ਸਮੋਸਾ ਪਾਲਿਟਿਕਸ
ਨਜ਼ਮ
ਰਾਜਨੀਤੀ ਨੂੰ ਅਸੀਂ
ਅਖੰਡ ਪਾਠਾਂ, ਸਮੋਸਿਆਂ
ਅਤੇ ਔਰਿੰਜ ਜੂਸ ਤੱਕ
ਸੀਮਿਤ ਕਰਕੇ ਰੱਖ ਦਿੱਤਾ ਹੈ-
---
ਸੰਸਦ ਦਾ ਮੈਂਬਰ ਚੁਣੇ ਜਾਣ ਉੱਤੇ
ਅਸੀਂ...
ਮਹਿਜ਼,
ਇਸ ਕਰਕੇ ਹੀ
ਸੰਸਦ ਭਵਨ ਦੇ ਅੰਦਰ ਜਾਣ ਤੋਂ
ਇਨਕਾਰ ਕਰੀ ਜਾਂਦੇ ਹਾਂ
ਸਾਡੀ ਤਿੰਨ ਫੁੱਟੀ ਤਲਵਾਰ
ਸਾਡੇ ਨਾਲ, ਅੰਦਰ ਜਾਣ ਦੀ
ਇਜਾਜ਼ਤ ਕਿਉਂ ਨਹੀਂ?
ਇਹ ਸਮਝਣ ਤੋਂ ਅਸਮਰੱਥ ਕਿ
ਸੰਸਦ ਵਿੱਚ ਬੋਲਣ ਲਈ
ਜ਼ੁਬਾਨ ਦੀ ਲੋੜ ਪਵੇਗੀ
ਤਲਵਾਰ ਦੀ ਨਹੀਂ!
---
ਮੀਡੀਆ ਦੀ ਆਲੋਚਨਾ ਦਾ
ਨਿਤ ਨਿਸ਼ਾਨਾ ਬਣਨ ਦੇ
ਬਾਵਜੂਦ,
ਅਸੀਂ...
ਧਾਰਮਿਕ ਕੱਟੜਵਾਦ ਦੇ
ਰੰਗਾਂ ‘ਚ ਰੰਗੇ
ਫ਼ਨੀਅਰ ਸੱਪਾਂ ਵਾਂਗ,
ਫਨ ਫੈਲਾ ਕੇ
ਦਹਾੜਨ ਵਿੱਚ ਹੀ
ਫ਼ਖਰ ਮਹਿਸੂਸ ਕਰਦੇ ਹਾਂ
----
ਇਹ ਸਮਝਣ ਤੋਂ ਕੋਰੇ ਕਿ
ਅਜੋਕੇ ਸਮਿਆਂ ਵਿੱਚ
ਰਾਜਨੀਤੀਵਾਨ ਬਣਨ ਲਈ
ਪਹਿਲਾਂ ਵਧੀਆ ਮਨੁੱਖ
ਬਣਨਾ ਪਵੇਗਾ
ਮੂੰਹਾਂ ਵਿੱਚ ਵਿਸ ਘੋਲ਼ਦੇ
ਫ਼ਨੀਅਰ ਸੱਪ ਨਹੀਂ!
---
ਸਾਡੀ ਚੇਤਨਾ ਵਿੱਚ
ਅੰਕਿਤ ਹੋ ਚੁੱਕੀ
ਪ੍ਰਿਯਾ ਨੇਤਾ ਬਨਣ ਦੀ ਪ੍ਰੀਭਾਸ਼ਾ
ਭੰਗ, ਚਰਸ, ਕਰੈਕ, ਕੁਕੇਨ ਦਾ
ਨਾਮੀ ਸਮਗਲਰ ਹੋਣਾ ਹੀ ਹੈ
ਇਹ ਮਹਿਸੂਸ ਕਰਨ ਤੋਂ
ਅਸਮਰੱਥ ਕਿ...
ਆਪਣੇ ਅਜਿਹੇ
ਕਾਰਨਾਮਿਆਂ ਸਦਕਾ
ਅਸੀਂ ਜਨ-ਸਮੂਹ ਦੀ
ਘੋਰ ਤਬਾਹੀ ਕਰ ਰਹੇ ਹੋਵਾਂਗੇ!
---
ਸਾਡਾ ਵਸ ਚੱਲੇ ਤਾਂ
ਅਸੀਂ...
ਜ਼ਿੰਦਗੀ ਨਾਲ ਸਬੰਧਤ
ਹਰ ਪਹਿਲੂ ਨੂੰ ਹੀ
ਭ੍ਰਿਸ਼ਟ ਰਾਜਨੀਤੀ ਦੀ
ਚਾਸ਼ਣੀ ਵਿੱਚ ਡੁਬੋ ਕੇ
ਸੱਪਾਂ ਦੀਆਂ ਖੁੱਡਾਂ
ਮਗਰਮੱਛਾਂ ਦੇ ਜਬਾੜਿਆਂ
ਰੰਡੀਆਂ ਦੇ ਚੁਬਾਰਿਆਂ
ਡਰੱਗ ਸਮਗਲਰਾਂ ਦੇ ਅੱਡਿਆਂ
ਬਲਾਤਕਾਰੀ ਬਾਬਿਆਂ ਦੇ ਡੇਰਿਆਂ
ਵਿੱਚ ਤਬਦੀਲ ਕਰ ਦੇਈਏ!
---
ਕਿੰਨਾ ਕੁਝ ਬਦਲ ਗਿਆ ਹੈ
ਪਰਾ-ਆਧੁਨਿਕ ਸਮਿਆਂ ਵਿੱਚ
ਰਾਜਨੀਤੀ ਦੇ ਸੰਕਲਪ ਨੂੰ
ਅਸੀਂ...
ਕਿਸ ਹੱਦ ਤੱਕ
ਸੀਮਿਤ ਕਰਕੇ ਰੱਖ ਦਿੱਤਾ ਹੈ?
No comments:
Post a Comment