ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ
ਕੈਨੇਡਾ ਦੇ 57 ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਸਮੀਖਿਆ ਦੀ ਕਿਤਾਬ 'ਕੈਨੇਡੀਅਨ ਪੰਜਾਬੀ ਸਾਹਿਤ' ਨੂੰ ਖ਼ਰੀਦਣ ਲਈ ਬਲੌਗ 'ਤੇ ਦਿੱਤੇ ਐਡਰੈਸ 'ਤੇ ਈਮੇਲ ਕਰੋ। ਸ਼ੁਕਰੀਆ।

ਤੁਹਾਡੇ ਧਿਆਨ ਹਿੱਤ - ਜ਼ਰੂਰੀ ਸੂਚਨਾ

ਸੂਚਨਾ: ਪ੍ਰਕਾਸ਼ਕ ਦੀ ਤਲਾਸ਼ :

ਆਪਣੀ ਹੁਣੇ ਇੰਡੀਆ ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ)’ ਨੂੰ ਮੈਂ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਕੈਨੇਡਾ ਵਿੱਚ ‘‘Canadian Punjabi Literature (Commentary)’’ ਨਾਮ ਦੀ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਨਾ ਚਾਹੁੰਦਾ ਹਾਂ। ਮੈਂ ਕਿਸੀ ਵਧੀਆ ਕੈਨੇਡੀਅਨ ਪ੍ਰਕਾਸ਼ਕ ਦੀ ਤਲਾਸ਼ ਕਰ ਰਿਹਾ ਹਾਂ। ਜੇਕਰ ਤੁਸੀਂ ਕਿਸੀ ਅਜਿਹੇ ਵਧੀਆ ਕੈਨੇਡੀਅਨ ਪ੍ਰਕਾਸ਼ਕ ਦਾ ਨਾਮ ਜਾਣਦੇ ਹੋ ਜੋ ਮੇਰੀ ਪੁਸਤਕ ਪ੍ਰਕਾਸ਼ਿਤ ਕਰ ਸਕਦਾ ਹੋਵੇ ਤਾਂ ਮੈਂ ਉਸ ਪ੍ਰਕਾਸ਼ਕ ਦਾ ਨਾਮ ਜਾਨਣਾ ਚਾਹਾਂਗਾ।

Sukhinder

Editor: SANVAD

Box 67089, 2300 Yonge St.

Toronto ON M4P 1E0

Tel. (416) 858-7077

Email: poet_sukhinder@hotmail.com

http://www.canadianpunjabiliterature.blogspot.com/



Saturday, January 31, 2009

ਸੁਖਿੰਦਰ - ਲੇਖ

ਔਰਤ ਦੇ ਸਰੋਕਾਰਾਂ ਦੀ ਕਵਿਤਾ ਸੁਰਿੰਦਰ ਗੀਤ
----

ਸੁਰਿੰਦਰ ਗੀਤ ਦਾ ਕਾਵਿ-ਉਦੇਸ਼ ਔਰਤ ਦੇ ਸਰੋਕਾਰਾਂ ਦੀ ਕਵਿਤਾ ਲਿਖਣ ਤੱਕ ਫੈਲਿਆ ਹੋਇਆ ਹੈ. ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਉਸਦੀ ਪਹਿਚਾਣ ਇੱਕ ਨਿਵੇਕਲੀ ਸੁਰ ਵਾਲੀ ਕਵਿਤਾ ਲਿਖਣ ਵਾਲੀ ਲੇਖਿਕਾ ਵਜੋਂ ਬਣੀ ਹੋਈ ਹੈ. ਉਸਦੀ ਕਵਿਤਾ ਵਿੱਚ ਔਰਤ ਨਾਲ ਸਬੰਧਤ ਸਰੋਕਾਰਾਂ ਨੂੰ ਬੜੀ ਜੁਰੱਤ ਅਤੇ ਸ਼ਿੱਦਤ ਨਾਲ ਪੇਸ਼ ਕੀਤਾ ਗਿਆ ਹੈ.

ਚੰਦ ਸਿਤਾਰੇ ਮੇਰੇ ਵੀ ਨੇਕਾਵਿ-ਸੰਗ੍ਰਹਿ ਸੁਰਿੰਦਰ ਗੀਤ ਨੇ 2005 ਵਿੱਚ ਪ੍ਰਕਾਸ਼ਿਤ ਕੀਤਾ ਸੀ. ਇਸ ਕਾਵਿ-ਸੰਗ੍ਰਹਿ ਦਾ ਨਾਮ ਹੀ ਸਾਡਾ ਧਿਆਨ ਖਿੱਚਦਾ ਹੈ. ਕਾਵਿ-ਸੰਗ੍ਰਹਿ ਦੇ ਨਾਮ ਰਾਹੀਂ ਹੀ ਉਹ ਇੱਕ ਜਾਗਰੂਕ ਲੇਖਿਕਾ ਵਜੋਂ ਇੱਕ ਬਿਆਨ ਦੇ ਰਹੀ ਹੈ ਕਿ ਦਿਖਾਈ ਦਿੰਦੀ ਇਸ ਦੁਨੀਆਂ ਉੱਤੇ ਔਰਤ ਦਾ ਵੀ ਬਰਾਬਰ ਦਾ ਹਿੱਸਾ ਹੈ. ਇਸ ਤਰ੍ਹਾਂ ਕਰਕੇ ਉਹ ਕਾਵਿ-ਖੇਤਰ ਵਿੱਚ ਔਰਤ ਦੇ ਹੱਕਾਂ ਦਾ ਬੁਲਾਰਾ ਬਣ ਕੇ ਪ੍ਰਵੇਸ਼ ਕਰਦੀ ਹੈ; ਪਰ ਇੰਜ ਕਰਦੀ ਹੋਈ ਉਹ ਕਿਸੀ ਤਰ੍ਹਾਂ ਵੀ ਔਰਤ-ਪ੍ਰਧਾਨ ਸਮਾਜ ਦੀ ਮੰਗ ਨਹੀਂ ਕਰ ਰਹੀ. ਉਹ ਤਾਂ ਔਰਤ-ਮਰਦ ਦੀ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਦੀ ਹਿਮਾਇਤੀ ਹੈ. ਨਿਰਸੰਦੇਹ, ਉਹ ਬਿਨ੍ਹਾਂ ਝਿਜਕ ਉਸ ਮਰਦ-ਪ੍ਰਧਾਨ ਸਮਾਜ ਨੂੰ ਵੀ ਰੱਦ ਕਰਦੀ ਹੈ ਜਿਸ ਦੀਆਂ ਗਲੀਆਂ ਸੜੀਆਂ ਕਦਰਾਂ-ਕੀਮਤਾਂ ਨੇ ਸਦੀਆਂ ਤੋਂ ਔਰਤ ਨੂੰ ਗੁਲਾਮਾਂ ਵਾਲੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਕੀਤਾ ਹੈ. ਜਿਸ ਸਿਸਟਮ ਨੇ ਔਰਤ ਉੱਤੇ ਜਿਸਮਾਨੀ ਅਤੇ ਮਾਨਸਿਕ ਅਤਿਆਚਾਰ ਕਰਨ ਲਈ ਸਮਾਜਿਕ, ਸਭਿਆਚਾਰਕ, ਆਰਥਿਕ, ਧਾਰਮਿਕ ਅਤੇ ਰਾਜਨੀਤਿਕ ਤਾਣਾ-ਬਾਣਾ ਉਸਾਰਿਆ ਤਾਂ ਕਿ ਔਰਤ ਨੂੰ ਪੂਰੀ ਤਰ੍ਹਾਂ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜਿਆ ਜਾ ਸਕੇ. ਔਰਤ ਦੀ ਅਜਿਹੀ ਗੁਲਾਮੀ ਬਾਰੇ ਚੇਤਨਾ ਜਗਾਉਣ ਲਈ ਸੁਰਿੰਦਰ ਗੀਤ ਜ਼ਿੰਦਗੀ ਨਾਲ ਸਬੰਧਤ ਵੱਖੋ ਵੱਖ ਖੇਤਰਾਂ ਬਾਰੇ ਚਰਚਾ ਕਰਦੀ ਹੋਈ ਵਿਦਰੋਹੀ ਸੁਰ ਵਿੱਚ ਬੋਲਦੀ ਹੈ ਅਤੇ ਸਮਾਜ ਨੂੰ ਬਦਲਣ ਦੀ ਲੋੜ ਬਾਰੇ ਚੇਤਨਾ ਪੈਦਾ ਕਰਦੀ ਹੈ.

ਚੰਦ ਸਿਤਾਰੇ ਮੇਰੇ ਵੀ ਨੇਕਾਵਿ ਸੰਗ੍ਰਹਿ ਵਿੱਚ ਪੇਸ਼ ਕੀਤੇ ਗਏ ਸੁਰਿੰਦਰ ਗੀਤ ਦੇ ਕਾਵਿ-ਉਦੇਸ਼ ਬਾਰੇ ਚਰਚਾ ਉਸਦੀ ਕਵਿਤਾ ਅਸੀਂ ਮਨੁੱਖ ਹਾਂਦੀਆਂ ਇਨ੍ਹਾਂ ਸਤਰਾਂ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ:

ਅਸੀਂ ਸਭ ਔਰਤਾਂ

ਔਰਤ ਹੋਣਾ ਸਾਡਾ ਦੋਸ਼

ਅਤੇ ਇਸ ਦੋਸ਼ ਦਾ ਬੋਝ

ਸਾਡੇ ਸਿਰਾਂ ਤੇ ਲੱਦਿਆ

ਸਾਨੂੰ ਲਿਫਾਉਂਦਾ ਰਹਿੰਦਾ ਹੈ

ਮਰਦਾਂ ਦੀ ਅਦਾਲਤ

ਓਦੋਂ ਤੀਕ

ਜਦੋਂ ਤੀਕ ਅਸੀਂ

ਲਿਫ ਲਿਫ ਧਰਤੀ ਨਾਲ ਨਹੀਂ

ਜੁੜ ਜਾਦੀਆਂ

ਸਾਡੀਆਂ ਸੁਪਨਿਆਂ ਨਾਲ

ਭਰੀਆਂ ਅੱਖਾਂ

ਨਹੀਂ ਸੁੱਕ ਜਾਂਦੀਆਂ

ਸਾਡੀਆਂ ਹੋਂਦਾਂ ਨਹੀਂ

ਮੁੱਕ ਜਾਂਦੀਆਂ

ਸੁਰਿੰਦਰ ਗੀਤ ਮਰਦ ਪ੍ਰਧਾਨ ਸਮਾਜ ਨੂੰ ਇਸ ਗੱਲ ਦਾ ਅਹਿਸਾਸ ਕਰਵਾਉਣਾ ਚਾਹੁੰਦੀ ਹੈ ਕਿ ਔਰਤ ਨੂੰ ਵੀ ਮਨੁੱਖ ਸਮਝੋ. ਉਹ ਵੀ ਹੱਡ ਮਾਸ ਦਾ ਇੱਕ ਜਿਉਂਦਾ ਜਾਗਦਾ ਪੁਤਲਾ ਹੈ. ਜਿਸ ਦੀਆਂ ਆਪਣੀਆਂ ਭਾਵਨਾਵਾਂ ਹਨ, ਅਹਿਸਾਸ ਹਨ, ਉਮੰਗਾਂ ਹਨ, ਉਮੀਦਾਂ ਹਨ, ਸੁਪਨੇ ਹਨ ਅਤੇ ਰੀਝਾਂ ਹਨ. ਪਰ ਮਰਦ ਪ੍ਰਧਾਨ ਸਮਾਜ ਵਿੱਚ ਉਸਦੀ ਕਦੀ ਮਰਜ਼ੀ ਨਹੀਂ ਪੁੱਛੀ ਜਾਂਦੀ; ਹਰ ਗੱਲ ਉਸ ਉੱਤੇ ਠੋਸ ਦਿੱਤੀ ਜਾਂਦੀ ਹੈ. ਬਲਕਿ ਉਸਨੂੰ ਇਸ ਗੱਲ ਦਾ ਵੀ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਉਸ ਉੱਤੇ ਮਰਦ ਪ੍ਰਧਾਨ ਸਮਾਜ ਵੱਲੋਂ ਠੋਸੀ ਗਈ ਕਿਸੀ ਵੀ ਗੱਲ ਨੂੰ ਚੁਣੌਤੀ ਦੇਣ ਜਾਂ ਨ ਮੰਨਣ ਦੇ ਬੁਰੇ ਨਤੀਜੇ ਭੁਗਤਣੇ ਪੈ ਸਕਦੇ ਹਨ. ਹਰ ਮਾਂ ਨਵੀਂ ਜੰਮੀ ਧੀ ਨੂੰ ਆਪਣੇ ਪਿਆਰ ਦਾ ਪਹਿਲਾ ਚੁੰਮਣ ਦੇਣ ਵੇਲੇ ਆਪਣੀਆਂ ਅੱਖਾਂ ਵਿੱਚ ਨਮੀ ਭਰਕੇ ਉਸਨੂੰ ਇਸ ਗੱਲ ਦਾ ਅਹਿਸਾਸ ਕਰਵਾਉਣਾ ਵੀ ਕਦੀ ਨਹੀਂ ਭੁੱਲਦੀ ਕਿ ਜਿਸ ਦੁਨੀਆਂ ਵਿੱਚ ਉਸਨੇ ਜਨਮ ਲਿਆ ਹੈ ਉਸ ਵਿੱਚ ਉਸਨੂੰ ਕਿਸ ਕਿਸ ਤਰ੍ਹਾਂ ਦੀ ਗੁਲਾਮੀ ਦਾ ਸਾਹਮਣਾ ਕਰਨਾ ਪਵੇਗਾ. ਇਹ ਗੱਲ ਸਪੱਸ਼ਟ ਕਰਨ ਵਿੱਚ ਸੁਰਿੰਦਰ ਗੀਤ ਦੀ ਕਵਿਤਾ ਨਮੀਦੀਆਂ ਇਹ ਕਾਵਿ ਸਤਰਾਂ ਪੂਰੀ ਤਰ੍ਹਾਂ ਕਾਮਿਯਾਬ ਹੁੰਦੀਆਂ ਹਨ:

ਜਦੋਂ ਉਹ ਜੰਮੀ

ਅੱਖਾਂ ਖੋਲ੍ਹਣ ਤੇ ਉਹਨੇ

ਆਪਣੀਆਂ ਮਾਂ ਦੀਆਂ ਅੱਖਾਂ

ਨਮੀ ਤੱਕੀ

ਅਤੇ ਵਰ੍ਹਿਆਂ ਤੱਕ

ਉਸਦੀ ਮਾਂ ਉਸ ਨੂੰ

ਨਮੀ ਦੀ ਕਹਾਣੀ

ਸੁਣਾਉਂਦੀ ਰਹੀ

ਪਰ ਉਹ ਸਮਝ ਨਾ ਸਕੀ

ਮਰਦ ਪ੍ਰਧਾਨ ਸਮਾਜ ਵੱਲੋਂ ਔਰਤ ਨੂੰ ਹਰ ਤਰ੍ਹਾਂ ਨਾਲ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜਨ ਦੀ ਸਾਜਿਸ਼ ਦਾ ਵਿਸਥਾਰ ਸੁਰਿੰਦਰ ਗੀਤ ਦੀ ਕਵਿਤਾ ਨਹੀਂ ਸਰਦਾਦੀਆਂ ਇਨ੍ਹਾਂ ਸਤਰਾਂ ਵਿੱਚ ਮਿਲ ਜਾਂਦਾ ਹੈ:

ਮੇਰੇ ਦੁਆਲੇ ਸਮਾਜ ਦੀਆਂ

ਕੰਧਾਂ ਉਸਾਰ ਕੇ

ਮੇਰੇ ਹੱਥਾਂ ਪੈਰਾਂ ਵਿੱਚ

ਸਮਾਜ ਦੀਆਂ ਰਹੁ-ਰੀਤੀਆਂ ਦੀਆਂ

ਬੇੜੀਆਂ ਪਾ ਕੇ

ਆਪਣੀਆਂ ਸੋਚਾਂ ਦਾ ਬੰਦੀ ਬਣਾ ਕੇ

ਮੇਰੀ ਸੋਚ ਦੇ ਖੰਭਾਂ ਨੂੰ

ਵੱਢਿਆ ਹੈ

ਕਦੀ ਕਿਸੇ ਨੇ ਵੇਚਿਆ

ਕਦੀ ਕਿਸੇ ਨੇ ਖਰੀਦਿਆ

ਕਿਸੇ ਨੇ ਦਾਨ ਦੀ ਸਮੱਗਰੀ ਬਣਾਇਆ

ਅਤੇ ਕਦੀ ਕਿਸੇ ਨੇ

ਦਾਜ਼ ਦੀ ਬਲੀ ਚੜ੍ਹਾਇਆ

ਅਜੋਕੇ ਸਮਿਆਂ ਵਿੱਚ ਭਾਵੇਂ ਕਿ ਔਰਤ ਨੇ ਆਪਣੀ ਹਿੰਮਤ ਅਤੇ ਨਿਰੰਤਰ ਜੱਦੋ-ਜਹਿਦ ਸਦਕਾ ਜ਼ਿੰਦਗੀ ਦੇ ਅਨੇਕਾਂ ਖੇਤਰਾਂ ਵਿੱਚ ਗੁਲਾਮੀ ਦੀਆਂ ਜੰਜੀਰਾਂ ਤੋੜ ਕੇ ਵੱਡਮੁੱਲੀਆਂ ਪ੍ਰਾਪਤੀਆਂ ਕੀਤੀਆਂ ਹਨ ਅਤੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਮਰਦ ਤੋਂ ਕਿਸੀ ਤਰ੍ਹਾਂ ਵੀ ਘੱਟ ਨਹੀਂ; ਪਰ ਅਜੇ ਵੀ ਸਮਾਜ ਦੇ ਇੱਕ ਵੱਡੇ ਹਿੱਸੇ ਨੇ ਉਸ ਦੀਆਂ ਅਜਿਹੀਆਂ ਮਾਨਯੋਗ ਪਰਾਪਤੀਆਂ ਨੂੰ ਦਿਲੋਂ-ਮਨੋਂ ਸਵੀਕਾਰਿਆ ਨਹੀਂ. ਅਜਿਹੀ ਮਰਦਾਵੀਂ ਮਾਨਸਿਕਤਾ ਵਿੱਚ ਤਬਦੀਲੀ ਲਿਆਉਣ ਲਈ ਸਮਾਜਿਕ-ਸਭਿਆਚਾਰਕ ਕ੍ਰਾਂਤੀ ਲਿਆਉਣ ਦੀ ਲੋੜ ਪਵੇਗੀ. ਇਸ ਗੱਲ ਦਾ ਅਹਿਸਾਸ ਸੁਰਿੰਦਰ ਗੀਤ ਨੂੰ ਵੀ ਹੈ. ਤਾਂ ਹੀ ਤਾਂ ਉਹ ਆਪਣੀ ਗੱਲ ਸਪੱਸ਼ਟ ਕਰਨ ਲਈ ਆਪਣੀ ਕਵਿਤਾ ਦਸਹਿਰਾਵਿੱਚ ਭਾਰਤੀ ਮਿਥਿਹਾਸ ਦਾ ਵੀ ਸਹਾਰਾ ਲੈਂਦੀ ਹੈ:

ਸੀਤਾ ਦੀ ਜੈ ਬੋਲਣ ਵਾਲਿਓ

ਸੀਤਾ ਦੀ ਜੈ ਲਈ

ਸਾੜਨਾ ਪਏਗਾ

ਹੋਰ ਕੁਝ

ਤੇ ਉਹ ਹੈ

ਸ਼ਾਖਾਂ ਫੈਲਾਈ ਬੈਠਾ

ਮਰਦ-ਪ੍ਰਧਾਨ ਸਮਾਜ ਦਾ

ਬੁੱਢੜਾ ਰੁੱਖ

ਉਹ ਇਹ ਵੀ ਜਾਣਦੀ ਹੈ ਕਿ ਸਾਡੇ ਸਮਾਜ ਵਿੱਚ ਸਦੀਆਂ ਤੋਂ ਪਰਚਲਿਤ ਅਜਿਹੀਆਂ ਕਦਰਾਂ-ਕੀਮਤਾਂ ਨੂੰ ਬਦਲਣਾ ਏਨਾ ਆਸਾਨ ਨਹੀਂ. ਇਸ ਲਈ ਉਹ ਨੌਜੁਆਨ ਔਰਤਾਂ ਨੂੰ ਵੰਗਾਰਦੀ ਹੈ ਕਿ ਅਜਿਹੇ ਗਲੇ ਸੜੇ ਸਮਾਜ ਨੂੰ ਬਦਲਣ ਲਈ ਉਹ ਭਾਰਤੀ ਇਤਿਹਾਸ ਦੀ ਨਾਇਕਾ ਰਾਣੀ ਝਾਂਸੀ ਵਾਂਗ ਮੈਦਾਨ ਵਿੱਚ ਆਉਣ. ਪਰ ਸਾਡੇ ਸਮਿਆਂ ਵਿੱਚ ਨੌਜੁਆਨ ਔਰਤਾਂ ਵੱਲੋਂ ਦਿਖਾਈ ਜਾਣ ਵਾਲੀ ਅਜਿਹੀ ਬਹਾਦਰੀ ਕਿਸ ਕਿਸਮ ਦੀ ਹੋਵੇਗੀ - ਇਸ ਦੀ ਪ੍ਰੀਭਾਸ਼ਾ ਵੀ ਸੁਰਿੰਦਰ ਗੀਤ ਦੀ ਕਵਿਤਾ ਉਹ ਮੁਟਿਆਰਦੀਆਂ ਇਨ੍ਹਾਂ ਸਤਰਾਂ ਵਿੱਚ ਪੜ੍ਹੀ ਜਾ ਸਕਦੀ ਹੈ:

ਝਾਂਸੀ ਦੀ ਰਾਣੀ ਵਰਗਾ ਬਣਨ ਵਾਸਤੇ

ਇਹ ਜ਼ਰੂਰੀ ਨਹੀਂ

ਕਿ ਕੋਈ ਮੁਟਿਆਰ

ਹੱਥ ਚ ਲੈ ਕੇ ਤਲਵਾਰ

ਹੋ ਕੇ ਘੋੜੇ ਤੇ ਸਵਾਰ

ਜੰਗ ਦੇ ਮੈਦਾਨ ਨਿਤਰੇ

ਸਗੋਂ

ਹਰ ਉਹ ਮੁਟਿਆਰ

ਜੋ ਵਿਆਹੁਣ ਆਏ

ਦਾਜ ਦੇ ਲੋਭੀ

ਸਮਾਜ ਦੇ ਦੋਖੀ ਦੇ ਗਲ

ਜੈ ਮਾਲਾ ਦੀ ਥਾਂ

ਟੁੱਟੇ ਛਿਤਰਾਂ ਦਾ ਹਾਰ ਪਾਵੇ

ਤੇ ਭਰੇ ਮੈਦਾਨ

ਉਸਦਾ ਜੀਵਨ ਸਾਥੀ ਬਣਨ ਤੋਂ

ਕਰੇ ਇਨਕਾਰ

ਝਾਂਸੀ ਦੀ ਰਾਣੀ ਤੋਂ

ਘੱਟ ਨਹੀਂ ਅਜੇਹੀ ਮੁਟਿਆਰ

ਸੁਰਿੰਦਰ ਗੀਤ ਦੇ ਕਾਵਿ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਔਰਤ ਦੇ ਸਰੋਕਾਰਾਂ ਦੀ ਗੱਲ ਕਰਦੀ ਹੋਈ ਵੀ ਅਨੇਕਾਂ ਹੋਰ ਫੈਮਿਨਿਸਟ ਪੰਜਾਬੀ ਲੇਖਿਕਾਵਾਂ ਵਾਂਗ ਔਰਤ ਪ੍ਰਧਾਨ ਸਮਾਜ ਦੀ ਸਿਰਜਣਾ ਦੀ ਗੱਲ ਨਹੀਂ ਕਰਦੀ. ਸੁਰਿੰਦਰ ਗੀਤ ਪ੍ਰਗਤੀਸ਼ੀਲ ਵਿਚਾਰਾਂ ਦੀ ਧਾਰਣੀ ਹੋਣ ਕਰਕੇ ਮਰਦ ਅਤੇ ਔਰਤ ਦੀ ਸਮਾਜਿਕ ਬਰਾਬਰੀ ਵਾਲੇ ਸਮਾਜ ਦੀ ਉਸਾਰੀ ਦੀ ਗੱਲ ਕਰਦੀ ਹੈ. ਮਨੁੱਖੀ ਸਭਿਅਤਾ ਵਿੱਚ ਇਕ ਵਾਰ ਫਿਰ ਉਹ ਅਜਿਹੀ ਗਲਤੀ ਕਰਨ ਦੀ ਮੰਗ ਨਹੀਂ ਕਰਦੀ ਜਿਸ ਸਮਾਜ ਵਿੱਚ ਮਰਦ ਪ੍ਰਧਾਨ ਸਮਾਜ ਦੀ ਥਾਂ ਔਰਤ ਪ੍ਰਧਾਨ ਸਮਾਜ ਹੋ ਜਾਵੇ ਅਤੇ ਫਿਰ ਔਰਤ ਵੀ ਮਰਦ ਉੱਤੇ ਉਸੇ ਤਰ੍ਹਾਂ ਦੇ ਹੀ ਅਤਿਆਚਾਰ ਕਰੇ ਜਿਸ ਤਰ੍ਹਾਂ ਦੇ ਅਤਿਆਚਾਰ ਕਰਨ ਦੇ ਮਰਦ ਉੱਤੇ ਦੋਸ਼ ਲੱਗਦੇ ਰਹੇ ਹਨ. ਸੁਰਿੰਦਰ ਗੀਤ ਤਾਂ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਦੀ ਗੱਲ ਕਰਦੀ ਹੈ. ਇਸ ਗੱਲ ਦਾ ਇਜ਼ਹਾਰ ਉਹ ਆਪਣੀ ਕਵਿਤਾ ਔਰਤ ਹਾਂਦੀਆਂ ਇਨ੍ਹਾਂ ਸਤਰਾਂ ਵਿੱਚ ਕਰਦੀ ਹੈ:

ਨਾਜ਼ੁਕ ਹਾਂ ਪਰ ਨਾਲ ਤੇਰੇ ਮੈਂ

ਬਿਖੜੇ ਰਾਹ ਤੇ ਚਲ ਸਕਦੀ ਹਾਂ

ਦੁਨੀਆਂ ਦੀ ਹਰ ਲਾਹਨਤ ਨੂੰ

ਸਾੜ ਕੇ ਰਾਖ ਮੈਂ ਕਰ ਸਕਦੀ ਹਾਂ

ਚੰਦ ਸਿਤਾਰੇ ਮੇਰੇ ਵੀ ਨੇਕਾਵਿ ਸੰਗ੍ਰਹਿ ਵਿੱਚ ਭਾਵੇਂ ਕਿ ਸੁਰਿੰਦਰ ਗੀਤ ਆਪਣਾ ਮੁੱਖ ਕਾਵਿ-ਉਦੇਸ਼ ਔਰਤ ਦੇ ਸਰੋਕਾਰਾਂ ਦੀ ਗੱਲ ਕਰਨਾ ਹੀ ਰੱਖਦੀ ਹੈ; ਪਰ ਉਹ ਅਨੇਕਾਂ ਕਵਿਤਾਵਾਂ ਵਿੱਚ ਵਿਸ਼ਵ ਵਿਆਪੀ ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਭਿਆਚਾਰਕ ਸਮੱਸਿਆਵਾਂ ਨੂੰ ਵੀ ਬਹਿਸ ਦਾ ਮੁੱਦਾ ਬਣਾਉਂਦੀ ਹੈ. ਅਜਿਹੀ ਬਹਿਸ ਛੇੜਨ ਵੇਲੇ ਉਹ ਸਮਾਜ ਵਿੱਚ ਦੱਬੇ-ਕੁਚਲੇ ਲੋਕਾਂ ਦੀ ਧਿਰ ਬਣਕੇ ਪੇਸ਼ ਹੁੰਦੀ ਹੈ. ਉਹ ਜੰਗ-ਬਾਜ਼ਾਂ, ਫਿਰਕਾਪ੍ਰਸਤਾਂ, ਧਾਰਮਿਕ ਕੱਟੜਵਾਦੀਆਂ, ਕੁਰੱਪਟ ਰਾਜਨੀਤੀਵਾਨਾਂ, ਭ੍ਰਿਸ਼ਟ ਸਭਿਆਚਾਰਕ ਅਤੇ ਸਮਾਜਿਕ ਆਗੂਆਂ ਦੀ ਕਰੜੇ ਸ਼ਬਦਾਂ ਵਿੱਚ ਆਲੋਚਨਾ ਕਰਦੀ ਹੈ. ਅਜਿਹੀ ਬਹਿਸ ਦਾ ਹਿੱਸਾ ਬਣਦੀ ਹੋਈ ਉਹ ਕਈ ਵੇਰੀ ਇਹ ਵੀ ਮਹਿਸੂਸ ਕਰਦੀ ਹੈ ਕਿ ਕੈਨੇਡਾ ਵਿੱਚ ਉਹ ਆਪਣੀ ਮਰਜ਼ੀ ਨਾਲ ਨਹੀਂ ਆਈ. ਜਿਵੇਂ ਕਿ ਅਨੇਕਾਂ ਨੌਜੁਆਨ ਔਰਤਾਂ ਨਾਲ ਵਾਪਰਦਾ ਹੈ. ਉਨ੍ਹਾਂ ਦੀ ਸਹਿਮਤੀ ਤੋਂ ਬਿਨ੍ਹਾਂ ਹੀ ਬਾਹਰਲੇ ਕਿਸੇ ਦੇਸ਼ ਤੋਂ ਆਏ ਕਿਸੇ ਅਮੀਰ ਵਿਅਕਤੀ ਨਾਲ ਉਨ੍ਹਾਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਆਪਣਾ ਦੇਸ਼ ਛੱਡ ਕੇ ਕਿਸੇ ਹੋਰ ਦੇਸ਼ ਚਲਾ ਜਾਣਾ ਪੈਂਦਾ ਹੈ. ਬੇਗਾਨੇ ਸਭਿਆਚਾਰ ਵਿੱਚ ਕੁਝ ਲੋਕ ਤਾਂ ਜਲਦੀ ਰਚ ਮਿਚ ਜਾਂਦੇ ਹਨ; ਪਰ ਕੁਝ ਲੋਕਾਂ ਲਈ ਬੇਗਾਨਾ ਸਭਿਆਚਾਰ ਸਦਾ ਹੀ ਬੇਗਾਨਾ ਬਣਿਆ ਰਹਿੰਦਾ ਹੈ. ਕੁਝ ਇਸ ਤਰ੍ਹਾਂ ਦਾ ਹੀ ਚੰਦ ਸਿਤਾਰੇ ਮੇਰੇ ਵੀ ਨੇਕਾਵਿ ਸੰਗ੍ਰਹਿ ਦੀ ਲੇਖਿਕਾ ਸੁਰਿੰਦਰ ਗੀਤ ਨਾਲ ਵੀ ਵਾਪਰਿਆ ਲੱਗਦਾ ਹੈ. ਭਾਵੇਂ ਕਿ ਕੈਨੇਡਾ ਵਿੱਚ ਆ ਕੇ ਜ਼ਿੰਦਗੀ ਜਿਊਣ ਲਈ ਲੋੜੀਂਦੀਆਂ ਸਭ ਸਹੂਲਤਾਂ ਦੀ ਖੁਸ਼ਹਾਲੀ ਉਸਨੂੰ ਪ੍ਰਾਪਤ ਹੈ; ਪਰ ਸਮਾਜਿਕ, ਸਭਿਆਚਾਰਕ ਅਤੇ ਮਨੋ-ਵਿਗਿਆਨਕ ਤੌਰ ਉੱਤੇ ਉਹ ਆਪਣੇ ਆਪਨੂੰ ਧਰਤੀ ਦੇ ਇਸ ਹਿੱਸੇ ਨਾਲ ਜੁੜਿਆ ਹੋਇਆ ਮਹਿਸੂਸ ਨਹੀਂ ਕਰਦੀ. ਇਸ ਦ੍ਰਿਸ਼ਟੀ ਤੋਂ ਸੁਰਿੰਦਰ ਗੀਤ ਦੀਆਂ ਦੋ ਕਵਿਤਾਵਾਂ ਪੈੜਾਂ ਬੋਲ ਪਈਆਂ...ਅਤੇ ਨਾਗਰਿਕਤਾਦੀਆਂ ਇਹ ਸਤਰਾਂ ਪੜ੍ਹਨੀਆਂ ਸਾਡੇ ਲਈ ਮੱਦਦਗਾਰ ਸਿੱਧ ਹੋ ਸਕਦੀਆਂ ਹਨ:

1.

ਅਜੇ ਉਸ ਬੂਟੇ ਨੇ

ਰੁੱਖ ਬਣਨਾ ਸੀ

ਸੰਘਣੀ ਛਾਂ ਬਣਨਾ ਸੀ

ਕੋਈ ਦੌਲਤਮੰਦ ਓਧਰ ਦੀ ਲੰਘਿਆ

ਦੌਲਤ ਦੇ ਤਿੱਖੇ ਖੁਰਪੇ ਨਾਲ

ਉਹ ਬੂਟਾ ਖੁੱਗਿਆ

ਉਹ ਰੋਈ

ਉਹ ਕੁਰਲਾਈ

ਦੌਲਤ ਦਾ ਖੁਰਪਾ ਨਾ ਰੁਕਿਆ

ਭਲਾ !

ਦੌਲਤ ਦੇ ਖੁਰਪੇ

ਵੀ ਕਦੇ ਰੋਕੇ ਰੁਕਦੇ ਨੇ

ਕਿਸੇ ਦੇ ਦਿਲ ਦੀ ਕਦੇ ਸੁਣਦੇ ਨੇ

2.

ਕਿਉਂਕਿ ਏਥੇ ਤਾਂ ਮੈਂ

ਸਿਰਫ ਸਾਹ ਲੈਂਦੀ ਹਾਂ

ਕਿਤੇ ਹੋਰ ਜਿਊਂਦੀ ਹਾਂ

ਬਹੁਤ ਫ਼ਰਕ ਹੈ

ਸਾਹ ਲੈਣ ਵਿੱਚ

ਅਤੇ ਜਿ਼ੰਦਗੀ ਜਿਊਣ ਵਿੱਚ

ਬਹੁਤ ਫਰਕ ਹੈ

ਕਿਸੇ ਦੇਸ਼ ਦੀ ਨਾਗਰਿਕਤਾ

ਹੰਢਾਉਣ ਵਿੱਚ

ਅਤੇ ਨਾਗਰਿਕਤਾ ਅਪਨਾਉਣ ਵਿੱਚ

ਅਜਿਹੀ ਹਾਲਤ ਇਕੱਲੀ ਸੁਰਿੰਦਰ ਗੀਤ ਦੀ ਹੀ ਨਹੀਂ; ਅਨੇਕਾਂ ਪਰਵਾਸੀਆਂ ਨਾਲ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਉਹ ਭਾਵੇਂ ਨਵੇਂ ਅਪਣਾਏ ਦੇਸ਼ ਕੈਨੇਡਾ ਵਿੱਚ ਜ਼ਿੰਦਗੀ ਦੀ ਹਰ ਖੁਸ਼ਹਾਲੀ ਮਾਣ ਰਹੇ ਹੁੰਦੇ ਹਨ - ਪਰ ਫਿਰ ਵੀ ਉਹ ਮਹਿਸੂਸ ਕਰਦੇ ਹਨ ਕਿ ਮਾਨਸਿਕ ਤੌਰ ਉੱਤੇ ਉਹ ਧਰਤੀ ਦੇ ਇਸ ਹਿੱਸੇ ਨਾਲ ਜੁੜ੍ਹ ਨਹੀਂ ਸਕੇ. ਉਨ੍ਹਾਂ ਨੂੰ ਹਰ ਵਕਤ ਇਹੀ ਗੱਲ ਸਤਾਂਦੀ ਰਹਿੰਦੀ ਹੈ ਕਿ ਜਿ਼ੰਦਗੀ ਦੀਆਂ ਸਹੂਲਤਾਂ ਦੀ ਖੁਸ਼ਹਾਲੀ ਦੀ ਤਲਾਸ਼ ਵਿੱਚ ਉਹ ਇੰਡੀਆ ਛੱਡ ਕੇ ਕੈਨੇਡਾ ਆਏ ਸਨ; ਪਰ ਇੱਥੇ ਸਭ ਕੁਝ ਪ੍ਰਾਪਤ ਕਰ ਲੈਣ ਤੋਂ ਬਾਹਦ ਵੀ ਉਨ੍ਹਾਂ ਨੂੰ ਕਿਸੀ ਚੀਜ਼ ਦੀ ਕਮੀ ਮਹਿਸੂਸ ਹੁੰਦੀ ਰਹਿੰਦੀ ਹੈ ਅਤੇ ਇਹ ਕਮੀ ਪਲ ਪਲ ਰੂਹ ਨੂੰ ਕੰਡਿਆਂ ਵਾਂਗ ਚੁੱਭਦੀ ਰਹਿੰਦੀ ਹੈ. ਇਸ ਗੱਲ ਦਾ ਇਜ਼ਹਾਰ ਕੈਨੇਡਾ ਦੇ ਅਨੇਕਾਂ ਹੋਰ ਪੰਜਾਬੀ ਲੇਖਕਾਂ ਦੀਆਂ ਲਿਖਤਾਂ ਵਿੱਚ ਵੀ ਮਿਲਦਾ ਹੈ. ਧਰਤੀ ਦੇ ਦੋ ਹਿੱਸਿਆਂ ਵਿਚਾਲੇ ਤ੍ਰਿਸ਼ੰਕੂ ਵਾਂਗ ਭਟਕਦੀਆਂ ਅਜਿਹੀਆਂ ਪਰਵਾਸੀ ਰੂਹਾਂ ਦਾ ਕਾਵਿਮਈ ਦ੍ਰਿਸ਼ ਸੁਰਿੰਦਰ ਗੀਤ ਨੇ ਆਪਣੀ ਕਵਿਤਾ ਮੈਂਵਿੱਚ ਕੁਝ ਇਸ ਤਰ੍ਹਾਂ ਕੀਤਾ ਹੈ:

ਨਾ ਮੈਂ ਦੇਸੀ

ਨਾ ਅੰਗਰੇਜ਼ੀ

ਮੇਰੇ ਮਿੱਤਰੋ

ਮੈਂ ਪਰਦੇਸੀ

ਓਸ ਪਾਰ ਦਾ ਰਹਿ ਨਾ ਸਕਿਆ

ਏਸ ਪਾਰ ਦਾ ਹੋ ਨਾ ਸਕਿਆ

ਮੈਂ ਇਸ ਆਰ ਤੇ ਪਾਰ ਵਿਚਾਲੇ

ਲਟਕ ਰਿਹਾ ਹਾਂ

ਵਿਸ਼ਵ ਪੱਧਰ ਉੱਤੇ ਦੋ ਵਿਚਾਰਧਾਰਾਵਾਂ ਦਾ ਹੀ ਬੋਲਬਾਲਾ ਰਿਹਾ ਹੈ: ਸਰਮਾਇਦਾਰੀ ਅਤੇ ਸਮਾਜਵਾਦ. ਇਨ੍ਹਾਂ ਵਿਚਾਰਧਾਰਾਵਾਂ ਨਾਲ ਹੀ ਜੁੜੀਆਂ ਹੋਈਆਂ ਹਨ ਆਰਥਿਕ ਪ੍ਰਣਾਲੀਆਂ. ਸੋਵੀਅਤ ਯੂਨੀਅਨ ਦੇ ਟੁੱਟ ਜਾਣ ਤੋਂ ਬਾਹਦ ਉਨ੍ਹਾਂ ਦੇ ਸਮਰਥਕ ਦੇਸ਼ਾਂ ਵਿੱਚ ਵੀ ਸਮਾਜਵਾਦੀ ਢਾਂਚੇ ਖੇਰੂੰ ਖੇਰੂੰ ਹੋ ਗਏ. ਜਿਸ ਕਾਰਨ ਵਿਸ਼ਵ ਪੱਧਰ ਉੱਤੇ ਤਕਰੀਬਨ ਇੱਕ ਹੀ ਕਿਸਮ ਦੀ ਆਰਥਿਕ ਪ੍ਰਣਾਲੀ ਸਰਮਾਇਦਾਰੀ ਦਾ ਬੋਲਬਾਲਾ ਹੋ ਗਿਆ. ਇੱਥੋਂ ਤੱਕ ਕਿ ਚੀਨ ਵਰਗੇ ਸਮਾਜਵਾਦੀ ਦੇਸ਼ ਵੀ ਸਿਰਫ ਨਾਮ ਦੇ ਹੀ ਸਮਾਜਵਾਦੀ ਸਿਸਟਮ ਰਹਿ ਗਏ - ਉਨ੍ਹਾਂ ਨੇ ਵੀ ਆਪਣੀਆਂ ਆਰਥਿਕ ਪ੍ਰਣਾਲੀਆਂ ਸਰਮਾਇਦਾਰੀ ਦੇਸ਼ਾਂ ਵਾਂਗ ਹੀ ਬਣਾ ਲਈਆਂ.

ਅਜੋਕੇ ਸਮਿਆਂ ਦਾ ਪੂੰਜੀਵਾਦ ਪਹਿਲਾਂ ਨਾਲੋਂ ਵੱਧ ਚੁਸਤ, ਪਹਿਲਾਂ ਨਾਲੋਂ ਵੱਧ ਸ਼ੈਤਾਨ ਅਤੇ ਪਹਿਲਾਂ ਨਾਲੋਂ ਵੱਧ ਜ਼ਾਲਿਮ ਹੈ. ਪਹਿਲਾਂ ਵਾਲਾ ਪੂੰਜੀਵਾਦ ਪਿੰਡ ਦੇ ਡਾਂਗਧਾਰੀਆਂ ਵਾਂਗ ਹਰ ਕਿਸੇ ਉੱਤੇ ਧੌਂਸ ਜਮਾਉਣ ਲਈ ਹਰ ਰਾਹ ਜਾਂਦੇ ਰਾਹੀ ਨਾਲ ਝਗੜਾ ਮੁੱਲ ਲੈਂਦਾ ਸੀ ਅਤੇ ਆਪਣੀ ਈਨ ਮਨਾਉਣ ਦੀ ਕੋਸਿ਼ਸ਼ ਕਰਦਾ ਸੀ. ਇਸਦੀ ਸਭ ਤੋਂ ਵੱਡੀ ਉਦਾਹਰਣ ਅਮਰੀਕਾ ਵੱਲੋਂ ਵੀਅਤਨਾਮ ਦੀ ਧਰਤੀ ਉੱਤੇ ਦੱਸ ਸਾਲ ਤੋਂ ਵੱਧ ਸਮੇਂ ਤੱਕ ਬੰਬਾਂ ਦੀ ਬਰਖਾ ਕਰਨਾ ਸੀ. ਜਿਸ ਕਾਰਨ ਵੀਅਤਨਾਮ ਦੇ ਲੱਖਾਂ ਲੋਕ ਮਾਰੇ ਗਏ ਅਤੇ ਅਰਬਾਂ ਡਾਲਰਾਂ ਦੀ ਜਾਇਦਾਦ ਤਬਾਹ ਹੋ ਗਈ. ਆਖਿਰ, ਵੀਅਤਨਾਮ ਦੇ ਬਹਾਦਰ ਲੋਕਾਂ ਨੇ ਅਮਰੀਕਾ ਦੇ ਫੌਜੀਆਂ ਨੂੰ ਕੁੱਟ ਕੁੱਟ ਕੇ ਉੱਥੋਂ ਭਜਾ ਦਿੱਤਾ. ਵੀਅਤਨਾਮੀਆਂ ਨਾਲ ਛੇੜੀ ਇਸ ਲੜਾਈ ਵਿੱਚ ਅਮਰੀਕਾ ਦੇ 58,000 ਤੋਂ ਵੱਧ ਫੌਜੀ ਮਾਰੇ ਗਏ ਅਤੇ ਕਈ ਲੱਖ ਫੌਜੀ ਬੁਰੀ ਤਰ੍ਹਾਂ ਜ਼ਖਮੀ ਹੋਏ.

ਅਜੋਕੇ ਸਮਿਆਂ ਦਾ ਪੂੰਜੀਵਾਦ ਭਾਵੇਂ ਕਿ ਅਜੇ ਵੀ ਆਪਣੀਆਂ ਪੁਰਾਣੀਆਂ ਆਦਤਾਂ ਪੂਰੀ ਤਰ੍ਹਾਂ ਛੱਡ ਨਹੀਂ ਸਕਿਆ ਅਤੇ ਅਮਰੀਕਾ ਵਾਂਗ ਕਦੀ ਇਰਾਕ, ਕਦੀ ਅਫਗਾਨਿਸਤਾਨ ਅਤੇ ਕਦੀ ਮਿਡਲ ਈਸਟ ਵਿੱਚ ਕੋਈ ਨ ਕੋਈ ਬਹਾਨਾ ਲੱਭ ਕੇ ਜੰਗ ਦੇ ਭਾਂਬੜ ਬਾਲ ਦਿੰਦਾ ਹੈ; ਪਰ ਹੁਣ ਉਸਨੇ ਵਿਸ਼ਵ-ਪੱਧਰ ਉੱਤੇ ਪੂੰਜੀਵਾਦ ਦਾ ਪਾਸਾਰ ਕਰਨ ਲਈ ਆਪਣੇ ਤੌਰ ਤਰੀਕੇ ਬਦਲ ਲਏ ਹਨ.

ਪੂੰਜੀਵਾਦ ਦੀ ਮੁੱਖ ਦੌੜ ਆਪਣਾ ਮਾਲ ਵੇਚਣ ਲਈ ਮੰਡੀਆਂ ਦੀ ਭਾਲ ਕਰਨਾ ਹੁੰਦਾ ਹੈ. ਸਾਡੇ ਸਮਿਆਂ ਦਾ ਵਿਕਸਤ ਪੂੰਜੀਵਾਦ ਆਪਣੇ ਅਜਿਹੇ ਮੰਤਵ ਦੀ ਪੂਰਤੀ ਹਿਤ ਆਧੁਨਿਕ ਵਿਗਿਆਨ ਅਤੇ ਤਕਨਾਲੋਜੀ ਦੁਆਰਾ ਵਿਕਸਤ ਕੀਤੇ ਗਏ ਸੰਚਾਰ ਸਾਧਨਾਂ ਦੀ ਵਰਤੋਂ ਕਰਦਾ ਹੈ. ਪੂੰਜੀਵਾਦ ਦਾ ਨਵਾਂ ਹਥਿਆਰ ਗਲੋਬਲਾਈਜ਼ੇਸ਼ਨ ਹੈ. ਗਲੋਬਲਾਈਜ਼ੇਸ਼ਨ ਦੇ ਮੁਖੌਟੇ ਹੇਠ ਲੁਕਿਆ ਹੋਇਆ ਹੈ ਉਸਦਾ ਪੂੰਜੀਵਾਦ ਦੇ ਪਾਸਾਰ ਦਾ ਵਿਸ਼ਵ ਨਕਸ਼ਾ. ਇਸ ਕਾਰਜ ਦੀ ਪੂਰਤੀ ਲਈ ਪੂੰਜੀਵਾਦ ਰੇਡੀਓ/ਟੈਲੀਵੀਜ਼ਨ/ਇੰਟਰਨੈੱਟ ਦੀ ਵਰਤੋਂ ਕਰਕੇ ਮਨੁੱਖੀ ਚੇਤਨਾ ਉੱਤੇ ਹਮਲਾ ਕਰਦਾ ਹੈ. ਆਪਣਾ ਮਾਲ ਵੇਚਣ ਲਈ ਮੰਡੀਆਂ ਤਿਆਰ ਕਰਨ ਵਾਸਤੇ ਪੂੰਜੀਵਾਦੀ ਸਮਾਜ ਦੀਆਂ ਕਦਰਾਂ-ਕੀਮਤਾਂ ਦਾ ਪਰਚਾਰ ਕਰਨ ਵਾਲੇ ਸਭਿਆਚਾਰ ਦਾ ਪਾਸਾਰ ਕਰਦਾ ਹੈ ਅਤੇ ਜਿਨ੍ਹਾਂ ਦੇਸ਼ਾਂ ਵਿੱਚ ਆਪਣੀਆਂ ਆਰਥਿਕ ਮੰਡੀਆਂ ਬਣਾਉਣ ਲਈ ਪੂੰਜੀਵਾਦ ਆਪਣੀ ਸਾਜ਼ਿਸ਼ ਰਚਾਉਂਦਾ ਹੈ. ਉਨ੍ਹਾਂ ਦੇਸ਼ਾਂ ਦੇ ਸਥਾਨਕ ਸਭਿਆਚਾਰਾਂ ਨੂੰ ਨਿਗੂਣੇ ਅਤੇ ਸਮਾਂ ਵਿਹਾ ਚੁੱਕੇ ਸਿੱਧ ਕਰਨ ਲਈ ਸੰਚਾਰ ਸਾਧਨਾਂ ਦਾ ਹੜ੍ਹ ਵਹਾ ਦਿੰਦਾ ਹੈ ਅਤੇ ਉਪਭੋਗਿਤਾਵਾਦ ਦੇ ਨਸ਼ੇ ਵਿੱਚ ਗੜੁੱਚ ਕਰਨ ਲਈ ਵਸਤਾਂ ਦੀ ਚਕਾਚੌਂਦ ਪੈਦਾ ਕਰਨ ਵਾਲੀ ਇਸ਼ਤਿਹਾਰਬਾਜ਼ੀ ਨਾਲ ਅਮੀਰੀ ਦੇ ਸਬਜ਼ਬਾਗ਼ ਦਿਖਾਂਦਾ ਹੈ. ਇਸ ਮੰਤਵ ਲਈ ਪੂੰਜੀਵਾਦ ਲੋਕਾਂ ਨੂੰ ਧਰਮ, ਰੰਗ, ਨਸਲ, ਜ਼ਾਤਪਾਤ ਦੇ ਨਾਮ ਉੱਤੇ ਵੰਡ ਕੇ ਰੱਖਣ ਲਈ ਫਿਰਕੂ ਫਸਾਦ ਕਰਵਾਉਣ ਵਿੱਚ ਵੀ ਕੋਈ ਕਸਰ ਨਹੀਂ ਛੱਡਦਾ. ਕੁਝ ਅਜਿਹੀ ਗੱਲ ਹੀ ਸੁਰਿੰਦਰ ਗੀਤ ਆਪਣੀ ਕਵਿਤਾ ਇਲਜ਼ਾਮ ਨਾ ਲਾ...ਵਿੱਚ ਕਹਿ ਰਹੀ ਹੈ:

ਸਰਮਾਏਦਾਰ ਸਮਾਜ ਵੰਡਦਾ ਹੈ

ਅਸੀਂਤੋਂ ਮੈਂਕਰਦਾ ਹੈ

ਤਾਂ ਜਾ ਕੇ ਸਰਮਾਏਦਾਰ ਦਾ ਘਰ

ਵੱਸਦਾ ਹੈ

ਵੰਡ ਸਰਮਾਏਦਾਰ ਦੀ ਲੋੜ ਹੈ

ਵੰਡ ਸਰਮਾਏਦਾਰ ਦੀ ਚਾਲ ਹੈ

ਤੇ ਸਰਮਾਏਦਾਰ ਦੀ ਹਮੇਸ਼ਾ ਹੀ

ਵੰਡ ਦੇ ਨਵੇਂ ਸਾਧਨਾਂ ਦੀ ਭਾਲ ਹੈ

ਅਜਿਹੇ ਜੰਗਬਾਜ਼ਾਂ ਦਾ ਚਿਹਰਾ ਅਸੀਂ ਕਵਿਤਾ ਪੜ੍ਹਾਂਗੇਨਾਮ ਦੀ ਕਵਿਤਾ ਵਿੱਚ ਵੀ ਨੰਗਾ ਕੀਤਾ ਗਿਆ ਹੈ:

ਉਨ੍ਹਾਂ ਦਾ ਕਿੱਤਾ ਹੈ

ਆਪਣੀ ਤਾਕਤ ਅਜਮਾਉਣ ਲਈ

ਦਬਦਬਾ ਬਣਾਉਣ ਲਈ

ਕੋਈ ਨਾ ਕੋਈ ਬਹਾਨਾ ਬਨਾਉਣਾ

ਧਰਤੀ ਦੇ ਪਿੰਡੇ ਤੇ

ਅੱਗ ਵਰ੍ਹਾਉਣਾ

ਸੋਹਲ ਸੋਹਣੇ ਜਿਸਮਾਂ ਦਾ

ਮਲਬਾ ਬਣਾਉਣਾ

ਅਤੇ ਅਗਲੇ ਦਿਨ

ਲੰਗੜੀ ਲੂਲੀ ਮਨੁੱਖਤਾ ਲਈ

ਡਾਕਟਰ ਦਵਾਈਆਂ ਤੇ

ਬਿਸਕੁਟਾਂ ਦੇ ਪੈਕਟ ਭੇਜ

ਮਨੁੱਖਤਾ ਦਾ ਹਾਸਾ ਉਡਾਉਣਾ

ਤੇ ਇਹ ਖੇਡ

ਬਾਰ ਬਾਰ ਦੁਹਰਾਉਣਾ

ਸੁਰਿੰਦਰ ਗੀਤ ਇਹ ਗੱਲ ਵੀ ਚੰਗੀ ਤਰ੍ਹਾਂ ਸਮਝਦੀ ਹੈ ਕਿ ਵਿਸ਼ਵ ਦੇ ਕੁਝ ਚੋਣਵੇਂ ਅਮੀਰ ਦੇਸ਼ਾਂ ਵੱਲੋਂ ਇੱਕ ਕਲੱਬ ਬਣਾਇਆ ਗਿਆ ਹੈ. ਜਿਸਨੂੰ ਜੀ-8, ਜੀ-10 ਜਾਂ ਜੀ-20 ਵੀ ਕਹਿ ਲਿਆ ਜਾਂਦਾ ਹੈ. ਇਸ ਕਲੱਬ ਨਾਲ ਸਬੰਧਤ ਅਮੀਰ ਦੇਸ਼ ਭਾਵੇਂ ਇਸ ਗੱਲ ਦਾ ਜਿੰਨਾ ਮਰਜ਼ੀ ਵਿਖਾਵਾ ਕਰੀ ਜਾਣ ਕਿ ਉਹ ਦੁਨੀਆਂ ਦੇ ਗਰੀਬ ਦੇਸ਼ਾਂ ਦੀ ਮੱਦਦ ਕਰਨੀ ਚਾਹੁੰਦੇ ਹਨ ਪਰ ਅਜਿਹਾ ਉਨ੍ਹਾਂ ਦਾ ਅਸਲ ਮਨੋਰਥ ਨਹੀਂ ਹੈ. ਉਨ੍ਹਾਂ ਦਾ ਅਸਲ ਮਨੋਰਥ ਤਾਂ ਇਨ੍ਹਾਂ ਗਰੀਬ ਦੇਸ਼ਾਂ ਦੀਆਂ ਸਰਕਾਰਾਂ ਅਤੇ ਰਾਜਨੀਤੀਵਾਨਾਂ ਨੂੰ ਖੁਸ਼ ਕਰਕੇ ਉਨ੍ਹਾਂ ਦੇਸ਼ਾਂ ਵਿੱਚ ਆਪਣੇ ਬੈਂਕਾਂ ਦਾ ਜਾਲ ਵਿਛਾਉਣਾ ਹੈ, ਉਨ੍ਹਾਂ ਦੇਸ਼ਾਂ ਦੀ ਸਸਤੀ ਮਜ਼ਦੂਰੀ ਦਾ ਲਾਭ ਉਠਾਉਣ ਲਈ ਉਨ੍ਹਾਂ ਦੇਸ਼ਾਂ ਵਿੱਚ ਆਪਣੀਆਂ ਫੈਕਟਰੀਆਂ ਸਥਾਪਤ ਕਰਨੀਆਂ ਹਨ. ਉਨ੍ਹਾਂ ਦੇਸ਼ਾਂ ਦੇ ਕੁਦਰਤੀ ਪਦਾਰਥਾਂ ਨੂੰ ਕੌਡੀਆਂ ਦੇ ਭਾਅ ਖ੍ਰੀਦਣ ਲਈ ਉੱਥੇ ਕੁਦਰਤੀ ਪਦਾਰਥ ਲੱਭਣ ਅਤੇ ਉਨ੍ਹਾਂ ਦੀ ਵਰਤੋਂ ਕਰਨ ਦੇ ਕਾਰਖਾਨੇ ਲਗਾਉਣੇ ਹਨ. ਉਨ੍ਹਾਂ ਗਰੀਬ ਦੇਸ਼ਾਂ ਦੀ ਮੱਦਦ ਕਰਨ ਦੇ ਨਾਮ ਉੱਤੇ ਉਨ੍ਹਾਂ ਨੂੰ ਵੱਡੇ ਵੱਡੇ ਕਰਜ਼ੇ ਦੇਣੇ ਅਤੇ ਫਿਰ ਉਨ੍ਹਾਂ ਤੋਂ ਵੱਡੇ ਵੱਡੇ ਵਿਆਜ਼ ਉਗਰਾਹ ਕਿ ਉਨ੍ਹਾਂ ਦਾ ਖ਼ੂਨ ਨਿਚੋੜਨਾ ਹੈ. ਆਪਣੇ ਮੁਨਾਫ਼ੇ ਖਾਤਿਰ ਉਨ੍ਹਾਂ ਗਰੀਬ ਦੇਸ਼ਾਂ ਦੇ ਵਾਤਾਵਰਨ ਦੀ ਤਬਾਹੀ ਕਰਨੀ ਹੈ. ਉੱਥੇ ਦੇ ਗਰੀਬ ਲੋਕਾਂ ਨੂੰ ਘਰਾਂ ਤੋਂ ਉਜਾੜਨਾ ਹੈ. ਇਸੇ ਲਈ ਜਦੋਂ ਸੁਰਿੰਦਰ ਗੀਤ ਇਨ੍ਹਾਂ ਅਮੀਰ ਦੇਸ਼ਾਂ ਵੱਲੋਂ ਦਿਖਾਈ ਜਾ ਰਹੀ ਅਜਿਹੀ ਚਲਾਕੀ ਬਾਰੇ ਆਪਣੀ ਕਵਿਤਾ ਇਹ ਖ਼ਬਰਵਿੱਚ ਸੱਚ ਬੋਲਦੀ ਹੈ ਤਾਂ ਸਾਡੀਆਂ ਨਜ਼ਰਾਂ ਸਾਹਮਣੇ ਗਲੋਬਲੀਕਰਨ ਦਾ ਭੈੜਾ ਪੱਖ ਇੱਕ ਦੰਮ ਉਭਰਨਾ ਸ਼ੁਰੂ ਹੋ ਜਾਂਦਾ ਹੈ:

ਪਰ ਹਾਂ

ਇਹ ਕੱਲ੍ਹ ਵੀ ਇਕੱਠੇ ਹੋਏ ਸਨ

ਅੱਜ ਵੀ ਇਕੱਠੇ ਹੋਏ ਨੇ

ਕੱਲ੍ਹ ਨੂੰ ਵੀ ਇਕੱਠੇ ਹੋਣਗੇ

ਵਿਉਂਤ ਬਣਾਉਣਗੇ

ਕਿ ਕਿਵੇਂ

ਕਿਸੇ ਗਰੀਬ ਦੇਸ਼ ਦੀ ਰੂਹ ਨੂੰ

ਕਹਿਣੇ ਲਈਏ

ਆਪਣਾ ਮਾਲ ਵੇਚਣ ਲਈ

ਕਿੱਥੇ ਮੰਡੀ ਬਣਾਈਏ

ਕਿਹੜਾ ਬਹਾਨਾ ਘੜੀਏ

ਤੇ ਕਿੱਥੇ ਜਾ ਕੇ ਪਟਾਖੇ ਚਲਾਈਏ

ਤੇ ਫਿਰ

ਲਹੂ ਚ ਭਿੱਜੀ ਧਰਤੀ ਤੇ

ਲੋਥਾਂ ਦੇ ਢੇਰ

ਜਹਾਜ਼ਾਂ ਰਾਹੀਂ

ਬਿਸਕੁਟਾਂ ਦੇ ਪੈਕਟ ਸੁੱਟਕੇ

ਦਾਨੀ ਅਖਵਾਈਏ

ਗਰੀਬੀ ਹਟਾਉਣ ਦਾ ਨਾਹਰਾ ਲਾਈਏ

ਗਰੀਬ ਦੇਸ਼ਾਂ ਦੇ ਸਾਹਾਂ ਨੂੰ

ਉਮਰ ਭਰ ਲਈ

ਬੰਦੀ ਬਣਾਈਏ

ਸੁਰਿੰਦਰ ਗੀਤ ਦੀ ਕਵਿਤਾ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਬਿਨ੍ਹਾਂ ਕਿਸੀ ਝਿਜਕ ਦੇ ਭ੍ਰਿਸ਼ਟ, ਮਕਾਰ ਅਤੇ ਲੋਕ-ਦੋਖੀ ਰਾਜਨੀਤੀਵਾਨ, ਸਮਾਜਿਕ, ਸਭਿਆਚਾਰਕ ਅਤੇ ਧਾਰਮਿਕ ਆਗੂਆਂ ਦੇ ਚਿਹਰਿਆਂ ਉੱਤੇ ਲਗਾਏ ਹੋਏ ਮੁਖੌਟੇ ਲਾਹ ਕੇ ਉਨ੍ਹਾਂ ਦੇ ਅਸਲੀ ਚਿਹਰੇ ਨੰਗੇ ਕਰਦੀ ਜਾਂਦੀ ਹੈ.

ਰਾਜਨੀਤੀਵਾਨ ਧਰਮ ਨੂੰ ਸਦਾ ਹੀ ਆਪਣੇ ਹਿਤਾਂ ਦੀ ਰਖਵਾਲੀ ਕਰਨ ਲਈ ਵਰਤਦੇ ਰਹੇ ਹਨ. ਇਸ ਲਈ ਧਾਰਮਿਕ ਅਦਾਰਿਆਂ ਅਤੇ ਰਾਜਨੀਤੀਵਾਨਾਂ ਦਾ ਬੜਾ ਗੂੜ੍ਹਾ ਰਿਸ਼ਤਾ ਬਣਿਆ ਰਹਿੰਦਾ ਹੈ. ਪੂੰਜੀਵਾਦੀ ਰਾਜਨੀਤੀਵਾਨਾਂ ਲਈ ਧਰਮ ਦੀ ਰਾਜਨੀਤੀ ਵੀ ਇੱਕ ਅਜਿਹਾ ਹੱਥਕੰਡਾ ਹੈ ਜਿਸਨੂੰ ਉਹ ਲੋਕਾਂ ਵਿੱਚ ਧਰਮ ਦੇ ਨਾਮ ਉੱਤੇ ਖ਼ੂਨ ਖਰਾਬਾ ਕਰਨ ਲਈ ਵਰਤਦੇ ਹਨ. ਧਰਮਇੱਕ ਅਜਿਹਾ ਸ਼ਬਦ ਹੈ ਜੋ ਚੰਗੇ ਭਲੇ ਪੜ੍ਹੇ ਲਿਖੇ, ਅਕਲਮੰਦ, ਲੋਕਾਂ ਦੇ ਦਿਮਾਗ਼ਾਂ ਵਿੱਚ ਵੀ ਜ਼ਹਿਰੀਲੇ ਕੀਟਾਣੂੰ ਪੈਦਾ ਕਰਨ ਵਿੱਚ ਦੇਰ ਨਹੀਂ ਲਗਾਉਂਦਾ. ਇਸ ਸਬੰਧ ਵਿੱਚ ਸੁਰਿੰਦਰ ਗੀਤ ਦੀਆਂ ਦੋ ਕਵਿਤਾਵਾਂ ਉਹ ਤਾਂ ਚਾਹੁੰਦੇ ਨੇਅਤੇ ਧਰਤੀ ਸੰਗ ਰਹੀ ਹੈਦੀਆਂ ਇਹ ਸਤਰਾਂ ਵਿਸ਼ੇਸ਼ ਧਿਆਨ ਖਿੱਚਦੀਆਂ ਹਨ:

1.

ਉਹ ਤਾਂ ਚਾਹੁੰਦੇ ਨੇ

ਕਿ ਅਸੀਂ ਧਰਮੀ ਬਣੀਏ

ਤਾਂ ਜੋ

ਧਰਮ ਖ਼ਤਰੇ ਚ ਹੈ

ਧਰਮ ਬਚਾਓਦਾ ਨਾਹਰਾ ਲਾ ਕੇ

ਸਾਡੇ ਹੱਥ ਤਲਵਾਰਾਂ ਫੜਾ ਕੇ

ਮਨੁੱਖਤਾ ਦਾ ਘਾਣ ਕਰਵਾ ਸਕਣ

ਬੇਗੁਨਾਹ ਲਹੂ

ਆਪਣੇ ਰਾਜਨੀਤੀ ਦੇ ਚੋਲੇ ਰੰਗ ਕੇ

ਸਾਡੀਆਂ ਨਿਪੁੰਸਕ ਸੋਚਾਂ ਤੇ

ਆਸਾਨੀ ਨਾਲ ਰਾਜ ਕਰ ਸਕਣ

2.

ਧਰਤੀ ਰੋ ਰਹੀ ਹੈ

ਧਰਤੀ ਕੁਰਲਾ ਰਹੀ ਹੈ

ਡੂੰਘੀ ਤਿੱਖੀ ਪੀੜ ਨਾਲ

ਧਰਤੀ ਦੇ ਪੁੱਤਰ

ਬੀਜ਼ ਰਹੇ ਨੇ

ਉਸਦੀ ਹਿੱਕ ਤੇ

ਫਿਰਕਾਪ੍ਰਸਤੀ ਦੇ ਕੰਡੇਦਾਰ ਝਾੜ

ਜਿਨ੍ਹਾਂ ਦੀ ਭਰਵੀਂ ਫ਼ਸਲ ਵੱਢਦੇ ਨੇ

ਧਰਮ ਦੇ ਠੇਕੇਦਾਰ

ਜੋ ਬੜੇ ਮਹਿੰਗੇ ਭਾਅ ਵਿੱਕਦੀ ਹੈ

ਰਾਜਨੀਤੀ ਦੇ ਬਾਜ਼ਾਰ

ਅੱਜ ਅਸੀਂ ਜਿਸ ਤਰ੍ਹਾਂ ਦੇ ਸਮਿਆਂ ਵਿੱਚ ਜੀਅ ਰਹੇ ਹਾਂ ਇਹ ਸਮਾਂ ਵਿਕਸਤ ਪੂੰਜੀਵਾਦ ਦਾ ਸਮਾਂ ਹੈ. ਗਲੋਬਲੀਕਰਨ ਵੀ ਇੱਕ ਤਰ੍ਹਾਂ ਨਾਲ ਪੂੰਜੀਵਾਦ ਦੇ ਵਿਸ਼ਵ ਪਾਸਾਰ ਦਾ ਹੀ ਦੂਜਾ ਨਾਮ ਹੈ. ਇਸ ਤਰ੍ਹਾਂ ਹੀ ਵਿਕਸਤ ਹੋ ਰਹੀ ਆਰਥਿਕਤਾ ਵਿੱਚ ਜਿਸ ਤਰ੍ਹਾਂ ਦੀਆਂ ਸਮਾਜਿਕ, ਸਭਿਆਚਾਰਕ, ਦਾਰਸ਼ਨਿਕ ਕਦਰਾਂ-ਕੀਮਤਾਂ ਪੈਦਾ ਹੋ ਰਹੀਆਂ ਹਨ ਉਹ ਲੋਕ-ਪੱਖੀ ਕਦਰਾਂ-ਕੀਮਤਾਂ ਨਹੀਂ ਹਨ. ਹਰ ਗੱਲ ਮੁਨਾਫ਼ੇ ਨੂੰ ਧਿਆਨ ਵਿੱਚ ਰੱਖ ਕੇ ਹੀ ਕੀਤੀ ਜਾਂਦੀ ਹੈ. ਇਸ ਤਰ੍ਹਾਂ ਦਾ ਪੈਦਾ ਹੋ ਰਿਹਾ ਸਭਿਆਚਾਰ ਲੋਕਾਂ ਵਿੱਚ ਇੱਕ ਦੂਜੇ ਨਾਲ ਝੂਠਾ ਮੁਕਾਬਲਾ, ਈਰਖਾ, ਵੈਰ ਵਿਰੋਧ, ਦੁਸ਼ਮਣੀ ਪੈਦਾ ਕਰਦਾ ਹੈ. ਇਸ ਤਰ੍ਹਾਂ ਦੇ ਸਭਿਆਚਾਰ ਵਿੱਚ ਲੋਕਾਂ ਨੂੰ ਹਰ ਸਮੇਂ ਹੱਫੜਾ-ਦੱਫੜੀ ਪਈ ਰਹਿੰਦੀ ਹੈ ਅਤੇ ਉਪਭੋਗਿਤਾਵਾਦੀ ਚਮਕ ਦਮਕ ਵਾਲੀਆਂ ਚੀਜ਼ਾਂ ਨਾਲ ਆਪਣੇ ਘਰ ਭਰੀ ਜਾਣ ਕਰਕੇ ਹਰ ਸਮੇਂ ਬਿਲਾਂ ਦੇ ਭੁਗਤਾਨ ਕਰਨ ਦੀ ਚਿੰਤਾ ਲੱਗੀ ਰਹਿੰਦੀ ਹੈ. ਇਸਦੇ ਮੁਕਾਬਲੇ ਵਿੱਚ ਸਮਾਜਵਾਦੀ ਸਿਸਟਮਾਂ ਵਿੱਚ ਭਾਵੇਂ ਕਿ ਲੋਕਾਂ ਨੂੰ ਚਮਕ ਦਮਕ ਵਾਲੀਆਂ ਚੀਜ਼ਾਂ ਵੱਡੀ ਪੱਧਰ ਉੱਤੇ ਪ੍ਰਾਪਤ ਨਹੀਂ ਹੁੰਦੀਆਂ ਸਨ ਪਰ ਫਿਰ ਵੀ ਲੋਕ ਮਾਨਸਿਕ ਤੌਰ ਉੱਤੇ ਵਧੇਰੇ ਖੁਸ਼ ਸਨ; ਪਰ ਉਹ ਸਿਸਟਮ ਚੰਗੇ ਹੋਣ ਦੇ ਬਾਵਜ਼ੂਦ ਵੀ ਉਨ੍ਹਾਂ ਦੇਸ਼ਾਂ ਦੀ ਭ੍ਰਿਸ਼ਟ ਲੀਡਰਸ਼ਿੱਪ ਨੇ ਆਪਣੇ ਨਿੱਜੀ ਮੁਫ਼ਾਦਾਂ ਖਾਤਰ ਤਬਾਹ ਕਰ ਦਿੱਤੇ. ਹੁਣ ਹਰ ਪਾਸੇ ਇੱਕ ਹੀ ਤਰ੍ਹਾਂ ਦਾ ਸਭਿਆਚਾਰ ਦਿਖਾਈ ਦਿੰਦਾ ਹੈ - ਪੂੰਜੀਵਾਦੀ ਸਭਿਆਚਾਰ - ਬਿਲਕੁਲ ਇਸ ਤਰ੍ਹਾਂ ਹੀ ਦਿਖਾਈ ਦਿੰਦਾ ਹੈ ਜਿਵੇਂ ਸਾਰਾ ਸਾਲ ਹੀ ਇੱਕੋ ਹੀ ਰੁੱਤ ਰਹਿੰਦੀ ਹੋਵੇ ਅਤੇ ਹਰ ਪਾਸੇ ਬਰਫ਼ ਦੇ ਅੰਬਾਰ ਲੱਗੇ ਰਹਿੰਦੇ ਹੋਣ. ਆਪਣੀ ਕਵਿਤਾ ਅੱਗ ਦੀ ਰੁੱਤਵਿੱਚ ਇਸ ਸਥਿਤੀ ਦਾ ਵਿਸਥਾਰ ਕਰਦਿਆਂ ਸੁਰਿੰਦਰ ਗੀਤ ਵੀ ਕੁਝ ਇਸ ਤਰ੍ਹਾਂ ਦਾ ਹੀ ਮਹਿਸੂਸ ਕਰ ਰਹੀ ਹੈ:

ਪਰ ਹੁਣ

ਰੁੱਤਾਂ ਨਹੀਂ ਬਦਲਦੀਆਂ

ਨਵੇਂ ਰੰਗ ਨਹੀਂ ਲਿਆਉਂਦੀਆਂ

ਇੱਕੋ ਰੁੱਤ ਹੈ

ਅੱਗ ਦੀ ਰੁੱਤ

ਪੂੰਜੀਵਾਦ ਦੀ ਰੁੱਤ

ਹਫੜਾ ਦੱਫੜੀ ਦੀ ਰੁੱਤ

ਲੁੱਟ ਘਸੁੱਟ ਦੀ ਰੁੱਤ

ਚੰਦ ਸਿਤਾਰੇ ਮੇਰੇ ਵੀ ਨੇਕਾਵਿ ਸੰਗ੍ਰਹਿ ਵਿੱਚ ਭਾਵੇਂ ਕਿ ਸੁਰਿੰਦਰ ਗੀਤ ਨੇ ਵਿਸ਼ਵ ਰਾਜਨੀਤੀ ਦੇ ਸਮਾਜਿਕ, ਸਭਿਆਚਾਰਕ, ਆਰਥਿਕ, ਧਾਰਮਿਕ ਅਤੇ ਰਾਜਨੀਤਿਕ ਪਹਿਲੂਆਂ ਨੂੰ ਵੀ ਆਪਣੀ ਚਰਚਾ ਦਾ ਵਿਸ਼ਾ ਬਣਾਇਆ ਹੈ; ਪਰ ਮੂਲ ਰੂਪ ਵਿੱਚ ਉਸਦੀ ਪਹਿਚਾਣ ਔਰਤ ਦੇ ਸਰੋਕਾਰਾਂ ਦੀ ਕਵਿਤਾ ਲਿਖਣ ਵਾਲੀ ਇੱਕ ਚੇਤੰਨ, ਜਾਗਰੂਕ ਅਤੇ ਪ੍ਰਗਤੀਸ਼ੀਲ ਵਿਚਾਰਾਂ ਵਾਲੀ ਕੈਨੇਡੀਅਨ ਪੰਜਾਬੀ ਲੇਖਿਕਾ ਵਜੋਂ ਹੀ ਬਣਦੀ ਹੈ. ਕੈਨੇਡਾ ਦੀਆਂ ਪੰਜਾਬੀ ਲੇਖਿਕਾਵਾਂ ਵੱਲੋਂ ਔਰਤ ਦੇ ਸਰੋਕਾਰਾਂ ਨੂੰ ਕੈਨੇਡਾ ਦੇ ਪੰਜਾਬੀ ਸਾਹਿਤ ਦਾ ਇੱਕ ਮੁੱਖ ਵਿਸ਼ਾ ਬਣਾਉਣ ਦੀ ਗੰਭੀਰ ਲੋੜ ਹੈ. ਕਿਉਂਕਿ ਕੈਨੇਡਾ ਦੀਆਂ ਪੰਜਾਬੀ ਔਰਤਾਂ ਸਮਾਜਿਕ ਅਤੇ ਸਭਿਆਚਾਰਕ ਪਹਿਲੂਆਂ ਤੋਂ ਬਹੁਤ ਸਾਰੇ ਸੰਕਟਾਂ ਦਾ ਸਾਹਮਣਾ ਕਰ ਰਹੀਆਂ ਹਨ. ਜਿਨ੍ਹਾਂ ਵਿੱਚ ਮੁੱਖ ਤੌਰ ਉੱਤੇ ਅਲਕੋਹਲਕ ਪੰਜਾਬੀ ਪਤੀਆਂ ਵੱਲੋਂ ਆਪਣੀਆਂ ਪਤਨੀਆਂ ਉੱਤੇ ਕੀਤੇ ਜਾਣ ਵਾਲੇ ਹਿੰਸਾਤਮਕ ਹਮਲੇ, ਪੰਜਾਬੀ ਪਿਓਆਂ ਵੱਲੋਂ ਆਪਣੀਆਂ ਹੀ ਨੌਜੁਆਨ ਧੀਆਂ ਦੇ ਕਤਲ ਕੀਤੇ ਜਾਣੇ ਅਤੇ ਅਣ-ਜੰਮੀਆਂ ਧੀਆਂ ਦਾ ਮਾਂ ਦੀ ਕੁੱਖ ਵਿੱਚ ਹੀ ਕਤਲ ਕੀਤਾ ਜਾਣਾ ਵਰਗੇ ਮਸਲੇ ਸ਼ਾਮਿਲ ਹਨ.

ਚੰਦ ਸਿਤਾਰੇ ਮੇਰੇ ਵੀ ਨੇਕਾਵਿ ਸੰਗ੍ਰਹਿ ਪੜ੍ਹ ਕੇ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਕੈਨੇਡਾ ਦੀਆਂ ਪੰਜਾਬੀ ਲੇਖਿਕਾਵਾਂ ਸਾਡੇ ਸਮਿਆਂ ਦੇ ਹਾਣ ਦੀ ਪੰਜਾਬੀ ਕਵਿਤਾ ਰਚ ਰਹੀਆਂ ਹਨ. ਅਜਿਹਾ ਖੂਬਸੂਰਤ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਕਰਨ ਲਈ ਸੁਰਿੰਦਰ ਗੀਤ, ਨਿਰਸੰਦੇਹ, ਮੁਬਾਰਕ ਦੀ ਹੱਕਦਾਰ ਹੈ. ਇਸ ਕਾਵਿ ਸੰਗ੍ਰਹਿ ਦੇ ਪ੍ਰਕਾਸ਼ਿਤ ਹੋਣ ਨਾਲ ਕੈਨੇਡਾ ਦੇ ਪੰਜਾਬੀ ਸਾਹਿਤ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ.

No comments: