ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ
ਕੈਨੇਡਾ ਦੇ 57 ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਸਮੀਖਿਆ ਦੀ ਕਿਤਾਬ 'ਕੈਨੇਡੀਅਨ ਪੰਜਾਬੀ ਸਾਹਿਤ' ਨੂੰ ਖ਼ਰੀਦਣ ਲਈ ਬਲੌਗ 'ਤੇ ਦਿੱਤੇ ਐਡਰੈਸ 'ਤੇ ਈਮੇਲ ਕਰੋ। ਸ਼ੁਕਰੀਆ।

ਤੁਹਾਡੇ ਧਿਆਨ ਹਿੱਤ - ਜ਼ਰੂਰੀ ਸੂਚਨਾ

ਸੂਚਨਾ: ਪ੍ਰਕਾਸ਼ਕ ਦੀ ਤਲਾਸ਼ :

ਆਪਣੀ ਹੁਣੇ ਇੰਡੀਆ ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ)’ ਨੂੰ ਮੈਂ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਕੈਨੇਡਾ ਵਿੱਚ ‘‘Canadian Punjabi Literature (Commentary)’’ ਨਾਮ ਦੀ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਨਾ ਚਾਹੁੰਦਾ ਹਾਂ। ਮੈਂ ਕਿਸੀ ਵਧੀਆ ਕੈਨੇਡੀਅਨ ਪ੍ਰਕਾਸ਼ਕ ਦੀ ਤਲਾਸ਼ ਕਰ ਰਿਹਾ ਹਾਂ। ਜੇਕਰ ਤੁਸੀਂ ਕਿਸੀ ਅਜਿਹੇ ਵਧੀਆ ਕੈਨੇਡੀਅਨ ਪ੍ਰਕਾਸ਼ਕ ਦਾ ਨਾਮ ਜਾਣਦੇ ਹੋ ਜੋ ਮੇਰੀ ਪੁਸਤਕ ਪ੍ਰਕਾਸ਼ਿਤ ਕਰ ਸਕਦਾ ਹੋਵੇ ਤਾਂ ਮੈਂ ਉਸ ਪ੍ਰਕਾਸ਼ਕ ਦਾ ਨਾਮ ਜਾਨਣਾ ਚਾਹਾਂਗਾ।

Sukhinder

Editor: SANVAD

Box 67089, 2300 Yonge St.

Toronto ON M4P 1E0

Tel. (416) 858-7077

Email: poet_sukhinder@hotmail.com

http://www.canadianpunjabiliterature.blogspot.com/



Monday, February 23, 2009

ਸੁਖਿੰਦਰ - ਲੇਖ

ਹਨ੍ਹੇਰੇ ਨਾਲ ਸੰਵਾਦ ਰਚਾਉਂਦੀਆਂ ਗ਼ਜ਼ਲਾਂ - ਪਾਲ ਢਿੱਲੋਂ

ਪਾਲ ਢਿੱਲੋਂ ਦਾ ਨਾਮ ਕੈਨੇਡਾ ਦੇ ਵਧੀਆ ਗ਼ਜ਼ਲ ਲਿਖਣ ਵਾਲੇ ਸ਼ਾਇਰਾਂ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ। ਉਹ ਧੀਮੇ ਬੋਲਾਂ ਦਾ ਸ਼ਾਇਰ ਹੈ। ਉਹ ਜ਼ਿੰਦਗੀ ਨੂੰ ਸਮਝਦਾ ਹੈ। ਗ਼ਜ਼ਲ ਦਾ ਸ਼ਿਅਰ ਲਿਖਣ ਲੱਗੇ ਉਹ ਹਰ ਸੰਭਵ ਯਤਨ ਕਰਦਾ ਹੈ ਕਿ ਉਸਦਾ ਸ਼ਿਅਰ ਸ਼ਿਲਪਕਾਰੀ ਦੇ ਪੱਖੋਂ ਵੀ ਸੰਤੁਲਿਤ ਹੋਵੇ ਅਤੇ ਤੱਤਸਾਰ ਪੱਖੋਂ ਵੀ।

ਦਿਸਹੱਦੇ ਤੋਂ ਪਾਰਗ਼ਜ਼ਲ ਸੰਗ੍ਰਹਿ ਪੜ੍ਹਕੇ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਪਾਲ ਢਿੱਲੋਂ ਨਾ ਸਿਰਫ਼ ਮਨੁੱਖੀ ਜ਼ਿੰਦਗੀ ਨਾਲ ਸਬੰਧਿਤ ਮਸਲਿਆਂ ਨੂੰ ਹੀ ਆਪਣੀਆਂ ਗ਼ਜ਼ਲਾਂ ਦਾ ਵਿਸ਼ਾ ਬਣਾਉਂਦਾ ਹੈ ਬਲਕਿ ਉਹ ਆਪਣੇ ਚੌਗਿਰਦੇ ਵਿਚਲੇ ਫੁੱਲਾਂ, ਪੌਦਿਆਂ, ਬਿਰਖਾਂ, ਨਦੀਆਂ, ਦਰਿਆਵਾਂ ਨੂੰ ਵੀ ਆਪਣੀਆਂ ਗ਼ਜ਼ਲਾਂ ਦਾ ਵਿਸ਼ਾ ਬਣਾਉਂਦਾ ਹੈ। ਅਜੋਕੇ ਸਮਿਆਂ ਵਿੱਚ ਚੇਤੰਨ ਲੇਖਕ ਸਮਝਦਾ ਹੈ ਕਿ ਮਨੁੱਖ ਨੂੰ ਉਸਦੇ ਚੌਗਿਰਦੇ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ। ਸਦੀਆਂ ਤੱਕ ਮਨੁੱਖ ਵੱਲੋਂ ਦਿਖਾਈ ਗਈ ਅਣਗਹਿਲੀ ਦੇ ਅੱਜ ਅਸੀਂ ਨਤੀਜੇ ਭੁਗਤ ਰਹੇ ਹਾਂ। ਲਾਲਚੀ ਮਨੁੱਖ ਦੀਆਂ ਫੈਕਟਰੀਆਂ ਚੋਂ ਨਿਕਲਦੀਆਂ ਜ਼ਹਿਰੀਲੀਆਂ ਗੈਸਾਂ ਨੇ ਵਾਤਾਵਰਨ ਨੂੰ ਪ੍ਰਦੂਸ਼ਤ ਕਰ ਦਿੱਤਾ। ਸੰਘਣੇ ਜੰਗਲ ਕੱਟ ਕੱਟ ਕੇ ਚੁੱਲਿਆਂ ਚ ਬਾਲ ਲਏ. ਫੁੱਲ ਬੂਟੇ ਤੋੜ ਕੇ ਜਾਨਵਰਾਂ ਦੇ ਚਾਰੇ ਵਿੱਚ ਰਲਾ ਦਿੱਤੇ। ਮਨੁੱਖ ਵੱਲੋਂ ਦਿਖਾਈ ਗਈ ਅਜਿਹੀ ਗ਼ੈਰ-ਜ਼ਿੰਮੇਵਾਰੀ ਦੇ ਨਤੀਜਿਆਂ ਵਜੋਂ ਅੱਜ ਅਸੀਂ ਗਲੋਬਲ ਵਾਰਮਿੰਗ ਦਾ ਸਾਹਮਣਾ ਕਰ ਰਹੇ ਹਾਂ। ਤੇਜ਼ ਹਨ੍ਹੇਰੀਆਂ ਆ ਰਹੀਆਂ; ਸਮੁੰਦਰੀ ਤੂਫ਼ਾਨ ਆ ਰਹੇ ਹਨ; ਦਰਿਆਵਾਂ ਚ ਹੜ੍ਹ ਆ ਰਹੇ ਹਨ; ਲੱਖਾਂ ਮੀਲਾਂ ਦਾ ਇਲਾਕਾ ਮਾਰੂਥਲ ਦਾ ਰੂਪ ਵਟਾ ਰਿਹਾ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਰੋਕਣ ਲਈ ਅਤੇ ਧਰਤੀ ਦੇ ਪੌਣ-ਪਾਣੀ ਵਿੱਚ ਸੰਤੁਲਨ ਪੈਦਾ ਕਰਨ ਲਈ ਸਾਨੂੰ ਆਪਣੇ ਚੌਗਿਰਦੇ ਨਾਲ ਇੱਕ ਵਾਰੀ ਫਿਰ ਦੋਸਤੀ ਪਾਉਣੀ ਪਵੇਗੀ। ਆਪਣੇ ਚੌਗਿਰਦੇ ਨੂੰ ਇੱਕ ਵਾਰੀ ਫਿਰ ਫੁੱਲਾਂ-ਪੌਦਿਆਂ ਨਾਲ ਸਜਾਉਣਾ ਪਵੇਗਾ। ਪਾਲ ਢਿੱਲੋਂ ਵੀ ਮਨੁੱਖ ਅਤੇ ਉਸਦੇ ਚੌਗਿਰਦੇ ਵਿਚਲੇ ਫੁੱਲਾਂ ਪੌਦਿਆਂ ਨਾਲ ਦੁਵੱਲੇ ਰਿਸ਼ਤੇ ਬਾਰੇ ਕੁਝ ਇਸ ਤਰ੍ਹਾਂ ਹੀ ਸੋਚਦਾ ਹੈ:

ਮਿਰੇ ਤੇ ਬਿਰਖ਼ ਵਿੱਚ ਏਨਾ ਕੁ ਹੀ ਬਸ ਫ਼ਰਕ ਹੈ ਯਾਰੋ

ਕਿ ਉਹ ਇਕ ਥਾਂ ਖਲੋਤਾ ਹੈ, ਮੈਂ ਚਲਦਾ, ਉਠਦਾ ਬਹਿੰਦਾ ਹਾਂ

----

ਬਿਰਖ ਅਤੇ ਪੌਦੇ ਨ ਸਿਰਫ ਸਾਡੇ ਚੌਗਿਰਦੇ ਨੂੰ ਖੂਬਸੂਰਤ ਹੀ ਬਣਾਉਂਦੇ ਹਨ, ਉਹ ਸਾਡੇ ਚੌਗਿਰਦੇ ਦੀ ਹਵਾ ਨੂੰ ਵੀ ਸਾਫ਼ ਰੱਖਣ ਵਿੱਚ ਸਾਡੀ ਮੱਦਦ ਕਰਦੇ ਹਨ। ਸ਼ਾਇਦ, ਇਸੇ ਕਰਕੇ ਹੀ ਅੱਜ ਵਿਸ਼ਵ ਭਰ ਵਿੱਚ ਇਹ ਨਾਹਰਾ ਗੂੰਜ ਉੱਠਿਆ ਹੈ ਕਿ ਸਾਡੇ ਚੌਗਿਰਦੇ ਵਿਚਲੀ ਹਰਿਆਲੀਹੀ ਸਾਨੂੰ ਗ੍ਰਹਿ ਧਰਤੀ ਦੀਆਂ ਵੱਧਦੀਆਂ ਜਾ ਰਹੀਆਂ ਸਮੱਸਿਆਵਾਂ ਉੱਤੇ ਕਾਬੂ ਪਾਉਣ ਵਿੱਚ ਮੱਦਦ ਦੇ ਸਕੇਗੀ. ਧਰਤੀ ਦੇ ਮਿੱਤਰਾਂ ਵੱਲੋਂ ਗਰੀਨ ਰੈਵੋਲੀਊਸ਼ਨਦਾ ਨਾਹਰਾ ਬੁਲੰਦ ਕੀਤਾ ਜਾ ਰਿਹਾ ਹੈ। ਧਰਤੀ ਉੱਤੇ ਹਰਿਆਲੀ ਵਧੇਗੀ ਤਾਂ ਧਰਤੀ ਦੇ ਪੌਣ ਪਾਣੀ ਵਿੱਚ ਨਮੀ ਵਧੇਗੀ। ਜਿਸ ਸਦਕਾ ਧਰਤੀ ਦੇ ਵਧ ਰਹੇ ਤਾਪਮਾਨ ਵਿੱਚ ਵੀ ਕਮੀ ਆਵੇਗੀ ਅਤੇ ਨਿਤ ਵਧ ਰਹੇ ਮਾਰੂਥਲ ਨੂੰ ਵੀ ਰੋਕਿਆ ਜਾ ਸਕੇਗਾ।

----

ਵਾਤਾਵਰਨ ਬਾਰੇ ਚੇਤਨਾ ਦੀਆਂ ਗੱਲਾਂ ਕਰਨ ਦੇ ਨਾਲ ਨਾਲ ਪਾਲ ਢਿੱਲੋਂ ਧਰਤੀ ਗ੍ਰਹਿ ਉੱਤੇ ਜ਼ਿੰਦਗੀ ਦੇ ਸੋਮੇ ਸੂਰਜ ਨੂੰ ਗਿਆਨ/ਵਿਗਿਆਨ ਦੀ ਚੇਤਨਾ ਦੀ ਰੌਸ਼ਨੀ ਦੇ ਬਿੰਬ ਵਜੋਂ ਆਪਣੀਆਂ ਗ਼ਜ਼ਲਾਂ ਦੇ ਸ਼ਿਅਰਾਂ ਵਿੱਚ ਵਰਤਦਾ ਹੈ:

ਜੀਵਨ ਚੋਂ ਮਨਫ਼ੀ ਕਰ ਲੈਂਦੇ ਨੇ ਜੋ ਸੂਰਜ

ਬੈਠਣਗੇ ਉਹ ਸਾਰੀ ਉਮਰ ਹਨੇਰੇ ਸ਼ੀਸ਼ੇ

ਇਸੇ ਤਰ੍ਹਾਂ ਹੀ ਉਸ ਨੇ ਆਪਣੀਆਂ ਗ਼ਜ਼ਲਾਂ ਵਿੱਚ ਹਨੇਰਾਅਤੇ ਸਵੇਰਾਦਾ ਬਿੰਬ ਵਰਤਿਆ ਹੈ:

ਹਨੇਰਾ ਹੈ ਤਾਂ ਹਰ ਪਾਸੇ ਉਦਾਸੀ

ਉਦਾਸੀ ਦੀ ਦਵਾ ਸੂਹਾ ਸਵੇਰਾ

ਅਜੋਕੇ ਸਮਿਆਂ ਦੀਆਂ ਕਦਰਾਂ-ਕੀਮਤਾਂ ਅਤੇ ਜਿਉਣ ਦੇ ਢੰਗ ਉੱਤੇ ਸੁਆਲੀਆ ਨਿਸ਼ਾਨ ਲਗਾਉਂਦਿਆਂ ਪਾਲ ਢਿੱਲੋਂ ਪੁੱਛਦਾ ਹੈ ਕਿ ਮਨੁੱਖੀ ਸਭਿਅਤਾ ਦੇ ਇਤਿਹਾਸ ਵਿੱਚ ਮੁਹੰਮਦ, ਬੁੱਧ, ਨਾਨਕ ਜਿਹੇ ਮਹਾਨ ਪੁਰਖ ਇਸ ਧਰਤੀ ਉੱਤੇ ਆਏ। ਜਿਨ੍ਹਾਂ ਨੇ ਮਨੁੱਖ ਦੀ ਜ਼ਿੰਦਗੀ ਨੂੰ ਜਿਉਣ ਜੋਗੀ ਬਨਾਉਣ ਲਈ ਅਤੇ ਚੇਤਨਾ ਦਾ ਪਾਸਾਰ ਕਰਨ ਲਈ ਆਪਣੀ ਸਾਰੀ ਜ਼ਿੰਦਗੀ ਲਗਾ ਦਿੱਤੀ। ਅਜਿਹੇ ਮਹਾਂ-ਪੁਰਖਾਂ ਨੇ ਲੋਕ-ਕਲਿਆਣ ਨੂੰ ਆਪਣੀ ਜਿ਼ੰਦਗੀ ਦਾ ਮਨੋਰਥ ਬਣਾਇਆ। ਉਨ੍ਹਾਂ ਦੀ ਜ਼ਿੰਦਗੀ ਵਿੱਚ ਨਿੱਜੀ ਹਉਮੈਂ ਲਈ ਕੋਈ ਥਾਂ ਨਹੀਂ ਸੀ। ਇਹੀ ਕਾਰਨ ਹੈ ਕਿ ਸਦੀਆਂ ਬੀਤ ਜਾਣ ਬਾਹਦ ਵੀ ਲੱਖਾਂ ਕਰੋੜਾਂ ਲੋਕ ਉਨ੍ਹਾਂ ਦੇ ਵਿਚਾਰਾਂ ਦੇ ਸਮਰਥਕ ਹਨ ਅਤੇ ਅਜਿਹੇ ਸਮਰਥਕ ਦੁਨੀਆਂ ਦੇ ਕੋਨੇ ਕੋਨੇ ਵਿੱਚ ਫੈਲੇ ਹੋਏ ਹਨ। ਪਰ ਅੱਜ ਦਾ ਹਰ ਮਨੁੱਖ ਹਉਮੈ ਦਾ ਭਰਿਆ ਮੈਂ’ ‘ਮੈਂਕਰਦਾ ਹਰ ਕਿਸੇ ਨੂੰ ਆਪਣੇ ਪੈਰਾਂ ਥੱਲੇ ਦਰੜ ਕੇ ਅੱਗੇ ਲੰਘ ਜਾਣਾ ਚਾਹੁੰਦਾ ਹੈ। ਪਾਲ ਢਿੱਲੋਂ ਨੂੰ ਵੀ ਇਸ ਗੱਲ ਦਾ ਅਹਿਸਾਸ ਹੈ, ਤਾਂ ਹੀ ਤਾਂ ਉਹ ਕਹਿੰਦਾ ਹੈ:

ਮੁਹੰਮਦ, ਬੁੱਧ, ਨਾਨਕ ਨੂੰ ਤਾਂ ਲਗਦੈ ਭੁੱਲ ਗਏ ਸਾਰੇ

ਅਜੋਕੇ ਯੁੱਗ ਵਿਚ ਹਰ ਸ਼ਖਸ ਅਬਦਾਲੀ, ਸਿਕੰਦਰ ਹੈ

----

ਅਜੋਕੇ ਸਮਿਆਂ ਦੀ ਗੱਲ ਕਰਦਿਆਂ ਪਾਲ ਢਿੱਲੋਂ ਇੱਕ ਹੋਰ ਗੱਲ ਵੱਲ ਸਾਡਾ ਧਿਆਨ ਦੁਆਉਂਦਾ ਹੈ। ਲੋਕ ਅੰਦਰੋਂ ਖੁਸ਼ ਨਹੀਂ ਹਨ ਪਰ ਚਿਹਰਿਆਂ ਉੱਤੇ ਬਣਾਉਟੀ ਮੁਸਕਰਾਹਟ ਲਿਆਕੇ ਝੂਠੀ ਖੁਸ਼ੀ ਦਾ ਦਿਖਾਵਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਸ਼ਾਇਦ, ਇਹ ਇਸ ਕਾਰਨ ਹੈ ਕਿ ਸਾਡੇ ਸਮਿਆਂ ਵਿੱਚ ਅਸਲੀ ਚੀਜ਼ਾਂ ਨਾਲੋਂ ਨਕਲੀ ਚੀਜ਼ਾਂ ਦੀ ਮਾਣਤਾ ਵੱਧ ਰਹੀ ਹੈ। ਪਰ ਇਹ ਵੀ ਇੱਕ ਹਕੀਕਤ ਹੈ ਕਿ ਨਕਲੀ ਫੁੱਲ ਜਿੰਨੇ ਮਰਜ਼ੀ ਖ਼ੂਬਸੂਰਤ ਬਣਾ ਲਏ ਜਾਣ ਉਨ੍ਹਾਂ ਵਿੱਚੋਂ ਕਦੀ ਵੀ ਖੁਸ਼ਬੋ ਨਹੀਂ ਆ ਸਕਦੀ। ਅਜਿਹੇ ਵਿਚਾਰਾਂ ਦਾ ਪ੍ਰਗਟਾ ਕਰਨ ਵਾਲੇ ਪਾਲ ਢਿੱਲੋਂ ਦੇ ਕੁਝ ਸ਼ਿਅਰ ਦੇਖੋ:

1. ਉਦਾਸੀ ਚਿਹਰਿਆਂ ਤੇ ਪਰ ਖੁਸ਼ੀ ਦੇ ਗੀਤ ਨੇ ਗਾਉਂਦੇ

ਬਣੌਟੀ ਮਹਿਕ ਸੰਗ ਦੇਖਾਂ ਮੈਂ ਲੋਕੀ ਦਿਲ ਨੂੰ ਬਹਿਲਾਉਂਦੇ

2. ਇਹ ਕੈਸਾ ਵਕਤ ਆਇਆ ਹੈ ਹਰਿਕ ਥਾਂ ਹਰ ਦਿਸ਼ਾ ਅੰਦਰ

ਬਣੌਟੀ ਮਹਿਕ ਦੀ ਸਾਹਾਂ ਚ ਹੁੰਦੀ ਹੈ ਚੁਭਨ ਯਾਰੋ

3. ਕਾਗਜ਼ੀ ਫੁੱਲ ਰਹਿਣਾ ਸਦਾ ਕਾਗਜ਼ੀ

ਛਿੜਕ ਇਸ ਤੇ ਅਤਰ ਜਾਂ ਕੋਈ ਰੰਗ ਭਰ

-----

ਵੀਹਵੀਂ ਸਦੀ ਵਿੱਚ ਮਨੁੱਖ ਨੇ ਗਿਆਨ/ਵਿਗਿਆਨ/ਤਕਨਾਲੋਜੀ ਦੇ ਖੇਤਰਾਂ ਵਿੱਚ ਬਹੁਤ ਤਰੱਕੀ ਕੀਤੀ। ਆਉਣ ਜਾਣ ਦੇ ਸਾਧਨਾਂ ਅਤੇ ਸੰਚਾਰ ਸਾਧਨਾਂ ਵਿੱਚ ਬਹੁਤ ਜ਼ਿਆਦਾ ਤਰੱਕੀ ਹੋਣ ਕਾਰਨ ਦੁਨੀਆਂ ਇੱਕ ਪਿੰਡ ਵਰਗੀ ਹੋ ਗਈ। ਹਜ਼ਾਰਾਂ ਮੀਲਾਂ ਦਾ ਫਾਸਲਾ ਕੁਝ ਘੰਟਿਆਂ ਵਿੱਚ ਮੁਕਾਇਆ ਜਾਣ ਲੱਗਾ। ਇੰਟਰਨੈੱਟ ਅਤੇ ਵਾਇਰਲੈੱਸ ਤਕਨਾਲੋਜੀ ਦੀ ਮੱਦਦ ਨਾਲ ਲੋਕ ਇੱਕ ਦੂਜੇ ਤੱਕ ਆਪਣੇ ਸੁਨੇਹੇ ਸਕਿੰਟਾਂ ਵਿੱਚ ਪਹੁੰਚਾਉਂਣ ਲੱਗੇ। ਮਨੁੱਖ ਲੱਖਾਂ/ਕਰੋੜਾਂ ਮੀਲਾਂ ਦਾ ਫਾਸਲਾ ਤਹਿ ਕਰਕੇ ਚੰਨ ਦੀ ਧਰਤੀ ਉੱਤੇ ਵੀ ਆਪਣੇ ਪੈਰਾਂ ਦੇ ਨਿਸ਼ਾਨ ਲਗਾ ਆਇਆ ਅਤੇ ਸੋਲਰ ਸਿਸਟਮ ਦੇ ਹੋਰਨਾਂ ਗ੍ਰਹਿਆਂ ਉੱਤੇ ਪਹੁੰਚਣ ਦੇ ਸੁਪਣੇ ਦੇਖਣ ਲੱਗਾ। ਪਰ ਗਿਆਨ/ਵਿਗਿਆਨ ਦੇ ਖੇਤਰ ਵਿੱਚ ਏਨੀ ਤਰੱਕੀ ਕਰ ਲੈਣ ਦੇ ਬਾਵਜ਼ੂਦ ਵੀ ਮਨੁੱਖ ਸਭਿਆਚਾਰ ਅਤੇ ਧਰਮ ਦੇ ਖੇਤਰ ਵਿੱਚ ਪਛੜਿਆ ਹੀ ਰਿਹਾ। ਅੱਜ ਵੀ ਲੋਕ ਜ਼ਾਤ-ਪਾਤ ਅਤੇ ਊਚ-ਨੀਚ ਦੇ ਵੱਖਰੇਵੇਂ ਪੈਦਾ ਕਰਕੇ ਇੱਕ ਦੂਜੇ ਦਾ ਕਤਲ ਕਰ ਰਹੇ ਹਨ। ਧਰਮ ਦੇ ਨਾਮ ਉੱਤੇ ਮਨੁੱਖੀ ਖ਼ੂਨ ਦੀਆਂ ਨਦੀਆਂ ਬਹਾਈਆਂ ਜਾ ਰਹੀਆਂ ਹਨ। ਅਜੋਕੇ ਧਾਰਮਿਕ ਕੱਟੜਵਾਦੀ ਨੇਤਾ ਮਾਸੂਮ ਅਤੇ ਸਿੱਧੇ-ਸਾਧੇ ਨੌਜੁਆਨ ਮਰਦਾਂ/ਔਰਤਾਂ ਦੇ ਦਿਮਾਗ਼ਾਂ ਵਿੱਚ ਨਫ਼ਰਤ ਪੈਦਾ ਕਰਨ ਵਾਲੇ ਜ਼ਹਿਰੀਲੇ ਵਿਚਾਰ ਭਰ ਕੇ ਉਨ੍ਹਾਂ ਤੋਂ ਹੋਰਨਾਂ ਧਰਮਾਂ ਦੇ ਬੇਕਸੂਰ ਅਤੇ ਮਾਸੂਮ ਲੋਕਾਂ ਦੀਆਂ ਹੱਤਿਆਵਾਂ ਕਰਵਾਉਂਦੇ ਹਨ। ਅਜਿਹੇ ਗ਼ੈਰ-ਜਿੰਮੇਵਾਰ ਧਾਰਮਿਕ ਨੇਤਾ ਮਾਸੂਮ ਲੋਕਾਂ ਨੂੰ ਅਗਲੀ ਜ਼ਿੰਦਗੀ ਵਿੱਚ ਕੰਵਾਰੀਆਂ ਹੂਰਾਂ ਨਾਲ ਰੰਗ-ਰਲੀਆਂ ਮਨਾਉਣ ਦੇ ਸੁਪਨੇ ਦਿਖਾ ਕੇ ਉਨ੍ਹਾਂ ਨੂੰ ਕਾਤਲ ਬਣਾਉਂਦੇ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਕਰ ਦਿੰਦੇ ਹਨ। ਪਰਾ-ਆਧੁਨਿਕ ਸਮਿਆਂ ਦੇ ਇਸ ਮਨੁੱਖੀ ਮਹਾਂ-ਦੁਖਾਂਤ ਨੂੰ ਪਾਲ ਢਿੱਲੋਂ, ਬਹੁਤ ਹੀ ਸੰਖੇਪ ਸ਼ਬਦਾਂ ਵਿੱਚ, ਪਰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਰਾਹੀਂ, ਆਪਣੇ ਸ਼ਿਅਰਾਂ ਰਾਹੀਂ ਸਾਡੇ ਰੂ-ਬ-ਰੂ ਕਰਦਾ ਹੈ:

1. ਇਲਮ ਤੋਂ ਕੋਰੇ ਨੇ ਜਿਹੜੇ ਸ਼ਖ਼ਸ ਏਥੇ ਦੋਸਤੋ

ਬਿਰਖ਼ ਨਫ਼ਰਤ ਦਾ ਉਨ੍ਹਾਂ ਦੇ ਦਿਲ ਚ ਲਾਇਆ ਜਾ ਰਿਹਾ

2. ਜੋ ਮਰੇਗਾ ਧਰਮ ਖ਼ਾਤਰ ਸੁਰਗ ਵਿੱਚ ਹੂਰਾਂ ਮਿਲਣ

ਇਹ ਮਾਸੂਮਾਂ ਦੇ ਦਿਲਾਂ ਵਿੱਚ ਝੂਠ ਪਾਇਆ ਜਾ ਰਿਹਾ

3. ਰੱਤ ਵਹਾ ਧਰਮਾਂ ਦੇ ਨਾਂਉਸ ਨੂੰ ਸਿਖਾਇਆ ਜਾ ਰਿਹਾ

ਕਿੰਝ ਮਨੁੱਖੀ ਬੰਬ ਬਨਣਾ ਇਹ ਦਿਖਾਇਆ ਜਾ ਰਿਹਾ

4. ਮਾਰ ਦੇ ਮੌਲਾ ਦੇ ਨਾਂ ਤੇ ਮਾਰ ਦੇ ਮਾਸੂਮ ਨੂੰ

ਪਾਠ ਅਜਕੱਲ੍ਹ ਧਰਮ ਦੇ ਨਾਂ ਇਹ ਪੜ੍ਹਾਇਆ ਜਾ ਰਿਹਾ

----

ਦਿਸਹੱਦੇ ਤੋਂ ਪਾਰਗ਼ਜ਼ਲ ਸੰਗ੍ਰਹਿ ਪੜ੍ਹਦਿਆਂ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਪਾਲ ਢਿੱਲੋਂ ਆਪਣੀਆਂ ਗ਼ਜ਼ਲਾਂ ਦਾ ਕੈਨਵਸ ਬਹੁਤ ਵਿਸ਼ਾਲ ਰੱਖਦਾ ਹੈ। ਰਾਜਨੀਤੀ, ਧਰਮ, ਸਭਿਆਚਾਰ, ਆਰਥਿਕਤਾ, ਵਿੱਦਿਆ, ਵਾਤਾਵਰਨ, ਦਰਸ਼ਨ - ਹਰ ਖੇਤਰ ਉਸਦੀਆਂ ਗ਼ਜ਼ਲਾਂ ਦੇ ਸ਼ਿਅਰਾਂ ਦਾ ਵਿਸ਼ਾ ਬਣ ਸਕਦਾ ਹੈ। ਉਹ ਇਸ ਗੱਲ ਨੂੰ ਵੀ ਭਲੀ-ਭਾਂਤ ਸਮਝਦਾ ਹੈ ਕਿ ਸੰਚਾਰ ਦੇ ਮਾਧਿਅਮ ਵਜੋਂ ਭਾਸ਼ਾ ਆਪਣੇ ਆਪ ਵਿੱਚ ਸੰਪੂਰਣ ਨਹੀਂ ਕਹੀ ਜਾ ਸਕਦੀ। ਕਈ ਵੇਰ ਸ਼ਬਦ ਜਿਹੜੀ ਗੱਲ ਕਹਿਣ ਵਿੱਚ ਸਫਲ ਨਹੀਂ ਹੁੰਦੇ, ਉਹ ਗੱਲ ਕਹਿਣ ਵਿੱਚ ਮਨੁੱਖ ਦੀ ਚੁੱਪ ਸਫਲ ਹੋ ਜਾਂਦੀ ਹੈ। ਚੁੱਪ ਦੀ ਆਪਣੀ ਜ਼ੁਬਾਨ ਹੁੰਦੀ ਹੈ। ਇਸੇ ਲਈ ਜਦੋਂ ਲੋਕ ਅਚਾਨਕ ਚੁੱਪ ਧਾਰ ਲੈਂਦੇ ਹਨ ਤਾਂ ਅਸੀਂ ਅੰਦਾਜ਼ਾ ਲਗਾਉਂਦੇ ਹਾਂ ਕਿ ਕੋਈ ਸਾਜ਼ਿਸ਼ ਘੜੀ ਜਾ ਰਹੀ ਹੈ ਜਾਂ ਜਦੋਂ ਮੌਸਮ ਵਿੱਚ ਇੱਕ ਦੰਮ ਖੜੌਤ ਆ ਜਾਵੇ, ਦਰਖਤਾਂ ਦੇ ਪੱਤੇ ਇੱਕ ਦੰਮ ਹਿੱਲਣੋਂ ਬੰਦ ਹੋ ਜਾਣ ਤਾਂ ਅਸੀਂ ਅਨੁਮਾਨ ਲਗਾਉਂਦੇ ਹਾਂ ਕਿ ਝੱਖੜ ਆਉਣ ਵਾਲਾ ਹੈ। ਭਾਸ਼ਾ ਦੀ ਅਜਿਹੀ ਸੀਮਾ ਅਤੇ ਸ਼ਬਦਾਂ ਤੋਂ ਪਾਰ ਜਾਣ ਦੀ ਗੱਲ ਇਨ੍ਹਾਂ ਸ਼ਿਅਰਾਂ ਵਿੱਚ ਵੀ ਕੀਤੀ ਗਈ ਹੈ:

1. ਉਸਦੇ ਦਿਲ ਦੀ ਇਬਾਰਤ ਨੂੰ ਮੈਂ ਪੜ੍ਹ ਲਿਆ

ਬੋਲ ਹੋਠਾਂ ਤੇ ਭਾਵੇਂ ਹਰਿਕ ਚੁੱਪ ਰਿਹਾ

2. ਉਦਾਸੇ ਚਿਹਰਿਆਂ ਤੇ ਮੌਨ ਸਿ਼ਕਵਾ ਸਾਫ਼ ਦਿਸਦਾ ਹੈ

ਨਜ਼ਰ ਹਰ ਇੱਕ ਪਥਰਾਈ, ਹੈ ਸਾਰੀ ਚੁੱਪ ਦੀ ਸਾਜਸ਼

3. ਕੰਧਾਂ ਦੇ ਵੀ ਕੰਨ ਹੁੰਦੇ ਨੇ ਸੋਚ ਲਵੀਂ ਤੂੰ

ਚੁੱਪ ਕਰਕੇ ਸੰਵਾਦ ਰਚਾ ਪਰ ਹੌਲੀ ਹੌਲੀ

4. ਚੁੱਪ ਦੀ ਤਰ੍ਹਾਂ ਹੀ ਚੁੱਪ ਸੀ ਦਿਲ ਦੀ ਜ਼ੁਬਾਨ ਵੀ

ਦਿਲ ਦੀ ਨਜ਼ਰ ਨਜ਼ਰ ਨੂੰ ਹਰਿਕ ਬਾਤ ਕਹਿ ਗਈ

-----

ਸਾਡੇ ਸਮਿਆਂ ਵਿੱਚ ਜਦੋਂ ਕਿ ਜ਼ਿੰਦਗੀ ਦੇ ਹਰ ਖੇਤਰ ਵਿੱਚ ਹਫੜਾ-ਦੱਫੜੀ ਮੱਚੀ ਹੋਈ ਹੈ, ਕੈਨੇਡੀਅਨ ਪੰਜਾਬੀ ਸਾਹਿਤ ਜਗਤ ਵਿੱਚ ਉਨ੍ਹਾਂ ਲੇਖਕਾਂ ਦੀਆਂ ਲਿਖਤਾਂ ਦਾ ਸੁਆਗਤ ਕਰਨਾ ਬਣਦਾ ਹੈ ਜੋ ਕਿ ਕੈਨੇਡੀਅਨ ਸਮਾਜ ਦੀ ਉਸਾਰੀ ਨੂੰ ਅਜਿਹੀਆਂ ਬੁਨਿਆਦਾਂ ਉੱਤੇ ਉਸਰਿਆ ਹੋਇਆ ਦੇਖਣਾ ਚਾਹੁੰਦੇ ਹਨ - ਜਿਸ ਵਿੱਚ ਧਰਮ, ਰੰਗ, ਨਸਲ, ਜ਼ਾਤ, ਪਾਤ, ਲਿੰਗ ਦੇ ਭੇਦਾਂ ਉੱਤੇ ਕਿਸੇ ਨਾਲ ਕੋਈ ਵਿਤਕਰਾ ਨ ਹੋਵੇ। ਜਿਸ ਸਮਾਜ ਵਿੱਚ ਅਨੇਕਾਂ ਸਭਿਆਚਾਰਾਂ ਦੇ ਲੋਕ ਬਾਗ ਵਿੱਚ ਉੱਗੇ ਰੰਗ-ਬਿਰੰਗੇ ਫੁੱਲਾਂ ਵਾਂਗ ਇਕੱਠੇ ਝੂਮ ਰਹੇ ਹੋਣ। ਕੈਨੇਡਾ ਦਾ ਬਹੁ-ਸਭਿਆਚਾਰਵਾਦ ਵਾਲਾ ਸਮਾਜ ਵੀ ਕੁਝ ਇਸ ਤਰ੍ਹਾਂ ਦਾ ਹੀ ਉਸਾਰਿਆ ਜਾਣਾ ਚਾਹੀਦਾ ਹੈ। ਧਰਤੀ, ਆਸਮਾਨ, ਹਵਾ, ਪਾਣੀ - ਇਹ ਸਭ ਦੇ ਸਾਂਝੇ ਹਨ। ਜਿਹੜੇ ਲੋਕ ਬੋਲੀਆਂ ਅਤੇ ਧਰਮਾਂ ਦੇ ਨਾਮ ਉੱਤੇ ਵੰਡੀਆਂ ਪਾਉਂਦੇ ਹਨ ਪਾਲ ਢਿੱਲੋਂ ਉਨ੍ਹਾਂ ਨੂੰ ਕਰੜੇ ਹੱਥੀਂ ਲੈਂਦਾ ਹੈ:

ਤੁਸੀਂ ਜੋ ਵੰਡ ਲਿਆ ਹੈ ਬੋਲੀਆਂ ਧਰਮਾਂ ਤੇ ਨਸਲਾਂ ਵਿੱਚ

ਕੀ ਸਾਡਾ ਸਾਰਿਆਂ ਦਾ ਹੀ ਨਹੀਂ ਸਾਂਝਾ ਗਗਨ ਯਾਰੋ ?

-----

ਲੋਕ-ਏਕਤਾ ਦਾ ਮੁੱਦਈ, ਵਿਸ਼ਵ-ਅਮਨ ਦਾ ਪੁਜਾਰੀ, ਜੰਗ-ਬਾਜ਼ਾਂ ਦਾ ਵਿਰੋਧੀ, ਬਹੁ-ਸਭਿਆਚਾਰਵਾਦ ਦਾ ਸਮੱਰਥਕ, ਔਰਤ-ਮਰਦ ਦੇ ਹੱਕਾਂ ਦੀ ਬਰਾਬਰੀ ਦੀ ਗੱਲ ਕਰਨ ਵਾਲਾ, ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਅਤੇ ਜ਼ਾਲਮ ਹੁਕਮਰਾਨਾਂ ਦੀ ਸਖਤ ਆਲੋਚਨਾ ਕਰਨ ਵਾਲਾ ਪਾਲ ਢਿੱਲੋਂ ਕੈਨੇਡਾ ਦਾ ਇੱਕ ਚੇਤੰਨ ਪੰਜਾਬੀ ਸ਼ਾਇਰ ਹੈ।

----

ਦਿਸਹੱਦੇ ਤੋਂ ਪਾਰਗ਼ਜ਼ਲ ਸੰਗ੍ਰਹਿ ਪ੍ਰਕਾਸ਼ਿਤ ਕਰਕੇ ਪਾਲ ਢਿੱਲੋਂ ਨੇ ਕੈਨੇਡਾ ਦੇ ਪੰਜਾਬੀ ਸਾਹਿਤ ਨੂੰ ਗ਼ਜ਼ਲ ਦੇ ਖੇਤਰ ਵਿੱਚ ਅਮੀਰ ਬਣਾਇਆ ਹੈ। ਗ਼ਜ਼ਲ ਲਿਖਣ ਸਮੇਂ ਪਾਲ ਢਿੱਲੋਂ ਇਸ ਗੱਲ ਵੱਲੋਂ ਚੇਤੰਨ ਰਹਿੰਦਾ ਹੈ ਕਿ ਉਸਦੀ ਗ਼ਜ਼ਲ ਦਾ ਸ਼ਿਅਰ ਸ਼ਿਲਪਕਾਰੀ ਦੇ ਪੱਖੋਂ ਅਤੇ ਤੱਤਸਾਰ ਦੇ ਪੱਖੋਂ ਪੂਰੀ ਤਰ੍ਹਾਂ ਸੰਤੁਲਿਤ ਰਹੇ। ਇੱਕ ਗ਼ਜ਼ਲਗੋ ਦੀਆਂ ਗ਼ਜ਼ਲਾਂ ਦਾ ਇਹੀ ਗੁਣ ਹੀ ਉਸਨੂੰ ਇੱਕ ਸਫ਼ਲ ਗ਼ਜ਼ਲਗੋ ਬਣਾਉਂਦਾ ਹੈ। ਅਜਿਹੀ ਜ਼ਿਕਰਯੋਗ ਪੁਸਤਕ ਦੀ ਪ੍ਰਕਾਸ਼ਨਾ ਕਰਨ ਲਈ ਪਾਲ ਢਿੱਲੋਂ ਨੂੰ ਮੇਰੀਆਂ ਦਿਲੀ ਮੁਬਾਰਕਾਂ!


Monday, February 16, 2009

ਸੁਖਿੰਦਰ - ਲੇਖ

ਗੁਰਦਿਆਲ ਕੰਵਲ - ਨਿੱਜੀ ਅਨੁਭਵ ਦੇ ਦਾਇਰਿਆਂ ਵਿੱਚ ਘੁੰਮਦੀ ਸ਼ਾਇਰੀ

ਗੁਰਦਿਆਲ ਕੰਵਲ ਪਿਛਲੇ ਤਕਰੀਬਨ ਚਾਰ ਦਹਾਕਿਆਂ ਤੋਂ ਕੈਨੇਡੀਅਨ ਪੰਜਾਬੀ ਸਾਹਿਤਕ ਸਰਗਰਮੀਆਂ ਨਾਲ ਜੁੜਿਆ ਹੋਇਆ ਹੈ। ਮੂੰਹ ਬੋਲਦਾ ਸੂਰਜਉਸਦਾ ਚੌਥਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਹ ਸੱਜਰੇ ਸੁਫਨੇ’ (1970), ‘ਮੀਲ ਪੱਥਰ’ (1978) ਅਤੇ ਕੰਚ ਕੰਕਰਾਂ’ (1981) ਵਿੱਚ ਪ੍ਰਕਾਸ਼ਿਤ ਕਰ ਚੁੱਕਾ ਹੈ।

----

ਮੂੰਹ ਬੋਲਦਾ ਸੂਰਜਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਕੀਤੀਆਂ ਗਈਆਂ ਵਧੇਰੇ ਕਵਿਤਾਵਾਂ ਨੂੰ ਨਿੱਜੀ ਅਨੁਭਵ ਦੀਆਂ ਕਵਿਤਾਵਾਂ ਹੀ ਕਹਿਣਾ ਵਧੇਰੇ ਯੋਗ ਹੋਵੇਗਾ। ਭਾਵੇਂ ਕਿ ਕੁਝ ਨਜ਼ਮਾਂ ਅਜਿਹੀਆਂ ਵੀ ਇਸ ਸੰਗ੍ਰਹਿ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ ਜੋ ਕਿ ਨਿੱਜੀ ਅਨੁਭਵ ਦੇ ਦਾਇਰਿਆਂ ਤੋਂ ਬਾਹਰ ਦੀ ਗੱਲ ਵੀ ਕਰਦੀਆਂ ਹਨ। ਇਸ ਦੇ ਬਾਵਜੂਦ ਇਨ੍ਹਾਂ ਕਵਿਤਾਵਾਂ ਵਿੱਚ ਸਮਾਜਿਕ, ਸਭਿਆਚਾਰਕ, ਰਾਜਨੀਤਿਕ ਜਾਂ ਧਾਰਮਿਕ ਮਸਲਿਆਂ ਨੂੰ ਕਿਤੇ ਵੀ ਕੇਂਦਰੀ ਮੁੱਦਾ ਨਹੀਂ ਬਣਾਇਆ ਗਿਆ। ਇਸ ਦੀ ਜਗ੍ਹਾ ਇਨ੍ਹਾਂ ਕਵਿਤਾਵਾਂ ਵਿੱਚ ਨਿੱਜੀ ਪੱਧਰ ਦੀਆਂ ਸਮੱਸਿਆਵਾਂ ਦਾ ਹੀ ਯਥਾਰਥਕ ਪੱਧਰ ਉੱਤੇ ਕਾਵਿਕ-ਵਿਸਥਾਰ ਸਿਰਜਿਆ ਗਿਆ ਹੈ।

----

ਇਸ ਕਾਵਿ-ਸੰਗ੍ਰਹਿ ਬਾਰੇ ਚਰਚਾ ਮੈਂ ਜੋ ਵੀ ਕਰਦਾ ਹਾਂਨਾਮ ਦੀ ਕਵਿਤਾ ਵਿਚਲੀਆਂ ਇਨ੍ਹਾਂ ਕਾਵਿ ਸਤਰਾਂ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ:

ਮੈਂ ਜੋ ਵੀ ਕਰਦਾ ਹਾਂ

ਗਲਤ ਕਰਦਾ ਹਾਂ ਜਾਂ ਠੀਕ ਕਰਦਾ ਹਾਂ

ਮੈਂ ਉਸਦਾ ਫਲ਼ ਖਾਂਦਾ ਹਾਂ ਜਾਂ ਫਿਰ

ਦੰਡ ਭੁਗਤਦਾ ਹਾਂ

----

ਗੁਰਦਿਆਲ ਕੰਵਲ ਦਾ ਵਿਸ਼ਵਾਸ਼ ਹੈ ਕਿ ਜ਼ਿੰਦਗੀ ਇਕ ਕਰਮ-ਭੂਮੀ ਹੈ। ਨਿਰਸੰਦੇਹ, ਜ਼ਿੰਦਗੀ ਵਿੱਚ ਸਖਤ ਮਿਹਨਤ ਕਰਕੇ ਹੀ ਅਸੀਂ ਵੱਡੀਆਂ ਵੱਡੀਆਂ ਪ੍ਰਾਪਤੀਆਂ ਕਰਦੇ ਹਾਂ। ਅਨੇਕਾਂ ਵਾਰ ਜ਼ਿੰਦਗੀ ਵਿੱਚ ਅਜਿਹੀਆਂ ਗੱਲਾਂ ਦੇਖਣ ਨੂੰ ਵੀ ਮਿਲਦੀਆਂ ਹਨ ਜਦੋਂ ਕਿ ਮਿਹਨਤ ਕਰਨ ਵਾਲੇ ਲੋਕ ਤਾਂ ਦੁੱਖ ਭੋਗਦੇ ਹਨ ਪਰ ਵਿਹਲੇ ਰਹਿਣ ਵਾਲੇ ਲੋਕ, ਗਲਤ ਕੰਮ ਕਰਨ ਵਾਲੇ ਲੋਕ, ਵੱਡੀਆਂ ਵੱਡੀਆਂ ਪ੍ਰਾਪਤੀਆਂ ਕਰ ਲੈਂਦੇ ਹਨ ਜਾਂ ਵੱਡੇ-ਵੱਡੇ ਅਹੁਦਿਆਂ ਤੱਕ ਪਹੁੰਚ ਜਾਂਦੇ ਹਨ। ਇਸ ਤਰ੍ਹਾਂ ਮਿਹਨਤ ਕਰਨ ਨਾਲ ਚੰਗੇ ਫਲ ਦੀ ਪ੍ਰਾਪਤੀ ਹੁੰਦੀ ਹੈ ਵਰਗੇ ਵਿਗਿਆਨਕ ਸੁਭਾਅ ਵਾਲੇ ਜ਼ਿੰਦਗੀ ਦੇ ਅਸੂਲ ਵੀ ਗਲਤ ਸਾਬੁਤ ਹੁੰਦੇ ਦਿਖਾਈ ਦਿੰਦੇ ਹਨ।

----

ਮੂੰਹ ਬੋਲਦਾ ਸੂਰਜਕਾਵਿ-ਸੰਗ੍ਰਹਿ ਦੀ ਨਜ਼ਮ ਕਾਲਾ ਸੂਰਜਨਿੱਜੀ ਰਿਸ਼ਤਿਆਂ ਦੀ ਗੱਲ ਕਰਦੀ ਹੈ। ਪ੍ਰਵਾਰਕ ਜ਼ਿੰਦਗੀ ਵਿੱਚ ਮਰਦ ਤਿੰਨ ਵੱਡੇ ਰਿਸ਼ਤਿਆਂ ਕਰਕੇ ਜਾਣਿਆਂ ਜਾਂਦਾ ਹੈ: ਪਤੀ, ਪੁੱਤਰ ਅਤੇ ਪਿਓ. ਇਨ੍ਹਾਂ ਰਿਸ਼ਤਿਆਂ ਵਿੱਚ ਮਰਦ ਵੱਲੋਂ ਨਿਭਾਏ ਗਏ ਆਪਣੇ ਕਿਰਦਾਰ ਦੇ ਚੰਗੇਪਣ ਜਾਂ ਮੰਦੇਪਣ ਕਾਰਨ ਹੀ ਸਮਾਜ ਵਿੱਚ ਉਸਦੀ ਪਹਿਚਾਣ ਬਣਦੀ ਹੈ। ਗੁਰਦਿਆਲ ਕੰਵਲ ਇਨ੍ਹਾਂ ਰਿਸ਼ਤਿਆਂ ਦੀ ਉਸਾਰੀ ਵਿੱਚ ਮਾਪਿਆਂ ਅਤੇ ਪਤਨੀਆਂ ਵੱਲੋਂ ਨਿਭਾਏ ਗਏ ਕਿਰਦਾਰ ਨੂੰ ਮਹੱਤਵ-ਪੂਰਨ ਸਮਝਦਾ ਹੈ। ਉਹ ਸਮਝਦਾ ਹੈ ਕਿ ਪੁੱਤਰ ਨੇ ਵੱਡਾ ਹੋ ਕਿ ਕਿਹੋ ਜਿਹਾ ਬਨਣਾ ਹੈ ਇਹ ਕਾਫੀ ਹੱਦ ਤੱਕ ਮਾਪਿਆਂ ਦੀ ਸੋਚ ਅਤੇ ਸਿਖਲਾਈ ਉੱਤੇ ਹੀ ਨਿਰਭਰ ਕਰਦਾ ਹੈ। ਗੁਰਦਿਆਲ ਕੰਵਲ ਇਸ ਗੱਲ ਵਿੱਚ ਵੀ ਵਿਸ਼ਵਾਸ ਕਰਦਾ ਹੈ ਕਿ ਇੱਕ ਮਰਦ ਵੱਲੋਂ ਚੰਗਾ ਜਾਂ ਬੁਰਾ ਪਤੀ ਹੋਣ ਵਿੱਚ ਪਤਨੀ ਦਾ ਵੀ ਬੜਾ ਵੱਡਾ ਹੱਥ ਹੁੰਦਾ ਹੈ। ਇੱਕ ਚੰਗੀ ਪਤਨੀ ਆਪਣੇ ਪਿਆਰ ਅਤੇ ਦੁਲਾਰ ਸਦਕਾ ਆਪਣੇ ਪਤੀ ਨੂੰ ਇੱਕ ਚੰਗੇ ਦੋਸਤ ਅਤੇ ਸਾਥੀ ਵਾਂਗ ਆਪਣੇ ਨਾਲ ਤੋਰਨ ਦੀ ਕੋਸ਼ਿਸ਼ ਕਰਦੀ ਹੈ। ਉਸਦੀਆਂ ਔਖੀਆਂ ਘੜੀਆਂ ਵਿੱਚ ਉਸਨੂੰ ਹੌਸਲਾ ਦਿੰਦੀ ਹੈ ਅਤੇ ਉਸਦੇ ਦੁੱਖਾਂ-ਦਰਦਾਂ, ਖੁਸ਼ੀਆਂ-ਗ਼ਮੀਆਂ ਨੂੰ ਆਪਣਾ ਸਮਝਦੀ ਹੈ। ਇਸ ਤਰ੍ਹਾਂ ਕਰਦਿਆਂ ਹੋਇਆਂ ਪਤੀ-ਪਤਨੀ ਅੰਦਰ ਇੱਕ ਦੂਜੇ ਲਈ ਅੰਦਰੂਨੀ ਖਿੱਚ ਪੈਦਾ ਹੁੰਦੀ ਹੈ ਅਤੇ ਉਹ ਇੱਕ ਦੂਜੇ ਦੇ ਨੇੜੇ ਨੇੜੇ ਰਹਿਣਾ ਪਸੰਦ ਕਰਦੇ ਹਨ। ਪਰ ਇਸਦੇ ਉਲਟ ਜੇਕਰ ਪਤਨੀ ਘੁਮੰਡ ਦੀ ਭਰੀ ਹੋਵੇ, ਗੱਲ ਗੱਲ ਉੱਤੇ ਪਤੀ ਦੇ ਨੁਕਸ ਕੱਢ ਕੇ ਆਪਣੀ ਹਾਉਮੈ ਦਾ ਵਿਖਾਲਾ ਕਰਦੀ ਹੋਵੇ, ਘਰ ਵਿੱਚ ਆਏ ਹਰ ਮਹਿਮਾਨ ਦੀ ਮੌਜੂਦਗੀ ਵਿੱਚ ਪਤੀ ਦੀ ਬੇਇਜ਼ਤੀ ਕਰਕੇ ਇਹ ਜਤਲਾਉਣ ਦੀ ਕੋਸ਼ਿਸ਼ ਕਰਦੀ ਰਹੇ ਕਿ ਉਸਦਾ ਪਤੀ ਤਾਂ ਕਿਸੇ ਕੰਮ ਜੋਗਾ ਨਹੀਂ ਤਾਂ ਪਤੀ ਕਦੀ ਵੀ ਆਪਣਾ ਚੰਗਾਪਣ ਨਹੀਂ ਦਿਖਾ ਸਕੇਗਾ। ਉਸ ਅੰਦਰ ਹੀਣ-ਭਾਵਨਾ ਭਰ ਜਾਵੇਗੀ। ਉਹ ਆਪਣੀ ਪਤਨੀ ਨੂੰ ਦੋਸਤ ਜਾਂ ਸਾਥੀ ਸਮਝਣ ਦੀ ਥਾਂ ਆਪਣਾ ਦੁਸ਼ਮਣ ਸਮਝਣ ਲੱਗ ਜਾਵੇਗਾ। ਗੁਰਦਿਆਲ ਕੰਵਲ ਦੀ ਕਵਿਤਾ ਕਾਲਾ ਸੂਰਜਦੀਆਂ ਹੇਠ ਲਿਖੀਆਂ ਸਤਰਾਂ ਵੀ ਸਾਨੂੰ ਕੁਝ ਅਜਿਹੀ ਚੇਤਨਾ ਹੀ ਦਿੰਦੀਆਂ ਪ੍ਰਤੀਤ ਹੁੰਦੀਆਂ ਹਨ:

1. ਮੈਂ ਨਾ ਚੰਗਾ ਬੇਟਾ

ਨਾ ਮੈਂ ਚੰਗਾ ਪਤੀ

ਤੇ ਨਾ ਹੀ ਚੰਗਾ ਬਾਪ

ਪਤਾ ਨਹੀਂ ਕਿਉਂ ?

ਮੈਂ ਸੋਚਦਾ ਹਾਂ ਕਈ ਵੇਰ

ਕੀ ਇਹ ਕਸੂਰ ਮੇਰਾ

ਜਾਂ ਮਾਂ ਬਾਪ ਦਾ ਜਾਂ ਫਿਰ

ਦੋਨੋਂ ਪਤਨੀਆਂ ਦਾ

2. ਪੈਰਾਂ ਤੇ ਤੁਰਨ ਦੀ ਜਾਚ ਤਾਂ

ਮਾਂ ਤੂੰ ਸਿਖਾ ਦਿਤੀ ਸੀ

ਰੋਟੀ ਕਮਾਉਂਣ ਦੀ ਜਾਚ

ਲਿਖਣ ਪੜ੍ਹਨ ਦੀ ਜਾਚ

ਵੀ ਤੂੰ ਹੀ ਮਾਂ ਸਿਖਾਈ

ਕਿਉਂ ਨਾ ਸਿਖਾਈ

ਮੈਨੂੰ ਜਾਚ ਜ਼ਿੰਦਗੀ

ਜਿਉਂਣ ਦੀ

----

ਸੋਚ ਦੀ ਪੱਧਰ ਉੱਤੇ ਇਸ ਕਾਵਿ-ਸੰਗ੍ਰਹਿ ਵਿੱਚਲੀਆਂ ਕੁਝ ਨਜ਼ਮਾਂ ਦਸਦੀਆਂ ਹਨ ਕਿ ਇਨ੍ਹਾਂ ਨਜ਼ਮਾਂ ਦੇ ਲੇਖਕ ਦੀ ਸੋਚ ਧੁੰਦਲ਼ੀ ਹੈ। ਵਿਸ਼ੇਸ਼ ਕਰਕੇ ਜਦੋਂ ਉਹ ਮਨੁੱਖੀ ਸੋਚ ਸ਼ਕਤੀ ਉੱਤੇ ਸ਼ਰਾਬ ਦੇ ਨਸ਼ੇ ਬਾਰੇ ਗੱਲ ਕਰਦਾ ਹੈ। ਗੁਰਦਿਆਲ ਕੰਵਲ ਇਹ ਵਿਚਾਰ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਸ਼ਰਾਬ ਦਾ ਨਸ਼ਾ ਕਰਨ ਨਾਲ ਮਨੁੱਖ ਦੀ ਸਿਰਜਣ ਸ਼ਕਤੀ ਵੱਧ ਜਾਂਦੀ ਹੈ। ਇਸ ਸਿਲਸਿਲੇ ਵਿੱਚ ਉਹ ਕਵੀਆਂ ਉਮਰ ਖਿਆਮ, ਵਾਰਿਸ ਸ਼ਾਹ ਅਤੇ ਸ਼ਿਵ ਕੁਮਾਰ ਬਟਾਲਵੀ ਦੀਆਂ ਉਦਾਹਰਣਾਂ ਦਿੰਦਿਆਂ ਹੋਇਆਂ ਆਪਣੀ ਦਲੀਲ ਨੂੰ ਸ਼ਕਤੀ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਇਨ੍ਹਾਂ ਲੇਖਕਾਂ ਨੇ ਜੇਕਰ ਵਧੀਆ ਲਿਖਤਾਂ ਲਿਖੀਆਂ ਹਨ ਤਾਂ ਉਸਦਾ ਇਹ ਕਾਰਨ ਸੀ ਕਿ ਉਹ ਹਰ ਸਮੇ ਸ਼ਰਾਬ ਨਾਲ ਰੱਜੇ ਰਹਿੰਦੇ ਸਨ। ਇਹ ਗੱਲ ਠੀਕ ਨਹੀਂ। ਵਿਗਿਆਨਕ ਤੱਥ ਇਸ ਗੱਲ ਦੇ ਬਿਲਕੁਲ ਉਲਟ ਹਨ। ਸ਼ਰਾਬ ਦਾ ਨਸ਼ਾ ਕੁਝ ਸਮੇਂ ਲਈ ਤਾਂ ਮਨੁੱਖ ਦੀਆਂ ਸਿਰਜਣਾਤਮਕ ਇੰਦਰੀਆਂ ਨੂੰ ਉਤੇਜਤ ਕਰ ਸਕਦਾ ਹੈ; ਪਰ ਉਸ ਤੋਂ ਬਾਹਦ ਸਿਰਜਣਾਤਮਿਕ ਇੰਦਰੀਆਂ ਅਤੇ ਮਨੁੱਖ ਦੀ ਚੇਤਨਾ ਸੁਸਤ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਵੀ ਵੱਧ ਮਨੁੱਖ ਖਤਰਨਾਕ ਬੀਮਾਰੀਆਂ ਦੀ ਜਕੜ ਵਿੱਚ ਵੀ ਆਉਣਾ ਸ਼ੁਰੂ ਹੋ ਜਾਂਦਾ ਹੈ। ਸ਼ਰਾਬ ਦੇ ਨਸ਼ੇ ਦੇ ਆਦੀ ਹੋ ਚੁੱਕੇ ਲੋਕ ਸ਼ਰਾਬ ਪੀਣ ਤੋਂ ਬਾਅਦ ਕੋਈ ਸਿਰਜਣਾਤਮਕ ਕੰਮ ਕਰਨ ਦੇ ਯੋਗ ਹੀ ਨਹੀਂ ਰਹਿ ਜਾਂਦੇ। ਮਨੁੱਖ ਦੀ ਸੋਚ ਸ਼ਕਤੀ ਅਤੇ ਸਿਰਜਣ-ਪ੍ਰਕ੍ਰਿਆ ਉੱਤੇ ਸ਼ਰਾਬ ਦੇ ਨਸ਼ੇ ਦੇ ਪੈਣ ਵਾਲੇ ਮਾਰੂ ਪ੍ਰਭਾਵਾਂ ਬਾਰੇ ਗੁਰਦਿਆਲ ਕੰਵਲ ਦੀ ਅਣਜਾਣਾਪਣ ਉਸਦੀ ਨਜ਼ਮ ਇਲਜ਼ਾਮਵਿੱਚ ਪ੍ਰਗਟ ਕੀਤੇ ਗਏ ਵਿਚਾਰਾਂ ਤੋਂ ਸਹਿਜੇ ਹੀ ਪ੍ਰਗਟ ਹੋ ਜਾਦੀ ਹੈ:

1. ਹਰ ਰੋਜ਼ ਮੈਂ ਕੰਨਾਂ

ਨਾਲ ਸੁਣਦਾ ਹਾਂ

ਹਰ ਮੂਲ-ਖੇਤਰ

ਦੀ ਲੜਾਈ ਹੀ

ਸ਼ਰਾਬ ਦੀ ਜੜ੍ਹ ਹੈ

ਮੈਂ ਇਹ ਕਿਵੇਂ ਮੰਨਾਂ

ਕਿਵੇਂ ਕਰਾਂ ਯਕੀਨ

2. ਜ਼ਰਾ ਅੱਜ ਤੁਸੀਂ

ਵੀ ਸੋਚੋ ਸ਼ਿਵ ਕੁਮਾਰ

ਉਮਰੇ ਖਿਆਮ

ਵਾਰਿਸ ਸ਼ਾਹ

ਕੀਤੇ ਨੇ ਸ਼ਰਾਬ ਨੇ ਪੈਦਾ

ਸ਼ਰਾਬ ਇਕ ਚੰਗੀ

ਸੋਚ ਨੂੰ ਜਨਮ ਦਿੰਦੀ ਹੈ

----

ਇਸ ਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਕੀਤੀਆਂ ਗਈਆਂ ਨਜ਼ਮਾਂ ਪੜ੍ਹਕੇ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਗੁਰਦਿਆਲ ਕੰਵਲ ਸਮਾਜਿਕ, ਰਾਜਨੀਤਿਕ, ਆਰਥਿਕ ਅਤੇ ਧਾਰਮਿਕ ਮਸਲਿਆਂ ਨਾਲ ਸਬੰਧਤ ਸਮੱਸਿਆਵਾਂ ਤੋਂ ਬਿਲਕੁਲ ਹੀ ਅਣਜਾਣ ਨਹੀਂ, ਭਾਵੇਂ ਕਿ ਉਸ ਦੀਆਂ ਵਧੇਰੇ ਨਜ਼ਮਾਂ ਨਿੱਜੀ ਅਨੁਭਵ ਦੇ ਘੇਰੇ ਵਿੱਚ ਹੀ ਘੁੰਮਦੀਆਂ ਰਹਿੰਦੀਆਂ ਹਨ। ਉਹ ਕਿਤੇ ਕਿਤੇ ਹੋਰਨਾਂ ਸਮੱਸਿਆਵਾਂ ਵੱਲ ਵੀ ਆਪਣੀ ਨਿਗਾਹ ਕਰਦਾ ਹੈ ਅਤੇ ਉਨ੍ਹਾਂ ਬਾਰੇ ਆਪਣਾ ਪ੍ਰਤੀਕਰਮ ਪੇਸ਼ ਕਰਦਾ ਹੈ। ਇਸ ਸਬੰਧ ਵਿੱਚ ਉਸ ਦੀ ਨਜ਼ਮ ਸਾਡੀਆਂ ਕਬਰਾਂ ਦੀ ਧੂੜ ਨਾ ਉਡਾਓਦੀਆਂ ਹੇਠ ਲਿਖੀਆਂ ਸਤਰਾਂ ਤੋਂ ਇਸ ਗੱਲ ਦੀ ਪੁਸ਼ਟੀ ਹੋ ਜਾਂਦੀ ਹੈ:

ਅੱਜ ਬੱਚਾ ਆਪਣੀ ਮਾਂ ਦੇ ਗਰਭ ਵਿੱਚ

ਵੀ ਸੁਰੱਖਿਅਤ ਨਹੀਂ - ਵਿਆਕੁਲ ਹੈ

ਟੀਵੀ ਤੇ ਰੇਡੀਓ ਦੇ ਐਨਟੀਨੇ ਵੀ ਅੱਜ

ਖ਼ੂਨੀ ਖਬਰਾਂ ਦੀ ਖਿੱਚ ਕਰਦੇ ਹਨ

ਅਖਬਾਰਾਂ ਅੱਗ ਵਾਂਗ ਤਪਦੀਆਂ

ਘਰਾਂ ਦੇ ਬੂਹਿਆਂ ਅੱਗੇ - ਦਾਅੜ ਕਰਕੇ ਡਿੱਗਦੀਆਂ ਹਨ

----

ਪੰਜਾਬੀਆਂ ਉੱਤੇ ਧਰਮ ਅਤੇ ਧਾਰਮਿਕ ਅਸਥਾਨਾਂ ਦੀ ਰਾਜਨੀਤੀ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ। ਇਹੀ ਕਾਰਨ ਹੈ ਕਿ ਪੰਜਾਬੀ ਕਮਿਊਨਿਟੀ ਪਿਛਲੇ ਤਕਰੀਬਨ ਤਿੰਨ ਦਹਾਕਿਆਂ ਦੇ ਸਮੇਂ ਅੰਦਰ ਕਾਫੀ ਉੱਥਲ-ਪੁੱਥਲ ਦੇ ਦੌਰ ਵਿੱਚੋਂ ਲੰਘੀ ਹੈ। ਪੰਜਾਬੀ ਭਾਵੇਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਕਿਉਂ ਨ ਰਹਿ ਰਹੇ ਹੋਣ ਉਹ ਇਸ ਉੱਥਲ-ਪੁੱਥਲ ਦੇ ਪ੍ਰਭਾਵਾਂ ਤੋਂ ਬਚ ਨਹੀਂ ਸਕੇ। ਕੈਨੇਡਾ ਦੇ ਪੰਜਾਬੀ ਭਾਈਚਾਰੇ ਨੂੰ ਵੀ ਇਸ ਉੱਥਲ-ਪੁੱਥਲ ਦੇ ਪ੍ਰਭਾਵਾਂ ਦਾ ਅਸਰ ਸਹਿਣਾ ਪਿਆ ਹੈ। ਧਾਰਮਿਕ ਸਥਾਨਾਂ ਅੰਦਰ ਵਧ ਰਹੀ ਰਾਜਨੀਤੀ ਅਤੇ ਉਸਦੇ ਮਾਰੂ ਪ੍ਰਭਾਵਾਂ ਨੇ ਕੈਨੇਡਾ ਦੇ ਪੰਜਾਬੀ ਸਾਹਿਤ ਉੱਤੇ ਵੀ ਆਪਣਾ ਅਸਰ ਛੱਡਿਆ ਹੈ। ਕੈਨੇਡਾ ਦੇ ਹੋਰਨਾਂ ਅਨੇਕਾਂ ਪੰਜਾਬੀ ਕਵੀਆਂ ਵਾਂਗ ਗੁਰਦਿਆਲ ਕੰਵਲ ਨੇ ਵੀ ਧਰਮਅਤੇ ਰਾਜਨੀਤੀਦੇ ਸਬੰਧਾਂ ਬਾਰੇ ਆਪਣੀਆਂ ਕਵਿਤਾਵਾਂ ਵਿੱਚ ਤਬਸਰਾ ਕੀਤਾ ਹੈ। ਉਸਦੀ ਨਜ਼ਮ ਪ੍ਰਤੀਕਇਨ੍ਹਾਂ ਗੱਲਾਂ ਕਰਕੇ ਸਾਡਾ ਧਿਆਨ ਖਿੱਚਦੀ ਹੈ:

ਜਦੋਂ ਧਰਮ ਅਸਥਾਨਾਂ

ਸਿਆਸੀ ਰੰਗ ਆ ਜਾਵੇ

ਉਦੋਂ ਹਮੇਸ਼ਾ ਕੁਰਸੀ ਮਨੁੱਖ ਨਾਲੋਂ

ਉੱਚੀ ਹੁੰਦੀ ਹੈ

----

1947 ਵਿੱਚ ਇੰਡੀਆ ਨੂੰ ਬ੍ਰਿਟਿਸ਼ ਰਾਜ ਤੋਂ ਆਜ਼ਾਦੀ ਮਿਲੀ ਪਰ ਅੰਗ੍ਰਜ਼ ਇੰਡੀਆ ਛੱਡਣ ਤੋਂ ਪਹਿਲਾਂ ਇਸਦੇ ਦੋ ਟੁੱਕੜੇ ਕਰ ਗਏ। ਇੱਕ ਟੁਕੜੇ ਨੂੰ ਇੰਡੀਆ ਕਿਹਾ ਗਿਆ ਅਤੇ ਦੂਜੇ ਨੂੰ ਪਾਕਿਸਤਾਨ। ਇਸ ਵੰਡ ਦਾ ਅਸਰ ਇੱਕ ਮਹਾਂ-ਦੁਖਾਂਤ ਦੇ ਰੂਪ ਵਿੱਚ ਸਾਹਮਣੇ ਆਇਆ। ਇੰਡੀਆ ਦੇ ਲੋਕ ਜੋ ਸਦੀਆਂ ਤੋਂ ਇੱਕ ਦੂਜੇ ਨਾਲ ਭਰਾਵਾਂ ਭੈਣਾਂ ਵਾਂਗ ਰਹਿੰਦੇ ਸਨ ਉਹ ਰਾਤੋ ਰਾਤ ਵਿੱਚ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ। ਇਸ ਮਹਾਂ-ਦੁਖਾਂਤ ਨੂੰ ਪੈਦਾ ਕਰਨ ਵਿੱਚ ਧਰਮ ਅਤੇ ਧਾਰਮਿਕ ਆਗੂਆਂ ਨੇ ਸਭ ਤੋਂ ਵੱਡਾ ਕਿਰਦਾਰ ਅਦਾ ਕੀਤਾ। ਸਿੱਖ, ਹਿੰਦੂ, ਮੁਸਲਮਾਨ, ਈਸਾਈ, ਬੋਧੀ, ਜੈਨੀ ਧਰਮ ਦੇ ਪੈਰੋਕਾਰਾਂ ਨੇ ਧਰਮ ਦੇ ਜਨੂੰਨ ਵਿੱਚ ਅੰਨ੍ਹੇ ਹੋ ਕੇ ਇੱਕ ਦੂਜੇ ਦੀਆਂ ਮਾਵਾਂ, ਧੀਆਂ, ਭੈਣਾਂ, ਨੂੰਹਾਂ, ਪਤਨੀਆਂ ਦੇ ਬਲਾਤਕਾਰ ਕੀਤੇ ਅਤੇ ਆਪਣੇ ਹੀ ਦੋਸਤਾਂ, ਯਾਰਾਂ ਅਤੇ ਗਵਾਂਢੀਆਂ ਦਾ ਕਤਲ ਕਰ ਦਿੱਤਾ। ਇਸ ਮਹਾਂ-ਦੁਖਾਂਤ ਦਾ ਸਭ ਤੋਂ ਵੱਡਾ ਅਸਰ ਇੰਡੀਆ ਦੇ ਸੂਬੇ ਪੰਜਾਬ ਨੂੰ ਝੱਲਣਾ ਪਿਆ। 1947 ਦੇ ਇਸ ਮਹਾਂ-ਦੁਖਾਂਤ ਸਮੇਂ 10 ਮਿਲੀਅਨ ਤੋਂ ਵੱਧ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਅਤੇ ਇਸ ਤੋਂ ਵੀ ਵੱਧ ਲੋਕ ਬੇਘਰ ਹੋ ਗਏ. ਇਹ ਦੁਖਾਂਤ ਇੰਡੀਆ ਅਤੇ ਪਾਕਿਸਤਾਨ ਦੇ ਲੋਕਾਂ ਦੀ ਚੇਤਨਾ ਦਾ ਸਦਾ ਲਈ ਹਿੱਸਾ ਬਣ ਗਿਆ। ਇਸ ਮਹਾਂ-ਦੁਖਾਂਤ ਬਾਰੇ ਇਸ ਖਿੱਤੇ ਦੇ ਲੇਖਕਾਂ ਵੱਲੋਂ ਸੈਂਕੜੇ ਪੁਸਤਕਾਂ ਲਿਖੀਆਂ ਗਈਆਂ ਅਤੇ ਪ੍ਰਕਾਸ਼ਤ ਕੀਤੀਆਂ ਗਈਆਂ।

----

ਪਿਛਲੇ ਤਿੰਨ ਦਹਾਕਿਆਂ ਵਿੱਚ ਇੰਡੀਆ ਦੇ ਸੂਬੇ ਪੰਜਾਬ ਵਿੱਚ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਵੱਲੋਂ ਇੱਕ ਵਾਰ ਫਿਰ 1947 ਵਾਲੇ ਹਾਲਾਤ ਪੈਦਾ ਕਰਨ ਦੀਆਂ ਕੋਸਿ਼ਸ਼ਾਂ ਕੀਤੀਆਂ ਗਈਆਂ. ਇਨ੍ਹਾਂ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਨੇ ਬੇਕਸੂਰ ਲੋਕਾਂ ਨੂੰ ਬੱਸਾਂ ਵਿੱਚੋਂ ਕੱਢ-ਕੱਢ ਕੇ ਆਪਣੀਆਂ ਏ.ਕੇ.-47 ਮਸ਼ੀਨ ਗੰਨਾਂ ਚੋਂ ਨਿਕਲਦੀਆਂ ਗੋਲੀਆਂ ਦਾ ਨਿਸ਼ਾਨਾ ਬਣਾਇਆ। ਇਸ ਵੱਧ ਰਹੀ ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ ਨੂੰ ਠੱਲ੍ਹ ਪਾਉਣ ਦੇ ਨਾਮ ਉੱਤੇ ਪੰਜਾਬ ਪੁਲਿਸ ਅਤੇ ਇੰਡੀਆ ਦੀ ਸੈਂਟਰਲ ਪੁਲਿਸ ਨੇ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਹਜ਼ਾਰਾਂ ਬੇਕਸੂਰ ਨੌਜੁਆਨਾਂ ਦਾ ਕਤਲ ਕਰ ਦਿੱਤਾ। ਇਨ੍ਹਾਂ ਘਟਨਾਵਾਂ ਨੇ ਪੰਜਾਬੀ ਸਾਹਿਤਕਾਰਾਂ ਨੂੰ ਇੱਕ ਵਾਰ ਫੇਰ ਪ੍ਰਭਾਵਤ ਕੀਤਾ। ਉਹ ਪੰਜਾਬੀ ਸਾਹਿਤਕਾਰ ਚਾਹੇ ਇੰਡੀਆ ਵਿੱਚ ਬੈਠੇ ਸਾਹਿਤ ਦੀ ਰਚਨਾ ਕਰ ਰਹੇ ਸਨ ਜਾਂ ਇੰਗਲੈਂਡ, ਅਮਰੀਕਾ, ਕੈਨੇਡਾ ਜਾਂ ਦੁਨੀਆਂ ਦੇ ਕਿਸੇ ਵੀ ਹੋਰ ਹਿੱਸੇ ਵਿੱਚ - ਉਨ੍ਹਾਂ ਨੇ ਆਪਣੀਆਂ ਲਿਖਤਾਂ ਵਿੱਚ ਇੱਕ ਵਾਰ ਫਿਰ 1947 ਵਿੱਚ ਵਾਪਰੇ ਮਹਾਂ-ਦੁਖਾਂਤ ਨੂੰ ਯਾਦ ਕੀਤਾ ਅਤੇ ਇਹ ਖਾਹਿਸ਼ ਜ਼ਾਹਿਰ ਕੀਤੀ ਕਿ ਉਨ੍ਹਾਂ ਦੀ ਮਾਤ-ਭੂਮੀ ਪੰਜਾਬ ਵਿੱਚ ਫਿਰ ਕਦੀ ਵੀ 1947 ਵਰਗਾ ਮਹਾਂ-ਦੁਖਾਂਤ ਵਾਪਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਕੈਨੇਡੀਅਨ ਪੰਜਾਬੀ ਸ਼ਾਇਰ ਗੁਰਦਿਆਲ ਕੰਵਲ ਦੀ ਕਵਿਤਾ ਤਪਦਾ ਘੇਰਾਵਿੱਚ ਦਰਜ ਇਨ੍ਹਾਂ ਕਾਵਿ ਬੋਲਾਂ ਰਾਹੀਂ ਵੀ ਕੁਝ ਅਜਿਹੀ ਚਿੰਤਾ ਦਾ ਪ੍ਰਗਟਾਵਾ ਹੀ ਕੀਤਾ ਗਿਆ ਹੈ:

1947 ਵਿੱਚ

ਬਟਵਾਰਾ ਮੇਰੇ ਦੇਸ਼ ਦਾ ਹੋਇਆ

ਕੌਮਾਂ ਵੰਡੀਆਂ ਗਈਆਂ

ਸਾੜਫੂਕ, ਕਤਲ

ਲਾਸ਼ਾਂ ਬੇਲਿਆਂ ਚ ਵਿਛੀਆਂ

ਕਬਰਾਂ ਚੋਂ ਵਾਰਿਸ ਸ਼ਾਹ ਨੂੰ ਆਵਾਜ਼ ਮਾਰੀ

ਇੱਕ ਹੀਰ ਨਹੀਂ

ਅੱਜ ਲੱਖਾਂ ਹੀਰਾਂ

ਜੰਗਲਾਂ ਚ ਰਾਜਿਆਂ ਨੂੰ ਚੂਰੀਆਂ ਖਵਾਉਂਣ ਲਈ

ਲਾਸ਼ਾਂ ਦੀਆਂ ਗਿਣਤੀਆਂ ਕਰਦੀਆਂ ਹਨ

ਪੰਜ ਦਰਿਆਵਾਂ ਦਾ ਪਾਣੀ

1947 ਨੂੰ ਯਾਦ ਕਰਦਾ ਹੈ

ਅੱਜ ਫਿਰ ਵੰਡ ਪਾਉਣ ਵਾਲਿਆਂ ਦੇ ਸਿਰ ਤੇ

ਇੱਕ ਲਾਹਨਤ ਦਾ ਧੱਬਾ ਧਰਦਾ ਹੈ

----

ਮੂੰਹ ਬੋਲਦਾ ਸੂਰਜਕਾਵਿ-ਸੰਗ੍ਰਹਿ ਪੜ੍ਹਦਿਆਂ ਮੈਨੂੰ ਅਹਿਸਾਸ ਹੋਇਆ ਹੈ ਕਿ ਗੁਰਦਿਆਲ ਕੰਵਲ ਦੀ ਸ਼ਾਇਰੀ ਅਜੇ ਨਿੱਜੀ ਅਨੁਭਵ ਦੇ ਘੇਰਿਆਂ ਵਿੱਚ ਸਿਮਟੀ ਹੋਈ ਹੈ। ਪਰ ਮੈਨੂੰ ਉਮੀਦ ਹੈ ਕਿ ਆਪਣੀਆਂ ਅਗਲੀਆਂ ਪੁਸਤਕਾਂ ਵਿੱਚ ਉਹ ਨਿੱਜ ਦੇ ਘੇਰੇ ਤੋਂ ਬਾਹਰ ਦੀਆਂ ਸਮੱਸਿਆਵਾਂ ਨੂੰ ਆਪਣੀਆਂ ਰਚਨਾਵਾਂ ਦਾ ਵਧੇਰੇ ਆਧਾਰ ਬਣਾਵੇਗਾ।

ਗੁਰਦਿਆਲ ਕੰਵਲ ਦੀ ਸਿਰਜਣ ਪ੍ਰਕ੍ਰਿਆ ਦੀਆਂ ਇਨ੍ਹਾਂ ਸੀਮਾਵਾਂ ਨੂੰ ਸਵੀਕਾਰਦਿਆਂ ਹੋਇਆਂ, ‘ਮੂੰਹ ਬੋਲਦਾ ਸੂਰਜਕਾਵਿ-ਸੰਗ੍ਰਹਿ ਦਾ ਸਵਾਗਤ ਕਰਨਾ ਬਣਦਾ ਹੈ। ਕਿਉਂਕਿ ਇਸ ਕਾਵਿ-ਸੰਗ੍ਰਹਿ ਦੇ ਪ੍ਰਕਾਸ਼ਿਤ ਹੋਣ ਨਾਲ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਨਿੱਜੀ ਸਮੱਸਿਆਵਾਂ ਬਾਰੇ ਲਿਖੇ ਗਏ ਸਾਹਿਤ ਵਿੱਚ ਜ਼ਰੂਰ ਜ਼ਿਕਰ ਯੋਗ ਵਾਧਾ ਹੋਇਆ ਹੈ।


Monday, February 9, 2009

ਸੁਖਿੰਦਰ - ਲੇਖ

ਖ਼ੂਬਸੂਰਤ ਗਮਲੇ ਵਿੱਚ ਲੱਗਿਆ ਜੜ੍ਹਹੀਣ ਰੁੱਖ - ਹਰਭਜਨ ਮਾਂਗਟ

ਲੇਖ

ਰੁੱਖ ਵਰਗਾ ਹੈ ਮੇਰਾ ਮੈਂ

ਪੁੱਟ ਕੇ ਕਿਸੇ ਪੰਜਾਬ ਦੀ ਧਰਤੀ ਤੋਂ

ਲਿਆ ਗੱਡਿਆ...ਸਮੁੰਦਰੋਂ ਪਾਰ

ਪਰ ਜੜ੍ਹਾਂ ਤਾਂ ਰਹਿ ਗਈਆਂ ਓਥੇ

ਹਰਭਜਨ ਸਿੰਘ ਮਾਂਗਟ ਕੈਨੇਡੀਅਨ ਪੰਜਾਬੀ ਸ਼ਾਇਰ ਹੈ। ਉਸ ਨੂੰ ਜਾਪਦਾ ਹੈ ਕਿ ਉਹ ਭਾਵੇਂ ਰਹਿ ਤਾਂ ਕੈਨੇਡਾ ਵਿੱਚ ਰਿਹਾ ਹੈ ਪਰ ਉਸਦੀ ਰੂਹ ਅਜੇ ਵੀ ਇੰਡੀਆ ਵਿੱਚ ਹੀ ਭਟਕ ਰਹੀ ਹੈ। ਕਿਉਂਕਿ ਉਸ ਦੀਆਂ ਸਭਿਆਚਾਰਕ ਜੜ੍ਹਾਂ ਉੱਥੇ ਹੀ ਹਨ। ਕੈਨੇਡਾ ਦੀ ਧਰਤੀ ਉਸ ਲਈ ਪ੍ਰਦੇਸੀ ਧਰਤੀ ਹੈ। ਉਸ ਨੂੰ ਯਕੀਨ ਹੈ ਕਿ ਇਸ ਧਰਤੀ ਵਿੱਚ ਉਸ ਦੀਆਂ ਜੜ੍ਹਾਂ ਕਦੀ ਵੀ ਲੱਗ ਨਹੀਂ ਸਕਣਗੀਆਂ। ਉਹ ਮਹਿਸੂਸ ਕਰਦਾ ਹੈ ਕਿ ਕੈਨੇਡਾ ਦੀ ਧਰਤੀ ਉਸ ਲਈ ਇੱਕ ਖ਼ੂਬਸੂਰਤ ਗਮਲੇ ਵਾਂਗ ਹੈ ਅਤੇ ਉਹ ਆਪ ਇਸ ਖ਼ੂਬਸੂਰਤ ਗਮਲੇ ਵਿੱਚ ਲੱਗਿਆ ਇੱਕ ਜੜ੍ਹਹੀਣ ਰੁੱਖ ਹੈ:

ਉਹ ਹੋਰ ਹੁੰਦੇ ਨੇ ਜੋ ਗਮਲਿਆਂ ਵਿੱਚ ਉੱਗਦੇ ਨੇ

ਮੇਰਾ ਰੁੱਖ ਤਾਂ ਧਰਤੀ ਨਹੀਂ ਫੜਦਾ

ਮੈਂ ਰੁੱਖ, ਧੁੱਪ, ਠੰਢ ਤੇ ਮੀਂਹ ਵਿੱਚ ਵੀ

ਖੜ੍ਹਾ ਰਹਾਂ ਬਾਹਾਂ ਖਿਲਾਰੀ

ਕਦੇ ਨ ਸੁੱਕਾਂ ਜੇ ਜੜ੍ਹਹੀਨ ਨ ਕਰੇ ਕੋਈ

ਪਰ ਅਜਿਹਾ ਸੰਕਟ ਹਰਭਜਨ ਸਿੰਘ ਮਾਂਗਟ ਦੀ ਜ਼ਿੰਦਗੀ ਵਿੱਚ ਪਹਿਲੀ ਵਾਰੀ ਨਹੀਂ ਵਾਪਰਿਆ। ਅਜਿਹੀ ਹੀ ਕਿਸਮ ਦੇ ਇੱਕ ਸੰਕਟ ਦਾ ਸਾਹਮਣਾ ਉਹ ਇਸ ਤੋਂ ਪਹਿਲਾਂ ਵੀ ਕਰ ਚੁੱਕਾ ਹੈ। ਜਦੋਂ ਉਸਨੂੰ ਆਪਣੀ ਜ਼ਿੰਦਗੀ ਦੇ ਕੀਮਤੀ 28 ਵਰ੍ਹੇ ਫੌਜ ਦੀ ਨੌਕਰੀ ਵਿੱਚ ਬਿਤਾਉਣੇ ਪਏ ਸਨ। ਮਾਨਸਿਕ ਤੌਰ ਉੱਤੇ ਉਹ ਇੱਕ ਫੌਜੀ ਨਹੀਂ ਸੀ; ਪਰ ਜੀਵੀਕਾ ਕਮਾਉਣ ਖਾਤਰ ਉਹ ਫੌਜ ਵਿੱਚ ਭਰਤੀ ਹੋ ਗਿਆ ਸੀ:

1. ਮੈਂ ਸੈਨਾ ਦੇ ਹਰੇ ਜੰਗਲ ਵਿੱਚ ਇਕ ਰੁੱਖ ਵਾਂਗ ਜਾ ਉੱਗਿਆ

ਤੇ ਬਾਗ਼ੀਤੋਂ ਮਾਂਗਟ ਬਣ ਗਿਆ

ਹੁਕਮਾਂ ਬੱਧੀ ਜ਼ਿੰਦਗੀ ਨੇ ਅਣਚਾਹੀਆਂ ਲਗਰਾਂ ਛਾਂਗ ਸੁੱਟੀਆਂ

ਜ਼ਿੰਦਗੀ ਦੇ ਰੁੱਖ ਨਾਲੋਂ...

2.ਮੈਂ ਚੁੱਪ ਦੀ ਦਹਿਲੀਜ਼ ਤੇ ਖਲੋਤਾ ਖਲੋਤਾ ਥੱਕ ਗਿਆ ਸਾਂ

ਮੈਂ ਰਾਖੇ ਦੀ ਨਿਯਮਾਂ ਬੱਧੀ ਜ਼ਿੰਦਗੀਤੋਂ ਤੰਗ ਆ ਗਿਆ ਸਾਂ

ਮੈਂ ਤਾਂ ਮਹਿਕਦਾ ਇੱਛਕ ਸਾਂ

ਮੈਂ ਚੁੱਪਦਾ ਤਾਲਾ ਤੋੜ ਕੇ ਪਰ੍ਹਾਂ ਵਗਾਹ ਸੁੱਟਿਆ

ਮੈਂ ਚਿਰਾਗਾਂ”, ਰੋਸ਼ਨੀ ਦੇ ਦਰਵਾਜ਼ੇ ਤੇ ਜਾ ਦਸਤਕ ਦਿੱਤੀ

ਮੈਂ ਰਾਮਵਾਂਗ ਬਣਵਾਸ ਭੋਗ ਕੇ

ਆਪਣੀ ਅਯੁੱਧਿਆਪਰਤਿਆ !

ਮੇਰੀ ਜ਼ਿੰਦਗੀ ਦੁੱਖਾਂ ਦੀ ਦਾਸਤਾਨ ਹੈ

ਤੇ ਇਹ ਦੁੱਖ ਮੇਰੇ ਹਨ...

ਹਰਭਜਨ ਸਿੰਘ ਮਾਂਗਟ ਨੇ 2001 ਵਿੱਚ ਆਪਣਾ ਕਾਵਿ-ਸੰਗ੍ਰਹਿ ਮਨ ਦੀ ਛਾਵੇਂਪ੍ਰਕਾਸਿ਼ਤ ਕੀਤਾ ਤਾਂ ਇਸ ਕਾਵਿ-ਸੰਗ੍ਰਹਿ ਦੀਆਂ ਅਨੇਕਾਂ ਕਵਿਤਾਵਾਂ ਵਿੱਚ ਅਜਿਹੇ ਸੰਕਟ ਦਾ ਕੀਤਾ ਗਿਆ ਇਜ਼ਹਾਰ ਪਾਠਕਾਂ ਨੂੰ ਪੜ੍ਹਨ ਦਾ ਮੌਕਾ ਮਿਲਿਆ ਹੈ।

ਅਜਿਹੇ ਸੰਕਟਾਂ ਦਾ ਸਾਹਮਣਾ ਕਰਨ ਵਾਲਾ ਕੈਨੇਡਾ ਵਿੱਚ ਹਰਭਜਨ ਸਿੰਘ ਮਾਂਗਟ ਕੋਈ ਇਕੱਲਾ ਵਿਅਕਤੀ ਨਹੀਂ। ਤੁਹਾਨੂੰ ਅਜਿਹੇ ਹਜ਼ਾਰਾਂ ਹੀ ਪਰਵਾਸੀ ਮਿਲ ਜਾਣਗੇ ਜੋ ਕੈਨੇਡਾ ਦੀ ਧਰਤੀ ਉੱਤੇ ਸਰੀਰਕ ਤੌਰ ਉੱਤੇ ਤਾਂ ਰਹਿ ਰਹੇ ਹਨ ਪਰ ਉਹ ਮਾਨਸਿਕ ਤੌਰ ਉੱਤੇ ਇਸ ਧਰਤੀ ਉੱਤੇ ਨਹੀਂ ਰਹਿ ਰਹੇ। ਅਜਿਹੇ ਵਿਅਕਤੀ ਆਪਣੇ ਆਪਨੂੰ ਅਲਬਰਟ ਕਾਮੂੰ ਦੇ ਨਾਵਲ ਆਊਟਸਾਈਡਰਦੇ ਮੁੱਖ ਪਾਤਰ ਮਿਓਰਸਾਲਤ ਵਾਂਗ ਆਪਣੇ ਆਪਨੂੰ ਸਦਾ ਹੀ ਬਾਹਰਲਾ ਆਦਮੀਹੀ ਸਮਝਦੇ ਰਹਿੰਦੇ ਹਨ। ਉਨ੍ਹਾਂ ਲਈ ਕੈਨੇਡਾ ਦੀ ਧਰਤੀ ਸਦਾ ਹੀ ਪ੍ਰਦੇਸੀ ਧਰਤੀ ਹੀ ਬਣੀ ਰਹਿੰਦੀ ਹੈ। ਇਸਦਾ ਕਾਰਨ ਹਰਭਜਨ ਸਿੰਘ ਮਾਂਗਟ ਆਪਣੀ ਕਵਿਤਾ ਪਰਦੇਸਾਂ ਵਿਚ ਦਿਵਾਲੀਦੀਆਂ ਇਨ੍ਹਾਂ ਸਤਰਾਂ ਰਾਹੀਂ ਸਪੱਸ਼ਟ ਕਰਨ ਦੀ ਕੋਸ਼ਿਸ਼ ਕਰਦਾ ਹੈ:

1.ਕਿੰਜ ਮਨਾਵਾਂ ਦੱਸੋ ਮੈਂ ਪਰਦੇਸਾਂ ਵਿੱਚ ਦਿਵਾਲੀ?

ਮਨ ਦੇ ਅੰਬਰ ਤੇ ਜਦ ਛਾਈ ਗਮ ਦੀ ਬਦਲੀ ਕਾਲੀ।

ਜਿਸਮਾਂ ਨੂੰ ਕੀ ਕਰਨਾ ਜਦ ਕਿ ਰੂਹਾਂ ਭਟਕਣ ਏਥੇ,

ਜਦ ਕਿ ਮੈਨੂੰ ਵਾਜਾਂਮਾਰੇ ਮਿੱਟੀ ਜੋ ਪਿੰਡ ਵਾਲੀ।

2.ਏਥੇ ਤਾਂ ਲੱਕੜ ਦੇ ਘਰ ਨੇ ਕਿਥੇ ਹੈਨ ਬਨੇਰੇ?

ਵਿਚ ਪਲੇਟਾਂ ਰੱਖਣ ਦੀਵੇ, ਹੈ ਨਾ ਕਿਧਰੇ ਥਾਲੀ.

ਬੱਚੇ ਵੀ ਅੰਗਰੇਜ਼ੀ ਬੋਲਣ ਕੌਣ ਪੰਜਾਬੀ ਬੋਲੇ?

ਡਾਲਰਖਾ ਗਿਆ ਮਾਂ ਬੋਲੀ ਨੂੰ ਹਾਂ ਵਿਰਸੇ ਤੋਂ ਖਾਲੀ.

ਵਤਨਾਂ ਵਿਚ ਹੀ ਰਹਿ ਹਏ ਮੇਲੇ, ਏਥੇ ਟਿਕਟਾਂ ਤੇ ਸ਼ੌਅ ਲੱਗਣ,

ਕਲੰਡਰ ਦੇ ਇੱਕ ਖਾਨੇ ਵਿਚ ਹੈ, ਬੈਠੀ ਚੁੱਪ ਦਿਵਾਲੀ

ਮੇਰੇ ਦਿਲ ਤੇ ਚਲੀ ਉਦੋਂ ਤਿੱਖੀ-ਤਿੱਖੀ ਆਰੀ,

ਸੌਂ ਜਾ ਕੰਮ ਤੇਜਾਣੈਂ ਕੱਲ੍ਹ ਨੂੰਆਖਿਆ ਜਦ ਘਰ ਵਾਲੀ।

ਪਿੱਛੇ ਛੱਡ ਕੇ ਆਏ ਵਤਨ ਦੇ ਹੇਰਵੇ ਦੀ ਗੱਲ ਉਹ ਆਪਣੀਆਂ ਕਵਿਤਾਵਾਂ, ਗ਼ਜ਼ਲਾਂ ਅਤੇ ਗੀਤਾਂ ਵਿੱਚ ਬਾਰ ਬਾਰ ਕਰਦਾ ਹੈ. ਕਦੀ ਜ਼ਿੰਦਗੀ ਦੇ ਕਿਸੀ ਨਜ਼ਰੀਏ ਤੋਂ ਅਤੇ ਕਦੀ ਕਿਸੀ ਨਜ਼ਰੀਏ ਤੋਂ:

1.ਹਾਸੇ ਖੇਡ ਤਮਾਸ਼ੇ ਸਾਰੇ, ‘ਡਾਲਰਨੇ ਖਾ ਲੀਤੇ ਨੇ

ਹੁਣ ਤਾਂ ਮਾਂਗਟਬਣਕੇ ਹੰਝੂ ਖਾਰੇ ਖਾਰੇ ਫਿਰਦੇ ਹਾਂ.

2.ਧੁੱਪਾਂ ਖਾਤਰ ਤਰਸੇ ਤਰਸੇ, ਤਨ ਮਨ ਉੱਤੇ ਬਰਫ਼ਾਂ ਨੇ,

ਦੇਸ ਕੈਨੇਡਾ ਵਿਚ ਤਾਂ ਆਪਾਂ ਠਾਰੇ ਠਾਰੇ ਫਿਰਦੇ ਹਾਂ।

3.ਸੋਨੇ ਵਰਗਾ ਜੀਵਨ ਵਿਚ ਪਰਦੇਸਾਂ ਦੇ,

ਬਿਨ ਸੋਚੇ ਬਿਨ ਸਮਝੇ ਗਾਲੀ ਜਾਂਦੇ ਹਾਂ

ਕੈਨੇਡਾ ਦੇ ਵਿਕਸਤ ਪੂੰਜੀਵਾਦੀ ਸਮਾਜ ਵਿੱਚ ਰਹਿੰਦਿਆਂ ਹਰਭਜਨ ਸਿੰਘ ਮਾਂਗਟ ਹੋਰ ਵੀ ਬਹੁਤ ਕੁਝ ਅਨੁਭਵ ਕਰਦਾ ਹੈ। ਉਹ ਅਨੁਭਵ ਕਰਦਾ ਹੈ ਕਿ ਇਸ ਸਮਾਜ ਵਿੱਚ ਆਰਥਿਕਤਾ ਹੀ ਹਰ ਤਰ੍ਹਾਂ ਦੇ ਰਿਸ਼ਤੇ ਬਣਾਉਂਦੀ ਅਤੇ ਢਾਹੁੰਦੀ ਹੈ:

ਇੱਥੇ ਤਾਂ ਰਿਸ਼ਤਿਆਂ ਦੇ ਅਰਥ ਬਦਲ ਜਾਂਦੇ ਨੇ

ਇੱਥੇ ਲਹੂ ਚਿੱਟਾ ਹੋਣ ਚ ਬਹੁਤ ਦੇਰ ਨਹੀਂ ਲੱਗਦੀ.

ਇੱਥੇ ਸੂਰਜ, ਚੰਨ ਤਾਰੇ ਤੇ ਧਰਤੀ ਸਭ ਡਾਲਰਲਗਦੇ !

ਪੱਛਮੀ ਸਮਾਜ ਵਿੱਚ ਬੱਚਿਆਂ ਦਾ ਪਾਲਣ ਪੋਸਣ ਵੀ ਇੱਕ ਵੱਡੀ ਸਮੱਸਿਆ ਹੈ। ਇਸ ਸਮੱਸਿਆ ਨੂੰ ਅਨੇਕਾਂ ਕੈਨੇਡੀਅਨ ਪੰਜਾਬੀ ਲੇਖਕਾਂ ਨੇ ਆਪਣੀਆਂ ਰਚਨਾਵਾਂ ਦਾ ਆਧਾਰ ਬਣਾਇਆ ਹੈ। ਹਰਭਜਨ ਸਿੰਘ ਮਾਂਗਟ ਨੇ ਵੀ ਇਸ ਸਮੱਸਿਆ ਨੂੰ ਆਪਣੀਆਂ ਕਾਵਿ ਕਿਰਤਾਂ ਦਾ ਵਿਸ਼ਾ ਬਣਾਇਆ ਹੈ। ਉਸਦੀ ਕਵਿਤਾ ਇਥੇ ਤਾਂ ਯਾਨੀ ਕੈਨੇਡਾ ਵਿੱਚਇਸ ਵਿਸ਼ੇ ਬਾਰੇ ਚਰਚਾ ਛੇੜਦੀ ਹੈ:

ਬੱਚੇ ਪਰਾਈ ਔਰਤ ਕੋਲੋਂ ਮਾਂ ਦੀ ਮਮਤਾ ਤਲਾਸ਼ ਕਰਦੇ ਹਨ

ਯਾਨੀ ਬੇਬੀ ਸਿਟਰ ਦੇ ਰਹਿਮ ਤੇ ਪਲਦੇ ਹਨ !

ਸਵੇਰੇ ਮੂੰਹ ਹਨੇਰੇ ਡੈਡੀ ਮੰਮੀ, ਲੱਕੜ ਦੇ ਘਰ ਨੂੰ ਛਡਕੇ

ਕਾਰਾਂ ਵਿੱਚ ਕੰਮ ਤੇ ਚਲੇ ਜਾਂਦੇ ਹਨ ਤੇ

ਰਾਤੀਂ ਮੁੜਨ ਵੇਲੇ ਬੱਚੇ ਸੁੱਤੇ ਹੁੰਦੇ ਹਨ

ਸਿਰਫ ਵੀਕ ਐਂਡਤੇ ਹੀ ਡੈਡੀ ਮੰਮੀ ਨਾਲ ਮਿਲਣੀ ਹੁੰਦੀ ਹੈ

ਬੱਚਿਆਂ ਦੀ

ਕੈਨੇਡਾ ਇਮੀਗਰੈਂਟਾਂ ਦਾ ਦੇਸ਼ ਹੈ। ਕੈਨੇਡਾ ਦੀਆਂ ਫੈਕਟਰੀਆਂ ਚਲਾਉਣ ਲਈ ਸਸਤੇ ਮਜ਼ਦੂਰਾਂ ਦੀ ਤਲਾਸ਼ ਵਿੱਚ ਏਸ਼ੀਆ, ਮੱਧ-ਪੂਰਬ, ਅਫਰੀਕਾ ਅਤੇ ਯੋਰਪ ਦੇ ਅਨੇਕਾਂ ਦੇਸ਼ਾਂ ਤੋਂ ਆਏ ਲੋਕਾਂ ਨੂੰ ਕੈਨੇਡਾ ਦੇ ਇਮੀਗਰੈਂਟ ਬਣਾ ਕੇ ਇੱਥੇ ਪੱਕੇ ਤੌਰ ਤੇ ਰਹਿਣ ਦਾ ਮੌਕਾ ਦਿੱਤਾ ਜਾਂਦਾ ਹੈ। ਪਰ ਇਨ੍ਹਾਂ ਇਮੀਗਰੈਂਟ ਬਣ ਕੇ ਆਏ ਲੋਕਾਂ ਨੂੰ ਇਸ ਨਵੇਂ ਅਪਣਾਏ ਦੇਸ਼ ਵਿੱਚ ਆ ਕੇ ਆਪਣੀ ਮਹੱਤਵਹੀਣਤਾਦਾ ਜਦੋਂ ਅਹਿਸਾਸ ਹੁੰਦਾ ਹੈ ਤਾਂ ਉਨ੍ਹਾਂ ਦੇ ਮਨਾਂ ਨੂੰ ਬਹੁਤ ਠੇਸ ਪਹੁੰਚਦੀ ਹੈ। ਵਿਸ਼ੇਸ਼ ਕਰਕੇ ਜਦੋਂ ਉਨ੍ਹਾਂ ਵੱਲੋਂ ਆਪਣੇ ਮੁੱਢਲੇ ਦੇਸ਼ਾਂ ਵਿੱਚ ਪ੍ਰਾਪਤ ਕੀਤੀਆਂ ਗਈਆਂ ਵੱਡੀਆਂ ਵੱਡੀਆਂ ਵਿੱਦਿਅਕ ਡਿਗਰੀਆਂ ਰੱਦੀ ਦੇ ਟੁੱਕੜੇ ਬਣ ਜਾਂਦੀਆਂ ਹਨ ਅਤੇ ਉੱਚੀਆਂ ਪਦਵੀਆਂ ਉੱਤੇ ਰਹਿ ਕੇ ਕੰਮ ਕਰਨ ਦਾ ਤਜਰਬਾ ਜ਼ੀਰੋ ਦੇ ਬਰਾਬਰ ਹੋ ਜਾਂਦਾ ਹੈ। ਪਰਵਾਸੀਆਂ ਦੀ ਜ਼ਿੰਦਗੀ ਦੇ ਇਸ ਕੌੜੇ ਅਨੁਭਵ ਨੂੰ ਹਰਭਜਨ ਸਿੰਘ ਮਾਂਗਟ ਵੀ ਮਹਿਸੂਸ ਕਰਦਾ ਹੈ:

ਭਾਰਤੀ ਡਿਗਰੀਆਂ ਇਥੇ ਰੱਦੀ ਕਾਗਜ਼ ਦਾ ਟੁੱਕੜਾ

ਤੋੜੋ ਬੇਰੀ ਕਰੋ ਫਾਰਮਾਂ ਚ ਕੰਮ...ਮੌਸਮ ਮੀਂਹਾਂ ਦਾ...

ਇਕ ਵਾਰ ਤਾਂ ਕੋਸੋਗੇ ਉਸ ਘੜੀ ਨੂੰ

ਜਦੋਂ ਆਏ ਸੀ ਸੱਤ ਸਮੁੰਦਰ ਉਲੰਘ ਕੇ

ਪੱਛਮੀ ਦੇਸ਼ਾਂ ਵਿੱਚ ਇੱਕ ਹੋਰ ਵੱਡੀ ਸਮੱਸਿਆ ਹੈ: ਯੁਵਕਾਂ ਵੱਲੋਂ ਹੋਰਨਾਂ ਦੂਜੇ ਯੁਵਕਾਂ ਨੂੰ ਤੰਗ ਕਰਨਾ। ਅਜਿਹੀਆਂ ਹਰਕਤਾਂ ਕਰਨ ਵਾਲੇ ਯੁਵਕਾਂ ਨੂੰ ਬੁਲੀਕਿਹਾ ਜਾਂਦਾ ਹੈ। ਅਜਿਹੇ ਬੁਲੀਆਂਤੋਂ ਤੰਗ ਆਏ ਅਨੇਕਾਂ ਯੁਵਕ ਖੁਦਕਸ਼ੀ ਵੀ ਕਰ ਲੈਂਦੇ ਹਨ। ਅਜੋਕੇ ਸਮਿਆਂ ਵਿੱਚ ਪਰਾ-ਆਧੁਨਿਕ ਤਕਨਾਲੋਜੀ ਆ ਜਾਣ ਸਦਕਾ ਅਜਿਹੇ ਬੁਲੀਆਪਣੀਆਂ ਅਜਿਹੀਆਂ ਘਿਰਣਾ ਯੋਗ ਹਰਕਤਾਂ ਕਰਕੇ ਭੋਲੇ ਭਾਲੇ ਲੋਕਾਂ ਨੂੰ ਹੁਣ ਨਾ ਸਿਰਫ਼ ਸਰੀਰਕ ਤੌਰ ਉੱਤੇ ਹੀ ਪ੍ਰੇਸ਼ਾਨ ਕਰਦੇ ਹਨ-ਬਲਕਿ ਉਹ ਮਾਨਸਿਕ ਤੌਰ ਉੱਤੇ ਵੀ ਪ੍ਰੇਸ਼ਾਨ ਕਰਦੇ ਹਨ। ਉਦਾਹਰਣ ਵਜੋਂ ਇੰਟਰਨੈੱਟ ਅਤੇ ਈਮੇਲ ਸਿਸਟਮ ਦੀ ਵਰਤੋਂ ਕਰਕੇ ਨਾ ਸਿਰਫ ਉਹ ਆਪ ਹੀ ਆਪਣੇ ਕਿਸੇ ਵਿਰੋਧੀ ਯੁਵਕ ਨੂੰ ਭੱਦੀਆਂ ਈਮੇਲ ਭੇਜਦੇ ਹਨ। ਬਲਕਿ ਆਪਣੇ ਹੋਰਨਾਂ ਸਾਥੀਆਂ/ਗੈਂਗ ਦੇ ਮੁੰਡਿਆਂ ਨੂੰ ਵੀ ਅਜਿਹੇ ਕੰਮ ਕਰਨ ਲਈ ਉਤਸ਼ਾਹਤ ਕਰਦੇ ਹਨ। ਇਸ ਤਰ੍ਹਾਂ ਇਹ ਬੁੱਲੀਗੈਂਗਸਟਰ ਕਿਸਮ ਦੇ ਯੁਵਕ ਆਪਣੀ ਹੈਂਕੜ ਦਾ ਮੁਜ਼ਾਹਰਾ ਕਰਕੇ ਸੰਤੁਸ਼ਟੀ ਮਹਿਸੂਸ ਕਰਦੇ ਹਨ। ਇਹ ਵੀ ਇੱਕ ਤਰ੍ਹਾਂ ਦੀ ਮਾਨਸਿਕ ਬੀਮਾਰੀ ਹੈ; ਪਰ ਇਸ ਬੀਮਾਰੀ ਦਾ ਨੁਕਸਾਨ ਵਧੇਰੇ ਹਾਲਤਾਂ ਵਿੱਚ ਉਨ੍ਹਾਂ ਯੁਵਕਾਂ ਨੂੰ ਉਠਾਣਾ ਪੈਂਦਾ ਹੈ ਜੋ ਇਨ੍ਹਾਂ ਬੁੱਲੀਆਂਵੱਲੋਂ ਕੀਤੀਆਂ ਗਈਆਂ ਹਰਕਤਾਂ ਦਾ ਸ਼ਿਕਾਰ ਹੁੰਦੇ ਹਨ। ਮਾਂਗਟ ਦੀ ਕਵਿਤਾ ਪਟੋਲਾ ਬ੍ਰਿਜਇਸ ਸਮੱਸਿਆ ਦੀ ਗੱਲ ਕਰਦੀ ਹੈ:

ਸਰੀ ਬੀ.ਸੀ. ਕਨੇਡਾ

ਦਾ ਪਟੋਲਾ ਬ੍ਰਿਜ

ਕੱਲ੍ਹ ਇੱਥੇ

ਚੌਦਾਂ ਸਾਲ ਦਾ

ਇੱਕ ਸਕੂਲੀ ਮੁੰਡਾ

ਛਾਲ ਮਾਰ ਕੇ ਮਰਿਆ

ਕਾਰਨ

ਜਮਾਤੀਆਂ ਦਾ ਮਖੌਲ

ਛੇੜ-ਛਾੜ

ਆਤਮ ਹੱਤਿਆ

ਬੱਚਿਆਂ ਅਤੇ ਬਜ਼ੁਰਗਾਂ ਦਰਮਿਆਨ ਜ਼ੁਬਾਨ ਅਤੇ ਸਭਿਆਚਾਰ ਦਾ ਫਾਸਲਾ ਵੀ ਪਰਵਾਸੀਆਂ ਲਈ ਇੱਕ ਵੱਡੀ ਚੁਣੌਤੀ ਹੈ। ਵਿਸ਼ੇਸ਼ ਕਰਕੇ ਉਨ੍ਹਾਂ ਬਜ਼ੁਰਗਾਂ ਲਈ ਜੋ ਕਿ ਨਾ ਤਾਂ ਅੰਗਰੇਜ਼ੀ ਜ਼ੁਬਾਨ ਚੰਗੀ ਤਰ੍ਹਾਂ ਬੋਲ ਸਕਦੇ ਹਨ ਅਤੇ ਨ ਹੀ ਸਮਝ ਸਕਦੇ ਹਨ। ਕਿਉਂਕਿ ਕੈਨੇਡਾ ਵਿੱਚ ਜੰਮੇ ਪਲੇ ਬੱਚੇ ਵਧੇਰੇ ਕਰਕੇ ਅੰਗਰੇਜ਼ੀ ਜ਼ੁਬਾਨ ਬੋਲਣ ਨੂੰ ਹੀ ਤਰਜ਼ੀਹ ਦਿੰਦੇ ਹਨ ਅਤੇ ਆਪਣਾ ਵਧੇਰੇ ਸਮਾਂ ਵੀ ਟੈਲੀਵੀਜ਼ਨ, ਇੰਟਰਨੈੱਟ ਜਾਂ ਕੰਮਪੀਊਟਰ ਖੇਡਾਂ ਖੇਡਣ ਵਿੱਚ ਹੀ ਬਤੀਤ ਕਰਨਾ ਪਸੰਦ ਕਰਦੇ ਹਨ. ਪਰ ਆਪਣੀ ਵਧੇਰੇ ਜ਼ਿੰਦਗੀ ਇੰਡੀਆ/ ਪਾਕਿਸਤਾਨ ਜਾਂ ਅਜਿਹੇ ਦੇਸ਼ਾਂ ਵਿੱਚ ਬਿਤਾ ਕੇ ਆਏ ਬਜ਼ੁਰਗ ਪਰਾ-ਆਧੁਨਿਕ ਤਕਨਾਲੋਜੀ ਵਾਲੇ ਵਿਕਸਤ ਹੋ ਰਹੇ ਪੱਛਮੀ ਸਭਿਆਚਾਰ ਵਿੱਚ ਵਧੇਰੇ ਰੁਚੀ ਨ ਰੱਖਦੇ ਹੋਣ ਕਰਕੇ ਬੱਚਿਆਂ ਨਾਲ ਘੁਲ-ਮਿਲ ਨਹੀਂ ਸਕਦੇ। ਜਿਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਵਿੱਚ ਸੰਚਾਰ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਜਿਸ ਕਾਰਨ ਅਨੇਕਾਂ ਹਾਲਤਾਂ ਵਿੱਚ ਇੱਕ ਦੂਜੇ ਦੀ ਮਾਨਸਿਕਤਾ ਨੂੰ ਨ ਸਮਝ ਸਕਣ ਕਾਰਨ ਹਾਲਾਤ ਇੱਕ ਦੂਜੇ ਨੂੰ ਨਫ਼ਰਤ ਕਰਨ ਦੀ ਹੱਦ ਤੱਕ ਵੀ ਪਹੁੰਚ ਜਾਂਦੇ ਹਨ। ਜਿਸਦੇ ਕਈ ਵਾਰੀ ਬਹੁਤ ਹੀ ਦੁਖਦਾਈ ਨਤੀਜੇ ਵੀ ਸਾਹਮਣੇ ਆਉਂਦੇ ਹਨ. ਹਰਭਜਨ ਸਿੰਘ ਮਾਂਗਟ ਵੀ ਇਸ ਸਮੱਸਿਆ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦਾ ਹੈ। ਸ਼ਾਇਦ, ਤਾਂ ਹੀ ਉਸਨੂੰ ਆਪਣੀ ਕਵਿਤਾ ਬੱਚੇਵਿੱਚ ਇਹ ਕਹਿਣਾ ਪਿਆ ਹੈ:

ਮੈਂ ਜਦ ਆਖਾਂ

ਆਪਣੇ ਵਿਰਸੇ ਨਾਲ ਜੁੜੋ

ਆਪਣੇ ਸਭਿਆਚਾਰ ਨਾਲ ਜੁੜੋ

ਉਹ ਮੇਰੇ ਵੱਲ ਹੋਰੂੰ ਹੋਰੂੰ ਝਾਕਦੇ।

ਉਹ ਤਾਂ ਪੰਜਾਬੀ ਭਾਸ਼ਾ ਵੀ ਨਹੀਂ ਬੋਲਦੇ

ਅੰਗਰੇਜ਼ੀ ਵਿੱਚ ਹੀ

ਗੱਲਾਂ ਕਰਦੇ ਘਰ ਵਿੱਚ

ਮੈਂ ਝੂਰਦਾ !

ਸੋਚਦਾ

ਬੱਚੇ ਇੱਥੋਂ ਦੇ ਪਹਿਰਾਵੇ

ਇੱਥੋਂ ਦੇ ਸਭਿਆਚਾਰ ਨਾਲ ਜੁੜੇ

ਮੇਰੇ ਹੱਥ ਰਮਾਇਣਡਿਗ ਪਈ ਹੈ !

ਮਹਾਂਭਾਰਤਵੀ

ਮੈਂ ਬੇਬੱਸ ਜਿਹਾ ਹੋ ਕੇ

ਅੱਖਾਂ ਮੀਟ ਲੈਂਦਾ ਹਾਂ

ਕੈਨਡਾ ਵਿੱਚ ਨਸਲਵਾਦ ਦੀ ਸਮੱਸਿਆ ਪਹਿਲਾਂ ਨਾਲੋਂ ਕਾਫੀ ਘੱਟ ਗਈ ਹੈ; ਪਰ ਇਹ ਅਜੇ ਵੀ ਖਤਮ ਨਹੀਂ ਹੋਈ। ਅਨੇਕਾਂ ਹਾਲਤਾਂ ਵਿੱਚ ਇਹ ਲੁਕਵੇਂ ਢੰਗ ਨਾਲ ਕੀਤਾ ਜਾਦਾ ਹੈ। ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਅੰਕੜਿਆਂ ਅਨੁਸਾਰ ਵੀ ਭਾਵੇਂ ਕਿ ਕੈਨੇਡਾ ਦੇ ਵੱਡੇ ਵੱਡੇ ਸ਼ਹਿਰਾਂ ਟੋਰਾਂਟੋ, ਮੌਂਟਰੀਅਲ, ਵੈਨਕੂਵਰ, ਕੈਲਗਰੀ, ਐਡਮੰਟਨ, ਵਿੰਨੀਪੈੱਗ ਆਦਿ ਵਿੱਚ ਭਾਵੇਂ ਕਿ ਰੰਗਦਾਰ ਲੋਕਾਂ ਦੀ ਗਿਣਤੀ ਕਾਫੀ ਜ਼ਿਆਦਾ ਹੋ ਚੁੱਕੀ ਹੈ ਪਰ ਉਸ ਦੇ ਬਾਵਜੂਦ ਵੱਡੇ ਵੱਡੇ ਬਿਜ਼ਨਸ ਅਦਾਰਿਆਂ ਵਿੱਚ ਬਹੁਤ ਘੱਟ ਗਿਣਤੀ ਵਿੱਚ ਰੰਗਦਾਰ ਲੋਕਾਂ ਨੂੰ ਉੱਚੀਆਂ ਪਦਵੀਆਂ ਦਿੱਤੀਆਂ ਜਾਂਦੀਆਂ ਹਨ। ਇੱਥੋਂ ਤੱਕ ਕਿ ਸਰਕਾਰੀ ਅਦਾਰਿਆਂ ਵਿੱਚ ਵੀ ਉਸ ਅਨੁਪਾਤ ਨਾਲ ਰੰਗਦਾਰ ਲੋਕਾਂ ਨੂੰ ਉੱਚੀਆਂ ਪਦਵੀਆਂ ਨਹੀਂ ਦਿੱਤੀਆਂ ਜਾ ਰਹੀਆਂ ਜਿਸ ਅਨੁਪਾਤ ਨਾਲ ਉਹ ਕੈਨੇਡਾ ਦੀ ਆਬਾਦੀ ਦਾ ਹਿੱਸਾ ਬਣ ਚੁੱਕੇ ਹਨ। ਕੈਨੇਡਾ ਦੇ ਚੇਤੰਨ ਪੰਜਾਬੀ ਸ਼ਾਇਰ ਇਸ ਸਮੱਸਿਆ ਵੱਲ ਵੀ ਲੋਕਾਂ ਦਾ ਧਿਆਨ ਦੁਆਉਣ ਲਈ ਆਪਣੀਆਂ ਕਵਿਤਾਵਾਂ ਵਿੱਚ ਜ਼ਿਕਰ ਕਰਦੇ ਰਹਿੰਦੇ ਹਨ। ਹਰਭਜਨ ਸਿੰਘ ਮਾਂਗਟ ਵੀ ਅਜਿਹੇ ਚੇਤੰਨ ਸ਼ਾਇਰਾਂ ਵਿੱਚ ਹੀ ਸ਼ਾਮਿਲ ਹੈ। ਉਸ ਦੀ ਕਵਿਤਾ ਨਸਲੀ ਵਿਤਕਰੇ ਦਾ ਜ਼ਹਿਰਦੀਆਂ ਇਹ ਸਤਰਾਂ ਇਸ ਗੱਲ ਦਾ ਪੁਖਤਾ ਸਬੂਤ ਪੇਸ਼ ਕਰਦੀਆਂ ਹਨ:

ਇਥੇ ਕੈਨੇਡਾ ਵਿਚ ਵੀ

ਨਸਲੀ ਵਿਤਕਰੇ ਦਾ ਜ਼ਹਿਰ

ਹੈ ਗੋਰੇ ਲਹੂ ਵਿਚ

ਕਾਲੇ ਲਹੂ ਵਿਚ

ਪਰ ਮਨੁੱਖ ਕਿਉਂ ਨਹੀਂ ਸਮਝਦਾ

ਕਿ ਲਹੂ ਤਾਂ ਲਹੂ ਹੁੰਦਾ ਹੈ

ਕਾਲੇ ਦਾ ਜਾਂ

ਗੋਰੇ ਦਾ

ਲਹੂ ਦਾ ਰੰਗ ਤਾਂ ਸਭ ਦਾ ਇੱਕੋ ਹੁੰਦਾ ਹੈ

ਫਿਰ ਕਿਉਂ ਕਾਲੇ ਗੋਰੇ ਦਾ ਭੇਤ ਹੈ !

ਹਰਭਜਨ ਸਿੰਘ ਮਾਂਗਟ ਦੀ ਸ਼ਾਇਰੀ ਦਾ ਸੁਭਾਅ ਗੀਤਾਂ ਵਰਗਾ ਹੈ। ਜਿੱਥੇ ਉਹ ਆਪਣੀਆਂ ਕਾਵਿ ਰਚਨਾਵਾਂ ਵਿੱਚ ਸਮੱਸਿਆਵਾਂ ਅਤੇ ਸਥਿਤੀਆਂ ਦਾ ਜਿ਼ਕਰ ਕਰਦਾ ਅਨੇਕਾਂ ਵਾਰ ਭਾਵੁਕ ਹੋ ਜਾਂਦਾ ਹੈ; ਉੱਥੇ ਹੀ ਉਹ ਕਈ ਵਾਰੀ ਸਥਿਤੀ ਨੂੰ ਸੁਖਾਵਾਂ ਮੋੜ ਦੇਣ ਲਈ ਆਪਣੀਆਂ ਰਚਨਾਵਾਂ ਰਾਹੀਂ ਹਾਸੇ ਦੀਆਂ ਫੁੱਲ ਝੜੀਆਂ ਵੀ ਚਲਾ ਦਿੰਦਾ ਹੈ ਅਤੇ ਉਦਾਸ ਚਿਹਰਿਆਂ ਉੱਤੇ, ਚਾਹੇ ਘੜੀ ਪਲ ਲਈ ਹੀ ਸਹੀ, ਰੌਣਕ ਲਿਆ ਦਿੰਦਾ ਹੈ। ਉਦਾਹਰਣ ਲਈ ਉਸਦੀਆਂ ਕਵਿਤਾਵਾਂ ਗਈ ਸੁਧਰ ਕੈਨੇਡਾ ਆ ਕੇ ਜੂਨ ਨੀਂ ਮਾਏ’, ‘ਕਵਿਤਾਅਤੇ ਸੁੱਖ ਪਰਦੇਸਾਂ ਦੇਵਿੱਚੋਂ ਇਹ ਸਤਰਾਂ ਪੇਸ਼ ਕੀਤੀਆਂ ਜਾ ਸਕਦੀਆਂ ਹਨ:

1.ਮੈਂ ਤੈਨੂੰ ਕਾਰ ਵਿੱਚ ਬੈਠੀ ਕਰਾਂ ਫੂਨ ਨੀਂ ਮਾਏ

ਗਈ ਸੁਧਰ ਕੈਨੇਡਾ ਆ ਕੇ ਜੂਨ ਨੀਂ ਮਾਏ

2.ਸੋਹਣਾ ਦੇਸ਼ ਕੈਨੇਡਾ

ਯਾਰਾਂ ਮੌਜਾਂ ਲੁੱਟੀ ਜਾ

ਇੱਟ ਨਾਲ ਘੁੱਗੀ ਕੁੱਟੀ ਜਾ।

ਦੇਖ ਕੈਨੇਡਾ ਦੇਸ਼ ਪਿਆਰਾ

ਤੂੰ ਵੀ ਡਾਲਰਕੁੱਟੀ ਜਾ।

3.ਤੁਰ ਨ ਹੁੰਦਾ ਦੇਖੋ ਬੇਬੇਦੇ ਕੋਲੋਂ,

ਬੇਰੀਤੋੜਨ ਜਾਵੇ, ਸੁੱਖ ਪਰਦੇਸਾਂ,

ਜਦ ਵੀ ਪੈਨਸ਼ਨ ਆਉਂਦੀ, ਬਾਪੂ ਖਿੜ ਜਾਂਦੈ,

ਕਾਰ ਚ ਬੈਠਾ ਜਾਵੇ, ਸੁੱਖ ਪਰਦੇਸਾਂ ਦੇ.

ਵਿਹਲੇ ਨੂੰ ਵੀ ਵੀਕਾਂਮਿਲਦੀਆਂ ਨੇ ਓਥੇ,

ਰੱਬ ਦਾ ਸ਼ੁਕਰ ਮਨਾਵੇ, ਸੁੱਖ ਪਰਦੇਸਾਂ ਦੇ।

ਇੱਕ ਚੰਗੇ ਸ਼ਾਇਰ ਦੀ ਇਹੀ ਪਹਿਚਾਣ ਹੁੰਦੀ ਹੈ ਕਿ ਉਹ ਆਪਣੀਆਂ ਹੀ ਨਿੱਜੀ ਸਮੱਸਿਆਵਾਂ ਵਿੱਚ ਹੀ ਨਾ ਘਿਰਿਆ ਰਹੇ। ਬਲਕਿ ਉਸਦੇ ਆਸ ਪਾਸ, ਸਮਾਜ ਵਿੱਚ, ਆਂਢੀਆਂ-ਗੁਆਂਢੀਆਂ ਨਾਲ ਜੋ ਕੁਝ ਵਾਪਰਦਾ ਹੈ ਉਸਨੂੰ ਵੀ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਵੇ। ਇਸ ਗੱਲ ਦੀ ਤਸੱਲੀ ਹੈ ਕਿ ਹਰਭਜਨ ਸਿੰਘ ਮਾਂਗਟ ਵੀ ਇਸ ਗੱਲ ਵੱਲੋਂ ਭਲੀ ਭਾਂਤ ਚੇਤੰਨ ਹੈ। ਉਹ ਅਜਿਹੀ ਹਰ ਜਗ੍ਹਾ ਪਹੁੰਚਣਾ ਚਾਹੁੰਦਾ ਹੈ ਜਿੱਥੇ ਕਵਿਤਾ ਜਨਮ ਲੈ ਰਹੀ ਹੈ। ਜਿੱਥੇ ਵਾਪਰ ਰਹੀਆਂ ਘਟਨਾਵਾਂ ਨੂੰ ਉਸਦੀਆਂ ਕਵਿਤਾਵਾਂ ਦਾ ਵਿਸ਼ਾ ਬਨਣਾ ਚਾਹੀਦਾ ਹੈ। ਉਸਦੀ ਕਲਮ ਘਸੀਆਂ ਪਿਟੀਆਂ ਅਤੇ ਸਮਾਂ ਵਿਹਾ ਚੁੱਕੀਆਂ ਕਦਰਾਂ-ਕੀਮਤਾਂ ਦੀ ਪੇਸ਼ਕਾਰੀ ਕਰਨ ਤੱਕ ਹੀ ਸੀਮਿਤ ਹੋ ਕੇ ਨਹੀਂ ਰਹਿ ਜਾਣਾ ਚਾਹੁੰਦੀ:

ਲਿਖ ਕਲਮੇਂ ਕੁਝ ਨਵਾਂ ਜਿਹਾ

ਤੂੰ ਕਿਉਂ ਨਹੀਂ ਲਿਖਦੀ

ਓਹੀ ਘਿਸੇ ਪਿਟੇ

ਪਿਆਰ ਦੇ ਕਿੱਸੇ

ਪੁਲਾੜ ਯੁੱਗ ਵਿਚ ਵਿਚਰ ਤੂੰ ਵੀ

ਮਸ਼ੀਨ ਬਣੇ ਕਾਮੇ ਦਾ ਗੀਤ ਲਿਖ

ਕੈਨੇਡਾ ਦੇ ਫਾਰਮਾਂ ਚ ਬੇਰੀ ਤੋੜਦੇ ਸੱਤਰ ਸਾਲਾ

ਬਜ਼ੁਰਗ ਬਾਰੇ ਲਿਖ

ਬੀਮਾਰੀ ਵਿਚ ਤੜਪਦੇ ਮਰੀਜ਼ ਦੀ ਕਥਾ ਲਿਖ

ਹਸਪਤਾਲਾਂ ਚ ਅਧ ਖਿੜੇ ਮੁਰਝਾਏ ਚਿਹਰਿਆਂ ਬਾਰੇ ਲਿਖ

ਜਾਬ ਲੱਭਦੇ ਨੌਜਵਾਨ ਦੀ ਕਥਾ ਲਿਖ

ਬਹੁਤ ਕੁਝ ਅਣਲਿਖਿਆ ਪਿਐ।