ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ
ਕੈਨੇਡਾ ਦੇ 57 ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਸਮੀਖਿਆ ਦੀ ਕਿਤਾਬ 'ਕੈਨੇਡੀਅਨ ਪੰਜਾਬੀ ਸਾਹਿਤ' ਨੂੰ ਖ਼ਰੀਦਣ ਲਈ ਬਲੌਗ 'ਤੇ ਦਿੱਤੇ ਐਡਰੈਸ 'ਤੇ ਈਮੇਲ ਕਰੋ। ਸ਼ੁਕਰੀਆ।

ਤੁਹਾਡੇ ਧਿਆਨ ਹਿੱਤ - ਜ਼ਰੂਰੀ ਸੂਚਨਾ

ਸੂਚਨਾ: ਪ੍ਰਕਾਸ਼ਕ ਦੀ ਤਲਾਸ਼ :

ਆਪਣੀ ਹੁਣੇ ਇੰਡੀਆ ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ)’ ਨੂੰ ਮੈਂ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਕੈਨੇਡਾ ਵਿੱਚ ‘‘Canadian Punjabi Literature (Commentary)’’ ਨਾਮ ਦੀ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਨਾ ਚਾਹੁੰਦਾ ਹਾਂ। ਮੈਂ ਕਿਸੀ ਵਧੀਆ ਕੈਨੇਡੀਅਨ ਪ੍ਰਕਾਸ਼ਕ ਦੀ ਤਲਾਸ਼ ਕਰ ਰਿਹਾ ਹਾਂ। ਜੇਕਰ ਤੁਸੀਂ ਕਿਸੀ ਅਜਿਹੇ ਵਧੀਆ ਕੈਨੇਡੀਅਨ ਪ੍ਰਕਾਸ਼ਕ ਦਾ ਨਾਮ ਜਾਣਦੇ ਹੋ ਜੋ ਮੇਰੀ ਪੁਸਤਕ ਪ੍ਰਕਾਸ਼ਿਤ ਕਰ ਸਕਦਾ ਹੋਵੇ ਤਾਂ ਮੈਂ ਉਸ ਪ੍ਰਕਾਸ਼ਕ ਦਾ ਨਾਮ ਜਾਨਣਾ ਚਾਹਾਂਗਾ।

Sukhinder

Editor: SANVAD

Box 67089, 2300 Yonge St.

Toronto ON M4P 1E0

Tel. (416) 858-7077

Email: poet_sukhinder@hotmail.com

http://www.canadianpunjabiliterature.blogspot.com/



Saturday, April 10, 2010

ਸੁਖਿੰਦਰ - ਕੈਨੇਡੀਅਨ ਪੰਜਾਬੀ ਕਵਿਤਾ : ਸੰਵਾਦ ਦੀ ਸਮੱਸਿਆ - ਬਹਿਸ ਪੱਤਰ – ਭਾਗ ਦੂਜਾ

ਕੈਨੇਡੀਅਨ ਪੰਜਾਬੀ ਕਵਿਤਾ :ਸੰਵਾਦ ਦੀ ਸਮੱਸਿਆ

ਬਹਿਸ ਪੱਤਰ ਭਾਗ ਦੂਜਾ

ਲੜੀ ਜੋੜਨ ਲਈ ਭਾਗ ਪਹਿਲਾ ਪੜ੍ਹੋ ਜੀ।

(ਇਹ ਬਹਿਸ-ਪੱਤਰ 24, 25, 26 ਜੁਲਾਈ, 2009 ਨੂੰ ਵਿਸ਼ਵ ਪੰਜਾਬੀ ਕਾਨਫਰੰਸ 2009ਟੋਰਾਂਟੋ, ਓਨਟਾਰੀਓ, ਕੈਨੇਡਾ ਵਿੱਚ ਪੇਸ਼ ਕੀਤਾ ਗਿਆ ਸੀ। ਹੁਣ ਇਸਨੂੰ ਬਲੌਗ ਦੇ ਸੂਝਵਾਨ ਪਾਠਕਾਂ ਲਈ ਲੜੀਵਾਰ ਪੋਸਟ ਕੀਤਾ ਜਾ ਰਿਹਾ ਹੈ। ਤੁਹਾਡੇ ਇਸ ਬਹਿਸ-ਪੱਤਰ ਬਾਰੇ ਕੀ ਵਿਚਾਰ ਹਨ, ਪੜ੍ਹਨ ਉਪਰੰਤ ਜ਼ਰੂਰ ਲਿਖਣਾ ਜੀ। ਸ਼ੁਕਰੀਆ। )

ਕੈਨੇਡੀਅਨ ਪੰਜਾਬੀ ਕਵਿਤਾ ਦੀ ਵੱਖਰੀ ਪਹਿਚਾਣ :

ਕੈਨੇਡਾ ਦੇ ਵਧੇਰੇ ਪੰਜਾਬੀ ਕਵੀ ਕੈਨੇਡਾ ਦੇ ਪੱਧਰ ਉੱਤੇ ਅਤੇ ਵਿਸ਼ਵ ਪੱਧਰ ਉੱਤੇ ਪੇਸ਼ ਆ ਰਹੀਆਂ ਸਮਾਜਿਕ, ਸਭਿਆਚਾਰਕ, ਰਾਜਨੀਤਿਕ, ਧਾਰਮਿਕ, ਸਿਹਤ ਸਬੰਧੀ ਜਾਂ ਵਾਤਾਵਰਨ ਨਾਲ ਸਬੰਧਤ ਸਮੱਸਿਆਵਾਂ ਬਾਰੇ ਖ਼ੂਬਸੂਰਤ ਕਵਿਤਾਵਾਂ ਲਿਖ ਰਹੇ ਹਨਜਦੋਂ ਕਿ ਇਸਦੇ ਮੁਕਾਬਲੇ ਵਿੱਚ ਭਾਰਤੀ ਕਵੀ / ਆਲੋਚਕ ਦੇਹਵਾਦੀ ਕਵਿਤਾ, ਪਿਆਰ ਕਵਿਤਾ ਜਾਂ ਲਿੰਗਕ ਸਬੰਧਾਂ ਦੇ ਜਸ਼ਨ ਵਾਲੀ ਕਵਿਤਾ ਦੇ ਆਸਪਾਸ ਹੀ ਘੁੰਮ ਰਹੇ ਹਨ ਜਾਂ ਉਸਦਾ ਚਰਚਾ ਕਰ ਰਹੇ ਹਨ

-----

ਕੈਨੇਡੀਅਨ ਪੰਜਾਬੀ ਕਵਿਤਾ ਦਾ ਹੋਰਨਾਂ ਦੇਸ਼ਾਂ ਵਿੱਚ ਲਿਖੀ ਜਾ ਰਹੀ ਪੰਜਾਬੀ ਕਵਿਤਾ ਨਾਲੋਂ ਅਨੇਕਾਂ ਪਹਿਲੂਆਂ ਤੋਂ ਵੱਖਰੇਵਾਂ ਹੈਇਸ ਵੱਖਰੇਵੇਂ ਨੂੰ ਸਮਝਣ ਵਿੱਚ ਵਧੇਰੇ ਭਾਰਤੀ ਪੰਜਾਬੀ ਆਲੋਚਕ ਕਾਮਯਾਬ ਨਹੀਂ ਹੋ ਸਕੇਭਾਰਤੀ ਸਭਿਆਚਾਰ / ਭਾਰਤੀ ਸਮਾਜ ਨਾਲੋਂ ਕੈਨੇਡੀਅਨ ਸਭਿਆਚਾਰ / ਸਮਾਜ ਦੀਆਂ ਸਮੱਸਿਆਵਾਂ ਵੱਖਰੀਆਂ ਹਨਇਸ ਤੱਥ ਨੂੰ ਭਾਰਤੀ ਆਲੋਚਕਾਂ ਨੇ ਕਦੀ ਗੰਭੀਰਤਾ ਨਾਲ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਲੱਗਦੀਸ਼ਾਇਦ, ਇਸੇ ਕਾਰਨ ਹੀ ਕੈਨੇਡਾ ਵਿੱਚ ਰਚੀ ਜਾ ਰਹੀ ਵਧੀਆ ਪੰਜਾਬੀ ਕਵਿਤਾ ਵਧੇਰੇ ਭਾਰਤੀ ਪੰਜਾਬੀ ਆਲੋਚਕ ਨਜ਼ਰ ਅੰਦਾਜ਼ ਕਰ ਦਿੰਦੇ ਹਨਪਿਛਲੇ ਕੁਝ ਸਮੇਂ ਤੋਂ ਪਰਾ-ਆਧੁਨਿਕਤਾ ਦੇ ਨਾਮ ਉੱਤੇ ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਕਵਿਤਾ ਬਾਰੇ ਜੋ ਚਰਚਾ ਸ਼ੁਰੂ ਹੋਇਆ ਹੈ ਉਸਨੇ ਸਮੱਸਿਆਵਾਂ ਦੀ ਪੇਸ਼ਕਾਰੀ ਕਰਨ ਵਾਲੀ ਕਵਿਤਾ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਹੈ

-----

ਕੈਨੇਡੀਅਨ ਪੰਜਾਬੀ ਕਵਿਤਾ ਭਾਰਤ ਅਤੇ ਪਾਕਿਸਤਾਨ ਦੇ ਖਿੱਤੇ ਵਿੱਚ ਲਿਖੀ ਜਾ ਰਹੀ ਪੰਜਾਬੀ ਕਵਿਤਾ ਨਾਲੋਂ ਨਾ ਸਿਰਫ਼ ਕਈ ਪਹਿਲੂਆਂ ਤੋਂ ਵੱਖਰੇਵਾਂ ਹੀ ਰੱਖਦੀ ਹੈ; ਬਲਕਿ ਕੈਨੇਡਾ ਵਿੱਚ ਲਿਖੀ ਜਾ ਰਹੀ ਕਵਿਤਾ ਭਾਰਤੀ ਪੰਜਾਬੀ ਕਵੀਆਂ / ਪਾਕਿਸਤਾਨੀ ਪੰਜਾਬੀ ਕਵੀਆਂ ਵੱਲੋਂ ਲਿਖੀ ਜਾ ਰਹੀ ਕਵਿਤਾ ਤੋਂ ਕਈ ਪਹਿਲੂਆਂ ਤੋਂ ਬੇਹਤਰ ਵੀ ਹੈ

-----

ਮੈਂ ਇਹ ਗੱਲ ਕਹਿਣ ਵਿੱਚ ਵੀ ਕੋਈ ਝਿਜਕ ਮਹਿਸੂਸ ਨਹੀਂ ਕਰਦਾ ਕਿ ਜਦੋਂ ਕਿ ਕੈਨੇਡੀਅਨ ਪੰਜਾਬੀ ਕਵੀਆਂ ਵੱਲੋਂ ਲਿਖੀ ਜਾ ਰਹੀ ਵਧੇਰੇ ਪੰਜਾਬੀ ਕਵਿਤਾ ਸਥਾਨਕ, ਪ੍ਰਾਂਤਕ, ਕੌਮੀ ਅਤੇ ਅੰਤਰ-ਰਾਸ਼ਟਰੀ ਮਸਲਿਆਂ ਨੂੰ ਆਪਣਾ ਵਿਸ਼ਾ ਬਣਾ ਰਹੀ ਹੈ; ਪਰ ਇਸਦੇ ਮੁਕਾਬਲੇ ਵਿੱਚ ਭਾਰਤ ਵਿੱਚ ਲਿਖੀ ਜਾ ਰਹੀ ਵਧੇਰੇ ਪੰਜਾਬੀ ਕਵਿਤਾ ਨਿੱਜੀ ਪਿਆਰ, ਦੇਹਵਾਦੀ ਕਵਿਤਾ ਅਤੇ ਸੈਕਸ ਸਬੰਧਾਂ ਦੇ ਜਸ਼ਨ ਆਦਿ ਵਰਗਿਆਂ ਵਿਸ਼ਿਆਂ ਦੇ ਆਲੇ ਦੁਆਲੇ ਹੀ ਘੁੰਮਦੀ ਰਹਿਣ ਕਰਕੇ ਪੰਜਾਬੀ ਕਵਿਤਾ ਦੇ ਪਾਠਕਾਂ ਨੂੰ ਗੁੰਮਰਾਹ ਕਰ ਰਹੀ ਹੈਭਾਰਤੀ ਕਵੀਆਂ ਨੂੰ ਆਪਣੇ ਚੌਗਿਰਦੇ ਵਿੱਚ ਪੱਸਰੀਆਂ ਅਤੇ ਸਮਾਜ ਦੀਆਂ ਸਮੱਸਿਆਵਾਂ ਵੱਲ ਦੇਖਣ ਦੀ ਜਾਂ ਤਾਂ ਵਿਹਲ ਹੀ ਨਹੀਂ ਜਾਂ ਉਹ ਸਮਝਦੇ ਹਨ ਕਿ ਸਮਾਜਿਕ, ਸਭਿਆਚਾਰਕ, ਰਾਜਨੀਤਿਕ, ਧਾਰਮਿਕ ਜਾਂ ਵਾਤਾਵਰਨ ਸਬੰਧੀ ਸਮੱਸਿਆਵਾਂ ਨੂੰ ਕਵਿਤਾ ਦਾ ਵਿਸ਼ਾ ਬਣਾਉਣ ਨਾਲ ਕਵਿਤਾ ਘਟੀਆ ਪੱਧਰ ਦੀ ਬਣ ਜਾਂਦੀ ਹੈ ਇਸ ਗੱਲ ਲਈ ਮੈਂ ਕਾਫੀ ਹੱਦ ਤੱਕ ਸਮੀਖਿਆਕਾਰਾਂ/ਆਲੋਚਕਾਂ ਨੂੰ ਜ਼ਿੰਮੇਵਾਰ ਸਮਝਦਾ ਹਾਂ ਕਿਉਂਕਿ ਉਹ ਭਾਰਤੀ ਕਵੀਆਂ ਨੂੰ ਅਜਿਹੀ ਕਿਸਮ ਦੀ ਨਿੱਜੀ ਪੱਧਰ ਦੀ ਕਵਿਤਾ ਲਿਖਣ ਲਈ ਹੀ ਉਤਸ਼ਾਹਿਤ ਕਰ ਰਹੇ ਹਨ

-----

ਪੰਜਾਬੀ ਕਵਿਤਾ ਦੇ ਆਲੋਚਕ/ਸਮੀਖਿਆਕਾਰ ਕਿਉਂਕਿ ਵਧੇਰੇ ਗਿਣਤੀ ਵਿੱਚ ਭਾਰਤ ਵਿੱਚ ਹੀ ਸਥਿਤ ਹਨ- ਇਸ ਲਈ ਉਹ ਭਾਰਤੀ ਕਵਿਤਾ ਦੇ ਮਾਪਦੰਢ ਹੀ ਵਿਦੇਸ਼ਾਂ ਵਿੱਚ ਲਿਖੀ ਜਾ ਰਹੀ ਕਵਿਤਾ ਦੀ ਸਮੀਖਿਆ/ਆਲੋਚਨਾ ਕਰਨ ਵੇਲੇ ਵੀ ਲਗਾਉਂਦੇ ਹਨਜਿਸ ਕਾਰਨ ਕੈਨੇਡੀਅਨ ਪੰਜਾਬੀ ਕਵਿਤਾ ਦੀ ਸਮੀਖਿਆ/ਆਲੋਚਨਾ ਕਰਨ ਵੇਲੇ ਵੀ ਉਹ ਭਾਰਤੀ ਕਵਿਤਾ ਦੇ ਮਾਪਦੰਢ ਹੀ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਨਪਰ ਕੁਝ ਹੱਦ ਤੱਕ ਅਜਿਹਾ ਕਰਦਿਆਂ ਉਨ੍ਹਾਂ ਦਾ ਕਸੂਰ ਵੀ ਨਹੀਂ; ਕਿਉਂਕਿ ਉਹ ਕੈਨੇਡਾ ਦੀਆਂ ਸਮਾਜਿਕ, ਸਭਿਆਚਾਰਕ, ਰਾਜਨੀਤਿਕ, ਆਰਥਿਕ, ਵਾਤਾਵਰਨ ਸਬੰਧੀ ਸਮੱਸਿਆਵਾਂ ਤੋਂ ਬਹੁਤੇ ਵਾਕਿਫ਼ ਨਹੀਂ ਹੁੰਦੇਉਨ੍ਹਾਂ ਨੇ ਇਨ੍ਹਾਂ ਸਮੱਸਿਆਵਾਂ ਬਾਰੇ ਜਾਂ ਤਾਂ ਅਖਬਾਰਾਂ, ਮੈਗਜ਼ੀਨਾਂ ਜਾਂ ਪੁਸਤਕਾਂ ਵਿੱਚ ਹੀ ਪੜ੍ਹਿਆ ਹੁੰਦਾ ਹੈ ਜਾਂ ਕਦੇ ਕਦਾਈਂ ਕੈਨੇਡਾ ਦੀ ਸੈਰ ਕਰਕੇ ਕੈਨੇਡਾ ਦੇ ਸਮਾਜ ਨੂੰ ਸੈਰ ਸਪਾਟੇ ਲਈ ਆਏ ਹੋਏ ਵਿਅਕਤੀ ਵਾਂਗ ਸਮਝਣ ਦੀ ਕੋਸ਼ਿਸ਼ ਕੀਤੀ ਹੁੰਦੀ ਹੈਉਨ੍ਹਾਂ ਨੂੰ ਕੈਨੇਡੀਅਨ ਸਮਾਜ ਵਿੱਚ ਵਧੇਰੇ ਸਮਾਂ ਵਿਚਰਨ ਦਾ ਮੌਕਾ ਨਹੀਂ ਮਿਲਿਆ ਹੁੰਦਾਇਸ ਲਈ ਉਨ੍ਹਾਂ ਨੂੰ ਕੈਨੇਡੀਅਨ ਸਮਾਜ ਦੀਆਂ ਸਮੱਸਿਆਵਾਂ ਦੀਆਂ ਗੁੰਝਲਾਂ ਦੀ ਵਧੇਰੇ ਸਮਝ ਨਹੀਂ ਹੁੰਦੀ ਅਤੇ ਨਾ ਹੀ ਉਨ੍ਹਾਂ ਨੂੰ ਕੈਨੇਡੀਅਨ ਮਾਨਸਿਕਤਾ ਦਾ ਹੀ ਡੂੰਘਾਈ ਵਿੱਚ ਗਿਆਨ ਹੁੰਦਾ ਹੈ ਭਾਰਤੀ ਸਮਾਜ ਵਿੱਚ ਰਹਿਣ ਵਾਲੇ ਮਨੁੱਖ ਦੀ ਵੱਖਰੀ ਮਾਨਸਿਕਤਾ ਹੋਣ ਵਾਂਗ ਕੈਨੇਡੀਅਨ ਸਮਾਜ ਵਿੱਚ ਰਹਿਣ ਵਾਲੇ ਲੋਕਾਂ ਦੀ ਵੀ ਵੱਖਰੀ ਮਾਨਸਿਕਤਾ ਹੁੰਦੀ ਹੈ; ਜਿਸਨੂੰ ਸਮਝੇ ਬਿਨ੍ਹਾਂ ਕੈਨੇਡੀਅਨ ਪੰਜਾਬੀ ਕਵੀਆਂ ਵੱਲੋਂ ਲਿਖੀ ਜਾ ਰਹੀ ਕਵਿਤਾ ਨੂੰ ਸਹੀ ਤਰ੍ਹੀ ਸਮਝਿਆ ਨਹੀਂ ਜਾ ਸਕਦਾ

-----

ਆਪਣੇ ਇਨ੍ਹਾਂ ਵਿਚਾਰਾਂ ਦੀ ਪੁਸ਼ਟੀ ਲਈ ਮੈਂ ਆਪਣੇ ਬਹਿਸ-ਪੱਤਰ ਵਿੱਚ ਕੈਨੇਡੀਅਨ ਪੰਜਾਬੀ ਕਵਿਤਾ ਨਾਲ ਸਬੰਧਤ ਅਜਿਹੇ ਅਨੇਕਾਂ ਹੀ ਵਿਸ਼ਿਆਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਬਾਰੇ ਕੈਨੇਡਾ ਦੇ ਕਵੀ ਖ਼ੂਬਸੂਰਤ ਰਚਨਾਵਾਂ ਲਿਖ ਰਹੇ ਹਨ ਅਤੇ ਜਿਨ੍ਹਾਂ ਬਾਰੇ ਗੰਭੀਰ ਸੰਵਾਦ ਛੇੜੇ ਜਾਣ ਦੀ ਲੋੜ ਹੈ; ਪਰ ਉਨ੍ਹਾਂ ਵਿਸਿ਼ਆਂ ਬਾਰੇ ਪੰਜਾਬੀ ਆਲੋਚਕ / ਸਮੀਖਿਆਕਾਰ ਜਾਂ ਤਾਂ ਬਿਲਕੁਲ ਹੀ ਚੁੱਪ ਹਨ ਜਾਂ ਬਹੁਤ ਘੱਟ ਵਿਚਾਰ ਪ੍ਰਗਟ ਕਰ ਰਹੇ ਹਨ

-----

ਗੰਭੀਰ ਸੰਵਾਦ ਦੀ ਮੰਗ ਕਰ ਰਹੇ ਕੈਨੇਡੀਅਨ ਪੰਜਾਬੀ ਕਵਿਤਾ ਨਾਲ ਸਬੰਧਤ ਵਿਸ਼ੇ :

1. ਪਰਵਾਸ ਦਾ ਸੰਕਟ, ਭੂ-ਹੇਰਵਾ ਅਤੇ ਹੋਂਦ ਦਾ ਮਸਲਾ :

ਕੈਨੇਡੀਅਨ ਪੰਜਾਬੀ ਕਵਿਤਾ ਵਿੱਚ ਹੋਂਦਦੇ ਸੁਆਲ ਬਾਰੇ ਵੀ ਅਨੇਕਾਂ ਪਰਤਾਂ ਰਾਹੀਂ ਚਰਚਾ ਛੇੜਿਆ ਗਿਆ ਹੈਇਹ ਹੋਂਦ ਦਾ ਸੁਆਲ ਅੰਤਰੀਵ ਤੌਰ ਉੱਤੇ ਵੀ ਅਤੇ ਬਾਹਰੀ ਤੌਰ ਉੱਤੇ ਵੀ ਜੁੜਿਆ ਰਹਿੰਦਾ ਹੈਇਸੇ ਅਹਿਸਾਸ ਵਿੱਚੋਂ ਹੀ ਭੂ-ਹੇਰਵਾ ਜਾਗਦਾ ਹੈਬੇਗਾਨੀ ਧਰਤੀ ਹੋਣ ਦਾ ਅਹਿਸਾਸ ਜਾਗਦਾ ਹੈ ਹੋਂਦ ਦੇ ਸਵਾਲ ਦਾ ਪਰਵਾਸ ਦਾ ਸੰਕਟ ਬਣਕੇ ਪਰਵਾਸੀ ਪੰਜਾਬੀਆਂ ਨੂੰ ਕਦਮ ਕਦਮ ਉੱਤੇ ਸਾਹਮਣਾ ਕਰਨਾ ਪੈਂਦਾ ਹੈਕੁਝ ਲੋਕ ਕੈਨੇਡਾ ਪ੍ਰਵਾਸ ਕਰਨ ਤੋਂ ਕੁਝ ਸਮੇਂ ਬਾਅਦ, ਕੁਝ ਹੱਦ ਤੱਕ, ਇਸ ਸਥਿਤੀ ਚੋਂ ਬਾਹਰ ਆ ਜਾਂਦੇ ਹਨ - ਪਰ ਕੁਝ ਲੋਕਾਂ ਲਈ ਇਸ ਸਥਿਤੀ ਵਿੱਚੋਂ ਬਾਹਰ ਨਿਕਲਣਾ ਅਸੰਭਵ ਹੋ ਜਾਂਦਾ ਹੈਵਿਸ਼ੇਸ਼ ਕਰਕੇ ਉਨ੍ਹਾਂ ਲੋਕਾਂ ਲਈ ਜੋ ਆਪਣੀ ਜ਼ਿੰਦਗੀ ਦਾ ਵਧੇਰੇ ਹਿੱਸਾ ਕੈਨੇਡਾ ਤੋਂ ਬਾਹਰ ਕਿਸੇ ਹੋਰ ਦੇਸ਼ ਵਿੱਚ ਬਿਤਾ ਕੇ ਆਏ ਹੁੰਦੇ ਹਨ

-----

ਨਵੇਂ ਦੇਸ਼ ਵਿੱਚ ਉਨ੍ਹਾਂ ਨੂੰ ਨਵੇਂ ਸਭਿਆਚਾਰ, ਨਵੀਆਂ ਸਮਾਜਿਕ, ਰਾਜਨੀਤਿਕ, ਆਰਥਿਕ ਸਥਿਤੀਆਂ ਅਤੇ ਵਾਤਾਵਰਨ ਸਬੰਧੀ ਹਾਲਤਾਂ ਦਾ ਸਾਹਮਣਾ ਕਰਨਾ ਪੈਂਦਾ ਹੈਕਈ ਸਥਿਤੀਆਂ ਵਿੱਚ ਤਾਂ ਇਹ ਹਾਲਤਾਂ ਇੰਨੀਆਂ ਕਠੋਰ ਹੁੰਦੀਆਂ ਹਨ ਕਿ ਮਨੁੱਖ ਮਾਨਸਿਕ ਤੌਰ ਉੱਤੇ ਬੁਰੀ ਤਰ੍ਹਾਂ ਟੁੱਟ ਜਾਂਦਾ ਹੈਵਿਸ਼ੇਸ਼ ਕਰਕੇ, ਮੂਲ ਦੇਸ਼ ਵਿੱਚ ਚੰਗੇ ਅਹੁਦਿਆਂ ਉੱਤੇ ਲੱਗੇ ਰਹੇ ਲੋਕਾਂ ਨੂੰ ਜਦੋਂ ਕੈਨੇਡਾ ਆ ਕੇ 7-7 ਡਾਲਰ ਪ੍ਰਤੀ ਘੰਟਾ ਦੇ ਕੰਮ ਦੀ ਤਲਾਸ਼ ਵਿੱਚ ਸਰੀਰ ਨੂੰ ਸੁੰਨ ਕਰ ਦੇਣ ਵਾਲੇ ਠੰਢੇ ਮੌਸਮ ਵਿੱਚ ਬਰਫ਼ਾਂ ਮਿੱਧਦੇ ਹੋਏ ਥਾਂ ਥਾਂ ਭਟਕਣਾ ਪੈਂਦਾ ਹੈ, ਕਦੀ ਇੱਕ ਅਤੇ ਕਦੀ ਦੂਜੇ ਦਫਤਰ ਵਿੱਚ ਨੌਕਰੀ ਲਈ ਅਰਜ਼ੀਆਂ ਦੇਣ ਲਈ ਖੱਜਲ ਖਵਾਰ ਹੋਣਾ ਪੈਂਦਾ ਹੈ; ਤਾਂ ਪ੍ਰਵਾਸੀ ਬਹੁਤ ਨਿਰਾਸਤਾ ਵਿੱਚ ਡੁੱਬ ਜਾਂਦੇ ਹਨ ਅਤੇ ਸੋਚਦੇ ਹਨ ਕਿ ਕੀ ਖੱਟਿਆ ਹੈ ਉਨ੍ਹਾਂ ਨੇ ਕੈਨੇਡਾ ਆ ਕੇ? ਪਰਵਾਸੀਆਂ ਨੂੰ ਮਜਬੂਰ ਹੋ ਕੇ ਹਰ ਤਰ੍ਹਾਂ ਦਾ ਕੰਮ ਕਰਨਾ ਪੈਂਦਾ ਹੈਇੰਡੀਆ ਵਿੱਚ ਪਰੋਫੈਸਰ, ਇੰਜਨੀਅਰ, ਡਾਕਟਰ, ਵਕੀਲ ਜਾਂ ਜੱਜ ਦੇ ਅਹੁਦੇ ਉੱਤੇ ਕੰਮ ਕਰਦੇ ਰਹੇ ਲੋਕਾਂ ਨੂੰ ਵੀ ਕੈਨੇਡਾ ਆ ਕੇ ਕਈ ਵਾਰ ਰੈਸਟੋਰੈਂਟਾਂ ਵਿੱਚ ਭਾਂਡੇ ਧੋਣ ਦਾ ਕੰਮ ਕਰਨਾ ਪੈਂਦਾ ਹੈ- ਜਾਂ ਗੈਸ ਪੰਪਾਂ ਉੱਤੇ ਕਾਰਾਂ / ਵੈਨਾਂ ਵਿੱਚ ਗੈਸ ਭਰਨ ਦਾ ਕੰਮ ਕਰਨਾ ਪੈਂਦਾ ਹੈ ਜਾਂ ਟੈਕਸੀ ਚਲਾਉਣੀ ਪੈਂਦੀ ਹੈਇੱਥੋਂ ਤੱਕ ਕਿ ਕਈ ਵਾਰੀ ਕਾਲਿਜ ਦੇ ਪ੍ਰਿੰਸੀਪਲ ਦੇ ਅਹੁਦੇ ਉੱਤੇ ਕੰਮ ਕਰਦੇ ਰਹੇ ਲੋਕਾਂ ਨੂੰ ਕੈਨੇਡਾ ਆ ਕੇ ਸਕਿਉਰਟੀ ਗਾਰਡ ਦਾ ਹੀ ਕੰਮ ਕਰਨਾ ਪੈਂਦਾ ਹੈਕਿਉਂਕਿ ਘਰ ਦਾ ਖਰਚਾ ਚਲਾਉਣ ਲਈ ਹਰ ਹੀਲੇ ਪੈਸੇ ਤਾਂ ਕਮਾਉਣੇ ਹੀ ਪੈਂਦੇ ਹਨਲੋਕ ਸਿਰਫ਼ ਇਸ ਆਸ ਉੱਤੇ ਹੀ ਹਰ ਕੰਮ ਸਵੀਕਾਰ ਕਰ ਲੈਂਦੇ ਹਨ ਕਿ ਕਦੀ ਤਾਂ ਉਨ੍ਹਾਂ ਨੂੰ ਆਪਣੀ ਪਸੰਦ ਦਾ ਰੁਜ਼ਗਾਰ ਮਿਲੇਗਾਭਾਵੇਂ ਕਿ ਕਈ ਵਾਰ ਇਸ ਆਸ ਉੱਤੇ ਹੀ ਉਨ੍ਹਾਂ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈਕਈ ਹਾਲਤਾਂ ਵਿੱਚ ਪ੍ਰਵਾਸੀਆਂ ਨੂੰ ਪਰਵਾਸ ਤੋਂ ਪਹਿਲਾਂ ਬਿਤਾਈ ਵਧੀਆ ਜ਼ਿੰਦਗੀ ਨੂੰ ਭੁੱਲਕੇ ਕੈਨੇਡਾ ਵਿੱਚ ਆਪਣੀ ਜ਼ਿੰਦਗੀ ਬਿਲਕੁਲ ਨਵੇਂ ਸਿਰੇ ਤੋਂ ਸ਼ੁਰੂ ਕਰਨੀ ਪੈਂਦੀ ਹੈ

-----

ਪਰਵਾਸ ਵਿੱਚ ਹੋਂਦ ਦੇ ਮਸਲੇ ਨੂੰ ਲੈ ਕੇ ਅਨੇਕਾਂ ਕੈਨੇਡੀਅਨ ਪੰਜਾਬੀ ਕਵੀਆਂ ਨੇ ਖ਼ੂਬਸੂਰਤ ਰਚਨਾਵਾਂ ਲਿਖੀਆਂ ਹਨਪੇਸ਼ ਹਨ ਕੁਝ ਅਰਥ ਭਰਪੂਰ ਉਦਾਹਰਣਾਂ:

1.ਬਾਲ ਭੁੱਲੇ, ਨੀਂਦ ਰੁੱਸੀ, ਨਾਰ ਵੀ ਗੁੰਮ-ਸੁੰਮ ਰਹੇ

ਮਿਲ ਰਹੀ ਕੀ ਕੀ ਨਾ ਮੈਨੂੰ, ‘ਘਰਬਣਾਵਣ ਦੀ ਸਜ਼ਾ

(ਕੁਲਵਿੰਦਰ ਖਹਿਰਾ)

-----

2.ਰੁੱਖ ਵਰਗਾ ਹੈ ਮੇਰਾ ਮੈਂ

ਪੁੱਟ ਕੇ ਕਿਸੇ ਪੰਜਾਬ ਦੀ ਧਰਤੀ ਤੋਂ

ਲਿਆ ਗੱਡਿਆ....ਸਮੁੰਦਰੋਂ ਪਾਰ

ਪਰ ਜੜ੍ਹਾਂ ਤਾਂ ਰਹਿ ਗਈਆਂ ਓਥੇ

ਪੱਤਰ ਸੁੱਕਦੇ ਜਾਂਦੇ ਰੁੱਖ ਨਿਰਜਿੰਦ ਜਿਹਾ ਕੀ ਰਚਨਾ?

ਸਾਰੇ ਪੱਤਰ-ਇਕ ਇਕ ਕਰਕੇ, ਝੜਦੇ ਪਏ

ਓੜਕ ਰੁੱਖ ਨੇ ਇਕ ਦਿਨ ਮੁੱਕ ਜਾਣੀ...

ਰੱਬ ਦੇ ਵਾਸਤੇ ਕਦੀ ਨਾ ਪੁੱਟਿਓ ਰੁੱਖ...

ਉਹ ਹੋਰ ਹੁੰਦੇ ਨੇ ਜੋ ਗਮਲਿਆਂ ਵਿਚ ਉੱਗਦੇ ਨੇ

ਮੇਰਾ ਰੁੱਖ ਤਾਂ ਧਰਤੀ ਨਹੀਂ ਫੜਦਾ

ਮੈਂ ਰੁੱਖ, ਧੁੱਪ, ਠੰਢ ਤੇ ਮੀਂਹ ਵਿੱਚ ਵੀ ਖੜ੍ਹਾ ਰਹਾਂ ਬਾਹਾਂ ਖਿਲਾਰੀ

ਕਦੇ ਨਾ ਸੁੱਕਾਂ ਜੇ ਜੜ੍ਹਹੀਣ ਨਾ ਕਰੇ ਕੋਈ...

(‘ਮੈਂ’ - ਹਰਭਜਨ ਸਿੰਘ ਮਾਂਗਟ)

-----

3.ਕੋਈ ਵੀ ਥਾਂ ਮਿਲੀ ਨਾ ਬਰਸਣ ਨੂੰ

ਇਹ ਘਟਾ ਭਟਕਦੀ ਰਹੀ ਥਲ ਥਲ

(ਭੂਪਿੰਦਰ ਦੁਲੇ)

-----

4 ਕਮਰੇ ਦੇ ਵਿਚ

ਬਰਫ਼ ਪਈ ਹੈ

ਤੇ ਬਾਹਰ ਵੀਬਾਹਰ ਦੀ ਸਰਦੀ

ਤੋਂ ਡਰਦੇ

ਹੌਲੀ ਹੌਲੀ

ਖਿੜਕੀ ਬੰਦ ਕਰਦੇ ਹਾਂ

ਪਰ ਜਦ

ਦਮ ਘੁੱਟਦਾ ਹੈ

ਮੁੜ ਖਿੜਕੀ ਵਲ ਨਸਦੇ ਹਾਂ

ਨਾ ਬੰਦ ਖਿੜਕੀ ਵਿੱਚ ਹੀ

ਹੁਣ ਅਪਣਾ ਘਰ ਹੈ

ਤੇ ਨਾ ਖਿੜਕੀ ਤੋਂ ਬਾਹਰ

(‘ਅਸੀਂ ਦਰਸ਼ਕ ਹਾਂ’ - ਸੁਖਿੰਦਰ)

-----

5.ਜਸ਼ਨਾਂ ਚ ਤੁਸੀਂ

ਦਸਤਾਨਿਆਂ ਨਾਲ ਹੱਥ ਮਿਲਾਉਂਦੇ ਹੋ

ਹਉਮੈ ਨੂੰ ਜੱਫ਼ੀ ਪਾਉਂਦੇ ਹੋ

ਬੈਂਕ-ਖ਼ਾਤਿਆਂ ਦੀ ਸੁੱਖ-ਸਾਂਦ ਪੁੱਛਦਿਆਂ

ਗਲਾਸ ਬਹਿਰੇ ਦੀ ਟਰੇਅ ਚੋਂ ਚੁੱਕਦਿਆਂ

ਵਸਤ ਬਣ ਗਏ ਬੰਦਿਆਂ ਨਾਲ ਸੰਵਾਦ ਰਚਾਉਂਦੇ ਹੋ

ਤੁਸੀਂ ਅੰਦਰੋਂ ਅੰਦਰੀ ਮਹਿਸੂਸ ਕਰਦੇ ਹੋ

ਦੇਖ ਕੇ ਇਹ ਝਾਕੀ

ਕਿ ਇਨਸਾਨ ਨੂੰ ਤਾਂ ਨਿਗਲ ਗਿਆ ਕੋਈ ਦੈਂਤ

ਬੁੱਤ, ਬਸਤਰ ਤੇ ਜ਼ੇਵਰ ਬਚੇ ਨੇ ਬਾਕੀ

(‘ਪਛਾਣ’ - ਜਸਬੀਰ ਮਾਹਲ)

------

6.ਬਰਫ਼ ਪਏਗੀ

ਬਰਫ਼ ਦੇ ਅੰਬਾਰ ਖੁਰ ਜਾਣਗੇ

ਤੂਫਾਨ ਆਉਣਗੇ

ਝੰਜੋੜਣਗੇ ਆਲ੍ਹਣੇ ਦੀ ਜਾਨ ਬਹੁਤ

ਪਰ ਨਿਰਾਸ਼ ਤੁਰ ਜਾਣ ਗੇ

ਜਿਊਣ ਦਾ ਹੀਆ ਅਤੇ ਅਹਿਸਾਸ

ਹੀ ਤਾਂ ਇਕ ਗੱਲ ਹੈ

ਜੋ ਸੱਚ ਗੱਲ ਹੈ

(‘ਅਰਜ਼’ - ਪੁਸ਼ਪ ਦੀਪ)

-----

7.ਕੁਝ ਲੋਗ

ਬਰਫ਼ ਹੇਠਾਂ

ਦੱਬ ਹੋਏ ਡਾਲਰ

ਕੱਢ ਰਹੇ ਹਨ

ਕੁਝ ਡਾਲਰ

ਲੋਕਾਂ ਨੂੰ ਦੱਬ ਹੁੰਦੇ ਹੋਏ

ਦੇਖ ਰਹੇ ਹਨ

ਫਿਰ ਵੀ ਸਭ ਖ਼ੁਸ਼ ਲਗਦੇ ਹਨ

(‘ਚਮਤਕਾਰੀ ਬਰਫ਼’ - ਜਸਬੀਰ ਕਾਲਰਵੀ)

*****

ਚਲਦਾ

No comments: