ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਕੈਨੇਡਾ ਦੇ 57 ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਸਮੀਖਿਆ ਦੀ ਕਿਤਾਬ 'ਕੈਨੇਡੀਅਨ ਪੰਜਾਬੀ ਸਾਹਿਤ' ਨੂੰ ਖ਼ਰੀਦਣ ਲਈ ਬਲੌਗ 'ਤੇ ਦਿੱਤੇ ਐਡਰੈਸ 'ਤੇ ਈਮੇਲ ਕਰੋ। ਸ਼ੁਕਰੀਆ।
ਤੁਹਾਡੇ ਧਿਆਨ ਹਿੱਤ - ਜ਼ਰੂਰੀ ਸੂਚਨਾ
ਆਪਣੀ ਹੁਣੇ ਇੰਡੀਆ ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ)’ ਨੂੰ ਮੈਂ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਕੈਨੇਡਾ ਵਿੱਚ ‘‘Canadian Punjabi Literature (Commentary)’’ ਨਾਮ ਦੀ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਨਾ ਚਾਹੁੰਦਾ ਹਾਂ। ਮੈਂ ਕਿਸੀ ਵਧੀਆ ਕੈਨੇਡੀਅਨ ਪ੍ਰਕਾਸ਼ਕ ਦੀ ਤਲਾਸ਼ ਕਰ ਰਿਹਾ ਹਾਂ। ਜੇਕਰ ਤੁਸੀਂ ਕਿਸੀ ਅਜਿਹੇ ਵਧੀਆ ਕੈਨੇਡੀਅਨ ਪ੍ਰਕਾਸ਼ਕ ਦਾ ਨਾਮ ਜਾਣਦੇ ਹੋ ਜੋ ਮੇਰੀ ਪੁਸਤਕ ਪ੍ਰਕਾਸ਼ਿਤ ਕਰ ਸਕਦਾ ਹੋਵੇ ਤਾਂ ਮੈਂ ਉਸ ਪ੍ਰਕਾਸ਼ਕ ਦਾ ਨਾਮ ਜਾਨਣਾ ਚਾਹਾਂਗਾ।
Sukhinder
Editor: SANVAD
Box 67089, 2300 Yonge St.
Toronto ON M4P 1E0
Tel. (416) 858-7077
Email: poet_sukhinder@hotmail.com
http://www.canadianpunjabiliterature.blogspot.com/
Friday, January 14, 2011
Sunday, September 5, 2010
ਸੁਖਿੰਦਰ - ਲੇਖ

ਲੇਖ
ਭਾਰਤੀ ਮੂਲ ਦੇ ਲੋਕਾਂ ਦੀ ਮਾਨਸਿਕਤਾ ਵਿੱਚ ਊਚ-ਨੀਚ ਅਤੇ ਜ਼ਾਤ-ਪਾਤ ਦੇ ਕੀਟਾਣੂੰ ਦਿਮਾਗ਼ੀ ਕੈਂਸਰ ਦੀ ਬੀਮਾਰੀ ਦੇ ਕੀਟਾਣੂੰਆਂ ਵਾਂਗ ਕੁਰਬਲ਼ ਕੁਰਬਲ਼ ਕਰਦੇ ਹਨ। ਭਾਰਤੀ ਮੂਲ ਦੇ ਲੋਕਾਂ ਦੀ ਮਾਨਸਿਕਤਾ ਵਿੱਚ ਇਸ ਖ਼ਤਰਨਾਕ ਬੀਮਾਰੀ ਦੇ ਕੀਟਾਣੂੰ ਕਿਵੇਂ ਫੈਲੇ? ਇਸਦਾ ਇੱਕ ਲੰਬਾ ਅਤੇ ਦਿਲ-ਕੰਬਾਊ ਇਤਿਹਾਸ ਹੈ। ਇਹ ਇਤਿਹਾਸ ਭਾਰਤੀ ਸਭਿਅਤਾ ਦੇ ਇਤਿਹਾਸ ਜਿੰਨਾ ਹੀ ਪੁਰਾਣਾ ਹੈ। ਭਾਰਤੀ ਸਭਿਅਤਾ ਦੇ ਇਤਿਹਾਸ ਵਿੱਚ ਵਾਪਰੇ ਇਸ ਮਹਾਂ-ਦੁਖਾਂਤ ਦੇ ਕਾਰਨਾਂ ਨੂੰ ਸਮਝੇ ਬਿਨ੍ਹਾਂ ਅਸੀਂ ਅਜੋਕੇ ਸਮਿਆਂ ਵਿੱਚ ਕਰੋੜਾਂ ਲੋਕਾਂ ਵੱਲੋਂ ਹੰਢਾਏ ਜਾ ਰਹੇ ਸੰਤਾਪ ਨੂੰ ਮਹਿਸੂਸ ਨਹੀਂ ਕਰ ਸਕਦੇ।
-----
ਕੈਨੇਡੀਅਨ ਪੰਜਾਬੀ ਲੇਖਕ ਤਲਵਿੰਦਰ ਸਿੰਘ ਸੱਭਰਵਾਲ ਨੇ 2009 ਵਿੱਚ ਪ੍ਰਕਾਸ਼ਿਤ ਕੀਤੀ ਆਪਣੀ ਪੁਸਤਕ ‘ਹਤਿਆਰਾ ਦੇਵ’ ਵਿੱਚ ਭਾਰਤੀ ਸਭਿਅਤਾ ਦੇ ਇਤਿਹਾਸ ਨਾਲ ਜੁੜੀ ਇਸ ਗੰਭੀਰ ਸਮੱਸਿਆ ਬਾਰੇ ਖੋਜ ਭਰਪੂਰ ਜਾਣਕਾਰੀ ਪੇਸ਼ ਕੀਤੀ ਹੈ। ਭਾਰਤੀ ਮੂਲ ਦੇ ਲੋਕਾਂ ਦੀਆਂ ਅਨੇਕਾਂ ਸਮਾਜਿਕ, ਸਭਿਆਚਾਰਕ, ਰਾਜਨੀਤਿਕ ਅਤੇ ਧਾਰਮਿਕ ਸਮੱਸਿਆਵਾਂ ਭਾਰਤੀ ਸਭਿਅਤਾ ਦੇ ਇਤਿਹਾਸ ਨਾਲ ਜੁੜੀ ਇਸ ਮੂਲ ਸਮੱਸਿਆ ਨੂੰ ਸਮਝਣ ਤੋਂ ਬਿਨ੍ਹਾਂ ਹੱਲ ਨਹੀਂ ਕੀਤੀਆਂ ਜਾ ਸਕਦੀਆਂ।
-----
ਭਾਰਤ ਵਰਗੀ ਸਥਿਤੀ ਧਰਤੀ ਦੇ ਅਨੇਕਾਂ ਹੋਰ ਹਿੱਸਿਆਂ ਵਿੱਚ ਵੀ ਵਾਪਰੀ; ਪਰ ਜਿਸ ਤਰ੍ਹਾਂ ਦੇ ਯੋਜਨਾਬੱਧ ਅਤੇ ਗੈਰ-ਮਾਨਵੀ ਢੰਗ ਨਾਲ ਹਮਲਾਵਰ ਆਰੀਅਨ ਮੂਲ ਦੇ ਲੋਕਾਂ ਨੇ ਭਾਰਤ ਦੇ ਮੂਲ ਵਸਨੀਕ ਦਰਾਵੜ ਲੋਕਾਂ ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਵਿੱਚ ਬੰਨ੍ਹਿਆ ਉਸ ਤਰ੍ਹਾਂ ਦੀ ਮਿਸਾਲ ਹੋਰ ਕਿਤੇ ਵੀ ਨਹੀਂ ਲੱਭਦੀ। ਭਾਰਤ ਵਿੱਚ ਇਹ ਮਹਾਂ-ਦੁਖਾਂਤ ਈਸਾ ਤੋਂ ਲੱਗਭਗ 3,000 ਸਾਲ ਪਹਿਲਾਂ ਵਾਪਰਿਆ। ਤਲਵਿੰਦਰ ਸਿੰਘ ਸੱਭਰਵਾਲ ਆਪਣੇ ਨਿਬੰਧ ‘ਭਾਰਤੀ ਧਰਤ ਤੇ ਧਰਮ’ ਵਿੱਚ ਇਸ ਮਹਾਂ-ਦੁਖਾਂਤ ਦਾ ਜ਼ਿਕਰ ਕੁਝ ਇਸ ਤਰ੍ਹਾਂ ਕਰਦਾ ਹੈ:
..........
...ਆਰੀਆ ਨੇ ਈਸਾ ਤੋਂ ਲੱਗਭਗ 3,000 ਸਾਲ ਪਹਿਲਾਂ ਭਾਰਤ ਤੇ ਹਮਲਾ ਕੀਤਾ, ਉਹਨਾਂ ਦਾ ਮੁਕਾਬਲਾ ਭਾਰਤ ਦੇ ਆਦਿਵਾਸੀਆਂ ਨੇ ਡੱਟ ਕੇ ਕੀਤਾ। ਜਿਹਨਾਂ ਨੂੰ ਰਿਗਵੇਦ ਵਿੱਚ ਕੀਕਟ, ਅਜ, ਸ੍ਰਿੰਮ, ਯਮ, ਰਾਖਸ਼ ਕਿਹਾ ਗਿਆ ਹੈ...ਇਸ ਹਮਲੇ ਵਿੱਚ ਪ੍ਰੋਫੈਸਰ ਸਟਾਰ ਟੂਲਿੰਗ ਦੀ ਰਾਏ ਵਿੱਚ ਭਾਰਤ ਦੇ ਪ੍ਰਸਿੱਧ ਸਿੰਧੂ ਸੱਭਿਅਤਾ ਦੇ ਵਿਸ਼ਾਲ ਨਗਰ ਮੋਹਿੰਜੋਦੜੋ, ਚਹੰਦੜੋ, ਹੜੱਪਾ ਆਦਿ ਨੂੰ ਨਸ਼ਟ ਕੀਤਾ ਗਿਆ। ਇਹਨਾਂ ਦੇ ਬਾਜ਼ਾਰਾਂ, ਨਗਰਾਂ, ਗਲੀਆਂ ‘ਚ ਜੰਮ ਕੇ ਲੜਾਈ ਹੋਈ। ਇਸ ਲੜਾਈ ਵਿੱਚ ਰਿਗਵੇਦ ਅਨੁਸਾਰ 26066 ਆਦਿਵਾਸੀ ਮੌਤ ਦੇ ਘਾਟ ਉਤਾਰੇ ਗਏ...
-----
ਆਰੀਆ ਲੋਕਾਂ ਨੇ ਭਾਰਤ ਦੇ ਆਦਿਵਾਸੀ ਲੋਕਾਂ ਨੂੰ ਯੁੱਧ ਵਿੱਚ ਹਰਾਉਣ ਤੋਂ ਬਾਹਦ ਉਨ੍ਹਾਂ ਉੱਤੇ ਗ਼ੈਰ-ਮਾਨਵੀ ਵਿਧਾਨ ਠੋਸ ਦਿੱਤਾ। ਜਿਸ ਕਾਰਨ ਆਦਿਵਾਸੀ ਨਾ ਸਿਰਫ਼ ਸਮਾਜਿਕ, ਸਭਿਆਚਾਰਕ, ਰਾਜਨੀਤਿਕ ਜਾਂ ਧਾਰਮਿਕ ਪੱਖੋਂ ਹੀ ਨਿਤਾਣੇ ਬਣ ਗਏ; ਬਲਕਿ, ਆਰੀਅਨ ਲੋਕਾਂ ਨੇ ਆਦਿਵਾਸੀਆਂ ਨੂੰ ਮਾਨਸਿਕ ਤੌਰ ਉੱਤੇ ਗੁਲਾਮ ਬਨਾਉਣ ਲਈ ਅਜਿਹੇ ਕਠੋਰ ਆਦੇਸ਼ ਜਾਰੀ ਕਰ ਦਿੱਤੇ ਕਿ ਉਹ ਨਾ ਤਾਂ ਕੋਈ ਸਾਹਿਤਕ ਜਾਂ ਧਾਰਮਿਕ ਗ੍ਰੰਥ ਪੜ੍ਹ ਸਕਦੇ ਸਨ ਅਤੇ ਨਾ ਹੀ ਸੁਣ ਸਕਦੇ ਸਨ। ਜੇਕਰ ਕੋਈ ਆਦਿਵਾਸੀ ਇਸ ਕਾਨੂੰਨ ਦੀ ਉਲੰਘਣਾ ਕਰਦਾ ਫੜਿਆ ਜਾਂਦਾ ਤਾਂ ਉਸਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ। ਅਜਿਹੇ ਕਠੋਰ ਵਿਧਾਨ ਨੂੰ ਮਨੂੰ ਸਿਮਰਤੀਆਂ ਵੀ ਕਿਹਾ ਜਾਂਦਾ ਹੈ। ਭਾਰਤੀ ਸਭਿਅਤਾ ਵਿੱਚ ਆਏ ਇਸ ਗ਼ੈਰ-ਮਾਨਵੀ ਸਮੇਂ ਨੂੰ ‘ਵੈਦਿਕ ਕਾਲ’ ਦਾ ਸਮਾਂ ਕਿਹਾ ਜਾਂਦਾ ਹੈ। ਇਸ ਗ਼ੈਰ-ਮਾਨਵੀ ਵਰਤਾਰੇ ਬਾਰੇ ਤਲਵਿੰਦਰ ਸਿੰਘ ਸੱਭਰਵਾਲ ਆਪਣੇ ਨਿਬੰਧ ‘ਭਾਰਤੀ ਧਰਤ ਤੇ ਧਰਮ’ ਵਿੱਚ ਇਸ ਤਰ੍ਹਾਂ ਲਿਖਦਾ ਹੈ:
.........
ਬ੍ਰਾਹਮਣਾਂ ਨੇ ਆਪਣੇ ਪੈਰ ਪੱਕੇ ਕਰਨ ਲਈ ਸਾਹਿਤਕ ਰਚਨਾਵਾਂ ਜਿਵੇਂ ਕਿ ਮਹਾਂਭਾਰਤ, ਮਨੂੰ ਸਿਮਰਤੀਆਂ, ਗੀਤਾ, ਪੁਰਾਣਾਂ ਨੂੰ ਧਾਰਮਿਕਤਾ ਦਾ ਸਗੋਂ ਪਵਿੱਤਰਤਾ ਦਾ ਦਰਜਾ ਦਿੱਤਾ। ਉਨ੍ਹਾਂ ਵਿੱਚ ਦਰਜ ਹੁਕਮਾਂ, ਆਦੇਸ਼ਾਂ-ਬੰਦਿਸ਼ਾਂ ਅਤੇ ਰੀਤੀ ਰਿਵਾਜਾਂ ਦੀ ਉਲੰਘਣਾ ਕਰਨ ਵਾਲਿਆਂ ਵਾਸਤੇ ਮੌਤ ਦੀ ਸਜ਼ਾ ਮੁਕ਼ੱਰਰ ਕਰ ਦਿੱਤੀ...ਅਸ਼ੌਕ ਦੇ ਪੋਤਰੇ ਬਿਦਿਰਹਦ ਦਾ ਕਤਲ ਕਰਕੇ ਮੌਰੀਆ ਰਾਜ ਦਾ ਅੰਤ ਕੀਤਾ ਅਤੇ 185 ਈਸਵੀ ਪੂਰਵ ਤੇ ਗ਼ੈਰ-ਮਾਨਵੀ ਵਿਧਾਨ ਸਥਾਪਤ ਕੀਤਾ। ਜਿਸ ਦੌਰਾਨ ਮਨੂੰ ਸਿਮਰਤੀ ਵਰਗਾ ਅਤੀ ਘਟੀਆ ਤੇ ਗ਼ੈਰ-ਮਾਨਵੀ ਵਿਧਾਨ ਲਿਖਿਆ ਗਿਆ। ਜਿਸਦਾ ਮਨੋਰਥ ਸੀ ਕਿ ਭਾਰਤੀ ਮੂਲ ਨਿਵਾਸੀਆਂ ਨੂੰ ਇਤਨਾ ਤੋੜ ਦਿੱਤਾ ਦਿੱਤਾ ਜਾਵੇ ਕਿ ਉਹ ਮੁੜ ਇਕੱਠੇ ਨਾ ਹੋ ਸਕਣ। ਉਹ ਰੋਟੀ ਤੇ ਬੇਟੀ ਦੀ ਸਾਂਝ ਬਾਰੇ ਸੋਚਣਾ ਵੀ ਬੰਦ ਕਰ ਦੇਣ। ਕੁਝ ਕਿੱਤੇ ਉੱਤਮ, ਕੁਝ ਮੱਧਮ, ਕੁਝ ਘਟੀਆ ਕਰਾਰ ਦੇ ਕੇ ਲੋਕਾਂ ਨੂੰ ਉੱਤਮ, ਮੱਧਮ ਤੇ ਨੀਚ ਵਿੱਚ ਵੰਡ ਕੇ ਹੇਠ ਉੱਤੇ ਖੜ੍ਹਾ ਕਰ ਦਿੱਤਾ ਗਿਆ। ਤੇ ਆਪਸੀ ਛੂਤ ਛਾਤ ਦਾ ਵਿਧਾਨ ਲਾਗੂ ਕਰਕੇ ਦੂਰੀ ਬਣੀ ਰਹਿਣ ਲਈ ਪੱਕਾ ਉਪਰਾਲਾ ਕੀਤਾ। ਇਸ ਤੋਂ ਵੀ ਵੱਧ ਜੋ ਕਬੀਲੇ ਆਰੀਅਨ ਨਾਲ ਜ਼ਿਆਦਾ ਲੜੇ ਅਤੇ ਅਧੀਨਗੀ ਕਬੂਲ ਨਹੀਂ ਕੀਤੀ ਜਿਵੇਂ ਨਾਗ, ਭੀਲ, ਭੋਲ, ਚੰਡਾਲ, ਸਪੇਰੇ, ਕੱਛੂ ਖਾਣੇ, ਸਿਗਲੀਗਰ, ਛੱਜਘਾੜੇ, ਬੌਰੀਏ, ਗਿੱਦੜ ਕੁੱਟ ਆਦਿਕ ਵਾਂਗ ਹਜ਼ਾਰਾਂ ਜਾਤਾਂ ਦੇ ਲੋਕਾਂ ਨੂੰ ਸਮਾਜ ਵਿੱਚੋਂ ਛੇਕ ਦਿੱਤਾ। ਉਨ੍ਹਾਂ ਲਈ ਸਮਾਜ ਅੰਦਰ ਆਉਣ ਦੀ ਥਾਂ ਬੰਦ ਕਰ ਦਿੱਤੀ। ਬਹੁਤਿਆਂ ਨੂੰ ਤਾਂ ਜਰਾਇਮ ਪੇਸ਼ਾ ਕਰਾਰ ਦਿੱਤਾ ਗਿਆ। ਜੋ ਹੌਲੀ ਹੌਲੀ ਗ਼ੁਲਾਮ ਬਣ ਗਏ ਤੇ ਆਰੀਆ ਦੀ ਮਰਜ਼ੀ ਤੇ ਨਿਰਭਰ ਹੋ ਕੇ ਜੀਵਨ ਕੱਟਣ ਲੱਗੇ ਉਹ ਦਾਸ ਅਖਵਾਏ। ਜਿਹਨਾਂ ਅਧੀਨਗੀ ਦੀ ਥਾਂ ਜੰਗਲੀਂ ਰਹਿਣਾ ਮਨਜ਼ੂਰ ਕੀਤਾ, ਉਹ ਦਾਸਿਉ ਅਖਵਾਏ ਗਏ।
------
ਭਾਰਤੀ ਸਭਿਅਤਾ 7,500 ਬੀਸੀ ਪੁਰਾਣੀ ਸਮਝੀ ਜਾਂਦੀ ਹੈ। ਪਰ ਆਰੀਅਨ ਲੋਕਾਂ ਵੱਲੋਂ ਭਾਰਤ ਦੇ ਆਦੀਵਾਸੀ ਲੋਕਾਂ ਦੇ ਵੱਡੇ ਕੇਂਦਰ ਮਹਿੰਜੋਦੜੋ, ਹੜੱਪਾ, ਟੈਕਸਲਾ ਆਦਿ ਤਬਾਹ ਕਰ ਦਿੱਤੇ ਜਾਣ ਕਾਰਨ ਅਤੇ ਭਾਰਤੀ ਸਭਿਅਤਾ ਦਾ ਇਤਿਹਾਸ ਆਰੀਅਨ ਲੋਕਾਂ ਵੱਲੋਂ ਹੀ ਮੂਲ ਰੂਪ ਵਿੱਚ ਲਿਖੇ ਅਤੇ ਪ੍ਰਚਾਰੇ ਜਾਣ ਕਾਰਨ ਆਰੀਅਨ ਲੋਕਾਂ ਦੀ ਮਾਨਸਿਕਤਾ ਬਾਰੇ ਵੀ ਜਾਣਕਾਰੀ ਮਿਲਦੀ ਹੈ।
-----
ਇਸ ਤਰ੍ਹਾਂ ਭਾਰਤੀ ਸਭਿਅਤਾ ਦਾ ਇਤਿਹਾਸ, ਮੂਲ ਰੂਪ ਵਿੱਚ ਇਸ ਖਿੱਤੇ ਉੱਤੇ ਜ਼ਬਰਦਸਤੀ ਕਾਬਜ਼ ਹੋਏ ਆਰੀਅਨ ਲੋਕਾਂ ਅਤੇ ਧਰਤੀ ਦੇ ਇਸ ਹਿੱਸੇ ਉੱਤੇ ਰਹਿ ਰਹੇ ਆਦਿਵਾਸੀ ਲੋਕਾਂ ਦਰਮਿਆਨ ਹਜ਼ਾਰਾਂ ਸਾਲਾਂ ਤੋਂ ਚੱਲੇ ਆ ਰਹੇ ਨਿਰੰਤਰ ਯੁੱਧ ਦੀ ਹੀ ਕਹਾਣੀ ਹੈ। ਮਨੂੰ ਸਿਮਰਤੀਆਂ ਵੱਲੋਂ ਲੋਕ ਮਨਾਂ ਵਿੱਚ ਪਾਈਆਂ ਵਰਣ ਵੰਡ ਦੀਆਂ ਲਕੀਰਾਂ ਦੀ ਤੇਜ਼ਾਬੀ ਛਾਪ ਏਨੀ ਗੂੜ੍ਹੀ ਹੈ ਕਿ ਹਜ਼ਾਰਾਂ ਸਾਲ ਬੀਤ ਜਾਣ ਬਾਅਦ ਵੀ ਇਹ ਮਿਟਾਈਆਂ ਨਹੀਂ ਜਾ ਸਕਦੀਆਂ। ਲੋਕ ਇਨ੍ਹਾਂ ਲਕੀਰਾਂ ਨੂੰ ਇੱਕ ਸਦੀਵੀ ਹਕੀਕਤ ਦੇ ਰੂਪ ਵਿੱਚ ਸਵੀਕਾਰ ਕਰੀ ਬੈਠੇ ਜਾਪਦੇ ਹਨ।
-----
ਭਾਰਤੀ ਸਮਾਜ ਵਿੱਚ ਘਰ ਕਰ ਬੈਠੇ ਇਸ ਗ਼ੈਰ-ਮਾਨਵੀ ਵਰਤਾਰੇ ਨੂੰ ਡੰਕੇ ਦੀ ਚੋਟ ਉੱਤੇ ਚੁਣੌਤੀ ਦੇਣ ਦਾ ਸਿਹਰਾ ਸਿੱਖ ਧਰਮ ਦੇ ਬਾਨੀ ਗੁਰੂ ਗੋਬਿੰਦ ਸਿੰਘ ਨੂੰ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਨੇ ਇੱਕ ਨਵੇਂ ਸਮਾਜ ਦੀ ਸਿਰਜਣਾ ਕੀਤੀ। ਜਿਸਦਾ ਨਾਮ ‘ਖ਼ਾਲਸਾ’ ਰੱਖਿਆ ਗਿਆ। ਇਹ ਨਵਾਂ ਸਮਾਜ ਵਰਣਵੰਡ ਰਹਿਤ ਸੀ। ਜਿਸ ਕਾਰਨ ਇਹ ਸਮਾਜ ਮਨੂੰਵਾਦ ਲਈ ਸਿੱਧੀ ਚੁਣੌਤੀ ਸੀ। ਭਾਰਤੀ ਸਭਿਅਤਾ ਦੇ ਇਤਿਹਾਸ ਵਿੱਚ ਵਾਪਰੀ ਇਸ ਕ੍ਰਾਂਤੀਕਾਰੀ ਘਟਨਾ ਨੂੰ ਤਲਵਿੰਦਰ ਸਿੰਘ ਸੱਭਰਵਾਲ ਆਪਣੇ ਨਿਬੰਧ ‘ਭਾਰਤੀ ਧਰਤ ਤੇ ਧਰਮ’ ਵਿੱਚ ਕੁਝ ਇਸ ਤਰ੍ਹਾਂ ਬਿਆਨ ਕਰਦਾ ਹੈ:
.........
...ਖਾਲਸਾ ਸੁਣੇਗਾ, ਬੋਲੇਗਾ ਤੇ ਪੜ੍ਹੇਗਾ...ਖਾਲਸਾ ਪੂਰੇ ਹਥਿਆਰਾਂ ਨਾਲ ਲੈਸ ਹੋ ਕੇ ਰਹੇਗਾ। ਕਿਉਂਕਿ ਬ੍ਰਾਹਮਣਵਾਦ ਸ਼ੂਦਰਾਂ ਨੂੰ ਹਥਿਆਰ ਰੱਖਣ ਦੀ ਮਨਾਹੀ ਕਰਦਾ ਸੀ। ਖਾਲਸਾ ਸਰਬ ਲੋਹ ਦੇ ਬਰਤਨਾਂ ‘ਚ ਖਾਏ ਪੀਏਗਾ। ਕਿਉਂਕਿ ਸ਼ੂਦਰਾਂ ਨੂੰ ਸਿਰਫ਼ ਮਿੱਟੀ ਦੇ ਟੁੱਟੇ ਹੋਏ ਭਾਂਡਿਆਂ ‘ਚ ਖਾਣ ਦਾ ਹੁਕ਼ਮ ਸੀ। ਖਾਲਸਾ ਸਿਰ ਉੱਤੇ ਦਸਤਾਰ, ਕਲਗੀ ਅਤੇ ਬਸਤਰ ਪਹਿਨੇਗਾ। ਕਿਉਂਕਿ ਸ਼ੂਦਰਾਂ ਨੂੰ ਸਿਰ ਉੱਤੇ ਖੰਭ ਲਾ ਕੇ ਅਤੇ ਮੁਰਦਿਆਂ ਦੇ ਖੱਫਣ ਤੇ ਫਟੇ ਪੁਰਾਣੇ ਕੱਪੜੇ ਪਾਉਣ ਦਾ ਹੁਕ਼ਮ ਸੀ। ਖਾਲਸਾ ਹਮੇਸ਼ਾ ਫਤਿਹ ਦਾ ਨਾਅਰਾ ਲਾਏਗਾ। ਕਿਉਂਕਿ ਬ੍ਰਾਹਮਣਵਾਦ ਵਿਚਾਰਧਾਰਾ ਨੇ ਸ਼ੂਦਰਾਂ ਨੂੰ ਹਰ ਖੇਤਰ ਵਿੱਚ ਹਾਰ ਦਿੱਤੀ ਸੀ। ਖਾਲਸਾ ਘੋੜੇ ਦੀ ਸਵਾਰੀ ਕਰੇਗਾ ਕਿਉਂਕਿ ਸ਼ੂਦਰਾਂ ਨੂੰ ਉੱਚੀ ਥਾਂ ਬੈਠਣ ਤੇ ਗਰਮ ਸਰੀਆਂ ਨਾਲ ਦਾਗਣ ਦਾ ਹੁਕ਼ਮ ਸੀ। ਖਾਲਸਾ ਇਕ ਹੀ ਬਾਟੇ ਵਿੱਚੋਂ ਅੰਮ੍ਰਿਤ ਪਾਨ ਕਰੇਗਾ। ਕਿਉਂਕਿ ਸ਼ੂਦਰਾਂ ਤੇ ਉੱਚ ਜਾਤਾਂ ਵਿੱਚ ਭਿੱਟ ਦਾ ਰਿਵਾਜ਼ ਸੀ। ਖਾਲਸਾ ਭਿੱਟ ਨਹੀਂ ਕਰੇਗਾ ਅਤੇ ਇੱਕ ਪੰਗਤ ‘ਚ ਬੈਠ ਕੇ ਲੰਗਰ ਛਕੇਗਾ। ਕਿਉਂਕਿ ਬ੍ਰਾਹਮਣ ਵਿਚਾਰਧਾਰਾ ਨੇ ਸਮਾਜ ਵਿੱਚੋਂ ਰੋਟੀ ਦੀ ਸਾਂਝ ਖ਼ਤਮ ਕਰ ਦਿੱਤੀ ਤੇ ਇੱਕ ਦੂਸਰੀ ਜ਼ਾਤ ਤੋਂ ਅੰਨ ਖਾਣ ਦੀ ਨਫ਼ਰਤ ਫੈਲਾਈ ਹੋਈ ਸੀ। ਖਾਲਸਾ ਆਪਣੇ ਨਾਂ ਨਾਲ ਸਿੰਘ ਲਗਾ ਕੇ ਸ਼ੇਰ ਬਣੇਗਾ ਕਿਉਂਕਿ ਸ਼ੂਦਰਾਂ ਦੀ ਕਦਰ ਕਾਂ, ਕੁੱਤੇ, ਬਿੱਲੇ ਦੇ ਬਰਾਬਰ ਮਿੱਥੀ ਗਈ ਸੀ। ਉਹ ਅਨਿਆਂ ਦੇ ਬਰਾਬਰ ਚੂੰ ਤੱਕ ਵੀ ਨਹੀਂ ਕਰ ਸਕਦੇ ਤੇ ਉਹਨਾਂ ਦੇ ਨਾਂ ਭੱਦੇ ਕਿਸਮ ਦੇ ਰੱਖਣ ਦਾ ਹੁਕ਼ਮ ਸੀ। ਖਾਲਸਾ ਸਾਰੇ ਸਮਾਜ ਦੇ ਲੋਕਾਂ ਨੂੰ ਮਾਂ, ਭੈਣ, ਭਾਈ ਦਾ ਸਤਿਕਾਰ ਦੇਵੇਗਾ ਕਿਉਂਕਿ ਸ਼ੂਦਰਾਂ ਨੂੰ ਸਿਵਾਏ ਆਪਣੀ ਜ਼ਾਤ ਦੇ ਰਿਸ਼ਤੇ ਬਣਾਉਣ ਦੀ ਆਗਿਆ ਨਹੀਂ ਸੀ।
-----
ਸਿੱਖ ਧਰਮ ਦੇ ਬਾਨੀ ਗੁਰੂ ਗੋਬਿੰਦ ਸਿੰਘ ਨੇ ਭਾਵੇਂ ਕਿ ਸਿੱਖ ਧਰਮ ਦੀ ਨੀਂਹ ਰੱਖਣ ਵੇਲੇ ਭਾਰਤੀ ਸਭਿਅਤਾ ਦੇ ਸੰਦਰਭ ਵਿੱਚ ਬਹੁਤ ਵੱਡੀ ਕ੍ਰਾਂਤੀਕਾਰੀ ਗੱਲ ਕੀਤੀ ਸੀ, ਇੱਕ ਅਜਿਹੇ ਸਮਾਜ ਦੀ ਸਿਰਜਣਾ ਦੀ ਨੀਂਹ ਰੱਖੀ ਸੀ ਜਿਸ ਬਾਰੇ ਉਨ੍ਹਾਂ ਸਮਿਆਂ ਵਿੱਚ ਸੋਚਣਾ ਵੀ ਮੁਸ਼ਕਿਲ ਸੀ। ਇੱਕ ਅਜਿਹੇ ਸਮਾਜ ਦੀ ਸਿਰਜਣਾ ਜਿਸ ਵਿੱਚ ਕੋਈ ਉੱਚਾ-ਨੀਂਵਾਂ ਨਹੀਂ ਹੋਵੇਗਾ, ਜਿਸ ਸਮਾਜ ਵਿੱਚ ਕੋਈ ਜ਼ਾਤ-ਪਾਤ ਨਹੀਂ ਹੋਵੇਗੀ। ਜਿਸ ਸਮਾਜ ਵਿੱਚ ਕੋਈ ਭਿੱਟ ਨਹੀਂ ਹੋਵੇਗੀ। ਜਿਸ ਸਮਾਜ ਵਿੱਚ ਕੋਈ ਵਰਨ-ਵੰਡ ਨਹੀਂ ਹੋਵੇਗੀ। ਪਰ ਸਮੇਂ ਦੇ ਬੀਤਣ ਨਾਲ ‘ਸਿੱਖ ਧਰਮ’ ਜਾਂ ‘ਖਾਲਸਾ’ ਵੀ ਮਨੂੰਵਾਦ ਦੇ ਪ੍ਰਭਾਵ ਹੇਠ ਆਉਣ ਲੱਗਾ। ਮਨੂੰਵਾਦ ਵੱਲੋਂ ਜਿਹੜੀਆਂ ਕੁਰੀਤੀਆਂ ਸਮਾਜ ਵਿੱਚ ਪ੍ਰਚੱਲਿਤ ਕੀਤੀਆਂ ਗਈਆਂ ਸਨ, ਮਨੂੰਵਾਦ ਵੱਲੋਂ ਸਮਾਜ ਵਿੱਚ ਜਿਹੜੀ ਗ਼ੈਰ-ਮਾਨਵੀ ਵੰਡ ਪੈਦਾ ਕੀਤੀ ਹੋਈ ਸੀ - ਜਿਸ ਨੂੰ ਚੁਣੌਤੀ ਦੇਣ ਲਈ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਮੇਂ ਦੀ ਸਭ ਤੋਂ ਵੱਧ ਕ੍ਰਾਂਤੀਕਾਰੀ ਵਿਚਾਰਧਾਰਾ ਭਾਰਤੀ ਸਭਿਅਤਾ ਨੂੰ ਦਿੱਤੀ ਸੀ। ਉਸ ਵਿਚਾਰਧਾਰਾ ਨੂੰ ਮੰਨਣ ਵਾਲੇ ਲੋਕਾਂ, ਸਿੱਖਾਂ ਵੱਲੋਂ, ਅੱਜ ਉਸ ਵਿਚਾਰਧਾਰਾ ਦੇ ਮੁੱਢਲੇ ਅਸੂਲਾਂ ਨੂੰ ਹੀ ਭੁਲਾ ਦਿੱਤਾ ਗਿਆ। ਤਲਵਿੰਦਰ ਸਿੰਘ ਸੱਭਰਵਾਲ ਇਸ ਇਤਿਹਾਸਕ ਤੱਥ ਨੂੰ ਆਪਣੇ ਨਿਬੰਧ ‘ਇਤਿਹਾਸਕ ਲੇਖਾ ਜੋਖਾ’ ਵਿੱਚ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:
...........
1.ਉਹ ਕੁਰਬਾਨੀਆਂ ਦੇਣ ਵਾਲਾ ਸਿੰਘ ਜਾਤ ਪਾਤ ਦੇ ਆਧਾਰ ਤੇ ਨੀਚ ਬਣਾ ਦਿੱਤਾ ਤੇ ਜਾਤ ਅਭਿਮਾਨੀ ਸਿੰਘ ਨੂੰ ਇਹਨਾਂ ਤੋਂ ਭਿੱਟ ਤੇ ਬੋਅ ਆਉਣ ਲੱਗ ਪਈ। ਇਹ ਇੱਕ ਸਚਾਈ ਲੰਬੇ ਸਮੇਂ ਦੀ ਖੋਜ ਤੋਂ ਬਾਅਦ ਲਿਖਣ ਦਾ ਉੱਦਮ ਕੀਤਾ ਹੈ, ਉਹ ਸਿੱਖ ਪ੍ਰੰਪਰਾ ਦੇ ਉਲਟ ਚੱਲ ਰਿਹਾ ਹੈ। ਸ਼ਾਇਦ ਇਹ ਉਸ ਨੂੰ ਹਜ਼ਮ ਨਾ ਹੋਵੇ। ਅੰਗ੍ਰੇਜ਼ਾਂ ਨੂੰ ਡੋਗਰਿਆਂ ਰਾਜ ਥਾਲੀ ‘ਚ ਪ੍ਰੋਸ ਕੇ ਦਿੱਤਾ ਤੇ ਆਪ ਰਾਜ ਦੀ ਲਾਲਸਾ ਨਾਲ ਲੱਖਾਂ ਹੀ ਸਿੰਘਾਂ ਦੇ ਕ਼ਾਤਿਲਾਂ ਦੀ ਲਾਈਨ ‘ਚ ਜਾ ਲੱਗੇ।
.........
2.ਬੁੱਧ ਸਿੰਘ ਦਾ ਪੁੱਤਰ ਚੰਦਾ ਸਿੰਘ ਤੇ ਨੌਦ ਸਿੰਘ ਦਾ ਪੁੱਤਰ ਚੜ੍ਹਤ ਸਿੰਘ, ਚੜ੍ਹਤ ਸਿੰਘ ਦਾ ਪੁੱਤਰ ਮਹਾਂ ਸਿੰਘ ਮਹਾਰਾਜੇ ਰਣਜੀਤ ਸਿੰਘ ਦਾ ਬਾਪ ਸੀ। ਜੋ ਸਿੱਖ ਰਾਜ ਦਾ ਮਹਾਰਾਜਾ ਅਖਵਾਇਆ। ਤੇਰਾਂ ਸੌ ਘੋੜਸਵਾਰ ਦੀ ਮਿਸਲ ਬੀਰ ਸਿੰਘ ਰੰਗਰੇਟੇ ਦੀ ਕਮਾਂਡ ਹੇਠ ਸੀ। ਰਾਜਿਆਂ ‘ਚ ਗੁਰੂ ਪੰਥ ਦੀ ਸੇਵਾ ਦੀ ਥਾਂ ਜਾਤੀ ਹੰਕਾਰ ਦੇ ਕਾਰਨ ਇਸ ਬੀਰ ਸਿੰਘ ਦੀ ਮਿਸਲ ਨੂੰ ਸ. ਚੜ੍ਹਤ ਸਿੰਘ ਅਤੇ ਬਾਬਾ ਆਲਾ ਸਿੰਘ ਦਿਲੋਂ ਨਹੀਂ ਸੀ ਭਾਉਂਦੇ। ਅਕਾਲ ਤਖ਼ਤ ਤੋਂ ਹੁਕਮਨਾਮਾ ਭੇਜ ਕੇ ਬੀਰ ਸਿੰਘ ਸਣੇ ਨਿਹੰਗ ਸਿੰਘ ਭਾਵ ਮਿਸਲ ਦੇ ਸਿਪਾਹੀ ਅੰਮ੍ਰਿਤਸਰ ਬੁਲਾ ਕੇ ਰਾਮ ਰੌਣੀ ਠਹਿਰਾਏ ਗਏ। ਫੇਰ ਪੰਜ ਪੰਜ ਦੇ ਜਥੇ ਭੀੜ ਦੇ ਬਹਾਨੇ ਨਿਰ ਸ਼ਸ਼ਤਰ ਕਰਕੇ ਭੇਜੇ ਗਏ। ਉਹ ਗੁਰੂ ਦਰਸ਼ਨ ਲਈ ਗਿਆਂ ਨੂੰ ਪ੍ਰਕਰਮਾਂ ਵਿੱਚ ਝਟਕਾਈ ਜਾਂਦੇ ਸਨ। ਉਸ ਵਕਤ ਵੀ ਉਹ ਸਰੋਵਰ ਦਾ ਪਾਣੀ ਲਹੂ ਤੇ ਮਿੱਝ ਨਾਲ ਸੁਰਖ਼ ਹੋਇਆ ਹੋਇਆ ਸੀ ਤੇ ਇਸ ਰੰਘਰੇਟਾ ਮਿਸਲ ਦਾ ਭੋਗ ਪੈ ਗਿਆ। ਕਿਸੇ ਤਰ੍ਹਾਂ ਕਾਰਵਾਈ ਲੀਕ ਹੋ ਗਈ ਤੇ ਬਚਦੇ ਸਿੰਘ ਗੜ੍ਹੀ ‘ਚੋਂ ਜਿਧਰ ਮੂੰਹ ਹੋਇਆ ਭੱਜ ਤੁਰੇ ਉਹਨਾਂ ‘ਚੋਂ ਜ਼ਿਆਦਾ ਜਾ ਕੇ ਜੰਮੂ ਦੇ ਏਰੀਏ ‘ਚ ਵੱਸੇ। ਹਰੀ ਸਿੰਘ ਨਲੂਆ ਉਹਨਾਂ ਦੀ ਸੰਤਾਨ ‘ਚੋਂ ਸੀ। ਜੋ ਸੂਰਬੀਰ ਨਲੂਆ ਦੇ ਨਾਂ ਨਾਲ ਪ੍ਰਸਿੱਧ ਹੋਇਆ।
-----
‘ਸਿੱਖ ਧਰਮ’ ਵਿੱਚ ਬ੍ਰਾਹਮਣਵਾਦ ਦੇ ਅਸਰ ਹੇਠ ਜ਼ਾਤ-ਪਾਤ ਦੇ ਉਭਾਰ ਦੀ ਇੱਕ ਹੋਰ ਵੱਡੀ ਮਿਸਾਲ ਆਪਣੇ ਨਿਬੰਧ ‘ਹਊ ਨੀਚ ਕਰਹੁ ਬੇਨਤੀ। ਸਾਚੁ ਨਾ ਛੱਡੋ ਭਾਈ’ ਵਿੱਚ ਤਲਵਿੰਦਰ ਸਿੰਘ ਸੱਭਰਵਾਲ ਕੁਝ ਇਸ ਤਰ੍ਹਾਂ ਬਿਆਨ ਕਰਦਾ ਹੈ:
............
ਸਿੱਖ ਰਾਜ ਦੀ ਢਹਿੰਦੀ ਕਲਾ ਤੇ ਅੰਗਰੇਜ਼ ਰਾਜ ‘ਚ ਬ੍ਰਾਹਮਣਵਾਦ ਬਹੁਤ ਪ੍ਰਫੁੱਲਤ ਹੋਇਆ। ਜ਼ਾਤ ਪਾਤ ਸਿਖਰਾਂ ਤੇ ਆਈ ਤੇ ਸਿੱਖਾਂ ‘ਚੋਂ ਵੀ ਸਿੱਖ ਹੋਣ ਦੇ ਬਾਵਜ਼ੂਦ ਜਾਤੀਵਾਦ ਜੁੜਦਾ ਰਿਹਾ। ਰਾਮਗੜ੍ਹੀਆ ਸਿੰਘ, ਜੱਟ ਸਿੰਘ, ਮਜ਼੍ਹਬੀ ਸਿੰਘ, ਰਵੀਦਾਸੀਆ ਸਿੰਘ ਆਦਿਕ। ਉਤਲੀ ਜਾਤੀ ਦੇ ਸਿੰਘ ਆਪਣੇ ਆਪ ਨੂੰ ਅੱਬਲ ਦਰਜਾ ਸਿੰਘ ਸਮਝਦੇ ਹਨ ਤੇ ਬਾਕੀ ਸਾਰੀ ਕੌਮ, ਸੋਮ ਹਨ। ਪਰ ਸਿੱਖ ਕ੍ਰਾਂਤੀਕਾਰੀ ਜ਼ਿਆਦਾ ਕਰਕੇ ਸ਼ੂਦਰਾਂ ਤੇ ਨੀਵੀਂ ਜਾਤ ਵੰਸ਼ਾਂ ਵਿਚੋਂ ਆਏ ਸਨ....1935-36 ਵਿੱਚ ਡਾਕਟਰ ਅੰਬੇਦਕਰ ਲੱਗ ਭੱਗ ਛੇ ਸੱਤ ਕਰੋੜ ਅਛੂਤਾਂ ਦੇ ਪਰਮਾਣਿਕ ਨੇਤਾ ਸਨ। ਆਪ ਨੇ ਇਹ ਇੱਛਾ ਪ੍ਰਗਟ ਕੀਤੀ ਕਿ ਦੇਸ਼ ਦੇ ਸਾਰੇ ਅਛੂਤ ਸਿੱਖ ਬਣ ਜਾਣ ਤਾਂ ਇਹ ਜ਼ਾਤ ਪਾਤ ਦੀ ਹਜ਼ਾਰਾਂ ਵਰ੍ਹਿਆਂ ਦੀ ਗ਼ੁਲਾਮੀ ਤੋਂ ਮੁਕਤ ਹੋ ਸਕਦੇ ਹਨ। ਪਰ ਅਕਾਲੀ ਆਗੂ ਤੇ ਸਿਰਕੱਢ ਲੀਡਰ ਹਰਨਾਮ ਸਿੰਘ ਡੱਲਾ ਐਮ.ਏ., ਐੱਲ.ਐੱਲ.ਬੀ., ਜੱਜ ਹਾਈਕੋਰਟ ਨੇ ਆਖਿਆ ਕਿ ਛੇ ਕਰੋੜ ਅਛੂਤਾਂ ਨੂੰ ਸਿੱਖ ਬਣਾ ਕੇ ਦਰਬਾਰ ਸਾਹਿਬ ਚੂੜ੍ਹਿਆਂ ਨੂੰ ਦੇ ਛੱਡੀਏ।
-----
ਜ਼ਾਤ-ਪਾਤ ਦੇ ਕੀਟਾਣੂੰ ਭਾਰਤੀ ਮਾਨਸਿਕਤਾ ਦਾ ਇਸ ਤਰ੍ਹਾਂ ਅੰਗ ਬਣ ਚੁੱਕੇ ਹਨ ਕਿ ਇਹ ਇਨ੍ਹਾਂ ਲੋਕਾਂ ਦਾ ਡੀ.ਐਨ.ਏ. ਦਾ ਹੀ ਹਿੱਸਾ ਬਣ ਗਏ ਜਾਪਦੇ ਹਨ। ਇਸ ਖਿੱਤੇ ਦੇ ਲੋਕ ਚਾਹੇ ਕੋਈ ਵੀ ਧਰਮ ਅਖਤਿਆਰ ਕਰ ਲੈਣ, ਉਨ੍ਹਾਂ ਦੀ ਮਾਨਸਿਕਤਾ ਵਿੱਚ ਮਨੂੰਵਾਦ ਦੇ ਪੈਦਾ ਕੀਤੇ ਹੋਏ ਜ਼ਾਤ-ਪਾਤ ਦੇ ਕੀੜੇ ਕੁਰਬਲ, ਕੁਰਬਲ ਕਰਦੇ ਹੀ ਰਹਿੰਦੇ ਹਨ। ਉਹ ਚਾਹੇ ਸਿੱਖ, ਮੁਸਲਮਾਨ, ਈਸਾਈ, ਜੈਨੀ, ਬੋਧੀ ਜਾਂ ਕਿਸੇ ਹੋਰ ਧਰਮ ਦੇ ਪੈਰੋਕਾਰ ਹੀ ਕਿਉਂ ਨਾ ਬਣ ਜਾਣ ਉਨ੍ਹਾਂ ਦੀ ਮਾਨਸਿਕਤਾ ਵਿੱਚ ਜ਼ਾਤ-ਪਾਤ ਦਾ ਜ਼ਹਿਰੀ ਨਾਗ ਵਿਸ ਘੋਲਦਾ ਹੀ ਰਹਿੰਦਾ ਹੈ। ਤਲਵਿੰਦਰ ਸਿੰਘ ਸੱਭਰਵਾਲ ਇਸ ਤੱਥ ਨੂੰ ਆਪਣੇ ਨਿਬੰਧ ‘ਇਤਿਹਾਸਕ ਲੇਖਾ ਜੋਖਾ’ ਵਿੱਚ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:
..........
ਮਹਾਤਮਾ ਬੁੱਧ ਨੇ ਵੀ ਪੱਚੀ ਸੌ ਸਾਲ ਪਹਿਲਾਂ ਇਸ ਬ੍ਰਾਹਮਣਵਾਦ ਤੋਂ ਲੱਗਭਗ ਭਾਰਤ ਦਾ ਉੱਤਰੀ ਹਿੱਸਾ ਮੁਕਤ ਹੀ ਕਰਵਾ ਦਿੱਤਾ ਸੀ। ਤੇ ਲੋਕ ਜ਼ਿਆਦਾਤਰ ਬੋਧੀ ਧਰਮ ਦੇ ਅਨੁਯਾਈ ਹੋ ਗਏ ਸਨ। 712 ਈਸਵੀ ਵਿੱਚ ਮੁਹੰਮਦ ਬਿਨ ਕਾਸਮ ਦਾ ਸਿੰਧ ਦੀ ਧਰਤੀ ਤੇ ਆਉਣਾ ਤੇ ਇਸਲਾਮ ਦਾ ਪ੍ਰਚਾਰ। ਇਹੀ ਕਾਰਨ ਹੈ ਕਿ ਇਸ ਖਿੱਤੇ ਦੇ ਲੋਕਾਂ ਵਿੱਚ ਪਰਿਵਾਰਕ ਨਾਂ ਰਲਦੇ ਹਨ। ਧਰਮ ਤੇ ਕਿੱਤੇ ਬਦਲ ਗਏ ਪਰ ਬ੍ਰਾਹਮਣਵਾਦ ਨਹੀਂ ਬਦਲ ਸਕਿਆ। ਪਾਕਿਸਤਾਨ ਚੌਧਰੀ ਅਸਲਮ ਮਾਨ ਹੈ ਤਾਂ ਸਰਹੱਦ ਦੇ ਇਸ ਪਾਰ ਵਰਿਆਮ ਸਿੰਘ ਮਾਨ ਹੈ। ਕਿੱਤੇ ਤੇ ਜਾਤੀ ਇਹ ਗੋਤਰ ਵੱਖ ਵੱਖ ਜਾਤਾਂ ਦੀਆਂ ਕੰਧਾਂ ਅੰਦਰ ਲੁਕੋ ਕੇ ਰੱਖੇ ਹਨ। ਕੀ ਆਪਾਂ ਨੂੰ ਲੱਗਦਾ ਹੈ ਕਿ ਅਸੀਂ ਗੁਰੂ ਸਾਹਿਬਾਂ ਦੇ ਹੁਕਮ/ਸਿਧਾਂਤ ਜਾਂ ਚਲਾਏ ਪੰਥ ਨੂੰ ਮੰਨ ਰਹੇ ਹਾਂ?
-----
ਭਾਰਤੀ ਸਮਾਜ ਦੇ ਵਧੇਰੇ ਸਮਾਜਿਕ ਜਾਂ ਸਭਿਆਚਾਰਕ ਸੰਕਟ ਜ਼ਾਤ-ਪਾਤ ਦੀ ਵੰਡ ਦੀ ਹੀ ਦੇਣ ਹਨ। ਭਾਵੇਂ ਕਿ ਨਵੀਂ ਪੌਦ ਅਜਿਹੀ ਸਮਾਜਿਕ ਪ੍ਰਣਾਲੀ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਜ਼ਾਤ-ਪਾਤ ਪ੍ਰਣਾਲੀ ਦੀ ਪਕੜ ਏਨੀ ਪੀਡੀ ਹੈ ਕਿ ਇਸ ਮਾਨਸਿਕ ਗੁਲਾਮੀ ਦੀ ਜਕੜ ਵਿੱਚੋਂ ਆਜ਼ਾਦ ਹੋਣ ਲਈ ਭਾਰਤੀ ਮੂਲ ਦੇ ਲੋਕਾਂ ਨੂੰ ਅਜੇ ਸੈਂਕੜੇ ਸਾਲ ਹੋਰ ਲੱਗ ਜਾਣਗੇ। ਵੱਡੀ ਚਿੰਤਾ ਦਾ ਕਾਰਨ ਇਹ ਹੈ ਕਿ ਜਦੋਂ ਕਿ ਭਾਰਤੀ ਮੂਲ ਦੇ ਲੋਕਾਂ ਨੂੰ ਭਾਰਤ ਤੋਂ ਬਾਹਰ ਆ ਕੇ ਅਜਿਹੀ ਮਾਨਸਿਕ ਗ਼ੁਲਾਮੀ ‘ਚੋਂ ਬਾਹਰ ਨਿਕਲ ਜਾਣਾ ਚਾਹੀਦਾ ਸੀ; ਪਰ ਦੇਖਣ ਵਿੱਚ ਆ ਰਿਹਾ ਹੈ ਕਿ ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਹੋਰਨਾਂ ਵਿਕਸਤ ਪੱਛਮੀ ਮੁਲਕਾਂ ਵਿੱਚ ਆ ਕੇ ਵੱਸਣ ਵਾਲੇ ਭਾਰਤੀ ਮੂਲ ਦੇ ਲੋਕ ਪਹਿਲਾਂ ਨਾਲੋਂ ਵੀ ਵੱਧ ਜ਼ਾਤ-ਪਾਤ ਦੀ ਵੰਡ ਵਿੱਚ ਯਕੀਨ ਕਰ ਰਹੇ ਹਨ।
-----
ਅਨੇਕਾਂ ਹੋਰ ਚਰਚਿਤ ਭਾਰਤੀ ਰਾਜਸੀ ਨੇਤਾਵਾਂ ਵਾਂਗ ਮਹਾਤਮਾ ਗਾਂਧੀ ਵੀ ਜ਼ਾਤ-ਪਾਤ ਦਾ ਹਿਮਾਇਤੀ ਸੀ। ਉਸਦਾ ਤਾਂ ਯਕੀਨ ਸੀ ਕਿ ਜ਼ਾਤ-ਪਾਤ ਉੱਤੇ ਆਧਾਰਿਤ ਵੰਡ ਬਿਨ੍ਹਾਂ ਤਾਂ ਸਮਾਜ ਸਥਿਰ ਰਹਿ ਹੀ ਨਹੀਂ ਸਕਦਾ। ਤਲਵਿੰਦਰ ਸਿੰਘ ਸੱਭਰਵਾਲ ਆਪਣੇ ਨਿਬੰਧ ‘ਗਾਂਧੀ ਜੀ’ ਵਿੱਚ ਇਹ ਤੱਥ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:
..........
1.ਮੈਂ ਅਜਿਹੇ ਸਾਰੇ ਲੋਕਾਂ ਦਾ ਵਿਰੋਧੀ ਹਾਂ ਜੋ ਜ਼ਾਤਪਾਤ ਨਸ਼ਟ ਕਰਨਾ ਚਾਹੁੰਦੇ ਹਨ। ਮੇਰੀ ਮਤ ਹੈ ਕਿ ਹਿੰਦੂ ਸਮਾਜ ਤਾਂ ਹੀ ਸਥਿਰ ਰਹਿ ਸਕਦਾ ਹੈ ਕਿਉਂਕਿ ਇਹ ਜ਼ਾਤ ਪਾਤ ਤੇ ਆਧਾਰਿਤ ਹੈ।
............
2.ਸ਼ੂਦਰ ਵਿੱਦਿਆ ਸਿੱਖ ਕੇ ਉਸ ਦੁਆਰਾ ਆਪਣੀ ਰੋਜ਼ੀ ਰੋਟੀ ਕਮਾ ਸਕਦਾ। ਰੋਜ਼ੀ ਉਸਨੂੰ ਸਿਰਫ਼ ਆਪਣੇ ਵਰਣ ਦੇ ਪੇਸ਼ੇ ਕਰਕੇ ਹੀ ਕਮਾਉਣੀ ਚਾਹੀਦੀ ਹੈ।
-----
ਇਸ ਤਰ੍ਹਾਂ ਵੱਖੋ ਵੱਖ ਪਹਿਲੂਆਂ ਤੋਂ ਗੱਲ ਕਰਦਾ ਹੋਇਆ ਤਲਵਿੰਦਰ ਸਿੰਘ ਸੱਭਰਵਾਲ ਆਪਣੀ ਪੁਸਤਕ ‘ਹਤਿਆਰਾ ਦੇਵ’ ਵਿੱਚ ਇਹ ਗੱਲ ਉਭਾਰਦਾ ਹੈ ਕਿ ਭਾਰਤ ਉੱਤੇ ਬਾਹਰੋਂ ਆ ਕੇ ਕਾਬਜ਼ ਹੋਏ ਆਰੀਆ ਲੋਕਾਂ ਨੇ ਭਾਰਤ ਦੇ ਮੂਲਵਾਸੀ ਦਰਾਵੜ ਲੋਕਾਂ ਨੂੰ ਪੂਰੀ ਤਰ੍ਹਾਂ ਆਪਣੇ ਕਾਬੂ ਵਿੱਚ ਰੱਖਣ ਲਈ ‘ਮਨੂੰਵਾਦ’ ਨਾਮ ਦਾ ਇੱਕ ਅਜਿਹਾ ਸ਼ਕਤੀਸ਼ਾਲੀ ਅਤੇ ਗ਼ੈਰ-ਮਾਨਵੀ ਸ਼ਿਕੰਜਾ ਕੱਸਿਆ ਜਿਸ ਦੀ ਮਾਰ ਹੇਠ ਸਮਾਜ, ਸਭਿਆਚਾਰ, ਰਾਜਨੀਤੀ, ਧਰਮ ਅਤੇ ਆਰਥਿਕਤਾ ਬੜੀ ਆਸਾਨੀ ਨਾਲ ਆ ਗਏ। ਜਿਨ੍ਹਾਂ ਲੋਕਾਂ ਨੇ ਮਨੂੰਵਾਦ ਦੇ ਸ਼ਿਕੰਜੇ ਵਿੱਚ ਜਕੜੇ ਜਾਣਾ ਕਬੂਲ ਨ ਕੀਤਾ ਉਨ੍ਹਾਂ ਨੂੰ ‘ਅਛੂਤ’ ਕਹਿ ਕੇ ਸਮਾਜਿਕ ਤਾਣੇ-ਬਾਣੇ ਤੋਂ ਬਾਹਰ ਕਰ ਦਿੱਤਾ ਗਿਆ। ਦਰਾਵੜ ਲੋਕਾਂ ਵਿੱਚੋਂ ਜਿਹੜੇ ਲੋਕਾਂ ਨੇ ਆਰੀਅਨ ਲੋਕਾਂ ਦੇ ਅਜਿਹੇ ਸ਼ਿਕੰਜੇ ਵਿੱਚ ਜਕੜਿਆ ਜਾਣਾ ਸਵੀਕਾਰ ਕਰ ਲਿਆ, ਉਨ੍ਹਾਂ ਨੂੰ ਸਮਾਜ ਵਿੱਚ ਮਾਨ-ਸਨਮਾਨ ਦਿੱਤਾ ਗਿਆ; ਪਰ ਇਸ ਸ਼ਿਕੰਜੇ ਵਿੱਚ ਜਕੜੇ ਜਾਣ ਤੋਂ ਵਿਦਰੋਹ ਕਰਨ ਵਾਲੇ ਲੋਕਾਂ ਨੂੰ ‘ਅਛੂਤ’ ਕਹਿ ਕੇ ਉਨ੍ਹਾਂ ਤੋਂ ਹਰ ਤਰ੍ਹਾਂ ਦੇ ਮਾਨਵੀ ਅਧਿਕਾਰਾਂ ਨੂੰ ਖੋਹ ਲਿਆ ਗਿਆ। ਭਾਰਤੀ ਸਮਾਜ ਵਿੱਚ ਵਾਪਰੇ ਅਜਿਹੇ ਮਹਾਂ-ਦੁਖਾਂਤ ਕਾਰਨ ਹਜ਼ਾਰਾਂ ਸਾਲਾਂ ਤੋਂ ਦੁੱਖ ਭੋਗ ਰਹੇ ਲੱਖਾਂ/ਕਰੋੜਾਂ ਭਾਰਤੀ ਮੂਲ ਦੇ ਲੋਕਾਂ ਨੂੰ ਇਸ ਹਕੀਕਤ ਬਾਰੇ ਕੋਈ ਗਿਆਨ ਹੀ ਨਹੀਂ ਕਿ ਉਨ੍ਹਾਂ ਦੀ ਇਹ ਤਰਸਯੋਗ ਹਾਲਤ ਕਿਵੇਂ ਅਤੇ ਕਿਉਂ ਹੋਈ ਅਤੇ ਇਸ ਜੁਲਮ ਲਈ ਕਿਹੜੀਆਂ ਸ਼ਕਤੀਆਂ ਜਾਂ ਧਿਰਾਂ ਜ਼ਿੰਮੇਵਾਰ ਹਨ। ਇਸ ਗ਼ੈਰ-ਮਾਨਵੀ ਸਿਸਟਮ ਨੂੰ ਲੋਕਾਂ ਦੀ ਮਾਨਸਿਕਤਾ ਦਾ ਹਿੱਸਾ ਬਨਾਉਣ ਲਈ ਆਰੀਅਨ ਲੋਕਾਂ ਨੇ ਸਾਹਿਤ / ਸਭਿਆਚਾਰ/ਧਰਮ ਦੇ ਗ੍ਰੰਥਾਂ ਦੀ ਰਚਨਾ ਕਰਵਾਈ ਅਤੇ ਇਨ੍ਹਾਂ ਰਚਨਾਵਾਂ ਨੂੰ ਪਵਿੱਤਰ ਕਰਾਰ ਦੇ ਕੇ ਭਾਰਤ ਦੇ ਮੂਲਵਾਸੀ ਲੋਕਾਂ ਦੀ ਪਹੁੰਚ ਤੋਂ ਦੂਰ ਕਰ ਦਿੱਤਾ। ਆਰੀਅਨ ਲੋਕਾਂ ਨੇ ਮਨੂੰਵਾਦ ਰਾਹੀਂ ਇਹ ਪਾਬੰਧੀ ਵੀ ਲਗਾ ਦਿੱਤੀ ਕਿ ਆਦਿਵਾਸੀ ਭਾਰਤੀਆਂ ਨੂੰ ਉਹ ਪੁਸਤਕਾਂ ਪੜਣ ਦੀ ਵੀ ਮਨਾਹੀ ਹੈ; ਬਲਕਿ ਉਹ ਇਨ੍ਹਾਂ ਪੁਸਤਕਾਂ ਵਿੱਚ ਕੀ ਲਿਖਿਆ ਹੈ ਸੁਣ ਵੀ ਨਹੀਂ ਸਕਦੇ। ਤਲਵਿੰਦਰ ਸਿੰਘ ਸੱਭਰਵਾਲ ਦੀ ਪੁਸਤਕ ‘ਹਤਿਆਰਾ ਦੇਵ’ ਜਿੱਥੇ ਕਿ ਕਈ ਪਹਿਲੂਆਂ ਤੋਂ ਪਾਠਕ ਦੇ ਮਨ ਵਿੱਚ ਦਿਲਚਸਪੀ ਜਗਾਉਂਦੀ ਹੈ; ਉੱਥੇ ਹੀ ਇਸ ਪੁਸਤਕ ਵਿੱਚ ਪੇਸ਼ ਕੀਤੀਆਂ ਗਈਆਂ ਕੁਝ ਗੱਲਾਂ ਬੇਲੋੜੀਆਂ ਵੀ ਜਾਪਦੀਆਂ ਹਨ। ਉਦਾਹਰਣ ਵਜੋਂ ‘ਗਾਂਧੀ ਜੀ’ ਨਾਮ ਦੇ ਨਿਬੰਧ ਵਿੱਚ ਪੇਸ਼ ਕੀਤੀਆਂ ਗਈਆਂ ਹੇਠ ਲਿਖੀਆਂ ਗੱਲਾਂ ਪੁਸਤਕ ਵਿੱਚ ਛੇੜੇ ਗਏ ਵਿਸ਼ੇ ਤੋਂ ਓਪਰੀਆਂ ਜਾਪਦੀਆਂ ਹਨ:
...........
1.ਗਾਂਧੀ ਜੀ ਮਾਲਿਸ਼ ਕਰਾਉਂਦੇ ਸਮੇਂ ਬਿਲਕੁਲ ਨੰਗੇ ਹੋ ਜਾਂਦੇ ਸਨ ਅਤੇ ਅਕਸਰ ਨੌਜੁਆਨ ਲੜਕੀਆਂ ਹੀ ਉਨ੍ਹਾਂ ਦੀ ਮਾਲਿਸ਼ ਕਰਦੀਆਂ ਸਨ। ਗਾਂਧੀ ਜੀ ਇਸ਼ਨਾਨ ਕਰਦੇ ਜਦੋਂ ਪੂਰਨ ਨੰਗੇ ਹੁੰਦੇ, ਪੁਰਸ਼ ਤੇ ਇਸਤਰੀਆਂ ਦੋਹਾਂ ਦੀ ਸਹਾਇਤਾ ਲਿਆ ਕਰਦੇ ਸਨ। ਗਾਂਧੀ ਜੀ ਦੀ ਇੱਛਾ ਹੁੰਦੀ ਸੀ ਕਿ ਉਹ ਸਰੀਰਕ ਅਤੇ ਅਧਿਆਤਮਕ ਤੌਰ ‘ਤੇ ਬਿਲਕੁਲ ਨੰਗੇ ਹੋ ਜਾਣ।
..........
2. ਉਹ ਇਸਤਰੀਆਂ ਨੂੰ ਆਪਣੇ ਨਾਲ ਸੌਣ ਅਤੇ ਉਸ ਦੀ ਚਾਦਰ ਵਿੱਚ ਉਸਦੇ ਨਾਲ ਲੇਟਣ ਲਈ ਕਹਿੰਦੇ ਸਨ। ਉਹ ਇਹ ਜਾਨਣ ਦਾ ਯਤਨ ਕਰਦੇ ਸਨ ਕਿ ਉਸਦੇ ਨਾਲ ਸੌਣ ਵਾਲੀ ਇਸਤਰੀ ਜਾਂ ਲੜਕੀ ਅੰਦਰ ਕਾਮੁਕਤਾ ਦੀ ਭਾਵਨਾ ਤਾਂ ਪੈਦਾ ਨਹੀਂ ਹੋਈ। ਗਾਂਧੀ ਜੀ ਦੇ ਨੰਗੇ ਸਰੀਰ ਤੇ ਮਾਲਸ਼ ਕਰਨ ਵਾਲਿਆਂ ਵਿੱਚ ਡਾਕਟਰ ਸੁਸ਼ੀਲਾ ਨਾਇਰ ਤੇ ਮਨੂੰਬੇਨ ਵੀ ਸੀ। ਮਨੂੰ ਗਾਂਧੀ ਜੀ ਦੇ ਨਾਲ ਸੌਂਦੀ ਸੀ। ਡਾ. ਸੁਸ਼ੀਲਾ ਨਾਇਰ, ਬਾਅਦ ਵਿੱਚ ਜਦੋਂ ਲੋਕਾਂ ਨੇ ਲੜਕੀਆਂ ਜਿਵੇਂ ਕੁਮਾਰੀ ਮਨੂੰ ਨਾਲ ਕੁਮਾਰੀ ਆਭਾ ਤੇ ਮੇਰੇ ਨਾਲ (ਪ੍ਰੋ.ਐਸ.ਸੀ.ਬੋਸ) ਸਰੀਰਕ ਛੋਹ ਸਬੰਧੀ ਤਰ੍ਹਾਂ ਤਰ੍ਹਾਂ ਦੇ ਸੁਆਲ ਪੁਛਣੇ ਸ਼ੁਰੂ ਕੀਤੇ ਤਾਂ ਬ੍ਰਹਮਚਾਰੀ ਪ੍ਰਯੋਗ ਵਿਚਾਰ ਦੀ ਸਿਰਜਣਾ ਹੋਈ।
..............
3. ਕੁਮਾਰੀ ਮਨੂੰ-ਇੱਕ ਦਿਨ ਅੱਧੀ ਰਾਤ ਨੂੰ ਗਾਂਧੀ ਜੀ ਨੇ ਮੈਨੂੰ ਜਗਾ ਲਿਆ ਤੇ ਗੱਲਾਂ ਕਰਨ ਲੱਗੇ। ਤਦ ਤੋਂ ਮੈਂ ਉਨ੍ਹਾਂ ਦੇ ਨਾਲ ਸੌਣ ਲੱਗੀ। ਮੇਰੀ ਉਮਰ ਉਸ ਵੇਲੇ 14 ਵਰ੍ਹਿਆਂ ਦੀ ਸੀ ਤੇ ਉਨ੍ਹਾਂ ਨਾਲ ਹਮਬਿਸਤਰੀ ਮੈਂ ਨਵਾਖਲੀ ਦੇ ਦੌਰ ਤੋਂ ਸ਼ੁਰੂ ਕੀਤੀ।
...........
4. ਸਰੋਜਨੀ ਨਾਇਡੂ -ਗਾਂਧੀ ਜੀ ਨੇ ਜਿਵੇਂ ਕਈਆਂ ਹੋਰਨਾਂ ਦੀ ਤ੍ਰਿਪਤੀ ਕੀਤੀ ਇਵੇਂ ਹੀ ਨਾਇਡੂ ਨੂੰ ਵੀ ਕੋਮਲਤਾ ਪ੍ਰਦਾਨ ਕੀਤੀ ਅਤੇ ਉਸਦੀ ਕਾਮ ਪੂਰਤੀ ਕੀਤੀ। ਕੁਝ ਹੋਰ ਔਰਤਾਂ ਸਨ ਰਾਜ ਕੁਮਾਰੀ ਅੰਮ੍ਰਿਤ ਕੌਰ, ਸਲੋਚਨਾ, ਪ੍ਰਭਾ ਦੇਵੀ ਆਦਿ।
..............
5.ਗਾਂਧੀ ਪਹਿਲਾਂ ਚੁੱਪਚਾਪ ਲੜਕੀਆਂ ਨੂੰ ਨੰਗੀਆਂ ਕਰਕੇ ਆਪਣੇ ਨਾਲ ਸੁਲਾਉਂਦੇ ਰਹੇ। ਪ੍ਰੰਤੂ ਜਦੋਂ ਸ਼ੈਤਾਨੀਅਤ ਦੇ ਦੌਰ ਸਮੇਂ ਉਨ੍ਹਾਂ ਦੇ ਨਿੱਜੀ ਸਕੱਤਰ ਨਿਰਮਲ ਕੁਮਾਰ ਬੋਸ ਨੇ ਉਨ੍ਹਾਂ ਦੀ ਸ਼ੈਤਾਨੀਅਤ ਦਾ ਭਾਂਡਾ ਭੰਨਿਆ ਅਤੇ ਇਸ ਕੁਕਰਮ ਦੀ ਨਿੰਦਿਆ ਕੀਤੀ ਅਤੇ ਰੋਸ ਵਜੋਂ ਨਿੱਜੀ ਸਕੱਤਰ ਦੀ ਪਦਵੀ ਛੱਡ ਦਿੱਤੀ ਤਾਂ ਇਸ ਬਦਚਲਣੀ ਨੂੰ ਬ੍ਰਹਮਚਾਰੀ ਪ੍ਰਯੋਗ ਦਾ ਨਾਂ ਦਿੱਤਾ ਗਿਆ।
----
ਇਸੇ ਤਰ੍ਹਾਂ ਇਸ ਪੁਸਤਕ ਵਿੱਚ ਖਾਲਿਸਤਾਨ ਪੱਖੀ ਗੱਲਾਂ ਕਰਨੀਆਂ ਵੀ ਬੇਤੁਕੀਆਂ ਲੱਗਦੀਆਂ ਹਨ। ਧਰਮ ਦੇ ਨਾਮ ਉੱਤੇ ਬਣੇ ਪਾਕਿਸਤਾਨ ਦੀ ਉਦਾਹਰਣ ਸਾਡੇ ਸਾਹਮਣੇ ਹੈ। ਕਿਵੇਂ ਮੁਸਲਮਾਨ ਇੱਕ ਦੂਜੇ ਦੇ ਖ਼ੂਨ ਦੇ ਪਿਆਸੇ ਹੋਏ ਹੋਏ ਹਨ। ਕਿਵੇਂ ਮੁਸਲਮਾਨ ਹੀ ਮੁਸਲਮਾਨਾਂ ਦੀਆਂ ਮਸੀਤਾਂ ਨੂੰ ਬੰਬਾਂ ਨਾਲ ਉਡਾ ਰਹੇ ਹਨ। ਅਜੋਕੇ ਸਮਿਆਂ ਦੀ ਮੁੱਖ ਰਾਜਨੀਤੀ ਇਹ ਹੈ ਕਿ ਤੁਸੀਂ ਆਮ ਲੋਕਾਂ ਦੇ ਦੁੱਖ-ਸੁੱਖ ਨਾਲ ਖੜ੍ਹੇ ਹੋ ਜਾਂ ਕਿ ਮੈਗਾ ਕੰਪਨੀਆਂ ਦੇ ਵੱਡੇ ਮੁਨਾਫਿਆਂ ਦੇ ਨਾਲ? ਅਜਿਹੀਆਂ ਹਾਲਤਾਂ ਵਿੱਚ ਧਰਮ ਲੋਕਾਂ ਲਈ ਨਿੱਜੀ ਮਸਲਾ ਬਣਕੇ ਰਹਿ ਜਾਂਦਾ ਹੈ। ਧਰਮ ਨੂੰ ਤਾਂ ਰਾਜਨੀਤਕ ਪਾਰਟੀਆਂ ਲੋਕਾਂ ਵਿੱਚ ਵੰਡ ਪਾਉਣ ਲਈ ਹੀ ਵਰਤ ਰਹੀਆਂ ਹਨ ਤਾਂ ਕਿ ਆਮ ਲੋਕ ਇੱਕ ਵੱਡੀ ਸ਼ਕਤੀ ਬਣਕੇ ਮੈਗਾ ਕੰਪਨੀਆਂ ਦੀ ਵੱਡੇ ਮੁਨਾਫ਼ੇ ਕਮਾਉਣ ਦੀ ਰਾਜਨੀਤੀ ਨੂੰ ਚੁਣੌਤੀ ਨ ਦੇ ਸਕਣ।
------
ਆਮ ਲੋਕਾਂ ਨੂੰ ਜ਼ਾਤ-ਪਾਤ ਦੇ ਨਾਮ ਉੱਤੇ ਵੀ ਇਸ ਕਰਕੇ ਵੰਡਿਆ ਜਾਂਦਾ ਹੈ ਕਿ ਉਹ ਰਾਜ-ਸ਼ਕਤੀ ਪ੍ਰਾਪਤ ਸ਼ਕਤੀਆਂ ਲਈ ਚੁਣੌਤੀ ਨਾ ਬਣ ਸਕਣ। ਅਜੋਕੇ ਸਮਿਆਂ ਦੀ ਰਾਜਨੀਤੀ ਦੀ ਇਹ ਮੰਗ ਹੋਣੀ ਚਾਹੀਦੀ ਹੈ ਕਿ ਸਮਾਜ ਵਿੱਚ ਨ ਕੋਈ ਜ਼ਾਤ-ਪਾਤ, ਨਾ ਕੋਈ ਊਚ-ਨੀਚ ਦਾ ਭੇਦ ਹੋਵੇ। ਹਰ ਵਿਅਕਤੀ ਨੂੰ ਸਭ ਤੋਂ ਪਹਿਲਾਂ ਇੱਕ ਮਨੁੱਖ ਸਮਝਿਆ ਜਾਵੇ।
-----
ਤਲਵਿੰਦਰ ਸਿੰਘ ਸੱਭਰਵਾਲ ਆਪਣੀ ਪੁਸਤਕ ‘ਹਤਿਆਰਾ ਦੇਵ’ ਵਿੱਚ ਆਮ ਲੋਕਾਂ ਦਾ ਧਿਆਨ ਇਸ ਗੱਲ ਵੱਲ ਖਿੱਚਣਾ ਚਾਹੁੰਦਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਸਮਝ ਦੇਣੀ ਬਹੁਤ ਜ਼ਰੂਰੀ ਹੈ ਕਿ ਭਾਰਤੀ ਸਭਿਅਤਾ ਦੇ ਇਤਿਹਾਸ ਵਿੱਚ ਸਮਾਜ ਦੇ ਕੁਝ ਹਿੱਸੇ ਨੂੰ ਹਰ ਤਰ੍ਹਾਂ ਦੇ ਮਨੁੱਖੀ ਅਧਿਕਾਰਾਂ ਤੋਂ ਕਿਸ ਤਰ੍ਹਾਂ ਵਾਂਝਿਆਂ ਕਰ ਦਿੱਤਾ ਗਿਆ ਅਤੇ ਆਮ ਲੋਕਾਂ ਦੀ ਚੇਤਨਾ ਵਿੱਚ ਕਿਸ ਤਰ੍ਹਾਂ ਇਹ ਗੱਲ ਬਿਠਾ ਦਿੱਤੀ ਗਈ ਕਿ ਉਨ੍ਹਾਂ ਦੇ ਅਧਿਆਤਮਕ ਰਹਿਨੁਮਾ ਕੌਣ ਹਨ? ਜ਼ਿੰਦਗੀ ਵਿੱਚ ਅਗਵਾਈ ਲੈਣ ਲਈ ਉਹ ਕਿਨ੍ਹਾਂ ਲੋਕਾਂ ਦੀ ਜ਼ਿੰਦਗੀ ਤੋਂ ਪ੍ਰੇਰਨਾ ਲੈ ਸਕਦੇ ਹਨ?
-----
ਤਲਵਿੰਦਰ ਸਿੰਘ ਸੱਭਰਵਾਲ ਆਪਣੀ ਪੁਸਤਕ ‘ਹਤਿਆਰਾ ਦੇਵ’ ਵਿੱਚ ਇਸ ਤੱਥ ਵੱਲ ਵੀ ਸਾਡਾ ਧਿਆਨ ਦੁਆਂਦਾ ਹੈ ਕਿ ਆਰੀਅਨ ਲੋਕਾਂ ਵੱਲੋਂ ਕੀਤੀ ਗਈ ਵਰਣਵੰਡ ਦਾ ਸਭ ਤੋਂ ਪਹਿਲਾਂ ਵੱਡੀ ਪੱਧਰ ਉੱਤੇ ਵਿਰੋਧ ਕਰਨ ਵਾਲਾ ਮਹਾਂਰਿਸ਼ੀ ਬਾਲਮੀਕੀ ਸੀ। ਆਰੀਅਨ ਲੋਕਾਂ ਵੱਲੋਂ ਮੰਦਰਾਂ ਵਿੱਚ ਸਜਾਏ ਗਏ ਭਗਵਾਨਾਂ ਦੀ ਵੀ ਮਹਾਂਰਿਸ਼ੀ ਬਾਲਮੀਕੀ ਨੇ ਸਖਤ ਆਲੋਚਨਾ ਕੀਤੀ। ਆਰੀਅਨ ਲੋਕਾਂ ਨੇ ਰਾਮ ਚੰਦਰ ਨੂੰ ਭਗਵਾਨ ਬਣਾ ਕੇ ਮੰਦਰਾਂ ਵਿੱਚ ਸਜਾ ਦਿੱਤਾ ਸੀ। ਕਿਉਂਕਿ ਉਸਨੇ ਰਾਵਣ ਉੱਤੇ ਜਿੱਤ ਪ੍ਰਾਪਤ ਕੀਤੀ ਸੀ। ਆਰੀਅਨ ਲੋਕਾਂ ਦੇ ਇਤਿਹਾਸਕਾਰਾਂ ਅਨੁਸਾਰ ਰਾਵਣ ‘ਬਦੀ’ ਦੀ ਪ੍ਰਤੀਨਿਧਤਾ ਕਰਦਾ ਸੀ ਅਤੇ ਰਾਮ ਚੰਦਰ ‘ਚੰਗਿਆਈ’ ਦੀ। ਰਾਵਣ ਭਾਰਤੀ ਮੂਲ ਦੇ ਆਦੀਵਾਸੀਆਂ ਵਿੱਚੋਂ ਸੀ। ਜਿਨ੍ਹਾਂ ਨੂੰ ਆਰੀਅਨ ਲੋਕ ਨਫ਼ਰਤ ਨਾਲ ‘ਰਾਕਸ਼’ ਕਹਿੰਦੇ ਸਨ। ਇਸ ਤਰ੍ਹਾਂ ਇੱਕ ਤਰ੍ਹਾਂ ਨਾਲ ਮੰਦਿਰਾਂ ਵਿੱਚ ‘ਰਾਮ ਚੰਦਰ’ ਦੀ ਮੂਰਤੀ ਸਜਾ ਕੇ ਆਰੀਅਨ ਲੋਕ ਆਮ ਲੋਕਾਂ ਦੀ ਮਾਨਸਿਕਤਾ ਵਿੱਚ ਮਨੋਵਿਗਿਆਨਕ ਤੌਰ ਉੱਤੇ ਇਹ ਗੱਲ ਵਸਾਉਣੀ ਚਾਹੁੰਦੇ ਸਨ ਕਿ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਅਗਵਾਈ ਲੈਣ ਲਈ ਉਹ ‘ਰਾਮਚੰਦਰ’ ਵੱਲ ਵੇਖ ਸਕਦੇ ਹਨ; ਜਦੋਂ ਕਿ ‘ਰਾਵਣ’ ਜੋ ਕਿ ਮੂਲਵਾਸੀ ਭਾਰਤੀਆਂ ਵਿੱਚੋਂ ਸੀ - ਆਰੀਅਨ ਲੋਕਾਂ ਮੁਤਾਬਿਕ ਜ਼ਿੰਦਗੀ ਨਾਲ ਸਬੰਧਿਤ ਹਰ ਪਹਿਲੂ ਤੋਂ ‘ਬਦੀ’ ਦੀ ਪ੍ਰਤੀਨਿਧਤਾ ਕਰਦਾ ਸੀ।
-----
ਪੁਸਤਕ ਦਾ ਨਾਮ ‘ਹਤਿਆਰਾ ਦੇਵ’ ਵੀ ਪਾਠਕ ਦੇ ਮਨ ਵਿੱਚ ਬਹੁ-ਦਿਸ਼ਾਵੀ ਚਰਚਾ ਛੇੜਣ ਦੀ ਸਮਰੱਥਾ ਰੱਖਦਾ ਹੈ। ਨਿਰਸੰਦੇਹ, ਲੇਖਕ ਦਾ ਇਸ਼ਾਰਾ ‘ਇੰਦਰ ਦੇਵਤੇ’ ਵੱਲ ਹੈ। ਜੋ ਕਿ ਮੂਲਵਾਸੀ ਭਾਰਤੀ ਸੀ, ਪਰ ਆਪਣੇ ਰਾਜਨੀਤਕ, ਸਮਾਜਿਕ ਅਤੇ ਆਰਥਿਕ ਉਦੇਸ਼ਾਂ ਦੀ ਪੂਰਤੀ ਖਾਤਰ ਆਰੀਅਨ ਲੋਕਾਂ ਨਾਲ ਜਾ ਰਲਿਆ। ਉਸਨੇ ‘ਘਰ ਦਾ ਭੇਤੀ ਲੰਕਾ ਢਾਏ’ ਦੀ ਕਹਾਵਤ ਨੂੰ ਸੱਚ ਕਰਦਿਆਂ ਆਪਣੇ ਹੀ ਲੋਕਾਂ ਨੂੰ ਆਰੀਅਨ ਲੋਕਾਂ ਦੇ ਗੁਲਾਮ ਬਨਾਉਣ ਲਈ ਮੂਲਵਾਸੀ ਭਾਰਤੀਆਂ ਉੱਤੇ ਹਰ ਤਰ੍ਹਾਂ ਦੇ ਜ਼ੁਲਮ ਢਾਹੇ ਅਤੇ ਹਜ਼ਾਰਾਂ ਮੂਲਵਾਸੀ ਭਾਰਤੀਆਂ ਦਾ ਕਤਲ ਕਰਨ ਸਦਕਾ ਉਸਦੇ ਵੀ ਆਪਣੇ ਹੱਥ ਵੀ ਖ਼ੂਨ ਨਾਲ ਰੰਗੇ ਹੋਏ ਸਨ। ਅਜਿਹੇ ‘ਹਤਿਆਰੇ ਦੇਵ’ ਭਾਰਤੀ ਸਭਿਅਤਾ ਦੇ ਇਤਿਹਾਸ ਵਿੱਚ ਬਾਰ ਬਾਰ ਆਉਂਦੇ ਰਹੇ ਹਨ - ਜੋ ਕਿ ਮਹਿਜ਼ ਆਪਣੇ ਨਿੱਜੀ ਉਦੇਸ਼ਾਂ ਖ਼ਾਤਿਰ ਆਪਣੀ ਸਮੁੱਚੀ ਕਮਊਨਿਟੀ ਦੀ ਤਬਾਹੀ ਲਈ ਜ਼ਿੰਮੇਵਾਰ ਬਣਦੇ ਰਹੇ ਹਨ।
-----
ਪੁਸਤਕ ‘ਹਤਿਆਰਾ ਦੇਵ’ ਦੀ ਪ੍ਰਕਾਸ਼ਨਾ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਇੱਕ ਜ਼ਿਕਰਯੋਗ ਵਾਧਾ ਹੈ। ਕਿਉਂਕਿ ਇਹ ਪੁਸਤਕ ਭਾਰਤੀ ਮੂਲ ਦੇ ਲੱਖਾਂ ਕੈਨੇਡੀਅਨ ਲੋਕਾਂ ਦੀਆਂ ਇਤਿਹਾਸਕ/ਸਭਿਆਚਾਰਕ/ਰਾਜਨੀਤਕ/ਮਨੋਵਿਗਿਆਨਕ ਸਮੱਸਿਆਵਾਂ ਦੇ ਮੂਲ ਕਾਰਨਾਂ ਬਾਰੇ ਸਾਡੀ ਜਾਣਕਾਰੀ ਵਿੱਚ ਵਾਧਾ ਕਰਦੀ ਹੈ।
Wednesday, August 25, 2010
‘ਕੈਨੇਡੀਅਨ ਪੰਜਾਬੀ ਸਾਹਿਤ’ ਦਾ ਲੋਕ ਅਰਪਨ ਸਮਾਰੋਹ ਅਤੇ ਸੈਮੀਨਾਰ 23 ਸਤੰਬਰ, 2010 ਨੂੰ ਹੋਵੇਗਾ – ਸੱਦਾ ਪੱਤਰ

‘ਕੈਨੇਡੀਅਨ ਪੰਜਾਬੀ ਸਾਹਿਤ’ (ਸਮੀਖਿਆ)
ਤਰੀਕ: 23 ਸਤੰਬਰ, 2010 ਦਿਨ: ਵੀਰਵਾਰ ਸਮਾਂ: ਸਵੇਰੇ 10 ਵਜੇ ਤੋਂ 1 ਵਜੇ ਦੁਪਹਿਰ
ਸਥਾਨ: ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਜਾਬ, ਇੰਡੀਆ
----
ਮੁੱਖ ਬੁਲਾਰੇ :
ਡਾ. ਸੁਤਿੰਦਰ ਸਿੰਘ ਨੂਰ (ਇੰਡੀਆ)
ਡਾ. ਦੀਪਕ ਮਨਮੋਹਨ ਸਿੰਘ (ਇੰਡੀਆ)
ਡਾ. ਜਗਬੀਰ ਸਿੰਘ (ਇੰਡੀਆ)
ਡਾ. ਤੇਜਵੰਤ ਸਿੰਘ ਮਾਨ (ਇੰਡੀਆ)
ਡਾ. ਜਸਵਿੰਦਰ ਸਿੰਘ (ਇੰਡੀਆ)
ਡਾ. ਰਤਨ ਸਿੰਘ ਢਿੱਲੋਂ (ਇੰਡੀਆ)
ਸੁਖਿੰਦਰ (ਕੈਨੇਡਾ)
-----
ਵਿਸ਼ੇਸ਼ ਮਹਿਮਾਨ :
ਕਿਸ਼ਵਰ ਨਾਹੀਦ (ਪਾਕਿਸਤਾਨ)
(ਪ੍ਰਸਿੱਧ ਲੇਖਕ ਅਤੇ ਸੋਸ਼ਲ ਐਕਟਿਵਿਸਟ)
-----
ਮੁੱਖ ਮਹਿਮਾਨ :
ਡਾ. ਜਸਪਾਲ ਸਿੰਘ
ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਜਾਬ, ਇੰਡੀਆ
-----
ਹੋਰ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ :
ਡਾ. ਦੀਪਕ ਮਨਮੋਹਨ ਸਿੰਘ (ਇੰਡੀਆ)
ਫੋਨ: 011-91-98762-00380
ਅਮਿਤ ਮਿੱਤਰ (ਇੰਡੀਆ)
ਫੋਨ: 011-91-93575-12244
ਸੁਖਿੰਦਰ (ਕੈਨੇਡਾ)
ਸੰਪਾਦਕ: ‘ਸੰਵਾਦ’, ਟੋਰਾਂਟੋ, ਕੈਨੇਡਾ
ਫੋਨ: (416) 858-7077
Email: poet_sukhinder@hotmail.com
Tuesday, July 27, 2010
ਵਰਿਆਮ ਸਿੰਘ ਸੰਧੂ - ਕੈਨੇਡੀਅਨ ਪੰਜਾਬੀ ਸਾਹਿਤ’- ਪਹਿਲੀ ਆਲੋਚਨਾ-ਪੁਸਤਕ - ਲੇਖ

ਲੇਖ
ਸੁਖਿੰਦਰ ਬਹੁ-ਵਿਧਾਈ ਲੇਖਕ ਹੈ ਭਾਵੇਂ ਉਸਨੂੰ ਮੁੱਖ ਤੌਰ ‘ਤੇ ਕਵੀ ਵਜੋਂ ਹੀ ਜਾਣਿਆ ਜਾਂਦਾ ਹੈ। ਲਗਭਗ ਦਸ ਕਾਵਿ ਸੰਗ੍ਰਹਿ ਰਚਣ ਵਾਲੇ ਸੁਖਿੰਦਰ ਨੇ ਵਿਗਿਆਨ ਸੰਬੰਧੀ ਵੀ ਤਿੰਨ ਪੁਸਤਕਾਂ ਲਿਖੀਆਂ ਹਨ, ਇੱਕ ਪੁਸਤਕ ਬਾਲ ਸਾਹਿਤ ਨਾਲ ਵੀ ਸੰਬੰਧਿਤ ਹੈ। ਅੰਗਰੇਜ਼ੀ ਵਿਚ ਵੀ ਕਵਿਤਾਵਾਂ ਲਿਖੀਆਂ ਹਨ। ਕਵਿਤਾ ਦੀ ਇਕ ਪੁਸਤਕ ਸੰਪਾਦਤ ਕਰਨ ਤੋਂ ਇਲਾਵਾ ਸਾਹਿਤਕ ਮੈਗ਼ਜ਼ੀਨ ‘ਸੰਵਾਦ’ ਦੀ ਸੰਪਾਦਨਾ ਵੀ ਕਰ ਰਿਹਾ ਹੈ। ਕਨੇਡਾ ਵਿਚ ਰਚੇ ਜਾ ਰਹੇ ਪੰਜਾਬੀ ਸਾਹਿਤ ਬਾਰੇ ਸਮੇਂ ਸਮੇਂ ਉਸਦੇ ਆਲੋਚਨਾਤਮਕ ਲੇਖ ਵੀ ਅਖ਼ਬਾਰਾਂ/ਮੈਗ਼ਜ਼ੀਨਾਂ ਵਿਚ ਵੇਖਣ/ਪੜ੍ਹਨ ਨੂੰ ਮਿਲਦੇ ਰਹਿੰਦੇ ਹਨ। ਹੱਥਲੀ ਪੁਸਤਕ ‘ਕੈਨੀਡਅਨ ਪੰਜਾਬੀ ਸਾਹਿਤ’ਉਸਦੇ ਉਹਨਾਂ ਆਲੋਚਨਾਤਮਕ ਨਿਬੰਧਾਂ ਦਾ ਹੀ ਸੰਕਲਨ ਹੈ। ਇਸ ਪੁਸਤਕ ਵਿਚ ਉਸਨੇ ਕਨੇਡਾ ਦੇ ਵਿਭਿੰਨ ਭੁਗੋਲਿਕ ਖਿੱਤਿਆਂ ਵਿਚ ਵੱਸਦੇ 57 ਪੰਜਾਬੀ ਲੇਖਕਾਂ ਦੀਆਂ ਚਰਚਿਤ ਪੁਸਤਕਾਂ ਨੂੰ ਅਧਿਐਨ ਦਾ ਵਿਸ਼ਾ ਬਣਾਇਆ ਹੈ। ਇਹਨਾਂ ਵਿਚੋਂ 34 ਸ਼ਾਇਰ, ਅੱਠ ਕਹਾਣੀਕਾਰ, ਅੱਠ ਹੀ ਵਾਰਤਕ ਲੇਖਕ ਤੇ ਛੇ ਨਾਵਲਕਾਰ ਹਨ। ਇੱਕ ਨਾਟਕਕਾਰ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਗਿਆ ਹੈ। ਇਹਨਾਂ ਵਿਚੋਂ ਕੁਝ ਪੁਸਤਕਾਂ ਸੰਪਾਦਤ ਵੀ ਕੀਤੀਆਂ ਹੋਈਆਂ ਹਨ। ਉਦਾਹਰਣ ਵਜੋਂ ਹਰਜੀਤ ਦੌਧਰੀਆ ਵੱਲੋਂ ਸੰਪਾਦਿਤ ਵਾਰਤਕ ਦੀ ਪੁਸਤਕ ‘ਦਰਸ਼ਨ’ ਉਸਦੀ ਆਪਣੀ ਰਚਨਾ ਨਹੀਂ ਸਗੋਂ ਦਰਸ਼ਨ ਸਿੰਘ ਕਨੇਡੀਅਨ ਦੇ ਜੀਵਨ ਸਮਾਚਾਰਾਂ ਨੂੰ ਬਿਆਨਦੇ ਵਿਭਿੰਨ ਲੇਖਕਾਂ ਦੇ ਜੀਵਨੀ ਜਾਂ ਰੇਖਾ-ਚਿਤਰ ਨੁਮਾ ਲੇਖਾਂ ਦਾ ਸੰਗ੍ਰਹਿ ਹੈ। ਇੰਝ ਹੀ ਕਸ਼ਮੀਰਾ ਸਿੰਘ ਚਮਨ ਦਾ ਗ਼ਜ਼ਲ-ਸੰਗ੍ਰਹਿ ਸ਼ਮਸ਼ੇਰ ਸਿੰਘ ਸੰਧੂ ਦੁਆਰਾ ਸੰਪਾਦਿਤ ਕੀਤਾ ਹੋਇਆ ਹੈ ਤੇ ਬਲਬੀਰ ਮੋਮੀ ਨੇ ਆਪਣੀਆਂ ਲਿਖਤਾਂ ਵਿਚੋਂ ਕਹਾਣੀਆਂ, ਨਿਬੰਧ, ਰੇਖਾ-ਚਿਤਰ ਤੇ ਵਿਅੰਗ ਚੁਣ ਕੇ ਆਪ ਹੀ ਵਿਚਾਰ-ਅਧੀਨ ਪੁਸਤਕ ਦਾ ਸੰਪਾਦਨ ਕੀਤਾ ਹੈ। ਬਲਬੀਰ ਮੋਮੀ ਦੀ ਪੁਸਤਕ ਤੋਂ ਇਹ ਗੱਲ ਸਾਬਤ ਵੀ ਹੁੰਦੀ ਹੈ ਤੇ ਇਹ ਗੱਲ ਅਸੀਂ ਵੀ ਭਲੀ-ਭਾਂਤ ਜਾਣਦੇ ਹਾਂ ਕਿ ਇਹਨਾਂ ਚਰਚਾ-ਅਧੀਨ ਲੇਖਕਾਂ ਵਿਚੋਂ ਬਹੁਤ ਸਾਰੇ ਲੇਖਕ ਬਹੁ-ਵਿਧਾਈ ਲੇਖਕ ਵੀ ਹਨ। ਉਹ ਇੱਕੋ ਵੇਲੇ ਵੱਖ ਵੱਖ ਵਿਧਾਵਾਂ ਵਿਚ ਲਿਖ ਰਹੇ ਹਨ। ਪਰ ਲੇਖਕ ਨੇ ਉਹਨਾਂ ਦੇ ਕਿਸੇ ਇਕ ਰੂਪ ਨੂੰ ਹੀ ਪੇਸ਼ ਕੀਤਾ ਹੈ। ਪੁਸਤਕ ਦੀ ਆਪਣੀ ਨੌਈਅਤ ਮੁਤਾਬਕ ‘ਰਹਣੁ ਕਿਥਾਊ ਨਾਹਿ’ ਦੇ ਲੇਖਕ ਸੁਖਪਾਲ ਨੂੰ ਇੱਕੋ ਵੇਲੇ ਕਵੀ ਤੇ ਵਾਰਤਾਕਾਰ ਵਜੋਂ ਜਾਣਿਆ ਗਿਆ ਹੈ। ਇਹ ਵੀ ਜ਼ਰੂਰੀ ਨਹੀਂ ਕਿ ਲੇਖਕ ਦੀ ਜਿਹੜੀ ਵਿਧਾ ਦੀ ਪੁਸਤਕ ਚਰਚਾ ਅਧੀਨ ਹੈ, ਉਹ ਲੇਖਕ ਉਸ ਵਿਧਾ ਵਿਚ ਹੀ ਵਿਸ਼ੇਸ਼ਗ ਹੋਵੇ; ਸਗੋਂ ਕਈ ਸੂਰਤਾਂ ਵਿਚ ਤਾਂ ਸੰਬੰਧਿਤ ਲੇਖਕ ਜਾਣਿਆਂ ਤਾਂ ਕਿਸੇ ਹੋਰ ਵਿਧਾ ਦੇ ਲੇਖਕ ਵਜੋਂ ਜਾਂਦਾ ਹੈ ਪਰ ਏਥੇ ਉਸਦੀ ਅਜਿਹੀ ਵਿਧਾ ਵਾਲੀ ਪੁਸਤਕ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਹੜੀ ਵਿਧਾ ਕਿ ਸੰਬੰਧਿਤ ਲੇਖਕ ਦਾ ‘ਪਹਿਲਾ ਪਿਆਰ’ ਨਹੀਂ। ਮਸਲਨ: ਸਾਧੂ ਬਿਨਿੰਗ ਨੂੰ ਸਾਹਿਤਕ ਹਲਕਿਆਂ ਵਿਚ ਬਹੁਤਾ ਕਹਾਣੀਕਾਰ ਵਜੋਂ ਹੀ ਜਾਣਿਆਂ ਜਾਂਦਾ ਹੈ ਪਰ ਸੁਖਿੰਦਰ ਨੇ ਏਥੇ ਉਸਦਾ ਕਵੀ ਵਾਲਾ ਰੂਪ ਪੇਸ਼ ਕੀਤਾ ਹੈ। ਇਸ ਪੱਖੋਂ ਵੀ ਇਹ ਚੰਗੀ ਗੱਲ ਹੈ ਕਿਉਂਕਿ ਇਸਤਰ੍ਹਾਂ ਕਿਸੇ ‘ਵੱਖਰੀ ਵਿਧਾ’ ਵਿਚ ਕੀਤੇ ਲੇਖਕ ਦੇ ਯਤਨਾਂ ਨੂੰ ਸਰਾਹ ਕੇ ਉਸਦਾ ਉਸ ਸੰਬੰਧਿਤ ਵਿਧਾ ਨਾਲ ਪੱਕਾ ਤੇ ਗੂੜ੍ਹਾ ਨਾਤਾ ਜੋੜਨ ਵਿਚ ਸਹਾਇਤਾ ਮਿਲ ਸਕਦੀ ਹੈ।
------
ਸੁਖਿੰਦਰ ਦੇ ਆਪਣੇ ਕਹਿਣ ਮੁਤਾਬਕ ਕਨੇਡਾ ਵਿਚ ਦੋ ਸੌ ਦੇ ਲਗਭਗ ਪੰਜਾਬੀ ਲੇਖਕ ਕਾਰਜਸ਼ੀਲ ਹਨ। ਉਸਨੇ ਇਹਨਾਂ ਵਿਚੋਂ 57 ਲੇਖਕਾਂ ਦੀ ਚੋਣ ਕੀਤੀ ਹੈ। ਇਹਨਾਂ ਵਿਚੋਂ ਬਹੁਤ ਸਾਰੇ ਅਜਿਹੇ ਨਾਂ ਵੀ ਹਨ ਜਿਨ੍ਹਾਂ ਦਾ ਪੰਜਾਬੀ ਸਾਹਿਤ ਦੀ ਮੁਖਧਾਰਾ ਵਿਚ ਵੀ ਚੰਗਾ ਨਾਂ-ਥਾਂ ਹੈ। ਇਹਨਾਂ ਵਿਚੋਂ ਸ਼ਾਇਰ ਗੁਰਚਰਨ ਰਾਮਪੁਰੀ, ਸੁਖਮਿੰਦਰ ਰਾਮਪੁਰੀ; ਕਹਾਣੀਕਾਰ ਜਰਨੈਲ ਸਿੰਘ, ਵਾਰਤਕ-ਲੇਖਕ ਸੁਰਜਨ ਜ਼ੀਰਵੀ, ਬਹੁਵਿਧਾਈ ਲੇਖਕ ਰਵਿੰਦਰ ਰਵੀ ਤੇ ਬਲਬੀਰ ਸਿੰਘ ਮੋਮੀ ਅਤੇ ਨਿਸਬਤਨ ਨਵੇਂ ਪਰ ਚੰਗੇ ਲੇਖਕ ਸੁਖਪਾਲ, ਕੁਲਜੀਤ ਮਾਨ ਤੇ ਇੰਝ ਹੀ ਕੁਝ ਹੋਰ ਲੇਖਕ ਪੰਜਾਬੀ ਸਾਹਿਤ ਦੀ ਮੁੱਖਧਾਰਾ ਵਿਚ ਵੀ ਆਦਰਯੋਗ ਥਾਂ ਰੱਖਦੇ ਹਨ। ਸੁਖਿੰਦਰ ਨੇ ਕੁਝ ਘੱਟ ਚਰਚਿਤ ਚਿਹਰਿਆਂ ਨਾਲ ਵੀ ਸਾਡੀ ਜਾਣ-ਪਛਾਣ ਕਰਵਾਈ ਹੈ। ਚੋਣ ਦਾ ਆਧਾਰ ਉਸਦਾ ਨਿੱਜੀ ਹੈ। ਉਸਨੇ ਬਹੁਤ ਸਾਰੇ ਉਹਨਾਂ ਚਰਚਿਤ ਕਨੇਡੀਅਨ ਲੇਖਕਾਂ ਨੂੰ ਇਸ ਵਿਚ ਸ਼ਾਮਿਲ ਨਹੀਂ ਕੀਤਾ ਜਿਹੜੇ ਕਨੇਡੀਅਨ ਪੰਜਾਬੀ ਸਾਹਿਤ ਦੇ ਜਾਣੇ ਪਛਾਣੇ ਨਾਂ ਹਨ। ਇਹਨਾਂ ਵਿਚ ਅਮਨਪਾਲ ਸਾਰਾ, ਨਵਤੇਜ ਭਾਰਤੀ, ਅਜਮੇਰ ਰੋਡੇ, ਇਕਬਾਲ ਰਾਮੂਵਾਲੀਆ ਤੇ ਅਸਲੋਂ ਨਵਿਆਂ ਵਿਚੋਂ ਬਹੁਚਰਚਿਤ ਕਥਾਕਾਰ ਹਰਪ੍ਰੀਤ ਸੇਖਾ ਦੇ ਨਾਂ ਸ਼ਾਮਲ ਕੀਤੇ ਜਾ ਸਕਦੇ ਹਨ। ਸੁਖਿੰਦਰ ਆਪਣੀ ਚੋਣ ਨੂੰ ਨਿਆਂ ਸੰਗਤ ਠਹਿਰਾਉਂਦਾ ਹੋਇਆ ਆਖਦਾ ਹੈ, “ਇਹਨਾਂ ਲੇਖਕਾਂ ਦੀ ਚੋਣ ਕਰਨ ਵੇਲੇ ਇਸ ਗੱਲ ਦਾ ਵੀ ਧਿਆਨ ਰੱਖਿਆ ਗਿਆ ਕਿ ਇਹ ਪੁਸਤਕ ਮਹਿਜ਼ ਉਹਨਾਂ ਲੇਖਕਾਂ ਬਾਰੇ ਹੀ ਨਾ ਬਣ ਜਾਵੇ ਜਿਹੜੇ ਕਿ ਪਹਿਲਾਂ ਹੀ ਚਰਚਿਤ ਹਨ, ਇਸ ਲਈ ਇਸ ਪੁਸਤਕ ਵਿਚ ਕੁਝ ਉਹ ਲੇਖਕ ਵੀ ਸ਼ਾਮਲ ਕੀਤੇ ਗਏ ਹਨ, ਜੋ ਕਿ ਅਜੇ ਪਾਠਕਾਂ ਦਾ ਧਿਆਨ ਨਹੀਂ ਖਿੱਚ ਸਕੇ। ਇਸੇਤਰ੍ਹਾਂ ਕੁਝ ਬਿਲਕੁਲ ਹੀ ਨਵੇਂ ਲੇਖਕਾਂ ਨੂੰ ਉਤਸ਼ਾਹ ਦੇਣ ਲਈ ਇਸ ਪੁਸਤਕ ਵਿਚ ਸ਼ਾਮਿਲ ਕੀਤਾ ਗਿਆ ਹੈ।”
-----
ਉਸਦੀ ਚੋਣ ਦੇ ਤਰਕ ਨੂੰ ਆਦਰ ਦਿੰਦਿਆਂ ਹੋਇਆਂ ਵੀ ਸਾਡਾ ਮੱਤ ਹੈ ਕਿ ਜੇ ਕੁਝ ਹੋਰ ਜ਼ਿਕਰਯੋਗ ਲੇਖਕ ਇਸ ਪੁਸਤਕ ਵਿਚ ਸ਼ਾਮਲ ਕਰ ਲਏ ਜਾਂਦੇ ਤਾਂ ਪੁਸਤਕ ਹੋਰ ਵੀ ਵੱਡਾ ਸਾਹਿਤਕ ਮੁੱਲ ਇਖ਼ਤਿਆਰ ਕਰ ਸਕਦੀ ਸੀ। ਪਰ ਉਹਨਾਂ ਲੇਖਿਕਾ ਦੀ ਗ਼ੈਰ-ਸ਼ਮੂਲੀਅਤ ਨਾਲ ਇਸ ਪੁਸਤਕ ਦਾ ਮਹੱਤਵ ਤੇ ਮੁੱਲ ਘਟ ਗਿਆ ਹੋਵੇ ਅਜਿਹੀ ਗੱਲ ਵੀ ਬਿਲਕੁਲ ਨਹੀਂ। ਸਗੋਂ ਸਾਨੂੰ ਸੁਖਿੰਦਰ ਨੂੰ ਦਾਦ ਦੇਣੀ ਬਣਦੀ ਹੈ ਕਿ ਉਸਨੇ ਪਹਿਲੀ ਵਾਰ ਇਸ ਪੁਸਤਕ ਦੇ ਮਾਧਿਅਮ ਰਾਹੀਂ ਕਨੇਡੀਅਨ ਪੰਜਾਬੀ ਸਾਹਿਤ ‘ਤੇ ਸਾਡੀ ਸੰਗਠਿਤ ਤੇ ਸਮੁੱਚੀ ਝਾਤ ਪੁਆਈ ਹੈ। ਇਸ ਰਾਹੀਂ ਸਾਨੂੰ ਪਹਿਲੀ ਵਾਰ ਏਨੇ ਵੱਡੇ ਪੱਧਰ ‘ਤੇ ਜਾਣਕਾਰੀ ਮਿਲੀ ਹੈ ਕਿ ਕਨੇਡਾ ਵਿਚ ਵੱਖ ਵੱਖ ਵਿਧਾਵਾਂ ਵਿਚ ਕਿੰਨੇ ਤੇ ਕਿਹੋ ਜਿਹੇ ਲੇਖਕ ਇਕ ਟੀਮ ਵਜੋਂ ਕਾਰਜਸ਼ੀਲ ਹੋ ਕੇ ਕਨੇਡੀਅਨ ਪੰਜਾਬੀ ਸਾਹਿਤ ਦਾ ਮੂੰਹ-ਮੱਥਾ ਬਣਾਉਣ ਤੇ ਸਵਾਰਨ ਵਿਚ ਜੁੱਟੇ ਹੋਏ ਹਨ। ਵੱਖ ਵੱਖ ਵਿਧਾਵਾਂ ਦੇ ਚੁਨਿੰਦਾ ਤੇ ਚੰਗੇ ਲੇਖਕਾਂ ਨੂੰ ਚਰਚਾ ਅਧੀਨ ਲਿਆ ਕੇ ਸੁਖਿੰਦਰ ਨੇ ਵਿਭਿੰਨ ਵਿਧਾਵਾਂ ਵਿਚ ਹੋ ਰਹੇ ਕੰਮ ਨੂੰ ਰੌਸ਼ਨੀ ਵਿਚ ਲਿਆਂਦਾ ਹੈ। ਕਿਸੇ ਕੱਥ ਜਾਂ ਵੱਥ ਦੇ ਸਮੁੱਚ ਨੂੰ ਜਾਨਣ ਤੇ ਪਛਾਨਣ ਲਈ ਅਕਸਰ ਉਸਦੇ ਚੋਣਵੇਂ ਅੰਸ਼ਾਂ ਨੂੰ ‘ਦੇਗ਼ ‘ਚੋਂ ਦਾਣਾ ਟੋਹਣ’ ਵਾਂਗ ਪੇਸ਼ ਕੀਤਾ ਜਾਂਦਾ ਹੈ ਪਰ ਸੁਖਿੰਦਰ ਨੇ ਤਾਂ ‘ਇੱਕ ਚੌਥਾਈ ਪੱਕੀ ਪਕਾਈ ਦੇਗ਼’ ਸਾਡੇ ਸਾਹਮਣੇ ਲਿਆ ਰੱਖੀ ਹੈ, ਇਹ ਕੋਈ ਛੋਟੀ ਗੱਲ ਨਹੀਂ। ਇਸਤੋਂ ਪਹਿਲਾਂ ਕਨੇਡੀਅਨ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਅਜਿਹੀ ਘਟਨਾ ਨਹੀਂ ਵਾਪਰੀ ਕਿ ਕਨੇਡੀਅਨ ਪੰਜਾਬੀ ਸਾਹਿਤ ਦਾ ਅਜਿਹਾ ਸੰਗਠਿਤ ਬਿੰਬ ਪ੍ਰਸਤੁਤ ਹੋਇਆ ਹੋਵੇ। ਇਹ ਕਨੇਡੀਅਨ ਪੰਜਾਬੀ ਆਲੋਚਨਾ ਦੀ ਪਹਿਲੀ ਪੁਸਤਕ ਹੈ। ਇਸ ਕਰਕੇ ਇਹ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਮ ਕਰਕੇ ਤੇ ਕਨੇਡੀਅਨ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਖ਼ਾਸ ਕਰਕੇ ਇੱਕ ਮਹੱਤਵਪੂਰਨ ਸਾਹਿਤਕ ਘਟਨਾ ਵਜੋਂ ਯਾਦ ਰੱਖੀ ਜਾਵੇਗੀ।
------
ਇਸ ਆਲੋਚਨਾ ਪੁਸਤਕ ਦਾ ਇਸ ਪੱਖੋਂ ਵੀ ਇਤਿਹਾਸਕ ਮਹੱਤਵ ਹੈ ਕਿ ਇਸਨੇ ਮੁੱਖਧਾਰਾ ਦੀ ਪੰਜਾਬੀ ਆਲੋਚਨਾ ਦੇ ਸਾਮਰਾਜ ਦੀ ਜਕੜ ਨੂੰ ਪਹਿਲੀ ਵਾਰ ਤੋੜਿਆ ਹੈ। ਜਿੱਥੇ ਵੀ ਤੇ ਜਿਸ ਵਿਧਾ ਵਿਚ ਵੀ ਕੋਈ ਸਾਹਿਤ ਰਚਿਆ ਜਾ ਰਿਹਾ ਹੋਵੇ ਤਾਂ ਉਸਦੀ ਪਹਿਲੀ ਲੋੜ ਓਥੇ ਤੇ ਓਸ ਵਿਧਾ ਵਿਚ ਆਪਣੇ ਆਲੋਚਕ ਵੀ ਪੈਦਾ ਕਰਨ ਦੀ ਹੁੰਦੀ ਹੈ। ਇਹ ਵਾਜਬ ਨਹੀਂ ਕਿ ਕੋਈ ਲੇਖਕ ਸਾਹਿਤ ਤਾਂ ਕਨੇਡਾ ਵਿਚ ਲਿਖੇ ਤੇ ਉਸਦਾ ਮੁਲਾਂਕਣ ਤੇ ਵਿਸ਼ਲੇਸ਼ਣ ਕਰਨ/ਕਰਾਉਣ ਲਈ ਭਾਰਤ/ਪੰਜਾਬ ਦੇ ਆਲੋਚਕਾਂ ਦੇ ਮੂੰਹ ਵੱਲ ਵੇਖੇ ਜਾਂ ਉਹਨਾਂ ਦੇ ਤਰਲੇ ਲਵੇ; ਉਹਨਾਂ ਕੋਲ ਓਥੇ ਜਾਵੇ ਤੇ ਉਹਨਾਂ ਦੀ ਸੇਵਾ ਕਰੇ ਤੇ ਜਾਂ ਉਹਨਾਂ ਨੂੰ ਆਪਣੇ ਖ਼ਰਚੇ ‘ਤੇ ‘ਬਾਹਰ’ ਸਦਵਾਏ ਤੇ ਆਪਣੀ ਚਰਚਾ ਕਰਵਾਏ ਤੇ ਉਸਦੀ ਪ੍ਰਾਹੁਣਚਾਰੀ ਦਾ ਜ਼ਿੰਮਾ ਵੀ ਲਵੇ। ਇਹ ਬਿਲਕੁਲ ਉਸਤਰ੍ਹਾਂ ਹੀ ਹੈ ਜਿਵੇਂ ਇਰਾਕ, ਅਫ਼ਗਾਨਸਿਤਾਨ ਜਾਂ ਹੋਰ ਮੁਲਕਾਂ ਵਿਚ ਜਾ ਕੇ ਅਮਰੀਕਾ ਦੱਸੇ ਕਿ ਓਥੇ ਕਿਹੋ ਜਿਹਾ ਪਰਬੰਧ ਹੈ ਤੇ ਕਿਹੋ ਜਿਹਾ ਉਹ ਖ਼ੁਦ ਹੋਣਾ ਤੇ ਵੇਖਣਾ ਚਾਹੁੰਦਾ ਹੈ। ਏਸੇ ਕਰਕੇ ਮੈਂ ਇਸਨੂੰ ‘ਆਲੋਚਨਾ ਦਾ ਸਾਮਰਾਜ’ ਆਖਦਾ ਹਾਂ। ਸੁਖਿੰਦਰ ਨੇ ਪਹਿਲੀ ਵਾਰ ਦਖ਼ਲ ਦੇ ਕੇ ਇਸ ਸਾਮਰਾਜ ਵਿਚ ਮਘੋਰਾ ਕਰ ਦਿੱਤਾ ਹੈ। ਉਂਝ ਵੀ ਕਿਸੇ ਵਿਸ਼ੇਸ਼ ਭੁਗੋਲਿਕ ਖਿੱਤੇ ਵਿਚ ਰਚੇ ਜਾਂਦੇ ਸਾਹਿਤ ਦਾ ਮੁਲਾਂਕਣ ਤੇ ਵਿਸ਼ਲੇਸ਼ਣ ਕਰਨ ਲਈ ‘ਆਪਣੇ ਆਲੋਚਕ’ ਦੀ ਲੋੜ ਇਸ ਕਰਕੇ ਵੀ ਹੁੰਦੀ ਹੈ ਕਿ ਉਹ ‘ਆਪਣਾ ਆਲੋਚਕ’ ਹੀ ਉਸ ਖਿੱਤੇ ਦੇ ਜੀਵਨ ਤੇ ਸਮੱਸਿਆਵਾਂ ਬਾਰੇ ਪ੍ਰਮਾਣਿਕ ਜਾਣਕਾਰੀ ਰੱਖ ਸਕਦਾ ਹੈ। ਬਾਹਰੋਂ ਆਏ ਆਲੋਚਕ ਕੋਲ ਉਸ ਸਾਹਿਤ ਦੀ ਕਿਸੇ ਵਿਸ਼ੇਸ਼ ਵਿਧਾ ਦੀ ਕਲਾਤਮਕਤਾ ਨੂੰ ਪਛਾਨਣ ਵਾਲੀ ‘ਦੂਰ-ਦ੍ਰਿਸ਼ਟੀ’ ਤਾਂ ਹੋ ਸਕਦੀ ਹੈ ਪਰ ਉਸ ਖਿੱਤੇ ਦੇ ਸਾਹਿਤ ਵਿਚ ਪੇਸ਼ ਸੰਬੰਧਿਤ ਜੀਵਨ ਬਾਰੇ ‘ਨਿਕਟ-ਦ੍ਰਿਸ਼ਟੀ’ ਦੀ ਅਣਹੋਂਦ ਕਾਰਨ ਉਹ ਸੰਬੰਧਿਤ ਸਾਹਿਤ ਦਾ ਸ਼ਾਇਦ ਏਨਾ ਸਹੀ ਮੁਲਾਂਕਣ ਨਹੀਂ ਕਰ ਸਕਦਾ। ਇਸ ਮਕਸਦ ਦੀ ਪੂਰਤੀ ਉਸ ਵਿਸ਼ੇਸ਼ ਖਿੱਤੇ ਦਾ ‘ਆਪਣਾ ਆਲੋਚਕ’ ਹੀ ਸ਼ਾਇਦ ਵਧੇਰੇ ਚੰਗੀ ਤਰ੍ਹਾਂ ਕਰ ਸਕਦਾ ਹੈ, ਬਸ਼ਰਤੇ ਕਿ ਉਸ ਕੋਲ ਆਲੋਚਨਾਤਮਕ ਪ੍ਰਤਿਭਾ ਦੀ ਅਣਹੋਂਦ ਨਾ ਹੋਵੇ। ਕਨੇਡੀਅਨ ਪੰਜਾਬੀ ਸਾਹਿਤ ਦੇ ਧੰਨਭਾਗ ਹਨ ਕਿ ਉਸਨੂੰ ਇਸ ਪੁਸਤਕ ਦੇ ਮਾਧਿਅਮ ਰਾਹੀਂ ਪਹਿਲੀ ਵਾਰ ਉਸਦਾ ‘ਆਪਣਾ ਆਲੋਚਕ’ ਪ੍ਰਾਪਤ ਹੋਇਆ ਹੈ। ਇਸ ਪਹਿਲ-ਪਲੱਕੜੀ ਪਾਈ ਇਤਿਹਾਸਕ ਪੈੜ ਦੇ ਪਿੱਛੇ ਪੈਰ ਰੱਖ ਕੇ ਤੁਰਨ ਲਈ ਸੁਖਿੰਦਰ ਨੇ ਭਵਿੱਖ ਦੇ ਕਨੇਡੀਅਨ ਪੰਜਾਬੀ ਆਲੋਚਕਾਂ ਨੂੰ ਰਾਹ ਵੀ ਵਿਖਾਇਆ ਹੈ।
-----
ਅੱਜ ਜਦੋਂ ਸਾਰਾ ਸੰਸਾਰ ਮੰਡੀ ਕੀਮਤਾਂ ਦੇ ਜਕੜ-ਜੰਜਾਲ ਵਿਚ ਫ਼ਸ ਕੇ ਰਹਿ ਗਿਆ ਹੈ ਤੇ ਮਨੁੱਖ ਅਤੇ ਰਿਸ਼ਤੇ ਵੀ ਖ਼ਰੀਦੇ ਜਾਣ ਵਾਲੀ ਵਸਤ ਤੱਕ ਘਟ ਜਾਂ ਘਟਾ ਦਿੱਤੇ ਗਏ ਹਨ, ਉਸ ਸਮੇਂ ਵਿਚ ਕੋਈ ਕਾਰਜ ਇਸ ਮਨਸ਼ਾ ਨਾਲ ਕਰਨਾ ਕਿ ਉਸ ਵਿਚ ਲੇਖਕ ਨੂੰ ਕਿਸੇ ਕਿਸਮ ਦਾ ਮੁਨਾਫ਼ਾ ਹਾਸਿਲ ਨਾ ਹੋਣਾ ਹੋਵੇ, ਬਹੁਤੀ ਵਾਰ ਸੰਭਵ ਵਿਖਾਈ ਨਹੀਂ ਦਿੰਦਾ। ਇਸ ਪੁਸਤਕ ਨੂੰ ਸਿਰਜਿਦਿਆਂ ਤੇ ਛਾਪਦਿਆਂ ਸੁਖਿੰਦਰ ਨੂੰ ਕਿਸੇ ਅਜਿਹੇ ‘ਮੁਨਾਫ਼ੇ’ ਦੀ ਝਾਕ ਨਹੀਂ। ਉਸਨੇ ਨਿਰੋਲ ਬੇਗ਼ਰਜ਼ ਭਾਵਨਾ ਨਾਲ ਇਸ ਪੁਸਤਕ ਨੂੰ ਕੇਵਲ ਇਸ ਕਰਕੇ ਰਚਿਆ ਹੈ ਕਿ ਇਸ ਨਾਲ ਇਕ ਤਾਂ ਸਮੁੱਚੇ ਕਨੇਡੀਅਨ ਪੰਜਾਬੀ ਸਾਹਿਤ ਦਾ ਇੱਕ ਸੰਗਠਿਤ ਬਿੰਬ ਉਜਾਗਰ ਹੋ ਸਕੇ ਤੇ ਦੂਜਾ ਕਨੇਡੀਅਨ ਪੰਜਾਬੀ ਆਲੋਚਨਾ ਦਾ ਮੁੱਢ ਬੰਨ੍ਹਿਆਂ ਜਾ ਸਕੇ। ਹਾਂ, ਪਹਿਲੇ ਕਨੇਡੀਅਨ ਪੰਜਾਬੀ ਆਲੋਚਕ ਵਜੋਂ ਆਪਣੀ ਪੈਂਠ ਬਨਾਉਣ ਦੀ ਭਾਵਨਾ ਜ਼ਰੂਰ ਇਸ ਪਿੱਛੇ ਕਾਰਜਸ਼ੀਲ ਹੋ ਸਕਦੀ ਹੈ ਪਰ ਇਸ ਭਾਵਨਾ ਨੂੰ ਕਿਸੇ ਵੀ ਤਰੀਕੇ ਨਾਲ ਮੰਡੀ ਕੀਮਤਾਂ ਦੇ ਲਾਲਚ ਨਾਲ ਨਹੀਂ ਜੋੜਿਆ ਜਾ ਸਕਦਾ। ਇਸ ਬੇਗ਼ਰਜ਼ ਕਾਰਜ-ਸਿਧੀ ਲਈ ਵੀ ਸੁਖਿੰਦਰ ਵਧਾਈ ਦਾ ਪਾਤਰ ਹੈ।
-----
ਇਹ ਪੁਸਤਕ ਕਿਉਂਕਿ ‘ਕਨੇਡੀਅਨ ਪੰਜਾਬੀ ਸਾਹਿਤ’ ਦੀ ਸਮੀਖਿਆ ਨਾਲ ਸੰਬੰਧਿਤ ਹੈ, ਇਸ ਲਈ ਇਸਦਾ ਪਾਠਕ ਸਭ ਤੋਂ ਪਹਿਲਾਂ ਇਹ ਵੇਖਣਾ ਜਾਂ ਜਾਨਣਾ ਚਾਹਵੇਗਾ ਕਿ ‘ਕਨੇਡੀਅਨ ਪੰਜਾਬੀ ਸਾਹਿਤ’ ਦੇ ਪਛਾਣ-ਚਿੰਨ੍ਹ ਕੀ ਹਨ। ਇਸ ਸਾਹਿਤ ਨੂੰ ‘ਕਨੇਡੀਅਨ’ ਅਖਵਾਉਣ ਲਈ ਜ਼ਰੂਰੀ ਹੈ ਕਿ ਜਿੱਥੇ ਇਸ ਵਿੱਚ ਕਨੇਡਾ ਦੇ ਭੂਗੋਲ, ਪ੍ਰਕਿਰਤੀ, ਸ਼ਹਿਰਾਂ, ਥਾਵਾਂ, ਮੌਸਮ ਆਦਿ ਦੇ ਦਿੱਖ ਦੀ ਪੱਧਰ ਵਾਲੇ ਹਵਾਲੇ ਹੋਣ ਓਥੇ ਇਸ ਮੁਲਕ ਦੇ ਬਹੁ-ਸਭਿਆਚਾਰਕ ਸਰੂਪ ਦੇ ਪਰਸੰਗ ਵਿੱਚ ‘ਪੰਜਾਬੀਆਂ’ ਅਤੇ ‘ਪੱਛਮੀ’ ਲੋਕਾਂ ਦੀ ਦਵੰਦਾਤਮਕ ਰਿਸ਼ਤਗੀ ਦੇ ਬਿਰਤਾਂਤ ਤੋਂ ਇਲਾਵਾ ਵਿਸ਼ੇਸ਼ ਪਰਕਾਰ ਦੀ ਕਨੇਡੀਅਨ ਜੀਵਨ-ਸ਼ੈਲੀ ਦਾ (ਟਰੈਫ਼ਿਕ, ਪੁਲਿਸ ਪ੍ਰਬੰਧ, ਮਾਲਜ਼, ਵਿਦਿਅਕ ਮਾਹੌਲ, ਸਿਹਤ ਸੇਵਾਵਾਂ, ਰੁਜ਼ਗਾਰ, ਰਾਜਨੀਤੀ ਜਾਂ ਧਾਰਮਿਕ ਵਿਸ਼ਵਾਸ ਵਗ਼ੈਰਾ ਆਦਿ ਦਾ ਸੰਕੇਤਿਕ) ਸਜਿੰਦ ਚਿੱਤਰ ਵੀ ਹੋਵੇ ਅਤੇ ਕਨੇਡਾ ਆਣ ਵੱਸੇ ਪੰਜਾਬੀਆਂ ਦੇ ਉਹਨਾਂ ਜੀਵਨ ਸਰੋਕਾਰਾਂ ਦੀ ਕਹਾਣੀ ਵੀ ਕਹੀ ਹੋਵੇ ਜਿਹੜੇ ਸਰੋਕਾਰ; ਜੇ ਉਹ ਲੋਕ ਕਨੇਡਾ ਵਿੱਚ ਨਾ ਆਉਂਦੇ ਤਾਂ, ਕਦੀ ਪੰਜਾਬੀ ਸਾਹਿਤ ਦਾ ਵਿਸ਼ਾ-ਵਸਤੂ ਨਹੀਂ ਸਨ ਬਣਨੇ। ਭਾਵੇਂ ਬਹੁਤੇ ਪਰਵਾਸੀ ਪੰਜਾਬੀਆਂ ਦੇ ਪੱਛਮੀ ਰਹਿਤਲ ਨਾਲ ਸੰਵਾਦ-ਵਿਵਾਦ ਵਿੱਚ ਪੈਣ ਵਾਲੇ ਵਧੇਰੇ ਸਰੋਕਾਰ ਬਹੁਤ ਹੱਦ ਤੱਕ ਸਾਂਝੇ ਹੀ ਹੋਣਗੇ (ਹੇਰਵਾ, ਨਸਲੀ ਵਿਤਕਰਾ, ਪੀੜ੍ਹੀ-ਪਾੜਾ, ਸਭਿਆਚਾਰਕ ਤਣਾਓ, ਸਭਿਆਚਾਰਕ ਅਨੁਕੂਲਣ ਆਦਿ) ਫਿਰ ਵੀ ਉਹਨਾਂ ਮੁਲਕਾਂ ਵਿੱਚ ਵੱਸਦੇ ਲੇਖਕਾਂ ਦੇ ਵਿਸ਼ੇਸ਼ ਲਿਖਣ-ਅੰਦਾਜ਼, ਰਚਨਾਤਮਕ-ਦ੍ਰਿਸ਼ਟੀ, ਪ੍ਰਤਿਭਾ ਅਨੁਸਾਰ ਆਪਣੇ ਅਵਾਸ ਦੇ ਮੁਲਕ ਦੇ ਨਿਰੋਲ ਨਿੱਜੀ ਪਛਾਣ-ਚਿੰਨ੍ਹਾਂ ਦੇ ਜ਼ਿਕਰ ਦੇ ਹਵਾਲੇ ਨਾਲ ਉਸ ਸਾਹਿਤ ਨੂੰ ਕਨੇਡੀਅਨ ਪੰਜਾਬੀ ਸਾਹਿਤ ਨਾਲੋਂ ਨਿਖੇੜਿਆ ਜਾ ਸਕਦਾ ਹੈ। ਫਿਰ ਵੀ ‘ਅਮਰੀਕੀ ਪੰਜਾਬੀ ਸਾਹਿਤ’ ਨਾਲੋਂ ‘ਕਨੇਡੀਅਨ ਪੰਜਾਬੀ ਸਾਹਿਤ’ ਨੂੰ ਨਿਖੇੜਨ ਲਈ ਸ਼ਾਇਦ ਬਾਹਰੀ ਹਵਾਲਿਆਂ ਤੋਂ ਇਲਾਵਾ ਕੇਵਲ ਲੇਖਕ ਦੇ ‘ਕਨੇਡੀਅਨ ਪੰਜਾਬੀ’ ਜਾਂ ‘ਅਮਰੀਕਨ ਪੰਜਾਬੀ’ ਹੋਣ ਦੇ ਹਵਾਲਿਆਂ ਨਾਲ ਹੀ ਨਿਖੇੜਿਆ ਜਾ ਸਕਦਾ ਹੈ।
-----
ਭਾਵੇਂ ਕਿ ਅਜਿਹੀ ਇਤਿਹਾਸਕ ਮਹੱਤਵ ਵਾਲੀ ਪੁਸਤਕ ਵਿਚ ਲੇਖਕ ਤੋਂ ਇਹ ਉਮੀਦ ਕੀਤੀ ਜਾਣੀ ਵਾਜਬ ਹੈ ਕਿ ਉਹ ਮੁਖ-ਬੰਧ ਵਿਚ ਨਿਰਣਾਜਨਕ ਢੰਗ ਨਾਲ ਕਨੇਡੀਅਨ ਪੰਜਾਬੀ ਸਾਹਿਤ ਦੇ ਪਛਾਣ ਤੇ ਨਿਖੇੜ-ਚਿੰਨ੍ਹਾਂ ਬਾਰੇ ਚਰਚਾ ਕਰਦਾ ਤੇ ਇਹ ਵੀ ਦੱਸਦਾ ਕਿ ਇਸਨੂੰ ਹੋਰ ਮੁਲਕਾਂ ਵਿਚ ਅਤੇ ਪੰਜਾਬ/ਭਾਰਤ ਵਿਚ ਲਿਖੇ ਜਾ ਰਹੇ ਸਾਹਿਤ ਨਾਲੋਂ ਕਿਵੇਂ ਵਖਰਿਆਇਆ ਜਾ ਸਕਦਾ ਹੈ। ਲੇਖਕ ਅਜਿਹੀ ਲੋੜ ਨੂੰ ਮੁੱਖ-ਬੰਧ ਵਿਚ ਸੰਕੇਤਿਕ ਤੌਰ ‘ਤੇ ਹੀ ਪੂਰਿਆਂ ਕਰਦਾ ਹੈ। ਉਹ ਜਾਣਦਾ ਹੈ ਕਿ , ‘ਕਨੇਡੀਅਨ ਸਮਾਜ ਵਿਚ ਹੋਰਨਾਂ ਪੱਛਮੀ ਦੇਸ਼ਾਂ ਨਾਲੋਂ ਕਈ ਗੱਲਾਂ ਵੱਖਰੀਆਂ ਹਨ’ ਅਤੇ ਇਸ ਵੱਖਰੇਪਨ ਨੂੰ ਉਹ ਕਨੇਡਾ ਦੇ ‘ਬਹੁ-ਸਭਿਆਚਾਰਕ’ ਸਮਾਜ ਵਜੋਂ ਪਛਾਣਦਾ ਹੈ ਤੇ ਇਸ ਸਮਾਜ ਦੀਆਂ ਪ੍ਰਾਪਤੀਆਂ ਤੇ ਵਿਸੰਗਤੀਆਂ ਦੀ ਪੇਸ਼ਕਾਰੀ ਨੂੰ ਕਨੇਡੀਅਨ ਪੰਜਾਬੀ ਸਾਹਿਤ ਦਾ ਮੁੱਖ ਪਛਾਣ-ਚਿੰਨ੍ਹ ਨਿਰਧਾਰਤ ਕਰਦਾ ਹੈ। ਪਰ ਸਾਹਿਤ ਦੀਆਂ ਵਿਭਿੰਨ ਵਿਧਾਵਾਂ ਦੇ ਸਮੁਚੇ ਹਵਾਲੇ ਨਾਲ ਜੇ ਇਹਨਾਂ ਪਛਾਣ-ਚਿੰਨ੍ਹਾਂ ਦੀ ਨਿਸ਼ਾਨਦੇਹੀ ਕੀਤੀ ਜਾਂਦੀ ਤਾਂ ਵਧੇਰੇ ਸਾਰਥਿਕ ਗੱਲ ਹੋਣੀ ਸੀ। ਇਸੇ ਕਰਕੇ ਇਹਨਾਂ ਨਿਖੇੜ-ਚਿੰਨ੍ਹਾਂ ਨੂੰ ਜਾਨਣ ਪਛਾਨਣ ਲਈ ਪਾਠਕ ਨੂੰ ਵੱਖ ਵੱਖ ਲੇਖਕਾਂ ਦੀਆਂ ਰਚਨਾਵਾਂ ਬਾਰੇ ਕੀਤੀ ਚਰਚਾ ਵਿਚ ਡੂੰਘਾ ਉੱਤਰਨਾ ਪੈਂਦਾ ਹੈ। ਲੋੜ ਇਸ ਗੱਲ ਦੀ ਵੀ ਸੀ ਕਿ ਸਾਡਾ ਆਲੋਚਕ ਵਿਭਿੰਨ ਵਿਧਾਵਾਂ ਵਿਚ ਲਿਖੇ ਜਾ ਰਹੇ ਸਾਹਿਤ ਦੀ ਵਿਲੱਖਣਤਾ ਤੇ ਵੱਖਰਤਾ ਬਾਰੇ ਕੋਈ ਜਚਵਾਂ ਨਿਰਣਾ ਦਿੰਦਾ ਅਤੇ ਦੱਸਦਾ ਕਿ ਕਨੇਡੀਅਨ ਪੰਜਾਬੀ ਕਵਿਤਾ, ਨਾਵਲ, ਕਹਾਣੀ, ਨਾਟਕ ਜਾਂ ਵਾਰਤਕ ਦੀਆਂ ਵਿਧਾਵਾਂ ਸਮੁੱਚੇ ਤੌਰ ‘ਤੇ ਕਿਸ ਪੱਧਰ ਦੀਆਂ ਹਨ ਅਤੇ ਇਹਨਾਂ ਵਿਧਾਵਾਂ ਨੂੰ ਮੁੱਖ ਧਾਰਾ ਵਿਚ ਲਿਖੇ ਜਾ ਰਹੇ ਸਾਹਿਤ ਦੇ ਤੁੱਲ ਕਿੱਥੇ ਕੁ ਰੱਖਿਆ ਜਾ ਸਕਦਾ ਹੈ ਅਤੇ ਉਸ ‘ਪੱਧਰ’ ਨੂੰ ਮਾਪਣ ਦੇ ਕਿਹੜੇ ਮਾਪ-ਦੰਡ ਹਨ! ਲੇਖਕ ਉਸ ਸਵਾਲ ਦੇ ਵੀ ਸਿੱਧਾ ਰੁਬਰੂ ਨਹੀਂ ਹੁੰਦਾ, ਜਿਸ ਸਵਾਲ ਨੂੰ ਕਈ ਚਰਚਿਤ ਪੰਜਾਬੀ ਲੇਖਕ ਅਕਸਰ ਉਠਾਉਂਦੇ ਹਨ ਕਿ ਉਹਨਾਂ ਦੇ ਲਿਖੇ ਸਾਹਿਤ ਨੂੰ ਖ਼ਾਨਿਆਂ ਵਿਚ ਵੰਡ ਕੇ ਨਾ ਵੇਖਿਆ ਜਾਵੇ ਸਗੋਂ ਉਸਦਾ ਮੁਲਾਂਕਣ ਜਾਂ ਵਿਸ਼ਲੇਸ਼ਣ ਮੁੱਖਧਾਰਾ ਦੇ ਸਾਹਿਤ ਦੇ ਅੰਤਰਗਤ ਹੀ ਕੀਤਾ ਜਾਵੇ। ਇਸ ਪੁਸਤਕ ਦੇ ਟਾਈਟਲ ਕਵਰ ‘ਤੇ ਹੀ ਸੁਖਪਾਲ ਨੇ ਸਾਹਿਤ ਨੂੰ ‘ਦੇਸੀ-ਪਰਵਾਸੀ-ਪਾਕਿਸਤਾਨੀ ਜਾਂ ਅਜਿਹੇ ਹੋਰ ਮਨਘੜਤ ਖਿੱਤਿਆਂ ਵਿਚ ਵੰਡੇ ਜਾਣ’ ‘ਤੇ ਇਤਰਾਜ਼ ਕੀਤਾ ਹੈ। ਸੁਖਿੰਦਰ ਨੂੰ ਇਸ ਸਵਾਲ ਦੇ ਰੂਬਰੂ ਵੀ ਹੋਣਾ ਚਾਹੀਦਾ ਸੀ ਤੇ ਸਪਸ਼ਟ ਤੌਰ ‘ਤੇ ਕਨੇਡੀਅਨ ਸਾਹਿਤ ਲਈ ਵੱਖਰਾ ‘ਖ਼ਾਨਾ’ ਨਿਯਤ ਕਰਨ ਦਾ ਤਰਕ ਵੀ ਦੇਣਾ ਚਾਹੀਦਾ ਸੀ। ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਹਾਂ ਕਿ ਇਹ ਤਰਕ ਉਸਦੀ ਆਲੋਚਨਾ ਵਿਚ ਵੱਖ ਵੱਖ ਥਾਵਾਂ ‘ਤੇ ਖਿੰਡਿਆ ਹੋਇਆ ਤਾਂ ਪਿਆ ਹੈ ਪਰ ਇਸਦਾ ਸੰਗਠਿਤ ਤੇ ਸਮੁੱਚਾ ਉੱਤਰ ਇੱਕੋ ਥਾਂ ਤੇ ਨਿਰਣਾਜਨਕ ਢੰਗ ਨਾਲ ਉਪਲਬਧ ਹੁੰਦਾ ਤਾਂ ਪੁਸਤਕ ਦੀ ਸਾਰਥਿਕਤਾ ਹੋਰ ਵੀ ਵਧ ਜਾਣੀ ਸੀ।
-----
ਇਸੇ ਕਾਰਨ ਕਈ ਸਵਾਲ ਹੋਰ ਵੀ ਅਣਸੁਲਝੇ ਰਹਿ ਗਏ ਹਨ। ਲੇਖਕ ਅਨੁਸਾਰ ਕਨੇਡੀਅਨ ਪੰਜਾਬੀ ਸਾਹਿਤ ਦਾ ‘ਮੀਰੀ ਗੁਣ’ ਕਨੇਡੀਅਨ ਪੰਜਾਬੀ ਮਾਨਸਿਕਤਾ ਨੂੰ ਦਰਪੇਸ਼ ਸਭਿਆਚਾਰਕ, ਸਮਾਜਿਕ ਤੇ ਆਰਥਿਕ ਸੰਕਟਾਂ ਦੀ ਨਿਸ਼ਾਨਦੇਹੀ ਕਰਨਾ ਹੈ (ਪੰਨਾ-419)। ਮੁੱਖਬੰਧ ਵਿਚ ਵੀ ਕਨੇਡੀਅਨ ਬਹੁਸਭਿਆਚਾਰ ਦੇ ਹਵਾਲੇ ਨਾਲ ਲੇਖਕ ਨੇ ਕਨੇਡੀਅਨ ਪੰਜਾਬੀ ਸਾਹਿਤ ਨੂੰ ਨਿਖੇੜਿਆ ਸੀ ਪਰ ਜਦੋਂ ਲੇਖਕ ਵੱਲੋਂ ਚਰਚਾ ਅਧੀਨ ਲਿਆਂਦੇ ਲੇਖਕਾਂ ਦੀਆਂ ਸੰਬੰਧਿਤ ਪੁਸਤਕਾਂ ਵਿਚਲੇ ਵਸਤੂ ਵੱਲ ਧਿਆਨ ਮਾਰੀਏ ਤਾਂ ਉਹਨਾਂ ਵਿਚੋਂ ਬਹੁਤ ਸਾਰੇ ਲੇਖਕ ਅਜਿਹੇ ਹਨ ਜਿਨ੍ਹਾਂ ਦੀਆਂ ਲਿਖਤਾਂ ਵਿਚੋਂ ਕਨੇਡੀਅਨ ਪੰਜਾਬੀ ਸਾਹਿਤ ਦੇ ਪਛਾਣ-ਚਿੰਨ੍ਹਾਂ ਦੇ ਝਲਕਾਰੇ ਨਹੀਂ ਮਿਲਦੇ। ਉਹ ਮੁੱਖ ਧਾਰਾ ਦੇ ਪੰਜਾਬੀ ਜੀਵਨ ਦੇ ਸਰੋਕਾਰਾਂ ਦੀ ਬਾਤ ਹੀ ਪਾਉਂਦੇ ਨਜ਼ਰ ਆਉਂਦੇ ਹਨ। ‘ਕਨੇਡਾ’ ਉਹਨਾਂ ਦੀਆਂ ਰਚਨਾਵਾਂ ਵਿਚ ਕਿਧਰੇ ਦਿਖਾਈ ਨਹੀਂ ਦਿੰਦਾ। ਉਦਾਹਰਣ ਦੇ ਤੌਰ ‘ਤੇ ਅਸੀਂ ਗੁਰਚਰਨ ਰਾਮਪੁਰੀ ਦੀ ਪੁਸਤਕ ‘ਅਗਨਾਰ’ ਦਾ ਜ਼ਿਕਰ ਕਰ ਸਕਦੇ ਹਾਂ ਜਿਸ ਵਿਚ ਪੰਜਾਬ/ ਭਾਰਤ ਵਿਚਲੇ ਅੱਤਵਾਦ ਦੇ ਦੌਰ ਦਾ ਹੀ ਕਾਵਿਕ ਬਿਆਨ ਹੈ। ਪੂਰਨ ਸਿੰਘ ਪਾਂਧੀ ਦੀ ਪੁਸਤਕ ਵੀ ਸਮੁੱਚੀ ਜੀਵਨ-ਜਾਚ ਨਾਲ ਸੰਬੰਧਿਤ ਹੈ ਕਿਸੇ ‘ਵਿਸ਼ੇਸ਼ ਕਨੇਡੀਅਨ ਜੀਵਨ ਜਾਚ’ ਨਾਲ ਨਹੀਂ। ਜਸਵੀਰ ਕਾਲਰਵੀ ਦੇ ਨਾਵਲ ਵਿਚੋਂ ਵੀ ਕਨੇਡੀਅਨ ਪਰਸੰਗ ਗ਼ੈਰ ਹਾਜ਼ਰ ਹਨ। ਉਸੇ ਤਰ੍ਹਾਂ ਗੁਰਦੇਵ ਚੌਹਾਨ ਦੀ ਪੁਸਤਕ ‘ਚਸ਼ਮਦੀਦ’ ਵਿਚਲੇ ਰੇਖਾ-ਚਿਤਰ ਅਤੇ ਨਿਬੰਧ ਕਿਸੇ ਵੀ ਤਰ੍ਹਾਂ ‘ਕਨੇਡੀਅਨ ਪੰਜਾਬੀ ਸਾਹਿਤ’ ਦੀ ਪਰਿਭਾਸ਼ਾ ‘ਤੇ ਪੂਰੇ ਨਹੀਂ ਉੱਤਰਦੇ। ਉਹ ਮੁਖਧਾਰਾ ਦੇ ਪੰਜਾਬੀ ਸਾਹਿਤ ਦਾ ਹੀ ਅੰਗ ਹਨ। ਗੁਰਬਖ਼ਸ਼ ਭੰਡਾਲ ਦੀ ਕਵਿਤਾ ਦੇ ਹਵਾਲੇ ਵੀ ਉਸਨੂੰ ਕਨੇਡੀਅਨ ਸਾਹਿਤਕਾਰ ਅਖਵਾਉਣ ਦੇ ਰਾਹ ਵਿਚ ਰੁਕਾਵਟ ਬਣਦੇ ਦਿਖਾਈ ਦਿੰਦੇ ਹਨ।
----
ਮੈਂ ਇਹ ਨਹੀਂ ਕਹਿੰਦਾ ਕਿ ਇਹਨਾਂ ਲੇਖਕਾਂ ਦੀਆਂ ਹੋਰ ਰਚਨਾਵਾਂ ਵਿਚ ਵੀ ‘ਕਨੇਡੀਅਨ ਜੀਵਨ ਸਰੋਕਾਰ’ ਗ਼ੈਰਹਾਜ਼ਰ ਹੋਣਗੇ। ਹੋ ਸਕਦਾ ਹੈ ਕਿ ਉਹਨਾਂ ਦੀਆਂ ਉਹ ਲਿਖਤਾਂ ਸੁਖਿੰਦਰ ਵੱਲੋਂ ਸਿਰਜੀ ‘ਕਨੇਡੀਅਨ ਪੰਜਾਬੀ ਸਾਹਿਤ’ ਦੀ ਹਕੀਕੀ ਕਸਵੱਟੀ ‘ਤੇ ਪੂਰਾ ਉੱਤਰਦੇ ਹੋਏ ਕਨੇਡੀਅਨ ਸਾਹਿਤ ਦਾ ਹੀ ਅੰਗ ਹੋਣ। ਪਰ ਨਿਰੋਲ ਕਨੇਡੀਅਨ ਸਰੋਕਾਰਾਂ ਤੋਂ ਬਾਹਰ ਨਿਕਲ ਕੇ ਸਮੁੱਚੇ ਪੰਜਾਬੀ ਜੀਵਨ ਨੂੰ ਜਾਂ ਭਾਰਤੀ ਪੰਜਾਬੀ ਜੀਵਨ ਨੂੰ ਕਲਾਵੇ ਵਿਚ ਲੈਂਦੀਆਂ ਇਹਨਾਂ ਲੇਖਕਾਂ ਦੀਆਂ ਪੁਸਤਕਾਂ ਨੂੰ ਇਸ ਪੁਸਤਕ ਵਿਚ ਚਰਚਾ ਅਧੀਨ ਲੈ ਆਉਣਾ ਏਥੇ ਇਹ ਸਵਾਲ ਉਠਾਉਣ ਲਈ ਪ੍ਰੇਰਿਤ ਕਰਦਾ ਕਿ ਕੀ ਕਨੇਡਾ ਵਿਚ ਆਵਾਸ ਗ੍ਰਹਿਣ ਕਰ ਲੈਣ ਨਾਲ ਹੀ ਕੋਈ ਲੇਖਕ ‘ਕਨੇਡੀਅਨ ਲੇਖਕ’ ਤੇ ਉਸ ਦੁਆਰਾ ਰਚਿਤ ਸਾਹਿਤ ‘ਕਨੇਡੀਅਨ ਪੰਜਾਬੀ ਸਾਹਿਤ’ ਬਣ ਜਾਂਦਾ ਹੈ? ਲੇਖਕ ਵੱਲੋਂ ਆਪ ਹੀ ਨਿਰਧਾਰਤ ਕੀਤੇ ‘ਕਨੇਡੀਅਨ ਪੰਜਾਬੀ ਸਾਹਿਤ’ ਦੀ ਪਰਿਭਾਸ਼ਾ ‘ਤੇ ਇਹ ਗੱਲ ਪੂਰੀ ਨਹੀਂ ਉੱਤਰਦੀ। ਲੇਖਕ ਨੂੰ ਇਸ ਮਸਲੇ ਨਾਲ ਵੀ ਨਜਿੱਠਣਾ ਚਾਹੀਦਾ ਸੀ। ਸਵਾਲ ਤਾਂ ਇਹ ਵੀ ਬਣਦਾ ਹੈ ਕਿ ਕੀ ਕੋਈ ਲੇਖਕ ਕਨੇਡਾ ਦਾ ਵਸਨੀਕ ਨਾ ਹੋਵੇ; ਰਹਿੰਦਾ ਵੀ ਪੰਜਾਬ ਵਿੱਚ ਹੋਵੇ ਪਰ ਰਚਨਾ ਕਨੇਡੀਅਨ ਜੀਵਨ ਸਰੋਕਾਰਾਂ ਬਾਰੇ ਕਰ ਰਿਹਾ ਹੋਵੇ ਤਾਂ ਉਸਦੀ ਰਚਨਾ ਨੂੰ ‘ਕਨੇਡੀਅਨ ਪੰਜਾਬੀ ਰਚਨਾ’ ਕਿਹਾ ਜਾ ਸਕਦਾ ਹੈ। ਭਾਰਤ ਵੱਸਦੇ ਬਲਵਿੰਦਰ ਗਰੇਵਾਲ ਦੀ ‘ਸੂਰਜ ਦੀ ਕੋਈ ਪਿੱਠ ਨਹੀਂ ਹੁੰਦੀ’ ਬਹੁ-ਚਰਚਿਤ ਕਹਾਣੀ ਦਾ ਇਸ ਪਰਸੰਗ ਵਿੱਚ ਜ਼ਿਕਰ ਕੀਤਾ ਜਾ ਸਕਦਾ ਹੈ ਜਿਸਦੇ ਸਰੋਕਾਰ ਤੇ ਪੇਸ਼ਕਾਰੀ ਦਾ ਸਾਰਾ ਧਰਾਤਲ ਹੀ ਕਨੇਡਾ ਹੈ ਤੇ ਉਸਨੂੰ ਪੰਜਾਬੀ ਦੀਆਂ ਬਹੁਤ ਵਧੀਆ ਕਹਾਣੀਆਂ ਵਿਚ ਵੀ ਸ਼ਾਮਿਲ ਕੀਤਾ ਜਾਂਦਾ ਹੈ।
-----
ਕਿਸੇ ਆਲੋਚਨਾਤਮਕ ਕਿਰਤ ਬਾਰੇ ਜਾਨਣ/ਸਮਝਣ ਲਈ ਜ਼ਰੂਰੀ ਹੈ ਕਿ ਉਹ ਆਲੋਚਕ ਸੰਬੰਧਿਤ ਰਚਨਾ ਨੂੰ ਪਰਖ਼ਣ ਪੜਚੋਲਣ ਲਈ ਕਿਸ ਆਲੋਚਨਾ-ਵਿਧੀ ਦਾ ਸਹਾਰਾ ਲੈਂਦਾ ਹੈ। ਸੁਖਿੰਦਰ ਨੇ ਜੋ ਆਲੋਚਨਾ-ਵਿਧੀ ਵਰਤੀ ਹੈ, ਉਹ ਸਮਾਜ-ਸ਼ਾਸ਼ਤਰੀ ਆਲੋਚਨਾ ਪ੍ਰਣਾਲੀ ਦੇ ਨਜ਼ਦੀਕ ਹੈ। ਕਿਸੇ ਰਚਨਾ ਨੂੰ ਸਮਝਣ ਲਈ ਉਹ ਉਸ ਵਿਚ ਪੇਸ਼ ਵਿਸ਼ਾ-ਵਸਤੂ ਦੀ ਵਿਆਖਿਆ ਤੇ ਵਿਵੇਚਨ ਤੱਕ ਹੀ ਸੀਮਤ ਰਹਿੰਦਾ ਹੈ। ਵਿਸ਼ਾ-ਕੇਂਦਰਿਤ ਆਲੋਚਨਾ ਵਿਧੀ ਅਪਨਾਉਣ ਕਰਕੇ ਉਹ ਕਿਸੇ ਵਿਸ਼ੇਸ਼ ਰਚਨਾ ਵਿਚ ਪੇਸ਼ ਜੀਵਨ ਸਰੋਕਾਰਾਂ ਜਾਂ ਸਮੱਸਿਆਵਾਂ ਬਾਰੇ ਪਹਿਲਾਂ ਆਪਣੀ ਸਾਧਾਰਨੀਕ੍ਰਿਤ ਰਾਇ ਪ੍ਰਸਤੁਤ ਕਰਦਾ ਹੈ। ਫਿਰ ਸੰਬੰਧਿਤ ਰਚਨਾ ਵਿਚੋਂ ਲੰਮੀ ਟੂਕ, ਵਾਰਤਾਲਾਪ ਦਾ ਲੰਮਾਂ ਅੰਸ਼ ਜਾਂ ਕਾਵਿ-ਟੋਟਾ/ਟੋਟੇ ਦੇ ਕੇ ਆਪਣੀ ਪਹਿਲਾਂ ਦਿੱਤੀ ਹੋਈ ਰਾਇ ਨੂੰ ਪੁਸ਼ਟ ਤੇ ਪ੍ਰਮਾਣਿਤ ਕਰਦਾ ਹੈ। ਫਿਰ ਪਹਿਲਾਂ ਦਿੱਤੀ ਰਾਇ ਦਾ ਹੀ ਕੋਈ ਅਗਲਾ ਵਿਸਥਾਰ ਦਿੰਦਾ ਹੈ ਜਾਂ ਕਿਸੇ ਨਵੇਂ ਨੁਕਤੇ ਨੂੰ ਛੂੰਹਦਾ ਹੈ ਤੇ ਉਸਨੂੰ ਪੁਸ਼ਟ ਕਰਨ ਲਈ ਉਸ ਰਚਨਾ ਵਿਚੋਂ ਲੰਮਾ ਹਵਾਲਾ ਬਿਆਨ ਕਰਦਾ ਹੈ। ਕਈ ਵਾਰ ਇਹ ਤਰਤੀਬ ਬਦਲ ਵੀ ਜਾਂਦੀ ਹੈ। ਉਹ ਪਹਿਲਾਂ ਸਮੱਸਿਆ ਵੱਲ ਸੰਕੇਤ ਕਰ ਦਿੰਦਾ ਹੈ ਤੇ ਫਿਰ ਰਚਨਾ ਵਿਚੋਂ ਟੂਕ ਦਿੰਦਾ ਹੈ। ਉਸਤੋਂ ਉਪਰੰਤ ਉਸ ਟੂਕ ਦੇ ਹਵਾਲੇ ਨਾਲ ਉਸ ਵਿਸ਼ੇਸ਼ ਪੱਖ ਦੀ ਵਿਆਖਿਆ ਵੀ ਕਰਦਾ ਹੈ ਤੇ ਨਾਲ ਦੇ ਨਾਲ ਸੰਬੰਧਿਤ ਮਸਲੇ ਬਾਰੇ ਆਪਣਾ ਮੱਤ ਵੀ ਪ੍ਰਸਤੁਤ ਕਰਦਾ ਹੈ। ਇੰਝ ਲੜੀ ਦਰ ਲੜੀ ਇਹ ਵਿਆਖਿਆ ਚੱਲਦੀ ਰਹਿੰਦੀ ਹੈ। ਇੰਝ ਉਹ ਮਸਲਿਆਂ ਪ੍ਰਤੀ ਲੇਖਕ ਦੇ ਵਿਸ਼ੇਸ਼ ਸਿਧਾਂਤਕ ਪੈਂਤੜਿਆਂ ਦੀ ਨਿਸ਼ਾਨਦੇਹੀ ਕਰਦਾ ਤੁਰਿਆ ਜਾਂਦਾ ਹੈ।
-----
ਜਦੋਂ ਕੋਈ ਆਲੋਚਕ ਕਨੇਡੀਅਨ ਸਮਾਜ ਦੀਆਂ ਸਮੱਸਿਆਵਾਂ ਅਤੇ ਸਰੋਕਾਰਾਂ ਬਾਰੇ ਕਿਸੇ ਵਿਸ਼ੇਸ਼ ਲੇਖਕ ਦੀ ਵਿਸ਼ੇਸ਼ ਰਚਨਾ ਦੇ ਹਵਾਲੇ ਨਾਲ ਆਲੋਚਨਾ ਜਾਂ ਵਿਆਖਿਆ ਕਰ ਰਿਹਾ ਹੋਵੇ ਤਾਂ ਉਹਨਾਂ ਸਮਾਜਿਕ-ਸਭਿਆਚਾਰਕ, ਰਾਜਨੀਤਕ, ਧਾਰਮਿਕ ਤੇ ਆਰਥਿਕ ਮਸਲਿਆਂ ਬਾਰੇ ਉਸ ਕੋਲ ਲੋੜੀਂਦੀ ਜਾਣਕਾਰੀ ਤੇ ਉਹਨਾਂ ਮਸਲਿਆਂ ਦਾ ਵਿਸ਼ਲੇਸ਼ਣ ਕਰ ਸਕਣ ਦੀ ਪ੍ਰਮਾਣਿਕ ਸਮਝ ਹੋਣੀ ਵੀ ਲਾਜ਼ਮੀ ਹੈ। ਸੁਖਿੰਦਰ ਇਸ ਜਾਣਕਾਰੀ ਨਾਲ ਭਰਪੂਰ ਹੈ। ਉਹ ਕਨੇਡੀਅਨ ਪੰਜਾਬੀ ਸਮਾਜ, ਧਰਮ, ਸਭਿਆਚਾਰ, ਰਾਜਨੀਤੀ ਬਾਰੇ ਭਰੋਸੇਯੋਗ ਜਾਣਕਾਰੀ ਹੀ ਨਹੀਂ ਰੱਖਦਾ ਸਗੋਂ ਇਸਦੇ ਨਾਲ ਹੀ ਇਹਨਾਂ ਪੱਖਾਂ ਬਾਰੇ ਉਸਦਾ ਇਕ ਆਪਣਾ ਨਿਸਚਿਤ ਮੱਤ ਵੀ ਹੈ। ਇਸ ਮੱਤ ਪਿੱਛੇ ਉਸਦਾ ਆਪਣਾ ਦ੍ਰਿਸ਼ਟੀਕੋਨ ਕਾਰਜਸ਼ੀਲ ਹੈ। ਇਹ ਦ੍ਰਿਸ਼ਟੀਕੋਨ ਰਾਜਨੀਤਕ ਸ਼ਬਦਾਵਲੀ ਅਨੁਸਾਰ ‘ਮਾਰਕਸਵਾਦੀ’ ਜਾਂ ਸਾਹਿਤਕ ਸ਼ਬਦਾਵਾਲੀ ਅਨੁਸਾਰ, ‘ਪ੍ਰਗਤੀਵਾਦੀ’ ਆਖਿਆ ਜਾ ਸਕਦਾ ਹੈ। ਉਹ ਜਦੋਂ ਵੀ ਰਚਨਾਵਾਂ ਵਿਚ ਪੇਸ਼ ਮਸਲਿਆਂ ਜਾਂ ਵਰਤਾਰਿਆਂ ਨੂੰ ਪਛਾਣ ਰਿਹਾ ਹੁੰਦਾ ਹੈ ਤਾਂ ਇਸ ਪਛਾਣ ਪਿੱਛੇ ਉਸਦਾ ਪ੍ਰਗਤੀਵਾਦੀ ਦ੍ਰਿਸ਼ਟੀਕੋਨ ਹੀ ਕਾਰਜਸ਼ੀਲ ਦਿਖਾਈ ਦਿੰਦਾ ਹੈ। ਵਿਚਾਰ ਅਧੀਨ ਸਤਵੰਜਾ ਲੇਖਕਾਂ ਨੇ ਪਰਵਾਸੀ ਪੰਜਾਬੀਆਂ ਨਾਲ ਸੰਬੰਧਿਤ ਲਗਭਗ ਸਾਰੇ ਹੀ ਮੁੱਦੇ ਆਪਣੀਆਂ ਰਚਨਾਵਾਂ ਵਿਚ ਚਰਚਾ ਅਧੀਨ ਲੈ ਆਂਦੇ ਹਨ ਅਤੇ ਇਹਨਾਂ ਮੁੱਦਿਆਂ ਬਾਰੇ ਇਕ ਸਮਾਜ ਵਿਗਿਆਨੀ ਵਾਂਗ ਸੁਖਿੰਦਰ ਨੇ ਆਪਣੀ ਪ੍ਰਮਾਣਿਕ ਅਤੇ ਨਿਰਣਾਜਨਕ ਰਾਇ ਵੀ ਪ੍ਰਸਤੁਤ ਕੀਤੀ ਹੈ। ਪਾਠਕ ਪੁਸਤਕ ਨੂੰ ਪੜ੍ਹਦਿਆਂ ਕਨੇਡੀਅਨ ਪੰਜਾਬੀ ਪਰਵਾਸੀਆਂ ਦੇ ਜੀਵਨ ਇਤਿਹਾਸ, ਏਥੇ ਸਥਾਪਤ ਹੋਣ ਲਈ ਕੀਤੇ ਸੰਘਰਸ਼ ਅਤੇ ਇਥੋਂ ਤੇ ਸਮਾਜ-ਸਭਿਆਚਾਰ ਨਾਲ ਤਣਾਓਸ਼ੀਲ ਰਿਸ਼ਤੇ ਦੇ ਵਿਭਿੰਨ ਪਸਾਰਾਂ ਦੀ ਸੋਝੀ ਗ੍ਰਹਿਣ ਕਰਦਾ ਹੈ। ਇਸ ਪੱਖੋਂ ਸਾਹਿਤਕ ਦੇ ਨਾਲ ਨਾਲ ਇਸ ਪੁਸਤਕ ਦਾ ਸਮਾਜਿਕ-ਸਭਿਆਚਾਰਕ ਤੇ ਇਤਿਹਾਸਕ ਮਹੱਤਵ ਵੀ ਬਣ ਜਾਂਦਾ ਹੈ। ਕਨੇਡੀਅਨ ਸਾਹਿਤ ਨੂੰ ਜਾਨਣ ਤੇ ਖੋਜਣ ਦੀ ਇੱਛਾ ਰੱਖਣ ਵਾਲਿਆਂ ਵੱਲੋਂ ਇਸਨੂੰ ਇਕ ਸੰਦਰਭ-ਗ੍ਰੰਥ ਵਜੋਂ ਵੀ ਇਸਤੇਮਾਲ ਕੀਤਾ ਜਾ ਸਕੇਗਾ।
-----
ਇਹ ਪੁਸਤਕ ਕਿਉਂਕਿ ਕਨੇਡੀਅਨ ਪੰਜਾਬੀ ਸਾਹਿਤ ਬਾਰੇ ਪਹਿਲੀ ਪੁਸਤਕ ਹੈ ਤੇ ਇਸ ਪੱਖੋਂ ਵਿਆਪਕ ਪੱਧਰ ਤੇ ਇਕੋ ਵੇਲੇ ਵੱਖ ਵੱਖ ਵਿਧਾਵਾਂ ਦੇ ਲੇਖਕਾਂ ਦੀਆਂ ਅਨੇਕਾਂ ਪੁਸਤਕਾਂ ਦੇ ਵਿਵੇਚਨ ਨੂੰ ਇਕੋ ਥਾਂ ਤੇ ਪ੍ਰਸਤੁਤ ਕਰਕੇ ਤੇ ਪਾਠਕਾ ਨੂੰ ਇਸ ਸਾਹਿਤ ਨੂੰ ਪੜ੍ਹਨ ਲਈ ਤੇ ਨਵੇਂ ਆਲੋਚਕਾਂ ਨੂੰ ਇਸ ਸਾਹਿਤ ਨੂੰ ਸਮਝਣ ਤੇ ਪਰਖ਼ਣ ਲਈ ਪ੍ਰੇਰਿਤ ਕਰਨ ਲਈ ਇਸ ਪੁਸਤਕ ਨੇ ਇਤਿਹਾਸਕ ਰੋਲ ਤਾਂ ਨਿਭਾਇਆ ਹੀ ਹੈ ਪਰ ਇਸਦੇ ਨਾਲ ਪਹਿਲੀ ਪੁਸਤਕ ਵਾਲੀਆਂ ਕੁਝ ਸੀਮਾਵਾਂ ਵੀ ਇਸ ਵਿਚ ਦ੍ਰਿਸ਼ਟੀਗੋਚਰ ਹੁੰਦੀਆਂ ਹਨ। ਕਿਸੇ ਵੀ ਰਚਨਾ ਦੀ ਆਲੋਚਨਾ ਕਰਨ ਲਈ ਵਿਧੀ ਭਾਵੇਂ ਕੋਈ ਵੀ ਵਰਤੀ ਜਾਵੇ, ਸੁਚੇਤ ਪਾਠਕ ਦੀ ਆਲੋਚਕ ਕੋਲੋਂ ਇਹ ਮੰਗ ਹੁੰਦੀ ਹੈ ਕਿ ਉਹ ਸੰਬੰਧਿਤ ਰਚਨਾ ਦੇ ਅੰਦਰ ਦਾਖ਼ਲ ਹੋਣ ਲਈ ਉਸ ਅੱਗੇ ਸਾਰੇ ਦਰਵਾਜ਼ੇ ਖੋਲ੍ਹੇ। ਮਸਲਨ: ਕਿਸੇ ਰਚਨਾ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਉਸ ਵਿਚ ਪੇਸ਼ ਰਚਨਾ ਵਸਤੂ ਦੇ ਵਿਸ਼ਲੇਸ਼ਣ ਲਈ ਕਾਰਜਸ਼ੀਲ ਰਚਨਾ-ਦ੍ਰਿਸ਼ਟੀ ਨੂੰ ਵੀ ਸਮਝਿਆ ਜਾਵੇ ਤੇ ਫਿਰ ਇਹ ਵੀ ਸਮਝਿਆ ਜਾਵੇ ਕਿ ਉਸ ਵਿਸ਼ੇਸ਼ ਰਚਨਾ ਦ੍ਰਿਸ਼ਟੀ ਦੇ ਹਵਾਲੇ ਨਾਲ ਕਿਸੇ ਵਸਤੂ ਨੂੰ ਚੁਣਨ ਤੇ ਫਿਰ ਪੇਸ਼ ਕਰਨ ਲਈ ਕਿਸ ਹੁਨਰਮੰਦੀ ਦਾ ਕਮਾਲ ਕੀਤਾ ਗਿਆ ਹੈ। ਕੋਈ ਵੀ ਲੇਖਕ ਆਪਣੇ ਅਨੁਭਵ ਅਤੇ ਕਲਪਨਾ ਦੇ ਸਹਾਰੇ ਵਿਸ਼ਾਲ ਜੀਵਨ ਵਿਚੋਂ ਕੁਝ ਟੋਟੇ ਆਪਣੀ ਰਚਨਾ ਵਿਚ ਪੇਸ਼ ਕਰਨ ਲਈ ਚੁਣਦਾ ਹੈ ਅਤੇ ਫਿਰ ਉਸਨੂੰ ਆਪਣੇ ਆਤਮ-ਅਨੁਭਵ ਦਾ ਭਾਗ ਬਣਾ ਕੇ ਹੁਨਰਮੰਦੀ ਨਾਲ ਉਸ ਵਿਸ਼ੇਸ਼ ਵਿਧਾ ਦੀ ਸ਼ਕਲ ਵਿਚ ਕਾਗ਼ਜ਼ਾਂ ‘ਤੇ ਉਤਾਰਦਾ ਹੈ। ਇਸ ਲਈ ਕਿਸੇ ਵੀ ਰਚਨਾ ਦਾ ਸਹੀ ਮੁੱਲ ਪਾਉਣ ਲਈ ਉਸ ਰਚਨਾ ਦੀ ਵਿਧਾਗਤ ਵਿਲੱਖਣਤਾ ਨੂੰ ਪਛਾਨਣਾ ਬਹੁਤ ਜ਼ਰੂਰੀ ਹੈ। ਕੀ ਉਹ ਵਿਸ਼ੇਸ਼ ਰਚਨਾ ਕਵਿਤਾ, ਕਹਾਣੀ, ਨਾਵਲ ਜਾਂ ਨਾਟਕ ਬਣ ਵੀ ਸਕੀ ਹੈ ਜਾਂ ਨਹੀਂ, ਇਹ ਜਾਨਣਾ ਵੀ ਬਹੁਤ ਜ਼ਰੂਰੀ ਹੈ। ਸਾਹਿਤ ਦੇ ਸਿਆਣੇ ਤਾਂ ਇਹ ਵੀ ਕਹਿੰਦੇ ਹਨ ਕਿ ਸਿਆਣਾ ਆਲੋਚਕ ਰਚਨਾ ਦੀ ਤਕਨੀਕ ਨੂੰ ਖੋਲ੍ਹਣ ਦਾ ਆਹਰ ਕਰਦਿਆਂ ਹੀ ਰਚਨਾ ਦੀ ਕਲਾਤਮਕਤਾ, ਉਸ ਵਿਚ ਪੇਸ਼ ਰਚਨਾ ਦ੍ਰਿਸ਼ਟੀ ਤੇ ਰਚਨਾ ਵਸਤੂ ਦਾ ਸਹੀ ਮੁਲਾਂਕਣ ਕਰ ਲੈਂਦਾ ਹੈ। ਮਾਰਕ ਸ਼ੋਰਰ ਦਾ ਕਥਨ, ‘ਤਕਨੀਕ ਹੀ ਦਰਿਆਫ਼ਤ ਹੈ’ ਇਸ ਮਕਸਦ ਲਈ ਅਕਸਰ ਹੀ ਦੁਹਰਾਇਆ ਜਾਂਦਾ ਹੈ।
-----
ਸੁਖਿੰਦਰ ਨੇ ਸੰਬੰਧਿਤ ਰਚਨਾਵਾਂ ਨੂੰ ਸਮਝਦਿਆਂ ਰਚਨਾ ਦੀ ਕਲਾ, ਸੁਹਜਾਤਮਕਤਾ ਜਾਂ ਉਸਦੇ ਤਕਨੀਕੀ ਪੱਖ ਨੂੰ ਅਸਲੋਂ ਹੀ ਅਣਗੌਲਾ ਕੀਤੀ ਰੱਖਿਆ ਹੈ। ਉਸਦੀ ਆਲੋਚਨਾ ਪੜ੍ਹਦਿਆਂ ਇਹ ਤਾਂ ਪਤਾ ਲੱਗਦਾ ਹੈ ਕਿ ਲੇਖਕ ਨੇ ਕਿਹੜੇ ਵਿਸ਼ੇ ਤੇ ਕਲਮ-ਅਜ਼ਮਾਈ ਕੀਤੀ ਹੈ ਤੇ ਉਸਦੀ ਉਸ ਮਸਲੇ ‘ਤੇ ਕਿੰਨੀ ਕੁ ਪਕੜ ਹੈ ਤੇ ਉਸ ਵਿਸ਼ੇਸ਼ ਲੇਖਕ ਦਾ ਉਸ ਵਿਸ਼ੇਸ਼ ਮਸਲੇ ਬਾਰੇ ਦ੍ਰਿਸ਼ਟੀਕੋਣ ਕੀ ਹੈ, ਪਰ ਉਸ ਰਚਨਾ ਦੀ ਤਕਨੀਕ ਜਾਂ ਕਲਾਪੱਖ ਬਾਰੇ ਡੂੰਘਾਈ ਵਿਚ ਜਾ ਕੇ ਉਸਨੂੰ ਸਮਝਣ ਦੀ ਖ਼ੇਚਲ ਕਰਨੋਂ ਆਲੋਚਕ ਉੱਕ ਗਿਆ ਹੈ। ਮਿਸਾਲ ਦੇ ਤੌਰ ‘ਤੇ ਨਦੀਮ ਪਰਮਾਰ ਦੇ ਨਾਵਲ ਚਿੱਟੀ ਮੌਤ ਬਾਰੇ ਸੁਖਿੰਦਰ ਦੀ ਆਲੋਚਨਾ ਪੜ੍ਹਦਿਆਂ ਮੈਨੂੰ ਉਸ ਵਿਚ ਪੇਸ਼ ਪਾਤਰ ਦੇ ਏਡਜ਼ ਪੀੜਤ ਹੋਣ ਬਾਰੇ ਤਾਂ ਜਾਣਕਾਰੀ ਮਿਲਦੀ ਹੈ ਤੇ ਏਡਜ਼ ਦੀ ਬੀਮਾਰੀ ਦੇ ਹੋਣ, ਫ਼ੈਲਣ ਜਾਂ ਇਲਾਜ ਬਾਰੇ ਗਿਆਨ ਵੀ ਮਿਲਦਾ ਹੈ ਪਰ ਬਤੌਰ ‘ਨਾਵਲ’ ਉਹ ਰਚਨਾ ਕਿਹੋ ਜਿਹੀ ਹੈ, ਇਸਦੀ ਕੋਈ ਵੀ ਜਾਣਕਾਰੀ ਉਪਲਬਧ ਨਹੀਂ। ਇਕ ਸੁਚੇਤ ਪਾਠਕ ਵਜੋਂ ਮੈਂ ਇਹ ਵੀ ਜਾਨਣਾ ਚਾਹੁੰਦਾ ਹਾਂ ਕਿ ਉਸ ਵਿਚ ਪਾਤਰ ਉਸਾਰੀ ਦਾ ਵਿਧਾਨ ਕਿਹੋ ਜਿਹਾ ਹੈ, ਬਿਰਤਾਂਤ ਦੀ ਪੇਸ਼ਕਾਰੀ ਦਾ ਪੱਧਰ ਕਿਹੋ ਕਿਹਾ ਹੈ, ਨਾਵਲਕਾਰ ਦੀ ਰਚਨਾ-ਸ਼ੈਲੀ ਕਿਹੋ ਜਿਹੀ ਹੈ ਆਦਿ ਆਦਿ; ਪਰ ਮੈਨੂੰ ਇਸਦੀ ਕਿਧਰੇ ਇਕ ਝਲਕ ਵੀ ਨਹੀਂ ਮਿਲਦੀ। ਕਲਾ ਦੇ ਨਾਂ ‘ਤੇ ਲੇਖ ਦੀ ਆਖ਼ਰੀ ਸਤਰ ਵਿਚ ਉਹ ਇਸਨੂੰ ‘ਖ਼ੂਬਸੂਰਤ’ ਨਾਵਲ ਆਖ ਕੇ ਵਡਿਆਉਂਦਾ ਹੈ ਪਰ ਇਹ ਭੁੱਲ ਜਾਂਦਾ ਹੈ ਕਿ ਕਿਸੇ ਰਚਨਾ ਦੀ ਖ਼ੂਬਸੂਰਤੀ ਉਸਦੀ ਕਲਾਤਮਕਤਾ ਦੇ ਨਕਸ਼-ਨਿਗ਼ਾਰ ਵਿਚ ਪਈ ਹੁੰਦੀ ਹੈ। ਜਸਵੀਰ ਕਾਲਰਵੀ, ਤ੍ਰਿਲੋਚਨ ਗਿੱਲ ਅਤੇ ਅਮਰਜੀਤ ਸਿੰਘ ਦੇ ਨਾਵਲਾਂ ਬਾਰੇ ਵੀ ਇਹੋ ਗੱਲ ਆਖੀ ਜਾ ਸਕਦੀ ਹੈ। ਕੇਵਲ ਉਹ ਤ੍ਰਿਲੋਚਨ ਗਿੱਲ ਦੇ ਨਾਵਲ ਵਿਚਲੀ ਵਿਉਂਤਬੰਦੀ ਵਿਚ ਬੇਲੋੜੇ ਵਿਸਥਾਰ ਵੱਲ ਹੀ ਮਾੜਾ ਜਿਹਾ ਸੰਕੇਤ ਕਰਦਾ ਹੈ ਤੇ ਫਿਰ ਆਮ ਵਾਂਗ ਨਾਵਲ ਦੀ ਵਿਆਖਿਆ ਕਰਨ ਵੱਲ ਰੁਚਿਤ ਹੋ ਜਾਂਦਾ ਹੈ। ਇੰਝ ਹੀ ਕਵੀਆਂ ਦੀਆਂ ਰਚਨਾਵਾਂ ਬਾਰੇ ਇਹ ਚਰਚਾ ਕਿਧਰੇ ਨਹੀਂ ਛਿੜਦੀ ਕਿ ਕੀ ‘ਉਹਨਾਂ ਦੀ ਕਵਿਤਾ, ਕਵਿਤਾ ਵੀ ਬਣੀ ਹੈ ਕਿ ਨਹੀਂ?’ ਜੇ ਉਹ ਗੁਰਦਰਸ਼ਨ ਬਾਦਲ ਦੇ ਗੀਤਾਂ ਦੀ ਗੱਲ ਕਰ ਰਿਹਾ ਹੈ ਤਾਂ ਮੇਰੀ ਇੱਛਾ ਹੈ ਕਿ ਉਹ ਇਹ ਵੀ ਦੱਸੇ ਕਿ ਚੰਗੇ ਗੀਤ ਦੀ ਰੂਹ ਕਿੱਥੇ ਲੁਕੀ ਹੁੰਦੀ ਹੈ ਤੇ ਗੁਰਦਰਸ਼ਨ ਬਾਦਲ ਨੇ ਉਹਨਾਂ ਗੀਤਾਂ ਦੀ ਰੂਹ ਨੂੰ ਕਿੰਨਾਂ ਕੁ ਲੱਭਿਆ ਹੈ। ਇੰਝ ਹੀ ਕਸ਼ਮੀਰਾ ਸਿੰਘ ਚਮਨ ਜਾਂ ਸ਼ਮਸ਼ੇਰ ਸਿੰਘ ਸੰਧੂ ਦੀਆਂ ਗ਼ਜ਼ਲਾਂ ਬਾਰੇ ਪੜ੍ਹਦਿਆਂ ਸੁਹਿਰਦ ਪਾਠਕ ਇਹਨਾਂ ਦੀ ਗ਼ਜ਼ਲੀਅਤ ਬਾਰੇ ਵੀ ਜਾਨਣਾ ਚਾਹੇਗਾ ਤੇ ਇਹ ਪੁੱਛਣਾ ਵੀ ਉਸਦਾ ਹੱਕ ਹੈ ਕਿ ਗ਼ਜ਼ਲ ਲੇਖਕ ਨੇ ਗ਼ਜ਼ਲ ਦਾ ਵਿਧਾਨ ਕਿਹੋ ਜਿਹਾ ਨਿਭਾਇਆ ਹੈ। ਵਾਰਤਕ ਭਾਵੇਂ ਗੁਰਦੇਵ ਚੌਹਾਨ ਲਿਖ ਰਿਹਾ ਹੋਵੇ, ਭਾਵੇਂ ਬਲਬੀਰ ਮੋਮੀ ਜਾਂ ਇਕਬਾਲ ਮਾਹਲ ਪਾਠਕ ਦਾ ਇਹ ਪੁੱਛਣਾ ਵੀ ਹੱਕ-ਬ-ਜਾਨਬ ਹੈ ਕਿ ਲੇਖਕ ਕੋਲ ਸ਼ਬਦਾਂ ਨੂੰ ਜੋੜਨ-ਬੀੜਨ ਦਾ ਹੁਨਰ ਕਿਹੋ ਜਿਹਾ ਹੈ, ਉਸਦੀ ਰਚਨਾ ਸ਼ੈਲੀ ਦੀਆਂ ਕੀ ਵਿਸ਼ੇਸ਼ਤਾਈਆਂ ਹਨ, ਜਿਨ੍ਹਾਂ ਦੇ ਆਧਾਰ ‘ਤੇ ਉਸਨੂੰ ਹੋਰ ਲੇਖਕਾਂ ਦੀਆਂ ਲਿਖਤਾਂ ਤੋਂ ਨਿਖੇੜਿਆ ਤੇ ਵੱਖਰਾ ਪਛਾਣਿਆਂ ਜਾ ਸਕਦਾ ਹੈ। ਅਸਲ ਵਿਚ ਸੁਖਿੰਦਰ ਦਾ ਸਾਰਾ ਜ਼ੋਰ ਸੰਬੰਧਿਤ ਰਚਨਾਵਾਂ ਵਿਚ ਪੇਸ਼ ਮਸਲੇ ਤੇ ਉਸ ਵਿਚ ਨਿਹਿਤ ਵਿਚਾਰਧਾਰਾ ਦੀ ਵਿਆਖਿਆ ਅਤੇ ਵਿਸ਼ਲੇਸ਼ਣ ‘ਤੇ ਹੀ ਲੱਗਾ ਰਹਿੰਦਾ ਹੈ ਪਰ ਕੋਈ ਵਿਚਾਰ ਸਾਹਿਤ ਕਿਵੇਂ ਬਣਦਾ ਹੈ ਇਸ ਵੱਲ ਉਸਦਾ ਬਹੁਤ ਘੱਟ ਧਿਆਨ ਜਾਂਦਾ ਹੈ। ਇਹ ਤਾਂ ਐਵੇਂ ਚੱਲਦੇ ਚੱਲਦੇ ਕੁਝ ਇਕ ਰਚਨਾਵਾਂ ਦਾ ਹਵਾਲਾ ਦਿੱਤਾ ਗਿਆ ਹੈ, ਪਰ ਇਸ ਪੁਸਤਕ ਵਿਚੋਂ ਬਹੁਤ ਸਾਰੀਆਂ ਅਜਿਹੀਆਂ ਰਚਨਾਵਾਂ ਹਨ ਜਿਨ੍ਹਾਂ ਦੇ ਕਲਾ ਪੱਖ ਨੂੰ ਲੇਖਕ ਨੇ ਛੂਹਿਆ ਤੱਕ ਨਹੀਂ। ਵਿਸਥਾਰ ਤੋਂ ਬਚਣ ਲਈ ਮੈਂ ਹੋਰ ਹਵਾਲੇ ਦੇਣ ਤੋਂ ਸੰਕੋਚ ਕਰਦਾ ਹਾਂ।
-----
ਕੋਈ ਲੇਖਕ ਕਿਸ ਕਲਾਤਮਕ ਮੁਹਾਰਤ ਨਾਲ ਸੰਬੰਧਿਤ ਮਸਲਿਆਂ ਨੂੰ ਬਿਆਨ ਕਰਦਾ ਹੈ, ਏਸੇ ਵਿਚ ਹੀ ਉਸ ਲੇਖਕ ਦੀ ਹੁਨਰਮੰਦੀ ਦਾ ਹੁਸਨ ਲੁਕਿਆ ਹੁੰਦਾ ਹੈ ਅਤੇ ਇਸ ‘ਹੁਸਨ’ ਨੇ ਹੀ ਉਸ ਲੇਖਕ ਨੂੰ ਉੱਤਮ, ਮੱਧਮ ਜਾਂ ਨਿਮਨ ਦਰਜੇ ਦਾ ਲੇਖਕ ਸਾਬਤ ਕਰਨਾ ਹੁੰਦਾ ਹੈ। ਅਜਿਹੀ ਗੱਲ ਵੀ ਨਹੀਂ ਕਿ ਸੁਖਿੰਦਰ ਕੋਲ ਕਿਸੇ ਰਚਨਾ ਦੀ ਕਲਾ ਨੂੰ ਪਰਖਣ਼ ਦੀ ਅਸਲੋਂ ਹੀ ਸੋਝੀ ਨਾ ਹੋਵੇ ਜਾਂ ਉਹ ਸਾਹਿਤਕ ਰਚਨਾਵਾਂ ਦੇ ਕਲਾਤਮਕ ਮਹੱਤਵ ਨੂੰ ਅਸਲੋਂ ਘਟਾ ਕੇ ਵੇਖਦਾ ਹੋਵੇ। ਸਿਧਾਂਤਕ ਪੱਧਰ ‘ਤੇ ਉਹ ਭਲੀ-ਭਾਂਤ ਜਾਣਦਾ ਹੈ ਕਿ ਕਿਸੇ ਲੇਖਕ ਦੀ ਵਡਿਆਈ ਦਾ ਪਹਿਲਾ ਮਾਪ-ਦੰਡ ਲੇਖਕ ਦੀ ਕਲਾ-ਕੌਸ਼ਲਤਾ ਹੀ ਹੈ। ਬਲਬੀਰ ਸਿੰਘ ਮੋਮੀ ਬਾਰੇ ਚਰਚਾ ਕਰਦਿਆਂ ਉਹ ਦੱਸਦਾ ਹੈ ਕਿ ਮੋਮੀ ਨੇ ਸੰਸਾਰ ਦੇ ਪ੍ਰਸਿੱਧ ਲੇਖਕ ਪੜ੍ਹੇ ਹੋਏ ਹਨ ਅਤੇ ਮੋਮੀ ਦੀਆਂ ਲਿਖਤਾਂ ਵਿਚ ਇਹੋ ‘ਜਿਹੇ ਮਹਾਨ ਸਾਹਿਤਕਾਰਾਂ ਦੀਆਂ ਲਿਖਤਾਂ ਦੇ ਸ਼ਿਲਪੀ ਝਲਕਾਰੇ ਪੈਂਦੇ ਹਨ, ਬਲਬੀਰ ਮੋਮੀ ਦੀਆਂ ਲਿਖਤਾਂ ਦੇ ਅਜਿਹੇ ਗੁਣਾਂ ਕਰਕੇ ਹੀ ਉਸਨੂੰ ਕਨੇਡਾ ਦੇ ਨਾਮਵਰ ਅਤੇ ਚਰਚਿਤ ਪੰਜਾਬੀ ਲੇਖਕਾਂ ਵਿਚ ਸ਼ਾਮਲ ਕੀਤਾ ਜਾਂਦਾ ਹੈ।’(ਪੰਨਾਂ:430) ਪਰ ਸੁਖਿੰਦਰ ਆਪ ਪਤਾ ਨਹੀਂ ਕਿਉਂ ਵਿਚਾਰ-ਅਧੀਨ ਲੇਖਕਾਂ ਦੀਆਂ ਰਚਨਾਵਾਂ ਵਿਚਲੇ ਸ਼ਿਲਪੀ ਝਲਕਾਰਿਆਂ ਤੋਂ ਨਜ਼ਰਾਂ ਚੁਰਾ ਕੇ ਲੰਘ ਜਾਂਦਾ ਹੈ। ਕਿਉਂਕਿ ਆਲੋਚਕ ਰਚਨਾ ਦੇ ਕਲਾਤਮਕ ਪਹਿਲੂਆਂ ਨੂੰ ਬਹੁਤ ਹੀ ਘੱਟ ਛੂੰਹਦਾ ਹੈ, ਇਸ ਲਈ ਸਾਧਾਰਨ ਪਾਠਕ ਨੂੰ ਕਨੇਡੀਅਨ ਨਾਵਲਕਾਰਾਂ, ਕਹਾਣੀਕਾਰਾਂ, ਕਵੀਆਂ ਜਾਂ ਵਾਰਤਕ ਲੇਖਕਾਂ ਦੀਆਂ ਰਚਨਾਵਾਂ ਬਾਰੇ ਜਾਣਕਾਰੀ ਤਾਂ ਮਿਲ ਜਾਂਦੀ ਹੈ,ਉਹਨਾਂ ਵਿਚ ਪੇਸ਼ ਸਮਾਜ-ਸਭਿਆਚਾਰ ਦੀਆਂ ਵੰਨਗੀਆਂ ਤੇ ਵਿਸ਼ਲੇਸ਼ਣ ਵੀ ਪ੍ਰਾਪਤ ਹੋ ਜਾਂਦਾ ਹੈ ਪਰ ਇਹ ਪਤਾ ਲਾਉਣਾ ਮੁਸ਼ਕਲ ਹੋ ਜਾਂਦਾ ਹੈ ਕਿ ਕਲਾ ਦੇ ਪੱਖੋਂ ਇਹਨਾਂ ਵਿਚੋਂ ਕਿਹੜਾ ਉੱਤਮ, ਮੱਧਮ ਜਾਂ ਨਿਮਨ ਦਰਜੇ ਦਾ ਲੇਖਕ ਹੈ। ਇਸ ਪੁਸਤਕ ਵਿਚ ਸਾਰੇ ਲੇਖਕ ਇਕੋ ਜਿਹੇ ਨਜ਼ਰ ਆਉਂਦੇ ਹਨ।
-----
ਸਿਰਫ਼ ਕੁਝ ਇਕ ਲੇਖਕਾਂ ਦੀਆਂ ਰਚਨਾਵਾਂ ਦੀ ਗੱਲ ਕਰਦਿਆਂ ਉਹ ਸੰਬੰਧਿਤ ਵਿਧਾ ਦੇ ਕਲਾ-ਵਿਧਾਨ ਵੱਲ ਵੀ ਸੰਕੇਤ ਕਰਦਾ ਹੈ ਤੇ ਵਿਧਾਗਤ ਨੇਮਾਂ ਦੀ ਰੌਸ਼ਨੀ ਵਿਚ ਸੰਬੰਧਿਤ ਲੇਖਕਾਂ ਦੀਆਂ ਰਚਨਾਵਾਂ ਬਾਰੇ ਆਪਣੀ ਨਿਰਣਾ-ਜਨਕ ਰਾਇ ਵੀ ਪੇਸ਼ ਕਰਦਾ ਹੈ। ਉਹਨਾਂ ਕੁਝ ਇਕ ਲੇਖਕਾਂ, ਜਿਨ੍ਹਾਂ ਦੇ ਲਿਖਣ-ਢੰਗ ਬਾਰੇ ਉਸਨੇ ਸੰਕੇਤਿਕ ਜਿਹੀ ਚਰਚਾ ਕੀਤੀ ਹੈ, ਵਿਚੋਂ ਇਸ ਤੱਥ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ। ਜਰਨੈਲ ਸਿੰਘ ਕਹਾਣੀਕਾਰ, ਬਲਬੀਰ ਸੰਘੇੜਾ, ਕੁਲਜੀਤ ਮਾਨ, ਜਰਨੈਲ ਸਿੰਘ ਗਰਚਾ ਬਾਰੇ ਚਰਚਾ ਕਰਦਿਆਂ ਉਹ ਚੰਗੀ ਕਲਾਤਮਕ ਕਹਾਣੀ ਦੀਆਂ ਕਲਾਤਮਕ ਲੋੜਾਂ ਵੱਲ ਸਹਿਜੇ ਹੀ ਧਿਆਨ ਦਿਵਾ ਜਾਂਦਾ ਹੈ ਅਤੇ ਕਿਸੇ ਕਹਾਣੀ ਨੂੰ ਸਮਝਣ ਲਈ ਆਪਣੇ ਕਲਾਤਮਕ ਪੈਮਾਨੇ ਵੱਲ ਸੰਕੇਤਿਕ ਝਾਤ ਵੀ ਪੁਆ ਜਾਂਦਾ ਹੈ। ਉਸ ਅਨੁਸਾਰ ਕਹਾਣੀ ਦੀ ਧੀਮੀ ਤੋਰ ਨਾਲ ਕਹਾਣੀਆਂ ਵਿਚ ਤਨਾਓ ਵੀ ਹੌਲੀ ਹੌਲੀ ਪੈਦਾ ਹੁੰਦਾ ਹੈ। (ਪੰਨਾਂ:419) ਜ਼ਾਹਿਰ ਹੈ ਕਿ ਉਸ ਅਨੁਸਾਰ ਕਹਾਣੀ ਦੀ ਤੋਰ ਨਾਵਲੀ ਜਾਂ ਮੱਧਮ ਗਤੀ ਵਾਲੀ ਹੋਣ ਦੀ ਥਾਂ ਤੇਜ਼ ਗਤੀ ਵਾਲੀ ਹੋਣੀ ਚਾਹੀਦੀ ਹੈ ਅਤੇ ਕਹਾਣੀ ਵਿਚ ਪਾਠਕ ਦੀ ਜਗਿਆਸਾ ਜਗਾਈ ਰੱਖਣ ਲਈ ਤਨਾਓ ਵੀ ਮਘਦਾ ਰਹਿਣਾ ਚਾਹੀਦਾ ਹੈ। ਕਹਾਣੀ ਦਾ ਅੰਤ ਵੀ ਉਸ ਅਨੁਸਾਰ ‘ਝੰਜੋੜਨ ਵਾਲਾ’ ਹੋਣਾ ਚਾਹੀਦਾ ਹੈ ਅਤੇ ਕਹਾਣੀ ਭਾਵ-ਵਿਰੇਚਨ ਕਰਨ ਵਾਲੀ ਨਾ ਹੋ ਕੇ ਪਾਠਕ ਨੂੰ ਬੇਚੈਨ ਕਰਨ ਵਾਲੀ ਹੋਵੇ, ਜਿਸਨੂੰ ਪੜ੍ਹ ਕੇ ਪਾਠਕ ਨੂੰ ਰਾਤ ਭਰ ਨੀਂਦ ਨਾ ਆਵੇ।(ਪੰਨਾਂ:320-21) ਜਾਣਦਾ ਤਾਂ ਉਹ ਇਹ ਵੀ ਹੈ ਕਿ ਕਹਾਣੀ ਵਿਚ ਵਾਰਤਾਲਾਪ ਸਿਰਜਣ ਦੀ ਵੀ ਵਿਸ਼ੇਸ਼ ਕਲਾ ਹੈ ਤੇ ਵਾਰਤਾਲਾਪ ਉਹੋ ਹੀ ਪ੍ਰਭਾਵਸ਼ਾਲੀ ਹੋਣਗੇ ਜਿਨ੍ਹਾਂ ਦੀ ਉਚਾਰਣੀ ਭਾਸ਼ਾ ਜੀਵਨ ਅਤੇ ਪਾਤਰਾਂ ਦੀ ਉਮਰ, ਕਿੱਤੇ, ਪਿਛੋਕੜ ਅਤੇ ਸਮਝ ਦਾ ਯਥਾਰਥਕ ਬਿਆਨ ਕਰਨ ਵਾਲੀ ਹੋਵੇ। ਨਹੀਂ ਤਾਂ ਵਾਰਤਾਲਾਪ ‘ਨਕਲੀ’(ਪੰਨਾਂ:257) ਜਾਪਣਗੇ। ਕੁਲਜੀਤ ਮਾਨ ਦੀ ਕਹਾਣੀ ‘ਚਿੜੀ’ ਦੇ ਹਵਾਲੇ ਨਾਲ ਉਹ ਉਸਦੀ ਭਾਸ਼ਾ ਵਿਚਲੀ ਵਧੇਰੀ ਕਾਵਿਕਤਾ ਵੱਲ ਧਿਆਨ ਦਿਵਾਉਂਦਾ (ਪੰਨਾ: 256) ਅਚੇਤ ਹੀ ਇਸ ਗੱਲ ਵੱਲ ਵੀ ਅਣਕਿਹਾ ਸੰਕੇਤ ਛੱਡ ਜਾਂਦਾ ਹੈ ਕਿ ਕਵਿਤਾ ਨੂੰ ਭਾਵੇਂ ਗਲਪ ਵਿਚ ਵਰਤੇ ਜਾਣ ਦੀ ਮਨਾਹੀ ਨਹੀਂ ਪਰ ਗਲਪ ਲਿਖਦਿਆਂ ਕਵਿਤਾ ਨੂੰ ਗਲਪ ਦੀ ਭਾਸ਼ਾ ਦਾ ਅੰਗ ਬਣ ਕੇ ਹੀ ਸ਼ਾਮਲ ਹੋਣਾ ਪੈਣਾ ਹੈ। ਉਹ ਕਹਾਣੀ ਵਿਚ ਵਰਤੀ ਜਾਣ ਵਾਲੀ ਨਵੀਨ ਕਲਾ-ਜੁਗਤ ‘ਸਥਿਤੀ-ਮੁਖਤਾ’ ਦੇ ਮਹੱਤਵ ਨੂੰ ਵੀ ਪਛਾਣਦਾ ਤੇ ਸਮਝਦਾ ਹੈ ‘ਜਿਵੇਂ ਕਿ ਕਿਸੇ ਨਾਟਕ ਵਿਚ ਕੋਈ ਸਥਿਤੀ ਪੇਸ਼ ਕਰਨ ਵਾਲੇ ਪਾਤਰ ਆਪਣੀ ਅਦਾਕਾਰੀ ਦਿਖਾ ਰਹੇ ਹੁੰਦੇ ਹਨ ਅਤੇ ਪਿੱਠ-ਭੁਮੀ ਵਿਚ ਪਰਦੇ ਉੱਤੇ ਕੋਈ ਫਿ਼ਲਮ ਦਿਖਾਈ ਜਾ ਰਹੀ ਹੁੰਦੀ ਹੈ ਜਾਂ ਕੋਈ ਦ੍ਰਿਸ਼ ਦਿਖਾਏ ਜਾ ਰਹੇ ਹੁੰਦੇ ਹਨ( ਪੰਨਾਂ:256)।” ਇੰਝ ਉਹ ਕਹਾਣੀ ਵਿਚ ਦ੍ਰਿਸ਼ ਸਿਰਜਣ ਦੀ ਕਲਾ ਦੇ ਮਹੱਤਵ ਨੂੰ ਦ੍ਰਿੜਾਉਂਦਿਆਂ ਇਸ ਜੁਗਤ ਨੂੰ ਪਾਤਰਾਂ ਦੇ ਕਿਰਦਾਰ ਤੇ ਵਿਹਾਰ ਨੂੰ ਸਮਝਣ ਦਾ ਕਲਾਤਮਕ ਮਾਧਿਅਮ ਮੰਨਦਾ ਹੈ। ਮੇਜਰ ਮਾਂਗਟ ਦੀਆਂ ਕਹਾਣੀਆਂ ਵਿਚ ਉਹ ‘ਰੂਪਕ’ ਪੱਖ ਅਤੇ ‘ਤੱਤ’ ਵਿਚ ਸੰਤੁਲਨ ਸਿਰਜਣ ਵਾਲੀ ਕਲਾ ਦਾ ਇਕ ਸਤਰੀ ਸੰਕੇਤ ਤਾਂ ਕਰਦਾ ਹੈ ਪਰ ਇਸ ਸੰਤੁਲਨ ਨੂੰ ਕਿਸੇ ਕਹਾਣੀ ਦੇ ਹਵਾਲੇ ਨਾਲ ਪੁਸ਼ਟ ਨਹੀਂ ਕਰਦਾ। ਮਿੰਨੀ ਗਰੇਵਾਲ ਦੀਆਂ ਕਹਾਣੀਆਂ ਵਿਚ ਉਸਦੀ ‘ਤਕਨੀਕੀ’ ਵਿਲੱਖਣਤਾ ਵੱਲ ਇਸ਼ਾਰਾ ਕਰਕੇ ਵੀ ਉਹ ਇਸ ਵਿਲੱਖਣਤਾ ਦਾ ਕੋਈ ਦਰਵਾਜ਼ਾ ਸਾਡੇ ਸਾਹਮਣੇ ਨਹੀਂ ਖੋਲ੍ਹਦਾ। ਇਹਨਾਂ ਵੇਰਵਿਆਂ ਤੋਂ ਇਹ ਤਾਂ ਭਲੀਭਾਂਤ ਮਾਲੂਮ ਹੋ ਜਾਂਦਾ ਹੈ ਕਿ ਉਸਨੂੰ ਕਿਸੇ ਰਚਨਾ ਦੇ ਤਕਨੀਕੀ, ਕਲਾਤਮਕ ਜਾਂ ਸੁਹਜਾਤਮਕ ਮਹੱਤਵ ਦਾ ਅਹਿਸਾਸ ਹੈ ਪਰ ਚੰਗੀ ਕਹਾਣੀ ਦੇ ਕਲਾਤਮਕ ਵਿਧਾਨ ਦੀ ਸੋਝੀ ਰੱਖਦਿਆਂ ਹੋਇਆਂ ਵੀ ਨਾ ਤਾਂ ਉਹ ਕਹਾਣੀਕਾਰਾਂ ਨੂੰ ਤੇ ਨਾ ਹੀ ਦੂਜੀਆਂ ਵਿਧਾਵਾਂ ਦੇ ਲੇਖਕਾਂ ਦੀਆਂ ਰਚਨਾਵਾਂ ਨੂੰ ਉਸ ਵਿਧਾ ਦੀਆਂ ਕਲਾਤਮਕ ਲੋੜਾਂ ਅਨੁਸਾਰ ਪਰਖ਼ਦਾ ਪੜਚੋਲਦਾ ਹੈ। ਇਹਨਾਂ ਕਹਾਣੀਕਾਰਾਂ ਬਾਰੇ ਵੀ ਬਹੁਤੀ ਵਾਰ ਉਹ ਕੇਵਲ ਬਿਆਨ ਦੀ ਪੱਧਰ ‘ਤੇ ਹੀ ਉਹਨਾਂ ਦੀ ਕਹਾਣੀ ਕਲਾ ਬਾਰੇ ਆਪਣਾ ਮੱਤ ਪ੍ਰਸਤੁਤ ਕਰਦਾ ਹੈ, ਇਸ ਮੱਤ ਨੂੰ ਕਹਾਣੀਆਂ ਦੇ ਹਵਾਲੇ ਨਾਲ ਪੁਸ਼ਟ ਨਹੀਂ ਕਰਦਾ।
------
ਰਚਨਾ ਵਿਚ ‘ਸ਼ਿਲਪੀ ਝਲਕਾਰਿਆਂ’ ਦੇ ਮਹੱਤਵ ਨੂੰ ਭਲੀ-ਭਾਂਤ ਸਮਝਦਿਆਂ ਹੋਇਆਂ ਵੀ ਜੇ ਆਲੋਚਕ ਦਾ ਧਿਆਨ ਇਸ ਪਾਸੇ ਨਹੀਂ ਗਿਆ ਤਾਂ ਸਾਨੂੰ ਇਸਦੀ ਵੀ ਨਿਸ਼ਾਨਦੇਹੀ ਕਰਨ ਦੀ ਕੋਸਿ਼ਸ ਵੀ ਕਰਨੀ ਚਾਹੀਦੀ ਹੈ। ਕਿਸੇ ਕੁਲਜੀਤ ਮਾਨ ਦੀ ਕਹਾਣੀ ‘ਰੰਗ ਕਾਟ’ ਬਾਰੇ ਗੱਲ ਕਰਦਿਆਂ ਉਹ ਇੱਕ ਥਾਂ ਲਿਖਦਾ ਹੈ, “ਇਹ ਕਹਾਣੀ ਮੈਨੂੰ ਬਹੁਤ ਕਾਹਲੀ ਵਿਚ ਲਿਖੀ ਲੱਗੀ।”(ਪੰਨਾਂ: 257) ਕੀ ਕਿਤੇ ਸਾਡਾ ਆਲੋਚਕ ਵੀ ਕਿਸੇ ਅਜਿਹੀ ਕਾਹਲੀ ਦਾ ਸ਼ਿਕਾਰ ਤਾਂ ਨਹੀਂ ਹੈ, ਜਿਸ ਕਾਹਲੀ ਕਰਕੇ ਉਹ ਇਹਨਾਂ ਰਚਨਾਵਾਂ ਦੇ ਸਰਬਪੱਖੀ ਅਧਿਅਨ ਲਈ ਲੋੜੀਂਦਾ ਸਮਾਂ ਹੀ ਨਾ ਕੱਢ ਸਕਿਆ ਹੋਵੇ! ਆਲੋਚਕ ਨੇ ਕੁਝ ਇੱਕ ਲੇਖਾਂ ਨੂੰ ਛੱਡ ਕੇ ਬਹੁਤੇ ਲੇਖਾਂ ਹੇਠ ਉਸ ਲੇਖ ਦੇ ਲਿਖਣ ਦੀ ਮਿਤੀ, ਮਹੀਨਾ, ਸਾਲ ਤੇ ਥਾਂ ਦਾ ਨਾਂ ਵੀ ਲਿਖਿਆ ਹੈ। ਅਸੀਂ ਵੇਖਿਆ ਹੈ ਕਿ ਇਹ ਲੇਖ 2008-9 ਵਿਚ ਲਿਖੇ ਗਏ ਹਨ। ਲੱਗਦਾ ਹੈ ਕਿ ਸਾਡਾ ਆਲੋਚਕ ਇਕ ਮੁਹਿੰਮ ਬਣਾ ਕੇ ਇੱਕ ਨਿਵੇਕਲੀ ਪਹਿਲਕਦਮੀ ਦਾ ਝੰਡਾ ਆਪਣੇ ਹੱਥ ਵਿਚ ਲੈਣ ਲਈ ਦੌੜ ਰਿਹਾ ਹੈ। ਇਹਨਾਂ ਦੋ ਸਾਲਾਂ ਵਿਚ 2008 ਦਾ ਕੋਈ ਮਹੀਨਾ ਹੀ ਹੈ ਜਿਹੜਾ ਖ਼ਾਲੀ ਗਿਆ ਹੋਵੇ ਤੇ ਉਸਨੇ ਕਿਸੇ ਕਿਤਾਬ ਬਾਰੇ ਲੇਖ ਨਾ ਲਿਖਿਆ ਹੋਵੇ। 2009 ਵਿਚ ਤਾਂ ਕਿਸੇ ਕਿਸੇ ਮਹੀਨੇ ਤਾਂ ਉਹ ਪੰਜ-ਪੰਜ, ਛੇ-ਛੇ ਕਿਤਾਬਾਂ ਬਾਰੇ ਇਕੋ ਸਾਹੇ ਲਿਖਦਾ ਨਜ਼ਰ ਆਉਂਦਾ ਹੈ। ਫਰਵਰੀ 2009 ਦੇ ਮਹੀਨੇ ਵਿਚ ਤਾਂ ਉਹ ਆਪਣੇ ਨਾਲ ਨਾਲ ਵਿਚਾਰੇ ਨਿੱਕੇ ਜਿਹੇ ‘ਮਹੀਨੇ’ ਨੂੰ ਵੀ ਲੇਖਾਂ ਦੇ ਭਾਰ ਹੇਠ ਦੱਬ ਦਿੰਦਾ ਹੈ। ਇਸ ਇੱਕ ਮਹੀਨੇ ਵਿਚ ਹੀ ਉਸਨੇ ਤੇਰਾਂ ਪੁਸਤਕਾਂ ਬਾਰੇ ਆਪਣੇ ਲੇਖ ਮੁਕੰਮਲ ਕੀਤੇ ਹਨ। ਜ਼ਾਹਿਰ ਹੈ ਕਿ ਇਸ ਮਹੀਨੇ ਉਸਨੂੰ ਪੁਸਤਕ ਪੜ੍ਹਨ ਅਤੇ ਉਸ ਬਾਰੇ ਲਿਖਣ ਲਈ ਕੇਵਲ ਔਸਤਨ ਦੋ ਦਿਨ ਹੀ ਨਸੀਬ ਹੋਏ ਹਨ। ਇਹਨਾਂ ਵਿਚੋਂ ਇਕ ਦਿਨ ਪੁਸਤਕ ਪੜ੍ਹਨ ਨੂੰ ਤੇ ਦੂਜਾ ਦਿਨ ਉਸ ਪੁਸਤਕ ਬਾਰੇ ਲਿਖਣ ਨੂੰ ਦਿੱਤਾ ਮੰਨਿਆ ਜਾ ਸਕਦਾ ਹੈ। ਜਿੱਥੇ ਦਿਨ ਰਾਤ ਕੀਤੀ ਨਿਰੰਤਰ ਮਿਹਨਤ ਪੱਖੋਂ ਉਸਦੀ ਦਾਦ ਦੇਣੀ ਬਣਦੀ ਹੈ ਓਥੇ ਇਸ ਤੱਥ ਵੱਲ ਵੀ ਧਿਆਨ ਜਾਂਦਾ ਹੈ ਕਿ ਆਲੋਚਕ ਨੇ ਪੁਸਤਕ ਪੜ੍ਹਨ ਤੇ ਉਸ ਬਾਰੇ ਰਾਇ ਬਣਾਉਣ ਅਤੇ ਦੇਣ ਵਿਚ ਕਾਹਲੀ ਕੀਤੀ ਲੱਗਦੀ ਹੈ।
-----
ਕਿਸੇ ਵੀ ਪੁਸਤਕ ਬਾਰੇ ਆਪਣਾ ਸਰਬਾਂਗੀ ਆਲੋਚਨਾਤਮਕ ਨਿਰਣਾ ਦੇਣ ਲਈ ਉਸ ਪੁਸਤਕ ਦੇ ਇੱਕ ਤੋਂ ਵਧੇਰੇ ਪਾਠ ਕਰਨ ਦੀ ਲੋੜ ਹੁੰਦੀ ਹੈ ਤੇ ਫਿਰ ਉਸ ਬਾਰੇ ਚਿੰਤਨ-ਮਨਨ ਕਰਨ ਲਈ ਵੀ ਸਮਾਂ ਦਰਕਾਰ ਹੁੰਦਾ ਹੈ। ਫਿਰ ਕਿਤੇ ਜਾ ਕੇ ਹੀ ਕੋਈ ਆਲੋਚਕ ਕਿਸੇ ਲਿਖਤ ਬਾਰੇ ਨਿਰਣਾ ਦੇਣ ਦਾ ਅਧਿਕਾਰੀ ਹੋ ਸਕਦਾ ਹੈ। ਪਰ ਅਸੀਂ ਵੇਖਦੇ ਹਾਂ ਕਿ ਸਾਡੇ ਆਲੋਚਕ ਕੋਲ ਨਿਸਚੈ ਹੀ ਸਮੇਂ ਦੀ ਘਾਟ ਵੀ ਲੱਗਦੀ ਹੈ। ਕਿਸੇ ਰਚਨਾ ਵਿਚ ਡੂੰਘਾ ਉੱਤਰਨ ਦੀ ਲੰਮੀ ਮਾਨਸਿਕ ਘਾਲਣਾ ਘਾਲਣ ਦੀ ਜਿਹੜੀ ਲੋੜ ਹੁੰਦੀ ਹੈ, ਸ਼ਾਇਦ ਇਸ ਘਾਲਣਾ ਲਈ ਸਾਡਾ ਆਲੋਚਕ ਲੋੜੀਂਦਾ ਸਮਾਂ ਨਹੀਂ ਜੁਟਾ ਸਕਿਆ। ਏਸੇ ਕਰਕੇ ਹੀ ਸ਼ਾਇਦ ਉਹ ਰਚਨਾਵਾਂ ਦੇ ‘ਸ਼ਿਲਪੀ ਝਲਕਾਰਿਆਂ’ ਵੱਲ ਸਾਡਾ ਧਿਆਨ ਨਹੀਂ ਦਿਵਾ ਸਕਿਆ। ਅਸੀਂ ਆਸ ਕਰਦੇ ਹਾਂ ਕਿ ਆਪਣੀ ਅਗਲੀ ਪੁਸਤਕ ਵਿਚ, ਜਿਸਨੂੰ ਅਗਲੇ ਹੀ ਸਾਲ ਤੱਕ ਮੁਕੰਮਲ ਕਰ ਦੇਣ ਦਾ ਉਸਨੇ ਐਲਾਨ ਵੀ ਕਰ ਦਿੱਤਾ ਹੈ, ਉਹ ਸਾਡਾ ਇਹ ਉਲ੍ਹਾਮਾ ਵੀ ਦੂਰ ਕਰ ਦੇਵੇਗਾ।
------
ਪਰ ‘ਉਲ੍ਹਾਮੇ’ ਦੇਈ ਜਾਣਾ ਤੇ ਪ੍ਰਾਪਤੀ ਨੂੰ ਅੱਖੋਂ ਓਹਲੇ ਕਰੀ ਰੱਖਣਾ ਵੀ ਦਿਆਨਤਦਾਰੀ ਨਹੀਂ। ਮੈਂ ਅਜਿਹਾ ਬਦ-ਦਿਆਨਤਦਾਰ ਵਿਸ਼ਲੇਸ਼ਕ ਨਹੀਂ ਹਾਂ ਜਿਹੜਾ ਸੁਖਿੰਦਰ ਦੀ ਇਸ ਇਤਿਹਾਸਕ ਪਹਿਲਕਦਮੀ ਨੂੰ ਘਟਾ ਕੇ ਵੇਖਣ ਦੀ ਦੁਰਭਾਵਨਾ ਦਾ ਸ਼ਿਕਾਰ ਹੋਵੇ। ਸੁਖਿੰਦਰ ਨੇ ਕਨੇਡੀਅਨ ਪੰਜਾਬੀ ਆਲੋਚਨਾ ਦੇ ਖੇਤਰ ਵਿਚ ਸਚਮੁੱਚ ਇਤਿਹਾਸ ਸਿਰਜ ਦਿੱਤਾ ਹੈ। ਇਸ ਪੱਖੋਂ ਲੇਖਕਾਂ ਦੇ ਨਾਲ ਨਾਲ ਕਨੇਡੀਅਨ ਪੰਜਾਬੀ ਸਾਹਿਤ ਦੇ ਭਵਿੱਖੀ ਆਲੋਚਕ ਸਦਾ ਸੁਖਿੰਦਰ ਦਾ ਰਿਣ ਮਹਿਸੂਸ ਕਰਦੇ ਰਹਿਣਗੇ।
*****