ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ
ਕੈਨੇਡਾ ਦੇ 57 ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਸਮੀਖਿਆ ਦੀ ਕਿਤਾਬ 'ਕੈਨੇਡੀਅਨ ਪੰਜਾਬੀ ਸਾਹਿਤ' ਨੂੰ ਖ਼ਰੀਦਣ ਲਈ ਬਲੌਗ 'ਤੇ ਦਿੱਤੇ ਐਡਰੈਸ 'ਤੇ ਈਮੇਲ ਕਰੋ। ਸ਼ੁਕਰੀਆ।

ਤੁਹਾਡੇ ਧਿਆਨ ਹਿੱਤ - ਜ਼ਰੂਰੀ ਸੂਚਨਾ

ਸੂਚਨਾ: ਪ੍ਰਕਾਸ਼ਕ ਦੀ ਤਲਾਸ਼ :

ਆਪਣੀ ਹੁਣੇ ਇੰਡੀਆ ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਕੈਨੇਡੀਅਨ ਪੰਜਾਬੀ ਸਾਹਿਤ (ਸਮੀਖਿਆ)’ ਨੂੰ ਮੈਂ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਕੈਨੇਡਾ ਵਿੱਚ ‘‘Canadian Punjabi Literature (Commentary)’’ ਨਾਮ ਦੀ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਨਾ ਚਾਹੁੰਦਾ ਹਾਂ। ਮੈਂ ਕਿਸੀ ਵਧੀਆ ਕੈਨੇਡੀਅਨ ਪ੍ਰਕਾਸ਼ਕ ਦੀ ਤਲਾਸ਼ ਕਰ ਰਿਹਾ ਹਾਂ। ਜੇਕਰ ਤੁਸੀਂ ਕਿਸੀ ਅਜਿਹੇ ਵਧੀਆ ਕੈਨੇਡੀਅਨ ਪ੍ਰਕਾਸ਼ਕ ਦਾ ਨਾਮ ਜਾਣਦੇ ਹੋ ਜੋ ਮੇਰੀ ਪੁਸਤਕ ਪ੍ਰਕਾਸ਼ਿਤ ਕਰ ਸਕਦਾ ਹੋਵੇ ਤਾਂ ਮੈਂ ਉਸ ਪ੍ਰਕਾਸ਼ਕ ਦਾ ਨਾਮ ਜਾਨਣਾ ਚਾਹਾਂਗਾ।

Sukhinder

Editor: SANVAD

Box 67089, 2300 Yonge St.

Toronto ON M4P 1E0

Tel. (416) 858-7077

Email: poet_sukhinder@hotmail.com

http://www.canadianpunjabiliterature.blogspot.com/



Saturday, January 31, 2009

ਸੁਖਿੰਦਰ - ਲੇਖ

ਔਰਤ ਦੇ ਸਰੋਕਾਰਾਂ ਦੀ ਕਵਿਤਾ ਸੁਰਿੰਦਰ ਗੀਤ
----

ਸੁਰਿੰਦਰ ਗੀਤ ਦਾ ਕਾਵਿ-ਉਦੇਸ਼ ਔਰਤ ਦੇ ਸਰੋਕਾਰਾਂ ਦੀ ਕਵਿਤਾ ਲਿਖਣ ਤੱਕ ਫੈਲਿਆ ਹੋਇਆ ਹੈ. ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਉਸਦੀ ਪਹਿਚਾਣ ਇੱਕ ਨਿਵੇਕਲੀ ਸੁਰ ਵਾਲੀ ਕਵਿਤਾ ਲਿਖਣ ਵਾਲੀ ਲੇਖਿਕਾ ਵਜੋਂ ਬਣੀ ਹੋਈ ਹੈ. ਉਸਦੀ ਕਵਿਤਾ ਵਿੱਚ ਔਰਤ ਨਾਲ ਸਬੰਧਤ ਸਰੋਕਾਰਾਂ ਨੂੰ ਬੜੀ ਜੁਰੱਤ ਅਤੇ ਸ਼ਿੱਦਤ ਨਾਲ ਪੇਸ਼ ਕੀਤਾ ਗਿਆ ਹੈ.

ਚੰਦ ਸਿਤਾਰੇ ਮੇਰੇ ਵੀ ਨੇਕਾਵਿ-ਸੰਗ੍ਰਹਿ ਸੁਰਿੰਦਰ ਗੀਤ ਨੇ 2005 ਵਿੱਚ ਪ੍ਰਕਾਸ਼ਿਤ ਕੀਤਾ ਸੀ. ਇਸ ਕਾਵਿ-ਸੰਗ੍ਰਹਿ ਦਾ ਨਾਮ ਹੀ ਸਾਡਾ ਧਿਆਨ ਖਿੱਚਦਾ ਹੈ. ਕਾਵਿ-ਸੰਗ੍ਰਹਿ ਦੇ ਨਾਮ ਰਾਹੀਂ ਹੀ ਉਹ ਇੱਕ ਜਾਗਰੂਕ ਲੇਖਿਕਾ ਵਜੋਂ ਇੱਕ ਬਿਆਨ ਦੇ ਰਹੀ ਹੈ ਕਿ ਦਿਖਾਈ ਦਿੰਦੀ ਇਸ ਦੁਨੀਆਂ ਉੱਤੇ ਔਰਤ ਦਾ ਵੀ ਬਰਾਬਰ ਦਾ ਹਿੱਸਾ ਹੈ. ਇਸ ਤਰ੍ਹਾਂ ਕਰਕੇ ਉਹ ਕਾਵਿ-ਖੇਤਰ ਵਿੱਚ ਔਰਤ ਦੇ ਹੱਕਾਂ ਦਾ ਬੁਲਾਰਾ ਬਣ ਕੇ ਪ੍ਰਵੇਸ਼ ਕਰਦੀ ਹੈ; ਪਰ ਇੰਜ ਕਰਦੀ ਹੋਈ ਉਹ ਕਿਸੀ ਤਰ੍ਹਾਂ ਵੀ ਔਰਤ-ਪ੍ਰਧਾਨ ਸਮਾਜ ਦੀ ਮੰਗ ਨਹੀਂ ਕਰ ਰਹੀ. ਉਹ ਤਾਂ ਔਰਤ-ਮਰਦ ਦੀ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਦੀ ਹਿਮਾਇਤੀ ਹੈ. ਨਿਰਸੰਦੇਹ, ਉਹ ਬਿਨ੍ਹਾਂ ਝਿਜਕ ਉਸ ਮਰਦ-ਪ੍ਰਧਾਨ ਸਮਾਜ ਨੂੰ ਵੀ ਰੱਦ ਕਰਦੀ ਹੈ ਜਿਸ ਦੀਆਂ ਗਲੀਆਂ ਸੜੀਆਂ ਕਦਰਾਂ-ਕੀਮਤਾਂ ਨੇ ਸਦੀਆਂ ਤੋਂ ਔਰਤ ਨੂੰ ਗੁਲਾਮਾਂ ਵਾਲੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਕੀਤਾ ਹੈ. ਜਿਸ ਸਿਸਟਮ ਨੇ ਔਰਤ ਉੱਤੇ ਜਿਸਮਾਨੀ ਅਤੇ ਮਾਨਸਿਕ ਅਤਿਆਚਾਰ ਕਰਨ ਲਈ ਸਮਾਜਿਕ, ਸਭਿਆਚਾਰਕ, ਆਰਥਿਕ, ਧਾਰਮਿਕ ਅਤੇ ਰਾਜਨੀਤਿਕ ਤਾਣਾ-ਬਾਣਾ ਉਸਾਰਿਆ ਤਾਂ ਕਿ ਔਰਤ ਨੂੰ ਪੂਰੀ ਤਰ੍ਹਾਂ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜਿਆ ਜਾ ਸਕੇ. ਔਰਤ ਦੀ ਅਜਿਹੀ ਗੁਲਾਮੀ ਬਾਰੇ ਚੇਤਨਾ ਜਗਾਉਣ ਲਈ ਸੁਰਿੰਦਰ ਗੀਤ ਜ਼ਿੰਦਗੀ ਨਾਲ ਸਬੰਧਤ ਵੱਖੋ ਵੱਖ ਖੇਤਰਾਂ ਬਾਰੇ ਚਰਚਾ ਕਰਦੀ ਹੋਈ ਵਿਦਰੋਹੀ ਸੁਰ ਵਿੱਚ ਬੋਲਦੀ ਹੈ ਅਤੇ ਸਮਾਜ ਨੂੰ ਬਦਲਣ ਦੀ ਲੋੜ ਬਾਰੇ ਚੇਤਨਾ ਪੈਦਾ ਕਰਦੀ ਹੈ.

ਚੰਦ ਸਿਤਾਰੇ ਮੇਰੇ ਵੀ ਨੇਕਾਵਿ ਸੰਗ੍ਰਹਿ ਵਿੱਚ ਪੇਸ਼ ਕੀਤੇ ਗਏ ਸੁਰਿੰਦਰ ਗੀਤ ਦੇ ਕਾਵਿ-ਉਦੇਸ਼ ਬਾਰੇ ਚਰਚਾ ਉਸਦੀ ਕਵਿਤਾ ਅਸੀਂ ਮਨੁੱਖ ਹਾਂਦੀਆਂ ਇਨ੍ਹਾਂ ਸਤਰਾਂ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ:

ਅਸੀਂ ਸਭ ਔਰਤਾਂ

ਔਰਤ ਹੋਣਾ ਸਾਡਾ ਦੋਸ਼

ਅਤੇ ਇਸ ਦੋਸ਼ ਦਾ ਬੋਝ

ਸਾਡੇ ਸਿਰਾਂ ਤੇ ਲੱਦਿਆ

ਸਾਨੂੰ ਲਿਫਾਉਂਦਾ ਰਹਿੰਦਾ ਹੈ

ਮਰਦਾਂ ਦੀ ਅਦਾਲਤ

ਓਦੋਂ ਤੀਕ

ਜਦੋਂ ਤੀਕ ਅਸੀਂ

ਲਿਫ ਲਿਫ ਧਰਤੀ ਨਾਲ ਨਹੀਂ

ਜੁੜ ਜਾਦੀਆਂ

ਸਾਡੀਆਂ ਸੁਪਨਿਆਂ ਨਾਲ

ਭਰੀਆਂ ਅੱਖਾਂ

ਨਹੀਂ ਸੁੱਕ ਜਾਂਦੀਆਂ

ਸਾਡੀਆਂ ਹੋਂਦਾਂ ਨਹੀਂ

ਮੁੱਕ ਜਾਂਦੀਆਂ

ਸੁਰਿੰਦਰ ਗੀਤ ਮਰਦ ਪ੍ਰਧਾਨ ਸਮਾਜ ਨੂੰ ਇਸ ਗੱਲ ਦਾ ਅਹਿਸਾਸ ਕਰਵਾਉਣਾ ਚਾਹੁੰਦੀ ਹੈ ਕਿ ਔਰਤ ਨੂੰ ਵੀ ਮਨੁੱਖ ਸਮਝੋ. ਉਹ ਵੀ ਹੱਡ ਮਾਸ ਦਾ ਇੱਕ ਜਿਉਂਦਾ ਜਾਗਦਾ ਪੁਤਲਾ ਹੈ. ਜਿਸ ਦੀਆਂ ਆਪਣੀਆਂ ਭਾਵਨਾਵਾਂ ਹਨ, ਅਹਿਸਾਸ ਹਨ, ਉਮੰਗਾਂ ਹਨ, ਉਮੀਦਾਂ ਹਨ, ਸੁਪਨੇ ਹਨ ਅਤੇ ਰੀਝਾਂ ਹਨ. ਪਰ ਮਰਦ ਪ੍ਰਧਾਨ ਸਮਾਜ ਵਿੱਚ ਉਸਦੀ ਕਦੀ ਮਰਜ਼ੀ ਨਹੀਂ ਪੁੱਛੀ ਜਾਂਦੀ; ਹਰ ਗੱਲ ਉਸ ਉੱਤੇ ਠੋਸ ਦਿੱਤੀ ਜਾਂਦੀ ਹੈ. ਬਲਕਿ ਉਸਨੂੰ ਇਸ ਗੱਲ ਦਾ ਵੀ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਉਸ ਉੱਤੇ ਮਰਦ ਪ੍ਰਧਾਨ ਸਮਾਜ ਵੱਲੋਂ ਠੋਸੀ ਗਈ ਕਿਸੀ ਵੀ ਗੱਲ ਨੂੰ ਚੁਣੌਤੀ ਦੇਣ ਜਾਂ ਨ ਮੰਨਣ ਦੇ ਬੁਰੇ ਨਤੀਜੇ ਭੁਗਤਣੇ ਪੈ ਸਕਦੇ ਹਨ. ਹਰ ਮਾਂ ਨਵੀਂ ਜੰਮੀ ਧੀ ਨੂੰ ਆਪਣੇ ਪਿਆਰ ਦਾ ਪਹਿਲਾ ਚੁੰਮਣ ਦੇਣ ਵੇਲੇ ਆਪਣੀਆਂ ਅੱਖਾਂ ਵਿੱਚ ਨਮੀ ਭਰਕੇ ਉਸਨੂੰ ਇਸ ਗੱਲ ਦਾ ਅਹਿਸਾਸ ਕਰਵਾਉਣਾ ਵੀ ਕਦੀ ਨਹੀਂ ਭੁੱਲਦੀ ਕਿ ਜਿਸ ਦੁਨੀਆਂ ਵਿੱਚ ਉਸਨੇ ਜਨਮ ਲਿਆ ਹੈ ਉਸ ਵਿੱਚ ਉਸਨੂੰ ਕਿਸ ਕਿਸ ਤਰ੍ਹਾਂ ਦੀ ਗੁਲਾਮੀ ਦਾ ਸਾਹਮਣਾ ਕਰਨਾ ਪਵੇਗਾ. ਇਹ ਗੱਲ ਸਪੱਸ਼ਟ ਕਰਨ ਵਿੱਚ ਸੁਰਿੰਦਰ ਗੀਤ ਦੀ ਕਵਿਤਾ ਨਮੀਦੀਆਂ ਇਹ ਕਾਵਿ ਸਤਰਾਂ ਪੂਰੀ ਤਰ੍ਹਾਂ ਕਾਮਿਯਾਬ ਹੁੰਦੀਆਂ ਹਨ:

ਜਦੋਂ ਉਹ ਜੰਮੀ

ਅੱਖਾਂ ਖੋਲ੍ਹਣ ਤੇ ਉਹਨੇ

ਆਪਣੀਆਂ ਮਾਂ ਦੀਆਂ ਅੱਖਾਂ

ਨਮੀ ਤੱਕੀ

ਅਤੇ ਵਰ੍ਹਿਆਂ ਤੱਕ

ਉਸਦੀ ਮਾਂ ਉਸ ਨੂੰ

ਨਮੀ ਦੀ ਕਹਾਣੀ

ਸੁਣਾਉਂਦੀ ਰਹੀ

ਪਰ ਉਹ ਸਮਝ ਨਾ ਸਕੀ

ਮਰਦ ਪ੍ਰਧਾਨ ਸਮਾਜ ਵੱਲੋਂ ਔਰਤ ਨੂੰ ਹਰ ਤਰ੍ਹਾਂ ਨਾਲ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜਨ ਦੀ ਸਾਜਿਸ਼ ਦਾ ਵਿਸਥਾਰ ਸੁਰਿੰਦਰ ਗੀਤ ਦੀ ਕਵਿਤਾ ਨਹੀਂ ਸਰਦਾਦੀਆਂ ਇਨ੍ਹਾਂ ਸਤਰਾਂ ਵਿੱਚ ਮਿਲ ਜਾਂਦਾ ਹੈ:

ਮੇਰੇ ਦੁਆਲੇ ਸਮਾਜ ਦੀਆਂ

ਕੰਧਾਂ ਉਸਾਰ ਕੇ

ਮੇਰੇ ਹੱਥਾਂ ਪੈਰਾਂ ਵਿੱਚ

ਸਮਾਜ ਦੀਆਂ ਰਹੁ-ਰੀਤੀਆਂ ਦੀਆਂ

ਬੇੜੀਆਂ ਪਾ ਕੇ

ਆਪਣੀਆਂ ਸੋਚਾਂ ਦਾ ਬੰਦੀ ਬਣਾ ਕੇ

ਮੇਰੀ ਸੋਚ ਦੇ ਖੰਭਾਂ ਨੂੰ

ਵੱਢਿਆ ਹੈ

ਕਦੀ ਕਿਸੇ ਨੇ ਵੇਚਿਆ

ਕਦੀ ਕਿਸੇ ਨੇ ਖਰੀਦਿਆ

ਕਿਸੇ ਨੇ ਦਾਨ ਦੀ ਸਮੱਗਰੀ ਬਣਾਇਆ

ਅਤੇ ਕਦੀ ਕਿਸੇ ਨੇ

ਦਾਜ਼ ਦੀ ਬਲੀ ਚੜ੍ਹਾਇਆ

ਅਜੋਕੇ ਸਮਿਆਂ ਵਿੱਚ ਭਾਵੇਂ ਕਿ ਔਰਤ ਨੇ ਆਪਣੀ ਹਿੰਮਤ ਅਤੇ ਨਿਰੰਤਰ ਜੱਦੋ-ਜਹਿਦ ਸਦਕਾ ਜ਼ਿੰਦਗੀ ਦੇ ਅਨੇਕਾਂ ਖੇਤਰਾਂ ਵਿੱਚ ਗੁਲਾਮੀ ਦੀਆਂ ਜੰਜੀਰਾਂ ਤੋੜ ਕੇ ਵੱਡਮੁੱਲੀਆਂ ਪ੍ਰਾਪਤੀਆਂ ਕੀਤੀਆਂ ਹਨ ਅਤੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਮਰਦ ਤੋਂ ਕਿਸੀ ਤਰ੍ਹਾਂ ਵੀ ਘੱਟ ਨਹੀਂ; ਪਰ ਅਜੇ ਵੀ ਸਮਾਜ ਦੇ ਇੱਕ ਵੱਡੇ ਹਿੱਸੇ ਨੇ ਉਸ ਦੀਆਂ ਅਜਿਹੀਆਂ ਮਾਨਯੋਗ ਪਰਾਪਤੀਆਂ ਨੂੰ ਦਿਲੋਂ-ਮਨੋਂ ਸਵੀਕਾਰਿਆ ਨਹੀਂ. ਅਜਿਹੀ ਮਰਦਾਵੀਂ ਮਾਨਸਿਕਤਾ ਵਿੱਚ ਤਬਦੀਲੀ ਲਿਆਉਣ ਲਈ ਸਮਾਜਿਕ-ਸਭਿਆਚਾਰਕ ਕ੍ਰਾਂਤੀ ਲਿਆਉਣ ਦੀ ਲੋੜ ਪਵੇਗੀ. ਇਸ ਗੱਲ ਦਾ ਅਹਿਸਾਸ ਸੁਰਿੰਦਰ ਗੀਤ ਨੂੰ ਵੀ ਹੈ. ਤਾਂ ਹੀ ਤਾਂ ਉਹ ਆਪਣੀ ਗੱਲ ਸਪੱਸ਼ਟ ਕਰਨ ਲਈ ਆਪਣੀ ਕਵਿਤਾ ਦਸਹਿਰਾਵਿੱਚ ਭਾਰਤੀ ਮਿਥਿਹਾਸ ਦਾ ਵੀ ਸਹਾਰਾ ਲੈਂਦੀ ਹੈ:

ਸੀਤਾ ਦੀ ਜੈ ਬੋਲਣ ਵਾਲਿਓ

ਸੀਤਾ ਦੀ ਜੈ ਲਈ

ਸਾੜਨਾ ਪਏਗਾ

ਹੋਰ ਕੁਝ

ਤੇ ਉਹ ਹੈ

ਸ਼ਾਖਾਂ ਫੈਲਾਈ ਬੈਠਾ

ਮਰਦ-ਪ੍ਰਧਾਨ ਸਮਾਜ ਦਾ

ਬੁੱਢੜਾ ਰੁੱਖ

ਉਹ ਇਹ ਵੀ ਜਾਣਦੀ ਹੈ ਕਿ ਸਾਡੇ ਸਮਾਜ ਵਿੱਚ ਸਦੀਆਂ ਤੋਂ ਪਰਚਲਿਤ ਅਜਿਹੀਆਂ ਕਦਰਾਂ-ਕੀਮਤਾਂ ਨੂੰ ਬਦਲਣਾ ਏਨਾ ਆਸਾਨ ਨਹੀਂ. ਇਸ ਲਈ ਉਹ ਨੌਜੁਆਨ ਔਰਤਾਂ ਨੂੰ ਵੰਗਾਰਦੀ ਹੈ ਕਿ ਅਜਿਹੇ ਗਲੇ ਸੜੇ ਸਮਾਜ ਨੂੰ ਬਦਲਣ ਲਈ ਉਹ ਭਾਰਤੀ ਇਤਿਹਾਸ ਦੀ ਨਾਇਕਾ ਰਾਣੀ ਝਾਂਸੀ ਵਾਂਗ ਮੈਦਾਨ ਵਿੱਚ ਆਉਣ. ਪਰ ਸਾਡੇ ਸਮਿਆਂ ਵਿੱਚ ਨੌਜੁਆਨ ਔਰਤਾਂ ਵੱਲੋਂ ਦਿਖਾਈ ਜਾਣ ਵਾਲੀ ਅਜਿਹੀ ਬਹਾਦਰੀ ਕਿਸ ਕਿਸਮ ਦੀ ਹੋਵੇਗੀ - ਇਸ ਦੀ ਪ੍ਰੀਭਾਸ਼ਾ ਵੀ ਸੁਰਿੰਦਰ ਗੀਤ ਦੀ ਕਵਿਤਾ ਉਹ ਮੁਟਿਆਰਦੀਆਂ ਇਨ੍ਹਾਂ ਸਤਰਾਂ ਵਿੱਚ ਪੜ੍ਹੀ ਜਾ ਸਕਦੀ ਹੈ:

ਝਾਂਸੀ ਦੀ ਰਾਣੀ ਵਰਗਾ ਬਣਨ ਵਾਸਤੇ

ਇਹ ਜ਼ਰੂਰੀ ਨਹੀਂ

ਕਿ ਕੋਈ ਮੁਟਿਆਰ

ਹੱਥ ਚ ਲੈ ਕੇ ਤਲਵਾਰ

ਹੋ ਕੇ ਘੋੜੇ ਤੇ ਸਵਾਰ

ਜੰਗ ਦੇ ਮੈਦਾਨ ਨਿਤਰੇ

ਸਗੋਂ

ਹਰ ਉਹ ਮੁਟਿਆਰ

ਜੋ ਵਿਆਹੁਣ ਆਏ

ਦਾਜ ਦੇ ਲੋਭੀ

ਸਮਾਜ ਦੇ ਦੋਖੀ ਦੇ ਗਲ

ਜੈ ਮਾਲਾ ਦੀ ਥਾਂ

ਟੁੱਟੇ ਛਿਤਰਾਂ ਦਾ ਹਾਰ ਪਾਵੇ

ਤੇ ਭਰੇ ਮੈਦਾਨ

ਉਸਦਾ ਜੀਵਨ ਸਾਥੀ ਬਣਨ ਤੋਂ

ਕਰੇ ਇਨਕਾਰ

ਝਾਂਸੀ ਦੀ ਰਾਣੀ ਤੋਂ

ਘੱਟ ਨਹੀਂ ਅਜੇਹੀ ਮੁਟਿਆਰ

ਸੁਰਿੰਦਰ ਗੀਤ ਦੇ ਕਾਵਿ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਔਰਤ ਦੇ ਸਰੋਕਾਰਾਂ ਦੀ ਗੱਲ ਕਰਦੀ ਹੋਈ ਵੀ ਅਨੇਕਾਂ ਹੋਰ ਫੈਮਿਨਿਸਟ ਪੰਜਾਬੀ ਲੇਖਿਕਾਵਾਂ ਵਾਂਗ ਔਰਤ ਪ੍ਰਧਾਨ ਸਮਾਜ ਦੀ ਸਿਰਜਣਾ ਦੀ ਗੱਲ ਨਹੀਂ ਕਰਦੀ. ਸੁਰਿੰਦਰ ਗੀਤ ਪ੍ਰਗਤੀਸ਼ੀਲ ਵਿਚਾਰਾਂ ਦੀ ਧਾਰਣੀ ਹੋਣ ਕਰਕੇ ਮਰਦ ਅਤੇ ਔਰਤ ਦੀ ਸਮਾਜਿਕ ਬਰਾਬਰੀ ਵਾਲੇ ਸਮਾਜ ਦੀ ਉਸਾਰੀ ਦੀ ਗੱਲ ਕਰਦੀ ਹੈ. ਮਨੁੱਖੀ ਸਭਿਅਤਾ ਵਿੱਚ ਇਕ ਵਾਰ ਫਿਰ ਉਹ ਅਜਿਹੀ ਗਲਤੀ ਕਰਨ ਦੀ ਮੰਗ ਨਹੀਂ ਕਰਦੀ ਜਿਸ ਸਮਾਜ ਵਿੱਚ ਮਰਦ ਪ੍ਰਧਾਨ ਸਮਾਜ ਦੀ ਥਾਂ ਔਰਤ ਪ੍ਰਧਾਨ ਸਮਾਜ ਹੋ ਜਾਵੇ ਅਤੇ ਫਿਰ ਔਰਤ ਵੀ ਮਰਦ ਉੱਤੇ ਉਸੇ ਤਰ੍ਹਾਂ ਦੇ ਹੀ ਅਤਿਆਚਾਰ ਕਰੇ ਜਿਸ ਤਰ੍ਹਾਂ ਦੇ ਅਤਿਆਚਾਰ ਕਰਨ ਦੇ ਮਰਦ ਉੱਤੇ ਦੋਸ਼ ਲੱਗਦੇ ਰਹੇ ਹਨ. ਸੁਰਿੰਦਰ ਗੀਤ ਤਾਂ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਦੀ ਗੱਲ ਕਰਦੀ ਹੈ. ਇਸ ਗੱਲ ਦਾ ਇਜ਼ਹਾਰ ਉਹ ਆਪਣੀ ਕਵਿਤਾ ਔਰਤ ਹਾਂਦੀਆਂ ਇਨ੍ਹਾਂ ਸਤਰਾਂ ਵਿੱਚ ਕਰਦੀ ਹੈ:

ਨਾਜ਼ੁਕ ਹਾਂ ਪਰ ਨਾਲ ਤੇਰੇ ਮੈਂ

ਬਿਖੜੇ ਰਾਹ ਤੇ ਚਲ ਸਕਦੀ ਹਾਂ

ਦੁਨੀਆਂ ਦੀ ਹਰ ਲਾਹਨਤ ਨੂੰ

ਸਾੜ ਕੇ ਰਾਖ ਮੈਂ ਕਰ ਸਕਦੀ ਹਾਂ

ਚੰਦ ਸਿਤਾਰੇ ਮੇਰੇ ਵੀ ਨੇਕਾਵਿ ਸੰਗ੍ਰਹਿ ਵਿੱਚ ਭਾਵੇਂ ਕਿ ਸੁਰਿੰਦਰ ਗੀਤ ਆਪਣਾ ਮੁੱਖ ਕਾਵਿ-ਉਦੇਸ਼ ਔਰਤ ਦੇ ਸਰੋਕਾਰਾਂ ਦੀ ਗੱਲ ਕਰਨਾ ਹੀ ਰੱਖਦੀ ਹੈ; ਪਰ ਉਹ ਅਨੇਕਾਂ ਕਵਿਤਾਵਾਂ ਵਿੱਚ ਵਿਸ਼ਵ ਵਿਆਪੀ ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਭਿਆਚਾਰਕ ਸਮੱਸਿਆਵਾਂ ਨੂੰ ਵੀ ਬਹਿਸ ਦਾ ਮੁੱਦਾ ਬਣਾਉਂਦੀ ਹੈ. ਅਜਿਹੀ ਬਹਿਸ ਛੇੜਨ ਵੇਲੇ ਉਹ ਸਮਾਜ ਵਿੱਚ ਦੱਬੇ-ਕੁਚਲੇ ਲੋਕਾਂ ਦੀ ਧਿਰ ਬਣਕੇ ਪੇਸ਼ ਹੁੰਦੀ ਹੈ. ਉਹ ਜੰਗ-ਬਾਜ਼ਾਂ, ਫਿਰਕਾਪ੍ਰਸਤਾਂ, ਧਾਰਮਿਕ ਕੱਟੜਵਾਦੀਆਂ, ਕੁਰੱਪਟ ਰਾਜਨੀਤੀਵਾਨਾਂ, ਭ੍ਰਿਸ਼ਟ ਸਭਿਆਚਾਰਕ ਅਤੇ ਸਮਾਜਿਕ ਆਗੂਆਂ ਦੀ ਕਰੜੇ ਸ਼ਬਦਾਂ ਵਿੱਚ ਆਲੋਚਨਾ ਕਰਦੀ ਹੈ. ਅਜਿਹੀ ਬਹਿਸ ਦਾ ਹਿੱਸਾ ਬਣਦੀ ਹੋਈ ਉਹ ਕਈ ਵੇਰੀ ਇਹ ਵੀ ਮਹਿਸੂਸ ਕਰਦੀ ਹੈ ਕਿ ਕੈਨੇਡਾ ਵਿੱਚ ਉਹ ਆਪਣੀ ਮਰਜ਼ੀ ਨਾਲ ਨਹੀਂ ਆਈ. ਜਿਵੇਂ ਕਿ ਅਨੇਕਾਂ ਨੌਜੁਆਨ ਔਰਤਾਂ ਨਾਲ ਵਾਪਰਦਾ ਹੈ. ਉਨ੍ਹਾਂ ਦੀ ਸਹਿਮਤੀ ਤੋਂ ਬਿਨ੍ਹਾਂ ਹੀ ਬਾਹਰਲੇ ਕਿਸੇ ਦੇਸ਼ ਤੋਂ ਆਏ ਕਿਸੇ ਅਮੀਰ ਵਿਅਕਤੀ ਨਾਲ ਉਨ੍ਹਾਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਆਪਣਾ ਦੇਸ਼ ਛੱਡ ਕੇ ਕਿਸੇ ਹੋਰ ਦੇਸ਼ ਚਲਾ ਜਾਣਾ ਪੈਂਦਾ ਹੈ. ਬੇਗਾਨੇ ਸਭਿਆਚਾਰ ਵਿੱਚ ਕੁਝ ਲੋਕ ਤਾਂ ਜਲਦੀ ਰਚ ਮਿਚ ਜਾਂਦੇ ਹਨ; ਪਰ ਕੁਝ ਲੋਕਾਂ ਲਈ ਬੇਗਾਨਾ ਸਭਿਆਚਾਰ ਸਦਾ ਹੀ ਬੇਗਾਨਾ ਬਣਿਆ ਰਹਿੰਦਾ ਹੈ. ਕੁਝ ਇਸ ਤਰ੍ਹਾਂ ਦਾ ਹੀ ਚੰਦ ਸਿਤਾਰੇ ਮੇਰੇ ਵੀ ਨੇਕਾਵਿ ਸੰਗ੍ਰਹਿ ਦੀ ਲੇਖਿਕਾ ਸੁਰਿੰਦਰ ਗੀਤ ਨਾਲ ਵੀ ਵਾਪਰਿਆ ਲੱਗਦਾ ਹੈ. ਭਾਵੇਂ ਕਿ ਕੈਨੇਡਾ ਵਿੱਚ ਆ ਕੇ ਜ਼ਿੰਦਗੀ ਜਿਊਣ ਲਈ ਲੋੜੀਂਦੀਆਂ ਸਭ ਸਹੂਲਤਾਂ ਦੀ ਖੁਸ਼ਹਾਲੀ ਉਸਨੂੰ ਪ੍ਰਾਪਤ ਹੈ; ਪਰ ਸਮਾਜਿਕ, ਸਭਿਆਚਾਰਕ ਅਤੇ ਮਨੋ-ਵਿਗਿਆਨਕ ਤੌਰ ਉੱਤੇ ਉਹ ਆਪਣੇ ਆਪਨੂੰ ਧਰਤੀ ਦੇ ਇਸ ਹਿੱਸੇ ਨਾਲ ਜੁੜਿਆ ਹੋਇਆ ਮਹਿਸੂਸ ਨਹੀਂ ਕਰਦੀ. ਇਸ ਦ੍ਰਿਸ਼ਟੀ ਤੋਂ ਸੁਰਿੰਦਰ ਗੀਤ ਦੀਆਂ ਦੋ ਕਵਿਤਾਵਾਂ ਪੈੜਾਂ ਬੋਲ ਪਈਆਂ...ਅਤੇ ਨਾਗਰਿਕਤਾਦੀਆਂ ਇਹ ਸਤਰਾਂ ਪੜ੍ਹਨੀਆਂ ਸਾਡੇ ਲਈ ਮੱਦਦਗਾਰ ਸਿੱਧ ਹੋ ਸਕਦੀਆਂ ਹਨ:

1.

ਅਜੇ ਉਸ ਬੂਟੇ ਨੇ

ਰੁੱਖ ਬਣਨਾ ਸੀ

ਸੰਘਣੀ ਛਾਂ ਬਣਨਾ ਸੀ

ਕੋਈ ਦੌਲਤਮੰਦ ਓਧਰ ਦੀ ਲੰਘਿਆ

ਦੌਲਤ ਦੇ ਤਿੱਖੇ ਖੁਰਪੇ ਨਾਲ

ਉਹ ਬੂਟਾ ਖੁੱਗਿਆ

ਉਹ ਰੋਈ

ਉਹ ਕੁਰਲਾਈ

ਦੌਲਤ ਦਾ ਖੁਰਪਾ ਨਾ ਰੁਕਿਆ

ਭਲਾ !

ਦੌਲਤ ਦੇ ਖੁਰਪੇ

ਵੀ ਕਦੇ ਰੋਕੇ ਰੁਕਦੇ ਨੇ

ਕਿਸੇ ਦੇ ਦਿਲ ਦੀ ਕਦੇ ਸੁਣਦੇ ਨੇ

2.

ਕਿਉਂਕਿ ਏਥੇ ਤਾਂ ਮੈਂ

ਸਿਰਫ ਸਾਹ ਲੈਂਦੀ ਹਾਂ

ਕਿਤੇ ਹੋਰ ਜਿਊਂਦੀ ਹਾਂ

ਬਹੁਤ ਫ਼ਰਕ ਹੈ

ਸਾਹ ਲੈਣ ਵਿੱਚ

ਅਤੇ ਜਿ਼ੰਦਗੀ ਜਿਊਣ ਵਿੱਚ

ਬਹੁਤ ਫਰਕ ਹੈ

ਕਿਸੇ ਦੇਸ਼ ਦੀ ਨਾਗਰਿਕਤਾ

ਹੰਢਾਉਣ ਵਿੱਚ

ਅਤੇ ਨਾਗਰਿਕਤਾ ਅਪਨਾਉਣ ਵਿੱਚ

ਅਜਿਹੀ ਹਾਲਤ ਇਕੱਲੀ ਸੁਰਿੰਦਰ ਗੀਤ ਦੀ ਹੀ ਨਹੀਂ; ਅਨੇਕਾਂ ਪਰਵਾਸੀਆਂ ਨਾਲ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਉਹ ਭਾਵੇਂ ਨਵੇਂ ਅਪਣਾਏ ਦੇਸ਼ ਕੈਨੇਡਾ ਵਿੱਚ ਜ਼ਿੰਦਗੀ ਦੀ ਹਰ ਖੁਸ਼ਹਾਲੀ ਮਾਣ ਰਹੇ ਹੁੰਦੇ ਹਨ - ਪਰ ਫਿਰ ਵੀ ਉਹ ਮਹਿਸੂਸ ਕਰਦੇ ਹਨ ਕਿ ਮਾਨਸਿਕ ਤੌਰ ਉੱਤੇ ਉਹ ਧਰਤੀ ਦੇ ਇਸ ਹਿੱਸੇ ਨਾਲ ਜੁੜ੍ਹ ਨਹੀਂ ਸਕੇ. ਉਨ੍ਹਾਂ ਨੂੰ ਹਰ ਵਕਤ ਇਹੀ ਗੱਲ ਸਤਾਂਦੀ ਰਹਿੰਦੀ ਹੈ ਕਿ ਜਿ਼ੰਦਗੀ ਦੀਆਂ ਸਹੂਲਤਾਂ ਦੀ ਖੁਸ਼ਹਾਲੀ ਦੀ ਤਲਾਸ਼ ਵਿੱਚ ਉਹ ਇੰਡੀਆ ਛੱਡ ਕੇ ਕੈਨੇਡਾ ਆਏ ਸਨ; ਪਰ ਇੱਥੇ ਸਭ ਕੁਝ ਪ੍ਰਾਪਤ ਕਰ ਲੈਣ ਤੋਂ ਬਾਹਦ ਵੀ ਉਨ੍ਹਾਂ ਨੂੰ ਕਿਸੀ ਚੀਜ਼ ਦੀ ਕਮੀ ਮਹਿਸੂਸ ਹੁੰਦੀ ਰਹਿੰਦੀ ਹੈ ਅਤੇ ਇਹ ਕਮੀ ਪਲ ਪਲ ਰੂਹ ਨੂੰ ਕੰਡਿਆਂ ਵਾਂਗ ਚੁੱਭਦੀ ਰਹਿੰਦੀ ਹੈ. ਇਸ ਗੱਲ ਦਾ ਇਜ਼ਹਾਰ ਕੈਨੇਡਾ ਦੇ ਅਨੇਕਾਂ ਹੋਰ ਪੰਜਾਬੀ ਲੇਖਕਾਂ ਦੀਆਂ ਲਿਖਤਾਂ ਵਿੱਚ ਵੀ ਮਿਲਦਾ ਹੈ. ਧਰਤੀ ਦੇ ਦੋ ਹਿੱਸਿਆਂ ਵਿਚਾਲੇ ਤ੍ਰਿਸ਼ੰਕੂ ਵਾਂਗ ਭਟਕਦੀਆਂ ਅਜਿਹੀਆਂ ਪਰਵਾਸੀ ਰੂਹਾਂ ਦਾ ਕਾਵਿਮਈ ਦ੍ਰਿਸ਼ ਸੁਰਿੰਦਰ ਗੀਤ ਨੇ ਆਪਣੀ ਕਵਿਤਾ ਮੈਂਵਿੱਚ ਕੁਝ ਇਸ ਤਰ੍ਹਾਂ ਕੀਤਾ ਹੈ:

ਨਾ ਮੈਂ ਦੇਸੀ

ਨਾ ਅੰਗਰੇਜ਼ੀ

ਮੇਰੇ ਮਿੱਤਰੋ

ਮੈਂ ਪਰਦੇਸੀ

ਓਸ ਪਾਰ ਦਾ ਰਹਿ ਨਾ ਸਕਿਆ

ਏਸ ਪਾਰ ਦਾ ਹੋ ਨਾ ਸਕਿਆ

ਮੈਂ ਇਸ ਆਰ ਤੇ ਪਾਰ ਵਿਚਾਲੇ

ਲਟਕ ਰਿਹਾ ਹਾਂ

ਵਿਸ਼ਵ ਪੱਧਰ ਉੱਤੇ ਦੋ ਵਿਚਾਰਧਾਰਾਵਾਂ ਦਾ ਹੀ ਬੋਲਬਾਲਾ ਰਿਹਾ ਹੈ: ਸਰਮਾਇਦਾਰੀ ਅਤੇ ਸਮਾਜਵਾਦ. ਇਨ੍ਹਾਂ ਵਿਚਾਰਧਾਰਾਵਾਂ ਨਾਲ ਹੀ ਜੁੜੀਆਂ ਹੋਈਆਂ ਹਨ ਆਰਥਿਕ ਪ੍ਰਣਾਲੀਆਂ. ਸੋਵੀਅਤ ਯੂਨੀਅਨ ਦੇ ਟੁੱਟ ਜਾਣ ਤੋਂ ਬਾਹਦ ਉਨ੍ਹਾਂ ਦੇ ਸਮਰਥਕ ਦੇਸ਼ਾਂ ਵਿੱਚ ਵੀ ਸਮਾਜਵਾਦੀ ਢਾਂਚੇ ਖੇਰੂੰ ਖੇਰੂੰ ਹੋ ਗਏ. ਜਿਸ ਕਾਰਨ ਵਿਸ਼ਵ ਪੱਧਰ ਉੱਤੇ ਤਕਰੀਬਨ ਇੱਕ ਹੀ ਕਿਸਮ ਦੀ ਆਰਥਿਕ ਪ੍ਰਣਾਲੀ ਸਰਮਾਇਦਾਰੀ ਦਾ ਬੋਲਬਾਲਾ ਹੋ ਗਿਆ. ਇੱਥੋਂ ਤੱਕ ਕਿ ਚੀਨ ਵਰਗੇ ਸਮਾਜਵਾਦੀ ਦੇਸ਼ ਵੀ ਸਿਰਫ ਨਾਮ ਦੇ ਹੀ ਸਮਾਜਵਾਦੀ ਸਿਸਟਮ ਰਹਿ ਗਏ - ਉਨ੍ਹਾਂ ਨੇ ਵੀ ਆਪਣੀਆਂ ਆਰਥਿਕ ਪ੍ਰਣਾਲੀਆਂ ਸਰਮਾਇਦਾਰੀ ਦੇਸ਼ਾਂ ਵਾਂਗ ਹੀ ਬਣਾ ਲਈਆਂ.

ਅਜੋਕੇ ਸਮਿਆਂ ਦਾ ਪੂੰਜੀਵਾਦ ਪਹਿਲਾਂ ਨਾਲੋਂ ਵੱਧ ਚੁਸਤ, ਪਹਿਲਾਂ ਨਾਲੋਂ ਵੱਧ ਸ਼ੈਤਾਨ ਅਤੇ ਪਹਿਲਾਂ ਨਾਲੋਂ ਵੱਧ ਜ਼ਾਲਿਮ ਹੈ. ਪਹਿਲਾਂ ਵਾਲਾ ਪੂੰਜੀਵਾਦ ਪਿੰਡ ਦੇ ਡਾਂਗਧਾਰੀਆਂ ਵਾਂਗ ਹਰ ਕਿਸੇ ਉੱਤੇ ਧੌਂਸ ਜਮਾਉਣ ਲਈ ਹਰ ਰਾਹ ਜਾਂਦੇ ਰਾਹੀ ਨਾਲ ਝਗੜਾ ਮੁੱਲ ਲੈਂਦਾ ਸੀ ਅਤੇ ਆਪਣੀ ਈਨ ਮਨਾਉਣ ਦੀ ਕੋਸਿ਼ਸ਼ ਕਰਦਾ ਸੀ. ਇਸਦੀ ਸਭ ਤੋਂ ਵੱਡੀ ਉਦਾਹਰਣ ਅਮਰੀਕਾ ਵੱਲੋਂ ਵੀਅਤਨਾਮ ਦੀ ਧਰਤੀ ਉੱਤੇ ਦੱਸ ਸਾਲ ਤੋਂ ਵੱਧ ਸਮੇਂ ਤੱਕ ਬੰਬਾਂ ਦੀ ਬਰਖਾ ਕਰਨਾ ਸੀ. ਜਿਸ ਕਾਰਨ ਵੀਅਤਨਾਮ ਦੇ ਲੱਖਾਂ ਲੋਕ ਮਾਰੇ ਗਏ ਅਤੇ ਅਰਬਾਂ ਡਾਲਰਾਂ ਦੀ ਜਾਇਦਾਦ ਤਬਾਹ ਹੋ ਗਈ. ਆਖਿਰ, ਵੀਅਤਨਾਮ ਦੇ ਬਹਾਦਰ ਲੋਕਾਂ ਨੇ ਅਮਰੀਕਾ ਦੇ ਫੌਜੀਆਂ ਨੂੰ ਕੁੱਟ ਕੁੱਟ ਕੇ ਉੱਥੋਂ ਭਜਾ ਦਿੱਤਾ. ਵੀਅਤਨਾਮੀਆਂ ਨਾਲ ਛੇੜੀ ਇਸ ਲੜਾਈ ਵਿੱਚ ਅਮਰੀਕਾ ਦੇ 58,000 ਤੋਂ ਵੱਧ ਫੌਜੀ ਮਾਰੇ ਗਏ ਅਤੇ ਕਈ ਲੱਖ ਫੌਜੀ ਬੁਰੀ ਤਰ੍ਹਾਂ ਜ਼ਖਮੀ ਹੋਏ.

ਅਜੋਕੇ ਸਮਿਆਂ ਦਾ ਪੂੰਜੀਵਾਦ ਭਾਵੇਂ ਕਿ ਅਜੇ ਵੀ ਆਪਣੀਆਂ ਪੁਰਾਣੀਆਂ ਆਦਤਾਂ ਪੂਰੀ ਤਰ੍ਹਾਂ ਛੱਡ ਨਹੀਂ ਸਕਿਆ ਅਤੇ ਅਮਰੀਕਾ ਵਾਂਗ ਕਦੀ ਇਰਾਕ, ਕਦੀ ਅਫਗਾਨਿਸਤਾਨ ਅਤੇ ਕਦੀ ਮਿਡਲ ਈਸਟ ਵਿੱਚ ਕੋਈ ਨ ਕੋਈ ਬਹਾਨਾ ਲੱਭ ਕੇ ਜੰਗ ਦੇ ਭਾਂਬੜ ਬਾਲ ਦਿੰਦਾ ਹੈ; ਪਰ ਹੁਣ ਉਸਨੇ ਵਿਸ਼ਵ-ਪੱਧਰ ਉੱਤੇ ਪੂੰਜੀਵਾਦ ਦਾ ਪਾਸਾਰ ਕਰਨ ਲਈ ਆਪਣੇ ਤੌਰ ਤਰੀਕੇ ਬਦਲ ਲਏ ਹਨ.

ਪੂੰਜੀਵਾਦ ਦੀ ਮੁੱਖ ਦੌੜ ਆਪਣਾ ਮਾਲ ਵੇਚਣ ਲਈ ਮੰਡੀਆਂ ਦੀ ਭਾਲ ਕਰਨਾ ਹੁੰਦਾ ਹੈ. ਸਾਡੇ ਸਮਿਆਂ ਦਾ ਵਿਕਸਤ ਪੂੰਜੀਵਾਦ ਆਪਣੇ ਅਜਿਹੇ ਮੰਤਵ ਦੀ ਪੂਰਤੀ ਹਿਤ ਆਧੁਨਿਕ ਵਿਗਿਆਨ ਅਤੇ ਤਕਨਾਲੋਜੀ ਦੁਆਰਾ ਵਿਕਸਤ ਕੀਤੇ ਗਏ ਸੰਚਾਰ ਸਾਧਨਾਂ ਦੀ ਵਰਤੋਂ ਕਰਦਾ ਹੈ. ਪੂੰਜੀਵਾਦ ਦਾ ਨਵਾਂ ਹਥਿਆਰ ਗਲੋਬਲਾਈਜ਼ੇਸ਼ਨ ਹੈ. ਗਲੋਬਲਾਈਜ਼ੇਸ਼ਨ ਦੇ ਮੁਖੌਟੇ ਹੇਠ ਲੁਕਿਆ ਹੋਇਆ ਹੈ ਉਸਦਾ ਪੂੰਜੀਵਾਦ ਦੇ ਪਾਸਾਰ ਦਾ ਵਿਸ਼ਵ ਨਕਸ਼ਾ. ਇਸ ਕਾਰਜ ਦੀ ਪੂਰਤੀ ਲਈ ਪੂੰਜੀਵਾਦ ਰੇਡੀਓ/ਟੈਲੀਵੀਜ਼ਨ/ਇੰਟਰਨੈੱਟ ਦੀ ਵਰਤੋਂ ਕਰਕੇ ਮਨੁੱਖੀ ਚੇਤਨਾ ਉੱਤੇ ਹਮਲਾ ਕਰਦਾ ਹੈ. ਆਪਣਾ ਮਾਲ ਵੇਚਣ ਲਈ ਮੰਡੀਆਂ ਤਿਆਰ ਕਰਨ ਵਾਸਤੇ ਪੂੰਜੀਵਾਦੀ ਸਮਾਜ ਦੀਆਂ ਕਦਰਾਂ-ਕੀਮਤਾਂ ਦਾ ਪਰਚਾਰ ਕਰਨ ਵਾਲੇ ਸਭਿਆਚਾਰ ਦਾ ਪਾਸਾਰ ਕਰਦਾ ਹੈ ਅਤੇ ਜਿਨ੍ਹਾਂ ਦੇਸ਼ਾਂ ਵਿੱਚ ਆਪਣੀਆਂ ਆਰਥਿਕ ਮੰਡੀਆਂ ਬਣਾਉਣ ਲਈ ਪੂੰਜੀਵਾਦ ਆਪਣੀ ਸਾਜ਼ਿਸ਼ ਰਚਾਉਂਦਾ ਹੈ. ਉਨ੍ਹਾਂ ਦੇਸ਼ਾਂ ਦੇ ਸਥਾਨਕ ਸਭਿਆਚਾਰਾਂ ਨੂੰ ਨਿਗੂਣੇ ਅਤੇ ਸਮਾਂ ਵਿਹਾ ਚੁੱਕੇ ਸਿੱਧ ਕਰਨ ਲਈ ਸੰਚਾਰ ਸਾਧਨਾਂ ਦਾ ਹੜ੍ਹ ਵਹਾ ਦਿੰਦਾ ਹੈ ਅਤੇ ਉਪਭੋਗਿਤਾਵਾਦ ਦੇ ਨਸ਼ੇ ਵਿੱਚ ਗੜੁੱਚ ਕਰਨ ਲਈ ਵਸਤਾਂ ਦੀ ਚਕਾਚੌਂਦ ਪੈਦਾ ਕਰਨ ਵਾਲੀ ਇਸ਼ਤਿਹਾਰਬਾਜ਼ੀ ਨਾਲ ਅਮੀਰੀ ਦੇ ਸਬਜ਼ਬਾਗ਼ ਦਿਖਾਂਦਾ ਹੈ. ਇਸ ਮੰਤਵ ਲਈ ਪੂੰਜੀਵਾਦ ਲੋਕਾਂ ਨੂੰ ਧਰਮ, ਰੰਗ, ਨਸਲ, ਜ਼ਾਤਪਾਤ ਦੇ ਨਾਮ ਉੱਤੇ ਵੰਡ ਕੇ ਰੱਖਣ ਲਈ ਫਿਰਕੂ ਫਸਾਦ ਕਰਵਾਉਣ ਵਿੱਚ ਵੀ ਕੋਈ ਕਸਰ ਨਹੀਂ ਛੱਡਦਾ. ਕੁਝ ਅਜਿਹੀ ਗੱਲ ਹੀ ਸੁਰਿੰਦਰ ਗੀਤ ਆਪਣੀ ਕਵਿਤਾ ਇਲਜ਼ਾਮ ਨਾ ਲਾ...ਵਿੱਚ ਕਹਿ ਰਹੀ ਹੈ:

ਸਰਮਾਏਦਾਰ ਸਮਾਜ ਵੰਡਦਾ ਹੈ

ਅਸੀਂਤੋਂ ਮੈਂਕਰਦਾ ਹੈ

ਤਾਂ ਜਾ ਕੇ ਸਰਮਾਏਦਾਰ ਦਾ ਘਰ

ਵੱਸਦਾ ਹੈ

ਵੰਡ ਸਰਮਾਏਦਾਰ ਦੀ ਲੋੜ ਹੈ

ਵੰਡ ਸਰਮਾਏਦਾਰ ਦੀ ਚਾਲ ਹੈ

ਤੇ ਸਰਮਾਏਦਾਰ ਦੀ ਹਮੇਸ਼ਾ ਹੀ

ਵੰਡ ਦੇ ਨਵੇਂ ਸਾਧਨਾਂ ਦੀ ਭਾਲ ਹੈ

ਅਜਿਹੇ ਜੰਗਬਾਜ਼ਾਂ ਦਾ ਚਿਹਰਾ ਅਸੀਂ ਕਵਿਤਾ ਪੜ੍ਹਾਂਗੇਨਾਮ ਦੀ ਕਵਿਤਾ ਵਿੱਚ ਵੀ ਨੰਗਾ ਕੀਤਾ ਗਿਆ ਹੈ:

ਉਨ੍ਹਾਂ ਦਾ ਕਿੱਤਾ ਹੈ

ਆਪਣੀ ਤਾਕਤ ਅਜਮਾਉਣ ਲਈ

ਦਬਦਬਾ ਬਣਾਉਣ ਲਈ

ਕੋਈ ਨਾ ਕੋਈ ਬਹਾਨਾ ਬਨਾਉਣਾ

ਧਰਤੀ ਦੇ ਪਿੰਡੇ ਤੇ

ਅੱਗ ਵਰ੍ਹਾਉਣਾ

ਸੋਹਲ ਸੋਹਣੇ ਜਿਸਮਾਂ ਦਾ

ਮਲਬਾ ਬਣਾਉਣਾ

ਅਤੇ ਅਗਲੇ ਦਿਨ

ਲੰਗੜੀ ਲੂਲੀ ਮਨੁੱਖਤਾ ਲਈ

ਡਾਕਟਰ ਦਵਾਈਆਂ ਤੇ

ਬਿਸਕੁਟਾਂ ਦੇ ਪੈਕਟ ਭੇਜ

ਮਨੁੱਖਤਾ ਦਾ ਹਾਸਾ ਉਡਾਉਣਾ

ਤੇ ਇਹ ਖੇਡ

ਬਾਰ ਬਾਰ ਦੁਹਰਾਉਣਾ

ਸੁਰਿੰਦਰ ਗੀਤ ਇਹ ਗੱਲ ਵੀ ਚੰਗੀ ਤਰ੍ਹਾਂ ਸਮਝਦੀ ਹੈ ਕਿ ਵਿਸ਼ਵ ਦੇ ਕੁਝ ਚੋਣਵੇਂ ਅਮੀਰ ਦੇਸ਼ਾਂ ਵੱਲੋਂ ਇੱਕ ਕਲੱਬ ਬਣਾਇਆ ਗਿਆ ਹੈ. ਜਿਸਨੂੰ ਜੀ-8, ਜੀ-10 ਜਾਂ ਜੀ-20 ਵੀ ਕਹਿ ਲਿਆ ਜਾਂਦਾ ਹੈ. ਇਸ ਕਲੱਬ ਨਾਲ ਸਬੰਧਤ ਅਮੀਰ ਦੇਸ਼ ਭਾਵੇਂ ਇਸ ਗੱਲ ਦਾ ਜਿੰਨਾ ਮਰਜ਼ੀ ਵਿਖਾਵਾ ਕਰੀ ਜਾਣ ਕਿ ਉਹ ਦੁਨੀਆਂ ਦੇ ਗਰੀਬ ਦੇਸ਼ਾਂ ਦੀ ਮੱਦਦ ਕਰਨੀ ਚਾਹੁੰਦੇ ਹਨ ਪਰ ਅਜਿਹਾ ਉਨ੍ਹਾਂ ਦਾ ਅਸਲ ਮਨੋਰਥ ਨਹੀਂ ਹੈ. ਉਨ੍ਹਾਂ ਦਾ ਅਸਲ ਮਨੋਰਥ ਤਾਂ ਇਨ੍ਹਾਂ ਗਰੀਬ ਦੇਸ਼ਾਂ ਦੀਆਂ ਸਰਕਾਰਾਂ ਅਤੇ ਰਾਜਨੀਤੀਵਾਨਾਂ ਨੂੰ ਖੁਸ਼ ਕਰਕੇ ਉਨ੍ਹਾਂ ਦੇਸ਼ਾਂ ਵਿੱਚ ਆਪਣੇ ਬੈਂਕਾਂ ਦਾ ਜਾਲ ਵਿਛਾਉਣਾ ਹੈ, ਉਨ੍ਹਾਂ ਦੇਸ਼ਾਂ ਦੀ ਸਸਤੀ ਮਜ਼ਦੂਰੀ ਦਾ ਲਾਭ ਉਠਾਉਣ ਲਈ ਉਨ੍ਹਾਂ ਦੇਸ਼ਾਂ ਵਿੱਚ ਆਪਣੀਆਂ ਫੈਕਟਰੀਆਂ ਸਥਾਪਤ ਕਰਨੀਆਂ ਹਨ. ਉਨ੍ਹਾਂ ਦੇਸ਼ਾਂ ਦੇ ਕੁਦਰਤੀ ਪਦਾਰਥਾਂ ਨੂੰ ਕੌਡੀਆਂ ਦੇ ਭਾਅ ਖ੍ਰੀਦਣ ਲਈ ਉੱਥੇ ਕੁਦਰਤੀ ਪਦਾਰਥ ਲੱਭਣ ਅਤੇ ਉਨ੍ਹਾਂ ਦੀ ਵਰਤੋਂ ਕਰਨ ਦੇ ਕਾਰਖਾਨੇ ਲਗਾਉਣੇ ਹਨ. ਉਨ੍ਹਾਂ ਗਰੀਬ ਦੇਸ਼ਾਂ ਦੀ ਮੱਦਦ ਕਰਨ ਦੇ ਨਾਮ ਉੱਤੇ ਉਨ੍ਹਾਂ ਨੂੰ ਵੱਡੇ ਵੱਡੇ ਕਰਜ਼ੇ ਦੇਣੇ ਅਤੇ ਫਿਰ ਉਨ੍ਹਾਂ ਤੋਂ ਵੱਡੇ ਵੱਡੇ ਵਿਆਜ਼ ਉਗਰਾਹ ਕਿ ਉਨ੍ਹਾਂ ਦਾ ਖ਼ੂਨ ਨਿਚੋੜਨਾ ਹੈ. ਆਪਣੇ ਮੁਨਾਫ਼ੇ ਖਾਤਿਰ ਉਨ੍ਹਾਂ ਗਰੀਬ ਦੇਸ਼ਾਂ ਦੇ ਵਾਤਾਵਰਨ ਦੀ ਤਬਾਹੀ ਕਰਨੀ ਹੈ. ਉੱਥੇ ਦੇ ਗਰੀਬ ਲੋਕਾਂ ਨੂੰ ਘਰਾਂ ਤੋਂ ਉਜਾੜਨਾ ਹੈ. ਇਸੇ ਲਈ ਜਦੋਂ ਸੁਰਿੰਦਰ ਗੀਤ ਇਨ੍ਹਾਂ ਅਮੀਰ ਦੇਸ਼ਾਂ ਵੱਲੋਂ ਦਿਖਾਈ ਜਾ ਰਹੀ ਅਜਿਹੀ ਚਲਾਕੀ ਬਾਰੇ ਆਪਣੀ ਕਵਿਤਾ ਇਹ ਖ਼ਬਰਵਿੱਚ ਸੱਚ ਬੋਲਦੀ ਹੈ ਤਾਂ ਸਾਡੀਆਂ ਨਜ਼ਰਾਂ ਸਾਹਮਣੇ ਗਲੋਬਲੀਕਰਨ ਦਾ ਭੈੜਾ ਪੱਖ ਇੱਕ ਦੰਮ ਉਭਰਨਾ ਸ਼ੁਰੂ ਹੋ ਜਾਂਦਾ ਹੈ:

ਪਰ ਹਾਂ

ਇਹ ਕੱਲ੍ਹ ਵੀ ਇਕੱਠੇ ਹੋਏ ਸਨ

ਅੱਜ ਵੀ ਇਕੱਠੇ ਹੋਏ ਨੇ

ਕੱਲ੍ਹ ਨੂੰ ਵੀ ਇਕੱਠੇ ਹੋਣਗੇ

ਵਿਉਂਤ ਬਣਾਉਣਗੇ

ਕਿ ਕਿਵੇਂ

ਕਿਸੇ ਗਰੀਬ ਦੇਸ਼ ਦੀ ਰੂਹ ਨੂੰ

ਕਹਿਣੇ ਲਈਏ

ਆਪਣਾ ਮਾਲ ਵੇਚਣ ਲਈ

ਕਿੱਥੇ ਮੰਡੀ ਬਣਾਈਏ

ਕਿਹੜਾ ਬਹਾਨਾ ਘੜੀਏ

ਤੇ ਕਿੱਥੇ ਜਾ ਕੇ ਪਟਾਖੇ ਚਲਾਈਏ

ਤੇ ਫਿਰ

ਲਹੂ ਚ ਭਿੱਜੀ ਧਰਤੀ ਤੇ

ਲੋਥਾਂ ਦੇ ਢੇਰ

ਜਹਾਜ਼ਾਂ ਰਾਹੀਂ

ਬਿਸਕੁਟਾਂ ਦੇ ਪੈਕਟ ਸੁੱਟਕੇ

ਦਾਨੀ ਅਖਵਾਈਏ

ਗਰੀਬੀ ਹਟਾਉਣ ਦਾ ਨਾਹਰਾ ਲਾਈਏ

ਗਰੀਬ ਦੇਸ਼ਾਂ ਦੇ ਸਾਹਾਂ ਨੂੰ

ਉਮਰ ਭਰ ਲਈ

ਬੰਦੀ ਬਣਾਈਏ

ਸੁਰਿੰਦਰ ਗੀਤ ਦੀ ਕਵਿਤਾ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਬਿਨ੍ਹਾਂ ਕਿਸੀ ਝਿਜਕ ਦੇ ਭ੍ਰਿਸ਼ਟ, ਮਕਾਰ ਅਤੇ ਲੋਕ-ਦੋਖੀ ਰਾਜਨੀਤੀਵਾਨ, ਸਮਾਜਿਕ, ਸਭਿਆਚਾਰਕ ਅਤੇ ਧਾਰਮਿਕ ਆਗੂਆਂ ਦੇ ਚਿਹਰਿਆਂ ਉੱਤੇ ਲਗਾਏ ਹੋਏ ਮੁਖੌਟੇ ਲਾਹ ਕੇ ਉਨ੍ਹਾਂ ਦੇ ਅਸਲੀ ਚਿਹਰੇ ਨੰਗੇ ਕਰਦੀ ਜਾਂਦੀ ਹੈ.

ਰਾਜਨੀਤੀਵਾਨ ਧਰਮ ਨੂੰ ਸਦਾ ਹੀ ਆਪਣੇ ਹਿਤਾਂ ਦੀ ਰਖਵਾਲੀ ਕਰਨ ਲਈ ਵਰਤਦੇ ਰਹੇ ਹਨ. ਇਸ ਲਈ ਧਾਰਮਿਕ ਅਦਾਰਿਆਂ ਅਤੇ ਰਾਜਨੀਤੀਵਾਨਾਂ ਦਾ ਬੜਾ ਗੂੜ੍ਹਾ ਰਿਸ਼ਤਾ ਬਣਿਆ ਰਹਿੰਦਾ ਹੈ. ਪੂੰਜੀਵਾਦੀ ਰਾਜਨੀਤੀਵਾਨਾਂ ਲਈ ਧਰਮ ਦੀ ਰਾਜਨੀਤੀ ਵੀ ਇੱਕ ਅਜਿਹਾ ਹੱਥਕੰਡਾ ਹੈ ਜਿਸਨੂੰ ਉਹ ਲੋਕਾਂ ਵਿੱਚ ਧਰਮ ਦੇ ਨਾਮ ਉੱਤੇ ਖ਼ੂਨ ਖਰਾਬਾ ਕਰਨ ਲਈ ਵਰਤਦੇ ਹਨ. ਧਰਮਇੱਕ ਅਜਿਹਾ ਸ਼ਬਦ ਹੈ ਜੋ ਚੰਗੇ ਭਲੇ ਪੜ੍ਹੇ ਲਿਖੇ, ਅਕਲਮੰਦ, ਲੋਕਾਂ ਦੇ ਦਿਮਾਗ਼ਾਂ ਵਿੱਚ ਵੀ ਜ਼ਹਿਰੀਲੇ ਕੀਟਾਣੂੰ ਪੈਦਾ ਕਰਨ ਵਿੱਚ ਦੇਰ ਨਹੀਂ ਲਗਾਉਂਦਾ. ਇਸ ਸਬੰਧ ਵਿੱਚ ਸੁਰਿੰਦਰ ਗੀਤ ਦੀਆਂ ਦੋ ਕਵਿਤਾਵਾਂ ਉਹ ਤਾਂ ਚਾਹੁੰਦੇ ਨੇਅਤੇ ਧਰਤੀ ਸੰਗ ਰਹੀ ਹੈਦੀਆਂ ਇਹ ਸਤਰਾਂ ਵਿਸ਼ੇਸ਼ ਧਿਆਨ ਖਿੱਚਦੀਆਂ ਹਨ:

1.

ਉਹ ਤਾਂ ਚਾਹੁੰਦੇ ਨੇ

ਕਿ ਅਸੀਂ ਧਰਮੀ ਬਣੀਏ

ਤਾਂ ਜੋ

ਧਰਮ ਖ਼ਤਰੇ ਚ ਹੈ

ਧਰਮ ਬਚਾਓਦਾ ਨਾਹਰਾ ਲਾ ਕੇ

ਸਾਡੇ ਹੱਥ ਤਲਵਾਰਾਂ ਫੜਾ ਕੇ

ਮਨੁੱਖਤਾ ਦਾ ਘਾਣ ਕਰਵਾ ਸਕਣ

ਬੇਗੁਨਾਹ ਲਹੂ

ਆਪਣੇ ਰਾਜਨੀਤੀ ਦੇ ਚੋਲੇ ਰੰਗ ਕੇ

ਸਾਡੀਆਂ ਨਿਪੁੰਸਕ ਸੋਚਾਂ ਤੇ

ਆਸਾਨੀ ਨਾਲ ਰਾਜ ਕਰ ਸਕਣ

2.

ਧਰਤੀ ਰੋ ਰਹੀ ਹੈ

ਧਰਤੀ ਕੁਰਲਾ ਰਹੀ ਹੈ

ਡੂੰਘੀ ਤਿੱਖੀ ਪੀੜ ਨਾਲ

ਧਰਤੀ ਦੇ ਪੁੱਤਰ

ਬੀਜ਼ ਰਹੇ ਨੇ

ਉਸਦੀ ਹਿੱਕ ਤੇ

ਫਿਰਕਾਪ੍ਰਸਤੀ ਦੇ ਕੰਡੇਦਾਰ ਝਾੜ

ਜਿਨ੍ਹਾਂ ਦੀ ਭਰਵੀਂ ਫ਼ਸਲ ਵੱਢਦੇ ਨੇ

ਧਰਮ ਦੇ ਠੇਕੇਦਾਰ

ਜੋ ਬੜੇ ਮਹਿੰਗੇ ਭਾਅ ਵਿੱਕਦੀ ਹੈ

ਰਾਜਨੀਤੀ ਦੇ ਬਾਜ਼ਾਰ

ਅੱਜ ਅਸੀਂ ਜਿਸ ਤਰ੍ਹਾਂ ਦੇ ਸਮਿਆਂ ਵਿੱਚ ਜੀਅ ਰਹੇ ਹਾਂ ਇਹ ਸਮਾਂ ਵਿਕਸਤ ਪੂੰਜੀਵਾਦ ਦਾ ਸਮਾਂ ਹੈ. ਗਲੋਬਲੀਕਰਨ ਵੀ ਇੱਕ ਤਰ੍ਹਾਂ ਨਾਲ ਪੂੰਜੀਵਾਦ ਦੇ ਵਿਸ਼ਵ ਪਾਸਾਰ ਦਾ ਹੀ ਦੂਜਾ ਨਾਮ ਹੈ. ਇਸ ਤਰ੍ਹਾਂ ਹੀ ਵਿਕਸਤ ਹੋ ਰਹੀ ਆਰਥਿਕਤਾ ਵਿੱਚ ਜਿਸ ਤਰ੍ਹਾਂ ਦੀਆਂ ਸਮਾਜਿਕ, ਸਭਿਆਚਾਰਕ, ਦਾਰਸ਼ਨਿਕ ਕਦਰਾਂ-ਕੀਮਤਾਂ ਪੈਦਾ ਹੋ ਰਹੀਆਂ ਹਨ ਉਹ ਲੋਕ-ਪੱਖੀ ਕਦਰਾਂ-ਕੀਮਤਾਂ ਨਹੀਂ ਹਨ. ਹਰ ਗੱਲ ਮੁਨਾਫ਼ੇ ਨੂੰ ਧਿਆਨ ਵਿੱਚ ਰੱਖ ਕੇ ਹੀ ਕੀਤੀ ਜਾਂਦੀ ਹੈ. ਇਸ ਤਰ੍ਹਾਂ ਦਾ ਪੈਦਾ ਹੋ ਰਿਹਾ ਸਭਿਆਚਾਰ ਲੋਕਾਂ ਵਿੱਚ ਇੱਕ ਦੂਜੇ ਨਾਲ ਝੂਠਾ ਮੁਕਾਬਲਾ, ਈਰਖਾ, ਵੈਰ ਵਿਰੋਧ, ਦੁਸ਼ਮਣੀ ਪੈਦਾ ਕਰਦਾ ਹੈ. ਇਸ ਤਰ੍ਹਾਂ ਦੇ ਸਭਿਆਚਾਰ ਵਿੱਚ ਲੋਕਾਂ ਨੂੰ ਹਰ ਸਮੇਂ ਹੱਫੜਾ-ਦੱਫੜੀ ਪਈ ਰਹਿੰਦੀ ਹੈ ਅਤੇ ਉਪਭੋਗਿਤਾਵਾਦੀ ਚਮਕ ਦਮਕ ਵਾਲੀਆਂ ਚੀਜ਼ਾਂ ਨਾਲ ਆਪਣੇ ਘਰ ਭਰੀ ਜਾਣ ਕਰਕੇ ਹਰ ਸਮੇਂ ਬਿਲਾਂ ਦੇ ਭੁਗਤਾਨ ਕਰਨ ਦੀ ਚਿੰਤਾ ਲੱਗੀ ਰਹਿੰਦੀ ਹੈ. ਇਸਦੇ ਮੁਕਾਬਲੇ ਵਿੱਚ ਸਮਾਜਵਾਦੀ ਸਿਸਟਮਾਂ ਵਿੱਚ ਭਾਵੇਂ ਕਿ ਲੋਕਾਂ ਨੂੰ ਚਮਕ ਦਮਕ ਵਾਲੀਆਂ ਚੀਜ਼ਾਂ ਵੱਡੀ ਪੱਧਰ ਉੱਤੇ ਪ੍ਰਾਪਤ ਨਹੀਂ ਹੁੰਦੀਆਂ ਸਨ ਪਰ ਫਿਰ ਵੀ ਲੋਕ ਮਾਨਸਿਕ ਤੌਰ ਉੱਤੇ ਵਧੇਰੇ ਖੁਸ਼ ਸਨ; ਪਰ ਉਹ ਸਿਸਟਮ ਚੰਗੇ ਹੋਣ ਦੇ ਬਾਵਜ਼ੂਦ ਵੀ ਉਨ੍ਹਾਂ ਦੇਸ਼ਾਂ ਦੀ ਭ੍ਰਿਸ਼ਟ ਲੀਡਰਸ਼ਿੱਪ ਨੇ ਆਪਣੇ ਨਿੱਜੀ ਮੁਫ਼ਾਦਾਂ ਖਾਤਰ ਤਬਾਹ ਕਰ ਦਿੱਤੇ. ਹੁਣ ਹਰ ਪਾਸੇ ਇੱਕ ਹੀ ਤਰ੍ਹਾਂ ਦਾ ਸਭਿਆਚਾਰ ਦਿਖਾਈ ਦਿੰਦਾ ਹੈ - ਪੂੰਜੀਵਾਦੀ ਸਭਿਆਚਾਰ - ਬਿਲਕੁਲ ਇਸ ਤਰ੍ਹਾਂ ਹੀ ਦਿਖਾਈ ਦਿੰਦਾ ਹੈ ਜਿਵੇਂ ਸਾਰਾ ਸਾਲ ਹੀ ਇੱਕੋ ਹੀ ਰੁੱਤ ਰਹਿੰਦੀ ਹੋਵੇ ਅਤੇ ਹਰ ਪਾਸੇ ਬਰਫ਼ ਦੇ ਅੰਬਾਰ ਲੱਗੇ ਰਹਿੰਦੇ ਹੋਣ. ਆਪਣੀ ਕਵਿਤਾ ਅੱਗ ਦੀ ਰੁੱਤਵਿੱਚ ਇਸ ਸਥਿਤੀ ਦਾ ਵਿਸਥਾਰ ਕਰਦਿਆਂ ਸੁਰਿੰਦਰ ਗੀਤ ਵੀ ਕੁਝ ਇਸ ਤਰ੍ਹਾਂ ਦਾ ਹੀ ਮਹਿਸੂਸ ਕਰ ਰਹੀ ਹੈ:

ਪਰ ਹੁਣ

ਰੁੱਤਾਂ ਨਹੀਂ ਬਦਲਦੀਆਂ

ਨਵੇਂ ਰੰਗ ਨਹੀਂ ਲਿਆਉਂਦੀਆਂ

ਇੱਕੋ ਰੁੱਤ ਹੈ

ਅੱਗ ਦੀ ਰੁੱਤ

ਪੂੰਜੀਵਾਦ ਦੀ ਰੁੱਤ

ਹਫੜਾ ਦੱਫੜੀ ਦੀ ਰੁੱਤ

ਲੁੱਟ ਘਸੁੱਟ ਦੀ ਰੁੱਤ

ਚੰਦ ਸਿਤਾਰੇ ਮੇਰੇ ਵੀ ਨੇਕਾਵਿ ਸੰਗ੍ਰਹਿ ਵਿੱਚ ਭਾਵੇਂ ਕਿ ਸੁਰਿੰਦਰ ਗੀਤ ਨੇ ਵਿਸ਼ਵ ਰਾਜਨੀਤੀ ਦੇ ਸਮਾਜਿਕ, ਸਭਿਆਚਾਰਕ, ਆਰਥਿਕ, ਧਾਰਮਿਕ ਅਤੇ ਰਾਜਨੀਤਿਕ ਪਹਿਲੂਆਂ ਨੂੰ ਵੀ ਆਪਣੀ ਚਰਚਾ ਦਾ ਵਿਸ਼ਾ ਬਣਾਇਆ ਹੈ; ਪਰ ਮੂਲ ਰੂਪ ਵਿੱਚ ਉਸਦੀ ਪਹਿਚਾਣ ਔਰਤ ਦੇ ਸਰੋਕਾਰਾਂ ਦੀ ਕਵਿਤਾ ਲਿਖਣ ਵਾਲੀ ਇੱਕ ਚੇਤੰਨ, ਜਾਗਰੂਕ ਅਤੇ ਪ੍ਰਗਤੀਸ਼ੀਲ ਵਿਚਾਰਾਂ ਵਾਲੀ ਕੈਨੇਡੀਅਨ ਪੰਜਾਬੀ ਲੇਖਿਕਾ ਵਜੋਂ ਹੀ ਬਣਦੀ ਹੈ. ਕੈਨੇਡਾ ਦੀਆਂ ਪੰਜਾਬੀ ਲੇਖਿਕਾਵਾਂ ਵੱਲੋਂ ਔਰਤ ਦੇ ਸਰੋਕਾਰਾਂ ਨੂੰ ਕੈਨੇਡਾ ਦੇ ਪੰਜਾਬੀ ਸਾਹਿਤ ਦਾ ਇੱਕ ਮੁੱਖ ਵਿਸ਼ਾ ਬਣਾਉਣ ਦੀ ਗੰਭੀਰ ਲੋੜ ਹੈ. ਕਿਉਂਕਿ ਕੈਨੇਡਾ ਦੀਆਂ ਪੰਜਾਬੀ ਔਰਤਾਂ ਸਮਾਜਿਕ ਅਤੇ ਸਭਿਆਚਾਰਕ ਪਹਿਲੂਆਂ ਤੋਂ ਬਹੁਤ ਸਾਰੇ ਸੰਕਟਾਂ ਦਾ ਸਾਹਮਣਾ ਕਰ ਰਹੀਆਂ ਹਨ. ਜਿਨ੍ਹਾਂ ਵਿੱਚ ਮੁੱਖ ਤੌਰ ਉੱਤੇ ਅਲਕੋਹਲਕ ਪੰਜਾਬੀ ਪਤੀਆਂ ਵੱਲੋਂ ਆਪਣੀਆਂ ਪਤਨੀਆਂ ਉੱਤੇ ਕੀਤੇ ਜਾਣ ਵਾਲੇ ਹਿੰਸਾਤਮਕ ਹਮਲੇ, ਪੰਜਾਬੀ ਪਿਓਆਂ ਵੱਲੋਂ ਆਪਣੀਆਂ ਹੀ ਨੌਜੁਆਨ ਧੀਆਂ ਦੇ ਕਤਲ ਕੀਤੇ ਜਾਣੇ ਅਤੇ ਅਣ-ਜੰਮੀਆਂ ਧੀਆਂ ਦਾ ਮਾਂ ਦੀ ਕੁੱਖ ਵਿੱਚ ਹੀ ਕਤਲ ਕੀਤਾ ਜਾਣਾ ਵਰਗੇ ਮਸਲੇ ਸ਼ਾਮਿਲ ਹਨ.

ਚੰਦ ਸਿਤਾਰੇ ਮੇਰੇ ਵੀ ਨੇਕਾਵਿ ਸੰਗ੍ਰਹਿ ਪੜ੍ਹ ਕੇ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਕੈਨੇਡਾ ਦੀਆਂ ਪੰਜਾਬੀ ਲੇਖਿਕਾਵਾਂ ਸਾਡੇ ਸਮਿਆਂ ਦੇ ਹਾਣ ਦੀ ਪੰਜਾਬੀ ਕਵਿਤਾ ਰਚ ਰਹੀਆਂ ਹਨ. ਅਜਿਹਾ ਖੂਬਸੂਰਤ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਕਰਨ ਲਈ ਸੁਰਿੰਦਰ ਗੀਤ, ਨਿਰਸੰਦੇਹ, ਮੁਬਾਰਕ ਦੀ ਹੱਕਦਾਰ ਹੈ. ਇਸ ਕਾਵਿ ਸੰਗ੍ਰਹਿ ਦੇ ਪ੍ਰਕਾਸ਼ਿਤ ਹੋਣ ਨਾਲ ਕੈਨੇਡਾ ਦੇ ਪੰਜਾਬੀ ਸਾਹਿਤ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ.

Tuesday, January 27, 2009

ਸੁਖਿੰਦਰ - ਲੇਖ

ਸੰਗੀਤਕ ਸ਼ਬਦਾਂ ਦੇ ਆਰਪਾਰ ਫੈਲੀ ਸ਼ਾਇਰੀ - ਭੂਪਿੰਦਰ ਦੁਲੇ

ਅਹਿਸਾਸ ਦੀ ਪੀੜਕੈਨੇਡੀਅਨ ਪੰਜਾਬੀ ਸ਼ਾਇਰ ਭੂਪਿੰਦਰ ਦੁਲੇ ਦਾ ਪ੍ਰਕਾਸ਼ਿਤ ਹੋਇਆ ਪਹਿਲਾ ਗ਼ਜ਼ਲ ਸੰਗ੍ਰਹਿ ਹੈ। ਇਹ ਗ਼ਜ਼ਲ ਸੰਗ੍ਰਹਿ ਪੜ੍ਹਦਿਆਂ ਜਿਹੜੀ ਗੱਲ ਸਭ ਤੋਂ ਪਹਿਲਾਂ ਧਿਆਨ ਖਿੱਚਦੀ ਹੈ ਉਹ ਹੈ ਭੂਪਿੰਦਰ ਦੁਲੇ ਦਾ ਸੰਗੀਤਕ ਸ਼ਬਦਾਂ ਨਾਲ ਮੋਹ।


ਕਾਵਿ ਰਚਨਾ ਵਿੱਚ ਸੰਗੀਤਕ ਸ਼ਬਦਾਂ ਦੀ ਵਧੇਰੇ ਵਰਤੋਂ ਕਰਨ ਨਾਲ ਕਾਵਿ ਰਚਨਾ ਵਿੱਚ ਵਿਚਾਰਾਂ ਦਾ ਦੱਬ ਕੇ ਰਹਿ ਜਾਣ ਦਾ ਡਰ ਬਣਿਆ ਰਹਿੰਦਾ ਹੈ ਅਤੇ ਵਿਚਾਰਾਂ ਦੀ ਸਪੱਸ਼ਟਤਾ ਵੀ ਧੁੰਦਲੀ ਪੈ ਜਾਂਦੀ ਹੈ। ਭੂਪਿੰਦਰ ਦੁਲੇ ਦਾ ਗ਼ਜ਼ਲ ਸੰਗ੍ਰਹਿ ਅਹਿਸਾਸ ਦੀ ਪੀੜਪੜ੍ਹਦਿਆਂ ਵੀ ਮੈਨੂੰ ਕੁਝ ਇਸ ਤਰ੍ਹਾਂ ਹੀ ਮਹਿਸੂਸ ਹੋਇਆ ਹੈ।


ਭੂਪਿੰਦਰ ਦੁਲੇ ਆਪਣੀਆਂ ਗ਼ਜ਼ਲਾਂ ਵਿੱਚ ਵਿਚਾਰਾਂ ਨੂੰ ਪ੍ਰਾਥਮਿਕਤਾ ਨਹੀਂ ਦਿੰਦਾ। ਉਸਦੀ ਪ੍ਰਾਥਮਿਕਤਾ ਸੰਗੀਤਕ ਸ਼ਬਦਾਂ ਦਾ ਪ੍ਰਯੋਗ ਕਰਨ ਲਈ ਹੈ। ਸੰਗੀਤਕ ਸ਼ਬਦਾਂ ਦਾ ਉਚਾਰਨ ਪਾਠਕ / ਸਰੋਤੇ ਨੂੰ ਪਲ ਛਿਣ ਦਾ ਆਨੰਦ ਦਿੰਦਾ ਹੈ। ਉਦਾਹਰਣ ਲਈ ਪੇਸ਼ ਹਨ ਭੂਪਿੰਦਰ ਦੁਲੇ ਦੇ ਕੁਝ ਸ਼ਿਅਰ:


1.


ਜਦ ਕਿਧਰੇ ਚੇਤੇ ਆ ਜਾਵੇ, ਦਿਲ ਮੇਰੇ ਦੀ ਪਿਆਸ ਬੁਝਾਵੇ


ਹਰ ਸਰਘੀ ਦੀ ਚਾਟੀ ਘਮ ਘਮ, ਸਾ ਰੇ ਗਾ ਮਾ, ਸਾ ਰੇ ਗਾ ਮਾ


2.


ਏਸ ਦਰਿਆ ਦੀ ਇਹ ਜੋ ਹੈ ਕਲ ਕਲ


ਦਿਲ ਦੇ ਸਹਿਰਾ ਨੂੰ ਲੰਘਦੀ ਛਲ ਛਲ


3.


ਕੋਈ ਵੀ ਥਾਂ ਮਿਲੀ ਨਾਂ ਬਰਸਣ ਨੂੰ


ਇਹ ਘਟਾ ਭਟਕਦੀ ਰਹੀ ਥਲ ਥਲ



ਵਿਚਾਰਹੀਨ ਸੰਗੀਤਕ ਸ਼ਬਦਾਂ ਦੇ ਪ੍ਰਯੋਗ ਦਾ ਵਧ ਰਿਹਾ ਰੁਝਾਨ ਅਸੀਂ ਅਜੋਕੇ ਪੌਪ ਸੰਗੀਤ ਅਤੇ ਭਾਰਤੀ ਫਿਲਮੀ ਸੰਗੀਤ ਵਿੱਚ ਵੀ ਦੇਖ ਸਕਦੇ ਹਾਂ, ਪਰ ਪੰਜਾਬੀ ਗ਼ਜ਼ਲ ਵਿੱਚ ਅਜਿਹਾ ਰੁਝਾਨ ਕੋਈ ਨਵਾਂ ਨਹੀਂ। ਸਾਧੂ ਸਿੰਘ ਹਮਦਰਦ ਅਤੇ ਉਸਦੀ ਢਾਣੀ ਦੇ ਗ਼ਜ਼ਲ-ਗੋਆਂ ਵੱਲੋਂ ਪਿਛਲੇ ਤਕਰੀਬਨ ਪੰਜ ਦਹਾਕਿਆਂ ਦੌਰਾਨ ਲਿਖੀਆਂ ਗਈਆਂ ਗ਼ਜ਼ਲਾਂ ਵਿੱਚ ਅਜਿਹੇ ਵਿਚਾਰਹੀਨ ਸ਼ਬਦਾਂ ਦੀ ਭਰਮਾਰ ਦੀਆਂ ਸੈਂਕੜੇ ਉਦਾਹਰਣਾਂ ਵੇਖੀਆਂ ਜਾ ਸਕਦੀਆਂ ਹਨ। ਅਜਿਹੇ ਗ਼ਜ਼ਲਗੋ ਉਨ੍ਹਾਂ ਗ਼ਜ਼ਲਗੋਆਂ ਦੀ ਢਾਣੀ ਵਿੱਚ ਸ਼ਾਮਿਲ ਕੀਤੇ ਜਾ ਸਕਦੇ ਹਨ ਜੋ ਕਿ ਕਲਾ ਕਲਾ ਲਈਦੇ ਸਦੀਆਂ ਤੋਂ ਚੱਲੇ ਆ ਰਹੇ ਨਾਹਰੇ ਦੇ ਹਿਮਾਇਤੀ ਹਨ। ਭਾਵੇਂ ਕਿ ਅਜੋਕੇ ਸਮਿਆਂ ਵਿੱਚ ਵਧੇਰੇ ਲੇਖਕ ਅਜਿਹੀ ਸਾਹਿਤਕ ਰਾਜਨੀਤੀ ਵਿੱਚ ਵਧੇਰੇ ਵਿਸ਼ਵਾਸ ਨਹੀਂ ਰੱਖਦੇ ਅਤੇ ਆਪਣੀਆਂ ਰਚਨਾਵਾਂ ਵਿੱਚ ਰੂਪਕ ਪੱਖੋਂ ਅਤੇ ਤੱਤ ਦੇ ਪੱਖੋਂ ਸੰਤੁਲਨ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹਨ।


ਭੂਪਿੰਦਰ ਦੁਲੇ ਦਾ ਵਧੇਰੇ ਧਿਆਨ ਗ਼ਜ਼ਲ ਦੀ ਸ਼ਿਲਪਕਾਰੀ ਵੱਲ ਹੈ। ਵਿਚਾਰਾਂ ਦੀ ਪੇਸ਼ਕਾਰੀ ਕਰਨ ਵੇਲੇ ਉਹ ਆਪਣੀਆਂ ਗ਼ਜਲਾਂ ਵਿੱਚ ਕਿਤੇ ਵੀ ਇਸ ਗੱਲ ਦਾ ਪ੍ਰਭਾਵ ਨਹੀਂ ਦਿੰਦਾ ਕਿ ਉਹ ਕਿਸੇ ਵਿਚਾਰ ਬਾਰੇ ਸਪੱਸ਼ਟ ਹੈ. ਇਸਦਾ ਕਾਰਨ ਉਹ ਆਪਣੇ ਸ਼ਿਅਰਾਂ ਵਿੱਚ ਆਪ ਹੀ ਦਸ ਦਿੰਦਾ ਹੈ:


1.


ਮੈਂ ਕਿੰਨੀ ਦੇਰ ਤੱਕ ਤੁਰਦਾ ਰਿਹਾ ਹਾਂ ਮੀਟ ਕੇ ਅੱਖਾਂ


ਤੁਹਾਡੀ ਧਰਤ, ਮੇਰੇ ਪੈਰ ਸਨ ਤੇ ਚਾਲ ਉਹਨਾਂ ਦੀ


2.


ਤੂੰ ਅਰੂਜ਼ੀ ਵੀ ਰਦੀਫ਼ੀ ਵੀ ਮਗਰ ਤੁਕਬੰਦੀ ਕਿਉਂ


ਦਰਦ ਜੀਵਨ ਦਾ ਰਤਾ ਭਰ, ਲਿਖ ਸਕੇਂ ਤਾਂ ਲਿਖ ਕਦੀ


3.


ਅਰਥ ਸ਼ਬਦਾਂ ਨਾਲ ਰੁਸ ਜਾਂਦੇ ਰਹੇ


ਸ਼ਾਇਰੀ ਦਾ ਹਾਲ ਸ੍ਹਾਵੇਂ ਸੀ ਮਿਰੇ



ਭਾਵੇਂ ਭੂਪਿੰਦਰ ਦੁਲੇ ਦੀਆਂ ਗ਼ਜ਼ਲਾਂ ਵਿੱਚ ਵਿਚਾਰਾਂ ਦੀ ਸਪੱਸ਼ਟਤਾ ਨਜ਼ਰ ਨਹੀਂ ਆਉਂਦੀ; ਪਰ ਨਿਰਸੰਦੇਹ, ਦੁਲੇ ਇਸ ਗ਼ਜ਼ਲ ਸੰਗ੍ਰਹਿ ਵਿੱਚ ਅਨੇਕਾਂ ਵਿਸ਼ਿਆਂ ਬਾਰੇ ਗੱਲ ਕਰਦਾ ਹੈ। ਇਸ ਸਬੰਧ ਵਿੱਚ ਵੀ ਉਸਦੀ ਕਾਵਿ-ਸਮਰੱਥਾ ਦੀਆਂ ਸੀਮਾਵਾਂ ਸਮਝਣ ਲਈ ਉਸਦੀ ਆਪਣੀ ਹੀ ਇੱਕ ਗ਼ਜ਼ਲ ਦਾ ਇਹ ਸ਼ਿਅਰ ਸਾਡੀ ਮੱਦਦ ਕਰ ਸਕਦਾ ਹੈ:


ਬੱਸ ਕਰ ਮਹਿਬੂਬ ਖ਼ਾਤਰ ਬਹੁਤ ਕੁਝ ਲਿਖਿਆ ਗਿਆ


ਹੁਣ ਜ਼ਰਾ ਮਜ਼ਲੂਮ ਖ਼ਾਤਰ, ਲਿਖ ਸਕੇਂ ਤਾਂ ਲਿਖ ਕਦੀ



ਅਹਿਸਾਸ ਦੀ ਪੀੜਗ਼ਜ਼ਲ ਸੰਗ੍ਰਹਿ ਵਿੱਚ ਵਧੇਰੇ ਗ਼ਜ਼ਲਾਂ ਨਿੱਜੀ ਸਮੱਸਿਆਵਾਂ ਬਾਰੇ ਹੀ ਹਨ। ਸਮਾਜਿਕ, ਸਭਿਆਚਾਰਕ, ਰਾਜਨੀਤਿਕ, ਧਾਰਮਿਕ, ਦਾਰਸ਼ਨਿਕ, ਵਾਤਾਵਰਨ ਸਬੰਧੀ ਸਮੱਸਿਆਵਾਂ ਬਾਰੇ ਕਿਤੇ ਵੀ ਖੁੱਲ੍ਹ ਕੇ ਅਤੇ ਸਪੱਸ਼ਟ ਰੂਪ ਵਿੱਚ ਚਰਚਾ ਭੂਪਿੰਦਰ ਦੁਲੇ ਦੀਆਂ ਗ਼ਜ਼ਲਾਂ ਦਾ ਵਿਸ਼ਾ ਨਹੀਂ ਬਣ ਸਕਿਆ।


ਉਂਝ ਨਿੱਜੀ ਸੰਬੰਧਾਂ ਬਾਰੇ ਭੂਪਿੰਦਰ ਦੁਲੇ ਨੇ ਕੁਝ ਵਧੀਆ ਸ਼ਿਅਰ ਵੀ ਕਹੇ ਹਨ:


1.


ਦੁਸ਼ਮਣੀ ਦੀ ਦਾਸਤਾਂ ਕੁਝ ਹੋਰ ਲੰਮੀ ਹੋ ਗਈ


ਇਸ ਤਰ੍ਹਾਂ ਮੈਨੂੰ ਗਲੇ ਲਾਇਆ ਹੈ ਮੇਰੇ ਦੋਸਤਾਂ


2.


ਨਾ ਦਿਲਾਂ ਰੂਹਾਂ ਦੀ ਹੈ ਨਾ ਅੰਦਰਾਂ ਦੀ ਨੇੜਤਾ


ਕੀ ਕਰੂਗੀ ਦੋਸਤਾ ਫਿਰ ਪਿੰਜਰਾਂ ਦੀ ਦੋਸਤੀ


3.


ਖ਼ੂਬ ਪੌਸ਼ਾਕਾਂ ਬਦਨ, ਚਾਲ ਹੈ ਛਨ ਛਨ ਛਨਨ


ਅੰਦਰੋਂ ਵੀ ਮੇਰੇ ਮਨ, ਸੋਹ ਸਕੇਂ ਤਾਂ ਸੋਹ ਕਦੇ



ਕੈਨੇਡਾ ਦੇ ਅਨੇਕਾਂ ਪੰਜਾਬੀ ਲੇਖਕਾਂ ਦੀਆਂ ਰਚਨਾਵਾਂ ਵਿੱਚ ਪਿਛੇ ਛੱਡ ਆਏ ਦੇਸ ਲਈ ਉਦਰੇਵੇਂ ਵਾਲ਼ੀਆਂ ਭਾਵਨਾਵਾਂ ਦਾ ਪ੍ਰਗਟਾ ਮੁੜ ਮੁੜ ਉਜਾਗਰ ਹੁੰਦਾ ਹੈ। ਅਜਿਹੇ ਮਨੁੱਖ ਇਸ ਤਰ੍ਹਾਂ ਮਹਿਸੂਸ ਕਰਦੇ ਹਨ ਜਿਵੇਂ ਕਿਤੇ ਉਹ ਪਿਛੇ ਛੱਡ਼ ਆਏ ਦੇਸ਼ ਵਿੱਚ ਬਹੁਤ ਹੀ ਆਨੰਦਮਈ ਜ਼ਿੰਦਗੀ ਬਤੀਤ ਕਰ ਰਹੇ ਸਨ ਅਤੇ ਕੈਨੇਡਾ ਆ ਕੇ ਉਹ ਇੱਕ ਤਰ੍ਹਾਂ ਦੀ ਕੈਦ ਕੱਟ ਰਹੇ ਹਨ। ਜਿੱਥੇ ਆ ਕੇ ਉਨ੍ਹਾਂ ਦੀ ਜ਼ਿੰਦਗੀ ਦੇ ਸਾਰੇ ਚਾਅ, ਮਲ੍ਹਾਰ, ਉਮੰਗਾਂ, ਇੱਛਾਵਾਂ, ਸ਼ੌਂਕ, ਕੰਮ, ਧੰਦੇ ਦੇ ਰੁਝੇਵਿਆਂ ਵਿੱਚ ਦੱਬ ਕੇ ਰਹਿ ਗਏ ਹਨ। ਭੂਪਿੰਦਰ ਦੁਲੇ ਵੀ ਆਪਣੇ ਸ਼ਿਅਰਾਂ ਰਾਹੀਂ ਕੁਝ ਇਸ ਤਰ੍ਹਾਂ ਦੀਆਂ ਹੀ ਗੱਲਾਂ ਕਰਦਾ ਹੈ:


1.


ਛੱਡ ਆਪਣੇ ਘਰਾਂ ਨੂੰ ਤੁਰੇ ਸਾਂ ਜਦੋਂ


ਸੋਚਿਆ ਵੀ ਨਾ ਸੀ ਸ਼ੌਂਕ ਮਰ ਜਾਣਗੇ


2.


ਬੜਾ ਹੀ ਭਟਕਦੈ ਦਿਲ ਜਦ ਵੀ ਅਕਸਰ ਯਾਦ ਕਰ ਲੈਨਾਂ


ਬਸੀਮਾਂ, ਪੈਲੀਆਂ, ਰਸਤਾ, ਸਰਾਂ, ਘਰ, ਯਾਦ ਕਰ ਲੈਨਾਂ



ਇਮੀਗਰੈਂਟ ਚਾਹੇ ਕਿਸੇ ਵੀ ਦੇਸ਼ ਵਿੱਚੋਂ ਕਿਉਂ ਨ ਆਏ ਹੋਣ; ਉਨ੍ਹਾਂ ਤਕਰੀਬਨ ਸਭਨਾਂ ਦੀ ਹੀ ਦੌੜ ਛੇਤੀ ਤੋਂ ਛੇਤੀ ਅਤੇ ਵੱਧ ਤੋਂ ਵੱਧ ਡਾਲਰ ਕਮਾਉਣ ਦੀ ਹੀ ਹੁੰਦੀ ਹੈ। ਉਨ੍ਹਾਂ ਦੀ ਇੱਛਾ ਹੁੰਦੀ ਹੈ ਕਿ ਉਹ ਜਿੰਨੀ ਛੇਤੀ ਹੋ ਸਕੇ ਵਧੀਆ ਘਰ, ਵਧੀਆ ਕਾਰ, ਵਧੀਆ ਘਰ ਦਾ ਫਰਨੀਚਰ ਆਦਿ ਅਤੇ ਜਿੰਦਗੀ ਦੀਆਂ ਹੋਰ ਸਭ ਸਹੂਲਤਾਂ ਖਰੀਦ ਸਕਣ। ਅਜਿਹੀਆਂ ਸਹੂਲਤਾਂ ਹਾਸਿਲ ਕਰ ਕਰਨ ਲਈ ਉਨ੍ਹਾਂ ਨੂੰ ਦਿਨ ਰਾਤ ਸਖਤ ਮਿਹਨਤ ਕਰਨੀ ਪੈਂਦੀ ਹੈ। ਅਜਿਹਾ ਕਰਦਿਆਂ, ਅਨੇਕਾਂ ਹਾਲਤਾਂ ਵਿੱਚ ਸਥਿਤੀ ਅਜਿਹੀ ਬਣ ਜਾਂਦੀ ਹੈ ਕਿ ਘਰਾਂ ਦੇ ਮਾਲਕਾਂ ਦੀ ਸਾਰੀ ਜ਼ਿੰਦਗੀ ਘਰਾਂ ਦੀ ਮੋਰਗੇਜ਼ ਆਦਿ ਦੇ ਵੱਡੇ ਵੱਡੇ ਬਿਲਾਂ ਦਾ ਭੁਗਤਾਣ ਕਰਨ ਖਾਤਰ ਫੈਕਟਰੀਆਂ ਵਿੱਚ ਲੱਗਦੇ ਓਵਰ ਟਾਈਮ ਲਗਾਉਣ ਵਿੱਚ ਹੀ ਬੀਤ ਜਾਂਦੀ ਹੈ ਅਤੇ ਉਨ੍ਹਾਂ ਨੂੰ ਆਪਣੇ ਇਨ੍ਹਾਂ ਮਹਿੰਗੇ ਖਰੀਦੇ ਘਰਾਂ ਵਿੱਚ ਆਰਾਮ ਨਾਲ ਬੈਠਣ ਦੇ ਚਾਰ ਪਲ ਵੀ ਨਹੀਂ ਮਿਲ਼ਦੇ। ਭੂਪਿੰਦਰ ਦੁਲੇ ਜਦੋਂ ਹੇਠ ਲਿਖੇ ਸ਼ਿਅਰ ਕਹਿੰਦਾ ਹੈ ਤਾਂ ਉਹ ਪਰਵਾਸੀ ਲੋਕਾਂ ਦੀ ਜ਼ਿੰਦਗੀ ਦੀ ਅਜਿਹੀ ਤਰਸਨਾਕ ਹਕੀਕਤ ਹੀ ਬਿਆਨ ਕਰ ਰਿਹਾ ਹੁੰਦਾ ਹੈ:


1.


ਕਦਵਾਰ ਮਕਾਨਾਂ ਦੇ, ਹੇਠਾਂ ਮੁਸਕਾਨਾਂ ਦੇ


ਕਿੰਨੇ ਅਰਮਾਨ ਅਜੇ, ਥੇਹਾਂ ਅੰਦਰ ਤਰਸਣ


2.


ਚੰਦ ਇੱਟਾਂ ਨੂੰ ਘਰ ਕਹੀ ਜਾਵਾਂ, ਇਸ ਨੂੰ ਥੰਮਾਂ ਤੇ ਖੁਦ ਢਹੀ ਜਾਵਾਂ


ਜੀਅ ਕਰੇ ਫੇਰ ਮੁੜ ਕੇ ਬਾਲ ਬਣਾਂ, ਰੇਤ ਦੇ ਘਰ ਬਣਾ ਬਣਾ ਢਾਹਾਂ



ਪੰਜਾਬੀ ਸਮਾਜ ਵਿੱਚ ਧੀਆਂ ਦੇ ਕਤਲਾਂ ਦਾ ਮਸਲਾ ਇੱਕ ਭਿਆਨਕ ਸਮੱਸਿਆ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਧੀਆਂ ਨੂੰ ਮਾਵਾਂ ਦੇ ਗਰਭ ਵਿੱਚ ਹੀ ਕਤਲ ਕੀਤਾ ਜਾ ਰਿਹਾ ਹੈ। ਲੇਖਕਾਂ, ਕਲਾਕਾਰਾਂ, ਬੁੱਧੀਜੀਵੀਆਂ ਅਤੇ ਚਿੰਤਕਾਂ ਦੀ ਇਹ ਇੱਕ ਸਮਾਜਿਕ ਜ਼ਿੰਮੇਵਾਰੀ ਬਣ ਚੁੱਕੀ ਹੈ ਕਿ ਉਹ ਆਪਣੀਆਂ ਰਚਨਾਵਾਂ ਅਤੇ ਕਲਾ-ਕ੍ਰਿਤਾਂ ਰਾਹੀਂ ਇਸ ਸਮਾਜਿਕ ਬੁਰਾਈ ਦੇ ਖਿਲਾਫ ਆਵਾਜ਼ ਉਠਾਉਣ। ਇਸ ਸਮਾਜਿਕ ਬੁਰਾਈ ਦੇ ਖ਼ਿਲਾਫ਼ ਲੋਕ-ਚੇਤਨਾ ਪੈਦਾ ਕਰਨ ਲਈ ਉਹ ਇਸ ਗੱਲ ਦਾ ਵੀ ਲੋਕਾਂ ਨੂੰ ਸੁਨੇਹਾ ਦੇਣ ਕਿ ਅਜੋਕੇ ਸਮਿਆਂ ਵਿੱਚ ਔਰਤ ਅਤੇ ਮਰਦ ਵਿੱਚ ਕੋਈ ਫਰਕ ਨਹੀਂ। ਜ਼ਿੰਦਗੀ ਦੇ ਅਨੇਕਾਂ ਖੇਤਰਾਂ ਵਿੱਚ ਔਰਤਾਂ ਨੇ ਆਪਣੀ ਸਖਤ ਮਿਹਨਤ ਸਦਕਾ ਮਰਦਾਂ ਤੋਂ ਵੀ ਵੱਡੀਆਂ ਪ੍ਰਾਪਤੀਆਂ ਕਰਕੇ ਇਹ ਸਿੱਧ ਕਰ ਦਿੱਤਾ ਹੈ ਕਿ ਜੋ ਕੰਮ ਪੁੱਤਰ ਕਰ ਸਕਦੇ ਹਨ ਉਹ ਕੰਮ ਧੀਆਂ ਵੀ ਕਰ ਸਕਦੀਆਂ ਹਨ। ਫਿਰ ਸਾਡੇ ਸਮਾਜ ਵਿੱਚ ਉਨ੍ਹਾਂ ਨਾਲ ਵਿਤਕਰਾ ਕਿਉਂ ਕੀਤਾ ਜਾਂਦਾ ਹੈ? ਭੂਪਿੰਦਰ ਦੁਲੇ ਵੀ ਆਪਣੇ ਇਨ੍ਹਾਂ ਕੁਝ ਸ਼ਿਅਰਾਂ ਰਾਹੀਂ ਇਸ ਗੱਲ ਵੱਲ ਹੀ ਸਾਡਾ ਧਿਆਨ ਦੁਆ ਰਿਹਾ ਹੈ:


1.


ਕੁੱਖ ਮਮਤਾ ਦੀ ਉਜਾੜੀ ਜਾ ਰਿਹਾ


ਭਾਲਦਾ ਕੋਈ ਲਾਲ ਸ੍ਹਾਵੇਂ ਸੀ ਮਿਰੇ


2.


ਭਾਲਦੇ ਓਹਨਾਂ ਨੂੰ ਫਿਰਦੇ ਅੱਜ ਵੀ ਮਮਤਾ ਦੇ ਗੀਤ


ਜਨਮ ਤੋਂ ਪਹਿਲਾਂ ਜਿਨ੍ਹਾਂ ਦਾ ਘੁੱਟਿਆ ਖ਼ੁਦ ਸੀ ਗਲਾ



ਅਹਿਸਾਸ ਦੀ ਪੀੜਭੂਪਿੰਦਰ ਦੁਲੇ ਦਾ ਪਹਿਲਾ ਗ਼ਜ਼ਲ ਸੰਗ੍ਰਹਿ ਹੈ। ਅਜੇ ਉਸਨੂੰ ਆਪਣੀਆਂ ਕਲਾਤਮਕ ਸੀਮਾਵਾਂ ਅਤੇ ਸੰਭਾਵਨਾਵਾਂ ਬਾਰੇ ਚੇਤੰਨ ਹੋਣ ਦੀ ਲੋੜ ਹੈ। ਗ਼ਜ਼ਲ ਲਿਖਣ ਵੇਲੇ ਭੂਪਿੰਦਰ ਦੁਲੇ ਨੂੰ ਸੰਗੀਤਕ ਸ਼ਬਦਾਂ ਲਈ ਆਪਣਾ ਮੋਹ ਕੁਝ ਹੱਦ ਤੱਕ ਤਿਆਗਣਾ ਪਵੇਗਾ। ਜੇਕਰ ਉਹ ਸਮਾਜਿਕ, ਸਭਿਆਚਾਰਕ, ਰਾਜਨੀਤਿਕ, ਦਾਰਸ਼ਨਿਕ, ਧਾਰਮਿਕ ਸਮੱਸਿਆਵਾਂ ਨੂੰ ਵਧੇਰੇ ਸਪੱਸ਼ਟ ਰੂਪ ਵਿੱਚ ਸਮਝ ਕੇ ਆਪਣੀਆਂ ਕਲਾ-ਕ੍ਰਿਤਾਂ ਦਾ ਵਿਸ਼ਾ ਬਣਾਵੇਗਾ ਤਾਂ ਉਸਦੀਆਂ ਗ਼ਜ਼ਲਾਂ ਹੋਰ ਵਧੇਰੇ ਸ਼ਕਤੀਸ਼ਾਲੀ ਅਤੇ ਅਰਥ ਭਰਪੂਰ ਹੋਣਗੀਆਂ। ਮੈਨੂੰ ਉਮੀਦ ਹੈ ਕਿ ਆਪਣਾ ਅਗਲਾ ਗ਼ਜ਼ਲ ਸੰਗ੍ਰਹਿ ਪ੍ਰਕਾਸਿ਼ਤ ਕਰਨ ਵੇਲੇ ਭੂਪਿੰਦਰ ਦੁਲੇ ਆਪਣੀ ਰਚਨਾ ਦੀਆਂ ਇਨ੍ਹਾਂ ਸੀਮਾਵਾਂ ਵੱਲ ਹੋਰ ਵਧੇਰੇ ਧਿਆਨ ਦੇਵੇਗਾ।


ਆਪਣਾ ਪਹਿਲਾ ਗ਼ਜ਼ਲ ਸੰਗ੍ਰਹਿ ਅਹਿਸਾਸ ਦੀ ਪੀੜਪ੍ਰਕਾਸ਼ਤ ਕਰਕੇ ਕੈਨੇਡੀਅਨ ਪੰਜਾਬੀ ਲੇਖਕਾਂ ਦੀ ਢਾਣੀ ਵਿੱਚ ਸ਼ਾਮਿਲ ਹੋਣ ਲਈ ਭੂਪਿੰਦਰ ਦੁਲੇ ਨੂੰ ਮੇਰੀਆਂ ਸ਼ੁੱਭ ਇਛਾਵਾਂ।

Friday, January 16, 2009

ਸੁਖਿੰਦਰ - ਲੇਖ

ਰਿਸ਼ਤਿਆਂ ਦੀ ਸਾਰਥਿਕਤਾ ਦੀ ਤਲਾਸ਼

ਸਾਧੂ ਬਿਨਿੰਗ ਦਾ ਕਾਵਿ-ਸੰਗ੍ਰਹਿ 'ਯਾਰ ਮੇਰਾ ਦਰਿਆ' ਰਿਸ਼ਤਿਆਂ ਦੀ ਸਾਰਥਿਕਤਾ ਦੀ ਤਲਾਸ਼ ਕਰਨ ਦਾ ਇੱਕ ਯਤਨ ਕਿਹਾ ਜਾ ਸਕਦਾ ਹੈ.
ਇਹ ਤਲਾਸ਼ ਨ ਸਿਰਫ਼ ਮਨੁੱਖੀ ਰਿਸ਼ਤਿਆਂ ਤੱਕ ਹੀ ਸੀਮਿਤ ਹੈ; ਬਲਕਿ ਤਲਾਸ਼ ਦਾ ਇਹ ਸਫ਼ਰ ਮਨੁੱਖ ਦੇ ਆਪਣੇ ਚੌਗਿਰਦੇ ਨਾਲ ਅਤੇ ਕੁਦਰਤ ਨਾਲ ਪੈਦਾ ਹੋਏ ਰਿਸ਼ਤਿਆਂ ਤੱਕ ਵੀ ਫੈਲਿਆ ਹੋਇਆ ਹੈ. ਸਾਧੂ ਬਿਨਿੰਗ ਦੀਆਂ ਇਹ ਕਵਿਤਾਵਾਂ ਸਮੇਂ, ਸਥਾਨ ਅਤੇ ਪੁਲਾੜ ਵਿੱਚ ਫੈਲੇ ਅਜਿਹੇ ਮਨੁੱਖੀ ਰਿਸ਼ਤਿਆਂ ਦੀ ਗੱਲ ਕਰਦੀਆਂ ਹਨ. ਇਹ ਕਵਿਤਾਵਾਂ ਸਾਡੇ ਸਭਿਆਚਾਰਕ, ਰਾਜਨੀਤਿਕ ਅਤੇ ਆਰਥਿਕ ਰਿਸ਼ਤਿਆਂ ਦੀ ਵੀ ਗੱਲ ਕਰਦੀਆਂ ਹਨ.
ਸਾਧੂ ਬਿਨਿੰਗ ਦੀਆਂ ਇਹ ਕਵਿਤਾਵਾਂ ਪੂਰਬੀ ਅਤੇ ਪੱਛਮੀ ਸਭਿਆਚਾਰ ਦੀ ਪਹਿਚਾਣ ਦੀ ਗੱਲ ਵੀ ਕਰਦੀਆਂ ਹਨ. ਕਿਤੇ ਕਿਤੇ, ਇਨ੍ਹਾਂ ਕਵਿਤਾਵਾਂ ਨੂੰ ਪੜ੍ਹਦਿਆਂ ਇਹ ਵੀ ਮਹਿਸੂਸ ਹੁੰਦਾ ਹੈ ਕਿ ਇਨ੍ਹਾਂ ਕਵਿਤਾਵਾਂ ਦਾ ਲੇਖਕ ਪੂਰਬੀ ਸਭਿਆਚਾਰ ਪ੍ਰਤੀ ਆਪਣਾ ਮੋਹ ਜਤਾਉਂਦਾ ਕੁਝ ਜ਼ਿਆਦਾ ਹੀ ਭਾਵੁਕਤਾ ਦਿਖਾ ਜਾਂਦਾ ਹੈ.
'ਯਾਰ ਮੇਰਾ ਦਰਿਆ' ਕਾਵਿ ਸੰਗ੍ਰਹਿ ਬਾਰੇ ਗੱਲ ਸਾਧੂ ਬਿਨਿੰਗ ਦੀ ਕਵਿਤਾ 'ਕਵਿਤਾ ਨਾਲ ਸੰਵਾਦ' ਦੀਆਂ ਇਨ੍ਹਾਂ ਕਾਵਿ ਸਤਰਾਂ ਨਾਲ ਸ਼ੁਰੂ ਕੀਤੀ ਜਾ ਸਕਦੀ ਹੈ:
ਕਵਿਤਾ ਹੁੰਦੀ ਹੈ
ਲੋਕਾਂ ਨਾਲ ਸਨੇਹ ਜਤਾਉਣ ਲਈ
ਉਨ੍ਹਾਂ ਦੇ ਦੁੱਖਾਂ ਦਰਦਾਂ ਦੇ
ਗੀਤ ਗਾਉਣ ਲਈ
ਲੋੜ ਪੈਣ 'ਤੇ ਹੱਕਾਂ ਲਈ
ਝੰਡਾ ਉਠਾਉਣ ਲਈ
ਸਾਧੂ ਬਿਨਿੰਗ ਆਪਣੀ ਗੱਲ ਦੀ ਸ਼ੁਰੂਆਤ ਕਰਦਿਆਂ ਹੀ ਪਹਿਲਾਂ ਇਹ ਦਸਣਾ ਜ਼ਰੂਰੀ ਸਮਝਦਾ ਹੈ ਕਿ ਕਵਿਤਾ ਦਾ ਮਨੁੱਖ ਨਾਲ ਇੱਕ ਗੂੜ੍ਹਾ ਰਿਸ਼ਤਾ ਹੈ. ਮੁੱਢ-ਕਦੀਮ ਤੋਂ ਕਵਿਤਾ ਮਨੁੱਖ ਦੇ ਨਾਲ ਨਾਲ ਤੁਰੀ ਹੈ. ਕਵਿਤਾ ਵਿੱਚ ਮਨੁੱਖ ਦੀ ਰੂਹ ਬੋਲਦੀ ਹੈ. ਕਵਿਤਾ ਦੇ ਬੋਲਾਂ ਰਾਹੀਂ ਹੀ ਮਨੁੱਖ ਨੇ ਆਪਣੀਆਂ ਉਮੰਗਾਂ, ਇਛਾਵਾਂ, ਦੁੱਖਾਂ, ਦਰਦਾਂ, ਖੁਸ਼ੀਆਂ, ਗਮੀਆਂ ਨੂੰ ਭਾਵਨਾਤਮਕ ਅਰਥਾਂ ਦੇ ਰੂਪ ਵਿੱਚ ਪ੍ਰਗਟਾ ਕੇ ਆਪਣੀ ਹੋਂਦ ਦਾ ਇਜ਼ਹਾਰ ਕਰਨਾ ਸਿੱਖਿਆ ਹੈ. ਅਸੀਂ ਕਾਵਿਕ ਬੋਲਾਂ ਰਾਹੀਂ ਨ ਸਿਰਫ ਆਪਣੇ ਆਪ ਦਾ ਹੀ ਇਜ਼ਹਾਰ ਕਰਨਾ ਪਸੰਦ ਕਰਦੇ ਹਾਂ; ਬਲਕਿ, ਇਜ਼ਹਾਰ ਕਰਨ ਦੀ ਅਜਿਹੀ ਵਿਧੀ ਰਾਹੀਂ ਅਸੀਂ ਆਪਣੇ ਸਰੋਤੇ ਦੀ ਚੇਤਨਾ ਵਿੱਚ ਵੀ ਤਰੰਗਾਂ ਦੀ ਅਜਿਹੀ ਝਰਨਾਟ ਛੇੜਦੇ ਹਾਂ ਕਿ ਉਸਦੇ ਜਿਸਮ ਦੇ ਕਣ ਕਣ ਵਿੱਚ ਇੱਕ ਮਹਾਂ-ਨਾਚ ਦੀ ਥਿਰਕਣ ਸ਼ੁਰੂ ਕਰ ਦਿੰਦੇ ਹਾਂ. ਜਿਸ ਸਦਕਾ ਉਸ ਨਾਲ ਸਾਡਾ ਇੱਕ ਰਿਸ਼ਤਾ ਸਥਾਪਿਤ ਹੋਣਾ ਸ਼ੁਰੂ ਹੋ ਜਾਂਦਾ ਹੈ.
ਮਨੁੱਖੀ ਸਭਿਅਤਾ ਦੇ ਬੀਜ ਦਰਿਆਵਾਂ ਦੇ ਕੰਢੇ ਹੀ ਬੀਜੇ ਗਏ. ਮਨੁੱਖੀ ਸਭਿਅਤਾ ਦੀ ਸ਼ੁਰੂਆਤ ਵਿੱਚ ਮਨੁੱਖ ਦਰਿਆਵਾਂ ਦੇ ਕੰਢਿਆਂ ਉੱਤੇ ਹੀ ਵੱਸਿਆ. ਸ਼ਾਇਦ, ਇਸੇ ਲਈ ਹੀ ਮਨੁੱਖ ਅਤੇ ਦਰਿਆਵਾਂ ਦੀ ਦੋਸਤੀ ਸਦੀਵੀ ਦੋਸਤੀ ਦਾ ਰੂਪ ਵਟਾ ਗਈ. ਦਰਿਆ ਨ ਸਿਰਫ਼ ਮਨੁੱਖ ਲਈ ਜੀਣ ਦਾ ਸਾਧਨ ਬਣੇ, ਦਰਿਆ ਮਨੁੱਖ ਲਈ ਆਉਣ ਜਾਣ ਦਾ ਸਾਧਨ ਬਣੇ ਅਤੇ ਮਨੁੱਖੀ ਜ਼ਿੰਦਗੀ ਵਿੱਚ ਆਉਣ ਵਾਲੇ ਦੁੱਖਾਂ-ਦਰਦਾਂ ਅਤੇ ਖੁਸ਼ੀਆਂ ਵਿੱਚ ਹਿੱਸਾ ਵਟਾਉਣ ਵਾਲੇ ਕਰੀਬੀ ਸਾਥੀ ਵੀ. ਇਨ੍ਹਾਂ ਲੱਖਾਂ ਸਾਲਾਂ ਦੌਰਾਨ ਮਨੁੱਖ ਅਤੇ ਦਰਿਆਵਾਂ ਦੀ ਦੋਸਤੀ ਦੋਵੱਲੀ ਹੋ ਨਿਬੜੀ. ਮਨੁੱਖ ਵੀ ਦਰਿਆਵਾਂ ਦੇ ਦੁੱਖਾਂ-ਦਰਦਾਂ ਨੂੰ ਸਮਝਣ ਲੱਗਾ. ਮਨੁੱਖ ਅਤੇ ਦਰਿਆਵਾਂ ਦੇ ਅਜਿਹੇ ਦੋਵੱਲੀ ਰਿਸ਼ਤੇ ਨੂੰ ਸਾਧੂ ਬਿਨਿੰਗ ਵੀ ਬੜੀ ਚੰਗੀ ਤਰ੍ਹਾਂ ਸਮਝਦਾ ਹੈ:
ਜਦ ਕੋਈ
ਵੱਡੀ ਕਾਰੋਬਾਰੀ ਕਿਸ਼ਤੀ
ਤੇਜ਼ੀ ਨਾਲ ਹਿੱਕ ਤੋਂ ਲੰਘੇ
ਗੁੱਸੇ 'ਚ ਦਰਿਆ
ਕੰਢਿਆਂ 'ਤੇ ਪਏ ਪੱਥਰਾਂ ਦੇ
ਖਿੱਝ ਖਿੱਝ ਥਪੇੜੇ ਮਾਰੇ
ਝੱਗ ਸੁੱਟੇ ਤਿਲਮਲਾਵੇ
ਤੇ ਜਦੋਂ
ਕਤਾਰਾਂ ਬੰਨ੍ਹ ਮੁਰਗਾਬੀਆਂ
ਏਧਰ ਓਧਰ ਫਿਰਨ ਤਰਦੀਆਂ
ਜਾਂ ਨਿੱਕੀ ਬੇੜੀ 'ਚ ਬੈਠਾ ਜੋੜਾ
ਹੌਲੀ ਹੌਲੀ ਚੱਪੂ ਮਾਰੇ
ਦਰਿਆ ਖ਼ਾਮੋਸ਼ ਵਗੇ
ਖੁਸ਼ੀ 'ਚ ਝੂੰਮਦਾ ਨਜ਼ਰ ਆਵੇ
ਯਾਰ ਮੇਰਾ ਦਰਿਆ
ਇੰਝ ਦਿਲ ਦੀਆਂ ਸਮਝਾਵੇ
(ਯਾਰ ਮੇਰਾ ਦਰਿਆ)
ਸਾਧੂ ਬਿਨਿੰਗ ਮਨੁੱਖ ਅਤੇ ਦਰਿਆਵਾਂ ਦੀ ਦੋਸਤੀ ਦੀ ਗੱਲ ਕਰਨ ਵਾਂਗ ਹੀ ਮਨੁੱਖ ਅਤੇ ਉਸਦੇ ਚੌਗਿਰਦੇ ਦੀ ਗੱਲ ਕਰਦਿਆਂ ਮਨੁੱਖ ਦੀ ਘਾਹ ਨਾਲ ਪੈਦਾ ਹੋਈ ਦੋਸਤੀ ਬਾਰੇ ਵੀ ਗੱਲ ਕਰਦਾ ਹੈ:
ਸੈਰ ਗਏ ਨੂੰ ਘਾਹ ਪੁੱਛਦਾ ਹੈ
ਨਾ ਕਦੀ ਬੈਠ ਕੇ ਦੁੱਖ ਸੁੱਖ ਕਰਦਾਂ
ਨਾ ਕੋਈ ਬੋਲ ਗੁਣਗੁਣਾਵੇਂ
ਕਦੀ ਕਦਾਈਂ ਹਫਦਾ ਆਵੇਂ
ਤੇ ਹਫਦਾ ਤੁਰ ਜਾਵੇਂ
ਕੀ ਸੱਚ ਮੁੱਚ ਤੈਨੂੰ ਚੇਤਾ ਨਹੀਂ ਰਿਹਾ
ਯਾਰਾਂ ਨਾਲ ਮਾਰੀਆਂ ਗੱਪਾਂ
ਮਹਿਬੂਬ ਨਾਲ ਗਾਏ ਨਗਮੇ
ਤੇਰੇ ਜੀਵਨ ਦੇ ਸਾਰੇ ਮਿੱਠੇ ਸੋਹਣੇ ਪਲ
ਮੇਰੇ ਉੱਤੇ ਬੈਠਿਆਂ
ਮੇਰੀਆਂ ਤਿੜਾਂ ਨਾਲ ਖੇਡਦਿਆਂ ਬੀਤੇ
ਮੇਰੇ ਕੋਲੋਂ ਇੰਜ ਪਰਾਇਆ ਹੋ ਚੁੱਕਿਆ ਤੂੰ
ਖ਼ੁਦ ਕੋਲੋਂ ਕੋਈ ਜਿਵੇਂ ਪਰਾਇਆ ਹੋ ਜਾਵੇ
(ਸੈਰ ਗਏ ਨੂੰ)
ਮਨੁੱਖ ਦੀ ਨਿਤ ਦਿਨ ਵਧਦੀ ਜਾਂਦੀ ਲਾਲਚ ਨੇ ਨ ਸਿਰਫ ਕੁਦਰਤੀ ਸਾਧਨਾਂ ਦੀ ਤਬਾਹੀ ਕੀਤੀ ਹੈ; ਬਲਕਿ ਇਸਨੇ ਆਪਣੇ ਚੌਗਿਰਦੇ ਅਤੇ ਵਾਤਾਵਰਨ ਨੂੰ ਵੀ ਅਤਿ ਦਰਜੇ ਦੀ ਹੱਦ ਤੱਕ ਪ੍ਰਦੂਸ਼ਿਤ ਕਰ ਦਿੱਤਾ ਹੈ. ਮਨੁੱਖ ਨੇ ਨਦੀਆਂ, ਦਰਿਆਵਾਂ ਵਿੱਚ ਇੰਡਸਟਰੀਅਲ ਕੂੜਾ-ਕਰਕਟ ਸੁੱਟ ਸੁੱਟ ਕੇ ਆਪਣੀ ਹੀ ਤਬਾਹੀ ਦੇ ਬੀਜ ਬੀਜੇ ਹਨ. ਕਾਰਖਾਨਿਆਂ ਦੀਆਂ ਚਿਮਨੀਆਂ 'ਚੋਂ ਨਿਕਲ ਰਹੀਆਂ ਜ਼ਹਿਰੀਲੀਆਂ ਗੈਸਾਂ ਵਾਤਾਵਰਨ ਨੂੰ ਜ਼ਹਿਰੀਲਾ ਬਣਾ ਰਹੀਆਂ ਹਨ. ਧਰਤੀ ਦੇ ਅਨੇਕਾਂ ਇਲਾਕਿਆਂ ਵਿੱਚ ਵਾਤਾਵਰਨ ਵਿੱਚ ਵੱਧ ਰਹੇ ਪ੍ਰਦੂਸ਼ਨ ਕਾਰਨ ਮਨੁੱਖਾਂ ਲਈ ਸਾਹ ਲੈਣਾ ਮੁਸ਼ਕਿਲ ਹੋ ਰਿਹਾ ਹੈ. ਵਾਤਾਵਰਨ ਵਿੱਚ ਵੱਧ ਰਹੇ ਪ੍ਰਦੂਸ਼ਨ ਕਾਰਨ ਗਲੋਬਲ ਵਾਰਮਿੰਗ ਵਧ ਰਹੀ ਹੈ. ਜਿਸ ਕਾਰਨ ਭੂਚਾਲ ਆ ਰਹੇ ਹਨ, ਟੋਰਨੈਡੋ ਆ ਰਹੇ ਹਨ, ਸਮੁੰਦਰੀ ਤੂਫ਼ਾਨ ਆ ਰਹੇ ਹਨ, ਸੂਨਾਮੀ ਲਹਿਰਾਂ ਕਾਰਨ ਆਏ ਸਮੁੰਦਰੀ ਤੂਫ਼ਾਨਾਂ ਸਦਕਾ ਲੱਖਾਂ ਲੋਕਾਂ ਦੀ ਮੌਤ ਹੋ ਰਹੀ ਹੈ. ਹਜ਼ਾਰਾਂ ਕਿਸਮ ਦੀਆਂ ਨਵੀਆਂ ਅਤੇ ਖਤਰਨਾਕ ਬੀਮਾਰੀਆਂ ਸ਼ੁਰੂ ਹੋ ਰਹੀਆਂ ਹਨ. ਧਰਤੀ ਉੱਤੇ ਮਨੁੱਖ ਦੀ ਸਦੀਵੀ ਹੋਂਦ ਆਪਣੇ ਚੌਗਿਰਦੇ ਨਾਲ, ਵਾਤਾਵਰਨ ਨਾਲ, ਰੁੱਖਾਂ ਨਾਲ ਪੈਦਾ ਹੋਏ ਰਿਸ਼ਤੇ ਨੂੰ ਸੁਖਾਵਾਂ ਰੱਖਣ ਸਦਕਾ ਹੀ ਸੰਭਵ ਰਹਿ ਸਕੇਗੀ. ਮਨੁੱਖ ਜੇਕਰ ਇਸ ਸਚਾਈ ਵੱਲੋਂ ਮੂੰਹ ਮੋੜੇਗਾ ਤਾਂ ਉਹ ਆਪਣੇ ਪੈਰਾਂ ਥੱਲੇ ਆਪ ਹੀ ਕੰਡੇ ਬੀਜ ਰਿਹਾ ਹੋਵੇਗਾ. ਹਵਾ ਨਾਲ, ਘਾਹ ਨਾਲ, ਰੁੱਖਾਂ ਨਾਲ, ਮਨੁੱਖ ਦੇ ਤਿੜਕ ਰਹੇ ਰਿਸ਼ਤਿਆਂ ਬਾਰੇ ਸਾਧੂ ਬਿਨਿੰਗ ਵੀ ਚੇਤੰਨ ਹੈ:
ਸੈਰ ਗਏ ਨੂੰ
ਹਵਾ ਆਖਦੀ
ਘਾਹ ਪੁੱਛਦਾ ਹੈ
ਕਰਦੇ ਰੁੱਖ ਸ਼ਿਕਾਇਤ
(ਸੈਰ ਗਏ ਨੂੰ)
ਪੂਰਬੀ ਅਤੇ ਪੱਛਮੀ ਸਭਿਆਚਾਰਾਂ ਵਿੱਚ ਇੱਕ ਵੱਡਾ ਵੱਖਰੇਂਵਾਂ ਹੈ - ਜ਼ਿੰਦਗੀ ਜਿਊਣ ਦਾ ਢੰਗ. ਪੂਰਬੀ ਸਭਿਆਚਾਰਾਂ ਵਿੱਚ ਪ੍ਰਵਾਰਕ ਰਿਸ਼ਤਿਆਂ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ; ਪਰ ਇਸਦੇ ਮੁਕਾਬਲੇ ਵਿੱਚ ਪੱਛਮੀ ਸਭਿਆਚਾਰਾਂ ਵਿੱਚ 'ਨਿੱਜ' ਨੂੰ ਵਧੇਰੇ ਅਹਿਮੀਅਤ ਦਿੱਤੀ ਜਾਂਦੀ ਹੈ. ਖਪਤ ਸਭਿਆਚਾਰ ਦੇ ਪਸਾਰ ਨਾਲ ਵਸਤਾਂ ਦੀ ਚਕਾਚੌਂਦ ਨਾਲ ਆਪਣੇ ਘਰਾਂ ਨੂੰ ਭਰਨ ਦੀ ਦੌੜ ਵਿੱਚ ਕੁਝ ਲੋਕ ਇਹ ਭੁੱਲ ਰਹੇ ਹਨ ਕਿ ਘਰ ਵਸਤਾਂ ਦੇ ਅੰਬਾਰ ਲਗਾਉਣ ਨਾਲ ਨਹੀਂ ਬਣਦੇ. ਬਲਕਿ ਉਨ੍ਹਾਂ ਘਰਾਂ ਵਿੱਚ ਰਹਿ ਰਹੇ ਮਨੁੱਖਾਂ ਦੇ ਆਪਸੀ ਸੁਖਾਵੇਂ ਰਿਸ਼ਤਿਆਂ ਦੀ ਹੋਂਦ ਸਦਕਾ ਹੀ ਬਣਦੇ ਹਨ. ਸਾਧੂ ਬਿਨਿੰਗ ਨੂੰ ਵੀ ਇਸ ਗੱਲ ਦਾ ਅਹਿਸਾਸ ਹੈ:
ਬਹੁਤ ਰੌਸ਼ਨ ਹੈ
ਮੇਰਾ ਇਹ ਘਰ ਨਵਾਂ
ਚਮਕਦਾਰ ਚੀਜ਼ਾਂ ਨਾਲ ਭਰਿਆ
ਨਜ਼ਰਾਂ ਦਾ ਭਰਪੂਰ ਦ੍ਰਿਸ਼ ਪਰ
ਅੰਦਰ ਦਾ ਖਲਾਅ ਨਹੀਂ ਭਰਦਾ
ਜਾਂ
ਹੁਣ ਇਹ ਨਵਾਂ ਨਕੋਰ ਰੋਸ਼ਨ ਘਰ
ਭਰਿਆ ਹੋਇਆ ਵੀ ਖਾਲੀ ਖਾਲੀ
ਯਾਦਾਂ ਤੇ ਕਹਾਣੀਆਂ ਤੋਂ ਵਾਂਝਾ
(ਘਰ)
ਕੈਨੇਡਾ ਇਮੀਗਰੈਂਟਾਂ ਦਾ ਦੇਸ਼ ਹੈ. ਦੁਨੀਆਂ ਦੇ ਹਰੇਕ ਕੋਨੇ 'ਚੋਂ ਆ ਕੇ ਲੋਕ ਇੱਥੇ ਵੱਸੇ ਹਨ. ਵਧੇਰੇ ਲੋਕ ਇੱਥੇ ਆਰਥਿਕ ਕਾਰਨਾਂ ਕਰਕੇ ਹੀ ਆਏ ਹਨ. ਅਜਿਹੇ ਲੋਕ ਪਿੱਛੇ ਛੱਡ ਆਈ ਆਪਣੀ ਜਨਮ ਭੂਮੀ ਨਾਲੋਂ ਕੈਨੇਡਾ ਵਿੱਚ ਭਾਵੇਂ ਜਿੰਨੀ ਮਰਜ਼ੀ ਸੁਖਾਲੀ ਜ਼ਿੰਦਗੀ ਕਿਉਂ ਨ ਜੀਅ ਰਹੇ ਹੋਣ, ਉਹ ਫਿਰ ਵੀ ਸਾਰੀ ਉਮਰ ਇੱਥੋਂ ਦੇ ਮਾਹੌਲ, ਚੌਗਿਰਦੇ, ਵਾਤਾਵਰਨ ਅਤੇ ਮੌਸਮਾਂ ਨਾਲ ਅੰਦਰੂਨੀ ਤੌਰ ਉੱਤੇ ਪੂਰੀ ਤਰ੍ਹਾਂ ਸਾਂਝ ਨਹੀਂ ਪਾ ਸਕਦੇ. ਜਦੋਂ ਕਦੀ ਵੀ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਆਪਣੀ ਜਨਮ-ਭੂਮੀ ਵੱਲ ਆਪਣੇ ਉਦਰੇਂਵੇਂ ਦਾ ਪ੍ਰਗਟਾਵਾ ਕਰਦੇ ਹਨ. ਉੱਥੇ ਦੇ ਖੇਤਾਂ, ਦਰਿਆਵਾਂ, ਪੌਣ ਪਾਣੀ ਅਤੇ ਮੌਸਮਾਂ ਨੂੰ ਯਾਦ ਕਰਕੇ ਉਦਾਸ ਹੋ ਜਾਂਦੇ ਹਨ. ਪਿੱਛੇ ਛੱਡ ਆਏ ਦੇਸ ਦੀਆਂ ਸਿਫਤਾਂ ਦੇ ਪੁਲ ਬੰਨ੍ਹਣ ਲੱਗਿਆਂ ਉਹ ਸਭ ਹੱਦਾਂ ਬੰਨੇ ਟੱਪ ਜਾਂਦੇ ਹਨ. ਕੁਝ ਇਹੋ ਜਿਹੇ ਝਲਕਾਰੇ ਸਾਧੂ ਬਿਨਿੰਗ ਦੀ ਕਵਿਤਾ 'ਚਿਟੀ ਪਰੀ' ਪੜ੍ਹਦਿਆਂ ਵੀ ਮਿਲਦੇ ਹਨ:
ਮੈਨੂੰ ਤਾਂ ਕਾਂਬਾ ਛਿੜੇ
ਤੇਰੇ ਨੇੜੇ ਜਾਂਦਿਆਂ ਹੀ
ਤੇਰੇ ਨਾਲ ਖੇਡਣ ਨੂੰ
ਤੇਰੇ ਤੋਂ ਫਿਸਲਣ ਨੂੰ
ਮਨ ਨਾ ਮਚਲੇ
ਜਿੱਦਾਂ ਮੋਹਲੇਧਾਰ ਮੀਂਹ 'ਚ
ਕੱਚੀਆਂ ਗਲੀਆਂ 'ਚ
ਟੱਪਣ ਨੂੰ ਮਚਲਦਾ ਸੀ
(ਚਿੱਟੀ ਪਰੀ)
ਪਰ ਕੈਨੇਡਾ ਦੇ ਪੰਜਾਬੀ ਕਵੀਆਂ ਵਿੱਚ ਸਾਧੂ ਬਿਨਿੰਗ ਅਜਿਹੀਆਂ ਉਦਰੇਂਵੇਂ ਵਾਲੀਆਂ ਭਾਵਨਾਵਾਂ ਦਾ ਪ੍ਰਗਟਾ ਕਰਨ ਵਾਲਾ ਕੋਈ ਇਕੱਲਾ ਕਵੀ ਨਹੀਂ. ਅਨੇਕਾਂ ਹੋਰ ਕਵੀਆਂ ਦੀਆਂ ਰਚਨਾਵਾਂ ਵਿੱਚ ਵੀ ਅਜਿਹਾ ਉਦਰੇਂਵਾਂ ਦੇਖਿਆ ਜਾ ਸਕਦਾ ਹੈ. ਖਾਸ ਕਰਕੇ ਉਨ੍ਹਾਂ ਲੇਖਕਾਂ ਦੀਆਂ ਰਚਨਾਵਾਂ ਵਿੱਚ ਜੋ ਕਿ ਕੈਨੇਡਾ ਵਿੱਚ ਲੰਬਾ ਸਮਾਂ ਰਹਿਣ ਦੇ ਬਾਵਜੂਦ ਵੀ ਮਾਨਸਿਕ ਤੌਰ ਉੱਤੇ ਕੈਨੇਡਾ ਦੇ ਸਭਿਆਚਾਰਕ, ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਮਾਹੌਲ ਵਿੱਚ ਰਚ ਮਿਚ ਨਹੀਂ ਸਕੇ.
'ਯਾਰ ਮੇਰਾ ਦਰਿਆ' ਕਾਵਿ ਸੰਗ੍ਰਹਿ ਵਿੱਚ ਸਾਧੂ ਬਿਨਿੰਗ ਨੇ ਅਨੇਕਾਂ ਹੋਰ ਕਿਸਮ ਦੇ ਰਿਸ਼ਤਿਆਂ ਦੀ ਵੀ ਗੱਲ ਕੀਤੀ ਹੈ.
ਔਰਤ ਅਤੇ ਮਰਦ ਦੇ ਰਿਸ਼ਤੇ ਦੀ ਗੱਲ ਕਰਦਿਆਂ ਬਿਨ੍ਹਾਂ ਕਿਸੀ ਸੰਕੋਚ ਦੇ ਸਾਧੂ ਬਿਨਿੰਗ ਇਹ ਗੱਲ ਮੰਨਦਾ ਹੈ ਕਿ ਮਰਦ ਪ੍ਰਧਾਨ ਸਮਾਜ ਨੇ ਜ਼ਿੰਦਗੀ ਦੇ ਅਨੇਕਾਂ ਖੇਤਰਾਂ ਵਿੱਚ ਆਪਣੀ ਸਰਦਾਰੀ ਕਾਇਮ ਰੱਖਣ ਖਾਤਰ ਸਦੀਆਂ ਤੋਂ ਔਰਤ ਨੂੰ ਅਨੇਕਾਂ ਤਰ੍ਹਾਂ ਦੀ ਮਾਨਸਿਕ ਗੁਲਾਮੀ ਦੇ ਸੰਗਲਾਂ ਵਿੱਚ ਜਕੜਿਆ ਹੋਇਆ ਹੈ. ਜਿਸ ਕਾਰਨ ਆਦਮੀ ਅਤੇ ਔਰਤ ਦਰਮਿਆਨ ਬਰਾਬਰੀ ਦੇ ਸੰਕਲਪ ਉੱਤੇ ਆਧਾਰਤ ਪੈਦਾ ਹੋਈ ਆਪਸੀ ਸਮਝ 'ਚੋਂ ਜਨਮੇ ਰਿਸ਼ਤਿਆਂ ਦੀ ਅਣਹੋਂਦ ਕਾਰਨ ਅਨੇਕਾਂ ਘਰਾਂ ਵਿੱਚ ਪਤੀ ਪਤਨੀ ਦਾ ਆਪਸੀ ਰਿਸ਼ਤਾ 'ਮਹਿਬੂਬ' ਵਾਲਾ ਹੋਣ ਦੀ ਥਾਂ ਇੱਕ-ਦੂਜੇ ਦੇ ਦੁਸ਼ਮਣ ਵਾਲਾ ਜਾਂ ਮਾਲਿਕ ਅਤੇ ਗੁਲਾਮ ਵਾਲਾ ਹੈ. ਜਿਸ ਕਾਰਨ ਉਹ ਮਹਿਜ਼ ਦਿਖਾਵੇ ਦੇ ਤੌਰ ਉੱਤੇ ਹੀ ਪਤੀ ਪਤਨੀ ਦੇ ਰੂਪ ਵਿੱਚ ਰਹਿ ਰਹੇ ਹੁੰਦੇ ਹਨ. ਅਜਿਹੇ ਜੋੜੇ ਮਾਨਸਿਕ ਤੌਰ ਉੱਤੇ, ਭਾਵਨਾਤਮਕ ਤੌਰ ਉੱਤੇ ਅਤੇ ਅਨੇਕਾਂ ਵਾਰ ਸਰੀਰਕ ਤੌਰ ਉੱਤੇ ਵੀ ਇੱਕ ਦੂਜੇ ਉੱਤੇ ਹਿੰਸਾਤਮਕ ਹਮਲੇ ਕਰਨ ਤੋਂ ਗੁਰੇਜ਼ ਨਹੀਂ ਕਰਦੇ. ਅਜਿਹੇ ਅਸੰਤੁਲਿਤ ਮਨੁੱਖੀ ਰਿਸ਼ਤਿਆਂ ਦੀ ਉਸਾਰੀ ਵਿੱਚ ਸਾਡੇ ਧਾਰਮਿਕ, ਸਭਿਆਚਾਰਕ, ਸਮਾਜਿਕ, ਸਾਹਿਤਕ, ਦਾਰਸ਼ਨਿਕ ਅਤੇ ਰਾਜਨੀਤਿਕ ਗ੍ਰੰਥਾਂ ਦਾ ਵੀ ਯੋਗਦਾਨ ਹੈ. ਜਿਸ ਵਿੱਚ ਔਰਤ ਨੂੰ ਪੈਰ ਦੀ ਜੁੱਤੀ, ਗੰਵਾਰ ਅਤੇ ਜਾਨਵਰ ਤੱਕ ਵੀ ਕਿਹਾ ਗਿਆ ਹੈ. ਔਰਤ ਅਤੇ ਮਰਦ ਦੇ ਆਪਸੀ ਰਿਸ਼ਤੇ ਦੀ ਸਦੀਆਂ ਤੋਂ ਸਾਡੀ ਸੰਸਕ੍ਰਿਤੀ ਵਿੱਚ ਚੱਲੀ ਆ ਰਹੀ ਗਲਤ ਪ੍ਰੀਭਾਸ਼ਾ ਅਤੇ ਉਸਦੇ ਪ੍ਰਭਾਵ ਸਦਕਾ ਹੋ ਰਹੇ ਮਨੁੱਖੀ ਰਿਸ਼ਤਿਆਂ ਦੀ ਤਬਾਹੀ ਵੱਲ ਸਾਧੂ ਬਿਨਿੰਗ ਦੀਆਂ ਹੇਠ ਲਿਖੀਆਂ ਕਾਵਿ ਸਤਰਾਂ ਵੀ ਇਸ਼ਾਰਾ ਕਰਦੀਆਂ ਹਨ:
ਤੇ ਤੂੰ
ਆਪਣੇ ਜਿਸਮ 'ਤੇ ਸਜਾ ਰੱਖੇ ਸਨ
ਹਲੀਮੀ, ਨਿਮਰਤਾ, ਤਾਬਿਆਦਾਰੀ
ਤੇਰੇ ਹਿੱਸੇ ਦੀ ਸੰਸਕ੍ਰਿਤੀ ਵੱਲੋਂ
ਤੈਨੂੰ ਹਿਦਾਇਤ ਸੀ
ਆਪਣੇ ਹਥਿਆਰਾਂ ਨਾਲ
ਮੇਰੇ ਅੱਗ ਵਰਸਾਉਂਦੇ ਬਾਣਾਂ 'ਤੇ ਵਿਜੇ ਪਾਵੇ
ਇਹਨਾਂ ਹਥਿਆਰਾਂ ਨੂੰ ਸਾਂਭਦੀ
ਸਿਤਾਰਿਆਂ ਭਰੀ ਸਾੜੀ 'ਚ ਲਿਪਟੀ
ਮੇਰੇ ਵਾਂਗ ਤੂੰ ਵੀ ਗ਼ੈਰ ਹਾਜ਼ਰ ਸੀ
ਆਪਣੀ ਹੀ ਜ਼ਿੰਦਗੀ ਦੇ ਜਸ਼ਨ ਵਿਚੋਂ
ਇੰਝ ਬਣਨਾ ਹੀ ਸੀ ਸਾਡੀ ਸੇਜ ਨੇ
ਇਕ ਹਾਸੋ-ਹੀਣਾ ਜੰਗੀ ਮੈਦਾਨ
ਤੇ ਉਸ ਵਿਚ ਸਦਾ ਵਾਂਗ
ਜ਼ਖ਼ਮੀ ਤੂੰ ਹੀ ਹੋਣਾ ਸੀ
ਤੇ ਹੋਈ
ਸਾਧੂ ਬਿਨਿੰਗ ਦੇ ਕਾਵਿ ਸੰਗ੍ਰਹਿ 'ਯਾਰ ਮੇਰਾ ਦਰਿਆ' ਵਿੱਚ ਜਿਹੜੀ ਗੱਲ ਸਭ ਤੋਂ ਵੱਧ ਪ੍ਰਭਾਵਿਤ ਕਰਦੀ ਹੈ ਉਹ ਇਹ ਹੈ ਕਿ ਜ਼ਿੰਦਗੀ ਦੇ ਸਫ਼ਰ ਦੌਰਾਨ ਖੁਸ਼ੀਆਂ ਵਿੱਚ, ਗਮੀਆਂ ਵਿੱਚ, ਪ੍ਰਾਪਤੀਆਂ ਵਿੱਚ, ਅਸਫਲਤਾਵਾਂ ਵਿੱਚ ਸਾਨੂੰ ਇਹ ਗੱਲ ਭੁੱਲ ਨ ਜਾਵੇ ਕਿ ਸਾਡਾ ਸੁਪਨਾ ਖੂਬਸੂਰਤ ਰਿਸ਼ਤਿਆਂ ਦੀ ਉਸਾਰੀ ਕਰਨਾ ਹੈ. ਇਹ ਰਿਸ਼ਤੇ ਚਾਹੇ ਮਨੁੱਖੀ ਹੋਣ, ਸਭਿਆਚਾਰਕ ਹੋਣ, ਸਮਾਜਿਕ ਹੋਣ, ਰਾਜਨੀਤਿਕ ਹੋਣ, ਆਰਥਿਕ ਹੋਣ, ਵਾਤਾਵਰਨ ਨਾਲ ਸਬੰਧਤ ਹੋਣ ਜਾਂ ਸਾਡੇ ਚੌਗਿਰਦੇ ਨਾਲ ਜੁੜੇ ਹੋਣ.
ਰਿਸ਼ਤਿਆਂ ਦੀ ਸਾਰਥਿਕਤਾ ਬਾਰੇ ਪਾਠਕਾਂ ਨੂੰ ਚੇਤੰਨ ਕਰਨਾ ਹੀ ਸਾਧੂ ਬਿਨਿੰਗ ਦੀ ਕਾਵਿ ਪੁਸਤਕ 'ਯਾਰ ਮੇਰਾ ਦਰਿਆ' ਦਾ ਮੂਲ ਉਦੇਸ਼ ਕਿਹਾ ਜਾ ਸਕਦਾ ਹੈ. ਮੇਰੇ ਵਿਚਾਰ ਅਨੁਸਾਰ, ਕਿਸੇ ਵੀ ਲੇਖਕ ਵੱਲੋਂ ਆਪਣੀ ਰਚਨਾ ਦਾ ਅਜਿਹਾ ਉਦੇਸ਼ ਨਿਰਧਾਰਤ ਕਰਨਾ ਕੋਈ ਛੋਟੀ ਪ੍ਰਾਪਤੀ ਨਹੀਂ.
ਅਜਿਹੀ ਕਾਵਿ ਪ੍ਰਾਪਤੀ ਕਰਨ ਸਦਕਾ ਸਾਧੂ ਬਿਨਿੰਗ ਲਈ ਮੇਰੀਆਂ ਸੁ਼ਭ ਇਛਾਵਾਂ !