ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ
ਕੈਨੇਡਾ ਦੇ 57 ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਸਮੀਖਿਆ ਦੀ ਕਿਤਾਬ 'ਕੈਨੇਡੀਅਨ ਪੰਜਾਬੀ ਸਾਹਿਤ' ਨੂੰ ਖ਼ਰੀਦਣ ਲਈ ਬਲੌਗ 'ਤੇ ਦਿੱਤੇ ਐਡਰੈਸ 'ਤੇ ਈਮੇਲ ਕਰੋ। ਸ਼ੁਕਰੀਆ।

ਤੁਹਾਡੇ ਧਿਆਨ ਹਿੱਤ - ਜ਼ਰੂਰੀ ਸੂਚਨਾ

ਸੂਚਨਾ: ਪ੍ਰਕਾਸ਼ਕ ਦੀ ਤਲਾਸ਼ :

ਆਪਣੀ ਹੁਣੇ ਇੰਡੀਆ ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ)’ ਨੂੰ ਮੈਂ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਕੈਨੇਡਾ ਵਿੱਚ ‘‘Canadian Punjabi Literature (Commentary)’’ ਨਾਮ ਦੀ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਨਾ ਚਾਹੁੰਦਾ ਹਾਂ। ਮੈਂ ਕਿਸੀ ਵਧੀਆ ਕੈਨੇਡੀਅਨ ਪ੍ਰਕਾਸ਼ਕ ਦੀ ਤਲਾਸ਼ ਕਰ ਰਿਹਾ ਹਾਂ। ਜੇਕਰ ਤੁਸੀਂ ਕਿਸੀ ਅਜਿਹੇ ਵਧੀਆ ਕੈਨੇਡੀਅਨ ਪ੍ਰਕਾਸ਼ਕ ਦਾ ਨਾਮ ਜਾਣਦੇ ਹੋ ਜੋ ਮੇਰੀ ਪੁਸਤਕ ਪ੍ਰਕਾਸ਼ਿਤ ਕਰ ਸਕਦਾ ਹੋਵੇ ਤਾਂ ਮੈਂ ਉਸ ਪ੍ਰਕਾਸ਼ਕ ਦਾ ਨਾਮ ਜਾਨਣਾ ਚਾਹਾਂਗਾ।

Sukhinder

Editor: SANVAD

Box 67089, 2300 Yonge St.

Toronto ON M4P 1E0

Tel. (416) 858-7077

Email: poet_sukhinder@hotmail.com

http://www.canadianpunjabiliterature.blogspot.com/



Sunday, January 3, 2010

ਸੁਖਿੰਦਰ - ਲੇਖ

ਕੈਨੇਡੀਅਨ ਪੰਜਾਬੀ ਕਵਿਤਾ ਦਾ ਇੱਕ ਰੰਗ ਇਹ ਵੀ - ਹਾਮਿਦ ਯਜ਼ਦਾਨੀ

ਲੇਖ

ਸਿੱਧੀਆਂ ਸਾਦੀਆਂ ਗ਼ਜ਼ਲਾਂ, ਗੀਤਾਂ ਅਤੇ ਕਵਿਤਾਵਾਂ ਲਿਖਣ ਵਾਲੇ ਕੈਨੇਡੀਅਨ ਪੰਜਾਬੀ ਸ਼ਾਇਰ ਹਾਮਿਦ ਯਜ਼ਦਾਨੀ ਨੇ ਆਪਣਾ ਕਾਵਿ-ਸੰਗ੍ਰਹਿ ‘ਰਾਤ ਦੀ ਨੀਲੀ ਚੁੱਪ’ ਮਈ 2002 ਵਿੱਚ ਉਰਦੂ ਅੱਖਰਾਂ ਵਿੱਚ ਪ੍ਰਕਾਸ਼ਿਤ ਕੀਤਾ ਸੀ। ਉਹ ਆਪਣੀਆਂ ਕਵਿਤਾਵਾਂ ਵਿੱਚ ਬਹੁਤੀਆਂ ਗੁੰਝਲਦਾਰ ਗੱਲਾਂ ਨਹੀਂ ਕਰਦਾ। ਨਾ ਹੀ ਉਹ ਬਹੁਤੇ ਗੁੰਝਲਦਾਰ ਵਿਚਾਰਾਂ ਜਾਂ ਸਮੱਸਿਆਵਾਂ ਨੂੰ ਹੀ ਆਪਣੀਆਂ ਰਚਨਾਵਾਂ ਦਾ ਵਿਸ਼ਾ ਬਣਾਉਂਦਾ ਹੈ। ਪਰ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਉਹ ਸਾਡੇ ਸਮੇਂ ਦੀਆਂ ਗੁੰਝਲਦਾਰ ਸਮੱਸਿਆਵਾਂ ਤੋਂ ਵਾਕਿਫ਼ ਨਹੀਂ। ਅਜਿਹੀਆਂ ਗੁੰਝਲਦਾਰ ਸਮੱਸਿਆਵਾਂ ਬਾਰੇ ਵੀ ਉਹ ਧੀਮੇ ਜਿਹੇ ਅੰਦਾਜ਼ ਵਿੱਚ ਹੀ ਆਪਣੇ ਅਹਿਸਾਸ ਪ੍ਰਗਟਾਅ ਜਾਂਦਾ ਹੈ। ਉਹ ਆਮ ਮਨੁੱਖ ਦੀਆਂ ਨਿੱਕੀਆਂ ਨਿੱਕੀਆਂ ਖ਼ੁਸ਼ੀਆਂ-ਗਮੀਆਂ ਨੂੰ ਹੀ ਆਪਣੀਆਂ ਕਵਿਤਾਵਾਂ ਵਿੱਚ ਚਰਚਾ ਦਾ ਵਿਸ਼ਾ ਬਣਾਉਂਦਾ ਹੈ। ਪਹਿਲੀ ਨਜ਼ਰੇ ਉਸ ਦੀ ਸ਼ਾਇਰੀ ਰਵਾਇਤੀ ਕਿਸਮ ਦੀ ਹੀ ਜਾਪਦੀ ਹੈ। ਆਪਣੀ ਗੱਲ ਕਹਿਣ ਲਈ ਭਾਵੇਂ ਕਿ ਉਹ ਅਕਸਰ ਗੀਤ, ਗ਼ਜ਼ਲ ਜਾਂ ਨਜ਼ਮ ਦਾ ਰੂਪ ਹੀ ਚੁਣਦਾ ਹੈ; ਪਰ ਕਈ ਵਾਰੀ ਉਹ ਆਪਣੀ ਗੱਲ ਸਿਰਫ ਇੱਕ ਸ਼ਿਅਰ ਵਿੱਚ ਹੀ ਪੂਰੀ ਕਰ ਜਾਂਦਾ ਹੈ।

----

ਹਾਮਿਦ ਯਜ਼ਦਾਨੀ ਦੀ ਸ਼ਾਇਰੀ ਬਾਰੇ ਚਰਚਾ ਉਸਦੇ ਇਸ ਸ਼ਿਅਰ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ:

ਸਾਨੂੰ ਰਾਸ ਨਾ ਆਈ ਹਾਮਿਦ, ਰੌਣਕ ਸ਼ਹਿਰਾਂ ਵਾਲੀ,

ਅਸੀਂ ਤਾਂ ਭੀੜ ਦੇ ਅੰਦਰ ਆ ਕੇ, ਹੋਰ ਵੀ ‘ਕੱਲੇ ਹੋ ਗਏ।

ਅਜੋਕੇ ਮਨੁੱਖ ਦੀ ਇਹ ਤ੍ਰਾਸਦੀ ਹੈ ਕਿ ਜਿਉਂ ਜਿਉਂ ਮਨੁੱਖ ਵਿਗਿਆਨਕ ਅਤੇ ਤਕਨਾਲੋਜੀ ਦੇ ਖੇਤਰਾਂ ਵਿੱਚ ਤਰੱਕੀ ਕਰਦਾ ਜਾ ਰਿਹਾ ਹੈ ਤਿਉਂ ਤਿਉਂ ਮਨੁੱਖ ਦਾ ਆਪਣੇ ਚੌਗਿਰਦੇ ਅਤੇ ਆਪਣੇ ਆਪ ਨਾਲ ਰਿਸ਼ਤਾ ਟੁੱਟਦਾ ਜਾ ਰਿਹਾ ਹੈ। ਲੋਕ ਆਪਣੇ ਆਪ ਵਿੱਚ ਕੈਦ ਹੋ ਕੇ ਰਹਿ ਗਏ ਹਨ। ਇਸ ਗੱਲ ਦਾ ਹੀ ਵਿਸਥਾਰ ਹਾਮਿਦ ਯਜ਼ਦਾਨੀ ਆਪਣੇ ਹੀ ਇੱਕ ਹੋਰ ਸ਼ਿਅਰ ਵਿੱਚ ਵੀ ਬੜੀ ਹੀ ਖ਼ੂਬਸੂਰਤੀ ਨਾਲ ਕਰਦਾ ਹੈ:

ਲੋਕੀਂ ਆਪਣੇ ਆਪਣੇ ਘਰ ਵਿੱਚ, ਕੈਦੀ ਹੋ ਕੇ ਰਹਿ ਗਏ ਨੇ,

ਹਾਲ ਕੋਈ ਨਹੀਂ ਪੁੱਛਦਾ ਆ ਕੇ, ਅੱਜ ਕੱਲ੍ਹ ਸ਼ਾਮ ਸੁਹਾਣੀ ਦਾ।

-----

ਨਵ-ਪੂੰਜੀਵਾਦ ਮਨੁੱਖ ਦੀ ਚੇਤਨਾ ਅੰਦਰ ਨਿੱਜਵਾਦ ਇਸ ਹੱਦ ਤੱਕ ਭਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਆਪਣੀ ਹੋਂਦ ਬਣਾਈ ਰੱਖਣ ਲਈ ਮਨੁੱਖ ਹੋਰ ਹਰ ਕਿਸੇ ਨੂੰ ਆਪਣੇ ਪੈਰਾਂ ਹੇਠ ਦਰੜ ਕੇ ਅੱਗੇ ਲੰਘ ਜਾਣਾ ਚਾਹੁੰਦਾ ਹੈ। ਮਨੁੱਖ ਦੀ ‘ਮੈਂ’ ਉਸਦੇ ਹਰ ਕੰਮ, ਉਸਦੀ ਹਰ ਗੱਲ, ਵਿੱਚ ਏਨੀ ਭਾਰੂ ਹੋ ਚੁੱਕੀ ਹੈ ਕਿ ਉਸ ਲਈ ਮਨੁੱਖੀ ਰਿਸ਼ਤਿਆਂ, ਜ਼ਜ਼ਬਾਤਾਂ ਅਤੇ ਭਾਵਨਾਵਾਂ ਲਈ ਕੋਈ ਥਾਂ ਬਾਕੀ ਨਹੀਂ ਰਹੀ। ਉਸ ਦੀ ਸਾਰੀ ਭੱਜ ਦੌੜ ਘਰਾਂ ਨੂੰ ਮਹਿੰਗੀਆਂ ਅਤੇ ਚਮਕੀਲੀਆਂ ਚੀਜ਼ਾਂ ਨਾਲ ਭਰਨ ਦੀ ਲਾਲਸਾ ਤੱਕ ਸੀਮਿਤ ਹੋ ਕੇ ਰਹਿ ਗਈ ਹੈ। ਖਪਤ ਸਭਿਆਚਾਰ ਦੇ ਅਸਰ ਹੇਠ ਵਿਕਸਤ ਹੋ ਰਹੀ ਅਜਿਹੀ ਮਨੁੱਖੀ ਚੇਤਨਾ ਨੂੰ ਵੀ ਆਪਣੀ ਆਲੋਚਨਾ ਦਾ ਨਿਸ਼ਾਨਾ ਬਣਾਉਂਦਾ ਹੋਇਆ ਹਾਮਿਦ ਯਜ਼ਦਾਨੀ ਇਸ ਗੱਲ ਦਾ ਵੀ ਅਹਿਸਾਸ ਕਰਵਾਉਣਾ ਜ਼ਰੂਰੀ ਸਮਝਦਾ ਹੈ ਕਿ ਘਰ, ਮਹਿਜ਼, ਇੱਟਾਂ, ਰੋੜਿਆਂ ਨਾਲ ਹੀ ਨਹੀਂ ਬਣੇ ਹੁੰਦੇ। ਘਰ ਤਾਂ ਉਸ ਵਿੱਚ ਰਹਿਣ ਵਾਲੇ ਮਨੁੱਖਾਂ ਦੇ ਆਪਸੀ ਰਿਸ਼ਤਿਆਂ ਅਤੇ ਇੱਕ ਦੂਜੇ ਲਈ ਪ੍ਰਗਟਾਏ ਜਾਂਦੇ ਜਜ਼ਬਾਤਾਂ ਨਾਲ ਬਣਦੇ ਹਨ:

ਇੱਟਾਂ, ਗਾਰੇ, ਰੋੜੀ ਦੇ ਨਾਲ

ਘਰ ਤੇ ਖੌਰੇ ਬਣ ਜਾਵਣ, ਪਰ

ਸੁਪਨੇ ਬਣਦੇ ਨਾਹੀਂ

(ਇੱਕ ਨਜ਼ਮ)

-----

ਖਪਤ ਸਭਿਆਚਾਰ ਦੀਆਂ ਪਰਤਾਂ ਫਰੋਲਦਾ ਹੋਇਆ ਹਾਮਿਦ ਯਜ਼ਦਾਨੀ ਲੱਚਰ ਸਭਿਆਚਾਰ ਜਾਂ ਨੰਗੇਜ਼ਵਾਦ ਦਾ ਵੀ ਜ਼ਿਕਰ ਕਰਦਾ ਹੈ। ਇਸ ਸਭਿਆਚਾਰ ਵਿੱਚ ਮਨੁੱਖ ਵੀ ਇੱਕ ਵਸਤ ਬਣ ਕੇ ਰਹਿ ਗਿਆ ਹੈ। ਸ਼ਰਮ-ਹਯਾ ਵਰਗੇ ਸ਼ਬਦ ਇਸ ਸਭਿਆਚਾਰ ਦਾ ਹਿੱਸਾ ਨਹੀਂ। ਮਨੁੱਖੀ ਸਰੀਰ ਨੂੰ ਵੇਚਣ ਲਈ ਨੰਗੇਜ਼ ਦੀ ਕਿਸੀ ਹੱਦ ਤੱਕ ਵੀ ਜਾਇਆ ਜਾ ਸਕਦਾ ਹੈ। ਅਜਿਹੇ ਸਭਿਆਚਾਰ ਦੀਆਂ ਕਦਰਾਂ-ਕੀਮਤਾਂ ਮਨੁੱਖੀ ਚੇਤਨਾ ਵਿੱਚ ਉੱਕਰਨ ਲਈ ਟੈਲੀਵੀਜ਼ਨ ਮਾਧਿਅਮ ਸਭ ਤੋਂ ਵੱਧ ਯੋਗਦਾਨ ਪਾ ਰਿਹਾ ਹੈ। ਗਾਇਕ ਲੋਕਾਂ ਨੂੰ ਆਪਣੀ ਗਾਇਕੀ ਜਾਂ ਸੰਗੀਤ ਨਾਲ ਪ੍ਰਭਾਵਤ ਕਰਨ ਦੀ ਥਾਂ ਬੈਂਡ ਨਾਲ ਡਾਂਸ ਕਰ ਰਹੀਆਂ ਕੁੜੀਆਂ ਦੇ ਅੱਧ-ਨੰਗੇ ਅੰਗਾਂ ਦੇ ਕਾਮ-ਰੁਚੀਆਂ ਜਗਾਉਣ ਵਾਲੇ ਕੀਤੇ ਜਾ ਰਹੇ ਪ੍ਰਗਟਾਵੇ ਨਾਲ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਕਈ ਹਾਲਤਾਂ ਵਿੱਚ ਤਾਂ ਅਜਿਹੀਆਂ ਡਾਂਸਰਾਂ ਆਪਣੇ ਸਰੀਰ ਦੇ ਸਭ ਕੱਪੜੇ ਉਤਾਰ ਦੇਣ ਤੋਂ ਵੀ ਨਹੀਂ ਝਿਜਕਦੀਆਂ। ਕੈਨੇਡਾ ਵਰਗੇ ਵਿਕਸਤ ਕਹਾਉਂਦੇ ਦੇਸ਼ ਦੇ ਹਰ ਛੋਟੇ-ਵੱਡੇ ਸ਼ਹਿਰ ਵਿੱਚ ਅਲਫ਼-ਨੰਗੀਆ ਹੋ ਕੇ ਡਾਂਸ ਕਰਨ ਵਾਲੀਆਂ ਔਰਤਾਂ ਦੇ ਡਾਂਸ ਕਲੱਬ ਆਮ ਵੇਖੇ ਜਾ ਸਕਦੇ ਹਨ। ਅਜਿਹੇ ਕਲੱਬ ਪੱਛਮੀ ਸਭਿਆਚਾਰ ਦਾ ਇੱਕ ਜ਼ਰੂਰੀ ਅੰਗ ਬਣ ਚੁੱਕੇ ਹਨ। ਨਵ-ਪੂੰਜੀਵਾਦੀ ਸਭਿਆਚਾਰ ਦੇ ਇਸ ਪੱਖ ਨੂੰ ਵੀ ਹਾਮਿਦ ਯਜ਼ਦਾਨੀ ਆਪਣੇ ਇਸ ਸ਼ਿਅਰ ਰਾਹੀਂ ਬੜੀ ਹੀ ਖ਼ੂਬਸੂਰਤੀ ਨਾਲ ਪੇਸ਼ ਕਰਦਾ ਹੈ:

ਝਮਝਮ ਕਰਦੀਆਂ ਸ਼ਾਨਾਂ ਵਿੱਚੋਂ, ਲਿਸ਼ਕਾਂ ਮਾਰਨ ਗਰਜਾਂ

ਕੱਪੜੇ ਪਾ ਕੇ ਸ਼ਹਿਰ ਦੇ ਲੋਕੀਂ, ਹੋਰ ਵੀ ਨੰਗੇ ਹੋ ਗਏ

ਇਸ ਸਭਿਆਚਾਰ ਨੇ ਨ ਸਿਰਫ਼ ਲੋਕਾਂ ਨੂੰ ਇਕੱਲਤਾ ਹੀ ਦਿੱਤੀ ਹੈ, ਇਸ ਨੇ ਲੋਕਾਂ ਨੂੰ ਨਕਲੀਪਨ ਵੀ ਦਿੱਤਾ ਹੈ। ਹਰ ਪਾਸੇ ਫੈਲ ਰਹੇ ਬਹੁ-ਪੱਖੀ ਸਮਾਜਿਕ/ਸਭਿਆਚਾਰਕ/ਰਾਜਨੀਤਿਕ ਭ੍ਰਿਸ਼ਟਾਚਾਰ ਕਾਰਨ ਅਤੇ ਮਨੁੱਖੀ ਕਦਰਾਂ-ਕੀਮਤਾਂ ਵਿੱਚ ਆ ਰਹੀ ਗਿਰਾਵਟ ਕਾਰਨ ਭਾਵੇਂ ਕਿ ਲੋਕ ਬਹੁਤ ਦੁਖੀ ਹਨ; ਪਰ ਫਿਰ ਵੀ ਜੱਗ ਦਿਖਾਵੇ ਕਾਰਨ ਉਹ ਚਿਹਰਿਆਂ ਉੱਤੇ ਨਕਲੀ ਮੁਸਕਰਾਹਟਾਂ ਪਹਿਣ ਕੇ ਘੁੰਮ ਰਹੇ ਹਨ। ਖਪਤ ਸਭਿਆਚਾਰ ਨੇ ਅਜੋਕੇ ਮਨੁੱਖ ਨੂੰ ਕੁਝ ਇਸ ਤਰ੍ਹਾਂ ਦਾ ਹੀ ਜਿਉਣ ਦਾ ਢੰਗ ਦਿੱਤਾ ਹੈ। ਇਸ ਹਕੀਕਤ ਦਾ ਜਾਇਜ਼ਾ ਲੈਂਦਾ ਹਾਮਿਦ ਯਜ਼ਦਾਨੀ ਦਾ ਇੱਕ ਸ਼ਿਅਰ ਦੇਖੋ:

ਜਿਸ ਪਾਸੇ ਵੀ ਪਾਈ ਝਾਤ

ਉਸ ਪਾਸੇ ਇਕਲਾਪਾ ਸੀ

ਦਿਲ ਦੇ ਅੰਦਰ ਹੌਕੇ ਸਨ

ਬੁੱਲ੍ਹੀਆਂ ਉੱਤੇ ਹਾਸਾ ਸੀ

........

ਇਹੀ ਗੱਲ ਉਹ ਇੱਕ ਹੋਰ ਵੀ ਸ਼ਿਅਰ ਵਿੱਚ ਕਹਿੰਦਾ ਹੈ:

ਟੁੱਟੇ ਪਰ, ਮੁਰਝਾਏ ਚਿਹਰੇ, ਸਾਹ ਵੀ ਉੱਖੜੇ ਉੱਖੜੇ

ਮੂੰਹ ਦੇ ਵੱਲੋਂ ਇੰਜ ਪਰਤੇ ਨੇ, ਅੱਜ ਨਜ਼ਰਾਂ ਦੇ ਪੰਛੀ

ਅਜਿਹੇ ਉਦਾਸ ਸਮਿਆਂ ਵਿੱਚ ਲੋਕ ਦਿਲ ਨੂੰ ਧਰਵਾਸ ਦੇਣ ਲਈ ਚੰਗੇ ਸਮਿਆਂ ਨੂੰ ਮੁੜ, ਮੁੜ ਯਾਦ ਕਰਦੇ ਹਨ। ਉਨ੍ਹਾਂ ਕੋਲ ਇਹੀ ਇੱਕ ਸਾਧਨ ਰਹਿ ਜਾਂਦਾ ਹੈ ਦਿਲ ਨੂੰ ਹੌਂਸਲਾ ਦੇਣ ਲਈ, ਇਕਲਾਪੇ ਦੀ ਕੈਦ ‘ਚੋਂ ਕੁਝ ਪਲ ਲਈ ਆਜ਼ਾਦ ਹੋਣ ਲਈ:

ਇਕਲਾਪੇ ਦੇ ਕੈਦੀ ਦਾ ਦਿਲ, ਝੱਟ ਨੂੰ ਪਰਚਾਵਣ ਲਈ

ਸ਼ਾਮ ਬਨੇਰੇ ਤੇ ਆ ਬੈਠਣ, ਕੁਝ ਯਾਦਾਂ ਦੇ ਪੰਛੀ

------

ਹਾਮਿਦ ਯਜ਼ਦਾਨੀ ਇੱਕ ਚੇਤੰਨ ਸ਼ਾਇਰ ਹੈ। ਉਹ ਅਜੋਕੇ ਮਨੁੱਖ ਦੀ ਸਥਿਤੀ ਨੂੰ ਬੜੀ ਚੰਗੀ ਤਰ੍ਹਾਂ ਸਮਝਦਾ ਹੈ। ਉਹ ਇਹ ਵੀ ਸਮਝਦਾ ਹੈ ਕਿ ਅਜਿਹੀ ਨਿਰਾਸ਼ਤਾ ਪੈਦਾ ਕਰਨ ਵਾਲੀ ਸਥਿਤੀ ਆਪਣੇ ਆਪ ਨਹੀਂ ਬਦਲਣੀ। ਇਸ ਨੂੰ ਬਦਲਣ ਲਈ ਲੋਕਾਂ ਨੂੰ ਹੀ ਇਕੱਠੇ ਹੋ ਕੇ ਹੰਭਲਾ ਮਾਰਨਾ ਪੈਂਦਾ ਹੈ। ਉਹ ਇਹ ਵੀ ਜਾਣਦਾ ਹੈ ਕਿ ਇਹ ਸਥਿਤੀ ਤਾਂ ਹੀ ਬਦਲੇਗੀ ਜਦੋਂ ਅਸੀਂ ਸਮਾਂ ਵਿਹਾ ਚੁੱਕੀਆਂ ਕਦਰਾਂ-ਕੀਮਤਾਂ ਅਤੇ ਵਿਚਾਰਾਂ ਨੂੰ ਤਿਆਗ ਕੇ ਨਵੇਂ ਵਿਚਾਰ ਅਪਣਾਵਾਂਗੇ। ਵਿਚਾਰ ਜੋ ਕਿ, ਮਹਿਜ਼, ਨਵੇਂ ਹੋਣ ਲਈ ਹੀ ਨਵੇਂ ਨਹੀਂ ਹੋਣਗੇ। ਬਲਕਿ ਜੋ ਮਨੁੱਖਵਾਦੀ ਹੋਣਗੇ। ਜਿਨ੍ਹਾਂ ਦਾ ਉਦੇਸ਼ ਸਮੁੱਚੀ ਜਨਤਾ ਲਈ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਿਆਉਣਾ ਹੋਵੇਗਾ। ਇਨ੍ਹਾਂ ਵਿਚਾਰਾਂ ਦੀ ਨੁਮਾਇੰਦਗੀ ਕਰਦੇ ਹਾਮਿਦ ਯਜ਼ਦਾਨੀ ਦੇ ਕੁਝ ਖ਼ੂਬਸੂਰਤ ਸ਼ਿਅਰ ਹਾਜ਼ਰ ਹਨ:

1.ਅੱਖ ਵੀਰਾਨ ਜਿਹੀ ਲੱਗਦੀ ਏ

ਮੁੜ ਨਵੇਂ ਖ਼ਾਬ ਉਸਾਰੇ ਕੋਈ

.........

2.ਨਵੇਂ ਜ਼ਮਾਨੇ ਅੰਦਰ, ਨਵੀਆਂ ਸੋਚਾਂ ਦਾ ਵਿਉਪਾਰ ਕਰੋ,

ਜ਼ਿਹਨਾਂ ਵਿੱਚੋਂ ਕੱਢਕੇ ਸੌਦਾ, ਕੱਲ੍ਹ ਦੀ ਸੋਚ ਪੁਰਾਣੀ ਦਾ

.........

3.ਦਰਿਆਵਾਂ ਦੇ ਸੱਜਰੇ ਪਾਣੀਕਹਿੰਦੇ ਜਾਵਣ ਅਜਬ ਕਹਾਣੀ

-----

ਜ਼ਿੰਦਗੀ ਇੱਕ ਲੰਬੀ ਦੌੜ ਵਾਂਗ ਹੈ। ਜਿਸ ਵਿੱਚ ਉਹੀ ਮਨੁੱਖ ਜਿੱਤ ਪ੍ਰਾਪਤ ਕਰਦੇ ਹਨ ਜੋ ਹੌਂਸਲੇ ਅਤੇ ਦ੍ਰਿੜਤਾ ਨਾਲ ਅਪਣੀ ਦੌੜ ਜਾਰੀ ਰੱਖਦੇ ਹਨ। ਜਿ਼ੰਦਗੀ ਵਿੱਚ ਨ ਤਾਂ ਸਦਾ ਖੁਸ਼ੀ ਹੀ ਜ਼ਿਆਦਾ ਦੇਰ ਰਹਿੰਦੀ ਹੈ ਅਤੇ ਨ ਹੀ ਗ਼ਮੀ ਹੀ। ਜ਼ਿੰਦਗੀ ਵਿੱਚ ਜਦੋਂ ਨਿਰਾਸ਼ਾ ਦਾ ਸਾਹਮਣਾ ਕਰਨਾ ਪਵੇ ਤਾਂ ਅਸੀਂ ਕੁਦਰਤ ਦੇ ਵਰਤਾਰਿਆਂ ਤੋਂ ਬਹੁਤ ਕੁਝ ਸਿਖ ਸਕਦੇ ਹਾਂ। ਕੁਦਰਤ ਵਿੱਚ ਮੌਸਮੀ ਵਰਤਾਰਿਆਂ ਦਾ ਸਿਲਸਿਲਾ ਨਿਰੰਤਰ ਜਾਰੀ ਰਹਿੰਦਾ ਹੈ। ਪੱਤਝੜ ਦੇ ਬਾਹਦ ਬਹਾਰ ਦਾ ਮੌਸਮ ਆਉਣਾ ਲਾਜ਼ਮੀ ਹੈ। ਇਸੇ ਕਾਰਨ ਕੁਦਰਤ ਵਿੱਚ ਸਦਾ ਹੀ ਖ਼ੂਬਸੂਰਤੀ ਅਤੇ ਤਾਜ਼ਗੀ ਬਣੀ ਰਹਿੰਦੀ ਹੈ। ਮਨੁੱਖ ਨੂੰ ਵੀ ਖ਼ੁਸ਼ਗਵਾਰ ਮੌਸਮਾਂ ਦੀ ਤਲਾਸ਼ ਵਿੱਚ ਆਪਣੀ ਜ਼ਿੰਦਗੀ ਵਿਚਲੀ ਜੱਦੋਜਹਿਦ ਨਿਰੰਤਰ ਜਾਰੀ ਰੱਖਣੀ ਚਾਹੀਦੀ ਹੈ।

-----

ਜ਼ਿੰਦਗੀ ਦੀ ਕਰਮਭੂਮੀ ਵਿੱਚ ਜਿੱਥੇ ਕਿ ਨਿਰੰਤਰ ਜੱਦੋ-ਜਹਿਦ ਕਰਨ ਦੀ ਲੋੜ ਹੁੰਦੀ ਹੈ, ਉੱਥੇ ਹੀ ਸਾਡੇ ਲਈ ਇਸ ਗੱਲ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਅਸੀਂ ਕਦੀ ਵੀ ਬੇਅਸੂਲੀ ਜੰਗ ਲੜਕੇ ਜ਼ਿੰਦਗੀ ਵਿੱਚ ਕੋਈ ਜਿੱਤ ਪ੍ਰਾਪਤ ਨ ਕਰੀਏ। ਬੇਅਸੂਲੀ ਅਤੇ ਝੂਠ ਉੱਤੇ ਆਧਾਰਤ ਜਿੱਤ ਮਨੁੱਖ ਨੂੰ ਕਦੇ ਵੀ ਤਸੱਲੀ ਨਹੀਂ ਦੇ ਸਕਦੀ। ਇਸੇ ਤਰ੍ਹਾਂ ਨਿਹੱਥੇ ਵਿਅਕਤੀ ਉੱਤੇ ਤਲਵਾਰ ਦਾ ਵਾਰ ਕਰਨਾ ਵੀ ਕਦੀ ਕਿਸੇ ਮਨੁੱਖ ਲਈ ਸੂਰਮਗਤੀ ਨਹੀਂ ਹੁੰਦੀ। ਜਿਸ ਮਨੁੱਖ ਦੀ ਜ਼ਿੰਦਗੀ ਦੇ ਕੋਈ ਅਸੂਲ ਨਹੀਂ, ਉਹ ਮਨੁੱਖ ਜਾਨਵਰਾਂ ਵਾਲੀ ਜ਼ਿੰਦਗੀ ਹੀ ਜਿਉਂਦਾ ਹੈ। ਕਿਉਂਕਿ ਉਸ ਕੋਲ ਆਪਣੀ ‘ਮੈਂ’ ਤੋਂ ਬਿਨ੍ਹਾਂ ਹੋਰ ਕੁਝ ਨਹੀਂ ਹੁੰਦਾ। ਦੇਖੋ ਹਾਮਿਦ ਯਜ਼ਦਾਨੀ ਆਪਣੇ ਇਨ੍ਹਾਂ ਸ਼ਿਅਰਾਂ ਰਾਹੀਂ ਇਨ੍ਹਾਂ ਗੱਲਾਂ ਦੀ ਗਵਾਹੀ ਕਿੰਨੀ ਖ਼ੂਬਸੂਰਤੀ ਨਾਲ ਦਿੰਦਾ ਹੈ:

1.ਜਿੱਤ ਅਸੂਲ ਤੋਂ ਵੱਧ ਕੇ ਨਹੀਂ ਏ

ਸੁੱਤੇ ਤੇ ਹਥਿਆਰ ਨ ਚੁੱਕੀਏ

..........

2.ਜਿਸ ਦੇ ਹੱਥ ਵਿੱਚ ਫੁੱਲ ਹੋਵਣ

ਉਹਦੇ ਤੇ ਤਲਵਾਰ ਨ ਚੁੱਕੀਏ

-----

ਪਿਛਲੇ ਕੁਝ ਦਹਾਕਿਆਂ ਤੋਂ ਅਸੀਂ ਦੇਖ ਰਹੇ ਹਾਂ ਕਿ ਵਿਸ਼ਵ ਭਰ ਵਿੱਚ ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ ਦਾ ਬੋਲਬਾਲਾ ਹੈ। ਅੱਲਾ ਦੇ ਨਾਮ ਉੱਤੇ, ਰੱਬ ਦੇ ਨਾਮ ਉੱਤੇ, ਖ਼ੂਨ ਦੀਆਂ ਨਦੀਆਂ ਵਹਾਈਆਂ ਜਾ ਰਹੀਆਂ ਹਨ। ਬੇਗੁਨਾਹ ਲੋਕਾਂ ਦੇ ਕਤਲ ਕੀਤੇ ਜਾ ਰਹੇ ਹਨ। ਧਾਰਮਿਕ ਕੱਟੜਵਾਦੀ ਰਹਿਨੁਮਾ ਨਿੱਕੇ ਨਿੱਕੇ ਬੱਚਿਆਂ ਦੇ ਦਿਮਾਗ਼ਾਂ ਵਿੱਚ ਧਾਰਮਿਕ ਜਨੂੰਨ ਭਰਕੇ ਉਨ੍ਹਾਂ ਮਾਸੂਮ ਬੱਚਿਆਂ ਨੂੰ ਫਨੀਅਰ ਸੱਪ ਬਣਾ ਕੇ ਸੜਕਾਂ, ਚੌਰਸਤਿਆਂ, ਸਕੂਲਾਂ, ਕਾਲਿਜਾਂ, ਯੂਨੀਵਰਸਿਟੀਆਂ, ਧਾਰਮਿਕ ਅਦਾਰਿਆਂ ਵਿੱਚ ਛੱਡ ਦਿੰਦੇ ਹਨ। ਜਿੱਥੇ ਇਹ ਫਨੀਅਰ ਸੱਪ ਆਪਣੀਆਂ ਮਸ਼ੀਨ ਗੰਨਾਂ ਨਾਲ ਗੋਲੀਆਂ ਦੀ ਬੁਛਾੜ ਕਰਕੇ ਮਨੁੱਖੀ ਖ਼ੂਨ ਨਾਲ ਹੌਲੀ ਖੇਡਦੇ ਹਨ। ਇੱਕ ਜਾਗਰੂਕ ਸ਼ਾਇਰ ਹੋਣ ਦੇ ਨਾਤੇ ਹਾਮਿਦ ਯਜ਼ਦਾਨੀ ਆਪਣੇ ਕੁਝ ਸੰਵੇਦਨਸ਼ੀਲ ਸ਼ਿਅਰਾਂ ਰਾਹੀਂ ਇਨ੍ਹਾਂ ਕਾਤਲਾਂ ਅਤੇ ਉਨ੍ਹਾਂ ਦੇ ਪਰਵਰਦਿਗਾਰਾਂ ਵੱਲੋਂ ਮਚਾਈ ਜਾ ਰਹੀ ਮਨੁੱਖੀ ਤਬਾਹੀ ਵੱਲ ਸਾਡਾ ਧਿਆਨ ਦੁਆਉਂਦਾ ਹੈ:

1.ਤੱਤੀਆਂ ਤੇਜ਼ ਹਵਾਵਾਂ ਦੀ

ਰੁੱਤ ਏ ਹੌਕਿਆਂ ਹਾਵਾਂ ਦੀ

............

2.ਚਾਰ ਚੁਫੇਰੇ ਗ਼ਮ ਦੀ ਧੂੜ

ਚਿੱਟੀ ਚਾਦਰ ਮਾਵਾਂ ਦੀ

..........

3.ਦੁੱਖ ਪਰਹੁਣਾ ਆਇਆ ਹੈ

ਬੋਲੀ ਸਮਝੋ ਕਾਵਾਂ ਦੀ

...........

4.ਵੇਲੇ ਦੇ ਸੱਪਾਂ ਨੇ ਇੰਜ ਜ਼ਖ਼ਮਾਇਆ ਏ

ਜ਼ਖ਼ਮੀ ਜ਼ਖ਼ਮੀ ਰੂਹ, ਜੁੱਸਾ ਕੁਮਲਾਇਆ ਏ

...........

5.ਆਪਣੇ ਮੋਢਿਆਂ ਉੱਤੇ ਮੌਸਮ, ਸ਼ੋਹਲੇ ਚੁੱਕੀ ਫਿਰਦਾ ਏ,

ਸਾਹ ਲੈਣਾ ਹੁਣ ਔਖਾ ਹੋਇਆ, ਮੇਰੀ ਜਿੰਦ ਨਿਮਾਣੀ ਦਾ

-------

ਅਜਿਹੀਆਂ ਹਾਲਤਾਂ ਵਿੱਚ ਵੀ ਕਵੀ ਇਹ ਸੋਚਦਾ ਹੈ ਕਿ ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ ਭਾਵੁਕਤਾ ਕਾਰਨ ਮੇਰੀਆਂ ਅੱਖਾਂ ਵਿੱਚ ਆਏ ਅੱਥਰੂ ਵੇਖਕੇ ਕਿਧਰੇ ਮੇਰਾ ਬੱਚਾ ਇਹ ਨਾ ਸਮਝ ਲਵੇ ਕਿ ਮੈਂ ਇੱਕ ਕਮਜ਼ੋਰ ਦਿਲ ਵਾਲਾ ਇਨਸਾਨ ਹਾਂ। ਇਸ ਲਈ ਉਹ ਦਿਲ ਵਿੱਚ ਮੋਹ ਅਤੇ ਪਿਆਰ ਰੱਖਣ ਦੇ ਬਾਵਜੂਦ ਵੀ ਬੱਚੇ ਤੋਂ ਕੁਝ ਫਾਸਲਾ ਰੱਖਣਾ ਹੀ ਜ਼ਰੂਰੀ ਸਮਝਦਾ ਹੈ। ਇਹ ਅਰਥਭਰਪੂਰ ਗੱਲ ਇਸ ਸ਼ਿਅਰ ਵਿੱਚ ਕਿੰਨੀ ਖ਼ੂਬਸੂਰਤੀ ਨਾਲ ਕਹੀ ਗਈ ਹੈ:

ਅੱਖਾਂ ਦੇ ਵਿੱਚ ਅੱਥਰੂ ਨੇ

ਬੱਚੇ ਕੋਲ ਖਲੋਣਾ ਨਹੀਂ

-------

ਜ਼ਿੰਦਗੀ ਦੇ ਕੁਝ ਸਰਬ-ਪ੍ਰਵਾਣਿਤ ਸੱਚ ਵੀ ਹੁੰਦੇ ਹਨ। ਜੋ ਕਿ ਲੋਕ ਮੁਹਾਵਰਿਆਂ ਵਾਂਗ ਦੁਹਰਾਏ ਜਾਂਦੇ ਹਨ। ਇਹ ਸੱਚ ਕਿਸੀ ਇੱਕ ਸਭਿਆਚਾਰ ਜਾਂ ਧਰਤੀ ਦੇ ਕਿਸੇ ਇੱਕ ਖ਼ਾਸ ਦੇਸ ਜਾਂ ਹਿੱਸੇ ਤੱਕ ਵੀ ਸੀਮਿਤ ਨਹੀਂ ਹੁੰਦੇ। ਇਨ੍ਹਾਂ ਵਿੱਚੋਂ ਹੀ ਇੱਕ ਸੱਚ ਹੈ ਮਾਂ ਦਾ ਪਿਆਰ। ਮਾਂ ਦਾ ਪਿਆਰ, ਹਰ ਬੋਲੀ, ਹਰ ਸਭਿਆਚਾਰ, ਹਰ ਦੇਸ ਵਿੱਚ ਇੱਕੋ ਜਿਹਾ ਹੀ ਹੁੰਦਾ ਹੈ। ਮਨੁੱਖ ਹੋਰ ਹਰ ਚੀਜ਼ ਮੁੜ, ਮੁੜ ਪ੍ਰਾਪਤ ਕਰ ਸਕਦਾ ਹੈ, ਪਰ ਉਸ ਨੂੰ ਮਾਂ ਕਦੀ ਵੀ ਦੁਬਾਰਾ ਨਹੀਂ ਮਿਲ ਸਕਦੀ। ਇਸੀ ਕਾਰਨ ਮਨੁੱਖ ਮਾਂ ਦੇ ਪਿਆਰ ਨੂੰ ਕਦੀ ਵੀ ਭੁਲਾ ਨਹੀਂ ਸਕਦਾ। ਇਸ ਸਰਬ-ਪ੍ਰਵਾਨਿਤ ਸੱਚ ਨੂੰ ਇਨ੍ਹਾਂ ਸ਼ਿਅਰਾਂ ਵਿੱਚ ਵੀ ਬੜੀ ਹੀ ਖ਼ੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ:

1.ਜਿਸ ਦੇ ਸਾਹ ਨਾਲ

ਦੀਵੇ ਬਲਦੇ

ਜੀਹਦੀ ਛਾਵੇਂ

ਸੂਰਜ ਪਲਦੇ

(ਨਜ਼ਮ - ਮਾਂ)

........

2.ਖੁੰਝੀਆਂ ਹੋਈਆਂ ਛਾਵਾਂ ਲੱਭੀਏ

ਕਿੱਥੋਂ ਜਾ ਹੁਣ ਮਾਵਾਂ ਲੱਭੀਏ

...............

3.ਧੁੱਪਾਂ ਵਾਲੀ ਉਹ ਅੱਤ ਮੱਚੀ

ਰੁੱਖ ਪਏ ਲੱਭਣ ਛਾਂ

ਖੌਰੇ ਕਿਸ ਦੀਆਂ ਰਾਹਾਂ ਤੱਕਦੀ

ਬੂਹੇ ਬੈਠੀ ਮਾਂ

(ਨਜ਼ਮ - ਐ ਕਸ਼ਮੀਰ)

-----

ਇਸੇ ਤਰ੍ਹਾਂ ਹੀ ਇੱਕ ਸਰਬ-ਪ੍ਰਵਾਨਿਤ ਸੱਚ ਮਨੁੱਖੀ ਦੋਸਤੀ ਬਾਰੇ ਵੀ ਹੈ। ਸਾਡਾ ਸਭ ਤੋਂ ਵੱਧ ਨੁਕਸਾਨ, ਅਕਸਰ, ਉਹੀ ਲੋਕ ਹੀ ਕਰਦੇ ਹਨ ਜਿਨ੍ਹਾਂ ਨੂੰ ਅਸੀਂ ਆਪਣੇ ਸਭ ਤੋਂ ਚੰਗੇ ਦੋਸਤ ਸਮਝਦੇ ਰਹਿੰਦੇ ਹਾਂ। ਇਹ ਵੀ ਇੱਕ ਸਚਾਈ ਹੈ ਕਿ ਸਾਡੇ ਨਾਲ ਈਰਖਾ ਵੀ ਸਭ ਤੋਂ ਵੱਧ ਉਹੀ ਲੋਕ ਕਰਦੇ ਹਨ ਜੋ ਸਾਡੇ ਦਿਲ ਦੇ ਕਰੀਬ ਹੁੰਦੇ ਹਨ। ਉਹੀ ਲੋਕ ਹੀ ਵਕਤ ਆਉਣ ਉੱਤੇ ਬੁੱਕਲ ਦੇ ਸੱਪਾਂ ਵਾਂਗ ਸਭ ਤੋਂ ਵੱਧ ਜ਼ਹਿਰੀਲੇ ਡੰਗ ਮਾਰਦੇ ਹਨ। ਦੇਖੋ ਹਾਮਿਦ ਯਜ਼ਦਾਨੀ ਜ਼ਿੰਦਗੀ ਦੀ ਇਸ ਸੱਚਾਈ ਨੂੰ ਕਿੰਨੀ ਸੂਖ਼ਮਤਾ ਨਾਲ ਪੇਸ਼ ਕਰਦਾ ਹੈ:

1.ਫੇਰ ਕਿਸੇ ਨੇ ਅਪਣਾ ਬਣਕੇ ਡੰਗਿਆ ਏ

ਹਾਮਿਦ ਮੈਨੂੰ ਫੇਰ ਕੋਈ ਯਾਦ ਆਇਆ ਏ

............

2.ਤੁਲਨਾ ਜਿਹੀ ਤਲਵਾਰਾਂ ਕੋਲੋਂ

ਬਚਕੇ ਲੰਘ ਜਾ ਯਾਰਾਂ ਕੋਲੋਂ

...........

3.ਸਾਨੂੰ ਰੋਲ ਕੇ ਲੰਘਣ ਵਾਲੇ

ਯਾਰ ‘ਤੇ ਨੇ ਪਰ ਡੰਗਣ ਵਾਲੇ

------

ਸਾਡੇ ਸਮਿਆਂ ਦੀ ਇੱਕ ਇਹ ਵੀ ਹਕੀਕਤ ਹੈ ਕਿ ਚਾਹੇ ਕਿਸੇ ਦੇਸ਼ ਵਿੱਚ ਫੌਜੀ ਰਾਜ ਹੋਵੇ ਅਤੇ ਚਾਹੇ ਉੱਥੇ ਡੈਮੋਕਰੇਸੀ ਹੋਵੇ, ਅਕਸਰ, ਇਹ ਦੇਖਿਆ ਜਾਂਦਾ ਹੈ ਕਿ ਇਮਾਨਦਾਰ ਅਤੇ ਕਾਬਿਲ ਲੋਕ ਤਾਂ ਦਰਸ਼ਕ ਬਣੇ ਹੁੰਦੇ ਹਨ; ਪਰ ਮੁਖੌਟਾਧਾਰੀ ਅਤੇ ਚਲਾਕ ਲੋਕ ਜ਼ਿੰਦਗੀ ਦੇ ਹਰ ਖੇਤਰ ਵਿੱਚ ਰਹਿਨੁਮਾ ਬਣ ਕੇ ਮੌਜਾਂ ਲੁੱਟ ਰਹੇ ਹੁੰਦੇ ਹਨ। ਇਹ ਵੀ ਜ਼ਿੰਦਗੀ ਦੀ ਇੱਕ ਵੱਡੀ ਹਕੀਕਤ ਹੈ, ਜਿਸ ਨੂੰ ਮੰਨਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ:

ਮਾਲੀ ਪਿਆ ਬੂਹੇ ਤੇ ਪਹਿਰਾ ਦਿੰਦਾ ਏ

ਗਾਲ੍ਹੜ ਬਾਗ ਦੇ ਮੇਵੇ ਟੁੱਕਦੇ ਜਾਂਦੇ ਨੇ

-----

ਸਮਾਜ ਦੀ ਅਜਿਹੀ ਹਾਲਤ ਉਦੋਂ ਹੁੰਦੀ ਹੈ ਜਦੋਂ ਆਮ ਲੋਕਾਂ ਦੀ ਮਾਨਸਿਕਤਾ ਭੇਡਾਂ ਵਰਗੀ ਹੋ ਜਾਵੇ। ਜਦੋਂ ਚਲਾਕ ਅਤੇ ਗਾਲ੍ਹੜ ਭੇੜੀਏ ਆਪਣੇ ਚਿਹਰਿਆਂ ਉੱਤੇ ਭੇਡਾਂ ਦੇ ਮੁਖੌਟੇ ਪਾ ਕੇ ਜਨਤਾ ਵਿੱਚ ਵਿਚਰ ਰਹੇ ਹੋਣ। ਜਦੋਂ ਆਮ ਜਨਤਾ ਇਨ੍ਹਾਂ ਗਾਲ੍ਹੜਾਂ ਦੀ ‘ਮੈਂ ਮੈਂ’ ਵਿੱਚ ਆਪਣੀ ‘ਮੈਂ’ ਮਿਲਾਉਂਦੀ ਹੋਈ ਅੱਖਾਂ ਬੰਦ ਕਰਕੇ ਤੁਰੀ ਜਾਵੇ; ਭਾਵੇਂ ਇਨ੍ਹਾਂ ਗਾਲ੍ਹੜ ਬਘਿਆੜਾਂ ਨੇ ਰਾਹ ਵਿੱਚ ਇਨ੍ਹਾਂ ਭੇਡਾਂ ਦੇ ਡਿੱਗਣ ਲਈ ਡੂੰਘੇ ਖੂਹ ਹੀ ਕਿਉਂ ਨਾ ਪੁੱਟੇ ਹੋਏ ਹੋਣ। ਪਰ ਇਨ੍ਹਾਂ ਭੇਡਾਂ ਦੀ ਮਾਨਸਿਕਤਾ ਇੰਨੀ ਭਰਿਸ਼ਟ ਚੁੱਕੀ ਹੁੰਦੀ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਕਦੀ ਵੀ ਸਮਝ ਨਹੀਂ ਲੱਗਦੀ ਕਿ ਉਨ੍ਹਾਂ ਦੇ ਆਸ ਪਾਸ ਅੰਤਾਂ ਦੀ ਤਬਾਹੀ ਕਿਉਂ ਹੋ ਰਹੀ ਹੈ ਅਤੇ ਇਸ ਤਬਾਹੀ ਲਈ ਕੌਣ ਜ਼ਿੰਮੇਵਾਰ ਹੈ? ਹਾਮਿਦ ਦੀ ਨਜ਼ਮ ‘ਮੁਸਤਕਬਿਲ’ ਦੀਆਂ ਇਹ ਸਤਰਾਂ ਸਾਡੇ ਸਮਿਆਂ ਦੀ ਇਸ ਰਾਜਨੀਤਿਕ ਸਚਾਈ ਨੂੰ ਬਾਖ਼ੂਬੀ ਪੇਸ਼ ਕਰਦੀਆਂ ਹਨ:

ਏਨੇ ਝੱਖੜ ਝੁੱਲਦੇ

ਬੇਹਿਸ ਲੋਕ ਨਾ

ਕੁਝ ਵੀ ਸਮਝਣ-

ਭੇੜੀਏ ਭੇਡਾਂ ਦੀਆਂ ਖੱਲਾਂ ਵਿੱਚ

ਹਰ ਪਾਸੇ ਪਏ ਫਿਰਦੇ ਨੇ

ਕੌਣ ਪਛਾਣੇ ਏਨਾਂ ਨੂੰ

-----

ਜ਼ਿੰਦਗੀ ਵਿੱਚ ਕੋਈ ਵੀ ਤਬਦੀਲੀ ਆਉਣ ਤੋਂ ਪਹਿਲਾਂ ਉਹ ਤਬਦੀਲੀ ਸਾਡੀ ਸੋਚ ਵਿੱਚ ਆਉਂਦੀ ਹੈ। ਫਿਰ, ਉਹ ਤਬਦੀਲੀ ਆਪਣੀ ਜ਼ਿੰਦਗੀ ਵਿੱਚ ਲਿਆਉਣ ਲਈ ਸਾਡੇ ਮਨ ਵਿੱਚ ਇੱਕ ਇੱਛਾ ਜਾਗਦੀ ਹੈ। ਇਸ ਇੱਛਾ ਨੂੰ ਹੀ ਅਸੀਂ ਸੁਫਨਾ ਕਹਿੰਦੇ ਹਾਂ। ਇਸ ਇੱਛਾ ਨੂੰ ਹਕੀਕਤ ਦਾ ਜਾਮਾ ਪਹਿਨਾਉਣ ਲਈ ਫਿਰ ਅਸੀਂ ਵਿਉਂਤਬੰਦੀ ਕਰਦੇ ਹਾਂ। ਅਨੇਕਾਂ ਵਾਰ ਨਿੱਜੀ ਜ਼ਿੰਦਗੀ ਵਿੱਚ ਜਾਂ ਸਮਾਜ ਵਿੱਚ ਤਬਦੀਲੀ ਲਿਆਉਣ ਲਈ ਹਾਲਾਤ ਸਾਜ਼ਗਾਰ ਨਹੀਂ ਹੁੰਦੇ; ਪਰ ਸਾਨੂੰ ਉਹ ਸੁਫਨਾ ਆਪਣੀ ਚੇਤਨਾ ਵਿੱਚ ਫਿਰ ਵੀ ਜਾਗਦਾ ਰੱਖਣਾ ਪੈਂਦਾ ਹੈ। ਆਪਣੇ ਸੁਫ਼ਨੇ ਨੂੰ ਹਕੀਕਤ ਦਾ ਜਾਮਾ ਪਹਿਨਾਉਣ ਲਈ ਨ ਸਿਰਫ ਸਾਨੂੰ ਸਾਜ਼ਗਾਰ ਮਾਹੌਲ ਦੀ ਉਡੀਕ ਹੀ ਕਰਨੀ ਪੈਂਦੀ ਹੈ; ਬਲਕਿ ਸਾਨੂੰ ਆਪਣੀ ਜੱਦੋ-ਜਹਿਦ ਵੀ ਤੇਜ਼ ਕਰਨੀ ਪੈਂਦੀ ਹੈ। ਸਥਿਤੀ ਵਿੱਚ ਆਈ ਹੋਈ ਖੜੋਤ ਨੂੰ ਤੋੜਨ ਲਈ, ਚੁੱਪ ਨੂੰ ਭੰਗ ਕਰਨ ਲਈ, ਖੜੋਤੇ ਪਾਣੀਆਂ ਵਿੱਚ ਕੰਕਰ ਵੀ ਸੁੱਟਣਾ ਪੈਂਦਾ ਹੈ। ਅਜਿਹੀ ਆਸ਼ਾਵਾਦੀ ਸੋਚ ਹੀ ਹਾਮਿਦ ਯਜ਼ਦਾਨੀ ਦੇ ਇਨ੍ਹਾਂ ਸ਼ਿਅਰਾਂ ਵਿੱਚੋਂ ਵੀ ਝਲਕਦੀ ਹੈ:

1.ਸੌਂ ਜਾ ਸੁਫ਼ਨੇ, ਸੌਂ ਜਾ ਤੂੰ

ਚੰਨ ਤਾਰੇ ਪਏ ਜਗਦੇ ਰਹਿਣ

...........

2.ਚੁੱਪ ਦਾ ਜ਼ਹਿਰ ਫਫਜ਼ਾ ਵਿੱਚ ਘੁਲਿਆ

ਆਓ ਫੇਰ ਸਦਾਵਾਂ ਲੱਭੀਏ

..............

3.ਜਗਰਾਤੇ ਜਦ ਅੱਖੀਆਂ ਦੀ ਪੁਤਲੀ ਬਣ ਜਾਣ

ਸੁੱਤੇ ਖ਼ਾਬ ਨੂੰ ਫੇਰ ਜਗਾਣਾ ਪੈਂਦਾ ਏ

-----

ਹਾਮਿਦ ਯਜ਼ਦਾਨੀ ਦੇ ਕਾਵਿ-ਸੰਗ੍ਰਹਿ ‘ਰਾਤ ਦੀ ਨੀਲੀ ਚੁੱਪ’ ਦੀ ਪ੍ਰਕਾਸ਼ਨਾ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਇੱਕ ਜ਼ਿਕਰਯੋਗ ਵਾਧਾ ਹੈ। ਉਹ ਭਾਵੇਂ ਆਪਣੀ ਵਧੇਰੇ ਕਵਿਤਾ ਰਵਾਇਤੀ ਅੰਦਾਜ਼ ਵਿੱਚ ਹੀ ਪੇਸ਼ ਕਰਦਾ ਹੈ; ਪਰ ਫਿਰ ਵੀ ਉਸ ਦੀ ਕਵਿਤਾ ਵਿੱਚ ਰੌਚਿਕਤਾ ਹੈ। ਸਭ ਤੋਂ ਵੱਧ ਤਸੱਲੀ ਵਾਲੀ ਗੱਲ ਇਹ ਹੈ ਕਿ ਹਾਮਿਦ ਯਜ਼ਦਾਨੀ ਇੱਕ ਚੇਤੰਨ ਅਤੇ ਮਨੁੱਖਵਾਦੀ ਸ਼ਾਇਰ ਹੈ। ਉਹ ਕੁਦਰਤ ਨਾਲ ਇੱਕ-ਮਿੱਕ ਹੈ। ਉਹ ਜਾਣਦਾ ਹੈ ਕਿ ਮੌਸਮ ਸਦਾ ਇੱਕੋ ਜਿਹੇ ਨਹੀਂ ਰਹਿੰਦੇ। ਮਨੁੱਖ ਨੂੰ ਹਰ ਮੌਸਮ ਵਿੱਚ ਜ਼ਿੰਦਗੀ ਜਿਉਣ ਦਾ ਢੰਗ ਸਿੱਖਣਾ ਚਾਹੀਦਾ ਹੈ। ਹਾਮਿਦ ਅਨੁਸਾਰ ਜ਼ਿੰਦਗੀ ਜਿਉਣ ਦਾ ਢੰਗ ਵੀ ਅਸੀਂ ਕੁਦਰਤ ਦੇ ਵਰਤਾਰਿਆਂ ਤੋਂ ਹੀ ਸਿੱਖ ਸਕਦੇ ਹਾਂ:

ਸਾਡੀ ਧਰਤੀ ਪਲ ਪਲ ਵੱਸੇ

ਸਾਨੂੰ ਜੀਵਨ ਦਾ ਵੱਲ ਦੱਸੇ।

********

Wednesday, December 23, 2009

ਸੁਖਿੰਦਰ - ਲੇਖ

ਮਨੁੱਖੀ ਹੋਂਦ ਦੀ ਗੱਲ ਕਰਦੀਆਂ ਸਰਲ-ਸੰਚਾਰੀ ਕਵਿਤਾਵਾਂ

ਲੇਖ

ਮੇਜਰ ਸਿੰਘ ਨਾਗਰਾ ਨੇ ਆਪਣੇ ਕਾਵਿ-ਸੰਗ੍ਰਹਿ ‘ਸਭ ਕੁਝ ਖ਼ਤਰੇ ‘ਚ ਹੈ’ ਦੀ ਪ੍ਰਕਾਸ਼ਨਾ ਨਾਲ ਕੈਨੇਡੀਅਨ ਪੰਜਾਬੀ ਸਾਹਿਤ ਜਗਤ ਵਿੱਚ ਪ੍ਰਵੇਸ਼ ਕੀਤਾ ਹੈ। ਇਸ ਕਾਵਿ-ਸੰਗ੍ਰਹਿ ਵਿੱਚ ਨਾਗਰਾ ਨੇ ਵਧੇਰੇ ਕਵਿਤਾਵਾਂ ਉਹ ਸ਼ਾਮਿਲ ਕੀਤੀਆਂ ਹਨ ਜਿਹੜੀਆਂ ਉਸਨੇ 1987-1992 ਦੌਰਾਨ ਆਪਣੇ ਵਿਦਿਆਰਥੀ ਜੀਵਨ ਸਮੇਂ ਲਿਖੀਆਂ। ਸ਼ਾਇਦ, ਇਸੇ ਕਾਰਨ ਹੀ ਇਨ੍ਹਾਂ ‘ਚੋਂ ਵਧੇਰੇ ਕਵਿਤਾਵਾਂ ਬੜੇ ਸਰਲ ਸੁਭਾਅ ਦੀਆਂ ਹਨ। ਇਸ ਕਾਵਿ-ਸੰਗ੍ਰਹਿ ਦੀ ਕਿਸੇ ਵੀ ਕਵਿਤਾ ਨੂੰ ਸਮਝਣ ਲਈ ਪਾਠਕ ਨੂੰ ਕੋਈ ਉਚੇਚਾ ਯਤਨ ਨਹੀਂ ਕਰਨਾ ਪੈਂਦਾ।

-----

‘ਸਭ ਕੁਝ ਖ਼ਤਰੇ ‘ਚ ਹੈ’ ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਨੂੰ ਮੇਜਰ ਸਿੰਘ ਨਾਗਰਾ ਵੱਲੋਂ ਭਵਿੱਖ ਵਿੱਚ ਪਰਪੱਕ ਕਵਿਤਾਵਾਂ ਲਿਖਣ ਲਈ ਕੀਤਾ ਗਿਆ ਪਹਿਲਾ ਕਾਵਿਕ ਅਭਿਆਸ ਵੀ ਕਿਹਾ ਜਾ ਸਕਦਾ ਹੈ। ਕਿਉਂਕਿ ਇਨ੍ਹਾਂ ਕਵਿਤਾਵਾਂ ਵਿੱਚ ਨਾਗਰਾ ਨੇ ਮਨੁੱਖੀ ਹੋਂਦ ਨਾਲ ਜੁੜੇ ਵੱਖੋ ਵੱਖ ਪਹਿਲੂਆਂ ਬਾਰੇ ਬੜੇ ਹੀ ਸਿੱਧੇ ਸਪੱਸ਼ਟ ਸ਼ਬਦਾਂ ਵਿੱਚ ਆਪਣੀ ਚਿੰਤਾ ਪ੍ਰਗਟਾਈ ਹੈ।

-----

ਮੇਜਰ ਸਿੰਘ ਨਾਗਰਾ ਦਾ ਕਾਵਿ-ਸੰਗ੍ਰਹਿ ‘ਸਭ ਕੁਝ ਖ਼ਤਰੇ ‘ਚ ਹੈ’ ਪੜ੍ਹਦਿਆਂ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਹੈ ਕਿ ਨਾਗਰਾ ਇੱਕ ਮਨੁੱਖਵਾਦੀ ਸ਼ਾਇਰ ਹੈ। ਇੱਕ ਸੁਚੇਤ ਸ਼ਾਇਰ ਹੋਣ ਦੇ ਨਾਤੇ ਉਸਦੀ ਚਿੰਤਾ ਮਨੁੱਖ ਦੀ ਹੋਂਦ ਬਾਰੇ ਹੈ। ਉਹ ਧਰਮਾਂ, ਸਭਿਆਚਾਰਾਂ, ਰੰਗਾਂ, ਨਸਲਾਂ ਜਾਂ ਵੱਖੋ ਵੱਖ ਦੇਸ਼ਾਂ ਦੀਆਂ ਸਰਹੱਦਾਂ ਦੇ ਬੰਧਨਾਂ ਨੂੰ ਸਵੀਕਾਰ ਨਹੀਂ ਕਰਦਾ। ਉਹ ਆਪਣੀ ਸ਼ਾਇਰੀ ਵਿੱਚ ਬਿਨ੍ਹਾਂ ਕਿਸੀ ਸੰਕੋਚ ਦੇ ਸਾਡੇ ਮੱਥਿਆਂ ਉੱਤੇ ਇਹ ਸੁਆਲ ਲਿਖ ਦਿੰਦਾ ਹੈ ਕਿ ਜਦੋਂ ਅਸੀਂ ਸਭ ਇੱਕੋ ਹੀ ਧਰਤੀ ਦੇ ਰਹਿਣ ਵਾਲੇ ਹਾਂ, ਸਾਡੇ ਸਭ ਦੇ ਖ਼ੂਨ ਦਾ ਰੰਗ ਲਾਲ ਹੈ, ਸਾਡੇ ਸਭ ਦੇ ਦੁੱਖ-ਦਰਦ ਇੱਕੋ ਜਿਹੇ ਹਨ ਤਾਂ ਫਿਰ ਅਸੀਂ ਇੱਕ ਦੂਜੇ ਨਾਲ ਕਿਉਂ ਲੜਦੇ ਹਾਂ ਅਤੇ ਈਰਖਾ ਦੀ ਅੱਗ ਵਿੱਚ ਕਿਉਂ ਸੜਦੇ ਹਾਂ ? ਇਸ ਸਬੰਧ ਵਿੱਚ ਉਸ ਦੀ ਨਜ਼ਮ ‘ਅਸੀਂ ਸਭ ਇੱਕ ਹਾਂ’ ਦੀਆਂ ਇਹ ਸਤਰਾਂ ਸਾਡਾ ਵਿਸ਼ੇਸ਼ ਧਿਆਨ ਖਿੱਚਦੀਆਂ ਹਨ:

ਸਾਡੀ ਧਰਤੀ ਇੱਕ

ਅਸੀਂ ਸਭ ਮਨੁੱਖ ਇੱਕ

ਹਿੰਦੂ ਦੀ ਰਾਮ-ਰਾਮ

ਮੁਸਲਮਾਨ ਦਾ ਸਲਾਮ

ਸਭ ਦਾ ਮਤਲਬ ਇੱਕ

ਫਿਰ ਆਪਸ ਵਿੱਚ ਅਸੀਂ ਕਿਉਂ ਲੜੀਏ

ਨਫ਼ਰਤ ‘ਤੇ ਫਿਰਕੇ ਦੀ ਅੱਗ ‘ਚ ਕਿਉਂ ਸੜੀਏ

ਸਾਂਝੀ ਧਰਤੀ ਤੇ ਡੁਲ੍ਹਦੇ

ਲਹੂ ਦਾ ਰੰਗ, ਲਾਲ ਇੱਕ

ਸਾਡੀ ਖੁਸ਼ੀ ‘ਤੇ ਸਾਡਾ ਦੁੱਖ ਇੱਕ

ਸਾਡੀ ਚੀਸ ‘ਤੇ ਪੀੜ ਵੀ ਇੱਕ

-----

ਅਜੋਕੇ ਸਮਿਆਂ ਵਿੱਚ ਡਾਲਰਾਂ ਦੀ ਦੌੜ ਵਿੱਚ ਗਲਤਾਨ ਹੋਇਆ ਮਨੁੱਖ ਅੰਨ੍ਹੇ ਘੋੜੇ ਵਾਂਗ ਦੌੜ ਰਿਹਾ ਹੈ। ਜ਼ਿੰਦਗੀ ਵਿੱਚ ਉਸਦਾ ਇੱਕ ਹੀ ਨਿਸ਼ਾਨਾ ਹੈ ਕਿ ਉਹ ਵੱਧ ਤੋਂ ਵੱਧ ਡਾਲਰ ਕਿਵੇਂ ਕਮਾ ਸਕਦਾ ਹੈ। ਇਸ ਪ੍ਰਾਪਤੀ ਲਈ ਉਸਨੂੰ ਭਾਵੇਂ ਗਲਤ ਢੰਗ ਵੀ ਕਿਉਂ ਨ ਅਪਨਾਉਣੇ ਪੈਣ ਉਹ ਇਸਤੋਂ ਵੀ ਗੁਰੇਜ਼ ਨਹੀਂ ਕਰੇਗਾ। ਅੱਜ ਦਾ ਮਨੁੱਖ ਏਨਾ ਮਤਲਬ-ਪ੍ਰਸਤ ਹੋ ਚੁੱਕਿਆ ਹੈ ਕਿ ਉਹ ਰਾਜਨੀਤਿਕ, ਸਮਾਜਿਕ, ਸਭਿਆਚਾਰਕ ਜਾਂ ਧਾਰਮਿਕ ਪ੍ਰਾਪਤੀਆਂ ਕਰਨ ਲਈ ਹਰ ਕਿਸੇ ਨੂੰ ਆਪਣੇ ਪੈਰਾਂ ਹੇਠ ਦਰੜ ਕੇ ਅੱਗੇ ਲੰਘ ਜਾਣਾ ਚਾਹੁੰਦਾ ਹੈ। ਅਜੋਕੇ ਮਨੁੱਖ ਦੀ ਅਜਿਹੀ ਮਾਨਸਿਕਤਾ ਕਾਰਨ ਹੀ ਲੋਕਾਂ ਵਿੱਚ ਇੱਕ ਦੂਜੇ ਲਈ ਪਿਆਰ ਘੱਟ ਰਿਹਾ ਹੈ। ਸਾਡੇ ਵਿੱਚ ਭਾਈਚਾਰਕ ਸਾਂਝ ਹੋਣ ਵਜੋਂ ਇੱਕ ਦੂਜੇ ਦੇ ਦੁੱਖਾਂ-ਦਰਦਾਂ ਅਤੇ ਖੁਸ਼ੀਆਂ-ਗਮੀਆਂ ਵਿੱਚ ਇੱਕ ਦੂਜੇ ਨੂੰ ਮਿਲਵਰਤਣ ਦੇਣ ਵਾਲੀਆਂ ਭਾਵਨਾਵਾਂ ਅਲੋਪ ਹੋ ਰਹੀਆਂ ਹਨ। ਪਰ ਇਸ ਗੱਲ ਦੀ ਕਿਸੀ ਨੂੰ ਸਮਝ ਨਹੀਂ ਲੱਗ ਰਹੀ ਕਿ ਅਜਿਹੇ ਵਰਤਾਰੇ ਲਈ ਕੌਣ ਜਿੰਮੇਵਾਰ ਹੈ? ਇੱਥੋਂ ਤੱਕ ਕਿ ਲੋਕਾਂ ਦੀ ਜ਼ਿੰਦਗੀ ਵਿੱਚ ਇਸ ਹੱਦ ਤੱਕ ਆ ਚੁੱਕੇ ਨਿਘਾਰ ਵੱਲੋਂ ਹਕੂਮਤ ਕਰ ਰਹੀਆਂ ਸ਼ਕਤੀਆਂ ਵੀ ਅੱਖਾਂ ਮੀਟ ਰਹੀਆਂ ਹਨ। ਜਿਵੇਂ ਕਿਤੇ ਇਸ ਮਸਲੇ ਪ੍ਰਤੀ ਉਨ੍ਹਾਂ ਦੀ ਕੋਈ ਜਿੰਮੇਵਾਰੀ ਹੀ ਨਾ ਹੋਵੇ। ਇਹ ਗੱਲ ਵੀ ਮੇਜਰ ਸਿੰਘ ਨਾਗਰਾ ਆਪਣੀ ਸ਼ਾਇਰੀ ਦੇ ਸਰਲ ਸੰਚਾਰੀ ਢੰਗ ਰਾਹੀਂ ਆਪਣੀ ਨਜ਼ਮ ‘ਮੌਸਮ’ ਵਿੱਚ ਕਹਿ ਜਾਂਦਾ ਹੈ ਅਤੇ ਸਾਡੀਆਂ ਕਦਰਾਂ-ਕੀਮਤਾਂ ਦੇ ਨਿਤ ਬਦਲ ਰਹੇ ਮਾਪ ਦੰਡਾਂ ਬਾਰੇ ਆਪਣੀ ਚਿੰਤਾ ਪ੍ਰਗਟ ਕਰ ਜਾਂਦਾ ਹੈ:

ਲੋਪ ਹੋਈਆਂ ਸਾਡੀਆਂ ਪਿਆਰ ਤੇ ਮੁਹੱਬਤਾਂ

ਏਕੇ ਨੂੰ ਵੀ ਲੱਗਿਆ ਜੰਗਾਲ

ਭਾਈਚਾਰਾ, ਅਣਖਾਂ ਵੀ ਦੂਰ ਨਸ ਗਈਆਂ

ਹੁੰਦਾ ਜਾ ਰਿਹੈ ਮਨੁੱਖ ਕਿਉਂ ਕੰਗਾਲ ?

ਤੋਹਮਤ ਕਿਸ ਉੱਤੇ ਲਾਈਏ

ਹੁਕਮਰਾਨੇ-ਵਕਤ ਵੀ ਹੋ ਗਿਆ ਬੇਸ਼ਰਮ ਹੈ

ਮੌਸਮ ਹੈ ਠੰਡਾ ਸੀਲਤ

ਪਰ ਮਾਹੌਲ ਹੋਇਆ ਕਿਉਂ ਗਰਮ ਹੈ ?

----

ਸਾਡੀ ਸਭਿਆਚਾਰਕ-ਭਾਈਚਾਰਕ ਸਾਂਝ ਅਤੇ ਸਾਡੇ ਦਿਲਾਂ ਅੰਦਰ ਇੱਕ ਦੂਜੇ ਲਈ ਪੈਦਾ ਹੁੰਦੇ ਸਨੇਹ ਦੀ ਥਾਂ ਹੁਣ ਸਾਡੇ ਦਿਲਾਂ ਅੰਦਰ ਇੱਕ ਦੂਜੇ ਨੂੰ ਤਬਾਹ ਕਰਨ ਦੇ ਜੋ ਮਨਸੂਬੇ ਦਿਨ ਰਾਤ ਬਣ ਰਹੇ ਹਨ ਉਹ ਕਿਸੇ ਵੀ ਮਾਨਵਵਾਦੀ ਮਨੁੱਖ ਲਈ ਖੁਸ਼ੀ ਦੀ ਖ਼ਬਰ ਨਹੀਂ। ਨਿਰਸੰਦੇਹ, ਇਹ ਗੱਲਾਂ ਸਾਡੇ ਸਭ ਲਈ ਚਿੰਤਾ ਦਾ ਕਾਰਨ ਬਣਨੀਆਂ ਚਾਹੀਦੀਆਂ ਹਨ। ਆਪਣੀ ਨਜ਼ਮ ‘ਤਿਉਹਾਰ’ ਵਿੱਚ ਮੇਜਰ ਸਿੰਘ ਨਾਗਰਾ ਵੀ ਇਹੋ ਗੱਲ ਹੀ ਕਹਿ ਰਿਹਾ ਹੈ:

ਪਰ ਬਦਲ ਲਏ ਕਿਉਂ

ਤਿਉਹਾਰ ਮਨਾਵਣ ਦੇ ਹੁਣ ਢੰਗ ?

ਛਿੜੀ ਕਿਉਂ ਰਹਿੰਦੀ ਹੈ ਆਪਸ ਵਿੱਚ

ਹਰ ਵੇਲੇ ਨਫ਼ਰਤ ਦੀ ਜੰਗ

-----

ਇਸ ਕਾਵਿ-ਸੰਗ੍ਰਹਿ ਵਿਚਲੀਆਂ ਨਜ਼ਮਾਂ ਰਾਹੀਂ ਅਜੋਕੇ ਮਨੁੱਖ ਦੀ ਤੰਗ ਹੋ ਰਹੀ ਸੋਚ ਬਾਰੇ ਆਪਣੀ ਚਿੰਤਾ ਪ੍ਰਗਟ ਕਰਨ ਦੇ ਨਾਲ ਨਾਲ ਮੇਜਰ ਸਿੰਘ ਨਾਗਰਾ ਅਨੇਕਾਂ ਵਿਸ਼ਵ-ਵਿਆਪੀ ਸਮੱਸਿਆਵਾਂ ਅਤੇ ਵਰਤਾਰਿਆਂ ਬਾਰੇ ਵੀ ਆਪਣੀ ਚਿੰਤਾ ਦਾ ਇਜ਼ਹਾਰ ਕਰਦਾ ਹੈ।

ਨਾਗਰਾ ਨੂੰ ਇਸ ਗੱਲ ਦਾ ਵੀ ਅਹਿਸਾਸ ਹੈ ਕਿ ਮਨੁੱਖ ਦੀਆਂ ਅਨੇਕਾਂ ਸਮੱਸਿਆਵਾਂ ਦਾ ਸਬੰਧ ਉਸ ਦੇ ਬਦਲ ਰਹੇ ਜ਼ਿੰਦਗੀ ਜਿਉਣ ਦੇ ਢੰਗ ਨਾਲ ਵੀ ਹੈ। ਉਸਦੀ ਨਜ਼ਮ ‘ਭੁੱਖ ਤੇ ਧਰਤੀ’ ਦੀਆਂ ਇਹ ਸਤਰਾਂ ਇਸ ਸਬੰਧ ਵਿੱਚ ਸਾਡੀ ਸਮਝ ਵਿੱਚ ਵਾਧਾ ਕਰ ਸਕਦੀਆਂ ਹਨ:

ਧਰਤੀ ਨੂੰ ਖਾ ਲਵਾਂਗਾ

ਸਭ ਕੁਝ ਪਚਾ ਲਵਾਂਗਾ

ਆਪਣਾ ਆਪਾ ਮਿਟਾ ਲਵਾਂਗਾ

ਕਿਉਂਕਿ ਮੈਂ ਮਨੁੱਖ ਹਾਂ

ਨਿਰੰਤਰ ਵਧਦੀ ਭੁੱਖ ਹਾਂ

ਪਰਾ-ਆਧੁਨਿਕ ਸਮਿਆਂ ਵਿੱਚ ਗਲੋਬਲ ਪੱਧਰ ਉੱਤੇ ਅਸੀਂ ਦੋ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਾਂ: ਪ੍ਰਦੂਸ਼ਣ ਦੀ ਸਮੱਸਿਆ ਅਤੇ ਗਲੋਬਲ ਵਾਰਮਿੰਗ ਦੀ ਸਮੱਸਿਆ। ਇਹ ਦੋ ਵੱਡੀਆਂ ਸਮੱਸਿਆਵਾਂ ਹੀ ਅਨੇਕਾਂ ਹੋਰ ਸਮੱਸਿਆਵਾਂ ਨੂੰ ਜਨਮ ਦਿੰਦੀਆਂ ਹਨ। ਇਨ੍ਹਾਂ ਗੱਲਾਂ ਨਾਲ ਹੀ ਧਰਤੀ ਦਾ ਵਾਤਾਵਰਣ ਅਤੇ ਪੌਣ-ਪਾਣੀ ਜੁੜਿਆ ਹੋਇਆ ਹੈ। ਜਿਨ੍ਹਾਂ ਗੱਲਾਂ ਦਾ ਧਰਤੀ ਉੱਤੇ ਮਨੁੱਖ ਦੀ ਹੋਂਦ ਨਾਲ ਗਹਿਰਾ ਸਬੰਧ ਹੈ। ਜੇਕਰ ਧਰਤੀ ਦਾ ਪੌਣ-ਪਾਣੀ ਹੀ ਪ੍ਰਦੂਸ਼ਣ ਨਾਲ ਭਰੇ ਹੋਣਗੇ ਤਾਂ ਮਨੁੱਖ ਸਿਹਤਮੰਦ ਕਿਵੇਂ ਰਹਿ ਸਕੇਗਾ ? ਵਿਗਿਆਨ ਅਤੇ ਤਕਨਾਲੋਜੀ ਦੀਆਂ ਈਜਾਦਾਂ ਸਦਕਾ ਮਨੁੱਖੀ ਜ਼ਿੰਦਗੀ ਸੌਖਾਲੀ ਤਾਂ ਬਣ ਰਹੀ ਹੈ, ਪਰ ਇਸ ਦੀ ਸਾਨੂੰ ਇੱਕ ਵੱਡੀ ਕੀਮਤ ਵੀ ਚੁਕਾਉਣੀ ਪੈ ਰਹੀ ਹੈ। ਕਾਰਾਂ, ਵੈਨਾਂ, ਟਰੱਕਾਂ, ਬੱਸਾਂ, ਹਵਾਈ ਜਹਾਜ਼ਾਂ, ਸਮੁੰਦਰੀ ਜਹਾਜ਼ਾਂ ਅਤੇ ਗੱਡੀਆਂ ਰਾਹੀਂ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਉੱਤੇ ਕੁਝ ਮਿੰਟਾਂ ਜਾਂ ਘੰਟਿਆਂ ਵਿੱਚ ਪਹੁੰਚ ਜਾਂਦੇ ਹਾਂ। ਪਰ ਇਨ੍ਹਾਂ ਰਾਹੀਂ ਵਾਤਾਵਰਨ ਵਿੱਚ ਛੱਡਿਆ ਗਿਆ ਧੂੰਆਂ ਅਤੇ ਜ਼ਹਿਰਲੀਆਂ ਗੈਸਾਂ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੇ ਹਨ। ਫੈਕਟਰੀਆਂ ਅਤੇ ਕਾਰਖਾਨਿਆਂ ਦੀਆਂ ਚਿਮਨੀਆਂ ‘ਚੋਂ ਨਿਕਲ ਰਹੀਆਂ ਜ਼ਹਿਰਲੀਆਂ ਗੈਸਾਂ ਗਲੋਬਲ ਵਾਰਮਿੰਗ ਦੀ ਸਮੱਸਿਆ ਵਿੱਚ ਵਾਧਾ ਕਰ ਰਹੀਆਂ ਹਨ। ਲਾਪ੍ਰਵਾਹ ਵਿਉਪਾਰੀਆਂ ਨੇ ਆਪਣੀਆਂ ਫੈਕਟਰੀਆਂ ‘ਚੋਂ ਨਿਕਲਦਾ ਕੂੜਾ-ਕਰਕਟ ਨਦੀਆਂ ਅਤੇ ਦਰਿਆਵਾਂ ਵਿੱਚ ਸੁੱਟ-ਸੁੱਟ ਕੇ ਸਾਫ ਪਾਣੀ ਦੇ ਇਨ੍ਹਾਂ ਸ੍ਰੋਤਾਂ ਨੂੰ ਮੌਤ ਦੇ ਫਰਿਸ਼ਤੇ ਬਣਾ ਦਿੱਤਾ ਹੈ। ਇਸ ਵਿਸ਼ੇ ਬਾਰੇ ਮੇਜਰ ਸਿੰਘ ਨਾਗਰਾ ਦੀਆ ਅਨੇਕਾਂ ਕਵਿਤਾਵਾਂ ਪੜ੍ਹਨ ਯੋਗ ਹਨ:

1.ਵਿਗਿਆਨ ਦਾ ਸਰਾਪ

ਕਰ ਰਿਹੈ ਧਰਤੀ ਨੂੰ ਖੇਰੂੰ-ਖੇਰੂੰ

ਸਿਸਕਦੀ, ਸਹਿਕਦੀ, ਤੜਪਦੀ

ਧਰਤੀ ਦੀ ਫਰਿਆਦ ਕੌਣ ਸੁਣੇ

ਕੌਣ ਰੋਕੇ ਪ੍ਰਦੂਸ਼ਣ

ਸਭ ਆਪੋ ਵਿੱਚ ਗੁਆਚੇ ਨੇ

ਧਰਤੀ ਦੇ ਹੰਝੂ

ਫਿਰ ਕੌਣ ਪੂੰਝੇ, ਕੌਣ ਪੂੰਝੇ

(ਧਰਤੀ ਦੇ ਹੰਝੂ)

-----

2.ਕਰ ਰਿਹਾ ਹੈ ਆਦਮੀ

ਖਿਲਵਾੜ ਆਪਣੇ ਆਪ ਨਾਲ਼

ਪ੍ਰਦੂਸ਼ਣ ਫੈਲਾਵੇ ਹਰ ਤਰਫ਼

ਉਦਯੋਗਾਂ ਦੇ ਪ੍ਰਤਾਪ ਨਾਲ਼

ਪਾਣੀ ਦੂਸ਼ਤ ਹੋ ਰਿਹਾ

ਹਰ ਨਦੀ ਦਾ, ਹਰ ਨਹਿਰ ਦਾ

ਹਾਲ ਬੁਰਾ ਹੋ ਗਿਆ

ਹਰ ਪਿੰਡ ਦਾ

ਹਰ ਸ਼ਹਿਰ ਦਾ

(ਵਾਤਾਵਰਣ)

-----

ਮੇਜਰ ਸਿੰਘ ਨਾਗਰਾ ਅਮਨ ਦਾ ਪੁਜਾਰੀ ਹੈ। ਉਹ ਜਾਣਦਾ ਹੈ ਕਿ ਤਾਕਤ ਦੇ ਭੁੱਖੇ ਲੋਕ ਫੌਜੀ ਨੁਕਤੇ ਤੋਂ ਕਮਜ਼ੋਰ ਦੇਸ਼ਾਂ ਉੱਤੇ ਹਮਲੇ ਕਰਕੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਤਬਾਹੀ ਕਰਦੇ ਹਨ। ਅਜਿਹੇ ਦੇਸ਼ਾਂ ਉੱਤੇ ਕਬਜ਼ਾ ਕਰਨ ਤੋਂ ਬਾਹਦ ਉੱਥੇ ਆਪਣੀਆਂ ਪਿੱਠੂ ਸਰਕਾਰਾਂ ਨੂੰ ਸਥਾਪਤ ਕਰਕੇ ਉਨ੍ਹਾਂ ਦਾ ਸਮਾਜਿਕ ਅਤੇ ਸਭਿਆਚਾਰਕ ਸੰਸਾਰ ਤਬਾਹ ਕਰਦੇ ਹਨ ਅਤੇ ਦਹਾਕਿਆਂ ਤੱਕ ਉਨ੍ਹਾਂ ਦੀ ਆਰਥਿਕ ਲੁੱਟ ਕਰਦੇ ਹਨ। ਆਪਣੀ ਨਜ਼ਮ ‘ਇੱਕ ਅਰਜ਼ੋਈ’ ਵਿੱਚ ਨਾਗਰਾ ਇਹ ਇਛਾ ਪ੍ਰਗਟ ਕਰਦਾ ਹੈ ਕਿ ਕੁਦਰਤ ਦਾ ਕੋਈ ਅਜਿਹਾ ਵਰਤਾਰਾ ਵਾਪਰੇ ਕਿ ਖਣਿਜ ਪਦਾਰਥ ਲੋਹੇ ਦੇ ਲੱਛਣ ਹੀ ਬਦਲ ਜਾਣ ਅਤੇ ਉਹ ਇੱਕ ਅਜਿਹੇ ਪਦਾਰਥ ਦਾ ਰੂਪ ਧਾਰਨ ਕਰ ਲਵੇ ਕਿ ਇਹ ਕਦੀ ਅਜਿਹੇ ਸਖਤ ਪਦਾਰਥ ਦਾ ਰੂਪ ਹੀ ਨ ਵਟਾ ਸਕੇ ਜੋ ਕਿ ਜੰਗ-ਬਾਜ਼ਾਂ ਵੱਲੋਂ ਹਥਿਆਰ ਬਨਾਉਣ ਲਈ ਵਰਤਿਆ ਜਾਂਦਾ ਹੈ। ਜਿਸ ਸਦਕਾ ਜੰਗ-ਬਾਜ਼ਾਂ ਵੱਲੋਂ ਮਚਾਈ ਗਈ ਤਬਾਹੀ ਕਾਰਨ ਲੱਖਾਂ ਹੀ ਬੇਕਸੂਰ ਲੋਕਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਹਨ:

ਰੱਬਾ ਤੇਰੇ ਅੱਗੇ ਹੈ ਅਰਜ਼ੋਈ

ਬਣਾ ਦੇ ਲੋਹੇ ਨੂੰ ਖੁਰਨ ਵਾਲਾ ਪਦਾਰਥ ਕੋਈ

ਤਾਂ ਜੋ ਲੋਹੇ ਨੂੰ ਛੇਤੀ ਹੀ ਲੱਗ ਜਾਵੇ ਜੰਗ

ਹਥਿਆਰ ਬਣ ਜੰਗ ‘ਚ ਪੁੱਜਣ ਤੋਂ ਪਹਿਲਾਂ

ਅਤੇ ਲੋਹਾ ਕਦੇ ਹਥਿਆਰ ਨਾ ਬਣੇ

-----

ਜੰਗ-ਬਾਜ਼ਾਂ ਵਾਂਗ ਹੀ ਮਨੁੱਖੀ ਤਬਾਹੀ ਲਈ ਕੁਝ ਹੋਰ ਸ਼ਕਤੀਆਂ ਵੀ ਜਿੰਮੇਵਾਰ ਹਨ। ਇਨ੍ਹਾਂ ਵਿੱਚ ਸਭ ਤੋਂ ਮੋਹਰੀ ਕਤਾਰ ਵਿੱਚ ਆਉਂਦੇ ਹਨ ਉਹ ਵੱਡੇ ਵੱਡੇ ਕਾਰਖਾਨੇਦਾਰ ਅਤੇ ਵਿਉਪਾਰੀ ਜੋ ਕਿ ਆਪਣੇ ਮੁਨਾਫ਼ੇ ਖਾਤਰ ਆਮ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਵੀ ਦਾਅ ਉੱਤੇ ਲਗਾ ਦਿੰਦੇ ਹਨ। ਇੰਡੀਆ ਦੇ ਪ੍ਰਾਂਤ ਮੱਧਿਆ ਪ੍ਰਦੇਸ਼ ਦੇ ਸ਼ਹਿਰ ਭੂਪਾਲ ਦੇ ਇੱਕ ਗੈਸ ਪਲਾਂਟ ਵਿੱਚ ਅਜਿਹੇ ਗ਼ੈਰ ਜ਼ਿੰਮੇਵਾਰ ਮੁਨਾਫ਼ਾ-ਖੋਰ ਵਿਉਪਾਰੀਆਂ ਦੀ ਅਣਗਹਿਲੀ ਕਾਰਨ ਹੀ ਅਜਿਹੀ ਹੀ ਇੱਕ ਵੱਡੀ ਘਟਨਾ ਵਾਪਰੀ ਸੀ। ਇਸ ਗੈਸ ਪਲਾਂਟ ਵਿੱਚੋਂ ਜ਼ਹਿਰੀਲੀ ਗੈਸ ਨਿਕਲਕੇ ਵਾਤਾਵਰਣ ਵਿੱਚ ਫੈਲ ਜਾਣ ਕਾਰਨ ਕੁਝ ਦਿਨਾਂ ਵਿੱਚ ਹੀ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਹਜ਼ਾਰਾਂ ਹੀ ਲੋਕ ਅਜਿਹੀਆਂ ਖਤਰਨਾਕ ਬੀਮਾਰੀਆਂ ਦੇ ਸ਼ਿਕਾਰ ਹੋ ਗਏ ਸਨ। ਜਿਸ ਕਾਰਨ ਹੁਣ ਉਹ ਕਦੀ ਵੀ ਇੱਕ ਸਿਹਤਮੰਦ ਮਨੁੱਖ ਵਾਲੀ ਜ਼ਿੰਦਗੀ ਬਤੀਤ ਨਹੀਂ ਕਰ ਸਕਣਗੇ। ਇਸ ਮਹਾਂ-ਦੁਖਾਂਤ ਨੂੰ ਨਾਗਰਾ ਆਪਣੀ ਨਜ਼ਮ ‘ਮੌਤ ਦੀ ਬਰਸਾਤ’ ਵਿੱਚ ਬੜੇ ਹੀ ਕਾਵਿ-ਮਈ ਅਤੇ ਨਾਟਕੀ ਢੰਗ ਨਾਲ ਬਿਆਨ ਕਰਦਾ ਹੈ:

ਉਸ ਕਾਲੀ ਭਿਆਨਕ ਰਾਤ

ਹੋਈ ਸੀ ਮੌਤ ਦੀ ਬਰਸਾਤ

ਨਾ ਬਿਜਲੀ ਚਮਕੀ

ਨਾ ਕੋਈ ਬੱਦਲਾਂ ਦੀ ਗਰਜਣ

ਬਸ ਜ਼ਹਿਰੀਲੀ ਗੈਸ ਦਾ

ਮੀਂਹ ਲੱਗਾ ਸੀ ਬਰਸਣ

-----

‘ਸਭ ਕੁਝ ਖ਼ਤਰੇ ‘ਚ ਹੈ’ ਮੇਜਰ ਸਿੰਘ ਨਾਗਰਾ ਦਾ ਪਹਿਲਾ ਪ੍ਰਕਾਸ਼ਿਤ ਕਾਵਿ-ਸੰਗ੍ਰਹਿ ਹੋਣ ਕਾਰਨ ਅਜੇ ਉਸਦੀ ਪ੍ਰਤੀਬੱਧਤਾ ਕਿਸੀ ਵਿਚਾਰਧਾਰਾ ਜਾਂ ਵਾਦ ਨਾਲ ਦਿਖਾਈ ਨਹੀਂ ਦਿੰਦੀ। ਅਜੇ ਉਸਦੀਆਂ ਕਵਿਤਾਵਾਂ ਵਿੱਚ ਵਿਸ਼ਿਆਂ ਦੀ ਵਿਸ਼ਾਲਤਾ ਵੀ ਦਿਖਾਈ ਨਹੀਂ ਦਿੰਦੀ। ਨਾ ਹੀ ਅਜੇ ਉਸਦੀਆਂ ਕਵਿਤਾਵਾਂ ਕਿਸੇ ਸਮੱਸਿਆ ਨੂੰ ਸਮਝਣ ਲਈ ਡੂੰਘਾਈ ਤੱਕ ਹੀ ਜਾਂਦੀਆਂ ਹਨ। ਅਜੋਕੇ ਸਮਿਆਂ ਵਿੱਚ ਜ਼ਿੰਦਗੀ ਬਹੁਤ ਗੁੰਝਲ਼ਦਾਰ ਹੋ ਜਾਣ ਕਾਰਨ ਸਮਾਜਿਕ, ਰਾਜਨੀਤਿਕ, ਆਰਥਿਕ, ਧਾਰਮਿਕ ਜਾਂ ਦਾਰਸ਼ਨਿਕ ਪੱਧਰ ਦੀਆਂ ਸਮੱਸਿਆਵਾਂ ਨੂੰ ਡੂੰਘਾਈ ਤੱਕ ਸਮਝਣ ਲਈ ਸਾਨੂੰ ਅਨੇਕਾਂ ਵਿਸ਼ਿਆਂ ਦਾ ਗਿਆਨ ਹੋਣਾ ਲਾਜ਼ਮੀ ਹੈ। ਨਿਰਸੰਦੇਹ, ਜਦੋਂ ਤੱਕ ਕਿਸੇ ਲੇਖਕ ਨੂੰ ਆਪ ਕਿਸੇ ਸਮੱਸਿਆ ਦੀ ਡੂੰਘਾਈ ਤੱਕ ਸਮਝ ਨਹੀਂ ਹੋਵੇਗੀ, ਉਹ ਉਸ ਸਮੱਸਿਆ ਬਾਰੇ ਆਪਣੀਆਂ ਲਿਖਤਾਂ ਵਿੱਚ ਬਹੁ-ਦਿਸ਼ਾਵੀ ਅਤੇ ਗੰਭੀਰ ਗੱਲ ਨਹੀਂ ਕਰ ਸਕੇਗਾ।

ਮੇਜਰ ਸਿੰਘ ਨਾਗਰਾ ਆਪਣੀ ਕਾਵਿ-ਸਮਰੱਥਾ ਦੀਆਂ ਅਜਿਹੀਆਂ ਸੀਮਾਵਾਂ ਤੋਂ ਸੁਚੇਤ ਹੋ ਕੇ ਭਵਿੱਖ ਵਿੱਚ ਹੋਰ ਵਧੇਰੇ ਪਰਪੱਕ ਕਵਿਤਾਵਾਂ ਲਿਖੇਗਾ; ਇਸ ਗੱਲ ਦੀ ਮੈਨੂੰ ਸਦਾ ਹੀ ਉਡੀਕ ਰਹੇਗੀ। ਆਪਣਾ ਪਹਿਲਾ ਕਾਵਿ-ਸੰਗ੍ਰਹਿ ‘ਸਭ ਕੁਝ ਖ਼ਤਰੇ ‘ਚ ਹੈ’ ਪ੍ਰਕਾਸ਼ਿਤ ਕਰਨ ਲਈ ਮੇਜਰ ਸਿੰਘ ਨਾਗਰਾ ਨੂੰ ਮੇਰੀਆਂ ਸ਼ੁੱਭ ਇਛਾਵਾਂ।

Monday, December 14, 2009

ਸੁਖਿੰਦਰ - ਲੇਖ

ਵਿਚਾਰਾਂ ਦੇ ਮੰਥਨ ‘ਚੋਂ ਉੱਭਰਿਆ ਨਾਵਲੀ ਸੱਚ – ਜਸਵੀਰ ਕਾਲਰਵੀ

ਲੇਖ

ਮਨੁੱਖੀ ਹੋਂਦ ਅਤੇ ਸਰੋਕਾਰਾਂ ਨਾਲ ਜੁੜਿਆ ਪੰਜਾਬੀ ਨਾਵਲ ‘ਅਮ੍ਰਿਤ’ ਕੈਨੇਡੀਅਨ ਪੰਜਾਬੀ ਨਾਵਲਕਾਰ ਜਸਬੀਰ ਕਾਲਰਵੀ ਨੇ 2005 ਵਿੱਚ ਪ੍ਰਕਾਸ਼ਿਤ ਕੀਤਾ ਸੀ।

ਵਿਸ਼ਵ ਪੱਧਰ ਉੱਤੇ ਮਨੁੱਖੀ ਹੋਂਦ ਅਤੇ ਉਸ ਨਾਲ ਜੁੜੇ ਸਰੋਕਾਰਾਂ ਬਾਰੇ ਚਰਚਾ ਅਲਬਰਟ ਕਾਮੂੰ ਦੀਆਂ ਲਿਖਤਾਂ ‘ਆਊਟਸਾਈਡਰ’, ‘ਮਿੱਥ ਆਫ ਸਿਸੀਪਸ’, ਯਾਂ ਪਾਲ ਸਾਰਤਰ ਦੀ ਲਿਖਤ ‘ਐਸੇਜ਼ ਇਨ ਅਗਜ਼ਿਸਟੈਂਸ਼ੇਲਿਜ਼ਮ’ ਅਤੇ ਸੈਮੂਅਲ ਬੈਕਟ ਦੇ ਨਾਟਕ ‘ਵੇਟਿੰਗ ਫਾਰ ਗੋਦੋ’ ਨਾਲ ਛਿੜਿਆ। ਇਹ ਚਰਚਾ ਦੂਸਰੇ ਮਹਾਂ ਯੁੱਧ ਤੋਂ ਬਾਹਦ ਹੋਰ ਵੀ ਭਖ ਗਿਆ। ਹਿਟਲਰ ਦੀਆਂ ਫੌਜਾਂ ਵੱਲੋਂ ਲੱਖਾਂ ਯਹੂਦੀਆਂ ਨੂੰ ਗੈਸ ਚੈਂਬਰਾਂ ਵਿੱਚ ਸਾੜਨ ਅਤੇ ਅਮਰੀਕਾ ਵੱਲੋਂ ਜਪਾਨ ਦੇ ਸ਼ਹਿਰਾਂ ਹੀਰੋਸ਼ੀਮਾ/ਨਾਗਾਸਾਕੀ ਉੱਤੇ ਐਟਮ ਬੰਬ ਸੁੱਟ ਕੇ ਹਜ਼ਾਰਾਂ ਲੋਕਾਂ ਨੂੰ ਪਲ ਛਿਨ ਵਿੱਚ ਹੀ ਮਿੱਟੀ ਦਾ ਢੇਰ ਬਨਾਉਣ ਤੋਂ ਬਾਹਦ ਮਨੁੱਖ ਦੀ ਇਸ ਦੁਨੀਆਂ ਵਿੱਚ ਹੋਂਦ ਬਾਰੇ ਚਰਚਾ ਜ਼ੋਰ ਫੜ ਗਿਆ। 1960 ਦੇ ਆਸ ਪਾਸ ਮਨੁੱਖੀ ਹੋਂਦ ਦੀ ਹੋ ਰਹੀ ਤਬਾਹੀ ਲਈ ਜ਼ਿੰਮੇਵਾਰ ਬਣ ਰਹੀ ਆਧੁਨਿਕਤਾ ਅਤੇ ਅਜਿਹੀਆਂ ਸਥਿਤੀਆਂ ਨੂੰ ਜਨਮ ਦੇ ਰਹੇ ਤਰਕਸ਼ੀਲ ਵਿਚਾਰਾਂ ਦੇ ਵਿਰੋਧ ਵਿੱਚ ਹਿੱਪੀ ਕਲਚਰ ਪੈਦਾ ਹੋਇਆ। 1970 ਦੇ ਆਸ ਪਾਸ ਵੀਅਤਨਾਮ ਦੀ ਜੰਗ ਵਿੱਚ ਉਲਝੀ ਅਮਰੀਕਨ ਫੌਜ ਦੀਆਂ ਹਜ਼ਾਰਾਂ ਲਾਸ਼ਾਂ ਦੇ ਤਾਬੂਤ ਅਮਰੀਕਾ ਦੇ ਹਵਾਈ ਅੱਡਿਆਂ ਉੱਤੇ ਉਤਰਨ ਲੱਗੇ ਤਾਂ ਇਹੀ ਚਰਚਾ ਬੀਟ ਕਲਚਰ/ਕਾਊਂਟਰ ਕਲਚਰ ਦੇ ਰੂਪ ਵਿੱਚ ਉੱਭਰਿਆ।

-----

‘ਅਮ੍ਰਿਤ’ ਨਾਵਲ ਵਿੱਚ ਜਸਬੀਰ ਕਾਲਰਵੀ ਮਨੁੱਖੀ ਜ਼ਿੰਦਗੀ ਨਾਲ ਸਬੰਧਤ ਅਨੇਕਾਂ ਗਿਆਨ ਪ੍ਰਣਾਲੀਆਂ ਨੂੰ ਆਪਣੀ ਚਰਚਾ ਦਾ ਵਿਸ਼ਾ ਬਣਾਉਂਦਾ ਹੈ। ਕੈਨੇਡੀਅਨ ਪੰਜਾਬੀ ਨਾਵਲ ਦੇ ਖੇਤਰ ਵਿੱਚ ਇਸ ਤਰ੍ਹਾਂ ਦਾ ਪ੍ਰਯੋਗ ਸ਼ਾਇਦ ਇਸ ਤੋਂ ਪਹਿਲਾਂ ਕਿਸੇ ਹੋਰ ਨਾਵਲਕਾਰ ਨੇ ਨਹੀਂ ਕੀਤਾ। ਇਸ ਨਾਵਲ ਵਿੱਚ ਜਸਬੀਰ ਕਾਲਰਵੀ ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਬਾਰੇ ਵੀ ਆਪਣੇ ਵਿਚਾਰ ਪੇਸ਼ ਕਰਦਾ ਹੈ। ਇਸ ਨਾਵਲ ਵਿੱਚ ਉਹ ਕਿਸੇ ਵੀ ਪ੍ਰਚਲਿਤ ਵਿਚਾਰਧਾਰਾ ਜਾਂ ਵਾਦ ਦਾ ਸਮਰਥਨ ਕਰਨ ਦੀ ਥਾਂ ਇੱਕ ਅਜਿਹੇ ਸਮਾਜ ਦੀ ਉਸਾਰੀ ਵਿੱਚ ਰੁਚੀ ਦਿਖਾਂਦਾ ਹੈ। ਜਿਸ ਵਿੱਚ ਮੁਕੰਮਲ ਮਨੁੱਖ ਦੀ ਗੱਲ ਹੋਵੇ। ਇੱਕ ਅਜਿਹਾ ਸਮਾਜ ਜਿਸ ਵਿੱਚ ਮਨੁੱਖ, ਮਹਿਜ਼, ਵਸਤਾਂ ਦੀ ਪ੍ਰਾਪਤੀ ਕਰਨ ਨੂੰ ਹੀ ਆਪਣੀ ਜ਼ਿੰਦਗੀ ਦਾ ਇੱਕੋ ਇੱਕ ਮਨੋਰਥ ਨਾ ਸਮਝ ਲਵੇ; ਬਲਕਿ ਜਿਸ ਸਮਾਜ ਵਿੱਚ ਮਨੁੱਖ ਚੇਤੰਨ ਪੱਧਰ ਉੱਤੇ ਵੀ ਜਾਗਰੂਕ ਹੋਵੇ ਅਤੇ ਸੰਵੇਦਨਸ਼ੀਲਤਾ ਦੀ ਪੱਧਰ ਉੱਤੇ ਵੀ। ਇੱਕ ਅਜਿਹਾ ਸਮਾਜ ਜਿਸ ਵਿੱਚ ਮਨੁੱਖ ਸੰਵੇਦਨਸ਼ੀਲ ਹੋਣ ਅਤੇ ਜੋ ਹੋਰਨਾਂ ਲੋਕਾਂ ਦੇ ਦੁੱਖਾਂ-ਦਰਦਾਂ ਨੂੰ ਮਹਿਸੂਸ ਕਰ ਸਕਦੇ ਹੋਣ। ਅਜਿਹਾ ਸਮਾਜ ਜਿਸ ਵਿੱਚ ਵਿਦਿਆਰਥੀਆਂ ਨੂੰ ਇੱਕ ਦੂਜੇ ਨੂੰ ਦਰੜ ਕੇ ਅੱਗੇ ਲੰਘ ਜਾਣਾ ਹੀ ਨਾ ਸਿਖਾਇਆ ਜਾਵੇ; ਬਲਕਿ ਜਿਸ ਸਮਾਜ ਵਿੱਚ ਸਾਂਝੀਵਾਲਤਾ, ਮਿਲਵਰਤਣ ਅਤੇ ਵਿਸ਼ਵ ਅਮਨ ਜਿਹੇ ਸੰਕਲਪਾਂ ਨੂੰ ਮਨੁੱਖੀ ਜ਼ਿੰਦਗੀ ਦਾ ਆਧਾਰ ਬਣਾਇਆ ਜਾਵੇ। ਨਾਵਲਕਾਰ ਇੱਕ ਅਜਿਹੇ ਸਮਾਜ ਦੀ ਉਸਾਰੀ ਹੋਈ ਦੇਖਣੀ ਚਾਹੁੰਦਾ ਹੈ ਜਿਸ ਵਿੱਚ ਪੂਰਬੀ ਅਤੇ ਪੱਛਮੀ ਸਭਿਆਚਾਰਾਂ ਦੀਆਂ ਖ਼ੂਬਸੂਰਤ ਗੱਲਾਂ ਦਾ ਸੁਮੇਲ ਹੋਵੇ। ਉਸ ਦਾ ਵਿਚਾਰ ਹੈ ਕਿ ਮਨੁੱਖ ਦੀ ਹੋਂਦ ਨਾਲ ਜੁੜੇ ਸਰੋਕਾਰਾਂ ‘ਚੋਂ ਪੈਦਾ ਹੁੰਦੇ ਸੰਕਟਾਂ ਦਾ ਆਰੰਭ ਮਨੁੱਖ ਦੀ ਬਾਲ ਅਵਸਥਾ ਵਿੱਚ ਹੀ ਹੋ ਜਾਂਦਾ ਹੈ। ਉਸਦਾ ਵਿਚਾਰ ਹੈ ਕਿ ਅਜੋਕੀ ਵਿੱਦਿਆ ਪ੍ਰਣਾਲੀ ਬੱਚਿਆਂ ਦੇ ਦਿਮਾਗ਼ ਬੰਦ ਕਰਦੀ ਹੈ। ਇਸ ਸੰਦਰਭ ਵਿੱਚ ‘ਅਮ੍ਰਿਤ’ ਨਾਵਲ ਦੇ ਮੁੱਖ ਪਾਤਰ ਅੰਮ੍ਰਿਤ ਦੀ ਸੋਚ ਪ੍ਰਗਟਾਉਂਦੇ ਸ਼ਬਦ ਪੜ੍ਹਨੇ ਵਧੇਰੇ ਲਾਹੇਵੰਦ ਹੋਣਗੇ:

“ਉਹ ਸੋਚਦਾ ਸੀ ਕਿ ਹਰ ਵਿਦਿਆਰਥੀ ਵਿਸ਼ਵ-ਵਿਦਿਆਲਿਆਂ ‘ਚੋਂ ਜਦੋਂ ਨਿਕਲਦਾ ਹੈ ਤਾਂ ਉਹ ਰੱਦੀ ਦੀ ਟੋਕਰੀ ਵਰਗਾ ਹੋ ਕੇ ਨਿਕਲਦਾ ਹੈ; ਹਾਲਾਂ ਕਿ ਉਸਨੂੰ ਜਗਦੇ ਦੀਵੇ ਵਰਗਾ ਹੋਣਾ ਚਾਹੀਦਾ ਹੈ। ਅੱਜ ਦੀ ਪੜ੍ਹਾਈ ਸਿਰਫ਼ ਢਿੱਡ ਤੱਕ ਸੀਮਤ ਹੈ। ਉਹ ਢਿੱਡ ਤੋਂ ਉੱਪਰ ਤੇ ਢਿੱਡ ਤੋਂ ਥੱਲੇ ਦੇ ਸੰਸਾਰ ਦਾ ਕੋਈ ਬੋਧ ਨਹੀਂ ਕਰਵਾਉਂਦੀ...ਉਹ ਚਾਹੁੰਦਾ ਸੀ ਕਿ ਬੱਚੇ ਨਿਰੋਲ ਭੌਤਿਕਵਾਦ ਤੇ ਅੰਨ੍ਹੇ ਭੋਗਵਾਦ ਦਾ ਸ਼ਿਕਾਰ ਨਾ ਹੋਣ।”

2.“ਅਮ੍ਰਿਤ ਸੋਚਦਾ ਆਇਆ ਸੀ ਕਿ ਮਨ ਦਾ ਬਾਹਰਮੁਖੀ ਵਿਕਾਸ ਜਿੱਥੇ ਇੰਨੀ ਖ਼ੁਸ਼ਹਾਲੀ ਦੇ ਸਕਦਾ ਹੈ- ਉੱਥੇ ਮਨ ਦਾ ਅੰਤਰਮੁਖੀ ਵਿਕਾਸ ਕਿੰਨਾ ਆਨੰਦ ਦੇਵੇਗਾ। ਅਸੀਂ ਅੰਤਰਮੁਖੀ ਨਹੀਂ ਰਹੇ।”

3.“ਅਮ੍ਰਿਤ ਚਾਹੁੰਦਾ ਸੀ ਕਿ ਸਿੱਖਿਆ ਦਾ ਆਧਾਰ ਪ੍ਰੇਮ ਹੋਣਾ ਚਾਹੀਦਾ ਹੈ-ਈਰਖਾ ਨਹੀਂ। ਸਿੱਖਿਆ ਦਾ ਆਧਾਰ ਸੁਖ ਹੋਣਾ ਚਾਹੀਦਾ ਹੈ-ਦੁੱਖ ਨਹੀਂ। ਪਰਿਵਾਰ ਤੇ ਸਕੂਲ ਸਿੱਖਿਆ ਦੇ ਦੋ ਵਿਦਿਆਲੇ ਹਨ-ਤੇ ਇਹ ਦੋਵੇਂ ਹੀ ਆਪਣੀ ਹੋਂਦ ਗੁਆ ਚੁੱਕੇ ਹਨ। ਦੋਵੇਂ ਹੀ ਬੱਚਿਆਂ ਨੂੰ ਦੂਸ਼ਿਤ ਸਿੱਖਿਆ ਦੇ ਕੇ ਉਨ੍ਹਾਂ ਦੇ ਆਪਣੇ ਅਸਤਿਤਵ ਨੂੰ ਖਰਾਬ ਕਰ ਰਹੇ ਹਨ”

ਨਾਵਲਕਾਰ ਦਾ ਇਹ ਵੀ ਯਕੀਨ ਹੈ ਕਿ ਸਕੂਲਾਂ ਨੂੰ ਇਹ ਪੁੱਛਣਾ ਵੀ ਬੰਦ ਕਰਨਾ ਪਵੇਗਾ ਕਿ ਕੌਣ ਹਿੰਦੂ, ਕੌਣ ਮੁਸਲਮਾਨ ਹੈ, ਕੌਣ ਈਸਾਈ ਹੈ ਤੇ ਕੌਣ ਸਿੱਖ ਹੈ। ਅਜੋਕੀ ਵਿੱਦਿਆ ਪ੍ਰਣਾਲੀ ਢਿੱਡ ਭਰਦੀ ਹੈ ਤੇ ਦਿਮਾਗ਼ ਨੂੰ ਖ਼ਾਲੀ ਕਰਦੀ ਹੈ। ਜਿਸ ਤਰ੍ਹਾਂ ਖ਼ਾਲੀ ਘਰਾਂ ਨੂੰ ਤਾਲੇ ਲੱਗ ਜਾਂਦੇ ਹਨ ਇਸੇ ਤਰ੍ਹਾਂ ਇਹ ਦਿਮਾਗ਼ ਦੇ ਬੂਹੇ ਬੰਦ ਕਰ ਦਿੰਦੀ ਹੈ।

-----

ਜਸਬੀਰ ਕਾਲਰਵੀ ਇਸ ਨਾਵਲ ਵਿੱਚ ਇਹ ਤੱਥ ਵੀ ਉਭਾਰਦਾ ਹੈ ਕਿ ਅਸੀਂ ਬਚਪਨ ਵਿੱਚ ਬੱਚੇ ਨੂੰ ਜੋ ਸਿੱਖਿਆ ਦਿੰਦੇ ਹਾਂ ਉਸ ਦੀ ਸਜ਼ਾ ਉਸ ਨੂੰ ਉਮਰ ਭਰ ਭੁਗਤਣੀ ਪੈਂਦੀ ਹੈ। ਉਹ ਸੰਸਕਾਰ ਉਸਦੇ ਨਾਲ ਮਰਨ ਤੱਕ ਜਾਂਦੇ ਹਨ:

“ਪੈਦਾ ਹੁੰਦੇ ਬੱਚੇ ਨੂੰ ਹੀ ਸਮਾਜ ਦਾ ਸਭ ਤੋਂ ਜੰਗਾਲਿਆ ਤੇ ਸਖਤ ਸੰਗਲ ਉਸ ਨੂੰ ਕਾਲੇ ਧਰਮਾਂ ਦੀ ਕੈਦ ‘ਚ ਨੂੜ ਦਿੰਦਾ ਹੈ। ਪੈਦਾ ਹੁੰਦਾ ਬੱਚਾ ਹੀ ਹਿੰਦੂ, ਸਿੱਖ, ਮੁਸਲਮਾਨ ਤੇ ਈਸਾਈ ਬਣ ਜਾਂਦਾ ਹੈ-ਪਰ ਇਨਸਾਨ ਕਦੀ ਵੀ ਨਹੀਂ ਬਣਦਾ। ਉਹ ਇਕ ਸੰਭਾਵਨਾ ਵਰਗਾ ਹੁੰਦਾ ਹੈ-ਜਿਸ ਨੇ ਫੁੱਲ ਬਣਨਾ ਹੁੰਦਾ ਹੈ - ਪਰ ਜੰਮਦੇ ਬੱਚੇ ਨੂੰ ਅਸੀਂ ਸੰਵੇਦਨਾਹੀਣ ਪੱਥਰ ਬਣਾ ਦਿੰਦੇ ਹਾਂ। ਬੱਚਿਆਂ ਨੂੰ ਬਚਪਨ ‘ਚ ਹੀ ਸਾਂਚਿਆਂ ‘ਚ ਢਾਲ ਦਿੱਤਾ ਜਾਂਦਾ ਹੈ।”

-----

ਮਨੁੱਖ ਨੂੰ ਬੌਣਾ ਬਨਾਉਣ ਲਈ ਧਰਮ, ਸਭਿਆਚਾਰ ਅਤੇ ਰਾਜਨੀਤੀ ਦੀ ਤਿਕੜੀ ਇੱਕਠੀ ਹੋ ਕੇ ਚਲਦੀ ਹੈ। ਜਸਬੀਰ ਕਾਲਰਵੀ ਨੇ ਭਾਵੇਂ ਇਹ ਨਾਵਲ ਕੈਨੇਡਾ ਵਿੱਚ ਰਹਿੰਦਿਆਂ ਲਿਖਿਆ ਹੈ ਪਰ ਉਸਦੇ ਨਾਵਲ ਵਿੱਚ ਲਿਖੀਆਂ ਗੱਲਾਂ ਕੈਨੇਡੀਅਨ ਸਮਾਜ ਨਾਲੋਂ ਭਾਰਤੀ/ਪੰਜਾਬੀ ਸਮਾਜ ਉੱਤੇ ਵਧੇਰੇ ਲਾਗੂ ਹੁੰਦੀਆਂ ਹਨ। ਜਿੱਥੇ ਕਿ ਉਸਨੇ ਆਪਣੀ ਜ਼ਿੰਦਗੀ ਦਾ ਵਧੇਰੇ ਹਿੱਸਾ ਗੁਜ਼ਾਰਿਆ ਹੈ। ਭਾਰਤੀ ਸਮਾਜ ਉੱਤੇ ਧਰਮ ਦੀ ਤੱਕੜੀ ਜਕੜ ਹੈ। ਇਸਦਾ ਲਾਭ ਰਾਜਨੀਤੀਵਾਨ ਪੂਰੀ ਤਰ੍ਹਾਂ ਉਠਾਉਂਦੇ ਹਨ. ਧਰਮ ਦੇ ਨਾਮ ਉੱਤੇ ਪੰਡਤ, ਪਾਦਰੀ, ਮੁੱਲਾਂ ਅਤੇ ਭਾਈ ਲੋਕਾਂ ਨੂੰ ਲੁੱਟਦੇ ਹਨ। ਇਸ ਲੁੱਟ ਨੂੰ ਕਾਇਮ ਰੱਖਣ ਲਈ ਹੀ ਉਹ ਸਮਾਜਿਕ, ਸਭਿਆਚਾਰਕ ਅਤੇ ਰਾਜਨੀਤਕ ਆਗੂਆਂ ਦਾ ਸਮਰਥਨ ਕਰਦੇ ਹਨ; ਪਰ ਭਾਰਤੀ ਸਮਾਜ ਵਿੱਚ ਇਹ ਗੱਲ ਕੋਈ ਨਵੀਂ ਨਹੀਂ। ਹਜ਼ਾਰਾਂ ਸਾਲਾਂ ਤੋਂ ਇਸ ਲੁਟੇਰੀ ਤਿਕੜੀ ਵੱਲੋਂ ਭਾਰਤੀ ਧਾਰਮਿਕ, ਸਮਾਜਿਕ ਅਤੇ ਸਭਿਆਚਾਰਕ ਗ੍ਰੰਥ ਸਮਾਜ ਦੇ ਦੱਬੇ ਕੁਚਲੇ ਲੋਕਾਂ ਨੂੰ ਗੁਲਾਮਾਂ ਵਰਗੀ ਜ਼ਿੰਦਗੀ ਜਿਉਣ ਲਈ ਮਜਬੂਰ ਕਰਨ ਵਾਸਤੇ ਆਧਾਰ ਬਣਾਏ ਜਾਂਦੇ ਆ ਰਹੇ ਹਨ। ਭਾਰਤੀ ਰਾਜਨੀਤੀਵਾਨ ਧਾਰਮਿਕ ਕੱਟੜਵਾਦੀ ਫਿਰਕੂ ਜਨੂੰਨਵਾਦੀ ਦਹਿਸ਼ਤਗਰਦੀ ਫੈਲਾ ਕੇ ਆਮ ਆਦਮੀ ਦੇ ਮਨ ਵਿੱਚ ਸਹਿਮ ਪੈਦਾ ਕਰਨ ਦੀ ਆਪਣੀ ਘਿਨੌਣੀ ਖੇਡ ਅਕਸਰ ਹੀ ਖੇਡਦੇ ਰਹਿੰਦੇ ਹਨ। ਇਸ ਗੱਲ ਦਾ ਚਰਚਾ ‘ਅਮ੍ਰਿਤ’ ਨਾਵਲ ਵਿੱਚ ਵੀ ਕੀਤਾ ਗਿਆ ਹੈ:

“ਹਰ ਸਮਾਜ ‘ਚ ਰਾਜਨੀਤਿਕ ਬੰਦਿਆਂ ਦਾ ਅਸਲੀ ਗੱਠਜੋੜ ਪੁਜਾਰੀ ਜਮਾਤ ਨਾਲ ਹੁੰਦਾ ਹੈ। ਪੰਜਾਬੀ ਸਮਾਜ ‘ਚ ਵੀ ਧਰਮ ਤੇ ਰਾਜਨੀਤੀ ‘ਇਕ ਹੈ’ ਦਾ ਨਾਅਰਾ ਲਗਪਗ ਪ੍ਰਵਾਨ ਹੋ ਚੁੱਕਾ ਹੈ।”

-----

ਇਸ ਨਾਵਲ ਵਿੱਚ ਜਸਬੀਰ ਕਾਲਰਵੀ ਮੁਖੌਟਾਧਾਰੀ ਆਖੌਤੀ ਪੰਜਾਬੀ ਲੇਖਕਾਂ ਬਾਰੇ ਵੀ ਚਰਚਾ ਛੇੜਦਾ ਹੈ। ਜਿਨ੍ਹਾਂ ਪੰਜਾਬੀ ਲੇਖਕਾਂ, ਚਿੰਤਕਾਂ ਅਤੇ ਬੁੱਧੀਜੀਵੀਆਂ ਨੇ ਆਮ ਮਨੁੱਖ ਦੀ ਅਗਵਾਈ ਕਰਨੀ ਹੈ, ਉਨ੍ਹਾਂ ਦਾ ਆਪਣਾ ਕਿਰਦਾਰ ਹੀ ਸ਼ੱਕੀ ਕਿਸਮ ਦਾ ਹੈ। ਸਾਡੀਆਂ ਸਾਹਿਤ ਸਭਾਵਾਂ ਵਿੱਚ ਬੰਦਿਆਂ ਦੀ ਵੱਧ ਅਤੇ ਸਾਹਿਤ ਦੀ ਗੱਲ ਘੱਟ ਹੁੰਦੀ ਹੈ। ਨਾਵਲਕਾਰ ਅਜਿਹੇ ਮੁਖੌਟਾਧਾਰੀ ਪੰਜਾਬੀ ਲੇਖਕਾਂ ਬਾਰੇ ਕਹਿੰਦਾ ਹੈ ਕਿ ਅਜਿਹੇ ਮੁਖੌਟਾਧਾਰੀ ਆਖੌਤੀ ਲੇਖਕ ਸਾਹਿਤ ਵਿੱਚ ਲੱਚਰਵਾਦ ਫੈਲਾ ਰਹੇ ਹਨ। ਅਜਿਹੇ ਲੇਖਕਾਂ ਨੂੰ ਜਦੋਂ ਕਦੀ ਪੁੱਛਿਆ ਜਾਂਦਾ ਹੈ ਕਿ ਤੁਸੀਂ ਕਿਵੇਂ ਲਿਖਦੇ ਹੋ? ਤਾਂ ਚਿਹਰਿਆਂ ਉੱਤੇ ਨਕਲੀ ਮੁਸਕਾਨਾਂ ਲਿਆ ਕੇ ਉਹ ਝੱਟ ਆਖ ਦਿੰਦੇ ਹਨ ਕਿ ਇਹ ਤਾਂ ਜੀ ਕੋਈ ਗ਼ੈਬੀ ਸ਼ਕਤੀ ਹੀ ਸਾਡੇ ਕੋਲੋਂ ਲਿਖਵਾਂਦੀ ਹੈ। ਨਾਵਲਕਾਰ ਪੁੱਛਦਾ ਹੈ ਕਿ ਜੇਕਰ ਗ਼ੈਬੀ ਸ਼ਕਤੀ ਹੀ ਇਨ੍ਹਾਂ ਲੇਖਕਾਂ ਤੋਂ ਲਿਖਵਾ ਰਹੀ ਹੈ ਤਾਂ ਇਨ੍ਹਾਂ ਲੇਖਕਾਂ ਦਾ ਉਨ੍ਹਾਂ ਦੀਆਂ ਲਿਖਤਾਂ ਲਿਖਣ ਵਿੱਚ ਕੀ ਯੋਗਦਾਨ ਹੈ? ਨਾਵਲਕਾਰ ਇਹ ਨੁਕਤਾ ਵੀ ਉਠਾਂਦਾ ਹੈ ਕਿ ਕੋਈ ਵੀ ਲੇਖਕ ਆਪਣੇ ਤੋਂ ਬਾਹਰੀ ਰਚਨਾ ਨਹੀਂ ਕਰ ਕਰ ਸਕਦੇ। ਜੇਕਰ ਉਨ੍ਹਾਂ ਦੀਆਂ ਰਚਨਾਵਾਂ ਵਿੱਚ ਲੱਚਰਵਾਦ ਫੈਲਿਆ ਹੋਇਆ ਹੋਵੇਗਾ ਤਾਂ ਇਸਦਾ ਮਤਲਬ ਸਪੱਸ਼ਟ ਹੈ ਕਿ ਉਨ੍ਹਾਂ ਦੀ ਮਾਨਸਿਕਤਾ ਵਿੱਚ ਵੀ ਲੱਚਰਵਾਦ ਹੀ ਹੋਵੇਗਾ। ਸਾਹਿਤਕਾਰਾਂ ਅਤੇ ਸਾਹਿਤਕ ਸੰਸਥਾਵਾਂ ਵਿੱਚ ਧੜੇਬੰਦੀਆਂ ਕਿਵੇਂ ਨੁਕਸਾਨ ਕਰ ਰਹੀਆਂ ਹਨ ਇਸ ਵਿਸ਼ੇ ਬਾਰੇ ‘ਅਮ੍ਰਿਤ’ ਨਾਵਲ ਦੀਆਂ ਹੇਠ ਲਿਖੀਆਂ ਸਤਰਾਂ ਸਾਡਾ ਧਿਆਨ ਖਿੱਚਦੀਆਂ ਹਨ:

“ਸਾਹਿਤ ਧਾਰਾਵਾਂ ਦਾ ਘਚੋਲਾ ਵੀ ਪੰਜਾਬੀ ਸਾਹਿਤ ਦੀ ਪੁੱਛ ਪ੍ਰਤੀਤ ਨੂੰ ਘੱਟ ਕਰ ਰਿਹਾ ਹੈ। ਜੇ ਤੁਸੀਂ ਮਾਲਕ ਮਜ਼ਦੂਰ ਜਾਂ ਪਦਾਰਥਵਾਦ ਦੇ ਫਲਸਫ਼ੇ ਦੇ ਇਰਦ ਗਿਰਦ ਰਹਿ ਕੇ ਕੁਝ ਲਿਖੋ ਤਾਂ ਬੇਸ਼ਕ ਉਸ ਤੋਂ ਭੂੰਡ ਵੀ ਨਾ ਨਿਕਲੇ-ਮਾਰਕਸਵਾਦੀ ਵਿਚਾਰਾਂ ਵਾਲੇ ਇਨਾਮ ਦੇਣਗੇ-ਤੇ ਉੱਤਰ-ਆਧੁਨਿਕਤਾ ਵਾਲੇ ਅਣਗੌਲ ਦੇਣਗੇ। ਇਹੀ ਸ਼ਬਦਾਂ ਦੀ ਸੀਮਤ ਸ਼ਕਤੀ ਹੁੰਦੀ ਹੈ। ਉਹ ਚਾਹੁੰਦਾ ਸੀ ਕਿ ਹਰ ਸਾਹਿਤ ਨੂੰ ਸਾਰੇ ਧਾਰਾਵਾਂ ਵਾਲੇ ਮਿਲ ਬੈਠ ਕੇ ਵਿਚਾਰਨ-ਤੇ ਲੇਖਕ ਨੂੰ ਯੋਗ ਥਾਂ ਦੇਣ।”

-----

ਪੰਜਾਬੀ ਸਾਹਿਤ ਦੇ ਖੇਤਰ ਵਿੱਚ ਇਨਾਮਾਂ-ਸਨਮਾਨਾਂ ਦੀ ਜੋ ਦੁਰਗਤੀ ਹੋ ਰਹੀ ਹੈ ਅਤੇ ਜਿਸ ਤਰ੍ਹਾਂ ਸਾਹਿਤਕਾਰ ਇਨਾਮ ਪ੍ਰਾਪਤ ਕਰਨ ਲਈ ਹਰ ਤਰ੍ਹਾਂ ਦੇ ਘਟੀਆ ਤੋਂ ਘਟੀਆ ਢੰਗ ਅਪਣਾ ਰਹੇ ਹਨ, ਉਹ ਵੀ ਲੇਖਕਾਂ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਸਰਕਾਰਾਂ ਵੀ ਲੇਖਕਾਂ ਨੂੰ ਇਨਾਮ ਦੇ ਕੇ ਉਨ੍ਹਾਂ ਦੀ ਜ਼ੁਬਾਨ ਹੀ ਬੰਦ ਕਰਨਾ ਚਾਹੁੰਦੀਆਂ ਹਨ। ਜਿਸ ਦਿਨ ਕੋਈ ਲੇਖਕ ਜੁੱਰਤ ਨਾਲ ਲਿਖਦਾ ਹੈ ਤਾਂ ਉਹ ਲੇਖਕ ਸਰਕਾਰ ਦੀਆਂ ਅੱਖਾਂ ਵਿੱਚ ਰੜਕਣ ਲੱਗਦਾ ਹੈ ਅਤੇ ਸਰਕਾਰ ਦੀ ਹਰ ਕੋਸ਼ਿਸ਼ ਉਸਦੇ ਸੀਨੇ ਵਿੱਚ ਖ਼ੰਜਰ ਖੋਭ ਕੇ ਉਸਦੀ ਜ਼ੁਬਾਨ ਚੁੱਪ ਕਰਵਾਉਣ ਦੀ ਹੁੰਦੀ ਹੈ। ‘ਅਮ੍ਰਿਤ’ ਨਾਵਲ ਦਾ ਮੁੱਖ ਪਾਤਰ ਅਮ੍ਰਿਤ ਇਸ ਵਿਸ਼ੇ ਬਾਰੇ ਕੀ ਕਹਿੰਦਾ ਹੈ ਉਹ ਵੀ ਸੁਣ ਲਵੋ:

“ਸਰਕਾਰੇ ਦਰਬਾਰੇ ਲੇਖਕ ਦੀ ਇਜ਼ਤ ਹੀ ਇਸੇ ਕਰਕੇ ਹੁੰਦੀ ਹੈ ਕਿ ਉਹ ਹਾਲੇ ਬੁੱਲੇ ਸ਼ਾਹ ਨਹੀਂ ਹੋਇਆ। ਜਿਸ ਦਿਨ ਕੋਈ ਕਵੀ ਬੁੱਲ੍ਹੇ ਸ਼ਾਹ ਹੁੰਦਾ ਹੈ ਉਸ ਦਿਨ ਸਰਕਾਰ ਦੀ ਚਿੰਤਾ ਉਸ ਦੀ ਜ਼ੁਬਾਨ ਬੰਦ ਕਰਨ ਲਈ ਹੁੰਦੀ ਹੈ-ਸਨਮਾਨ ਤਾਂ ਆਮ ਸਾਧਾਰਣ ਲੇਖਕਾਂ ਲਈ ਹੁੰਦੇ ਹਨ।”

-----

ਮਨੁੱਖੀ ਜ਼ਿੰਦਗੀ ਨਾ ਤਾਂ ਪੂਰੀ ਤਰ੍ਹਾਂ ਤਰਕਸ਼ੀਲ ਵਿਚਾਰਾਂ ਦੇ ਹੀ ਸਹਾਰੇ ਬਿਤਾਈ ਜਾ ਸਕਦੀ ਹੈ ਅਤੇ ਨਾ ਹੀ ਪੂਰੀ ਤਰ੍ਹਾਂ ਅਤਰਕਸ਼ੀਲ ਵਿਚਾਰਾਂ ਦੇ ਸਹਾਰੇ ਹੀ. ਦੋਹਾਂ ਤਰ੍ਹਾਂ ਦੇ ਵਿਚਾਰਾਂ ਦੇ ਸੰਤੁਲਿਤ ਸੁਮੇਲ ਦੇ ਸਹਾਰੇ ਹੀ ਜ਼ਿੰਦਗੀ ਨੂੰ ਸਮਝਿਆ ਅਤੇ ਜਿਉਣਾ ਸੰਭਵ ਹੁੰਦਾ ਹੈ। ਕਿਉਂਕਿ ਤਰਕਸ਼ੀਲ ਅਤੇ ਵਿਗਿਆਨਕ ਵਿਚਾਰ ਵੀ ਕਿਸੇ ਗੱਲ ਨੂੰ ਮੁਕੰਮਲ ਤੌਰ ਉੱਤੇ ਸਮਝਾ ਨਹੀਂ ਸਕਦੇ। ਭਾਸ਼ਾ ਵੀ ਕਿਸੀ ਗੱਲ ਨੂੰ ਪੂਰੀ ਤਰ੍ਹਾਂ ਬਿਆਨ ਨਹੀਂ ਕਰ ਸਕਦੀ। ਰੋਜ਼ਾਨਾ ਜ਼ਿੰਦਗੀ ਵਿੱਚ ਅਸੀਂ ਅਕਸਰ ਦੇਖਦੇ ਹਾਂ ਕਿ ਅਨੇਕਾਂ ਵੇਰ ਸਾਨੂੰ ਕਿਸੀ ਸਥਿਤੀ ਵਿੱਚ ਕਹਿਣਾ ਪੈਂਦਾ ਹੈ ਕਿ ਜੋ ਤੁਸੀਂ ਸਮਝਿਆ ਹੈ ਮੈਂ ਦਰਅਸਲ ਇਹ ਨਹੀਂ ਕਿਹਾ ਸੀ। ਨਾਵਲ ਦੇ ਮੁੱਖ ਪਾਤਰ ਅਮ੍ਰਿਤ ਦੇ ਤਜਰਬੇ ਵੀ ਅਜਿਹੇ ਅਹਿਸਾਸ ਨਾਲ ਹੀ ਭਰੇ ਹੋਏ ਹਨ ਜਦੋਂ ਉਹ ਕਹਿੰਦਾ ਹੈ:

“ਉਹ ਹਰ ਉਸ ਥਾਂ ਗਿਆ-ਜਿੱਥੇ ਚੈਨ ਮਿਲ ਸਕਦਾ ਸੀ-ਪਰ ਉਸ ਨੂੰ ਉਸਦੇ ਸੁਪੁਨਿਆਂ ਦੀ ਠਾਹਰ ਨਾ ਮਿਲੀ। ਕਦੀ ਉਸਨੂੰ ਧਾਰਮਿਕ ਤਰਕਸ਼ੀਲ ਮਿਲੇ ਤੇ ਕਦੀ ਅਧਾਰਮਿਕ ਤਰਕਸ਼ੀਲ। ਪਰ ਸਭ ਦੀਆਂ ਅੱਖਾਂ ‘ਚ ਉਸਨੇ ਸ਼ੈਤਾਨੀ ਸੁਪਨੇ ਤਰਦੇ ਦੇਖੇ। ਉਦੋਂ ਉਸਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਤਰਕ ਨਾਲ ਸ਼ਬਦਾਂ ਦੇ ਹਾਰ ਬਣ ਸਕਦੇ ਹਨ - ਜ਼ਿੰਦਗੀ ਦੇ ਨਹੀਂ। ਜਦੋਂ ਅਸੀਂ ਜ਼ਿੰਦਗੀ ਨੂੰ ਤਰਕ ਨਾਲ ਪਰਿਭਾਸ਼ਤ ਕਰਨ ਤੁਰਦੇ ਹਾਂ ਤਾਂ ਉਹ ਅੱਗੇ ਜਾ ਚੁੱਕੀ ਹੁੰਦੀ ਹੈ।”

-----

‘ਅਮ੍ਰਿਤ’ ਇੱਕ ਸੰਵਾਦ ਮੁਖੀ ਨਾਵਲ ਹੈ। ਪੰਜਾਬੀ ਨਾਵਲ ਲਿਖਣ ਦੀ ਪਰਚਲਿਤ ਵਿਧਾ ਵਿੱਚ ਇਹ ਨਾਵਲ ਨਹੀਂ ਲਿਖਿਆ ਗਿਆ। ਇਹ ਨਾਵਲ ਅਜੋਕੇ ਸਮਿਆਂ ਵਿੱਚ ਇੱਕ ਚੇਤੰਨ ਅਤੇ ਸੰਵੇਦਨਸ਼ੀਲ ਮਨੁੱਖ ਦੀ ਮਾਨਸਿਕਤਾ ਦਾ ਪ੍ਰਗਟਾਅ ਹੈ। ਇਕ ਅਜਿਹਾ ਮਨੁੱਖ ਜੋ ਆਪਣੇ ਆਸ ਪਾਸ ਵਾਪਰ ਰਹੀਆਂ ਘਟਨਾਵਾਂ ਅਤੇ ਵਰਤਾਰਿਆਂ ਨੂੰ ਦੇਖਕੇ ਹੈਰਾਨ ਹੋ ਰਿਹਾ ਹੈ। ਜੋ ਇਹ ਵੀ ਅਨੁਭਵ ਕਰਦਾ ਹੈ ਕਿ ਹਰ ਪਾਸੇ ਝੂਠ, ਲੋਭ, ਮੋਹ, ਹੰਕਾਰ, ਹਉਮੈ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਪਰ ਇਸ ਅਨ੍ਹੇਰ ਨਗਰੀ ਵਿੱਚ ਉਸ ਦੀ ਹੋਂਦ ਮਹਿਜ਼ ਇੱਕ ਰੇਤ ਦੇ ਕਿਣਕੇ ਤੋਂ ਵੱਧ ਕੁਝ ਨਹੀਂ। ਆਮ ਆਦਮੀ ਦੀ ਕਿਧਰੇ ਵੀ ਸੁਣਵਾਈ ਨਹੀਂ। ਇਸੇ ਲਈ ਸਮਾਜ ਵਿੱਚ ਜਦੋਂ ਵੀ ਕੁਝ ਚੰਗਾ ਜਾ ਮੰਦਾ ਵਾਪਰਦਾ ਹੈ ਤਾਂ ਆਮ ਮਨੁੱਖ ਉਸ ਵੱਲ ਕੋਈ ਦਿਲਚਸਪੀ ਨਹੀਂ ਦਿਖਾਂਦਾ। ਉਦਾਹਰਣ ਵਜੋਂ ਦਹਿਸ਼ਤਗਰਦਾਂ ਨੇ ਮੁੰਬਈ ਦੇ ਪੰਜ ਸਿਤਾਰਾ ਹੋਟਲਾਂ ਉੱਤੇ ਹਮਲਾ ਕੀਤਾ ਜਿਸ ਵਿੱਚ 200 ਦੇ ਕਰੀਬ ਵਿਅਕਤੀ ਮਾਰੇ ਗਏ ਅਤੇ 400 ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ। ਦੁਨੀਆਂ ਭਰ ਦੀਆਂ ਅਖਬਾਰਾਂ ਨੇ ਇਸ ਘਟਨਾ ਨੂੰ ਆਪਣੇ ਅਖਬਾਰਾਂ ਦੇ ਮੁੱਖ ਪੰਨਿਆਂ ਦੀਆਂ ਸੁਰਖ਼ੀਆਂ ਬਣਾਇਆ। ਵਿਸ਼ਵ ਭਰ ਦੇ ਰੇਡੀਓ/ਟੀਵੀ/ਇੰਟਰਨੈੱਟ ਨੇ ਕਈ ਕਈ ਦਿਨ ਤੱਕ ਇਸ ਘਟਨਾ ਦਾ ਚਰਚਾ ਕੀਤਾ। ਪਰ ਕੀ ਮੁੰਬਈ ਦੀਆਂ ਝੁੱਗੀਆਂ ਝੌਂਪੜੀਆਂ ਵਿੱਚ ਰਹਿ ਰਹੇ ਅਤਿ ਦਰਜੇ ਦੇ ਗਰੀਬ ਲੋਕਾਂ ਉੱਤੇ ਇਸ ਘਟਨਾ ਦਾ ਕੋਈ ਅਸਰ ਹੋਇਆ ਹੋਵੇਗਾ? ਸ਼ਾਇਦ, ਬਿਲਕੁਲ ਨਹੀਂ। ਇੰਡੀਆ ਦੇ ਇਨ੍ਹਾਂ ਭੁੱਖੇ ਨੰਗੇ ਲੱਖਾਂ ਲੋਕਾਂ ਦਾ ਇੰਡੀਆ ਦੇ ਇਨ੍ਹਾਂ ਮਹਿਕਾਂ ਛੱਡਦੇ ਸ਼ੀਸ਼ ਮਹੱਲਾਂ ਵਾਂਗ ਸਜੇ-ਧਜੇ ਪੰਜ ਸਿਤਾਰਾ ਹੋਟਲਾਂ ਨਾਲ ਕੀ ਵਾਸਤਾ?

----

ਜਿਉਂ ਜਿਉਂ ਗਿਆਨ ਵਿਗਿਆਨ ਦੀ ਤਰੱਕੀ ਹੋ ਰਹੀ ਹੈ ਮਨੁੱਖ ਆਪਣੇ ਆਪ ਨਾਲੋਂ ਟੁੱਟਦਾ ਜਾ ਰਿਹਾ ਹੈ। ਉਪਭੋਗਤਾਵਾਦੀ ਸਭਿਆਚਾਰ ਦੇ ਅਸਰ ਹੇਠ ਮਨੁੱਖ ਵਸਤਾਂ ਨਾਲ ਘਰ ਭਰਨ ਦੀ ਦੌੜ ਵਿੱਚ ਹਰ ਸਮੇਂ ਤਨਾਓ ਅਤੇ ਬੇਆਰਾਮੀ ਦੀ ਹਾਲਤ ਵਿੱਚ ਜ਼ਿੰਦਗੀ ਗੁਜ਼ਾਰ ਰਿਹਾ ਹੈ। ਵਿਗਿਆਨ ਦੀਆਂ ਨਵੀਨ ਪ੍ਰਾਪਤੀਆਂ ਮਨੁੱਖ ਨੂੰ ਤਬਾਹ ਕਰਨ ਲਈ ਵਰਤੀਆਂ ਜਾ ਰਹੀਆਂ ਹਨ। ਰਾਜਨੀਤਿਕ ਭ੍ਰਿਸ਼ਟਾਚਾਰ ਆਪਣੀਆਂ ਸਭ ਸੀਮਾਵਾਂ ਪਾਰ ਕਰ ਰਿਹਾ ਹੈ। ਧਾਰਮਿਕ ਕੱਟੜਵਾਦ ਵੱਲੋਂ ਫੈਲਾਇਆ ਜਾ ਰਿਹਾ ਆਤੰਕਵਾਦ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਵਾਪਰ ਸਕਦਾ ਹੈ। ਦੇਸ਼ਾਂ ਦੀਆਂ ਸਰਕਾਰਾਂ ਹੁਣ ਲੋਕਾਂ ਦੇ ਚੁਣੇ ਹੋਏ ਪਾਰਲੀਮੈਂਟ ਮੈਂਬਰ ਨਹੀਂ ਚਲਾਉਂਦੇ; ਬਲਕਿ ਵੱਡੀਆਂ ਵੱਡੀਆਂ ਮੈਗਾ ਕੰਪਨੀਆਂ ਦੇ ਚੀਫ ਐਗਜ਼ੈਕੇਟਿਵ ਅਫਸਰ ਚਲਾਉਂਦੇ ਹਨ। ਗਲੋਬਲੀਕਰਨ ਦੀ ਆੜ ਹੇਠ ਟੈਲੀਵੀਜ਼ਨ ਚੈਨਲਾਂ ਰਾਹੀਂ ਟੈਲੀਵੀਜ਼ਨ ਦੇ ਆਦਮ ਕੱਦ ਸਕਰੀਨਾਂ ਉੱਤੇ ਘਰ ਘਰ ਬੇਅਰਥੇ ਟੈਲੀਵੀਜ਼ਨ ਪ੍ਰੋਗਰਾਮ ਦਿਖਾਕੇ ਸਥਾਨਕ ਸਭਿਆਚਾਰਾਂ ਦੀ ਤਬਾਹੀ ਕੀਤੀ ਜਾ ਰਹੀ ਹੈ। ਅਮਰੀਕਾ ਵਰਗੀਆਂ ਮਹਾਂ-ਸ਼ਕਤੀਆਂ ਕਿਸੇ ਵੀ ਦੇਸ਼ ਦੀ ਹਕੂਮਤ ਨੂੰ ਬਦਲਣ ਲਈ ਕੋਈ ਵੀ ਬਹਾਨਾ ਬਣਾ ਕੇ ਉਸ ਦੇਸ਼ ਉੱਤੇ ਫੌਜੀ ਹਮਲਾ ਕਰ ਸਕਦੀਆਂ ਹਨ ਅਤੇ ਲੱਖਾਂ ਲੋਕਾਂ ਦੀਆਂ ਲਾਸ਼ਾਂ ਦੇ ਢੇਰ ਲਗਾ ਕੇ ਆਪਣੇ ਆਪ ਨੂੰ ਵਿਸ਼ਵ ਅਮਨ ਦੇ ਪੁਜਾਰੀ ਹੋਣ ਦਾ ਦਾਹਵਾ ਕਰ ਸਕਦੀਆਂ ਹਨ। ਅਜਿਹੀਆਂ ਹਾਲਤਾਂ ਵਿੱਚ ਆਖਿਰ ਆਮ ਆਦਮੀ ਆਪਣੇ ਆਪ ਨੂੰ ਹੀ ਸੁਆਲ ਕਰਨ ਲੱਗਦਾ ਹੈ ਕਿ ਕੀ ਉਸਦੀ ਕੋਈ ਬੁੱਕਤ ਹੈ? ਅਜਿਹੇ ਹੀ ਸੁਆਲਾਂ ਨਾਲ ਜੂਝ ਰਿਹਾ ਹੈ ਜਸਬੀਰ ਕਾਲਰਵੀ ਦਾ ਨਾਵਲ ‘ਅਮ੍ਰਿਤ’।

-----

ਜਸਬੀਰ ਕਾਲਰਵੀ ਦਾ ਨਾਵਲ ‘ਅਮ੍ਰਿਤ’ ਕੈਨੇਡੀਅਨ ਪੰਜਾਬੀ ਨਾਵਲ ਦੇ ਖੇਤਰ ਵਿੱਚ ਸਾਹਿਤਕ, ਸਮਾਜਿਕ, ਸਭਿਆਚਾਰਕ, ਆਰਥਿਕ, ਧਾਰਮਿਕ, ਰਾਜਨੀਤਿਕ ਅਤੇ ਦਾਰਸ਼ਨਿਕ ਪੱਖ ਤੋਂ ਵਿਚਾਰਧਾਰਕ ਪੱਧਰ ਉੱਤੇ ਗੰਭੀਰ ਸੰਵਾਦ ਛੇੜਨ ਵਾਲੇ ਚੇਤਨਾ ਭਰਪੂਰ ਵਿਚਾਰਾਂ ਦੀ ਪੇਸ਼ਕਾਰੀ ਕਰਨ ਵਾਲੇ ਕ੍ਰਾਂਤੀਕਾਰੀ ਨਾਵਲਾਂ ਦੀ ਸ਼ੇਣੀ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ। ਇਹ ਨਵੀਂ ਸੋਚ ਨਾਲ ਜੁੜਿਆ ਹੋਇਆ ਨਾਵਲ ਹੈ। ਇਹ ਨਾਵਲ ਖੜੋਤੇ ਪਾਣੀਆਂ ਵਿੱਚ ਪੱਥਰ ਸੁੱਟਣ ਵਾਂਗ ਹੈ। ਕੈਨੇਡੀਅਨ ਪੰਜਾਬੀ ਸਾਹਿਤ ਲਈ ਅਜਿਹੇ ਨਾਵਲ ਦਾ ਪ੍ਰਕਾਸ਼ਿਤ ਹੋਣਾ ਇੱਕ ਸ਼ੁੱਭ ਸ਼ਗਨ ਹੈ।