ਲੇਖ
ਸ਼ਰਾਬ, ਜ਼ੁਲਫ਼ਾਂ ਅਤੇ ਖ਼ੂਬਸੂਰਤ ਚਿਹਰਿਆਂ ਬਾਰੇ ਗ਼ਜ਼ਲਾਂ ਲਿਖੀ ਜਾਣ ਦਾ ਸਮਾਂ ਬੀਤ ਚੁੱਕਾ ਹੈ। ਸਾਡੇ ਸਮਿਆਂ ਦੀ ਗ਼ਜ਼ਲ ਆਪਣੀ ਜਿੰਮੇਵਾਰੀ ਨੂੰ ਪਹਿਚਾਣਦਿਆਂ ਹੋਇਆਂ ਆਮ ਮਨੁੱਖ ਨੂੰ ਰੌਜ਼ਾਨਾ ਜ਼ਿੰਦਗੀ ਵਿੱਚ ਪੇਸ਼ ਆ ਰਹੀਆਂ ਰਾਜਨੀਤਿਕ, ਸਮਾਜਿਕ, ਆਰਥਿਕ, ਧਾਰਮਿਕ ਅਤੇ ਦਾਰਸ਼ਨਿਕ ਸਮੱਸਿਆਵਾਂ ਦਾ ਚਿਤਰਣ ਕਰਦੀ ਹੈ। ਕੈਨੇਡੀਅਨ ਪੰਜਾਬੀ ਗ਼ਜ਼ਲਗੋ ਮਹਿੰਦਰਪਾਲ ਸਿੰਘ ਪਾਲ ਵੱਲੋਂ 2008 ਵਿੱਚ ਪ੍ਰਕਾਸ਼ਿਤ ਕੀਤੇ ਗਏ ਗ਼ਜ਼ਲ ਸੰਗ੍ਰਹਿ ‘ਖ਼ਾਮੋਸ਼ੀਆਂ’ ਵਿੱਚ ਕੁਝ ਅਜਿਹੇ ਮੁਹਾਂਦਰੇ ਵਾਲੀਆਂ ਹੀ ਗ਼ਜ਼ਲਾਂ ਪੜ੍ਹਨ ਨੂੰ ਮਿਲਦੀਆਂ ਹਨ। ਇਨ੍ਹਾਂ ਗ਼ਜ਼ਲਾਂ ਦੇ ਸ਼ਿਅਰਾਂ ਦੀ ਰਚਨਾ ਕਰਨ ਵੇਲੇ ਮਹਿੰਦਰਪਾਲ ਸਿੰਘ ਪਾਲ, ਮਹਿਜ਼, ਸ਼ਬਦਾਂ ਦਾ ਚੋਹਲਪਣ ਕਰਕੇ ਹੀ ਪਾਠਕ ਦਾ ਸਮਾਂ ਜ਼ਾਇਆ ਨਹੀਂ ਕਰਦਾ; ਬਲਕਿ ਇੱਕ ਚੇਤੰਨ ਲੇਖਕ ਹੋਣ ਦਾ ਪ੍ਰਮਾਣ ਦਿੰਦਿਆਂ ਉਹ ਜ਼ਿੰਦਗੀ ਦੇ ਹਰ ਖੇਤਰ ਵਿੱਚ ਭ੍ਰਿਸ਼ਟਾਚਾਰ ਫੈਲਾਉਣ ਵਾਲਿਆਂ ਦੀ ਨਿਸ਼ਾਨਦੇਹੀ ਕਰਨ ਦੀ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੈ।
-----
ਮਹਿੰਦਰਪਾਲ ਸਿੰਘ ਪਾਲ ਦੇ ਗ਼ਜ਼ਲ ਸੰਗ੍ਰਹਿ ‘ਖ਼ਾਮੋਸ਼ੀਆਂ’ ਵਿੱਚ ਸ਼ਾਮਿਲ ਉਸ ਦੀਆਂ ਗ਼ਜ਼ਲਾਂ ਬਾਰੇ ਚਰਚਾ ਉਸ ਦੇ ਇਸ ਖ਼ੂਬਸੂਰਤ ਸ਼ੇਅਰ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ:
ਕੌਣ ਹੈ ਅਸਲੀ ਕੌਣ ਹੈ ਨਕਲੀ, ਕਿੰਜ ਕੋਈ ਪਹਿਚਾਣ ਕਰੇ,
ਚਿਹਰੇ ਉੱਤੇ ਚਿਹਰਾ ਲਾ ਕੇ ਲੋਕੀਂ ਫਿਰਦੇ ਵੇਖੇ ਮੈਂ।
ਦਰਅਸਲ, ਮਹਿੰਦਰਪਾਲ ਸਿੰਘ ਪਾਲ ਦੀ ਸਾਰੀ ਦੌੜ ਉਨ੍ਹਾਂ ‘ਨਕਲੀ’ ਲੋਕਾਂ ਦੀ ਨਿਸ਼ਾਨਦੇਹੀ ਕਰਨ ਦੀ ਹੈ; ਜੋ ਕਿ ਸਾਡੀਆਂ ਸਮਾਜਿਕ, ਸਭਿਆਚਾਰਕ, ਰਾਜਨੀਤਿਕ, ਧਾਰਮਿਕ ਅਤੇ ਵਿੱਦਿਅਕ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਨੂੰ ਭਰਿਸ਼ਟਾਚਾਰ ਦੀ ਚਾਸ਼ਨੀ ਵਿੱਚ ਡੋਬ ਕੇ ਆਪਣੇ ਨਿੱਜੀ ਲਾਭ ਉਠਾਉਣ ਲਈ ਯਤਨਸ਼ੀਲ ਹਨ। ਮਹਿੰਦਰਪਾਲ ਨੂੰ ਅਜਿਹੇ ਮੁਖੌਟਾਧਾਰੀ ਲੋਕਾਂ ਨਾਲ ਕੋਈ ਹਮਦਰਦੀ ਨਹੀਂ। ਉਸ ਦੀ ਨਿਗਾਹ ਵਿੱਚ ਅਜਿਹੇ ਮੁਖੌਟਾਧਾਰੀ ਲੋਕ ਹੀ ਵਿਸ਼ਵ ਦੇ ਕੋਨੇ ਕੋਨੇ ਵਿੱਚ ਫੈਲ ਰਹੀ ਵਹਿਸ਼ਤ ਅਤੇ ਦਰਿੰਦਗੀ ਲਈ ਜ਼ਿੰਮੇਵਾਰ ਹਨ। ਉਹ ਇਨ੍ਹਾਂ ਭਰਿਸ਼ਟ ਲੋਕਾਂ ਨੂੰ ਵਿਸ਼ਵ-ਅਮਨ ਭੰਗ ਕਰਨ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਸਮਝਦਾ ਹੈ। ਉਹ ਇਸ ਗੱਲ ਨੂੰ ਵੀ ਪੂਰੀ ਤਰ੍ਹਾਂ ਸਮਝਦਾ ਹੈ ਕਿ ਇਹੀ ਫਨੀਅਰ ਸੱਪ ਮਨੁੱਖਾਂ ਦੇ ਮੁਖੌਟੇ ਪਾ ਕੇ ਮੰਦਿਰਾਂ, ਮਸਜਿਦਾਂ, ਗਿਰਜਿਆਂ ਅਤੇ ਗੁਰਦੁਆਰਿਆਂ ਵਿੱਚ ਜ਼ਹਿਰ ਭਰੇ ਫੁੰਕਾਰੇ ਮਾਰਦੇ ਹਨ। ਇਹੀ ਗੱਲ ਮਹਿੰਦਰਪਾਲ ਆਪਣੇ ਇਨ੍ਹਾਂ ਖ਼ੂਬਸੂਰਤ ਸ਼ਿਅਰਾਂ ਰਾਹੀਂ ਕਹਿ ਰਿਹਾ ਹੈ:
ਓੜ੍ਹ ਕੇ ਚਾਦਰ ਇਹ ਧਰਮਾਂ ਤੇ ਮਜ੍ਹਬਾਂ ਦੀ,
ਘੋਰ ਤਸ਼ੱਦਦ ਇਕ ਦੂਜੇ ‘ਤੇ ਕਰਦੇ ਨੇ।
-----
ਕੋਈ ਧਰਮ ਸਿਖਾਂਦਾ ਨਹੀਂ ਕਹਿੰਦੇ ਬੰਦੇ ਸੰਗ ਬੰਦਾ ਵੈਰ ਕਰੇ,
ਫਿਰ ਕਿਉਂ ਇਹ ਧਰਮਾਂ ਵਾਲੇ ਹੀ ਆਪੋ ਵਿੱਚ ਖਹਿ ਖਹਿ ਮਰਦੇ ਨੇ।
-----
ਫਿਰਦਾ ਕੌਣ ਮਦਾਰੀ ਇੱਥੇ,
ਬੁੱਕਲ ਦੇ ਵਿੱਚ ਸੱਪ ਲੁਕਾਇਆ।
-----
ਧਰਮ ਦੀ ਸਥਾਪਨਾ ਮਨੁੱਖ ਨੂੰ ਆਤਮਿਕ ਤੌਰ ਉੱਤੇ ਤਾਕਤਵਰ ਬਣਾਉਂਣ ਲਈ ਕੀਤੀ ਗਈ ਹੋਵੇਗੀ। ਮਨੁੱਖ ਦੇ ਹੋਰਨਾਂ ਮਨੁੱਖਾਂ ਨਾਲ ਪੈਦਾ ਹੋਣ ਵਾਲੇ ਸਬੰਧਾਂ ਨੂੰ ਸਾਂਝ ਅਤੇ ਮਿਲਵਰਤਣ ਦੀ ਭਾਵਨਾ ਉੱਤੇ ਆਧਾਰਤ ਕਰਨ ਲਈ ਸਾਰਥਿਕ ਦਿਸ਼ਾ ਦੇਣ ਵਾਸਤੇ ਕੁਝ ਨਿਯਮਾਂ ਦੀ ਉਸਾਰੀ ਕੀਤੀ ਗਈ ਹੋਵੇਗੀ। ਪਰ ਅਜੋਕੇ ਸਮਿਆਂ ਵਿੱਚ ਧਰਮ ਦੇ ਨਿਰਧਾਰਤ ਕੀਤੇ ਗਏ ਅਜਿਹੇ ਅਰਥ ਗਵਾਚ ਚੁੱਕੇ ਹਨ। ਬਲਕਿ, ਨਿੱਜੀ ਮੁਫ਼ਾਦਾਂ ਖਾਤਿਰ ਧਰਮ ਨੂੰ ਬਿਲਕੁਲ ਹੀ ਇਸ ਦੇ ਮੂਲ ਅਰਥਾਂ ਦੇ ਉਲਟ ਅਰਥਾਂ ਵਿੱਚ ਵਰਤਿਆ ਜਾ ਰਿਹਾ ਹੈ। ਧਰਮ ਨੂੰ ਪਿਆਰ ਅਤੇ ਮਿਲਵਰਤਣ ਦੀ ਭਾਵਨਾ ਪੈਦਾ ਕਰਨ ਦੀ ਥਾਂ ਈਰਖਾ ਅਤੇ ਨਫ਼ਰਤ ਪੈਦਾ ਕਰਨ ਲਈ ਵਰਤਿਆ ਜਾ ਰਿਹਾ ਹੈ। ਮਹਿੰਦਰਪਾਲ ਜਦੋਂ ਇਹੀ ਗੱਲ ਆਪਣੇ ਸ਼ਿਅਰਾਂ ਰਾਹੀਂ ਕਹਿੰਦਾ ਹੈ ਤਾਂ ਇਸੇ ਲਈ ਉਸਦੀ ਗੱਲ ਓਪਰੀ ਨਹੀਂ ਲੱਗਦੀ:
ਹੋ ਗਿਆ ਤਕਸੀਮ ਬੰਦਾ ਧਰਮ ਤੇ ਨਸਲਾਂ ਦੇ ਵਿਚ,
ਪੱਥਰਾਂ ਨੂੰ ਪੂਜਦਾ ਪਰ ਦਿਲ ਦੇ ਮੰਦਰ ਢਾਹ ਰਿਹਾ।
-----
ਪਾਠ ਪੂਜਾ ਕਰ ਲਏ ਮਾਲਾ ਤੇ ਮੰਦਰ ਪੜ੍ਹ ਲਏ,
ਨਫ਼ਰਤਾਂ ਦਾ ਨ੍ਹੇਰ ਫਿਰ ਵੀ ਦਿਲ ‘ਚੋਂ ਨਾ ਐਪਰ ਗਿਆ।
-----
ਕਰਦੇ ਨੇ ਉਹ ਗੱਲਾਂ ਧਰਮ ਇਮਾਨ ਦੀਆਂ,
ਕਾਰੇ ਜੀਕਣ ਹੋਣ ਅਜੰਟ ਸ਼ਤਾਨਾਂ ਦੇ।
-----
ਛੇੜਨ ਝਗੜੇ ਧਰਮਾਂ ਦੇ ਤੇ ਨਸਲਾਂ ਦੇ,
ਰਹਿ ਨਾ ਸਕਦੇ ਲੋਕ ਕਿਉਂ ਇਨਸਾਨਾਂ ਵਾਂਗ।
-----
ਪਰ ਜਦੋਂ ਤੱਕ ਧਰਮ ਦੇ ਨਾਮ ਉੱਤੇ ਲੋਕਾਂ ਵਿੱਚ ਨਫ਼ਰਤ ਫੈਲਾ ਕੇ ਉਨ੍ਹਾਂ ਨੂੰ ਇੱਕ ਦੂਜੇ ਵਿਰੁੱਧ ਲੜਾਉਣ ਵਾਲੇ ਸ਼ੈਤਾਨਾਂ ਦੇ ਅਜੰਟਾਂ ਦੀ ਮਾਨਸਿਕਤਾ ਪਿੱਛੇ ਛੁਪੇ ਕਾਰਨਾਂ ਨੂੰ ਸਮਝਿਆ ਨਹੀਂ ਜਾਂਦਾ ਉਦੋਂ ਤੱਕ ਉਨ੍ਹਾਂ ਦੇ ਮਨਸੂਬਿਆਂ ਨੂੰ ਵੀ ਸਮਝਿਆ ਨਹੀਂ ਜਾ ਸਕਦਾ; ਉਦੋਂ ਤੱਕ ਉਨ੍ਹਾਂ ਦੀਆਂ ਅੰਦਰੂਨੀ ਇਛਾਵਾਂ ਨੂੰ ਵੀ ਸਮਝਿਆ ਨਹੀਂ ਜਾ ਸਕਦਾ। ਇੱਕ ਚੇਤੰਨ ਲੇਖਕ ਦਾ ਕੰਮ ਅਜਿਹੇ ਭ੍ਰਿਸ਼ਟ ਧਰਮੀਆਂ ਦੇ ਭ੍ਰਿਸ਼ਟ ਇਰਾਦਿਆਂ ਨੂੰ ਸਮਝ ਕੇ ਆਮ ਲੋਕਾਂ ਨੂੰ ਆਪਣੀਆਂ ਰਚਨਾਵਾਂ ਰਾਹੀਂ ਜਾਣਕਾਰੀ ਦੇਣੀ ਹੁੰਦੀ ਹੈ। ਇਸ ਕਾਰਜ ਨੂੰ ਮਹਿੰਦਰਪਾਲ ਵੀ ਪੂਰੀ ਇਮਾਨਦਾਰੀ ਨਾਲ ਨਿਭਾਅ ਰਿਹਾ ਜਾਪਦਾ ਹੈ। ਇਸ ਗੱਲ ਦੀ ਗਵਾਹੀ ਉਸ ਦੇ ਲਿਖੇ ਸ਼ਿਅਰ ਦੇ ਰਹੇ ਹਨ:
ਮਜ਼ਹਬ ਤੇ ਈਮਾਨ ਵੀ ਯਾਰੋ,
ਬਣਿਆ ਅੱਜ ਵਿਉਪਾਰ ਹੈ ਕਿਉਂ?
-----
ਸਾਨੂੰ ਆਖਣ ਮਾਇਆ ਜੜ੍ਹ ਹੈ ਬਿਪਤਾ ਦੀ,
ਖ਼ੁਦ ਐਪਰ ਇਹ ਪੈਸੇ ਪਿੱਛੇ ਭੱਜਦੇ ਨੇ।
----
ਗੁਰੂਘਰਾਂ ਵਿੱਚ ਪਾਪ ਕਮਾਈ ਜਾਂਦੇ ਨੇ,
ਵਾਰੇ ਜਾਈਏ ਅਜਕਲ ਦੇ ਪ੍ਰਧਾਨਾਂ ਦੇ।
-----
ਜੋ ਵੀ ਧਰਮਾਂ ਦੇ ਰਖਵਾਲੇ ਬਣ ਜਾਂਦੇ,
ਖ਼ੁਦ ਨੂੰ ਸਮਝਣ ਲਗ ਜਾਂਦੇ ਭਗਵਾਨਾਂ ਵਾਂਗ।
ਗੁਰਦੁਆਰਿਆਂ ਦੇ ਪ੍ਰਧਾਨ ਅਤੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰ ਭੰਗ, ਚਰਸ, ਅਫੀਮ, ਕਰੈਕ ਅਤੇ ਕੁਕੈਨ ਦੀ ਸਮਗਲਿੰਗ ਕਰਦੇ ਫੜੇ ਜਾ ਰਹੇ ਹਨ। ਹਥਿਆਰਾਂ ਦੀ ਸਮਗਲਿੰਗ ਕਰਨ ਵਿੱਚ ਤਾਂ ਇਨ੍ਹਾਂ ਦਾ ਚਰਚਾ ਆਮ ਹੀ ਹੁੰਦਾ ਰਹਿੰਦਾ ਹੈ। ਪਰ ਅਜੋਕੇ ਸਮਿਆਂ ਵਿੱਚ ਰਾਗੀ, ਗਰੰਥੀ, ਢਾਡੀ, ਪ੍ਰਚਾਰਕ ਜਾਂ ਖਿਡਾਰੀਆਂ ਦੇ ਰੂਪ ਵਿੱਚ ਗ਼ੈਰ-ਕਾਨੂੰਨੀ ਤੌਰ ਉੱਤੇ ਮਨੁੱਖਾਂ ਦੀ ਸਮਗਲਿੰਗ ਕਰਨ ਵਿੱਚ ਅਤੇ ਇਸ ਤਰ੍ਹਾਂ ਲੱਖਾਂ ਡਾਲਰ ਕਾਲਾ ਧੰਨ ਕਮਾਉਣ ਲਈ ਵੀ ਉਨ੍ਹਾਂ ਦਾ ਪੰਜਾਬੀ ਮੀਡੀਆ ਵਿੱਚ ਚਰਚਾ ਹੁੰਦਾ ਹੀ ਰਹਿੰਦਾ ਹੈ। ਪੰਜਾਬ, ਇੰਡੀਆ ਵਿੱਚ ਪਿਛਲੇ ਤਕਰੀਬਨ ਤਿੰਨ ਦਹਾਕਿਆਂ ਦੌਰਾਨ ਫੈਲ ਰਹੇ ਆਤੰਕਵਾਦ ਦੇ ਸਮੇਂ ਦੌਰਾਨ ਸਿੱਖ ਧਰਮ ਅਤੇ ਪੰਜਾਬੀ ਸਭਿਆਚਾਰ ਦੇ ਆਪੇ ਹੀ ਬਣੇ ਰਖਵਾਲਿਆਂ ਨੇ ਹਜ਼ਾਰਾਂ ਹੀ ਲੋਕਾਂ ਦਾ, ਮਹਿਜ਼, ਇਸੇ ਲਈ ਹੀ ਕਤਲ ਕਰ ਦਿੱਤਾ ਕਿ ਉਹ ਇਨ੍ਹਾਂ ਲੋਕਾਂ ਵੱਲੋਂ ਆਪਣੇ ਨਿੱਜੀ ਮਨਸੂਬਿਆਂ ਦੀ ਪ੍ਰਾਪਤੀ ਹਿਤ ਸਿੱਖ ਧਰਮ ਅਤੇ ਪੰਜਾਬੀ ਸਭਿਆਚਾਰ ਦੀਆਂ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਦੀ ਥਾਂ ਤੰਗ ਸੋਚ ਵਾਲੇ ਕੱਢੇ ਗਏ ਅਰਥਾਂ ਨੂੰ ਮੰਨਣ ਤੋਂ ਇਨਕਾਰੀ ਸਨ। ਸਿੱਖ ਗੁਰੂਆਂ ਦੇ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਵਾਲੇ ਵਿਚਾਰਾਂ ਨੂੰ ਵੀ ਇਹ ਆਤੰਕਵਾਦੀ, ਮਹਿਜ਼, ਇਸ ਲਈ ਹੀ ਆਪਣੇ ਪੈਰਾਂ ਹੇਠ ਰੋਲ ਰਹੇ ਸਨ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉਹ ਕੁਝ ਪਲਾਂ ਲਈ ਆਪਣੇ ਆਪਨੂੰ ਸਰਬਸ਼ਕਤੀਮਾਨ ਹੋਣ ਦਾ ਦਾਹਵਾ ਕਰ ਸਕਦੇ ਸਨ। ਅਜੋਕੇ ਸਮਿਆਂ ਵਿੱਚ ਜੇਕਰ ਲੋਕ ਧਰਮ ਤੋਂ ਦੂਰ ਹੋ ਰਹੇ ਹਨ ਤਾਂ ਇਸਦਾ ਮੂਲ ਕਾਰਨ ਵੀ ਇਹੀ ਹੈ ਕਿ ਧਾਰਮਿਕ ਜਨੂੰਨਵਾਦੀਆਂ ਨੇ ਧਰਮ ਨੂੰ ਪਿਆਰ ਦਾ ਸੁਨੇਹਾ ਦੇਣ ਵਾਲਾ ਬਨਾਉਣ ਦੀ ਥਾਂ ਉੱਤੇ ਨਫ਼ਰਤਾਂ ਦਾ ਪ੍ਰਚਾਰਕ ਬਣਾ ਧਰਿਆ ਹੈ। ਇਸ ਹਕੀਕਤ ਨੂੰ ਮਹਿੰਦਰਪਾਲ ਵੀ ਚੰਗੀ ਤਰ੍ਹਾਂ ਸਮਝਦਾ ਹੈ; ਤਾਂ ਹੀ ਤਾਂ ਉਹ ਇਸ ਖ਼ੂਬਸੂਰਤ ਸ਼ਿਅਰ ਦੀ ਰਚਨਾ ਕਰ ਸਕਿਆ ਹੈ:
ਉਹ ਧਰਮ ਜੋ ਇਨਸਾਨ ਨੂੰ ਨਫ਼ਰਤਾਂ ਹੈ ਵੰਡਦਾ,
ਉਸ ਧਰਮ ਤੋਂ ਤਾਂ ਆਦਮੀ ਦੂਰ ਬੇਸ਼ੱਕ ਹੋ ਚਲੇ।
-----
ਇਹ ਸਭ ਕੁਝ ਆਦਮੀ ਤੋਂ ਉਸ ਅੰਦਰ ਜਾਗੀ ਪੈਸੇ ਦੀ ਭੁੱਖ ਕਰਵਾ ਰਹੀ ਹੈ। ਪੈਸੇ ਦੀ ਭੁੱਖ ਦੇ ਨਾਲ ਨਾਲ ਤਾਕਤ ਦੀ ਭੁੱਖ ਵੀ ਬੰਦੇ ਤੋਂ ਇਹ ਸਭ ਕੁਝ ਕਰਵਾਂਦੀ ਹੈ। ਧਰਮ ਅਤੇ ਸਿਆਸਤ ਇਕੱਠੇ ਹੋ ਰਹੇ ਹਨ; ਲੋਕ-ਕਲਿਆਣ ਲਈ ਨਹੀਂ- ਲੋਕਾਂ ਵਿੱਚ ਦਹਿਸ਼ਤ ਫੈਲਾਅ ਕੇ ਰਾਜਸੀ ਤਾਕਤ ਹਥਿਆਣ ਅਤੇ ਉਸ ਨੂੰ ਬਰਕਰਾਰ ਰੱਖਣ ਲਈ। ਭਾਵੇਂ ਇਹ ਕੋਈ ਨਵੀਂ ਗੱਲ ਨਹੀਂ। ਭਾਰਤੀ ਸਮਾਜ ਵਿੱਚ ਤਾਂ ਹਜ਼ਾਰਾਂ ਸਾਲਾਂ ਤੋਂ ਧਰਮ ਅਤੇ ਸਿਆਸਤ ਦੀ ਜੁੰਡਲੀ ਫਨੀਅਰ ਸੱਪ ਦਾ ਰੂਪ ਧਾਰਨ ਕਰਕੇ ਆਮ ਲੋਕਾਂ ਦੇ ਸਾਹ ਖਿੱਚਦੀ ਰਹੀ ਹੈ। ਅੱਜ ਅਸੀਂ ਦੁਨੀਆਂ ਦੇ ਕੋਨੇ ਕੋਨੇ ਵਿੱਚ ਦੇਖ ਰਹੇ ਹਾਂ ਕਿ ਅਲ-ਕਾਇਦਾ, ਤਾਲਿਬਾਨ ਅਤੇ ਅਜਿਹੀਆਂ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਦੀਆਂ ਖ਼ੂੰਖਾਰ ਸੰਸਥਾਵਾਂ ਕਿਸ ਤਰ੍ਹਾਂ ਮਨੁੱਖੀ ਤਬਾਹੀ ਮਚਾ ਰਹੀਆਂ ਹਨ। ਇਨ੍ਹਾਂ ਕੋਲ ਏਨੇ ਖ਼ਤਰਨਾਕ ਹਥਿਆਰ ਕਿੱਥੋਂ ਆ ਰਹੇ ਹਨ? ਜ਼ਾਹਿਰ ਹੈ ਕਿ ਵਿਸ਼ਵ ਦੇ ਕੁਝ ਦੇਸ਼, ਮਹਿਜ਼, ਆਪਣੇ ਹਥਿਆਰ ਵੇਚਣ ਅਤੇ ਡਾਲਰ ਕਮਾਉਣ ਲਈ ਉਨ੍ਹਾਂ ਖੂੰਖਾਰ ਕਾਤਲਾਂ ਨੂੰ ਹਰ ਤਰ੍ਹਾਂ ਦੇ ਹਥਿਆਰ ਦੇ ਰਹੇ ਹਨ। ਉਨ੍ਹਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਕਿ ਉਹ ਹਥਿਆਰ ਕਿੱਥੇ ਵਰਤੇ ਜਾਂਦੇ ਹਨ। ਮਹਿੰਦਰਪਾਲ ਵੀ ਆਪਣੇ ਸ਼ਿਅਰਾਂ ਰਾਹੀਂ ਇਸ ਗੱਲ ਵੱਲ ਸਾਡਾ ਧਿਆਨ ਦਵਾਉਂਦਾ ਹੈ:
ਬੰਦੂਕ ਕੋਈ ਵੇਚਦਾ ਹੈ ਬੰਬ ਕੋਈ ਵੇਚਦਾ,
ਸੌਦਾਗਰਾਂ ਕੀਤੇ ਸ਼ੁਰੂ ਹੈ ਅਜਬ ਹੁਣ ਸਿਲਸਿਲੇ।
-----
ਅਜੋਕੇ ਸਮਿਆਂ ਦਾ ਦਸਤੂਰ ਜਿੱਥੇ ਕਿ ਮੁਖੌਟੇਬਾਜ਼ੀ ਬਣ ਚੁੱਕਾ ਹੈ; ਉੱਥੇ ਹੀ ਜਨਤਾ ਦੀ ਸੇਵਾ ਕਰਨ ਦੇ ਨਾਮ ਉੱਤੇ ਪੈਸੇ ਬਟੋਰਨਾ ਹੈ। ਅਜਿਹੇ ਅਖੌਤੀ ਲੀਡਰਾਂ ਬਾਰੇ ਮਹਿੰਦਰਪਾਲ ਵੀ ਲੋਕਾਂ ਨੂੰ ਚੇਤੰਨ ਕਰਦਾ ਹੈ:
ਬਣ ਜਾਂਦੇ ਨੇ ਲੀਡਰ ਕਹਿੰਦੇ ਸੇਵਾ ਕਰਨੀ ਜਨਤਾ ਦੀ,
ਜਨਤਾ ਦੇ ਪੈਸੇ ਨਾ ਲੇਕਿਨ ਜੇਬਾਂ ਭਰਦੇ ਵੇਖੇ ਮੈਂ।
-----
ਪ੍ਰਚਾਰ ਤੇਰਾ ਕਿੰਜ ਮੰਨਾਂ ਰਹਿਬਰਾ,
ਜਦ ਅਮਲ ਖ਼ੁਦ ਤੇਰੇ ਤੋਂ ਹੋਇਆ ਨਹੀਂ।
-----
ਅਜਿਹੇ ਲੀਡਰਾਂ ਦੀ ਚੜ੍ਹਤ ਕਾਰਨ ਹਰ ਪਾਸੇ ਭ੍ਰਿਸ਼ਟਾਚਾਰ ਦਾ ਹੀ ਬੋਲਬਾਲਾ ਹੈ। ਹਰ ਪਾਸੇ ਰਿਸ਼ਵਤਖੋਰੀ ਅਤੇ ਕੁਰੱਪਸ਼ਨ ਹੈ। ਅਜਿਹੇ ਪ੍ਰਦੂਸ਼ਿਤ ਹੋ ਚੁੱਕੇ ਮਾਹੌਲ ਵਿੱਚ ਕਾਨੂੰਨ ਵੀ ਇਸ ਦੇ ਪ੍ਰਭਾਵ ਤੋਂ ਕਿਵੇਂ ਬਚਿਆ ਰਹਿ ਸਕਦਾ ਹੈ। ਜਿਸ ਕਾਰਨ ਕਈ ਵਾਰ ਪੈਸੇ ਦੇ ਜ਼ੋਰ ਨਾਲ ਅਸਲੀ ਕਾਤਲ ਤਾਂ ਸਜ਼ਾ ਤੋਂ ਬਚ ਜਾਂਦੇ ਹਨ ਪਰ ਉਨ੍ਹਾਂ ਦੀ ਥਾਂ ਨਿਰਦੋਸ਼ ਲੋਕਾਂ ਨੂੰ ਬਲੀ ਦੇ ਬੱਕਰੇ ਬਣਾ ਦਿੱਤਾ ਜਾਂਦਾ ਹੈ। ਅਜਿਹੇ ਪ੍ਰਦੂਸ਼ਿਤ ਮਾਹੌਲ ਵਿੱਚ ਕਈ ਵਾਰੀ ਸਦੀਆਂ ਤੋਂ ਪ੍ਰਚਲਿਤ ਲੋਕ ਮੁਹਾਵਰੇ ਵੀ ਗ਼ਲਤ ਸਾਬਿਤ ਹੋ ਜਾਂਦੇ ਹਨ ਜਿਨ੍ਹਾਂ ਵਿੱਚ ਅਕਸਰ ਕਿਹਾ ਜਾਂਦਾ ਹੈ ਕਿ ਆਖਿਰ ਨੇਕੀ ਦੀ ਬਦੀ ਉੱਤੇ ਜਿੱਤ ਹੁੰਦੀ ਹੈ। ਇਹੀ ਗੱਲ ਮਹਿੰਦਰਪਾਲ ਵੀ ਕਹਿ ਰਿਹਾ ਜਾਪਦਾ ਹੈ:
ਛੁਟ ਜਾਂਦੇ ਹਤਿਆਰੇ ਕਾਤਿਲ ਜ਼ੋਰ ਲਗਾ ਕੇ ਪੈਸੇ ਦਾ,
ਇਸ ਯੁਗ ਅੰਦਰ ਮੈਨੂੰ ਲਗਦਾ ਪੱਥਰ ਤਰਦੇ ਵੇਖੇ ਮੈਂ।
-----
ਸੱਚ ਬੋਲਣ ਵਾਲੇ ਸੁਣਿਆ ਆਖਿਰ ਬਾਜ਼ੀ ਲੈ ਜਾਂਦੇ,
ਝੂਠੇ ਦੇ ਹੱਥੋਂ ਕਈ ਵਾਰਾਂ ਸੱਚੇ ਹਰਦੇ ਵੇਖੇ ਮੈਂ।
-----
ਪਰ ਤਸੱਲੀ ਵਾਲੀ ਗੱਲ ਇਹ ਹੈ ਕਿ ਅਜਿਹੇ ਮਾਹੌਲ ਵਿੱਚ ਵੀ ਲੇਖਕ ਉਦਾਸ ਨਹੀਂ ਹੁੰਦਾ। ਮਨੁੱਖ ਦੀਆਂ ਚੰਗਿਆਈਆਂ ਅਤੇ ਅਮਨ ਲਈ ਉਸਦੀ ਸਦੀਵੀ ਖ਼ਾਹਿਸ਼ ਵਿੱਚ ਉਸਦਾ ਵਿਸ਼ਵਾਸ ਨਹੀਂ ਡੋਲਦਾ। ਉਹ ਜਾਣਦਾ ਹੈ ਕਿ ਧਰਤੀ ਦਾ ਹਰ ਮਨੁੱਖ ਅਮਨ ਅਤੇ ਖ਼ੁਸ਼ਹਾਲੀ ਦਾ ਚਾਹਵਾਨ ਹੈ; ਸਿਵਾਇ ਚੰਦ ਕੁ ਉਨ੍ਹਾਂ ਲੋਕਾਂ ਦੇ ਜੋ ਕਿ ਧਰਤੀ ਦੇ ਕੋਨੇ ਕੋਨੇ ਵਿੱਚ ਜੰਗ ਦੇ ਭਾਂਬੜ ਬਾਲੀ ਰੱਖਣੇ ਚਾਹੁੰਦੇ ਹਨ; ਤਾਂ ਜੋ ਉਨ੍ਹਾਂ ਦੀਆਂ ਹਥਿਆਰਾਂ ਦੀਆਂ ਫੈਕਟਰੀਆਂ ਚਲਦੀਆਂ ਰਹਿਣ. ਅਮਨ ਦੀ ਸਦੀਵੀ ਲੋੜ ਦੀ ਵੀ ਗੱਲ ਕਰਨ ਲੱਗਾ ਮਹਿੰਦਰਪਾਲ ਉਨ੍ਹਾਂ ਮੁਖੌਟੇਧਾਰੀ ਲੋਕਾਂ ਦੀ ਵੀ ਗੱਲ ਕਰਦਾ ਹੈ ਜੋ ਗੱਲਾਂ ਤਾਂ ਅਮਨ ਦੀਆਂ ਕਰਦੇ ਹਨ, ਪਰ ਉਨ੍ਹਾਂ ਦੇ ਕੰਮ ਥਾਂ ਥਾਂ ਜੰਗ ਦੇ ਭਾਂਬੜ ਬਾਲਣਾ ਹੈ। ਮਹਿੰਦਰਪਾਲ ਨੂੰ ਇਹ ਗੱਲ ਵੀ ਕਈ ਵਾਰੀ ਨਿਰਾਸ਼ਾ ਦੇਂਦੀ ਹੈ ਕਿ ਜਦੋਂ ਕਿ ਵਿਸ਼ਵ ਦੇ ਵਧੇਰੇ ਲੋਕ ਅਮਨ ਪਸੰਦ ਹਨ ਫਿਰ ਕੀ ਕਾਰਨ ਹੈ ਕਿ ਜੰਗਬਾਜ਼ ਥਾਂ ਥਾਂ ਜੰਗ ਦੇ ਭਾਂਬੜ ਬਾਲਣ ਵਿੱਚ ਕਾਮਯਾਬ ਹੋ ਜਾਂਦੇ ਹਨ? ਉਹ ਵਿਸ਼ਵ ਭਰ ਦੇ ਅਮਨ ਦੇ ਵਾਰਸਾਂ ਨੂੰ ਸੱਦਾ ਦਿੰਦਾ ਹੈ ਕਿ ਆਓ ਅਮਨ ਦੀ ਰਾਖੀ ਲਈ ਲੋਕ-ਚੇਤਨਾ ਪੈਦਾ ਕਰਨ ਵਾਲੀਆਂ ਲਿਖਤਾਂ ਲਿਖਕੇ ਅਸੀਂ ਜ਼ਿੰਮੇਵਾਰ ਲੇਖਕ ਹੋਣ ਦਾ ਸਬੂਤ ਦੇਈਏ:
ਕੀ ਕੀ ਕਰਦਾ ਢੌਂਗ ਹੈ ਵੇਖੋ ਸਿਆਸਤਦਾਨ ਵੀ,
ਲਾਉਂਦਾ ਹੈ ਨਾਅਰਾ ਅਮਨ ਦਾ ਜੰਗਾਂ ਦੇ ਕਰਕੇ ਫੈਸਲੇ।
-----
ਹੱਥਾਂ ਦੇ ਵਿਚ ਘੁੱਗੀਆਂ ਫੜਕੇ ਦਿੰਦੇ ਹੋਕਾ ਅਮਨਾਂ ਦਾ,
ਇੱਲਾਂ ਵਾਂਗੂੰ ਕਮਜ਼ੋਰਾਂ ਦੇ ਬੋਟੇ ਚਕਦੇ ਵੇਖੇ ਮੈਂ।
-----
ਅਮਨ ਦੀ ਘੁੱਗੀ ਖਾਈ ਜਾਂਦੀ,
ਜੰਗ ਦੇ ਹੱਥੋਂ ਮਾਰ ਹੈ ਕਿਉਂ?
-----
ਉਠਾਓ ਦੋਸਤੋ ਕਲਮਾਂ ਲਿਖੀਏ ਅਮਨ ਦੇ ਕਿੱਸੇ,
ਇਹ ਹਿੰਸਾ ਦੀ ਬੀਮਾਰੀ ਤਾਂ ਬੜੀ ਇਨਸਾਨ ਘਾਤੀ ਹੈ।
-----
‘ਖ਼ਾਮੋਸ਼ੀਆਂ’ ਗ਼ਜ਼ਲ ਸੰਗ੍ਰਹਿ ਵਿੱਚ ਮਹਿੰਦਰਪਾਲ ਆਪਣੇ ਖ਼ੂਬਸੂਰਤ ਸ਼ਿਅਰਾਂ ਰਾਹੀਂ ਹੋਰ ਵੀ ਵਿਸ਼ਿਆਂ ਵੱਲ ਸਾਡਾ ਧਿਆਨ ਦਵਾਉਂਦਾ ਹੈ।ਮਹਿੰਦਰਪਾਲ ਇੱਕ ਮਨੁੱਖਵਾਦੀ ਸ਼ਾਇਰ ਹੈ। ਉਸ ਲਈ ਪਿਆਰ, ਦੋਸਤੀ ਅਤੇ ਸਾਂਝੀਵਾਲਤਾ ਦੀ ਭਾਵਨਾ ਦੁਨੀਆਂ ਦੀ ਹਰ ਦੌਲਤ ਤੋਂ ਵੱਧ ਕੀਮਤੀ ਹੈ। ਉਹ ਜਾਣਦਾ ਹੈ ਕਿ ਇਹ ਚੀਜ਼ਾਂ ਕਦੀ ਵੀ ਧੰਨ ਦੌਲਤ ਨਾਲ ਖਰੀਦੀਆਂ ਨਹੀਂ ਜਾ ਸਕਦੀਆਂ। ਅਜਿਹੇ ਅਹਿਸਾਸ ਮਨ ਵਿੱਚ ਹੋਣ ਕਾਰਨ ਹੀ ਉਹ ਖ਼ੂਬਸੂਰਤ ਸ਼ਿਅਰ ਲਿਖ ਸਕਦਾ ਹੈ:
ਸੋਚਦਾ ਏਂ ਲਾਭ ਤੇ ਹਾਨੀ ਦੀ ਗੱਲ,
ਪਿਆਰ ਹੈ ਇਹ, ਇਹ ਕੋਈ ਧੰਦਾ ਨਹੀਂ।
-----
ਪਿਆਰ ਦਾ ਰਿਸ਼ਤਾ ਧੰਨ ਦੌਲਤ ਦੇ ਨਾਲ ਨਹੀਂ,
ਇਹ ਤਾਂ ਸਾਂਝ ਹੈ ਧੜਕਣ ਤੇ ਅਹਿਸਾਸਾਂ ਦੀ।
----
ਭੁਲਿਆ ਬੰਦਾ ਰਿਸ਼ਤੇ ਨਾਤੇ,
ਪੈਸਾ ਹੀ ਬਸ ਯਾਰ ਹੈ ਕਿਉਂ?
-----
ਆਦਮੀ ਦਾ ਹੋ ਗਿਆ ਹੈ
ਇਸ਼ਕ ਪੈਸੇ ਨਾਲ ਹੁਣ,
ਖ਼ਬਰੇ ਕਿੱਥੇ ਟੁਰ ਗਿਆ ਹੁਣ
ਉਹ ਪਿਆਰਾਂ ਦਾ ਸਮਾਂ
-----
ਪਰਾ-ਆਧੁਨਿਕ ਸਮਿਆਂ ਵਿੱਚ ਕੰਨਜ਼ੀਊਮਰ ਕਲਚਰ ਨੇ ਮਨੁੱਖ ਨੂੰ ਵੀ ਹੋਰਨਾਂ ਵਸਤਾਂ ਵਾਂਗ ਹੀ ਇੱਕ ਵਸਤ ਬਣਾ ਧਰਿਆ ਹੈ। ਇਸੇ ਕਰਕੇ ਹੀ ਅਸੀਂ ਇੱਕ ਦੂਜੇ ਦੀ ਕੀਮਤ ਵੀ ਵਸਤਾਂ ਵਾਂਗ ਹੀ ਸੋਚਦੇ ਹਾਂ। ਰਿਸ਼ਤੇ-ਨਾਤੇ ਵੀ ਪੈਸੇ ਉੱਤੇ ਹੀ ਨਿਰਧਾਰਤ ਹੋ ਚੁੱਕੇ ਹਨ। ਅਸੀਂ ਘਰਾਂ ਨੂੰ ਚਮਕਦਾਰ ਵਸਤਾਂ ਨਾਲ ਭਰਨ ਦੀ ਦੌੜ ਵਿੱਚ ਘਰ ਵਿੱਚ ਰਹਿਣ ਵਾਲੇ ਮਨੁੱਖਾਂ ਦੇ ਆਪਸੀ ਰਿਸ਼ਤੇ ਵੱਲੋਂ ਲਾਪ੍ਰਵਾਹ ਹੁੰਦੇ ਜਾ ਰਹੇ ਹਾਂ। ਇਹੀ ਕਾਰਨ ਹੈ ਕਿ ਅਦਾਲਤਾਂ ਵਿੱਚ ਤਲਾਕ ਲੈਣ ਵਾਲੇ ਜੋੜਿਆਂ ਦੀਆਂ ਭੀੜਾਂ ਲੱਗੀਆਂ ਰਹਿੰਦੀਆਂ ਹਨ। ਅਸੀਂ ਇਹ ਭੁੱਲ ਗਏ ਹਾਂ ਕਿ ਮਕਾਨਾਂ ਵਿੱਚ ਸੰਗਮਰਮਰ ਦੇ ਫਰਸ਼, ਰੰਗਬਰੰਗੀਆਂ ਇੱਟਾਂ ਨਾਲ ਬਣੀਆਂ ਛੱਤਾਂ ਅਤੇ ਦੀਵਾਰਾਂ ਕਦੀ ਵੀ ਘਰ ਨਹੀਂ ਬਣਾਉਂਦੇ; ਬਲਕਿ ਮਕਾਨਾਂ ਵਿੱਚ ਰਹਿਣ ਵਾਲੇ ਮਨੁੱਖਾਂ ਨਾਲ ਹੀ ਘਰ ਬਣਦੇ ਹਨ। ਮਹਿੰਦਰਪਾਲ ਦੇ ਸ਼ੇਅਰ ਸਾਡੇ ਅੰਦਰ ਇੱਕ ਦੂਜੇ ਲਈ ਮਰ ਰਹੇ ਅਹਿਸਾਸਾਂ ਨੂੰ ਹਲੂਣਾ ਦੇਣ ਲਈ ਕਾਫ਼ੀ ਹਨ:
ਭਾਵੇਂ ਸੰਗਮਰਮਰ ਦੇ ਨਾਲ ਮਕਾਨ ਬਣੇ,
ਪਿਆਰ ਬਿਨਾਂ ਨਾ ਉਸ ਘਰ ਦੀ ਪਰ ਸ਼ਾਨ ਬਣੇ।
-----
‘ਖ਼ਾਮੋਸ਼ੀਆਂ’ ਗ਼ਜ਼ਲ ਸੰਗ੍ਰਹਿ ਦੀ ਪ੍ਰਕਾਸ਼ਨਾ ਨਾਲ ਮਹਿੰਦਰਪਾਲ ਸਿੰਘ ਪਾਲ ਉਨ੍ਹਾਂ ਚੇਤੰਨ ਅਤੇ ਜਾਗਰੁਕ ਕੈਨੇਡੀਅਨ ਪੰਜਾਬੀ ਸਾਹਿਤਕਾਰਾਂ ਵਿੱਚ ਸ਼ਾਮਿਲ ਹੋ ਜਾਂਦਾ ਹੈ ਜੋ ਆਪਣੀਆਂ ਕ੍ਰਿਤਾਂ ਨੂੰ ਲੋਕ-ਚੇਤਨਾ ਪੈਦਾ ਕਰਨ ਲਈ ਵਰਤਦੇ ਹਨ। ਉਹ ਸਮੇਂ ਦੀਆਂ ਬੇਰਹਿਮ ਹਕੀਕਤਾਂ ਨੂੰ ਸਮਝਦਾ ਹੈ ਅਤੇ ਇਨ੍ਹਾਂ ਬਾਰੇ ਆਪਣੇ ਪਾਠਕਾਂ ਨੂੰ ਵੀ ਜਾਣਕਾਰੀ ਦੇਣੀ ਆਪਣੀ ਜ਼ਿੰਮੇਵਾਰੀ ਸਮਝਦਾ ਹੈ। ਇਸੇ ਲਈ ਉਸਦੇ ਮੂੰਹੋਂ ਕਿਹਾ ਹੋਇਆ ਇਹ ਸ਼ਿਅਰ ਉਸ ਦੀਆਂ ਗ਼ਜ਼ਲਾਂ ਦੀ ਪ੍ਰਮਾਣਿਕਤਾ ਸਿੱਧ ਕਰ ਦਿੰਦਾ ਹੈ:
ਉਹ ਕੀ ਕਰੇਗਾ ਸ਼ਾਇਰੀ ਐ ਦੋਸਤੋ,
ਜਿਸ ਨੇ ਸਮੇਂ ਦੀ ਨਬਜ਼ ਨੂੰ ਟੋਹਿਆ ਨਹੀਂ।
********
No comments:
Post a Comment