਸ਼ ਵਾਲੇ ਸਨ - ਪਰ ਉਹ ਸਭ ਇਨਸਾਨ ਸਨਉਨ੍ਹਾਂ ਸਾਰਿਆਂ ਦੀਆਂ ਰਗਾਂ ਵਿੱਚ ਇੱਕੋ ਜਿਹਾ ਖ਼ੂਨ ਵਹਿੰਦਾ ਸੀਉਹ ਸਾਰੇ ਇੱਕੋ ਹਵਾ ਵਿੱਚ ਹੀ ਸਾਹ ਲੈਂਦੇ ਸਨਉਹ ਸਭ ਹੱਡ-ਮਾਸ ਦੇ ਬਣੇ ਹੋਏ ਪੁਤਲੇ ਸਨਆਪਣੀ ਕਵਿਤਾ ਮੀਡੀਆਵਿੱਚ ਬਲਜਿੰਦਰ ਸੰਘਾ ਇਸ ਨੁਕਤੇ ਨੂੰ ਬੜੀ ਸ਼ਿੱਦਤ ਨਾਲ ਉਭਾਰਦਾ ਹੈ:

ਦੰਗੇ ਹੁੰਦੇ ਰਹਿੰਦੇ ਨੇ

ਖ਼ਬਰਾਂ ਸੁਣਦੇ ਹਾਂ ਖ਼ਬਰਾਂ ਪੜ੍ਹਦੇ ਹਾਂ

ਹਰ ਇੱਕ ਦੂਸਰੇ ਤੋਂ

ਵਧ-ਚੜ੍ਹ ਕੇ ਆਖਦਾ ਹੈ

ਕਿ

ਮੁਸਲਮਾਨਾਂ ਨੇ ਹਿੰਦੂ ਮਾਰ ਦਿੱਤੇ

ਕਿ

ਹਿੰਦੂਆਂ ਨੇ ਮੁਸਲਮਾਨ ਮਾਰ ਦਿੱਤੇ

ਕਿ

ਸਿੱਖਾਂ ਨੇ ਹਿੰਦੂ ਮਾਰ ਦਿੱਤੇ

ਪਰ ਕੋਈ ਨਹੀਂ ਕਹਿੰਦਾ

ਕਿ

ਮਨੁੱਖਾਂ ਨੇ ਮਨੁੱਖ ਮਾਰ ਦਿੱਤੇ

ਤੇ ਸ਼ਾਇਦ ਇਸੇ ਕਰਕੇ

ਦੰਗੇ ਹੁੰਦੇ ਰਹਿੰਦੇ ਨੇ...

------

ਬਲਜਿੰਦਰ ਸੰਘਾ ਨੇ ਆਪਣੇ ਕਾਵਿ ਸੰਗ੍ਰਹਿ ਕਵਿਤਾ...ਮੈਨੂੰ ਮੁਆਫ਼ ਕਰੀਂਵਿੱਚ ਭਾਵੇਂ ਕਿ ਹੋਰ ਵੀ ਵਿਸਿ਼ਆਂ ਬਾਰੇ ਕਵਿਤਾਵਾਂ ਲਿਖੀਆਂ ਹਨ; ਪਰ ਮੈਂ ਉਸਦੀ ਸਿਰਫ਼ ਇੱਕ ਹੋਰ ਕਵਿਤਾ ਨੂੰ ਵਿਚਾਰ ਅਧੀਨ ਲਿਆ ਕੇ ਆਪਣੀ ਗੱਲ ਖ਼ਤਮ ਕਰਨੀ ਚਾਹਾਂਗਾ ਪਰਵਾਸੀ ਪੰਜਾਬੀਆਂ ਦੀਆਂ ਅਨੇਕਾਂ ਸਮੱਸਿਆਵਾਂ ਦਾ ਜਿਸ ਤਰ੍ਹਾਂ ਕਾਰਨ ਵੀ ਉਨ੍ਹਾਂ ਦਾ ਸਭਿਆਚਾਰਕ ਵਿਰਸਾ ਹੈ; ਇਸੇ ਤਰ੍ਹਾਂ ਹੀ ਅਨੇਕਾਂ ਹਾਲਤਾਂ ਵਿੱਚ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਵੀ ਉਨ੍ਹਾਂ ਦਾ ਵਿਰਸਾ ਹੀ ਹੈਉਨ੍ਹਾਂ ਦੇ ਵਿਰਸੇ ਦਾ ਸਬੰਧ ਉਨ੍ਹਾਂ ਦੀ ਮਾਂ ਬੋਲੀ ਪੰਜਾਬੀ ਨਾਲ ਜੁੜਿਆ ਹੋਇਆ ਹੈਪਰਵਾਸੀ ਪੰਜਾਬੀਆਂ ਦੀਆਂ ਸਭਿਆਚਾਰਕ ਸਮੱਸਿਆਵਾਂ ਦਾ ਜਦੋਂ ਲੇਖਾ-ਜੋਖਾ ਕਰਨ ਲੱਗਦੇ ਹਾਂ ਤਾਂ ਇਹ ਗੱਲ ਉੱਭਰਕੇ ਸਾਹਮਣੇ ਆਉਂਦੀ ਹੈ ਕਿ ਪ੍ਰਵਾਸੀ ਪੰਜਾਬੀ ਪ੍ਰਵਾਰਾਂ ਵਿੱਚ ਵੱਧ ਰਹੀ ਪ੍ਰਵਾਰਕ ਹਿੰਸਾ, ਪਤੀਆਂ ਵੱਲੋਂ ਆਪਣੀਆਂ ਹੀ ਪਤਨੀਆਂ ਦੇ ਕੀਤੇ ਜਾ ਰਹੇ ਕਤਲ, ਪਿਉਆਂ ਵੱਲੋਂ ਧਰਮ ਦੇ ਨਾਮ ਉੱਤੇ ਆਪਣੀਆਂ ਹੀ ਧੀਆਂ ਨੂੰ ਕਤਲ ਕਰਵਾ ਦੇਣਾ, ਪੰਜਾਬੀ ਨੌਜਵਾਨ ਬੱਚਿਆਂ ਦਾ ਨਸ਼ਿਆਂ ਦੇ ਆਦੀ ਹੋ ਕੇ ਡਰੱਗ ਸਮੱਗਲਰ/ਡਰੱਗ ਗੈਂਗਸਟਰ ਬਣ ਜਾਣਾ - ਇਹ ਸਾਰੀਆਂ ਗੱਲਾਂ ਪੰਜਾਬੀ ਸਭਿਆਚਾਰਕ ਵਿਰਸੇ ਨਾਲੋਂ ਟੁੱਟ ਜਾਣ ਕਰਕੇ ਵਾਪਰ ਰਿਹਾ ਹੈਕਿਉਂਕਿ ਪੰਜਾਬੀ ਸਭਿਆਚਾਰਕ ਵਿਰਸਾ ਤਾਂ ਔਰਤ ਅਤੇ ਮਰਦ ਦੀ ਬਰਾਬਰੀ ਦੀ ਗੱਲ ਕਰਦਾ ਹੈ, ਨਸਿ਼ਆਂ ਦੀ ਸਖਤ ਆਲੋਚਨਾ ਕਰਦਾ ਹੈ, ਧੀਆਂ ਨੂੰ ਪਰਿਵਾਰ ਦੀ ਖ਼ੁਸ਼ਬੂ ਕਰਾਰ ਦਿੰਦਾ ਹੈ, ਪੰਜਾਬੀ ਸਭਿਆਚਾਰਕ ਵਿਰਸਾ ਤਾਂ ਪਿਆਰ-ਮੁਹੱਬਤ, ਸਾਂਝੀਵਾਲਤਾ ਅਤੇ ਏਕਤਾ ਦਾ ਸੰਦੇਸ਼ ਦਿੰਦਾ ਹੈਇਨ੍ਹਾਂ ਸਮੱਸਿਆਵਾਂ ਤੋਂ ਅਸੀਂ ਕਾਫੀ ਹੱਦ ਤੱਕ ਬਚੇ ਰਹਿ ਸਕਦੇ ਹਾਂ ਜੇਕਰ ਅਸੀਂ ਆਪ/ਆਪਣੇ ਬੱਚਿਆਂ ਨੂੰ ਪੰਜਾਬੀ ਜ਼ੁਬਾਨ ਨਾਲ ਜੋੜੀ ਰੱਖੀਏ ਅਤੇ ਉਨ੍ਹਾਂ ਦੀ ਚੇਤਨਾ ਅੰਦਰ ਪੰਜਾਬੀ ਸਭਿਆਚਾਰਕ ਵਿਰਸੇ ਦੀਆਂ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਦਾ ਚਾਨਣ ਬਿਖੇਰਦੇ ਰਹੀਏਕੁਝ ਇਸ ਤਰ੍ਹਾਂ ਦੀ ਹੀ ਗੱਲ ਬਲਜਿੰਦਰ ਸੰਘਾ ਆਪਣੀ ਕਵਿਤਾ ਦੋਸਤ ਲਈ ਦੁਆਵਿੱਚ ਕਰ ਰਿਹਾ ਜਾਪਦਾ ਹੈ:

ਜੇ ਤੂੰ ਪੰਜਾਬ ਵਿੱਚ ਹੁੰਦਾ ਤਾਂ

ਮੈਂ ਤੇਰੇ ਲਈ ਦੁਆ ਕਰਦਾ ਕਿ

ਤੇਰੀ ਪੜ੍ਹਾਈ ਦਾ ਮੁੱਲ ਪਵੇ

ਤੇ ਤੂੰ ਵੀ ਖੜ੍ਹਾ ਹੋਵੇਂ ਆਪਣੇ ਪੈਰਾਂ ਭਾਰ

ਪਰ ਹੁਣ ਤੂੰ ਕੈਨੇਡਾ ਵਿੱਚ ਵੱਸਦਾ ਏਂ

ਤੇ ਆਰਥਿਕ ਪੱਖੋਂ ਖ਼ੁਸ਼ਹਾਲ ਏਂ

ਤੇ ਮੈਂ ਦੁਆ ਕਰਦਾ ਹਾਂ ਕਿ

ਤੇਰੇ ਬੱਚੇ ਪੰਜਾਬੀ ਵੀ ਪੜ੍ਹਣ...

ਕੈਨੇਡੀਅਨ ਪੰਜਾਬੀ ਕਵੀ ਬਲਜਿੰਦਰ ਸੰਘਾ ਦਾ ਪਹਿਲਾ ਹੀ ਕਾਵਿ-ਸੰਗ੍ਰਹਿ ਕਵਿਤਾ...ਮੈਨੂੰ ਮੁਆਫ਼ ਕਰੀਂਪੜ੍ਹ ਕੇ ਇਸ ਗੱਲ ਦੀ ਤਸੱਲੀ ਮਿਲਦੀ ਹੈ ਕਿ ਉਹ ਵਿਚਾਰਧਾਰਕ ਤੌਰ ਉੱਤੇ ਨਾ ਸਿਰਫ਼ ਇੱਕ ਚੇਤੰਨ ਕਵੀ ਹੀ ਹੈ; ਬਲਕਿ ਉਹ ਇਸ ਗੱਲ ਨੂੰ ਵੀ ਭਲੀ-ਭਾਂਤ ਸਮਝਦਾ ਹੈ ਕਿ ਕਾਵਿ ਸਿਰਜਣਾ ਦੀ ਪ੍ਰਕ੍ਰਿਆ ਵਿੱਚ ਕਵੀ ਵੱਲੋਂ ਵਿਚਾਰਧਾਰਕ ਤੌਰ ਉੱਤੇ ਦਖ਼ਲ-ਅੰਦਾਜ਼ੀ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ

*****

No comments: