ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ
ਕੈਨੇਡਾ ਦੇ 57 ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਸਮੀਖਿਆ ਦੀ ਕਿਤਾਬ 'ਕੈਨੇਡੀਅਨ ਪੰਜਾਬੀ ਸਾਹਿਤ' ਨੂੰ ਖ਼ਰੀਦਣ ਲਈ ਬਲੌਗ 'ਤੇ ਦਿੱਤੇ ਐਡਰੈਸ 'ਤੇ ਈਮੇਲ ਕਰੋ। ਸ਼ੁਕਰੀਆ।

ਤੁਹਾਡੇ ਧਿਆਨ ਹਿੱਤ - ਜ਼ਰੂਰੀ ਸੂਚਨਾ

ਸੂਚਨਾ: ਪ੍ਰਕਾਸ਼ਕ ਦੀ ਤਲਾਸ਼ :

ਆਪਣੀ ਹੁਣੇ ਇੰਡੀਆ ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ)’ ਨੂੰ ਮੈਂ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਕੈਨੇਡਾ ਵਿੱਚ ‘‘Canadian Punjabi Literature (Commentary)’’ ਨਾਮ ਦੀ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਨਾ ਚਾਹੁੰਦਾ ਹਾਂ। ਮੈਂ ਕਿਸੀ ਵਧੀਆ ਕੈਨੇਡੀਅਨ ਪ੍ਰਕਾਸ਼ਕ ਦੀ ਤਲਾਸ਼ ਕਰ ਰਿਹਾ ਹਾਂ। ਜੇਕਰ ਤੁਸੀਂ ਕਿਸੀ ਅਜਿਹੇ ਵਧੀਆ ਕੈਨੇਡੀਅਨ ਪ੍ਰਕਾਸ਼ਕ ਦਾ ਨਾਮ ਜਾਣਦੇ ਹੋ ਜੋ ਮੇਰੀ ਪੁਸਤਕ ਪ੍ਰਕਾਸ਼ਿਤ ਕਰ ਸਕਦਾ ਹੋਵੇ ਤਾਂ ਮੈਂ ਉਸ ਪ੍ਰਕਾਸ਼ਕ ਦਾ ਨਾਮ ਜਾਨਣਾ ਚਾਹਾਂਗਾ।

Sukhinder

Editor: SANVAD

Box 67089, 2300 Yonge St.

Toronto ON M4P 1E0

Tel. (416) 858-7077

Email: poet_sukhinder@hotmail.com

http://www.canadianpunjabiliterature.blogspot.com/Thursday, January 1, 2009

ਸੁਖਿੰਦਰ - ਲੇਖ

ਘੋੜੇ ਵਾਂਗ ਸਰਪਟ ਦੌੜ ਰਿਹਾ ਕਵੀ - ਰਵਿੰਦਰ ਰਵੀ

ਲੇਖ

ਰਵਿੰਦਰ ਰਵੀ ਪਿਛਲੇ ਪੰਜ ਦਹਾਕਿਆਂ ਤੋਂ ਪੰਜਾਬੀ ਸਾਹਿਤ ਜਗਤ ਵਿੱਚ ਚਰਚਿਤ ਹੈ। ਉਹ ਬਹੁ-ਪੱਖੀ ਲੇਖਕ ਹੈ। ਕੈਨੇਡੀਅਨ ਪੰਜਾਬੀ ਲੇਖਕਾਂ ਵਿੱਚੋਂ, ਸ਼ਾਇਦ, ਉਹ ਇੱਕੋ ਇੱਕ ਅਜਿਹਾ ਪੰਜਾਬੀ ਲੇਖਕ ਹੈ ਜਿਸ ਦੀਆਂ ਰਚਨਾਵਾਂ ਬਾਰੇ ਤਕਰੀਬਨ ਹਰ ਨਾਮਵਰ ਪੰਜਾਬੀ ਆਲੋਚਕ ਨੇ ਆਪਣੇ ਵਿਚਾਰ ਜ਼ਾਹਿਰ ਕੀਤੇ ਹਨ। ਪੰਜਾਬੀ ਸਾਹਿਤ ਜਗਤ ਵਿੱਚ ਉਸਨੇ 1960 ਦੇ ਆਸ ਪਾਸ ਇੱਕ ਪ੍ਰਯੋਗਸ਼ੀਲ ਲੇਖਕ ਵਜੋਂ ਪਰਵੇਸ਼ ਕੀਤਾ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਉਹ ਕਵਿਤਾ, ਕਹਾਣੀ ਅਤੇ ਨਾਟਕ ਦੇ ਖੇਤਰ ਵਿੱਚ ਨਵੇਂ ਨਵੇਂ ਪ੍ਰਯੋਗ ਕਰ ਰਿਹਾ ਹੈ। ਭਾਵੇਂ ਕਿ ਉਸ ਨੇ ਆਪਣੇ ਇਹ ਸਾਹਿਤਕ ਪ੍ਰਯੋਗ ਇੰਡੀਆ ਵਿੱਚ ਰਹਿੰਦਿਆਂ ਹੀ ਸ਼ੁਰੂ ਕਰ ਦਿੱਤੇ ਸਨ; ਪਰ ਉਸਨੇ ਆਪਣੇ ਅਜਿਹੇ ਸਾਹਿਤਕ ਪ੍ਰਯੋਗ ਕੀਨੀਆ ਵਿੱਚ ਵੀ ਜਾਰੀ ਰੱਖੇ ਜਦੋਂ ਕਿ 1970 ਦੇ ਆਸ ਪਾਸ ਉਹ ਇੰਡੀਆ ਨੂੰ ਅਲਵਿਦਾ ਕਹਿ ਕੇ ਨਵੇਂ ਦਿਸ-ਹੱਦਿਆਂ ਦੀ ਤਲਾਸ਼ ਵਿੱਚ ਸਮੁੰਦਰੀ ਜਹਾਜ਼ ਵਿੱਚ ਸਵਾਰ ਹੋ ਕੇ ਕੀਨੀਆ ਪਹੁੰਚ ਗਿਆ। ਅਨੇਕਾਂ ਦੇਸ਼ਾਂ ਵਿੱਚ ਘੁੰਮਦਾ ਹੋਇਆ 1975 ਦੇ ਆਸ ਪਾਸ ਜਦੋਂ ਉਹ ਕੈਨੇਡਾ ਪਹੁੰਚਿਆ ਤਾਂ ਪੰਜਾਬੀ ਸਾਹਿਤਕ ਖੇਤਰ ਵਿੱਚ ਨਵੇਂ ਨਵੇਂ ਪ੍ਰਯੋਗ ਕਰਨ ਦੀ ਉਸਦੀ ਰੁਚੀ ਵਿੱਚ ਕਿਸੇ ਤਰ੍ਹਾਂ ਦੀ ਵੀ ਕਮੀ ਦੇਖਣ ਵਿੱਚ ਨ ਆਈ। ਕੈਨੇਡਾ ਪਹੁੰਚ ਕੇ ਉਸਨੇ ਆਪਣੀ ਸਾਹਿਤਕ ਪ੍ਰਯੋਗ ਕਰਨ ਦੀ ਇਸ ਰੁਚੀ ਵਿੱਚ ਬਲਕਿ ਪਹਿਲਾਂ ਨਾਲੋਂ ਵੀ ਵਧੇਰੇ ਤੇਜ਼ੀ ਲਿਆਂਦੀ। ਉਸਨੇ ਕਵਿਤਾ ਅਤੇ ਕਹਾਣੀ ਦੇ ਨਾਲ ਨਾਲ ਹੁਣ ਨਾਟਕ ਦੇ ਖੇਤਰ ਵਿੱਚ ਵੀ ਨਵੇਂ-ਨਵੇਂ ਤਜ਼ਰਬੇ ਕਰਨੇ ਸ਼ੁਰੂ ਕਰ ਦਿੱਤੇ।

ਕੈਨੇਡਾ ਦੇ ਅਜਿਹੇ ਬਹੁ-ਚਰਚਿਤ ਪੰਜਾਬੀ ਲੇਖਕ ਰਵਿੰਦਰ ਰਵੀ ਨੇ ਆਪਣਾ ਕਾਵਿ-ਸੰਗ੍ਰਹਿ ਛਾਵਾਂ ਤੇ ਪਰਛਾਵੇਂ2007 ਵਿੱਚ ਪ੍ਰਕਾਸ਼ਤ ਕੀਤਾ ਹੈ। ਇਸ ਤੋਂ ਪਹਿਲਾਂ ਉਹ ਦਿਲ ਦਰਿਆ ਸਮੁੰਦਰੋਂ ਡੂੰਘੇ’, ‘ਬੁੱਕਲ ਦੇ ਵਿੱਚ ਚੋਰ’, ‘ਬਿੰਦੂ’, ‘ਮੌਨ ਹਾਦਸੇ’, ‘ਦਿਲ ਟ੍ਰਾਂਸਪਲਾਂਟ ਤੋਂ ਬਾਹਦ’, ‘ਸ਼ਹਿਰ ਜੰਗਲੀ ਹੈ’, ‘ਮੇਰੇ ਮੌਸਮ ਦੀ ਵਾਰੀ’, ‘ ਜਲ ਭਰਮ ਜਲ’, ‘ ਚਿੱਟੇ ਕਾਲੇ ਧੱਬੇ’, ‘ਸੀਮਾ ਆਕਾਸ਼’, ‘ਸ਼ੀਸੇ਼ ਤੇ ਦਸਤਕ’, ‘ਆਪਣੇ ਖਿਲਾਫ਼’, ‘ਸੂਰਜ ਤੇਰਾ ਮੇਰਾ’, ‘ਗੰਢਾਂ’, ‘ਸ਼ਬਦੋਂ ਪਾਰਅਤੇ ਪੱਤਰ ਤੇ ਦਰਿਆਨਾਮ ਦੇ ਕਾਵਿ-ਸੰਗ੍ਰਹਿ ਪ੍ਰਕਾਸਿ਼ਤ ਕਰ ਚੁੱਕਾ ਹੈ।

ਰਵਿੰਦਰ ਰਵੀ ਧੀਮੀ ਰਫਤਾਰ ਨਾਲ ਲਿਖਣ ਵਾਲਾ ਲੇਖਕ ਨਹੀਂ, ਉਸ ਨੇ ਇਸ ਗੱਲ ਦਾ ਭੇਦ ਪਾ ਲਿਆ ਹੈ ਕਿ ਪੰਜਾਬੀ ਸਾਹਿਤ ਜਗਤ ਵਿੱਚ ਚਰਚਾ ਦਾ ਵਿਸ਼ਾ ਬਣੇ ਰਹਿਣ ਲਈ ਜ਼ਰੂਰੀ ਹੈ ਕਿ ਉਸ ਦੀਆਂ ਲਿਖਤਾਂ ਲਗਾਤਾਰ ਸਾਹਿਤਕ-ਪੱਤਰਕਾਵਾਂ ਵਿੱਚ ਛਪਦੀਆਂ ਰਹਿਣ ਅਤੇ ਉਸਦੀਆਂ ਪੁਸਤਕਾਂ ਪ੍ਰਕਾਸ਼ਿਤ ਹੋ ਕੇ ਲਗਾਤਾਰ ਪੰਜਾਬੀ ਪਾਠਕਾਂ ਅਤੇ ਆਲੋਚਕਾਂ ਦੇ ਬੂਹਿਆਂ ਉੱਤੇ ਦਸਤਕ ਦਿੰਦੀਆਂ ਰਹਿਣ। ਉਹ ਕਿਸੇ ਵੀ ਘਟਨਾ ਜਾਂ ਵਿਸ਼ੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਬਹੁਤ ਡੂੰਘੀ ਸੋਚ ਵਿੱਚ ਉਤਰਨ ਲਈ ਮਹੀਨੇ ਜਾਂ ਸਾਲ ਬਤੀਤ ਨਹੀਂ ਕਰਦਾ। ਹਵਾ ਦੇ ਬੁੱਲ੍ਹੇ ਵਾਂਗ ਜਦੋਂ ਵੀ ਕੋਈ ਘਟਨਾ ਉਸਦੇ ਮਨ ਦੇ ਦਰਵਾਜ਼ਿਆਂ ਉੱਤੇ ਦਸਤਕ ਦਿੰਦੀ ਹੈ ਜਾਂ ਹਵਾ ਦੇ ਝੋਂਕੇ ਵਾਂਗ ਉਸਦੇ ਬਦਨ ਨੂੰ ਖਹਿ ਕੇ ਉਸਦੇ ਨੇੜਿਉਂ ਲੰਘਦੀ ਹੈ ਤਾਂ ਰਵਿੰਦਰ ਰਵੀ ਇਸ ਮੌਕੇ ਨੂੰ ਗਵਾਉਂਦਾ ਨਹੀਂ। ਉਹ ਆਪਣੇ ਇਸ ਅਨੁਭਵ ਨੂੰ ਕਾਵਿ-ਪ੍ਰਕ੍ਰਿਆ ਵਿੱਚ ਢਾਲਕੇ ਇੱਕ ਨਵੀਂ ਕਾਵਿ-ਰਚਨਾ ਦੇ ਰੂਪ ਵਿੱਚ ਕੋਰੇ ਕਾਗਜ਼ ਦੇ ਪਿੰਡੇ ਉੱਤੇ ਅੱਖਰਾਂ ਦੇ ਰੂਪ ਵਿੱਚ ਉੱਕਰ ਦਿੰਦਾ ਹੈ। ਛਾਵਾਂ ਤੇ ਪਰਛਾਵੇਂਪੁਸਤਕ ਪੜ੍ਹਦਿਆਂ ਮੈਨੂੰ ਰਵਿੰਦਰ ਰਵੀ ਦੀ ਕਾਵਿ-ਸਿਰਜਨ ਪ੍ਰਕ੍ਰਿਆ ਬਾਰੇ ਕੁਝ ਅਜਿਹਾ ਹੀ ਅਨੁਭਵ ਹੋਇਆ ਹੈ। ਪੌਪ ਕਲਚਰ ਵਾਂਗ ਉਸਦੀਆਂ ਰਚਨਾਵਾਂ ਪਲ-ਛਿੰਨ ਲਈ ਤੁਹਾਡਾ ਧਿਆਨ ਖਿੱਚਦੀਆਂ ਹਨ; ਅਜਿਹੀਆਂ ਕਾਵਿ-ਰਚਨਾਵਾਂ ਦੀ ਰਚਨਾ ਕਰਨ ਵੇਲੇ, ਸ਼ਾਇਦ, ਰਵਿੰਦਰ ਰਵੀ ਦਾ ਵੀ ਇਹੀ ਮੰਤਵ ਹੁੰਦਾ ਹੈ। ਉਹ ਆਪਣੀਆਂ ਕਵਿਤਾਵਾਂ ਦੇ ਪਾਠਕ ਨੂੰ ਬਹੁਤ ਦੇਰ ਤੱਕ ਰੋਕ ਕੇ ਨਹੀਂ ਰੱਖਣਾ ਚਾਹੁੰਦਾ। ਅਜੋਕੇ ਸਮਿਆਂ ਵਿੱਚ ਹਰ ਕੋਈ ਜ਼ਿੰਦਗੀ ਦੇ ਰੁਝੇਵਿਆਂ ਵਿੱਚ ਏਨਾ ਰੁੱਝਿਆ ਹੋਇਆ ਹੈ ਕਿ ਕਿਸੇ ਕੋਲ ਵੀ ਏਨੀ ਵਿਹਲ ਨਹੀਂ ਕਿ ਉਹ ਲੰਬੇ ਸਮੇਂ ਤੱਕ ਰੁਕ ਕੇ ਤੁਹਾਡੀ ਗੱਲ ਸੁਣ ਸਕੇ। ਇਸ ਗੱਲ ਦੀ ਪੁਸ਼ਟੀ ਕਰਦੀਆਂ ਛਾਵਾਂ ਤੇ ਪਰਛਾਵੇਂਵਿੱਚ ਸ਼ਾਮਿਲ ਰਵਿੰਦਰ ਰਵੀ ਦੀਆਂ ਅਨੇਕਾਂ ਕਵਿਤਾਵਾਂ ਸਾਡੇ ਧਿਆਨ ਦੀ ਮੰਗ ਕਰਦੀਆਂ ਹਨ। ਉਦਾਹਰਣ ਵਜੋਂ, ਉਸਦੀ ਨਜ਼ਮ ਛਾਵਾਂ ਤੇ ਪਰਛਾਵੇਂ-1ਦੀਆਂ ਹੇਠ ਲਿਖੀਆਂ ਸਤਰਾਂ ਤੋਂ ਗੱਲ ਸ਼ੁਰੂ ਕੀਤੀ ਜਾ ਸਕਦੀ ਹੈ:

ਤੁਹਾਡੀ ਨਜ਼ਰ ਨੂੰ

ਅਸਲ ਨਾ ਭਾਇਆ ਕਦੀ

ਭਰਮ ਹੀ ਲਭਾਉਂਦਾ ਰਿਹਾ ਸਦਾ

ਅਜੋਕੇ ਯੁਗ ਦੀ ਇਹ ਤਰਾਸਦੀ ਹੈ ਜਾਂ ਪਹਿਚਾਣ ? ‘ਅਸਲਨਾਲੋਂ ਨਕਲਦਾ ਹਰ ਪਾਸੇ ਵੱਧ ਪ੍ਰਭਾਵ ਹੈ। ਇੰਨੀ ਵੱਡੀ ਗੱਲ ਰਵਿੰਦਰ ਰਵੀ ਥੋੜੇ ਜਿਹੇ ਸ਼ਬਦਾਂ ਵਿੱਚ ਪਰ ਸਹਿਜ ਨਾਲ ਕਹਿ ਜਾਂਦਾ ਹੈ। ਆਧੁਨਿਕ ਸਮਿਆਂ / ਪਰਾ-ਆਧੁਨਿਕ ਸਮਿਆਂ ਵਿੱਚ ਜ਼ਿੰਦਗੀ ਜਿਉਣ ਦੀ ਸ਼ੈਲੀ ਉੱਤੇ ਕੀਤਾ ਗਿਆ ਅਜਿਹਾ ਕਟਾਕਸ਼ ਅਸੀਂ ਅਨੇਕਾਂ ਹੋਰ ਲੇਖਕਾਂ ਦੀਆਂ ਲਿਖਤਾਂ ਅਤੇ ਚਿਤਰਕਾਰਾਂ ਦੇ ਚਿਤਰਾਂ ਵਿੱਚ ਵੀ ਦੇਖ ਸਕਦੇ ਹਾਂ।

ਭਾਸ਼ਾ ਦੀ ਮਹੱਤਤਾ ਵਰਗੀ ਗੰਭੀਰ ਗੱਲ ਕਰਦਾ ਹੋਇਆ ਵੀ ਰਵਿੰਦਰ ਰਵੀ ਸਹਿਜ ਨਾਲ ਹੀ ਆਪਣੀ ਗੱਲ ਕਹਿੰਦਾ ਹੈ. ਉਸਦੀ ਨਜ਼ਮ ਛਾਵਾਂ ਤੇ ਪਰਛਾਵੇਂ-2ਦੀਆਂ ਹੇਠ ਲਿਖੀਆਂ ਸਤਰਾਂ ਇਸ ਗੱਲ ਦਾ ਅਹਿਸਾਸ ਕਰਾਂਦੀਆਂ ਹਨ ਕਿ ਮਨੁੱਖੀ ਜ਼ਿੰਦਗੀ ਵਿੱਚ ਭਾਸ਼ਾ ਰਾਹੀਂ ਹੀ ਅਸੀਂ ਹਰ ਪੱਧਰ ਉੱਤੇ ਸੰਚਾਰ ਪੈਦਾ ਕਰਦੇ ਹਾਂ। ਭਾਸ਼ਾ ਤੋਂ ਬਿਨ੍ਹਾਂ ਕੋਈ ਵੀ ਗਿਆਨ / ਵਿਗਿਆਨ / ਧਰਮ / ਤਕਨਾਲੋਜੀ / ਦਰਸ਼ਨ ਸੰਭਵ ਨਹੀਂ:

ਭਾਸ਼ਾ ਹੀ ਕੁਲ ਹਾਸਿਲ ਸਾਡਾ

ਭਾਸ਼ਾ ਸਾਡਾ ਵਿਰਸਾ

ਰੱਬ, ਧਰਮ ਇਸ ਪੈਦਾ ਕੀਤੇ

ਹਰ ਫਲਸਫਾ ਦਿੱਤਾ

ਯੁੱਧਨਾਮ ਦੀ ਕਵਿਤਾ ਵਿੱਚ ਉਹ ਆਪਣੀ ਗੱਲ ਕਹਿਣ ਲੱਗਿਆਂ ਇੱਕ ਚਿੱਤਰਕਾਰ ਵਾਂਗ ਵੱਡੀ ਕੈਨਵਸ ਉੱਤੇ ਆਪਣਾ ਪ੍ਰਯੋਗ ਕਰਦਾ ਹੈ। ਇਸ ਕਵਿਤਾ ਨੂੰ ਸੰਰਚਨਾਵਾਦੀ ਕਾਵਿ-ਪ੍ਰਯੋਗ ਕਹਿਣਾ ਯੋਗ ਹੋਵੇਗਾ। ਕਿਉਂਕਿ ਇਸ ਨਜ਼ਮ ਵਿੱਚ ਅਨੇਕਾਂ ਨਿੱਕੀਆਂ ਨਿੱਕੀਆਂ ਨਜ਼ਮਾਂ ਇੱਕ ਦੂਜੇ ਉੱਤੇ ਇੱਟਾਂ ਵਾਂਗ ਚਿਣੀਆਂ ਹੋਈਆਂ ਹਨ। ਜੋ ਕਿ ਆਪਣੇ ਆਪ ਵਿੱਚ ਇੱਕਲੀਆਂ ਵੀ ਸੰਪੂਰਨ ਕਾਵਿ-ਕਿਰਤਾਂ ਹਨ ਅਤੇ ਯੁੱਧਨਾਮ ਦੀ ਕਵਿਤਾ ਦਾ ਹਿੱਸਾ ਬਣਦੀਆਂ ਹੋਈਆਂ ਇਸ ਕਵਿਤਾ ਨੂੰ ਅਨੇਕਾਂ ਦਿਸ਼ਾਵਾਂ ਵਿੱਚ ਪਸਾਰਦੀਆਂ ਹਨ।

ਰਵਿੰਦਰ ਰਵੀ ਦੀ ਕਵਿਤਾ ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ਉਹ ਆਪਣੀ ਹਰ ਰਚਨਾ ਵਿੱਚ ਛੋਹੇ ਵਿਸ਼ੇ ਨੂੰ ਦਾਰਸ਼ਨਿਕ ਪਹਿਲੂ ਤੋਂ ਪੇਸ਼ ਕਰਕੇ ਸੰਤੁਸ਼ਟੀ ਮਹਿਸੂਸ ਕਰਦਾ ਹੈ। ਯੁੱਧਸ਼ਬਦ ਦੀ ਗੱਲ ਕਰਨ ਲੱਗਿਆਂ ਉਹ ਇਸ ਨੂੰ ਪਾਟਕ ਦੇ ਮਨ ਵਿੱਚ ਕਿਸੇ ਕਿਸਮ ਦਾ ਭੈਅ ਪੈਦਾ ਕਰਨ ਲਈ ਜਾਂ ਦਹਿਸ਼ਤ ਭਰੇ ਮਾਹੌਲ ਦਾ ਅਹਿਸਾਸ ਪੈਦਾ ਕਰਨ ਲਈ ਨਹੀਂ ਵਰਤਦਾ, ਬਲਕਿ ਉਹ ਇਸ ਗੱਲ ਦਾ ਅਹਿਸਾਸ ਪਾਠਕ ਦੇ ਮਨ ਵਿੱਚ ਜਗਾਂਦਾ ਹੈ ਕਿ ਮਨੁੱਖ ਆਪਣੇ ਜਨਮ ਲੈਣ ਦੇ ਸਮੇਂ ਤੋਂ ਲੈ ਕੇ ਮਰਨ ਤੱਕ ਆਪਣੇ ਚੌਗਿਰਦੇ ਵਿੱਚ ਪੱਸਰੇ ਹਰ ਕਿਸਮ ਦੇ ਵਾਤਾਵਰਨ ਨਾਲ ਖਹਿੰਦਾ ਹੋਇਆ ਇੱਕ ਨਿਰੰਤਰ ਯੁੱਧ ਵਾਲੀ ਸਥਿਤੀ ਵਿੱਚ ਰੁੱਝਿਆ ਰਹਿੰਦਾ ਹੈ:

ਸਦਾ-ਯੁੱਧ ਦੀ ਅਵੱਸਥਾ ਵਿੱਚ ਰਹਿੰਦਾ ਹੈ:

ਜਨਮ ਸਮੇਂ ਤੋਂ ਆਦਮੀ.

ਮਾਂ ਦੇ ਪੇਟ ਚੋਂ ਨਿਕਲਦਿਆਂ ਹੀ,

ਅਜਨਬੀ ਮਾਹੌਲ ਨੂੰ ਵੇਖਦਿਆਂ

ਚੀਕ ਨਿਕਲ ਜਾਂਦੀ ਹੈ, ਪਹਿਲ-ਚੇਤਨਾ ਦੀ !

ਵਿਸ਼ਵ ਰਾਜਨੀਤੀ ਦੀ ਗੱਲ ਕਰਦੇ ਇਸ ਕਵਿਤਾ ਦੇ ਕੁਝ ਹੋਰ ਹਿੱਸੇ ਵੀ ਇਸ ਕਵਿਤਾ ਨੂੰ ਪੜ੍ਹਨ ਯੋਗ ਬਣਾਉਂਦੇ ਹਨ। ਰਵੀ ਇਸ ਕਵਿਤਾ ਵਿੱਚ ਇਸ ਗੱਲ ਦਾ ਵੀ ਅਹਿਸਾਸ ਕਰਵਾਉਂਦਾ ਹੈ ਕਿ ਅਜੋਕੇ ਸਮਿਆਂ ਵਿੱਚ ਯੁੱਧ ਅਨੇਕਾਂ ਧਰਾਤਲਾਂ ਉੱਤੇ ਲੜਿਆ ਜਾਂਦਾ ਹੈ। ਅਜੋਕੀ ਰਾਜਨੀਤੀ ਆਪਣੇ ਮੰਤਵਾਂ ਦੀ ਪੂਰਤੀ ਹਿਤ ਯੁੱਧ ਲਈ ਅਨੇਕਾਂ ਬਹਾਨੇ ਢੂੰਡਦੀ ਹੈ ਅਤੇ ਅਨੇਕਾਂ ਢੰਗ ਅਪਣਾਉਂਦੀ ਹੈ।

ਸੋਵੀਅਤ ਯੂਨੀਅਨ ਦੇ ਟੁੱਟ ਜਾਣ ਤੋਂ ਬਾਅਦ ਅਤੇ ਕਮਿਊਨਿਸਟ ਬਲਾਕ ਦੇ ਹੋਰਨਾਂ ਦੇਸ਼ਾਂ ਵਿੱਚ ਕਮਿਊਨਿਸਟ ਸਰਕਾਰਾਂ ਡਿੱਗ ਜਾਣ ਤੋਂ ਬਾਅਦ ਅਮਰੀਕਾ ਦੁਨੀਆਂ ਦੀ ਇੱਕੋ ਇੱਕ ਸੁਪਰਪਾਵਰ ਬਣਕੇ ਰਹਿ ਗਿਆ ਹੈ। ਇਸ ਗੱਲ ਦਾ ਅਮਰੀਕਾ ਨਜਾਇਜ਼ ਲਾਭ ਉਠਾ ਰਿਹਾ ਹੈ ਅਤੇ ਪਿੰਡ ਦੇ ਵੈਲੀਆਂ ਦੀ ਢਾਣੀ ਦਾ ਚੌਧਰੀ ਹੋਣ ਵਾਂਗ ਆਪਣੀ ਧੌਂਸ ਦਿਖਾਉਣ ਲਈ ਦੁਨੀਆਂ ਦੇ ਕੋਨੇ ਕੋਨੇ ਵਿੱਚ ਜੰਗ ਦੇ ਭਾਂਬੜ ਬਾਲ ਰਿਹਾ ਹੈ। ਆਪਣੇ ਅਜਿਹੇ ਇਰਾਦਿਆਂ ਦੀ ਪੂਰਤੀ ਹਿਤ ਉਹ ਵੰਡੋ ਅਤੇ ਰਾਜ ਕਰੋਦੇ ਸਿਧਾਂਤ ਉੱਤੇ ਚੱਲਦਾ ਹੋਇਆ ਦੇਸ਼ਾਂ ਅਤੇ ਕੌਮਾਂ ਨੂੰ ਇੱਕ ਦੂਜੇ ਨਾਲ ਲੜਾ ਕੇ ਰੱਖਣ ਲਈ ਦਿਨ ਰਾਤ ਹਥਿਆਰਾਂ ਦੇ ਅੰਬਾਰ ਲਗਾ ਰਹੀਆਂ ਆਪਣੀਆਂ ਹਥਿਆਰਾਂ ਦੀਆਂ ਫੈਕਟਰੀਆਂ ਚ ਬਣਿਆ ਮਾਲ ਵੇਚ ਰਿਹਾ ਹੈ। ਰਵਿੰਦਰ ਰਵੀ ਨੇ ਕਾਵਿ ਰੂਪ ਵਿੱਚ ਇਨ੍ਹਾਂ ਗੱਲਾਂ ਨੂੰ ਜਿਸ ਅੰਦਾਜ਼ ਵਿੱਚ ਅਤੇ ਜਿਸ ਖ਼ੂਬਸੂਰਤੀ ਨਾਲ ਬਿਆਨ ਕੀਤਾ ਹੈ ਉਸਦਾ ਅਹਿਸਾਸ ਸਿਰਫ ਯੁੱਧਕਵਿਤਾ ਦੀਆਂ ਹੇਠ ਲਿਖੀਆਂ ਸਤਰਾਂ ਪੜ੍ਹਨ ਤੋਂ ਬਾਹਦ ਹੀ ਹੋ ਸਕਦਾ ਹੈ :

1.

ਇੱਕੋ ਇੱਕ ਮਹਾਂ-ਸ਼ਕਤੀ, ਸਾਮਰਾਜ, ਅਮਰੀਕਾ

ਹਰ ਦੇਸ਼ ਦੇ ਹਰ ਵਿਹੜੇ ਦਾ

ਇੱਕੋ ਇਕ ਮੁਰਗਾ ਬਣਨਾ ਲੋਚਦਾ

ਬਾਕੀ ਮੁਰਗਿਆਂ ਨੂੰ ਖੱਸੀ ਕਰਨਾ ਸੋਚਦਾ

2.

ਬਾਕੀ ਦੇਸ਼ਾਂ ਦੇ ਸਾਗਰਾਂ, ਦਰਿਆਵਾਂ,

ਭੂ-ਨਿਮਨ ਤੇਲ ਖੂਹਾਂ, ਤਰਨ-ਤਲਾਵਾਂ

ਤੇ ਵਾਤਾਵਰਨ ਵਿੱਚ

ਕੁੰਡੀਆਂ ਪਾਈ ਬੈਠਾ ਹੈ ਇਹ

ਤੇ ਇਸਦਾ ਮੂਲਵਾਦੀ ਈਸਾਈ ਨੇਤਾ ਬੁਸ਼ !

3.

ਬਰਲਨ ਦੀ ਕੰਧ ਢਾਹ ਕੇ

ਸੋਵੀਅਤ ਯੂਨੀਅਨ ਸੁਕੇੜ ਦਿੱਤਾ.

ਨਿੱਕੇ ਨਿੱਕੇ ਰਾਸ਼ਟਰਾਂ ਦੇ ਰਾਸ਼ਟਰਵਾਦ ਵਿੱਚ,

ਹਰ ਨਿੱਕਾ, ਵੱਡਾ ਦੇਸ਼ ਰੇੜ੍ਹ ਦਿੱਤਾ.

4.

ਅਮਰੀਕਾ ਦੀ ਬਾਂਦਰ-ਵੰਡ ਨੇ ਹੀ ਕਦੇ ਸੀ

ਫਲਸਤੀਨੀਆਂ ਤੇ ਯਹੂਦੀਆਂ ਵਿੱਚ ਪਾੜ ਪਾ ਦਿੱਤਾ

ਇਸਲਾਮ ਨੂੰ

ਬੰਬ ਬਣ ਫੱਟਦੇ, ਮਨੁੱਖਾਂ ਦਾ

ਰਾਹ ਦਿਖਲਾ ਦਿੱਤਾ.

ਕਿਹੜਾ ਧਰਮ ਮਾਸੂਮ ਬੇਗੁਨਾਹਾਂ ਤੇ

ਬਾਰੂਦ ਬਣ ਬਰਸਣ ਦੀ ਆਗਿਆ ਦਿੰਦਾ ਹੈ ?

ਅਮਰੀਕਾ ਵੱਲੋਂ ਦਿਖਾਈ ਜਾ ਰਹੀ ਇਸ ਧੌਂਸ ਦਾ ਮੂਲ-ਮਕਸਦ ਅਤੇ ਇਸ ਰਾਜਨੀਤੀ ਦਾ ਮਕਸਦ ਵਿਸ਼ਵ ਭਰ ਦੇ ਤੇਲ ਸਰੋਤਾਂ ਉੱਤੇ ਕਬਜ਼ਾ ਕਰਨਾ ਹੈ; ਵੱਡੇ-ਵੱਡੇ ਤੇਲ ਸਰੋਤਾਂ ਵਾਲੇ ਦੇਸ਼ਾਂ ਦੇ ਲੋਕਾਂ ਨੂੰ ਇੱਕ ਦੂਜੇ ਨਾਲ ਲੜਾ ਕੇ ਘਰੋਗੀ ਜੰਗ ਸ਼ੁਰੂ ਕਰਕੇ ਉਨ੍ਹਾਂ ਦੇਸ਼ਾਂ ਦੇ ਤੇਲ ਭੰਡਾਰਾਂ ਨੂੰ ਕੌਡੀਆਂ ਦੇ ਭਾਅ ਲੁੱਟਣਾ ਹੈ। ਬਿਨ੍ਹਾਂ ਕਿਸੇ ਸ਼ੱਕ ਦੇ ਇਰਾਕ ਸਮੇਤ ਮਿਡਲ ਈਸਟ ਦੇ ਅਨੇਕਾਂ ਦੇਸ਼ਾਂ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਅਮਰੀਕਾ ਇਹੀ ਕੁਝ ਹੀ ਕਰ ਰਿਹਾ ਹੈ। ਇਰਾਨ ਦੇ ਤੇਲ ਭੰਡਾਰਾਂ ਨੂੰ ਵੀ ਅਮਰੀਕਾ ਨੇ ਕਈ ਦਹਾਕਿਆਂ ਤੱਕ ਲੁੱਟਿਆ। ਅਮਰੀਕਾ ਹੁਣ ਬਹਾਨੇ ਢੂੰਡ ਰਿਹਾ ਹੈ ਕਿ ਇਰਾਨ ਦੇ ਤੇਲ ਭੰਡਾਰਾਂ ਉੱਤੇ ਮੁੜ ਕਬਜ਼ਾ ਕੀਤਾ ਜਾ ਸਕੇ ਅਤੇ ਉੱਥੇ ਪਹਿਲਾਂ ਵਾਂਗ ਹੀ ਅੰਨ੍ਹੀ ਲੁੱਟ ਮਚਾਈ ਜਾ ਸਕੇ।

ਛਾਵਾਂ ਤੇ ਪਰਛਾਵੇਂਕਾਵਿ-ਸੰਗ੍ਰਹਿ ਵਿੱਚ ਰਵੀ ਨੇ ਅਨੇਕਾਂ ਹੋਰ ਵਿਸ਼ਿਆਂ ਬਾਰੇ ਵੀ ਕਵਿਤਾਵਾਂ ਲਿਖੀਆਂ ਹਨ. ਅਜੋਕੇ ਮਨੁੱਖ ਨੇ ਆਪਣੇ ਤਨ-ਮਨ ਨੂੰ ਇੰਨਾ ਢਕ ਲਿਆ ਹੈ ਕਿ ਉਸਨੂੰ ਇਸ ਸਭ ਕੁਝ ਤੋਂ ਕਚਿਆਣ ਆਉਣ ਲੱਗ ਪਈ ਹੈ। ਅਜੋਕੀ ਸਭਿਅਤਾ ਆਦਿਵਾਸੀਆਂ ਦੇ ਰਹਿਣ-ਸਹਿਣ ਵੱਲ ਮੁੜ ਰਹੀ ਹੈ। ਇੱਕ ਬਿਰਧ ਪਾਤਰ ਦੀ ਫੈਂਟਸੀਕਵਿਤਾ ਦੀਆਂ ਇਹ ਸਤਰਾਂ ਸਾਡੇ ਸਮਿਆਂ ਦੇ ਸੱਚ ਨੂੰ ਹੀ ਉਜਾਗਰ ਕਰ ਰਹੀਆਂ ਹਨ:

ਬੇਪਰਦਾ ਹੁਸਨਾਂ ਦਾ ਨਜ਼ਾਰਾ !

ਸਮਿਆਂ ਦੀ ਬਦਲੀ ਦਾ ਇਸ਼ਾਰਾ !

ਨਾ ਕੋਈ ਘੁੰਡ ਤੇ ਨਾ ਕੋਈ ਘੱਗਰਾ

ਸੁੱਥਣ, ਜੰਪਰ ਲਾਹ ਕੇ ਸੁੱਟੇ

ਗਲੋਬਲੀਕਰਨ ਦੇ ਵਰਤਾਰੇ ਨੇ ਜ਼ਿੰਦਗੀ ਨਾਲ ਸਬੰਧਤ ਹਰ ਖੇਤਰ ਨੂੰ ਹੀ ਪ੍ਰਭਾਵਤ ਕੀਤਾ ਹੈ। ਰਾਜਨੀਤੀ, ਧਰਮ, ਵਿੱਦਿਆ, ਦਰਸ਼ਨ, ਆਰਥਿਕਤਾ, ਸਭਿਆਚਾਰ - ਕੋਈ ਵੀ ਖੇਤਰ ਇਸਦੇ ਪ੍ਰਭਾਵ ਤੋਂ ਬਚ ਨਹੀਂ ਸਕਿਆ।

ਪਰਾ-ਆਧੁਨਿਕ ਸਮਿਆਂ ਵਿੱਚ ਵਿਗਿਆਨ ਅਤੇ ਤਕਨਾਲੋਜੀ ਨੇ ਬਹੁਤ ਉਨਤੀ ਕੀਤੀ ਹੈ, ਜਿਸ ਸਦਕਾ ਦੁਨੀਆ ਇੱਕ ਪਿੰਡ ਬਣ ਗਈ ਹੈ। ਗਲੋਬਲੀਕਰਨ ਸਦਕਾ ਸੰਚਾਰ ਸਾਧਨਾਂ ਵਿੱਚ ਆਈ ਇਸ ਇਨਕਲਾਬੀ ਤਬਦੀਲੀ ਵਾਲੇ ਪੱਖ ਦਾ ਦੂਜਾ ਅਤੇ ਮਾੜਾ ਪੱਖ ਵੀ ਹੈ। ਗਲੋਬਲ ਪੱਧਰ ਉੱਤੇ ਆਰਥਿਕ ਮੰਡੀਆਂ ਦੀ ਭਾਲ ਵਿੱਚ ਸਰਮਾਏਦਾਰ ਦੇਸ਼ਾਂ ਵੱਲੋਂ ਸਭਿਆਚਾਰਾਂ ਦੀ ਤਬਾਹੀ ਕੀਤੀ ਜਾ ਰਹੀ ਹੈ। ਨਿੱਜੀ ਆਜ਼ਾਦੀ ਦੇ ਕੋਈ ਅਰਥ ਬਾਕੀ ਨਹੀਂ ਰਹਿ ਗਏ। ਗਲੋਬਲੀ ਪੱਧਰ ਉੱਤੇ ਉਸਾਰੀ ਜਾ ਰਹੀ ਆਰਥਿਕਤਾ ਦਾ ਮੂਲ ਉਦੇਸ਼ ਮੁਨਾਫ਼ਾ ਕਮਾਉਂਣਾ ਹੀ ਰਹਿ ਗਿਆ ਹੈ। ਭਾਵੇਂ ਇਸ ਉਦੇਸ਼ ਦੀ ਪੂਰਤੀ ਲਈ ਲੋਕਾਂ ਨੂੰ ਮਾਨਸਿਕ ਤੌਰ ਉੱਤੇ ਗੁਲਾਮ ਹੀ ਬਨਾਉਣਾ ਕਿਉਂ ਨਾ ਪਵੇ। ਤ੍ਰਕਾਲੀ ਯੁੱਧਨਾਮ ਦੀ ਕਵਿਤਾ ਵਿੱਚ ਰਵਿੰਦਰ ਰਵੀ ਵੀ ਕੁਝ ਅਜਿਹੇ ਵਿਚਾਰਾਂ ਦਾ ਹੀ ਪ੍ਰਗਟਾ ਕਰ ਰਿਹਾ ਹੈ:

ਵਿਸ਼ਵੀਕਰਨ ਦੀ ਮੰਡੀ ਅੰਦਰ

ਵਿਅਕਤੀ ਕੇਵਲ

ਵਰਣਮਾਲਾ ਦਾ

ਕੱਲਾ ਕਾਰਾ ਅੱਖਰ,

ਬੋਲੇ ਵੀ, ਤਾਂ

ਅਰਥ ਨਹੀਂ ਬਣਦਾ

ਪਰਾ-ਆਧੁਨਿਕ ਸਮਿਆਂ ਦੀ ਸਭ ਤੋਂ ਵੱਡੀ ਸਮੱਸਿਆ ਗਲੋਬਲ ਵਾਰਮਿੰਗਬਣ ਚੁੱਕੀ ਹੈ। ਇਸ ਸਮੱਸਿਆ ਨੂੰ ਜਨਮ ਦੇਣ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਗਲੋਬਲ ਪੱਧਰ ਉੱਤੇ ਫੈਲ ਰਹੀ ਪ੍ਰਦੂਸ਼ਣ ਦੀ ਸਮੱਸਿਆਉੱਤੇ ਹੀ ਆਉਂਦੀ ਹੈ. ਜ਼ਿੰਦਗੀ ਨੂੰ ਸੁਖਾਲਾ ਬਣਾਉਂਣ ਲਈ ਮਨੁੱਖ ਨੇ ਪ੍ਰਦੂਸ਼ਣ ਫੈਲਾਉਣ ਦੀ ਹਰ ਸੀਮਾ ਪਾਰ ਕਰ ਲਈ ਹੈ। ਹਰ ਪਾਸੇ ਧੂੰਆਂ ਹੈ, ਗੈਸਾਂ ਹਨ, ਕੂੜਾ ਹੈ। ਪਰਾ-ਆਧੁਨਿਕ ਸਮਿਆਂ ਦਾ ਮਨੁੱਖ ਜਿਸ ਗ਼ੈਰ-ਜ਼ਿੰਮੇਵਾਰੀ ਨਾਲ ਗਲੋਬਲ ਪੱਧਰ ਉੱਤੇ ਹਰ ਤਰ੍ਹਾਂ ਦੇ ਪ੍ਰਦੂਸ਼ਣ ਵਿੱਚ ਤੇਜ਼ੀ ਨਾਲ ਵਾਧਾ ਕਰ ਰਿਹਾ ਹੈ - ਉਸ ਦੇ ਖ਼ਤਰਨਾਕ ਨਤੀਜੇ ਆਉਣ ਵਾਲੀਆਂ ਨਸਲਾਂ ਨੂੰ ਭੁਗਤਣੇ ਪੈਣਗੇ। ਆਉਣ ਵਾਲੇ ਸਮਿਆਂ ਵਿੱਚ ਤੇਜ਼ੀ ਨਾਲ ਗਲੋਬਲ ਪੱਧਰ ਉੱਤੇ ਵੱਧ ਰਹੀ ਪ੍ਰਦੂਸ਼ਣ ਸਦਕਾ ਅਨੇਕਾਂ ਦੇਸ਼ਾਂ ਵਿੱਚ ਪਹਿਲਾਂ ਨਾਲੋਂ ਵੱਧ ਸਮੁੰਦਰੀ ਤੂਫ਼ਾਨ ਆਉਂਣਗੇ, ਸੋਕੇ ਪੈਣਗੇ, ਕਾਲ਼ ਪੈਣਗੇ, ਦਰਿਆਵਾਂ ਚ ਭਾਰੀ ਹੜ੍ਹ ਆਉਣਗੇ, ਅਨੇਕਾਂ ਸ਼ਹਿਰ ਸਮੁੰਦਰ ਵਿੱਚ ਡੁੱਬ ਜਾਣਗੇ ਅਤੇ ਅਨੇਕਾਂ ਤਰ੍ਹਾਂ ਦੀਆਂ ਨਵੀਆਂ ਬੀਮਾਰੀਆਂ ਨਾਲ ਲੱਖਾਂ ਲੋਕ ਮਾਰੇ ਜਾਣਗੇ। ਰਵੀ ਵੀ ਇਸ ਗੱਲ ਵੱਲੋਂ ਚੇਤੰਨ ਹੈ. ਤਾਂ ਹੀ ਤਾਂ ਉਹ ਆਪਣੀ ਕਵਿਤਾ ਗਲੋਬਲ ਵਾਰਮਿੰਗਵਿੱਚ ਇਹ ਲਿਖਦਾ ਹੈ:

ਮਨੁੱਖ, ਧੂੰਆਂ ਬਣ, ਗੈਸਾਂ ਬਣ,

ਛੁਹ ਰਿਹਾ ਅਸਮਾਨ ਨੂੰ !

ਹਰ ਵਾਹਣ,

ਸਦਾ-ਖੜੋਤ ਵਲ ਨੂੰ ਭੱਜ ਰਿਹਾ !

ਮਨੁੱਖ ਦਾ,

ਕੂੜਾ ਹੀ ਕੂੜਾ ਹਰ ਤਰਫ਼-

ਹਵਾਵਾਂ, ਪਾਣੀਆਂ ਤੇ ਰਾਹਾਂ ਵਿੱਚ

ਪ੍ਰਦੂਸ਼ਣ ਦਾ ਢੋਲ ਵੱਜ ਰਿਹਾ !

ਰਵਿੰਦਰ ਰਵੀ ਸਦਾ ਹੀ ਆਪਣੇ ਆਪਨੂੰ ਗਲੋਬਲੀ ਚੇਤਨਾ ਅਤੇ ਗਲੋਬਲੀ ਸਰੋਕਾਰਾਂ ਬਾਰੇ ਰਚਨਾਵਾਂ ਰਚਣ ਵਾਲਾ ਲੇਖਕ ਕਹਿ ਕੇ ਸੰਤੁਸ਼ਟੀ ਮਹਿਸੂਸ ਕਰਦਾ ਰਿਹਾ ਹੈ। ਉਹ ਸਦਾ ਹੀ ਇਸ ਗੱਲ ਬਾਰੇ ਬਹਿਸ ਛੇੜਦਾ ਰਿਹਾ ਹੈ ਕਿ ਸਾਡੇ ਵਧੇਰੇ ਪੰਜਾਬੀ ਕਵੀ ਨਿੱਜਵਾਦ ਦੀਆਂ ਸਮੱਸਿਆਵਾਂ ਤੋਂ ਬਾਹਰ ਨਹੀਂ ਨਿਕਲਦੇ ਜਦੋਂ ਕਿ ਗਲੋਬਲੀ ਸਰੋਕਾਰ, ਗਲੋਬਲੀ ਚਿੰਤਨ ਅਤੇ ਗਲੋਬਲੀ ਸਮੱਸਿਆਵਾਂ ਉਨ੍ਹਾਂ ਦੀਆਂ ਕਲਾ-ਕ੍ਰਿਤਾਂ ਦਾ ਵਿਸ਼ਾ ਬਨਣ ਲਈ ਉਨ੍ਹਾਂ ਨੂੰ ਹਰ ਪਲ ਵੰਗਾਰ ਰਹੀਆਂ ਹਨ।

ਅਜੋਕੇ ਸਮਿਆਂ ਦੀ ਇੱਕ ਵੱਡੀ ਸਮੱਸਿਆ ਨਵੀਂ ਅਤੇ ਪੁਰਾਣੀ ਪੀੜ੍ਹੀ ਦਰਮਿਆਨ ਵੱਧ ਰਿਹਾ ਫਾਸਲਾ ਹੈ। ਪਰਾ-ਆਧੁਨਿਕ ਸਮਿਆਂ ਵਿੱਚ ਗਿਆਨ / ਵਿਗਿਆਨ / ਤਕਨਾਲੋਜੀ ਵਿੱਚ ਹੋ ਰਹੀ ਤੇਜ਼ੀ ਨਾਲ ਤਰੱਕੀ ਅਤੇ ਸੰਚਾਰ ਸਾਧਨਾਂ ਵਿੱਚ ਆਇਆ ਇਨਕਲਾਬ ਦੋ ਪੀੜ੍ਹੀਆਂ ਦਰਮਿਆਨ ਪੈਦਾ ਹੋ ਰਹੇ ਫਾਸਲੇ ਨੂੰ ਘਟਾਉਣ ਦੀ ਥਾਂ ਬਲਕਿ ਦਿਨ-ਬ-ਦਿਨ ਇਸ ਵਿੱਚ ਵਾਧਾ ਕਰ ਰਿਹਾ ਹੈ।

ਦੋ ਪੀੜ੍ਹੀਆਂ ਦਰਮਿਆਨ ਵੱਧ ਰਹੇ ਫਾਸਲੇ ਬਾਰੇ ਰਵਿੰਦਰ ਰਵੀ ਦੀ ਕਵਿਤਾ ਪਿੰਡ ਤੇ ਬ੍ਰਹਮੰਡ ਵਿਚਕਾਰ ਲਟਕਦੇ ਪਰਵਾਸੀ’ ‘ਚੋਂ ਹੇਠ ਲਿਖੀਆਂ ਸਤਰਾਂ ਪਾਠਕਾਂ ਨੂੰ ਪੜ੍ਹਨ ਦੀ ਸਿਫਾਰਸ਼ ਕਰਦਾ ਹੋਇਆ ਮੈਂ ਛਾਵਾਂ ਤੇ ਪਰਛਾਵੇਂਕਾਵਿ-ਸੰਗ੍ਰਹਿ ਬਾਰੇ ਆਪਣੀ ਗੱਲਬਾਤ ਇੱਥੇ ਹੀ ਖਤਮ ਕਰਨੀ ਚਾਹਾਂਗਾ:

ਬੱਚੇ ਕੰਪਿਊਟਰ ਮੂਹਰੇ ਬੈਠੇ, ਬੈਠੇ ਹੀ-

ਗਲੋਬਲ ਪਿੰਡ ਬਣ ਜਾਂਦੇ ਹਨ

ਤੇ ਮਾਂ ਬਾਪ,

ਯਤਨ ਕਰਕੇ ਵੀ,

ਬੱਚਿਆਂ ਤਕ ਪਹੁੰਚ ਨਹੀਂ ਪਾਉਂਦੇ.

ਗਲੋਬਲੀ ਸਰੋਕਾਰਾਂ ਨਾਲ ਜੁੜਿਆ ਹੋਇਆ, ਬਹੁਤ ਤੇਜ਼ੀ ਨਾਲ, ਪਰ ਬਹੁਤ ਸਹਿਜ ਨਾਲ ਲਿਖਣ ਵਾਲਾ ਕਵੀ ਰਵਿੰਦਰ ਰਵੀ ਆਪਣੇ ਕਾਵਿ-ਸੰਗ੍ਰਹਿ ਛਾਵਾਂ ਤੇ ਪਰਛਾਵੇਂਵਿੱਚ ਸ਼ਾਮਿਲ ਕੀਤੀਆਂ ਗਈਆਂ ਕਵਿਤਾਵਾਂ ਰਾਹੀਂ ਆਪਣੇ ਪਾਠਕਾਂ ਨੂੰ ਇਹ ਮਹਿਸੂਸ ਕਰਾ ਜਾਂਦਾ ਹੈ ਕਿ ਪੰਜਾਬੀ ਸਾਹਿਤ ਜਗਤ ਵਿੱਚ ਇੱਕ ਕਵੀ ਵਜੋਂ ਪੰਜ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਸਰਗਰਮ ਰਹਿਣ ਦੇ ਬਾਵਜੂਦਦ ਵੀ ਉਹ ਅਜੇ ਵੀ ਇੱਕ ਘੋੜੇ ਵਾਂਗ ਸਰਪਟ ਦੌੜ ਰਿਹਾ ਹੈ। ਕੈਨੇਡੀਅਨ ਪੰਜਾਬੀ ਸਾਹਿਤ ਜਗਤ ਵਿੱਚ ਰਵਿੰਦਰ ਰਵੀ ਦੀ ਪਹਿਚਾਣ ਇੱਕ ਸੁਚੇਤ, ਜਾਗਰੂਪ, ਚੇਤੰਨ ਅਤੇ ਗਲੋਬਲੀ ਸਰੋਕਾਰਾਂ ਵਾਲੇ ਕਵੀ ਵਜੋਂ ਸਦਾ ਹੀ ਬਣੀ ਰਹੇਗੀ। ਜਿਸਨੇ ਨਵੀਂ ਪੀੜ੍ਹੀ ਦੇ ਕਵੀਆਂ ਨੂੰ ਸਾਹਿਤ ਵਿੱਚ ਨਵੇਂ ਨਵੇਂ ਪ੍ਰਯੋਗ ਕਰਨ ਲਈ ਸਦਾ ਹੀ ਉਤਸ਼ਾਹਿਤ ਕੀਤਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਇਸ ਦਿਸ਼ਾ ਵਿੱਚ ਆਪਣੀਆਂ ਲਿਖਤਾਂ ਨੂੰ ਰੋਲ ਮਾਡਲ ਵਜੋਂ ਪੇਸ਼ ਕਰਦਾ ਹੈ।


No comments: